ਗੁਰਮਤਿ ਦੇ ਵਿਕਾਸ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਵੱਡੀ ਰੁਕਾਵਟ ।

0
234

ਗੁਰਮਤਿ ਦੇ ਵਿਕਾਸ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਵੱਡੀ ਰੁਕਾਵਟ ।

ਹਰਲਾਜ ਸਿੰਘ ਬਹਾਦਰਪੁਰ-94170-23911

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ, ਨਾ ਕਿ ਕਿਸੇ ਤਖਤ ਜਾਂ ਬੰਦੇ ਦੇ । ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ । ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ । ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਇਸ ਲਈ ਸਿੱਖਾਂ ਦੀ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ, ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ । ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ, ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ। ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ’ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ । ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾਂ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ । ਸਿੱਖ ਕੌਮ ਅਕਾਲ ਤਖਤ ਦੇ ਨਾਮ ’ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ ਅਤੇ ਜਿਨ੍ਹਾਂ ਨੂੰ ਅਕਾਲ ਤਖਤ ਦੇ ਨਾਮ ’ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ । ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਤਖਤ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਮੇਸਾਂ ਲਈ ਹੀ ਹਟਾਉਣਾ ਪਵੇਗਾ ।