25.1 C
Jalandhar
Tuesday, April 14, 2026
spot_img
Home Blog Page 142

ਔਰਤਾਂ ਦੇ ਰੋਗ

0

ਔਰਤਾਂ ਦੇ ਰੋਗ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਕੋਈ ਵੀ ਇਨਸਾਨ ਇਸ ਦੁਨੀਆਂ ਉੱਪਰ ਅਜਿਹਾ ਨਹੀਂ, ਜਿਸ ਨੇ ਆਪਣੇ ਆਪ ਨੂੰ ਕਦੇ ਬੀਮਾਰ ਅਨੁਭਵ ਨਾ ਕੀਤਾ ਹੋਵੇ ਪਰ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਰੋਗ-ਗ੍ਰਸਤ ਹੁੰਦੀਆਂ ਹਨ। ਔਰਤ ਦੀ ਜ਼ਿੰਦਗੀ ਦੇ ਤਿੰਨ ਪੜਾਅ (ਮਾਹਵਾਰੀ ਸ਼ੁਰੂ ਹੋਣ ਵੇਲੇ, ਬੱਚਾ ਹੋਣ ਵੇਲੇ ਅਤੇ ਮਾਹਵਾਰੀ ਬੰਦ ਹੋਣ ਵੇਲੇ) ਔਰਤ ਦੀ ਬਿਮਾਰੀ ਦਾ ਕਾਰਨ ਬਣਦੇ ਹਨ।

ਜਦੋਂ ਕੋਈ ਲੜਕੀ ਜਵਾਨ ਹੁੰਦੀ ਹੈ ਤਾਂ ਉਸ ਨੂੰ ਮਾਹਵਾਰੀ ਸ਼ੁਰੂ ਹੁੰਦੀ ਹੈ। ਮਾਹਵਾਰੀ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਜੋ ਕੁਦਰਤੀ ਹੁੰਦੀਆਂ ਹਨ ਪਰ ਕਈ ਕੁੜੀਆਂ ਵਿਚ ਜ਼ਿਆਦਾਤਰ ਦਰਦ ਨਾਲ ਮਾਹਵਾਰੀ ਸ਼ੁਰੂ ਹੋਣੀ ਜਾਂ ਮਾਹਵਾਰੀ ਦੌਰਾਨ ਹੋਰ ਅਲਾਮਤਾਂ ਦਾ ਪ੍ਰਗਟ ਹੋਣਾ ਹੀ ਔਰਤ ਵਿਚ ਬਿਮਾਰੀਆਂ ਦਾ ਮੁੱਢ ਬੰਨ੍ਹ ਦਿੰਦਾ ਹੈ।

ਅਗਰ ਇਸ ਪੜਾਅ ਵਿਚੋਂ ਕੋਈ ਕੁੜੀ ਸਹੀ ਸਲਾਮਤ ਲੰਘ ਜਾਵੇ ਜਾਂ ਬੱਚਾ ਹੋਣ ਵੇਲੇ (9 ਮਹੀਨਿਆਂ ਦੌਰਾਨ) ਵੀ ਕੋਈ ਤਕਲੀਫ਼ ਨਹੀਂ ਹੁੰਦੀ ਤਾਂ ਬੱਚੇ ਦੇ ਜਨਮ ਵੇਲੇ ਜਾਂ ਜਨਮ ਤੋਂ ਪਿੱਛੋਂ ਅਕਸਰ ਕੋਈ ਨਾ ਕੋਈ ਤਕਲੀਫ਼ ਜਨਮ ਲੈਂਦੀ ਹੀ ਲੈਂਦੀ ਹੈ।

ਅਗਰ ਇਹ ਪੜਾਅ ਵੀ ਭਲੀ-ਭਾਂਤ ਲੰਘ ਜਾਵੇ ਤਾਂ ਮਾਹਵਾਰੀ ਹਟ ਜਾਣ ਪਿੱਛੋਂ ਤਾਂ ਔਰਤਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਣ ਦਾ ਖ਼ਦਸ਼ਾ ਹੁੰਦਾ ਹੈ ਪਰ ਅਜਿਹੀਆਂ ਔਰਤਾਂ ਦੀ ਗਿਣਤੀ ਥੋੜ੍ਹੀ ਹੀ ਰਹਿ ਗਈ ਹੈ, ਜਿਨ੍ਹਾਂ ਅੰਦਰ ਬੱਚੇਦਾਨੀ ਆਪਣਾ ਪੂਰਾ ਕੰਮ (ਭਾਵ 45 ਜਾਂ 50 ਸਾਲ ਦੀ ਉਮਰ ਤੱਕ) ਕਰਦੀ ਹੈ। ਨਹੀਂ ਤਾਂ ਸਾਡੇ ਦੇਸ਼ ਦੇ ਮਾਣਯੋਗ ਸਰਜਨ ਸਾਹਿਬਾਨ ਅੱਖਾਂ ਮੀਚ ਕੇ ਛੋਟੀ ਉਮਰ ਦੀਆਂ ਕੁੜੀਆਂ ਦੀਆਂ ਬੱਚੇਦਾਨੀਆਂ ਕੱਢ ਕੇ ਕੂੜੇਦਾਨ ਵਿਚ ਸੁੱਟੀ ਜਾ ਰਹੇ ਹਨ। ਬਾਅਦ ਵਿਚ ਅਜਿਹੀਆਂ ਕੁੜੀਆਂ ਦਾ ਕੀ ਬਣਦਾ ਹੈ  ? ਇਹ ਕਿਸੇ ਨੇ ਨਹੀਂ ਸੋਚਿਆ। ਕਹਿਣ ਤੋਂ ਭਾਵ ਹੈ ਕਿ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਬਿਮਾਰੀਆਂ ਵਧਣ ਦਾ ਕਾਰਨ ਸਰੀਰਕ ਤਬਦੀਲੀਆਂ ਹਨ। ਹੇਠ ਲਿਖੀਆਂ ਕੁੱਝ ਮੁੱਖ ਬਿਮਾਰੀਆਂ ਹਨ, ਜੋ ਔਰਤਾਂ ਨੂੰ ਉੁਮਰ ਦੇ ਕਿਸੇ ਵੀ ਪੜਾਅ ’ਤੇ ਘੇਰ ਸਕਦੀਆਂ ਹਨ :-

(1). ਮਾਹਵਾਰੀ ਸਬੰਧੀ ਰੋਗ : ਮਾਹਵਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਬੰਦ ਹੋਣ ਤੱਕ ਬਹੁਤ ਸਾਰੀਆਂ ਤਕਲੀਫ਼ਾਂ ਅਕਸਰ ਔਰਤਾਂ ਨੂੰ ਸਹਿਣ ਕਰਨੀਆਂ ਪੈਂਦੀਆਂ ਹਨ। ਪਹਿਲੀ ਤਕਲੀਫ਼ ਮਹੀਨੇ ਦੌਰਾਨ ਦਰਦ ਦੀ ਹੁੰਦੀ ਹੈ। ਅਗਰ ਤਾਂ ਦਰਦ ਸਹਿਣਯੋਗ ਹੈ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਪਰ ਜਦੋਂ ਦਰਦ ਅਸਹਿ ਹੋ ਜਾਵੇ ਤਾਂ ਦਵਾਈ ਦੀ ਜ਼ਰੂਰਤ ਪੈਂਦੀ ਹੈ। ਅੱਜ ਕੱਲ੍ਹ ਦੀਆਂ ਕੁੜੀਆਂ ਦਾ ਖਾਣ-ਪੀਣ ਪ੍ਰਤੀ ਸੁਚੇਤ ਨਾ ਹੋਣਾ, ਫਾਸਟ ਫੂਡ ਦੀ ਵਰਤੋਂ, ਫਲਾਂ, ਸਬਜ਼ੀਆਂ ਜਾਂ ਦੁੱਧ ਨਾ ਪੀਣ ਦੀ ਆਦਤ ਵੀ ਮੁੱਖ ਕਾਰਨ ਹੈ। ਫਿਰ ਜਿਹੜੀ ਗੋਲੀ ਦਰਦ ਠੀਕ ਕਰਨ ਲਈ ਖਾਧੀ ਜਾਂਦੀ ਹੈ, ਉਸ ਨਾਲ ਕਈ ਵਾਰ ਖ਼ੂਨ ਪੈਣਾ ਰੁਕ ਜਾਂਦਾ ਹੈ ਜਾਂ ਕਈ ਹਾਲਤਾਂ ਵਿਚ ਖ਼ੂਨ ਜ਼ਿਆਦਾ ਪੈਣ ਲੱਗ ਜਾਂਦਾ ਹੈ, ਜਿਸ ਨਾਲ ਤਕਲੀਫ਼ਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ।

(2). ਖੂਨ ਜ਼ਿਆਦਾ ਪੈਣਾ : ਜ਼ਿਆਦਾ ਖੂਨ ਪੈਣਾ ਆਪਣੇ ਆਪ ਵਿਚ ਗੰਭੀਰ ਸਮੱਸਿਆ ਹੈ ਕਿਉਂਕਿ ਖੂਨ ਵਗਣ ਨਾਲ ਅਨੀਮੀਆ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਆਮ ਤੌਰ ’ਤੇ ਮਾਹਵਾਰੀ ਸ਼ੁਰੂ ਹੋਣ ਵੇਲੇ ਖੂਨ ਜ਼ਿਆਦਾ ਮਾਤਰਾ ਵਿਚ ਪੈਂਦਾ ਹੈ ਜਾਂ ਜਦੋਂ ਮਾਹਵਾਰੀ ਬੰਦ ਹੋਣ ਦਾ ਸਮਾਂ ਨੇੜੇ ਹੋਵੇ, ਤਦ ਵੀ ਖੂਨ ਜ਼ਿਆਦਾ ਪੈਣ ਲੱਗ ਜਾਂਦਾ ਹੈ ਜੋ ਕਿ ਹਾਰਮੋਨਜ਼ ਦੀ ਤਬਦੀਲੀ ਦੇ ਕਾਰਨ ਹੀ ਹੁੰਦਾ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਹਾਲਤਾਂ ਜਿਵੇਂ ਕਿ ਬੱਚੇਦਾਨੀ ਦੀ ਸੋਜਿਸ਼, ਬੱਚੇਦਾਨੀ ਦੀ ਰਸੌਲੀ, ਕੈਂਸਰ ਵਗੈਰਾ ਕਾਰਨ ਵੀ ਖੂਨ ਜ਼ਿਆਦਾ ਪੈਣ ਲੱਗ ਜਾਂਦਾ ਹੈ, ਜਿਸ ਦੀ ਸਮੇਂ ਸਿਰ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਮਹੀਨਾ ਆਉਣ ਤੋਂ ਪਹਿਲਾਂ ਛਾਤੀ ਭਾਰੀ ਹੋਣਾ, ਪੇਟ ਫੁੱਲਣਾ, ਚੱਕਰ ਆਉਣੇ ਜਾਂ ਜੀਅ ਕੱਚਾ, ਉਲਟੀਆਂ-ਟੱਟੀਆਂ ਲੱਗਣਾ ਆਦਿਕ ਇਹ ਸਾਰੇ ਲੱਛਣ ਮਾਹਵਾਰੀ ਆਉਣ ਦਾ ਸੰਕੇਤ ਦਿੰਦੇ ਹਨ ਪਰ ਜਦੋਂ ਇਹ ਲੱਛਣ ਹੱਦ ਤੋਂ ਵਧ ਜਾਣ ਤਾਂ ਇਹ ਬਿਮਾਰੀ ਦਾ ਰੂਪ ਗਿਣਿਆ ਜਾਂਦਾ ਹੈ।

(3). ਮਾਹਵਾਰੀ ਦਾ ਬੰਦ ਹੋਣਾ : ਇਹ ਕੋਈ ਬਿਮਾਰੀ ਨਹੀਂ ਹੁੰਦੀ, ਸਗੋਂ ਕੁਦਰਤੀ ਬਦਲਾਅ ਦਾ ਹੀ ਇਕ ਪੱਖ ਹੁੰਦਾ ਹੈ। 45 ਤੋਂ 50 ਸਾਲ ਦੀ ਉਮਰ ਵਿਚ ਮਾਹਵਾਰੀ ਕਈ ਔਰਤਾਂ ਵਿਚ ਤਾਂ ਬਿਨਾਂ ਕਿਸੇ ਤਕਲੀਫ਼ ਦਿੱਤਿਆਂ ਬੰਦ ਹੋ ਜਾਂਦੀ ਹੈ ਪਰ ਬਹੁਗਿਣਤੀ ਵਿਚ ਇਹ ਸਮਾਂ ਬੜਾ ਨਾਜ਼ੁਕ ਹੁੰਦਾ ਹੈ ਕਿਉਂਕਿ ਇਸ ਸਥਿਤੀ ਵਿਚ ਮਾਹਵਾਰੀ ਦਾ ਕੋਈ ਨਿਯਮਤ ਸਮਾਂ ਨਹੀਂ ਰਹਿੰਦਾ। ਕਦੇ ਮਾਹਵਾਰੀ ਮਹੀਨੇ ਵਿਚ ਦੋ ਵਾਰੀ ਜਾਂ ਕਈ ਵਾਰ ਦੋ-ਦੋ ਮਹੀਨੇ ਮਾਹਵਾਰੀ ਆਉਂਦੀ ਹੀ ਨਹੀਂ। ਬਹੁਤਾ ਖੂਨ ਪੈਣ ਕਰ ਕੇ ਕਈ ਔਰਤਾਂ ਬੱਚੇਦਾਨੀ ਕੱਢਵਾਉਣ ਦਾ ਫੈਸਲਾ ਲੈ ਲੈਂਦੀਆਂ ਹਨ ਜੋ ਕਿ ਬਹੁਤ ਹੀ ਗਲਤ ਕਦਮ ਸਿੱਧ ਹੁੰਦਾ ਹੈ। ਬੱਚੇਦਾਨੀ ਕਢਵਾਉਣ ਤੋਂ ਪਿੱਛੋਂ ਸਰੀਰਕ ਕਿਰਿਆਵਾਂ ਵਿਚ ਜੋ ਤਬਦੀਲੀ ਆਉਂਦੀ ਹੈ, ਉਸ ਦਾ ਖ਼ਮਿਆਜ਼ਾ ਔਰਤ ਨੂੰ ਭੁਗਤਣਾ ਹੀ ਪੈਂਦਾ ਹੈ।

ਇਸ ਤੋਂ ਇਲਾਵਾ ਮਾਹਵਾਰੀ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹਨ, ਜਿਵੇਂ ਕਿ ਮਾਹਵਾਰੀ ਦਾ ਘੱਟ ਆਉਣਾ, ਮਾਹਵਾਰੀ ਦਾ ਅਨਿਯਮਿਤ ਰੂਪ ਵਿਚ ਆਉਣਾ, ਆਦਿ।

(4). ਪਾਣੀ ਪੈਣਾ (ਲਕੋਰੀਆ) :- ਇਸ ਨੂੰ ਆਮ ਲੋਕ ‘ਹੱਡ ਖਰਨਾ’ ਵੀ ਕਹਿ ਦਿੰਦੇ ਹਨ। ਪਾਣੀ ਪੈਣ ਦਾ ਮੁੱਖ ਕਾਰਨ ਬੱਚੇਦਾਨੀ ਦੀ ਇਨਫੈਕਸ਼ਨ ਹੀ ਹੁੰਦਾ ਹੈ। ਅੱਜ ਕੱਲ੍ਹ ਤਾਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਵੀ ਇਹ ਤਕਲੀਫ਼ ਆਮ ਹੋ ਰਹੀ ਹੈ। ਮਾਪੇ ਬੜੇ ਪ੍ਰੇਸ਼ਾਨ ਹੁੰਦੇ ਹਨ ਕਿ ਬੱਚੀ ਨੂੰ ਪਤਾ ਨਹੀਂ ਇਹ ਤਕਲੀਫ਼ ਕਿਉਂ ਹੋ ਰਹੀ ਹੈ ਪਰ ਜਦੋਂ ਬੱਚੇ ਦੀ ਖਾਧ-ਖੁਰਾਕ ਵੱਲ ਮਾਪਿਆਂ ਦਾ ਧਿਆਨ ਦਿਵਾਈਦਾ ਹੈ ਤਾਂ ਪਤਾ ਚਲਦਾ ਹੈ ਕਿ ਵੱਧ ਚਾਕਲੇਟ, ਚਾਹ-ਕੌਫੀ ਜਾਂ ਫਾਸਟ ਫੂਡ ਦੀ ਵਰਤੋਂ ਹੀ ਛੋਟੀਆਂ ਬੱਚੀਆਂ ਵਿਚ ਇਸ ਬਿਮਾਰੀ ਦਾ ਕਾਰਨ ਬਣਦੀ ਹੈ। ਕੁਆਰੀਆਂ ਕੁੜੀਆਂ ਵਿਚ ਪਾਣੀ ਪੈਣਾ ਆਮ ਗੱਲ ਨਹੀਂ ਜਦੋਂ ਕਿ ਵਿਆਹੀਆਂ ਕੁੜੀਆਂ ਵਿਚ ਇਹ ਆਮ ਰੋਗ ਹੈ। ਝੋਲੀ ਗਿੱਲੀ ਹੋਣ ਤੋਂ ਲੈ ਕੇ ਛੱਲਾਂ ਵੱਜਣ ਤੱਕ ਪਾਇਆ ਜਾਣ ਵਾਲਾ ਲਕੋਰੀਆ ਆਪਣੇ ਵੱਖ-ਵੱਖ ਰੂਪਾਂ ਤੇ ਰੰਗਾਂ ਵਿਚ ਪ੍ਰਗਟ ਹੁੰਦਾ ਹੈ।

ਮਾਹਵਾਰੀ ਆਉਣ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਜਾਂ ਸੰਭੋਗ ਕਰਨ ਤੋਂ ਪਹਿਲਾਂ ਜੇਕਰ ਥੋੜਾ-ਮੋਟਾ ਗਿੱਲਾਪਣ ਹੁੰਦਾ ਹੈ ਤਾਂ ਉਸ ਨੂੰ ਲਕੋਰੀਆ ਹਰਗਿਜ਼ ਨਹੀਂ ਆਖਿਆ ਜਾਂਦਾ। ਲਕੋਰੀਆ ਸ਼ਬਦ ਉਦੋਂ ਹੀ ਵਰਤਿਆ ਜਾਂਦਾ ਹੈ, ਜਦ ਆਮ ਦਿਨਾਂ ਵਿਚ ਯੋਨੀ ਵਿਚੋਂ ਥੋੜ੍ਹਾ ਜਾਂ ਬਹੁਤਾ ਹਲਕੇ ਚਿੱਟੇ, ਦੁਧੀਆ ਜਾਂ ਪੀਲੇ ਰੰਗ ਦੇ ਪਾਣੀ ਦਾ ਵਹਾਅ ਹੁੰਦਾ ਰਹੇ ਅਤੇ ਨਾਲ ਥੋੜ੍ਹਾ-ਥੋੜ੍ਹਾ ਮੁਸ਼ਕ ਵੀ ਆਉਂਦਾ ਰਹੇ ਪਰ ਮਾਹਵਾਰੀ ਤੋਂ ਜਾਂ ਸੈਕਸ ਕਰਨ ਤੋਂ ਪਹਿਲਾਂ ਜੋ ਤਰਲ ਪਦਾਰਥ ਨਿਕਲਦਾ ਹੈ, ਉਹ ਇਕ ਕੁਦਰਤੀ ਵਹਾਅ ਹੀ ਹੁੰਦਾ ਹੈ।

(5). ਭਾਰ ਪੈਣਾ (ਪ੍ਰੋਲੈਪਸ) : ਜਦੋਂ ਬੱਚੇਦਾਨੀ ਦਾ ਅਗਲਾ ਹਿੱਸਾ ਯੋਨੀ ਦੇ ਬਾਹਰ ਵੱਲ ਦਿਸਣ ਲੱਗ ਪਵੇ ਤਾਂ ਉਸ ਨੂੰ ਭਾਰ ਪੈਣਾ ਆਖਦੇ ਹਨ। ਜ਼ਿਆਦਾਤਰ ਭਾਰ ਪੈਣ ਦੀ ਸ਼ਿਕਾਇਤ ਬੱਚਿਆਂ ਦੇ ਜਨਮ ਤੋਂ ਬਾਅਦ ਹੁੰਦੀ ਹੈ। ਉਹ ਔਰਤਾਂ, ਜਿਨ੍ਹਾਂ ਦੀ ਬੱਚੇਦਾਨੀ ਕਮਜ਼ੋਰ ਜਾਂ ਬਹੁਤ ਭਾਰੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਵਾਰ-ਵਾਰ ਗਰਭਪਾਤ (Abortion) ਕਰਵਾਇਆ ਜਾਂ ਗਰਭ ਗਿਰ ਗਿਆ ਹੁੰਦਾ ਹੈ (Miscarriage) ਜਾਂ ਜਿਹੜੀਆਂ ਔਰਤਾਂ ਜ਼ਿਆਦਾ ਜ਼ੋਰ ਭਾਰ ਦਾ ਕੰਮ ਕਰਦੀਆਂ ਹਨ। ਇਹ ਤਕਲੀਫ਼ ਉਨਾਂ ਨੂੰ ਜ਼ਿਆਦਾ ਹੁੰਦੀ ਹੈ। ਮੋਟਾਪਾ ਵੀ ਇਸ ਦਾ ਮੁੱਖ ਕਾਰਨ ਹੋ ਨਿਬੜਦਾ ਹੈ।

(6). ਸੈਕਸ ਦੀ ਰੁਚੀ ਦਾ ਘੱਟ ਜਾਣਾ : ਸੈਕਸ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ। ਜਿਸ ਤਰ੍ਹਾਂ ਸਾਨੂੰ ਖਾਣ-ਪੀਣ ਦੀ ਭੁੱਖ ਲੱਗਦੀ ਹੈ, ਇਸੇ ਤਰ੍ਹਾਂ ਸੈਕਸ ਦੀ ਭੁੱਖ ਵੀ ਸਰੀਰ ਲਈ ਜ਼ਰੂਰੀ ਹੈ ਪਰ ਵੇਖਣ ਵਿਚ ਆਇਆ ਹੈ ਕਿ ਕਈ ਔਰਤਾਂ ਵਿਚ ਸੈਕਸ ਦੀ ਇੱਛਾ ਹੀ ਨਹੀਂ ਹੁੰਦੀ ਜੋ ਕਿ ਹਾਰਮੋਨਜ਼ ਦੀ ਅਸੰਤੁਲਤਾ ਜਾਂ ਕਿਸੇ ਮਾਨਸਿਕ ਡਰ ਆਦਿ ਕਾਰਨ ਹੁੰਦੀ ਹੈ ਅਤੇ ਅਜਿਹੀਆਂ ਔਰਤਾਂ ਆਪਣੇ ਇਸ ਰੋਗ ਨੂੰ ਛੁਪਾ ਲੈਂਦੀਆਂ ਹਨ। ਇਸ ਤੋਂ ਉਲਟ ਬਹੁਤ ਹੀ ਥੋੜ੍ਹੀ ਗਿਣਤੀ ਵਿਚ ਉਹ ਔਰਤਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਸੈਕਸ ਦੀ ਰੁਚੀ ਹੱਦੋਂ ਵੱਧ ਜਾਂਦੀ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ Nymphomania ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਕੇਸ ਭਾਵੇਂ ਬਹੁਗਿਣਤੀ ਵਿਚ ਤਾਂ ਨਹੀਂ ਮਿਲਦੇ ਜਾਂ ਫਿਰ ਉਹੀਓ ਉਪਰਲੀ ਸਥਿਤੀ ਵਾਂਗ ਇਹ ਰੋਗ ਵੀ ਔਰਤਾਂ ਛੁਪਾ ਲੈਂਦੀਆਂ ਹਨ ਪਰ ਇਹ ਬਹੁਤ ਹੀ ਗਲਤ ਵਰਤਾਰਾ ਹੈ। ਦਾਈ ਮੂਹਰੇ ਪੇਟ ਨਹੀਂ ਲੁਕਾਉਣਾ ਚਾਹੀਦਾ। ਜਿਸ ਤਰ੍ਹਾਂ ਦਾ ਅਨੁਭਵ ਤੁਸੀਂ ਕਰਦੇ ਹੋ, ਉਸੇ ਤਰ੍ਹਾਂ ਜੇਕਰ ਡਾਕਟਰ ਨੂੰ ਦੱਸਿਆ ਜਾਵੇ ਤਾਂ ਬਿਮਾਰੀ ਆਸਾਨੀ ਨਾਲ ਠੀਕ ਹੋ ਸਕਦੀ ਹੈ।

(7). ਗਰਭਪਾਤ : ਬੇਸ਼ੱਕ ਵਾਰ-ਵਾਰ ਗਰਭਪਾਤ ਹੋਣ ਦਾ ਕਾਰਨ ਬੱਚੇਦਾਨੀ ਦੀ ਕਮਜ਼ੋਰੀ ਜਾਂ ਬੱਚੇਦਾਨੀ ਦੀ ਇਨਫੈਕਸ਼ਨ ਹੀ ਹੁੰਦੀ ਹੈ। ਲੇਕਿਨ ਵਾਰ-ਵਾਰ ਗਰਭਪਾਤ ਹੋਣ ਕਰ ਕੇ ਸਰੀਰ ਬਿਮਾਰੀਆਂ ਦਾ ਕੁੱਜਾ ਬਣ ਜਾਂਦਾ ਹੈ। ਵਾਰ-ਵਾਰ ਗਰਭਪਾਤ ਹੋਣ ਦੇ ਕਈ ਕਾਰਨ ਹੁੰਦੇ ਹਨ ਪਰ ਬੱਚੇਦਾਨੀ ਦੀ ਇਨਫੈਕਸ਼ਨ ਜਾਂ ਬੱਚੇਦਾਨੀ ਦੀ ਕਮਜ਼ੋਰੀ ਤੋਂ ਇਲਾਵਾ ਥਾਇਰਾਇਡ ਦੀ ਬਿਮਾਰੀ ਅਤੇ ਬੱਚੇਦਾਨੀ ਦੀ ਰਸੌਲੀ ਇਸ ਦਾ ਮੁੱਖ ਕਾਰਨ ਹੁੰਦਾ ਹੈ। ਮਾਹਿਰ ਡਾਕਟਰ ਦੀ ਸਲਾਹ ਨਾਲ ਇਹ ਬਿਮਾਰੀ ਬਹੁਤ ਛੇਤੀ ਹੱਲ ਹੋ ਸਕਦੀ ਹੈ।

ਇਹਨਾਂ ਉਪਰੋਕਤ ਬਿਮਾਰੀਆਂ ਤੋਂ ਇਲਾਵਾ ਛਾਤੀ ਦੀਆਂ ਗੰਢਾਂ, ਛਾਤੀ ਦਾ ਕੈਂਸਰ, ਬੱਚੇਦਾਨੀ ਵਿਚ ਜ਼ਖ਼ਮ ਜਾਂ ਬੱਚੇਦਾਨੀ/ਅੰਡੇਦਾਨੀ ਦਾ ਕੈਂਸਰ ਅਤੇ ਰਸੌਲੀਆਂ, ਜਿਨ੍ਹਾਂ ਕਰ ਕੇ ਔਰਤ ਨੂੰ ਬਹੁਤ ਜ਼ੋਖ਼ਮ ਵਿਚੋਂ ਲੰਘਣਾ ਪੈਂਦਾ ਹੈ, ਇਸ ਕਰਕੇ ਹਰ ਔਰਤ ਨੂੰ ਆਪਣੇ ਸਰੀਰ ਵਿਚ ਆਈ ਥੋੜ੍ਹੀ-ਮੋਟੀ ਤਬਦੀਲੀ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ, ਸਗੋਂ ਮਾਹਰ ਡਾਕਟਰ ਦੀ ਸਮੇਂ-ਸਮੇਂ ਸਿਰ ਰਾਇ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਹੈ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ

0

                                       ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ 

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ

ਪ੍ਰਮਾਣ-ਪੁਰਖ, ਪ੍ਰਤੱਖ-ਹਰਿ ਅਤੇ ਸ਼ਹੀਦਾਂ ਦੇ ਸਿਰਤਾਜ ਬਣੇ ਸ੍ਰੀ ਗਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰਬਾਣੀ ਦੇ ਸੱਚ ਦੀ ਇੱਕ ਜੀਊਂਦੀ-ਜਾਗਦੀ ਤੇ ਪ੍ਰਤੱਖ ਸ਼ਹਾਦਤ (ਗਵਾਹੀ) ਹੈ । ਇਹ ਪ੍ਰਤੱਖ ਪ੍ਰਮਾਣ ਹੈ ਇਸ ਸੱਚ ਦਾ ਕਿ ਗੁਰਬਾਣੀ ਦੇ ਸ਼ਬਦ ਤੇ ਸਿਧਾਂਤ ਕੇਵਲ ਪ੍ਰੜ੍ਹਨ, ਸੁਣਨ, ਕਥਨ ਤੇ ਗਾਉਣ ਲਈ ਹੀ ਨਹੀਂ, ਸਗੋਂ ਇਨ੍ਹਾਂ ਨੂੰ ਰੁਜ਼ਾਨਾ ਦੇ ਜੀਵਨ ਵਿੱਚ ਜੀਵਿਆ ਵੀ ਜਾ ਸਕਦਾ ਹੈ ਕਿਉਂਕਿ ਜੇ ਗੁਰਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸਰੰਦੇ ਦੀਆਂ ਤਰਬਾਂ ਛੇੜ ਕੇ ਗਾਇਆ ਕਿ “ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ ॥” {ਪੰ. 1000} ਤਾਂ ਉਹ 30 ਮਈ ਸੰਨ 1606 ਨੂੰ ਲਹੌਰ ਵਿੱਚ ਮੁਗਲੀਆ ਹਕੂਮਤ ਦੀ ਅੱਗ ਵਾਂਗ ਭੱਖਦੀ ਤੱਤੀ ਤਵੀ ’ਤੇ ਚੌਂਕੜਾ ਮਾਰ ਕੇ ਲੂਸਦਿਆਂ ‘ਚਲਤੇ ਰਾਖਿਓ ਚੀਤਿ ॥” ਵਾਲੇ ਉਪਰੋਕਤ ਸੱਚ ਦੇ ਗਵਾਹ ਵੀ ਬਣੇ । 

ਸ਼ਹੀਦੀ ਵੇਲੇ ਸਤਿਗੁਰੂ ਜੀ ਨੂੰ ਮਿਲੇ ਤਸੀਹਿਆਂ ਅਤੇ ਚਲਾਣੇ ਦੀ ਸਾਰਿਆਂ ਨਾਲੋਂ ਤਸੱਲੀ ਬਖ਼ਸ਼ ਤੇ ਨੇੜੇ ਦੀ ਖ਼ਬਰ ਭਾਈ ਗੁਰਦਾਸ ਜੀ ਨੂੰ ਹੀ ਸੀ । ਉਨ੍ਹਾਂ ਨੇ 24ਵੀਂ ਵਾਰ ਦੀ 23ਵੀਂ ਪਉੜੀ ਵਿੱਚ ਲਿਖਿਆ ਹੈ ‘ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ ।”  ਭਾਵ ਜਿਸ ਵੇਲੇ ਹਜ਼ੂਰ ਨੂੰ ਤਸੀਹਿਆਂ ਦੀ ਡਾਢੀ ਔਕੜ ਬਣੀ, ਉਸ ਵੇਲੇ ਵੀ ਉਨ੍ਹਾਂ ਨੇ ‘ਤੇਰਾ ਕੀਆ ਮੀਠਾ ਲਾਗੈ’ ਵਰਗੀ ਅਰਦਾਸ ਕਰਦਿਆਂ ਰੱਬੀ ਯਾਦ ਤੋਂ ਬਗੈਰ ਹੋਰ ਕੋਈ ਰੋਸ ਜਾਂ ਸ਼ਿਕਵਾ-ਸ਼ਿਕਾਇਤ ਚਿੱਤ ਵਿੱਚ ਨਹੀਂ ਲਿਆਂਦੀ, ਸਗੋਂ ਉਨ੍ਹਾਂ ਦੀ ਸੁਰਤ ਸ਼ਬਦ ਵਿੱਚ ਇਉਂ ਹੀ ਲੀਨ ਰਹੀ, ਜਿਵੇਂ ਕੋਈ ਹਿਰਨ ਫਾਹੀ ਵਿਚ ਫਸ ਕੇ ਵੀ ਘੰਡਾ-ਹੇੜੇ ਦੇ ਨਾਦ ਉਪਰ ਮਸਤ ਰਹਿੰਦਾ ਆਪਣੀ ਜਾਨ ਕੁਰਬਾਨ ਕਰ ਜਾਂਦਾ ਹੈ । 

ਗੁਰਦੇਵ ਜੀ ਦੀ ਸ਼ਹਾਦਤ ਅਤੇ ਗੁਰਬਾਣੀ-ਸੱਚ ਦੇ ਹੋਰ ਵੀ ਅਨੇਕਾਂ ਪੱਖ ਹਨ, ਜਿਨ੍ਹਾਂ ਨੂੰ ਪ੍ਰਮਾਣਾਂ ਸਹਿਤ ਵਿਸਥਾਰ ਪੂਰਵਕ ਪ੍ਰਗਟਾਇਆ ਜਾ ਸਕਦਾ ਹੈ ਪਰ ਚੂੰ ਕਿ ਅੱਜ ਦੇ ਇਸ ਵਿਸ਼ੇਸ਼ ਲੇਖ ਦਾ ਮੁੱਖ ਮਨੋਰਥ ਹਜ਼ੂਰ ਦੇ ਸ਼ਹੀਦੀ ਜੋੜ-ਮੇਲੇ ਨਾਲ ਜੁੜੀ ਹੋਈ ਛਬੀਲ ਦੀ ਪਰੰਪਰਾ ਦੇ ਸੱਚ ਨੂੰ ਸਿੱਖ ਸੰਗਤ ਨਾਲ ਸਾਂਝਾ ਕਰਨਾ ਹੈ ਕਿਉਂਕਿ, ਹਰ ਸਾਲ ਸ਼ਹੀਦੀ ਦਿਹਾੜੇ ’ਤੇ ਸਿੱਖ ਕੌਮ ਦਾ ਅਰਬਾਂ ਖ਼ਰਬਾਂ ਰੁਪਿਆ, ਤਾਕਤ ਤੇ ਸਮਾਂ ਗੁਰਦੁਆਰਿਆਂ, ਗਲੀ ਮਹੱਲਿਆਂ ਅਤੇ ਸ਼ੜਕਾਂ ਦੇ ਚੌਰਾਹਿਆਂ ਉੱਤੇ ਕੜਾਹ ਪ੍ਰਸ਼ਾਦ ਵਰਤਾਉਣ ਅਤੇ ਛਬੀਲਾਂ ਦੇ ਰੂਪ ਵਿੱਚ ਕੱਚੀ-ਲੱਸੀ ਤੇ ਸੈਂਕੜੇ ਕਿਸਮ ਦੇ ਸ਼ਰਬਤ ਪਿਲਾਉਣ ’ਤੇ ਲੱਗ ਜਾਂਦਾ ਹੈ ।

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਸੰਨ 1991 ਵਿੱਚ ਮੈਂ ਪ੍ਰਿਸੀਪਲ ਸੁਰਜੀਤ ਸਿੰਘ ‘ਮਿਸ਼ਨਰੀ’ ਅਤੇ ਜਥੇਦਾਰ ਤਰਸੇਮ ਸਿੰਘ (ਸਾਬਕਾ ਚੇਅਰਮੈਨ, ਧਰਮ ਪ੍ਰਚਾਰ ਕਮੇਟੀ) ਦੇ ਸਹਿਯੋਗ ਨਾਲ ਸਿੱਖ ਨੌਜਵਾਨਾਂ ਰਾਹੀਂ ਸ਼ਹੀਦੀ ਦਿਹਾੜੇ ਦੀਆਂ ਛਬੀਲਾਂ ਦਾ ਸਰਵੇ ਕਰਵਾਇਆ ਸੀ, ਜੋ ਕਿ ਤਦ ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਇੱਕ ਲੱਖ ਰੂਹ-ਅਫ਼ਜ਼ੇ ਦੀ ਬੋਤਲ ਲੱਗੀ ਹੋਵੇਗੀ। ਬਾਕੀ ਖੰਡ ਤੇ ਦੁੱਧ, ਬਰਫ਼ ਦੀਆਂ ਸਿਲਾਂ, ਪੀਣ-ਯੋਗ ਤੇ ਭਾਂਡੇ ਧੋਣ ਯੋਗ ਪਾਣੀ ਅਤੇ ਬਿਜਲੀ, ਜਰਨੇਟਰ, ਟੈਂਟ ਤੇ ਕੰਨ ਪਾੜਣ ਲਈ ਡੀ. ਜੇ ਆਦਿਕ ਦਾ ਖਰਚਾ ਵੱਖਰਾ ।  ਇਸ ਤਰ੍ਹਾਂ ਉਦੋਂ ਇੱਕ ਛਬੀਲ ਦਾ ਘੱਟੋ-ਘੱਟ ਖਰਚਾ ਇੱਕ ਲੱਖ ਰੁਪੈ ਦੇ ਲਗਭਗ ਮੰਨਿਆ ਗਿਆ ਸੀ ਪਰ ਅੱਜ ਕਲ ਤਾਂ 4 ਲੱਖ ਤਕ ਖਰਚਣ ਦੀਆਂ ਵੀ ਫੜਾਂ ਮਾਰੀਆਂ ਜਾ ਰਹੀਆਂ ਹਨ । ਹੁਣ ਹਿਸਾਬ ਲਗਾਓ ਦੇਸ਼ ਵਿਦੇਸ਼ ਵਿੱਚ ਲੱਗਣ ਵਾਲੀਆਂ ਉਨ੍ਹਾਂ ਸ਼ਹੀਦੀ ਛਬੀਲਾਂ ਦਾ, ਜਿਨ੍ਹਾਂ ’ਤੇ ਖਰਚੇ ਜਾਂਦੇ ਕੌਮੀ ਸਮੇਂ ਤੇ ਸਰਮਾਏ ਦਾ ਕੋਈ ਅੰਦਾਜ਼ਾ ਲਗਾਉਣਾ ਵੀ ਅਸੰਭਵ ਹੈ ।  ਕੀ ਇਤਨੀ ਤਾਕਤ ਤੇ ਸਰਮਾਏ ਨਾਲ ਕਰੋੜਾਂ ਦੀ ਗਿਣਤੀ ਵਿੱਚ ਰੁਲਦੇ-ਫਿਰਦੇ ਸਿਕਲੀਗਰ ਸਿੱਖ ਭਰਾਵਾਂ ਅਤੇ ਹੋਰ ਗ਼ਰੀਬ ਸਿੱਖ ਨੌਜਵਾਨਾਂ ਦੀ ਵਿਦਿਆ, ਸੇਵਾ-ਸੰਭਾਲ ਤੇ ਰੁਜ਼ਗਾਰ ਲਈ ਹਰ ਸਾਲ ਕਈ ਪ੍ਰੋਜੈਕਟ ਨਹੀਂ ਸ਼ੁਰੂ ਕੀਤੇ ਜਾ ਸਕਦੇ ?

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ-ਕੋਸ਼ ਮੁਤਾਬਕ ‘ਛਬੀਲ’ ਅਰਬੀ ਦੇ ਲਫ਼ਜ਼ ‘ਸਬੀਲ’ ਦਾ ਪ੍ਰਾਕ੍ਰਿਤ ਰੂਪ ਹੈ, ਜੋ ਖ਼ਾਸ ਕਰਕੇ ਉਸ ‘ਪਉ’ ਅਥਵਾ ‘ਪਿਆਉ’ ਲਈ ਵਰਤਿਆ ਜਾਂਦਾ ਹੈ, ਜਿਹੜਾ ਮੁਸਲਮਾਨਾਂ ਵੱਲੋਂ ਮੁਹੱਰਮ ਦੇ ਪਹਿਲੇ 10 ਦਿਨਾਂ ਵਿੱਚ ਪਿਆਸਿਆਂ ਲਈ ਲਗਾਇਆ ਜਾਂਦਾ ਹੈ ।  ਇਸ ਦਾ ਅਰਥ ਹੈ- ਜਲ ਪੀਣ ਦਾ ਅਸਥਾਨ ।  ਇਸ ਵੇਰਵੇ ਤੋਂ ਇਹ ਪੱਖ ਵੀ ਸਪਸ਼ਟ ਹੁੰਦਾ ਹੈ ਕਿ ਅਜਿਹੀ ‘ਛਬੀਲ’ ਪਰੰਪਰਾ ਦਾ ਪਿਛੋਕੜ  ਇਸਲਾਮਿਕ ਹੈ, ਸਿੱਖੀ ਨਹੀਂ । ਕਿਉਂਕਿ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ‘ਸਬੀਲ’ (ਛਬੀਲ) ਦੀ ਥਾਂ ‘ਪਿਆਉ’ ਲਫ਼ਜ਼ ਦਿੱਤਾ ਹੈ ਅਤੇ ਦੂਜੇ, ਮੁਹੱਰਮ ਦੇ ਖ਼ਾਸ ਦਿਨਾਂ ਵਾਂਗ ਕੇਵਲ ਕੁਝ ਸਮੇਂ ਲਈ ਗਲ਼ੀਆਂ ਮਹੱਲਿਆਂ ਵਿੱਚ ਛਬੀਲਾਂ ਲਗਾਉਣ ਦੀ ਥਾਂ ਉਨ੍ਹਾਂ ਥਾਵਾਂ ਅਤੇ ਰਸਤਿਆਂ ਉਪਰ ‘ਪਿਆਉ’ ਲਗਾਉਣ ਦੀ ਪ੍ਰੇਰਨਾ ਕੀਤੀ ਹੈ, ਜਿਥੇ ਯਾਤਰੂਆਂ ਤੇ ਹੋਰ ਲੋਕਾਂ ਨੂੰ ਕੇਵਲ ਗਰਮੀ ਦੇ ਮੌਸਮ ਵਿੱਚ ਹੀ ਨਹੀਂ । ਸਗੋਂ ਹਰੇਕ ਸਮੇਂ ਪੀਣ ਲਈ ਪਾਣੀ ਮਿਲਣਾ ਅਸੰਭਵ ਹੋਵੇ । ਦਿੱਲੀ ਵਿੱਚ ਇਤਿਹਾਸਕ ਗੁਰਦੁਆਰਾ ‘ਨਾਨਕ ਪਿਆਉ’ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ, ਜਿਥੇ ਪਾਣੀ ਪਿਲਾਉਣ ਦੀ ਸੇਵਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਨਿਭਾਈ ।  ‘ਪਿਆਉ’ ਦਾ ਅਰਥ ਹੈ – ਉਹ ਥਾਂ, ਜਿਥੇ ਪਾਣੀ ਪਿਆਇਆ ਜਾਵੇ ।

ਇਥੇ ਪਹੁੰਚ ਕੇ ਇੱਕ ਪੱਖ ਹੋਰ ਵੀ ਪ੍ਰਗਟ ਹੁੰਦਾ ਹੈ ਕਿ ‘ਨਾਨਕੀ ਪਿਆਉ’ ਦੀ ਪਰੰਪਰਾ ਵਿੱਚ ਹੱਥੀਂ ਸੇਵਾ ਕਰਨ ਦਾ ਸਕੰਲਪ ਵੀ ਛੁਪਿਆ ਹੋਇਆ ਹੈ, ਜਿਹੜਾ ਕਿ ਛਬੀਲ ਦੀ ਇਸਲਾਮਿਕ ਪਰੰਪਰਾ ਵਿੱਚ ਨਹੀਂ । ਕਿਉਂਕਿ ਉਥੇ ਕੇਵਲ ਪਾਣੀ ਪੀਣ ਦੀ ਥਾਂ ਹੀ ਉਪਲਬਧ ਕਰਵਾਈ ਜਾਂਦੀ ਹੈ, ਹੱਥੀਂ ਪਿਲਾਉਣ ਦੀ ਭਾਵਨਾ ਨਹੀਂ । ਇਹੀ ਕਾਰਨ ਹੈ ਕਿ 19ਵੀਂ ਸਦੀ ਤਕ, ਦੇ ਇਤਿਹਾਸ ਵਿੱਚ ਕਿਧਰੇ ਵੀ ਕੋਈ ਵਰਣਨ ਨਹੀਂ ਮਿਲਦਾ ਕਿ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਜਾਂ ਕਿਸੇ ਹੋਰ ਗੁਰ ਪੁਰਬ ਵੇਲੇ ਹੁਣ ਵਾਂਗ ਵਿਸ਼ੇਸ਼ ਛਬੀਲਾਂ ਲਗਾਈਆਂ ਗਈਆਂ ਹੋਣ ਤੇ ਲੋਕਾਂ ਨੂੰ ਘੇਰ ਘੇਰ ਕੇ ਭਾਂਤ ਭਾਂਤ ਦੇ ਸ਼ਰਬਤ ਪਿਲਾਏ ਗਏ ਹੋਣ । ਹਾਂ, ਗੁਰ ਇਤਿਹਾਸ ਵਿੱਚ ਐਸਾ ਵਰਣਨ ਤਾਂ ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਦੇ ਇਤਿਹਾਸ ਵੀ ਮਿਲਦਾ ਹੈ ਕਿ ਗਰਮੀ ਦੇ ਮੌਸਮ ਵਿੱਚ ਦੂਰ-ਦੁਰਾਡੇ ਤੋਂ ਆਈਆਂ ਸਿੱਖ ਸੰਗਤਾਂ ਲਈ ਕਦੀ ਕਦਾਈਂ ਗੁੜ ਤੇ ਜੌਆਂ ਦਾ ਸ਼ਰਬਤ ਬਣਾ ਕੇ ਜ਼ਰੂਰ ਪਿਲਾਇਆ ਜਾਂਦਾ ਸੀ, ਤਾਂ ਕਿ ਉਹ ਗਰਮੀ ਵਿੱਚ ਲੂ ਦੀ ਮਾਰ ਤੋਂ ਵੀ ਬਚ ਸਕਣ ਅਤੇ ਥੋੜਾ ਗਲੂਕੋਜ਼ ਮਿਲਣ ਨਾਲ ਉਨ੍ਹਾਂ ਦੀ ਥਕਾਵਟ ਵੀ ਦੂਰ ਹੋ ਸਕੇ ।

ਹੁਣ ਵਾਲੀਆਂ ਛਬੀਲਾਂ ਤਾਂ 20ਵੀਂ ਸਦੀ ਦੀ ਉਪਜ ਹਨ ਅਤੇ ਉਸ ਦਾ ਮੁਖ ਕਾਰਨ ਹੈ ਗੁਰ ਇਤਿਹਾਸ ਪ੍ਰਤੀ ਸਾਡੀ ਅਗਿਆਨਤਾ ਤੇ ਸਿੱਖ ਸੰਸਥਾਵਾਂ ਦਾ ਅਵੇਸਲਾਪਣ, ਜਿਸ ਕਰ ਕੇ ਅਸੀਂ ਪੰਥ ਵਿਰੋਧੀ ਸਾਜਸ਼ਾਂ ਦਾ ਸ਼ਿਕਾਰ ਹੋ ਜਾਂਦੇ ਹਾਂ । ਜਿਵੇਂ ਬਿਪਰਵਾਦੀ ਤੇ ਬਿਪਰ-ਪੱਖੀ ਲੇਖਕਾਂ ਦੇ ਪ੍ਰਭਾਵ ਹੇਠ ਸੰਪ੍ਰਦਾਈ ਸਿੱਖ ਪ੍ਰਚਾਰਕਾਂ ਅਤੇ ਢਾਡੀਆਂ ਕਵੀਸ਼ਰਾਂ ਨੇ ਅਜਿਹਾ ਪ੍ਰਚਾਰ ਕੀਤਾ ਕਿ ਜਦੋਂ ਗੁਰੂ ਜੀ ਨੂੰ ਭੁੱਖੇ ਤਿਹਾਏ ਰੱਖ ਕੇ ਚੰਦੂ ਦੀ ਹਵੇਲੀ ਵਿੱਚ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਉਸ ਵੇਲੇ ਚੰਦੂ ਦੀ ਨੂੰਹ ਨੇ ਪਹਿਰੇਦਾਰ ਸਿਪਾਹੀਆਂ ਨੂੰ ਰਿਸ਼ਵਤ ਵਜੋਂ ਆਪਣੇ ਗਹਿਣੇ ਦੇ ਕੇ ਗੁਰੂ ਜੀ ਨੂੰ ਠੰਡਾ ਸ਼ਰਬਤ ਪਿਲਾਇਆ ਸੀ ।  ਅਖੇ ਉਹ ਵੀ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਵੇਲੇ ਗੁਰੂ ਜੀ ਦੀ ਆਗਿਆ ਅਨੁਸਾਰ ਪ੍ਰਾਣ ਤਿਆਗ ਕੇ ਬੈਕੁੰਠ ਧਾਮ ਪਹੁੰਚ ਗਈ ਸੀ । ਇਸ ਲਈ ਹੁਣ ਜਦੋਂ ਸਿੱਖ ਛਬੀਲਾਂ ਲਗਾਉਂਦੇ ਹਨ ਤਾਂ ਗੁਰੂ ਜੀ ਨੂੰ ਸਵਰਗਾਂ ਵਿੱਚ ਵੀ ਠੰਡਕ ਪਹੁੰਚਦੀ ਹੈ ।

ਇਸ ਬਿਪਰਵਾਦੀ ਤੇ ਬਿਪਰ-ਪੱਖੀ ਪ੍ਰਚਾਰ ਦਾ ਪਹਿਲਾ ਅਧਾਰ ਬਣਿਆਂ 20ਵੀਂ ਸਦੀ ਦੇ ਆਰੰਭ ਵਿੱਚ ਪ੍ਰਕਾਸ਼ਤ ਹੋਇਆ ਨਿਰਮਲੇ ਕਵੀ ਭਾਈ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼, ਜਿਸ ਨੇ ਚੰਦੂ ਦੀ ਨੂੰਹ ਨੂੰ ਗੁਰੂ ਜੀ ਦੀ ਸ਼ਰਧਾਲੂ ਸਾਬਤ ਕੀਤਾ । ਇਸ ਉਪਰੰਤ ਸ਼ਰਬਤ ਪਿਲਾਉਣ ਦੀ ਕਹਾਣੀ ਜੋੜ ਦਿੱਤੀ।  ਹਿੰਦੂ ਮਹਾਂ ਸਭਾ ਦੇ ਰੂਪ ਵਿੱਚ ਆਰ. ਐਸ. ਐਸ ਦੇ ਮੁੱਢਲੇ ਹਿੰਦੂ ਪ੍ਰਚਾਰਕਾਂ ਨੇ, ਜਿਨ੍ਹਾਂ ਦਾ ਸਾਰਾ ਜ਼ੋਰ ਇਹ ਗੱਲ ਸਿੱਧ ਕਰਨ ’ਤੇ ਲੱਗਾ ਰਿਹਾ ਕਿ ਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਚੰਦੂ ਭਾਗੀਦਾਰ ਜਾਂ ਦੋਸ਼ੀ ਨਹੀਂ ਸੀ । ਸਗੋਂ ਉਹ ਤਾਂ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ, ਜਿਸ ਨੇ ਦੋ ਕ੍ਰੋੜ ਰੁਪੈ ਜ਼ੁਰਮਾਨਾ ਅਦਾ ਕਰ ਕੇ ਗੁਰੂ ਜੀ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ।  ਡਾ. ਸੁਖਪ੍ਰੀਤ ਸਿੰਘ ਉੱਦੋਕੇ ਮੁਤਾਬਕ ਇਸ ਛੋਛੇ ਦਾ ਅਧਾਰ ਹੈ ਸੰਨ 1925 ਦੇ ਕਰੀਬ ਲਿਖੀ ਆਰ. ਐਸ. ਐਸ ਦੇ ਮੋਢੀ ਗੋਲਵਾਲਕਰ ਦੇ ਸਾਥੀ ‘ਸਵਾਰਕਰ’ ਦੁਆਰਾ ਲਿਖੀ ਗਈ ਪੁਸਤਕ ‘ਦਾ ਸਿਕਸ ਗਲੋਰੀਅਸ ਪੇਜ਼ਿਜ਼ ਆਫ਼ ਇੰਡੀਅਨ ਹਿਸਟਰੀ’ ।  ਇਸੇ ਨੂੰ ਪਿੱਛੋਂ ਜਾ ਕੇ ਹਿੰਦੀ ਵਿੱਚ ‘ਭਾਰਤੀਆ ਇਤਿਹਾਸ ਕੇ ਛੇ ਸਵਰਨੀਏ ਪ੍ਰਸ਼ਿਟ’ ਨਾਂ ਹੇਠ ਛਾਪਿਆ ਤੇ ਪ੍ਰਚਾਰਿਆ ਗਿਆ  ਹੈ ।

ਸ਼ੁਕਰ ਹੈ ਉਸ ਵੇਲੇ ਡਾ. ਗੰਡਾ ਸਿੰਘ ਤੇ ਕਰਮ ਸਿੰਘ ਵਰਗੇ ਗੁਰੂ ਤੇ ਪੰਥ ਨੂੰ ਸਮਰਪਤ ਖੋਜੀ ਇਤਿਹਾਸਕਾਰ ਮਜੂਦ ਸਨ, ਜਿਨ੍ਹਾਂ ਨੇ 1931 ਵਿੱਚ ਜਹਾਂਗੀਰ ਦੀ ਨਿਜੀ ਡਾਇਰੀ ‘ਤੁਜ਼ਕ-ਇ – ਜਹਾਗੀਰੀ, ਸ਼ੇਖ ਅਹਿਮਦ ਸਰਹੰਦੀ ਵੱਲੋਂ ਲਿਖੀਆਂ ਚਿੱਠੀਆਂ ‘ਮਕਤੂਬਤ-ਇ-ਰੁਬਾਨੀ’ ਅਤੇ ਗੁਰੂ ਕਾਲ ਦੇ ਇਤਿਹਾਸਕਾਰ ਮੁਹਸਨਫ਼ਾਨੀ ਦੀ ਦੁਰਲਭ ਪੁਸਤਕ ‘ ਦਬਿਸਤਾਨ-ਇ-ਮਜ਼ਾਹਬ’ ਲੱਭ ਕੇ ਇੱਕ ਤਾਂ ਇਹ ਸਿੱਧ ਕੀਤਾ ਕਿ ਗੁਰੂ ਜੀ ਦੀ ਸ਼ਹਾਦਤ ਨਿਰੋਲ ਸਿਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੇ ਆਦਿ ਬੀੜ (ਪੋਥੀ ਸਾਹਿਬ) ਦੇ ਰੂਪ ਵਿੱਚ ਗੁਰਮਤ ਸਿਧਾਂਤਾਂ ਦੀ ਸ਼ੁਧਤਾ ਨੂੰ ਕਾਇਮ ਰੱਖਣ ਲਈ ਹੋਈ । ਦੂਜੇ, ਹਕੂਮਤ ਵੱਲੋਂ ਗੁਰੂ ਅਰਜਨ ਸਾਹਿਬ ਜੀ ਨੂੰ ਕੋਈ ਜ਼ੁਰਮਾਨਾ ਨਹੀਂ ਸੀ ਕੀਤਾ ਗਿਆ ਅਤੇ ਤੀਜੇ, ਗੁਰੂ ਜੀ ਦੀ ਸ਼ਹੀਦੀ ਲਈ ਤਰਤੀਬਵਾਰ ਮੁੱਖ ਦੋਸ਼ੀ ਸਨ “ਬਾਦਸ਼ਾਹ ਜਹਾਂਗੀਰ, ਲਹੌਰ ਦਾ ਸੂਬੇਦਾਰ ਸ਼ੇਖ ਮੁਰਤਜ਼ਾ ਖ਼ਾਨ ਤੇ ਸ਼ੇਖ ਸਰਹੰਦੀ” ਪਰ, ਲਹੌਰ ਦਰਬਾਰ ਵਿੱਚ ਮਨੂੰਵਾਦੀ-ਸੋਚ ਦੀ ਨੁੰਮਾਇੰਦਗੀ ਕਰਨ ਵਾਲੇ ਚੰਦੂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ,  ਜਿਹੜਾ ਉਪਰੋਕਤ ਤਿਗੜੀ ਦਾ ਹੱਥ ਠੋਕਾ ਬਣ ਕੇ ਗੁਰੂ ਜੀ ਨੂੰ ਤਸੀਹੇ ਦੇਣ ਵਿੱਚ ਮੁਹਰੀ ਰੋਲ ਨਿਭਾਂਦਾ ਰਿਹਾ ਕਿਉਂਕਿ, ਜੇ ਚੰਦੂ ਦੋਸ਼ੀ ਨਾ ਹੁੰਦਾ ਤਾਂ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਗੁਰੂ ਦੇ ਸਿੱਖ ਚੰਦੂ ਦੇ ਜੱਦੀ ਪਿੰਡ ਕਲਾਨੌਰ ਖੜ ਕੇ ਉਸ ਨੂੰ ਸਜ਼ਾ ਏ ਮੌਤ ਨਾ ਦਿੰਦੇ ।

ਜੇ ਚੰਦੂ ਪਰਿਵਾਰ ਗੁਰੂ ਜੀ ਦਾ ਸ਼ਰਧਾਲੂ ਹੁੰਦਾ ਤਾਂ ਭੱਟ-ਵਹੀਆਂ ਮੁਤਾਬਕ ਉਸ ਦਾ ਲੜਕਾ ਕਰਮਚੰਦ, ਬਟਾਲੇ ਪਰਗਣੇ ਦੇ ਭਗਵਾਨ ਦਾਸ ਘੇਰੜ ਨਾਲ ਮਿਲ ਕੇ ਰੋਹੀਲਾ ਨਾਂ ਦੇ ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ’ਤੇ ਹਮਲਾਵਰ ਨਾ ਹੁੰਦਾ ਅਤੇ ਫਿਰ ਇਨ੍ਹਾਂ ਦਾ ਹੀ ਰਿਸ਼ਤੇਦਾਰ ਖੱਤਰੀ ਸੁੱਚਾ ਨੰਦ ਸਰਹਿੰਦ ਦੀ ਕਚਿਹਰੀ ਵਿੱਚ ਦਸਮ ਗੁਰੂ-ਪਾਤਸ਼ਾਹ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਪ੍ਰਤੀ ਜ਼ਹਿਰ ਨਾ ਉਗਲਦਾ । ਦੁੱਖ ਦੀ ਗੱਲ ਹੈ ਕਿ ਜਿਹੜੇ ਗੁਰਸਿੱਖ ਪ੍ਰਚਾਰਕ ਇਤਿਹਾਸ ਦੇ ਉਪਰੋਕਤ ਤੱਥਾਂ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਪਿੱਛਲੇ ਕੁਝ ਦਹਾਕਿਆਂ ਤੋਂ ਸ਼ਰਬਤੀ ਛਬੀਲਾਂ ਲਾਉਣ ਦੀ ਥਾਂ ਗੁਰ ਇਤਿਹਾਸ ਅਤੇ ਗੁਰਮਤਿ ਸਾਹਿਤ ਦੀਆਂ ਛਬੀਲਾਂ ਲਾਉਣ ਦੀ ਵਕਾਲਤ ਕਰਦੇ ਆ ਰਹੇ ਹਨ;  ਉਨ੍ਹਾਂ ਨੂੰ ਅਸ਼ਰਧਾਲੂ ਮਿਸ਼ਨਰੀ ਕਹਿ ਕੇ ਭੰਡਿਆ ਜਾ ਰਿਹਾ ਹੈ । ਦੇਸ਼ ਵਿਦੇਸ਼ ਵਿਖੇ ਉਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਲਈ ਗੋਲੀਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ  ਹੈ ਪਰ ਇੰਟਰਨੈਟ ਦੇ ਅਜੋਕੇ ਦੌਰ ਵਿੱਚ ਵੀ ਜਿਹੜੇ ਲੋਕ ਅਜੇ ਵੀ ਚੰਦੂ ਦੀ ਨੂੰਹ ਨੂੰ ਗੁਰੂ ਜੀ ਦੀ ਸ਼ਰਧਾਲੂ ਦੱਸ ਕੇ ਉਸ ਦੀ ਹੱਥੀਂ ਸ਼ਰਬਤ ਪਿਲਾਈ ਜਾ ਰਹੇ ਹਨ, ਉਨ੍ਹਾਂ ਨੂੰ ਸ਼ਰਧਾਲੂ ਤੇ ਟਕਸਾਲੀ ਪ੍ਰਚਾਰਕ ਦੱਸਿਆ ਜਾ ਰਿਹਾ ਹੈ। ਅਤਿਅੰਤ ਚਿੰਤਾ ਜਨਕ ਸਥਿਤੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਰਗੀਆਂ ਪ੍ਰਮੁਖ ਸਿੱਖ ਸੰਸਥਾਵਾਂ, ਜਿਨ੍ਹਾਂ ਨੇ ਕੌਮੀ ਵਿਵਾਦਾਂ ਦਾ ਕੋਈ ਹੱਲ ਕੱਢਣਾ ਸੀ, ਉਹ ਕੇਵਲ ਮੂਕ ਦਰਸ਼ਕ ਬਣ ਕੇ ਤਮਾਸ਼ਗੀਰ ਹੀ ਨਹੀਂ ਬਣੀ ਬੈਠੀਆਂ, ਸਗੋਂ ਤੱਤ ਗੁਰਮਤ ਪ੍ਰਚਾਰਕਾਂ ਦੇ ਕਾਤਲਾਂ ਅਤੇ ਖ਼ੂਨੀ ਛਬੀਲਾਂ ਲਗਾਉਣ ਵਾਲੇ ਹਮਲਾਵਰਾਂ ਨੂੰ ਆਪਣੀ ਬੁੱਕਲ ਵਿੱਚ ਲੁਕਾਅ ਵੀ ਰਹੀਆਂ ਹਨ । ਹੋਰ ਬਦਕਿਸਮਤੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਂ ਹੇਠ ਸਥਾਪਤ ਰਾਜਨੀਤਕ ਸਿੱਖ ਜਥੇਬੰਦੀਆਂ ਵੀ ਉਨ੍ਹਾਂ ਦੀਆਂ ਹੀ ਪੁਸ਼ਤ-ਪਨਾਹੀ ਕਰਦੀਆਂ ਜਾਪਦੀਆਂ ਹਨ ਕਿਉਂਕਿ ਦਿੱਲੀ ਦੀ ਕੇਂਦਰੀ (ਮੋਦੀ) ਸਰਕਾਰ ਤੱਤ-ਗੁਰਮਤ ਦਾ ਪ੍ਰਚਾਰ ਨਹੀਂ ਚਾਹੁੰਦੀ ।

ਸਿੱਖ ਮਿਸ਼ਨਰੀ ਕਾਲਜ ਤਾਂ ਬੜੇ ਲੰਮੇ ਸਮੇਂ ਤੋਂ ਅਜਿਹਾ ਹੋਕਾ ਦੇ ਰਹੇ ਹਨ ਪਰ ਹੁਣ ਕੁਝ ਦਿਨ ਪਹਿਲਾਂ ਇੱਕ ਗੁਰਸਿੱਖ ਵਿਦਵਾਨ ਡਾ. ਸਵਰਨਦੀਪ ਸਿੰਘ ‘ਨੂਰ’ ਨੇ ਬੜਾ ਸੁਚੱਜਾ ਸੁਝਾਅ ਦਿੱਤਾ ਹੈ ਕਿ ਸਾਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ‘ਸ਼ਬਦ ਗੁਰੂ ਪ੍ਰਚਾਰ ਦਿਵਸ’ ਵਜੋਂ ਮਨਾਉਣਾ ਚਾਹੀਦਾ ਹੈ ਅਤੇ ਇਸ ਦਿਨ ਗੁਰਮਤ ਸਾਹਿਤ ਦੀ ਛਬੀਲ ਵੀ ਲਾਉਣੀ ਚਾਹੀਦੀ ਹੈ ।  ਲੋੜਵੰਦ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਆਦਿਕ ਵੀ ਵੰਡੀਆਂ ਜਾਣੀਆਂ ਚਾਹੀਦੀਆਂ । ਇਸ ਪ੍ਰਕਾਰ ਬੱਚਿਆਂ ਲਈ ਗੁਰਮਤਿ ਕੁਇਜ਼ ਦੇ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਗੁਰ ਪੁਰਬ ਦੇ ਸਾਰਥਕ ਨਤੀਜੇ ਕੱਢੇ ਜਾ ਸਕਦੇ ਹਨ ।  

ਸੋ, ਅਸੀਂ ਵੀ ਮੁੜ ਇਹੀ ਬੇਨਤੀ ਕਰਦੇ ਹਾਂ ਕਿ ਗੁਰਸਿੱਖ ਵੀਰੋ ਤੇ ਭੈਣੋ !  ਗੁਰੂ ਜੀ ਦੇ ਸ਼ਹੀਦੇ ਦਿਹਾੜੇ ‘ਤੇ ਹਰ ਸਾਲ ਕੇਵਲ ਇੱਕ ਦਿਨ ਛਬੀਲਾਂ ਲਾ ਕੇ ਕੌਮੀ ਸਰਮਾਇਆ ਨਾ ਲੁਟਾਇਆ ਕਰੋ, ਸਗੋਂ ਮਥੁਰਾ ਤੇ ਦਿੱਲੀ ਦੇ ‘ਨਾਨਕ ਪਿਆਉ’ ਵਾਂਗ ਉਨ੍ਹਾਂ ਇਲਾਕਿਆਂ ਤੇ ਸੜਕਾਂ ਆਦਿਕ ਸਥਾਨਾਂ ’ਤੇ ਸਾਦੇ ਅਤੇ ਠੰਡੇ ਪਾਣੀ ਦੇ ਪੱਕੇ ‘ਨਾਨਕ ਪਿਆਉ’ ਸਥਾਪਤ ਕਰੋ, ਜਿਥੇ ਪਾਣੀ ਦੀ ਥੁੜ ਹੈ ਅਤੇ ਬੜਾ ਲਾਜ਼ਮੀ ਹੈ ਕਿ ਉਹ ਥਾਵਾਂ ਗੁਰਮਤ ਲਿਟਰੇਚਰ ਵੰਡਣ ਦੇ ਕੇਂਦਰ ਵੀ ਬਣਨ ।

ਦੋ ਘੰਟਿਆਂ ਦਾ ਸਮਾਂ ਤਾਂ ਗਿਆ ਪਰ ਪੱਲੇ ਕੁੱਝ ਨਾ ਪਿਆ

0

ਦੋ ਘੰਟਿਆਂ ਦਾ ਸਮਾਂ ਤਾਂ ਗਿਆ ਪਰ ਪੱਲੇ ਕੁੱਝ ਨਾ ਪਿਆ

-ਰਮੇਸ਼ ਬੱਗਾ ਚੋਹਲਾ-94631-32719

ਸਮਾਂ ਜ਼ਿੰਦਗੀ ’ਚ ਸਭ ਤੋਂ ਵਡਮੁੱਲਾ ਧਨ ਹੁੰਦਾ ਹੈ। ਇਸ ਧਨ ਦੀ ਸਹੀ ਤੇ ਸੁਰੱਖਿਅਤ ਸਾਂਭ-ਸੰਭਾਲ਼ ਦਾ ਮਨੁੱਖੀ ਸ਼ਖਸੀਅਤ ਦੀ ਉਸਾਰੀ ਅਤੇ ਨਿਖ਼ਾਰੀ ਵਿਚ ਬਹੁਤ ਹੀ ਅਹਿਮਤਰੀਨ ਰੋਲ ਰਿਹਾ ਹੈ। ਸਮੇਂ ਦੀ ਸੁਚੱਜੀ ਅਤੇ ਸਹੀ ਵਰਤੋਂ ਕਾਫੀ ਹੱਦ ਤੱਕ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਦੇ ਆਪਣੇ ਹੱਥ ਵੱਸ ਹੀ ਹੁੰਦੀ ਹੈ ਪਰ ਕਈ ਵਾਰ ਇਹ ਬਿਗਾਨਿਆਂ ਦੇ ਰਹਿਮ-ਉ-ਕਰਮ ’ਤੇ ਵੀ ਨਿਰਭਰ ਕਰਦੀ ਹੈ। ਇਨ੍ਹਾਂ ਬਿਗਾਨਿਆਂ ਵਿਚ ਕਈ ਵਾਰ ਅਜਿਹੇ ਭੱਦਰ ਪੁਰਸ਼ ਵੀ ਮਿਲ ਜਾਂਦੇ ਹਨ ਜਿਹੜੇ ਤੁਹਾਡੇ ਕੀਮਤੀ ਸਮੇਂ ਦੀ ਕਦਰ ਨਾ ਕਰ ਕੇ, ਨਾ ਸਿਰਫ਼ ਤੁਹਾਡੀ ਕਦਰ ਹੀ ਘਟਾਉਂਦੇ ਹਨ ਸਗੋਂ ਆਪਣੀ ਗ਼ੈਰ-ਜ਼ਿੰਮੇਵਾਰੀ ਦਾ ਸਬੂਤ ਵੀ ਦੇ ਦਿੰਦੇ ਹਨ। ਇਹ ਗ਼ੈਰ-ਜ਼ਿੰਮੇਵਾਰੀ ਕਈ ਵਾਰ ਤਾਂ ਉਨਾਂ ਮਹਾਂ ਪੁਰਖਾਂ ਵੱਲੋਂ ਦਿਖਾਈ ਜਾਂਦੀ ਹੈ ਜਿਹੜੇ ਸਮਾਜ ਦੀਆਂ ਕੁੱਝ ਨਾਮਵਰ ਸੰਸਥਾਵਾਂ/ਜਥੇਬੰਦੀਆਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੁੜੇ ਹੋਏ ਹਨ। ਇਹ ਲੋਕ ਕਈ ਵਾਰ ਆਪਣੇ ਵਿਅਕਤਿਤਵ ਦੇ ਨਿਆਰੇ ਅਤੇ ਉਚਿਆਰੇਪਣ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਨ ਪਰ ਇਨ੍ਹਾਂ ਦੇ ਬੋਲਾਂ ਤੇ ਅਮਲਾਂ ਵਿਚਲੀ ਵਿੱਥ ਇਨ੍ਹਾਂ ਦੀ ਸ਼ਖ਼ਸੀਅਤ ਨੂੰ ਬੌਣਾ ਕਰ ਦਿੰਦੀ ਹੈ। ਇਨ੍ਹਾਂ ਲੋਕਾਂ ਦਾ ਪ੍ਰਚਾਰ ਅਤੇ ਵਿਹਾਰ ‘ਹਾਥੀ ਦੇ ਦੰਦਾਂ’ ਤੋਂ ਵੱਧ ਕੇ ਕੁੱਝ ਵੀ ਨਹੀਂ ਹੁੰਦਾ। ਇਸ ਵਰਗ ਦੇ ਬਹੁਤੇ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ ਪਿੜ-ਪੱਲੇ ਸਿਰਫ਼ ਨਿਰਾਸ਼ਾ ਹੀ ਪੈਂਦੀ ਹੈ। ਇਸ ਤਰ੍ਹਾਂ ਦੀ ਨਿਰਾਸਾ ਕਈ ਵਾਰ ਦਾਸ ਦੇ ਪੱਲੇ ਵੀ ਪਈ ਹੈ।

ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਮੈਂ ਆਪਣੇ ਮਹਾਂ ਨਗਰ ਦੀ ਇੱਕ ਜਾਣੀ-ਪਹਿਚਾਣੀ ਸੰਸਥਾ ਜੋ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਆਪਣੀਆਂ ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਵੱਖ-ਵੱਖ ਘੇਰੇ ਬਣਾ ਕੇ ਚਲਾਉਂਦੀ ਹੈ ਅਤੇ ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਸਮਾਗਮਾਂ ਰਾਹੀਂ ਇੱਕ ਵਿਸ਼ੇਸ਼ ਕਿਸਮ ਦੀ ਚੇਤਨਾ ਪੈਦਾ ਕਰਦੀ ਹੈ, ਵਿਚ ਕਿਸੇ ਅੰਸ਼ਕਾਲੀਨ ਰੁਜ਼ਗਾਰ ਦੀ ਭਾਲ ਵਿਚ ਚਲਾ ਗਿਆ। ਜਦੋਂ ਮੈਂ ਸੰਸਥਾ ਦੇ ਸੰਚਾਲਕ ਦੀ ਇੱਕ ਨਿੱਜੀ ਸਹਾਇਕ ਨੂੰ ਆਪਣੀ ਯੋਗਤਾ ਅਤੇ ਸਮਰੱਥਾ ਤੋਂ ਗਿਆਤ ਕਰਵਾਇਆ ਤਾਂ ਉਸ ਬੀਬੀ ਨੇ ਆਪਣੇ ਬੌਸ ਨਾਲ ਗੱਲ ਚਲਾਉਣ ਦੀ ਹਾਮੀ ਭਰ ਕੇ ਕੁੱਝ ਦਿਨ ਇੰਤਜਾਰ ਕਰਨ ਲਈ ਕਹਿ ਦਿੱਤਾ। ਇਸ ਇੰਤਜਾਰ ਦੇ ਦੋ ਕੁ ਦਿਨ ਲੰਘਣ ਤੋਂ ਬਾਅਦ ਉਸ ਬੀਬੀ ਦਾ ਮੋਬਾਇਲ ਖ਼ੜਕ ਗਿਆ ਜਿਸ ’ਤੇ ਉਸ ਨੇ ਕਿਹਾ ਕਿ ‘ਮੈਂ ਆਪਣੇ ਬੌਸ ਨਾਲ ਤੁਹਾਡੇ ਬਾਰੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਅੱਜ ਪੰਜ ਵਜੇ ਤਹਾਨੂੰ ਮਿਲਣ ਲਈ ਬੁਲਾਇਆ ਹੈ, ਤੁਸੀਂ ਠੀਕ ਪੰਜ ਵਜੇ ਦਫ਼ਤਰ ਵਿਚ ਪਹੁੰਚ ਜਾਣਾ’।

ਬੀਬੀ ਦਾ ਫੋਨ ਸੁਣ ਕੇ ਮੈਨੂੰ ਆਪਣੀ ਆਸ ਦੇ ਬੂਟੇ ਨੂੰ ਬੂਰ ਪੈਂਦਾ ਦਿਖਾਈ ਦੇਣ ਲੱਗਾ ਅਤੇ ਮੈਂ ਪੰਜ ਵਜੇ ਤੋਂ ਵੀ ਪਹਿਲਾਂ ਪਹੁੰਚਣ ਦੀ ਹਾਮੀ ਭਰ ਕੇ ਬੀਬੀ ਜੀ ਦਾ ਧੰਨਵਾਦ ਕਰ ਦਿੱਤਾ। ਉਸ ਦਿਨ ਆਪਣੇ ਕੁਝ ਜ਼ਰੂਰੀ ਰੁਝੇਵਿਆਂ ਨੂੰ ਟਾਲ ਕੇ ਮੈਂ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਉਸ ਮਹਾਂਪੁਰਖ ਦੇ ਦਰਸ਼ਨ-ਦੀਦਾਰ ਕਰਨ ਅਤੇ ਆਪਣੀ ਜੇਬ ਵਿਚ ਤਨਖ਼ਾਹ ਦੇ ਰੂਪ ਵਿਚ ਕੁੱਝ ਭਰਨ ਲਈ ਪਹੁੰਚ ਗਿਆ। ਜਦ ਮੈਂ ਦਫ਼ਤਰ ਵਿਚ ਅਪੜ ਕੇ ਬੀਬੀ ਜੀ ਨੂੰ ਫ਼ਤਿਹ ਬੁਲਾਈ ਤਾਂ ਉਸ ਨੇ ਖਿੜੇ ਮੱਥੇ ਨਾਲ ਮੈਨੂੰ ਜੀ ਆਇਆਂ ਕਿਹਾ ਅਤੇ ਇੱਕ ਕਮਰੇ ’ਚ ਬੈਠੇ ਆਪਣੇ ਬੌਸ ਨੂੰ ਮੇਰੀ ਆਮਦ ਬਾਰੇ ਜਾਣਕਾਰੀ ਦੇ ਦਿੱਤੀ। ਸ੍ਰੀ ਮਾਨ ਜੀ ਨੇ ਬੀਬੀ ਨੂੰ ਕਿਹਾ ਕਿ ਮੈਂ ਪੰਜ ਕੁ ਮਿੰਟਾਂ ਬਾਅਦ ਉਨ੍ਹਾਂ ਨੂੰ ਅੰਦਰ ਬੁਲਾਉਂਦਾ ਹਾਂ। ਇਹ ਸੁਣ ਕੇ ਮੈਂ ਉਸ ਥਾਂ ’ਤੇ ਬੈਠ ਗਿਆ ਜਿੱਥੇ ਪਹਿਲਾਂ ਹੀ ਇੱਕ ਭਲਾ ਪੁਰਸ਼ ਉਸ ਮਹਾਂਪੁਰਖ ਨੂੰ ਮਿਲਣ ਲਈ ਤਾਂਘ ਰਿਹਾ ਸੀ। ਉਸ ਭਲੇ ਬੰਦੇ ਨੇ ਦੱਸਿਆ ਕਿ ਉਹ ਤਾਂ ਚਾਰ ਕੁ ਵਜੇ ਦਾ ਹੀ ਇੱਥੇ ਬੈਠ ਕੇ ਉਸ ਮਹਾਂਪੁਰਖ ਨੂੰ ਮਿਲਣ ਦੀ ਉਡੀਕ ਕਰ ਰਿਹਾ ਹੈ ਪਰ ਅਜੇ ਤੱਕ ਕੋਈ ਗੱਲ ਨਹੀਂ ਬਣੀ। ਗੱਲੀਂ ਪਏ ਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਪੰਜ ਕੁ ਮਿੰਟ ਕਦੋਂ ਅੱਧੇ ਘੰਟੇ ਤੱਕ ਪਹੁੰਚ ਗਏ। ਦਿੱਤੇ ਹੋਏ ਸਮੇਂ ਤੋਂ ਵਧੇਰਾ ਸਮਾਂ ਹੋਣ ਕਰ ਕੇ ਮੇਰੀ ਚਿੰਤਾ ਦਾ ਪੱਧਰ ਕੁੱਝ ਵੱਧ ਗਿਆ ਅਤੇ ਇਸ ਦਾ ਇਜ਼ਹਾਰ ਮੈਂ ਸ੍ਰੀ ਮਾਨ ਜੀ ਦੀ ਸਹਾਇਕ ਬੀਬੀ ਕੋਲ ਜਾ ਕੀਤਾ। ਮੇਰੀ ਪ੍ਰੇਸ਼ਾਨੀ ਨੂੰ ਸਮਝ ਕੇ ਬੀਬੀ ਨੇ ਅੰਦਰ ਬੈਠੇ ਬੌਸ ਦੀ ਮੋਬਾਇਲ ਦੀ ਘੰਟੀ ਵਜਾ ਦਿੱਤੀ ਪਰ ਉਸ ਨੇ ਉਠਾਉਣ ਦੀ ਜ਼ਹਮਤ (ਕਸ਼ਟ) ਹੀ ਨਹੀਂ ਕੀਤੀ। ਦਫ਼ਤਰ ਦੀ ਛੁੱਟੀ ਦਾ ਵਕਤ ਛੇ ਵਜੇ ਦਾ ਸੀ ਜੋ ਕਿ ਚਿਰੋਕਣਾ ਖ਼ਤਮ ਹੋ ਚੁੱਕਾ ਸੀ ਪਰ ਸ੍ਰੀ ਮਾਨ ਜੀ ਵੱਲੋਂ ਇੰਤਜ਼ਾਰ ਲਈ ਮੈਨੂੰ ਦਿੱਤੇ ਪੰਜ ਮਿੰਟ ਅਜੇ ਵੀ ਲਮਕ ਰਹੇ ਸਨ। ਮੈਨੂੰ ਸ੍ਰੀ ਮਾਨ ਜੀ ਦੀ ਇਸ ਲਾਪਰਵਾਹੀ ਤੇ ਬਹੁਤ ਗੁੱਸਾ ਆ ਰਿਹਾ ਸੀ। ਇਸ ਲਾਪਰਵਾਹੀ ਕਰ ਕੇ ਮੇਰੇ ਕੀਮਤੀ ਵਕਤ ਦਾ ਡੇਢ ਘੰਟਾ ਖੂਹ ਵਿਚ ਪੈ ਚੱਲਿਆ ਸੀ। ਦਫ਼ਤਰ ਦੇ ਬਾਕੀ ਕਰਮਚਾਰੀ ਆਪੋ-ਆਪਣੇ ਘਰਾਂ ਵੱਲ ਚਲਾਣਾ ਕਰ ਗਏ ਸਨ ਪਰ ਸ੍ਰੀ ਮਾਨ ਜੀ ਪਤਾ ਨਹੀਂ ਅੰਦਰ ਕੀ ਗਿੱਲਾ ਪੀਹਣ ਪਾ ਕੇ ਬੈਠ ਗਏ ਸਨ ਕਿ ਉਨ੍ਹਾਂ ਨੂੰ ਬਾਹਰ ਵਾਲਿਆਂ ਦੀ ਕੋਈ ਸੁੱਧ-ਬੁੱਧ ਹੀ ਨਹੀਂ ਰਹੀ। ਉਨ੍ਹਾਂ ਦੇ ਇਸ ਗ਼ੈਰ-ਜ਼ਿੰਮੇਵਾਰਨਾ ਵਤੀਰੇ ਤੋਂ ਉਨ੍ਹਾਂ ਦੀ ਨਿੱਜੀ ਸਹਾਇਕ ਵੀ ਡਾਢੀ ਪ੍ਰੇਸ਼ਾਨ ਹੋ ਗਈ ਸੀ ਕਿਉਂਕਿ ਇਸ ਬੇਲੋੜੀ ਦੇਰੀ ਕਾਰਨ ਉਸ ਦੇ ਚੁੱਲੇ-ਚੌਂਕੇ ਦਾ ਪ੍ਰਬੰਧ ਗੜਬੜਾਈ ਜਾ ਰਿਹਾ ਸੀ। ਵਿਚ ਵਿਚਾਲੇ ਕਈ ਵਾਰ ਮੇਰਾ ਮਨ ਵੀ ਬਿਨਾਂ ਮੁਲਾਕਾਤ ਕੀਤਿਆਂ ਹੀ ਉੱਠ ਜਾਣ ਨੂੰ ਕੀਤਾ ਪਰ ਲੱਗਭਗ ਪੰਦਰਾਂ ਕਿਲੋਮੀਟਰ ਦੇ ਸਫ਼ਰੀ ਦੁਹਰਾਓ ਤੋਂ ਬਚਣ ਲਈ ਮੈਂ ਕੌੜਾ ਘੁੱਟ ਭਰ ਕੇ ਕਦੇ ਸ੍ਰੀ ਮਾਨ ਜੀ ਨੂੰ ਅਤੇ ਕਦੇ ਆਪਣੇ ਆਪ ਨੂੰ ਕੋਸ ਲੈਂਦਾ। ਇਸ ਕੋਸ-ਕੋਸਾਈ ਦੌਰਾਨ ਹੀ ਤਕਰੀਬਨ ਸੱਤ ਵੱਜ ਗਏ। ਸੱਤ ਵਜੇ ਤੋਂ ਬਾਅਦ ਸ੍ਰੀ ਮਾਨ ਜੀ ਆਪਣੇ ਕਮਰੇ ਵਿਚੋਂ ਬਾਹਰ ਆ ਗਏ। ਜਦੋਂ ਉਨ੍ਹਾਂ ਦੀ ਸਹਾਇਕ ਨੇ ਮੇਰੀ ਪਹੁੰਚ ਦੇ ਮਨੋਰਥ ਤੋਂ ਜਾਣੂੰ ਕਰਵਾਇਆ ਤਾਂ ਉੇਨ੍ਹਾਂ ਗੋਲਮੋਲ ਜਿਹਾ ਜਵਾਬ ਦੇ ਕੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਦੇ ਇਸ ਟਰਕਾਲੋਜੀ ਵਾਲੇ ਵਤੀਰੇ ਕਾਰਨ ਮਨ ਹੋਰ ਵੀ ਦੁੱਖੀ ਹੋ ਗਿਆ। ਸੋਚਦਾ ਸਾਂ ਕਿ ਜੇਕਰ ਸ੍ਰੀ ਮਾਨ ਜੀ ਨੇ ਇਹ ਹੀ ਜਵਾਬ ਦੇਣਾ ਸੀ ਤਾਂ ਫਿਰ ਦੋ ਘੰਟੇ ਪਹਿਲਾਂ ਹੀ ਦਿੱਤਾ ਜਾ ਸਕਦਾ ਸੀ। ਇਸ ਦੋ ਹਰਫ਼ੀ ਗੱਲ ਬਦਲੇ ਮੇਰਾ ਦੋ ਘੰਟੇ ਦਾ ਬੇਸਕੀਮਤੀ ਸਮਾਂ ਬਰਬਾਦ ਕਰਨ ਦੀ ਕੀ ਜ਼ਰੂਰਤ ਸੀ? ਫਿਰ ਵੀ ਮੈਂ ਸ੍ਰੀ ਮਾਨ ਜੀ ਦਾ ਧੰਨਵਾਦ ਕਰ ਕੇ ਦਫ਼ਤਰ ਦੀਆਂ ਪਉੜੀਆਂ ਉੱਤਰ ਆਇਆ।

——੦—–

ਮਿਟਿ ਗਈ ਚਿੰਤਾ

0

ਮਿਟਿ ਗਈ ਚਿੰਤਾ

ਪ੍ਰੋ. ਮਨਰਾਜ ਕੌਰ

ਚਿਤਵਨ ਸਿੰਘ…ਦਾਦਾ ਜੀ  ! ਅੱਜ ਦਾਦੀ ਜੀ ਸਵੇਰ ਦੇ ਕੁਝ ਗਾਈ ਜਾ ਰਹੇ ਨੇ ਤੇ ਮੁਸਕਰਾਈ ਜਾ ਰਹੇ ਨੇ।

ਦਾਦਾ ਜੀ…..ਵਧੀਆ ਹੈ  ! ਪਰ ਉਹ ਤਾਂ ਹਮੇਸ਼ਾਂ ਹੀ ਮੁਸਕਰਾਉਂਦੇ ਰਹਿੰਦੇ ਹਨ।

ਚਿਤਵਨ ਸਿੰਘ….ਪਰ ਮੈਨੂੰ ਅੱਜ ਕੁਝ ਖਾਸ ਗੱਲ ਲਗਦੀ ਹੈ।

ਦਾਦਾ ਜੀ…..ਉਹ ਕਿਉਂ  ?

ਚਿਤਵਨ ਸਿੰਘ….ਉਹ ਜੋ ਗਾ ਰਹੇ ਨੇ, ਉਸ ਕਰਕੇ ।

ਦਾਦਾ ਜੀ… ਕੀ ਗਾ ਰਹੇ ਨੇ ?

ਚਿਤਵਨ ਸਿੰਘ…..ਗੁਰਬਾਣੀ ਦੀ ਇਕ ਤੁੱਕ ਗਾ ਰਹੇ ਨੇ :

‘‘ਮਿਟਿ ਗਈ ਚਿੰਤਾ, ਸਿਮਰਿ ਅਨੰਤਾ; ਸਾਗਰੁ ਤਰਿਆ ਭਾਈ  ! ॥’’ (ਮ: ੫/੬੧੯)

ਦਾਦਾ ਜੀ…..ਵਾਹ ਜੀ ਵਾਹ  ! ਇਸ ਨੂੰ ਗਾਉਦਿਆਂ ਤਾਂ ਸਚਮੁੱਚ ਖੇੜਾ ਆਏਗਾ ਹੀ ।

ਚਿਤਵਨ ਸਿੰਘ…..ਉਹ ਕਿਉਂ ?

ਦਾਦਾ ਜੀ….. ਸਾਰੀ ਹੀ ਗੁਰਬਾਣੀ ਸਾਨੂੰ ਸਾਡੀਆਂ ਚਿੰਤਾਵਾਂ ਤੋਂ ਮੁਕਤ ਕਰਕੇ ਸ਼ਾਨਦਾਰ ਖੇੜੇ ਭਰੀ ਜ਼ਿੰਦਗੀ ਦੇਣ ਵਾਸਤੇ ਹੈ।

ਚਿਤਵਨ ਸਿੰਘ….. ਉਹ ਤਾਂ ਹੈ ਹੀ ਪਰ ਇਸ ਤੁੱਕ ਦਾ ਕੀ ਭਾਵ ਹੈ ਅਤੇ ਦਾਦੀ ਜੀ ਇਤਨੇ ਖੁਸ਼ ਕਿਉਂ ਹਨ  ?

ਦਾਦਾ ਜੀ… ਪਹਿਲਾਂ ਮੈਂ ਤੁਹਾਨੂੰ ਦਾਦੀ ਜੀ ਵਾਲੇ ਸੁਆਲ ਦਾ ਜ਼ੁਆਬ ਦੇ ਦਿੰਦਾ ਹਾਂ ।

ਚਿਤਵਨ ਸਿੰਘ…..ਹਾਂ ਜੀ !

ਦਾਦਾ ਜੀ…..ਬੇਟਾ ਜੀ ਗੁਰਬਾਣੀ ਨੂੰ ਪੜੵਨਾ, ਗਾਉਣਾ ਅਤੇ ਕੰਠ ਕਰਨਾ ਬਹੁਤ ਜ਼ਰੂਰੀ ਹੈ, ਨਾ  !

ਚਿਤਵਨ ਸਿੰਘ….ਹਾਂ ਜੀ ਦਾਦਾ ਜੀ  !

ਦਾਦਾ ਜੀ….ਫਿਰ ਅਗਲਾ ਕਦਮ ਹੈ, ਗੁਰਬਾਣੀ ਨੂੰ ਵਿਚਾਰਨਾ ।

ਚਿਤਵਨ ਸਿੰਘ…..ਹਾਂ ਜੀ ਦਾਦਾ ਜੀ । ਵਿਚਾਰਨ ਨਾਲ ਤਾਂ ਬਹੁਤ ਸਮਝ ਆਂਉਦੀ ਹੈ ।

ਦਾਦਾ ਜੀ….. ਵਿਚਾਰਦੇ ਹੋਏ ਜਦੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਗਲਾ ਕਦਮ ਆਪਣੇ ਆਪ ਹੀ ਗੁਰਬਾਣੀ ਮਹਿਸੂਸ ਕਰਨ ਵੱਲ ਉੱਠ ਜਾਂਦਾ ਹੈ।

ਚਿਤਵਨ ਸਿੰਘ…ਮਹਿਸੂਸ ਕਰਨ ਨਾਲ ਕੀ ਹੁੰਦਾ ਹੈ ?

ਦਾਦਾ ਜੀ…. ਮਹਿਸੂਸ ਕਰਨ ਨਾਲ ਉਹੀ ਹੁੰਦਾ ਹੈ ਜੋ ਬਹੁਤ ਪਿਆਸ ਲੱਗੀ ਹੋਣ ’ਤੇ ਪਾਣੀ ਪੀਣ ਪਾਣ ਨਾਲ ਹੁੰਦਾ ਹੈ ।

ਚਿਤਵਨ ਸਿੰਘ…. ਪਾਣੀ ਪੀਣ ਨਾਲ ਤਾਂ ਸਰੀਰ ਦੀ ਪਿਆਸ ਬੁੁਝਦੀ ਹੈ ਤੇ ਪਿਆਸ ਬੁਝਣ ਨਾਲ ਬੜੀ ਤ੍ਰਿਪਤੀ ਜਿਹੀ ਮਹਿਸੂਸ ਹੁੰਦੀ ਹੈ ।

ਦਾਦਾ ਜੀ… .ਜਦੋਂ ਤ੍ਰਿਪਤੀ ਮਹਿਸੂਸ ਹੁੰਦੀ ਹੈ ਤਾਂ ਕੀ ਹੁੰਦਾ ਹੈ ?

ਚਿਤਵਨ ਸਿੰਘ…..ਸ਼ਾਂਤੀ ਮਹਿਸੂਸ ਹੁੰਦੀ ਹੈ ਤੇ ਚੇਹਰਾ ਖਿੜ ਜਾਂਦਾ ਹੈ ।

ਦਾਦਾ ਜੀ….ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਨੂੰ ਮਹਿਸੂਸ ਕਰਨ ਨਾਲ ਵੀ ਚਿੰਤਾਵਾਂ ਵਾਲੀ ਪਿਆਸ ਬੁਝ ਜਾਂਦੀ ਹੈ, ਮਾਨਸਿਕ ਤੌਰ ’ਤੇ ਤ੍ਰਿਪਤੀ ਮਹਿਸੂਸ ਹੁੰਦੀ ਹੈ, ਸ਼ਾਂਤੀ ਮਹਿਸੂਸ ਹੁੰਦੀ ਹੈ ਤੇ ਚੇਹਰਾ ਖਿੜ ਜਾਂਦਾ ਹੈ ।

ਚਿਤਵਨ ਸਿੰਘ….ਕਮਾਲ ਹੈ  !

ਦਾਦਾ ਜੀ….. ਕਮਾਲ ਹੈ ਤਾਂ ਹੀ ਤਾਂ ਦਾਦੀ ਜੀ ਹਮੇਸ਼ਾਂ ਹੀ ਬਾਣੀ ਗਾਉਂਦਿਆਂ ਮੁਸਕਰਾਉਂਦੇ ਰਹਿੰਦੇ ਨੇ ਤੇ ਖੁਸ਼ ਰਹਿੰਦੇ ਨੇ ।

ਚਿਤਵਨ ਸਿੰਘ…. ਹੁਣ ਸਮਝ ਆਇਆ ਦਾਦੀ ਜੀ ਦੀ ਖੁਸ਼ੀ ਦਾ ਰਾਜ ।

ਦਾਦਾ ਜੀ….ਹੁਣ ਇਸ ਤੁੱਕ ਦੇ ਭਾਵ ਸਮਝਣ ਦਾ ਯਤਨ ਕਰਦੇ ਹਾਂ ਤਾਂ ਕਿ ਅਸੀਂ ਵੀ ਇਸ ਨੂੰ ਮਹਿਸੂਸ ਕਰਕੇ ਤੁਹਾਡੇ ਦਾਦੀ ਜੀ ਦੀ ਤਰ੍ਹਾਂ ਖੇੜਾ ਮਾਣ ਸਕੀਏ ।

ਚਿਤਵਨ ਸਿੰਘ… ਹਾਂ ਜੀ, ਦਾਦਾ ਜੀ !

ਦਾਦਾ ਜੀ ….. ਇਸ ਤੁੱਕ ਦੇ ਸਿੱਧੇ ਜਿਹੇ ਭਾਵ ਹਨ ਕਿ ਹੇ ਭਾਈ  ! ਮੇਰੇ ਜੀਵਨ ਵਿੱਚੋਂ ਚਿੰਤਾ ਉਦੋਂ ਮਿਟ ਗਈ ਜਦੋਂ ਮੈਂ ਉਸ ਅਨੰਤ ਮਾਲਕ ਨੂੰ ਯਾਦ ਕੀਤਾ ਤੇ ਸੰਸਾਰ ਸਾਗਰ ਤੋਂ ਪਾਰ ਹੋ ਗਿਆ ।

ਚਿਤਵਨ ਸਿੰਘ….ਹੁਣ ਖੋਲ੍ਹ ਕੇ ਦੱਸੋ ਜੀ  !

ਦਾਦਾ ਜੀ….. ਮਤਲਬ ਹੈ ਕਿ ਜਦੋਂ ਮੈਂ ਉਸ ਅਨੰਤ ਗੁਣਾਂ ਦੇ ਮਾਲਕ ਰੱਬ ਜੀ ਦੇ ਆਪਣੇ ਅੰਦਰ ਵਸਦੇ ਗੁਣਾਂ ਨੂੰ ਯਾਦ ਰੱਖ ਕੇ ਜਿਊਣਾ ਸ਼ੁਰੂ ਕਰ ਦਿੱਤਾ ਤਾਂ ਜੀਵਨ ਵਿਚੋਂ ਚਿੰਤਾ ਗਾਇਬ ਹੋ ਗਈ ਤੇ ਦੁਨੀਆਂ ਦੇ ਸਾਰੇ ਡਰ, ਫ਼ਿਕਰ ਖ਼ਤਮ ਹੋ ਗਏ।

ਚਿਤਵਨ ਸਿੰਘ….ਇਹ ਕਿਵੇਂ ਹੋ ਸਕਦਾ ਹੈ  ?

ਦਾਦਾ ਜੀ…..ਜਦੋਂ ਅਸੀਂ ਰੱਬੀ ਗੁਣਾਂ ਅਨੁਸਾਰ ਜਿਊਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸੱਭ ਤੋਂ ਪਹਿਲਾਂ ਸਾਨੂੰ ਹਰੇਕ ਦੇ ਅੰਦਰ ਰੱਬ ਜੀ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਹਨ । ਫਿਰ ਕਿਸੇ ਤੋਂ ਵੀ ਡਰ ਨਹੀਂ ਲੱਗਦਾ ।

ਚਿਤਵਨ ਸਿੰਘ….. ਪਰ ਚਿੰਤਾ ਕਿਵੇਂ ਮਿਟਦੀ ਹੈ ?

ਦਾਦਾ ਜੀ….. ਜਦੋਂ ਸੱਭ ਬਰਾਬਰ ਮਹਿਸੂਸ ਹੋਣ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ । ਸਾਰੇ ਆਪਣੇ ਹਨ, ਕੋਈ ਬੇਗਾਨਾ ਨਹੀਂ, ਤਾਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ।

ਚਿਤਵਨ ਸਿੰਘ…. ਹਾਂ ਜੀ, ਦਾਦਾ ਜੀ  !

ਦਾਦਾ ਜੀ….ਜਦੋਂ ਕਿਸੇ ਨਾਲ ਵੈਰ ਨਹੀਂ ਤਾਂ ਡਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ।

ਚਿਤਵਨ ਸਿੰਘ….. ਬਿਲਕੁੱਲ ਦਾਦਾ ਜੀ  !

ਦਾਦਾ ਜੀ…..ਹੁਣ ਜਦੋਂ ਡਰ ਹੀ ਨਹੀਂ ਰਿਹਾ ਤਾਂ ਚਿੰਤਾ ਕਿਸ ਗੱਲ ਦੀ  ? ਨਾਲੇ ਜਦੋਂ ਸਮਝ ਆ ਗਈ ਕਿ ਸੱਭ ਪਾਸੇ ਉਹ ਆਪ ਹੀ ਵਰਤ ਰਿਹਾ ਹੈ ਤਾਂ ਚਿੰਤਾ ਕਿਸ ਗੱਲ ਦੀ  ?

ਚਿਤਵਨ ਸਿੰਘ…. ਹੁਣ ਸਮਝ ਆਈ ।

ਦਾਦਾ ਜੀ…. ਬੜੀ ਆਸਾਨ ਹੈ ।

ਚਿਤਵਨ ਸਿੰਘ…. ਤੁਸੀਂ ਇਤਨੀ ਆਸਾਨੀ ਨਾਲ ਦਸਦੇ ਹੋ ਕਿ ਮੇਰੇ ਵਰਗੇ ਅਣਜਾਣ ਬੱਚੇ ਨੂੰ ਵੀ ਸੱਭ ਸਮਝ ਵਿਚ ਆ ਜਾਂਦਾ ਹੈ ।

ਦਾਦਾ ਜੀ…. ਤੁਸੀਂ ਸਮਝਣ ਦੀ ਇੱਛਾ ਰੱਖਦੇ ਹੋ ਤੇ ਪਿਆਰ ਨਾਲ ਸਮਝਦੇ ਹੋ ਤਾਂ ਸਮਝ ਵਿਚ ਆ ਜਾਂਦਾ ਹੈ ।

ਚਿਤਵਨ ਸਿੰਘ….ਕਿਤਨਾ ਵਧੀਆ ਹੋਵੇ ਜੇ ਮੈਨੂੰ ਆਪ ਜੀ ਤੇ ਦਾਦੀ ਜੀ ਵਾਂਗ ਗੁਰਬਾਣੀ ਅਨੁਸਾਰ ਜਿਊਣਾ ਵੀ ਆ ਜਾਏ ਤੇ ਜੀਵਨ ਵਿੱਚ ਖੇੜਾ ਵੀ ਹੋਵੇ ।

ਦਾਦਾ ਜੀ…..ਜਿਵੇਂ ਗੁਰਬਾਣੀ ਸਮਝਣ ਦੀ ਇੱਛਾ ਰੱਖਣ ਨਾਲ ਬਾਣੀ ਸਮਝਣੀ ਆਸਾਨ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਗੁਰਬਾਣੀ ਮੁਤਾਬਕ ਜਿਊਣ ਦੀ ਇੱਛਾ ਰੱਖਣ ਨਾਲ ਜਿਊਣਾ ਵੀ ਆ ਹੀ ਜਾਂਦਾ ਹੈ ਤੇ ਜਿਊਣ ਲੱਗ ਪਈਏ ਤਾਂ ਖੇੜਾ ਵੀ ਆ ਹੀ ਜਾਂਦਾ ਹੈ ।

ਚਿਤਵਨ ਸਿੰਘ…. ਕਾਸ਼  ! ਐਸਾ ਹੋ ਸਕੇ ।

ਦਾਦਾ ਜੀ….. ਬੇਟਾ ਜੀ ਸ਼ੁੱਭ ਇੱਛਾ ਤੇ ਸ਼ੁੱਭ ਅਮਲਾਂ ਨਾਲ ਐਸਾ ਸੰਭਵ ਹੈ ।

ਚਿਤਵਨ ਸਿੰਘ….ਇੱਛਾ ਤਾਂ ਹੈ ਹੀ । ਹੁਣ ਸ਼ੁੱਭ ਅਮਲਾਂ ਵੱਲ ਵੀ ਧਿਆਨ ਦਿਆਂਗਾ ਜੀ ।

ਦਾਦਾ ਜੀ…. ਫਿਰ ਦਾਦੀ ਜੀ ਵਰਗਾ ਖੇੜਾ ਮਿਲਣ ਤੋਂ ਕੌਣ ਰੋਕ ਸਕਦਾ ਹੈ  ?

ਚਿਤਵਨ ਸਿੰਘ…ਹਾਂ ਜੀ  ! ਦਾਦਾ ਜੀ  ! ਬਹੁਤ ਬਹੁਤ ਧੰਨਵਾਦ ਜੀ।

ਮਾਮਲਾ ਸਕੂਲੀ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦਾ

0

ਮਾਮਲਾ ਸਕੂਲੀ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦਾ

ਵਿੱਦਿਅਕ ਢਾਂਚੇ ਤੇ ਮੁੜ ਨਜ਼ਰਸਾਨੀ ਕਰਨ ਦਾ ਵੇਲਾ

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)-98150-24920

ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਦੀ ਧਰਤੀ ਅਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀ ਸ਼ੁਰੂ ਕੀਤੀ ਗਈ ਇੱਕ ਦੁਖ ਦਾਇਕ ਲੜੀ ਰੁਕਣ ਦਾ ਨਾਂ ਨਹੀਂ ਲੈ ਰਹੀ, ਉੱਥੇ ਹਾਲ ਵਿੱਚ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ/ਬਾਰਵ੍ਹੀਂ ਦੇ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਜਿਸ ਢੰਗ ਨਾਲ ਕੀਤੀਆਂ ਗਈਆਂ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਇਸ ਨੇ ਹਰ ਵਰਗ ਨੂੰ ਗੰਭੀਰ ਰੂਪ ਵਿੱਚ ਚਿੰਤਾ ਦੇ ਆਲਮ ਵਿੱਚ ਸੁੱਟ ਦਿੱਤਾ ਹੈ।

ਜਿਹੜੇ ਪੰਜਾਬੀ ਆਪਣੇ ਖੁਲ੍ਹੇ-ਡੁੱਲ੍ਹੇ ਸੁਭਾਅ ਕਰ ਕੇ ਮਸ਼ਹੂਰ ਹਨ ਅਤੇ ਜਿੰਦਗੀ ਦੀ ਹਰ ਮੁਸ਼ਕਲ ਘੜੀ ਜਾਂ ਔਖੇ ਸਮੇਂ ਨੂੰ ਵੀ ਹੱਸ ਕੇ ਲੰਘਾ ਦੇਣ ਦਾ ਮਾਦਾ ਰੱਖਦੇ ਹਨ, ਉਹਨਾਂ ਨੇ ਛੋਟੇ ਛੋਟੇ ਨਾਬਾਲਗ ਬੱਚਿਆਂ ਵੱਲੋਂ ਸਿਰਫ ਫੇਲ੍ਹ ਹੋ ਜਾਣ ਕਰ ਕੇ ਜਾਂ ਘੱਟ ਨੰਬਰ ਆਉਣ ਕਰ ਕੇ ਆਪਣੀ ਜਿੰਦਗੀ ਨੂੰ ਆਪਣੇ ਹੱਥੀਂ ਖਤਮ ਕਰਨ ਲੈਣ ਦਾ ਫੈਸਲਾ ਲੈਣਾ, ਅੱਜ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਸਿੱਖਿਆ ਪ੍ਰਣਾਲੀ ਦੀ ਮੁੜ ਤੋਂ ਘੋਖ ਕਰੀਏ। ਕਿਤੇ ਅਸੀਂ ਵਿਦਿਆਰਥੀਆਂ ਨੂੰ ਮਸ਼ੀਨਾਂ ਹੀ ਤਾਂ ਨਹੀਂ ਬਣਾਈ ਜਾ ਰਹੇ। ਬਿਨਾਂ ਸ਼ੱਕ ਸਕੂਲੀ ਵਿੱਦਿਆ ਸਰਕਾਰੀ ਹੈ ਜਾਂ ਪ੍ਰਾਈਵੇਟ ਇਸ ਵਿੱਚ ਖਾਮੀਆਂ ਵੱਡੇ ਪੱਧਰ ’ਤੇ ਦਾਖਲ ਹੋ ਚੁੱਕੀਆਂ ਹਨ।

ਮੰਨੋ ਜਾਂ ਨਾ ਮੰਨੋ ਅੱਜ ਮਾਨਸਿਕ ਤੌਰ ’ਤੇ ਬੱਚੇ ਤਣਾਅ ਵਿੱਚ ਹਨ, ਚਿਹਰਿਆਂ ’ਤੇ ਮੁਸਕਰਾਹਟ ਨਾਂ ਦੀ ਚੀਜ਼ ਤਾਂ ਲੱਭਦੀ ਹੀ ਨਹੀਂ, ਛੋਟੀਆਂ ਛੋਟੀਆਂ ਅੱਖਾਂ ਉੱਤੇ ਵੱਡੀਆਂ ਅਤੇ ਵੱਡੇ ਨੰਬਰ ਦੀਆਂ ਐਨਕਾਂ, ਵੱਡੇ ਅਤੇ ਭਾਰੀ ਬਸਤੇ, ਮੋਟੀਆਂ ਕਿਤਾਬਾਂ ਦੇ ਬਰੀਕ ਅੱਖਰ, ਅੰਕਾਂ ਦੀ ਦੌੜ, ਹਫਤਾਵਾਰੀ/ਮਹੀਨਾਵਾਰੀ/ਤ੍ਰੈ-ਮਾਸਿਕ ਅਤੇ ਛਿਮਾਹੀ ਇਮਤਿਹਾਨ, ਦੂਜੇ-ਤੀਜੇ ਦਿਨ ਕਿਸੇ ਨਾ ਕਿਸੇ ਵਿਸ਼ੇ ਦਾ ਟੈਸਟ, ਗ਼ੈਰ-ਜ਼ਰੂਰੀ ਪ੍ਰਾਜੈਕਟ ਵਰਕ, ਜਮਾਤ ਵਿੱਚ ਗਰੁੱਪ ਬਹਿਸ ਅਤੇ ਵਿਅਕਤੀਗਤ ਐਕਟੀਵਿਟੀ ਦੇ ਨਾਂ ’ਤੇ ਦਿਮਾਗੀ ਬੋਝ, ਉਸ ਤੋਂ ਇਲਾਵਾ ਵੱਧ ਅੰਕਾਂ ਦੇ ਲਾਲਚ ਵਿੱਚ ਪੜ੍ਹਾਈ ਤੋਂ ਬਾਹਰ ਜਾ ਕੇ ਹੋਰ ਵਿਸ਼ਿਆਂ ਨੂੰ ਪੜ੍ਹਨਾ ਜਾਂ ਪ੍ਰੈਕਟੀਕਲੀ ਸਿੱਖਣਾ ਤਾਂ ਕਿ ਸਕੂਲ ਦਾ ਨਾਂ ਉੱਚਾ ਹੋ ਸਕੇ, ਆਦਿ।

ਪੇਪਰ ਦੇ ਨਤੀਜਿਆਂ ਉਪਰੰਤ ਖੁਦਕੁਸੀ ਕਰਨ ਵਾਲੇ ਬੱਚੇ

ਗੱਲ ਕੀ ਹਰ ਪਾਸੇ ਬੱਚਿਆਂ ਨੂੰ ਬੁਰੀ ਤਰ੍ਹਾਂ ਘੜੀਸਿਆ ਹੋਇਆ ਹੈ। ਸਿਲੇਬਸ ਨੂੰ ਸਕੂਲ ਵਿੱਚ ਤਿਆਰ ਕਰਵਾਉਣ ਦੀ ਬਜਾਇ ਕਾਪੀਆਂ ’ਤੇ ਨੋਟ ਪਾ ਦਿੱਤਾ ਜਾਂਦਾ ਹੈ ਕਿ ਫਲਾਣੇ ਵਿਸ਼ੇ ’ਤੇ ਫਲਾਣੀ-ਫਲਾਣੀ ਜਾਣਕਾਰੀ ਇੰਟਰਨੈੱਟ ਤੋਂ ਲੱਭ ਕੇ ਲਿਆਓ। ਹੁਣ ਨਾ ਤਾਂ ਹਰ ਬੱਚੇ ਦੇ ਘਰ ਵਿੱਚ ਕੰਪਿਊਟਰ/ਪ੍ਰਿੰਟਰ ਹੈ, ਨਾ ਹੀ ਇੰਟਰਨੈੱਟ ਅਤੇ ਨਾ ਹੀ ਇਸ ਬਾਰੇ ਮਾਤਾ/ਪਿਤਾ ਨੂੰ ਕੋਈ ਬਹੁਤੀ ਜਾਣਕਾਰੀ ਹੈ। ਮਾਂ-ਬਾਪ 3 ਵਜੇ ਤੱਕ ਸਕੂਲੋਂ ਆਏ ਬੱਚੇ ਨੂੰ ਚਾਰ ਵਜੇ ਤੋਂ ਪਹਿਲਾਂ ਟਿਊਸ਼ਨ ਛੱਡ ਆਉਂਦੇ ਹਨ ਅਤੇ ਫਿਰ ਛੇ ਵਜੇ ਤੋਂ ਬਾਅਦ ਬਾਜ਼ਾਰ ਵਿੱਚ ਇੰਟਰਨੈੱਟ ਕੈਫੇ ਵਗੈਰਾ ਦੁਕਾਨਾਂ ’ਤੇ ਧੱਕੇ ਖਾਂਦੇ ਹਨ ਕਿ ਸੰਬੰਧਿਤ ਪ੍ਰਾਜੈਕਟ ਬਾਰੇ ਕੁਝ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਫਿਰ ਦੁਕਾਨਾਂ ਵਾਲਿਆਂ ਕੋਲੋਂ ਇੰਟੇਰਨੈੱਟ (ਗੂਗਲ ਤੋਂ ਚੋਰੀ ਜਾਂ ਨਕਲ ਰਾਹੀਂ) ਪ੍ਰਾਜੈਕਟ ਤਿਆਰ ਕਰ ਕੇ ਰੈਡੀ-ਮੇਡ ਪ੍ਰਾਜੈਕਟ ਉੱਤੇ ਜਮਾਤ, ਵਿਦਿਆਰਥੀ ਦਾ ਨਾਂ, ਰੋਲ ਨੰਬਰ ਬਦਲ ਕੇ ਮਾਤਾ ਪਿਤਾ ਨੂੰ ਦੇ ਦਿੱਤਾ ਜਾਂਦਾ ਹੈ, ਜਿਸ ਦੇ ਆਧਾਰ ’ਤੇ 8-10 ਅੰਕ ਅਗਲੇ ਦਿਨ ਅਧਿਆਪਕ ਵੱਲੋਂ ਵਿਦਿਆਰਥੀ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ਵੱਲੋਂ ਹਜ਼ਾਰਾਂ ਰੁਪਏ ਲਗਾ ਕੇ ਬਣਾਏ ਗਏ ਇਹ ਪ੍ਰਾਜੈਕਟ ਦੋ ਚਾਰ ਦਿਨ ਪ੍ਰਿੰਸੀਪਲ ਦੇ ਕਮਰੇ, ਸਟਾਫ ਰੂਮ ਦੇ ਕਮਰੇ ਜਾਂ ਕਲਾਸ ਦਾ ਵੱਧ ਤੋਂ ਵੱਧ 10 ਦਿਨ ਤੱਕ ਸ਼ਿੰਗਾਰ ਬਣਨ ਤੋਂ ਬਆਦ ਰੱਦੀ ਵਿੱਚ ਜਾਂ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਕਿਉਂਕਿ ਕਿਸੇ ਹੋਰ ਵਿਦਿਆਰਥੀ ਵੱਲੋਂ ਲਿਆਂਦਾ/ਬਣਾਇਆ ਗਿਆ ਨਵਾਂ ਪ੍ਰਾਜੈਕਟ ਪੁਰਾਣੇ ਪ੍ਰਾਜੈਕਟ ਜਾਂ ਮਾਡਲ ਦੀ ਥਾਂ ਲੈ ਲੈਂਦਾ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇੱਕ ਸਾਲ ਦੇ ਵਿੱਚ ਸਕੂਲਾਂ ਵੱਲੋਂ ਇੱਕ ਬੱਚੇ ਕੋਲੋਂ ਪ੍ਰਾਜੈਕਟ ਵਰਕ ਦੇ ਨਾਂ ’ਤੇ ਜੋ ਖਰਚ ਕਰਵਾ ਦਿੱਤਾ ਜਾਂਦਾ ਹੈ, ਉਸ ਖਰਚੇ ਦੀ ਰਕਮ ਨਾਲ ਦੋ ਵਿਦਿਆਰਥੀ ਵਧੀਆ ਪੜ੍ਹਾਈ ਕਰ ਸਕਦੇ ਹਨ।

ਇਸ ਸਾਰੇ ਕਾਸੇ ਵਿੱਚੋਂ ਵਿਦਿਆਰਥੀ ਨੇ ਕੀ ਸਿੱਖਿਆ ? ਸਿਰਫ ਇੰਨਾ ਕੁ ਕਿ ਬਾਜ਼ਾਰੋਂ ਪੈਸੇ ਦੇ ਕੇ ਰੈਡੀ-ਮੇਡ ਪ੍ਰਾਜੈਕਟਸ ਨਾਲ ਅੰਕ ਪ੍ਰਾਪਤ ਹੋ ਜਾਂਦੇ ਹਨ, ਪੱਲੇ ਕੁੱਝ ਨਹੀਂ ਪੈਂਦਾ। ਪੱਲੇ ਸਿਰਫ ਅੰਕ ਪੈਂਦੇ ਹਨ ਤੇ ਇਹੀ ਅੰਕ ਫਾਈਨਲ ਇਮਤਿਹਾਨਾਂ ਵਿੱਚ ਬਹੁਤਾ ਕੰਮ ਨਹੀਂ ਕਰ ਪਾਉਂਦੇ ਕਿਉਂਕਿ ਇਹ ਸਕੂਲ ਪੱਧਰ ਤੱਕ ਹੀ ਰਹਿ ਜਾਂਦੇ ਹਨ। ਹਾਂ ਵਿਦਿਆਰਥੀਆਂ ਉੱਤੇ ਦਬਾਅ ਪੂਰਾ ਹੁੰਦਾ ਹੈ, ਅਧਿਆਪਕਾਂ ਵੱਲੋਂ ਅਤੇ ਮਾਪਿਆਂ ਵੱਲੋਂ ਤੇ ਦੂਜੇ ਪਾਸੇ ਵਿਦਿਆਰਥੀਆਂ ਦਾ ਅਜੋਕੇ ਦੌਰ ਵਿੱਚ ਮਾਪਿਆਂ ਦੇ ਕੋਲ ਬੈਠਣਾ, ਜਿੰਦਗੀ ਦੇ ਸੁਹਜ ਸੁਆਦ ਨੂੰ ਮਾਨਣ ਦਾ ਸਮਾਂ ਹੀ ਨਹੀਂ। ਜੇ ਹੈ ਤਾਂ ਉਹ ਸਮਾਂ ਪੜ੍ਹਾਈ ਜਾਂ ਮੋਬਾਇਲ ਵਿੱਚ ਹੀ ਨਿਕਲ ਜਾਂਦਾ ਹੈ।

ਮੈਂ ਤਾਂ ਹੈਰਾਨ ਹਾਂ ਕਿ ਇਹਨਾਂ ਬੱਚਿਆਂ ਦੇ ਵਿੱਚ ਸਾਡਾ ਵਿੱਦਿਅਕ ਢਾਂਚਾ ਜਿੰਦਗੀ ਪ੍ਰਤੀ ਹਾਂ-ਪੱਖੀ ਰਵੱਈਆਂ ਭਰਨ ਵਿੱਚ ਕਾਮਯਾਬ ਹੀ ਨਹੀਂ ਹੋ ਪਾ ਰਿਹਾ ਤੇ ਉਲਟਾ ਅੰਕਾਂ ਦੀ ਦੌੜ ਵਿੱਚ ਕਿੰਨਾ ਕੁ ਦਬਾਅ ਵਿਦਿਆਰਥੀਆਂ ਅੰਦਰ ਭਰ ਦਿੱਤਾ ਗਿਆ ਹੈ ਕਿ ਵਿਦਿਆਰਥੀ ਆਤਮ ਹੱਤਿਆ ਵਰਗਾ ਕਦਮ ਚੁੱਕਣ ਲੱਗੇ ਵੀ ਇੱਕ ਪਲ ਆਪਣੇ ਭਵਿੱਖ ਅਤੇ ਆਪਣਿਆਂ ਦੇ ਦੁੱਖ ਬਾਰੇ ਨਹੀਂ ਸੋਚਦੇ।

ਇੱਥੇ ਤਾਂ ਕਿਸੇ ਕੰਧ ’ਤੇ ਚੜ੍ਹ ਰਹੀ ਛੋਟੀ ਜਿਹੀ ਕੀੜੀ ਨੂੰ ਫੂਕ ਮਾਰ ਕੇ ਦੇਖੋ ਉਹ ਵੀ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦੀ ਨਜ਼ਰ ਆਵੇਗੀ। ਸੜਕਾਂ ’ਤੇ ਜਾਨਵਰ ਸੜਕ ਪਾਰ ਕਰਨ ਲੱਗੇ ਜੇਕਰ ਕੋਈ ਤੇਜ਼ ਵਾਹਨ ਆ ਜਾਵੇ ਤਾਂ ਇੱਕ ਦਮ ਆਪਣੀ ਜਾਨ ਬਚਾਉਣ ਲਈ ਪਿੱਛੇ ਹੱਟ ਜਾਂਦੇ ਹਨ, ਅਸੀਂ ਤਾਂ ਇਨਸਾਨ ਹਾਂ ਫਿਰ ਅਸੀਂ ਕਿਉਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਅੱਗੇ ਹਾਰ ਜਾਂਦੇ ਹਾਂ।

ਆਓ, ਜਿੰਦਗੀ ਨੂੰ ਜੀਵੀਏ, ਕੋਈ ਸਮੱਸਿਆ ਐਸੀ ਨਹੀਂ ਜਿਸ ਦਾ ਹੱਲ ਨਾ ਹੋਵੇ। ਜਿੰਦਗੀ ਜਿੰਦਾਦਿਲੀ ਦਾ ਨਾਂ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਲਈ ਖੁਸ਼ਗਵਾਰ ਮਾਹੌਲ ਸਿਰਜਣਾ ਸਮੇਂ ਦੀ ਮੰਗ ਹੈ, ਉੱਥੇ ਪੜ੍ਹਾਈ ਤੋਂ ਇਲਾਵਾ ਹੋਰ ਬੋਝ ਬਿਨਾਂ ਸ਼ਰਤ ਅਤੇ ਬਿਨਾਂ ਦੇਰੀ ਘੱਟ ਹੋਣੇ ਚਾਹੀਦੇ ਹਨ। ਪੜ੍ਹਾਈ ਦੇ ਨਾਂ ’ਤੇ ਕੀਤੀ ਜਾ ਰਹੀ ਪਾਖੰਡ ਪ੍ਰਥਾ ਬਿਲਕੁਲ ਖਤਮ ਹੋਣੀ ਚਾਹੀਦੀ ਹੈ। ਕੇਵਲ ਅੰਕਾਂ ਦੀ ਨਹੀਂ ਬਲਕਿ ਗੁਣਵਤਾ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ 65 ਪ੍ਰਤੀਸ਼ਤ ਨੰਬਰ ਲੈਣ ਵਾਲੀ ਜਸਵੰਤ ਕੌਰ ਵਾਸੀ ਨੰਗਲ ਬਿਹਾਲਾ ਨੇ ਇਸ ਕਰ ਕੇ ਜ਼ਹਿਰ ਨਿਗਲ ਲਿਆ ਕਿ ਉਸ ਦੇ ਨੰਬਰ ਉਸ ਦੀ ਆਸ ਤੋਂ ਘੱਟ ਸਨ। ਸਮਾਂ ਰਹਿੰਦਿਆਂ ਅੰਕਾਂ ਦੀ ਦੌੜ ਵਿੱਚੋਂ ਵਿਦਿਆਰਥੀਆਂ ਨੂੰ ਕੱਢ ਕੇ ਗੁਣਵਤਾ ਦੀ ਦੌੜ ਵਿੱਚ, ਜਿੰਦਾਦਿਲੀ ਦੀ ਦੌੜ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਬੜੀ ਕੌੜੀ ਗੱਲ ਹੈ ਪ੍ਰਾਈਵੇਟ ਅਧਿਆਪਕਾਂ ਨੂੰ ਸਕੂਲੀ ਪ੍ਰਾਪੇਗੰਡਾ ਵਿੱਚੋਂ ਨਿਕਲਣ ਦਾ ਸਮਾਂ ਨਹੀਂ ਜਿਸ ਕਰਕੇ ਉਹ ਵਿਦਿਆਰਥੀਆਂ ਵੱਲ ਪੂਰਾ ਧਿਆਨ ਨਹੀਂ ਦੇ ਪਾਉਂਦੇ ਅਤੇ ਸਰਕਾਰੀ ਅਧਿਆਪਕਾਂ ਨੂੰ ਸਰਕਾਰ ਦੀਆਂ ਹੋਰ ਡਿਊਟੀਆਂ ਕਰਨ ਤੋਂ ਵਿਹਲ ਨਹੀਂ। ਆਮੀਨ !

ਕੇ ਪੀ ਐਸ ਗਿੱਲ ਬਨਾਮ ਰੂਪਨ ਦਿਓਲ ਬਜਾਜ

0

ਅੱਜ (28-5-2017) ਜਦੋਂ ਦਿੱਲੀ ਦੇ ਹੀਰੋ ਕੇ.ਪੀ.ਐਸ.ਗਿੱਲ ਦਾ ਅੰਤਮ ਸੰਸਕਾਰ ਹੈ, ਸੋਚਿਆ (ਦਿੱਲੀ ਦੇ ਹੀਰੋ ਅਤੇ ਪੰਜਾਬ ਦੀ ਅਣਖੀ ਧੀ ਦੀ ਕਹਾਣੀ, ਜਿਸ ਵਿੱਚ ਪੰਜਾਬ ਦੀ ਅਣਖੀ ਧੀ ਨੂੰ ਕਾਫੀ ਤਸੀਹੇ ਅਤੇ ਬਦਨਾਮੀ ਸਹਿਣ ਤੋਂ ਬਾਅਦ ਇਨਸਾਫ ਮਿਲਿਆ) ਇਹ ਕਹਾਣੀ ਬਿਆਨ ਕਰ ਦਿਆਂ……

20 ਜੁਲਾਈ 1988 ਨੂੰ ਉਸ ਵੇਲੇ ਦੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਦੇ ਸਨਮਾਨ ਵਿਚ ਪਾਰਟੀ ਦਿੱਤੀ ਜਾ ਰਹੀ ਸੀ ! ਚੰਡੀਗੜ੍ਹ ਤੇ ਪੰਜਾਬ ਦੀ ਟਾਪ ਕਲਾਸ ਪੁਲਿਸ ਤੇ ਸਿਵਿਲ ਅਫਸਰਸ਼ਾਹੀ ਓਥੇ ਮੌਜੂਦ ਸੀ ! ਰਾਤ ਦੇ 10 ਵਜੇ ਸ਼ਰਾਬ ਦੇ ਲੋਰ ਵਿਚ ਕੇ ਪੀ ਐਸ ਗਿੱਲ ਨੇ ਇੱਕ ਔਰਤ ਆਈ .ਏ .ਐਸ ਅਧਿਕਾਰੀ “ਰੂਪਨ ਦਿਓਲ ਬਜਾਜ” ਨੂੰ ਅਸ਼ਲੀਲ ਇਸ਼ਾਰਾ ਕੀਤਾ !  ਉਸ ਨੇ ਅੱਗੋਂ ਨਜਰ ਅੰਦਾਜ ਕਰ ਦਿੱਤਾ ! ਅੱਗੋਂ ਇਸ ਨੇ ਸ਼ਰੇਆਮ ਐਸੀ ਹਰਕਤ ਕਰ ਦਿੱਤੀ ਕਿ ਉਸ ਔਰਤ ਅਫਸਰ ਦੀ ਅੰਤਰ ਆਤਮਾ ਬੁਰੀ ਤਰਾਂ ਵਲੂੰਧਰੀ ਗਈ .! ਉਸ ਹੰਕਾਰੇ ਹੋਏ ਇਨਸਾਨ ਨੂੰ ਆਪਣੇ ਕੀਤੇ ਦੀ ਸਜਾ ਦੁਆਉਣ ਲਈ 28 ਜੁਲਾਈ ਨੂੰ ਪੁਲਿਸ ਕੇਸ ਦਰਜ ਕਰਵਾ ਦਿੱਤਾ ! ਓਨੀਂ ਦਿਨੀ “ਕੇ ਪੀ ਐਸ ਗਿੱਲ” ਨਾਮ ਦੇ ਇਸ ਇਨਸਾਨ ਨੂੰ ਦੇਸ਼ ਦੀ ਸਾਰੀ ਪ੍ਰੈਸ ,ਅਫਸਰਸ਼ਾਹੀ ,ਰਾਜਨੈਤਿਕ ਆਦਿ ਲੋਬੀ ਤੇ ਟੀ .ਵੀ ਚੈਨਲ ਰੱਬ ਦਾ ਦਰਜਾ ਦੇ ਚੁੱਕੇ ਸੀ !  ਇਸ ਨੂੰ ਹਰ ਗੁਨਾਹ, ਹਰ ਕਤਲ, ਹਰ ਬਦਤਮੀਜ਼ੀ, ਹਰ ਵਧੀਕੀ ਮੁਆਫ ਸੀ ! ਇਸ ਵੱਲੋਂ ਕਰਵਾਏ ਜਾਂਦੇ ਹਰ ਝੂਠੇ ਸੱਚੇ ਮੁਕਾਬਲੇ ਨੂੰ “ਅੱਤਵਾਦ ਦੇ ਖਿਲਾਫ ਮੁਹਿੰਮ” ਦੇ ਨਾਮ ਵਾਲੀ ਚਾਦਰ ਪਾ ਕੇ ਢੱਕ ਦਿੱਤਾ ਜਾਂਦਾ ਸੀ ! ਕਿਸੇ ਵੀ ਸਾਬਤ ਸੂਰਤ ਨੌਜੁਆਨ ਦੀ ਜਿੰਦਗੀ ਯਾ ਮੌਤ ਦਾ ਫੈਸਲਾ ਇਹ ਇਨਸਾਨ ਚੰਡੀਗੜ ਦੇ ਪੰਜ ਸਿਤਾਰਾ ਹੋਟਲ ਵਿਚ ਬੈਠਿਆਂ ਵਿਸਕੀ ਦੇ ਘੁੱਟ ਅੰਦਰ ਲੰਘਾਉਂਦਿਆ ਮਿੰਟਾਂ ਸਕਿੰਟਾਂ ਵਿਚ ਕਰ ਦਿਆ ਕਰਦਾ ਸੀ !  ਕਾਨੂੰਨ, ਅਦਾਲਤਾਂ, ਅਪੀਲ, ਦਲੀਲ, ਜੱਜ ਵਕੀਲ …..ਸਬ ਕੁਝ ਇਹ ਆਪ ਹੀ ਸੀ ! ਖੈਰ , ਸਾਰੀ ਅਫਸਰਸ਼ਾਹੀ ਹੱਥ ਧੋ ਕੇ ਰੂਪਨ ਦਿਓਲ ਬਜਾਜ ਦੇ ਮਗਰ ਪੈ ਗਈ ! ਮੁਕਦਮਾ ਵਾਪਸ ਲੈਣ ਲਈ ਚਾਰੇ ਪਾਸਿਓਂ ਜ਼ੋਰ ਪੈਣ ਲੱਗਾ ! ਪੈਰ ਪੈਰ ਤੇ ਜਲੀਲ ਕੀਤਾ ਜਾਣ ਲੱਗਾ …ਬਿਨ ਮੰਗੀਆਂ ਸਲਾਹਾਂ ਤੇ ਗੁੰਮਨਾਮ ਧਮਕੀਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ! ਅਫਸਰਾਂ ਦੀ ਟੈਲੀਫੋਨ ਲਿਸਟ ਵਿਚੋਂ ਇਸ ਔਰਤ ਅਫਸਰ ਦਾ ਨਾਮ ਕੱਟ ਦਿੱਤਾ …ਸਰਕਾਰੀ ਕੈਲੰਡਰ ਵਿਚੋਂ ਫੋਟੋ ਹਟਾ ਦਿੱਤੀ …ਵੱਡੇ ਅਹੁਦੇ ਤੋਂ ਹਟਾ ਕੇ ਮਾਮੂਲੀ ਜਿਹੀ ਪੋਸਟ ਦੇ ਦਿੱਤੀ !  ਜਗਾ ਜਗਾ ਮਜਾਕ ਦਾ ਪਾਤਰ ਬਣਨ ਲੱਗੀ !  ਮਾਨਸਿਕ ਰੂਪ ਵਿਚ ਪ੍ਰੇਸ਼ਾਨ ਕਰਨ ਲਈ ਪਤੀ ਬੀ .ਆਰ .ਬਜਾਜ (IAS ) ਤੇ ਵੀ ਦਬਾਅ ਪੈਣ ਲੱਗਾ ! ਪਰ ਫੌਜ ਦੇ ਰੀਟਾ. ਕਰਨਲ ਇਕ਼ਬਾਲ ਸਿੰਘ ਦਿਓਲ ਦੇ ਘਰ ਜਨਮੀ ਜਾਗਦੀ ਜਮੀਰ ਵਾਲੀ ਇਹ ਔਰਤ ਚੱਟਾਨ ਵਾਂਗ ਡਟੀ ਰਹੀ ! ਉਸ ਵੇਲੇ ਦਾ ਰਾਜਪਾਲ ਸਿਧਾਰਥ ਸ਼ੰਕਰ ਰੇਅ ਅਤੇ ਉਸ ਦਾ ਸਿਕਿਓਰਿਟੀ ਅਡਵਾਈਜ਼ਰ ਜੇ .ਐਫ .ਰਿਬਿਰੋ ਇਹਨਾਂ ਕੋਸ਼ਿਸ਼ਾਂ ਵਿਚ ਸਨ ਕਿ ਕਿਸੇ ਤਰਾਂ ਇਹ ਮੁਕੱਦਮਾ ਖਾਰਜ ਹੋ ਜਾਵੇ ! ਆਖਿਰ 2005 ਵਿਚ ਦੇਸ਼ ਦੀ ਸਰਵਉੱਚ ਅਦਾਲਤ ਨੇ ਨਿਚਲੀ ਅਦਾਲਤ ਵੱਲੋਂ ਸੁਣਾਈ 3 ਸਾਲ ਦੀ ਸਜਾ ਘਟਾ ਕੇ 2 ਮਹੀਨੇ ਕਰ ਦਿਤੀ ਤੇ ਮਗਰੋਂ ਇਹ ਪ੍ਰੋਬੇਸ਼ਨ ਵਿਚ ਬਦਲ ਦਿੱਤੀ !  ਅਦਾਲਤ ਵਲੋਂ ਮਿਲਿਆ 2 ਲੱਖ ਦਾ ਮੁਆਵਜਾ ਵੀ ਉਨਾਂ ਔਰਤਾਂ ਦੀ ਸੰਸਥਾ ਨੂੰ ਦਾਨ ਕਰ ਦਿੱਤਾ ਜਿਹੜਾ ਔਰਤਾਂ ਦੇ ਹਿੱਤਾਂ ਲਈ ਸੰਘਰਸ਼ੀਲ ਸੀ ! ਜਿਕਰਯੋਗ ਹੈ ਕਿ ਇਹ ਬਹਾਦਰ ਔਰਤ ਖੁਦ IAS ਅਧਿਕਾਰੀ ਸੀ …ਪਤੀ ਵੀ ਸੀਨੀਅਰ IAS ਅਫਸਰ , ਭਰਾ ਸ਼ਮਸ਼ੇਰ ਸਿੰਘ ਦਿਓਲ IPS (ਕਮਿਸ਼ਨਰ ਦਿੱਲੀ ਪੁਲਿਸ ) ਭਾਬੀ ਕੰਵਲਜੀਤ ਦਿਓਲ IPS (ਅਸਿਸਟੈਂਟ ਕਮਿਸ਼ਨਰ ਦਿੱਲੀ ਪੁਲਿਸ ) ਤੇ ਪਿਤਾ ਭਾਰਤੀ ਫੌਜ ਦਾ ਰਿਟਾਇਰਡ ਕਰਨਲ ਇਕਬਾਲ ਸਿੰਘ ਦਿਓਲ ! ਵਿਚਾਰਨ ਵਾਲੀ ਗੱਲ ਹੈ ਕਿ ਜੇ ਇਸ ਪੱਧਰ ਦੇ ਉੱਚ ਅਫਸਰਾਂ ਵਾਲੇ ਪਰਿਵਾਰ ਨਾਲ ਸਬੰਧਿਤ ਹੁੰਦਿਆਂ ਹੋਇਆ ਵੀ ਇੱਕ ਛੋਟਾ ਜਿਹਾ ਇਨਸਾਫ ਲੈਣ ਵਾਸਤੇ ਇੰਨਾ ਵੱਡਾ ਸੰਘਰਸ਼ ਕਰਨਾ ਪਿਆ ਤਾਂ ਉਸ ਵੇਲੇ ਓਹਨਾਂ ਆਮ ਪੇਂਡੂ ਗਰੀਬ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਿਨ੍ਹਾਂ ਦੇ ਪਰਿਵਾਰਿਕ ਜੀਅ ਅਤੇ ਨੌਜੁਆਨ ਔਲਾਦਾਂ ਪੁੱਛਗਿੱਛ ਦੇ ਬਹਾਨੇ ਦਿਨ ਦਿਹਾੜੇ ਚੁੱਕ ਲਈਆਂ ਜਾਂਦੀਆਂ ਸਨ ! ਘੱਟੇ ਮਿੱਟੀ ਨਾਲ ਭਰੀਆਂ ਹਨੇਰੇ ਕਮਰਿਆਂ ਵਿਚ ਸੁੱਟ ਦਿੱਤੀਆਂ ਇਤਿਹਾਸਿਕ ਫਾਈਲਾਂ ਦੇ ਕਿਸੇ ਅਣਗੌਲੇ ਪੰਨੇ ਦੀ ਅਣਗੌਲੀ ਘਟਨਾ ਨੂੰ ਸਾਂਝੇ ਕਰਨ ਦਾ ਮਕਸਦ ਸਿਰਫ ਤੇ ਸਿਰਫ ਇਹ ਹੈ ਕਿ ਓਹਨਾਂ ਲੋਕਾਂ ਦੀ ਹਕੀਕਤ ਅਜੋਕੀ ਪੀੜੀ ਨਾਲ ਸਾਂਝੀ ਕੀਤੀ ਜਾਵੇ, ਜਿਹੜੇ ਸਮੇਂ ਦੀਆਂ ਹਕੂਮਤਾਂ ਨੇ “ਹੀਰੋ’ ਬਣਾ ਕੇ ਪੇਸ਼ ਕੀਤੇ !

ਕੀਤੇ ਚੋਣ ਵਾਅਦੇ ਮੁਤਾਬਕ ਕੈਪਟਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਢੁੱਕਵੀਂ ਕਾਰਵਾਈ ਕਰੇ

0

ਕੀਤੇ ਚੋਣ ਵਾਅਦੇ ਮੁਤਾਬਿਕ ਕੈਪਟਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਢੁੱਕਵੀਂ ਕਾਰਵਾਈ ਕਰੇ: ਭਾਈ ਪੰਥਪ੍ਰੀਤ ਸਿੰਘ

ਵੀਚਾਰ ਚਰਚਾ ਦੀਆਂ ਚੁਣੌਤੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ’ਚ ਕੀਤੇ ਪ੍ਰਚਾਰ ਦੌਰਾਨ ਉਹ ਕੋਈ ਇੱਕ ਵੀ ਐਸੀ ਵੀਡੀਓ ਸਬੂਤ ਵਜੋਂ ਪੇਸ਼ ਕਰਨ ਜਿਸ ਵਿੱਚ ਉਨ੍ਹਾਂ ਕੁਝ ਵੀ ਅਜੇਹਾ ਕਿਹਾ ਹੋਵੇ ਜੋ ਗੁਰਬਾਣੀ ਵੀਚਾਰਧਾਰਾ ਦੇ ਉਲਟ ਹੋਵੇ

ਸੰਗਤ ਮੰਡੀ, 28 ਮਈ ( ਕਿਰਪਾਲ ਸਿੰਘ ਬਠਿੰਡਾ): ਪਿਛਲੀ ਬਾਦਲ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਖਾਸ ਕਰ ਕੇ ਬਰਗਾੜੀ ਕਾਂਡ ਨਾਲ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਸੀ। ਹੋਰਨਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਤਾਂ ਉਹ ਦੋਸ਼ੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮਿਸਾਲੀ ਸਜਾਵਾਂ ਦੇਣਗੇ ਤਾਂ ਕਿ ਮੁੜ ਅਜੇਹੀਆਂ ਮੰਦਭਾਗੀ ਘਟਨਾਵਾਂ ਨਾ ਵਾਪਰਨ। ਲੋਕਾਂ ਦੇ ਸਹਿਯੋਗ ਨਾਲ ਭਾਰੀ ਬਹੁ ਸੰਮਤੀ ਨਾਲ ਕੈਪਟਨ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ ਪਰ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਣ ਉਪ੍ਰੰਤ ਵੀ ਅਜੇਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਇਹ ਯਕੀਨ ਬੱਝੇ ਕਿ ਨਵੀਂ ਸਰਕਾਰ ਨੇ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਭਾਲ ਕਰਨ ਜਾਂ ਸ਼ਾਤਮਈ ਰੋਸ ਪ੍ਰਗਟ ਕਰ ਰਹੇ ਸਿੰਘਾਂ ’ਤੇ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ ਕੋਈ ਕਾਰਵਾਈ ਕੀਤੀ ਹੈ।

ਸੋ, ਕੈਪਟਨ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰ ਕੇ ਕੀਤੇ ਚੋਣ ਵਾਅਦੇ ਮੁਤਾਬਕ ਢੁੱਕਵੀਂ ਕਾਰਵਾਈ ਕਰੇ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਅੱਜ ਇੱਥੇ ਸੰਸਥਾ ਦੀ ਛਿਮਾਹੀ ਮੀਟਿੰਗ ਅਤੇ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ। ਇਸ ਤੋਂ ਇਲਾਵਾ ਉਨ੍ਹਾਂ (ਭਾਈ ਪੰਥਪ੍ਰੀਤ ਸਿੰਘ ਤੇ ਗੁਰਮਤਿ ਦੇ ਹੋਰ ਪ੍ਰਚਾਰਕਾਂ) ਵੱਲੋਂ ਕੀਤੇ ਜਾ ਰਹੇ ਗੁਰਮਤਿ ਅਨੁਸਾਰੀ ਪ੍ਰਚਾਰ ਨੂੰ ਰੋਕਣ ਲਈ ਉਨ੍ਹਾਂ ਦੇ ਸਮਾਗਮਾਂ ਵਿੱਚ ਖ਼ਲਲ ਪਾਉਣ ਵਾਲੇ, ਹਮਲੇ ਕਰਨ ਵਾਲੇ ਅਤੇ ਵੀਚਾਰ ਚਰਚਾ ਦੀਆਂ ਚੁਣੌਤੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ’ਚ ਕੀਤੇ ਪ੍ਰਚਾਰ ਦੌਰਾਨ ਉਹ ਕੋਈ ਇੱਕ ਵੀ ਐਸੀ ਵੀਡੀਓ ਸਬੂਤ ਵਜੋਂ ਪੇਸ਼ ਕਰਨ ਜਿਸ ਵਿੱਚ ਉਨ੍ਹਾਂ ਕੁਝ ਵੀ ਅਜੇਹਾ ਕਿਹਾ ਹੋਵੇ ਜੋ ਗੁਰਬਾਣੀ ਵੀਚਾਰਧਾਰਾ ਦੇ ਉਲਟ ਹੋਵੇ। ਜੇ ਗੁਰਬਾਣੀ ਦੇ ਪ੍ਰਚਾਰ ਨਾਲ ਹੀ ਅਜੇਹੇ ਲੋਕਾਂ ਦੀ ਸ਼ਰਧਾ ਟੁਟਦੀ ਤੇ ਮਨ ਨੂੰ ਠੇਸ ਪਹੁੰਚਦੀ ਹੈ ਤਾਂ ਉਹ (ਭਾਈ ਪੰਥਪ੍ਰੀਤ ਸਿੰਘ) ਇਸ ਤੋਂ ਪਿੱਛੇ ਨਹੀਂ ਹਟਣਗੇ ਕਿਉਂਕਿ ਐਸੀ ਝੂਠੀ ਸ਼ਰਧਾ ਤੋੜਨੀ ਅਤੇ ਇੱਕ ਅਕਾਲ ਪੁਰਖ਼ ਤੇ ਸ਼ਬਦ ਗੁਰੂ ਵਿੱਚ ਸੱਚੀ ਸ਼ਰਧਾ ਜੋੜਨੀ ਮੇਰੇ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੈ। ਭਾਈ ਪੰਥਪ੍ਰੀਤ ਸਿੰਘ ਨੇ ਹਰ ਪ੍ਰਾਣੀ ਮਾਤਰ ਨੂੰ ਸਲਾਹ ਦਿੱਤੀ ਕਿ ਪੈਸੇ ਦੇ ਕੇ ਮੁੱਲ ਦੇ ਪਾਠ, ਇਕੋਤਰੀਆਂ ਤੇ ਸੰਪਟ ਪਾਠ ਕਰਵਾਉਣ ਦੀ ਥਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਸਹਿਜ ਪਾਠ ਖ਼ੁਦ ਸਮਝ ਕੇ ਕੀਤਾ ਜਾਵੇ ਤੇ ਗੁਰਬਾਣੀ ਦੀ ਸਿੱਖਿਆ ਆਪਣੇ ਜੀਵਨ ਵਿੱਚ ਲਾਗੂ ਕੀਤੀ ਜਾਵੇ ਤਾਂ ਕਿਸੇ ਨੂੰ ਨਾ ਝੂਠੀ ਸ਼ਰਧਾ ਟੁੱਟਣ ਦਾ ਖਤਰਾ ਰਹੇਗਾ ਤੇ ਨਾ ਹੀ ਝੂਠੀ ਸ਼ਰਧਾ ਟੁੱਟਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇਗੀ। ਉਨ੍ਹਾਂ ਕਿਹਾ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸੰਗਤ ਨੂੰ ਚਾਹੀਦਾ ਹੈ ਕਿ ਹਰ ਗੁਰਦੁਆਰੇ ਵਿੱਚ ਸੁਲਝੇ ਹੋਏ ਵਿਦਵਾਨਾਂ ਦੀ ਸਹਾਇਤਾ ਨਾਲ ਗੁਰਬਾਣੀ ਸੰਥਿਆ ਦੇ ਪ੍ਰਵਾਹ ਅਤੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਾ ਕੇ ਕੌਮ ਦੀ ਪਨੀਰੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉੱਦਮ ਵਿੱਚ ਜੁਟ ਜਾਣ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਪ੍ਰਚਾਰ ਸੁਣ ਕੇ ਜਿਹੜੇ ਬੰਦੇ ਸ਼ਰਧਾ ਟੁੱਟ ਜਾਣ ’ਤੇ ਮਨ ਨੂੰ ਠੇਸ ਲੱਗਣ ਦੀਆਂ ਗੱਲਾਂ ਕਰਦੇ ਹਨ ਉਹ ਦੱਸਣ ਕਿ ਡੇਰੇਦਾਰ ਇਤਨਾ ਕੁਝ ਗੁਰਬਾਣੀ ਤੇ ਸਿੱਖ ਮਰਯਾਦਾ ਦੇ ਉਲਟ ਕਰ ਰਹੇ ਹਨ ਤਾਂ ਉਸ ਵੇਲੇ ਉਨ੍ਹਾਂ ਦੇ ਮਨ ਨੂੰ ਠੇਸ ਕਿਉਂ ਨਹੀਂ ਪਹੁੰਚਦੀ ?  ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਹੀ ਲੱਖਾਂ ਰੁਪਏ ਖਰਚ ਕੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਮੁੜ ਸੰਪਾਦਨਾ ਕਰਵਾਈ ਤੇ ਹਿੰਦੀ ਵਿੱਚ ਸਿੱਖ ਇਤਿਹਾਸ ਦੀ ਪੁਸਤਕ ਛਪਵਾਈ ਜਿਸ ਵਿੱਚ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਵਾਰ ਵਿਰੁੱਧ ਅਜੇਹਾ ਕੁਫ਼ਰ ਤੋਲਿਆ ਗਿਆ ਹੈ ਜਿਸ ਨੂੰ ਕਹਿਣਾ ਤੇ ਸੁਣਨਾਂ ਵੀ ਔਖਾ ਹੈ ਤਾਂ ਉਸ ਵੇਲੇ ਉਨ੍ਹਾਂ ਦੇ ਮਨ ਨੂੰ ਠੇਸ ਕਿਉਂ ਨਹੀਂ ਪਹੁੰਚਦੀ ?

ਭਾਈ ਪੰਥਪ੍ਰੀਤ ਸਿੰਘ ਨੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਕੌਮ ਦੀ ਵਿਗੜੀ ਸੰਵਾਰਨ ਲਈ ਸਿਧਾਂਤਕ ਤੌਰ ’ਤੇ ਏਕਤਾ ਕਰਨ ਵਾਸਤੇ ਅਸੀਂ ਹਰ ਵਿਅਕਤੀ ਅਤੇ ਸੰਸਥਾ ਨਾਲ ਮਿਲ ਕੇ ਚੱਲਣ ਲਈ ਤਿਆਰ ਹਾਂ ਪਰ ਸਿੱਖ ਰਹਿਤ ਮਰਿਆਦਾ ਤੋਂ ਆਕੀ ਅਤੇ ਗੱਦੀਆਂ ਲਾ ਕੇ ਮੱਥੇ ਟਿਕਾਉਣ ਦਾ ਸ਼ੌਂਕ ਪੂਰਾ ਕਰਨ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਨੂੰ ਵੰਗਾਰਣ ਦੇ ਰਾਹ ਪਏ ਹੋਏ ਕਿਸੇ ਬਾਬੇ ਨਾਲ ਸਾਡੀ ਕੋਈ ਸਾਂਝ ਨਹੀਂ ਹੋ ਸਕਦੀ। ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਨੂੰ ਵੀ ਉਨ੍ਹਾਂ ਆਪਣੀ ਤਰਜੀਹੀ ਸੂਚੀ ਵਿੱਚ ਦੱਸਿਆ। ਗੁਰਦੁਆਰਿਆਂ ਵਿੱਚ ਗੁਰਮਤਿ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਉਨ੍ਹਾਂ ਰਾਜਨੀਤਕ ਲੋਕਾਂ ਤੋਂ ਗੁਰਦੁਆਰੇ ਅਜਾਦ ਕਰਵਾਉਣ ਦਾ ਵੀ ਸੱਦਾ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ ਅਤੇ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ।  ਤਕਰੀਬਨ ਹਰ ਬੁਲਾਰੇ ਤੇ ਸਮੁੱਚੀ ਸੰਗਤ ਨੇ ਭਾਈ ਪੰਥਪ੍ਰੀਤ ਸਿੰਘ ਦੇ ਵੀਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਜੈਕਾਰੇ ਛੱਡ ਕੇ ਇੱਕ-ਮੁਠਤਾ ਦਾ ਪ੍ਰਗਟਾਵਾ ਕੀਤਾ। ਭਾਈ ਕੁਲਦੀਪ ਸਿੰਘ ਲਾਈਵ ਸਿੱਖ ਵਰਲਡ ਅਤੇ ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬ ਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ।  ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲੱਗ ਇਨਾਮ ਦਿੱਤੇ ਗਏ ਤੇ ਸਨਮਾਨਿਤ ਕੀਤੇ ਗਏ।    

—-0—-

Most Viewed Posts