ਕੀਤੇ ਚੋਣ ਵਾਅਦੇ ਮੁਤਾਬਕ ਕੈਪਟਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਢੁੱਕਵੀਂ ਕਾਰਵਾਈ ਕਰੇ

0
187

ਕੀਤੇ ਚੋਣ ਵਾਅਦੇ ਮੁਤਾਬਿਕ ਕੈਪਟਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਢੁੱਕਵੀਂ ਕਾਰਵਾਈ ਕਰੇ: ਭਾਈ ਪੰਥਪ੍ਰੀਤ ਸਿੰਘ

ਵੀਚਾਰ ਚਰਚਾ ਦੀਆਂ ਚੁਣੌਤੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ’ਚ ਕੀਤੇ ਪ੍ਰਚਾਰ ਦੌਰਾਨ ਉਹ ਕੋਈ ਇੱਕ ਵੀ ਐਸੀ ਵੀਡੀਓ ਸਬੂਤ ਵਜੋਂ ਪੇਸ਼ ਕਰਨ ਜਿਸ ਵਿੱਚ ਉਨ੍ਹਾਂ ਕੁਝ ਵੀ ਅਜੇਹਾ ਕਿਹਾ ਹੋਵੇ ਜੋ ਗੁਰਬਾਣੀ ਵੀਚਾਰਧਾਰਾ ਦੇ ਉਲਟ ਹੋਵੇ

ਸੰਗਤ ਮੰਡੀ, 28 ਮਈ ( ਕਿਰਪਾਲ ਸਿੰਘ ਬਠਿੰਡਾ): ਪਿਛਲੀ ਬਾਦਲ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਖਾਸ ਕਰ ਕੇ ਬਰਗਾੜੀ ਕਾਂਡ ਨਾਲ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਸੀ। ਹੋਰਨਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਤਾਂ ਉਹ ਦੋਸ਼ੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮਿਸਾਲੀ ਸਜਾਵਾਂ ਦੇਣਗੇ ਤਾਂ ਕਿ ਮੁੜ ਅਜੇਹੀਆਂ ਮੰਦਭਾਗੀ ਘਟਨਾਵਾਂ ਨਾ ਵਾਪਰਨ। ਲੋਕਾਂ ਦੇ ਸਹਿਯੋਗ ਨਾਲ ਭਾਰੀ ਬਹੁ ਸੰਮਤੀ ਨਾਲ ਕੈਪਟਨ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ ਪਰ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਣ ਉਪ੍ਰੰਤ ਵੀ ਅਜੇਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਇਹ ਯਕੀਨ ਬੱਝੇ ਕਿ ਨਵੀਂ ਸਰਕਾਰ ਨੇ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਭਾਲ ਕਰਨ ਜਾਂ ਸ਼ਾਤਮਈ ਰੋਸ ਪ੍ਰਗਟ ਕਰ ਰਹੇ ਸਿੰਘਾਂ ’ਤੇ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ ਕੋਈ ਕਾਰਵਾਈ ਕੀਤੀ ਹੈ।

ਸੋ, ਕੈਪਟਨ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਨਿਸ਼ਾਨਦੇਹੀ ਕਰ ਕੇ ਕੀਤੇ ਚੋਣ ਵਾਅਦੇ ਮੁਤਾਬਕ ਢੁੱਕਵੀਂ ਕਾਰਵਾਈ ਕਰੇ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਅੱਜ ਇੱਥੇ ਸੰਸਥਾ ਦੀ ਛਿਮਾਹੀ ਮੀਟਿੰਗ ਅਤੇ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ। ਇਸ ਤੋਂ ਇਲਾਵਾ ਉਨ੍ਹਾਂ (ਭਾਈ ਪੰਥਪ੍ਰੀਤ ਸਿੰਘ ਤੇ ਗੁਰਮਤਿ ਦੇ ਹੋਰ ਪ੍ਰਚਾਰਕਾਂ) ਵੱਲੋਂ ਕੀਤੇ ਜਾ ਰਹੇ ਗੁਰਮਤਿ ਅਨੁਸਾਰੀ ਪ੍ਰਚਾਰ ਨੂੰ ਰੋਕਣ ਲਈ ਉਨ੍ਹਾਂ ਦੇ ਸਮਾਗਮਾਂ ਵਿੱਚ ਖ਼ਲਲ ਪਾਉਣ ਵਾਲੇ, ਹਮਲੇ ਕਰਨ ਵਾਲੇ ਅਤੇ ਵੀਚਾਰ ਚਰਚਾ ਦੀਆਂ ਚੁਣੌਤੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ’ਚ ਕੀਤੇ ਪ੍ਰਚਾਰ ਦੌਰਾਨ ਉਹ ਕੋਈ ਇੱਕ ਵੀ ਐਸੀ ਵੀਡੀਓ ਸਬੂਤ ਵਜੋਂ ਪੇਸ਼ ਕਰਨ ਜਿਸ ਵਿੱਚ ਉਨ੍ਹਾਂ ਕੁਝ ਵੀ ਅਜੇਹਾ ਕਿਹਾ ਹੋਵੇ ਜੋ ਗੁਰਬਾਣੀ ਵੀਚਾਰਧਾਰਾ ਦੇ ਉਲਟ ਹੋਵੇ। ਜੇ ਗੁਰਬਾਣੀ ਦੇ ਪ੍ਰਚਾਰ ਨਾਲ ਹੀ ਅਜੇਹੇ ਲੋਕਾਂ ਦੀ ਸ਼ਰਧਾ ਟੁਟਦੀ ਤੇ ਮਨ ਨੂੰ ਠੇਸ ਪਹੁੰਚਦੀ ਹੈ ਤਾਂ ਉਹ (ਭਾਈ ਪੰਥਪ੍ਰੀਤ ਸਿੰਘ) ਇਸ ਤੋਂ ਪਿੱਛੇ ਨਹੀਂ ਹਟਣਗੇ ਕਿਉਂਕਿ ਐਸੀ ਝੂਠੀ ਸ਼ਰਧਾ ਤੋੜਨੀ ਅਤੇ ਇੱਕ ਅਕਾਲ ਪੁਰਖ਼ ਤੇ ਸ਼ਬਦ ਗੁਰੂ ਵਿੱਚ ਸੱਚੀ ਸ਼ਰਧਾ ਜੋੜਨੀ ਮੇਰੇ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੈ। ਭਾਈ ਪੰਥਪ੍ਰੀਤ ਸਿੰਘ ਨੇ ਹਰ ਪ੍ਰਾਣੀ ਮਾਤਰ ਨੂੰ ਸਲਾਹ ਦਿੱਤੀ ਕਿ ਪੈਸੇ ਦੇ ਕੇ ਮੁੱਲ ਦੇ ਪਾਠ, ਇਕੋਤਰੀਆਂ ਤੇ ਸੰਪਟ ਪਾਠ ਕਰਵਾਉਣ ਦੀ ਥਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਸਹਿਜ ਪਾਠ ਖ਼ੁਦ ਸਮਝ ਕੇ ਕੀਤਾ ਜਾਵੇ ਤੇ ਗੁਰਬਾਣੀ ਦੀ ਸਿੱਖਿਆ ਆਪਣੇ ਜੀਵਨ ਵਿੱਚ ਲਾਗੂ ਕੀਤੀ ਜਾਵੇ ਤਾਂ ਕਿਸੇ ਨੂੰ ਨਾ ਝੂਠੀ ਸ਼ਰਧਾ ਟੁੱਟਣ ਦਾ ਖਤਰਾ ਰਹੇਗਾ ਤੇ ਨਾ ਹੀ ਝੂਠੀ ਸ਼ਰਧਾ ਟੁੱਟਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇਗੀ। ਉਨ੍ਹਾਂ ਕਿਹਾ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸੰਗਤ ਨੂੰ ਚਾਹੀਦਾ ਹੈ ਕਿ ਹਰ ਗੁਰਦੁਆਰੇ ਵਿੱਚ ਸੁਲਝੇ ਹੋਏ ਵਿਦਵਾਨਾਂ ਦੀ ਸਹਾਇਤਾ ਨਾਲ ਗੁਰਬਾਣੀ ਸੰਥਿਆ ਦੇ ਪ੍ਰਵਾਹ ਅਤੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਾ ਕੇ ਕੌਮ ਦੀ ਪਨੀਰੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉੱਦਮ ਵਿੱਚ ਜੁਟ ਜਾਣ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਪ੍ਰਚਾਰ ਸੁਣ ਕੇ ਜਿਹੜੇ ਬੰਦੇ ਸ਼ਰਧਾ ਟੁੱਟ ਜਾਣ ’ਤੇ ਮਨ ਨੂੰ ਠੇਸ ਲੱਗਣ ਦੀਆਂ ਗੱਲਾਂ ਕਰਦੇ ਹਨ ਉਹ ਦੱਸਣ ਕਿ ਡੇਰੇਦਾਰ ਇਤਨਾ ਕੁਝ ਗੁਰਬਾਣੀ ਤੇ ਸਿੱਖ ਮਰਯਾਦਾ ਦੇ ਉਲਟ ਕਰ ਰਹੇ ਹਨ ਤਾਂ ਉਸ ਵੇਲੇ ਉਨ੍ਹਾਂ ਦੇ ਮਨ ਨੂੰ ਠੇਸ ਕਿਉਂ ਨਹੀਂ ਪਹੁੰਚਦੀ ?  ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਹੀ ਲੱਖਾਂ ਰੁਪਏ ਖਰਚ ਕੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਮੁੜ ਸੰਪਾਦਨਾ ਕਰਵਾਈ ਤੇ ਹਿੰਦੀ ਵਿੱਚ ਸਿੱਖ ਇਤਿਹਾਸ ਦੀ ਪੁਸਤਕ ਛਪਵਾਈ ਜਿਸ ਵਿੱਚ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਵਾਰ ਵਿਰੁੱਧ ਅਜੇਹਾ ਕੁਫ਼ਰ ਤੋਲਿਆ ਗਿਆ ਹੈ ਜਿਸ ਨੂੰ ਕਹਿਣਾ ਤੇ ਸੁਣਨਾਂ ਵੀ ਔਖਾ ਹੈ ਤਾਂ ਉਸ ਵੇਲੇ ਉਨ੍ਹਾਂ ਦੇ ਮਨ ਨੂੰ ਠੇਸ ਕਿਉਂ ਨਹੀਂ ਪਹੁੰਚਦੀ ?

ਭਾਈ ਪੰਥਪ੍ਰੀਤ ਸਿੰਘ ਨੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਕੌਮ ਦੀ ਵਿਗੜੀ ਸੰਵਾਰਨ ਲਈ ਸਿਧਾਂਤਕ ਤੌਰ ’ਤੇ ਏਕਤਾ ਕਰਨ ਵਾਸਤੇ ਅਸੀਂ ਹਰ ਵਿਅਕਤੀ ਅਤੇ ਸੰਸਥਾ ਨਾਲ ਮਿਲ ਕੇ ਚੱਲਣ ਲਈ ਤਿਆਰ ਹਾਂ ਪਰ ਸਿੱਖ ਰਹਿਤ ਮਰਿਆਦਾ ਤੋਂ ਆਕੀ ਅਤੇ ਗੱਦੀਆਂ ਲਾ ਕੇ ਮੱਥੇ ਟਿਕਾਉਣ ਦਾ ਸ਼ੌਂਕ ਪੂਰਾ ਕਰਨ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਨੂੰ ਵੰਗਾਰਣ ਦੇ ਰਾਹ ਪਏ ਹੋਏ ਕਿਸੇ ਬਾਬੇ ਨਾਲ ਸਾਡੀ ਕੋਈ ਸਾਂਝ ਨਹੀਂ ਹੋ ਸਕਦੀ। ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਨੂੰ ਵੀ ਉਨ੍ਹਾਂ ਆਪਣੀ ਤਰਜੀਹੀ ਸੂਚੀ ਵਿੱਚ ਦੱਸਿਆ। ਗੁਰਦੁਆਰਿਆਂ ਵਿੱਚ ਗੁਰਮਤਿ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਉਨ੍ਹਾਂ ਰਾਜਨੀਤਕ ਲੋਕਾਂ ਤੋਂ ਗੁਰਦੁਆਰੇ ਅਜਾਦ ਕਰਵਾਉਣ ਦਾ ਵੀ ਸੱਦਾ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ ਅਤੇ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ।  ਤਕਰੀਬਨ ਹਰ ਬੁਲਾਰੇ ਤੇ ਸਮੁੱਚੀ ਸੰਗਤ ਨੇ ਭਾਈ ਪੰਥਪ੍ਰੀਤ ਸਿੰਘ ਦੇ ਵੀਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਜੈਕਾਰੇ ਛੱਡ ਕੇ ਇੱਕ-ਮੁਠਤਾ ਦਾ ਪ੍ਰਗਟਾਵਾ ਕੀਤਾ। ਭਾਈ ਕੁਲਦੀਪ ਸਿੰਘ ਲਾਈਵ ਸਿੱਖ ਵਰਲਡ ਅਤੇ ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬ ਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ।  ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲੱਗ ਇਨਾਮ ਦਿੱਤੇ ਗਏ ਤੇ ਸਨਮਾਨਿਤ ਕੀਤੇ ਗਏ।    

—-0—-