ਔਰਤਾਂ ਦੇ ਰੋਗ

0
3922

ਔਰਤਾਂ ਦੇ ਰੋਗ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਕੋਈ ਵੀ ਇਨਸਾਨ ਇਸ ਦੁਨੀਆਂ ਉੱਪਰ ਅਜਿਹਾ ਨਹੀਂ, ਜਿਸ ਨੇ ਆਪਣੇ ਆਪ ਨੂੰ ਕਦੇ ਬੀਮਾਰ ਅਨੁਭਵ ਨਾ ਕੀਤਾ ਹੋਵੇ ਪਰ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਰੋਗ-ਗ੍ਰਸਤ ਹੁੰਦੀਆਂ ਹਨ। ਔਰਤ ਦੀ ਜ਼ਿੰਦਗੀ ਦੇ ਤਿੰਨ ਪੜਾਅ (ਮਾਹਵਾਰੀ ਸ਼ੁਰੂ ਹੋਣ ਵੇਲੇ, ਬੱਚਾ ਹੋਣ ਵੇਲੇ ਅਤੇ ਮਾਹਵਾਰੀ ਬੰਦ ਹੋਣ ਵੇਲੇ) ਔਰਤ ਦੀ ਬਿਮਾਰੀ ਦਾ ਕਾਰਨ ਬਣਦੇ ਹਨ।

ਜਦੋਂ ਕੋਈ ਲੜਕੀ ਜਵਾਨ ਹੁੰਦੀ ਹੈ ਤਾਂ ਉਸ ਨੂੰ ਮਾਹਵਾਰੀ ਸ਼ੁਰੂ ਹੁੰਦੀ ਹੈ। ਮਾਹਵਾਰੀ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਜੋ ਕੁਦਰਤੀ ਹੁੰਦੀਆਂ ਹਨ ਪਰ ਕਈ ਕੁੜੀਆਂ ਵਿਚ ਜ਼ਿਆਦਾਤਰ ਦਰਦ ਨਾਲ ਮਾਹਵਾਰੀ ਸ਼ੁਰੂ ਹੋਣੀ ਜਾਂ ਮਾਹਵਾਰੀ ਦੌਰਾਨ ਹੋਰ ਅਲਾਮਤਾਂ ਦਾ ਪ੍ਰਗਟ ਹੋਣਾ ਹੀ ਔਰਤ ਵਿਚ ਬਿਮਾਰੀਆਂ ਦਾ ਮੁੱਢ ਬੰਨ੍ਹ ਦਿੰਦਾ ਹੈ।

ਅਗਰ ਇਸ ਪੜਾਅ ਵਿਚੋਂ ਕੋਈ ਕੁੜੀ ਸਹੀ ਸਲਾਮਤ ਲੰਘ ਜਾਵੇ ਜਾਂ ਬੱਚਾ ਹੋਣ ਵੇਲੇ (9 ਮਹੀਨਿਆਂ ਦੌਰਾਨ) ਵੀ ਕੋਈ ਤਕਲੀਫ਼ ਨਹੀਂ ਹੁੰਦੀ ਤਾਂ ਬੱਚੇ ਦੇ ਜਨਮ ਵੇਲੇ ਜਾਂ ਜਨਮ ਤੋਂ ਪਿੱਛੋਂ ਅਕਸਰ ਕੋਈ ਨਾ ਕੋਈ ਤਕਲੀਫ਼ ਜਨਮ ਲੈਂਦੀ ਹੀ ਲੈਂਦੀ ਹੈ।

ਅਗਰ ਇਹ ਪੜਾਅ ਵੀ ਭਲੀ-ਭਾਂਤ ਲੰਘ ਜਾਵੇ ਤਾਂ ਮਾਹਵਾਰੀ ਹਟ ਜਾਣ ਪਿੱਛੋਂ ਤਾਂ ਔਰਤਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਣ ਦਾ ਖ਼ਦਸ਼ਾ ਹੁੰਦਾ ਹੈ ਪਰ ਅਜਿਹੀਆਂ ਔਰਤਾਂ ਦੀ ਗਿਣਤੀ ਥੋੜ੍ਹੀ ਹੀ ਰਹਿ ਗਈ ਹੈ, ਜਿਨ੍ਹਾਂ ਅੰਦਰ ਬੱਚੇਦਾਨੀ ਆਪਣਾ ਪੂਰਾ ਕੰਮ (ਭਾਵ 45 ਜਾਂ 50 ਸਾਲ ਦੀ ਉਮਰ ਤੱਕ) ਕਰਦੀ ਹੈ। ਨਹੀਂ ਤਾਂ ਸਾਡੇ ਦੇਸ਼ ਦੇ ਮਾਣਯੋਗ ਸਰਜਨ ਸਾਹਿਬਾਨ ਅੱਖਾਂ ਮੀਚ ਕੇ ਛੋਟੀ ਉਮਰ ਦੀਆਂ ਕੁੜੀਆਂ ਦੀਆਂ ਬੱਚੇਦਾਨੀਆਂ ਕੱਢ ਕੇ ਕੂੜੇਦਾਨ ਵਿਚ ਸੁੱਟੀ ਜਾ ਰਹੇ ਹਨ। ਬਾਅਦ ਵਿਚ ਅਜਿਹੀਆਂ ਕੁੜੀਆਂ ਦਾ ਕੀ ਬਣਦਾ ਹੈ  ? ਇਹ ਕਿਸੇ ਨੇ ਨਹੀਂ ਸੋਚਿਆ। ਕਹਿਣ ਤੋਂ ਭਾਵ ਹੈ ਕਿ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਬਿਮਾਰੀਆਂ ਵਧਣ ਦਾ ਕਾਰਨ ਸਰੀਰਕ ਤਬਦੀਲੀਆਂ ਹਨ। ਹੇਠ ਲਿਖੀਆਂ ਕੁੱਝ ਮੁੱਖ ਬਿਮਾਰੀਆਂ ਹਨ, ਜੋ ਔਰਤਾਂ ਨੂੰ ਉੁਮਰ ਦੇ ਕਿਸੇ ਵੀ ਪੜਾਅ ’ਤੇ ਘੇਰ ਸਕਦੀਆਂ ਹਨ :-

(1). ਮਾਹਵਾਰੀ ਸਬੰਧੀ ਰੋਗ : ਮਾਹਵਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਬੰਦ ਹੋਣ ਤੱਕ ਬਹੁਤ ਸਾਰੀਆਂ ਤਕਲੀਫ਼ਾਂ ਅਕਸਰ ਔਰਤਾਂ ਨੂੰ ਸਹਿਣ ਕਰਨੀਆਂ ਪੈਂਦੀਆਂ ਹਨ। ਪਹਿਲੀ ਤਕਲੀਫ਼ ਮਹੀਨੇ ਦੌਰਾਨ ਦਰਦ ਦੀ ਹੁੰਦੀ ਹੈ। ਅਗਰ ਤਾਂ ਦਰਦ ਸਹਿਣਯੋਗ ਹੈ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਪਰ ਜਦੋਂ ਦਰਦ ਅਸਹਿ ਹੋ ਜਾਵੇ ਤਾਂ ਦਵਾਈ ਦੀ ਜ਼ਰੂਰਤ ਪੈਂਦੀ ਹੈ। ਅੱਜ ਕੱਲ੍ਹ ਦੀਆਂ ਕੁੜੀਆਂ ਦਾ ਖਾਣ-ਪੀਣ ਪ੍ਰਤੀ ਸੁਚੇਤ ਨਾ ਹੋਣਾ, ਫਾਸਟ ਫੂਡ ਦੀ ਵਰਤੋਂ, ਫਲਾਂ, ਸਬਜ਼ੀਆਂ ਜਾਂ ਦੁੱਧ ਨਾ ਪੀਣ ਦੀ ਆਦਤ ਵੀ ਮੁੱਖ ਕਾਰਨ ਹੈ। ਫਿਰ ਜਿਹੜੀ ਗੋਲੀ ਦਰਦ ਠੀਕ ਕਰਨ ਲਈ ਖਾਧੀ ਜਾਂਦੀ ਹੈ, ਉਸ ਨਾਲ ਕਈ ਵਾਰ ਖ਼ੂਨ ਪੈਣਾ ਰੁਕ ਜਾਂਦਾ ਹੈ ਜਾਂ ਕਈ ਹਾਲਤਾਂ ਵਿਚ ਖ਼ੂਨ ਜ਼ਿਆਦਾ ਪੈਣ ਲੱਗ ਜਾਂਦਾ ਹੈ, ਜਿਸ ਨਾਲ ਤਕਲੀਫ਼ਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ।

(2). ਖੂਨ ਜ਼ਿਆਦਾ ਪੈਣਾ : ਜ਼ਿਆਦਾ ਖੂਨ ਪੈਣਾ ਆਪਣੇ ਆਪ ਵਿਚ ਗੰਭੀਰ ਸਮੱਸਿਆ ਹੈ ਕਿਉਂਕਿ ਖੂਨ ਵਗਣ ਨਾਲ ਅਨੀਮੀਆ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਆਮ ਤੌਰ ’ਤੇ ਮਾਹਵਾਰੀ ਸ਼ੁਰੂ ਹੋਣ ਵੇਲੇ ਖੂਨ ਜ਼ਿਆਦਾ ਮਾਤਰਾ ਵਿਚ ਪੈਂਦਾ ਹੈ ਜਾਂ ਜਦੋਂ ਮਾਹਵਾਰੀ ਬੰਦ ਹੋਣ ਦਾ ਸਮਾਂ ਨੇੜੇ ਹੋਵੇ, ਤਦ ਵੀ ਖੂਨ ਜ਼ਿਆਦਾ ਪੈਣ ਲੱਗ ਜਾਂਦਾ ਹੈ ਜੋ ਕਿ ਹਾਰਮੋਨਜ਼ ਦੀ ਤਬਦੀਲੀ ਦੇ ਕਾਰਨ ਹੀ ਹੁੰਦਾ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਹਾਲਤਾਂ ਜਿਵੇਂ ਕਿ ਬੱਚੇਦਾਨੀ ਦੀ ਸੋਜਿਸ਼, ਬੱਚੇਦਾਨੀ ਦੀ ਰਸੌਲੀ, ਕੈਂਸਰ ਵਗੈਰਾ ਕਾਰਨ ਵੀ ਖੂਨ ਜ਼ਿਆਦਾ ਪੈਣ ਲੱਗ ਜਾਂਦਾ ਹੈ, ਜਿਸ ਦੀ ਸਮੇਂ ਸਿਰ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਮਹੀਨਾ ਆਉਣ ਤੋਂ ਪਹਿਲਾਂ ਛਾਤੀ ਭਾਰੀ ਹੋਣਾ, ਪੇਟ ਫੁੱਲਣਾ, ਚੱਕਰ ਆਉਣੇ ਜਾਂ ਜੀਅ ਕੱਚਾ, ਉਲਟੀਆਂ-ਟੱਟੀਆਂ ਲੱਗਣਾ ਆਦਿਕ ਇਹ ਸਾਰੇ ਲੱਛਣ ਮਾਹਵਾਰੀ ਆਉਣ ਦਾ ਸੰਕੇਤ ਦਿੰਦੇ ਹਨ ਪਰ ਜਦੋਂ ਇਹ ਲੱਛਣ ਹੱਦ ਤੋਂ ਵਧ ਜਾਣ ਤਾਂ ਇਹ ਬਿਮਾਰੀ ਦਾ ਰੂਪ ਗਿਣਿਆ ਜਾਂਦਾ ਹੈ।

(3). ਮਾਹਵਾਰੀ ਦਾ ਬੰਦ ਹੋਣਾ : ਇਹ ਕੋਈ ਬਿਮਾਰੀ ਨਹੀਂ ਹੁੰਦੀ, ਸਗੋਂ ਕੁਦਰਤੀ ਬਦਲਾਅ ਦਾ ਹੀ ਇਕ ਪੱਖ ਹੁੰਦਾ ਹੈ। 45 ਤੋਂ 50 ਸਾਲ ਦੀ ਉਮਰ ਵਿਚ ਮਾਹਵਾਰੀ ਕਈ ਔਰਤਾਂ ਵਿਚ ਤਾਂ ਬਿਨਾਂ ਕਿਸੇ ਤਕਲੀਫ਼ ਦਿੱਤਿਆਂ ਬੰਦ ਹੋ ਜਾਂਦੀ ਹੈ ਪਰ ਬਹੁਗਿਣਤੀ ਵਿਚ ਇਹ ਸਮਾਂ ਬੜਾ ਨਾਜ਼ੁਕ ਹੁੰਦਾ ਹੈ ਕਿਉਂਕਿ ਇਸ ਸਥਿਤੀ ਵਿਚ ਮਾਹਵਾਰੀ ਦਾ ਕੋਈ ਨਿਯਮਤ ਸਮਾਂ ਨਹੀਂ ਰਹਿੰਦਾ। ਕਦੇ ਮਾਹਵਾਰੀ ਮਹੀਨੇ ਵਿਚ ਦੋ ਵਾਰੀ ਜਾਂ ਕਈ ਵਾਰ ਦੋ-ਦੋ ਮਹੀਨੇ ਮਾਹਵਾਰੀ ਆਉਂਦੀ ਹੀ ਨਹੀਂ। ਬਹੁਤਾ ਖੂਨ ਪੈਣ ਕਰ ਕੇ ਕਈ ਔਰਤਾਂ ਬੱਚੇਦਾਨੀ ਕੱਢਵਾਉਣ ਦਾ ਫੈਸਲਾ ਲੈ ਲੈਂਦੀਆਂ ਹਨ ਜੋ ਕਿ ਬਹੁਤ ਹੀ ਗਲਤ ਕਦਮ ਸਿੱਧ ਹੁੰਦਾ ਹੈ। ਬੱਚੇਦਾਨੀ ਕਢਵਾਉਣ ਤੋਂ ਪਿੱਛੋਂ ਸਰੀਰਕ ਕਿਰਿਆਵਾਂ ਵਿਚ ਜੋ ਤਬਦੀਲੀ ਆਉਂਦੀ ਹੈ, ਉਸ ਦਾ ਖ਼ਮਿਆਜ਼ਾ ਔਰਤ ਨੂੰ ਭੁਗਤਣਾ ਹੀ ਪੈਂਦਾ ਹੈ।

ਇਸ ਤੋਂ ਇਲਾਵਾ ਮਾਹਵਾਰੀ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹਨ, ਜਿਵੇਂ ਕਿ ਮਾਹਵਾਰੀ ਦਾ ਘੱਟ ਆਉਣਾ, ਮਾਹਵਾਰੀ ਦਾ ਅਨਿਯਮਿਤ ਰੂਪ ਵਿਚ ਆਉਣਾ, ਆਦਿ।

(4). ਪਾਣੀ ਪੈਣਾ (ਲਕੋਰੀਆ) :- ਇਸ ਨੂੰ ਆਮ ਲੋਕ ‘ਹੱਡ ਖਰਨਾ’ ਵੀ ਕਹਿ ਦਿੰਦੇ ਹਨ। ਪਾਣੀ ਪੈਣ ਦਾ ਮੁੱਖ ਕਾਰਨ ਬੱਚੇਦਾਨੀ ਦੀ ਇਨਫੈਕਸ਼ਨ ਹੀ ਹੁੰਦਾ ਹੈ। ਅੱਜ ਕੱਲ੍ਹ ਤਾਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਵੀ ਇਹ ਤਕਲੀਫ਼ ਆਮ ਹੋ ਰਹੀ ਹੈ। ਮਾਪੇ ਬੜੇ ਪ੍ਰੇਸ਼ਾਨ ਹੁੰਦੇ ਹਨ ਕਿ ਬੱਚੀ ਨੂੰ ਪਤਾ ਨਹੀਂ ਇਹ ਤਕਲੀਫ਼ ਕਿਉਂ ਹੋ ਰਹੀ ਹੈ ਪਰ ਜਦੋਂ ਬੱਚੇ ਦੀ ਖਾਧ-ਖੁਰਾਕ ਵੱਲ ਮਾਪਿਆਂ ਦਾ ਧਿਆਨ ਦਿਵਾਈਦਾ ਹੈ ਤਾਂ ਪਤਾ ਚਲਦਾ ਹੈ ਕਿ ਵੱਧ ਚਾਕਲੇਟ, ਚਾਹ-ਕੌਫੀ ਜਾਂ ਫਾਸਟ ਫੂਡ ਦੀ ਵਰਤੋਂ ਹੀ ਛੋਟੀਆਂ ਬੱਚੀਆਂ ਵਿਚ ਇਸ ਬਿਮਾਰੀ ਦਾ ਕਾਰਨ ਬਣਦੀ ਹੈ। ਕੁਆਰੀਆਂ ਕੁੜੀਆਂ ਵਿਚ ਪਾਣੀ ਪੈਣਾ ਆਮ ਗੱਲ ਨਹੀਂ ਜਦੋਂ ਕਿ ਵਿਆਹੀਆਂ ਕੁੜੀਆਂ ਵਿਚ ਇਹ ਆਮ ਰੋਗ ਹੈ। ਝੋਲੀ ਗਿੱਲੀ ਹੋਣ ਤੋਂ ਲੈ ਕੇ ਛੱਲਾਂ ਵੱਜਣ ਤੱਕ ਪਾਇਆ ਜਾਣ ਵਾਲਾ ਲਕੋਰੀਆ ਆਪਣੇ ਵੱਖ-ਵੱਖ ਰੂਪਾਂ ਤੇ ਰੰਗਾਂ ਵਿਚ ਪ੍ਰਗਟ ਹੁੰਦਾ ਹੈ।

ਮਾਹਵਾਰੀ ਆਉਣ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਜਾਂ ਸੰਭੋਗ ਕਰਨ ਤੋਂ ਪਹਿਲਾਂ ਜੇਕਰ ਥੋੜਾ-ਮੋਟਾ ਗਿੱਲਾਪਣ ਹੁੰਦਾ ਹੈ ਤਾਂ ਉਸ ਨੂੰ ਲਕੋਰੀਆ ਹਰਗਿਜ਼ ਨਹੀਂ ਆਖਿਆ ਜਾਂਦਾ। ਲਕੋਰੀਆ ਸ਼ਬਦ ਉਦੋਂ ਹੀ ਵਰਤਿਆ ਜਾਂਦਾ ਹੈ, ਜਦ ਆਮ ਦਿਨਾਂ ਵਿਚ ਯੋਨੀ ਵਿਚੋਂ ਥੋੜ੍ਹਾ ਜਾਂ ਬਹੁਤਾ ਹਲਕੇ ਚਿੱਟੇ, ਦੁਧੀਆ ਜਾਂ ਪੀਲੇ ਰੰਗ ਦੇ ਪਾਣੀ ਦਾ ਵਹਾਅ ਹੁੰਦਾ ਰਹੇ ਅਤੇ ਨਾਲ ਥੋੜ੍ਹਾ-ਥੋੜ੍ਹਾ ਮੁਸ਼ਕ ਵੀ ਆਉਂਦਾ ਰਹੇ ਪਰ ਮਾਹਵਾਰੀ ਤੋਂ ਜਾਂ ਸੈਕਸ ਕਰਨ ਤੋਂ ਪਹਿਲਾਂ ਜੋ ਤਰਲ ਪਦਾਰਥ ਨਿਕਲਦਾ ਹੈ, ਉਹ ਇਕ ਕੁਦਰਤੀ ਵਹਾਅ ਹੀ ਹੁੰਦਾ ਹੈ।

(5). ਭਾਰ ਪੈਣਾ (ਪ੍ਰੋਲੈਪਸ) : ਜਦੋਂ ਬੱਚੇਦਾਨੀ ਦਾ ਅਗਲਾ ਹਿੱਸਾ ਯੋਨੀ ਦੇ ਬਾਹਰ ਵੱਲ ਦਿਸਣ ਲੱਗ ਪਵੇ ਤਾਂ ਉਸ ਨੂੰ ਭਾਰ ਪੈਣਾ ਆਖਦੇ ਹਨ। ਜ਼ਿਆਦਾਤਰ ਭਾਰ ਪੈਣ ਦੀ ਸ਼ਿਕਾਇਤ ਬੱਚਿਆਂ ਦੇ ਜਨਮ ਤੋਂ ਬਾਅਦ ਹੁੰਦੀ ਹੈ। ਉਹ ਔਰਤਾਂ, ਜਿਨ੍ਹਾਂ ਦੀ ਬੱਚੇਦਾਨੀ ਕਮਜ਼ੋਰ ਜਾਂ ਬਹੁਤ ਭਾਰੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਵਾਰ-ਵਾਰ ਗਰਭਪਾਤ (Abortion) ਕਰਵਾਇਆ ਜਾਂ ਗਰਭ ਗਿਰ ਗਿਆ ਹੁੰਦਾ ਹੈ (Miscarriage) ਜਾਂ ਜਿਹੜੀਆਂ ਔਰਤਾਂ ਜ਼ਿਆਦਾ ਜ਼ੋਰ ਭਾਰ ਦਾ ਕੰਮ ਕਰਦੀਆਂ ਹਨ। ਇਹ ਤਕਲੀਫ਼ ਉਨਾਂ ਨੂੰ ਜ਼ਿਆਦਾ ਹੁੰਦੀ ਹੈ। ਮੋਟਾਪਾ ਵੀ ਇਸ ਦਾ ਮੁੱਖ ਕਾਰਨ ਹੋ ਨਿਬੜਦਾ ਹੈ।

(6). ਸੈਕਸ ਦੀ ਰੁਚੀ ਦਾ ਘੱਟ ਜਾਣਾ : ਸੈਕਸ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ। ਜਿਸ ਤਰ੍ਹਾਂ ਸਾਨੂੰ ਖਾਣ-ਪੀਣ ਦੀ ਭੁੱਖ ਲੱਗਦੀ ਹੈ, ਇਸੇ ਤਰ੍ਹਾਂ ਸੈਕਸ ਦੀ ਭੁੱਖ ਵੀ ਸਰੀਰ ਲਈ ਜ਼ਰੂਰੀ ਹੈ ਪਰ ਵੇਖਣ ਵਿਚ ਆਇਆ ਹੈ ਕਿ ਕਈ ਔਰਤਾਂ ਵਿਚ ਸੈਕਸ ਦੀ ਇੱਛਾ ਹੀ ਨਹੀਂ ਹੁੰਦੀ ਜੋ ਕਿ ਹਾਰਮੋਨਜ਼ ਦੀ ਅਸੰਤੁਲਤਾ ਜਾਂ ਕਿਸੇ ਮਾਨਸਿਕ ਡਰ ਆਦਿ ਕਾਰਨ ਹੁੰਦੀ ਹੈ ਅਤੇ ਅਜਿਹੀਆਂ ਔਰਤਾਂ ਆਪਣੇ ਇਸ ਰੋਗ ਨੂੰ ਛੁਪਾ ਲੈਂਦੀਆਂ ਹਨ। ਇਸ ਤੋਂ ਉਲਟ ਬਹੁਤ ਹੀ ਥੋੜ੍ਹੀ ਗਿਣਤੀ ਵਿਚ ਉਹ ਔਰਤਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਸੈਕਸ ਦੀ ਰੁਚੀ ਹੱਦੋਂ ਵੱਧ ਜਾਂਦੀ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ Nymphomania ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਕੇਸ ਭਾਵੇਂ ਬਹੁਗਿਣਤੀ ਵਿਚ ਤਾਂ ਨਹੀਂ ਮਿਲਦੇ ਜਾਂ ਫਿਰ ਉਹੀਓ ਉਪਰਲੀ ਸਥਿਤੀ ਵਾਂਗ ਇਹ ਰੋਗ ਵੀ ਔਰਤਾਂ ਛੁਪਾ ਲੈਂਦੀਆਂ ਹਨ ਪਰ ਇਹ ਬਹੁਤ ਹੀ ਗਲਤ ਵਰਤਾਰਾ ਹੈ। ਦਾਈ ਮੂਹਰੇ ਪੇਟ ਨਹੀਂ ਲੁਕਾਉਣਾ ਚਾਹੀਦਾ। ਜਿਸ ਤਰ੍ਹਾਂ ਦਾ ਅਨੁਭਵ ਤੁਸੀਂ ਕਰਦੇ ਹੋ, ਉਸੇ ਤਰ੍ਹਾਂ ਜੇਕਰ ਡਾਕਟਰ ਨੂੰ ਦੱਸਿਆ ਜਾਵੇ ਤਾਂ ਬਿਮਾਰੀ ਆਸਾਨੀ ਨਾਲ ਠੀਕ ਹੋ ਸਕਦੀ ਹੈ।

(7). ਗਰਭਪਾਤ : ਬੇਸ਼ੱਕ ਵਾਰ-ਵਾਰ ਗਰਭਪਾਤ ਹੋਣ ਦਾ ਕਾਰਨ ਬੱਚੇਦਾਨੀ ਦੀ ਕਮਜ਼ੋਰੀ ਜਾਂ ਬੱਚੇਦਾਨੀ ਦੀ ਇਨਫੈਕਸ਼ਨ ਹੀ ਹੁੰਦੀ ਹੈ। ਲੇਕਿਨ ਵਾਰ-ਵਾਰ ਗਰਭਪਾਤ ਹੋਣ ਕਰ ਕੇ ਸਰੀਰ ਬਿਮਾਰੀਆਂ ਦਾ ਕੁੱਜਾ ਬਣ ਜਾਂਦਾ ਹੈ। ਵਾਰ-ਵਾਰ ਗਰਭਪਾਤ ਹੋਣ ਦੇ ਕਈ ਕਾਰਨ ਹੁੰਦੇ ਹਨ ਪਰ ਬੱਚੇਦਾਨੀ ਦੀ ਇਨਫੈਕਸ਼ਨ ਜਾਂ ਬੱਚੇਦਾਨੀ ਦੀ ਕਮਜ਼ੋਰੀ ਤੋਂ ਇਲਾਵਾ ਥਾਇਰਾਇਡ ਦੀ ਬਿਮਾਰੀ ਅਤੇ ਬੱਚੇਦਾਨੀ ਦੀ ਰਸੌਲੀ ਇਸ ਦਾ ਮੁੱਖ ਕਾਰਨ ਹੁੰਦਾ ਹੈ। ਮਾਹਿਰ ਡਾਕਟਰ ਦੀ ਸਲਾਹ ਨਾਲ ਇਹ ਬਿਮਾਰੀ ਬਹੁਤ ਛੇਤੀ ਹੱਲ ਹੋ ਸਕਦੀ ਹੈ।

ਇਹਨਾਂ ਉਪਰੋਕਤ ਬਿਮਾਰੀਆਂ ਤੋਂ ਇਲਾਵਾ ਛਾਤੀ ਦੀਆਂ ਗੰਢਾਂ, ਛਾਤੀ ਦਾ ਕੈਂਸਰ, ਬੱਚੇਦਾਨੀ ਵਿਚ ਜ਼ਖ਼ਮ ਜਾਂ ਬੱਚੇਦਾਨੀ/ਅੰਡੇਦਾਨੀ ਦਾ ਕੈਂਸਰ ਅਤੇ ਰਸੌਲੀਆਂ, ਜਿਨ੍ਹਾਂ ਕਰ ਕੇ ਔਰਤ ਨੂੰ ਬਹੁਤ ਜ਼ੋਖ਼ਮ ਵਿਚੋਂ ਲੰਘਣਾ ਪੈਂਦਾ ਹੈ, ਇਸ ਕਰਕੇ ਹਰ ਔਰਤ ਨੂੰ ਆਪਣੇ ਸਰੀਰ ਵਿਚ ਆਈ ਥੋੜ੍ਹੀ-ਮੋਟੀ ਤਬਦੀਲੀ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ, ਸਗੋਂ ਮਾਹਰ ਡਾਕਟਰ ਦੀ ਸਮੇਂ-ਸਮੇਂ ਸਿਰ ਰਾਇ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਹੈ।