ਮਿਟਿ ਗਈ ਚਿੰਤਾ

0
344

ਮਿਟਿ ਗਈ ਚਿੰਤਾ

ਪ੍ਰੋ. ਮਨਰਾਜ ਕੌਰ

ਚਿਤਵਨ ਸਿੰਘ…ਦਾਦਾ ਜੀ  ! ਅੱਜ ਦਾਦੀ ਜੀ ਸਵੇਰ ਦੇ ਕੁਝ ਗਾਈ ਜਾ ਰਹੇ ਨੇ ਤੇ ਮੁਸਕਰਾਈ ਜਾ ਰਹੇ ਨੇ।

ਦਾਦਾ ਜੀ…..ਵਧੀਆ ਹੈ  ! ਪਰ ਉਹ ਤਾਂ ਹਮੇਸ਼ਾਂ ਹੀ ਮੁਸਕਰਾਉਂਦੇ ਰਹਿੰਦੇ ਹਨ।

ਚਿਤਵਨ ਸਿੰਘ….ਪਰ ਮੈਨੂੰ ਅੱਜ ਕੁਝ ਖਾਸ ਗੱਲ ਲਗਦੀ ਹੈ।

ਦਾਦਾ ਜੀ…..ਉਹ ਕਿਉਂ  ?

ਚਿਤਵਨ ਸਿੰਘ….ਉਹ ਜੋ ਗਾ ਰਹੇ ਨੇ, ਉਸ ਕਰਕੇ ।

ਦਾਦਾ ਜੀ… ਕੀ ਗਾ ਰਹੇ ਨੇ ?

ਚਿਤਵਨ ਸਿੰਘ…..ਗੁਰਬਾਣੀ ਦੀ ਇਕ ਤੁੱਕ ਗਾ ਰਹੇ ਨੇ :

‘‘ਮਿਟਿ ਗਈ ਚਿੰਤਾ, ਸਿਮਰਿ ਅਨੰਤਾ; ਸਾਗਰੁ ਤਰਿਆ ਭਾਈ  ! ॥’’ (ਮ: ੫/੬੧੯)

ਦਾਦਾ ਜੀ…..ਵਾਹ ਜੀ ਵਾਹ  ! ਇਸ ਨੂੰ ਗਾਉਦਿਆਂ ਤਾਂ ਸਚਮੁੱਚ ਖੇੜਾ ਆਏਗਾ ਹੀ ।

ਚਿਤਵਨ ਸਿੰਘ…..ਉਹ ਕਿਉਂ ?

ਦਾਦਾ ਜੀ….. ਸਾਰੀ ਹੀ ਗੁਰਬਾਣੀ ਸਾਨੂੰ ਸਾਡੀਆਂ ਚਿੰਤਾਵਾਂ ਤੋਂ ਮੁਕਤ ਕਰਕੇ ਸ਼ਾਨਦਾਰ ਖੇੜੇ ਭਰੀ ਜ਼ਿੰਦਗੀ ਦੇਣ ਵਾਸਤੇ ਹੈ।

ਚਿਤਵਨ ਸਿੰਘ….. ਉਹ ਤਾਂ ਹੈ ਹੀ ਪਰ ਇਸ ਤੁੱਕ ਦਾ ਕੀ ਭਾਵ ਹੈ ਅਤੇ ਦਾਦੀ ਜੀ ਇਤਨੇ ਖੁਸ਼ ਕਿਉਂ ਹਨ  ?

ਦਾਦਾ ਜੀ… ਪਹਿਲਾਂ ਮੈਂ ਤੁਹਾਨੂੰ ਦਾਦੀ ਜੀ ਵਾਲੇ ਸੁਆਲ ਦਾ ਜ਼ੁਆਬ ਦੇ ਦਿੰਦਾ ਹਾਂ ।

ਚਿਤਵਨ ਸਿੰਘ…..ਹਾਂ ਜੀ !

ਦਾਦਾ ਜੀ…..ਬੇਟਾ ਜੀ ਗੁਰਬਾਣੀ ਨੂੰ ਪੜੵਨਾ, ਗਾਉਣਾ ਅਤੇ ਕੰਠ ਕਰਨਾ ਬਹੁਤ ਜ਼ਰੂਰੀ ਹੈ, ਨਾ  !

ਚਿਤਵਨ ਸਿੰਘ….ਹਾਂ ਜੀ ਦਾਦਾ ਜੀ  !

ਦਾਦਾ ਜੀ….ਫਿਰ ਅਗਲਾ ਕਦਮ ਹੈ, ਗੁਰਬਾਣੀ ਨੂੰ ਵਿਚਾਰਨਾ ।

ਚਿਤਵਨ ਸਿੰਘ…..ਹਾਂ ਜੀ ਦਾਦਾ ਜੀ । ਵਿਚਾਰਨ ਨਾਲ ਤਾਂ ਬਹੁਤ ਸਮਝ ਆਂਉਦੀ ਹੈ ।

ਦਾਦਾ ਜੀ….. ਵਿਚਾਰਦੇ ਹੋਏ ਜਦੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਗਲਾ ਕਦਮ ਆਪਣੇ ਆਪ ਹੀ ਗੁਰਬਾਣੀ ਮਹਿਸੂਸ ਕਰਨ ਵੱਲ ਉੱਠ ਜਾਂਦਾ ਹੈ।

ਚਿਤਵਨ ਸਿੰਘ…ਮਹਿਸੂਸ ਕਰਨ ਨਾਲ ਕੀ ਹੁੰਦਾ ਹੈ ?

ਦਾਦਾ ਜੀ…. ਮਹਿਸੂਸ ਕਰਨ ਨਾਲ ਉਹੀ ਹੁੰਦਾ ਹੈ ਜੋ ਬਹੁਤ ਪਿਆਸ ਲੱਗੀ ਹੋਣ ’ਤੇ ਪਾਣੀ ਪੀਣ ਪਾਣ ਨਾਲ ਹੁੰਦਾ ਹੈ ।

ਚਿਤਵਨ ਸਿੰਘ…. ਪਾਣੀ ਪੀਣ ਨਾਲ ਤਾਂ ਸਰੀਰ ਦੀ ਪਿਆਸ ਬੁੁਝਦੀ ਹੈ ਤੇ ਪਿਆਸ ਬੁਝਣ ਨਾਲ ਬੜੀ ਤ੍ਰਿਪਤੀ ਜਿਹੀ ਮਹਿਸੂਸ ਹੁੰਦੀ ਹੈ ।

ਦਾਦਾ ਜੀ… .ਜਦੋਂ ਤ੍ਰਿਪਤੀ ਮਹਿਸੂਸ ਹੁੰਦੀ ਹੈ ਤਾਂ ਕੀ ਹੁੰਦਾ ਹੈ ?

ਚਿਤਵਨ ਸਿੰਘ…..ਸ਼ਾਂਤੀ ਮਹਿਸੂਸ ਹੁੰਦੀ ਹੈ ਤੇ ਚੇਹਰਾ ਖਿੜ ਜਾਂਦਾ ਹੈ ।

ਦਾਦਾ ਜੀ….ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਨੂੰ ਮਹਿਸੂਸ ਕਰਨ ਨਾਲ ਵੀ ਚਿੰਤਾਵਾਂ ਵਾਲੀ ਪਿਆਸ ਬੁਝ ਜਾਂਦੀ ਹੈ, ਮਾਨਸਿਕ ਤੌਰ ’ਤੇ ਤ੍ਰਿਪਤੀ ਮਹਿਸੂਸ ਹੁੰਦੀ ਹੈ, ਸ਼ਾਂਤੀ ਮਹਿਸੂਸ ਹੁੰਦੀ ਹੈ ਤੇ ਚੇਹਰਾ ਖਿੜ ਜਾਂਦਾ ਹੈ ।

ਚਿਤਵਨ ਸਿੰਘ….ਕਮਾਲ ਹੈ  !

ਦਾਦਾ ਜੀ….. ਕਮਾਲ ਹੈ ਤਾਂ ਹੀ ਤਾਂ ਦਾਦੀ ਜੀ ਹਮੇਸ਼ਾਂ ਹੀ ਬਾਣੀ ਗਾਉਂਦਿਆਂ ਮੁਸਕਰਾਉਂਦੇ ਰਹਿੰਦੇ ਨੇ ਤੇ ਖੁਸ਼ ਰਹਿੰਦੇ ਨੇ ।

ਚਿਤਵਨ ਸਿੰਘ…. ਹੁਣ ਸਮਝ ਆਇਆ ਦਾਦੀ ਜੀ ਦੀ ਖੁਸ਼ੀ ਦਾ ਰਾਜ ।

ਦਾਦਾ ਜੀ….ਹੁਣ ਇਸ ਤੁੱਕ ਦੇ ਭਾਵ ਸਮਝਣ ਦਾ ਯਤਨ ਕਰਦੇ ਹਾਂ ਤਾਂ ਕਿ ਅਸੀਂ ਵੀ ਇਸ ਨੂੰ ਮਹਿਸੂਸ ਕਰਕੇ ਤੁਹਾਡੇ ਦਾਦੀ ਜੀ ਦੀ ਤਰ੍ਹਾਂ ਖੇੜਾ ਮਾਣ ਸਕੀਏ ।

ਚਿਤਵਨ ਸਿੰਘ… ਹਾਂ ਜੀ, ਦਾਦਾ ਜੀ !

ਦਾਦਾ ਜੀ ….. ਇਸ ਤੁੱਕ ਦੇ ਸਿੱਧੇ ਜਿਹੇ ਭਾਵ ਹਨ ਕਿ ਹੇ ਭਾਈ  ! ਮੇਰੇ ਜੀਵਨ ਵਿੱਚੋਂ ਚਿੰਤਾ ਉਦੋਂ ਮਿਟ ਗਈ ਜਦੋਂ ਮੈਂ ਉਸ ਅਨੰਤ ਮਾਲਕ ਨੂੰ ਯਾਦ ਕੀਤਾ ਤੇ ਸੰਸਾਰ ਸਾਗਰ ਤੋਂ ਪਾਰ ਹੋ ਗਿਆ ।

ਚਿਤਵਨ ਸਿੰਘ….ਹੁਣ ਖੋਲ੍ਹ ਕੇ ਦੱਸੋ ਜੀ  !

ਦਾਦਾ ਜੀ….. ਮਤਲਬ ਹੈ ਕਿ ਜਦੋਂ ਮੈਂ ਉਸ ਅਨੰਤ ਗੁਣਾਂ ਦੇ ਮਾਲਕ ਰੱਬ ਜੀ ਦੇ ਆਪਣੇ ਅੰਦਰ ਵਸਦੇ ਗੁਣਾਂ ਨੂੰ ਯਾਦ ਰੱਖ ਕੇ ਜਿਊਣਾ ਸ਼ੁਰੂ ਕਰ ਦਿੱਤਾ ਤਾਂ ਜੀਵਨ ਵਿਚੋਂ ਚਿੰਤਾ ਗਾਇਬ ਹੋ ਗਈ ਤੇ ਦੁਨੀਆਂ ਦੇ ਸਾਰੇ ਡਰ, ਫ਼ਿਕਰ ਖ਼ਤਮ ਹੋ ਗਏ।

ਚਿਤਵਨ ਸਿੰਘ….ਇਹ ਕਿਵੇਂ ਹੋ ਸਕਦਾ ਹੈ  ?

ਦਾਦਾ ਜੀ…..ਜਦੋਂ ਅਸੀਂ ਰੱਬੀ ਗੁਣਾਂ ਅਨੁਸਾਰ ਜਿਊਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸੱਭ ਤੋਂ ਪਹਿਲਾਂ ਸਾਨੂੰ ਹਰੇਕ ਦੇ ਅੰਦਰ ਰੱਬ ਜੀ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਹਨ । ਫਿਰ ਕਿਸੇ ਤੋਂ ਵੀ ਡਰ ਨਹੀਂ ਲੱਗਦਾ ।

ਚਿਤਵਨ ਸਿੰਘ….. ਪਰ ਚਿੰਤਾ ਕਿਵੇਂ ਮਿਟਦੀ ਹੈ ?

ਦਾਦਾ ਜੀ….. ਜਦੋਂ ਸੱਭ ਬਰਾਬਰ ਮਹਿਸੂਸ ਹੋਣ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ । ਸਾਰੇ ਆਪਣੇ ਹਨ, ਕੋਈ ਬੇਗਾਨਾ ਨਹੀਂ, ਤਾਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ।

ਚਿਤਵਨ ਸਿੰਘ…. ਹਾਂ ਜੀ, ਦਾਦਾ ਜੀ  !

ਦਾਦਾ ਜੀ….ਜਦੋਂ ਕਿਸੇ ਨਾਲ ਵੈਰ ਨਹੀਂ ਤਾਂ ਡਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ।

ਚਿਤਵਨ ਸਿੰਘ….. ਬਿਲਕੁੱਲ ਦਾਦਾ ਜੀ  !

ਦਾਦਾ ਜੀ…..ਹੁਣ ਜਦੋਂ ਡਰ ਹੀ ਨਹੀਂ ਰਿਹਾ ਤਾਂ ਚਿੰਤਾ ਕਿਸ ਗੱਲ ਦੀ  ? ਨਾਲੇ ਜਦੋਂ ਸਮਝ ਆ ਗਈ ਕਿ ਸੱਭ ਪਾਸੇ ਉਹ ਆਪ ਹੀ ਵਰਤ ਰਿਹਾ ਹੈ ਤਾਂ ਚਿੰਤਾ ਕਿਸ ਗੱਲ ਦੀ  ?

ਚਿਤਵਨ ਸਿੰਘ…. ਹੁਣ ਸਮਝ ਆਈ ।

ਦਾਦਾ ਜੀ…. ਬੜੀ ਆਸਾਨ ਹੈ ।

ਚਿਤਵਨ ਸਿੰਘ…. ਤੁਸੀਂ ਇਤਨੀ ਆਸਾਨੀ ਨਾਲ ਦਸਦੇ ਹੋ ਕਿ ਮੇਰੇ ਵਰਗੇ ਅਣਜਾਣ ਬੱਚੇ ਨੂੰ ਵੀ ਸੱਭ ਸਮਝ ਵਿਚ ਆ ਜਾਂਦਾ ਹੈ ।

ਦਾਦਾ ਜੀ…. ਤੁਸੀਂ ਸਮਝਣ ਦੀ ਇੱਛਾ ਰੱਖਦੇ ਹੋ ਤੇ ਪਿਆਰ ਨਾਲ ਸਮਝਦੇ ਹੋ ਤਾਂ ਸਮਝ ਵਿਚ ਆ ਜਾਂਦਾ ਹੈ ।

ਚਿਤਵਨ ਸਿੰਘ….ਕਿਤਨਾ ਵਧੀਆ ਹੋਵੇ ਜੇ ਮੈਨੂੰ ਆਪ ਜੀ ਤੇ ਦਾਦੀ ਜੀ ਵਾਂਗ ਗੁਰਬਾਣੀ ਅਨੁਸਾਰ ਜਿਊਣਾ ਵੀ ਆ ਜਾਏ ਤੇ ਜੀਵਨ ਵਿੱਚ ਖੇੜਾ ਵੀ ਹੋਵੇ ।

ਦਾਦਾ ਜੀ…..ਜਿਵੇਂ ਗੁਰਬਾਣੀ ਸਮਝਣ ਦੀ ਇੱਛਾ ਰੱਖਣ ਨਾਲ ਬਾਣੀ ਸਮਝਣੀ ਆਸਾਨ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਗੁਰਬਾਣੀ ਮੁਤਾਬਕ ਜਿਊਣ ਦੀ ਇੱਛਾ ਰੱਖਣ ਨਾਲ ਜਿਊਣਾ ਵੀ ਆ ਹੀ ਜਾਂਦਾ ਹੈ ਤੇ ਜਿਊਣ ਲੱਗ ਪਈਏ ਤਾਂ ਖੇੜਾ ਵੀ ਆ ਹੀ ਜਾਂਦਾ ਹੈ ।

ਚਿਤਵਨ ਸਿੰਘ…. ਕਾਸ਼  ! ਐਸਾ ਹੋ ਸਕੇ ।

ਦਾਦਾ ਜੀ….. ਬੇਟਾ ਜੀ ਸ਼ੁੱਭ ਇੱਛਾ ਤੇ ਸ਼ੁੱਭ ਅਮਲਾਂ ਨਾਲ ਐਸਾ ਸੰਭਵ ਹੈ ।

ਚਿਤਵਨ ਸਿੰਘ….ਇੱਛਾ ਤਾਂ ਹੈ ਹੀ । ਹੁਣ ਸ਼ੁੱਭ ਅਮਲਾਂ ਵੱਲ ਵੀ ਧਿਆਨ ਦਿਆਂਗਾ ਜੀ ।

ਦਾਦਾ ਜੀ…. ਫਿਰ ਦਾਦੀ ਜੀ ਵਰਗਾ ਖੇੜਾ ਮਿਲਣ ਤੋਂ ਕੌਣ ਰੋਕ ਸਕਦਾ ਹੈ  ?

ਚਿਤਵਨ ਸਿੰਘ…ਹਾਂ ਜੀ  ! ਦਾਦਾ ਜੀ  ! ਬਹੁਤ ਬਹੁਤ ਧੰਨਵਾਦ ਜੀ।