ਦੋ ਘੰਟਿਆਂ ਦਾ ਸਮਾਂ ਤਾਂ ਗਿਆ ਪਰ ਪੱਲੇ ਕੁੱਝ ਨਾ ਪਿਆ
-ਰਮੇਸ਼ ਬੱਗਾ ਚੋਹਲਾ-94631-32719
ਸਮਾਂ ਜ਼ਿੰਦਗੀ ’ਚ ਸਭ ਤੋਂ ਵਡਮੁੱਲਾ ਧਨ ਹੁੰਦਾ ਹੈ। ਇਸ ਧਨ ਦੀ ਸਹੀ ਤੇ ਸੁਰੱਖਿਅਤ ਸਾਂਭ-ਸੰਭਾਲ਼ ਦਾ ਮਨੁੱਖੀ ਸ਼ਖਸੀਅਤ ਦੀ ਉਸਾਰੀ ਅਤੇ ਨਿਖ਼ਾਰੀ ਵਿਚ ਬਹੁਤ ਹੀ ਅਹਿਮਤਰੀਨ ਰੋਲ ਰਿਹਾ ਹੈ। ਸਮੇਂ ਦੀ ਸੁਚੱਜੀ ਅਤੇ ਸਹੀ ਵਰਤੋਂ ਕਾਫੀ ਹੱਦ ਤੱਕ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਦੇ ਆਪਣੇ ਹੱਥ ਵੱਸ ਹੀ ਹੁੰਦੀ ਹੈ ਪਰ ਕਈ ਵਾਰ ਇਹ ਬਿਗਾਨਿਆਂ ਦੇ ਰਹਿਮ-ਉ-ਕਰਮ ’ਤੇ ਵੀ ਨਿਰਭਰ ਕਰਦੀ ਹੈ। ਇਨ੍ਹਾਂ ਬਿਗਾਨਿਆਂ ਵਿਚ ਕਈ ਵਾਰ ਅਜਿਹੇ ਭੱਦਰ ਪੁਰਸ਼ ਵੀ ਮਿਲ ਜਾਂਦੇ ਹਨ ਜਿਹੜੇ ਤੁਹਾਡੇ ਕੀਮਤੀ ਸਮੇਂ ਦੀ ਕਦਰ ਨਾ ਕਰ ਕੇ, ਨਾ ਸਿਰਫ਼ ਤੁਹਾਡੀ ਕਦਰ ਹੀ ਘਟਾਉਂਦੇ ਹਨ ਸਗੋਂ ਆਪਣੀ ਗ਼ੈਰ-ਜ਼ਿੰਮੇਵਾਰੀ ਦਾ ਸਬੂਤ ਵੀ ਦੇ ਦਿੰਦੇ ਹਨ। ਇਹ ਗ਼ੈਰ-ਜ਼ਿੰਮੇਵਾਰੀ ਕਈ ਵਾਰ ਤਾਂ ਉਨਾਂ ਮਹਾਂ ਪੁਰਖਾਂ ਵੱਲੋਂ ਦਿਖਾਈ ਜਾਂਦੀ ਹੈ ਜਿਹੜੇ ਸਮਾਜ ਦੀਆਂ ਕੁੱਝ ਨਾਮਵਰ ਸੰਸਥਾਵਾਂ/ਜਥੇਬੰਦੀਆਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੁੜੇ ਹੋਏ ਹਨ। ਇਹ ਲੋਕ ਕਈ ਵਾਰ ਆਪਣੇ ਵਿਅਕਤਿਤਵ ਦੇ ਨਿਆਰੇ ਅਤੇ ਉਚਿਆਰੇਪਣ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਨ ਪਰ ਇਨ੍ਹਾਂ ਦੇ ਬੋਲਾਂ ਤੇ ਅਮਲਾਂ ਵਿਚਲੀ ਵਿੱਥ ਇਨ੍ਹਾਂ ਦੀ ਸ਼ਖ਼ਸੀਅਤ ਨੂੰ ਬੌਣਾ ਕਰ ਦਿੰਦੀ ਹੈ। ਇਨ੍ਹਾਂ ਲੋਕਾਂ ਦਾ ਪ੍ਰਚਾਰ ਅਤੇ ਵਿਹਾਰ ‘ਹਾਥੀ ਦੇ ਦੰਦਾਂ’ ਤੋਂ ਵੱਧ ਕੇ ਕੁੱਝ ਵੀ ਨਹੀਂ ਹੁੰਦਾ। ਇਸ ਵਰਗ ਦੇ ਬਹੁਤੇ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ ਪਿੜ-ਪੱਲੇ ਸਿਰਫ਼ ਨਿਰਾਸ਼ਾ ਹੀ ਪੈਂਦੀ ਹੈ। ਇਸ ਤਰ੍ਹਾਂ ਦੀ ਨਿਰਾਸਾ ਕਈ ਵਾਰ ਦਾਸ ਦੇ ਪੱਲੇ ਵੀ ਪਈ ਹੈ।
ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਮੈਂ ਆਪਣੇ ਮਹਾਂ ਨਗਰ ਦੀ ਇੱਕ ਜਾਣੀ-ਪਹਿਚਾਣੀ ਸੰਸਥਾ ਜੋ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਆਪਣੀਆਂ ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਵੱਖ-ਵੱਖ ਘੇਰੇ ਬਣਾ ਕੇ ਚਲਾਉਂਦੀ ਹੈ ਅਤੇ ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਸਮਾਗਮਾਂ ਰਾਹੀਂ ਇੱਕ ਵਿਸ਼ੇਸ਼ ਕਿਸਮ ਦੀ ਚੇਤਨਾ ਪੈਦਾ ਕਰਦੀ ਹੈ, ਵਿਚ ਕਿਸੇ ਅੰਸ਼ਕਾਲੀਨ ਰੁਜ਼ਗਾਰ ਦੀ ਭਾਲ ਵਿਚ ਚਲਾ ਗਿਆ। ਜਦੋਂ ਮੈਂ ਸੰਸਥਾ ਦੇ ਸੰਚਾਲਕ ਦੀ ਇੱਕ ਨਿੱਜੀ ਸਹਾਇਕ ਨੂੰ ਆਪਣੀ ਯੋਗਤਾ ਅਤੇ ਸਮਰੱਥਾ ਤੋਂ ਗਿਆਤ ਕਰਵਾਇਆ ਤਾਂ ਉਸ ਬੀਬੀ ਨੇ ਆਪਣੇ ਬੌਸ ਨਾਲ ਗੱਲ ਚਲਾਉਣ ਦੀ ਹਾਮੀ ਭਰ ਕੇ ਕੁੱਝ ਦਿਨ ਇੰਤਜਾਰ ਕਰਨ ਲਈ ਕਹਿ ਦਿੱਤਾ। ਇਸ ਇੰਤਜਾਰ ਦੇ ਦੋ ਕੁ ਦਿਨ ਲੰਘਣ ਤੋਂ ਬਾਅਦ ਉਸ ਬੀਬੀ ਦਾ ਮੋਬਾਇਲ ਖ਼ੜਕ ਗਿਆ ਜਿਸ ’ਤੇ ਉਸ ਨੇ ਕਿਹਾ ਕਿ ‘ਮੈਂ ਆਪਣੇ ਬੌਸ ਨਾਲ ਤੁਹਾਡੇ ਬਾਰੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਅੱਜ ਪੰਜ ਵਜੇ ਤਹਾਨੂੰ ਮਿਲਣ ਲਈ ਬੁਲਾਇਆ ਹੈ, ਤੁਸੀਂ ਠੀਕ ਪੰਜ ਵਜੇ ਦਫ਼ਤਰ ਵਿਚ ਪਹੁੰਚ ਜਾਣਾ’।
ਬੀਬੀ ਦਾ ਫੋਨ ਸੁਣ ਕੇ ਮੈਨੂੰ ਆਪਣੀ ਆਸ ਦੇ ਬੂਟੇ ਨੂੰ ਬੂਰ ਪੈਂਦਾ ਦਿਖਾਈ ਦੇਣ ਲੱਗਾ ਅਤੇ ਮੈਂ ਪੰਜ ਵਜੇ ਤੋਂ ਵੀ ਪਹਿਲਾਂ ਪਹੁੰਚਣ ਦੀ ਹਾਮੀ ਭਰ ਕੇ ਬੀਬੀ ਜੀ ਦਾ ਧੰਨਵਾਦ ਕਰ ਦਿੱਤਾ। ਉਸ ਦਿਨ ਆਪਣੇ ਕੁਝ ਜ਼ਰੂਰੀ ਰੁਝੇਵਿਆਂ ਨੂੰ ਟਾਲ ਕੇ ਮੈਂ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਉਸ ਮਹਾਂਪੁਰਖ ਦੇ ਦਰਸ਼ਨ-ਦੀਦਾਰ ਕਰਨ ਅਤੇ ਆਪਣੀ ਜੇਬ ਵਿਚ ਤਨਖ਼ਾਹ ਦੇ ਰੂਪ ਵਿਚ ਕੁੱਝ ਭਰਨ ਲਈ ਪਹੁੰਚ ਗਿਆ। ਜਦ ਮੈਂ ਦਫ਼ਤਰ ਵਿਚ ਅਪੜ ਕੇ ਬੀਬੀ ਜੀ ਨੂੰ ਫ਼ਤਿਹ ਬੁਲਾਈ ਤਾਂ ਉਸ ਨੇ ਖਿੜੇ ਮੱਥੇ ਨਾਲ ਮੈਨੂੰ ਜੀ ਆਇਆਂ ਕਿਹਾ ਅਤੇ ਇੱਕ ਕਮਰੇ ’ਚ ਬੈਠੇ ਆਪਣੇ ਬੌਸ ਨੂੰ ਮੇਰੀ ਆਮਦ ਬਾਰੇ ਜਾਣਕਾਰੀ ਦੇ ਦਿੱਤੀ। ਸ੍ਰੀ ਮਾਨ ਜੀ ਨੇ ਬੀਬੀ ਨੂੰ ਕਿਹਾ ਕਿ ਮੈਂ ਪੰਜ ਕੁ ਮਿੰਟਾਂ ਬਾਅਦ ਉਨ੍ਹਾਂ ਨੂੰ ਅੰਦਰ ਬੁਲਾਉਂਦਾ ਹਾਂ। ਇਹ ਸੁਣ ਕੇ ਮੈਂ ਉਸ ਥਾਂ ’ਤੇ ਬੈਠ ਗਿਆ ਜਿੱਥੇ ਪਹਿਲਾਂ ਹੀ ਇੱਕ ਭਲਾ ਪੁਰਸ਼ ਉਸ ਮਹਾਂਪੁਰਖ ਨੂੰ ਮਿਲਣ ਲਈ ਤਾਂਘ ਰਿਹਾ ਸੀ। ਉਸ ਭਲੇ ਬੰਦੇ ਨੇ ਦੱਸਿਆ ਕਿ ਉਹ ਤਾਂ ਚਾਰ ਕੁ ਵਜੇ ਦਾ ਹੀ ਇੱਥੇ ਬੈਠ ਕੇ ਉਸ ਮਹਾਂਪੁਰਖ ਨੂੰ ਮਿਲਣ ਦੀ ਉਡੀਕ ਕਰ ਰਿਹਾ ਹੈ ਪਰ ਅਜੇ ਤੱਕ ਕੋਈ ਗੱਲ ਨਹੀਂ ਬਣੀ। ਗੱਲੀਂ ਪਏ ਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਪੰਜ ਕੁ ਮਿੰਟ ਕਦੋਂ ਅੱਧੇ ਘੰਟੇ ਤੱਕ ਪਹੁੰਚ ਗਏ। ਦਿੱਤੇ ਹੋਏ ਸਮੇਂ ਤੋਂ ਵਧੇਰਾ ਸਮਾਂ ਹੋਣ ਕਰ ਕੇ ਮੇਰੀ ਚਿੰਤਾ ਦਾ ਪੱਧਰ ਕੁੱਝ ਵੱਧ ਗਿਆ ਅਤੇ ਇਸ ਦਾ ਇਜ਼ਹਾਰ ਮੈਂ ਸ੍ਰੀ ਮਾਨ ਜੀ ਦੀ ਸਹਾਇਕ ਬੀਬੀ ਕੋਲ ਜਾ ਕੀਤਾ। ਮੇਰੀ ਪ੍ਰੇਸ਼ਾਨੀ ਨੂੰ ਸਮਝ ਕੇ ਬੀਬੀ ਨੇ ਅੰਦਰ ਬੈਠੇ ਬੌਸ ਦੀ ਮੋਬਾਇਲ ਦੀ ਘੰਟੀ ਵਜਾ ਦਿੱਤੀ ਪਰ ਉਸ ਨੇ ਉਠਾਉਣ ਦੀ ਜ਼ਹਮਤ (ਕਸ਼ਟ) ਹੀ ਨਹੀਂ ਕੀਤੀ। ਦਫ਼ਤਰ ਦੀ ਛੁੱਟੀ ਦਾ ਵਕਤ ਛੇ ਵਜੇ ਦਾ ਸੀ ਜੋ ਕਿ ਚਿਰੋਕਣਾ ਖ਼ਤਮ ਹੋ ਚੁੱਕਾ ਸੀ ਪਰ ਸ੍ਰੀ ਮਾਨ ਜੀ ਵੱਲੋਂ ਇੰਤਜ਼ਾਰ ਲਈ ਮੈਨੂੰ ਦਿੱਤੇ ਪੰਜ ਮਿੰਟ ਅਜੇ ਵੀ ਲਮਕ ਰਹੇ ਸਨ। ਮੈਨੂੰ ਸ੍ਰੀ ਮਾਨ ਜੀ ਦੀ ਇਸ ਲਾਪਰਵਾਹੀ ਤੇ ਬਹੁਤ ਗੁੱਸਾ ਆ ਰਿਹਾ ਸੀ। ਇਸ ਲਾਪਰਵਾਹੀ ਕਰ ਕੇ ਮੇਰੇ ਕੀਮਤੀ ਵਕਤ ਦਾ ਡੇਢ ਘੰਟਾ ਖੂਹ ਵਿਚ ਪੈ ਚੱਲਿਆ ਸੀ। ਦਫ਼ਤਰ ਦੇ ਬਾਕੀ ਕਰਮਚਾਰੀ ਆਪੋ-ਆਪਣੇ ਘਰਾਂ ਵੱਲ ਚਲਾਣਾ ਕਰ ਗਏ ਸਨ ਪਰ ਸ੍ਰੀ ਮਾਨ ਜੀ ਪਤਾ ਨਹੀਂ ਅੰਦਰ ਕੀ ਗਿੱਲਾ ਪੀਹਣ ਪਾ ਕੇ ਬੈਠ ਗਏ ਸਨ ਕਿ ਉਨ੍ਹਾਂ ਨੂੰ ਬਾਹਰ ਵਾਲਿਆਂ ਦੀ ਕੋਈ ਸੁੱਧ-ਬੁੱਧ ਹੀ ਨਹੀਂ ਰਹੀ। ਉਨ੍ਹਾਂ ਦੇ ਇਸ ਗ਼ੈਰ-ਜ਼ਿੰਮੇਵਾਰਨਾ ਵਤੀਰੇ ਤੋਂ ਉਨ੍ਹਾਂ ਦੀ ਨਿੱਜੀ ਸਹਾਇਕ ਵੀ ਡਾਢੀ ਪ੍ਰੇਸ਼ਾਨ ਹੋ ਗਈ ਸੀ ਕਿਉਂਕਿ ਇਸ ਬੇਲੋੜੀ ਦੇਰੀ ਕਾਰਨ ਉਸ ਦੇ ਚੁੱਲੇ-ਚੌਂਕੇ ਦਾ ਪ੍ਰਬੰਧ ਗੜਬੜਾਈ ਜਾ ਰਿਹਾ ਸੀ। ਵਿਚ ਵਿਚਾਲੇ ਕਈ ਵਾਰ ਮੇਰਾ ਮਨ ਵੀ ਬਿਨਾਂ ਮੁਲਾਕਾਤ ਕੀਤਿਆਂ ਹੀ ਉੱਠ ਜਾਣ ਨੂੰ ਕੀਤਾ ਪਰ ਲੱਗਭਗ ਪੰਦਰਾਂ ਕਿਲੋਮੀਟਰ ਦੇ ਸਫ਼ਰੀ ਦੁਹਰਾਓ ਤੋਂ ਬਚਣ ਲਈ ਮੈਂ ਕੌੜਾ ਘੁੱਟ ਭਰ ਕੇ ਕਦੇ ਸ੍ਰੀ ਮਾਨ ਜੀ ਨੂੰ ਅਤੇ ਕਦੇ ਆਪਣੇ ਆਪ ਨੂੰ ਕੋਸ ਲੈਂਦਾ। ਇਸ ਕੋਸ-ਕੋਸਾਈ ਦੌਰਾਨ ਹੀ ਤਕਰੀਬਨ ਸੱਤ ਵੱਜ ਗਏ। ਸੱਤ ਵਜੇ ਤੋਂ ਬਾਅਦ ਸ੍ਰੀ ਮਾਨ ਜੀ ਆਪਣੇ ਕਮਰੇ ਵਿਚੋਂ ਬਾਹਰ ਆ ਗਏ। ਜਦੋਂ ਉਨ੍ਹਾਂ ਦੀ ਸਹਾਇਕ ਨੇ ਮੇਰੀ ਪਹੁੰਚ ਦੇ ਮਨੋਰਥ ਤੋਂ ਜਾਣੂੰ ਕਰਵਾਇਆ ਤਾਂ ਉੇਨ੍ਹਾਂ ਗੋਲਮੋਲ ਜਿਹਾ ਜਵਾਬ ਦੇ ਕੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਦੇ ਇਸ ਟਰਕਾਲੋਜੀ ਵਾਲੇ ਵਤੀਰੇ ਕਾਰਨ ਮਨ ਹੋਰ ਵੀ ਦੁੱਖੀ ਹੋ ਗਿਆ। ਸੋਚਦਾ ਸਾਂ ਕਿ ਜੇਕਰ ਸ੍ਰੀ ਮਾਨ ਜੀ ਨੇ ਇਹ ਹੀ ਜਵਾਬ ਦੇਣਾ ਸੀ ਤਾਂ ਫਿਰ ਦੋ ਘੰਟੇ ਪਹਿਲਾਂ ਹੀ ਦਿੱਤਾ ਜਾ ਸਕਦਾ ਸੀ। ਇਸ ਦੋ ਹਰਫ਼ੀ ਗੱਲ ਬਦਲੇ ਮੇਰਾ ਦੋ ਘੰਟੇ ਦਾ ਬੇਸਕੀਮਤੀ ਸਮਾਂ ਬਰਬਾਦ ਕਰਨ ਦੀ ਕੀ ਜ਼ਰੂਰਤ ਸੀ? ਫਿਰ ਵੀ ਮੈਂ ਸ੍ਰੀ ਮਾਨ ਜੀ ਦਾ ਧੰਨਵਾਦ ਕਰ ਕੇ ਦਫ਼ਤਰ ਦੀਆਂ ਪਉੜੀਆਂ ਉੱਤਰ ਆਇਆ।
——੦—–