ਮਾਮਲਾ ਸਕੂਲੀ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦਾ

0
239

ਮਾਮਲਾ ਸਕੂਲੀ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦਾ

ਵਿੱਦਿਅਕ ਢਾਂਚੇ ਤੇ ਮੁੜ ਨਜ਼ਰਸਾਨੀ ਕਰਨ ਦਾ ਵੇਲਾ

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)-98150-24920

ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਦੀ ਧਰਤੀ ਅਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀ ਸ਼ੁਰੂ ਕੀਤੀ ਗਈ ਇੱਕ ਦੁਖ ਦਾਇਕ ਲੜੀ ਰੁਕਣ ਦਾ ਨਾਂ ਨਹੀਂ ਲੈ ਰਹੀ, ਉੱਥੇ ਹਾਲ ਵਿੱਚ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ/ਬਾਰਵ੍ਹੀਂ ਦੇ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਜਿਸ ਢੰਗ ਨਾਲ ਕੀਤੀਆਂ ਗਈਆਂ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਇਸ ਨੇ ਹਰ ਵਰਗ ਨੂੰ ਗੰਭੀਰ ਰੂਪ ਵਿੱਚ ਚਿੰਤਾ ਦੇ ਆਲਮ ਵਿੱਚ ਸੁੱਟ ਦਿੱਤਾ ਹੈ।

ਜਿਹੜੇ ਪੰਜਾਬੀ ਆਪਣੇ ਖੁਲ੍ਹੇ-ਡੁੱਲ੍ਹੇ ਸੁਭਾਅ ਕਰ ਕੇ ਮਸ਼ਹੂਰ ਹਨ ਅਤੇ ਜਿੰਦਗੀ ਦੀ ਹਰ ਮੁਸ਼ਕਲ ਘੜੀ ਜਾਂ ਔਖੇ ਸਮੇਂ ਨੂੰ ਵੀ ਹੱਸ ਕੇ ਲੰਘਾ ਦੇਣ ਦਾ ਮਾਦਾ ਰੱਖਦੇ ਹਨ, ਉਹਨਾਂ ਨੇ ਛੋਟੇ ਛੋਟੇ ਨਾਬਾਲਗ ਬੱਚਿਆਂ ਵੱਲੋਂ ਸਿਰਫ ਫੇਲ੍ਹ ਹੋ ਜਾਣ ਕਰ ਕੇ ਜਾਂ ਘੱਟ ਨੰਬਰ ਆਉਣ ਕਰ ਕੇ ਆਪਣੀ ਜਿੰਦਗੀ ਨੂੰ ਆਪਣੇ ਹੱਥੀਂ ਖਤਮ ਕਰਨ ਲੈਣ ਦਾ ਫੈਸਲਾ ਲੈਣਾ, ਅੱਜ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਸਿੱਖਿਆ ਪ੍ਰਣਾਲੀ ਦੀ ਮੁੜ ਤੋਂ ਘੋਖ ਕਰੀਏ। ਕਿਤੇ ਅਸੀਂ ਵਿਦਿਆਰਥੀਆਂ ਨੂੰ ਮਸ਼ੀਨਾਂ ਹੀ ਤਾਂ ਨਹੀਂ ਬਣਾਈ ਜਾ ਰਹੇ। ਬਿਨਾਂ ਸ਼ੱਕ ਸਕੂਲੀ ਵਿੱਦਿਆ ਸਰਕਾਰੀ ਹੈ ਜਾਂ ਪ੍ਰਾਈਵੇਟ ਇਸ ਵਿੱਚ ਖਾਮੀਆਂ ਵੱਡੇ ਪੱਧਰ ’ਤੇ ਦਾਖਲ ਹੋ ਚੁੱਕੀਆਂ ਹਨ।

ਮੰਨੋ ਜਾਂ ਨਾ ਮੰਨੋ ਅੱਜ ਮਾਨਸਿਕ ਤੌਰ ’ਤੇ ਬੱਚੇ ਤਣਾਅ ਵਿੱਚ ਹਨ, ਚਿਹਰਿਆਂ ’ਤੇ ਮੁਸਕਰਾਹਟ ਨਾਂ ਦੀ ਚੀਜ਼ ਤਾਂ ਲੱਭਦੀ ਹੀ ਨਹੀਂ, ਛੋਟੀਆਂ ਛੋਟੀਆਂ ਅੱਖਾਂ ਉੱਤੇ ਵੱਡੀਆਂ ਅਤੇ ਵੱਡੇ ਨੰਬਰ ਦੀਆਂ ਐਨਕਾਂ, ਵੱਡੇ ਅਤੇ ਭਾਰੀ ਬਸਤੇ, ਮੋਟੀਆਂ ਕਿਤਾਬਾਂ ਦੇ ਬਰੀਕ ਅੱਖਰ, ਅੰਕਾਂ ਦੀ ਦੌੜ, ਹਫਤਾਵਾਰੀ/ਮਹੀਨਾਵਾਰੀ/ਤ੍ਰੈ-ਮਾਸਿਕ ਅਤੇ ਛਿਮਾਹੀ ਇਮਤਿਹਾਨ, ਦੂਜੇ-ਤੀਜੇ ਦਿਨ ਕਿਸੇ ਨਾ ਕਿਸੇ ਵਿਸ਼ੇ ਦਾ ਟੈਸਟ, ਗ਼ੈਰ-ਜ਼ਰੂਰੀ ਪ੍ਰਾਜੈਕਟ ਵਰਕ, ਜਮਾਤ ਵਿੱਚ ਗਰੁੱਪ ਬਹਿਸ ਅਤੇ ਵਿਅਕਤੀਗਤ ਐਕਟੀਵਿਟੀ ਦੇ ਨਾਂ ’ਤੇ ਦਿਮਾਗੀ ਬੋਝ, ਉਸ ਤੋਂ ਇਲਾਵਾ ਵੱਧ ਅੰਕਾਂ ਦੇ ਲਾਲਚ ਵਿੱਚ ਪੜ੍ਹਾਈ ਤੋਂ ਬਾਹਰ ਜਾ ਕੇ ਹੋਰ ਵਿਸ਼ਿਆਂ ਨੂੰ ਪੜ੍ਹਨਾ ਜਾਂ ਪ੍ਰੈਕਟੀਕਲੀ ਸਿੱਖਣਾ ਤਾਂ ਕਿ ਸਕੂਲ ਦਾ ਨਾਂ ਉੱਚਾ ਹੋ ਸਕੇ, ਆਦਿ।

ਪੇਪਰ ਦੇ ਨਤੀਜਿਆਂ ਉਪਰੰਤ ਖੁਦਕੁਸੀ ਕਰਨ ਵਾਲੇ ਬੱਚੇ

ਗੱਲ ਕੀ ਹਰ ਪਾਸੇ ਬੱਚਿਆਂ ਨੂੰ ਬੁਰੀ ਤਰ੍ਹਾਂ ਘੜੀਸਿਆ ਹੋਇਆ ਹੈ। ਸਿਲੇਬਸ ਨੂੰ ਸਕੂਲ ਵਿੱਚ ਤਿਆਰ ਕਰਵਾਉਣ ਦੀ ਬਜਾਇ ਕਾਪੀਆਂ ’ਤੇ ਨੋਟ ਪਾ ਦਿੱਤਾ ਜਾਂਦਾ ਹੈ ਕਿ ਫਲਾਣੇ ਵਿਸ਼ੇ ’ਤੇ ਫਲਾਣੀ-ਫਲਾਣੀ ਜਾਣਕਾਰੀ ਇੰਟਰਨੈੱਟ ਤੋਂ ਲੱਭ ਕੇ ਲਿਆਓ। ਹੁਣ ਨਾ ਤਾਂ ਹਰ ਬੱਚੇ ਦੇ ਘਰ ਵਿੱਚ ਕੰਪਿਊਟਰ/ਪ੍ਰਿੰਟਰ ਹੈ, ਨਾ ਹੀ ਇੰਟਰਨੈੱਟ ਅਤੇ ਨਾ ਹੀ ਇਸ ਬਾਰੇ ਮਾਤਾ/ਪਿਤਾ ਨੂੰ ਕੋਈ ਬਹੁਤੀ ਜਾਣਕਾਰੀ ਹੈ। ਮਾਂ-ਬਾਪ 3 ਵਜੇ ਤੱਕ ਸਕੂਲੋਂ ਆਏ ਬੱਚੇ ਨੂੰ ਚਾਰ ਵਜੇ ਤੋਂ ਪਹਿਲਾਂ ਟਿਊਸ਼ਨ ਛੱਡ ਆਉਂਦੇ ਹਨ ਅਤੇ ਫਿਰ ਛੇ ਵਜੇ ਤੋਂ ਬਾਅਦ ਬਾਜ਼ਾਰ ਵਿੱਚ ਇੰਟਰਨੈੱਟ ਕੈਫੇ ਵਗੈਰਾ ਦੁਕਾਨਾਂ ’ਤੇ ਧੱਕੇ ਖਾਂਦੇ ਹਨ ਕਿ ਸੰਬੰਧਿਤ ਪ੍ਰਾਜੈਕਟ ਬਾਰੇ ਕੁਝ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਫਿਰ ਦੁਕਾਨਾਂ ਵਾਲਿਆਂ ਕੋਲੋਂ ਇੰਟੇਰਨੈੱਟ (ਗੂਗਲ ਤੋਂ ਚੋਰੀ ਜਾਂ ਨਕਲ ਰਾਹੀਂ) ਪ੍ਰਾਜੈਕਟ ਤਿਆਰ ਕਰ ਕੇ ਰੈਡੀ-ਮੇਡ ਪ੍ਰਾਜੈਕਟ ਉੱਤੇ ਜਮਾਤ, ਵਿਦਿਆਰਥੀ ਦਾ ਨਾਂ, ਰੋਲ ਨੰਬਰ ਬਦਲ ਕੇ ਮਾਤਾ ਪਿਤਾ ਨੂੰ ਦੇ ਦਿੱਤਾ ਜਾਂਦਾ ਹੈ, ਜਿਸ ਦੇ ਆਧਾਰ ’ਤੇ 8-10 ਅੰਕ ਅਗਲੇ ਦਿਨ ਅਧਿਆਪਕ ਵੱਲੋਂ ਵਿਦਿਆਰਥੀ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ਵੱਲੋਂ ਹਜ਼ਾਰਾਂ ਰੁਪਏ ਲਗਾ ਕੇ ਬਣਾਏ ਗਏ ਇਹ ਪ੍ਰਾਜੈਕਟ ਦੋ ਚਾਰ ਦਿਨ ਪ੍ਰਿੰਸੀਪਲ ਦੇ ਕਮਰੇ, ਸਟਾਫ ਰੂਮ ਦੇ ਕਮਰੇ ਜਾਂ ਕਲਾਸ ਦਾ ਵੱਧ ਤੋਂ ਵੱਧ 10 ਦਿਨ ਤੱਕ ਸ਼ਿੰਗਾਰ ਬਣਨ ਤੋਂ ਬਆਦ ਰੱਦੀ ਵਿੱਚ ਜਾਂ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਕਿਉਂਕਿ ਕਿਸੇ ਹੋਰ ਵਿਦਿਆਰਥੀ ਵੱਲੋਂ ਲਿਆਂਦਾ/ਬਣਾਇਆ ਗਿਆ ਨਵਾਂ ਪ੍ਰਾਜੈਕਟ ਪੁਰਾਣੇ ਪ੍ਰਾਜੈਕਟ ਜਾਂ ਮਾਡਲ ਦੀ ਥਾਂ ਲੈ ਲੈਂਦਾ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇੱਕ ਸਾਲ ਦੇ ਵਿੱਚ ਸਕੂਲਾਂ ਵੱਲੋਂ ਇੱਕ ਬੱਚੇ ਕੋਲੋਂ ਪ੍ਰਾਜੈਕਟ ਵਰਕ ਦੇ ਨਾਂ ’ਤੇ ਜੋ ਖਰਚ ਕਰਵਾ ਦਿੱਤਾ ਜਾਂਦਾ ਹੈ, ਉਸ ਖਰਚੇ ਦੀ ਰਕਮ ਨਾਲ ਦੋ ਵਿਦਿਆਰਥੀ ਵਧੀਆ ਪੜ੍ਹਾਈ ਕਰ ਸਕਦੇ ਹਨ।

ਇਸ ਸਾਰੇ ਕਾਸੇ ਵਿੱਚੋਂ ਵਿਦਿਆਰਥੀ ਨੇ ਕੀ ਸਿੱਖਿਆ ? ਸਿਰਫ ਇੰਨਾ ਕੁ ਕਿ ਬਾਜ਼ਾਰੋਂ ਪੈਸੇ ਦੇ ਕੇ ਰੈਡੀ-ਮੇਡ ਪ੍ਰਾਜੈਕਟਸ ਨਾਲ ਅੰਕ ਪ੍ਰਾਪਤ ਹੋ ਜਾਂਦੇ ਹਨ, ਪੱਲੇ ਕੁੱਝ ਨਹੀਂ ਪੈਂਦਾ। ਪੱਲੇ ਸਿਰਫ ਅੰਕ ਪੈਂਦੇ ਹਨ ਤੇ ਇਹੀ ਅੰਕ ਫਾਈਨਲ ਇਮਤਿਹਾਨਾਂ ਵਿੱਚ ਬਹੁਤਾ ਕੰਮ ਨਹੀਂ ਕਰ ਪਾਉਂਦੇ ਕਿਉਂਕਿ ਇਹ ਸਕੂਲ ਪੱਧਰ ਤੱਕ ਹੀ ਰਹਿ ਜਾਂਦੇ ਹਨ। ਹਾਂ ਵਿਦਿਆਰਥੀਆਂ ਉੱਤੇ ਦਬਾਅ ਪੂਰਾ ਹੁੰਦਾ ਹੈ, ਅਧਿਆਪਕਾਂ ਵੱਲੋਂ ਅਤੇ ਮਾਪਿਆਂ ਵੱਲੋਂ ਤੇ ਦੂਜੇ ਪਾਸੇ ਵਿਦਿਆਰਥੀਆਂ ਦਾ ਅਜੋਕੇ ਦੌਰ ਵਿੱਚ ਮਾਪਿਆਂ ਦੇ ਕੋਲ ਬੈਠਣਾ, ਜਿੰਦਗੀ ਦੇ ਸੁਹਜ ਸੁਆਦ ਨੂੰ ਮਾਨਣ ਦਾ ਸਮਾਂ ਹੀ ਨਹੀਂ। ਜੇ ਹੈ ਤਾਂ ਉਹ ਸਮਾਂ ਪੜ੍ਹਾਈ ਜਾਂ ਮੋਬਾਇਲ ਵਿੱਚ ਹੀ ਨਿਕਲ ਜਾਂਦਾ ਹੈ।

ਮੈਂ ਤਾਂ ਹੈਰਾਨ ਹਾਂ ਕਿ ਇਹਨਾਂ ਬੱਚਿਆਂ ਦੇ ਵਿੱਚ ਸਾਡਾ ਵਿੱਦਿਅਕ ਢਾਂਚਾ ਜਿੰਦਗੀ ਪ੍ਰਤੀ ਹਾਂ-ਪੱਖੀ ਰਵੱਈਆਂ ਭਰਨ ਵਿੱਚ ਕਾਮਯਾਬ ਹੀ ਨਹੀਂ ਹੋ ਪਾ ਰਿਹਾ ਤੇ ਉਲਟਾ ਅੰਕਾਂ ਦੀ ਦੌੜ ਵਿੱਚ ਕਿੰਨਾ ਕੁ ਦਬਾਅ ਵਿਦਿਆਰਥੀਆਂ ਅੰਦਰ ਭਰ ਦਿੱਤਾ ਗਿਆ ਹੈ ਕਿ ਵਿਦਿਆਰਥੀ ਆਤਮ ਹੱਤਿਆ ਵਰਗਾ ਕਦਮ ਚੁੱਕਣ ਲੱਗੇ ਵੀ ਇੱਕ ਪਲ ਆਪਣੇ ਭਵਿੱਖ ਅਤੇ ਆਪਣਿਆਂ ਦੇ ਦੁੱਖ ਬਾਰੇ ਨਹੀਂ ਸੋਚਦੇ।

ਇੱਥੇ ਤਾਂ ਕਿਸੇ ਕੰਧ ’ਤੇ ਚੜ੍ਹ ਰਹੀ ਛੋਟੀ ਜਿਹੀ ਕੀੜੀ ਨੂੰ ਫੂਕ ਮਾਰ ਕੇ ਦੇਖੋ ਉਹ ਵੀ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦੀ ਨਜ਼ਰ ਆਵੇਗੀ। ਸੜਕਾਂ ’ਤੇ ਜਾਨਵਰ ਸੜਕ ਪਾਰ ਕਰਨ ਲੱਗੇ ਜੇਕਰ ਕੋਈ ਤੇਜ਼ ਵਾਹਨ ਆ ਜਾਵੇ ਤਾਂ ਇੱਕ ਦਮ ਆਪਣੀ ਜਾਨ ਬਚਾਉਣ ਲਈ ਪਿੱਛੇ ਹੱਟ ਜਾਂਦੇ ਹਨ, ਅਸੀਂ ਤਾਂ ਇਨਸਾਨ ਹਾਂ ਫਿਰ ਅਸੀਂ ਕਿਉਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਅੱਗੇ ਹਾਰ ਜਾਂਦੇ ਹਾਂ।

ਆਓ, ਜਿੰਦਗੀ ਨੂੰ ਜੀਵੀਏ, ਕੋਈ ਸਮੱਸਿਆ ਐਸੀ ਨਹੀਂ ਜਿਸ ਦਾ ਹੱਲ ਨਾ ਹੋਵੇ। ਜਿੰਦਗੀ ਜਿੰਦਾਦਿਲੀ ਦਾ ਨਾਂ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਲਈ ਖੁਸ਼ਗਵਾਰ ਮਾਹੌਲ ਸਿਰਜਣਾ ਸਮੇਂ ਦੀ ਮੰਗ ਹੈ, ਉੱਥੇ ਪੜ੍ਹਾਈ ਤੋਂ ਇਲਾਵਾ ਹੋਰ ਬੋਝ ਬਿਨਾਂ ਸ਼ਰਤ ਅਤੇ ਬਿਨਾਂ ਦੇਰੀ ਘੱਟ ਹੋਣੇ ਚਾਹੀਦੇ ਹਨ। ਪੜ੍ਹਾਈ ਦੇ ਨਾਂ ’ਤੇ ਕੀਤੀ ਜਾ ਰਹੀ ਪਾਖੰਡ ਪ੍ਰਥਾ ਬਿਲਕੁਲ ਖਤਮ ਹੋਣੀ ਚਾਹੀਦੀ ਹੈ। ਕੇਵਲ ਅੰਕਾਂ ਦੀ ਨਹੀਂ ਬਲਕਿ ਗੁਣਵਤਾ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ 65 ਪ੍ਰਤੀਸ਼ਤ ਨੰਬਰ ਲੈਣ ਵਾਲੀ ਜਸਵੰਤ ਕੌਰ ਵਾਸੀ ਨੰਗਲ ਬਿਹਾਲਾ ਨੇ ਇਸ ਕਰ ਕੇ ਜ਼ਹਿਰ ਨਿਗਲ ਲਿਆ ਕਿ ਉਸ ਦੇ ਨੰਬਰ ਉਸ ਦੀ ਆਸ ਤੋਂ ਘੱਟ ਸਨ। ਸਮਾਂ ਰਹਿੰਦਿਆਂ ਅੰਕਾਂ ਦੀ ਦੌੜ ਵਿੱਚੋਂ ਵਿਦਿਆਰਥੀਆਂ ਨੂੰ ਕੱਢ ਕੇ ਗੁਣਵਤਾ ਦੀ ਦੌੜ ਵਿੱਚ, ਜਿੰਦਾਦਿਲੀ ਦੀ ਦੌੜ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਬੜੀ ਕੌੜੀ ਗੱਲ ਹੈ ਪ੍ਰਾਈਵੇਟ ਅਧਿਆਪਕਾਂ ਨੂੰ ਸਕੂਲੀ ਪ੍ਰਾਪੇਗੰਡਾ ਵਿੱਚੋਂ ਨਿਕਲਣ ਦਾ ਸਮਾਂ ਨਹੀਂ ਜਿਸ ਕਰਕੇ ਉਹ ਵਿਦਿਆਰਥੀਆਂ ਵੱਲ ਪੂਰਾ ਧਿਆਨ ਨਹੀਂ ਦੇ ਪਾਉਂਦੇ ਅਤੇ ਸਰਕਾਰੀ ਅਧਿਆਪਕਾਂ ਨੂੰ ਸਰਕਾਰ ਦੀਆਂ ਹੋਰ ਡਿਊਟੀਆਂ ਕਰਨ ਤੋਂ ਵਿਹਲ ਨਹੀਂ। ਆਮੀਨ !