34.1 C
Jalandhar
Monday, April 13, 2026
spot_img
Home Blog Page 138

ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ :

1

ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ

ਬਠਿੰਡਾ: 10 ਜੁਲਾਈ, (ਕਿਰਪਾਲ ਸਿੰਘ ਬਠਿੰਡਾ): ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ। ਇਹ ਸ਼ਬਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਨੇ ਬੀਤੀ ਸ਼ਾਮ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ (ਬਠਿੰਡਾ) ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਕਹੇ। ਇਹ ਦੱਸਣਯੋਗ ਹੈ ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ ਕਿ ਹਰ ਐਤਵਾਰ ਸ਼ਾਮ ਨੂੰ ਕੀਤਾ ਜਾਣ ਵਾਲਾ ਹਫਤਾਵਾਰੀ ਸਮਾਗਮ ਉਸ ਦਿਨ ਨਾਲ ਸੰਬੰਧਿਤ ਗੁਰਪੁਰਬ ਜਾਂ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤਾ ਜਾਇਆ ਕਰੇਗਾ। ਇਸੇ ਲੜੀ ਵਿੱਚ ਬੀਤੇ ਦਿਨ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜਿਨ੍ਹਾਂ ਦੇ ਪ੍ਰਵਾਰ ਦੇ 52 ਤੋਂ ਵੱਧ ਮੈਂਬਰ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਹੱਸ ਹੱਸ ਕੇ ਸ਼ਹੀਦੀਆਂ ਪਾ ਗਏ ਸਨ; ਦੀ ਯਾਦ ਨੂੰ ਤਾਜ਼ਾ ਕਰਨ ਅਤੇ ਨਤਮਸਤਕ ਹੋਣ ਲਈ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਵਿੱਚ ਬੋਲਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਭਾਈ ਮਨੀ ਸਿੰਘ ਕੇਵਲ ਇੱਕ ਸ਼ਹੀਦ ਹੀ ਨਹੀਂ ਸਨ ਬਲਕਿ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੀ ਸਨ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਸਨ, ਪ੍ਰਬੰਧਕ ਵੀ ਸਨ ਅਤੇ ਕੌਮ ਦੇ ਆਗੂ ਤੋਂ ਇਲਾਵਾ ਇੱਕ ਯੋਧੇ ਵੀ ਸਨ ਕਿਉਂਕਿ ਮੀਣਿਆਂ ਵੱਲੋਂ ਕੀਤੀ ਚੁਗਲੀ ਕਾਰਨ ਜਦੋਂ ਮੁਹੰਮਦ ਅਸਲਮ ਖਾਨ ਜਦੋਂ ਚੜ੍ਹ ਕੇ ਆਇਆ ਸੀ ਤਾਂ ਉਸ ਸਮੇਂ ਭਾਈ ਮਨੀ ਸਿੰਘ ਜੀ ਨੇ ਬੜੀ ਬਹਾਦਰੀ ਨਾਲ ਉਸ ਦਾ ਮੁਕਾਬਲਾ ਕੀਤਾ ਸੀ। ਉਸ ਸਮੇਂ ਅੱਜ ਵਾਂਗ ਵੱਡੇ ਵੱਡੇ ਸਮਾਗਮ ਵੀ ਨਹੀਂ ਹੁੰਦੇ ਸਨ ਕਿਉਂਕਿ ਉਸ ਸਮੇਂ ਤਾਂ ਸਿੱਖਾਂ ਕੋਲ ਆਪਣੇ ਘਰ ਵੀ ਨਹੀਂ ਸਨ, ਉਨ੍ਹਾਂ ਨੂੰ ਲੁਕ ਛਿਪ ਕੇ ਜੰਗਲਾਂ ਬੇਲਿਆਂ ਵਿੱਚ ਰਹਿਣਾਂ ਪੈਂਦਾ ਸੀ, ਅੱਜ ਵਾਲੇ ਟੀ ਵੀ ਚੈਨਲਾਂ ਜਾਂ ਅਖ਼ਬਾਰਾਂ ਵਰਗੇ ਪ੍ਰਚਾਰ ਸਾਧਨ ਵੀ ਨਹੀਂ ਸਨ, ਪੜ੍ਹਾਈ ਲਿਖਾਈ ਵੀ ਇਤਨੀ ਨਹੀਂ ਸੀ ਜਿਨ੍ਹਾਂ ਰਾਹੀਂ ਸਿੱਖ, ਗੁਰਬਾਣੀ ਦਾ ਪਾਠ, ਕੀਰਤਨ ਤੇ ਪ੍ਰਚਾਰ ਸੁਣ ਸਕਦੇ ਹੋਣ ਜਾਂ ਪੰਥ ਦੀ ਕੋਈ ਖ਼ਬਰ ਹੀ ਸੁਣ ਸਕਦੇ ਹੋਣ ਪਰ ਫਿਰ ਵੀ ਉਨ੍ਹਾਂ ਵਿੱਚ ਗੁਰਬਾਣੀ ਦੀ ਸਿੱਖਿਆ ’ਤੇ ਚੱਲਣ ਦੀ ਦ੍ਰਿੜਤਾ ਅਤੇ ਗੁਰੂ ਨਾਲ ਪਿਆਰ ਇਤਨਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਕਿ ਉਨ੍ਹਾਂ ਵਿੱਚੋਂ ਅਨੇਕਾਂ ਸਿੰਘ ਸਿੰਘਣੀਆਂ ਨੇ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਦਾ ਜ਼ਿਕਰ ਅਸੀਂ ਹਰ ਰੋਜ਼ ਅਰਦਾਸ ਵਿੱਚ ਕਰਦੇ ਹਾਂ ਪਰ ਹੈਰਾਨੀ ਹੈ ਕਿ ਅੱਜ ਸਾਡੇ ਪਾਸ ਵਿਦਿਆ ਵੀ ਬਹੁਤ ਹੈ, ਪ੍ਰਵਾਰਾਂ ਨਾਲ ਰਹਿਣ ਲਈ ਸੁੰਦਰ ਮਕਾਨ ਵੀ ਹਨ, ਹਰ ਸ਼ਹਿਰ ਕਸਬੇ ਤੇ ਪਿੰਡਾਂ ਵਿੱਚ ਬਣੀਆਂ ਪ੍ਰਚਾਰਕ ਜਥੇਬੰਦੀਆਂ ਤੋਂ ਇਲਾਵਾ ਹਜਾਰਾਂ ਹੋਰ ਸਾਧਨ ਹਨ ਫਿਰ ਵੀ ਅਸੀਂ ਸਾਰੇ ਮਿਲ ਕੇ ਨਾ ਹੀ ਸਿੱਖਾਂ ਵਿੱਚ ਪੁਰਾਤਨ ਸਿੱਖਾਂ ਵਰਗੀ ਦ੍ਰਿੜਤਾ ਤੇ ਸਿੱਖੀ ਜ਼ਜਬਾ ਪੈਦਾ ਕਰ ਸਕੇ ਹਾਂ ਅਤੇ ਨਾ ਹੀ ਖ਼ੁਦ ਪੁਰਾਤਨ ਸਿੱਖਾਂ ਦੇ ਪਾਏ ਪੂਰਨਿਆਂ ’ਤੇ ਚੱਲ ਸਕਦੇ ਹਾਂ; ਜਿਸ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਸਾਡੇ ਪ੍ਰਚਾਰ ਢੰਗ ਅਤੇ ਤਾਲ ਮੇਲ ਦੀ ਕਮੀ ਤਾਂ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਕਮੀ ਨੂੰ ਦੂਰ ਕਰਨ ਲਈ ਅਸੀਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਆਓ, ਆਪਾਂ ਸਾਰੇ ਆਪਾ ਪੜਚੋਲੀਏ ਤੇ ਆਪਣੀਆਂ ਆਪਣੀਆਂ ਕਮੀਆਂ ਪੇਸ਼ੀਆਂ ਦੂਰ ਕਰ ਕੇ ਆਪਸੀ ਤਾਲਮੇਲ ਰਾਹੀਂ ਪੰਥਕ ਏਕਤਾ ਵੱਲ ਵਧੀਏ ਤੇ ਸਿੱਖੀ ਕਿਰਦਾਰ ’ਤੇ ਪਹਿਰਾ ਦੇ ਕੇ ਪੁਰਾਤਨ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਦਾ ਮੁੱਲ ਵੱਟਣ ਦਾ ਨਹੀਂ ਬਲਕਿ ਮੁੱਲ ਪਾਉਣ ਦਾ ਯਤਨ ਕਰੀਏ। 

ਸਿੰਘ ਸਾਹਿਬ ਤੋਂ ਪਹਿਲਾਂ ਡਾ: ਮੋਹਿੰਦਰਪਾਲ ਸਿੰਘ ਜੀ ਪ੍ਰਿੰਸੀਪਲ ਗੁਰੂ ਕਾਂਸ਼ੀ ਕਾਲਜ ਦਮਦਮਾ ਸਾਹਿਬ ਦੇ ਨਿਸ਼ਕਾਮ ਕੀਰਤਨੀ ਜਥੇ ਨੇ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਅਤੇ ਡਾ: ਹਰਦੀਪ ਸਿੰਘ ਜੀ ਖਿਆਲੀਵਾਲੇ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੁੱਚੇ ਮੈਂਬਰਾਂ ਦੀਆਂ ਸ਼ਹੀਦੀਆਂ ਦਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਇਤਿਹਾਸ ਸੁਣਾਇਆ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਵਿਸਥਾਰ ਸਹਿਤ ਪ੍ਰਚਾਰ ਸਭਾ ਵੱਲੋਂ ਉਲੀਕੇ ਪ੍ਰੋਗਾਮ ਦੀ ਜਾਣਕਾਰੀ ਦਿੱਤੀ ਅਤੇ ਇਸ ਪ੍ਰਚਾਰ ਪ੍ਰੋਗਰਾਮ ਵਿੱਚ ਭਰਵਾਂ ਸਹਿਯੋਗ ਦੇਣ ਵਾਲੇ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਪ੍ਰਚਾਰ ਸਭਾ ਦੇ ਸੱਦੇ ’ਤੇ ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਮੂਲਤੀਅਤ ਕਰਨ ਲਈ ਪਹੁੰਚੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਨੂੰ ਸਤਿਕਾਰ ਸਹਿਤ ਸਨਮਾਨਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਅਵਤਾਰ ਸਿੰਘ ਜੀ ਨੇ ਸਟੇਜ਼ ਸਕੱਤਰ ਦੀ ਸੇਵਾ ਬਾਖ਼ੂਬੀ ਨਿਭਾਈ।

ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂਆਂ ਨੂੰ ਸੇਧ ਲੈਣ ਦੀ ਲੋੜ:

0

ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂਆਂ ਨੂੰ ਸੇਧ ਲੈਣ ਦੀ ਲੋੜ: ਡਾ. ਹਰਦੀਪ ਸਿੰਘ ਖਿਆਲੀਵਾਲੇ

ਬਠਿੰਡਾ: 10 ਜੁਲਾਈ, (ਕਿਰਪਾਲ ਸਿੰਘ ਬਠਿੰਡਾ): ਬੀਤੀ ਸ਼ਾਮ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਇਤਿਹਾਸਕਾਰਾਂ ਵਿੱਚੋਂ ਕੋਈ ਲਿਖ ਰਿਹਾ ਹੈ ਕਿ ਭਾਈ ਮਨੀ ਸਿੰਘ ਦੇ ਭਰਾ, ਪੁੱਤਰ ਤੇ ਪੋਤਿਆਂ ਸਮੇਤ ਪ੍ਰਵਾਰ ਦੇ  53 ਮੈਂਬਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਕੋਈ 62 ਲਿਖ ਰਿਹਾ ਤੇ ਕੋਈ 72 ਲਿਖ ਰਿਹਾ ਹੈ। ਜਿਸ ਪ੍ਰਵਾਰ ਦੇ ਸ਼ਹੀਦਾਂ ਦੀ ਸਹੀ ਗਿਣਤੀ ਇਤਿਹਾਸਕਾਰ ਵੀ ਨਹੀਂ ਕਰ ਸਕੇ ਉਨ੍ਹਾਂ ਸਾਰਿਆਂ ਦੇ ਨਾਮ ਅਤੇ ਗਿਣਤੀ ਮੇਰੇ ਵਰਗਾ ਮਨੁੱਖ ਤਾਂ ਕੀ ਦੱਸ ਸਕਦਾ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਭਾਈ ਮਨੀ ਸਿੰਘ ਦੇ ਗਿਆਰਾਂ ਭਰਾਵਾਂ ਵਿੱਚੋਂ ਇੱਕ ਛੋਟੀ ਉਮਰ ਵਿੱਚ ਹੀ ਕਿਸੇ ਬਿਮਾਰੀ ਕਾਰਨ ਚੜ੍ਹਾਈ ਕਰ ਗਿਆ ਸੀ ਅਤੇ ਬਾਕੀ 10 ਦੇ 10 ਸ਼ਹੀਦੀ ਪ੍ਰਾਪਤ ਕਰ ਗਏ ਸਨ ਜਿਨ੍ਹਾਂ ਵਿੱਚ ਇੱਕ ਭਾਈ ਦਿਆਲਾ ਜੀ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਦੇ ਸਨਮੁੱਖ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨਾਲ ਸ਼ਹੀਦੀ ਪ੍ਰਾਪਤ ਕੀਤੀ। ਭਰਾਵਾਂ ਤੋਂ ਇਲਾਵਾ 7 ਪੁੱਤਰ, ਜਿਨ੍ਹਾਂ ਵਿੱਚ ਮੁਗਲਾਂ ਵੱਲੋਂ ਸ਼ਰਾਬ ’ਚ ਮਸਤ ਕਰ ਕੇ ਕਿਲਾ ਅਨੰਦਪੁਰ ਦਾ ਦਰਵਾਜ਼ਾ ਤੋੜਨ ਲਈ ਭੇਜੇ ਹਾਥੀ ਨੂੰ ਨਾਗਨੀ ਬਰਛਾ ਮਾਰ ਕੇ ਪੁੱਠਾ ਭਜਾਉਣ ਵਾਲੇ ਭਾਈ ਬਚਿੱਤਰ ਸਿੰਘ ਵੀ ਸ਼ਾਮਲ ਹਨ ਜਿਨ੍ਹਾਂ ਨੇ ਕੋਟਲ ਨਿਹੰਗ ਵਿਖੇ ਮੁਗਲਾਂ ਨਾਲ ਜੂਝਦਿਆਂ ਸ਼ਹੀਦੀ ਪਾਈ। ਭਾਈ ਮਨੀ ਸਿੰਘ ਜੀ ਦੇ ਕਈ ਪੋਤਰਿਆਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੂੰ ਮਿਲਾ ਕੇ ਪ੍ਰਵਾਰ ਦੇ ਕੁਲ ਸ਼ਹੀਦ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 52 ਤੋਂ ਵੱਧ ਤਾਂ ਹੈ ਹੀ। ਆਪਣੇ ਪ੍ਰਵਾਰ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪ੍ਰੰਤ ਉਨ੍ਹਾਂ ਦੇ ਧੜ ਦਾ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਅੱਗ ਲਾ ਕੇ ਦਾਹ ਸਸਕਾਰ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਜੀ ਸਨ ਭਾਵ ਉਨ੍ਹਾਂ ਦੀ ਸਪੁੱਤਰੀ ਬੀਬੀ ਸੀਤੋ ਜੀ ਭਾਈ ਮਨੀ ਸਿੰਘ ਜੀ ਨਾਲ ਵਿਆਹੇ ਹੋਏ ਸਨ। ਡਾ: ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਤੁਹਾਨੂੰ ਇਸ ’ਤੇ ਹੈਰਾਨੀ ਨਹੀਂ ਹੁੰਦੀ ਕਿ ਜਿਸ ਮਹਾਨ ਯੋਧੇ ਨੇ ਬੰਦ ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੋਵੇ, ਜਿਸ ਦੇ ਪ੍ਰਵਾਰ ਦੇ 52 ਤੋਂ ਵੱਧ ਪ੍ਰਵਾਰਕ ਮੈਂਬਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੋਵੇ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਦਿਆਂ ਸਿੱਖ ਸਵੇਰੇ ਸ਼ਾਮ ਦੀ ਅਰਦਾਸ ਵਿੱਚ ਵਾਹਿਗੁਰੂ, ਵਾਹਿਗੁਰੂ ਵੀ ਉਚਾਰਦੇ ਹੋਣ ਉਨ੍ਹਾਂ ਦੀ ਸ਼ਹੀਦੀ ਕਿਸੇ ਵਿਰਲੇ ਨੂੰ ਛੱਡ ਕੇ ਬਾਕੀ ਦੇ ਕਿਸੇ ਸ਼ਹਿਰ/ਪਿੰਡ ਦੇ ਗੁਰਦੁਆਰੇ ਵਿੱਚ ਮਨਾਉਣਾ ਹੀ ਆਪਣੇ ਚੇਤੇ ਵਿੱਚ ਨਾ ਰੱਖਣ।

 ਬਹੁਤਾਤ ਵਿੱਚ ਗੁਰਦੁਆਰਾ ਪ੍ਰਬੰਧਕਾਂ ਦੀ ਆਪਣੇ ਮਹਾਨ ਸ਼ਹੀਦਾਂ ਪ੍ਰਤੀ ਵਿਖਾਈ ਜਾ ਰਹੀ ਉਦਾਸੀਨਤਾ ਦੱਸਦੀ ਹੈ ਕਿ ਪ੍ਰਬੰਧ ਵਿੱਚ ਕਿਤੇ ਨਾ ਕਿਤੇ ਗੜਬੜ ਜਰੂਰ ਹੈ ਜਿਸ ਨੂੰ ਤੁਰੰਤ ਦਰੁਸਤ/ਚੁਸਤ ਕਰਨ ਦੀ ਭਾਰੀ ਲੋੜ ਹੈ। ਉਨ੍ਹਾਂ ਕਿਹਾ ਸ਼ਹੀਦਾਂ ਦੇ ਕੇਵਲ ਸ਼ਹੀਦੀ ਦਿਹਾੜੇ ਮਨਾਉਣੇ ਹੀ ਕਾਫੀ ਨਹੀਂ ਹੁੰਦੇ ਬਲਕਿ ਉਨ੍ਹਾਂ ਦੀ ਸ਼ਹੀਦੀ ਪਿੱਛੇ ਮੁੱਖ ਕਾਰਨਾਂ ਨੂੰ ਸਮਝ ਕੇ ਅੱਜ ਦੇ ਸਿੱਖਾਂ ਖਾਸ ਕਰ ਕੇ ਪ੍ਰਬੰਧਕਾਂ ਅਤੇ ਆਗੂਆਂ ਨੂੰ ਉਸ ਮੰਦੀ ਸੋਚ ਤੋਂ ਸੁਚੇਤ ਰਹਿਣ ਦੀ ਵੀ ਭਾਰੀ ਲੋੜ ਹੈ।

ਭਾਈ ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਭਾਈ ਮਨੀ ਸਿੰਘ ਜੀ ਦੇ ਸਮੇਂ ਮੌਕੇ ਦੀ ਮੁਗਲ ਸਰਕਾਰ ਤੋਂ ਇਜਾਜਤ ਲਏ ਬਿਨਾਂ ਅੱਜ ਵਾਂਗ ਸਿੱਖ ਆਪਣੀ ਮਰਜੀ ਨਾਲ ਗੁਰਦੁਆਰਿਆਂ ਵਿੱਚ ਇਕੱਠੇ ਵੀ ਨਹੀਂ ਹੋ ਸਕਦੇ ਸਨ, ਸਮਾਗਮ ਕਰਨਾਂ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਦੀਵਾਲੀ ਮਨਾਉਣ ਲਈ ਭਾਈ ਮਨੀ ਸਿੰਘ ਜੀ ਨੇ ਮੁਗਲ ਸਰਕਾਰ ਤੋਂ ਇਜਾਜਤ ਮੰਗੀ। ਜ਼ਕਰੀਆ ਖ਼ਾਨ ਨੇ 10 ਹਜਾਰ ਦਮੜੇ ਟੈਕਸ ਵਜੋਂ ਸਰਕਾਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਸ਼ਰਤ ਅਧੀਨ ਇਜਾਜ਼ਤ ਦੇ ਦਿੱਤੀ। ਭਾਈ ਮਨੀ ਸਿੰਘ ਜੀ ਨੇ ਦੀਵਾਲੀ ਪੁਰਬ ’ਤੇ ਸੰਗਤਾਂ ਵੱਲੋਂ ਅਰਪਨ ਕੀਤੀ ਭੇਟਾ ਵਿੱਚੋਂ 10 ਹਜਾਰ ਦਮੜੇ ਸਰਕਾਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਉਣਾ ਮੰਨ ਕੇ ਸਰਬਤ ਖ਼ਾਲਸਾ ਕਰਨ ਦੀ ਇਜਾਜਤ ਲੈ ਲਈ ਤੇ ਸਮੁੱਚੀਆਂ ਸਿੱਖ ਮਿਸਲਾਂ ਤੇ ਹੋਰਨਾਂ ਜਥੇਬੰਦੀਆਂ ਨੂੰ ਦੀਵਾਲੀ ਮੌਕੇ ਕੀਤੇ ਜਾਣ ਵਾਲੇ ਸਰਬਤ ਖ਼ਾਲਸਾ ਵਿੱਚ ਵੱਧ ਤੋਂ ਵੱਧ ਸਿੰਘਾਂ ਨੂੰ ਨਾਲ ਲੈ ਕੇ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ। ਉੱਧਰ ਜ਼ਕਰੀਆ ਖ਼ਾਨ ਨੇ ਇਜਾਜ਼ਤ ਹੀ ਇਸ ਕੂਟਨੀਤੀ ਅਧੀਨ ਦਿੱਤੀ ਸੀ ਕਿ ਜਦ ਸਾਰੇ ਸਿੰਘ ਇੱਕ ਥਾਂ ਇਕੱਠੇ ਹੋ ਗਏ ਤਾਂ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਕੇ ਸਿੱਖਾਂ ਦਾ ਸਮੂਹਿਕ ਕਤਲੇਆਮ ਕਰ ਦਿੱਤਾ ਜਾਵੇਗਾ। ਜਦ ਸਰਕਾਰ ਦੀ ਇਸ ਬਦਨੀਤੀ ਦੀ ਸੂਹ ਭਾਈ ਮਨੀ ਸਿੰਘ ਜੀ ਨੂੰ ਮਿਲੀ ਤਾਂ ਸਿੱਖ ਕੌਮ ਦੇ ਹੋਣ ਵਾਲੇ ਘਾਣ ਨੂੰ ਬਚਾਉਣ ਲਈ ਉਨ੍ਹਾਂ ਤੁਰੰਤ ਮੁੜ ਸੰਦੇਸ਼ੇ ਭੇਜ ਦਿੱਤੇ ਕਿ ਸਰਕਾਰ ਦੀ ਨੀਤੀ ਵਿੱਚ ਖੋਟ ਹੈ ਇਸ ਲਈ ਸਰਬੱਤ ਖ਼ਾਲਸ ਰੱਦ ਕੀਤਾ ਜਾਂਦਾ ਹੈ ਤੇ ਕੋਈ ਵੀ ਸਿੱਖ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਵਿਖੇ ਨਾ ਪਹੁੰਚੇ। ਜਦ ਜ਼ਕਰੀਆ ਖ਼ਾਨ ਨੂੰ ਪਤਾ ਲਗਾ ਕਿ ਉਸ ਦੀ ਨੀਤੀ ਭਾਈ ਮਨੀ ਸਿੰਘ ਨੇ ਫੇਲ੍ਹ ਕਰ ਦਿੱਤੀ ਹੈ ਤਾਂ ਉਨ੍ਹਾਂ ਇਸ ਦੀ ਢੁਕਵੀਂ ਸਜਾ ਭਾਈ ਮਨੀ ਸਿੰਘ ਜੀ ਨੂੰ ਦੇਣ ਦਾ ਫੈਸਲਾ ਕਰ ਲਿਆ ਭਾਵੇਂ ਭਾਈ ਮਨੀ ਸਿੰਘ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਸਨ। ਸੂਬਾ ਲਾਹੌਰ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਉਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰ ਕੇ ਲਾਹੌਰ ਲਿਜਾਇਆ ਗਿਆ ਜਿਥੇ ਉਸ ਉਤੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ ਅਤੇ ਹੁਕਮ ਕੀਤਾ ਕਿ ਜਾਂ ਤਾਂ ਕੀਤੇ ਇਕਰਾਰ ਅਨੁਸਾਰ 10 ਹਜਾਰ ਦਮੜੇ ਸਰਕਾਰੀ ਖ਼ਜਾਨੇ ਵਿੱਚ ਜਮ੍ਹਾ ਕਰਵਾਏ ਜਾਣ, ਜਾਂ ਇਸਲਾਮ ਤਸਲੀਮ ਕਰੇ, ਨਹੀਂ ਤਾਂ ਉਨ੍ਹਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਜਾਵੇਗਾ। ਇਸਲਾਮ ਕਬੂਲ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਭਾਈ ਮਨੀ ਸਿੰਘ ਜੀ ਨੇ ਸਰਕਾਰੀ ਖ਼ਜਾਨੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਤੋਂ ਵੀ ਇਸ ਅਧਾਰ ’ਤੇ ਸਾਫ ਨਾ ਕਰ ਦਿੱਤੀ ਕਿ ਸਰਬੱਤ ਖ਼ਾਲਸਾ ਹੋਣ ਉਪ੍ਰੰਤ ਚੜ੍ਹਾਵੇ ਵਿੱਚੋਂ ਹੀ ਰਕਮ ਅਦਾ ਕਰਨ ਦਾ ਇਕਰਾਰ ਹੋਇਆ ਸੀ ਹੁਣ ਜਦ ਸਰਬੱਤ ਖ਼ਾਲਸਾ ਹੋਇਆ ਹੀ ਨਹੀਂ, ਤਾਂ ਪੈਸੇ ਕਿਸ ਗੱਲ ਦੇ ਜਮ੍ਹਾ ਕਰਵਾਏ ਜਾਣ। ਹਾਲਾਂ ਕਿ ਕਈ ਮਿਸਲਾਂ ਦੇ ਆਗੂਆਂ ਨੇ ਭਾਈ ਮਨੀ ਸਿੰਘ ਕੋਲ ਸੁਨੇਹਾ ਪਹੁੰਚਾਇਆ ਕਿ ਸੰਗਤਾਂ ਮਾਇਆ ਇਕੱਤਰ ਕਰ ਕੇ ਟੈਕਸ ਜਮ੍ਹਾਂ ਕਰਵਾ ਦੇਣਗੀਆਂ ਇਸ ਲਈ ਸ਼ਹੀਦੀ ਪਾਉਣ ਨਾਲੋਂ ਚੰਗਾ ਹੈ ਕਿ ਸਰਕਾਰ ਕੋਲੋਂ ਕੁਝ ਦਿਨਾਂ ਦੀ ਮੋਹਲਤ ਲੈ ਲਵੋ। ਭਾਈ ਮਨੀ ਸਿੰਘ ਜੀ ਨੇ ਸੰਗਤਾਂ ਦੇ ਪੈਸੇ ਨੂੰ ਕੇਵਲ ਆਪਣੀ ਜਾਨ ਬਚਾਉਣ ਲਈ ਵਰਤਣ ਤੋਂ ਕੋਰੀ ਨਾਂਹ ਕਰ ਕੇ ਬੰਦ ਬੰਦ ਕਟਵਾ ਕੇ ਸ਼ਹੀਦੀ ਪਾਉਣ ਨੂੰ ਤਰਜ਼ੀਹ ਦਿੱਤੀ ਪਰ ਅੱਜ ਕੱਲ੍ਹ ਦੇ ਪ੍ਰਬੰਧਕਾਂ ਤੇ ਆਗੂਆਂ ਵੱਲੋਂ ਗੁਰੂ ਕੀ ਗੋਲਕ ਨੂੰ ਆਪਣੇ ਲੁਕਵੇਂ ਸੁਆਰਥ ਪੂਰੇ ਕਰਨ ਲਈ ਕਿਸ ਤਰ੍ਹਾਂ ਦੁਰਵਰਤੋਂ ਕੀਤੀ ਜਾ ਰਹੀ ਹੈ ਇਹ ਕਿਸੇ ਤੋਂ ਲੁਕਵੇਂ ਤੱਥ ਨਹੀਂ ਹਨ।

 ਸੋ, ਲੋੜ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂ ਅਤੇ ਪ੍ਰਬੰਧਕ ਸੇਧ ਲੈਣ।

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 117-121)

0

ਗੁਰਬਾਣੀ ਦਾ ਮੂਲ ਪਾਠ, ਅੰਕ ਨੰਬਰ 117-121

ਮਾਝ, ਮਹਲਾ ੩ ॥

ਸਤਿਗੁਰ (ਦੀ), ਸਾਚੀ ਸਿਖ ਸੁਣਾਈ ॥ ਹਰਿ ਚੇਤਹੁ, ਅੰਤਿ ਹੋਇ ਸਖਾਈ ॥ ਹਰਿ, ਅਗਮੁ (ਅਗੰਮ) ਅਗੋਚਰੁ ਅਨਾਥੁ (ਭਾਵ ਜਿਸ ਦਾ ਕੋਈ ਹੋਰ ਮਾਲਕ ਨਹੀਂ) ਅਜੋਨੀ ; (ਪਰ) ਸਤਿਗੁਰ ਕੈ+ਭਾਇ (ਭਾਵ ਪ੍ਰੇਮ ਰਾਹੀਂ) ਪਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਆਪੁ (ਭਾਵ ਆਪਣੇ ਆਪ ਨੂੰ ਜਾਂ ਅਹੰਕਾਰ) ਨਿਵਾਰਣਿਆ ॥ ਆਪੁ ਗਵਾਏ, ਤਾ (ਤਾਂ) ਹਰਿ ਪਾਏ ; ਹਰਿ ਸਿਉ (ਸਿਉਂ) ਸਹਜਿ (ਰਾਹੀਂ) ਸਮਾਵਣਿਆ ॥੧॥ ਰਹਾਉ ॥ ਪੂਰਬਿ (’ਚ) ਲਿਖਿਆ, ਸੁ ਕਰਮੁ ਕਮਾਇਆ ॥ ਸਤਿਗੁਰੁ ਸੇਵਿ (ਕੇ), ਸਦਾ ਸੁਖੁ ਪਾਇਆ ॥ (ਪਰ) ਬਿਨੁ ਭਾਗਾ (ਭਾਗਾਂ), ਗੁਰੁ ਪਾਈਐ ਨਾਹੀ (ਨਾਹੀਂ) ; (ਗੁਰੂ, ਆਪਣੇ) ਸਬਦੈ (ਨਾਲ਼) ਮੇਲਿ (ਕੇ, ਪ੍ਰਭੂ ਨਾਲ਼) ਮਿਲਾਵਣਿਆ ॥੨॥ ਗੁਰਮੁਖਿ, ਅਲਿਪਤੁ (ਅ+ਲਿਪਤ) ਰਹੈ ਸੰਸਾਰੇ (’ਚ)॥ ਗੁਰ ਕੈ+ਤਕੀਐ (ਭਾਵ ਆਸਰੇ ਨਾਲ਼), ਨਾਮਿ (’ਚ ਲੀਨ ਹੁੰਦਾ, ਜੋ ਜੀਵਨ ਦਾ) ਅਧਾਰੇ ॥ ਗੁਰਮੁਖਿ, ਜੋਰੁ ਕਰੇ ਕਿਆ ਤਿਸ ਨੋ ? (ਇਹ ਤੁਕ ਇਉਂ ਹੈ, ਕੋਈ; ਕਿਆ ਜੋਰੁ (ਧੱਕਾ) ਕਰੇ ‘ਤਿਸ ਗੁਰਮੁਖਿ ਨੋ’ (ਉਸ ਗੁਰੂ ਲਈ)  ? ਆਪੇ ਖਪਿ (ਕੇ) ਦੁਖੁ ਪਾਵਣਿਆ ॥੩॥ ਮਨਮੁਖਿ ਅੰਧੇ, ਸੁਧਿ ਨ ਕਾਈ (ਭਾਵ ਕੋਈ)॥ ਆਤਮ ਘਾਤੀ ਹੈ, ਜਗਤ ਕਸਾਈ ॥ ਨਿੰਦਾ ਕਰਿ+ਕਰਿ (ਕੇ), ਬਹੁ ਭਾਰੁ ਉਠਾਵੈ ; ਬਿਨੁ ਮਜੂਰੀ ਭਾਰੁ ਪਹੁਚਾਵਣਿਆ (ਪਹੁੰਚਾਵਣਿਆ) ॥੪॥ ਇਹੁ (ਇਹ) ਜਗੁ ਵਾੜੀ, ਮੇਰਾ ਪ੍ਰਭੁ ਮਾਲੀ ॥ ਸਦਾ ਸਮਾਲੇ (ਸੰਮ੍ਹਾਲ਼ੇ), ਕੋ ਨਾਹੀ ਖਾਲੀ (ਨਾਹੀਂ ਖ਼ਾਲੀ) ॥ ਜੇਹੀ ਵਾਸਨਾ (ਵਾਸ਼ਨਾ) ਪਾਏ, ਤੇਹੀ ਵਰਤੈ ; ਵਾਸੂ ਵਾਸੁ (ਵਾਸ਼ੂ ਵਾਸ਼ ਭਾਵ ਸੁਗੰਧੀ) ਜਣਾਵਣਿਆ ॥੫॥ ਮਨਮੁਖੁ ਰੋਗੀ ਹੈ ਸੰਸਾਰਾ ॥ ਸੁਖਦਾਤਾ ਵਿਸਰਿਆ, ਅਗਮ (ਅਗੰਮ) ਅਪਾਰਾ ॥ ਦੁਖੀਏ ਨਿਤਿ ਫਿਰਹਿ ਬਿਲਲਾਦੇ (ਫਿਰਹਿਂ ਬਿਲਲਾਂਦੇ) ; ਬਿਨੁ ਗੁਰ, ਸਾਂਤਿ (ਸ਼ਾਂਤਿ) ਨ ਪਾਵਣਿਆ ॥੬॥ ਜਿਨਿ (ਜਿਨ੍ਹ) ਕੀਤੇ, ਸੋਈ ਬਿਧਿ ਜਾਣੈ ॥ (ਜਦ ਮਿਹਰ) ਆਪਿ ਕਰੇ, ਤਾ (ਤਾਂ) ਹੁਕਮਿ (’ਚ ਰਹਿ ਕੇ ਮਨੁੱਖ ਉਸ ਨੂੰ) ਪਛਾਣੈ ॥ ਜੇਹਾ ਅੰਦਰਿ ਪਾਏ, ਤੇਹਾ ਵਰਤੈ ; ਆਪੇ ਬਾਹਰਿ ਪਾਵਣਿਆ (ਭਾਵ ਰੱਬ, ਆਪ ਹੀ ਜੀਵਾਂ ਨੂੰ ਸੰਸਾਰਕ ਪਦਾਰਥਾਂ ਵੱਲ ਪ੍ਰੇਰਦਾ ਹੈ)॥੭॥ ਤਿਸੁ ਬਾਝਹੁ (ਬਾਂਝੋ) ਸਚੇ (ਇਹ ਤੁਕ ਇਉਂ ਹੈ: ਤਿਸੁ ਸਚੇ ਬਾਝਹੁ), ਮੈ (ਭਾਵ ਮੇਰਾ) ਹੋਰੁ ਨ ਕੋਈ ॥ ਜਿਸੁ ਲਾਇ ਲਏ, ਸੋ ਨਿਰਮਲੁ ਹੋਈ ॥ ਨਾਨਕ  ! ਨਾਮੁ ਵਸੈ ਘਟ ਅੰਤਰਿ ; ਜਿਸੁ ਦੇਵੈ, ਸੋ ਪਾਵਣਿਆ ॥੮॥੧੪॥੧੫॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਤੁਕ ਹੈ: ‘‘ਗੁਰਮੁਖਿ, ਅਲਿਪਤੁ ਰਹੈ ਸੰਸਾਰੇ ॥ ਗੁਰ ਕੈ+ਤਕੀਐ, ਨਾਮਿ ਅਧਾਰੇ ॥’’, ਤਮਾਮ ਟੀਕਾਕਾਰਾਂ ਦੇ ਅਰਥ ਵਾਚਣ ਉਪਰੰਤ ਗਿਆਨੀ ਹਰਬੰਸ ਸਿੰਘ ਜੀ ਨੇ ‘ਨਾਮਿ ਅਧਾਰੇ’ ਸੰਯੁਕਤ ਸ਼ਬਦਾਂ ਦੇ ਅਰਥਾਂ ਦਾ ਨਿਰਣੈ ਕੀਤਾ ਹੈ, ‘ਉਹ ਗੁਰ ਨਾਮ ਦੇ ਅਧਾਰ (ਆਸਰੇ) ਵਿੱਚ (ਲੀਨ ਰਹਿੰਦਾ ਹੈ)।’ ਪਰ ਇਹ ਅਰਥ ਲਿਖਤ ਮੁਤਾਬਕ ਗ਼ਲਤ ਹਨ ਕਿਉਂਕਿ ਨਾਮਿ ਦੇ ਅੰਤ ਸਿਹਾਰੀ ਹੈ, ਜੋ ਕਿ ਦੇ (ਸੰਬੰਧਕੀ) ਅਰਥ ਨਹੀਂ ਲੈਣ ਦਿੰਦੀ।

ਕੇਵਲ ਪਾਠੀ ਲਈ ਸ਼ਾਇਦ ਇਹ ਵਿਚਾਰ ਕੋਈ ਮਾਇਨਾ ਨਾ ਰੱਖੇ ਪਰ ਵਿਚਾਰਵਾਨ ਲਈ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਸ ਤੁਕ ’ਚ ‘ਤਕੀਐ’ ਦਾ ਅਰਥ ਵੀ ‘ਆਸਰੇ ਨਾਲ਼’ (ਕਰਨ ਕਾਰਕ) ਬਣਦਾ ਹੈ, ਇਸ ਲਈ ਗਿਆਨੀ ਜੀ ਦੇ ਅਰਥ ਬਣ ਗਏ, ‘ਗੁਰੂ ਦੇ ਆਸਰੇ ਨਾਲ਼ ਨਾਮ ਦੇ ਆਸਰੇ ਵਿੱਚ ਲੀਨ ਹੋ ਗਿਆ।’, ਇਸ ਤਰ੍ਹਾਂ ‘ਗੁਰੂ ਦੇ ਆਸਰੇ ਨਾਲ਼’ ‘ਨਾਮ ਦੇ ਆਸਰੇ ਵਿੱਚ’ ਕੀ ਸਿਧਾਂਤਕ ਅਰਥ ਬਣੇ ?

ਦਰਅਸਲ, ਗੁਰਬਾਣੀ ਕਾਵਿ ਰੂਪ ਹੋਣ ਕਾਰਨ ਕਈ ਸ਼ਬਦਾਂ ਨੂੰ ਮੁੜ-ਮੁੜ ਸ਼ਾਮਲ ਕਰਨ ਲਈ ਕਵੀ ਨੂੰ ਮਜਬੂਰ ਕਰ ਦਿੰਦੀ ਹੈ। ਉਕਤ ਤੁਕ ਕਾਵਿ ਰਹਿਤ ਕੇਵਲ: ‘‘ਗੁਰ ਕੈ+ਤਕੀਐ ਨਾਮਿ॥’’ ਤੱਕ ਸੀਮਤ ਹੋ ਕੇ ਅਰਥ ਦਿੰਦੀ ‘ਗੁਰੂ ਦੇ ਆਸਰੇ ਨਾਲ਼ ਮਨੁੱਖ (ਰੱਬੀ) ਨਾਮ ਵਿੱਚ ਲੀਨ ਹੋ ਜਾਂਦਾ ਹੈ।’, ਪਰ ਇਸ ਤੁਕ ਨਾਲ਼ ਤੁਕਾਂਤ ਮੇਲ਼ ਰੱਖਣ ਵਾਲ਼ੀ ਪਹਿਲੀ ਤੁਕ ‘‘ਗੁਰਮੁਖਿ, ਅਲਿਪਤੁ ਰਹੈ ਸੰਸਾਰੇ ॥’’ ਦੇ ਅੰਤ ’ਚ ‘ਸੰਸਾਰੇ’ ਸ਼ਬਦ ਦਰਜ ਹੋਣ ਕਾਰਨ ਅਗਲੀ ਤੁਕ ‘‘ਗੁਰ ਕੈ+ਤਕੀਐ, ਨਾਮਿ ਅਧਾਰੇ ॥’’ ’ਚ ਵਾਧੂ ‘ਅਧਾਰੇ’ ਸ਼ਬਦ ਸ਼ਾਮਲ ਕਰਨਾ ਪਿਆ, ਵਰਨਾ ‘ਨਾਮ ਅਧਾਰਿ’ ਸ਼ਬਦ ਸਰੂਪ ਵੀ ਹੋ ਸਕਦਾ ਸੀ, ਜੋ ਅਰਥ ਦਿੰਦਾ, ‘ਗੁਰੂ ਦੇ ਆਸਰੇ ਨਾਲ਼ ਅਤੇ ਨਾਮ ਦੇ ਆਸਰੇ ਨਾਲ਼ ਮਨੁੱਖ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ; ਜਿਵੇਂ ਕਿ ਗੁਰਬਾਣੀ ਦੇ ਵਚਨ ਹਨ:

ਸਾਚਿ+ਸਹਜਿ ਸੋਭਾ ਘਣੀ; ਹਰਿ ਗੁਣ ਨਾਮ ਅਧਾਰਿ (‘ਨਾਮ ਦੇ ਆਸਰੇ ਨਾਲ਼’ ਹਰੀ ਗੁਣ ਗਾਏ ਜਾਂਦੇ ਹਨ)॥ (ਮ: ੧/੬੧)

ਜੈਸੇ ਜਨਨਿ ਜਠਰ ਮਹਿ ਪ੍ਰਾਨੀ; ਓਹੁ ਰਹਤਾ ਨਾਮ ਅਧਾਰਿ (ਨਾਮ ਦੇ ਆਸਰੇ ਨਾਲ਼)॥ (ਮ: ੫/੩੭੯)

ਹਰਿ ਜਨਿ (ਨੇ) ਸਿਮਰਿਆ; ਨਾਮ ਅਧਾਰਿ (ਨਾਮ ਦੇ ਆਸਰੇ ਨਾਲ਼)॥ (ਮ: ੫/੬੨੦)

ਨਾਮ ਅਧਾਰਿ (ਨਾਮ ਦੇ ਆਸਰੇ ਨਾਲ਼) ਚਲਾ (ਚੱਲਾਂ); ਗੁਰ ਕੈ ਭੈ+ਭੇਤਿ (ਵਿੱਚ)॥੧॥ ਰਹਾਉ ॥ (ਮ: ੧/੧੨੭੪), ਆਦਿ।

ਸੋ, ‘‘ਗੁਰ ਕੈ+ਤਕੀਐ (ਭਾਵ ਆਸਰੇ ਨਾਲ਼), ਨਾਮਿ (’ਚ ਲੀਨ ਹੁੰਦਾ, ਜੋ ਜੀਵਨ ਦਾ) ਅਧਾਰੇ (ਭਾਵ ਆਸਰਾ ਹੈ)॥ ਅਰਥ ਹੀ ਸਿਧਾਂਤਕ ਤੇ ਲਿਖਤ ਮੁਤਾਬਕ ਸਹੀ ਜਾਪਦੇ ਹਨ।

ਧਿਆਨ ਰਹੇ ਕਿ ਮਨਿ ਦੀ ਅੰਤ ਸਿਹਾਰੀ ਤੇ ਅਧਾਰੇ ਦੀ ਅੰਤ ਲਾਂ ਕਾਰਨ ਦੋਵੇਂ ਸ਼ਬਦਾਰਥਾਂ ਦੀ ਸੰਧੀ ਨਹੀਂ ਹੋ ਸਕਦੀ।)

ਮਾਝ, ਮਹਲਾ ੩ ॥

ਅੰਮ੍ਰਿਤ ਨਾਮੁ, ਮੰਨਿ ਵਸਾਏ ॥ ਹਉਮੈ ਮੇਰਾ, ਸਭੁ ਦੁਖੁ ਗਵਾਏ ॥ ਅੰਮ੍ਰਿਤ ਬਾਣੀ ਸਦਾ ਸਲਾਹੇ; ਅੰਮ੍ਰਿਤਿ (ਰਾਹੀਂ), ਅੰਮ੍ਰਿਤੁ ਪਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥ ਅੰਮ੍ਰਿਤ ਬਾਣੀ, ਮੰਨਿ ਵਸਾਏ ; ਅੰਮ੍ਰਿਤੁ+ਨਾਮੁ ਧਿਆਵਣਿਆ ॥੧॥ ਰਹਾਉ ॥ ਅੰਮ੍ਰਿਤੁ ਬੋਲੈ, ਸਦਾ ਮੁਖਿ (ਤੋਂ) ਵੈਣੀ (ਭਾਵ ਵਚਨਾਂ ਨਾਲ਼, ਧਿਆਨ ਰਹੇ ਕਿ ‘ਵੈਣੀ’ ਬਹੁ ਵਚਨ ਹੈ ਪਰ ‘ਣ’ ਅਨੁਨਾਸਕੀ ਹੋਣ ਕਾਰਨ ਵਾਧੂ ਬਿੰਦੀ ਦੀ ਜ਼ਰੂਰਤ ਨਹੀਂ)॥ ਅੰਮ੍ਰਿਤੁ ਵੇਖੈ, ਪਰਖੈ ਸਦਾ ਨੈਣੀ ॥ ਅੰਮ੍ਰਿਤ ਕਥਾ ਕਹੈ, ਸਦਾ ਦਿਨੁ ਰਾਤੀ ; ਅਵਰਾ (ਅਵਰਾਂ) ਆਖਿ (ਕੇ) ਸੁਨਾਵਣਿਆ ॥੨॥ ਅੰਮ੍ਰਿਤ ਰੰਗਿ (’ਚ) ਰਤਾ (ਰੱਤਾ) ਲਿਵ ਲਾਏ ॥ ਅੰਮ੍ਰਿਤੁ, ਗੁਰ ਪਰਸਾਦੀ ਪਾਏ ॥ ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ; ਮਨਿ+ਤਨਿ (ਰਾਹੀਂ), ਅੰਮ੍ਰਿਤੁ ਪੀਆਵਣਿਆ ॥੩॥ (ਰੱਬ), ਸੋ ਕਿਛੁ ਕਰੈ, ਜੁ ਚਿਤਿ (’ਚ) ਨ ਹੋਈ ॥ ਤਿਸ ਦਾ ਹੁਕਮੁ; ਮੇਟਿ ਨ ਸਕੈ, ਕੋਈ ॥ ਹੁਕਮੇ ਵਰਤੈ, ਅੰਮ੍ਰਿਤ ਬਾਣੀ ; ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥ ਅਜਬ ਕੰਮ, ਕਰਤੇ ਹਰਿ ਕੇਰੇ (ਭਾਵ ਕਰਤਾਰ ਦੇ)॥ ਇਹੁ (ਇਹ) ਮਨੁ ਭੂਲਾ ਜਾਂਦਾ, ਫੇਰੇ (ਭਾਵ ਮੋੜ ਕੇ ਲਿਆ ਸਕਦਾ, ਪਰ ਜੋ) ॥ ਅੰਮ੍ਰਿਤ ਬਾਣੀ ਸਿਉ (ਸਿਉਂ) ਚਿਤੁ ਲਾਏ ; ਅੰਮ੍ਰਿਤ ਸਬਦਿ (ਰਾਹੀਂ, ਅਨੰਦ) ਵਜਾਵਣਿਆ ॥ ੫॥ (ਪਰ), ਖੋਟੇ ਖਰੇ, ਤੁਧੁ ਆਪਿ ਉਪਾਏ ॥ ਤੁਧੁ ਆਪੇ ਪਰਖੇ, ਲੋਕ ਸਬਾਏ ॥ ਖਰੇ ਪਰਖਿ (ਕੇ) ਖਜਾਨੈ ਪਾਇਹਿ (ਖ਼ਜ਼ਾਨੈ ਪਾਇਹਿਂ) ; ਖੋਟੇ ਭਰਮਿ (’ਚ ਪਾ ਕੇ) ਭੁਲਾਵਣਿਆ ॥੬॥ ਕਿਉ ਕਰਿ ਵੇਖਾ (ਕਿਉਂ ਕਰਿ ਵੇਖਾਂ) ? ਕਿਉ ਸਾਲਾਹੀ (ਕਿਉ ਸਾਲਾਹੀਂ, ਭਾਵ ਕਿਵੇਂ ਤੇਰੀ ਸਿਫ਼ਤ ਕਰਾਂ ?)  ? ॥ ਗੁਰ ਪਰਸਾਦੀ, ਸਬਦਿ (ਰਾਹੀਂ) ਸਲਾਹੀ (ਸਲਾਹੀਂ, ਮੈਂ ਸਿਫ਼ਤ ਕਰਾਂ)॥ ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ, ਤੂੰ ਭਾਣੈ (ਰਾਹੀਂ) ਅੰਮ੍ਰਿਤੁ ਪੀਆਵਣਿਆ ॥੭॥ ਅੰਮ੍ਰਿਤ ਸਬਦੁ, ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ+ਸੇਵਿਐ (ਨਾਲ਼), ਰਿਦੈ (’ਚ) ਸਮਾਣੀ ॥ ਨਾਨਕ  ! ਅੰਮ੍ਰਿਤ ਨਾਮੁ ਸਦਾ ਸੁਖਦਾਤਾ ; ਪੀ (ਕੇ) ਅੰਮ੍ਰਿਤੁ ਸਭ ਭੁਖ ਲਹਿ (ਲਹ) ਜਾਵਣਿਆ ॥੮॥ ੧੫॥੧੬॥

(ਨੋਟ: ਗੁਰਬਾਣੀ ’ਚ ‘ਪੀ’ ਸ਼ਬਦ 27 ਵਾਰ ਦਰਜ ਹੈ ਅਤੇ ਹਰ ਜਗ੍ਹਾ ‘ਪੀ ਕੇ’ ਅਰਥ ਦਿੰਦਾ ਹੈ; ਜਿਵੇਂ ਕਿ

ਪੀ (ਕੇ) ਅੰਮ੍ਰਿਤੁ ਸੰਤੋਖਿਆ; ਦਰਗਹਿ ਪੈਧਾ ਜਾਇ ॥ (ਮ: ੧/੬੨)

ਜਿਉ ਬਾਰਿਕੁ; ਪੀ (ਕੇ) ਖੀਰੁ ਅਘਾਵੈ ॥ (ਮ: ੫/੧੦੦)

ਪੀ (ਕੇ) ਅੰਮ੍ਰਿਤੁ; ਇਹੁ ਮਨੁ ਤਨੁ ਧ੍ਰਪੀਐ ॥ (ਮ: ੫/੨੮੬), ਆਦਿ।)

ਮਾਝ, ਮਹਲਾ ੩ ॥

ਅੰਮ੍ਰਿਤੁ ਵਰਸੈ, ਸਹਜਿ ਸੁਭਾਏ ॥ ਗੁਰਮੁਖਿ (ਭਾਵ ਗੁਰੂ ਰਾਹੀਂ), ਵਿਰਲਾ ਕੋਈ ਜਨੁ ਪਾਏ ॥ ਅੰਮ੍ਰਿਤੁ ਪੀ (ਕੇ) ਸਦਾ ਤ੍ਰਿਪਤਾਸੇ ; ਕਰਿ ਕਿਰਪਾ ਤ੍ਰਿਸਨਾ (ਤ੍ਰਿਸ਼ਨਾ) ਬੁਝਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥ ਰਸਨਾ ਰਸੁ ਚਾਖਿ (ਕੇ) ਸਦਾ ਰਹੈ ਰੰਗਿ (’ਚ) ਰਾਤੀ (ਰਾੱਤੀ), ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਗੁਰ ਪਰਸਾਦੀ; ਸਹਜੁ, ਕੋ (ਕੋਈ ਵਿਰਲਾ) ਪਾਏ ॥ ਦੁਬਿਧਾ ਮਾਰੇ, ਇਕਸੁ ਸਿਉ (ਸਿਉਂ) ਲਿਵ ਲਾਏ ॥ ਨਦਰਿ ਕਰੇ ਤਾ (ਤਾਂ) ਹਰਿ ਗੁਣ ਗਾਵੈ ; ਨਦਰੀ ਸਚਿ (’ਚ) ਸਮਾਵਣਿਆ ॥੨॥ ਸਭਨਾ ਉਪਰਿ (ਸਭਨਾਂ ਉੱਪਰ), ਨਦਰਿ ਪ੍ਰਭ  ! ਤੇਰੀ ॥ ਕਿਸੈ (ਉੱਤੇ) ਥੋੜੀ (ਥੋੜ੍ਹੀ), ਕਿਸੈ ਹੈ ਘਣੇਰੀ ॥ ਤੁਝ ਤੇ ਬਾਹਰਿ, ਕਿਛੁ ਨ ਹੋਵੈ ; ਗੁਰਮੁਖਿ ਸੋਝੀ ਪਾਵਣਿਆ ॥੩॥ ਗੁਰਮੁਖਿ (ਨੇ, ਇਹ), ਤਤੁ (ਭਾਵ ਤਤ੍ਵ, ਅਸਲੀਅਤ) ਹੈ ਬੀਚਾਰਾ (ਕਿ)॥ ਅੰਮ੍ਰਿਤਿ (ਨਾਲ਼) ਭਰੇ, ਤੇਰੇ ਭੰਡਾਰਾ ॥ ਬਿਨੁ ਸਤਿਗੁਰ ਸੇਵੇ, ਕੋਈ ਨ ਪਾਵੈ ; ਗੁਰ ਕਿਰਪਾ ਤੇ ਪਾਵਣਿਆ ॥੪॥ ਸਤਿਗੁਰੁ ਸੇਵੈ, ਸੋ ਜਨੁ ਸੋਹੈ ॥ ਅੰਮ੍ਰਿਤ ਨਾਮਿ (ਰਾਹੀਂ), ਅੰਤਰੁ+ਮਨੁ (ਅੰਤਹਿਕਰਣ, ਜ਼ਮੀਰ) ਮੋਹੈ ॥ ਅੰਮ੍ਰਿਤਿ (ਰਾਹੀਂ), ਮਨੁ ਤਨੁ ‘ਬਾਣੀ’ ਰਤਾ (ਰੱਤਾ, ਇੱਥੇ ਬਾਣੀ ਦਾ ਅਰਥ ਬੋਲੀ ਹੈ); ਅੰਮ੍ਰਿਤੁ ਸਹਜਿ (ਰਾਹੀਂ) ਸੁਣਾਵਣਿਆ ॥੫॥ ਮਨਮੁਖੁ ਭੂਲਾ, ਦੂਜੈ+ਭਾਇ (ਨਾਲ਼ ਭਾਵ ਕਾਰਨ) ਖੁਆਏ ॥ ਨਾਮੁ ਨ ਲੇਵੈ; ਮਰੈ, ਬਿਖੁ ਖਾਏ (‘ਖਾਇ’ ਭਾਵ ਖਾ ਕੇ)॥ ਅਨਦਿਨੁ ਸਦਾ ਵਿਸਟਾ (ਵਿਸ਼ਟਾ) ਮਹਿ ਵਾਸਾ; ਬਿਨੁ ਸੇਵਾ, ਜਨਮੁ ਗਵਾਵਣਿਆ ॥੬॥ ਅੰਮ੍ਰਿਤੁ ਪੀਵੈ, ਜਿਸ ਨੋ ਆਪਿ ਪੀਆਏ ॥ ਗੁਰ ਪਰਸਾਦੀ, ਸਹਜਿ (’ਚ) ਲਿਵ ਲਾਏ ॥ ਪੂਰਨ ਪੂਰਿ ਰਹਿਆ, ਸਭ ਆਪੇ (ਆਪ ਹੀ, ਪਰ); ਗੁਰਮਤਿ ਨਦਰੀ ਆਵਣਿਆ ॥੭॥ ਆਪੇ ਆਪਿ, ਨਿਰੰਜਨੁ ਸੋਈ ॥ ਜਿਨਿ (ਜਿਨ੍ਹ) ਸਿਰਜੀ, ਤਿਨਿ (ਤਿਨ੍ਹ) ਆਪੇ ਗੋਈ (ਭਾਵ ਮਾਰੀ)॥ ਨਾਨਕ  ! ਨਾਮੁ ਸਮਾਲਿ (ਸੰਮ੍ਹਾਲ਼) ਸਦਾ ਤੂੰ ; ਸਹਜੇ ਸਚਿ (’ਚ) ਸਮਾਵਣਿਆ ॥੮॥੧੬॥੧੭॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁਕ ‘‘ਸਭਨਾ ਉਪਰਿ, ਨਦਰਿ ਪ੍ਰਭ  ! ਤੇਰੀ ॥ ਕਿਸੈ (ਉੱਤੇ) ਥੋੜੀ, ਕਿਸੈ ਹੈ ਘਣੇਰੀ ॥’’ ਰਾਹੀਂ ਸਪੱਸ਼ਟ ਹੈ ਕਿ ਮਨਮੁਖ ਉੱਤੇ ਵੀ ਰੱਬੀ ਮਿਹਰ ਹੈ, ਜਿਸ ਕਾਰਨ ਉਹ ਦਾਤਾਂ ਪ੍ਰਾਪਤ ਕਰਦਾ ਹੈ ਪਰ ਉਸ ਨੂੰ ਇਸ ਦਾ ਅਹਿਸਾਸ ਨਾ ਹੋਣ ਕਾਰਨ ਰੱਬੀ ਡਰ ਮੁਕਤ ਜੀਵਨ ਭੋਗਦਾ ਹੋਇਆ ਗੁਰਮੁਖ ਸਮਝ ਮੁਤਾਬਕ ਗ਼ਲਤ ਕੰਮ ਕਰਦਾ ਹੈ। ਕਰਤਾਰ ਦੇ ਨਿਯਮ ਵਿੱਚ ਅਜਿਹੀ ਮਨਮੁਖੀ ਸੋਚ ਨਾਲ਼ ਸੰਘਰਸ਼ ਹੀ ਗੁਰਮਤਿ ਅਨੁਸਾਰ ਮੀਰੀ ਹੈ ਜਦੋਂ ਕਿ ਰੱਬੀ ਨਜ਼ਰ ’ਚ ‘ਮਨਮੁਖ’ ਤੇ ‘ਗੁਰਮਖ’ ਦਾ ਸੰਘਰਸ਼ ਇੱਕ ਖੇਡ ਹੈ, ਇਸ ਲਈ ਗੁਰਮੁਖ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਕਰੇ ਪਰ ਮਨ ’ਚ ਉਸ ਪ੍ਰਤੀ ਨਫ਼ਰਤ ਨਾ ਪਾਲੇ, ਨਹੀਂ ਤਾਂ ਇਸ ਨਫ਼ਰਤ ਨਾਲ਼ ਇੱਕ ਪਾਸੇ ਖ਼ੁਦ ਨੂੰ ਨੁਕਸਾਨ ਹੁੰਦਾ ਹੈ ਅਤੇ ਦੂਜਾ ਕਰਤਾਰ ਦੀ ਕੁਦਰਤ ਪ੍ਰਤੀ ਮਨ ’ਚ ਰੋਸ (ਨਰਾਜ਼ਗੀ) ਉਪਜਣਾ ਸ਼ੁਰੂ ਹੋ ਜਾਂਦਾ ਹੈ।)

ਮਾਝ, ਮਹਲਾ ੩ ॥

ਸੇ ਸਚਿ (’ਚ) ਲਾਗੇ, ਜੋ ਤੁਧੁ ਭਾਏ (ਭਾਵ ਚੰਗੇ ਲੱਗੇ)॥ ਸਦਾ ਸਚੁ ਸੇਵਹਿ (ਸੇਵਹਿਂ), ਸਹਜ ਸੁਭਾਏ (ਨੋਟ: ਇੱਥੇ ਸ਼ਬਦ ‘ਸਹਜਿ ਸੁਭਾਏ’ ਚਾਹੀਏ)॥ ਸਚੈ+ਸਬਦਿ (ਰਾਹੀਂ), ਸਚਾ ਸਾਲਾਹੀ (ਸਾਲਾਹੀਂ) ; ਸਚੈ+ਮੇਲਿ (’ਚ) ਮਿਲਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ; ਸਚੁ ਸਾਲਾਹਣਿਆ (‘ਸਾ’ ਦਾ ਕੰਨਾ ਉਚਾਰਨਾ ਜ਼ਰੂਰੀ)॥ ਸਚੁ ਧਿਆਇਨਿ (ਧਿਆਇਨ੍), ਸੇ ਸਚਿ ਰਾਤੇ (ਰਾੱਤੇ), ਸਚੇ ਸਚਿ ਸਮਾਵਣਿਆ ॥੧॥ ਰਹਾਉ ॥ ਜਹ ਦੇਖਾ (ਜ੍ਹਾਂ ਦੇਖਾਂ), ਸਚੁ ਸਭਨੀ ਥਾਈ (ਸਭਨੀਂ ਥਾਈਂ, ਪਰ)॥ ਗੁਰ ਪਰਸਾਦੀ ਮੰਨਿ (’ਚ) ਵਸਾਈ (ਵਸਾਈਂ, ਵਸਾਉਂਦਾ ਹਾਂ)॥ ਤਨੁ ਸਚਾ, ਰਸਨਾ ਸਚਿ (’ਚ) ਰਾਤੀ (ਰਾੱਤੀ) ; ਸਚੁ ਸੁਣਿ (ਕੇ) ਆਖਿ (ਕੇ) ਵਖਾਨਣਿਆ ॥੨॥ ਮਨਸਾ (ਮਨਸ਼ਾ) ਮਾਰਿ (ਕੇ), ਸਚਿ ਸਮਾਣੀ ॥ ਇਨਿ+ਮਨਿ (ਇਨ੍ਹ ਭਾਵ ਇਸ ਮਨ ਨੇ) ਡੀਠੀ ; ਸਭ ਆਵਣ ਜਾਣੀ ॥ ਸਤਿਗੁਰੁ ਸੇਵੇ, ਸਦਾ ਮਨੁ ਨਿਹਚਲੁ; ਨਿਜ ਘਰਿ ਵਾਸਾ ਪਾਵਣਿਆ ॥੩॥ ਗੁਰ ਕੈ+ਸਬਦਿ (ਨਾਲ਼), ਰਿਦੈ (’ਚ) ਦਿਖਾਇਆ ॥ ਮਾਇਆ ਮੋਹੁ (ਮੋਹ), ਸਬਦਿ (ਨਾਲ਼) ਜਲਾਇਆ (ਜਲ਼ਾਇਆ) ॥ ਸਚੋ ਸਚਾ ਵੇਖਿ (ਕੇ) ਸਾਲਾਹੀ (ਸਾਲਾਹੀਂ, ਯਾਦ ਕਰਦਾ ਹਾਂ) ; ਗੁਰ ਸਬਦੀ ਸਚੁ ਪਾਵਣਿਆ ॥੪॥ ਜੋ ਸਚਿ ਰਾਤੇ (ਰਾੱਤੇ), ਤਿਨ (ਤਿਨ੍ਹ) ਸਚੀ ਲਿਵ ਲਾਗੀ ॥ ਹਰਿ ਨਾਮੁ ਸਮਾਲਹਿ (ਸੰਮ੍ਹਾਲ਼ੈਂ), ਸੇ ਵਡਭਾਗੀ ॥ ਸਚੈ+ਸਬਦਿ (’ਚ) ਆਪਿ ਮਿਲਾਏ ; ਸਤਸੰਗਤਿ ਸਚੁ ਗੁਣ ਗਾਵਣਿਆ ॥੫॥ ਲੇਖਾ ਪੜੀਐ (ਪੜ੍ਹੀਐ), ਜੇ ‘ਲੇਖੇ ਵਿਚਿ’ ਹੋਵੈ ॥ ਓਹੁ ਅਗਮੁ (ਓਹ ਅਗੰਮ) ਅਗੋਚਰੁ, ਸਬਦਿ (ਰਾਹੀਂ) ਸੁਧਿ ਹੋਵੈ ॥ ਅਨਦਿਨੁ ‘ਸਚ’ (ਸਚਿ+) ਸਬਦਿ (ਨਾਲ਼) ਸਾਲਾਹੀ (ਸਾਲਾਹੀਂ) ; ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥ ਪੜਿ ਪੜਿ (ਪੜ੍ਹ-ਪੜ੍ਹ) ਥਾਕੇ, ਸਾਂਤਿ (ਸ਼ਾਂਤਿ) ਨ ਆਈ ॥ ਤ੍ਰਿਸਨਾ ਜਾਲੇ (ਤ੍ਰਿਸ਼ਨਾ ਜਾਲ਼ੇ), ਸੁਧਿ ਨ ਕਾਈ (ਭਾਵ ਕੋਈ)॥ ਬਿਖੁ ਬਿਹਾਝਹਿ (ਬਿਹਾਝੈਂ), ਬਿਖੁ ਮੋਹ ਪਿਆਸੇ, ਕੂੜੁ ਬੋਲਿ (ਕੇ) ਬਿਖੁ ਖਾਵਣਿਆ ॥੭॥ ਗੁਰ ਪਰਸਾਦੀ, ਏਕੋ ਜਾਣਾ ॥ ਦੂਜਾ ਮਾਰਿ (ਕੇ); ਮਨੁ, ਸਚਿ (’ਚ) ਸਮਾਣਾ ॥ ਨਾਨਕ  ! ਏਕੋ ਨਾਮੁ ਵਰਤੈ ਮਨ ਅੰਤਰਿ ; ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥

(ਨੋਟ: (ੳ). ਗੁਰਬਾਣੀ ਵਿੱਚ ਲੇਖੈ ਸ਼ਬਦ 54 ਵਾਰ ਦਰਜ ਹੈ, ਜਿਸ ਦਾ ਅਰਥ ਹੈ: ਲੇਖੇ ਵਿੱਚ; ਜਿਵੇਂ ਕਿ

ਲੇਖਾ ਹੋਇ ਤ ਲਿਖੀਐ; ਲੇਖੈ (ਵਿੱਚ) ਹੋਇ ਵਿਣਾਸੁ ॥ (ਜਪੁ)

ਜਾ ਪਤਿ ਲੇਖੈ (ਵਿੱਚ) ਨਾ ਪਵੈ; ਸਭਾ ਪੂਜ ਖੁਆਰੁ ॥ (ਮ: ੧/੧੭), ਆਦਿ, ਪਰ ਉਕਤ ਸ਼ਬਦ ਦੇ 6ਵੇਂ ਬੰਦ ਦੀ ਤੁਕ, ਲੇਖਾ ਪੜੀਐ (ਪੜ੍ਹੀਐ), ਜੇ ਲੇਖੇ ਵਿਚਿ ਹੋਵੈ ॥ ’ਚ ਲੇਖੈ ਤੋਂ ਲੇਖੇ ਸਰੂਪ ਬਣਨ ਦਾ ਕਾਰਨ ਸੰਬੰਧਕੀ ਸ਼ਬਦ (ਵਿਚਿ) ਦਾ ਲੁਪਤ ਨਾ ਹੋ ਕੇ ਪ੍ਰਗਟ ਰੂਪ ’ਚ ਹੋਣਾ ਹੈ, ਜੋ ਗੁਰਬਾਣੀ ਵਿੱਚ ਕੇਵਲ ਦੋ ਵਾਰ ਹੀ ਦਰਜ ਹੈ, ਇਸ ਤੁਕ ਤੋਂ ਇਲਾਵਾ ਇੱਕ ਵਾਰ ਹੋਰ ਇਉਂ ਦਰਜ ਹੈ, ਸਭੁ ਕੋ ਲੇਖੇ ਵਿਚਿ ਹੈ; ਮਨਮੁਖੁ ਅਹੰਕਾਰੀ ॥ (ਮ: ੪/੧੨੪੭)

(ਅ). ਗੁਰਬਾਣੀ ਵਿੱਚ ਸਚੈ+ਸਬਦਿ (75 ਵਾਰ), ਸਾਚੈ+ਸਬਦਿ (27 ਵਾਰ), ਸਚੈ+ਨਾਮਿ (15 ਵਾਰ), ਸਾਚੈ+ਨਾਮਿ (5 ਵਾਰ) ਦਰਜ ਹੈ, ਜੋ ਕਿ ਗੁਰਬਾਣੀ ਲਿਖਤ ਮੁਤਾਬਕ ਬਿਲਕੁਲ ਦਰੁਸਤ ਸੰਧੀ ਕੀਤੀ ਗਈ ਹੈ, ਪਰ ਉਕਤ ਸ਼ਬਦ ਦੇ 6ਵੇਂ ਬੰਦ ਦੀ ਤੁਕ ‘‘ਅਨਦਿਨੁ ਸਚ ਸਬਦਿ (ਨਾਲ਼) ਸਾਲਾਹੀ (ਸਾਲਾਹੀਂ) ; ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥’’ ’ਚ ਦਰਜ ‘ਸਚ ਸਬਦਿ’ ਦੇ ਅਰਥ ਟੀਕਾਕਾਰਾਂ ਨੇ ‘ਸੱਚ ਦੇ ਸਬਦ ਵਿੱਚ’ ਭਾਵ ‘ਅਕਾਲ ਪੁਰਖ ਦੀ ਸਿਫ਼ਤ ਸਾਲਾਹ ਵਿੱਚ’ ਮਜਬੂਰਨ ਕੀਤੇ ਗਏ ਜਾਪਦੇ ਹਨ।

ਦਰਅਸਲ, ਹੇਠਲੀਆਂ 6 ਤੁਕਾਂ ’ਚੋਂ 3 ’ਚ ਸਚ ਸਬਦਿ ਦੀ ਸੰਧੀ ਅਤੇ 3 ’ਚ ਸਚ ਨਾਮਿ ਦੀ ਸੰਧੀ (ਲਿਖਤ) ਨੂੰ ਪੁਰਾਤਨ ਹੱਥ ਲਿਖਤ ਬੀੜਾਂ ’ਚੋਂ ਹੋਰ ਖੋਜ ਕਰਨ ਦੀ ਲੋੜ ਹੈ:

ਅਨਦਿਨੁ ਸਚ ਸਬਦਿ ਸਾਲਾਹੀ; ਹੋਰੁ ਕੋਇ ਨ ਕੀਮਤਿ ਪਾਵਣਿਆ ॥ (ਮ: ੩/੧੨੦) (ਸਚ+ਸਬਦਿ, ਦੀ ਸੰਧੀ ਅਢੁੱਕਵੀਂ ਹੈ)

ਸੇਵਕੁ ਸੇਵਾ ਤਾਂ ਕਰੇ; ਸਚ ਸਬਦਿ ਪਤੀਣਾ ॥ (ਮ: ੧/੭੬੭)

ਸਚਾ ਸੇਵਿ ਸਬਦਿ ਸਚ ਰਾਤੇ; ਹਉਮੈ ਸਬਦੇ ਖੋਈ ਹੇ ॥ (ਮ: ੩/੧੦੪੫)

ਸਚ ਨਾਮਿ ਪਤਿ ਊਪਜੈ; ਕਰਮਿ ਨਾਮੁ ਕਰਤਾਰੁ ॥ (ਮ: ੧/੩੫੮) (ਸਚ+ਨਾਮਿ, ਦੀ ਸੰਧੀ ਅਢੁੱਕਵੀਂ ਹੈ)

ਨਾਨਕ ਕੀ ਅਰਦਾਸਿ ਹੈ; ਸਚ ਨਾਮਿ ਸੁਹੇਲਾ ॥ (ਮ: ੧/੪੨੧)

ਗੁਰ ਕੈ ਸਬਦਿ; ਸਚ ਨਾਮਿ ਸਮਾਇ ॥੧॥ ਰਹਾਉ ॥ ਮ: ੩/੧੧੭੬)

ਮਾਝ, ਮਹਲਾ ੩ ॥

ਵਰਨ ਰੂਪ (ਭਾਵ ਰੰਗ-ਰੂਪ), ਵਰਤਹਿ (ਵਰਤਹਿਂ) ਸਭ ਤੇਰੇ ॥ ਮਰਿ+ਮਰਿ (ਕੇ) ਜੰਮਹਿ (ਜੰਮੈਂ), ਫੇਰ ਪਵਹਿ (ਪਵਹਿਂ) ਘਣੇਰੇ (ਨੋਟ: ਇੱਥੇ ‘ਫੇਰ’ ਦਾ ਅਰਥ ਆਵਾਗਮਣ ਹੈ) ॥ ਤੂੰ ਏਕੋ ਨਿਹਚਲੁ, ਅਗਮ (ਅਗੰਮ) ਅਪਾਰਾ ; ਗੁਰਮਤੀ, ਬੂਝ ਬੁਝਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ; ਰਾਮ (ਦੇ) ਨਾਮੁ (ਨੂੰ) ਮੰਨਿ (’ਚ) ਵਸਾਵਣਿਆ ॥ ਤਿਸੁ (ਦਾ, ਚੇਤੇ ਰਹੇ ਕਿ ਲੁਪਤ ਸੰਬੰਧਕੀ ‘ਦਾ, ਦੇ, ਦੀ’ ਪੜਨਾਂਵ ਨੂੰ ਅੰਤ ਮੁਕਤ ਨਹੀਂ ਕਰਦਾ), ਰੂਪੁ ਨ ਰੇਖਿਆ, ਵਰਨੁ ਨ ਕੋਈ ; ਗੁਰਮਤੀ, ਆਪਿ ਬੁਝਾਵਣਿਆ ॥੧॥ ਰਹਾਉ ॥ ਸਭ ਏਕਾ ਜੋਤਿ, ਜਾਣੈ ਜੇ ਕੋਈ ॥ ਸਤਿਗੁਰੁ (ਨੂੰ) ਸੇਵਿਐ (ਨਾਲ਼), ਪਰਗਟੁ ਹੋਈ ॥ ਗੁਪਤੁ+ਪਰਗਟੁ ਵਰਤੈ ਸਭ ਥਾਈ (ਥਾਈਂ); ਜੋਤੀ ਜੋਤਿ ਮਿਲਾਵਣਿਆ ॥੨॥ ਤਿਸਨਾ (ਤਿਸ਼ਨਾ) ਅਗਨਿ, ਜਲੈ (ਜਲ਼ੈ) ਸੰਸਾਰਾ ॥ ਲੋਭੁ+ਅਭਿਮਾਨੁ ਬਹੁਤੁ ਅਹੰਕਾਰਾ ॥ ਮਰਿ+ਮਰਿ (ਕੇ) ਜਨਮੈ, ਪਤਿ ਗਵਾਏ ; ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥ ਗੁਰ ਕਾ ਸਬਦੁ, ਕੋ ਵਿਰਲਾ ਬੂਝੈ ॥ ਆਪੁ (ਭਾਵ ਅਹੰਕਾਰ) ਮਾਰੇ, ਤਾ (ਤਾਂ) ਤ੍ਰਿਭਵਣੁ ਸੂਝੈ ॥ ਫਿਰਿ ਓਹੁ (ਓਹ) ਮਰੈ ਨ ਮਰਣਾ ਹੋਵੈ ; ਸਹਜੇ ਸਚਿ ਸਮਾਵਣਿਆ ॥੪॥ ਮਾਇਆ ਮਹਿ, ਫਿਰਿ ਚਿਤੁ ਨ ਲਾਏ ॥ ਗੁਰ ਕੈ+ਸਬਦਿ (’ਚ), ਸਦ ਰਹੈ ਸਮਾਏ ॥ ਸਚੁ ਸਲਾਹੇ, (ਜੋ) ਸਭ ਘਟ ਅੰਤਰਿ; ਸਚੋ ਸਚੁ ਸੁਹਾਵਣਿਆ ॥੫॥ ਸਚੁ ਸਾਲਾਹੀ (ਸਾਲਾਹੀਂ), ਸਦਾ ਹਜੂਰੇ ॥ ਗੁਰ ਕੈ+ਸਬਦਿ (ਰਾਹੀਂ, ਵਿਖਾਈ ਦਿੰਦਾ), ਰਹਿਆ ਭਰਪੂਰੇ ॥ ਗੁਰ ਪਰਸਾਦੀ, ਸਚੁ ਨਦਰੀ ਆਵੈ ; ਸਚੇ ਹੀ ਸੁਖੁ ਪਾਵਣਿਆ ॥੬॥ ਸਚੁ; ਮਨ ਅੰਦਰਿ, ਰਹਿਆ ਸਮਾਇ ॥ ਸਦਾ ਸਚੁ ਨਿਹਚਲੁ; ਆਵੈ ਨ ਜਾਇ ॥ ਸਚੇ ਲਾਗੈ, ਸੋ ਮਨੁ ਨਿਰਮਲੁ ; ਗੁਰਮਤੀ ਸਚਿ (’ਚ) ਸਮਾਵਣਿਆ ॥੭॥ ਸਚੁ ਸਾਲਾਹੀ (ਸਾਲਾਹੀਂ), ਅਵਰੁ ਨ ਕੋਈ ॥ ਜਿਤੁ+ਸੇਵਿਐ (ਨਾਲ਼), ਸਦਾ ਸੁਖੁ ਹੋਈ ॥ ਨਾਨਕ  ! ਨਾਮਿ ਰਤੇ (ਰੱਤੇ) ਵੀਚਾਰੀ (ਭਾਵ ਵਿਚਾਰਵਾਨ), ਸਚੋ ਸਚੁ ਕਮਾਵਣਿਆ ॥੮॥੧੮॥੧੯॥

(ਨੋਟ: ਉਕਤ ਸ਼ਬਦ ਦੀ ਅੰਤਿਮ ਤੁਕ ‘ਜਿਤੁ+ਸੇਵਿਐ’ (ਨਾਲ਼), ਸਦਾ ਸੁਖੁ ਹੋਈ ॥ ’ਚ ਜਿਤੁ+ਸੇਵਿਐ ਦੀ ਸੰਧੀ ਕਿਵੇਂ ਹੋਈ ਜਦੋਂ ਕਿ ਜਿਤੁ ਨੂੰ ਅੰਤ ਔਂਕੜ ਤੇ ਸੇਵਿਐ ਨੂੰ ਅੰਤ ਦੁਲਾਵਾਂ ਹਨ ? ਇਨ੍ਹਾਂ ਦੀ ਸੰਧੀ ਹੋਣ ਉਪਰੰਤ ਅਰਥ ਬਣ ਗਏ ‘ਜਿਸ ਨੂੰ ਸੇਵਨ ਨਾਲ਼ ਜਾਂ ਸਿਮਰਨ ਨਾਲ਼’ (ਕਰਣ ਕਾਰਕ) ਭਾਵ ਜਿਤੁ (ਪੜਨਾਂਵ) ਅਤੇ ਸੇਵਿਐ (ਕਿਰਦੰਤ) ਕਰਣ ਕਾਰਕ ਸ਼ਬਦ ਹਨ।

ਦਰਅਸਲ ਗੁਰਬਾਣੀ ’ਚ ‘ਜਿਤੁ’ (369 ਵਾਰ), ‘ਤਿਤੁ’ (138 ਵਾਰ), ‘ਉਤੁ’ (1 ਵਾਰ), ‘ਏਤੁ’ (16 ਵਾਰ), ‘ਇਤੁ’ (33 ਵਾਰ), ‘ਕਿਤੁ’ (63 ਵਾਰ) ਭਾਵ ਅੰਤ ‘ਤੁ’ ਵਾਲ਼ਾ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ ਕਾਰਕੀ ਹੁੰਦਾ ਹੈ, ਜਿਸ ਤੋਂ ‘ਵਿੱਚ, ਨਾਲ਼, ਰਾਹੀਂ, ਦੁਆਰਾ’, ਆਦਿ ਅਰਥ ਮਿਲਦੇ ਹਨ, ਇਸ ਲਈ ਇਨ੍ਹਾਂ ਦੀ ਸੰਧੀ ਅੰਤ ਦੁਲਾਵਾਂ ਜਾਂ ਅੰਤ ਸਿਹਾਰੀ ਵਾਲ਼ੇ ‘ਨਾਂਵ ਜਾਂ ਕਿਰਦੰਤਾਂ’ ਨਾਲ਼ ਹੋ ਸਕਦੀ ਹੈ; ਜਿਵੇਂ ਕਿ

ਫੇਰਿ, ਕਿ ਅਗੈ ਰਖੀਐ ? ਜਿਤੁ (ਜਿਸ ਰਾਹੀਂ) ਦਿਸੈ ਦਰਬਾਰੁ ॥ (ਜਪੁ)

ਭਾਂਡਾ ਭਾਉ, ਅੰਮ੍ਰਿਤੁ ਤਿਤੁ (ਉਸ ਵਿੱਚ) ਢਾਲਿ ॥ (ਜਪੁ)

ਉਤੁ+ਭੂਖੈ (ਉਸ ਭੁੱਖ ਨਾਲ਼) ਖਾਇ ਚਲੀਅਹਿ ਦੂਖ ॥੧॥ (ਸੋ ਦਰੁ ਆਸਾ/ਮ: ੧/੯)

ਏਤੁ+ਰਾਹਿ (ਇਸ ਰਾਹ ’ਚ) ਪਤਿ ਪਵੜੀਆ; ਚੜੀਐ ਹੋਇ ਇਕੀਸ ॥ (ਜਪੁ)

ਇਤੁ+ਰੰਗਿ (ਇਸ ਰੰਗ ਵਿੱਚ) ਨਾਚਹੁ; ਰਖਿ ਰਖਿ ਪਾਉ ॥ (ਮ: ੧/੩੫੦)

ਸਤਿਗੁਰੁ ਜਿਨੀ ਨ ਸੇਵਿਓ; ਸੇ ਕਿਤੁ ਆਏ ਸੰਸਾਰਿ (ਕਿਤੁ+ਸੰਸਾਰਿ’ ਕਿਉਂ ਸੰਸਾਰ ਵਿੱਚ, ਆਏ) ॥ (ਮ: ੩/੬੯), ਆਦਿ।)

ਮਾਝ, ਮਹਲਾ ੩ ॥

ਨਿਰਮਲ ਸਬਦੁ, ਨਿਰਮਲ ਹੈ ਬਾਣੀ ॥ ਨਿਰਮਲ ਜੋਤਿ, ਸਭ ਮਾਹਿ (ਮਾਹਿਂ) ਸਮਾਣੀ ॥ ਨਿਰਮਲ ਬਾਣੀ, ਹਰਿ ਸਾਲਾਹੀ (ਸਾਲਾਹੀਂ, ਸਲਾਹੁੰਦਾ ਹਾਂ) ; ਜਪਿ (ਕੇ) ਹਰਿ ਨਿਰਮਲੁ, ਮੈਲੁ (ਮੈਲ਼) ਗਵਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ, ਸੁਖਦਾਤਾ ਮੰਨਿ (’ਚ) ਵਸਾਵਣਿਆ ॥ ਹਰਿ ਨਿਰਮਲੁ, ਗੁਰ ਸਬਦਿ ਸਲਾਹੀ (ਸਲਾਹੀਂ) ; ਸਬਦੋ ਸੁਣਿ (ਕੇ) ਤਿਸਾ (ਤਿਸ਼ਾ, ਤ੍ਰਿਸ਼ਨਾ) ਮਿਟਾਵਣਿਆ ॥੧॥ ਰਹਾਉ ॥ ਨਿਰਮਲ ਨਾਮੁ, ਵਸਿਆ ਮਨਿ ਆਏ ॥ ਮਨੁ+ਤਨੁ ਨਿਰਮਲੁ, ਮਾਇਆ ਮੋਹੁ (ਮੋਹ) ਗਵਾਏ ॥ ਨਿਰਮਲ ਗੁਣ ਗਾਵੈ, ਨਿਤ ਸਾਚੇ ਕੇ ; ਨਿਰਮਲ ਨਾਦੁ ਵਜਾਵਣਿਆ ॥੨॥ ਨਿਰਮਲ ਅੰਮ੍ਰਿਤੁ, ਗੁਰ ਤੇ ਪਾਇਆ ॥ ਵਿਚਹੁ (ਵਿੱਚੋਂ) ਆਪੁ ਮੁਆ; ਤਿਥੈ (ਉਸ ਹਿਰਦੇ ’ਚ), ਮੋਹੁ (ਮੋਹ) ਨ ਮਾਇਆ ॥ ਨਿਰਮਲ ਗਿਆਨੁ, ਧਿਆਨੁ ਅਤਿ ਨਿਰਮਲੁ; ਨਿਰਮਲ ਬਾਣੀ ਮੰਨਿ (’ਚ) ਵਸਾਵਣਿਆ ॥੩॥ ਜੋ ਨਿਰਮਲੁ ਸੇਵੇ, ਸੁ ਨਿਰਮਲੁ ਹੋਵੈ ॥ ਹਉਮੈ ਮੈਲੁ (ਮੈਲ਼), ਗੁਰ ਸਬਦੇ ਧੋਵੈ ॥ ਨਿਰਮਲ ਵਾਜੈ, ਅਨਹਦ ਧੁਨਿ ਬਾਣੀ ; ਦਰਿ+ਸਚੈ (’ਤੇ) ਸੋਭਾ (ਸ਼ੋਭਾ) ਪਾਵਣਿਆ ॥੪॥ ਨਿਰਮਲ ਤੇ ਸਭ ਨਿਰਮਲ ਹੋਵੈ ॥ ਨਿਰਮਲੁ ਮਨੂਆ, ਹਰਿ ਸਬਦਿ (’ਚ) ਪਰੋਵੈ ॥ ਨਿਰਮਲ ਨਾਮਿ (’ਚ) ਲਗੇ (ਲੱਗੇ) ਬਡਭਾਗੀ ; ਨਿਰਮਲੁ ਨਾਮਿ (ਰਾਹੀਂ) ਸੁਹਾਵਣਿਆ ॥੫॥ ਸੋ ਨਿਰਮਲੁ, ਜੋ ਸਬਦੇ ਸੋਹੈ ॥ ਨਿਰਮਲ ਨਾਮਿ (’ਚ), ਮਨੁ+ਤਨੁ ਮੋਹੈ ॥ ਸਚਿ+ਨਾਮਿ (ਰਾਹੀਂ), ਮਲੁ (ਮਲ਼) ਕਦੇ ਨ ਲਾਗੈ ; ਮੁਖੁ ਊਜਲੁ, ਸਚੁ ਕਰਾਵਣਿਆ ॥੬॥ ਮਨੁ ਮੈਲਾ (ਮੈਲ਼ਾ) ਹੈ, ਦੂਜੈ+ਭਾਇ (ਕਾਰਨ)॥ ਮੈਲਾ ਚਉਕਾ (ਮੈਲ਼ਾ ਚੌਂਕਾ), ਮੈਲੈ ਥਾਇ (ਮੈਲ਼ੈ ਥਾਂਇ)॥ ਮੈਲਾ (ਮੈਲ਼ਾ) ਖਾਇ (ਕੇ), ਫਿਰਿ ਮੈਲੁ (ਮੈਲ਼) ਵਧਾਏ ; ਮਨਮੁਖ ਮੈਲੁ (ਮੈਲ਼) ਦੁਖੁ ਪਾਵਣਿਆ ॥੭॥ (ਪਰ), ਮੈਲੇ (ਮੈਲ਼ੇ, ਤੇ) ਨਿਰਮਲ, ਸਭਿ ਹੁਕਮਿ (’ਚ) ਸਬਾਏ (ਸਾਰੇ)॥ ਸੇ ਨਿਰਮਲ, ਜੋ ਹਰਿ ਸਾਚੇ ਭਾਏ (ਪਸੰਦ)॥ ਨਾਨਕ  ! ਨਾਮੁ ਵਸੈ ਮਨ ਅੰਤਰਿ ; ਗੁਰਮੁਖਿ ਮੈਲੁ (ਮੈਲ਼) ਚੁਕਾਵਣਿਆ ॥੮॥੧੯॥੨੦॥

(ਨੋਟ: ਕੁਝ ਸੱਜਣਾਂ ਨੂੰ ‘ਙ’ ਤੇ ‘ਞ’ ਅੱਖਰ ਦਾ ਉਚਾਰਨ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਲਈ ਅਸਾਨ ਫ਼ਾਰਮੂਲਾ ਹੈ ਕਿ

(1). ਕ, ਖ, ਗ, ਘ, ਙ (ਕਵਰਗ) ’ਚੋਂ ਤੀਸਰੇ ਅੱਖਰ ‘ਗ’ ਨਾਲ਼ ਹਲਕੀ ਨਾਸਿਕੀ ਧੁਨੀ ਮਿਲਾਉਣ ਨਾਲ਼ ‘ਙ’ ਅੱਖਰ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ; ਜਿਵੇਂ

ਗਿੰਆਨ ਜਾਂ ‘ਙਿਆਨ’, ਵਾਂਗ ਜਾਂ ਵਾਙ, ਆਦਿ।

(2). ਚ, ਛ, ਜ, ਝ, ਞ (ਚਵਰਗ) ’ਚੋਂ ਤੀਸਰੇ ਅੱਖਰ ‘ਜ’ ਨਾਲ਼ ਹਲਕੀ ਨਾਸਿਕੀ ਧੁਨੀ ਮਿਲਾਉਣ ਨਾਲ਼ ‘ਞ’ ਅੱਖਰ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ; ਜਿਵੇਂ

ਜੰਤਨ ਜਾਂ ਞਤਨ, ਜਾਂਣਹੁ ਜਾਂ ਞਾਣਹੁ, ਆਦਿ।)

ਮੁੱਖ ਵਾਕ ਅੰਕ ਨੰਬਰ 608

0

ਮੁੱਖ ਵਾਕ ਅੰਕ ਨੰਬਰ 608

ਸੋਰਠਿ, ਮਹਲਾ ੪, ਪੰਚਪਦਾ ॥

(ਨੋਟ: ਉਕਤ ਸਿਰਲੇਖ ’ਚ ਦਰਜ ‘ਪੰਚਪਦਾ’ ਸ਼ਬਦ ਦਾ ਮਤਲਬ ਹੈ ਕਿ ਅਗਾਂਹ ਆਉਣ ਵਾਲ਼ੇ ਸ਼ਬਦਾਂ ਵਿੱਚ ਇੱਕ ‘ਰਹਾਉ’ (ਵਿਸ਼ੇ ਦੇ ਸੰਖੇਪ) ਨੂੰ ਪੰਜ ਬੰਦਾਂ ਰਾਹੀਂ ਸੰਪੂਰਨ ਵਿਸਥਾਰ ਦਿੱਤਾ ਗਿਆ ਹੈ।)

ਅਚਰੁ ਚਰੈ, ਤਾ ਸਿਧਿ ਹੋਈ; ਸਿਧੀ ਤੇ ਬੁਧਿ ਪਾਈ ॥

ਉਚਾਰਨ ਸੇਧ: ਤਾਂ । (ਇਸ ਤੁਕ ’ਚ ਤੇ ਦਾ ਅਰਥ ਤੋਂ ਹੈ।)

ਅਰਥ : (ਜਦ ਮਨੁੱਖ, ਗੁਰੂ ਰਾਹੀਂ) ਅਜਿੱਤ (ਮਨ ਦੇ ‘ਵਿਕਲਪ’ ਭਾਵ ਦਵੈਤ/ਦੁਬਿਧਾ ਪੈਦਾ ਕਰਨ ਵਾਲ਼ੇ ਫੁਰਨਿਆਂ) ਨੂੰ ਮਾਰਦਾ ਹੈ ਤਾਂ ਜੀਵਨ ਸੰਘਰਸ਼ ’ਚ ਮਿਲੀ ਸਫਲਤਾ ਤੋਂ ਬੁਧਿ (ਦ੍ਰਿੜ੍ਹ ਇਰਾਦਾ) ਪੈਦਾ ਹੁੰਦੀ ਹੈ।

(ਨੋਟ: ਮਨ ਦੀ ਦੋ ਤਰ੍ਹਾਂ ਵੰਡ ਕੀਤੀ ਜਾਂਦੀ ਹੈ:

(ੳ) ਸੰਕਲਪ (ਨਵਾਂ ਫੁਰਨਾ ਪੈਦਾ ਹੋਣਾ)

(ਅ). ਵਿਕਲਪ (ਉਸ ਫੁਰਨੇ ’ਤੇ ਵਿਸ਼ਵਾਸ ਨਾ ਬਣਨ ਦੇਣਾ ਭਾਵ ਦੁਬਿਧਾ/ਦਵੈਤ ਜਾਂ ਦੁਚਿੱਤੀ)।

‘ਮਨ’ ਦੇ ਉਕਤ ਕੇਵਲ ਸੰਕਲਪ ਭਾਗ ’ਚ ਗੁਰੂ ਰੌਸ਼ਨੀ ਦਾ ਹੋਣਾ ਹੀ ਬੁਧਿ ਹੈ, ਪਰ ਜਦ ਉਸ (ਮਨ) ਵਿੱਚ ਵਿਕਲਪ (ਦੁਬਿਧਾ) ਨਾ ਰਹੇ, ਇਸ ਲਈ ਗੁਰਬਾਣੀ ਵਿੱਚ ਮਨਿ ਬੁਧਿ ਸ਼ਬਦ ਸੰਯੁਕਤ ਆਉਂਦੇ ਹਨ ਭਾਵ ਮਨ ਵਿੱਚ ਬੁੱਧੀ (ਦ੍ਰਿੜ੍ਹ ਇਰਾਦਾ+ਰੌਸ਼ਨੀ) ਦਾ ਬਣ ਜਾਣਾ ਜਾਂ ਵਿਕਲਪ ਮਰ ਜਾਣਾ; ਇਹ ਭੇਦ (ਰਾਜ਼) ਜਪੁ ਬਾਣੀ ’ਚ ਦੋ ਵਾਰ ਦਰਜ ਹੈ; ਜਿਵੇਂ ਕਿ

ਮੰਨੈ; ਸੁਰਤਿ ਹੋਵੈ, ਮਨਿ ਬੁਧਿ ॥ (ਜਪੁ)

ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ॥ (ਜਪੁ)

ਉਕਤ ਦੋਵੇਂ ਤੁਕਾਂ ’ਚ ਦਰਜ ਮਨਿ ਦਾ ਅਰਥ ਹੈ: ‘ਮਨ ਵਿੱਚ’ (ਬੁੱਧ) ਆ ਜਾਂਦੀ ਹੈ ਜਾਂ ‘ਵਿਕਲਪ’ ਮਰ ਜਾਂਦਾ ਹੈ।

ਵਿਚਾਰ ਅਧੀਨ ਹਥਲੀ ਤੁਕ ‘‘ਅਚਰੁ ਚਰੈ, ਤਾ ਸਿਧਿ ਹੋਈ; ਸਿਧੀ ਤੇ ਬੁਧਿ ਪਾਈ ॥’’ ’ਚ ਦਰਜ ‘ਸਿਧਿ’ ਦਾ ਅਰਥ ਹੈ ‘ਸਫਲਤਾ’ ਭਾਵ ‘ਵਿਕਲਪ’ ਮਾਰਨਾ ਜਾਂ ਖਾਣਾ (ਚਰ, ਚਰਨਾ), ਜਿਸ ਤੋਂ ਬਾਅਦ ਬੁਧਿ (ਦ੍ਰਿੜ੍ਹ ਇਰਾਦਾ ਜਾਂ ਮਨ ਦਾ ਕੇਵਲ ‘ਸੰਕਲਪ’ ਭਾਗ) ਰਹਿ ਜਾਣਾ ਭਾਵ ਮਨ ਦੇ ‘ਵਿਕਲਪ’ ਭਾਗ ਨੂੰ ਮਾਰਨ ਵਾਲ਼ੀ ਸਫਲਤਾ ਤੋਂ ਬਾਅਦ ਬੁਧਿ ਪਾਈ

ਹੁਣ ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਕਿ ਪਾਪੀ ਦੇ ਮਨ ’ਚ ਵੀ ਪਾਪ ਦਾ ਸੰਕਲਪ ਉੱਠਦਾ ਰਹਿੰਦਾ ਹੈ, ਕੀ ਇਸ ਨੂੰ ਵੀ ਬੁਧਿ ਕਹੀਏ ? ਇਸ ਸਵਾਲ ਦਾ ਜਵਾਬ ਮਿਲਦਾ ਹੈ: ਮਨਿ ਬੁਧਿ (ਸੰਯੁਕਤ) ਸ਼ਬਦਾਂ ਵਾਲੀ ਤੁਕ ’ਚ ਵਰਤੇ ਗਏ ਦੂਸਰੇ ਸ਼ਬਦਾਂ ਰਾਹੀਂ; ਜਿਵੇਂ ਕਿ ‘‘ਮੰਨੈ; ਸੁਰਤਿ ਹੋਵੈ..॥, ਤਿਥੈ ਘੜੀਐ; ਸੁਰਤਿ, ਮਤਿ..॥’ ਵਾਙ ਹੀ ਵਿਚਾਰ ਅਧੀਨ ਤੁਕ ’ਚ ਦਰਜ ਹੈ ‘‘ਅਚਰੁ ਚਰੈ..॥’’ ਭਾਵ ਜਦ ਗੁਰੂ ਸਿੱਖਿਆ ਸੁਣਨ ਨਾਲ਼ ਉੱਚੀ ਸੁਰਤ ਹੋ ਜਾਵੇ, ਜਦ ਸੁਰਤਿ, ਮਤਿ ਘੜੀ ਜਾਵੇ ਜਾਂ ‘ਅਚਰ’ ਭਾਵ ਅਜਿੱਤ ਮਨ ਨੂੰ ਜਿੱਤ ਲਿਆ ਜਾਏ ਤਾਂ ‘ਮਨਿ’ ਵਿੱਚੋਂ ‘ਵਿਕਲਪ’ ਮਰ ਕੇ ਨਿਰੋਲ ਗੁਰੂ ਰੌਸ਼ਨੀ ਵਾਲ਼ਾ ‘ਸੰਕਲਪ’ ਰਹਿ ਜਾਂਦਾ ਹੈ ਜਿਸ ਨੂੰ ‘ਮਨ ਵਿੱਚ ਬੁਧਿ’ ਦਾ ਪ੍ਰਵੇਸ਼ ਕਹਿ ਸਕਦੇ ਹਾਂ। ਇਨ੍ਹਾਂ ਤੁਕਾਂ ’ਚ ਬੁਧਿ ਦਾ ਅਰਥ ਦ੍ਰਿੜ੍ਹ ਇਰਾਦਾ ਅਤੇ ਉਸ ਉੱਤੇ ਵਿਸ਼ਵਾਸ ਨੂੰ ਯਕੀਕਨ ਬਣਾਉਣਾ ਹੈ।

ਸੁਰਤਿ ਦਾ ਅਰਥ ਹੈ ‘ਭੂਤਕਾਲ ਦਾ ਅਨੁਭਵ’ ਅਤੇ ਮਤਿ ਦਾ ਅਰਥ ਹੈ ‘ਮਮਤਾ ਜਾਂ ਪਦਾਰਥਾਂ ਨਾਲ਼ ਲਗਾਅ ਭਾਵ ਅਹੰਕਾਰ ਜਾਂ ਹਊਮੈ’, ਜੋ ਕਰਤਾਰ ਦੁਆਰਾ ਕਰਾਏ ਜਾ ਰਹੇ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਕੇ ਜਨਮ ਮਰਨ ਦਾ ਮੂਲ ਬਣਦੀ ਹੈ। ਗੁਰਬਾਣੀ ਦੇ ਵਚਨ ਹਨ:

ਹਉਮੈ ਵਿਚਿ ਜਗੁ ਉਪਜੈ ਪੁਰਖਾ  ! ਨਾਮਿ+ਵਿਸਰਿਐ (ਰਾਹੀਂ) ਦੁਖੁ ਪਾਈ ॥ (ਮ: ੧/੯੪੬)

ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ  ! ਓਹਾ (ਹਉਮੈ) ਆਵੈ ਜਾਈ ॥ (ਮ: ੫/੯੯੯)

ਧਿਆਨ ਰਹੇ ਕਿ ਗੁਰਬਾਣੀ ’ਚ ਜਦ ਸੁਰਤਿ, ਮਤਿ, ਬੁਧਿ ਸ਼ਬਦ ਅਲੱਗ-ਅਲੱਗ ਦਰਜ ਹੋਣ ਤਾਂ ਇਨ੍ਹਾਂ ਦਾ ਜ਼ਿਆਦਾਤਰ ਅਰਥ ਹੁੰਦਾ ਹੈ: ਵਿਵੇਕਤਾ, ਅਕਲ, ਦਿੱਬ-ਦ੍ਰਿਸ਼ਟੀ, ਅੰਤਰ ਆਤਮਾ ਦੀ ਨਜ਼ਰ, ਆਦਿ।)

ਪ੍ਰੇਮ ਕੇ ਸਰ, ਲਾਗੇ ਤਨ ਭੀਤਰਿ; ਤਾ ਭ੍ਰਮੁ ਕਾਟਿਆ ਜਾਈ ॥੧॥

ਉਚਾਰਨ ਸੇਧ: ਤਾਂ।

ਅਰਥ : (ਰੱਬੀ ਨੂੰ) ਪਿਆਰ ਕਰਨ ਵਾਲ਼ੇ (ਗੁਰੂ ਸ਼ਬਦ) ਤੀਰ ਹਿਰਦੇ ’ਚ ਲੱਗੇ ਤਾਂ ਇਹ ਭਰਮ (ਕਿ ਕੋਈ ਅਦ੍ਰਿਸ਼ ਸ਼ਕਤੀ ਨਹੀਂ) ਦੂਰ ਹੋ ਗਿਆ।

ਮੇਰੇ ਗੋਬਿਦ  ! ਅਪੁਨੇ ਜਨ ਕਉ, ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ; ਸਦਾ ਰਹਹੁ ਸਰਣਾਈ ॥ ਰਹਾਉ ॥

ਉਚਾਰਨ ਸੇਧ: ਗੋਬਿੰਦ, ਦੇਹ।

ਅਰਥ : ਹੇ ਮੇਰੀ ਰੱਖਿਆ ਕਰਨ ਵਾਲ਼ੇ  ! ਗੁਰੂ ਦੀ ਸਿਖਿਆ ਗ੍ਰਹਿਣ ਕਰਵਾ ਕੇ ਆਪਣੇ ਨਾਮ ਨੂੰ (ਮੇਰੇ ਹਿਰਦੇ ਵਿੱਚ) ਪ੍ਰਗਟ ਕਰੋ ਤੇ ਸਦਾ ਅੰਗ-ਸੰਗ ਰਹਿਣ ਦਾ ਅਹਿਸਾਸ ਕਰਵਾਉਣ ਵਾਲ਼ੀ ਇੱਜ਼ਤ ਆਪਣੇ ਸੇਵਕ ਨੂੰ ਬਖ਼ਸ਼ੋ, ਜੀ।

ਇਹੁ ਸੰਸਾਰੁ ਸਭੁ ਆਵਣ ਜਾਣਾ; ਮਨ ਮੂਰਖ  ! ਚੇਤਿ ਅਜਾਣਾ ॥

ਉਚਾਰਨ ਸੇਧ: ਇਹ।

ਅਰਥ : (ਤਾਂ ਤੇ) ਹੇ ਮੇਰੇ ਮੂਰਖ ਨਾਸਮਝ ਮਨ ! (ਇੱਕ ਸਥਿਰ ਅਕਾਲ ਪੁਰਖ ਨੂੰ) ਯਾਦ ਕਰ, ਬਾਕੀ ਸਭ ਇਹ ਜਗਤ ਤਾਂ ਅਸਥਾਈ ਜ਼ਿੰਦਗੀ ਹੈ ਭਾਵ ਮਰਨ-ਜੰਮਣ ਵਾਲ਼ਾ ਹੈ।

ਹਰਿ ਜੀਉ  ! ਕ੍ਰਿਪਾ ਕਰਹੁ ਗੁਰੁ ਮੇਲਹੁ; ਤਾ ਹਰਿ ਨਾਮਿ, ਸਮਾਣਾ ॥੨॥  

ਉਚਾਰਨ ਸੇਧ: ਤਾਂ ।

ਅਰਥ : ਹੇ ਹਰੀ ਜੀਓ ! ਮਿਹਰ ਕਰੋ ਤੇ ਗੁਰੂ ਨੂੰ ਮਿਲਾਓ ਤਾਂ ਜੋ ਆਪ ਜੀ ਦੇ ਨਾਮ (ਯਾਦ) ਵਿੱਚ ਲੀਨ ਹੋ ਸਕੀਏ।

ਜਿਸ ਕੀ ਵਥੁ, ਸੋਈ ਪ੍ਰਭੁ ਜਾਣੈ; ਜਿਸ ਨੋ ਦੇਇ, ਸੁ ਪਾਏ ॥

ਉਚਾਰਨ ਸੇਧ: ‘ਵਥੁ’, ਥੋੜ੍ਹਾ ਅੰਤ ਔਂਕੜ ਉਚਾਰਨਾ ਜ਼ਰੂਰੀ ਹੈ (ਕਿਉਂਕਿ ਇਹ ਸ਼ਬਦ ‘ਵਥ’ ਨਹੀਂ। ਸੰਸਕ੍ਰਿਤ ’ਚ ਸ+ਤ ਦਾ ਜੋੜ ਪੰਜਾਬੀ ’ਚ  ਬਣ ਜਾਂਦਾ ਹੈ; ਜਿਵੇਂ ‘ਹਸਤਿ’ (ਹਾਥੀ), ‘ਹਸਤ’ (ਹੱਥ), ‘ਵਸਤੂ’ (ਵਥੂ), ਆਦਿ।)

ਅਰਥ : ਜਿਸ (ਹਰੀ ਦੀ ਅਮੋਲਕ ਦਾਤ, ਨਾਮ-) ਵਸਤੂ ਹੈ (ਤੇ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ) ਉਹੀ ਮਨੁੱਖ, ਪ੍ਰਭੂ (ਭਾਵ ਅਸਲ ਮਾਲਕ) ਦੀ ਹੋਂਦ ਨੂੰ ਸਵੀਕਾਰਦਾ ਹੈ (ਪਰ ਮਾਲਕ ਪ੍ਰਭੂ ਵੀ ਗੁਰੂ ਰਾਹੀਂ) ਜਿਸ ਨੂੰ ਨਸੀਬ ਕਰਵਾਉਂਦਾ ਹੈ ਉਹੀ (ਇਹ ਦਾਤ, ਨਾਮ-ਵਸਤੂ) ਪਾ ਸਕਦਾ ਹੈ।

ਵਸਤੁ ਅਨੂਪ ਅਤਿ, ਅਗਮ ਅਗੋਚਰ; ਗੁਰੁ ਪੂਰਾ ਅਲਖੁ ਲਖਾਏ ॥੩॥

ਉਚਾਰਨ ਸੇਧ: ਅਗੰਮ, ਵਸਤੁ ਦਾ ਥੋੜ੍ਹਾ ਅੰਤ ਔਂਕੜ ਉਚਾਰਨਾ ਜ਼ਰੂਰੀ ਕਿਉਂਕਿ ਗੁਰਬਾਣੀ ’ਚ ਵਸਤ ਕਿਰਿਆ ਵੀ ਹੈ; ਜਿਵੇਂ ਕਿ

ਨਾਭਿ ਵਸਤ (ਵੱਸਦੇ), ਬ੍ਰਹਮੈ (ਨੇ) ਅੰਤੁ ਨ ਜਾਣਿਆ ॥ (ਮ: ੧/੧੨੩੭)

ਅਰਥ : ਇਹ ਨਾਮ-ਵਸਤੂ ਅਤਿ ਅਣਉਪਮਾ (ਉਪਮਾ ਰਹਿਤ), ਅਪਹੁੰਚ ਤੇ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਰਸਨਾ ਤੇ ਤੁਚਾ ਭਾਵ ਚਮੜੀ) ਦੀ ਪਕੜ (ਛੋਹ) ਤੋਂ ਪਰੇ ਹੈ (ਭਾਵ ਅਨੁਭਵ ਹੀ ਕੀਤੀ ਜਾ ਸਕਦੀ ਹੈ, ਪਰ) ਪੂਰਨ ਗੁਰੂ, ਇਸ ਬਿਆਨ ਰਹਿਤ (ਨਾਮ-ਵਸਤੂ) ਨੂੰ ਵੀ ਪ੍ਰਗਟ ਕਰਵਾ ਦਿੰਦਾ ਹੈ ਭਾਵ ਮਨੁੱਖਾ ਹਿਰਦੇ ’ਚ ਮਹਿਸੂਸ ਕਰਾ ਦਿੰਦਾ ਹੈ।

ਜਿਨਿ ਇਹ ਚਾਖੀ, ਸੋਈ ਜਾਣੈ; ਗੂੰਗੇ ਕੀ ਮਿਠਿਆਈ ॥        

ਉਚਾਰਨ ਸੇਧ: ਜਿਨ੍ਹ।

ਅਰਥ : (ਅਨੁਭਵੀ ਵਸਤੂ ਹੋਣ ਕਾਰਨ) ਜਿਨ ਨੇ ਵੀ ਇਹ ਭੋਗੀ (ਚੱਖੀ) ਉਹੀ ਇਸ ਦਾ ਸੁਆਦ (ਆਨੰਦ) ਜਾਣ ਸਕਦਾ ਹੈ, ਪਰ ਗੂੰਗੇ ਦੀ ਖਾਧੀ ਮਿਠਾਈ ਵਾਙ ਹੋਰਾਂ ਨੂੰ ਉਸ ਰਸ ਦਾ ਸੁਆਦ ਨਹੀਂ ਦੱਸ ਸਕਦਾ।

ਰਤਨੁ ਲੁਕਾਇਆ, ਲੂਕੈ ਨਾਹੀ; ਜੇ ਕੋ ਰਖੈ ਲੁਕਾਈ ॥੪॥            

ਉਚਾਰਨ ਸੇਧ: ਨਾਹੀਂ, ਰੱਖੈ।

ਅਰਥ : (ਬੇਸ਼ੱਕ ਇਹ ਨਾਮ-ਵਸਤੂ ਦਾ ਅਹਿਸਾਸ ਗੂੰਗੇ ਦੀ ਖਾਧੀ ਮਿਠਾਈ ਵਾਙ ਬਿਆਨ ਨਹੀਂ ਕੀਤੀ ਜਾ ਸਕਦਾ ਪਰ ਜਿਸ ਮਨੁੱਖਾ ਹਿਰਦੇ ਨੇ ਇਹ ਭੋਗੀ ਹੁੰਦੀ ਹੈ ਉਸ ਦੇ ਹਾਵ-ਭਾਵ, ਬੋਲ-ਚਾਲ, ਕਾਰ-ਵਿਹਾਰ ਰਾਹੀਂ ਰੱਬੀ ਹੋਂਦ ਬਾਰੇ ਬਣੇ ਵਿਸ਼ਵਾਸ, ਧੀਰਜ, ਇਨਸਾਫ਼-ਪਸੰਦ, ਆਦਿ ਗੁਣ; ਨਾਮ-ਵਸਤੂ ਦੀ ਮਹਿਕ ਨੂੰ ਉਜਾਗਰ ਕਰ ਹੀ ਦਿੰਦੇ ਹਨ, ਇਸ ਲਈ ਨਾਮ-ਵਸਤੂ ਰੂਪ) ਕੀਮਤੀ ਰਤਨ ਛੁਪਾ ਕੇ ਰੱਖਣ ਉਪਰੰਤ ਵੀ ਨਹੀਂ ਛੁਪ ਸਕਦਾ (ਆਪਣੀ ਮਹਿਕ ਦੇ ਹੀ ਜਾਂਦਾ ਹੈ) ਭਾਵੇਂ ਕੋਈ ਵੀ ਲੁਕਾ ਕੇ ਰੱਖਣ ਦਾ ਯਤਨ ਕਰੇ।

ਸਭੁ ਕਿਛੁ ਤੇਰਾ, ਤੂ ਅੰਤਰਜਾਮੀ; ਤੂ ਸਭਨਾ ਕਾ ਪ੍ਰਭੁ ਸੋਈ ॥        

ਉਚਾਰਨ ਸੇਧ: ਤੂੰ, ਸਭਨਾਂ ।

ਅਰਥ : (ਪਰ) ਹੇ ਦਿਲੀ ਭਾਵਨਾ ਜਾਣਨ ਵਾਲ਼ੇ  ! (ਨਾਮ-ਵਸਤੂ ਨੂੰ ਭੋਗਣਾ ਜਾਂ ਨਾ ਭੋਗਣਾ) ਸਭ ਤੇਰਾ ਹੀ ਖੇਲ-ਤਮਾਸ਼ਾ ਹੈ ਕਿਉਂਕਿ ਤੂੰ ਹੀ ਸਭ ਦਾ ਉਹ (ਅਸਲ) ਮਾਲਕ ਹੈਂ ।

ਜਿਸ ਨੋ ਦਾਤਿ ਕਰਹਿ, ਸੋ ਪਾਏ; ਜਨ ਨਾਨਕ  ! ਅਵਰੁ ਨ ਕੋਈ ॥੫॥੯॥ ਸੋਰਠਿ (ਮ: ੪/੬੦੮)        

ਉਚਾਰਨ ਸੇਧ: ਕਰਹਿਂ (ਕਰੈਂ)।

ਅਰਥ : ਹੇ ਪ੍ਰਭੂ ਜੀ ! ਜਿਸ (ਹਿਰਦੇ ਨੂੰ ਪ੍ਰਫੁਲਿਤ ਕਰਨ) ਲਈ ਇਹ ਦਾਤ (ਨਾਮ-ਵਸਤੂ, ਗੁਰੂ ਰਾਹੀਂ) ਭੇਜਦਾ ਹੈਂ ਜਾਂ ਹਿਰਦੇ ਨੂੰ ਦਾਤ ਬਖ਼ਸ਼ਦਾ ਹੈਂ ਉਹੀ ਪ੍ਰਾਪਤ ਕਰ ਸਕਦਾ ਹੈ। ਹੇ ਦਾਸ ਨਾਨਕ  ! ਆਖ, ਕਿ ਕੋਈ ਹੋਰ (ਇਹ ਦਾਤ-ਵਸਤੂ) ਨਹੀਂ ਪਾ ਸਕਦਾ।

ਗਾਂ ਦੇ ਦੁੱਧ ਦੇ ਮੁਕਾਬਲੇ ਮੱਝ ਦਾ ਦੁੱਧ ਜਿਆਦਾ ਫਾਇਦੇਮੰਦ

0

ਗਾਂ ਦੇ ਦੁੱਧ ਦੇ ਮੁਕਾਬਲੇ ਮੱਝ ਦਾ ਦੁੱਧ ਜਿਆਦਾ ਫਾਇਦੇਮੰਦ

…ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ, 99140-84724

ਮੱਝ ਦਾ ਦੁੱਧ, ਗਾਂ ਦੇ ਦੁੱਧ ਤੋਂ ਜ਼ਿਆਦਾ ਹਾਈ ਪ੍ਰੋਟੀਨ, ਹਾਈ ਫੈਟ, ਹਾਈ ਮਿਨਰਲਜ਼ ਕੰਟੈਂਟ ਹੁੰਦਾ ਹੈ। ਨਤੀਜੇ ਵਜੋਂ ਜ਼ਿਆਦਾ ਪੌਸ਼ਟਿਕ ਤੇ ਜ਼ਿਆਦਾ ਤਾਕਤਵਰ, ਜ਼ਿਆਦਾ ਕੈਲੋਰੀ ਕੰਟੈਂਟ ਹੁੰਦਾ ਹੈ। ਤਾਂ ਹੀ ਮੱਝ ਦਾ ਦੁੱਧ ਪੀਣ ਵਾਲੇ ਦੀਆਂ ਹੱਡੀਆਂ, ਮਾਸਪੇਸ਼ੀਆਂ, ਵਾਲਾਂ, ਨਹੁੰਆਂ ਦਾ ਵਿਕਾਸ ਵੀ ਜ਼ਿਆਦਾ ਹੁੰਦਾ ਹੈ।  ਉਹ ਉਦਮੀ ਤੇ ਮਿਹਨਤੀ ਵੀ ਵੱਧ ਬਣਾਉਂਦਾ ਹੈ। ਮੱਝ ਦੇ ਦੁੱਧ ਦੇ ਹਾਈ ਕੈਲਸ਼ੀਅਮ ਕੰਟੈਂਟ ਦਹੀਂ, ਲੱਸੀ ਵਰਤਣ ਵਾਲੇ ਵਿਅਕਤੀ ਦੇ ਜੋੜ, ਹੱਡੀਆਂ, ਰੀੜ੍ਹ ਦੀ ਹੱਡੀ ਆਦਿ ਜ਼ਿਆਦਾ ਤੰਦਰੁਸਤ ਤੇ ਮਜ਼ਬੂਤ ਹੁੰਦੇ ਹਨ। ਉਹਦੇ ਗੰਜੇ ਹੋਣ ਦੇ ਚਾਂਸ ਵੀ ਘੱਟ ਹੁੰਦੇ ਹਨ। ਉਹਦੇ ਵਾਲ ਸੰਘਣੇ ਹੁੰਦੇ ਹਨ ਤੇ ਜ਼ਿਆਦਾ ਦੇਰ ਤੱਕ ਕਾਲੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਚ ਜੋੜਾਂ, ਹੱਡੀਆਂ, ਰੀੜ੍ਹ ਹੱਡੀ, ਦੰਦਾਂ ਆਦਿ ਦੀਆਂ ਬੀਮਾਰੀਆਂ ਵਧ ਗਈਆਂ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਗਾਂ ਦਾ ਦੁੱਧ, ਦਹੀਂ, ਲੱਸੀ, ਮੱਖਣ, ਘਿਉ ਆਦਿ ਦੀ ਵਰਤੋਂ ਵਧ ਗਈ ਹੈ ਤੇ ਮੱਝ ਦੇ ਦੁੱਧ ਦੀ ਵਰਤੋਂ ਬਹੁਤ ਘਟ ਗਈ ਹੈ।  ਗਾਂ ਦਾ ਦੁੱਧ ਕਾਫੀ ਪਤਲਾ ਤੇ ਘੱਟ ਤਾਕਤਵਰ ਹੋਣ ਕਾਰਨ ਵਿਅਕਤੀ ਜਲਦੀ ਥਕਦਾ ਹੈ। ਓਨਾ ਹਿੰਮਤੀ ਨਹੀਂ ਹੁੰਦਾ, ਸ਼ਾਇਦ ਤਾਂ ਹੀ ਯੂ ਪੀ, ਬਿਹਾਰ ਦੇ ਗਾਂ ਦਾ ਦੁੱਧ ਪੀਣ ਵਾਲਿਆਂ ਨੇ ਹੱਥੀਂ ਕੰਮ ਕਰਨ ਦੀ ਆਦਤ ਹੀ ਨਹੀਂ ਪਾਈ ਸੀ। ਪੰਜਾਬ ਨਾਲੋਂ ਜ਼ਿਆਦਾ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਵਧੀਆ ਕਿਸਾਨ ਨਹੀਂ ਬਣ ਸਕੇ। ਜਦੋਂ ਮੱਝਾਂ ਦਾ ਦੁੱਧ ਪੀਣ ਵਾਲੇ ਪੰਜਾਬੀ ਜੱਟਾਂ ਨੇ ਉਧਰ ਜ਼ਮੀਨਾਂ ਖਰੀਦ ਕੇ ਖੂਬ ਆਮਦਨ ਕਰ ਲਈ ਤਾਂ ਹੁਣ ਪੰਜਾਬੀਆਂ ਦੀ ਦੇਖਾ ਦੇਖੀ ਉਹ ਵੀ ਕਿਸਾਨੀ ਵੱਲ ਆ ਰਹੇ ਹਨ। ਲੇਕਿਨ ਜੱਟਾਂ ਨੇ ਹੁਣ ਮੱਝਾਂ ਪਾਲਣਾ ਬੰਦ ਕਰ ਕੇ ਭੱਈਆਂ ਵਾਂਗ ਗਾਵਾਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਂ ਹੀ ਹੁਣ ਜੱਟਾਂ ਦੇ ਬੱਚੇ ਵੀ ਭੱਈਆਂ ਵਰਗੇ ਮਧਰੇ ਪੈਦਾ ਹੋਣ ਲੱਗ ਪਏ ਤੇ ਮਿਹਨਤੀ ਵੀ ਨਹੀਂ ਰਹੇ, ਨਾ ਹੀ ਖੇਡਾਂ, ਨਾ ਹੀ ਫੌਜ ਚ ਤੇ ਨਾ ਹੀ ਪੁਲੀਸ ਚ ਜੱਟਾਂ ਦੇ ਮੁੰਡੇ ਹੁਣ ਜ਼ਿਆਦਾ ਸਿਲੈਕਟ ਹੁੰਦੇ ਹਨ। ਜੱਟ ਬਹੁਤੇ ਖੇਤੀ ਕਰਦੇ ਸੀ, ਤਾਂ ਹੀ ਉਹਨਾਂ ਨੂੰ ਪਸ਼ੂ ਪਾਲਣੇ ਪੈਂਦੇ ਸੀ। ਖੂਬ ਖਾਣ ਪੀਣ ਕਰ ਕੇ ਉਹ ਜ਼ਿਆਦਾ ਸਿਹਤਮੰਦ ਹੁੰਦੇ ਸਨ। ਬਾਕੀ ਬਹੁਤੀਆਂ ਬਰਾਦਰੀਆਂ ਕੋਲ ਜ਼ਮੀਨ ਨਹੀਂ ਹੁੰਦੀ ਸੀ। ਨਤੀਜੇ ਵਜੋਂ ਉਹ ਬੇਚਾਰੇ ਮਿਹਨਤ ਮਜ਼ਦੂਰੀ ਕਰ ਕੇ ਖਾਂਦੇ ਸਨ । ਬ੍ਰਾਹਮਣ ਇਸ ਕਰ ਕੇ ਗਾਂ ਪਾਲਦੇ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਕੈਲੋਰੀਜ਼ ਤੇ ਜ਼ਿਆਦਾ ਤਾਕਤਵਰ ਦੁੱਧ ਦੀ ਲੋੜ ਨਹੀਂ ਸੀ ਕਿਉਂਕਿ ਉਹ ਬਹੁਤਾ ਪਾਠ ਪੂਜਾ, ਭਗਤੀ ਆਦਿ ਬੈਠਣ ਜਾਂ ਘੱਟ ਸਖਤ ਮਿਹਨਤ ਵਾਲਾ ਕੰਮ ਹੀ ਕਰਦੇ ਸਨ। ਉਹਨਾਂ ਦੀ ਸਰੀਰਕ ਮਿਹਨਤ ਘੱਟ ਸੀ। ਬਾਕੀ ਉਹਨਾਂ ਨੂੰ ਗਊ ਕਰ ਕੇ ਦਾਨ ਵੀ ਮਿਲ ਜਾਂਦਾ ਸੀ ਕਿਉਂਕਿ ਬ੍ਰਾਹਮਣ ਸਫਾਈ ਪਸੰਦ ਹੁੰਦੇ ਹਨ ਤੇ ਗਾਂ ਵੀ ਸਫਾਈ ਪਸੰਦ ਹੀ ਹੁੰਦੀ ਹੈ, ਜਿਹੜੀ ਦੇਖਣ ਚ ਵੀ ਸੋਹਣੀ ਲਗਦੀ ਹੈ। ਇਸ ਲਈ ਬ੍ਰਾਹਮਣ ਸਮਾਜ ਵਿੱਚ ਗਾਂ ਪਾਲੀ ਜਾਂਦੀ ਸੀ ਲੇਕਿਨ ਸਰੀਰਕ ਮਿਹਨਤ ਕਰਨ ਵਾਲੀਆਂ ਬਰਾਦਰੀਆਂ ਦੇਖਾ-ਦੇਖੀ ਗਊ ਪਾਲਣ ਲੱਗ ਪਈਆਂ।  ਉਂਜ ਮੱਝ ਤੇ ਗਾਂ ਦੇ ਸੁਭਾਉ ਚ ਵੀ ਕਾਫੀ ਫਰਕ ਹੁੰਦਾ ਹੈ। ਜਦੋਂ ਵੀ ਤੁਸੀਂ ਗਾਂ ਨੂੰ ਚੋਣ ਬੈਠੋ ਗਾਂ ਨੇ ਪਿਸ਼ਾਬ ਜ਼ਰੂਰ ਕਰਨਾ ਹੁੰਦਾ ਹੈ ਲੇਕਿਨ ਮੱਝ ਇਉਂ ਨਹੀਂ ਕਰਦੀ।  ਗਾਂ, ਵੱਛੀ, ਵੱਛਾ, ਬਲਦ ਜਾਂ ਢੱਠਾ ਅਚਨਚੇਤ ਬੱਚੇ, ਔਰਤ, ਬਜ਼ੁਰਗ ਤੇ ਹਮਲਾ ਕਰ ਸਕਦੇ ਹਨ ਲੇਕਿਨ ਮੱਝ, ਕੱਟਾ, ਕੱਟੀ, ਝੋਟਾ ਜਾਂ ਸਾਹਨ ਇਉਂ ਨਹੀਂ ਕਰਦੇ। ਗਾਂ ਦੇ ਚਿੱਚੜ ਨਹੀਂ ਮਰਦੇ ਲੇਕਿਨ ਮੱਝ ਦੇ ਬਹੁਤ ਘੱਟ ਚਿੱਚੜ ਹੁੰਦੇ ਹਨ।  ਗਾਂ ਨੂੰ ਬੀਮਾਰੀਆਂ ਵੀ ਜ਼ਿਆਦਾ ਲਗਦੀਆਂ ਹਨ ਤੇ ਗਾਂ ਹਰ ਸਾਲ ਸੂੰਦੀ ਵੀ ਨਹੀਂ। ਬਹੁਤ ਜ਼ਿਆਦਾ ਸਾਂਭ ਸੰਭਾਲ ਕਰਨੀ ਪੈਂਦੀ ਹੈ। ਗਾਂ ਨੂੰ ਇੱਕ ਵਾਰ ਬੀਮਾਰੀ ਲੱਗ ਜਾਏ ਤਾਂ ਛੇਤੀ ਠੀਕ ਨਹੀਂ ਹੁੰਦੀ। ਮੱਝ ਦੀਆਂ ਬਹੁਤੀਆਂ ਬੀਮਾਰੀਆਂ ਆਪੇ ਠੀਕ ਹੋ ਜਾਂਦੀਆਂ ਹਨ। ਗਾਂ ਇੱਕ ਦੂਜੀ ਦਾ ਜਾਂ ਅਪਣਾ ਈ ਪਿਸ਼ਾਬ ਪੀਣੋਂ ਨਹੀਂ ਹਟਦੀ ਲੇਕਿਨ ਮੱਝ ਕਦੇ ਵੀ ਪਿਸ਼ਾਬ ਨਹੀਂ ਪੀਂਦੀ। ਗਾਂ ਨੂੰ ਰੱਸਾ ਖਾਣ ਜਾਂ ਪੂਛ ਦੇ ਵਾਲ ਖਾਣ ਦੀ ਵੀ ਆਦਤ ਹੁੰਦੀ ਹੈ ਪ੍ਰੰਤੂ ਮੱਝ ਇਉਂ ਨਹੀਂ ਕਰਦੀ। ਗਾਂ ਹਰ ਤਰਾਂ ਦਾ ਕੂੜਾ, ਲਿਫਾਫੇ, ਕਾਗਜ਼, ਕੱਪੜੇ, ਵਾਲ ਆਦਿ ਵੀ ਖਾ ਜਾਂਦੀ ਹੈ ਜਦੋਂ ਕਿ ਮੱਝ ਗੰਦ ਮੰਦ ਨਹੀਂ ਖਾਂਦੀ। ਗਾਂ ਦਾ ਖਰਚਾ ਬਹੁਤ ਜ਼ਿਆਦਾ ਹੋਣ ਕਾਰਨ ਪੈਟਰੋਲ ਵਾਲੀ ਕਾਰ ਵਾਂਗ ਸਸਤੀ ਮਿਲ ਜਾਂਦੀ ਹੈ। ਜਦੋਂ ਕਿ ਮੱਝ ਦਾ ਖਰਚਾ ਤੇ ਸਾਂਭ ਸੰਭਾਲ ਘੱਟ ਹੋਣ ਕਾਰਨ ਡੀਜਲ ਗੱਡੀ (ਕਾਰ) ਵਾਂਗ ਮਹਿੰਗੀ ਮਿਲਦੀ ਹੈ। ਇਸੇ ਕਾਰਨ ਮੱਝ ਬੁੱਢੀ ਵੀ ਜਵਾਨ ਗਾਂ ਤੋਂ ਮਹਿੰਗੀ ਹੁੰਦੀ ਹੈ। ਗਾਂ ਘਰੋਂ ਦੌੜ ਜਾਏ ਤਾਂ ਵਾਪਸ ਲਿਆਉਣੀ ਔਖੀ ਹੁੰਦੀ ਹੈ ਜਦੋਂ ਕਿ ਮੱਝ ਦੌੜ ਕੇ ਕਿਧਰੇ ਨਹੀਂ ਜਾਂਦੀ। ਗਾਂ ਨੂੰ ਰਜਾਉਣਾ ਬਹੁਤ ਔਖਾ ਹੈ ਜਦੋਂ ਕਿ ਮੱਝ ਖਾ ਪੀ ਕੇ ਆਰਾਮ ਨਾਲ ਉਗਾਲੀ ਕਰਨਾ ਜਾਂ ਛਾਂਵੇਂ ਸੁਸਤਾਉਣਾ ਜਾਂ ਛੱਪੜ ਚ ਘੰਟਿਆਂ ਬੱਧੀ ਬੈਠਣਾ ਪਸੰਦ ਕਰਦੀ ਹੈ। ਗਾਂ ਛੜ ਮਾਰ ਦਿੰਦੀ ਹੈ, ਜਿਹੜੀ ਅਕਸਰ ਹੀ ਜਾਨ ਲੇਵਾ ਹੁੰਦੀ ਹੈ ਜਦੋਂ ਕਿ ਮੱਝ ਕਦੇ ਵੀ ਲੱਤ ਨਹੀਂ ਮਾਰਦੀ। ਮੱਝ, ਖੂਬ ਨਹਾਉਣਾ ਪਸੰਦ ਕਰਦੀ ਹੈ ਲੇਕਿਨ ਗਾਂ ਨਹਾਉਣਾ ਨਹੀਂ ਪਸੰਦ ਕਰਦੀ। ਮੱਝ ਨੂੰ ਛੱਪੜ ਚੋਂ ਕੱਢਣਾ ਔਖਾ ਹੁੰਦਾ ਹੈ ਪਰ ਗਾਂ ਨੂੰ ਛੱਪੜ ਚ ਬੈਠਾਉਣਾ ਔਖਾ ਹੁੰਦਾ ਹੈ। ਮੱਝ ਇੱਕ ਦਲੇਰ ਜਾਨਵਰ ਹੈ ਤੇ ਦਲੇਰ ਬੰਦੇ ਦੀ ਤੁਲਨਾ ਮੱਝ ਦੇ ਜਿਗਰੇ ਵਾਲਾ ਕਹਿ ਕੇ ਕੀਤੀ ਜਾਂਦੀ ਹੈ। ਲੇਕਿਨ ਡਰਪੋਕ ਬੰਦੇ ਦੀ ਤੁਲਨਾ ਗਾਂ ਵਰਗਾ ਕਹਿ ਕੇ ਕੀਤੀ ਜਾਂਦੀ ਹੈ। ਮੱਝ ਅਪਣੇ ਬੱਚੇ ਦੇ ਬਚਾਅ ਲਈ ਸ਼ੇਰ ਨਾਲ ਵੀ ਟਕਰਾ ਜਾਂਦੀ ਹੈ ਪਰ ਗਾਂ ਜ਼ਰਾ ਖਤਰਾ ਹੋਣ ਤੇ ਪੂਛ ਚੱਕ ਕੇ ਆਪਣੀ ਜਾਨ ਬਚਾ ਕੇ ਦੌੜ ਜਾਂਦੀ ਹੈ। ਗਾਂ ਦੇ ਦੁੱਧ ਚੋਂ ਹਮੇਸ਼ਾ ਇੱਕ ਅਜੀਬ ਜੇਹੀ ਗੰਧ ਆਉਂਦੀ ਹੈ ਤੇ ਸੁਆਦ ਵੀ ਐਨਾ ਵਧੀਆ ਨਹੀਂ ਹੁੰਦਾ। ਜੋ ਬਹੁਤ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਲੇਕਿਨ ਮੱਝ ਦੇ ਦੁੱਧ ਚੋਂ ਬਹੁਤ ਵਧੀਆ ਸੁਗੰਧ ਆਉਂਦੀ ਹੈ ਜੋ ਸਭ ਨੂੰ ਹੀ ਪਸੰਦ ਆਉਂਦੀ ਹੈ। ਮੱਝ ਦੇ ਦੁੱਧ ਦੀ ਚਾਹ, ਕਾਫੀ, ਦਹੀਂ, ਲੱਸੀ, ਪਨੀਰ, ਮਲਾਈ ਤੇ ਮੱਖਣ ਵੀ ਦੇਖਣ ਚ ਗਾਂ ਦੇ ਦੁੱਧ, ਘਿਉ, ਲੱਸੀ ਤੋਂ ਸੋਹਣਾ ਵੀ ਹੁੰਦਾ ਹੈ ਤੇ ਸੁਆਦ ਵੀ ਹੁੰਦਾ ਹੈ। ਇਵੇਂ ਈ ਗਾਂ, ਬਲਦ, ਵੱਛੇ, ਢੱਠੇ ਆਦਿ ਚੋਂ ਬਹੁਤ ਹੀ ਗੰਦੀ ਬਦਬੋ ਆਉਂਦੀ ਹੈ। ਪੰਜਾਬੀ ਜੱਟਾਂ ਨੇ ਹਮੇਸ਼ਾ ਸਭ ਪਸ਼ੂਆਂ ਦਾ ਬਰਾਬਰ ਸਤਿਕਾਰ ਤੇ ਬਰਾਬਰ ਉਪਯੋਗ ਕੀਤਾ ਹੈ। ਜਦੋਂ ਪੰਜਾਬ ਵਿੱਚ ਹਲ ਚਲਾਏ ਜਾਂਦੇ ਸੀ ਤਾਂ ਹਰ ਘਰ ਵਿੱਚ ਇੱਕ ਗਾਂ ਪਾਲੀ ਜਾਂਦੀ ਸੀ। ਤਾਂ ਕਿ ਵੱਛੇ ਲਏ ਜਾਣ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਸੀ ਕਿ ਗਾਂ ਵੱਛਾ ਦੇਵੇ ਤੇ ਮੱਝ ਕੱਟੀ ਦੇਵੇ। ਉਹ ਵੱਛੇ ਬਲਦ ਬਣਦੇ ਸੀ। ਗਾਂ ਦਾ ਸਾਰਾ ਦੁੱਧ ਵੱਛੇ ਨੂੰ ਹੀ ਚੁੰਘਾ ਦਿੱਤਾ ਜਾਂਦਾ ਸੀ ਤਾਂ ਕਿ ਵੱਛਾ ਜਲਦੀ ਵੱਡਾ ਹੋਵੇ, ਇਸ ਲਈ ਗਾਂ ਦਾ ਦੁੱਧ ਕੋਈ ਵੀ ਨਹੀਂ ਪੀਂਦਾ ਸੀ। ਹਰ ਘਰ ਵਿੱਚ ਸਿਰਫ ਇੱਕ ਗਾਂ ਹੋਣ ਕਾਰਨ ਗਾਂ ਦੇ ਮਰਨ ਤੱਕ ਉਸ ਦੀ ਸੇਵਾ ਸੰਭਾਲ ਜੱਟ ਕਰਦੇ ਸਨ। ਇਸੇ ਕਾਰਨ ਉਦੋਂ ਕੋਈ ਵੀ ਗਾਂ ਅਵਾਰਾ ਨਹੀਂ ਛੱਡੀ ਜਾਂਦੀ ਸੀ। ਹੁਣ ਕਿਸੇ ਗਿਣੀ ਮਿਥੀ ਸਾਜ਼ਿਸ਼ ਨਾਲ ਲੋਕਾਂ ਨੂੰ ਗਾਂਵਾਂ ਵਧੇਰੇ ਪਾਲਣ, ਗਾਂਵਾਂ ਦਾ ਦੁੱਧ, ਘਿਉ ਜ਼ਿਆਦਾ ਵਰਤਣ ਦੀ ਸਲਾਹ ਦੇਣ ਵਾਲਿਆਂ ਨੇ ਪੰਜਾਬੀਆਂ ਨੂੰ ਉਹਨਾਂ ਦੀ ਵਿਰਾਸਤੀ ਸਭਿਆਚਾਰ ਨਾਲੋਂ ਹੀ ਤੋੜ ਦਿੱਤਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਪਸ਼ੂਆਂ ਦੇ ਪਿਸ਼ਾਬ ਤੇ ਗੋਹੇ ਦੇ ਰਸ ਪਿਆਉਣ ਪਿੱਛੇ ਵੀ ਕੋਈ ਸਾਜ਼ਿਸ਼ ਹੋ ਸਕਦੀ ਹੈ। ਪਸ਼ੂ ਨੇ ਅਪਣੀ ਗੰਦਗੀ ਸਰੀਰ ਚੋਂ ਮਲ ਮੂਤਰ ਰਾਹੀਂ ਕੱਢਣੀ ਹੁੰਦੀ ਹੈ। ਇਹ ਕਿਵੇਂ ਸਿਹਤਵਰਧਕ ਹੋ ਸਕਦੀ ਹੈ। ਜੋ ਲੋਕ ਧਰਮ ਦੇ ਨਾਂ ਤੇ  ਗਾਂ ਦਾ ਜ਼ਿਆਦਾ ਹੀ ਪ੍ਰਚਾਰ ਕਰ ਰਹੇ ਹਨ ਉਹ ਦੇਖੋ, ਕਿੰਨੇ ਕੁ ਕੱਦ ਕਾਠ ਵਾਲੇ, ਕਿੰਨੇ ਕੂ ਹੱਥੀਂ ਕੰਮ ਕਰਨ ਵਾਲੇ ਤੇ ਕਿੰਨੀ ਕੂ ਦੇਸ਼ ਸੇਵਾ ਕਰਨ ਵਾਲੇ ਜਾਂ ਬਾਰਡਰ ਤੇ ਲੜਨ ਵਾਲੇ ਜਾਂ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਵਾਲੇ ਤੇ ਸਭ ਧਰਮਾਂ ਦਾ ਬਰਾਬਰ ਸਨਮਾਨ ਕਰਨ ਵਾਲੇ ਹਨ। ਦੇਖੋ, ਉਹ ਕਿਤੇ ਭੋਲੇ ਭਾਲੇ ਲੋਕਾਂ ਨੂੰ ਚੱਕਰ ਚ ਪਾ ਕੇ ਅਪਣੀ ਦੁਕਾਨਦਾਰੀ ਤਾਂ ਨਹੀਂ ਚਮਕਾ ਰਹੇ। ਸਾਨੂੰ ਕਿਸੇ ਧਰਮ ਜਾਂ ਕਿਸੇ ਬੰਦੇ ਦੀ ਨਿੰਦਿਆ ਕਰਨ ਦੀ ਆਦਤ ਨਹੀਂ, ਪਰ ਅਫਸੋਸ ਹੁੰਦਾ ਹੈ ਜਦੋਂ ਧਰਮ ਦੇ ਨਾਂ ਤੇ ਅਤੇ ਸਿਹਤ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦਿਆਂ ਦੇਖਦੇ ਹਾਂ।  ਬੱਚਿਆਂ ਤੇ ਨੌਜੁਆਨਾਂ ਨੂੰ ਹੱਥੀਂ ਕੰਮ ਕਰਨ ਦੀ ਬਜਾਇ ਪਾਰਕਾਂ ਚ ਯੋਗ ਕਰਨ ਦੀ ਆਦਤ ਪਾਉਣਾ ਦੇਸ਼ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਇਵੇਂ ਹੀ ਚੰਗੀਆਂ ਭਲੀਆਂ ਦਵਾਈਆਂ ਛੱਡ ਕੇ ਸਿਰਫ ਗਾਂ ਦੇ ਪਿਸ਼ਾਬ ਨੂੰ ਪਵਿੱਤਰ ਗਊ ਮੂਤਰ, ਅੰਮ੍ਰਿਤ ਕਹਿ ਕੇ ਪੜ੍ਹੇ ਲਿਖੇ ਧਾਰਮਿਕ ਲੋਕਾਂ ਨੂੰ ਵੀ ਮੂਰਖ ਬਣਾਈ ਜਾਣਾ ਕਿੱਥੋਂ ਦੀ ਇਮਾਨਦਾਰੀ ਤੇ ਧਰਮ ਹੈ। ਇਹਨਾਂ ਨੂੰ ਪੁੱਛਣ ਵਾਲਾ ਹੈ ਕਿ ਸ਼੍ਰੀ ਰਾਮ ਜੀ, ਸ਼੍ਰੀ ਕ੍ਰਿਸ਼ਨ ਜੀ, ਭੋਲੇ ਨਾਥ ਜੀ, ਹਨੂੰਮਾਨ ਜੀ ਆਦਿ ਨੇ ਜਾਂ ਕੌਰਵਾਂ ਪਾਂਡਵਾਂ ਨੇ ਗਾਂ ਦਾ ਪਿਸ਼ਾਬ ਪੀਤਾ ਜਾਂ ਯੋਗ ਅਭਿਆਸ ਕੀਤੇ ? ਕਿਤੇ ਚੰਗਾ ਹੁੰਦਾ ਜੇ ਨੌਜੁਆਨਾਂ ਨੂੰ ਤੇ ਬੱਚਿਆਂ ਨੂੰ ਯੋਗ ਸਿੱਖਣ ਤੋਂ ਪਹਿਲਾਂ ਮਾਪਿਆਂ ਦਾ ਕਹਿਣਾ ਮੰਨਣ, ਘਰ ਦਾ ਜਾਂ ਖੇਤੀ ਦਾ ਸਾਰਾ ਕੰਮ ਹੱਥੀਂ ਕਰਨ ਤੇ ਸਾਦਾ ਖਾਣ ਦੀ ਟਰੇਨਿੰਗ ਦਿੱਤੀ ਜਾਂਦੀ। ਪਾਰਕਾਂ ਚ ਜਾ ਕੇ ਵਿਦੇਸ਼ੀ ਕੱਪੜੇ ਪਹਿਣ ਕੇ ਪੁੱਠੇ ਸਿੱਧੇ ਹੋ ਹੋ ਕੇ ਯੋਗ ਕਰਨ ਵਾਲਿਆਂ ਚੋਂ ਬਹੁਤਿਆਂ ਦੇ ਘਰ ਹਰ ਤਰਾਂ ਦਾ ਕੰਮ ਕਰਨ ਲਈ ਨੌਕਰ ਰੱਖੇ ਹੋਏ ਹਨ ਤੇ ਆਪ ਯੋਗ ਕਰਨ ਲਈ ਪਾਰਕ ਤੱਕ ਵੀ ਕਾਰ ਜਾਂ ਸਕੂਟਰ ਤੇ ਜਾਂਦੇ ਹਨ। ਇਹ ਲੋਕ  ਰੁਜ਼ਾਨਾ ਜੰਕ ਫੂਡ ਖਾਂਦੇ ਹਨ ਭਾਵ ਕਿ ਅਲਟਰਾ ਮਾਡਰਨ ਲਿਵਿੰਗ ਸਟਾਇਲ ਅਪਣਾਅ ਕੇ ਯੋਗ ਕਰਨ ਦਾ ਕੋਈ ਲਾਭ ਨਹੀਂ ਹੈ। ਸਾਡਾ ਪੂਰਾ ਪਰਿਵਾਰ ਯੋਗਾ ਪੂਰੀ ਤਰਾਂ ਜਾਣਦਾ ਹੈ, ਪਰ ਅਸੀਂ ਕਦੇ ਯੋਗਾ ਕਰਨ ਤੇ ਟਾਈਮ ਬਰਬਾਦ ਨਹੀਂ ਕਰਦੇ। ਹੱਥੀਂ ਕੰਮ ਕਰਦੇ ਹਾਂ। ਕੰਮ, ਕਿਰਤ ਤੋਂ ਵੱਡਾ ਯੋਗ ਕੀ ਹੋ ਸਕਦਾ ਹੈ ?  ਸਾਰੇ ਜੱਟ ਯੋਗ ਕਰਨ ਬਹਿ ਗਏ ਤਾਂ ਕਣਕ, ਝੋਨਾ, ਆਦਿ ਬਾਬਾ ਰਾਮਦੇਵ ਉਗਾਊਗਾ ?  ਇਵੇਂ ਹੀ ਚੰਗਾ ਹੁੰਦਾ ਜੇ ਲੀਡਰਾਂ ਤੇ ਅਫਸਰਾਂ ਨੂੰ ਯੋਗ ਸਿਖਾਉਣ ਦੀ ਬਜਾਇ ਗਰੀਬ ਤੇ ਦੇਸ਼ ਹਿੱਤ ਚ ਜਾਨ ਤੱਕ ਦੇਣ ਦੀ ਟਰੇਨਿੰਗ ਦਿੱਤੀ ਜਾਂਦੀ। ਦੇਸ਼ ਨੂੰ ਲੁੱਟ ਲੁੱਟ ਕੇ ਅਯਾਸ਼ੀਆਂ ਹੰਢਾਉਣ ਵਾਲੇ ਤੇ ਖੂਬ ਪੈਸੇ ਜੋੜਨ ਵਾਲੇ ਪਾਪੀ ਲੋਕ ਜਿੰਨਾ ਮਰਜ਼ੀ ਯੋਗ ਕਰੀ ਜਾਣ ਜਾਂ ਗਾਂ ਦਾ ਪਿਸ਼ਾਬ ਪੀਈ ਜਾਣ ਉਹ ਕਦੇ ਵੀ ਤੰਦਰੁਸਤ ਨਹੀਂ ਹੋਣਗੇ। ਤੰਦਰੁਸਤ ਤਾਂ ਉਹ ਰਹਿਣਗੇ ਜੋ ਗਰੀਬਾਂ ਦੀਆਂ ਅਸੀਸਾਂ ਲੈਣਗੇ ! ਜੋ ਸਭ ਜੀਵਾਂ ਨੂੰ ਬਰਾਬਰ ਸਨਮਾਨ ਦੇਣਗੇ। ਪਹਿਲਾਂ ਨਿਰੋਲ ਯੋਗ ਦਾ ਪ੍ਰਚਾਰ ਕਰ ਕੇ ਫਿਰ ਉਹੋ ਈ ਊਟ ਪਟਾਂਗ ਤੇ ਖਤਰਨਾਕ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ। ਇਹ ਕਪਟ ਨਹੀਂ ਤਾਂ ਕੀ ਹੈ ? ਇਵੇਂ ਹੀ ਜੇ ਕਿਸੇ ਦੇਸ਼ ਜਾਂ ਕੌਮ ਦੀ ਤਰੱਕੀ ਕਰਨੀ ਹੋਵੇ ਤਾਂ ਉਥੋਂ ਦੇ ਕਿਸੇ ਵੀ ਵਿਅਕਤੀ ਨਾਲ ਵਿਤਕਰਾ ਨਹੀਂ ਹੋਣ ਦੇਣਾ ਚਾਹੀਦਾ ਤੇ ਨਾ ਹੀ ਕਿਸੇ ਪਸ਼ੂ, ਪੰਛੀ ਨਾਲ ਵਿਤਕਰਾ ਕਰਨਾ ਚਾਹੀਦਾ ਹੈ।

 ਅਸੀਂ ਤੇ ਸਾਡੇ ਬੱਚੇ ਗਾਂ ਦਾ ਦੁੱਧ ਬਿਲਕੁਲ ਨਹੀਂ ਪੀਂਦੇ ਤੇ ਨਾਂ ਹੀ ਗਾਂ ਦਾ ਘਿਉ ਖਾਂਦੇ ਹਾਂ। ਅਸੀਂ ਸਿਰਫ ਮੱਝ ਦਾ ਦੁੱਧ ਤੇ ਮੱਝ ਦੇ ਦੁੱਧ ਤੋਂ ਬਣੇ ਘਿਉ, ਮੱਖਣ, ਲੱਸੀ, ਦਹੀਂ ਆਦਿ ਈ ਵਰਤਦੇ ਹਾਂ।  ਮੇਰੇ ਸਾਰੇ ਚਾਚੇ, ਤਾਏ, ਦਾਦੇ, ਪੜਦਾਦੇ ਤੇ ਨਾਨਕਾ ਪਰਿਵਾਰ ਵੀ ਸਿਰਫ ਮੱਝਾਂ ਦਾ ਹੀ ਦੁੱਧ ਘਿਉ ਵਰਤਦੇ ਹਨ।  ਸਾਡੇ ਪਰਿਵਾਰ ਚ ਕੋਈ ਵੀ ਮਰਦ ਛੇ ਫੁੱਟ ਤੋਂ ਘੱਟ ਕੱਦ ਵਾਲਾ ਨਹੀਂ ਸੀ ਤੇ ਕੋਈ ਵੀ ਔਰਤ ਸਾਢੇ ਪੰਜ ਫੁੱਟ ਤੋਂ ਘੱਟ ਨਹੀਂ ਸੀ। ਬਹੁਤ ਸਦੀਆਂ ਤੋਂ ਜੱਟ ਸਿਰਫ ਮੱਝਾਂ ਪਾਲਦੇ ਸੀ ਤੇ ਮੱਝਾਂ ਦਾ ਹੀ ਦੁੱਧ, ਘਿਉ ਵਰਤਦੇ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਪਿਸ਼ਾਵਰ, ਮੁਲਤਾਨ, ਲਾਹੌਰ, ਸਿਆਲਕੋਟ ਆਦਿ ਇਲਾਕਿਆਂ ਦੇ ਰਾਜੇ ਅਤੇ ਇਰਾਨ, ਇਰਾਕ, ਅਫਗਾਨਿਸਤਾਨ ਆਦਿ ਦੇ ਸਭ ਮੁਸਲਮਾਨ, ਮੁਗਲ, ਪਠਾਣ, ਸਿੱਖ ਰਾਜੇ ਵੀ ਸਿਰਫ ਮੱਝਾਂ ਦਾ ਹੀ ਦੁੱਧ ਪੀਂਦੇ ਸਨ।  ਗੁਰੂ ਨਾਨਕ ਸਾਹਿਬ ਜੀ ਨੇ ਵੀ ਸਿਰਫ ਮੱਝਾਂ ਹੀ ਚਰਾਈਆਂ ਸਨ। ਇੱਕ ਵੀ ਗਾਂ ਉਹਨਾਂ ਦੇ ਪਸ਼ੂਆਂ ਚ ਨਹੀਂ ਸੀ। ਯਾਨੀ ਕਿ ਉਸ ਵੇਲੇ ਵੀ ਸਭ ਪੰਜਾਬੀ ਲੋਕ ਮੱਝਾਂ ਹੀ ਪਾਲਦੇ ਸਨ। ਪਾਕਿਸਤਾਨ ਦੇ ਜੱਟ ਅਜੇ ਵੀ ਮੱਝਾਂ ਹੀ ਪਾਲਦੇ ਹਨ। ਉਹਨਾਂ ਦੇ ਬੱਚੇ ਭਾਰਤੀ ਪੰਜਾਬੀ ਜੱਟਾਂ ਨਾਲੋਂ ਜ਼ਿਆਦਾ ਕੱਦ ਕਾਠ ਵਾਲੇ, ਜ਼ਿਆਦਾ ਤਾਕਤਵਰ ਤੇ ਜ਼ਿਆਦਾ ਸਿਹਤਮੰਦ ਹਨ, ਹਾਲਾਂ ਕਿ ਉਹ ਇੱਕ ਗਰੀਬ ਮੁਲਕ ਚ ਰਹਿ ਰਹੇ ਹਨ। ਪਾਕਿਸਤਾਨ ਦੇ ਬਹੁਤੇ ਖਿਡਾਰੀ ਤੇ ਫੌਜੀ ਮੱਝਾਂ ਦਾ ਦੁੱਧ ਪੀਣ ਵਾਲੇ ਬਹੁਤੇ ਜੱਟ ਹੀ ਹਨ। ਉਥੇ ਪੰਜਾਬੀਆਂ ਦੀ ਧਾਂਕ ਹੈ। ਇਵੇਂ ਹੀ ਵਿਦੇਸ਼ਾਂ ਵਿੱਚ ਵੀ ਮੱਝ ਦਾ ਵਧੇਰੇ ਦੁੱਧ ਪੀਣ ਵਾਲੇ ਪੰਜਾਬੀ ਹੀ ਕਾਮਯਾਬ ਹੋਏ ਹਨ। ਭਾਰਤ ਦੇ ਵੀ ਬਹੁਤੇ ਖਿਡਾਰੀ ਮੱਝ ਦਾ ਹੀ ਦੁੱਧ ਪੀਂਦੇ ਹਨ। ਖੇਤੀ ਕਰਨ ਵਾਲੇ ਜੱਟ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਮੱਝਾਂ ਪਾਲੋ, ਮੱਝਾਂ ਦਾ ਦੁੱਧ, ਘਿਉ, ਦਹੀਂ, ਲੱਸੀ ਪਹਿਲਾਂ ਵਾਂਗ ਪੀਉ। ਘਰ ਦੀਆਂ ਸਬਜ਼ੀਆਂ, ਸਲਾਦ, ਕਣਕ, ਮੱਕੀ, ਦਾਲਾਂ ਆਦਿ ਖਾਉ। ਰੂੜੀ, ਪਾਥੀਆਂ, ਤੰਦੂਰ, ਕੁੱਜਾ, ਕਾਹੜਨੀ, ਕਹੀ, ਗੱਡਾ, ਹਲ, ਪੰਜਾਲੀ, ਆਦਿ ਨੂੰ ਅਪਣਾਉ ਫਿਰ ਤੁਹਾਡੇ ਬੱਚੇ ਤੁਹਾਡੇ ਬਜ਼ੁਰਗਾਂ ਵਰਗੇ ਤਾਕਤਵਰ, ਮਿਹਨਤੀ, ਹਿੰਮਤੀ ਪੈਦਾ ਹੋਣ ਲੱਗਣਗੇ। ਬਾਕੀ ਭਾਰਤ ਨਾਲੋਂ ਤੁਹਾਡੀ ਇਹ ਵਿਲੱਖਣਤਾ ਸੀ ਕਿ ਤੁਸੀਂ ਮੱਝਾਂ ਪਾਲਦੇ ਸੀ। ਇਹੀ ਵਿਲੱਖਣਤਾ ਬਣਾਈ ਰੱਖੋ। ਇਸੇ ਚ ਹੀ ਤੁਹਾਡੀ ਭਲਾਈ ਹੈ।

ਸਪੇਰਿਆਂ ਦੀਆਂ ਗਿੱਦੜਸਿੰਗੀਆਂ ਦਾ ਸੱਚ

0

ਸਪੇਰਿਆਂ ਦੀਆਂ ਗਿੱਦੜਸਿੰਗੀਆਂ ਦਾ ਸੱਚ

ਡੱਬੀਆਂ ਵਿੱਚ ਬੰਦ ਗਿੱਦੜਸਿੰਗੀਆਂ ਨੂੰ ਸੰਦੂਰ ਵਿੱਚ ਰੱਖਿਆ ਜਾਂਦਾ ਹੈ ਜਿਸ ਨਾਲ ਉਸ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਉਹ ਹੋਰ ਬੱਚੇ ਬਣਾਉਂਦੀ ਹੈ।  ਇਹ ਗੱਲ ਹਜ਼ਮ ਕਰਨਾਂ ਮੁਸ਼ਕਿਲ ਸੀ ਸੋ ਇਸ ਦੀ ਤਹਿ ਤੱਕ ਜਾਣਾ ਜਰੂਰੀ ਹੋ ਗਿਆ ਹੈ। ਪੜਤਾਲ ਕਰਦਿਆਂ ਗੱਲ ਸਾਹਮਣੇ ਆਈ ਕਿ ਸਪੇਰੇ ਕਿਸੇ ਮਰੇ ਜਾਨਵਰ ਜਿਵੇਂ ਕੁੱਤਾ, ਬਿੱਲੀ ਆਦਿ ਦੇ ਵਾਲਾਂ ਅਤੇ ਮਾਸ ਸਮੇਤ ਨਹੁੰ ਕੱਢ ਲੈਂਦੇ ਨੇ, ਫਿਰ ਡੱਬੀਆਂ ‘ਚ ਬੰਦ ਕਰ ਕੇ ਭੋਲੇ ਭਾਲੇ ਲੋਕਾਂ ਨੂੰ ਮਨਮਰਜ਼ੀ ਦੀਆਂ ਕੀਮਤਾਂ ‘ਤੇ ਵੇਚ ਦਿੰਦੇ ਨੇ। ਜੀਵਾਂ ਵਿੱਚ  ਇਹ ਵਿਗਿਆਨਕ ਵਿਸ਼ੇਸ਼ਤਾ ਹੁੰਦੀ ਹੈ ਕਿ ਮਰਨ ਤੋਂ ਬਾਅਦ ਵੀ ਵਾਲ ਅਤੇ ਨਹੁੰ ਕੈਮੀਕਲ ਆਧਾਰ ‘ਤੇ ਕੰਮ ਕਰਦੇ ਰਹਿੰਦੇ ਹਨ ਅਤੇ ਜੇ ਇਹਨਾਂ ਨੂੰ ਕੈਮੀਕਲ ਮਿਲਦਾ ਰਹੇ ਤਾਂ ਇਹਨਾਂ ਦਾ ਵਾਧਾ ਵੀ ਕੁਝ ਸਮੇਂ ਤੱਕ ਹੁੰਦਾ ਰਹਿੰਦਾ ਹੈ।
ਸੋ ਠੱਗ ਸਪੇਰਿਆਂ ਦੁਆਰਾ ਬਣਾਈਆਂ ਗਿੱਦੜਸਿੰਗੀਆਂ ਸੰਦੂਰ ਤੋਂ ਕੈਮੀਕਲ ਪ੍ਰਾਪਤ ਕਰ ਕੇ ਕੁਝ ਵੱਡੀਆਂ ਹੋ ਜਾਂਦੀਆਂ ਨੇ ਅਤੇ ਸਮਾਂ ਪਾ ਕੇ ਨਹੁੰਆਂ ਤੋਂ ਮਾਸ ਦੇ ਕੁਝ ਟੁੱਕੜੇ ਅੱਡ ਹੋ ਜਾਂਦੇ ਨੇ ਜਿਨਾਂ ਨੂੰ ਗਿੱਦੜਸਿੰਗੀ ਦੇ ਨਿਆਣੇ ਮੰਨ ਲਿਆ ਜਾਂਦਾ ਹੈ। ਜਦ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਸਾਰੀ ਗੱਲ ਸਮਝਾਈ ਗਈ ਤਾਂ ਉਹਨਾਂ ਨੇ ਤਾਂ ਆਪਣੇ ਮਾਪਿਆਂ ਨੂੰ ਸਮਝਾ ਕੇ ਸੰਦੂਕਾਂ, ਪੇਟੀਆਂ ‘ਚ ਲੁਕੋਈਆਂ ਗਿੱਦੜਸਿੰਗੀਆਂ ਬਾਹਰ ਸਟਵਾ ਦਿੱਤੀਆਂ, ਪਰ ਲੋੜ ਹੈ ਸਾਡੇ ਆਮ ਲੋਕਾਂ ਖਾਸ ਕਰ ਪਿੰਡਾਂ ਵਾਲੇ ਭੋਲੇ-ਭਾਲੇ ਸੱਜਣਾਂ ਨੂੰ ਸੁਚੇਤ ਹੋਣ ਦੀ ਅਤੇ ਇਹ ਗੱਲ ਸਮਝਣ ਦੀ ਕਿ ਅਸਲ ਗਿੱਦੜਸਿੰਗੀ ਬੰਦੇ ਦੁਆਰਾ ਮਿਹਨਤ ਅਤੇ ਲਗਨ ਨਾਲ ਕੀਤੇ ਕੰਮ ਹਨ ਜਦਕਿ ਠੱਗ ਸਪੇਰੀਆਂ ਦੁਆਰਾ ਮਹਿੰਗੇ ਭਾਅ ਵੇਚੀਆਂ ਜਾ ਰਹੀਆਂ ਗਿੱਦੜਸਿੰਗੀਆਂ ਕਿਸਮਤ ਜਗਾਉਣ ਦੇ ਭਰਮ ਤੋਂ ਵੱਧ ਕੁਝ ਨਹੀ…

ਕੁਦਰਤ ਦਾ ਇੱਕ ਅਦਭੁਤ ਦ੍ਰਿਸ਼

0

ਕੁਦਰਤ ਦਾ ਇੱਕ ਅਦਭੁਤ ਦ੍ਰਿਸ਼

                                       – ਗੁਰਪ੍ਰੀਤ ਸਿੰਘ ( U.S.A)

 

ਉਹ ਇੱਕ ਸਾਹ ਵਿੱਚ, ਅਛੋਪਲੇ ਹੀ ਜਿਵੇਂ ਮਾਣ ਲੈਣਾ ਚਾਹੁੰਦਾ ਹੋਵੇ,

ਕੁਦਰਤ ਦੀ ਹਰ ਅੰਗੜਾਈ, ਹਰ ਇੱਕ ਅਦਾ ਵਿੱਚ।

ਜਿਵੇਂ, ਆਲ੍ਹਣੇ ‘ਚੋਂ ਉੱਡ ਰਹੇ ਕਿਸੇ ਬੋਟ ਦੀ ਪਹਿਲੀ ਉਡਾਰੀ,

ਕਦੀ ਆਵੇ ਗੁੰਮ-ਸੁੰਮ, ਗੁੱਪ-ਚੁੱਪ ਘਾਟੀਆਂ ਦੀ ਵਾਰੀ।

ਕਿੱਧਰੇ ਦਰਿਆ ਦੀ ਛੱਲ ‘ਚੋਂ ਨਿਕਲੀ ਉਮੰਗ ਦੀ ਤਰੰਗ,

ਜਾਂ ਸੁੱਕਦੇ ਝਰਨੇ ‘ਚੋਂ ਡਿੱਗ ਰਹੀ ਪਾਣੀ ਦੀ ਆਖਰੀ ਬੂੰਦ ਨਿਆਰੀ।

ਜਦ ਕਦੀ ਉਸ ਦੀ ਸੁਰਤ, ਕਿਸੇ ਫੁੱਲ ਦੀ ਸੁੰਦਰਤਾ ‘ਚ ਗਵਾਚ ਜਾਂਦੀ,

ਕੁਝ ਕੰਢੇ ਵੀ ਝਟਪਟ, ਆਪਣੀ ਹੋਂਦ ਦਾ ਅਹਿਸਾਸ ਕਰਵਾ,

ਫਿਰ ਬਣਾ ਜਾਂਦੇ ਉਸ ਨੂੰ, ਨੂਰੋ-ਨੂਰ ਦੇ ਰਸਤੇ ਦਾ ਪਾਂਧੀ।

ਨਿੱਤ ਨਵੀਂ ਸਵੇਰੇ ਵਿਸਮਾਦਤਾ ‘ਚ ਅਨੰਦਿਤ ਹੋਇਆ, ਲੱਭਦਾ ਨਵੇਂ ਭੇਦ,

ਗੁੱਝੇ ਤੇ ਗੂੜ੍ਹੇ ਰੰਗਾਂ ‘ਚ ਪ੍ਰਕਾਸ਼, ਕੋਈ ਸ਼ਕਤੀ ਵੀ ਦੇ ਰਹੀ ਸੀ ਸੇਧ।

ਆਖਰ ਇੱਕ ਦਿਨ ਉਸ ਨੂੰ ਲੱਗਾ ਕਿ ਉਹ ਹੀ ਹੈ ਸਭ ਥਾਂ ਸਮਾਇਆ,

ਉਹ ਤੇ ਉਸ ਦੇ ਗਾਹੇ ਨਜ਼ਾਰੇ ਹੋਏ ਇੱਕ ਰੂਪ, ਕੋਈ ਨਾ ਰਹਿਆ ਪਰਾਇਆ।

ਹੁਣ ਤਾਂ ਜਿਵੇਂ ਉਹ, ਆਪਣੇ ਅੰਦਰ ਹੀ ਸਭ ਨਜ਼ਾਰੇ ਸਜਾ ਲੈਂਦਾ,

ਜਦ ਵੀ ਚਿੱਤ ਕਰਦਾ, ਬਿਨਾਂ ਅਵਾਜ਼ ਜਿਵੇਂ ਮਰਜ਼ੀ ਨਚਵਾ ਲੈਂਦਾ।

ਅਚਨਚੇਤ ਫੁਰਨਾ ਫੁਰਿਆ, ਹੋਰਨਾਂ ਨੂੰ ਵੀ ਦੱਸਾਂ, ਕੁਦਰਤ ਦਾ ਰੂਪ ਸੋਹਣਾ,

ਨਾਲ ਹੀ ਦੱਸਾਂ, ਮੈ ਹਾਂ ਮਨੁੱਖ ਉੱਤਮ, ਕਿਹੜਾ ਮੇਰੇ ਵਰਗਾ ਹੋਣਾ ?

ਪੁੱਟਿਆ ਜਦ ਪਹਿਲਾ ਹੀ ਕਦਮ, ਸੁਪਨਾ ਹੋ ਗਿਆ ਭੰਗ,

ਮੰਜੇ ਤੋਂ ਥੱਲੇ ਡਿਗਿਆ ਸੋਚੇ, ਕੁਦਰਤ ਦਾ ਇਹ ਕਿਹੜਾ ਸੀ ਰੰਗ !

ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ

1

ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮਨ ਅੰਦਰ ਜਦੋਂ ਪਿਆਰ ਉਪਜੇ ਤਾਂ ਦਿਮਾਗ਼ ਵਿਚ ਉਥਲ-ਪੁਥਲ ਮਚ ਜਾਂਦੀ ਹੈ। ਇਹ ਪਿਆਰ ਕਿਸੇ ਜਾਨਵਰ ਨਾਲ, ਪੰਛੀ ਨਾਲ, ਫੁੱਲਾਂ ਨਾਲ, ਇਨਸਾਨ ਨਾਲ ਜਾਂ ਬਹੁਤ ਸੁਹਣੇ ਕੁਦਰਤੀ ਨਜ਼ਾਰੇ ਨਾਲ ਵੀ ਹੋ ਸਕਦਾ ਹੈ।

ਜਦੋਂ ਇਹ ਪਤਾ ਲੱਗੇ ਕਿ ਕੋਈ ਹੋਰ ਤੁਹਾਨੂੰ ਬਹੁਤ ਲਾਡ ਜਾਂ ਪਿਆਰ ਕਰਦਾ ਹੈ, ਯਾਨੀ ਪਿਤਾ, ਮਾਂ, ਭਰਾ, ਦੋਸਤ, ਭੈਣ, ਬੱਚਾ ਜਾਂ ਕੋਈ ਵੀ ਹੋਰ, ਤਾਂ ਇਸ ਇਹਸਾਸ ਨਾਲ ਵੀ ਦਿਮਾਗ਼ ਵਿਚ ਹਲਚਲ ਸ਼ੁਰੂ ਹੋ ਜਾਂਦੀ ਹੈ।

ਦਿਮਾਗ਼ ਉੱਤੇ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਦਿਮਾਗ਼ ਉੱਤੇ ਪਿਆਰ ਦੇ ਅਸਰ ਬਾਰੇ ਡੂੰਘੀ ਖੋਜ ਕੀਤੀ ਹੈ। ਅਸਰ ਵੇਖਣ ਤੋਂ ਪਹਿਲਾਂ ਅਨੇਕ ਲੋਕਾਂ ਤੋਂ ਫਾਰਮ ਭਰਵਾਏ ਗਏ। ਉਨ੍ਹਾਂ ਵਿੱਚੋਂ ਪਿਆਰ, ਖਿੱਚ, ਲਾਲਸਾ, ਲਗਾਓ, ਕਾਮ, ਮਸਤੀ ਆਦਿ ਵੰਨਗੀਆਂ ਵਾਲੇ ਲੋਕਾਂ ਨੂੰ ਵੱਖ ਹਿੱਸਿਆਂ ਵਿਚ ਵੰਡ ਲਿਆ ਗਿਆ।

ਇਹ ਵੇਖਣ ਵਿਚ ਆਇਆ ਕਿ ਜਿਸ ਮਨੁੱਖ ਦੇ ਮਨ ਵਿਚਲੀ ਭਾਵਨਾ ਵਿਚ ਕਾਮ ਪ੍ਰਧਾਨ ਹੋਵੇ, ਉਸ ਦੇ ਦਿਮਾਗ਼ ਵਿੱਚੋਂ ਹਾਰਮੋਨਾਂ ਦਾ ਹੜ੍ਹ ਨਿਕਲ ਪੈਂਦਾ ਹੈ ਤੇ ਉਹ ਇਕਦਮ ਹਾਸਲ ਕਰਨ ਦੀ ਹੋੜ ਵਿਚ ਲੱਗ ਜਾਂਦਾ ਹੈ।

ਇਸ ਦੌਰਾਨ ਐਡਰੀਨਾਲੀਨ ਤੇ ਨਾਰ ਐਡਰੀਨਾਲੀਨ ਵਧਣ ਨਾਲ ਦਿਲ ਦੀ ਧੜਕਨ ਵੱਧ ਜਾਂਦੀ ਹੈ, ਹੱਥਾਂ ਉੱਤੇ ਪਸੀਨਾ ਆ ਜਾਂਦਾ ਹੈ ਤੇ ਦਿਮਾਗ਼ ਵਿਚ ਡੋਪਾਮੀਨ ਦੇ ਵਧ ਜਾਣ ਨਾਲ ਖੁਸ਼ੀ ਤੇ ਜਿੱਤ ਦਾ ਇਹਸਾਸ ਹੋਣ ਲੱਗ ਪੈਂਦਾ ਹੈ।

ਕੁੱਝ ਕਿਸਮ ਦੀਆਂ ਨਸ਼ੀਲੀਆਂ ਦਵਾਈਆਂ ਨਾਲ ਵੀ ਡੋਪਾਮੀਨ ਵੱਧ ਜਾਂਦਾ ਹੈ ਤੇ ਸਰੀਰ ਉੱਚੀਆਂ ਹਵਾਵਾਂ ਵਿਚ ਉੱਡਦਾ ਮਹਿਸੂਸ ਹੁੰਦਾ ਹੈ।

ਕੁੱਝ ਲੋਕਾਂ ਨੂੰ ਖ਼ੂਬਸੂਰਤ ਚਿਹਰਾ ਵੇਖਦੇ ਸਾਰ ਵਕਤੀ ਖਿੱਚ ਮਹਿਸੂਸ ਹੁੰਦੀ ਹੈ। ਮੌਰਫ਼ੀਨ ਤੇ ਹੋਰ ਦਰਦ ਘਟਾਉਣ ਦੀਆਂ ਦਵਾਈਆਂ ਨਾਲ ਵੀ ਦਿਮਾਗ਼ ਨੂੰ ਇਹੋ ਜਿਹਾ ਹੀ ਸੁਣੇਹਾ ਜਾਂਦਾ ਹੈ ਕਿ ਸਭ ਵਧੀਆ ਹੈ ਤੇ ਕਿਸੇ ਪ੍ਰਤੀ ਖਿੱਚ ਮਹਿਸੂਸ ਹੁੰਦੀ ਹੈ। ਅਜਿਹੀ ਖਿੱਚ ਦਿਮਾਗ਼ ਵਿਚਲੇ ਪਸੰਦ ਆ ਜਾਣ ਵਾਲੀਆਂ ਚੀਜ਼ਾਂ ਨੂੰ ਸਾਂਭਣ ਵਾਲੇ ਸੈਂਟਰ ਵਿਚ ਹਲਚਲ ਪੈਦਾ ਕਰਦੀਆਂ ਹਨ ਤੇ ਦੂਜੇ ਵਲ ਉਲਾਰ ਪੈਦਾ ਕਰ ਦਿੰਦੀਆਂ ਹਨ। ਮਨ ਅੰਦਰ ਹਲਕੀ ਕੁਤਕੁਤਾੜੀ ਜਿਹੀ ਮਹਿਸੂਸ ਹੁੰਦੀ ਹੈ ਤੇ ਕੁੱਝ ਚਿਰ ਲਈ ਚੁਫ਼ੇਰਾ ਚੰਗਾ ਜਿਹਾ ਲੱਗਣ ਲੱਗ ਜਾਂਦਾ ਹੈ।

ਜਦੋਂ ਅਸਲ ਵਿਚ ਕਿਸੇ ਨਾਲ ‘ਨੇਹੁ’ (ਪਿਆਰ) ਲੱਗ ਜਾਵੇ ਤਾਂ ਦਿਮਾਗ਼ ਦੇ ਪੈੱਟ ਸਕੈਨ ਵਿਚ ਦਿਮਾਗ਼ ਦੇ ਖੁਸ਼ੀ ਵਾਲੇ ਸੈਂਟਰ ‘‘ਨਿਊਕਲੀਅਸ ਐਕੂਮਬੈਂਸ’’ ਵਿਚ ਬਹੁਤ ਜ਼ਿਆਦਾ ਤੇ ਲਗਾਤਾਰ ਹਲਚਲ ਹੁੰਦੀ ਦਿਸਦੀ ਹੈ। ਇਸ ਹਿੱਸੇ ਵੱਲ ਵੱਧ ਲਹੂ ਜਾਣ ਲੱਗ ਪੈਂਦਾ ਹੈ। ਸਿਰਫ਼ ਉਨ੍ਹਾਂ ਲੋਕਾਂ ਵਿਚ ਹੀ ਲਗਾਤਾਰ ਇਸ ਹਿੱਸੇ ਵਿਚ ਹਲਚਲ ਹੁੰਦੀ ਲੱਭੀ ਗਈ ਜੋ ਅਸਲ ਪਿਆਰ ਵਿਚ ਭਿੱਜੇ ਹੋਏ ਸਨ ਤੇ ਦਿਨ ਵਿਚ ਜਦੋਂ ਵੀ ਪਿਆਰੇ ਦਾ ਜ਼ਿਕਰ ਹੋਵੇ ਜਾਂ ਸਾਹਮਣਾ ਹੋਵੇ ਤਾਂ ਉਨ੍ਹਾਂ ਦੇ ਪੂਰੇ ਸਰੀਰ ਵਿਚ ਵੀ ਸਫੂਰਤੀ ਵਧੀ ਲੱਭੀ।

ਅਸਲ ਪਿਆਰ ਵਿਚ ਡੁੱਬਿਆਂ ਦੇ ਦਿਮਾਗ਼ ਵਿਚਲਾ ਕੈਮੀਕਲ ‘ਸਿਰੋਟੋਨਿਨ’ ਕੁੱਝ ਚਿਰ ਲਈ ਘੱਟ ਹੋਇਆ ਲੱਭਿਆ ਜੋ ‘ਓਬਸੈੱਸਿਵ ਕਮਪਲਸਿਵ ਡਿਸਆਰਡਰ’ ਵਰਗੇ ਰੋਗੀਆਂ ਵਿਚ ਵੀ ਸਦੀਵੀ ਘੱਟ ਜਾਂਦਾ ਹੈ। ਇਹ ਕੈਮੀਕਲ ਘਟਣ ਨਾਲ ਅਕਲ ਉੱਤੇ ਪਰਦਾ ਪੈ ਜਾਂਦਾ ਹੈ ਤੇ ਪਿਆਰ ਕਰਲ ਵਾਲਿਆਂ ਨੂੰ ਦੂਜੇ ਵਿਚ ਕੋਈ ਐਬ ਲੱਭਦਾ ਹੀ ਨਹੀਂ। ਇਸ ਹਾਲਤ ਨੂੰ ਮੁਹਾਵਰਿਆਂ ਵਿਚ ‘ਪਿਆਰ ਵਿਚ ਅੰਨ੍ਹੇ ਹੋਣਾ’ ਕਿਹਾ ਜਾਂਦਾ ਹੈ।

ਹਕੀਕਤ ਇਹੀ ਹੈ ਕਿ ਲੱਖ ਕੋਈ ਸਮਝਾਏ ਪਰ ਜਿਸ ਨੂੰ ਪਿਆਰ ਕਰਦੇ ਹੋਵੇ, ਉਸ ਵਿਚ ਅਨੇਕ ਊਣਤਾਈਆਂ ਹੁੰਦਿਆਂ ਹੋਇਆਂ ਵੀ ਦਿਸਦੀਆਂ ਨਹੀਂ ਕਿਉਂਕਿ ਸਿਰੋਟੋਟਿਨ ਘਟਦੇ ਸਾਰ ਇੱਕੋ ਗੱਲ ਦਿਮਾਗ਼ ਦੀ ਗਰਾਰੀ ਵਿਚ ਫਸ ਜਾਂਦੀ ਹੈ ਕਿ ਜਿਸ ਨਾਲ ਪਿਆਰ ਕੀਤਾ ਹੈ ਉਹ ਬੇਮਿਸਾਲ ਹੈ। ਕਈ ਤਾਂ ਇਸ ਹੱਦ ਤਕ ਪਾਗਲ ਹੋ ਜਾਂਦੇ ਹਨ ਕਿ ਮਹਿਬੂਬ ਲਈ ਜਾਨ ਤੱਕ ਵਾਰ ਦਿੰਦੇ ਹਨ ਜਾਂ ਕਿਸੇ ਹੋਰ ਵੱਲੋਂ ਮਹਿਬੂਬ ਦੀ ਬੁਰਾਈ ਸੁਣਨ ਉੱਤੇ ਦੂਜੇ ਦਾ ਕਤਲ ਤੱਕ ਕਰ ਦਿੰਦੇ ਹਨ।

ਜਦੋਂ ਕੁੱਝ ਚਿਰ ਬਾਅਦ ਖ਼ੁਮਾਰੀ ਉਤਰਦੀ ਹੈ ਤੇ ਸਿਰੋਟੋਨਿਨ ਵਾਪਸ ਵੱਧਣ ਲੱਗਦੀ ਹੈ ਤਾਂ ਦੂਜੇ ਵਿਚ ਨੁਕਸ ਦਿਸਣੇ ਸ਼ੁਰੂ ਹੋ ਜਾਂਦੇ ਹਨ। ਜਿਹੜਾ ਜਣਾ ਅਸਲ ਪਿਆਰ ਵਿਚ ਭਿੱਜਿਆ ਹੋਵੇ, ਉਹ ਤਾਂ ਅਜਿਹੇ ਰਿਸ਼ਤੇ ਨੂੰ ਪੂਰ ਚੜ੍ਹਾ ਸਕਦਾ ਹੈ, ਪਰ ਜਿਸ ਨੂੰ ਅਸਲ ਪਿਆਰ ਨਾ ਹੋਵੇ ਤੇ ਸਿਰਫ਼ ਵਕਤੀ ਲਗਾਓ ਹੋਵੇ, ਅਜਿਹੇ ਰਿਸ਼ਤਿਆਂ ਵਿਚ ਤ੍ਰੇੜ ਪੈ ਜਾਂਦੀ ਹੈ, ਇਸੇ ਲਈ ਵਕਤੀ ਲਗਾਓ ਨਾਲ ਹੋਏ ਵਿਆਹ ਵੀ ਪਹਿਲੇ ਦੋ ਸਾਲਾਂ ਵਿਚ ਹੀ ਤਲਾਕ ਉੱਤੇ ਖ਼ਤਮ ਹੋ ਜਾਂਦੇ ਹਨ। ਖ਼ਾਸ ਕਰ ਜਦੋਂ ਅਕਲ ਉੱਤੇ ਪਿਆ ਪਰਦਾ ਪਰ੍ਹਾਂ ਹੋ ਜਾਂਦਾ ਹੈ। ਜੇ ਤਲਾਕ ਨਾ ਹੋਵੇ ਤਾਂ ਲੜਦੇ-ਭਿੜਦੇ, ਭਾਂਡੇ ਖੜਕਾਉਂਦੇ ਅਜਿਹੇ ਰਿਸ਼ਤੇ ਉਮਰ ਭਰ ਦੀ ਖਿੱਚ ਧੂਅ ਵਿਚ ਹੀ ਖ਼ਤਮ ਹੋ ਜਾਂਦੇ ਹਨ।

ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਵੱਖੋ-ਵੱਖ ਮੁਲਕਾਂ ਦੀਆਂ ਮੈਡੀਕਲ ਯੂਨੀਵਰਸਿਟੀਆਂ ਵਿਚ ਪਿਆਰ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਖੋਜਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹੈਲਨ ਫਿੱਸ਼ਰ ਤੇ ਡਾ. ਸ਼ਵਾਰਜ਼ (ਸਹਾਇਕ ਪ੍ਰੋਫੈੱਸਰ, ਮੈਕਲੀਨ ਹਸਪਤਾਲ ਬੈਲਮਾਂਟ) ਨੇ ਸਪਸ਼ਟ ਕੀਤਾ ਹੈ ਕਿ ਉਮਰ ਲੰਮੀ ਕਰਨ ਤੇ ਖੁਸ਼ ਰਹਿਣ ਲਈ ਪਿਆਰ ਦਾ ਇਹਸਾਸ ਹੋਣਾ ਜ਼ਰੂਰੀ ਹੈ।

2500 ਤੋਂ ਵੱਧ ਕਾਲਜ ਪੜ੍ਹਦੇ ਵਿਦਿਆਰਥੀਆਂ ਦੇ ਦਿਮਾਗ਼ ਦਾ ਪੈੱਟ ਸਕੈਨ ਕਰਨ ਬਾਅਦ ਇਹੋ ਰਿਪੋਰਟ ਸਾਹਮਣੇ ਆਈ ਕਿ ਜਿਹੜੇ ਪਿਆਰ ਵਿਚ ਗੜੁੱਚ ਸਨ, ਉਨ੍ਹਾਂ ਨੂੰ ਸਿਰਫ਼ ਪਿਆਰੇ ਦੀ ਤਸਵੀਰ ਵਿਖਾਉਣ ਨਾਲ ਹੀ ਉਨ੍ਹਾਂ ਦੇ ਦਿਮਾਗ਼ ਵਿਚਲੇ ਡੋਪਾਮੀਨ ਬਣਾਉਣ ਵਾਲੇ ਹਿੱਸਿਆਂ ਵਿਚ ਝਟਪਟ ਹਲਚਲ ਹੁੰਦੀ ਦਿਸੀ।

ਦਿਮਾਗ਼ ਦੇ ਦੋ ਹਿੱਸੇ ਜੋ ਬਹੁਤ ਵੱਧ ਕੰਮ ਕਰਨ ਲੱਗ ਪਏ, ਉਹ ਸਨ ‘ਕੌਡੇਟ ਨਿਊਕਲਿਅਸ’ ਜੋ ਰਿਵਾਰਡ ਸਿਸਟਮ ਭਾਵ ਉਮੀਦ ਤੇ ਵਿਹਾਰ ਉੱਤੇ ਅਸਰ ਪਾਉਂਦਾ ਹੈ ਅਤੇ ਦੂਜਾ, ‘ਵੈਂਟਰਲ ਟੈਗਮੈਂਟਲ ਹਿੱਸਾ’ ਜਿਸ ਨਾਲ ਖ਼ੁਸ਼ੀ ਮਹਿਸੂਸ ਹੁੰਦੀ ਹੈ ਤੇ ਇਕਾਗਰਤਾ ਵਧਦੀ ਹੈ। ਇਸੇ ਹਿੱਸੇ ਨਾਲ ਅੱਗੋਂ ਕੰਮ ਕਰਦੇ ਰਹਿਣ ਤੇ ਕੁੱਝ ਹਾਸਲ ਕਰਨ ਦੀ ਇੱਛਾ ਵੀ ਉਪਜਦੀ ਹੈ।

ਰਿਵਾਰਡ ਸਿਸਟਮ ਵਿਚਲੇ ਹਿੱਸੇ ਹਨ-ਅਮਿਗਡਲਾ, ਹਿੱਪੋਕੈਂਪਸ ਤੇ ਪ੍ਰੀਫਰੰਟਲ ਕੌਰਟੈਕਸ। ਇਸ ਰਾਹੀਂ ਖ਼ੁਸ਼ੀ ਹਾਸਲ ਕੀਤੀ ਜਾ ਸਕਦੀ ਹੈ। ਕਾਮ ਵਾਸਨਾ, ਵਧੀਆ ਖਾਣਾ ਤੇ ਨਸ਼ਾ ਕਰਨਾ ਆਦਿ, ਵੀ ਇਸੇ ਹਿੱਸੇ ਰਾਹੀਂ ਅਸਰ ਕਰਦੇ ਹਨ।

ਕੋਕੀਨ ਤੇ ਸ਼ਰਾਬ ਵੀ ਇਸ ਹਿੱਸੇ ਨੂੰ ਹਰਕਤ ਵਿਚ ਲਿਆਉਂਦੇ ਹਨ। ਸੈਨ ਫਰਾਂਸਿਸਕੋ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿਚ ਸੰਨ 2012 ਵਿਚ ਹੋਈ ਖੋਜ ਰਾਹੀਂ ਇਹ ਗੱਲ ਸਾਹਮਣੇ ਆਈ (ਖੋਜ ‘ਸਾਇੰਸ’ ਰਸਾਲੇ ਵਿਚ ਛਪ ਵੀ ਚੁੱਕੀ ਹੈ) ਕਿ ਜਿਨ੍ਹਾਂ ਨੂੰ ਪਿਆਰ ਹਾਸਲ ਹੋ ਜਾਵੇ, ਉਨ੍ਹਾਂ ਨਾਲੋਂ ਜਿਨ੍ਹਾਂ ਨੂੰ ਹਾਸਲ ਨਹੀਂ ਹੋਇਆ, ਉਹ ਨੌਜਵਾਨ ਚਾਰ ਗੁਣਾਂ ਵੱਧ ਸ਼ਰਾਬ ਸੇਵਨ ਕਰ ਰਹੇ ਸਨ। ਰਿਵਾਰਡ ਸਿਸਟਮ ਨੂੰ ਰਵਾਂ ਰੱਖਣ ਲਈ ਅਤੇ ਵਕਤੀ ਖ਼ੁਸ਼ੀ ਮਹਿਸੂਸ ਕਰਨ ਲਈ ਇਹ ਰਸਤਾ ਅਪਣਾਇਆ ਜਾ ਰਿਹਾ ਸੀ।

‘ਓਕਸੀਟੋਸਿਨ’ ਤੇ ‘ਵੇਜ਼ੋਪਰੈੱਸਿਨ’ ਹਾਰਮੋਨ ਜੋ ਜੱਚਾ ਦੇ ਦੁੱਧ ਪਿਆਉਣ ਵੇਲੇ ਵੀ ਕੰਮ ਕਰਦੇ ਹਨ, ਇਹੀ ਹਾਰਮੋਨ ਪਿਆਰ ਵਿਚ ਭਿੱਜੇ ਜਾਣ ਉੱਤੇ ਵੱਧਣ ਲੱਗ ਪੈਂਦੇ ਹਨ। ਚਮੜੀ ਨਾਲ ਚਮੜੀ ਛੋਹ ਜਾਣ ਉੱਤੇ ਜਾਂ ਜਿਸਮਾਨੀ ਸੰਬੰਧਾਂ ਬਾਅਦ ਓਕਸੀਟੋਸਿਨ ਅਪਣੱਤ ਵਧਾ ਕੇ ਤਾਂਘ ਪੈਦਾ ਕਰਦੀ ਹੈ ਤੇ ਸਾਂਝ ਡੂੰਘੀ ਕਰਦੀ ਹੈ। ਸਿਰਫ਼ ਇਹ ਹੀ ਨਹੀਂ, ਸ਼ਾਂਤ ਚਿਤ ਕਰਨ, ਸੰਤੁਸ਼ਟੀ ਮਹਿਸੂਸ ਕਰਨ ਤੇ ਸੁਰੱਖਿਅਤ ਮਹਿਸੂਸ ਕਰਨ ਵਿਚ ਵੀ ਓਕਸੀਟੋਸਿਨ ਸਹਾਈ ਹੁੰਦੀ ਹੈ।

ਇਸੇ ਲਈ ਮਾਂ ਤੇ ਬੱਚੇ ਦਾ ਰਿਸ਼ਤਾ ਉੱਤਮ ਮੰਨਿਆ ਗਿਆ ਹੈ ਕਿਉਂਕਿ ਦੁੱਧ ਪਿਆਉਣ ਲੱਗਿਆਂ ਮਾਂ ਤੇ ਬੱਚੇ ਦੀ ਚਮੜੀ ਦੀ ਛੋਹ ਜਿੱਥੇ ਪਿਆਰ ਵਧਾਉਂਦੀ ਹੈ, ਰਿਸ਼ਤਾ ਡੂੰਘਾ ਕਰਦੀ ਹੈ, ਉੱਥੇ ਦੋਨਾਂ ਨੂੰ ਸੰਤੁਸ਼ਟੀ ਵੀ ਮਹਿਸੂਸ ਹੁੰਦੀ ਹੈ ਤੇ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਏਸੇ ਲਈ ਜ਼ਿਆਦਾਤਰ ਬੱਚੇ ਜੋ ਮਾਂ ਦੇ ਦੁੱਧ ਉੱਤੇ ਪਲਦੇ ਹਨ, ਵੱਡੇ ਹੋ ਕੇ ਸ਼ਾਂਤ ਚਿੱਤ ਬਣਦੇ ਹਨ। ਬੋਤਲ ਦਾ ਦੁੱਧ ਪੀਣ ਵਾਲੇ ਬੱਚਿਆਂ ਦੇ ਦਿਮਾਗ਼ ਇਸ ਅਪਣੱਤ ਤੋਂ ਮਹਿਰੂਮ ਰਹਿ ਜਾਂਦੇ ਹਨ।

ਵੇਜ਼ੋਪਰੈੱਸਿਨ ਦਾ ਡੂੰਘਾ ਰਿਸ਼ਤਾ ਗੰਢਣ ਤੇ ਰਿਸ਼ਤੇ ਦਾ ਲੰਮੇ ਸਮੇਂ ਤਕ ਨਿਭਣ ਵਿਚ ਰੋਲ ਹੁੰਦਾ ਹੈ। ਇਨ੍ਹਾਂ ਦੋਨਾਂ ਹਾਰਮੋਨਾਂ ਦੇ ਤਾਲਮੇਲ ਵਿਚ ਕਮੀ ਨਾਲ ਨਿੱਘਾ ਰਿਸ਼ਤਾ ਤਿੜਕ ਸਕਦਾ ਹੈ।

ਜੇ ਦੋਵਾਂ ਹਾਰਮੋਨਾਂ ਦਾ ਤਾਲਮੇਲ ਸਹੀ ਹੋਵੇ ਤੇ ਪਿਆਰ ਸੱਚਾ ਹੋਵੇ ਤਾਂ ਜਿਸਮਾਨੀ ਤਾਂਘ ਤੋਂ ਅਗਾਂਹ ਲੰਘ ਕੇ ‘ਲਗਾਓ’ ਵਿਚ ਤਬਦੀਲ ਹੋ ਜਾਂਦਾ ਹੈ।

ਪਿਆਰ ਵਿਚ ਭਿੱਜੇ ਲੋਕਾਂ ਦੇ ਦਿਮਾਗ਼ ਵਿਚਲੇ ਉਹ ਹਿੱਸੇ, ਜਿੱਥੇ ਡਰ ਜਾਂ ਨਕਾਰਾਤਮਕ ਸੋਚ ਉਪਜਦੀ ਹੈ, ਉਨ੍ਹਾਂ ਵਿਚਲੇ ਸੈੱਲਾਂ ਦੇ ਜੋੜ ਇਹ ਸੁਣੇਹੇ ਭੇਜਣੇ ਬੰਦ ਕਰ ਦਿੰਦੇ ਹਨ, ਜਿਸ ਨਾਲ ਸੱਚਾ ਪਿਆਰ ਕਰਨ ਵਾਲੇ ਡਰਨਾ ਛੱਡ ਦਿੰਦੇ ਹਨ। ਯਾਨੀ, ਪ੍ਰੀਫਰੰਟਲ ਕੌਰਟੈਕਸ ਤੋਂ ਨਿਊਕਲੀਅਸ ਐਕੂਬੈਂਸ ਵੱਲ ਜਾਂਦੀਆਂ ਸਕਾਰਾਤਮਕ ਤਰੰਗਾਂ ਵੱਧ ਜਾਂਦੀਆਂ ਹਨ ਤੇ ਨਿਊਕਲੀਅਸ ਐਕੂਬੈਂਸ ਤੋਂ ਅਮਿਗਡਲਾ ਵੱਲ ਜਾਂਦੀਆਂ ਨਕਾਰਾਤਮਕ ਤਰੰਗਾਂ ਬੰਦ ਹੋ ਜਾਂਦੀਆਂ ਹਨ। ਇਸੇ ਲਈ ਵਿਗਿਆਨਿਕ ਪੱਖੋਂ ਸਾਬਤ ਹੋ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ, ਜਿਸ ਵਿਚ ਮਾੜੀ ਗੱਲ ਸਾਹਮਣੇ ਹੁੰਦਿਆਂ ਵੀ ਦਿਸਦੀ ਹੀ ਨਹੀਂ।

ਜਦੋਂ ਪਿਆਰ ਭਰਿਆ ਰਿਸ਼ਤਾ ਦੋ ਕੁ ਸਾਲ ਚੱਲਦਾ ਰਹੇ ਤਾਂ ਕੌਰਟੀਸੋਲ ਤੇ ਸਿਰੋਟੋਨਿਨ ਨਾਰਮਲ ਹੋ ਜਾਂਦੇ ਹਨ ਤੇ ਉਹੀ ਪਿਆਰ ਜਿਸ ਵਿਚ ਪਹਿਲਾਂ ਖੁੱਸਣ ਦਾ ਡਰ ਉਪਜ ਰਿਹਾ ਹੁੰਦਾ ਹੈ, ਹੁਣ ਹਾਰਮੋਨ ਨਾਰਮਲ ਹੋਣ ਨਾਲ ਉਸ ਡਰ ਤੋਂ ਛੁਟਕਾਰਾ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਸੱਚੇ ਪਿਆਰ ਵਿਚਲਾ ਰਿਵਾਰਡ ਸਿਸਟਮ ਰਵਾਂ ਰਹਿੰਦਾ ਹੈ ਤੇ ਇਕ ਦੂਜੇ ਦਾ ਖਿਆਲ ਰੱਖਣ ਵਰਗੇ ਵਿਚਾਰ ਉਪਜ ਪੈਂਦੇ ਹਨ।

ਲੰਮੇ ਸਮੇਂ ਤਕ ਨਿਭਣ ਵਾਲੇ ਪਿਆਰੇ ਰਿਸ਼ਤਿਆਂ ਉੱਤੇ ਵੀ ਖੋਜ ਕੀਤੀ ਗਈ। ਉਹ ਜੋੜੇ ਚੁਣੇ ਗਏ ਜੋ 21 ਸਾਲਾਂ ਤੋਂ ਵਿਆਹੇ ਹੋਏ ਸਨ ਤੇ ਖ਼ੁਸ਼ ਸਨ। ਇਨ੍ਹਾਂ ਸਾਰਿਆਂ ਦੇ ਦਿਮਾਗ਼ ਵਿਚ ਓਨੀ ਹੀ ਡੋਪਾਮੀਨ ਵਧੀ ਲੱਭੀ ਜਿੰਨੀ ਨਵੇਂ ਜੁੜੇ ਰਿਸ਼ਤਿਆਂ ਵਿਚ ਵਧੀ ਹੁੰਦੀ ਹੈ। ਇਨ੍ਹਾਂ ਸਾਰਿਆਂ ਦੇ ਦਿਮਾਗ਼ ਦਾ ਰਿਵਾਰਡ ਸਿਸਟਮ ਵੀ ਰਵਾਂ ਲੱਭਿਆ।

ਇਨ੍ਹਾਂ ਸਾਰੇ ਜੋੜਿਆਂ ਵਿਚ ਜਿਸਮਾਨੀ ਤਾਂਘ ਦੀ ਥਾਂ ਇਕ ਦੂਜੇ ਦਾ ਸਾਥ ਵੱਧ ਮਾਇਨੇ ਰੱਖਣ ਲੱਗ ਪਿਆ ਸੀ। ਭਾਵੇਂ ਜਿਸਮਾਨੀ ਰਿਸ਼ਤੇ ਬਥੇਰੇ ਜੋੜਿਆਂ ਵਿਚ ਕਾਇਮ ਸਨ ਪਰ ਇਕ ਦੂਜੇ ਦੇ ਨਾਲ ਰਹਿਣ ਦਾ ਸੁਖਦ ਇਹਸਾਸ ਵੱਧ ਹੋ ਗਿਆ ਸੀ। ਇਨ੍ਹਾਂ ਵਿਚ ਵੀ ਜਿਸਮਾਨੀ ਸੰਬੰਧਾਂ ਬਾਅਦ ਓਕਸੀਟੋਸਿਨ ਦੀ ਮਾਤਰਾ ਵਧੀ ਲੱਭੀ।

ਇਹ ਵੇਖਣ ਵਿਚ ਆਇਆ ਕਿ ਜੇ ਕਿਸੇ ਇਕ ਨੂੰ ਕੋਈ ਲੰਮੀ ਬੀਮਾਰੀ ਹੋ ਗਈ ਤਾਂ ਦੂਜੇ ਵੱਲੋਂ ਕੀਤੀ ਸਾਂਭ ਸੰਭਾਲ ਨਾਲ ਦੋਵਾਂ ਦੇ ਮਨਾਂ ਵਿਚ ਇੱਕੋ ਜਿੰਨੀ ਸਕਾਰਾਤਮਕ ਊਰਜਾ ਉਪਜੀ ਤੇ ਰਿਸ਼ਤਾ ਹੋਰ ਡੂੰਘਾ ਹੋਇਆ ਲੱਭਿਆ।

ਇਨ੍ਹਾਂ ਸਾਰੇ ਨਤੀਜਿਆਂ ਦੇ ਨਿਚੋੜ ਵਜੋਂ ਇਹ ਤੱਥ ਸਾਹਮਣੇ ਆਏ :-

(1). ਸੱਚਾ ਪਿਆਰ ਸਕਾਰਾਤਮਕ ਊਰਜਾ ਦਿੰਦਾ ਹੈ ਤੇ ਬੀਮਾਰੀ ਨਾਲ ਲੜਨ ਦੀ ਤਾਕਤ ਵੀ। ਇਸ ਨਾਲ ਦਿਲ ਅਤੇ ਦਿਮਾਗ਼ ਉੱਤੇ ਸੁਖਦ ਅਸਰ ਪੈਂਦਾ ਹੈ ਤੇ ਉਮਰ ਲੰਮੀ ਕਰਨ ਵਿਚ ਸਹਾਈ ਹੁੰਦਾ ਹੈ।

(2). ਸੱਚੇ ਪਿਆਰ ਨਾਲ ਦਿਮਾਗ਼ ਸ਼ਾਂਤ ਚਿਤ ਰਹਿੰਦਾ ਹੈ ਤੇ ਗੁੱਸੇ ਤੋਂ ਉਤਪੰਨ ਹੋ ਰਹੇ ਰੋਗਾਂ ਤੋਂ ਬਚਾਓ ਹੋ ਜਾਂਦਾ ਹੈ।

(3). ਉਤੇਜਨਾ, ਵਕਤੀ ਖਿੱਚ, ਲਾਲਸਾ ਜਿੱਥੇ ਖੋਹ ਕੇ ਹਾਸਲ ਕਰਨ ਵਾਲੀ ਪ੍ਰਵਿਰਤੀ ਨੂੰ ਜਨਮ ਦਿੰਦੀ ਹੈ, ਉੱਥੇ ਜੁਰਮ ਤੇ ਨਸ਼ੇ ਵੱਲ ਵੀ ਧੱਕਦੀ ਹੈ।

(4). ਲੰਮੇ ਸਮੇਂ ਤਕ ਨਿਭਣ ਵਾਲੇ ਰਿਸ਼ਤੇ, ਸਿਰਫ਼ ਜਿਸਮਾਨੀ ਸੰਬੰਧਾਂ ਉੱਤੇ ਹੀ ਨਹੀਂ ਟਿਕੇ ਹੁੰਦੇ, ਪਰ ਵਧੀਆ ਸਰੀਰਕ ਸੰਬੰਧਾਂ ਦਾ ਸ਼ੁਰੂਆਤੀ ਸਮੇਂ ਵਿਚ ਰੋਲ ਜ਼ਰੂਰ ਹੁੰਦਾ ਹੈ।

(5). ਪਿਆਰ ਸਿਰਫ਼ ਮਰਦ ਤੇ ਔਰਤ ਵਿਚ ਹੀ ਨਹੀਂ ਹੁੰਦਾ, ਰੱਬ ਨਾਲ, ਬੱਚਿਆਂ ਨਾਲ, ਮਾਪਿਆਂ ਨਾਲ, ਜਾਨਵਰ ਨਾਲ ਜਾਂ ਕੁਦਰਤ ਨਾਲ ਵੀ ਹੋ ਸਕਦਾ ਹੈ। ਅਜਿਹੇ ਪਿਆਰ ਨਾਲ ਰਿਵਾਰਡ ਸਿਸਟਮ ਰਵਾਂ ਹੁੰਦਾ ਰਹਿੰਦਾ ਹੈ, ਜੋ ਢਹਿੰਦੀ ਕਲਾ ਤੋਂ ਬਚਾਉਂਦਾ ਹੈ।

(6). ਪਿਆਰ ਕਰਨਾ ਜ਼ਰੂਰ ਚਾਹੀਦਾ ਹੈ। ਇਸ ਤੋਂ ਬਗ਼ੈਰ ਇਨਸਾਨੀ ਜੀਵਨ ਅਧੂਰਾ ਹੈ, ਪਰ ਪਿਆਰ ਹੋਵੇ ਕਿਵੇਂ ਦਾ, ਇਹ ਤੁਕਾਂ ਸਪਸ਼ਟ ਕਰ ਦਿੰਦੀਆਂ ਹਨ :-

‘‘ਜਿਸੁ ਪਿਆਰੇ ਸਿਉ ਨੇਹੁ; ਤਿਸੁ ਆਗੈ ਮਰਿ ਚਲੀਐ।

ਧ੍ਰਿਗੁ ਜੀਵਣੁ ਸੰਸਾਰਿ; ਤਾ ਕੈ ਪਾਛੈ ਜੀਵਣਾ॥’’ (ਗੁਰੂ ਅੰਗਦ ਦੇਵ ਜੀ, ਅੰਗ-੮੩)

ਮੈਂ ਸਿੱਖ ਨਹੀਂ….! (I am not Sikh)

0

ਮੈਂ ਸਿੱਖ ਨਹੀਂ….! (I am not Sikh)

ਜਸਪਾਲ ਸਿੰਘ ਨਡਾਲਾ -99150-07642 (ਵਟਸਅੱਪ – 95928-18318)

ਗੁਰਮੁੱਖ ਸਿੰਘ ਬਾਜ਼ਾਰ ਤੋਂ ਮਠਿਆਈ ਦਾ ਡੱਬਾ ਲੈ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਘਰ ਗਿਆ।  ਗੁਰਮੁੱਖ ਸਿੰਘ ਨੇ ਆਪਣੇ ਪਿਤਾ ਸਤਨਾਮ ਸਿੰਘ ਨੂੰ ਗਲਵੱਕੜੀ ਪਾਈ ਤੇ ਮੂੰਹ ਮਿੱਠਾ ਕਰਵਾ ਕੇ ਕਹਿੰਦਾ ..

ਗੁਰਮੁੱਖ ਸਿੰਘ:  ਬਾਪੂ ਮੇਰਾ ਬਾਰਵੀਂ ਜਮਾਤ ਦਾ ਨਤੀਜਾ ਆ ਗਿਆ ਤੇ ਮੈਂ  89.8% ਨੰਬਰ ਲੈ ਕੇ ਆਪਣੇ ਸਕੂਲ ‘ਚੋਂ ਫਸਟ ਆਇਆਂ।

 ਘਰ ਵਿੱਚ ਖੁੱਸ਼ੀ ਦਾ ਮਾਹੌਲ ਬਣ ਗਿਆ। ਹੁਣ ਵਿਚਾਰ ਹੋਣ ਲੱਗੀ ਕਿ ਪੁੱਤ ਨੂੰ ਕਿਸੇ ਵਧੀਆ ਕਾਲਜ ਵਿੱਚ ਪੜ੍ਨੇ ਪਾਇਆ ਜਾਵੇ। ਗੁਰਮੁੱਖ ਸਿੰਘ ਵੀ ਵੱਡੇ ਕਾਲਜ ਵਿੱਚ ਪੜ੍ਨ ਲਈ ਬਹੁਤ ਉਤਾਵਲਾ ਹੋ ਰਿਹਾ ਸੀ ਤੇ ਮਨ ਵਿੱਚ ਅਨੇਕਾਂ ਸੁਪਨੇ ਸਜਾਉਣ ਲਗਾ, ਕਿ ਉਹ ਹੁਣ ਵੰਨ-ਸਵੰਨੇ ਕੱਪੜੇ ਤੇ ਪੂਰੀ ਟੋਹਰ ਸਰਦਾਰੀ ਨਾਲ ਕਾਲਜ ਜਾਇਆ ਕਰੇਗਾ।, ਹੁਣ ਉਸ ਨੂੰ ਇਕ ਨਵਾਂ ਮਾਹੌਲ, ਨਵਾਂ ਵਾਤਾਵਰਨ, ਨਵੇਂ ਦੋਸਤ ਅਤੇ ਜਿੰਦਗੀ ਦਾ ਨਵਾਂ ਤਜ਼ਰਬਾ ਮਿਲੇਗਾ।

ਇਹਨਾਂ ਸੋਚਾਂ ਨੇ ਉਸ ਨੂੰ ਕਾਲਜ ਜਲਦੀ ਦਾਖਲਾ ਲੈਣ ਲਈ ਕਾਹਲੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਉਸ ਨੇ ਬਾਪੂ ਜੀ ਕੋਲੋਂ ਕੱਲ ਹੀ ਕਾਲਜ ਜਾਣ ਅਤੇ ਦਾਖਲਾ ਲੈਣ ਲਈ ਇਜ਼ਾਜਤ ਮੰਗਣੀ ਸ਼ੁਰੂ ਕਰ ਦਿੱਤੀ।  ਬਾਪ ਸਤਨਾਮ ਸਿੰਘ ਨੇ ਪੁੱਤ ਦੇ ਵਾਲਾਂ ‘ਚ ਹੱਥ ਮਾਰਿਆ ਤੇ ਖੁੱਸ਼ੀ-ਖੁੱਸ਼ੀ ਜਾਣ ਦੀ ਆਗਿਆ ਦਿੱਤੀ।

ਗੁਰਮੁੱਖ ਸਿੰਘ ਨੇ ਜਦ ਸ਼ਾਮੀ ਸ਼ੀਸ਼ਾ ਵੇਖਿਆ ਤਾਂ ਸੋਚਣ ਲੱਗਾ ਕਿ ਕੱਲ ਨੂੰ ਤਾਂ ਮੈਂ ਕਾਲਜ ਜਾਣਾ ਆ, ਕਿਉਂ ਨਾਂ ਹੁਣ ਆਪਣੇ ਹੇਅਰ ਸਟਾਇਲ ਤੇ ਮੂੰਹ ਨੂੰ ਵੀ ਸੰਵਾਰ ਲਵਾਂ । ਫਿਰ ਉਹ ਦਾਦੀ ਕੋਲੋਂ ਪੈਸੇ ਲੈ ਕੇ ਨਾਈ ਦੀ ਦੁਕਾਨ ਤੇ ਗਿਆ ਕਿ…

ਭਾਈ ਅੱਤ ਜਿਹਾ ਹੇਅਰ ਸਟਾਇਲ ਬਣਾ ਦੇ ਤੇ ਦਾੜੀ ਤੇ 0 ਨੰਬਰ ਦੀ ਮਸ਼ੀਨ ਲਾ ਕੇ ਟੋਹਰ ਕੱਢ ਦੇ। ਕੱਲ ਨੂੰ ਮੈਂ ਕਾਲਜ ਜਾਣਾ ਆ।

ਅਗਲੇ ਦਿਨ ਗੁਰਮੁੱਖ ਸਿੰਘ ਨਵੇਂ ਕੱਪੜੇ, ਨਵੇਂ ਬੂਟ ਤੇ ਵਾਲਾਂ ਤੇ ਜੈੱਲ ਲਗਾ ਕੇ ਕਾਲਜ ਜਾਣ ਵਾਸਤੇ ਤਿਆਰ ਹੋ ਗਿਆ। ਜਾਣ ਲਗਿਆਂ ਉਸ ਨੇ ਦਾਦੇ ਦਾਦੀ ਦਾ ਆਸ਼ੀਰਵਾਦ ਲਿਆ ਤੇ ਬਾਪੂ ਨੂੰ ਮਿਲਣ ਤੋਂ ਬਾਅਦ ਮਾਂ ਨੂੰ ਮੱਥਾ ਟੇਕਿਆ। ਮਾਂ ਨੇ ਮਮਤਾ ਵਿਚ ਆ ਕੇ ਸਿਰ ਤੇ ਹੱਥ ਰੱਖਿਆ।

ਮਾਤਾ:  ਆ ਕੀ ਕਰਤਾ, ਮਸਾਂ-ਮਸਾਂ ਤਾਂ ਅੱਤ ਜਿਹਾ ਸਟਾਇਲ ਬਣਾਇਆ ਸੀ, ਸਾਰਾ ਖਰਾਬ ਕਰਤਾ। ਹੁਣ ਦੁਬਾਰਾ ਟਾਇਮ ਖਰਾਬ ਕਰਨਾ ਪੈਣੈ। ਫਿਰ ਉਹ ਵਾਲ ਸੈੱਟ ਕਰਦਾ ਕਰਦਾ ਘਰੋਂ ਚਲਾ ਗਿਆ।

ਖਾਲਸਾ ਕਾਲਜ ਜਾ ਕੇ ਉਸ ਨੇ ਦਾਖਲਾ ਕਰਨ ਵਾਲੇ ਮਾਸਟਰ ਗੁਰਪ੍ਰਤਾਪ ਸਿੰਘ ਨੂੰ ਆਪਣੇ ਸਰਟੀਫਿਕੇਟ ਫੜਾਏ। ਮਾਸਟਰ ਨੰਬਰ ਦੇਖ ਕੇ ਖੁਸ਼ ਹੋਇਆ। ਅੱਛਾ ! 89.8% ਨੰਬਰ ਲਏ ਆ ਤੂੰ।

ਹੂੰ…! ਗੁਰਮੁੱਖ ਸਿੰਘ ਕਹਿੰਦਾ, ਜੀ ਮੈਂ ਆਪਣੇ ਸਕੂਲ ‘ਚੋ ਫਸਟ ਵੀ ਆਇਆ ਆ।

 ਮਾਸਟਰ: ਫਿਰ ਤਾ ਬਹੁਤ ਚੰਗੀ ਗੱਲ ਏ। ਚੱਲ ਫਿਰ ਪਹਿਲਾਂ ਤੇਰਾ ਈ ਦਾਖਲਾ ਫਾਰਮ ਭਰ ਦਿੰਦੇ ਆ।  ਕਾਕਾ !  ਨਾਂ ਕੀ ਆ ਤੇਰਾ ?

ਜੀ, ਗੁਰਮੁੱਖ ਸਿੰਘ।

ਗੁਰਪ੍ਰਤਾਪ ਸਿੰਘ ਨੇ ਬਹੁਤ ਧਿਆਨ ਨਾਲ ਉਸ ਦੇ ਚਿਹਰੇ ਵੱਲ ਵੇਖਿਆ ਤੇ ਨਾਂ ਲਿਖਣ ਤੋਂ ਬਾਅਦ ਬੋਲਿਆ, ਅੱਛਾ ਚੱਲ ਪੁੱਤ ਫਿਰ ਆਪਣਾ ਪਤਾ ਵੀ ਲਿਖਾ ਦੇ।

ਗੁਰਮੁੱਖ ਸਿੰਘ ਨੇ ਹੈਰਾਨੀ ਨਾਲ ਜਵਾਬ ਦਿੱਤਾ।  ਮਾਸਟਰ ਜੀ ! ਪਤਾ ਵੀ ਮੈਂ ਲਿਖਾਂ ਦੇਵਾਂਗਾ, ਪਰ ਤੁਸੀਂ ਮੇਰਾ ਨਾਂ ਪੂਰਾ ਨਹੀਂ ਲਿਖਿਆ ?

ਮਾਸਟਰ: ਨਾਂ ਤੇਰਾ ਮੈਂ ਲਿਖ ਲਿਆ, ਤੂੰ ਹੁਣ ਆਪਣਾ ਪਤਾ ਲਿਖਾ ……

ਗੁਰਮੁੱਖ: ਜੀ ਮੇਰਾ ਨਾਂ ਗੁਰਮੁੱਖ ਸਿੰਘ ਆ, ਤੁਸੀਂ ਸਿਰਫ਼ ਗੁਰਮੁੱਖ ਲਿਖਿਆ ਹੈ!

ਮਾਸਟਰ: ਕੋਈ ਗੱਲ ਨੀ ਪੁੱਤ ਫਿਰ ਕੀ ਹੋ ਗਿਆ ?

ਗੁਰਮੁੱਖ: ਕੋਈ ਗੱਲ ਕਿਉਂ ਨਹੀਂ  ..?  ਮੇਰੇ ਨਾਂ ਦੇ ਨਾਲ ਸਿੰਘ ਲਿਖੋ। ਮੈਂ ਸਿੱਖ ਆ। ਮੇਰੇ ਸਾਰੇ ਸਰਟੀਫਿਕੇਟ ਦੇਖ ਲਓ ‘ਸਿੰਘ’ ਲੱਗਾ ਹੋਇਆ ਤੇ ਤੁਸੀ ਓ ਸਿਰਫ਼ ਗੁਰਮੁੱਖ ਹੀ ਲਿਖਿਆ ਏ !

ਮਾਸਟਰ: ਗੁਰਪ੍ਰਤਾਪ ਸਿੰਘ ਦੇ ਅੱਖਾਂ ਵਿੱਚ ਲਾਲੀ ਆ ਗਈ ਤੇ ਉਹ ਖੜਾ ਹੋ ਕੇ ਗਰਜਵੀਂ ਆਵਾਜ ‘ਚ ਬੋਲਿਆ …..

ਸ਼ਾਬਾਸ਼ ਪੁੱਤਰਾ ! ਸ਼ਾਬਾਸ਼ ਤੂੰ ਸਿੱਖ ਏ..? ਕੰਡਿਆ ਵਰਗੇ ਵਾਲ ਬਨਵਾਏ ਨੇ, ਮੂੰਹ ਚੰਗੀ ਤਰਾਂ ਰਗੜਾਇਆ। ਕਿਹੜੇ ਪਾਸਿਓ ਤੂੰ ਸਿੱਖ ਆ ? ਮੈਨੂੰ ਦੱਸ ਤਾਂ ਸਹੀ ?

ਗੁਰਮੁੱਖ:  ਮਾਸਟਰ ਜੀ ! ਮੇਰੇ ਪਿਤਾ ਅੰਮ੍ਰਿਤਧਾਰੀ ਸਿੰਘ ਨੇ, ਮੈਂ ਸਿੱਖਾਂ ਘਰ ਜਨਮ ਲਿਆ, ਇਸ ਲਈ ਮੈਂ ਸਿੱਖ ਆ ਨਾਲੇ ਸਿੱਖੀ ਅੰਦਰ ਹੋਣੀ ਚਾਹੀਦੀ ਹੈ। ਬਾਹਰ ਦਾ ਕੀ ਏ ?

ਮਾਸਟਰ: ਵਾਹ ਓ ਸ਼ੇਰਾ ! ਜੇ ਤੇਰੇ ਅੰਦਰ ਸਿੱਖੀ ਆ ਫਿਰ ਬਾਹਰ ਕਿਉਂ ਨਹੀਂ ਆਈ ?  ਧਰਤੀ ਵਿੱਚ ਬੀਜ਼ ਪਿਆ ਹੋਵੇ ਦੱਸਣ ਦੀ ਲੋੜ ਨਹੀਂ ਕਿ ਉਥੇ ਬੂਟਾ ਉਗੇਗਾ । ਉਹ ਆਪ ਹੀ ਬਾਹਰ ਆ ਜਾਂਦਾ ਹੈ। ਜੇਕਰ ਅੰਦਰ ਸਿੱਖੀ ਹੋਵੇ ਤਾਂ ਕਹਿਣਾ ਨਈਂ ਪੈਂਦਾ ਵਿਅਕਤੀ ਦੇ ਕਰਮਾਂ, ਚਿਹਰੇ ਤੇ ਪਹਿਰਾਵੇ ਤੋਂ ਪਤਾ ਚੱਲ ਜਾਂਦਾ ਏ। ਸਿਰਫ਼ ਸਿੱਖ ਘਰ ਜਨਮ ਲੈਣਾ, ਸਿੱਖੀ ਦਾ ਸਰਟੀਫਿਕੇਟ ਨਹੀ। ਗੁਰ ਇਤਿਹਾਸ ਪੜ ਕੇ ਵੇਖ …

ਗੁਰੂ ਘਰ ਜਨਮ ਲੈਣ ਵਾਲੇ ਜੋ ਗੁਰੂ ਘਰ ਨਾਲ ਵੈਰ ਕਮਾਉਂਦੇ ਰਹੇ ਉਹ ਵੀ ਸਿੱਖ ਨਹੀਂ ਸਨ ਤੇ ਤੂੰ ਤਾਂ ਸਿਰਫ਼ ਸਿੱਖ ਘਰ ਜਨਮ ਲੈ ਕੇ ਆਪਣੇ ਆਪ ਨੂੰ ਸਿੱਖ ਸਮਝੀ ਬੈਠਾ। ਜਿਹਨਾਂ ਦੇ ਅੰਦਰ ਸਿੱਖੀ ਸੀ ਉਹਨਾਂ ਨੇ ਸ਼ਹੀਦੀ ਕਬੂਲ ਕੀਤੀ ਨਾ ਕਿ ਕੇਸ ਕਤਲ ਕਰਵਾਏ :

(1). ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਗਏ।

(2). ਭਾਈ ਮਤੀ ਦਾਸ ਨੇ ਆਰੇ ਨਾਲ ਸਰੀਰ ਕਟਵਾ ਲਿਆ ਪਰ ਉਹਨਾਂ ਨੇ ਕੈਂਚੀ ਨਾਲ ਕੇਸ ਨਹੀ ਕਟਵਾਏ।

(3). ਭਾਈ ਸਤੀ ਦਾਸ ਰੂੰ ‘ਚ ਸਾੜੇ ਗਏ।

(4). ਭਾਈ ਦਿਆਲਾ ਜੀ ਨੇ ਦੇਗ ‘ਚ ਉਬਾਲੇ ਖਾ ਲਏ।

(5). ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੁਹਾ ਲਈ।

(6). ਭਾਈ ਮਨੀ ਸਿੰਘ ਜੀ ਨੇ ਬੰਦ- 2 ਕਟਵਾ ਲਏ।

(7). ਛੋਟੇ ਸਾਹਿਬਜ਼ਾਦੇ ਨੀਹਾਂ ‘ਚ ਚਿਣੇ ਗਏ।

(8). ਬਾਬਾ ਬੰਦਾ ਸਿੰਘ ਨੇ ਪੁੱਠੀ ਖਲ ਲੁਹਾ ਲਈ। ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ‘ਚ ਪਾਇਆ ਗਿਆ।

(9). ਮਾਂਵਾਂ ਨੇ ਪੁੱਤਰਾਂ ਦੇ ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾ ਲਏ,ਪਰ ਕੇਸਾਂ ਦੇ ਟੋਟੇ ਨਈਂ ਹੋਣ ਦਿੱਤੇ। ਇਥੋਂ ਤੱਕ ਛੋਟੇ ਜਿਹੇ ਬੱਚੇ ਭੀਮ ਸਿੰਘ ਨੇ ਗਰਜ਼ ਕੇ ਕਿਹਾ ਮੇਰੀ ਮਾਂ ਝੂਠ ਬੋਲਦੀ ਏ…..। ਮੈਂ ਸਿੱਖ ਹਾਂ ਤੇ ਕੇਸ ਨਹੀਂ ਕਤਲ ਕਰਵਾਉਣੇ, ਮੈਂ ਸ਼ਹੀਦ ਹੋਣਾ ਏ।

ਸਾਰਾ ਸਿੱਖ ਇਤਿਹਾਸ ਭਰਿਆ ਪਿਆ ਏ ਅਜਿਹੇ ਸਿੱਖ ਯੋਧਿਆ ਦੀਆਂ ਕੁਰਬਾਨੀਆਂ ਨਾਲ…, ਕੀ ਉਹਨਾਂ ਅੰਦਰ ਸਿੱਖੀ ਨਹੀਂ ਸੀ..?  ਜੇਕਰ ਤੇਰੇ ਵਰਗੇ ਸਿੱਖ ਹੁੰਦੇ ਤਾਂ ਇੰਨੀਆਂ ਸ਼ਹੀਦੀਆਂ ਨਹੀਂ ਹੋਣੀਆਂ ਸੀ। ਗੁਰੂ ਸਾਹਿਬ ਨੇ ਸਿੰਘ (ਸ਼ੇਰ) ਬਣਾਇਆ ਏ….. ਨਾ ਕਿ ਭੇਡਾਂ ਤਿਆਰ ਕੀਤੀਆਂ ਨੇ।  ਗੁਰੂ ਗੋਬਿੰਦ ਸਾਹਿਬ ਜੀ ਨੇ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਆਪਣੇ ਨਾਮ ਨਾਲ ਸਿੰਘ ਨਹੀਂ ਲਗਾਇਆ … ,ਤੇਰੇ ਤਾਂ ਕੇਸ ਵੀ ਹੈਨੀਂ।

ਗੁਰਮੁੱਖ ਸਿੰਘ ਨੀਵੀਂ ਪਾ ਕੇ ਸਾਰੀਆਂ ਗੱਲਾਂ ਸੁਣਦਾ ਰਿਹਾ। ਕੁਝ ਕੁ ਮਿੰਟਾ ‘ਚ ਜਿਵੇਂ ਉਸ ਦੇ ਸਾਹਮਣੇ ਸਾਰਾ ਸਿੱਖ ਇਤਿਹਾਸ ਆ ਗਿਆ ਹੋਵੇ। ਇਕ-ਇਕ ਬੋਲ ਉਸ ਦੀ ਜ਼ਮੀਰ ਨੂੰ ਝੰਜੋੜ ਰਿਹਾ ਸੀ। ਬਿਨਾਂ ਕੁਝ ਬੋਲੇ ਉਹ ਵਾਪਿਸ ਘਰ ਪਰਤ ਆਇਆ। ਪਿਤਾ ਸਤਨਾਮ ਸਿੰਘ ਨੇ ਪੁੱਤ ਦਾ ਉਤਰਿਆ ਹੋਇਆ ਚਿਹਰਾ ਦੇਖ ਕੇ ਕਾਰਨ ਪੁੱਛਿਆ, ਗੁਰਮੁੱਖ ਸਿੰਘ ਨੇ ਸਾਰੀ ਘਟਨਾ ਪਿਤਾ ਨੂੰ ਦੱਸੀ ।

ਸਤਨਾਮ ਸਿੰਘ ਨੂੰ ਇੰਝ ਲਗਾ ਕਿ ਜੋ ਗੱਲ ਉਹ ਆਪਣੇ ਪੁੱਤਰ ਨੂੰ ਇੰਨੇ ਸਾਲਾਂ ‘ਚ ਨਾ ਸਮਝਾ ਸਕਿਆ, ਉਹ ਗੱਲ ਉਸ ਮਾਸਟਰ ਨੇ ਇਕ ਮੁਲਾਕਾਤ ‘ਚ ਹੀ ਸਮਝਾ ਦਿੱਤੀ।

ਸਤਨਾਮ ਸਿੰਘ ਨੇ ਜਾਣ-ਬੁੱਝ ਕੇ ਕਿਹਾ.. ਪੁੱਤਰਾ ! ਫਿਰ ਕੀ ਹੋਇਆ, ਨਿੱਕੀ ਜਿਹੀ ਗੱਲ ਦੀ ਟੈਨਸ਼ਨ ਲੈ ਰਿਹਾ ਆਂ ! ਓ..! ਸਿੱਖ ਤਾਂ ਅੱਧੇ ਵੱਢੇ ਵੀ ਹਾਰ ਨੀਂ ਮੰਨਦੇ, ਇਹ ਤਾਂ ਗੱਲ ਹੀ ਕੁਝ ਨੀ। ਪਿਤਾ ਦੇ ਇਹਨਾਂ ਬੋਲਾਂ ਨੇ ਗਰਮ ਲੋਹੇ ਤੇ ਹਥੌੜੇ ਦਾ ਕੰਮ ਕੀਤਾ। ਇਹਨਾਂ ਬੋਲਾਂ ਨੇ ਗੁਰਮੁੱਖ ਸਾਹਮਣੇ ਫਿਰ ਸਿੱਖ ਇਤਿਹਾਸ ਦੋਹਰਾ ਦਿੱਤਾ।  ਗੁਰਮੁੱਖ ਭੁੱਬਾਂ ਮਾਰ ਕੇ ਰੋਣ ਲੱਗਾ ਤੇ ਬਾਪੂ ਦੇ ਪੈਰ ਫੜ੍ ਕੇ ਦਰਦ ਭਰੀ ਆਵਾਜ਼ ‘ਚ ਕਿਹਾ, ਨਹੀਂ ਪਿਤਾ ਜੀ ! ਮੈਂ ਸਿੱਖ ਨਹੀਂ।

ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ

0

ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ

1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ’ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ : ਡਾ. ਹਰਦੀਪ ਸਿੰਘ ਖਿਆਲੀਵਾਲਾ

ਇਤਿਹਾਸ ਮੁਤਾਬਕ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਤੋਂ 19 ਦਿਨ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ  ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਇਸ ਸਾਲ ਸਿਰਜਨਾ ਦਿਵਸ 18 ਹਾੜ ਅਤੇ ਮੀਰੀ ਦਿਵਸ 19 ਹਾੜ ਨੂੰ ਹੀ ਕਿਵੇਂ ਆ ਗਿਆ ? : ਭਾਈ ਕਿਰਪਾਲ ਸਿੰਘ ਬਠਿੰਡਾ

ਬਠਿੰਡਾ, 3 ਜੁਲਾਈ (ਕਿਰਪਾਲ ਸਿੰਘ): ਗੁਰਮਿਤ ਪ੍ਰਚਾਰ ਸਭਾ ਵੱਲੋਂ, ਬੀਬੀਆਂ ਦੀ ਸੁਖਮਨੀ ਸਾਹਿਬ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਗੁਰਦੁਆਰਾ ਸਿਵਲ ਸਟੇਸ਼ਨ (ਬਠਿੰਡਾ) ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।  ਪਹਿਲਾਂ ਬੀਬੀਆਂ ਨੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਬਹੁਤ ਹੀ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਕੀਤਾ। ਉਪ੍ਰੰਤ ਡਾ: ਹਰਦੀਪ ਸਿੰਘ ਖਿਆਲੀਵਾਲੇ ਨੇ ‘ਅਕਾਲ ਤਖ਼ਤ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਰੋਲ ਅਤੇ ਮਹੱਤਵ’ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵੀਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਨਿੱਜੀ ਤੌਰ ’ਤੇ ਇੱਕ ਬੱਜਰ ਗਲਤੀ ਕੀਤੇ ਜਾਣ ਕਰ ਕੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਜੀ ’ਤੇ ਤਲਬ ਕਰ ਕੇ ਕੋਰੜੇ ਮਾਰਨ ਦੀ ਸਜਾ ਸੁਣਾਏ ਜਾਣ ’ਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰ ਕੇ ਖੜ੍ਹ ਗਿਆ ਸੀ। ਇਹ ਵੀ ਜਿਕਰ ਹੈ ਕਿ ਘੋੜੇ ’ਤੇ ਚੜ੍ਹੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਅੱਗੋਂ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਮਿਲ ਜਾਂਦਾ ਸੀ ਤਾਂ ਉਹ ਉੱਤਰ ਕੇ ਸਤਿਕਾਰ ਨਾਲ ਫ਼ਤਹਿ ਬੁਲਾਉਂਦਾ ਸੀ ਪਰ ਅੱਜ ਜੇ ਅਕਾਲ ਤਖ਼ਤ ਦਾ ਜਥੇਦਾਰ ਵੀ ਸਤਾਧਾਰੀਆਂ ਦੇ ਗਲਤ ਹੁਕਮ ਮੰਨਣ ਤੋਂ ਆਨਾ ਕਾਨੀ ਕਰਨ ਦੀ ਦਲੇਰੀ ਵਿਖਾ ਬੈਠੇ ਤਾਂ ਉਸ ਨੂੰ ਅਕਾਲ ਤਖਤ ਦੀ ਸੇਵਾ ਤੋਂ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਤਾਂ ਆਮ ਸਿੱਖਾਂ ਦਾ ਅਕਾਲ ਤਖ਼ਤ ਸਾਹਿਬ ਦੇ ਫੈਸਲਿਆ ’ਤੇ ਵਿਸ਼ਵਾਸ ਕਾਇਮ ਰਹਿਣ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ ? ਭਾਈ ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਕੇਵਲ ‘ਅਕਾਲ ਤਖ਼ਤ ਮਹਾਨ ਹੈ; ਸਿੱਖ ਕੌਮ ਦੀ ਸ਼ਾਨ ਹੈ’ ਦੇ ਨਾਹਰੇ ਲਾਉਣ ਨਾਲ ਅਕਾਲ ਤਖ਼ਤ ਮਹਾਨ ਨਹੀਂ ਹੋ ਜਾਣਾ ਬਲਕਿ ਪੰਥਕ ਹਿੱਤਾਂ ਵਿੱਚ ਇਸ ਪਾਵਨ ਸਥਾਨ ’ਤੇ ਬੈਠ ਕੇ ਕੀਤੇ ਫੈਸਲੇ ਹੂ-ਬਹੂ ਮੰਨਣ ਨਾਲ ਹੀ ਅਕਾਲ ਤਖ਼ਤ ਸਾਹਿਬ ਮਹਾਨ ਹੋਣਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਰੱਖਣਯੋਗ ਹੈ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੀ ਅਗਵਾਈ ਅਤੇ ਸੇਧ ਵਿੱਚ ਲਏ ਗਏ ਫੈਸਲੇ ਹੀ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਹੋ ਸਕਦੇ ਹਨ ਜਦੋਂ ਕਿ ਸੱਤਾਧਾਰੀ ਧਿਰ ਨੂੰ ਫਾਇਦਾ ਪਹੁੰਚਾਉਣ ਜਾਂ ਵਿਰੋਧੀ ਵਿਚਾਰ ਰੱਖਣ ਵਾਲੇ ਕਿਸੇ ਵਿਅਕਤੀ ਵਿਸ਼ੇਸ਼ ਦੀ ਜੁਬਾਨ ਬੰਦ ਕਰਵਾਉਣ ਲਈ; ਗੁਰਬਾਣੀ, ਸਿੱਖ ਰਹਿਤ ਮਰਿਆਦਾ ਨੂੰ ਧਿਆਨ ਵਿੱਚ ਰੱਖਣ ਦੀ ਬਜਾਏ ਕਿਸੇ ਪਾਰਟੀ ਜਾਂ ਵਿਅਕਤੀ ਤੋਂ ਹਦਾਇਤਾਂ ਲੈ ਕੇ ਕੀਤੇ ਫੈਸਲਿਆਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਕਹਿਣਾ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਸਿੱਖਾਂ ਨੂੰ ਗੁੰਮਰਾਹ ਕਰਨਾ ਹੈ। ਉਨ੍ਹਾਂ ਕਿਹਾ 1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ’ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ।

ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਜੀ ਦਾ ਅਸਲ ਮਹੱਤਵ ਇਸੇ ਵਿੱਚ ਹੈ ਕਿ ਗੁਰਬਾਣੀ ਦੇ ਫ਼ਲਸਫੇ ਮੁਤਾਬਕ ਸਮੁੱਚੇ ਸਿੱਖ ਪੰਥ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਈ ਰੱਖਣ ਲਈ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਮਰਿਆਦਾ ਅਤੇ ਇੱਕ ਕੈਲੰਡਰ ਨਾਲ ਜੋੜੀ ਰੱਖਣ ਲਈ ਪ੍ਰੇਰਣਾ ਦਿੰਦਾ ਰਹੇ ਪਰ 2010 ਤੋਂ  ਲੈ ਕੇ 2014 ਤੱਕ ਕਿਸ਼ਤਾਂ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਨਾਨਕਸ਼ਾਹੀ ਦੇ ਨਾਮ ਹੇਠਾਂ ਹੀ ਵਿਗੜਿਆ ਕੈਲੰਡਰ ਕੌਮ ਦੇ ਸਿਰ ਮੜਨ ਲਈ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕੀਤੀ ਗਈ ਹੈ ਇਸ ਨਾਲ ਅਕਾਲ ਤਖ਼ਤ ਸਾਹਿਬ ਦੇ ਮਾਨ ਸਨਮਾਨ ਨੂੰ ਭਾਰੀ ਧੱਕਾ ਲੱਗਾ ਹੈ ਕਿਉਂਕਿ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਜਾ ਰਿਹਾ ਕੈਲੰਡਰ ਇੱਕ ਨਹੀਂ ਬਲਕਿ ਤਿੰਨ ਪ੍ਰਣਾਲੀਆਂ ’ਤੇ ਅਧਾਰਿਤ ਹੈ। ਇਸ ਕੈਲੰਡਰ ਵਿੱਚ ਸਾਰੇ ਗੁਰਪੁਰਬ ਚੰਦਰਮਾ ਦੀਆਂ ਤਿੱਥਾਂ ਮੁਤਾਬਕ ਮਿਥੇ ਜਾਂਦੇ ਹਨ ਜਿਸ ਦੇ ਸਾਲ ਦੇ ਦਿਨਾਂ ਦੀ ਗਿਣਤੀ ਕਦੀ 354/55 ਅਤੇ ਕਦੀ 384/85 ਦਿਨ ਹੋ ਜਾਂਦੀ ਹੈ। ਬਾਕੀ ਦੇ ਸਾਰੇ ਪੁਰਾਤਨ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਦੇ ਹਿਸਾਬ ਨਾਲ ਰੱਖੇ ਹਨ ਜਿਸ ਦੇ ਸਾਲ ਦੇ ਦਿਨਾਂ ਦੀ ਗਿਣਤੀ ਤਾਂ ਈਸਵੀ ਸਾਲ ਜਿਨੀ 365/66 ਦਿਨ ਹੀ ਹੁੰਦੀ ਹੈ ਪਰ ਇਸ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ ਵਧਣ ਘਟਣ ਸਦਕਾ ਇਸ ਦੀਆਂ ਤਰੀਖਾਂ ਕਦੀ ਵੀ ਸਥਿਰ ਨਹੀਂ ਰਹਿੰਦੀਆਂ। ਇਸ ਤੋਂ ਇਲਾਵਾ ਬਿਕ੍ਰਮੀ ਸਾਲ ਦੀ ਲੰਬਾਈ ਰੁੱਤੀ ਸਮੇਂ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣ ਕਰ ਕੇ ਇਹ ਬੜੀ ਤੇਜੀ ਨਾਲ ਮੌਸਮਾਂ ਅਤੇ ਦੁਨੀਆਂ ਭਰ ਵਿੱਚ ਪ੍ਰਚਲਿਤ ਸਾਂਝੇ ਕੈਲੰਡਰ ਨਾਲੋਂ ਪਛੜ ਰਿਹਾ ਹੈ। ਇਹੋ ਕਾਰਨ ਹੈ ਕਿ 1699 ਦੀ ਇਤਿਹਾਸਕ ਵੈਸਾਖੀ 29 ਮਾਰਚ ਨੂੰ ਸੀ ਜਦੋਂ ਕਿ ਅੱਜ ਕੱਲ੍ਹ ਇਹ ਕਦੀ 13 ਅਪ੍ਰੈਲ ਅਤੇ ਕਦੀ 14 ਅਪ੍ਰੈਲ ਨੂੰ ਆਉਂਦੀ ਹੈ। ਅੰਗਰੇਜਾਂ ਦਾ ਭਾਰਤ ਵਿੱਚ ਰਾਜ ਸਥਾਪਤ ਹੋ ਜਾਣ ਪਿੱਛੋਂ ਉਨ੍ਹਾਂ ਇੱਥੇ ਈਸਵੀ ਕੈਲੰਡਰ ਲਾਗੂ ਕਰ ਦਿੱਤਾ ਇਸ ਲਈ ਇਸ ਪਿੱਛੋਂ ਵਾਪਰਨ ਵਾਲੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਗੁਰੂ ਕਾ ਬਾਗ ਮੋਰਚਾ, ਸਾਕਾ ਪੰਜਾ ਸਾਹਿਬ ਅਤੇ 1984 ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਦਿਹਾੜਿਆਂ ਦੀਆਂ ਤਰੀਖਾਂ ਈਸਵੀ ਕੈਲੰਡਰ ਅਨੁਸਾਰ ਲਿਖੀਆਂ ਜਾ ਰਹੀਆਂ ਹਨ। ਇਸ ਲਈ ਹਰ ਸਾਲ ਤਰੀਖਾਂ ਵਿੱਚ ਇਤਨਾ ਭੰਬਲਾਭੂਸਾ ਬਣਿਆ ਰਹਿੰਦਾ ਹੈ ਕਿ ਕਿਸੇ ਨੂੰ ਕੁਝ ਵੀ ਸਮਝ ਨਹੀਂ ਪੈਂਦਾ। ਜਿਵੇਂ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ 18 ਹਾੜ ਹੈ ਜੋ ਹਰ ਸਾਲ ਹੀ 18 ਹਾੜ ਦਰਜ ਹੁੰਦਾ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਹੀ ਸੰਬੰਧਿਤ ਮੀਰੀ ਪੀਰੀ ਦਿਵਸ ਇਸ ਸਾਲ ਦੇ ਕੈਲੰਡਰ ਵਿੱਚ 19 ਹਾੜ ਹੈ ਜਦਕਿ ਪਿਛਲੇ ਸਾਲ ਭਾਵ ਨਾਨਕਸ਼ਾਹੀ ਸੰਮਤ 548 ਵਿੱਚ 31 ਹਾੜ, 547 ਵਿੱਚ 11 ਸਾਵਣ, 547 ਵਿੱਚ 21 ਜੁਲਾਈ ਦਰਜ ਸੀ ਜਿਸ ਦਿਨ ਦੇਸੀ ਮਹੀਨੇ ਮੁਤਾਬਕ 6 ਸਾਵਣ ਸੀ।

ਕੀ ਕੋਈ ਅਨੁਮਾਨ ਲਗਾ ਸਕਦਾ ਹੈ ਕਿ ਇੱਕੋ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਦੋ ਮਹੱਤਵਪੂਰਨ ਘਟਨਾਵਾਂ (ਪਹਿਲੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ 18 ਹਾੜ ਬਿਕ੍ਰਮੀ ਸੰਮਤ 1663 ਭਾਵ 15 ਜੂਨ 1606 ਈ: ਅਤੇ ਦੂਸਰੀ ਮੀਰੀ ਪੀਰੀ ਦਿਵਸ 6 ਸਾਵਣ ਭਾਵ 5 ਜੁਲਾਈ), ਜਿਹੜੀਆਂ 19 ਦਿਨਾਂ ਦੇ ਫਰਕ ਨਾਲ ਵਾਪਰੀਆਂ ਸਨ ਉਹ ਇਸ ਸਾਲ ਇੱਕ ਦਿਨ ਦੇ ਫਰਕ ਨਾਲ ਅਤੇ ਪਿਛਲੇ ਤਿੰਨ ਸਾਲ ਦੇ ਕੈਲੰਡਰਾਂ ਵਿੱਚ ਕ੍ਰਮਵਾਰ 13 ਦਿਨ, 24 ਦਿਨ ਅਤੇ 19 ਦਿਨਾਂ ਦੇ ਫਰਕ ਨਾਲ ਕਿਵੇਂ ਆ ਗਈਆਂ ?  ਇਸ ਦਾ ਜਵਾਬ ਹੈ ਕਿ ਕਿ ਮੀਰੀ ਪੀਰੀ ਦਿਵਸ ਚੰਦ੍ਰਮਾ ਦੀਆਂ ਤਿਥਾਂ ਮੁਤਾਬਕ ਨਿਸ਼ਚਿਤ ਕੀਤਾ ਜਾ ਰਿਹਾ ਹੈ ਪਰ ਹੈਰਾਨੀ ਹੁੰਦੀ ਹੈ ਕਿ ਚੰਦ੍ਰਮਾਂ ਦੀਆਂ ਤਿੱਥਾਂ ਤਾਂ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿੱਚ ਦਰਜ ਹੀ ਨਹੀਂ ਕੀਤੀਆਂ ਜਾ ਰਹੀਆਂ ਤਾਂ ਕਿਹੜਾ ਪੰਡਿਤ ਇਨ੍ਹਾਂ ਨੂੰ ਦੱਸ ਜਾਂਦਾ ਹੈ ਕਿ ਮੀਰੀ ਪੀਰੀ ਦਿਵਸ ਨਿਸ਼ਚਿਤ ਕਰਨ ਸਮੇਂ ਫਲਾਨੀ ਤਰੀਖ ਨਿਸ਼ਚਿਤ ਕਰੋ। ਇਸ ਤੋਂ ਵੱਧ ਤਰਾਸਦੀ ਇਹ ਹੈ ਕਿ ਅੱਜ ਜੇ ਕਿਸੇ ਇਤਿਹਾਸਕਾਰ ਨੇ ਸਿੱਖ ਇਤਿਹਾਸ ਨੂੰ ਸੋਧ ਕੇ ਲਿਖਣਾ ਹੋਵੇ ਤਾਂ ਉਹ ਕਿਹੜੀ ਤਰੀਖ ਲਿਖੇਗਾ ਤੇ ਸਾਡੇ ਬੱਚੇ ਕਿਹੜੀ ਤਰੀਖ ਯਾਦ ਰੱਖ ਕੇ ਇਮਤਿਹਾਨ ਵਿੱਚੋਂ ਪੂਰੇ ਨੰਬਰ ਲੈ ਸਕਣ ਦੇ ਸਮਰੱਥ ਹੋਣਗੇ ? ਵਿਗਾੜੇ ਗਏ ਕੈਲੰਡਰ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਹਮਾਇਤੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਣਿਤ ਹੋਣਾ ਪ੍ਰਚਾਰ ਰਹੇ ਹਨ ਕੀ ਉਹਨਾਂ ਪਾਸੋਂ ਪੁੱਛਣਾ ਬਣਦਾ ਹੈ ਕਿ ਇਹ ਕੈਲੰਡਰ ਸਾਨੂੰ ਇੱਕ ਨਾਲ ਜੋੜ ਰਿਹਾ ਹੈ ਜਾਂ ਤਿੰਨ ਵੱਖ ਵੱਖ ਪ੍ਰਣਾਲੀਆਂ ਅਤੇ ਅਨੇਕਾਂ ਹੀ ਉਨ੍ਹਾਂ ਦਿਨਾਂ ਨਾਲ ਜਿਨ੍ਹਾਂ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਚਨ ਕਰ ਰਹੀ ਹੈ –“ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ ਮੁਗਧ ਗਵਾਰ (ਅੰਗ ੮੪੩) “ਚਉਦਸ ਅਮਾਵਸ, ਰਚਿ ਰਚਿ ਮਾਂਗਹਿ;  ਕਰ ਦੀਪਕੁ ਲੈ, ਕੂਪਿ ਪਰਹਿ (ਅੰਗ ੯੭੦), “ਪੰਡਿਤ ਮੁਲਾਂ, ਜੋ ਲਿਖਿ ਦੀਆ ਛਾਡਿ ਚਲੇ ਹਮ, ਕਛੂ ਨ ਲੀਆ ” (ਅੰਗ ੧੧੫੯)। ਜੇ ਨਹੀਂ ਤਾਂ ਦਾਦੂ ਦੀ ਕਬਰ ਨੂੰ ਤੀਰ ਝੁਕਾਉਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਨਖ਼ਾਹ ਲਾਉਣ ਵਾਲੇ ਗੁਰਸਿੱਖਾਂ ਲਈ ਕੀ ਇਸ ਵਿਗੜੇ ਕੈਲੰਡਰ ਨੂੰ ਅਕਾਲ ਤਖ਼ਤ ਤੋਂ ਜਾਰੀ ਹੋਇਆ ਕੈਲੰਡਰ ਦੱਸ ਕੇ ਸਿਰ ਮੱਥੇ ਪ੍ਰਵਾਨ ਕਰ ਲੈਣਾ ਉਚਿਤ ਹੋਵੇਗਾ ?

Most Viewed Posts