ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ :

1
237

ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ

ਬਠਿੰਡਾ: 10 ਜੁਲਾਈ, (ਕਿਰਪਾਲ ਸਿੰਘ ਬਠਿੰਡਾ): ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ। ਇਹ ਸ਼ਬਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਨੇ ਬੀਤੀ ਸ਼ਾਮ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ (ਬਠਿੰਡਾ) ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਕਹੇ। ਇਹ ਦੱਸਣਯੋਗ ਹੈ ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ ਕਿ ਹਰ ਐਤਵਾਰ ਸ਼ਾਮ ਨੂੰ ਕੀਤਾ ਜਾਣ ਵਾਲਾ ਹਫਤਾਵਾਰੀ ਸਮਾਗਮ ਉਸ ਦਿਨ ਨਾਲ ਸੰਬੰਧਿਤ ਗੁਰਪੁਰਬ ਜਾਂ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤਾ ਜਾਇਆ ਕਰੇਗਾ। ਇਸੇ ਲੜੀ ਵਿੱਚ ਬੀਤੇ ਦਿਨ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜਿਨ੍ਹਾਂ ਦੇ ਪ੍ਰਵਾਰ ਦੇ 52 ਤੋਂ ਵੱਧ ਮੈਂਬਰ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਹੱਸ ਹੱਸ ਕੇ ਸ਼ਹੀਦੀਆਂ ਪਾ ਗਏ ਸਨ; ਦੀ ਯਾਦ ਨੂੰ ਤਾਜ਼ਾ ਕਰਨ ਅਤੇ ਨਤਮਸਤਕ ਹੋਣ ਲਈ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਵਿੱਚ ਬੋਲਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਭਾਈ ਮਨੀ ਸਿੰਘ ਕੇਵਲ ਇੱਕ ਸ਼ਹੀਦ ਹੀ ਨਹੀਂ ਸਨ ਬਲਕਿ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੀ ਸਨ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਸਨ, ਪ੍ਰਬੰਧਕ ਵੀ ਸਨ ਅਤੇ ਕੌਮ ਦੇ ਆਗੂ ਤੋਂ ਇਲਾਵਾ ਇੱਕ ਯੋਧੇ ਵੀ ਸਨ ਕਿਉਂਕਿ ਮੀਣਿਆਂ ਵੱਲੋਂ ਕੀਤੀ ਚੁਗਲੀ ਕਾਰਨ ਜਦੋਂ ਮੁਹੰਮਦ ਅਸਲਮ ਖਾਨ ਜਦੋਂ ਚੜ੍ਹ ਕੇ ਆਇਆ ਸੀ ਤਾਂ ਉਸ ਸਮੇਂ ਭਾਈ ਮਨੀ ਸਿੰਘ ਜੀ ਨੇ ਬੜੀ ਬਹਾਦਰੀ ਨਾਲ ਉਸ ਦਾ ਮੁਕਾਬਲਾ ਕੀਤਾ ਸੀ। ਉਸ ਸਮੇਂ ਅੱਜ ਵਾਂਗ ਵੱਡੇ ਵੱਡੇ ਸਮਾਗਮ ਵੀ ਨਹੀਂ ਹੁੰਦੇ ਸਨ ਕਿਉਂਕਿ ਉਸ ਸਮੇਂ ਤਾਂ ਸਿੱਖਾਂ ਕੋਲ ਆਪਣੇ ਘਰ ਵੀ ਨਹੀਂ ਸਨ, ਉਨ੍ਹਾਂ ਨੂੰ ਲੁਕ ਛਿਪ ਕੇ ਜੰਗਲਾਂ ਬੇਲਿਆਂ ਵਿੱਚ ਰਹਿਣਾਂ ਪੈਂਦਾ ਸੀ, ਅੱਜ ਵਾਲੇ ਟੀ ਵੀ ਚੈਨਲਾਂ ਜਾਂ ਅਖ਼ਬਾਰਾਂ ਵਰਗੇ ਪ੍ਰਚਾਰ ਸਾਧਨ ਵੀ ਨਹੀਂ ਸਨ, ਪੜ੍ਹਾਈ ਲਿਖਾਈ ਵੀ ਇਤਨੀ ਨਹੀਂ ਸੀ ਜਿਨ੍ਹਾਂ ਰਾਹੀਂ ਸਿੱਖ, ਗੁਰਬਾਣੀ ਦਾ ਪਾਠ, ਕੀਰਤਨ ਤੇ ਪ੍ਰਚਾਰ ਸੁਣ ਸਕਦੇ ਹੋਣ ਜਾਂ ਪੰਥ ਦੀ ਕੋਈ ਖ਼ਬਰ ਹੀ ਸੁਣ ਸਕਦੇ ਹੋਣ ਪਰ ਫਿਰ ਵੀ ਉਨ੍ਹਾਂ ਵਿੱਚ ਗੁਰਬਾਣੀ ਦੀ ਸਿੱਖਿਆ ’ਤੇ ਚੱਲਣ ਦੀ ਦ੍ਰਿੜਤਾ ਅਤੇ ਗੁਰੂ ਨਾਲ ਪਿਆਰ ਇਤਨਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਕਿ ਉਨ੍ਹਾਂ ਵਿੱਚੋਂ ਅਨੇਕਾਂ ਸਿੰਘ ਸਿੰਘਣੀਆਂ ਨੇ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਦਾ ਜ਼ਿਕਰ ਅਸੀਂ ਹਰ ਰੋਜ਼ ਅਰਦਾਸ ਵਿੱਚ ਕਰਦੇ ਹਾਂ ਪਰ ਹੈਰਾਨੀ ਹੈ ਕਿ ਅੱਜ ਸਾਡੇ ਪਾਸ ਵਿਦਿਆ ਵੀ ਬਹੁਤ ਹੈ, ਪ੍ਰਵਾਰਾਂ ਨਾਲ ਰਹਿਣ ਲਈ ਸੁੰਦਰ ਮਕਾਨ ਵੀ ਹਨ, ਹਰ ਸ਼ਹਿਰ ਕਸਬੇ ਤੇ ਪਿੰਡਾਂ ਵਿੱਚ ਬਣੀਆਂ ਪ੍ਰਚਾਰਕ ਜਥੇਬੰਦੀਆਂ ਤੋਂ ਇਲਾਵਾ ਹਜਾਰਾਂ ਹੋਰ ਸਾਧਨ ਹਨ ਫਿਰ ਵੀ ਅਸੀਂ ਸਾਰੇ ਮਿਲ ਕੇ ਨਾ ਹੀ ਸਿੱਖਾਂ ਵਿੱਚ ਪੁਰਾਤਨ ਸਿੱਖਾਂ ਵਰਗੀ ਦ੍ਰਿੜਤਾ ਤੇ ਸਿੱਖੀ ਜ਼ਜਬਾ ਪੈਦਾ ਕਰ ਸਕੇ ਹਾਂ ਅਤੇ ਨਾ ਹੀ ਖ਼ੁਦ ਪੁਰਾਤਨ ਸਿੱਖਾਂ ਦੇ ਪਾਏ ਪੂਰਨਿਆਂ ’ਤੇ ਚੱਲ ਸਕਦੇ ਹਾਂ; ਜਿਸ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਸਾਡੇ ਪ੍ਰਚਾਰ ਢੰਗ ਅਤੇ ਤਾਲ ਮੇਲ ਦੀ ਕਮੀ ਤਾਂ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਕਮੀ ਨੂੰ ਦੂਰ ਕਰਨ ਲਈ ਅਸੀਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਆਓ, ਆਪਾਂ ਸਾਰੇ ਆਪਾ ਪੜਚੋਲੀਏ ਤੇ ਆਪਣੀਆਂ ਆਪਣੀਆਂ ਕਮੀਆਂ ਪੇਸ਼ੀਆਂ ਦੂਰ ਕਰ ਕੇ ਆਪਸੀ ਤਾਲਮੇਲ ਰਾਹੀਂ ਪੰਥਕ ਏਕਤਾ ਵੱਲ ਵਧੀਏ ਤੇ ਸਿੱਖੀ ਕਿਰਦਾਰ ’ਤੇ ਪਹਿਰਾ ਦੇ ਕੇ ਪੁਰਾਤਨ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਦਾ ਮੁੱਲ ਵੱਟਣ ਦਾ ਨਹੀਂ ਬਲਕਿ ਮੁੱਲ ਪਾਉਣ ਦਾ ਯਤਨ ਕਰੀਏ। 

ਸਿੰਘ ਸਾਹਿਬ ਤੋਂ ਪਹਿਲਾਂ ਡਾ: ਮੋਹਿੰਦਰਪਾਲ ਸਿੰਘ ਜੀ ਪ੍ਰਿੰਸੀਪਲ ਗੁਰੂ ਕਾਂਸ਼ੀ ਕਾਲਜ ਦਮਦਮਾ ਸਾਹਿਬ ਦੇ ਨਿਸ਼ਕਾਮ ਕੀਰਤਨੀ ਜਥੇ ਨੇ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਅਤੇ ਡਾ: ਹਰਦੀਪ ਸਿੰਘ ਜੀ ਖਿਆਲੀਵਾਲੇ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੁੱਚੇ ਮੈਂਬਰਾਂ ਦੀਆਂ ਸ਼ਹੀਦੀਆਂ ਦਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਇਤਿਹਾਸ ਸੁਣਾਇਆ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਵਿਸਥਾਰ ਸਹਿਤ ਪ੍ਰਚਾਰ ਸਭਾ ਵੱਲੋਂ ਉਲੀਕੇ ਪ੍ਰੋਗਾਮ ਦੀ ਜਾਣਕਾਰੀ ਦਿੱਤੀ ਅਤੇ ਇਸ ਪ੍ਰਚਾਰ ਪ੍ਰੋਗਰਾਮ ਵਿੱਚ ਭਰਵਾਂ ਸਹਿਯੋਗ ਦੇਣ ਵਾਲੇ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਪ੍ਰਚਾਰ ਸਭਾ ਦੇ ਸੱਦੇ ’ਤੇ ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਮੂਲਤੀਅਤ ਕਰਨ ਲਈ ਪਹੁੰਚੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਨੂੰ ਸਤਿਕਾਰ ਸਹਿਤ ਸਨਮਾਨਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਅਵਤਾਰ ਸਿੰਘ ਜੀ ਨੇ ਸਟੇਜ਼ ਸਕੱਤਰ ਦੀ ਸੇਵਾ ਬਾਖ਼ੂਬੀ ਨਿਭਾਈ।

1 COMMENT

Comments are closed.