ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 117-121)

0
691

ਗੁਰਬਾਣੀ ਦਾ ਮੂਲ ਪਾਠ, ਅੰਕ ਨੰਬਰ 117-121

ਮਾਝ, ਮਹਲਾ ੩ ॥

ਸਤਿਗੁਰ (ਦੀ), ਸਾਚੀ ਸਿਖ ਸੁਣਾਈ ॥ ਹਰਿ ਚੇਤਹੁ, ਅੰਤਿ ਹੋਇ ਸਖਾਈ ॥ ਹਰਿ, ਅਗਮੁ (ਅਗੰਮ) ਅਗੋਚਰੁ ਅਨਾਥੁ (ਭਾਵ ਜਿਸ ਦਾ ਕੋਈ ਹੋਰ ਮਾਲਕ ਨਹੀਂ) ਅਜੋਨੀ ; (ਪਰ) ਸਤਿਗੁਰ ਕੈ+ਭਾਇ (ਭਾਵ ਪ੍ਰੇਮ ਰਾਹੀਂ) ਪਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਆਪੁ (ਭਾਵ ਆਪਣੇ ਆਪ ਨੂੰ ਜਾਂ ਅਹੰਕਾਰ) ਨਿਵਾਰਣਿਆ ॥ ਆਪੁ ਗਵਾਏ, ਤਾ (ਤਾਂ) ਹਰਿ ਪਾਏ ; ਹਰਿ ਸਿਉ (ਸਿਉਂ) ਸਹਜਿ (ਰਾਹੀਂ) ਸਮਾਵਣਿਆ ॥੧॥ ਰਹਾਉ ॥ ਪੂਰਬਿ (’ਚ) ਲਿਖਿਆ, ਸੁ ਕਰਮੁ ਕਮਾਇਆ ॥ ਸਤਿਗੁਰੁ ਸੇਵਿ (ਕੇ), ਸਦਾ ਸੁਖੁ ਪਾਇਆ ॥ (ਪਰ) ਬਿਨੁ ਭਾਗਾ (ਭਾਗਾਂ), ਗੁਰੁ ਪਾਈਐ ਨਾਹੀ (ਨਾਹੀਂ) ; (ਗੁਰੂ, ਆਪਣੇ) ਸਬਦੈ (ਨਾਲ਼) ਮੇਲਿ (ਕੇ, ਪ੍ਰਭੂ ਨਾਲ਼) ਮਿਲਾਵਣਿਆ ॥੨॥ ਗੁਰਮੁਖਿ, ਅਲਿਪਤੁ (ਅ+ਲਿਪਤ) ਰਹੈ ਸੰਸਾਰੇ (’ਚ)॥ ਗੁਰ ਕੈ+ਤਕੀਐ (ਭਾਵ ਆਸਰੇ ਨਾਲ਼), ਨਾਮਿ (’ਚ ਲੀਨ ਹੁੰਦਾ, ਜੋ ਜੀਵਨ ਦਾ) ਅਧਾਰੇ ॥ ਗੁਰਮੁਖਿ, ਜੋਰੁ ਕਰੇ ਕਿਆ ਤਿਸ ਨੋ ? (ਇਹ ਤੁਕ ਇਉਂ ਹੈ, ਕੋਈ; ਕਿਆ ਜੋਰੁ (ਧੱਕਾ) ਕਰੇ ‘ਤਿਸ ਗੁਰਮੁਖਿ ਨੋ’ (ਉਸ ਗੁਰੂ ਲਈ)  ? ਆਪੇ ਖਪਿ (ਕੇ) ਦੁਖੁ ਪਾਵਣਿਆ ॥੩॥ ਮਨਮੁਖਿ ਅੰਧੇ, ਸੁਧਿ ਨ ਕਾਈ (ਭਾਵ ਕੋਈ)॥ ਆਤਮ ਘਾਤੀ ਹੈ, ਜਗਤ ਕਸਾਈ ॥ ਨਿੰਦਾ ਕਰਿ+ਕਰਿ (ਕੇ), ਬਹੁ ਭਾਰੁ ਉਠਾਵੈ ; ਬਿਨੁ ਮਜੂਰੀ ਭਾਰੁ ਪਹੁਚਾਵਣਿਆ (ਪਹੁੰਚਾਵਣਿਆ) ॥੪॥ ਇਹੁ (ਇਹ) ਜਗੁ ਵਾੜੀ, ਮੇਰਾ ਪ੍ਰਭੁ ਮਾਲੀ ॥ ਸਦਾ ਸਮਾਲੇ (ਸੰਮ੍ਹਾਲ਼ੇ), ਕੋ ਨਾਹੀ ਖਾਲੀ (ਨਾਹੀਂ ਖ਼ਾਲੀ) ॥ ਜੇਹੀ ਵਾਸਨਾ (ਵਾਸ਼ਨਾ) ਪਾਏ, ਤੇਹੀ ਵਰਤੈ ; ਵਾਸੂ ਵਾਸੁ (ਵਾਸ਼ੂ ਵਾਸ਼ ਭਾਵ ਸੁਗੰਧੀ) ਜਣਾਵਣਿਆ ॥੫॥ ਮਨਮੁਖੁ ਰੋਗੀ ਹੈ ਸੰਸਾਰਾ ॥ ਸੁਖਦਾਤਾ ਵਿਸਰਿਆ, ਅਗਮ (ਅਗੰਮ) ਅਪਾਰਾ ॥ ਦੁਖੀਏ ਨਿਤਿ ਫਿਰਹਿ ਬਿਲਲਾਦੇ (ਫਿਰਹਿਂ ਬਿਲਲਾਂਦੇ) ; ਬਿਨੁ ਗੁਰ, ਸਾਂਤਿ (ਸ਼ਾਂਤਿ) ਨ ਪਾਵਣਿਆ ॥੬॥ ਜਿਨਿ (ਜਿਨ੍ਹ) ਕੀਤੇ, ਸੋਈ ਬਿਧਿ ਜਾਣੈ ॥ (ਜਦ ਮਿਹਰ) ਆਪਿ ਕਰੇ, ਤਾ (ਤਾਂ) ਹੁਕਮਿ (’ਚ ਰਹਿ ਕੇ ਮਨੁੱਖ ਉਸ ਨੂੰ) ਪਛਾਣੈ ॥ ਜੇਹਾ ਅੰਦਰਿ ਪਾਏ, ਤੇਹਾ ਵਰਤੈ ; ਆਪੇ ਬਾਹਰਿ ਪਾਵਣਿਆ (ਭਾਵ ਰੱਬ, ਆਪ ਹੀ ਜੀਵਾਂ ਨੂੰ ਸੰਸਾਰਕ ਪਦਾਰਥਾਂ ਵੱਲ ਪ੍ਰੇਰਦਾ ਹੈ)॥੭॥ ਤਿਸੁ ਬਾਝਹੁ (ਬਾਂਝੋ) ਸਚੇ (ਇਹ ਤੁਕ ਇਉਂ ਹੈ: ਤਿਸੁ ਸਚੇ ਬਾਝਹੁ), ਮੈ (ਭਾਵ ਮੇਰਾ) ਹੋਰੁ ਨ ਕੋਈ ॥ ਜਿਸੁ ਲਾਇ ਲਏ, ਸੋ ਨਿਰਮਲੁ ਹੋਈ ॥ ਨਾਨਕ  ! ਨਾਮੁ ਵਸੈ ਘਟ ਅੰਤਰਿ ; ਜਿਸੁ ਦੇਵੈ, ਸੋ ਪਾਵਣਿਆ ॥੮॥੧੪॥੧੫॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਤੁਕ ਹੈ: ‘‘ਗੁਰਮੁਖਿ, ਅਲਿਪਤੁ ਰਹੈ ਸੰਸਾਰੇ ॥ ਗੁਰ ਕੈ+ਤਕੀਐ, ਨਾਮਿ ਅਧਾਰੇ ॥’’, ਤਮਾਮ ਟੀਕਾਕਾਰਾਂ ਦੇ ਅਰਥ ਵਾਚਣ ਉਪਰੰਤ ਗਿਆਨੀ ਹਰਬੰਸ ਸਿੰਘ ਜੀ ਨੇ ‘ਨਾਮਿ ਅਧਾਰੇ’ ਸੰਯੁਕਤ ਸ਼ਬਦਾਂ ਦੇ ਅਰਥਾਂ ਦਾ ਨਿਰਣੈ ਕੀਤਾ ਹੈ, ‘ਉਹ ਗੁਰ ਨਾਮ ਦੇ ਅਧਾਰ (ਆਸਰੇ) ਵਿੱਚ (ਲੀਨ ਰਹਿੰਦਾ ਹੈ)।’ ਪਰ ਇਹ ਅਰਥ ਲਿਖਤ ਮੁਤਾਬਕ ਗ਼ਲਤ ਹਨ ਕਿਉਂਕਿ ਨਾਮਿ ਦੇ ਅੰਤ ਸਿਹਾਰੀ ਹੈ, ਜੋ ਕਿ ਦੇ (ਸੰਬੰਧਕੀ) ਅਰਥ ਨਹੀਂ ਲੈਣ ਦਿੰਦੀ।

ਕੇਵਲ ਪਾਠੀ ਲਈ ਸ਼ਾਇਦ ਇਹ ਵਿਚਾਰ ਕੋਈ ਮਾਇਨਾ ਨਾ ਰੱਖੇ ਪਰ ਵਿਚਾਰਵਾਨ ਲਈ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਸ ਤੁਕ ’ਚ ‘ਤਕੀਐ’ ਦਾ ਅਰਥ ਵੀ ‘ਆਸਰੇ ਨਾਲ਼’ (ਕਰਨ ਕਾਰਕ) ਬਣਦਾ ਹੈ, ਇਸ ਲਈ ਗਿਆਨੀ ਜੀ ਦੇ ਅਰਥ ਬਣ ਗਏ, ‘ਗੁਰੂ ਦੇ ਆਸਰੇ ਨਾਲ਼ ਨਾਮ ਦੇ ਆਸਰੇ ਵਿੱਚ ਲੀਨ ਹੋ ਗਿਆ।’, ਇਸ ਤਰ੍ਹਾਂ ‘ਗੁਰੂ ਦੇ ਆਸਰੇ ਨਾਲ਼’ ‘ਨਾਮ ਦੇ ਆਸਰੇ ਵਿੱਚ’ ਕੀ ਸਿਧਾਂਤਕ ਅਰਥ ਬਣੇ ?

ਦਰਅਸਲ, ਗੁਰਬਾਣੀ ਕਾਵਿ ਰੂਪ ਹੋਣ ਕਾਰਨ ਕਈ ਸ਼ਬਦਾਂ ਨੂੰ ਮੁੜ-ਮੁੜ ਸ਼ਾਮਲ ਕਰਨ ਲਈ ਕਵੀ ਨੂੰ ਮਜਬੂਰ ਕਰ ਦਿੰਦੀ ਹੈ। ਉਕਤ ਤੁਕ ਕਾਵਿ ਰਹਿਤ ਕੇਵਲ: ‘‘ਗੁਰ ਕੈ+ਤਕੀਐ ਨਾਮਿ॥’’ ਤੱਕ ਸੀਮਤ ਹੋ ਕੇ ਅਰਥ ਦਿੰਦੀ ‘ਗੁਰੂ ਦੇ ਆਸਰੇ ਨਾਲ਼ ਮਨੁੱਖ (ਰੱਬੀ) ਨਾਮ ਵਿੱਚ ਲੀਨ ਹੋ ਜਾਂਦਾ ਹੈ।’, ਪਰ ਇਸ ਤੁਕ ਨਾਲ਼ ਤੁਕਾਂਤ ਮੇਲ਼ ਰੱਖਣ ਵਾਲ਼ੀ ਪਹਿਲੀ ਤੁਕ ‘‘ਗੁਰਮੁਖਿ, ਅਲਿਪਤੁ ਰਹੈ ਸੰਸਾਰੇ ॥’’ ਦੇ ਅੰਤ ’ਚ ‘ਸੰਸਾਰੇ’ ਸ਼ਬਦ ਦਰਜ ਹੋਣ ਕਾਰਨ ਅਗਲੀ ਤੁਕ ‘‘ਗੁਰ ਕੈ+ਤਕੀਐ, ਨਾਮਿ ਅਧਾਰੇ ॥’’ ’ਚ ਵਾਧੂ ‘ਅਧਾਰੇ’ ਸ਼ਬਦ ਸ਼ਾਮਲ ਕਰਨਾ ਪਿਆ, ਵਰਨਾ ‘ਨਾਮ ਅਧਾਰਿ’ ਸ਼ਬਦ ਸਰੂਪ ਵੀ ਹੋ ਸਕਦਾ ਸੀ, ਜੋ ਅਰਥ ਦਿੰਦਾ, ‘ਗੁਰੂ ਦੇ ਆਸਰੇ ਨਾਲ਼ ਅਤੇ ਨਾਮ ਦੇ ਆਸਰੇ ਨਾਲ਼ ਮਨੁੱਖ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ; ਜਿਵੇਂ ਕਿ ਗੁਰਬਾਣੀ ਦੇ ਵਚਨ ਹਨ:

ਸਾਚਿ+ਸਹਜਿ ਸੋਭਾ ਘਣੀ; ਹਰਿ ਗੁਣ ਨਾਮ ਅਧਾਰਿ (‘ਨਾਮ ਦੇ ਆਸਰੇ ਨਾਲ਼’ ਹਰੀ ਗੁਣ ਗਾਏ ਜਾਂਦੇ ਹਨ)॥ (ਮ: ੧/੬੧)

ਜੈਸੇ ਜਨਨਿ ਜਠਰ ਮਹਿ ਪ੍ਰਾਨੀ; ਓਹੁ ਰਹਤਾ ਨਾਮ ਅਧਾਰਿ (ਨਾਮ ਦੇ ਆਸਰੇ ਨਾਲ਼)॥ (ਮ: ੫/੩੭੯)

ਹਰਿ ਜਨਿ (ਨੇ) ਸਿਮਰਿਆ; ਨਾਮ ਅਧਾਰਿ (ਨਾਮ ਦੇ ਆਸਰੇ ਨਾਲ਼)॥ (ਮ: ੫/੬੨੦)

ਨਾਮ ਅਧਾਰਿ (ਨਾਮ ਦੇ ਆਸਰੇ ਨਾਲ਼) ਚਲਾ (ਚੱਲਾਂ); ਗੁਰ ਕੈ ਭੈ+ਭੇਤਿ (ਵਿੱਚ)॥੧॥ ਰਹਾਉ ॥ (ਮ: ੧/੧੨੭੪), ਆਦਿ।

ਸੋ, ‘‘ਗੁਰ ਕੈ+ਤਕੀਐ (ਭਾਵ ਆਸਰੇ ਨਾਲ਼), ਨਾਮਿ (’ਚ ਲੀਨ ਹੁੰਦਾ, ਜੋ ਜੀਵਨ ਦਾ) ਅਧਾਰੇ (ਭਾਵ ਆਸਰਾ ਹੈ)॥ ਅਰਥ ਹੀ ਸਿਧਾਂਤਕ ਤੇ ਲਿਖਤ ਮੁਤਾਬਕ ਸਹੀ ਜਾਪਦੇ ਹਨ।

ਧਿਆਨ ਰਹੇ ਕਿ ਮਨਿ ਦੀ ਅੰਤ ਸਿਹਾਰੀ ਤੇ ਅਧਾਰੇ ਦੀ ਅੰਤ ਲਾਂ ਕਾਰਨ ਦੋਵੇਂ ਸ਼ਬਦਾਰਥਾਂ ਦੀ ਸੰਧੀ ਨਹੀਂ ਹੋ ਸਕਦੀ।)

ਮਾਝ, ਮਹਲਾ ੩ ॥

ਅੰਮ੍ਰਿਤ ਨਾਮੁ, ਮੰਨਿ ਵਸਾਏ ॥ ਹਉਮੈ ਮੇਰਾ, ਸਭੁ ਦੁਖੁ ਗਵਾਏ ॥ ਅੰਮ੍ਰਿਤ ਬਾਣੀ ਸਦਾ ਸਲਾਹੇ; ਅੰਮ੍ਰਿਤਿ (ਰਾਹੀਂ), ਅੰਮ੍ਰਿਤੁ ਪਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥ ਅੰਮ੍ਰਿਤ ਬਾਣੀ, ਮੰਨਿ ਵਸਾਏ ; ਅੰਮ੍ਰਿਤੁ+ਨਾਮੁ ਧਿਆਵਣਿਆ ॥੧॥ ਰਹਾਉ ॥ ਅੰਮ੍ਰਿਤੁ ਬੋਲੈ, ਸਦਾ ਮੁਖਿ (ਤੋਂ) ਵੈਣੀ (ਭਾਵ ਵਚਨਾਂ ਨਾਲ਼, ਧਿਆਨ ਰਹੇ ਕਿ ‘ਵੈਣੀ’ ਬਹੁ ਵਚਨ ਹੈ ਪਰ ‘ਣ’ ਅਨੁਨਾਸਕੀ ਹੋਣ ਕਾਰਨ ਵਾਧੂ ਬਿੰਦੀ ਦੀ ਜ਼ਰੂਰਤ ਨਹੀਂ)॥ ਅੰਮ੍ਰਿਤੁ ਵੇਖੈ, ਪਰਖੈ ਸਦਾ ਨੈਣੀ ॥ ਅੰਮ੍ਰਿਤ ਕਥਾ ਕਹੈ, ਸਦਾ ਦਿਨੁ ਰਾਤੀ ; ਅਵਰਾ (ਅਵਰਾਂ) ਆਖਿ (ਕੇ) ਸੁਨਾਵਣਿਆ ॥੨॥ ਅੰਮ੍ਰਿਤ ਰੰਗਿ (’ਚ) ਰਤਾ (ਰੱਤਾ) ਲਿਵ ਲਾਏ ॥ ਅੰਮ੍ਰਿਤੁ, ਗੁਰ ਪਰਸਾਦੀ ਪਾਏ ॥ ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ; ਮਨਿ+ਤਨਿ (ਰਾਹੀਂ), ਅੰਮ੍ਰਿਤੁ ਪੀਆਵਣਿਆ ॥੩॥ (ਰੱਬ), ਸੋ ਕਿਛੁ ਕਰੈ, ਜੁ ਚਿਤਿ (’ਚ) ਨ ਹੋਈ ॥ ਤਿਸ ਦਾ ਹੁਕਮੁ; ਮੇਟਿ ਨ ਸਕੈ, ਕੋਈ ॥ ਹੁਕਮੇ ਵਰਤੈ, ਅੰਮ੍ਰਿਤ ਬਾਣੀ ; ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥ ਅਜਬ ਕੰਮ, ਕਰਤੇ ਹਰਿ ਕੇਰੇ (ਭਾਵ ਕਰਤਾਰ ਦੇ)॥ ਇਹੁ (ਇਹ) ਮਨੁ ਭੂਲਾ ਜਾਂਦਾ, ਫੇਰੇ (ਭਾਵ ਮੋੜ ਕੇ ਲਿਆ ਸਕਦਾ, ਪਰ ਜੋ) ॥ ਅੰਮ੍ਰਿਤ ਬਾਣੀ ਸਿਉ (ਸਿਉਂ) ਚਿਤੁ ਲਾਏ ; ਅੰਮ੍ਰਿਤ ਸਬਦਿ (ਰਾਹੀਂ, ਅਨੰਦ) ਵਜਾਵਣਿਆ ॥ ੫॥ (ਪਰ), ਖੋਟੇ ਖਰੇ, ਤੁਧੁ ਆਪਿ ਉਪਾਏ ॥ ਤੁਧੁ ਆਪੇ ਪਰਖੇ, ਲੋਕ ਸਬਾਏ ॥ ਖਰੇ ਪਰਖਿ (ਕੇ) ਖਜਾਨੈ ਪਾਇਹਿ (ਖ਼ਜ਼ਾਨੈ ਪਾਇਹਿਂ) ; ਖੋਟੇ ਭਰਮਿ (’ਚ ਪਾ ਕੇ) ਭੁਲਾਵਣਿਆ ॥੬॥ ਕਿਉ ਕਰਿ ਵੇਖਾ (ਕਿਉਂ ਕਰਿ ਵੇਖਾਂ) ? ਕਿਉ ਸਾਲਾਹੀ (ਕਿਉ ਸਾਲਾਹੀਂ, ਭਾਵ ਕਿਵੇਂ ਤੇਰੀ ਸਿਫ਼ਤ ਕਰਾਂ ?)  ? ॥ ਗੁਰ ਪਰਸਾਦੀ, ਸਬਦਿ (ਰਾਹੀਂ) ਸਲਾਹੀ (ਸਲਾਹੀਂ, ਮੈਂ ਸਿਫ਼ਤ ਕਰਾਂ)॥ ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ, ਤੂੰ ਭਾਣੈ (ਰਾਹੀਂ) ਅੰਮ੍ਰਿਤੁ ਪੀਆਵਣਿਆ ॥੭॥ ਅੰਮ੍ਰਿਤ ਸਬਦੁ, ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ+ਸੇਵਿਐ (ਨਾਲ਼), ਰਿਦੈ (’ਚ) ਸਮਾਣੀ ॥ ਨਾਨਕ  ! ਅੰਮ੍ਰਿਤ ਨਾਮੁ ਸਦਾ ਸੁਖਦਾਤਾ ; ਪੀ (ਕੇ) ਅੰਮ੍ਰਿਤੁ ਸਭ ਭੁਖ ਲਹਿ (ਲਹ) ਜਾਵਣਿਆ ॥੮॥ ੧੫॥੧੬॥

(ਨੋਟ: ਗੁਰਬਾਣੀ ’ਚ ‘ਪੀ’ ਸ਼ਬਦ 27 ਵਾਰ ਦਰਜ ਹੈ ਅਤੇ ਹਰ ਜਗ੍ਹਾ ‘ਪੀ ਕੇ’ ਅਰਥ ਦਿੰਦਾ ਹੈ; ਜਿਵੇਂ ਕਿ

ਪੀ (ਕੇ) ਅੰਮ੍ਰਿਤੁ ਸੰਤੋਖਿਆ; ਦਰਗਹਿ ਪੈਧਾ ਜਾਇ ॥ (ਮ: ੧/੬੨)

ਜਿਉ ਬਾਰਿਕੁ; ਪੀ (ਕੇ) ਖੀਰੁ ਅਘਾਵੈ ॥ (ਮ: ੫/੧੦੦)

ਪੀ (ਕੇ) ਅੰਮ੍ਰਿਤੁ; ਇਹੁ ਮਨੁ ਤਨੁ ਧ੍ਰਪੀਐ ॥ (ਮ: ੫/੨੮੬), ਆਦਿ।)

ਮਾਝ, ਮਹਲਾ ੩ ॥

ਅੰਮ੍ਰਿਤੁ ਵਰਸੈ, ਸਹਜਿ ਸੁਭਾਏ ॥ ਗੁਰਮੁਖਿ (ਭਾਵ ਗੁਰੂ ਰਾਹੀਂ), ਵਿਰਲਾ ਕੋਈ ਜਨੁ ਪਾਏ ॥ ਅੰਮ੍ਰਿਤੁ ਪੀ (ਕੇ) ਸਦਾ ਤ੍ਰਿਪਤਾਸੇ ; ਕਰਿ ਕਿਰਪਾ ਤ੍ਰਿਸਨਾ (ਤ੍ਰਿਸ਼ਨਾ) ਬੁਝਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥ ਰਸਨਾ ਰਸੁ ਚਾਖਿ (ਕੇ) ਸਦਾ ਰਹੈ ਰੰਗਿ (’ਚ) ਰਾਤੀ (ਰਾੱਤੀ), ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਗੁਰ ਪਰਸਾਦੀ; ਸਹਜੁ, ਕੋ (ਕੋਈ ਵਿਰਲਾ) ਪਾਏ ॥ ਦੁਬਿਧਾ ਮਾਰੇ, ਇਕਸੁ ਸਿਉ (ਸਿਉਂ) ਲਿਵ ਲਾਏ ॥ ਨਦਰਿ ਕਰੇ ਤਾ (ਤਾਂ) ਹਰਿ ਗੁਣ ਗਾਵੈ ; ਨਦਰੀ ਸਚਿ (’ਚ) ਸਮਾਵਣਿਆ ॥੨॥ ਸਭਨਾ ਉਪਰਿ (ਸਭਨਾਂ ਉੱਪਰ), ਨਦਰਿ ਪ੍ਰਭ  ! ਤੇਰੀ ॥ ਕਿਸੈ (ਉੱਤੇ) ਥੋੜੀ (ਥੋੜ੍ਹੀ), ਕਿਸੈ ਹੈ ਘਣੇਰੀ ॥ ਤੁਝ ਤੇ ਬਾਹਰਿ, ਕਿਛੁ ਨ ਹੋਵੈ ; ਗੁਰਮੁਖਿ ਸੋਝੀ ਪਾਵਣਿਆ ॥੩॥ ਗੁਰਮੁਖਿ (ਨੇ, ਇਹ), ਤਤੁ (ਭਾਵ ਤਤ੍ਵ, ਅਸਲੀਅਤ) ਹੈ ਬੀਚਾਰਾ (ਕਿ)॥ ਅੰਮ੍ਰਿਤਿ (ਨਾਲ਼) ਭਰੇ, ਤੇਰੇ ਭੰਡਾਰਾ ॥ ਬਿਨੁ ਸਤਿਗੁਰ ਸੇਵੇ, ਕੋਈ ਨ ਪਾਵੈ ; ਗੁਰ ਕਿਰਪਾ ਤੇ ਪਾਵਣਿਆ ॥੪॥ ਸਤਿਗੁਰੁ ਸੇਵੈ, ਸੋ ਜਨੁ ਸੋਹੈ ॥ ਅੰਮ੍ਰਿਤ ਨਾਮਿ (ਰਾਹੀਂ), ਅੰਤਰੁ+ਮਨੁ (ਅੰਤਹਿਕਰਣ, ਜ਼ਮੀਰ) ਮੋਹੈ ॥ ਅੰਮ੍ਰਿਤਿ (ਰਾਹੀਂ), ਮਨੁ ਤਨੁ ‘ਬਾਣੀ’ ਰਤਾ (ਰੱਤਾ, ਇੱਥੇ ਬਾਣੀ ਦਾ ਅਰਥ ਬੋਲੀ ਹੈ); ਅੰਮ੍ਰਿਤੁ ਸਹਜਿ (ਰਾਹੀਂ) ਸੁਣਾਵਣਿਆ ॥੫॥ ਮਨਮੁਖੁ ਭੂਲਾ, ਦੂਜੈ+ਭਾਇ (ਨਾਲ਼ ਭਾਵ ਕਾਰਨ) ਖੁਆਏ ॥ ਨਾਮੁ ਨ ਲੇਵੈ; ਮਰੈ, ਬਿਖੁ ਖਾਏ (‘ਖਾਇ’ ਭਾਵ ਖਾ ਕੇ)॥ ਅਨਦਿਨੁ ਸਦਾ ਵਿਸਟਾ (ਵਿਸ਼ਟਾ) ਮਹਿ ਵਾਸਾ; ਬਿਨੁ ਸੇਵਾ, ਜਨਮੁ ਗਵਾਵਣਿਆ ॥੬॥ ਅੰਮ੍ਰਿਤੁ ਪੀਵੈ, ਜਿਸ ਨੋ ਆਪਿ ਪੀਆਏ ॥ ਗੁਰ ਪਰਸਾਦੀ, ਸਹਜਿ (’ਚ) ਲਿਵ ਲਾਏ ॥ ਪੂਰਨ ਪੂਰਿ ਰਹਿਆ, ਸਭ ਆਪੇ (ਆਪ ਹੀ, ਪਰ); ਗੁਰਮਤਿ ਨਦਰੀ ਆਵਣਿਆ ॥੭॥ ਆਪੇ ਆਪਿ, ਨਿਰੰਜਨੁ ਸੋਈ ॥ ਜਿਨਿ (ਜਿਨ੍ਹ) ਸਿਰਜੀ, ਤਿਨਿ (ਤਿਨ੍ਹ) ਆਪੇ ਗੋਈ (ਭਾਵ ਮਾਰੀ)॥ ਨਾਨਕ  ! ਨਾਮੁ ਸਮਾਲਿ (ਸੰਮ੍ਹਾਲ਼) ਸਦਾ ਤੂੰ ; ਸਹਜੇ ਸਚਿ (’ਚ) ਸਮਾਵਣਿਆ ॥੮॥੧੬॥੧੭॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁਕ ‘‘ਸਭਨਾ ਉਪਰਿ, ਨਦਰਿ ਪ੍ਰਭ  ! ਤੇਰੀ ॥ ਕਿਸੈ (ਉੱਤੇ) ਥੋੜੀ, ਕਿਸੈ ਹੈ ਘਣੇਰੀ ॥’’ ਰਾਹੀਂ ਸਪੱਸ਼ਟ ਹੈ ਕਿ ਮਨਮੁਖ ਉੱਤੇ ਵੀ ਰੱਬੀ ਮਿਹਰ ਹੈ, ਜਿਸ ਕਾਰਨ ਉਹ ਦਾਤਾਂ ਪ੍ਰਾਪਤ ਕਰਦਾ ਹੈ ਪਰ ਉਸ ਨੂੰ ਇਸ ਦਾ ਅਹਿਸਾਸ ਨਾ ਹੋਣ ਕਾਰਨ ਰੱਬੀ ਡਰ ਮੁਕਤ ਜੀਵਨ ਭੋਗਦਾ ਹੋਇਆ ਗੁਰਮੁਖ ਸਮਝ ਮੁਤਾਬਕ ਗ਼ਲਤ ਕੰਮ ਕਰਦਾ ਹੈ। ਕਰਤਾਰ ਦੇ ਨਿਯਮ ਵਿੱਚ ਅਜਿਹੀ ਮਨਮੁਖੀ ਸੋਚ ਨਾਲ਼ ਸੰਘਰਸ਼ ਹੀ ਗੁਰਮਤਿ ਅਨੁਸਾਰ ਮੀਰੀ ਹੈ ਜਦੋਂ ਕਿ ਰੱਬੀ ਨਜ਼ਰ ’ਚ ‘ਮਨਮੁਖ’ ਤੇ ‘ਗੁਰਮਖ’ ਦਾ ਸੰਘਰਸ਼ ਇੱਕ ਖੇਡ ਹੈ, ਇਸ ਲਈ ਗੁਰਮੁਖ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਕਰੇ ਪਰ ਮਨ ’ਚ ਉਸ ਪ੍ਰਤੀ ਨਫ਼ਰਤ ਨਾ ਪਾਲੇ, ਨਹੀਂ ਤਾਂ ਇਸ ਨਫ਼ਰਤ ਨਾਲ਼ ਇੱਕ ਪਾਸੇ ਖ਼ੁਦ ਨੂੰ ਨੁਕਸਾਨ ਹੁੰਦਾ ਹੈ ਅਤੇ ਦੂਜਾ ਕਰਤਾਰ ਦੀ ਕੁਦਰਤ ਪ੍ਰਤੀ ਮਨ ’ਚ ਰੋਸ (ਨਰਾਜ਼ਗੀ) ਉਪਜਣਾ ਸ਼ੁਰੂ ਹੋ ਜਾਂਦਾ ਹੈ।)

ਮਾਝ, ਮਹਲਾ ੩ ॥

ਸੇ ਸਚਿ (’ਚ) ਲਾਗੇ, ਜੋ ਤੁਧੁ ਭਾਏ (ਭਾਵ ਚੰਗੇ ਲੱਗੇ)॥ ਸਦਾ ਸਚੁ ਸੇਵਹਿ (ਸੇਵਹਿਂ), ਸਹਜ ਸੁਭਾਏ (ਨੋਟ: ਇੱਥੇ ਸ਼ਬਦ ‘ਸਹਜਿ ਸੁਭਾਏ’ ਚਾਹੀਏ)॥ ਸਚੈ+ਸਬਦਿ (ਰਾਹੀਂ), ਸਚਾ ਸਾਲਾਹੀ (ਸਾਲਾਹੀਂ) ; ਸਚੈ+ਮੇਲਿ (’ਚ) ਮਿਲਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ; ਸਚੁ ਸਾਲਾਹਣਿਆ (‘ਸਾ’ ਦਾ ਕੰਨਾ ਉਚਾਰਨਾ ਜ਼ਰੂਰੀ)॥ ਸਚੁ ਧਿਆਇਨਿ (ਧਿਆਇਨ੍), ਸੇ ਸਚਿ ਰਾਤੇ (ਰਾੱਤੇ), ਸਚੇ ਸਚਿ ਸਮਾਵਣਿਆ ॥੧॥ ਰਹਾਉ ॥ ਜਹ ਦੇਖਾ (ਜ੍ਹਾਂ ਦੇਖਾਂ), ਸਚੁ ਸਭਨੀ ਥਾਈ (ਸਭਨੀਂ ਥਾਈਂ, ਪਰ)॥ ਗੁਰ ਪਰਸਾਦੀ ਮੰਨਿ (’ਚ) ਵਸਾਈ (ਵਸਾਈਂ, ਵਸਾਉਂਦਾ ਹਾਂ)॥ ਤਨੁ ਸਚਾ, ਰਸਨਾ ਸਚਿ (’ਚ) ਰਾਤੀ (ਰਾੱਤੀ) ; ਸਚੁ ਸੁਣਿ (ਕੇ) ਆਖਿ (ਕੇ) ਵਖਾਨਣਿਆ ॥੨॥ ਮਨਸਾ (ਮਨਸ਼ਾ) ਮਾਰਿ (ਕੇ), ਸਚਿ ਸਮਾਣੀ ॥ ਇਨਿ+ਮਨਿ (ਇਨ੍ਹ ਭਾਵ ਇਸ ਮਨ ਨੇ) ਡੀਠੀ ; ਸਭ ਆਵਣ ਜਾਣੀ ॥ ਸਤਿਗੁਰੁ ਸੇਵੇ, ਸਦਾ ਮਨੁ ਨਿਹਚਲੁ; ਨਿਜ ਘਰਿ ਵਾਸਾ ਪਾਵਣਿਆ ॥੩॥ ਗੁਰ ਕੈ+ਸਬਦਿ (ਨਾਲ਼), ਰਿਦੈ (’ਚ) ਦਿਖਾਇਆ ॥ ਮਾਇਆ ਮੋਹੁ (ਮੋਹ), ਸਬਦਿ (ਨਾਲ਼) ਜਲਾਇਆ (ਜਲ਼ਾਇਆ) ॥ ਸਚੋ ਸਚਾ ਵੇਖਿ (ਕੇ) ਸਾਲਾਹੀ (ਸਾਲਾਹੀਂ, ਯਾਦ ਕਰਦਾ ਹਾਂ) ; ਗੁਰ ਸਬਦੀ ਸਚੁ ਪਾਵਣਿਆ ॥੪॥ ਜੋ ਸਚਿ ਰਾਤੇ (ਰਾੱਤੇ), ਤਿਨ (ਤਿਨ੍ਹ) ਸਚੀ ਲਿਵ ਲਾਗੀ ॥ ਹਰਿ ਨਾਮੁ ਸਮਾਲਹਿ (ਸੰਮ੍ਹਾਲ਼ੈਂ), ਸੇ ਵਡਭਾਗੀ ॥ ਸਚੈ+ਸਬਦਿ (’ਚ) ਆਪਿ ਮਿਲਾਏ ; ਸਤਸੰਗਤਿ ਸਚੁ ਗੁਣ ਗਾਵਣਿਆ ॥੫॥ ਲੇਖਾ ਪੜੀਐ (ਪੜ੍ਹੀਐ), ਜੇ ‘ਲੇਖੇ ਵਿਚਿ’ ਹੋਵੈ ॥ ਓਹੁ ਅਗਮੁ (ਓਹ ਅਗੰਮ) ਅਗੋਚਰੁ, ਸਬਦਿ (ਰਾਹੀਂ) ਸੁਧਿ ਹੋਵੈ ॥ ਅਨਦਿਨੁ ‘ਸਚ’ (ਸਚਿ+) ਸਬਦਿ (ਨਾਲ਼) ਸਾਲਾਹੀ (ਸਾਲਾਹੀਂ) ; ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥ ਪੜਿ ਪੜਿ (ਪੜ੍ਹ-ਪੜ੍ਹ) ਥਾਕੇ, ਸਾਂਤਿ (ਸ਼ਾਂਤਿ) ਨ ਆਈ ॥ ਤ੍ਰਿਸਨਾ ਜਾਲੇ (ਤ੍ਰਿਸ਼ਨਾ ਜਾਲ਼ੇ), ਸੁਧਿ ਨ ਕਾਈ (ਭਾਵ ਕੋਈ)॥ ਬਿਖੁ ਬਿਹਾਝਹਿ (ਬਿਹਾਝੈਂ), ਬਿਖੁ ਮੋਹ ਪਿਆਸੇ, ਕੂੜੁ ਬੋਲਿ (ਕੇ) ਬਿਖੁ ਖਾਵਣਿਆ ॥੭॥ ਗੁਰ ਪਰਸਾਦੀ, ਏਕੋ ਜਾਣਾ ॥ ਦੂਜਾ ਮਾਰਿ (ਕੇ); ਮਨੁ, ਸਚਿ (’ਚ) ਸਮਾਣਾ ॥ ਨਾਨਕ  ! ਏਕੋ ਨਾਮੁ ਵਰਤੈ ਮਨ ਅੰਤਰਿ ; ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥

(ਨੋਟ: (ੳ). ਗੁਰਬਾਣੀ ਵਿੱਚ ਲੇਖੈ ਸ਼ਬਦ 54 ਵਾਰ ਦਰਜ ਹੈ, ਜਿਸ ਦਾ ਅਰਥ ਹੈ: ਲੇਖੇ ਵਿੱਚ; ਜਿਵੇਂ ਕਿ

ਲੇਖਾ ਹੋਇ ਤ ਲਿਖੀਐ; ਲੇਖੈ (ਵਿੱਚ) ਹੋਇ ਵਿਣਾਸੁ ॥ (ਜਪੁ)

ਜਾ ਪਤਿ ਲੇਖੈ (ਵਿੱਚ) ਨਾ ਪਵੈ; ਸਭਾ ਪੂਜ ਖੁਆਰੁ ॥ (ਮ: ੧/੧੭), ਆਦਿ, ਪਰ ਉਕਤ ਸ਼ਬਦ ਦੇ 6ਵੇਂ ਬੰਦ ਦੀ ਤੁਕ, ਲੇਖਾ ਪੜੀਐ (ਪੜ੍ਹੀਐ), ਜੇ ਲੇਖੇ ਵਿਚਿ ਹੋਵੈ ॥ ’ਚ ਲੇਖੈ ਤੋਂ ਲੇਖੇ ਸਰੂਪ ਬਣਨ ਦਾ ਕਾਰਨ ਸੰਬੰਧਕੀ ਸ਼ਬਦ (ਵਿਚਿ) ਦਾ ਲੁਪਤ ਨਾ ਹੋ ਕੇ ਪ੍ਰਗਟ ਰੂਪ ’ਚ ਹੋਣਾ ਹੈ, ਜੋ ਗੁਰਬਾਣੀ ਵਿੱਚ ਕੇਵਲ ਦੋ ਵਾਰ ਹੀ ਦਰਜ ਹੈ, ਇਸ ਤੁਕ ਤੋਂ ਇਲਾਵਾ ਇੱਕ ਵਾਰ ਹੋਰ ਇਉਂ ਦਰਜ ਹੈ, ਸਭੁ ਕੋ ਲੇਖੇ ਵਿਚਿ ਹੈ; ਮਨਮੁਖੁ ਅਹੰਕਾਰੀ ॥ (ਮ: ੪/੧੨੪੭)

(ਅ). ਗੁਰਬਾਣੀ ਵਿੱਚ ਸਚੈ+ਸਬਦਿ (75 ਵਾਰ), ਸਾਚੈ+ਸਬਦਿ (27 ਵਾਰ), ਸਚੈ+ਨਾਮਿ (15 ਵਾਰ), ਸਾਚੈ+ਨਾਮਿ (5 ਵਾਰ) ਦਰਜ ਹੈ, ਜੋ ਕਿ ਗੁਰਬਾਣੀ ਲਿਖਤ ਮੁਤਾਬਕ ਬਿਲਕੁਲ ਦਰੁਸਤ ਸੰਧੀ ਕੀਤੀ ਗਈ ਹੈ, ਪਰ ਉਕਤ ਸ਼ਬਦ ਦੇ 6ਵੇਂ ਬੰਦ ਦੀ ਤੁਕ ‘‘ਅਨਦਿਨੁ ਸਚ ਸਬਦਿ (ਨਾਲ਼) ਸਾਲਾਹੀ (ਸਾਲਾਹੀਂ) ; ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥’’ ’ਚ ਦਰਜ ‘ਸਚ ਸਬਦਿ’ ਦੇ ਅਰਥ ਟੀਕਾਕਾਰਾਂ ਨੇ ‘ਸੱਚ ਦੇ ਸਬਦ ਵਿੱਚ’ ਭਾਵ ‘ਅਕਾਲ ਪੁਰਖ ਦੀ ਸਿਫ਼ਤ ਸਾਲਾਹ ਵਿੱਚ’ ਮਜਬੂਰਨ ਕੀਤੇ ਗਏ ਜਾਪਦੇ ਹਨ।

ਦਰਅਸਲ, ਹੇਠਲੀਆਂ 6 ਤੁਕਾਂ ’ਚੋਂ 3 ’ਚ ਸਚ ਸਬਦਿ ਦੀ ਸੰਧੀ ਅਤੇ 3 ’ਚ ਸਚ ਨਾਮਿ ਦੀ ਸੰਧੀ (ਲਿਖਤ) ਨੂੰ ਪੁਰਾਤਨ ਹੱਥ ਲਿਖਤ ਬੀੜਾਂ ’ਚੋਂ ਹੋਰ ਖੋਜ ਕਰਨ ਦੀ ਲੋੜ ਹੈ:

ਅਨਦਿਨੁ ਸਚ ਸਬਦਿ ਸਾਲਾਹੀ; ਹੋਰੁ ਕੋਇ ਨ ਕੀਮਤਿ ਪਾਵਣਿਆ ॥ (ਮ: ੩/੧੨੦) (ਸਚ+ਸਬਦਿ, ਦੀ ਸੰਧੀ ਅਢੁੱਕਵੀਂ ਹੈ)

ਸੇਵਕੁ ਸੇਵਾ ਤਾਂ ਕਰੇ; ਸਚ ਸਬਦਿ ਪਤੀਣਾ ॥ (ਮ: ੧/੭੬੭)

ਸਚਾ ਸੇਵਿ ਸਬਦਿ ਸਚ ਰਾਤੇ; ਹਉਮੈ ਸਬਦੇ ਖੋਈ ਹੇ ॥ (ਮ: ੩/੧੦੪੫)

ਸਚ ਨਾਮਿ ਪਤਿ ਊਪਜੈ; ਕਰਮਿ ਨਾਮੁ ਕਰਤਾਰੁ ॥ (ਮ: ੧/੩੫੮) (ਸਚ+ਨਾਮਿ, ਦੀ ਸੰਧੀ ਅਢੁੱਕਵੀਂ ਹੈ)

ਨਾਨਕ ਕੀ ਅਰਦਾਸਿ ਹੈ; ਸਚ ਨਾਮਿ ਸੁਹੇਲਾ ॥ (ਮ: ੧/੪੨੧)

ਗੁਰ ਕੈ ਸਬਦਿ; ਸਚ ਨਾਮਿ ਸਮਾਇ ॥੧॥ ਰਹਾਉ ॥ ਮ: ੩/੧੧੭੬)

ਮਾਝ, ਮਹਲਾ ੩ ॥

ਵਰਨ ਰੂਪ (ਭਾਵ ਰੰਗ-ਰੂਪ), ਵਰਤਹਿ (ਵਰਤਹਿਂ) ਸਭ ਤੇਰੇ ॥ ਮਰਿ+ਮਰਿ (ਕੇ) ਜੰਮਹਿ (ਜੰਮੈਂ), ਫੇਰ ਪਵਹਿ (ਪਵਹਿਂ) ਘਣੇਰੇ (ਨੋਟ: ਇੱਥੇ ‘ਫੇਰ’ ਦਾ ਅਰਥ ਆਵਾਗਮਣ ਹੈ) ॥ ਤੂੰ ਏਕੋ ਨਿਹਚਲੁ, ਅਗਮ (ਅਗੰਮ) ਅਪਾਰਾ ; ਗੁਰਮਤੀ, ਬੂਝ ਬੁਝਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ; ਰਾਮ (ਦੇ) ਨਾਮੁ (ਨੂੰ) ਮੰਨਿ (’ਚ) ਵਸਾਵਣਿਆ ॥ ਤਿਸੁ (ਦਾ, ਚੇਤੇ ਰਹੇ ਕਿ ਲੁਪਤ ਸੰਬੰਧਕੀ ‘ਦਾ, ਦੇ, ਦੀ’ ਪੜਨਾਂਵ ਨੂੰ ਅੰਤ ਮੁਕਤ ਨਹੀਂ ਕਰਦਾ), ਰੂਪੁ ਨ ਰੇਖਿਆ, ਵਰਨੁ ਨ ਕੋਈ ; ਗੁਰਮਤੀ, ਆਪਿ ਬੁਝਾਵਣਿਆ ॥੧॥ ਰਹਾਉ ॥ ਸਭ ਏਕਾ ਜੋਤਿ, ਜਾਣੈ ਜੇ ਕੋਈ ॥ ਸਤਿਗੁਰੁ (ਨੂੰ) ਸੇਵਿਐ (ਨਾਲ਼), ਪਰਗਟੁ ਹੋਈ ॥ ਗੁਪਤੁ+ਪਰਗਟੁ ਵਰਤੈ ਸਭ ਥਾਈ (ਥਾਈਂ); ਜੋਤੀ ਜੋਤਿ ਮਿਲਾਵਣਿਆ ॥੨॥ ਤਿਸਨਾ (ਤਿਸ਼ਨਾ) ਅਗਨਿ, ਜਲੈ (ਜਲ਼ੈ) ਸੰਸਾਰਾ ॥ ਲੋਭੁ+ਅਭਿਮਾਨੁ ਬਹੁਤੁ ਅਹੰਕਾਰਾ ॥ ਮਰਿ+ਮਰਿ (ਕੇ) ਜਨਮੈ, ਪਤਿ ਗਵਾਏ ; ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥ ਗੁਰ ਕਾ ਸਬਦੁ, ਕੋ ਵਿਰਲਾ ਬੂਝੈ ॥ ਆਪੁ (ਭਾਵ ਅਹੰਕਾਰ) ਮਾਰੇ, ਤਾ (ਤਾਂ) ਤ੍ਰਿਭਵਣੁ ਸੂਝੈ ॥ ਫਿਰਿ ਓਹੁ (ਓਹ) ਮਰੈ ਨ ਮਰਣਾ ਹੋਵੈ ; ਸਹਜੇ ਸਚਿ ਸਮਾਵਣਿਆ ॥੪॥ ਮਾਇਆ ਮਹਿ, ਫਿਰਿ ਚਿਤੁ ਨ ਲਾਏ ॥ ਗੁਰ ਕੈ+ਸਬਦਿ (’ਚ), ਸਦ ਰਹੈ ਸਮਾਏ ॥ ਸਚੁ ਸਲਾਹੇ, (ਜੋ) ਸਭ ਘਟ ਅੰਤਰਿ; ਸਚੋ ਸਚੁ ਸੁਹਾਵਣਿਆ ॥੫॥ ਸਚੁ ਸਾਲਾਹੀ (ਸਾਲਾਹੀਂ), ਸਦਾ ਹਜੂਰੇ ॥ ਗੁਰ ਕੈ+ਸਬਦਿ (ਰਾਹੀਂ, ਵਿਖਾਈ ਦਿੰਦਾ), ਰਹਿਆ ਭਰਪੂਰੇ ॥ ਗੁਰ ਪਰਸਾਦੀ, ਸਚੁ ਨਦਰੀ ਆਵੈ ; ਸਚੇ ਹੀ ਸੁਖੁ ਪਾਵਣਿਆ ॥੬॥ ਸਚੁ; ਮਨ ਅੰਦਰਿ, ਰਹਿਆ ਸਮਾਇ ॥ ਸਦਾ ਸਚੁ ਨਿਹਚਲੁ; ਆਵੈ ਨ ਜਾਇ ॥ ਸਚੇ ਲਾਗੈ, ਸੋ ਮਨੁ ਨਿਰਮਲੁ ; ਗੁਰਮਤੀ ਸਚਿ (’ਚ) ਸਮਾਵਣਿਆ ॥੭॥ ਸਚੁ ਸਾਲਾਹੀ (ਸਾਲਾਹੀਂ), ਅਵਰੁ ਨ ਕੋਈ ॥ ਜਿਤੁ+ਸੇਵਿਐ (ਨਾਲ਼), ਸਦਾ ਸੁਖੁ ਹੋਈ ॥ ਨਾਨਕ  ! ਨਾਮਿ ਰਤੇ (ਰੱਤੇ) ਵੀਚਾਰੀ (ਭਾਵ ਵਿਚਾਰਵਾਨ), ਸਚੋ ਸਚੁ ਕਮਾਵਣਿਆ ॥੮॥੧੮॥੧੯॥

(ਨੋਟ: ਉਕਤ ਸ਼ਬਦ ਦੀ ਅੰਤਿਮ ਤੁਕ ‘ਜਿਤੁ+ਸੇਵਿਐ’ (ਨਾਲ਼), ਸਦਾ ਸੁਖੁ ਹੋਈ ॥ ’ਚ ਜਿਤੁ+ਸੇਵਿਐ ਦੀ ਸੰਧੀ ਕਿਵੇਂ ਹੋਈ ਜਦੋਂ ਕਿ ਜਿਤੁ ਨੂੰ ਅੰਤ ਔਂਕੜ ਤੇ ਸੇਵਿਐ ਨੂੰ ਅੰਤ ਦੁਲਾਵਾਂ ਹਨ ? ਇਨ੍ਹਾਂ ਦੀ ਸੰਧੀ ਹੋਣ ਉਪਰੰਤ ਅਰਥ ਬਣ ਗਏ ‘ਜਿਸ ਨੂੰ ਸੇਵਨ ਨਾਲ਼ ਜਾਂ ਸਿਮਰਨ ਨਾਲ਼’ (ਕਰਣ ਕਾਰਕ) ਭਾਵ ਜਿਤੁ (ਪੜਨਾਂਵ) ਅਤੇ ਸੇਵਿਐ (ਕਿਰਦੰਤ) ਕਰਣ ਕਾਰਕ ਸ਼ਬਦ ਹਨ।

ਦਰਅਸਲ ਗੁਰਬਾਣੀ ’ਚ ‘ਜਿਤੁ’ (369 ਵਾਰ), ‘ਤਿਤੁ’ (138 ਵਾਰ), ‘ਉਤੁ’ (1 ਵਾਰ), ‘ਏਤੁ’ (16 ਵਾਰ), ‘ਇਤੁ’ (33 ਵਾਰ), ‘ਕਿਤੁ’ (63 ਵਾਰ) ਭਾਵ ਅੰਤ ‘ਤੁ’ ਵਾਲ਼ਾ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ ਕਾਰਕੀ ਹੁੰਦਾ ਹੈ, ਜਿਸ ਤੋਂ ‘ਵਿੱਚ, ਨਾਲ਼, ਰਾਹੀਂ, ਦੁਆਰਾ’, ਆਦਿ ਅਰਥ ਮਿਲਦੇ ਹਨ, ਇਸ ਲਈ ਇਨ੍ਹਾਂ ਦੀ ਸੰਧੀ ਅੰਤ ਦੁਲਾਵਾਂ ਜਾਂ ਅੰਤ ਸਿਹਾਰੀ ਵਾਲ਼ੇ ‘ਨਾਂਵ ਜਾਂ ਕਿਰਦੰਤਾਂ’ ਨਾਲ਼ ਹੋ ਸਕਦੀ ਹੈ; ਜਿਵੇਂ ਕਿ

ਫੇਰਿ, ਕਿ ਅਗੈ ਰਖੀਐ ? ਜਿਤੁ (ਜਿਸ ਰਾਹੀਂ) ਦਿਸੈ ਦਰਬਾਰੁ ॥ (ਜਪੁ)

ਭਾਂਡਾ ਭਾਉ, ਅੰਮ੍ਰਿਤੁ ਤਿਤੁ (ਉਸ ਵਿੱਚ) ਢਾਲਿ ॥ (ਜਪੁ)

ਉਤੁ+ਭੂਖੈ (ਉਸ ਭੁੱਖ ਨਾਲ਼) ਖਾਇ ਚਲੀਅਹਿ ਦੂਖ ॥੧॥ (ਸੋ ਦਰੁ ਆਸਾ/ਮ: ੧/੯)

ਏਤੁ+ਰਾਹਿ (ਇਸ ਰਾਹ ’ਚ) ਪਤਿ ਪਵੜੀਆ; ਚੜੀਐ ਹੋਇ ਇਕੀਸ ॥ (ਜਪੁ)

ਇਤੁ+ਰੰਗਿ (ਇਸ ਰੰਗ ਵਿੱਚ) ਨਾਚਹੁ; ਰਖਿ ਰਖਿ ਪਾਉ ॥ (ਮ: ੧/੩੫੦)

ਸਤਿਗੁਰੁ ਜਿਨੀ ਨ ਸੇਵਿਓ; ਸੇ ਕਿਤੁ ਆਏ ਸੰਸਾਰਿ (ਕਿਤੁ+ਸੰਸਾਰਿ’ ਕਿਉਂ ਸੰਸਾਰ ਵਿੱਚ, ਆਏ) ॥ (ਮ: ੩/੬੯), ਆਦਿ।)

ਮਾਝ, ਮਹਲਾ ੩ ॥

ਨਿਰਮਲ ਸਬਦੁ, ਨਿਰਮਲ ਹੈ ਬਾਣੀ ॥ ਨਿਰਮਲ ਜੋਤਿ, ਸਭ ਮਾਹਿ (ਮਾਹਿਂ) ਸਮਾਣੀ ॥ ਨਿਰਮਲ ਬਾਣੀ, ਹਰਿ ਸਾਲਾਹੀ (ਸਾਲਾਹੀਂ, ਸਲਾਹੁੰਦਾ ਹਾਂ) ; ਜਪਿ (ਕੇ) ਹਰਿ ਨਿਰਮਲੁ, ਮੈਲੁ (ਮੈਲ਼) ਗਵਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ, ਸੁਖਦਾਤਾ ਮੰਨਿ (’ਚ) ਵਸਾਵਣਿਆ ॥ ਹਰਿ ਨਿਰਮਲੁ, ਗੁਰ ਸਬਦਿ ਸਲਾਹੀ (ਸਲਾਹੀਂ) ; ਸਬਦੋ ਸੁਣਿ (ਕੇ) ਤਿਸਾ (ਤਿਸ਼ਾ, ਤ੍ਰਿਸ਼ਨਾ) ਮਿਟਾਵਣਿਆ ॥੧॥ ਰਹਾਉ ॥ ਨਿਰਮਲ ਨਾਮੁ, ਵਸਿਆ ਮਨਿ ਆਏ ॥ ਮਨੁ+ਤਨੁ ਨਿਰਮਲੁ, ਮਾਇਆ ਮੋਹੁ (ਮੋਹ) ਗਵਾਏ ॥ ਨਿਰਮਲ ਗੁਣ ਗਾਵੈ, ਨਿਤ ਸਾਚੇ ਕੇ ; ਨਿਰਮਲ ਨਾਦੁ ਵਜਾਵਣਿਆ ॥੨॥ ਨਿਰਮਲ ਅੰਮ੍ਰਿਤੁ, ਗੁਰ ਤੇ ਪਾਇਆ ॥ ਵਿਚਹੁ (ਵਿੱਚੋਂ) ਆਪੁ ਮੁਆ; ਤਿਥੈ (ਉਸ ਹਿਰਦੇ ’ਚ), ਮੋਹੁ (ਮੋਹ) ਨ ਮਾਇਆ ॥ ਨਿਰਮਲ ਗਿਆਨੁ, ਧਿਆਨੁ ਅਤਿ ਨਿਰਮਲੁ; ਨਿਰਮਲ ਬਾਣੀ ਮੰਨਿ (’ਚ) ਵਸਾਵਣਿਆ ॥੩॥ ਜੋ ਨਿਰਮਲੁ ਸੇਵੇ, ਸੁ ਨਿਰਮਲੁ ਹੋਵੈ ॥ ਹਉਮੈ ਮੈਲੁ (ਮੈਲ਼), ਗੁਰ ਸਬਦੇ ਧੋਵੈ ॥ ਨਿਰਮਲ ਵਾਜੈ, ਅਨਹਦ ਧੁਨਿ ਬਾਣੀ ; ਦਰਿ+ਸਚੈ (’ਤੇ) ਸੋਭਾ (ਸ਼ੋਭਾ) ਪਾਵਣਿਆ ॥੪॥ ਨਿਰਮਲ ਤੇ ਸਭ ਨਿਰਮਲ ਹੋਵੈ ॥ ਨਿਰਮਲੁ ਮਨੂਆ, ਹਰਿ ਸਬਦਿ (’ਚ) ਪਰੋਵੈ ॥ ਨਿਰਮਲ ਨਾਮਿ (’ਚ) ਲਗੇ (ਲੱਗੇ) ਬਡਭਾਗੀ ; ਨਿਰਮਲੁ ਨਾਮਿ (ਰਾਹੀਂ) ਸੁਹਾਵਣਿਆ ॥੫॥ ਸੋ ਨਿਰਮਲੁ, ਜੋ ਸਬਦੇ ਸੋਹੈ ॥ ਨਿਰਮਲ ਨਾਮਿ (’ਚ), ਮਨੁ+ਤਨੁ ਮੋਹੈ ॥ ਸਚਿ+ਨਾਮਿ (ਰਾਹੀਂ), ਮਲੁ (ਮਲ਼) ਕਦੇ ਨ ਲਾਗੈ ; ਮੁਖੁ ਊਜਲੁ, ਸਚੁ ਕਰਾਵਣਿਆ ॥੬॥ ਮਨੁ ਮੈਲਾ (ਮੈਲ਼ਾ) ਹੈ, ਦੂਜੈ+ਭਾਇ (ਕਾਰਨ)॥ ਮੈਲਾ ਚਉਕਾ (ਮੈਲ਼ਾ ਚੌਂਕਾ), ਮੈਲੈ ਥਾਇ (ਮੈਲ਼ੈ ਥਾਂਇ)॥ ਮੈਲਾ (ਮੈਲ਼ਾ) ਖਾਇ (ਕੇ), ਫਿਰਿ ਮੈਲੁ (ਮੈਲ਼) ਵਧਾਏ ; ਮਨਮੁਖ ਮੈਲੁ (ਮੈਲ਼) ਦੁਖੁ ਪਾਵਣਿਆ ॥੭॥ (ਪਰ), ਮੈਲੇ (ਮੈਲ਼ੇ, ਤੇ) ਨਿਰਮਲ, ਸਭਿ ਹੁਕਮਿ (’ਚ) ਸਬਾਏ (ਸਾਰੇ)॥ ਸੇ ਨਿਰਮਲ, ਜੋ ਹਰਿ ਸਾਚੇ ਭਾਏ (ਪਸੰਦ)॥ ਨਾਨਕ  ! ਨਾਮੁ ਵਸੈ ਮਨ ਅੰਤਰਿ ; ਗੁਰਮੁਖਿ ਮੈਲੁ (ਮੈਲ਼) ਚੁਕਾਵਣਿਆ ॥੮॥੧੯॥੨੦॥

(ਨੋਟ: ਕੁਝ ਸੱਜਣਾਂ ਨੂੰ ‘ਙ’ ਤੇ ‘ਞ’ ਅੱਖਰ ਦਾ ਉਚਾਰਨ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਲਈ ਅਸਾਨ ਫ਼ਾਰਮੂਲਾ ਹੈ ਕਿ

(1). ਕ, ਖ, ਗ, ਘ, ਙ (ਕਵਰਗ) ’ਚੋਂ ਤੀਸਰੇ ਅੱਖਰ ‘ਗ’ ਨਾਲ਼ ਹਲਕੀ ਨਾਸਿਕੀ ਧੁਨੀ ਮਿਲਾਉਣ ਨਾਲ਼ ‘ਙ’ ਅੱਖਰ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ; ਜਿਵੇਂ

ਗਿੰਆਨ ਜਾਂ ‘ਙਿਆਨ’, ਵਾਂਗ ਜਾਂ ਵਾਙ, ਆਦਿ।

(2). ਚ, ਛ, ਜ, ਝ, ਞ (ਚਵਰਗ) ’ਚੋਂ ਤੀਸਰੇ ਅੱਖਰ ‘ਜ’ ਨਾਲ਼ ਹਲਕੀ ਨਾਸਿਕੀ ਧੁਨੀ ਮਿਲਾਉਣ ਨਾਲ਼ ‘ਞ’ ਅੱਖਰ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ; ਜਿਵੇਂ

ਜੰਤਨ ਜਾਂ ਞਤਨ, ਜਾਂਣਹੁ ਜਾਂ ਞਾਣਹੁ, ਆਦਿ।)