ਮੈਂ ਸਿੱਖ ਨਹੀਂ….! (I am not Sikh)

0
425

ਮੈਂ ਸਿੱਖ ਨਹੀਂ….! (I am not Sikh)

ਜਸਪਾਲ ਸਿੰਘ ਨਡਾਲਾ -99150-07642 (ਵਟਸਅੱਪ – 95928-18318)

ਗੁਰਮੁੱਖ ਸਿੰਘ ਬਾਜ਼ਾਰ ਤੋਂ ਮਠਿਆਈ ਦਾ ਡੱਬਾ ਲੈ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਘਰ ਗਿਆ।  ਗੁਰਮੁੱਖ ਸਿੰਘ ਨੇ ਆਪਣੇ ਪਿਤਾ ਸਤਨਾਮ ਸਿੰਘ ਨੂੰ ਗਲਵੱਕੜੀ ਪਾਈ ਤੇ ਮੂੰਹ ਮਿੱਠਾ ਕਰਵਾ ਕੇ ਕਹਿੰਦਾ ..

ਗੁਰਮੁੱਖ ਸਿੰਘ:  ਬਾਪੂ ਮੇਰਾ ਬਾਰਵੀਂ ਜਮਾਤ ਦਾ ਨਤੀਜਾ ਆ ਗਿਆ ਤੇ ਮੈਂ  89.8% ਨੰਬਰ ਲੈ ਕੇ ਆਪਣੇ ਸਕੂਲ ‘ਚੋਂ ਫਸਟ ਆਇਆਂ।

 ਘਰ ਵਿੱਚ ਖੁੱਸ਼ੀ ਦਾ ਮਾਹੌਲ ਬਣ ਗਿਆ। ਹੁਣ ਵਿਚਾਰ ਹੋਣ ਲੱਗੀ ਕਿ ਪੁੱਤ ਨੂੰ ਕਿਸੇ ਵਧੀਆ ਕਾਲਜ ਵਿੱਚ ਪੜ੍ਨੇ ਪਾਇਆ ਜਾਵੇ। ਗੁਰਮੁੱਖ ਸਿੰਘ ਵੀ ਵੱਡੇ ਕਾਲਜ ਵਿੱਚ ਪੜ੍ਨ ਲਈ ਬਹੁਤ ਉਤਾਵਲਾ ਹੋ ਰਿਹਾ ਸੀ ਤੇ ਮਨ ਵਿੱਚ ਅਨੇਕਾਂ ਸੁਪਨੇ ਸਜਾਉਣ ਲਗਾ, ਕਿ ਉਹ ਹੁਣ ਵੰਨ-ਸਵੰਨੇ ਕੱਪੜੇ ਤੇ ਪੂਰੀ ਟੋਹਰ ਸਰਦਾਰੀ ਨਾਲ ਕਾਲਜ ਜਾਇਆ ਕਰੇਗਾ।, ਹੁਣ ਉਸ ਨੂੰ ਇਕ ਨਵਾਂ ਮਾਹੌਲ, ਨਵਾਂ ਵਾਤਾਵਰਨ, ਨਵੇਂ ਦੋਸਤ ਅਤੇ ਜਿੰਦਗੀ ਦਾ ਨਵਾਂ ਤਜ਼ਰਬਾ ਮਿਲੇਗਾ।

ਇਹਨਾਂ ਸੋਚਾਂ ਨੇ ਉਸ ਨੂੰ ਕਾਲਜ ਜਲਦੀ ਦਾਖਲਾ ਲੈਣ ਲਈ ਕਾਹਲੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਉਸ ਨੇ ਬਾਪੂ ਜੀ ਕੋਲੋਂ ਕੱਲ ਹੀ ਕਾਲਜ ਜਾਣ ਅਤੇ ਦਾਖਲਾ ਲੈਣ ਲਈ ਇਜ਼ਾਜਤ ਮੰਗਣੀ ਸ਼ੁਰੂ ਕਰ ਦਿੱਤੀ।  ਬਾਪ ਸਤਨਾਮ ਸਿੰਘ ਨੇ ਪੁੱਤ ਦੇ ਵਾਲਾਂ ‘ਚ ਹੱਥ ਮਾਰਿਆ ਤੇ ਖੁੱਸ਼ੀ-ਖੁੱਸ਼ੀ ਜਾਣ ਦੀ ਆਗਿਆ ਦਿੱਤੀ।

ਗੁਰਮੁੱਖ ਸਿੰਘ ਨੇ ਜਦ ਸ਼ਾਮੀ ਸ਼ੀਸ਼ਾ ਵੇਖਿਆ ਤਾਂ ਸੋਚਣ ਲੱਗਾ ਕਿ ਕੱਲ ਨੂੰ ਤਾਂ ਮੈਂ ਕਾਲਜ ਜਾਣਾ ਆ, ਕਿਉਂ ਨਾਂ ਹੁਣ ਆਪਣੇ ਹੇਅਰ ਸਟਾਇਲ ਤੇ ਮੂੰਹ ਨੂੰ ਵੀ ਸੰਵਾਰ ਲਵਾਂ । ਫਿਰ ਉਹ ਦਾਦੀ ਕੋਲੋਂ ਪੈਸੇ ਲੈ ਕੇ ਨਾਈ ਦੀ ਦੁਕਾਨ ਤੇ ਗਿਆ ਕਿ…

ਭਾਈ ਅੱਤ ਜਿਹਾ ਹੇਅਰ ਸਟਾਇਲ ਬਣਾ ਦੇ ਤੇ ਦਾੜੀ ਤੇ 0 ਨੰਬਰ ਦੀ ਮਸ਼ੀਨ ਲਾ ਕੇ ਟੋਹਰ ਕੱਢ ਦੇ। ਕੱਲ ਨੂੰ ਮੈਂ ਕਾਲਜ ਜਾਣਾ ਆ।

ਅਗਲੇ ਦਿਨ ਗੁਰਮੁੱਖ ਸਿੰਘ ਨਵੇਂ ਕੱਪੜੇ, ਨਵੇਂ ਬੂਟ ਤੇ ਵਾਲਾਂ ਤੇ ਜੈੱਲ ਲਗਾ ਕੇ ਕਾਲਜ ਜਾਣ ਵਾਸਤੇ ਤਿਆਰ ਹੋ ਗਿਆ। ਜਾਣ ਲਗਿਆਂ ਉਸ ਨੇ ਦਾਦੇ ਦਾਦੀ ਦਾ ਆਸ਼ੀਰਵਾਦ ਲਿਆ ਤੇ ਬਾਪੂ ਨੂੰ ਮਿਲਣ ਤੋਂ ਬਾਅਦ ਮਾਂ ਨੂੰ ਮੱਥਾ ਟੇਕਿਆ। ਮਾਂ ਨੇ ਮਮਤਾ ਵਿਚ ਆ ਕੇ ਸਿਰ ਤੇ ਹੱਥ ਰੱਖਿਆ।

ਮਾਤਾ:  ਆ ਕੀ ਕਰਤਾ, ਮਸਾਂ-ਮਸਾਂ ਤਾਂ ਅੱਤ ਜਿਹਾ ਸਟਾਇਲ ਬਣਾਇਆ ਸੀ, ਸਾਰਾ ਖਰਾਬ ਕਰਤਾ। ਹੁਣ ਦੁਬਾਰਾ ਟਾਇਮ ਖਰਾਬ ਕਰਨਾ ਪੈਣੈ। ਫਿਰ ਉਹ ਵਾਲ ਸੈੱਟ ਕਰਦਾ ਕਰਦਾ ਘਰੋਂ ਚਲਾ ਗਿਆ।

ਖਾਲਸਾ ਕਾਲਜ ਜਾ ਕੇ ਉਸ ਨੇ ਦਾਖਲਾ ਕਰਨ ਵਾਲੇ ਮਾਸਟਰ ਗੁਰਪ੍ਰਤਾਪ ਸਿੰਘ ਨੂੰ ਆਪਣੇ ਸਰਟੀਫਿਕੇਟ ਫੜਾਏ। ਮਾਸਟਰ ਨੰਬਰ ਦੇਖ ਕੇ ਖੁਸ਼ ਹੋਇਆ। ਅੱਛਾ ! 89.8% ਨੰਬਰ ਲਏ ਆ ਤੂੰ।

ਹੂੰ…! ਗੁਰਮੁੱਖ ਸਿੰਘ ਕਹਿੰਦਾ, ਜੀ ਮੈਂ ਆਪਣੇ ਸਕੂਲ ‘ਚੋ ਫਸਟ ਵੀ ਆਇਆ ਆ।

 ਮਾਸਟਰ: ਫਿਰ ਤਾ ਬਹੁਤ ਚੰਗੀ ਗੱਲ ਏ। ਚੱਲ ਫਿਰ ਪਹਿਲਾਂ ਤੇਰਾ ਈ ਦਾਖਲਾ ਫਾਰਮ ਭਰ ਦਿੰਦੇ ਆ।  ਕਾਕਾ !  ਨਾਂ ਕੀ ਆ ਤੇਰਾ ?

ਜੀ, ਗੁਰਮੁੱਖ ਸਿੰਘ।

ਗੁਰਪ੍ਰਤਾਪ ਸਿੰਘ ਨੇ ਬਹੁਤ ਧਿਆਨ ਨਾਲ ਉਸ ਦੇ ਚਿਹਰੇ ਵੱਲ ਵੇਖਿਆ ਤੇ ਨਾਂ ਲਿਖਣ ਤੋਂ ਬਾਅਦ ਬੋਲਿਆ, ਅੱਛਾ ਚੱਲ ਪੁੱਤ ਫਿਰ ਆਪਣਾ ਪਤਾ ਵੀ ਲਿਖਾ ਦੇ।

ਗੁਰਮੁੱਖ ਸਿੰਘ ਨੇ ਹੈਰਾਨੀ ਨਾਲ ਜਵਾਬ ਦਿੱਤਾ।  ਮਾਸਟਰ ਜੀ ! ਪਤਾ ਵੀ ਮੈਂ ਲਿਖਾਂ ਦੇਵਾਂਗਾ, ਪਰ ਤੁਸੀਂ ਮੇਰਾ ਨਾਂ ਪੂਰਾ ਨਹੀਂ ਲਿਖਿਆ ?

ਮਾਸਟਰ: ਨਾਂ ਤੇਰਾ ਮੈਂ ਲਿਖ ਲਿਆ, ਤੂੰ ਹੁਣ ਆਪਣਾ ਪਤਾ ਲਿਖਾ ……

ਗੁਰਮੁੱਖ: ਜੀ ਮੇਰਾ ਨਾਂ ਗੁਰਮੁੱਖ ਸਿੰਘ ਆ, ਤੁਸੀਂ ਸਿਰਫ਼ ਗੁਰਮੁੱਖ ਲਿਖਿਆ ਹੈ!

ਮਾਸਟਰ: ਕੋਈ ਗੱਲ ਨੀ ਪੁੱਤ ਫਿਰ ਕੀ ਹੋ ਗਿਆ ?

ਗੁਰਮੁੱਖ: ਕੋਈ ਗੱਲ ਕਿਉਂ ਨਹੀਂ  ..?  ਮੇਰੇ ਨਾਂ ਦੇ ਨਾਲ ਸਿੰਘ ਲਿਖੋ। ਮੈਂ ਸਿੱਖ ਆ। ਮੇਰੇ ਸਾਰੇ ਸਰਟੀਫਿਕੇਟ ਦੇਖ ਲਓ ‘ਸਿੰਘ’ ਲੱਗਾ ਹੋਇਆ ਤੇ ਤੁਸੀ ਓ ਸਿਰਫ਼ ਗੁਰਮੁੱਖ ਹੀ ਲਿਖਿਆ ਏ !

ਮਾਸਟਰ: ਗੁਰਪ੍ਰਤਾਪ ਸਿੰਘ ਦੇ ਅੱਖਾਂ ਵਿੱਚ ਲਾਲੀ ਆ ਗਈ ਤੇ ਉਹ ਖੜਾ ਹੋ ਕੇ ਗਰਜਵੀਂ ਆਵਾਜ ‘ਚ ਬੋਲਿਆ …..

ਸ਼ਾਬਾਸ਼ ਪੁੱਤਰਾ ! ਸ਼ਾਬਾਸ਼ ਤੂੰ ਸਿੱਖ ਏ..? ਕੰਡਿਆ ਵਰਗੇ ਵਾਲ ਬਨਵਾਏ ਨੇ, ਮੂੰਹ ਚੰਗੀ ਤਰਾਂ ਰਗੜਾਇਆ। ਕਿਹੜੇ ਪਾਸਿਓ ਤੂੰ ਸਿੱਖ ਆ ? ਮੈਨੂੰ ਦੱਸ ਤਾਂ ਸਹੀ ?

ਗੁਰਮੁੱਖ:  ਮਾਸਟਰ ਜੀ ! ਮੇਰੇ ਪਿਤਾ ਅੰਮ੍ਰਿਤਧਾਰੀ ਸਿੰਘ ਨੇ, ਮੈਂ ਸਿੱਖਾਂ ਘਰ ਜਨਮ ਲਿਆ, ਇਸ ਲਈ ਮੈਂ ਸਿੱਖ ਆ ਨਾਲੇ ਸਿੱਖੀ ਅੰਦਰ ਹੋਣੀ ਚਾਹੀਦੀ ਹੈ। ਬਾਹਰ ਦਾ ਕੀ ਏ ?

ਮਾਸਟਰ: ਵਾਹ ਓ ਸ਼ੇਰਾ ! ਜੇ ਤੇਰੇ ਅੰਦਰ ਸਿੱਖੀ ਆ ਫਿਰ ਬਾਹਰ ਕਿਉਂ ਨਹੀਂ ਆਈ ?  ਧਰਤੀ ਵਿੱਚ ਬੀਜ਼ ਪਿਆ ਹੋਵੇ ਦੱਸਣ ਦੀ ਲੋੜ ਨਹੀਂ ਕਿ ਉਥੇ ਬੂਟਾ ਉਗੇਗਾ । ਉਹ ਆਪ ਹੀ ਬਾਹਰ ਆ ਜਾਂਦਾ ਹੈ। ਜੇਕਰ ਅੰਦਰ ਸਿੱਖੀ ਹੋਵੇ ਤਾਂ ਕਹਿਣਾ ਨਈਂ ਪੈਂਦਾ ਵਿਅਕਤੀ ਦੇ ਕਰਮਾਂ, ਚਿਹਰੇ ਤੇ ਪਹਿਰਾਵੇ ਤੋਂ ਪਤਾ ਚੱਲ ਜਾਂਦਾ ਏ। ਸਿਰਫ਼ ਸਿੱਖ ਘਰ ਜਨਮ ਲੈਣਾ, ਸਿੱਖੀ ਦਾ ਸਰਟੀਫਿਕੇਟ ਨਹੀ। ਗੁਰ ਇਤਿਹਾਸ ਪੜ ਕੇ ਵੇਖ …

ਗੁਰੂ ਘਰ ਜਨਮ ਲੈਣ ਵਾਲੇ ਜੋ ਗੁਰੂ ਘਰ ਨਾਲ ਵੈਰ ਕਮਾਉਂਦੇ ਰਹੇ ਉਹ ਵੀ ਸਿੱਖ ਨਹੀਂ ਸਨ ਤੇ ਤੂੰ ਤਾਂ ਸਿਰਫ਼ ਸਿੱਖ ਘਰ ਜਨਮ ਲੈ ਕੇ ਆਪਣੇ ਆਪ ਨੂੰ ਸਿੱਖ ਸਮਝੀ ਬੈਠਾ। ਜਿਹਨਾਂ ਦੇ ਅੰਦਰ ਸਿੱਖੀ ਸੀ ਉਹਨਾਂ ਨੇ ਸ਼ਹੀਦੀ ਕਬੂਲ ਕੀਤੀ ਨਾ ਕਿ ਕੇਸ ਕਤਲ ਕਰਵਾਏ :

(1). ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਗਏ।

(2). ਭਾਈ ਮਤੀ ਦਾਸ ਨੇ ਆਰੇ ਨਾਲ ਸਰੀਰ ਕਟਵਾ ਲਿਆ ਪਰ ਉਹਨਾਂ ਨੇ ਕੈਂਚੀ ਨਾਲ ਕੇਸ ਨਹੀ ਕਟਵਾਏ।

(3). ਭਾਈ ਸਤੀ ਦਾਸ ਰੂੰ ‘ਚ ਸਾੜੇ ਗਏ।

(4). ਭਾਈ ਦਿਆਲਾ ਜੀ ਨੇ ਦੇਗ ‘ਚ ਉਬਾਲੇ ਖਾ ਲਏ।

(5). ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੁਹਾ ਲਈ।

(6). ਭਾਈ ਮਨੀ ਸਿੰਘ ਜੀ ਨੇ ਬੰਦ- 2 ਕਟਵਾ ਲਏ।

(7). ਛੋਟੇ ਸਾਹਿਬਜ਼ਾਦੇ ਨੀਹਾਂ ‘ਚ ਚਿਣੇ ਗਏ।

(8). ਬਾਬਾ ਬੰਦਾ ਸਿੰਘ ਨੇ ਪੁੱਠੀ ਖਲ ਲੁਹਾ ਲਈ। ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ‘ਚ ਪਾਇਆ ਗਿਆ।

(9). ਮਾਂਵਾਂ ਨੇ ਪੁੱਤਰਾਂ ਦੇ ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾ ਲਏ,ਪਰ ਕੇਸਾਂ ਦੇ ਟੋਟੇ ਨਈਂ ਹੋਣ ਦਿੱਤੇ। ਇਥੋਂ ਤੱਕ ਛੋਟੇ ਜਿਹੇ ਬੱਚੇ ਭੀਮ ਸਿੰਘ ਨੇ ਗਰਜ਼ ਕੇ ਕਿਹਾ ਮੇਰੀ ਮਾਂ ਝੂਠ ਬੋਲਦੀ ਏ…..। ਮੈਂ ਸਿੱਖ ਹਾਂ ਤੇ ਕੇਸ ਨਹੀਂ ਕਤਲ ਕਰਵਾਉਣੇ, ਮੈਂ ਸ਼ਹੀਦ ਹੋਣਾ ਏ।

ਸਾਰਾ ਸਿੱਖ ਇਤਿਹਾਸ ਭਰਿਆ ਪਿਆ ਏ ਅਜਿਹੇ ਸਿੱਖ ਯੋਧਿਆ ਦੀਆਂ ਕੁਰਬਾਨੀਆਂ ਨਾਲ…, ਕੀ ਉਹਨਾਂ ਅੰਦਰ ਸਿੱਖੀ ਨਹੀਂ ਸੀ..?  ਜੇਕਰ ਤੇਰੇ ਵਰਗੇ ਸਿੱਖ ਹੁੰਦੇ ਤਾਂ ਇੰਨੀਆਂ ਸ਼ਹੀਦੀਆਂ ਨਹੀਂ ਹੋਣੀਆਂ ਸੀ। ਗੁਰੂ ਸਾਹਿਬ ਨੇ ਸਿੰਘ (ਸ਼ੇਰ) ਬਣਾਇਆ ਏ….. ਨਾ ਕਿ ਭੇਡਾਂ ਤਿਆਰ ਕੀਤੀਆਂ ਨੇ।  ਗੁਰੂ ਗੋਬਿੰਦ ਸਾਹਿਬ ਜੀ ਨੇ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਆਪਣੇ ਨਾਮ ਨਾਲ ਸਿੰਘ ਨਹੀਂ ਲਗਾਇਆ … ,ਤੇਰੇ ਤਾਂ ਕੇਸ ਵੀ ਹੈਨੀਂ।

ਗੁਰਮੁੱਖ ਸਿੰਘ ਨੀਵੀਂ ਪਾ ਕੇ ਸਾਰੀਆਂ ਗੱਲਾਂ ਸੁਣਦਾ ਰਿਹਾ। ਕੁਝ ਕੁ ਮਿੰਟਾ ‘ਚ ਜਿਵੇਂ ਉਸ ਦੇ ਸਾਹਮਣੇ ਸਾਰਾ ਸਿੱਖ ਇਤਿਹਾਸ ਆ ਗਿਆ ਹੋਵੇ। ਇਕ-ਇਕ ਬੋਲ ਉਸ ਦੀ ਜ਼ਮੀਰ ਨੂੰ ਝੰਜੋੜ ਰਿਹਾ ਸੀ। ਬਿਨਾਂ ਕੁਝ ਬੋਲੇ ਉਹ ਵਾਪਿਸ ਘਰ ਪਰਤ ਆਇਆ। ਪਿਤਾ ਸਤਨਾਮ ਸਿੰਘ ਨੇ ਪੁੱਤ ਦਾ ਉਤਰਿਆ ਹੋਇਆ ਚਿਹਰਾ ਦੇਖ ਕੇ ਕਾਰਨ ਪੁੱਛਿਆ, ਗੁਰਮੁੱਖ ਸਿੰਘ ਨੇ ਸਾਰੀ ਘਟਨਾ ਪਿਤਾ ਨੂੰ ਦੱਸੀ ।

ਸਤਨਾਮ ਸਿੰਘ ਨੂੰ ਇੰਝ ਲਗਾ ਕਿ ਜੋ ਗੱਲ ਉਹ ਆਪਣੇ ਪੁੱਤਰ ਨੂੰ ਇੰਨੇ ਸਾਲਾਂ ‘ਚ ਨਾ ਸਮਝਾ ਸਕਿਆ, ਉਹ ਗੱਲ ਉਸ ਮਾਸਟਰ ਨੇ ਇਕ ਮੁਲਾਕਾਤ ‘ਚ ਹੀ ਸਮਝਾ ਦਿੱਤੀ।

ਸਤਨਾਮ ਸਿੰਘ ਨੇ ਜਾਣ-ਬੁੱਝ ਕੇ ਕਿਹਾ.. ਪੁੱਤਰਾ ! ਫਿਰ ਕੀ ਹੋਇਆ, ਨਿੱਕੀ ਜਿਹੀ ਗੱਲ ਦੀ ਟੈਨਸ਼ਨ ਲੈ ਰਿਹਾ ਆਂ ! ਓ..! ਸਿੱਖ ਤਾਂ ਅੱਧੇ ਵੱਢੇ ਵੀ ਹਾਰ ਨੀਂ ਮੰਨਦੇ, ਇਹ ਤਾਂ ਗੱਲ ਹੀ ਕੁਝ ਨੀ। ਪਿਤਾ ਦੇ ਇਹਨਾਂ ਬੋਲਾਂ ਨੇ ਗਰਮ ਲੋਹੇ ਤੇ ਹਥੌੜੇ ਦਾ ਕੰਮ ਕੀਤਾ। ਇਹਨਾਂ ਬੋਲਾਂ ਨੇ ਗੁਰਮੁੱਖ ਸਾਹਮਣੇ ਫਿਰ ਸਿੱਖ ਇਤਿਹਾਸ ਦੋਹਰਾ ਦਿੱਤਾ।  ਗੁਰਮੁੱਖ ਭੁੱਬਾਂ ਮਾਰ ਕੇ ਰੋਣ ਲੱਗਾ ਤੇ ਬਾਪੂ ਦੇ ਪੈਰ ਫੜ੍ ਕੇ ਦਰਦ ਭਰੀ ਆਵਾਜ਼ ‘ਚ ਕਿਹਾ, ਨਹੀਂ ਪਿਤਾ ਜੀ ! ਮੈਂ ਸਿੱਖ ਨਹੀਂ।