ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ

0
355

ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ

1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ’ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ : ਡਾ. ਹਰਦੀਪ ਸਿੰਘ ਖਿਆਲੀਵਾਲਾ

ਇਤਿਹਾਸ ਮੁਤਾਬਕ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਤੋਂ 19 ਦਿਨ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ  ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਇਸ ਸਾਲ ਸਿਰਜਨਾ ਦਿਵਸ 18 ਹਾੜ ਅਤੇ ਮੀਰੀ ਦਿਵਸ 19 ਹਾੜ ਨੂੰ ਹੀ ਕਿਵੇਂ ਆ ਗਿਆ ? : ਭਾਈ ਕਿਰਪਾਲ ਸਿੰਘ ਬਠਿੰਡਾ

ਬਠਿੰਡਾ, 3 ਜੁਲਾਈ (ਕਿਰਪਾਲ ਸਿੰਘ): ਗੁਰਮਿਤ ਪ੍ਰਚਾਰ ਸਭਾ ਵੱਲੋਂ, ਬੀਬੀਆਂ ਦੀ ਸੁਖਮਨੀ ਸਾਹਿਬ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਗੁਰਦੁਆਰਾ ਸਿਵਲ ਸਟੇਸ਼ਨ (ਬਠਿੰਡਾ) ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।  ਪਹਿਲਾਂ ਬੀਬੀਆਂ ਨੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਬਹੁਤ ਹੀ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਕੀਤਾ। ਉਪ੍ਰੰਤ ਡਾ: ਹਰਦੀਪ ਸਿੰਘ ਖਿਆਲੀਵਾਲੇ ਨੇ ‘ਅਕਾਲ ਤਖ਼ਤ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਰੋਲ ਅਤੇ ਮਹੱਤਵ’ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵੀਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਨਿੱਜੀ ਤੌਰ ’ਤੇ ਇੱਕ ਬੱਜਰ ਗਲਤੀ ਕੀਤੇ ਜਾਣ ਕਰ ਕੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਜੀ ’ਤੇ ਤਲਬ ਕਰ ਕੇ ਕੋਰੜੇ ਮਾਰਨ ਦੀ ਸਜਾ ਸੁਣਾਏ ਜਾਣ ’ਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰ ਕੇ ਖੜ੍ਹ ਗਿਆ ਸੀ। ਇਹ ਵੀ ਜਿਕਰ ਹੈ ਕਿ ਘੋੜੇ ’ਤੇ ਚੜ੍ਹੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਅੱਗੋਂ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਮਿਲ ਜਾਂਦਾ ਸੀ ਤਾਂ ਉਹ ਉੱਤਰ ਕੇ ਸਤਿਕਾਰ ਨਾਲ ਫ਼ਤਹਿ ਬੁਲਾਉਂਦਾ ਸੀ ਪਰ ਅੱਜ ਜੇ ਅਕਾਲ ਤਖ਼ਤ ਦਾ ਜਥੇਦਾਰ ਵੀ ਸਤਾਧਾਰੀਆਂ ਦੇ ਗਲਤ ਹੁਕਮ ਮੰਨਣ ਤੋਂ ਆਨਾ ਕਾਨੀ ਕਰਨ ਦੀ ਦਲੇਰੀ ਵਿਖਾ ਬੈਠੇ ਤਾਂ ਉਸ ਨੂੰ ਅਕਾਲ ਤਖਤ ਦੀ ਸੇਵਾ ਤੋਂ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਤਾਂ ਆਮ ਸਿੱਖਾਂ ਦਾ ਅਕਾਲ ਤਖ਼ਤ ਸਾਹਿਬ ਦੇ ਫੈਸਲਿਆ ’ਤੇ ਵਿਸ਼ਵਾਸ ਕਾਇਮ ਰਹਿਣ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ ? ਭਾਈ ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਕੇਵਲ ‘ਅਕਾਲ ਤਖ਼ਤ ਮਹਾਨ ਹੈ; ਸਿੱਖ ਕੌਮ ਦੀ ਸ਼ਾਨ ਹੈ’ ਦੇ ਨਾਹਰੇ ਲਾਉਣ ਨਾਲ ਅਕਾਲ ਤਖ਼ਤ ਮਹਾਨ ਨਹੀਂ ਹੋ ਜਾਣਾ ਬਲਕਿ ਪੰਥਕ ਹਿੱਤਾਂ ਵਿੱਚ ਇਸ ਪਾਵਨ ਸਥਾਨ ’ਤੇ ਬੈਠ ਕੇ ਕੀਤੇ ਫੈਸਲੇ ਹੂ-ਬਹੂ ਮੰਨਣ ਨਾਲ ਹੀ ਅਕਾਲ ਤਖ਼ਤ ਸਾਹਿਬ ਮਹਾਨ ਹੋਣਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਰੱਖਣਯੋਗ ਹੈ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੀ ਅਗਵਾਈ ਅਤੇ ਸੇਧ ਵਿੱਚ ਲਏ ਗਏ ਫੈਸਲੇ ਹੀ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਹੋ ਸਕਦੇ ਹਨ ਜਦੋਂ ਕਿ ਸੱਤਾਧਾਰੀ ਧਿਰ ਨੂੰ ਫਾਇਦਾ ਪਹੁੰਚਾਉਣ ਜਾਂ ਵਿਰੋਧੀ ਵਿਚਾਰ ਰੱਖਣ ਵਾਲੇ ਕਿਸੇ ਵਿਅਕਤੀ ਵਿਸ਼ੇਸ਼ ਦੀ ਜੁਬਾਨ ਬੰਦ ਕਰਵਾਉਣ ਲਈ; ਗੁਰਬਾਣੀ, ਸਿੱਖ ਰਹਿਤ ਮਰਿਆਦਾ ਨੂੰ ਧਿਆਨ ਵਿੱਚ ਰੱਖਣ ਦੀ ਬਜਾਏ ਕਿਸੇ ਪਾਰਟੀ ਜਾਂ ਵਿਅਕਤੀ ਤੋਂ ਹਦਾਇਤਾਂ ਲੈ ਕੇ ਕੀਤੇ ਫੈਸਲਿਆਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਕਹਿਣਾ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਸਿੱਖਾਂ ਨੂੰ ਗੁੰਮਰਾਹ ਕਰਨਾ ਹੈ। ਉਨ੍ਹਾਂ ਕਿਹਾ 1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ’ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ।

ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਜੀ ਦਾ ਅਸਲ ਮਹੱਤਵ ਇਸੇ ਵਿੱਚ ਹੈ ਕਿ ਗੁਰਬਾਣੀ ਦੇ ਫ਼ਲਸਫੇ ਮੁਤਾਬਕ ਸਮੁੱਚੇ ਸਿੱਖ ਪੰਥ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਈ ਰੱਖਣ ਲਈ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਮਰਿਆਦਾ ਅਤੇ ਇੱਕ ਕੈਲੰਡਰ ਨਾਲ ਜੋੜੀ ਰੱਖਣ ਲਈ ਪ੍ਰੇਰਣਾ ਦਿੰਦਾ ਰਹੇ ਪਰ 2010 ਤੋਂ  ਲੈ ਕੇ 2014 ਤੱਕ ਕਿਸ਼ਤਾਂ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਨਾਨਕਸ਼ਾਹੀ ਦੇ ਨਾਮ ਹੇਠਾਂ ਹੀ ਵਿਗੜਿਆ ਕੈਲੰਡਰ ਕੌਮ ਦੇ ਸਿਰ ਮੜਨ ਲਈ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕੀਤੀ ਗਈ ਹੈ ਇਸ ਨਾਲ ਅਕਾਲ ਤਖ਼ਤ ਸਾਹਿਬ ਦੇ ਮਾਨ ਸਨਮਾਨ ਨੂੰ ਭਾਰੀ ਧੱਕਾ ਲੱਗਾ ਹੈ ਕਿਉਂਕਿ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਜਾ ਰਿਹਾ ਕੈਲੰਡਰ ਇੱਕ ਨਹੀਂ ਬਲਕਿ ਤਿੰਨ ਪ੍ਰਣਾਲੀਆਂ ’ਤੇ ਅਧਾਰਿਤ ਹੈ। ਇਸ ਕੈਲੰਡਰ ਵਿੱਚ ਸਾਰੇ ਗੁਰਪੁਰਬ ਚੰਦਰਮਾ ਦੀਆਂ ਤਿੱਥਾਂ ਮੁਤਾਬਕ ਮਿਥੇ ਜਾਂਦੇ ਹਨ ਜਿਸ ਦੇ ਸਾਲ ਦੇ ਦਿਨਾਂ ਦੀ ਗਿਣਤੀ ਕਦੀ 354/55 ਅਤੇ ਕਦੀ 384/85 ਦਿਨ ਹੋ ਜਾਂਦੀ ਹੈ। ਬਾਕੀ ਦੇ ਸਾਰੇ ਪੁਰਾਤਨ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਦੇ ਹਿਸਾਬ ਨਾਲ ਰੱਖੇ ਹਨ ਜਿਸ ਦੇ ਸਾਲ ਦੇ ਦਿਨਾਂ ਦੀ ਗਿਣਤੀ ਤਾਂ ਈਸਵੀ ਸਾਲ ਜਿਨੀ 365/66 ਦਿਨ ਹੀ ਹੁੰਦੀ ਹੈ ਪਰ ਇਸ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ ਵਧਣ ਘਟਣ ਸਦਕਾ ਇਸ ਦੀਆਂ ਤਰੀਖਾਂ ਕਦੀ ਵੀ ਸਥਿਰ ਨਹੀਂ ਰਹਿੰਦੀਆਂ। ਇਸ ਤੋਂ ਇਲਾਵਾ ਬਿਕ੍ਰਮੀ ਸਾਲ ਦੀ ਲੰਬਾਈ ਰੁੱਤੀ ਸਮੇਂ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣ ਕਰ ਕੇ ਇਹ ਬੜੀ ਤੇਜੀ ਨਾਲ ਮੌਸਮਾਂ ਅਤੇ ਦੁਨੀਆਂ ਭਰ ਵਿੱਚ ਪ੍ਰਚਲਿਤ ਸਾਂਝੇ ਕੈਲੰਡਰ ਨਾਲੋਂ ਪਛੜ ਰਿਹਾ ਹੈ। ਇਹੋ ਕਾਰਨ ਹੈ ਕਿ 1699 ਦੀ ਇਤਿਹਾਸਕ ਵੈਸਾਖੀ 29 ਮਾਰਚ ਨੂੰ ਸੀ ਜਦੋਂ ਕਿ ਅੱਜ ਕੱਲ੍ਹ ਇਹ ਕਦੀ 13 ਅਪ੍ਰੈਲ ਅਤੇ ਕਦੀ 14 ਅਪ੍ਰੈਲ ਨੂੰ ਆਉਂਦੀ ਹੈ। ਅੰਗਰੇਜਾਂ ਦਾ ਭਾਰਤ ਵਿੱਚ ਰਾਜ ਸਥਾਪਤ ਹੋ ਜਾਣ ਪਿੱਛੋਂ ਉਨ੍ਹਾਂ ਇੱਥੇ ਈਸਵੀ ਕੈਲੰਡਰ ਲਾਗੂ ਕਰ ਦਿੱਤਾ ਇਸ ਲਈ ਇਸ ਪਿੱਛੋਂ ਵਾਪਰਨ ਵਾਲੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਗੁਰੂ ਕਾ ਬਾਗ ਮੋਰਚਾ, ਸਾਕਾ ਪੰਜਾ ਸਾਹਿਬ ਅਤੇ 1984 ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਦਿਹਾੜਿਆਂ ਦੀਆਂ ਤਰੀਖਾਂ ਈਸਵੀ ਕੈਲੰਡਰ ਅਨੁਸਾਰ ਲਿਖੀਆਂ ਜਾ ਰਹੀਆਂ ਹਨ। ਇਸ ਲਈ ਹਰ ਸਾਲ ਤਰੀਖਾਂ ਵਿੱਚ ਇਤਨਾ ਭੰਬਲਾਭੂਸਾ ਬਣਿਆ ਰਹਿੰਦਾ ਹੈ ਕਿ ਕਿਸੇ ਨੂੰ ਕੁਝ ਵੀ ਸਮਝ ਨਹੀਂ ਪੈਂਦਾ। ਜਿਵੇਂ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ 18 ਹਾੜ ਹੈ ਜੋ ਹਰ ਸਾਲ ਹੀ 18 ਹਾੜ ਦਰਜ ਹੁੰਦਾ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਹੀ ਸੰਬੰਧਿਤ ਮੀਰੀ ਪੀਰੀ ਦਿਵਸ ਇਸ ਸਾਲ ਦੇ ਕੈਲੰਡਰ ਵਿੱਚ 19 ਹਾੜ ਹੈ ਜਦਕਿ ਪਿਛਲੇ ਸਾਲ ਭਾਵ ਨਾਨਕਸ਼ਾਹੀ ਸੰਮਤ 548 ਵਿੱਚ 31 ਹਾੜ, 547 ਵਿੱਚ 11 ਸਾਵਣ, 547 ਵਿੱਚ 21 ਜੁਲਾਈ ਦਰਜ ਸੀ ਜਿਸ ਦਿਨ ਦੇਸੀ ਮਹੀਨੇ ਮੁਤਾਬਕ 6 ਸਾਵਣ ਸੀ।

ਕੀ ਕੋਈ ਅਨੁਮਾਨ ਲਗਾ ਸਕਦਾ ਹੈ ਕਿ ਇੱਕੋ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਦੋ ਮਹੱਤਵਪੂਰਨ ਘਟਨਾਵਾਂ (ਪਹਿਲੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ 18 ਹਾੜ ਬਿਕ੍ਰਮੀ ਸੰਮਤ 1663 ਭਾਵ 15 ਜੂਨ 1606 ਈ: ਅਤੇ ਦੂਸਰੀ ਮੀਰੀ ਪੀਰੀ ਦਿਵਸ 6 ਸਾਵਣ ਭਾਵ 5 ਜੁਲਾਈ), ਜਿਹੜੀਆਂ 19 ਦਿਨਾਂ ਦੇ ਫਰਕ ਨਾਲ ਵਾਪਰੀਆਂ ਸਨ ਉਹ ਇਸ ਸਾਲ ਇੱਕ ਦਿਨ ਦੇ ਫਰਕ ਨਾਲ ਅਤੇ ਪਿਛਲੇ ਤਿੰਨ ਸਾਲ ਦੇ ਕੈਲੰਡਰਾਂ ਵਿੱਚ ਕ੍ਰਮਵਾਰ 13 ਦਿਨ, 24 ਦਿਨ ਅਤੇ 19 ਦਿਨਾਂ ਦੇ ਫਰਕ ਨਾਲ ਕਿਵੇਂ ਆ ਗਈਆਂ ?  ਇਸ ਦਾ ਜਵਾਬ ਹੈ ਕਿ ਕਿ ਮੀਰੀ ਪੀਰੀ ਦਿਵਸ ਚੰਦ੍ਰਮਾ ਦੀਆਂ ਤਿਥਾਂ ਮੁਤਾਬਕ ਨਿਸ਼ਚਿਤ ਕੀਤਾ ਜਾ ਰਿਹਾ ਹੈ ਪਰ ਹੈਰਾਨੀ ਹੁੰਦੀ ਹੈ ਕਿ ਚੰਦ੍ਰਮਾਂ ਦੀਆਂ ਤਿੱਥਾਂ ਤਾਂ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿੱਚ ਦਰਜ ਹੀ ਨਹੀਂ ਕੀਤੀਆਂ ਜਾ ਰਹੀਆਂ ਤਾਂ ਕਿਹੜਾ ਪੰਡਿਤ ਇਨ੍ਹਾਂ ਨੂੰ ਦੱਸ ਜਾਂਦਾ ਹੈ ਕਿ ਮੀਰੀ ਪੀਰੀ ਦਿਵਸ ਨਿਸ਼ਚਿਤ ਕਰਨ ਸਮੇਂ ਫਲਾਨੀ ਤਰੀਖ ਨਿਸ਼ਚਿਤ ਕਰੋ। ਇਸ ਤੋਂ ਵੱਧ ਤਰਾਸਦੀ ਇਹ ਹੈ ਕਿ ਅੱਜ ਜੇ ਕਿਸੇ ਇਤਿਹਾਸਕਾਰ ਨੇ ਸਿੱਖ ਇਤਿਹਾਸ ਨੂੰ ਸੋਧ ਕੇ ਲਿਖਣਾ ਹੋਵੇ ਤਾਂ ਉਹ ਕਿਹੜੀ ਤਰੀਖ ਲਿਖੇਗਾ ਤੇ ਸਾਡੇ ਬੱਚੇ ਕਿਹੜੀ ਤਰੀਖ ਯਾਦ ਰੱਖ ਕੇ ਇਮਤਿਹਾਨ ਵਿੱਚੋਂ ਪੂਰੇ ਨੰਬਰ ਲੈ ਸਕਣ ਦੇ ਸਮਰੱਥ ਹੋਣਗੇ ? ਵਿਗਾੜੇ ਗਏ ਕੈਲੰਡਰ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਹਮਾਇਤੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਣਿਤ ਹੋਣਾ ਪ੍ਰਚਾਰ ਰਹੇ ਹਨ ਕੀ ਉਹਨਾਂ ਪਾਸੋਂ ਪੁੱਛਣਾ ਬਣਦਾ ਹੈ ਕਿ ਇਹ ਕੈਲੰਡਰ ਸਾਨੂੰ ਇੱਕ ਨਾਲ ਜੋੜ ਰਿਹਾ ਹੈ ਜਾਂ ਤਿੰਨ ਵੱਖ ਵੱਖ ਪ੍ਰਣਾਲੀਆਂ ਅਤੇ ਅਨੇਕਾਂ ਹੀ ਉਨ੍ਹਾਂ ਦਿਨਾਂ ਨਾਲ ਜਿਨ੍ਹਾਂ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਚਨ ਕਰ ਰਹੀ ਹੈ –“ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ ਮੁਗਧ ਗਵਾਰ (ਅੰਗ ੮੪੩) “ਚਉਦਸ ਅਮਾਵਸ, ਰਚਿ ਰਚਿ ਮਾਂਗਹਿ;  ਕਰ ਦੀਪਕੁ ਲੈ, ਕੂਪਿ ਪਰਹਿ (ਅੰਗ ੯੭੦), “ਪੰਡਿਤ ਮੁਲਾਂ, ਜੋ ਲਿਖਿ ਦੀਆ ਛਾਡਿ ਚਲੇ ਹਮ, ਕਛੂ ਨ ਲੀਆ ” (ਅੰਗ ੧੧੫੯)। ਜੇ ਨਹੀਂ ਤਾਂ ਦਾਦੂ ਦੀ ਕਬਰ ਨੂੰ ਤੀਰ ਝੁਕਾਉਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਨਖ਼ਾਹ ਲਾਉਣ ਵਾਲੇ ਗੁਰਸਿੱਖਾਂ ਲਈ ਕੀ ਇਸ ਵਿਗੜੇ ਕੈਲੰਡਰ ਨੂੰ ਅਕਾਲ ਤਖ਼ਤ ਤੋਂ ਜਾਰੀ ਹੋਇਆ ਕੈਲੰਡਰ ਦੱਸ ਕੇ ਸਿਰ ਮੱਥੇ ਪ੍ਰਵਾਨ ਕਰ ਲੈਣਾ ਉਚਿਤ ਹੋਵੇਗਾ ?