ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂਆਂ ਨੂੰ ਸੇਧ ਲੈਣ ਦੀ ਲੋੜ:

0
914

ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂਆਂ ਨੂੰ ਸੇਧ ਲੈਣ ਦੀ ਲੋੜ: ਡਾ. ਹਰਦੀਪ ਸਿੰਘ ਖਿਆਲੀਵਾਲੇ

ਬਠਿੰਡਾ: 10 ਜੁਲਾਈ, (ਕਿਰਪਾਲ ਸਿੰਘ ਬਠਿੰਡਾ): ਬੀਤੀ ਸ਼ਾਮ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਇਤਿਹਾਸਕਾਰਾਂ ਵਿੱਚੋਂ ਕੋਈ ਲਿਖ ਰਿਹਾ ਹੈ ਕਿ ਭਾਈ ਮਨੀ ਸਿੰਘ ਦੇ ਭਰਾ, ਪੁੱਤਰ ਤੇ ਪੋਤਿਆਂ ਸਮੇਤ ਪ੍ਰਵਾਰ ਦੇ  53 ਮੈਂਬਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਕੋਈ 62 ਲਿਖ ਰਿਹਾ ਤੇ ਕੋਈ 72 ਲਿਖ ਰਿਹਾ ਹੈ। ਜਿਸ ਪ੍ਰਵਾਰ ਦੇ ਸ਼ਹੀਦਾਂ ਦੀ ਸਹੀ ਗਿਣਤੀ ਇਤਿਹਾਸਕਾਰ ਵੀ ਨਹੀਂ ਕਰ ਸਕੇ ਉਨ੍ਹਾਂ ਸਾਰਿਆਂ ਦੇ ਨਾਮ ਅਤੇ ਗਿਣਤੀ ਮੇਰੇ ਵਰਗਾ ਮਨੁੱਖ ਤਾਂ ਕੀ ਦੱਸ ਸਕਦਾ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਭਾਈ ਮਨੀ ਸਿੰਘ ਦੇ ਗਿਆਰਾਂ ਭਰਾਵਾਂ ਵਿੱਚੋਂ ਇੱਕ ਛੋਟੀ ਉਮਰ ਵਿੱਚ ਹੀ ਕਿਸੇ ਬਿਮਾਰੀ ਕਾਰਨ ਚੜ੍ਹਾਈ ਕਰ ਗਿਆ ਸੀ ਅਤੇ ਬਾਕੀ 10 ਦੇ 10 ਸ਼ਹੀਦੀ ਪ੍ਰਾਪਤ ਕਰ ਗਏ ਸਨ ਜਿਨ੍ਹਾਂ ਵਿੱਚ ਇੱਕ ਭਾਈ ਦਿਆਲਾ ਜੀ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਦੇ ਸਨਮੁੱਖ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨਾਲ ਸ਼ਹੀਦੀ ਪ੍ਰਾਪਤ ਕੀਤੀ। ਭਰਾਵਾਂ ਤੋਂ ਇਲਾਵਾ 7 ਪੁੱਤਰ, ਜਿਨ੍ਹਾਂ ਵਿੱਚ ਮੁਗਲਾਂ ਵੱਲੋਂ ਸ਼ਰਾਬ ’ਚ ਮਸਤ ਕਰ ਕੇ ਕਿਲਾ ਅਨੰਦਪੁਰ ਦਾ ਦਰਵਾਜ਼ਾ ਤੋੜਨ ਲਈ ਭੇਜੇ ਹਾਥੀ ਨੂੰ ਨਾਗਨੀ ਬਰਛਾ ਮਾਰ ਕੇ ਪੁੱਠਾ ਭਜਾਉਣ ਵਾਲੇ ਭਾਈ ਬਚਿੱਤਰ ਸਿੰਘ ਵੀ ਸ਼ਾਮਲ ਹਨ ਜਿਨ੍ਹਾਂ ਨੇ ਕੋਟਲ ਨਿਹੰਗ ਵਿਖੇ ਮੁਗਲਾਂ ਨਾਲ ਜੂਝਦਿਆਂ ਸ਼ਹੀਦੀ ਪਾਈ। ਭਾਈ ਮਨੀ ਸਿੰਘ ਜੀ ਦੇ ਕਈ ਪੋਤਰਿਆਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੂੰ ਮਿਲਾ ਕੇ ਪ੍ਰਵਾਰ ਦੇ ਕੁਲ ਸ਼ਹੀਦ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 52 ਤੋਂ ਵੱਧ ਤਾਂ ਹੈ ਹੀ। ਆਪਣੇ ਪ੍ਰਵਾਰ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪ੍ਰੰਤ ਉਨ੍ਹਾਂ ਦੇ ਧੜ ਦਾ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਅੱਗ ਲਾ ਕੇ ਦਾਹ ਸਸਕਾਰ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਜੀ ਸਨ ਭਾਵ ਉਨ੍ਹਾਂ ਦੀ ਸਪੁੱਤਰੀ ਬੀਬੀ ਸੀਤੋ ਜੀ ਭਾਈ ਮਨੀ ਸਿੰਘ ਜੀ ਨਾਲ ਵਿਆਹੇ ਹੋਏ ਸਨ। ਡਾ: ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਤੁਹਾਨੂੰ ਇਸ ’ਤੇ ਹੈਰਾਨੀ ਨਹੀਂ ਹੁੰਦੀ ਕਿ ਜਿਸ ਮਹਾਨ ਯੋਧੇ ਨੇ ਬੰਦ ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੋਵੇ, ਜਿਸ ਦੇ ਪ੍ਰਵਾਰ ਦੇ 52 ਤੋਂ ਵੱਧ ਪ੍ਰਵਾਰਕ ਮੈਂਬਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੋਵੇ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਦਿਆਂ ਸਿੱਖ ਸਵੇਰੇ ਸ਼ਾਮ ਦੀ ਅਰਦਾਸ ਵਿੱਚ ਵਾਹਿਗੁਰੂ, ਵਾਹਿਗੁਰੂ ਵੀ ਉਚਾਰਦੇ ਹੋਣ ਉਨ੍ਹਾਂ ਦੀ ਸ਼ਹੀਦੀ ਕਿਸੇ ਵਿਰਲੇ ਨੂੰ ਛੱਡ ਕੇ ਬਾਕੀ ਦੇ ਕਿਸੇ ਸ਼ਹਿਰ/ਪਿੰਡ ਦੇ ਗੁਰਦੁਆਰੇ ਵਿੱਚ ਮਨਾਉਣਾ ਹੀ ਆਪਣੇ ਚੇਤੇ ਵਿੱਚ ਨਾ ਰੱਖਣ।

 ਬਹੁਤਾਤ ਵਿੱਚ ਗੁਰਦੁਆਰਾ ਪ੍ਰਬੰਧਕਾਂ ਦੀ ਆਪਣੇ ਮਹਾਨ ਸ਼ਹੀਦਾਂ ਪ੍ਰਤੀ ਵਿਖਾਈ ਜਾ ਰਹੀ ਉਦਾਸੀਨਤਾ ਦੱਸਦੀ ਹੈ ਕਿ ਪ੍ਰਬੰਧ ਵਿੱਚ ਕਿਤੇ ਨਾ ਕਿਤੇ ਗੜਬੜ ਜਰੂਰ ਹੈ ਜਿਸ ਨੂੰ ਤੁਰੰਤ ਦਰੁਸਤ/ਚੁਸਤ ਕਰਨ ਦੀ ਭਾਰੀ ਲੋੜ ਹੈ। ਉਨ੍ਹਾਂ ਕਿਹਾ ਸ਼ਹੀਦਾਂ ਦੇ ਕੇਵਲ ਸ਼ਹੀਦੀ ਦਿਹਾੜੇ ਮਨਾਉਣੇ ਹੀ ਕਾਫੀ ਨਹੀਂ ਹੁੰਦੇ ਬਲਕਿ ਉਨ੍ਹਾਂ ਦੀ ਸ਼ਹੀਦੀ ਪਿੱਛੇ ਮੁੱਖ ਕਾਰਨਾਂ ਨੂੰ ਸਮਝ ਕੇ ਅੱਜ ਦੇ ਸਿੱਖਾਂ ਖਾਸ ਕਰ ਕੇ ਪ੍ਰਬੰਧਕਾਂ ਅਤੇ ਆਗੂਆਂ ਨੂੰ ਉਸ ਮੰਦੀ ਸੋਚ ਤੋਂ ਸੁਚੇਤ ਰਹਿਣ ਦੀ ਵੀ ਭਾਰੀ ਲੋੜ ਹੈ।

ਭਾਈ ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਭਾਈ ਮਨੀ ਸਿੰਘ ਜੀ ਦੇ ਸਮੇਂ ਮੌਕੇ ਦੀ ਮੁਗਲ ਸਰਕਾਰ ਤੋਂ ਇਜਾਜਤ ਲਏ ਬਿਨਾਂ ਅੱਜ ਵਾਂਗ ਸਿੱਖ ਆਪਣੀ ਮਰਜੀ ਨਾਲ ਗੁਰਦੁਆਰਿਆਂ ਵਿੱਚ ਇਕੱਠੇ ਵੀ ਨਹੀਂ ਹੋ ਸਕਦੇ ਸਨ, ਸਮਾਗਮ ਕਰਨਾਂ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਦੀਵਾਲੀ ਮਨਾਉਣ ਲਈ ਭਾਈ ਮਨੀ ਸਿੰਘ ਜੀ ਨੇ ਮੁਗਲ ਸਰਕਾਰ ਤੋਂ ਇਜਾਜਤ ਮੰਗੀ। ਜ਼ਕਰੀਆ ਖ਼ਾਨ ਨੇ 10 ਹਜਾਰ ਦਮੜੇ ਟੈਕਸ ਵਜੋਂ ਸਰਕਾਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਸ਼ਰਤ ਅਧੀਨ ਇਜਾਜ਼ਤ ਦੇ ਦਿੱਤੀ। ਭਾਈ ਮਨੀ ਸਿੰਘ ਜੀ ਨੇ ਦੀਵਾਲੀ ਪੁਰਬ ’ਤੇ ਸੰਗਤਾਂ ਵੱਲੋਂ ਅਰਪਨ ਕੀਤੀ ਭੇਟਾ ਵਿੱਚੋਂ 10 ਹਜਾਰ ਦਮੜੇ ਸਰਕਾਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਉਣਾ ਮੰਨ ਕੇ ਸਰਬਤ ਖ਼ਾਲਸਾ ਕਰਨ ਦੀ ਇਜਾਜਤ ਲੈ ਲਈ ਤੇ ਸਮੁੱਚੀਆਂ ਸਿੱਖ ਮਿਸਲਾਂ ਤੇ ਹੋਰਨਾਂ ਜਥੇਬੰਦੀਆਂ ਨੂੰ ਦੀਵਾਲੀ ਮੌਕੇ ਕੀਤੇ ਜਾਣ ਵਾਲੇ ਸਰਬਤ ਖ਼ਾਲਸਾ ਵਿੱਚ ਵੱਧ ਤੋਂ ਵੱਧ ਸਿੰਘਾਂ ਨੂੰ ਨਾਲ ਲੈ ਕੇ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ। ਉੱਧਰ ਜ਼ਕਰੀਆ ਖ਼ਾਨ ਨੇ ਇਜਾਜ਼ਤ ਹੀ ਇਸ ਕੂਟਨੀਤੀ ਅਧੀਨ ਦਿੱਤੀ ਸੀ ਕਿ ਜਦ ਸਾਰੇ ਸਿੰਘ ਇੱਕ ਥਾਂ ਇਕੱਠੇ ਹੋ ਗਏ ਤਾਂ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਕੇ ਸਿੱਖਾਂ ਦਾ ਸਮੂਹਿਕ ਕਤਲੇਆਮ ਕਰ ਦਿੱਤਾ ਜਾਵੇਗਾ। ਜਦ ਸਰਕਾਰ ਦੀ ਇਸ ਬਦਨੀਤੀ ਦੀ ਸੂਹ ਭਾਈ ਮਨੀ ਸਿੰਘ ਜੀ ਨੂੰ ਮਿਲੀ ਤਾਂ ਸਿੱਖ ਕੌਮ ਦੇ ਹੋਣ ਵਾਲੇ ਘਾਣ ਨੂੰ ਬਚਾਉਣ ਲਈ ਉਨ੍ਹਾਂ ਤੁਰੰਤ ਮੁੜ ਸੰਦੇਸ਼ੇ ਭੇਜ ਦਿੱਤੇ ਕਿ ਸਰਕਾਰ ਦੀ ਨੀਤੀ ਵਿੱਚ ਖੋਟ ਹੈ ਇਸ ਲਈ ਸਰਬੱਤ ਖ਼ਾਲਸ ਰੱਦ ਕੀਤਾ ਜਾਂਦਾ ਹੈ ਤੇ ਕੋਈ ਵੀ ਸਿੱਖ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਵਿਖੇ ਨਾ ਪਹੁੰਚੇ। ਜਦ ਜ਼ਕਰੀਆ ਖ਼ਾਨ ਨੂੰ ਪਤਾ ਲਗਾ ਕਿ ਉਸ ਦੀ ਨੀਤੀ ਭਾਈ ਮਨੀ ਸਿੰਘ ਨੇ ਫੇਲ੍ਹ ਕਰ ਦਿੱਤੀ ਹੈ ਤਾਂ ਉਨ੍ਹਾਂ ਇਸ ਦੀ ਢੁਕਵੀਂ ਸਜਾ ਭਾਈ ਮਨੀ ਸਿੰਘ ਜੀ ਨੂੰ ਦੇਣ ਦਾ ਫੈਸਲਾ ਕਰ ਲਿਆ ਭਾਵੇਂ ਭਾਈ ਮਨੀ ਸਿੰਘ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਸਨ। ਸੂਬਾ ਲਾਹੌਰ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਉਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰ ਕੇ ਲਾਹੌਰ ਲਿਜਾਇਆ ਗਿਆ ਜਿਥੇ ਉਸ ਉਤੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ ਅਤੇ ਹੁਕਮ ਕੀਤਾ ਕਿ ਜਾਂ ਤਾਂ ਕੀਤੇ ਇਕਰਾਰ ਅਨੁਸਾਰ 10 ਹਜਾਰ ਦਮੜੇ ਸਰਕਾਰੀ ਖ਼ਜਾਨੇ ਵਿੱਚ ਜਮ੍ਹਾ ਕਰਵਾਏ ਜਾਣ, ਜਾਂ ਇਸਲਾਮ ਤਸਲੀਮ ਕਰੇ, ਨਹੀਂ ਤਾਂ ਉਨ੍ਹਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਜਾਵੇਗਾ। ਇਸਲਾਮ ਕਬੂਲ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਭਾਈ ਮਨੀ ਸਿੰਘ ਜੀ ਨੇ ਸਰਕਾਰੀ ਖ਼ਜਾਨੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਤੋਂ ਵੀ ਇਸ ਅਧਾਰ ’ਤੇ ਸਾਫ ਨਾ ਕਰ ਦਿੱਤੀ ਕਿ ਸਰਬੱਤ ਖ਼ਾਲਸਾ ਹੋਣ ਉਪ੍ਰੰਤ ਚੜ੍ਹਾਵੇ ਵਿੱਚੋਂ ਹੀ ਰਕਮ ਅਦਾ ਕਰਨ ਦਾ ਇਕਰਾਰ ਹੋਇਆ ਸੀ ਹੁਣ ਜਦ ਸਰਬੱਤ ਖ਼ਾਲਸਾ ਹੋਇਆ ਹੀ ਨਹੀਂ, ਤਾਂ ਪੈਸੇ ਕਿਸ ਗੱਲ ਦੇ ਜਮ੍ਹਾ ਕਰਵਾਏ ਜਾਣ। ਹਾਲਾਂ ਕਿ ਕਈ ਮਿਸਲਾਂ ਦੇ ਆਗੂਆਂ ਨੇ ਭਾਈ ਮਨੀ ਸਿੰਘ ਕੋਲ ਸੁਨੇਹਾ ਪਹੁੰਚਾਇਆ ਕਿ ਸੰਗਤਾਂ ਮਾਇਆ ਇਕੱਤਰ ਕਰ ਕੇ ਟੈਕਸ ਜਮ੍ਹਾਂ ਕਰਵਾ ਦੇਣਗੀਆਂ ਇਸ ਲਈ ਸ਼ਹੀਦੀ ਪਾਉਣ ਨਾਲੋਂ ਚੰਗਾ ਹੈ ਕਿ ਸਰਕਾਰ ਕੋਲੋਂ ਕੁਝ ਦਿਨਾਂ ਦੀ ਮੋਹਲਤ ਲੈ ਲਵੋ। ਭਾਈ ਮਨੀ ਸਿੰਘ ਜੀ ਨੇ ਸੰਗਤਾਂ ਦੇ ਪੈਸੇ ਨੂੰ ਕੇਵਲ ਆਪਣੀ ਜਾਨ ਬਚਾਉਣ ਲਈ ਵਰਤਣ ਤੋਂ ਕੋਰੀ ਨਾਂਹ ਕਰ ਕੇ ਬੰਦ ਬੰਦ ਕਟਵਾ ਕੇ ਸ਼ਹੀਦੀ ਪਾਉਣ ਨੂੰ ਤਰਜ਼ੀਹ ਦਿੱਤੀ ਪਰ ਅੱਜ ਕੱਲ੍ਹ ਦੇ ਪ੍ਰਬੰਧਕਾਂ ਤੇ ਆਗੂਆਂ ਵੱਲੋਂ ਗੁਰੂ ਕੀ ਗੋਲਕ ਨੂੰ ਆਪਣੇ ਲੁਕਵੇਂ ਸੁਆਰਥ ਪੂਰੇ ਕਰਨ ਲਈ ਕਿਸ ਤਰ੍ਹਾਂ ਦੁਰਵਰਤੋਂ ਕੀਤੀ ਜਾ ਰਹੀ ਹੈ ਇਹ ਕਿਸੇ ਤੋਂ ਲੁਕਵੇਂ ਤੱਥ ਨਹੀਂ ਹਨ।

 ਸੋ, ਲੋੜ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂ ਅਤੇ ਪ੍ਰਬੰਧਕ ਸੇਧ ਲੈਣ।