ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ

1
474

ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮਨ ਅੰਦਰ ਜਦੋਂ ਪਿਆਰ ਉਪਜੇ ਤਾਂ ਦਿਮਾਗ਼ ਵਿਚ ਉਥਲ-ਪੁਥਲ ਮਚ ਜਾਂਦੀ ਹੈ। ਇਹ ਪਿਆਰ ਕਿਸੇ ਜਾਨਵਰ ਨਾਲ, ਪੰਛੀ ਨਾਲ, ਫੁੱਲਾਂ ਨਾਲ, ਇਨਸਾਨ ਨਾਲ ਜਾਂ ਬਹੁਤ ਸੁਹਣੇ ਕੁਦਰਤੀ ਨਜ਼ਾਰੇ ਨਾਲ ਵੀ ਹੋ ਸਕਦਾ ਹੈ।

ਜਦੋਂ ਇਹ ਪਤਾ ਲੱਗੇ ਕਿ ਕੋਈ ਹੋਰ ਤੁਹਾਨੂੰ ਬਹੁਤ ਲਾਡ ਜਾਂ ਪਿਆਰ ਕਰਦਾ ਹੈ, ਯਾਨੀ ਪਿਤਾ, ਮਾਂ, ਭਰਾ, ਦੋਸਤ, ਭੈਣ, ਬੱਚਾ ਜਾਂ ਕੋਈ ਵੀ ਹੋਰ, ਤਾਂ ਇਸ ਇਹਸਾਸ ਨਾਲ ਵੀ ਦਿਮਾਗ਼ ਵਿਚ ਹਲਚਲ ਸ਼ੁਰੂ ਹੋ ਜਾਂਦੀ ਹੈ।

ਦਿਮਾਗ਼ ਉੱਤੇ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਦਿਮਾਗ਼ ਉੱਤੇ ਪਿਆਰ ਦੇ ਅਸਰ ਬਾਰੇ ਡੂੰਘੀ ਖੋਜ ਕੀਤੀ ਹੈ। ਅਸਰ ਵੇਖਣ ਤੋਂ ਪਹਿਲਾਂ ਅਨੇਕ ਲੋਕਾਂ ਤੋਂ ਫਾਰਮ ਭਰਵਾਏ ਗਏ। ਉਨ੍ਹਾਂ ਵਿੱਚੋਂ ਪਿਆਰ, ਖਿੱਚ, ਲਾਲਸਾ, ਲਗਾਓ, ਕਾਮ, ਮਸਤੀ ਆਦਿ ਵੰਨਗੀਆਂ ਵਾਲੇ ਲੋਕਾਂ ਨੂੰ ਵੱਖ ਹਿੱਸਿਆਂ ਵਿਚ ਵੰਡ ਲਿਆ ਗਿਆ।

ਇਹ ਵੇਖਣ ਵਿਚ ਆਇਆ ਕਿ ਜਿਸ ਮਨੁੱਖ ਦੇ ਮਨ ਵਿਚਲੀ ਭਾਵਨਾ ਵਿਚ ਕਾਮ ਪ੍ਰਧਾਨ ਹੋਵੇ, ਉਸ ਦੇ ਦਿਮਾਗ਼ ਵਿੱਚੋਂ ਹਾਰਮੋਨਾਂ ਦਾ ਹੜ੍ਹ ਨਿਕਲ ਪੈਂਦਾ ਹੈ ਤੇ ਉਹ ਇਕਦਮ ਹਾਸਲ ਕਰਨ ਦੀ ਹੋੜ ਵਿਚ ਲੱਗ ਜਾਂਦਾ ਹੈ।

ਇਸ ਦੌਰਾਨ ਐਡਰੀਨਾਲੀਨ ਤੇ ਨਾਰ ਐਡਰੀਨਾਲੀਨ ਵਧਣ ਨਾਲ ਦਿਲ ਦੀ ਧੜਕਨ ਵੱਧ ਜਾਂਦੀ ਹੈ, ਹੱਥਾਂ ਉੱਤੇ ਪਸੀਨਾ ਆ ਜਾਂਦਾ ਹੈ ਤੇ ਦਿਮਾਗ਼ ਵਿਚ ਡੋਪਾਮੀਨ ਦੇ ਵਧ ਜਾਣ ਨਾਲ ਖੁਸ਼ੀ ਤੇ ਜਿੱਤ ਦਾ ਇਹਸਾਸ ਹੋਣ ਲੱਗ ਪੈਂਦਾ ਹੈ।

ਕੁੱਝ ਕਿਸਮ ਦੀਆਂ ਨਸ਼ੀਲੀਆਂ ਦਵਾਈਆਂ ਨਾਲ ਵੀ ਡੋਪਾਮੀਨ ਵੱਧ ਜਾਂਦਾ ਹੈ ਤੇ ਸਰੀਰ ਉੱਚੀਆਂ ਹਵਾਵਾਂ ਵਿਚ ਉੱਡਦਾ ਮਹਿਸੂਸ ਹੁੰਦਾ ਹੈ।

ਕੁੱਝ ਲੋਕਾਂ ਨੂੰ ਖ਼ੂਬਸੂਰਤ ਚਿਹਰਾ ਵੇਖਦੇ ਸਾਰ ਵਕਤੀ ਖਿੱਚ ਮਹਿਸੂਸ ਹੁੰਦੀ ਹੈ। ਮੌਰਫ਼ੀਨ ਤੇ ਹੋਰ ਦਰਦ ਘਟਾਉਣ ਦੀਆਂ ਦਵਾਈਆਂ ਨਾਲ ਵੀ ਦਿਮਾਗ਼ ਨੂੰ ਇਹੋ ਜਿਹਾ ਹੀ ਸੁਣੇਹਾ ਜਾਂਦਾ ਹੈ ਕਿ ਸਭ ਵਧੀਆ ਹੈ ਤੇ ਕਿਸੇ ਪ੍ਰਤੀ ਖਿੱਚ ਮਹਿਸੂਸ ਹੁੰਦੀ ਹੈ। ਅਜਿਹੀ ਖਿੱਚ ਦਿਮਾਗ਼ ਵਿਚਲੇ ਪਸੰਦ ਆ ਜਾਣ ਵਾਲੀਆਂ ਚੀਜ਼ਾਂ ਨੂੰ ਸਾਂਭਣ ਵਾਲੇ ਸੈਂਟਰ ਵਿਚ ਹਲਚਲ ਪੈਦਾ ਕਰਦੀਆਂ ਹਨ ਤੇ ਦੂਜੇ ਵਲ ਉਲਾਰ ਪੈਦਾ ਕਰ ਦਿੰਦੀਆਂ ਹਨ। ਮਨ ਅੰਦਰ ਹਲਕੀ ਕੁਤਕੁਤਾੜੀ ਜਿਹੀ ਮਹਿਸੂਸ ਹੁੰਦੀ ਹੈ ਤੇ ਕੁੱਝ ਚਿਰ ਲਈ ਚੁਫ਼ੇਰਾ ਚੰਗਾ ਜਿਹਾ ਲੱਗਣ ਲੱਗ ਜਾਂਦਾ ਹੈ।

ਜਦੋਂ ਅਸਲ ਵਿਚ ਕਿਸੇ ਨਾਲ ‘ਨੇਹੁ’ (ਪਿਆਰ) ਲੱਗ ਜਾਵੇ ਤਾਂ ਦਿਮਾਗ਼ ਦੇ ਪੈੱਟ ਸਕੈਨ ਵਿਚ ਦਿਮਾਗ਼ ਦੇ ਖੁਸ਼ੀ ਵਾਲੇ ਸੈਂਟਰ ‘‘ਨਿਊਕਲੀਅਸ ਐਕੂਮਬੈਂਸ’’ ਵਿਚ ਬਹੁਤ ਜ਼ਿਆਦਾ ਤੇ ਲਗਾਤਾਰ ਹਲਚਲ ਹੁੰਦੀ ਦਿਸਦੀ ਹੈ। ਇਸ ਹਿੱਸੇ ਵੱਲ ਵੱਧ ਲਹੂ ਜਾਣ ਲੱਗ ਪੈਂਦਾ ਹੈ। ਸਿਰਫ਼ ਉਨ੍ਹਾਂ ਲੋਕਾਂ ਵਿਚ ਹੀ ਲਗਾਤਾਰ ਇਸ ਹਿੱਸੇ ਵਿਚ ਹਲਚਲ ਹੁੰਦੀ ਲੱਭੀ ਗਈ ਜੋ ਅਸਲ ਪਿਆਰ ਵਿਚ ਭਿੱਜੇ ਹੋਏ ਸਨ ਤੇ ਦਿਨ ਵਿਚ ਜਦੋਂ ਵੀ ਪਿਆਰੇ ਦਾ ਜ਼ਿਕਰ ਹੋਵੇ ਜਾਂ ਸਾਹਮਣਾ ਹੋਵੇ ਤਾਂ ਉਨ੍ਹਾਂ ਦੇ ਪੂਰੇ ਸਰੀਰ ਵਿਚ ਵੀ ਸਫੂਰਤੀ ਵਧੀ ਲੱਭੀ।

ਅਸਲ ਪਿਆਰ ਵਿਚ ਡੁੱਬਿਆਂ ਦੇ ਦਿਮਾਗ਼ ਵਿਚਲਾ ਕੈਮੀਕਲ ‘ਸਿਰੋਟੋਨਿਨ’ ਕੁੱਝ ਚਿਰ ਲਈ ਘੱਟ ਹੋਇਆ ਲੱਭਿਆ ਜੋ ‘ਓਬਸੈੱਸਿਵ ਕਮਪਲਸਿਵ ਡਿਸਆਰਡਰ’ ਵਰਗੇ ਰੋਗੀਆਂ ਵਿਚ ਵੀ ਸਦੀਵੀ ਘੱਟ ਜਾਂਦਾ ਹੈ। ਇਹ ਕੈਮੀਕਲ ਘਟਣ ਨਾਲ ਅਕਲ ਉੱਤੇ ਪਰਦਾ ਪੈ ਜਾਂਦਾ ਹੈ ਤੇ ਪਿਆਰ ਕਰਲ ਵਾਲਿਆਂ ਨੂੰ ਦੂਜੇ ਵਿਚ ਕੋਈ ਐਬ ਲੱਭਦਾ ਹੀ ਨਹੀਂ। ਇਸ ਹਾਲਤ ਨੂੰ ਮੁਹਾਵਰਿਆਂ ਵਿਚ ‘ਪਿਆਰ ਵਿਚ ਅੰਨ੍ਹੇ ਹੋਣਾ’ ਕਿਹਾ ਜਾਂਦਾ ਹੈ।

ਹਕੀਕਤ ਇਹੀ ਹੈ ਕਿ ਲੱਖ ਕੋਈ ਸਮਝਾਏ ਪਰ ਜਿਸ ਨੂੰ ਪਿਆਰ ਕਰਦੇ ਹੋਵੇ, ਉਸ ਵਿਚ ਅਨੇਕ ਊਣਤਾਈਆਂ ਹੁੰਦਿਆਂ ਹੋਇਆਂ ਵੀ ਦਿਸਦੀਆਂ ਨਹੀਂ ਕਿਉਂਕਿ ਸਿਰੋਟੋਟਿਨ ਘਟਦੇ ਸਾਰ ਇੱਕੋ ਗੱਲ ਦਿਮਾਗ਼ ਦੀ ਗਰਾਰੀ ਵਿਚ ਫਸ ਜਾਂਦੀ ਹੈ ਕਿ ਜਿਸ ਨਾਲ ਪਿਆਰ ਕੀਤਾ ਹੈ ਉਹ ਬੇਮਿਸਾਲ ਹੈ। ਕਈ ਤਾਂ ਇਸ ਹੱਦ ਤਕ ਪਾਗਲ ਹੋ ਜਾਂਦੇ ਹਨ ਕਿ ਮਹਿਬੂਬ ਲਈ ਜਾਨ ਤੱਕ ਵਾਰ ਦਿੰਦੇ ਹਨ ਜਾਂ ਕਿਸੇ ਹੋਰ ਵੱਲੋਂ ਮਹਿਬੂਬ ਦੀ ਬੁਰਾਈ ਸੁਣਨ ਉੱਤੇ ਦੂਜੇ ਦਾ ਕਤਲ ਤੱਕ ਕਰ ਦਿੰਦੇ ਹਨ।

ਜਦੋਂ ਕੁੱਝ ਚਿਰ ਬਾਅਦ ਖ਼ੁਮਾਰੀ ਉਤਰਦੀ ਹੈ ਤੇ ਸਿਰੋਟੋਨਿਨ ਵਾਪਸ ਵੱਧਣ ਲੱਗਦੀ ਹੈ ਤਾਂ ਦੂਜੇ ਵਿਚ ਨੁਕਸ ਦਿਸਣੇ ਸ਼ੁਰੂ ਹੋ ਜਾਂਦੇ ਹਨ। ਜਿਹੜਾ ਜਣਾ ਅਸਲ ਪਿਆਰ ਵਿਚ ਭਿੱਜਿਆ ਹੋਵੇ, ਉਹ ਤਾਂ ਅਜਿਹੇ ਰਿਸ਼ਤੇ ਨੂੰ ਪੂਰ ਚੜ੍ਹਾ ਸਕਦਾ ਹੈ, ਪਰ ਜਿਸ ਨੂੰ ਅਸਲ ਪਿਆਰ ਨਾ ਹੋਵੇ ਤੇ ਸਿਰਫ਼ ਵਕਤੀ ਲਗਾਓ ਹੋਵੇ, ਅਜਿਹੇ ਰਿਸ਼ਤਿਆਂ ਵਿਚ ਤ੍ਰੇੜ ਪੈ ਜਾਂਦੀ ਹੈ, ਇਸੇ ਲਈ ਵਕਤੀ ਲਗਾਓ ਨਾਲ ਹੋਏ ਵਿਆਹ ਵੀ ਪਹਿਲੇ ਦੋ ਸਾਲਾਂ ਵਿਚ ਹੀ ਤਲਾਕ ਉੱਤੇ ਖ਼ਤਮ ਹੋ ਜਾਂਦੇ ਹਨ। ਖ਼ਾਸ ਕਰ ਜਦੋਂ ਅਕਲ ਉੱਤੇ ਪਿਆ ਪਰਦਾ ਪਰ੍ਹਾਂ ਹੋ ਜਾਂਦਾ ਹੈ। ਜੇ ਤਲਾਕ ਨਾ ਹੋਵੇ ਤਾਂ ਲੜਦੇ-ਭਿੜਦੇ, ਭਾਂਡੇ ਖੜਕਾਉਂਦੇ ਅਜਿਹੇ ਰਿਸ਼ਤੇ ਉਮਰ ਭਰ ਦੀ ਖਿੱਚ ਧੂਅ ਵਿਚ ਹੀ ਖ਼ਤਮ ਹੋ ਜਾਂਦੇ ਹਨ।

ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਵੱਖੋ-ਵੱਖ ਮੁਲਕਾਂ ਦੀਆਂ ਮੈਡੀਕਲ ਯੂਨੀਵਰਸਿਟੀਆਂ ਵਿਚ ਪਿਆਰ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਖੋਜਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹੈਲਨ ਫਿੱਸ਼ਰ ਤੇ ਡਾ. ਸ਼ਵਾਰਜ਼ (ਸਹਾਇਕ ਪ੍ਰੋਫੈੱਸਰ, ਮੈਕਲੀਨ ਹਸਪਤਾਲ ਬੈਲਮਾਂਟ) ਨੇ ਸਪਸ਼ਟ ਕੀਤਾ ਹੈ ਕਿ ਉਮਰ ਲੰਮੀ ਕਰਨ ਤੇ ਖੁਸ਼ ਰਹਿਣ ਲਈ ਪਿਆਰ ਦਾ ਇਹਸਾਸ ਹੋਣਾ ਜ਼ਰੂਰੀ ਹੈ।

2500 ਤੋਂ ਵੱਧ ਕਾਲਜ ਪੜ੍ਹਦੇ ਵਿਦਿਆਰਥੀਆਂ ਦੇ ਦਿਮਾਗ਼ ਦਾ ਪੈੱਟ ਸਕੈਨ ਕਰਨ ਬਾਅਦ ਇਹੋ ਰਿਪੋਰਟ ਸਾਹਮਣੇ ਆਈ ਕਿ ਜਿਹੜੇ ਪਿਆਰ ਵਿਚ ਗੜੁੱਚ ਸਨ, ਉਨ੍ਹਾਂ ਨੂੰ ਸਿਰਫ਼ ਪਿਆਰੇ ਦੀ ਤਸਵੀਰ ਵਿਖਾਉਣ ਨਾਲ ਹੀ ਉਨ੍ਹਾਂ ਦੇ ਦਿਮਾਗ਼ ਵਿਚਲੇ ਡੋਪਾਮੀਨ ਬਣਾਉਣ ਵਾਲੇ ਹਿੱਸਿਆਂ ਵਿਚ ਝਟਪਟ ਹਲਚਲ ਹੁੰਦੀ ਦਿਸੀ।

ਦਿਮਾਗ਼ ਦੇ ਦੋ ਹਿੱਸੇ ਜੋ ਬਹੁਤ ਵੱਧ ਕੰਮ ਕਰਨ ਲੱਗ ਪਏ, ਉਹ ਸਨ ‘ਕੌਡੇਟ ਨਿਊਕਲਿਅਸ’ ਜੋ ਰਿਵਾਰਡ ਸਿਸਟਮ ਭਾਵ ਉਮੀਦ ਤੇ ਵਿਹਾਰ ਉੱਤੇ ਅਸਰ ਪਾਉਂਦਾ ਹੈ ਅਤੇ ਦੂਜਾ, ‘ਵੈਂਟਰਲ ਟੈਗਮੈਂਟਲ ਹਿੱਸਾ’ ਜਿਸ ਨਾਲ ਖ਼ੁਸ਼ੀ ਮਹਿਸੂਸ ਹੁੰਦੀ ਹੈ ਤੇ ਇਕਾਗਰਤਾ ਵਧਦੀ ਹੈ। ਇਸੇ ਹਿੱਸੇ ਨਾਲ ਅੱਗੋਂ ਕੰਮ ਕਰਦੇ ਰਹਿਣ ਤੇ ਕੁੱਝ ਹਾਸਲ ਕਰਨ ਦੀ ਇੱਛਾ ਵੀ ਉਪਜਦੀ ਹੈ।

ਰਿਵਾਰਡ ਸਿਸਟਮ ਵਿਚਲੇ ਹਿੱਸੇ ਹਨ-ਅਮਿਗਡਲਾ, ਹਿੱਪੋਕੈਂਪਸ ਤੇ ਪ੍ਰੀਫਰੰਟਲ ਕੌਰਟੈਕਸ। ਇਸ ਰਾਹੀਂ ਖ਼ੁਸ਼ੀ ਹਾਸਲ ਕੀਤੀ ਜਾ ਸਕਦੀ ਹੈ। ਕਾਮ ਵਾਸਨਾ, ਵਧੀਆ ਖਾਣਾ ਤੇ ਨਸ਼ਾ ਕਰਨਾ ਆਦਿ, ਵੀ ਇਸੇ ਹਿੱਸੇ ਰਾਹੀਂ ਅਸਰ ਕਰਦੇ ਹਨ।

ਕੋਕੀਨ ਤੇ ਸ਼ਰਾਬ ਵੀ ਇਸ ਹਿੱਸੇ ਨੂੰ ਹਰਕਤ ਵਿਚ ਲਿਆਉਂਦੇ ਹਨ। ਸੈਨ ਫਰਾਂਸਿਸਕੋ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿਚ ਸੰਨ 2012 ਵਿਚ ਹੋਈ ਖੋਜ ਰਾਹੀਂ ਇਹ ਗੱਲ ਸਾਹਮਣੇ ਆਈ (ਖੋਜ ‘ਸਾਇੰਸ’ ਰਸਾਲੇ ਵਿਚ ਛਪ ਵੀ ਚੁੱਕੀ ਹੈ) ਕਿ ਜਿਨ੍ਹਾਂ ਨੂੰ ਪਿਆਰ ਹਾਸਲ ਹੋ ਜਾਵੇ, ਉਨ੍ਹਾਂ ਨਾਲੋਂ ਜਿਨ੍ਹਾਂ ਨੂੰ ਹਾਸਲ ਨਹੀਂ ਹੋਇਆ, ਉਹ ਨੌਜਵਾਨ ਚਾਰ ਗੁਣਾਂ ਵੱਧ ਸ਼ਰਾਬ ਸੇਵਨ ਕਰ ਰਹੇ ਸਨ। ਰਿਵਾਰਡ ਸਿਸਟਮ ਨੂੰ ਰਵਾਂ ਰੱਖਣ ਲਈ ਅਤੇ ਵਕਤੀ ਖ਼ੁਸ਼ੀ ਮਹਿਸੂਸ ਕਰਨ ਲਈ ਇਹ ਰਸਤਾ ਅਪਣਾਇਆ ਜਾ ਰਿਹਾ ਸੀ।

‘ਓਕਸੀਟੋਸਿਨ’ ਤੇ ‘ਵੇਜ਼ੋਪਰੈੱਸਿਨ’ ਹਾਰਮੋਨ ਜੋ ਜੱਚਾ ਦੇ ਦੁੱਧ ਪਿਆਉਣ ਵੇਲੇ ਵੀ ਕੰਮ ਕਰਦੇ ਹਨ, ਇਹੀ ਹਾਰਮੋਨ ਪਿਆਰ ਵਿਚ ਭਿੱਜੇ ਜਾਣ ਉੱਤੇ ਵੱਧਣ ਲੱਗ ਪੈਂਦੇ ਹਨ। ਚਮੜੀ ਨਾਲ ਚਮੜੀ ਛੋਹ ਜਾਣ ਉੱਤੇ ਜਾਂ ਜਿਸਮਾਨੀ ਸੰਬੰਧਾਂ ਬਾਅਦ ਓਕਸੀਟੋਸਿਨ ਅਪਣੱਤ ਵਧਾ ਕੇ ਤਾਂਘ ਪੈਦਾ ਕਰਦੀ ਹੈ ਤੇ ਸਾਂਝ ਡੂੰਘੀ ਕਰਦੀ ਹੈ। ਸਿਰਫ਼ ਇਹ ਹੀ ਨਹੀਂ, ਸ਼ਾਂਤ ਚਿਤ ਕਰਨ, ਸੰਤੁਸ਼ਟੀ ਮਹਿਸੂਸ ਕਰਨ ਤੇ ਸੁਰੱਖਿਅਤ ਮਹਿਸੂਸ ਕਰਨ ਵਿਚ ਵੀ ਓਕਸੀਟੋਸਿਨ ਸਹਾਈ ਹੁੰਦੀ ਹੈ।

ਇਸੇ ਲਈ ਮਾਂ ਤੇ ਬੱਚੇ ਦਾ ਰਿਸ਼ਤਾ ਉੱਤਮ ਮੰਨਿਆ ਗਿਆ ਹੈ ਕਿਉਂਕਿ ਦੁੱਧ ਪਿਆਉਣ ਲੱਗਿਆਂ ਮਾਂ ਤੇ ਬੱਚੇ ਦੀ ਚਮੜੀ ਦੀ ਛੋਹ ਜਿੱਥੇ ਪਿਆਰ ਵਧਾਉਂਦੀ ਹੈ, ਰਿਸ਼ਤਾ ਡੂੰਘਾ ਕਰਦੀ ਹੈ, ਉੱਥੇ ਦੋਨਾਂ ਨੂੰ ਸੰਤੁਸ਼ਟੀ ਵੀ ਮਹਿਸੂਸ ਹੁੰਦੀ ਹੈ ਤੇ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਏਸੇ ਲਈ ਜ਼ਿਆਦਾਤਰ ਬੱਚੇ ਜੋ ਮਾਂ ਦੇ ਦੁੱਧ ਉੱਤੇ ਪਲਦੇ ਹਨ, ਵੱਡੇ ਹੋ ਕੇ ਸ਼ਾਂਤ ਚਿੱਤ ਬਣਦੇ ਹਨ। ਬੋਤਲ ਦਾ ਦੁੱਧ ਪੀਣ ਵਾਲੇ ਬੱਚਿਆਂ ਦੇ ਦਿਮਾਗ਼ ਇਸ ਅਪਣੱਤ ਤੋਂ ਮਹਿਰੂਮ ਰਹਿ ਜਾਂਦੇ ਹਨ।

ਵੇਜ਼ੋਪਰੈੱਸਿਨ ਦਾ ਡੂੰਘਾ ਰਿਸ਼ਤਾ ਗੰਢਣ ਤੇ ਰਿਸ਼ਤੇ ਦਾ ਲੰਮੇ ਸਮੇਂ ਤਕ ਨਿਭਣ ਵਿਚ ਰੋਲ ਹੁੰਦਾ ਹੈ। ਇਨ੍ਹਾਂ ਦੋਨਾਂ ਹਾਰਮੋਨਾਂ ਦੇ ਤਾਲਮੇਲ ਵਿਚ ਕਮੀ ਨਾਲ ਨਿੱਘਾ ਰਿਸ਼ਤਾ ਤਿੜਕ ਸਕਦਾ ਹੈ।

ਜੇ ਦੋਵਾਂ ਹਾਰਮੋਨਾਂ ਦਾ ਤਾਲਮੇਲ ਸਹੀ ਹੋਵੇ ਤੇ ਪਿਆਰ ਸੱਚਾ ਹੋਵੇ ਤਾਂ ਜਿਸਮਾਨੀ ਤਾਂਘ ਤੋਂ ਅਗਾਂਹ ਲੰਘ ਕੇ ‘ਲਗਾਓ’ ਵਿਚ ਤਬਦੀਲ ਹੋ ਜਾਂਦਾ ਹੈ।

ਪਿਆਰ ਵਿਚ ਭਿੱਜੇ ਲੋਕਾਂ ਦੇ ਦਿਮਾਗ਼ ਵਿਚਲੇ ਉਹ ਹਿੱਸੇ, ਜਿੱਥੇ ਡਰ ਜਾਂ ਨਕਾਰਾਤਮਕ ਸੋਚ ਉਪਜਦੀ ਹੈ, ਉਨ੍ਹਾਂ ਵਿਚਲੇ ਸੈੱਲਾਂ ਦੇ ਜੋੜ ਇਹ ਸੁਣੇਹੇ ਭੇਜਣੇ ਬੰਦ ਕਰ ਦਿੰਦੇ ਹਨ, ਜਿਸ ਨਾਲ ਸੱਚਾ ਪਿਆਰ ਕਰਨ ਵਾਲੇ ਡਰਨਾ ਛੱਡ ਦਿੰਦੇ ਹਨ। ਯਾਨੀ, ਪ੍ਰੀਫਰੰਟਲ ਕੌਰਟੈਕਸ ਤੋਂ ਨਿਊਕਲੀਅਸ ਐਕੂਬੈਂਸ ਵੱਲ ਜਾਂਦੀਆਂ ਸਕਾਰਾਤਮਕ ਤਰੰਗਾਂ ਵੱਧ ਜਾਂਦੀਆਂ ਹਨ ਤੇ ਨਿਊਕਲੀਅਸ ਐਕੂਬੈਂਸ ਤੋਂ ਅਮਿਗਡਲਾ ਵੱਲ ਜਾਂਦੀਆਂ ਨਕਾਰਾਤਮਕ ਤਰੰਗਾਂ ਬੰਦ ਹੋ ਜਾਂਦੀਆਂ ਹਨ। ਇਸੇ ਲਈ ਵਿਗਿਆਨਿਕ ਪੱਖੋਂ ਸਾਬਤ ਹੋ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ, ਜਿਸ ਵਿਚ ਮਾੜੀ ਗੱਲ ਸਾਹਮਣੇ ਹੁੰਦਿਆਂ ਵੀ ਦਿਸਦੀ ਹੀ ਨਹੀਂ।

ਜਦੋਂ ਪਿਆਰ ਭਰਿਆ ਰਿਸ਼ਤਾ ਦੋ ਕੁ ਸਾਲ ਚੱਲਦਾ ਰਹੇ ਤਾਂ ਕੌਰਟੀਸੋਲ ਤੇ ਸਿਰੋਟੋਨਿਨ ਨਾਰਮਲ ਹੋ ਜਾਂਦੇ ਹਨ ਤੇ ਉਹੀ ਪਿਆਰ ਜਿਸ ਵਿਚ ਪਹਿਲਾਂ ਖੁੱਸਣ ਦਾ ਡਰ ਉਪਜ ਰਿਹਾ ਹੁੰਦਾ ਹੈ, ਹੁਣ ਹਾਰਮੋਨ ਨਾਰਮਲ ਹੋਣ ਨਾਲ ਉਸ ਡਰ ਤੋਂ ਛੁਟਕਾਰਾ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਸੱਚੇ ਪਿਆਰ ਵਿਚਲਾ ਰਿਵਾਰਡ ਸਿਸਟਮ ਰਵਾਂ ਰਹਿੰਦਾ ਹੈ ਤੇ ਇਕ ਦੂਜੇ ਦਾ ਖਿਆਲ ਰੱਖਣ ਵਰਗੇ ਵਿਚਾਰ ਉਪਜ ਪੈਂਦੇ ਹਨ।

ਲੰਮੇ ਸਮੇਂ ਤਕ ਨਿਭਣ ਵਾਲੇ ਪਿਆਰੇ ਰਿਸ਼ਤਿਆਂ ਉੱਤੇ ਵੀ ਖੋਜ ਕੀਤੀ ਗਈ। ਉਹ ਜੋੜੇ ਚੁਣੇ ਗਏ ਜੋ 21 ਸਾਲਾਂ ਤੋਂ ਵਿਆਹੇ ਹੋਏ ਸਨ ਤੇ ਖ਼ੁਸ਼ ਸਨ। ਇਨ੍ਹਾਂ ਸਾਰਿਆਂ ਦੇ ਦਿਮਾਗ਼ ਵਿਚ ਓਨੀ ਹੀ ਡੋਪਾਮੀਨ ਵਧੀ ਲੱਭੀ ਜਿੰਨੀ ਨਵੇਂ ਜੁੜੇ ਰਿਸ਼ਤਿਆਂ ਵਿਚ ਵਧੀ ਹੁੰਦੀ ਹੈ। ਇਨ੍ਹਾਂ ਸਾਰਿਆਂ ਦੇ ਦਿਮਾਗ਼ ਦਾ ਰਿਵਾਰਡ ਸਿਸਟਮ ਵੀ ਰਵਾਂ ਲੱਭਿਆ।

ਇਨ੍ਹਾਂ ਸਾਰੇ ਜੋੜਿਆਂ ਵਿਚ ਜਿਸਮਾਨੀ ਤਾਂਘ ਦੀ ਥਾਂ ਇਕ ਦੂਜੇ ਦਾ ਸਾਥ ਵੱਧ ਮਾਇਨੇ ਰੱਖਣ ਲੱਗ ਪਿਆ ਸੀ। ਭਾਵੇਂ ਜਿਸਮਾਨੀ ਰਿਸ਼ਤੇ ਬਥੇਰੇ ਜੋੜਿਆਂ ਵਿਚ ਕਾਇਮ ਸਨ ਪਰ ਇਕ ਦੂਜੇ ਦੇ ਨਾਲ ਰਹਿਣ ਦਾ ਸੁਖਦ ਇਹਸਾਸ ਵੱਧ ਹੋ ਗਿਆ ਸੀ। ਇਨ੍ਹਾਂ ਵਿਚ ਵੀ ਜਿਸਮਾਨੀ ਸੰਬੰਧਾਂ ਬਾਅਦ ਓਕਸੀਟੋਸਿਨ ਦੀ ਮਾਤਰਾ ਵਧੀ ਲੱਭੀ।

ਇਹ ਵੇਖਣ ਵਿਚ ਆਇਆ ਕਿ ਜੇ ਕਿਸੇ ਇਕ ਨੂੰ ਕੋਈ ਲੰਮੀ ਬੀਮਾਰੀ ਹੋ ਗਈ ਤਾਂ ਦੂਜੇ ਵੱਲੋਂ ਕੀਤੀ ਸਾਂਭ ਸੰਭਾਲ ਨਾਲ ਦੋਵਾਂ ਦੇ ਮਨਾਂ ਵਿਚ ਇੱਕੋ ਜਿੰਨੀ ਸਕਾਰਾਤਮਕ ਊਰਜਾ ਉਪਜੀ ਤੇ ਰਿਸ਼ਤਾ ਹੋਰ ਡੂੰਘਾ ਹੋਇਆ ਲੱਭਿਆ।

ਇਨ੍ਹਾਂ ਸਾਰੇ ਨਤੀਜਿਆਂ ਦੇ ਨਿਚੋੜ ਵਜੋਂ ਇਹ ਤੱਥ ਸਾਹਮਣੇ ਆਏ :-

(1). ਸੱਚਾ ਪਿਆਰ ਸਕਾਰਾਤਮਕ ਊਰਜਾ ਦਿੰਦਾ ਹੈ ਤੇ ਬੀਮਾਰੀ ਨਾਲ ਲੜਨ ਦੀ ਤਾਕਤ ਵੀ। ਇਸ ਨਾਲ ਦਿਲ ਅਤੇ ਦਿਮਾਗ਼ ਉੱਤੇ ਸੁਖਦ ਅਸਰ ਪੈਂਦਾ ਹੈ ਤੇ ਉਮਰ ਲੰਮੀ ਕਰਨ ਵਿਚ ਸਹਾਈ ਹੁੰਦਾ ਹੈ।

(2). ਸੱਚੇ ਪਿਆਰ ਨਾਲ ਦਿਮਾਗ਼ ਸ਼ਾਂਤ ਚਿਤ ਰਹਿੰਦਾ ਹੈ ਤੇ ਗੁੱਸੇ ਤੋਂ ਉਤਪੰਨ ਹੋ ਰਹੇ ਰੋਗਾਂ ਤੋਂ ਬਚਾਓ ਹੋ ਜਾਂਦਾ ਹੈ।

(3). ਉਤੇਜਨਾ, ਵਕਤੀ ਖਿੱਚ, ਲਾਲਸਾ ਜਿੱਥੇ ਖੋਹ ਕੇ ਹਾਸਲ ਕਰਨ ਵਾਲੀ ਪ੍ਰਵਿਰਤੀ ਨੂੰ ਜਨਮ ਦਿੰਦੀ ਹੈ, ਉੱਥੇ ਜੁਰਮ ਤੇ ਨਸ਼ੇ ਵੱਲ ਵੀ ਧੱਕਦੀ ਹੈ।

(4). ਲੰਮੇ ਸਮੇਂ ਤਕ ਨਿਭਣ ਵਾਲੇ ਰਿਸ਼ਤੇ, ਸਿਰਫ਼ ਜਿਸਮਾਨੀ ਸੰਬੰਧਾਂ ਉੱਤੇ ਹੀ ਨਹੀਂ ਟਿਕੇ ਹੁੰਦੇ, ਪਰ ਵਧੀਆ ਸਰੀਰਕ ਸੰਬੰਧਾਂ ਦਾ ਸ਼ੁਰੂਆਤੀ ਸਮੇਂ ਵਿਚ ਰੋਲ ਜ਼ਰੂਰ ਹੁੰਦਾ ਹੈ।

(5). ਪਿਆਰ ਸਿਰਫ਼ ਮਰਦ ਤੇ ਔਰਤ ਵਿਚ ਹੀ ਨਹੀਂ ਹੁੰਦਾ, ਰੱਬ ਨਾਲ, ਬੱਚਿਆਂ ਨਾਲ, ਮਾਪਿਆਂ ਨਾਲ, ਜਾਨਵਰ ਨਾਲ ਜਾਂ ਕੁਦਰਤ ਨਾਲ ਵੀ ਹੋ ਸਕਦਾ ਹੈ। ਅਜਿਹੇ ਪਿਆਰ ਨਾਲ ਰਿਵਾਰਡ ਸਿਸਟਮ ਰਵਾਂ ਹੁੰਦਾ ਰਹਿੰਦਾ ਹੈ, ਜੋ ਢਹਿੰਦੀ ਕਲਾ ਤੋਂ ਬਚਾਉਂਦਾ ਹੈ।

(6). ਪਿਆਰ ਕਰਨਾ ਜ਼ਰੂਰ ਚਾਹੀਦਾ ਹੈ। ਇਸ ਤੋਂ ਬਗ਼ੈਰ ਇਨਸਾਨੀ ਜੀਵਨ ਅਧੂਰਾ ਹੈ, ਪਰ ਪਿਆਰ ਹੋਵੇ ਕਿਵੇਂ ਦਾ, ਇਹ ਤੁਕਾਂ ਸਪਸ਼ਟ ਕਰ ਦਿੰਦੀਆਂ ਹਨ :-

‘‘ਜਿਸੁ ਪਿਆਰੇ ਸਿਉ ਨੇਹੁ; ਤਿਸੁ ਆਗੈ ਮਰਿ ਚਲੀਐ।

ਧ੍ਰਿਗੁ ਜੀਵਣੁ ਸੰਸਾਰਿ; ਤਾ ਕੈ ਪਾਛੈ ਜੀਵਣਾ॥’’ (ਗੁਰੂ ਅੰਗਦ ਦੇਵ ਜੀ, ਅੰਗ-੮੩)

1 COMMENT

Comments are closed.