ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 124-128)
ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 124-128)
ਮਾਝ, ਮਹਲਾ ੩ ॥
ਗੁਰਮੁਖਿ (ਭਾਵ ਗੁਰੂ) ਮਿਲੈ, ਮਿਲਾਏ ਆਪੇ (ਆਪ ਹੀ, ਫਿਰ)॥ ਕਾਲੁ ਨ ਜੋਹੈ; ਦੁਖੁ ਨ ਸੰਤਾਪੇ ॥ ਹਉਮੈ ਮਾਰਿ (ਕੇ), ਬੰਧਨ ਸਭ (ਸਾਰਾ) ਤੋੜੈ ; ਗੁਰਮੁਖਿ ਸਬਦਿ (ਰਾਹੀਂ) ਸੁਹਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਹਰਿ-ਹਰਿ ਨਾਮਿ (ਦੁਆਰਾ) ਸੁਹਾਵਣਿਆ ॥ ਗੁਰਮੁਖਿ ਗਾਵੈ, ਗੁਰਮੁਖਿ ਨਾਚੈ (ਨਾੱਚੈ); ਹਰਿ ਸੇਤੀ, ਚਿਤੁ ਲਾਵਣਿਆ ॥੧॥ ਰਹਾਉ ॥ ਗੁਰਮੁਖਿ; ਜੀਵੈ ਮਰੈ (ਜੀਵਤ ਤੇ ਮਰਨ ਉਪਰੰਤ), ਪਰਵਾਣੁ ॥ ਆਰਜਾ ਨ ਛੀਜੈ, ਸਬਦੁ ‘ਪਛਾਣੁ’ (ਥੋੜ੍ਹਾ ‘ਪਛਾਣੂ’ ਵੱਲ ਉਚਾਰਨਾ ਜ਼ਰੂਰੀ)॥ ਗੁਰਮੁਖਿ ਮਰੈ ਨ, ਕਾਲੁ ਨ ਖਾਏ ; ਗੁਰਮੁਖਿ ਸਚਿ (’ਚ) ਸਮਾਵਣਿਆ ॥੨॥ ਗੁਰਮੁਖਿ, ਹਰਿ ਦਰਿ (’ਤੇ) ਸੋਭਾ (ਸ਼ੋਭਾ) ਪਾਏ ॥ ਗੁਰਮੁਖਿ, ਵਿਚਹੁ (ਵਿਚੋਂ) ਆਪੁ (ਆਪਣੇ ਆਪ ਨੂੰ ਭਾਵ ਹਉਮੈ) ਗਵਾਏ ॥ ਆਪਿ ਤਰੈ, ਕੁਲ ਸਗਲੇ ਤਾਰੇ ; ਗੁਰਮੁਖਿ, (ਆਪਣਾ) ਜਨਮੁ ਸਵਾਰਣਿਆ ॥੩॥ ਗੁਰਮੁਖਿ (ਨੂੰ), ਦੁਖੁ ਕਦੇ ਨ ਲਗੈ ਸਰੀਰਿ (’ਚ) ॥ ਗੁਰਮੁਖਿ, ਹਉਮੈ (ਦੀ) ਚੂਕੈ ਪੀਰ (ਪੀੜ) ॥ ਗੁਰਮੁਖਿ (ਦਾ) ਮਨੁ ਨਿਰਮਲੁ, ਫਿਰਿ ਮੈਲੁ (ਮੈਲ਼) ਨ ਲਾਗੈ ; ਗੁਰਮੁਖਿ ਸਹਜਿ (’ਚ) ਸਮਾਵਣਿਆ ॥੪॥ ਗੁਰਮੁਖਿ (ਨੂੰ), ਨਾਮੁ (ਰੂਪ) ਮਿਲੈ ਵਡਿਆਈ ॥ ਗੁਰਮੁਖਿ ਗੁਣ ਗਾਵੈ, ਸੋਭਾ (ਸ਼ੋਭਾ) ਪਾਈ ॥ ਸਦਾ ਅਨੰਦਿ (’ਚ) ਰਹੈ ਦਿਨੁ ਰਾਤੀ ; ਗੁਰਮੁਖਿ, ਸਬਦੁ ਕਰਾਵਣਿਆ (ਭਾਵ ਗੁਰਮੁਖ, ਰੱਬੀ ਉਪਦੇਸ਼ ਨੂੰ (ਮਨੁੱਖਾ ਹਿਰਦੇ ’ਚ ਦ੍ਰਿੜ੍ਹ) ਕਰਵਾਉਂਦਾ ਹੈ, ਕਿਉਂਕਿ ਆਪ)॥੫॥ ਗੁਰਮੁਖਿ, ਅਨਦਿਨੁ ਸਬਦੇ ਰਾਤਾ (ਰਾੱਤਾ)॥ ਗੁਰਮੁਖਿ, ਜੁਗ ਚਾਰੇ ਹੈ ਜਾਤਾ (ਭਾਵ ਜਾਣਿਆ ਜਾਂਦਾ)॥ ਗੁਰਮੁਖਿ, ਗੁਣ ਗਾਵੈ ਸਦਾ ਨਿਰਮਲੁ ; ਸਬਦੇ (ਰਾਹੀਂ) ਭਗਤਿ ਕਰਾਵਣਿਆ ॥੬॥ ਬਾਝੁ ਗੁਰੂ, ਹੈ ਅੰਧ ਅੰਧਾਰਾ ॥ ਜਮਕਾਲਿ (ਨੇ) ਗਰਠੇ (ਗ੍ਰਸੇ), ਕਰਹਿ (ਕਰੈਂ) ਪੁਕਾਰਾ ॥ ਅਨਦਿਨੁ ਰੋਗੀ, ਬਿਸਟਾ (ਬਿਸ਼ਟਾ) ਕੇ ਕੀੜੇ ; ਬਿਸਟਾ (ਬਿਸ਼ਟਾ) ਮਹਿ ਦੁਖੁ ਪਾਵਣਿਆ ॥੭॥ (ਪਰ, ਰੱਬ ਹੀ) ਗੁਰਮੁਖਿ, ਆਪੇ ਕਰੇ, (ਜਾਂ ਗੁਰੂ ਰਾਹੀਂ) ਕਰਾਏ ॥ ਗੁਰਮੁਖਿ ਹਿਰਦੈ (’ਚ) ਵੁਠਾ (ਵੱਸਿਆ), ਆਪਿ ਆਏ (ਆ ਕੇ)॥ ਨਾਨਕ ! ਨਾਮਿ (ਰਾਹੀਂ) ਮਿਲੈ ਵਡਿਆਈ ; (ਪਰ ‘ਨਾਮੁ’) ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥
(ਨੋਟ : (1). ਉਕਤ ਸ਼ਬਦ ’ਚ ‘ਗੁਰਮਖਿ’ ਸ਼ਬਦ 22 ਵਾਰ ਦਰਜ ਹੈ, ਜਿਸ ਦੇ ਪ੍ਰਚਲਿਤ ਅਰਥ (ਟੀਕਾਕਾਰਾਂ ਨੇ) ਤਿੰਨ ਪ੍ਰਕਾਰ (ਗੁਰਮੁਖ ਸਿੱਖ (ਇੱਕ ਵਚਨ), ਗੁਰੂ ਰਾਹੀਂ (ਕਰਣ ਕਾਰਕ) ਅਤੇ ਗੁਰੂ) ਕੀਤੇ ਹਨ, ਪਰ ਸ਼ਬਦ ਦੇ ‘ਰਹਾਉ’ਬੰਦ ਅਤੇ ਸ਼ਬਦ ਦੀ ਸਮਾਪਤੀ (8ਵੇਂ ਪਦੇ) ’ਚ ‘ਨਾਮਿ’ (ਰਾਹੀਂ, ਕਰਣ ਕਾਰਕ) ਦੇ ਮਹੱਤਵ ਨੂੰ ਰੂਪਮਾਨ (ਉਜਾਗਰ) ਕੀਤਾ ਗਿਆ ਹੈ; ਜਿਵੇਂ ਕਿ ‘‘ਹਉ ਵਾਰੀ, ਜੀਉ ਵਾਰੀ ; ਹਰਿ-ਹਰਿ ‘ਨਾਮਿ’ (ਦੁਆਰਾ) ਸੁਹਾਵਣਿਆ ॥ ਰਹਾਉ॥, ਨਾਨਕ ! ‘ਨਾਮਿ’(ਰਾਹੀਂ, ਕਰਣ ਕਾਰਕ) ਮਿਲੈ ਵਡਿਆਈ ; (ਪਰ ‘ਨਾਮੁ’) ਪੂਰੇ ਗੁਰ ਤੇ ਪਾਵਣਿਆ ॥੮॥’’, ਇਸ ਲਈ ਇਸ ਪੂਰੇ ਸ਼ਬਦ ’ਚ ‘ਨਾਮ ਰਾਹੀਂ’ ਵਿਸ਼ਾ ਪ੍ਰਸੰਗ ਪ੍ਰਧਾਨ ਹੈ, ਜਿਸ ਕਾਰਨ ‘ਗੁਰਮੁਖਿ’ ਦੇ ਅਰਥ (ਨਾਮਿ’ ਵਾਙ) ‘ਗੁਰੂ ਰਾਹੀਂ’ (ਕਰਣ ਕਾਰਕ) ਕਰਨਾ ਉਚਿਤ ਨਹੀਂ ਹੋਵੇਗਾ।
ਗੁਰਬਾਣੀ ’ਚ ‘ਗੁਰਮੁਖੁ’ ਸ਼ਬਦ (ਬਣਤਰ) ਮੌਜੂਦ ਨਾ ਹੋਣ ਕਾਰਨ, ‘ਗੁਰਮੁਖਿ’ ਸ਼ਬਦ ਬਣਤਰ ’ਚੋਂ ਹੀ ‘ਗੁਰਮੁਖੁ’ (ਇੱਕ ਵਚਨ, ਜਿਸ ਦਾ ਮੂੰਹ ਗੁਰੂ ਵੱਲ ਹੋਵੇ) ਅਰਥ ਲੈਣੇ ਪੈਂਦੇ ਹਨ, ਇਸ ਲਈ ਉਕਤ ਪੂਰੇ ਸ਼ਬਦ ’ਚੋਂ ਕੇਵਲ ਪਹਿਲੀ ਤੁਕ ‘ਗੁਰਮੁਖਿ’ (ਭਾਵ ਗੁਰੂ) ਮਿਲੈ, ਮਿਲਾਏ ਆਪੇ ॥ ’ਚ ‘ਗੁਰਮੁਖਿ’ ਦਾ ਅਰਥ ‘ਗੁਰੂ’ ਕਰਨਾ ਦਰੁਸਤ ਜਾਪਦਾ ਹੈ ਕਿਉਂਕਿ ‘‘ਬਾਝੁ ਗੁਰੂ, ਹੈ ਅੰਧ ਅੰਧਾਰਾ ॥’’ ਵਚਨਾਂ ਸਮੇਤ ਸ਼ਬਦ ਦੀ ਸਮਾਪਤੀ ਵੀ, (ਨਾਮੁ) ਪੂਰੇ ਗੁਰ ਤੇ ਪਾਵਣਿਆ ॥੮॥ ਵਿਸ਼ਾ ਪ੍ਰਸੰਗ ਜਾਰੀ ਹੈ, ਜੋ ‘ਨਾਮਿ’ ਦੇ ਕੇ ‘ਨਾਮ ਰਾਹੀਂ’ ਪ੍ਰਸੰਗ ਨੂੰ ਮੁਕੰਮਲ ਕਰਦਾ ਹੈ, ਤਾਂ ਤੇ ਇਸ ਸ਼ਬਦ ’ਚ 21 ਵਾਰ ‘ਗੁਰਮਖਿ’ ਦਾ ਅਰਥ ‘ਗੁਰਮੁਖੁ’ ਕਰਨਾ ਹੀ ਦਰੁਸਤ ਹੈ, ਨਾ ਕਿ ‘ਗੁਰੂ ਰਾਹੀਂ’ (ਕਰਣ ਕਾਰਕ); ਜਿਵੇਂ ਕਿ ‘ਨਾਮਿ’ ਬਣਤਰ ’ਚੋਂ ਅਰਥ ਮਿਲਦੇ ਹਨ।
ਸ਼ਬਦ ਦੇ 7ਵੇਂ ਬੰਦ ਦੀ ਅਰੰਭਕ ਤੁਕ ‘‘ਬਾਝੁ ਗੁਰੂ, ਹੈ ਅੰਧ ਅੰਧਾਰਾ ॥’’ ਉਪਰੰਤ ਵਿਸ਼ਾ ਬਹੁ ਵਚਨ (ਗੁਰਸਿੱਖ) ਬਣ ਜਾਂਦਾ ਹੈ; ਜਿਵੇਂ ਕਿ ‘‘ਜਮਕਾਲਿ (ਨੇ) ਗਰਠੇ (ਗ੍ਰਸੇ), ਕਰਹਿ (ਕਰੈਂ) ਪੁਕਾਰਾ ॥’’, ਇਸ ਲਈ ਇਸ ਬੰਦ ’ਚ ‘ਗੁਰਮੁਖਿ’ (ਇੱਕ ਵਚਨ) ਸ਼ਬਦ ਦਰਜ ਨਹੀਂ ਕੀਤਾ ਗਿਆ, ਇਸ ਤੋਂ ਸਾਫ਼ ਹੁੰਦਾ ਹੈ ਕਿ ਇੱਥੇ ‘ਗੁਰਮੁਖਿ’ ਸ਼ਬਦ ਕੇਵਲ ‘ਗੁਰਮੁਖੁ’ (ਇੱਕ ਵਚਨ ਸਿੱਖ) ਬਾਬਤ ਹੈ।
(2). ਉਕਤ ਸ਼ਬਦ ਦੇ ਦੂਸਰੇ ਬੰਦ ਦੀ ਤੁਕ ‘‘ਆਰਜਾ ਨ ਛੀਜੈ, ਸਬਦੁ ‘ਪਛਾਣੁ’ (ਥੋੜ੍ਹਾ ‘ਪਛਾਣੂ’ ਵੱਲ ਉਚਾਰਨ)॥’’, ’ਚ ਦਰਜ ‘ਪਛਾਣੁ’ ਸ਼ਬਦ ਨੂੰ ਵਿਚਾਰਨਾ ਜ਼ਰੂਰੀ ਹੈ।
ਗੁਰਬਾਣੀ ’ਚ ‘ਪਛਾਣੁ’ ਸ਼ਬਦ 19 ਵਾਰ ਦਰਜ ਹੈ, ਜਿਸ ਦੇ ਦੋ ਤਰ੍ਹਾਂ ਅਰਥ ਹਨ :
(ੳ). ‘ਪਛਾਣੁ’ ਭਾਵ ਤੂੰ ਪਛਾਣ (ਹੁਕਮੀ ਭਵਿੱਖ ਕਾਲ ਕਿਰਿਆ)
(ਅ). ‘ਪਛਾਣੁ’ ਭਾਵ ਪਛਾਣੂ, ਜਾਣਨਹਾਰ, ਪਛਾਣਨ ਵਾਲ਼ਾ, ਮਿੱਤਰ, ਸਾਥੀ, ਸਹਾਈ, ਮਦਦਗਾਰ, ਆਦਿ (ਇੱਕ ਵਚਨ ਪੁਲਿੰਗ ਨਾਉਂ)
ਉਕਤ ਦੋਵੇਂ (ਹੁਕਮੀ ਭਵਿੱਖ ਕਾਲ ਕਿਰਿਆ ਤੇ ਨਾਉਂ) ਸ਼ਬਦ ਬਣਤਰ ਦਾ ਉਚਾਰਨ ਇਕ-ਸਮਾਨ ਨਹੀਂ ਹੋ ਸਕਦਾ, ਇਸ ਲਈ ਇਨ੍ਹਾਂ ਦੀ ਪਹਿਚਾਣ ਕਰਨ ਲਈ ਹੇਠਾਂ ਦੋਵੇਂ ਪ੍ਰਕਾਰ ਦੇ ਅਰਥਾਂ ਸਮੇਤ ਤੁਕਾਂ ਦਿੱਤੀਆਂ ਜਾ ਰਹੀਆਂ ਹਨ:
(ੳ). ‘ਪਛਾਣੁ’ (ਹੁਕਮੀ ਭਵਿੱਖ ਕਾਲ ਕਿਰਿਆ / 12 ਵਾਰ), ਜਿਸ ਦਾ ਅਰਥ ਹੈ: ‘ਤੂੰ ਪਛਾਣ, ਤੂੰ ਸਮਝ’ ਤੇ ਉਚਾਰਨ ਹੈ: ‘ਪਛਾਣ’। ਧਿਆਨ ਰਹੇ ਕਿ ਇਨ੍ਹਾਂ ਸਾਰੀਆਂ ਤੁਕਾਂ ’ਚ ਸੰਬੋਧਨ ਇੱਕ ਵਚਨ (ਹੇ ਭਾਈ !, ਹੇ ਮਨ !, ਹੇ ਵੈਦ! ਆਦਿ) ਹੋਣਾ ਜ਼ਰੂਰੀ ਹੈ; ਜਿਵੇਂ
ਸਾਕਤ ਨਿਰਗੁਣਿਆਰਿਆ ! ਆਪਣਾ ਮੂਲੁ ‘ਪਛਾਣੁ’ (ਤੂੰ ਪਛਾਣ)॥ ਰਕਤੁ ਬਿੰਦੁ ਕਾ ਇਹੁ (ਇਹ) ਤਨੋ; ਅਗਨੀ ਪਾਸਿ ਪਿਰਾਣੁ ॥ (ਮ: ੧/੬੩)
ਖੜੁ (ਕਣਕ-ਨਾੜ) ਪਕੀ, ਕੁੜਿ (ਸੁੱਕ ਕੇ) ਭਜੈ, ਬਿਨਸੈ; (ਇਉਂ ਮਨੁੱਖ ਵੀ ਸੰਸਾਰ ’ਚ) ਆਇ ਚਲੈ (ਭਾਵ ਜਨਮ ਲੈ ਕੇ ਮਰੈ), ਕਿਆ ਮਾਣੁ ?॥ ਕਹੁ ਨਾਨਕ ! ਪ੍ਰਾਣੀ ਚਉਥੈ ਪਹਰੈ (’ਚ); ਗੁਰਮੁਖਿ ਸਬਦੁ ‘ਪਛਾਣੁ’ (ਤੂੰ ਪਛਾਣ) ॥ (ਮ: ੧/੭੬)
ਰਾਹ ਦੋਵੈ (ਦੋਵੈਂ); ਖਸਮੁ ਏਕੋ ‘ਜਾਣੁ’ (ਤੂੰ ਸਮਝ)॥ ਗੁਰ ਕੈ ਸਬਦਿ (ਰਾਹੀਂ), ਹੁਕਮੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ) ॥ (ਮ: ੧/੨੨੩)
ਮੇਰਾ ਪ੍ਰਭੁ ਸਾਚਾ; ਆਪੇ ‘ਜਾਣੁ’ (ਜਾਣੂ, ਜਾਣਨਹਾਰ, ਉਚਾਰਨ ਥੋੜ੍ਹਾ ‘ਜਾਣੂ’ ਵੱਲ, ਇਸ ਲਈ ਚਿੰਤਾ ਮੁਕਤ ਹੋ ਕੇ)॥ ਗੁਰ ਕੈ ਸਬਦਿ (ਨਾਲ਼); ਅੰਤਰਿ ਬ੍ਰਹਮੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ)॥ (ਮ: ੩/੩੬੪)
ਐਸਾ ਸਾਚਾ ਤੂੰ ਏਕੋ ਜਾਣੁ (ਸਮਝ)॥ ਜੰਮਣੁ ਮਰਣਾ (ਨੂੰ ਰੱਬੀ) ਹੁਕਮੁ ‘ਪਛਾਣੁ’ (ਤੂੰ ਪਛਾਣ)॥੧॥ ਰਹਾਉ ॥ (ਮ: ੧/੪੧੨)
ਮਨ ! ਤੂੰ ਜੋਤਿ ਸਰੂਪੁ ਹੈ (ਹੈਂ); ਆਪਣਾ ਮੂਲੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ)॥ (ਮ: ੩/੪੪੧)
ਇਉ (ਇਉਂ) ਕਹੈ ਨਾਨਕੁ, ਮਨ ! ਤੂੰ ਜੋਤਿ ਸਰੂਪੁ ਹੈ (ਹੈਂ); ਅਪਣਾ ਮੂਲੁ ‘ਪਛਾਣੁ’ (ਤੂੰ ਪਛਾਣ) ॥ (ਮ: ੩/੪੪੧)
ਆਇਆ ਲਿਖਿ ਲੈ ਜਾਵਣਾ ਪਿਆਰੇ ! ਹੁਕਮੀ ਹੁਕਮੁ ‘ਪਛਾਣੁ’ (ਤੂੰ ਪਛਾਣ, ਪਰ) ॥ ਗੁਰ ਬਿਨੁ, ਹੁਕਮੁ ਨ ਬੂਝੀਐ ਪਿਆਰੇ ! ਸਾਚੇ (ਦਾ) ਸਾਚਾ ਤਾਣੁ ॥ (ਮ: ੧/੬੩੬)
ਏਹੜ ਤੇਹੜ ਛਡਿ ਤੂ; ਗੁਰ ਕਾ ਸਬਦੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ) ॥ ਸਤਿਗੁਰ ਅਗੈ ਢਹਿ ਪਉ; (ਉਹ) ਸਭੁ ਕਿਛੁ ਜਾਣੈ, ‘ਜਾਣੁ’ (ਜਾਣਨਹਾਰ, ਜਾਣੂ, ਉਚਾਰਨ : ਥੋੜ੍ਹਾ ‘ਜਾਣੂ’ ਵੱਲ)॥ (ਮ: ੩/੬੪੬)
ਜੋ ਜਨੁ ਕਰੈ; ਕੀਰਤਨੁ ਗੋਪਾਲ ॥ ਤਿਸ ਕਉ; ਪੋਹਿ (ਪੋਹ) ਨ ਸਕੈ ਜਮਕਾਲੁ ॥ ਜਗ ਮਹਿ ਆਇਆ; ਸੋ (ਉਹੀ) ਪਰਵਾਣੁ ॥ (ਇਸ ਲਈ ਤੂੰ ਵੀ) ਗੁਰਮੁਖਿ; ਅਪਨਾ ਖਸਮੁ ‘ਪਛਾਣੁ’ (ਤੂੰ ਪਛਾਣ, ਉਚਾਰਨ: ਪਛਾਣ)॥ (ਮ: ੫/੮੬੭)
ਗੁਰਮੁਖਿ (ਵਿਕਾਰਾਂ ਵੱਲੋਂ) ਮਰਹਿ (ਮਰੈਂ); ਸੁ ਹਹਿ (ਹੈਂ) ਪਰਵਾਣੁ ॥ (ਇਸ ਲਈ ਹੇ ਭਾਈ!) ਆਵਣ ਜਾਣਾ (ਨੂੰ, ਰੱਬੀ) ਸਬਦੁ (ਹੁਕਮ ਹੀ) ‘ਪਛਾਣੁ’ (ਤੂੰ ਪਛਾਣ, ਜੋ ਅਜਿਹਾ ਕਰਦਾ, ਉਹ) ॥ ਮਰੈ ਨ ਜੰਮੈ, ਨਾ ਦੁਖੁ ਪਾਏ; ਮਨ ਹੀ ਮਨਹਿ ਸਮਾਇਦਾ (ਸਮਾਇੰਦਾ)॥ (ਮਾਰੂ ਸੋਲਹੇ/ਮ: ੩/੧੦੫੯)
ਵੈਦਾ ! ਵੈਦੁ ਸੁਵੈਦੁ ਤੂ; ਪਹਿਲਾਂ ਰੋਗੁ ‘ਪਛਾਣੁ’ (ਤੂੰ ਪਛਾਣ, ਉਚਾਰਨ : ਪਛਾਣ)॥ ਐਸਾ ਦਾਰੂ ਲੋੜਿ ਲਹੁ (ਲੱਭ ਲਹ); ਜਿਤੁ (ਜਿਸ ਨਾਲ਼), ਵੰਞੈ (ਦੂਰ ਹੋਵੇ) ਰੋਗਾ ਘਾਣਿ (ਰੋਗਾਂ ਘਾਣ, ਬੇਅੰਤ ਰੋਗ)॥ (ਮ: ੨/੧੨੭੯)
(ਅ). ‘ਪਛਾਣੁ’ (ਇੱਕ ਵਚਨ ਨਾਉਂ , 7 ਵਾਰ), ਜਿਸ ਦਾ ਅਰਥ ਹੈ: ‘ਮਦਦਗਾਰ, ਸਾਥੀ, ਸਹਾਰਾ, ਪਛਾਣਨ ਵਾਲ਼ਾ, ਪਛਾਣੂ ਅਤੇ ਉਚਾਰਨ ਹੋਵੇਗਾ ਥੋੜ੍ਹਾ ‘ਪਛਾਣੂ’ ਦੀ ਤਰ੍ਹਾਂ। ਧਿਆਨ ਰਹੇ ਕਿ ਇਨ੍ਹਾਂ ਸਭ ਤੁਕਾਂ ’ਚ ਸੰਬੋਧਨ ਇੱਕ ਵਚਨ ਸ਼ਬਦ ਨਹੀਂ ਹੋਵੇਗਾ; ਜਿਵੇਂ ਕਿ
ਗੁਰਮੁਖਿ; ਜੀਵੈ ਮਰੈ, ਪਰਵਾਣੁ ॥ ਆਰਜਾ ਨ ਛੀਜੈ; (ਜਦ) ਸਬਦੁ ‘ਪਛਾਣੁ’ (ਸਹਾਰਾ ਬਣਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ) ॥ (ਮ: ੩/੧੨੫)
ਆਠ ਪਹਰ ਮਨਿ (ਤੋਂ) ਹਰਿ ਜਪੈ; ਸਫਲੁ ਜਨਮੁ ਪਰਵਾਣੁ ॥ ਅੰਤਰਿ ਬਾਹਰਿ ਸਦਾ ਸੰਗਿ; ਕਰਨੈਹਾਰੁ ‘ਪਛਾਣੁ’ (ਮਦਦਗਾਰ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ) ॥ (ਮ: ੫/੨੯੮)
ਸਾਚੇ ਕਾ ਗਾਹਕੁ; ਵਿਰਲਾ ਕੋ ‘ਜਾਣੁ’ (ਸਮਝੋ, ਜੋ)॥ ਗੁਰ ਕੈ ਸਬਦਿ (ਰਾਹੀਂ); ਆਪੁ (ਆਪਣੇ ਆਪ ਨੂੰ) ‘ਪਛਾਣੁ’ (ਪਛਾਣ ਲੈਂਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ)॥ (ਮ: ੩/੬੬੪)
ਗੁਰਮੁਖਿ; ਖੋਟੇ ਖਰੇ (ਦਾ) ‘ਪਛਾਣੁ’ (ਪਛਾਣੂ, ਸਮਝਣਹਾਰ) ॥ ਗੁਰਮੁਖਿ ਲਾਗੈ; ਸਹਜਿ (’ਚ) ਧਿਆਨੁ ॥ (ਰਾਮਕਲੀ ਗੋਸਟਿ/ਮ: ੧/੯੪੨)
ਹੋਮ ਜਪਾ ਨਹੀ (ਨਹੀਂ) ਜਾਣਿਆ; ਗੁਰਮਤੀ ਸਾਚੁ ‘ਪਛਾਣੁ’ (ਪਛਾਣੂ, ਸਾਥੀ, ਮਦਦਗਾਰ ਬਣਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ)॥ (ਮ: ੧/੯੯੨)
ਦੁਬਿਧਾ ਚੂਕੈ; ਤਾਂ ਸਬਦੁ ‘ਪਛਾਣੁ’ (ਪਛਾਣਨਯੋਗ ਬਣਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ)॥ ਘਰਿ ਬਾਹਰਿ; ਏਕੋ ਕਰਿ (ਕੇ) ‘ਜਾਣੁ’ (ਜਾਣਨਯੋਗ ਹੁੰਦਾ, ਉਚਾਰਨ ਥੋੜ੍ਹਾ ‘ਜਾਣੂ’ ਵੱਲ)॥ (ਮ: ੧/੧੩੪੩)
ਮਨੁ ਮਾਰੇ, ਜੀਵਤ ਮਰਿ ਜਾਣੁ ॥ ਨਾਨਕ ! ਨਦਰੀ ਨਦਰਿ ‘ਪਛਾਣੁ’ (ਪਛਾਣੂ, ਪਰਖ ਕਰਨ ਵਾਲ਼ਾ ਬਣ ਜਾਂਦਾ, ਉਚਾਰਨ ਥੋੜ੍ਹਾ ‘ਪਛਾਣੂ’ ਵੱਲ) ॥ ਮ: ੧/੧੩੪੩)
ਮਾਝ, ਮਹਲਾ ੩ ॥
ਏਕਾ ਜੋਤਿ, ਜੋਤਿ ਹੈ ਸਰੀਰਾ (ਹਰ ਸਰੀਰ ’ਚ, ਪਰ) ॥ ਸਬਦਿ (ਰਾਹੀਂ) ਦਿਖਾਏ, ਸਤਿਗੁਰੁ ਪੂਰਾ ॥ ਆਪੇ ਫਰਕੁ (ਫ਼ਰਕ) ਕੀਤੋਨੁ (ਉਸ ਨੇ ਕੀਤਾ) ਘਟ ਅੰਤਰਿ ; ਆਪੇ ਬਣਤ ਬਣਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਹਰਿ ਸਚੇ (ਸੱਚੇ) ਕੇ ਗੁਣ ਗਾਵਣਿਆ ॥ ਬਾਝੁ ਗੁਰੂ, ਕੋ (ਕੋਈ) ਸਹਜੁ ਨ ਪਾਏ ; ਗੁਰਮੁਖਿ ਸਹਜਿ (’ਚ) ਸਮਾਵਣਿਆ ॥੧॥ ਰਹਾਉ ॥ (ਹੇ ਪ੍ਰਭੂ ! ਗੁਰਮੁਖ ਬਣ) ਤੂੰ ਆਪੇ ਸੋਹਹਿ (ਸੋਹੈਂ) , (ਮਨਮੁਖ ਬਣਾ) ਆਪੇ ਜਗੁ ਮੋਹਹਿ (ਮੋਹੈਂ) ॥ ਤੂੰ ਆਪੇ, ਨਦਰੀ (ਹੇ ਬਖ਼ਸ਼ਿੰਦ)! ਜਗਤੁ (ਨੂੰ) ਪਰੋਵਹਿ (ਪਰੋਵੈਂ)॥ ਤੂੰ ਆਪੇ ਦੁਖੁ ਸੁਖੁ ਦੇਵਹਿ (ਦੇਵੈਂ), ਕਰਤੇ ! (ਪਰ) ਗੁਰਮੁਖਿ (ਨੂੰ) ਹਰਿ ਦੇਖਾਵਣਿਆ ॥੨॥ ਆਪੇ ਕਰਤਾ; ਕਰੇ, ਕਰਾਏ ॥ ਆਪੇ ਸਬਦੁ ਗੁਰ (ਦਾ), ਮੰਨਿ (’ਚ) ਵਸਾਏ ॥ ਸਬਦੇ ਉਪਜੈ, ਅੰਮ੍ਰਿਤ ਬਾਣੀ ; ਗੁਰਮੁਖਿ ਆਖਿ (ਕੇ) ਸੁਣਾਵਣਿਆ ॥੩॥ (ਪਦਾਰਥ ਤੇ ਜੀਵਾਂ ਨੂੰ) ਆਪੇ ਕਰਤਾ (ਕਰਨ ਵਾਲ਼ਾ), ਆਪੇ ਭੁਗਤਾ (ਭੋਗਣਹਾਰ)॥ ਬੰਧਨ ਤੋੜੇ, ਸਦਾ ਹੈ ਮੁਕਤਾ ॥ ਸਦਾ ਮੁਕਤੁ, ਆਪੇ ਹੈ ਸਚਾ (ਸੱਚਾ) ; ਆਪੇ ਅਲਖੁ (ਅਲੱਖ) ਲਖਾਵਣਿਆ (ਵਿਖਾਉਂਦਾ)॥੪॥ ਆਪੇ ਮਾਇਆ, ਆਪੇ ਛਾਇਆ (ਮਾਯਾ ਦਾ ਪ੍ਰਭਾਵ)॥ ਆਪੇ ਮੋਹੁ (ਮੋਹ, ਬਣਾ), ਸਭੁ ਜਗਤੁ ਉਪਾਇਆ ॥ ਆਪੇ ਗੁਣਦਾਤਾ (ਬਣ ਕੇ), ਗੁਣ ਗਾਵੈ ; ਆਪੇ ਆਖਿ (ਕੇ) ਸੁਣਾਵਣਿਆ ॥੫॥ ਆਪੇ ਕਰੇ, ਕਰਾਏ ਆਪੇ ॥ ਆਪੇ ਥਾਪਿ (ਕੇ), ਉਥਾਪੇ (ਭਾਵ ਮਾਰੇ) ਆਪੇ ॥ ਤੁਝ ਤੇ ਬਾਹਰਿ, ਕਛੂ ਨ ਹੋਵੈ ; ਤੂੰ ਆਪੇ ਕਾਰੈ (’ਚ) ਲਾਵਣਿਆ ॥੬॥ ਆਪੇ ਮਾਰੇ, ਆਪਿ ਜੀਵਾਏ ॥ ਆਪੇ (ਗੁਰੂ) ਮੇਲੇ, ਮੇਲਿ (ਕੇ, ਆਪਣੇ ਨਾਲ਼) ਮਿਲਾਏ ॥ ਸੇਵਾ ਤੇ ਸਦਾ ਸੁਖੁ ਪਾਇਆ ; ਗੁਰਮੁਖਿ ਸਹਜਿ (’ਚ) ਸਮਾਵਣਿਆ ॥੭॥ ਆਪੇ ਊਚਾ, ਊਚੋ ਹੋਈ ॥ ਜਿਸੁ (ਨੂੰ) ਆਪਿ ਵਿਖਾਲੇ, ਸੁ ਵੇਖੈ ਕੋਈ ॥ ਨਾਨਕ ! ਨਾਮੁ ਵਸੈ ਘਟ ਅੰਤਰਿ ; ਆਪੇ ਵੇਖਿ (ਕੇ) ਵਿਖਾਲਣਿਆ ॥੮॥੨੬॥੨੭॥
ਮਾਝ, ਮਹਲਾ ੩ ॥
ਮੇਰਾ ਪ੍ਰਭੁ ਭਰਪੂਰਿ, ਰਹਿਆ ਸਭ ਥਾਈ (ਥਾਈਂ) ॥ ਗੁਰ ਪਰਸਾਦੀ, ਘਰ ਹੀ ਮਹਿ ਪਾਈ (ਪਾਈਂ, ਪਾਉਂਦਾ ਹਾਂ) ॥ ਸਦਾ ਸਰੇਵੀ (ਸਰੇਵੀਂ, ਸਿਮਰਦਾ ਹਾਂ), ਇਕ ਮਨਿ ਧਿਆਈ (ਧਿਆਈਂ, ਯਾਦ ਕਰਦਾ ਹਾਂ) ; ਗੁਰਮੁਖਿ ਸਚਿ (’ਚ) ਸਮਾਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ; ਜਗਜੀਵਨੁ ਮੰਨਿ (’ਚ) ਵਸਾਵਣਿਆ ॥ ਹਰਿ ਜਗਜੀਵਨੁ, ਨਿਰਭਉ ਦਾਤਾ ; ਗੁਰਮਤਿ ਸਹਜਿ (’ਚ) ਸਮਾਵਣਿਆ ॥੧॥ ਰਹਾਉ ॥ ਘਰ ਮਹਿ ਧਰਤੀ, ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ, ਸਦਾ ਹੈ ਬਾਲਾ (ਜਵਾਨ, ਨਰੋਆ, ਤਾਜ਼ਾ, ਚਿੰਤਾ ਮੁਕਤ)॥ ਸਦਾ ਅਨੰਦਿ (’ਚ) ਰਹੈ ਸੁਖਦਾਤਾ ; ਗੁਰਮਤਿ ਸਹਜਿ (’ਚ) ਸਮਾਵਣਿਆ ॥੨॥ ਕਾਇਆ (ਕਾਇਆਂ) ਅੰਦਰਿ, ਹਉਮੈ ਮੇਰਾ (ਮੇਰ-ਤੇਰ, ਮਮਤਾ)॥ ਜੰਮਣ ਮਰਣੁ; ਨ ਚੂਕੈ ਫੇਰਾ ॥ ਗੁਰਮੁਖਿ ਹੋਵੈ, ਸੁ ਹਉਮੈ ਮਾਰੇ ; ਸਚੋ ਸਚੁ ਧਿਆਵਣਿਆ ॥੩॥ ਕਾਇਆ (ਕਾਇਆਂ) ਅੰਦਰਿ; ਪਾਪੁ ਪੁੰਨੁ ਦੁਇ ਭਾਈ (ਦੋ ਭਰਾ) ॥ ਦੁਹੀ (ਦੁਹੀਂ) ਮਿਲਿ ਕੈ, ਸਿ੍ਰਸਟਿ (ਸਿ੍ਰਸ਼ਟਿ) ਉਪਾਈ ॥ ਦੋਵੈ (ਦੋਵੈਂ) ਮਾਰਿ (ਕੇ) ਜਾਇ, ਇਕਤੁ ਘਰਿ (’ਚ) ਆਵੈ ; ਗੁਰਮਤਿ ਸਹਜਿ ਸਮਾਵਣਿਆ ॥੪॥ ਘਰ ਹੀ ਮਾਹਿ (ਮਾਹਿਂ); ਦੂਜੈ+ਭਾਇ (ਹੋਰ ਪ੍ਰੇਮ ਕਾਰਨ) ਅਨੇਰਾ (ਅਨ੍ਹੇਰਾ) ॥ ਚਾਨਣੁ ਹੋਵੈ, ਛੋਡੈ ਹਉਮੈ ਮੇਰਾ (ਮੇਰ-ਤੇਰ) ॥ ਪਰਗਟੁ ਸਬਦੁ ਹੈ ਸੁਖਦਾਤਾ ; ਅਨਦਿਨੁ ਨਾਮੁ ਧਿਆਵਣਿਆ ॥੫॥ ਅੰਤਰਿ ਜੋਤਿ, ਪਰਗਟੁ ਪਾਸਾਰਾ ॥ ਗੁਰ ਸਾਖੀ, ਮਿਟਿਆ ਅੰਧਿਆਰਾ ॥ ਕਮਲੁ (ਮਨ) ਬਿਗਾਸਿ (ਕੇ), ਸਦਾ ਸੁਖੁ ਪਾਇਆ ; ਜੋਤੀ ਜੋਤਿ ਮਿਲਾਵਣਿਆ ॥੬॥ ਅੰਦਰਿ ਮਹਲ, ਰਤਨੀ (ਰਤਨੀਂ) ਭਰੇ ਭੰਡਾਰਾ ॥ ਗੁਰਮੁਖਿ ਪਾਏ, ਨਾਮੁ ਅਪਾਰਾ ॥ ਗੁਰਮੁਖਿ ਵਣਜੇ ਸਦਾ ਵਾਪਾਰੀ ; ਲਾਹਾ ਨਾਮੁ, ਸਦ ਪਾਵਣਿਆ ॥੭॥ ਆਪੇ ‘ਵਥੁ’ (ਥੋੜ੍ਹਾ ਔਂਕੜ ‘ਵਥੁ’ ਉਚਾਰਨਾ ਜ਼ਰੂਰੀ) ਰਾਖੈ, ਆਪੇ ਦੇਇ (ਦੇ+ਇ)॥ ਗੁਰਮੁਖਿ ਵਣਜਹਿ (ਵਣਜਹਿਂ) , ਕੇਈ-ਕੇਇ (ਕੇ+ਇ)॥ ਨਾਨਕ ! ਜਿਸੁ ਨਦਰਿ ਕਰੇ, ਸੋ ਪਾਏ ; ਕਰਿ ਕਿਰਪਾ ਮੰਨਿ (’ਚ) ਵਸਾਵਣਿਆ ॥੮॥੨੭॥੨੮॥
(ਨੋਟ : (1). ਉਕਤ ਸ਼ਬਦ ਦੇ ਅੰਤਮ ਬੰਦ ’ਚ ਤੁਕ ‘‘ਆਪੇ ‘ਵਥੁ’ ਰਾਖੈ, ਆਪੇ ਦੇਇ ॥’’ ’ਚ ‘ਵਥੁ’ ਸ਼ਬਦ, ਸੰਸਕ੍ਰਿਤ ਦੇ ‘ਵਸਤੁ, ਵਸਤੂ’ ਤੋਂ ਬਣਿਆ ਹੈ, ਜੋ ਗੁਰਬਾਣੀ ’ਚ 31 ਵਾਰ ‘ਵਥੁ’ ਤੇ ਇੱਕ ਵਾਰ ‘ਵਥੂ’ ਹੈ। ਸੰਸਕ੍ਰਿਤ ਦਾ ‘ਸਤ’ (ਸੰਯੁਕਤ ਅੱਖਰ), ਕਈ ਵਾਰ ਪੰਜਾਬੀ ’ਚ ‘ਥ’ ਬਣ ਜਾਂਦਾ ਹੈ; ਜਿਵੇਂ ਕਿ ‘ਹਸਤੁ (ਹੱਥ), ਹਸਤਿ (ਹਾਥੀ), ਵਸਤੁ (ਵਥੁ), ਵਸਤੂ (ਵਥੂ), ਅਸਤਿ (ਆਥਿ ਭਾਵ ਹੈ), ਸ੍ਤਨ (ਥਣ), ਆਦਿ, ਇਸ ਲਈ ਇਨ੍ਹਾਂ (ਵਥੁ, ਵਸਤੁ) ਦੀ ਅੰਤ ਔਂਕੜ ਮੂਲਕ ਹੈ, ਜੋ ਉਚਾਰਨ ਦਾ ਭਾਗ ਹੈ ਤੇ ਸੰਬੰਧਕੀ ਸ਼ਬਦ ਆਇਆਂ ‘ਵਥੁ’ ਤੋਂ ‘ਵਥੂ’ ਤੇ ‘ਵਸਤੁ’ ਤੋਂ ‘ਵਸਤੂ’ ਵੀ ਬਣ ਜਾਂਦੇ ਹਨ; ਜਿਵੇਂ ਕਿ
ਸਤਿਗੁਰੁ ਦਾਤਾ ਸਭਨਾ ‘ਵਥੂ ਕਾ’; ਪੂਰੈ+ਭਾਗਿ (ਨਾਲ਼) ਮਿਲਾਵਣਿਆ ॥ (ਮ: ੩/੧੧੬)
‘ਵਸਤੂ ਅੰਦਰਿ’ ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥ (ਮ: ੨/੪੭੪), ਆਦਿ।
ਧਿਆਨ ਦੇਣ ਯੋਗ ਹੈ ਕਿ ਅਜਿਹੀ (ਮੂਲਕ, ਤਤਸਮ) ਅੰਤ ਔਂਕੜ, ਸੰਬੰਧਕੀ ਚਿੰਨ੍ਹ ਨਾਲ਼ ਹੋਣ ਉਪਰੰਤ ਵੀ ਆਪਣੀ ਅੰਤ ਔਂਕੜ ਕਾਇਮ ਰੱਖਦੇ ਹਨ; ਜਿਵੇਂ ਕਿ ‘‘ਏਕ ਬਸਤੁ ਕਾਰਨਿ; ਬਿਖੋਟਿ ਗਵਾਵੈ ॥’’ (ਮ: ੫/੨੬੮) ਤੁੱਕ ’ਚ ‘ਬਸਤੁ’ ਉਪਰੰਤ ਸੰਬੰਧਕੀ ‘ਕਾਰਨਿ’ ਹੋਣ ਦੇ ਬਾਵਜੂਦ ਵੀ ‘ਬਸਤੁ’ ਅੰਤ ਮੁਕਤ ਨਹੀਂ ਹੋਇਆ।
(2). ਉਕਤ ਸ਼ਬਦ ਦੇ ਚੌਥੇ ਬੰਦ ’ਚ ਦਰਜ ‘‘ਕਾਇਆ ਅੰਦਰਿ; ਪਾਪੁ ਪੁੰਨੁ ਦੁਇ ਭਾਈ (ਦੋ ਭਰਾ) ॥ ਦੁਹੀ (ਦੁਹੀਂ) ਮਿਲਿ ਕੈ, ਸਿ੍ਰਸਟਿ ਉਪਾਈ ॥ ਦੋਵੈ (ਦੋਵੈਂ) ਮਾਰਿ (ਕੇ) ਜਾਇ, ਇਕਤੁ ਘਰਿ (’ਚ) ਆਵੈ ; ਗੁਰਮਤਿ ਸਹਜਿ ਸਮਾਵਣਿਆ ॥੪॥’’ ਰਾਹੀਂ ਸਪਸ਼ਟ ਹੈ ਕਿ ਗੁਰਮਤਿ ਕਿਸੇ ਪਾਪ-ਪੁੰਨ ਨੂੰ ਨਹੀਂ ਮੰਨਦੀ ਜੋ ਕੇਵਲ ਮਨੁੱਖਾ ਜੂਨੀ ਰਾਹੀਂ ਉਪਜਦਾ ਹੈ, ਇਸ ਲਈ ‘‘ਸਿਮ੍ਰਿਤਿ ਸਾਸਤ੍ਰ, ਪੁੰਨ ਪਾਪ ਬੀਚਾਰਦੇ; ਤਤੈ ਸਾਰ ਨ ਜਾਣੀ ॥’’ (ਰਾਮਕਲੀ ਅਨੰਦ /ਮ: ੩/੯੨੦) ਵਾਕ ਰਾਹੀਂ ਸੰਕੇਤ ਮਿਲਦਾ ਹੈ ਕਿ ਜੀਵ ਹੱਤਿਆ ਉਨ੍ਹਾਂ ਲਈ ਵਰਜਿਤ (ਮਨ੍ਹਾ) ਰਿਹਾ ਹੈ, ਜਿੱਥੋਂ ਇਸ ਪਾਪ-ਪੁੰਨ ਸੋਚ ਨੇ ਜਨਮ ਲਿਆ, ਗੁਰਮਤਿ ਨੇ ਨਹੀਂ।)
ਮਾਝ, ਮਹਲਾ ੩ ॥
(ਗੁਰੂ ਨਾਲ਼) ਹਰਿ ਆਪੇ ਮੇਲੇ (ਮੇਲ਼ੇ), ਸੇਵ ਕਰਾਏ ॥ ਗੁਰ ਕੈ ਸਬਦਿ (ਦੁਆਰਾ); ਭਾਉ ਦੂਜਾ, ਜਾਏ ॥ ਹਰਿ ਨਿਰਮਲੁ, ਸਦਾ ਗੁਣਦਾਤਾ ; ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ, ਸਚੁ ਸਚਾ (ਸੱਚ ਸੱਚਾ) ਹਿਰਦੈ (’ਚ) ਵਸਾਵਣਿਆ ॥ ਸਚਾ (ਸੱਚਾ) ਨਾਮੁ, ਸਦਾ ਹੈ ਨਿਰਮਲੁ ; ਗੁਰ ਸਬਦੀ ਮੰਨਿ (’ਚ) ਵਸਾਵਣਿਆ ॥੧॥ ਰਹਾਉ ॥ (ਰੱਬ ਹੀ) ਆਪੇ ਗੁਰੁ (ਰੂਪ) ਦਾਤਾ, ਕਰਮਿ (ਨਸੀਬ ਅਨੁਸਾਰ) ਬਿਧਾਤਾ (ਪੈਦਾ ਕਰਨ ਵਾਲ਼ਾ)॥ ਸੇਵਕ ਸੇਵਹਿ (ਸੇਵਹਿਂ), ਗੁਰਮੁਖਿ ਹਰਿ ਜਾਤਾ (ਜਾਣਿਆ)॥ ਅੰਮ੍ਰਿਤ ਨਾਮਿ (ਰਾਹੀਂ), ਸਦਾ ਜਨ ਸੋਹਹਿ (ਸੋਹਹਿਂ); ਗੁਰਮਤਿ ਹਰਿ ਰਸੁ ਪਾਵਣਿਆ ॥੨॥ ਇਸੁ ਗੁਫਾ (ਗੁਫ਼ਾ, ਅੰਤਹਿਕਰਣ) ਮਹਿ, ਇਕੁ ਥਾਨੁ ਸੁਹਾਇਆ (ਸੁੰਦਰ ਭਾਵ ਇੱਕ ਸੁੰਦਰ ਸਥਾਨ, ਜਿੱਥੇ ਰੱਬ ਦਾ ਰੂਪ ਆਤਮਾ ਦਾ ਨਿਵਾਸ ਹੈ, ਪਰ ਇਹ ਵਿਖਾਈ ਤਦ ਦਿੱਤਾ ਜਦ)॥ ਪੂਰੈ+ਗੁਰਿ (ਨੇ), ਹਉਮੈ ਭਰਮੁ ਚੁਕਾਇਆ ॥ ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ (ਰਾੱਤੇ, ਭਾਵ ਇਹ ਅਵਸਥਾ); ਗੁਰ ਕਿਰਪਾ ਤੇ ਪਾਵਣਿਆ ॥੩॥ ਗੁਰ ਕੈ ਸਬਦਿ (ਰਾਹੀਂ), ਇਹੁ ਗੁਫਾ (ਇਹ ਗੁਫ਼ਾ) ਵੀਚਾਰੇ (ਜਿਵੇਂ ਵਾਕ ਹੈ : ‘‘ਇਹੁ ਮਨੁ (ਅੰਤਹਿਕਰਣ) ਆਰਸੀ (ਸ਼ੀਸ਼ਾ); ਕੋਈ ਗੁਰਮੁਖਿ ਵੇਖੈ ॥’’ (ਮ: ੩/੧੧੫)॥ ਨਾਮੁ ਨਿਰੰਜਨੁ; (ਉੱਥੇ) ਅੰਤਰਿ ਵਸੈ, ਮੁਰਾਰੇ (ਕ੍ਰਿਸ਼ਨ ਦਾ, ਜੋ)॥ ਹਰਿ ਗੁਣ ਗਾਵੈ, ਸਬਦਿ (ਰਾਹੀਂ) ਸੁਹਾਏ ; ਮਿਲਿ ਪ੍ਰੀਤਮ, ਸੁਖੁ ਪਾਵਣਿਆ ॥੪॥ ਜਮੁ ਜਾਗਾਤੀ, ਦੂਜੈ+ਭਾਇ (ਕਾਰਨ) ਕਰੁ (ਟੈਕਸ) ਲਾਏ ॥ ਨਾਵਹੁ (ਨਾਵੋਂ) ਭੂਲੇ (ਨੂੰ), ਦੇਇ ਸਜਾਏ ॥ ਘੜੀ ਮੁਹਤ ਕਾ ਲੇਖਾ ਲੇਵੈ ; ਰਤੀਅਹੁ (ਰੱਤੀਅਹੁਂ, ਰੱਤੀਓਂ) ਮਾਸਾ ਤੋਲ ਕਢਾਵਣਿਆ ॥੫॥ ਪੇਈਅੜੈ (ਪੇਕੇ ਘਰ, ਸੰਸਾਰ ’ਚ), ਪਿਰੁ ਚੇਤੇ ਨਾਹੀ (ਨਾਹੀਂ)॥ ਦੂਜੈ (ਮੋਹ ਕਾਰਨ) ਮੁਠੀ (ਲੁਟੀ ਗਈ), ਰੋਵੈ ਧਾਹੀ (ਧਾਹੀਂ)॥ ਖਰੀ ਕੁਆਲਿਓ (ਕੁ+ਆਲਿਓ, ਖਰੀ ਭਾਵ ਬਹੁਤ, ‘ਕੁ’ ਭੈੜੇ, ਆਲਿਓ/ਆਲਯ ਭਾਵ ਘਰ ਵਾਲ਼ੀ, ਲੱਛਣਾਂ ਵਾਲ਼ੀ), ਕੁਰੂਪਿ ਕੁਲਖਣੀ (ਕੁ+ਲਖਣੀ) ; ਸੁਪਨੈ (’ਚ ਵੀ), ਪਿਰੁ ਨਹੀ (ਨਹੀਂ) ਪਾਵਣਿਆ ॥੬॥ (ਪਰ, ਜਿਨ੍ਹਾਂ) ਪੇਈਅੜੈ (ਵਿਖੇ), ਪਿਰੁ ਮੰਨਿ (’ਚ) ਵਸਾਇਆ ॥ ਪੂਰੈ+ਗੁਰਿ (ਨੇ), ਹਦੂਰਿ ਦਿਖਾਇਆ ॥ ਕਾਮਣਿ, ਪਿਰੁ ਰਾਖਿਆ ਕੰਠਿ (ਨਾਲ਼) ਲਾਇ (ਲਾ ਕੇ) ; ਸਬਦੇ ਪਿਰੁ ਰਾਵੈ, ਸੇਜ ਸੁਹਾਵਣਿਆ ॥੭॥ ਆਪੇ ਦੇਵੈ, ਸਦਿ (ਸੱਦ ਕੇ) ਬੁਲਾਏ ॥ ਆਪਣਾ ਨਾਉ (ਨਾਉਂ), ਮੰਨਿ (’ਚ) ਵਸਾਏ ॥ ਨਾਨਕ ! ਨਾਮੁ ਮਿਲੈ ਵਡਿਆਈ ; ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥
ਮਾਝ, ਮਹਲਾ ੩ ॥
ਊਤਮ ਜਨਮੁ; ਸੁਥਾਨਿ (ਸੁ+ਥਾਨ ਭਾਵ ਸੰਗਤ ’ਚ) ਹੈ ਵਾਸਾ ॥ ਸਤਿਗੁਰੁ ਸੇਵਹਿ (ਸੇਵਹਿਂ), ਘਰ ਮਾਹਿ (ਮਾਹਿਂ) ਉਦਾਸਾ ॥ ਹਰਿ ਰੰਗਿ (’ਚ) ਰਹਹਿ (ਰਹਹਿਂ), ਸਦਾ ਰੰਗਿ ਰਾਤੇ (ਰਾੱਤੇ); ਹਰਿ ਰਸਿ (ਨਾਲ਼) ਮਨੁ ਤ੍ਰਿਪਤਾਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ ; ਪੜਿ (ਪੜ੍ਹ +), ਬੁਝਿ (ਕੇ), ਮੰਨਿ (’ਚ) ਵਸਾਵਣਿਆ ॥ ਗੁਰਮੁਖਿ ਪੜਹਿ (ਪੜਹਿਂ), ਹਰਿ ਨਾਮੁ ਸਲਾਹਹਿ (ਸਲਾਹਹਿਂ); ਦਰਿ+ਸਚੈ (’ਤੇ) ਸੋਭਾ (ਸ਼ੋਭਾ) ਪਾਵਣਿਆ ॥੧॥ ਰਹਾਉ ॥ ਅਲਖ (ਅਲੱਖ) ਅਭੇਉ, ਹਰਿ ਰਹਿਆ ਸਮਾਏ ॥ ਉਪਾਇ ਨ ਕਿਤੀ (ਭਾਵ ਕਿਸੇ ਉਪਾਅ ਨ), ਪਾਇਆ ਜਾਏ ॥ ਕਿਰਪਾ ਕਰੇ, ਤਾ (ਤਾਂ) ਸਤਿਗੁਰੁ ਭੇਟੈ ; ਨਦਰੀ ਮੇਲਿ (ਮੇਲ਼) ਮਿਲਾਵਣਿਆ ॥੨॥ ਦੂਜੈ+ਭਾਇ (’ਚ) ਪੜੈ (ਪੜ੍ਹੈ), ਨਹੀ (ਨਹੀਂ) ਬੂਝੈ ॥ ਤ੍ਰਿਬਿਧਿ (ਰਜੋ/ਤਮੋ/ਸਤੋ) ਮਾਇਆ ਕਾਰਣਿ, ਲੂਝੈ ॥ ਤ੍ਰਿਬਿਧਿ ਬੰਧਨ, ਤੂਟਹਿ (ਤੂਟਹਿਂ) ਗੁਰ ਸਬਦੀ ; ਗੁਰ ਸਬਦੀ, ਮੁਕਤਿ ਕਰਾਵਣਿਆ ॥੩॥ ਇਹੁ (ਇਹ) ਮਨੁ ਚੰਚਲੁ, ਵਸਿ (’ਚ) ਨ ਆਵੈ ॥ ਦੁਬਿਧਾ ਲਾਗੈ, ਦਹ ਦਿਸਿ (ਪੂਰਬ/ਪੱਛਮ/ਉੱਤਰ/ਦੱਖਣ + ਚਾਰੇ ਇਨ੍ਹਾਂ ਵਿਚਕਾਰਲੇ ਕੋਨੇ + ਉੱਪਰ/ਹੇਠਾਂ=10 ਦਿਸਾਂ ਵੱਲ) ਧਾਵੈ ॥ ਬਿਖੁ ਕਾ ਕੀੜਾ, ਬਿਖੁ ਮਹਿ ਰਾਤਾ (ਰਾੱਤਾ); ਬਿਖੁ ਹੀ ਮਾਹਿ (ਮਾਹਿਂ) ਪਚਾਵਣਿਆ ॥੪॥ ਹਉ ਹਉ (ਹਉਂ ਹਉਂ) ਕਰੇ ਤੈ (ਭਾਵ ਅਤੇ) ਆਪੁ ਜਣਾਏ (ਆਪਣੇ ਆਪ ਨੂੰ ਵੱਡਾ ਸਮਝਦਾ)॥ ਬਹੁ ਕਰਮ ਕਰੈ ; ਕਿਛੁ ਥਾਇ (ਥਾਂਇ) ਨ ਪਾਏ ॥ ਤੁਝ ਤੇ ਬਾਹਰਿ, ਕਿਛੂ ਨ ਹੋਵੈ ; ਬਖਸੇ (ਬਖ਼ਸ਼ੇ) ਸਬਦਿ (ਰਾਹੀਂ) ਸੁਹਾਵਣਿਆ ॥੫॥ ਉਪਜੈ (ਭਾਵ ਜਨਮੈ), ਪਚੈ; (ਜਦੋਂ) ਹਰਿ ਬੂਝੈ ਨਾਹੀ (ਨਾਹੀਂ)॥ ਅਨਦਿਨੁ, ਦੂਜੈ+ਭਾਇ (’ਚ) ਫਿਰਾਹੀ (ਫਿਰਾਹੀਂ, ਫਿਰਦੇ) ॥ ਮਨਮੁਖ (ਦਾ) ਜਨਮੁ ਗਇਆ ਹੈ ਬਿਰਥਾ ; ਅੰਤਿ ਗਇਆ (ਗਇਆਂ) ਪਛੁਤਾਵਣਿਆ ॥੬॥ ਪਿਰੁ ਪਰਦੇਸਿ (’ਚ), ਸਿਗਾਰੁ (ਸ਼ਿੰਗਾਰ) ਬਣਾਏ ॥ ਮਨਮੁਖ ਅੰਧੁ, ਐਸੇ ਕਰਮ ਕਮਾਏ ॥ ਹਲਤਿ (ਭਾਵ ਜਗਤ ’ਚ) ਨ ਸੋਭਾ (ਸ਼ੋਭਾ), ਪਲਤਿ (ਪ੍ਰਲੋਕ ’ਚ) ਨ ਢੋਈ ; ਬਿਰਥਾ ਜਨਮੁ ਗਵਾਵਣਿਆ ॥੭॥ ਹਰਿ ਕਾ ਨਾਮੁ, ਕਿਨੈ+ਵਿਰਲੈ (ਨੇ) ਜਾਤਾ (ਜਾਣਿਆ)॥ ਪੂਰੇ ਗੁਰ ਕੈ ਸਬਦਿ (ਰਾਹੀਂ), ਪਛਾਤਾ ॥ ਅਨਦਿਨੁ ਭਗਤਿ ਕਰੇ ਦਿਨੁ ਰਾਤੀ ; ਸਹਜੇ ਹੀ ਸੁਖੁ ਪਾਵਣਿਆ ॥੮॥ ਸਭ ਮਹਿ ਵਰਤੈ, ਏਕੋ ਸੋਈ ॥ ਗੁਰਮੁਖਿ (ਗੁਰੂ ਦੁਆਰਾ), ਵਿਰਲਾ ਬੂਝੈ ਕੋਈ ॥ ਨਾਨਕ ! ਨਾਮਿ (’ਚ) ਰਤੇ (ਰੱਤੇ) ਜਨ ਸੋਹਹਿ (ਸੋਹਹਿਂ) ; ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥
ਮਾਝ, ਮਹਲਾ ੩ ॥
ਮਨਮੁਖ ਪੜਹਿ (ਪੜਹਿਂ, ਅਤੇ), ਪੰਡਿਤ ਕਹਾਵਹਿ (ਕਹਾਵਹਿਂ)॥ ਦੂਜੈ+ਭਾਇ (’ਚ), ਮਹਾ (ਮਹਾਂ) ਦੁਖੁ ਪਾਵਹਿ (ਪਾਵਹਿਂ) ॥ ਬਿਖਿਆ ਮਾਤੇ (ਮਾੱਤੇ, ਮਸਤ), ਕਿਛੁ ਸੂਝੈ ਨਾਹੀ (ਨਾਹੀਂ) ; ਫਿਰਿ-ਫਿਰਿ ਜੂਨੀ ਆਵਣਿਆ ॥੧॥ ਹਉ (ਹਉਂ) ਵਾਰੀ, ਜੀਉ ਵਾਰੀ ; ਹਉਮੈ ਮਾਰਿ (ਕੇ) ਮਿਲਾਵਣਿਆ ॥ ਗੁਰ ਸੇਵਾ ਤੇ, ਹਰਿ ਮਨਿ (’ਚ) ਵਸਿਆ ; ਹਰਿ ਰਸੁ ਸਹਜਿ (ਰਾਹੀਂ) ਪੀਆਵਣਿਆ ॥੧॥ ਰਹਾਉ ॥ ਵੇਦੁ ਪੜਹਿ (ਪੜਹਿਂ), ਹਰਿ ਰਸੁ ਨਹੀ (ਨਹੀਂ) ਆਇਆ ॥ ਵਾਦੁ ਵਖਾਣਹਿ (ਵਖਾਣਹਿਂ, ਕਿਉਂਕਿ), ਮੋਹੇ ਮਾਇਆ ॥ ਅਗਿਆਨਮਤੀ ਸਦਾ ਅੰਧਿਆਰਾ ; ਗੁਰਮੁਖਿ ਬੂਝਿ (ਕੇ) ਹਰਿ ਗਾਵਣਿਆ ॥੨॥(ਜਦੋਂ) ਅਕਥੋ (ਅਕੱਥੋ, ਨੂੰ) ਕਥੀਐ, (ਤਦੋਂ ਹੀ) ਸਬਦਿ (ਰਾਹੀਂ) ਸੁਹਾਵੈ (ਸ਼ੋਭਦਾ)॥ ਗੁਰਮਤੀ, ਮਨਿ (’ਚ) ਸਚੋ ਭਾਵੈ ॥ ਸਚੋ ਸਚੁ ਰਵਹਿ (ਸੱਚੋ ਸੱਚ ਰਵਹਿਂ), ਦਿਨੁ ਰਾਤੀ ; ਇਹੁ (ਇਹ) ਮਨੁ ਸਚਿ (’ਚ) ਰੰਗਾਵਣਿਆ ॥੩॥ ਜੋ ਸਚਿ ਰਤੇ (ਰੱਤੇ), ਤਿਨ (ਤਿਨ੍ਹ) ਸਚੋ ਭਾਵੈ ॥ ਆਪੇ ਦੇਇ (ਦੇ ਕੇ) ਨ ਪਛੋਤਾਵੈ ॥ ਗੁਰ ਕੈ ਸਬਦਿ (ਨਾਲ਼), ਸਦਾ ਸਚੁ ਜਾਤਾ (ਜਾਣਿਆ); ਮਿਲਿ (ਕੇ) ਸਚੇ (ਸੱਚੇ), ਸੁਖੁ ਪਾਵਣਿਆ ॥੪॥ ਕੂੜੁ ਕੁਸਤੁ (ਕੁ+ਸੱਤ), ਤਿਨਾ ਮੈਲੁ (ਤਿਨ੍ਹਾਂ ਮੈਲ਼) ਨ ਲਾਗੈ ॥ ਗੁਰ ਪਰਸਾਦੀ, ਅਨਦਿਨੁ ਜਾਗੈ ॥ ਨਿਰਮਲ ਨਾਮੁ, ਵਸੈ ਘਟ ਭੀਤਰਿ ; ਜੋਤੀ ਜੋਤਿ ਮਿਲਾਵਣਿਆ ॥ ੫॥ ਤ੍ਰੈ ਗੁਣ (ਰਜੋ/ਤਮੋ/ਸਤੋ ਬਾਰੇ) ਪੜਹਿ (ਪੜਹਿਂ), ਹਰਿ ਤਤੁ (ਥੋੜ੍ਹਾ ‘ਤੱਤੁਅ’ ਵਾਙ ਕਿਉਂਕਿ ਇਹ ਸ਼ਬਦ ‘ਤਤ੍ਵ’ ਹੈ) ਨ ਜਾਣਹਿ (ਜਾਣਹਿਂ) ॥ ਮੂਲਹੁ ਭੁਲੇ (ਮੂਲੋਂ ਭੁੱਲੇ), ਗੁਰ ਸਬਦੁ ਨ ਪਛਾਣਹਿ (ਪਛਾਣਹਿਂ) ॥ ਮੋਹਿ (ਮੋਹ ’ਚ) ਬਿਆਪੇ, ਕਿਛੁ ਸੂਝੈ ਨਾਹੀ (ਨਾਹੀਂ) ; ਗੁਰ ਸਬਦੀ, ਹਰਿ ਪਾਵਣਿਆ ॥੬॥ ਵੇਦੁ ਪੁਕਾਰੈ, ਤ੍ਰਿਬਿਧਿ ਮਾਇਆ ॥ ਮਨਮੁਖ ਨ ਬੂਝਹਿ (ਬੁਝਹਿਂ), ਦੂਜੈ+ਭਾਇਆ (ਦੂਜੈ+ਭਾਇ+ਆ, ਕਾਰਨ) ॥ ਤ੍ਰੈ ਗੁਣ ਪੜਹਿ (ਪੜਹਿਂ, ਪਰ), ਹਰਿ ਏਕੁ ਨ ਜਾਣਹਿ (ਜਾਣਹਿਂ); ਬਿਨੁ ਬੂਝੇ, ਦੁਖੁ ਪਾਵਣਿਆ ॥੭॥ (ਪਰ ਜੀਵ ਦੇ ਕੀ ਵੱਸ ?) ਜਾ (ਜਾਂ, ਜਦੋਂ) ਤਿਸੁ ਭਾਵੈ, ਤਾ (ਤਾਂ) ਆਪਿ ਮਿਲਾਏ ॥ ਗੁਰ ਸਬਦੀ, ਸਹਸਾ ਦੂਖੁ ਚੁਕਾਏ ॥ ਨਾਨਕ ! ਨਾਵੈ ਕੀ ਸਚੀ (ਸੱਚੀ) ਵਡਿਆਈ ; ਨਾਮੋ (ਰਾਹੀਂ ਹੀ), ਮੰਨਿ (’ਚ) ਸੁਖੁ ਪਾਵਣਿਆ ॥੮॥੩੦॥੩੧॥
ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ..॥
ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ..॥
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)
105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436
ੴ ਸਤਿਗੁਰ ਪ੍ਰਸਾਦਿ॥
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਚੌਕੀ ਉੱਤੇ ਬਿਠਾ ਕੇ ਭਰੀ ਸੰਗਤ ਦੇ ਸਾਹਮਣੇ ਆਪ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਨੇ ਮੱਥਾ ਟੇਕਿਆ ਤਾਂ ਆਪ ਵੈਰਾਗ ਵਿੱਚ ਆ ਗਏ ਅਤੇ ਆਪਣੇ ਬਚਪਨ ਦੇ ਜੀਵਨ ਨੂੰ ਅੱਖਾਂ ਅੱਗੇ ਲਿਆ ਕੇ ਜੋ ਸ਼ਬਦ ਉਚਾਰੇ, ਉਸ ਮਨੋ ਭਾਵਨਾ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕੀਤਾ ਹੈ : ‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ, ਸਤਿਗੁਰ ਸੰਗਿ, ਕੀਰੇ ਹਮ ਥਾਪੇ ॥’’ (ਮ: ੪/੧੬੭)
ਬਚਪਨ ਦਾ ਇਹ ਜੀਵਨ ਕੀ ਸੀ ? ਵੈਰਾਗ ਵਿੱਚ ਆ ਕੇ ਭਰੀ ਸੰਗਤ ਵਿੱਚ ਆਪ ਨੇ ਗੁਰੂ ਅਮਰਦਾਸ ਜੀ ਨੂੰ ਮੁਖਾਤਿਬ ਹੋ ਕੇ ਕਿਹਾ – ਸੱਚੇ ਪਾਤਸ਼ਾਹ ! ਤੁਸੀਂ ਆਪ ਹੀ ਜਾਣਦੇ ਹੋ ਕਿ ਜਦੋਂ ਮੈਂ ਯਤੀਮ ਲਹੌਰ ਦੀਆਂ ਗਲੀਆਂ ਵਿੱਚੋਂ ਬੇਸਹਾਰਾ ਹੋ ਕੇ ਨਿਕਲਿਆ ਸੀ ਤਾਂ ਮੇਰਾ ਕੀ ਹਾਲ ਸੀ ! ਮੈਂ ਕੱਖਾਂ ਵਾਂਗ ਰੁਲਦਾ ਫਿਰਦਾ ਸੀ। ਕੋਈ ਸਾਕ ਸਬੰਧੀ ਮੇਰੀ ਬਾਂਹ ਫੜਨ ਵਾਲਾ ਨਹੀਂ ਸੀ। ਨਾਨੀ ਨੇ ਮੈਨੂੰ ਗਲ ਨਾਲ ਲਾਇਆ, ਪਰ ਉਹ ਵੀ ਵਿਚਾਰੀ ਗਰੀਬਣੀ ਹੀ ਸੀ। ਮੈਂ ਪਾਤਸ਼ਾਹ ! ਇਕ ਨਿੱਕੇ ਜਿਹੇ ਕੀੜੇ ਦੀ ਨਿਆਈਂ ਸੀ ਜਿਸ ਦੀ ਕੋਈ ਪਾਂਇਆਂ ਨਹੀਂ ਹੁੰਦੀ। ਤੁਸੀਂ ਮੇਰੇ ’ਤੇ ਮਿਹਰ ਭਰਿਆ ਹੱਥ ਰੱਖਿਆ। ਮੇਰੀ ਯਤੀਮ ਦੀ ਬਾਂਹ ਫੜੀ ਅਤੇ ਮੈਨੂੰ ਮਿੱਟੀ ਵਿੱਚ ਰੁਲਦੇ ਨੂੰ ਤੁਸੀਂ ਅੱਜ ਅਰਸ਼ਾਂ ’ਤੇ ਪਹੁੰਚਾ ਦਿੱਤਾ ਹੈ।
ਬਚਪਨ ਦਾ ਇਹ ਜੀਵਨ ਕਿਵੇਂ ਦਾ ਸੀ ? ਆਉ, ਇਸ ਪਿਛੋਕੜ ’ਤੇ ਝਾਤ ਮਾਰੀਏ। ਗੁਰੂ ਰਾਮ ਦਾਸ ਜੀ ਦਾ ਜਨਮ 24 ਸਤੰਬਰ ਸੰਨ 1534 ਨੂੰ ਪਿਤਾ ਸ੍ਰੀ ਹਰਿਦਾਸ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਲਹੌਰ ਸ਼ਹਿਰ ਦੇ ਚੂਣਾ ਮੰਡੀ ਇਲਾਕੇ ਵਿੱਚ ਹੋਇਆ, ਪਹਿਲਾ ਬੱਚਾ ਹੋਣ ਕਰ ਕੇ ਸਭ ਜੇਠਾ ਕਰ ਕੇ ਬਲਾਉਣ ਲੱਗੇ। ਆਪ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਾਹਿਬ ਵੀ ਸਰੀਰਕ ਤੌਰ ’ਤੇ ਮੌਜੂਦ ਸਨ। ਗੁਰੂ ਨਾਨਕ ਦੇਵ ਜੀ ਦੀ ਉਮਰ ਉਸ ਵਕਤ 65 ਸਾਲ ਦੀ ਸੀ। ਗੁਰੂ ਅੰਗਦ ਦੇਵ ਜੀ ਦੀ 30 ਸਾਲ ਅਤੇ ਗੁਰੂ ਅਮਰਦਾਸ ਜੀ ਦੀ 55 ਸਾਲ ਸੀ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ ਨੂੰ ਦੋ ਕੁ ਸਾਲ ਹੋ ਚੁੱਕੇ ਸਨ।
ਬਚਪਨ ਤੋਂ ਹੀ ਆਪ ਦਾ ਸੁਭਾਅ ਭਗਤੀ ਭਾਵ ਵਾਲਾ ਸੀ। ਮਾਤਾ ਪਿਤਾ ਧਾਰਮਿਕ ਰੁਚੀ ਵਾਲੇ ਹੋਣ ਕਰ ਕੇ ਆਪ ਦਾ ਮਨ ਬਚਪਨ ਤੋਂ ਹੀ ਪ੍ਰਭੂ ਪਿਆਰ ਵਾਲਾ ਸੀ। ਪੰਜ ਸਾਲ ਦੀ ਉਮਰ ਵਿੱਚ ਆਪ ਦੇ ਮਾਤਾ ਜੀ ਚੜ੍ਹਾਈ ਕਰ ਗਏ। ਇਹ ਇੱਕ ਅਸਹਿ ਸੱਟ ਸੀ। ਅਜੇ ਇਸ ਦੁੱਖ ਨੂੰ ਭੁੱਲੇ ਹੀ ਨਹੀਂ ਸਨ ਕਿ ਦੋ ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰੋਂ ਚਲਾ ਗਿਆ। ਸੰਸਾਰਕ ਤੌਰ ’ਤੇ ਇਹ ਇੱਕ ਬਹੁਤ ਵੱਡਾ ਦੁਖਾਂਤ ਸੀ। ਛੋਟੇ ਭਰਾ ਤੇ ਭੈਣ ਦੀ ਸੰਭਾਲ ਵੀ ਆਪ ਦੇ ਸਿਰ ਆ ਪਈ।
ਆਪ ਜੀ ਦੇ ਨਾਨਕੇ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਦੇ ਸਨ। ਨਾਨੀ, ਤਿੰਨਾਂ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਚਲੀ ਗਈ। ਆਪਣਾ ਘਰ ਛੱਡਣ ਸਮੇਂ ਜੋ ਉਹਨਾਂ ਦੇ ਮਨ ’ਤੇ ਗੁਜ਼ਰੀ ਹੋਵੇਗੀ ਉਸ ਮਾਨਸਿਕ ਦਰਦ ਦਾ ਅੰਦਾਜ਼ਾ ਉਹ ਹੀ ਲਾ ਸਕਦੇ ਹਨ। ਅਸਲ ਵਿੱਚ ਦਰਦ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ। ਇਹ ਜਿਸ ਨੂੰ ਹੁੰਦਾ ਹੈ ਕੇਵਲ ਉਹ ਹੀ ਮਹਿਸੂਸ ਕਰ ਸਕਦਾ ਹੈ। ਜਿਸ ਘਰ ਵਿੱਚ ਜੰਮੇ ਪਲੇ, ਜਿਹਨਾਂ ਗਲੀਆਂ ਵਿੱਚ ਸੱਤ ਸਾਲ ਖੇਡਦੇ ਰਹੇ, ਅੱਜ ਉਨ੍ਹਾਂ ਨੂੰ ਸਦਾ ਲਈ ਛੱਡ ਕੇ ਜਾ ਰਹੇ ਹਨ। ਬਚਪਨ ਦੇ ਸਾਥੀਆਂ ਦਾ ਪਿਆਰ ਟੁੱਟ ਰਿਹਾ ਸੀ। ਅਜਿਹੇ ਵਾਤਾਵਰਣ ਦਾ ਨਕਸ਼ਾ ਆਪ ਦੇ ਬਾਲ-ਮਨ ’ਤੇ ਡੂੰਘੇ ਰੂਪ ਵਿੱਚ ਉਕਰਿਆ ਗਿਆ।
ਨਾਨੀ ਜਦੋਂ ਤਿੰਨਾਂ ਬੱਚਿਆਂ ਨੂੰ ਲੈ ਕੇ ਬਾਸਰਕੇ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਖਬਰ ਫੈਲ ਗਈ। ਸਾਰੇ ਭਾਈਚਾਰੇ ਦੇ ਲੋਕ ਨਾਨੀ ਤੇ ਬੱਚਿਆਂ ਨੂੰ ਧੀਰਜ ਦੇਣ ਲਈ ਪਹੁੰਚੇ। ਉਥੋਂ ਦੇ ਨਿਵਾਸੀ ਬਾਬਾ ਅਮਰਦਾਸ ਜੀ ਵੀ ਹਮਦਰਦੀ ਪ੍ਰਗਟ ਕਰਨ ਲਈ ਪਹੁੰਚੇ। ਉਹਨਾਂ ਦਾ ਇਸ ਸਮੇਂ ਤੱਕ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋ ਚੁੱਕਾ ਸੀ। ਉਹਨਾਂ ਦੇ ਕੋਮਲ ਹਿਰਦੇ ਵਿੱਚ ਜੇਠਾ ਜੀ ਲਈ ਖਾਸ ਖਿੱਚ ਪਈ ਅਤੇ ਉਹ ਇਸ ਬਾਲਕ ਦਾ ਧਿਆਨ ਰੱਖਣ ਲੱਗ ਪਏ। ਦੋਹਾਂ ਦੀ ਆਪਸ ਵਿੱਚ ਨੇੜਤਾ ਵਧਦੀ ਗਈ। ਬਾਬਾ ਅਮਰਦਾਸ ਜੀ ਦੀ ਉਮਰ ਇਸ ਵੇਲੇ 62 ਸਾਲ ਦੀ ਹੋ ਚੁੱਕੀ ਸੀ।
ਜੇਠਾ ਜੀ ਦੀ ਨਾਨੀ ਦੀ ਆਰਥਿਕ ਹਾਲਤ ਵੀ ਕੋਈ ਚੰਗੀ ਨਹੀਂ ਸੀ ਤੇ ਉਪਰੋਂ ਤਿੰਨ ਬੱਚਿਆਂ ਦੀ ਜੁੰਮੇਵਾਰੀ ਵੀ ਉਸ ’ਤੇ ਆ ਪਈ। ਇਸ ਲਈ ਛੋਟੀ ਉਮਰ ਵਿੱਚ ਹੀ ਜੇਠਾ ਜੀ ਨੇ ਘੁੰਗਣੀਆਂ (ਛੋਲੇ, ਕਣਕ ਆਦਿ ਦੇ ਉਬਲ਼ੇ ਦਾਣੇ, ਬੱਕਲ਼ੀਆਂ) ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਕਿ ਪਰਿਵਾਰ ਦਾ ਗੁਜਾਰਾ ਹੋ ਸਕੇ। ਬਾਸਰਕੇ ਵਿੱਚ ਪੰਜ ਸਾਲ ਰਹਿ ਕੇ ਆਪ ਇਹੀ ਕਿਰਤ ਕਰਦੇ ਰਹੇ।
ਭਾਵੇਂ ਬਾਬਾ ਅਮਰਦਾਸ ਜੀ ਬਹੁਤ ਸਮਾਂ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਖਡੂਰ ਸਾਹਿਬ ਰਹਿੰਦੇ ਸਨ ਪਰ ਜਦੋਂ ਵੀ ਬਾਸਰਕੇ ਆਉਂਦੇ ਤਾਂ ਜੇਠਾ ਜੀ ਨੂੰ ਜ਼ਰੂਰ ਮਿਲਦੇ। ਇਸ ਤਰ੍ਹਾਂ ਦੋਹਾਂ ਵਿੱਚ ਨੇੜਤਾ ਵਧਦੀ ਗਈ। ਜੇਠਾ ਜੀ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਪਿਆਰ ਪੈਦਾ ਹੋਣਾ ਸ਼ੁਰੂ ਹੋ ਗਿਆ ਤੇ ਆਪ ਗੁਰਮਤਿ ਦੇ ਧਾਰਨੀ ਹੁੰਦੇ ਗਏ।
ਸੰਨ 1546 ਵਿੱਚ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੁਰੂ ਅਮਰਦਾਸ ਜੀ ਨੇ ਨਵਾਂ ਨਗਰ ਗੋਇੰਦਵਾਲ ਵਸਾਉਣਾ ਸ਼ੁਰੂ ਕੀਤਾ ਤਾਂ ਗੁਰੂ ਅਮਰਦਾਸ ਜੀ ਆਪਣੇ ਕਈ ਸਾਕ ਸਬੰਧੀਆਂ ਨੂੰ ਵੀ ਗੋਇੰਦਵਾਲ ਲੈ ਆਏ। ਨਾਲ ਹੀ ਉਹ ਭਾਈ ਜੇਠਾ ਜੀ ਨੂੰ ਵੀ ਇੱਥੇ ਲੈ ਆਏ। ਸੰਨ 1552 ਨੂੰ ਗੁਰੂ ਅੰਗਦ ਦੇਵ ਜੀ ਗੁਰਿਆਈ ਦੀ ਜੁੰਮੇਵਾਰੀ ਗੁਰੂ ਅਮਰਦਾਸ ਜੀ ਦੇ ਸਪੁਰਦ ਕਰ ਕੇ ਜੋਤੀ ਜੋਤ ਸਮਾ ਗਏ। ਸੰਨ 1553 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਜੇਠਾ ਜੀ ਨਾਲ ਕਰ ਦਿੱਤਾ।
ਗੁਰੂ ਅਮਰਦਾਸ ਜੀ ਨੇ ਸਿੱਖ ਪ੍ਰਚਾਰ ਦਾ ਕੇਂਦਰ ਗੋਇੰਦਵਾਲ ਬਣਾ ਦਿੱਤਾ। ਜੇਠਾ ਜੀ ਹਰ ਵੇਲੇ ਗੁਰੂ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ। ਬਾਣੀ ਪੜ੍ਹਦੇ ਅਤੇ ਸਮਝਦੇ ਅਤੇ ਧਰਮ ਦੀ ਕਿਰਤ ਕਰਦੇ। ਉਚ ਜਾਤੀਏ ਬ੍ਰਾਹਮਣਾਂ ਦਾ ਹੰਕਾਰ ਤੋੜਨ ਲਈ ਅਤੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਆਪ ਨੇ ਗੋਇੰਦਵਾਲ ਵਿਖੇ ਬਉਲੀ ਦੀ ਉਸਾਰੀ ਦਾ ਕਾਰਜ ਅਰੰਭ ਕਰ ਦਿੱਤਾ। ਇਸ ਬਉਲੀ ਦੀ ਨਿਗਰਾਨੀ ਦਾ ਸਾਰਾ ਕੰਮ ਆਪ ਜੀ ਨੇ ਜੇਠਾ ਜੀ ਨੂੰ ਸੌਂਪਿਆ। ਆਪ ਕੇਵਲ ਨਿਗਰਾਨੀ ਹੀ ਨਹੀਂ ਸਨ ਕਰਦੇ ਸਗੋਂ ਸਿਰ ’ਤੇ ਮਿੱਟੀ ਦੀ ਟੋਕਰੀ ਚੁੱਕ ਕੇ ਸੇਵਾ ਵੀ ਕਰਦੇ ਸਨ। ਇਹਨਾਂ ਦਿਨਾਂ ਵਿੱਚ ਹੀ ਆਪ ਦੀ ਬਰਾਦਰੀ ਦੇ ਕੁੱਝ ਬੰਦੇ ਲਾਹੌਰ ਤੋਂ ਹਰਿਦੁਆਰ ਜਾਂਦਿਆਂ ਗੋਇੰਦਵਾਲ ਰੁਕੇ ਤੇ ਜੇਠਾ ਜੀ ਨੂੰ ਟੋਕਰੀ ਢੋਂਦਿਆਂ ਵੇਖ ਕੇ ਬੜੇ ਹੈਰਾਨ ਹੋਏ ਤੇ ਮਿਹਣਾ ਮਾਰਿਆ ਕਿ ਜੇ ਟੋਕਰੀ ਹੀ ਢੋਣੀ ਸੀ ਤਾਂ ਇਹ ਕੰਮ ਲਹੌਰ ਹੀ ਕਰ ਲੈਣਾ ਸੀ ਤੇ ਇਹ ਵੀ ਕਹਿ ਦਿੱਤਾ ਕਿ ਕਦੇ ਕਿਸੇ ਨੇ ਸਹੁਰੇ ਘਰ ਜਾ ਕੇ ਵੀ ਟੋਕਰੀ ਚੁੱਕੀ ਹੈ। ਫਿਰ ਕ੍ਰੋਧ ਵਿੱਚ ਆ ਕੇ ਗੁਰੂ ਅਮਰਦਾਸ ਜੀ ਨੂੰ ਗਿਲਾ ਕੀਤਾ ਤੇ ਗੁਰੂ ਦਾ ਸਤਿਕਾਰ ਕਰਨਾ ਵੀ ਭੁੱਲ ਗਏ। ਸਰੀਕਾਂ ਦੇ ਇਸ ਵਤੀਰੇ ਤੋਂ (ਗੁਰੂ) ਰਾਮ ਦਾਸ ਜੀ ਦਾ ਕੋਮਲ ਹਿਰਦਾ ਤੜਪ ਉੱਠਿਆ। ਆਪ, ਗੁਰੂ ਅਮਰਦਾਸ ਜੀ ਦੇ ਚਰਨਾਂ ’ਤੇ ਢਹਿ ਪਏ ਤੇ ਆਖਣ ਲੱਗੇ ਸੱਚੇ ਪਾਤਸ਼ਾਹ ! ਇਹ ਅਣਜਾਣ ਹਨ। ਇਹ ਸੇਵਾ ਦੀ ਦਾਤ ਬਾਰੇ ਨਹੀਂ ਜਾਣਦੇ। ਤੁਸੀਂ ਇਹਨਾਂ ਦੀਆਂ ਗ਼ਲਤੀਆਂ ਤੇ ਵਧੀਕੀਆਂ ਨੂੰ ਨਾ ਚਿਤਾਰਨਾ । ਇਹਨਾਂ ਉੱਤੇ ਵੀ ਤੁਸੀਂ ਆਪਣਾ ਮਿਹਰ ਭਰਿਆ ਹੱਥ ਰੱਖਣਾ। ਇਹ ਘਟਨਾ ਇਹ ਸਾਬਤ ਕਰਦੀ ਹੈ ਕਿ ਜੇਠਾ ਜੀ ਦੇ ਮਨ ਵਿੱਚ ਸਤਿਗੁਰੂ ਪ੍ਰਤੀ ਕਿੰਨੀ ਸ਼ਰਧਾ, ਪਿਆਰ ਤੇ ਸਤਿਕਾਰ ਸੀ।
ਏਨੀ ਨਿਮਰਤਾ, ਆਪਾ ਤਿਆਗ, ਹਲੀਮੀ ਤੇ ਨਿਸ਼ਕਾਮ ਸੇਵਾ ਦੇ ਗੁਣਾ ਕਰ ਕੇ ਗੁਰੂ ਅਮਰਦਾਸ ਜੀ ਦੇ ਮਨ ਨੂੰ ਜੇਠਾ ਜੀ ਨੇ ਜਿੱਤ ਲਿਆ। ਪਾਰਖੂ ਅੱਖ ਤੇ ਦੂਰ ਅੰਦੇਸ਼ੀ ਅੰਤਰਯਾਮੀ ਸਤਿਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜੁੰਮੇਵਾਰੀ ਜੇਠਾ ਜੀ ਨੂੰ ਸੌਂਪਣ ਦਾ ਮਨ ਬਣਾ ਲਿਆ ਸੀ, ਪਰ ਸੰਗਤਾਂ ਦੇ ਮਨਾਂ ਵਿੱਚ ਦੁਬਿਧਾ ਨੂੰ ਦੂਰ ਕਰਨ ਲਈ ਕਿ ਉਨ੍ਹਾਂ ਦੇ ਦੋਹਾਂ ਜਵਾਈਆਂ ਵਿੱਚੋਂ ਕਿਹੜਾ ਗੁਰਗੱਦੀ ਦੇ ਯੋਗ ਹੈ, ਆਪ ਨੇ ਥੜ੍ਹੇ ਤਿਆਰ ਕਰਵਾਉਣ ਦਾ ਕੌਤਕ ਰਚਿਆ। ਸਤਿਗੁਰੂ ਜੀ ਨੇ ਰਾਮਾ ਜੀ ਅਤੇ ਜੇਠਾ ਜੀ ਨੂੰ ਥੜ੍ਹੇ ਤਿਆਰ ਕਰਨ ਦਾ ਹੁਕਮ ਦਿੱਤਾ। ਸ਼ਾਮ ਨੂੰ ਜਦ ਦੋਹਾਂ ਦੇ ਥੜ੍ਹੇ ਵੇਖੇ ਤਾਂ ਆਪ ਨੂੰ ਪਸੰਦ ਨਾ ਆਏ ਤੇ ਢਾਹ ਕੇ ਦੁਬਾਰਾ ਬਣਾਉਣ ਲਈ ਕਿਹਾ। ਦੂਜੀ ਵਾਰ ਤੇ ਤੀਜੀ ਵਾਰ ਵੀ ਆਪ ਨੇ ਜਦੋਂ ਥੜ੍ਹੇ ਪਸੰਦ ਨਾ ਕੀਤੇ ਤਾਂ ਰਾਮਾ ਜੀ ਗੁੱਸੇ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੇ ਕਹੇ ਅਨੁਸਾਰ ਹੀ ਥੜ੍ਹੇ ਬਣਾਏ ਹਨ ਤੁਸੀਂ ਵੱਡੀ ਉਮਰ ਹੋਣ ਕਰ ਕੇ ਆਪ ਹੀ ਭੁੱਲ ਜਾਂਦੇ ਹੋ। ਇਸ ਵਿੱਚ ਮੇਰਾ ਕੋਈ ਕਸੂਰ ਨਹੀਂ।
ਉੱਧਰ ਜਦੋਂ ਗੁਰੂ ਸਾਹਿਬ ਜੇਠਾ ਜੀ ਕੋਲ ਗਏ ਤਾਂ ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਅਤੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ! ਮੇਰੇ ’ਤੇ ਕ੍ਰਿਪਾ ਕਰੋ ਕਿ ਮੈਂ ਆਪ ਜੀ ਦੀ ਪਸੰਦ ਅਨੁਸਾਰ ਥੜ੍ਹੇ ਬਣਾ ਸਕਾਂ। ਮੈਂ ਭੁਲਣਹਾਰ ਹਾਂ, ਤੁਸੀਂ ਬਖ਼ਸ਼ਣਹਾਰ ਹੋ। ਇਹ ਸੁਣ ਕੇ ਗੁਰੂ ਪਾਤਸ਼ਾਹ ਨੇ ਜੇਠਾ ਜੀ ਨੂੰ ਪਿਆਰ ਕੀਤਾ ਤੇ ਗਲ ਨਾਲ ਲਾਇਆ। ਡਾ. ਤਾਰਨ ਸਿੰਘ ਜੀ ਥੜ੍ਹੇ ਬਣਾਉਣ ਦੀ ਰਮਜ਼ ਤੇ ਡੂੰਘੇ ਰਹੱਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਹੋਏ ਲਿਖਦੇ ਹਨ -‘ਆਪ ਅਸਲ ਵਿੱਚ ਥੜ੍ਹੇ ਨਹੀਂ ਸਨ ਬਣਵਾ ਰਹੇ ਸਗੋਂ ਤਖਤ ਬਣਵਾ ਰਹੇ ਸਨ। ਗੁਰੂ ਅਮਰਦਾਸ ਜੀ ਆਪ ਨੂੰ ਤਖ਼ਤ ਬਣਾਉਣ ਦੀ ਜਾਚ ਸਿਖਾ ਰਹੇ ਸਨ। ਤਖ਼ਤ ਦੇ ਲਾਇਕ ਹੋਣ ਲਈ ਯੋਗਤਾ ਦੀ ਲੋੜ ਹੈ। ਤਖ਼ਤ ਕਿਸੇ ਸਖ਼ਸ਼ੀਅਤ ਦੇ ਬਲ ਨਾਲ ਹੀ ਪ੍ਰਾਪਤ ਹੁੰਦੇ ਹਨ। ਸਿੰਘਾਸਣ ਪ੍ਰਭੂ ਦਾ ਹੈ ਅਤੇ ਗੁਰਗੱਦੀ ਅਕਾਲ ਪੁਰਖ ਦੀ ਅਮੋਲਕ ਦਾਤ ਹੈ। ਇਸ ਸਿੰਘਾਸਣ ’ਤੇ ਬੈਠਣ ਲਈ ਤਕੜੀ ਘਾਲਣਾ ਦੀ ਲੋੜ ਹੁੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ : ‘‘ਤਖਤਿ ਬਹੈ, ਤਖਤੈ ਕੀ ਲਾਇਕ ॥ ਪੰਚ ਸਮਾਏ, ਗੁਰਮਤਿ ਪਾਇਕ ॥’’ (ਮ: ੧/੧੦੩੯)
ਥੜ੍ਹੇ ਤਾਂ ਕੇਵਲ ਸੰਗਤਾਂ ਨੂੰ ਦੱਸਣ ਲਈ ਬਣਾਏ ਜਾ ਰਹੇ ਸਨ। ਅਸਲ ਥੜ੍ਹੇ ’ਤੇ ਬੈਠਣ ਯੋਗ ਤਾਂ ਗੁਰੂ ਰਾਮਦਾਸ ਜੀ ਪਹਿਲਾਂ ਹੀ ਬਣ ਚੁੱਕੇ ਸਨ। ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਪਿਆਰ ਦਿੱਤਾ ਤੇ ਕਿਹਾ ਕਿ ਨਿਰਮਾਣ ਸੇਵਕ ਆਪਾ ਨਹੀਂ ਜਤਾਉਂਦੇ। ਆਪਣਾ ਅੰਤ ਸਮਾਂ ਨੇੜੇ ਜਾਣ ਕੇ ਗੁਰੂ ਅਮਰਦਾਸ ਜੀ ਨੇ ਦੀਵਾਨ ਸਜਾਇਆ। ਜੇਠਾ ਜੀ ਨੂੰ ਸਵੱਛ ਬਸਤਰ ਪਹਿਨਾ ਕੇ ਉੱਚੇ ਆਸਣ ’ਤੇ ਬਿਠਾਇਆ ਤੇ ਉਹਨਾਂ ਦੇ ਅੱਗੇ ਪਹਿਲਾਂ ਆਪ ਮੱਥਾ ਟੇਕਿਆ ਤੇ ਫਿਰ ਸਾਰੀ ਸੰਗਤ ਨੇ ਮੱਥਾ ਟੇਕਿਆ। ਇਸ ਤਰ੍ਹਾਂ ਜੇਠਾ ਜੀ ਗੁਰੂ ਨਾਨਕ ਜੀ ਦੀ ਚੌਥੀ ਜੋਤ ਦੇ ਵਾਰਸ ਗੁਰੂ ਰਾਮਦਾਸ ਜੀ ਬਣੇ। ਇਸ ਸਮੇਂ ਆਪ ਜੀ ਦੀ ਉਮਰ 40 ਵਰ੍ਹੇ ਸੀ।
ਇਹ ਇੱਕ ਮਹਾਨ ਘਟਨਾ ਸੀ। ਗੁਰੂ ਰਾਮਦਾਸ ਜੀ ਅੱਜ ਉਸ ਰੱਬੀ ਤਖ਼ਤ ’ਤੇ ਸੁਸ਼ੋਭਿਤ ਹੋਏ ਸਨ ਜਿਸ ਅੱਗੇ ਵੱਡੇ-ਵੱਡੇ ਰਾਜਿਆਂ ਨੇ ਸਿਰ ਨਿਵਾਇਆ ਸੀ ਅਤੇ ਅੱਗੋਂ ਵੀ ਸਿਰ ਨਿਵਾਉਣਾ ਸੀ। ਇਸ ਤਖ਼ਤ ’ਤੇ ਬੈਠ ਕੇ ਆਪ ਨੇ ਗੁਰਸਿੱਖੀ ਦੇ ਜਹਾਜ਼ ਨੂੰ ਨਿਮਰਤਾ ਦਾ ਚੱਪੂ ਲਾ ਕੇ ਡੂੰਘੇ ਸੰਸਾਰ ਤੋਂ ਮਨੁੱਖਤਾ ਦਾ ਕਲਿਆਣ ਕਰਨਾ ਸੀ। ਗੁਰਗੱਦੀ ਦੀ ਰਸਮ ਉਪਰੰਤ ਨਿਮਰਤਾ ਭਾਵ ਵਿੱਚ ਆ ਕੇ ‘ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ॥’ ਕਹਿਣ ਵਾਲੇ ਸਤਿਗੁਰੂ ਜੀ ਦੇ ਗੁਣਾਂ ਨੂੰ ਬਿਆਨ ਕਰਨਾ ਨਾ-ਮੁਮਕਿਨ ਹੈ।
ਗੁਰੂ ਘਰ ਵਿੱਚ ਆ ਕੇ ਜਦੋਂ ਭੱਟ ਸਾਹਿਬਾਨ ਨੇ ਗੁਰਮਤਿ ਸਮਝ ਕੇ ਪ੍ਰਮਾਤਮਾ ਦੇ ਗੁਣਾਂ ਬਾਰੇ ਗਿਆਨ ਪ੍ਰਾਪਤ ਕੀਤਾ ਤਾਂ ਉਹ ਬੋਲ ਉੱਠੇ ਕਿ ਜੇ ਪ੍ਰਮਾਤਮਾ ਅਜਿਹੇ ਗੁਣਾਂ ਦਾ ਮਾਲਕ ਹੈ ਤਾਂ ਗੁਰੂ ਰਾਮਦਾਸ ਜੀ ਵਿੱਚ ਇਹ ਸਾਰੇ ਗੁਣ ਪ੍ਰਤੱਖ ਨਜ਼ਰ ਆਉਂਦੇ ਹਨ। ਇਹਨਾਂ ਭੱਟਾਂ ਨੇ ਗੁਰੂ ਉਪਮਾ ਵਿੱਚ 80 ਸਵਈਏ ਉਚਾਰਨ ਕੀਤੇ। ਭੱਟਾਂ ਨੇ ਆਪ ਜੀ ਨੂੰ ਉੱਤਮ ਪੁਰਸ਼, ਹਰੀ ਦੇ ਗੁਣਾਂ ਦੇ ਗਾਹਕ, ਸਮੁੰਦਰ ਦੀ ਨਿਆਈਂ ਸ਼ਾਂਤ ਅਤੇ ਗਹਿਰ ਗਭੀਰ ਕਹਿ ਕੇ ਸ਼ਲਾਘਾ ਕੀਤੀ। ਭੱਟਾਂ ਨੇ ਆਪ ਜੀ ਨੂੰ ਰਾਜ ਵਿੱਚ ਜੋਗ ਕਮਾਉਣ ਵਾਲਾ ਦੱਸਦੇ ਹੋਏ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਨਾਲ ਡੋਲਦਾ ਹੋਇਆ ਮਨ ਟਿਕ ਜਾਂਦਾ ਹੈ। ਭੱਟ ਕਵੀ ਸੱਲ ਆਪ ਜੀ ਬਾਬਤ ਲਿਖਦੇ ਹਨ : ‘‘ਸਿਰਿ ਆਤਪਤੁ, ਸਚੌ ਤਖਤੁ; ਜੋਗ ਭੋਗ, ਸੰਜੁਤੁ ਬਲਿ ॥ ਗੁਰ ਰਾਮਦਾਸ ! ਸਚੁ ਸਲੵ ਭਣਿ; ਤੂ ਅਟਲੁ ਰਾਜਿ, ਅਭਗੁ ਦਲਿ ॥’’ (ਸਵਈਏ ਮਹਲੇ ਚਉਥੇ ਕੇ /ਭਟ ਸਲੵ/੧੪੦੬)
ਭੱਟ ਕਲਸਹਾਰ ਜੀ ਲਿਖਦੇ ਹਨ ਕਿ ਗੁਰੂ ਰਾਮਦਾਸ ਜੀ ਨਾਮ ਦੇ ਰਸੀਆ ਹਨ, ਗੋਬਿੰਦ ਦੇ ਗੁਣਾਂ ਦੇ ਗਾਹਕ ਹਨ, ਅਕਾਲ ਪੁਰਖ ਦੇ ਉਪਾਸ਼ਕ ਹਨ ਅਤੇ ਸਮਦਿ੍ਰਸ਼ਟਤਾ ਦੇ ਸਰੋਵਰ ਹਨ -‘‘ਹਰਿ ਨਾਮ ਰਸਿਕੁ, ਗੋਬਿੰਦ ਗੁਣ ਗਾਹਕੁ; ਚਾਹਕੁ ਤਤ, ਸਮਤ ਸਰੇ ॥ ਕਵਿ ਕਲੵ, ਠਕੁਰ ਹਰਦਾਸ ਤਨੇ; ਗੁਰ ਰਾਮਦਾਸ ! ਸਰ ਅਭਰ ਭਰੇ ॥’’ (ਸਵਈਏ ਮਹਲੇ ਚਉਥੇ ਕੇ/ਭਟ ਕਲੵ /੧੩੯੬)
ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਗੁਰਗੱਦੀ ’ਤੇ ਸੁਭਾਇਮਾਨ ਹੋਣ ਦਾ ਵਰਣਨ ਪਹਿਲੀ ਵਾਰ ਦੀ 47ਵੀਂ ਪਉੜੀ ਵਿੱਚ ਇਸ ਤਰ੍ਹਾਂ ਕੀਤਾ ਹੈ -‘‘ਬੈਠਾ ਸੋਢੀ ਪਾਤਿਸਾਹੁ; ਰਾਮਦਾਸੁ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ; ਅੰਮ੍ਰਿਤਸਰ ਵਿਚਿ ਜੋਤਿ ਜਗਾਵੈ।’’ (ਭਾਈ ਗੁਰਦਾਸ ਜੀ/ਵਾਰ ੧/ਪਉੜੀ ੪੭)
ਭਾਈ ਗੁਰਦਾਸ ਜੀ ਨੇ ਆਪ ਨੂੰ ਦੀਨ ਦੁਨੀਆਂ ਦਾ ਥੰਮ੍ਹ ਕਹਿ ਕੇ ਵਡਿਆਇਆ ਹੈ। 24ਵੀਂ ਵਾਰ ਦੀ 15ਵੀਂ ਪਉੜੀ ਵਿੱਚ ਆਪ ਲਿਖਦੇ ਹਨ : ‘‘ਦੀਨ ਦੁਨੀ ਦਾ ਥੰਮੁ ਹੁਇ; ਭਾਰੁ ਅਥਰਬਣ ਥੰਮ੍ਹਿ ਖਲੋਤਾ। ਭਉਜਲ ਭਉ ਨ ਵਿਆਪਈ; ਗੁਰ ਬੋਹਿਥ ਚੜਿ ਖਾਇ ਨ ਗੋਤਾ।’’ (ਭਾਈ ਗੁਰਦਾਸ ਜੀ/ਵਾਰ ੨੪/ਪਉੜੀ ੧੫)
ਭਾਈ ਨੰਦ ਲਾਲ ਸਿੰਘ ਜੀ ਗੰਜਨਾਮਾ ਵਿੱਚ ਬਿਆਨ ਕਰਦੇ ਹਨ ਕਿ ਜਿਸ ਗੁਰੂ ਨਾਨਕ ਨੇ ਆਪਣੀਆਂ ਨੂਰਾਨੀ ਕਿਰਨਾਂ ਨਾਲ ਜਗਤ ਨੂੰ ਰੌਸ਼ਨ ਕੀਤਾ, ਗੁਰੂ ਰਾਮਦਾਸ ਜੀ ਵੀ ਉਸੇ ਨੂਰ ਦਾ ਚੜ੍ਹਦਾ ਪਾਸਾ ਹਨ। ਉਹ ਪਾਤਿਸ਼ਾਹ ਵੀ ਹਨ ਤੇ ਫਕੀਰ ਵੀ।
ਸੋ, ਦੀਨ ਦੁਨੀਆਂ ਦੇ ਇਸ ਥੰਮ੍ਹ ਨੇ ਮਨੁੱਖਤਾ ਨੂੰ ਸਮਝਾ ਦਿੱਤਾ ਕਿ ਮਾਇਆ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਅਤੇ ਉਸ ਨੂੰ ਜਪਣ ਲਈ ਸੰਸਾਰ ਦਾ ਤਿਆਗ ਵੀ ਨਹੀਂ ਕਰਨਾ। ਆਪਣਾ ਰੋਜ਼ਾਨਾ ਦਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ, ਉਸ ਦੀ ਨਿਯਮਾਵਲੀ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤੀ। ਆਪ ਜੀ ਦਾ ਫੁਰਮਾਨ ਹੈ – ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ ਨਾਵੈ ॥’’ (ਮ: ੪/੩੦੬)
ਅਖੀਰ ਵਿੱਚ ਇਹ ਵੀ ਉਪਦੇਸ਼ ਦਿੱਤਾ ਹੈ ਕਿ ਜੋ ਗੁਰਸਿੱਖ ਗੁਰਮਤਿ ਦੇ ਰਾਹ ’ਤੇ ਚੱਲ ਕੇ ਹੋਰਨਾਂ ਨੂੰ ਵੀ ਇਸ ਰਸਤੇ ’ਤੇ ਚੱਲਣ ਲਈ ਪ੍ਰੇਰਦਾ ਹੈ, ਮੈਂ ਉਸ ਦੇ ਚਰਨਾਂ ਦੀ ਧੂੜ ਲੋਚਦਾ ਹਾਂ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮ: ੪/੩੦੬)
ਪੰਜਾਬੀ ਸੱਭਿਅਤਾ ਉੱਤੇ ਮੰਡਰਾਅ ਰਿਹਾ ਖ਼ਤਰਾ
ਪੰਜਾਬੀ ਸੱਭਿਅਤਾ ਉੱਤੇ ਮੰਡਰਾਅ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
ਕੁੱਝ ਸੱਭਿਅਤਾਵਾਂ ਜੋ ਖ਼ਤਮ ਹੋ ਚੁੱਕੀਆਂ ਹਨ, ਉਨ੍ਹਾਂ ਵਿਚ ਝਾਤ ਮਾਰ ਕੇ ਵੇਖੀਏ, ਕਿ ਉਨ੍ਹਾਂ ਦਾ ਅੰਤ ਕਿਉਂ ਤੇ ਕਿਵੇਂ ਹੋਇਆ !
(1). ਪਹਿਲਾਂ ਗੱਲ ਕਰੀਏ ਮਾਇਆ ਸੱਭਿਅਤਾ ਦੀ :-
ਮੈਕਸੀਕੋ ਤੋਂ ਗੁਟਮਲਾ ਤਕ ਫੈਲੇ ਕਮਾਲ ਦੇ ਪੱਕੇ ਪਿਰਾਮਿਡ ਬਣਾਉਣ ਵਾਲੇ, ਉਸ ਸਮੇਂ ਤੇ ਹਿਸਾਬ ਦੇ ਚੋਟੀ ਦੇ ਮਾਹਿਰ, ਲਿਖਾਰੀ, ਕੈਲੰਡਰ ਬਣਾਉਣ ਵਿਚ ਮਾਹਿਰ, ਪੌੜੀਦਾਰ ਫਾਰਮ ਬਣਾਉਣ ਵਿਚ ਕਮਾਲ ਕਰਨ ਵਾਲੇ, ਸਲੀਕੇ ਨਾਲ ਰਹਿਣ ਸਹਿਣ ਵਾਲੇ ਅਤੇ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਖ਼ਰ ਸੰਨ 900 ਵਿਚ ਪੂਰੀ ਤਰ੍ਹਾਂ ਖਿੰਡ ਪੁੰਡ ਕਿਉਂ ਗਏ ?
ਉਸ ਸਮੇਂ ਦੀਆਂ ਲਿਖਤਾਂ ਮੌਜੂਦ ਹਨ ਕਿਉਂਕਿ ਉਹ ਸਾਰੇ ਲਿਖਣ ਦਾ ਸ਼ੌਕ ਰੱਖਦੇ ਸਨ। ਗਜ਼ਬ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਬੋਲੀ ਹਾਲੇ ਤਕ ਕਿਤੇ ਨਾ ਕਿਤੇ ਬੋਲੀ ਜਾ ਰਹੀ ਹੈ ਜਿਸ ਸਦਕਾ ਉਨ੍ਹਾਂ ਬਾਰੇ ਕੁੱਝ ਕੁ ਚਾਨਣਾ ਹਾਲੇ ਤਕ ਪਾਇਆ ਜਾ ਸਕਦਾ ਹੈ। ਜੋ ਸੱਭਿਅਤਾ ਦੇ ਮਰ ਮੁੱਕ ਜਾਣ ਦੇ ਅਨੁਮਾਨ ਲਾਏ ਗਏ, ਉਹ ਸਨ :-
- ਮੌਸਮ ਵਿਚ ਬਹੁਤ ਜ਼ਿਆਦਾ ਤਬਦੀਲੀ
- ਲੜਾਈਆਂ
- ਸੋਕਾ
- ਲੋਕਾਂ ਦਾ ਦੂਜੀ ਥਾਂ ਕਮਾਈ ਲਈ ਚਲੇ ਜਾਣਾ ਤੇ ਉੱਥੋਂ ਦਾ ਸੱਭਿਆਚਾਰ ਅਪਨਾ ਕੇ ਉੱਥੇ ਦਾ ਹੀ ਬਣ ਕੇ ਰਹਿ ਜਾਣਾ
ਬਹੁਤੇ ਇਤਿਹਾਸਕਾਰ ਇਸ ਤੱਥ ਨਾਲ ਸਹਿਮਤ ਹੋਏ ਹਨ ਕਿ ਏਨੀ ਅਗਾਂਹ ਵਧੂ ਸੱਭਿਅਤਾ ਜੋ ਸੋਕਿਆਂ ਨਾਲ ਲੜੀ, ਖ਼ੁਰਾਕ ਦੀ ਕਮੀ ਕਾਰਨ ਬਥੇਰੇ ਲੋਕਾਂ ਦੇ ਹੋਰ ਥਾਵਾਂ ਵਲ ਚਲੇ ਜਾਣ ਨੂੰ ਵੀ ਝੱਲੀ, ਅਖ਼ੀਰ ਲੜਾਈ ਝਗੜਿਆਂ ਤੋਂ ਔਖੀ ਹੋ ਕੇ ਪੂਰਨ ਰੂਪ ਵਿਚ ਉਸ ਥਾਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਈ। ਇਕ ਗੱਲ ਜੋ ਖਿੱਚ ਪਾਉਂਦੀ ਹੈ, ਉਹ ਹੈ ਏਨੀਆਂ ਸਦੀਆਂ ਬਾਅਦ ਵੀ ਜ਼ਬਾਨ ਦਾ ਬਚੇ ਰਹਿਣਾ। ਕਾਰਨ ਸੀ-ਬਹੁਗਿਣਤੀ ਜ਼ਬਾਨ ਲਿਖਣ ਤੇ ਪੜ੍ਹਨ ਨੂੰ ਤਰਜੀਹ ਦਿੰਦੇ ਰਹੇ। ਪਿੰਡਾਂ ਵਿਚ ਇਹ ਜ਼ਬਾਨ ਬੋਲਣ ਵਾਲੇ ਬਚੇ ਰਹਿ ਗਏ। ਸ਼ਹਿਰੀ ਤਾਂ ਦੂਜੀਆਂ ਜ਼ਬਾਨਾਂ ਵਿਚ ਰਚ ਮਿਚ ਗਏ।
(2). ਇੰਡਸ ਸੱਭਿਅਤਾ :-
ਹਜ਼ਾਰਾਂ ਸਾਲ ਪਹਿਲਾਂ ਹੜੱਪਾ ਸੱਭਿਅਤਾ ਨਾਲ ਜੁੜੇ 5 ਮਿਲੀਅਨ ਬੰਦੇ ਜੋ ਮੌਜੂਦਾ ਭਾਰਤ, ਪਾਕਿਸਤਾਨ, ਇਰਾਨ ਤੇ ਅਫਗਾਨਿਸਤਾਨ ਜਿੰਨੀ ਥਾਂ ਉੱਤੇ ਫੈਲੇ ਹੋਏ ਸਨ ਤੇ ਉਸ ਸਮੇਂ ਦੇ ਕਮਾਲ ਦੇ ਘਰ ਬਾਰ ਬਣਾ, ਵੱਡੀਆਂ ਦੁਕਾਨਾਂ ਬਣਾ, ਪਾਣੀ ਦੀ ਨਿਕਾਸੀ ਦੇ ਵਧੀਆ ਪ੍ਰਬੰਧ ਤੇ ਇਸ ਸੱਭਿਅਤਾ ਵਿਚ ਅਨੇਕ ਬੁੱਧੀਜੀਵੀਆਂ ਦੇ ਹੁੰਦਿਆਂ ਵੀ ਲਗਭਗ 3000 ਸਾਲ ਪਹਿਲਾਂ ਸੋਕੇ ਕਾਰਨ ਢਿੱਡ ਭਰਨ ਤੋਂ ਔਖੇ, ਹੋਰ ਥਾਵਾਂ ਵੱਲ ਤੁਰ ਜਾਣ ਨੂੰ ਮਜਬੂਰ ਹੋ ਗਏ। ਖੇਤੀਬਾੜੀ ਵਿਚ ਕਈ ਹੋਰ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਜਿਨ੍ਹਾਂ ਵਿਚ ਘੱਟ ਪਾਣੀ ਲੋੜੀਂਦਾ ਸੀ, ਪਰ ਫਿਰ ਵੀ ਮਿੱਟੀ ਦੇ ਸੈਂਪਲ ਦੱਸਦੇ ਹਨ ਕਿ ਪਾਣੀ ਦੀ ਘਾਟ ਹੀ ਅਖ਼ੀਰ ਏਨੀ ਵੱਡੀ ਸੱਭਿਅਤਾ ਨੂੰ ਖ਼ਾਤਮੇ ਵੱਲ ਲੈ ਗਈ। ਜਦੋਂ ਹੇਠਲੀ ਪੱਧਰ ਦੇ ਲੋਕ ਨਿਕਲੇ ਤਾਂ ਵੱਡੇ ਵਪਾਰੀ ਵੀ ਖਾਣ ਪੀਣ ਨੂੰ ਤਰਸਦੇ ਮਹਿੰਗਾਈ ਤੇ ਸੋਕੇ ਨੂੰ ਵੇਖਦੇ ਉਹ ਥਾਂ ਛੱਡ ਗਏ। ਫੇਰ ਰਾਜੇ ਕਿਹਨਾਂ ਉੱਤੇ ਰਾਜ ਕਰਦੇ ? ਅਮੀਰ ਤਬਕਾ ਵੀ ਹੌਲੀ-ਹੌਲੀ ਇਹ ਥਾਂ ਤਿਆਗ ਗਿਆ।
(3). ਈਸਟਰ ਸੱਭਿਅਤਾਵੀ 700 ਤੋਂ 1200 ਸੰਨ ਤਕ ਵਧਦੀ ਫੁਲਦੀ ਰਹੀ ਤੇ ਅਖ਼ੀਰ ਸਾਰੇ ਦਰੱਖ਼ਤ ਵੱਢਣ, ਪਾਣੀ ਦਾ ਸੋਮਾ ਮੁਕਾਉਣ ਤੇ ਖੇਤੀਬਾੜੀ ਵਿਚ ਪਾਣੀ ਦੀ ਘਾਟ ਕਾਰਨ ਹੌਲੀ-ਹੌਲੀ ਅੰਨਦਾਤਿਆਂ ਵੱਲੋਂ ਇਸ ਥਾਂ ਨੂੰ ਤਿਆਗਣ ਸਦਕਾ ਇਹ ਸੱਭਿਅਤਾ ਵੀ ਹੌਲੀ-ਹੌਲੀ ਖ਼ਤਮ ਹੋ ਗਈ।
(4). ਤੁਰਕੀਵਿਚ ਵੀ 9000 ਸਾਲ ਪਹਿਲਾਂ ਦੀ ਸੱਭਿਅਤਾ ਅਜਿਹੇ ਕਾਰਨਾਂ ਕਰ ਕੇ ਖ਼ਤਮ ਹੋ ਗਈ ਸੀ।
(5). ਇਲੀਨੋਇਆਵਿਚਲੇ ਮਿੱਸੀਸਿੱਪੀ ਵੀ ਬਹੁਤ ਵਧੀਆ ਕਾਰਗੀਰ ਸਨ। ਖੇਤੀਬਾੜੀ ਤੋਂ ਇਲਾਵਾ, ਭਾਂਡੇ, ਘਰ ਬਾਰ ਤੇ ਵੱਡੇ ਮਕਾਨ ਵੀ ਸੰਨ 600 ਤੋਂ 1400 ਤਕ ਉਨ੍ਹਾਂ ਨੇ ਸਾਂਭੀ ਰੱਖੇ, ਪਰ ਅਖ਼ੀਰ ਕੰਮ ਕਾਜ ਦੀ ਤਲਾਸ਼ ਵਾਸਤੇ ਨੌਜਵਾਨ ਤਬਕਾ ਹੋਰ ਥਾਈਂ ਨਿਕਲ ਗਿਆ। ਪਾਣੀ ਦੀ ਘਾਟ ਤੇ ਬੀਮਾਰੀ 40,000 ਲੋਕਾਂ ਨੂੰ ਇਹ ਥਾਂ ਹਮੇਸ਼ਾਂ ਲਈ ਛੱਡਣ ਉੱਤੇ ਮਜਬੂਰ ਕਰ ਗਈ।
ਇਨ੍ਹਾਂ ਤੋਂ ਇਲਾਵਾ ਵੀ ਬਥੇਰੀਆਂ ਹੋਰ ਸੱਭਿਅਤਾਵਾਂ ਜੋ ਖ਼ਤਮ ਹੋਈਆਂ, ਉਨ੍ਹਾਂ ਦੇ ਵੱਡੇ ਕਾਰਨ ਇਹੋ ਲੱਭੇ ਗਏ ਹਨ :-
(ੳ). ਸੋਕਾ, ਧਰਤੀ ਹੇਠਲੇ ਪਾਣੀ ਦੀ ਕਮੀ
(ਅ). ਬੀਮਾਰੀ
(ੲ). ਹੋਰ ਥਾਵਾਂ ਵੱਲ ਕੰਮ ਕਾਰ ਦੀ ਭਾਲ ਵਾਸਤੇ ਚਲੇ ਜਾਣਾ
(ਸ). ਮੌਸਮ ਦੀ ਤਬਦੀਲੀ
(ਹ). ਕੁਦਰਤੀ ਕਹਿਰ
ਧਿਆਨ ਕਰੀਏ ਤਾਂ ਇਨ੍ਹਾਂ ਵਿੱਚੋਂ ਸਿਰਫ਼ ਉਸ ਸੱਭਿਅਤਾ ਦੀ ਜ਼ਬਾਨ ਬਚੀ ਹੈ ਜਿਸ ਵਿਚ ਹੇਠਲੇ ਪੱਧਰ ਦੇ ਲੋਕ, ਕਾਰੀਗਰ ਜਾਂ ਖੇਤੀਬਾੜੀ ਨਾਲ ਜੁੜੇ ਲੋਕਾਂ ਨੇ ਇਸ ਜ਼ਬਾਨ ਨੂੰ ਬੋਲਣਾ ਜਾਰੀ ਰੱਖਿਆ ਤੇ ਥਾਂ ਬਦਲਣ ਤੋਂ ਬਾਅਦ ਵੀ ਇਕ ਗੁੱਟ ਵਿਚ ਜੁੜੇ ਰਹਿ ਕੇ ਆਪਸੀ ਸਾਂਝ ਬਣਾਈ ਰੱਖੀ। ਯਾਨੀ ਰਹਿਣ ਸਹਿਣ ਬਦਲਣ ਬਾਅਦ ਵੀ ਬੱਚਿਆਂ ਨਾਲ ਤੇ ਰਿਸ਼ਤੇਦਾਰੀ ਨਾਲ ਸੱਭਿਆਚਾਰ ਤੇ ਜ਼ਬਾਨ ਦੀ ਸਾਂਝ ਦੀ ਤੰਦ ਟੁੱਟਣ ਨਾ ਦਿੱਤੀ। ਅਮੀਰ ਤਬਕਾ ਤੇ ਪੜ੍ਹੇ ਲਿਖੇ ਨੌਜਵਾਨ ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦੇ ਕੇ ਹਮੇਸ਼ਾਂ ਲਈ ਕਿਸੇ ਹੋਰ ਸੱਭਿਅਤਾ ਵਿਚ ਗੁੰਮ ਹੋ ਗਏ।
ਬਾਕੀ ਸਾਰੀਆਂ ਸੱਭਿਅਤਾਵਾਂ, ਥਾਂ ਦੀ ਤਬਦੀਲੀ ਨਾਲ ਰਹਿਣ ਸਹਿਣ ਦਾ ਢੰਗ ਬਦਲ ਕੇ ਦੂਜੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਅਪਣਾ ਕੇ, ਆਪਨਾ ਅਸਲ ਰੂਪ, ਜ਼ਬਾਨ ਤੇ ਸੱਭਿਆਚਾਰ ਦਾ ਭੋਗ ਪਾ ਗਈਆਂ। ਉਨ੍ਹਾਂ ਸਾਰੇ ਥਾਂ ਤਬਦੀਲ ਕਰ ਕੇ ਜਾਣ ਵਾਲਿਆਂ ਨੇ ਦੂਜਾ ਸੱਭਿਆਚਾਰ ਤੇ ਜ਼ਬਾਨ ਅਪਣਾਈ ਅਤੇ ਉਨ੍ਹਾਂ ਦੇ ਬੱਚਿਆਂ ਨੇ ਅੱਗੋਂ ਆਪਣੀ ਮਾਂ ਬੋਲੀ ਦੇ ਅੱਧੇ ਸ਼ਬਦ ਛੱਡ ਕੇ ਦੂਜੀ ਸੱਭਿਅਤਾ ਦੇ ਸ਼ਾਮਲ ਕੀਤੇ ਤੇ ਤੀਜੀ ਪੁਸ਼ਤ ਤਕ ਜ਼ਬਾਨ ਹੌਲੀ-ਹੌਲੀ ਦਫ਼ਨ ਹੋ ਗਈ ਕਿਉਂਕਿ ਉਸ ਵਿਚ ਨਾਂ ਤਾਂ ਅੱਗੋਂ ਸਾਹਿਤ ਰਚਿਆ ਗਿਆ ਤੇ ਨਾ ਹੀ ਕੋਈ ਪੜ੍ਹਨ ਵਾਲਾ ਬਚਿਆ। ਉਨ੍ਹਾਂ ਦੀ ਜ਼ਬਾਨ ਬੋਲਣ ਵਾਲਿਆਂ ਦਾ ਖੁਰਾ ਖੋਜ ਹੁਣ ਇਸ ਧਰਤੀ ਉੱਤੇ ਨਹੀਂ ਮਿਲਦਾ। ਸਿਰਫ਼ ਖੰਡਰ ਹੀ ਬਚੇ ਹਨ।
ਪੰਜਾਬ ਅੰਦਰ ਝਾਤ ਮਾਰੀਏ ਤਾਂ ਪੁਰਾਣੇ ਸਮੇਂ ਤੋਂ ਹੁਣ ਤੱਕ ਇਸ ਦੇ ਏਨੇ ਟੋਟੇ ਹੋ ਚੁੱਕੇ ਹਨ ਕਿ ਆਕਾਰ ਵਜੋਂ ਚਿੜੀ ਦੀ ਵਿੱਠ ਜਿੰਨਾ ਹੀ ਰਹਿ ਗਿਆ ਹੈ। ਇਸ ਦੀ ਸੱਭਿਅਤਾ ਉੱਤੇ ਅਸਰ ਪਿਆ ਗੁਰੂਆਂ ਪੀਰਾਂ ਪੈਗੰਬਰਾਂ ਦੀਆਂ ਸਿੱਖਿਆਵਾਂ ਦਾ। ਮਨੁੱਖ ਨੂੰ ਉੱਚਾ ਆਚਰਣ ਰੱਖ ਕੇ, ਹੱਕ ਹਲਾਲ ਦੀ ਕਮਾਈ ਕਰਨ, ਦੂਜਿਆਂ ਦਾ ਹੱਕ ਨਾ ਮਾਰਨ, ਪਿਆਰ ਮੁਹੱਬਤ ਦੀਆਂ ਧੁਨਾਂ, ਔਰਤ ਦਾ ਸਤਿਕਾਰ, ਬੱਚਿਆਂ ਦਾ ਮਾਪਿਆਂ ਦੇ ਆਖੇ ਲੱਗਣਾ, ਖੁੱਲਾ ਡੁੱਲਾ ਸੁਭਾਅ, ਮਹਿਮਾਨ ਦਾ ਸਤਿਕਾਰ, ਖੁੱਲਾ ਖਾਣਾ, ਵੰਡ ਕੇ ਖਾਣਾ ਤੇ ਕਿਸੇ ਇਕ ਦੇ ਘਰ ਦੇ ਵਿਆਹ ਵੇਲੇ ਪੂਰੇ ਪਿੰਡ ਵੱਲੋਂ ਜਸ਼ਨ ਮਨਾਉਣਾ, ਆਦਿ ਪੰਜਾਬੀ ਸੱਭਿਅਤਾ ਦੇ ਅੰਸ਼ ਰਹੇ ਹਨ।
ਪੰਜਾਬੀ ਸੱਭਿਆਚਾਰ ਵਿਚਲੀਆਂ ਤਬਦੀਲੀਆਂ ਕਿਸ ਪਾਸੇ ਵਲ ਇਸ਼ਾਰਾ ਕਰ ਰਹੀਆਂ ਹਨ ਤੇ ਕਿਸ ਤਰ੍ਹਾਂ ਦਾ ਨਿਘਾਰ ਪ੍ਰਤੱਖ ਦਿਸਣ ਲੱਗ ਪਿਆ ਹੈ, ਉਸ ਵਲ ਧਿਆਨ ਕਰੀਏ :-
- ਪੰਜਾਬ ਦੇ ਅੰਦਰ ਵੱਸ ਰਹੇ ਪੰਜਾਬੀਆਂ ਨਾਲੋਂ ਪੰਜਾਬੋਂ ਬਾਹਰ ਰੋਜ਼ੀ ਰੋਟੀ ਕਮਾਉਣ ਲਈ ਵੱਧ ਪੰਜਾਬੀ ਵਸ ਚੁੱਕੇ ਹਨ।
- ਪੰਜਾਬ ਦੀ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਿਆ ਹੈ।
- ਅੰਨਦਾਤੇ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ।
- ਪਿਤਾ ਆਪਣੀਆਂ ਧੀਆਂ ਨਾਲ ਬਲਾਤਕਾਰ ਕਰਨ ਲੱਗ ਪਏ ਹਨ। ਭਰਾ ਆਪਣੀਆਂ ਭੈਣਾਂ ਨੂੰ ਚੱਬ ਰਹੇ ਹਨ।
- ਖ਼ਬਰਾਂ ਕਿਹੋ ਜਿਹੀਆਂ ਨਸ਼ਰ ਹੋ ਰਹੀਆਂ ਹਨ :- ਇਕ ਔਰਤ ਨੇ ਪਹਿਲੇ ਪਤੀ ਨੂੰ ਛੱਡ ਕੇ ਦੂਜੇ ਵਿਆਹੁਤਾ ਬੰਦੇ ਨਾਲ ਘਰ ਵਸਾ ਕੇ, ਤਿੰਨ ਬੱਚੇ ਹੋਰ ਜੰਮੇ, ਪਰ, ਦੂਜੇ ਪਤੀ ਨੇ ਪਤਨੀ ਤੇ ਤਿੰਨੋਂ ਬੱਚਿਆਂ ਦੇ ਸਿਰ ਵੱਢ ਛੱਡੇ ਅਤੇ ਤੀਜੀ ਔਰਤ ਨਾਲ ਸੰਬੰਧ ਬਣਾ ਲਏ।
- ਬਜ਼ਾਰ ਵਿਚ ਪਤੀ ਪਤਨੀ ਸੈਰ ਲਈ ਨਿਕਲਦੇ ਹਨ ਤਾਂ ਕੋਈ ਵੀ ਮਨਚਲਾ ਸ਼ਰਤ ਲਾ ਕੇ ਔਰਤ ਨੂੰ ਸੜਕ ਉੱਤੇ ਨਿਰਬਸਤਰ ਕਰ ਦਿੰਦਾ ਹੈ ਤੇ ਪੁਲਿਸ ਕੇਸ ਦਰਜ ਕਰਨ ਦੀ ਥਾਂ ਗੱਲ ਰਫਾ-ਦਫਾ ਕਰਨ ਨੂੰ ਕਹਿੰਦੀ ਹੈ।
- ਪਿਤਾ ਆਪਣੇ ਜਵਾਈ ਤੇ ਧੀ ਨੂੰ ਕਤਲ ਕਰ ਦਿੰਦਾ ਹੈ, ਕਿਉਂਕਿ ਧੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ।
- ਕੋਈ ਵੀ ਬੰਦਾ ਆਪਣਾ ਅਸਰ ਰਸੂਖ ਵਰਤ ਕੇ, ਗਰਭਵਤੀ ਔਰਤ ਤੱਕ ਦਾ ਬਲਾਤਕਾਰ ਕਰ ਕੇ, ਉਸ ਨੂੰ ਮਾਰ ਕੁੱਟ ਕੇ ਜਾਂ ਕਤਲ ਕਰ ਕੇ ਬਚ ਜਾਂਦਾ ਹੈ।
- ਇਕਤਰਫ਼ਾ ਪਿਆਰ ਦਾ ਜਵਾਬੀ ਹੁੰਗਾਰਾ ਨਾ ਮਿਲਣ ਉੱਤੇ ਚਲਦੀ ਸੜਕ ਉੱਤੇ ਮਨਚਲਾ ਆਸ਼ਿਕ ਕੁੜੀ ਉੱਤੇ ਤੇਜ਼ਾਬ ਸੁੱਟ ਦਿੰਦਾ ਹੈ ਜਾਂ ਉਸ ਦਾ ਕਤਲ ਕਰ ਦਿੰਦਾ ਹੈ ਤੇ ਰਾਹ ਚੱਲਦੇ ਬਾਕੀ ਲੋਕ ਪਾਸਾ ਵੱਟ ਕੇ ਲੰਘ ਜਾਂਦੇ ਹਨ।
- ਨਾਬਾਲਗ ਬੱਚੀਆਂ ਦੇ ਸਮੂਹਕ ਬਲਾਤਕਾਰ ਆਮ ਗੱਲ ਬਣ ਕੇ ਰਹਿ ਗਏ ਹਨ।
- ਨਸ਼ੇ ਦੇ ਅਸਰ ਹੇਠ ਪੁੱਤਰ ਹੀ ਮਾਂ ਦਾ ਜ਼ਬਰ ਜਨਾਹ ਕਰ ਰਹੇ ਹਨ।
- ਗੀਤ ਸੰਗੀਤ ਵਿਚ ਲੱਚਰਤਾ ਪਰੋਸੀ ਜਾ ਰਹੀ ਹੈ। ਕਾਮ ਭੜਕਾਊ ਸਾਹਿਤ ਦੀ ਵਿਕਰੀ ਜ਼ੋਰਾਂ ਉੱਤੇ ਹੈ।
- ਸਾਹਿਤਕਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਪੰਜਾਬੀ ਵਿਚ ਰਚੇ ਵਧੀਆ ਸਾਹਿਤ ਨੂੰ ਪ੍ਰੋਤਸਾਹਿਤ ਨਹੀਂ ਕੀਤਾ ਜਾ ਰਿਹਾ।
- ਜ਼ਬਾਨ ਰੋਜ਼ੀ ਰੋਟੀ ਕਮਾਉਣ ਯੋਗ ਨਹੀਂ ਰਹੀ ਤੇ ਇਸ ਜ਼ਬਾਨ ਨੂੰ ਤਿਲਾਂਜਲੀ ਦੇਣ ਵਾਲੇ ਅਨੇਕ ਤਿਆਰ ਹੋ ਚੁੱਕੇ ਹਨ।
- ਹੋਰਨਾਂ ਸੂਬਿਆਂ ਵਿੱਚੋਂ ਹੌਲੀ-ਹੌਲੀ ਏਨੇ ਲੋਕ ਇੱਥੇ ਆ ਕੇ ਵਸ ਚੁੱਕੇ ਹਨ ਕਿ ਉਨ੍ਹਾਂ ਦੀ ਜ਼ਬਾਨ ਤੇ ਸੱਭਿਆਚਾਰ ਮੌਜੂਦਾ ਵਸਨੀਕਾਂ ਉੱਤੇ ਹਾਵੀ ਹੋਣ ਲੱਗ ਪਿਆ ਹੈ।
- ਭੰਗੜੇ ਗਿੱਧੇ ਦੀ ਥਾਂ ਡਿਸਕੋ ਨੇ ਲੈ ਲਈ ਹੈ।
- ਪੰਜਾਬੀ ਜ਼ਬਾਨ ਨੂੰ ਛੱਡ ਕੇ ਹਿੰਦੀ ਤੇ ਅੰਗਰੇਜ਼ੀ ਜ਼ਬਾਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
- ਪਰਵਾਸੀ ਮਜ਼ਦੂਰਾਂ ਵੱਲੋਂ ਮੰਦਬੁੱਧ ਬੱਚੀਆਂ, ਮੰਦਬੁੱਧ ਨੌਜਵਾਨ ਤੇ ਨਾਬਾਲਗ਼ ਪੰਜਾਬੀ ਬੱਚੀਆਂ ਨਾਲ ਕੁਕਰਮਾਂ ਦੀਆਂ ਅਣਗਿਣਤ ਖ਼ਬਰਾਂ ਰੋਜ਼ ਛਪ ਰਹੀਆਂ ਹਨ।
- ਬਾਹਰੋਂ ਖ਼ਰੀਦ ਕੇ ਲਿਆਈਆਂ ਜਾ ਰਹੀਆਂ ਨੂੰਹਾਂ ਸਦਕਾ ਅੱਗੋਂ ਜੰਮ ਰਹੇ ਬੱਚਿਆਂ ਵਿਚਲਾ ਪੰਜਾਬੀ ਜੁੱਸਾ ਤੇ ਨੁਹਾਰ ਵੀ ਤਬਦੀਲ ਹੋ ਰਹੇ ਹਨ।
ਕੀ ਇਹ ਸਾਰੇ ਤੱਤ ਪੰਜਾਬੀ ਸੱਭਿਅਤਾ ਦੇ ਵਿਗਾੜ ਤੇ ਵਿਨਾਸ਼ ਵੱਲ ਇਸ਼ਾਰਾ ਨਹੀਂ ਕਰ ਰਹੇ ? ਇਹੋ ਜਿਹੀਆਂ ਅਨੇਕ ਤਬਦੀਲੀਆਂ ਜੋ ਕਾਫੀ ਸਮੇਂ ਤੋਂ ਲਗਾਤਾਰ ਦਿਸ ਰਹੀਆਂ ਹਨ, ਇਹ ਸਪਸ਼ਟ ਕਰ ਰਹੀਆਂ ਹਨ ਕਿ ਪੰਜਾਬੀ ਸੱਭਿਅਤਾ ਨੂੰ ਸੰਭਾਲ ਕੇ ਰੱਖਣ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇ ਇਹੀ ਹਾਲ ਰਿਹਾ ਤਾਂ ਪੰਜਾਬੀਆਂ ਦੀ ਗਿਣਤੀ ਪੰਜਾਬ ਅੰਦਰੋਂ ਘਟ ਕੇ ਹੋਰਨਾਂ ਮੁਲਕਾਂ ਵਿਚ ਵੱਧ ਹੋ ਜਾਵੇਗੀ ਤੇ ਪਾਣੀ ਵਿਹੂਣਾ, ਕੈਂਸਰ ਪੀੜਤ, ਨਸ਼ੇ ਦੀ ਮਾਰ ਝੱਲਦਾ ਪੰਜਾਬ ਆਪਣੀ ਮਾਤ ਭਾਸ਼ਾ ਨੂੰ ਤਿਲ-ਤਿਲ ਮਰਦਾ ਵੇਖ ਹੌਲੀ-ਹੌਲੀ ਇਸ ਨਾਲ ਜੁੜੀ ਸੱਭਿਅਤਾ ਦਾ ਅੰਤ ਵੀ ਵੇਖ ਲਵੇਗਾ ਕਿਉਂਕਿ ਕੁੱਖਾਂ ਖ਼ਤਮ ਕਰ ਕੇ ਪੰਜਾਬੀਆਂ ਦਾ ਜੀਨ ਵੀ ਸਾਬਤ ਨਹੀਂ ਬਚਣ ਲੱਗਿਆ।
ਉਹ ਸੱਭਿਆਤਾਵਾਂ ਜੋ ਖ਼ਤਮ ਹੋ ਗਈਆਂ, ਵਿੱਚੋਂ ਲੱਭੇ ਕਾਰਨ ਅੱਜ ਸਾਨੂੰ ਅਗਾਊਂ ਖ਼ਤਰਿਆਂ ਬਾਰੇ ਸਪਸ਼ਟ ਕਰ ਰਹੇ ਹਨ। ਮੌਜੂਦਾ ਵਿਗੜੇ ਹਾਲਾਤ ਜੇ ਵੇਲੇ ਸਿਰ ਨਾ ਸੰਭਾਲੇ ਗਏ ਤਾਂ ਅਗਲੇ 50 ਸਾਲ ਪੰਜਾਬੀ ਸੱਭਿਅਤਾ ਤੇ ਜ਼ਬਾਨ ਉੱਤੇ ਭਾਰੇ ਸਾਬਤ ਹੋਣਗੇ। ਜੀਨ ਨੂੰ ਸਾਬਤ ਸੂਰਤ ਅਗਲੀ ਪੁਸ਼ਤ ਤੱਕ ਪਹੁੰਚਾਉਣ ਵਾਲੀ ਔਰਤ ਤਾਂ ਸਿਰਫ਼ ਖਿਡੌਣਾ ਬਣਾ ਕੇ ਰੱਖ ਦਿੱਤੀ ਗਈ ਹੈ ਤੇ ਜ਼ੁਬਾਨ… ?
ਪੰਜਾਬ ਦੀ ਧਰਤੀ ਛੱਡ ਚੁੱਕਿਆਂ ਦੀ ਦੂਜੀ ਪੁਸ਼ਤ ਵਿੱਚੋਂ ਕਿੰਨੇ ਪੰਜਾਬੀ ਵਿਚ ਸਾਹਿਤ ਰਚ ਰਹੇ ਹਨ ਤੇ ਕਿੰਨੇ ਕੁ ਪੰਜਾਬੀ ਪੜ੍ਹ ਸਕਦੇ ਹਨ, ਇਨ੍ਹਾਂ ਸਵਾਲਾਂ ਦਾ ਜਵਾਬ ਅਗਲੇ ਆਉਣ ਵਾਲੇ ਪੰਜਾਹ ਸਾਲਾਂ ਦੀ ਸਥਿਤੀ ਸਪਸ਼ਟ ਕਰ ਦੇਵੇਗਾ ! ਜਿਵੇਂ ਖ਼ਤਮ ਹੋ ਚੁੱਕੀਆਂ ਸੱਭਿਅਤਾਵਾਂ ਵਿੱਚੋਂ ਕਿਸੇ ਹੋਰ ਥਾਂ ਤਬਦੀਲ ਕਰਨ ਬਾਅਦ ਸੱਭਿਅਤਾ ਦੁਬਾਰਾ ਨਹੀਂ ਪਨਪ ਸਕੀ ਬਲਕਿ ਦੂਜੀ ਸੱਭਿਅਤਾ ਵਿਚ ਦਫ਼ਨ ਹੋ ਗਈ, ਇੰਜ ਹੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੂਜੇ ਮੁਲਕਾਂ ਵਿਚ ਵੱਸੇ ਪੰਜਾਬੀਆਂ ਦੀ ਤੀਜੀ ਪੁਸ਼ਤ ਉਸੇ ਮੁਲਕ ਦਾ ਹਿੱਸਾ ਕਹਾਈ ਜਾਏਗੀ ਜਿੱਥੇ ਉਹ ਵੱਸ ਰਹੇ ਹਨ, ਨਾ ਕਿ ਪੰਜਾਬੀ ਸੂਬੇ ਦਾ ਹਿੱਸਾ! ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਜ਼ਬਾਨ ਜਾਂ ਪੰਜਾਬੀ ਸੱਭਿਅਤਾ ਨੂੰ ਪੂਰਨ ਰੂਪ ਵਿਚ ਤੋਰ ਸਕਣ ਵਾਲੇ ਪੰਜਾਬ ਅੰਦਰ ਕਿੰਨੇ ਕੁ ਬਚਣਗੇ ਜਦੋਂ ਭਾਸ਼ਾ ਵਿਭਾਗ ਵਰਗੇ ਵਿਭਾਗਾਂ ਦੀਆਂ ਗਰਾਂਟਾਂ ਬੰਦ ਕਰ ਕੇ ਸੰਘ ਘੋਟਿਆ ਜਾ ਰਿਹਾ ਹੋਵੇ ਅਤੇ ਸਾਹਿਤ ਸਭਾਵਾਂ ਪ੍ਰਤੀ ਸਰਕਾਰਾਂ ਦਾ ਨਕਾਰਾਤਮਕ ਰਵੱਈਆ ਹੋਵੇ ਤੇ ਦੂਜੇ ਪਾਸੇ ਅੰਗ੍ਰੇਜ਼ੀ ਜ਼ਬਾਨ ਨੂੰ ਸਿਖਾਉਣ ਵਾਲੇ ਤੇ ਪੰਜਾਬੋਂ ਬਾਹਰ ਧੱਕਣ ਵਾਲੇ ਸੈਂਟਰ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹੋਣ ! ਰੱਬ ਹੀ ਰਾਖਾ ਹੈ ਪੰਜਾਬੀ ਸੱਭਿਅਤਾ ਦਾ!
ਸਿੱਖ ਇਤਿਹਾਸ ਤੇ ਅਜੋਕਾ ਸਿੱਖ ਕਿਰਦਾਰ
ਸਿੱਖ ਇਤਿਹਾਸ ਤੇ ਅਜੋਕਾ ਸਿੱਖ ਕਿਰਦਾਰ
ਬੀਬੀ ਮਨਿੰਦਰ ਕੌਰ ਔਰੰਗਾਬਾਦ (ਮਹਾਰਾਸ਼ਟਰ) 93261-83934, 84089-12588
ਕਿਸੇ ਕੌਮ ਜਾਂ ਦੇਸ਼ ਦੀ ਅਸਲ ਪੂੰਜੀ, ਦੋ ਚੀਜ਼ਾਂ ਹੁੰਦੀਆਂ ਹਨ । ਪਹਿਲੀ ਉਸ ਦਾ ਇਤਿਹਾਸ ਤੇ ਦੂਜੀ ਉਸ ਦੀ ਬੋਲੀ । ਇਨ੍ਹਾਂ ਦੀ ਰੱਖਿਆ ਲਈ ਹੀ ਕੌਮਾਂ ਦੇ ਅਨੁਯਾਈ (ਪੈਰੋਕਾਰ), ਆਪਣੇ ਆਪ ਨੂੰ ਕੁਰਬਾਨ ਤੱਕ ਕਰ ਲੈਂਦੇ ਹਨ । ਦੁਨੀਆ ਦੇ ਇਤਿਹਾਸ ਵਿੱਚ ਸਿੱਖ ਇਤਿਹਾਸ, ਇੱਕ ਚਮਕਦਾਰ ਹੀਰੇ ਵਾਂਗ ਹੈ । ਗੁਰੂ ਸਾਹਿਬਾਨ ਨੇ ਆਪਣੇ ਪਵਿੱਤਰ ਜੀਵਨ ਰਾਹੀਂ ਇਸ ਇਤਿਹਾਸ ਦੀ ਆਪ ਨੀਂਹ ਰੱਖੀ । ਗੁਰੂ ਨਾਨਕ ਜੀ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਨਿਡਰਤਾ, ਸੱਚ ਤੇ ਦ੍ਰਿੜ੍ਹਤਾ ਨੂੰ ਹਮੇਸ਼ਾਂ ਅਪਣਾਈ ਰੱਖਿਆ । ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਿਰਾਜਮਾਨ ਭਗਤ ਤੇ ਭੱਟ ਸਾਹਿਬਾਨ ਦੇ ਜੀਵਨ ਵੀ ਇਨ੍ਹਾਂ ਗੁਣਾਂ ਨਾਲ ਨਿਪੁੰਨ ਰਹੇ । ਸਿੱਖ ਸ਼ਹੀਦਾਂ ਦਾ ਵਰਣਨ ਕਰਦਿਆਂ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ, ਪੰਜਾ ਪਿਆਰਿਆਂ, ਚਾਲ੍ਹੀ ਮੁਕਤਿਆਂ ਸਮੇਤ ਅਨੇਕ ਬੱਚੇ, ਬੁੱਢੇ, ਨੌਜੁਆਨ ਤੇ ਬੀਬੀਆਂ ਦੀਆਂ ਸਾਖੀਆਂ ਵਾਰ ਵਾਰ ਸੁਣਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਪੀਰ ਬੁੱਧੂਸ਼ਾਹ ਵਰਗਿਆਂ ਦੀ ਕੁਰਬਾਨੀ ਵੀ ਬੇਮਿਸਾਲ ਰਹੀ ਹੈ ।
ਗੁਰਸਿੱਖ ਸਮਾਜ ਵਿੱਚ ਗੁਰੂ ਸਾਹਿਬਾਨ ਨੂੰ ਰੁਹਾਨੀਅਤ ਪਿਤਾ ਸਮਝਿਆ ਜਾਂਦਾ ਹੈ ਤੇ ਸਾਰੇ ਸਿੱਖ ਉਨ੍ਹਾਂ ਦੀ ਸੰਤਾਨ ਮੰਨੇ ਗਏ ਹਨ । ਗੁਰੂ ਘਰ ਸਿੱਖਾਂ ਸਮੇਤ ਸਭ ਦਾ ਸਾਂਝਾ ਹੁੰਦਾ ਸੀ । ਸਿੱਖ, ਸਿੱਖ ਦਾ ਦੋਖੀ ਕਦੇ ਨਹੀਂ ਸੀ ਹੋ ਸਕਦਾ । ਇਹੀ ਵਜ੍ਹਾ ਸੀ ਕਿ ਸਿੱਖਾਂ ਦੇ ਛੋਟੇ ਛੋਟੇ ਦਲ ਵੀ ਵੱਡੀਆਂ ਵੱਡੀਆਂ ਲੜਾਈਆਂ ਜਿੱਤ ਲੈਂਦੇ ਸਨ, ਪਰ ਅਜੋਕੇ ਸਮੇਂ ਦੌਰਾਨ ਜਾਪਦਾ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ ਹੋਏ ਹਾਂ, ਜਿਸ ਦਾ ਨਤੀਜਾ ਹੈ ਕਿ ਅਸੀਂ ਆਦਰਸ਼ ਜੀਵਨ ਪੇਸ਼ ਕਰਨ ਦੀ ਬਜਾਇ ਸਾਡੇ ਆਪਣੇ ਵੀ ਬੱਚੇ ਪਤਿਤ ਹੁੰਦੇ ਜਾ ਰਹੇ ਹਨ ।
ਜਿਨ੍ਹਾਂ ਸਿੱਖਾਂ ਨੇ ਆਪਣਾ ਜੀਵਨ ਗੁਰਬਾਣੀ ਦੇ ਅਨੁਸਾਰ ਢਾਲਿਆ, ਜੋ ਆਪਣੇ ਕੀਮਤੀ ਇਤਿਹਾਸ ਤੇ ਵਿਰਸੇ ਨਾਲ ਜੁੜ ਗਏ ਉਨ੍ਹਾਂ ਅੰਦਰ ਐਸੀ ਦ੍ਰਿੜ੍ਹਤਾ ਤੇ ਨਿਰਭੈਤਾ ਆ ਗਈ ਕੀ ਉਨ੍ਹਾਂ ਨੇ ਜੁਲਮ ਦੇ ਖਾਤਮੇ ਲਈ ਅਸਹਿ ਤੇ ਅਕਹਿ ਕਸ਼ਟ ਸਹਾਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ । ਅਸੀਂ ਅੱਜ ਸਾਖੀਆ ਰਾਹੀਂ ਉਸ ਵਿਰਸੇ ਨੂੰ ਯਾਦ ਤਾਂ ਸਾਰੇ ਹੀ ਕਰਦੇ ਹਾਂ, ਪਰ ਆਪ ਇਤਿਹਾਸ ਬਣਨ ਦਾ ਯਤਨ ਨਹੀਂ ਕਰਦੇ । ਅਸੀਂ ਗੁਰਬਾਣੀ ਪੜ੍ਹ ਵੀ ਵੱਧ ਰਹੇ ਹਾਂ, ਸੁਣ ਵੀ ਵੱਧ ਰਹੇ ਹਾਂ, ਸਹਿਜ ਪਾਠ, ਅਖੰਡ ਪਾਠ, ਸੰਪਟ ਪਾਠ, ਸੁਖਮਣੀ ਸਾਹਿਬ ਦੇ ਪਾਠਾਂ, ਆਦਿ ਦੀਆਂ ਲੜੀਆਂ ਵੀ ਨਿਰੰਤਰ ਚੱਲ ਰਹੀਆਂ ਹਨ, ਪਰ ਨਤੀਜਾ ਜੀਰੋ ਹੈ । ਸਿੱਖ, ਸਿੱਖ ਦਾ ਵੈਰੀ ਬਣਦਾ ਜਾ ਰਿਹਾ ਹੈ । ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਸ਼ਹੀਦਾਂ ਦਾ ਇਤਿਹਾਸ ਭੁਲ ਚੁੱਕੇ ਹਾਂ, ਅਸੀਂ ਉਨ੍ਹਾਂ ਨੂੰ ਨਿਤ ਅਰਦਾਸ ਵਿੱਚ ਯਾਦ ਵੀ ਕਰਦੇ ਹਾਂ ਅਤੇ ਉਨ੍ਹਾਂ ਦੇ ਦਿਹਾੜੇ ਵੀ ਮਨਾਉਂਦੇ ਹਾਂ, ਪਰ ਇਹ ਸਭ ਰਸਮੀ ਬਣ ਗਿਆ ਹੈ ਕਿਉਂਕਿ ਸ਼ਹੀਦੀ ਦੇ ਅਸਲ ਮਕਸਦ ਨੂੰ ਭੁੱਲ ਚੁੱਕੇ ਹਾਂ । ਜਦ ਕਿ ਸਾਨੂੰ ਲੋੜ ਹੈ ਮਕਸਦ ਨੂੰ ਪਹਿਚਾਨਣ ਦੀ, ਲੋੜ ਹੈ ਉਨ੍ਹਾਂ ਦੀ ਜੀਵਨੀ ਤੋਂ ਸਿਖਿਆ ਲੈਣ ਦੀ, ਲੋੜ ਹੈ ਉਨ੍ਹਾਂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ।
ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ’ਚ ਲਪੇਟ ਕੇ ਸਾੜਿਆ ਗਿਆ, ਭਾਈ ਮਤੀ ਦਾਸ ਜੀ, ਜਿਨ੍ਹਾਂ ਦੇ ਸਰੀਰ ਨੂੰ ਆਰੇ ਨਾਲ ਦੋ ਫਾੜ ਕਰ ਦਿੱਤਾ ਗਿਆ, ਉਨ੍ਹਾਂ, ਗੁਰੂ ਦੇ ਸਿੱਖਾਂ ਦਾ ਕੋਈ ਮਕਸਦ ਸੀ, ਆਪਣੇ ਗੁਰੂ ਦੇ ਸਨਮੁਖ ਹੋ ਕੇ ਸ਼ਹੀਦ ਹੋਣਾ ਉਨ੍ਹਾਂ ਲਈ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖ਼ਰੂ ਹੋਣਾ ਹੁੰਦਾ ਸੀ, ਜਿਸ ਕਾਰਨ ਉਨ੍ਹਾਂ ਸਿੱਖੀ ਨਹੀਂ ਛੱਡੀ ਆਪਣੇ ਗੁਰੂ ਦੇ ਬਚਨਾਂ ’ਤੇ ਪੂਰੇ ਉਤਰੇ, ਪਰ ਉਨ੍ਹਾਂ ਦੇ ਆਦਰਸ਼ ਜੀਵਨ ਦੇ ਮੁਕਾਬਲੇ ਅਗਰ ਅਸੀਂ ਆਪਣੀ ਕਰਨੀ ਤੇ ਕਥਨੀ ਵਲ ਝਾਤ ਮਾਰੀਏ ਤਾਂ ਸਾਨੂੰ ਆਪਣੇ-ਆਪ ’ਤੇ ਪਛੁਤਾਵਾ ਹੋਏਗਾ ਕਿ ਅਸੀਂ ਕਿੱਥੇਂ ਖੜ੍ਹੇ ਹਾਂ !
18 ਸਾਲ ਦਾ ਨੌਜਵਾਨ ਸਿੱਖ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਉਸ ਨੂੰ ਦਿੱਲੀ ਵਿੱਚ ਸ਼ਹੀਦ ਕਰਨ ਦੇ ਸਮੇਂ ਉਸ ਦੀ ਮਾਂ ਬਾਦਸ਼ਾਹ ਨੂੰ ਕਹਿੰਦੀ ਹੈ ਕਿ ਇਸ ਨੂੰ ਸ਼ਹੀਦ ਨਾ ਕੀਤਾ ਜਾਵੇ, ਇਸ ਨੂੰ ਗਲਤੀ ਨਾਲ ਫੜਿਆ ਗਿਆ ਹੈ । ਅਗੋਂ ਬੱਚੇ ਨੇ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ ਕਿ ਮੇਰੀ ਮਾਂ ਝੂਠ ਬੋਲਦੀ ਹੈ । ਜੱਲਾਦਾ ! ਤੂੰ ਆਪਣੇ ਕੰਮ ’ਚ ਦੇਰੀ ਨਾ ਕਰ, ਮੈਨੂੰ ਛੇਤੀ ਸ਼ਹੀਦ ਕਰ, ਤਾਂ ਜੋ ਮੈਂ ਆਪਣੇ ਸ਼ਹੀਦ ਹੋ ਚੁੱਕੇ ਵੀਰਾਂ ਦੀ ਕਤਾਰ ’ਚ ਖੜ੍ਹਾ ਹੋ ਸਕਾਂ । ਮੈਂ ਗੁਰੂ ਦਾ ਸੱਚਾ ਸਿੱਖ ਹਾਂ, ਸਿੱਖ ਲਈ ਸਿੱਖੀ ਸਭ ਤੋਂ ਪਿਆਰੀ ਹੁੰਦੀ ਹੈ । ਸਿੱਖ, ਜਾਨ ਤਾਂ ਦੇ ਸਕਦਾ ਹੈ ਪਰ ਸਿੱਖੀ ਅਸੂਲ ਨਹੀਂ ਛੱਡ ਸਕਦਾ । ਸਿੱਖ ਕਦੇ ਝੂਠ ਨਹੀਂ ਬੋਲਦਾ ।
ਉਹ ਬਹਾਦਰ ਸਿੰਘਣੀਆਂ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਉਨ੍ਹਾਂ ਦੇ ਗਲਾਂ ’ਚ ਹਾਰ ਬਣਾ ਕੇ ਪਾ ਦਿੱਤੇ ਗਏ, ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ ਸਾਡੇ ਤਿਨ ਸਾਲ ਦਾ ਬੱਚਾ (ਅਜਯ ਸਿੰਘ) ਜਿਸ ਦਾ ਕਲੇਜਾ ਕੱਢ ਕੇ ਉਨ੍ਹਾਂ ਦੇ ਮੂੰਹ ਵਿੱਚ ਪਾਇਆ ਗਿਆ, ਪਰ ਫਿਰ ਵੀ ਉਹ ਆਪਣੇ ਸਿਦਕ ਤੋਂ ਨਾ ਡੋਲੇ ।
ਗੁਰੂ ਦੀ ਬਖਸ਼ਸ਼ ਸਦਕਾ ਇਕ ਮਾਧੋ ਦਾਸ ਬੈਰਾਗੀ ਵਰਗਾ ਬੰਦਾ, ਸਿੱਖੀ ਵਿੱਚ ਪਰਪੱਕ ਹੋ ਸਕਦਾ ਹੈ, ਸਿੰਘਣੀਆਂ ਸਿੱਖੀ ਵਿੱਚ ਪਰਪੱਕ ਹੋ ਸਕਦੀਆਂ ਹਨ ਤਾਂ ਅੱਜ ਸਾਡੀਆਂ ਮਾਤਾਵਾਂ ਭੈਣਾਂ ਤੇ ਵੀਰ ਆਪਣੇ ਅੰਦਰ ਝਾਤੀ ਮਾਰਨ ਕਿ ਅਸੀਂ ਕਿਸ ਸ਼ਹੀਦ ਕੌਮ ਦੇ ਵਾਰਿਸ ਹਾਂ । ਹਰੀ ਸਿੰਘ ਨਲੂਆ ਦੁਨੀਆ ਦੇ ਪਹਿਲੇ ਸਿੱਖ ਜਰਨੈਲ ਹੋਏ ਸਨ, ਜਿਨ੍ਹਾਂ ਨੇ ਜਰ੍ਹਾ-ਏ ਖੈਬਰ ਅਫਗਾਨਿਸਤਾਨ ’ਤੇ ਕਬਜਾ ਕੀਤਾ, ਉਨ੍ਹਾਂ ਕੋਲ ਇਕ ਪਠਾਣਾ ਦੀ ਕੁੜੀ ਆ ਕੇ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਤਾਂ ਜੋ ਮੇਰੀ ਕੁੱਖੋਂ ਵੀ ਤੁਹਾਡੇ ਵਰਗਾ ਪੁੱਤਰ ਜਨਮ ਲਵੇ । ਇਹ ਗੱਲ ਸੁਣ ਕੇ ਹਰੀ ਸਿੰਘ ਜੀ ਨੇ ਉਸ ਕੁੜੀ ਦੇ ਸਿਰ ’ਤੇ ਸ਼ਾਲ ਪਾਈ ਤੇ ਉਸ ਦੇ ਗੋਡਿਆਂ ਵੱਲ ਨੂੰ ਹੱਥ ਕਰ ਕੇ ਕਿਹਾ ਕਿ ਜੇ ਤੂੰ ਮੇਰੇ ਵਰਗਾ ਪੁੱਤਰ ਚਾਹੁੰਦੀ ਹੈਂ ਤਾਂ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ । ਹਰੀ ਸਿੰਘ ਨਲੂਏ ਵਰਗਾ ਚਰਿਤਰ ਕੀ ਅਸੀਂ ਅੱਜ ਦੀ ਸਿੱਖ ਪੀੜ੍ਹੀ ਵਿੱਚ ਵੇਖ ਸਕਦੇ ਹਾਂ ?
ਮੁਲਤਾਨ ਦੀ ਜੰਗ ਸਮੇਂ ਸਿੱਖਾਂ ਦੀ ਤੋਪ ਦਾ ਪਹੀਆ ਟੁੱਟ ਗਿਆ, ਤੋਪਚੀ ਸਿੰਘ ਨੇ ਕਿਹਾ ਕਿ ਹੁਣ ਤੋਪ ਤਾਂ ਹੀ ਚੱਲੇਗੀ ਜਦ ਤੋਪ ਦਾ ਪਹੀਆ ਠੀਕ ਕੀਤਾ ਜਾਵੇ ਜਾਂ ਕੋਈ ਸਿੱਖ ਆਪਣੇ ਮੋਡੇ ਦਾ ਸਹਾਰਾ ਦੇਵੇ, ਪਰ ਮੋਢਾ ਦੇਣ ਵਾਲਾ, ਤੋਪ ਦੇ ਅਸਹਿ ਜ਼ੋਰ ਨਾਲ ਫੱਟੜ ਹੋ ਜਾਵੇਗਾ । ਇਹ ਗੱਲ ਸੁਣ ਕੇ ਵੀ ਸਿੱਖ ਪਿੱਛੇ ਨਾ ਹਟੇ, ਸਗੋਂ ਮੋਢਾ ਦੇਣ ਲਈ ਪਹਿਲ ਕਰਨ ਲੱਗੇ, ਹਰ ਸਿੱਖ ਚਾਹੁੰਦਾ ਸੀ ਕਿ ਇਸ ਕਾਰਜ ਲਈ ਪਹਿਲਾਂ ਸ਼ਹੀਦੀ ਉਹ ਆਪ ਦੇਵੇ ਤਾਂ ਜੱਥੇਦਾਰ ਨੇ ਕਿਹਾ ਕਿ ਆਪਣੇ ਅਹੁਦੇ ਮੁਤਾਬਕ ਵਾਰੀ ਵਾਰੀ ਮੋਢਾ ਦੇਵਾਂਗੇ । ਸਭ ਤੋਂ ਪਹਿਲਾਂ ਮੋਢਾ ਜਥੇਦਾਰ ਨੇ ਆਪ ਦਿੱਤਾ । ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ 17 ਗੋਲੇ ਚੱਲੇ ਅਤੇ 17 ਹੀ ਸਿੰਘਾਂ ਨੇ ਵਾਰੋ-ਵਾਰੀ ਮੋਢਾ ਦਿੱਤਾ । ਸੋਚਣ ਦੀ ਲੋੜ ਹੈ ਕਿ ਇਹੋ ਜਿਹੀ ਜੱਥੇਦਾਰੀ ਅੱਜ ਪੰਥ ਵਿੱਚ ਹੈ ? ਕੀ ਇਹੋ ਜਿਹੇ ਨਿਰਸੁਆਰਥ ਜੱਥੇਦਾਰ ਦੇ ਦਰਸ਼ਨ ਅੱਜ ਅਸੀਂ ਆਪਣੀ ਕੌਮ ਵਿੱਚ ਕਰ ਸਕਦੇ ਹਾਂ ?
ਅਕਾਲੀ ਬਾਬਾ ਫੁਲਾ ਸਿੰਘ ਜੀ, ਸਿੱਖ ਰਾਜ ਦੇ ਥੰਭ, ਕੁਰਬਾਨੀ ਦੇ ਪੁੰਜ, ਰਹਿਣੀ ਬਹਿਣੀ ਦੇ ਉੱਚੇ ਸੁੱਚੇ ਗੁਰਸਿੱਖ, ਨਿਧੱੜਕ ਸੂਰਬੀਰ ਤੇ ਸੂਝਵਾਨ ਜੱਥੇਦਾਰ ਹੋਏ ਸਨ । ਜਦ ਆਪ ਜੀ ਨੂੰ ਪਤਾ ਲੱਗਾ ਕਿ ਖਾਲਸੇ ਵਿੱਚ ਲਡਾਈ ਹੋਣ ਵਾਲੀ ਹੈ, ਜਿਸ ਵਿੱਚ ਸਿੱਖਾਂ ਦੇ ਹੱਥੋਂ ਸਿੱਖਾਂ ਦਾ ਲਹੂ ਵਹੇਗਾ ਤਾਂ ਆਪ ਜੀ ਦਾ ਪੰਥਕ ਪਿਆਰ ਨਾਲ ਭਰਪੂਰ ਹਿਰਦਾ ਬਹੁਤ ਦੁਖੀ ਹੋਇਆ ਤੇ ਆਪ ਜੀ ਨੇ ਵਿੱਚ ਪੈ, ਦੋਹਾਂ ਧਿਰਾਂ ਨੂੰ ਸਮਝਾ ਕੇ ਸਮਝੌਤਾ ਕਰਵਾਇਆ । ਅਜਿਹੇ ਸਿਆਣਪ ਭਰੇ ਫੈਸਲਿਆਂ ਕਰ ਕੇ ਆਪ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਸ ਸਲਾਹਕਾਰ ਬਣ ਗਏ । ਇਹੋ ਜਿਹੀ ਸੂਝਵਾਨ ਸ਼ਖ਼ਸੀਅਤ, ਜਿਨ੍ਹਾਂ ਦੀ ਕਥਨੀ ਤੇ ਕਰਨੀ ’ਚ ਰੱਤਾ ਭਰ ਵੀ ਅੰਤਰ ਨਹੀਂ ਸੀ, ਦੀ ਅੱਜ ਸਿੱਖ ਕੌਮ ਨੂੰ ਬਹੁਤ ਜ਼ਰੂਰਤ ਹੈ ।
ਉਕਤ ਦਿੱਤੀਆਂ ਗਈਆਂ ਸੰਖੇਪ ਮਾਤਰ ਮਿਸਾਲਾਂ, ਸਿੱਖ ਕੌਮ ਦੇ ਸ਼ਹੀਦੀ ਇਤਿਹਾਸ ਵਿੱਚ ਰੱਤੀ ਭਰ ਕੁ ਹੀ ਹਨ । ਅਣਗਿਣਤ ਸ਼ਹੀਦਾਂ ਦੇ ਖ਼ੂਨ ਨਾਲ ਸਿਰਜੀ ਹੋਈ ਸਿੱਖ ਕੌਮ ਦਾ ਇਤਿਹਾਸ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲਾਂ ਦੀ ਆਪਣੇ ਆਪ ’ਚ ਮਿਸਾਲ ਹੈ ਕਿ ਗੁਰਮਤਿ ਨੇ ਸਮਾਜਿਕਤਾ ਦੀ ਭਲਾਈ ਲਈ ਆਪਣਾ ਕੁਰਬਾਨ ਕਰਨਾ ਸਿੱਖਿਆ ਹੋਇਆ ਹੈ ।
ਗੁਰੂ ਸਾਹਿਬਾਨਾਂ ਅਤੇ ਪੁਰਾਤਨ ਸਿੱਖਾਂ ਦੀਆਂ ਅਨੋਖੀਆਂ ਮਿਸਾਲਾਂ ਦਾ ਵਰਣਨ ਸਮਾਜ ਵਿੱਚ ਸਾਂਝਾ ਕਰਦੇ ਰਹਿਣਾ ਸਾਡੇ ਇਤਿਹਾਸ ਦਾ ਅਟੁੱਟ ਤੇ ਅਤਿ ਜਰੂਰੀ ਭਾਗ ਹੈ ਕਿਉਂਕਿ ਇਸ ਨਾਲ ਅਗਲੀ ਪੀੜ੍ਹੀ ਨੂੰ ਸੇਧ ਮਿਲਦੀ ਰਹਿਣੀ ਹੈ ਤਾਂ ਜੋ ਉਹ ਆਪਣੀ ਵਿਰਾਸਤ ਤੋਂ ਜਾਣੂ ਹੋ ਕੇ ਕੁਰਾਹੇ ਨਾ ਪਵੇ, ਪਰ ਇਸ ਲਈ ਪਹਿਲਾਂ ਆਪਣਾ ਕਿਰਦਾਰ ਗੁਰਮਤਿ ਅਨੁਸਾਰੀ ਬਣਾਉਣਾ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ: ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮ: ੫/੩੮੧)
ਸੋ, ਜੇ ਅਗਲੀ ਪਨੀਰੀ ਨੂੰ ਕੁਰਾਹੇ ਪੈਣ ਤੋਂ ਬਚਾਉਣਾ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਦਿਆਂ ਉਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਸਹੀ ਜਾਣਕਾਰੀ ਦਿੰਦੇ ਰਹੀਏ ।
ਕਬਿੱਤ ਨੰਬਰ 44 (ਭਾਈ ਗੁਰਦਾਸ ਜੀ)
ਕਬਿੱਤ ਨੰਬਰ 44 (ਭਾਈ ਗੁਰਦਾਸ ਜੀ)
ਪ੍ਰੀਤਮ ਸਿੰਘ (ਕਰਨਾਲ)-94164-05173
ਸੂਆ ਗਹਿ ਨਲਿਨੀ ਕਉ ਉਲਟਿ ਗਹਾਵੈ ਆਪੁ, ਹਾਥ ਸੈ ਛਡਾਏ ਪਰ ਬਸਿ ਆਵਈ ।
ਤੈਸੇ ਬਾਰੰਬਾਰ ਟੇਰਿ ਟੇਰਿ ਕਹੇ ਪਠੋ ਪਠੋ, ਆਪਨੋ ਹੀ ਨਾਓ ਸੀਖਿ ਆਪ ਹੀ ਪੜ੍ਹਾਵਈ
ਰਘੁਬੰਸੀ ਰਾਮ ਨਾਮੁ ਗਾਲ ਜਾਮਨੀ ਸੁ ਭਾਖਾ, ਸੰਗਤਿ ਸੁਭਾਵ ਗਤਿ ਬੁਧਿ ਪ੍ਰਗਟਾਵਈ ।
ਤੈਸੇ ਗੁਰਚਰਨ ਸਰਨਿ ਸਾਧ ਸੰਗ ਮਿਲੇ, ਆਪਾ ਆਪੁ ਚੀਨਿ ਗੁਰਮੁਖਿ ਸੁਖ ਪਾਵਈ ॥੪੪॥
ਸ਼ਬਦ ਅਰਥ : ਸੂਆ=ਤੋਤਾ । ਗਹਿ=ਪਕੜਨਾ । ਨਲਿਨੀ=ਨਲਕੀ । ਗਹਾਵੈ ਆਪੁ=ਆਪਣਾ ਆਪ ਪਕੜਵਾਂਦਾ ਹੈ । ਪਰ ਬਸਿ=ਪਰਾਏ ਵਸ । ਟੇਰਿ=ਪੁਕਾਰ ਕੇ । ਜਾਮਨੀ ਸੁਭਾਖਾ= ਮੁਸਲਮਾਨੀ ਬੋਲੀ ।
ਅਰਥ : ਤੋਤਾ, ਨਲਕੀ ਉੱਤੇ ਚੋਗੇ ਲਈ ਬੈਠਦਾ ਹੈ ਤੇ ਨਲਕੀ ਉਸ ਦੇ ਭਾਰ ਨਾਲ ਉਲਟ (ਘੁੰਮ) ਜਾਂਦੀ ਹੈ ਕਿਉਂਕਿ ਹੇਠਾਂ ਬਰਤਨ ’ਚ ਪਾ ਕੇ ਸ਼ਿਕਾਰੀ ਨੇ ਪਾਣੀ ਰੱਖਿਆ ਹੁੰਦਾ ਹੈ, ਜਿਸ ਕਾਰਨ ਤੋਤਾ ਪਾਣੀ ਵਿੱਚ ਡੁੱਬਣ ਦੇ ਡਰ ਤੋਂ ਨਲਕੀ ਨਹੀਂ ਛੱਡਦਾ ਤੇ ਸ਼ਿਕਾਰੀ ਦੇ ਹੱਥ ਆ ਜਾਂਦਾ ਹੈ । ਫਿਰ ਉਸ ਨੂੰ ਜੋ ਕੁਝ ਸਿਖਾਇਆ ਜਾਏ ਉਹੀ ਕੁਝ ਤੋਤਾ ਸਿਖਦਾ ਹੈ । ਰਾਮ ਭਗਤ ਕੋਲੋਂ ਰਾਮ ਰਾਮ, ਵਿਕਾਰੀ ਪੁਰਸ਼ ਕੋਲੋਂ ਗਾਲ੍ਹਾਂ ਤੇ ਮੁਸਲਮਾਨ ਕੋਲੋਂ ਮੁਸਲਮਾਨੀ ਬੋਲੀ । ਆਪ ਇਹ ਸਿਖ ਕੇ ਹੋਰਨਾਂ ਨੂੰ ਵੀ ਉਹੋ ਕੁਛ ਹੀ ਪੜ੍ਹਾਂਦਾ ਹੈ ਭਾਵ ਇਹ ਕਿ ਜਿਹੋ ਜਿਹੀ ਉਸ ਨੂੰ ਸੰਗਤਿ ਮਿਲਦੀ ਹੈ ਉਸੇ ਤਰ੍ਹਾਂ ਹੀ ਉਹ ਢਲ਼ ਜਾਂਦਾ ਹੈ । ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਦੇ ਸ਼ਬਦ ਅਤੇ ਸਾਧ ਸੰਗਤ ਦੇ ਮਿਲਾਪ ਨਾਲ ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਪਰਮ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ ।
(ਨੋਟ: ਤੋਤੇ ਨੂੰ ਪਕੜਨ ਲਈ ਇਕ ਖ਼ਾਸ ਤਰੀਕਾ ਅਪਣਾਇਆ ਜਾਂਦਾ ਹੈ । ਦੋ ਡੰਡੇ ਕੁਝ ਕੁ ਫ਼ਾਸਲੇ ਗੱਡ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਇਕ ਤਾਰ ਨਾਲ ਜੋੜਿਆ ਜਾਂਦਾ ਹੈ । ਇਸ ਤਾਰ ਵਿੱਚ ਇਕ ਨਲਕੀ ਪਰੋਈ ਹੋਈ ਹੁੰਦੀ ਹੈ । ਨਲਕੀ ਦੇ ਬਿਲਕੁਲ ਹੇਠਾਂ ਪਾਣੀ ਦਾ ਇਕ ਬਰਤਨ ਰੱਖ ਦਿੱਤਾ ਜਾਂਦਾ ਹੈ ਅਤੇ ਸਾਹਮਣੇ ਥੋੜ੍ਹੀ ਵਿੱਥ ’ਤੇ ਨਲਕੀ ਦੇ ਨਜਦੀਕ ਚੋਗਾ ਵੀ ਪਾ ਦਿੱਤਾ ਜਾਂਦਾ ਹੈ । ਤੋਤੇ ਨੂੰ ਚੋਗਾ ਖਾਣ ਲਈ ਬੈਠਣ ਵਾਸਤੇ ਕੇਵਲ ਉਹ ਨਲਕੀ ਹੀ ਹੁੰਦੀ ਹੈ, ਜਿਸ ’ਤੇ ਉਹ ਆ ਬੈਠਦਾ ਹੈ । ਤੋਤੇ ਦੇ ਬੈਠਦਿਆਂ ਹੀ ਭਾਰ ਦਾ ਸੰਤੁਲਨ ਨਾ ਰਹਿਣ ਕਾਰਨ ਨਲਕੀ ਘੁੰਮ ਜਾਂਦੀ ਹੈ ਤੇ ਤੋਤਾ ਪੁੱਠਾ ਲਟਕ ਜਾਂਦਾ ਹੈ । ਹੇਠਾਂ ਉਸ ਨੂੰ ਪਾਣੀ ਨਜ਼ਰ ਆਉਂਦਾ ਹੈ । ਜਿਸ ਵਿੱਚ ਡੁੱਬਣ ਦੇ ਡਰੋਂ ਉਹ ਨਲਕੀ ਨਹੀਂ ਛੱਡਦਾ ਅਤੇ ਤਦ ਤੱਕ ਸ਼ਿਕਾਰੀ ਆ ਕੇ ਤੋਤੇ ਨੂੰ ਫੜ ਲੈਂਦਾ ਹੈ । )
ਵਿਚਾਰ: ਮਾਇਆ ਦੇ ਅਨੇਕਾਂ ਰੂਪ ਹਨ । ਇਹ ਸਾਰੇ ਸੰਸਾਰ ’ਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ । ਇਸ ਦੀ ਗ਼ਰਿਫ਼ਤ ਤੋਂ ਕੋਈ ਜੀਵ ਨਹੀਂ ਬਚਿਆ, ਚਾਹੇ ਕੋਈ ਮਨੁੱਖ ਹੋਵੇ, ਪਸ਼ੂ ਹੋਵੇ, ਪੰਛੀ ਹੋਵੇ, ਧਰਤੀ ਉੱਤੇ ਵਿਚਰਦਾ ਹੋਵੇ, ਪਾਣੀ ਵਿੱਚ ਹੋਵੇ ਜਾਂ ਆਕਾਸ਼ ਵਿੱਚ ਉੱਡਦਾ ਹੋਵੇ । ਕਬੀਰ ਸਾਹਿਬ ਦਾ ਫ਼ਰਮਾਨ ਹੈ ਕਿ ਜਿਸ ਦੇ ਪੇਟ ਲੱਗਿਆ ਹੈ ਉਸ ਅੰਦਰ ਮਾਇਆ ਲਈ ਖਿੱਚ ਵੀ ਬਣੀ ਰਹਿੰਦੀ ਹੈ ‘‘ਕਹਿ ਕਬੀਰ ! ਜਿਸੁ ਉਦਰੁ, ਤਿਸੁ ਮਾਇਆ॥ (ਅੰਕ ੧੧੬੦)
ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ, ਤਿ੍ਰਸ਼ਨਾ ਆਦਿ ਸਭ ਮਾਇਆ ਦਾ ਹੀ ਰੂਪ ਹਨ । ਕਈ ਜੀਵਾਂ ਵਿਚ ਤਾਂ ਇਸ ਦਾ ਇਕ ਇਕ ਰੂਪ ਹੋ ਕੇ ਫਾਹੀ ਦਾ ਕਾਰਨ ਬਣਦਾ ਹੈ, ਪਰ ਮਨੱਖ ਅੰਦਰ ਤਾਂ ਇਹ ਸਾਰੇ ਰੂਪਾਂ (ਔਗੁਣਾਂ) ਵਿਚ ਹੀ ਵਰਤਦੀ ਹੈ । ਗੁਰਬਾਣੀ ਫ਼ਰਮਾਨ ਹੈ ਕਿ ਹਿਰਨ ਨੂੰ ਨਾਦ ਰੋਗ (ਕੰਨ ਰਸ), ਮੱਛੀ ਨੂੰ ਜੀਭ ਰੋਗ, ਭੌਰੇ ਨੂੰ ਸੁਗੰਧ ਰੋਗ (ਨਾਸਕੀ ਰੋਗ), ਪਤੰਗੇ ਨੂੰ ਦ੍ਰਿਸ਼ਟੀ ਰੋਗ ਤੇ ਹਾਥੀ ਨੂੰ ਕਾਮ (ਸਪਰਸ) ਰੋਗ ਭਾਵ ਇਹ ਸਭ ਇੱਕ-ਇੱਕ ਰੋਗ ਕਾਰਨ ਆਪਣੀ ਆਜ਼ਾਦੀ ਗੁਆ ਲੈਂਦੇ ਹਨ, ਮਰ ਜਾਂਦੇ ਹਨ, ਪਰ ਅਧੀਨ ਹੋ ਜਾਂਦੇ ਹਨ ਜਦਕਿ ਮਨੁੱਖ ਅੰਦਰ ਤਾਂ ‘ਕਾਮ (ਸਪਰਸ) ਰੋਗ, ਕ੍ਰੋਧ, ਲੋਭ, ਮੋਹ ਤੇ ਅਹੰਕਾਰ (ਪੰਜੇ ਹੀ) ਮੌਜੂਦ ਹਨ ਇਸ ਦੀ ਬੇੜੀ ਤਾਂ ਸੰਸਾਰ ਸਮੁੰਦਰ ਵਿੱਚ ਡੁੱਬਣੀ ਤਹਿ ਹੈ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ॥’’ (ਭਗਤ ਰਵਿਦਾਸ ਜੀ/ਅੰਕ ੪੮੬) । ਮਇਆ ਦੇ ਪ੍ਰਭਾਵ ਕਰ ਕੇ ਹੀ ਮਨੁੱਖ ਆਪਣਾ ਆਪਾ ਭੁਲਿਆ ਹੋਇਆ ਹੈ । ਇਸ ਨੂੰ ਸਮਝ ਨਹੀਂ ਕਿ ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ॥’’ (ਭਗਤ ਕਬੀਰ ਜੀ/ਅੰਕ ੮੭੧) ਹੈ । ਜਦੋਂ ਇਹ ਗੁਰੂ ਦੀ ਸ਼ਰਨ ਵਿਚ ਆ ਕੇ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਭਾਵ ਗੁਰੂ ਦੇ ਸ਼ਬਦ ਦੀ ਵੀਚਾਰ ਕਰਦਾ ਹੈ ਤਾਂ ਇਸ ਨੂੰ ਸਮਝ ਲਗਦੀ ਹੈ ਕਿ ਇਹ (ਮਾਇਆ) ਤਾਂ ਉਸ ਅਥਾਹ ਗੁਣਾਂ ਮਾਲਕ ਪ੍ਰਮਾਤਮਾ ਦੀ ਹੀ ਇਕ ਬੂੰਦ (ਨਾ-ਮਾਤਰ ਹਸਤੀ) ਹੈ । ਉਸੇ ਪ੍ਰਭੂ ਦਾ ਹੀ ਇਕ ਜੁਜ਼ (ਭਾਗ) ਹੈ ।
ਇਸੇ ਗੱਲ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਹਥਲੇ ਕਬਿੱਤ ਵਿਚ ਤੋਤੇ ਦੀ ਮਿਸਾਲ ਦੇ ਕੇ ਖੋਲਦੇ ਹਨ ਕਿ ਤੋਤੇ ਨੂੰ ਜਿਹੋ ਜਿਹਾ ਕੋਈ ਪੜ੍ਹਾਉਂਦਾ ਹੈ, ਉਹ ਚਾਹੇ ਰਾਮ ਰਾਮ ਹੋਵੇ, ਚਾਹੇ ਗਾਲ੍ਹਾਂ ਹੋਣ, ਚਾਹੇ ਮੁਸਲਮਾਨੀ ਬੋਲੀ ਹੋਵੇ, ਤੋਤਾ ਉਹੋ ਕੁਝ ਪੜ੍ਹਦਾ ਹੈ । ਤੋਤੇ ਦੀ ਆਦਤ ਹੁੰਦੀ ਹੈ ਕਿ ਜੋ ਕੁਝ ਉਹ ਸਿੱਖਦਾ ਹੈ ਉਹੀ ਕੁਝ ਉਹ ਬਾਰ ਬਾਰ ਬੋਲਦਾ ਰਹਿੰਦਾ ਹੈ । ਉਸ ਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ ਉਹੋ ਜਿਹਾ ਹੀ ਬਣ ਜਾਂਦਾ ਹੈ । ਪੰਜਾਬੀ ਅਖਾਣ ਹੈ ‘ਜੈਸੀ ਸੰਗਤ ਤੈਸੀ ਰੰਗਤ ।’
ਗੁਰੂ ਦੀ ਸੰਗਤ ਵਿਚ ਰਿਹਾਂ ਮਨੁੱਖ ਨੂੰ ਤੱਤ-ਸਾਰ ਦੀ ਸਮਝ ਆ ਜਾਂਦੀ ਹੈ । ਇਸ ਲਈ ਉਹ ਮਾਇਆ ਰੂਪੀ ਚੋਗੇ ਵੱਲ ਜਾਂਦਾ ਹੀ ਨਹੀਂ । ਉਸ ਨੂੰ ਪਤਾ ਲਗ ਜਾਂਦਾ ਹੈ ‘‘ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ॥’’ (ਮ:੧/ਅੰਕ ੪੬੪) ਇਸ ਲਈ ਉਹ, ਹਿਰਦੇ ਤੋਂ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਸਾਧ ਸੰਗਤ ਵਿੱਚ ਵਿਚਰਦਾ ਹੋਇਆ ਆਪਣੇ ਆਪੇ (ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ॥ ਮ: ੩/੧੧੫) ਦੀ ਪਛਾਣ ਕਰ ਕੇ ਪਰਮ ਸੁੱਖ ਦੀ ਪ੍ਰਾਪਤੀ ਕਰ ਲੈਂਦਾ ਹੈ । ਗੁਰਬਾਣੀ ਇਹੋ ਜਿਹੇ ਗੁਰਸਿੱਖ ਦੀ ਗਵਾਹੀ ‘‘ਗੁਰ ਕਾ ਸਬਦੁ ਰਤੰਨ ਹੈ, ਕਰਿ ਚਾਨਣੁ ਆਪਿ ਦਿਖਾਇਆ॥ ਆਪਣਾ ਆਪੁ ਪਛਾਣਿਆ, ਗੁਰਮਤੀ ਸਚਿ ਸਮਾਇਆ॥’’ (ਮਲਾਰ ਕੀ ਵਾਰ ਮ:੧/ਅੰਕ ੧੨੯੦) ਦੇ ਫ਼ਰਮਾਨ ਨਾਲ ਭਰਦੀ ਹੈ ।
ਬਲਦੇਵ ਸੜਕਨਾਮੇ ਦੇ ਨਾਵਲ “ਸੂਰਜ ਦੀ ਅੱਖ” ਵਿਵਾਦ ਸਬੰਧੀ ਪਾਠਕਾਂ ਵਿਰੁੱਧ ਸ਼ਿਕਾਇਤ ਕਰਤਾਵਾਂ ਨਾਲ ਹੋਈ ਗੱਲਬਾਤ ਦੇ ਸੰਖੇਪ ਸਾਰ
ਬਲਦੇਵ ਸੜਕਨਾਮੇ ਦੇ ਨਾਵਲ “ਸੂਰਜ ਦੀ ਅੱਖ” ਵਿਵਾਦ ਸਬੰਧੀ ਪਾਠਕਾਂ ਵਿਰੁੱਧ ਸ਼ਿਕਾਇਤ ਕਰਤਾਵਾਂ ਨਾਲ ਹੋਈ ਗੱਲਬਾਤ ਦੇ ਸੰਖੇਪ ਸਾਰ
ਕਿਰਪਾਲ ਸਿੰਘ ਬਠਿੰਡਾ
ਸਾਰੇ ਸ਼ਿਕਾਇਤ ਕਰਤਾਵਾਂ ਚੋਂ ਅੱਧੋਂ ਵੱਧ ਜਿਨ੍ਹਾਂ ਦੇ ਮੈਨੂੰ ਟੈਲੀਫੋਨ ਨੰ: ਮਿਲ ਸਕੇ ਉਨ੍ਹਾਂ ਸਾਰਿਆਂ ਨੂੰ ਵਾਰੀ ਵਾਰੀ ਫ਼ੋਨ ਕਰ ਕੇ ਹੇਠ ਲਿਖੇ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਸੁਣ ਕੇ ਸਿਰਫ ਕੇਵਲ ਮੈਂ ਹੀ ਹੈਰਾਨ ਨਹੀਂ ਹੋਇਆ ਬਲਕਿ ਸੁਣਨ ਵਾਲਾ ਹਰ ਵਿਅਕਤੀ ਹੈਰਾਨ ਹੋਵੇਗਾ :-
1. ਕੀ ਤੁਸੀਂ ਸੂਰਜ ਦੀ ਅੱਖ ਨਾਵਲ ਪੜ੍ਹਿਆ ਹੈ ? ਇੱਕ ਦਾ ਜਵਾਬ ਹਾਂ ਵਿੱਚ ਸੀ, ਇੱਕ ਨੇ ਦੱਸਿਆ ਕਿ ਅੱਧਾ ਪੜ੍ਹ ਲਿਆ ਹੈ ਤੇ ਬਾਕੀ ਪੜ੍ਹ ਰਿਹਾ ਹਾਂ ਜਦੋਂ ਕਿ ਬਾਕੀ ਸਾਰਿਆ ਦਾ ਜਵਾਬ ਨਾਂਹ ਵਿੱਚ ਸੀ।
2. ਪੁੱਛਿਆ ਕਿ ਤੁਸੀਂ ਫੇਸ ਬੁੱਕ ’ਤੇ ਗੁਰਸੇਵਕ ਸਿੰਘ ਚਾਹਲ ਵੱਲੋਂ ਕੀਤਾ ਰੀਵਿਊ, ਪੁੱਛੇ ਗਏ ਹੋਰ ਸਵਾਲ ਅਤੇ ਲਿਖੀਆਂ ਅਪੱਦਰ ਗਾਲਾਂ ਜਾਂ ਧਮਕੀਆਂ ਪੜ੍ਹੀਆਂ ਹਨ ? ਜਵਾਬ ਪਹਿਲਾਂ ਨਾਲੋਂ ਵੀ ਵਧ ਹੈਰਾਨੀਜਨਕ ਸੀ 4 ਸ਼ਿਕਾਇਤ ਕਰਤਾਵਾਂ ਨੇ ਕਿਹਾ ਉਹ ਤਾਂ ਫੇਸ ਬੁੱਕ ਖੋਲ੍ਹਣੀ ਵੀ ਨਹੀਂ ਜਾਣਦੇ, 3 ਨੇ ਕਿਹਾ ਫੇਸ ਬੁੱਕ ਤਾਂ ਵਰਤਦੇ ਹਨ ਪਰ ਉਨ੍ਹਾਂ ਕਦੀ ਗੁਰਸੇਵਕ ਸਿੰਘ ਦਾ ਪੇਜ਼ ਨਹੀਂ ਵੇਖਿਆ, ਇੱਕ ਨੇ ਕਿਹਾ ਮੈਂ ਇਸ ਵੇਲੇ ਚੰਡੀਗੜ੍ਹ ਹਾਂ 2 ਦਿਨਾਂ ਵਾਅਦ ਆਵਾਂਗਾ ਤਾਂ ਬੈਠ ਕੇ ਗੱਲ ਕਰਾਂਗੇ ਫ਼ੋਨ ’ਤੇ ਮੈਂ ਕੋਈ ਗੱਲਬਾਤ ਨਹੀਂ ਕਰਾਂਗਾ।
3. ਪੁੱਛਿਆ ਗਿਆ ਕਿ ਜੇ ਤੁਸੀਂ ਵਿਵਾਦਤ ਨਾਵਲ ਨਹੀਂ ਪੜ੍ਹਿਆ, ਉਸ ਉਪਰ ਕੀਤਾ ਰੀਵਿਊ ਨਹੀਂ ਪੜ੍ਹਿਆ, ਪੁੱਛੇ ਗਏ ਸਵਾਲ ਵੀ ਨਹੀਂ ਪੜ੍ਹੇ, ਤੁਹਾਡੇ ਵੱਲੋਂ ਲਾਏ ਜਾ ਰਹੇ ਦੋਸ਼ ਅਨੁਸਾਰ ਉਸ ਵੱਲੋਂ ਲਿਖੀਆਂ ਗਾਲਾਂ ਤੇ ਧਮਕੀਆਂ ਵੀ ਨਹੀਂ ਪੜ੍ਹੀਆਂ ਜਦੋਂ ਕਿ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕੇਵਲ ਪਾਠਕ ਦੇ ਤੌਰ ’ਤੇ ਰੀਵਿਊ ਲਿਖਿਆ ਸੀ ਤੇ ਪੜ੍ਹਦੇ ਸਮੇਂ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਲੇਖਕ ਵੱਲੋਂ ਸੋਚੀ ਸਮਝੀ ਨੀਤੀ ਤਹਿਤ ਬਿਨਾਂ ਇਤਿਹਾਸਕ ਹਵਾਲੇ ਦਿੱਤਿਆਂ ਇਤਿਹਾਸ ਨੂੰ ਗਲਤ ਰੰਗਤ ਦਿੱਤੀ ਗਈ ਹੈ ਤਾਂ ਉਸ ਨੇ ਨਾਵਲ ਵਿੱਚ ਦਿਤੇ ਗਏ ਗਲਤ ਤੱਥਾਂ ਦੇ ਕੇਵਲ ਇਤਿਹਾਸਕ ਹਵਾਲੇ ਮੰਗੇ ਸਨ ਤੇ ਹੋਰ ਕਈ ਸਵਾਲ ਪੁੱਛੇ ਸਨ ਜਦੋਂ ਕਿ ਕਦੀ ਵੀ ਕੋਈ ਗਾਲ਼ ਜਾਂ ਧਮਕੀ ਨਹੀਂ ਲਿਖੀ; ਤਾਂ ਤੁਸੀਂ ਕਿਸ ਤਰ੍ਹਾਂ ਉਸ ਨੂੰ ਮੁੱਖ ਦੋਸ਼ੀ ਦੇ ਤੌਰ ’ਤੇ ਪੇਸ਼ ਕਰਕੇ ਉਸ ਵਿਰੁੱਧ ਸ਼ਿਕਾਇਤ ਲੈ ਕੇ ਡੀ ਸੀ ਕੋਲ ਗਏ। ਜਵਾਬ ਸੀ ਕਿ ਉਨ੍ਹਾਂ ਨੂੰ ਅਤਰਜੀਤ ਨੇ ਫ਼ੋਨ ਕਰਕੇ ਬੁਲਾਇਆ ਸੀ ਉਸ ਨੇ ਦੱਸਿਆ ਕਿ ਉਸ ਨੇ ਨਾਵਲ ਪੜ੍ਹਿਆ ਹੈ ਜੋ ਨਿਰੋਲ ਤੱਥਾਂ ’ਤੇ ਅਧਾਰਤ ਸੱਚ ਹੈ ਪਰ ਇਹ ਫ਼ਾਸ਼ੀਵਾਦੀ ਤੇ ਫ੍ਰਿਕਾ ਪ੍ਰਸਤ ਲੋਕ ਲੇਖਕ ਦੀ ਕਲਮ ਦੀ ਅਜਾਦੀ ਖੋਹਣ ਲਈ ਉਸ ਨੂੰ ਧਮਕੀਆਂ ਤੇ ਗਾਲਾਂ ਕੱਢ ਰਹੇ ਹਨ ਜਿਸ ਦੀਆਂ ਕੁਝ ਸਕਰੀਨ ਸ਼ਾਟ ਦੀਆਂ ਉਸ ਪਾਸ ਫੋਟੋ ਕਾਪੀਆਂ ਵੀ ਸਨ। ਇਹ ਪੁੱਛਣ ’ਤੇ ਕੀ ਉਨ੍ਹਾਂ ਸਕਰੀਨ ਸ਼ਾਟਾਂ ਵਿੱਚੋਂ ਤੁਸੀਂ ਗੁਰਸੇਵਕ ਸਿੰਘ ਵੱਲੋਂ ਕੱਢੀਆਂ ਗਾਲ਼ਾਂ ਜਾਂ ਧਮਕੀਆਂ ਦੀ ਫੋਟੋ ਕਾਪੀ ਸਬੂਤ ਵਜੋਂ ਵਿਖਾ ਸਕਦੇ ਹੋ ਤਾਂ ਉਨ੍ਹਾਂ ਕਿਹਾ ਕਿ ਇਹ ਕੇਵਲ ਅਤਰਜੀਤ ਨੇ ਦੂਰੋਂ ਵਿਖਾ ਕੇ ਦੱਸਿਆ ਸੀ ਸਬੂਤ ਵਜੋਂ ਇਹ ਉਨ੍ਹਾਂ ਪਾਸ ਮੌਜੂਦ ਹਨ ਜੋ ਮੈਮੋਰੰਡਮ ਨਾਲ ਵੀ ਲਾਈਆਂ ਗਈਆਂ ਹਨ ਪਰ ਅਸੀਂ ਖੁਦ ਨਹੀਂ ਪੜ੍ਹੀਆਂ; ਤੁਸੀਂ ਸਬੂਤ ਅਤਰਜੀਤ ਪਾਸੋਂ ਵੇਖ ਸਕਦੇ ਹੋ। ਸਵਾਲ ਕੀਤਾ ਕਿ ਜੇ ਤੁਸੀਂ, ਨਾ ਨਾਵਲ ਪੜ੍ਹਿਆ ਹੈ, ਨਾ ਰੀਵਿਊ ਪੜ੍ਹਿਆ ਹੈ, ਨਾ ਗੁਰਸੇਵਕ ਸਿੰਘ ਵੱਲੋਂ ਕੱਢੀਆਂ ਗਾਲਾਂ ਅਤੇ ਦਿੱਤੀਆਂ ਧਮਕੀਆਂ ਦਾ ਸਬੂਤ ਤੁਸੀਂ ਆਪਣੇ ਅੱਖੀਂ ਵੇਖਿਆ ਹੈ ਪਰ ਕੇਵਲ ਅਤਰਜੀਤ ਦੇ ਕਹੇ ਨੂੰ ਸੱਚ ਮੰਨ ਲਿਆ ਹੈ। ਕੀ ਐਸਾ ਨਹੀਂ ਹੋ ਸਕਦਾ ਕਿ ਤੁਹਾਡੇ ਵਾਂਗ ਹੀ ਬਲਦੇਵ ਸੜਕਨਾਮੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੇ ਵਿਰੋਧੀਆਂ ਵੱਲੋਂ ਕਿਸੇ ਮਕਸਿਦ ਅਧੀਨ ਫੈਲਾਈਆਂ ਗਈਆਂ ਝੂਠੀਆਂ ਅਫਵਾਹਾਂ ਨੂੰ ਸੱਚ ਮੰਨ ਕੇ ਇਤਿਹਾਸ ਦੇ ਤੌਰ ’ਤੇ ਪੇਸ਼ ਕਰ ਦਿੱਤਾ ਹੋਵੇ ਜਿਸ ਦਾ ਇਤਿਹਾਸਕ ਹਵਾਲਾ ਡੇਢ ਮਹੀਨੇ ਤੋਂ ਲਗਾਤਾਰ ਪੁੱਛੇ ਜਾਣ ਤੋਂ ਵਾਅਦ ਵੀ ਨਹੀਂ ਦੇ ਸਕਿਆ, ਪਰ ਹੈਰਾਨੀ ਹੈ ਤੁਹਾਡੇ ਸਾਹਿਤਕਾਰਾਂ ਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਜਿਹੜੇ ਕਲਮ ਦੀ ਅਜਾਦੀ ਦਾ ਢੰਡੋਰਾ ਪਿਟਦੇ ਹੋਏ ਝੂਠੇ ਬੰਦੇ ਦਾ ਸਾਥ ਦੇਣ ਲਈ ਕੇਵਲ ਸਵਾਲ ਕਰਤਾਵਾਂ ਦੀ ਕਲਮ ਦੀ ਅਜਾਦੀ ਖੋਹਣ ਲਈ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਲੈ ਕੇ ਡੀ ਸੀ ਦੇ ਦਰਬਾਰ ਵਿੱਚ ਪਹੁੰਚ ਗਏ। ਕੇਵਲ ਤਿੰਨ ਵਿਅਕਤੀਆਂ ਨੂੰ ਛੱਡ ਕੇ ਬਾਕੀਆਂ ਨੇ ਕਿਹਾ ਜੀ, ਉਹ ਤਾਂ ਜਥੇਬੰਦੀ ਨਾਲ ਖੜ੍ਹੇ ਹਨ ਤੁਸੀਂ ਅਤਰਜੀਤ ਨੂੰ ਮਿਲੋ ਉਹ ਤੁਹਾਨੂੰ ਸਬੂਤ ਵੀ ਵਿਖਾ ਦੇਣਗੇ ਤੇ ਸੰਵਾਦ ਰਚਾਉਣ ਲਈ ਤਿਆਰ ਹਨ ਇਸ ਲਈ ਤੁਸੀਂ ਉਨਹਾਂ ਨਾਲ ਸੰਵਾਦ ਰਚਾਓ, ਮਸਲਾ ਹੱਲ ਹੋ ਜਾਵੇਗਾ। ਸਾਡਾ ਤਾਂ ਸਿਰਫ ਇਹੋ ਭਾਵ ਹੈ ਕਿ ਬੋਲਣ ਲਿਖਣ ਦੀ ਹਰ ਇੱਕ ਨੂੰ ਅਜਾਦੀ ਹੈ ਪਰ ਗਾਲਾਂ ਕੱਢਣ ਤੇ ਧਮਕੀਆ ਦੇਣੀਆਂ ਲੇਖਕਾਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਹੈ। ਕਿਸੇ ਨੂੰ ਵੀ ਇਸ ਹੱਕ ’ਤੇ ਡਾਕਾ ਮਾਰਨ ਦੀ ਖੁੱਲ੍ਹ ਨਹੀਂ ਹੋਣੀ ਚਾਹੀਦੀ। ਹਾਂ ਤਿੰਨ ਵਿਅਕਤੀਆਂ ਨੇ ਜਰੂਰ ਕਿਹਾ ਕਿ ਉਹ ਸਾਰੇ ਕੇਸ ਦੀ ਸਟੱਡੀ ਕਰਕੇ ਇਸ ਮਸਲੇ ’ਤੇ ਮੁੜ ਵੀਚਾਰ ਕਰਨਗੇ।
4. ਆਖਰੀ ਸਵਾਲ ਪੁੱਛੇ ਗਏ :
(i ) ਕੀ ਸਵਾਲ ਕਰਨੇ ਅਤੇ ਉਨ੍ਹਾਂ ਦੇ ਉੱਤਰ ਦੇਣੇ ਸੰਵਾਦ ਦਾ ਹਿੱਸਾ ਨਹੀਂ ? ਉੱਤਰ ਦੇਣ ਤੋਂ ਕੌਣ ਭੱਜ ਰਿਹਾ ਹੈ ?
(ii ) ਕੀ ਤੁਸੀਂ ਸਾਹਿਤਕਾਰ ਦੀ ਕਲਮ ਦੀ ਅਜਾਦੀ ਦਾ ਢੰਡੋਰਾ ਪਿੱਟਣ ਵਾਲੇ ਉਨ੍ਹਾਂ ਦੇ ਪਾਠਕਾਂ ਦੀ ਕਲਮ ਦੀ ਅਜਾਦੀ ਖੋਹਣ ਲਈ ਕਮਰਕਸੇ ਨਹੀਂ ਕਰੀ ਫਿਰਦੇ ?
(iii ) ਸਾਹਿਤਕਾਰ ਵੱਲੋਂ ਲਗਾਤਾਰ ਡੇਢ ਮਹੀਨੇ ਤੋਂ ਜਵਾਬ ਦੇਣ ਤੋਂ ਵੱਟੀ ਘੇਸਲ ਨੂੰ ਵੇਖ ਕੇ ਜੇ ਕਿਸੇ ਜਜ਼ਬਾਤੀ ਨੇ ਗੁਰਸੇਵਕ ਸਿੰਘ ਵੱਲੋਂ ਪਾਈ ਪੋਸਟ ’ਤੇ ਕੁਮੈਂਟ ਕਰਦੇ ਸਮੇਂ ਕੋਈ ਗਾਲ ਕੱਢ ਵੀ ਦਿੱਤੀ ਤਾਂ ਇਸ ਲਈ ਗੁਰਸੇਵਕ ਸਿੰਘ ਜਿੰਮੇਵਾਰ ਕਿਵੇਂ ਹੋਇਆ ? ਨਾਲੇ ਉਨ੍ਹਾਂ ਨੇ ਕਿਹੜਾ ਕਿਸੇ ਤਲਵਾਰ, ਏ ਕੇ 47 ਜਾਂ ਤੋਪਾਂ ਵਾਲੇ ਟੈਂਕ ਦੀ ਵਰਤੋਂ ਕੀਤੀ ਹੈ; ਵਰਤੀ ਤਾਂ ਉਨ੍ਹਾਂ ਨੇ ਵੀ ਕਲਮ ਹੀ ਨਾਂ ! ਕੀ ਇਸ ਕਲਮ ਦੀ ਅਜਾਦੀ ਖੋਹਣਾ ਜਮਹੂਰੀ ਹੱਕਾਂ ’ਤੇ ਡਾਕਾ ਮਾਰਨਾ ਨਹੀਂ ਹੈ ?
(iv) ਬਿਨਾਂ ਕਿਸੇ ਸਬੂਤ ਤੋਂ ਕਿਸੇ ਨੂੰ ਨੌਕਰ ਦਾ ਨਜ਼ਾਇਜ਼ ਪੁੱਤਰ ਲਿਖ ਦੇਣਾ ਕੀ ਇਹ ਗਾਲ਼ ਨਹੀਂ ਹੈ ? ਜੇ ਨਹੀਂ ਯਕੀਨ ਤਾਂ ਤੁਹਾਨੂੰ ਕਹਿ ਕੇ ਵੇਖ ਲੈਂਦੇ ਹਾਂ ?
ਇਨ੍ਹਾਂ ਕਿਸੇ ਵੀ ਸਵਾਲ ਦਾ ਉਨ੍ਹਾਂ ਪਾਸ ਕੋਈ ਜਵਾਬ ਨਹੀਂ ਸੀ ਕੇਵਲ ਇੱਕ ਰੱਟ ਲਾਈ ਸੀ ਕਿ ਗਾਲ਼ਾਂ ਕੱਢਣੀਆਂ ਗਲਤ ਹਨ ਬੈਠ ਕੇ ਸੰਵਾਦ ਰਚਾਉਣਾ ਚਾਹੀਦਾ ਹੈ । ਜ਼ਾਹਰ ਹੈ ਕਿ ਇਹ ਲੋਕ ਕਲਮ ਦੀ ਅਜਾਦੀ ਅਤੇ ਸੰਵਾਦ ਦੇ ਅਰਥ ਹੀ ਭੁੱਲ ਚੁੱਕੇ ਹਨ।
ਉਕਤ ਸਾਰੀ ਵਾਰਤਾ ਵਿੱਚੋਂ ਇਹੀ ਸਮਝ ਆਈ ਕਿ ਅਤਰਜੀਤ ਤੇ ਉਸ ਦੇ ਇੱਕ ਦੋ ਹੋਰ ਸਾਥੀ ਜਿਨ੍ਹਾਂ ਦੇ ਫ਼ੋਨ ਨੰ: ਮੇਰੇ ਪਾਸ ਨਾ ਹੋਣ ਕਰਕੇ ਉਨ੍ਹਾਂ ਨਾਲ ਮੇਰਾ ਸੰਪਰਕ ਨਾ ਹੋ ਸਕਿਆ ਹੋਵੇ; ਹੀ ਸਾਰੀ ਖੇਡ੍ਹ ਦੇ ਸੂਤਰਧਾਰ ਹਨ ਅਤੇ ਬਾਕੀ ਪਤਾ ਨਹੀਂ ਕਿਸ ਮਜਬੂਰੀ ਵਿੱਚ ਉਸ ਦੇ ਵਾੜੇ ਦੀਆਂ ਭੇਡਾਂ ਵਾਲਾ ਰੋਲ ਨਿਭਾ ਰਹੇ ਹਨ। ਅਤਰਜੀਤ ਨਾਲ ਸੰਵਾਦ ਰਚਾਉਣ ਦਾ ਕੋਈ ਅਰਥ ਹੀਂ ਨਹੀਂ ਹੈ ਕਿਉਂਕਿ ਸੰਵਾਦ ਕੇਵਲ ਨਾਵਲ ਦੇ ਲੇਖਕ ਨਾਲ ਹੀ ਹੋ ਸਕਦਾ ਹੈ ਜਿਸ ਤੋਂ ਸੜਕਨਾਮਾ ਪਿਛਲੇ ਡੇਢ ਮਹੀਨੇ ਤੋਂ ਭੱਜਿਆ ਹੋਇਆ ਹੈ ਅਤੇ ਹੁਣ ਕੋਈ ਲੋੜ ਵੀ ਨਹੀਂ ਰਹੀ ਕਿਉਂਕਿ ਉਸ ਦੇ ਝੂਠ ਦਾ ਪਰਦਾ ਫ਼ਾਸ਼ ਹੋ ਚੁੱਕਾ ਹੈ ਤੇ ਉਸ ਨੂੰ ਕਾਨੂੰਨੀ ਨੋਟਿਸ ਜਾ ਚੁੱਕਾ ਹੈ; ਜਿਸ ਦਾ ਜਵਾਬ ਆਪੇ ਉਹ ਅਦਾਲਤ ਵਿੱਚ ਦੇਵੇਗਾ ਜਿੱਥੇ ਉਸ ਨੂੰ ਕਰਾਸ ਅਗਜ਼ਾਮਨ ਕੀਤਾ ਜਾਵੇਗਾ। ਅਤਰਜੀਤ ਦਾ ਫ਼ੋਨ ਨੰ: ਭਾਵੇਂ ਮੈਨੂੰ ਮਿਲ ਗਿਆ ਸੀ ਪਰ ਉਹ ਪਹਿਲਾਂ ਹੀ ਸੁਰਜੀਤ ਗੱਗ ਦੀ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਵਰਤੀ ਅਤਿ ਘਟੀਆ ਕਾਰਵਾਈ ਦਾ ਸਮਰਥਨ ਕਰਕੇ ਅਤੇ ਹੁਣ ਸੜਕਨਾਮੇ ਦੇ ਕੇਸ ਵਿੱਚ ਨਿਭਾਏ ਰੋਲ ਰਾਹੀਂ ਆਪਣਾ ਅਸਲੀ ਚਿਹਰਾ ਵਿਖਾ ਚੁੱਕਾ ਹੈ ਇਸ ਲਈ ਉਸ ਨਾਲ ਗੱਲ ਕਰਨ ਦੀ ਕੋਈ ਤੁਕ ਨਹੀਂ ਸਮਝੀ।
ਬਾਕੀ ਪਾਠਕ ਆਪ ਹੀ ਸਿਆਣੇ ਹਨ ਉਹ ਅਗਲਾ ਫੈਸਲਾ ਆਪ ਕਰ ਸਕਦੇ ਹਨ ਪਰ ਇੱਕ ਸਲਾਹ ਜਰੂਰ ਹੈ ਕਿ ਕਿਸੇ ਏਜੰਸੀ ਲਈ ਕੰਮ ਕਰ ਰਹੇ ਐਸੇ ਟੁੱਕੜਬੋਚ ਸਾਹਿਤਕਾਰਾਂ ਦੀਆਂ ਚਾਲਾਂ ਤੋਂ ਬਚਣ ਲਈ ਜਜ਼ਬਾਤਾਂ ’ਤੇ ਕੰਟਰੋਲ ਰੱਖੋ, ਗਾਲ਼ੀ-ਗਲੋਚ ਤੇ ਧਮਕੀਆਂ ਦੇਣ ਤੋਂ ਪੂਰੀ ਤਰ੍ਹਾਂ ਸੰਕੋਚ ਕਰੋ, ਕਲਮ ਦਾ ਟਾਕਰਾ ਕਲਮ ਨਾਲ ਕਰਨ ਦੀ ਜਾਚ ਸਿੱਖੋ ਜਿਹੜੀ ਕਿ ਕੇਵਲ ਗੁਰੂ ਅੱਗੇ ਅਰਦਾਸ ਅਤੇ ਵੱਧ ਤੋਂ ਵੱਧ ਗੁਰਬਾਣੀ ਅਤੇ ਆਪਣਾ ਇਤਿਹਾਸ ਪੜ੍ਹ, ਵੀਚਾਰ ਕੇ ਇਸ ਤੋਂ ਸੇਧ ਲੈ ਕੇ ਵਿਰੋਧੀਆਂ ਵੱਲੋਂ ਲਿਖੀ ਹਰ ਪੁਸਤਕ ’ਤੇ ਗੰਭੀਰਤਾ ਨਾਲ ਕਰੜੀ ਨਜ਼ਰ ਰੱਖਣ ਨਾਲ ਹੀ ਸੰਭਵ ਹੋ ਸਕਦੀ ਹੈ।







