ਕਬਿੱਤ ਨੰਬਰ 44 (ਭਾਈ ਗੁਰਦਾਸ ਜੀ)

0
458

ਕਬਿੱਤ ਨੰਬਰ 44 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)-94164-05173

ਸੂਆ ਗਹਿ ਨਲਿਨੀ ਕਉ ਉਲਟਿ ਗਹਾਵੈ ਆਪੁ, ਹਾਥ ਸੈ ਛਡਾਏ ਪਰ ਬਸਿ ਆਵਈ  ।

ਤੈਸੇ ਬਾਰੰਬਾਰ ਟੇਰਿ ਟੇਰਿ ਕਹੇ ਪਠੋ ਪਠੋ, ਆਪਨੋ ਹੀ ਨਾਓ ਸੀਖਿ ਆਪ ਹੀ ਪੜ੍ਹਾਵਈ

ਰਘੁਬੰਸੀ ਰਾਮ ਨਾਮੁ ਗਾਲ ਜਾਮਨੀ ਸੁ ਭਾਖਾ, ਸੰਗਤਿ ਸੁਭਾਵ ਗਤਿ ਬੁਧਿ ਪ੍ਰਗਟਾਵਈ  ।

ਤੈਸੇ ਗੁਰਚਰਨ ਸਰਨਿ ਸਾਧ ਸੰਗ ਮਿਲੇ, ਆਪਾ ਆਪੁ ਚੀਨਿ ਗੁਰਮੁਖਿ ਸੁਖ ਪਾਵਈ ॥੪੪॥

ਸ਼ਬਦ ਅਰਥ : ਸੂਆ=ਤੋਤਾ ।  ਗਹਿ=ਪਕੜਨਾ ।  ਨਲਿਨੀ=ਨਲਕੀ ।  ਗਹਾਵੈ ਆਪੁ=ਆਪਣਾ ਆਪ ਪਕੜਵਾਂਦਾ ਹੈ ।  ਪਰ ਬਸਿ=ਪਰਾਏ ਵਸ ।  ਟੇਰਿ=ਪੁਕਾਰ ਕੇ ।  ਜਾਮਨੀ ਸੁਭਾਖਾ= ਮੁਸਲਮਾਨੀ ਬੋਲੀ ।

ਅਰਥ : ਤੋਤਾ, ਨਲਕੀ ਉੱਤੇ ਚੋਗੇ ਲਈ ਬੈਠਦਾ ਹੈ ਤੇ ਨਲਕੀ ਉਸ ਦੇ ਭਾਰ ਨਾਲ ਉਲਟ (ਘੁੰਮ) ਜਾਂਦੀ ਹੈ ਕਿਉਂਕਿ ਹੇਠਾਂ ਬਰਤਨ ’ਚ ਪਾ ਕੇ ਸ਼ਿਕਾਰੀ ਨੇ ਪਾਣੀ ਰੱਖਿਆ ਹੁੰਦਾ ਹੈ, ਜਿਸ ਕਾਰਨ ਤੋਤਾ ਪਾਣੀ ਵਿੱਚ ਡੁੱਬਣ ਦੇ ਡਰ ਤੋਂ ਨਲਕੀ ਨਹੀਂ ਛੱਡਦਾ ਤੇ ਸ਼ਿਕਾਰੀ ਦੇ ਹੱਥ ਆ ਜਾਂਦਾ ਹੈ ।  ਫਿਰ ਉਸ ਨੂੰ ਜੋ ਕੁਝ ਸਿਖਾਇਆ ਜਾਏ ਉਹੀ ਕੁਝ ਤੋਤਾ ਸਿਖਦਾ ਹੈ ।  ਰਾਮ ਭਗਤ ਕੋਲੋਂ ਰਾਮ ਰਾਮ, ਵਿਕਾਰੀ ਪੁਰਸ਼ ਕੋਲੋਂ ਗਾਲ੍ਹਾਂ ਤੇ ਮੁਸਲਮਾਨ ਕੋਲੋਂ ਮੁਸਲਮਾਨੀ ਬੋਲੀ ।  ਆਪ ਇਹ ਸਿਖ ਕੇ ਹੋਰਨਾਂ ਨੂੰ ਵੀ ਉਹੋ ਕੁਛ ਹੀ ਪੜ੍ਹਾਂਦਾ ਹੈ ਭਾਵ ਇਹ ਕਿ ਜਿਹੋ ਜਿਹੀ ਉਸ ਨੂੰ ਸੰਗਤਿ ਮਿਲਦੀ ਹੈ ਉਸੇ ਤਰ੍ਹਾਂ ਹੀ ਉਹ ਢਲ਼ ਜਾਂਦਾ ਹੈ ।  ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਦੇ ਸ਼ਬਦ ਅਤੇ ਸਾਧ ਸੰਗਤ ਦੇ ਮਿਲਾਪ ਨਾਲ ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਪਰਮ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ ।

(ਨੋਟ: ਤੋਤੇ ਨੂੰ ਪਕੜਨ ਲਈ ਇਕ ਖ਼ਾਸ ਤਰੀਕਾ ਅਪਣਾਇਆ ਜਾਂਦਾ ਹੈ ।  ਦੋ ਡੰਡੇ ਕੁਝ ਕੁ ਫ਼ਾਸਲੇ ਗੱਡ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਇਕ ਤਾਰ ਨਾਲ ਜੋੜਿਆ ਜਾਂਦਾ ਹੈ ।  ਇਸ ਤਾਰ ਵਿੱਚ ਇਕ ਨਲਕੀ ਪਰੋਈ ਹੋਈ ਹੁੰਦੀ ਹੈ ।  ਨਲਕੀ ਦੇ ਬਿਲਕੁਲ ਹੇਠਾਂ ਪਾਣੀ ਦਾ ਇਕ ਬਰਤਨ ਰੱਖ ਦਿੱਤਾ ਜਾਂਦਾ ਹੈ ਅਤੇ ਸਾਹਮਣੇ ਥੋੜ੍ਹੀ ਵਿੱਥ ’ਤੇ ਨਲਕੀ ਦੇ ਨਜਦੀਕ ਚੋਗਾ ਵੀ ਪਾ ਦਿੱਤਾ ਜਾਂਦਾ ਹੈ ।  ਤੋਤੇ ਨੂੰ ਚੋਗਾ ਖਾਣ ਲਈ ਬੈਠਣ ਵਾਸਤੇ ਕੇਵਲ ਉਹ ਨਲਕੀ ਹੀ ਹੁੰਦੀ ਹੈ, ਜਿਸ ’ਤੇ ਉਹ ਆ ਬੈਠਦਾ ਹੈ ।  ਤੋਤੇ ਦੇ ਬੈਠਦਿਆਂ ਹੀ ਭਾਰ ਦਾ ਸੰਤੁਲਨ ਨਾ ਰਹਿਣ ਕਾਰਨ ਨਲਕੀ ਘੁੰਮ ਜਾਂਦੀ ਹੈ ਤੇ ਤੋਤਾ ਪੁੱਠਾ ਲਟਕ ਜਾਂਦਾ ਹੈ ।  ਹੇਠਾਂ ਉਸ ਨੂੰ ਪਾਣੀ ਨਜ਼ਰ ਆਉਂਦਾ ਹੈ ।  ਜਿਸ ਵਿੱਚ ਡੁੱਬਣ ਦੇ ਡਰੋਂ ਉਹ ਨਲਕੀ ਨਹੀਂ ਛੱਡਦਾ ਅਤੇ ਤਦ ਤੱਕ ਸ਼ਿਕਾਰੀ ਆ ਕੇ ਤੋਤੇ ਨੂੰ ਫੜ ਲੈਂਦਾ ਹੈ । )

ਵਿਚਾਰ: ਮਾਇਆ ਦੇ ਅਨੇਕਾਂ ਰੂਪ ਹਨ ।  ਇਹ ਸਾਰੇ ਸੰਸਾਰ ’ਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ ।  ਇਸ ਦੀ ਗ਼ਰਿਫ਼ਤ ਤੋਂ ਕੋਈ ਜੀਵ ਨਹੀਂ ਬਚਿਆ, ਚਾਹੇ ਕੋਈ ਮਨੁੱਖ ਹੋਵੇ, ਪਸ਼ੂ ਹੋਵੇ, ਪੰਛੀ ਹੋਵੇ, ਧਰਤੀ ਉੱਤੇ ਵਿਚਰਦਾ ਹੋਵੇ, ਪਾਣੀ ਵਿੱਚ ਹੋਵੇ ਜਾਂ ਆਕਾਸ਼ ਵਿੱਚ ਉੱਡਦਾ ਹੋਵੇ ।  ਕਬੀਰ ਸਾਹਿਬ ਦਾ ਫ਼ਰਮਾਨ ਹੈ ਕਿ ਜਿਸ ਦੇ ਪੇਟ ਲੱਗਿਆ ਹੈ ਉਸ ਅੰਦਰ ਮਾਇਆ ਲਈ ਖਿੱਚ ਵੀ ਬਣੀ ਰਹਿੰਦੀ ਹੈ ‘‘ਕਹਿ ਕਬੀਰ ! ਜਿਸੁ ਉਦਰੁ, ਤਿਸੁ ਮਾਇਆ॥ (ਅੰਕ ੧੧੬੦)

ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ, ਤਿ੍ਰਸ਼ਨਾ ਆਦਿ ਸਭ ਮਾਇਆ ਦਾ ਹੀ ਰੂਪ ਹਨ ।  ਕਈ ਜੀਵਾਂ ਵਿਚ ਤਾਂ ਇਸ ਦਾ ਇਕ ਇਕ ਰੂਪ ਹੋ ਕੇ ਫਾਹੀ ਦਾ ਕਾਰਨ ਬਣਦਾ ਹੈ, ਪਰ ਮਨੱਖ ਅੰਦਰ ਤਾਂ ਇਹ ਸਾਰੇ ਰੂਪਾਂ (ਔਗੁਣਾਂ) ਵਿਚ ਹੀ ਵਰਤਦੀ ਹੈ ।  ਗੁਰਬਾਣੀ ਫ਼ਰਮਾਨ ਹੈ ਕਿ ਹਿਰਨ ਨੂੰ ਨਾਦ ਰੋਗ (ਕੰਨ ਰਸ), ਮੱਛੀ ਨੂੰ ਜੀਭ ਰੋਗ, ਭੌਰੇ ਨੂੰ ਸੁਗੰਧ ਰੋਗ (ਨਾਸਕੀ ਰੋਗ), ਪਤੰਗੇ ਨੂੰ ਦ੍ਰਿਸ਼ਟੀ ਰੋਗ ਤੇ ਹਾਥੀ ਨੂੰ ਕਾਮ (ਸਪਰਸ) ਰੋਗ ਭਾਵ ਇਹ ਸਭ ਇੱਕ-ਇੱਕ ਰੋਗ ਕਾਰਨ ਆਪਣੀ ਆਜ਼ਾਦੀ ਗੁਆ ਲੈਂਦੇ ਹਨ, ਮਰ ਜਾਂਦੇ ਹਨ, ਪਰ ਅਧੀਨ ਹੋ ਜਾਂਦੇ ਹਨ ਜਦਕਿ ਮਨੁੱਖ ਅੰਦਰ ਤਾਂ ‘ਕਾਮ (ਸਪਰਸ) ਰੋਗ, ਕ੍ਰੋਧ, ਲੋਭ, ਮੋਹ ਤੇ ਅਹੰਕਾਰ (ਪੰਜੇ ਹੀ) ਮੌਜੂਦ ਹਨ ਇਸ ਦੀ ਬੇੜੀ ਤਾਂ ਸੰਸਾਰ ਸਮੁੰਦਰ ਵਿੱਚ ਡੁੱਬਣੀ ਤਹਿ ਹੈ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ॥’’ (ਭਗਤ ਰਵਿਦਾਸ ਜੀ/ਅੰਕ ੪੮੬) ਮਇਆ ਦੇ ਪ੍ਰਭਾਵ ਕਰ ਕੇ ਹੀ ਮਨੁੱਖ ਆਪਣਾ ਆਪਾ ਭੁਲਿਆ ਹੋਇਆ ਹੈ ।  ਇਸ ਨੂੰ ਸਮਝ ਨਹੀਂ ਕਿ ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ॥’’ (ਭਗਤ ਕਬੀਰ ਜੀ/ਅੰਕ ੮੭੧) ਹੈ ।  ਜਦੋਂ ਇਹ ਗੁਰੂ ਦੀ ਸ਼ਰਨ ਵਿਚ ਆ ਕੇ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਭਾਵ ਗੁਰੂ ਦੇ ਸ਼ਬਦ ਦੀ ਵੀਚਾਰ ਕਰਦਾ ਹੈ ਤਾਂ ਇਸ ਨੂੰ ਸਮਝ ਲਗਦੀ ਹੈ ਕਿ ਇਹ (ਮਾਇਆ) ਤਾਂ ਉਸ ਅਥਾਹ ਗੁਣਾਂ ਮਾਲਕ ਪ੍ਰਮਾਤਮਾ ਦੀ ਹੀ ਇਕ ਬੂੰਦ (ਨਾ-ਮਾਤਰ ਹਸਤੀ) ਹੈ ।  ਉਸੇ ਪ੍ਰਭੂ ਦਾ ਹੀ ਇਕ ਜੁਜ਼ (ਭਾਗ) ਹੈ ।

ਇਸੇ ਗੱਲ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਹਥਲੇ ਕਬਿੱਤ ਵਿਚ ਤੋਤੇ ਦੀ ਮਿਸਾਲ ਦੇ ਕੇ ਖੋਲਦੇ ਹਨ ਕਿ ਤੋਤੇ ਨੂੰ ਜਿਹੋ ਜਿਹਾ ਕੋਈ ਪੜ੍ਹਾਉਂਦਾ ਹੈ, ਉਹ ਚਾਹੇ ਰਾਮ ਰਾਮ ਹੋਵੇ, ਚਾਹੇ ਗਾਲ੍ਹਾਂ ਹੋਣ, ਚਾਹੇ ਮੁਸਲਮਾਨੀ ਬੋਲੀ ਹੋਵੇ, ਤੋਤਾ ਉਹੋ ਕੁਝ ਪੜ੍ਹਦਾ ਹੈ ।  ਤੋਤੇ ਦੀ ਆਦਤ ਹੁੰਦੀ ਹੈ ਕਿ ਜੋ ਕੁਝ ਉਹ ਸਿੱਖਦਾ ਹੈ ਉਹੀ ਕੁਝ ਉਹ ਬਾਰ ਬਾਰ ਬੋਲਦਾ ਰਹਿੰਦਾ ਹੈ ।  ਉਸ ਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ ਉਹੋ ਜਿਹਾ ਹੀ ਬਣ ਜਾਂਦਾ ਹੈ ।  ਪੰਜਾਬੀ ਅਖਾਣ ਹੈ ‘ਜੈਸੀ ਸੰਗਤ ਤੈਸੀ ਰੰਗਤ

ਗੁਰੂ ਦੀ ਸੰਗਤ ਵਿਚ ਰਿਹਾਂ ਮਨੁੱਖ ਨੂੰ ਤੱਤ-ਸਾਰ ਦੀ ਸਮਝ ਆ ਜਾਂਦੀ ਹੈ ।  ਇਸ ਲਈ ਉਹ ਮਾਇਆ ਰੂਪੀ ਚੋਗੇ ਵੱਲ ਜਾਂਦਾ ਹੀ ਨਹੀਂ ।  ਉਸ ਨੂੰ ਪਤਾ ਲਗ ਜਾਂਦਾ ਹੈ ‘‘ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ॥’’ (ਮ:੧/ਅੰਕ ੪੬੪) ਇਸ ਲਈ ਉਹ, ਹਿਰਦੇ ਤੋਂ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਸਾਧ ਸੰਗਤ ਵਿੱਚ ਵਿਚਰਦਾ ਹੋਇਆ ਆਪਣੇ ਆਪੇ (ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ॥ ਮ: ੩/੧੧੫) ਦੀ ਪਛਾਣ ਕਰ ਕੇ ਪਰਮ ਸੁੱਖ ਦੀ ਪ੍ਰਾਪਤੀ ਕਰ ਲੈਂਦਾ ਹੈ ।  ਗੁਰਬਾਣੀ ਇਹੋ ਜਿਹੇ ਗੁਰਸਿੱਖ ਦੀ ਗਵਾਹੀ ‘‘ਗੁਰ ਕਾ ਸਬਦੁ ਰਤੰਨ ਹੈ, ਕਰਿ ਚਾਨਣੁ ਆਪਿ ਦਿਖਾਇਆ॥ ਆਪਣਾ ਆਪੁ ਪਛਾਣਿਆ, ਗੁਰਮਤੀ ਸਚਿ ਸਮਾਇਆ॥’’ (ਮਲਾਰ ਕੀ ਵਾਰ ਮ:੧/ਅੰਕ ੧੨੯੦) ਦੇ ਫ਼ਰਮਾਨ ਨਾਲ ਭਰਦੀ ਹੈ ।