ਸਿੱਖ ਇਤਿਹਾਸ ਤੇ ਅਜੋਕਾ ਸਿੱਖ ਕਿਰਦਾਰ

0
767

ਸਿੱਖ ਇਤਿਹਾਸ ਤੇ ਅਜੋਕਾ ਸਿੱਖ ਕਿਰਦਾਰ

ਬੀਬੀ ਮਨਿੰਦਰ ਕੌਰ ਔਰੰਗਾਬਾਦ (ਮਹਾਰਾਸ਼ਟਰ) 93261-83934, 84089-12588

ਕਿਸੇ ਕੌਮ ਜਾਂ ਦੇਸ਼ ਦੀ ਅਸਲ ਪੂੰਜੀ, ਦੋ ਚੀਜ਼ਾਂ ਹੁੰਦੀਆਂ ਹਨ ।  ਪਹਿਲੀ ਉਸ ਦਾ ਇਤਿਹਾਸ ਤੇ ਦੂਜੀ ਉਸ ਦੀ ਬੋਲੀ  ।  ਇਨ੍ਹਾਂ ਦੀ ਰੱਖਿਆ ਲਈ ਹੀ ਕੌਮਾਂ ਦੇ ਅਨੁਯਾਈ (ਪੈਰੋਕਾਰ), ਆਪਣੇ ਆਪ ਨੂੰ ਕੁਰਬਾਨ ਤੱਕ ਕਰ ਲੈਂਦੇ ਹਨ ।  ਦੁਨੀਆ ਦੇ ਇਤਿਹਾਸ ਵਿੱਚ ਸਿੱਖ ਇਤਿਹਾਸ, ਇੱਕ ਚਮਕਦਾਰ ਹੀਰੇ ਵਾਂਗ ਹੈ ।  ਗੁਰੂ ਸਾਹਿਬਾਨ ਨੇ ਆਪਣੇ ਪਵਿੱਤਰ ਜੀਵਨ ਰਾਹੀਂ ਇਸ ਇਤਿਹਾਸ ਦੀ ਆਪ ਨੀਂਹ ਰੱਖੀ ।  ਗੁਰੂ ਨਾਨਕ ਜੀ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਨਿਡਰਤਾ, ਸੱਚ ਤੇ ਦ੍ਰਿੜ੍ਹਤਾ ਨੂੰ ਹਮੇਸ਼ਾਂ ਅਪਣਾਈ ਰੱਖਿਆ ।  ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਿਰਾਜਮਾਨ ਭਗਤ ਤੇ ਭੱਟ ਸਾਹਿਬਾਨ ਦੇ ਜੀਵਨ ਵੀ ਇਨ੍ਹਾਂ ਗੁਣਾਂ ਨਾਲ ਨਿਪੁੰਨ ਰਹੇ ।  ਸਿੱਖ ਸ਼ਹੀਦਾਂ ਦਾ ਵਰਣਨ ਕਰਦਿਆਂ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ, ਪੰਜਾ ਪਿਆਰਿਆਂ, ਚਾਲ੍ਹੀ ਮੁਕਤਿਆਂ ਸਮੇਤ ਅਨੇਕ ਬੱਚੇ, ਬੁੱਢੇ, ਨੌਜੁਆਨ ਤੇ ਬੀਬੀਆਂ ਦੀਆਂ ਸਾਖੀਆਂ ਵਾਰ ਵਾਰ ਸੁਣਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਪੀਰ ਬੁੱਧੂਸ਼ਾਹ ਵਰਗਿਆਂ ਦੀ ਕੁਰਬਾਨੀ ਵੀ ਬੇਮਿਸਾਲ ਰਹੀ ਹੈ ।

ਗੁਰਸਿੱਖ ਸਮਾਜ ਵਿੱਚ ਗੁਰੂ ਸਾਹਿਬਾਨ ਨੂੰ ਰੁਹਾਨੀਅਤ ਪਿਤਾ ਸਮਝਿਆ ਜਾਂਦਾ ਹੈ ਤੇ ਸਾਰੇ ਸਿੱਖ ਉਨ੍ਹਾਂ ਦੀ ਸੰਤਾਨ ਮੰਨੇ ਗਏ ਹਨ ।  ਗੁਰੂ ਘਰ ਸਿੱਖਾਂ ਸਮੇਤ ਸਭ ਦਾ ਸਾਂਝਾ ਹੁੰਦਾ ਸੀ  ।  ਸਿੱਖ, ਸਿੱਖ ਦਾ ਦੋਖੀ ਕਦੇ ਨਹੀਂ ਸੀ ਹੋ ਸਕਦਾ  ।  ਇਹੀ ਵਜ੍ਹਾ ਸੀ ਕਿ ਸਿੱਖਾਂ ਦੇ ਛੋਟੇ ਛੋਟੇ ਦਲ ਵੀ ਵੱਡੀਆਂ ਵੱਡੀਆਂ ਲੜਾਈਆਂ ਜਿੱਤ ਲੈਂਦੇ ਸਨ, ਪਰ ਅਜੋਕੇ ਸਮੇਂ ਦੌਰਾਨ ਜਾਪਦਾ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ ਹੋਏ ਹਾਂ, ਜਿਸ ਦਾ ਨਤੀਜਾ ਹੈ ਕਿ ਅਸੀਂ ਆਦਰਸ਼ ਜੀਵਨ ਪੇਸ਼ ਕਰਨ ਦੀ ਬਜਾਇ ਸਾਡੇ ਆਪਣੇ ਵੀ ਬੱਚੇ ਪਤਿਤ ਹੁੰਦੇ ਜਾ ਰਹੇ ਹਨ ।

ਜਿਨ੍ਹਾਂ ਸਿੱਖਾਂ ਨੇ ਆਪਣਾ ਜੀਵਨ ਗੁਰਬਾਣੀ ਦੇ ਅਨੁਸਾਰ ਢਾਲਿਆ, ਜੋ ਆਪਣੇ ਕੀਮਤੀ ਇਤਿਹਾਸ ਤੇ ਵਿਰਸੇ ਨਾਲ ਜੁੜ ਗਏ ਉਨ੍ਹਾਂ ਅੰਦਰ ਐਸੀ ਦ੍ਰਿੜ੍ਹਤਾ ਤੇ ਨਿਰਭੈਤਾ ਆ ਗਈ ਕੀ ਉਨ੍ਹਾਂ ਨੇ ਜੁਲਮ ਦੇ ਖਾਤਮੇ ਲਈ ਅਸਹਿ ਤੇ ਅਕਹਿ ਕਸ਼ਟ ਸਹਾਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ।  ਅਸੀਂ ਅੱਜ ਸਾਖੀਆ ਰਾਹੀਂ ਉਸ ਵਿਰਸੇ ਨੂੰ ਯਾਦ ਤਾਂ ਸਾਰੇ ਹੀ ਕਰਦੇ ਹਾਂ, ਪਰ ਆਪ ਇਤਿਹਾਸ ਬਣਨ ਦਾ ਯਤਨ ਨਹੀਂ ਕਰਦੇ ।  ਅਸੀਂ ਗੁਰਬਾਣੀ ਪੜ੍ਹ ਵੀ ਵੱਧ ਰਹੇ ਹਾਂ, ਸੁਣ ਵੀ ਵੱਧ ਰਹੇ ਹਾਂ, ਸਹਿਜ ਪਾਠ, ਅਖੰਡ ਪਾਠ, ਸੰਪਟ ਪਾਠ, ਸੁਖਮਣੀ ਸਾਹਿਬ ਦੇ ਪਾਠਾਂ, ਆਦਿ ਦੀਆਂ ਲੜੀਆਂ ਵੀ ਨਿਰੰਤਰ ਚੱਲ ਰਹੀਆਂ ਹਨ, ਪਰ ਨਤੀਜਾ ਜੀਰੋ ਹੈ ।  ਸਿੱਖ, ਸਿੱਖ ਦਾ ਵੈਰੀ ਬਣਦਾ ਜਾ ਰਿਹਾ ਹੈ ।  ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਸ਼ਹੀਦਾਂ ਦਾ ਇਤਿਹਾਸ ਭੁਲ ਚੁੱਕੇ ਹਾਂ, ਅਸੀਂ ਉਨ੍ਹਾਂ ਨੂੰ ਨਿਤ ਅਰਦਾਸ ਵਿੱਚ ਯਾਦ ਵੀ ਕਰਦੇ ਹਾਂ ਅਤੇ ਉਨ੍ਹਾਂ ਦੇ ਦਿਹਾੜੇ ਵੀ ਮਨਾਉਂਦੇ ਹਾਂ, ਪਰ ਇਹ ਸਭ ਰਸਮੀ ਬਣ ਗਿਆ ਹੈ ਕਿਉਂਕਿ ਸ਼ਹੀਦੀ ਦੇ ਅਸਲ ਮਕਸਦ ਨੂੰ ਭੁੱਲ ਚੁੱਕੇ ਹਾਂ ।  ਜਦ ਕਿ ਸਾਨੂੰ ਲੋੜ ਹੈ ਮਕਸਦ ਨੂੰ ਪਹਿਚਾਨਣ ਦੀ, ਲੋੜ ਹੈ ਉਨ੍ਹਾਂ ਦੀ ਜੀਵਨੀ ਤੋਂ ਸਿਖਿਆ ਲੈਣ ਦੀ, ਲੋੜ ਹੈ ਉਨ੍ਹਾਂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ  ।

ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ’ਚ ਲਪੇਟ ਕੇ ਸਾੜਿਆ ਗਿਆ, ਭਾਈ ਮਤੀ ਦਾਸ ਜੀ, ਜਿਨ੍ਹਾਂ ਦੇ ਸਰੀਰ ਨੂੰ ਆਰੇ ਨਾਲ ਦੋ ਫਾੜ ਕਰ ਦਿੱਤਾ ਗਿਆ, ਉਨ੍ਹਾਂ, ਗੁਰੂ ਦੇ ਸਿੱਖਾਂ ਦਾ ਕੋਈ ਮਕਸਦ ਸੀ, ਆਪਣੇ ਗੁਰੂ ਦੇ ਸਨਮੁਖ ਹੋ ਕੇ ਸ਼ਹੀਦ ਹੋਣਾ ਉਨ੍ਹਾਂ ਲਈ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖ਼ਰੂ ਹੋਣਾ ਹੁੰਦਾ ਸੀ, ਜਿਸ ਕਾਰਨ ਉਨ੍ਹਾਂ ਸਿੱਖੀ ਨਹੀਂ ਛੱਡੀ ਆਪਣੇ ਗੁਰੂ ਦੇ ਬਚਨਾਂ ’ਤੇ ਪੂਰੇ ਉਤਰੇ, ਪਰ ਉਨ੍ਹਾਂ ਦੇ ਆਦਰਸ਼ ਜੀਵਨ ਦੇ ਮੁਕਾਬਲੇ ਅਗਰ ਅਸੀਂ ਆਪਣੀ ਕਰਨੀ ਤੇ ਕਥਨੀ ਵਲ ਝਾਤ ਮਾਰੀਏ ਤਾਂ ਸਾਨੂੰ ਆਪਣੇ-ਆਪ ’ਤੇ ਪਛੁਤਾਵਾ ਹੋਏਗਾ ਕਿ ਅਸੀਂ ਕਿੱਥੇਂ ਖੜ੍ਹੇ ਹਾਂ !

18 ਸਾਲ ਦਾ ਨੌਜਵਾਨ ਸਿੱਖ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਉਸ ਨੂੰ ਦਿੱਲੀ ਵਿੱਚ ਸ਼ਹੀਦ ਕਰਨ ਦੇ ਸਮੇਂ ਉਸ ਦੀ ਮਾਂ ਬਾਦਸ਼ਾਹ ਨੂੰ ਕਹਿੰਦੀ ਹੈ ਕਿ ਇਸ ਨੂੰ ਸ਼ਹੀਦ ਨਾ ਕੀਤਾ ਜਾਵੇ, ਇਸ ਨੂੰ ਗਲਤੀ ਨਾਲ ਫੜਿਆ ਗਿਆ ਹੈ ।  ਅਗੋਂ ਬੱਚੇ ਨੇ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ ਕਿ ਮੇਰੀ ਮਾਂ ਝੂਠ ਬੋਲਦੀ ਹੈ ।  ਜੱਲਾਦਾ ! ਤੂੰ ਆਪਣੇ ਕੰਮ ’ਚ ਦੇਰੀ ਨਾ ਕਰ, ਮੈਨੂੰ ਛੇਤੀ ਸ਼ਹੀਦ ਕਰ, ਤਾਂ ਜੋ ਮੈਂ ਆਪਣੇ ਸ਼ਹੀਦ ਹੋ ਚੁੱਕੇ ਵੀਰਾਂ ਦੀ ਕਤਾਰ ’ਚ ਖੜ੍ਹਾ ਹੋ ਸਕਾਂ ।  ਮੈਂ ਗੁਰੂ ਦਾ ਸੱਚਾ ਸਿੱਖ ਹਾਂ, ਸਿੱਖ ਲਈ ਸਿੱਖੀ ਸਭ ਤੋਂ ਪਿਆਰੀ ਹੁੰਦੀ ਹੈ ।  ਸਿੱਖ, ਜਾਨ ਤਾਂ ਦੇ ਸਕਦਾ ਹੈ ਪਰ ਸਿੱਖੀ ਅਸੂਲ ਨਹੀਂ ਛੱਡ ਸਕਦਾ  ।  ਸਿੱਖ ਕਦੇ ਝੂਠ ਨਹੀਂ ਬੋਲਦਾ  ।

ਉਹ ਬਹਾਦਰ ਸਿੰਘਣੀਆਂ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਉਨ੍ਹਾਂ ਦੇ ਗਲਾਂ ’ਚ ਹਾਰ ਬਣਾ ਕੇ ਪਾ ਦਿੱਤੇ ਗਏ, ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ ਸਾਡੇ ਤਿਨ ਸਾਲ ਦਾ ਬੱਚਾ (ਅਜਯ ਸਿੰਘ) ਜਿਸ ਦਾ ਕਲੇਜਾ ਕੱਢ ਕੇ ਉਨ੍ਹਾਂ ਦੇ ਮੂੰਹ ਵਿੱਚ ਪਾਇਆ ਗਿਆ, ਪਰ ਫਿਰ ਵੀ ਉਹ ਆਪਣੇ ਸਿਦਕ ਤੋਂ ਨਾ ਡੋਲੇ  ।

ਗੁਰੂ ਦੀ ਬਖਸ਼ਸ਼ ਸਦਕਾ ਇਕ ਮਾਧੋ ਦਾਸ ਬੈਰਾਗੀ ਵਰਗਾ ਬੰਦਾ, ਸਿੱਖੀ ਵਿੱਚ ਪਰਪੱਕ ਹੋ ਸਕਦਾ ਹੈ, ਸਿੰਘਣੀਆਂ ਸਿੱਖੀ ਵਿੱਚ ਪਰਪੱਕ ਹੋ ਸਕਦੀਆਂ ਹਨ ਤਾਂ ਅੱਜ ਸਾਡੀਆਂ ਮਾਤਾਵਾਂ ਭੈਣਾਂ ਤੇ ਵੀਰ ਆਪਣੇ ਅੰਦਰ ਝਾਤੀ ਮਾਰਨ ਕਿ ਅਸੀਂ ਕਿਸ ਸ਼ਹੀਦ ਕੌਮ ਦੇ ਵਾਰਿਸ ਹਾਂ  ।  ਹਰੀ ਸਿੰਘ ਨਲੂਆ ਦੁਨੀਆ ਦੇ ਪਹਿਲੇ ਸਿੱਖ ਜਰਨੈਲ ਹੋਏ ਸਨ, ਜਿਨ੍ਹਾਂ ਨੇ ਜਰ੍ਹਾ-ਏ ਖੈਬਰ ਅਫਗਾਨਿਸਤਾਨ ’ਤੇ ਕਬਜਾ ਕੀਤਾ, ਉਨ੍ਹਾਂ ਕੋਲ ਇਕ ਪਠਾਣਾ ਦੀ ਕੁੜੀ ਆ ਕੇ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਤਾਂ ਜੋ ਮੇਰੀ ਕੁੱਖੋਂ ਵੀ ਤੁਹਾਡੇ ਵਰਗਾ ਪੁੱਤਰ ਜਨਮ ਲਵੇ ।  ਇਹ ਗੱਲ ਸੁਣ ਕੇ ਹਰੀ ਸਿੰਘ ਜੀ ਨੇ ਉਸ ਕੁੜੀ ਦੇ ਸਿਰ ’ਤੇ ਸ਼ਾਲ ਪਾਈ ਤੇ ਉਸ ਦੇ ਗੋਡਿਆਂ ਵੱਲ ਨੂੰ ਹੱਥ ਕਰ ਕੇ ਕਿਹਾ ਕਿ ਜੇ ਤੂੰ ਮੇਰੇ ਵਰਗਾ ਪੁੱਤਰ ਚਾਹੁੰਦੀ ਹੈਂ ਤਾਂ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ  ।  ਹਰੀ ਸਿੰਘ ਨਲੂਏ ਵਰਗਾ ਚਰਿਤਰ ਕੀ ਅਸੀਂ ਅੱਜ ਦੀ ਸਿੱਖ ਪੀੜ੍ਹੀ ਵਿੱਚ ਵੇਖ ਸਕਦੇ ਹਾਂ ?

ਮੁਲਤਾਨ ਦੀ ਜੰਗ ਸਮੇਂ ਸਿੱਖਾਂ ਦੀ ਤੋਪ ਦਾ ਪਹੀਆ ਟੁੱਟ ਗਿਆ, ਤੋਪਚੀ ਸਿੰਘ ਨੇ ਕਿਹਾ ਕਿ ਹੁਣ ਤੋਪ ਤਾਂ ਹੀ ਚੱਲੇਗੀ ਜਦ ਤੋਪ ਦਾ ਪਹੀਆ ਠੀਕ ਕੀਤਾ ਜਾਵੇ ਜਾਂ ਕੋਈ ਸਿੱਖ ਆਪਣੇ ਮੋਡੇ ਦਾ ਸਹਾਰਾ ਦੇਵੇ, ਪਰ ਮੋਢਾ ਦੇਣ ਵਾਲਾ, ਤੋਪ ਦੇ ਅਸਹਿ ਜ਼ੋਰ ਨਾਲ ਫੱਟੜ ਹੋ ਜਾਵੇਗਾ ।  ਇਹ ਗੱਲ ਸੁਣ ਕੇ ਵੀ ਸਿੱਖ ਪਿੱਛੇ ਨਾ ਹਟੇ, ਸਗੋਂ ਮੋਢਾ ਦੇਣ ਲਈ ਪਹਿਲ ਕਰਨ ਲੱਗੇ, ਹਰ ਸਿੱਖ ਚਾਹੁੰਦਾ ਸੀ ਕਿ ਇਸ ਕਾਰਜ ਲਈ ਪਹਿਲਾਂ ਸ਼ਹੀਦੀ ਉਹ ਆਪ ਦੇਵੇ ਤਾਂ ਜੱਥੇਦਾਰ ਨੇ ਕਿਹਾ ਕਿ ਆਪਣੇ ਅਹੁਦੇ ਮੁਤਾਬਕ ਵਾਰੀ ਵਾਰੀ ਮੋਢਾ ਦੇਵਾਂਗੇ  ।  ਸਭ ਤੋਂ ਪਹਿਲਾਂ ਮੋਢਾ ਜਥੇਦਾਰ ਨੇ ਆਪ ਦਿੱਤਾ  ।  ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ 17 ਗੋਲੇ ਚੱਲੇ ਅਤੇ 17 ਹੀ ਸਿੰਘਾਂ ਨੇ ਵਾਰੋ-ਵਾਰੀ ਮੋਢਾ ਦਿੱਤਾ ।  ਸੋਚਣ ਦੀ ਲੋੜ ਹੈ ਕਿ ਇਹੋ ਜਿਹੀ ਜੱਥੇਦਾਰੀ ਅੱਜ ਪੰਥ ਵਿੱਚ ਹੈ ? ਕੀ ਇਹੋ ਜਿਹੇ ਨਿਰਸੁਆਰਥ ਜੱਥੇਦਾਰ ਦੇ ਦਰਸ਼ਨ ਅੱਜ ਅਸੀਂ ਆਪਣੀ ਕੌਮ ਵਿੱਚ ਕਰ ਸਕਦੇ ਹਾਂ ?

ਅਕਾਲੀ ਬਾਬਾ ਫੁਲਾ ਸਿੰਘ ਜੀ, ਸਿੱਖ ਰਾਜ ਦੇ ਥੰਭ, ਕੁਰਬਾਨੀ ਦੇ ਪੁੰਜ, ਰਹਿਣੀ ਬਹਿਣੀ ਦੇ ਉੱਚੇ ਸੁੱਚੇ ਗੁਰਸਿੱਖ, ਨਿਧੱੜਕ ਸੂਰਬੀਰ ਤੇ ਸੂਝਵਾਨ ਜੱਥੇਦਾਰ ਹੋਏ ਸਨ  ।  ਜਦ ਆਪ ਜੀ ਨੂੰ ਪਤਾ ਲੱਗਾ ਕਿ ਖਾਲਸੇ ਵਿੱਚ ਲਡਾਈ ਹੋਣ ਵਾਲੀ ਹੈ, ਜਿਸ ਵਿੱਚ ਸਿੱਖਾਂ ਦੇ ਹੱਥੋਂ ਸਿੱਖਾਂ ਦਾ ਲਹੂ ਵਹੇਗਾ ਤਾਂ ਆਪ ਜੀ ਦਾ ਪੰਥਕ ਪਿਆਰ ਨਾਲ ਭਰਪੂਰ ਹਿਰਦਾ ਬਹੁਤ ਦੁਖੀ ਹੋਇਆ ਤੇ ਆਪ ਜੀ ਨੇ ਵਿੱਚ ਪੈ, ਦੋਹਾਂ ਧਿਰਾਂ ਨੂੰ ਸਮਝਾ ਕੇ ਸਮਝੌਤਾ ਕਰਵਾਇਆ ।  ਅਜਿਹੇ ਸਿਆਣਪ ਭਰੇ ਫੈਸਲਿਆਂ ਕਰ ਕੇ ਆਪ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਸ ਸਲਾਹਕਾਰ ਬਣ ਗਏ ।  ਇਹੋ ਜਿਹੀ ਸੂਝਵਾਨ ਸ਼ਖ਼ਸੀਅਤ, ਜਿਨ੍ਹਾਂ ਦੀ ਕਥਨੀ ਤੇ ਕਰਨੀ ’ਚ ਰੱਤਾ ਭਰ ਵੀ ਅੰਤਰ ਨਹੀਂ ਸੀ, ਦੀ ਅੱਜ ਸਿੱਖ ਕੌਮ ਨੂੰ ਬਹੁਤ ਜ਼ਰੂਰਤ ਹੈ ।

ਉਕਤ ਦਿੱਤੀਆਂ ਗਈਆਂ ਸੰਖੇਪ ਮਾਤਰ ਮਿਸਾਲਾਂ, ਸਿੱਖ ਕੌਮ ਦੇ ਸ਼ਹੀਦੀ ਇਤਿਹਾਸ ਵਿੱਚ ਰੱਤੀ ਭਰ ਕੁ ਹੀ ਹਨ ।  ਅਣਗਿਣਤ ਸ਼ਹੀਦਾਂ ਦੇ ਖ਼ੂਨ ਨਾਲ ਸਿਰਜੀ ਹੋਈ ਸਿੱਖ ਕੌਮ ਦਾ ਇਤਿਹਾਸ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲਾਂ ਦੀ ਆਪਣੇ ਆਪ ’ਚ ਮਿਸਾਲ ਹੈ ਕਿ ਗੁਰਮਤਿ ਨੇ ਸਮਾਜਿਕਤਾ ਦੀ ਭਲਾਈ ਲਈ ਆਪਣਾ ਕੁਰਬਾਨ ਕਰਨਾ ਸਿੱਖਿਆ ਹੋਇਆ ਹੈ ।

ਗੁਰੂ ਸਾਹਿਬਾਨਾਂ ਅਤੇ ਪੁਰਾਤਨ ਸਿੱਖਾਂ ਦੀਆਂ ਅਨੋਖੀਆਂ ਮਿਸਾਲਾਂ ਦਾ ਵਰਣਨ ਸਮਾਜ ਵਿੱਚ ਸਾਂਝਾ ਕਰਦੇ ਰਹਿਣਾ ਸਾਡੇ ਇਤਿਹਾਸ ਦਾ ਅਟੁੱਟ ਤੇ ਅਤਿ ਜਰੂਰੀ ਭਾਗ ਹੈ ਕਿਉਂਕਿ ਇਸ ਨਾਲ ਅਗਲੀ ਪੀੜ੍ਹੀ ਨੂੰ ਸੇਧ ਮਿਲਦੀ ਰਹਿਣੀ ਹੈ ਤਾਂ ਜੋ ਉਹ ਆਪਣੀ ਵਿਰਾਸਤ ਤੋਂ ਜਾਣੂ ਹੋ ਕੇ ਕੁਰਾਹੇ ਨਾ ਪਵੇ, ਪਰ ਇਸ ਲਈ ਪਹਿਲਾਂ ਆਪਣਾ ਕਿਰਦਾਰ ਗੁਰਮਤਿ ਅਨੁਸਾਰੀ ਬਣਾਉਣਾ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ: ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮ: ੫/੩੮੧)

ਸੋ, ਜੇ ਅਗਲੀ ਪਨੀਰੀ ਨੂੰ ਕੁਰਾਹੇ ਪੈਣ ਤੋਂ ਬਚਾਉਣਾ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਦਿਆਂ ਉਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਸਹੀ ਜਾਣਕਾਰੀ ਦਿੰਦੇ ਰਹੀਏ  ।