ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ..॥
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)
105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436
ੴ ਸਤਿਗੁਰ ਪ੍ਰਸਾਦਿ॥
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਚੌਕੀ ਉੱਤੇ ਬਿਠਾ ਕੇ ਭਰੀ ਸੰਗਤ ਦੇ ਸਾਹਮਣੇ ਆਪ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਨੇ ਮੱਥਾ ਟੇਕਿਆ ਤਾਂ ਆਪ ਵੈਰਾਗ ਵਿੱਚ ਆ ਗਏ ਅਤੇ ਆਪਣੇ ਬਚਪਨ ਦੇ ਜੀਵਨ ਨੂੰ ਅੱਖਾਂ ਅੱਗੇ ਲਿਆ ਕੇ ਜੋ ਸ਼ਬਦ ਉਚਾਰੇ, ਉਸ ਮਨੋ ਭਾਵਨਾ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕੀਤਾ ਹੈ : ‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ, ਸਤਿਗੁਰ ਸੰਗਿ, ਕੀਰੇ ਹਮ ਥਾਪੇ ॥’’ (ਮ: ੪/੧੬੭)
ਬਚਪਨ ਦਾ ਇਹ ਜੀਵਨ ਕੀ ਸੀ ? ਵੈਰਾਗ ਵਿੱਚ ਆ ਕੇ ਭਰੀ ਸੰਗਤ ਵਿੱਚ ਆਪ ਨੇ ਗੁਰੂ ਅਮਰਦਾਸ ਜੀ ਨੂੰ ਮੁਖਾਤਿਬ ਹੋ ਕੇ ਕਿਹਾ – ਸੱਚੇ ਪਾਤਸ਼ਾਹ ! ਤੁਸੀਂ ਆਪ ਹੀ ਜਾਣਦੇ ਹੋ ਕਿ ਜਦੋਂ ਮੈਂ ਯਤੀਮ ਲਹੌਰ ਦੀਆਂ ਗਲੀਆਂ ਵਿੱਚੋਂ ਬੇਸਹਾਰਾ ਹੋ ਕੇ ਨਿਕਲਿਆ ਸੀ ਤਾਂ ਮੇਰਾ ਕੀ ਹਾਲ ਸੀ ! ਮੈਂ ਕੱਖਾਂ ਵਾਂਗ ਰੁਲਦਾ ਫਿਰਦਾ ਸੀ। ਕੋਈ ਸਾਕ ਸਬੰਧੀ ਮੇਰੀ ਬਾਂਹ ਫੜਨ ਵਾਲਾ ਨਹੀਂ ਸੀ। ਨਾਨੀ ਨੇ ਮੈਨੂੰ ਗਲ ਨਾਲ ਲਾਇਆ, ਪਰ ਉਹ ਵੀ ਵਿਚਾਰੀ ਗਰੀਬਣੀ ਹੀ ਸੀ। ਮੈਂ ਪਾਤਸ਼ਾਹ ! ਇਕ ਨਿੱਕੇ ਜਿਹੇ ਕੀੜੇ ਦੀ ਨਿਆਈਂ ਸੀ ਜਿਸ ਦੀ ਕੋਈ ਪਾਂਇਆਂ ਨਹੀਂ ਹੁੰਦੀ। ਤੁਸੀਂ ਮੇਰੇ ’ਤੇ ਮਿਹਰ ਭਰਿਆ ਹੱਥ ਰੱਖਿਆ। ਮੇਰੀ ਯਤੀਮ ਦੀ ਬਾਂਹ ਫੜੀ ਅਤੇ ਮੈਨੂੰ ਮਿੱਟੀ ਵਿੱਚ ਰੁਲਦੇ ਨੂੰ ਤੁਸੀਂ ਅੱਜ ਅਰਸ਼ਾਂ ’ਤੇ ਪਹੁੰਚਾ ਦਿੱਤਾ ਹੈ।
ਬਚਪਨ ਦਾ ਇਹ ਜੀਵਨ ਕਿਵੇਂ ਦਾ ਸੀ ? ਆਉ, ਇਸ ਪਿਛੋਕੜ ’ਤੇ ਝਾਤ ਮਾਰੀਏ। ਗੁਰੂ ਰਾਮ ਦਾਸ ਜੀ ਦਾ ਜਨਮ 24 ਸਤੰਬਰ ਸੰਨ 1534 ਨੂੰ ਪਿਤਾ ਸ੍ਰੀ ਹਰਿਦਾਸ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਲਹੌਰ ਸ਼ਹਿਰ ਦੇ ਚੂਣਾ ਮੰਡੀ ਇਲਾਕੇ ਵਿੱਚ ਹੋਇਆ, ਪਹਿਲਾ ਬੱਚਾ ਹੋਣ ਕਰ ਕੇ ਸਭ ਜੇਠਾ ਕਰ ਕੇ ਬਲਾਉਣ ਲੱਗੇ। ਆਪ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਾਹਿਬ ਵੀ ਸਰੀਰਕ ਤੌਰ ’ਤੇ ਮੌਜੂਦ ਸਨ। ਗੁਰੂ ਨਾਨਕ ਦੇਵ ਜੀ ਦੀ ਉਮਰ ਉਸ ਵਕਤ 65 ਸਾਲ ਦੀ ਸੀ। ਗੁਰੂ ਅੰਗਦ ਦੇਵ ਜੀ ਦੀ 30 ਸਾਲ ਅਤੇ ਗੁਰੂ ਅਮਰਦਾਸ ਜੀ ਦੀ 55 ਸਾਲ ਸੀ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ ਨੂੰ ਦੋ ਕੁ ਸਾਲ ਹੋ ਚੁੱਕੇ ਸਨ।
ਬਚਪਨ ਤੋਂ ਹੀ ਆਪ ਦਾ ਸੁਭਾਅ ਭਗਤੀ ਭਾਵ ਵਾਲਾ ਸੀ। ਮਾਤਾ ਪਿਤਾ ਧਾਰਮਿਕ ਰੁਚੀ ਵਾਲੇ ਹੋਣ ਕਰ ਕੇ ਆਪ ਦਾ ਮਨ ਬਚਪਨ ਤੋਂ ਹੀ ਪ੍ਰਭੂ ਪਿਆਰ ਵਾਲਾ ਸੀ। ਪੰਜ ਸਾਲ ਦੀ ਉਮਰ ਵਿੱਚ ਆਪ ਦੇ ਮਾਤਾ ਜੀ ਚੜ੍ਹਾਈ ਕਰ ਗਏ। ਇਹ ਇੱਕ ਅਸਹਿ ਸੱਟ ਸੀ। ਅਜੇ ਇਸ ਦੁੱਖ ਨੂੰ ਭੁੱਲੇ ਹੀ ਨਹੀਂ ਸਨ ਕਿ ਦੋ ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰੋਂ ਚਲਾ ਗਿਆ। ਸੰਸਾਰਕ ਤੌਰ ’ਤੇ ਇਹ ਇੱਕ ਬਹੁਤ ਵੱਡਾ ਦੁਖਾਂਤ ਸੀ। ਛੋਟੇ ਭਰਾ ਤੇ ਭੈਣ ਦੀ ਸੰਭਾਲ ਵੀ ਆਪ ਦੇ ਸਿਰ ਆ ਪਈ।
ਆਪ ਜੀ ਦੇ ਨਾਨਕੇ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਦੇ ਸਨ। ਨਾਨੀ, ਤਿੰਨਾਂ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਚਲੀ ਗਈ। ਆਪਣਾ ਘਰ ਛੱਡਣ ਸਮੇਂ ਜੋ ਉਹਨਾਂ ਦੇ ਮਨ ’ਤੇ ਗੁਜ਼ਰੀ ਹੋਵੇਗੀ ਉਸ ਮਾਨਸਿਕ ਦਰਦ ਦਾ ਅੰਦਾਜ਼ਾ ਉਹ ਹੀ ਲਾ ਸਕਦੇ ਹਨ। ਅਸਲ ਵਿੱਚ ਦਰਦ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ। ਇਹ ਜਿਸ ਨੂੰ ਹੁੰਦਾ ਹੈ ਕੇਵਲ ਉਹ ਹੀ ਮਹਿਸੂਸ ਕਰ ਸਕਦਾ ਹੈ। ਜਿਸ ਘਰ ਵਿੱਚ ਜੰਮੇ ਪਲੇ, ਜਿਹਨਾਂ ਗਲੀਆਂ ਵਿੱਚ ਸੱਤ ਸਾਲ ਖੇਡਦੇ ਰਹੇ, ਅੱਜ ਉਨ੍ਹਾਂ ਨੂੰ ਸਦਾ ਲਈ ਛੱਡ ਕੇ ਜਾ ਰਹੇ ਹਨ। ਬਚਪਨ ਦੇ ਸਾਥੀਆਂ ਦਾ ਪਿਆਰ ਟੁੱਟ ਰਿਹਾ ਸੀ। ਅਜਿਹੇ ਵਾਤਾਵਰਣ ਦਾ ਨਕਸ਼ਾ ਆਪ ਦੇ ਬਾਲ-ਮਨ ’ਤੇ ਡੂੰਘੇ ਰੂਪ ਵਿੱਚ ਉਕਰਿਆ ਗਿਆ।
ਨਾਨੀ ਜਦੋਂ ਤਿੰਨਾਂ ਬੱਚਿਆਂ ਨੂੰ ਲੈ ਕੇ ਬਾਸਰਕੇ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਖਬਰ ਫੈਲ ਗਈ। ਸਾਰੇ ਭਾਈਚਾਰੇ ਦੇ ਲੋਕ ਨਾਨੀ ਤੇ ਬੱਚਿਆਂ ਨੂੰ ਧੀਰਜ ਦੇਣ ਲਈ ਪਹੁੰਚੇ। ਉਥੋਂ ਦੇ ਨਿਵਾਸੀ ਬਾਬਾ ਅਮਰਦਾਸ ਜੀ ਵੀ ਹਮਦਰਦੀ ਪ੍ਰਗਟ ਕਰਨ ਲਈ ਪਹੁੰਚੇ। ਉਹਨਾਂ ਦਾ ਇਸ ਸਮੇਂ ਤੱਕ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋ ਚੁੱਕਾ ਸੀ। ਉਹਨਾਂ ਦੇ ਕੋਮਲ ਹਿਰਦੇ ਵਿੱਚ ਜੇਠਾ ਜੀ ਲਈ ਖਾਸ ਖਿੱਚ ਪਈ ਅਤੇ ਉਹ ਇਸ ਬਾਲਕ ਦਾ ਧਿਆਨ ਰੱਖਣ ਲੱਗ ਪਏ। ਦੋਹਾਂ ਦੀ ਆਪਸ ਵਿੱਚ ਨੇੜਤਾ ਵਧਦੀ ਗਈ। ਬਾਬਾ ਅਮਰਦਾਸ ਜੀ ਦੀ ਉਮਰ ਇਸ ਵੇਲੇ 62 ਸਾਲ ਦੀ ਹੋ ਚੁੱਕੀ ਸੀ।
ਜੇਠਾ ਜੀ ਦੀ ਨਾਨੀ ਦੀ ਆਰਥਿਕ ਹਾਲਤ ਵੀ ਕੋਈ ਚੰਗੀ ਨਹੀਂ ਸੀ ਤੇ ਉਪਰੋਂ ਤਿੰਨ ਬੱਚਿਆਂ ਦੀ ਜੁੰਮੇਵਾਰੀ ਵੀ ਉਸ ’ਤੇ ਆ ਪਈ। ਇਸ ਲਈ ਛੋਟੀ ਉਮਰ ਵਿੱਚ ਹੀ ਜੇਠਾ ਜੀ ਨੇ ਘੁੰਗਣੀਆਂ (ਛੋਲੇ, ਕਣਕ ਆਦਿ ਦੇ ਉਬਲ਼ੇ ਦਾਣੇ, ਬੱਕਲ਼ੀਆਂ) ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਕਿ ਪਰਿਵਾਰ ਦਾ ਗੁਜਾਰਾ ਹੋ ਸਕੇ। ਬਾਸਰਕੇ ਵਿੱਚ ਪੰਜ ਸਾਲ ਰਹਿ ਕੇ ਆਪ ਇਹੀ ਕਿਰਤ ਕਰਦੇ ਰਹੇ।
ਭਾਵੇਂ ਬਾਬਾ ਅਮਰਦਾਸ ਜੀ ਬਹੁਤ ਸਮਾਂ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਖਡੂਰ ਸਾਹਿਬ ਰਹਿੰਦੇ ਸਨ ਪਰ ਜਦੋਂ ਵੀ ਬਾਸਰਕੇ ਆਉਂਦੇ ਤਾਂ ਜੇਠਾ ਜੀ ਨੂੰ ਜ਼ਰੂਰ ਮਿਲਦੇ। ਇਸ ਤਰ੍ਹਾਂ ਦੋਹਾਂ ਵਿੱਚ ਨੇੜਤਾ ਵਧਦੀ ਗਈ। ਜੇਠਾ ਜੀ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਪਿਆਰ ਪੈਦਾ ਹੋਣਾ ਸ਼ੁਰੂ ਹੋ ਗਿਆ ਤੇ ਆਪ ਗੁਰਮਤਿ ਦੇ ਧਾਰਨੀ ਹੁੰਦੇ ਗਏ।
ਸੰਨ 1546 ਵਿੱਚ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੁਰੂ ਅਮਰਦਾਸ ਜੀ ਨੇ ਨਵਾਂ ਨਗਰ ਗੋਇੰਦਵਾਲ ਵਸਾਉਣਾ ਸ਼ੁਰੂ ਕੀਤਾ ਤਾਂ ਗੁਰੂ ਅਮਰਦਾਸ ਜੀ ਆਪਣੇ ਕਈ ਸਾਕ ਸਬੰਧੀਆਂ ਨੂੰ ਵੀ ਗੋਇੰਦਵਾਲ ਲੈ ਆਏ। ਨਾਲ ਹੀ ਉਹ ਭਾਈ ਜੇਠਾ ਜੀ ਨੂੰ ਵੀ ਇੱਥੇ ਲੈ ਆਏ। ਸੰਨ 1552 ਨੂੰ ਗੁਰੂ ਅੰਗਦ ਦੇਵ ਜੀ ਗੁਰਿਆਈ ਦੀ ਜੁੰਮੇਵਾਰੀ ਗੁਰੂ ਅਮਰਦਾਸ ਜੀ ਦੇ ਸਪੁਰਦ ਕਰ ਕੇ ਜੋਤੀ ਜੋਤ ਸਮਾ ਗਏ। ਸੰਨ 1553 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਜੇਠਾ ਜੀ ਨਾਲ ਕਰ ਦਿੱਤਾ।
ਗੁਰੂ ਅਮਰਦਾਸ ਜੀ ਨੇ ਸਿੱਖ ਪ੍ਰਚਾਰ ਦਾ ਕੇਂਦਰ ਗੋਇੰਦਵਾਲ ਬਣਾ ਦਿੱਤਾ। ਜੇਠਾ ਜੀ ਹਰ ਵੇਲੇ ਗੁਰੂ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ। ਬਾਣੀ ਪੜ੍ਹਦੇ ਅਤੇ ਸਮਝਦੇ ਅਤੇ ਧਰਮ ਦੀ ਕਿਰਤ ਕਰਦੇ। ਉਚ ਜਾਤੀਏ ਬ੍ਰਾਹਮਣਾਂ ਦਾ ਹੰਕਾਰ ਤੋੜਨ ਲਈ ਅਤੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਆਪ ਨੇ ਗੋਇੰਦਵਾਲ ਵਿਖੇ ਬਉਲੀ ਦੀ ਉਸਾਰੀ ਦਾ ਕਾਰਜ ਅਰੰਭ ਕਰ ਦਿੱਤਾ। ਇਸ ਬਉਲੀ ਦੀ ਨਿਗਰਾਨੀ ਦਾ ਸਾਰਾ ਕੰਮ ਆਪ ਜੀ ਨੇ ਜੇਠਾ ਜੀ ਨੂੰ ਸੌਂਪਿਆ। ਆਪ ਕੇਵਲ ਨਿਗਰਾਨੀ ਹੀ ਨਹੀਂ ਸਨ ਕਰਦੇ ਸਗੋਂ ਸਿਰ ’ਤੇ ਮਿੱਟੀ ਦੀ ਟੋਕਰੀ ਚੁੱਕ ਕੇ ਸੇਵਾ ਵੀ ਕਰਦੇ ਸਨ। ਇਹਨਾਂ ਦਿਨਾਂ ਵਿੱਚ ਹੀ ਆਪ ਦੀ ਬਰਾਦਰੀ ਦੇ ਕੁੱਝ ਬੰਦੇ ਲਾਹੌਰ ਤੋਂ ਹਰਿਦੁਆਰ ਜਾਂਦਿਆਂ ਗੋਇੰਦਵਾਲ ਰੁਕੇ ਤੇ ਜੇਠਾ ਜੀ ਨੂੰ ਟੋਕਰੀ ਢੋਂਦਿਆਂ ਵੇਖ ਕੇ ਬੜੇ ਹੈਰਾਨ ਹੋਏ ਤੇ ਮਿਹਣਾ ਮਾਰਿਆ ਕਿ ਜੇ ਟੋਕਰੀ ਹੀ ਢੋਣੀ ਸੀ ਤਾਂ ਇਹ ਕੰਮ ਲਹੌਰ ਹੀ ਕਰ ਲੈਣਾ ਸੀ ਤੇ ਇਹ ਵੀ ਕਹਿ ਦਿੱਤਾ ਕਿ ਕਦੇ ਕਿਸੇ ਨੇ ਸਹੁਰੇ ਘਰ ਜਾ ਕੇ ਵੀ ਟੋਕਰੀ ਚੁੱਕੀ ਹੈ। ਫਿਰ ਕ੍ਰੋਧ ਵਿੱਚ ਆ ਕੇ ਗੁਰੂ ਅਮਰਦਾਸ ਜੀ ਨੂੰ ਗਿਲਾ ਕੀਤਾ ਤੇ ਗੁਰੂ ਦਾ ਸਤਿਕਾਰ ਕਰਨਾ ਵੀ ਭੁੱਲ ਗਏ। ਸਰੀਕਾਂ ਦੇ ਇਸ ਵਤੀਰੇ ਤੋਂ (ਗੁਰੂ) ਰਾਮ ਦਾਸ ਜੀ ਦਾ ਕੋਮਲ ਹਿਰਦਾ ਤੜਪ ਉੱਠਿਆ। ਆਪ, ਗੁਰੂ ਅਮਰਦਾਸ ਜੀ ਦੇ ਚਰਨਾਂ ’ਤੇ ਢਹਿ ਪਏ ਤੇ ਆਖਣ ਲੱਗੇ ਸੱਚੇ ਪਾਤਸ਼ਾਹ ! ਇਹ ਅਣਜਾਣ ਹਨ। ਇਹ ਸੇਵਾ ਦੀ ਦਾਤ ਬਾਰੇ ਨਹੀਂ ਜਾਣਦੇ। ਤੁਸੀਂ ਇਹਨਾਂ ਦੀਆਂ ਗ਼ਲਤੀਆਂ ਤੇ ਵਧੀਕੀਆਂ ਨੂੰ ਨਾ ਚਿਤਾਰਨਾ । ਇਹਨਾਂ ਉੱਤੇ ਵੀ ਤੁਸੀਂ ਆਪਣਾ ਮਿਹਰ ਭਰਿਆ ਹੱਥ ਰੱਖਣਾ। ਇਹ ਘਟਨਾ ਇਹ ਸਾਬਤ ਕਰਦੀ ਹੈ ਕਿ ਜੇਠਾ ਜੀ ਦੇ ਮਨ ਵਿੱਚ ਸਤਿਗੁਰੂ ਪ੍ਰਤੀ ਕਿੰਨੀ ਸ਼ਰਧਾ, ਪਿਆਰ ਤੇ ਸਤਿਕਾਰ ਸੀ।
ਏਨੀ ਨਿਮਰਤਾ, ਆਪਾ ਤਿਆਗ, ਹਲੀਮੀ ਤੇ ਨਿਸ਼ਕਾਮ ਸੇਵਾ ਦੇ ਗੁਣਾ ਕਰ ਕੇ ਗੁਰੂ ਅਮਰਦਾਸ ਜੀ ਦੇ ਮਨ ਨੂੰ ਜੇਠਾ ਜੀ ਨੇ ਜਿੱਤ ਲਿਆ। ਪਾਰਖੂ ਅੱਖ ਤੇ ਦੂਰ ਅੰਦੇਸ਼ੀ ਅੰਤਰਯਾਮੀ ਸਤਿਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜੁੰਮੇਵਾਰੀ ਜੇਠਾ ਜੀ ਨੂੰ ਸੌਂਪਣ ਦਾ ਮਨ ਬਣਾ ਲਿਆ ਸੀ, ਪਰ ਸੰਗਤਾਂ ਦੇ ਮਨਾਂ ਵਿੱਚ ਦੁਬਿਧਾ ਨੂੰ ਦੂਰ ਕਰਨ ਲਈ ਕਿ ਉਨ੍ਹਾਂ ਦੇ ਦੋਹਾਂ ਜਵਾਈਆਂ ਵਿੱਚੋਂ ਕਿਹੜਾ ਗੁਰਗੱਦੀ ਦੇ ਯੋਗ ਹੈ, ਆਪ ਨੇ ਥੜ੍ਹੇ ਤਿਆਰ ਕਰਵਾਉਣ ਦਾ ਕੌਤਕ ਰਚਿਆ। ਸਤਿਗੁਰੂ ਜੀ ਨੇ ਰਾਮਾ ਜੀ ਅਤੇ ਜੇਠਾ ਜੀ ਨੂੰ ਥੜ੍ਹੇ ਤਿਆਰ ਕਰਨ ਦਾ ਹੁਕਮ ਦਿੱਤਾ। ਸ਼ਾਮ ਨੂੰ ਜਦ ਦੋਹਾਂ ਦੇ ਥੜ੍ਹੇ ਵੇਖੇ ਤਾਂ ਆਪ ਨੂੰ ਪਸੰਦ ਨਾ ਆਏ ਤੇ ਢਾਹ ਕੇ ਦੁਬਾਰਾ ਬਣਾਉਣ ਲਈ ਕਿਹਾ। ਦੂਜੀ ਵਾਰ ਤੇ ਤੀਜੀ ਵਾਰ ਵੀ ਆਪ ਨੇ ਜਦੋਂ ਥੜ੍ਹੇ ਪਸੰਦ ਨਾ ਕੀਤੇ ਤਾਂ ਰਾਮਾ ਜੀ ਗੁੱਸੇ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੇ ਕਹੇ ਅਨੁਸਾਰ ਹੀ ਥੜ੍ਹੇ ਬਣਾਏ ਹਨ ਤੁਸੀਂ ਵੱਡੀ ਉਮਰ ਹੋਣ ਕਰ ਕੇ ਆਪ ਹੀ ਭੁੱਲ ਜਾਂਦੇ ਹੋ। ਇਸ ਵਿੱਚ ਮੇਰਾ ਕੋਈ ਕਸੂਰ ਨਹੀਂ।
ਉੱਧਰ ਜਦੋਂ ਗੁਰੂ ਸਾਹਿਬ ਜੇਠਾ ਜੀ ਕੋਲ ਗਏ ਤਾਂ ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਅਤੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ! ਮੇਰੇ ’ਤੇ ਕ੍ਰਿਪਾ ਕਰੋ ਕਿ ਮੈਂ ਆਪ ਜੀ ਦੀ ਪਸੰਦ ਅਨੁਸਾਰ ਥੜ੍ਹੇ ਬਣਾ ਸਕਾਂ। ਮੈਂ ਭੁਲਣਹਾਰ ਹਾਂ, ਤੁਸੀਂ ਬਖ਼ਸ਼ਣਹਾਰ ਹੋ। ਇਹ ਸੁਣ ਕੇ ਗੁਰੂ ਪਾਤਸ਼ਾਹ ਨੇ ਜੇਠਾ ਜੀ ਨੂੰ ਪਿਆਰ ਕੀਤਾ ਤੇ ਗਲ ਨਾਲ ਲਾਇਆ। ਡਾ. ਤਾਰਨ ਸਿੰਘ ਜੀ ਥੜ੍ਹੇ ਬਣਾਉਣ ਦੀ ਰਮਜ਼ ਤੇ ਡੂੰਘੇ ਰਹੱਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਹੋਏ ਲਿਖਦੇ ਹਨ -‘ਆਪ ਅਸਲ ਵਿੱਚ ਥੜ੍ਹੇ ਨਹੀਂ ਸਨ ਬਣਵਾ ਰਹੇ ਸਗੋਂ ਤਖਤ ਬਣਵਾ ਰਹੇ ਸਨ। ਗੁਰੂ ਅਮਰਦਾਸ ਜੀ ਆਪ ਨੂੰ ਤਖ਼ਤ ਬਣਾਉਣ ਦੀ ਜਾਚ ਸਿਖਾ ਰਹੇ ਸਨ। ਤਖ਼ਤ ਦੇ ਲਾਇਕ ਹੋਣ ਲਈ ਯੋਗਤਾ ਦੀ ਲੋੜ ਹੈ। ਤਖ਼ਤ ਕਿਸੇ ਸਖ਼ਸ਼ੀਅਤ ਦੇ ਬਲ ਨਾਲ ਹੀ ਪ੍ਰਾਪਤ ਹੁੰਦੇ ਹਨ। ਸਿੰਘਾਸਣ ਪ੍ਰਭੂ ਦਾ ਹੈ ਅਤੇ ਗੁਰਗੱਦੀ ਅਕਾਲ ਪੁਰਖ ਦੀ ਅਮੋਲਕ ਦਾਤ ਹੈ। ਇਸ ਸਿੰਘਾਸਣ ’ਤੇ ਬੈਠਣ ਲਈ ਤਕੜੀ ਘਾਲਣਾ ਦੀ ਲੋੜ ਹੁੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ : ‘‘ਤਖਤਿ ਬਹੈ, ਤਖਤੈ ਕੀ ਲਾਇਕ ॥ ਪੰਚ ਸਮਾਏ, ਗੁਰਮਤਿ ਪਾਇਕ ॥’’ (ਮ: ੧/੧੦੩੯)
ਥੜ੍ਹੇ ਤਾਂ ਕੇਵਲ ਸੰਗਤਾਂ ਨੂੰ ਦੱਸਣ ਲਈ ਬਣਾਏ ਜਾ ਰਹੇ ਸਨ। ਅਸਲ ਥੜ੍ਹੇ ’ਤੇ ਬੈਠਣ ਯੋਗ ਤਾਂ ਗੁਰੂ ਰਾਮਦਾਸ ਜੀ ਪਹਿਲਾਂ ਹੀ ਬਣ ਚੁੱਕੇ ਸਨ। ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਪਿਆਰ ਦਿੱਤਾ ਤੇ ਕਿਹਾ ਕਿ ਨਿਰਮਾਣ ਸੇਵਕ ਆਪਾ ਨਹੀਂ ਜਤਾਉਂਦੇ। ਆਪਣਾ ਅੰਤ ਸਮਾਂ ਨੇੜੇ ਜਾਣ ਕੇ ਗੁਰੂ ਅਮਰਦਾਸ ਜੀ ਨੇ ਦੀਵਾਨ ਸਜਾਇਆ। ਜੇਠਾ ਜੀ ਨੂੰ ਸਵੱਛ ਬਸਤਰ ਪਹਿਨਾ ਕੇ ਉੱਚੇ ਆਸਣ ’ਤੇ ਬਿਠਾਇਆ ਤੇ ਉਹਨਾਂ ਦੇ ਅੱਗੇ ਪਹਿਲਾਂ ਆਪ ਮੱਥਾ ਟੇਕਿਆ ਤੇ ਫਿਰ ਸਾਰੀ ਸੰਗਤ ਨੇ ਮੱਥਾ ਟੇਕਿਆ। ਇਸ ਤਰ੍ਹਾਂ ਜੇਠਾ ਜੀ ਗੁਰੂ ਨਾਨਕ ਜੀ ਦੀ ਚੌਥੀ ਜੋਤ ਦੇ ਵਾਰਸ ਗੁਰੂ ਰਾਮਦਾਸ ਜੀ ਬਣੇ। ਇਸ ਸਮੇਂ ਆਪ ਜੀ ਦੀ ਉਮਰ 40 ਵਰ੍ਹੇ ਸੀ।
ਇਹ ਇੱਕ ਮਹਾਨ ਘਟਨਾ ਸੀ। ਗੁਰੂ ਰਾਮਦਾਸ ਜੀ ਅੱਜ ਉਸ ਰੱਬੀ ਤਖ਼ਤ ’ਤੇ ਸੁਸ਼ੋਭਿਤ ਹੋਏ ਸਨ ਜਿਸ ਅੱਗੇ ਵੱਡੇ-ਵੱਡੇ ਰਾਜਿਆਂ ਨੇ ਸਿਰ ਨਿਵਾਇਆ ਸੀ ਅਤੇ ਅੱਗੋਂ ਵੀ ਸਿਰ ਨਿਵਾਉਣਾ ਸੀ। ਇਸ ਤਖ਼ਤ ’ਤੇ ਬੈਠ ਕੇ ਆਪ ਨੇ ਗੁਰਸਿੱਖੀ ਦੇ ਜਹਾਜ਼ ਨੂੰ ਨਿਮਰਤਾ ਦਾ ਚੱਪੂ ਲਾ ਕੇ ਡੂੰਘੇ ਸੰਸਾਰ ਤੋਂ ਮਨੁੱਖਤਾ ਦਾ ਕਲਿਆਣ ਕਰਨਾ ਸੀ। ਗੁਰਗੱਦੀ ਦੀ ਰਸਮ ਉਪਰੰਤ ਨਿਮਰਤਾ ਭਾਵ ਵਿੱਚ ਆ ਕੇ ‘ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ॥’ ਕਹਿਣ ਵਾਲੇ ਸਤਿਗੁਰੂ ਜੀ ਦੇ ਗੁਣਾਂ ਨੂੰ ਬਿਆਨ ਕਰਨਾ ਨਾ-ਮੁਮਕਿਨ ਹੈ।
ਗੁਰੂ ਘਰ ਵਿੱਚ ਆ ਕੇ ਜਦੋਂ ਭੱਟ ਸਾਹਿਬਾਨ ਨੇ ਗੁਰਮਤਿ ਸਮਝ ਕੇ ਪ੍ਰਮਾਤਮਾ ਦੇ ਗੁਣਾਂ ਬਾਰੇ ਗਿਆਨ ਪ੍ਰਾਪਤ ਕੀਤਾ ਤਾਂ ਉਹ ਬੋਲ ਉੱਠੇ ਕਿ ਜੇ ਪ੍ਰਮਾਤਮਾ ਅਜਿਹੇ ਗੁਣਾਂ ਦਾ ਮਾਲਕ ਹੈ ਤਾਂ ਗੁਰੂ ਰਾਮਦਾਸ ਜੀ ਵਿੱਚ ਇਹ ਸਾਰੇ ਗੁਣ ਪ੍ਰਤੱਖ ਨਜ਼ਰ ਆਉਂਦੇ ਹਨ। ਇਹਨਾਂ ਭੱਟਾਂ ਨੇ ਗੁਰੂ ਉਪਮਾ ਵਿੱਚ 80 ਸਵਈਏ ਉਚਾਰਨ ਕੀਤੇ। ਭੱਟਾਂ ਨੇ ਆਪ ਜੀ ਨੂੰ ਉੱਤਮ ਪੁਰਸ਼, ਹਰੀ ਦੇ ਗੁਣਾਂ ਦੇ ਗਾਹਕ, ਸਮੁੰਦਰ ਦੀ ਨਿਆਈਂ ਸ਼ਾਂਤ ਅਤੇ ਗਹਿਰ ਗਭੀਰ ਕਹਿ ਕੇ ਸ਼ਲਾਘਾ ਕੀਤੀ। ਭੱਟਾਂ ਨੇ ਆਪ ਜੀ ਨੂੰ ਰਾਜ ਵਿੱਚ ਜੋਗ ਕਮਾਉਣ ਵਾਲਾ ਦੱਸਦੇ ਹੋਏ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਨਾਲ ਡੋਲਦਾ ਹੋਇਆ ਮਨ ਟਿਕ ਜਾਂਦਾ ਹੈ। ਭੱਟ ਕਵੀ ਸੱਲ ਆਪ ਜੀ ਬਾਬਤ ਲਿਖਦੇ ਹਨ : ‘‘ਸਿਰਿ ਆਤਪਤੁ, ਸਚੌ ਤਖਤੁ; ਜੋਗ ਭੋਗ, ਸੰਜੁਤੁ ਬਲਿ ॥ ਗੁਰ ਰਾਮਦਾਸ ! ਸਚੁ ਸਲੵ ਭਣਿ; ਤੂ ਅਟਲੁ ਰਾਜਿ, ਅਭਗੁ ਦਲਿ ॥’’ (ਸਵਈਏ ਮਹਲੇ ਚਉਥੇ ਕੇ /ਭਟ ਸਲੵ/੧੪੦੬)
ਭੱਟ ਕਲਸਹਾਰ ਜੀ ਲਿਖਦੇ ਹਨ ਕਿ ਗੁਰੂ ਰਾਮਦਾਸ ਜੀ ਨਾਮ ਦੇ ਰਸੀਆ ਹਨ, ਗੋਬਿੰਦ ਦੇ ਗੁਣਾਂ ਦੇ ਗਾਹਕ ਹਨ, ਅਕਾਲ ਪੁਰਖ ਦੇ ਉਪਾਸ਼ਕ ਹਨ ਅਤੇ ਸਮਦਿ੍ਰਸ਼ਟਤਾ ਦੇ ਸਰੋਵਰ ਹਨ -‘‘ਹਰਿ ਨਾਮ ਰਸਿਕੁ, ਗੋਬਿੰਦ ਗੁਣ ਗਾਹਕੁ; ਚਾਹਕੁ ਤਤ, ਸਮਤ ਸਰੇ ॥ ਕਵਿ ਕਲੵ, ਠਕੁਰ ਹਰਦਾਸ ਤਨੇ; ਗੁਰ ਰਾਮਦਾਸ ! ਸਰ ਅਭਰ ਭਰੇ ॥’’ (ਸਵਈਏ ਮਹਲੇ ਚਉਥੇ ਕੇ/ਭਟ ਕਲੵ /੧੩੯੬)
ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਗੁਰਗੱਦੀ ’ਤੇ ਸੁਭਾਇਮਾਨ ਹੋਣ ਦਾ ਵਰਣਨ ਪਹਿਲੀ ਵਾਰ ਦੀ 47ਵੀਂ ਪਉੜੀ ਵਿੱਚ ਇਸ ਤਰ੍ਹਾਂ ਕੀਤਾ ਹੈ -‘‘ਬੈਠਾ ਸੋਢੀ ਪਾਤਿਸਾਹੁ; ਰਾਮਦਾਸੁ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ; ਅੰਮ੍ਰਿਤਸਰ ਵਿਚਿ ਜੋਤਿ ਜਗਾਵੈ।’’ (ਭਾਈ ਗੁਰਦਾਸ ਜੀ/ਵਾਰ ੧/ਪਉੜੀ ੪੭)
ਭਾਈ ਗੁਰਦਾਸ ਜੀ ਨੇ ਆਪ ਨੂੰ ਦੀਨ ਦੁਨੀਆਂ ਦਾ ਥੰਮ੍ਹ ਕਹਿ ਕੇ ਵਡਿਆਇਆ ਹੈ। 24ਵੀਂ ਵਾਰ ਦੀ 15ਵੀਂ ਪਉੜੀ ਵਿੱਚ ਆਪ ਲਿਖਦੇ ਹਨ : ‘‘ਦੀਨ ਦੁਨੀ ਦਾ ਥੰਮੁ ਹੁਇ; ਭਾਰੁ ਅਥਰਬਣ ਥੰਮ੍ਹਿ ਖਲੋਤਾ। ਭਉਜਲ ਭਉ ਨ ਵਿਆਪਈ; ਗੁਰ ਬੋਹਿਥ ਚੜਿ ਖਾਇ ਨ ਗੋਤਾ।’’ (ਭਾਈ ਗੁਰਦਾਸ ਜੀ/ਵਾਰ ੨੪/ਪਉੜੀ ੧੫)
ਭਾਈ ਨੰਦ ਲਾਲ ਸਿੰਘ ਜੀ ਗੰਜਨਾਮਾ ਵਿੱਚ ਬਿਆਨ ਕਰਦੇ ਹਨ ਕਿ ਜਿਸ ਗੁਰੂ ਨਾਨਕ ਨੇ ਆਪਣੀਆਂ ਨੂਰਾਨੀ ਕਿਰਨਾਂ ਨਾਲ ਜਗਤ ਨੂੰ ਰੌਸ਼ਨ ਕੀਤਾ, ਗੁਰੂ ਰਾਮਦਾਸ ਜੀ ਵੀ ਉਸੇ ਨੂਰ ਦਾ ਚੜ੍ਹਦਾ ਪਾਸਾ ਹਨ। ਉਹ ਪਾਤਿਸ਼ਾਹ ਵੀ ਹਨ ਤੇ ਫਕੀਰ ਵੀ।
ਸੋ, ਦੀਨ ਦੁਨੀਆਂ ਦੇ ਇਸ ਥੰਮ੍ਹ ਨੇ ਮਨੁੱਖਤਾ ਨੂੰ ਸਮਝਾ ਦਿੱਤਾ ਕਿ ਮਾਇਆ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਅਤੇ ਉਸ ਨੂੰ ਜਪਣ ਲਈ ਸੰਸਾਰ ਦਾ ਤਿਆਗ ਵੀ ਨਹੀਂ ਕਰਨਾ। ਆਪਣਾ ਰੋਜ਼ਾਨਾ ਦਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ, ਉਸ ਦੀ ਨਿਯਮਾਵਲੀ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤੀ। ਆਪ ਜੀ ਦਾ ਫੁਰਮਾਨ ਹੈ – ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ ਨਾਵੈ ॥’’ (ਮ: ੪/੩੦੬)
ਅਖੀਰ ਵਿੱਚ ਇਹ ਵੀ ਉਪਦੇਸ਼ ਦਿੱਤਾ ਹੈ ਕਿ ਜੋ ਗੁਰਸਿੱਖ ਗੁਰਮਤਿ ਦੇ ਰਾਹ ’ਤੇ ਚੱਲ ਕੇ ਹੋਰਨਾਂ ਨੂੰ ਵੀ ਇਸ ਰਸਤੇ ’ਤੇ ਚੱਲਣ ਲਈ ਪ੍ਰੇਰਦਾ ਹੈ, ਮੈਂ ਉਸ ਦੇ ਚਰਨਾਂ ਦੀ ਧੂੜ ਲੋਚਦਾ ਹਾਂ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮ: ੪/੩੦੬)