ਪੰਜਾਬੀ ਸੱਭਿਅਤਾ ਉੱਤੇ ਮੰਡਰਾਅ ਰਿਹਾ ਖ਼ਤਰਾ

0
345

ਪੰਜਾਬੀ ਸੱਭਿਅਤਾ ਉੱਤੇ ਮੰਡਰਾਅ ਰਿਹਾ ਖ਼ਤਰਾ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਕੁੱਝ ਸੱਭਿਅਤਾਵਾਂ ਜੋ ਖ਼ਤਮ ਹੋ ਚੁੱਕੀਆਂ ਹਨ, ਉਨ੍ਹਾਂ ਵਿਚ ਝਾਤ ਮਾਰ ਕੇ ਵੇਖੀਏ, ਕਿ ਉਨ੍ਹਾਂ ਦਾ ਅੰਤ ਕਿਉਂ ਤੇ ਕਿਵੇਂ ਹੋਇਆ !

(1). ਪਹਿਲਾਂ ਗੱਲ ਕਰੀਏ ਮਾਇਆ ਸੱਭਿਅਤਾ ਦੀ :-

ਮੈਕਸੀਕੋ ਤੋਂ ਗੁਟਮਲਾ ਤਕ ਫੈਲੇ ਕਮਾਲ ਦੇ ਪੱਕੇ ਪਿਰਾਮਿਡ ਬਣਾਉਣ ਵਾਲੇ, ਉਸ ਸਮੇਂ ਤੇ ਹਿਸਾਬ ਦੇ ਚੋਟੀ ਦੇ ਮਾਹਿਰ, ਲਿਖਾਰੀ, ਕੈਲੰਡਰ ਬਣਾਉਣ ਵਿਚ ਮਾਹਿਰ, ਪੌੜੀਦਾਰ ਫਾਰਮ ਬਣਾਉਣ ਵਿਚ ਕਮਾਲ ਕਰਨ ਵਾਲੇ, ਸਲੀਕੇ ਨਾਲ ਰਹਿਣ ਸਹਿਣ ਵਾਲੇ ਅਤੇ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਖ਼ਰ ਸੰਨ 900 ਵਿਚ ਪੂਰੀ ਤਰ੍ਹਾਂ ਖਿੰਡ ਪੁੰਡ ਕਿਉਂ ਗਏ ?

ਉਸ ਸਮੇਂ ਦੀਆਂ ਲਿਖਤਾਂ ਮੌਜੂਦ ਹਨ ਕਿਉਂਕਿ ਉਹ ਸਾਰੇ ਲਿਖਣ ਦਾ ਸ਼ੌਕ ਰੱਖਦੇ ਸਨ। ਗਜ਼ਬ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਬੋਲੀ ਹਾਲੇ ਤਕ ਕਿਤੇ ਨਾ ਕਿਤੇ ਬੋਲੀ ਜਾ ਰਹੀ ਹੈ ਜਿਸ ਸਦਕਾ ਉਨ੍ਹਾਂ ਬਾਰੇ ਕੁੱਝ ਕੁ ਚਾਨਣਾ ਹਾਲੇ ਤਕ ਪਾਇਆ ਜਾ ਸਕਦਾ ਹੈ। ਜੋ ਸੱਭਿਅਤਾ ਦੇ ਮਰ ਮੁੱਕ ਜਾਣ ਦੇ ਅਨੁਮਾਨ ਲਾਏ ਗਏ, ਉਹ ਸਨ :-

  1. ਮੌਸਮ ਵਿਚ ਬਹੁਤ ਜ਼ਿਆਦਾ ਤਬਦੀਲੀ
  2. ਲੜਾਈਆਂ
  3. ਸੋਕਾ
  4. ਲੋਕਾਂ ਦਾ ਦੂਜੀ ਥਾਂ ਕਮਾਈ ਲਈ ਚਲੇ ਜਾਣਾ ਤੇ ਉੱਥੋਂ ਦਾ ਸੱਭਿਆਚਾਰ ਅਪਨਾ ਕੇ ਉੱਥੇ ਦਾ ਹੀ ਬਣ ਕੇ ਰਹਿ ਜਾਣਾ

ਬਹੁਤੇ ਇਤਿਹਾਸਕਾਰ ਇਸ ਤੱਥ ਨਾਲ ਸਹਿਮਤ ਹੋਏ ਹਨ ਕਿ ਏਨੀ ਅਗਾਂਹ ਵਧੂ ਸੱਭਿਅਤਾ ਜੋ ਸੋਕਿਆਂ ਨਾਲ ਲੜੀ, ਖ਼ੁਰਾਕ ਦੀ ਕਮੀ ਕਾਰਨ ਬਥੇਰੇ ਲੋਕਾਂ ਦੇ ਹੋਰ ਥਾਵਾਂ ਵਲ ਚਲੇ ਜਾਣ ਨੂੰ ਵੀ ਝੱਲੀ, ਅਖ਼ੀਰ ਲੜਾਈ ਝਗੜਿਆਂ ਤੋਂ ਔਖੀ ਹੋ ਕੇ ਪੂਰਨ ਰੂਪ ਵਿਚ ਉਸ ਥਾਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਈ। ਇਕ ਗੱਲ ਜੋ ਖਿੱਚ ਪਾਉਂਦੀ ਹੈ, ਉਹ ਹੈ ਏਨੀਆਂ ਸਦੀਆਂ ਬਾਅਦ ਵੀ ਜ਼ਬਾਨ ਦਾ ਬਚੇ ਰਹਿਣਾ। ਕਾਰਨ ਸੀ-ਬਹੁਗਿਣਤੀ ਜ਼ਬਾਨ ਲਿਖਣ ਤੇ ਪੜ੍ਹਨ ਨੂੰ ਤਰਜੀਹ ਦਿੰਦੇ ਰਹੇ। ਪਿੰਡਾਂ ਵਿਚ ਇਹ ਜ਼ਬਾਨ ਬੋਲਣ ਵਾਲੇ ਬਚੇ ਰਹਿ ਗਏ। ਸ਼ਹਿਰੀ ਤਾਂ ਦੂਜੀਆਂ ਜ਼ਬਾਨਾਂ ਵਿਚ ਰਚ ਮਿਚ ਗਏ।

(2). ਇੰਡਸ ਸੱਭਿਅਤਾ :-

ਹਜ਼ਾਰਾਂ ਸਾਲ ਪਹਿਲਾਂ ਹੜੱਪਾ ਸੱਭਿਅਤਾ ਨਾਲ ਜੁੜੇ 5 ਮਿਲੀਅਨ ਬੰਦੇ ਜੋ ਮੌਜੂਦਾ ਭਾਰਤ, ਪਾਕਿਸਤਾਨ, ਇਰਾਨ ਤੇ ਅਫਗਾਨਿਸਤਾਨ ਜਿੰਨੀ ਥਾਂ ਉੱਤੇ ਫੈਲੇ ਹੋਏ ਸਨ ਤੇ ਉਸ ਸਮੇਂ ਦੇ ਕਮਾਲ ਦੇ ਘਰ ਬਾਰ ਬਣਾ, ਵੱਡੀਆਂ ਦੁਕਾਨਾਂ ਬਣਾ, ਪਾਣੀ ਦੀ ਨਿਕਾਸੀ ਦੇ ਵਧੀਆ ਪ੍ਰਬੰਧ ਤੇ ਇਸ ਸੱਭਿਅਤਾ ਵਿਚ ਅਨੇਕ ਬੁੱਧੀਜੀਵੀਆਂ ਦੇ ਹੁੰਦਿਆਂ ਵੀ ਲਗਭਗ 3000 ਸਾਲ ਪਹਿਲਾਂ ਸੋਕੇ ਕਾਰਨ ਢਿੱਡ ਭਰਨ ਤੋਂ ਔਖੇ, ਹੋਰ ਥਾਵਾਂ ਵੱਲ ਤੁਰ ਜਾਣ ਨੂੰ ਮਜਬੂਰ ਹੋ ਗਏ। ਖੇਤੀਬਾੜੀ ਵਿਚ ਕਈ ਹੋਰ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਜਿਨ੍ਹਾਂ ਵਿਚ ਘੱਟ ਪਾਣੀ ਲੋੜੀਂਦਾ ਸੀ, ਪਰ ਫਿਰ ਵੀ ਮਿੱਟੀ ਦੇ ਸੈਂਪਲ ਦੱਸਦੇ ਹਨ ਕਿ ਪਾਣੀ ਦੀ ਘਾਟ ਹੀ ਅਖ਼ੀਰ ਏਨੀ ਵੱਡੀ ਸੱਭਿਅਤਾ ਨੂੰ ਖ਼ਾਤਮੇ ਵੱਲ ਲੈ ਗਈ। ਜਦੋਂ ਹੇਠਲੀ ਪੱਧਰ ਦੇ ਲੋਕ ਨਿਕਲੇ ਤਾਂ ਵੱਡੇ ਵਪਾਰੀ ਵੀ ਖਾਣ ਪੀਣ ਨੂੰ ਤਰਸਦੇ ਮਹਿੰਗਾਈ ਤੇ ਸੋਕੇ ਨੂੰ ਵੇਖਦੇ ਉਹ ਥਾਂ ਛੱਡ ਗਏ। ਫੇਰ ਰਾਜੇ ਕਿਹਨਾਂ ਉੱਤੇ ਰਾਜ ਕਰਦੇ ? ਅਮੀਰ ਤਬਕਾ ਵੀ ਹੌਲੀ-ਹੌਲੀ ਇਹ ਥਾਂ ਤਿਆਗ ਗਿਆ।

(3). ਈਸਟਰ ਸੱਭਿਅਤਾਵੀ 700 ਤੋਂ 1200 ਸੰਨ ਤਕ ਵਧਦੀ ਫੁਲਦੀ ਰਹੀ ਤੇ ਅਖ਼ੀਰ ਸਾਰੇ ਦਰੱਖ਼ਤ ਵੱਢਣ, ਪਾਣੀ ਦਾ ਸੋਮਾ ਮੁਕਾਉਣ ਤੇ ਖੇਤੀਬਾੜੀ ਵਿਚ ਪਾਣੀ ਦੀ ਘਾਟ ਕਾਰਨ ਹੌਲੀ-ਹੌਲੀ ਅੰਨਦਾਤਿਆਂ ਵੱਲੋਂ ਇਸ ਥਾਂ ਨੂੰ ਤਿਆਗਣ ਸਦਕਾ ਇਹ ਸੱਭਿਅਤਾ ਵੀ ਹੌਲੀ-ਹੌਲੀ ਖ਼ਤਮ ਹੋ ਗਈ।

(4). ਤੁਰਕੀਵਿਚ ਵੀ 9000 ਸਾਲ ਪਹਿਲਾਂ ਦੀ ਸੱਭਿਅਤਾ ਅਜਿਹੇ ਕਾਰਨਾਂ ਕਰ ਕੇ ਖ਼ਤਮ ਹੋ ਗਈ ਸੀ।

(5). ਇਲੀਨੋਇਆਵਿਚਲੇ ਮਿੱਸੀਸਿੱਪੀ ਵੀ ਬਹੁਤ ਵਧੀਆ ਕਾਰਗੀਰ ਸਨ। ਖੇਤੀਬਾੜੀ ਤੋਂ ਇਲਾਵਾ, ਭਾਂਡੇ, ਘਰ ਬਾਰ ਤੇ ਵੱਡੇ ਮਕਾਨ ਵੀ ਸੰਨ 600 ਤੋਂ 1400 ਤਕ ਉਨ੍ਹਾਂ ਨੇ ਸਾਂਭੀ ਰੱਖੇ, ਪਰ ਅਖ਼ੀਰ ਕੰਮ ਕਾਜ ਦੀ ਤਲਾਸ਼ ਵਾਸਤੇ ਨੌਜਵਾਨ ਤਬਕਾ ਹੋਰ ਥਾਈਂ ਨਿਕਲ ਗਿਆ। ਪਾਣੀ ਦੀ ਘਾਟ ਤੇ ਬੀਮਾਰੀ 40,000 ਲੋਕਾਂ ਨੂੰ ਇਹ ਥਾਂ ਹਮੇਸ਼ਾਂ ਲਈ ਛੱਡਣ ਉੱਤੇ ਮਜਬੂਰ ਕਰ ਗਈ।

ਇਨ੍ਹਾਂ ਤੋਂ ਇਲਾਵਾ ਵੀ ਬਥੇਰੀਆਂ ਹੋਰ ਸੱਭਿਅਤਾਵਾਂ ਜੋ ਖ਼ਤਮ ਹੋਈਆਂ, ਉਨ੍ਹਾਂ ਦੇ ਵੱਡੇ ਕਾਰਨ ਇਹੋ ਲੱਭੇ ਗਏ ਹਨ :-

(ੳ). ਸੋਕਾ, ਧਰਤੀ ਹੇਠਲੇ ਪਾਣੀ ਦੀ ਕਮੀ

(ਅ). ਬੀਮਾਰੀ

(ੲ). ਹੋਰ ਥਾਵਾਂ ਵੱਲ ਕੰਮ ਕਾਰ ਦੀ ਭਾਲ ਵਾਸਤੇ ਚਲੇ ਜਾਣਾ

(ਸ). ਮੌਸਮ ਦੀ ਤਬਦੀਲੀ

(ਹ). ਕੁਦਰਤੀ ਕਹਿਰ

ਧਿਆਨ ਕਰੀਏ ਤਾਂ ਇਨ੍ਹਾਂ ਵਿੱਚੋਂ ਸਿਰਫ਼ ਉਸ ਸੱਭਿਅਤਾ ਦੀ ਜ਼ਬਾਨ ਬਚੀ ਹੈ ਜਿਸ ਵਿਚ ਹੇਠਲੇ ਪੱਧਰ ਦੇ ਲੋਕ, ਕਾਰੀਗਰ ਜਾਂ ਖੇਤੀਬਾੜੀ ਨਾਲ ਜੁੜੇ ਲੋਕਾਂ ਨੇ ਇਸ ਜ਼ਬਾਨ ਨੂੰ ਬੋਲਣਾ ਜਾਰੀ ਰੱਖਿਆ ਤੇ ਥਾਂ ਬਦਲਣ ਤੋਂ ਬਾਅਦ ਵੀ ਇਕ ਗੁੱਟ ਵਿਚ ਜੁੜੇ ਰਹਿ ਕੇ ਆਪਸੀ ਸਾਂਝ ਬਣਾਈ ਰੱਖੀ। ਯਾਨੀ ਰਹਿਣ ਸਹਿਣ ਬਦਲਣ ਬਾਅਦ ਵੀ ਬੱਚਿਆਂ ਨਾਲ ਤੇ ਰਿਸ਼ਤੇਦਾਰੀ ਨਾਲ ਸੱਭਿਆਚਾਰ ਤੇ ਜ਼ਬਾਨ ਦੀ ਸਾਂਝ ਦੀ ਤੰਦ ਟੁੱਟਣ ਨਾ ਦਿੱਤੀ। ਅਮੀਰ ਤਬਕਾ ਤੇ ਪੜ੍ਹੇ ਲਿਖੇ ਨੌਜਵਾਨ ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦੇ ਕੇ ਹਮੇਸ਼ਾਂ ਲਈ ਕਿਸੇ ਹੋਰ ਸੱਭਿਅਤਾ ਵਿਚ ਗੁੰਮ ਹੋ ਗਏ।

ਬਾਕੀ ਸਾਰੀਆਂ ਸੱਭਿਅਤਾਵਾਂ, ਥਾਂ ਦੀ ਤਬਦੀਲੀ ਨਾਲ ਰਹਿਣ ਸਹਿਣ ਦਾ ਢੰਗ ਬਦਲ ਕੇ ਦੂਜੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਅਪਣਾ ਕੇ, ਆਪਨਾ ਅਸਲ ਰੂਪ, ਜ਼ਬਾਨ ਤੇ ਸੱਭਿਆਚਾਰ ਦਾ ਭੋਗ ਪਾ ਗਈਆਂ। ਉਨ੍ਹਾਂ ਸਾਰੇ ਥਾਂ ਤਬਦੀਲ ਕਰ ਕੇ ਜਾਣ ਵਾਲਿਆਂ ਨੇ ਦੂਜਾ ਸੱਭਿਆਚਾਰ ਤੇ ਜ਼ਬਾਨ ਅਪਣਾਈ ਅਤੇ ਉਨ੍ਹਾਂ ਦੇ ਬੱਚਿਆਂ ਨੇ ਅੱਗੋਂ ਆਪਣੀ ਮਾਂ ਬੋਲੀ ਦੇ ਅੱਧੇ ਸ਼ਬਦ ਛੱਡ ਕੇ ਦੂਜੀ ਸੱਭਿਅਤਾ ਦੇ ਸ਼ਾਮਲ ਕੀਤੇ ਤੇ ਤੀਜੀ ਪੁਸ਼ਤ ਤਕ ਜ਼ਬਾਨ ਹੌਲੀ-ਹੌਲੀ ਦਫ਼ਨ ਹੋ ਗਈ ਕਿਉਂਕਿ ਉਸ ਵਿਚ ਨਾਂ ਤਾਂ ਅੱਗੋਂ ਸਾਹਿਤ ਰਚਿਆ ਗਿਆ ਤੇ ਨਾ ਹੀ ਕੋਈ ਪੜ੍ਹਨ ਵਾਲਾ ਬਚਿਆ। ਉਨ੍ਹਾਂ ਦੀ ਜ਼ਬਾਨ ਬੋਲਣ ਵਾਲਿਆਂ ਦਾ ਖੁਰਾ ਖੋਜ ਹੁਣ ਇਸ ਧਰਤੀ ਉੱਤੇ ਨਹੀਂ ਮਿਲਦਾ। ਸਿਰਫ਼ ਖੰਡਰ ਹੀ ਬਚੇ ਹਨ।

ਪੰਜਾਬ ਅੰਦਰ ਝਾਤ ਮਾਰੀਏ ਤਾਂ ਪੁਰਾਣੇ ਸਮੇਂ ਤੋਂ ਹੁਣ ਤੱਕ ਇਸ ਦੇ ਏਨੇ ਟੋਟੇ ਹੋ ਚੁੱਕੇ ਹਨ ਕਿ ਆਕਾਰ ਵਜੋਂ ਚਿੜੀ ਦੀ ਵਿੱਠ ਜਿੰਨਾ ਹੀ ਰਹਿ ਗਿਆ ਹੈ। ਇਸ ਦੀ ਸੱਭਿਅਤਾ ਉੱਤੇ ਅਸਰ ਪਿਆ ਗੁਰੂਆਂ ਪੀਰਾਂ ਪੈਗੰਬਰਾਂ ਦੀਆਂ ਸਿੱਖਿਆਵਾਂ ਦਾ। ਮਨੁੱਖ ਨੂੰ ਉੱਚਾ ਆਚਰਣ ਰੱਖ ਕੇ, ਹੱਕ ਹਲਾਲ ਦੀ ਕਮਾਈ ਕਰਨ, ਦੂਜਿਆਂ ਦਾ ਹੱਕ ਨਾ ਮਾਰਨ, ਪਿਆਰ ਮੁਹੱਬਤ ਦੀਆਂ ਧੁਨਾਂ, ਔਰਤ ਦਾ ਸਤਿਕਾਰ, ਬੱਚਿਆਂ ਦਾ ਮਾਪਿਆਂ ਦੇ ਆਖੇ ਲੱਗਣਾ, ਖੁੱਲਾ ਡੁੱਲਾ ਸੁਭਾਅ, ਮਹਿਮਾਨ ਦਾ ਸਤਿਕਾਰ, ਖੁੱਲਾ ਖਾਣਾ, ਵੰਡ ਕੇ ਖਾਣਾ ਤੇ ਕਿਸੇ ਇਕ ਦੇ ਘਰ ਦੇ ਵਿਆਹ ਵੇਲੇ ਪੂਰੇ ਪਿੰਡ ਵੱਲੋਂ ਜਸ਼ਨ ਮਨਾਉਣਾ, ਆਦਿ ਪੰਜਾਬੀ ਸੱਭਿਅਤਾ ਦੇ ਅੰਸ਼ ਰਹੇ ਹਨ।

ਪੰਜਾਬੀ ਸੱਭਿਆਚਾਰ ਵਿਚਲੀਆਂ ਤਬਦੀਲੀਆਂ ਕਿਸ ਪਾਸੇ ਵਲ ਇਸ਼ਾਰਾ ਕਰ ਰਹੀਆਂ ਹਨ ਤੇ ਕਿਸ ਤਰ੍ਹਾਂ ਦਾ ਨਿਘਾਰ ਪ੍ਰਤੱਖ ਦਿਸਣ ਲੱਗ ਪਿਆ ਹੈ, ਉਸ ਵਲ ਧਿਆਨ ਕਰੀਏ :-

  1. ਪੰਜਾਬ ਦੇ ਅੰਦਰ ਵੱਸ ਰਹੇ ਪੰਜਾਬੀਆਂ ਨਾਲੋਂ ਪੰਜਾਬੋਂ ਬਾਹਰ ਰੋਜ਼ੀ ਰੋਟੀ ਕਮਾਉਣ ਲਈ ਵੱਧ ਪੰਜਾਬੀ ਵਸ ਚੁੱਕੇ ਹਨ।
  2. ਪੰਜਾਬ ਦੀ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਿਆ ਹੈ।
  3. ਅੰਨਦਾਤੇ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ।
  4. ਪਿਤਾ ਆਪਣੀਆਂ ਧੀਆਂ ਨਾਲ ਬਲਾਤਕਾਰ ਕਰਨ ਲੱਗ ਪਏ ਹਨ। ਭਰਾ ਆਪਣੀਆਂ ਭੈਣਾਂ ਨੂੰ ਚੱਬ ਰਹੇ ਹਨ।
  5. ਖ਼ਬਰਾਂ ਕਿਹੋ ਜਿਹੀਆਂ ਨਸ਼ਰ ਹੋ ਰਹੀਆਂ ਹਨ :- ਇਕ ਔਰਤ ਨੇ ਪਹਿਲੇ ਪਤੀ ਨੂੰ ਛੱਡ ਕੇ ਦੂਜੇ ਵਿਆਹੁਤਾ ਬੰਦੇ ਨਾਲ ਘਰ ਵਸਾ ਕੇ, ਤਿੰਨ ਬੱਚੇ ਹੋਰ ਜੰਮੇ, ਪਰ, ਦੂਜੇ ਪਤੀ ਨੇ ਪਤਨੀ ਤੇ ਤਿੰਨੋਂ ਬੱਚਿਆਂ ਦੇ ਸਿਰ ਵੱਢ ਛੱਡੇ ਅਤੇ ਤੀਜੀ ਔਰਤ ਨਾਲ ਸੰਬੰਧ ਬਣਾ ਲਏ।
  6. ਬਜ਼ਾਰ ਵਿਚ ਪਤੀ ਪਤਨੀ ਸੈਰ ਲਈ ਨਿਕਲਦੇ ਹਨ ਤਾਂ ਕੋਈ ਵੀ ਮਨਚਲਾ ਸ਼ਰਤ ਲਾ ਕੇ ਔਰਤ ਨੂੰ ਸੜਕ ਉੱਤੇ ਨਿਰਬਸਤਰ ਕਰ ਦਿੰਦਾ ਹੈ ਤੇ ਪੁਲਿਸ ਕੇਸ ਦਰਜ ਕਰਨ ਦੀ ਥਾਂ ਗੱਲ ਰਫਾ-ਦਫਾ ਕਰਨ ਨੂੰ ਕਹਿੰਦੀ ਹੈ।
  7. ਪਿਤਾ ਆਪਣੇ ਜਵਾਈ ਤੇ ਧੀ ਨੂੰ ਕਤਲ ਕਰ ਦਿੰਦਾ ਹੈ, ਕਿਉਂਕਿ ਧੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ।
  8. ਕੋਈ ਵੀ ਬੰਦਾ ਆਪਣਾ ਅਸਰ ਰਸੂਖ ਵਰਤ ਕੇ, ਗਰਭਵਤੀ ਔਰਤ ਤੱਕ ਦਾ ਬਲਾਤਕਾਰ ਕਰ ਕੇ, ਉਸ ਨੂੰ ਮਾਰ ਕੁੱਟ ਕੇ ਜਾਂ ਕਤਲ ਕਰ ਕੇ ਬਚ ਜਾਂਦਾ ਹੈ।
  9. ਇਕਤਰਫ਼ਾ ਪਿਆਰ ਦਾ ਜਵਾਬੀ ਹੁੰਗਾਰਾ ਨਾ ਮਿਲਣ ਉੱਤੇ ਚਲਦੀ ਸੜਕ ਉੱਤੇ ਮਨਚਲਾ ਆਸ਼ਿਕ ਕੁੜੀ ਉੱਤੇ ਤੇਜ਼ਾਬ ਸੁੱਟ ਦਿੰਦਾ ਹੈ ਜਾਂ ਉਸ ਦਾ ਕਤਲ ਕਰ ਦਿੰਦਾ ਹੈ ਤੇ ਰਾਹ ਚੱਲਦੇ ਬਾਕੀ ਲੋਕ ਪਾਸਾ ਵੱਟ ਕੇ ਲੰਘ ਜਾਂਦੇ ਹਨ।
  10. ਨਾਬਾਲਗ ਬੱਚੀਆਂ ਦੇ ਸਮੂਹਕ ਬਲਾਤਕਾਰ ਆਮ ਗੱਲ ਬਣ ਕੇ ਰਹਿ ਗਏ ਹਨ।
  11. ਨਸ਼ੇ ਦੇ ਅਸਰ ਹੇਠ ਪੁੱਤਰ ਹੀ ਮਾਂ ਦਾ ਜ਼ਬਰ ਜਨਾਹ ਕਰ ਰਹੇ ਹਨ।
  12. ਗੀਤ ਸੰਗੀਤ ਵਿਚ ਲੱਚਰਤਾ ਪਰੋਸੀ ਜਾ ਰਹੀ ਹੈ। ਕਾਮ ਭੜਕਾਊ ਸਾਹਿਤ ਦੀ ਵਿਕਰੀ ਜ਼ੋਰਾਂ ਉੱਤੇ ਹੈ।
  13. ਸਾਹਿਤਕਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਪੰਜਾਬੀ ਵਿਚ ਰਚੇ ਵਧੀਆ ਸਾਹਿਤ ਨੂੰ ਪ੍ਰੋਤਸਾਹਿਤ ਨਹੀਂ ਕੀਤਾ ਜਾ ਰਿਹਾ।
  14. ਜ਼ਬਾਨ ਰੋਜ਼ੀ ਰੋਟੀ ਕਮਾਉਣ ਯੋਗ ਨਹੀਂ ਰਹੀ ਤੇ ਇਸ ਜ਼ਬਾਨ ਨੂੰ ਤਿਲਾਂਜਲੀ ਦੇਣ ਵਾਲੇ ਅਨੇਕ ਤਿਆਰ ਹੋ ਚੁੱਕੇ ਹਨ।
  15. ਹੋਰਨਾਂ ਸੂਬਿਆਂ ਵਿੱਚੋਂ ਹੌਲੀ-ਹੌਲੀ ਏਨੇ ਲੋਕ ਇੱਥੇ ਆ ਕੇ ਵਸ ਚੁੱਕੇ ਹਨ ਕਿ ਉਨ੍ਹਾਂ ਦੀ ਜ਼ਬਾਨ ਤੇ ਸੱਭਿਆਚਾਰ ਮੌਜੂਦਾ ਵਸਨੀਕਾਂ ਉੱਤੇ ਹਾਵੀ ਹੋਣ ਲੱਗ ਪਿਆ ਹੈ।
  16. ਭੰਗੜੇ ਗਿੱਧੇ ਦੀ ਥਾਂ ਡਿਸਕੋ ਨੇ ਲੈ ਲਈ ਹੈ।
  17. ਪੰਜਾਬੀ ਜ਼ਬਾਨ ਨੂੰ ਛੱਡ ਕੇ ਹਿੰਦੀ ਤੇ ਅੰਗਰੇਜ਼ੀ ਜ਼ਬਾਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
  18. ਪਰਵਾਸੀ ਮਜ਼ਦੂਰਾਂ ਵੱਲੋਂ ਮੰਦਬੁੱਧ ਬੱਚੀਆਂ, ਮੰਦਬੁੱਧ ਨੌਜਵਾਨ ਤੇ ਨਾਬਾਲਗ਼ ਪੰਜਾਬੀ ਬੱਚੀਆਂ ਨਾਲ ਕੁਕਰਮਾਂ ਦੀਆਂ ਅਣਗਿਣਤ ਖ਼ਬਰਾਂ ਰੋਜ਼ ਛਪ ਰਹੀਆਂ ਹਨ।
  19. ਬਾਹਰੋਂ ਖ਼ਰੀਦ ਕੇ ਲਿਆਈਆਂ ਜਾ ਰਹੀਆਂ ਨੂੰਹਾਂ ਸਦਕਾ ਅੱਗੋਂ ਜੰਮ ਰਹੇ ਬੱਚਿਆਂ ਵਿਚਲਾ ਪੰਜਾਬੀ ਜੁੱਸਾ ਤੇ ਨੁਹਾਰ ਵੀ ਤਬਦੀਲ ਹੋ ਰਹੇ ਹਨ।

ਕੀ ਇਹ ਸਾਰੇ ਤੱਤ ਪੰਜਾਬੀ ਸੱਭਿਅਤਾ ਦੇ ਵਿਗਾੜ ਤੇ ਵਿਨਾਸ਼ ਵੱਲ ਇਸ਼ਾਰਾ ਨਹੀਂ ਕਰ ਰਹੇ ? ਇਹੋ ਜਿਹੀਆਂ ਅਨੇਕ ਤਬਦੀਲੀਆਂ ਜੋ ਕਾਫੀ ਸਮੇਂ ਤੋਂ ਲਗਾਤਾਰ ਦਿਸ ਰਹੀਆਂ ਹਨ, ਇਹ ਸਪਸ਼ਟ ਕਰ ਰਹੀਆਂ ਹਨ ਕਿ ਪੰਜਾਬੀ ਸੱਭਿਅਤਾ ਨੂੰ ਸੰਭਾਲ ਕੇ ਰੱਖਣ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇ ਇਹੀ ਹਾਲ ਰਿਹਾ ਤਾਂ ਪੰਜਾਬੀਆਂ ਦੀ ਗਿਣਤੀ ਪੰਜਾਬ ਅੰਦਰੋਂ ਘਟ ਕੇ ਹੋਰਨਾਂ ਮੁਲਕਾਂ ਵਿਚ ਵੱਧ ਹੋ ਜਾਵੇਗੀ ਤੇ ਪਾਣੀ ਵਿਹੂਣਾ, ਕੈਂਸਰ ਪੀੜਤ, ਨਸ਼ੇ ਦੀ ਮਾਰ ਝੱਲਦਾ ਪੰਜਾਬ ਆਪਣੀ ਮਾਤ ਭਾਸ਼ਾ ਨੂੰ ਤਿਲ-ਤਿਲ ਮਰਦਾ ਵੇਖ ਹੌਲੀ-ਹੌਲੀ ਇਸ ਨਾਲ ਜੁੜੀ ਸੱਭਿਅਤਾ ਦਾ ਅੰਤ ਵੀ ਵੇਖ ਲਵੇਗਾ ਕਿਉਂਕਿ ਕੁੱਖਾਂ ਖ਼ਤਮ ਕਰ ਕੇ ਪੰਜਾਬੀਆਂ ਦਾ ਜੀਨ ਵੀ ਸਾਬਤ ਨਹੀਂ ਬਚਣ ਲੱਗਿਆ।

ਉਹ ਸੱਭਿਆਤਾਵਾਂ ਜੋ ਖ਼ਤਮ ਹੋ ਗਈਆਂ, ਵਿੱਚੋਂ ਲੱਭੇ ਕਾਰਨ ਅੱਜ ਸਾਨੂੰ ਅਗਾਊਂ ਖ਼ਤਰਿਆਂ ਬਾਰੇ ਸਪਸ਼ਟ ਕਰ ਰਹੇ ਹਨ। ਮੌਜੂਦਾ ਵਿਗੜੇ ਹਾਲਾਤ ਜੇ ਵੇਲੇ ਸਿਰ ਨਾ ਸੰਭਾਲੇ ਗਏ ਤਾਂ ਅਗਲੇ 50 ਸਾਲ ਪੰਜਾਬੀ ਸੱਭਿਅਤਾ ਤੇ ਜ਼ਬਾਨ ਉੱਤੇ ਭਾਰੇ ਸਾਬਤ ਹੋਣਗੇ। ਜੀਨ ਨੂੰ ਸਾਬਤ ਸੂਰਤ ਅਗਲੀ ਪੁਸ਼ਤ ਤੱਕ ਪਹੁੰਚਾਉਣ ਵਾਲੀ ਔਰਤ ਤਾਂ ਸਿਰਫ਼ ਖਿਡੌਣਾ ਬਣਾ ਕੇ ਰੱਖ ਦਿੱਤੀ ਗਈ ਹੈ ਤੇ ਜ਼ੁਬਾਨ… ?

ਪੰਜਾਬ ਦੀ ਧਰਤੀ ਛੱਡ ਚੁੱਕਿਆਂ ਦੀ ਦੂਜੀ ਪੁਸ਼ਤ ਵਿੱਚੋਂ ਕਿੰਨੇ ਪੰਜਾਬੀ ਵਿਚ ਸਾਹਿਤ ਰਚ ਰਹੇ ਹਨ ਤੇ ਕਿੰਨੇ ਕੁ ਪੰਜਾਬੀ ਪੜ੍ਹ ਸਕਦੇ ਹਨ, ਇਨ੍ਹਾਂ ਸਵਾਲਾਂ ਦਾ ਜਵਾਬ ਅਗਲੇ ਆਉਣ ਵਾਲੇ ਪੰਜਾਹ ਸਾਲਾਂ ਦੀ ਸਥਿਤੀ ਸਪਸ਼ਟ ਕਰ ਦੇਵੇਗਾ ! ਜਿਵੇਂ ਖ਼ਤਮ ਹੋ ਚੁੱਕੀਆਂ ਸੱਭਿਅਤਾਵਾਂ ਵਿੱਚੋਂ ਕਿਸੇ ਹੋਰ ਥਾਂ ਤਬਦੀਲ ਕਰਨ ਬਾਅਦ ਸੱਭਿਅਤਾ ਦੁਬਾਰਾ ਨਹੀਂ ਪਨਪ ਸਕੀ ਬਲਕਿ ਦੂਜੀ ਸੱਭਿਅਤਾ ਵਿਚ ਦਫ਼ਨ ਹੋ ਗਈ, ਇੰਜ ਹੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੂਜੇ ਮੁਲਕਾਂ ਵਿਚ ਵੱਸੇ ਪੰਜਾਬੀਆਂ ਦੀ ਤੀਜੀ ਪੁਸ਼ਤ ਉਸੇ ਮੁਲਕ ਦਾ ਹਿੱਸਾ ਕਹਾਈ ਜਾਏਗੀ ਜਿੱਥੇ ਉਹ ਵੱਸ ਰਹੇ ਹਨ, ਨਾ ਕਿ ਪੰਜਾਬੀ ਸੂਬੇ ਦਾ ਹਿੱਸਾ! ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਜ਼ਬਾਨ ਜਾਂ ਪੰਜਾਬੀ ਸੱਭਿਅਤਾ ਨੂੰ ਪੂਰਨ ਰੂਪ ਵਿਚ ਤੋਰ ਸਕਣ ਵਾਲੇ ਪੰਜਾਬ ਅੰਦਰ ਕਿੰਨੇ ਕੁ ਬਚਣਗੇ ਜਦੋਂ ਭਾਸ਼ਾ ਵਿਭਾਗ ਵਰਗੇ ਵਿਭਾਗਾਂ ਦੀਆਂ ਗਰਾਂਟਾਂ ਬੰਦ ਕਰ ਕੇ ਸੰਘ ਘੋਟਿਆ ਜਾ ਰਿਹਾ ਹੋਵੇ ਅਤੇ ਸਾਹਿਤ ਸਭਾਵਾਂ ਪ੍ਰਤੀ ਸਰਕਾਰਾਂ ਦਾ ਨਕਾਰਾਤਮਕ ਰਵੱਈਆ ਹੋਵੇ ਤੇ ਦੂਜੇ ਪਾਸੇ ਅੰਗ੍ਰੇਜ਼ੀ ਜ਼ਬਾਨ ਨੂੰ ਸਿਖਾਉਣ ਵਾਲੇ ਤੇ ਪੰਜਾਬੋਂ ਬਾਹਰ ਧੱਕਣ ਵਾਲੇ ਸੈਂਟਰ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹੋਣ ! ਰੱਬ ਹੀ ਰਾਖਾ ਹੈ ਪੰਜਾਬੀ ਸੱਭਿਅਤਾ ਦਾ!