16.9 C
Jalandhar
Friday, April 10, 2026
spot_img
Home Blog Page 124

ਸਿੱਖ ਕੌਮ ਨੂੰ ਪੰਜਾਬ ਵਿੱਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਸ ਦੇ ਹੱਲ

0

ਸਿੱਖ ਕੌਮ ਨੂੰ ਪੰਜਾਬ ਵਿੱਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਸ ਦੇ ਹੱਲ

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ

ਹੋ ਸਕਦਾ ਹੈ ਕਿ ਕਈ ਗੁਰਸਿੱਖ ਨਿਜੀ ਤੌਰ ’ਤੇ ਬਹੁਤ ਸੁੱਖੀ ਹੋਣ ਪਰ ਪੰਥਕ ਤੌਰ ’ਤੇ ਸਿੱਖ ਕੌਮ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ। ਆਪਣੇ ਆਪ ਨੂੰ ਪੰਥਕ ਪਰਿਵਾਰ ਦਾ ਮੈਂਬਰ ਮੰਨਣ ਵਾਲੇ ਗੁਰਸਿੱਖ ਨੂੰ ਪੰਥ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।

ਪਿਛਲੇ ਸਾਲਾਂ ਦੀ ਤਰ੍ਹਾਂ ਨਵਾਂ ਸਾਲ ਵੀ ਸਾਡੇ ਲਈ 10 ਦੇ ਕਰੀਬ ਪ੍ਰਮੁੱਖ ਚੁਣੌਤੀਆਂ ਲੈ ਕੇ ਆ ਰਿਹਾ ਹੈ। ਕੌਮੀ ਭਵਿੱਖ ਸੁੱਖ ਦੇ ਨਵੇਂ ਸੁਨੇਹੇ ਲੈ ਕੇ ਆਵੇ, ਇਸ ਲਈ ਸਾਨੂੰ ਜਲਦੀ ਹੀ ਕੁੱਝ ਹੱਲ ਸੋਚ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ।

1. ਜਾਤੀਵਾਦ : ਅੱਜ ਸਿੱਖ ਕੌਮ ਜਾਤੀਵਾਦ ਵਿੱਚ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ। ਇਕ-ਇਕ ਪਿੰਡ ਵਿੱਚ ਜਾਤਾਂ ਦੇ ਨਾਮ ’ਤੇ ਕਈ ਗੁਰਦੁਆਰਾ ਸਾਹਿਬ ਬਣ ਗਏ ਹਨ, ਜਿਸ ਨਾਲ ਸੰਗਤ ਕਈ ਹਿੱਸਿਆਂ ਵਿੱਚ ਵੰਡੀ ਗਈ ਹੈ।

ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥

ਸਾ ਜਾਤਿ, ਸਾ ਪਤਿ ਹੈ; ਜੇਹੇ ਕਰਮ ਕਮਾਇ ॥ (ਮ: ੧/੧੩੩੦)

ਗੁਰਬਾਣੀ ਤਾਂ ਜਾਤ ਪੁੱਛਣ ਤੋਂ ਵਰਜਦੀ ਹੈ। ਆਪਣੇ ਬੱਚਿਆਂ ਦੇ ਰਿਸ਼ਤੇ ਕਰਦਿਆਂ ਜਾਂ ਆਮ ਤੌਰ ’ਤੇ ਕਹਿੰਦੇ-ਕਹਾਉਂਦੇ ਗੁਰਸਿੱਖ ਦੂਜੇ ਗੁਰਸਿੱਖਾਂ ਨੂੰ ਪੁੱਛੀ ਜਾਣਗੇ ਕਿ ਖ਼ਾਲਸਾ ਜੀ ! ਤੁਸੀਂ ਕੌਣ ਹੁੰਦੇ ਹੋ ? ਸਿੰਘ ਜੀ ! ਤੁਹਾਡੀ ਜਾਤ ਕੀ ਹੈ ? ਜਾਤ-ਪਾਤ ਤੋਂ ਖਹਿੜਾ ਛੁਡਾਉਣ ਲਈ ਸਿੱਖ ਪੰਥ ਵਿੱਚ ਸ਼ਾਮਲ ਹੋਣ ਵਾਲਾ ਵੀ ਸੋਚਦਾ ਹੈ ਕਿ ਸਿੱਖ ਬਣ ਕੇ ਵੀ ਜਾਤ-ਪਾਤ ਨੇ ਮੇਰਾ ਖਹਿੜਾ ਨਹੀਂ ਛੱਡਿਆ। ਗਿਆਨੀ ਦਿੱਤ ਸਿੰਘ ਜੀ ਮੁਤਾਬਕ :

ਕੌਣ ਸਿੱਖ ਹੁੰਦੇ ਹੋ ਭਾਈ ? ਜੀ ਮੈਂ ਅਰੋੜਾ, ਇਹ ਹੈ ਨਾਈ।

ਤੇਰਾ ਜਨਮ ਕਿਹਨਾਂ ਦੇ ਘਰ ਦਾ ? ਮੈਂ ਜੀ ਮਹਿਰਾ ਪਾਣੀ ਭਰਦਾ।

ਤੇਰੀ ਸਿੰਘਾ ਕੀ ਜਾਤ ? ਨਾਮੀ ਵੰਸ਼ ਮੈਂ ਹਾਂ ਭਰਾਤ।

ਇਹਨਾਂ ਵੰਡੀਆਂ ਕਾਰਨ ਸਿੱਖਾਂ ਵਿੱਚ ਆਪਸੀ ਝਗੜੇ-ਫ਼ਸਾਦ ਪੈਦਾ ਹੋ ਗਏ ਹਨ। ਬਾਹਰਲਾ ਦੁਸ਼ਮਣ ਉਦੋਂ ਜ਼ਰੂਰ ਹਮਲਾ ਕਰਦਾ ਹੈ ਜਦੋਂ ਕੋਈ ਕੌਮ ਵੰਡੀ ਹੋਈ ਹੋਵੇ। ਕਈ ਵਾਰੀ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬਲਕਿ ਅਖੌਤੀ ਜਾਤ-ਪਾਤ ਨੂੰ ਬਣਾਉਣ ਵਾਲਾ ਮੰਨੂੰ ਰਿਖੀ ਹੈ। ਅਸਲ ਵਿੱਚ ਸਾਡੀ ਤਾਂ ਜਾਤ-ਪਾਤ ਹੀ ਸਾਡੇ ਗੁਰੂ ਦਾ ਸਿਧਾਂਤ ਹੈ। ਸਾਡਾ ਸਭ ਦਾ ਸਾਂਝਾ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ ਸਾਹਿਬ, ਵਾਸੀ ਸ੍ਰੀ ਅਨੰਦਪੁਰ ਸਾਹਿਬ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਭੈਣ-ਭਰਾ ਸਾਰਾ ਸਿੱਖ ਪੰਥ ਹੈ। ਜਾਤ-ਪਾਤ ਛੱਡ ਕੇ ਆਪਸੀ ਏਕਤਾ ਲਈ ਸਾਂਝੇ ਪਰਿਵਾਰ ਦਾ ਸਿਧਾਂਤ ਹੀ ਯੋਗ ਹੱਲ ਹੈ।

ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ, ਪੁਤਾ, ਭਾਈਆ ॥ (ਮ: ੪/੬੪੮)

2. ਆਰਥਿਕਤਾ : ਅੱਜ ਆਰਥਿਕ ਤੌਰ ’ਤੇ ਪੰਜਾਬ ਕੰਗਾਲ ਹੋ ਰਿਹਾ ਹੈ। ਅਨਾਜ਼ ਦੀ ਜਾਇਜ਼ ਕੀਮਤ ਨਾ ਮਿਲਣ ਕਰ ਕੇ ਕਿਸਾਨ ਵੀਰ ਖੁਦਕੁਸ਼ੀਆਂ ਕਰ ਰਹੇ ਹਨ। ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰ ਕੇ ਵੀ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਕਈ ਨੌਜਵਾਨ ਬੇਰੁਜ਼ਗਾਰੀ ਤੋਂ ਬਚਣ ਲਈ ਕਰਜ਼ਾ ਚੁੱਕ ਕੇ ਆਪਣੇ ਪ੍ਰਾਣਾਂ ਤੋਂ ਪਿਆਰੀ ਜਨਮ ਭੂਮੀ ਛੱਡ ਕੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਹਨ। ਗੁਰਬਾਣੀ ਇਸ ਦਾ ਵੀ ਹੱਲ ਸੁਝਾਉਂਦੀ ਹੈ।

ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ  ! ਰਾਹੁ ਪਛਾਣਹਿ ਸੇਇ ॥ (ਮ: ੧/੧੨੪੫)

ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਸੌੜੀ ਰਾਜਨੀਤੀ ਤੋਂ ਮੁਕਤ ਹੋਵੇ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਦਸਵੰਧ ਕਮੇਟੀਆਂ ਬਣਨ। ਇਹਨਾਂ ਦਾ ਸਾਰਾ ਹਿਸਾਬ ਪਾਰਦਰਸ਼ੀ (Transparent) ਹੋਵੇ। ਜੇ ਸਾਰੀ ਦੁਨੀਆਂ ਵਿੱਚ ਵੱਸਦਾ ਹਰ ਇਕ ਗੁਰਸਿੱਖ ਆਪਣੀ ਪੂਰੀ ਇਮਾਨਦਾਰੀ ਨਾਲ ਹਰ ਮਹੀਨੇ ਦਸਵੰਧ ਦੀ ਮਾਇਆ ਜਮਾਂ ਕਰਾਏ ਤਾਂ 6 ਮਹੀਨਿਆਂ ਵਿੱਚ ਹੀ ਅਰਬਾਂ ਰੁਪਇਆ ਇਕੱਠਾ ਹੋ ਸਕਦਾ ਹੈ। ਇਸ ਨਾਲ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਫ਼ੈਕਟਰੀਆਂ, ਮਿੱਲਾਂ ਤੇ ਕਾਰਖਾਨੇ ਲਗਾਏ ਜਾ ਸਕਦੇ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ, ਨਰਸਿੰਗ-ਇੰਜੀਨੀਅਰਿੰਗ-ਟੈਕਨੀਕਲ ਕਾਲਜ ਅਤੇ ਹੋਰ ਕਿੱਤਾ ਮੁਖੀ ਸੰਸਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ। ਡਿਸਪੈਂਸਰੀਆਂ, ਹਸਪਤਾਲ ਤੇ ਹੋਰ ਲੋੜੀਂਦੀਆਂ ਸੰਸਥਾਵਾਂ ਖੋਲ੍ਹਣ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਪੰਜਾਬ ਵਿੱਚ ਸਹੂਲਤਾਂ ਵੀ ਵਧ ਜਾਣਗੀਆਂ। ਸਿੱਖੀ ਦੇ ਦਸਵੰਧ ਕੱਢਣ ਅਤੇ ਵੰਡ ਛੱਕਣ ਦੇ ਸਿਧਾਂਤ ਨੂੰ ਲਾਗੂ ਕੀਤਿਆਂ ਪੰਜਾਬ ਵਿੱਚੋਂ ਗਰੀਬੀ ਸਦਾ ਲਈ ਖਤਮ ਹੋ ਜਾਵੇਗੀ ਤੇ ਨਵੀਂ ਮਨੁੱਖਤਾ ਦਾ ਉੱਥਾਨ ਹੋ ਜਾਵੇਗਾ।

3. ਰਾਜਨੀਤੀਕ : ਰਾਜਨੀਤਿਕ ਤੌਰ ’ਤੇ ਗੁਰੂਆਂ ਦੀ ਪਾਵਨ ਧਰਤੀ ਸਿੱਖਾਂ ਤੋਂ ਖੁੱਸਦੀ ਜਾ ਰਹੀ ਹੈ। ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਧੜਾਧੜ ਵੋਟਾਂ ਬਣਾ ਰਹੇ ਨੇ। ਉਹ ਲੋਕ ਅੱਜ M.L.A.ਬਣ ਰਹੇ ਹਨ ਤੇ ਕੱਲ ਨੂੰ M.P.ਵੀ ਬਣ ਜਾਣਗੇ। ਇਕ ਸਮਾਂ ਐਸਾ ਵੀ ਆ ਸਕਦਾ ਹੈ ਕਿ ਸਿੱਖ ਚਾਹ ਕੇ ਗੱਠਜੋੜ ਵਾਲੀ ਸਰਕਾਰ ਵਿੱਚ ਵੀ ਸ਼ਾਮਲ ਨਹੀਂ ਹੋ ਸਕਦੇ। ਅਸੀਂ ਸ਼ਰਾਬ ਦੀ ਬੋਤਲ ਜਾਂ ਇਕ ਵੱਡਾ ਨੋਟ ਲੈ ਕੇ ਆਪਣੀ ਵੋਟ ਹੀ ਨਹੀਂ ਵੇਚਦੇ ਸਗੋਂ ਆਪਣੀ ਕੌਮ ਦਾ ਭਵਿੱਖ ਵੀ ਵੇਚ ਦਿੰਦੇ ਹਾਂ। ਇਸ ਨਾਲ ਯੋਗ ਆਗੂਆਂ ਦੀ ਜਗ੍ਹਾ ਭ੍ਰਸ਼ਟ ਲੋਕ ਪੰਜਾਬ ’ਤੇ ਕਾਬਜ਼ ਹੋ ਜਾਂਦੇ ਹਨ। ਇਕ-ਦੂਜੇ ਦੀਆਂ ਦਸਤਾਰਾਂ ਲਾਹੁਣ, ਤਲਵਾਰਾਂ ਚਲਾਉਣ ਅਤੇ ਲੱਤਾਂ ਖਿੱਚਣ ਵਾਲੀ ਆਪਸੀ ਖਹਿਬਾਜ਼ੀ ਨੇ ਵੀ ਸਿੱਖਾਂ ਨੂੰ ਕਮਜ਼ੋਰ ਕੀਤਾ ਹੋਇਆ ਹੈ। ਜੇ ਸਿੱਖਾਂ ਦੇ ਸਾਰੇ ਰਾਜਨੀਤਿਕ ਧੜੇ ਪੰਥਕ ਏਕਤਾ ਵਿੱਚ ਪਰੋਏ ਜਾਣ ਤਾਂ ਸਿੱਖ ਵੀ ਆਪਣੇ ਪੰਜਾਬ ਦੇ ਹੱਕਾਂ ਬਾਰੇ ਸੋਚ ਸਕਦੇ ਹਨ। ਅੱਜ ਸਾਨੂੰ ਇਕ ਯੋਗ, ਇਮਾਨਦਾਰ, ਦੂਰ-ਅੰਦੇਸ਼ ਤੇ ਪੰਥਕ ਜਜ਼ਬਾ ਰੱਖਣ ਵਾਲੇ ਗੁਰਸਿੱਖ ਆਗੂ ਦੀ ਬੇਹੱਦ ਸਖ਼ਤ ਲੋੜ ਹੈ, ਜਿਸ ਨਾਲ ਸਾਡਾ ਪੰਜਾਬ ਰਾਜ ਬੇਗ਼ਮਪੁਰਾ ਬਣ ਸਕੇ।

ਬੇਗਮ ਪੁਰਾ; ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ; ਤਿਹਿ ਠਾਉ ॥ (ਭਗਤ ਰਵਿਦਾਸ/੩੪੫)

4. ਧੀ ਭਰੂਣ ਹੱਤਿਆ : ਕਿਸੇ ਸਮੇਂ ਧੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ ਪਰ ਅੱਜ ਮੈਡੀਕਲ ਸਾਇੰਸ ਨੇ ਇੰਨੀ ਸਹੂਲਤ ਦੇ ਦਿੱਤੀ ਕਿ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ਵਿੱਚ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਪੁੱਤਰਾਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਘਟੀ ਹੋਈ ਹੈ। ਪੁੱਤਰ ਦੀ ਚਾਹਤ ਲਈ ਮਾਰੀ ਜਾਣ ਵਾਲੀ ਧੀ ਦੀ ਮੌਤ ਦੇ ਪਾਪ ਵਿੱਚ ਕੇਵਲ ਮਾਂ-ਪਿਉ ਤੇ ਡਾਕਟਰ ਹੀ ਭਾਗੀਦਾਰ ਨਹੀਂ, ਸਗੋਂ ਉਸ ਤੋਂ ਬਾਅਦ ਹੋਣ ਵਾਲਾ ਪੁੱਤਰ ਵੀ ਓਨਾ ਹੀ ਪਾਪਾਂ ਦਾ ਭਾਗੀ ਹੁੰਦਾ ਹੈ ਕਿਉਂਕਿ ਉਸ ਦੀ ਖਾਤਰ ਹੀ ਧੀ ਦੀ ਹੱਤਿਆ ਕੀਤੀ ਹੁੰਦੀ ਹੈ।

ਇਸ ਤੋਂ ਇਲਾਵਾ ਪਿਤਾ ਲਈ ਦਾਜ ਦੇਣ ਦਾ ਬੋਝ, ਦਾਜ ਦੇਣ ਤੋਂ ਬਾਅਦ ਵੀ ਕਈ ਵਾਰੀ ਧੀ ਦਾ ਸੁਖੀ ਨਾ ਵੱਸਣਾ ਵੀ ਹੱਤਿਆ ਕਾਰਨ ਬਣਦੇ ਹਨ। ਸਮਾਜ ਵਿੱਚ ਨੌਜਵਾਨਾਂ ਵੱਲੋਂ ਛੇੜਖਾਨੀਆਂ ਜਾਂ ਹੋਰਨਾਂ ਧੀਆਂ ਵੱਲੋਂ ਪਿਤਾ ਦੀ ਪੱਗ ਨੂੰ ਦਾਗ ਲਾ ਦੇਣਾ, ਦੇਖ ਕੇ ਵੀ ਇਕ ਅਣਖ ਵਾਲਾ ਬਾਪ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਸ ਨੂੰ ਵੀ ਇਹ ਦਿਨ ਦੇਖਣਾ ਪਵੇ। ਇਸ ਦੇ ਅਸਿੱਧੇ ਰੂਪ ਵਿੱਚ ਦੋਸ਼ੀ ਤਾਂ ਸਮਾਜ ਹੀ ਹੈ, ਜਿਸ ਵਿੱਚ ਅਸੀਂ ਸਾਰੇ ਸ਼ਾਮਲ ਹਾਂ।

ਗੁਰਬਾਣੀ ਨੇ ਔਰਤ ਨੂੰ ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਕਹਿ ਕੇ ਸਨਮਾਨ ਦਿੱਤਾ ਹੈ। ਸਿੱਖ ਪੰਥ ਵਿੱਚ ਇਸਤਰੀ ਤੇ ਪੁਰਖ ਦੋਨੋਂ ਹੀ ਰੱਬ ਦੇ ਰੂਪ ਮੰਨੇ ਗਏ ਹਨ। ਇਸ ਲਈ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਹੱਕ ਅਤੇ ਪਿਆਰ ਦੇਣਾ ਚਾਹੀਦਾ ਹੈ।

ਏਤੇ ਅਉਰਤ ਮਰਦਾ ਸਾਜੇ; ਏ ਸਭ ਰੂਪ ਤੁਮ੍ਾਰੇ ॥ (ਭਗਤ ਕਬੀਰ/੧੩੪੯)

5. ਦਾਜ : ਅੱਜ ਸਾਡੇ ਸਾਮ੍ਹਣੇ ਦਾਜ ਅਤੇ ਫ਼ਿਜ਼ੂਲ-ਖਰਚੀਆਂ ਵਾਲੇ ਮਹਿੰਗੇ ਵਿਆਹ ਵੀ ਇਕ ਸਮੱਸਿਆ ਬਣ ਗਏ ਹਨ। ਪੁਰਾਣੇ ਜ਼ਮਾਨੇ ਵਿੱਚ ਜਦੋਂ ਕੋਈ ਕਬੀਲਾ ਦੂਜੇ ਕਬੀਲੇ ’ਤੇ ਹਮਲਾ ਕਰਦਾ ਸੀ ਤਾਂ ਦੂਜਾ ਕਬੀਲਾ ਮੂੰਹ ਭੰਨ ਦਿੰਦਾ ਸੀ। ਜੇ ਦੂਜਾ ਕਬੀਲਾ ਕਮਜ਼ੋਰ ਹੁੰਦਾ ਤਾਂ ਉਹ ਹਾਰ ਮੰਨ ਕੇ ਹਮਲਾਵਰ ਕਬੀਲੇ ਦਾ ਸਵਾਗਤ ਕਰਦਾ ਸੀ। ਉਸ ਨੂੰ ਟੈਕਸ ਦੇ ਰੂਪ ਵਿੱਚ ਧਨ-ਦੌਲਤ, ਕੀਮਤੀ ਚੀਜ਼ਾਂ ਤੇ ਆਪਣੀਆਂ ਧੀਆਂ ਦੇ ਕੇ ਵਾਪਸ ਮੋੜ ਦਿੰਦਾ ਸੀ। ਹਮਲਾਵਰ ਕਬੀਲਾ ਜਿੱਤ ਦੇ ਵਾਜੇ ਵਜਾ ਕੇ ਵਾਪਸ ਮੁੜ ਜਾਂਦਾ ਸੀ। ਸਾਡੀਆਂ ਬਰਾਤਾਂ ਵੀ ਧੀ ਦੇ ਪਰਿਵਾਰ ’ਤੇ ਹਮਲਾ ਕਰਨ ਵਾਂਙ ਲਗਦੀਆਂ ਹਨ। ਜਿਸ ਨੇ ਕਦੀ ਕੁੱਤੇ ਨੂੰ ਸੋਟੀ ਨਹੀਂ ਮਾਰੀ ਹੁੰਦੀ, ਉਹ ਤਲਵਾਰ ਫੜ ਲੈਂਦਾ ਹੈ। ਉਸ ਨੂੰ ਫੜ ਕੇ ਘੋੜੀ ’ਤੇ ਬਿਠਾਇਆ ਜਾਂਦਾ ਹੈ। ਬਰਾਤ ਰੂਪੀ ਫ਼ੌਜ, ਨਾਲ ਤੁਰਦੀ ਹੈ। ਧੀ ਦਾ ਬਾਪ ਹਾਰੇ ਹੋਏ ਕਬੀਲੇ ਦੇ ਸਰਦਾਰ ਵਾਂਙੂੰ ਬਾਹਰ ਆ ਕੇ ਸਵਾਗਤ ਕਰਦਾ ਹੈ। ਬਹੁਤ ਸਾਰੇ ਤੋਹਫ਼ੇ ਦੇ ਕੇ, ਦਾਜ ਦੇ ਕੇ, ਧੀ ਨੂੰ ਵੀ ਨਾਲ ਤੋਰਦਾ ਹੈ। ਪੁੱਤਰ ਵਾਲੇ ਜੇਤੂ ਧਿਰ ਵਾਂਙ ਬੈਂਡ-ਵਾਜੇ ਵਜਾਉਂਦੇ ਧੀ ਅਤੇ ਬਹੁਤ ਸਾਰਾ ਦਾਜ ਲੈ ਕੇ ਵਾਪਸ ਮੁੜ ਜਾਂਦੇ ਹਨ।

ਅੱਜ ਸਾਡੇ ਸਮਾਜ ਵਿੱਚ ਵੀ ਪੁੱਤਰਾਂ ਦੀ ਬੋਲੀ ਲਗਾਈ ਜਾਂਦੀ ਹੈ। ਅਮੀਰ ਤਾਂ ਦਾਜ ਵਿੱਚ ਬਹੁਤ ਕੁੱਝ ਦੇ ਸਕਦੇ ਹਨ ਪਰ ਗਰੀਬ ਆਦਮੀ ਪੀਸਿਆ ਜਾਂਦਾ ਹੈ। ਤਿੰਨ ਧੀਆਂ ਦਾ ਬਾਪ ਕਰਜ਼ਾ ਚੁੱਕ ਕੇ ਇਕ ਧੀ ਨੂੰ ਵਿਆਹੁੰਦਾ ਹੈ ਤੇ ਘਰ ਬੈਠੀਆਂ ਦੋ ਧੀਆਂ ਨੂੰ ਦੇਖ ਕੇ ਝੁਰਦਾ ਹੈ। ਕੁੜਮਾਂ ਵੱਲੋਂ ਹੋਰ ਦਾਜ ਮੰਗਣ ’ਤੇ ਜਾਂ ਕਈ ਵਾਰੀ ਕਰਜ਼ਾ ਨਾ ਉਤਰਨ ’ਤੇ ਬਾਪ ਖੁਦਕਸ਼ੀ ਕਰ ਲੈਂਦਾ ਹੈ। ਕਈਆਂ ਨੇ ਤਾਂ ਗਰੀਬ ਧੀਆਂ ਦੇ ਵਿਆਹ ਦੇ ਨਾਮ ’ਤੇ ਵਪਾਰ ਵੀ ਸ਼ੁਰੂ ਕਰ ਲਏ ਹਨ। ਉਹਨਾਂ ਦੇ ਵਿਆਹ ਦੀਆਂ ਵੀਡੀਉ ਬਣਾ ਕੇ, ਸਾਰੀ ਦੁਨੀਆਂ ਵਿੱਚ ਦਿਖਾ ਕੇ ਕਰੋੜਾਂ ਰੁਪਇਆ ਇਕੱਠਾ ਕਰ ਰਹੇ ਹਨ।

ਦਾਜ ਦੀ ਲਾਹਨਤ ਤਾਂ ਹੀ ਬੰਦ ਹੋ ਸਕਦੀ ਹੈ ਜੇ ਪਿਤਾ ਦਾਜ ਦੇ ਮੰਗਤਿਆਂ ਨਾਲ ਆਪਣੀ ਧੀ ਦਾ ਰਿਸ਼ਤਾ ਹੀ ਨਾ ਜੋੜੇ। ਇਸ ਤੋਂ ਇਲਾਵਾ ਸਾਡੇ ਨੌਜਵਾਨ ਪ੍ਰਣ ਕਰਨ ਕਿ ਉਹ ਦਾਜ ਨਹੀਂ ਲੈਣਗੇ ਬਲਕਿ ਲੜਕੀ ਦੇ ਗੁਣ ਦੇਖੇ ਜਾਣਗੇ। ਜਿਸ ਨੇ ਆਪਣੇ ਦਿਲ ਦਾ ਟੁੱਕੜਾ ਧੀ ਹੀ ਦੇ ਦਿੱਤੀ, ਉਸ ਨੇ ਆਪਣੇ ਕੋਲ ਹੋਰ ਕੀ ਰੱਖ ਲਿਆ ? ਗੁਰਮਤਿ ਵਿੱਚ ਤਾਂ ਗੁਣਾਂ ਦੇ ਦਾਜ ਨੂੰ ਹੀ ਵਡਿਆਇਆ ਗਿਆ ਹੈ। ਦਾਜ ਲੈਣ ਤੇ ਦੇਣ ਦਾ ਵਿਖਾਲਾ ਪਾਉਣ ਵਾਲਾ ਗੁਰਮੁਖ ਹੀ ਨਹੀਂ ਹੈ। ਉਸ ਨੂੰ ਮਨਮੁਖ, ਝੂਠੇ, ਹੰਕਾਰੀ, ਕੱਚੇ ਜੀਵਨ ਵਾਲੇ ਤੇ ਪਖੰਡੀ ਕਹਿ ਕੇ ਦੁਰਕਾਰਿਆ ਗਿਆ ਹੈ।

ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ (ਮ: ੪/੭੯)

6. ਨਸ਼ੇ : ਪੰਜਾਬ ਵਿੱਚ ਨਸ਼ੇ ਇੰਨੇ ਵੱਧ ਗਏ ਹਨ ਕਿ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਸਕੂਲਾਂ ਵਿੱਚ ਵੀ ਪਹੁੰਚ ਚੁੱਕੇ ਹਨ। ਅੱਜ ਪੰਜਾਬ ਵਿੱਚ ਇੰਨੀ ਜ਼ਿਆਦਾ ਸ਼ਰਾਬ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਵਿੱਚ ਦੇਸ਼ ਦੀ ਵੰਡ ਪਿੱਛੋਂ ਢਾਈ ਦਰਿਆ ਰਹਿ ਗਏ ਹਨ। ਪੰਜ ਦਰਿਆ ਤਾਂ ਸੁੱਕਦੇ ਜਾ ਰਹੇ ਹਨ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਛੇਵਾਂ ਸ਼ਰਾਬ ਦਾ ਦਰਿਆ ਲਬਾ-ਲੱਬ ਭਰਿਆ ਵਗ ਰਿਹਾ ਹੋਵੇ। ਨਸ਼ਿਆਂ ਲਈ ਲੀਡਰਾਂ ਨੂੰ ਕੋਸਣ ਦੀ ਲੋੜ ਨਹੀਂ, ਇਸ ਲਈ ਅਸੀਂ ਆਪਣੇ ਦੁਸ਼ਮਣ ਆਪ ਹੀ ਹਾਂ। ਅਸੀਂ ਆਪਣੇ 7 ਨੁਕਸਾਨ ਆਪ ਹੀ ਕਰਦੇ ਹਾਂ। ਨਸ਼ੇ ਨੇ ਪੈਸਾ, ਸਿਹਤ, ਸਮਾਂ, ਪਰਿਵਾਰਕ ਸੰਬੰਧ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਨੁਕਸਾਨ ਤਾਂ ਕੀਤਾ ਹੀ ਹੈ, ਨਾਲ ਹੀ ਨੈਤਿਕ ਗੁਣ ਵੀ ਗਵਾਚ ਗਏ ਅਤੇ ਸੱਤਵਾਂ ਗੁਰੂ ਤੇ ਰੱਬ ਵੱਲੋਂ ਵੀ ਬੇਮੁੱਖ ਹੋ ਗਏ। ਮਨੁੱਖ ਨੂੰ ਓਨਾ ਦਰਿਆਵਾਂ, ਸਮੁੰਦਰਾਂ ਨੇ ਨਹੀਂ ਡੋਬਿਆ, ਜਿੰਨਾ ਇਕ ਸ਼ਰਾਬ ਦੇ ਪਿਆਲੇ ਨੇ ਡੋਬ ਕੇ ਰੱਖ ਦਿੱਤਾ ਹੈ। ਸ਼ਰਾਬੀ ਮਨੁੱਖ ਬੋਤਲ ਵਰਗਾ ਹੁੰਦਾ ਹੈ, ਜਿਸ ਦਾ ਧੜ ਤੇ ਗਰਦਨ ਤਾਂ ਹੁੰਦੀ ਹੈ ਪਰ ਸਿਰ ਨਹੀਂ ਹੁੰਦਾ। ਸ਼ਰਾਬੀ ਦੇ ਘਰ ਆਉਣ ’ਤੇ ਬੱਚੇ ਸਹਿਮ ਜਾਂਦੇ ਹਨ ਤੇ ਪਤਨੀ ਦੇ ਅਰਮਾਨ ਮੁੱਕ ਜਾਂਦੇ ਹਨ।

ਨਸ਼ਾ ਸਰੀਰ ਵਿੱਚ ਸੁਸਤੀ, ਕਮਜ਼ੋਰੀ, ਕੈਂਸਰ, ਚੱਕਰ, ਲਕਵਾ, ਖਾਂਸੀ ਵਰਗੀਆਂ ਅਲਾਮਤਾਂ ਪੈਦਾ ਕਰਦਾ ਹੈ। ਇਸ ਨਾਲ ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਚੇਤੰਨਤਾ ਖਤਮ ਹੋ ਜਾਂਦੀ ਹੈ। ਸੀ. ਬੀ. ਸੀ. ਕੈਨੇਡਾ ਦਾ ਇਕ ਪਬਲਿਕ ਅਦਾਰਾ ਹੈ, ਜਿਸ ਨੇ 2 ਦਸੰਬਰ, ਸੰਨ 2004 ਨੂੰ ਸਵੇਰੇ 9:03 ’ਤੇ ਅਤੇ 5 ਦਸੰਬਰ, ਸੰਨ 2004 ਨੂੰ ਸ਼ਾਮ 7 ਵਜੇ ਦੱਸਿਆ ਹੈ ਕਿ ਜੋ ਸ਼ਰਾਬ ਦੇ ਹੱਕ ਵਿੱਚ ਝੂਠੀ ਖੋਜ ਕਰਦੇ ਹਨ, ਅਸਲ ਵਿੱਚ ਇਹਨਾਂ ਪਿੱਛੇ ਸਾਰਾ ਹੱਥ ਸ਼ਰਾਬ ਕੰਪਨੀਆਂ ਦਾ ਹੁੰਦਾ ਹੈ। ਇਕ ਸਰਵੇ ਦੇ ਮੁਤਾਬਕ ਸ਼ਰਾਬ ਦੇ ਲਾਭ ਦੱਸਣ ਲਈ 3 ਸਾਲਾਂ ਵਿੱਚ 53 ਕਰੋੜ ਰੁਪਏ ਖਰਚੇ ਗਏ ਅਤੇ ਹਾਨੀਆਂ ਦੱਸਣ ਲਈ ਸਿਰਫ਼ 75 ਹਜ਼ਾਰ ਰੁਪਏ ਖਰਚੇ ਗਏ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹੁੱਕਾ ਬਾਰ ਖੁੱਲ੍ਹ ਗਏ ਹਨ, ਜਿਹਨਾਂ ਵਿੱਚ ‘ਸਿੰਘ’ ਅਤੇ ‘ਕੌਰ’ ਨਾਮ ਦੇ ਗੁਰਸਿੱਖਾਂ ਦੇ ਬੱਚੇ ਜਾ ਕੇ ਸ਼ਰੇਆਮ ਜਾਨਲੇਵਾ ਨਸ਼ੇ ਕਰ ਰਹੇ ਹਨ।

ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਕਿਸੇ ਦਾ ਸਸਤੀ ਤੋਂ ਸਸਤੀ ਚੀਜ਼ ਲੂਣ ਖਾ ਕੇ ਬੁਰਾ ਨਹੀਂ ਮੰਗੀਦਾ, ਇਵੇਂ ਹੀ ਸਿੱਖੀ ਵਿੱਚ ਸਸਤੇ ਤੋਂ ਸਸਤੇ ਨਸ਼ੇ ਤੰਮਾਕੂ ਤੋਂ ਵੀ ਦੂਰ ਰਹਿਣ ਦੀ ਹਦਾਇਤ ਹੈ। ਸਿੱਖ ਲਈ ਘਰ ਨੂੰ ਧਰਮਸਾਲਾ ਬਣਾਉਣ ਦੀ ਹਦਾਇਤ ਸੀ ਪਰ ਕਈਆਂ ਨੇ ਘਰ ਵਿੱਚ ਹੀ ਬਾਰ ਬਣਾ ਲਈ ਜਾਂ ਅਹਾਤਾ ਬਣਾ ਲਿਆ ਗਿਆ। ਜੇ ਗੁਰਬਾਣੀ ਦਾ ਗਿਆਨ ਸਾਡੇ ਘਰਾਂ ਵਿੱਚ ਹੋਵੇ ਤਾਂ ਨਸ਼ੇ ਸਾਡੇ ਘਰਾਂ ਵਿੱਚ ਆ ਹੀ ਨਹੀਂ ਸਕਦੇ।

ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ, ਪਰਾਇਆ, ਨ ਪਛਾਣਈ; ਖਸਮਹੁ ਧਕੇ ਖਾਇ ॥

ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ, ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ (ਮ: ੩/੫੫੪)

7. ਪਤਿਤਪੁਣਾ : ਜੇ ਕਿਸੇ ਇਮਾਨਦਾਰ ਬਜ਼ੁਰਗ ਦੀਆਂ ਅੱਖਾਂ ’ਤੇ ਪੱਟੀ ਬੰਨ ਕੇ ਉਸ ਨੂੰ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿੱਚ ਖੜ੍ਹਾ ਕਰ ਦਿੱਤਾ ਜਾਏ। ਫਿਰ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਕੇ ਪੁੱਛਿਆ ਜਾਵੇ ਕਿ ਉਹ ਕਿੱਥੇ ਖੜ੍ਹਾ ਹੈ ਤਾਂ ਉਹ ਜਵਾਬ ਦੇਵੇਗਾ ਕਿ ਮੈਂ ਯੂ. ਪੀ. ਜਾਂ ਬਿਹਾਰ ਦੇ ਕਿਸੇ ਸ਼ਹਿਰ ਵਿੱਚ ਖੜ੍ਹਾ ਹਾਂ। ਕਾਰਨ ਇਹ ਹੈ ਕਿ ਉਸ ਨੂੰ ਕੇਸਾਂ ਵਾਲਾ ਕੋਈ ਵਿਰਲਾ ਹੀ ਨਜ਼ਰ ਆਵੇਗਾ। ਅੱਜ 80% ਸਿੱਖਾਂ ਦੇ ਬੱਚਿਆਂ ਦੇ ਸਿਰ ’ਤੇ ਕੇਸ ਨਜ਼ਰ ਨਹੀਂ ਆਉਂਦੇ। ‘ਕੇਸ ਗੁਰੂ ਕੀ ਮੋਹਰ’ ਕਤਲ ਕਰਾਉਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਉਸ ਦੀ ਮੌਤ ਹੋਈ ਮੰਨ ਲਈ ਗਈ ਹੈ। ਅੱਜ ਯੋਰਪੀਨ ਦੇਸ਼ਾਂ ਵਿੱਚ ਸਾਨੂੰ ਦਸਤਾਰ ਦੇ ਹੱਕ ਮੰਗਣੇ ਪੈ ਰਹੇ ਹਨ। ਜੇਕਰ ਯੋਰਪੀਨ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਉਹ ਕਹਿਣਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਸਤਾਰ ਤਾਂ ਦਿੱਤੀ ਹੀ ਨਹੀਂ, ਫਿਰ ਸਾਡੇ ਤੋਂ ਕਿਹੜੇ ਮੂੰਹ ਨਾਲ ਦਸਤਾਰ ਦਾ ਹੱਕ ਮੰਗ ਰਹੇ ਹੋ ? ਸਾਡੇ ਕੋਲ ਨਮੋਸ਼ੀ ਤੋਂ ਬਿਨਾਂ ਕੋਈ ਜਵਾਬ ਨਹੀਂ ਹੋਵੇਗਾ। ਮੇਰੀ ਹਮਦਰਦੀ ਹੈ ਉਹਨਾਂ ਨੌਜਵਾਨਾਂ ਨਾਲ ਕਿਉਂਕਿ ਉਹ ਜ਼ਿਆਦਾ ਕਸੂਰਵਾਰ ਨਹੀਂ ਹਨ। ਉਹਨਾਂ ਨੂੰ ਕੇਸਾਂ ਤੇ ਦਸਤਾਰ ਦੀ ਅਹਿਮੀਅਤ ਹੀ ਨਹੀਂ ਦੱਸੀ ਗਈ। ਕਸੂਰਵਾਰ ਤਾਂ ਮਾਪੇ, ਪ੍ਰਬੰਧਕ, ਪ੍ਰਚਾਰਕ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਹਨ, ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਚਿੰਨ੍ਹਾਂ ਦੀ ਮਹਤੱਤਾ ਹੀ ਨਹੀਂ ਦਰਸਾ ਸਕੇ। ਅੱਜ ਇਸ ਪਾਸੇ ਵੀ ਸਾਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ।

ਨਾਪਾਕ, ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥ (ਮ: ੫/੧੦੮੪)

8. ਡੇਰਾਵਾਦ : 2011 ਦੀ ਗਣਨਾ ਮੁਤਾਬਕ ਪੰਜਾਬ ਵਿੱਚ 12581 ਪਿੰਡ ਹਨ। ਤਕਰੀਬਨ ਦੁੱਗਣੇ ਡੇਰੇ ਪੰਜਾਬ ਵਿੱਚ ਸਥਾਪਤ ਹਨ। ਕਈ ਆਲੀਸ਼ਾਨ ਡੇਰਿਆਂ ਦੇ ਨਾਮ ਹਜ਼ਾਰਾਂ ਏਕੜ ਜ਼ਮੀਨ ਲੱਗੀ ਹੋਈ ਹੈ। ਲੋਕਾਂ ਦੀ ਕਮਾਈ ’ਤੇ ਜਿਊਣ ਵਾਲੇ ਇਹਨਾਂ ਪਰਜੀਵੀਆਂ ਨੇ ਆਪਣੇ ਡੇਰਿਆਂ ਵਿੱਚ ਕਈ ਤਰ੍ਹਾਂ ਦਾ ਪਖੰਡ ਚਲਾਇਆ ਹੁੰਦਾ ਹੈ। ਲੋਕਾਂ ਨੂੰ ਜੰਤਰ, ਮੰਤਰ, ਤੰਤਰ, ਧਾਗੇ, ਤਵੀਤ, ਜਲ, ਸਵਾਹ ਆਦਿ ਦੀਆਂ ਪੁੜੀਆਂ ਦੇ ਕੇ ਲੁੱਟਿਆ ਤੇ ਗੁੰਮਰਾਹ ਕੀਤਾ ਜਾਂਦਾ ਹੈ। ਅੱਜ ਸਾਧ ਅਮੀਰ ਹੈ ਤੇ ਪੰਜਾਬ ਗਰੀਬ ਹੈ। ਪੰਜਾਬ ਦੇ ਪਿੰਡਾਂ ਵਿੱਚ ਨਸ਼ਾ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਦੋ-ਦੋ ਪਖੰਡੀ ਸਾਧਾਂ ਦੇ ਹਿੱਸੇ ਇਕ-ਇਕ ਪਿੰਡ ਆਉਂਦਾ ਹੈ। ਜੇ ਇਹ ਪਿੰਡਾਂ ਵਿੱਚੋਂ ਨਸ਼ਾ ਵੀ ਖਤਮ ਨਹੀਂ ਕਰ ਸਕਦੇ ਤਾਂ ਅੇਸੈ ਸਾਧਾਂ ਨੂੰ ਰਗੜ ਕੇ ਫੋੜੇ ’ਤੇ ਬੰਨਣਾ ਹੈ ?

ਕਈ ਸਿੱਖਾਂ ਨੇ ਆਪਣੇ ਫੈਮਲੀ ਬਾਬੇ ਬਣਾਏ ਹੋਏ ਹਨ। ਇਹ ਗੱਦੀਦਾਰ ਗੁਰੂ ਨਾਨਕ ਦੇ ਸਿੱਖਾਂ ਨੂੰ ਆਪਣੇ ਪੈਰਾਂ ਵਿੱਚ ਬਿਠਾਉਂਦੇ ਹਨ। ਕਈ ਤਾਂ ਆਪਣੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਗਾ ਕੇ ਮੱਥੇ ਟਿਕਾਉਂਦੇ ਹਨ। ਜਦੋਂ ਪੰਜਾਬ ਜ਼ੁਲਮ ਦੀ ਅੱਗ ਵਿੱਚ ਬਲ ਰਿਹਾ ਸੀ ਉਦੋਂ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਅਖਵਾਉਣ ਵਾਲੇ ਸੰਨ 1984 ਤੋਂ 1995 ਤੱਕ ਕਿਤੇ ਨਜ਼ਰ ਨਹੀਂ ਆਏ। ਸਵਾ ਦੋ ਲੱਖ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ ਗਿਆ ਪਰ ਕਿਸੇ ਪਖੰਡੀ ਸਾਧ ਨੇ ਜ਼ੁਲਮ ਦੇ ਖਿਲਾਫ਼ ‘ਹਾਅ’ ਦਾ ਨਾਅਰਾ ਵੀ ਨਹੀਂ ਮਾਰਿਆ। ਹਜ਼ਾਰਾਂ ਹੀ 15 ਤੋਂ 35 ਸਾਲ ਦੇ ਨੌਜਵਾਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ ਪਰ ਇਹਨਾਂ ਪਖੰਡੀਆਂ ਨੇ ਅਖ਼ਬਾਰ ਵਿੱਚ ਕੋਈ ਫ਼ੋਕਾ ਬਿਆਨ ਵੀ ਨਹੀਂ ਦਿੱਤਾ। ਜਦੋਂ ਪੰਜਾਬ ਦੀ ਧਰਤੀ ’ਤੇ ਸ਼ਾਂਤੀ ਹੋਈ ਤਾਂ ਕਈ ਪਖੰਡੀ ਸਾਧ ਖੁੰਬਾਂ ਵਾਙੂੰ ਉੱਗ ਪਏ। ਇਹਨਾਂ ਨੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਤੇ ਖ਼ਾਲਸੇ ਦੇ ਇਤਿਹਾਸਕ ਦਿਹਾੜੇ ਬੰਦ ਕਰਾ ਕੇ ਆਪਣੇ ਸਾਧਾਂ ਦੇ ਜਨਮ ਦਿਨ, ਬਰਸੀਆਂ, ਮੱਸਿਆ, ਪੁੰਨਿਆਂ, ਪੰਚਮੀਆਂ ਤੇ ਦਸਮੀਆਂ ਆਦਿ ਪ੍ਰਚਲਿਤ ਕਰ ਦਿਤੀਆਂ। ਗੁਰਬਾਣੀ ਨਾਲੋਂ ਤੋੜ ਕੇ ਕੱਚੀਆਂ-ਪਿੱਲੀਆਂ ਕਵਿਤਾਵਾਂ ਨਾਲ ਜੋੜ ਦਿੱਤਾ। ‘ਗੁਰ ਮੂਰਤਿ ਗੁਰ ਸਬਦੁ’ ਨਾਲੋਂ ਹਟਾ ਕੇ ਕਾਲਪਨਿਕ ਤਸਵੀਰਾਂ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਸਾਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਸਿੱਖੀ ਦੇ ਸੂਝਵਾਨ ਪ੍ਰਚਾਰਕਾਂ ਨੂੰ ਨਹੀਂ ਸਾਂਭਿਆ ਪਰ ਪਖੰਡੀਆਂ ਨੇ ਕਈ ਲਾਲਚੀ ਪ੍ਰਚਾਰਕਾਂ ਨੂੰ ਖਰੀਦ ਕੇ ਆਪਣੇ ਡੇਰਿਆਂ ਦਾ ਪ੍ਰਚਾਰ ਕਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹਨਾਂ ਦੇ ਪਖੰਡਾਂ ਨੂੰ ਨਸ਼ਰ ਕੀਤਾ ਜਾਂਦਾ ਹੈ ਤਾਂ ਲੋਕ ਖੁਸ਼ ਹੁੰਦੇ ਹਨ ਪਰ ਅੰਦਰੋਂ-ਅੰਦਰੀ ਕਹਿੰਦੇ ਹਨ ਕਿ ਸਾਡਾ ਬਾਬਾ ਤਾਂ ਬਿਲਕੁੱਲ ਠੀਕ ਹੈ। ਯਾਦ ਰੱਖੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਗੁਰਿਆਈ ਖਤਮ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਮੱਥਾ ਟੇਕ ਦਿੱਤਾ ਸੀ। ਹਰ ਇਕ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਕਾਸ਼ ! ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਪੜ੍ਹਿਆ ਹੁੰਦਾ ਤਾਂ ਕੋਈ ਪਖੰਡੀ ਸਾਧ ਸਾਨੂੰ ਕਦੇ ਵੀ ਲੁੱਟ ਨਹੀਂ ਸੀ ਸਕਦਾ। ਜੇ ਅਸੀਂ ਹੁਣ ਵੀ ਇੰਨੀ ਗੱਲ ਸਮਝ ਲਈਏ ਤਾਂ ਅਜੇ ਵੀ ਪਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ।

ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।

ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

9. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ : ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲੀਆਂ, ਨਾਲੀਆਂ ਵਿੱਚ ਪੱਤਰੇ ਪਾੜ ਕੇ, ਸੁੱਟ ਕੇ ਜਾਂ ਸਾੜ ਕੇ ਘੋਰ ਬੇਅਦਬੀ ਕੀਤੀ ਗਈ। ਬੇਅਦਬੀ ਕਰਨ ਵਾਲੇ ਸ਼ਰੇਆਮ ਧਮਕੀਆਂ ਦਿੰਦੇ ਰਹੇ ਪਰ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ। ਪੰਜਾਬ ਵਿੱਚ ਮਾਰੂ ਦੰਗੇ-ਫ਼ਸਾਦਾਂ ਤੋਂ ਬਚਣ ਲਈ ਹੁਣ ਪੰਥ ਨੂੰ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਧਿਆਨ ਰੱਖਣਾ ਪਵੇਗਾ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਗੁਰਦੁਆਰਿਆਂ ਵਿੱਚ ਸੁਰੱਖਿਆ ਦਾ ਪੁਖ਼ਤਾ ਇੰਤਜ਼ਾਮ ਕਰਨਾ ਚਾਹੀਦਾ ਹੈ। ਨਵੀਂ ਟੈਕਨੋਲਜੀ ਦਾ ਲਾਭ ਉਠਾ ਕੇ ਸੀ. ਸੀ. ਟੀ. ਵੀ. ਕੈਮਰੇ ਲਗਾ ਲੈਣੇ ਚਾਹੀਦੇ ਹਨ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੁਕਾਨਾਂ ਤੋਂ ਵਿਕਣੇ ਬੰਦ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਗਲਤ ਅਨਸਰ ਖਰੀਦ ਕੇ ਬੇਅਦਬੀ ਨਾ ਕਰ ਸਕੇ। ਕਿਸੇ ਪ੍ਰਮਾਣਿਤ ਸੰਸਥਾ ਵੱਲੋਂ ਮੁਫ਼ਤ ਸਰੂਪ ਮੁਹੱਈਆ ਹੋਣੇ ਚਾਹੀਦੇ ਹਨ। ਇਕ ਜਾਂਚ ਕਮੇਟੀ ਸਰੂਪ ਪ੍ਰਕਾਸ਼ ਹੋਣ ਵਾਲੇ ਸਥਾਨ ਅਤੇ ਸੇਵਾਦਾਰਾਂ ਦਾ ਨਿਰੀਖਣ ਕਰੇ। ਹਰ ਸਰੂਪ ਦਾ ਇਕ ਖਾਸ ਰਜਿਸਟ੍ਰੇਸ਼ਨ ਨੰਬਰ ਹੋਵੇ; ਹਰ ਪੱਤਰਾ ਲੁਪਤ ਰੂਪ ਵਿੱਚ ਬਾਇਓਮੈਟ੍ਰਿਕ (Biometric) ਹੋਵੇ, ਜਿਸ ਵਿੱਚ ਸਰੂਪ ਲਿਜਾਣ ਵਾਲਿਆਂ ਦਾ ਪੂਰਾ ਵੇਰਵਾ ਦਰਜ ਹੋਵੇ ਅਤੇ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਜਵਾਬਦੇਹ ਹੋਣ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਹੀ ਅਸੀਂ ਗਲਤ ਅਨਸਰਾਂ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਰੋਕ ਸਕਦੇ ਹਾਂ।

10. ਗੁਰਬਾਣੀ ਨਾਲੋਂ ਬੇਮੁਖਤਾਈ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਪੰਥਕ ਰੁਝੇਵਿਆਂ ਭਰਿਆ ਹੈ। ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਸੀ ਕਿ ਚਮਕੌਰ ਦੀ ਗੜੀ ਛੱਡਦਿਆਂ ਆਪਣੇ ਲਾਡਲੇ ਸਾਹਿਬਜ਼ਾਦੇ ਅਤੇ ਆਪਣੇ ਪਿਆਰੇ ਸਿੰਘਾਂ ਦਾ ਸਸਕਾਰ ਹੀ ਕਰ ਜਾਂਦੇ। ਫਿਰ ਵੀ ਸਾਰਿਆਂ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਤਾਂ ਕਿ ਕਿਤੇ ਮੇਰਾ ਖ਼ਾਲਸਾ ਕਰਮਕਾਡਾਂ ਤੇ ਪਖੰਡਾਂ ਵਿੱਚ ਭਟਕ ਨਾ ਜਾਏ। ਅੱਜ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਰ ਸਕੀਏ। ਜਿਸ ਨੂੰ ‘ਗੁਰੂ-ਗੁਰੂ’ ਕੂਕਦਿਆਂ ਥੱਕਦੇ ਨਹੀਂ, ਕਈਆਂ ਨੇ ਸਾਰੀ ਜ਼ਿੰਦਗੀ ਵਿੱਚ ਉਸ ਗੁਰੂ ਦੇ ਸੰਪੂਰਨ ਦਰਸ਼ਨ ਵੀ ਨਹੀਂ ਕੀਤੇ ਹੁੰਦੇ। ਸਿੱਖ ਨੂੰ ਦੁਨੀਆਂ ਤੋਂ ਮੁਕਾਉਣ ਲਈ ਜ਼ਾਲਮਾਂ ਨੇ ਤਲਵਾਰਾਂ, ਨੇਜ਼ਿਆਂ, ਤੀਰਾਂ, ਬੰਦੂਕਾਂ, ਤੋਪਾਂ ਨਾਲ ਸਿੱਖਾਂ ਨੂੰ ਉਡਾਇਆ ਪਰ ਸਿੱਖ ਮੁੱਕਿਆ ਨਹੀਂ। ਸਿੱਖ ਵੀ ਮਰ ਸਕਦਾ ਹੈ, ਜਿਵੇਂ ਕਿਸੇ ਪਿਆਸੇ ਨੂੰ ਪਾਣੀ ਨਾ ਮਿਲੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਸਿੱਖ ਨੂੰ ਬਾਣੀ ਨਾ ਮਿਲੇ ਤਾਂ ਸਿੱਖ ਦੀ ਵੀ ਮੌਤ ਹੋ ਜਾਂਦੀ ਹੈ।

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ, ਗੁਰ ਬਿਨੁ ਮਰਿ ਜਾਈ ॥ (ਮ: ੪/੭੫੭)

ਜੇ ਅਸੀਂ ਜਿਊਣਾ ਚਾਹੁੰਦੇ ਹਾਂ ਤਾਂ ਇਕੋ ਹੀ ਤਰੀਕਾ ਹੈ, ਗੁਰਬਾਣੀ ਨਾਲ ਜੁੜਨਾ। ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ ਅਤੇ ਵਿਚਾਰ ਕੇ ਅਮਲ ਕਰੋ। ਵਿਚਾਰ ਕਰਨ ਵਾਲਾ ਗਿਆਨਵਾਨ ਹੋ ਜਾਂਦਾ ਹੈ ਅਤੇ ਅਮਲ ਕਰਨ ਵਾਲਾ ਅਨੰਦਿਤ ਜੀਵਨ ਜਿਉਂਦਾ ਹੈ। ਸਿੱਖ ਦੇ ਜੀਵਨ ਦਾ ਅਧਾਰ ਗੁਰਬਾਣੀ ਹੀ ਹੈ।

ਜੀਵਤ ਜੀਵਤ ਜੀਵਤ ਰਹਹੁ ॥ ਰਾਮ ਰਸਾਇਣੁ, ਨਿਤ ਉਠਿ ਪੀਵਹੁ ॥

ਹਰਿ ਹਰਿ, ਹਰਿ ਹਰਿ, ਰਸਨਾ ਕਹਹੁ ॥੧॥ ਰਹਾਉ ॥ (ਮ: ੫/੧੧੩੮)

ਸਫ਼ਰ-ਏ-ਸ਼ਹਾਦਤ

0

ਸਫ਼ਰ-ਏ-ਸ਼ਹਾਦਤ

ਗਿਆਨੀ ਹਰਪਾਲ ਸਿੰਘ, ਹੈੱਡ ਗ੍ਰੰਥੀ ਗੁ. ਸ੍ਰੀ ਫਤਿਹਗੜ੍ਹ ਸਾਹਿਬ – 98148-98807, 78887-90923

‘‘ਇਹ ਸਫ਼ਰ ਸ਼ਹਾਦਤ ਦਾ ਬੜਾ ਅਨੋਖਾ, ਤੁਰਨਾ ਇਹਨਾਂ ਰਾਹਾਂ ’ਤੇ ਬੜਾ ਹੀ ਔਖਾ’’

ਉਹ ਪੈਂਡਾ ਜਿਹੜਾ ਜ਼ਿੰਦਗੀ ਦੇ ਪਿੜ ਤੋਂ ਮੰਜ਼ਲ ਵੱਲ ਨੂੰ ਜਾਂਦੈ, ਉਹ ਪੈਂਡਾ ਜਿਹੜਾ ਦੂਸਰਿਆਂ ਲਈ ਆਪਾ ਫ਼ਨਾਹ ਕਰਦੈ। ਹੱਕ, ਸੱਚ ਦਾ ਰਸਤਾ, ਤਿਆਗ ਦਾ ਰਸਤਾ, ਨਿੱਜ ਨੂੰ ਜਿੱਤਣ ਦਾ ਰਸਤਾ, ਸਵੈਮਾਨ ਅਤੇ ਗ਼ੈਰਤ ਦਾ ਰਸਤਾ ਹੈ, ਸਫ਼ਰ-ਏ-ਸ਼ਹਾਦਤ।

ਮੂਲ ਰੂਪ ਵਿਚ ਇਸ ਸਫ਼ਰ ਦੀ ਆਰੰਭਤਾ ਉਸੇ ਦਿਨ ਹੋਈ ਸੀ ਜਿਸ ਦਿਨ ਇਨਕਲਾਬੀ ਅਤੇ ਕ੍ਰਾਂਤੀਕਾਰੀ ਜ਼ਾਹਰ ਪੀਰ ਜਗਤ ਗੁਰੂ ਬਾਬੇ ਨੇ ਪਰੰਪਰਾਗਤ ਕਰਮ ਕਾਂਡਾਂ ਤੋਂ ਲੋਕਾਈ ਨੂੰ ਜਾਗਰੂਕ ਕਰਨ ਦੀ ਤਲਵੰਡੀ ਦੀ ਧਰਤੀ ਤੋਂ ਪਹਿਲੀ ਸੱਦ ਲਗਾਈ। ਸੱਚੇ ਧਰਮ-ਚਿੰਨ੍ਹ (ਜੰਞੂ) ਦੀ ਪਰਿਭਾਸ਼ਾ ਸੁਣ ਕੇ ਮੁੱਦਤਾਂ ਦੇ ਕਰਮਕਾਂਡੀ ਤਰਾਹ-ਤਰਾਹ ਕਰ ਉੱਠੇ। ਇਹ ਸਫ਼ਰ-ਏ-ਸ਼ਹਾਦਤ ਦੀਆਂ ਪੌੜੀਆਂ ਹੀ ਸਨ ਜਿਸ ਦਿਨ ਬਾਬਰ ਨੂੰ ਜਾਬਰ ਹੋਣ ਦਾ ਸੱਚ ਸੁਣਾਇਆ ਸੀ। ਮੁਸਾਫ਼ਰਾਂ ਦੇ ਇਸ ਕਾਫ਼ਲੇ ਦੇ ਮੋਹਰੀ ਨੇ ਇਸ ਸਫ਼ਰ ਲਈ ਇਕ ਖਰਚਾ ਪੱਲੇ ਬੰਨ੍ਹਣ ਲਈ ਜ਼ਰੂਰੀ ਕਰਾਰ ਦਿੱਤਾ ਸੀ ਉਹ ਸੀ ਸੱਚ ਦੀ ਕਮਾਈ। ਇਹ ਸਫ਼ਰ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚੋਂ ਸ਼ੁਰੂ ਹੁੰਦਾ ਹੈ ਤੇ ਉਸੇ ਖ਼ਸਮ ਨੇ ਇਲਾਹੀ ਬਚਨ ਕਹਿ ਕੇ ਹੀ ਸ਼ੁਰੂਆਤ ਕਰਵਾਈ ਸੀ ਕਿ ‘‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥’’

ਇਹ ਸਫ਼ਰ ਸਹੁ ਸਾਗਰ ਵੱਲ ਵਹਿੰਦੇ ਦਰਿਆਵਾਂ ਵਰਗਾ ਹੈ ਜਿਹੜਾ ਉੱਚੀਆਂ ਚੋਟੀਆਂ ਦੀਆਂ ਸਿਖ਼ਰਾਂ ਨੂੰ ਤਿਆਗਦਾ ਹੋਇਆ ਬੇਸ਼ੁਮਾਰ ਚਟਾਨਾਂ ਰੂਪੀ ਔਕੜਾਂ, ਰੁਕਾਵਟਾਂ, ਮੁਸੀਬਤਾਂ ਨਾਲ ਟਕਰਾਉਂਦਾ ਹੋਇਆ ਆਪਣੀ ਮੰਜ਼ਲ ਨੂੰ ਪਾਉਣ ਲਈ ਵਧਦਾ ਹੀ ਤੁਰਿਆ ਜਾਂਦਾ ਹੈ। ‘‘ਅਗਾਹ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥’’ ਹੀ ਇਕ ਸਫ਼ਰ ਦਾ ਮੀਲ ਪੱਥਰ ਹੈ। ਇਸ ਸਫ਼ਰ ਦੇ ਰਾਹ ਦਸੇਰੇ ਨੇ ਇਸ ਪੰਧ ’ਤੇ ਪੈਰ ਰੱਖਣ ਤੋਂ ਪਹਿਲਾਂ ਇਸ ਪੈਂਡੇ ਦੀਆਂ ਮੁਸ਼ਕਲਾਂ ਤੋਂ ਸੁਚੇਤ ਕਰਦਿਆਂ ਇਸ ਨੂੰ ‘‘ਬਿਖਮ ਮਾਰਗਿ ਚਲਣਾ॥’’ ਕਿਹਾ ਸੀ ਅਤੇ ਰਾਹੀਆਂ ਲਈ ‘‘ਸਿਰੁ ਧਰਿ ਤਲੀ, ਗਲੀ ਮੇਰੀ ਆਉ॥’’ ਦੀ ਸ਼ਰਤ ਰੱਖੀ ਸੀ, ਪਰ ਧੰਨ ਨਿੱਜ ਵਾਰਨ ਵਾਲੇ ਸੱਚ ਦੇ ਮੁਸਾਫ਼ਰ, ਜਿਨ੍ਹਾਂ ਨੇ ਆਪਾ ਅਰਪਣ ਕਰਦਿਆਂ ਸਿਰਾਂ ਦੇ ਢੇਰ ਲਾ ਦਿੱਤੇ। ਅਸਲ ਵਿਚ ਇਹ ਸਫ਼ਰ ‘‘ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕਿ ਨਿਰਮਲ ਪੰਥ ਚਲਾਇਆ॥’’ ਤੋਂ ਅਰੰਭ ਹੋ ਕੇ ਇਕ ਦਿਨ ਖ਼ਾਲਸ ਪੰਥ ਦਾ ਰੂਪ ਧਾਰਨ ਕਰਦਾ ਹੈ। ਜਿਸ ਦੀ ਨਿਆਰੀ ਤੇ ਅੱਡਰੀ ਹੋਂਦ ਲਈ ਬੇਸ਼ੁਮਾਰ ਕੁਰਬਾਨੀਆਂ ਹੋਈਆਂ।

ਇਹਨਾਂ ਮਰਜੀਵੜੇ ਰਾਹੀਆਂ ਦੇ ਲਹੂ ਭਿੱਜੇ ਲੰਮੇਰੇ ਸਫ਼ਰ ਵਿੱਚੋਂ ਅਸੀਂ ਜ਼ਿਕਰ ਕਰ ਰਹੇ ਹਾਂ। ਕੇਵਲ ਪੋਹ ਦੀਆਂ ਸੱਤ ਰਾਤਾਂ ਦੇ ਪੈਂਡੇ ਦਾ 6 ਪੋਹ 1704 ਤੋਂ ਲੈ ਕੇ 13 ਪੋਹ 1704 ਤੱਕ ਜਿਸ ਨੂੰ ਬਿਆਨ ਕਰਨਾ ਤੇ ਦੂਰ ਦੀ ਗੱਲ ਹੈ ਬਲਕਿ ਇਸ ਬਾਰੇ ਸੋਚਦਿਆਂ ਵੀ ਮਨੁੱਖੀ ਰੂਹ ਅੰਦਰ ਝਰਨਾਹਟ ਛਿੜ ਜਾਂਦੀ ਹੈ। ਨਿਗਾਹ ਅਨੰਦਪੁਰ ਸਾਹਿਬ ਦੇ ਰੂਹਾਨੀ ਨਜ਼ਾਰਿਆਂ ਨੂੰ ਤੱਕਦੀ ਹੈ ਤਾਂ ਮਨੁੱਖੀ ਆਤਮਾ ਕਲਗ਼ੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਰੰਗ ਵਿਚ ਸਰਸ਼ਾਰ ਹੋ ਉੱਠਦੀ ਹੈ। ਕੁਲ ਮਨੁੱਖਤਾ ਨੂੰ ਵਿਤਕਰਿਆਂ ਤੇ ਵੰਡੀਆਂ ਵਿੱਚੋਂ ਕੱਢ ਕੇ ਬਰਾਬਰਤਾ ਦੇ ਅਧਿਕਾਰ ਦਿੰਦਾ, ਨੀਚਾਂ ਤੋਂ ਊਚ ਕਰਦਾ, ਮੁਰਦਿਆਂ ਨੂੰ ਜੀਵਨ ਦਿੰਦਾ, ਸਭ ਨੂੰ ਜਿਊਣ ਦੇ ਹੱਕ ਦਿੰਦਾ, ਸਿੱਖੀ ਇਹ ਗੂੜ੍ਹਾ ਰੰਗ ਹਕੂਮਤੀ ਤਾਕਤ ਅਤੇ ਜਾਤੀਵਾਦ ਦੇ ਹੰਕਾਰੀ ਅਤੇ ਕਰਮਕਾਂਡ ਦੀ ਦਲ-ਦਲ ਵਿੱਚ ਗ੍ਰਸੇ ਕੁਝ ਰਜਵਾੜਿਆਂ ਨੂੰ ਮੂਲੋਂ ਨਾ ਭਾਉਂਦਾ। ਉਹ ਆਨੇ-ਬਹਾਨੇ ਅਨੰਦ ਦੇ ਸੋਮੇ ਨੂੰ ਸਦੀਵੀ ਬੰਦ ਕਰਨ ਲਈ ਯਤਨਸ਼ੀਲ ਰਹਿੰਦੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਤੇ ਸਿੱਖਾਂ ਨਾਲ ਕਈ ਜੰਗਾਂ ਲੜੀਆਂ ਜਿਨ੍ਹਾਂ ਵਿੱਚੋਂ ਦਿੱਲੀ ਦੇ ਮੁਗ਼ਲ ਸ਼ਾਸਕ ਔਰੰਗਜ਼ੇਬ ਦੀਆਂ ਫ਼ੌਜਾਂ ਦੀ ਅਗਵਾਈ ਕਰਦੇ ਵਜੀਦ ਖਾਂ (ਸੂਬਾ-ਏ-ਸਰਹਿੰਦ) ਦੀ ਅਗਵਾਈ ਵਿੱਚ ਇਹ ਸਭ ਤੋਂ ਲੰਮੇਰੀ ਜੰਗ ਸੀ। ਦਿੱਲੀ ਦੀ ਬਹੁ ਗਿਣਤੀ ਫ਼ੌਜ ਦੇ ਨਾਲ ਸਰਹਿੰਦ ਦੀਆਂ ਫ਼ੌਜਾਂ, ਸ਼ੇਰ-ਮੁਹੰਮਦ ਖਾਂ (ਨਵਾਬ ਮਲੇਰਕੋਟਲਾ) ਦੀਆਂ ਫ਼ੌਜਾਂ, ਸੂਬਾ ਜ਼ਬਰਦਸਤ ਖਾਂ ਲਾਹੌਰ ਦੀਆਂ ਫ਼ੌਜਾਂ, ਸ਼ੇਰ ਅਫ਼ਗਾਨ ਗਵਰਨਰ, ਜੰਮੂ ਕਸ਼ਮੀਰ ਦੀਆਂ ਫ਼ੌਜਾਂ ਅਤੇ 22 ਧਾਰ ਦੇ ਪਹਾੜੀ ਰਾਜਿਆਂ ਦੀ ਫ਼ੌਜ ਤੋਂ ਇਲਾਵਾ ਪਹਾੜੀ ਖੇਤਰ ਦੇ ਲੁਟੇਰੇ, ਜਮਤੁਲਾਭਾਊ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਅਨੰਦਪੁਰ ਸਾਹਿਬ ’ਤੇ ਹਮਲਾਵਰ ਹੋਏ। ਅਨੰਦਪੁਰ ਸਾਹਿਬ ਉੱਪਰ ਮੁਠ 2 ਮਿੱਟੀ ਸੁੱਟ ਕੇ ਪੂਰ ਦੇਣ ਦਾ ਦਾਅਵਾ ਕਰਨ ਵਾਲੀ ਫ਼ੌਜ 8 ਮਹੀਨਿਆਂ ਵਿੱਚ ਅਨੰਦਪੁਰ ਸਾਹਿਬ ਦੀ ਬਾਹਰਲੀ ਦੀਵਾਰ ਤੱਕ ਨੂੰ ਨਾ ਛੂਹ ਸਕੀ। ਗੁਰੂ ਸਾਹਿਬ ਜੀ ਦੇ ਤੀਰਾਂ ਦੀ ਤਾਬ ਝੱਲਣ ਦੀ ਸਮਰੱਥਾ ਇਹ ਨਾ ਜੁਟਾ ਸਕੇ। ਓੜਕ ਸਾਮ-ਦਾਮ-ਦੰਡ-ਭੇਦ ਦੀ ਨੀਤੀ ਵਰਤਣ ਦਾ ਯਤਨ ਕੀਤਾ ਗਿਆ, ਪ੍ਰੰਤੂ ਭੀਖਨ ਸ਼ਾਹ ਦੀ ਅਕੀਦਤ ਵਿੱਚ ਵਸਦੇ ਖ਼ੁਦਾਈ ਨੂਰ ਅਤੇ ਪੰਡਿਤ ਸ਼ਿਵਦੱਤ ਦੀ ਸ਼ਰਧਾ ਵਿੱਚ ਵੱਸਦੇ ਸਾਖਸ਼ਾਤ ਭਗਵਾਨ ਨੂੰ ਦੁਨੀਆ ਦੀ ਕੋਈ ਚਤੁਰਾਈ ਭਲਾ ਕਿਵੇਂ ਛੱਲ ਸਕਦੀ ਸੀ ?

ਅਛਲ ਅਛੇਦ ਅਪਾਰ ਪ੍ਰਭ, ਊਚਾ ਜਾ ਕਾ ਰੂਪੁ ॥ (ਮ: ੫/੬੭੭) ਅੰਤ ਨੂੰ ‘ਧਰਮ ਚਲਾਵਨ ਸੰਤ ਉਬਾਰਨ’ ਹਾਰੇ ਦਸਮੇਸ਼ ਜੀ ਪਾਸ ਕਪਟੀ ਹਾਕਮਾਂ ਵੱਲੋਂ ਧਰਮ ਅਤੇ ਧਰਮ ਚਿੰਨ੍ਹਾਂ ਦਾ ਵਾਸਤਾ ਪਾ ਕੇ ਧਰਮ ਦੇ ਮਖੌਟੇ ਵਿੱਚ ਜਿਊਣ ਵਾਲੇ ਭੇਖ ਕਰ ਕੇ ਪੰਮੇ ਪ੍ਰੋਹਿਤ ਨੂੰ ਆਟੇ ਦੀ ਗਊ, ਸਾਲਗ੍ਰਾਮ, ਪੱਖ ਆਦਿ ਅਤੇ ਭੇਖੀ ਕਾਜ਼ੀ ਨੂੰ ਕੁਰਾਨ ਮਜ਼ੀਦ ਦੀ ਜਿਲਦ ਉੱਤੇ ਔਰੰਗਜ਼ੇਬ ਦੀ ਲਿਖਤ ਅਤੇ ਦਸਤਖ਼ਤ ਸਹਿਤ ਧਰਮ ਦਾ ਵਾਸਤਾ ਪਾਉਣ ਲਈ ਭੇਜਿਆ ਗਿਆ। ਇਹਨਾਂ ਧਾਰਮਿਕ ਚਿੰਨ੍ਹਾਂ ਦਾ ਵਾਸਤਾ ਪਾ ਕੇ ਅਖੌਤੀ ਧਰਮੀਆਂ ਗੁਰੂ ਸਾਹਿਬ ਅੱਗੇ ਅਰਜ਼ ਕੀਤੀ ਕਿ ਸਾਡੀ ਲਾਜ ਰੱਖਣ ਲਈ ਇਕ ਵਾਰ ਅਨੰਦਪੁਰ ਸਾਹਿਬ ਛੱਡ ਦਿਓ। ਰੂਹਾਨੀ ਨੂਰ ਦੇ ਉਜਿਆਰੇ ਗੁਰੂ ਗੋਬਿੰਦ ਸਿੰਘ ਜੀ ਘਟ-ਘਟ ਦੀ ਜਾਣਨਹਾਰੇ ਨੇ ਨੌਂ ਵਰ੍ਹਿਆਂ ਦੀ ਉਮਰ ਵਿੱਚ ਵੀ ਕਿਸੇ ਦੇ ਧਰਮ ਚਿੰਨ੍ਹਾਂ (ਤਿਲਕ ਜੰਞੂ ਰਾਖਾ ਪ੍ਰਭ ਤਾ ਕਾ…..) ਦੀ ਰਾਖੀ ਲਈ ਪਿਤਾ ਦੀ ਕੁਰਬਾਨੀ ਦੇ ਵੱਡੀ ਕੀਮਤ ਚੁਕਾਈ ਸੀ। ਉਹ ਸਤਿਗੁਰ ਜੀ ਅੱਜ ਕਿਵੇਂ ਕਿਸੇ ਦੇ ਧਰਮ ਚਿੰਨ੍ਹਾਂ ਨੂੰ ਨਕਾਰ ਸਕਦੇ ਸਨ। ਲੋਕਾਈ ਨੂੰ ਸੈਕੂਲਰ ਸੋਚ ਦੇ ਅਰਥ ਸਮਝਾਉਂਦੇ ਸਤਿਗੁਰੂ ਜੀ ਨੇ ਇਹਨਾਂ ਧਰਮ ਚਿੰਨ੍ਹਾਂ ਨੂੰ ਨਕਾਰਿਆ ਨਹੀਂ ਬਲਕਿ ਸਤਿਕਾਰਿਆ ਅਤੇ ਧਰਮ ਦਾ ਪਾਇਆ ਹੋਇਆ ਵਾਸਤਾ ਕਬੂਲ ਕੀਤਾ।

6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਦੇ ਸਿੱਖਾਂ ਅਤੇ ਪਰਿਵਾਰ ਦੇ ਕਾਫ਼ਲੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਅਣਕਿਆਸੀ ਮੰਜ਼ਲ ਵੱਲ ਤੁਰ ਪਏ। ਬਦਨੀਯਤ ਹਾਕਮਾਂ ਦੀ ਖੋਟ ਤੋਂ ਜਾਣੂ ਸਤਿਗੁਰੂ ਜੀ ਨੇ ਕਾਫ਼ਲੇ ਨੂੰ ਮੂਹਰਲੀ ਕਤਾਰ ਅਤੇ ਪਿਛਲੀ ਬਾਹੀ ਤੋਂ ਜਾਂਬਾਜ਼ ਯੋਧਿਆਂ ਦੇ ਸਖ਼ਤ ਪਹਿਰਿਆਂ ਹੇਠ ਪੂਰੀ ਤਰ੍ਹਾਂ ਮਜ਼ਬੂਤ ਕੀਤਾ । ਧਰਮ ਤੋਂ ਕੋਰੇ ਅਤੇ ਜ਼ਬਾਨ ਦੇ ਕੱਚੇ ਹਾਕਮਾਂ ਨੇ ਸ਼ਾਹੀ ਟਿੱਬੀ ਦੇ ਕੋਲ ਗੁਰੂ ਸਾਹਿਬ ਦੇ ਕਾਫ਼ਲੇ ਉੱਤੇ ਪਿੱਠ ਪਿੱਛਿਓਂ ਹਮਲਾ ਕਰ ਦਿੱਤਾ। ਜੰਗੀ ਨੁਕਤੇ ਤੋਂ ਮਾਹਰ, ਸਿੰਘ, ਗੁਰੂ ਸਾਹਿਬ ਜੀ ਦੀ ਅਗਵਾਈ-ਮਨੁੱਖੀ ਸਰੀਰਾਂ ਦੀ ਮੋਰਚਾ-ਬੰਦੀ ਕਰ ਕੇ ਲੜਦੇ-ਲੜਦੇ ਸਫ਼ਰ-ਏ-ਸ਼ਹਾਦਤ ’ਤੇ ਅੱਗੇ ਵਧਦੇ ਜਾ ਰਹੇ ਸਨ।

       ਥਾਂ ਸਰ ਪੇਂ ਵਕਤ ਆ ਗਿਆ, ਆਸਾ ਕੀ ਵਾਰ ਕਾ ।

ਸਿਰਸਾ ਦੇ ਤਟ ’ਤੇ ਸਤਿਗੁਰੂ ਜੀ ਨੇ 7 ਪੋਹ ਦਾ ਅੰਮ੍ਰਿਤ ਵੇਲਾ ਬਾਣੀ ਦੇ ਸਰੂਰ ਤੇ ਕੀਰਤਨ ਦੇ ਰਸ ਵਿੱਚ ਗੁਜ਼ਾਰਿਆ। ਰੂਹਾਨੀ ਤਰੋ ਤਾਜ਼ਗੀ ਨਾਲ ਇਸ ਸਫ਼ਰ ਦੇ ਮੁਸਾਫ਼ਰਾਂ ਨੇ 7 ਪੋਹ ਦੀ ਪ੍ਰਭਾਤ ਨੂੰ ਚੜ੍ਹੀ ਹੋਈ ਸਰਸਾ ਨਦੀ ਨੂੰ ਪਾਰ ਕੀਤਾ। ਮੰਜ਼ਲ ਵਲ ਵਧਦੇ ਮੁਸਾਫ਼ਰਾਂ ਦੇ ਧਰਮ ਦਾ ਸਫ਼ਰ ਹੋਰ ਵੀ ਕਠਿਨ ਹੁੰਦਾ ਗਿਆ।

ਪਿੱਛੇ ਦੁਸ਼ਮਣ ਦਾ ਭਾਰੀ ਬਲ, ਸਾਹਮਣੇ ਸਰਸਾ ਦਾ ਹੜ੍ਹ ਅਤੇ ਮੂਹਰੇ ਖੜ੍ਹੇ ਰੋਪੜ ਦੇ ਰੰਘੜਾਂ ਦਾ ਵੱਡਾ ਟੋਲਾ 8 ਮਹੀਨਿਆਂ ਤੋਂ ਭੁੱਖ ਅਤੇ ਦੁੱਖ ਤਕਲੀਫ਼ਾਂ ਨਾਲ ਜੂਝਦੇ ਗੁਰੂ ਜੀ ਦੇ ਸਚਿਆਰੇ ਸਿੱਖ ਮੁਸੀਬਤਾਂ ਨੂੰ ਚੀਰਦੇ ਹੋਏ ਅੱਗੇ ਹੀ ਅੱਗੇ ਵਧਦੇ ਗਏ।

ਸਿਰਸਾ ਪਾਰ ਕਰਦਿਆਂ ਗੁਰੂ ਸਾਹਿਬ ਜੀ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਭਾਈ ਜੀਵਨ ਸਿੰਘ ਜੀ ਆਦਿ ਸਿੱਖ ਸਰਸਾ ਤੋਂ ਪਰਲੇ ਪਾਸੇ ਸ਼ਹੀਦ ਹੋ ਗਏ, ਭਾਈ ਉਦੇ ਸਿੰਘ ਜੀ ਰੋਪੜ ਦੇ ਰੰਘੜਾਂ ਦਾ ਹੱਲਾ ਰੋਕਣ ਲੱਗੇ। ਗੁਰੂ ਸਾਹਿਬ ਜੀ ਸ਼ਹੀਦੀ ਦੀ ਸਰਦਲ ’ਤੇ ਪਹੁੰਚੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਅਨਿਨ ਪ੍ਰੇਮੀ ਰਾਣੇ ਕੋਟ ਵਾਲੇ ਰਾਏ ਕੱਲੇ ਦੇ ਕੁੜਮ ਨਿਹੰਗ ਖਾਂ ਦੇ ਘਰ ਟਿਕਾਣਾ ਕਰਵਾ ਕੇ ਪੰਜ ਪਿਆਰੇ ਅਤੇ ਚੋਹਾਂ ਸਾਹਿਬਜ਼ਾਦਿਆਂ ਵਿੱਚੋਂ ਵੱਡੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਅਤੇ 35 ਕੁ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਪਹੁੰਚ ਗਏ। 7 ਪੋਹ ਦੀ ਰਾਤ ਇਸ ਗੜ੍ਹੀ ਨੂੰ 10 ਲੱਖ ਫ਼ੌਜਾਂ ਨੇ ਘੇਰਾ ਪਾ ਲਿਆ ਸੀ। 8 ਪੋਹ ਦੇ ਸੂਰਜ ਨੇ ਤਿੰਨ ਪਿਆਰੇ (ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ ਦੋਨਾਂ ਵੱਡੇ ਸਾਹਿਬਜ਼ਾਦਿਆਂ ਸਮੇਤ ਕਾਫ਼ਲੇ ਦੇ ਲਗਭਗ 35 ਸਿੰਘਾਂ ਨੂੰ ਸ਼ਹਾਦਤ ਦੇ ਮਰਤਬੇ ਵਾਲੀ ਮੰਜ਼ਲ-ਏ-ਮਕਸੂਦ ’ਤੇ ਅਪੜਦਿਆਂ ਤੱਕਿਆ, ਰਾਹ ਹਕੀਕਤ ਦੇ ਇਹਨਾਂ ਰਾਹੀਆਂ ਨੇ ਜਿਸਮ ਦੇ ਟੁਕੜਿਆਂ ਦਾ ਜਲਾਲ ਨਾ ਝੱਲਦਿਆਂ ਦਿਨ ਦੇ ਰਾਜੇ ਨੇ ਆਪਣਾ ਮੂੰਹ ਹਨੇਰੇ ਦੀ ਆਗੋਸ਼ ਵਿੱਚ ਛੁਪਾ ਲਿਆ 8 ਤੇ 9 ਪੋਹ ਦੀ ਕਾਲੇ ਹਨ੍ਹੇਰੇ ਅੰਦਰ ਗੁਰਮਤਿ ਦੇ ਚਾਨਣ ਭਰੇ ਫ਼ੈਸਲੇ ਲਏ ਗਏ।

ਮੁਸਾਫ਼ਰਾਂ ਦੇ ਕਾਫ਼ਲੇ ਵਿੱਚੋਂ ਬਚੇ ਪੰਜ ਸਿੰਘਾਂ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਜੀ) ਨੇ ਗੁਰੂ ਬਖ਼ਸ਼ੇ ਅਧਿਕਾਰਾਂ ਨੂੰ ਵਰਤਦਿਆਂ ਗੁਰੂ ਸਾਹਿਬ ਜੀ ਨੂੰ ਗੜ੍ਹੀ ਚਮਕੌਰ ਤੋਂ ਸੁਰੱਖਿਅਤ ਨਿਕਲਣ ਲਈ ਕਿਹਾ। ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਤਿੰਨ ਸਿੰਘਾਂ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ) ਸਮੇਤ ਰੁਖ਼ਸਤ ਹੋ ਕੇ ਗੁਰੂ ਸਾਹਿਬ ਜੀ 9 ਪੋਹ ਨੂੰ ਮਾਛੀਵਾੜੇ ਪਹੁੰਚ ਗਏ। ਦਸ ਲੱਖ ਗਿਣਤੀ ਵਿੱਚ ਘੇਰਾ ਘੱਤੀ ਬੈਠੀਆਂ ਮੁਗ਼ਲ ਫ਼ੌਜਾਂ ਹੱਥ ਮਲਦੀਆਂ ਰਹਿ ਗਈਆਂ। 9 ਪੋਹ ਦੀ ਰਾਤ ਨੂੰ ਸ਼ਹੀਦ ਸਿੰਘਾਂ ਦੇ ਸਰੀਰਾਂ ਦਾ ਅੰਤਿਮ ਸੰਸਕਾਰ ਬੀਬੀ ਹਰਸ਼ਰਨ ਕੌਰ ਨੇ ਕੀਤਾ ਜਿਸ ਦੇ ਆਪਣੇ ਪਤੀ ਦਾ ਸਰੀਰ ਵੀ ਇਹਨਾਂ ਸ਼ਹੀਦਾਂ ਵਿੱਚ ਸੀ।

ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਅਤੇ ਕੰਦਲੀ ਵਾਸੀ ਭਾਈ ਧੰਨਾ ਸਿੰਘ, ਭਾਈ ਜਵਾਹਰ ਸਿੰਘ ਅਤੇ ਦੋ ਟਹਿਲਣਾ ਬੀਬੋ ਅਤੇ ਭਾਗੋ ਸਮੇਤ ਰਾਤ ਭਾਈ ਜਵਾਹਰ ਸਿੰਘ ਜੀ ਦੇ ਰਿਸ਼ਤੇਦਾਰ ਗੁਰੂ ਦੇ ਪਿਆਰੇ ਸਿੱਖ ਰਾਮਸ਼ਰਨ (ਖੱਤਰੀ) ਦੇ ਉਹ ਗ੍ਰਹਿ ਵਿਖੇ (ਜਿਸ ਘਰ ਵਿਚ 7ਵੇਂ 8ਵੇਂ ਅਤੇ 9ਵੇਂ ਪਾਤਸ਼ਾਹ ਜੀ ਵੀ ਚਰਨ ਪਾ ਚੁੱਕੇ ਸਨ।) ਰਾਤ ਕੱਟਣ ਤੋਂ ਬਾਦ ਗੱਡਿਆਂ ਵਿੱਚ ਸਵਾਰ ਹੋ ਕੇ ਦਿੱਲੀ ਨੂੰ ਭਾਈ ਲੱਖੀ ਸ਼ਾਹ ਵਣਜਾਰਾ (ਜਿਨ੍ਹਾਂ ਦੀ ਧੀ ਬੀਬੀ ਸੀਤੋ ਜੀ ਭਾਈ ਮਨੀ ਸਿੰਘ ਜੀ ਨਾਲ ਵਿਆਹੀ ਹੋਈ ਸੀ) ਦੀ ਠਾਹਰ ਵੱਲ ਤੁਰ ਪਏ।

ਸਫ਼ਰ-ਏ-ਸ਼ਹਾਦਤ ਦੇ ਪਾਂਧੀ ਮਾਂ ਗੁਜ਼ਰੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਸਾਡੇ ਸਫ਼ਰ ਲਈ ਮਾਰਗ ਦਰਸ਼ਕ ਬਣ ਕੇ 7 ਪੋਹ ਦੀ ਰਾਤ ਸਰਸਾ ਅਤੇ ਸਤਲੁਜ ਦੇ ਸੰਗਮ ’ਤੇ ਬੇੜੀ ਦੇ ਮਲਾਹ ਕੁੰਮਾਂ ਮਾਸ਼ਕੀ (ਕਰੀਮਬਖ਼ਸ) ਦੀ ਕੱਖਾਂ ਦੀ ਛੰਨ ਵਿੱਚ ਜਾ ਪਹੁੰਚੇ। 8 ਪੋਹ ਦੀ ਪ੍ਰਭਾਤ ਨੂੰ ਪੱਤਣ ਤੇ ਮਿਲਿਆ ਗੰਗੂ, ਗੁਰੂ ਲਾਲਾਂ ਤੇ ਮਾਤਾ ਜੀ ਨੂੰ ਆਪਣੇ ਪਿੰਡ (ਮੋਰਿੰਡੇ ਦੇ ਨੇੜੇ) ਖੇੜੀ ਲੈ ਗਿਆ।

ਇਨਾਮ ਦੇ ਲਾਲਚ ਵਿੱਚ ਮੋਰਿੰਡੇ ਦੇ ਕੋਤਵਾਲ ਜਾਨੀ ਖਾਂ, ਮਾਨੀ ਖਾਂ ਨੂੰ ਬੁਲਾ ਗ੍ਰਿਫ਼ਤਾਰ ਕਰਵਾ ਕੇ ਸਹੇੜੇ ਪਾਪ ਸਦਕਾ ਇਸ ਨਗਰ ਨੂੰ ਸਿੱਖ ਜਗਤ ਨੇ ਸਹੇੜੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਇਹੀ ਨਾਂ ਅੱਜ ਵੀ ਪ੍ਰਚੱਲਿਤ ਹੈ।

ਕੈਦੀ ਬਣਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਨੂੰ ਮੋਰਿੰਡੇ ਦੀ ਕੋਤਵਾਲੀ ਪਹੁੰਚਾਇਆ ਗਿਆ। ਜੋ ਸੀਖਾਂ ਵਾਲੀ ਕੋਠੜੀ ਬੰਧਨ ਵਿੱਚ ਪਏ ਸੋਚ ਦੀ ਆਜ਼ਾਦੀ ਦੇ ਆਲਮ ਬਰਦਾਰਾ ਦਾ ਸੁਨੇਹਾ ਅੱਜ ਵੀ ਦੇ ਰਹੀ ਹੈ।

ਧਰਮ ਦੇ ਪਾਂਧੀਆਂ ਦਾ ਸਫ਼ਰ ਸ਼ਹਾਦਤ ਦੇ ਪੰਧ ਵੱਲ ਜਾਰੀ ਰਿਹਾ। 9 ਪੋਹ ਦੀ ਰਾਤ ਇਸ ਕਾਲ ਕੋਠੜੀ ਵਿੱਚ ਗੁਜ਼ਾਰਨ ਤੋਂ ਬਾਅਦ ਇਹਨਾਂ ਅਚਰਜ ਮੰਜ਼ਲ ਦੇ ਅਚਰਜ ਰਾਹੀਆਂ ਨੂੰ ਸਿਤਮਾਂ ਦੀ ਨਗਰੀ ਸਰਹਿੰਦ ਵੱਲ ਤੋਰ ਦਿੱਤਾ ਗਿਆ।

ਧਰਮੀ ਰੂਹਾਂ ਦੇ ਪਥ-ਪ੍ਰਦਰਸ਼ਨ ਬਣ ਕੇ ਇਹ ਰਾਹੀ 10 ਪੋਹ ਦੀ ਰਾਤ ਨੂੰ ਸਰਹਿੰਦ ਦੀ ਨਦੀ ਹੰਮਲਾ ਦੇ ਕਿਨਾਰੇ ਵਸੇ 140 ਫੁੱਟ ਉੱਚੇ ਠੰਢੇ ਬੁਰਜ ਵਿੱਚ ਕੈਦ ਕਰ ਦਿੱਤੇ ਗਏ। ਬਿਨਾਂ ਕੁੱਝ ਖਾਣ ਪੀਣ ਅਤੇ ਲੇਫ਼ ਤਲਾਈਆਂ ਸੀਤ ਰਾਤ ਉੱਚੇ ਮੀਨਾਰ ਵਿੱਚ ਕੈਦ ਰੱਖਣਾ ਜ਼ੁਲਮੋਂ ਸਿਤਮ ਦਾ ਹੀ ਇਕ ਤਰੀਕਾ ਸੀ।

11 ਪੋਹ ਨੂੰ ਸੂਬਾ-ਏ-ਸਰਹਿੰਦ ਦੀ ਚੰਡਾਲ ਸਭਾ ਵਿੱਚ ਮਾਤਾ ਜੀ ਤੋਂ ਜੁਦਾ ਕਰ ਕੇ ਪਹਿਲੀ ਪੇਸ਼ੀ ਵਿੱਚ ਲਿਆਂਦਾ ਗਿਆ ਜਿਸ ਨੂੰ ਸਿੱਖ ਪਹਿਲੀ ਸਭਾ ਕਹਿੰਦੇ ਹਨ।

ਪਹਿਲੇ ਦਿਨ ਗੁਰੂ ਲਾਲਾਂ ਨੂੰ ਪਿਆਰ ਨਾਲ ਪਲੋਸ ਕੇ ਵਰਗਲਾਉਣ ਦਾ ਯਤਨ ਕੀਤਾ ਗਿਆ, ਪਰ ਧਰਮ ਦੇ ਪਾਂਧੀਆਂ ਨੂੰ ਕੋਈ ਭਰਮ ਭੁਲਾ ਨਾ ਸਕਿਆ। ਅਗਲੇਰੀ ਰਾਤ ਫਿਰ ਠੰਢੇ ਬੁਰਜ ਵਿੱਚ ਗੁਜ਼ਾਰਨ ਤੋਂ ਬਾਅਦ 12 ਪੋਹ ਦੀ ਦੂਜੀ ਪੇਸ਼ੀ ਲਈ ਲਿਆਂਦਾ ਗਿਆ। ਅੱਜ ਸਖ਼ਤੀ ਨਾਲ ਕੰਮ ਲਿਆ ਗਿਆ ਅਤੇ ਵਲ-ਛਲ ਵੀ ਵਰਤੇ ਗਏ, ਪ੍ਰੰਤੂ ਸਿੱਖੀ ਜੋਸ਼ ਤੇ ਹੋਸ਼ ਵਿੱਚ ਸੰਪੰਨ ਗੁਰੂ ਜੀ ਦੇ ਸਪੂਤ ਆਪਣੀ ਮੰਜ਼ਲ ਦੀ ਹਰ ਰੁਕਾਵਟ ਦੂਰ ਕਰਦੇ ਗਏ।

ਓੜਕ ਤਿੰਨ ਰਾਤਾਂ ਮਾਂ ਗੁਜਰੀ ਜੀ ਦੇ ਮਮਤਾ ਦੇ ਨਿੱਘ, ਬਾਣੀ ਦੀਆਂ ਲੋਰੀਆਂ ਅਤੇ ਸਿੱਖੀ ਦੇ ਰੰਗ ਵਿੱਚ ਗੁਜ਼ਾਰਨ ਤੋਂ ਬਾਅਦ 13 ਪੋਹ ਨੂੰ ਸਮੁੱਚੇ ਖ਼ਾਲਸਾ ਪੰਥ ਦੀ ਨੁੰਮਾਇੰਦਗੀ ਕਰਦੇ ਮਾਂ ਜੀਤੋ ਦੇ ਲਾਡਲੇ ਆਖ਼ਰੀ ਇਮਤਿਹਾਨ ਲਈ ਤੁਰ ਪਏ।

ਮਾਂ ਗੁਜ਼ਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਕੇਸਾਂ ਵਿੱਚ ਕੰਘੀ ਕਰ ਕੇ ਸਿਰਾਂ ’ਤੇ ਦਸਤਾਰਾਂ ਸਜਾ ਮੰਜ਼ਲ-ਏ-ਮਕਸੂਦ ਵੱਲ ਤੋਰ ਦਿੱਤਾ।

ਰੋਜ਼ ਦੀ ਤਰ੍ਹਾਂ ਗੁਰੂ ਸਪੂਤਾਂ ਨੇ ਜ਼ਾਲਮਾਂ ਦੀ ਸਭਾ ਵਿੱਚ ਗੱਜ ਕੇ ਫ਼ਤਿਹ ਬੁਲਾਈ ਤੇ ਲਾੜੀ ਮੌਤ ਵਰਨ ਲਈ ਤਿਆਰ ਹੋ ਗਏ।

ਫ਼ਤਵੇ ਅਨੁਸਾਰ ਕੰਧ ਉੱਸਰਨੀ ਸ਼ੁਰੂ ਹੋਈ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜੀਆਂ ਨਿਰਭੈ ਆਤਮਾਵਾਂ ਸਿੱਖਾਂ ਦਾ ਰਾਹ ਹੀ ਤਾਂ ਰੌਸ਼ਨ ਕਰ ਰਹੀਆਂ ਸਨ।

ਦੀਵਾਰ ਉੱਸਰਦੀ ਗਈ ਸਾਹ ਰੁਕਦੇ ਗਏ ਫਿਰ ਬੇਹੋਸ਼ ਹੋਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚੋਂ ਕੱਢ ਕੇ ਤਲੀਆਂ ਤੱਕ ਝੱਸ-ਝੱਸ ਕੇ ਹੋਸ਼ ਵਿੱਚ ਲਿਆ ਕੇ ਭਿਅੰਕਰ ਅੱਖਾਂ ਨਾਲ ਤੱਕਦਿਆਂ ਕੂਰ ਬੋਲਾਂ ਨਾਲ ਸੋਹਲ ਜਿਹੀਆਂ ਕਲੀਆਂ ਦੁਬਾਰਾ ਭਿਆਨਕ ਦੁੱਖਾਂ ਵਾਲੀ ਮੌਤ ਜਾਂ ਸੰਸਾਰ ਦੇ ਸਭ ਸੁੱਖਾਂ ਵਾਲੀ ਜ਼ਿੰਦਗੀ ਚੁਣਨ ਲਈ ਕਿਹਾ।

ਗੁਰੂ ਕੇ ਫ਼ਰਜ਼ੰਦਾਂ ਉਹੀ ਜਵਾਬ ਦੁਹਰਾਇਆ ਕਿ ਬੇਗ਼ੈਰਤ ਹੋ ਕੇ ਅਤੇ ਪੱਤ ਗਵਾ ਕੇ ਜਿਓਣ ਨਾਲੋਂ ਅਣਖ ਦੀ ਮੌਤ ਕਿਤੇ ਬਿਹਤਰ ਹੈ। ਸਮਾਣੇ ਦੇ ਵਾਸੀ ਜਲਾਦ ਸਾਸ਼ਲ ਬੇਗ਼, ਬਾਸ਼ਲ ਬੇਗ਼ ਦੇ ਜ਼ਾਲਮ ਹੱਥਾਂ ਦੀ ਹਰਕਤ ਹੋਈ। ਕਲੀਆਂ ਨਾਲੋਂ ਸੋਹਲ ਜ਼ਿੰਦਾ ਦੀ ਸ਼ਾਹਰਗਾ ਅੱਧੀਆਂ ਕੱਟੀਆਂ ਗਈਆਂ (ਜਿਵਾ ਕਰਨ ਦਾ ਤਰੀਕਾ) ਖ਼ੂਨ ਦੇ ਛੱਪੜ ਲੱਗ ਗਏ। ਕੁੱਝ ਘੜੀਆਂ ਤੜਫਣ ਤੋਂ ਬਾਅਦ ਪਿਆਰੇ ਸਾਹਿਬਜ਼ਾਦਿਆਂ ਦੇ ਸਰੀਰ ਠੰਢੇ ਹੋ ਗਏ ਅਤੇ ਜੋਤ, ਰੱਬੀ ਜੋਤ ਵਿੱਚ ਰਲ ਗਈ।

       ਸੂਰਜ ਕਿਰਣਿ ਮਿਲੇ, ਜਲ ਕਾ ਜਲੁ ਹੂਆ ਰਾਮ ॥

       ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

ਨੰਨ੍ਹੇ-ਨੰਨ੍ਹੇ ਕਦਮਾਂ ਨਾਲ ਵੱਡੀਆਂ ਪੁਲਾਂਘਾਂ ਪੁੱਟਦਿਆਂ ਗੁਰੂ ਕੇ ਪਿਆਰੇ ਸਾਹਿਬਜ਼ਾਦੇ ਸਾਨੂੰ ਜ਼ਿੰਦਗੀ ਰਸਤਾ ਸਮਝਾ ਕੇ ਸਦੀਵੀ ਅਟੱਲ ਸੱਚ ਵਿੱਚ ਸਮਾ ਗਏ। ਜ਼ੁਲਮੋਂ ਸਿਤਮ ਤਨ ਤੇ ਹੰਢਾਓਦਿਆਂ ਠੰਢੇ ਬੁਰਜ ਵਿੱਚ ਮਾਂ ਗੁਜ਼ਰੀ ਜੀ ਵੀ ਸਿਰ ਦੇ ਸਾਈਂ ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਵਿੱਚ ਮੁਕਾਮ ਪਾ ਗਏ, ਪਰ ਸਾਡੇ ਲਈ ਸਦੀਵੀ ਰਸਤਾ ਰੌਸ਼ਨ ਕਰ ਕੇ ਪੰਥ ਨੂੰ ਜ਼ਿੰਦਗੀ ਦਾ ਮਕਸਦ ਸਮਝਾ ਗਏ। ਜਿਸ ਰਸਤੇ ’ਤੇ ਚੱਲਦਿਆਂ ਕੇਵਲ 5 ਕੁ ਵਰ੍ਹਿਆਂ ਦੇ ਵਕਫ਼ੇ ਵਿੱਚ ਹੀ ਅਜਿਹੇ ਸਿਤਮਾਂ ਦੀ ਨਗਰੀ ਵਿੱਚ ਵਜੀਦੇ ਪਾਪੀ ਨੂੰ ਸੋਧ ਕੇ ਸੁੱਚਾ ਨੰਦ ਜਿਹਿਆਂ ਨੂੰ ਕਰਨੀ ਦਾ ਫਲ ਭੁਗਤਾ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਕੇ ਫ਼ਤਿਹ ਦੇ ਡੰਕੇ ਵਜ੍ਹਾ ਫ਼ਤਿਹਗੜ੍ਹ ਸਾਹਿਬ ਸਥਾਪਿਤ ਕਰ ਕੇ ਖ਼ਾਲਸਾ ਰਾਜ ਦਾ ਮੁੱਢ ਬੰਨ੍ਹ ਦਿੱਤਾ ਤੇ ਲੋਕਾਈ ਜ਼ਿੰਦਗੀ ਸਕੂਨ ਪਾਉਣ ਲੱਗੀ।

ਇਹ ਸਫ਼ਰ-ਏ-ਸ਼ਹਾਦਤ ਕਦੀ ਪੁਰਾਣਾ ਨਹੀਂ ਹੋਣਾ। ਇਹ ਅੱਜ ਵੀ ਤੇ ਸਦਾ ਹੀ ਸਾਡੇ ਲਈ ਕੇਵਲ ਰਸਤਾ ਹੀ ਨਹੀਂ ਸਗੋਂ ਇਕ ਜਜ਼ਬਾ ਹੈ, ਇਕ ਸ਼ਕਤੀ ਹੈ ਅਤੇ ਰੂਹਾਨੀ ਖ਼ੁਰਾਕ ਹੈ, ਜੋ ਸਾਨੂੰ ਸਦਾ ਬਲਵਾਨ ਕਰਦੀ ਰਹੇਗੀ।

ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਯਾਦ ਕਰਦਿਆਂ

0

ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਯਾਦ ਕਰਦਿਆਂ

ਡਾ. ਅਮਰਜੀਤ ਸਿੰਘ ਵਾਸ਼ਿੰਗਟਨ

ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਅੰਡਾ ਨਿੱਕਲਦਾ ਹੈ, ਜਿਸ ਵਿੱਚੋਂ ਫੀਨਿਕਸ ਪੰਛੀ ਨਿੱਕਲ ਕੇ ਅਕਾਸ਼ ਵਿੱਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ ਮਿਥਿਹਾਸਕ ਹੈ ਪਰ ਦੁਨੀਆਂ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ। ਜਿਸ ਸਿੱਖੀ ਸਕੂਲ ਅੰਦਰ ਦਾਖਲੇ ਦੀ ਫੀਸ ਸੀਸ ਭੇਟ ਹੈ ਭਾਵ ਜ਼ਿੰਦਗੀ ਦੀ ਕੁਰਬਾਨੀ ਦੇ ਸੰਕਲਪ ’ਚੋਂ ਹੀ ਸਿੱਖ ਦੀ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਵੈਸੇ ਤਾਂ ਵਰ੍ਹੇ ਦਾ ਕੋਈ ਦਿਨ, ਕੋਈ ਪਲ ਐਸਾ ਨਹੀਂ ਹੋਵੇਗਾ, ਜਿਸ ਸਮੇਂ ਕਿਸੇ ਨਾ ਕਿਸੇ ਸਿੰਘ-ਸਿੰਘਣੀ ਨੇ ਆਪਣੀ ਕੁਰਬਾਨੀ ਨਾ ਦਿੱਤੀ ਹੋਵੇ ਪਰ ਪਿਛਲੇ ਲਗਭਗ ਤਿੰਨ ਦਹਾਕਿਆਂ ਦੌਰਾਨ ਤਾਂ ਸੱਚ ਸ਼ਮ੍ਹਾ (ਮੋਮਬੱਤੀ) ’ਤੇ ਕੁਰਬਾਨ ਹੋਣ ਵਾਲੇ ਸਿੱਖ ਪਰਵਾਨਿਆਂ ਦੀ ਨਾ ਮੁੱਕਣ ਵਾਲੀ ਲੰਮੀ ਲਾਈਨ ਹੈ। ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ ਗੁਰੂ ਕਲਗੀਧਰ ਦੇ ਲਾਡਲੇ ਸਪੁੱਤਰ-ਸਪੁੱਤਰੀਆਂ, ਜਿਨ੍ਹਾਂ ਨੇ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਰੱਖਿਆ ਹੋਇਆ ਹੈ। 31 ਅਕਤੂਬਰ, 1984 ਨੂੰ ਭਾਈ ਬੇਅੰਤ ਸਿੰਘ ਨੇ ਸ਼ਹੀਦੀ ਜਾਮ ਪੀਤਾ ਅਤੇ 6 ਜਨਵਰੀ 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿੱਚ ਪਾ ਕੇ, ਖਾਲਿਸਤਾਨ ਦੇ ਨਿਸ਼ਾਨੇ ਨੂੰ ਹੋਰ ਵੀ ਪ੍ਰਪੱਕ ਕਰ ਦਿੱਤਾ।

ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਜੋੜੀ, ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲੜੀ ਵਿੱਚ ਪਰੋਈ ਗਈ ਹੈ। ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ’ਤੇ ਟੈਂਕਾਂ-ਤੋਪਾਂ ਨਾਲ ਕੀਤੇ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ ਲੈਣ ਦੇ ਰੌਂ (ਮੂਡ) ਵਿੱਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ (ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ) ਨੇ ਦਿੱਲੀ ਸਾਮਰਾਜ ਦੀ ਪਟਰਾਣੀ ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਇੰਦਰਾ ਗਾਂਧੀ ਨੂੰ ਇਨਸਾਫ਼ ਦੇਣ ਵਾਲੇ ਇਹ ਦੋ ਯੋਧੇ, ਸ਼ਾਂਤਚਿੱਤ ਆਪਣੀ ਥਾਂ ’ਤੇ ਖੜ੍ਹੇ ਰਹੇ, ਗੁਰੂ ਦੀ ਸ਼ੁਕਰਗੁਜ਼ਾਰੀ ਵਿੱਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ। ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ ਕੇ, ਕਿਸੇ ਖਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭਾਈ ਬੇਅੰਤ ਸਿੰਘ ਤਾਂ ਮੌਕੇ ’ਤੇ ਹੀ ਸ਼ਹੀਦੀ ਪਾ ਗਏ ਜਦੋਂਕਿ ਭਾਈ ਸਤਵੰਤ ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ, ਜਿਸ ਨੂੰ ਜਾਣਬੁੱਝ ਕੇ ਨਹੀਂ ਕੱਢਿਆ ਗਿਆ ਤਾਂ ਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।

ਹੁਣ ਇਨਸਾਫ਼ ਦਾ ਜਨਾਜ਼ਾ (ਅਰਥੀ) ਕੱਢਣ ਵਾਲਾ, ਇੰਦਰਾ ਗਾਂਧੀ ਕਤਲ ਕਾਂਡ ਮੁਕੱਦਮਾ ਸ਼ੁਰੂ ਹੋਇਆ। ਬ੍ਰਾਹਮਣ ਸਰਕਾਰ ਨੂੰ ਲੱਗਾ ਕਿ ਸਿਰਫ ਦੋ ਸਧਾਰਨ ਜਿਹੇ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ ਸਾਜ਼ਸ਼ ਬਣਾਇਆ ਜਾਵੇ। ਅਮਰੀਕਨ ਖੁਫੀਆ ਏਜੰਸੀ ਸੀ. ਆਈ. ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਜ਼ੁਰਗ ਕੇਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਸ਼ ’ਚ ਸ਼ਾਮਲ ਕਰ ਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾਇ-ਮੌਤ ਸੁਣਾ ਦਿੱਤੀ। ਭਾਈ ਕੇਹਰ ਸਿੰਘ ’ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਭਾਈ ਬੇਅੰਤ ਸਿੰਘ ਨੂੰ ਅੰਮ੍ਰਿਤ ਛੱਕਣ ਦੀ ਪ੍ਰੇਰਨਾ ਦਿੱਤੀ ਤੇ ਇਸ ਤਰ੍ਹਾਂ ਕਰ ਕੇ ਉਹ ‘ਦਹਿਸ਼ਤਗਰਦ’ ਬਣ ਗਿਆ। ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜਾਂ ਵੱਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫਾਈ ਪੱਖ ਦੇ ਵਕੀਲ ਨੂੰ ਉਸ ਵੱਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਪਿਛਲੀ ਬਣਦੀ ਤਨਖਾਹ ਉਸ ਨੂੰ ਦਿੱਤੀ ਗਈ।

ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕੇਹਰ ਸਿੰਘ ਨੂੰ ਫਾਂਸੀ ਬਿਲਕੁਲ ਨਾਜਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ ਪਰ ਉਹ ਬ੍ਰਾਹਮਣਵਾਦ ਕਾਹਦਾ, ਜੇ ਉਹ ਬੇਗੁਨਾਹਾਂ ਨੂੰ ਫਾਹੇ ਨਾ ਲਾਏ। ਹਜ਼ਾਰਾਂ ਸਿੱਖਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੀ ਇੰਦਰਾ ਗਾਂਧੀ, ਬ੍ਰਾਹਮਣਾਂ ਲਈ ‘ਦੁਰਗਾ ਮਾਤਾ’ ਜੁ ਸੀ ਅਤੇ ਦੁਰਗਾ ਦੇ ਮਰ ਜਾਣ ਬਾਅਦ ਵੀ ਉਹਨੂੰ ਖੁਸ਼ ਕਰਨ ਲਈ ‘ਨਰ ਬਲੀ’ ਦੀ ਲੋੜ ਸੀ। ਭਾਈ ਕੇਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ ਕੇ ਮੌਤ ਨੂੰ ਗਲ ਨਾਲ ਲਾਇਆ।

ਭਾਈ ਸਤਵੰਤ ਸਿੰਘ ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਕੇਸਰੀ ਦਸਤਾਰ ਸਜਾ ਕੇ, ਖਾਲਿਸਤਾਨ ਦੀ ਲਹਿਰ ਦੇ ਥੰਮ੍ਹ ਬਣੇ। ਦਿਨ ਰਾਤ, ਨਾਮ-ਬਾਣੀ ਦਾ ਪ੍ਰਵਾਹ ਤਿਹਾੜ ਜੇਲ੍ਹ ਵਿੱਚ ਆਪ ਨੇ ਚਲਾਇਆ। ਗੁਰੂ ਉਹ ਸਮਾਂ ਲਿਆਵੇ ਜਦੋਂ ਦਿੱਲੀ ਸਰ ਕਰ ਕੇ ਸਿੰਘ ਤਿਹਾੜ ਜੇਲ੍ਹ ਨੂੰ ਆਪਣੇ ਪਵਿੱਤਰ ਇਤਿਹਾਸਕ ਥਾਂ ਦਾ ਦਰਜਾ ਦੇ ਸਕਣ। ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਅਲੋਕਾਰ (ਅਸਚਰਜ) ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ ਕਾਰਨਾਮਾ ਕਰ ਵਿਖਾਇਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਮਨ੍ਹਾਂ ਕਰਨ ਦੇ ਬਾਵਜੂਦ ਬੀਬੀ ਜੀ ਆਪਣੇ ਇਸ ਪ੍ਰਣ ’ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ’ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵੱਲੋਂ ਵਿਆਹ ਦੀ ਆਗਿਆ ਨਾ ਮਿਲਣ ’ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ ‘ਅਲੋਕਾਰ ਸੁਹਾਗਣ’ ਹੋਣ ਦਾ ਮਾਣ ਹਾਸਲ ਕੀਤਾ। ਅੱਜ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜਦੋ ਜਹਿਦ ਕਰਦਿਆਂ ਗੁਰਪੁਰੀ ਸਿਧਾਰ ਚੁੱਕੇ ਹਨ।

ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ‘ਖਾਲਿਸਤਾਨ ਜ਼ਿੰਦਾਬਾਦ’ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ 6 ਜਨਵਰੀ 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿਚਲੇ ਫਾਂਸੀ ਘਰ ਵੱਲ ਵਧੇ। ਉਹਨਾਂ ਦੀ ਦਲੇਰੀ ਤੇ ਨਿਰਭੈਅਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ ਪਾਈਆਂ। ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ ‘ਮੈਂ ਮੁੜ ਸਿੱਖਾਂ ਦੇ ਘਰ ਜਨਮ ਲੈ ਕੇ, ਪੰਥ ਦੇ ਵੈਰੀਆਂ ਨੂੰ ਸੋਧਾਂ।’ ਕਿਸੇ ਅਜਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ ਚਰਨਾਂ ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰ ਕੇ ਉਨ੍ਹਾਂ ਦੀ ਭਸਮ ਹਰਦਵਾਰ, ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵੱਲੋਂ ਕੀਰਤਪੁਰ ਸਾਹਿਬ ਦੀ ਬੇਨਤੀ ਕੀਤੀ ਗਈ ਸੀ। ਇਹਨਾਂ ਯੋਧਿਆਂ ਦੀ ਚਿਤਾ ਦੀ ਸਵਾਹ ਵੀ ਜ਼ਾਲਮ ਸਰਕਾਰ ਨੂੰ ਦੰਦਲਾਂ ਪਾ ਰਹੀ ਸੀ। ਸ਼ਹੀਦ ਭਾਈ ਬੇਅੰਤ ਸਿੰਘ ਦੇ 33ਵੇਂ ਅਤੇ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੇ 29 ਵੇਂ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ।

‘ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ (ਜ਼ਿੰਦਗੀ) ਹੈ,

ਹਯਾਤ ਤੋ ਹਯਾਤ, ਵੋ ਮੌਤ ਭੀ ਹਯਾਤ ਹੈ।’

ਨਵੇਂ ਸਾਲ ਦਾ ਧਰਮ ਨਾਲ ਸਬੰਧ

0

ਨਵੇਂ ਸਾਲ ਦਾ ਧਰਮ ਨਾਲ ਸਬੰਧ 

ਗਿਆਨੀ ਅਵਤਾਰ ਸਿੰਘ

ਕੁਦਰਤ ਦੇ ਨਿਯਮਾਂ ਮੁਤਾਬਕ ਹੁੰਦੇ ਮੌਸਮੀ ਬਦਲਾਅ ਨੂੰ ਮਨੁੱਖ ਨੇ ਆਪਣੀ ਸਹੂਲਤ ਲਈ ਇੱਕ ਸਾਲ (ਛੇ ਰੁੱਤਾਂ) ਦਾ ਸਮਾਂ ਲਗਭਗ 365/366 ਦਿਨਾਂ ’ਚ ਵੰਡ ਲਿਆ ਕਿਉਂਕਿ ਸੂਰਜ ਦੁਆਲੇ ਧਰਤੀ ਦਾ ਇੱਕ ਚੱਕਰ 365 ਦਿਨ 5 ਘੰਟੇ 48 ਮਿੰਟ ਤੇ 45 ਸੈਕੰਡ ਦਾ ਹੈ। ਧਰਤੀ ਦੇ ਇਸੇ ਚੱਕਰ ਨਾਲ਼ (ਸਾਲ ਭਰ) ਰੁੱਤਾਂ ਬਦਲਦੀਆਂ ਹਨ। ਛੇ ਰੁੱਤਾਂ ਦੇ ਇਸ ਬਦਲਾਅ ਉਪਰੰਤ ਇੱਕ ਹੋਰ ਨਵਾਂ ਸਾਲ ਆਰੰਭ ਹੋਣਾ, ਨਿਸ਼ਚਿਤ ਕੀਤਾ ਗਿਆ ਤਾਂ ਜੋ ਹਰ ਸਾਲ ਦਾ ਆਰਥਿਕ, ਸਮਾਜਿਕ, ਰਾਜਨੀਤਿਕ, ਆਦਿ ਨਫ਼ੇ-ਨੁਕਸਾਨ ਦੀ ਪੜਚੋਲ ਕਰਨੀ ਅਸਾਨ ਰਹੇ । ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ ਤਿੰਨ ਦੁਨਿਆਵੀ ਕਿੱਤਿਆਂ (ਕਿਰਸਾਨੀ, ਵਪਾਰ ਤੇ ਨੌਕਰੀ) ਨੂੰ ਆਧਾਰ ਬਣਾਇਆ ਗਿਆ, ਇਸ ਤੋਂ ਇਲਾਵਾ ਇੱਕ ਚੌਥੇ ਕਿੱਤੇ ਭੀਖ ਮੰਗਣਾ, ਚੋਰੀ ਜਾਂ ਡਾਕਾ ਮਾਰਨ ਨੂੰ ਨਿਖਿੱਧ ਕਾਰਜ ਵੱਲੋਂ ਵੇਖਿਆ ਗਿਆ ਕਿਉਂਕਿ ਅਜਿਹਾ ਵਰਗ ਆਪ ਮਿਹਨਤ ਕਰਨ ਦੀ ਬਜਾਇ ਦੂਸਰੇ ਦੁਆਰਾ ਕੀਤੀ ਗਈ ਮਿਹਨਤ ਉੱਤੇ ਹੀ ਜ਼ਿਆਦਾ ਨਿਰਭਰ ਰਹਿੰਦਾ ਹੈ।

ਆਪਣੀ ਵਿਕਸਤ ਹੁੰਦੀ ਸੋਚ ਅਨੁਸਾਰ ਸਦੀਆਂ ਤੋਂ ਮਨੁੱਖ, ਆਪਣੇ ਕਿੱਤਿਆਂ ’ਚ ਵਾਧਾ (ਭਾਵ ਬਦਲਾਅ) ਕਰਦਾ ਆਇਆ ਹੈ, ਪਰ ਕੁਦਰਤੀ ਬਦਲਾਅ (ਨਿਯਮ) ਵਾਙ ਆਪਣੇ ਆਪ ’ਚ ਅੰਦਰੂਨੀ ਬਦਲਾਅ (ਸੁਧਾਰ) ਨਹੀਂ ਕਰ ਸਕਿਆ ਜਦ ਕਿ ਧਰਮ ਇਹ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਪਿਛਲਾ ਸਾਲ (ਜਾਂ ਦਿਨ) ਬੀਤ ਗਿਆ ਤੇ ਨਵਾਂ ਆ ਗਿਆ, ਬਦਲਿਆ ਕੀ ? ਧਰਮ, ਮਨੁੱਖ ਪਾਸੋਂ ਇਸ ਦਾ ਜਵਾਬ ਮੰਗਦਾ ਹੈ, ‘‘ਅਉਧ ਘਟੈ; ਦਿਨਸੁ ਰੈਣਾਰੇ ॥ ਮਨ  ! ਗੁਰ ਮਿਲਿ, ਕਾਜ ਸਵਾਰੇ ॥੧॥ ਰਹਾਉ ॥’’ (ਸੋਹਿਲਾ ਗਉੜੀ/ਮ: ੫/੧੩)

ਸੰਸਾਰੀ ਸੋਚ ਤੇ ਨਿਰਾਕਾਰੀ ਸੋਚ (ਰੱਬੀ ਭਗਤ ਦੀ ਸੋਚ) ’ਚ ਬੁਨਿਆਦੀ ਅੰਤਰ ਇਹ ਹੈ ਕਿ ਸੰਸਾਰੀ ਮਨੁੱਖ ਦਾ ਲੇਖਾ-ਜੋਖਾ ਸਮਾਜਿਕ ਪੱਧਰ (ਨਿੱਜ-ਸੁਆਰਥ, ਪਰਿਵਾਰਕ ਤੇ ਸਮਾਜਿਕ) ਤੱਕ ਸੀਮਤ ਹੁੰਦਾ ਹੈ ਜਦ ਕਿ ਨਿਰਾਕਾਰੀ ਸੋਚ ਵਾਲ਼ਾ ਵਿਅਕਤੀ ਆਪਣੇ ਜੀਵਨ ਦੇ ਵਜੂਦ ਲਈ ਮਿਲੇ ਨਿਸ਼ਚਿਤ ਸਮੇਂ ’ਚ ਇਨ੍ਹਾਂ ਸੰਸਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਕੁਝ ਅਜਿਹਾ ਟੀਚਾ (ਜਿਵੇਂ ਕਿ ਕੁਦਰਤ ਦੇ ਰਚੇਤਾ ਦੀ ਹੋਂਦ ਨੂੰ ਸਵੀਕਾਰਨਾ) ਵੀ ਸਰ (ਫ਼ਤਿਹ) ਕਰਨਾ ਚਾਹੁੰਦਾ ਹੈ, ਜਿਸ ਉਪਰੰਤ ਉਸ ਦਾ ਦੁਨਿਆਵੀ ਸਫ਼ਰ ਇੱਕ ਆਦਰਸ਼ ਤੇ ਮਿਸਾਲ ਵਜੋਂ ਸਦੀਆਂ ਤੱਕ ਯਾਦ ਰੱਖਿਆ ਜਾ ਸਕੇ, ਪਰ ਅਜਿਹੀ ਜੀਵਨਸ਼ੈਲੀ, ਕਿਸੇ ਆਦਰਸ਼ ਜੀਵਨ (ਜਾਂ ਨਿਰਾਕਾਰ ਦੇ ਰੂਪ, ਗੁਰੂ, ਪੀਰ, ਪੈਗ਼ੰਬਰ) ਦੀ ਸਲਾਹ ਨੂੰ ਅਪਣਾਇਆਂ ਹੀ ਅਖ਼ਤਿਆਰ ਕੀਤੀ ਜਾ ਸਕਦੀ ਹੈ।

ਸੰਸਾਰੀ ਮਨੁੱਖ ਆਪਣੇ ਸੰਸਾਰਕ ਨਫ਼ੇ ਲਈ ਉਤਸ਼ਾਹਿਤ ਹੁੰਦਾ ਹੈ ਅਤੇ ਨੁਕਸਾਨ ਲਈ ਦੁਖੀ, ਜਦ ਕਿ ਧਰਮੀ ਵਿਅਕਤੀ ਰੱਬੀ ਯਾਦ ’ਚ ਉਤਸ਼ਾਹਿਤ ਹੁੰਦਾ ਹੈ, ਸਮਾਜਕ ਜੀਵਨ ’ਚ ਮਿਲੇ ਲਾਭ ਨੂੰ ਉਸ ਦੀ ਰਹਿਮਤ ਤੇ ਸਮਾਜਿਕ ਦੁੱਖਾਂ ਨੂੰ ਉਸ ਦੀ ਰਜ਼ਾ ਸਮਝ ਕੇ ਹੌਸਲਾ ਬਣਾਏ ਰੱਖਦਾ ਹੈ ਭਾਵ ਕੁਦਰਤ ਦੇ ਰਚੇਤਾ ਜਾਂ ਆਪਣੇ ਮਾਲਕ ਦੇ ਪ੍ਰੇਮ ’ਚ ਕੋਈ ਕਮੀ ਨਹੀਂ ਆਉਣ ਦਿੰਦਾ। ਸੰਸਾਰਕ ਦੁੱਖਾਂ ਨੂੰ ਕੇਵਲ ਆਪਣੇ ਮਾਲਕ ਵੱਲੋਂ ਮਿਲੀ ਪਰਖ-ਕਸੌਟੀ ਸਮਝਦਾ ਹੈ, ਜਿੱਥੇ ਡੋਲਣਾ ਜਾਂ ਅਡੋਲਤਾ ਹੀ ਚੁਨੌਤੀ ਹੁੰਦੀ ਹੈ।

ਰੱਬੀ ਭਗਤ ਦਾ ਲੁਕਾਈ ਹਿਤਕਾਰੀ ਆਦਰਸ਼ ਜੀਵਨ ਹੋਣ ਦੇ ਬਾਵਜੂਦ ਵੀ ਦੁਨੀਆ ਦੇ ਇਤਿਹਾਸ ’ਚ ਸਮਾਜਿਕ ਜੀਵਨ ਬਤੀਤ ਕਰਨ ਦੇ ਮੁਕਾਬਲੇ ਧਰਮੀ ਜੀਵਨ ਬਤੀਤ ਕਰਨ ਨੂੰ ਵਧੇਰੇ ਕਠਨਾਈ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਦੋ ਹੀ ਮੁੱਖ ਕਾਰਨ ਹੁੰਦੇ ਹਨ :

(1). ਸਮਾਜਿਕ ਵਿਅਕਤੀ ਨਿੱਜ ਲਈ ਅਤੇ ਧਰਮੀ ਵਿਅਕਤੀ ਸਮਾਜ ਲਈ ਜਿਊਂਦਾ ਹੈ ਭਾਵ ਸੰਸਾਰੀ ਵਿਅਕਤੀ ਆਪਣੇ ਨਫ਼ੇ ਲਈ ਸਮਾਜ ਨਾਲ਼ ਬੇਇਨਸਾਫ਼ੀ ਕਰ ਸਕਦਾ ਹੈ ਪਰ ਧਰਮੀ ਵਿਅਕਤੀ ਸਮਾਜਿਕ ਨਫ਼ੇ ਲਈ ਆਪਣਾ ਨੁਕਸਾਨ ਕਰਵਾਉਣ ਨੂੰ ਤਰਜੀਹ ਦਿੰਦਾ ਹੈ, ਜਿਸ ਨੂੰ ਪਰਉਪਕਾਰਤਾ ਦਾ ਨਾਂ ਦਿੱਤਾ ਗਿਆ ਹੈ। ਗੁਰਮਤਿ ਅਨੁਸਾਰ ਇਹ ‘ਪੀਰੀ’ ਵਿਸ਼ਾ ਅਖਵਾਉਂਦਾ ਹੈ।

(2). ਸਮਾਜਿਕ ਵਿਅਕਤੀ, ਧਰਮੀ ਵਿਅਕਤੀ ਬਣਨ ਦਾ ਢੌਂਗ (ਪਖੰਡ) ਕਰਦਾ ਹੈ ਜਦ ਕਿ ਧਰਮੀ ਵਿਅਕਤੀ, ਉਸ ਦੇ ਇਸ ਪਾਜ (ਦੰਭ) ਨੂੰ ਨੰਗਾ ਕਰਦਾ ਰਹਿੰਦਾ ਹੈ। ਗੁਰਮਤਿ ਅਨੁਸਾਰ ਇਹ ‘ਮੀਰੀ’ ਵਿਸ਼ਾ ਅਖਵਾਉਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਆਮ ਮਨੁੱਖਾ ਸੋਚ ਨੂੰ ਵਿਕਸਤ ਕਰਨ ਲਈ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨) ਰਾਹੀਂ ਆਪਣੀ ਆਵਾਜ਼ ਬੁਲੰਦ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ, ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ॥’’ (ਮ: ੫/੧੧੦੨) ਫ਼ੁਰਮਾਇਆ ਅਤੇ ਬਾਬਾ ਕਬੀਰ ਜੀ ਨੇ ਇਨ੍ਹਾਂ ਵਚਨਾਂ ਰਾਹੀਂ ਸੁਆਰਥੀ ਸੋਚ ਤੋਂ ਉੱਪਰ ਉੱਠਣ ਲਈ ਵੰਗਾਰਿਆ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ਆਦਿ।

ਕੇਵਲ ਸਮਾਜਿਕ ਜੀਵਨ, ਬੇਸ਼ੱਕ ਉਸ ਦੀ ਬਾਹਰੋਂ ਕੁਝ ਖ਼ੁਸ਼ੀ ਵੀ ਵਿਖਾਈ ਦਿੰਦੀ ਹੋਵੇ, ਇੱਕ ਰੋਗ ਹੈ, ਪਰ ਇਸ ਦੀ ਉਸ ਨੂੰ ਸਮਝ ਨਹੀਂ ਤਾਂ ਜੋ ਇਸ ਰੋਗ ਦਾ ਇਲਾਜ ਕਰ ਸਕੇ ਜਦ ਕਿ ਇਸ ਦੇ ਮੁਕਾਬਲੇ ਧਰਮੀ ਜੀਵਨ ਇੱਕ ਅਰੋਗ (ਅੰਦਰੂਨੀ ਜ਼ਖ਼ਮ ਰਹਿਤ) ਜ਼ਿੰਦਗੀ ਹੁੰਦੀ ਹੈ, ਜਿਸ ਉੱਤੇ ਕੁਦਰਤੀ ਬਦਲਾਅ (ਸਮੇਂ) ਦਾ ਵੀ ਬਹੁਤਾ ਪ੍ਰਭਾਵ ਨਹੀਂ ਪੈਂਦਾ। ਗੁਰੂ ਅਮਰਦਾਸ ਜੀ, ਜੋ ਆਪ ਵਡੇਰੀ ਸਰੀਰਕ ਉਮਰ ਭੋਗ ਚੁੱਕੇ ਸਨ, ਨੇ ਆਪਣੇ ਜੀਵਨ ਤਜਰਬੇ ਦੇ ਅਨੁਭਵ ਇਉਂ ਵਿਅਕਤ ਕੀਤੇ, ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥’’ (ਮ: ੩/੧੪੧੮)

ਰੋਗੀ ਜੀਵਨ ਤੋਂ ਰੋਗ ਰਹਿਤ (ਸੁਚੇਤ) ਜੀਵਨ ਕਰਨ ਲਈ ਸਮਾਜਿਕ ਮਨੁੱਖਾ ਜੀਵਨ ਦੀਆਂ ਕੁਝ ਊਣਤਾਈਆਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਸੰਸਾਰ ’ਚ (ਭਾਵ ਉਕਤ ਤਿੰਨੇ ਕਿੱਤਿਆਂ ’ਚ) ਤਿੰਨ ਪ੍ਰਕਾਰ ਦੀ ਮਨੁੱਖਾ ਸੋਚ ਕਾਰਜਸ਼ੀਲ ਹੈ :

(1). ਜਿਸ ਨੂੰ ਵੰਸ਼ਜ (ਸੰਸਕਾਰਾਂ) ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ (ਮਿੱਟੀ ਹੀ) ਸੰਭਾਲ਼ ਕੇ ਰੱਖਿਆ ਹੋਵੇ।

(2). ਜਿਸ ਨੂੰ ਵਿਰਸੇ ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ ਸੋਨਾ ਬਣਾ ਦਿੱਤਾ ਹੋਵੇ।

(3). ਜਿਸ ਨੂੰ ਵੰਸ਼ਜ ’ਚੋਂ ਸੋਨਾ ਮਿਲਿਆ ਹੋਵੇ ਤੇ ਉਸ ਨੇ ਉਸ ਨੂੰ ਆਪਣੇ ਪੂਰੇ ਜੀਵਨ ਕਾਲ ’ਚ ਮਿੱਟੀ ਬਣਾ ਦਿੱਤਾ ਹੋਵੇ।

ਉਕਤ ਨੰਬਰ ਇੱਕ ਵਿਅਕਤੀ ਪਾਸ ਆਪਣੇ ਜੀਵਨ ਦੌਰਾਨ ਗੁਆਉਣ ਨੂੰ ਕੁਝ ਬਚਿਆ ਹੀ ਨਹੀਂ ਹੁੰਦਾ ਭਾਵ ਮਿੱਟੀ ਮਿਲੀ ਸੀ, ਜੋ ਉਸ ਨੇ ਪੂਰਨ ਸੰਭਾਲ਼ ਕੇ ਰੱਖੀ, ਨੰਬਰ ਦੋ ਵਿਅਕਤੀ, ਜਿਸ ਨੇ ਵਿਰਸੇ ’ਚ ਮਿਲੀ ਮਿੱਟੀ ਨੂੰ ਸੋਨੇ ’ਚ ਤਬਦੀਲ ਕੀਤਾ, ਉਹ ਬੰਦਾ ਸਮਾਜਿਕ ਜੀਵਨ ’ਚ ਬਹੁਤਾ ਨੁਕਸਾਨਦੇਹ ਨਹੀਂ ਹੁੰਦਾ ਭਾਵ ਉਸ ਉੱਤੇ ਮਿੱਟੀ ਨੂੰ ਸੋਨਾ ਬਣਾਉਣ ਲਈ ਕੋਈ ਬਾਹਰੀ ਦਬਾਅ ਨਹੀਂ ਹੁੰਦਾ ਤਾਂ ਜੋ ਉਹ ਜੀਵਨ ’ਚ ਝੂਠ-ਫ਼ਰੇਬ ਦਾ ਸਹਾਰਾ ਲਵੇ, ਸਮਾਜ ਨੂੰ ਧੋਖਾ ਦੇਵੇ।

ਉਕਤ ਨੰਬਰ ਤਿੰਨ ਵਾਲ਼ਾ ਵਿਅਕਤੀ, ਜਿਸ ਨੂੰ ਵਿਰਸੇ ’ਚ ਸੋਨਾ ਮਿਲਿਆ ਸੀ ਤੇ ਉਸ ਦੀ ਅਸਫਲਤਾ ਕਾਰਨ ਉਹ ਦਿਨ ਬਦਿਨ (ਦਿਨੋ-ਦਿਨ) ਮਿੱਟੀ ਬਣ ਰਿਹਾ ਹੁੰਦਾ ਹੈ ਤੇ ਸਮਾਜ, ਉਸ ਪਾਸੋਂ ਇਸ ਦਾ ਕਾਰਨ ਪੁੱਛਦਾ ਹੈ, ਆਪਣੀ ਮੂਰਖਤਾ ਨੂੰ ਛੁਪਾਉਣ ਲਈ ਉਹ ਛਲ-ਕਪਟ ਦਾ ਸਹਾਰਾ ਲੈਂਦਾ ਹੈ; ਜਿਵੇਂ ਕਿ ਇਹ ਨੁਕਸਾਨ ਮੇਰੀ ਪਤਨੀ ਕਾਰਨ ਹੋਇਆ, ਇਹ ਨੁਕਸਾਨ ਮੇਰੇ ਬੱਚੇ ਕਾਰਨ ਹੋਇਆ, ਇਹ ਨੁਕਸਾਨ ਮੇਰੀ ਮਾਤਾ ਕਾਰਨ ਹੋਇਆ, ਇਹ ਨੁਕਸਾਨ ਮੇਰੇ ਪਤੀ ਕਾਰਨ ਹੋਇਆ, ਧਰਮੀ ਬਣਨ ਲਈ ਅਜੇ ਮੇਰੀ ਉਮਰ ਨਹੀਂ, ਵਗ਼ੈਰਾ-ਵਗ਼ੈਰਾ ਭਾਵ ਉਹ ਆਪਣੀ ਹਰ ਅਸਫਲਤਾ ਦਾ ਕਾਰਨ ਆਪਣੀ ਸੋਚ ਨੂੰ ਨਹੀਂ ਮੰਨਦਾ। ਅਜਿਹੇ ਵਿਅਕਤੀ ਆਮ ਤੌਰ ’ਤੇ ਉਕਤ ਤਿੰਨੇ ਸਮਾਜਿਕ ਕਿੱਤਿਆਂ ਨੂੰ ਨਹੀਂ ਕਰਦੇ ਹੁੰਦੇ ਭਾਵ ਚੌਥੇ ਕਿੱਤੇ ਨੂੰ ਪਿਆਰ ਕਰਦੇ ਹਨ, ਜਿਸ ਵਿੱਚ ਧਾਰਮਿਕ ਪਾਖੰਡੀ-ਲਿਬਾਸ ਵੀ ਆਉਂਦਾ ਹੈ।

ਸਮਾਜ ਦੀ ਰਹਿਨੁਮਾਈ ਕਰਨ ਵਾਲ਼ੇ ਅਜੋਕੇ ਰਾਜਨੀਤਿਕ ਲੀਡਰ, ਜਿਨ੍ਹਾਂ ਨੇ ਆਪਣੀ ਸੋਚ ਰਾਹੀਂ ਸਮਾਜ ਉੱਤੇ ਰਾਜ ਕਾਇਮ ਕਰਨਾ ਹੁੰਦਾ ਹੈ, ਦੁਆਰਾ ਲਗਾਏ ਜਾਂਦੇ ਦਿਨ ਪ੍ਰਤਿਦਿਨ ਧਰਨਿਆਂ ਲਈ ਉਕਤ ਤਿੰਨੇ ਕਿੱਤਿਆਂ (ਕਿਰਸਾਨੀ, ਨੌਕਰੀ ਤੇ ਵਪਾਰ) ਦੇ ਲੋਕ ਸਮਾਂ ਨਹੀਂ ਨਿਕਾਲ ਸਕਦੇ ਅਤੇ ਅਜਿਹੇ ਜ਼ਿਆਦਾਤਰ ਜਜ਼ਬਾਤੀ ਕਾਰਜਾਂ ਲਈ ਚੌਥੇ ਕਿੱਤੇ ਵਾਲ਼ੇ ਲੋਕ ਹੀ ਵਿਹਲੇ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦਾ ਹਰਾਮ (ਗੁਨਾਹ) ਵੀ ਹਲਾਲ (ਧਰਮ ਅਨੁਸਾਰ ਜਾਇਜ਼) ਬਣ ਜਾਂਦਾ ਹੈ। ਅਗਰ ਇਉਂ ਸਮਝ ਲਿਆ ਜਾਏ ਕਿ ਜ਼ਿਆਦਾਤਰ ਚੌਥੇ ਕਿੱਤੇ ਵਾਲ਼ੇ ਹੀ ਤਿੰਨੇ ਕਿੱਤਿਆਂ ਵਾਲ਼ੇ ਲੋਕਾਂ ’ਤੇ ਰਾਜ ਕਰਦੇ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ।

ਇੱਥੇ ਇਹ ਪੱਖ ਸ਼ਾਮਲ ਕਰਨਾ ਵੀ ਵਿਸ਼ੇ ਦੀ ਸਪੱਸ਼ਟਤਾ ਲਈ ਲਾਭਕਾਰੀ ਰਹੇਗਾ ਕਿ ਹਰਾਮ ਨੂੰ ਹਲਾਲ ਬਣਾਉਣ ਵਾਲ਼ੀ ਨਿਖਿੱਧ ਸੋਚ ਪਾਸ ਇੱਕ ਦਿਨ ਰਾਜਨੀਤਿਕ ਸ਼ਕਤੀ ਆਉਣ ਦੀ ਉਮੀਦ ਲਗਾਈ ਬੈਠਾ ਕਿਰਤੀ ਮਨੁੱਖ ਵੀ ਇਨ੍ਹਾਂ ਲਈ ਜਾਣੇ-ਅਣਜਾਣੇ ’ਚ ਪ੍ਰਧਾਨ ਸਾਹਿਬ  ! ਜਥੇਦਾਰ ਸਾਹਿਬ  ! ਆਦਿ ਲਕਬ ਵਰਤਣਾ ਸ਼ੁਰੂ ਕਰ ਦਿੰਦਾ ਹੈ, ਜਿਸ ਰਾਹੀਂ ਇਹ ਨਿਖਿੱਧ, ਆਪਣੀ ਅਸਫਲਤਾ ਛੁਪਾ ਕੇ ਸਫਲ ਜ਼ਿੰਦਗੀ ਪੇਸ਼ ਕਰਨ ’ਚ ਕਾਮਯਾਬ ਹੋ ਜਾਂਦੇ ਹਨ । ਅਜਿਹੇ ਅਘੜ ਜੀਵਨ ਉੱਤੇ ਕੋਈ ਅੰਮ੍ਰਿਤਮਈ ਗੁਰੂ ਵਚਨ ਵੀ ਅਸਰ ਨਹੀਂ ਕਰਦਾ, ਸਗੋਂ ਇਹ ਲੋਕ ਗੁਰੂ ਵਚਨ ਦੇ ਅਰਥ ਵੀ ਆਪਣੀ ਸੋਚ ਮੁਤਾਬਕ ਬਣਾ ਕੇ ਭੋਲ਼ੀ-ਭਾਲ਼ੀ ਜਨਤਾ ਨੂੰ ਗੁਮਰਾਹ ਕਰ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਵਾ ਜਾਂਦੇ ਹਨ।

ਗੁਰੂ ਨਾਨਕ ਸਾਹਿਬ ਜੀ ਨੇ, ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਵਚਨ ਕੀਤੇ ਹੋਣ ਕਾਰਨ ਜ਼ਰੂਰੀ ਹੈ ਕਿ ਗੁਰੂ ਦੇ ਸੱਚੇ ਸਿੱਖ ਅਤੇ ਉਕਤ ਨਿਖਿੱਧ, ਸੁਆਰਥੀ ਤੇ ਛਲ-ਕਪਟੀ ਸੋਚ ਵਿੱਚ ਟਕਰਾਅ ਹੋਣਾ ਸੁਭਾਵਕ ਹੈ, ਜੋ ਬਾਬਰ ਦੁਆਰਾ ਭਾਰਤ ਉੱਤੇ ਕੀਤੇ ਗਏ ਹਮਲਿਆਂ ਤੋਂ ਸਿੱਖਾਂ ਨਾਲ਼ ਹੁੰਦੇ ਸੰਘਰਸ਼ ਦੀ ਦਾਸਤਾਨ (ਕਹਾਣੀ) ਜੁੜੀ ਰਹੀ ਹੈ।

ਹਰ ਕੌਮ ਦਾ ਕੇਂਦਰੀ (ਸਾਂਝਾ) ਸਿਧਾਂਤ ਤੇ ਉਸ ਉੱਤੇ ਪਹਿਰਾ ਦੇ ਕੇ ਸਿਰਜਿਆ ਗਿਆ ਆਪਣਾ ਨਿਵੇਕਲ਼ਾ (ਅਨੋਖਾ) ਇੱਕ ਇਤਿਹਾਸ ਹੁੰਦਾ ਹੈ, ਜਿਸ ਨੂੰ ਆਧਾਰ ਬਣਾ ਕੇ ਆਪ ਸੇਧ ਲੈਣੀ ਤੇ ਲੁਕਾਈ ਨੂੰ ਇਸ ਦੀ ਵਿਲੱਖਣਤਾ ਬਾਰੇ ਸਮਝਾਉਣਾ ਹੁੰਦਾ ਹੈ । ਸਿਧਾਂਤ ਅਤੇ ਇਤਿਹਾਸ ਦੀ ਇਹ ਅਟੁੱਟ ਲੜੀ ਨੂੰ ਆਪਣੇ ਵੰਸ਼ਜ ਤੱਕ ਹੂ-ਬਹੂ ਪਹੁੰਚਾਉਣ ਲਈ ਮਾਸਿਕ ਦਿਹਾੜੇ (ਪ੍ਰੋਗਰਾਮ) ਨਿਰਧਾਰਿਤ ਕੀਤੇ ਜਾਂਦੇ ਹਨ, ਜੋ ਹਰ ਨਵੇਂ ਸਾਲ ’ਚ ਆਉਂਦੇ ਰਹਿੰਦੇ ਹਨ। ਬੱਚਿਆਂ ਲਈ ਸਕੂਲਾਂ ’ਚ ਪਾਠਕ੍ਰਮ ਰਾਹੀਂ ਵੀ ਇਹੀ ਇਤਿਹਾਸ ਤੇ ਇਤਿਹਾਸਕ ਦਿਹਾੜਿਆਂ ਦੀ ਅਹਿਮੀਅਤ ਬਾਰੇ ਦੱਸਿਆ ਜਾਂਦਾ ਹੈ, ਜੋ ਬੱਚਿਆਂ ਦੇ ਕੋਮਲ ਦਿਮਾਗ਼ ’ਤੇ ਅਸਾਨੀ ਨਾਲ਼ ਆਪਣਾ ਪ੍ਰਭਾਵ ਪਾ ਜਾਂਦੇ ਹਨ ਭਾਵ ਜ਼ਬਾਨੀ ਕੰਠ ਹੋ ਜਾਂਦੇ ਹਨ। ਗੁਰੂ ਸਿਧਾਂਤ ਤੇ ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਦੇ ਕੇ ਸਿਰਜਣਾ, ਸਿਧਾਂਤ ’ਚ ਅਲੌਕਿਕ ਸ਼ਕਤੀ ਤੇ ਸਿਰਜਣ ਵਾਲ਼ਿਆਂ ’ਚ ਅਥਾਹ ਸਮਰਪਿਤ ਭਾਵਨਾ ਨੂੰ ਪ੍ਰਗਟਾਉਂਦਾ ਹੈ।

ਗੁਰੂ ਦੇ ਅਜੋਕੇ ਸਿੱਖ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਦਿਮਾਗ਼ੀ ਵਿਕਾਸ ਨੂੰ ਨਾਪਣ (ਚੈੱਕ ਕਰਨ) ਲਈ ਕੋਈ ਨਾ ਕੋਈ ਸਵਾਲ ਸਿਧਾਂਤਕ ਜਾਂ ਇਤਿਹਾਸ ਬਾਰੇ ਪੁੱਛਦਾ ਰਹੇ; ਜਿਵੇਂ ਕਿ ਆਪਣਾ ਦੇਸ਼ ਅਜ਼ਾਦ ਕਦੋਂ ਹੋਇਆ ?, ਮਹਾਤਮਾ ਗਾਂਧੀ ਦਾ ਜਨਮ ਦਿਨ ਕਦੋਂ ਹੈ ?, ਕ੍ਰਿਸਮਸ ਡੇ ਕਦ ਆਵੇਗਾ ? ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤਾਰੀਖ਼ ਕਦੋਂ ਆਉਂਦੀ ਹੈ  ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਹੜੀ ਮਿਤੀ ਅਤੇ ਕਿਹੜੇ ਮਹੀਨੇ ’ਚ ਹੁੰਦਾ ਹੈ ?, ਆਦਿ।

ਅਗਰ ਸਿੱਖ ਬੱਚਾ ਹੋ ਕੇ ਵੀ ਅੰਤਮ ਦੋ ਸਵਾਲਾਂ ਦਾ ਜਵਾਬ ਨਾ ਦੇ ਸਕੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਵੋਟ ਸ਼ਕਤੀ ਨਾਲ਼ ਉਕਤ ਚੌਥੇ ਕਿੱਤੇ ਨਾਲ਼ ਸੰਬੰਧਿਤ ਜ਼ਿਆਦਾਤਰ ਨਿਖਿੱਧ ਵਿਅਕਤੀ ਸਾਡੇ ਲੀਡਰ ਬਣ ਗਏ ਹਨ, ਜੋ ਕੌਮੀ ਸਿਧਾਂਤ ਅਤੇ ਸੁਨਹਿਰੇ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੇ ਤਕਨੀਕੀ ਯੁੱਗ ’ਚ ਰੁਕਾਵਟ ਬਣਦੇ ਜਾ ਰਹੇ ਹਨ।

ਨਵਾਂ ਸਾਲ ਈਸਵੀ ਸੰਨ ਹੋਣ ਕਾਰਨ ਈਸਾ ਮਸੀਹ ਜੀ ਨਾਲ਼ ਸੰਬੰਧਿਤ ਵਰ੍ਹਾ ਹੈ; ਜਿਵੇਂ ਕਿ ਹਿਜ਼ਰੀ ਸੰਨ, ਮੁਹੰਮਦ ਹਜ਼ਰਤ ਸਾਹਿਬ ਦੇ ਮੱਕਿਉਂ, ਮਦੀਨੇ ਜਾਣ ਦੇ ਦਿਨ 16 ਜੁਲਾਈ 622 ਈਸਵੀ ਤੋਂ ਸ਼ੁਰੂ ਹੁੰਦਾ ਹੈ। ਆਪਣੇ ਕੌਮੀ ਸਿਧਾਂਤ ਰਾਹੀਂ ਸੁਚੇਤ ਹੋਈਆਂ ਕੌਮਾਂ ਆਪਣੇ ਇਤਿਹਾਸ ’ਚ ਪਈ ਦੁਬਿਧਾ ਨੂੰ ਸਮਾਂ ਰਹਿੰਦੇ ਖ਼ਤਮ ਕਰਨ ’ਚ ਕਾਮਯਾਬ ਹੋ ਜਾਂਦੀਆਂ ਹਨ ਪਰ ਕੌਮ ਦੀ ਅਗਵਾਈ ਕਰ ਰਹੀ ਨਿਖਿੱਧ ਸੋਚ ਲਈ ਕੌਮੀ ਸਿਧਾਂਤ ਦੀ ਰੱਖਿਆ ਕਰਨ ਨਾਲੋਂ ਲੋਕਤੰਤਰੀ ਢਾਂਚੇ ’ਚ ਵੋਟ ਸ਼ਕਤੀ ਵਧੇਰੇ ਅਹਿਮੀਅਤ ਰੱਖਦੀ ਹੈ ਅਤੇ ਹਰ ਕੌਮ ’ਚ ਜਾਗਰੂਕਾਂ ਦੇ ਮੁਕਾਬਲੇ ਨਾਸਮਝ ਜਨਤਾ ਦੀ ਵੋਟ ਵਧੇਰੇ ਮਿਲ ਜਾਂਦੀ ਹੈ।

ਗੁਰੂ ਇਤਿਹਾਸ ’ਚ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ (1469 ਈ.) ਤੋਂ ਦੂਸਰੇ ਪਾਤਿਸ਼ਾਹ ਜੀ ਨੂੰ ਗੁਰਗੱਦੀ ਦੇਣ ਤੱਕ (1539 ਈ. ਨੂੰ) ਸਿੱਖਾਂ ਦੀ ਗਿਣਤੀ ਕੁਝ ਇਤਹਾਸਕਾਰਾਂ ਮੁਤਾਬਕ 3 ਕਰੋੜ ਸੀ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਆਪ ਬਿਆਨ ਕਰਦੇ ਹਨ ਕਿ ਸਿਧਾਂਤਕ ਲੋਕ ਵਿਰਲੇ ਹੁੰਦੇ ਹਨ, ‘‘ਹੈਨਿ ਵਿਰਲੇ; ਨਾਹੀ ਘਣੇ..॥’’ (ਮ: ੧/੧੪੧੧)

ਹੁਣ ਅਗਰ ਵਿਚਾਰੀਏ ਕਿ ਜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਵੋਟ ਗਿਣਤੀ ਰਾਹੀਂ ਪ੍ਰਾਪਤ ਹੁੰਦੀ ਸ਼ਕਤੀ ਨਾਲ਼ ਕੋਈ ਸਿਧਾਂਤਕ ਤਬਦੀਲੀ ਕਰਨੀ ਜ਼ਰੂਰੀ ਹੁੰਦੀ ਤਾਂ ‘‘ਹੈਨਿ ਵਿਰਲੇ’’ ਕਿਵੇਂ ਕਰ ਸਕਦੇ ਸਨ ?

ਨਿਤਨੇਮ ’ਚ ‘ਜਪੁ’ ਬਾਣੀ ਰਾਹੀਂ ਰੋਜ਼ਾਨਾ ਪੜ੍ਹਦੇ ਹਾਂ ਕਿ ਸਿਧਾਂਤਕ ਜੀਵਨ ਕਦੇ ਧੋਖਾ ਨਹੀਂ ਖਾਂਦੇ ‘‘ਨਾ ਓਹਿ ਮਰਹਿ; ਨ ਠਾਗੇ ਜਾਹਿ ॥’’ ਫਿਰ ਕੀ ਕਾਰਨ ਹੈ ਕਿ ਅਸੀਂ ਗ਼ਲਤ ਬੰਦਿਆਂ ਹੱਥ ਧਰਮ ਦਾ ਵਿਕਾਸ ਦੇ ਕੇ ਨੁਕਸਾਨ ਖਾ ਜਾਂਦੇ ਹਾਂ।

ਧਰਮ ਦੀ ਦੁਨੀਆ ’ਚ ‘‘ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥’’ (ਮ: ੫/੯੯੯) ਭਾਵ ਪੰਜ ਸਾਲ ਦਾ ਧਰੂ ਭਗਤ ਵੀ ਅਮਰ ਪਦਵੀ ਪਾ ਸਕਦਾ ਹੈ ਤੇ ਸੰਸਾਰਕ ਜੀਵਨ ’ਚ ਬੁਝਦਿਲ ਬਣ ਸੱਪ ਵਾਙ ਸੌ ਸਾਲ ਦੀ ਲੰਮੀ ਉਮਰ ਭੋਗਣੀ ਵੀ ਵਿਅਰਥ ਹੋ ਸਕਦੀ ਹੈ, ‘‘ਬਿਨੁ ਸਿਮਰਨ; ਜੈਸੇ ਸਰਪ ਆਰਜਾਰੀ ॥’’ (ਮ: ੫/੨੩੯)

ਸੋ, ਨਵਾਂ ਸਾਲ ਮਨਾਉਣ ਸਮੇਂ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਗਿਆ ਕੁਦਰਤੀ ਸਮੇਂ ਦੀ ਦਰੁਸਤ ਵੰਡ ਕਰਨ ਵਾਲ਼ਾ ‘ਨਾਨਕਸ਼ਾਹੀ ਕੈਲੰਡਰ’, ਜਿਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ, ਜੋ ਕਿ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ, ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਕੌਣ ਲੋਕ ਹਨ ਅਤੇ ਕਿਸ ਕਾਰਨ ਵਿਰੋਧ ਕਰ ਰਹੇ ਹਨ ?

ਮਾਈ ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ ! ॥

0

ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ ਤੇ ਐਡਮਨਿਸਟੇਸ਼ਨ)

ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥

ਹਉ, ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ; ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥

ਹਮਰਾ ਮਨੁ ਬੈਰਾਗ ਬਿਰਕਤੁ ਭਇਓ; ਹਰਿ ਦਰਸਨ ਮੀਤ ਕੈ ਤਾਈ ॥

ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ; ਤੈਸੇ ਮੋਹਿ ਹਰਿ ਬਿਨੁ, ਰਹਨੁ ਨ ਜਾਈ ॥੧॥

ਰਾਖੁ ਸਰਣਿ ਜਗਦੀਸੁਰ ਪਿਆਰੇ  ! ਮੋਹਿ ਸਰਧਾ ਪੂਰਿ ਹਰਿ ਗੁਸਾਈ  ! ॥

ਜਨ ਨਾਨਕ ਕੈ ਮਨਿ ਅਨਦੁ ਹੋਤ ਹੈ; ਹਰਿ ਦਰਸਨੁ ਨਿਮਖ ਦਿਖਾਈ ॥੨॥ (ਮ: ੪/੩੭੦)

ਇਹ ਬਿਰਹਾ ਤੇ ਬੈਰਾਗ ਸੰਯੁਕਤ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੩੭੦ ’ਤੇ ਆਸਾ ਰਾਗ ਅੰਦਰ ‘ਆਸਾਵਰੀ ਮਹਲਾ ੪’ ਸਿਰਲੇਖ ਅਧੀਨ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ।

ਗੁਰੂ ਰਾਮਦਾਸ ਜੀ ਆਪਣੇ ਇੱਕ ਹੋਰ ਸ਼ਬਦ ਦੀ ‘ਰਹਾਉ’ ਵਾਲੀ ਪੰਗਤੀ ’ਚ, ਜੋ ਵਿਰਹਾ ਤੇ ਰੱਬੀ ਵਿਛੋੜੇ ਨਾਲ ਸੰਬੰਧਿਤ ਹੈ, ਰਾਹੀਂ ਸਮਝਾਉਂਦੇ ਹਨ ਕਿ ‘‘ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ; ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥’’ (ਮ: ੪/੮੬੨) ਹਥਲੇ ਵਿਸ਼ੇ ਵਾਲੀ ਭਾਵਨਾ ਨੂੰ ਹੀ ਕਲਮ ਬੰਦ ਕਰਦੇ ਹੋਇ ਪ੍ਰਭੂ ਵਿਛੋੜੇ ਦੀ ਪੀੜਾ ਤੇ ਮਿਲਾਪ ਦੀ ਤਾਂਘ ਨੂੰ ਵਰਣਨ ਕਰਦੇ ਹਨ।

ਜਿਸ ਨੂੰ ਰੋਜ਼ ਯਾਦ ਕਰੀਏ; ਇਹ ਯਾਦ (ਸਿਮਰਨ), ਪਿਆਰ ਦਾ ਰੂਪ ਧਾਰ ਕੇ ਬਿਰਹੇ ਦੀ ਪੀੜਾ ਨੂੰ ਜਨਮ ਦਿੰਦੀ ਹੈ। ਬਿਰਹੀ ਹਿਰਦਾ ਆਪਣੇ ਪਤੀ ਦੇ ਮਿਲਾਪ ਦੀ ਉਡੀਕ ਵਿਚ ਤੜਪਦਾ ਹੈ, ‘‘ਦਰਸਨ ਪਿਆਸੀ ਦਿਨਸੁ ਰਾਤਿ, ਚਿਤਵਉ ਅਨਦਿਨੁ ਨੀਤ ॥’’ (ਮ: ੫/੭੦੩) ਨੂੰ ਮਿਲਣ ਦੀ ਲੋਚਾ ਹਰ ਦਮ ਅੰਦਰ ਬਣੀ ਰਹਿੰਦੀ ਹੈ; ਜਿਵੇਂ

‘‘ਮੋਹਿ ਲਾਗਤੀ ਤਾਲਾਬੇਲੀ ॥ ਬਛਰੇ ਬਿਨੁ; ਗਾਇ ਅਕੇਲੀ ॥੧॥ ਪਾਨੀਆ ਬਿਨੁ; ਮੀਨੁ ਤਲਫੈ ॥

ਐਸੇ ਰਾਮ ਨਾਮਾ ਬਿਨੁ; ਬਾਪੁਰੋ ਨਾਮਾ ॥੧॥ ਰਹਾਉ ॥’’ (ਭਗਤ ਨਾਮਦੇਵ/੮੭੪)

ਸਚ ਮੁਚ ‘ਰਾਮ ਨਾਮ ਬਿਨੁ’ ਜਗਿਆਸੂ ‘ਬਾਪਰੋ’ ਭਾਵ ਵਿਚਾਰਾ ਹੀ ਹੈ। ਰਾਮ ਨਾਮ ਦੀ ਪ੍ਰਾਪਤੀ ਦੇ ਰਾਹ ਵਿੱਚ ਛਲ ਰੂਪ ਮਾਇਆ ਖੜ੍ਹੀ ਹੈ। ਜਦੋਂ ਜੀਵ ਮਾਇਆ ਦੇ ਵਿੱਚ ਜਾ ਫਸਦਾ ਹੈ ਤਾਂ ਇਸ ਦੀ ਸਮਝ ’ਤੇ ਪਰਦਾ ਪੈ ਜਾਂਦਾ ਹੈ, ਜਿਸ ਕਰ ਕੇ ਇਹ ਪ੍ਰਭੂ ਨੂੰ ਭੁੱਲ ਜਾਂਦਾ ਹੈ। ਮਾਇਆ ਨੇ ਆਪਣਾ ਅਜਿਹਾ ਜਾਲ ਪਸਾਰਿਆ ਹੈ ਕਿ ਇਸ ਵਿੱਚ ਫਸਿਆ ਜੀਵ-ਪੰਛੀ, ਇਸ ਤੋਂ ਬਾਹਰ ਹੀ ਨਹੀਂ ਨਿਕਲ ਸਕਦਾ । ਗੁਰਦੇਵ ਫੁਰਮਾਂਦੇ ਹਨ :

‘‘ਮਾਇਆ ਜਾਲੁ ਪਸਾਰਿਆ; ਭੀਤਰਿ ਚੋਗ ਬਣਾਇ ॥

ਤ੍ਰਿਸਨਾ ਪੰਖੀ ਫਾਸਿਆ; ਨਿਕਸੁ ਨ ਪਾਏ ਮਾਇ  ! ॥ (ਮ: ੫/੫੦)

ਮਾਇਆ ਜਾਲ ਵਿੱਚ ਫਸਿਆ ਜੀਵ ਆਪਣੇ ਪ੍ਰੀਤਮ ਦਾ ਰਾਹ ਤੱਕਦਾ ਹੈ ਤੇ ਰਾਹ ਤੱਕਦਿਆਂ-ਤੱਕਦਿਆਂ ਅੱਖਾਂ ਸਜਲ ਹੋ ਜਾਂਦੀਆਂ ਹਨ, ‘‘ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ ਲੇ ਉਸਾਸਾ॥ ਉਰ ਨ ਭੀਜੈ, ਪਗੁ ਨਾ ਖਿਸੈ; ਹਰਿ ਦਰਸਨ ਕੀ ਆਸਾ ॥ (ਭਗਤ ਕਬੀਰ/੩੩੮), ਮੰਦਰਿ ਚਰਿ ਕੈ ਪੰਥੁ ਨਿਹਾਰਉ; ਨੈਨ ਨੀਰਿ ਭਰਿ ਆਇਓ ॥’’ (ਮ: ੫/੬੨੪), ਆਦਿ।

ਮਿਲਣ ਦੀ ਤਾਂਘ ਜਦ ਅੱਖਾਂ ਰਾਹੀਂ ਪਾਣੀ ਬਣ ਕੇ ਬਰਸ ਪੈਂਦੀ ਹੈ ਤਾਂ ਬਿਰਹੀ ਗੀਤਾਂ ਦਾ ਜਨਮ ਹੁੰਦਾ ਹੈ। ਇਹ ਬਿਰਹੀ ਗੀਤ ਅਧਿਆਤਮਕ ਦੁਨੀਆ ਦਾ ਸਭ ਤੋਂ ਵੱਡਾ ਸਰਮਾਇਆ ਹੈ।

ਇਹ ਪ੍ਰੇਮ ਦਾ ਪੰਥ ਹੈ। ਇਸ ਮਾਰਗ ’ਤੇ ਚੱਲਣ ਵਾਲੇ ਨੂੰ ‘‘ਏ ਦੁਇ ਨੈਨਾ ਮਤਿ ਛੁਹਉ; ਪਿਰ ਦੇਖਨ ਕੀ ਆਸ ॥’’ (ਬਾਬਾ ਫਰੀਦ/੧੩੮੨) ਲਗੀ ਰਹਿੰਦੀ ਹੈ। ਉਹ ਪ੍ਰਭੂ ਮਿਲਾਪ ਲਈ ਰੱਬੀ ਸੰਤਾਂ, ਪ੍ਰਭੂ ਪਿਆਰਿਆਂ ਦੀ ਲੋੜੀਂਦੀ ਸਹਾਇਤਾ ਲਈ ਜੋਦੜੀਆਂ ਕਰਦਾ ਹੈ, ਤਰਲਾ ਲੈਂਦਾ ਹੈ, ਉਹ ਦਰਸ਼ਨ ਦਾ ਮੁੱਲ ਤਾਰਨ ਲਈ ਮਨੁ, ਤਨੁ ਤੇ ਧਨੁ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦਾ ਹੈ। ਅਜਿਹੇ ਸੰਕੇਤ ਗੁਰਬਾਣੀ ਵਿੱਚੋਂ ਮਿਲਦੇ ਹਨ, ‘‘ਹਉ ਮਨੁ ਅਰਪੀ, ਸਭੁ ਤਨੁ ਅਰਪੀ; ਅਰਪੀ ਸਭਿ ਦੇਸਾ ॥ ਹਉ ਸਿਰੁ ਅਰਪੀ, ਤਿਸੁ ਮੀਤ ਪਿਆਰੇ; ਜੋ ਪ੍ਰਭ ਦੇਇ ਸਦੇਸਾ ॥ (ਮ: ੫/੨੪੭), ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ ਆਪੁ ਵੇਚਾਈ॥’’ (ਮ: ੪/੭੫੭) ਜਾਂ ‘‘ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ; ਹਉ ਤਿਸੁ ਵਿਟਹੁ, ਬਲਿ ਬਲਿ ਘੁਮਿ ਗਈਆ ॥’’ (ਮ: ੪/੮੩੬), ਆਦਿ।

ਅਜਿਹੇ ਜਗਿਆਸੂ ਜਾਂ ਜੀਵ ਇਸਤ੍ਰੀ ਦੇ ਅੰਦਰ ਇਹ ਲੋਚਾ ਹੁੰਦੀ ਹੈ ਕਿ ਗੁਰੂ ਜੀ ਦੇ ਚਰਨਾਂ ਦੀ ਧੂੜੀ ਮੇਰੇ ਮੱਥੇ ’ਤੇ ਕਦੋਂ ਲਗੇਗੀ ਕਦੋਂ ਦਇਆ ਸਰੂਪ ਸਤਿਗੁਰੂ ਜੀ ਦਾ ਦਰਸ਼ਨ ਨੇਤ੍ਰਾਂ ਨਾਲ ਵੇਖਾਂਗੀ ? ਪਿਆਰੇ ਦੇ ਅੰਮ੍ਰਿਤ ਬਚਨ, ਕੰਨਾਂ ਨਾਲ ਕਦੋਂ ਸੁਣਾਂਗੀ ਅਤੇ ਕਦੋਂ ਆਪਣੀ ਰਸਨਾ ਨਾਲ ਗੁਰੂ ਜੀ ਅੱਗੇ ਬੇਨਤੀ ਕਰਾਂਗੀ ? ਗੁਰੂ ਚਰਨਾਂ ’ਤੇ ਡੰਡਉਤ ਬੰਦਨਾ ਕਦੋਂ ਕਰਾਂਗੀ ਅਤੇ ਪ੍ਰਕਰਮਾਂ ਦੀ ਰੇਖਾ ’ਤੇ ਕਦੋਂ ਤੁਰਾਂਗੀ ? ਜੋ ਪ੍ਰਾਣ ਪਤੀ ਜੀ ਦੀ ਪ੍ਰੇਮਾ ਭਗਤੀ ਹੈ, ਉਹ ਮੈਨੂੰ ਕਦੋਂ ਪ੍ਰਤੱਖ ਹੋਵੇਗੀ, ਜਿਸ ਕਰ ਕੇ ਗਿਆਨ ਧਿਆਨ ਨੂੰ ਪ੍ਰਾਪਤ ਕਰ ਕੇ ਜੀਵਨ ਪਦ ਨੂੰ ਜਾਣ ਸਕਾਂਗੀ। ਭਾਈ ਗੁਰਦਾਸ ਜੀ ਦਾ ਕਥਨ ਹੈ :

ਕਬ ਲਾਗੈ ਮਸਤਕਿ ਚਰਨਨ ਰਜ  ? ਦਰਸੁ ਦਇਆ ਦ੍ਰਿਗਨ ਕਬ ਦੇਖਉ  ?।

ਅੰਮ੍ਰਿਤ ਬਚਨ ਸੁਨਉ ਕਬ ਸ੍ਰਵਨਨ  ? ਕਬ ਰਸਨਾ ਬੇਨਤੀ ਬਿਸੇਖਉ।

ਕਬ ਕਰ ਕਰਉ ਡੰਡਉਤ ਬੰਦਨਾ  ? ਪਗਨ ਪਰਿਕ੍ਰਮਾਦਿ ਪੁਨ ਰੇਖਉ।

ਪ੍ਰੇਮ ਭਗਤ ਪ੍ਰਤਛਿ ਪ੍ਰਾਨਪਤਿ; ਗਿਆਨ ਧਿਆਨ ਜੀਵਨ ਪਦ ਲੇਖਉ ॥੪੦੧॥ (ਭਾਈ ਗੁਰਦਾਸ ਜੀ/ਕਬਿੱਤ)

ਬਸ, ਇਹ ਸਾਚੀ ਲਿਵ ਜਾਂ ਜੁੜੀ ਹੋਈ ਬਿਰਤੀ ਦੀ ਬਰਕਤ ਹੈ ਅਜਿਹੀ ਰੱਬੀ ਨਾਲ ਜੁੜੀ ਸੁਰਤਿ ਮੁੜ ਟੁਟ ਕੇ ਹੋਰ ਪਾਸੇ ਨਹੀਂ ਜਾਂਦੀ ਗੁਰਵਾਕ ਹਨ : ‘‘ਹਰਿ ਆਪੇ ਲਏ ਮਿਲਾਇ; ਕਿਉ ਵੇਛੋੜਾ ਥੀਵਈ  ? ਬਲਿ ਰਾਮ ਜੀਉ ॥ ਜਿਸ ਨੋ ਤੇਰੀ ਟੇਕ; ਸੋ ਸਦਾ ਸਦ ਜੀਵਈ, ਬਲਿ ਰਾਮ ਜੀਉ ॥’’ (ਮ: ੫/੭੭੮)

ਸੋ, ਸਦੀਵ ਸੁੱਖ ਅਕਾਲ ਪੁਰਖ ਨਾਲ ਜੁੜਨ ਵਿੱਚ ਹੈ ਪਰ ਹੁਣ ‘‘ਪ੍ਰਿਅ ਕੀ ਪ੍ਰੀਤਿ ਪਿਆਰੀ ॥’’ (ਮ: ੫/੧੧੨੦) ਲਈ ਕੀ ਯਤਨ ਕੀਤੇ ਜਾਣ  ? ਗੁਰੂ ਜੀ ਨੇ ਇਸ ਦਾ ਉੱਤਰ ਇਉਂ ਦਿੱਤਾ ਹੈ, ‘‘ਕਉਨੁ ਸੁ ਜਤਨੁ, ਉਪਾਉ ਕਿਨੇਹਾ  ? ਸੇਵਾ ਕਉਨ ਬੀਚਾਰੀ  ? ॥ ਮਾਨੁ ਅਭਿਮਾਨੁ ਮੋਹੁ ਤਜਿ, ਨਾਨਕ  ! ਸੰਤਹ ਸੰਗਿ ਉਧਾਰੀ ॥’’ (ਮ: ੫/੧੧੨੦)

ਇਸੇ ਬੈਰਾਗ ਤੇ ਵਿਛੇੜੇ ਦੀ ਤੜਪ ਵਿੱਚ ਗੁਰੂ ਰਾਮਦਾਸ ਜੀ ਹਥਲੇ ਸ਼ਬਦ ਦੀ ‘ਰਹਾਉ’ ਵਾਲੀ ਪੰਗਤੀ ਰਾਹੀਂ ਫ਼ੁਰਮਾਨ ਕਰਦੇ ਹਨ, ‘‘ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥ ਹਉ, ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ; ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥’’ ਭਾਵ ਹੇ ਮਾਂ  ! ਮੈਨੂੰ ਦੱਸ, ਪਿਆਰਾ ਰਾਮ ਕਿੱਥੇ ਹੈ ਉਸ ਨੂੰ ਵੇਖ ਕੇ ਮੇਰਾ ਮਨ ਇਉਂ ਪ੍ਰਸੰਨ ਹੁੰਦਾ ਹੈ, ਜਿਵੇਂ ਊਠ ਦਾ ਬੱਚਾ ਵੇਲਾਂ ਵੇਖ ਕੇ ਖ਼ੁਸ਼ ਹੁੰਦਾ ਹੈ। ਮੈਂ ਉਸ ਹਰੀ ਦੇ ਦਰਸ਼ਨ ਤੋਂ ਬਿਨਾਂ ਇਕ ਖਿਨ ਜਾਂ ਇਕ ਪਲ ਭੀ ਨਹੀਂ ਰਹਿ ਸਕਦਾ॥ ਰਹਾਉ॥੧॥

ਸ਼ਬਦ ਦੇ ਪਹਿਲੇ ਬੰਦ ਵਿੱਚ ਫ਼ੁਰਮਾਨ ਕਰਦੇ ਹਨ : ‘‘ਹਮਰਾ ਮਨੁ ਬੈਰਾਗ ਬਿਰਕਤੁ ਭਇਓ; ਹਰਿ ਦਰਸਨ ਮੀਤ ਕੈ ਤਾਈ ॥ ਜੈਸੇ ਅਲਿ ਕਮਲਾ ਬਿਨੁ, ਰਹਿ ਨ ਸਕੈ; ਤੈਸੇ ਮੋਹਿ ਹਰਿ ਬਿਨੁ, ਰਹਨੁ ਨ ਜਾਈ ॥੧॥’’ ਭਾਵ ਗੁਰੂ ਜੀ ਦੇ ਕਹਿਣ ਤੋਂ ਮੁਰਾਦ ਹੈ ਕਿ ਹੇ ਮਾਂ  ! ਪ੍ਰਭੂ ਦੇ ਦਰਸ਼ਨ ਦੀ ਖਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ ਦੁਨੀਆ ਵੱਲੋਂ ਉਪਰਾਮ ਹੋਇਆ ਪਿਆ ਹੈ, ਜਿਵੇਂ ਭੌਰਾ, ਕੌਲ ਫੁੱਲ ਤੋਂ ਬਿਨਾਂ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪ੍ਰਮਾਤਮਾ ਦੇ ਦਰਸ਼ਨਾ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ।

ਅਖੀਰਲੇ (ਭਾਵ ਦੂਜੇ) ਬੰਦ ਅੰਦਰ ਸਤਿਗੁਰੂ ਜੀ ਪ੍ਰਭੂ ਪਿਆਰੇ ਅੱਗੇ ‘‘ਜਨ ਨਾਨਕ ਕੀ ਸਰਧਾ ਪੂਰਹੁ, ਠਾਕੁਰ  ! ਭਗਤ ਤੇਰੇ ਨਮਸਕਾਰੇ ॥’’ (ਮ: ੫/੬੮੧) ਫ਼ੁਰਮਾਨ ਵਾਂਗ ਨਿਮ੍ਰਤਾ ਸਹਿਤ ਜੋਦੜੀ-ਅਰਦਾਸ ਕਰਦੇ ਹਨ, ਕਿ ‘‘ਰਾਖੁ ਸਰਣਿ ਜਗਦੀਸੁਰ ਪਿਆਰੇ  ! ਮੋਹਿ ਸਰਧਾ ਪੂਰਿ ਹਰਿ ਗੁਸਾਈ  ! ॥ ਜਨ ਨਾਨਕ ਕੈ ਮਨਿ ਅਨਦੁ ਹੋਤ ਹੈ; ਹਰਿ ਦਰਸਨੁ ਨਿਮਖ ਦਿਖਾਈ ॥੨॥’’ ਭਾਵ ਹੇ ਜਗਤ ਦੇ ਮਾਲਕ  ! ਹੇ ਪਿਆਰੇ  ! ਹੇ ਹਰੀ  ! ਹੇ ਧਰਤੀ ਦੇ ਖਸਮ  ! ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਮੇਰੀ ਇਹ ਤਾਂਘ ਪੂਰੀ ਕਰ। ਜਦੋਂ ਤੇਰਾ ਦਰਸ਼ਨ ਹੁੰਦਾ ਹੈ ਤਦੋਂ ਤੇਰੇ ਦਾਸ ਨਾਨਕ ਦੇ ਮਨ ਵਿੱਚ ਚਾਉ ਪੈਦਾ ਹੋ ਜਾਂਦਾ ਹੈ। ਹੇ ਹਰੀ  ! ਮੈਨੂੰ ਨਾਨਕ ਨੂੰ ਅੱਖ ਝਮਕਣ ਜਿਤਨੇ ਸਮੇਂ ਵਾਸਤੇ ਹੀ ਆਪਣਾ ਦੀਦਾਰ ਬਖ਼ਸ਼ਿਸ਼ ਕਰੋ; ਤਾਂ ਤੇ ਹਰ ਮਨੁੱਖ ਮਾਤ੍ਰ ਨੂੰ ਇਸ ਮਨੁੱਖਾ ਦੇਰੀ ਦੀ ਸਫਲਤਾ ਲਈ, ਗੁਰੂ-ਮਾਂ ਅਗੇ ਇਹ ਤਰਲਾ ਲੈਂਦੇ ਹੀ ਰਹਿਣਾ ਚਾਹੀਦਾ ਹੈ:

ਮਾਈ  ! ਮੋਰੋ ਪ੍ਰੀਤਮੁ ਰਾਮੁ ਬਤਾਵਹੁ; ਰੀ ਮਾਈ  ! ॥

ਹਉ, ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ;

ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥

ਚਿੰਤਾਜਨਕ ਹੈ ਕੈਲੰਡਰ ਵਿਗਿਆਨ ਤੋਂ ਕੋਰੇ ਵਿਅਕਤੀਆਂ ਵੱਲੋਂ ਕੈਲੰਡਰ ਸਬੰਧੀ ਫੈਸਲੇ ਕਰਨੇ ।

0

ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਜੀਉ !

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਇਹ ਲੇਖ ਆਪ ਜੀ ਦੀ ਪ੍ਰਕਾਸ਼ਨਾ ‘ਅਜੀਤ’ ਅਖ਼ਬਾਰ ਦੇ 5 ਦਸੰਬਰ ਦਿਨ ਮੰਗਲਵਾਰ ਨੂੰ ਧਰਮ ਅਤੇ ਵਿਰਸਾ ਅੰਕ ਵਿੱਚ ਛਪੇ ਲੇਖ ‘ਚਿੰਤਾਜਨਕ ਹੈ ਕੈਲੰਡਰ ਸਬੰਧੀ ਸਿੱਖ ਪੰਥ ਵਿੱਚ ਪਈ ਦੁਬਿਧਾ’ ਦੇ ਜਵਾਬ ਵਿੱਚ ਲਿਖਿਆ ਹੈ। ਮੀਡੀਏ ਦੇ ਤੌਰ ’ਤੇ ਦੂਸਰਾ ਪੱਖ ਪੇਸ਼ ਕਰਨ ਹਿੱਤ ਆਪ ਜੀ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਆਪ ਜੀ ਦੀ ਪ੍ਰਕਾਸ਼ਨਾ ਵਿੱਚ ਯੋਗ ਥਾਂ ’ਤੇ ਇੱਕ ਜਾਂ ਦੋ ਕਿਸ਼ਤਾਂ ਵਿੱਚ ਛਾਪ ਦਿੱਤਾ ਜਾਵੇ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ।

ਕਿਰਪਾਲ ਸਿੰਘ ਬਠਿੰਡਾ

9855480797, 8837813661

ਕਿਰਪਾਲ ਸਿੰਘ ਬਠਿੰਡਾ 98554-80797

ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ ਜਿਸ ਰਾਹੀਂ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਸਥਿਰ ਤਰੀਕਾਂ ਨੂੰ ਹੀ ਆਉਣ ਇਸ ਸਬੰਧੀ ਵੀਚਾਰ ਚਰਚਾ ਪਿਛਲੇ ਤਕਰੀਬਨ 25 ਸਾਲਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੈਲੰਡਰ ਸਬੰਧੀ ਪੰਥ ਵਿੱਚ ਵਿਵਾਦ ਘੱਟਣ ਦੀ ਬਜਾਏ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਵਧ ਰਹੇ ਵਿਵਾਦ ਦਾ ਮੂਲ ਕਾਰਣ ਹੈ ਕਿ ਸਾਡਾ ਕੈਲੰਡਰ ਕਿਸ ਤਰ੍ਹਾਂ ਦਾ ਹੋਵੇ, ਇਸ ਦਾ ਫੈਸਲਾ ਕਰਨਾ ਤਾਂ ਉਨ੍ਹਾਂ ਵਿਦਵਾਨਾਂ ਨੂੰ ਚਾਹੀਦਾ ਸੀ ਜਿਹੜੇ ਕੈਲੰਡਰ ਵਿਗਿਆਨ, ਤਾਰਾ ਵਿਗਿਆਨ, ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਮਾਹਰ ਹੋਣ ਪਰ ਬਦਕਿਸਮਤੀ ਇਹ ਹੈ ਕਿ ਫੈਸਲਾ ਉਹ ਲੋਕ ਕਰ ਰਹੇ ਹਨ ਜਿਨ੍ਹਾਂ ’ਤੇ ਗੁਰਬਾਣੀ ਦਾ ਫ਼ੁਰਮਾਨ ਕਿ ‘ਜਿਨ੍ਹਾਂ ਲੋਕਾਂ ਵਿੱਚ ਕੋਈ ਵੀ ਗੁਣ ਨਹੀਂ ਹੈ ਪਰ ਫਿਰ ਵੀ ਆਪਣੇ ਗਿਆਨ ਅਤੇ ਅਹੁਦਿਆਂ ਦਾ ਅਹੰਕਾਰ ਕਰਦੇ ਹਨ; ਉਹ ਮਨੁੱਖ ਅਸਲ ਵਿੱਚ ਖੋਤੇ ਹਨ’ ਪੂਰਾ ਢੁਕਦਾ ਹੋਵੇ: ਨਾਨਕ  ! ਸੇ ਨਰ ਅਸਲਿ ਖਰ ; ਜਿ, ਬਿਨੁ ਗੁਣ, ਗਰਬੁ ਕਰੰਤਿ ॥2॥ (ਮ: 1/ ਪਾਵਨ ਅੰਕ 1246) ਇਹ ਸ਼ਬਦ ਜੇ ਮੈਂ ਆਪਣੇ ਵੱਲੋਂ ਲਿਖੇ ਹੁੰਦੇ ਤਾਂ ਇਹ ਬਹੁਤ ਹੀ ਇਤਰਾਜਯੋਗ ਹੋਣੇ ਸਨ ਪਰ ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁੱਖੋਂ ਉਚਾਰਨ ਕੀਤਾ ਹੋਇਆ ਹੈ; ਜਿਸ ਦਾ ਮੈਂ ਕੇਵਲ ਹਵਾਲਾ ਦਿੱਤਾ ਹੈ ਪਰ ਫੈਸਲਾ ਨਹੀਂ। ਜਿਹੜੇ ਪਾਠਕ ਮੇਰਾ ਇਹ ਲੇਖ ਅਤੇ 5 ਦਸੰਬਰ ਦਿਨ ਮੰਗਲਵਾਰ ਦੇ ਅਜੀਤ ਅਖ਼ਬਾਰ ਦੇ ਧਰਮ ਅਤੇ ਵਿਰਸਾ ਅੰਕ ਵਿੱਚ ਛਪੇ ਲੇਖ ਨੂੰ ਧਿਆਨ ਸਹਿਤ ਪੜ੍ਹਨਗੇ ਅਤੇ ਵੀਚਾਰਨਗੇ ਤਾਂ ਉਹ ਖ਼ੁਦ ਫੈਸਲਾ ਕਰ ਸਕਦੇ ਹਨ ਕਿ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਕਿਸ ਕਿਸ ਵਿਅਕਤੀ ’ਤੇ ਪੂਰਾ ਢੁਕਦਾ ਹੈ।

ਲੇਖਕ ਗੁਰਬਾਣੀ ਦੇ ਦੋ ਸ਼ਬਦ : ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ ਵਰ੍ਹੇ ਮਾਹ ਵਾਰ ਥਿਤੀ ਕਰਿ ; ਇਸੁ ਜਗ ਮਹਿ ਸੋਝੀ ਪਾਇਦਾ ॥2॥ (ਮ: 3/ ਪਾਵਨ ਅੰਕ1066) ਅਤੇ : ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ, ਰੁਤਿ ਅਨੇਕ ॥ ਨਾਨਕ  ! ਕਰਤੇ ਕੇ ਕੇਤੇ ਵੇਸ ॥2॥2॥ (ਮ: 1/ ਪਾਵਨ ਅੰਕ 13) ਦਾ ਹਵਾਲਾ ਦੇ ਕੇ ਲਿਖਦਾ ਹੈ ਕਿ ‘ਜਿਹੜੇ ਲੋਕ ਅੱਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਬਾਰੇ ਨੀਵੀਂ ਪੱਧਰ ਦੇ ਮੰਦੇ ਬੋਲ ਬੋਲ ਰਹੇ ਹਨ, ਉਹ ਦੱਸਣ ਕਿ, ਕੀ ਇਹ ਮਹੀਨੇ ਜਾਂ ਦਿਨ ਕਿਸੇ ਜਥੇਦਾਰ ਨੇ ਬਣਾਏ ਹੋਏ ਹਨ ? ਸ਼ਾਇਦ ਇਨ੍ਹਾਂ ਸੱਜਣਾਂ ਨੇ ਗੁਰਬਾਣੀ ਦੇ (ਹਵਾਲੇ ਅਧੀਨ) ਫ਼ੁਰਮਾਨ ਨਹੀਂ ਪੜ੍ਹੇ ਹੋਣੇ।’

ਗੁਰੂ ਦੇ ਇਹ ਫ਼ੁਰਮਾਨਾਂ ਦਾ ਹਵਾਲਾ ਦੇਣ ਵਾਲੇ ਲੇਖਕ ਸੱਜਣ ਨੂੰ ਮੇਰਾ ਇਹ ਸਵਾਲ ਹੈ ਕਿ ਇਨ੍ਹਾਂ ਗੁਰ ਬਚਨਾਂ ਵਿੱਚ ਕਿਥੇ ਲਿਖਿਆ ਹੈ ਕਿ ਮਹੀਨੇ ਦਾ ਅਰੰਭ (ਸੰਗ੍ਰਾਂਦ) ਉਸ ਸਮੇਂ ਹੁੰਦਾ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ? ਜਿਸ ਤਰ੍ਹਾਂ ਬਾਰਹ ਮਾਹਾ ਦੀ ਬਾਣੀ ਉਚਾਰਨ ਕੀਤੀ ਗਈ, ਉਸ ਤਰ੍ਹਾਂ ਦੀ ਕੋਈ ਵੀ ਬਾਰਹ ਰਾਸੀਆਂ ਨਾਮ ਹੇਠ ਕੋਈ ਬਾਣੀ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਰਾਸੀਆਂ ਦਾ ਲੜੀਵਾਰ ਕਿਧਰੇ ਨਾਮ ਹੀ ਲਿਖਿਆ ਹੈ। ਕਿਥੇ ਲਿਖਿਆ ਹੈ ਕਿ ਮਹੀਨੇ ਦੇ ਦਿਨ ਹਰ ਸਾਲ ਹੀ ਬਦਲ ਜਾਣੇ ਚਾਹੀਦੇ ਹਨ ? ਲੇਖਕ ਜਰਾ ਧਿਆਨ ਨਾਲ ਆਪਣੀ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਦੇ ਆਧਾਰ ’ਤੇ ਛਾਪੇ ਜਾ ਰਹੇ ਨਾਨਕਸ਼ਾਹੀ ਕੈਲੰਡਰਾਂ ਦੇ ਕੇਵਲ ਤਿੰਨ ਸਾਲਾਂ ਦੇ ਕੈਲੰਡਰਾਂ ਨੂੰ ਹੀ ਧਿਆਨ ਨਾਲ ਵੇਖੇ। ਲੇਖਕ ਅਤੇ ਪਾਠਕਾਂ ਦੀ ਸਹੂਲਤ ਲਈ ਪਿਛਲੇ ਤਿੰਨ ਸਾਲਾਂ ਦੇ ਕੈਲੰਡਰਾਂ ਦੇ ਮਹੀਨਿਆਂ ਦਾ ਅਰੰਭ ਅਤੇ ਦਿਨਾਂ ਦੀ ਗਿਣਤੀ ਦਾ ਚਾਰਟ ਹੇਠਾਂ ਦਿੱਤਾ ਜਾ ਰਿਹਾ ਹੈ।

ਬਿਕ੍ਰਮੀ ਸਾਲ ਦੇ ਮਹੀਨਿਆਂ ਦੇ ਨਾਮ ਬਿਕ੍ਰਮੀ 2072 (ਨਾ:ਸ਼ਾ: 547) ਸੰਮਤ 2073 (ਨਾ:ਸ਼ਾ: 548) ਸੰਮਤ 2074 (ਨਾ:ਸ਼ਾ: 549)
ਈਸਵੀ ਸੰਨ 2015-16 ਈਸਵੀ ਸੰਨ 2016-17 ਈਸਵੀ ਸੰਨ 2017-18
ਸੰਗਰਾਂਦ ਮਹੀਨੇ ਦੇ ਦਿਨਾਂ ਦੀ ਗਿਣਤੀ ਸੰਗਰਾਂਦ ਮਹੀਨੇ ਦੇ ਦਿਨਾਂ ਦੀ ਗਿਣਤੀ ਸੰਗਰਾਂਦ ਮਹੀਨੇ ਦੇ ਦਿਨਾਂ ਦੀ ਗਿਣਤੀ
ਚੇਤ 14 ਮਾਰਚ 31 ਦਿਨ 14 ਮਾਰਚ 30 ਦਿਨ 14 ਮਾਰਚ 30 ਦਿਨ
ਵੈਸਾਖ 14 ਅਪ੍ਰੈਲ 31 ਦਿਨ 13 ਅਪ੍ਰੈਲ 31 ਦਿਨ 13 ਅਪ੍ਰੈਲ 31 ਦਿਨ
ਜੇਠ 15 ਮਈ 31 ਦਿਨ 14 ਮਈ 31 ਦਿਨ 14 ਮਈ 32 ਦਿਨ
ਹਾੜ 15 ਜੂਨ 31 ਦਿਨ 14 ਜੂਨ 32 ਦਿਨ 15 ਜੂਨ 31 31 ਦਿਨ
ਸਾਵਣ 16 ਜੁਲਾਈ 32 ਦਿਨ 16 ਜੁਲਾਈ 31 ਦਿਨ 16 ਜੁਲਾਈ 31 ਦਿਨ
ਭਾਦੋਂ 17 ਅਗਸਤ 31 ਦਿਨ 16 ਅਗਸਤ 31 ਦਿਨ 16 ਅਗਸਤ 31 ਦਿਨ
ਅੱਸੂ 17 ਸਤੰਬਰ 30 ਦਿਨ 16 ਸਤੰਬਰ 30 ਦਿਨ 16 ਸਤੰਬਰ 31 ਦਿਨ
ਕੱਤਕ 17 ਅਕਤੂਬਰ 30 ਦਿਨ 16 ਅਕਤੂਬਰ 30 ਦਿਨ 17 ਅਕਤੂਬਰ 30 ਦਿਨ
ਮੱਘਰ 16 ਨਵੰਬਰ 30 ਦਿਨ 15 ਨਵੰਬਰ 30 ਦਿਨ 16 ਨਵੰਬਰ 29 ਦਿਨ
ਪੋਹ 16 ਦਸੰਬਰ 29 ਦਿਨ 15 ਦਸੰਬਰ 30 ਦਿਨ 16 ਦਸੰਬਰ 30 ਦਿਨ
ਮਾਘ 14 ਜਨਵਰੀ 30 ਦਿਨ 14 ਜਨਵਰੀ 30 ਦਿਨ 14 ਜਨਵਰੀ 29 ਦਿਨ
ਫੱਗਣ 13 ਫਰਵਰੀ 30 ਦਿਨ 12 ਫਰਵਰੀ 30 ਦਿਨ 12 ਫਰਵਰੀ 30 ਦਿਨ

ਹੁਣ ਵੇਖੋ ਜੇ ਇੱਕ ਸਾਲ ਵਿੱਚ ਮਹੀਨਾ 29 ਦਿਨਾਂ ਦਾ ਹੈ ਉਹ ਅਗਲੇ ਸਾਲ 30 ਦਿਨਾਂ ਦਾ; 30 ਦਿਨਾਂ ਵਾਲਾ 31 ਦਿਨਾਂ ਦਾ; 31 ਦਿਨਾਂ ਵਾਲਾ 32 ਦਿਨਾਂ ਦਾ ਅਤੇ ਉਸ ਤੋਂ ਅਗਲੇ ਸਾਲ ਇਸ ਤੋਂ ਉਲਟੇ ਕਰਮ ਵਿੱਚ ਘਟ ਵਧ ਜਾਂਦੇ ਹਨ। ਸਾਨੂੰ ਕੌਣ ਦੱਸੇਗਾ ਕਿ ਜੇ ਇਸ ਸਾਲ ਜੇਠ ਮਹੀਨਾ 32 ਦਿਨਾਂ ਦਾ ਹੈ ਤਾਂ ਅਗਲੇ ਸਾਲ ਕਿਹੜਾ ਮਹੀਨਾ 32 ਦਿਨਾਂ ਦਾ ਹੋਵੇਗਾ ? ਇਸ ਸਵਾਲ ਦਾ ਜਵਾਬ ਤਾਂ ਮੈਨੂੰ ਗੁਰਬਾਣੀ ਵਿੱਚੋਂ ਕਿਧਰੇ ਵੀ ਨਹੀਂ ਲੱਭਾ। ਗੁਰਬਾਣੀ ਪੜ੍ਹਨ ਵਾਲੇ ਲੇਖਕ ਨੂੰ ਜੇ ਕਿਧਰੇ ਮਿਲਿਆ ਹੋਵੇ ਤਾਂ ਉਸ ਨੂੰ ਜਰੂਰ ਸਾਡੇ ਗਿਆਨ ਵਿੱਚ ਵਾਧਾ ਕਰਨ ਦੀ ਬੇਨਤੀ ਹੈ। ਲੇਖਕ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਕਾਲ ਪੁਰਖ ਨੇ ਕੇਵਲ ਦਿਨ-ਰਾਤ, ਰੁੱਤਾਂ ਅਤੇ ਸਾਲ ਬਣਾਏ ਹਨ ਨਾ ਕਿ ਇਹ ਨਿਸਚਤ ਕੀਤਾ ਹੈ ਕਿ ਸਾਲ ਨੂੰ ਕਿਤਨੇ ਮਹੀਨਿਆਂ ਵਿੱਚ ਵੰਡਣਾ ਹੈ; ਇੱਕ ਮਹੀਨੇ ਵਿੱਚ ਕਿਤਨੇ ਦਿਨ ਹੋਣੇ ਚਾਹੀਦੇ ਹਨ ਅਤੇ ਦਿਨ ਦੇ ਸਮੇਂ ਨੂੰ ਸਮੇਂ ਦੀਆਂ ਕਿਹੜੀਆਂ ਇਕਾਈਆਂ ਵਿੱਚ ਵੰਡਣਾ ਹੈ। ਜਿਸ ਤਰ੍ਹਾਂ ਕਿ ਲੇਖਕ ਵੱਲੋਂ ਹਵਾਲੇ ਦੇ ਤੌਰ ’ਤੇ ਦਿੱਤੇ ਸ਼ਬਦ ਵਿੱਚ ਹੀ ਸਮੇਂ ਦੀਆਂ ਛੋਟੀਆਂ ਇਕਾਈਆਂ ਦੇ ਤੌਰ ’ਤੇ ਵਿਸੁਏ, ਚਸਿਆਂ, ਘੜੀਆਂ, ਪਹਰਾਂ ਦੀ ਵਰਤੋਂ ਕੀਤੀ ਗਈ ਹੈ ਪਰ ਅੱਜ ਲੇਖਕ ਸਮੇਤ ਇਨ੍ਹਾਂ ਇਕਾਈਆਂ ਦੀ ਕੋਈ ਵੀ ਵਰਤੋਂ ਨਹੀਂ ਕਰਦਾ ਸਗੋਂ ਵਿਸ਼ਵ ਭਰ ਵਿੱਚ ਘੰਟੇ, ਮਿੰਟ, ਸੈਕੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਜਿਹੜੇ ਮਨੁੱਖ ਗੁਰਬਾਣੀ ਵਿੱਚ ਵਰਤੀਆਂ ਸਮੇਂ ਦੀਆਂ ਇਕਾਈਆਂ ਦੀ ਵਰਤੋਂ ਕਰਨ ਦੀ ਥਾਂ ਘੰਟੇ ਮਿੰਟ ਸੈਕੰਡਾਂ ਦੀ ਵਰਤੋਂ ਕਰ ਰਹੇ ਹਨ ਕੀ ਲੇਖਕ ਸਾਹਿਬ ਉਨ੍ਹਾਂ ’ਤੇ ਦੋਸ਼ ਲਾਉਣਗੇ ਕਿ ਇਹ ਗੁਰੂ ਤੋਂ ਬੇਮੁਖ ਹਨ, ਗੁਰੂ ਦੀ ਨਿਰਾਦਰੀ ਕਰਦੇ ਹਨ, ਕੀ ਗੁਰੂ ਨੂੰ ਨਹੀਂ ਸੀ ਪਤਾ ਕਿ ਜਿਹੜੀਆਂ ਇਕਾਈਆਂ ਦੀ ਉਹ ਵਰਤੋਂ ਕਰ ਰਹੇ ਹਨ ਉਨ੍ਹਾਂ ਨਾਲ ਹਿਸਾਬ ਕਿਤਾਬ ਕਰਨਾ ਮੁਸ਼ਕਲ ਹੈ ਇਸ ਲਈ ਕੋਈ ਨਵੀਆਂ ਇਕਾਈਆਂ ਵਰਤ ਸਕਦੇ ਸਨ ?” ਲੇਖਕ ਸਾਹਿਬ ਜੀਉ ! ਗੁਰੂ ਸਾਹਿਬਾਨ ਕੈਲੰਡਰ ਅਤੇ ਮਿਣਤੀ ਗਿਣਤੀਆਂ ਦੀਆਂ ਇਕਾਈਆਂ ਬਣਾਉਣ ਨਹੀਂ ਬਲਕਿ ਮਨੁਖ ਨੂੰ ਇਹ ਸੋਝੀ ਦੇਣ ਆਏ ਸਨ ਕਿ ਜੀਵਨ ਕਿਸ ਤਰ੍ਹਾਂ ਗੁਜਾਰਨਾ ਹੈ, ਕਿਹੜੇ ਮੰਦ ਕਰਮ ਨਹੀਂ ਕਰਨੇ ਅਤੇ ਕਿਹੜੇ ਭਲੇ ਕੰਮ ਕਰਨੇ ਹਨ, ਕਿਹੜੇ ਅਵਗੁਣਾਂ ਦਾ ਤਿਆਗ ਕਰਕੇ ਚੰਗੇ ਗੁਣ ਧਾਰਨ ਕਰਨੇ ਹਨ। ਇਸ ਲਈ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਨ੍ਹਾਂ ਹੀ ਇਕਾਈਆਂ ਦੀ ਵਰਤੋਂ ਕੀਤੀ ਹੈ ਜਿਹੜੀਆਂ ਉਸ ਸਮੇਂ ਪ੍ਰਚਲਤ ਸਨ ਨਾ ਕਿ ਇਹ ਪਾਬੰਦੀ ਲਾਈ ਹੈ ਕਿ ਜਿਹੜੀਆਂ ਇਕਾਈ ਉਨ੍ਹਾਂ ਦੇ ਸਮੇਂ ਦੌਰਾਨ ਵਰਤੀਆਂ ਜਾ ਰਹੀਆਂ ਸਨ ਉਨ੍ਹਾਂ ਦਾ ਬਿਲਕੁਲ ਹੀ ਤਿਆਗ ਨਹੀਂ ਕਰਨਾ ਭਾਵੇਂ ਕਿ ਉਹ ਇਕਾਈਆਂ ਕਿਤਨੀਆਂ ਵੀ ਦੋਸ਼ਪੂਰਨ ਕਿਉਂ ਨਾ ਹੋਣ। ਸ਼ਾਇਦ ਲੇਖਕ ਨੂੰ ਇਹ ਵੀ ਨਹੀਂ ਪਤਾ ਕਿ ਦੁਨੀਆਂ ਵਿੱਚ ਸੈਂਕੜੇ ਕੈਲੰਡਰ ਇਸ ਸਮੇਂ ਵੱਖ ਵੱਖ ਦੇਸ਼ਾਂ ਵਿੱਚ ਪ੍ਰਚੱਲਤ ਹਨ ਜਿਨਾਂ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਜਰੂਰੀ ਨਹੀਂ ਕਿ ਇੱਕ ਦੂਜੇ ਨਾਲ ਮਿਲਦੀ ਹੋਵੇ ਇੱਥੋਂ ਤੱਕ ਕਿ ਕਈ ਕੈਲੰਡਰਾਂ ਦੇ ਤਾਂ ਮਹੀਨਿਆਂ ਦੀ ਗਿਣਤੀ ਵੀ ਵੱਧ ਘੱਟ ਹੈ; ਮਿਸਾਲ ਦੇ ਤੌਰ ’ਤੇ ਗੂਗਲ ਵਿੱਚ ਜਾ ਕੇ ਕੁਝ ਕੈਲੰਡਰ ਵੇਖੋ ਅਤੇ ਮਹੀਨਿਆਂ ਤੇ ਦਿਨਾਂ ਦੀ ਗਿਣਤੀ ਦਾ ਚਾਰਟ ਬਣਾਓ ਤੇ ਵੇਖੋ:

ਕੈਲੰਡਰ ਦਾ ਨਾਮ ਕਿਸ ਦੇਸ਼ ਵਿੱਚ ਪ੍ਰਚਲਤ ਹੈ ਸਾਲ ਦੀ ਲੰਬਾਈ ਦਿਨਾਂ ਵਿੱਚ ਮਹੀਨਿਆਂ ਦੀ ਗਣਤੀ ਦਿਨਾਂ ਦੀ ਗਿਣਤੀ
ਜੂਲੀਅਨ 1752 ਤੋਂ ਪਹਿਲਾਂ ਵਿਸ਼ਵ ਦੇ ਵੱਡੇ ਹਿੱਸੇ ਵਿੱਚ ਅਤੇ ਹੁਣ ਵੀ ਉਤਰੀ ਅਫਰੀਕਾ ਦੇ ਕਈ ਭਾਗਾਂ ਵਿੱਚ 365.2500 ਦਿਨ 12 365/66 ਦਿਨ
ਗ੍ਰੈਗੋਰੀਅਨ ਲਗਪਗ ਸਾਰੀ ਦੁਨੀਆਂ ਵਿੱਚ 365.2425 ਦਿਨ 12 365/366 ਦਿਨ
ਕੋਪਟਿਕ ਆਰਥੋਡੈਕਸ ਚਰਚ ਮਿਸ਼ਰ 365.2500 ਦਿਨ 13 12 ਮਹੀਨੇ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ 5/6 ਦਿਨਾਂ ਦਾ
ਇਥੋਪਿਕ ਆਰਥੋਡੈਕਸ ਚਰਚ ਇਥੋਪੀਆ 365.2500 ਦਿਨ 13 12 ਮਹੀਨੇ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ 5/6 ਦਿਨਾਂ ਦਾ
       ISO (ਆਈ.ਐੱਸ.ਓ.) ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਏਸ਼ਨ 52.1775 ਹਫਤੇ 364/71 ਦਿਨ52/53 ਹਫਤੇ
ਸੂਰਜੀ ਬਿਕ੍ਰਮੀ               ਭਾਰਤ 365.2587 ਦਿਨ 12 365/66 ਦਿਨ
ਚੰਦਰ ਬਿਕ੍ਰਮੀ       ਭਾਰਤ (ਆਮ ਸਾਲ)

   (ਹਰ ਦੂਜਾ ਜਾਂ ਤੀਜਾ ਸਾਲ)

354.3697 ਦਿਨ383.8975 ਦਿਨ 1213 354/55 ਦਿਨ383/84 ਦਿਨ
ਹਿਜ਼ਰੀ     ਇਸਲਾਮਿਕ ਦੇਸ਼ਾਂ ਵਿੱਚ 354.3697 ਦਿਨ 12 354/55 ਦਿਨ
ਸਾਕਾ              ਭਾਰਤ 365.2425 ਦਿਨ 12 365/366 ਦਿਨ
ਨਾਨਕਸ਼ਾਹੀ ਲਗਪਗ ਸਾਰੀ ਦੁਨੀਆਂ ਵਿੱਚ ਜਿਥੇ ਜਿਥੇ ਸਿੱਖ ਵਸੋਂ ਹੈ 365.2425 ਦਿਨ 12 365/366 ਦਿਨ
           

ਲੇਖਕ ਮੁਤਾਬਿਕ ਜੇ ਕੈਲੰਡਰ ਰੱਬ ਨੇ ਹੀ ਬਣਾਏ ਹੁੰਦੇ ਤਾਂ ਸਾਰੇ ਕੈਲ਼ੰਡਰ ਇੱਕਸਾਰ ਹੁੰਦੇ ਪਰ ਕਿਉਂਕਿ ਇਹ ਮਨੁਖਾਂ ਨੇ ਆਪਣੀ ਆਪਣੀ ਸੂਝ ਅਤੇ ਲੋੜ ਅਨੁਸਾਰ ਬਣਾਏ ਹਨ ਇਸ ਲਈ ਇਨ੍ਹਾਂ ਵਿੱਚ ਭਿੰਨਤਾ ਹੈ। ਕੈਲੰਡਰ ਵਿਗਿਆਨ ਅਨੁਸਾਰ ਸਭ ਤੋਂ ਉੱਤਮ ਉਹ ਕੈਲੰਡਰ ਹੁੰਦਾ ਹੈ ਜਿਸ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਜਿਹੜਾ ਰੱਬ ਨੇ ਬਣਾਇਆ ਹੈ; ਦੇ ਸਭ ਤੋਂ ਨੇੜੇ ਹੋਵੇ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸਚਤ ਹੋਵੇ ਅਤੇ ਯਾਦ ਰੱਖਣ ਵਿੱਚ ਅਸਾਨੀ ਹੋਵੇ। ਇਸ ਹਿਸਾਬ ਨਾਲ ਨਾਨਕਸ਼ਾਹੀ ਕੈਲੰਡਰ ਹੁਣ ਤੱਕ ਵਿਸ਼ਵ ਭਰ ’ਚ ਬਣੇ ਸਭ ਕੈਲੰਡਰਾਂ ਨਾਲੋਂ ਉੱਤਮ ਹੈ ਜਿਸ ਦੇ ਪਹਿਲੇ ਪੰਜ ਮਹੀਨੇ 31-31 ਦਿਨਾਂ ਦੇ; ਪਿਛਲੇ 6 ਮਹੀਨੇ 30-30 ਦਿਨਾਂ ਦੇ ਅਤੇ ਆਖਰੀ ਮਹੀਨਾ ਆਮ ਸਾਲਾਂ ਵਿੱਚ 30 ਦਿਨਾਂ ਦਾ ਅਤੇ ਲੀਪ ਦੇ ਸਾਲ ਵਿੱਚ 31 ਦਿਨਾਂ ਦਾ। ਨਾਨਕਸ਼ਾਹੀ ਕੈਲੰਡਰ ਦਾ ਦੂਸਰਾ ਗੁਣ ਇਹ ਹੈ ਕਿ ਇਹ ਦੁਨੀਆਂ ਭਰ ਵਿੱਚ ਪ੍ਰਚਲਤ ਗ੍ਰੈਗੋਰੀਅਨ ਕੈਲੰਡਰ ਨਾਲ ਬਿਲਕੁਲ ਸਿੰਕਰੋਨਾਈਜ਼ ਹੋ ਗਿਆ ਜਿਸ ਨਾਲ ਇੱਕ ਵਾਰ ਨਿਸਚਤ ਹੋਈਆਂ ਤਰੀਕਾਂ ਹਮੇਸ਼ਾਂ ਹੀ ਉਨ੍ਹਾਂ ਹੀ ਤਰੀਕਾਂ ਨੂੰ ਆਉਂਦੀਆਂ ਰਹਿਣਗੀ ਜਿਸ ਕਾਰਨ ਇਸ ਦਾ ਲਾਭ ਹੈ ਕਿ ਇਸ ਕੈਲੰਡਰ ਨੂੰ ਹਰ ਦੇਸ਼/ਪ੍ਰਾਂਤ ਤੇ ਕੌਮ ਦੀ ਵਸੋਂ ਬਹੁਤ ਹੀ ਅਸਾਨੀ ਨਾਲ ਸਮਝ ਸਕਦੀ ਹੈ। ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਤਾਂ ਭਾਰਤ ਵਿੱਚ ਹੀ ਵੱਖ ਵੱਖ ਸੂਬਿਆਂ ਦੇ ਵੱਖ ਨਿਯਮ ਹਨ ਇਸੇ ਕਾਰਨ ਤਾਮਿਲਨਾਡੂ ਦੇ ਨਿਯਮ ਅਨੁਸਾਰ 1699 ਦੀ ਵੈਸਾਖੀ 30 ਮਾਰਚ ਨੂੰ ਸੀ ਜਦੋਂ ਕਿ ਪੰਜਾਬ ਦੇ ਨਿਯਮ ਮੁਤਾਬਿਕ 29 ਮਾਰਚ ਨੂੰ ਸੀ। ਅੱਜ ਕੱਲ੍ਹ ਵੀ ਉਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਕੈਲੰਡਰਾਂ ਵਿੱਚ ਤਿੰਨ ਚਾਰ ਸੰਗਰਾਂਦਾਂ ਇੱਕ ਜਾਂ ਦੋ ਦਿਨਾਂ ਦੇ ਫਰਕ ਨਾਲ ਆ ਜਾਂਦੀਆਂ ਹਨ। ਇਸ ਦੇ ਸੂਰਜੀ ਸਾਲ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਹੀ ਬਦਲਦੀ ਰਹਿੰਦੀ ਹੈ; ਚੰਦਰ ਸਾਲ ਵਿੱਚ ਕਿਸੇ ਸਾਲ ਦੇ 12 ਮਹੀਨੇ ਅਤੇ ਕਿਸੇ ਸਾਲ 13 ਮਹੀਨੇ; ਚੰਦਰ ਮਹੀਨੇ ਦੀ ਕੋਈ ਇੱਕ ਤਿੱਥ ਲਗਾਤਾਰ ਦੋ ਦਿਨ ਆ ਜਾਂਦੀ ਹੈ ਤੇ ਕਿਸੇ ਦਿਨ ਦੋ ਤਿੱਥਾਂ ਇਕੇ ਦਿਨ ਆ ਜਾਂਦੀਆਂ ਹਨ ਭਾਵ ਇੱਕ ਤਿੱਥ ਹੀ ਖਤਮ ਹੋ ਜਾਂਦੀ ਹੈ। ਹੋਰ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਸਾਲ ਇੱਕੇ ਨਾਮ ਦੇ ਦੋ ਮਹੀਨੇ ਆ ਜਾਂਦੇ ਹਨ ਜਿਵੇਂ ਕਿ 2015 ਵਿੱਚ ਹਾੜ ਦੇ ਦੋ ਮਹੀਨੇ ਸਨ ਅਤੇ ਕੋਈ ਮਹੀਨਾ ਹੀ ਖਤਮ ਹੋ ਜਾਂਦਾ ਹੈ; ਜਿਵੇਂ ਕਿ ਸੰਮਤ 2085 (2028-29 ਈ:) ਵਿੱਚ ਪੋਹ ਦਾ ਮਹੀਨਾ ਹੀ ਨਹੀ ਆਵੇਗਾ ਤਾਂ ਉਸ ਸਾਲ ਪੋਹ ਸੁਦੀ 7 ਦਾ ਗੁਰਪੁਰਬ ਕਿਹੜੇ ਦਿਨ ਮਨਾਇਆ ਜਾਏਗਾ ?

ਸ਼ਾਇਦ ਗੁਰਬਾਣੀ ਪੜ੍ਹਨ ਅਤੇ ਉਸ ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੇ ਲੇਖਕ ਨੂੰ ਤਾਂ ਇਸ ਗੱਲ ਦੀ ਸਮਝ ਹੀ ਨਾ ਪਵੇ ਪਰ ਪਾਠਕਾਂ ਨੂੰ ਜਰੂਰ ਵੀਚਾਰ ਕਰ ਲੈਣੀ ਚਾਹੀਦੀ ਹੈ ਕਿ ਜੂਲੀਅਨ ਕੈਲੰਡਰ; ਮੌਸਮੀ ਸਾਲ (ਧਰਤੀ ਦਾ ਸੂਰਜ ਦੁਆਲੇ ਇੱਕ ਚੱਕਰ = 365.2422 ਦਿਨ = 365 ਦਿਨ 5 ਘੰਟੇ 48 ਮਿੰਟ 45 ਸੈਕੰਡ) ਨਾਲੋਂ ਤਕਰੀਬਨ ਸਵਾ 11 ਮਿੰਟ ਵੱਧ ਹੋਣ ਕਰਕੇ 128 ਸਾਲਾਂ ਵਿੱਚ ਮੌਸਮ ਨਾਲੋਂ ਅੱਗੇ ਨਿਕਲ ਜਾਂਦਾ ਸੀ ਇਸ ਲਈ 325 ਈ: ਤੋਂ 16ਵੀਂ ਸਦੀ ਦੇ ਅੱਧ ਤਕ 10 ਦਿਨ ਅੱਗੇ ਨਿਕਲ ਗਿਆ। ਭਾਵ ਜਿਹੜਾ ਈਕੌਨਿਕਸ (Equinox = ਦਿਨ-ਰਾਤ ਬਰਾਬਰ ਹੋਣ ਦਾ) ਦਿਨ 325 ਈਸਵੀ ’ਚ 21 ਮਾਰਚ ਨੂੰ ਸੀ ਉਹ 11 ਮਾਰਚ ਨੂੰ ਹੋ ਗਿਆ ਇਸ ਲਈ 10 ਦਿਨ ਦਾ ਫਰਕ ਕੱਢਣ ਲਈ 1582 ਈ: ਵਿੱਚ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਕਰ ਲਿਆ। ਇਸ ਤਰ੍ਹਾਂ ਉਸ ਸਮੇਂ ਤੱਕ ਪਿਆ 10 ਦਿਨਾਂ ਦਾ ਫਰਕ ਕੱਢ ਲਿਆ ਅਤੇ ਅੱਗੇ ਤੋਂ ਇਹ ਫਰਕ ਨਾ ਪਵੇ ਇਸ ਲਈ 400 ਸਾਲਾਂ ਦੇ ਸਪੈਨ ਵਿੱਚ ਲੀਪ ਦੇ ਸਾਲਾਂ ਦੀ ਗਿਣਤੀ 100 ਤੋਂ ਘਟਾ ਕਿ 97 ਕਰ ਦਿੱਤੀ ਇਸ ਨਾਲ ਸਾਲ ਦੀ ਲੰਬਾਈ 365.25 ਤੋਂ ਘਟਾ ਕੇ 365.2425 ਰਹਿ ਗਈ ਜਿਹੜੀ ਕਿ ਹੁਣ ਮੌਸਮੀ ਸਾਲ ਦੀ ਲੰਬਾਈ 365.2422 ਦਿਨਾਂ ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ 3333 ਸਾਲਾਂ ਵਿੱਚ ਮੌਸਮੀ ਸਾਲ ਨਾਲੋਂ ਕੇਵਲ ਇੱਕ ਦਿਨ ਦਾ ਫਰਕ ਪੈਂਦਾ ਹੈ ਜਿਹੜਾ ਕਿ ਪਹਿਲਾਂ 128 ਸਾਲਾਂ ਵਿੱਚ ਹੀ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਅਤੇ ਬਿਕ੍ਰਮੀ ਕੈਲੰਡਰ ਦੇ ਹਿਮਾਇਤੀ ਦੱਸ ਸਕਦੇ ਹਨ ਕਿ ਬਿਕ੍ਰਮੀ ਕੈਲੰਡਰ ਦਾ ਈਕੌਨਿਕਸ (Equinox = ਦਿਨ-ਰਾਤ ਬਰਾਬਰ ਹੋਣ ਦਾ ਦਿਨ) ਅਤੇ ਸੋਲਿਸਟਾਈਸ (Solstice = ਵੱਡੇ ਤੋਂ ਵੱਡਾ ਦਿਨ ਜਾਂ ਵੱਡੀ ਤੋਂ ਵੱਡੀ ਰਾਤ ਵਾਲਾ ਦਿਨ) ਕਿਸ ਦਿਨ ਹੁੰਦਾ ਹੈ ? ਉਨ੍ਹਾਂ ਦੇ ਗਿਆਤ ਹਿੱਤ ਦੱਸ ਦੇਣਾ ਚਾਹੁੰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਪਰਦਾਈ ਟੀਕੇ ਵਿੱਚ: ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ (ਤੁਖਾਰੀ ਬਾਰਹਮਾਹਾ, ਮ: 1/ ਪਾਵਨ ਅੰਕ 1108) ਦੀ ਵਿਆਖਿਆ ਕਰਦੇ ਸਮੇਂ ਟੀਕਾਕਾਰ ਨੇ ਲਿਖਿਆ ਹੈ: ‘ਜਿਸ ਵੇਲੇ ਸੂਰਜ ਦਾ ਰਥ ਹਾੜ 13 ਨੂੰ ਦਖਨਾਇਣ ਵੱਲ ਮੁੜਦਾ ਹੈ ਧਨ (ਇਸਤਰੀ ਅਤੇ ਮੁਸਾਫਰ) ਬ੍ਰਿਛ ਦੀ ਛਾਇਆ ਤਾਕੈ (ਤਕਦੇ ਹਨ) ਅਤੇ ਟੀਡ (ਬਿੰਡੇ) ਬਾਰੇ (ਉਜਾੜ ਜੂਹ) ਮੰਝਿ (ਵਿੱਚ) ਲਵੈ (ਬੋਲਦੇ ਹਨ)’।

ਦਿਨਾਂ ਦੇ ਵੱਡੇ ਹੋਣਾ ਜਾਂ ਛੋਟੇ ਹੋਣ ਨਾਲ ਰੁੱਤਾਂ ਬਦਲਦੀਆਂ ਹਨ। ਸੰਪਰਦਾਈ ਦਾਅਵਾ ਕਰਦੇ ਹਨ ਕਿ ਇਹ ਅਰਥ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸੁਣਾਏ ਸਨ। ਇਸ ਦਾ ਭਾਵ ਹੈ ਕਿ 1699 ਦੇ ਨੇੜੇ ਤੇੜੇ ਸੂਰਜ ਦਾ ਰੱਥ 13 ਹਾੜ ਨੂੰ ਦਖਨਾਇਣ ਵੱਲ ਫਿਰਦਾ ਸੀ ਭਾਵ 13 ਹਾੜ ਵੱਡੇ ਤੋਂ ਵੱਡਾ ਦਿਨ ਸੀ ਅਤੇ ਗਰਮੀ ਦੀ ਰੁਤ ਦਾ ਜੋਬਨ ਦਾ ਦਿਨ ਸੀ ਜਿਸ ਪਿੱਛੋਂ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਪੋਹ ਦੇ ਮਹੀਨੇ ’ਚ ਪਹੁੰਚ ਕੇ ਸਰਦੀ ਦੀ ਰੁੱਤ ਜੋਬਨ ’ਤੇ ਪਹੁੰਚ ਜਾਂਦੀ ਹੈ ਉਸ ਵੇਲੇ ਸੂਰਜ ਦਾ ਰਥ ਦਖਨਾਇਣ ਤੋਂ ਉਤਰਾਇਣ ਵੱਲ ਫਿਰ ਜਾਂਦਾ ਹੈ ਤੇ ਰੁੱਤਾਂ ਗਰਮੀ ਵੱਲ ਵਧਣੀਆਂ ਸ਼ੁਰੂ ਕਰਦੀਆਂ ਹਨ। ਲੇਖਕ ਸਮੇਤ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਵੀਰ ਦੱਸਣ ਤਾਂ ਸਹੀ ਕਿ ਗੁਰੂ ਸਾਹਿਬਾਨ ਦੇ ਸਮੇਂ ਸੋਲਿਸਟਾਈਸ (Solstice = ਵੱਡੇ ਤੋਂ ਵੱਡਾ ਦਿਨ ਜਾਂ ਵੱਡੀ ਤੋਂ ਵੱਡੀ ਰਾਤ ਵਾਲਾ ਦਿਨ) ਅਤੇ ਈਕੌਨਿਕਸ (Equinox = ਦਿਨ-ਰਾਤ ਬਰਾਬਰ ਹੋਣ ਦੇ) ਦਿਨ ਬਿਕ੍ਰਮੀ ਕੈਲੰਡਰ ਦੀਆਂ ਕਿਹੜੀਆਂ ਕਿਹੜੀਆਂ ਤਰੀਖਾਂ ਨੂੰ ਹੁੰਦੇ ਸਨ ਅਤੇ ਹੁਣ ਕਿਨਾਂ ਤਰੀਖਾਂ ਨੂੰ। ਪਾਠਕਾਂ ਦੇ ਗਿਆਤ ਲਈ ਇਹ ਦਿਨ ਹੇਠਾਂ ਦਿੱਤੇ ਚਾਰਟ ਵਿੱਚੋਂ ਵੇਖੇ ਜਾ ਸਕਦੇ ਹਨ।

   
ਬਿਕ੍ਰਮੀ ਸੰਮਤ ਈਸਵੀ ਸੰਨ ਸੂਰਜ ਦਾ ਉਤਰਾਇਣ ਤੋਂ ਦੱਖਣਾਇਣ ਵੱਲ ਰਥ ਫਿਰਨਾ= 

ਸੋਲਿਸਟਾਈਸ (Solstice = ਵੱਡੇ ਤੋਂ ਵੱਡਾ ਦਿਨ)

ਦੇਸੀ ਮਹੀਨੇ ਦੀ ਤਰੀਖ ਅੰਗਰੇਜੀ ਮਹੀਨੇ ਦੀ ਤਰੀਖ ਦਿਨ
1526 1469 16 ਹਾੜ 12 ਜੂਨ ਜੂਲੀਅਨ/21 ਜੂਨ ਗ੍ਰੈਗੋਰੀਅਨ ਸੋਮਵਾਰ
1756 1699 13 ਹਾੜ 11 ਜੂਨ ਜੂਲੀਅਨ/21 ਜੂਨ ਗ੍ਰੈਗੋਰੀਅਨ ਐਤਵਾਰ
2056 1999 07 ਹਾੜ 21 ਜੂਨ ਗ੍ਰੈਗੋਰੀਅਨ ਸੋਮਵਾਰ
2572 2515 30 ਜੇਠ 21 ਜੂਨ ਗ੍ਰੈਗੋਰੀਅਨ ਸ਼ੁਕਰਵਾਰ
3057 3000 22 ਜੇਠ 21 ਜੂਨ ਗ੍ਰੈਗੋਰੀਅਨ ਸ਼ਨੀਵਾਰ
             

ਕੀ ਇਸ ਚਾਰਟ ਨੂੰ ਵੇਖ ਕੇ ਨਹੀਂ ਪਤਾ ਲਗਦਾ ਕਿ ਗਰਮ ਰੁੱਤ ਦੇ ਜੋਬਨ ਦਾ ਦਿਨ 16 ਹਾੜ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਅੱਜ 7 ਹਾੜ ਤੱਕ ਖਿਸਕ ਗਿਆ ਭਾਵ ਪੰਜ ਸੌ ਸਾਲ ਵਿੱਚ ਹੀ 9 ਦਿਨ ਦਾ ਫਰਕ ਪੈ ਗਿਆ; ਆਉਣ ਵਾਲੇ ਪੰਜ ਸੌ ਸਾਲ ਵਿੱਚ 9 ਦਿਨ ਦਾ ਹੋਰ ਫਰਕ ਪੈ ਕੇ 30 ਜੇਠ ਪਹੁੰਚ ਜਾਵੇਗਾ ਅਤੇ 1040 ਸਾਲ ਬਾਅਦ ਇਹ 22 ਜੇਠ ਜਾ ਪਹੁੰਚੇਗਾ। ਪੰਜ ਸੌ ਸਾਲ ਪਿੱਛੋਂ ਬਾਰਹ ਮਾਹਾ ਦਾ ਪਾਠ ਕਰਦੇ ਸਮੇਂ ਅਸੀਂ ਪੜ੍ਹਾਂਗੇ ਕਿ ਹਾੜ ਦੇ ਮਹੀਨੇ ਵਿੱਚ ਸੂਰਜ ਦਾ ਰਥ ਫਿਰਦਾ ਹੈ ਪਰ ਉਹ ਤਾਂ ਪਹਿਲਾਂ ਹੀ ਜੇਠ ਦੇ ਮਹੀਨੇ ਵਿੱਚ ਫਿਰ ਚੁੱਕਾ ਹੋਵੇਗਾ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਦੇ ਬਿਲਕੁਲ ਨਜ਼ਦੀਕ ਭਾਵ 365.2425 ਦਿਨ ਕਰਨ ਨਾਲ ਇਹ 3332 ਸਾਲਾਂ ਤੱਕ ਇਕ ਹੀ ਤਰੀਖ 7 ਹਾੜ ਜਿੱਥੇ 1999 ਈ: ਨੂੰ ਸੀ; ’ਤੇ ਟਿਕਿਆ ਰਹੇਗਾ। ਹੁਣ ਪਾਠਕ ਖੁਦ ਅੰਦਾਜ਼ਾ ਲਾ ਸਕਦੇ ਹਨ ਕਿ ਗੁਰਬਾਣੀ ’ਤੇ ਕਿਹੜਾ ਕੈਲੰਡਰ ਪੂਰਾ ਉਤਰਦਾ ਹੈ।

ਇਤਿਹਾਸ ਸਬੰਧੀ ਗੱਲ ਕਰੀਏ ਤਾਂ ਇਸ ਗੱਲ ਤੋਂ ਕੌਣ ਮੁਨਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਨੂੰ ਹੋਇਆ ਸੀ। ਨਾਨਕਸ਼ਾਹੀ ਕੈਲੰਡਰ ’ਚ ਪ੍ਰਕਾਸ਼ ਦਿਹਾੜਾ ਸੂਰਜੀ ਤਰੀਖ 23 ਪੋਹ ਨਿਸਚਤ ਕੀਤੀ ਗਈ ਹੈ ਜੋ ਹਜਾਰਾਂ ਸਾਲਾਂ ਤੱਕ ਹਮੇਸ਼ਾਂ ਲਈ ਵਿਸ਼ਵ ਭਰ ਵਿੱਚ ਪ੍ਰਚਲਤ ਸਾਂਝੇ ਕੈਲੰਡਰ ਦੀ 5 ਜਨਵਰੀ ਨੂੰ ਹੀ ਆਉਂਦਾ ਰਹੇਗਾ ਤਾਂ ਦੱਸੋ ਇਸ ਨਾਲ ਇਤਿਹਾਸ ਨੂੰ ਕਿਹੜੀ ਢਾਹ ਲੱਗ ਗਈ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਅਧਾਰ ’ਤੇ ਬਣਾਏ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਨਾਨਕਸ਼ਾਹੀ ਸੰਮਤ 545 ਵਿੱਚ ਲਿਖਿਆ ਸੀ 7 ਜਨਵਰੀ; 546 ਵਿੱਚ ਲਿਖਿਆ ਸੀ 28 ਦਸੰਬਰ; 547 ਵਿੱਚ ਲਿਖਿਆ ਸੀ 3 ਮਾਘ, 548 ਵਿੱਚ ਲਿਖਿਆ ਸੀ 22 ਪੋਹ; 549 ਵਿੱਚ ਲਿਖਿਆ ਹੈ 11 ਪੋਹ। ਲੇਖਕ ਸਾਹਿਬ ਪਾਠਕਾਂ ਨੂੰ ਦੱਸਣ ਦੀ ਖੇਚਲ ਕਰਨ ਕਿ ਇਨ੍ਹਾਂ ਪੰਜਾਂ ਤਰੀਖਾਂ ਵਿੱਚੋਂ ਕਿਹੜੀ ਇਤਿਹਾਸ ਨਾਲ ਮੇਲ ਖਾਂਦੀ ਹੈ ? ਜੇ ਉਹ ਕਹਿੰਦੇ ਹਨ ਕਿ ਗੁਰਪੁਰਬ ਹਰ ਸਾਲ ਹੀ ਪੋਹ ਸੁਦੀ 7 ਨੂੰ ਮਨਾਇਆ ਜਾ ਰਿਹਾ ਹੈ ਤਾਂ ਪਾਠਕ ਜਨ ਜਰਾ ਧਿਆਨ ਨਾਲ ਵੇਖਣ ਕਿ ਪੋਹ ਸੁਦੀ 7 ਲਿਖਿਆ ਹੋਇਆ ਉਨ੍ਹਾਂ ਨੂੰ ਕਿਸੇ ਵੀ ਕੈਲੰਡਰ ਵਿੱਚ ਨਜ਼ਰੀਂ ਪੈਂਦਾ ਹੈ ? ਜੇ ਨਹੀਂ ਤਾਂ ਹੰਕਾਰ ਨਾਲ ਭਰੇ ਅਜਿਹੇ ਵਿਅਕਤੀ ਕਿਹੜੇ ਮੂੰਹ ਨਾਲ ਕਹਿ ਰਹੇ ਹਨ ਕਿ ਜਥੇਦਾਰਾਂ ਵੱਲੋਂ ਐਲਾਨਿਆ ਗਿਆ ਕੈਲੰਡਰ ਹੀ ਸਭ ਤੋਂ ਸ਼ੁੱਧ ਹੈ ਤੇ ਸਾਨੂੰ ਇਸ ਅਨੁਸਾਰ ਹੀ ਆਪਣੇ ਸਾਰੇ ਦਿਹਾੜੇ ਮਨਾਉਣੇ ਚਾਹੀਦੇ ਹਨ ?

ਆਪਣੇ ਲੇਖ ਵਿੱਚ ਲੇਖਕ ਜੀ ਅੱਗੇ ਲਖਦੇ ਹਨ ਕਿ ‘ਜਿਸ ਦਿਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖ਼ਸ਼ੀ ਉਸ ਤੋਂ ਅਗਲੇ ਦਿਨ ਤੀਜੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਪਰ ਪੁਰੇਵਾਲ ਦਾ ਕੈਲੰਡਰ ਸਿੱਧ ਕਰ ਰਿਹਾ ਹੈ ਕਿ ਤੀਜੇ ਪਾਤਸ਼ਾਹ ਨੇ ਉਸ ਦਿਨ ਹੀ ਗੁਰਿਆਈ ਬਖ਼ਸ਼ੀ ਅਤੇ ਉਸੇ ਦਿਨ ਜੋਤੀ ਜੋਤ ਸਮਾਏ ਸਨ। ਇਨ੍ਹਾਂ ਲੋਕਾਂ ਵੱਲੋਂ ਹਰਿਮੰਦਰ ਸਾਹਿਬ, ਜਿੱਥੋਂ ਸਾਰੇ ਸੰਸਾਰ ਨੂੰ ਅਰਦਾਸ ਦੇ ਮੌਕੇ ’ਤੇ ਇਨ੍ਹਾਂ ਪਾਵਨ ਗੁਰਪੁਰਬਾਂ ਦੀ ਜਾਣਕਾਰੀ ਮਿਲਦੀ ਹੈ, ਉਥੇ ਇੱਕ ਦਿਨ ਵਿੱਚ ਤਿੰਨ ਤਿੰਨ ਪਾਵਨ ਗੁਰਪੁਰਬਾਂ ਦੀਆਂ ਅਰਦਾਸਾਂ ਪੱਕੀਆਂ ਕਰ ਦਿੱਤੀਆਂ ਗਈਆਂ।’

ਆਪਣੇ ਕਥਨ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਲੇਖਕ ਨੇ ਕੋਈ ਇਤਿਹਾਸਕ ਹਵਾਲਾ ਨਹੀਂ ਦਿੱਤਾ ਪਰ ਕਿੰਨਾਂ ਚੰਗਾ ਹੁੰਦਾ ਜੇ ਇਹ ਲਿਖਣ ਤੋਂ ਪਹਿਲਾਂ ਲੇਖਕ ਸਾਹਿਬ ਜੀ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਪੜ੍ਹ ਲੈਂਦੇ। ਮਹਾਨ ਕੋਸ਼ ਵਿੱਚ ‘ਅਮਰਦਾਸ ਸਤਿਗੁਰੂ’ ਸਿਰਲੇਖ ਹੇਠ ਭਾਈ ਸਾਹਿਬ ਜੀ ਲਿਖਦੇ ਹਨ : ‘ਭਾਦੋਂ ਸੁਦੀ 15 ਬਿਕ੍ਰਮੀ ਸੰਮਤ 1631 (2 ਅੱਸੂ ਸੰਮਤ 1631; 1 ਸਤੰਬਰ ਸੰਨ 1574 ਨੂੰ ਆਪ ਜੋਤੀ ਜੋਤ ਸਮਾਏ’।

‘ਰਾਮਦਾਸ ਸਤਿਗੁਰੂ’ ਸਿਰਲੇਖ ਹੇਠ ਲਿਖਦੇ ਹਨ : ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦ ਸ਼੍ਰੀ ਰਾਮਦਾਸ ਜੀ ਦੀ ਘਾਲ ਕਮਾਈ ਪਰਵਾਣ ਹੋਈ ਦੇਖੀ; ਤਦ ਪ੍ਰਸੰਨ ਹੋ ਕੇ 2 ਅੱਸੂ ਸੰਮਤ 1631; ਸੰਨ 1574 ਨੂੰ ਗੁਰੁਤਾ ਬਖ਼ਸ਼ੀ’। ਅੱਗੇ ਲਿਖਦੇ ਹਨ ‘2 ਅੱਸੂ (ਭਾਦੋਂ ਸੁਦੀ 3) ਸੰਮਤ 1638, (ਸੰਨ 1581) ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਏ’।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਪਾਵਨ ਅੰਕ 923 ’ਤੇ ਬਾਬਾ ਸੁੰਦਰ ਜੀ ਲਿਖਦੇ ਹਨ : ਸਤਿਗੁਰਿ, ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਨ ਭਾਇਆ ॥ …… 4॥ ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥… ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ॥5॥ ਗੁਰਬਾਣੀ ਪੜ੍ਹਨ ਤੇ ਗੁਰਬਾਣੀ ਦਾ ਅਦਬ ਕਰਨ ਵਾਲੇ ਗੁਰਸਿੱਖ ਇਨ੍ਹਾਂ ਪਾਵਨ ਬਚਨਾਂ ਨੂੰ ਪੜ੍ਹ ਵੀਚਾਰ ਕੇ ਵੇਖਣ ਕਿ ਕੀ ਇਹ ਸੇਧ ਨਹੀਂ ਦੇ ਰਹੇ ਕਿ ਜਿਸ ਦਿਨ ਗੁਰਿਆਈ ਬਖ਼ਸ਼ੀ ਉਸੇ ਦਿਨ ਸਤਿਗੁਰੂ ਜੀ ਜੋਤ ਸਮਾ ਗਏ।

ਇਸ ਲੇਖ ’ਚ ਸਿਰਫ ਲੇਖਕ ਜੀ ਦੇ ਗਿਆਨ ਦੀ ਪੜਚੋਲ ਕੀਤੀ ਹੈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਮੰਗ ਕਰ ਰਹੇ ਗੁਰਸਿੱਖਾਂ ਪ੍ਰਤੀ ਉਸ ਵੱਲੋਂ ਵਰਤੀ ਗਈ ਸ਼ਬਦਾਵਲੀ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਲੇਖ ਪੜ੍ਹ ਕੇ ਸਮਝ ਲੱਗ ਗਈ ਸੀ ਕਿ ਅਜਿਹੇ ਮਨੁੱਖ ਤੋਂ ਸਿਸ਼ਟਾਚਾਰ ਦੀ ਆਸ ਨਹੀਂ ਰੱਖੀ ਜਾ ਸਕਦੀ।

ਗੁਰਬਾਣੀ ਵਿੱਚ ਵਰਤੀਆਂ ਗਈਆਂ ਭਾਰ ਤੋਲਣ, ਲੰਬਾਈ ਮਾਪਣ ਦੀਆਂ ਇਕਾਈਆਂ ਸਮੇਤ ਸਮੇਂ ਦੀਆਂ ਇਕਾਈਆਂ; ਲੇਖਕ ਸਮੇਤ ਆਪਾਂ ਸਾਰੇ ਛੱਡ ਚੁੱਕੇ ਹਾਂ ਤਾਂ ਅਣਗਿਣਤ ਊਣਤਾਈਆਂ ਵਾਲੇ ਬਿਕ੍ਰਮੀ ਕੈਲੰਡਰ ਦਾ ਤਿਅਗ ਕਰ ਕੇ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਅਤੇ ਲਾਗੂ ਕਰਨ ਨਾਲ ਕੋਈ ਵੀ ਸਿੱਖ ਨਾ ਗੁਰੂ ਤੋਂ ਬੇਮੁਖ ਹੈ, ਨਾ ਗੁਰੂ ਸਾਹਿਬਾਨ ਦੀ ਬੇਅਦਬੀ ਕਰਦਾ ਹੈ ਅਤੇ ਨਾ ਹੀ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਤੋਂ ਮੁਨਕਰ ਹੁੰਦਾ ਹੈ। ਕੌਣ ਗੁਰੂ ਤੋਂ ਬੇਮੁਖ ਹੈ, ਕੌਣ ਗੁਰੂ ਹੁਕਮਾਂ ਦੀ ਬੇਅਦਬੀ ਕਰਦਾ ਹੈ ਅਤੇ ਕੌਣ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਤੋਂ ਮੁਨਕਰ ਹੁੰਦਾ ਹੈ ਇਸ ਦਾ ਫੈਸਲਾ ਘੱਟ ਤੋਂ ਘੱਟ ਇਸ ਤਰ੍ਹਾਂ ਦਾ ਲੇਖਕ ਜਿਹੜਾ ਆਪਣੇ ਗਿਆਨ ਦਾ ਪ੍ਰਦਰਸ਼ਨ ਹਵਾਲੇ ਅਧੀਨ ਲੇਖ ਵਿੱਚ ਵਰਤੀ ਸ਼ਬਦਾਵਲੀ ਵਿੱਚ ਕਰ ਚੁੱਕਾ ਹੈ; ਪਾਸ ਤਾਂ ਬਿਲਕੁਲ ਹੀ ਨਹੀਂ ਹੈ।

ਜੰਮੂ ਵਿਚ ਮੂਲ ਨਾਨਕਸ਼ਾਹੀ ਕੈਲੰਡਰ 550 (2018-2019) ਕੀਤਾ ਜਾ ਰਿਹਾ ਹੈ ਪਹਿਲਾਂ ਹੀ ਜਾਰੀ

0

ਜੰਮੂ ਵਿਚ ਮੂਲ ਨਾਨਕਸ਼ਾਹੀ ਕੈਲੰਡਰ 550 (2018-2019) ਕੀਤਾ ਜਾ ਰਿਹਾ ਹੈ ਪਹਿਲਾਂ ਹੀ ਜਾਰੀ

ਬਠਿੰਡਾ, 12 ਦਸੰਬਰ (ਕਿਰਪਾਲ ਸਿੰਘ) : ਭਾਈ ਮੱਖਨ ਸਿੰਘ ਪ੍ਰਧਾਨ ਵਿਸ਼ਵ ਚੇਤਨਾ ਲਹਿਰ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ; ਭਾਈ ਨਵਦੀਪ ਪਾਲ ਸਿੰਘ ਤੇ ਭਾਈ ਦਪਿੰਦਰ ਸਿੰਘ ਸਿੱਖ ਨੌਜਵਾਨ ਸਭਾ ਸੈਨਿਕ ਕਲੋਨੀ ਜੰਮੂ ਅਤੇ ਭਾਈ ਭੂਪਿੰਦਰ ਸਿੰਘ ਗੜ੍ਹੀ (ਊਧਮਪੁਰ) ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਦੇ ਅਧਾਰ ’ਤੇ ਜਾਰੀ ਕੀਤੇ ਜਾ ਰਹੇ ਕੈਲੰਡਰਾਂ ਵਿੱਚ ਹਰ ਸਾਲ ਹੀ ਗੁਰ ਪੁਰਬਾਂ ਦੀਆਂ ਤਰੀਖਾਂ 11 ਤੋਂ 19 ਦਿਨ ਅੱਗੇ ਪਿੱਛੇ ਹੋ ਜਾਣ ਕਾਰਨ ਸੰਗਤਾਂ ਵਿੱਚ ਭੰਬਲਭੂਸਾ ਪਿਆ ਰਹਿੰਦਾ ਹੈ; ਇਸ ਲਈ ਜੰਮੂ ਕਸ਼ਮੀਰ ਦੀਆਂ ਮੁੱਖ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਉਹ ਬਿਕ੍ਰਮੀ ਕੈਲੰਡਰ ਨੂੰ ਮੁੱਢੋਂ ਹੀ ਰੱਦ ਕਰ ਕੇ 2003 ਵਿੱਚ ਲਾਗੂ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਦੇ 90% ਤੋਂ ਵੱਧ ਗੁਰਦੁਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਇਆ ਜਾ ਰਿਹਾ ਹੈ ਅਤੇ ਬਾਕੀ ਦੇ ਪ੍ਰਬੰਧਕਾਂ ਨੂੰ ਸੰਗਤਾਂ ਆਪਣੇ ਪੱਧਰ ’ਤੇ ਹੀ ਸਮਝਾ ਕੇ ਇਸੇ ਦਿਨ ਮਨਾਉਣ ਲਈ ਤਿਆਰ ਕਰਨ ਦੇ ਆਹਰੇ ਲੱਗੀਆਂ ਹੋਈਆਂ ਹਨ। ਪੋਹ ਸੁਦੀ 7 ਨੂੰ ਗੁਰ ਪੁਰਬ ਮਨਾਉਣ ਵਾਲੇ ਪ੍ਰਬੰਧਕਾਂ ਤੋਂ ਸੰਗਤਾਂ ਪੁੱਛਦੀਆਂ ਹਨ ਕਿ ਜੇ ਹਰ ਸਾਲ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕਰਮਵਾਰ ਸੂਰਜੀ ਮਹੀਨੇ ਦੀ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਂਦੇ ਹਨ ਤਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ !  ਜੋ ਕਿ ਹਰ ਸਾਲ ਹੀ ਸਾਂਝੇ ਕੈਲੰਡਰ ਦੀ 5 ਜਨਵਰੀ ਨੂੰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਪਾਵਨ ਅੰਗ ’ਤੇ ਲਿਖਿਆ ਹੈ ਕਿ ਗੁਰ ਪੁਰਬ ਚੰਦਰਮਾਂ ਦੀਆਂ ਤਰੀਖਾਂ ਅਤੇ ਬਾਕੀ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਨਾਲ ਮਨਾਏ ਜਾਣ ?  ਕਿਸੇ ਵੀ ਪ੍ਰਬੰਧਕ ਜਾਂ ਜਥੇਦਾਰ ਕੋਲ ਸੰਗਤਾਂ ਦੇ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ ਤਾਂ ਉਹ ਬੇਵੱਸ ਜਾਪਦੇ ਹਨ ਪਰ ਫਿਰ ਵੀ ਕੁਝ ਕੁ ਹਾਲੀ ਵੀ ਦੁਚਿੱਤੀ ਵਿੱਚ ਪਏ ਹੋਏ ਹਨ। ਉਮੀਦ ਹੈ ਕਿ ਬਾਕੀ ਬਚੇ 10% ਗੁਰਦੁਆਰਿਆਂ ਵਿੱਚੋਂ ਵੀ ਕੁਝ ਆਪਣਾ ਪ੍ਰੋਗਰਾਮ ਬਦਲ ਕੇ 23 ਪੋਹ / 5 ਜਨਵਰੀ ਨੂੰ ਗੁਰ ਪੁਰਬ ਮਨਾਉਣ ਦਾ ਫੈਸਲਾ ਕਰ ਲੈਣ।

  ਸੰਗਤਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ 11 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਆਪਣੇ ਪੱਧਰ ’ਤੇ ਹੀ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਦਸੰਬਰ ਮਹੀਨੇ ’ਚ ਹੀ ਅਗਲੇ ਸਾਲ ਦਾ ਕੈਲੰਡਰ ਰੀਲੀਜ਼ ਕਰਨ ਦਾ ਫੈਸਲਾ ਕਰ ਲਿਆ ਹੈ, ਤਾਂ ਕਿ ਕਿਸੇ ਵੀ ਪ੍ਰਬੰਧਕ ਅਤੇ ਸੰਗਤ ਨੂੰ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਸਬੰਧੀ ਸਮਾਗਮਾਂ ਦਾ ਪ੍ਰੋਗਰਾਮ ਉਲੀਕਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਦੇਣ ਲਈ‘ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁਕਵਾਂ ਹੈ’, ਨਾਮ ਦਾ ਟ੍ਰੈਕਟ ਛਪਵਾ ਕੇ ਮੁਫਤ ਵੰਡਣ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ; ਨਾਨਕਸ਼ਾਹੀ ਸੰਮਤ 550 (2018-19) ਦੇ ਕੈਲੰਡਰ ਦਾ ਡਿਜ਼ਾਈਨ ਤਿਆਰ ਕਰ ਕੇ ਛਪਣ ਲਈ ਪ੍ਰਿੰਟਿੰਗ ਪ੍ਰੈੱਸ ਨੂੰ ਦੇ ਦਿੱਤਾ ਹੈ ਅਤੇ ਕੈਲੰਡਰ ਛੱਪਦੇ ਸਾਰ ਹੀ 25 ਦਸੰਬਰ ਤੋਂ ਪਹਿਲਾਂ ਪਹਿਲਾਂ ਹੀ ਰੀਲੀਜ਼ ਕਰ ਦਿੱਤਾ ਜਾਵੇਗਾ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਪੋਹ ਸੁਦੀ 7 ਨੂੰ ਮਨਾਉਣ ਦੀ ਥਾਂ 23 ਪੋਹ, ਜਿਹੜੀ ਕਿ ਹਰ ਸਾਲ ਹੀ 5 ਜਨਵਰੀ ਨੂੰ ਆਉਂਦੀ ਹੈ; ਨੂੰ ਮਨਾਉਣ ਸਬੰਧੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਹੋਰ ਚੇਤੰਨਤਾ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਰਹੇ ਗੁਰਦੁਆਰਿਆਂ ਨੂੰ ਛੱਡ ਕੇ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਵੀ 90% ਤੋਂ ਵੱਧ ਗੁਰਦੁਆਰਿਆਂ ਵਿੱਚ ਗੁਰਪੁਰਬ ਪੋਹ ਸੁਦੀ 7 ਦੀ ਥਾਂ 23 ਪੋਹ/ 5 ਜਨਵਰੀ ਜਾਂ ਛੁੱਟੀ ਵਾਲਾ ਦਿਨ ਜਾਣ ਕੇ ਇਸ ਦੇ ਅੱਗੇ ਪਿੱਛੇ ਆ ਰਹੇ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।

ਨੱਥੀ: ਜੰਮੂ ਕਸ਼ਮੀਰ ਦੀਆਂ ਸੰਸਥਾਵਾਂ ਵੱਲੋਂ ਛਪ ਰਹੇ ਨਾਨਕਸ਼ਾਹੀ ਕੈਲੰਡਰ ਦੀ ਫੋਟੋ

ਜਾਰੀ ਕਰਤਾ: ਨਵਦੀਪ ਸਿੰਘ 90708-21984

Most Viewed Posts