ਚਿੰਤਾਜਨਕ ਹੈ ਕੈਲੰਡਰ ਵਿਗਿਆਨ ਤੋਂ ਕੋਰੇ ਵਿਅਕਤੀਆਂ ਵੱਲੋਂ ਕੈਲੰਡਰ ਸਬੰਧੀ ਫੈਸਲੇ ਕਰਨੇ ।

0
779

ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਜੀਉ !

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਇਹ ਲੇਖ ਆਪ ਜੀ ਦੀ ਪ੍ਰਕਾਸ਼ਨਾ ‘ਅਜੀਤ’ ਅਖ਼ਬਾਰ ਦੇ 5 ਦਸੰਬਰ ਦਿਨ ਮੰਗਲਵਾਰ ਨੂੰ ਧਰਮ ਅਤੇ ਵਿਰਸਾ ਅੰਕ ਵਿੱਚ ਛਪੇ ਲੇਖ ‘ਚਿੰਤਾਜਨਕ ਹੈ ਕੈਲੰਡਰ ਸਬੰਧੀ ਸਿੱਖ ਪੰਥ ਵਿੱਚ ਪਈ ਦੁਬਿਧਾ’ ਦੇ ਜਵਾਬ ਵਿੱਚ ਲਿਖਿਆ ਹੈ। ਮੀਡੀਏ ਦੇ ਤੌਰ ’ਤੇ ਦੂਸਰਾ ਪੱਖ ਪੇਸ਼ ਕਰਨ ਹਿੱਤ ਆਪ ਜੀ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਆਪ ਜੀ ਦੀ ਪ੍ਰਕਾਸ਼ਨਾ ਵਿੱਚ ਯੋਗ ਥਾਂ ’ਤੇ ਇੱਕ ਜਾਂ ਦੋ ਕਿਸ਼ਤਾਂ ਵਿੱਚ ਛਾਪ ਦਿੱਤਾ ਜਾਵੇ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ।

ਕਿਰਪਾਲ ਸਿੰਘ ਬਠਿੰਡਾ

9855480797, 8837813661

ਕਿਰਪਾਲ ਸਿੰਘ ਬਠਿੰਡਾ 98554-80797

ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ ਜਿਸ ਰਾਹੀਂ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਸਥਿਰ ਤਰੀਕਾਂ ਨੂੰ ਹੀ ਆਉਣ ਇਸ ਸਬੰਧੀ ਵੀਚਾਰ ਚਰਚਾ ਪਿਛਲੇ ਤਕਰੀਬਨ 25 ਸਾਲਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੈਲੰਡਰ ਸਬੰਧੀ ਪੰਥ ਵਿੱਚ ਵਿਵਾਦ ਘੱਟਣ ਦੀ ਬਜਾਏ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਵਧ ਰਹੇ ਵਿਵਾਦ ਦਾ ਮੂਲ ਕਾਰਣ ਹੈ ਕਿ ਸਾਡਾ ਕੈਲੰਡਰ ਕਿਸ ਤਰ੍ਹਾਂ ਦਾ ਹੋਵੇ, ਇਸ ਦਾ ਫੈਸਲਾ ਕਰਨਾ ਤਾਂ ਉਨ੍ਹਾਂ ਵਿਦਵਾਨਾਂ ਨੂੰ ਚਾਹੀਦਾ ਸੀ ਜਿਹੜੇ ਕੈਲੰਡਰ ਵਿਗਿਆਨ, ਤਾਰਾ ਵਿਗਿਆਨ, ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਮਾਹਰ ਹੋਣ ਪਰ ਬਦਕਿਸਮਤੀ ਇਹ ਹੈ ਕਿ ਫੈਸਲਾ ਉਹ ਲੋਕ ਕਰ ਰਹੇ ਹਨ ਜਿਨ੍ਹਾਂ ’ਤੇ ਗੁਰਬਾਣੀ ਦਾ ਫ਼ੁਰਮਾਨ ਕਿ ‘ਜਿਨ੍ਹਾਂ ਲੋਕਾਂ ਵਿੱਚ ਕੋਈ ਵੀ ਗੁਣ ਨਹੀਂ ਹੈ ਪਰ ਫਿਰ ਵੀ ਆਪਣੇ ਗਿਆਨ ਅਤੇ ਅਹੁਦਿਆਂ ਦਾ ਅਹੰਕਾਰ ਕਰਦੇ ਹਨ; ਉਹ ਮਨੁੱਖ ਅਸਲ ਵਿੱਚ ਖੋਤੇ ਹਨ’ ਪੂਰਾ ਢੁਕਦਾ ਹੋਵੇ: ਨਾਨਕ  ! ਸੇ ਨਰ ਅਸਲਿ ਖਰ ; ਜਿ, ਬਿਨੁ ਗੁਣ, ਗਰਬੁ ਕਰੰਤਿ ॥2॥ (ਮ: 1/ ਪਾਵਨ ਅੰਕ 1246) ਇਹ ਸ਼ਬਦ ਜੇ ਮੈਂ ਆਪਣੇ ਵੱਲੋਂ ਲਿਖੇ ਹੁੰਦੇ ਤਾਂ ਇਹ ਬਹੁਤ ਹੀ ਇਤਰਾਜਯੋਗ ਹੋਣੇ ਸਨ ਪਰ ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁੱਖੋਂ ਉਚਾਰਨ ਕੀਤਾ ਹੋਇਆ ਹੈ; ਜਿਸ ਦਾ ਮੈਂ ਕੇਵਲ ਹਵਾਲਾ ਦਿੱਤਾ ਹੈ ਪਰ ਫੈਸਲਾ ਨਹੀਂ। ਜਿਹੜੇ ਪਾਠਕ ਮੇਰਾ ਇਹ ਲੇਖ ਅਤੇ 5 ਦਸੰਬਰ ਦਿਨ ਮੰਗਲਵਾਰ ਦੇ ਅਜੀਤ ਅਖ਼ਬਾਰ ਦੇ ਧਰਮ ਅਤੇ ਵਿਰਸਾ ਅੰਕ ਵਿੱਚ ਛਪੇ ਲੇਖ ਨੂੰ ਧਿਆਨ ਸਹਿਤ ਪੜ੍ਹਨਗੇ ਅਤੇ ਵੀਚਾਰਨਗੇ ਤਾਂ ਉਹ ਖ਼ੁਦ ਫੈਸਲਾ ਕਰ ਸਕਦੇ ਹਨ ਕਿ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਕਿਸ ਕਿਸ ਵਿਅਕਤੀ ’ਤੇ ਪੂਰਾ ਢੁਕਦਾ ਹੈ।

ਲੇਖਕ ਗੁਰਬਾਣੀ ਦੇ ਦੋ ਸ਼ਬਦ : ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ ਵਰ੍ਹੇ ਮਾਹ ਵਾਰ ਥਿਤੀ ਕਰਿ ; ਇਸੁ ਜਗ ਮਹਿ ਸੋਝੀ ਪਾਇਦਾ ॥2॥ (ਮ: 3/ ਪਾਵਨ ਅੰਕ1066) ਅਤੇ : ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ, ਰੁਤਿ ਅਨੇਕ ॥ ਨਾਨਕ  ! ਕਰਤੇ ਕੇ ਕੇਤੇ ਵੇਸ ॥2॥2॥ (ਮ: 1/ ਪਾਵਨ ਅੰਕ 13) ਦਾ ਹਵਾਲਾ ਦੇ ਕੇ ਲਿਖਦਾ ਹੈ ਕਿ ‘ਜਿਹੜੇ ਲੋਕ ਅੱਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਬਾਰੇ ਨੀਵੀਂ ਪੱਧਰ ਦੇ ਮੰਦੇ ਬੋਲ ਬੋਲ ਰਹੇ ਹਨ, ਉਹ ਦੱਸਣ ਕਿ, ਕੀ ਇਹ ਮਹੀਨੇ ਜਾਂ ਦਿਨ ਕਿਸੇ ਜਥੇਦਾਰ ਨੇ ਬਣਾਏ ਹੋਏ ਹਨ ? ਸ਼ਾਇਦ ਇਨ੍ਹਾਂ ਸੱਜਣਾਂ ਨੇ ਗੁਰਬਾਣੀ ਦੇ (ਹਵਾਲੇ ਅਧੀਨ) ਫ਼ੁਰਮਾਨ ਨਹੀਂ ਪੜ੍ਹੇ ਹੋਣੇ।’

ਗੁਰੂ ਦੇ ਇਹ ਫ਼ੁਰਮਾਨਾਂ ਦਾ ਹਵਾਲਾ ਦੇਣ ਵਾਲੇ ਲੇਖਕ ਸੱਜਣ ਨੂੰ ਮੇਰਾ ਇਹ ਸਵਾਲ ਹੈ ਕਿ ਇਨ੍ਹਾਂ ਗੁਰ ਬਚਨਾਂ ਵਿੱਚ ਕਿਥੇ ਲਿਖਿਆ ਹੈ ਕਿ ਮਹੀਨੇ ਦਾ ਅਰੰਭ (ਸੰਗ੍ਰਾਂਦ) ਉਸ ਸਮੇਂ ਹੁੰਦਾ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ? ਜਿਸ ਤਰ੍ਹਾਂ ਬਾਰਹ ਮਾਹਾ ਦੀ ਬਾਣੀ ਉਚਾਰਨ ਕੀਤੀ ਗਈ, ਉਸ ਤਰ੍ਹਾਂ ਦੀ ਕੋਈ ਵੀ ਬਾਰਹ ਰਾਸੀਆਂ ਨਾਮ ਹੇਠ ਕੋਈ ਬਾਣੀ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਰਾਸੀਆਂ ਦਾ ਲੜੀਵਾਰ ਕਿਧਰੇ ਨਾਮ ਹੀ ਲਿਖਿਆ ਹੈ। ਕਿਥੇ ਲਿਖਿਆ ਹੈ ਕਿ ਮਹੀਨੇ ਦੇ ਦਿਨ ਹਰ ਸਾਲ ਹੀ ਬਦਲ ਜਾਣੇ ਚਾਹੀਦੇ ਹਨ ? ਲੇਖਕ ਜਰਾ ਧਿਆਨ ਨਾਲ ਆਪਣੀ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਦੇ ਆਧਾਰ ’ਤੇ ਛਾਪੇ ਜਾ ਰਹੇ ਨਾਨਕਸ਼ਾਹੀ ਕੈਲੰਡਰਾਂ ਦੇ ਕੇਵਲ ਤਿੰਨ ਸਾਲਾਂ ਦੇ ਕੈਲੰਡਰਾਂ ਨੂੰ ਹੀ ਧਿਆਨ ਨਾਲ ਵੇਖੇ। ਲੇਖਕ ਅਤੇ ਪਾਠਕਾਂ ਦੀ ਸਹੂਲਤ ਲਈ ਪਿਛਲੇ ਤਿੰਨ ਸਾਲਾਂ ਦੇ ਕੈਲੰਡਰਾਂ ਦੇ ਮਹੀਨਿਆਂ ਦਾ ਅਰੰਭ ਅਤੇ ਦਿਨਾਂ ਦੀ ਗਿਣਤੀ ਦਾ ਚਾਰਟ ਹੇਠਾਂ ਦਿੱਤਾ ਜਾ ਰਿਹਾ ਹੈ।

ਬਿਕ੍ਰਮੀ ਸਾਲ ਦੇ ਮਹੀਨਿਆਂ ਦੇ ਨਾਮ ਬਿਕ੍ਰਮੀ 2072 (ਨਾ:ਸ਼ਾ: 547) ਸੰਮਤ 2073 (ਨਾ:ਸ਼ਾ: 548) ਸੰਮਤ 2074 (ਨਾ:ਸ਼ਾ: 549)
ਈਸਵੀ ਸੰਨ 2015-16 ਈਸਵੀ ਸੰਨ 2016-17 ਈਸਵੀ ਸੰਨ 2017-18
ਸੰਗਰਾਂਦ ਮਹੀਨੇ ਦੇ ਦਿਨਾਂ ਦੀ ਗਿਣਤੀ ਸੰਗਰਾਂਦ ਮਹੀਨੇ ਦੇ ਦਿਨਾਂ ਦੀ ਗਿਣਤੀ ਸੰਗਰਾਂਦ ਮਹੀਨੇ ਦੇ ਦਿਨਾਂ ਦੀ ਗਿਣਤੀ
ਚੇਤ 14 ਮਾਰਚ 31 ਦਿਨ 14 ਮਾਰਚ 30 ਦਿਨ 14 ਮਾਰਚ 30 ਦਿਨ
ਵੈਸਾਖ 14 ਅਪ੍ਰੈਲ 31 ਦਿਨ 13 ਅਪ੍ਰੈਲ 31 ਦਿਨ 13 ਅਪ੍ਰੈਲ 31 ਦਿਨ
ਜੇਠ 15 ਮਈ 31 ਦਿਨ 14 ਮਈ 31 ਦਿਨ 14 ਮਈ 32 ਦਿਨ
ਹਾੜ 15 ਜੂਨ 31 ਦਿਨ 14 ਜੂਨ 32 ਦਿਨ 15 ਜੂਨ 31 31 ਦਿਨ
ਸਾਵਣ 16 ਜੁਲਾਈ 32 ਦਿਨ 16 ਜੁਲਾਈ 31 ਦਿਨ 16 ਜੁਲਾਈ 31 ਦਿਨ
ਭਾਦੋਂ 17 ਅਗਸਤ 31 ਦਿਨ 16 ਅਗਸਤ 31 ਦਿਨ 16 ਅਗਸਤ 31 ਦਿਨ
ਅੱਸੂ 17 ਸਤੰਬਰ 30 ਦਿਨ 16 ਸਤੰਬਰ 30 ਦਿਨ 16 ਸਤੰਬਰ 31 ਦਿਨ
ਕੱਤਕ 17 ਅਕਤੂਬਰ 30 ਦਿਨ 16 ਅਕਤੂਬਰ 30 ਦਿਨ 17 ਅਕਤੂਬਰ 30 ਦਿਨ
ਮੱਘਰ 16 ਨਵੰਬਰ 30 ਦਿਨ 15 ਨਵੰਬਰ 30 ਦਿਨ 16 ਨਵੰਬਰ 29 ਦਿਨ
ਪੋਹ 16 ਦਸੰਬਰ 29 ਦਿਨ 15 ਦਸੰਬਰ 30 ਦਿਨ 16 ਦਸੰਬਰ 30 ਦਿਨ
ਮਾਘ 14 ਜਨਵਰੀ 30 ਦਿਨ 14 ਜਨਵਰੀ 30 ਦਿਨ 14 ਜਨਵਰੀ 29 ਦਿਨ
ਫੱਗਣ 13 ਫਰਵਰੀ 30 ਦਿਨ 12 ਫਰਵਰੀ 30 ਦਿਨ 12 ਫਰਵਰੀ 30 ਦਿਨ

ਹੁਣ ਵੇਖੋ ਜੇ ਇੱਕ ਸਾਲ ਵਿੱਚ ਮਹੀਨਾ 29 ਦਿਨਾਂ ਦਾ ਹੈ ਉਹ ਅਗਲੇ ਸਾਲ 30 ਦਿਨਾਂ ਦਾ; 30 ਦਿਨਾਂ ਵਾਲਾ 31 ਦਿਨਾਂ ਦਾ; 31 ਦਿਨਾਂ ਵਾਲਾ 32 ਦਿਨਾਂ ਦਾ ਅਤੇ ਉਸ ਤੋਂ ਅਗਲੇ ਸਾਲ ਇਸ ਤੋਂ ਉਲਟੇ ਕਰਮ ਵਿੱਚ ਘਟ ਵਧ ਜਾਂਦੇ ਹਨ। ਸਾਨੂੰ ਕੌਣ ਦੱਸੇਗਾ ਕਿ ਜੇ ਇਸ ਸਾਲ ਜੇਠ ਮਹੀਨਾ 32 ਦਿਨਾਂ ਦਾ ਹੈ ਤਾਂ ਅਗਲੇ ਸਾਲ ਕਿਹੜਾ ਮਹੀਨਾ 32 ਦਿਨਾਂ ਦਾ ਹੋਵੇਗਾ ? ਇਸ ਸਵਾਲ ਦਾ ਜਵਾਬ ਤਾਂ ਮੈਨੂੰ ਗੁਰਬਾਣੀ ਵਿੱਚੋਂ ਕਿਧਰੇ ਵੀ ਨਹੀਂ ਲੱਭਾ। ਗੁਰਬਾਣੀ ਪੜ੍ਹਨ ਵਾਲੇ ਲੇਖਕ ਨੂੰ ਜੇ ਕਿਧਰੇ ਮਿਲਿਆ ਹੋਵੇ ਤਾਂ ਉਸ ਨੂੰ ਜਰੂਰ ਸਾਡੇ ਗਿਆਨ ਵਿੱਚ ਵਾਧਾ ਕਰਨ ਦੀ ਬੇਨਤੀ ਹੈ। ਲੇਖਕ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਕਾਲ ਪੁਰਖ ਨੇ ਕੇਵਲ ਦਿਨ-ਰਾਤ, ਰੁੱਤਾਂ ਅਤੇ ਸਾਲ ਬਣਾਏ ਹਨ ਨਾ ਕਿ ਇਹ ਨਿਸਚਤ ਕੀਤਾ ਹੈ ਕਿ ਸਾਲ ਨੂੰ ਕਿਤਨੇ ਮਹੀਨਿਆਂ ਵਿੱਚ ਵੰਡਣਾ ਹੈ; ਇੱਕ ਮਹੀਨੇ ਵਿੱਚ ਕਿਤਨੇ ਦਿਨ ਹੋਣੇ ਚਾਹੀਦੇ ਹਨ ਅਤੇ ਦਿਨ ਦੇ ਸਮੇਂ ਨੂੰ ਸਮੇਂ ਦੀਆਂ ਕਿਹੜੀਆਂ ਇਕਾਈਆਂ ਵਿੱਚ ਵੰਡਣਾ ਹੈ। ਜਿਸ ਤਰ੍ਹਾਂ ਕਿ ਲੇਖਕ ਵੱਲੋਂ ਹਵਾਲੇ ਦੇ ਤੌਰ ’ਤੇ ਦਿੱਤੇ ਸ਼ਬਦ ਵਿੱਚ ਹੀ ਸਮੇਂ ਦੀਆਂ ਛੋਟੀਆਂ ਇਕਾਈਆਂ ਦੇ ਤੌਰ ’ਤੇ ਵਿਸੁਏ, ਚਸਿਆਂ, ਘੜੀਆਂ, ਪਹਰਾਂ ਦੀ ਵਰਤੋਂ ਕੀਤੀ ਗਈ ਹੈ ਪਰ ਅੱਜ ਲੇਖਕ ਸਮੇਤ ਇਨ੍ਹਾਂ ਇਕਾਈਆਂ ਦੀ ਕੋਈ ਵੀ ਵਰਤੋਂ ਨਹੀਂ ਕਰਦਾ ਸਗੋਂ ਵਿਸ਼ਵ ਭਰ ਵਿੱਚ ਘੰਟੇ, ਮਿੰਟ, ਸੈਕੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਜਿਹੜੇ ਮਨੁੱਖ ਗੁਰਬਾਣੀ ਵਿੱਚ ਵਰਤੀਆਂ ਸਮੇਂ ਦੀਆਂ ਇਕਾਈਆਂ ਦੀ ਵਰਤੋਂ ਕਰਨ ਦੀ ਥਾਂ ਘੰਟੇ ਮਿੰਟ ਸੈਕੰਡਾਂ ਦੀ ਵਰਤੋਂ ਕਰ ਰਹੇ ਹਨ ਕੀ ਲੇਖਕ ਸਾਹਿਬ ਉਨ੍ਹਾਂ ’ਤੇ ਦੋਸ਼ ਲਾਉਣਗੇ ਕਿ ਇਹ ਗੁਰੂ ਤੋਂ ਬੇਮੁਖ ਹਨ, ਗੁਰੂ ਦੀ ਨਿਰਾਦਰੀ ਕਰਦੇ ਹਨ, ਕੀ ਗੁਰੂ ਨੂੰ ਨਹੀਂ ਸੀ ਪਤਾ ਕਿ ਜਿਹੜੀਆਂ ਇਕਾਈਆਂ ਦੀ ਉਹ ਵਰਤੋਂ ਕਰ ਰਹੇ ਹਨ ਉਨ੍ਹਾਂ ਨਾਲ ਹਿਸਾਬ ਕਿਤਾਬ ਕਰਨਾ ਮੁਸ਼ਕਲ ਹੈ ਇਸ ਲਈ ਕੋਈ ਨਵੀਆਂ ਇਕਾਈਆਂ ਵਰਤ ਸਕਦੇ ਸਨ ?” ਲੇਖਕ ਸਾਹਿਬ ਜੀਉ ! ਗੁਰੂ ਸਾਹਿਬਾਨ ਕੈਲੰਡਰ ਅਤੇ ਮਿਣਤੀ ਗਿਣਤੀਆਂ ਦੀਆਂ ਇਕਾਈਆਂ ਬਣਾਉਣ ਨਹੀਂ ਬਲਕਿ ਮਨੁਖ ਨੂੰ ਇਹ ਸੋਝੀ ਦੇਣ ਆਏ ਸਨ ਕਿ ਜੀਵਨ ਕਿਸ ਤਰ੍ਹਾਂ ਗੁਜਾਰਨਾ ਹੈ, ਕਿਹੜੇ ਮੰਦ ਕਰਮ ਨਹੀਂ ਕਰਨੇ ਅਤੇ ਕਿਹੜੇ ਭਲੇ ਕੰਮ ਕਰਨੇ ਹਨ, ਕਿਹੜੇ ਅਵਗੁਣਾਂ ਦਾ ਤਿਆਗ ਕਰਕੇ ਚੰਗੇ ਗੁਣ ਧਾਰਨ ਕਰਨੇ ਹਨ। ਇਸ ਲਈ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਨ੍ਹਾਂ ਹੀ ਇਕਾਈਆਂ ਦੀ ਵਰਤੋਂ ਕੀਤੀ ਹੈ ਜਿਹੜੀਆਂ ਉਸ ਸਮੇਂ ਪ੍ਰਚਲਤ ਸਨ ਨਾ ਕਿ ਇਹ ਪਾਬੰਦੀ ਲਾਈ ਹੈ ਕਿ ਜਿਹੜੀਆਂ ਇਕਾਈ ਉਨ੍ਹਾਂ ਦੇ ਸਮੇਂ ਦੌਰਾਨ ਵਰਤੀਆਂ ਜਾ ਰਹੀਆਂ ਸਨ ਉਨ੍ਹਾਂ ਦਾ ਬਿਲਕੁਲ ਹੀ ਤਿਆਗ ਨਹੀਂ ਕਰਨਾ ਭਾਵੇਂ ਕਿ ਉਹ ਇਕਾਈਆਂ ਕਿਤਨੀਆਂ ਵੀ ਦੋਸ਼ਪੂਰਨ ਕਿਉਂ ਨਾ ਹੋਣ। ਸ਼ਾਇਦ ਲੇਖਕ ਨੂੰ ਇਹ ਵੀ ਨਹੀਂ ਪਤਾ ਕਿ ਦੁਨੀਆਂ ਵਿੱਚ ਸੈਂਕੜੇ ਕੈਲੰਡਰ ਇਸ ਸਮੇਂ ਵੱਖ ਵੱਖ ਦੇਸ਼ਾਂ ਵਿੱਚ ਪ੍ਰਚੱਲਤ ਹਨ ਜਿਨਾਂ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਜਰੂਰੀ ਨਹੀਂ ਕਿ ਇੱਕ ਦੂਜੇ ਨਾਲ ਮਿਲਦੀ ਹੋਵੇ ਇੱਥੋਂ ਤੱਕ ਕਿ ਕਈ ਕੈਲੰਡਰਾਂ ਦੇ ਤਾਂ ਮਹੀਨਿਆਂ ਦੀ ਗਿਣਤੀ ਵੀ ਵੱਧ ਘੱਟ ਹੈ; ਮਿਸਾਲ ਦੇ ਤੌਰ ’ਤੇ ਗੂਗਲ ਵਿੱਚ ਜਾ ਕੇ ਕੁਝ ਕੈਲੰਡਰ ਵੇਖੋ ਅਤੇ ਮਹੀਨਿਆਂ ਤੇ ਦਿਨਾਂ ਦੀ ਗਿਣਤੀ ਦਾ ਚਾਰਟ ਬਣਾਓ ਤੇ ਵੇਖੋ:

ਕੈਲੰਡਰ ਦਾ ਨਾਮ ਕਿਸ ਦੇਸ਼ ਵਿੱਚ ਪ੍ਰਚਲਤ ਹੈ ਸਾਲ ਦੀ ਲੰਬਾਈ ਦਿਨਾਂ ਵਿੱਚ ਮਹੀਨਿਆਂ ਦੀ ਗਣਤੀ ਦਿਨਾਂ ਦੀ ਗਿਣਤੀ
ਜੂਲੀਅਨ 1752 ਤੋਂ ਪਹਿਲਾਂ ਵਿਸ਼ਵ ਦੇ ਵੱਡੇ ਹਿੱਸੇ ਵਿੱਚ ਅਤੇ ਹੁਣ ਵੀ ਉਤਰੀ ਅਫਰੀਕਾ ਦੇ ਕਈ ਭਾਗਾਂ ਵਿੱਚ 365.2500 ਦਿਨ 12 365/66 ਦਿਨ
ਗ੍ਰੈਗੋਰੀਅਨ ਲਗਪਗ ਸਾਰੀ ਦੁਨੀਆਂ ਵਿੱਚ 365.2425 ਦਿਨ 12 365/366 ਦਿਨ
ਕੋਪਟਿਕ ਆਰਥੋਡੈਕਸ ਚਰਚ ਮਿਸ਼ਰ 365.2500 ਦਿਨ 13 12 ਮਹੀਨੇ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ 5/6 ਦਿਨਾਂ ਦਾ
ਇਥੋਪਿਕ ਆਰਥੋਡੈਕਸ ਚਰਚ ਇਥੋਪੀਆ 365.2500 ਦਿਨ 13 12 ਮਹੀਨੇ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ 5/6 ਦਿਨਾਂ ਦਾ
       ISO (ਆਈ.ਐੱਸ.ਓ.) ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਏਸ਼ਨ 52.1775 ਹਫਤੇ 364/71 ਦਿਨ52/53 ਹਫਤੇ
ਸੂਰਜੀ ਬਿਕ੍ਰਮੀ               ਭਾਰਤ 365.2587 ਦਿਨ 12 365/66 ਦਿਨ
ਚੰਦਰ ਬਿਕ੍ਰਮੀ       ਭਾਰਤ (ਆਮ ਸਾਲ)

   (ਹਰ ਦੂਜਾ ਜਾਂ ਤੀਜਾ ਸਾਲ)

354.3697 ਦਿਨ383.8975 ਦਿਨ 1213 354/55 ਦਿਨ383/84 ਦਿਨ
ਹਿਜ਼ਰੀ     ਇਸਲਾਮਿਕ ਦੇਸ਼ਾਂ ਵਿੱਚ 354.3697 ਦਿਨ 12 354/55 ਦਿਨ
ਸਾਕਾ              ਭਾਰਤ 365.2425 ਦਿਨ 12 365/366 ਦਿਨ
ਨਾਨਕਸ਼ਾਹੀ ਲਗਪਗ ਸਾਰੀ ਦੁਨੀਆਂ ਵਿੱਚ ਜਿਥੇ ਜਿਥੇ ਸਿੱਖ ਵਸੋਂ ਹੈ 365.2425 ਦਿਨ 12 365/366 ਦਿਨ
           

ਲੇਖਕ ਮੁਤਾਬਿਕ ਜੇ ਕੈਲੰਡਰ ਰੱਬ ਨੇ ਹੀ ਬਣਾਏ ਹੁੰਦੇ ਤਾਂ ਸਾਰੇ ਕੈਲ਼ੰਡਰ ਇੱਕਸਾਰ ਹੁੰਦੇ ਪਰ ਕਿਉਂਕਿ ਇਹ ਮਨੁਖਾਂ ਨੇ ਆਪਣੀ ਆਪਣੀ ਸੂਝ ਅਤੇ ਲੋੜ ਅਨੁਸਾਰ ਬਣਾਏ ਹਨ ਇਸ ਲਈ ਇਨ੍ਹਾਂ ਵਿੱਚ ਭਿੰਨਤਾ ਹੈ। ਕੈਲੰਡਰ ਵਿਗਿਆਨ ਅਨੁਸਾਰ ਸਭ ਤੋਂ ਉੱਤਮ ਉਹ ਕੈਲੰਡਰ ਹੁੰਦਾ ਹੈ ਜਿਸ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਜਿਹੜਾ ਰੱਬ ਨੇ ਬਣਾਇਆ ਹੈ; ਦੇ ਸਭ ਤੋਂ ਨੇੜੇ ਹੋਵੇ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸਚਤ ਹੋਵੇ ਅਤੇ ਯਾਦ ਰੱਖਣ ਵਿੱਚ ਅਸਾਨੀ ਹੋਵੇ। ਇਸ ਹਿਸਾਬ ਨਾਲ ਨਾਨਕਸ਼ਾਹੀ ਕੈਲੰਡਰ ਹੁਣ ਤੱਕ ਵਿਸ਼ਵ ਭਰ ’ਚ ਬਣੇ ਸਭ ਕੈਲੰਡਰਾਂ ਨਾਲੋਂ ਉੱਤਮ ਹੈ ਜਿਸ ਦੇ ਪਹਿਲੇ ਪੰਜ ਮਹੀਨੇ 31-31 ਦਿਨਾਂ ਦੇ; ਪਿਛਲੇ 6 ਮਹੀਨੇ 30-30 ਦਿਨਾਂ ਦੇ ਅਤੇ ਆਖਰੀ ਮਹੀਨਾ ਆਮ ਸਾਲਾਂ ਵਿੱਚ 30 ਦਿਨਾਂ ਦਾ ਅਤੇ ਲੀਪ ਦੇ ਸਾਲ ਵਿੱਚ 31 ਦਿਨਾਂ ਦਾ। ਨਾਨਕਸ਼ਾਹੀ ਕੈਲੰਡਰ ਦਾ ਦੂਸਰਾ ਗੁਣ ਇਹ ਹੈ ਕਿ ਇਹ ਦੁਨੀਆਂ ਭਰ ਵਿੱਚ ਪ੍ਰਚਲਤ ਗ੍ਰੈਗੋਰੀਅਨ ਕੈਲੰਡਰ ਨਾਲ ਬਿਲਕੁਲ ਸਿੰਕਰੋਨਾਈਜ਼ ਹੋ ਗਿਆ ਜਿਸ ਨਾਲ ਇੱਕ ਵਾਰ ਨਿਸਚਤ ਹੋਈਆਂ ਤਰੀਕਾਂ ਹਮੇਸ਼ਾਂ ਹੀ ਉਨ੍ਹਾਂ ਹੀ ਤਰੀਕਾਂ ਨੂੰ ਆਉਂਦੀਆਂ ਰਹਿਣਗੀ ਜਿਸ ਕਾਰਨ ਇਸ ਦਾ ਲਾਭ ਹੈ ਕਿ ਇਸ ਕੈਲੰਡਰ ਨੂੰ ਹਰ ਦੇਸ਼/ਪ੍ਰਾਂਤ ਤੇ ਕੌਮ ਦੀ ਵਸੋਂ ਬਹੁਤ ਹੀ ਅਸਾਨੀ ਨਾਲ ਸਮਝ ਸਕਦੀ ਹੈ। ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਤਾਂ ਭਾਰਤ ਵਿੱਚ ਹੀ ਵੱਖ ਵੱਖ ਸੂਬਿਆਂ ਦੇ ਵੱਖ ਨਿਯਮ ਹਨ ਇਸੇ ਕਾਰਨ ਤਾਮਿਲਨਾਡੂ ਦੇ ਨਿਯਮ ਅਨੁਸਾਰ 1699 ਦੀ ਵੈਸਾਖੀ 30 ਮਾਰਚ ਨੂੰ ਸੀ ਜਦੋਂ ਕਿ ਪੰਜਾਬ ਦੇ ਨਿਯਮ ਮੁਤਾਬਿਕ 29 ਮਾਰਚ ਨੂੰ ਸੀ। ਅੱਜ ਕੱਲ੍ਹ ਵੀ ਉਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਕੈਲੰਡਰਾਂ ਵਿੱਚ ਤਿੰਨ ਚਾਰ ਸੰਗਰਾਂਦਾਂ ਇੱਕ ਜਾਂ ਦੋ ਦਿਨਾਂ ਦੇ ਫਰਕ ਨਾਲ ਆ ਜਾਂਦੀਆਂ ਹਨ। ਇਸ ਦੇ ਸੂਰਜੀ ਸਾਲ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਹੀ ਬਦਲਦੀ ਰਹਿੰਦੀ ਹੈ; ਚੰਦਰ ਸਾਲ ਵਿੱਚ ਕਿਸੇ ਸਾਲ ਦੇ 12 ਮਹੀਨੇ ਅਤੇ ਕਿਸੇ ਸਾਲ 13 ਮਹੀਨੇ; ਚੰਦਰ ਮਹੀਨੇ ਦੀ ਕੋਈ ਇੱਕ ਤਿੱਥ ਲਗਾਤਾਰ ਦੋ ਦਿਨ ਆ ਜਾਂਦੀ ਹੈ ਤੇ ਕਿਸੇ ਦਿਨ ਦੋ ਤਿੱਥਾਂ ਇਕੇ ਦਿਨ ਆ ਜਾਂਦੀਆਂ ਹਨ ਭਾਵ ਇੱਕ ਤਿੱਥ ਹੀ ਖਤਮ ਹੋ ਜਾਂਦੀ ਹੈ। ਹੋਰ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਸਾਲ ਇੱਕੇ ਨਾਮ ਦੇ ਦੋ ਮਹੀਨੇ ਆ ਜਾਂਦੇ ਹਨ ਜਿਵੇਂ ਕਿ 2015 ਵਿੱਚ ਹਾੜ ਦੇ ਦੋ ਮਹੀਨੇ ਸਨ ਅਤੇ ਕੋਈ ਮਹੀਨਾ ਹੀ ਖਤਮ ਹੋ ਜਾਂਦਾ ਹੈ; ਜਿਵੇਂ ਕਿ ਸੰਮਤ 2085 (2028-29 ਈ:) ਵਿੱਚ ਪੋਹ ਦਾ ਮਹੀਨਾ ਹੀ ਨਹੀ ਆਵੇਗਾ ਤਾਂ ਉਸ ਸਾਲ ਪੋਹ ਸੁਦੀ 7 ਦਾ ਗੁਰਪੁਰਬ ਕਿਹੜੇ ਦਿਨ ਮਨਾਇਆ ਜਾਏਗਾ ?

ਸ਼ਾਇਦ ਗੁਰਬਾਣੀ ਪੜ੍ਹਨ ਅਤੇ ਉਸ ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੇ ਲੇਖਕ ਨੂੰ ਤਾਂ ਇਸ ਗੱਲ ਦੀ ਸਮਝ ਹੀ ਨਾ ਪਵੇ ਪਰ ਪਾਠਕਾਂ ਨੂੰ ਜਰੂਰ ਵੀਚਾਰ ਕਰ ਲੈਣੀ ਚਾਹੀਦੀ ਹੈ ਕਿ ਜੂਲੀਅਨ ਕੈਲੰਡਰ; ਮੌਸਮੀ ਸਾਲ (ਧਰਤੀ ਦਾ ਸੂਰਜ ਦੁਆਲੇ ਇੱਕ ਚੱਕਰ = 365.2422 ਦਿਨ = 365 ਦਿਨ 5 ਘੰਟੇ 48 ਮਿੰਟ 45 ਸੈਕੰਡ) ਨਾਲੋਂ ਤਕਰੀਬਨ ਸਵਾ 11 ਮਿੰਟ ਵੱਧ ਹੋਣ ਕਰਕੇ 128 ਸਾਲਾਂ ਵਿੱਚ ਮੌਸਮ ਨਾਲੋਂ ਅੱਗੇ ਨਿਕਲ ਜਾਂਦਾ ਸੀ ਇਸ ਲਈ 325 ਈ: ਤੋਂ 16ਵੀਂ ਸਦੀ ਦੇ ਅੱਧ ਤਕ 10 ਦਿਨ ਅੱਗੇ ਨਿਕਲ ਗਿਆ। ਭਾਵ ਜਿਹੜਾ ਈਕੌਨਿਕਸ (Equinox = ਦਿਨ-ਰਾਤ ਬਰਾਬਰ ਹੋਣ ਦਾ) ਦਿਨ 325 ਈਸਵੀ ’ਚ 21 ਮਾਰਚ ਨੂੰ ਸੀ ਉਹ 11 ਮਾਰਚ ਨੂੰ ਹੋ ਗਿਆ ਇਸ ਲਈ 10 ਦਿਨ ਦਾ ਫਰਕ ਕੱਢਣ ਲਈ 1582 ਈ: ਵਿੱਚ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਕਰ ਲਿਆ। ਇਸ ਤਰ੍ਹਾਂ ਉਸ ਸਮੇਂ ਤੱਕ ਪਿਆ 10 ਦਿਨਾਂ ਦਾ ਫਰਕ ਕੱਢ ਲਿਆ ਅਤੇ ਅੱਗੇ ਤੋਂ ਇਹ ਫਰਕ ਨਾ ਪਵੇ ਇਸ ਲਈ 400 ਸਾਲਾਂ ਦੇ ਸਪੈਨ ਵਿੱਚ ਲੀਪ ਦੇ ਸਾਲਾਂ ਦੀ ਗਿਣਤੀ 100 ਤੋਂ ਘਟਾ ਕਿ 97 ਕਰ ਦਿੱਤੀ ਇਸ ਨਾਲ ਸਾਲ ਦੀ ਲੰਬਾਈ 365.25 ਤੋਂ ਘਟਾ ਕੇ 365.2425 ਰਹਿ ਗਈ ਜਿਹੜੀ ਕਿ ਹੁਣ ਮੌਸਮੀ ਸਾਲ ਦੀ ਲੰਬਾਈ 365.2422 ਦਿਨਾਂ ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ 3333 ਸਾਲਾਂ ਵਿੱਚ ਮੌਸਮੀ ਸਾਲ ਨਾਲੋਂ ਕੇਵਲ ਇੱਕ ਦਿਨ ਦਾ ਫਰਕ ਪੈਂਦਾ ਹੈ ਜਿਹੜਾ ਕਿ ਪਹਿਲਾਂ 128 ਸਾਲਾਂ ਵਿੱਚ ਹੀ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਅਤੇ ਬਿਕ੍ਰਮੀ ਕੈਲੰਡਰ ਦੇ ਹਿਮਾਇਤੀ ਦੱਸ ਸਕਦੇ ਹਨ ਕਿ ਬਿਕ੍ਰਮੀ ਕੈਲੰਡਰ ਦਾ ਈਕੌਨਿਕਸ (Equinox = ਦਿਨ-ਰਾਤ ਬਰਾਬਰ ਹੋਣ ਦਾ ਦਿਨ) ਅਤੇ ਸੋਲਿਸਟਾਈਸ (Solstice = ਵੱਡੇ ਤੋਂ ਵੱਡਾ ਦਿਨ ਜਾਂ ਵੱਡੀ ਤੋਂ ਵੱਡੀ ਰਾਤ ਵਾਲਾ ਦਿਨ) ਕਿਸ ਦਿਨ ਹੁੰਦਾ ਹੈ ? ਉਨ੍ਹਾਂ ਦੇ ਗਿਆਤ ਹਿੱਤ ਦੱਸ ਦੇਣਾ ਚਾਹੁੰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਪਰਦਾਈ ਟੀਕੇ ਵਿੱਚ: ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ (ਤੁਖਾਰੀ ਬਾਰਹਮਾਹਾ, ਮ: 1/ ਪਾਵਨ ਅੰਕ 1108) ਦੀ ਵਿਆਖਿਆ ਕਰਦੇ ਸਮੇਂ ਟੀਕਾਕਾਰ ਨੇ ਲਿਖਿਆ ਹੈ: ‘ਜਿਸ ਵੇਲੇ ਸੂਰਜ ਦਾ ਰਥ ਹਾੜ 13 ਨੂੰ ਦਖਨਾਇਣ ਵੱਲ ਮੁੜਦਾ ਹੈ ਧਨ (ਇਸਤਰੀ ਅਤੇ ਮੁਸਾਫਰ) ਬ੍ਰਿਛ ਦੀ ਛਾਇਆ ਤਾਕੈ (ਤਕਦੇ ਹਨ) ਅਤੇ ਟੀਡ (ਬਿੰਡੇ) ਬਾਰੇ (ਉਜਾੜ ਜੂਹ) ਮੰਝਿ (ਵਿੱਚ) ਲਵੈ (ਬੋਲਦੇ ਹਨ)’।

ਦਿਨਾਂ ਦੇ ਵੱਡੇ ਹੋਣਾ ਜਾਂ ਛੋਟੇ ਹੋਣ ਨਾਲ ਰੁੱਤਾਂ ਬਦਲਦੀਆਂ ਹਨ। ਸੰਪਰਦਾਈ ਦਾਅਵਾ ਕਰਦੇ ਹਨ ਕਿ ਇਹ ਅਰਥ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸੁਣਾਏ ਸਨ। ਇਸ ਦਾ ਭਾਵ ਹੈ ਕਿ 1699 ਦੇ ਨੇੜੇ ਤੇੜੇ ਸੂਰਜ ਦਾ ਰੱਥ 13 ਹਾੜ ਨੂੰ ਦਖਨਾਇਣ ਵੱਲ ਫਿਰਦਾ ਸੀ ਭਾਵ 13 ਹਾੜ ਵੱਡੇ ਤੋਂ ਵੱਡਾ ਦਿਨ ਸੀ ਅਤੇ ਗਰਮੀ ਦੀ ਰੁਤ ਦਾ ਜੋਬਨ ਦਾ ਦਿਨ ਸੀ ਜਿਸ ਪਿੱਛੋਂ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਪੋਹ ਦੇ ਮਹੀਨੇ ’ਚ ਪਹੁੰਚ ਕੇ ਸਰਦੀ ਦੀ ਰੁੱਤ ਜੋਬਨ ’ਤੇ ਪਹੁੰਚ ਜਾਂਦੀ ਹੈ ਉਸ ਵੇਲੇ ਸੂਰਜ ਦਾ ਰਥ ਦਖਨਾਇਣ ਤੋਂ ਉਤਰਾਇਣ ਵੱਲ ਫਿਰ ਜਾਂਦਾ ਹੈ ਤੇ ਰੁੱਤਾਂ ਗਰਮੀ ਵੱਲ ਵਧਣੀਆਂ ਸ਼ੁਰੂ ਕਰਦੀਆਂ ਹਨ। ਲੇਖਕ ਸਮੇਤ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਵੀਰ ਦੱਸਣ ਤਾਂ ਸਹੀ ਕਿ ਗੁਰੂ ਸਾਹਿਬਾਨ ਦੇ ਸਮੇਂ ਸੋਲਿਸਟਾਈਸ (Solstice = ਵੱਡੇ ਤੋਂ ਵੱਡਾ ਦਿਨ ਜਾਂ ਵੱਡੀ ਤੋਂ ਵੱਡੀ ਰਾਤ ਵਾਲਾ ਦਿਨ) ਅਤੇ ਈਕੌਨਿਕਸ (Equinox = ਦਿਨ-ਰਾਤ ਬਰਾਬਰ ਹੋਣ ਦੇ) ਦਿਨ ਬਿਕ੍ਰਮੀ ਕੈਲੰਡਰ ਦੀਆਂ ਕਿਹੜੀਆਂ ਕਿਹੜੀਆਂ ਤਰੀਖਾਂ ਨੂੰ ਹੁੰਦੇ ਸਨ ਅਤੇ ਹੁਣ ਕਿਨਾਂ ਤਰੀਖਾਂ ਨੂੰ। ਪਾਠਕਾਂ ਦੇ ਗਿਆਤ ਲਈ ਇਹ ਦਿਨ ਹੇਠਾਂ ਦਿੱਤੇ ਚਾਰਟ ਵਿੱਚੋਂ ਵੇਖੇ ਜਾ ਸਕਦੇ ਹਨ।

   
ਬਿਕ੍ਰਮੀ ਸੰਮਤ ਈਸਵੀ ਸੰਨ ਸੂਰਜ ਦਾ ਉਤਰਾਇਣ ਤੋਂ ਦੱਖਣਾਇਣ ਵੱਲ ਰਥ ਫਿਰਨਾ= 

ਸੋਲਿਸਟਾਈਸ (Solstice = ਵੱਡੇ ਤੋਂ ਵੱਡਾ ਦਿਨ)

ਦੇਸੀ ਮਹੀਨੇ ਦੀ ਤਰੀਖ ਅੰਗਰੇਜੀ ਮਹੀਨੇ ਦੀ ਤਰੀਖ ਦਿਨ
1526 1469 16 ਹਾੜ 12 ਜੂਨ ਜੂਲੀਅਨ/21 ਜੂਨ ਗ੍ਰੈਗੋਰੀਅਨ ਸੋਮਵਾਰ
1756 1699 13 ਹਾੜ 11 ਜੂਨ ਜੂਲੀਅਨ/21 ਜੂਨ ਗ੍ਰੈਗੋਰੀਅਨ ਐਤਵਾਰ
2056 1999 07 ਹਾੜ 21 ਜੂਨ ਗ੍ਰੈਗੋਰੀਅਨ ਸੋਮਵਾਰ
2572 2515 30 ਜੇਠ 21 ਜੂਨ ਗ੍ਰੈਗੋਰੀਅਨ ਸ਼ੁਕਰਵਾਰ
3057 3000 22 ਜੇਠ 21 ਜੂਨ ਗ੍ਰੈਗੋਰੀਅਨ ਸ਼ਨੀਵਾਰ
             

ਕੀ ਇਸ ਚਾਰਟ ਨੂੰ ਵੇਖ ਕੇ ਨਹੀਂ ਪਤਾ ਲਗਦਾ ਕਿ ਗਰਮ ਰੁੱਤ ਦੇ ਜੋਬਨ ਦਾ ਦਿਨ 16 ਹਾੜ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਅੱਜ 7 ਹਾੜ ਤੱਕ ਖਿਸਕ ਗਿਆ ਭਾਵ ਪੰਜ ਸੌ ਸਾਲ ਵਿੱਚ ਹੀ 9 ਦਿਨ ਦਾ ਫਰਕ ਪੈ ਗਿਆ; ਆਉਣ ਵਾਲੇ ਪੰਜ ਸੌ ਸਾਲ ਵਿੱਚ 9 ਦਿਨ ਦਾ ਹੋਰ ਫਰਕ ਪੈ ਕੇ 30 ਜੇਠ ਪਹੁੰਚ ਜਾਵੇਗਾ ਅਤੇ 1040 ਸਾਲ ਬਾਅਦ ਇਹ 22 ਜੇਠ ਜਾ ਪਹੁੰਚੇਗਾ। ਪੰਜ ਸੌ ਸਾਲ ਪਿੱਛੋਂ ਬਾਰਹ ਮਾਹਾ ਦਾ ਪਾਠ ਕਰਦੇ ਸਮੇਂ ਅਸੀਂ ਪੜ੍ਹਾਂਗੇ ਕਿ ਹਾੜ ਦੇ ਮਹੀਨੇ ਵਿੱਚ ਸੂਰਜ ਦਾ ਰਥ ਫਿਰਦਾ ਹੈ ਪਰ ਉਹ ਤਾਂ ਪਹਿਲਾਂ ਹੀ ਜੇਠ ਦੇ ਮਹੀਨੇ ਵਿੱਚ ਫਿਰ ਚੁੱਕਾ ਹੋਵੇਗਾ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਦੇ ਬਿਲਕੁਲ ਨਜ਼ਦੀਕ ਭਾਵ 365.2425 ਦਿਨ ਕਰਨ ਨਾਲ ਇਹ 3332 ਸਾਲਾਂ ਤੱਕ ਇਕ ਹੀ ਤਰੀਖ 7 ਹਾੜ ਜਿੱਥੇ 1999 ਈ: ਨੂੰ ਸੀ; ’ਤੇ ਟਿਕਿਆ ਰਹੇਗਾ। ਹੁਣ ਪਾਠਕ ਖੁਦ ਅੰਦਾਜ਼ਾ ਲਾ ਸਕਦੇ ਹਨ ਕਿ ਗੁਰਬਾਣੀ ’ਤੇ ਕਿਹੜਾ ਕੈਲੰਡਰ ਪੂਰਾ ਉਤਰਦਾ ਹੈ।

ਇਤਿਹਾਸ ਸਬੰਧੀ ਗੱਲ ਕਰੀਏ ਤਾਂ ਇਸ ਗੱਲ ਤੋਂ ਕੌਣ ਮੁਨਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਨੂੰ ਹੋਇਆ ਸੀ। ਨਾਨਕਸ਼ਾਹੀ ਕੈਲੰਡਰ ’ਚ ਪ੍ਰਕਾਸ਼ ਦਿਹਾੜਾ ਸੂਰਜੀ ਤਰੀਖ 23 ਪੋਹ ਨਿਸਚਤ ਕੀਤੀ ਗਈ ਹੈ ਜੋ ਹਜਾਰਾਂ ਸਾਲਾਂ ਤੱਕ ਹਮੇਸ਼ਾਂ ਲਈ ਵਿਸ਼ਵ ਭਰ ਵਿੱਚ ਪ੍ਰਚਲਤ ਸਾਂਝੇ ਕੈਲੰਡਰ ਦੀ 5 ਜਨਵਰੀ ਨੂੰ ਹੀ ਆਉਂਦਾ ਰਹੇਗਾ ਤਾਂ ਦੱਸੋ ਇਸ ਨਾਲ ਇਤਿਹਾਸ ਨੂੰ ਕਿਹੜੀ ਢਾਹ ਲੱਗ ਗਈ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਅਧਾਰ ’ਤੇ ਬਣਾਏ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਨਾਨਕਸ਼ਾਹੀ ਸੰਮਤ 545 ਵਿੱਚ ਲਿਖਿਆ ਸੀ 7 ਜਨਵਰੀ; 546 ਵਿੱਚ ਲਿਖਿਆ ਸੀ 28 ਦਸੰਬਰ; 547 ਵਿੱਚ ਲਿਖਿਆ ਸੀ 3 ਮਾਘ, 548 ਵਿੱਚ ਲਿਖਿਆ ਸੀ 22 ਪੋਹ; 549 ਵਿੱਚ ਲਿਖਿਆ ਹੈ 11 ਪੋਹ। ਲੇਖਕ ਸਾਹਿਬ ਪਾਠਕਾਂ ਨੂੰ ਦੱਸਣ ਦੀ ਖੇਚਲ ਕਰਨ ਕਿ ਇਨ੍ਹਾਂ ਪੰਜਾਂ ਤਰੀਖਾਂ ਵਿੱਚੋਂ ਕਿਹੜੀ ਇਤਿਹਾਸ ਨਾਲ ਮੇਲ ਖਾਂਦੀ ਹੈ ? ਜੇ ਉਹ ਕਹਿੰਦੇ ਹਨ ਕਿ ਗੁਰਪੁਰਬ ਹਰ ਸਾਲ ਹੀ ਪੋਹ ਸੁਦੀ 7 ਨੂੰ ਮਨਾਇਆ ਜਾ ਰਿਹਾ ਹੈ ਤਾਂ ਪਾਠਕ ਜਨ ਜਰਾ ਧਿਆਨ ਨਾਲ ਵੇਖਣ ਕਿ ਪੋਹ ਸੁਦੀ 7 ਲਿਖਿਆ ਹੋਇਆ ਉਨ੍ਹਾਂ ਨੂੰ ਕਿਸੇ ਵੀ ਕੈਲੰਡਰ ਵਿੱਚ ਨਜ਼ਰੀਂ ਪੈਂਦਾ ਹੈ ? ਜੇ ਨਹੀਂ ਤਾਂ ਹੰਕਾਰ ਨਾਲ ਭਰੇ ਅਜਿਹੇ ਵਿਅਕਤੀ ਕਿਹੜੇ ਮੂੰਹ ਨਾਲ ਕਹਿ ਰਹੇ ਹਨ ਕਿ ਜਥੇਦਾਰਾਂ ਵੱਲੋਂ ਐਲਾਨਿਆ ਗਿਆ ਕੈਲੰਡਰ ਹੀ ਸਭ ਤੋਂ ਸ਼ੁੱਧ ਹੈ ਤੇ ਸਾਨੂੰ ਇਸ ਅਨੁਸਾਰ ਹੀ ਆਪਣੇ ਸਾਰੇ ਦਿਹਾੜੇ ਮਨਾਉਣੇ ਚਾਹੀਦੇ ਹਨ ?

ਆਪਣੇ ਲੇਖ ਵਿੱਚ ਲੇਖਕ ਜੀ ਅੱਗੇ ਲਖਦੇ ਹਨ ਕਿ ‘ਜਿਸ ਦਿਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖ਼ਸ਼ੀ ਉਸ ਤੋਂ ਅਗਲੇ ਦਿਨ ਤੀਜੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਪਰ ਪੁਰੇਵਾਲ ਦਾ ਕੈਲੰਡਰ ਸਿੱਧ ਕਰ ਰਿਹਾ ਹੈ ਕਿ ਤੀਜੇ ਪਾਤਸ਼ਾਹ ਨੇ ਉਸ ਦਿਨ ਹੀ ਗੁਰਿਆਈ ਬਖ਼ਸ਼ੀ ਅਤੇ ਉਸੇ ਦਿਨ ਜੋਤੀ ਜੋਤ ਸਮਾਏ ਸਨ। ਇਨ੍ਹਾਂ ਲੋਕਾਂ ਵੱਲੋਂ ਹਰਿਮੰਦਰ ਸਾਹਿਬ, ਜਿੱਥੋਂ ਸਾਰੇ ਸੰਸਾਰ ਨੂੰ ਅਰਦਾਸ ਦੇ ਮੌਕੇ ’ਤੇ ਇਨ੍ਹਾਂ ਪਾਵਨ ਗੁਰਪੁਰਬਾਂ ਦੀ ਜਾਣਕਾਰੀ ਮਿਲਦੀ ਹੈ, ਉਥੇ ਇੱਕ ਦਿਨ ਵਿੱਚ ਤਿੰਨ ਤਿੰਨ ਪਾਵਨ ਗੁਰਪੁਰਬਾਂ ਦੀਆਂ ਅਰਦਾਸਾਂ ਪੱਕੀਆਂ ਕਰ ਦਿੱਤੀਆਂ ਗਈਆਂ।’

ਆਪਣੇ ਕਥਨ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਲੇਖਕ ਨੇ ਕੋਈ ਇਤਿਹਾਸਕ ਹਵਾਲਾ ਨਹੀਂ ਦਿੱਤਾ ਪਰ ਕਿੰਨਾਂ ਚੰਗਾ ਹੁੰਦਾ ਜੇ ਇਹ ਲਿਖਣ ਤੋਂ ਪਹਿਲਾਂ ਲੇਖਕ ਸਾਹਿਬ ਜੀ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਪੜ੍ਹ ਲੈਂਦੇ। ਮਹਾਨ ਕੋਸ਼ ਵਿੱਚ ‘ਅਮਰਦਾਸ ਸਤਿਗੁਰੂ’ ਸਿਰਲੇਖ ਹੇਠ ਭਾਈ ਸਾਹਿਬ ਜੀ ਲਿਖਦੇ ਹਨ : ‘ਭਾਦੋਂ ਸੁਦੀ 15 ਬਿਕ੍ਰਮੀ ਸੰਮਤ 1631 (2 ਅੱਸੂ ਸੰਮਤ 1631; 1 ਸਤੰਬਰ ਸੰਨ 1574 ਨੂੰ ਆਪ ਜੋਤੀ ਜੋਤ ਸਮਾਏ’।

‘ਰਾਮਦਾਸ ਸਤਿਗੁਰੂ’ ਸਿਰਲੇਖ ਹੇਠ ਲਿਖਦੇ ਹਨ : ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦ ਸ਼੍ਰੀ ਰਾਮਦਾਸ ਜੀ ਦੀ ਘਾਲ ਕਮਾਈ ਪਰਵਾਣ ਹੋਈ ਦੇਖੀ; ਤਦ ਪ੍ਰਸੰਨ ਹੋ ਕੇ 2 ਅੱਸੂ ਸੰਮਤ 1631; ਸੰਨ 1574 ਨੂੰ ਗੁਰੁਤਾ ਬਖ਼ਸ਼ੀ’। ਅੱਗੇ ਲਿਖਦੇ ਹਨ ‘2 ਅੱਸੂ (ਭਾਦੋਂ ਸੁਦੀ 3) ਸੰਮਤ 1638, (ਸੰਨ 1581) ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਏ’।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਪਾਵਨ ਅੰਕ 923 ’ਤੇ ਬਾਬਾ ਸੁੰਦਰ ਜੀ ਲਿਖਦੇ ਹਨ : ਸਤਿਗੁਰਿ, ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਨ ਭਾਇਆ ॥ …… 4॥ ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥… ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ॥5॥ ਗੁਰਬਾਣੀ ਪੜ੍ਹਨ ਤੇ ਗੁਰਬਾਣੀ ਦਾ ਅਦਬ ਕਰਨ ਵਾਲੇ ਗੁਰਸਿੱਖ ਇਨ੍ਹਾਂ ਪਾਵਨ ਬਚਨਾਂ ਨੂੰ ਪੜ੍ਹ ਵੀਚਾਰ ਕੇ ਵੇਖਣ ਕਿ ਕੀ ਇਹ ਸੇਧ ਨਹੀਂ ਦੇ ਰਹੇ ਕਿ ਜਿਸ ਦਿਨ ਗੁਰਿਆਈ ਬਖ਼ਸ਼ੀ ਉਸੇ ਦਿਨ ਸਤਿਗੁਰੂ ਜੀ ਜੋਤ ਸਮਾ ਗਏ।

ਇਸ ਲੇਖ ’ਚ ਸਿਰਫ ਲੇਖਕ ਜੀ ਦੇ ਗਿਆਨ ਦੀ ਪੜਚੋਲ ਕੀਤੀ ਹੈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਮੰਗ ਕਰ ਰਹੇ ਗੁਰਸਿੱਖਾਂ ਪ੍ਰਤੀ ਉਸ ਵੱਲੋਂ ਵਰਤੀ ਗਈ ਸ਼ਬਦਾਵਲੀ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਲੇਖ ਪੜ੍ਹ ਕੇ ਸਮਝ ਲੱਗ ਗਈ ਸੀ ਕਿ ਅਜਿਹੇ ਮਨੁੱਖ ਤੋਂ ਸਿਸ਼ਟਾਚਾਰ ਦੀ ਆਸ ਨਹੀਂ ਰੱਖੀ ਜਾ ਸਕਦੀ।

ਗੁਰਬਾਣੀ ਵਿੱਚ ਵਰਤੀਆਂ ਗਈਆਂ ਭਾਰ ਤੋਲਣ, ਲੰਬਾਈ ਮਾਪਣ ਦੀਆਂ ਇਕਾਈਆਂ ਸਮੇਤ ਸਮੇਂ ਦੀਆਂ ਇਕਾਈਆਂ; ਲੇਖਕ ਸਮੇਤ ਆਪਾਂ ਸਾਰੇ ਛੱਡ ਚੁੱਕੇ ਹਾਂ ਤਾਂ ਅਣਗਿਣਤ ਊਣਤਾਈਆਂ ਵਾਲੇ ਬਿਕ੍ਰਮੀ ਕੈਲੰਡਰ ਦਾ ਤਿਅਗ ਕਰ ਕੇ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਅਤੇ ਲਾਗੂ ਕਰਨ ਨਾਲ ਕੋਈ ਵੀ ਸਿੱਖ ਨਾ ਗੁਰੂ ਤੋਂ ਬੇਮੁਖ ਹੈ, ਨਾ ਗੁਰੂ ਸਾਹਿਬਾਨ ਦੀ ਬੇਅਦਬੀ ਕਰਦਾ ਹੈ ਅਤੇ ਨਾ ਹੀ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਤੋਂ ਮੁਨਕਰ ਹੁੰਦਾ ਹੈ। ਕੌਣ ਗੁਰੂ ਤੋਂ ਬੇਮੁਖ ਹੈ, ਕੌਣ ਗੁਰੂ ਹੁਕਮਾਂ ਦੀ ਬੇਅਦਬੀ ਕਰਦਾ ਹੈ ਅਤੇ ਕੌਣ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਤੋਂ ਮੁਨਕਰ ਹੁੰਦਾ ਹੈ ਇਸ ਦਾ ਫੈਸਲਾ ਘੱਟ ਤੋਂ ਘੱਟ ਇਸ ਤਰ੍ਹਾਂ ਦਾ ਲੇਖਕ ਜਿਹੜਾ ਆਪਣੇ ਗਿਆਨ ਦਾ ਪ੍ਰਦਰਸ਼ਨ ਹਵਾਲੇ ਅਧੀਨ ਲੇਖ ਵਿੱਚ ਵਰਤੀ ਸ਼ਬਦਾਵਲੀ ਵਿੱਚ ਕਰ ਚੁੱਕਾ ਹੈ; ਪਾਸ ਤਾਂ ਬਿਲਕੁਲ ਹੀ ਨਹੀਂ ਹੈ।