44.1 C
Jalandhar
Tuesday, May 19, 2026
spot_img
Home Blog Page 125

‘ਮੱਥੇ ਲੱਗਣਾ’ ਦਾ ਭਰਮ

0

‘ਮੱਥੇ ਲੱਗਣਾ’ ਦਾ ਭਰਮ

ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) – 94631-32719

ਪੰਜਾਬ ਦੇ ਸਮਾਜਿਕ-ਸਭਿਆਚਕ ਪ੍ਰਸੰਗ ਵਿਚ ਮੱਥੇ ਲੱਗਣ ਦਾ ਮੁਹਾਵਰਾ ਆਮ ਵਰਤਿਆ ਅਤੇ ਵਿਚਾਰਿਆ ਜਾਂਦਾ ਹੈ। ਇਸ ਦਾ ਭਾਵ ਕਿਸੇ ਵਿਅਕਤੀ ਜਾਂ ਵਸਤੂ ਦੇ ਰੂ-ਬਰੂ ਹੋਣ ਤੋਂ ਲਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਨਾਲ ਪ੍ਰੇਮ ਕਰਨ ਵਾਲੇ ਇਸ ਨੂੰ ‘ਫੇਸ-ਟੂ-ਫੇਸ’ ਹੋਣਾ ਵੀ ਆਖਦੇ ਹਨ। ਇਸ ਮੁਹਾਵਰੇ ਦੀ ਵਰਤੋਂ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਕਿਸਮਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਇਹ ਭਾਵਨਾ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤੇ ਗਏ ਕਿਸੇ ਕਾਰਜ ਦੇ ਤਸੱਲੀਬਖ਼ਸ਼ ਜਾਂ ਗ਼ੈਰ-ਤਸੱਲੀਬਖ਼ਸ਼ ਸਿੱਟੇ ਦੀ ਉੱਪਜ ਹੁੰਦੀ ਹੈ। ਬੇਸ਼ੱਕ ਕਿਸੇ ਕਾਰਜ ਦਾ ਸਿੱਟਾ ਉਸ ਕਾਰਜ ਨੂੰ ਕਰਨ ਵਾਲੇ ਕਰਤਾ ਦੀ ਮਿਹਨਤ, ਲਗਨ ਅਤੇ ਲਿਆਕਤ ਤੋਂ ਛੁੱਟ ਉਸ (ਕਰਤਾ) ਦੁਆਰਾ ਕਾਰਜ ਦੇ ਸੁਭਾਅ ਮੁਤਾਬਕ ਵਰਤੇ ਢੰਗ-ਤਰੀਕਿਆਂ ’ਤੇ ਨਿਰਭਰ ਕਰਦਾ ਹੈ ਪਰ ਪ੍ਰਭਾਵਤ ਮਨੁੱਖ ਅਕਸਰ ਆਪਣੀ ਇਸ ਜ਼ਿੰਮੇਵਾਰੀ (ਵਿਸ਼ੇਸ਼ ਕਰ ਕੇ ਨਾਂਹ-ਪੱਖੀ) ਨੂੰ ਕਿਸੇ ਹੋਰ ਦੇ ਮੱਥੇ ਮੜ੍ਹ ਕੇ ਆਪਣੇ ਆਪ ਨੂੰ ਸੁਰਖ਼ਰੂ ਮਹਿਸੂਸ ਕਰਨ ਲੱਗ ਪੈਂਦਾ ਹੈ।

ਸਵੇਰ ਉੱਠ ਕੇ ਜਦੋਂ ਕੋਈ ਵਿਅਕਤੀ ਆਪਣੇ ਇਸ਼ਟ ਦੇ ਸਨਮੁੱਖ ਅਰਦਾਸ/ਬੇਨਤੀ ਕਰਦਾ ਹੈ ਤਾਂ ਉਸ ਸਮੇਂ ਇਕ ਗੱਲ ਇਹ ਵੀ ਆਖਦਾ ਹੈ ਕਿ ‘ਹੇ ਪਰਮਾਤਮਾ ! ਅੱਜ ਕਿਸੇ ਨੇਕ ਦੇ ਮੱਥੇ ਲਗਾਈਂ।’ ਪਰ ਕਿਸੇ ਨੇਕ ਜਾਂ ਨ-ਨੇਕ ਬੰਦੇ ਦੀ ਕੋਈ ਸਿੱਕੇਬੰਦ ਪਰਿਭਾਸ਼ਾ ਨਹੀਂ ਹੁੰਦੀ। ਆਮ ਤੌਰ ’ਤੇ ਜਿਸ ਮਨੁੱਖ ਦੇ ਸਮਾਜਿਕ-ਸਭਿਆਚਾਰਕ ਵਿਹਾਰ ਉੱਪਰ ਸਮਾਜ ਦੇ ਵੱਡੇ ਹਿੱਸੇ ਦੀ ਪ੍ਰਵਾਨਗੀ ਦੀ (ਹਾਂ ਪੱਖੀ) ਮੋਹਰ ਲੱਗ ਜਾਵੇ, ਉਸ ਨੂੰ ਨੇਕ ਜਾਂ ਸਾਊ ਕਹਿ ਦਿੱਤਾ ਜਾਂਦਾ ਹੈ ਅਤੇ ਜਿਸ ਵਿਅਕਤੀ ਨਾਲ ਵਰਤੋਂ-ਵਿਹਾਰ ਰੱਖਣ ਤੋਂ ਸਮਾਜ ਦਾ ਵਡੇਰਾ ਹਿੱਸਾ ਆਪਣਾ ਹੱਥ ਪਿਛਾਂਹ ਨੂੰ ਖਿੱਚ ਲਵੇ ਜਾਂ ਮੇਲ-ਮਿਲਾਪ ਵਿਚ ਕੰਜੂਸੀ ਕਰਨ ਲੱਗ ਜਾਵੇ ਤਾਂ ਅਜਿਹੇ ਪੁਰਖ ਨੂੰ ਨ-ਨੇਕਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਘਰੋਂ ਕੰਮ ’ਤੇ ਜਾਣ ਲੱਗਿਆਂ ਜੇਕਰ ਕੋਈ ਇਸ ਸ਼੍ਰੇਣੀ ਦਾ ਪੁਰਖ ਅਚਾਨਕ ਮੱਥੇ ਲੱਗ ਜਾਵੇ ਤਾਂ ਉਸ ਨੂੰ ਅਸ਼ੁੱਭਤਾ ਦਾ ਸੰਕੇਤ ਸਵੀਕਾਰ ਲਿਆ ਜਾਂਦਾ ਹੈ। ਇਤਫ਼ਾਕਵੱਸ ਜੇਕਰ ਉਸ ਦਿਨ ਕੀਤੇ ਕਿਸੇ ਕੰਮ ਦਾ ਨਤੀਜਾ ਅਣਇੱਛਤ ਨਿਕਲ ਆਵੇ ਤਾਂ ਮੱਥੇ ਲੱਗਣ ਵਾਲੇ ਵਿਅਕਤੀ ਦੀ ‘ਧੀ-ਭੈਣ’ ਇੱਕ ਕਰ ਦਿੱਤੀ ਜਾਂਦੀ ਹੈ।

ਕਈ ਲੋਕਾਂ ਨੂੰ ਤਾਂ ਇਹ ਵੀ ਕਹਿੰਦੇ ਸੁਣਿਆ ਜਾਂਦਾ ਹੈ ਕਿ ਅੱਜ ਤਾਂ ਫਲਾਣਾ/ਫਲਾਣੀ ਮੱਥੇ ਲੱਗਾ/ਲੱਗੀ ਹੈ, ਪਤਾ ਨਹੀਂ ਰੋਟੀ ਵੀ ਨਸੀਬ ਹੋਵੇਗੀ ਕਿ ਨਹੀਂ ? ਜੇਕਰ ਕਿਸੇ ਦਿਨ ਕਿਸੇ ਦੁਕਾਨਦਾਰ ਦੀ ਦੁਕਾਨ ’ਤੇ ਗਾਹਕ ਘੱਟ ਆਉਣ ਜਾਂ ਬਿਲਕੁਲ ਹੀ ਨਾ ਆਉਣ, ਤਾਂ ਉਹ ਵੀ ਕਹਿ ਦਿੰਦਾ ਹੈ ਕਿ ‘ਪਤਾ ਨਹੀਂ ਅੱਜ ਕਿਸ ਦੇ ਮੱਥੇ ਲੱਗ ਕੇ ਆਇਆ ਹਾਂ ਅਜੇ ਤੀਕ ਬੋਹਣੀ (ਗਾਹਕ ਦੀ ਪਹਿਲੀ ਆਮਦ) ਵੀ ਨਹੀਂ ਹੋਈ, ਅੱਜ ਤਾਂ ਚਾਹ ਵੀ ਪੱਲਿਓਂ ਹੀ ਪੀਣੀ ਪਈ ਹੈ।’

ਜੇਕਰ ਸਫ਼ਰ ਕਰਦੇ ਸਮੇਂ ਕਿਸੇ ਦੇ ਸਾਇਕਲ ਜਾਂ ਸਕੂਟਰ ਦਾ ਟਾਇਰ ਪੰਚਰ ਹੋ ਜਾਵੇ ਜਾਂ ਕੋਈ ਹੋਰ ਅੜਿਕਾ ਡਹਿ ਜਾਵੇ ਤਾਂ ਇਸ ਦਾ ਦੋਸ਼ ਵੀ ਕਿਸੇ ‘ਮੱਥੇ ਲੱਗਣ’ ਵਾਲੇ ਮਰਦ ਜਾਂ ਔਰਤ ਦੇ ਸਿਰ ਹੀ ਧਰ ਦਿੱਤਾ ਜਾਂਦਾ ਹੈ। ਗੱਲ ਸਿਰਫ ਦੋਸ਼ ਧਰਾਈ ’ਤੇ ਹੀ ਨਹੀਂ ਖੜ੍ਹਦੀ ਸਗੋਂ ਮੱਥੇ ਲੱਗਣ ਵਾਲੇ ਜਾਂ ਵਾਲੀ ਨੂੰ ਰੱਜਵਾਂ ਬੁਰਾ-ਭਲਾ ਵੀ ਕਿਹਾ ਜਾਂਦਾ ਹੈ।

ਮੱਥੇ ਲੱਗਣ ਦਾ ਇੱਕ ਪਹਿਲੂ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਕਈ ਆਰਥਿਕ ਪੱਖੋਂ ਮਜਬੂਤ ਪਰਿਵਾਰ ਭਾਵ ਖਾਂਦੇ-ਪੀਂਦੇ ਘਰ-ਘਰਾਣਿਆਂ ਦੇ ਮਾਲਿਕ ਆਪਣੇ ਦਾਲ-ਫੁੱਲਕਾ ਛੱਕਣ ਵਾਲੇ ਅੰਗਾਂ-ਸਾਕਾਂ ਦੇ ਮੱਥੇ ਲੱਗਣ ਨੂੰ ਸੁਖਦਾਇਕ ਨਹੀਂ ਸਮਝਦੇ। ਜੇਕਰ ਕੋਈ ਭੁੱਲਿਆ-ਭਟਕਿਆ ਉਨ੍ਹਾਂ ਦੇ ਮੱਥੇ ਲੱਗ ਵੀ ਜਾਂਦਾ ਹੈ ਤਾਂ ਉਸ ਨੂੰ ਦੇਖਦਿਆਂ ਹੀ ਮੱਥੇ ਵੱਟ ਪਾ ਲੈਂਦੇ ਹਨ।

ਮੱਥੇ ਲੱਗਣ ਦਾ ਇਕ ਹੋਰ ਪਹਿਲੂ ਕਿਸੇ ਵਿਅਕਤੀ ਦੀ ਲੰਮੀ ਗ਼ੈਰ-ਹਾਜਰੀ ਨਾਲ ਵੀ ਸੰਬੰਧਤ ਹੈ। ਕਿਸੇ ਦਾ ਕੋਈ ਦੇਣਦਾਰ ਜੇਕਰ ਲੰਮਾ ਸਮਾਂ ਉਸ (ਲੈਣਦਾਰ) ਨਾਲ ਸੰਪਰਕ ਨਹੀਂ ਕਰਦਾ ਤਾਂ ਉਹ ਵੀ ਸਹਿਜ ਸੁਭਾਅ ਹੀ ਆਖ ਦਿੰਦਾ ਹੈ ਕਿ ‘ਕੀ ਗੱਲ ਹੋ ਗਈ ਬਈ ! ਅੱਜ ਕਲ੍ਹ ਤਾਂ ਮੱਥੇ ਲੱਗਣੋਂ ਵੀ ਗਿਆ ?’

ਵਾਰਤਾਲਾਪ ਦੌਰਾਨ ਕੁੱਝ ਮਨੁੱਖ ਆਪਣੇ ਕਥਨਾਂ ਵਿਚਲੀ ਸੱਚਾਈ ਨੂੰ ਸਾਬਤ ਕਰਨ ਲਈ ਵੀ ਕੁਝ ਵਸਤੂਆਂ ਨੂੰ (ਕਸਮ ਖਾਣ ਹਿੱਤ) ਮੱਥੇ ਲਗਾ ਲੈਂਦੇ ਹਨ ਅਤੇ ਕਹਿ ਦਿੰਦੇ ਹਨ ਕਿ ‘ਮੇਰੇ ਸੂਰਜ/ਦੀਪਕ ਮੱਥੇ ਲੱਗਦਾ ਹੈ ਜੇਕਰ ਮੈਂ ਕੋਈ ਝੂਠ ਬੋਲਾਂ।’

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ‘ਮੱਥੇ ਲੱਗਣ’ ਦਾ ਪ੍ਰਸੰਗ ਕਿਸੇ ਵਿਅਕਤੀ ਜਾਂ ਵਸਤੂ ਦਾ ਸਾਹਮਣਾ ਕਰਨਾ ਹੀ ਹੁੰਦਾ ਹੈ। ਵਿਗਿਆਨਿਕ ਨਜ਼ਰੀਏ ਤੋਂ ਦੇਖਿਆਂ ਕਿਸੇ ਚਾਹੇ ਜਾਂ ਅਣਚਾਹੇ ਮਨੁੱਖ ਦੇ ਸਾਹਮਣੇ ਹੋ ਜਾਣ ਨਾਲ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਫ਼ਰਕ ਨਹੀਂ ਪੈਂਦਾ ਪਰ ਇਸ (ਮੱਥੇ ਲੱਗਣ) ਦੀ ਓਟ ਨਾਲ ਕੁੱਝ ਬੰਦੇ ਆਪਣੀਆਂ ਅਣਗਹਿਲੀਆਂ/ਜ਼ਿੰਮੇਵਾਰੀਆਂ ਤੋਂ ਭੱਜਣ ਦਾ ਰਾਹ ਜ਼ਰੂਰ ਸੁਖਾਲਾ ਕਰ ਲੈਂਦੇ ਹਨ।

=========0=========

ਚਾਰ ਸਾਹਿਬਜ਼ਾਦੇ

0

ਚਾਰ ਸਾਹਿਬਜ਼ਾਦੇ 

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)-98150-24920

ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਚਾਰ ਸਾਹਿਬਜ਼ਾਦੇ ਕਿਹਾ ਜਾਂਦਾ ਹੈ। ਇਹਨਾਂ ਚਾਰ ਸਾਹਿਬਜ਼ਾਦਿਆਂ ਵਿੱਚ ਬਾਬਾ ਅਜੀਤ ਸਿੰਘ ਜੀ (ਜਨਮ 1687), ਬਾਬਾ ਜੁਝਾਰ ਸਿੰਘ ਜੀ (ਜਨਮ 1690) ਵੱਡੇ ਸਾਹਿਬਜ਼ਾਦਿਆਂ ਵੱਜੋਂ ਜਾਣੇ ਜਾਣੇ ਜਾਂਦੇ ਹਨ ਅਤੇ ਬਾਬਾ ਜ਼ੋਰਾਵਰ ਸਿੰਘ ਜੀ (ਜਨਮ 1696) ਅਤੇ ਬਾਬਾ ਫਤਹਿ ਸਿੰਘ ਜੀ (ਜਨਮ 1699) ਛੋਟੇ ਸਾਹਿਬਜ਼ਾਦਿਆਂ ਵਜੋਂ ਜਾਣੇ ਜਾਂਦੇ ਹਨ।

ਵੱਡੇ ਸਾਹਿਬਜ਼ਾਦਿਆਂ ਦੀ ਵਿੱਦਿਆ ਪੜ੍ਹਾਈ, ਘੋੜ ਸਵਾਰੀ, ਤਲਵਾਰਬਾਜ਼ੀ ਵਗੈਰਾ ਗੁਰੂ ਸਾਹਿਬ ਅਤੇ ਪ੍ਰਮੁੱਖ ਸਿੱਖ ਸੇਵਕਾਂ ਦੀ ਨਿਗਰਾਨੀ ਹੇਠ ਹੋਈ ਸੀ। ਦਸੰਬਰ 1704 ਈ: ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨੇੜੇ ਦੁਸ਼ਮਣ ਫੌਜਾਂ ਨਾਲ ਭਾਰੀ ਯੁੱਧ ਹੋਇਆ। ਸਰਸਾ ਪਾਰ ਕਰ ਕੇ ਰੋਪੜ ਨੇੜੇ ਵੀ ਘਮਸਾਨ ਦਾ ਯੁੱਧ ਹੋਇਆ ਅਤੇ ਆਖਰ ਚਮਕੌਰ ਦੀ ਕੱਚੀ ਗੜ੍ਹੀ ਨੁਮਾ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦਿਆਂ ਅਤੇ ਕੁੱਝ ਕੁ ਗਿਣਤੀ ਦੇ ਸਿੱਖਾਂ ਨੇ ਪਨਾਹ ਲਈ। ਇਸ ਦੌਰਾਨ ਚਮਕੌਰ ਦੀ ਜੰਗ ਵਿੱਚ ਦੁਸ਼ਮਣ ਫੋਜਾਂ ਨਾਲ ਲੋਹਾ ਲੈਂਦੇ ਹੋਏ 22 ਦਸੰਬਰ 1704 ਨੂੰ ਹੋਰਨਾਂ ਸਿੰਘਾਂ ਨਾਲ, ਪਹਿਲਾ ਬਾਬਾ ਅਜੀਤ ਸਿੰਘ ਅਤੇ ਬਾਅਦ ਵਿੱਚ ਬਾਬਾ ਜੁਝਾਰ ਸਿੰਘ ਜੀ, ਸ਼ਹੀਦੀ ਦਾ ਜਾਮ ਪੀ ਗਏ ਸਨ।

ਸਰਸਾ ਕੰਢੇ ਹੋਏ ਹਮਲੇ ਦੌਰਾਨ ਗੁਰੂ ਪਿਤਾ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪਰਵਾਰ ਤੋਂ ਵਿਛੜ ਗਏ ਸਨ। ਜਿਨ੍ਹਾਂ ਨੂੰ ਖੇੜੀ ਪਿੰਡ ਦਾ ਗੰਗੂ ਰਸੋਈਆ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਅਤੇ ਬਾਅਦ ਵਿੱਚ ਲਾਲਚ ਵੱਸ ਆ ਕੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ।

ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਮੁਗਲ ਹਕੂਮਤ ਵੱਲੋਂ ਬਹੁਤ ਡਰਾਇਆ ਧਮਕਾਇਆ ਗਿਆ ਅਤੇ ਪਿਆਰ, ਛਲ-ਕਪਟ ਅਤੇ ਲਾਲਚ ਨਾਲ ਆਪਣਾ ਧਰਮ ਛੱਡਣ ਲਈ ਕਿਹਾ, ਪਰ ਜਦ ਆਪਣੇ ਵੱਡੇ ਵੀਰਾਂ ਵਾਂਗ ਸਿਧਾਂਤ ’ਤੇ ਪਹਿਰਾ ਦਿੰਦਿਆਂ ਸਾਹਿਬਜ਼ਾਦੇ ਨਾ ਮੰਨੇ (ਨਾ ਡੋਲੇ) ਤਾਂ ਵਜ਼ੀਰ ਖਾਨ ਦੇ ਹੁਕਮ ਨਾਲ ਉਨ੍ਹਾਂ ਦੀ ਸ਼ਹੀਦੀ ਦੇ ਚਾਰ ਦਿਨ ਬਾਅਦ 26 ਦਸੰਬਰ 1704 ਨੂੰ ਸਰਹੰਦ ਦੀ ਧਰਤੀ ’ਤੇ ਜਿਊਂਦਿਆਂ ਨੂੰ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।

ਇਸ ਤਰ੍ਹਾਂ ਛੋਟੀਆਂ ਉਮਰਾਂ ਵਿੱਚ ਵੱਡੇ ਸਾਕੇ ਕਰ ਕੇ ਚਾਰੋਂ ਸਾਹਿਬਜ਼ਾਦੇ ਲੋਕ ਮਨਾਂ ਵਿੱਚ ਹਮੇਸ਼ਾਂ ਲਈ ਅਮਰ ਹੋ ਗਏ, ਕਿਉਂਕਿ ਉਹਨਾਂ ਆਪਣੇ ਧਰਮ ਵਿੱਚ ਪੱਕਿਆਂ ਰਹਿ ਕੇ, ਮਨੁੱਖੀ ਹੱਕਾਂ ਅਤੇ ਹੱਕ ਸੱਚ ਦੀ ਲੜਾਈ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾਉਣ ਦੀ ਪਰਵਾਹ ਨਹੀਂ ਕੀਤੀ। ਸਾਨੂੰ ਵੀ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਧਰਮ ਵਿੱਚ ਪੱਕੇ ਰਹਿ ਕੇ, ਜ਼ੁਲਮ/ਧੱਕੇ ਵਿਰੁੱਧ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ।

ਊਡੇ ਊਡਿ ਆਵੈ ਸੈ ਕੋਸਾ

0

ਊਡੇ ਊਡਿ ਆਵੈ ਸੈ ਕੋਸਾ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ੴ ਸਤਿ ਗੁਰ ਪ੍ਰਸਾਦਿ

ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਬਹੁਤ ਹੀ ਵਿਸ਼ਾਲ ਅਤੇ ਅਦਭੁਤ ਹੈ। ਇਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪਸ਼ੂ, ਪੰਛੀ, ਜੀਵ-ਜੰਤੂ ਅਤੇ ਪੌਦੇ ਵੇਖਣ ਨੂੰ ਮਿਲਦੇ ਹਨ। ਜੀਵ ਜੰਤੂਆਂ ਦਾ ਸੰਸਾਰ ਬਹੁਤ ਹੀ ਵਿਸ਼ਾਲ ਤੇ ਵਚਿੱਤਰ ਹੈ। ਧਰਤੀ ’ਤੇ ਰਹਿਣ ਵਾਲੇ, ਪਾਣੀ ਵਿੱਚ ਪਾਏ ਜਾਣ ਵਾਲੇ, ਹਵਾ ਵਿੱਚ ਉੱਡਣ ਵਾਲੇ ਅਤੇ ਮਿੱਟੀ ਦੇ ਥੱਲੇ ਰਹਿਣ ਵਾਲੇ ਅਨੇਕਾਂ ਹੀ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਸ਼ਾਕਾਹਾਰੀ ਜੀਵ, ਮਾਸਾਹਾਰੀ, ਰੀਂਗਣ ਵਾਲੇ, ਤੁਰਨ ਵਾਲੇ, ਉੱਡਣ ਵਾਲੇ ਅਤੇ ਹੋਰ ਅਨੇਕ ਤਰ੍ਹਾਂ ਦੇ ਜੀਵ-ਜੰਤੂ ਸਾਡੇ ਆਲੇ ਦੁਆਲੇ ਦਿਖਾਈ ਦਿੰਦੇ ਹਨ। ਇਸ ਤੋਂ ਵੀ ਅੱਗੇ ਚੱਲੀਏ ਤਾਂ ਪ੍ਰਮਾਤਮਾ ਦੀ ਰਚਨਾ ਵਿੱਚ ਉਹ ਵੀ ਅਨੇਕਾਂ ਜੀਵ ਹਨ, ਜਿਹਨਾਂ ਨੂੰ ਸਾਡੀ ਅੱਖ ਵੇਖ ਵੀ ਨਹੀਂ ਸਕਦੀ। ਉਹਨਾਂ ਨੂੰ ਵੇਖਣ ਲਈ ਸ਼ਕਤੀਸ਼ਾਲੀ ਖੁਰਦਬੀਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਕੁਦਰਤ ਵਿੱਚ ਬਹੁਤ ਰੰਗ ਬਰੰਗੀਆਂ ਸਚਾਈਆਂ ਹਨ। ਆਪਣੇ ਖ਼ਾਸ ਸੁਭਾਅ, ਰੰਗ, ਅਕਾਰ ਅਤੇ ਗੁਣਾ ਕਰ ਕੇ ਵੱਖ ਵੱਖ ਜੀਵ ਅਕਸਰ ਆਮ ਲੋਕਾਂ ਅਤੇ ਵਿਗਿਆਨੀਆਂ ਲਈ ਕੇਵਲ ਚਰਚਾ ਦਾ ਵਿਸ਼ਾ ਹੀ ਨਹੀਂ ਸਗੋਂ ਖੋਜ ਦਾ ਵੀ ਵਿਸ਼ਾ ਬਣੇ ਰਹਿੰਦੇ ਹਨ।

ਇਹ ਸਾਰੇ ਜੀਵ ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਨੰਗੇ ਹੀ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :

ਵਿਸਮਾਦੁ; ਨਾਗੇ ਫਿਰਹਿ ਜੰਤ ॥ (ਆਸਾ ਕੀ ਵਾਰ/ਮ: ੧/੪੬੩)

ਪ੍ਰਮਾਤਮਾ ਨੇ ਇਹਨਾਂ ਦੀ ਪਾਲਣਾ ਪੋਸ਼ਨਾ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਹਰ ਮੌਸਮ ਵਿੱਚ ਇਹ ਜੀਵ ਜੀਊਂਦੇ ਰਹਿੰਦੇ ਹਨ। ਗਰਮੀ, ਸਰਦੀ, ਤੂਫਾਨ, ਹੜ੍ਹ, ਬਰਫੀਲੀਆਂ ਚੋਟੀਆਂ ਅਤੇ ਮਾਰੂਥਲਾਂ ਦੀਆਂ ਗਰਮੀਆਂ ਵਿੱਚ ਪ੍ਰਮਾਤਮਾ ਨੇ ਇਹਨਾਂ ਨੂੰ ਕੇਵਲ ਰਹਿਣ ਯੋਗ ਹੀ ਨਹੀਂ ਬਣਾਇਆ ਸਗੋਂ ਇਹਨਾਂ ਦੇ ਆਹਾਰ ਦਾ ਪ੍ਰਬੰਧ ਵੀ ਉਸ ਨੇ ਕਰ ਕੇ ਰੱਖਿਆ ਹੋਇਆ ਹੈ। ਕੁੱਝ ਪੰਛੀ ਐਸੇ ਵੀ ਹਨ ਜੋ ਮੌਸਮ ਬਦਲਣ ’ਤੇ ਆਪਣਾ ਵਾਸਾ ਕਿਸੇ ਹੋਰ ਥਾਂ ’ਤੇ ਜਾ ਕੇ ਕਰਦੇ ਹਨ ਅਤੇ ਕੁੱਝ ਸਮੇਂ ਬਾਅਦ ਫਿਰ ਵਾਪਸ ਆਪਣੇ ਹੀ ਟਿਕਾਣੇ ’ਤੇ ਆ ਜਾਂਦੇ ਹਨ। ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਚੱਲਦਾ ਰੱਖਣ ਲਈ ਇਸ ਤਰ੍ਹਾਂ ਦੇ ਵਿਧੀ ਵਿਧਾਨ ਬਣਾਏ ਹੋਏ ਹਨ।

ਪੰਛੀਆਂ ਦੇ ਪ੍ਰਵਾਸ ਕਰਨ ਦੇ ਕਾਰਨ ਤੋਂ ਹਰ ਇੱਕ ਦੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਇਹ ਪੰਛੀ ਕਿੱਥੋਂ, ਕਿਉਂ ਤੇ ਕਿਸ ਤਰ੍ਹਾਂ ਸਾਡੇ ਕੋਲ ਆਉਂਦੇ ਹਨ ਤੇ ਫਿਰ ਕਿੱਥੇ ਤੇ ਕਿਵੇਂ ਚਲੇ ਜਾਂਦੇ ਹਨ ? ਜਦੋਂ ਮੌਸਮ ਦੀ ਤਬਦੀਲੀ ਨੂੰ ਨਾ ਸਹਾਰਦੇ ਹੋਏ, ਉਹਨਾਂ ਦੀ ਜਾਨ ਖਤਰੇ ਵਿੱਚ ਪੈ ਜਾਵੇ ਤਾਂ ਉਹ ਮਜਬੂਰੀ ਦੀ ਹਾਲਤ ਵਿੱਚ ਕੁਦਰਤੀ ਸੂਝ ਬੂਝ ਦੁਆਰਾ ਆਪਣੇ ਅਸਥਾਨ ਨੂੰ ਛੱਡ ਕੇ ਕਿਸੇ ਹੋਰ ਅਨੁਕੂਲ ਅਸਥਾਨ ’ਤੇ ਪਹੁੰਚ ਜਾਂਦੇ ਹਨ। ਕੂੰਜ ਨੂੰ ਹੀ ਵੇਖ ਲਈਏ ਕਿ ਉਹ ਸੈਂਕੜੇ ਕੋਹਾਂ ਦੇ ਸਫਰ ਕਰ ਕੇ ਅਨੁਕੂਲ ਵਾਤਾਵਰਣ ਵਾਲੇ ਇਲਾਕੇ ਵਿੱਚ ਪਹੁੰਚ ਜਾਂਦੀ ਹੈ। ਆਮ ਕਰ ਕੇ ਸਾਇਬੇਰੀਆਂ ਤੋਂ ਚੱਲ ਕੇ ਭਾਰਤ ਵਿੱਚ ਇਹ ਹਜ਼ਾਰਾਂ ਮੀਲ ਦਾ ਸਫ਼ਰ ਕਰ ਕੇ ਆਉਂਦੀਆਂ ਹਨ। ਪਿੱਛੇ ਉਹਨਾਂ ਦੇ ਬੱਚੇ ਇਕੱਲੇ ਹੀ ਹੁੰਦੇ ਹਨ। ਉਹਨਾਂ ਦਾ ਕੋਈ ਧਿਆਨ ਰੱਖਣ ਵਾਲਾ ਨਹੀਂ ਹੁੰਦਾ, ਕੋਈ ਕੁੱਝ ਖੁਆਉਣ ਵਾਲਾ ਵੀ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਉਂਦਾ ਪਰ ਫਿਰ ਵੀ ਉਹਨਾਂ ਦੇ ਬੱਚੇ ਪਲਦੇ ਰਹਿੰਦੇ ਹਨ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਹੀ ਉਹਨਾਂ ਦੇ ਪਾਲਣ ਦਾ ਵਸੀਲਾ (ਕੂੰਜ ਦੀ ਧਿਆਨ ਸਾਧਨਾ ਰਾਹੀਂ ਹੀ) ਬਣਾਉਂਦਾ ਹੈ। ਰਹਿਰਾਸ ਸਾਹਿਬ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਹਾਂ :

ਊਡੇ ਊਡਿ ਆਵੈ, ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥

ਤਿਨ, ਕਵਣੁ ਖਲਾਵੈ  ? ਕਵਣੁ ਚੁਗਾਵੈ  ? ਮਨ ਮਹਿ ਸਿਮਰਨੁ ਕਰਿਆ ॥ (ਸੋ ਦਰੁ ਗੂਜਰੀ/ਮ: ੫/੧੦)

ਪ੍ਰਮਾਤਮਾ ਨੇ ਹਰ ਜੀਵ ਨੂੰ ਉਸ ਦੀ ਜੀਵਨਸ਼ੈਲੀ ਤੇ ਚਰਿੱਤਰ ਵਿਧੀ ਅਨੁਸਾਰ ਜੀਊਣ ਲਈ ਸਮਰੱਥਾ ਬਖਸ਼ੀ ਹੋਈ ਹੈ। ਇਸ ਸਚਾਈ ਅਧੀਨ ਹੀ ਕੁਦਰਤ ਨੇ ਪ੍ਰਵਾਸੀ ਪੰਛੀਆਂ ਨੂੰ ਹਜ਼ਾਰਾਂ ਮੀਲਾਂ ਦਾ ਲੰਮਾ ਤੇ ਕਠਿਨ ਸਫ਼ਰ ਤੈਅ ਕਰ ਸਕਣ ਲਈ ਪੂਰੀ ਤਾਕਤ ਨਾਲ ਨਿਵਾਜਿਆ ਹੁੰਦਾ ਹੈ। ਇਹ ਪ੍ਰਵਾਸੀ ਪੰਛੀ, ਬਿਨਾਂ ਕੁੱਝ ਖਾਧੇ ਪੀਤੇ, ਕਈ ਕਈ ਦਿਨ ਲਗਾਤਾਰ ਉੱਡਦੇ ਰਹਿੰਦੇ ਹਨ। ਕੁਦਰਤ ਨੇ ਇਹਨਾਂ ਦੇ ਸਰੀਰਾਂ ਅੰਦਰ ਪ੍ਰਵਾਸ ਕਰਨ ਸਮੇਂ ਚਰਬੀ ਦਾ ਇੱਕ ਵੱਡਾ ਭੰਡਾਰ ਜਮ੍ਹਾਂ ਕੀਤਾ ਹੁੰਦਾ ਹੈ, ਜਿਸ ਨੂੰ ਲੰਬੇ ਸਫ਼ਰ ਦੌਰਾਨ ਉਹ ਊਰਜਾ ਦੇ ਤੌਰ ’ਤੇ ਵਰਤਦੀਆਂ ਹਨ। ਕੁਦਰਤ ਨੇ ਇਹਨਾਂ ਦੇ ਖੰਭਾਂ ਵਿੱਚ ਵਿਸ਼ੇਸ਼ ਬਣਤਰ ਬਨਾਈ ਹੁੰਦੀ ਹੈ, ਜਿਸ ਦੀ ਸਹਾਇਤਾ ਨਾਲ ਇਹ ਲੰਮਾ ਸਫ਼ਰ ਕਰ ਸਕਦੀਆਂ ਹਨ।

ਵੱਖ ਵੱਖ ਪੰਛੀਆਂ ਦੇ ਪ੍ਰਵਾਸ ਦੀ ਗਾਥਾ ਬਾਰੇ ਜਾਣਕਾਰੀ ਹਾਸਲ ਕਰ ਕੇ ਕੁਦਰਤ ਦੇ ਅੱਗੇ ਸ਼ਰਧਾ ਤੇ ਪਿਆਰ ਨਾਲ ਸਿਰ ਝੁੱਕ ਜਾਂਦਾ ਹੈ ਤੇ ਮਨ ਵਿਸਮਾਦ ਦੀ ਅਵਸਥਾ ਵਿੱਚ ਆ ਜਾਂਦਾ ਹੈ। ਚਿੱਟੇ ਰੰਗ ਦਾ ਇੱਕ ਵੱਡਾ ਸਮੁੰਦਰੀ ਪੰਛੀ ਅਲਬਟਰੋਸ ਲਗਭਗ ਤਿੰਨ ਮਹੀਨੇ ਵਿੱਚ 30 ਹਜ਼ਾਰ ਕਿਲੋ ਮੀਟਰ ਦਾ ਸਫ਼ਰ ਤੈਅ ਕਰਦਾ ਹੈ ਅਤੇ ਇੱਕ ਹਫਤਾ, ਬਿਨਾਂ ਖੰਭ ਹਿਲਾਏ ਹਵਾ ਵਿੱਚ ਗਲਾਈਡ ਕਰਦਾ ਹੈ। ਉਤਰੀ ਅਮਰੀਕਾ ਦਾ ਇੱਕ ਪੰਛੀ ਬੋਬੋਲਿੰਕ, ਸਰਦੀਆਂ ਵਿੱਚ ਉੱਤਰੀ ਅਰਜਨਟਾਈਨਾ ਅਤੇ ਬਰਾਜ਼ੀਲ ਪਹੁੰਚਣ ਲਈ 2000 ਕਿਲੋ ਮੀਟਰ ਦਾ ਸਫ਼ਰ ਖੁੱਲ੍ਹੇ ਸਮੁੰਦਰ ਨੂੰ ਪਾਰ ਕਰ ਕੇ ਕਰਦਾ ਹੈ। ਕੁਦਰਤ ਨੇ ਇਸ ਦੇ ਸਰੀਰ ’ਤੇ ਚਰਬੀ ਦੀ ਇੱਕ ਮੋਟੀ ਤਹਿ ਜਮਾ ਕੇ ਰੱਖੀ ਹੁੰਦੀ ਹੈ ਜਿਸ ਦੀ ਵਰਤੋਂ ਇਹ ਪੰਛੀ ਲੰਬੇ ਸਫ਼ਰ ਦੌਰਾਨ ਸਰੀਰ ਨੂੰ ਊਰਜਾ ਦੇਣ ਲਈ ਕਰਦਾ ਹੈ। ਜੇ ਕਿਸੇ ਵਿਅਕਤੀ ਨੇ ਪਾਇਲਟ ਦੀ ਟ੍ਰੇਨਿੰਗ ਲੈਣੀ ਹੋਵੇ ਤਾਂ ਉਸ ਨੂੰ ਬਹੁਤ ਕਠਿਨ ਮਿਹਨਤ ਕਰਨੀ ਪੈਂਦੀ ਹੈ ਤੇ ਦਿਸ਼ਾ ਸੂਚਕ ਦੀ ਮਦਦ ਨਾਲ ਹੀ ਉਹ ਜਹਾਜ਼ ਨੂੰ ਸਹੀ ਦਿਸ਼ਾ ਵਿੱਚ ਲਿਜਾ ਸਕਦਾ ਹੈ, ਪਰ ਕੁਦਰਤ ਦੀ ਰਚਨਾ ਅੱਗੇ ਸਿਰ ਝੁੱਕ ਜਾਂਦਾ ਹੈ ਕਿ ਇਹ ਪੰਛੀ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰ ਕੇ ਬਿਨਾਂ ਕਿਸੇ ਧੋਖਾ ਖਾਧੇ ਆਪਣੇ ਟੀਚੇ ’ਤੇ ਪਹੁੰਚ ਜਾਂਦੇ ਹਨ।

ਵਿਗਿਆਨੀਆਂ ਦਾ ਵਿਚਾਰ ਹੈ ਕਿ ਇਹਨਾਂ ਪੰਛੀਆਂ ਦੇ ਦਿਮਾਗ ਅੰਦਰ ਚਾਲਕ ਅਤੇ ਦਿਸ਼ਾ ਸੂਚਕ ਜੰਤਰ ਵਰਗੀ ਕੋਈ ਪ੍ਰਣਾਲੀ ਮੌਜੂਦ ਹੈ। ਇਸ ਅੰਦਰੂਨੀ ਦਿਸ਼ਾ ਸੂਚਕ ਦੇ ਸਹਾਰੇ ਇਹ ਪੰਛੀ ਹਜ਼ਾਰਾਂ ਮੀਲ ਦਾ ਕਠਿਨ ਸਫ਼ਰ ਬੜੀ ਸਫਲਤਾ ਪੂਰਵਕ ਪਾਰ ਕਰ ਕੇ ਨਿਸ਼ਚਿਤ ਥਾਂ ’ਤੇ ਪਹੁੰਚ ਜਾਂਦੇ ਹਨ। ਸੂਰਜ ਚੰਦ ਅਤੇ ਤਾਰਿਆਂ ਦੀ ਸਥਿਤੀ ਵੀ ਰਸਤਾ ਦਿਖਾਉਣ ਵਿੱਚ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਪਹਾੜਾਂ, ਝੀਲਾਂ, ਸਮੁੰਦਰਾਂ ਅਤੇ ਮਾਰੂਥਲ ਵਰਗੇ ਪੱਕੇ ਚਿੰਨ੍ਹ ਵੀ ਸਹਾਇਕ ਹੁੰਦੇ ਹਨ। ਕੁਦਰਤੀ ਸੂਝ-ਬੂਝ ਦੇ ਨਾਲਨਾਲ ਇਹਨਾਂ ਪੰਛੀਆਂ ਦੀ ਵੇਖਣ, ਸੁਣਨ ਤੇ ਸੁੰਘਣ ਸ਼ਕਤੀ ਵੀ ਕੰਮ ਕਰਦੀ ਹੈ। ਚੁੰਬਕੀ ਤੇ ਬਿਜਲਈ ਖੇਤਰ ਵੀ ਇਹਨਾਂ ਦੀ ਅਗਵਾਈ ਕਰਦੇ ਹਨ। ਕੁਦਰਤ ਨੇ ਇਹਨਾਂ ਪੰਛੀਆਂ ਨੂੰ ਇੱਕ ਵਚਿੱਤਰ ਸੋਝੀ ਬਖਸ਼ਿਸ਼ ਕੀਤੀ ਹੋਈ ਹੈ ਕਿ ਇਹ ਪ੍ਰਵਾਸੀ ਪੰਛੀ ਅੰਗਰੇਜ਼ੀ ਦੇ ਉਲਟੇ ਅੱਖਰ (ਵੀ) ਦੀ ਸ਼ਕਲ ਵਿੱਚ ਝੁੰਡ ਬਣਾ ਕੇ ਚੱਲਦੇ ਹਨ। ਇਸ ਤਰ੍ਹਾਂ ਚੱਲਣ ਨਾਲ ਇਹਨਾਂ ਦੀ ਰਫ਼ਤਾਰ ਕਈ ਗੁਣਾਂ ਤੇਜ ਹੋ ਜਾਂਦੀ ਹੈ। ਜਿਹੜੀ ਕੂੰਜ ਅੱਗੇ ਹੁੰਦੀ ਹੈ ਉਹ ਬਾਕੀ ਝੁੰਡ ਦੀ ਅਗਵਾਈ ਕਰਦੀ ਹੈ ਤੇ ਜਦੋਂ ਉਹ ਥੱਕ ਜਾਂਦੀ ਹੈ ਤਾਂ ਉਸ ਦੀ ਥਾਂ ਦੂਸਰੀ ਹੋਰ ਕੂੰਜ ਅਗਵਾਈ ਕਰਨ ਲਈ ਅੱਗੇ ਆ ਜਾਂਦੀ ਹੈ ਤੇ ਪਹਿਲੀ ਕੂੰਜ ਪਿੱਛੇ ਹੋ ਜਾਂਦੀ ਹੈ। ਜੇ ਇਸ ਝੁੰਡ ਵਿੱਚੋਂ ਕੁੱਝ ਕੂੰਜਾਂ ਸਰੀਰਕ ਪੱਖੋਂ ਢਿੱਲੀਆਂ ਹੋ ਜਾਣ ਤਾਂ ਉਹ ਆਪਣਾ ਇੱਕ ਵੱਖਰਾ ਝੁੰਡ ਬਣਾ ਕੇ ਘੱਟ ਰਫ਼ਤਾਰ ਨਾਲ ਚੱਲਣ ਲੱਗ ਪੈਂਦੀਆਂ ਹਨ।

ਵਿਗਿਆਨੀਆਂ ਨੇ ਇਹ ਵੀ ਖੋਜ ਕਰ ਲਈ ਹੈ ਕਿ ਅਕਾਲ ਪੁਰਖ ਨੇ ਪ੍ਰਵਾਸੀ ਪੰਛੀਆਂ ਨੂੰ ਪ੍ਰਵਾਸ ਕਰਨ ਲਈ ਸਹੀ ਸਮਾਂ ਕੀ ਹੈ, ਇਸ ਬਾਰੇ ਵੀ ਸੋਝੀ ਦੇ ਰੱਖੀ ਹੈ। ਇਹਨਾਂ ਨੂੰ ਪ੍ਰਵਾਸ ਯਾਤਰਾ ਸ਼ੁਰੂ ਕਰਨ ਦੀ ਪ੍ਰੇਰਨਾ ਦਿਨ ਦੀ ਲੰਬਾਈ ਘੱਟਣ ਤੋਂ ਮਿਲਦੀ ਹੈ। ਜਦੋਂ ਦਿਨ ਛੋਟੇ ਹੋ ਜਾਂਦੇ ਹਨ ਤਾਂ ਇਹਨਾਂ ਨੂੰ ਭੋਜਨ ਦੀ ਭਾਲ ਲਈ ਪੂਰਾ ਸਮਾਂ ਨਹੀਂ ਮਿਲਦਾ ਤਾਂ ਇਹ ਯਾਤਰਾ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਕੁਦਰਤੀ ਤੌਰ ’ਤੇ ਵੀ ਇਹਨਾਂ ਦੇ ਸਰੀਰ ਅੰਦਰ ਖ਼ਾਸ ਕਿਸਮ ਦੇ ਹਾਰਮੋਨਜ਼ ਤਿਆਰ ਹੋ ਜਾਂਦੇ ਹਨ ਜੋ ਇਹਨਾਂ ਨੂੰ ਪ੍ਰਵਾਸ ਯਾਤਰਾ ’ਤੇ ਨਿੱਕਲਣ ਲਈ ਉਕਸਾਉਂਦੇ ਹਨ। ਆਮ ਤੌਰ ’ਤੇ ਸਾਫ਼ ਮੌਸਮ ਵਿੱਚ ਹੀ ਜਿਸ ਪਾਸੇ ਹਵਾ ਦੀ ਦਿਸ਼ਾ ਹੋਵੇ, ਉਸ ਪਾਸੇ ਵੱਲ ਹੀ ਇਹ ਉਡਾਣ ਭਰਦੇ ਹਨ।

ਮਨੁੱਖ ਨੂੰ ਕੇਵਲ ਆਪਣਾ ਜਾਂ ਆਪਣੇ ਪਰਿਵਾਰ ਨੂੰ ਪਾਲਣ ਦਾ ਫ਼ਿਕਰ ਰਹਿੰਦਾ ਹੈ। ਇਸ ਲਈ ਉਹ ਦਿਨ ਰਾਤ ਮਾਇਆ ਨੂੰ ਇਕੱਠੀ ਕਰਨ ਵਿੱਚ ਲੱਗਾ ਰਹਿੰਦਾ ਹੈ। ਇਹ ਮਾਇਆ ਇਕੱਠੀ ਕਰਨ ਵਿੱਚ ਕਈ ਤਰ੍ਹਾਂ ਦੇ ਪਰਪੰਚ ਕਰਦਾ ਹੈ। ਭਗਤ ਕਬੀਰ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਫੁਰਮਾਉਂਦੇ ਹਨ :

ਬਹੁ ਪਰਪੰਚ ਕਰਿ; ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ; ਆਨਿ ਲੁਟਾਵੈ ॥੧॥

ਮਨ ਮੇਰੇ ਭੂਲੇ ! ਕਪਟੁ ਨ ਕੀਜੈ ॥ ਅੰਤਿ ਨਿਬੇਰਾ; ਤੇਰੇ ਜੀਅ ਪਹਿ, ਲੀਜੈ ॥੧॥ ਰਹਾਉ ॥ (ਭਗਤ ਕਬੀਰ/੬੫੬)

ਮਨੁੱਖ ਇਹ ਗੱਲ ਨਹੀਂ ਸਮਝਦਾ ਕਿ ਜਿਸ ਪ੍ਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਹੈ, ਉਸ ਨੇ ਰੋਜ਼ੀ ਰੋਟੀ, ਪਾਲਣ ਪੋਸ਼ਣ ਦਾ ਪ੍ਰਬੰਧ ਤਾਂ ਉਸ ਦੇ ਜਨਮ ਤੋਂ ਪਹਿਲਾਂ ਹੀ ਕੀਤਾ ਹੋਇਆ ਹੈ। ਕਿੰਨੀ ਕਮਾਲ ਦੀ ਗੱਲ ਹੈ ਕਿ ਥਣਧਾਰੀ ਪ੍ਰਾਣੀਆਂ ਦੇ ਥਣਾਂ ਵਿੱਚ ਉਦੋਂ ਤੱਕ ਦੁੱਧ ਨਹੀਂ ਆਉਂਦਾ ਜਿੰਨੀ ਦੇਰ ਤੱਕ ਜ਼ਰੂਰਤ ਨਾ ਹੋਵੇ। ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਸ ਨੂੰ ਜ਼ਿੰਦਾ ਰੱਖਣ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ। ਪ੍ਰਮਾਤਮਾ ਇਸ ਦਾ ਪ੍ਰਬੰਧ ਖ਼ੁਦ ਆਪ ਹੀ ਕਰਦਾ ਹੈ। ਮਾਂ ਦੇ ਥਣਾਂ ਵਿੱਚ ਦੁੱਧ ਆ ਜਾਂਦਾ ਹੈ। ਇਹ ਦੁੱਧ ਏਨਾ ਹੁੰਦਾ ਹੈ ਕਿ ਉਸ ਬੱਚੇ ਨੂੰ ਭਾਵੇਂ ਉਹ ਮਨੁੱਖ ਦਾ ਹੋਵੇ, ਗਾਂ ਦਾ ਜਾਂ ਮੱਝ ਆਦਿ ਦਾ ਹੋਵੇ, ਉਸ ਨੂੰ ਜ਼ਿੰਦਾ ਰਹਿਣ ਲਈ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ। ਜਦੋਂ ਵੱਡਾ ਹੋ ਗਿਆ ਤਾਂ ਭੋਜਨ ਦਾ ਪ੍ਰਬੰਧ ਮਾਤਾ ਪਿਤਾ ਕਰਦੇ ਹਨ। ਜਦੋਂ ਬਜ਼ੁਰਗ ਦੀ ਅਵਸਥਾ ਹੁੰਦੀ ਹੈ ਤਾਂ ਬੈਠਿਆਂ ਨੂੰ ਬੱਚੇ ਭੋਜਨ ਦਿੰਦੇ ਹਨ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ :

ਬਾਰ ਬਿਵਸਥਾ; ਤੁਝਹਿ ਪਿਆਰੈ ਦੂਧ ॥ ਭਰਿ ਜੋਬਨ; ਭੋਜਨ ਸੁਖ ਸੂਧ ॥

ਬਿਰਧਿ ਭਇਆ; ਊਪਰਿ ਸਾਕ ਸੈਨ ॥ ਮੁਖਿ ਅਪਿਆਉ; ਬੈਠ ਕਉ ਦੈਨ ॥ (ਮ: ੫/੨੬੭)

ਪ੍ਰੰਤੂ ਮਨੁੱਖ ਦਿਨ ਰਾਤ ਮਾਇਆ ਇਕੱਠੀ ਕਰਨ ਵਿੱਚ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ। ਪੱਥਰਾਂ ਵਿੱਚ, ਗੁਫਾਵਾਂ ਵਿੱਚ, ਧਰਤੀ ਦੇ ਥੱਲੇ ਦਿਸਦੇ ਤੇ ਅਣ-ਦਿਸਦੇ ਸਾਰੇ ਜੀਵਾਂ ਦਾ ਫ਼ਿਕਰ, ਉਸ ਪ੍ਰਮਾਤਮਾ ਨੂੰ ਹੈ। ਕਈ ਵਾਰ ਮਨੁੱਖ ਹਉਮੈ ਵਿੱਚ ਆ ਕੇ ਸਮਝਦਾ ਹੈ ਕਿ ਮੇਰੇ ਕਰ ਕੇ ਹੀ ਕਈ ਹੋਰ ਮਨੁੱਖ ਪਲ ਰਹੇ ਹਨ। ਮੈਂ ਉਹਨਾਂ ਨੂੰ ਰੁਜ਼ਗਾਰ ਦੇ ਰਿਹਾ ਹਾਂ।

ਸ਼ਿਵਾ ਜੀ ਜਦੋਂ ਕੋਈ ਮੁਹਿੰਮ ਫ਼ਤਹਿ ਕਰਦੇ ਸਨ ਤਾਂ ਉਹ ਉਸ ਇਲਾਕੇ ਦੇ ਕਿਲਿਆਂ ਦੀ ਮੁਰੰਮਤ ਕਰਵਾਉਂਦੇ ਸਨ ਤੇ ਸਮਝਦੇ ਸਨ ਕਿ ਇਸ ਤਰੀਕੇ ਨਾਲ ਮੈਂ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਰਿਹਾ ਹਾਂ। ਇੱਕ ਵਾਰ ਉਹ ਆਪਣੇ ਧਾਰਮਿਕ ਗੁਰੂ ਸਮਰੱਥ ਰਾਮ ਦਾਸ ਜੀ ਨੂੰ ਕਿਲਿਆਂ ਦੀ ਉਸਾਰੀ ਵਿਖਾਉਣ ਲਈ ਲਿਆਏ ਤੇ ਬੜੇ ਮਾਣ ਨਾਲ ਕਹਿਣ ਲੱਗੇ ਕਿ ਮੈਂ ਸੈਂਕੜੇ ਲੋਕਾਂ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਰਿਹਾ ਹਾਂ। ਸਮਰੱਥ ਰਾਮ ਦਾਸ ਜੀ ਸਮਝ ਗਏ ਕਿ ਮੇਰੇ ਚੇਲੇ ਨੂੰ ਇਹ ਹੰਕਾਰ ਹੋ ਗਿਆ ਹੈ ਕਿ ਉਹ ਪਾਲਣ ਪੋਸ਼ਣ ਦਾ ਵਸੀਲਾ ਹੈ। ਉਹਨਾਂ ਨੇ ਸ਼ਿਵਾ ਜੀ ਨੂੰ ਨੇੜੇ ਪਏ ਇੱਕ ਪੱਥਰ ਨੂੰ ਤੋੜਨ ਲਈ ਕਿਹਾ। ਜਦੋਂ ਮਜ਼ਦੂਰਾਂ ਨੇ ਪੱਥਰ ਤੋੜਿਆ ਤਾਂ ਉਸ ਵਿੱਚੋਂ ਕੁੱਝ ਕੀੜੇ ਨਿੱਕਲੇ। ਗੁਰੂ ਜੀ ਨੇ ਸ਼ਿਵਾ ਜੀ ਨੂੰ ਪੁੱਛਿਆ ਕਿ ਇਹਨਾਂ ਦੀ ਪਾਲਣਾ ਪੋਸ਼ਣਾ ਵੀ ਤੁਸੀਂ ਕਰ ਰਹੇ ਹੋ ? ਉਹ ਚੁੱਪ ਹੋ ਗਏ ਤੇ ਫਿਰ ਸਮਝਾਇਆ ਕਿ ਪ੍ਰਮਾਤਮਾ ਹੀ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਮਨੁੱਖ ਤਾਂ ਇੱਕ ਵਸੀਲਾ ਹੀ ਬਣਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ :

ਸੈਲ ਪਥਰ ਮਹਿ, ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥ (ਸੋ ਦਰੁ ਗੂਜਰੀ/ਮ: ੫/੧੦)

ਕੁਦਰਤ ਆਪਣਾ ਸੰਤੁਲਨ ਬਣਾ ਕੇ ਚੱਲਦੀ ਹੈ। ਕੁਦਰਤ ਦਾ ਭੋਜਨ ਚੱਕਰ ਸੂਰਜ ਦੀ ਰੋਸ਼ਨੀ ਤੋਂ ਸ਼ੁਰੂ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਸਾਨੂੰ (ਭਾਵ ਕੁਦਰਤ ਨੂੰ) ਊਰਜਾ ਦਿੰਦੀਆਂ ਹਨ, ਜਿਨ੍ਹਾਂ ਕਰ ਕੇ ਹੀ ਪੌਦੇ ਵਧਦੇ ਫੁੱਲਦੇ ਹਨ। ਪੌਦੇ, ਆਪਣਾ ਭੋਜਨ ਪ੍ਰਕਾਸ਼ ਸੰਸ਼ਲੇਸ਼ਣ (ਵੱਖ-ਵੱਖ ਤੱਤਾਂ ਨੂੰ ਮਿਲ਼ਾ ਕੇ ਇੱਕ ਰੂਪ ਦੇਣ ਦਾ ਭਾਵ) ਦੀ ਵਿਧੀ ਰਾਹੀਂ ਸੂਰਜ ਦੀ ਰੋਸ਼ਨੀ ਵਿੱਚੋਂ ਤਿਆਰ ਕਰਦੇ ਹਨ। ਸ਼ਾਕਾਹਾਰੀ ਜਾਨਵਰ ਇਹਨਾਂ ਪੌਦਿਆਂ ਤੋਂ ਆਪਣੀ ਖ਼ੁਰਾਕ ਲੈਂਦੇ ਹਨ ਤੇ ਮਾਸਾਹਾਰੀ ਜਾਨਵਰ, ਸ਼ਾਕਾਹਾਰੀਆਂ ਨੂੰ ਖਾ ਕੇ ਆਪਣਾ ਪੇਟ ਭਰਦੇ ਹਨ। ਇਸ ਤਰ੍ਹਾਂ ਕੁਦਰਤ ਦਾ ਭੋਜਨ ਚੱਕਰ ਚੱਲਦਾ ਰਹਿੰਦਾ ਹੈ।

ਪ੍ਰਮਾਤਮਾ ਨੇ ਇਸ ਧਰਤੀ ਦਾ ਤਾਪਮਾਨ ਸਥਿਰ ਅਤੇ ਜੀਵਾਂ ਦੇ ਰਹਿਣ ਦੇ ਅਨੁਕੂਲ ਬਣਾਉਣ ਲਈ ਉਤਰੀ ਤੇ ਦੱਖਣੀ ਧਰੁਵ ’ਤੇ ਢੇਰ ਸਾਰੀ ਬਰਫ਼ ਰੱਖ ਦਿੱਤੀ ਹੈ। ਉਤਰੀ ਧਰੁਵ ’ਤੇ ਰਹਿਣ ਵਾਲੇ ਲੋਕਾਂ ਨੇ ਸੰਸਾਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਸ ਦਾ ਨਾਂ ਗਰੀਨਲੈਂਡ ਰੱਖਿਆ ਹੈ ਹਾਲਾਂ ਕਿ ਇੱਥੇ ਕੋਈ ਹਰਿਆਵਲ ਨਹੀਂ। ਕੇਵਲ ਬਰਫ਼ ਹੀ ਬਰਫ਼ ਹੈ। ਇਹਨਾਂ ਲੋਕਾਂ ਲਈ ਸ਼ੀਲ ਮੱਛੀ ਸਭ ਤੋਂ ਵੱਧ ਉਪਯੋਗੀ ਹੈ। ਇਹ ਉਸ ਦਾ ਸੂਪ ਪੀ ਕੇ ਹੀ ਗੁਜ਼ਾਰਾ ਕਰਦੇ ਹਨ ਤੇ ਬਾਲਣ ਦੇ ਰੂਪ ਵਿੱਚ ਇਸ ਦੀ ਚਰਬੀ ਦੀ ਵਰਤੋਂ ਕਰਦੇ ਹਨ। ਇਹ ਇਲਾਕਾ ਕੂੰਜਾਂ ਅਤੇ ਸਮੁੰਦਰੀ ਪੰਛੀਆਂ ਲਈ ਹੈ। ਇਹ ਪੰਛੀ ਬਹੁਤ ਛੋਟੇ ਅਕਾਰ ਦੇ ਹੁੰਦੇ ਹਨ। ਲਗਭਗ ਇਹਨਾਂ ਦੀ ਲੰਬਾਈ 14-15 ਇੰਚ ਹੁੰਦੀ ਹੈ ਪਰ ਇਹਨਾਂ ਦੇ ਖੰਭਾਂ ਦੀ ਲੰਬਾਈ 30-35 ਇੰਚ ਹੁੰਦੀ ਹੈ ਤੇ ਇਹਨਾਂ ਦਾ ਭਾਰ ਤਕਰੀਬਨ 100 ਗ੍ਰਾਮ ਹੁੰਦਾ ਹੈ। ਖੰਭਾਂ ਦਾ ਰੰਗ ਸੁਰਮਈ ਤੇ ਕਿਨਾਰੀ ਚਿੱਟੀ ਹੁੰਦੀ ਹੈ। ਇਹਨਾਂ ਦੇ ਪੈਰ ਅਤੇ ਚੁੰਝ ਲਾਲ ਰੰਗ ਦੇ ਹੁੰਦੇ ਹਨ। ਇਹ ਆਪਣਾ ਰੈਣ-ਬਸੇਰਾ ਆਪ ਬਣਾਉਂਦੇ ਹਨ। ਜਦੋਂ ਟਿਕਾਣਾ ਬਣ ਜਾਂਦਾ ਹੈ ਤਾਂ ਇਹ ਉਤਰੀ ਧਰੁਵ ਤੋਂ ਦੱਖਣੀ ਧਰੁਵ ਤੱਕ ਲੰਬੀ ਯਾਤਰਾ ’ਤੇ ਨਿੱਕਲ ਜਾਂਦੇ ਹਨ। ਇਹਨਾਂ ਦਾ ਆਉਣ ਜਾਣ ਦਾ ਸਫ਼ਰ ਲਗਭਗ 70,000 ਕਿਲੋ ਮੀਟਰ ਹੁੰਦਾ ਹੈ। ਪਿੱਛੇ ਇਹਨਾਂ ਦੇ ਬੱਚੇ ਇਕੱਲੇ ਹੀ ਹੁੰਦੇ ਹਨ। ਪ੍ਰਮਾਤਮਾ ਹੀ ਇਹਨਾਂ ਦਾ ਪਾਲਣ ਪੋਸ਼ਣ ਦਾ ਵਸੀਲਾ ਬਣਾਉਂਦਾ ਹੈ। ਮੌਸਮ ਬਦਲਣ ’ਤੇ ਇਹ ਆਪੋ ਆਪਣੇ ਟਿਕਾਣਿਆਂ ਵਿੱਚ ਆਪਣੇ-ਆਪਣੇ ਬੱਚਿਆਂ ਕੋਲ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਸਮੁੰਦਰੀ ਟਟੀਹਰੀ ਸਭ ਤੋਂ ਵੱਧ ਸਮਾਂ ਹਵਾ ਵਿੱਚ ਬਿਤਾਉਣ ਵਾਲੀ ਹੈ। ਇਹ ਸਾਲ ਵਿੱਚ ਦੋ ਵਾਰ ਇੱਕ ਧਰੁਵ ਤੋਂ ਦੂਜੇ ਧਰੁਵ ਤੱਕ ਦਾ ਲੰਬਾ ਸਫ਼ਰ ਕਰਦੀ ਹੈ। ਇਸ ਤਰ੍ਹਾਂ ਇਹ ਪੰਛੀ ਸਾਲ ਵਿੱਚ ਅੱਠ ਮਹੀਨੇ ਹਵਾ ਵਿੱਚ ਉੱਡਦਾ ਰਹਿੰਦਾ ਹੈ। ਪ੍ਰਵਾਸ ਦੌਰਾਨ ਇਹ ਪੰਛੀ ਉੱਡਦਾ-ਉੱਡਦਾ ਹੀ ਪਾਣੀ ਵਿੱਚ ਗੋਤਾ ਖਾ ਕੇ ਆਪਣੀ ਖ਼ੁਰਾਕ (ਮੱਛੀ ਆਦਿ) ਨੂੰ ਚੁੰਝ ਵਿੱਚ ਦਬੋਚ ਲੈਂਦਾ ਹੈ। ਇਹਨਾਂ ਦੇ ਸਫ਼ਰ ਦਾ ਮਨੋਰਥ, ਬਰਫ਼ ਦਾ ਜ਼ਿਆਦਾ ਵਧਣਾ, ਭੋਜਨ ਦੀ ਭਾਲ ਅਤੇ ਜ਼ਿੰਦਾ ਰਹਿਣ ਲਈ ਅਨੁਕੂਲ ਵਾਤਾਵਰਣ ਦਾ ਹੋਣਾ ਹੈ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਬੇਅੰਤ ਹੈ, ਜੋ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰ ਰਿਹਾ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਕੁਦਰਤ ਦਾ ਸੰਤੁਲਨ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਈਏ। ਵੱਧ ਤੋਂ ਵੱਧ ਦਰਖ਼ਤ ਲਾਈਏ ਅਤੇ ਉਹਨਾਂ ਦੀ ਸੰਭਾਲ ਵੀ ਕਰੀਏ। ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਦੀ ਵਰਤੋਂ ਸਿਆਣਪ ਨਾਲ ਕਰੀਏ। ਗੁਰੂ ਦੀ ਮੱਤ ਅਨੁਸਾਰ ਆਪਣਾ ਸੁਚੱਜਾ ਜੀਵਨ ਜੀਵੀਏ ਅਤੇ ਆਦਰਸ਼ਕ ਸਮਾਜ ਦੀ ਉਸਾਰੀ ਕਰੀਏ।

ਟਾਈਮ ਟੀ ਵੀ ’ਤੇ ਚਲ਼ਦੇ ਗੁਰਬਾਣੀ ਦੇ ਸੰਥਿਆ ਸਹਿਜ ਪਾਠ ਲਈ ਸਿੰਘ ਸਾਹਿਬ ਗਿ. ਜਗਤਾਰ ਸਿੰਘ ਜਾਚਕ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ

0

ਟਾਈਮ ਟੀ ਵੀ ’ਤੇ ਚਲ਼ਦੇ ਗੁਰਬਾਣੀ ਦੇ ਸੰਥਿਆ ਸਹਿਜ ਪਾਠ ਲਈ ਸਿੰਘ ਸਾਹਿਬ ਗਿ. ਜਗਤਾਰ ਸਿੰਘ ਜਾਚਕ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ

31 ਦਸੰਬਰ 2014 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚੋਂ ਮੁੱਖ ਮੰਤ੍ਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿ. ਗੁਰਬਚਨ ਸਿੰਘ ਜੀ ਦੀ ਅਰਦਾਸ ਦੁਆਰਾ ਚੜ੍ਹਦੀਕਲਾ ਟਾਈਮ ਟੀ ਵੀ ਚੈਨਲ ਤੋਂ ਸਿੰਘ ਸਾਹਿਬ ਗਿ. ਜਗਤਾਰ ਸਿੰਘ ਜਾਚਕ ਜੀ ਵੱਲੋਂ ਰੀਕਾਰਡ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਥਿਆ ਸਹਿਜ ਪਾਠਾਂ ਦੀ ਜੋ ਲੜੀ ਸ਼ੁਰੂ ਹੋਈ ਸੀ, ਅਕਾਲ ਪੁਰਖ ਦੀ ਮਿਹਰ ਸਦਕਾ 10 ਦਸੰਬਰ 2017 ਐਤਵਾਰ ਦੁਪਹਿਰ ਨੂੰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਤੀਜੇ ਸੰਥਿਆ ਪਾਠ ਦੀ ਸੰਪੂਰਨਤਾ ਅਤੇ ਚੌਥੇ ਪਾਠ ਦੀ ਅਰੰਭਤਾ ਹੋਈ ਹੈ। ਇਸ ਮੌਕੇ ਹੋਏ ਮਹਾਨ ਗੁਰਮਤ ਸਮਾਗਮ ਤੇ ਸਨਮਾਨ ਸਮਾਗਮ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰੋਕਤ ਸੇਵਾ ਲਈ ਸਿੰਘ ਸਾਹਿਬ ਗਿ. ਜਗਤਾਰ ਸਿੰਘ ਜਾਚਕ ਤੇ ਚੜ੍ਹਦੀਕਲਾ ਗਰੁਪ ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਦਾ ਉਪਰੋਕਤ ਸੇਵਾ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ । ਓਥੇ ਸ੍ਰੀ ਗੋਇੰਦਵਾਲ ਤੇ ਸ੍ਰੀ ਚੋਹਲਾ ਸਾਹਿਬ ਦੇ ਇਲਾਕਾ ਨਿਵਾਸੀਆਂ ਤੇ ਚੜ੍ਹਦੀ ਕਲਾ ਗਰੁਪ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕਤਰ ਸ੍ਰ. ਗੁਰਬਚਨ ਸਿੰਘ ਕਰਮੂੰਵਾਲਾ ਨੂੰ ‘ਨਿਰਮਾਣ ਪੰਥ ਸੇਵਕ’ ਦੇ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ । ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਕਾਰਜ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਫੋਟੋ ਦਾ ਵੇਰਵਾ- ਜਨਰਲ ਸਕਤਰ ਸ੍ਰ. ਗੁਰਬਚਨ ਸਿੰਘ ਕਰਮੂੰਵਾਲਾ ਦੁਆਰਾ ਜਾਚਕ ਜੀ ਨੂੰ ਸਨਮਾਨ ਚਿੰਨ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ ।
ਭਾਗ ਲੈਣ ਵਾਲੇ ਪੰਥ ਪ੍ਰਸਿੱਧ ਰਾਗੀ ਜੱਥੇ ਤੇ ਗੁਰਸਿੱਖ ਵਿਦਵਾਨ

  1. ਭਾਈ ਗੁਰਪ੍ਰੀਤ ਸਿੰਘ, ਹਜ਼ੂਰੀ ਰਾਗੀ ਜੱਥਾ ਸ੍ਰੀ ਗੋਇੰਦਵਾਲ ਸਾਹਿਬ।
  2. ਸਿੰਘ ਸਾਹਿਬ ਗਿ. ਜਗਤਾਰ ਸਿੰਘ ਜਾਚਕ, ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ।
  3. ਸਿੰਘ ਸਾਹਿਬ ਗਿ. ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ।
  4. ਸ੍ਰ. ਜਗਜੀਤ ਸਿੰਘ ਦਰਦੀ, ਚੇਅਰਮੈਨ ਚੜ੍ਹਦੀਕਲਾ ਟਾਈਮ ਟੀ ਵੀ ਪਟਿਆਲਾ, ਆਦਿ।

ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ

0

ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਅਮਰੀਕਾ ਦੇ ਤਾਜ਼ਾ ਜਿਓਲੋਜੀਕਲ ਸਰਵੇਖਣ ਅਨੁਸਾਰ ਧਰਤੀ ਉੱਪਰਲੇ ਅਤੇ ਸਮੁੰਦਰ ਹੇਠਲੇ ਜਵਾਲਾਮੁਖੀ ਦੁਨੀਆ ਭਰ ਵਿਚ ਹਰ ਸਾਲ 200 ਮਿਲੀਅਨ ਟਨ ਕਾਰਬਨ ਡਾਇਓਕਸਾਈਡ ਕੱਢਦੇ ਹਨ। ਇਨਸਾਨਾਂ ਵੱਲੋਂ ਬਣਾਏ ਆਵਾਜਾਈ ਦੇ ਸਾਧਨ ਤੇ ਫੈਕਟਰੀਆਂ ਰਾਹੀਂ 24 ਬਿਲੀਅਨ ਟਨ ਕਾਰਬਨ ਡਾਇਓਕਸਾਈਡ ਹਰ ਸਾਲ ਪੂਰੀ ਦੁਨੀਆ ਵਿਚ ਪੈਦਾ ਹੋ ਰਹੀ ਹੈ।

ਇਆਨ ਪਲਾਈਮਰ ਦਾ ਮੰਨਣਾ ਸੀ ਕਿ ਪਿਛਲੇ 250 ਸਾਲਾਂ ਵਿਚ ਇਨਸਾਨਾਂ ਨੇ ਜਵਾਲਾਮੁਖੀਆਂ ਵਿੱਚੋਂ ਨਿਕਲੇ 10,000 ਕਣਾਂ ਵਿੱਚੋਂ ਸਿਰਫ਼ ਇਕ ਫੀਸਦੀ ਤੋਂ ਘੱਟ ਹਿੱਸਾ ਹਵਾ ਪ੍ਰਦੂਸ਼ਿਤ ਕਰਨ ਵਿਚ ਪਾਇਆ ਹੈ। ਜਿੰਨੀ ਤੁਹਮਤ ਇਨਸਾਨਾਂ ਉੱਤੇ ਲਾਈ ਜਾ ਰਹੀ ਹੈ, ਏਨਾ ਕੁ ਗੰਧਲਾ ਵਾਤਾਵਰਣ ਤਾਂ ਇਕ ਵਾਰ ਦੇ ਜਵਾਲਾਮੁਖੀ ਫਟਣ ਨਾਲ ਹੀ ਹੋ ਜਾਂਦਾ ਹੈ।

ਕੁੱਝ ਤਾਜ਼ਾ ਖੋਜਾਂ ਅਨੁਸਾਰ ਇਨਸਾਨਾਂ ਵੱਲੋਂ ਘੋਲਿਆ ਜਾ ਰਿਹਾ ਜ਼ਹਿਰ ਜਵਾਲਾਮੁਖੀ ਤੋਂ ਵੀ ਕਿਤੇ ਵਧ ਚੁੱਕਿਆ ਹੈ। ਦੁਨੀਆ ਭਰ ਵਿਚਲੇ ‘ਸੈਂਪਿਗ ਸਟੇਸ਼ਨਾਂ’ ਰਾਹੀਂ ਇਕੱਤਰ ਕੀਤੀ ਗਈ ਹਵਾ ਵਿਚਲੀ ਕਾਰਬਨ ਡਾਇਓਕਸਾਈਡ ਦੀ ਮਾਤਰਾ ਹਰ ਸਾਲ ਵਧਦੀ ਜਾ ਰਹੀ ਹੈ।

ਜਵਾਲਾਮੁਖੀਆਂ ਵਿੱਚੋਂ ਨਿਕਲੀ ਕਾਰਬਨ ਡਾਇਓਕਸਾਈਡ ਵਿਚਲੀ ਮਾਤਰਾ ਦਾ ਗਰਾਫ਼ ਬਣਾਇਆ ਜਾਵੇ ਤਾਂ ਉਹ ਪਹਿਲਾਂ ਵਾਲੀ ਪੱਧਰ ਉੱਤੇ ਹੀ ਖੜ੍ਹਾ ਹੈ ਜਦਕਿ ਇਨਸਾਨਾਂ ਵੱਲੋਂ ਬਣਾਏ ਹਵਾਈ ਜਹਾਜ਼, ਕਾਰਾਂ, ਬਸਾਂ, ਮੋਟਰਸਾਈਕਲਾਂ, ਟਰੱਕਾਂ ਆਦਿ ਅਤੇ ਫੈਕਟਰੀਆਂ ਰਾਹੀਂ ਕੱਢਿਆ ਜਾ ਰਿਹਾ ਕਾਰਬਨ ਡਾਇਓਕਸਾਈਡ ਉਸ ਗਰਾਫ਼ ਤੋਂ ਕਾਫੀ ਉਤਾਂਹ ਜਾ ਚੁੱਕਿਆ ਹੈ।

1991 ਵਿਚਲੇ ਫਟੇ ਜਵਾਲਾਮੁਖੀ ਰਾਹੀਂ ਵਾਤਾਵਰਣ ਵਿਚ ਘੁਲੀ ਸਲਫਰ ਡਾਇਓਕਸਾਈਡ ਦੀ ਮਾਤਰਾ 250 ਮੈਗਾ ਟਨ ਇੱਕੋ ਦਿਨ ਵਿਚ ਪਹੁੰਚ ਗਈ ਸੀ।

ਸਲਫਰ ਡਾਇਓਕਸਾਈਡ ਤੋਂ ਇਲਾਵਾ ਕਾਰਬਨ ਡਾਇਓਕਸਾਈਡ, ਹਾਈਡਰੋਜਨ ਸਲਫਾਈਡ ਤੇ ਹਾਈਡਰੋਜਨ ਹੈਲਾਈਡ ਨਿਕਲਦੇ ਹਨ ਜੋ ਇਨਸਾਨਾਂ, ਜਾਨਵਰਾਂ ਤੇ ਬੂਟਿਆਂ ਲਈ ਹਾਨੀਕਾਰਕ ਹਨ।

ਧਰਤੀ ਦੇ ਦੁਆਲੇ 0.04 ਫੀਸਦੀ ਕਾਰਬਨ ਡਾਇਓਕਸਾਈਡ ਘੁੰਮਦੀ ਹੈ। ਹਰ ਸਾਲ ਜਵਾਲਾਮੁਖੀ ਲਗਭਗ 180 ਤੋਂ 440 ਮਿਲੀਅਨ ਟਨ ਕਾਰਬਨ ਡਾਇਓਕਸਾਈਡ ਕੱਢਦੇ ਹਨ। ਇਹ ਗੈਸ ਬਾਹਰ ਨਿਕਲਦੇ ਸਾਰ ਇਕਦਮ ਹਵਾ ਵਿਚ ਘੁਲ ਕੇ ਘੱਟ ਮਾਤਰਾ ਵਿਚ ਇਕ ਥਾਂ ਰਹਿ ਜਾਂਦੀ ਹੈ ਜਿਸ ਸਦਕਾ ਇਕਦਮ ਕੋਈ ਖ਼ਤਰਾ ਨਹੀਂ ਹੁੰਦਾ, ਪਰ ਜੇ ਨੀਵੇਂ ਇਲਾਕੇ ਵਿਚ ਠੰਡ ਕਾਰਨ ਇਕ ਥਾਂ ਇਕੱਠੀ ਹੋਣ ਲੱਗ ਪਵੇ ਅਤੇ ਤਿੰਨ ਫੀਸਦੀ ਤਕ ਪਹੁੰਚ ਜਾਵੇ ਤਾਂ ਖ਼ਤਰਨਾਕ ਸਾਬਤ ਹੋ ਜਾਂਦੀ ਹੈ ਅਤੇ ਜੇ 15 ਫੀਸਦੀ ਝਟਪਟ ਪਹੁੰਚ ਜਾਵੇ ਤਾਂ ਮੌਤ ਹੋ ਜਾਂਦੀ ਹੈ।

ਅਜਿਹੇ ਨੀਵੇਂ ਇਲਾਕੇ ਵਿਚ ਧਰਿਆ ਇਕ ਪੈਰ ਵੀ ਮੌਤ ਦਾ ਕਾਰਨ ਬਣ ਸਕਦਾ ਹੈ। ਸੰਨ 2006 ਵਿਚ ਅਲਾਸਕਾ ਵਿਚ ਬਰਫ਼ ਵਿਚਲੀ ਅਜਿਹੀ ਡੂੰਘੀ ਥਾਂ, ਜੋ ਔਗਸਟੀਨ ਜਵਾਲਾਮੁਖੀ ਤੋਂ ਕੁੱਝ ਦੂਰ ਸੀ, ਵਿਚ ਸਕੀਂਗ ਕਰਦੇ ਬੰਦੇ ਠੰਡੀ ਕਾਰਬਨ ਡਾਇਓਕਸਾਈਡ ਇਕੱਠੀ ਹੋਈ ਹੋਣ ਕਰ ਕੇ ਉੱਥੋਂ ਲੰਘਦੇ ਮਰ ਗਏ ਸਨ।

ਜੇ ਭਲਾ ਇਹ ਪਤਾ ਲੱਗ ਜਾਏ ਕਿ ਹੁਣ ਇਨਸਾਨ ਫੈਕਟਰੀਆਂ ਤੇ ਆਵਾਜਾਈ ਸਾਧਨਾਂ ਨਾਲ ਜਵਾਲਾਮੁਖੀ ਵਿੱਚੋਂ ਨਿਕਲਦੇ ਕਾਰਬਨ ਡਾਇਓਕਸਾਈਡ ਨਾਲੋਂ ਵੱਧ ਬਣਾਉਣ ਲੱਗ ਪਿਆ ਹੈ, ਤਾਂ ਕੀ ਕਹੀਏ ?

ਜੇ ਸਲਫਰ ਡਾਇਓਕਸਾਈਡ ਦੀ ਗੱਲ ਕਰੀਏ ਤਾਂ ਜਵਾਲਾਮੁਖੀ ਫੱਟਣ ਨਾਲ 10 ਕਿਲੋਮੀਟਰ ਉਤਾਂਹ ਤਕ ਇਹ ਗੈਸ ਫੈਲ ਜਾਂਦੀ ਹੈ ਤੇ ਇਨਸਾਨਾਂ ਤੇ ਜਾਨਵਰਾਂ ਉੱਤੇ ਕਹਿਰ ਢਾਅ ਦਿੰਦੀ ਹੈ। ਇਸ ਨਾਲ ਸੂਰਜ ਦੀ ਰੌਸ਼ਨੀ ਧਰਤੀ ਤੱਕ ਪੂਰੀ ਨਹੀਂ ਪਹੁੰਚਦੀ ਤੇ ਧਰਤੀ ਉੱਤੇ ਠੰਡ ਪਸਰ ਜਾਂਦੀ ਹੈ। ਇਸ ਨਾਲ ਓਜ਼ੋਨ ਦਾ ਵੀ ਨੁਕਸਾਨ ਹੁੰਦਾ ਹੈ।

ਹਾਈਡਰੋਜਨ ਸਲਫਾਈਡ (ਜੋ ਸੀਵਰੇਜ ਵਿੱਚੋਂ ਨਿਕਲਦੀ ਹੈ), ਹਵਾ ਵਿਚ 0.01 ਫੀਸਦੀ ਹੋਵੇ ਤਾਂ ਸਾਡੀ ਸੁੰਘਣ ਸ਼ਕਤੀ ਇਸ ਨੂੰ ਲੱਭ ਨਹੀਂ ਸਕਦੀ ਪਰ ਇਹ ਸਾਹ ਦੀ ਨਾਲੀ ਅੰਦਰ ਨੁਕਸਾਨ ਕਰਨ ਲੱਗ ਪੈਂਦੀ ਹੈ ਤੇ ਲੰਮੇ ਸਮੇਂ ਤੱਕ ਇਸ ਦੇ ਅਸਰ ਹੇਠ ਫੇਫੜਿਆਂ ਵਿਚ ਪਾਣੀ ਭਰ ਜਾਂਦਾ ਹੈ।

ਜੇ ਇਹ ਮਾਤਰਾ 500 ਹਿੱਸੇ ਪ੍ਰਤੀ ਮਿਲੀਅਨ ਹੋ ਜਾਵੇ ਤਾਂ ਇਕਦਮ ਬੇਹੋਸ਼ੀ ਤੇ ਅੱਧੇ ਘੰਟੇ ਵਿਚ ਹੀ ਮੌਤ ਕਰਨ ਤੱਕ ਹੋ ਜਾਂਦੀ ਹੈ।

ਜਦੋਂ ਜਵਾਲਾਮੁਖੀ ਵਿਚਲੇ ਅੰਸ਼ ਧਰਤੀ ਨਾਲ ਚਿੱਪਕ ਜਾਣ ਤਾਂ ਉਸ ਵਿੱਚੋਂ ਹੈਲੋਜਨ-ਫਲੋਰੀਨ, ਕਲੋਰੀਨ ਤੇ ਬਰੋਮੀਨ ਨਿਕਲਦੇ ਹਨ ਜਿਨ੍ਹਾਂ ਨੂੰ ਹਾਈਡਰੋਜਨ ਹੈਲਾਈਡ ਕਹਿੰਦੇ ਹਨ। ਇਹ ਤੇਜ਼ਾਬੀ ਬਾਰਿਸ਼ ਕਰਨ ਦੇ ਸਮਰਥ ਹੁੰਦੇ ਹਨ। ਜਵਾਲਾਮੁਖੀ ਵਿਚਲੀ ਰਾਖ ਵੀ ਪੀਣ ਵਾਲਾ ਪਾਣੀ, ਖੇਤ ਤੇ ਵਨਸਪਤੀ ਉੱਤੇ ਮਾਰੂ ਅਸਰ ਪਾਉਂਦੀ ਹੈ।

ਲਗਭਗ 500 ਜਵਾਲਾਮੁਖੀ ਇਸ ਵੇਲੇ ਵੱਖੋ-ਵੱਖਰੇ ਸਮੇਂ ਫਟ ਕੇ ਅੱਧੇ ਬਿਲੀਅਨ ਲੋਕਾਂ ਨੂੰ ਦੁਨੀਆ ਭਰ ਵਿਚ ਬੀਮਾਰ ਕਰ ਰਹੇ ਹਨ। ਹਰ ਸਾਲ 10 ਤੋਂ 40 ਜਵਾਲਾਮੁਖੀ ਫੱਟਦੇ ਹਨ।

ਕਾਰਬਨ ਡਾਇਓਕਸਾਈਡ ਤੇ ਸਲਫਰ ਡਾਇਓਕਸਾਈਡ ਤੋਂ ਇਲਾਵਾ ਕਾਰਬਨ ਮੋਨੋਆਕਸਾਈਡ, ਹਾਈਡਰੋਜਨ ਸਲਫਾਈਡ, ਕਾਰਬਨ ਸਲਫਾਈਡ, ਕਾਰਬਨ ਡਾਈਸਲਫਾਈਡ, ਹਾਈਡਰੋਜਨ ਕਲੋਰਾਈਡ, ਹਾਈਡਰੋਜਨ, ਮੀਥੇਨ, ਹਾਈਡਰੋਜਨ ਫਲੋਰਾਈਡ, ਹਾਈਡਰੋਜਨ ਬਰੋਮਾਈਡ, ਪਾਰਾ, ਲੈੱਡ, ਸੋਨਾ ਆਦਿ ਲਾਵੇ ਵਿੱਚੋਂ ਨਿਕਲਦੇ ਹਨ। ਜਿਹੜੀ ਲਾਵੇ ’ਚੋਂ ਸੁਆਹ ਨਿਕਲਦੀ ਹੈ, ਉਹ ਕਾਫੀ ਖ਼ਤਰਨਾਕ ਸਾਬਤ ਹੋ ਚੁੱਕੀ ਹੈ ਤੇ ਸਾਹ ਦੀ ਨਾਲੀ, ਫੇਫੜੇ, ਅੱਖਾਂ ਤੇ ਚਮੜੀ ਉੱਤੇ ਅਸਰ ਵਿਖਾਉਂਦੀ ਹੈ।

ਨੇੜੇ ਰਹਿੰਦੇ ਲੋਕਾਂ ਦੇ ਦਿਮਾਗ਼ ਉੱਤੇ ਇਸ ਦਾ ਕਾਫੀ ਡੂੰਘਾ ਅਸਰ ਵੇਖਿਆ ਗਿਆ ਹੈ ਜੋ ਢਹਿੰਦੀ ਕਲਾ ਵਿਚ ਵੀ ਚਲੇ ਜਾਂਦੇ ਹਨ ਤੇ ਮਨੋਰੋਗੀ ਵੀ ਬਣ ਜਾਂਦੇ ਹਨ।

ਮਿਆਕੇ ਵਿਖੇ ਕੁੱਝ ਮਹੀਨੇ ਪਹਿਲਾਂ ਫਟੇ ਜਵਾਲਾਮੁਖੀ ਨੂੰ ਵੇਖਣ ਗਏ 611 ਸਿਹਤਮੰਦ ਸੈਲਾਨੀਆਂ ਉੱਤੇ ਕੀਤੀ ਗਈ ਖੋਜ ਰਾਹੀਂ ਪਤਾ ਲੱਗਿਆ ਕਿ ਖੰਘ, ਗਲਾ ਖ਼ਰਾਬ, ਸਾਹ ਚੜ੍ਹਨ, ਅੱਖਾਂ, ਚਮੜੀ ਦੇ ਰੋਗਾਂ ਦੇ ਲੱਛਣ ਦਿਸਣ ਉੱਤੇ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੇ ਸਰੀਰਾਂ ਅੰਦਰ ਸਲਫਰ ਡਾਇਓਕਸਾਈਡ ਵੱਧ ਲੰਘ ਚੁੱਕੀ ਸੀ। ਭਾਵੇਂ ਕਿ ਤਦ ਤੱਕ ਹਵਾ ਵਿਚ ਸਲਫਰ ਡਾਇਓਕਸਾਈਡ ਦੀ ਮਾਤਰਾ ਕਾਫ਼ੀ ਘੱਟ ਚੁੱਕੀ ਸੀ, ਪਰ ਫਿਰ ਵੀ 0.6 ਹਿੱਸੇ ਪ੍ਰਤੀ ਮਿਲੀਅਨ ਨਾਲ ਵੀ ਖੰਘ ਸ਼ੁਰੂ ਹੋ ਗਈ ਸੀ।

ਇਕ ਵੱਖ ਗੱਲ ਸਾਹਮਣੇ ਆਈ ਕਿ ਜਿਹੜੇ ਜਣੇ ਸਿਗਰਟ ਪੀ ਰਹੇ ਸਨ, ਉਨ੍ਹਾਂ ਵਿਚ ਖੰਘ ਦੇ ਲੱਛਣ ਨਹੀਂ ਦਿਸੇ। ਪੂਰੇ ਟੈਸਟਾਂ ਬਾਅਦ ਗੱਲ ਸਾਫ਼ ਹੋਈ ਕਿ ਸਿਗਰਟ ਦੇ ਧੂੰਏ ਨੇ ਉਨ੍ਹਾਂ ਦੇ ਖੰਘ ਵਾਲੇ ਰਿਸੈਪਟਾਰ ਹੀ ਸਾੜ੍ਹ ਦਿੱਤੇ ਹੋਏ ਸਨ ਤੇ ਉਹ ਜਵਾਲਾਮੁਖੀ ਵਿਚਲੀਆਂ ਖ਼ਤਰਨਾਕ ਗੈਸਾਂ ਤੋਂ ਕਿਤੇ ਵੱਧ ਨੁਕਸਾਨ ਆਪ ਹੀ ਪਹਿਲਾਂ ਕਰੀ ਬੈਠੇ ਸਨ।

ਇਸ ਖੋਜ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਕਿ ਸਿਗਰਟ ਜਵਾਲਾਮੁਖੀ ਤੋਂ ਵੱਧ ਖ਼ਤਰਨਾਕ ਹੈ। ਸਿਗਰਟ ਨੂੰ ਪੀਣ ਵਾਲੇ ਨਾਲੋਂ ਸਾਹਮਣੇ ਬਹਿ ਕੇ ਸੁੰਘਣ ਵਾਲੇ ਇਸ ਦੇ ਮਾਰੂ ਅਸਰ ਹੇਠ ਛੇਤੀ ਆਉਂਦੇ ਹਨ ਕਿਉਂਕਿ ਸਿਗਰਟ ਪੀਣ ਵਾਲੇ ਫਿਲਟਰ ਰਾਹੀਂ ਕੁੱਝ ਘੱਟ ਜ਼ਹਿਰ ਅੰਦਰ ਲੰਘਾਉਂਦੇ ਹਨ।

ਸਿਗਰਟ ਪੀਣ ਵਾਲਿਆਂ ਸਦਕਾ ਹਰ ਸਾਲ ਲਗਭਗ 6 ਲੱਖ ਸਿਗਰਟ ਨਾ ਪੀਣ ਵਾਲੇ ਬੰਦੇ ਵੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਸੱਠ ਲੱਖ ਮੌਤਾਂ ਹਰ ਸਾਲ ਸਿਗਰਟ ਪੀਣ ਵਾਲਿਆਂ ਦੀਆਂ ਵੀ ਹੋ ਰਹੀਆਂ ਹਨ।

ਦੂਰ ਬੈਠੇ ਸੁੰਘਣ ਵਾਲੇ ਫੇਫੜਿਆਂ ਦੇ ਕੈਂਸਰ, ਦਿਲ ਦੇ ਰੋਗ, ਦਮਾ, ਬਰੌਂਕਾਈਟਿਸ, ਐਲਰਜੀ ਆਦਿ ਨਾਲ ਜੂਝਦੇ ਰਹਿੰਦੇ ਹਨ।

ਨਿੱਕੇ ਬੱਚਿਆਂ ਦੇ ਫੇਫੜੇ ਸਿਗਰਟ ਦੇ ਧੂੰਏਂ ਨਾਲ ਉਮਰ ਭਰ ਦਾ ਰੋਗ ਸਹੇੜ ਲੈਂਦੇ ਹਨ, ਉਨ੍ਹਾਂ ਦੀ ਇਕਦਮ ਮੌਤ ਹੋ ਸਕਦੀ ਹੈ, ਕੰਨਾਂ ਦਾ ਵਗਣਾ, ਨਿਮੂਨੀਆ, ਭਾਰ ਨਾ ਵਧਣਾ ਆਦਿ ਵੀ ਵੇਖੇ ਗਏ ਹਨ।

ਗਰਭਵਤੀ ਔਰਤਾਂ ਵੱਲੋਂ ਸਿਗਰਟ ਦਾ ਧੂੰਆਂ ਸੁੰਘਣ ਨਾਲ ਔਲ ਦਾ ਇਕਦਮ ਫਟਣਾ, ਭਰੂਣ ਦਾ ਮਰਨਾ, ਬੱਚੇ ਦਾ ਵਧਣਾ, ਫੁੱਲਣਾ ਰੁਕ ਜਾਣਾ ਤੇ ਢਿੱਡ ਵਿਚ ਬੱਚੇਦਾਨੀ ਤੋਂ ਬਾਹਰ ਬੱਚਾ ਠਹਿਰਨਾ, ਆਦਿ ਵੇਖੇ ਗਏ ਹਨ।

ਸਿਗਰਟ ਪੀਣ ਵਾਲੇ ਮਹੀਨੇ ਵਿਚ ਇਕ ਤੋਂ ਪੰਜ ਦਿਨ ਵੀ ਸਿਗਰਟ ਪੀਂਦੇ ਹੋਣ ਤਾਂ ਉਨ੍ਹਾਂ ਨੂੰ ਹਾਰਟ ਅਟੈਕ ਤੇ ਫੇਫੜਿਆਂ ਦੇ ਰੋਗ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਨਸਾਂ ਦੇ ਰੋਗ ਸਦਕਾ ਲੱਤ ਵੱਢਣੀ ਪੈ ਸਕਦੀ ਹੈ। ਕਬਜ਼, ਨੀਂਦਰ ਨਾ ਆਉਣੀ, ਹੱਥ ਕੰਬਣੇ, ਭਾਰ ਵਧਣਾ ਆਦਿ ਵੀ ਵੇਖਿਆ ਗਿਆ ਹੈ।

ਕਿਸੇ ਡੀਜ਼ਲ ਕਾਰ ਵਿੱਚੋਂ ਨਿਕਲਦੇ ਧੂੰਏਂ ਨਾਲੋਂ ਇਕ ਸਿਗਰਟ ਦਾ ਧੂੰਆਂ 10 ਗੁਣਾਂ ਵੱਧ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਇਸ ਨਾਲ ਨਾ ਸਿਰਫ਼ ਹਵਾ ਬਲਕਿ ਪਾਣੀ ਅਤੇ ਧਰਤੀ ਵੀ ਪ੍ਰਦੂਸ਼ਿਤ ਹੋ ਜਾਂਦੇ ਹਨ।

ਸਿਗਰਟ ਵਿਚ 4000 ਕੈਮੀਕਲ ਹੁੰਦੇ ਹਨ। ਉੱਤਰੀ ਅਮਰੀਕਾ ਵਿਚਲੇ 30 ਫੀਸਦੀ ਲੋਕ ਸਿਗਰਟ ਪੀ ਰਹੇ ਹਨ। ਹਰ ਰੋਜ਼ ਕਰੋੜਾਂ ਸਿਗਰਟਾਂ ਦੇ ਟੋਟੇ ਧਰਤੀ ਉੱਤੇ ਸੁੱਟੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਬਥੇਰੇ ਪਾਣੀ ਵਿਚ ਵੀ ਡੇਗੇ ਜਾ ਰਹੇ ਹਨ। ਪਾਣੀ ਵਿਚਲੇ ਜਾਨਵਰ ਇਨ੍ਹਾਂ ਨੂੰ ਅੰਦਰ ਲੰਘਾਉਣ ਨਾਲ ਮਰ ਰਹੇ ਹਨ। ਧਰਤੀ ਉੱਪਰ ਸੁੱਟੇ ਹੋਏ ਟੋਟੇ 25 ਤੋਂ 26 ਸਾਲਾਂ ਵਿਚ ਪੂਰੇ ਗਲਦੇ ਹਨ। ਧਰਤੀ ਵਿਚ ਇਨ੍ਹਾਂ ਵਿਚਲੇ ਕੈਮੀਕਲ ਰਲ ਕੇ ਉਸ ਨੂੰ ਜ਼ਹਿਰੀਲੀ ਕਰ ਰਹੇ ਹਨ। ਜੰਗਲਾਂ ਵਿਚਲੀ ਲੱਗੀ ਅੱਗ ਦਾ ਕਾਰਨ ਵੀ ਬਹੁਤੀ ਵਾਰ ਸਿਗਰਟਾਂ ਹੀ ਹੁੰਦੀਆਂ ਹਨ।

300 ਸਿਗਰਟਾਂ ਨੂੰ ਬਣਾਉਣ ਵਿਚ ਪੂਰਾ ਵੱਡਾ ਇਕ ਦਰਖ਼ਤ ਲੱਗ ਜਾਂਦਾ ਹੈ। ਇਕ ਘੰਟੇ ਵਿਚ ਸਿਗਰਟ ਬਣਾਉਣ ਵਾਲੀ ਫੈਕਟਰੀ ਕਾਗਜ਼ ਦਾ ਚਾਰ ਮੀਲ ਲੰਬਾ ਰੋਲ ਵਰਤ ਲੈਂਦੀ ਹੈ।

3000 ਸਕੁਏਅਰ ਫੁੱਟ ਜ਼ਮੀਨ ਦੀ ਪਰਾਲੀ ਸਾੜਨ ਵਿਚ ਵੀ ਓਨੀ ਹਵਾ ਜ਼ਹਿਰੀਲੀ ਨਹੀਂ ਹੁੰਦੀ ਜਿੰਨੀ ਇਕ ਸਿਗਰਟ ਕਰ ਦਿੰਦੀ ਹੈ।

ਬੀਜਿੰਗ ਵਿਚ ਹੋਈ ਖੋਜ ਨੇ ਸਾਬਤ ਕਰ ਦਿੱਤਾ ਕਿ ਫੈਕਟਰੀਆਂ ਅਤੇ ਵਾਹਨਾਂ ਤੋਂ ਪੈਦਾ ਹੋਇਆ ਪ੍ਰਦੂਸ਼ਣ 40 ਸਿਗਰਟਾਂ ਰੋਜ਼ ਪੀਣ ਜਿੰਨਾ ਮਾੜਾ ਅਸਰ ਵਿਖਾ ਰਿਹਾ ਹੈ।

ਢਾਈ ਮਾਈਕਰੋਨ ਤੋਂ ਛੋਟੇ ਕਣ ਸਿੱਧਾ ਫੇਫੜੇ ਅੰਦਰ ਡੂੰਘਾ ਲੰਘ ਕੇ ਪੂਰਾ ਨਾਸ ਮਾਰ ਦਿੰਦੇ ਹਨ ਜੋ ਸਟਰੋਕ, ਹਾਰਟ ਅਟੈਕ ਤੇ ਫੇਫੜੇ ਦਾ ਕੈਂਸਰ ਕਰਦੇ ਹਨ। ਇਸੇ ਲਈ ਸਿਗਰਟ ਸਭ ਤੋਂ ਵੱਧ ਹਾਨੀਕਾਰਕ ਬਣ ਕੇ ਉਭਰ ਰਹੀ ਹੈ।

ਕੋਲਾ ਬਾਲ ਰਹੇ ਪਾਵਰ ਪਲਾਂਟ ਵੀ ਸਿਗਰਟਾਂ ਜਿੰਨਾ ਖ਼ਤਰਨਾਕ ਧੂੰਆਂ ਹੀ ਕੱਢ ਰਹੇ ਹਨ। ਕੋਲਾ ਬਾਲਣ ਨਾਲ ਹਰ ਸਾਲ ਦੁਨੀਆਂ ਭਰ ਵਿਚ 34 ਬਿਲੀਅਨ ਟਨ ਕਾਰਬਨ ਡਾਇਓਕਸਾਈਡ ਹਵਾ ਵਿਚ ਰਲ ਰਹੀ ਹੈ ਜਦਕਿ ਵੱਡੇ ਪੱਥਰਾਂ ਵਿੱਚੋਂ ਨਿਕਲਦੀ ਕਾਰਬਨ ਡਾਇਓਕਸਾਈਡ ਕੁਦਰਤੀ ਤੌਰ ਉੱਤੇ 65 ਤੋਂ 310 ਮਿਲੀਅਨ ਟਨ ਹਰ ਸਾਲ ਹਵਾ ਵਿਚ ਰਲਦੀ ਹੈ।

ਐਲਿਜ਼ਬਥ ਮੁੱਲਰ, ਬਰਕਲੇ ਦੇ ਡਾਇਰੈਕਟਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਏਡਜ਼, ਮਲੇਰੀਆ, ਸ਼ੱਕਰ ਰੋਗ, ਟੀ. ਬੀ. ਤੇ ਸੜਕ ਵਿਚਲੇ ਐਕਸੀਡੈਂਟਾਂ ਤੋਂ ਵੀ ਵੱਧ ਹਵਾ ਦਾ ਪ੍ਰਦੂਸ਼ਣ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਸੰਨ 2014 ਵਿਚ 4 ਮਹੀਨਿਆਂ ਦੀ ਖੋਜ ਬਾਅਦ ਇਹ ਡਾਟਾ ਇਕੱਠਾ ਕੀਤਾ ਗਿਆ ਸੀ।

ਇਨ੍ਹਾਂ ਤੱਥਾਂ ਨੂੰ ਜਾਨਣ ਬਾਅਦ ਸਮਝ ਆ ਜਾਂਦੀ ਹੈ ਕਿ ਸਿਰਫ਼ ਪਰਾਲੀ ਸਾੜ੍ਹਨ ਤੋਂ ਧਿਆਨ ਹਟਾ ਕੇ ਸਿਗਰਟਾਂ ਉੱਤੇ ਸੰਪੂਰਨ ਰੋਕ, ਕੋਲੇ ਦੇ ਬਾਲਣ ਉੱਤੇ ਰੋਕ, ਫੈਕਟਰੀਆਂ ਵਿੱਚੋਂ ਨਿਕਲਦੀ ਗੰਦਗੀ ਉੱਤੇ ਰੋਕ, ਆਵਾਜਾਈ ਦੇ ਸਾਧਨ ਇਲੈਕਟ੍ਰਿਕ ਕਰਨ ਦੀ ਲੋੜ ਤੇ ਕੂੜੇ ਨੂੰ ਅੱਗ ਲਾਉਣ ਤੋਂ ਰੋਕਣਾ ਕਿੰਨਾ ਜ਼ਰੂਰੀ ਹੋ ਚੁੱਕਿਆ ਹੈ।

ਜਵਾਲਾਮੁਖੀਆਂ ਵਿੱਚੋਂ ਨਿਕਲਦੀਆਂ ਗੈਸਾਂ ਉੱਤੇ ਕਾਬੂ ਪਾਉਣਾ ਔਖਾ ਹੈ, ਪਰ ਜ਼ਿਆਦਾ ਦਰਖ਼ਤ ਬੀਜ ਕੇ ਹੌਲੀ-ਹੌਲੀ ਹਵਾ ਜ਼ਰੂਰ ਸਾਫ਼ ਕੀਤੀ ਜਾ ਸਕਦੀ ਹੈ।

ਅਖ਼ੀਰ ਵਿਚ ਧਿਆਨ ਕਰੀਏ ਗੁਰਬਾਣੀ ਵੱਲ ! ਜਿਨ੍ਹਾਂ ਸਮਿਆਂ ਵਿਚ ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਸੀ, ਉਦੋਂ ਉਨ੍ਹਾਂ ਕੋਲ ਕੋਈ ਪ੍ਰਦੂਸ਼ਣ ਮਾਪਣ ਦਾ ਮੀਟਰ ਵੀ ਨਹੀਂ ਸੀ। ਆਪਣੀ ਦੂਰ ਦ੍ਰਿਸ਼ਟੀ ਨਾਲ ਸਾਫ਼ ਵਾਤਾਵਰਣ, ਆਉਣ ਵਾਲੀਆਂ ਪੁਸ਼ਤਾਂ ਲਈ ਸਾਂਭ ਕੇ ਰੱਖਣ ਦਾ ਆਦੇਸ਼ ਦਿੰਦਿਆਂ ਇਕ ਸੂਖਮ ਨੁਕਤਾ ਫੜ ਲਿਆ। ਜੇ ਅਸੀਂ ਆਪਣੀ ਮਾਂ ਜਾਂ ਪਿਓ ਜਾਂ ਗੁਰੂ ਦੀ ਬੇਪਤੀ ਹੁੰਦੀ ਵੇਖ ਕੇ ਮਰਨ ਮਾਰਨ ਤਕ ਪਹੁੰਚ ਜਾਂਦੇ ਹਾਂ ਤਾਂ ਧਰਤੀ ਮਾਂ, ਪਾਣੀ ਰੂਪੀ ਪਿਤਾ ਤੇ ਹਵਾ ਰੂਪੀ ਗੁਰੂ ਦੀ ਬੇਪਤੀ ਕਿਉਂ ਜਰ ਰਹੇ ਹਾਂ ? ਕਿਉਂ ਰਲ ਕੇ ਆਵਾਜ਼ ਨਹੀਂ ਚੁੱਕਦੇ ਤੇ ਆਪਣੇ ਗੁਰੂ, ਮਾਂ ਤੇ ਪਿਓ ਦੀ ਪੂਰੀ ਤਰ੍ਹਾਂ ਰਾਖੀ ਕਰਨ ਵਿਚ ਅਸਮਰਥ ਹੋ ਰਹੇ ਹਾਂ ?

ਇਸ ਬੇਪਤੀ ਦਾ ਨੁਕਸਾਨ ਸਾਡੀਆਂ ਆਪਣੀਆਂ ਹੀ ਪੁਸ਼ਤਾਂ ਨੇ ਝੱਲਣਾ ਹੈ ! ਹਾਲੇ ਵੀ ਵੇਲਾ ਹੈ ਸੰਭਲ ਜਾਈਏ।

ਕਿਸਾਨ ਵੀਰਾਂ ਉੱਤੇ ਤਾਂ ਤਰਸ ਖਾਣਾ ਚਾਹੀਦਾ ਹੈ। ਉਹ ਵਿਚਾਰੇ ਪਰਾਲੀ ਸਾੜ ਕੇ ਸਿਰਫ਼ ਆਪਣਾ ਤੇ ਆਪਣੇ ਟੱਬਰ ਦਾ ਹੀ ਨਾਸ ਮਾਰ ਰਹੇ ਹਨ। ਕਿਸੇ ਹੋਰ ਦਾ ਨੁਕਸਾਨ ਕਰਨ ਨਾਲੋਂ ਕਿਤੇ ਵੱਧ ਆਪਣੀ ਹੀ ਧਰਤੀ ਦਾ ਕਲੇਜਾ ਸਾੜਦੇ ਹਨ ਤੇ ਅੱਗੋਂ ਹੌਲੀ-ਹੌਲੀ ਆਪਣੀ ਹੀ ਫਸਲ ਦਾ ਝਾੜ ਘੱਟ ਕਰ ਰਹੇ ਹਨ। ਜੇ ਉਹ ਪਰਾਲੀ ਸਾੜਨ ਤੋਂ ਹਟਣਗੇ ਤਾਂ ਆਪਣੀ ਹੀ ਉਮਰ ਲੰਮੀ ਕਰਨਗੇ।

ਅਸਲੀ ਨਕੇਲ ਕੱਸਣ ਦੀ ਲੋੜ ਹੈ ਸਰਮਾਏਦਾਰਾਂ ਤੇ ਵੱਡੇ ਫੈਕਟਰੀਆਂ ਦੇ ਮਾਲਕਾਂ ਉੱਤੇ। ਨਾਲੇ ਲੋੜ ਹੈ ਸਰਕਾਰਾਂ ਨੂੰ ਉਨ੍ਹਾਂ ਦਾ ਰੋਲ ਯਾਦ ਕਰਵਾਉਣ ਲਈ ਤੇ ਆਵਾਜਾਈ ਦੇ ਸਾਧਨਾਂ ਨੂੰ ਤੁਰੰਤ ਇਲੈਕਟ੍ਰਿਕ ਕਰਵਾਉਣ ਅਤੇ ਬਿਜਲੀ ਘਰਾਂ ਵਿੱਚੋਂ ਕੋਲੇ ਦੇ ਸਾੜਨ ਨੂੰ ਬੰਦ ਕਰਨ ਦੀ ! ਆਓ, ਫੇਰ ਰਲ ਮਿਲ ਆਵਾਜ਼ ਚੁੱਕੀਏ ਤੇ ਸਾਬਤ ਕਰੀਏ :-

‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ।’ (ਅੰਗ 8)

ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ

0

ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ

ਭਾਈ ਪੰਥਪ੍ਰੀਤ ਸਿੰਘ ਨੇ ਪ੍ਰਚਾਰ ਦੌਰਾਨ ਅਕਾਲੀਆਂ ਅਤੇ ਕਾਂਗਰਸ ਨੂੰ ਲਾਏ ਖ਼ੂਬ ਰਗੜੇ

ਬਠਿੰਡਾ, 10 ਦਸੰਬਰ: (ਅਵਤਾਰ ਸਿੰਘ ਤੁੰਗਵਾਲੀ) : ਅੱਜ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਮਾਡਲ ਟਾਊਨ ਫੇਜ਼-3 ਦੇ ਮੁਹੱਲਾ ਵਾਸੀਆਂ ਵੱਲੋਂ ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਾਤਾ ਗੁੱਜਰ ਕੌਰ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਥ ਦੇ ਉੱਘੇ ਤੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਦੀਵਾਨ ਸਜਾਏ। ਇਸ ਦੌਰਾਨ, ਜਿੱਥੇ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਸ਼ਹੀਦੀਆਂ ਦਾ ਇਤਿਹਾਸ ਅਤੇ ਗੁਰਬਾਣੀ ਸਿਧਾਂਤ ਦ੍ਰਿੜ੍ਹ ਕਰਵਾਇਆ, ਉੱਥੇ ਹੀ ਉਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਖੂਬ ਰਗੜੇ ਲਾਏ। ਉਨ੍ਹਾਂ ਸਿੱਖ ਪੰਥ ਵਿੱਚ ਕੈਲੰਡਰ ਦੇ ਮਸਲੇ ਨੂੰ ਗੰਭੀਰ ਮਸਲੇ ਵਿੱਚ ਉਲਝਾਉਣ ਲਈ ਸੰਘ ਨੂੰ ਜ਼ਿੰਮੇਵਾਰ ਦੱਸਦਿਆਂ ਸਿੱਖਾਂ ਨੂੰ ਸੁਚੇਤ ਹੋਣ ਅਤੇ ਸਮਝਦਾਰੀ ਤੋਂ ਕੰਮ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸੰਖੇਪ ਵਿੱਚ ਦੱਸਿਆ ਕਿ ਕਲਗੀਧਰ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਉਸ ਦਿਨ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਪੋਹ ਸੁਦੀ ਸੱਤਵੀਂ ਅਤੇ ਸੂਰਜੀ ਮਹੀਨੇ ਦੀ 23 ਪੋਹ ਵੀ ਸੀ ਜਿਸ ਦੇ ਹਿਸਾਬ ਨਾਲ, 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ ਜਦੋਂ ਕਿ ਪੋਹ ਸੁਦੀ 7 ਹਰ ਸਾਲ ਬਦਲਵੀਆਂ ਤਰੀਕਾਂ, ਬਦਲਵੇਂ ਮਹੀਨਿਆਂ ਵਿੱਚ ਆਉਣ ਤੋਂ ਇਲਾਵਾ ਕਿਸੇ ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਗੁਰ ਪੁਰਬ ਆਉਂਦਾ ਹੀ ਨਹੀਂ। ਇਹੋ ਕਾਰਨ ਹੈ ਕਿ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਅਤੇ ਨਹਿਰੂ ਦਾ ਜਨਮ ਦਿਨ 14 ਨਵੰਬਰ ਤਾਂ ਸਾਡੇ ਬੱਚੇ-ਬੱਚੇ ਨੂੰ ਯਾਦ ਹੈ ਪਰ ਸਾਡੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਬੱਚਿਆਂ ਨੂੰ ਤਾਂ ਕੀ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਯਾਦ ਨਹੀਂ ਰਹਿੰਦੇ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਜਿੱਥੇ ਆਮ ਸਿੱਖ ਸੰਗਤਾਂ ਨੂੰ ਗੁਰ ਪੁਰਬ ਯਾਦ ਰੱਖਣੇ ਅਤੇ ਗੁਰ ਪੁਰਬ ਮਨਾਉਣ ਲਈ ਅਗਾਊਂ ਪ੍ਰਬੰਧ ਕਰਨ ਵਿੱਚ ਬੇਅੰਤ ਸਹੂਲਤ ਮਿਲੀ ਹੈ ਉੱਥੇ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਯਾਦ ਰੱਖਣ ਵਿੱਚ ਵੀ ਮਦਦ ਮਿਲ ਰਹੀ ਹੈ ਪਰ ਸਾਡੇ ਜਿਹੜੇ ਆਗੂ ਅਤੇ ਸੰਪ੍ਰਦਾਵਾਂ ਸੰਘ ਦੇ ਪਿਛ ਲਗ ਬਣੇ ਹੋਏ ਹਨ ਉਹ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਇਤਿਹਾਸ ਨਾਲ ਜੁੜੇ ਰਹੀਏ ਇਸ ਲਈ ਉਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਕੌਮ ਨੂੰ ਤਿੱਥਾਂ ਦੇ ਭੁਲੇਖੇ ਵਿੱਚ ਪਾਉਣ ਦਾ ਯਤਨ ਕਰ ਰਹੇ ਹਨ। ਭਾਈ ਪੰਥ ਪ੍ਰੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਰਾਜਸੀ ਵਿਸ਼ਾ ਨਹੀਂ ਬਲਕਿ ਸਾਡਾ ਧਾਰਮਿਕ ਮਾਮਲ ਹੈ ਇਸ ਲਈ ਸਾਰੇ 23 ਪੋਹ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਮਨਾ ਕੇ ਏਕਤਾ ਦਾ ਸਬੂਤ ਦਿੱਤਾ ਜਾਵੇ ਅਤੇ ਸੰਘ ਤੱਕ ਇਹ ਸੰਦੇਸ਼ ਪੁਜਦਾ ਕਰ ਦਿੱਤਾ ਜਾਵੇ ਕਿ ਹੁਣ ਤੁਸੀਂ ਕੈਲੰਡਰ ਦੇ ਭੰਬਲਭੂਸੇ ਰਾਹੀ ਸਿੱਖਾਂ ਨੂੰ ਹੋਰ ਵੰਡ ਨਹੀਂ ਸਕਦੇ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਸਮੇਂ ਸਿੱਖਾਂ ਨੇ ਕੋਟਕਪੂਰੇ ਅਤੇ ਬਹਿਬਲ ਕਲਾਂ ਵਿਖੇ ਮੁੱਖ ਮਾਰਗਾਂ ਤੋਂ ਹਟ ਕੇ ਧਰਨੇ ਲਾਏ ਸਨ ਤੇ ਸੰਗਤ ਪਾਠ ਕਰ ਰਹੀ ਸੀ; ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਉਨ੍ਹਾਂ ਦਾ ਨਿੱਜੀ ਮਸਲਾ ਵੀ ਨਹੀਂ ਸੀ ਬਲਕਿ ਸਭ ਦਾ ਸਾਂਝਾ ਮਸਲਾ ਸੀ। ਉਨ੍ਹਾਂ ਧਰਨਿਆਂ ਦੌਰਾਨ ਟ੍ਰੈਫਿਕ ਨਿਰਵਿਘਨ ਚੱਲ ਰਹੀ ਸੀ ਅਤੇ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਫਿਰ ਵੀ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਵਿੱਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਰੂਪ ਵਿੱਚ ਜਖ਼ਮੀ ਹੋਏ। ਇਸ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਦੇ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਜ ਖੁਦ ਸੁਖਬੀਰ ਬਾਦਲ ਆਪਣੇ ਨਿੱਜੀ ਮੁਫਾਦਾਂ ਨੂੰ ਲੈ ਕੇ ਮੁੱਖ ਮਾਰਗਾਂ ਨੂੰ ਰੋਕ ਰਿਹਾ ਹੈ। ਉਸ ਸਮੇਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੋ ਲੋਕ ਘਰੋਂ ਵਿਹਲੇ ਤੇ ਬੇਕਾਰ ਹਨ ਉਹ ਆ ਕੇ ਧਰਨੇ ਵਿੱਚ ਬੈਠ ਜਾਂਦੇ ਹਨ ਤੇ ਇੱਥੋਂ ਲੰਗਰ ਛੱਕ ਕੇ ਚਲੇ ਜਾਂਦੇ ਹਨ ਪਰ ਅੱਜ ਉਹੀ ਸੁਖਬੀਰ ਬਾਦਲ ਖੁਦ ਸੜਕਾਂ ਉੱਪਰ ਧਰਨੇ ਲਾ ਰਿਹਾ ਹੈ। ਜੇਕਰ ਅੱਜ ਕਾਂਗਰਸ ਧੱਕਾ ਕਰ ਰਹੀ ਹੈ ਤਾਂ ਉਹ ਇਸ ਦੀ ਵੀ ਨਿਖੇਧੀ ਕਰਦੇ ਹਨ ਪਰ ਸੁਖਬੀਰ ਬਾਦਲ, ਉਸ ਸਮੇਂ ਲੱਗੇ ਧਰਨਿਆਂ ਸਬੰਧੀ ਆਪਣੇ ਕਹੇ ਹੋਏ ਸ਼ਬਦਾਂ ਬਾਰੇ ਖੁਦ ਹੀ ਸਹੀ ਤਰੀਕੇ ਨਾਲ ਦੱਸ ਸਕਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਰਾਜਨੀਤਿਕ ਲੋਕਾਂ ਨੂੰ ਸੱਚ ਉੱਪਰ ਖੜ੍ਹਨਾ ਚਾਹੀਦਾ ਹੈ ਅਤੇ ਆਪਣੇ ਦਿੱਤੇ ਬਿਆਨਾਂ ਉੱਪਰ ਵੀ ਪਹਿਰਾ ਦੇਣਾ ਚਾਹੀਦਾ ਹੈ।

ਅਖੀਰ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਸਮੂਹ ਸੰਗਤ ਨੂੰ ਨਸ਼ਿਆਂ ਦੇ ਮਿੱਠੇ ਜ਼ਹਿਰ ਤੋਂ ਬਚਣ, ਸਮਾਜਿਕ ਬੁਰਿਆਈਆਂ ਨੂੰ ਤਿਆਗਣ, ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਸੱਚ ਨਾਲ ਜੁੜਨ ਦੀ ਜੋਰਦਾਰ ਅਪੀਲ ਕੀਤੀ ਅਤੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਨਾਲ ਪਾਲਣ ਪੋਸ਼ਣ ਕਰਨ ’ਤੇ ਜੋਰ ਦਿੱਤਾ ਤਾਂ ਕਿ ਸਾਡਾ ਸਮਾਜ ਨਰੋਆ ਹੋ ਸਕੇ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਆਤਮਿਕ ਵਿਕਾਸ ਅਤੇ ਆਰਥਿਕ-ਸਮਾਜਿਕ ਸੁਰੱਖਿਆ ਦੇ ਸਰੋਤ ਹੋਣ ਗੁਰ ਪੁਰਬ ਤੇ ਤਿਉਹਾਰ

0

ਆਤਮਿਕ ਵਿਕਾਸ ਅਤੇ ਆਰਥਿਕ-ਸਮਾਜਿਕ ਸੁਰੱਖਿਆ ਦੇ ਸਰੋਤ ਹੋਣ ਗੁਰ ਪੁਰਬ ਤੇ ਤਿਉਹਾਰ

ਰਸ਼ਪਾਲ ਸਿੰਘ-98554-40151

ਕਿਸੇ ਵੀ ਕੌਮ ਦੇ ਉੱਜਲੇ ਭਵਿੱਖ ਲਈ ਉਸ ਦਾ ਅਰਥਚਾਰਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਗੁਰਬਾਣੀ ਅਤੇ ਸਾਹਿਤ ਵਿਚੋਂ ਇਹ ਸੰਕੇਤ ਮਿਲਦੇ ਹਨ ਕਿ ਸਮਾਜਿਕ-ਧਾਰਮਿਕ ਰੂਹਾਂ ਨੇ ਇਕ ਕਲਿਆਣਕਾਰੀ ਸਮਾਜਿਕ-ਆਰਥਿਕ ਵਿਵਸਥਾ ਦਾ ਸੰਕਲਪ ਪੇਸ਼ ਕੀਤਾ ਹੈ। ਧਰਮ ਮਨੁੱਖ ਦੀ ਅੰਤਰੀਵ ਸ਼ਕਤੀ ਨੂੰ ਸੇਧ ਪ੍ਰਦਾਨ ਕਰਦਾ ਹੈ। ਧਰਮ ਦੀ ਕ੍ਰਾਂਤੀਕਾਰੀ ਸ਼ਕਤੀ ਨਵੀਆਂ ਸੰਸਥਾਵਾਂ ਲਈ ਅਤੇ ਨਵੀਆਂ ਸਮਾਜਿਕ-ਆਰਥਿਕ ਸੱਭਿਆਚਾਰ ਗਤੀਵਿਧੀਆਂ ਲਈ ਕਿਰਿਆਵਾਂ ਕਰਵਾਉਂਦੀ ਹੈ ਬਸ਼ਰਤੇ ਕਿ ਧਰਮ, ਕਰਮਕਾਂਡ ਤੱਕ ਸੀਮਤ ਨਾ ਹੋਵੇ। ਜੇ ਕਰਤਾਰੀ ਸ਼ਕਤੀਆਂ ਕਰਮਕਾਂਡ ਉੱਤੇ ਹੀ ਖਰਚ ਹੋ ਰਹੀਆਂ ਹੋਣ ਤਾਂ ਆਰਥਿਕ ਤਬਦੀਲੀ ਲਈ, ਨਾ ਤਾਂ ਸੋਚ ਉੱਭਰੇਗੀ ਅਤੇ ਨਾ ਹੀ ਇਨਕਲਾਬੀ ਸਮੂਹ ਪੈਦਾ ਹੋਵੇਗਾ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ ਦੇ ਨਾਲ ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਸਿਰਜਿਆ ਤੇ ਕਬੂਲਿਆ। ਧਾਰਮਿਕ ਮੰਡਲ ਅਤੇ ਸੰਸਾਰਕ ਮੰਡਲ ਦੇ ਸੰਤੁਲਨਮਈ ਸਰੂਪ ਨੂੰ ਪੇਸ਼ ਕੀਤਾ। ਭੌਤਿਕ ਵਿਕਾਸ ਦੀਆਂ ਸਿਖਰਾਂ ਨੂੰ ਛੋਹਣ ਦੀ ਪ੍ਰਵਾਨਗੀ ਬਖਸ਼ੀ । ਸਿੱਖ ਨੈਤਿਕਚਾਰ ਪੱਕਾ ਹਾਮੀ ਹੈ ਕਿ ਵਿਸ਼ਵ ਪੱਧਰ ’ਤੇ ਪਰਸਪਰ ਹਮਦਰਦੀ ਹੀ ਸਹੀ ਪ੍ਰਣਾਲੀ ਹੈ । ਸਿੱਖੀ ਸ਼ਾਸਤਰ ਦਾ ਪਰਉਪਕਾਰੀ ਚਮਤਕਾਰ ਦੁਨੀਆ ਨੇ ਡਿੱਠਾ ਹੈ। ਗੁਰੂ ਸਾਹਿਬਾਨ ਨੇ ਪੇਂਡੂ ਜੀਵਨ ਉੱਤੇ ਭਾਰੂ ਆਰੀਆ ਸਭਿਅਤਾ ਦੀ ਖੜੋਤ ਪ੍ਰਵਿਰਤੀ ਨੂੰ ਤੋੜਿਆ। ਪਿੰਡਾਂ ਨੂੰ ਵਿਕਸਤ ਕਰਨ ਲਈ ਸ਼ਹਿਰੀਕਰਨ ਦੀ ਵਿਵਸਥਾ ਕਾਇਮ ਕੀਤੀ ਅਤੇ ਨਵੇਂ ਸ਼ਹਿਰ ਵੀ ਵਸਾਏ। ਸ਼ਹਿਰਾਂ ਨੂੰ ਆਰਥਿਕ ਆਧਾਰ ਦਿੱਤਾ। ਜੇਕਰ ਵਪਾਰੀਆਂ ਅਤੇ ਕਾਰੀਗਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹਨਾਂ ਗੁਰੂ ਸਾਹਿਬ ਆਪ ਜਾਂ ਸਿੱਖਾਂ ਦੀ ਸਹਾਇਤਾ ਨਾਲ, ਉਨ੍ਹਾਂ ਲਈ ਰਾਸ-ਪੂੰਜੀ ਦਾ ਪ੍ਰਬੰਧ ਕਰ ਕੇ ਦਿੰਦੇ। ਉਦਯੋਗਿਕ, ਵਪਾਰਕ, ਵਿੱਦਿਅਕ, ਨਰੋਏ ਸਰੀਰ ਤੇ ਸੱਭਿਆਚਾਰਕ ਕਾਰਜਾਂ ਨੂੰ ਉਭਾਰਿਆ। ਗੁਰੂ ਰਾਮਦਾਸ ਜੀ ਨੇ 52 ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਅੰਮ੍ਰਿਤਸਰ ਦੀ ਧਰਤੀ ’ਤੇ ਵਸਾਇਆ। ਅੰਮ੍ਰਿਤਸਰ ਦਸਤਕਾਰੀ ਅਤੇ ਵਪਾਰ ਦਾ ਵੱਡਾ ਕੇਂਦਰ ਬਣ ਗਿਆ। ਨਵੇਂ ਨਗਰਾਂ ਦੀ ਉਸਾਰੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਅਥਾਹ ਪੈਸੇ ਦੀ ਲੋੜ ਸੀ, ਇਸ ਲਈ ਦਸਵੰਧ ਦੀ ਪ੍ਰਥਾ ਜਾਰੀ ਕੀਤੀ ਗਈ। ਹਰੇਕ ਸਿੱਖ ਲਈ ਜਰੂਰੀ ਹੋ ਗਿਆ ਕਿ ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਸਾਂਝੇ ਕੌਮੀ ਖਜ਼ਾਨੇ ਵਿਚ ਲੋਕ-ਭਲਾਈ ਹਿਤ ਜਮ੍ਹਾ ਕਰਵਾਏ। ਉੱਚੇ-ਸੁੱਚੇ ਗੁਰਸਿੱਖੀ ਜੀਵਨ ਦੇ ਧਾਰਨੀ ਪ੍ਰਚਾਰਕ ਨਿਯੁਕਤ ਕੀਤੇ ਗਏ। ਇਹਨਾਂ ਨੂੰ ਮਸੰਦ ਕਿਹਾ ਗਿਆ ਹੈ। ਮਸੰਦ, ਅਰਬੀ ਦੇ ਸ਼ਬਦ ‘ਮਸਨਦ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸਿਰਹਾਣਾ, ਤਕੀਆ ਜਾਂ ਗੱਦੀ। ਸਮੇਂ ਦੇ ਹਾਕਮ ਤਖ਼ਤ ਉੱਤੇ ਸਿਰਹਾਣੇ ਲਾ ਕੇ ਬੈਠਿਆ ਕਰਦੇ ਸਨ ਤੇ ਉਹਨਾਂ ਨੂੰ ‘ਮਸਨਦ ਨਸ਼ੀਨ’ ਕਿਹਾ ਜਾਂਦਾ ਸੀ। ਮਸੰਦਾਂ ਨੂੰ ‘ਰਾਮਦਾਸੀਏ’ ਵੀ ਕਿਹਾ ਜਾਂਦਾ ਸੀ। ਪਿੱਛੋਂ ‘ਗੁਰੂ ਕੇ’ ਸ਼ਬਦ ਵੀ ਵਰਤਿਆ ਜਾਂਦਾ ਰਿਹਾ । ਮਿਆਰੀ ਪ੍ਰਚਾਰ ਦੀ ਬਦੌਲਤ ਭਾਰੀ ਗਿਣਤੀ ਵਿਚ ਲੋਕ ਸਿੱਖੀ ਦੇ ਦਾਇਰੇ ਵਿਚ ਆਉਂਦੇ ਸਨ। ਉਦਾਹਰਨ ਲਈ ਮਹਾਨ ਵਿਆਖਿਆਕਾਰ ਤੇ ਕਈ ਭਾਸ਼ਾਵਾਂ ਦੇ ਜਾਣਕਾਰ ਭਾਈ ਗੁਰਦਾਸ ਜੀ ਨੇ ਆਗਰੇ ਤੇ ਕਾਂਸ਼ੀ ਵਿਖੇ ਨਿਵਾਸ ਰੱਖ ਕੇ ਦੂਰ-ਦੂਰ ਤੱਕ ਸਿੱਖੀ ਦੀ ਖੁਸ਼ਬੋ ਫੈਲਾਈ। ਲੋਕਾਂ ਦੀ ਬੋਲੀ ਵਿਚ ਪ੍ਰਚਾਰ ਕੀਤਾ। ਇਹ ਮਸੰਦ ਹਰ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ’ਤੇ ਦੋ ਵਾਰ ਗੁਰੂ-ਦਰਬਾਰ ਵਿਚ ਹਾਜ਼ਰ ਹੋ ਕੇ ਗੁਰੂ ਸਾਹਿਬ ਨੂੰ ਸਾਰਾ ਹਿਸਾਬ ਦਿੰਦੇ ਰਹਿੰਦੇ ਸਨ। ਗੁਰੂ ਅਮਰਦਾਸ ਜੀ ਵਲੋਂ ਧਰਮ ਪ੍ਰਚਾਰ ਲਈ ਨਿਯੁਕਤ 22 ਮੰਜੀਦਾਰਾਂ ਅਤੇ 52 ਪੀਹੜੇਦਾਰਾਂ ਨਾਲ ਸੰਪਰਕ ਰੱਖਦੇ ਸਨ। ਗੁਰੂ ਸਾਹਿਬਾਨ ਵਲੋਂ ਚੱਲ ਰਹੇ ਕਾਰਜਾਂ ਦੀ ਅਤੇ ਸੰਗਤਾਂ ਦੇ ਹਰ ਦੁੱਖ-ਸੁੱਖ ਦੀ ਖਬਰ ਦਾ ਆਦਾਨ-ਪ੍ਰਦਾਨ ਵੀ ਕਰਦੇ ਸਨ। ਕੀ ਅੱਜ ਸਾਂਝੇ ਕੌਮੀ ਖਜ਼ਾਨੇ ਦੇ ਸੰਕਲਪ ਦੀ ਲੋੜ ਨਹੀਂ ਹੈ  ? ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ, ਕਿਰਤੀਆਂ ਅਤੇ ਵਿਦਿਆਰਥੀਆਂ ਦਾ ਉਜਾੜਾ ਰੋਕਣਾ ਸਮੇਂ ਦੀ ਮੰਗ ਨਹੀਂ  ? ਗਰੀਬਾਂ ਦੇ ਦੁੱਖਾਂ-ਸੁੱਖਾਂ ਵਿਚ ਭਾਈਵਾਲ ਬਣਨ ਦੀ ਲੋੜ ਨਹੀਂ ਹੈ ? ਪਿਆਰ ਤੇ ਮਿਆਰ ਭਰਪੂਰ ਪ੍ਰਚਾਰ ਦੀ ਲੋੜ ਨਹੀਂ ਹੈ  ? ਉੱਤਰ ਹੋਵੇਗਾ, ਜੀ ਹਾਂ ਲੋੜ ਹੈ ਕਿਉਂਕਿ ਭੁੱਖੇ ਪਿਆਸੇ ਦੀ ਸਹਾਇਤਾ ਕਰਨਾ ਅਤੇ ਨਿਆਂ ਦੇਣਾ ਸਾਡੇ ਸੰਸਕਾਰਾਂ ਦਾ ਹਿੱਸਾ ਹੀ ਰਿਹਾ ਹੈ।

ਇਕ ਪ੍ਰੇਰਣਾਸ੍ਰੋਤ ਮਿਸਾਲ ਹੋਰ ਵੀ ਸੋਨੇ ’ਤੇ ਸੋਹਾਗਾ ਰਹੇਗੀ ਕਿ ਸਦਕਾਏ-ਫ਼ਿਤਰ, ਈਦ ਮੌਕੇ ਦਿੱਤੇ ਜਾਣ ਵਾਲਾ ਮਹਾਨ ਦਾਨ ਹੈ। ਜੋ ਹਰ ਮੁਸਲਮਾਨ ਵੱਲੋਂ ਈਦ ਦੀ ਨਮਾਜ਼ ਲਈ ਘਰੋਂ ਚੱਲਣ ਤੋਂ ਪਹਿਲਾਂ-ਪਹਿਲਾਂ ਅਦਾ ਕਰਨਾ ਜ਼ਰੂਰੀ ਹੁੰਦੀ ਹੈ। ਐਸਾ ਨਾ ਹੋਵੇ ਕਿ ਆਮ ਲੋਕ ਈਦ ਦੀਆਂ ਖੁਸ਼ੀਆਂ ਵਿਚ ਮਗਨ ਹੋਣ ਅਤੇ ਦੂਜੇ ਪਾਸੇ ਗਰੀਬ, ਯਤੀਮ, ਮੁਥਾਜ ਕਿਸਮ ਦੇ ਲੋਕ ਮਾਲ਼ੀ ਤੰਗੀ ਹੋਣ ਕਾਰਨ ਇਨ੍ਹਾਂ ਖੁਸ਼ੀਆਂ ਵਿਚ ਸ਼ਾਮਲ ਹੀ ਨਾ ਹੋ ਸਕਣ। ਸਦਕਾਏ ਫ਼ਿਤਰ ਦੀ ਦਰ ਮੁਸਲਿਮ ਵਿਦਵਾਨਾਂ ਅਨੁਸਾਰ 1 ਕਿਲੋ 666 ਗ੍ਰਾਮ ਤੋਂ ਲੈ ਕੇ ਢਾਈ ਕਿਲੋ ਕਣਕ ਪ੍ਰਤੀ ਵਿਅਕਤੀ (ਜੀਅ) ਜਾਂ ਉਸ ਦੇ ਬਰਾਬਰ ਬਣਦੀ ਰਾਸੀ ਹੋਣੀ ਚਾਹੀਦੀ ਹੈ। ਰਮਜ਼ਾਨ ਮਹੀਨਾ ਅਤੇ ਉਸ ਨਾਲ ਜੁੜਿਆ ਈਦ ਦਾ ਦਿਹਾੜਾ ਅਸਲ ਵਿਚ ਮੁਸਲਿਮ ਧਾਰਮਿਕ ਜੀਵਨ ਸ਼ੈਲੀ ਨੂੰ ਮੁੜ ਉਸ ਲੀਹ ’ਤੇ ਪਾਉਣ ਦੀ ਸਾਲਾਨਾ ਕੋਸ਼ਿਸ਼ ਵਾਂਗ ਹੈ, ਜਿਸ ਨਾਲ ਸਾਲ ਦੇ ਬਾਕੀ ਮਹੀਨਿਆਂ ਵਿਚ ਆਏ ਵਿਗਾੜ ਅਤੇ ਸੁਸਤੀ ਨੂੰ ਦੂਰ ਕਰਨ ਵਿਚ ਮਦਦ ਜ਼ਰੂਰ ਮਿਲਦੀ ਹੈ।

ਵੀਚਾਰੀਏ ਤਾਂ ਸਹੀ ਕਿ ਅਸੀਂ ਅੱਜ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ ਤੋਂ ਕਿੰਨਾ ਦੁਰੇਡੇ ਜਾ ਖੜ੍ਹੇ ਹਾਂ। ਭਰਮ ਨੂੰ ਹੀ ਧਰਮ ਕਹੀ ਜਾ ਰਹੇ ਹਾਂ। ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪਿ੍ਰਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।’’ (ਭਾਈ ਗੁਰਦਾਸ ਜੀ/ਵਾਰ ੧/ ਪਉੜੀ ੨੪) ਵਚਨਾਂ ’ਚ ਦਰਜ ਬਾਬੇ ਵਾਲਾ ਧਿਆਨ, ਬਾਬੇ ਵਾਲਾ ਦਿਖਣਾ ਤੇ ਸੁਣਨਾ ਧਰਮ ਦੇ ਬਣੇ ਚਾਲਕਾਂ-ਸੰਚਾਲਕਾਂ ਵਿਚੋਂ ਅਲੋਪ ਕਿਉਂ ਹੈ ? ਬਾਬੇ ਕੇ ਕਹਾਉਣ ਵਾਲਿਆਂ ਵੱਲੋਂ ਗੁਰ ਪੁਰਬਾਂ ਸਬੰਧੀ ਅਪਣਾਏ ਜਾਂਦੇ ਕਾਰਜ-ਢੰਗ ਕੇਵਲ ਰਸਮਮੁਖੀ ਹੀ ਹਨ। ਸਿੱਖ ਕੌਮ ਦੇ ਕੌਮਾਂਤਰੀ ਪਸਾਰੇ ਅਤੇ ਧਰਮ ਦੀ ਆੜ ਵਿਚ ਬੜੇ ਵੱਡੇ ਪਏ ਖਿਲਾਰੇ ਨੂੰ ਇਕ ਪਾਸੇ ਰੱਖਦਿਆਂ ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਨਮੂਨਾ ਹੀ ਸਥਿਤੀ ਸਪਸ਼ਟ ਕਰ ਸਕਦਾ ਹੈ; ਜਿਵੇਂ ਕਿ ਮਈ- ਜੂਨ ਮਹੀਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਅਕਤੂਬਰ-ਨਵੰਬਰ ਮਹੀਨੇ ਗੁਰੂ ਰਾਮਦਾਸ ਸਾਹਿਬ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰ ਪੁਰਬਾਂ ਸਬੰਧੀ ਬੜੀ ਸ਼ਰਧਾ ਨਾਲ ਸਮਾਂ ਤੇ ਸਰਮਾਇਆ ਖ਼ਰਚ ਕੀਤਾ ਜਾਂਦਾ ਹੈ। ਗੁਰਪੁਰਬਾਂ ਪ੍ਰਤੀ ਸਵਾ-ਸਵਾ ਮਹੀਨਾ ਪਹਿਲਾਂ ਦੋ ਸੰਸਥਾਵਾਂ ਵੱਲੋਂ ਸਵੇਰ ਸ਼ਾਮ ਦੀਆਂ ਕੀਰਤਨ ਲੜੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਵਧੇਰੇ ਅੱਧਖੜ੍ਹ ਉਮਰ ਦੀਆਂ ਸੰਗਤਾਂ ਹੀ ਹੁੰਦੀਆਂ ਹਨ ਅਤੇ ਔਸਤਨ ਦੋ ਸੌ ਤੋਂ ਵੱਧ ਗਿਣਤੀ ਨਹੀਂ ਹੁੰਦੀ। ਗੁਰ ਪੁਰਬਾਂ ਨਾਲ ਸਬੰਧਿਤ ਇਤਿਹਾਸ ਜਾਂ ਗੁਰਮਤਿ ਵੀਚਾਰ ਤੇ ਲਿਟਰੇਚਰ ਤੋਂ ਪਰਹੇਜ਼ ਹੀ ਰੱਖਿਆ ਹੁੰਦਾ ਹੈ। ਸੰਗਤਾਂ ਦੇ ਆਉਣ ਜਾਣ ਦੇ ਪੈਟਰੋਲ ਡੀਜ਼ਲ ਖ਼ਰਚੇ ਪਾਸੇ ਰੱਖ ਦੇਈਏ ਤਾਂ ਕੇਵਲ ਲੰਗਰ ’ਤੇ ਹੀ ਘਰ ਵਾਲਿਆਂ ਦਾ ਖ਼ਰਚ ਅੰਦਾਜ਼ਨ 50 ਹਜ਼ਾਰ ਰੁਪਏ ਰੋਜ਼ਾਨਾ ਆਉਂਦਾ ਹੈ। ਸਵਾ ਮਹੀਨੇ ਦੇ ਅੰਦਰ ਇਕ ਗੁਰਪੁਰਬ ’ਤੇ ਲਗਭਗ 20 ਲੱਖ ਰੁਪਿਆ ਅਤੇ ਤਿੰਨ ਗੁਰ ਪੁਰਬਾਂ ’ਤੇ 60 ਲੱਖ ਰੁਪਿਆ ਖਰਚ ਦਿੱਤਾ ਜਾਂਦਾ ਹੈ। ਨਾਮਵਰ ਕੀਰਤਨੀਏ ਬੁਲਾਏ ਹੋਣ ਤਾਂ ਇਸ ਵਿਚ ਇਕ ਦੋ ਗੁਣਾ ਹੋਰ ਜੋੜਿਆ ਜਾ ਸਕਦਾ ਹੈ। ਗੁਰ ਪੁਰਬ ਵਾਲੇ ਦਿਨ ਦਾ ਖਰਚ ਵੱਖਰਾ। ਸਭਾ-ਸੁਸਾਇਟੀਆਂ ਦੇ ਇਨ੍ਹਾਂ ਪ੍ਰੋਗਰਾਮਾਂ ਤੋਂ ਵੱਖਰਿਆਂ ਗੁਰਦੁਆਰਿਆਂ ਵਲੋਂ ਮਨਾਏ ਜਾਂਦੇ ਗੁਰ ਪੁਰਬ, ਸਜਾਏ ਜਾਂਦੇ ਨਗਰ ਕੀਰਤਨ ਤੇ ਬਜ਼ਾਰਾਂ ਵਿਚ ਲੱਗੇ ਲੰਗਰਾਂ ਤੇ ਪ੍ਰਬੰਧਾਂ ਦਾ ਖ਼ਰਚ ਵੱਖਰਾ।

ਗੁਰ ਪੁਰਬ ਮਨਾਉਣ ਦੀ ਬਹੁਤ ਹੀ ਅਹਿਮੀਅਤ ਹੁੰਦੀ ਹੈ ਪਰ ਗੁਰੂ ਸਾਹਿਬਾਨ ਦੀ ਨਸੀਹਤ ਹੇਠ ਮਨਾਏ ਜਾਣ। ਛੋਟਾ ਜਿਹਾ ਸ਼ਹਿਰ ਇਕ ਪਿੰਡ ਦੀ ਉਸ ਸਮੱਸਿਆ ਦਾ ਸਮਾਧਾਨ ਸਹਿਜੇ ਹੀ ਕਰ ਸਕਦਾ ਹੈ, ਜੋ ਕਿ ਅੱਜ ਸੰਨ 2017 ਵਿਚ ਭਾਰਤ ਦੇ ਕੁਝ ਰਾਜਾਂ ਤੇ ਖਾਸ ਕਰ ਕੇ ਪੰਜਾਬ ਦਾ ਇਕ ਭਖਦਾ ਮਸਲਾ ਬਣੀ ਹੋਈ ਹੈ। ਉਹ ਹੈ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ’ਤੇ ਪੈਦਾ ਹੁੰਦੇ ਪ੍ਰਦੂਸ਼ਣ ਅਤੇ ਕਰਜ਼ੇ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੁੰਦੀਆਂ ਖ਼ੁਦਕੁਸ਼ੀਆਂ।

ਪੰਜਾਬ ਸਰਕਾਰ ਨੇ ਟ੍ਰਿਬਿਊਨਲ ਨੂੰ ਦਿੱਤੇ ਹਲਫ਼ਨਾਮੇ ਵਿਚ ਕਿਹਾ ਕਿ ਹੁਣ ਤੱਕ ਦੀ ਸਾਰੀ ਮਸ਼ੀਨਰੀ ਮਿਲਾ ਕੇ 61 ਹਜ਼ਾਰ ਹੈਕਟੇਅਰ ਝੋਨੇ ਦੀ ਪਰਾਲੀ ਦਾ ਪ੍ਰਬੰਧ ਅੱਗ ਲਗਾਏ ਬਿਨਾਂ ਕੀਤਾ ਜਾ ਸਕਦਾ ਹੈ। ਜੇਕਰ 2 ਏਕੜ ਤੱਕ ਵਾਲੇ ਨੂੰ ਮੁਫ਼ਤ, 5 ਏਕੜ ਵਾਲਿਆਂ ਨੂੰ 5 ਹਜ਼ਾਰ ਰੁਪਏ ਅਤੇ ਇਸ ਤੋਂ ਵੱਧ ਵਾਲਿਆਂ ਨੂੰ 15 ਹਜ਼ਾਰ ਰੁਪਏ ਵਿਚ ਤਕਨੀਕ ਤੇ ਮਸ਼ੀਨਰੀ ਉਪਲਬਧ ਕਰਵਾਉਣ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਨੂੰ ਲਾਗੂ ਕਰਨਾ ਹੋਵੇ ਤਾਂ 9392 ਕਰੋੜ ਰੁਪਏ ਚਾਹੀਦੇ ਹਨ। ਸਪਸ਼ਟ ਹੋ ਗਿਆ ਕਿ ਸਰਕਾਰਾਂ ਬੇਵੱਸ ਹਨ ਜਿਸ ਦਾ ਮੂਲ ਕਾਰਨ, ਕਿ ਉਹ ਨਿੱਜ ਤੱਕ ਸੀਮਤ ਹਨ। ਏਥੇ ਧਰਮ ਦੀ ਪਰਉਪਕਾਰੀ ਜੁਗਤਿ ਹੀ ਜੀਵਨ ਪ੍ਰਦਾਨ ਕਰ ਸਕਦੀ ਹੈ। ਸਰਕਾਰੀ ਵਿੱਤੀ ਅੰਕੜਾ ਆਧਾਰ ਬਣਾਈਏ ਤਾਂ ਪੰਜਾਬ ਦੇ ਹਰ ਪਿੰਡ ਨੂੰ ਲਗਭਗ 80 ਲੱਖ ਰੁਪਏ ਦੀ ਤਕਨੀਕ ਤੇ ਮਸ਼ੀਨਰੀ ਦੇ ਕੇ ਪਰਾਲੀ ਨੂੰ ਫੂਕਣ ਤੋਂ ਰੋਕਿਆ ਜਾ ਸਕਦਾ ਹੈ। ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਇਕ ਧਾਰਮਿਕ ਵਰਗ ਤੇ ਪਿੰਡ ਵਾਲੇ ਰਲ਼ ਕੇ ਇਕ ਪਿੰਡ ’ਚ ਪਰਾਲੀ ਦੀ ਅੱਗ ਨੂੰ ਰੋਕ ਸਕਦੇ ਹਨ, ਜੋ ਜ਼ਰੂਰੀ ਹੈ, ਪਰ ਲੋੜ ਹੈ ਗੁਰੂਆਂ ਵਾਲੀ ਸੂਝ-ਬੂਝ ਦੀ।

ਦੁਨਿਆਵੀ ਬਾਦਸ਼ਾਹਾਂ ਦੀਆਂ ਹੱਦਾਂ ਹੁੰਦੀਆਂ ਹਨ ਪਰ ‘‘ਸਜਣੁ ਸਚਾ ਪਾਤਿਸਾਹੁ; ਸਿਰਿ ਸਾਹਾਂ ਦੈ ਸਾਹੁ ॥’’ (ਮ: ੫/੧੪੨੬) ਦੀਆਂ ਹੱਦਾਂ ਨਹੀਂ ਹੁੰਦੀਆਂ। ਪਾਤਸ਼ਾਹ ਆਪ ਅਸੀਮ ਸ਼ਕਤੀ ਹੈ ਅਤੇ ਉਸ ਦੀ ਸ਼ਕਤੀ ਨਾਲ ਚੱਲਣ ਵਾਲੀ ਲੁਕਾਈ ਭਾਣੇ ਵਿਚ ਹਿੰਮਤ ਨਾਲ ਜੀਵਦੀ ਹੈ। ਬਹੁਤ ਕੁਝ ਵੱਸ ਵਿਚ ਆ ਜਾਂਦਾ ਹੈ। 20 ਅਕਤੂਬਰ 2017 ਦੀ ਖ਼ਬਰ ਹੈ ਕਿ ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਪਰਾਲੀ ਸੰਭਾਲ ਮਲਚਰ ਅਤੇ ਪਲਟਾਵੇ ਹਲਾਂ ਸਮੇਤ ਹੋਰ ਸੰਦ ਛੋਟੇ ਕਿਸਾਨਾਂ ਨੂੰ ਵਰਤ ਲੈਣ ਲਈ ਜਨਤਕ ਪੇਸ਼ਕਸ਼ ਕੀਤੀ ਹੈ। ਜੋ 10-12 ਲੱਖ ਰੁਪਏ ਦੇ ਹਨ। ਕੈਨੇਡਾ ਵਿਚ ਰਹਿੰਦੇ ਸ਼ੇਰਪੁਰ ਦੋਨਾ ਦੇ ਸਤਨਾਮ ਸਿੰਘ ਹੁੰਦਲ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਪਰਾਲੀ ਨੂੰ ਖੇਤਾਂ ਵਿਚ ਵਾਹੁਦਿਆਂ ਹੋਣ ਵਾਲੇ ਤੇਲ ਖਰਚੇ ਦਾ ਭਾਰ ਚੁੱਕਣਗੇ। ਸਤਨਾਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ’ਤੇ ਟੇਕ ਨਾ ਰੱਖਣ ਸਗੋਂ ਇਕ ਦੂਜੇ ਦਾ ਸਾਥ ਦੇ ਕੇ ਇਸ ਸੰਕਟ ਵਿਚੋਂ ਨਿਕਲਣ।

ਸਚਮੁੱਚ ਦੁਰਦਸ਼ਾ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਤੇ ਸਿਹਤਮੰਦ ਦਿਸ਼ਾ ਅਖ਼ਤਿਆਰ ਕਰਨੀ ਹੋਵੇਗੀ। ਪਹਿਲਾ ਸਵਾਲ ਤਾਂ ਇਹ ਕਿ ਐਸੀਆਂ ਫ਼ਸਲਾਂ ਬੀਜੀਆਂ ਹੀ ਕਿਉਂ ਜਾਣ ਜੋ ਧਰਤੀ ਹੇਠਲੇ ਪਾਣੀ ਦਾ ਹੀ ਖਾਤਮਾ ਕਰ ਦੇਣ ਤੇ ਫਿਰ ਸਮੇਟਣ ਲਈ ਪੌਣ-ਪਾਣੀ ਨੂੰ ਪ੍ਰਦੂਸ਼ਿਤ ਕਰ ਦੇਣ। ਆਉਣ ਵਾਲੀ ਪੀੜ੍ਹੀ ਆਕਸੀਜਨ ਤੇ ਪਾਣੀ ਨੂੰ ਤਰਸਦੀ ਮਰੇਗੀ। ਇਹ ਕੈਸੀ ਕਮਾਈ ਜੋ ਹਸਪਤਾਲਾਂ ਰਾਹੀਂ ਫਿਰ ਕਾਰਪੋਰੇਟ ਘਰਾਣਿਆਂ ਦੇ ਹੀ ਘਰ ਜਾ ਕੇ ਪੁੱਜੇਗੀ। ਭਾਰਤ ਅੰਦਰ ਲੋੜਾਂ ਦੀ ਪੂਰਤੀ ਕਰਨ ਉਪਰੰਤ ਹਰ ਵਰ੍ਹੇ 30-35 ਮਿਲੀਅਨ ਟਨ ਅਨਾਜ ਬਚਾਅ ਕੇ ਰੱਖਣ ਦੀ ਗੁੰਜਾਇਸ਼ ਹੁੰਦੀ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਹਰ ਸਾਲ ਸਾਢੇ ਛੇ ਕਰੋੜ ਲੋਕ ਭੁੱਖਮਰੀ ਜਾਂ ਨੀਮ ਭੁੱਖਮਰੀ ਕਾਰਨ ਰੋਗਾਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਯੁਨੀਸੈਫ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਸਾਲ 3 ਲੱਖ ਬੱਚੇ ਇਕ ਦਿਨ ਦੀ ਜ਼ਿੰਦਗੀ ਵੀ ਪੂਰੀ ਨਹੀਂ ਕਰਦੇ। ਕੁਪੋਸ਼ਣ ਅਤੇ ਇਲਾਜ ਦੀ ਘਾਟ ਕਰ ਕੇ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 10 ਲੱਖ ਬੱਚੇ ਹਰ ਸਾਲ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਕ ਲੱਖ ਮਾਵਾਂ ਪਿੱਛੇ ਪੰਝੀ ਹਜ਼ਾਰ ਜਣੇਪੇ ਸਮੇਂ ਹੀ ਸਫਰ ਮੁਕਾ ਬਹਿੰਦੀਆਂ ਹਨ। ਇਹ ਮੌਤਾਂ ਕੁਦਰਤੀ ਨਹੀਂ। ਖੁਰਾਕ ਸੁਰੱਖਿਆ ਅਤੇ ਸਿਹਤ ਸਹੂਲਤਾਂ ਦਾ ਵਿਗੜਿਆ ਢਾਂਚਾ ਹੀ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਹੈ।

9392 ਕਰੋੜ ਰੁਪਏ ਦੀ ਲੋੜ ਹੈ ਪੰਜਾਬ ਸਰਕਾਰ ਨੂੰ ਪਰਾਲੀ ਦੀ ਸੰਭਾਲ ਲਈ। ਕੀ ਹੁਣ ਵਾਤਾਵਰਣ ਅਤੇ ਲੁਕਾਈ ਦੀ ਹੱਤਿਆ ਕਰ ਕੇ ਉਸੇ ਵਿਚ ਆਤਮ-ਹੱਤਿਆ ਕਰ ਲੈਣੀ ਹੈ  ? ਨਹੀਂ ਜੀ। ਗੁਰੂ ਦਾ ਗਿਆਨ ਫ਼ੁਰਮਾਨ ਵਰਤੀਏ । ਇਹ ਵੀ ਭੁਚਾਲ, ਤੁਫ਼ਾਨ ਤੇ ਸੁਨਾਮੀ ਜੈਸੀ ਆਫ਼ਤ ਹੈ । ਜੇ ਇਹ ਸੇਵਾ ਨਹੀਂ ਤਾਂ ਫਿਰ ਜਿਸ ਨੂੰ ਸੇਵਾ ਸਮਝਦੇ ਹਾਂ ਉਸ ਨੂੰ ਅਣਿਆਈ ਮੌਤੇ ਮਰ ਕੇ ਕਿਵੇਂ ਕਰਾਂਗੇ  ? ਤਬਾਹੀ ਰੋਕੀ ਜਾ ਸਕਦੀ ਹੈ। ਤੁਰਨਾ ਪਵੇਗਾ। ‘‘ਚੜ੍ਹਿਆ ਸੋਧਣ ਧਰਤਿ ਲੋਕਾਈ’’ ਉੱਚੇ-ਦਰ ਦੀ ਵਾਰਸ ਸਿੱਖ ਕੌਮ ਦੀ ਗਿਣਤੀ 2 ਕਰੋੜ ਮੰਨ ਲਈ ਜਾਵੇ। ਇਸ ’ਚੋਂ 1 ਕਰੋੜ ਸਿੱਖਾਂ ਨੂੰ ਯੋਗ ਮੰਨ ਲਿਆ ਜਾਵੇ ਕਿ ਉਹ ਹਰ ਰੋਜ਼ 10 ਰੁਪਏ ਸਾਂਝੇ ਖਜ਼ਾਨੇ ਵਿਚ ਜਮ੍ਹਾਂ ਕਰਵਾ ਸਕਦੇ ਹਨ ਤਾਂ ਰੋਜ਼ਾਨਾ 10 ਕਰੋੜ ਰੁਪਿਆ ਇਕੱਠਾ ਹੁੰਦਾ ਹੈ। ਇਕ ਮਹੀਨੇ ਦਾ 300 ਕਰੋੜ ਤੇ ਇਕ ਸਾਲ ਦਾ 3600 ਕਰੋੜ ਇਕੱਠਾ ਹੋ ਜਾਂਦਾ ਹੈ। ਐਨੀ ਵੱਡੀ ਸਮੱਸਿਆ ਨੂੰ ਨਜਿੱਠਣ ਦਾ 3 ਸਾਲ ਦਾ ਟੀਚਾ ਰੱਖ ਲਿਆ ਜਾਵੇ ਤਾਂ 9300 ਕਰੋੜ ਤੋਂ ਵੱਧ ਹੀ ਇਕੱਠਾ ਹੋ ਜਾਣਾ ਹੈ, ਜਿਵੇਂ ਗੁਰੂ ਕਾ ਲੰਗਰ ਚਲਾਉਣ ਵਿਚ ਸ਼ਰਧਾ ਰੱਖੀ ਜਾਂਦੀ ਹੈ, ਇਵੇਂ ਹੀ ਕੌਮਾਂਤਰੀ ਪੱਧਰ ’ਤੇ ਤਾਲਮੇਲ ਰੱਖ ਕੇ ਖੇਤੀਬਾੜੀ ਨੂੰ ‘ਗੁਰੂ ਕੀ ਖੇਤੀ’ ਦੀ ਸ਼ਰਧਾ ਨਾਲ ਤੇ ਕੁਦਰਤ ਦੀ ਕਦਰ ਕਰਦਿਆਂ ਨਿਭਾਉਣ ਲੱਗ ਜਾਈਏ ਤਾਂ ਸਮੱਸਿਆਵਾਂ ਸਿਮਟ ਕੇ ਰਹਿ ਜਾਣਗੀਆਂ। ਭਾਈ ਭਾਈ ਬਣ ਤੁਰਨਾ ਪੈਣਾ ਹੈ। ‘ਮੰਗਿਆਂ ਨਹੀਂ ਮਿਲਣੀ ਤੇ ਆਪਣੀ ਬਣਾ ਲੈ ਮਿੱਤਰਾ’ ਲਿਖਿਆ ਤਾਅਨਾ ਟਰਾਲੀਆਂ ਤੋਂ ਮਿਟਾਉਣਾ ਹੋਵੇਗਾ। ਹੁਣ 9300 ਕਰੋੜ ਦਾ ਖ਼ਰਚ ਨਹੀਂ ਹੋਵੇਗਾ। 3600 ਕਰੋੜ ਵਿਚ ਵੀ ਸੁਚੱਜੇ ਢੰਗ ਨਾਲ ਮਸਲਾ ਹੱਲ ਹੋ ਜਾਣਾ ਹੈ। ਖੜ੍ਹੇ ਕਿੱਥੇ ਹਾਂ ਇਕ ਝਾਤ ਮਾਰੀਏ । ਪੰਜਾਬ ਵਿਚ ਹਰੇਕ ਸਾਲ 20,000 ਟ੍ਰੈਕਟਰ ਵੇਚੇ ਜਾ ਰਹੇ ਹਨ ਜੋ ਕਿ 90-105 ਹਾਰਸ ਪਾਵਰ ਦੇ ਹਨ। 4.30 ਲੱਖ ਟ੍ਰੈਕਟਰ ਹਨ। ਪੰਜਾਬ ਵਿਚ 1000 ਹੈਕਟੇਅਰ ਲਈ 95 ਟ੍ਰੈਕਟਰ ਹਨ। ਜਦੋਂ ਕਿ ਭਾਰਤ ਵਿਚ 15 ਅਤੇ ਚੀਨ ਵਿਚ ਕੇਵਲ 7 ਹਨ। ਪੰਜਾਬ ਵਿਚ 62% ਕਿਸਾਨਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ। ਪੰਜਾਬ ਵਿਚ ਔਸਤਨ ਜ਼ਮੀਨ ਦਾ ਆਕਾਰ 2 ਹੈਕਟੇਅਰ ਤੋਂ ਵੀ ਘੱਟ ਹੈ। ਹਰੇਕ ਦੂਸਰੇ ਪਰਿਵਾਰ ਕੋਲ ਆਪਣਾ ਟ੍ਰੈਕਟਰ ਹੈ। ਇਹ ਸਥਿਤੀ ਆਰਥਿਕ ਤੌਰ ’ਤੇ ਤਰਕ ਸੰਗਤ ਨਹੀਂ ਹੈ। ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਕਿਸਾਨ ਆਮਦਨ ਕਮਿਸ਼ਨ ਬਣਾਵੇ। ਅਮਰੀਕਾ ਤੇ ਯੂਰਪ ਵਾਂਗ ਕਿਸਾਨਾਂ ਨੂੰ ਸਿੱਧੀ ਆਮਦਨ ਦੀ ਲੋੜ ਹੈ। ਕਿਸਾਨ ਤੇ ਧਾਰਮਿਕ ਜਗਤ ਅਮੁਲ ਡੇਅਰੀ ਪ੍ਰੋਗਰਾਮ ਦੀ ਤਰਜ਼ ’ਤੇ ਸਹਿਕਾਰੀ ਢਾਂਚਾ ਸਥਾਪਤ ਕਰੇ । ਬਹੁ-ਫ਼ਸਲੀ ਪ੍ਰਬੰਧ ’ਤੇ ਢੁਕਵਾਂ ਜ਼ੋਰ ਦਿੱਤਾ ਜਾਵੇ।

ਕਿਸਾਨ ਤੇ ਸਰਕਾਰਾਂ ਆਹਮੋ ਸਾਹਮਣੇ ਖੜ੍ਹ ਰਹੇ ਹਨ ਜੋ ਅਰਥਹੀਣ ਵੀ ਹੈ ਤੇ ਮੰਦਭਾਗਾ ਵੀ। ਮਸਲਾ ਅਰਥ-ਵਿਵਸਥਾ ਕਰ ਕੇ ਉਲਝਿਆ ਹੋਇਆ ਹੈ। ਅਰਥ ਸ਼ਾਸ਼ਤਰੀਆਂ ਅਤੇ ਵਿਗਿਆਨਕਾਂ ਵੱਲੋਂ ਸੁਧਰੀਆਂ ਅਤੇ ਮਹਿੰਗੀਆਂ ਤਕਨੀਕਾਂ ਦੀਆਂ ਤਜ਼ਵੀਜਾਂ ਖੇਤੀ ਅੰਦਰ ਭਾਰੀ ਉਲਝਣਾਂ ਹਨ। ਯੋਜਨਾਬੱਧ ਢੰਗ ਨਾਲ ਉਲਝਾਇਆ ਹੋਇਆ ਹੈ। ਸੰਨ 1995 ਵਿਚ ਵਿਸ਼ਵ ਬੈਂਕ ਦੇ ਇਕ ਸਾਬਕਾ ਉੱਚ ਅਧਿਕਾਰੀ ਵਲੋਂ ਚੇਨਈ ਵਿਚ ਸਮਾਜਿਕ ਕਾਰਕੁੰਨਾਂ ਨਾਲ ਬੈਠਿਆਂ ਕੀਤੀਆਂ ਗੱਲਾਂ-ਬਾਤਾਂ ’ਚੋਂ ਹੋਇਆ ਖ਼ੁਲਾਸਾ ਲੂੰ ਕੰਡੇ ਖੜ੍ਹੇ ਕਰਨ ਵਾਲਾ ਹੈ। ਉਹ ਸੀ ਵਿਸ਼ਵ ਬੈਂਕ ਵਲੋਂ ਭਾਰਤ ਨੂੰ ਹਦਾਇਤ; ਕਿ ਵੱਧ ਤੋਂ ਵੱਧ ਲੋਕਾਂ ਨੂੰ ਖੇਤੀ ’ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਜੋ ਉਦਯੋਗ ਸਥਾਪਤ ਕੀਤੇ ਜਾ ਸਕਣ। ਕੇਂਦਰ ਸਰਕਾਰ ਵਲੋਂ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਾ ਕਰਨਾ, ਐਸੀਆਂ ਹਦਾਇਤਾਂ ਦਾ ਸਬੂਤ ਹੀ ਹੈ। ਦੂਜੇ ਪਾਸੇ ਅਮਰੀਕਾ ਨੇ ਯਕੀਨੀ ਬਣਾਇਆ ਹੋਇਆ ਹੈ ਕਿ ਕਿਸਾਨ ਨਿੱਜੀ ਵਰਤੋਂ ਲਈ ਜ਼ਮੀਨਾਂ ਨਾ ਵੇਚਣ। ਪਰਾਲੀ ਜਾਂ ਨਾੜ ਮਾਮਲਾ ਉਜਾੜੇ ਦੀ ਚਾਲ ਦਾ ਹਿੱਸਾ ਹੈ। ਅੱਜ ਸਾਂਭ-ਸੰਭਾਲ ਜਾਂ ਸਮੇਟਣ ਲਈ ਪੈਸੇ ’ਤੇ ਕੇਂਦ੍ਰਿਤ ਹੈ। ਜਦ ਕਿ ਲੋੜ ਜ਼ਿੰਦ-ਜਾਨ ਬਚਾਉਣ ਦੀ ਹੈ। ਹੁਣ ਏਥੇ ਗੁਰੂ ਸਾਹਿਬਾਨਾਂ ਵਲੋਂ ਅੰਨ-ਜਲ ਸੰਕਟ ਦੌਰਾਨ ਪਾਏ ਮਹੱਤਵ ਪੂਰਨ ਯੋਗਦਾਨ ਦਾ ਧਿਆਨ ਧਰਿਆਂ ਸੰਕਟ ਟਲ਼ ਸਕਦਾ ਹੈ। ਧਾਰਮਿਕ ਵਰਗ ਕੌਮ ਨੂੰ ਸੰਵਾਰਨ ਲਈ ਵਿਉਂਤਬੰਦੀ ਨਾਲ ਖਰਚ ਕਰਨ ਲੱਗ ਜਾਵੇ ਤਾਂ ਜਨ-ਸਧਾਰਨ ਨੂੰ ਆਤਮਿਕ ਲਾਭ ਵੀ ਮਿਲੇਗਾ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਰੋਗੀਆਂ ਨੂੰ ਸਹਾਰਾ ਵੀ। ਦੁਨੀਆਂ ਭਰ ਦੇ ਪੈਦਾਵਰੀ ਸ੍ਰੋਤਾਂ ਉੱਤੇ ਸਾਮਰਾਜੀ ਕਾਰਪੋਰੇਟੀ ਪੂੰਜੀ ਕਬਜ਼ਿਆਂ ਦੀ ਹੋੜ ਲੱਗੀ ਹੋਈ ਹੈ। ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਚੱਲ ਰਹੀਆਂ ਹਨ। ਲੋਕਰਾਜ ਮਖੌਟਾ ਹੀ ਹੈ। ਗੁਰੂ ਨਾਨਕ ਸਾਹਿਬ ਨੇ ਐਸੇ ਹਾਲਾਤਾਂ ਨੂੰ ਤੁਰੰਤ ਗੰਭੀਰਤਾ ਨਾਲ ਲਿਆ ਸੀ । ਬਾਬਰ ਨੂੰ ਜਾਬਰ ਕਹਿਣ ਦੀ ਜੁਰਅਤ ਕੀਤੀ ਸੀ। ਵਿਕਾਊ ਵਿਗਿਆਨ ਨੇ ਵੰਸ਼-ਰਹਿਤ ਬੀਜ ਤਿਆਰ ਕਰ ਕੇ ਪਰੋਸ ਦਿੱਤਾ ਹੈ। ਵਾਤਾਵਰਨ ਤੇਜ਼ੀ ਨਾਲ ਵਿਗੜ ਰਿਹਾ ਹੈ। ਨਾਸਾ ਦੇ ਉਪਗ੍ਰਹਿ ਸਰਵੇਖਣ ਅਨੁਸਾਰ ਧਰਤੀ ਹੇਠਲੇ ਪਾਣੀ ਭੰਡਾਰ 2020 ਤੱਕ ਸੁੱਕ ਜਾਣਗੇ। ਜ਼ਹਿਰੀਲੀ ਭੋਜਨ ਪ੍ਰਣਾਲੀ, ਪ੍ਰਦੂਸ਼ਿਤ ਹਵਾ ਪਾਣੀ ਅਤੇ ਤਣਾਅ ਕਾਰਨ ਵੱਡੀ ਪੱਧਰ ’ਤੇ ਲੋਕ, ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਚੁੱਕੇ ਹਨ। ਮਨੁੱਖ ਤੇ ਪਸ਼ੂ ਪੰਛੀ ਬੱਚੇ ਪੈਦਾ ਕਰਨ ਤੋਂ ਅਸਮਰੱਥ ਹੋ ਰਹੇ ਹਨ। 99 ਫ਼ੀ ਸਦੀ ਆਬਾਦੀ ਵੱਖ ਵੱਖ ਤਰ੍ਹਾਂ ਦੀ ਮੰਦਹਾਲੀ ਤੇ ਬਦਹਾਲੀ ਝੱਲ ਰਹੀ ਹੈ। ਬੇਰੋਜ਼ਗਾਰੀ- ਅਰਧ-ਬੇਰੋਜ਼ਗਾਰੀ ਵੱਡੇ ਪੱਧਰ ’ਤੇ ਪਸਰ ਗਈ ਹੈ। ਮੁਨਾਫ਼ਿਆਂ ਤੇ ਖ਼ੁਦਗਰਜੀਆਂ ਦੇ ਇਸ ਦੌਰ ਵਿਚ ਹਰ ਵਸਤੂ ਮਹਿੰਗੀ ਹੋ ਰਹੀ ਹੈ ਪਰ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ।

ਇਸ ਵਿਵਸਥਾ ਨੂੰ ਪਲਟ ਕੇ ਸਰਬੱਤ ਦੇ ਭਲੇ ਵਾਲੀ ਵਿਵਸਥਾ ਸਥਾਪਤ ਕਰਨ ਲਈ 99 ਫ਼ੀਸਦੀ ਨੂੰ ਚੌਕਸ ਕਰਨਾ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸਾਹਿਬਾਨਾਂ ਦੇ ਪ੍ਰਬੰਧਕੀ ਬੋਰਡ, ਡੇਰੇ, ਮਹਾ ਨਗਰਾਂ ਤੇ ਵਿਦੇਸ਼ਾਂ ਦੇ ਵੱਡੇ ਵੱਡੇ ਗੁਰਦੁਆਰੇ ਤਾਂ ਸਮੁੱਚੀ ਕਾਇਨਾਤ ਦੀ ਕਾਇਆ ਕਲਪ ਕਰਨ ਦੀ ਸ਼ਕਤੀ ਰੱਖਦੇ ਹਨ। ਇਹਨਾਂ ਵਲੋਂ ਵਿੱਦਿਆ, ਡਾਕਟਰੀ ਇਲਾਜ, ਲੰਗਰ ਅਤੇ ਪ੍ਰਚਾਰ-ਪ੍ਰਸਾਰ ਦੇ ਬਹੁਤ ਸਾਰੇ ਸੇਵਾ-ਕਾਰਜ ਯੋਜਨਾਬੱਧ ਢੰਗ ਨਾਲ ਨਿਭਾਏ ਵੀ ਜਾਂਦੇ ਹਨ, ਜੋ ਕਿ ਨਾ-ਕਾਫ਼ੀ ਹਨ। ਕੁਝ ਨਾ ਕੁਝ ਤਸੱਲੀਬਖ਼ਸ਼ ਜ਼ਰੂਰ ਹਨ, ਪਰ ਸਿੱਖ ਕੌਮ ਦੇ ਕੁਝ ਉਹਨਾਂ ਅੰਗਾਂ ਦੀ ਕਾਰਗੁਜ਼ਾਰੀ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਜੋ ਕੌਮ ਦੀ ਆਰਥਿਕਤਾ ਨੂੰ ਪ੍ਰਭਾਵਤ ਤਾਂ ਕਰਦੇ ਹਨ ਪਰ ਆਤਮਿਕ ਤੇ ਆਰਥਿਕ ਪੱਖੋਂ ਕੌਮ ਨੂੰ ਸਵਾਰਨ ਤੋਂ ਅਵੇਸਲੇ ਹਨ। ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰੇ, ਜਿਨ੍ਹਾਂ ਕੋਲ ਲੱਖਾਂ ਰੁਪਏ ਫ਼ੰਡ ਪਏ ਹਨ ਪਰ ਇਹਨਾਂ ਫ਼ੰਡਾਂ ਰਾਹੀਂ ਸਮੱਸਿਆਵਾਂ ਦੇ ਸਮਾਧਾਨ ਲਈ ਪ੍ਰੋਜੈਕਟ ਯੋਜਨਾ ਕੋਈ ਨਹੀਂ ਹੈ। ਇਕ-ਇਕ ਪੈਸਾ ਸੰਭਾਲ ਕੇ ਰੱਖਣਾ ਤੇ ਇਕ-ਇਕ ਪੈਸੇ ਦਾ ਹਿਸਾਬ ਰੱਖਣਾ ਹੀ ਸੇਵਾ ਤੇ ਧਰਮ ਨਿਸ਼ਚਿਤ ਕੀਤਾ ਹੋਇਆ ਹੈ। ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੀ ਮੰਦਹਾਲੀ ਦੇ ਮਾਹੌਲ ਨਾਲ ਮਖੌਲ ਕਰ ਕੇ ਡੰਗ ਟਪਾ ਲਿਆ ਜਾਂਦਾ ਹੈ। ਖੁਦਕੁਸ਼ੀਆਂ ਹੋਣ ’ਤੇ ਦਰੀਆਂ ਉੱਪਰ ਬੈਠ ਅਫ਼ਸੋਸ ਕਰ ਲਿਆ ਜਾਂਦਾ ਹੈ। ਫੰਡ ਕੇਵਲ ਤੇ ਕੇਵਲ ਇਮਾਰਤਾਂ ਦੀ ਉਸਾਰੀ ਜਾਂ ਫਿਰ ਕੁਝ ਸਮਾਗਮਾਂ ’ਤੇ ਖਰਚ ਹੁੰਦੇ ਹਨ। ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਵਾਲਾ ਸੰਕਲਪ ਸੁਣਨ-ਮੰਨਣ ਦਾ ਹਿੱਸਾ ਹੀ ਨਹੀਂ ਰਹਿ ਜਾਂਦਾ।

ਭਾਰਤੀ ਦੀ ਕੁਲ ਰਾਸ਼ਟਰੀ ਆਮਦਨ ਦਾ 03 ਫੀਸਦੀ ਹਿੱਸਾ ਤਿਉਹਾਰਾਂ ਦੀ ਭੇਟ ਚੜ੍ਹ ਜਾਂਦਾ ਹੈ। ਨਤੀਜਾ, ਨਾ ਕੋਈ ਉਤਪਾਦ ਅਤੇ ਨਾ ਹੀ ਕੋਈ ਆਰਥਿਕ ਤੇ ਆਤਮਿਕ ਵਿਕਾਸ। ਤਿਉਹਾਰ, ਪਰਉਪਕਾਰ ਤੋਂ ਹਟ ਕੇ ਸਮੁੱਚਾ ਵਾਤਾਵਰਨ ਪਲੀਤ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਦਾ ਵੱਖ-ਵੱਖ ਦੇਸ਼ਾਂ ਦਾ ਰਟਨ ਕਰਨਾ, ਸਿੱਧ ਕਰਦਾ ਹੈ ਕਿ ਗੁਰੂ ਸਾਹਿਬ ਦਾ ਵਿਸ਼ਵ ਪੱਧਰ ਦੀਆਂ ਸਮੱਸਿਆਵਾਂ ਨਾਲ ਸਰੋਕਾਰ ਸੀ। ਕੀ ਅੱਜ ਸਿੱਖ ਧਰਮ ਦੇ ਪ੍ਰਬੰਧਕਾਂ ਤੇ ਪ੍ਰਚਾਰਕਾਂ ਦਾ ਲੋਕਲ ਤੇ ਗਲੋਬਲ ਮਸਲਿਆਂ ਨਾਲ ਸਰੋਕਾਰ ਹੈ  ? ਆਤਮਿਕ ਮੰਡਲਾਂ ਦੇ ਰਾਹੀਆਂ ਨੂੰ ਵਿਸ਼ਵ ਦੀ ਖੁਸ਼ਹਾਲੀ ਲਈ ਆਤਮਿਕ ਵਿਕਾਸ ਅਤੇ ਆਰਥਿਕ ਸੁਰੱਖਿਆ ਨਾਲ ਸਰੋਕਾਰ ਰੱਖਦਾ ਮਾਡਲ ਸਿਰਜਣਾ ਹੋਵੇਗਾ। ਆਤਮਿਕ ਤੇ ਆਰਥਿਕ ਫੋਰਮ ਦਾ ਗਠਨ ਕਰਨਾ ਸਮੇਂ ਦੀ ਮੁੱਖ ਮੰਗ ਹੈ। ਜੋ ਸਰਬਤ ਦੇ ਅਮਲ਼ੀ ਭਲੇ ਲਈ ਇਕ-ਇਕ ਦਰਵਾਜ਼ੇ ਨਾਲ ਜੁੜੀ ਹੋਵੇ ਤੇ ਲੋਕਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਤੇ ਹੱਦਾਂ ਪ੍ਰਤੀ ਸਲਾਹਕਾਰ ਹੋਵੇ। ਜੇ ਅੱਜ ਅੰਦਾਜ਼ਨ ਸਵਾ ਲੱਖ ਵਿਦਿਆਰਥੀ 20-20 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਵਿਦੇਸ਼ ਦੀ ਉਡਾਰੀ ਮਾਰ ਗਿਆ ਹੈ ਜਾਂ ਮਾਰ ਰਿਹਾ ਹੈ ਤਾਂ ਇਸ ਦੇ ਦੂਰ-ਰਸ ਨਤੀਜੇ ਕੀ ਹੋਣੇ ਹਨ, ਸੋਚਣਾ ਹੋਵੇਗਾ। ਵਾਤਾਵਰਨ ਤੇ ਊਰਜਾ ਦੇ ਖੇਤਰ ਵਿਚ ਵੀ ਤੁਰੰਤ ਕਦਮ ਉਠਾਉਣੇ ਹੋਣਗੇ। ਉਦਾਹਰਨ ਲਈ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਢਾਈ ਕਰੋੜ ਦੀ ਲਾਗਤ ਨਾਲ 504 ਮੈਗਾਵਾਟ ਸਮਰੱਥਾ ਵਾਲਾ ਸੌਰ ਊਰਜਾ ਵਾਲਾ ਪਲਾਂਟ ਲਗਾਇਆ ਗਿਆ ਹੈ। ਜੋ ਇਕ ਘੰਟੇ ਵਿਚ 25 ਯੂਨਿਟ ਬਿਜਲੀ ਤਿਆਰ ਕਰ ਕੇ 1 ਲੱਖ ਤੋਂ ਵੱਧ ਸ਼ਰਧਾਲੂਆਂ ਲਈ ਪੌਸ਼ਟਿਕ ਲੰਗਰ ਤਿਆਰ ਕਰਦਾ ਹੈ। ਪ੍ਰਤੀ ਦਿਨ 200 ਗੈਸ ਸਿਲੰਡਰ ਅਤੇ ਬਾਲਣ ਬਚਾਉਣ ਵਾਲੀ ਅਪਣਾਈ ਤਕਨੀਕ ਰਾਹ-ਦਸੇਰਾ ਹੈ। ਮਾਚਿਸ ਤੀਲ਼ੀ ਨਾਲ ਅਸਿੱਧੇ ਰੂਪ ਵਿਚ ਨੋਟ ਤੇ ਵਾਤਾਵਰਨ ਨੂੰ ਸਾੜਨ ਦੇ ਰੁਝਾਨਾਂ ਵਿਰੁੱਧ ਚੇਤਨਾ ਮੁਹਿੰਮਾਂ ਤੋਰੀਏ। ਬਾਬੇ ਨਾਨਕ ਦੇ ਉੱਚੇ-ਦਰ ਦੇ ਨਵ-ਨਰੋਏ ਸੰਕਲਪਾਂ ਨਾਲ ਸਿਹਤਮੰਦ ਸੰਸਾਰ ਦੀ ਸਿਰਜਣਾ ਹਿਤ ਲਾਮਬੰਦ ਹੋਈਏ ਤੇ ਤੁਰੀਏ।

ਰਸ਼ਪਾਲ ਸਿੰਘ-98554-40151

ਸ਼ੁਭ ਕਰਮਨ ਸੁਸਾਇਟੀ, ਹੁਸ਼ਿਆਰਪੁਰ।

098554-40151 rashpalsingh714@gmail.com

ਆਪ ਜੀ ਦੇ ਗਿਆਤ-ਹਿਤ :

ਕਾਰਜ-ਖੇਤਰ: ਐਨ. ਜੀ. ਓ. ਜ਼ ਸੰਸਥਾਵਾਂ ਨਾਲ ਸਿਹਤ, ਸਿੱਖਿਆ ਤੇ ਵਾਤਾਵਰਣ ਪ੍ਰੋਜੈਕਟਾਂ ਲਈ ਵਿਜ਼ਟਿੰਗ ਕਮਿਊਨਿਟੀ ਮੋਟੀਵੇਟਰ।

ਫੋਰਮਰ ਪ੍ਰੋਜੈਕਟ ਡਾਇਰੈਕਟਰ-ਕਮ-ਕੌਂਸਲਰ ਨਸ਼ਾ ਛਡਾਊ ਕੇਂਦਰ ਐਨ. ਜੀ. ਓ. (ਸਰਕਾਰੀ ਅੰਸ਼ਕ ਸਹਾਇਤਾ)

ਵਿੱਦਿਆ: ਸਮਾਜ-ਵਿਗਿਆਨ ਪੋਸਟ ਗ੍ਰੈਜੂਏਸ਼ਨ ਡਿਗਰੀ

ਮੇਰੀ ਭਾਸ਼ਾ (ਪੰਜਾਬੀ) ਮਰ ਰਹੀ ਹੈ ।

0

ਮੇਰੀ ਭਾਸ਼ਾ (ਪੰਜਾਬੀ) ਮਰ ਰਹੀ ਹੈ ।

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਹੌਲੀ-ਹੌਲੀ ਆਉਂਦੀ ਮੌਤ ਕਦੇ ਕਿਸੇ ਦੇ ਨਜ਼ਰੀ ਨਹੀਂ ਪੈਂਦੀ। ਹਰ ਕਿਸੇ ਦਾ ਇੱਕੋ ਹੀ ਜਵਾਬ ਹੁੰਦਾ ਹੈ- ‘‘ਪਤਾ ਹੀ ਨਹੀਂ ਲੱਗਿਆ ਕਦੋਂ ਪੂਰੀ ਜ਼ਿੰਦਗੀ ਲੰਘ ਗਈ। ਜਦੋਂ ਕੋਈ ਮਾਰੂ ਰੋਗ, ਜਿਸ ਨਾਲ ਜ਼ਿੰਦਗੀ ਦਾ ਅੰਤ ਸਾਹਮਣੇ ਦਿੱਸੇ, ਬਾਰੇ ਪਤਾ ਲੱਗ ਜਾਵੇ, ਉਸ ਬੰਦੇ ਲਈ ਬਚੀ ਹੋਈ ਜ਼ਿੰਦਗੀ ਦਾ ਹਰ ਪਲ ਮਾਇਨੇ ਰੱਖਣ ਲੱਗ ਪੈਂਦਾ ਹੈ। ਸਿਰਫ਼ ਉਹੀ ਸਮਝ ਸਕਦਾ ਹੈ ਕਿ ਕੋਈ ਐਵੇਂ ਹੀ ਵਿਹਲਾ ਬੈਠਾ ਚਾਰ ਘੰਟੇ ਜੇ ਜ਼ਾਇਆ ਕਰ ਰਿਹਾ ਹੈ ਤਾਂ ਕਿੰਨੇ ਬੇਸ਼ਕੀਮਤੀ ਪਲ ਅਜਾਈਂ ਗੁਆ ਰਿਹਾ ਹੈ। ਇਸ ਸਭ ਦੀ ਸਮਝ ਆ ਜਾਣ ਬਾਅਦ ਵੀ ਸਾਹਮਣੇ ਦਿਸਦੀ ਮੌਤ ਅਤੇ ਪਲ-ਪਲ ਖਿਸਕਦੀ ਜਾਂਦੀ ਜ਼ਿੰਦਗੀ ਨੂੰ ਫੜ ਕੇ ਕੋਈ ਬਹਿ ਨਹੀਂ ਸਕਦਾ ਤੇ ਨਾ ਹੀ ਮੌਤ ਟਲਦੀ ਹੈ।

ਬਿਲਕੁਲ ਇੰਜ ਹੀ ਭਾਸ਼ਾ ਨਾਲ ਹੁੰਦਾ ਹੈ। ਇਕ ਸਮੇਂ ਦੇ ਲੋਕ ਪਿਛਲੇ ਸਮੇਂ ਵਿਚ ਬੋਲੇ ਜਾ ਰਹੇ ਸ਼ਬਦਾਂ ਦੇ ਹੌਲੀ-ਹੌਲੀ ਲੋਪ ਹੋ ਜਾਣ ਨਾਲ ਭਾਸ਼ਾ ਦੀ ਹੌਲੀ-ਹੌਲੀ ਆ ਰਹੀ ਮੌਤ ਤੋਂ ਬੇਫ਼ਿਕਰੇ ਹੁੰਦੇ ਹਨ ਤੇ ਸਿਰਫ਼ ਆਖ਼ਰੀ ਪੁਸ਼ਤ, ਜਿਸ ਵਿਚ ਭਾਸ਼ਾ ਨੂੰ ਬੋਲਣ ਵਾਲੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਰਹਿ ਜਾਂਦੇ ਹਨ, ਉਦੋਂ ਹੀ ਸਾਹਮਣੇ ਮੌਤ ਦਿਸਦੀ ਹੈ ਤੇ ਉਦੋਂ ਇਹ ਮੌਤ ਟਲ ਨਹੀਂ ਸਕਦੀ ਹੁੰਦੀ।

ਮੇਰੀ ਇਸ ਸੰਵੇਦਨਸ਼ੀਲ ਸੋਚ ਨਾਲ ਅੱਜ ਦੀਆਂ ਉਹ ਮਾਵਾਂ ਕਦੇ ਸਹਿਮਤ ਨਹੀਂ ਹੋਣਗੀਆਂ ਜੋ ਆਪਣੇ ਲਾਡਲੇ ਪੁੱਤਰ ਨੂੰ ‘ਓਏ ਹੈਰੀ’, ‘ਡਿੱਕ ਪੁੱਤਰ’, ‘ਸਨੀ ਡੀਅਰ’, ਆਦਿ ਕਹਿ ਕੇ ਆਵਾਜ਼ ਮਾਰ ਰਹੀਆਂ ਹਨ। ਮੈਂ ਤਾਂ ਆਪਣੀ ਨਿੱਘ ਭਰੀ ਮਾਂ ਦੀ ਬੋਲੀ ਨੂੰ ਆਪਣੇ ਕਲੇਜੇ ਵਿਚ ਸਾਂਭ ਕੇ ਦਫ਼ਨ ਹੋ ਚੁੱਕੀਆਂ ਮਾਵਾਂ ਦੀ ਯਾਦ ਚੇਤੇ ਕਰਵਾ ਰਹੀ ਹਾਂ। ‘ਮਾਂ ਸਦਕੇ, ਆ ਖਾਂ ਮੇਰੇ ਕਲੇਜੇ ਦੇ ਟੁਕੜਿਆ,’’ ‘ਆ ਮੇਰੇ ਹੀਰੇ ਪੁੱਤਰਾ’ ! ‘‘ਵੇ ਤੈਨੂੰ ਤੱਤੀ ’ਵਾ ਨਾ ਲੱਗੇ’’, ‘‘ਤੇਰੀ ਆਈ ਤੇਰੀ ਮਾਂ ਮਰ ਜੇ’’, ‘‘ਓਏ ਮੇਰਿਆ ਲਾਡਲਿਆ  ! ਛਾਤੀ ਨਾਲ ਲੱਗ ਜਾ ਵੇ, ਮੈਨੂੰ ਠੰਡ ਪੈ ਜਾਏ’’, ‘‘ਮੇਰਿਆ ਸੁਹਣਿਆ  ! ਆ ਤੇਰੀ ਨਜ਼ਰ ਉਤਾਰ ਲਵਾਂ’’, ਵਾਲੇ ਮੋਹ ਭਰੇ ਸ਼ਬਦ ਮੇਰੀ ਮਾਂ ਬੋਲੀ ’ਚੋਂ ਅੱਜ ਲੋਪ ਹੋ ਚੁੱਕੇ ਹਨ।

ਕੋਈ ਦੱਸੇ ਖਾਂ, ਕਿੰਨੇ ਕੁ ਘਰ ਬਚੇ ਹਨ, ਜਿੱਥੇ ਪਿਆਰੀ ਦਾਦੀ ਦੀ, ਮੋਹ ਦੀ ਮਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ, ‘‘ਵੇ ਮਰ ਜਾਣਿਆ  ! ਔਂਤਰਿਆ  ! ਇੱਧਰ ਆ ਤੇਰੀਆਂ ਲੱਤਾ ਭੰਨਾਂ। ਚੰਦਰਿਆ  ! ਮੇਰੀ ਚਾਸ਼ਨੀ ਰੋੜ੍ਹ ਗਿਐਂ। ਠਹਿਰ ਜਾ, ਹੁਣੇ ਦਸਦੀ ਆਂ !’’ ਇਨ੍ਹਾਂ ਬੋਲਾਂ ਵਿਚ ਵੀ ਡੂੰਘਾ ਪਿਆਰ ਲੁਕਿਆ ਹੁੰਦਾ ਸੀ।

ਹਾਏ ਡੈਡ, ਡੈਡਾ, ਮੌਮ, ਮੰਮੀ, ਆਂਟ, ਦੇ ਥੱਲੇ ਦਫ਼ਨ ਹੋ ਚੁੱਕੇ ਭਾਪਾ ਜੀ, ਬਾਪੂ ਜੀ, ਬੇਬੇ ਜੀ, ਬੀਬੀ ਜੀ, ਚਾਚੀ ਜੀ, ਫੁੱਫੜ ਜੀ, ਝਾਈ (ਮਾਂ) ਜੀ, ਅੰਮੀ ਜੀ, ਹੌਲੀ-ਹੌਲੀ ਮਰ ਚੁੱਕੇ ਹਨ ਜਾਂ ਮਰ ਰਹੇ ਹਨ।

‘ਸੁਹਣਿਆ ਪੁੱਤਰਾ’  ! ‘ਲਾਡਲਿਆ’  ! ‘ਚੰਨਾ’  ! ਸਤਿਕਾਰਮਈ ਸ਼ਬਦਾਂ ਦੀ ਕਬਰ ਪੁੱਟ ਕੇ ‘ਮੰਨੀ, ਪਿੰਟੂ, ਚੈਨੀ, ਫੈਨੀ’ ਨੇ ਆਪਣਾ ਡੰਕਾ ਵਜਾਇਆ ਹੋਇਆ ਹੈ।

ਮਾਂ ਦੀ ਮੋਹ ਭਰੀ ਬੋਲੀ ਤੇ ਉਸ ਨੂੰ ਸੁਣਨ ਦਾ ਸੁਖਦ ਇਹਸਾਸ ਜਦੋਂ ਹੌਲੀ-ਹੌਲੀ ਹੋਰ ਜ਼ਬਾਨ ਹੇਠ ਦਫਨ ਹੋਣਾ ਸ਼ੁਰੂ ਹੋ ਜਾਵੇ ਤਾਂ ਮਾਂ ਦੇ ਮਰ ਜਾਣ ਨਾਲ ਹੀ ਭਾਸ਼ਾ ਦਾ ਉਹ ਹਿੱਸਾ ਤਾਂ ਉਸੇ ਵੇਲੇ ਮਰ ਜਾਂਦਾ ਹੈ। ਬਚੀ ਖੁਚੀ ਭਾਸ਼ਾ ਵਿਚ ਹੋਰ ਭਾਸ਼ਾ ਨਾਲ ਮਿਲ ਕੇ ਬਣੀ ਖਿਚੜੀ ਭਾਸ਼ਾ ਦੂਜੀ ਪੁਸ਼ਤ ਤਕ ਲੰਗੜੀ ਹੋ ਕੇ ਪਹੁੰਚਦੀ ਹੈ।

ਅਜਿਹੇ ਮੌਕੇ ਜੇ ਕੋਈ ਭਾਸ਼ਾ ਵਿਗਿਆਨੀ ਉਸ ਭਾਸ਼ਾ ਨਾਲ ਜੁੜੇ ਲੋਕਾਂ ਨਾਲ ਵੇਲੇ ਸਿਰ ਭਾਸ਼ਾ ਦੇ ਸਿਰ ਉੱਤੇ ਮੰਡਰਾ ਰਹੇ ਖ਼ਤਰੇ ਬਾਰੇ ਚਿੰਤਾ ਜਤਾਏ ਤਾਂ ਬਹੁਗਿਣਤੀ ਆਮ ਲੋਕ ਬਿਨਾਂ ਸੋਚੇ ਸਮਝੇ ਉਸ ਨੂੰ ਨਕਾਰ ਦਿੰਦੇ ਹਨ ਕਿ ਚੰਗੀ ਭਲੀ ਭਾਸ਼ਾ ਬੋਲੀ ਜਾ ਰਹੀ ਹੈ !

ਅਜਿਹੀ ਲੰਗੜੀ ਭਾਸ਼ਾ ਵਿਚਲੀਆਂ ਤ੍ਰੇੜਾਂ, ਦਰਅਸਲ ਭਾਸ਼ਾ ਨੂੰ ਸਹਿਜੇ ਸਹਿਜੇ ਮੌਤ ਵੱਲ ਧੱਕ ਰਹੀਆਂ ਹੁੰਦੀਆਂ ਹਨ।

ਭਾਸ਼ਾ ਵਿਗਿਆਨੀਆਂ ਅਨੁਸਾਰ ਅਸਲ ਮੌਤ ਜਾਂ ਭਾਸ਼ਾ ਉੱਤੇ ਮੰਡਰਾਉਂਦਾ ਖ਼ਤਰਾ ਉਦੋਂ ਦਿਸਣ ਲੱਗਦਾ ਹੈ ਜਦੋਂ ਭਾਸ਼ਾ ਵਿਚਲੀਆਂ ਮੋਹ ਦੀਆਂ ਤੰਦਾਂ ਵੀ ਹੋਰ ਜ਼ਬਾਨ ਮੱਲ ਲੈਣ। ਉਦੋਂ ਤੀਜੀ ਪੁਸ਼ਤ ਦੇ ਗਿਣੇ ਚੁਣੇ ਬੱਚੇ ਹੀ ਸਾਹਿਤ ਵੱਲ ਰੁਚੀ ਰੱਖਦੇ ਹਨ ਤੇ ਬਹੁਤ ਥੋੜੇ ਜਣੇ ਹੀ ਮਾਂ ਬੋਲੀ ਵਿਚ ਰਚਿਆ ਸਾਹਿਤ ਪੜ੍ਹਦੇ ਹਨ। ਅਜਿਹੇ ਮੌਕੇ ਸਿਰਫ਼ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਹੀ ਉਸ ਭਾਸ਼ਾ ਵਿਚ ਲਿਖਦੇ ਰਹਿੰਦੇ ਹਨ।

ਇਸ ਤਰ੍ਹਾਂ ਦੀ ਲਿਖੀ ਜ਼ਬਾਨ ਵਿਚ ਬਹੁਤ ਸਾਰੇ ਸ਼ਬਦ ਦੂਜੀ ਭਾਸ਼ਾ ਦੇ ਮਿਲੇ ਹੁੰਦੇ ਹਨ ਤੇ ਅਲੋਪ ਹੋ ਚੁੱਕੇ ਸ਼ਬਦਾਂ ਦੀ ਯਾਦ ਉਘਾੜਨ ਵਾਲਾ ਕੋਈ ਬਚਿਆ ਨਹੀਂ ਹੁੰਦਾ।

ਅੱਜ ਅਸੀਂ ਇਸੇ ਪੜਾਅ ਉੱਤੇ ਪਹੁੰਚ ਚੁੱਕੇ ਹਾਂ ਜਿੱਥੇ ਸਾਡੇ ਬੱਚਿਆਂ ਵਿੱਚੋਂ ਵਿਰਲੇ ਟਾਵੇਂ ਨੂੰ ਹੀ ਧਰੇਕ (ਦਰਖ਼ਤ ਡੇਕ), ਧਤੂਰਾ, ਪਤਿਓਅਰਾ, ਮਮਿਓਹਰਾ, ਦੰਦਾਸਾ (ਅਖ਼ਰੋਟ ਦੇ ਰੁੱਖ ਦੀ ਛਿੱਲ), ਛਿੰਝ (ਕੁਸ਼ਤੀ), ਤ੍ਰਿੰਞਣ (ਕੱਤਣ ਵਾਲ਼ੀਆਂ ਕੁੜੀਆਂ ਦਾ ਇਕੱਠ), ਛਿੱਕੂ (ਛੋਟੀ ਟੋਕਰੀ), ਪੂਣੀ, ਖੱਡੀ, ਘੋੜੀਆਂ, ਸੁਹਾਗ, ਬੁੱਕ, ਮੁੱਠ, ਮਰੱਬੇ (25 ਏਕੜ ਜ਼ਮੀਨ), ਨਮੋਲੀਆਂ, ਲੋਈ, ਖੇਸੀ, ਦੁਹਾਜੂ (ਦੂਸਰੇ ਵਿਆਹ ਵਾਲਾ), ਸ਼ਰੀਕਾ, ਟੋਭਾ, ਤ੍ਰਿਕਾਲਾਂ (ਸ਼ਾਮ, ਸੰਝ), ਲੌਢਾ ਵੇਲਾ (ਸ਼ਾਮ), ਮੂੰਹ ਹਨ੍ਹੇਰਾ, ਪੌਣ, ਭਖੜਾ, ਸੂਲਾਂ, ਦਹਾੜ, ਕਿਲਕਾਰੀ, ਚੋਜ, ਚੋਹਲ (ਮੌਜ ’ਚ ਕੀਤਾ ਕੰਮ), ਪੰਸੇਰਾ, ਭਲਕ (ਆਉਣ ਵਾਲੀ ਕੱਲ), ਜੰਡ, ਅਖੌਤੀ, ਬੀਹੀ, ਪੌਲਾ (ਜੁੱਤੀ ਦਾ ਇੱਕ ਪੈਰ), ਪੌਲੀ (ਚੁਆਨੀ), ਧੇਲੀ (ਅਠਿਆਨੀ), ਸੂਹਾ (ਸੁਰਖ਼, ਲਾਲ), ਪਪੋਲ (ਬਿਨਾਂ ਦੰਦਾਂ, ਮਸੂੜਿਆਂ ਨਾਲ ਚਿੱਥ ਜਾਂ ਚੱਬ), ਚਿੱਥ, ਚੱਬ, ਖੁਰਦਰਾ, ਪਹੁ ਫੁਟਾਲਾ, ਛਾਹ ਵੇਲਾ (ਸੂਰਜ ਚੜ੍ਹਨ ਤੋਂ ਬਾਅਦ ਇੱਕ-ਦੋ ਘੰਟੇ ਦਾ ਵੇਲਾ), ਵੱਡਾ ਤੜਕਾ, ਲੋਏ-ਲੋਏ (ਸਵਖਤੇ, ਸਾਝਰੇ), ਤਾਰੇ ਦਾ ਚੜਾਅ, ਸਰਘੀ (ਪ੍ਰਭਾਤ, ਅੰਮ੍ਰਿਤ ਵੇਲਾ), ਢਲਦੀਆਂ ਖਿੱਤੀਆਂ (ਸਵੇਰ), ਪਲ-ਛਿਣ, ਚਕਲੀਆਂ (ਟੋਕੇ ਦੀ ਮਸ਼ੀਨ ਦੇ ਘੁੰਮਣ ਵਾਲੇ ਪੁਰਜ਼ੇ ਜਾਂ ਰੋਟੀਆਂ ਵੇਲਣੇ), ਹੂਟਾ (ਝੂਟਾ), ਖੂਹ ਦੀਆਂ ਟਿੰਡਾਂ, ਆਦਿ ਵਰਗੇ ਅਣਗਿਣਤ ਸ਼ਬਦਾਂ ਬਾਰੇ ਜਾਣਕਾਰੀ ਹੈ। ਅੱਧਕਾਂ, ਟਿੱਪੀਆਂ, ਬਿੰਦੀਆਂ, ਆਦਿ ਲਗਾਖ਼ਰ ਤਾਂ ਫੇਸਬੁੱਕਾਂ ਅਤੇ ਮੋਬਾਈਲਾਂ ਦੀਆਂ ਰੋਮਨ ਲਿਪੀਆਂ ਨੇ ਕਦੋਂ ਦੇ ਚੱਬ ਲਏ।

ਇਸ ਦਾ ਸਪਸ਼ਟ ਮਤਲਬ ਹੈ ਕਿ ਪੰਜਾਬੀ ਭਾਸ਼ਾ ਦੇ ਸੈਂਕੜੇ ਸ਼ਬਦ ਦਫ਼ਨ ਹੋ ਚੁੱਕੇ ਹਨ ਤੇ ਅੱਜ ਦੇ ਦਿਨ ਹੀ ਅੱਧੀ ਭਾਸ਼ਾ ਤੇ ਉਸ ਵਿਚਲੇ ਅਨੇਕ ਮੋਹ ਭਿੱਜੇ ਵਾਕ ਵੀ ਮਰ ਚੁੱਕੇ ਹਨ।

ਬਥੇਰੇ ‘ਫੈਨ’ ਵਰਗੇ ਸ਼ਬਦਾਂ ਥੱਲੇ ਪੱਖਿਆਂ ਦੀ ਹਵਾ ਮਰ ਖੱਪ ਗਈ ਹੈ। ਚਰਖੇ ਦੀ ਘੂਕਰ (ਘੂੰ-ਘੂੰ ਦੀ ਅਵਾਜ਼) ‘ਮਸ਼ੀਨ’ ਥੱਲੇ ਦੱਬੀ ਗਈ ਹੈ।

ਇਹ ਮੌਤ ਹਾਲੇ ਦਿਸ ਨਹੀਂ ਰਹੀ ਕਿਉਂਕਿ ਅੱਜ ਦੇ ਦਿਨ ਤਿੰਨ ਪੁਸ਼ਤਾਂ ਮੌਜੂਦ ਹਨ, ਜਿਨ੍ਹਾਂ ਵਿਚ ਵਡੇਰੀ ਪੁਸ਼ਤ ਹਾਲੇ ਇਹ ਸ਼ਬਦ ਵਰਤ ਰਹੀ ਹੈ। ਵਿਚਕਾਰਲੀ ਪੁਸ਼ਤ ਆਪਣੇ ਬੱਚਿਆਂ ਨੂੰ ਇਨ੍ਹਾਂ ਸ਼ਬਦਾਂ ਤੋਂ ਵਾਂਝੇ ਰੱਖ ਕੇ ਉਨ੍ਹਾਂ ਨੂੰ ਅਗਾਂਹਵਧੂ ਬਣਾਉਣ ਦੇ ਚੱਕਰ ਵਿਚ ਦੂਜੀ ਭਾਸ਼ਾ ਰਟਾ ਰਹੀ ਹੈ ਤੇ ਤੀਜੀ ਪੁਸ਼ਤ ਬਹੁਤ ਜ਼ੋਰ ਸ਼ੋਰ ਨਾਲ ਦੂਜੀ ਭਾਸ਼ਾ ਵਰਤ ਕੇ ਆਪਣੇ ਆਪ ਨੂੰ ਦਾਦਿਆਂ, ਨਾਨਿਆਂ ਤੋਂ ਵੱਧ ‘ਪੜ੍ਹੇ ਲਿਖੇ’ ਸਾਬਤ ਕਰ ਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ।

ਦਸ ਪੰਦਰਾਂ ਸਾਲਾਂ ਬਾਅਦ ਪਹਿਲੀ ਪੁਸ਼ਤ ਵਾਲਾ ਦਾਦਾ ਨਾਨਾ ਕੋਈ ਨਹੀਂ ਬਚਣਾ ਤੇ ਭਾਸ਼ਾ ਦੇ ਵਡਮੁੱਲੇ ਸ਼ਬਦ ਤੇ ਵਾਕ ਨਾਲੋ-ਨਾਲ ਅਲੋਪ ਹੋ ਜਾਣਗੇ। ਪੰਜਾਬੀ ਭਾਸ਼ਾ ਉੱਤੇ ਕੀਤੇ ਜਾਂਦੇ ਖੋਜ ਕਾਰਜ ਵੀ ਠੱਪ ਹੋ ਜਾਣਗੇ ਤੇ ਉਦੋਂ ਭਾਸ਼ਾ ਵਿਗਿਆਨੀ ਫੇਰ ਖੋਰੂ ਪਾਉਣਗੇ ਕਿ ਪੰਜਾਬੀ ਭਾਸ਼ਾ ਮਰ ਚੱਲੀ ਹੈ।

ਇਕ ਵਾਰ ਫੇਰੀ ਦੂਜੀ ਪੁਸ਼ਤ ਦੇ ਲੋਕ ਜੋ ਹੁਣ ਪਹਿਲੀ ਪੁਸ਼ਤ ਦੇ ਤੁਰ ਜਾਣ ਬਾਅਦ ਦਾਦਾ ਨਾਨਾ ਬਣ ਚੁੱਕੇ ਹੋਣਗੇ, ਇਹ ਤੱਥ ਨਕਾਰ ਦੇਣਗੇ ਕਿ ਅਸੀਂ ਭਾਸ਼ਾ ਬੋਲ ਰਹੇ ਹਾਂ ਤੇ ਲਿਖ ਵੀ ਰਹੇ ਹਾਂ।

ਅੱਧੀ ਅਧੂਰੀ ਲੰਗੜੀ ਭਾਸ਼ਾ ਕਿੰਨਾ ਚਿਰ ਹੋਰ ਟਿਕੇਗੀ ? ਬੁੱਢੀ ਹੋਈ ਭਾਸ਼ਾ ਜਦੋਂ ਤੀਜੀ ਪੁਸ਼ਤ ਨੂੰ ਮਰਦੀ ਦਿੱਸਣ ਲੱਗ ਪਵੇਗੀ, ਉਦੋਂ ਮਰਦੇ ਹੋਏ ਸਰੀਰ ਵਾਂਗ ਇਸ ਨੂੰ ਕੋਈ ਬਚਾ ਨਹੀਂ ਸਕੇਗਾ ਤੇ ਉਦੋਂ ਅੰਤ ਯਕੀਨੀ ਹੋਵੇਗਾ।

ਅੱਜ ਦੇ ਦਿਨ ਵੀ ਭਾਸ਼ਾ ਵਿਗਿਆਨੀ ਇਸ ਅਗਾਊਂ ਖ਼ਤਰੇ ਬਾਰੇ ਚੇਤੰਨ ਕਰ ਰਹੇ ਹਨ ਕਿ ਪੰਜਾਬੀ ਭਾਸ਼ਾ ਮਰਨ ਵੱਲ ਚਾਲੇ ਪਾ ਚੁੱਕੀ ਹੈ।

ਇਸ ਨੂੰ ਬਚਾਉਣ ਲਈ ਚਮਤਕਾਰ ਦੀ ਲੋੜ ਹੈ। ਲੋਕ ਕਹਿੰਦੇ ਹਨ ਚਮਤਕਾਰ ਵਾਪਰਦੇ ਨਹੀਂ, ਪਰ ਮੈਂ ਸਾਬਤ ਕਰ ਸਕਦੀ ਹਾਂ ਕਿ ਭਾਸ਼ਾ ਵਰਤਣ ਨਾਲ ਚਮਤਕਾਰ ਜ਼ਰੂਰ ਵਾਪਰਦੇ ਹਨ।

  1. ਬੁਢੇਪਾ ਘਰਾਂ ਵਿਚ ਸੁੱਟੇ ਜਾਂ ਘਰਾਂ ਵਿਚ ਪੌੜੀਆਂ ਹੇਠਲੇ ਕਮਰੇ ਵਿਚ ਤਾੜੇ ਬਜ਼ੁਰਗ ਮਾਪਿਆਂ ਕੋਲ ਜਾ ਕੇ ਪੈਰੀਂ ਹੱਥ ਲਾ ਕੇ ਮਾਫ਼ੀ ਮੰਗ ਕੇ ਜੇ ਕਿਹਾ ਜਾਏ, ‘‘ਬਾਪੂ ਜੀ ਜਾਂ ਭਾਪਾ ਜੀ ! ਮੇਰੇ ਕੋਲੋਂ ਭਾਰੀ ਗ਼ਲਤੀ ਹੋ ਗਈ। ਮੈਂ ਸਪੁੱਤਰ ਨਹੀਂ ਰਿਹਾ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ, ਮੈਨੂੰ ਮਾਫ਼ ਕਰ ਕੇ ਵਾਪਸ ਘਰ ਪਰਤੋ ਅਤੇ ਆਪਣੇ ਪੋਤਰਿਆਂ ਪੋਤਰੀਆਂ ਨਾਲ ਲਾਡ ਲਡਾਓ। ਏਨਾ ਕਹਿੰਦੇ ਸਾਰ ਉਹਨਾਂ ਦੀ ਝੋਲੀ ਪੋਤਰਾ ਜਾਂ ਪੋਤਰੀ ਪਾ ਦਿਓ। ਤੋਤਲੀ ਜ਼ਬਾਨ ਵਿਚ ਪੋਤਰੇ ਵੱਲੋਂ ‘ਦਾਦਾ ਪਾਪਾ ਜੀ’ ਕਹਿ ਕੇ ਜੱਫੀ ਪਾਉਣ ਦੀ ਦੇਰ ਹੈ ਕਿ ਕਰਾਮਾਤ ਵਾਪਰਦੀ ਵੇਖੀ ਜਾ ਸਕਦੀ ਹੈ।

ਬਜ਼ੁਰਗ ਆਪਣਾ ਸਾਰਾ ਗੁੱਸਾ ਗਿਲਾ ਅੱਖਾਂ ਰਾਹੀਂ ਵਹਾ ਕੇ ਉਸ ਪਿਆਰ ਦੀਆਂ ਤੰਦਾਂ ਵਿਚ ਜਕੜੇ ਘਰ ਮੁੜ ਆਉਣਗੇ।

  1. ਕਿਸੇ ਓਪਰੇ ਮੁਲਕ ਵਿਚ, ਭਾਵੇਂ ਦੁਸ਼ਮਣ ਦੇਸ ਵਿਚ ਵੀ ਸਹੀ, ਗੱਜ ਕੇ ਮਾਂ ਬੋਲੀ ਵਿਚ ਫਤਿਹ ਬੁਲਾ ਕੇ ਵੇਖੋ, ਕੋਈ ਵੀ ਘੁੰਮਦਾ ਪੰਜਾਬੀ, ਜਿਸ ਨਾਲ ਕੋਈ ਲਹੂ ਦਾ ਰਿਸ਼ਤਾ ਨਾ ਹੋਵੇ, ਮਾਂ ਬੋਲੀ ਦੀਆਂ ਮੋਹ ਦੀਆਂ ਤੰਦਾਂ ਨਾਲ ਬੱਝਿਆ ਫਤਿਹ ਦਾ ਜਵਾਬ ਜ਼ਰੂਰ ਦੇਵੇਗਾ ਤੇ ਹੋ ਸਕਦਾ ਹੈ ਨਿੱਘੀ ਜੱਫੀ ਵੀ ਪਾ ਲਵੇ। ਵਾਪਰ ਗਈ ਨਾ ਕਰਾਮਾਤ।

ਬਜ਼ੁਰਗਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿਚ ਬੋਲੀ ਜਾਂਦੀ ਤੇ ਸਕੂਲਾਂ ਵੱਲੋਂ ਅਗਲੀ ਪੀੜ੍ਹੀ ਨੂੰ ਪੜ੍ਹਾਈ ਜਾਂਦੀ ਬੋਲੀ ਵਿਚ ਰੂਹ ਫੂਕਣੀ ਸੌਖੀ ਹੁੰਦੀ ਹੈ। ਜੇ ਭਾਸ਼ਾ ਕਿੱਤਾ ਮੁਹੱਈਆ ਕਰਵਾਉਣ ਜੋਗੀ ਹੋ ਜਾਏ ਤੇ ਬੋਲਣ ਵਾਲੇ ਇਸ ਨੂੰ ਮਾਣ ਸਤਿਕਾਰ ਦੇ ਰਹੇ ਹੋਣ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਜਦੋਂ ਸਰਕਾਰ ਵੀ ਇਸ ਪਾਸੇ ਧਿਆਨ ਦੇਣ ਲੱਗ ਪਵੇ ਫੇਰ ਤਾਂ ਕਿਆ ਕਹਿਣੇ। ਸੱਚਾਈ ਇਹ ਹੈ ਕਿ ਮਰਦੀ ਪੰਜਾਬੀ ਭਾਸ਼ਾ ਦੀ ਕਬਰ ਵੀ ਪੁੱਟੀ ਜਾ ਚੁੱਕੀ ਹੈ ਕਿਉਂਕਿ : –

(1). ਇਹ ਕਿੱਤਾ ਮੁਹੱਈਆ ਨਹੀਂ ਕਰਵਾ ਰਹੀ।

(2). ਸਰਕਾਰਾਂ ਪਿੱਠ ਮੋੜ ਚੁੱਕੀਆਂ ਹਨ।

(3). ਸਕੂਲਾਂ ਵਿਚ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਭਾਸ਼ਾ ਲਾਗੂ ਹੋ ਰਹੀ ਹੈ।

(4). ਪੰਜਾਬੀ ਬੋਲਣ ਵਾਲਿਆਂ ਨੂੰ ਅਨਪੜ੍ਹ ਕਿਹਾ ਜਾ ਰਿਹਾ ਹੈ।

(5). ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਦੀ ਸਰਕਾਰ ਵੱਲੋਂ ਮਾਲੀ ਮਦਦ ਨਹੀਂ ਕੀਤੀ ਜਾ ਰਹੀ।

(6). ਪੰਜਾਬੀ ਸਾਹਿਤਕਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਅੰਤ ਵਿਚ ਪੰਜਾਬੀ ਭਾਸ਼ਾ ਨਾਲ ਮਤਰੇਆ ਸਲੂਕ ਕਰਨ ਅਤੇ ਧ੍ਰੋਹ ਕਮਾਉਣ ਵਾਲੇ ਧੀਆਂ ਪੁੱਤਰਾਂ ਲਈ, ਜੋ ਪਹਿਲੀ ਜਮਾਤ ਤੋਂ ਹੀ ਸਕੂਲਾਂ ਵਿਚ ਅੰਗਰੇਜ਼ੀ ਲਾਗੂ ਕਰ ਰਹੇ ਹਨ, ਇਕ ਪੰਜਾਬੀ ਮਾਂ ਦਾ ਇਹੋ ਸੁਣੇਹਾ ਹੈ- ‘‘ਵੇ ਚੰਦਰਿਆ  ! ਰੁੜ੍ਹ-ਖੁੜ੍ਹ ਜਾਣਿਆ, ਹਾਲੇ ਵੀ ਸੰਭਲ ਜਾ। ਮਾਂ ਸਦਕੇ, ਤੇਰੀ ਮਾਂ ਤਾਂ ਮੈਨੂੰ ਸਿਰਫ਼ ਲੰਮੀ ਉਮਰ ਦੀਆਂ ਦੁਆਵਾਂ ਹੀ ਦੇ ਸਕਦੀ ਹੈ। ਜੀਊਂਦਾ ਰਹਿ, ਜਵਾਨੀਆਂ ਮਾਣ, ਲੰਮੀਆਂ ਉਮਰਾਂ ਭੋਗ ! ਤੂੰ ਆਪਣੀ ਮਾਂ ਦੀ ਬੋਲੀ ਨੂੰ ਖ਼ਤਮ ਕਰਨ ਦਾ ਪੂਰਾ ਜ਼ੋਰ ਲਾ ਲੈ, ਪਰ ਰਾਜਿਆ  ! ਸੁਹਣਿਆ ਸੁਣੱਖਿਆ ਪੁੱਤਰਾ ! ਏਨਾ ਯਾਦ ਰੱਖੀਂ, ਮੇਰੇ ਮਰ ਖੱਪ ਜਾਣ ਬਾਅਦ ਵੀ ਤੂੰ ਆਪਣੀ ਪਛਾਣ ਨਹੀਂ ਬਦਲ ਸਕਣ ਲੱਗਿਆ। ਤੇਰੀ ਪਛਾਣ ‘ਪੰਜਾਬੀ’ ਹੀ ਰਹਿਣੀ ਹੈ, ਪਰ ਮੈਨੂੰ ਇਹੋ ਅਫ਼ਸੋਸ ਰਹੇਗਾ ਕਿ ਤੇਰੀ ਪਛਾਣ ਲੰਗੜੀ ਰਹੇਗੀ, ਜਿਸ ਵਿਚ ਨਾ ਜ਼ਬਾਨ ਤੇ ਨਾ ਸਭਿਆਚਾਰ ਰਹੇਗਾ ! ਫਿਰ ਕਿਸ ਸੱਭਿਆਚਾਰ ਵਿਚ ਆਪਣੀਆਂ ਪੁਸ਼ਤਾਂ ਨੂੰ ਰੁਲਣ ਲਈ ਤੋਰੇਂਗਾ ? ਬਸ ਏਨਾ ਯਾਦ ਰੱਖੀਂ ਕਿ ਮਾਂ ਤੇ ਮਾਂ-ਬੋਲੀ ਨੂੰ ਖ਼ਤਮ ਕਰਨ ਵਾਲੇ ਦਾ ਵੀ ਇਸ ਦੁਨੀਆ ਤੋਂ ਨਾਮੋ-ਨਿਸ਼ਾਨ ਮਿਟ ਜਾਇਆ ਕਰਦਾ ਹੈ। ਤੇਰਾ ਰੱਬ ਰਾਖਾ।’’

ਸਭ ਤੋਂ ਵੱਡੀ ਤ੍ਰਾਸਦੀ ਕਿਸੇ ਵੀ ਜ਼ਬਾਨ ਨਾਲ ਉਦੋਂ ਵਾਪਰਦੀ ਹੈ ਜਦੋਂ ਇਸ ਨੂੰ ਧਰਮ ਦੀਆਂ ਵਲਗਣਾਂ ਅੰਦਰ ਕੈਦ ਕਰ ਲਿਆ ਜਾਵੇ। ਪੰਜਾਬੀ ਜ਼ਬਾਨ ਕਿਸੇ ਇੱਕ ਧਰਮ ਦੇ ਬੰਦਿਆਂ ਦੀ ਮਲਕੀਅਤ ਨਹੀਂ ਹੈ। ਇਹ ਹਰ ਪੰਜਾਬੀ ਦੀ ਮਾਂ ਬੋਲੀ ਹੈ ਜੋ ਭਾਵੇਂ ਈਰਾਨ ਵਿਚ ਵਸ ਰਿਹਾ ਹੈ, ਪਾਕਿਸਤਾਨ ਵਿਚ, ਅਫ਼ਗਾਨਿਸਤਾਨ ਵਿਚ, ਅਮਰੀਕਾ ਵਿਚ, ਕਨੇਡਾ ਵਿਚ, ਅਸਟ੍ਰੇਲੀਆ ਵਿਚ ਜਾਂ ਭਾਰਤ ਦੇ ਕਿਸੇ ਵੀ ਕੋਨੇ ਵਿਚ !

ਇਸ ਮਾਂ ਬੋਲੀ ਨਾਲ ਜੁੜੇ ਹਰ ਪੁੱਤਰ ਤੇ ਧੀ ਨੂੰ ਖੁੱਲ੍ਹ ਹੈ ਕਿ ਜਿੱਥੇ ਵੱਸਦਾ ਹੈ, ਉੱਥੇ ਦੀ ਵੀ ਤੇ ਉਸ ਤੋਂ ਇਲਾਵਾ ਵੀਹ ਹੋਰ ਜ਼ਬਾਨਾਂ ਵਿਚ ਵੀ ਮਹਾਰਤ ਹਾਸਲ ਕਰ ਕੇ ਦੁਨੀਆ ਭਰ ਵਿਚ ਆਪਣਾ ਨਾਂ ਰੌਸ਼ਨ ਕਰੇ, ਪਰ ਨੁਕਤਾ ਸਿਰਫ਼ ਇਹ ਯਾਦ ਰੱਖਣ ਵਾਲਾ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਮਿੱਧ ਕੇ ਨਹੀਂ !

ਪੰਜਾਬੀ ਹਿਤੈਸ਼ੀਆਂ ਨੂੰ ਚੇਤੰਨ ਹੋ ਕੇ, ਕਲਮਾਂ ਤੇਜ਼ ਕਰਵਾ ਕੇ, ਉਨ੍ਹਾਂ ਨੂੰ ਤਲਵਾਰ ਵਜੋਂ ਵਰਤ ਕੇ, ਹੁਣੇ ਤੋਂ ਹੀ ਮਾਂ ਬੋਲੀ ਉੱਤੇ ਹੋ ਰਹੇ ਹਮਲਿਆਂ ਵਿਰੁੱਧ ਕਮਰ ਕਸ ਲੈਣੀ ਚਾਹੀਦੀ ਹੈ ਤਾਂ ਜੋ ਭਾਸ਼ਾ ਨੂੰ ਮਰ ਜਾਣ ਤੋਂ ਬਚਾਇਆ ਜਾ ਸਕੇ।

Most Viewed Posts