ਸਫ਼ਰ-ਏ-ਸ਼ਹਾਦਤ

0
1272

ਸਫ਼ਰ-ਏ-ਸ਼ਹਾਦਤ

ਗਿਆਨੀ ਹਰਪਾਲ ਸਿੰਘ, ਹੈੱਡ ਗ੍ਰੰਥੀ ਗੁ. ਸ੍ਰੀ ਫਤਿਹਗੜ੍ਹ ਸਾਹਿਬ – 98148-98807, 78887-90923

‘‘ਇਹ ਸਫ਼ਰ ਸ਼ਹਾਦਤ ਦਾ ਬੜਾ ਅਨੋਖਾ, ਤੁਰਨਾ ਇਹਨਾਂ ਰਾਹਾਂ ’ਤੇ ਬੜਾ ਹੀ ਔਖਾ’’

ਉਹ ਪੈਂਡਾ ਜਿਹੜਾ ਜ਼ਿੰਦਗੀ ਦੇ ਪਿੜ ਤੋਂ ਮੰਜ਼ਲ ਵੱਲ ਨੂੰ ਜਾਂਦੈ, ਉਹ ਪੈਂਡਾ ਜਿਹੜਾ ਦੂਸਰਿਆਂ ਲਈ ਆਪਾ ਫ਼ਨਾਹ ਕਰਦੈ। ਹੱਕ, ਸੱਚ ਦਾ ਰਸਤਾ, ਤਿਆਗ ਦਾ ਰਸਤਾ, ਨਿੱਜ ਨੂੰ ਜਿੱਤਣ ਦਾ ਰਸਤਾ, ਸਵੈਮਾਨ ਅਤੇ ਗ਼ੈਰਤ ਦਾ ਰਸਤਾ ਹੈ, ਸਫ਼ਰ-ਏ-ਸ਼ਹਾਦਤ।

ਮੂਲ ਰੂਪ ਵਿਚ ਇਸ ਸਫ਼ਰ ਦੀ ਆਰੰਭਤਾ ਉਸੇ ਦਿਨ ਹੋਈ ਸੀ ਜਿਸ ਦਿਨ ਇਨਕਲਾਬੀ ਅਤੇ ਕ੍ਰਾਂਤੀਕਾਰੀ ਜ਼ਾਹਰ ਪੀਰ ਜਗਤ ਗੁਰੂ ਬਾਬੇ ਨੇ ਪਰੰਪਰਾਗਤ ਕਰਮ ਕਾਂਡਾਂ ਤੋਂ ਲੋਕਾਈ ਨੂੰ ਜਾਗਰੂਕ ਕਰਨ ਦੀ ਤਲਵੰਡੀ ਦੀ ਧਰਤੀ ਤੋਂ ਪਹਿਲੀ ਸੱਦ ਲਗਾਈ। ਸੱਚੇ ਧਰਮ-ਚਿੰਨ੍ਹ (ਜੰਞੂ) ਦੀ ਪਰਿਭਾਸ਼ਾ ਸੁਣ ਕੇ ਮੁੱਦਤਾਂ ਦੇ ਕਰਮਕਾਂਡੀ ਤਰਾਹ-ਤਰਾਹ ਕਰ ਉੱਠੇ। ਇਹ ਸਫ਼ਰ-ਏ-ਸ਼ਹਾਦਤ ਦੀਆਂ ਪੌੜੀਆਂ ਹੀ ਸਨ ਜਿਸ ਦਿਨ ਬਾਬਰ ਨੂੰ ਜਾਬਰ ਹੋਣ ਦਾ ਸੱਚ ਸੁਣਾਇਆ ਸੀ। ਮੁਸਾਫ਼ਰਾਂ ਦੇ ਇਸ ਕਾਫ਼ਲੇ ਦੇ ਮੋਹਰੀ ਨੇ ਇਸ ਸਫ਼ਰ ਲਈ ਇਕ ਖਰਚਾ ਪੱਲੇ ਬੰਨ੍ਹਣ ਲਈ ਜ਼ਰੂਰੀ ਕਰਾਰ ਦਿੱਤਾ ਸੀ ਉਹ ਸੀ ਸੱਚ ਦੀ ਕਮਾਈ। ਇਹ ਸਫ਼ਰ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚੋਂ ਸ਼ੁਰੂ ਹੁੰਦਾ ਹੈ ਤੇ ਉਸੇ ਖ਼ਸਮ ਨੇ ਇਲਾਹੀ ਬਚਨ ਕਹਿ ਕੇ ਹੀ ਸ਼ੁਰੂਆਤ ਕਰਵਾਈ ਸੀ ਕਿ ‘‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥’’

ਇਹ ਸਫ਼ਰ ਸਹੁ ਸਾਗਰ ਵੱਲ ਵਹਿੰਦੇ ਦਰਿਆਵਾਂ ਵਰਗਾ ਹੈ ਜਿਹੜਾ ਉੱਚੀਆਂ ਚੋਟੀਆਂ ਦੀਆਂ ਸਿਖ਼ਰਾਂ ਨੂੰ ਤਿਆਗਦਾ ਹੋਇਆ ਬੇਸ਼ੁਮਾਰ ਚਟਾਨਾਂ ਰੂਪੀ ਔਕੜਾਂ, ਰੁਕਾਵਟਾਂ, ਮੁਸੀਬਤਾਂ ਨਾਲ ਟਕਰਾਉਂਦਾ ਹੋਇਆ ਆਪਣੀ ਮੰਜ਼ਲ ਨੂੰ ਪਾਉਣ ਲਈ ਵਧਦਾ ਹੀ ਤੁਰਿਆ ਜਾਂਦਾ ਹੈ। ‘‘ਅਗਾਹ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥’’ ਹੀ ਇਕ ਸਫ਼ਰ ਦਾ ਮੀਲ ਪੱਥਰ ਹੈ। ਇਸ ਸਫ਼ਰ ਦੇ ਰਾਹ ਦਸੇਰੇ ਨੇ ਇਸ ਪੰਧ ’ਤੇ ਪੈਰ ਰੱਖਣ ਤੋਂ ਪਹਿਲਾਂ ਇਸ ਪੈਂਡੇ ਦੀਆਂ ਮੁਸ਼ਕਲਾਂ ਤੋਂ ਸੁਚੇਤ ਕਰਦਿਆਂ ਇਸ ਨੂੰ ‘‘ਬਿਖਮ ਮਾਰਗਿ ਚਲਣਾ॥’’ ਕਿਹਾ ਸੀ ਅਤੇ ਰਾਹੀਆਂ ਲਈ ‘‘ਸਿਰੁ ਧਰਿ ਤਲੀ, ਗਲੀ ਮੇਰੀ ਆਉ॥’’ ਦੀ ਸ਼ਰਤ ਰੱਖੀ ਸੀ, ਪਰ ਧੰਨ ਨਿੱਜ ਵਾਰਨ ਵਾਲੇ ਸੱਚ ਦੇ ਮੁਸਾਫ਼ਰ, ਜਿਨ੍ਹਾਂ ਨੇ ਆਪਾ ਅਰਪਣ ਕਰਦਿਆਂ ਸਿਰਾਂ ਦੇ ਢੇਰ ਲਾ ਦਿੱਤੇ। ਅਸਲ ਵਿਚ ਇਹ ਸਫ਼ਰ ‘‘ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕਿ ਨਿਰਮਲ ਪੰਥ ਚਲਾਇਆ॥’’ ਤੋਂ ਅਰੰਭ ਹੋ ਕੇ ਇਕ ਦਿਨ ਖ਼ਾਲਸ ਪੰਥ ਦਾ ਰੂਪ ਧਾਰਨ ਕਰਦਾ ਹੈ। ਜਿਸ ਦੀ ਨਿਆਰੀ ਤੇ ਅੱਡਰੀ ਹੋਂਦ ਲਈ ਬੇਸ਼ੁਮਾਰ ਕੁਰਬਾਨੀਆਂ ਹੋਈਆਂ।

ਇਹਨਾਂ ਮਰਜੀਵੜੇ ਰਾਹੀਆਂ ਦੇ ਲਹੂ ਭਿੱਜੇ ਲੰਮੇਰੇ ਸਫ਼ਰ ਵਿੱਚੋਂ ਅਸੀਂ ਜ਼ਿਕਰ ਕਰ ਰਹੇ ਹਾਂ। ਕੇਵਲ ਪੋਹ ਦੀਆਂ ਸੱਤ ਰਾਤਾਂ ਦੇ ਪੈਂਡੇ ਦਾ 6 ਪੋਹ 1704 ਤੋਂ ਲੈ ਕੇ 13 ਪੋਹ 1704 ਤੱਕ ਜਿਸ ਨੂੰ ਬਿਆਨ ਕਰਨਾ ਤੇ ਦੂਰ ਦੀ ਗੱਲ ਹੈ ਬਲਕਿ ਇਸ ਬਾਰੇ ਸੋਚਦਿਆਂ ਵੀ ਮਨੁੱਖੀ ਰੂਹ ਅੰਦਰ ਝਰਨਾਹਟ ਛਿੜ ਜਾਂਦੀ ਹੈ। ਨਿਗਾਹ ਅਨੰਦਪੁਰ ਸਾਹਿਬ ਦੇ ਰੂਹਾਨੀ ਨਜ਼ਾਰਿਆਂ ਨੂੰ ਤੱਕਦੀ ਹੈ ਤਾਂ ਮਨੁੱਖੀ ਆਤਮਾ ਕਲਗ਼ੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਰੰਗ ਵਿਚ ਸਰਸ਼ਾਰ ਹੋ ਉੱਠਦੀ ਹੈ। ਕੁਲ ਮਨੁੱਖਤਾ ਨੂੰ ਵਿਤਕਰਿਆਂ ਤੇ ਵੰਡੀਆਂ ਵਿੱਚੋਂ ਕੱਢ ਕੇ ਬਰਾਬਰਤਾ ਦੇ ਅਧਿਕਾਰ ਦਿੰਦਾ, ਨੀਚਾਂ ਤੋਂ ਊਚ ਕਰਦਾ, ਮੁਰਦਿਆਂ ਨੂੰ ਜੀਵਨ ਦਿੰਦਾ, ਸਭ ਨੂੰ ਜਿਊਣ ਦੇ ਹੱਕ ਦਿੰਦਾ, ਸਿੱਖੀ ਇਹ ਗੂੜ੍ਹਾ ਰੰਗ ਹਕੂਮਤੀ ਤਾਕਤ ਅਤੇ ਜਾਤੀਵਾਦ ਦੇ ਹੰਕਾਰੀ ਅਤੇ ਕਰਮਕਾਂਡ ਦੀ ਦਲ-ਦਲ ਵਿੱਚ ਗ੍ਰਸੇ ਕੁਝ ਰਜਵਾੜਿਆਂ ਨੂੰ ਮੂਲੋਂ ਨਾ ਭਾਉਂਦਾ। ਉਹ ਆਨੇ-ਬਹਾਨੇ ਅਨੰਦ ਦੇ ਸੋਮੇ ਨੂੰ ਸਦੀਵੀ ਬੰਦ ਕਰਨ ਲਈ ਯਤਨਸ਼ੀਲ ਰਹਿੰਦੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਤੇ ਸਿੱਖਾਂ ਨਾਲ ਕਈ ਜੰਗਾਂ ਲੜੀਆਂ ਜਿਨ੍ਹਾਂ ਵਿੱਚੋਂ ਦਿੱਲੀ ਦੇ ਮੁਗ਼ਲ ਸ਼ਾਸਕ ਔਰੰਗਜ਼ੇਬ ਦੀਆਂ ਫ਼ੌਜਾਂ ਦੀ ਅਗਵਾਈ ਕਰਦੇ ਵਜੀਦ ਖਾਂ (ਸੂਬਾ-ਏ-ਸਰਹਿੰਦ) ਦੀ ਅਗਵਾਈ ਵਿੱਚ ਇਹ ਸਭ ਤੋਂ ਲੰਮੇਰੀ ਜੰਗ ਸੀ। ਦਿੱਲੀ ਦੀ ਬਹੁ ਗਿਣਤੀ ਫ਼ੌਜ ਦੇ ਨਾਲ ਸਰਹਿੰਦ ਦੀਆਂ ਫ਼ੌਜਾਂ, ਸ਼ੇਰ-ਮੁਹੰਮਦ ਖਾਂ (ਨਵਾਬ ਮਲੇਰਕੋਟਲਾ) ਦੀਆਂ ਫ਼ੌਜਾਂ, ਸੂਬਾ ਜ਼ਬਰਦਸਤ ਖਾਂ ਲਾਹੌਰ ਦੀਆਂ ਫ਼ੌਜਾਂ, ਸ਼ੇਰ ਅਫ਼ਗਾਨ ਗਵਰਨਰ, ਜੰਮੂ ਕਸ਼ਮੀਰ ਦੀਆਂ ਫ਼ੌਜਾਂ ਅਤੇ 22 ਧਾਰ ਦੇ ਪਹਾੜੀ ਰਾਜਿਆਂ ਦੀ ਫ਼ੌਜ ਤੋਂ ਇਲਾਵਾ ਪਹਾੜੀ ਖੇਤਰ ਦੇ ਲੁਟੇਰੇ, ਜਮਤੁਲਾਭਾਊ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਅਨੰਦਪੁਰ ਸਾਹਿਬ ’ਤੇ ਹਮਲਾਵਰ ਹੋਏ। ਅਨੰਦਪੁਰ ਸਾਹਿਬ ਉੱਪਰ ਮੁਠ 2 ਮਿੱਟੀ ਸੁੱਟ ਕੇ ਪੂਰ ਦੇਣ ਦਾ ਦਾਅਵਾ ਕਰਨ ਵਾਲੀ ਫ਼ੌਜ 8 ਮਹੀਨਿਆਂ ਵਿੱਚ ਅਨੰਦਪੁਰ ਸਾਹਿਬ ਦੀ ਬਾਹਰਲੀ ਦੀਵਾਰ ਤੱਕ ਨੂੰ ਨਾ ਛੂਹ ਸਕੀ। ਗੁਰੂ ਸਾਹਿਬ ਜੀ ਦੇ ਤੀਰਾਂ ਦੀ ਤਾਬ ਝੱਲਣ ਦੀ ਸਮਰੱਥਾ ਇਹ ਨਾ ਜੁਟਾ ਸਕੇ। ਓੜਕ ਸਾਮ-ਦਾਮ-ਦੰਡ-ਭੇਦ ਦੀ ਨੀਤੀ ਵਰਤਣ ਦਾ ਯਤਨ ਕੀਤਾ ਗਿਆ, ਪ੍ਰੰਤੂ ਭੀਖਨ ਸ਼ਾਹ ਦੀ ਅਕੀਦਤ ਵਿੱਚ ਵਸਦੇ ਖ਼ੁਦਾਈ ਨੂਰ ਅਤੇ ਪੰਡਿਤ ਸ਼ਿਵਦੱਤ ਦੀ ਸ਼ਰਧਾ ਵਿੱਚ ਵੱਸਦੇ ਸਾਖਸ਼ਾਤ ਭਗਵਾਨ ਨੂੰ ਦੁਨੀਆ ਦੀ ਕੋਈ ਚਤੁਰਾਈ ਭਲਾ ਕਿਵੇਂ ਛੱਲ ਸਕਦੀ ਸੀ ?

ਅਛਲ ਅਛੇਦ ਅਪਾਰ ਪ੍ਰਭ, ਊਚਾ ਜਾ ਕਾ ਰੂਪੁ ॥ (ਮ: ੫/੬੭੭) ਅੰਤ ਨੂੰ ‘ਧਰਮ ਚਲਾਵਨ ਸੰਤ ਉਬਾਰਨ’ ਹਾਰੇ ਦਸਮੇਸ਼ ਜੀ ਪਾਸ ਕਪਟੀ ਹਾਕਮਾਂ ਵੱਲੋਂ ਧਰਮ ਅਤੇ ਧਰਮ ਚਿੰਨ੍ਹਾਂ ਦਾ ਵਾਸਤਾ ਪਾ ਕੇ ਧਰਮ ਦੇ ਮਖੌਟੇ ਵਿੱਚ ਜਿਊਣ ਵਾਲੇ ਭੇਖ ਕਰ ਕੇ ਪੰਮੇ ਪ੍ਰੋਹਿਤ ਨੂੰ ਆਟੇ ਦੀ ਗਊ, ਸਾਲਗ੍ਰਾਮ, ਪੱਖ ਆਦਿ ਅਤੇ ਭੇਖੀ ਕਾਜ਼ੀ ਨੂੰ ਕੁਰਾਨ ਮਜ਼ੀਦ ਦੀ ਜਿਲਦ ਉੱਤੇ ਔਰੰਗਜ਼ੇਬ ਦੀ ਲਿਖਤ ਅਤੇ ਦਸਤਖ਼ਤ ਸਹਿਤ ਧਰਮ ਦਾ ਵਾਸਤਾ ਪਾਉਣ ਲਈ ਭੇਜਿਆ ਗਿਆ। ਇਹਨਾਂ ਧਾਰਮਿਕ ਚਿੰਨ੍ਹਾਂ ਦਾ ਵਾਸਤਾ ਪਾ ਕੇ ਅਖੌਤੀ ਧਰਮੀਆਂ ਗੁਰੂ ਸਾਹਿਬ ਅੱਗੇ ਅਰਜ਼ ਕੀਤੀ ਕਿ ਸਾਡੀ ਲਾਜ ਰੱਖਣ ਲਈ ਇਕ ਵਾਰ ਅਨੰਦਪੁਰ ਸਾਹਿਬ ਛੱਡ ਦਿਓ। ਰੂਹਾਨੀ ਨੂਰ ਦੇ ਉਜਿਆਰੇ ਗੁਰੂ ਗੋਬਿੰਦ ਸਿੰਘ ਜੀ ਘਟ-ਘਟ ਦੀ ਜਾਣਨਹਾਰੇ ਨੇ ਨੌਂ ਵਰ੍ਹਿਆਂ ਦੀ ਉਮਰ ਵਿੱਚ ਵੀ ਕਿਸੇ ਦੇ ਧਰਮ ਚਿੰਨ੍ਹਾਂ (ਤਿਲਕ ਜੰਞੂ ਰਾਖਾ ਪ੍ਰਭ ਤਾ ਕਾ…..) ਦੀ ਰਾਖੀ ਲਈ ਪਿਤਾ ਦੀ ਕੁਰਬਾਨੀ ਦੇ ਵੱਡੀ ਕੀਮਤ ਚੁਕਾਈ ਸੀ। ਉਹ ਸਤਿਗੁਰ ਜੀ ਅੱਜ ਕਿਵੇਂ ਕਿਸੇ ਦੇ ਧਰਮ ਚਿੰਨ੍ਹਾਂ ਨੂੰ ਨਕਾਰ ਸਕਦੇ ਸਨ। ਲੋਕਾਈ ਨੂੰ ਸੈਕੂਲਰ ਸੋਚ ਦੇ ਅਰਥ ਸਮਝਾਉਂਦੇ ਸਤਿਗੁਰੂ ਜੀ ਨੇ ਇਹਨਾਂ ਧਰਮ ਚਿੰਨ੍ਹਾਂ ਨੂੰ ਨਕਾਰਿਆ ਨਹੀਂ ਬਲਕਿ ਸਤਿਕਾਰਿਆ ਅਤੇ ਧਰਮ ਦਾ ਪਾਇਆ ਹੋਇਆ ਵਾਸਤਾ ਕਬੂਲ ਕੀਤਾ।

6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਦੇ ਸਿੱਖਾਂ ਅਤੇ ਪਰਿਵਾਰ ਦੇ ਕਾਫ਼ਲੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਅਣਕਿਆਸੀ ਮੰਜ਼ਲ ਵੱਲ ਤੁਰ ਪਏ। ਬਦਨੀਯਤ ਹਾਕਮਾਂ ਦੀ ਖੋਟ ਤੋਂ ਜਾਣੂ ਸਤਿਗੁਰੂ ਜੀ ਨੇ ਕਾਫ਼ਲੇ ਨੂੰ ਮੂਹਰਲੀ ਕਤਾਰ ਅਤੇ ਪਿਛਲੀ ਬਾਹੀ ਤੋਂ ਜਾਂਬਾਜ਼ ਯੋਧਿਆਂ ਦੇ ਸਖ਼ਤ ਪਹਿਰਿਆਂ ਹੇਠ ਪੂਰੀ ਤਰ੍ਹਾਂ ਮਜ਼ਬੂਤ ਕੀਤਾ । ਧਰਮ ਤੋਂ ਕੋਰੇ ਅਤੇ ਜ਼ਬਾਨ ਦੇ ਕੱਚੇ ਹਾਕਮਾਂ ਨੇ ਸ਼ਾਹੀ ਟਿੱਬੀ ਦੇ ਕੋਲ ਗੁਰੂ ਸਾਹਿਬ ਦੇ ਕਾਫ਼ਲੇ ਉੱਤੇ ਪਿੱਠ ਪਿੱਛਿਓਂ ਹਮਲਾ ਕਰ ਦਿੱਤਾ। ਜੰਗੀ ਨੁਕਤੇ ਤੋਂ ਮਾਹਰ, ਸਿੰਘ, ਗੁਰੂ ਸਾਹਿਬ ਜੀ ਦੀ ਅਗਵਾਈ-ਮਨੁੱਖੀ ਸਰੀਰਾਂ ਦੀ ਮੋਰਚਾ-ਬੰਦੀ ਕਰ ਕੇ ਲੜਦੇ-ਲੜਦੇ ਸਫ਼ਰ-ਏ-ਸ਼ਹਾਦਤ ’ਤੇ ਅੱਗੇ ਵਧਦੇ ਜਾ ਰਹੇ ਸਨ।

       ਥਾਂ ਸਰ ਪੇਂ ਵਕਤ ਆ ਗਿਆ, ਆਸਾ ਕੀ ਵਾਰ ਕਾ ।

ਸਿਰਸਾ ਦੇ ਤਟ ’ਤੇ ਸਤਿਗੁਰੂ ਜੀ ਨੇ 7 ਪੋਹ ਦਾ ਅੰਮ੍ਰਿਤ ਵੇਲਾ ਬਾਣੀ ਦੇ ਸਰੂਰ ਤੇ ਕੀਰਤਨ ਦੇ ਰਸ ਵਿੱਚ ਗੁਜ਼ਾਰਿਆ। ਰੂਹਾਨੀ ਤਰੋ ਤਾਜ਼ਗੀ ਨਾਲ ਇਸ ਸਫ਼ਰ ਦੇ ਮੁਸਾਫ਼ਰਾਂ ਨੇ 7 ਪੋਹ ਦੀ ਪ੍ਰਭਾਤ ਨੂੰ ਚੜ੍ਹੀ ਹੋਈ ਸਰਸਾ ਨਦੀ ਨੂੰ ਪਾਰ ਕੀਤਾ। ਮੰਜ਼ਲ ਵਲ ਵਧਦੇ ਮੁਸਾਫ਼ਰਾਂ ਦੇ ਧਰਮ ਦਾ ਸਫ਼ਰ ਹੋਰ ਵੀ ਕਠਿਨ ਹੁੰਦਾ ਗਿਆ।

ਪਿੱਛੇ ਦੁਸ਼ਮਣ ਦਾ ਭਾਰੀ ਬਲ, ਸਾਹਮਣੇ ਸਰਸਾ ਦਾ ਹੜ੍ਹ ਅਤੇ ਮੂਹਰੇ ਖੜ੍ਹੇ ਰੋਪੜ ਦੇ ਰੰਘੜਾਂ ਦਾ ਵੱਡਾ ਟੋਲਾ 8 ਮਹੀਨਿਆਂ ਤੋਂ ਭੁੱਖ ਅਤੇ ਦੁੱਖ ਤਕਲੀਫ਼ਾਂ ਨਾਲ ਜੂਝਦੇ ਗੁਰੂ ਜੀ ਦੇ ਸਚਿਆਰੇ ਸਿੱਖ ਮੁਸੀਬਤਾਂ ਨੂੰ ਚੀਰਦੇ ਹੋਏ ਅੱਗੇ ਹੀ ਅੱਗੇ ਵਧਦੇ ਗਏ।

ਸਿਰਸਾ ਪਾਰ ਕਰਦਿਆਂ ਗੁਰੂ ਸਾਹਿਬ ਜੀ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਭਾਈ ਜੀਵਨ ਸਿੰਘ ਜੀ ਆਦਿ ਸਿੱਖ ਸਰਸਾ ਤੋਂ ਪਰਲੇ ਪਾਸੇ ਸ਼ਹੀਦ ਹੋ ਗਏ, ਭਾਈ ਉਦੇ ਸਿੰਘ ਜੀ ਰੋਪੜ ਦੇ ਰੰਘੜਾਂ ਦਾ ਹੱਲਾ ਰੋਕਣ ਲੱਗੇ। ਗੁਰੂ ਸਾਹਿਬ ਜੀ ਸ਼ਹੀਦੀ ਦੀ ਸਰਦਲ ’ਤੇ ਪਹੁੰਚੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਅਨਿਨ ਪ੍ਰੇਮੀ ਰਾਣੇ ਕੋਟ ਵਾਲੇ ਰਾਏ ਕੱਲੇ ਦੇ ਕੁੜਮ ਨਿਹੰਗ ਖਾਂ ਦੇ ਘਰ ਟਿਕਾਣਾ ਕਰਵਾ ਕੇ ਪੰਜ ਪਿਆਰੇ ਅਤੇ ਚੋਹਾਂ ਸਾਹਿਬਜ਼ਾਦਿਆਂ ਵਿੱਚੋਂ ਵੱਡੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਅਤੇ 35 ਕੁ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਪਹੁੰਚ ਗਏ। 7 ਪੋਹ ਦੀ ਰਾਤ ਇਸ ਗੜ੍ਹੀ ਨੂੰ 10 ਲੱਖ ਫ਼ੌਜਾਂ ਨੇ ਘੇਰਾ ਪਾ ਲਿਆ ਸੀ। 8 ਪੋਹ ਦੇ ਸੂਰਜ ਨੇ ਤਿੰਨ ਪਿਆਰੇ (ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ ਦੋਨਾਂ ਵੱਡੇ ਸਾਹਿਬਜ਼ਾਦਿਆਂ ਸਮੇਤ ਕਾਫ਼ਲੇ ਦੇ ਲਗਭਗ 35 ਸਿੰਘਾਂ ਨੂੰ ਸ਼ਹਾਦਤ ਦੇ ਮਰਤਬੇ ਵਾਲੀ ਮੰਜ਼ਲ-ਏ-ਮਕਸੂਦ ’ਤੇ ਅਪੜਦਿਆਂ ਤੱਕਿਆ, ਰਾਹ ਹਕੀਕਤ ਦੇ ਇਹਨਾਂ ਰਾਹੀਆਂ ਨੇ ਜਿਸਮ ਦੇ ਟੁਕੜਿਆਂ ਦਾ ਜਲਾਲ ਨਾ ਝੱਲਦਿਆਂ ਦਿਨ ਦੇ ਰਾਜੇ ਨੇ ਆਪਣਾ ਮੂੰਹ ਹਨੇਰੇ ਦੀ ਆਗੋਸ਼ ਵਿੱਚ ਛੁਪਾ ਲਿਆ 8 ਤੇ 9 ਪੋਹ ਦੀ ਕਾਲੇ ਹਨ੍ਹੇਰੇ ਅੰਦਰ ਗੁਰਮਤਿ ਦੇ ਚਾਨਣ ਭਰੇ ਫ਼ੈਸਲੇ ਲਏ ਗਏ।

ਮੁਸਾਫ਼ਰਾਂ ਦੇ ਕਾਫ਼ਲੇ ਵਿੱਚੋਂ ਬਚੇ ਪੰਜ ਸਿੰਘਾਂ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਜੀ) ਨੇ ਗੁਰੂ ਬਖ਼ਸ਼ੇ ਅਧਿਕਾਰਾਂ ਨੂੰ ਵਰਤਦਿਆਂ ਗੁਰੂ ਸਾਹਿਬ ਜੀ ਨੂੰ ਗੜ੍ਹੀ ਚਮਕੌਰ ਤੋਂ ਸੁਰੱਖਿਅਤ ਨਿਕਲਣ ਲਈ ਕਿਹਾ। ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਤਿੰਨ ਸਿੰਘਾਂ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ) ਸਮੇਤ ਰੁਖ਼ਸਤ ਹੋ ਕੇ ਗੁਰੂ ਸਾਹਿਬ ਜੀ 9 ਪੋਹ ਨੂੰ ਮਾਛੀਵਾੜੇ ਪਹੁੰਚ ਗਏ। ਦਸ ਲੱਖ ਗਿਣਤੀ ਵਿੱਚ ਘੇਰਾ ਘੱਤੀ ਬੈਠੀਆਂ ਮੁਗ਼ਲ ਫ਼ੌਜਾਂ ਹੱਥ ਮਲਦੀਆਂ ਰਹਿ ਗਈਆਂ। 9 ਪੋਹ ਦੀ ਰਾਤ ਨੂੰ ਸ਼ਹੀਦ ਸਿੰਘਾਂ ਦੇ ਸਰੀਰਾਂ ਦਾ ਅੰਤਿਮ ਸੰਸਕਾਰ ਬੀਬੀ ਹਰਸ਼ਰਨ ਕੌਰ ਨੇ ਕੀਤਾ ਜਿਸ ਦੇ ਆਪਣੇ ਪਤੀ ਦਾ ਸਰੀਰ ਵੀ ਇਹਨਾਂ ਸ਼ਹੀਦਾਂ ਵਿੱਚ ਸੀ।

ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਅਤੇ ਕੰਦਲੀ ਵਾਸੀ ਭਾਈ ਧੰਨਾ ਸਿੰਘ, ਭਾਈ ਜਵਾਹਰ ਸਿੰਘ ਅਤੇ ਦੋ ਟਹਿਲਣਾ ਬੀਬੋ ਅਤੇ ਭਾਗੋ ਸਮੇਤ ਰਾਤ ਭਾਈ ਜਵਾਹਰ ਸਿੰਘ ਜੀ ਦੇ ਰਿਸ਼ਤੇਦਾਰ ਗੁਰੂ ਦੇ ਪਿਆਰੇ ਸਿੱਖ ਰਾਮਸ਼ਰਨ (ਖੱਤਰੀ) ਦੇ ਉਹ ਗ੍ਰਹਿ ਵਿਖੇ (ਜਿਸ ਘਰ ਵਿਚ 7ਵੇਂ 8ਵੇਂ ਅਤੇ 9ਵੇਂ ਪਾਤਸ਼ਾਹ ਜੀ ਵੀ ਚਰਨ ਪਾ ਚੁੱਕੇ ਸਨ।) ਰਾਤ ਕੱਟਣ ਤੋਂ ਬਾਦ ਗੱਡਿਆਂ ਵਿੱਚ ਸਵਾਰ ਹੋ ਕੇ ਦਿੱਲੀ ਨੂੰ ਭਾਈ ਲੱਖੀ ਸ਼ਾਹ ਵਣਜਾਰਾ (ਜਿਨ੍ਹਾਂ ਦੀ ਧੀ ਬੀਬੀ ਸੀਤੋ ਜੀ ਭਾਈ ਮਨੀ ਸਿੰਘ ਜੀ ਨਾਲ ਵਿਆਹੀ ਹੋਈ ਸੀ) ਦੀ ਠਾਹਰ ਵੱਲ ਤੁਰ ਪਏ।

ਸਫ਼ਰ-ਏ-ਸ਼ਹਾਦਤ ਦੇ ਪਾਂਧੀ ਮਾਂ ਗੁਜ਼ਰੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਸਾਡੇ ਸਫ਼ਰ ਲਈ ਮਾਰਗ ਦਰਸ਼ਕ ਬਣ ਕੇ 7 ਪੋਹ ਦੀ ਰਾਤ ਸਰਸਾ ਅਤੇ ਸਤਲੁਜ ਦੇ ਸੰਗਮ ’ਤੇ ਬੇੜੀ ਦੇ ਮਲਾਹ ਕੁੰਮਾਂ ਮਾਸ਼ਕੀ (ਕਰੀਮਬਖ਼ਸ) ਦੀ ਕੱਖਾਂ ਦੀ ਛੰਨ ਵਿੱਚ ਜਾ ਪਹੁੰਚੇ। 8 ਪੋਹ ਦੀ ਪ੍ਰਭਾਤ ਨੂੰ ਪੱਤਣ ਤੇ ਮਿਲਿਆ ਗੰਗੂ, ਗੁਰੂ ਲਾਲਾਂ ਤੇ ਮਾਤਾ ਜੀ ਨੂੰ ਆਪਣੇ ਪਿੰਡ (ਮੋਰਿੰਡੇ ਦੇ ਨੇੜੇ) ਖੇੜੀ ਲੈ ਗਿਆ।

ਇਨਾਮ ਦੇ ਲਾਲਚ ਵਿੱਚ ਮੋਰਿੰਡੇ ਦੇ ਕੋਤਵਾਲ ਜਾਨੀ ਖਾਂ, ਮਾਨੀ ਖਾਂ ਨੂੰ ਬੁਲਾ ਗ੍ਰਿਫ਼ਤਾਰ ਕਰਵਾ ਕੇ ਸਹੇੜੇ ਪਾਪ ਸਦਕਾ ਇਸ ਨਗਰ ਨੂੰ ਸਿੱਖ ਜਗਤ ਨੇ ਸਹੇੜੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਇਹੀ ਨਾਂ ਅੱਜ ਵੀ ਪ੍ਰਚੱਲਿਤ ਹੈ।

ਕੈਦੀ ਬਣਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਨੂੰ ਮੋਰਿੰਡੇ ਦੀ ਕੋਤਵਾਲੀ ਪਹੁੰਚਾਇਆ ਗਿਆ। ਜੋ ਸੀਖਾਂ ਵਾਲੀ ਕੋਠੜੀ ਬੰਧਨ ਵਿੱਚ ਪਏ ਸੋਚ ਦੀ ਆਜ਼ਾਦੀ ਦੇ ਆਲਮ ਬਰਦਾਰਾ ਦਾ ਸੁਨੇਹਾ ਅੱਜ ਵੀ ਦੇ ਰਹੀ ਹੈ।

ਧਰਮ ਦੇ ਪਾਂਧੀਆਂ ਦਾ ਸਫ਼ਰ ਸ਼ਹਾਦਤ ਦੇ ਪੰਧ ਵੱਲ ਜਾਰੀ ਰਿਹਾ। 9 ਪੋਹ ਦੀ ਰਾਤ ਇਸ ਕਾਲ ਕੋਠੜੀ ਵਿੱਚ ਗੁਜ਼ਾਰਨ ਤੋਂ ਬਾਅਦ ਇਹਨਾਂ ਅਚਰਜ ਮੰਜ਼ਲ ਦੇ ਅਚਰਜ ਰਾਹੀਆਂ ਨੂੰ ਸਿਤਮਾਂ ਦੀ ਨਗਰੀ ਸਰਹਿੰਦ ਵੱਲ ਤੋਰ ਦਿੱਤਾ ਗਿਆ।

ਧਰਮੀ ਰੂਹਾਂ ਦੇ ਪਥ-ਪ੍ਰਦਰਸ਼ਨ ਬਣ ਕੇ ਇਹ ਰਾਹੀ 10 ਪੋਹ ਦੀ ਰਾਤ ਨੂੰ ਸਰਹਿੰਦ ਦੀ ਨਦੀ ਹੰਮਲਾ ਦੇ ਕਿਨਾਰੇ ਵਸੇ 140 ਫੁੱਟ ਉੱਚੇ ਠੰਢੇ ਬੁਰਜ ਵਿੱਚ ਕੈਦ ਕਰ ਦਿੱਤੇ ਗਏ। ਬਿਨਾਂ ਕੁੱਝ ਖਾਣ ਪੀਣ ਅਤੇ ਲੇਫ਼ ਤਲਾਈਆਂ ਸੀਤ ਰਾਤ ਉੱਚੇ ਮੀਨਾਰ ਵਿੱਚ ਕੈਦ ਰੱਖਣਾ ਜ਼ੁਲਮੋਂ ਸਿਤਮ ਦਾ ਹੀ ਇਕ ਤਰੀਕਾ ਸੀ।

11 ਪੋਹ ਨੂੰ ਸੂਬਾ-ਏ-ਸਰਹਿੰਦ ਦੀ ਚੰਡਾਲ ਸਭਾ ਵਿੱਚ ਮਾਤਾ ਜੀ ਤੋਂ ਜੁਦਾ ਕਰ ਕੇ ਪਹਿਲੀ ਪੇਸ਼ੀ ਵਿੱਚ ਲਿਆਂਦਾ ਗਿਆ ਜਿਸ ਨੂੰ ਸਿੱਖ ਪਹਿਲੀ ਸਭਾ ਕਹਿੰਦੇ ਹਨ।

ਪਹਿਲੇ ਦਿਨ ਗੁਰੂ ਲਾਲਾਂ ਨੂੰ ਪਿਆਰ ਨਾਲ ਪਲੋਸ ਕੇ ਵਰਗਲਾਉਣ ਦਾ ਯਤਨ ਕੀਤਾ ਗਿਆ, ਪਰ ਧਰਮ ਦੇ ਪਾਂਧੀਆਂ ਨੂੰ ਕੋਈ ਭਰਮ ਭੁਲਾ ਨਾ ਸਕਿਆ। ਅਗਲੇਰੀ ਰਾਤ ਫਿਰ ਠੰਢੇ ਬੁਰਜ ਵਿੱਚ ਗੁਜ਼ਾਰਨ ਤੋਂ ਬਾਅਦ 12 ਪੋਹ ਦੀ ਦੂਜੀ ਪੇਸ਼ੀ ਲਈ ਲਿਆਂਦਾ ਗਿਆ। ਅੱਜ ਸਖ਼ਤੀ ਨਾਲ ਕੰਮ ਲਿਆ ਗਿਆ ਅਤੇ ਵਲ-ਛਲ ਵੀ ਵਰਤੇ ਗਏ, ਪ੍ਰੰਤੂ ਸਿੱਖੀ ਜੋਸ਼ ਤੇ ਹੋਸ਼ ਵਿੱਚ ਸੰਪੰਨ ਗੁਰੂ ਜੀ ਦੇ ਸਪੂਤ ਆਪਣੀ ਮੰਜ਼ਲ ਦੀ ਹਰ ਰੁਕਾਵਟ ਦੂਰ ਕਰਦੇ ਗਏ।

ਓੜਕ ਤਿੰਨ ਰਾਤਾਂ ਮਾਂ ਗੁਜਰੀ ਜੀ ਦੇ ਮਮਤਾ ਦੇ ਨਿੱਘ, ਬਾਣੀ ਦੀਆਂ ਲੋਰੀਆਂ ਅਤੇ ਸਿੱਖੀ ਦੇ ਰੰਗ ਵਿੱਚ ਗੁਜ਼ਾਰਨ ਤੋਂ ਬਾਅਦ 13 ਪੋਹ ਨੂੰ ਸਮੁੱਚੇ ਖ਼ਾਲਸਾ ਪੰਥ ਦੀ ਨੁੰਮਾਇੰਦਗੀ ਕਰਦੇ ਮਾਂ ਜੀਤੋ ਦੇ ਲਾਡਲੇ ਆਖ਼ਰੀ ਇਮਤਿਹਾਨ ਲਈ ਤੁਰ ਪਏ।

ਮਾਂ ਗੁਜ਼ਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਕੇਸਾਂ ਵਿੱਚ ਕੰਘੀ ਕਰ ਕੇ ਸਿਰਾਂ ’ਤੇ ਦਸਤਾਰਾਂ ਸਜਾ ਮੰਜ਼ਲ-ਏ-ਮਕਸੂਦ ਵੱਲ ਤੋਰ ਦਿੱਤਾ।

ਰੋਜ਼ ਦੀ ਤਰ੍ਹਾਂ ਗੁਰੂ ਸਪੂਤਾਂ ਨੇ ਜ਼ਾਲਮਾਂ ਦੀ ਸਭਾ ਵਿੱਚ ਗੱਜ ਕੇ ਫ਼ਤਿਹ ਬੁਲਾਈ ਤੇ ਲਾੜੀ ਮੌਤ ਵਰਨ ਲਈ ਤਿਆਰ ਹੋ ਗਏ।

ਫ਼ਤਵੇ ਅਨੁਸਾਰ ਕੰਧ ਉੱਸਰਨੀ ਸ਼ੁਰੂ ਹੋਈ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜੀਆਂ ਨਿਰਭੈ ਆਤਮਾਵਾਂ ਸਿੱਖਾਂ ਦਾ ਰਾਹ ਹੀ ਤਾਂ ਰੌਸ਼ਨ ਕਰ ਰਹੀਆਂ ਸਨ।

ਦੀਵਾਰ ਉੱਸਰਦੀ ਗਈ ਸਾਹ ਰੁਕਦੇ ਗਏ ਫਿਰ ਬੇਹੋਸ਼ ਹੋਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚੋਂ ਕੱਢ ਕੇ ਤਲੀਆਂ ਤੱਕ ਝੱਸ-ਝੱਸ ਕੇ ਹੋਸ਼ ਵਿੱਚ ਲਿਆ ਕੇ ਭਿਅੰਕਰ ਅੱਖਾਂ ਨਾਲ ਤੱਕਦਿਆਂ ਕੂਰ ਬੋਲਾਂ ਨਾਲ ਸੋਹਲ ਜਿਹੀਆਂ ਕਲੀਆਂ ਦੁਬਾਰਾ ਭਿਆਨਕ ਦੁੱਖਾਂ ਵਾਲੀ ਮੌਤ ਜਾਂ ਸੰਸਾਰ ਦੇ ਸਭ ਸੁੱਖਾਂ ਵਾਲੀ ਜ਼ਿੰਦਗੀ ਚੁਣਨ ਲਈ ਕਿਹਾ।

ਗੁਰੂ ਕੇ ਫ਼ਰਜ਼ੰਦਾਂ ਉਹੀ ਜਵਾਬ ਦੁਹਰਾਇਆ ਕਿ ਬੇਗ਼ੈਰਤ ਹੋ ਕੇ ਅਤੇ ਪੱਤ ਗਵਾ ਕੇ ਜਿਓਣ ਨਾਲੋਂ ਅਣਖ ਦੀ ਮੌਤ ਕਿਤੇ ਬਿਹਤਰ ਹੈ। ਸਮਾਣੇ ਦੇ ਵਾਸੀ ਜਲਾਦ ਸਾਸ਼ਲ ਬੇਗ਼, ਬਾਸ਼ਲ ਬੇਗ਼ ਦੇ ਜ਼ਾਲਮ ਹੱਥਾਂ ਦੀ ਹਰਕਤ ਹੋਈ। ਕਲੀਆਂ ਨਾਲੋਂ ਸੋਹਲ ਜ਼ਿੰਦਾ ਦੀ ਸ਼ਾਹਰਗਾ ਅੱਧੀਆਂ ਕੱਟੀਆਂ ਗਈਆਂ (ਜਿਵਾ ਕਰਨ ਦਾ ਤਰੀਕਾ) ਖ਼ੂਨ ਦੇ ਛੱਪੜ ਲੱਗ ਗਏ। ਕੁੱਝ ਘੜੀਆਂ ਤੜਫਣ ਤੋਂ ਬਾਅਦ ਪਿਆਰੇ ਸਾਹਿਬਜ਼ਾਦਿਆਂ ਦੇ ਸਰੀਰ ਠੰਢੇ ਹੋ ਗਏ ਅਤੇ ਜੋਤ, ਰੱਬੀ ਜੋਤ ਵਿੱਚ ਰਲ ਗਈ।

       ਸੂਰਜ ਕਿਰਣਿ ਮਿਲੇ, ਜਲ ਕਾ ਜਲੁ ਹੂਆ ਰਾਮ ॥

       ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

ਨੰਨ੍ਹੇ-ਨੰਨ੍ਹੇ ਕਦਮਾਂ ਨਾਲ ਵੱਡੀਆਂ ਪੁਲਾਂਘਾਂ ਪੁੱਟਦਿਆਂ ਗੁਰੂ ਕੇ ਪਿਆਰੇ ਸਾਹਿਬਜ਼ਾਦੇ ਸਾਨੂੰ ਜ਼ਿੰਦਗੀ ਰਸਤਾ ਸਮਝਾ ਕੇ ਸਦੀਵੀ ਅਟੱਲ ਸੱਚ ਵਿੱਚ ਸਮਾ ਗਏ। ਜ਼ੁਲਮੋਂ ਸਿਤਮ ਤਨ ਤੇ ਹੰਢਾਓਦਿਆਂ ਠੰਢੇ ਬੁਰਜ ਵਿੱਚ ਮਾਂ ਗੁਜ਼ਰੀ ਜੀ ਵੀ ਸਿਰ ਦੇ ਸਾਈਂ ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਵਿੱਚ ਮੁਕਾਮ ਪਾ ਗਏ, ਪਰ ਸਾਡੇ ਲਈ ਸਦੀਵੀ ਰਸਤਾ ਰੌਸ਼ਨ ਕਰ ਕੇ ਪੰਥ ਨੂੰ ਜ਼ਿੰਦਗੀ ਦਾ ਮਕਸਦ ਸਮਝਾ ਗਏ। ਜਿਸ ਰਸਤੇ ’ਤੇ ਚੱਲਦਿਆਂ ਕੇਵਲ 5 ਕੁ ਵਰ੍ਹਿਆਂ ਦੇ ਵਕਫ਼ੇ ਵਿੱਚ ਹੀ ਅਜਿਹੇ ਸਿਤਮਾਂ ਦੀ ਨਗਰੀ ਵਿੱਚ ਵਜੀਦੇ ਪਾਪੀ ਨੂੰ ਸੋਧ ਕੇ ਸੁੱਚਾ ਨੰਦ ਜਿਹਿਆਂ ਨੂੰ ਕਰਨੀ ਦਾ ਫਲ ਭੁਗਤਾ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਕੇ ਫ਼ਤਿਹ ਦੇ ਡੰਕੇ ਵਜ੍ਹਾ ਫ਼ਤਿਹਗੜ੍ਹ ਸਾਹਿਬ ਸਥਾਪਿਤ ਕਰ ਕੇ ਖ਼ਾਲਸਾ ਰਾਜ ਦਾ ਮੁੱਢ ਬੰਨ੍ਹ ਦਿੱਤਾ ਤੇ ਲੋਕਾਈ ਜ਼ਿੰਦਗੀ ਸਕੂਨ ਪਾਉਣ ਲੱਗੀ।

ਇਹ ਸਫ਼ਰ-ਏ-ਸ਼ਹਾਦਤ ਕਦੀ ਪੁਰਾਣਾ ਨਹੀਂ ਹੋਣਾ। ਇਹ ਅੱਜ ਵੀ ਤੇ ਸਦਾ ਹੀ ਸਾਡੇ ਲਈ ਕੇਵਲ ਰਸਤਾ ਹੀ ਨਹੀਂ ਸਗੋਂ ਇਕ ਜਜ਼ਬਾ ਹੈ, ਇਕ ਸ਼ਕਤੀ ਹੈ ਅਤੇ ਰੂਹਾਨੀ ਖ਼ੁਰਾਕ ਹੈ, ਜੋ ਸਾਨੂੰ ਸਦਾ ਬਲਵਾਨ ਕਰਦੀ ਰਹੇਗੀ।