ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਯਾਦ ਕਰਦਿਆਂ

0
340

ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਯਾਦ ਕਰਦਿਆਂ

ਡਾ. ਅਮਰਜੀਤ ਸਿੰਘ ਵਾਸ਼ਿੰਗਟਨ

ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਅੰਡਾ ਨਿੱਕਲਦਾ ਹੈ, ਜਿਸ ਵਿੱਚੋਂ ਫੀਨਿਕਸ ਪੰਛੀ ਨਿੱਕਲ ਕੇ ਅਕਾਸ਼ ਵਿੱਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ ਮਿਥਿਹਾਸਕ ਹੈ ਪਰ ਦੁਨੀਆਂ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ। ਜਿਸ ਸਿੱਖੀ ਸਕੂਲ ਅੰਦਰ ਦਾਖਲੇ ਦੀ ਫੀਸ ਸੀਸ ਭੇਟ ਹੈ ਭਾਵ ਜ਼ਿੰਦਗੀ ਦੀ ਕੁਰਬਾਨੀ ਦੇ ਸੰਕਲਪ ’ਚੋਂ ਹੀ ਸਿੱਖ ਦੀ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਵੈਸੇ ਤਾਂ ਵਰ੍ਹੇ ਦਾ ਕੋਈ ਦਿਨ, ਕੋਈ ਪਲ ਐਸਾ ਨਹੀਂ ਹੋਵੇਗਾ, ਜਿਸ ਸਮੇਂ ਕਿਸੇ ਨਾ ਕਿਸੇ ਸਿੰਘ-ਸਿੰਘਣੀ ਨੇ ਆਪਣੀ ਕੁਰਬਾਨੀ ਨਾ ਦਿੱਤੀ ਹੋਵੇ ਪਰ ਪਿਛਲੇ ਲਗਭਗ ਤਿੰਨ ਦਹਾਕਿਆਂ ਦੌਰਾਨ ਤਾਂ ਸੱਚ ਸ਼ਮ੍ਹਾ (ਮੋਮਬੱਤੀ) ’ਤੇ ਕੁਰਬਾਨ ਹੋਣ ਵਾਲੇ ਸਿੱਖ ਪਰਵਾਨਿਆਂ ਦੀ ਨਾ ਮੁੱਕਣ ਵਾਲੀ ਲੰਮੀ ਲਾਈਨ ਹੈ। ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ ਗੁਰੂ ਕਲਗੀਧਰ ਦੇ ਲਾਡਲੇ ਸਪੁੱਤਰ-ਸਪੁੱਤਰੀਆਂ, ਜਿਨ੍ਹਾਂ ਨੇ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਰੱਖਿਆ ਹੋਇਆ ਹੈ। 31 ਅਕਤੂਬਰ, 1984 ਨੂੰ ਭਾਈ ਬੇਅੰਤ ਸਿੰਘ ਨੇ ਸ਼ਹੀਦੀ ਜਾਮ ਪੀਤਾ ਅਤੇ 6 ਜਨਵਰੀ 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿੱਚ ਪਾ ਕੇ, ਖਾਲਿਸਤਾਨ ਦੇ ਨਿਸ਼ਾਨੇ ਨੂੰ ਹੋਰ ਵੀ ਪ੍ਰਪੱਕ ਕਰ ਦਿੱਤਾ।

ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਜੋੜੀ, ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲੜੀ ਵਿੱਚ ਪਰੋਈ ਗਈ ਹੈ। ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ’ਤੇ ਟੈਂਕਾਂ-ਤੋਪਾਂ ਨਾਲ ਕੀਤੇ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ ਲੈਣ ਦੇ ਰੌਂ (ਮੂਡ) ਵਿੱਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ (ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ) ਨੇ ਦਿੱਲੀ ਸਾਮਰਾਜ ਦੀ ਪਟਰਾਣੀ ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਇੰਦਰਾ ਗਾਂਧੀ ਨੂੰ ਇਨਸਾਫ਼ ਦੇਣ ਵਾਲੇ ਇਹ ਦੋ ਯੋਧੇ, ਸ਼ਾਂਤਚਿੱਤ ਆਪਣੀ ਥਾਂ ’ਤੇ ਖੜ੍ਹੇ ਰਹੇ, ਗੁਰੂ ਦੀ ਸ਼ੁਕਰਗੁਜ਼ਾਰੀ ਵਿੱਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ। ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ ਕੇ, ਕਿਸੇ ਖਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭਾਈ ਬੇਅੰਤ ਸਿੰਘ ਤਾਂ ਮੌਕੇ ’ਤੇ ਹੀ ਸ਼ਹੀਦੀ ਪਾ ਗਏ ਜਦੋਂਕਿ ਭਾਈ ਸਤਵੰਤ ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ, ਜਿਸ ਨੂੰ ਜਾਣਬੁੱਝ ਕੇ ਨਹੀਂ ਕੱਢਿਆ ਗਿਆ ਤਾਂ ਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।

ਹੁਣ ਇਨਸਾਫ਼ ਦਾ ਜਨਾਜ਼ਾ (ਅਰਥੀ) ਕੱਢਣ ਵਾਲਾ, ਇੰਦਰਾ ਗਾਂਧੀ ਕਤਲ ਕਾਂਡ ਮੁਕੱਦਮਾ ਸ਼ੁਰੂ ਹੋਇਆ। ਬ੍ਰਾਹਮਣ ਸਰਕਾਰ ਨੂੰ ਲੱਗਾ ਕਿ ਸਿਰਫ ਦੋ ਸਧਾਰਨ ਜਿਹੇ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ ਸਾਜ਼ਸ਼ ਬਣਾਇਆ ਜਾਵੇ। ਅਮਰੀਕਨ ਖੁਫੀਆ ਏਜੰਸੀ ਸੀ. ਆਈ. ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਜ਼ੁਰਗ ਕੇਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਸ਼ ’ਚ ਸ਼ਾਮਲ ਕਰ ਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾਇ-ਮੌਤ ਸੁਣਾ ਦਿੱਤੀ। ਭਾਈ ਕੇਹਰ ਸਿੰਘ ’ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਭਾਈ ਬੇਅੰਤ ਸਿੰਘ ਨੂੰ ਅੰਮ੍ਰਿਤ ਛੱਕਣ ਦੀ ਪ੍ਰੇਰਨਾ ਦਿੱਤੀ ਤੇ ਇਸ ਤਰ੍ਹਾਂ ਕਰ ਕੇ ਉਹ ‘ਦਹਿਸ਼ਤਗਰਦ’ ਬਣ ਗਿਆ। ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜਾਂ ਵੱਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫਾਈ ਪੱਖ ਦੇ ਵਕੀਲ ਨੂੰ ਉਸ ਵੱਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਪਿਛਲੀ ਬਣਦੀ ਤਨਖਾਹ ਉਸ ਨੂੰ ਦਿੱਤੀ ਗਈ।

ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕੇਹਰ ਸਿੰਘ ਨੂੰ ਫਾਂਸੀ ਬਿਲਕੁਲ ਨਾਜਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ ਪਰ ਉਹ ਬ੍ਰਾਹਮਣਵਾਦ ਕਾਹਦਾ, ਜੇ ਉਹ ਬੇਗੁਨਾਹਾਂ ਨੂੰ ਫਾਹੇ ਨਾ ਲਾਏ। ਹਜ਼ਾਰਾਂ ਸਿੱਖਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੀ ਇੰਦਰਾ ਗਾਂਧੀ, ਬ੍ਰਾਹਮਣਾਂ ਲਈ ‘ਦੁਰਗਾ ਮਾਤਾ’ ਜੁ ਸੀ ਅਤੇ ਦੁਰਗਾ ਦੇ ਮਰ ਜਾਣ ਬਾਅਦ ਵੀ ਉਹਨੂੰ ਖੁਸ਼ ਕਰਨ ਲਈ ‘ਨਰ ਬਲੀ’ ਦੀ ਲੋੜ ਸੀ। ਭਾਈ ਕੇਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ ਕੇ ਮੌਤ ਨੂੰ ਗਲ ਨਾਲ ਲਾਇਆ।

ਭਾਈ ਸਤਵੰਤ ਸਿੰਘ ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਕੇਸਰੀ ਦਸਤਾਰ ਸਜਾ ਕੇ, ਖਾਲਿਸਤਾਨ ਦੀ ਲਹਿਰ ਦੇ ਥੰਮ੍ਹ ਬਣੇ। ਦਿਨ ਰਾਤ, ਨਾਮ-ਬਾਣੀ ਦਾ ਪ੍ਰਵਾਹ ਤਿਹਾੜ ਜੇਲ੍ਹ ਵਿੱਚ ਆਪ ਨੇ ਚਲਾਇਆ। ਗੁਰੂ ਉਹ ਸਮਾਂ ਲਿਆਵੇ ਜਦੋਂ ਦਿੱਲੀ ਸਰ ਕਰ ਕੇ ਸਿੰਘ ਤਿਹਾੜ ਜੇਲ੍ਹ ਨੂੰ ਆਪਣੇ ਪਵਿੱਤਰ ਇਤਿਹਾਸਕ ਥਾਂ ਦਾ ਦਰਜਾ ਦੇ ਸਕਣ। ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਅਲੋਕਾਰ (ਅਸਚਰਜ) ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ ਕਾਰਨਾਮਾ ਕਰ ਵਿਖਾਇਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਮਨ੍ਹਾਂ ਕਰਨ ਦੇ ਬਾਵਜੂਦ ਬੀਬੀ ਜੀ ਆਪਣੇ ਇਸ ਪ੍ਰਣ ’ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ’ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵੱਲੋਂ ਵਿਆਹ ਦੀ ਆਗਿਆ ਨਾ ਮਿਲਣ ’ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ ‘ਅਲੋਕਾਰ ਸੁਹਾਗਣ’ ਹੋਣ ਦਾ ਮਾਣ ਹਾਸਲ ਕੀਤਾ। ਅੱਜ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜਦੋ ਜਹਿਦ ਕਰਦਿਆਂ ਗੁਰਪੁਰੀ ਸਿਧਾਰ ਚੁੱਕੇ ਹਨ।

ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ‘ਖਾਲਿਸਤਾਨ ਜ਼ਿੰਦਾਬਾਦ’ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ 6 ਜਨਵਰੀ 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿਚਲੇ ਫਾਂਸੀ ਘਰ ਵੱਲ ਵਧੇ। ਉਹਨਾਂ ਦੀ ਦਲੇਰੀ ਤੇ ਨਿਰਭੈਅਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ ਪਾਈਆਂ। ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ ‘ਮੈਂ ਮੁੜ ਸਿੱਖਾਂ ਦੇ ਘਰ ਜਨਮ ਲੈ ਕੇ, ਪੰਥ ਦੇ ਵੈਰੀਆਂ ਨੂੰ ਸੋਧਾਂ।’ ਕਿਸੇ ਅਜਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ ਚਰਨਾਂ ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰ ਕੇ ਉਨ੍ਹਾਂ ਦੀ ਭਸਮ ਹਰਦਵਾਰ, ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵੱਲੋਂ ਕੀਰਤਪੁਰ ਸਾਹਿਬ ਦੀ ਬੇਨਤੀ ਕੀਤੀ ਗਈ ਸੀ। ਇਹਨਾਂ ਯੋਧਿਆਂ ਦੀ ਚਿਤਾ ਦੀ ਸਵਾਹ ਵੀ ਜ਼ਾਲਮ ਸਰਕਾਰ ਨੂੰ ਦੰਦਲਾਂ ਪਾ ਰਹੀ ਸੀ। ਸ਼ਹੀਦ ਭਾਈ ਬੇਅੰਤ ਸਿੰਘ ਦੇ 33ਵੇਂ ਅਤੇ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੇ 29 ਵੇਂ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ।

‘ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ (ਜ਼ਿੰਦਗੀ) ਹੈ,

ਹਯਾਤ ਤੋ ਹਯਾਤ, ਵੋ ਮੌਤ ਭੀ ਹਯਾਤ ਹੈ।’