18.8 C
Jalandhar
Tuesday, April 7, 2026
spot_img
Home Blog Page 109

ਸਿੱਖੀ ਦਾ ਰਾਹ

0

ਸਿੱਖੀ ਦਾ ਰਾਹ  

ਜਸਵੰਤ ਸਿੰਘ ਕਾਲਾ ਅਫਗਾਨਾ 

ਸ਼ਹਾਦਤ ਅਤੇ ਸੇਵਾ – ਸੇਵਾ ਉਸ ਨੂੰ ਆਖਿਆ ਜਾਂਦਾ ਹੈ, ਜਿਸ ਵਿੱਚ ਦੂਸਰਿਆਂ ਦਾ ਭਲਾ ਹੁੰਦਾ ਹੋਵੇ ਤੇ ਆਪਣਾ ਕੋਈ ਸੁਆਰਥ ਵੀ ਨਾ ਹੋਵੇ। ਇਸ ਲਈ ਜਿਸ ਕੰਮ ਦੇ ਬਦਲੇ ਵਿੱਚ ਕੋਈ ਆਪਣਾ ਸੁਆਰਥ ਜਾ ਕੋਈ ਲਾਲਚ ਛੁਪਿਆ ਹੋਵੇ, ਉਹ ਸੇਵਾ ਨਹੀਂ, ਵਪਾਰ ਹੁੰਦਾ ਹੈ, ਜਿਵੇਂ ਕਿ ਕਈ ਰਾਜਨੀਤਕ ਲੋਕ ਫੋਟੋਆਂ ਖਿੱਚਵਾਉਣ ਲਈ ਦੋ ਮਿੰਟ ਲਈ ਝਾੜੂ ਫੜ ਕੇ ਫੇਰਨ ਲੱਗ ਪਏ ਜਾਂ ਚਾਹ ਦੀ ਕੇਤਲੀ ਫੜ ਕੇ ਦੋ ਚਾਰ ਲੋਕਾਂ ਵਿੱਚ ਚਾਹ ਵਰਤਾ ਦਿੱਤੀ, ਇਹ ਸੇਵਾ ਨਹੀਂ ਹੈ।  ਸੇਵਾ ਕੀਤੀ ਸੀ ਭਾਈ ਕਨੱਈਆ ਜੀ ਨੇ ਬਿਨਾਂ ਕਿਸੇ ਮੇਰ-ਤੇਰ ਦੇ।

ਇਸ ਪ੍ਰਕਾਰ ਹੀ ਸ਼ਹਾਦਤ ਵੀ ਉਸ ਨੂੰ ਆਖਿਆ ਜਾਂਦਾ ਹੈ, ਜਿਸ ਵਿੱਚ ਸ਼ਹਾਦਤ ਦੇਣ ਵਾਲੇ ਦੀ, ਨਾ ਤਾਂ ਕੋਈ ਦੁਸ਼ਮਣੀ ਹੋਵੇ, ਨਾ ਹੀ ਕੋਈ ਅਪਰਾਧ ਅਤੇ ਨਾ ਹੀ ਕੋਈ ਲਾਲਚ ਅਤੇ ਨਾ ਹੀ ਕੋਈ ਮੌਤ ਦਾ ਡਰ।  ਇਹ ਗੱਲਾਂ ਸਿੱਖ ਗੁਰੂ ਸਾਹਿਬਾਨ ਦੀ ਸ਼ਹੀਦੀ ਤੋਂ ਵੇਖੀਆਂ ਜਾ ਸਕਦੀਆਂ ਹਨ। ਸਿੱਖ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਇੱਕ ਨੇਕ ਇਨਸਾਨ ਬਣਾਉਣ ਲਈ ਲੋੜ ਪੈਣ ’ਤੇ ਸ਼ਹੀਦੀਆਂ ਵੀ ਦਿੱਤੀਆਂ ਅਤੇ ਸੇਵਾਵਾਂ ਵੀ ਨਿਭਾਈਆਂ, ਜੋ ਕਿ ਪੰਥ ਖਾਲਸਾ ਅੱਜ ਤੱਕ ਇਹ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ।

ਜੇ ਗੱਲ ਕਰੀਏ ਲੰਗਰ ਪਾਣੀ ਦੀ ਤਾਂ ਖਾਲਸਾ ਪੰਥ ਉਸ ਤੋਂ ਵੀ ਕਦੇ ਪਿੱਛੇ ਨਹੀਂ ਹਟਿਆ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੜ੍ਹ ਆ ਜਾਵੇ ਜਾਂ ਹੋਰ ਕਿਸੇ ਕਿਸਮ ਦੀ ਕਰੋਪੀ ਆ ਜਾਵੇ ।  ਸਿੱਖ ਕੌਮ ਲੋੜਵੰਦਾਂ ਦੀ ਜ਼ਰੂਰਤ ਨੂੰ ਵੇਖਦਿਆਂ ਹੋਇਆ ਰੋਟੀ, ਕੱਪੜਾ, ਮਕਾਨ ਅਤੇ ਦਵਾਈਆਂ ਆਦਿ ਵਿੱਚ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਉਣਾ ਆਪਣਾ ਫ਼ਰਜ਼ ਸਮਝਦੀ ਹੈ। ਇਹ ਸਿੱਖੀ ਦਾ ਗੌਰਵਮਈ ਇਤਿਹਾਸ ਹੈ, ਜੋ ਅਨਮਤੀਆਂ ਭਾਵ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ । ਜਿੱਥੇ ਸਿੱਖਾਂ ਦੇ ਅੰਦਰ ਇਹ ਉਤਸ਼ਾਹ ਠਾਠਾਂ ਮਾਰਦਾ ਹੈ, ਦੇਖਿਆ ਜਾਵੇ ਤਾਂ ਕਿਤੇ ਕਿਤੇ ਅਗਿਆਨਤਾ ਵੀ ਨਜ਼ਰ ਆ ਜਾਂਦੀ ਹੈ, ਜਿਵੇਂ ਕਿ ਭੋਜਨ ਦੀ ਜ਼ਰੂਰਤ ਭੁੱਖੇ ਇਨਸਾਨ ਨੂੰ ਹੈ, ਪਾਣੀ ਦੀ ਜ਼ਰੂਰਤ ਪਿਆਸੇ ਨੂੰ ਹੈ, ਦਵਾਈਆਂ ਦੀ ਜ਼ਰੂਰਤ ਬੀਮਾਰਾਂ ਨੂੰ ਹੈ ਆਦਿ । 

ਪਹਿਲਾਂ ਲੋਕ ਸਫ਼ਰ ਪੈਦਲ ਜਾਂ ਗੱਡਿਆਂ ਆਦਿ ’ਤੇ ਕਰਿਆ ਕਰਦੇ ਸਨ।  ਕਈ ਵਾਰੀ ਸਾਰਾ ਦਿਨ ਲੰਗਰ ਪਾਣੀ ਵੀ ਨਸੀਬ ਨਹੀਂ ਸੀ ਹੁੰਦਾ। ਸਮਝਦਾਰ ਵਿਅਕਤੀ ਉਹਨਾਂ ਦੀ ਜ਼ਰੂਰਤ ਨੂੰ ਵੇਖਦਿਆਂ ਹੋਇਆ ਪੁੰਨ ਦਾ ਕੰਮ ਸਮਝ ਕੇ ਰਸਤਿਆਂ ਵਿੱਚ ਪਾਣੀ ਦੇ ਘੜੇ ਰਖਵਾ ਦੇਣੇ, ਮੁਸਾਫਰ ਨੂੰ ਅਵਾਜ਼ ਮਾਰ ਕੇ ਲੰਗਰ ਛਕਾ ਦੇਣਾ, ਮੇਲਿਆਂ ਅਤੇ ਪੈਦਲ ਜਾਣ ਵਾਲੀਆਂ ਸੰਗਤਾਂ ਲਈ ਰਸਤਿਆਂ ਵਿੱਚ ਲੰਗਰ, ਪਾਣੀ ਦੀ ਸੇਵਾ ਸ਼ੁਰੂ ਕਰ ਦੇਣੀ ਆਦਿ, ਲੋਕ ਇਸ ਨੂੰ ਪੁੰਨ ਦਾ ਕੰਮ ਸਮਝਦੇ ਸਨ।  ਬੇਨਤੀ ਹੈ ਕਿ ਉਸ ਸਮੇਂ ਇਸ ਦੀ ਜ਼ਰੂਰਤ ਸੀ ਅਤੇ ਇਹ ਸਭਨਾਂ ਨੂੰ ਚੰਗਾ ਵੀ ਲੱਗਦਾ ਸੀ, ਪਰ ਹੁਣ ਸਮਾਂ ਬਦਲ ਗਿਆ ਹੈ, ਹੁਣ ਇਸ ਤਰ੍ਹਾਂ ਕਰਨ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ । ਲੋਕ; ਬੱਸਾਂ, ਕਾਰਾਂ ਆਦਿ ’ਤੇ ਸਫ਼ਰ ਕਰਦੇ ਹਨ, ਹਰੇਕ ਵਿਅਕਤੀ ਦੋ ਚਾਰ ਘੰਟਿਆਂ ਵਿੱਚ ਆਪਣੀ ਮੰਜ਼ਲ ’ਤੇ ਪਹੁੰਚ ਹੀ ਜਾਂਦਾ ਹੈ, ਹੁਣ ਮੁਸਾਫਰ ਰਸਤਿਆਂ ਵਿੱਚ ਲੰਗਰ, ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਸਮਝਦੇ, ਜਿਸ ਕਰ ਕੇ ਹੁਣ ਸਿੱਖਾਂ ਨੂੰ ਵੀ ਸਮਝਣ ਦੀ ਲੋੜ ਹੈ। ਸਕੂਲਾਂ ਕਾਲਜਾਂ ਦੇ ਬੱਚਿਆਂ ਲਈ RO ਸਿਸਟਮ, ਕੂਲਰ ਲਗਵਾਏ ਜਾ ਸਕਦੇ ਹਨ, ਗ਼ਰੀਬ ਬੱਚਿਆਂ ਦੀਆਂ ਫੀਸਾਂ, ਕਿਤਾਬਾਂ, ਵਰਦੀਆਂ ਆਦਿ ਦਿੱਤਿਆਂ ਜਾ ਸਕਦੀਆਂ ਹਨ, ਇਹ ਵੀ ਪੁੰਨ ਦਾ ਕੰਮ ਹੈ ।

ਸਿੱਖ ਸ਼ਹੀਦੀ ਦਿਹਾੜੇ ਉਪਰ ਸ਼ਰਧਾ ਪੂਰਵਕ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਂਦੇ ਹਨ, ਜਿਸ ਵਿੱਚ ਜਾਣਕਾਰੀ ਘੱਟ ਅਤੇ ਅਗਿਆਨਤਾ ਜ਼ਿਆਦਾ ਹੁੰਦੀ ਹੈ । ਜ਼ਰੂਰਤ ਤਾਂ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਉਂ ਹੋਈ ਇਹ ਦੱਸਿਆ ਜਾਵੇ, ਪਰ ਹੋ ਰਿਹਾ ਹੈ ਇਸ ਦੇ ਉਲਟ,  RSS ਨੇ ਚੰਦੂ ਨੂੰ ਗੁਰੂ ਘਰ ਦਾ ਸ਼ਰਧਾਲੂ ਸਿੱਧ ਕਰਨ ਲਈ ਇਕ ਕਹਾਣੀ ਘੜੀ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਤਾਂ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਦਿੱਤੇ ਗਏ ਸਨ, ਪਰ ਚੰਦੂ ਦੇ ਘਰੋਂ ਤਾਂ ਉਸ ਦੀ ਨਹੁੰ, ਠੰਡਾ ਸ਼ਰਬਤ ਤਿਆਰ ਕਰ ਕੇ ਲੈ ਆਈ ਸੀ ਪਰ ਗੁਰੂ ਜੀ ਨੇ ਉਸ ਸਮੇਂ ਨਾ ਪੀਤਾ ਅਤੇ ਆਖਿਆ ਕਿ ਬੀਬਾ  !  ਇਤਿਹਾਸ ਵਿੱਚ ਤੇਰਾ ਨਾਮ ਅਮਰ ਹੋਵੇਗਾ। ਸਿੱਖ ਇਹੀ ਠੰਡਾ ਮਿੱਠਾ ਜਲ, ਸਾਡੇ ਸ਼ਹੀਦੀ ਦਿਹਾੜੇ ਉਪਰ ਸੰਗਤਾਂ ਨੂੰ ਪਿਆਇਆ ਕਰਨਗੇ। ਇਸ ਲਈ ਗੁਰੂ ਪਿਆਰਿਓ ! ਬੇਨਤੀ ਹੈ ਕਿ ਇਸ ਸਮੇਂ ਇਤਨੀ ਜ਼ਿਆਦਾ ਜ਼ਰੂਰਤ ਠੰਡਾ ਮਿੱਠਾ ਜਲ ਛਕਾਉਣ ਦੀ ਨਹੀਂ, ਜਿੰਨੀ ਜ਼ਿਆਦਾ ਜ਼ਰੂਰਤ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ ਕਿਉਂ ? ਇਹ ਦੱਸਣ ਦੀ ਜ਼ਰੂਰਤ ਵੱਧ ਹੈ।  ਗੁਰੂ ਪਿਆਰਿਓ ! ਇਸ ਕਰ ਕੇ ਹੀ ਬਾਰ ਬਾਰ ਬੇਨਤੀ ਕਰਦੇ ਆ ਰਹੇ ਹਾਂ ਕਿ ਹਰੇਕ ਗੁਰਦੁਆਰੇ ਵਿੱਚ ਗੁਰਮਤਿ ਵਿਦਿਆਲੇ ਤੋਂ ਪੜ੍ਹਿਆ ਹੋਇਆ ਵਿਅਕਤੀ ਹੀ ਗ੍ਰੰਥੀ ਨਿਯੁਕਤ ਕੀਤਾ ਜਾਵੇ ਤਾਂ ਜੋ ਹਰੇਕ ਵਿਅਕਤੀ ਨੂੰ ਸਹੀ ਇਤਿਹਾਸ ਅਤੇ ਗੁਰਬਾਣੀ ਦੀ ਸੋਝੀ ਕਰਾ ਸਕੇ। 

ਧੰਨਵਾਦ ਸਹਿਤ ਜਸਵੰਤ ਸਿੰਘ ਕਾਲਾ ਅਫਗਾਨਾ ।

ਯਾਦਦਾਸ਼ਤ ਕਮਜ਼ੋਰ ਕਿਉ ਹੋ ਜਾਂਦੀ ਹੈ ?

0

ਯਾਦਦਾਸ਼ਤ ਕਮਜ਼ੋਰ ਕਿਉ ਹੋ ਜਾਂਦੀ ਹੈ ?

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ) – 98146-99446

ਯਾਦਦਾਸ਼ਤ ਦਾ ਸੰਬੰਧ ਦਿਮਾਗ ਨਾਲ ਹੈ। ਜਿਸ ਤਰ੍ਹਾਂ ਕੰਪਿਊਟਰ ਦੀ ਮੈਮੋਰੀ ਹੁੰਦੀ ਹੈ, ਉਸੇ ਤਰ੍ਹਾਂ ਦਿਮਾਗ ਦੀ ਵੀ ਯਾਦਦਾਸ਼ਤ (ਮੈਮੋਰੀ) ਹੁੰਦੀ ਹੈ। ਕੁਦਰਤ ਨੇ ਹਰ ਮਨੁੱਖ ਨੂੰ ਦਿਮਾਗ ਦਿੱਤਾ ਹੈ, ‘‘ਸੁਰਤਿ ਵਿਹੂਣਾ; ਕੋਇ ਨ ਕੀਅ ॥’’ (ਮ: ੧/੨੪) ਬੇਸ਼ੱਕ ਕੰਪਿਊਟਰ ਦੀ ਮੈਮੋਰੀ ਤਾਂ ਅਸੀਂ ਵੱਧ-ਘੱਟ ਖਰੀਦ ਸਕਦੇ ਹਾਂ ਪਰ ਕੁਦਰਤ ਨੇ ਹਰ ਅਮੀਰ-ਗਰੀਬ, ਵੱਡੇ-ਛੋਟੇ, ਸ਼ਹਿਰੀ-ਪੇਂਡੂ ਨੂੰ ਇੱਕੋ ਜਿੰਨਾ ਦਿਮਾਗ ਦਿੱਤਾ ਹੈ। ਸ਼ਰਤ ਹੈ ਕਿ ਅਸੀਂ ਉਸ ਨੂੰ ਕਿੰਨਾ ਕੁ ਵਰਤਦੇ ਹਾਂ। ਮਹਾਨ ਮਨੁੱਖ ਇਸ ਕਰ ਕੇ ਮਹਾਨ ਬਣੇ ਹਨ ਕਿ ਉਨ੍ਹਾਂ ਨੇ ਆਪਣੇ ਦਿਮਾਗ ਤੋਂ ਵੱਧ ਤੋਂ ਵੱਧ ਕੰਮ ਲਿਆ, ਨਹੀਂ ਤਾਂ ਸਾਡੇ ਵਰਗੇ ਖਾ ਕੇ ਸਾਗ ਨਾਲ ਮੱਕੀ ਦੀਆਂ ਰੋਟੀਆਂ ਡੱਕ ਕੇ ਸੌਂ ਜਾਂਦੇ ਹਨ।

ਯਾਦਦਾਸ਼ਤ, ਦਿਮਾਗ ਦਾ ਇੱਕ ਭਾਗ ਹੈ। ਜੋ ਘਟਨਾਵਾਂ ਸਾਡੀ ਜ਼ਿੰਦਗੀ ਵਿੱਚ ਵਾਪਰਦੀਆਂ ਹਨ, ਉਸ ਨੂੰ ਦਿਮਾਗ ਦਾ ਜੋ ਹਿੱਸਾ ਸੰਭਾਲ ਕੇ ਰੱਖਦਾ ਹੈ, ਉਸ ਨੂੰ ਯਾਦਦਾਸ਼ਤ ਆਖਦੇ ਹਨ। ਉਹ ਉਮਰ ਦੇ ਹਿਸਾਬ ਨਾਲ ਵਧਦੀ ਜਾਂਦੀ ਹੈ; ਜਿਵੇਂ-ਜਿਵੇਂ ਸਾਡੀ ਸੋਚ ਦਾ ਘੇਰਾ ਵਿਸ਼ਾਲ ਹੁੰਦਾ ਜਾਂਦਾ ਹੈ, ਉਵੇਂ-ਉਵੇਂ ਯਾਦਦਾਸ਼ਤ ਦਾ ਘੇਰਾ ਵੀ ਵਧਦਾ ਜਾਂਦਾ ਹੈ। ਸਾਨੂੰ ਸਾਡੀ ਜ਼ਿੰਦਗੀ ਵਿਦਚ ਵਾਪਰਦੀਆਂ ਘਟਨਾਵਾਂ ਲਗਭਗ ਯਾਦ ਰਹਿੰਦੀਆਂ ਹਨ। ਅਸੀਂ ਬਚਪਨ ਤੋਂ ਬੁਢਾਪੇ ਤੱਕ ਕਿੰਨੇ ਪੜਾਵਾਂ ਵਿੱਚ ਦੀ ਗੁਜ਼ਰਦੇ ਹਾਂ, ਇਸ ਨੂੰ ਯਾਦਦਾਸ਼ਤ ਸੰਭਾਲ ਕੇ ਰੱਖਦੀ ਹੈ। ਜਿਸ ਤਰ੍ਹਾਂ ਕੰਪਿਊਟਰ ਦੀ ਮੈਮੋਰੀ ਭਰ ਜਾਂਦੀ ਹੈ ਤਾਂ ਉਸ ਵਿੱਚ ਹੋਰ ਮੈਟਰ ਪਾਉਣ ਲਈ ਕਿਸੇ ਚੀਜ਼ ਨੂੰ ‘ਡਿਲੀਟ’ ਕਰਨਾ ਪੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੀ ਯਾਦਦਾਸ਼ਤ ਜਦੋਂ ਭਰ ਜਾਂਦੀ ਹੈ ਤਾਂ ਇਸ ਵਿੱਚੋਂ ਵਾਧੂ ਵਿਚਾਰ ਹਟਾਉਣੇ ਪੈਂਦੇ ਹਨ। ਇਹ ਵੱਡਾ ਕਾਰਨ ਹੈ ਕਿ ਅਸੀਂ ਭੁੱਲਣ ਲੱਗ ਜਾਂਦੇ ਹਾਂ।

ਯਾਦਦਾਸ਼ਤ ਕਮਜ਼ੋਰ ਕਿਉ ਹੋ ਜਾਂਦੀ ਹੈ : ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਰੱਬ ਨੇ ਦਿਮਾਗ ਸਭ ਨੂੰ ਦਿੱਤਾ ਹੈ ਪਰ ਸੋਚਣ ਦੀ ਸਮਰੱਥਾ ਸਭ ਦੀ ਵੱਖਰੀ-ਵੱਖਰੀ ਹੁੰਦੀ ਹੈ। ਇਸੇ ਤਰ੍ਹਾਂ ਯਾਦਦਾਸ਼ਤ ਵੀ ਸਭ ਦੀ ਵੱਖੋ-ਵੱਖਰੀ ਹੁੰਦੀ ਹੈ। ਕਿਸੇ ਚੀਜ਼ ਨੂੰ ਸਮਝ ਲੈਣਾ ਅਤੇ ਰੱਟਾ ਲਾਉਣਾ, ਇਸ ਵਿੱਚ ਬਹੁਤ ਫ਼ਰਕ ਹੈ। ਸਮਝ ਕੇ ਪੜ੍ਹੀ ਹੋਈ ਜਾਂ ਸਿੱਖੀ ਹੋਈ ਗੱਲ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਹੈ।

ਬੇਧਿਆਨੀ : ਬੇਧਿਆਨੀ ਅਤੇ ਕਮਜ਼ੋਰ ਯਾਦਦਾਸ਼ਤ ਇਕ-ਦੂਸਰੇ ਦੀਆਂ ਪੂਰਕ ਹਨ। ਮੰਨ ਲਓ ਅਸੀਂ ਕੋਈ ਕਿਤਾਬ ਪੜ੍ਹ ਰਹੇ ਹਾਂ ਪਰ ਪੜ੍ਹਦੇ ਸਮੇਂ ਸਾਡਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ, ਉਹ ਗੱਲ ਜਿਹੜੀ ਦਿਮਾਗ ਨੇ ਪਕੜ ’ਚ ਲਿਆਉਣੀ ਸੀ, ਉਹ ਸਾਥੋਂ ਪਾਸੇ ਹੋ ਗਈ, ਇਸ ਤਰ੍ਹਾਂ ਅਸੀਂ ਆਪਣੀ ਯਾਦਦਾਸ਼ਤ ਨੂੰ ਜ਼ਿਆਦਾ ਦੋਸ਼ ਦਿੰਦੇ ਹਾਂ ਪਰ ਹੁੰਦਾ ਸਾਡੀ ਬੇਧਿਆਨੀ ਕਰ ਕੇ ਹੈ। ਖ਼ਾਸ ਕਰ ਕੇ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਅਕਸਰ ਇਹੀ ਸ਼ਿਕਾਇਤ ਕਰਦੇ ਹਨ ਕਿ ਜਦੋਂ ਮੈਂ ਪੜ੍ਹਦਾ/ਪੜ੍ਹਦੀ ਹਾਂ, ਮੇਰੇ ਕੁਝ ਪੱਲੇ ਨਹੀਂ ਪੈਂਦਾ ਜਾਂ ਮੁੰਡੇ-ਕੁੜੀ ਦੇ ਮਾਪਿਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਇਹਦੀ ਤਾਂ ਯਾਦ ਸ਼ਕਤੀ ਬੜੀ ਘੱਟ ਹੈ, ਕਿਸੇ ਡਾਕਟਰ ਤੋਂ ਦਵਾਈ ਦਿਵਾਈਏ। ਇਸ ਤਰ੍ਹਾਂ ਦੇ ਕੇਸਾਂ ਵਿੱਚ ਕਿਸੇ ਦਵਾਈ ਦੀ ਨਹੀਂ, ਸਗੋਂ ਧਿਆਨ ਲਾਉਣ ਦੀ ਲੋੜ ਹੁੰਦੀ ਹੈ। ਛੋਟੇ ਬੱਚਿਆਂ ਵਿੱਚ ਵੀ ਇਹ ਸ਼ਿਕਾਇਤ ਪਾਈ ਜਾਂਦੀ ਹੈ ਪਰ ਛੋਟੇ ਬੱਚੇ ਖੇਡਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਜਾਂ ਜਦੋਂ ਮਾਪਿਆਂ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਉਹ ਟੈਲੀਵਿਜ਼ਨ ’ਤੇ ਚਲਦੇ ਨਾਟਕ ਜਾਂ ਫ਼ਿਲਮਾਂ ਵੀ ਭੁੱਲ ਜਾਂਦੇ ਹਨ ਜਾਂ ਇਕੱਲੀ ਪੜ੍ਹਾਈ ਹੀ ਭੁਲਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਫ਼ਿਲਮਾਂ ਜਾਂ ਕਾਰਟੂਨ ਤਾਂ ਨਹੀਂ ਭੁੱਲਦੇ, ਸਿਰਫ਼ ਪੜ੍ਹਨਾ-ਲਿਖਣਾ ਹੀ ਭੁੱਲਦੇ ਹਨ। ਇਸ ਨੂੰ ਹਰਗਿਜ਼ ਯਾਦ ਸ਼ਕਤੀ ਕਮਜ਼ੋਰ ਨਹੀਂ ਕਿਹਾ ਜਾ ਸਕਦਾ, ਸਗੋਂ ਬੇਧਿਆਨੀ ਜਾਂ ਮਚਲਾਪਣ ਕਿਹਾ ਜਾਂਦਾ ਹੈ।

ਸਿਰ ਦੀ ਸੱਟ : ਸਿਰ ਦੀ ਸੱਟ ਲੱਗਣ ਨਾਲ ਵੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਕਈ ਅਜਿਹੇ ਕੇਸ ਦੇਖਣ ਨੂੰ ਮਿਲਦੇ ਹਨ, ਜਿੱਥੇ ਸੱਟ ਲੱਗਣ ਤੋਂ ਪਹਿਲਾਂ ਦੀ ਯਾਦ ਸ਼ਕਤੀ ਬਿਲਕੁਲ ਖ਼ਤਮ ਹੋ ਜਾਂਦੀ ਹੈ। ਇਹ ਇੱਕ ਭਿਆਨਕ ਬਿਮਾਰੀ ਦਾ ਰੂਪ ਲੈ ਲੈਂਦੀ ਹੈ।

ਕੰਮਾਂ-ਕਾਰਾਂ ਦਾ ਬੋਝ : ਅੱਜ ਕੱਲ੍ਹ ਦੀ ਭੱਜ-ਨੱਠ ਵਾਲੀ ਜ਼ਿੰਦਗੀ ਵਿੱਚ ਲੋਕਾਂ ਦੇ ਦਿਮਾਗ ’ਤੇ ਕੰਮਾਂ-ਕਾਰਾਂ ਦਾ ਬੋਝ ਐਨਾ ਕੁ ਵਧਦਾ ਜਾ ਰਿਹਾ ਹੈ ਕਿ ਲੋਕੀਂ ਆਪਣੇ ਅੱਧੇ ਕੰਮ ਭੁੱਲ ਜਾਂਦੇ ਹਨ। ਮੰਨ ਲਓ ਕੋਈ ਆਦਮੀ ਬਾਜ਼ਾਰ ਵਿੱਚੋਂ ਸੌਦਾ ਲੈਣ ਚਲਾ ਗਿਆ, ਘਰੋਂ ਉਸ ਨੂੰ ਆਹ ਲਿਆ ਦਈਂ, ਔਹ ਲਿਆ ਦਈਂ ਆਖ ਕੇ ਤੋਰਿਆ ਸੀ। ਉਸ ਨੇ ਰਸਤੇ ਵਿੱਚ ਹੋਰ ਕੰਮ ਵੀ ਕਰਨੇ ਹਨ ਪਰ ਜਦ ਉਹ ਵਾਪਸ ਆਵੇਗਾ ਤਾਂ ਕੁਝ ਨਾ ਕੁਝ ਜ਼ਰੂਰ ਭੁੱਲ ਆਵੇਗਾ ਕਿਉਕਿ ਉਸ ਦੇ ਦਿਮਾਗ ’ਤੇ ਕੰਮਾਂ ਦਾ ਬੋਝ ਹੀ ਐਨਾ ਵਧ ਗਿਆ, ਜੋ ਯਾਦ ਸ਼ਕਤੀ ਨੇ ਸੰਭਾਲ ਕੇ ਨਾ ਰੱਖਿਆ ਅਤੇ ਥੋੜ੍ਹੀ ਮੋਟੀ ਬੇਧਿਆਨੀ ਵੀ ਹੋ ਜਾਂਦੀ ਹੈ।

ਮਾਨਸਿਕ ਟੈਨਸ਼ਨ : ਮਨੋ ਰੋਗੀਆਂ ਵਿੱਚ ਯਾਦ ਸ਼ਕਤੀ ਘਟਣਾ ਆਮ ਗੱਲ ਹੈ ਕਿਉਕਿ ਉਨ੍ਹਾਂ ਦੀ ਆਪਣੀ ਬਿਮਾਰੀ ਹੀ ਉਨ੍ਹਾਂ ਦੀ ਸੁਰਤ ਭੁਲਾਈ ਰੱਖਦੀ ਹੈ।

ਨਸ਼ੇ ਅਤੇ ਦਵਾਈਆਂ : ਉਹ ਲੋਕ, ਜੋ ਜ਼ਿਆਦਾ ਦਵਾਈਆਂ, ਖ਼ਾਸ ਕਰ ਕੇ ਨੀਂਦ ਲਿਆਉਣ ਵਾਲੀਆਂ ਜਾਂ ਮਾਨਸਿਕ ਰੋਗਾਂ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਖਾਂਦੇ ਹਨ ਜਾਂ ਜਿਹੜੇ ਲੋਕ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ, ਖ਼ਾਸ ਕਰ ਕੇ ਸ਼ਰਾਬ ਕਿਉਕਿ ਨਸ਼ੇ ਯਾਦਦਾਸ਼ਤ ਵਾਲੇ ਭਾਗ ਨੂੰ ਖੋਰਾ ਲਾਉਦੇ ਹਨ ਅਤੇ ਯਾਦਸ਼ਕਤੀ ਘਟ ਜਾਂਦੀ ਹੈ।

ਮੰਦਬੁੱਧੀ : ਇਹ ਤਾਂ ਇਕ ਅਜਿਹੀ ਬਿਮਾਰੀ ਹੈ ਜਾਂ ਇਹ ਕਹਿ ਲਵੋ ਕਿ ਸਜ਼ਾ ਹੈ, ਜੋ ਸਿਰਫ਼ ਯਾਦ ਸ਼ਕਤੀ ਹੀ ਨਹੀਂ, ਬਲਕਿ ਸਰੀਰ ਨੂੰ ਨਕਾਰਾ ਬਣਾ ਦਿੰਦੀ ਹੈ।

ਆਤਮ-ਵਿਸ਼ਵਾਸ ਦੀ ਘਾਟ : ਜਿਵੇਂ ਕਿ ਇਮਤਿਹਾਨਾਂ ਦੇ ਦਿਨਾਂ ਵਿੱਚ ਬਹੁਤੇ ਵਿਦਿਆਰਥੀਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਪੜ੍ਹ ਕੇ ਤਾਂ ਸਾਰਾ ਜਾਈਦਾ ਪਰ ਮੌਕੇ ’ਤੇ ਭੁੱਲ ਜਾਂਦੇ ਹਾਂ। ਇੱਥੇ ਯਾਦ ਸ਼ਕਤੀ ਕਮਜ਼ੋਰ ਨਹੀਂ ਹੁੰਦੀ, ਸਗੋਂ ਆਤਮ-ਵਿਸ਼ਵਾਸ ਦੀ ਘਾਟ ਹੁੰਦੀ ਹੈ।

ਜਾਣ-ਬੁੱਝ ਕੇ : ਇਹ ਉਨ੍ਹਾਂ ਲੋਕਾਂ ’ਤੇ ਢੁੱਕਦੀ ਹੈ, ਜਿਹੜੇ ਵਾਅਦੇ ਕਰ ਕੇ ਭੁੱਲ ਜਾਂਦੇ ਹਨ, ਜਿਵੇਂ ਕਿ ਲੀਡਰ ਲੋਕ, ਜਿਹੜੇ ਵੋਟਾਂ ਵੇਲੇ ਲੋਕਾਂ ਨਾਲ ਵਾਅਦੇ ਕਰਦੇ ਹਨ ਪਰ ਬਾਅਦ ਵਿੱਚ ਇਹ ਵਾਅਦੇ ਵਫ਼ਾ ਨਹੀਂ ਹੁੰਦੇ, ਸਗੋਂ ਭੁੱਲ ਚੁੱਕ ਦੀ ਮੁਆਫ਼ੀ ਮੰਗ ਕੇ ਫਿਰ ਵੋਟਾਂ ਮੰਗਣ ਆ ਜਾਂਦੇ ਹਨ ਅਤੇ ਇਹੋ ਜਿਹੇ ਸਾਡੇ ਲੋਕ ਹਨ, ਜਿਹੜੇ ਆਪਣੇ ਲੀਡਰਾਂ ਵੱਲੋਂ ਕੀਤੇ ਗਏ ਵਾਅਦੇ ਭੁੱਲ ਜਾਂਦੇ ਹਨ ਜਾਂ ਜਦੋਂ ਅਸੀਂ ਕਿਸੇ ਮਿਤਰ ਬੇਲੀ ਨੂੰ ਦਿਲੋਂ ਪਿਆਰ ਨਾ ਕਰਦੇ ਹੋਈਏ ਤਾਂ ਉਦੋਂ ਜਾਣ-ਬੁੱਝ ਕੇ ਅਣਜਾਣ ਬਣਦੇ ਹਾਂ ਅਤੇ ਯਾਦ ਸ਼ਕਤੀ ਕਮਜ਼ੋਰ ਹੋ ਗਈ ਦਾ ਬਹਾਨਾ ਬਣਾਉਦੇ ਹਾਂ।

ਸੋ, ਕੁਝ ਵੀ ਹੋਵੇ, ਯਾਦ ਸ਼ਕਤੀ ਦਿਮਾਗ ਦਾ ਅਜਿਹਾ ਹਿੱਸਾ ਹੈ, ਜਿਸ ਬਿਨਾਂ ਜ਼ਿੰਦਗੀ ਦੀ ਗੱਡੀ ਨਹੀਂ ਚੱਲ ਸਕਦੀ। ਹਰ ਮਨੁੱਖ ਦੀ ਯਾਦ ਵਿੱਚ ਚੰਗੇ ਅਤੇ ਮਾੜੇ ਸਮੇਂ ਦੀ ਗੱਲ ਜਾਂ ਵਾਪਰੀ ਘਟਨਾ, ਪਈ ਰਹਿੰਦੀ ਹੈ। ਜਿਸ ਨੂੰ ਯਾਦ ਕਰ ਕੇ ਮਨੁੱਖ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਪਰ ਫਿਰ ਵੀ ਸਾਨੂੰ ਜਾਣ-ਬੁੱਝ ਕੇ ਆਪਣੇ ਮਹਾਨ ਵਿਰਸੇ, ਸੱਭਿਆਚਾਰ ਆਦਿ ਨੂੰ ਨਹੀਂ ਭੁੱਲਣਾ ਚਾਹੀਦਾ। ਸਾਡੀ ਯਾਦਸ਼ਕਤੀ ਐਨੀ ਵੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਅਸੀਂ ਆਪਣੇ ਗੁਰੂਆਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਈਏ ਅਤੇ ਅਕ੍ਰਿਤਘਣ ਬਣ ਜਾਈਏ।

ਡਾ. ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ ।

0

ਡਾ. ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ ।

ਡਾ. ਹਰਸ਼ ਚੈਰੀਟੇਬਲ ਟਰੱਸਟ ਪਿਛਲੇ ਗਿਆਰਾਂ ਸਾਲਾਂ ਤੋਂ ਲਗਾਤਾਰ ਪੰਜਾਬ ਦੀਆਂ ਗਰੀਬ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹੈ । ਇਸ ਦੇ ਬਾਨੀ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਵੱਲੋਂ ਅੱਜ ਇੱਕ ਸੌ ਬਾਈ ਬੇਸਹਾਰਾ ਗਰੀਬ ਬੇਟੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਸਤੇ ਚੈੱਕ ਵੰਡੇ ਗਏ । ਇਹ ਟਰੱਸਟ ਦੋ ਹਜ਼ਾਰ ਅੱਠ ਤੋਂ ਗਰੀਬ ਬੱਚਿਆਂ ਨੂੰ ਸਕੂਲ ਦੀ ਫੀਸ ਦੇ ਚੈੱਕ ਦੇ ਰਹੀ ਹੈ ਅਤੇ ਇਸ ਵਿੱਚ ਹੁਣ ਤੱਕ ਤਿੰਨ ਸੌ ਚੁਹੱਤਰ ਬੇਟੀਆਂ ਮਦਦ ਲੈ ਚੁੱਕੀਆਂ ਹਨ। ਇਸ ਵਾਰ ਚਾਲੀ ਹੋਰ ਨਵੀਆਂ ਲੋੜਵੰਦ ਬੇਟੀਆਂ ਨੂੰ ਇਸ ਟਰੱਸਟ ਵਿੱਚ ਸ਼ਾਮਲ ਕੀਤਾ ਗਿਆ ਹੈ । ਇਸ ਟਰੱਸਟ ਰਾਹੀਂ ਉਨ੍ਹਾਂ ਗਰੀਬ ਬੇਟੀਆਂ ਦੀ ਮਦਦ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਉਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ । ਕੁੱਝ ਉਹ ਕਿਸਾਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ ਉਨ੍ਹਾਂ ਦੀਆਂ ਧੀਆਂ ਵੀ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ । ਇਹ ਬੇਟੀਆਂ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਕਰ ਰਹੀਆਂ ਹਨ। ਡਾਕਟਰ ਹਰਸ਼ਿੰਦਰ ਕੌਰ, ਜੋ ਇਸ ਟਰੱਸਟ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਇਸ ਟਰੱਸਟ ਦਾ ਮਕਸਦ ਗਰੀਬ ਬੇਟੀਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਮਾਦਾ ਭਰੂਣ ਹੱਤਿਆ ਵਿਰੁਧ ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਵੀ ਕਰਨਾ ਹੈ । ਡਾ. ਗੁਰਪਾਲ ਸਿੰਘ, ਜੋ ਇਸ ਟਰੱਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਅੱਜ ਦੋ ਲੱਖ ਰੁਪਏ ਦੇ ਚੈੱਕ ਦੀ ਰਾਸ਼ੀ ਵੰਡ ਕੇ ਇਨ੍ਹਾਂ ਬੇਟੀਆਂ ਦੀ ਪੜ੍ਹਾਈ ਉੱਤੇ ਖਰਚ ਕੀਤੇ ਗਏ। ਇਸ ਮੌਕੇ ਜਗਰਾਉਂ , ਗੁਰਦਾਸਪੁਰ, ਤਰਨਤਾਰਨ , ਨਵਾਂ ਸ਼ਹਿਰ , ਬਟਾਲਾ, ਲੁਧਿਆਣਾ, ਜਲੰਧਰ, ਰੋਪੜ, ਪਟਿਆਲਾ, ਮਲੇਰਕੋਟਲਾ, ਅੰਮ੍ਰਿਤਸਰ , ਆਨੰਦਪੁਰ ਸਾਹਿਬ, ਸੰਗਰੂਰ ਅਤੇ ਕੁਰਾਲੀ ਆਦਿ ਤੋਂ ਅਨੇਕ ਬੇਟੀਆਂ ਆਪਣੀ ਫੀਸ ਦੇ ਚੈੱਕ ਲੈਣ ਇੱਥੇ ਪਹੁੰਚੀਆਂ ।

ਇਸ ਵਾਰ ਇੱਕ ਨਾਮਵਰ ਪੰਜਾਬੀ ਸਾਹਿਤਕਾਰ, ਜੋ ਮਾਲੀ ਪੱਖੋਂ ਕਾਫੀ ਤੰਗ ਹੋ ਚੁੱਕੇ ਸਨ, ਦੀਆਂ ਪੋਤਰੀਆਂ ਵੀ ਟਰੱਸਟ ਵਿੱਚ ਸ਼ਾਮਲ ਕੀਤੀਆਂ ਗਈਆਂ ਅਤੇ ਦੋ ਬੇਟੀਆਂ, ਜਿਨ੍ਹਾਂ ਦੇ ਮਾਂ ਅਤੇ ਪਿਓ ਦੋਵੇਂ ਖੁਦਕੁਸ਼ੀ ਕਰ ਚੁੱਕੇ ਸਨ, ਵੀ ਸ਼ਾਮਲ ਕੀਤੀਆਂ ਗਈਆਂ ! ਇਨ੍ਹਾਂ ਤੋਂ ਇਲਾਵਾ ਅਠੱਤੀ ਹੋਰ ਨਵੀਆਂ ਬੱਚੀਆਂ ਸ਼ਾਮਲ ਕੀਤੀਆਂ ਗਈਆਂ, ਜਿਨ੍ਹਾਂ ਦੇ ਮਾਲੀ ਹਾਲਾਤ ਕਾਫੀ ਖਰਾਬ ਸਨ । ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਡਾ. ਸੁਖਮਨੀ ਕੌਰ, ਨਾਨਕ ਜੋਤ ਸਿੰਘ, ਦੀਪਕ ਵਰਮਾ, ਰੌਬਿਨ ਗਰਗ, ਲਖਵਿੰਦਰ ਸਿੰਘ, ਰਵੀ, ਰਾਜੂ ,ਲੀਬੀਆ, ਆਦਿ ਹਾਜ਼ਰ ਸਨ । ਇਸ ਮੌਕੇ ਸਾਰੀਆਂ ਬੱਚੀਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ, ਕਾਪੀਆਂ, ਪੈਨ, ਰਬੜ, ਪੈਨਸਲਾਂ ਵੰਡੀਆਂ ਗਈਆਂ ।

ਗੁਰਦਾਸਪੁਰ ਤੋਂ ਪਹੁੰਚੀ ਬੱਚੀ ਮਹਿਕ ਅਤੇ ਬਟਾਲੇ ਦੀ ਸਿਮਰਨਜੀਤ ਕੌਰ , ਜੋ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ, ਨੇ ਖਾਸ ਤੌਰ ਉੱਤੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਸ ਟਰੱਸਟ ਰਾਹੀਂ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਕਦੇ ਨਾ ਪੜ੍ਹ ਸਕਦੀਆਂ। ਕੁਝ ਬੱਚਿਆਂ ਨੇ ਆਪਣੇ ਹੱਥੀਂ ਬਣਾ ਕੇ ਪੇਂਟਿੰਗਜ਼ ਅਤੇ ਸ਼ੁਕਰਾਨੇ ਦੇ ਕਾਰਡ ਵੀ ਡਾਕਟਰ ਹਰਸ਼ਿੰਦਰ ਕੌਰ ਨੂੰ ਭੇਂਟ ਕੀਤੇ ।

ਇਸਰੋ ਤੋਂ ਪ੍ਰਭਜੋਤ ਕੌਰ, ਜੋ ਜਸਜੀਤ ਕੌਰ ਦੀ ਬੇਟੀ ਹੈ , ਦੀ ਵੀ ਪੜ੍ਹਾਈ ਵਿੱਚ ਹੀ ਛੁੱਟ ਗਈ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ। ਉਹ ਵੀ ਆਪਣੀ ਪੜ੍ਹਾਈ ਦੁਬਾਰਾ ਸਿਰਫ ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਤੋਂ ਮਿਲੀ ਮਦਦ ਸਦਕਾ ਹੀ ਚਾਲੂ ਕਰ ਸਕੀ । ਪ੍ਰਨੀਤ ਕੌਰ ਬੇਟੀ ਸਰਦਾਰ ਵਿਕਰਮਜੀਤ ਸਿੰਘ ਦੀ ਪੜ੍ਹਾਈ ਵੀ ਪਿਤਾ ਦੇ ਗੁਰਦੇ ਦੀ ਬਿਮਾਰੀ ਕਰ ਕੇ ਛੁੱਟ ਗਈ ਸੀ। ਹੁਣ ਨੌਵੀਂ ਜਮਾਤ ਵਿੱਚ ਪੜ੍ਹ ਰਹੀ ਬੱਚੀ ਨੇ ਡਾ. ਗੁਰਪਾਲ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਪੈਸੇ ਦੀ ਕਮੀ ਖੁਣੋਂ ਉਹ ਸਕੂਲ ਨਹੀਂ ਸੀ ਜਾ ਰਹੀ ਪਰ ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਫੀਸ ਦੇ ਪੈਸੇ ਮਿਲਣ ਨਾਲ ਹੁਣ ਉਹ ਦੋ ਸਾਲਾਂ ਤੋਂ ਸਕੂਲ ਵਾਪਸ ਜਾ ਰਹੀ ਹੈ ।

ਡਾਕਟਰ ਗੁਰਪਾਲ ਸਿੰਘ ਅਤੇ ਡਾਕਟਰ ਹਰਸ਼ਿੰਦਰ ਕੌਰ ਨੇ ਇਸ ਮੌਕੇ ਸਾਰਿਆਂ ਦਾ ਉੱਥੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਟਰੱਸਟ ਐਨ.ਆਰ.ਆਈ. ਵੀਰਾਂ ਭੈਣਾਂ ਦੀ ਮਦਦ ਸਦਕਾ ਹੀ ਏਨੀਆਂ ਬੱਚੀਆਂ ਸ਼ਾਮਲ ਕਰ ਸਕੀ ਹੈ ।

ਡਾ. ਗੁਰਪਾਲ ਸਿੰਘ, ਸਕੱਤਰ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਟਰੱਸਟ ਵੱਲੋਂ ਪੜ੍ਹ ਰਹੀਆਂ ਇਸ ਸਾਲ ਦਸਵੀਂ ਪਾਸ ਕਰ ਚੁੱਕੀਆਂ ਪੈਂਤੀ ਬੱਚਿਆਂ ਨੇ ਪਚਾਸੀ ਫ਼ੀਸਦੀ ਤੋਂ ਵੱਧ ਨੰਬਰ ਲਏ ਹਨ । ਡਾ. ਹਰਸ਼ਿੰਦਰ ਕੌਰ, ਪ੍ਰਧਾਨ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਜਿਹੜੀਆਂ ਗਰੀਬ ਬੇਟੀਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਅਤੇ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਵੇ ਜਾਂ ਮਾਪੇ ਗੰਭੀਰ ਬੀਮਾਰੀ ਦੇ ਸ਼ਿਕਾਰ ਹੋਣ, ਉਹ ਬੱਚੀਆਂ ਦੱਸਵੀਂ ਤੱਕ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਲਈ ਡਾ. ਹਰਸ਼ ਚੈਰੀਟੇਬਲ ਟਰੱਸਟ ਵਿਖੇ ਸੰਪਰਕ ਕਰ ਸਕਦੀਆਂ ਹਨ ਅਤੇ ਪੜ੍ਹਨ ਲਈ ਮਦਦ ਲੈ ਸਕਦੀਆਂ ਹਨ। ਉਨ੍ਹਾਂ ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਰਪ ਤੇ ਅਮਰੀਕਾ ਦੇ ਐਨ.ਆਰ.ਆਈ. ਵੀਰਾਂ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਹੁਣ ਤੱਕ ਇਹ ਕੰਮ ਲਗਾਤਾਰ ਜਾਰੀ ਰਹਿ ਸਕਿਆ ਹੈ ।

ਡਾ. ਕੌਰ ਨੇ ਦੱਸਿਆ ਕਿ ਇਸ ਵਾਰ ਦੀਆਂ ਚਾਲੀ ਹੋਰ ਨਵੀਆਂ ਬੱਚਿਆਂ ਉੱਤੇ ਲੱਗਭੱਗ ਇੱਕ ਲੱਖ ਰੁਪਏ ਫਾਲਤੂ ਖਰਚਾ ਆਉਣ ਵਾਲਾ ਹੈ, ਜਿਸ ਲਈ ਉਨ੍ਹਾਂ ਨੇ ਲੋਕਾਂ ਨੂੰ ਮਦਦ ਵਾਸਤੇ ਅਗਾਂਹ ਆਉਣ ਲਈ ਬੇਨਤੀ ਕੀਤੀ ।

ਚਿੱਠੀ ਨੰ: 41 (ਹਰਦੇਵ ਸਿੰਘ ਜੰਮੂ ਨੂੰ ਕੁਲਦੀਪ ਸਿੰਘ ਦਾ ਦੂਸਰਾ ਪੱਤਰ)

0

ਕੁਲਦੀਪ ਸਿੰਘ ਜੀ

ਜਿਸ ਵੇਲੇ ਗਲ ਸੰਜੀਦਾ ਢੰਗ ਨਾਲ ਕੀਤੀ ਜਾ ਰਹੀ ਹੋਵੇ ਤਾਂ ਉਸ ਨੂੰ ‘ਘੁੱਤੀ ਵਿੱਚ ਮੂਤਣ’ ਵਾਲੀ ਕਹਾਵਤ ਨਾਲ ਨਹੀਂ ਮੇਲਣਾ ਚਾਹੀਦਾ। ਕਾਮਲ ਹੈ, ਆਪ ਜੀ ਸਵਾਲੀ ਨੂੰ ਸਵਾਲ ਕਰ ਰਹੇ ਹੋ! ਫ਼ਿਲਹਾਲ ਇਤਨਾ ਸਮਝ ਲਵੋਂ ਕਿ ਮੇਰੀ ਜਾਣਕਾਰੀ ਅਨੁਸਾਰ ਦਸ਼ਮੇਸ਼ ਜੀ ਦਾ ਪ੍ਰਕਾਸ਼ ੫ ਜਨਵਰੀ ਨੂੰ ਫ਼ਿਕਸ ਕੀਤੀ ਗਈ ੨੩ ਪੋਹ ਨੂੰ ਨਹੀਂ ਸੀ ਹੋਇਆ। ਅਗਰ ਇਹ ਜਾਣਕਾਰੀ ਗਲਤ ਹੈ ਤਾਂ ਫ਼ਿਲਹਾਲ ਵਿਦਵਾਨ ਕਿਰਪਾਲ ਸਿੰਘ  ਜੀ ਬਠਿੰਡਾ ਮੇਜ਼ ਤੇ ਆ ਕੇ ਸਹੀ ਜਾਣਕਾਰੀ ਦੇਣ। ਜੇ ਜਾਣਕਾਰੀ ਸਹੀ ਹੋਈ ਤਾਂ ਮੈਂ ਸਵੀਕਾਰ ਕਰ ਲਵਾਂਗਾ। ਗਲਤੀ ਸਵੀਕਾਰ ਕਰਨਾ ਕੋਈ ਮਾੜੀ ਗਲ ਨਹੀਂ ਹੁੰਦੀ। ਇਸ ਵਿਚ ਆਪ ਜੀ ਨੂੰ ਕੋਈ ਪਰੇਸ਼ਾਨੀ ਹੈ, ਜੀ?

ਹਰਦੇਵ ਸਿੰਘ, ਜੰਮੂ-੧੭.੦੫.੨੦੧੮

ਜੰਮੂ ਜੀ, ਤੁਹਾਡੇ ਜਵਾਬ ਤੋ ਸ਼ਪਸਟ ਹੋ ਗਿਆ ਕਿ ਤੁਸੀਂ ਕੇਵਲ  ਸਵਾਦੂ ਹੋ। ਤੁਹਾਨੂੰ ਜਾਣਕਾਰੀ ਮੁਢਲੀ ਵੀ ਨਹੀਂ ਹੈ।  ਨਾ ਤੁਸੀਂ ਕਿਸੇ ਦੀ ਗੱਲ ਮੰਨ ਰਹੇ ਹੋ ਅਤੇ ਨਾ ਤੁਸੀਂ ਦੱਸ ਰਹੇ ਹੋ ਕਿ ਕਦੋਂ ਜਨਮ ਹੋਇਆ ਸੀ। ਜੇ ਗੁਰੂ ਜੀ ਦਾ ਪ੍ਰਕਾਸ਼ ੫ ਜਨਵਰੀ ਨੂੰ ਫ਼ਿਕਸ ਕੀਤੀ ਗਈ ੨੩ ਪੋਹ ਨੂੰ ਨਹੀਂ ਸੀ ਹੋਇਆ ਤਾਂ ਕਦੋਂ ਹੋਇਆ ਸੀ ? ਇਸ ਸਵਾਲ ਦਾ ਜਵਾਬ ਦੇਣ ਵਿਚ ਤੂਹਾਨੂੰ ਕੀ ਇਤਰਾਜ਼ ਹੈ ?

Kuldeep Singh 
(718)343-9009

ਚਿੱਠੀ ਨੰ: 40 (ਹਰਦੇਵ ਸਿੰਘ ਜੰਮੂ ਨੂੰ ਕੁਲਦੀਪ ਸਿੰਘ ਦਾ ਪੱਤਰ)

0

ਜੰਮੂ ਜੀ, ਚਲੋ ! ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਹਾਂ ਕਿ ਸ. ਪਾਲ ਸਿੰਘ, ਕਿਰਪਾਲ ਸਿੰਘ ਅਤੇ ਸਰਬਜੀਤ ਸਿੰਘ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇ ਰਹੇ। ਹੁਣ ਤੁਸੀਂ ਸਾਡੀ ਜਾਣਕਾਰੀ ਲਈ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਸ ਤਾਰੀਖ ਨੂੰ ਹੋਇਆ ਸੀ ਅਤੇ ਅੱਜ ਕਿਸ ਤਾਰੀਖ ਨੂੰ ਮਨਾਉਣਾ ਚਾਹੀਦਾ ਹੈ ?  ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਦਿਓ ਨਹੀਂ ਐਵੇ ਬੱਚਿਆਂ ਵਾਂਗ ”ਨਾ ਖੇਡੀਏ ਨਾ ਖੇਡਣ ਦੇਈਏ ਘੁੱਤੀ ਵਿੱਚ ਮੂਤਣ ਵਾਲੀ ਕਹਾਵਤ“ ਸੱਚ ਨਾ ਕਰਿਓ ।

Kuldeep Singh 
(718)343-9009

ਚਿੱਠੀ ਨੰ: 39 (ਹਰਦੇਵ ਸਿੰਘ ਜੰਮੂ ਨੂੰ ਗੁਰਸੇਵਕ ਸਿੰਘ ਧੌਲਾ ਦਾ ਦੂਸਰਾ ਪੱਤਰ)

0

ਗੁਰਸੇਵਕ ਸਿੰਘ ਧੌਲਾ ਜੀਉ, 

ਲੱਗਦਾ ਹੈ ਗਲ ਆਪ ਜੀ ਨੂੰ ਅਜੇ ਤਕ ਸਮਝ ਨਹੀਂ ਆਈ !

ਹੁਣ ਧਿਆਨ ਨਾਲ ਪੜੋ! ਮੇਰੀ ਜਾਣਕਾਰੀ ਅਨੁਸਾਰ ਪੁਰੇਵਾਲ ਜੀ ਵਲੋਂ ਫ਼ਿਕਸ ਕੀਤੀ ੨੩ ਪੋਹ (ਜੋ ਕਿ ਪੁਰੇਵਾਲ ਜੀ ਅਨੁਸਾਰ ੫ ਜਨਵਰੀ ਨੂੰ ਆਉਂਦੀ ਹੈ) ਸਮੰਤ ੧੭੨੩ ਵਾਲੀ ਉਸ ੨੩ ਪੋਹ ਨਾਲ ਮੇਲ ਨਹੀਂ ਖ਼ਾਂਦੀ ਜਿਸ ਦਿਨ ਦਸ਼ਮੇਸ਼ ਜੀ ਦਾ ਪ੍ਰਕਾਸ਼ ਹੋਇਆ ਸੀ। ਪਿੱਛਲੇ ਸਾਲ ਇਸ ਬਾਰੇ ਮੇਰੇ ਵਲੋਂ ਪੁੱਛੇ ਸਵਾਲ ਨੂੰ ਸਰਬਜੀਤ ਸਿੰਘ ਜੀ ਇੱਧਰ-ਉੱਧਰ ਟਾਲਦੇ ਰਹੇ। ਬੈਠ ਕੇ ਗਲ ਕਰਨ ਤੋਂ ਉਹ ਮੁਨਕਰ ਹੋ ਗਏ! ਇਸੇ ਲਈ ਕਾਫ਼ੀ ਸਮੇਂ ਤੋਂ ਬੈਠ ਕੇ ਗਲ ਕਰਨ ਦੀ ਬੇਨਤੀ ਬਾਰ-ਬਾਰ ਕਰ ਰਿਹਾ ਹਾਂ। ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ੫ ਜਨਵਰੀ ਵਾਲੀ ੨੩ ਪੋਹ ਇਤਹਾਸਕ ਤੌਰ ਤੇ ਅਸਲੀ ਹੈ ਜਾਂ ਨਕਲੀ ?

ਇਸ ਵਿਸ਼ੇ ਬਾਰੇ ਕੀਤੀ ਮੇਰੀ ਬੇਨਤੀ ਨੂੰ ਨਾ ਤਾਂ ਸਰਬਜੀਤ ਸਿੰਘ ਜੀ ਸਵੀਕਾਰ ਕਰ ਰਹੇ ਹਨ ਅਤੇ ਨਾ ਹੀ ਕਿਰਪਾਲ ਸਿੰਘ ਜੀ ਬਠਿੰਡਾ! ਉਹ ਇਸ ਲਈ ਨਹੀਂ ਬੈਠ ਰਹੇ ਕਿਉਂਕਿ ਚਰਚਾ ਵਿਚ ਬੈਠ ਕੇ ਨਾ ਤਾਂ ਸਵਾਲਾਂ ਨੂੰ ਟਾਲਿਆ ਜਾ ਸਕਦਾ ਹੈ ਅਤੇ ਨਾ ਹੀ ਜਵਾਬ ਦੇਣ ਦੀ ਜਿੰਮੇਵਾਰੀ ਤੋਂ ਬੱਚਿਆ ਜਾ ਸਕਦਾ ਹੈ।

ਮੈਂ ਇਹ ਵੀ ਕਹਿ ਚੁੱਕਾ ਹਾਂ ਕਿ ਜੇ ਕਰ ਮੇਜ਼ ਤੇ ਇਹ ਸੱਜਣ  ਪੁਰੇਵਾਲ ਜੀ ਵਾਲੀ ੨੩ ਪੋਹ (੫ ਜਨਵਰੀ) ਨੂੰ  ਸੰਮਤ ੧੭੨੩ ਵਾਲੀ ੨੩ ਪੋਹ ਨਾਲ ਮਿਲਾ ਸਕੇ ਤਾਂ ਮੈਂ ਸਹੀ ਜਵਾਬ ਨੂੰ ਨਾ ਕੇਵਲ ਸਵੀਕਾਰ ਕਰਾਂਗਾ ਬਲਕਿ ਖਿਮਾ ਦੀ ਜਾਚਨਾ ਵੀ ਕਰਾਂਗਾ।

ਗੁਰਸੇਵਕ ਸਿੰਘ ਜੀਉ, ਇਸ ਵਿਚ ‘ਪਾਣੀ ਵਿਚ ਮਧਾਣੀ’ ਅਤੇ ‘ਚਾਰ ਯੁਗ’ ਵਾਲੀ ਕਿਹੜੀ ਗਲ ਹੈ ? ਆਸ ਹੈ ਸ਼ਾਯਦ ਹੁਣ ਆਪ ਜੀ ਨੂੰ ਗਲ ਸਮਝ ਆਈ ਹੋਵੇਗੀ। ਚਲੋ ਇਸ ਵੇਲੇ ਸਰਬਜੀਤ ਜੀ ਭਾਰਤ ਵਿਚ ਨਹੀਂ ਹਨ ਪਰ ਆਖ਼ਰ ਕਿਰਪਾਲ ਸਿੰਘ ਜੀ ਬੈਠ ਕੇ ਗਲ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਹਨ ?  ਮੇਜ਼ ਤੇ ਬੈਠਣ ਅਤੇ ਦੱਸਣ ਕਿ ਪੁਰੇਵਾਲ ਜੀ ਵਾਲੀ ੨੩ ਪੋਹ (੫ ਜਨਵਰੀ) ਸੰਮਤ ੧੭੨੩ ਦੀ ੨੩ ਪੋਹ ਕਿਵੇਂ ਸਿੱਧ ਹੁੰਦੀ ਹੈ ?  ਆਪ ਜੀ ਨੂੰ ਵੀ ਬੇਨਤੀ ਹੈ ਕਿ ਮੁੱਖ ਵਿਸ਼ੇ ਨੂੰ ਹੋਰ ਗਲਾਂ ਨਾਲ ਰਲਗੱਡ ਕਰਨ ਦੇ ਬਜਾਏ ਸੁਹਿਰਦਤਾ ਨਾਲ ਕਿਰਪਾਲ ਸਿੰਘ ਜੀ ਨੂੰ ਗਲਬਾਤ ਕਰਨ ਲਈ ਮਨਾਉ।

ਹਰਦੇਵ ਸਿੰਘ, ਜੰਮੂ-੧੬.੦੫.੨੦੧੮

ਸ. ਹਰਦੇਵ ਸਿੰਘ ਜੰਮੂ ਜੀ !

ਤੁਹਾਡੀਆਂ ਮੇਲਜ਼ ਆਉਣ ਦੇ ਸਮੇ ਚੈੱਕ ਕੀਤੇ ਗਏ ਤਾਂ ਵੇਖਿਆ ਗਿਆ ਕਿ ਤੁਸੀਂ ਹਰ ਰੋਜ 24 ਘੰਟੇ ਇੱਕੋ ਸਵਾਲ : “ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਫਿਕਸ ਕੀਤੀ ਤਰੀਖ 23 ਪੋਹ/ 5 ਜਨਵਰੀ ਨਹੀਂ” ਵਾਰ ਵਾਰ ਦੁਹਰਾਈ ਜਾ ਰਹੇ ਹੋ, ਪਰ ਪ੍ਰਕਾਸ਼ ਦਿਹਾੜੇ ਦੀ ਅਸਲ ਤਰੀਖ ਕਿਹੜੀ ਸੀ, ਇਹ ਦੱਸਣ ਦਾ ਯਤਨ ਉੱਕਾ ਹੀ ਨਹੀਂ ਕਰਦੇ। ਇਸ ਤੋਂ ਸਿੱਟਾ ਇਹੋ ਹੀ ਕੱਢਿਆ ਜਾ ਸਕਦਾ ਹੈ ਕਿ 24 ਘੰਟੇ ਇੱਕੋ ਸਵਾਲ ਦੁਹਰਾਉਣ ਵਾਲਾ ਪਰ ਦੂਸਰੇ ਦੇ ਸਵਾਲ ਨੂੰ ਬਿਲਕੁਲ ਹੀ ਅਣਸੁਣਿਆਂ ਕਰਨ ਵਾਲ ਵਿਅਕਤੀ ਮਸਲੇ ਪ੍ਰਤੀ ਸੰਜੀਦਾ ਨਹੀਂ ਹੋ ਸਕਦਾ। ਮੈਂ ਤੁਹਾਨੂੰ ਪਹਿਲੀ ਚਿੱਟੀ ਵਿਚ ਵੀ ਇਹੀ ਸਲਾਹ ਦਿੱਤੀ ਸੀ ਹੁਣ ਵੀ ਇਹੀ ਫਿਰ ਦੁਹਰਾਅ ਰਿਹਾ ਹਾਂ ਕਿ ਤੁਸੀਂ ਇਸ ਮਸਲੇ ਵਿਚੋਂ ਪਾਸੇ ਹੀ ਰਹੋ, ਇਸੇ ਵਿਚ ਕੌਮ ਦੀ ਭਲਾਈ ਹੈ। 

 ਗੁਰਸੇਵਕ ਸਿੰਘ ਧੌਲਾ

ਸੰਪਾਦਕੀ ਨੋਟ : ਵੀਰ ਗੁਰਸੇਵਕ ਸਿੰਘ ਧੌਲਾ ਜੀਓ ! ਇਹ ਹਰਦੇਵ ਸਿੰਘ ਆਰ. ਐਸ. ਐਸ. ਦੀ ਸੋਚ ਨੂੰ ਸਮਰਪਿਤ ਵਿਅਕਤੀ ਹੈ ਅਤੇ ਹਰ ਅਗਾਂਹ ਵਧੂ ਗੁਰਸਿੱਖ ਦੇ ਰਸਤੇ ਵਿੱਚ ਰੋੜਾ ਬਣਦਾ ਰਿਹਾ ਹੈ ਜਦਕਿ ਗੁਰੂ ਜੀ “ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ ॥” (ਮ: ੫/੧੦੯੬) ਇਸ਼ਾਰਾ ਕਰ ਗਏ ਹਨ, ਇਸ ਨੂੰ ਗੁਰਮਤਿ ਅਤੇ ਇਤਿਹਾਸ ਦੀ ਬਹੁਤੀ ਜਾਣਕਾਰੀ ਨਹੀਂ, ਪਰ ਸੁਰਖੀਆਂ ਵਿੱਚ ਬਣੇ ਰਹਿਣਾ ਚਾਹੁੰਦਾ ਹੈ, ਇਸ ਲਈ ਇਸ ਦੀਆਂ ਈਮੇਲਾਂ ਨੂੰ ਹੋਰ ਸਮਝਦਾਰ ਸੱਜਣਾਂ ਵਾਙ ਸਪੈਮ ਵਿੱਚ ਸੁਟਿਆ ਜਾਏ ਤਾਂ ਅਕਲਮੰਦੀ ਹੀ ਹੈ, ਮੈਨੂੰ ਵੀ ਕੁਝ ਗੁਰਸਿੱਖਾਂ ਨੇ ਇਹੀ ਸਲਾਹ ਦਿੱਤੀ ਹੈ, ਜੀ। ਜ਼ਰਾ ਸੋਚੋ, ਜੋ ਵਿਅਕਤੀ 24 ਘੰਟੇ ਹੀ ਈਮੇਲਾਂ ਕਰ ਰਿਹਾ ਹੋਵੇ, ਉਹ ਇੱਕ ਨਹੀਂ ਹੋ ਸਕਦਾ।

ਮੈਂ ਗੁਰਬਾਣੀ ਦੀ ਇੱਕ ਤੁਕ “ਪੁੰਨੀ ਪਾਪੀ ਆਖਣੁ ਨਾਹਿ ॥  ਕਰਿ ਕਰਿ ਕਰਣਾ, ਲਿਖਿ ਲੈ ਜਾਹੁ ॥੨੦॥” (ਜਪੁ) ਦਾ ਮਤਲਬ ਪੁੱਛਿਆ ਸੀ, ਜਵਾਬ ਦੇਣ ਦੀ ਬਜਾਇ ਆਖਦੇ ਹੈਂ ਕਿ ਤੁਸੀਂ ਮੇਰਾ ਧਿਆਨ “24 ਘੰਟੇ ਇੱਕੋ ਸਵਾਲ : ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਫਿਕਸ ਕੀਤੀ ਤਰੀਖ 23 ਪੋਹ/ 5 ਜਨਵਰੀ ਨਹੀਂ” ਤੋਂ ਭਟਕਾ ਰਹੇ ਹੋ।

ਗਿਆਨੀ ਅਵਤਾਰ ਸਿੰਘ

ਚਿੱਠੀ ਨੰ: 38 (ਕੈਲੰਡਰ ਮਾਮਲੇ ਵਿਚ ਮਾਹਿਰਾਂ ਦੀ ਵਿਚਾਰ-ਚਰਚਾ ਵਿਚ ਅੜਿੱਕਾ ਨਾ ਬਣੀਏ)

0

ਕੈਲੰਡਰ ਮਾਮਲੇ ਵਿਚ ਮਾਹਿਰਾਂ ਦੀ ਵਿਚਾਰ-ਚਰਚਾ ਵਿਚ ਅੜਿੱਕਾ ਨਾ ਬਣੀਏ

ਸ. ਹਰਦੇਵ ਸਿੰਘ ਜੰਮੂ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਉਹ ਜਗਿਆਸੂ ਦੀ ਤਰ੍ਹਾਂ ਕੈਲੰਡਰ ਸਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਅਤੇ ਵਿਸ਼ੇ ਨਾਲ ਸਬੰਧਿਤ ਕੋਈ ਵਿਦਵਾਨ ਉਸ ਨਾਲ ਆਮ੍ਹਣੇ ਸਾਹਮਣੇ ਬੈਠ ਕੇ ਵੀਚਾਰ ਕਰਨ ਨੂੰ ਤਿਆਰ ਨਹੀਂ ਹੁੰਦਾ, ਜਦਕਿ ਵਿਸ਼ੇ ਦੇ ਜਾਣਕਾਰ ਸਮਝਦੇ ਹਨ ਕਿ ਉਹ ਕੈਲੰਡਰ ਸਬੰਧੀ ਗੱਲਬਾਤ ਵਿੱਚ ਉਹ ਬੰਦਾ ਹੀ ਸ਼ਾਮਲ ਹੋਣ ਦੇ ਯੋਗ ਹੈ ਜਿਸ ਨੂੰ ਕੈਲੰਡਰਾਂ ਦਾ ਭਰਪੂਰ ਗਿਆਨ ਹੋਵੇ। ਜੇ ਭਾਈ ਜੰਮੂ ਜੀ ਆਪਣੇ-ਆਪ ਨੂੰ ਕੈਲੰਡਰ ਵਿੱਦਿਆ ਦਾ ਗਿਆਤਾ ਸਮਝਦੇ ਹਨ ਤਾਂ ਉਹਨਾਂ ਨੂੰ ਵੀ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਦਾ ਹੱਕ ਹੈ। ਪਰ ਇਸ ਤੋਂ ਪਹਿਲਾਂ ਸ ਹਰਦੇਵ ਸਿੰਘ ਜੰਮੂ ਜੀ ਨੂੰ ਕੁੱਝ ਸਵਾਲਾਂ ਹਨ ਤਾਂ ਕਿ ਉਹਨਾਂ ਦਾ ਕੈਲੰਡਰ ਗਿਆਨ ਬਾਕੀ ਸਾਰੇ ਵਿਦਵਾਨ ਵੀ ਪਰਖ ਲੈਣ ਅਤੇ ਸ ਜੰਮੂ ਨੂੰ ਵਿਚਾਰ ਚਰਚਾ ਵਿਚ ਸ਼ਾਮਲ ਕਰ ਲੈਣ।

1. ਦੁਨੀਆਂ ਵਿੱਚ ਹੁਣ ਤੱਕ ਕਿੰਨੇ ਕਿਸਮ ਦੇ ਕੈਲੰਡਰ ਹੋਂਦ ਵਿੱਚ ਆਏ; ਉਹ ਕੈਲੰਡਰ ਕਿਹੜੇ ਕਿਹੜੇ ਨਿਯਮਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਅਤੇ ਉਨ੍ਹਾਂ ਵਿੱਚੋਂ ਕਿੰਨੇ ਕੈਲੰਡਰ ਇਸ ਸਮੇਂ ਕਿੱਥੇ ਕਿੱਥੇ (ਮੁਲਕ ਵਿੱਚ) ਪ੍ਰਚਿਲਤ ਹਨ ? ਇਸ ਸਮੇਂ ਉਹ ਕਿਹੜਾ ਕੈਲੰਡਰ ਹੈ ਜਿਹੜਾ ਦੁਨੀਆਂ ਦੇ ਲਗਭਗ ਹਰ ਹਿੱਸੇ ਵਿੱਚ ਆਮ ਲੋਕਾਂ ਅਤੇ ਸਰਕਾਰਾਂ ਵੱਲੋਂ ਅਪਣਾਇਆ ਹੋਇਆ ਹੈ।

2. ਭਾਰਤ ਵਿੱਚ ਗੁਰੂ ਕਾਲ ਦੇ ਸਮੇਂ ਕਿੰਨੇ ਕਿਸਮ ਦੇ ਕੈਲੰਡਰ ਪ੍ਰਚਿਲਤ ਸਨ ਅਤੇ ਅੱਜ ਕਿੰਨੇ ਕਿਸਮ ਦੇ ਪ੍ਰਚਿਲਤ ਹਨ ? ਕੀ ਇਨ੍ਹਾਂ ਪ੍ਰਚਲਿਤ ਕੈਲੰਡਰਾਂ ਵਿੱਚ ਕਦੇ ਕੋਈ ਸੋਧ ਵੀ ਹੋਈ ਹੈ ? ਜਿਨ੍ਹਾਂ ਕੈਲੰਡਰਾਂ ਵਿੱਚ ਸੋਧ ਹੋਈ ਹੈ, ਉਨ੍ਹਾਂ ਵਿੱਚ ਸੋਧ ਕਰਨ ਦੀ ਲੋੜ ਕਿਉਂ ਪਈ ਸੀ? ਕੀ ਅੱਜ ਵੀ ਕਿਸੇ ਪ੍ਰਚਲਿਤ ਕੈਲੰਡਰ ਵਿੱਚ ਸੋਧ ਕਰਨ ਦੀ ਲੋੜ ਹੈ ?

3. ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਭਾਰਤ ਵਿੱਚ ਪ੍ਰਚਿਲਤ ਵੱਖ ਵੱਖ (ਸਾਰੇ) ਕੈਲੰਡਰਾਂ ਦੀ ਕੀ ਕੀ ਤਰੀਖ ਸੀ ਅਤੇ ਉਨ੍ਹਾਂ ਸਭ ਕੈਲੰਡਰਾਂ ਦੀਆਂ ਤਰੀਖਾਂ ਹੁਣ ਤੱਕ ਕਿਹੜੇ ਕਿਹੜੇ ਸਾਲਾਂ ਵਿੱਚ ਮੁੜ ਇਕੱਠੀਆਂ ਆਈਆਂ ਸਨ ?

4. ਕੀ ਗੁਰਬਾਣੀ ਵਿੱਚ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਕੋਈ ਐਸਾ ਆਦੇਸ਼ ਦਿੱਤਾ ਹੈ ਜਿਸ ਵਿੱਚ ਇਹ ਸਪਸ਼ਟ ਹੁੰਦਾ ਹੋਵੇ ਕਿ

(i) ਸਿੱਖ ਇਤਿਹਾਸ ਦੇ ਅੱਧੇ ਕੁ ਦਿਹਾੜੇ ਸੂਰਜੀ ਕੈਲੰਡਰ ਮੁਤਾਬਕ ਅਤੇ ਅੱਧੇ ਕੁ ਚੰਦਰ ਕੈਲੰਡਰ ਮੁਤਾਬਕ ਮਨਾਏ ਜਾਣ । 

(ii) ਗੁਰਬਾਣੀ ਵਿੱਚ ਕਿਧਰੇ ਵੀ ਮਲ ਮਾਸ ਜਾਂ 13 ਮਹੀਨਿਆਂ ਵਾਲੇ ਸਾਲ ਦਾ ਜ਼ਿਕਰ ਕੀਤਾ ਮਿਲਦਾ ਹੈ ?  

(iii) ਅਗਰ ਉਕਤ ਦੋਵਾਂ ਸਵਾਲਾਂ ਦਾ ਜਵਾਬ ਨਹੀਂ ਹੈ ; ਤਾਂ ਕਿਸ ਆਧਾਰ ’ਤੇ ਦੋ ਪ੍ਰਣਾਲੀਆਂ ’ਤੇ ਅਧਾਰਤ ਮਿਲਗੋਭੇ ਕੈਲੰਡਰ ਨੂੰ ਲਾਗੂ ਰੱਖਣ ਦੀ ਜ਼ਿੱਦ ਕੀਤੀ ਜਾ ਰਹੀ ਹੈ ?

5. ਰਾਮ ਚੰਦਰ ਜੀ ਦੀ ਜਨਮ ਤਰੀਖ (ਰਾਮ ਨੌਮੀ) ਵੀ ਚੰਦਰਮਾਂ ਦੀ ਤਿੱਥ, ਰਾਵਣ ਉੱਤੇ ਜਿੱਤ ਪ੍ਰਾਪਤ ਕਰਨ ਦੀ ਤਰੀਖ (ਅੱਸੂ ਵਦੀ 10) ਵੀ ਚੰਦਰਮਾਂ ਦੀ ਤਿੱਥ ਅਤੇ ਲੰਕਾ ਜਿੱਤਣ ਉਪਰੰਤ ਵਾਪਸ ਅਯੁੱਧਿਆ ਪਹੁੰਚਣ ਦੀ ਤਰੀਖ (ਕੱਤਕ ਦੀ ਮੱਸਿਆ) ਵੀ ਚੰਦਰਮਾਂ ਦੀ ਤਿੱਥ ਭਾਵ ਸਾਰੀਆਂ ਘਟਨਾਵਾਂ ਚੰਦਰਮਾ ਤਿੱਥਾਂ ਨਾਲ ਸਬੰਧਿਤ ਹਨ;ਪਰ ਕੀ ਕਾਰਨ ਹੈ ਕਿ

(i) ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਤਰੀਖ (ਪੋਹ ਸੁਦੀ 7) ਚੰਦਰਮਾਂ ਦੀ ਤਿੱਥ ਜਦੋਂ ਕਿ ਉਨ੍ਹਾਂ ਵੱਲੋਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਦੀ ਤਰੀਖ (6 ਪੋਹ), ਪਰਿਵਾਰ ਵਿਛੋੜੇ ਦੀ ਤਰੀਖ 7 ਪੋਹ ਅਤੇ ਚਮਕੌਰ ਦੀ ਜੰਗ 8 ਪੋਹ ਆਦਿਕ ਸਾਰੀਆਂ ਹੀ ਤਿੱਥਾਂ ਸੂਰਜੀ ਮਹੀਨੇ ਨਾਲ ਇਤਿਹਾਸ ਵਿੱਚ ਦਰਜ ਹਨ ਅਤੇ ਉਸੇ ਮੁਤਾਬਕ ਸਾਰੇ ਦਿਹਾੜਿਆਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਹਨ।  ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ਕਰ ਖ਼ਾਲਸੇ ਦੀ ਸਾਜਨਾ ਅਤੇ ਇਸੇ ਸਥਾਨ ’ਤੇ ਹੋਲਾ ਮਹੱਲਾ ਖੇਡ੍ਹਣ ਦੀ ਰੀਤ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸ਼ੁਰੂ ਕੀਤੀ ਸੀ ਫਿਰ ਕੀ ਕਾਰਨ ਹੈ ਕਿ ਖ਼ਾਲਸਾ ਸਾਜਨਾ ਦਿਵਸ ਹਰ ਸਾਲ 1 ਵੈਸਾਖ (ਸੂਰਜੀ ਮਹੀਨੇ ਦੀ ਤਰੀਖ) ਨੂੰ ਮਨਾਇਆ ਜਾਂਦਾ ਹੈ ਅਤੇ ਹੋਲਾ ਮਹੱਲਾ (ਚੇਤ ਵਦੀ 1) ਚੰਦਰਮਾ ਦੇ ਮਹੀਨੇ ਦੀ ਤਿੱਥ ਨੂੰ ਮਨਾਉਣ ਦੀ ਜ਼ਿੱਦ ਕੀਤੀ ਜਾਂਦੀ ਹੈ ? ਇਹ ਹੋਲਾ ਮਹੱਲਾ ਵੀ ਸੂਰਜੀ ਮਹੀਨੇ ਦੀ ਤਰੀਖ (1 ਚੇਤ) ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ?

(ii) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਅਤੇ ਉਥੇ ਹੀ ਬੈਠ ਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਪਰ ਹੁਣ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚ ਅਕਾਲ ਤਖ਼ਤ ਦੀ ਸਿਰਜਣਾ ਤਾਂ ਸੂਰਜੀ ਮਹੀਨੇ ਦੀ ਤਰੀਖ (18 ਹਾੜ) ਹੈ, ਮੀਰੀ-ਪੀਰੀ ਦਿਵਸ (ਹਾੜ ਸੁਦੀ 10) ਚੰਦਰਮਾ ਮਹੀਨੇ ਦੀ ਤਿੱਥ ਹੈ ਅਤੇ ਬੰਦੀ ਛੋੜ ਦਿਵਸ (ਕੱਤਕ ਦੀ ਮੱਸਿਆ) ਵੀ ਚੰਦ੍ਰਮਾਂ ਦੀ ਤਿੱਥ, ਐਸਾ ਕਿਉਂ  ?  ਕੀ ਇਹ ਗ਼ਲਤ ਹੋਏਗਾ ਕਿ ਅਗਰ ਅਕਾਲ ਤਖ਼ਤ ਦੀ ਸਿਰਜਣਾ ਦੀ ਤਰੀਖ ਵਾਙ ਮੀਰੀ-ਪੀਰੀ ਦਿਵਸ ਅਤੇ ਬੰਦੀ ਛੋੜ ਦਿਵਸ ਵੀ ਸੂਰਜੀ ਮਹੀਨੇ ਮੁਤਾਬਕ ਕਰਮਵਾਰ 6 ਸਾਵਣ ਅਤੇ 1 ਫੱਗਣ ਮਨਾ ਲਿਆ ਜਾਏ ? ਇਸ ਤਰਾਂ ਕਿਹੜੇ ਇਤਿਹਾਸ ਜਾਂ ਗੁਰਮਤ ਦੇ ਕਿਸ ਸਿਧਾਂਤ ਵਿਚ ਵਿਗਾੜ ਪੈ ਸਕਦਾ ਹੈ ?

ਇਹ ਰੱਟ ਲਾਉਣੀ ਗਲਤ ਹੈ ਕਿ ਸ: ਪਾਲ ਸਿੰਘ ਪੁਰੇਵਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤੀਆਂ ਤਰੀਖਾਂ ਗ਼ਲਤ ਹਨ ਅਸੀਂ ਉਨ੍ਹਾਂ ਨਾਲ ਆਹਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹਾਂ ਜਾਂ ਉਸ ਦੀਆਂ ਸਾਰੀਆਂ ਤਰੀਖਾਂ ਨੂੰ ਗ਼ਲਤ ਸਾਬਤ ਕਰ ਕੇ ਵਿਖਾ ਸਕਦੇ ਹਾਂ ਉਹ ਪਹਿਲਾਂ ਉਕਤ ਪੁੱਛੇ ਗਏ ਸਧਾਰਨ ਜਿਹੇ ਸਵਾਲਾਂ ਦਾ ਸੰਖੇਪ ਵਿੱਚ ਜਵਾਬ ਦੇਣ ਤਾਂ ਜੋ ਸੰਗਤਾਂ ਇਨ੍ਹਾਂ ਦਾ ਆਈ.ਕਿਊ. ਚੈੱਕ ਕਰ ਲੈਣ ਅਤੇ ਉਸ ਪੱਧਰ ਮੁਤਾਬਕ ਅਧਿਆਪਕ ਪਾਸ ਭੇਜ ਕੇ ਇਨ੍ਹਾਂ ਦੇ ਕੈਲੰਡਰ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ ।

ਸਿਰਫ ਹਰਦੇਵ ਸਿੰਘ ਜੰਮੂ ਜੀ ਹੀ ਨਹੀਂ ਜੋ ਵਿਅਕਤੀ ਉਪਰੋਕਤ ਪੁੱਛੇ ਗਏ ਸਧਾਰਨ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ, ਕੀ ਉਹਨਾਂ ਨੂੰ ਸ: ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨ ਦੇ ਬਰਾਬਰ ਬਿਠਾ ਕੇ ਸਮਾਂ ਬਰਬਾਦ ਕੀਤਾ ਜਾ ਸਕਦਾ ਹੈ ? ਸ: ਪਾਲ ਸਿੰਘ ਪੁਰੇਵਾਲ 1999 ਅਤੇ 2003 ਵਿੱਚ ਅਕਾਲ ਤਖ਼ਤ ’ਤੇ 11 ਮੈਂਬਰੀ ਕਮੇਟੀ ਵਿੱਚ ਆਪਣੀਆਂ ਸਾਰੀਆਂ ਤਰੀਖਾਂ ਸਹੀ ਸਿੱਧ ਕਰ ਚੁੱਕੇ ਹਨ ਤਾਂ ਹੀ ਇਨ੍ਹਾਂ ਤਰੀਖਾਂ ਨੂੰ 11 ਮੈਂਬਰੀ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਅਤੇ ਸ਼੍ਰੀ ਅਕਾਲ ਤਖ਼ਤ ਵੱਲੋਂ ਪ੍ਰਵਾਨਗੀ ਮਿਲੀ ਹੋਈ ਸੀ।  ਜਿਸ ਮੰਚ ’ਤੇ ਇਨ੍ਹਾਂ ਤਰੀਖਾਂ ਨੂੰ ਪ੍ਰਵਾਨਗੀ ਮਿਲੀ ਸੀ ਜੇ ਉਨ੍ਹਾਂ ਵਿੱਚੋ ਕਿਸੇ ਨੂੰ ਸ਼ੱਕ ਹੈ ਤਾਂ ਦੁਬਾਰਾ ਉਸ ਤਰ੍ਹਾਂ ਦਾ ਮੰਚ ਕਾਇਮ ਕਰ ਸਕਦੇ ਹਨ ਜਿੱਥੇ ਸ: ਪਾਲ ਸਿੰਘ ਇਸ ਸ਼ੱਕ ਨੂੰ ਦੂਰ ਕਰ ਸਕਦੇ ਹਨ ਪਰ ਜੇ ਮੇਰੇ ਵਰਗਾ ਹਰ ਐਰਾ ਗੈਰਾ ਰੌਲਾ ਪਾਉਣਾ ਸ਼ੁਰੂ ਕਰ ਦੇਵੇ ਕਿ ਪਾਲ ਸਿੰਘ ਪੁਰੇਵਾਲ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ ਤਾਂ ਕੀ ਇਹ ਜ਼ਾਇਜ ਹੈ ?

ਜੇ ਅਸੀਂ ਸਭ ਵਾਕਿਆ ਹੀ ਕੈਲੰਡਰ ਮਸਲੇ ਨੂੰ ਹੱਲ ਕਰਨ ਲਈ ਸੁਹਿਰਦ ਹਾਂ ਤਾਂ ਵਿਦਵਾਨਾਂ ਨੂੰ ਇਸ ਤੇ ਬਹਿਸ ਕਰ ਲੈਣੀ ਚਾਹੀਦੀ ਹੈ। ਸਾਡੀ ਚੁੱਪ ਵੀ ਮਸਲੇ ਨੂੰ ਹੱਲ ਕਰਨ ਵਿਚ ਸਹਾਈ ਗਿਣੀ ਜਾਵੇਗੀ।

ਗੁਰਸੇਵਕ ਸਿੰਘ ਧੌਲ਼ਾ

ਮਿਤੀ 16.05.2018   

ਚਿੱਠੀ ਨੰ: 37 (ਕਿਰਪਾਲ ਸਿੰਘ ਬਠਿੰਡਾ ਵੱਲੋਂ ਹਰਦੇਵ ਸਿੰਘ ਜੰਮੂ ਨੂੰ ਪੱਤਰ)

0

ਸ: ਹਰਦੇਵ ਸਿੰਘ ਜੀ ਜੰਮੂ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਗੁਰੂ ਜੀ ਕੀ ਫ਼ਤਹਿ॥

ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਪੁਸਤਕ ਲਿਖੀ “ਗੁਰਪੁਰਬ ਦਰਪਣ”, ਇਹ ਕਿਤਾਬ ਛਪਣ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਸਿਰਫ ਦੋ ਹੀ ਕੈਲੰਡਰ ਜਾਰੀ ਕੀਤੇ ਹਨ ਨਾਨਕਸ਼ਾਹੀ ਸੰਮਤ 549 ਅਤੇ 550 ।  ਦੋਵਾਂ ਕੈਲੰਡਰਾਂ ਵਿੱਚ ਦਰਜ ਗੁਰਪੁਰਬਾਂ ਦੀਆਂ ਤਰੀਖਾਂ ਨੂੰ ਜਦੋਂ ਕਰਨਲ ਨਿਸ਼ਾਨ ਦੀ ਪੁਸਤਕ ਵਿੱਚ ਦਰਜ ਤਰੀਖਾਂ ਨਾਲ ਮਿਲਾ ਕੇ ਵੇਖਿਆ ਗਿਆ ਤਾਂ ਕੁਝ ਤਰੀਖਾਂ ਵਿੱਚ ਫਰਕ ਵੇਖਣ ਨੂੰ ਮਿਲਿਆ ਸੀ। ਹੁਣ ਇੱਕੋ ਘਟਨਾ ਦੀਆਂ ਦੋ ਤਰੀਖਾਂ ਤਾਂ ਸਹੀ ਨਹੀਂ ਹੋ ਸਕਦੀਆਂ, ਇਨ੍ਹਾਂ ਵਿੱਚੋਂ ਜਰੂਰ ਹੀ ਕਿਸੇ ਇੱਕ ਦੀਆਂ ਤਰੀਖਾਂ ਤਾਂ ਗਲਤ ਹੋਣਗੀਆਂ ਹੀ। ਇਸ ਲਈ ਉਸ ਤੋਂ ਪੁੱਛਿਆ ਗਿਆ ਸੀ ਕਿ ਕੈਲੰਡਰ ਦੇ ਮਾਹਰ ਹੋਣ ਦੇ ਨਾਤੇ ਦੱਸਿਆ ਜਾਵੇ ਕਿ ਕਿਸ ਦੀਆਂ ਤਰੀਖਾਂ ਗਲਤ ਹਨ। ਤੁਹਾਡੇ ਸਮਝਣ ਲਈ ਤਰੀਖਾਂ ਦੀ ਸੂਚੀ ਹੇਠਾਂ ਚਾਰਟ ਵਿੱਚ ਦਿੱਤੀ ਜਾ ਰਹੀ ਹੈ। ਤਕਰੀਬਨ 6 ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ; ਕਰਨਲ ਸਾਹਿਬ ਊਟ ਪਟਾਂਗ ਮਾਰੀ ਜਾ ਰਹੇ ਹਨ ਉਨ੍ਹਾਂ ਨੇ ਇੱਕ ਵੀ ਪੁੱਛੇ ਗਏ ਸਵਾਲ ਦਾ ਠੀਕ ਜਾਂ ਗਲਤ ਜਵਾਬ ਨਹੀਂ ਦਿੱਤਾ।

ਉਕਤ ਵੇਰਵਿਆਂ ਤੋਂ ਇਲਾਵਾ ਕਰਨਲ ਨਿਸ਼ਾਨ ਸਿੰਘ ਨੇ ਆਪਣੀ ਪੁਸਤਕ ਦੇ ਪੰਨਾ ਨੰ: 84 ਦੇ ਉੱਪਰ ਸਿਰਲੇਖ ਤਾਂ ਲਿਖਿਆ ਹੈ  ‘ਸੰਮਤ ਨਾਨਕਸ਼ਾਹੀ 549 ਵਿੱਚ ਆਉਣ ਵਾਲੇ ਪੁਰਬ’  ਪਰ 14 ਮਾਰਚ 2017 ਦੇ ਸਾਹਮਣੇ “ਚੇਤਿ ਗੋਵਿੰਦ ਅਰਾਧੀਐ ਹੋਵੈ ਅਨੰਦ ਘਨਾ॥’ ਭਾਵ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 548 ਦਰਜ ਕੀਤਾ ਗਿਆ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ 14 ਮਾਰਚ 2017 ਨੂੰ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 549 ਵਿਖਾਇਆ ਗਿਆ ਹੈ। ਇਸੇ ਪੰਨੇ ’ਤੇ ਗੁਰਗੱਦੀ ਪੁਰਬ ਸ਼੍ਰੀ ਗੁਰੂ ਹਰਿ ਰਾਇ ਮਹਾਰਾਜ ਜੀ ਦੇ ਸਾਹਮਣੇ ਚੇਤ ਵਦੀ 13 ਨਾਨਕਸ਼ਾਹੀ ਸੰਮਤ 548 ਮੰਗਲਵਾਰ ਤਰੀਖ 26.03.2017 ਲਿਖਿਆ ਹੋਇਆ ਹੈ। ਸਾਡਾ ਸਵਾਲ ਸੀ ਕਿ ਜੇ ਇਹ ਦੋਵੇਂ ਦਿਹਾੜੇ ਸੰਮਤ 548 ਦੇ ਹਨ ਤਾਂ ਇਨ੍ਹਾਂ ਨੂੰ ਸੰਮਤ 548 ਦੇ ਸਿਰਲੇਖ ਹੇਠ ਦਰਜ ਕਰਨਾ ਚਾਹੀਦਾ ਸੀ; ਇਹ ਸੰਮਤ 549 ਦੇ ਸਿਰਲੇਖ ਹੇਠ ਕਿਉਂ ਦਰਜ ਕੀਤੇ ਹਨ ?

ਬਿਲਕੁਲ ਇਸੇ ਤਰ੍ਹਾਂ ਪੰਨਾ ਨੰ: 85 ਦੇ ਉੱਪਰ ਸਿਰਲੇਖ ਤਾਂ ਲਿਖਿਆ ਹੈ  ‘ਸੰਮਤ ਨਾਨਕਸ਼ਾਹੀ 550 ਵਿੱਚ ਆਉਣ ਵਾਲੇ ਪੁਰਬ’  ਪਰ 14 ਮਾਰਚ 2018 ਦੇ ਸਾਹਮਣੇ “ਚੇਤਿ ਗੋਵਿੰਦ ਅਰਾਧੀਐ ਹੋਵੈ ਅਨੰਦ ਘਨਾ॥’ ਭਾਵ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 549 ਦਰਜ ਕੀਤਾ ਹੋਇਆ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ 14 ਮਾਰਚ 2018 ਨੂੰ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 550 ਵਿਖਾਇਆ ਗਿਆ ਹੈ। ਇਸੇ ਪੰਨੇ ’ਤੇ ਗੁਰਗੱਦੀ ਪੁਰਬ ਸ਼੍ਰੀ ਹਰਿ ਰਾਇ ਮਹਾਰਾਜ ਜੀ ਦੇ ਸਾਹਮਣੇ ਚੇਤ ਵਦੀ 13 ਨਾਨਕਸ਼ਾਹੀ ਸੰਮਤ 549 ਵੀਰਵਾਰ ਤਰੀਖ 15.03.2018 ਲਿਖਿਆ ਹੋਇਆ ਹੈ। ਸਾਡਾ ਸਵਾਲ ਸੀ ਕਿ ਜੇ ਇਹ ਦੋਵੇਂ ਦਿਹਾੜੇ ਸੰਮਤ 549 ਦੇ ਹਨ ਤਾਂ ਇਨ੍ਹਾਂ ਨੂੰ ਸੰਮਤ 549 ਦੇ ਸਿਰਲੇਖ ਹੇਠ ਦਰਜ ਕਰਨਾ ਚਾਹੀਦਾ ਸੀ; ਇਹ ਸੰਮਤ 550 ਦੇ ਸਿਰਲੇਖ ਹੇਠ ਕਿਉਂ ਦਰਜ ਕੀਤੇ ਗਏ ਹਨ ?

ਤੀਸਰਾ ਸਵਾਲ ਸੀ ਕਿ ਤੁਹਾਡੀਆਂ ਦੋਵਾਂ ਦੀਆਂ ਤਰੀਖਾਂ ਵਿੱਚ ਫਰਕ ਹੋਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਕਰਨਲ ਨਿਸ਼ਾਨ ਨੇ ਵੱਖਰੇ ਵੱਖਰੇ ਨਿਯਮਾਂ ਵਾਲੇ ਬਿਕ੍ਰਮੀ ਕੈਲੰਡਰਾਂ ਅਨੁਸਾਰ ਆਪਣੀਆਂ ਤਰੀਖਾਂ ਕੈਲਕੂਲੇਟ ਕੀਤੀਆਂ ਹੋਣ। ਜਿਵੇਂ ਕਿ ਇੱਕ ਨੇ ਦ੍ਰਿੱਕ ਗਣਿਤ ਅਤੇ ਦੂਸਰੇ ਨੇ ਸੂਰਜੀ ਸਿਧਾਂਤ ਅਪਣਾਇਆ ਹੋਵੇ। ਇੱਕ ਨੇ ਤਾਮਿਲਨਾਡੂ ਵਿੱਚ ਲਾਗੂ ਸਿਧਾਂਤ ਜਿਹੜਾ ਕਿ ਕੰਨੂਪਿਲੇ ਨੇ ਆਪਣੀ ਜੰਤਰੀ ਬਣਾਉਣ ਲਈ ਵਰਤਿਆ ਸੀ ਜਿਸ ਅਨੁਸਾਰ ਸਿੱਖ ਇਤਿਹਾਸ ਦੀਆਂ ਬਹੁਤੀਆਂ ਤਰੀਖਾਂ ਦਰਜ ਹਨ; ਨੂੰ ਅਪਣਾਇਆ ਹੋਵੇ ਤੇ ਦੂਸਰੇ ਨੇ ਉੱਤਰੀ ਭਾਰਤ ਵਿੱਚ ਲਾਗੂ ਨਿਯਮ ਨੂੰ ਅਪਣਾਇਆ ਹੋਵੇ? ਕਰਨਲ ਸਾਹਿਬ ਇਸ਼ ਭੇਦ ਨੂੰ ਵੀ ਗੁਪਤ ਹੀ ਰੱਖ ਰਹੇ ਹਨ; ਕਾਰਨ ਉਹੀ ਦੱਸ ਸਕਦੇ ਹਨ।

ਚੌਥਾ ਸਵਾਲ ਸੀ ਕਿ ਕਰਨਲ ਸਾਹਿਬ ਸਿੱਖਾਂ ਲਈ ਸ਼ੁੱਧ ਚੰਦਰ ਕੈਲੰਡਰ, ਸ਼ੁੱਧ ਰਜੀ ਕੈਲੰਡਰ ਜਾਂ ਚੰਦਰ-ਸੂਰਜੀ (ਭਾਵ ਮਿਲਗੋਭਾ ਬਿਕ੍ਰਮੀ) ਕੈਲੰਡਰਾਂ ਵਿੱਚੋਂ ਕਿਸ ਕੈਲੰਡਰ ਨੂੰ ਵੱਧ ਢੁੱਕਵਾਂ ਸਮਝਦੇ ਹਨ; ਅਤੇ ਕਿਉਂ ?

ਪੰਜਵਾਂ ਸਵਾਲ ਸੀ ਕਿ ਗੁਰਬਾਣੀ ਵਿੱਚੋਂ ਕੋਈ ਐਸਾ ਸੰਕੇਤ ਮਿਲਦਾ ਹੈ ਜਿਸ ਦੇ ਇਹ ਅਰਥ ਨਿਕਲਦੇ ਹੋਣ ਕਿ ਸਾਰੇ ਗੁਰਪੁਰਬ ਤੇ ਕੁਝ ਦਿਹਾੜੇ ਜਿਵੇਂ ਹੋਲਾ ਮਹੱਲਾ, ਮੀਰੀ-ਪੀਰੀ ਦਿਵਸ ਅਤੇ ਬੰਦੀ ਛੋੜ ਦਿਵਸ ਚੰਦਰ ਮਹੀਨੇ ਦੀਆਂ ਤਿੱਥਾਂ ਮੁਤਾਬਿਕ ਮਨਾਏ ਜਾਣ ਅਤੇ ਬਾਕੀ ਦੇ ਸਾਰੇ ਇਤਿਹਾਸ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮਨਾਏ ਜਾਣ। ਜੇ ਗੁਰਬਾਣੀ ਵਿੱਚ ਐਸਾ ਕੋਈ ਸੰਕੇਤ ਨਹੀਂ ਮਿਲਦਾ ਤਾਂ ਕੈਲੰਡਰ ਦੇ ਮਾਮਲੇ ਵਿੱਚ ਸਿੱਖ ਕੌਮ ਦੀਆਂ ਦੋ ਬੇੜੀਆਂ ਵਿੱਚ ਰਖਵਾ ਕੇ ਇਸ ਨੂੰ ਡੋਬਣ ਦੀ ਸਿਰਤੋੜ ਯਤਨ ਕਿਉਂ ਕੀਤੇ ਜਾ ਰਹੇ ਹਨ ਤੇ ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ?

ਐਨੇ ਸਾਧਾਰਨ ਸਵਾਲਾਂ ਦਾ ਕਰਨਲ ਨਿਸ਼ਾਨ ਡੇੜ ਮਹੀਨੇ ਵਿੱਚ ਵੀ ਲਿਖਤੀ ਜਵਾਬ ਨਹੀਂ ਦੇ ਸਕਿਆ ਤਾਂ ਉਹ ਸਾਨੂੰ ਆਪਣੇ ਘਰ ਬੁਲਾ ਕੇ ਸਾਡੇ ਕੰਨ ਵਿੱਚ ਕਿਹੜੀ ਫੂਕ ਮਾਰ ਕੇ ਸਵਾਲਾਂ ਨੂੰ ਰਫਾ ਦਫਾ ਕਰਨਾ ਚਾਹੁੰਦਾ ਹੈ ? ਜਿਹੜਾ ਵਿਦਵਾਨ ਪੁਸਤਕਾਂ ਛਪਵਾ ਕੇ ਵੰਡ ਰਿਹਾ ਹੋਵੇ ਅਤੇ  24 ਨਵੰਬਰ 2017 ਨੂੰ ਅਕਾਲ ਤਖ਼ਤ ਦੇ ਸਕੱਤਰੇਤ (ਬੰਦ ਕਮਰੇ) ਵਿੱਚ ਪੰਜ ਸਿੰਘ ਸਾਹਿਬਾਨ ਦੀ ਹੋ ਰਹੀ ਮੀਟਿੰਗ ਵਿੱਚ ਬਿਨਾਂ ਸੱਦਿਆਂ-ਬੁਲਾਇਆਂ ਪਹੁੰਚ ਕੇ ਉਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਫ਼ੈਸਲਾ ਉਲਟਾਉਣ ਦੀ ਸਮਰੱਥਾ ਰੱਖਦਾ ਹੋਵੇ ਕੀ ਉਸ ਦਾ ਇਖਲਾਕੀ ਫ਼ਰਜ ਨਹੀਂ ਬਣਦਾ ਕਿ ਉਹ ਆਪਣੀ ਪੁਸਤਕ ਵਿੱਚ ਦਰਜ ਤਰੀਖਾਂ ਸਬੰਧੀ ਪੁੱਛੇ ਗਏ ਕਿਸੇ ਵੀ ਸਵਾਲ ਦਾ ਲਿਖਤੀ ਰੂਪ ਵਿੱਚ ਜਵਾਬ ਦੇਵੇ ?  ਹਾਂ ਜੇ ਪੁਸਤਕ ਲਿਖਦੇ ਲਿਖਦੇ ਉਹ ਜਿਆਦਾ ਹੀ ਬਜੁਰਗ ਹੋ ਗਏ ਹਨ ਤੇ ਇਸ ਅਵਸਥਾ ਵਿੱਚ ਸਾਡੇ ਸਵਾਲਾਂ ਦਾ ਜਵਾਬ ਲਿਖਣਾ ਉਨ੍ਹਾਂ ਦੇ ਬੱਸੋਂ ਬਾਹਰ ਹੋ ਗਿਆ ਹੈ ਤਾਂ ਜਿਹੜੇ ਸਿੰਘ ਸਾਹਿਬ ਉਨ੍ਹਾਂ ਨੂੰ ਬਿਨਾਂ ਸੱਦੇ ਤੋਂ ਅਤੇ ਬਿਨਾਂ ਪ੍ਰਵਾਨਗੀ ਦੇ ਹੀ ਆਪਣੀ ਮੀਟਿੰਗ ਵਿੱਚ ਆਉਣ ਦੀ ਇਜਾਜਤ ਅਤੇ ਉਸ ਤੋਂ ਪ੍ਰਭਾਵਤ ਹੋ ਕੇ ਆਪਣਾ ਫੈਸਲਾ ਬਦਲ ਸਕਦੇ ਹਨ; ਤਾਂ ਕੀ ਉਨ੍ਹਾਂ ਜਥੇਦਾਰਾਂ ਨੂੰ ਉਹ ਅਕਾਲ ਤਖ਼ਤ ’ਤੇ ਸਰਬ ਸਾਂਝੀ ਮੀਟਿੰਗ ਬੁਲਵਾਉਣ ਲਈ ਨਹੀਂ ਮੰਨਵਾ ਸਕਦਾ ? ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੇਰੀ ਫ਼ੋਨ ’ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਨਿਸ਼ਾਨ ਸਾਹਿਬ ਉਨ੍ਹਾਂ ਨੂੰ ਮਿਲੇ ਸੀ ਅਤੇ ਪ੍ਰਸਤਾਵ ਰੱਖਿਆ ਸੀ ਕਿ ਸ: ਪਾਲ ਸਿੰਘ ਪੁਰੇਵਾਲ ਨਾਲ ਉਨ੍ਹਾਂ ਦੀ ਡਿਸਕਸ਼ਨ ਕਰਵਾਈ ਜਾਵੇ। ਉਸ ਸਮੇਂ ਮੈਂ ਵੀ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਦੋਵੇਂ ਧਿਰਾਂ ਦੇ ਵਿਦਵਾਨਾਂ ਦੀ ਅਕਾਲ ਤਖ਼ਤ ’ਤੇ ਮੀਟਿੰਗ ਕਰਵਾਈ ਜਾਵੇ ਤੇ ਉਸ ਦੀ ਕਾਰਵਾਈ ਨੂੰ ਟੈਲੀਵਿਜ਼ਨ ਚੈੱਨਲਾਂ ’ਤੇ ਲਾਈਵ ਟੈਲੀਕਾਸਟ ਕਰਨ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸੰਗਤਾਂ ਵੀ ਇਸ ਵਿਸ਼ੇ ਦੇ ਦੋਵੇਂ ਪੱਖ ਜਾਣਨਾ ਚਾਹੁੰਦੀਆਂ ਹਨ। ਉਸ ਗੱਲਬਾਤ ਦੌਰਾਨ ਪ੍ਰਧਾਨ ਲੌਂਗੋਵਾਲ ਨੇ ਵਾਅਦਾ ਕੀਤਾ ਸੀ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਇਸ ਵਿਸ਼ੇ ਦੇ ਨਿਪਟਾਰੇ ਲਈ ਕਹਿਣਗੇ ਤਾਂ ਜੋ ਜਲਦੀ ਵਿਦਵਾਨਾਂ ਦੀ ਮੀਟਿੰਗ ਸੱਦੀ ਜਾਵੇ।

ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਿਨ੍ਹਾਂ ਸਵਾਲਾਂ ਦੇ ਜਵਾਬ ਪੁਸਤਕ ਦਾ ਵਿਦਵਾਨ ਲੇਖਕ (ਕਰਨਲ ਨਿਸ਼ਾਨ) ਦੇਣ ਤੋਂ ਅਸਮਰਥ ਜਾਪਦਾ ਹੈ ਉਨ੍ਹਾਂ ਦੇ ਜਵਾਬ ਦੇਣ ਲਈ ਉਸ ਵਿਦਵਾਨ ਤੋਂ ਅਧੂਰਾ ਅਤੇ ਉਧਾਰਾ ਗਿਆਨ ਲੈਣ ਵਾਲਾ ਸ: ਹਰਦੇਵ ਸਿੰਘ ਜੰਮੂ ਥਾਪੀਆਂ ਮਾਰ ਮਾਰ ਕੇ ਅਖਾੜੇ ਵਿੱਚ ਉੱਤਰ ਜਾਣ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ? ਆਪਣੇ ਈਮੇਲ ਗਰੁੱਪ ਦੇ ਦੋਸਤ ਪਾਠਕਾਂ ਨੂੰ ਉਸ ਵੱਲੋਂ ਇਹ ਅਪੀਲ ਕੀਤੀ ਜਾਣੀ: “ਇਸ ਪੱਤਰ ਦੇ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਉਹ ਕਿਰਪਾਲ ਸਿੰਘ ਜੀ ਨੂੰ ਮਿਲ ਬੈਠ ਕੇ ਗੱਲਬਾਤ ਕਰਨ ਲਈ ਰਾਜ਼ੀ ਕਰਵਾਉਣ” ਆਦਿ ਸ਼ਬਦ ਤਾਂ ਹੋਰ ਵੀ ਹੈਰਾਨੀ ਜਨਕ ਲਗਦੇ ਹਨ ।

ਪਾਠਕ ਜਨ ਵੀਚਾਰ ਕਰ ਕੇ ਦੱਸਣ ਕਿ ਪੁਸਤਕ ਵਿੱਚ ਦਰਜ ਵੇਰਵੇ ਲਈ ਜਵਾਬਦੇਹ ਨਿਸ਼ਾਨ ਸਾਹਿਬ ਹੈ ਜਾਂ ਨਹੀਂ ? ਅਤੇ ਪੁਸਤਕ ਸਬੰਧੀ ਜਵਾਬ ਦੇਣ ਲਈ ਲੇਖਕ ਦੀ ਬਜਾਇ ਹਰਦੇਵ ਸਿੰਘ ਨਾਲ ਮਿਲ ਬੈਠ ਕੇ ਵੀਚਾਰ ਚਰਚਾ ਕਰਨ ਨਾਲ ਕੀ ਮਸਲਾ ਹੱਲ ਹੋ ਸਕਦਾ ਹੈ ?  ਹਾਂ ਜੇ ਹਰਦੇਵ ਸਿੰਘ ਸਮਝਦੇ ਹਨ ਕਿ ਉਹ ਕਰਨਲ ਨਿਸ਼ਾਨ ਤੋਂ ਵੀ ਵੱਡੇ ਵਿਦਵਾਨ ਹਨ ਕਿਉਂਕਿ ਹੋ ਸਕਦਾ ਹੈ ਕਿ ਕਿਤਾਬ ਲਿਖਵਾਉਣ ਵਿਚ ਇਨਾਂ ਪਾਸੋਂ ਮਦਦ ਲਈ ਹੋਵੇ ਤਾਂ ਉਹ ਪਹਿਲਾਂ ਕਰਨਲ ਸਾਹਿਬ ਤੋਂ ਸਪੱਸ਼ਟ ਕਰਵਾਉਣ ਕਿ ਹਰਦੇਵ ਸਿੰਘ ਦੀ ਹਮਾਇਤ ਨਾਲ ਕਿਤਾਬ “ਗੁਰਪੁਰਬ ਦਰਪਣ” ਲਿਖੀ ਗਈ ਹੈ ਇਸ ਲਈ ਅਗਰ ਉਹ ਸਹਿਮਤ ਹੋ ਜਾਣ ਤਾਂ ਮੈਂ ਖੁਦ ਵੀ ਸੰਤੁਸ਼ਟ ਹੋ ਜਾਵਾਂਗਾ ਅਤੇ ਇੱਕ ਲੱਖ ਦਾ ਇਨਾਮ ਵੰਡ ਦੇਵਾਂਗਾ ਤਾਂ ਅਸੀਂ ਹਰਦੇਵ ਸਿੰਘ ਨਾਲ ਵੀਚਾਰ ਕਰਨ ਲਈ ਤਿਆਰ ਹਾਂ ਪਰ ਵੀਚਾਰ ਚਰਚਾ ਲਿਖਤੀ ਰੂਪ ਵਿੱਚ ਹੋਵੇਗੀ। ਪਰ ਚੰਗਾ ਇਹੀ ਹੋਵੇਗਾ ਕਿ ਮੈਨੂੰ (ਕਿਰਪਾਲ ਸਿੰਘ) ਅਤੇ ਹਰਦੇਵ ਸਿੰਘ ਜੰਮੂ ਦੀ ਵੀਚਾਰ ਚਰਚਾ ਕਰਵਾਉਣ ਨਾਲੋਂ (ਕਿਉਂਕਿ ਸਾਡੇ ਮਿਲ ਬੈਠਣ ਵਿੱਚ ਕੈਲੰਡਰ ਵਿਵਾਦ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ) ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਅਕਾਲ ਤਖ਼ਤ ’ਤੇ ਜੋਰ ਪਾਉਣ ਕਿ ਉਹ ਪੰਥਕ ਮੰਚ ’ਤੇ ਸਰਬ ਸਾਂਝੀ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਲੱਭਣ, ਜਿੱਥੇ ਹਰਦੇਵ ਸਿੰਘ ਜੰਮੂ ਵੀ ਆਪਣਾ ਬਣਦਾ ਰੋਲ ਅਦਾ ਕਰ ਸਕਦਾ ਹੈ।

ਕਿਰਪਾਲ ਸਿੰਘ ਬਠਿੰਡਾ ਮਿਤੀ 05.11.2018

ਚਿੱਠੀ ਨੰ: 36 (ਹਰਦੇਵ ਸਿੰਘ, ਜੰਮੂ ਵੱਲੋਂ ਕਿਰਪਾਲ ਸਿੰਘ ਬਠਿੰਡਾ ਨੂੰ ਪੱਤਰ)

0

ਸਤਿਕਾਰਤ ਕਿਰਪਾਲ ਸਿੰਘ ਬਠਿੰਡਾ ਜੀਉ,

ਮੇਰੇ ਵਿਚਾਰ ਅਨੁਸਾਰ ਆਪ ਜੀ ਨੂੰ ਸਮਝ ਲੇਣਾ ਚਾਹੀਦਾ ਹੈ ਕਿ ਮਸਲੇ ਦੇ ਪੰਥਕ ਹਲ ਲਈ ਮੈਂ ਵੀ ਯਤਨ ਕੀਤੇ ਹੋਏ ਹਨ ਅਤੇ ਇਹ ਮੰਗ ਮੇਰੀ ਹੀ ਸੀ ਕਿ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਰੇਵਾਲ ਜੀ ਵੀ ਨੂੰ ਖ਼ੁਦ ਆਪਣੀਆਂ ਫਿਕਸ ਕੀਤੀ ਤਾਰੀਖਾਂ ਦੀ ਜਾਂਚ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਸਭ ਕਿਦੋਂ ਹੋਵੇਗਾ ਇਸ ਦਾ ਤਾਂ ਪਤਾ ਨਹੀਂ ਪਰ ਆਪ ਜੀ ਤਾਂ ਗਲਬਾਤ ਲਈ ਰਾਜ਼ੀ ਹੋਵੇ !
ਆਪ ਜੀ ਕਰਨਲ ਨਿਸ਼ਾਨ ਜੀ ਨਾਲ ਗਲਬਾਤ ਕਰ ਸਕਦੇ ਹੋ ਤਾਂ ਇਸ ਵਿਸ਼ੇ ਬਾਰੇ ਆਪਣੇ ਨਾਲ ਗਲਬਾਤ ਲਈ ਆਪ ਜੀ ਮੈਨੂੰ ਮੌਕਾ ਕਿਉਂ ਨਹੀਂ ਦੇ ਰਹੇ ?
ਆਪ ਜੀ ਰਾਜ਼ੀ ਹੋਵੇ ਤਾਂ ਮੈਂ ਆਪ ਜੀ ਦੇ ਪਾਸ ਪੰਜਾਬ ਆ ਜਾਂਦਾ ਹਾਂ। ਮੈਂ ਪੁਰੇਵਾਲ ਜੀ ਵਲੋਂ ਮਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਬਾਰੇ ਵੀ ਆਪ ਜੀ ਦੇ ਨਾਲ ਗਲਬਾਤ ਕਰਨਾ ਚਾਹੁੰਦਾ ਹਾਂ। ਸਰਬਜੀਤ ਜੀ ਤਾਂ ਵਿਦੇਸ਼ ਸਨ ਇਨਕਾਰੀ ਹੋ ਗਏ। ਆਪ ਜੀ ਕਿਉਂ ਕਤਰਾ ਰਹੇ ਹੋ ?
ਕਲੈਂਡਰ ਬਾਰੇ ਆਮ ਬੰਦੇ ਦੇ ਪੜਨ ਵਾਸਤੇ ਲੇਖ ਲਿਖਦੇ ਹੋ, ਭਾਸ਼ਣ ਆਮ ਬੰਦੇ ਨੂੰ ਦਿੱਤੇ ਜਾਂਦੇ ਹਨ ਪਰ ਜਿਸ ਵੇਲੇ, ਮੇਰੇ ਵਰਗਾ ਕੋਈ ਆਮ ਬੰਦਾ ਇਸ ਵਿਸ਼ੇ ਬਾਰੇ ਗਲਬਾਤ ਕਰਨਾ ਚਾਹੁੰਦਾ ਹੈ ਤਾਂ ਤੁਸੀ ਇਨਕਾਰੀ ਕਿਉਂ ਹੋ ਜਾਂਦੇ ਹੋ ?
ਕਿਰਪਾਲ ਸਿੰਘ ਜੀ ਤੁਸੀ ਚੰਗੀ ਤਰਾਂ ਜਾਣਦੇ ਹੋ ਕਿ ਮੈਂ ਫ਼ਿਜੂਲ ਦੀ ਵਿਚਾਰ ਕਰਨ ਵਾਲਿਆਂ ਵਿਚੋਂ ਨਹੀਂ ਅਤੇ ਇਹੀ ਆਪ ਜੀ ਦੀ ਵੱਡੀ ਸਮੱਸਿਆ ਹੈ। ਮੈਂ ਕਰਨਲ ਨਿਸ਼ਾਨ, ਉਦੋਕੇ ਜੀ ਸਮੇਤ ਕਈਂ ਸੱਜਣਾਂ ਨਾਲ ਗਲਬਾਤ ਕੀਤੀ ਹੈ ਅਤੇ ਸਭ ਤੋਂ ਕੁੱਝ ਨਾ ਕੁੱਝ ਸਿੱਖਿਆ ਹੈ। ਥੋੜਾ ਹੋਰ ਗਿਆਨ ਆਪ ਜੀ ਤੋਂ ਵੀ ਹਾਸਲ ਕਰ ਲਵਾਂਗਾ, ਨਾਲੇ ਸਰੋਤੇ ਵੀ ਜਾਣਕਾਰੀ ਹਾਸਲ ਕਰਨਗੇ। ਇਸ ਲਈ ਆਪ ਜੀ ਮਿਲ ਬੈਠ ਕੇ ਗਲਬਾਤ ਕਰਨ ਤੋਂ ਗ਼ੁਰੇਜ਼ ਨਾ ਕਰੋ ਅਤੇ ਬੇਨਤੀ ਹੈ ਇਹ ਦੱਸੇ ਕਿ ਦੱਸੋ ਕਿਸ ਦਿਨ ਗਲਬਾਤ ਲਈ ਬੈਠੀਏ?

ਹਰਦੇਵ ਸਿੰਘ, ਜੰਮੂ-੧੦.੦੮.੨੦੧੮

ਨੋਟ: ਇਸ ਪੱਤਰ ਦੇ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਉਹ ਕਿਰਪਾਲ ਸਿੰਘ ਜੀ ਨੂੰ ਮਿਲ ਬੈਠ ਕੇ ਗਲਬਾਤ ਕਰਨ ਲਈ ਰਾਜ਼ੀ ਕਰਵਾਉਣ !

ਸੰਪਾਦਕੀ ਨੋਟ : ਇਸ ਲੇਖ ਵਿਚ ਉਕਤ ਲਾਲ ਕੀਤੇ ਗਏ ਅਜੋਕੀ ਪੰਜਾਬੀ ਦੇ ਸ਼ਬਦ ਅਸ਼ੁੱਧ ਹਨ ਅਤੇ ਮਹੀਨਾ ਵੀ ਲੇਖਕ ਅਨੁਸਾਰ ਅੱਜ ਮਈ ਦੀ ਬਜਾਇ ਅਗਸਤ (10-08-2018) ਚੱਲ ਰਿਹਾ ਹੈ, ਮੈਨੂੰ ਅਜਿਹੀ ਸੋਚ ਉਤੇ ਤਰਸ ਆ ਰਿਹਾ ਹੈ ਕਿ ਜਿਨਾਂ ਨੇ ਪੰਜਾਬੀ ਸਿਖਣੀ ਸੀ ਉਹ ਵੀ ਮੰਚ ਮਹੱਈਆ ਕਰਵਾਉਣ ਲਈ ਬੇਨਤੀਆਂ ਕਰ ਰਹੇ ਹਨ।

ਗਿਆਨੀ ਅਵਤਾਰ ਸਿੰਘ

Most Viewed Posts