ਸਿੱਖੀ ਦਾ ਰਾਹ

0
280

ਸਿੱਖੀ ਦਾ ਰਾਹ  

ਜਸਵੰਤ ਸਿੰਘ ਕਾਲਾ ਅਫਗਾਨਾ 

ਸ਼ਹਾਦਤ ਅਤੇ ਸੇਵਾ – ਸੇਵਾ ਉਸ ਨੂੰ ਆਖਿਆ ਜਾਂਦਾ ਹੈ, ਜਿਸ ਵਿੱਚ ਦੂਸਰਿਆਂ ਦਾ ਭਲਾ ਹੁੰਦਾ ਹੋਵੇ ਤੇ ਆਪਣਾ ਕੋਈ ਸੁਆਰਥ ਵੀ ਨਾ ਹੋਵੇ। ਇਸ ਲਈ ਜਿਸ ਕੰਮ ਦੇ ਬਦਲੇ ਵਿੱਚ ਕੋਈ ਆਪਣਾ ਸੁਆਰਥ ਜਾ ਕੋਈ ਲਾਲਚ ਛੁਪਿਆ ਹੋਵੇ, ਉਹ ਸੇਵਾ ਨਹੀਂ, ਵਪਾਰ ਹੁੰਦਾ ਹੈ, ਜਿਵੇਂ ਕਿ ਕਈ ਰਾਜਨੀਤਕ ਲੋਕ ਫੋਟੋਆਂ ਖਿੱਚਵਾਉਣ ਲਈ ਦੋ ਮਿੰਟ ਲਈ ਝਾੜੂ ਫੜ ਕੇ ਫੇਰਨ ਲੱਗ ਪਏ ਜਾਂ ਚਾਹ ਦੀ ਕੇਤਲੀ ਫੜ ਕੇ ਦੋ ਚਾਰ ਲੋਕਾਂ ਵਿੱਚ ਚਾਹ ਵਰਤਾ ਦਿੱਤੀ, ਇਹ ਸੇਵਾ ਨਹੀਂ ਹੈ।  ਸੇਵਾ ਕੀਤੀ ਸੀ ਭਾਈ ਕਨੱਈਆ ਜੀ ਨੇ ਬਿਨਾਂ ਕਿਸੇ ਮੇਰ-ਤੇਰ ਦੇ।

ਇਸ ਪ੍ਰਕਾਰ ਹੀ ਸ਼ਹਾਦਤ ਵੀ ਉਸ ਨੂੰ ਆਖਿਆ ਜਾਂਦਾ ਹੈ, ਜਿਸ ਵਿੱਚ ਸ਼ਹਾਦਤ ਦੇਣ ਵਾਲੇ ਦੀ, ਨਾ ਤਾਂ ਕੋਈ ਦੁਸ਼ਮਣੀ ਹੋਵੇ, ਨਾ ਹੀ ਕੋਈ ਅਪਰਾਧ ਅਤੇ ਨਾ ਹੀ ਕੋਈ ਲਾਲਚ ਅਤੇ ਨਾ ਹੀ ਕੋਈ ਮੌਤ ਦਾ ਡਰ।  ਇਹ ਗੱਲਾਂ ਸਿੱਖ ਗੁਰੂ ਸਾਹਿਬਾਨ ਦੀ ਸ਼ਹੀਦੀ ਤੋਂ ਵੇਖੀਆਂ ਜਾ ਸਕਦੀਆਂ ਹਨ। ਸਿੱਖ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਇੱਕ ਨੇਕ ਇਨਸਾਨ ਬਣਾਉਣ ਲਈ ਲੋੜ ਪੈਣ ’ਤੇ ਸ਼ਹੀਦੀਆਂ ਵੀ ਦਿੱਤੀਆਂ ਅਤੇ ਸੇਵਾਵਾਂ ਵੀ ਨਿਭਾਈਆਂ, ਜੋ ਕਿ ਪੰਥ ਖਾਲਸਾ ਅੱਜ ਤੱਕ ਇਹ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ।

ਜੇ ਗੱਲ ਕਰੀਏ ਲੰਗਰ ਪਾਣੀ ਦੀ ਤਾਂ ਖਾਲਸਾ ਪੰਥ ਉਸ ਤੋਂ ਵੀ ਕਦੇ ਪਿੱਛੇ ਨਹੀਂ ਹਟਿਆ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੜ੍ਹ ਆ ਜਾਵੇ ਜਾਂ ਹੋਰ ਕਿਸੇ ਕਿਸਮ ਦੀ ਕਰੋਪੀ ਆ ਜਾਵੇ ।  ਸਿੱਖ ਕੌਮ ਲੋੜਵੰਦਾਂ ਦੀ ਜ਼ਰੂਰਤ ਨੂੰ ਵੇਖਦਿਆਂ ਹੋਇਆ ਰੋਟੀ, ਕੱਪੜਾ, ਮਕਾਨ ਅਤੇ ਦਵਾਈਆਂ ਆਦਿ ਵਿੱਚ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਉਣਾ ਆਪਣਾ ਫ਼ਰਜ਼ ਸਮਝਦੀ ਹੈ। ਇਹ ਸਿੱਖੀ ਦਾ ਗੌਰਵਮਈ ਇਤਿਹਾਸ ਹੈ, ਜੋ ਅਨਮਤੀਆਂ ਭਾਵ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ । ਜਿੱਥੇ ਸਿੱਖਾਂ ਦੇ ਅੰਦਰ ਇਹ ਉਤਸ਼ਾਹ ਠਾਠਾਂ ਮਾਰਦਾ ਹੈ, ਦੇਖਿਆ ਜਾਵੇ ਤਾਂ ਕਿਤੇ ਕਿਤੇ ਅਗਿਆਨਤਾ ਵੀ ਨਜ਼ਰ ਆ ਜਾਂਦੀ ਹੈ, ਜਿਵੇਂ ਕਿ ਭੋਜਨ ਦੀ ਜ਼ਰੂਰਤ ਭੁੱਖੇ ਇਨਸਾਨ ਨੂੰ ਹੈ, ਪਾਣੀ ਦੀ ਜ਼ਰੂਰਤ ਪਿਆਸੇ ਨੂੰ ਹੈ, ਦਵਾਈਆਂ ਦੀ ਜ਼ਰੂਰਤ ਬੀਮਾਰਾਂ ਨੂੰ ਹੈ ਆਦਿ । 

ਪਹਿਲਾਂ ਲੋਕ ਸਫ਼ਰ ਪੈਦਲ ਜਾਂ ਗੱਡਿਆਂ ਆਦਿ ’ਤੇ ਕਰਿਆ ਕਰਦੇ ਸਨ।  ਕਈ ਵਾਰੀ ਸਾਰਾ ਦਿਨ ਲੰਗਰ ਪਾਣੀ ਵੀ ਨਸੀਬ ਨਹੀਂ ਸੀ ਹੁੰਦਾ। ਸਮਝਦਾਰ ਵਿਅਕਤੀ ਉਹਨਾਂ ਦੀ ਜ਼ਰੂਰਤ ਨੂੰ ਵੇਖਦਿਆਂ ਹੋਇਆ ਪੁੰਨ ਦਾ ਕੰਮ ਸਮਝ ਕੇ ਰਸਤਿਆਂ ਵਿੱਚ ਪਾਣੀ ਦੇ ਘੜੇ ਰਖਵਾ ਦੇਣੇ, ਮੁਸਾਫਰ ਨੂੰ ਅਵਾਜ਼ ਮਾਰ ਕੇ ਲੰਗਰ ਛਕਾ ਦੇਣਾ, ਮੇਲਿਆਂ ਅਤੇ ਪੈਦਲ ਜਾਣ ਵਾਲੀਆਂ ਸੰਗਤਾਂ ਲਈ ਰਸਤਿਆਂ ਵਿੱਚ ਲੰਗਰ, ਪਾਣੀ ਦੀ ਸੇਵਾ ਸ਼ੁਰੂ ਕਰ ਦੇਣੀ ਆਦਿ, ਲੋਕ ਇਸ ਨੂੰ ਪੁੰਨ ਦਾ ਕੰਮ ਸਮਝਦੇ ਸਨ।  ਬੇਨਤੀ ਹੈ ਕਿ ਉਸ ਸਮੇਂ ਇਸ ਦੀ ਜ਼ਰੂਰਤ ਸੀ ਅਤੇ ਇਹ ਸਭਨਾਂ ਨੂੰ ਚੰਗਾ ਵੀ ਲੱਗਦਾ ਸੀ, ਪਰ ਹੁਣ ਸਮਾਂ ਬਦਲ ਗਿਆ ਹੈ, ਹੁਣ ਇਸ ਤਰ੍ਹਾਂ ਕਰਨ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ । ਲੋਕ; ਬੱਸਾਂ, ਕਾਰਾਂ ਆਦਿ ’ਤੇ ਸਫ਼ਰ ਕਰਦੇ ਹਨ, ਹਰੇਕ ਵਿਅਕਤੀ ਦੋ ਚਾਰ ਘੰਟਿਆਂ ਵਿੱਚ ਆਪਣੀ ਮੰਜ਼ਲ ’ਤੇ ਪਹੁੰਚ ਹੀ ਜਾਂਦਾ ਹੈ, ਹੁਣ ਮੁਸਾਫਰ ਰਸਤਿਆਂ ਵਿੱਚ ਲੰਗਰ, ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਸਮਝਦੇ, ਜਿਸ ਕਰ ਕੇ ਹੁਣ ਸਿੱਖਾਂ ਨੂੰ ਵੀ ਸਮਝਣ ਦੀ ਲੋੜ ਹੈ। ਸਕੂਲਾਂ ਕਾਲਜਾਂ ਦੇ ਬੱਚਿਆਂ ਲਈ RO ਸਿਸਟਮ, ਕੂਲਰ ਲਗਵਾਏ ਜਾ ਸਕਦੇ ਹਨ, ਗ਼ਰੀਬ ਬੱਚਿਆਂ ਦੀਆਂ ਫੀਸਾਂ, ਕਿਤਾਬਾਂ, ਵਰਦੀਆਂ ਆਦਿ ਦਿੱਤਿਆਂ ਜਾ ਸਕਦੀਆਂ ਹਨ, ਇਹ ਵੀ ਪੁੰਨ ਦਾ ਕੰਮ ਹੈ ।

ਸਿੱਖ ਸ਼ਹੀਦੀ ਦਿਹਾੜੇ ਉਪਰ ਸ਼ਰਧਾ ਪੂਰਵਕ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਂਦੇ ਹਨ, ਜਿਸ ਵਿੱਚ ਜਾਣਕਾਰੀ ਘੱਟ ਅਤੇ ਅਗਿਆਨਤਾ ਜ਼ਿਆਦਾ ਹੁੰਦੀ ਹੈ । ਜ਼ਰੂਰਤ ਤਾਂ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਉਂ ਹੋਈ ਇਹ ਦੱਸਿਆ ਜਾਵੇ, ਪਰ ਹੋ ਰਿਹਾ ਹੈ ਇਸ ਦੇ ਉਲਟ,  RSS ਨੇ ਚੰਦੂ ਨੂੰ ਗੁਰੂ ਘਰ ਦਾ ਸ਼ਰਧਾਲੂ ਸਿੱਧ ਕਰਨ ਲਈ ਇਕ ਕਹਾਣੀ ਘੜੀ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਤਾਂ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਦਿੱਤੇ ਗਏ ਸਨ, ਪਰ ਚੰਦੂ ਦੇ ਘਰੋਂ ਤਾਂ ਉਸ ਦੀ ਨਹੁੰ, ਠੰਡਾ ਸ਼ਰਬਤ ਤਿਆਰ ਕਰ ਕੇ ਲੈ ਆਈ ਸੀ ਪਰ ਗੁਰੂ ਜੀ ਨੇ ਉਸ ਸਮੇਂ ਨਾ ਪੀਤਾ ਅਤੇ ਆਖਿਆ ਕਿ ਬੀਬਾ  !  ਇਤਿਹਾਸ ਵਿੱਚ ਤੇਰਾ ਨਾਮ ਅਮਰ ਹੋਵੇਗਾ। ਸਿੱਖ ਇਹੀ ਠੰਡਾ ਮਿੱਠਾ ਜਲ, ਸਾਡੇ ਸ਼ਹੀਦੀ ਦਿਹਾੜੇ ਉਪਰ ਸੰਗਤਾਂ ਨੂੰ ਪਿਆਇਆ ਕਰਨਗੇ। ਇਸ ਲਈ ਗੁਰੂ ਪਿਆਰਿਓ ! ਬੇਨਤੀ ਹੈ ਕਿ ਇਸ ਸਮੇਂ ਇਤਨੀ ਜ਼ਿਆਦਾ ਜ਼ਰੂਰਤ ਠੰਡਾ ਮਿੱਠਾ ਜਲ ਛਕਾਉਣ ਦੀ ਨਹੀਂ, ਜਿੰਨੀ ਜ਼ਿਆਦਾ ਜ਼ਰੂਰਤ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ ਕਿਉਂ ? ਇਹ ਦੱਸਣ ਦੀ ਜ਼ਰੂਰਤ ਵੱਧ ਹੈ।  ਗੁਰੂ ਪਿਆਰਿਓ ! ਇਸ ਕਰ ਕੇ ਹੀ ਬਾਰ ਬਾਰ ਬੇਨਤੀ ਕਰਦੇ ਆ ਰਹੇ ਹਾਂ ਕਿ ਹਰੇਕ ਗੁਰਦੁਆਰੇ ਵਿੱਚ ਗੁਰਮਤਿ ਵਿਦਿਆਲੇ ਤੋਂ ਪੜ੍ਹਿਆ ਹੋਇਆ ਵਿਅਕਤੀ ਹੀ ਗ੍ਰੰਥੀ ਨਿਯੁਕਤ ਕੀਤਾ ਜਾਵੇ ਤਾਂ ਜੋ ਹਰੇਕ ਵਿਅਕਤੀ ਨੂੰ ਸਹੀ ਇਤਿਹਾਸ ਅਤੇ ਗੁਰਬਾਣੀ ਦੀ ਸੋਝੀ ਕਰਾ ਸਕੇ। 

ਧੰਨਵਾਦ ਸਹਿਤ ਜਸਵੰਤ ਸਿੰਘ ਕਾਲਾ ਅਫਗਾਨਾ ।