ਚਿੱਠੀ ਨੰ: 39 (ਹਰਦੇਵ ਸਿੰਘ ਜੰਮੂ ਨੂੰ ਗੁਰਸੇਵਕ ਸਿੰਘ ਧੌਲਾ ਦਾ ਦੂਸਰਾ ਪੱਤਰ)

0
228

ਗੁਰਸੇਵਕ ਸਿੰਘ ਧੌਲਾ ਜੀਉ, 

ਲੱਗਦਾ ਹੈ ਗਲ ਆਪ ਜੀ ਨੂੰ ਅਜੇ ਤਕ ਸਮਝ ਨਹੀਂ ਆਈ !

ਹੁਣ ਧਿਆਨ ਨਾਲ ਪੜੋ! ਮੇਰੀ ਜਾਣਕਾਰੀ ਅਨੁਸਾਰ ਪੁਰੇਵਾਲ ਜੀ ਵਲੋਂ ਫ਼ਿਕਸ ਕੀਤੀ ੨੩ ਪੋਹ (ਜੋ ਕਿ ਪੁਰੇਵਾਲ ਜੀ ਅਨੁਸਾਰ ੫ ਜਨਵਰੀ ਨੂੰ ਆਉਂਦੀ ਹੈ) ਸਮੰਤ ੧੭੨੩ ਵਾਲੀ ਉਸ ੨੩ ਪੋਹ ਨਾਲ ਮੇਲ ਨਹੀਂ ਖ਼ਾਂਦੀ ਜਿਸ ਦਿਨ ਦਸ਼ਮੇਸ਼ ਜੀ ਦਾ ਪ੍ਰਕਾਸ਼ ਹੋਇਆ ਸੀ। ਪਿੱਛਲੇ ਸਾਲ ਇਸ ਬਾਰੇ ਮੇਰੇ ਵਲੋਂ ਪੁੱਛੇ ਸਵਾਲ ਨੂੰ ਸਰਬਜੀਤ ਸਿੰਘ ਜੀ ਇੱਧਰ-ਉੱਧਰ ਟਾਲਦੇ ਰਹੇ। ਬੈਠ ਕੇ ਗਲ ਕਰਨ ਤੋਂ ਉਹ ਮੁਨਕਰ ਹੋ ਗਏ! ਇਸੇ ਲਈ ਕਾਫ਼ੀ ਸਮੇਂ ਤੋਂ ਬੈਠ ਕੇ ਗਲ ਕਰਨ ਦੀ ਬੇਨਤੀ ਬਾਰ-ਬਾਰ ਕਰ ਰਿਹਾ ਹਾਂ। ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ੫ ਜਨਵਰੀ ਵਾਲੀ ੨੩ ਪੋਹ ਇਤਹਾਸਕ ਤੌਰ ਤੇ ਅਸਲੀ ਹੈ ਜਾਂ ਨਕਲੀ ?

ਇਸ ਵਿਸ਼ੇ ਬਾਰੇ ਕੀਤੀ ਮੇਰੀ ਬੇਨਤੀ ਨੂੰ ਨਾ ਤਾਂ ਸਰਬਜੀਤ ਸਿੰਘ ਜੀ ਸਵੀਕਾਰ ਕਰ ਰਹੇ ਹਨ ਅਤੇ ਨਾ ਹੀ ਕਿਰਪਾਲ ਸਿੰਘ ਜੀ ਬਠਿੰਡਾ! ਉਹ ਇਸ ਲਈ ਨਹੀਂ ਬੈਠ ਰਹੇ ਕਿਉਂਕਿ ਚਰਚਾ ਵਿਚ ਬੈਠ ਕੇ ਨਾ ਤਾਂ ਸਵਾਲਾਂ ਨੂੰ ਟਾਲਿਆ ਜਾ ਸਕਦਾ ਹੈ ਅਤੇ ਨਾ ਹੀ ਜਵਾਬ ਦੇਣ ਦੀ ਜਿੰਮੇਵਾਰੀ ਤੋਂ ਬੱਚਿਆ ਜਾ ਸਕਦਾ ਹੈ।

ਮੈਂ ਇਹ ਵੀ ਕਹਿ ਚੁੱਕਾ ਹਾਂ ਕਿ ਜੇ ਕਰ ਮੇਜ਼ ਤੇ ਇਹ ਸੱਜਣ  ਪੁਰੇਵਾਲ ਜੀ ਵਾਲੀ ੨੩ ਪੋਹ (੫ ਜਨਵਰੀ) ਨੂੰ  ਸੰਮਤ ੧੭੨੩ ਵਾਲੀ ੨੩ ਪੋਹ ਨਾਲ ਮਿਲਾ ਸਕੇ ਤਾਂ ਮੈਂ ਸਹੀ ਜਵਾਬ ਨੂੰ ਨਾ ਕੇਵਲ ਸਵੀਕਾਰ ਕਰਾਂਗਾ ਬਲਕਿ ਖਿਮਾ ਦੀ ਜਾਚਨਾ ਵੀ ਕਰਾਂਗਾ।

ਗੁਰਸੇਵਕ ਸਿੰਘ ਜੀਉ, ਇਸ ਵਿਚ ‘ਪਾਣੀ ਵਿਚ ਮਧਾਣੀ’ ਅਤੇ ‘ਚਾਰ ਯੁਗ’ ਵਾਲੀ ਕਿਹੜੀ ਗਲ ਹੈ ? ਆਸ ਹੈ ਸ਼ਾਯਦ ਹੁਣ ਆਪ ਜੀ ਨੂੰ ਗਲ ਸਮਝ ਆਈ ਹੋਵੇਗੀ। ਚਲੋ ਇਸ ਵੇਲੇ ਸਰਬਜੀਤ ਜੀ ਭਾਰਤ ਵਿਚ ਨਹੀਂ ਹਨ ਪਰ ਆਖ਼ਰ ਕਿਰਪਾਲ ਸਿੰਘ ਜੀ ਬੈਠ ਕੇ ਗਲ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਹਨ ?  ਮੇਜ਼ ਤੇ ਬੈਠਣ ਅਤੇ ਦੱਸਣ ਕਿ ਪੁਰੇਵਾਲ ਜੀ ਵਾਲੀ ੨੩ ਪੋਹ (੫ ਜਨਵਰੀ) ਸੰਮਤ ੧੭੨੩ ਦੀ ੨੩ ਪੋਹ ਕਿਵੇਂ ਸਿੱਧ ਹੁੰਦੀ ਹੈ ?  ਆਪ ਜੀ ਨੂੰ ਵੀ ਬੇਨਤੀ ਹੈ ਕਿ ਮੁੱਖ ਵਿਸ਼ੇ ਨੂੰ ਹੋਰ ਗਲਾਂ ਨਾਲ ਰਲਗੱਡ ਕਰਨ ਦੇ ਬਜਾਏ ਸੁਹਿਰਦਤਾ ਨਾਲ ਕਿਰਪਾਲ ਸਿੰਘ ਜੀ ਨੂੰ ਗਲਬਾਤ ਕਰਨ ਲਈ ਮਨਾਉ।

ਹਰਦੇਵ ਸਿੰਘ, ਜੰਮੂ-੧੬.੦੫.੨੦੧੮

ਸ. ਹਰਦੇਵ ਸਿੰਘ ਜੰਮੂ ਜੀ !

ਤੁਹਾਡੀਆਂ ਮੇਲਜ਼ ਆਉਣ ਦੇ ਸਮੇ ਚੈੱਕ ਕੀਤੇ ਗਏ ਤਾਂ ਵੇਖਿਆ ਗਿਆ ਕਿ ਤੁਸੀਂ ਹਰ ਰੋਜ 24 ਘੰਟੇ ਇੱਕੋ ਸਵਾਲ : “ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਫਿਕਸ ਕੀਤੀ ਤਰੀਖ 23 ਪੋਹ/ 5 ਜਨਵਰੀ ਨਹੀਂ” ਵਾਰ ਵਾਰ ਦੁਹਰਾਈ ਜਾ ਰਹੇ ਹੋ, ਪਰ ਪ੍ਰਕਾਸ਼ ਦਿਹਾੜੇ ਦੀ ਅਸਲ ਤਰੀਖ ਕਿਹੜੀ ਸੀ, ਇਹ ਦੱਸਣ ਦਾ ਯਤਨ ਉੱਕਾ ਹੀ ਨਹੀਂ ਕਰਦੇ। ਇਸ ਤੋਂ ਸਿੱਟਾ ਇਹੋ ਹੀ ਕੱਢਿਆ ਜਾ ਸਕਦਾ ਹੈ ਕਿ 24 ਘੰਟੇ ਇੱਕੋ ਸਵਾਲ ਦੁਹਰਾਉਣ ਵਾਲਾ ਪਰ ਦੂਸਰੇ ਦੇ ਸਵਾਲ ਨੂੰ ਬਿਲਕੁਲ ਹੀ ਅਣਸੁਣਿਆਂ ਕਰਨ ਵਾਲ ਵਿਅਕਤੀ ਮਸਲੇ ਪ੍ਰਤੀ ਸੰਜੀਦਾ ਨਹੀਂ ਹੋ ਸਕਦਾ। ਮੈਂ ਤੁਹਾਨੂੰ ਪਹਿਲੀ ਚਿੱਟੀ ਵਿਚ ਵੀ ਇਹੀ ਸਲਾਹ ਦਿੱਤੀ ਸੀ ਹੁਣ ਵੀ ਇਹੀ ਫਿਰ ਦੁਹਰਾਅ ਰਿਹਾ ਹਾਂ ਕਿ ਤੁਸੀਂ ਇਸ ਮਸਲੇ ਵਿਚੋਂ ਪਾਸੇ ਹੀ ਰਹੋ, ਇਸੇ ਵਿਚ ਕੌਮ ਦੀ ਭਲਾਈ ਹੈ। 

 ਗੁਰਸੇਵਕ ਸਿੰਘ ਧੌਲਾ

ਸੰਪਾਦਕੀ ਨੋਟ : ਵੀਰ ਗੁਰਸੇਵਕ ਸਿੰਘ ਧੌਲਾ ਜੀਓ ! ਇਹ ਹਰਦੇਵ ਸਿੰਘ ਆਰ. ਐਸ. ਐਸ. ਦੀ ਸੋਚ ਨੂੰ ਸਮਰਪਿਤ ਵਿਅਕਤੀ ਹੈ ਅਤੇ ਹਰ ਅਗਾਂਹ ਵਧੂ ਗੁਰਸਿੱਖ ਦੇ ਰਸਤੇ ਵਿੱਚ ਰੋੜਾ ਬਣਦਾ ਰਿਹਾ ਹੈ ਜਦਕਿ ਗੁਰੂ ਜੀ “ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ ॥” (ਮ: ੫/੧੦੯੬) ਇਸ਼ਾਰਾ ਕਰ ਗਏ ਹਨ, ਇਸ ਨੂੰ ਗੁਰਮਤਿ ਅਤੇ ਇਤਿਹਾਸ ਦੀ ਬਹੁਤੀ ਜਾਣਕਾਰੀ ਨਹੀਂ, ਪਰ ਸੁਰਖੀਆਂ ਵਿੱਚ ਬਣੇ ਰਹਿਣਾ ਚਾਹੁੰਦਾ ਹੈ, ਇਸ ਲਈ ਇਸ ਦੀਆਂ ਈਮੇਲਾਂ ਨੂੰ ਹੋਰ ਸਮਝਦਾਰ ਸੱਜਣਾਂ ਵਾਙ ਸਪੈਮ ਵਿੱਚ ਸੁਟਿਆ ਜਾਏ ਤਾਂ ਅਕਲਮੰਦੀ ਹੀ ਹੈ, ਮੈਨੂੰ ਵੀ ਕੁਝ ਗੁਰਸਿੱਖਾਂ ਨੇ ਇਹੀ ਸਲਾਹ ਦਿੱਤੀ ਹੈ, ਜੀ। ਜ਼ਰਾ ਸੋਚੋ, ਜੋ ਵਿਅਕਤੀ 24 ਘੰਟੇ ਹੀ ਈਮੇਲਾਂ ਕਰ ਰਿਹਾ ਹੋਵੇ, ਉਹ ਇੱਕ ਨਹੀਂ ਹੋ ਸਕਦਾ।

ਮੈਂ ਗੁਰਬਾਣੀ ਦੀ ਇੱਕ ਤੁਕ “ਪੁੰਨੀ ਪਾਪੀ ਆਖਣੁ ਨਾਹਿ ॥  ਕਰਿ ਕਰਿ ਕਰਣਾ, ਲਿਖਿ ਲੈ ਜਾਹੁ ॥੨੦॥” (ਜਪੁ) ਦਾ ਮਤਲਬ ਪੁੱਛਿਆ ਸੀ, ਜਵਾਬ ਦੇਣ ਦੀ ਬਜਾਇ ਆਖਦੇ ਹੈਂ ਕਿ ਤੁਸੀਂ ਮੇਰਾ ਧਿਆਨ “24 ਘੰਟੇ ਇੱਕੋ ਸਵਾਲ : ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਫਿਕਸ ਕੀਤੀ ਤਰੀਖ 23 ਪੋਹ/ 5 ਜਨਵਰੀ ਨਹੀਂ” ਤੋਂ ਭਟਕਾ ਰਹੇ ਹੋ।

ਗਿਆਨੀ ਅਵਤਾਰ ਸਿੰਘ