ਚਿੱਠੀ ਨੰ: 37 (ਕਿਰਪਾਲ ਸਿੰਘ ਬਠਿੰਡਾ ਵੱਲੋਂ ਹਰਦੇਵ ਸਿੰਘ ਜੰਮੂ ਨੂੰ ਪੱਤਰ)

0
548

ਸ: ਹਰਦੇਵ ਸਿੰਘ ਜੀ ਜੰਮੂ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਗੁਰੂ ਜੀ ਕੀ ਫ਼ਤਹਿ॥

ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਪੁਸਤਕ ਲਿਖੀ “ਗੁਰਪੁਰਬ ਦਰਪਣ”, ਇਹ ਕਿਤਾਬ ਛਪਣ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਸਿਰਫ ਦੋ ਹੀ ਕੈਲੰਡਰ ਜਾਰੀ ਕੀਤੇ ਹਨ ਨਾਨਕਸ਼ਾਹੀ ਸੰਮਤ 549 ਅਤੇ 550 ।  ਦੋਵਾਂ ਕੈਲੰਡਰਾਂ ਵਿੱਚ ਦਰਜ ਗੁਰਪੁਰਬਾਂ ਦੀਆਂ ਤਰੀਖਾਂ ਨੂੰ ਜਦੋਂ ਕਰਨਲ ਨਿਸ਼ਾਨ ਦੀ ਪੁਸਤਕ ਵਿੱਚ ਦਰਜ ਤਰੀਖਾਂ ਨਾਲ ਮਿਲਾ ਕੇ ਵੇਖਿਆ ਗਿਆ ਤਾਂ ਕੁਝ ਤਰੀਖਾਂ ਵਿੱਚ ਫਰਕ ਵੇਖਣ ਨੂੰ ਮਿਲਿਆ ਸੀ। ਹੁਣ ਇੱਕੋ ਘਟਨਾ ਦੀਆਂ ਦੋ ਤਰੀਖਾਂ ਤਾਂ ਸਹੀ ਨਹੀਂ ਹੋ ਸਕਦੀਆਂ, ਇਨ੍ਹਾਂ ਵਿੱਚੋਂ ਜਰੂਰ ਹੀ ਕਿਸੇ ਇੱਕ ਦੀਆਂ ਤਰੀਖਾਂ ਤਾਂ ਗਲਤ ਹੋਣਗੀਆਂ ਹੀ। ਇਸ ਲਈ ਉਸ ਤੋਂ ਪੁੱਛਿਆ ਗਿਆ ਸੀ ਕਿ ਕੈਲੰਡਰ ਦੇ ਮਾਹਰ ਹੋਣ ਦੇ ਨਾਤੇ ਦੱਸਿਆ ਜਾਵੇ ਕਿ ਕਿਸ ਦੀਆਂ ਤਰੀਖਾਂ ਗਲਤ ਹਨ। ਤੁਹਾਡੇ ਸਮਝਣ ਲਈ ਤਰੀਖਾਂ ਦੀ ਸੂਚੀ ਹੇਠਾਂ ਚਾਰਟ ਵਿੱਚ ਦਿੱਤੀ ਜਾ ਰਹੀ ਹੈ। ਤਕਰੀਬਨ 6 ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ; ਕਰਨਲ ਸਾਹਿਬ ਊਟ ਪਟਾਂਗ ਮਾਰੀ ਜਾ ਰਹੇ ਹਨ ਉਨ੍ਹਾਂ ਨੇ ਇੱਕ ਵੀ ਪੁੱਛੇ ਗਏ ਸਵਾਲ ਦਾ ਠੀਕ ਜਾਂ ਗਲਤ ਜਵਾਬ ਨਹੀਂ ਦਿੱਤਾ।

ਉਕਤ ਵੇਰਵਿਆਂ ਤੋਂ ਇਲਾਵਾ ਕਰਨਲ ਨਿਸ਼ਾਨ ਸਿੰਘ ਨੇ ਆਪਣੀ ਪੁਸਤਕ ਦੇ ਪੰਨਾ ਨੰ: 84 ਦੇ ਉੱਪਰ ਸਿਰਲੇਖ ਤਾਂ ਲਿਖਿਆ ਹੈ  ‘ਸੰਮਤ ਨਾਨਕਸ਼ਾਹੀ 549 ਵਿੱਚ ਆਉਣ ਵਾਲੇ ਪੁਰਬ’  ਪਰ 14 ਮਾਰਚ 2017 ਦੇ ਸਾਹਮਣੇ “ਚੇਤਿ ਗੋਵਿੰਦ ਅਰਾਧੀਐ ਹੋਵੈ ਅਨੰਦ ਘਨਾ॥’ ਭਾਵ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 548 ਦਰਜ ਕੀਤਾ ਗਿਆ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ 14 ਮਾਰਚ 2017 ਨੂੰ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 549 ਵਿਖਾਇਆ ਗਿਆ ਹੈ। ਇਸੇ ਪੰਨੇ ’ਤੇ ਗੁਰਗੱਦੀ ਪੁਰਬ ਸ਼੍ਰੀ ਗੁਰੂ ਹਰਿ ਰਾਇ ਮਹਾਰਾਜ ਜੀ ਦੇ ਸਾਹਮਣੇ ਚੇਤ ਵਦੀ 13 ਨਾਨਕਸ਼ਾਹੀ ਸੰਮਤ 548 ਮੰਗਲਵਾਰ ਤਰੀਖ 26.03.2017 ਲਿਖਿਆ ਹੋਇਆ ਹੈ। ਸਾਡਾ ਸਵਾਲ ਸੀ ਕਿ ਜੇ ਇਹ ਦੋਵੇਂ ਦਿਹਾੜੇ ਸੰਮਤ 548 ਦੇ ਹਨ ਤਾਂ ਇਨ੍ਹਾਂ ਨੂੰ ਸੰਮਤ 548 ਦੇ ਸਿਰਲੇਖ ਹੇਠ ਦਰਜ ਕਰਨਾ ਚਾਹੀਦਾ ਸੀ; ਇਹ ਸੰਮਤ 549 ਦੇ ਸਿਰਲੇਖ ਹੇਠ ਕਿਉਂ ਦਰਜ ਕੀਤੇ ਹਨ ?

ਬਿਲਕੁਲ ਇਸੇ ਤਰ੍ਹਾਂ ਪੰਨਾ ਨੰ: 85 ਦੇ ਉੱਪਰ ਸਿਰਲੇਖ ਤਾਂ ਲਿਖਿਆ ਹੈ  ‘ਸੰਮਤ ਨਾਨਕਸ਼ਾਹੀ 550 ਵਿੱਚ ਆਉਣ ਵਾਲੇ ਪੁਰਬ’  ਪਰ 14 ਮਾਰਚ 2018 ਦੇ ਸਾਹਮਣੇ “ਚੇਤਿ ਗੋਵਿੰਦ ਅਰਾਧੀਐ ਹੋਵੈ ਅਨੰਦ ਘਨਾ॥’ ਭਾਵ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 549 ਦਰਜ ਕੀਤਾ ਹੋਇਆ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ 14 ਮਾਰਚ 2018 ਨੂੰ ਚੇਤ ਮਹੀਨੇ ਦੀ ਸੰਗ੍ਰਾਂਦ ਨਾਨਕਸ਼ਾਹੀ ਸੰਮਤ 550 ਵਿਖਾਇਆ ਗਿਆ ਹੈ। ਇਸੇ ਪੰਨੇ ’ਤੇ ਗੁਰਗੱਦੀ ਪੁਰਬ ਸ਼੍ਰੀ ਹਰਿ ਰਾਇ ਮਹਾਰਾਜ ਜੀ ਦੇ ਸਾਹਮਣੇ ਚੇਤ ਵਦੀ 13 ਨਾਨਕਸ਼ਾਹੀ ਸੰਮਤ 549 ਵੀਰਵਾਰ ਤਰੀਖ 15.03.2018 ਲਿਖਿਆ ਹੋਇਆ ਹੈ। ਸਾਡਾ ਸਵਾਲ ਸੀ ਕਿ ਜੇ ਇਹ ਦੋਵੇਂ ਦਿਹਾੜੇ ਸੰਮਤ 549 ਦੇ ਹਨ ਤਾਂ ਇਨ੍ਹਾਂ ਨੂੰ ਸੰਮਤ 549 ਦੇ ਸਿਰਲੇਖ ਹੇਠ ਦਰਜ ਕਰਨਾ ਚਾਹੀਦਾ ਸੀ; ਇਹ ਸੰਮਤ 550 ਦੇ ਸਿਰਲੇਖ ਹੇਠ ਕਿਉਂ ਦਰਜ ਕੀਤੇ ਗਏ ਹਨ ?

ਤੀਸਰਾ ਸਵਾਲ ਸੀ ਕਿ ਤੁਹਾਡੀਆਂ ਦੋਵਾਂ ਦੀਆਂ ਤਰੀਖਾਂ ਵਿੱਚ ਫਰਕ ਹੋਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਕਰਨਲ ਨਿਸ਼ਾਨ ਨੇ ਵੱਖਰੇ ਵੱਖਰੇ ਨਿਯਮਾਂ ਵਾਲੇ ਬਿਕ੍ਰਮੀ ਕੈਲੰਡਰਾਂ ਅਨੁਸਾਰ ਆਪਣੀਆਂ ਤਰੀਖਾਂ ਕੈਲਕੂਲੇਟ ਕੀਤੀਆਂ ਹੋਣ। ਜਿਵੇਂ ਕਿ ਇੱਕ ਨੇ ਦ੍ਰਿੱਕ ਗਣਿਤ ਅਤੇ ਦੂਸਰੇ ਨੇ ਸੂਰਜੀ ਸਿਧਾਂਤ ਅਪਣਾਇਆ ਹੋਵੇ। ਇੱਕ ਨੇ ਤਾਮਿਲਨਾਡੂ ਵਿੱਚ ਲਾਗੂ ਸਿਧਾਂਤ ਜਿਹੜਾ ਕਿ ਕੰਨੂਪਿਲੇ ਨੇ ਆਪਣੀ ਜੰਤਰੀ ਬਣਾਉਣ ਲਈ ਵਰਤਿਆ ਸੀ ਜਿਸ ਅਨੁਸਾਰ ਸਿੱਖ ਇਤਿਹਾਸ ਦੀਆਂ ਬਹੁਤੀਆਂ ਤਰੀਖਾਂ ਦਰਜ ਹਨ; ਨੂੰ ਅਪਣਾਇਆ ਹੋਵੇ ਤੇ ਦੂਸਰੇ ਨੇ ਉੱਤਰੀ ਭਾਰਤ ਵਿੱਚ ਲਾਗੂ ਨਿਯਮ ਨੂੰ ਅਪਣਾਇਆ ਹੋਵੇ? ਕਰਨਲ ਸਾਹਿਬ ਇਸ਼ ਭੇਦ ਨੂੰ ਵੀ ਗੁਪਤ ਹੀ ਰੱਖ ਰਹੇ ਹਨ; ਕਾਰਨ ਉਹੀ ਦੱਸ ਸਕਦੇ ਹਨ।

ਚੌਥਾ ਸਵਾਲ ਸੀ ਕਿ ਕਰਨਲ ਸਾਹਿਬ ਸਿੱਖਾਂ ਲਈ ਸ਼ੁੱਧ ਚੰਦਰ ਕੈਲੰਡਰ, ਸ਼ੁੱਧ ਰਜੀ ਕੈਲੰਡਰ ਜਾਂ ਚੰਦਰ-ਸੂਰਜੀ (ਭਾਵ ਮਿਲਗੋਭਾ ਬਿਕ੍ਰਮੀ) ਕੈਲੰਡਰਾਂ ਵਿੱਚੋਂ ਕਿਸ ਕੈਲੰਡਰ ਨੂੰ ਵੱਧ ਢੁੱਕਵਾਂ ਸਮਝਦੇ ਹਨ; ਅਤੇ ਕਿਉਂ ?

ਪੰਜਵਾਂ ਸਵਾਲ ਸੀ ਕਿ ਗੁਰਬਾਣੀ ਵਿੱਚੋਂ ਕੋਈ ਐਸਾ ਸੰਕੇਤ ਮਿਲਦਾ ਹੈ ਜਿਸ ਦੇ ਇਹ ਅਰਥ ਨਿਕਲਦੇ ਹੋਣ ਕਿ ਸਾਰੇ ਗੁਰਪੁਰਬ ਤੇ ਕੁਝ ਦਿਹਾੜੇ ਜਿਵੇਂ ਹੋਲਾ ਮਹੱਲਾ, ਮੀਰੀ-ਪੀਰੀ ਦਿਵਸ ਅਤੇ ਬੰਦੀ ਛੋੜ ਦਿਵਸ ਚੰਦਰ ਮਹੀਨੇ ਦੀਆਂ ਤਿੱਥਾਂ ਮੁਤਾਬਿਕ ਮਨਾਏ ਜਾਣ ਅਤੇ ਬਾਕੀ ਦੇ ਸਾਰੇ ਇਤਿਹਾਸ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮਨਾਏ ਜਾਣ। ਜੇ ਗੁਰਬਾਣੀ ਵਿੱਚ ਐਸਾ ਕੋਈ ਸੰਕੇਤ ਨਹੀਂ ਮਿਲਦਾ ਤਾਂ ਕੈਲੰਡਰ ਦੇ ਮਾਮਲੇ ਵਿੱਚ ਸਿੱਖ ਕੌਮ ਦੀਆਂ ਦੋ ਬੇੜੀਆਂ ਵਿੱਚ ਰਖਵਾ ਕੇ ਇਸ ਨੂੰ ਡੋਬਣ ਦੀ ਸਿਰਤੋੜ ਯਤਨ ਕਿਉਂ ਕੀਤੇ ਜਾ ਰਹੇ ਹਨ ਤੇ ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ?

ਐਨੇ ਸਾਧਾਰਨ ਸਵਾਲਾਂ ਦਾ ਕਰਨਲ ਨਿਸ਼ਾਨ ਡੇੜ ਮਹੀਨੇ ਵਿੱਚ ਵੀ ਲਿਖਤੀ ਜਵਾਬ ਨਹੀਂ ਦੇ ਸਕਿਆ ਤਾਂ ਉਹ ਸਾਨੂੰ ਆਪਣੇ ਘਰ ਬੁਲਾ ਕੇ ਸਾਡੇ ਕੰਨ ਵਿੱਚ ਕਿਹੜੀ ਫੂਕ ਮਾਰ ਕੇ ਸਵਾਲਾਂ ਨੂੰ ਰਫਾ ਦਫਾ ਕਰਨਾ ਚਾਹੁੰਦਾ ਹੈ ? ਜਿਹੜਾ ਵਿਦਵਾਨ ਪੁਸਤਕਾਂ ਛਪਵਾ ਕੇ ਵੰਡ ਰਿਹਾ ਹੋਵੇ ਅਤੇ  24 ਨਵੰਬਰ 2017 ਨੂੰ ਅਕਾਲ ਤਖ਼ਤ ਦੇ ਸਕੱਤਰੇਤ (ਬੰਦ ਕਮਰੇ) ਵਿੱਚ ਪੰਜ ਸਿੰਘ ਸਾਹਿਬਾਨ ਦੀ ਹੋ ਰਹੀ ਮੀਟਿੰਗ ਵਿੱਚ ਬਿਨਾਂ ਸੱਦਿਆਂ-ਬੁਲਾਇਆਂ ਪਹੁੰਚ ਕੇ ਉਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਫ਼ੈਸਲਾ ਉਲਟਾਉਣ ਦੀ ਸਮਰੱਥਾ ਰੱਖਦਾ ਹੋਵੇ ਕੀ ਉਸ ਦਾ ਇਖਲਾਕੀ ਫ਼ਰਜ ਨਹੀਂ ਬਣਦਾ ਕਿ ਉਹ ਆਪਣੀ ਪੁਸਤਕ ਵਿੱਚ ਦਰਜ ਤਰੀਖਾਂ ਸਬੰਧੀ ਪੁੱਛੇ ਗਏ ਕਿਸੇ ਵੀ ਸਵਾਲ ਦਾ ਲਿਖਤੀ ਰੂਪ ਵਿੱਚ ਜਵਾਬ ਦੇਵੇ ?  ਹਾਂ ਜੇ ਪੁਸਤਕ ਲਿਖਦੇ ਲਿਖਦੇ ਉਹ ਜਿਆਦਾ ਹੀ ਬਜੁਰਗ ਹੋ ਗਏ ਹਨ ਤੇ ਇਸ ਅਵਸਥਾ ਵਿੱਚ ਸਾਡੇ ਸਵਾਲਾਂ ਦਾ ਜਵਾਬ ਲਿਖਣਾ ਉਨ੍ਹਾਂ ਦੇ ਬੱਸੋਂ ਬਾਹਰ ਹੋ ਗਿਆ ਹੈ ਤਾਂ ਜਿਹੜੇ ਸਿੰਘ ਸਾਹਿਬ ਉਨ੍ਹਾਂ ਨੂੰ ਬਿਨਾਂ ਸੱਦੇ ਤੋਂ ਅਤੇ ਬਿਨਾਂ ਪ੍ਰਵਾਨਗੀ ਦੇ ਹੀ ਆਪਣੀ ਮੀਟਿੰਗ ਵਿੱਚ ਆਉਣ ਦੀ ਇਜਾਜਤ ਅਤੇ ਉਸ ਤੋਂ ਪ੍ਰਭਾਵਤ ਹੋ ਕੇ ਆਪਣਾ ਫੈਸਲਾ ਬਦਲ ਸਕਦੇ ਹਨ; ਤਾਂ ਕੀ ਉਨ੍ਹਾਂ ਜਥੇਦਾਰਾਂ ਨੂੰ ਉਹ ਅਕਾਲ ਤਖ਼ਤ ’ਤੇ ਸਰਬ ਸਾਂਝੀ ਮੀਟਿੰਗ ਬੁਲਵਾਉਣ ਲਈ ਨਹੀਂ ਮੰਨਵਾ ਸਕਦਾ ? ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੇਰੀ ਫ਼ੋਨ ’ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਨਿਸ਼ਾਨ ਸਾਹਿਬ ਉਨ੍ਹਾਂ ਨੂੰ ਮਿਲੇ ਸੀ ਅਤੇ ਪ੍ਰਸਤਾਵ ਰੱਖਿਆ ਸੀ ਕਿ ਸ: ਪਾਲ ਸਿੰਘ ਪੁਰੇਵਾਲ ਨਾਲ ਉਨ੍ਹਾਂ ਦੀ ਡਿਸਕਸ਼ਨ ਕਰਵਾਈ ਜਾਵੇ। ਉਸ ਸਮੇਂ ਮੈਂ ਵੀ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਦੋਵੇਂ ਧਿਰਾਂ ਦੇ ਵਿਦਵਾਨਾਂ ਦੀ ਅਕਾਲ ਤਖ਼ਤ ’ਤੇ ਮੀਟਿੰਗ ਕਰਵਾਈ ਜਾਵੇ ਤੇ ਉਸ ਦੀ ਕਾਰਵਾਈ ਨੂੰ ਟੈਲੀਵਿਜ਼ਨ ਚੈੱਨਲਾਂ ’ਤੇ ਲਾਈਵ ਟੈਲੀਕਾਸਟ ਕਰਨ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸੰਗਤਾਂ ਵੀ ਇਸ ਵਿਸ਼ੇ ਦੇ ਦੋਵੇਂ ਪੱਖ ਜਾਣਨਾ ਚਾਹੁੰਦੀਆਂ ਹਨ। ਉਸ ਗੱਲਬਾਤ ਦੌਰਾਨ ਪ੍ਰਧਾਨ ਲੌਂਗੋਵਾਲ ਨੇ ਵਾਅਦਾ ਕੀਤਾ ਸੀ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਇਸ ਵਿਸ਼ੇ ਦੇ ਨਿਪਟਾਰੇ ਲਈ ਕਹਿਣਗੇ ਤਾਂ ਜੋ ਜਲਦੀ ਵਿਦਵਾਨਾਂ ਦੀ ਮੀਟਿੰਗ ਸੱਦੀ ਜਾਵੇ।

ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਿਨ੍ਹਾਂ ਸਵਾਲਾਂ ਦੇ ਜਵਾਬ ਪੁਸਤਕ ਦਾ ਵਿਦਵਾਨ ਲੇਖਕ (ਕਰਨਲ ਨਿਸ਼ਾਨ) ਦੇਣ ਤੋਂ ਅਸਮਰਥ ਜਾਪਦਾ ਹੈ ਉਨ੍ਹਾਂ ਦੇ ਜਵਾਬ ਦੇਣ ਲਈ ਉਸ ਵਿਦਵਾਨ ਤੋਂ ਅਧੂਰਾ ਅਤੇ ਉਧਾਰਾ ਗਿਆਨ ਲੈਣ ਵਾਲਾ ਸ: ਹਰਦੇਵ ਸਿੰਘ ਜੰਮੂ ਥਾਪੀਆਂ ਮਾਰ ਮਾਰ ਕੇ ਅਖਾੜੇ ਵਿੱਚ ਉੱਤਰ ਜਾਣ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ? ਆਪਣੇ ਈਮੇਲ ਗਰੁੱਪ ਦੇ ਦੋਸਤ ਪਾਠਕਾਂ ਨੂੰ ਉਸ ਵੱਲੋਂ ਇਹ ਅਪੀਲ ਕੀਤੀ ਜਾਣੀ: “ਇਸ ਪੱਤਰ ਦੇ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਉਹ ਕਿਰਪਾਲ ਸਿੰਘ ਜੀ ਨੂੰ ਮਿਲ ਬੈਠ ਕੇ ਗੱਲਬਾਤ ਕਰਨ ਲਈ ਰਾਜ਼ੀ ਕਰਵਾਉਣ” ਆਦਿ ਸ਼ਬਦ ਤਾਂ ਹੋਰ ਵੀ ਹੈਰਾਨੀ ਜਨਕ ਲਗਦੇ ਹਨ ।

ਪਾਠਕ ਜਨ ਵੀਚਾਰ ਕਰ ਕੇ ਦੱਸਣ ਕਿ ਪੁਸਤਕ ਵਿੱਚ ਦਰਜ ਵੇਰਵੇ ਲਈ ਜਵਾਬਦੇਹ ਨਿਸ਼ਾਨ ਸਾਹਿਬ ਹੈ ਜਾਂ ਨਹੀਂ ? ਅਤੇ ਪੁਸਤਕ ਸਬੰਧੀ ਜਵਾਬ ਦੇਣ ਲਈ ਲੇਖਕ ਦੀ ਬਜਾਇ ਹਰਦੇਵ ਸਿੰਘ ਨਾਲ ਮਿਲ ਬੈਠ ਕੇ ਵੀਚਾਰ ਚਰਚਾ ਕਰਨ ਨਾਲ ਕੀ ਮਸਲਾ ਹੱਲ ਹੋ ਸਕਦਾ ਹੈ ?  ਹਾਂ ਜੇ ਹਰਦੇਵ ਸਿੰਘ ਸਮਝਦੇ ਹਨ ਕਿ ਉਹ ਕਰਨਲ ਨਿਸ਼ਾਨ ਤੋਂ ਵੀ ਵੱਡੇ ਵਿਦਵਾਨ ਹਨ ਕਿਉਂਕਿ ਹੋ ਸਕਦਾ ਹੈ ਕਿ ਕਿਤਾਬ ਲਿਖਵਾਉਣ ਵਿਚ ਇਨਾਂ ਪਾਸੋਂ ਮਦਦ ਲਈ ਹੋਵੇ ਤਾਂ ਉਹ ਪਹਿਲਾਂ ਕਰਨਲ ਸਾਹਿਬ ਤੋਂ ਸਪੱਸ਼ਟ ਕਰਵਾਉਣ ਕਿ ਹਰਦੇਵ ਸਿੰਘ ਦੀ ਹਮਾਇਤ ਨਾਲ ਕਿਤਾਬ “ਗੁਰਪੁਰਬ ਦਰਪਣ” ਲਿਖੀ ਗਈ ਹੈ ਇਸ ਲਈ ਅਗਰ ਉਹ ਸਹਿਮਤ ਹੋ ਜਾਣ ਤਾਂ ਮੈਂ ਖੁਦ ਵੀ ਸੰਤੁਸ਼ਟ ਹੋ ਜਾਵਾਂਗਾ ਅਤੇ ਇੱਕ ਲੱਖ ਦਾ ਇਨਾਮ ਵੰਡ ਦੇਵਾਂਗਾ ਤਾਂ ਅਸੀਂ ਹਰਦੇਵ ਸਿੰਘ ਨਾਲ ਵੀਚਾਰ ਕਰਨ ਲਈ ਤਿਆਰ ਹਾਂ ਪਰ ਵੀਚਾਰ ਚਰਚਾ ਲਿਖਤੀ ਰੂਪ ਵਿੱਚ ਹੋਵੇਗੀ। ਪਰ ਚੰਗਾ ਇਹੀ ਹੋਵੇਗਾ ਕਿ ਮੈਨੂੰ (ਕਿਰਪਾਲ ਸਿੰਘ) ਅਤੇ ਹਰਦੇਵ ਸਿੰਘ ਜੰਮੂ ਦੀ ਵੀਚਾਰ ਚਰਚਾ ਕਰਵਾਉਣ ਨਾਲੋਂ (ਕਿਉਂਕਿ ਸਾਡੇ ਮਿਲ ਬੈਠਣ ਵਿੱਚ ਕੈਲੰਡਰ ਵਿਵਾਦ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ) ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਅਕਾਲ ਤਖ਼ਤ ’ਤੇ ਜੋਰ ਪਾਉਣ ਕਿ ਉਹ ਪੰਥਕ ਮੰਚ ’ਤੇ ਸਰਬ ਸਾਂਝੀ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਲੱਭਣ, ਜਿੱਥੇ ਹਰਦੇਵ ਸਿੰਘ ਜੰਮੂ ਵੀ ਆਪਣਾ ਬਣਦਾ ਰੋਲ ਅਦਾ ਕਰ ਸਕਦਾ ਹੈ।

ਕਿਰਪਾਲ ਸਿੰਘ ਬਠਿੰਡਾ ਮਿਤੀ 05.11.2018