26.7 C
Jalandhar
Sunday, April 5, 2026
spot_img
Home Blog Page 105

ਨਸ਼ਿਆਂ ਦੀਆਂ ਨਵੀਆਂ ਕਿਸਮਾਂ (ਭਾਗ-1)

0

ਨਸ਼ਿਆਂ ਦੀਆਂ ਨਵੀਆਂ ਕਿਸਮਾਂ  (ਭਾਗ-1)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜੌਹਨ ਹੌਪਕਿਨਸ ਮੈਡੀਕਲ ਸਕੂਲ ਵੱਲੋਂ ਕਈ ਚਿਰਾਂ ਤੋਂ ਲਗਾਤਾਰ ਨੌਜਵਾਨਾਂ ਵਿੱਚ ਨਸ਼ੇ ਦੇ ਵਧਦੇ ਰੁਝਾਨ ਨੂੰ ਵੇਖਦਿਆਂ ਇਸ ਬਾਰੇ ਕਈ ਖੋਜਾਂ ਕੀਤੀਆਂ ਗਈਆਂ ਹਨ।

ਭੰਗ, ਹਸ਼ੀਸ਼, ਅਫੀਮ, ਕੋਕੀਨ, ਚਿੱਟਾ, ਆਦਿ ਨਾਵਾਂ ਤੋਂ ਲਗਭਗ ਹਰ ਪੰਜਾਬੀ ਬੱਚਾ ਵਾਕਫ਼ ਹੈ।

ਬਰੈੱਡ ਉੱਤੇ ਆਇਓਡੈਕਸ ਲਾ ਕੇ ਖਾਣੀ, ਕਿਰਲੀ ਮਾਰ ਕੇ ਖਾਣੀ, ਪੈਟਰੋਲ ਸੁੰਘਣਾ, ਇਕ ਹਫ਼ਤਾ ਰੋਜ਼ ਪਾਈਆਂ ਬਦਬੂਦਾਰ ਜੁਰਾਬਾਂ ਨੂੰ ਰਾਤ ਭਰ ਪਾਣੀ ’ਚ ਭਿਉਂ ਕੇ ਉਹ ਪਾਣੀ ਪੀਣਾ, ਖੰਘ ਦੀਆਂ ਸ਼ੀਸ਼ੀਆਂ ਪੀਣੀਆਂ, ਆਦਿ ਵੀ ਬਹੁਤ ਪੁਰਾਣੇ ਤਰੀਕੇ ਹੋ ਚੁੱਕੇ ਹਨ।

ਨਵੀਂ ਕਿਸਮ ਦੇ ਨਸ਼ੇ ਕਿਵੇਂ ਸ਼ਰਾਬ ਵਾਂਗ ਨੌਜਵਾਨਾਂ ਨੂੰ ਆਦੀ ਬਣਾ ਰਹੇ ਹਨ ਤੇ ਇਨ੍ਹਾਂ ਦੇ ਮਾੜੇ ਅਸਰ ਵੀ ਦਿੱਸਣ ਲੱਗ ਪਏ ਹਨ, ਇਸ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ।

  1. ਕੇਫ਼ੀਨ :-

ਲਗਾਤਾਰ ਕੰਮ ਕਰਨ, ਚੁਸਤ ਰਹਿਣ, ਥਕਾਵਟ ਦੂਰ ਕਰਨ, ਦੇਰ ਰਾਤ ਗੱਡੀ ਚਲਾਉਣ, ਰਾਤ ਭਰ ਜਾਗ ਕੇ ਪੜ੍ਹਨ, ਆਦਿ ਲਈ ਕੌਫ਼ੀ ਅਤੇ ਐਨਰਜੀ ਡਰਿੰਕਸ ਦੀ ਵਾਧੂ ਵਰਤੋਂ ਹੋਣ ਲੱਗ ਪਈ ਹੈ। ਕੌਫ਼ੀ ਵਿੱਚ ਖਸਖਸ ਅਤੇ ਅਰਾਰੂਟ ਪਾ ਕੇ ਪੀਣਾ ਤੇ ਐਨਰਜੀ ਡਰਿੰਕਸ ਵਿੱਚ ਸ਼ਰਾਬ ਮਿਲਾ ਕੇ ਪੀਣਾ ਆਮ ਜਿਹੀ ਗੱਲ ਬਣ ਚੁੱਕੀ ਹੈ।

  1. ਹੱਥ ਸਾਫ਼ ਕਰਨ ਵਾਲੇ ਹੈਂਡ ਸੈਨੀਟਾਈਜ਼ਰ :

      ਇਸ ਵਿਚ 60 ਫੀਸਦੀ ਸ਼ਰਾਬ (ਐਲਕੋਹਲ) ਦੀ ਮਾਤਰਾ ਹੁੰਦੀ ਹੈ, ਜਿਸ ਨੂੰ ਨੌਜਵਾਨ ਡੀਕ ਲਾ ਕੇ ਪੀ ਜਾਂਦੇ ਹਨ।

  1. ਜੈਫਲ ਤੇ ਹੋਰ ਮਸਾਲੇ :-

ਜੈਫਲ ਨੂੰ ਘੋਲ ਕੇ ਪੀਣਾ ਤੇ ਉਸ ਨੂੰ ਕਾਗਜ਼ ਵਿੱਚ ਗੋਲ ਭਰ ਕੇ ਸਿਗਰਟ ਵਾਂਗ ਸੂਟਾ ਲਾਉਣਾ।

ਜੈਫਲ ਵਿੱਚ ਕੁਦਰਤੀ ਮਾਈਰਿਸਟੀਸਿਨ ਹੁੰਦਾ ਹੈ ਜਿਸ ਦੀ ਜ਼ਿਆਦਾ ਮਾਤਰਾ ਨਾਲ ਮਾਨਸਿਕ ਪੱਖੋਂ ਹਵਾ ਵਿੱਚ ਉੱਡਦਿਆਂ ਦਿਮਾਗ਼ ਕਿਸੇ ਹੋਰ ਅਵਸਥਾ ਵਿੱਚ ਪਹੁੰਚ ਜਾਂਦਾ ਹੈ।

ਏਸੇ ਹੀ ਤਰ੍ਹਾਂ ਵੱਡੀ ਮਾਤਰਾ ਵਿੱਚ ਮਸਾਲੇ ਕੁੱਝ ਚਿਰ ਲਈ ਉਤੇਜਿਤ ਕਰ ਦਿੰਦੇ ਹਨ। ਹੁਣ ਤਾਂ ਜੈਫਲ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਦੀਆਂ ਢੇਰਾਂ ਦੀਆਂ ਢੇਰ ਵੀਡੀਓਜ਼ ਵਾਇਰਲ ਹੋਈਆਂ ਪਈਆਂ ਹਨ।

  1. ਦਾਲਚੀਨੀ :-

ਯੂ-ਟਿਊਬ ਵਿੱਚ ਅੱਜ ਕੱਲ੍ਹ ‘ਦਾਲਚੀਨੀ ਚੈਲੈਂਜ’ ਕਾਫ਼ੀ ਪ੍ਰਚਲਿਤ ਹੈ ਜਿਸ ਵਿੱਚ ਦੋ ਚਮਚ ਪਿਸੀ ਹੋਈ ਦਾਲਚੀਨੀ ਇੱਕ ਮਿੰਟ ਵਿੱਚ ਮੂੰਹ ਅੰਦਰ ਲੰਘਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਥੇਰੇ ਬੱਚੇ ਇਸ ਦੇ ਗਲੇ ਵਿੱਚ ਫਸ ਜਾਂ ਚਿਪਕ ਜਾਣ ਸਦਕਾ ਹਸਪਤਾਲ ਪਹੁੰਚ ਚੁੱਕੇ ਹਨ।  ਕਈਆਂ ਦਾ ਸਾਹ ਬੰਦ ਹੋ ਜਾਂਦਾ ਹੈ ਤੇ ਕਈਆਂ ਦੇ ਗਲੇ ਵਿੱਚ ਜ਼ਖ਼ਮ ਵੀ ਹੋ ਜਾਂਦੇ ਹਨ।

  1. ‘ਡਿਜ਼ੀਟਲ ਔਨਲਾਈਨ ਡਰੱਗਜ਼’ :-

ਇਸ ਨਵੇਂ ਤਰ੍ਹਾਂ ਦੇ ਨਸ਼ਿਆਂ ਵਿੱਚ ‘ਆਡੀਓ ਫਾਈਲਜ਼’ ਖ਼ਰੀਦ ਕੇ, ਸੁਣ ਕੇ, ਨੌਜਵਾਨ ਨਸ਼ੇ ਦਾ ਇਹਸਾਸ ਕਰ ਲੈਂਦੇ ਹਨ। ਇਸ ਵਿੱਚ ਕਈ ਤਰ੍ਹਾਂ ਦੀਆਂ ਧੁਨੀਆਂ ਤਹਿਤ ਦਿਮਾਗ਼ ਵੱਲ ਅਜਿਹੀਆਂ ਤਰੰਗਾਂ ਪਹੁੰਚਦੀਆਂ ਹਨ ਜੋ ਨਾਰਕੋਟਿਕ ਨਸ਼ੇ ਵਾਂਗ ਅਸਰ ਕਰਦੀਆਂ ਹਨ। ਇਸ ਦੀ ਵੀ ਲੋੜੋਂ ਵੱਧ ਵਰਤੋਂ ਨਾਲ ਦਿਮਾਗ਼ ਦਾ ਨੁਕਸਾਨ ਹੋ ਜਾਂਦਾ ਹੈ। ਇਸ ਬੀਮਾਰੀ ਨੂੰ ‘‘ਇੰਟਰਨੈੱਟ ਓਵਰਡੋਜ਼ਿੰਗ’’ ਦਾ ਨਾਂ ਦਿੱਤਾ ਗਿਆ ਹੈ। ਮਾਪੇ ਸੋਚਦੇ ਹਨ ਕਿ ਬੱਚਾ ਕੰਪਿਊਟਰ ਉੱਤੇ ਕੰਮ ਕਰ ਰਿਹਾ ਹੈ ਪਰ ਅਸਲ ਵਿੱਚ ਉਹ ਇਨ੍ਹਾਂ ਧੁਨੀਆਂ ਨਾਲ ਨਸ਼ੇ ਦਾ ਇਹਸਾਸ ਕਰਦਿਆਂ ਹੌਲੀ-ਹੌਲੀ ਆਦੀ ਬਣਦੇ ਹੀ ਦੂਜੇ ਕਿਸਮ ਦੇ ਨਸ਼ਿਆਂ ਵੱਲ ਧੱਕਿਆ ਜਾਂਦਾ ਹੈ। ਦਿਮਾਗ਼ ਦੇ ਸੋਚਣ ਸਮਝਣ ਤੇ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਵਾਲੇ ਹਿੱਸੇ ਉੱਤੇ ਇਨ੍ਹਾਂ ਤਰੰਗਾਂ ਦਾ ਬਹੁਤ ਮਾੜਾ ਅਸਰ ਪੈਂਦਾ ਹੈ।

  1. ਨਹਾਉਣ ਵਾਲਾ ਸਾਬਣ :-

‘‘ਬਾਥ ਸਾਲਟਸ’’ ਦੇ ਨਾਂ ਹੇਠ ‘ਬਲਿੱਸ’ ਤੇ ‘ਵਨੀਲਾ ਸਕਾਈ’ ਇਸ ਵੇਲੇ ਨੌਜਵਾਨ ਬੱਚਿਆਂ ਦੀ, ਖ਼ਾਸ ਕਰ ਸਕੂਲੀ ਬੱਚਿਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਮਾਪੇ ਸੋਚਦੇ ਹਨ ਕਿ ਬੱਚਿਆਂ ਨੇ ‘ਔਨਲਾਈਨ ਸ਼ਾਪਿੰਗ’ ਤਹਿਤ ਸਾਬਣ ਹੀ ਖਰੀਦਿਆ ਹੈ ਪਰ ਕੰਪਿਊਟਰ ਰਾਹੀਂ ਕੀਤੀ ਜਾ ਰਹੀ ਖਰੀਦਦਾਰੀ ਵਿੱਚ ਬੱਚੇ ਅਜਿਹੇ ਸਾਬਣਾਂ ਦੇ ਪਾਊਡਰਾਂ ਜਾਂ ਲੇਪ ਨੂੰ ਸੁੰਘ ਕੇ ਨਸ਼ਾ ਕਰਨ ਲੱਗ ਪਏ ਹਨ। ਇਸ ਕਿਸਮ ਦੇ ਸਾਬਣ ਵਿਚ ‘ਐਮਫੈਟਾਮੀਨ’ ਵਰਗੇ ਕੈਮੀਕਲ ਪਾ ਦਿੱਤੇ ਗਏ ਹਨ ਜਿਨ੍ਹਾਂ ਨੂੰ ਸੁੰਘ ਕੇ ਕੁੱਝ ਚਿਰ ਲਈ ਨਸ਼ਾ ਹੋ ਜਾਂਦਾ ਹੈ।

  1. ਖੰਘ ਦੀਆਂ ਦਵਾਈਆਂ :-

‘‘ਡੈਕਸਟਰੋਮੀਥੋਰਫੈਨ’’,  ਜੋ ਖੰਘ ਦੀਆਂ ਸ਼ੀਸ਼ੀਆਂ ਵਿੱਚ ਪੈਂਦੀ ਹੈ, ਆਮ ਹੀ ਨਸ਼ਾ ਕਰਨ ਲਈ ਪੀਤੀ ਜਾਂਦੀ ਹੈ। ਹੁਣ ਵੱਡਿਆਂ ਦੀ ਦੇਖਾ ਦੇਖੀ ਸੱਤਵੀਂ, ਅੱਠਵੀਂ ਜਮਾਤ ਦੇ ਵਿਦਿਆਰਥੀ ‘ਸੈਚਰਡੇ ਈਵਨਿੰਗ ਪਾਰਟੀ’ ਦੇ ਨਾਂ ਹੇਠ ਸਨਿੱਚਰਵਾਰ ਸਕੂਲ ਦੇ ਮੁੱਕਣ ਬਾਅਦ ਘਰ ਜਾਣ ਤੋਂ ਪਹਿਲਾਂ ਚਾਰ-ਚਾਰ ਸ਼ੀਸ਼ੀਆਂ ਪੀ ਕੇ ਜਸ਼ਨ ਮਨਾਉਂਦੇ ਵੇਖੇ ਗਏ ਹਨ।

  1. ਵੋਦਕਾ ਟੈਂਪੂੰਨ :-

ਜਿਨ੍ਹਾਂ ਸਕੂਲੀ ਬੱਚਿਆਂ ਦੇ ਘਰਾਂ ਵਿੱਚ ਸਖ਼ਤੀ ਹੋਵੇ, ਉਨ੍ਹਾਂ ਬੱਚਿਆਂ ਨੇ ਨਸ਼ਾ ਕਰਨ ਦਾ ਇਹ ਨਵਾਂ ਰਾਹ ਲੱਭ ਲਿਆ ਹੋਇਆ ਹੈ। ਮਾਹਵਾਰੀ ਦੌਰਾਨ ਵਰਤੇ ਜਾਂਦੇ ਟੈਂਪੂੰਨ ਨੂੰ ਵੋਦਕਾ ਸ਼ਰਾਬ ਵਿੱਚ ਡੁਬੋ ਕੇ ਮਾਹਵਾਰੀ ਦੌਰਾਨ ਅਤੇ ਬਿਨ੍ਹਾਂ ਮਾਹਵਾਰੀ ਦੇ ਦਿਨਾਂ ਵਿੱਚ ਵੀ ਵਰਤ ਕੇ ਬੱਚੀਆਂ ਲੰਮੇ ਸਮੇਂ ਤੱਕ ਨਸ਼ੇ ਦਾ ਇਹਸਾਸ ਕਰ ਸਕਦੀਆਂ ਹਨ।

ਪੀੜ ਦਾ ਬਹਾਨਾ ਕਰਦਿਆਂ ਬੱਚੀਆਂ ਲੰਮੇ ਸਮੇਂ ਤੱਕ ਮੰਜੇ ਉੱਤੇ ਲੇਟ ਕੇ ਨਸ਼ੇ ਵਿੱਚ ਧੁੱਤ ਪਈਆਂ ਰਹਿੰਦੀਆਂ ਹਨ। ਤੀਹ ਜਾਂ 60 ਮਿਲੀਲਿਟਰ ਵੋਦਕਾ ਜਾਂ ਹੋਰ ਸ਼ਰਾਬ ਵਿੱਚ ਡੁਬੋ ਕੇ ਵਰਤਿਆ ਟੈਂਪੂੰਨ ਜਿਉਂ ਹੀ ਲਹੂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉੱਥੋਂ ਸ਼ਰਾਬ ਸਿੱਧਾ ਲਹੂ ਅੰਦਰ ਭਾਰੀ ਮਾਤਰਾ ਵਿੱਚ ਪਹੁੰਚ ਜਾਂਦੀ ਹੈ ਜੋ ਤਗੜੇ ਤੋਂ ਤਗੜੇ ਨਸ਼ੇ ਜਿੰਨਾ ਅਸਰ ਪਲਾਂ ਵਿੱਚ ਹੀ ਕਰਵਾ ਦਿੰਦੀ ਹੈ।

ਸਿਰਫ਼ ਕੁੜੀਆਂ ਹੀ ਨਹੀਂ, ਅੱਜ ਕੱਲ੍ਹ ਵੱਡੀ ਮਾਤਰਾ ਵਿੱਚ ਨੌਜਵਾਨ ਮੁੰਡੇ ਵੀ ਇਹੀ ਟੈਂਪੂੰਨ ਆਪਣੇ ਟੱਟੀ ਵਾਲੇ ਰਾਹ ਪਾ ਕੇ ਲੰਮੇ ਸਮੇਂ ਤੱਕ ਟੁੰਨ ਹੋ ਜਾਂਦੇ ਹਨ। ਤੇਜ਼ੀ ਨਾਲ ਵਧਦਾ ਜਾ ਰਿਹਾ ਇਹ ਰੁਝਾਨ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।

  1. ਸੁਗੰਧੀਆਂ ਵਾਲੇ ਫੁੱਲ :-

ਕਮਰਿਆਂ ਨੂੰ ਮਹਿਕਾਉਣ ਲਈ ਰੱਖੇ ਸੁੱਕੇ ਕੁਦਰਤੀ ਫੁੱਲਾਂ ਵਿੱਚ ਪਾਉਣ ਵਾਲੀਆਂ ਮਸਾਲੇਦਾਰ ਤੇ ਤਿੱਖੀਆਂ ਖੁਸ਼ਬੋਆਂ ਨੂੰ ਕਾਗਜ਼ ਵਿੱਚ ਡੁਬੋ ਕੇ ਸਿਗਰਟ ਵਾਂਗ ਲੈਣ ਜਾਂ ਸੁੰਘਣ ਦਾ ਰੁਝਾਨ ਨਵਾਂ ਨਹੀਂ ਹੈ। ਇਸ ਬਾਰੇ 98 ਫੀਸਦੀ ਮਾਪਿਆਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦਾ ਬੱਚਾ ਇਹ ਸੁੰਘ ਕੇ ਜਾਂ ਸਿਗਰਟ ਵਾਂਗ ਸੂਟਾ ਲਾ ਕੇ ‘ਹੈਲੂਸੀਨੇਸ਼ਨ’ ਦਾ ਸ਼ਿਕਾਰ ਹੋ ਕੇ ਪੂਰਾ ਨਸ਼ਈ ਬਣ ਚੁੱਕਿਆ ਹੈ। ਜਦੋਂ ਲੋੜੋਂ ਵੱਧ ਵਰਤ ਲਈ ਜਾਵੇ ਤਾਂ ਇਸ ਨਾਲ ਧੜਕਨ ਵਿੱਚ ਕਾਫ਼ੀ ਗੜਬੜੀ ਹੋ ਜਾਂਦੀ ਹੈ ਤੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

  1. ਏ. ਸੀ. :

ਇਹ ਬਹੁਤਿਆਂ ਲਈ ਹੈਰਾਨੀ ਦੀ ਗੱਲ ਹੋਵੇਗੀ ਕਿ ਘਰਾਂ ਵਿੱਚ ਲੱਗੇ ਏ. ਸੀ. ਵੀ ਨਸ਼ਾ ਦੇ ਸਕਦੇ ਹਨ। ਜੌਹਨ ਹੌਪਕਿਨ ਮੈਡੀਕਲ ਸੈਂਟਰ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿੱਚ ਸਭ ਤੋਂ ਸੌਖਾ ਮੁਹਈਆ ਹੋ ਰਿਹਾ ਨਸ਼ਾ ਏ. ਸੀ. ਵਿੱਚ ਭਰੀ ਜਾਂਦੀ ਗੈਸ ‘ਫਰੀਓਨ’ ਬਣ ਚੁੱਕੀ ਹੈ। ਪੇਚਕਸਾਂ ਨਾਲ ਏ. ਸੀ. ਦੀ ਮਸ਼ੀਨ ਖੋਲ੍ਹ ਕੇ ਉਸ ਵਿਚਲੀ ਭਰੀ ਗੈਸ ਨੂੰ ਸੁੰਘ ਕੇ ਵੀ ਨਸ਼ਾ ਕੀਤਾ ਜਾਂਦਾ ਹੈ। ਇਸ ਨਾਲ ਬੱਚਿਆਂ ਦੀ ਜ਼ਬਾਨ ਥਥਲਾਉਣ ਲੱਗ ਸਕਦੀ ਹੈ ਤੇ ਚਮੜੀ, ਨੱਕ ਤੇ ਮੂੰਹ ਅੰਦਰਲੀ ਪਰਤ ਸੜ ਸਕਦੀ ਹੈ। ਜੇ ਲੋੜੋਂ ਵੱਧ ਹੋ ਜਾਏ ਤਾਂ ਦਿਮਾਗ਼ ਪੂਰੀ ਤਰ੍ਹਾਂ ਨਕਾਰਾ ਕਰ ਸਕਦੀ ਹੈ।

  1. ਕੀ-ਬੋਰਡ ਕਲੀਨਰ :-

ਕੰਪਿਊਟਰ ਦੇ ਕੀ-ਬੋਰਡ ਨੂੰ ਸਾਫ਼ ਕਰਨ ਵਾਲੇ ਕਲੀਨਰ ਨੂੰ ‘ਡਸਟ ਔਫ’ ਦੇ ਨਾਂ ਨਾਲ ਨਸ਼ੇ ਲਈ ਵਰਤਿਆ ਜਾ ਰਿਹਾ ਹੈ। ਨਸ਼ੇ ਦੀ ਦੁਨੀਆ ਵਿੱਚ ਇਸ ਨਸ਼ੇ ਨੂੰ ਨੌਜਵਾਨਾਂ ਦੀ ਜ਼ਬਾਨ ਵਿੱਚ ‘ਡਸਟਿੰਗ’ ਕਹਿ ਕੇ ਗੱਲ ਕੀਤੀ ਜਾਂਦੀ ਹੈ। ਕੀ-ਬੋਰਡ ਉੱਤੇ ਜ਼ਿਆਦਾ ਮਾਤਰਾ ਵਿੱਚ ਛਿੜਕ ਕੇ ਉਸ ਨੂੰ ਕਾਫ਼ੀ ਦੇਰ ਲਈ ਸੁੰਘਿਆ ਜਾਂਦਾ ਹੈ।

  1. ਵਿਪ-ਇਟਸ ਨਸ਼ਾ :-

ਫੈਂਟੀਆਂ ਕਰੀਮਾਂ ਦੇ ਬਣੇ ਸਪਰੇਅ ਜਿਨ੍ਹਾਂ ਵਿੱਚ ‘ਨਾਈਟਰੱਸ ਓਕਸਾਈਡ’ ਗੈਸ ਹੁੰਦੀ ਹੈ ਵੀ ਕਾਫ਼ੀ ਵਰਤੋਂ ਵਿੱਚ ਆ ਰਿਹਾ ਹੈ।

  1. ਦੰਦਾਂ ਦੇ ਡਾਕਟਰਾਂ ਵੱਲੋਂ ਦੰਦ ਸੁੰਨ ਕੀਤੇ ਜਾਣ ਵਾਲਾ ਸਪਰੇਅ ਵੀ ਕੁੱਝ ਸਕਿੰਟਾਂ ਤੋਂ ਲੈ ਕੇ ਅੱਠ ਦਸ ਮਿੰਟਾਂ ਤੱਕ ਨਸ਼ੇ ਦੀ ਪੀਨਕ ਲਾ ਸਕਦਾ ਹੈ। ਜ਼ਿਆਦਾ ਮਾਤਰਾ ਵਿੱਚ ਇਹ ਖ਼ਤਰਨਾਕ ਸਾਬਤ ਹੋ ਸਦਕਾ ਹੈ। ਅਦਾਕਾਰਾ ਡੈਮੀ ਮੂਰ ਇਸੇ ਸਪਰੇਅ ਦੇ ਨਾਲ ਵਿਪ-ਇਟਸ ਦੀ ਵਾਧੂ ਵਰਤੋਂ ਸਕਦਾ ਹਸਪਤਾਲ ਦਾਖ਼ਲ ਕਰਨੀ ਪਈ ਸੀ।

ਇਨ੍ਹਾਂ ਤੋਂ ਇਲਾਵਾ ਵੀ ਅਨੇਕ ਰੋਜ਼ਮਰਾ ਦੀਆਂ ਘਰ ਅੰਦਰ ਵਰਤੀਆਂ ਜਾ ਰਹੀਆਂ ਚੀਜ਼ਾਂ ਵਿੱਚੋਂ ਅੱਜ ਕੱਲ੍ਹ ਨਸ਼ਾ ਤਿਆਰ ਕੀਤਾ ਜਾਂਦਾ ਹੈ ਤੇ ਵੱਡੀ ਗਿਣਤੀ ਬੱਚੇ ਇਸ ਦੀ ਵਰਤੋਂ ਆਮ ਹੀ ਕਰਦੇ ਪਏ ਹਨ।

ਇਹ ਜਾਣਕਾਰੀ ਇਸ ਲਈ ਜ਼ਰੂਰੀ ਸੀ ਤਾਂ ਜੋ ਮਾਪੇ, ਸਰਕਾਰਾਂ ਤੇ ਕਾਨੂੰਨੀ ਅਦਾਰੇ ਇਸ ਪੱਖੋਂ ਜਾਗ੍ਰਿਤ ਹੋ ਸਕਣ ਕਿ ਜਿੰਨਾ ਨਸ਼ਾ ਇਸ ਸਮੇਂ ਫੜਿਆ ਜਾ ਰਿਹਾ ਹੈ, ਉਸ ਤੋਂ ਕਈ ਗੁਣਾਂ ਵੱਧ ਛੋਟੀ ਉਮਰ ਦੇ ਬੱਚੇ ਨਵੇਂ ਕਿਸਮਾਂ ਦੇ ਨਸ਼ੇ ਅਜ਼ਮਾ ਕੇ ਅੱਗੋਂ ਨਸ਼ਿਆਂ ਦੇ ਦਰਿਆ ਵਿੱਚ ਤਾਰੀਆਂ ਲਾਉਣ ਲਈ ਤਿਆਰ ਹੋ ਚੁੱਕੇ ਹਨ।

‘ਟਿੱਪ ਆਫ਼ ਦ ਆਈਸਬਰਗ’ ਵਾਂਗ ਨਿੱਕੇ ਮੋਟੇ ਸੌਦਾਗਰ ਫੜ ਲੈਣ ਨਾਲ ਇਹ ਹੜ੍ਹ ਵਾਂਗ ਤਹਿਸ ਨਹਿਸ ਕਰਨ ਨੂੰ ਤਿਆਰ ਹੋਈ ਪਈ ਫ਼ੌਜ ਸੰਭਾਲੀ ਨਹੀਂ ਜਾਣੀ। ਜੇ ਕਿਸੇ ਵੀ ਹਾਲ ਵਿੱਚ ਪੰਜਾਬੀ ਪੌਦ ਨੂੰ ਬਚਾਉਣਾ ਹੈ ਤਾਂ ਹਰ ਕਿਸੇ ਨੂੰ ਆਪੋ ਆਪਣਾ ਰੋਲ ਅਦਾ ਕਰਨਾ ਪੈਣਾ ਹੈ। ਮਾਪੇ, ਅਧਿਆਪਕ, ਸਾਹਿਤਕਾਰ, ਗੀਤਕਾਰ, ਪੁਲਿਸ, ਪੱਤਰਕਾਰ, ਕਾਨੂੰਨ, ਸਿਆਸਤਦਾਨ, ਗੱਲ ਕੀ, ਹਰ ਜਣੇ ਨੂੰ ਸਾਂਝੇ ਤੌਰ ਉੱਤੇ ਉਦਮ ਕਰਨਾ ਪੈਣਾ ਹੈ। ਜੇ ਹਾਲੇ ਵੀ ਨਹੀਂ ਤਾਂ ਫੇਰ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਪੈਰਾਂ ਨੇ ਝਟਪਟ ਪੰਜਾਬ ਦੀ ਜਵਾਨੀ ਨੂੰ ਆਪਣੇ ਅੰਦਰ ਘੜੀਸ ਕੇ ਪੰਜਾਬੀ ਪੌਦ ਨੂੰ ਨੇਸਤਾ ਨਾਬੂਤ ਕਰ ਦੇਣਾ ਹੈ। ਫੇਰ ਕਿਸੇ ਤਰ੍ਹਾਂ ਦੇ ਉਦਮ ਦੀ ਲੋੜ ਹੀ ਨਹੀਂ ਰਹਿਣੀ।

ਜਿਸ ਨੂੰ ਹਾਲੇ ਵੀ ਕੋਈ ਰੱਤਾ ਮਾਸਾ ਸ਼ੱਕ ਰਹਿ ਗਿਆ ਹੋਵੇ ਤਾਂ ਉਹ ਨਿਊਜ਼ੀਲੈਂਡ ਦੇ ਮਾਓਰੀ, ਅਮਰੀਕਾ ਦੇ ਮੂਲ ਨਿਵਾਸੀ ਤੇ ਕਨੇਡਾ ਦੇ ਇਨੂਇਟਸ ਨੂੰ ਵੇਖ ਕੇ ਅੰਦਾਜ਼ਾ ਲਾ ਸਕਦਾ ਹੈ ਕਿ ਉੱਥੋਂ ਦੇ ਅਸਲ ਵਸਨੀਕਾਂ ਨੂੰ ਨਸ਼ੇ ਦੀ ਲਤ ਲਾ ਕੇ ਕਿਵੇਂ ਉਨ੍ਹਾਂ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਅਗਲੇ 50 ਸਾਲਾਂ ਬਾਅਦ ਇਹੋ ਹਾਲ ਪੰਜਾਬੀਆਂ ਦਾ ਹੋਣ ਵਾਲਾ ਹੈ। ਹਾਲੇ ਵੀ ਜਾਗ ਜਾਈਏ ਨਹੀਂ ਤਾਂ ਪੰਜਾਬ ਮੋਇੰਜੋਦੜੋ ਵਿੱਚ ਤਬਦੀਲ ਹੋ ਜਾਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ।

ਭਾਈ ਲਾਲ ਸਿੰਘ ਦੀ ਰਿਹਾਈ ਕਦੋਂ ?

0

ਭਾਈ ਲਾਲ ਸਿੰਘ ਦੀ ਰਿਹਾਈ ਕਦੋਂ  ?

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜ਼ਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843

ਭਾਈ ਲਾਲ ਸਿੰਘ ਉਰਫ ਭਾਈ ਮਨਜੀਤ ਸਿੰਘ ਪੁੱਤਰ ਸਵ: ਸ. ਭਾਗ ਸਿੰਘ ਵਾਸੀ ਪਿੰਡ ਅਕਾਲਗੜ੍ਹ, ਥਾਣਾ ਸਦਰ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਰਤਮਾਨ ਸਮੇਂ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੀ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿੱਚ ਨਜ਼ਰਬੰਦ ਹਨ ਅਤੇ 19 ਜੁਲਾਈ 1992 ਨੂੰ ਦਾਦਰ ਰੇਲਵੇ ਸਟੇਸ਼ਨ, ਬੰਬੇ ਤੋਂ ਹੋਈ ਗ੍ਰਿਫ਼ਤਾਰੀ ਤੇ 8 ਅਕਤੂਬਰ 1992 ਨੂੰ ਪਾਈ ਕਾਗਜ਼ੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਟਾਡਾ ਐਕਟ ਅਧੀਨ ਅਸਲਾ-ਬਾਰੂਦ ਦੀ ਬਰਾਮਦਗੀ ਦੇ ਕਿਸੇ ਕੇਸ ਵਿੱਚ ਭਾਰਤ ਭਰ ਵਿੱਚ ਸਭ ਤੋਂ ਲੰਬੀ ਉਮਰ ਕੈਦ ਕੱਟ ਰਹੇ ਹਨ।

ਭਾਈ ਲਾਲ ਸਿੰਘ ਚੜ੍ਹਦੀ ਜੁਆਨੀ ਵਿੱਚ ਪੰਜਾਬ ਦੇ ਹੋਰਨਾਂ ਨੌਜਵਾਨਾਂ ਵਾਂਗ ਦੀ ਰੁਜ਼ਗਾਰ ਦੀ ਭਾਲ ਵਿੱਚ ਦੇਸੋਂ ਪਰਦੇਸ ਗਏ ਸਨ ਪਰ 1984 ਦੇ ਘੱਲੂਘਾਰੇ ਨੇ ਲੱਖਾਂ ਸਿੱਖ ਨੌਜਵਾਨਾਂ ਵਾਂਗ ਉਹਨਾਂ ਦੇ ਜਜ਼ਬਾਤਾਂ ਨੂੰ ਵੀ ਝੰਜੋੜਿਆ ਅਤੇ ਜੂਨ ਤੇ ਨਵੰਬਰ 1984 ਦੇ ਹਾਲਾਤਾਂ ਦੀ ਉਪਜ ਵਿੱਚੋਂ ਅਜਿਹੀ ਲਹਿਰ ਸ਼ੁਰੂ ਹੋਈ ਜਿਸ ਵਿੱਚ ਭਾਈ ਲਾਲ ਸਿੰਘ ਵੀ ਸ਼ਾਮਲ ਹੋਏ ਅਤੇ ਬਣਦਾ ਯੋਗਦਾਨ ਪਾਇਆ।

1992 ਵਿੱਚ ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੰਬਾ ਸਮਾਂ ਗੈਰ-ਕਾਨੂੰਨੀ ਤੇ ਕਾਨੂੰਨੀ ਹਿਰਾਸਤ ਵਿੱਚ ਉਹਨਾਂ ਉੱਪਰ ਹਰ ਪ੍ਰਕਾਰ ਦੇ ਸਰੀਰਕ ਤੇ ਮਾਨਸਿਕ ਤਸ਼ੱਦਦ ਹੋਏ। ਉਹਨਾਂ ਨੂੰ ਕਈ ਸਾਲ ਜੇਲ੍ਹ ਦੇ ਆਂਡਾ ਸੈੱਲਾਂ ਵਿੱਚ ਹੱਥਾਂ-ਪੈਰਾਂ ਦੀਆਂ ਬੇੜੀਆਂ ਵਿੱਚ ਨੂੜ ਕੇ ਰੱਖਿਆ ਗਿਆ ਅਤੇ ਅੰਤ ਉਹਨਾਂ ਨੂੰ 8 ਜਨਵਰੀ 1997 ਨੂੰ ਅਹਿਮਦਾਬਾਦ ਦਿਹਾਤੀ ਦੀ ਮਿਰਜ਼ਾਪੁਰ ਸਪੈਸ਼ਲ ਟਾਡਾ ਕੋਰਟ ਦੇ ਜੱਜ ਸੀ. ਕੇ. ਬੁੱਚ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜੋ ਭਾਰਤੀ ਸੁਪਰੀਮ ਕੋਰਟ ਵੱਲੋਂ 9 ਜਨਵਰੀ 2001 ਨੂੰ ਅਪੀਲ ਖਾਰਜ਼ ਕਰਦਿਆਂ ਬਹਾਲ ਹੀ ਰੱਖੀ ਗਈ ਪਰ ਭਾਈ ਲਾਲ ਸਿੰਘ ਨੂੰ ਕੁਝ ਰਾਹਤ ਮਿਲੀ ਕਿ ਉਹਨਾਂ ਨੂੰ 11 ਨਵੰਬਰ 1998 ਨੂੰ ਅਹਿਮਦਾਬਾਦ ਜੇਲ੍ਹ ਤੋਂ ਜਲੰਧਰ ਜੇਲ੍ਹ ਅਤੇ ਬਾਅਦ ਵਿੱਚ ਜਲੰਧਰ ਜੇਲ੍ਹ ਤੋਂ 02 ਮਾਰਚ 2000 ਵਿਚ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਹ ਅਹਾਤਾ ਨੰਬਰ 6 ਦੀਆਂ ਪਿਛਲੀਆਂ 10 ਚੱਕੀਆਂ ਵਿੱਚ ਅੱਜ ਤੱਕ ਨਜ਼ਰਬੰਦ ਹਨ।

ਕੁਝ ਸਮਾਂ ਬਾਅਦ ਉਹਨਾਂ ਨੂੰ ਪੈਰੋਲ ਛੁੱਟੀ ਮਿਲਣ ਲੱਗ ਪਈ ਅਤੇ ਪੈਰੋਲ ਦੌਰਾਨ ਹੀ ਉਹਨਾਂ ਦਾ ਵਿਆਹ ਬੀਬੀ ਗੁਰਦੀਪ ਕੌਰ ਨਾਲ 3 ਅਪਰੈਲ 2002 ਨੂੰ ਇਸ ਆਸ ਨਾਲ ਹੋਇਆ ਕਿ ਉਹਨਾਂ ਦੀ ਰਿਹਾਈ ਛੇਤੀ ਹੋਣ ਵਾਲੀ ਹੈ ਪਰ ਸਿਤਮਜ਼ਰੀਫੀ ਦੀ ਗੱਲ ਹੈ ਕਿ ਇਸ ਗੱਲ ਨੂੰ ਵੀ 16 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਇਸ ਸਮੇਂ ਦੌਰਾਨ ਹੀ ਭਾਈ ਲਾਲ ਸਿੰਘ ਜੀ ਦੇ ਪਿਤਾ ਸ. ਭਾਗ ਸਿੰਘ 18 ਮਾਰਚ 2007 ਨੂੰ ਪੁੱਤਰ ਦੀ ਰਿਹਾਈ ਦੀ ਆਸ ਵਿੱਚ ਅਕਾਲ ਚਲਾਣਾ ਕਰ ਗਏ। ਭਾਈ ਲਾਲ ਸਿੰਘ ਦੀ ਪੁੱਤਰੀ ਮਨਮੀਤ ਕੌਰ ਜਿਸ ਦਾ ਜਨਮ 23 ਮਈ 2007 ਨੂੰ ਹੋਇਆ ਸੀ, ਨੂੰ ਵੀ ਪਹਿਲਾਂ ਪਹਿਲ ਲੱਗਦਾ ਸੀ ਕਿ ਉਸ ਦੇ ਪਾਪਾ ਕਿਤੇ ਬਾਹਰ ਕੰਮ ਕਰਦੇ ਹਨ ਜਿੱਥੋਂ ਉਹ ਸਾਲ ਵਿੱਚ ਦੋ ਵਾਰੀ 42-42 ਦਿਨ ਦੀਆਂ ਛੁੱਟੀਆਂ ਕੱਟਣ ਆਉਂਦੇ ਹਨ ਪਰ ਹੁਣ ਉਹ ਵੀ ਸਭ ਸਮਝਣ ਲੱਗ ਪਈ ਹੈ ਅਤੇ ਉਡੀਕ ਵਿੱਚ ਹੈ ਕਿ ਕਦੋਂ ਉਸ ਦੇ ਪਾਪਾ ਪੱਕੇ ਰਿਹਾਅ ਹੋ ਕੇ ਉਹਨਾਂ ਕੋਲ ਆਉਣਗੇ  ?

ਭਾਈ ਲਾਲ ਸਿੰਘ ਕਰੀਬ 1992 ਤੋਂ ਹੁਣ ਤੱਕ ਕੁੱਲ 26 ਸਾਲ ਅਤੇ ਜੇਕਰ ਸਜ਼ਾ ਵਿੱਚ ਮਿਲੀਆਂ ਛੋਟਾਂ ਨੂੰ ਵੀ ਜੋੜਿਆ ਜਾਵੇ ਤਾਂ ਕਰੀਬ 31 ਸਾਲ ਕੈਦ ਕੱਟ ਚੁੱਕੇ ਹਨ ਅਤੇ ਕਰੀਬ ਪਿਛਲੇ 18 ਸਾਲਾਂ ਤੋਂ 42 ਦਿਨ ਦੀਆਂ ਸਾਲਾਨਾ ਦੋ ਪੈਰੋਲ ਛੁੱਟੀਆਂ ’ਤੇ ਆ ਰਹੇ ਹਨ ਅਤੇ ਇਸ ਆਸ ਨਾਲ ਵਾਪਸ ਆਪ ਜੇਲ੍ਹ ਚਲੇ ਜਾਂਦੇ ਹਨ ਕਿ ਹੁਣ ਉਹਨਾਂ ਦੀ ਪੱਕੀ ਰਿਹਾਈ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਭਾਈ ਲਾਲ ਸਿੰਘ ਉੱਪਰ ਕਤਲ, ਦੇਸ਼-ਧ੍ਰੋਹ ਜਾਂ ਭਾਰਤ ਸਰਕਾਰ ਵਿਰੁੱਧ ਜੰਗ ਦਾ ਐਲਾਨ ਜਾਂ ਜੰਗ ਦੀ ਸਾਜ਼ਸ਼ ਆਦਿ ਵਰਗੇ ਕਿਸੇ ਜ਼ੁਰਮ ਦੀ ਧਾਰਾ ਨਹੀਂ ਹੈ ਸਗੋਂ ਭਾਈ ਲਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਟਾਡਾ ਅਤੇ ਅਸਲਾ-ਬਾਰੂਦ ਦੀ ਬਰਾਮਦਗੀ ਵਿੱਚ ਹੀ ਹੈ।

ਭਾਰਤੀ ਕਾਨੂੰਨ ਮੁਤਾਬਕ ਕਿਸੇ ਉਮਰ ਕੈਦੀ ਦੀ ਰਿਹਾਈ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਜੇਲ੍ਹ ਬੰਦੀ ਅਤੇ ਪੈਰੋਲ ਛੁੱਟੀ ਦੌਰਾਨ ਕੀਤਾ ਵਿਵਹਾਰ ਅਤੇ ਭਾਈ ਲਾਲ ਸਿੰਘ ਦਾ ਜੇਲ੍ਹ ਅਤੇ ਪੈਰੋਲ ਛੁੱਟੀ ਦੌਰਾਨ ਕੀਤਾ ਵਿਵਹਾਰ ਹਮੇਸ਼ਾ ਮਿਸਾਲੀ ਰਿਹਾ ਹੈ ਇਸ ਕਾਰਨ ਹੀ ਉਹਨਾਂ ਦੀ ਪੱਕੀ ਰਿਹਾਈ ਲਈ ਜੇਲ੍ਹ ਸੁਪਰਡੈਂਟ, ਪਿੰਡ ਦੀ ਪੰਚਾਇਤ, ਸਬੰਧਤ ਥਾਣਾ, ਸਬੰਧਤ ਐੱਸ. ਐੱਸ. ਪੀ ਅਤੇ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਹਮੇਸ਼ਾ ਸਿਫਾਰਸ਼ ਕੀਤੀ ਜਾਂਦੀ ਰਹੀ ਹੈ।

23 ਅਗਸਤ 2012 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਪਰਮਜੀਤ ਸਿੰਘ ਵੱਲੋਂ ਗੁਜਰਾਤ ਸਰਕਾਰ ਨੂੰ 3 ਮਹੀਨਿਆਂ ਵਿੱਚ ਭਾਈ ਲਾਲ ਸਿੰਘ ਦੀ ਰਿਹਾਈ ਦੇ ਕੇਸ ਉੱਪਰ ਫ਼ੈਸਲਾ ਲੈਣ ਦਾ ਹੁਕਮ ਦਿੱਤਾ ਅਤੇ ਨਾਲ ਹੀ ਤਦ ਤੱਕ ਭਾਈ ਲਾਲ ਸਿੰਘ ਨੂੰ ਪੈਰੋਲ ਦੇਣ ਦਾ ਹੁਕਮ ਸੁਣਾਇਆ। ਜ਼ਿਕਰਯੋਗ ਹੈ ਕਿ ਭਾਈ ਲਾਲ ਸਿੰਘ ਲਈ ਸੁਣਾਏ ਇਸ ਹੁਕਮ ਦੇ ਨਾਲ ਹੀ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਉੱਤਰ ਪ੍ਰਦੇਸ਼ ਦੇ ਟਾਡਾ ਉਮਰ ਕੈਦੀ ਭਾਈ ਮੇਜਰ ਸਿੰਘ ਦੇ ਸਬੰਧ ਵਿੱਚ ਹੀ ਅਜਿਹਾ ਹੁਕਮ ਉੱਤਰ ਪ੍ਰਦੇਸ਼ ਸਰਕਾਰ ਨੂੰ ਦਿੱਤਾ ਗਿਆ ਸੀ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਭਾਈ ਮੇਜ਼ਰ ਸਿੰਘ ਦੀ ਰਿਹਾਈ ਵਿੱਚ ਕੋਈ ਰੋੜਾ ਨਾ ਅਟਕਾਇਆ ਤੇ ਭਾਈ ਮੇਜਰ ਸਿੰਘ ਦੀ ਪੱਕੀ ਰਿਹਾਈ ਹੋ ਗਈ ਪਰ ਗੁਜਰਾਤ ਸਰਕਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਅਪੀਲ ਦਾਖ਼ਲ ਕਰ ਦਿੱਤੀ ਅਤੇ ਭਾਈ ਲਾਲ ਸਿੰਘ ਨੂੰ ਪੈਰੋਲ ਰਿਹਾਈ ਦੇ ਕਰੀਬ ਦੋ ਮਹੀਨਿਆਂ ਬਾਅਦ 14 ਨਵੰਬਰ 2012 ਨੂੰ ਵਾਪਸ ਜੇਲ੍ਹ ਜਾਣਾ ਪਿਆ। ਗੁਜ਼ਰਾਤ ਸਰਕਾਰ ਦੀ ਅਪੀਲ ਉੱਪਰ ਭਾਰਤੀ ਸੁਪਰੀਮ ਕੋਰਟ ਵੱਲੋਂ 4 ਸਾਲ ਬਾਅਦ 29 ਜੂਨ 2016 ਨੂੰ ਫ਼ੈਸਲਾ ਦਿੰਦਿਆਂ 23 ਅਗਸਤ 2012 ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਰੱਦ ਕੀਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਭਾਈ ਲਾਲ ਸਿੰਘ ਅੱਠਾਂ ਹਫ਼ਤਿਆਂ ਵਿੱਚ ਕੇਂਦਰੀ ਗ੍ਰਹਿ ਵਿਭਾਗ ਨੂੰ ਰਿਹਾਈ ਲਈ ਅਰਜ਼ੀ ਦੇਵੇ ਅਤੇ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਇਸ ਸਬੰਧੀ ਫ਼ੈਸਲਾ ਲਵੇ ਅਤੇ ਸਿਤਮਜ਼ਰੀਫੀ ਦੀ ਗੱਲ ਹੈ ਕਿ ਭਾਈ ਲਾਲ ਸਿੰਘ ਨੇ ਤਾਂ ਆਪਣੀ ਅਰਜ਼ੀ ਸੁਪਰੀਮ ਕੋਰਟ ਵੱਲੋਂ ਦਿੱਤੇ ਸਮੇਂ ਵਿੱਚ ਹੀ ਦੇ ਦਿੱਤੀ ਸੀ ਪਰ ਲਾਲ ਫੀਤਾਸ਼ਾਹੀ ਤੇ ਬਾਬੂਸ਼ਾਹੀ ਦੇ ਚੱਲਦਿਆਂ ਅਤੇ ਪਰਮੁੱਖ ਤੌਰ ’ਤੇ ਸਿਆਸੀ ਇੱਛਾ ਸ਼ਕਤੀ ਦੀ ਘਾਟ ਕਰ ਕੇ ਭਾਈ ਲਾਲ ਸਿੰਘ ਦੀ ਰਿਹਾਈ ਦਾ ਫ਼ੈਸਲਾ ਅਜੇ ਤੱਕ ਕੇਂਦਰੀ ਸਰਕਾਰ ਨੇ ਨਹੀਂ ਲਿਆ।

ਇਕ ਗੱਲ ਸਪੱਸ਼ਟ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਭਾਈ ਲਾਲ ਸਿੰਘ ਦੀ ਰਿਹਾਈ ਦਾ ਫ਼ੈਸਲਾ ਭਾਈ ਲਾਲ ਸਿੰਘ ਦੇ ਵਿਰੋਧ ਵਿੱਚ ਨਹੀਂ ਕਰ ਸਕਦੀ ਪਰ ਲਮਕਾ ਜ਼ਰੂਰ ਸਕਦੀ ਹੈ ਪਰ ਭਾਈ ਲਾਲ ਸਿੰਘ ਦੀ ਰਿਹਾਈ ਦਾ ਫ਼ੈਸਲਾ ਕਿਉਂ ਨਹੀਂ ਲਿਆ ਜਾ ਰਿਹਾ  ? ਕੇਂਦਰੀ ਸਰਕਾਰ ਦੀ ਕੀ ਮਜਬੂਰੀ ਜਾਂ ਕੀ ਗਿਣਤੀਆਂ-ਮਿਣਤੀਆਂ ਹਨ ਕਿ ਉਹ ਅਜੇ ਤੱਕ ਰਿਹਾਈ ਦਾ ਫ਼ੈਸਲਾ ਨਹੀਂ ਕਰ ਸਕੀ ?

ਹਾਂ, ਇੱਕ ਗੱਲ ਪੱਕੀ ਹੈ ਕਿ ਭਾਈ ਲਾਲ ਸਿੰਘ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹਰ ਸਿੱਖ ਅਤੇ ਹਰੇਕ ਇਨਸਾਫ ਪਸੰਦ ਵਿਅਕਤੀ ਦੇ ਹਿਰਦੇ ਵਿੱਚ ਵਸਿਆ ਭਾਵਨਾਤਮਕ ਮੁੱਦਾ ਹੈ ਪਰ ਰਿਹਾਈਆਂ ਸਬੰਧੀ ਫ਼ੈਸਲਾ ਲੈਣਾ ਇਕ ਸਿਆਸੀ ਮੁੱਦਾ ਹੈ ਅਤੇ ਸਪੱਸ਼ਟ ਹੈ ਕਿ ਹਰ ਵੋਟ ਰਾਜਨੀਤੀ ਵਾਲੀ ਸਿਆਸੀ ਧਿਰ ਇਸ ਭਾਵਨਾਤਮਕ ਮੁੱਦੇ ਨੂੰ ਵੋਟਾਂ ਵਾਲੀ ਐਨਕ ਰਾਹੀਂ ਦੇਖਦੀ ਹੈ ਅਤੇ ਜੋ ਵੀ ਸਿਆਸੀ ਧਿਰ ਇਸ ਸਬੰਧੀ ਹਾਂ-ਪੱਖੀ ਫ਼ੈਸਲਾ ਲਵੇਗੀ ਤਾਂ ਉਸ ਨੂੰ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ ਵਿੱਚ ਸਿੱਖ ਹਿੱਸਾ ਵਧਣਾ ਸੁਭਾਵਕ ਹੀ ਹੈ।

ਪਰ ਕੀ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੰਦੀ ਸਿੰਘਾਂ ਵਿੱਚੋਂ ਪਹਿਲਾਂ ਭਾਈ ਲਾਲ ਸਿੰਘ ਦੀ ਰਿਹਾਈ ਸਬੰਧੀ ਤੁਰੰਤ ਫ਼ੈਸਲਾ ਲਵੇਗੀ ਜਿਸ ਸਬੰਧੀ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਆਖਰੀ ਫ਼ੈਸਲੇ ਲਈ ਪਿਛਲੇ ਕਈ ਮਹੀਨਿਆਂ ਤੋਂ ਪਈ ਹੈ ? ਇਸ ਸਵਾਲ ਦਾ ਜਵਾਬ ਆਉਂਦੇ ਕੁਝ ਦਿਨਾਂ ਵਿੱਚ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਗੱਲ ਸਪੱਸ਼ਟ ਹੈ ਕਿ ਅਜਿਹੇ ਫ਼ੈਸਲੇ ਸਿੱਖਾਂ ਦੇ ਸਰਕਾਰ ਪ੍ਰਤੀ ਅਤੇ ਸਰਕਾਰ ਦੇ ਸਿੱਖਾਂ ਪ੍ਰਤੀ ਭਵਿੱਖਤ ਨੀਤੀਆਂ ਦਾ ਝਲਕਾਰਾ ਜ਼ਰੂਰ ਦੇਣਗੇ। ਅਕਾਲ ਪੁਰਖ ਪਰਮਾਤਮਾ ਅਜਿਹੇ ਫ਼ੈਸਲਿਆਂ ਰਾਹੀਂ ਦਿਸਣ ਵਾਲੀਆਂ ਸਰਕਾਰੀ ਨੀਤੀਆਂ ਪ੍ਰਤੀ ਸਿੱਖਾਂ ਨੂੰ ਕੂਟਨੀਤਕ ਤੇ ਸਿਆਸੀ ਤੌਰ ’ਤੇ ਤਿਆਰ ਰਹਿਣ ਦਾ ਬਲ ਬਖਸ਼ੇ।

ਪੰਥ ਦਾ ਵਾਲੀ ਨੀਲੇ ਦਾ ਸ਼ਾਹ ਅਸਵਾਰ ਕਲਗੀਆਂ ਵਾਲਾ ਆਪ ਸਹਾਈ ਹੋਵੇ।

-0-

ਪੰਥ-ਦੋਖੀ ਹੀ ਸਿੱਖੀ ਦੇ ਉੱਚੇ ਮੀਨਾਰ ਦਸਤਾਰ ਵੱਲ ਕਰ ਸਕਦੇ ਹਨ ਉਂਗਲ : ਪੰਥਕ ਤਾਲਮੇਲ ਸੰਗਠਨ

0

ਪੰਥ-ਦੋਖੀ ਹੀ ਸਿੱਖੀ ਦੇ ਉੱਚੇ ਮੀਨਾਰ ਦਸਤਾਰ ਵੱਲ ਕਰ ਸਕਦੇ ਹਨ ਉਂਗਲ : ਪੰਥਕ ਤਾਲਮੇਲ ਸੰਗਠਨ

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਾਲਮੇਲ ਕੋਰ ਕਮੇਟੀ ਨੇ ਗਿਆਨੀ ਸਰਬਜੀਤ ਸਿੰਘ ਧੁੰਦਾ ਦੀ ਪਿੰਡ ਤਰਸਿੱਕਾ ਵਿਖੇ ਦਸਤਾਰ ਉਤਾਰਨ ਲਈ ਅਪਣਾਏ ਗਏ ਹਥ-ਕੰਡੇ ਦੀ ਸਖ਼ਤ ਨਿਖੇਧੀ ਕੀਤੀ ਹੈ। ਸਾਵਧਾਨੀ ਦੀ ਬਦੌਲਤ ਦਸਤਾਰ ਉਤਰਨ ਤੋਂ ਹੋਏ ਬਚਾਅ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਦਸਤਾਰ ਸਿੱਖ ਸੱਭਿਆਚਾਰ ਦਾ ਉੱਚਾ ਮੀਨਾਰ ਹੈ ਅਤੇ ਇਸ ਵੱਲ ਉਂਗਲ ਕਰਨ ਵਾਲਾ ਕੋਈ ਵੀ ਮਨੁੱਖ ਸਿੱਖ ਨਹੀਂ ਹੋ ਸਕਦਾ। ਬਾਜਾ ਨਾਮ ਦੇ ਦੋਸ਼ੀ ਦੀ ਸ਼ਕਲ ਤੇ ਅਕਲ਼ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਿੱਖ ਨਹੀਂ ਹੈ। ਭੇਖੀ ਸਿੱਖਾਂ ਦਾ ਖਰੀਦਿਆ ਪਿਆਂਦਾ ਜ਼ਰੂਰ ਹੋ ਸਕਦਾ ਹੈ।  ਭੇਖੀ ਆਪਣਾ ਭੇਖ ਬਚਾਉਣ ਦੀ ਮਜ਼ਬੂਰੀ ਵਸ ਹਮੇਸ਼ਾਂ ਅਮਾਨਵੀ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਆਏ ਹਨ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਪਾਖੰਡੀਆਂ ਤੇ ਕਰਮ-ਕਾਂਡੀਆਂ ਦੇ ਪੋਲ ਖੋਲ੍ਹੇ ਅਤੇ ਜ਼ਾਲਮ ਰਾਜਿਆਂ ਨੂੰ ਬੁੱਚੜ ਗਰਦਾਨਦਿਆਂ ਆਮ ਮਨੁੱਖ ਨੂੰ ਹਰ ਭੈ ਤੋਂ ਮੁਕਤ ਕੀਤਾ। ਕਿਸੇ ਭੇਖੀ ਤੇ ਦੋਖੀ ਦੀ ਈਨ ਨਹੀਂ ਮੰਨੀ।

ਸਿੱਖੀ ਸਿਧਾਂਤਾਂ ਦੇ ਉਲਟ ਘਿਨਾਉਣੀਆਂ ਕਾਰਵਾਈਆ ਕਰਨ ਤੇ ਕਰਵਾਉਣ ਵਾਲਿਆਂ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਸਿਰ ਤਾਂ ਲਹਾ ਸਕਦਾ ਹੁੰਦਾ ਹੈ, ਪਰ ਤਲਵਾਰ ਦੇ ਜ਼ੋਰ, ਵਿਚਾਰ ਕਦੇ ਨਹੀਂ ਬਦਲਦਾ। ਸਿੱਖੀ ਦਾ ਅਸੂਲ ਹੈ ਕਿ ਮਤ-ਭੇਦਾਂ ਨੂੰ ਭੁਲਾਉਣ ਲਈ ਵਿਚਾਰਾਂ ਦੇ ਰਾਹੀ ਬਣਿਆ ਜਾਂਦਾ ਹੈ, ਨਾ ਕਿ ਧੱਕੇਸ਼ਾਹੀ ਦੇ। ਗੁਰੁ ਸਾਹਿਬਾਨ ਨੇ ਮਨੁੱਖੀ ਵਿਕਾਸ ਦੀਆਂ ਦੋ ਪ੍ਰਮੁੱਖ ਖੂਬੀਆਂ ਨਿਰਭੈਤਾ ਤੇ ਸੁਤੰਤਰਤਾ ਨੂੰ ਸਿੱਖ ਅੰਦਰ ਦੱਬ ਕੇ ਭਰਿਆ ਹੋਇਆ ਹੈ। ਇਸ ਲਈ ਕਿਸੇ ਵੀ ਏਜੰਸੀ ਵੱਲੋਂ ਡਰਾਉਣ ਤੇ ਧਮਕਾਉਣ ਦੇ ਤਰੀਕੇ ਕਦੇ ਵੀ ਸਫਲ ਨਹੀਂ ਹੋ ਸਕਦੇ।

ਸੰਗਠਨ ਨੇ ਅਪੀਲ ਕੀਤੀ ਕਿ ਪੰਥ, ਸ਼ਬਦ-ਗੁਰੂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦਾ ਡਟ ਕੇ ਸਾਥ ਦੇਵੇ ਅਤੇ ਪ੍ਰਚਾਰਕ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਧੀਨ ਬੇ-ਖੌਫ਼ ਸੇਵਾਵਾਂ ਨਿਭਾ ਕੇ ਗੁਰੂ ਗ੍ਰੰਥ ਤੇ ਪੰਥ ਦੀ ਚੜ੍ਹਦੀ ਕਲ਼ਾ ਲਈ ਭੂਮਿਕਾ ਨਿਭਾਉਣ।

ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ) ਅਕਾਲ ਹਾਊਸ , ਭਗਤਾਂ ਵਾਲਾ ਅੰਮ੍ਰਿਤਸਰ-143001

             9592093472, 9814898802, 9814921297, 9815193839, 9888353957

ਡਾ (?) ਹਰਜਿੰਦਰ ਸਿੰਘ ਦਿਲਗੀਰ ਉਰਫ਼ ਨਿਰਮਲ ਸਿੰਘ ਜੀ !

0

ਡਾ (?) ਹਰਜਿੰਦਰ ਸਿੰਘ ਦਿਲਗੀਰ ਉਰਫ਼ ਨਿਰਮਲ ਸਿੰਘ ਜੀ !

ਸਰਵਜੀਤ ਸਿੰਘ ਸੈਕਰਾਮੈਂਟੋ

ਤੁਹਾਨੂੰ ਯਾਦ ਹੋਵੇਗਾ ਕਿ 1 ਜਨਵਰੀ 2015 ਈ: ਅਕਾਲ ਤਖਤ ਸਾਹਿਬ ’ਤੇ ਹੋਏ, ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਦੇ ਇਕੱਠ ਲਈ ਤੁਸਾਂ “ਬੂਝੜ ਅਤੇ ਸਟੂਪਿਡ” ਸ਼ਬਦ ਵਰਤਿਆ ਸੀ।

ਤੁਹਾਡੇ ਸ਼ਬਦ, “ਇਕ ‘ਜੂਠ ਕੈਲੰਡਰ’ ਨੂੰ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੋੜਦੇ ਹਨ, ਜੋ ਕਿ ਗੁਰੂ ਜੀ ਦੀ ਬੇਇਜ਼ਤੀ ਹੈ। ਗੁਰੂ ਦੀ ਬੇਇਜ਼ਤੀ  ਨੂੰ ਘਟੋ ਘਟ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ। ਹੈਰਾਨ ਹਾਂ ਕਿ ਕਿੰਨੇ ਬੂਝੜ, ‘ਸਟੂਪਿਡ’ ਹਨ ਉਹ ਲੋਕ ਜੋ ਇਸ ਦੇ ਬਾਵਜੂਦ ਇਸ ‘ਜੂਠੇ’ ਕੈਲੰਡਰ ਦੀ ਹਿਮਾਇਤ ਕਰਦੇ ਹਨ।

ਖ਼ੈਰ ਲੋਕ ਤਾਂ ਬਾਦਲ ਅਕਾਲੀ ਦਲ ਅਤੇ ਅਖੋਤੀ ਦਸਮ ਗ੍ਰੰਥ ਦੀ ਵੀ ਹਿਮਾਇਤ ਕਰਦੇ ਹਨ ਪਰ ਪੁਰੇਵਾਲ ਦੇ ਕੈਲੰਡਰ ਦੀ ਹਿਮਾਇਤ ਨਾ ਕਰਨ ਤੋਂ ਇਕ ਗੱਲ ਸਾਫ਼ ਹੈ ਕਿ ਇਸ ਕੌਮ ਦੇ ਕਈ ਆਗੂ (ਤੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ) ਬੂਝੜ ਹਨ, ਜਿਸ ਕਾਰਨ ਕੌਮ ਨੂੰ ਅਜੇ ਹੋਰ ਛਿੱਤਰ ਪੈਣਗੇ”।

7 ਜਨਵਰੀ 2015 ਈ: ਨੂੰ , ਮੈਂ ਤੂਹਾਨੂੰ ਪੱਤਰ ਲਿਖ ਕੇ ਚੁਣੌਤੀ ਦਿੱਤੀ ਸੀ। ਤੁਸੀਂ ਮੇਰੀ ਚੁਣੌਤੀ ਪ੍ਰਵਾਨ ਕਰਨ ਦੀ ਬਜਾਏ, ਹਮੇਸ਼ਾ ਦੀ ਦੜ ਵੱਟ ਜਾਂਦੇ ਹੋ ।

2010 ਈ: ਤੋਂ ਲਗਾਤਾਰ ਮੈਂ ਆਪ ਨੂੰ ਵਿਚਾਰ ਕਰਨ ਦਾ ਸੱਦਾ ਦੇ ਰਿਹਾ ਹਾਂ, ਨਾ ਤਾਂ ਤੁਸੀਂ ਵਿਚਾਰ ਲਈ ਅੱਗੇ ਆਏ ਹੋ, ਨਾ ਹੀ ਝੱਗ ਸੁੱਟਣੀ ਬੰਦ ਕੀਤੀ ਹੈ। ਤਿੰਨ-ਚਾਰ ਮਹੀਨਿਆਂ ਪਿਛੋਂ ਤੁਹਾਨੂੰ ਦੌਰਾ ਪੈਦਾ ਹੈ ਅਤੇ ਤੁਸੀਂ ਝੱਗ ਸੁੱਟਦੇ ਹੋ। ਜਦੋਂ ਹੱਥ ਔਲਾ ਹੋ ਜਾਂਦਾ ਹੈ ਤਾਂ ਤੁਹਾਡੇ 3-4 ਮਹੀਨੇ ਸੋਖੇ ਲੰਘ ਜਾਂਦੇ ਹਨ।  ਮੈਂ ਆਪਣੇ ਤਜਰਬੇ ਦੇ ਅਧਾਰ ’ਤੇ ਕਹਿ ਸਕਦਾ ਹਾਂ ਕਿ ਹੁਣ ਤੂਹਾਨੂੰ ਇਸ ਸਾਲ ਦੇ ਅਖੀਰ (ਨਵੰਬਰ, ਦਸੰਬਰ) ਵਿੱਚ ਫਿਰ ਦੌਰਾ ਪਵੇਗਾ।  ਚਲੋ, ਹੁਣ ਉਦੋਂ ਤਾਈਂ ਅਰਾਮ ਕਰੋ। ਜਦੋਂ ਫਿਰ ਦੌਰਾ ਪਿਆ , ਉਦੋਂ ਫਿਰ ਹੱਥ ਔਲਾ ਦੇ ਦੇਵਾਂਗੇ।

ਸ਼ਹੀਦ ਊਧਮ ਸਿੰਘ ਦਾ ਸਾਹਸੀ ਜੀਵਨ

0

ਸ਼ਹੀਦ ਊਧਮ ਸਿੰਘ ਦਾ ਸਾਹਸੀ ਜੀਵਨ

ਸਨਦੀਪ ਸਿੰਘ

ਸ਼ਹੀਦ ਊਧਮ ਸਿੰਘ ਇੱਕ ਐਸਾ ਨਾਮ, ਜੋ ਸੁਣਦੇ ਸਾਰ ਹੀ ਇੱਕ ਐਸਾ ਵਿਅਕਤੀ ਅੱਖਾਂ ਅੱਗੇ ਆਉਣ ਲੱਗ ਜਾਂਦਾ ਹੈ, ਜੋ ਇੱਕ ਆਮ ਇਨਸਾਨ ਹੁੰਦੇ ਹੋਏ ਵੀ ਐਸੇ ਖ਼ਾਸ ਕੰਮਾਂ ਨੂੰ ਅੰਜਾਮ ਦੇ ਗਿਆ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾਇਆ ਜਾ ਸਕਦਾ। ਅੱਜ ਦੇ ਇਸ ਲੇਖ ਦਾ ਮੁੱਖ ਵਿਸ਼ਾ ਊਧਮ ਸਿੰਘ ਦੇ ਜੀਵਨ, ਸੰਘਰਸ਼ ਅਤੇ ਕੰਮਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਬਾਰੇ ਇੱਕ ਵੱਖਰੇ ਨਜ਼ਰੀਏ ਨਾਲ ਇਤਿਹਾਸ ਅਤੇ ਹਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਪਹਿਲੂਆਂ ਨੂੰ ਸਾਂਝਾ ਕਰਨਾ ਹੈ, ਜਿਨ੍ਹਾਂ ਨੂੰ ਅਸੀਂ ਜਦ ਕਿਸੇ ਮਹਾਨ ਇਨਸਾਨ ਦਾ ਨਾਂ ਲੈਂਦੇ ਹਾਂ ਤਾਂ ਅਕਸਰ ਵਿਚਾਰਦੇ ਹੀ ਨਹੀਂ, ਇਹੀ ਕਾਰਨ ਹੈ ਕਿ ਗਿਆਨ, ਕੁਰਬਾਨੀ, ਸਾਹਸ, ਉੱਚਾ ਕਿਰਦਾਰ, ਉੱਚੀ ਸੋਚ ਅਤੇ ਜਜ਼ਬਾ ਅਕਸਰ ਤਸਵੀਰਾਂ ਦੇ ਰੂਪ ਵਿੱਚ ਟੰਗਿਆ ਰਹਿ ਜਾਂਦਾ ਹੈ ਅਤੇ ਵਰ੍ਹੀ-ਛਿਮਾਹੀ ਝਾੜ-ਪੂੰਝ ਕਰ ਕੇ ਫੁੱਲਾਂ ਦੇ ਹਾਰ ਬਦਲ ਦਿੱਤੇ ਜਾਂਦੇ ਹਨ ਪਰ ਉਹਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਜ਼ਿਆਦਾਤਰ ਇਤਿਹਾਸ ਦੇ ਪੰਨਿਆਂ ਵਿੱਚ ਪਏ-ਪਏ ਪੀਲੇ ਹੋ ਰਹੇ ਹਨ।

ਅਜੋਕੇ ਸਮੇਂ ਵਿੱਚ ਤਕਨੀਕ ਦੀ ਬਹੁਤ ਜ਼ਿਆਦਾ ਤਰੱਕੀ ਅਤੇ ਵਰਤੋਂ ਦੇ ਕਾਰਨ ਇਹਨਾਂ ਸ਼ਹੀਦਾਂ ਦੀ ਪੁੱਛ-ਪੜਤਾਲ ਕਾਫ਼ੀ ਵੱਧ ਗਈ ਹੈ, ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪ੍ਰੋਫਾਈਲ ਫ਼ੋਟੋ ਲਗਾਉਣ ਤੱਕ ਹੀ ਸੀਮਤ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹਨਾਂ ਸ਼ਹੀਦਾਂ ਦੇ ਫੈਨ ਹਨ ਅਤੇ ਬਹੁਤ ਪਿਆਰ ਅਤੇ ਇੱਜ਼ਤ ਵੀ ਦੇਂਦੇ ਹਨ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਹੀ ਇਤਿਹਾਸ ਦੇ ਪੰਨਿਆਂ ਤੋਂ ਬਿਲਕੁਲ ਅਣਜਾਣ ਹਨ। ਖ਼ੈਰ ਸਾਡਾ ਫ਼ਰਜ਼ ਬਣਦਾ ਹੈ ਕਿ ਇਹ ਕੋਸ਼ਿਸ਼ ਕੀਤੀ ਜਾਵੇ ਕਿ ਸ਼ਹੀਦਾਂ ਨੂੰ ਸਿਰਫ਼ ਤਸਵੀਰ ਤੱਕ ਸੀਮਤ ਨਾ ਕਰ ਕੇ ਉਹਨਾਂ ਦੇ ਜੀਵਨ ਨੂੰ ਘੋਖਿਆ ਜਾਵੇ ਅਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਲੋਕਾਂ ਵਿੱਚ ਅਜਿਹਾ ਕੀ ਅਲੱਗ ਸੀ, ਜੋ ਕਿ ਸਾਡੇ ਵਿੱਚ ਨਹੀਂ ਹੈ, ਹੈ ਤਾਂ ਉਹ ਵੀ ਇਨਸਾਨ ਸਨ ਅਤੇ ਅਸੀਂ ਵੀ ਇਨਸਾਨ ਹਾਂ ਫਿਰ ਫ਼ਰਕ ਕਿੱਥੇ ਹੈ ? ਕੁਝ ਲੋਕ ਇਹ ਵੀ ਮੰਨਦੇ ਹਨ ਕਿ ਇਹਨਾਂ ਲੋਕਾਂ ਨੂੰ ਰੱਬ ਨੇ ਇਹਨਾਂ ਕੰਮਾਂ ਲਈ ਹੀ ਭੇਜਿਆ ਸੀ ਪਰ ਅਜਿਹਾ ਮੰਨ ਕੇ ਅਸੀਂ ਉਹਨਾਂ ਦੀ ਸੋਚ, ਸੰਕਲਪ, ਸੰਘਰਸ਼, ਦੁੱਖ-ਤਕਲੀਫ਼ਾਂ ਅਤੇ ਮੌਤ ਨੂੰ ਐਨਾ ਛੋਟਾ ਨਹੀਂ ਕਰ ਸਕਦੇ। ਅਸੀਂ ਇਤਿਹਾਸ ਉੱਤੇ ਨਜ਼ਰ ਮਾਰਾਂਗੇ ਅਤੇ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਜੀਵਨ ਵਿਚਲੀਆਂ ਮੁਸ਼ਕਲਾਂ ਨੂੰ ਵੀ ਧਿਆਨ ਨਾਲ ਵਾਚਣ ਦੀ ਕੋਸ਼ਿਸ਼ ਕਰਾਂਗੇ।

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿਤਾ ਟਹਿਲ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪੰਜਾਬ ਦੇ ਛੋਟੇ ਜਿਹੇ ਪਿੰਡ ਸੁਨਾਮ ਵਿੱਚ ਹੋਇਆ। ਊਧਮ ਸਿੰਘ ਦਾ ਜਨਮ ਦਾ ਨਾਮ ਸ਼ੇਰ ਸਿੰਘ ਸੀ, ਜੋ ਕਿ ਬਾਅਦ ਵਿੱਚ ਬਦਲਿਆ ਗਿਆ। ਇਤਿਹਾਸਕ ਹਵਾਲਿਆਂ ਤੋਂ ਪਤਾ ਚਲਦਾ ਹੈ ਕਿ ਟਹਿਲ ਸਿੰਘ ਅਤੇ ਉਸ ਦਾ ਪਰਿਵਾਰ ਪੰਜਾਬ ਦਾ ਨਿਵਾਸੀ ਨਹੀਂ ਸੀ, ਉਹ ਉਤਰ ਪ੍ਰਦੇਸ਼ ਤੋਂ ਪੰਜਾਬ ਮਜ਼ਦੂਰੀ ਕਰਨ ਲਈ ਆਏ ਸਨ।  ਟਹਿਲ ਸਿੰਘ ਦਾ ਅਸਲੀ ਨਾ ਚੂਹੜ ਰਾਮ ਅਤੇ ਹਰਨਾਮ ਕੌਰ ਦਾ ਨਾਮ ਨਾਰਾਇਨੀ ਦੇਵੀ ਸੀ।  ਟਹਿਲ ਸਿੰਘ ਅਤੇ ਉਸ ਦਾ ਪਰਿਵਾਰ ਸੁਨਾਮ ਵਿੱਚ ਸਰਦਾਰ ਧੰਨਾ ਸਿੰਘ ਕੋਲ਼ ਕੰਮ ਕਰਨ ਲੱਗ ਪਿਆ, ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਸੀ। ਇੱਥੇ ਹੀ ਸ: ਧੰਨਾ ਸਿੰਘ ਅਤੇ ਸਿੱਖ ਧਰਮ ਤੋਂ ਪ੍ਰਭਾਵਤ ਹੋ ਕੇ ਉਹ ਸਿੱਖ ਧਰਮ ਵਿੱਚ ਆ ਗਏ ਅਤੇ ਉਹਨਾਂ ਨੂੰ ਨਵੇਂ ਨਾਮ ਮਿਲ ਗਏ, ਜਿਨ੍ਹਾਂ ਨਾਵਾਂ ਨਾਲ ਅਸੀਂ ਅੱਜ ਉਹਨਾਂ ਨੂੰ ਜਾਣਦੇ ਹਾਂ। ਬਾਅਦ ਵਿੱਚ ਟਹਿਲ ਸਿੰਘ ਨੂੰ ਉਪਲੀ ਪਿੰਡ ਦੇ ਰੇਲਵੇ ਫਾਟਕ ਦੇ ਚੌਂਕੀਦਾਰ ਦੀ ਨੌਕਰੀ ਮਿਲ ਗਈ ਜੋ ਕਿ ਸੁਨਾਮ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਸੀ। ਨੌਕਰੀ ਮਿਲਣ ਤੋਂ ਬਾਅਦ ਟਹਿਲ ਸਿੰਘ ਅਤੇ ਉਸ ਦਾ ਪਰਿਵਾਰ ਜਿਸ ਘਰ ਵਿੱਚ ਰਹਿੰਦਾ ਸੀ ਇਹ ਉਹੀ ਘਰ ਸੀ ਜਿਸ ਵਿੱਚ ਊਧਮ ਸਿੰਘ ਦਾ ਜਨਮ ਹੋਇਆ। ਊਧਮ ਸਿੰਘ ਦਾ ਇੱਕ ਵੱਡਾ ਭਰਾ ਸੀ, ਜਿਸ ਦਾ ਨਾਂ ਮੁਕਤਾ ਸਿੰਘ ਸੀ ਜੋ ਬਾਅਦ ਵਿੱਚ ਬਦਲ ਕੇ ਸਾਧੂ ਸਿੰਘ ਹੋ ਗਿਆ।

ਜਦ ਊਧਮ ਸਿੰਘ ਦੀ ਉਮਰ 2 ਸਾਲ ਸੀ ਤਾਂ 1901 ਵਿੱਚ ਮਾਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਕੁਝ ਸਾਲ ਪਿੱਛੋਂ 1907 ਵਿੱਚ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਐਨੀ ਛੋਟੀ ਉਮਰ ਵਿੱਚ ਮਾਂ-ਬਾਪ ਦਾ ਛਾਇਆ ਸਿਰ ਤੋਂ ਉੱਠਣ ਮਗਰੋਂ ਦੋਨਾਂ ਭਰਾਵਾਂ ਨੂੰ 24 ਅਕਤੂਬਰ 1907 ਵਿੱਚ ਖਾਲਸਾ ਸੇਂਟ੍ਰਲ ਯਤੀਮਖ਼ਾਨਾ ਪੁਤਲੀਘਰ ਅੰਮ੍ਰਿਤਸਰ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਇਸੇ ਜਗ੍ਹਾ ’ਤੇ ਹੀ ਦਾਖ਼ਲੇ ਦੇ ਸਮੇਂ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਨਾਂ ਦੇ ਦਿੱਤੇ ਗਏ। ਇਸ ਜਗ੍ਹਾ ’ਤੇ ਰਹਿ ਕੇ ਊਧਮ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਲੱਕੜੀ ਦਾ ਕੰਮ, ਸਾਇਨ ਬੋਰਡ ਲਿਖਣੇ ਅਤੇ ਸੰਗੀਤ ਆਦਿ ਵਿੱਚ ਵੀ ਮੁਹਾਰਤ ਹਾਸਲ ਕੀਤੀ। ਯਤੀਮਖ਼ਾਨੇ ਦੇ ਰਸੋਈਏ ਪੰਡਿਤ ਜੈ ਚੰਦ, ਜੋ ਕਿ ਬਹੁਤ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ, ਉਹ ਬੱਚਿਆਂ ਨੂੰ ਅਕਸਰ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜਾਣੂ ਕਰਾਉਂਦੇ ਰਹਿੰਦੇ ਸਨ, ਜਿਨ੍ਹਾਂ ਦਾ ਊਧਮ ਸਿੰਘ ਉੱਤੇ ਬਹੁਤ ਪ੍ਰਭਾਵ ਪਿਆ ਸੀ।  ਇਹ ਵੀ ਕਿਹਾ ਜਾ ਸਕਦਾ ਹੈ ਕਿ ਜੈ ਚੰਦ ਨੇ ਹੀ ਕ੍ਰਾਂਤੀ ਦਾ ਬੂਟਾ ਊਧਮ ਸਿੰਘ ਦੇ ਦਿਲ ਵਿੱਚ ਲਾਇਆ ਸੀ। ਸੰਨ 1913 ਦੇ ਆਸ ਪਾਸ ਊਧਮ ਸਿੰਘ ਦਾ ਭਰਾ ਸਾਧੂ ਸਿੰਘ, ਸਾਧੂਆਂ ਦੇ ਇੱਕ ਟੋਲੇ ਨਾਲ ਚਲਾ ਗਿਆ ਅਤੇ ਕਦੇ ਮੁੜ ਕੇ ਨਹੀਂ ਆਇਆ।  ਬਾਅਦ ਵਿੱਚ 1917 ਵਿੱਚ ਉਸ ਦੀ ਮੌਤ ਦੀ ਖ਼ਬਰ ਆਈ। ਸੰਨ 1918 ਵਿੱਚ ਉਸ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਯਤੀਮਖ਼ਾਨਾ ਛੱਡ ਕੇ ਲੱਕੜੀ ਦਾ ਕੰਮ ਕਰਨ ਲੱਗਾ ਅਤੇ ਨਾਲ-ਨਾਲ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗਾ।

ਇੱਧਰ ਅੰਗਰੇਜ਼ੀ ਸਰਕਾਰ ਵੀ ਦਿਨੋ-ਦਿਨ ਲੋਕਾਂ ਨੂੰ ਤੰਗ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਣ ਵਿੱਚ ਲੱਗੀ ਹੋਈ ਸੀ, ਸਰਕਾਰ ਨੇ 1914 ਵਿੱਚ ਰੋਲਟ ਐਕਟ ਪਾਸ ਕੀਤਾ, ਜਿਸ ਅਨੁਸਾਰ ਉਹ ਬਿਨਾਂ ਕਿਸੇ ਕਸੂਰ, ਬਿਨਾਂ ਕਿਸੇ ਕਾਰਵਾਈ ਦੇ ਕਿਸੇ ਨੂੰ ਵੀ ਗਰਿਫ਼ਤਾਰ ਕਰ ਸਕਦੀ ਸੀ ਅਤੇ ਗਰਿਫ਼ਤਾਰੀ ਦੇ ਖ਼ਿਲਾਫ਼ ਅਪੀਲ ਕਰਨ ਦਾ ਹੱਕ ਨਹੀਂ ਸੀ। ਇਸ ਗੱਲ ਦਾ ਵਿਰੋਧ ਭਾਰਤੀ ਲੀਡਰ ਅਤੇ ਲੋਕ ਬਹੁਤ ਵੱਡੇ ਪੈਮਾਨੇ ’ਤੇ ਕਰ ਰਹੇ ਸਨ। ਇਸ ਐਕਟ ਦੇ ਵਿਰੋਧ ਵਿੱਚ ਡਾਕਟਰ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਪਾਲ ਨੂੰ ਗਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਹ ਰੋਲਟ ਐਕਟ ਦੇ ਵਿਰੋਧ ਵਿੱਚ ਸਰਕਾਰ ਸਾਹਮਣੇ ਇਸ ਨੂੰ ਨਾਜਾਇਜ਼ ਠਹਿਰਾ ਰਹੇ ਸਨ ਅਤੇ ਲੋਕ ਬਹੁਤ ਵੱਡੀ ਮਾਤਰਾ ਵਿੱਚ ਉਨ੍ਹਾਂ ਨੂੰ ਸਮਰਥਨ ਦੇ ਰਹੇ ਸਨ।

13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਤਕਰੀਬਨ 20,000 ਦੇ ਕਰੀਬ ਲੋਕ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਏ ਸਨ, ਜਿੱਥੇ ਅਲੱਗ-ਅਲੱਗ ਲੀਡਰ ਰੋਲਟ ਐਕਟ, ਦੇਸ਼ ਦੇ ਹਾਲਾਤਾਂ ਉੱਤੇ ਅਤੇ ਡਾਕਟਰ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਪਾਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਜਲਿਆਂਵਾਲਾ ਬਾਗ਼ ਦਰਬਾਰ ਸਾਹਿਬ ਤੋਂ ਕੁਝ ਕੁ ਦੂਰੀ ’ਤੇ ਹੀ ਹੋਣ ਕਰ ਕੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਲੋਕ ਵੀ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਸਮੇਂ ਊਧਮ ਸਿੰਘ ਅਤੇ ਉਸ ਦੇ ਸਾਥੀ ਜਲਿਆਂਵਾਲੇ ਬਾਗ਼ ਵਿੱਚ ਆਈ ਸੰਗਤ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਸਭ ਕੁਝ ਸ਼ਾਂਤਮਈ ਤਰੀਕੇ ਨਾਲ ਬਿਲਕੁਲ ਠੀਕ-ਠਾਕ ਚੱਲ ਰਿਹਾ ਸੀ।  ਏਨੇ ਨੂੰ ਸ਼ਾਮ 5:15 ਵਜੇ ਦੇ ਕਰੀਬ ਅੰਗਰੇਜ਼ੀ ਸਿਪਾਹੀਆਂ ਦਾ ਦਸਤਾ ਜਿਸ ਵਿੱਚ 90 ਦੇ ਕਰੀਬ ਸਿਪਾਹੀ ਸਨ ਜਿਨ੍ਹਾਂ ਦੀ ਅਗਵਾਹੀ ਜਰਨਲ ਡਾਇਰ ਕਰ ਰਿਹਾ ਸੀ, ਬਾਗ਼ ਵਿੱਚ ਆ ਗਏ ਅਤੇ ਹਮਲਾ ਕਰਨ ਲਈ ਤਾਇਨਾਤ ਹੋ ਗਏ। ਭੀੜ ਵਿੱਚ ਭਗਦੜ ਮੱਚ ਗਈ, ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਜਰਨਲ ਡਾਇਰ ਨੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਲੋਕਾਂ ਨੇ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ, ਜਲਿਆਂਵਾਲੇ ਬਾਗ਼ ਵਿੱਚ ਦਾਖ਼ਲ ਹੋਣ ਲਈ ਇੱਕ ਹੀ ਰਸਤਾ ਹੈ ਅਤੇ ਉਸ ਵਿੱਚ ਵੀ ਤੋਪ ਲਗਾ ਦਿੱਤੀ ਗਈ ਇਸ ਲਈ ਲੋਕਾਂ ਕੋਲ ਜਾਣ ਬਚਾਉਣ ਦਾ ਕੋਈ ਰਾਹ ਨਹੀਂ ਸੀ, ਲੋਕਾਂ ਨੇ ਜਾਣ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਖੂਹ ਲੋਕਾਂ ਨਾਲ ਹੀ ਭਰ ਗਿਆ। ਇਕ ਸਰਕਾਰੀ ਅਨੁਮਾਨ ਮੁਤਾਬਕ 120 ਲਾਸ਼ਾਂ ਖੂਹ ਵਿੱਚੋਂ ਕੱਢੀਆਂ ਗਈਆ ਸਨ।  ਚਾਰੇ ਪਾਸੇ ਗੋਲ਼ੀਆਂ ਅਤੇ ਚੀਕਾਂ ਦੀ ਆਵਾਜ਼ ਗੂੰਜ ਰਹੀ ਸੀ।  10 ਮਿੰਟ ਵਿੱਚ ਲਗਭਗ 1650 ਗੋਲ਼ੀਆਂ ਚਲਾਈਆਂ ਗਈਆਂ ਅਤੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਜ਼ਿਆਦਾ ਸੀ। ਊਧਮ ਸਿੰਘ ਇਸ ਹਾਦਸੇ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ, ਉਸ ਦੇ ਦੇਖਦਿਆਂ ਹੀ ਦੇਖਦਿਆਂ ਹਰ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਮਾਤਮ ਛਾ ਗਿਆ। ਇਸ ਘਟਨਾ ਨੇ ਊਧਮ ਸਿੰਘ ਦੇ ਮਨ ਉੱਤੇ ਏਨਾ ਅਸਰ ਕੀਤਾ ਕਿ ਜਿਵੇਂ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ ਹੋਵੇ, ਉਸ ਨੇ ਜਲਿਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਜਾਨ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਸੌਂਹ ਖਾਧੀ ਕਿ ਜਦ ਤੱਕ ਉਹ ਆਪਣੇ ਦੇਸ਼ ਵਾਸੀਆਂ ਦੇ ਖ਼ੂਨ ਅਤੇ ਦੇਸ਼ ਦੀ ਹੋਈ ਬੇਇੱਜ਼ਤੀ ਦਾ ਬਦਲਾ ਨਹੀਂ ਲੈ ਲੈਂਦਾ ਉਸ ਨੂੰ ਚੈਨ ਨਹੀਂ ਮਿਲ ਸਕਦਾ।

ਘਟਨਾ ਤੋਂ ਕੁਝ ਦਿਨ ਮਗਰੋਂ 22 ਅਪ੍ਰੈਲ 1919 ਨੂੰ ਉਹ ਕਸ਼ਮੀਰ ਦੇ ਇਲਾਕੇ ਬਾਰਾਮੂਲਾ ਵਿੱਚ ਰਹਿਣ ਲੱਗ ਗਿਆ ਅਤੇ ਇੱਕ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਨ ਲੱਗ ਗਿਆ। ਬਾਅਦ ਵਿੱਚ ਨਵੰਬਰ 1919 ਵਿੱਚ ਉਹ ਅੰਮ੍ਰਿਤਸਰ ਆ ਕੇ ਕੰਮ ਕਰਨ ਲੱਗ ਗਿਆ ਅਤੇ ਮਜਦੂਰਾਂ ਦੇ ਇੱਕ ਝੁੰਡ ਵਿੱਚ ਸ਼ਾਮਲ ਹੋ ਕੇ ਕੁਝ ਦਿਨਾਂ ਬਾਅਦ ਦੱਖਣੀ ਅਫਰੀਕਾ ਪਹੁੰਚ ਗਿਆ। ਏਥੇ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਇੱਕ ਸਮੁੰਦਰੀ ਜਹਾਜ਼ ਵਿੱਚ ਕੰਮ ਕਰਦੇ ਹੋਏ ਅਮਰੀਕਾ ਪਹੁੰਚ ਗਿਆ। ਉਹ ਦੁਨੀਆਂ ਦੇ ਜਿਸ ਵੀ ਦੇਸ਼ ਵਿੱਚ ਜਾਂਦਾ ਦੇਸ਼ ਭਗਤੀ ਅਤੇ ਕ੍ਰਾਂਤੀ ਦਾ ਪ੍ਰਚਾਰ ਕਰਦਾ ਹੋਇਆ ਆਪਣੀ ਮੰਜ਼ਲ ਨੂੰ ਹਾਸਲ ਕਰਨ ਲਈ ਹਮੇਸ਼ਾ ਸੋਚਦਾ ਰਹਿੰਦਾ। ਊਧਮ ਸਿੰਘ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ, ਹਰ ਜਗ੍ਹਾ ਨਵਾਂ ਨਾਮ, ਜਿਵੇਂ ਕਿ ਊਧਮ ਸਿੰਘ, ਉਦੈ ਸਿੰਘ, ਸ਼ੇਰ ਸਿੰਘ, ਫਰੈਂਕ ਬ੍ਰਾਜ਼ੀਲ ਆਦਿ। ਅਮਰੀਕਾ ਪਹੁੰਚ ਕੇ ਊਧਮ ਸਿੰਘ ਦੀ ਮੁਲਾਕਾਤ ਲਾਲਾ ਹਰਦਿਆਲ ਨਾਲ ਹੋਈ, ਜੋ ਕਿ ਗ਼ਦਰ ਪਾਰਟੀ ਦੇ ਚੀਫ਼ ਸਨ। ਉਹਨਾਂ ਦੇ ਨਾਲ ਰਹਿ ਕੇ ਹੋਰ ਸਾਥੀਆਂ ਨੂੰ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਦੇ ਰਹੇ। ਹਥਿਆਰਾਂ ਬਾਰੇ ਜਾਣਕਾਰੀ ਲਈ ਅਤੇ ਨਿਸ਼ਾਨੇਬਾਜ਼ੀ ਵਿੱਚ ਮਹਾਰਤ ਹਾਸਲ ਕੀਤੀ। ਲਾਲਾ ਹਰਦਿਆਲ ਨੇ ਸਲਾਹ ਦਿੱਤੀ ਕਿ ਉਸ ਨੂੰ ਇੰਗਲੈਂਡ ਜਾਣਾ ਚਾਹੀਦਾ ਹੈ ਕਿਉਂਕਿ ਉਸ ਦਾ ਸ਼ਿਕਾਰ ਰਿਟਾਇਰ ਹੋਣ ਤੋਂ ਬਾਅਦ ਇੰਗਲੈਂਡ ਵਿੱਚ ਹੀ ਰਹਿ ਰਿਹਾ ਸੀ। ਸੰਨ 1923 ਵਿੱਚ ਊਧਮ ਸਿੰਘ, ਭਗਤ ਸਿੰਘ ਦੇ ਬੁਲਾਉਣ ’ਤੇ ਭਾਰਤ ਵਾਪਸ ਆ ਗਿਆ।  ਭਾਰਤ ਆ ਕੇ ਊਧਮ ਸਿੰਘ ਨੇ ਲਾਲਾ ਲਾਜਪਤ ਰਾਏ ਦੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ ਅਤੇ ਆਪਣੀ ਐਫ. ਏ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਬੀ. ਏ ਕਰਨੀ ਸ਼ੁਰੂ ਕਰ ਦਿੱਤੀ। ਨੈਸ਼ਨਲ ਕਾਲਜ ਵਿੱਚ ਉਸ ਸਮੇਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੁਰੀਂ ਵੀ ਪੜ੍ਹ ਰਹੇ ਸਨ, ਇਹ ਜਗ੍ਹਾ ਕ੍ਰਾਂਤੀਕਾਰੀਆਂ ਦਾ ਗੜ੍ਹ ਸੀ। ਸਭ ਮਿਲ ਕੇ ਇੱਥੇ ਆਜ਼ਾਦੀ ਦੇ ਸੁਪਨੇ ਦੇਖਦੇ, ਅੰਗਰੇਜ਼ਾਂ ਖ਼ਿਲਾਫ਼ ਲੜਾਈ ਦੀਆਂ ਸਕੀਮਾਂ ਬਣਾਉਂਦੇ, ਮੁੱਖ ਤੌਰ ’ਤੇ ਆਜ਼ਾਦੀ ਹੀ ਲੜਾਈ ਦਾ ਮੁੱਖ ਸਥਾਨ ਸੀ। ਕੁਝ ਸਮੇਂ ਬਾਅਦ ਊਧਮ ਸਿੰਘ ਵਾਪਸ ਇੰਗਲੈਂਡ ਚਲਾ ਗਿਆ ਅਤੇ ਉੱਥੇ ਜਾ ਕਿ ਗ਼ਦਰ ਪਾਰਟੀ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਿਆ। ਸੰਨ 1927 ਵਿੱਚ ਭਗਤ ਸਿੰਘ ਦੇ ਬੁਲਾਉਣ ਉੱਤੇ ਉਹ ਫਿਰ ਵਾਪਸ ਲਾਹੌਰ ਆ ਗਿਆ। ਊਧਮ ਸਿੰਘ, ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ਇਸ ਲਈ ਉਸ ਦੀ ਕਹੀ ਕੋਈ ਵੀ ਗੱਲ ਨਹੀਂ ਮੋੜਦਾ ਸੀ। ਸੰਘਰਸ਼ ਜ਼ੋਰਾਂ ’ਤੇ ਸੀ, ਪਿੰਡ ਪਿੰਡ ਜਾ ਕੇ ਆਜ਼ਾਦੀ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ।  ਸਰਕਾਰ ਖ਼ਿਲਾਫ਼ ਸਿੱਧੇ ਅਸਿਧੇ ਤਰੀਕੇ ਨਾਲ ਹਰ ਮੁਮਕਿਨ ਮੁਹਿੰਮ ਚਲਦੀ ਸੀ। ਇਸੇ ਦੌਰਾਨ ਊਧਮ ਸਿੰਘ ਨੂੰ ਗੈਰ ਕਨੂੰਨੀ ਤੌਰ ’ਤੇ ਗੋਲ਼ਾ-ਬਾਰੂਦ, ਪਿਸਤੌਲ ਅਤੇ ਪਾਬੰਦੀ ਸ਼ੁਦਾ ਸਾਹਿਤ ਰੱਖਣ ਦੇ ਜੁਰਮ ਵਿੱਚ ਗਰਿਫ਼ਤਾਰ ਕਰ ਲਿਆ ਗਿਆ। ਉਸ ਨੂੰ 28 ਸਤੰਬਰ 1928 ਤੋਂ 23 ਸਤੰਬਰ 1932 ਤੱਕ 5 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਸ ਨੂੰ ਸੇਂਟ੍ਰਲ ਜੇਲ੍ਹ ਮੁਲਤਾਨ ਅਤੇ ਰਾਵਲਪਿੰਡੀ ਵਿੱਚ ਰੱਖਿਆ ਗਿਆ। ਜੇਲ੍ਹ ਵਿੱਚ 27 ਦਸੰਬਰ 1928 ਨੂੰ ਉਸ ਨੂੰ ਖ਼ਬਰ ਮਿਲੀ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਲਾ ਲਾਜਪਤ ਰਾਏ ਦੇ ਕਾਤਿਲ ਜੇ. ਪੀ. ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ ਹੈ।  ਊਧਮ ਸਿੰਘ ਬਹੁਤ ਖ਼ੁਸ਼ ਹੋਇਆ ਕਿ ਉਸ ਦੇ ਸਾਥੀਆਂ ਨੇ ਜੋ ਕਿਹਾ ਸੀ ਉਹ ਕਰ ਕੇ ਦਿਖਾ ਦਿੱਤਾ, ਪਰ ਉਸ ਦੀ ਵਾਰੀ ਹਾਲੇ ਬਾਕੀ ਸੀ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਕੁਝ ਸਮਾਂ ਜੰਮੂ ਕਸ਼ਮੀਰ ਵਿੱਚ ਬਿਤਾਉਣ ਤੋਂ ਬਾਅਦ 1933 ਵਿੱਚ ਵਾਪਸ ਲੰਡਨ ਆ ਗਿਆ। ਇੱਥੇ ਉਹ ਥੋੜ੍ਹਾ ਸਮਾਂ ਸ਼ਿਫਰਡ ਬੁਸ਼ ਗੁਰਦਵਾਰਾ ਵਿੱਚ ਰਿਹਾ ਅਤੇ ਟੈਕਸੀ ਡਰਾਈਵਰ ਦਾ ਕੰਮ ਕਰਨ ਲੱਗ ਪਿਆ। ਕਾਫ਼ੀ ਸੰਘਰਸ਼ ਤੋਂ ਬਾਅਦ ਜਿਵੇਂ-ਕਿਵੇਂ ਉਸ ਨੇ ਮਾਇਕਲ ਉਡਵਾਇਰ ਨੂੰ ਲੱਭ ਲਿਆ। ਊਧਮ ਸਿੰਘ ਨੂੰ ਕੁਝ ਸਾਲ ਪਹਿਲਾਂ ਪਤਾ ਲੱਗਾ ਸੀ ਕਿ ਜਲਿਆਂਵਾਲੇ ਬਾਗ਼ ਦੀ ਘਟਨਾ ਦੇ ਹੁਕਮ ਦੇਣ ਵਾਲਾ ਮਾਇਕਲ ਉਡਵਾਇਰ ਸੀ ਉਹ ਪੰਜਾਬੀਆਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਕੋਈ ਵੀ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਤੋਂ ਡਰੇ ਇਸ ਲਈ ਉਸ ਨੇ ਜਰਨਲ ਡਾਇਰ ਨੂੰ ਜਲਿਆਂਵਾਲੇ ਬਾਗ਼ ਭੇਜਿਆ ਸੀ। ਜਰਨਲ ਡਾਇਰ 1927 ਵਿੱਚ ਬਿਮਾਰੀ ਦੀ ਹਾਲਤ ਵਿੱਚ ਮਰ ਗਿਆ ਸੀ, ਇਸ ਲਈ ਊਧਮ ਸਿੰਘ ਨੇ ਜਰਨਲ ਡਾਇਰ ਦੀ ਜਗ੍ਹਾ ਮਾਇਕਲ ਉਡਵਾਇਰ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਉਹ ਜਾਣ ਚੁੱਕਾ ਸੀ ਕਿ ਮੁੱਖ ਦੋਸ਼ੀ ਵੀ ਇਹੀ ਹੈ। ਊਧਮ ਸਿੰਘ ਮਾਇਕਲ ਉਡਵਾਇਰ ਦਾ ਡਰਾਈਵਰ ਬਣਨ ਵਿੱਚ ਕਾਮਯਾਬ ਹੋ ਗਿਆ ਅਤੇ ਕਾਫ਼ੀ ਸਮਾਂ ਉਸ ਲਈ ਕੰਮ ਕਰਦਾ ਰਿਹਾ। ਇਸ ਦੌਰਾਨ ਊਧਮ ਸਿੰਘ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਇਸ ਤਰ੍ਹਾਂ ਉਸ ਨੂੰ ਨਹੀਂ ਮਾਰਨਾ ਚਾਉਂਦਾ ਸੀ, ਉਹ ਸਮਝਦਾ ਸੀ ਕਿ ਅਗਰ ਇੰਜ ਉਸ ਨੂੰ ਮਾਰਿਆ ਤਾਂ ਲੋਕਾਂ ਨੇ ਸਮਝਣਾ ਕਿ ਇੱਕ ਕਾਲੇ ਨੌਕਰ ਨੇ ਗੋਰੇ ਅੰਗਰੇਜ਼ ਨੂੰ ਮਾਰ ਦਿੱਤਾ ਅਤੇ ਇਸ ਗੱਲ ਦਾ ਹੋਰ ਮਤਲਬ ਨਿਕਲ ਆਉਣਾ। ਉਹ ਚਾਹੁੰਦਾ ਸੀ ਕਿ ਉਡਵਾਇਰ ਨੂੰ ਅਜਿਹੀ ਜਗ੍ਹਾ ’ਤੇ ਮਾਰਿਆ ਜਾਵੇ ਜਿੱਥੇ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਜਲਿਆਂਵਾਲੇ ਬਾਗ਼ ਦੇ ਕਾਤਲ ਨੂੰ ਉਸ ਦੀ ਸਜ਼ਾ ਦੇ ਦਿੱਤੀ ਗਈ ਹੈ। ਉਹ ਸਹੀ ਮੌਕੇ ਦੀ ਤਲਾਸ਼ ਕਰਨ ਲੱਗਾ ਜੋ ਕਿ ਉਸ ਨੂੰ ਮਿਲਿਆ 12 ਮਾਰਚ 1940 ਨੂੰ, 21 ਸਾਲਾਂ ਦੀ ਸਖ਼ਤ ਮਿਹਨਤ ਅਤੇ ਤਪਸਿਆ ਤੋਂ ਬਾਅਦ ਉਹ ਮੌਕਾ ਹੱਥ ਲੱਗਾ। ਉਸ ਨੇ ਇੰਡਿਯਨ ਰੈਸਟੋਰੈਂਟ ਵਿੱਚ ਜਿੱਥੇ ਕਿ ਕਾਫ਼ੀ ਭਾਰਤੀ ਆਉਂਦੇ ਸਨ ਅਤੇ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਵੀ ਇੱਥੇ ਹੀ ਹੁੰਦੀਆਂ ਸਨ।  ਖ਼ੁਸ਼ੀ ਜ਼ਾਹਰ ਕਰਦੇ ਹੋਏ ਆਪਣੇ ਸਾਥੀਆਂ ਅਤੇ ਦੂਜੇ ਲੋਕਾਂ ਵਿੱਚ ਲੱਡੂ ਵੰਡੇ। ਸਭ ਦੇ ਪੁੱਛਣ ’ਤੇ ਉਸ ਨੇ ਜਵਾਬ ਦਿੱਤਾ ਕਿ ਕੱਲ੍ਹ ਦੇ ਅਖ਼ਬਾਰ ਵਿੱਚ ਸਭ ਪ੍ਰਕਾਸ਼ਿਤ ਹੋ ਜਾਵੇਗਾ ਅਤੇ ਮੇਰੀ ਖ਼ੁਸ਼ੀ ਦਾ ਕਾਰਨ ਵੀ ਸਭ ਨੂੰ ਪਤਾ ਲੱਗ ਜਾਵੇਗਾ।

13 ਮਾਰਚ 1940, ਊਧਮ ਸਿੰਘ ਪੂਰੀ ਤਿਆਰੀ ਨਾਲ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰ ਕੇ ਲੰਡਨ ਦੇ ਕੇਕਸਟਨ ਹਾਲ (caxton hall) ਵੱਲ ਤੁਰ ਪਿਆ ਜਿੱਥੇ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੇਂਟ੍ਰਲ ਏਸ਼ੀਆ ਸੋਸਾਇਟੀ ਦੀ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਇੱਕ ਮੋਟੀ ਕਿਤਾਬ (ਕੁਝ ਹਵਾਲਿਆਂ ਅਨੁਸਾਰ ਵਾਰਿਸ ਸ਼ਾਹ ਦੀ ਹੀਰ) ਦੇ ਵਰਕਿਆਂ ਨੂੰ ਰਿਵਾਲਵਰ ਵਾਂਗੂ ਕੱਟ ਕੇ ਉਸ ਵਿੱਚ ਰਿਵਾਲਵਰ ਲੁਕੋ ਕੇ ਪੂਰੇ ਆਤਮ ਵਿਸ਼ਵਾਸ ਨਾਲ ਹਾਲ ਵਿੱਚ ਦਾਖ਼ਲ ਹੋ ਗਿਆ। ਸਭ ਲੀਡਰਾਂ ਦੇ ਭਾਸ਼ਣ ਤੋਂ ਬਾਅਦ ਮਾਇਕਲ ਉਡਵਾਇਰ ਸਟੇਜ ’ਤੇ ਆਇਆ ਅਤੇ ਬੋਲਣਾ ਸ਼ੁਰੂ ਕੀਤਾ ਐਨੇ ਨੂੰ ਊਧਮ ਸਿੰਘ ਨੇ ਰਿਵਾਲਵਰ ਕੱਢਿਆ ਅਤੇ ਗੋਲ਼ੀ ਚਲਾਉਣੀ ਸ਼ੁਰੂ ਕਰ ਦਿੱਤੀ, 2 ਗੋਲ਼ੀਆਂ ਮਾਇਕਲ ਉਡਵਾਇਰ ਨੂੰ ਲੱਗੀਆਂ ਅਤੇ ਉਹ ਮੌਕੇ ’ਤੇ ਹੀ ਮਰ ਗਿਆ। ਇੱਕ ਗੋਲ਼ੀ ਲਾਰਡ ਜੇਟਲੈਂਡ, ਜੋ ਕਿ ਇੰਡੀਆ ਸਟੇਟ ਦਾ ਸਕੱਤਰ ਸੀ ਅਤੇ ਇੱਕ ਗੋਲ਼ੀ ਲੂਈਸ ਡੇਨ ਨੂੰ ਲੱਗੀ, ਦੋਨੋ ਜਖ਼ਮੀ ਹੋ ਗਏ ਪਰ ਜਾਨ ਬਚ ਗਈ। ਊਧਮ ਸਿੰਘ ਨੇ ਓਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗਰਿਫ਼ਤਾਰੀ ਦੇ ਦਿੱਤੀ ਅਤੇ ਕਿਹਾ ਕਿ ਅੱਜ ਉਸ ਨੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਲਿਆ ਹੈ।  21 ਸਾਲ ਜਿਸ ਪਾਪੀ ਦਾ ਪਿੱਛਾ ਕਰਦੇ ਕਰਦੇ ਪੂਰੀ ਦੁਨੀਆਂ ਫਿਰੀ ਹੈ ਅੱਜ ਉਸ ਨੂੰ ਮਾਰ ਕੇ ਮੈਂ ਆਪਣੇ ਦੇਸ਼ਵਾਸੀਆਂ ਅਤੇ ਦੇਸ਼ ਦੀ ਬੇਇੱਜ਼ਤੀ ਦਾ ਬਦਲਾ ਲੈ ਲਿਆ ਹੈ। ਉਹਨਾਂ ਹਜ਼ਾਰਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ, ਜੋ ਬਿਨਾਂ ਕਿਸੇ ਕਾਰਨ ਮਾਰ ਦਿੱਤੇ ਗਏ ਸਨ।

ਜਦੋਂ ਹੀ ਇਹ ਗੱਲ ਭਾਰਤ ਪਹੁੰਚੀ ਤਾਂ ਹਰ ਪਾਸੇ ਖ਼ੁਸ਼ੀ ਦੀ ਲਹਿਰ ਦੌੜ੍ਹ ਗਈ।  ਊਧਮ ਸਿੰਘ ਦਾ ਨਾਂ ਹਰ ਕਿਸੇ ਦੀ ਜ਼ਬਾਨ ’ਤੇ ਸੀ, ਸਭ ਜਗ੍ਹਾ ਲੱਡੂ ਵੰਡੇ ਗਏ, ਪਰ ਜਿੱਥੇ ਇੱਕ ਪਾਸੇ ਖ਼ੁਸ਼ੀ ਅਤੇ ਦੇਸ਼ ਭਗਤੀ ਨਾਲ ਅਸਮਾਨ ਤੱਕ ਊਧਮ ਸਿੰਘ ਦਾ ਨਾਂ ਗੂੰਜ ਰਿਹਾ ਸੀ, ਦੂਜੇ ਪਾਸੇ ਕਾਂਗਰਸ ਅਤੇ ਮਹਾਤਮਾ ਗਾਂਧੀ ਇਸ ਗੱਲ ਦੀ ਨਿੰਦਾ ਕਰ ਰਹੇ ਸਨ ਕਿ ਕਿਸੇ ਪਾਗਲ ਭਾਰਤੀ ਦੀ ਇਸ ਹਰਕਤ ਦਾ ਉਹਨਾਂ ਨੂੰ ਬਹੁਤ ਅਫ਼ਸੋਸ ਹੈ। ਉਹ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਇਸ ਘਟਨਾ ਨਾਲ ਉਹਨਾਂ ਦੇ ਰਾਜਨੀਤਿਕ ਰਿਸ਼ਤਿਆਂ ਵਿੱਚ ਕੋਈ ਫ਼ਰਕ ਨਹੀਂ ਪਵੇਗਾ, ਪਰ ਇਨ੍ਹਾਂ ਪ੍ਰਤੀਕਿਰਿਆਵਾਂ ਨਾਲ ਆਮ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ ਉਹ ਸਭ ਊਧਮ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇੱਧਰ ਲੰਡਨ ਵਿੱਚ 1 ਅਪ੍ਰੈਲ 1940 ਵਿੱਚ ਊਧਮ ਸਿੰਘ ਉੱਤੇ ਮਾਇਕਲ ਉਡਵਾਇਰ ਦੇ ਕਤਲ ਦੇ ਜੁਰਮ ਵਿੱਚ ਸੇਂਟ੍ਰਲ ਕ੍ਰਿਮੀਨਲ ਕੋਰਟ ਓਲ੍ਡ ਬੇਇਲੀ ਵਿੱਚ ਜਸਟਿਸ ਐਟਕਿਨਸੋਨ ਦੀ ਅਦਾਲਤ ਵਿੱਚ ਕੇਸ ਚਲਾਇਆ ਗਿਆ। ਜਦ ਅਦਾਲਤ ਨੇ ਊਧਮ ਸਿੰਘ ਕੋਲੋ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੱਸਿਆ, ਅਦਾਲਤ ਨੇ ਇਸ ਨਾਂ ’ਤੇ ਸ਼ੰਕਾ ਪ੍ਰਗਟਾਈ ਤਾਂ ਉਸ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਤੁਸੀਂ ਹਮੇਸ਼ਾ ਤੋਂ ਲੋਕਾਂ ਨੂੰ ਧਰਮਾਂ, ਜਾਤਾਂ, ਰੰਗ ਆਦਿ ਦਾ ਭੇਦਭਾਵ ਕਰ ਕੇ ਵੰਡਦੇ ਆ ਰਹੇ ਹੋ ਪਰ ਤੁਸੀਂ ਮੈਨੂੰ ਨਹੀਂ ਵੰਡ ਸਕਦੇ। ਉਸ ਨੇ ਬਹੁਤ ਸੂਝ ਬੂਝ ਅਤੇ ਬਹਾਦਰੀ ਦਾ ਪ੍ਰਯੋਗ ਕਰਦੇ ਹੋਏ ਅਦਾਲਤ ਵਿੱਚ ਉਹਨਾਂ ਦੀਆਂ ਹਕੂਮਤਾਂ ਦੇ ਅਸਲੀ ਚਿਹਰੇ ਦਿਖਾਏ ਅਤੇ ਆਪਣੀ ਇਸ ਕਾਰਵਾਈ ਦਾ ਪੂਰਾ ਮਕਸਦ ਦੱਸਿਆ। ਉਹ ਇਹ ਗੱਲ ਜਾਣਦਾ ਸੀ ਕਿ ਅਦਾਲਤ ਦੀ ਇੱਕ-ਇੱਕ ਗੱਲ ਅਖ਼ਬਾਰ ਦੇ ਜਰੀਏ ਲੋਕਾਂ ਤੱਕ ਪਹੁੰਚ ਜਾਵੇਗੀ ਕਿਉਂਕਿ ਅਦਾਲਤ ਵਿੱਚ ਬਹੁਤ ਸਾਰੇ ਪੱਤਰਕਾਰ ਮੌਜੂਦ ਹੁੰਦੇ ਸਨ। ਉਸ ਨੇ ਆਪਣੀ ਸਿਆਣਪ ਨਾਲ ਉਹਨਾਂ ਦੇ ਹਥਿਆਰ ਉਹਨਾਂ ਦੇ ਖ਼ਿਲਾਫ਼ ਹੀ ਵਰਤ ਲਏ। ਅਦਾਲਤ ਇਹਨਾਂ ਗੱਲਾਂ ਤੋਂ ਪ੍ਰੇਸ਼ਾਨ ਸੀ ਅਤੇ ਜਲਦੀ ਇਹ ਕੇਸ ਖ਼ਤਮ ਕਰਨਾ ਚਾਉਂਦੀ ਸੀ।

ਅਖੀਰ ਐਟਕਿਨਸੋਨ ਦੇ ਹੁਕਮ ਅਨੁਸਾਰ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੇਂਟਨਵਿਲੇ ਜੇਲ੍ਹ ਜਿੱਥੇ ਪਹਿਲਾਂ ਵੀ ਇਕ ਭਾਰਤੀ ਮਦਨ ਮੋਹਨ ਮਾਲਵੀਆ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ, ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਇੱਕ ਸੱਚਾ ਦੇਸ਼ ਭਗਤ ਆਪਣੀ ਧਰਤੀ ਨਾਲ ਕੀਤੇ ਵਾਅਦੇ ਨੂੰ ਆਪਣੀ ਜਾਨ ਦੇ ਕੇ ਪੂਰਾ ਕਰ ਗਿਆ।

ਊਧਮ ਸਿੰਘ ਭਾਰਤ ਹੀ ਨਹੀਂ ਦੁਨੀਆਂ ਦੇ ਇਤਿਹਾਸ ਦਾ ਇਕ ਬਹੁਤ ਅਣਮੁੱਲਾ ਅਧਿਆਏ ਹੈ, ਜਿਸ ਨੇ ਪੂਰੀ ਦੁਨੀਆਂ ’ਚ ਇਹ ਸਾਬਤ ਕਰ ਦਿੱਤਾ ਕਿ ਅਗਰ ਇਨਸਾਨ ਦੀ ਲਗਨ ਸੱਚੀ ਹੋਵੇ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਹੋ ਸਕਦਾ ਹੈ। ਊਧਮ ਸਿੰਘ ਦੀ ਪੂਰੀ ਜ਼ਿੰਦਗੀ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਜੋ ਦੇਖਣ ਨੂੰ ਮਿਲਦਾ ਹੈ, ਉਹ ਹੈ ਆਪਣੇ ਉਦੇਸ਼ ਪ੍ਰਤੀ ਇਮਾਨਦਾਰੀ, ਹਾਲਾਤ ਚਾਹੇ ਕਿੰਨੇ ਵੀ ਮਾੜੇ ਰਹੇ ਸਨ, ਪਰ ਉਹ ਆਪਣੇ ਮਕਸਦ ਤੋਂ ਕਦੇ ਨਹੀਂ ਡੋਲਿਆ। ਹਰ ਮੁਸ਼ਕਿਲ ਨੂੰ ਪਾਰ ਕਰ ਕੇ ਉਸ ਨੇ ਦਿਖਾ ਦਿੱਤਾ, ਜੋ ਕਿ ਨਾ ਮੁਮਕਿਨ ਕੰਮ ਸੀ। ਸ਼ਹੀਦਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ, ਜਿਸ ਦਾ ਅਗਰ ਕੁਝ ਪ੍ਰਤੀਸ਼ਤ ਹਿੱਸਾ ਹੀ ਜ਼ਿੰਦਗੀ ਵਿੱਚ ਉਤਾਰ ਲਿਆ ਜਾਵੇ ਤਾਂ ਸਭ ਮੁਸ਼ਕਿਲਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਹ ਲੋਕ, ਲੋਕਾਂ ਲਈ ਦੂਜਿਆਂ ਲਈ ਜਿਉਂਦੇ ਮਰਦੇ ਹਨ ਅਸੀਂ ਤਾਂ ਫਿਰ ਆਪਣੀ ਜ਼ਿੰਦਗੀ ਬਣਾਉਣੀ ਹੈ। ਇਹ ਸਭ ਵੀ ਸਾਡੇ ਵਾਂਗ ਹੀ ਸਨ ਜੇ ਕੋਈ ਫ਼ਰਕ ਸੀ ਤਾਂ ਸਿਰਫ਼ ਜਜ਼ਬੇ ਦਾ। ਹਾਲਾਤ ਜਿਵੇਂ ਮਰਜ਼ੀ ਹੋਣ, ਧਿਆਨ ਹਮੇਸ਼ਾ ਮੰਜ਼ਲ ਵਿੱਚ ਹੀ ਰਹਿੰਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਦੀ ਵਿਚਾਰਧਾਰਾ ਅਪਣਾਉਣ ਦੀ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ।

ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ‘ਸ਼ਹੀਦ ਭਾਈ ਮਨੀ ਸਿੰਘ ਜੀ’

0

ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ‘ਸ਼ਹੀਦ ਭਾਈ ਮਨੀ ਸਿੰਘ ਜੀ’

-ਇਕਵਾਕ ਸਿੰਘ ਪੱਟੀ ਮੈਨੇਜਿੰਗ ਡਾਇਰੈਕਟਰ, ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ, ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਮੋ. 98150-24920

ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਹਨਾਂ ਨੇ ਕੇਵਲ ਆਪਣੇ ਤੱਕ ਹੀ ਨਹੀਂ ਸ਼ਹੀਦੀ ਪ੍ਰਾਪਤ ਕੀਤੀ ਸਗੋਂ ਉਹਨਾਂ ਦਾ ਪੂਰਾ ਪਰਵਾਰ ਵੀ ਸ਼ਹਾਦਤਾਂ ਪੀਣ ਵਾਲਾ ਸੀ। ਜਿਸ ਦੀ ਮਿਸਾਲ ਸੰਸਾਰ ਭਰ ਦੇ ਇਤਿਹਾਸ ਵਿੱਚ ਲੱਭਣੀ ਮੁਸ਼ਕਲ ਹੈ। ਸਿੱਖੀ ਨੂੰ ਨੇਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ, ਅਨੇਕਾਂ ਤਰ੍ਹਾਂ ਦੇ ਆਮਾਣਵੀ ਤਸੀਹੇ ਗੁਰੂ ਦੇ ਸਿੱਖਾਂ ਨੂੰ ਦਿੱਤੇ ਗਏ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ‘ਗੁਰੂ’ ਸ਼ਬਦ ਨੂੰ ‘ਗੁੜ’ ਕਹਿਣ ਦਾ ਹੁਕਮ ਤੱਕ ਦਿੱਤਾ ਗਿਆ, ਪਰ ਧੰਨ ਸੀ, ਉਸ ਸਮੇਂ ਦੀ ਸਿੱਖੀ, ਸਿੱਖੀ ਸਿੱਦਕ ਅਤੇ ਗੁਰੂ ਦੇ ਸਿੱਖ, ਜਿਨ੍ਹਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਾ ਕੀਤਾ ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ‘ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ’।

ਭਾਈ ਮਨੀ ਸਿੰਘ ਜੀ ਦੀ ਜਨਮ ਮਿਤੀ ਬਾਰੇ ਵਿਦਵਾਨਾਂ ਵਿੱਚ ਕਾਫ਼ੀ ਮਤਭੇਦ ਪਾਏ ਜਾ ਰਹੇ ਹਨ। ਸੇਵਾ ਸਿੰਘ ਜੀ ਦੀ ਲਿਖਤ ਸ਼ਹੀਦ ਬਿਲਾਸ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈ: (1 ਚੇਤ, ਸੁਦੀ ਦੁਆਦਸ਼ੀ, ਐਤਵਾਰ, ਸੰਮਤ 1701) ਨੂੰ ਪਿੰਡ ਅਲੀਪੁਰ, ਜ਼ਿਲ੍ਹਾ ਮੁਜੱਫਰਗੜ੍ਹ, ਪੱਛਮੀ ਪਾਕਿਸਤਾਨ ਵਿੱਚ ਭਾਈ ਮਾਈਦਾਸ ਦੇ ਗ੍ਰਹਿ ਵਿਖੇ ਮਾਤਾ ਮਧਰੀ ਬਾਈ ਦੀ ਕੁਖੋਂ ਹੋਇਆ। ਆਪ ਜੀ ਦੇ ਦਾਦਾ ਭਾਈ ਬਲੂ ਰਾਇ ਜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਨ 1634 ਨੂੰ ਤੁਰਕਾਂ ਨਾਲ ਜੰਗ ਕਰਦੇ ਅੰਮ੍ਰਿਤਸਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਭਾਈ ਮਨੀ ਸਿੰਘ ਜੀ ਦੇ 12 ਭਰਾਵਾਂ ਵਿੱਚੋਂ ਅਮਰ ਚੰਦ ਨੂੰ ਛੱਡ ਕੇ (ਕਿਉਂਕਿ ਉਹ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।) 11 ਭਰਾਵਾਂ ਨੇ ਸਿੱਖੀ ਸਿਧਾਂਤਾਂ ਦੀ ਖ਼ਾਤਰ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇੱਥੇ ਹੀ ਬੱਸ ਨਹੀਂ ਸਿੱਖੀ ਦੀ ਖਾਤਰ ਆਪ ਜੀ ਦੇ 10 ਸਪੁੱਤਰਾਂ ਵਿੱਚੋਂ ਵੀ 7 ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਂਦਿਆਂ ਇਸ ਗੁਰੂ ਵਾਕ ਨੂੰ ਸੱਚ ਕਰ ਵਿਖਾਇਆ, ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ॥’’ (ਮ 1/1412)

ਇਹ ਹੈ ਸਿੱਖ ਇਤਿਹਾਸ ਦੀਆਂ ਅਦੁੱਤੀ ਅਤੇ ਲਾ-ਮਿਸਾਲ ਸ਼ਹਾਦਤਾਂ ਵਿੱਚੋਂ ਇੱਕ ਜਿਸ ਵਿੱਚ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸ਼ਹੀਦ, 11 ਭਰਾ ਸ਼ਹੀਦ, 7 ਪੁੱਤਰ ਸ਼ਹੀਦ। ਇਹੀ ਕਾਰਨ ਹੈ ਕਿ ਅੱਜ ਇੱਕ ਸਾਬਤ ਸੂਰਤ ਦਸਤਾਰਧਾਰੀ ਸਿੱਖ ਦਾ ਸਿਰ ਫ਼ਖਰ ਨਾਲ ਉੱਚਾ ਰਹਿੰਦਾ ਹੈ ਅਤੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦਾ ਹੋਇਆ, ਇਹਨਾਂ ਮਹਾਨ ਸ਼ਹਾਦਤਾਂ ਦੇ ਅੱਗੇ ਸਿਰ ਝੁਕਾਉਂਦਾ ਹੈ। ਭਾਈ ਮਨੀ ਸਿੰਘ ਜੀ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਜੀਵਣ ਜੁਗਤ ਤੋਂ ਸਾਨੂੰ ਸਿਰਫ਼ ਇੱਕ ਸੁਚੱਜੇ, ਉਸਾਰੂ ਜੀਵਣ ਦੀ ਹੀ ਸੇਧ ਨਹੀਂ ਮਿਲਦੀ, ਸਗੋਂ ਧਰਮ, ਕੌਮ, ਸਿਧਾਂਤਾਂ, ਗੁਰੂ ਸਾਹਿਬਾਨ ਦੁਆਰਾ ਪ੍ਰਾਪਤ ਹੋਈ ਸਿੱਖੀ ਖਾਤਰ ਸੁਚੱਜੇ ਮਰਨ ਦਾ ਢੰਗ ਵੀ ਦੱਸਦੀ ਹੈ। ਆਪ ਜੀ ਨੇ ਗੁਰੂ ਹਰਰਾਇ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ। ਆਪ ਜੀ ਦਾ ਪਹਿਲਾ ਨਾਮ ਮਨੀਆ ਸੀ, ਜੋ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਰੂਪ ਵਿੱਚ ਬਦਲਿਆ। ਦਸਮੇਸ਼ ਪਿਤਾ ਜੀ ਨੇ ਆਪ ਜੀ ਨੂੰ ਦੀਵਾਨ ਦੀ ਉਪਾਧੀ ਬਖਸ਼ਸ਼ ਕੀਤੀ। ਜਦ ਸਤਿਗੁਰੂ ਜੀ ਨੇ ਆਪ ਜੀ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਅੰਮ੍ਰਿਤਸਰ ਭੇਜਿਆ ਤਾਂ ਆਪ ਜੀ ਨੇ ਸੱਭ ਤੋਂ ਪਹਿਲਾਂ ਉੱਥੇ ਚੱਲਦੀ ਸੋਢੀਆਂ ਦੀ ਮਰਯਾਦਾ ਬੰਦ ਕਰਵਾ ਕੇ ਗੁਰੂ ਮਰਯਾਦਾ ਆਰੰਭ ਕਰਵਾਈ। ਆਪ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਤੀਸਰੇ ਗ੍ਰੰਥੀ ਸਿੰਘ ਸਨ। ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਅਤੇ ਤੀਸਰੇ ਆਪ ਜੀ ਸਨ।

ਜਦੋਂ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਾ-ਕਮਾਲ ਸ਼ਹਾਦਤ ਤੋਂ ਬਾਅਦ ਕੌਮ ਦੋ ਹਿੱਸਿਆਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿੱਚ ਵੰਡੀ ਗਈ ਕਿਉਂਕਿ ਸ਼ਰਧਾ ਵੱਸ ਕੁੱਝ ਸਿੰਘਾਂ ਨੇ ਬਾਬਾ ਬੰਦਾ ਸਿੰਘ ਜੀ ਨੂੰ ਗਿਆਰਵਾਂ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਬੰਦਈ ਖ਼ਾਲਸਾ ਕਹਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਲਹਿਰ ਦਾ ਮੁੱਖ ਆਗੂ ਭਾਈ ਅਮਰ ਸਿੰਘ ਮਹੰਤ ਖੇਮਕਰਨੀਆਂ ਸੀ। ਇਹ ਇੱਕ ਦੂਜੇ ਨੂੰ ਮਿਲਣ ਸਮੇਂ ਫ਼ਤਹਿ ਦਰਸ਼ਨ ਬੁਲਾਉਂਦੇ ਸਨ। ਦੂਜੇ ਪਾਸੇ ਤੱਤ ਖ਼ਾਲਸੇ ਵਾਲੇ ਸੀ, ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਗੁਰ ਫ਼ਤਹਿ ਦੀ ਸਾਂਝ ਹੀ ਪਾਉਂਦੇ ਸਨ। ਦੋਵੇਂ ਧਿਰਾਂ ਆਪਣੇ ਆਪ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣ ਲਈ ਦਾਅਵੇਦਾਰ ਬਣ ਚੁੱਕੀਆਂ ਸਨ। ਹਕੂਮਤ ਵੀ ਸਮਝਦੀ ਸੀ ਕਿ ਹੁਣ ਸਿੰਘ ਆਪਸ ਵਿੱਚ ਲੜ ਮਰਨਗੇ ਅਤੇ ਸਾਡੀ ਚਿੰਤਾ ਮੁਕ ਜਾਵੇਗੀ। ਜਦ ਅੰਦਰ ਖਾਤੇ ਚੱਲ ਰਹੇ ਇਸ ਝਗੜੇ ਦੀ ਸੂਹ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਵਿਖੇ ਲੱਗੀ ਤਾਂ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਇਸ ਝਗੜੇ ਦੀ ਸਦੀਵੀਂ ਹੱਲ ਲੱਭਣ ਦੀ ਸੇਵਾ ਸੌਂਪੀ।  ਭਾਈ ਮਨੀ ਸਿੰਘ ਜੀ ਨੇ ਦੋਵੇਂ ਧਿਰਾਂ ਨੂੰ ਹਰਿ ਕੀ ਪਉੜੀ ਸੱਦਾ ਭੇਜਿਆ ਤਾਂ ਕਿ ਕੋਈ ਯੋਗ ਫੈਂਸਲਾ ਕੀਤਾ ਜਾ ਸਕੇ।  ਭਾਈ ਮਨੀ ਸਿੰਘ ਜੀ ਨੇ ਇੱਕ ਪਰਚੀ ’ਤੇ ਬੰਦਈ ਖਾਲਸੇ ਦਾ ਨਾਅਰਾ ਫ਼ਤਹਿ ਦਰਸ਼ਨ ਅਤੇ ਦੂਜੀ ਪਰਚੀ ’ਤੇ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।’ ਲਿਖ ਕੇ ਅੰਮ੍ਰਿਤ ਸਰੋਵਰ ਵਿੱਚ ਸੁੱਟ ਦਿੱਤੀਆਂ ਅਤੇ ਫੈਂਸਲਾ ਕੀਤਾ ਕਿ ਜਿਸ ਦੀ ਪਰਚੀ ਪਹਿਲਾਂ ਤਰ ਕੇ ਉੱਪਰ ਆਵੇਗੀ, ਉਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮੰਨ ਲਿਆ ਜਾਵੇਗਾ।

‘‘ਕਾਰਣੁ ਕਰਤੇ ਵਸਿ ਹੈ; ਜਿਨਿ ਕਲ ਰਖੀ ਧਾਰਿ ॥’’ (ਮ: ੨/੧੪੮) ਦੇ ਮਹਾਂਵਾਕ ਅਨੁਸਾਰ ਰੱਬ ਵੱਲੋਂ ਹੀ ‘ਵਾਹਿਗੁਰੂ ਜੀ ਕੀ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।’  ਵਾਲੀ ਪਰਚੀ ਪਹਿਲਾਂ ਤਰ ਕੇ ਉੱਪਰ ਆ ਗਈ।  ਜੈਕਾਰੇ ਛੱਡੇ ਗਏ ਅਤੇ ਭਾਈ ਜੀ ਦੀ ਸਿਆਣਪ ਦੀ ਬਦੌਲਤ ਭਰਾਵਾਂ ਹੱਥੋਂ ਭਰਾਵਾਂ ਦਾ ਖ਼ੂਨ ਡੁਲਣੋ ਬਚ ਗਿਆ।  ਇਹ ਸੀ ਭਾਈ ਮਨੀ ਸਿੰਘ ਜੀ ਵਰਗੇ ਕੌਮ ਦੇ ਆਗੂਆਂ ਦੀ ਸਿੱਖ ਕੌਮ ਨੂੰ ਇੱਕ ਮੁੱਠ ਕਰਨ ਅਤੇ ਕੌਮ ਵਿੱਚ ਏਕਤਾ ਪੈਦਾ ਕਰਨ ਲਈ ਕੀਤੀ ਗਈ ਯੋਗ ਅਗਵਾਈ।

ਭਾਈ ਮਨੀ ਸਿੰਘ ਜੀ ਨੇ ਅਕਾਲ ਤਖ਼ਤ (ਅੰਮ੍ਰਿਤਸਰ) ਵਿਖੇ ਦੀਵਾਲੀ ਦੇ ਮੌਕੇ ਸਰਬੱਤ ਖ਼ਾਲਸਾ ਸੱਦਣ ਦਾ ਮਨ ਬਣਾਇਆ ਤਾਂ ਕਿ ਕੌਮ ਦੇ ਉਸਾਰੂ ਹਿਤਾਂ ਲਈ ਸੋਚਦਿਆਂ ਕੁੱਝ ਨਵੇਂ ਉਪਰਾਲੇ ਸਾਂਝੇ ਰੂਪ ਵਿੱਚ ਕੀਤੇ ਜਾ ਸਕਣ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਠੋਸ ਪ੍ਰੋਗਰਾਮ ਉਲੀਕਿਆ ਜਾ ਸਕੇ।  ਇਸ ਲਈ ਆਪ ਜੀ ਨੇ ਇਸ ਸਬੰਧੀ ਸਮੇਂ ਦੇ ਹਾਕਮ ਜ਼ਕਰੀਆ ਖ਼ਾਨ ਨਾਲ ਗੱਲਬਾਤ ਕੀਤੀ ਅਤੇ ਦੀਵਾਲੀ ਮੌਕੇ ਮੇਲਾ ਲਗਾਉਣ ਦੀ ਇਜਾਜ਼ਤ ਮੰਗੀ। ਜ਼ਕਰੀਆ ਖ਼ਾਨ ਨੇ ਇਜਾਜ਼ਤ ਦਿੰਦਿਆਂ ਮੇਲੇ ਦੇ ਬਦਲੇ ਵਿੱਚ 10 ਹਜ਼ਾਰ ਟਕੇ (ਰੁਪਏ) ਮੇਲੇ ਦਾ ਟੈਕਸ ਮੰਗਿਆ ਅਤੇ 10 ਦਿਨਾਂ ਤੱਕ ਮੇਲਾ ਲਗਾਉਣ ਦੀ ਇਜਾਜ਼ਤ ਮਿਲ ਗਈ।

ਭਾਈ ਮਨੀ ਸਿੰਘ ਜੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਰਬੱਤ ਖ਼ਾਲਸਾ ਦੀ ਇਕੱਤਰਤਾ ਬਾਰੇ ਦੁਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ। ਦੂਸਰੇ ਪਾਸੇ ਜ਼ਕਰੀਆ ਖ਼ਾਨ ਦੇ ਮਨ ਵਿੱਚ ਮੈਲ ਆ ਗਈ ਅਤੇ ਆਪਣੀ ਔਕਾਤ ’ਚ ਆਉਂਦਿਆ ਉਸ ਨੇ ਵਿਓਂਤ ਬਣਾਈ ਕਿ ਕਿਉਂ ਨਾ ਦੀਵਾਲੀ ਦੀ ਰਾਤ ਇਕੱਠੇ ਹੋਏ ਸਾਰੇ ਸਿੱਖਾਂ ਨੂੰ ਤੋਪਾਂ ਨਾਲ ਉੱਡਾ ਦਿੱਤਾ ਜਾਵੇ। ਸੋ ਸੂਬੇਦਾਰ ਦੀ ਗੰਦੀ ਸੋਚ ਵਿੱਚ ਉਪਜੀ ਇਹ ਵਿਓਂਤ ਤਿਆਰ ਹੋ ਚੁੱਕੀ ਸੀ ਅਤੇ ਇਧਰ ਭਾਈ ਮਨੀ ਸਿੰਘ ਜੀ ਤੇ ਸਿੰਘਾਂ ਨੂੰ ਸੂਬੇ ਦੀ ਇਸ ਸਾਜ਼ਸ ਦਾ ਪਤਾ ਲੱਗ ਗਿਆ। ਭਾਈ ਮਨੀ ਸਿੰਘ ਜੀ ਨੇ ਤੁਰੰਤ ਇਕੱਠ ਲਈ ਇਕੱਠੇ ਹੋਣ ਵਾਲੇ ਗੁਰਸਿੱਖਾਂ ਨੂੰ ਮੁੜ ਸੁਨੇਹੇ ਭੇਜੇ ਅਤੇ ਸੂਬੇ ਦੀ ਨੀਅਤ ਤੋਂ ਜਾਣੂ ਕਰਵਾ ਦਿੱਤਾ,  ਪਰ ਫਿਰ ਵੀ ਦੂਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹਾ ਨਾ ਪੁੱਜਣ ਕਰ ਕੇ ਉਹ ਦੀਵਾਲੀ ’ਤੇ ਗੁਰ ਅਸਥਾਨ ਦੇ ਦਰਸ਼ਨਾਂ ਨੂੰ ਆ ਵੀ ਗਏ ਅਤੇ ਚਾਲ ਅਨੁਸਾਰ ਜ਼ਕਰੀਆਂ ਖ਼ਾਨ ਨੇ ਲਖਪਤ ਰਾਇ ਦੇ ਰਾਹੀਂ ਇਕੱਠੇ ਹੋਏ ਸਿੰਘਾਂ ’ਤੇ ਹੱਲਾ ਬੋਲ ਦਿੱਤਾ। ਦੀਵਾਨ ਨਾ ਲੱਗ ਸਕਿਆ। ਬੇਅਤ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ। ਭਾਈ ਮਨੀ ਸਿੰਘ ਜੀ ਨੇ ਇਸ ਗੱਲ ਦਾ ਜ਼ਕਰੀਆ ਖ਼ਾਨ ਪਾਸ ਰੋਸ ਮਨਾਇਆ ਅਤੇ ਇਸ ਕਾਰੇ ਦੀ ਸਖ਼ਤ ਨਿਖੇਧੀ ਕੀਤੀ, ਪਰ ਇਸ ਦੇ ਉਲਟ ਜ਼ਕਰੀਆ ਖ਼ਾਨ ਨੇ 10,000 ਟਕੇ ਰਕਮ ਦੀ ਵੀ ਮੰਗ ਕੀਤੀ। ਭਾਈ ਜੀ ਨੇ ਕਿਹਾ ਜਦੋਂ ਇਕੱਠ ਹੀ ਨਹੀਂ ਹੋਇਆ ਤਾਂ ਰੁਪਏ ਕਾਹਦੇ  ? ਤਾਂ ਇਸ ਦੇ ਇਵਜ਼ ਵਜੋਂ ਭਾਈ ਜੀ ਨੂੰ ਗਰਿਫ਼ਤਾਰ ਕਰ ਲਿਆ ਗਿਆ ਅਤੇ ਜ਼ਬਰੀਂ ਧਰਮ ਬਦਲਣ ਨੂੰ ਕਿਹਾ ਕਿ ਸਿੱਖੀ ਛੱਡ ਕੇ ਮੁਸਲਮਾਨ ਬਣ ਜਾਹ।

ਇਸ ਸਮੇਂ ਭਾਈ ਸਾਹਿਬ ਜੀ ਦੇ ਉਮਰ 90ਵਿਆਂ ਦੇ ਲਗਭਗ ਪੁੱਜ ਚੁੱਕੀ ਹੋਈ ਸੀ। ਆਪ ਜੀ ਦੇ ਸਾਹਮਣੇ ਅਨੇਕਾਂ ਸਿੱਖਾਂ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਕਿ ਆਪ ਜੀ ਦਾ ਮਨ ਬਦਲਿਆ ਜਾ ਸਕੇ, ਪਰ ਐਸਾ ਕੁੱਝ ਵੀ ਨਾ ਹੋ ਸਕਿਆ। ਇਸ ਮੌਕੇ ਆਪ ਜੀ ਨੂੰ ਨਖਾਸ ਚੌਂਕ ਲਾਹੋਰ ਵਿਖੇ ਸਾਰੀ ਖ਼ਲਕਤ ਦੇ ਸਾਹਮਣੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਫ਼ਤਵਾ ਸੁਣਾ ਦਿੱਤਾ ਗਿਆ। ਕਮਾਲ ਦੀ ਗੱਲ ਸੀ ਭਾਈ ਮਨੀ ਸਿੰਘ ਜੀ ਵਿੱਚ, ਉਹਨਾਂ ਦੇ ਜੋਸ਼ ਵਿੱਚ, ਉਹਨਾਂ ਦੇ ਸਿੱਖੀ ਸਿਦਕ ਵਿੱਚ। ਕਹਿੰਦੇ ਨੇ ਜਦ ਆਪ ਜੀ ਨੂੰ ਸ਼ਹੀਦ ਕੀਤਾ ਜਾਣ ਲੱਗਿਆ ਤਾਂ ਕਾਜ਼ੀ ਨੇ ਇੱਕ ਵਾਰ ਫਿਰ ਅਸਫਲ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਭਾਈ ਮਨੀ ਸਿੰਘ ਨੂੰ ਡੋਲਾਇਆ ਜਾ ਸਕੇ। ਕਾਜ਼ੀ ਕਹਿਣ ਲੱਗਾ ਕਿ ਮੈਂ ਸੁਣਿਆ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈਂ ਤੇ ਗੁਰਬਾਣੀ ਦੀ ਹਰ ਗੱਲ ਨੂੰ ਵੀ ਸਤਿ ਸਤਿ ਕਰ ਕੇ ਮੰਨਦਾ ਹੈ ਤਾਂ ਕੀ ਤੈਨੂੰ ਗੁਰਬਾਣੀ ਦਾ ਇਹ ਹੁਕਮ ਭੁੱਲ ਗਿਆ ਕਿ ਤੇਰਾ ਗੁਰੂ ਤਾਂ ਕਹਿੰਦਾ ਹੈ, ‘‘ਕਬੀਰ  ! ਮਾਨਸ ਜਨਮੁ ਦੁਲੰਭੁ ਹੈ; ਹੋਇ ਨ ਬਾਰੈ ਬਾਰ ॥  ਜਿਉ, ਬਨ ਫਲ ਪਾਕੇ ਭੁਇ ਗਿਰਹਿ; ਬਹੁਰਿ ਨ ਲਾਗਹਿ ਡਾਰ ॥’’ (ਭਗਤ ਕਬੀਰ/੧੩੬੬)

ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਕਾਜ਼ੀ ਸਾਹਿਬ  !  ਮੈਨੂੰ ਪਤਾ ਹੈ ਕਿ ਮੇਰਾ ਗੁਰੂ ਮੈਨੂੰ ਕੀ ਕਹਿੰਦਾ ਹੈ। ਮੇਰੇ ਗੁਰੂ ਦਾ ਫ਼ੁਰਮਾਨ ਹੈ:

ਜੀਵਿ ਜੀਵਿ ਮੁਏ; ਮੁਏ ਜੀਵੇ॥ ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ; ਕੇਤੇ ਗੁਰ, ਚੇਲੇ ਹੂਏ॥

ਆਗੈ ਪਾਛੈ ਗਨਤ ਨ ਆਵੈ; ਕਿਆ ਜਾਤੀ  ? ਕਿਆ ਹੁਣਿ ਹੂਏ ?॥ (ਮ 1/1238)  ਮੈਨੂੰ ਪਤਾ ਹੈ ਕਿ ਦੁਬਾਰਾ ਮੈਨੂੰ ਇੱਕ ਜਨਮ ਹੋਰ ਮਿਲ ਜਾਵੇ, ਪਰ ਇਸ ਦਾ ਪੱਕਾ ਪਤਾ ਨਹੀਂ ਕਿ ਅਗਲੇ ਜਨਮ ਵਿੱਚ ਮੈਨੂੰ ਗੁਰੂ ਦੀ ਪਿਆਰੀ ਸਿੱਖੀ ਨਸੀਬ ਹੋਵੇ ਕਿ ਨਾ। ਇਸ ਲਈ ਤੁਸੀਂ ਆਪਣਾ ਕੰਮ ਕਰੋ।

ਜੱਲਾਦ ਨੇ ਭਾਈ ਸਾਹਿਬ ਜੀ ਦੇ ਗੁੱਟ ਦਾ ਨਿਸ਼ਾਨਾ ਬਣਾ ਕੇ ਗੰਡਾਸਾ ਉਤਾਂਹ ਨੂੰ ਚੁੱਕਿਆ ਤਾਂ ਭਾਈ ਜੀ ਨੇ ਰੋਕ ਦਿੱਤਾ। ਕਹਿਣ ਲੱਗੇ, ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਅਤੇ ਤੂੰ ਗੁੱਟ ਦਾ ਨਿਸਾਨਾ ਸਾਧ ਲਿਆ ਹੈ ਤੂੰ ਆਪਣੇ ਹੁਕਮ ਦੀ ਤਾਮੀਲ ਚੰਗੀ ਤਰ੍ਹਾਂ ਕਰ। ਜਿਸ ਤਰ੍ਹਾਂ ਮੈਂ ਆਪਣੇ ਗੁਰੂ ਦੇ ਹੁਕਮ ਦੀ ਤਾਮੀਲ ਕਰ ਰਿਹਾ ਹਾਂ। ਕੋਲ ਖੜ੍ਹਾ ਕਾਜ਼ੀ ਫਿਰ ਬੋਲਿਆ, ਬਾਈ ਸਾਹਿਬ ! ਗੱਲਾਂ ਕਰਨੀਆਂ ਸੌਖੀਆਂ ਨੇ, ਜਦ ਬੰਦ-ਬੰਦ ਕੱਟਿਆ ਜਾਣ ਲੱਗਾ ਤਾਂ ਆਪੇ ਹੀ ਸਿੱਖੀ ਛੱਡ ਦਿਓਂਗੇ, ਪਰ ਐਸਾ ਕੁੱਝ ਵੀ ਨਾ ਹੋਇਆ ਅਤੇ ਭਾਈ ਮਨੀ ਸਿੰਘ ਜੀ ਗੁਰੂ ਸਿਧਾਂਤਾਂ, ਸਿੱਖੀ ਸਿਦਕ ਅਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਗਏ।

ਭਾਈ ਸਾਹਿਬ ਦੀ ਸ਼ਹਾਦਤ ਅੱਜ ਵੀ ਸਾਡੇ ਅੰਦਰ ਗੌਰਵ ਮਹਿਸੂਸ ਕਰਵਾਉਂਦੀ ਹੈ ਜਿਹਨਾਂ ਨੇ ਸਿੱਖੀ ਸਿਧਾਂਤਾਂ ਦੀ ਖਾਤਰ ਆਪਾ ਕੁਰਬਾਨ ਕਰ ਦਿੱਤਾ ਸੀ ਪਰ ਐ ਨੌਜਵਾਨ ਵੀਰੋ ! ਭੈਣੋ  ! ਅੱਜ ਤੁਸੀਂ ਆਪਣੀ ਹਾਲਤ ਕੀ ਬਣਾ ਲਈ ਹੈ ? ਮੁੰਡਿਆਂ ਦੇ ਸਿਰ ’ਤੇ ਕੇਸ ਨਹੀਂ, ਮੂੰਹ ਉੱਤੇ ਦਾਹੜੀਆਂ ਨਹੀਂ, ਕੰਨਾਂ ਵਿੱਚ ਮੁੰਦਰਾ ਪੁਆ ਲਈਆਂ, ਆ ਕੀ ਹਾਲਤ ਬਣਾ ਛੱਡੀ ਜੇ ਵੀਰਿਓ ? ਕੀ ਤੁਹਾਨੂੰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਕੋਈ ਕਦਰ ਨਹੀਂ, ਕੀ ਕਦੇ ਬਾਬਾ ਬੰਦਾ ਸਿੰਘ ਬਹਾਦਰ, ਸੁਬੇਗ ਸਿੰਘ, ਸਾਹਬਾਜ਼ ਸਿੰਘ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਸ਼ਹੀਦ ਭਾਈ ਤਾਰੂ ਸਿੰਘ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਬਿਲਕੁਲ ਤੁਹਾਡੇ ਮਨ ਵਿੱਚ ਕਦੇ ਨਹੀਂ ਆਈ ? ਜੇ ਹਾਂ ਤਾਂ ਕਿਉਂ ਸਿੱਖੀ ਤੋਂ ਬਾਗ਼ੀ ਹੋ ਗਏ ਜੇ ? ਕੌਮ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹੁੰਦਾ ਹੈ। ਜੇ ਨੌਜਵਾਨ ਹੀ ਅਜਿਹੇ ਹੋਣਗੇ ਜੋ ਗੁਰੂ ਤੋਂ ਬੇਮੁੱਖ ਹੋ ਚੁੱਕੇ ਹੋਣ ਤਾਂ ਕੌਮ ਦਾ ਕੀ ਬਣੇਗਾ ? ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਆਪਣੇ ਸਪੁੱਤਰ ਕਿਹਾ ਸੀ ਅੱਜ ਉਹਨਾਂ ਪੁੱਤਰਾਂ ਦਾ ਖ਼ੂਨ ਚਿੱਟਾ ਕਿਵੇਂ ਹੋ ਗਿਆ ? ਬੱਸ ਇੱਕੋ ਹੀ ਬਨੇਤੀ ਹੈ ਨੌਜਵਾਨੋ  ! ਅੱਜ ਕੌਮ ਬੜੇ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕਿਤੇ ਨਕਲੀ ਗੁਰੂ ਬਣ ਰਹੇ ਨੇ, ਕੋਈ ਗੁਰੂ ਸਾਹਿਬਾਨ ਦੀ ਬਰਾਬਰੀ ਕਰ ਰਿਹਾ ਹੈ, ਕੋਈ ਨਵੇਂ ਨਵੇਂ ਗ੍ਰੰਥਾਂ ਨੂੰ ਸ਼ਬਦ ਗੁਰੂ ਦੀ ਬਰਾਬਰੀ ਦਿਵਾਉਣ ਲਈ ਉਤਾਵਲਾ ਹੈ, ਕੋਈ ਨਕਲੀ ਹਰਿਮੰਦਰ ਸਾਹਿਬ ਬਣਾ ਰਿਹਾ ਹੈ ? ਇਸੇ ਤਰ੍ਹਾਂ ਕਿੰਨੇ ਹੈਂ ਜੋ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਤੁਸੀਂ ਵੀ ਘੱਟ ਨਹੀਂ ਕਰ ਰਹੇ। ਆਓ, ਰਲ਼ ਮਿਲ ਕੇ ਪੰਥ ਦਾ ਹਿੱਸਾ ਬਣੀਏ ਤੇ ਸਿੱਖੀ ਨੂੰ ਸਵਾਰੀਏ।

ਉੱਠ ਪੰਥ ਖ਼ਾਲਸਾ ਹੋਸ਼ ਮੇਂ ਆ ! ਔਰ ਨਬਜ਼ ਪਹਿਚਾਣ ਜ਼ਮਾਨੇ ਕੀ।

ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਕਿਉਂ ਨਹੀਂ ?

0

ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਕਿਉਂ ਨਹੀਂ  ?

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜ਼ਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843

ਅੱਜ ਦੀ ਤਰੀਕ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ਨੰਬਰ 3 ਵਿੱਚ ਨਜ਼ਰਬੰਦ ਹਨ ਅਤੇ ਜ਼ਿਕਰਯੋਗ ਹੈ ਕਿ ਨਾ ਤਾਂ ਉਹ ਦਿੱਲੀ ਸਟੇਟ ਦੇ ਕੈਦੀ ਹਨ ਅਤੇ ਨਾ ਹੀ ਹਵਾਲਾਤੀ, ਭਾਵ ਕਿ ਨਾ ਤਾਂ ਦਿੱਲੀ ਦੇ ਕਿਸੇ ਕੇਸ ਦੀ ਉਹ ਸਜ਼ਾ ਕੱਟ ਰਹੇ ਹਨ ਅਤੇ ਨਾ ਹੀ ਦਿੱਲੀ ਵਿਚਲਾ ਕੋਈ ਕੇਸ ਉਹਨਾਂ ਉੱਪਰ ਚੱਲ ਰਿਹਾ ਹੈ ਸਗੋਂ ਇਸ ਤੋਂ ਉਲਟ ਉਹਨਾਂ ਉਪਰ 3 ਕੇਸ ਪੰਜਾਬ ਵਿੱਚ ਦੋ 1995 ਦੇ ਲੁਧਿਆਣਾ ’ਚ ਤੇ ਇੱਕ 2005 ਦਾ ਮੋਗਾ ਵਿੱਚ ਚੱਲ ਰਿਹਾ ਹੈ ਅਤੇ ਉਹ ਮੁੱਖ ਮੰਤਰੀ  ਬੇਅੰਤ ਕਤਲ ਕੇਸ ਵਿੱਚ ਯੂ.ਟੀ. ਚੰਡੀਗੜ੍ਹ ਦੇ ਉਮਰ ਕੈਦੀ ਹਨ।

ਭਾਰਤੀ ਕਾਨੂੰਨ ਮੁਤਾਬਕ ਹਰੇਕ ਕੈਦੀ ਨੂੰ ਆਪਣੀ ਸਟੇਟ ਵਿੱਚ ਕੈਦ ਕੱਟਣ ਦਾ ਕਾਨੂੰਨੀ ਹੱਕ ਹੈ ਪਰ ਭਾਈ ਹਵਾਰਾ ਦੇ ਸਬੰਧ ਵਿੱਚ ਅਜਿਹਾ ਨਹੀਂ ਹੋ ਰਿਹਾ ਅਤੇ ਜਦੋਂ ਕਾਨੂੰਨ ਵਿੱਚ ਲਿਖਿਆ ਹੱਕ ਨਾ ਮਿਲੇ ਤਾਂ ਉਸ ਲਈ ਅਦਾਲਤਾਂ ਦਾ ਸਹਾਰਾ ਲਿਆ ਜਾਂਦਾ ਹੈ ਪਰ ਅਦਾਲਤਾਂ ਵੀ ਜਦੋਂ ਨਿਆਂ ਨਾ ਦੇਣ ਤਾਂ ਲੋਕ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਅਤੇ ਸੰਘਰਸ਼ਾਂ ਨੂੰ ਜਦੋਂ ਸਿਆਸੀ ਜਾਂ ਵੋਟ ਰਾਜਨੀਤੀ ਵਾਲੀ ਰੰਗਤ ਚਾੜ੍ਹ ਦਿੱਤੀ ਜਾਂਦੀ ਹੈ ਤਾਂ ਫ਼ੈਸਲੇ ਕਾਨੂੰਨੀ ਜਾਂ ਅਦਾਲਤੀ ਨਾ ਹੋ ਕੇ ਸਿਆਸੀ ਜਾਂ ਵੋਟ ਰਾਜਨੀਤੀ ਦੇ ਅਧੀਨ ਹੋ ਜਾਂਦੇ ਹਨ ਅਤੇ ਫਿਰ ਫ਼ੈਸਲੇ ਤਾਂ ਹੀ ਹੁੰਦੇ ਹਨ ਜਦੋਂ ਸਿਆਸੀ ਲੈਣ-ਦੇਣ ਦੀ ਥਾਂ ਸਿਆਸੀ ਦਬਾਅ ਬਣ ਸਕੇ ਨਹੀਂ ਤਾਂ ਸੰਘਰਸ਼ ਦਾ ਬਣਿਆ ਦਬਾਅ ਉਲਟਾ ਅਸਰ ਵੀ ਕਰਦਾ ਹੈ ਜਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਵੀ ਹੋਇਆ ਹੈ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਦੇ ਸਬੰਧ ਵਿੱਚ ਹੋਣ ਦੇ ਖਦਸ਼ੇ ਵੀ ਹਨ।

ਪਿਛਲੇ ਦਿਨੀਂ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਗਮ ਨਹੀਂ ਕਿ ਉਹਨਾਂ ਨੂੰ ਕਿਸ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਪਰ ਅਸਲ ਮੁੱਦਾ ਤਾਂ ਹੈ ਕਿ ਕਾਨੂੰਨ ਕੀ ਕਹਿੰਦਾ ਹੈ ਅਤੇ ਹੋ ਕੀ ਰਿਹਾ ਹੈ ?

ਜੇ ਜੇਲ੍ਹ ਤਬਦੀਲੀ ਦੇ ਕਾਨੂੰਨ ਨੂੰ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਜਿਸ ਅਦਾਲਤ ਵਿੱਚ ਕਿਸੇ ਵਿਅਕਤੀ ਦਾ ਕੇਸ ਚੱਲਦਾ ਹੁੰਦਾ ਹੈ ਉਸ ਅਦਾਲਤ ਅਧੀਨ ਪੈਂਦੀ ਜੇਲ੍ਹ ਵਿੱਚ ਹੀ ਵਿਅਕਤੀ ਨੂੰ ਰੱਖਿਆ ਜਾਂਦਾ ਹੈ ਪਰ ਜਦੋਂ ਕੇਸ ਇੱਕ ਤੋਂ ਵਧੇਰੇ ਜਿਲ੍ਹਿਆਂ ਜਾਂ ਰਾਜਾਂ ਤੱਕ ਫੈਲੇ ਹੋਏ ਹੋਣ ਤਾਂ ਆਮ ਕਰ ਕੇ ਵੱਡੀ ਅਦਾਲਤ ਦੇ ਕੇਸਾਂ ਨੂੰ ਚਲਾਉਣ ਲਈ ਉਸ ਅਦਾਲਤ ਅਧੀਨ ਪੈਂਦੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹ ਸਜ਼ਾ ਕੱਟਣ ਲਈ ਟਰਾਂਸਫਰ ਆਫ ਪਰਿਜ਼ਨਰ ਐਕਟ ਅਧੀਨ ਆਪਣੀ ਘਰੇਲੂ ਸਟੇਟ ਦੀ ਕਿਸੇ ਜੇਲ੍ਹ ਤੇ ਖ਼ਾਸ ਕਰ ਕੇ ਆਪਣੇ ਘਰ ਦੇ ਨਜ਼ਦੀਕ ਪੈਂਦੀ ਜੇਲ੍ਹ ਵਿੱਚ ਤਬਦੀਲ ਹੋਣ ਦਾ ਕਾਨੂੰਨੀ ਹੱਕ ਰੱਖਦਾ ਹੈ ਪਰ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਇੱਕ ਕੇਸ ਵਿੱਚ ਸਜ਼ਾ ਹੋ ਜਾਵੇ ਅਤੇ ਉਸ ’ਤੇ ਹੋਰ ਕੇਸ ਵੀ ਅਜੇ ਚੱਲਦੇ ਹੋਣ ਤਾਂ ਫਿਰ ਚੱਲਦੇ ਕੇਸਾਂ ਨੂੰ ਨਿਬੇੜਣ ਦੇ ਹਿਸਾਬ ਨਾਲ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ।

ਜੇਲ੍ਹ ਤਬਦੀਲੀ ਦੀ ਗੱਲ ਕਰੀਏ ਤਾਂ ਬੰਦੀ ਸਿੰਘਾਂ ਵਿੱਚ ਭਾਈ ਲਾਲ ਸਿੰਘ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਕਾਲਗੜ੍ਹ ਦੇ ਵਾਸੀ ਹਨ ਅਤੇ ਜਦੋਂ ਉਹਨਾਂ ਨੂੰ ਗੁਜਰਾਤ ਵਿੱਚ 1997 ਵਿੱਚ ਉਮਰ ਕੈਦ ਦੀ ਸਜ਼ਾ ਹੋ ਗਈ ਅਤੇ ਉਸ ਸਮੇਂ ਉਹਨਾਂ ਉੱਪਰ ਹੋਰ ਕੋਈ ਕੇਸ ਕਿਤੇ ਵੀ ਚੱਲ ਨਹੀਂ ਸੀ ਰਿਹਾ। ਉਹਨਾਂ ਨੇ ਪੰਜਾਬ ਵਿੱਚ ਤਬਦੀਲ ਹੋਣ ਦੀ ਦਰਖਾਸਤ ਦਿੱਤੀ ਅਤੇ 1998 ਵਿੱਚ ਉਹਨਾਂ ਨੂੰ ਜਲੰਧਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ 2000 ਵਿੱਚ ਉਹਨਾਂ ਨੂੰ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਹ ਅੱਜ ਤੱਕ ਨਜ਼ਰਬੰਦ ਹਨ। ਜ਼ਿਕਰਯੋਗ ਹੈ ਕਿ ਭਾਈ ਲਾਲ ਸਿੰਘ ਨੂੰ ਉਸ ਸਮੇਂ ਜੇਲ੍ਹ ਤਬਦੀਲੀ ਲਈ ਨਾ ਤਾਂ ਕੋਈ ਸੰਘਰਸ਼ ਕਰਨਾ ਪਿਆ, ਨਾ ਕਿਸੇ ਨੇ ਭੁੱਖ ਹੜਤਾਲ ਰੱਖੀ, ਨਾ ਹੀ ਕੋਈ ਮੋਰਚਾ ਲਾਇਆ ਗਿਆ, ਨਾ ਸਿਆਸੀ ਲੋਕਾਂ ਦੇ ਹਾੜੇ ਕੱਢਣੇ ਪਏ ਅਤੇ ਨਾ ਹੀ ਕੋਈ ਅਦਾਲਤੀ ਚੱਕਰ ਪਿਆ ਅਤੇ ਆਮ ਪ੍ਰਕਿਰਿਆ ਵਿੱਚ ਟਰਾਂਸਫਰ ਆਫ ਪਰਿਜ਼ਨਰ ਐਕਟ ਅਧੀਨ ਇਹ ਜੇਲ੍ਹ ਤਬਦੀਲੀ ਹੋਈ ਅਤੇ ਭਾਰਤ ਭਰ ਵਿੱਚ ਅਜਿਹੀਆਂ ਤਬਦੀਲੀਆਂ ਹੁੰਦੀਆਂ ਹੀ ਰਹਿੰਦੀਆਂ ਹਨ।

ਜੇ ਕਾਨੂੰਨੀ ਗੱਲ ਨਾ ਬਣੇ ਤਾਂ ਫਿਰ ਅਦਾਲਤਾਂ ਦਾ ਸਹਾਰਾ ਲਿਆ ਜਾਂਦਾ ਹੈ ਜਿਹਾ ਕਿ ਭਾਈ ਹਵਾਰਾ ਦੇ ਸਬੰਧ ਵਿੱਚ ਹੋਇਆ ਅਤੇ 2016 ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਪਰ ਉਹ ਅਜੇ ਤੱਕ ਵੀ ਸਟੇਟ ਦੀ ਚਲਾਕੀ, ਜੱਜਾਂ ਦੀ ਲਟਕਾਊ ਨੀਤੀ, ਵਕੀਲਾਂ ਦੀ ਤਬਦੀਲੀ ਤੇ ਸਹੀ ਪੈਰਵਾਈ ਨਾ ਹੋਣ ਕਾਰਨ ਵਿਚਾਰ ਅਧੀਨ ਹੀ ਹੈ। ਹੁਣ ਭਾਈ ਹਵਾਰਾ ਵੱਲੋਂ ਆਪਣੇ ਤੌਰ ’ਤੇ ਦਿੱਲੀ ਹਾਈ ਕੋਰਟ ਵਿੱਚ; ਪੰਜਾਬ ਵਿੱਚ ਜੇਲ੍ਹ ਤਬਦੀਲੀ ਤੇ ਪੰਜਾਬ ਵਿੱਚ ਚੱਲਦੇ ਕੇਸਾਂ ਵਿੱਚ ਅਦਾਲਤਾਂ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਹੋਣ ਦੇ ਬਾਵਜੂਦ ਵੀ ਨਿੱਜੀ ਤੌਰ ’ਤੇ ਪੇਸ਼ ਨਾ ਕਰਨ ਦੇ ਖਿਲਾਫ ਪਟੀਸ਼ਨ ਪਵਾਈ ਹੈ ਜਿਸ ਦੀ ਅਗਲੀ ਤਰੀਕ 23 ਜੁਲਾਈ ਹੈ। ਇਸ ਤੋਂ ਇਲਾਵਾ ਦਿੱਲੀ ਕਮੇਟੀ ਵੱਲੋਂ ਭਾਈ ਹਵਾਰਾ ਦੀ ਸਿਹਤ ਸਬੰਧੀ ਵੀ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਪਾਉਣ ਦੀ ਇੱਛਾ ਪਰਗਟ ਕੀਤੀ ਹੈ ਜਿਸ ਬਾਰੇ ਭਾਈ ਹਵਾਰਾ ਦਾ ਕਹਿਣਾ ਹੈ ਕਿ ਇਕੱਲੇ ਮੇਰੇ ਲਈ ਨਹੀਂ ਸਗੋਂ ਤਿਹਾੜ ਜੇਲ੍ਹ ਦੇ ਸਮੂਹ ਬੰਦੀਆਂ ਦੀਆਂ ਸਿਹਤ ਸਹੂਲਤਾਂ ਲਈ ਸਾਂਝੀ ਲੋਕ ਹਿੱਤ ਪਟੀਸ਼ਨ ਦਿੱਲੀ ਹਾਈ ਕੋਰਟ ਵਿੱਚ ਪਾਈ ਜਾਵੇ। ਜੇ ਦੇਖਿਆ ਜਾਵੇ ਤਾਂ ਕਾਨੂੰਨਨ ਜੇਕਰ ਭਾਈ ਹਵਾਰਾ ਕੇਵਲ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ਉਮਰ ਕੈਦੀ ਹੋਣ ਤਾਂ ਉਹਨਾਂ ਨੂੰ ਯੂ. ਟੀ. ਚੰਡੀਗੜ੍ਹ ਵਿੱਚ ਰੱਖਣਾ ਬਣਦਾ ਹੈ ਪਰ ਕਿਉਂਕਿ ਭਾਈ ਹਵਾਰਾ ਪੰਜਾਬ ਦੇ ਕੇਸਾਂ ਵਿੱਚ ਹਵਾਲਾਤੀ ਹਨ ਅਤੇ ਕਾਨੂੰਨਨ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਹੀ ਰੱਖਣਾ ਬਣਦਾ ਹੈ।

ਭਾਈ ਜਗਤਾਰ ਸਿੰਘ ਹਵਾਰਾ ਨੂੰ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ਸਜ਼ਾ ਹੋਣ ਤੋਂ ਬਾਅਦ ਉਹਨਾਂ ਨੂੰ ਤਿਹਾੜ ਜੇਲ੍ਹ, ਦਿੱਲੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਉੱਪਰ ਦਿੱਲੀ ਵਿੱਚ ਕੇਸ ਬਾਕੀ ਸਨ ਪਰ ਜਦੋਂ ਹੁਣ ਦਿੱਲੀ ਵਿੱਚ ਕੇਸ ਮੁੱਕ ਗਏ ਹਨ ਤਾਂ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਕੇਸ ਬਾਕੀ ਚੱਲਦੇ ਹਨ ਅਤੇ ਪੰਜਾਬ ਦੀਆਂ ਅਦਾਲਤਾਂ ਵੱਲੋਂ ਬਾਰ-ਬਾਰ ਪ੍ਰੋਡਕਸ਼ਨ ਵਾਰੰਟ ਭੇਜ ਕੇ ਭਾਈ ਹਵਾਰਾ ਨੂੰ ਪੇਸ਼ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਯਾਸੀਨ ਭਟਕਲ ਨੂੰ ਤਿਹਾੜ ਜੇਲ੍ਹ (ਦਿੱਲੀ) ਤੋਂ ਬੰਬੇ ਕੋਰਟ ਵਿੱਚ ਪੇਸ਼ੀ ਉੱਪਰ ਲੈ ਜਾਇਆ ਜਾਂਦਾ ਹੈ ਤਾਂ ਭਾਈ ਹਵਾਰਾ ਨੂੰ ਕਿਉਂ ਨਹੀਂ ? ਭਾਈ ਹਵਾਰਾ ਨੂੰ 2014/2015 ਤੱਕ ਲੁਧਿਆਣਾ, ਰੋਪੜ ਅਦਾਲਤਾਂ ਵਿੱਚ ਲਿਆਂਦਾ ਜਾਂਦਾ ਸੀ ਪਰ ਉਸ ਤੋਂ ਬਾਅਦ ਇੱਕ ਦਮ ਰੋਕਾਂ ਲਗਾ ਦਿੱਤੀਆਂ ਗਈਆਂ ਹਨ। ਭਾਈ ਗੁਰਬਖਸ਼ ਸਿੰਘ ਵੱਲੋਂ ਵੀ ਭਾਈ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਤਬਦੀਲੀ ਨੂੰ ਮੁੱਖ ਮੁੱਦਾ ਰੱਖ ਕੇ ਆਪਣਾ ਸੰਘਰਸ਼ ਤੀਜੀ ਵਾਰ ਸ਼ੁਰੂ ਕੀਤਾ ਗਿਆ ਸੀ ਪਰ ਉਹਨਾਂ ਦੇ ਸੰਘਰਸ਼ ਨੂੰ ਵੀ ਫਲ਼ ਨਹੀਂ ਲੱਗਾ ਅਤੇ ਮੌਜੂਦਾ ਬਰਗਾੜੀ ਮੋਰਚੇ ਵਿੱਚ ਵੀ ਭਾਈ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਤਬਦੀਲੀ ਮੁੱਦਾ ਰੱਖਿਆ ਗਿਆ ਸੀ ਪਰ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵੱਲੋਂ ਸਪੱਸ਼ਟ ਸਬਦਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਤਬਦੀਲੀ ਤੋਂ ਨਾਂ ਕਰ ਦਿੱਤੀ ਸੀ ਪਰ ਉਹ ਇਸ ਸਬੰਧੀ ਕੋਈ ਕਾਰਨ ਨਾ ਦੱਸ ਪਾਏ ਅਤੇ ਆਪਣੀ ਮਜਬੂਰੀ ਦਰਸਾਈ। 30 ਮਈ 2018 ਨੂੰ ਮੋਗਾ ਦੀ ਅਦਾਲਤ ਵੱਲੋਂ ਭਾਈ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ 12 ਜੁਲਾਈ 2018 ਲਈ ਜਾਰੀ ਕੀਤੇ ਹਨ ਤਾਂ ਦੇਖਦੇ ਹਾਂ ਕਿ ਉਹਨਾਂ ਨੂੰ 12 ਜੁਲਾਈ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਜਾਂ ਇੱਕ ਵਾਰ ਫਿਰ ਖੁਫੀਆਂ ਤੰਤਰ ਦੀਆਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਨਾ ਪੇਸ਼ ਕਰਨ ਦਾ ਬਹਾਨਾ ਮਾਰਿਆ ਜਾਂਦਾ।

-0-

ਨਸ਼ਾ ਮੁਕਤ ਪੰਜਾਬ

0

ਮਿੰਨੀ ਕਹਾਣੀ

ਨਸ਼ਾ ਮੁਕਤ ਪੰਜਾਬ

“ਬੇਬੇ ਜੀ,ਆਹ ਇਕ ਹੋਰ ਵੀਡਿਓ ਆ ਗਈ ਟੀਕੇ ਲਗਾਉਂਦੇ ਮੁੰਡਿਆਂ ਦੀ ਪਿੰਡ ਵਾਲਿਆਂ ਨੇ ਪੂਰਾ ਕੁਟਾਪਾ ਕੀਤਾ”
   ਦਾਦੀ ਨੂੰ ਮੈ ਸੋਸ਼ਲ ਮੀਡੀਆ ‘ਤੇ ਨਵੀਂ  ਵਾਈਰਲ ਹੋਈ ਵੀਡਿਓ ਵਿਖਾ ਰਿਹਾ ਸੀ। ਇਹ ਵੇਖ ਦਾਦੀ ਨੇ ਦੁੱਖੀ ਮਨ ਨਾਲ ਜਵਾਬ ਦਿੱਤਾ ।
   “ਹਾਏ  ! ਰੱਬਾ ਇਹਨਾਂ ਵੀਚਾਰਿਆਂ ਨੂੰ ਕਿਉਂ ਕੁੱਟਦੇ ਹੋ ਇਹ ਤਾਂ ਨਸ਼ੇ ਨੇ ਗੁਲਾਮ ‘ਤੇ ਬੇਵੱਸ ਕੀਤੇ ਹੋਏ ਨੇ ਉਹਨਾਂ ਨੂੰ ਕੁੱਟੋ ਜੋ ਚਿੱਟੇ ਨੂੰ ਵੱਡੀ ਪੱਧਰ ‘ਤੇ ਵੇਚ ਕੇ ਵੀ ਅਜ਼ਾਦ ਘੁੰਮਦੇ ਨੇ।”

ਬੇਬੇ ਇਹ ਗੱਲ ਕਹਿ ਕੇ ਐਨਕਾਂ ਉਪਰ ਪਈ ਧੂੜ ਲਾਹੁਣ ਲੱਗ ਪਈ ਤੇ ਮੇਰੀ ਸੋਚ ਦੀ ਉਹ ਧੂੜ ਵੀ ਲਹਿ ਗਈ ਜੋ ਕਹਿ ਰਹੀ ਸੀ ਕਿ ਹੁਣ ਐਦਾ ਹੋਊ ਨਸ਼ਾ ਮੁਕਤ ਪੰਜਾਬ ।

 ਜਸਵੰਤ ਸਿੰਘ ਲਖਣਪੁਰੀ 88724-88769

ਮਾਇਆ

0

ਮਿੰਨੀ ਕਹਾਣੀ

ਮਾਇਆ

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)

  ਕਾਰਡ ਉੱਪਰ ਕੁਲਦੀਪ ਸਿੰਘ ਦੀ ਮਾਤਾ ਦੇ ਭੋਗ ਦਾ ਸਮਾਂ ਤਾਂ ਇੱਕ ਤੋਂ ਦੋ ਵਜੇ ਤੱਕ ਦਾ ਲਿਖਿਆ ਹੋਇਆ ਸੀ ਪਰ ਰਾਗੀ ਜਥੇ ਨੇ ਕੀਰਤਨ (ਵਿਆਖਿਆ ਸਮੇਤ) ਕਰਦਿਆਂ-ਕਰਦਿਆਂ ਢਾਈ ਵਜਾ ਦਿੱਤੇ ਸਨ।

ਆਪਣੀ ਵਿਆਖਿਆ ਵਿੱਚ ਭਾਈ ਸਾਹਿਬ ਜੀ ਕਹਿ ਰਹੇ ਸਨ, ‘ਗੁਰਮੁਖ ਪਿਆਰਿਓ !  ਮਰਨਾ ਸੱਚ ਅਤੇ ਜਿਊਣਾ ਝੂਠ ਹੈ, ਪਰ ਮਾਇਆ ਦੇ ਪ੍ਰਭਾਵ ਕਾਰਨ ਅਸੀਂ ਇਸ ਝੂਠ ਨੂੰ ਹੀ ਸੱਚ ਮੰਨ ਲੈਂਦੇ ਹਾਂ।  ਲਾਲਚੀ ਬਿਰਤੀ ਭਾਰੂ ਹੋਣ ਕਰ ਕੇ ਅਸੀਂ ਦਿਨ-ਰਾਤ ਮਾਇਆ ਦੇ ਪਿੱਛੇ ਭੱਜੇ ਫਿਰਦੇ ਹਾਂ ਅਤੇ ਪਰਮਾਤਮਾ ਨੂੰ ਵਿਸਾਰੀ ਫਿਰਦੇ ਹਾਂ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ਕਿ ‘‘ਮਾਇਆ ਮਮਤਾ ਮੋਹਣੀ; ਜਿਨਿ ਵਿਣੁ ਦੰਤਾ ਜਗੁ ਖਾਇਆ ॥’’ (ਮ: ੩/੬੪੩), ਕੋਈ ਵਿਰਲਾ ਹੀ ਹੋਵੇਗਾ ਜੋ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਿਆ ਹੋਵੇ।’

ਭਾਈ ਸਾਹਿਬ ਦੇ ਬਚਨ ਭਾਵੇਂ ਵਡਮੁੱਲੇ ਅਤੇ ਜੀਵਨ ਨੂੰ ਸੇਧ ਦੇਣ ਵਾਲੇ ਸਨ ਪਰ ਇਕੱਠ ਵਿੱਚ ਕਾਰੋਬਾਰੀ ਬੰਦਿਆਂ ਦੀ ਗਿਣਤੀ ਵਧੇਰੇ ਹੋਣ ਕਰ ਕੇ ਬਹੁਤਿਆਂ ਨੂੰ ਅੱਚਵੀ (ਬੇਚੈਨੀ) ਜਿਹੀ ਲੱਗੀ ਹੋਈ ਸੀ ਕਿ ਕਦੋਂ ਸਮਾਪਤੀ ਹੋਵੇ ਤੇ ਉਹ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਕੁਲਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਸਮਾਪਤੀ ਦਾ ਇਸ਼ਾਰਾ ਕਰ ਦਿੱਤਾ ਗਿਆ। ਇਸ਼ਾਰੇ ਨੂੰ ਸਮਝ ਕੇ ਭਾਈ ਸਾਹਿਬ ਨੇ ‘ਆਨੰਦੁ’ ਸਾਹਿਬ (6 ਪਉੜੀਆਂ) ਦਾ ਪਾਠ ਆਰੰਭ ਕਰ ਦਿੱਤਾ।  ਅਰਦਾਸ, ਹੁਕਮਨਾਮੇ ਤੋਂ ਬਾਅਦ ਕੁਲਦੀਪ ਸਿੰਘ ਵੱਲੋਂ ਜਿੱਥੇ ਇਸ ਦੁੱਖ ਦੀ ਘੜੀ ਵਿੱਚ ਦੂਰ-ਨੇੜੇ ਤੋਂ ਆਏ ਰਿਸ਼ਤੇਦਾਰਾਂ ਅਤੇ ਸੱਜਣਾਂ-ਮਿੱਤਰਾਂ ਦਾ ਧੰਨਵਾਦ ਕੀਤਾ ਉੱਥੇ ਸਾਰਿਆਂ ਨੂੰ ਚਾਹ ਛੱਕ ਕੇ ਜਾਣ ਦੀ ਅਪੀਲ ਵੀ ਕੀਤੀ ਗਈ।

ਚਾਹ ਦਾ ਕੱਪ ਪੀਣ ਤੋਂ ਬਾਅਦ ਜਦੋਂ ਮੈਂ ਰਸਮੀ ਤੌਰ ’ਤੇ ਕੁਲਦੀਪ ਸਿੰਘ ਕੋਲੋਂ ਵਾਪਸੀ ਦੀ ਆਗਿਆ ਲੈਣ ਲਈ ਗਿਆ ਤਾਂ ਕਮਰੇ ਵਿੱਚ ਕੋਈ ਉਸ ਨਾਲ ਬਹਿਸ ਰਿਹਾ ਸੀ। ਦਰਵਾਜ਼ਾ ਅੱਧ ਕੁ ਬੰਦ ਸੀ, ਅੰਦਰੋਂ ਆਵਾਜ਼ ਆ ਰਹੀ ਸੀ, ‘ਇੱਕੀ ਸੌ ਰੁਪਏ ਕੀਰਤਨ-ਭੇਟਾ ਤਾਂ ਬਹੁਤ ਘੱਟ ਹੈ ਜੀ, ਵੈਸੇ ਤਾਂ ਅੱਜ ਕੱਲ੍ਹ ਇੱਕਵੰਜਾ ਸੌ ਰੁਪਏ ਲੈਂਦੇ ਹਾਂ ਚਲੋ ਤੁਸੀ ਇਕੱਤੀ ਸੌ ਰੁਪਏ ਹੀ ਦੇ ਦਿਉ।’

ਕਮਰਾ ਖੋਲ੍ਹ ਜਦੋਂ ਮੈਂ ਅੰਦਰ ਦੇਖਿਆ ਤਾਂ ਬਹਿਸ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਹ ਭਾਈ ਸਾਹਿਬ ਸਨ ਜੋ ਅੱਧਾ ਕੁ ਘੰਟਾ ਪਹਿਲਾਂ ਆਪਣੇ ਵਿਖਿਆਨ ਵਿੱਚ ਮਾਇਆ ਦੇ ਮੋਹ ਤੋਂ ਬਚਣ ਦਾ ਉਪਦੇਸ਼ ਦੇ ਰਹੇ ਸਨ।

—-0—-

ਨੌਜਵਾਨ ਬੱਚੇ ਅਤੇ ਮਾਪੇ

0

ਨੌਜਵਾਨ ਬੱਚੇ ਅਤੇ ਮਾਪੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਅਣਗਿਣਤ ਮਾਪਿਆਂ ਵੱਲੋਂ ਪੁੱਜੇ ਫ਼ੋਨਾਂ ਅਤੇ ਆਪਣੇ ਨੌਜਵਾਨ ਬੱਚਿਆਂ ਵਿੱਚ ਵਧਦੇ ਕ੍ਰੋਧ, ਅਸਹਿਨਸ਼ੀਲਤਾ ਅਤੇ ਆਖੇ ਨਾ ਲੱਗਣ ਦੀਆਂ ਸ਼ਿਕਾਇਤਾਂ ਸਦਕਾ ਇਲਾਜ ਲਈ ਲੈ ਕੇ ਆਏ ਮਾਪਿਆਂ ਦੀ ਪੁਰਜ਼ੋਰ ਸਿਫਾਰਿਸ਼ ਤਹਿਤ ਇਹ ਲੇਖ ਹੋਂਦ ਵਿੱਚ ਆਇਆ ਹੈ। ਹਾਲੇ ਵੀ ਸ਼ਾਇਦ ਨਾ ਲਿਖਿਆ ਜਾਂਦਾ ਜੇ ਅੱਖੀਂ ਵੇਖੀਆਂ ਦੋ ਘਟਨਾਵਾਂ ਸਾਹਮਣੇ ਨਾ ਆਉਂਦੀਆਂ।

ਕਿਸੇ ਦੇ ਘਰ ਅਸੀਂ ਖਾਣੇ ’ਤੇ ਗਏ ਤਾਂ ਉਨ੍ਹਾਂ ਦਾ ਬੇਟਾ ਹਾਲ ਕਮਰੇ ’ਚ ਬੈਠਾ ਮੋਬਾਈਲ ਉੱਤੇ ਪੋਸਟਾਂ ਪੜ੍ਹ ਰਿਹਾ ਸੀ। ਉਸ ਦੇ ਪਿਤਾ ਨੇ ਡਰਾਇੰਗ ਰੂਮ ’ਚੋਂ ਆਵਾਜ਼ ਮਾਰੀ ਕਿ ਰਤਾ ਅਖ਼ਬਾਰ ਫੜਾਈਂ। ਬੇਟਾ ਰਤਾ ਕੁ ਅਟਕ ਕੇ ਅਖ਼ਬਾਰ ਫੜਾ ਗਿਆ ਪਰ ਚਿਹਰੇ ਉੱਤੇ ਖ਼ੁਸ਼ੀ ਦੇ ਹਾਵ ਭਾਵ ਨਹੀਂ ਸਨ। ਵਾਪਸ ਮੋਬਾਈਲ ਫੜ ਕੇ ਬਹਿ ਗਿਆ। ਅੱਠ ਦਸ ਮਿੰਟ ਬਾਅਦ ਪਿਤਾ ਨੇ ਫੇਰ ਆਵਾਜ਼ ਮਾਰੀ ਪੁੱਤਰਾ  ! ਜ਼ਰਾ ਕੌਰਡਲੈੱਸ ਫ਼ੋਨ ਫੜਾਈਂ। ਇਸ ਵਾਰ ਪੁੱਤਰ ਨੇ ਉੱਠਣ ਵਿੱਚ ਰਤਾ ਹੋਰ ਦੇਰ ਲਾਈ ਤੇ ਮੱਥੇ ਉੱਤੇ ਰਤਾ ਤਿਊੜੀਆਂ ਵੀ ਦਿਸੀਆਂ।

ਦਸ ਕੁ ਮਿੰਟ ਬਾਅਦ ਪਿਤਾ ਨੇ ਸਿਰਫ਼ ਆਵਾਜ਼ ਹੀ ਮਾਰੀ ‘ਸੋਮੇ ਪੁੱਤਰ’ ! ਤਾਂ ਬਿਨਾਂ ਗੱਲ ਸੁਣੇ ਅੱਗੋਂ ਬੇਟੇ ਨੇ ਮੋੜਵਾਂ ਜਵਾਬ ਦਿੱਤਾ, ‘‘ਹੱਦ ਈ ਹੋ ਗਈ। ਪੰਜ ਮਿੰਟ ਬਹਿਣਾ ਵੀ ਹਰਾਮ ਹੋ ਗਿਆ। ਇਸ ਘਰ ’ਚ ਤਾਂ ਪਿਓ ਸਾਹਮਣੇ ਬਹਿਣਾ ਵੀ ਗੁਣਾਹ ਹੈ।’’

ਲਗਭਗ ਇੰਜ ਦੀ ਹੀ ਘਟਨਾ ਸ਼ਾਪਿੰਗ ਮਾਲ ਵਿੱਚ ਖੜੀਆਂ ਮਾਵਾਂ ਧੀਆਂ ਦੀ ਗੱਲਬਾਤ ਦੌਰਾਨ ਹੋਈ। ਬੱਚੀ ਦੀਆਂ ਸਹੇਲੀਆਂ ਮਿਲ ਗਈਆਂ ਤਾਂ ਬੇਟੀ ਉਨ੍ਹਾਂ ਨਾਲ ਗੱਲਬਾਤ ਵਿੱਚ ਰੁੱਝ ਗਈ। ਪੰਦਰਾਂ ਕੁ ਮਿੰਟ ਬਾਅਦ ਮਾਂ ਨੇ ਆਵਾਜ਼ ਮਾਰੀ-‘‘ਬੇਟੀ !  ਪਾਪਾ ਦਾ ਫ਼ੋਨ ਆ ਰਿਹੈ, ਚਲੋ ਹੁਣ ਚੱਲੀਏ।’’ ਬੱਚੀ ਪੂਰੇ ਗੁੱਸੇ ’ਚ ਪਰਤੀ ਅਤੇ ਮਾਂ ਨੇੜੇ ਆ ਕੇ ਰਤਾ ਤਲਖ਼ ਆਵਾਜ਼ ਵਿੱਚ ਕਹਿਣ ਲੱਗੀ, ‘‘ਮੌਮ  ! ਤੁਹਾਨੂੰ ਪਤਾ ਵੀ ਐ ਫਰੈਂਡਜ਼ ਚੈਟ ਕੀ ਹੁੰਦੈ ? ਮੇਰੀ ਇਨਸਲਟ ਕਰਵਾ ’ਤੀ। ਮੈਂ ਇੰਡੀਪੈਂਡੈਂਟ ਹਾਂ। ਤੁਹਾਡੇ ਹੁਕਮਾਂ ਦੀ ਗ਼ੁਲਾਮ ਨਹੀਂ।’’ ਉਸ ਦੀ ਮਾਂ ਚੁੱਪ ਚਾਪ ਅੱਖਾਂ ਨੀਵੀਆਂ ਕਰ ਕੇ ਤੁਰਨ ਲੱਗੀ ਤਾਂ ਅੱਗੋਂ ਕੋਈ ਜਾਣਕਾਰ ਜੋੜੀ ਮਿਲ ਗਈ। ਮੁਸਕਰਾ ਕੇ ਹੱਥ ਜੋੜ ਕੇ ਗੱਲ ਸ਼ੁਰੂ ਹੀ ਕੀਤੀ ਸੀ ਕਿ ਬੇਟੀ ਤਲਖ਼ ਸੁਰਾਂ ’ਚ ਬੋਲੀ, ‘‘ਹੁਣ ਲੇਟ ਨਹੀਂ ਹੋ ਰਹੇ ? ਸਿਰਫ਼ ਮੇਰੇ ਫ਼ਰੈਡਜ਼ ਹੀ ਲੇਟ ਕਰ ਰਹੇ ਸੀ ?’’

ਮੈਨੂੰ ਇਨ੍ਹਾਂ ਦੋਨਾਂ ਘਟਨਾਵਾਂ ਨੇ ਮਜਬੂਰ ਕਰ ਦਿੱਤਾ ਕਿ ਨੌਜਵਾਨ ਬੱਚਿਆਂ ਨਾਲ ਗੱਲ ਕਰਨੀ ਜ਼ਰੂਰੀ ਹੈ। ਅੱਜ ਕੱਲ੍ਹ ਦਾ ਮਾਹੌਲ ਜਿੱਥੇ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਪੂਰੀ ਜਾਣਕਾਰੀ ਹੈ, ਖੁੱਲ੍ਹ ਵੀ ਪਹਿਲਾਂ ਨਾਲੋਂ ਵੱਧ ਹੈ, ਇੰਟਰਨੈੱਟ ਸਦਕਾ ਦੋਸਤੀਆਂ ਵੀ ਬਥੇਰੀਆਂ ਹੋ ਚੁੱਕੀਆਂ ਹਨ ਤੇ ਮਾਪੇ ਵੀ ਉਨ੍ਹਾਂ ਉੱਤੇ ਹੱਥ ਚੁੱਕਣ ਜਾਂ ਝਿੜਕਣ ਨਾਲੋਂ ਉਨ੍ਹਾਂ ਨੂੰ ਦੋਸਤ ਵੱਧ ਸਮਝਣ ਲੱਗ ਪਏ ਹਨ, ਕੀ ਬੱਚੇ ਇਸ ਖੁੱਲ੍ਹ ਦਾ ਨਾਜਾਇਜ਼ ਫ਼ਾਇਦਾ ਤਾਂ ਨਹੀਂ ਉਠਾਉਣ ਲੱਗ ਪਏ ?

ਉਹ ਸਿਰਫ਼ ਹੱਕਾਂ ਬਾਰੇ ਗੱਲ ਕਰਦੇ ਹਨ, ਆਪਣੇ ਫਰਜ਼ਾਂ ਬਾਰੇ ਨਾ ਗੱਲ ਕਰਦੇ ਹਨ ਤੇ ਨਾ ਹੀ ਸੋਚਦੇ ਹਨ। ਮੇਰਾ ਸਕੂਲ, ਮੇਰਾ ਕਾਲਜ, ਮੇਰਾ ਘਰ, ਮੇਰੀ ਜਾਇਦਾਦ, ਮੇਰੀ ਕਾਰ ਕਹਿੰਦੇ ਬੱਚੇ ਸ਼ਾਇਦ ਇਹ ਭੁੱਲ ਗਏ ਹਨ ਕਿ ਸਕੂਲ ਉਦੋਂ ਤੱਕ ਉਨ੍ਹਾਂ ਦਾ ਹੈ ਜਦੋਂ ਤਕ ਰੈਗੂਲਰ ਫੀਸ ਜਮ੍ਹਾਂ ਹੋ ਰਹੀ ਹੈ। ਯਾਨੀ ‘ਗਿਵ ਐਂਡ ਟੇਕ’ ਉੱਤੇ ਆਧਾਰਿਤ ਹੈ। ਜੇ ਅਧਿਆਪਿਕਾਂ ਨਾਲ ਮੰਦਾ ਬੋਲਿਆ ਜਾਂ ਮਾਰ ਕੁਟਾਈ ਕੀਤੀ ਜਾਵੇ ਜਾਂ ਹੋਰ ਵਿਦਿਆਰਥੀਆਂ ਨਾਲ ਭੱਦਾ ਵਿਹਾਰ ਕੀਤਾ ਜਾਵੇ ਤਾਂ ਝੱਟ ਸਕੂਲੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਕੁੱਝ ਇਹੋ ਜਿਹਾ ਹੀ ਕਾਲਜਾਂ ਵਿੱਚ ਹੁੰਦਾ ਹੈ।

ਘਰ ਦੇ ਪਾਲਤੂ ਜਾਨਵਰਾਂ ਦੀ ਗੱਲ ਹੀ ਲਵੋ। ਉਸ ਨੂੰ ‘ਮੇਰਾ ਕੁੱਤਾ’ ਜਾਂ ‘ਮੇਰੀ ਬਿੱਲੀ’ ਮੰਨਦਿਆਂ ਬੱਚੇ ਚਵੀ ਘੰਟੇ ਉਸ ਨੂੰ ਕੁੱਛੜ ਚੁੱਕਣ  ਨੂੰ ਤਿਆਰ ਹਨ। ਕੀ ਕਦੇ ਉਨ੍ਹਾਂ ਸੋਚਿਆ ਹੈ ਕਿ ਰਤਾ ਕੁ ਪਿਆਰ ਦਿੰਦਿਆਂ ਪਾਲਤੂ ਜਾਨਵਰ ਦਸ ਗੁਣਾਂ ਵੱਧ ਪਿਆਰ ਵਾਪਸ ਦਿੰਦਾ ਹੈ ਤੇ ਇਸ ਬਦਲੇ ਹੋਰ ਕੁੱਝ ਨਹੀਂ ਮੰਗਦਾ। ਯਾਨੀ ਮੈਂ ਵਾਪਸ ਪਿਆਰ ਦਾ ਹੁੰਗਾਰਾ ਤਾਂ ਹੀ ਭਰਾਂਗਾ ਜੇ ਮੈਨੂੰ ਜਾਇਦਾਦ ’ਚੋਂ ਅੱਧਾ ਹਿੱਸਾ ਮਿਲੇ, ਵਰਗੀ ਕੋਈ ਗੱਲ ਨਹੀਂ ਹੁੰਦੀ। ਨਿਰਸਵਾਰਥ ਪਿਆਰ ਤੇ ਰਿਸ਼ਤਾ ਵੀ ਡੂੰਘਾ। ਹੁਣ ਇਹੀ ਪਾਲਤੂ ਕੁੱਤਾ ਜੇ ਵੱਢਣ ਲੱਗ ਪਵੇ ਜਾਂ ਨੁਕਸਾਨ ਪਹੁੰਚਾ ਰਿਹਾ ਹੋਵੇ ਤਾਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਪੰਛੀ ਵੀ ਇੱਕ ਸਮੇਂ ਤੋਂ ਬਾਅਦ ਆਪਣੇ ਬੱਚੇ ਆਲ੍ਹਣੇ ’ਚੋਂ ਬਾਹਰ ਕੱਢ ਦਿੰਦੇ ਹਨ, ਪਰ ਉਹ ਇਹ ਜ਼ਿੰਮੇਵਾਰੀ ਉੱਕਾ ਨਹੀਂ ਚੁੱਕਦੇ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਆਲ੍ਹਣੇ ਤਿਆਰ ਕਰਨੇ ਹਨ। ਇਸੇ ਲਈ ਬਜ਼ੁਰਗ ਹੋ ਜਾਣ ਉੱਤੇ ਉਨ੍ਹਾਂ ਦੇ ਬੱਚੇ ਵੀ ਮਾਪਿਆਂ ਨੂੰ ਆਪਣੇ ਆਲ੍ਹਣੇ ਵਿੱਚ ਨਹੀਂ ਬਿਠਾਉਂਦੇ।

ਵਿਕਸਿਤ ਮੁਲਕਾਂ ਵਿੱਚ ਵੀ ਬੱਚੇ ਆਪਣੇ ਮਾਪਿਆਂ ਉੱਤੇ ਆਧਾਰਿਤ ਨਹੀਂ ਰਹਿੰਦੇ ਤੇ ਆਪ ਕੰਮ ਕਰ ਕੇ ਆਪਣਾ ਖ਼ਰਚ ਪੂਰਾ ਕਰਦੇ ਹਨ। ਇਸੇ ਲਈ ਮਾਪੇ ਵੀ ਆਪਣੀ ਜਮਾਂ ਪੂੰਜੀ ਆਪਣੀ ਮਰਜ਼ੀ ਨਾਲ ਕਿਸੇ ਸੰਸਥਾ ਨੂੰ ਦਾਨ ਦੇ ਕੇ ਆਪ ਬਜ਼ੁਰਗ ਘਰ ਵਿੱਚ ਰਹਿ ਲੈਂਦੇ ਹਨ।

ਵਿਆਹੁਤਾ ਰਿਸ਼ਤਿਆਂ ਵਿੱਚ ਝਾਤ ਮਾਰੀਏ ਤਾਂ ਇੱਥੇ ਵੀ ‘ਗਿਵ ਐਂਡ ਟੇਕ’ ਵਾਲਾ ਹੀ ਹਾਲ ਹੋ ਚੁੱਕਿਆ ਹੈ। ਜਿੰਨਾ ਦੂਜੇ ਲਈ ਕਰੋ, ਓਨਾ ਵਾਪਸ ਮਿਲਿਆ ਤਾਂ ਰਿਸ਼ਤਾ ਠੀਕ, ਨਹੀਂ ਤਾਂ ਤੋੜ ਵਿਛੋੜਾ !

ਇਨ੍ਹਾਂ ਸਾਰੀਆਂ ਮਿਸਾਲਾਂ ਵਿੱਚ ਪਿਆਰ ਬਦਲੇ ਪਿਆਰ ਨਾਲ ਹੀ ਰਿਸ਼ਤਿਆਂ ਵਿੱਚ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ। ਪੰਛੀਆਂ ਨੇ ਪਿਆਰ ਨਾਲ ਬੋਟ ਪਾਲ ਕੇ ਖੰਭ ਉੱਗਣ ਤੱਕ ਪੂਰਾ ਧਿਆਨ ਰੱਖਣਾ ਹੁੰਦਾ ਹੈ। ਜਿਉਂ ਹੀ ਬੋਟ ਆਪਹੁਦਰਾ ਹੋਣ ਲੱਗੇ ਤੇ ਆਖੇ ਲੱਗੇ ਬਗ਼ੈਰ ਆਲ੍ਹਣੇ ’ਚੋਂ ਬਾਹਰ ਉਡਾਰੀ ਮਾਰੇ ਤਾਂ ਉਸ ਅੱਗੇ ਦੋ ਹੀ ਰਾਹ ਹੁੰਦੇ ਹਨ। ਪਹਿਲਾ ਥੱਲੇ ਡਿੱਗ ਜਾਵੇ ਤੇ ਕਿਸੇ ਦੀ ਖ਼ੁਰਾਕ ਬਣ ਜਾਵੇ ਜਾਂ ਫੇਰ ਉਡਾਰੀ ਮਾਰ ਕੇ ਹੋਰ ਥਾਂ ਆਲ੍ਹਣਾ ਤਿਆਰ ਕਰੇ।

ਜੇ ਅਸੀਂ ਆਪੋ ਆਪਣੇ ਘਰਾਂ ਅੰਦਰ ਝਾਤ ਮਾਰੀਏ ਤਾਂ ਨੌਜਵਾਨ ਬੱਚੇ ਮਾਪਿਆਂ ਕੋਲੋਂ ਵਿੱਤੋਂ ਬਾਹਰ ਜਾ ਕੇ ਆਪਣੀਆਂ ਬੇਲੋੜੀਆਂ ਮੰਗਾਂ ਮੰਨਵਾਉਣ ਬਾਅਦ ਵੀ ਕਿਤੇ ਰੁਕਦੇ ਨਹੀਂ। ਅਠਾਰਾਂ ਵਰ੍ਹਿਆਂ ਦੀ ਉਮਰ ਪੂਰੀ ਹੋ ਜਾਣ ਬਾਅਦ ਵੀ ਮਹਿੰਗੇ ਕੋਰਸਾਂ ਦੀ ਫੀਸ ਮਾਪਿਆਂ ਕੋਲੋਂ ਹੀ ਭਾਲਦੇ ਹਨ। ਨਵੇਂ ਫੈਸ਼ਨਾਂ ਵਾਲੇ ਮਹਿੰਗੇ ਪਹਿਰਾਵੇ ਅਤੇ ਚਲਾਉਣ ਲਈ ਮਹਿੰਗੇ ਮੋਟਰਸਾਈਕਲ ਕਾਰਾਂ ਵੀ। ਇਸ ਤੋਂ ਬਾਅਦ ਵੀ ਜਾਇਦਾਦ ਉੱਤੇ ਪੂਰਾ ਹੱਕ ਮੰਨਦੇ ਹੋਏ ਮਾਪਿਆਂ ਨੂੰ ਘਰੋਂ ਬੇਦਖ਼ਲ ਕਰ ਦਿੰਦੇ ਹਨ ਜਾਂ ਬੇਇੱਜ਼ਤ ਕਰਦੇ ਰਹਿੰਦੇ ਹਨ।

ਨੌਜਵਾਨ ਬੱਚੇ ਹਰ ਤਰ੍ਹਾਂ ਦੀ ਖੁੱਲ੍ਹ ਅਤੇ ਮੌਜ ਮਸਤੀ ਨੂੰ ਆਪਣਾ ਹੱਕ ਮੰਨਦੇ ਹੋਏ ਆਖ਼ਰ ਕਿਉਂ ਆਪਣੇ ਫ਼ਰਜ਼ ਭੁੱਲ ਚੁੱਕੇ ਹਨ  ? ਜੇ ਉਹ ਪਾਲਤੂ ਜਾਨਵਰ ਨੂੰ ਕੀਤੇ ਪਿਆਰ ਦੇ ਬਦਲੇ ਪਿਆਰ ਭਾਲਦੇ ਹਨ, ਸਕੂਲਾਂ, ਕਾਲਜਾਂ ਵਿੱਚ ਸੱਭਿਆਚਾਰਕ ਮੁਖੌਟਾ ਚਾੜ੍ਹ ਕੇ, ਨੌਕਰੀ ਹਾਸਲ ਕਰ ਲੈਣ ਤੱਕ ਪੂਰੀ ਤਰ੍ਹਾਂ ਮਾਪਿਆਂ ਉੱਤੇ ਆਧਾਰਿਤ ਹੁੰਦਿਆਂ ਹਰ ਮੰਗ ਮੰਨਵਾਉਂਦੇ ਹਨ, ਤਾਂ ਫੇਰ ਮਾਪਿਆਂ ਦੇ ਪਿਆਰ ਦੇ ਹੁੰਗਾਰੇ ਦੇ ਬਦਲੇ ਨਫ਼ਰਤ ਤੇ ਖਿੱਝ ਕਿਉਂ ਮੋੜ ਰਹੇ ਹਨ ?

ਕੀ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਮਾਪਿਆਂ ਦੀ ਦੇਣ ਦੇ ਸਕਦੇ ਹਨ ? ਜੇ ਆਪਣੇ ਪਿਆਰੇ ਦੋਸਤ ਵੱਲੋਂ ਬੋਲੇ ਮਾੜੇ ਬੋਲ ਉਨ੍ਹਾਂ ਦਾ ਦਿਲ ਛਲਣੀ ਕਰਦੇ ਹਨ ਤਾਂ ਜਦੋਂ ਬੱਚਿਆਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਉਨ੍ਹਾਂ ਦੇ ਮਾਪਿਆਂ ਦਾ ਹਿਰਦਾ ਚੀਰਦੀ ਹੈ, ਉਸ ਪੀੜ ਨੂੰ ਮਹਿਸੂਸ ਕਰਨ ਤੋਂ ਇਨਕਾਰੀ ਕਿਉਂ ਹੋ ਜਾਂਦੇ ਹਨ ?

ਕੋਈ ਪਿਓ ਆਪਣੇ ਪੁੱਤਰ ਦੀਆਂ ਨਾਜਾਇਜ਼ ਮੰਗਾਂ ਪੂਰੀਆਂ ਕਰਦਾ ਕਰਜ਼ੇ ਹੇਠ ਡੁੱਬ ਕੇ ਫਾਹਾ ਲੈ ਲਵੇ ਤਾਂ ਜਾਇਜ਼ ਹੈ ਪਰ ਸਿੱਧੇ ਮੂੰਹ ਅਦਬ ਤੇ ਇੱਜ਼ਤ ਨਾਲ ਉਸੇ ਪਿਓ ਨਾਲ ਗੱਲ ਕਰਨ ਜਾਂ ਪਾਣੀ ਦਾ ਗਲਾਸ ਖਿੜੇ ਮੱਥੇ ਫੜਾਉਣ ਨੂੰ ਸਾਡੀ ਅੱਜ ਦੀ ਔਲਾਦ ਤਿਆਰ ਨਹੀਂ ਹੈ।

ਮਾਂ ਪਿਓ ਦੀ ਦੋਸਤੀ ਅਤੇ ਲਾਡ ਦਾ ਨਾਜਾਇਜ਼ ਫਾਇਦਾ ਉਠਾਉਂਦੀ ਹੋਈ ਅੱਜ ਦੀ ਨੌਜਵਾਨ ਪੌਦ (ਪਨੀਰੀ) ਇਹ ਭੁੱਲ ਚੁੱਕੀ ਹੈ ਕਿ ਅੱਗੋਂ ਉਨ੍ਹਾਂ ਦੀ ਔਲਾਦ ਵੀ ਇਸ ਤੋਂ ਦੋ ਕਦਮ ਅੱਗੇ ਚੱਲੇਗੀ ਤੇ ਇੰਜ ਹੀ ਉਨ੍ਹਾਂ ਦੇ ਪਾਣੀ ਮੰਗਣ ਉੱਤੇ ਝੁੰਜਲਾ ਉੱਠੇਗੀ ! ਕੀ ਅੱਜ ਦੇ ਨੌਜਵਾਨ ਆਪਣੇ ਬੱਚਿਆਂ ਤੋਂ ਅਜਿਹਾ ਵਤੀਰਾ ਚਾਹੁੰਦੇ ਹਨ ? ਜੇ ਨਹੀਂ, ਤਾਂ ਫੇਰ ਆਪਣੇ ਮਾਪਿਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਪਵੇਗਾ।  ਜਦੋਂ ਮਾਪੇ ਰਹੇ ਹੀ ਨਾ, ਉਦੋਂ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ।

ਜੇ ਕੋਈ ਨੌਜਵਾਨ ਆਪਣੇ ਹੱਕਾਂ ਬਾਰੇ ਜਾਣੂੰ ਹੈ, ਸਾਰੇ ਸੁੱਖ ਵਿੱਤੋਂ ਬਾਹਰ ਜਾ ਕੇ ਵੀ ਹਾਸਲ ਕਰਨਾ ਚਾਹੁੰਦਾ ਹੈ ਤੇ ਐਸ਼ੋ ਆਰਾਮ ਲਈ ਪਿਓ ਨੂੰ ਚੂੰਢ ਰਿਹਾ ਹੈ ਤਾਂ ਚੇਤੇ ਰੱਖੇ ਕਿ ਉਸ ਦੀ ਔਲਾਦ ਬਿਲਕੁਲ ਇਹੋ ਕੁੱਝ ਉਸ ਨਾਲ ਕਰਨ ਵਾਲੀ ਹੈ। ਇਹ ਸਭ ਵਿਸ਼ਵੀਕਰਨ ਦੀ ਦੇਣ ਹੈ। ਅਸੀਂ ਸਭ ਮਾੜੀਆਂ ਗੱਲਾਂ ਛੇਤੀ ਸਿੱਖ ਲਈਆਂ ਹਨ ਪਰ ਚੰਗੀਆਂ ਨਹੀਂ ਅਪਣਾਈਆਂ। ਦੇਰ ਰਾਤ ਦੀਆਂ ਪਾਰਟੀਆਂ, ਨਸ਼ੇ, ਸ਼ਰਾਬਾਂ, ਮਹਿੰਗੀਆਂ ਕਾਰਾਂ ਤੇ ਮੋਟਰਸਾਈਕਲ, ਮਹਿੰਗੀਆਂ ਐਨਕਾਂ, ਬੂਟ, ਕੱਪੜੇ, ਟੌਹਰ, ਫੈਸ਼ਨ, ਕੈਨੇਡਾ ਦੇ ਗੇੜੇ, ਆਦਿ ਸਭ ਜਣੇ ਮੰਗਦੇ ਹਨ ਪਰ ਆਪਣੇ ਹੱਥੀਂ ਮਿਹਨਤ ਕਰ ਕੇ ਨਹੀਂ।

ਲੋੜ ਹੈ ਅੱਜ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਕੋਲੋਂ ਹੱਥੀਂ ਕੰਮ ਕਰਵਾਉਣ ਦੀ। ਘਰ ਦੇ ਕੰਮ ਕਾਰ ਵਿੱਚ ਮਦਦ, ਰੋਜ਼ ਘੱਟੋ-ਘੱਟ ਤਿੰਨ ਘੰਟੇ ਜ਼ਰੂਰ ਕਿਸੇ ਛੋਟੇ ਮੋਟੇ ਕੰਮ ਵਿੱਚ ਲੱਗ ਕੇ ਆਪਣੀ ਮਿਹਨਤ ਦੀ ਕਮਾਈ ਕਰਨ, ਉਸੇ ਕਮਾਈ ਵਿੱਚੋਂ ਆਪਣੇ ਸ਼ੌਕ ਪੂਰੇ ਕਰਨ ਅਤੇ ਆਪਣੀ ਪੜ੍ਹਾਈ ਚਾਲੂ ਰੱਖਣ ਤਾਂ ਉਨ੍ਹਾਂ ਨੂੰ ਛੇਤੀ ਸਮਝ ਆ ਜਾਏਗੀ ਕਿ ਮਾਪੇ ਕਿੰਨੀ ਮਿਹਨਤ ਨਾਲ ਉਨ੍ਹਾਂ ਨੂੰ ਪਾਲ਼ ਰਹੇ ਹਨ ਤੇ ਬਦਲੇ ਵਿੱਚ ਸਿਰਫ਼ ਇੱਜ਼ਤ ਤੇ ਪਿਆਰ ਮੰਗਦੇ ਹਨ, ਹੋਰ ਕੁੱਝ ਨਹੀਂ।

ਜਾਇਦਾਦਾਂ ਜਮਾਂ ਕਰਨੀਆਂ ਹੀ ਪੁਆੜੇ ਦੀ ਜੜ੍ਹ ਬਣ ਰਹੀਆਂ ਹਨ, ਰਿਸ਼ਤਿਆਂ ਵਿੱਚ ਫਿੱਕ ਵੀ ਪਾ ਰਹੀਆਂ ਹਨ ਤੇ ਪੁੱਤਰਾਂ ਧੀਆਂ ਹੱਥੋਂ ਮਾਪਿਆਂ ਦਾ ਕਤਲ ਵੀ ਕਰਵਾ ਰਹੀਆਂ ਹਨ।

ਏਸੇ ਲਈ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ 18 ਵਰ੍ਹੇ ਦੀ ਉਮਰ ਪੂਰੀ ਕਰਦੇ ਸਾਰ ਕਿਰਤ ਕਰਨ ਦੀ ਆਦਤ ਪਾਈਏ ਤੇ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਸ਼ੌਕ ਪੂਰੇ ਕਰਨ ਦੀ ਵੀ। ਇੰਜ ਸਾਡੇ ਗੱਭਰੂ ਖੇਤਾਂ ਵਿੱਚ ਵੀ ਕੰਮ ਕਰਨਗੇ ਤੇ ਫੈਕਟਰੀਆਂ ਜਾਂ ਦੁਕਾਨਾਂ ਵਿੱਚ ਵੀ ! ਉਨ੍ਹਾਂ ਨੂੰ ਜਿੱਥੇ ਮਾਪਿਆਂ ਦੀ ਘਾਲਣਾ ਬਾਰੇ ਸਮਝ ਆਏਗੀ, ਉੱਥੇ ਹੀ ਕਿਰਤ ਕਰਨ ਵਾਲਿਆਂ ਪ੍ਰਤੀ ਮਨਾਂ ਵਿੱਚ ਇੱਜ਼ਤ ਵੀ ਬਣ ਜਾਏਗੀ। ਇੰਜ ਕਿਸੇ ਵੀ ਕੰਮ ਨੂੰ ਨੀਵਾਂ ਜਾਂ ਕੰਮ ਕਰਨ ਵਾਲੇ ਨੂੰ ਨੀਵਾਂ ਨਹੀਂ ਮੰਨਿਆ ਜਾਵੇਗਾ ਤੇ ਅਜਿਹੀ ਚੰਗੀ ਸੋਚ ਮਨਾਂ ਵਿਚਲੇ ਊਚ-ਨੀਚ ਦੇ ਵਿਤਕਰੇ ਦੂਰ ਕਰਨ ਵਿੱਚ ਸਹਾਈ ਹੋਵੇਗੀ।

ਭਾਵੇਂ ਜਾਪੇ ਕਿ ਇਹ ਨਾਮੁਮਕਿਨ ਕਿਉਂਕਿ ਅਸੀਂ ਅੱਜ ਕੱਲ੍ਹ ਮੰਦਰਾਂ ਗੁਰਦੁਆਰਿਆਂ ਜਾਂ ਮਸੀਤਾਂ ਵਿੱਚ ਆਪਣੇ ਮੱਥਿਆਂ ਦੀ ਕੀਮਤ ਵਸੂਲਣ ਲੱਗ ਪਏ ਹਾਂ। ਰੁਪਏ ਦਾ ਮੱਥਾ ਟੇਕ ਕੇ ਪੂਰੀ ਲਿਸਟ ਰੱਬ ਅੱਗੇ ਧਰ ਦਿੰਦੇ ਹਾਂ-ਮੇਰਾ ਕਾਰੋਬਾਰ, ਮੇਰੀ ਸਿਹਤ, ਮੇਰਾ ਵੱਡਾ ਘਰ, ਮੇਰੀ ਨੌਕਰੀ, ਮੇਰੀ ਤਰੱਕੀ, ਮੇਰਾ ਇਮਤਿਹਾਨ, ਆਦਿ ਵਿੱਚ ਫ਼ਾਇਦਾ ਤੇ ਵਾਧਾ ਜ਼ਰੂਰ ਕਰੀਂ ! ਸਾਡੀ ਸੋਚ ਹੀ ਮਿਹਨਤ ਕਰਨ ਤੋਂ ਮੁਨਕਰ ਹੋ ਕੇ ਕਰਾਮਾਤਾਂ ਤੱਕ ਸੀਮਤ ਹੋ ਚੁੱਕੀ ਹੈ ! ਜਦੋਂ ਅਸੀਂ ਸ਼ੁਕਰਾਨਾ ਕਰਨਾ ਸਿੱਖ ਗਏ-ਭਾਵੇਂ ਰੱਬ ਦਾ ਤੇ ਭਾਵੇਂ ਮਾਪਿਆਂ ਦਾ ਜਾਂ ਦੋਸਤਾਂ ਦਾ, ਤਾਂ ਉਦੋਂ ਹੀ ਆਪਣੇ ਅੰਦਰ ਤੇ ਸਮਾਜ ਵਿਚਲੀ ਤਬਦੀਲੀ ਮਹਿਸੂਸ ਕਰਨ ਲੱਗ ਪਵਾਂਗੇ।

ਸਾਰ ਇਹੋ ਹੈ ਕਿ ਨੌਜਵਾਨ ਆਪਣੇ ਸਿਰਫ਼ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਬਲਕਿ ਫਰਜ਼ਾਂ ਨੂੰ ਵੀ ਪਛਾਣਨ। ਮਾਪਿਆਂ ਵੱਲੋਂ ਬਿਨਾਂ ਕਿਸੇ ਸ਼ਰਤਾਂ ਉੱਤੇ ਮਿਲੇ ਪਿਆਰ ਤੇ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਦੇ ਪੈਸਿਆਂ ਦੇ ਬਦਲੇ ਰੱਜ ਕੇ ਇੱਜ਼ਤ ਤੇ ਪਿਆਰ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਅੱਗੋਂ ਇਹੋ ਰਸਤਾ ਚੁਣਨ !

ਕੁੱਝ ਨੁਕਤੇ ਨੌਜਵਾਨਾਂ ਲਈ :-

1. ਆਪਣੇ ਨਾਲ ਮਾੜਾ ਕਰਨ ਵਾਲੇ ਪ੍ਰਤੀ ਮਨ ਵਿੱਚ ਕੌੜ ਨਾ ਭਰੋ। ਤੁਹਾਡੇ ਨਾਲ ਸਿਰਫ਼ ਤੇ ਸਿਰਫ਼ ਚੰਗਾ ਕਰਦੇ ਰਹਿਣ ਦੀ ਕੋਸ਼ਿਸ਼ ਕੇਵਲ ਮਾਪੇ ਹੀ ਕਰ ਸਕਦੇ ਹਨ। ਹੋਰਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੈ।

2. ਜੇ ਮਾਪਿਆਂ ਤੋਂ ਇਲਾਵਾ ਕੋਈ ਤੁਹਾਡੇ ਨਾਲ ਸਿਰਫ਼ ਚੰਗਾ ਵਿਹਾਰ ਕਰ ਰਿਹਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਤੁਹਾਨੂੰ ਪਸੰਦ ਹੀ ਕਰ ਰਿਹਾ ਹੈ। ਇਸ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਹੋਵੇਗਾ।

3. ਇਹ ਜ਼ਿੰਦਗੀ ਥੁੜ ਚਿਰੀ ਹੈ ਤੇ ਇੱਥੇ ਕੁੱਝ ਵੀ ਸਦੀਵੀ ਨਹੀਂ। ਏਸੇ ਲਈ ਮਾਪਿਆਂ ਵੱਲੋਂ ਚੜ੍ਹੇ ਕਰਜ਼ੇ ਦਾ ਕੁੱਝ ਫੀਸਦ ਹਿੱਸਾ ਉਨ੍ਹਾਂ ਦੇ ਜੀਉਂਦੇ ਜੀਅ ਲਾਹ ਦੇਣਾ ਚਾਹੀਦਾ ਹੈ। ਬਾਅਦ ਵਿੱਚ ਸਿਰਫ਼ ਪਛਤਾਵਾ ਬਚਦਾ ਹੈ।

4. ਮਾਂ ਤੇ ਪਿਓ ਨੂੰ ਰੋਜ਼ ਇੱਕ ਵਾਰ ਘੁੱਟ ਕੇ ਪਾਈ ਜੱਫੀ ਤੇ ਰੋਜ਼ ਇੱਕ ਵਾਰ ਪੈਰਾਂ ਨੂੰ ਹੱਥ ਲਾਉਣ ਨਾਲ ਬਿਨਾਂ ਕਹੇ ਸਾਰੇ ਮਨ ਮੁਟਾਵ ਦੂਰ ਕੀਤੇ ਜਾ ਸਕਦੇ ਹਨ।

5. ਛੇਤੀ ਅਮੀਰ ਹੋਣ ਦੇ ਸੁਫ਼ਨੇ ਨਹੀਂ ਲੈਣੇ ਚਾਹੀਦੇ। ਇਹੋ ਜਿਹੀਆਂ ਪੌੜੀਆਂ ਜੋ ਰਾਤੋ ਰਾਤ ਅਮੀਰ ਬਣਾ ਦੇਣ, ਰੇਤ ਦੀਆਂ ਹੁੰਦੀਆਂ ਹਨ ਤੇ ਛੇਤੀ ਹੀ ਜ਼ਮੀਨ ਉੱਤੇ ਮੂਧਾ ਲਿਆ ਮਾਰਦੀਆਂ ਹਨ। ਇਸੇ ਲਈ ਸਹਿਜੇ-ਸਹਿਜੇ ਸੁਫ਼ਨੇ ਪੂਰਾ ਕਰਨ ਦਾ ਆਨੰਦ ਮਾਣਨਾ ਚਾਹੀਦਾ ਹੈ।

6. ਦੂਜੇ ਜਨਮ ਦਾ ਇੰਤਜ਼ਾਰ ਛੱਡ ਦਿਓ। ਕਿੰਨਾ ਵੀ ਜ਼ੋਰ ਲਾ ਲਵੋ ਇਸ ਜਨਮ ਦੇ ਮਾਪੇ ਦੁਬਾਰਾ ਨਹੀਂ ਮਿਲਣੇ। ਇਨ੍ਹਾਂ ਦਾ ਰਿਣ ਇਸੇ ਜਨਮ ਵਿੱਚ ਲਾਹੁਣ ਦੀ ਕੋਸ਼ਿਸ਼ ਕਰ ਲਵੋ ਤੇ ਜਿੰਨਾ ਵੀ ਸਮਾਂ ਬਚਿਆ ਹੈ, ਹਰ ਪਲ ਵਿਚਲਾ ਪਿਆਰ ਰੱਜ ਕੇ ਮਾਣ ਲਵੋ ! ਅਜਿਹੀ ਬੇਸ਼ਕੀਮਤੀ ਦੌਲਤ ਦੁਬਾਰਾ ਕਦੇ ਹਾਸਲ ਨਹੀਂ ਹੋਣੀ। ਯਾਦ ਰੱਖਿਓ, ਤੁਹਾਡੇ ਮਾਪਿਆਂ ਦੀਆਂ ਅੱਖਾਂ ’ਚੋਂ ਡਿੱਗੇ ਹੰਝੂ ਤੁਹਾਡੇ ਬੱਚਿਆਂ ਨੇ ਤੁਹਾਨੂੰ ਦੁਗਣੇ ਕਰ ਕੇ ਮੋੜਨੇ ਹਨ !

7. ਸਾਡੀ ਮਾਂ ਨੇ ਸਾਨੂੰ ਆਪਣੇ ਲਹੂ ਨਾਲ ਪਾਲ਼ ਕੇ ਜੰਮਿਆ ਹੈ। ਸਾਡੇ ਉੱਤੇ ਆਏ ਖ਼ਤਰੇ ਸਾਰੇ ਆਪ ਝੱਲੇ ਹਨ। ਸਾਨੂੰ ਤੁਰਨ ਜੋਗਾ ਤੇ ਜੀਊਣ ਜੋਗਾ ਬਣਾਇਆ ਹੈ। ਸਾਡੇ ਅੰਦਰ ਉਸੇ ਦਾ ਲਹੂ ਦੌੜ ਰਿਹਾ ਹੈ ਤੇ ਉਹੀ ਜੀਨ ਅੱਗੋਂ ਸਾਡੇ ਬੱਚਿਆਂ ਵਿੱਚ ਵੀ ਜਾਣੇ ਹਨ। ਜੇ ਸਾਡੀ ਹੋਂਦ ਹੀ, ਮਾਂ ਕਰ ਕੇ ਹੈ ਤਾਂ ਕੀ ਰੋਜ਼ ਦਿਨ ਵਿੱਚ ਇੱਕ ਵਾਰ ਉਸੇ ਮਾਂ ਨੂੰ ਘੁੱਟ ਕੇ ਗਲ ਨਾਲ ਲਾਉਣਾ ਸਾਡਾ ਫਰਜ਼ ਨਹੀਂ ਹੈ।

ਅੰਤ ਵਿੱਚ ਸਿਰਫ਼ ਇਹੀ ਕਹਿਣਾ ਹੈ ਕਿ ਸਾਡੀ ਮਾਂ ਸਾਡੇ ਬਚਪਨ ਵਿੱਚ ਸਾਡੇ ਲਈ ਸਾਰਾ-ਸਾਰਾ ਦਿਨ ਪਾਣੀ ਲਿਆਉਂਦਿਆਂ ਥੱਕਦੀ ਨਹੀਂ ਸੀ ਅਤੇ ਪਿਤਾ ਵੀ ਸਾਡੀਆਂ ਮੰਗੀਆਂ ਖੇਡਾਂ ਖਰੀਦਣ ਲਈ ਪੂਰੀ ਜਵਾਨੀ ਮਿਹਨਤ ਕਰਦਾ ਰਿਹਾ ਹੈ ਤਾਂ ਕੀ ਇਸ ਦੇ ਬਦਲੇ ਉਨ੍ਹਾਂ ਨੂੰ ਤਿਰਸਕਾਰ ਦੇਣਾ ਜਾਇਜ਼ ਹੈ ?

ਜੇ ਕੋਈ ਕਰਾਮਾਤ ਵਾਪਰਦੀ ਵੇਖਣੀ ਹੈ ਤਾਂ ਹੁਣੇ ‘‘ਆਈ ਲਵ ਯੂ ਮੰਮੀ ਜੀ ! ਪਾਪਾ ਜੀ !’’ ਕਹਿ ਕੇ ਵੇਖ ਲਵੋ।

Most Viewed Posts