ਮਾਇਆ

0
371

ਮਿੰਨੀ ਕਹਾਣੀ

ਮਾਇਆ

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)

  ਕਾਰਡ ਉੱਪਰ ਕੁਲਦੀਪ ਸਿੰਘ ਦੀ ਮਾਤਾ ਦੇ ਭੋਗ ਦਾ ਸਮਾਂ ਤਾਂ ਇੱਕ ਤੋਂ ਦੋ ਵਜੇ ਤੱਕ ਦਾ ਲਿਖਿਆ ਹੋਇਆ ਸੀ ਪਰ ਰਾਗੀ ਜਥੇ ਨੇ ਕੀਰਤਨ (ਵਿਆਖਿਆ ਸਮੇਤ) ਕਰਦਿਆਂ-ਕਰਦਿਆਂ ਢਾਈ ਵਜਾ ਦਿੱਤੇ ਸਨ।

ਆਪਣੀ ਵਿਆਖਿਆ ਵਿੱਚ ਭਾਈ ਸਾਹਿਬ ਜੀ ਕਹਿ ਰਹੇ ਸਨ, ‘ਗੁਰਮੁਖ ਪਿਆਰਿਓ !  ਮਰਨਾ ਸੱਚ ਅਤੇ ਜਿਊਣਾ ਝੂਠ ਹੈ, ਪਰ ਮਾਇਆ ਦੇ ਪ੍ਰਭਾਵ ਕਾਰਨ ਅਸੀਂ ਇਸ ਝੂਠ ਨੂੰ ਹੀ ਸੱਚ ਮੰਨ ਲੈਂਦੇ ਹਾਂ।  ਲਾਲਚੀ ਬਿਰਤੀ ਭਾਰੂ ਹੋਣ ਕਰ ਕੇ ਅਸੀਂ ਦਿਨ-ਰਾਤ ਮਾਇਆ ਦੇ ਪਿੱਛੇ ਭੱਜੇ ਫਿਰਦੇ ਹਾਂ ਅਤੇ ਪਰਮਾਤਮਾ ਨੂੰ ਵਿਸਾਰੀ ਫਿਰਦੇ ਹਾਂ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ਕਿ ‘‘ਮਾਇਆ ਮਮਤਾ ਮੋਹਣੀ; ਜਿਨਿ ਵਿਣੁ ਦੰਤਾ ਜਗੁ ਖਾਇਆ ॥’’ (ਮ: ੩/੬੪੩), ਕੋਈ ਵਿਰਲਾ ਹੀ ਹੋਵੇਗਾ ਜੋ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਿਆ ਹੋਵੇ।’

ਭਾਈ ਸਾਹਿਬ ਦੇ ਬਚਨ ਭਾਵੇਂ ਵਡਮੁੱਲੇ ਅਤੇ ਜੀਵਨ ਨੂੰ ਸੇਧ ਦੇਣ ਵਾਲੇ ਸਨ ਪਰ ਇਕੱਠ ਵਿੱਚ ਕਾਰੋਬਾਰੀ ਬੰਦਿਆਂ ਦੀ ਗਿਣਤੀ ਵਧੇਰੇ ਹੋਣ ਕਰ ਕੇ ਬਹੁਤਿਆਂ ਨੂੰ ਅੱਚਵੀ (ਬੇਚੈਨੀ) ਜਿਹੀ ਲੱਗੀ ਹੋਈ ਸੀ ਕਿ ਕਦੋਂ ਸਮਾਪਤੀ ਹੋਵੇ ਤੇ ਉਹ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਕੁਲਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਸਮਾਪਤੀ ਦਾ ਇਸ਼ਾਰਾ ਕਰ ਦਿੱਤਾ ਗਿਆ। ਇਸ਼ਾਰੇ ਨੂੰ ਸਮਝ ਕੇ ਭਾਈ ਸਾਹਿਬ ਨੇ ‘ਆਨੰਦੁ’ ਸਾਹਿਬ (6 ਪਉੜੀਆਂ) ਦਾ ਪਾਠ ਆਰੰਭ ਕਰ ਦਿੱਤਾ।  ਅਰਦਾਸ, ਹੁਕਮਨਾਮੇ ਤੋਂ ਬਾਅਦ ਕੁਲਦੀਪ ਸਿੰਘ ਵੱਲੋਂ ਜਿੱਥੇ ਇਸ ਦੁੱਖ ਦੀ ਘੜੀ ਵਿੱਚ ਦੂਰ-ਨੇੜੇ ਤੋਂ ਆਏ ਰਿਸ਼ਤੇਦਾਰਾਂ ਅਤੇ ਸੱਜਣਾਂ-ਮਿੱਤਰਾਂ ਦਾ ਧੰਨਵਾਦ ਕੀਤਾ ਉੱਥੇ ਸਾਰਿਆਂ ਨੂੰ ਚਾਹ ਛੱਕ ਕੇ ਜਾਣ ਦੀ ਅਪੀਲ ਵੀ ਕੀਤੀ ਗਈ।

ਚਾਹ ਦਾ ਕੱਪ ਪੀਣ ਤੋਂ ਬਾਅਦ ਜਦੋਂ ਮੈਂ ਰਸਮੀ ਤੌਰ ’ਤੇ ਕੁਲਦੀਪ ਸਿੰਘ ਕੋਲੋਂ ਵਾਪਸੀ ਦੀ ਆਗਿਆ ਲੈਣ ਲਈ ਗਿਆ ਤਾਂ ਕਮਰੇ ਵਿੱਚ ਕੋਈ ਉਸ ਨਾਲ ਬਹਿਸ ਰਿਹਾ ਸੀ। ਦਰਵਾਜ਼ਾ ਅੱਧ ਕੁ ਬੰਦ ਸੀ, ਅੰਦਰੋਂ ਆਵਾਜ਼ ਆ ਰਹੀ ਸੀ, ‘ਇੱਕੀ ਸੌ ਰੁਪਏ ਕੀਰਤਨ-ਭੇਟਾ ਤਾਂ ਬਹੁਤ ਘੱਟ ਹੈ ਜੀ, ਵੈਸੇ ਤਾਂ ਅੱਜ ਕੱਲ੍ਹ ਇੱਕਵੰਜਾ ਸੌ ਰੁਪਏ ਲੈਂਦੇ ਹਾਂ ਚਲੋ ਤੁਸੀ ਇਕੱਤੀ ਸੌ ਰੁਪਏ ਹੀ ਦੇ ਦਿਉ।’

ਕਮਰਾ ਖੋਲ੍ਹ ਜਦੋਂ ਮੈਂ ਅੰਦਰ ਦੇਖਿਆ ਤਾਂ ਬਹਿਸ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਹ ਭਾਈ ਸਾਹਿਬ ਸਨ ਜੋ ਅੱਧਾ ਕੁ ਘੰਟਾ ਪਹਿਲਾਂ ਆਪਣੇ ਵਿਖਿਆਨ ਵਿੱਚ ਮਾਇਆ ਦੇ ਮੋਹ ਤੋਂ ਬਚਣ ਦਾ ਉਪਦੇਸ਼ ਦੇ ਰਹੇ ਸਨ।

—-0—-