ਨਸ਼ਿਆਂ ਦੀਆਂ ਨਵੀਆਂ ਕਿਸਮਾਂ (ਭਾਗ-1)

0
379

ਨਸ਼ਿਆਂ ਦੀਆਂ ਨਵੀਆਂ ਕਿਸਮਾਂ  (ਭਾਗ-1)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜੌਹਨ ਹੌਪਕਿਨਸ ਮੈਡੀਕਲ ਸਕੂਲ ਵੱਲੋਂ ਕਈ ਚਿਰਾਂ ਤੋਂ ਲਗਾਤਾਰ ਨੌਜਵਾਨਾਂ ਵਿੱਚ ਨਸ਼ੇ ਦੇ ਵਧਦੇ ਰੁਝਾਨ ਨੂੰ ਵੇਖਦਿਆਂ ਇਸ ਬਾਰੇ ਕਈ ਖੋਜਾਂ ਕੀਤੀਆਂ ਗਈਆਂ ਹਨ।

ਭੰਗ, ਹਸ਼ੀਸ਼, ਅਫੀਮ, ਕੋਕੀਨ, ਚਿੱਟਾ, ਆਦਿ ਨਾਵਾਂ ਤੋਂ ਲਗਭਗ ਹਰ ਪੰਜਾਬੀ ਬੱਚਾ ਵਾਕਫ਼ ਹੈ।

ਬਰੈੱਡ ਉੱਤੇ ਆਇਓਡੈਕਸ ਲਾ ਕੇ ਖਾਣੀ, ਕਿਰਲੀ ਮਾਰ ਕੇ ਖਾਣੀ, ਪੈਟਰੋਲ ਸੁੰਘਣਾ, ਇਕ ਹਫ਼ਤਾ ਰੋਜ਼ ਪਾਈਆਂ ਬਦਬੂਦਾਰ ਜੁਰਾਬਾਂ ਨੂੰ ਰਾਤ ਭਰ ਪਾਣੀ ’ਚ ਭਿਉਂ ਕੇ ਉਹ ਪਾਣੀ ਪੀਣਾ, ਖੰਘ ਦੀਆਂ ਸ਼ੀਸ਼ੀਆਂ ਪੀਣੀਆਂ, ਆਦਿ ਵੀ ਬਹੁਤ ਪੁਰਾਣੇ ਤਰੀਕੇ ਹੋ ਚੁੱਕੇ ਹਨ।

ਨਵੀਂ ਕਿਸਮ ਦੇ ਨਸ਼ੇ ਕਿਵੇਂ ਸ਼ਰਾਬ ਵਾਂਗ ਨੌਜਵਾਨਾਂ ਨੂੰ ਆਦੀ ਬਣਾ ਰਹੇ ਹਨ ਤੇ ਇਨ੍ਹਾਂ ਦੇ ਮਾੜੇ ਅਸਰ ਵੀ ਦਿੱਸਣ ਲੱਗ ਪਏ ਹਨ, ਇਸ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ।

 1. ਕੇਫ਼ੀਨ :-

ਲਗਾਤਾਰ ਕੰਮ ਕਰਨ, ਚੁਸਤ ਰਹਿਣ, ਥਕਾਵਟ ਦੂਰ ਕਰਨ, ਦੇਰ ਰਾਤ ਗੱਡੀ ਚਲਾਉਣ, ਰਾਤ ਭਰ ਜਾਗ ਕੇ ਪੜ੍ਹਨ, ਆਦਿ ਲਈ ਕੌਫ਼ੀ ਅਤੇ ਐਨਰਜੀ ਡਰਿੰਕਸ ਦੀ ਵਾਧੂ ਵਰਤੋਂ ਹੋਣ ਲੱਗ ਪਈ ਹੈ। ਕੌਫ਼ੀ ਵਿੱਚ ਖਸਖਸ ਅਤੇ ਅਰਾਰੂਟ ਪਾ ਕੇ ਪੀਣਾ ਤੇ ਐਨਰਜੀ ਡਰਿੰਕਸ ਵਿੱਚ ਸ਼ਰਾਬ ਮਿਲਾ ਕੇ ਪੀਣਾ ਆਮ ਜਿਹੀ ਗੱਲ ਬਣ ਚੁੱਕੀ ਹੈ।

 1. ਹੱਥ ਸਾਫ਼ ਕਰਨ ਵਾਲੇ ਹੈਂਡ ਸੈਨੀਟਾਈਜ਼ਰ :

      ਇਸ ਵਿਚ 60 ਫੀਸਦੀ ਸ਼ਰਾਬ (ਐਲਕੋਹਲ) ਦੀ ਮਾਤਰਾ ਹੁੰਦੀ ਹੈ, ਜਿਸ ਨੂੰ ਨੌਜਵਾਨ ਡੀਕ ਲਾ ਕੇ ਪੀ ਜਾਂਦੇ ਹਨ।

 1. ਜੈਫਲ ਤੇ ਹੋਰ ਮਸਾਲੇ :-

ਜੈਫਲ ਨੂੰ ਘੋਲ ਕੇ ਪੀਣਾ ਤੇ ਉਸ ਨੂੰ ਕਾਗਜ਼ ਵਿੱਚ ਗੋਲ ਭਰ ਕੇ ਸਿਗਰਟ ਵਾਂਗ ਸੂਟਾ ਲਾਉਣਾ।

ਜੈਫਲ ਵਿੱਚ ਕੁਦਰਤੀ ਮਾਈਰਿਸਟੀਸਿਨ ਹੁੰਦਾ ਹੈ ਜਿਸ ਦੀ ਜ਼ਿਆਦਾ ਮਾਤਰਾ ਨਾਲ ਮਾਨਸਿਕ ਪੱਖੋਂ ਹਵਾ ਵਿੱਚ ਉੱਡਦਿਆਂ ਦਿਮਾਗ਼ ਕਿਸੇ ਹੋਰ ਅਵਸਥਾ ਵਿੱਚ ਪਹੁੰਚ ਜਾਂਦਾ ਹੈ।

ਏਸੇ ਹੀ ਤਰ੍ਹਾਂ ਵੱਡੀ ਮਾਤਰਾ ਵਿੱਚ ਮਸਾਲੇ ਕੁੱਝ ਚਿਰ ਲਈ ਉਤੇਜਿਤ ਕਰ ਦਿੰਦੇ ਹਨ। ਹੁਣ ਤਾਂ ਜੈਫਲ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਦੀਆਂ ਢੇਰਾਂ ਦੀਆਂ ਢੇਰ ਵੀਡੀਓਜ਼ ਵਾਇਰਲ ਹੋਈਆਂ ਪਈਆਂ ਹਨ।

 1. ਦਾਲਚੀਨੀ :-

ਯੂ-ਟਿਊਬ ਵਿੱਚ ਅੱਜ ਕੱਲ੍ਹ ‘ਦਾਲਚੀਨੀ ਚੈਲੈਂਜ’ ਕਾਫ਼ੀ ਪ੍ਰਚਲਿਤ ਹੈ ਜਿਸ ਵਿੱਚ ਦੋ ਚਮਚ ਪਿਸੀ ਹੋਈ ਦਾਲਚੀਨੀ ਇੱਕ ਮਿੰਟ ਵਿੱਚ ਮੂੰਹ ਅੰਦਰ ਲੰਘਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਥੇਰੇ ਬੱਚੇ ਇਸ ਦੇ ਗਲੇ ਵਿੱਚ ਫਸ ਜਾਂ ਚਿਪਕ ਜਾਣ ਸਦਕਾ ਹਸਪਤਾਲ ਪਹੁੰਚ ਚੁੱਕੇ ਹਨ।  ਕਈਆਂ ਦਾ ਸਾਹ ਬੰਦ ਹੋ ਜਾਂਦਾ ਹੈ ਤੇ ਕਈਆਂ ਦੇ ਗਲੇ ਵਿੱਚ ਜ਼ਖ਼ਮ ਵੀ ਹੋ ਜਾਂਦੇ ਹਨ।

 1. ‘ਡਿਜ਼ੀਟਲ ਔਨਲਾਈਨ ਡਰੱਗਜ਼’ :-

ਇਸ ਨਵੇਂ ਤਰ੍ਹਾਂ ਦੇ ਨਸ਼ਿਆਂ ਵਿੱਚ ‘ਆਡੀਓ ਫਾਈਲਜ਼’ ਖ਼ਰੀਦ ਕੇ, ਸੁਣ ਕੇ, ਨੌਜਵਾਨ ਨਸ਼ੇ ਦਾ ਇਹਸਾਸ ਕਰ ਲੈਂਦੇ ਹਨ। ਇਸ ਵਿੱਚ ਕਈ ਤਰ੍ਹਾਂ ਦੀਆਂ ਧੁਨੀਆਂ ਤਹਿਤ ਦਿਮਾਗ਼ ਵੱਲ ਅਜਿਹੀਆਂ ਤਰੰਗਾਂ ਪਹੁੰਚਦੀਆਂ ਹਨ ਜੋ ਨਾਰਕੋਟਿਕ ਨਸ਼ੇ ਵਾਂਗ ਅਸਰ ਕਰਦੀਆਂ ਹਨ। ਇਸ ਦੀ ਵੀ ਲੋੜੋਂ ਵੱਧ ਵਰਤੋਂ ਨਾਲ ਦਿਮਾਗ਼ ਦਾ ਨੁਕਸਾਨ ਹੋ ਜਾਂਦਾ ਹੈ। ਇਸ ਬੀਮਾਰੀ ਨੂੰ ‘‘ਇੰਟਰਨੈੱਟ ਓਵਰਡੋਜ਼ਿੰਗ’’ ਦਾ ਨਾਂ ਦਿੱਤਾ ਗਿਆ ਹੈ। ਮਾਪੇ ਸੋਚਦੇ ਹਨ ਕਿ ਬੱਚਾ ਕੰਪਿਊਟਰ ਉੱਤੇ ਕੰਮ ਕਰ ਰਿਹਾ ਹੈ ਪਰ ਅਸਲ ਵਿੱਚ ਉਹ ਇਨ੍ਹਾਂ ਧੁਨੀਆਂ ਨਾਲ ਨਸ਼ੇ ਦਾ ਇਹਸਾਸ ਕਰਦਿਆਂ ਹੌਲੀ-ਹੌਲੀ ਆਦੀ ਬਣਦੇ ਹੀ ਦੂਜੇ ਕਿਸਮ ਦੇ ਨਸ਼ਿਆਂ ਵੱਲ ਧੱਕਿਆ ਜਾਂਦਾ ਹੈ। ਦਿਮਾਗ਼ ਦੇ ਸੋਚਣ ਸਮਝਣ ਤੇ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਵਾਲੇ ਹਿੱਸੇ ਉੱਤੇ ਇਨ੍ਹਾਂ ਤਰੰਗਾਂ ਦਾ ਬਹੁਤ ਮਾੜਾ ਅਸਰ ਪੈਂਦਾ ਹੈ।

 1. ਨਹਾਉਣ ਵਾਲਾ ਸਾਬਣ :-

‘‘ਬਾਥ ਸਾਲਟਸ’’ ਦੇ ਨਾਂ ਹੇਠ ‘ਬਲਿੱਸ’ ਤੇ ‘ਵਨੀਲਾ ਸਕਾਈ’ ਇਸ ਵੇਲੇ ਨੌਜਵਾਨ ਬੱਚਿਆਂ ਦੀ, ਖ਼ਾਸ ਕਰ ਸਕੂਲੀ ਬੱਚਿਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਮਾਪੇ ਸੋਚਦੇ ਹਨ ਕਿ ਬੱਚਿਆਂ ਨੇ ‘ਔਨਲਾਈਨ ਸ਼ਾਪਿੰਗ’ ਤਹਿਤ ਸਾਬਣ ਹੀ ਖਰੀਦਿਆ ਹੈ ਪਰ ਕੰਪਿਊਟਰ ਰਾਹੀਂ ਕੀਤੀ ਜਾ ਰਹੀ ਖਰੀਦਦਾਰੀ ਵਿੱਚ ਬੱਚੇ ਅਜਿਹੇ ਸਾਬਣਾਂ ਦੇ ਪਾਊਡਰਾਂ ਜਾਂ ਲੇਪ ਨੂੰ ਸੁੰਘ ਕੇ ਨਸ਼ਾ ਕਰਨ ਲੱਗ ਪਏ ਹਨ। ਇਸ ਕਿਸਮ ਦੇ ਸਾਬਣ ਵਿਚ ‘ਐਮਫੈਟਾਮੀਨ’ ਵਰਗੇ ਕੈਮੀਕਲ ਪਾ ਦਿੱਤੇ ਗਏ ਹਨ ਜਿਨ੍ਹਾਂ ਨੂੰ ਸੁੰਘ ਕੇ ਕੁੱਝ ਚਿਰ ਲਈ ਨਸ਼ਾ ਹੋ ਜਾਂਦਾ ਹੈ।

 1. ਖੰਘ ਦੀਆਂ ਦਵਾਈਆਂ :-

‘‘ਡੈਕਸਟਰੋਮੀਥੋਰਫੈਨ’’,  ਜੋ ਖੰਘ ਦੀਆਂ ਸ਼ੀਸ਼ੀਆਂ ਵਿੱਚ ਪੈਂਦੀ ਹੈ, ਆਮ ਹੀ ਨਸ਼ਾ ਕਰਨ ਲਈ ਪੀਤੀ ਜਾਂਦੀ ਹੈ। ਹੁਣ ਵੱਡਿਆਂ ਦੀ ਦੇਖਾ ਦੇਖੀ ਸੱਤਵੀਂ, ਅੱਠਵੀਂ ਜਮਾਤ ਦੇ ਵਿਦਿਆਰਥੀ ‘ਸੈਚਰਡੇ ਈਵਨਿੰਗ ਪਾਰਟੀ’ ਦੇ ਨਾਂ ਹੇਠ ਸਨਿੱਚਰਵਾਰ ਸਕੂਲ ਦੇ ਮੁੱਕਣ ਬਾਅਦ ਘਰ ਜਾਣ ਤੋਂ ਪਹਿਲਾਂ ਚਾਰ-ਚਾਰ ਸ਼ੀਸ਼ੀਆਂ ਪੀ ਕੇ ਜਸ਼ਨ ਮਨਾਉਂਦੇ ਵੇਖੇ ਗਏ ਹਨ।

 1. ਵੋਦਕਾ ਟੈਂਪੂੰਨ :-

ਜਿਨ੍ਹਾਂ ਸਕੂਲੀ ਬੱਚਿਆਂ ਦੇ ਘਰਾਂ ਵਿੱਚ ਸਖ਼ਤੀ ਹੋਵੇ, ਉਨ੍ਹਾਂ ਬੱਚਿਆਂ ਨੇ ਨਸ਼ਾ ਕਰਨ ਦਾ ਇਹ ਨਵਾਂ ਰਾਹ ਲੱਭ ਲਿਆ ਹੋਇਆ ਹੈ। ਮਾਹਵਾਰੀ ਦੌਰਾਨ ਵਰਤੇ ਜਾਂਦੇ ਟੈਂਪੂੰਨ ਨੂੰ ਵੋਦਕਾ ਸ਼ਰਾਬ ਵਿੱਚ ਡੁਬੋ ਕੇ ਮਾਹਵਾਰੀ ਦੌਰਾਨ ਅਤੇ ਬਿਨ੍ਹਾਂ ਮਾਹਵਾਰੀ ਦੇ ਦਿਨਾਂ ਵਿੱਚ ਵੀ ਵਰਤ ਕੇ ਬੱਚੀਆਂ ਲੰਮੇ ਸਮੇਂ ਤੱਕ ਨਸ਼ੇ ਦਾ ਇਹਸਾਸ ਕਰ ਸਕਦੀਆਂ ਹਨ।

ਪੀੜ ਦਾ ਬਹਾਨਾ ਕਰਦਿਆਂ ਬੱਚੀਆਂ ਲੰਮੇ ਸਮੇਂ ਤੱਕ ਮੰਜੇ ਉੱਤੇ ਲੇਟ ਕੇ ਨਸ਼ੇ ਵਿੱਚ ਧੁੱਤ ਪਈਆਂ ਰਹਿੰਦੀਆਂ ਹਨ। ਤੀਹ ਜਾਂ 60 ਮਿਲੀਲਿਟਰ ਵੋਦਕਾ ਜਾਂ ਹੋਰ ਸ਼ਰਾਬ ਵਿੱਚ ਡੁਬੋ ਕੇ ਵਰਤਿਆ ਟੈਂਪੂੰਨ ਜਿਉਂ ਹੀ ਲਹੂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉੱਥੋਂ ਸ਼ਰਾਬ ਸਿੱਧਾ ਲਹੂ ਅੰਦਰ ਭਾਰੀ ਮਾਤਰਾ ਵਿੱਚ ਪਹੁੰਚ ਜਾਂਦੀ ਹੈ ਜੋ ਤਗੜੇ ਤੋਂ ਤਗੜੇ ਨਸ਼ੇ ਜਿੰਨਾ ਅਸਰ ਪਲਾਂ ਵਿੱਚ ਹੀ ਕਰਵਾ ਦਿੰਦੀ ਹੈ।

ਸਿਰਫ਼ ਕੁੜੀਆਂ ਹੀ ਨਹੀਂ, ਅੱਜ ਕੱਲ੍ਹ ਵੱਡੀ ਮਾਤਰਾ ਵਿੱਚ ਨੌਜਵਾਨ ਮੁੰਡੇ ਵੀ ਇਹੀ ਟੈਂਪੂੰਨ ਆਪਣੇ ਟੱਟੀ ਵਾਲੇ ਰਾਹ ਪਾ ਕੇ ਲੰਮੇ ਸਮੇਂ ਤੱਕ ਟੁੰਨ ਹੋ ਜਾਂਦੇ ਹਨ। ਤੇਜ਼ੀ ਨਾਲ ਵਧਦਾ ਜਾ ਰਿਹਾ ਇਹ ਰੁਝਾਨ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।

 1. ਸੁਗੰਧੀਆਂ ਵਾਲੇ ਫੁੱਲ :-

ਕਮਰਿਆਂ ਨੂੰ ਮਹਿਕਾਉਣ ਲਈ ਰੱਖੇ ਸੁੱਕੇ ਕੁਦਰਤੀ ਫੁੱਲਾਂ ਵਿੱਚ ਪਾਉਣ ਵਾਲੀਆਂ ਮਸਾਲੇਦਾਰ ਤੇ ਤਿੱਖੀਆਂ ਖੁਸ਼ਬੋਆਂ ਨੂੰ ਕਾਗਜ਼ ਵਿੱਚ ਡੁਬੋ ਕੇ ਸਿਗਰਟ ਵਾਂਗ ਲੈਣ ਜਾਂ ਸੁੰਘਣ ਦਾ ਰੁਝਾਨ ਨਵਾਂ ਨਹੀਂ ਹੈ। ਇਸ ਬਾਰੇ 98 ਫੀਸਦੀ ਮਾਪਿਆਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦਾ ਬੱਚਾ ਇਹ ਸੁੰਘ ਕੇ ਜਾਂ ਸਿਗਰਟ ਵਾਂਗ ਸੂਟਾ ਲਾ ਕੇ ‘ਹੈਲੂਸੀਨੇਸ਼ਨ’ ਦਾ ਸ਼ਿਕਾਰ ਹੋ ਕੇ ਪੂਰਾ ਨਸ਼ਈ ਬਣ ਚੁੱਕਿਆ ਹੈ। ਜਦੋਂ ਲੋੜੋਂ ਵੱਧ ਵਰਤ ਲਈ ਜਾਵੇ ਤਾਂ ਇਸ ਨਾਲ ਧੜਕਨ ਵਿੱਚ ਕਾਫ਼ੀ ਗੜਬੜੀ ਹੋ ਜਾਂਦੀ ਹੈ ਤੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

 1. ਏ. ਸੀ. :

ਇਹ ਬਹੁਤਿਆਂ ਲਈ ਹੈਰਾਨੀ ਦੀ ਗੱਲ ਹੋਵੇਗੀ ਕਿ ਘਰਾਂ ਵਿੱਚ ਲੱਗੇ ਏ. ਸੀ. ਵੀ ਨਸ਼ਾ ਦੇ ਸਕਦੇ ਹਨ। ਜੌਹਨ ਹੌਪਕਿਨ ਮੈਡੀਕਲ ਸੈਂਟਰ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿੱਚ ਸਭ ਤੋਂ ਸੌਖਾ ਮੁਹਈਆ ਹੋ ਰਿਹਾ ਨਸ਼ਾ ਏ. ਸੀ. ਵਿੱਚ ਭਰੀ ਜਾਂਦੀ ਗੈਸ ‘ਫਰੀਓਨ’ ਬਣ ਚੁੱਕੀ ਹੈ। ਪੇਚਕਸਾਂ ਨਾਲ ਏ. ਸੀ. ਦੀ ਮਸ਼ੀਨ ਖੋਲ੍ਹ ਕੇ ਉਸ ਵਿਚਲੀ ਭਰੀ ਗੈਸ ਨੂੰ ਸੁੰਘ ਕੇ ਵੀ ਨਸ਼ਾ ਕੀਤਾ ਜਾਂਦਾ ਹੈ। ਇਸ ਨਾਲ ਬੱਚਿਆਂ ਦੀ ਜ਼ਬਾਨ ਥਥਲਾਉਣ ਲੱਗ ਸਕਦੀ ਹੈ ਤੇ ਚਮੜੀ, ਨੱਕ ਤੇ ਮੂੰਹ ਅੰਦਰਲੀ ਪਰਤ ਸੜ ਸਕਦੀ ਹੈ। ਜੇ ਲੋੜੋਂ ਵੱਧ ਹੋ ਜਾਏ ਤਾਂ ਦਿਮਾਗ਼ ਪੂਰੀ ਤਰ੍ਹਾਂ ਨਕਾਰਾ ਕਰ ਸਕਦੀ ਹੈ।

 1. ਕੀ-ਬੋਰਡ ਕਲੀਨਰ :-

ਕੰਪਿਊਟਰ ਦੇ ਕੀ-ਬੋਰਡ ਨੂੰ ਸਾਫ਼ ਕਰਨ ਵਾਲੇ ਕਲੀਨਰ ਨੂੰ ‘ਡਸਟ ਔਫ’ ਦੇ ਨਾਂ ਨਾਲ ਨਸ਼ੇ ਲਈ ਵਰਤਿਆ ਜਾ ਰਿਹਾ ਹੈ। ਨਸ਼ੇ ਦੀ ਦੁਨੀਆ ਵਿੱਚ ਇਸ ਨਸ਼ੇ ਨੂੰ ਨੌਜਵਾਨਾਂ ਦੀ ਜ਼ਬਾਨ ਵਿੱਚ ‘ਡਸਟਿੰਗ’ ਕਹਿ ਕੇ ਗੱਲ ਕੀਤੀ ਜਾਂਦੀ ਹੈ। ਕੀ-ਬੋਰਡ ਉੱਤੇ ਜ਼ਿਆਦਾ ਮਾਤਰਾ ਵਿੱਚ ਛਿੜਕ ਕੇ ਉਸ ਨੂੰ ਕਾਫ਼ੀ ਦੇਰ ਲਈ ਸੁੰਘਿਆ ਜਾਂਦਾ ਹੈ।

 1. ਵਿਪ-ਇਟਸ ਨਸ਼ਾ :-

ਫੈਂਟੀਆਂ ਕਰੀਮਾਂ ਦੇ ਬਣੇ ਸਪਰੇਅ ਜਿਨ੍ਹਾਂ ਵਿੱਚ ‘ਨਾਈਟਰੱਸ ਓਕਸਾਈਡ’ ਗੈਸ ਹੁੰਦੀ ਹੈ ਵੀ ਕਾਫ਼ੀ ਵਰਤੋਂ ਵਿੱਚ ਆ ਰਿਹਾ ਹੈ।

 1. ਦੰਦਾਂ ਦੇ ਡਾਕਟਰਾਂ ਵੱਲੋਂ ਦੰਦ ਸੁੰਨ ਕੀਤੇ ਜਾਣ ਵਾਲਾ ਸਪਰੇਅ ਵੀ ਕੁੱਝ ਸਕਿੰਟਾਂ ਤੋਂ ਲੈ ਕੇ ਅੱਠ ਦਸ ਮਿੰਟਾਂ ਤੱਕ ਨਸ਼ੇ ਦੀ ਪੀਨਕ ਲਾ ਸਕਦਾ ਹੈ। ਜ਼ਿਆਦਾ ਮਾਤਰਾ ਵਿੱਚ ਇਹ ਖ਼ਤਰਨਾਕ ਸਾਬਤ ਹੋ ਸਦਕਾ ਹੈ। ਅਦਾਕਾਰਾ ਡੈਮੀ ਮੂਰ ਇਸੇ ਸਪਰੇਅ ਦੇ ਨਾਲ ਵਿਪ-ਇਟਸ ਦੀ ਵਾਧੂ ਵਰਤੋਂ ਸਕਦਾ ਹਸਪਤਾਲ ਦਾਖ਼ਲ ਕਰਨੀ ਪਈ ਸੀ।

ਇਨ੍ਹਾਂ ਤੋਂ ਇਲਾਵਾ ਵੀ ਅਨੇਕ ਰੋਜ਼ਮਰਾ ਦੀਆਂ ਘਰ ਅੰਦਰ ਵਰਤੀਆਂ ਜਾ ਰਹੀਆਂ ਚੀਜ਼ਾਂ ਵਿੱਚੋਂ ਅੱਜ ਕੱਲ੍ਹ ਨਸ਼ਾ ਤਿਆਰ ਕੀਤਾ ਜਾਂਦਾ ਹੈ ਤੇ ਵੱਡੀ ਗਿਣਤੀ ਬੱਚੇ ਇਸ ਦੀ ਵਰਤੋਂ ਆਮ ਹੀ ਕਰਦੇ ਪਏ ਹਨ।

ਇਹ ਜਾਣਕਾਰੀ ਇਸ ਲਈ ਜ਼ਰੂਰੀ ਸੀ ਤਾਂ ਜੋ ਮਾਪੇ, ਸਰਕਾਰਾਂ ਤੇ ਕਾਨੂੰਨੀ ਅਦਾਰੇ ਇਸ ਪੱਖੋਂ ਜਾਗ੍ਰਿਤ ਹੋ ਸਕਣ ਕਿ ਜਿੰਨਾ ਨਸ਼ਾ ਇਸ ਸਮੇਂ ਫੜਿਆ ਜਾ ਰਿਹਾ ਹੈ, ਉਸ ਤੋਂ ਕਈ ਗੁਣਾਂ ਵੱਧ ਛੋਟੀ ਉਮਰ ਦੇ ਬੱਚੇ ਨਵੇਂ ਕਿਸਮਾਂ ਦੇ ਨਸ਼ੇ ਅਜ਼ਮਾ ਕੇ ਅੱਗੋਂ ਨਸ਼ਿਆਂ ਦੇ ਦਰਿਆ ਵਿੱਚ ਤਾਰੀਆਂ ਲਾਉਣ ਲਈ ਤਿਆਰ ਹੋ ਚੁੱਕੇ ਹਨ।

‘ਟਿੱਪ ਆਫ਼ ਦ ਆਈਸਬਰਗ’ ਵਾਂਗ ਨਿੱਕੇ ਮੋਟੇ ਸੌਦਾਗਰ ਫੜ ਲੈਣ ਨਾਲ ਇਹ ਹੜ੍ਹ ਵਾਂਗ ਤਹਿਸ ਨਹਿਸ ਕਰਨ ਨੂੰ ਤਿਆਰ ਹੋਈ ਪਈ ਫ਼ੌਜ ਸੰਭਾਲੀ ਨਹੀਂ ਜਾਣੀ। ਜੇ ਕਿਸੇ ਵੀ ਹਾਲ ਵਿੱਚ ਪੰਜਾਬੀ ਪੌਦ ਨੂੰ ਬਚਾਉਣਾ ਹੈ ਤਾਂ ਹਰ ਕਿਸੇ ਨੂੰ ਆਪੋ ਆਪਣਾ ਰੋਲ ਅਦਾ ਕਰਨਾ ਪੈਣਾ ਹੈ। ਮਾਪੇ, ਅਧਿਆਪਕ, ਸਾਹਿਤਕਾਰ, ਗੀਤਕਾਰ, ਪੁਲਿਸ, ਪੱਤਰਕਾਰ, ਕਾਨੂੰਨ, ਸਿਆਸਤਦਾਨ, ਗੱਲ ਕੀ, ਹਰ ਜਣੇ ਨੂੰ ਸਾਂਝੇ ਤੌਰ ਉੱਤੇ ਉਦਮ ਕਰਨਾ ਪੈਣਾ ਹੈ। ਜੇ ਹਾਲੇ ਵੀ ਨਹੀਂ ਤਾਂ ਫੇਰ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਪੈਰਾਂ ਨੇ ਝਟਪਟ ਪੰਜਾਬ ਦੀ ਜਵਾਨੀ ਨੂੰ ਆਪਣੇ ਅੰਦਰ ਘੜੀਸ ਕੇ ਪੰਜਾਬੀ ਪੌਦ ਨੂੰ ਨੇਸਤਾ ਨਾਬੂਤ ਕਰ ਦੇਣਾ ਹੈ। ਫੇਰ ਕਿਸੇ ਤਰ੍ਹਾਂ ਦੇ ਉਦਮ ਦੀ ਲੋੜ ਹੀ ਨਹੀਂ ਰਹਿਣੀ।

ਜਿਸ ਨੂੰ ਹਾਲੇ ਵੀ ਕੋਈ ਰੱਤਾ ਮਾਸਾ ਸ਼ੱਕ ਰਹਿ ਗਿਆ ਹੋਵੇ ਤਾਂ ਉਹ ਨਿਊਜ਼ੀਲੈਂਡ ਦੇ ਮਾਓਰੀ, ਅਮਰੀਕਾ ਦੇ ਮੂਲ ਨਿਵਾਸੀ ਤੇ ਕਨੇਡਾ ਦੇ ਇਨੂਇਟਸ ਨੂੰ ਵੇਖ ਕੇ ਅੰਦਾਜ਼ਾ ਲਾ ਸਕਦਾ ਹੈ ਕਿ ਉੱਥੋਂ ਦੇ ਅਸਲ ਵਸਨੀਕਾਂ ਨੂੰ ਨਸ਼ੇ ਦੀ ਲਤ ਲਾ ਕੇ ਕਿਵੇਂ ਉਨ੍ਹਾਂ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਅਗਲੇ 50 ਸਾਲਾਂ ਬਾਅਦ ਇਹੋ ਹਾਲ ਪੰਜਾਬੀਆਂ ਦਾ ਹੋਣ ਵਾਲਾ ਹੈ। ਹਾਲੇ ਵੀ ਜਾਗ ਜਾਈਏ ਨਹੀਂ ਤਾਂ ਪੰਜਾਬ ਮੋਇੰਜੋਦੜੋ ਵਿੱਚ ਤਬਦੀਲ ਹੋ ਜਾਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ।