ਨੌਜਵਾਨ ਬੱਚੇ ਅਤੇ ਮਾਪੇ

0
293

ਨੌਜਵਾਨ ਬੱਚੇ ਅਤੇ ਮਾਪੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਅਣਗਿਣਤ ਮਾਪਿਆਂ ਵੱਲੋਂ ਪੁੱਜੇ ਫ਼ੋਨਾਂ ਅਤੇ ਆਪਣੇ ਨੌਜਵਾਨ ਬੱਚਿਆਂ ਵਿੱਚ ਵਧਦੇ ਕ੍ਰੋਧ, ਅਸਹਿਨਸ਼ੀਲਤਾ ਅਤੇ ਆਖੇ ਨਾ ਲੱਗਣ ਦੀਆਂ ਸ਼ਿਕਾਇਤਾਂ ਸਦਕਾ ਇਲਾਜ ਲਈ ਲੈ ਕੇ ਆਏ ਮਾਪਿਆਂ ਦੀ ਪੁਰਜ਼ੋਰ ਸਿਫਾਰਿਸ਼ ਤਹਿਤ ਇਹ ਲੇਖ ਹੋਂਦ ਵਿੱਚ ਆਇਆ ਹੈ। ਹਾਲੇ ਵੀ ਸ਼ਾਇਦ ਨਾ ਲਿਖਿਆ ਜਾਂਦਾ ਜੇ ਅੱਖੀਂ ਵੇਖੀਆਂ ਦੋ ਘਟਨਾਵਾਂ ਸਾਹਮਣੇ ਨਾ ਆਉਂਦੀਆਂ।

ਕਿਸੇ ਦੇ ਘਰ ਅਸੀਂ ਖਾਣੇ ’ਤੇ ਗਏ ਤਾਂ ਉਨ੍ਹਾਂ ਦਾ ਬੇਟਾ ਹਾਲ ਕਮਰੇ ’ਚ ਬੈਠਾ ਮੋਬਾਈਲ ਉੱਤੇ ਪੋਸਟਾਂ ਪੜ੍ਹ ਰਿਹਾ ਸੀ। ਉਸ ਦੇ ਪਿਤਾ ਨੇ ਡਰਾਇੰਗ ਰੂਮ ’ਚੋਂ ਆਵਾਜ਼ ਮਾਰੀ ਕਿ ਰਤਾ ਅਖ਼ਬਾਰ ਫੜਾਈਂ। ਬੇਟਾ ਰਤਾ ਕੁ ਅਟਕ ਕੇ ਅਖ਼ਬਾਰ ਫੜਾ ਗਿਆ ਪਰ ਚਿਹਰੇ ਉੱਤੇ ਖ਼ੁਸ਼ੀ ਦੇ ਹਾਵ ਭਾਵ ਨਹੀਂ ਸਨ। ਵਾਪਸ ਮੋਬਾਈਲ ਫੜ ਕੇ ਬਹਿ ਗਿਆ। ਅੱਠ ਦਸ ਮਿੰਟ ਬਾਅਦ ਪਿਤਾ ਨੇ ਫੇਰ ਆਵਾਜ਼ ਮਾਰੀ ਪੁੱਤਰਾ  ! ਜ਼ਰਾ ਕੌਰਡਲੈੱਸ ਫ਼ੋਨ ਫੜਾਈਂ। ਇਸ ਵਾਰ ਪੁੱਤਰ ਨੇ ਉੱਠਣ ਵਿੱਚ ਰਤਾ ਹੋਰ ਦੇਰ ਲਾਈ ਤੇ ਮੱਥੇ ਉੱਤੇ ਰਤਾ ਤਿਊੜੀਆਂ ਵੀ ਦਿਸੀਆਂ।

ਦਸ ਕੁ ਮਿੰਟ ਬਾਅਦ ਪਿਤਾ ਨੇ ਸਿਰਫ਼ ਆਵਾਜ਼ ਹੀ ਮਾਰੀ ‘ਸੋਮੇ ਪੁੱਤਰ’ ! ਤਾਂ ਬਿਨਾਂ ਗੱਲ ਸੁਣੇ ਅੱਗੋਂ ਬੇਟੇ ਨੇ ਮੋੜਵਾਂ ਜਵਾਬ ਦਿੱਤਾ, ‘‘ਹੱਦ ਈ ਹੋ ਗਈ। ਪੰਜ ਮਿੰਟ ਬਹਿਣਾ ਵੀ ਹਰਾਮ ਹੋ ਗਿਆ। ਇਸ ਘਰ ’ਚ ਤਾਂ ਪਿਓ ਸਾਹਮਣੇ ਬਹਿਣਾ ਵੀ ਗੁਣਾਹ ਹੈ।’’

ਲਗਭਗ ਇੰਜ ਦੀ ਹੀ ਘਟਨਾ ਸ਼ਾਪਿੰਗ ਮਾਲ ਵਿੱਚ ਖੜੀਆਂ ਮਾਵਾਂ ਧੀਆਂ ਦੀ ਗੱਲਬਾਤ ਦੌਰਾਨ ਹੋਈ। ਬੱਚੀ ਦੀਆਂ ਸਹੇਲੀਆਂ ਮਿਲ ਗਈਆਂ ਤਾਂ ਬੇਟੀ ਉਨ੍ਹਾਂ ਨਾਲ ਗੱਲਬਾਤ ਵਿੱਚ ਰੁੱਝ ਗਈ। ਪੰਦਰਾਂ ਕੁ ਮਿੰਟ ਬਾਅਦ ਮਾਂ ਨੇ ਆਵਾਜ਼ ਮਾਰੀ-‘‘ਬੇਟੀ !  ਪਾਪਾ ਦਾ ਫ਼ੋਨ ਆ ਰਿਹੈ, ਚਲੋ ਹੁਣ ਚੱਲੀਏ।’’ ਬੱਚੀ ਪੂਰੇ ਗੁੱਸੇ ’ਚ ਪਰਤੀ ਅਤੇ ਮਾਂ ਨੇੜੇ ਆ ਕੇ ਰਤਾ ਤਲਖ਼ ਆਵਾਜ਼ ਵਿੱਚ ਕਹਿਣ ਲੱਗੀ, ‘‘ਮੌਮ  ! ਤੁਹਾਨੂੰ ਪਤਾ ਵੀ ਐ ਫਰੈਂਡਜ਼ ਚੈਟ ਕੀ ਹੁੰਦੈ ? ਮੇਰੀ ਇਨਸਲਟ ਕਰਵਾ ’ਤੀ। ਮੈਂ ਇੰਡੀਪੈਂਡੈਂਟ ਹਾਂ। ਤੁਹਾਡੇ ਹੁਕਮਾਂ ਦੀ ਗ਼ੁਲਾਮ ਨਹੀਂ।’’ ਉਸ ਦੀ ਮਾਂ ਚੁੱਪ ਚਾਪ ਅੱਖਾਂ ਨੀਵੀਆਂ ਕਰ ਕੇ ਤੁਰਨ ਲੱਗੀ ਤਾਂ ਅੱਗੋਂ ਕੋਈ ਜਾਣਕਾਰ ਜੋੜੀ ਮਿਲ ਗਈ। ਮੁਸਕਰਾ ਕੇ ਹੱਥ ਜੋੜ ਕੇ ਗੱਲ ਸ਼ੁਰੂ ਹੀ ਕੀਤੀ ਸੀ ਕਿ ਬੇਟੀ ਤਲਖ਼ ਸੁਰਾਂ ’ਚ ਬੋਲੀ, ‘‘ਹੁਣ ਲੇਟ ਨਹੀਂ ਹੋ ਰਹੇ ? ਸਿਰਫ਼ ਮੇਰੇ ਫ਼ਰੈਡਜ਼ ਹੀ ਲੇਟ ਕਰ ਰਹੇ ਸੀ ?’’

ਮੈਨੂੰ ਇਨ੍ਹਾਂ ਦੋਨਾਂ ਘਟਨਾਵਾਂ ਨੇ ਮਜਬੂਰ ਕਰ ਦਿੱਤਾ ਕਿ ਨੌਜਵਾਨ ਬੱਚਿਆਂ ਨਾਲ ਗੱਲ ਕਰਨੀ ਜ਼ਰੂਰੀ ਹੈ। ਅੱਜ ਕੱਲ੍ਹ ਦਾ ਮਾਹੌਲ ਜਿੱਥੇ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਪੂਰੀ ਜਾਣਕਾਰੀ ਹੈ, ਖੁੱਲ੍ਹ ਵੀ ਪਹਿਲਾਂ ਨਾਲੋਂ ਵੱਧ ਹੈ, ਇੰਟਰਨੈੱਟ ਸਦਕਾ ਦੋਸਤੀਆਂ ਵੀ ਬਥੇਰੀਆਂ ਹੋ ਚੁੱਕੀਆਂ ਹਨ ਤੇ ਮਾਪੇ ਵੀ ਉਨ੍ਹਾਂ ਉੱਤੇ ਹੱਥ ਚੁੱਕਣ ਜਾਂ ਝਿੜਕਣ ਨਾਲੋਂ ਉਨ੍ਹਾਂ ਨੂੰ ਦੋਸਤ ਵੱਧ ਸਮਝਣ ਲੱਗ ਪਏ ਹਨ, ਕੀ ਬੱਚੇ ਇਸ ਖੁੱਲ੍ਹ ਦਾ ਨਾਜਾਇਜ਼ ਫ਼ਾਇਦਾ ਤਾਂ ਨਹੀਂ ਉਠਾਉਣ ਲੱਗ ਪਏ ?

ਉਹ ਸਿਰਫ਼ ਹੱਕਾਂ ਬਾਰੇ ਗੱਲ ਕਰਦੇ ਹਨ, ਆਪਣੇ ਫਰਜ਼ਾਂ ਬਾਰੇ ਨਾ ਗੱਲ ਕਰਦੇ ਹਨ ਤੇ ਨਾ ਹੀ ਸੋਚਦੇ ਹਨ। ਮੇਰਾ ਸਕੂਲ, ਮੇਰਾ ਕਾਲਜ, ਮੇਰਾ ਘਰ, ਮੇਰੀ ਜਾਇਦਾਦ, ਮੇਰੀ ਕਾਰ ਕਹਿੰਦੇ ਬੱਚੇ ਸ਼ਾਇਦ ਇਹ ਭੁੱਲ ਗਏ ਹਨ ਕਿ ਸਕੂਲ ਉਦੋਂ ਤੱਕ ਉਨ੍ਹਾਂ ਦਾ ਹੈ ਜਦੋਂ ਤਕ ਰੈਗੂਲਰ ਫੀਸ ਜਮ੍ਹਾਂ ਹੋ ਰਹੀ ਹੈ। ਯਾਨੀ ‘ਗਿਵ ਐਂਡ ਟੇਕ’ ਉੱਤੇ ਆਧਾਰਿਤ ਹੈ। ਜੇ ਅਧਿਆਪਿਕਾਂ ਨਾਲ ਮੰਦਾ ਬੋਲਿਆ ਜਾਂ ਮਾਰ ਕੁਟਾਈ ਕੀਤੀ ਜਾਵੇ ਜਾਂ ਹੋਰ ਵਿਦਿਆਰਥੀਆਂ ਨਾਲ ਭੱਦਾ ਵਿਹਾਰ ਕੀਤਾ ਜਾਵੇ ਤਾਂ ਝੱਟ ਸਕੂਲੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਕੁੱਝ ਇਹੋ ਜਿਹਾ ਹੀ ਕਾਲਜਾਂ ਵਿੱਚ ਹੁੰਦਾ ਹੈ।

ਘਰ ਦੇ ਪਾਲਤੂ ਜਾਨਵਰਾਂ ਦੀ ਗੱਲ ਹੀ ਲਵੋ। ਉਸ ਨੂੰ ‘ਮੇਰਾ ਕੁੱਤਾ’ ਜਾਂ ‘ਮੇਰੀ ਬਿੱਲੀ’ ਮੰਨਦਿਆਂ ਬੱਚੇ ਚਵੀ ਘੰਟੇ ਉਸ ਨੂੰ ਕੁੱਛੜ ਚੁੱਕਣ  ਨੂੰ ਤਿਆਰ ਹਨ। ਕੀ ਕਦੇ ਉਨ੍ਹਾਂ ਸੋਚਿਆ ਹੈ ਕਿ ਰਤਾ ਕੁ ਪਿਆਰ ਦਿੰਦਿਆਂ ਪਾਲਤੂ ਜਾਨਵਰ ਦਸ ਗੁਣਾਂ ਵੱਧ ਪਿਆਰ ਵਾਪਸ ਦਿੰਦਾ ਹੈ ਤੇ ਇਸ ਬਦਲੇ ਹੋਰ ਕੁੱਝ ਨਹੀਂ ਮੰਗਦਾ। ਯਾਨੀ ਮੈਂ ਵਾਪਸ ਪਿਆਰ ਦਾ ਹੁੰਗਾਰਾ ਤਾਂ ਹੀ ਭਰਾਂਗਾ ਜੇ ਮੈਨੂੰ ਜਾਇਦਾਦ ’ਚੋਂ ਅੱਧਾ ਹਿੱਸਾ ਮਿਲੇ, ਵਰਗੀ ਕੋਈ ਗੱਲ ਨਹੀਂ ਹੁੰਦੀ। ਨਿਰਸਵਾਰਥ ਪਿਆਰ ਤੇ ਰਿਸ਼ਤਾ ਵੀ ਡੂੰਘਾ। ਹੁਣ ਇਹੀ ਪਾਲਤੂ ਕੁੱਤਾ ਜੇ ਵੱਢਣ ਲੱਗ ਪਵੇ ਜਾਂ ਨੁਕਸਾਨ ਪਹੁੰਚਾ ਰਿਹਾ ਹੋਵੇ ਤਾਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਪੰਛੀ ਵੀ ਇੱਕ ਸਮੇਂ ਤੋਂ ਬਾਅਦ ਆਪਣੇ ਬੱਚੇ ਆਲ੍ਹਣੇ ’ਚੋਂ ਬਾਹਰ ਕੱਢ ਦਿੰਦੇ ਹਨ, ਪਰ ਉਹ ਇਹ ਜ਼ਿੰਮੇਵਾਰੀ ਉੱਕਾ ਨਹੀਂ ਚੁੱਕਦੇ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਆਲ੍ਹਣੇ ਤਿਆਰ ਕਰਨੇ ਹਨ। ਇਸੇ ਲਈ ਬਜ਼ੁਰਗ ਹੋ ਜਾਣ ਉੱਤੇ ਉਨ੍ਹਾਂ ਦੇ ਬੱਚੇ ਵੀ ਮਾਪਿਆਂ ਨੂੰ ਆਪਣੇ ਆਲ੍ਹਣੇ ਵਿੱਚ ਨਹੀਂ ਬਿਠਾਉਂਦੇ।

ਵਿਕਸਿਤ ਮੁਲਕਾਂ ਵਿੱਚ ਵੀ ਬੱਚੇ ਆਪਣੇ ਮਾਪਿਆਂ ਉੱਤੇ ਆਧਾਰਿਤ ਨਹੀਂ ਰਹਿੰਦੇ ਤੇ ਆਪ ਕੰਮ ਕਰ ਕੇ ਆਪਣਾ ਖ਼ਰਚ ਪੂਰਾ ਕਰਦੇ ਹਨ। ਇਸੇ ਲਈ ਮਾਪੇ ਵੀ ਆਪਣੀ ਜਮਾਂ ਪੂੰਜੀ ਆਪਣੀ ਮਰਜ਼ੀ ਨਾਲ ਕਿਸੇ ਸੰਸਥਾ ਨੂੰ ਦਾਨ ਦੇ ਕੇ ਆਪ ਬਜ਼ੁਰਗ ਘਰ ਵਿੱਚ ਰਹਿ ਲੈਂਦੇ ਹਨ।

ਵਿਆਹੁਤਾ ਰਿਸ਼ਤਿਆਂ ਵਿੱਚ ਝਾਤ ਮਾਰੀਏ ਤਾਂ ਇੱਥੇ ਵੀ ‘ਗਿਵ ਐਂਡ ਟੇਕ’ ਵਾਲਾ ਹੀ ਹਾਲ ਹੋ ਚੁੱਕਿਆ ਹੈ। ਜਿੰਨਾ ਦੂਜੇ ਲਈ ਕਰੋ, ਓਨਾ ਵਾਪਸ ਮਿਲਿਆ ਤਾਂ ਰਿਸ਼ਤਾ ਠੀਕ, ਨਹੀਂ ਤਾਂ ਤੋੜ ਵਿਛੋੜਾ !

ਇਨ੍ਹਾਂ ਸਾਰੀਆਂ ਮਿਸਾਲਾਂ ਵਿੱਚ ਪਿਆਰ ਬਦਲੇ ਪਿਆਰ ਨਾਲ ਹੀ ਰਿਸ਼ਤਿਆਂ ਵਿੱਚ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ। ਪੰਛੀਆਂ ਨੇ ਪਿਆਰ ਨਾਲ ਬੋਟ ਪਾਲ ਕੇ ਖੰਭ ਉੱਗਣ ਤੱਕ ਪੂਰਾ ਧਿਆਨ ਰੱਖਣਾ ਹੁੰਦਾ ਹੈ। ਜਿਉਂ ਹੀ ਬੋਟ ਆਪਹੁਦਰਾ ਹੋਣ ਲੱਗੇ ਤੇ ਆਖੇ ਲੱਗੇ ਬਗ਼ੈਰ ਆਲ੍ਹਣੇ ’ਚੋਂ ਬਾਹਰ ਉਡਾਰੀ ਮਾਰੇ ਤਾਂ ਉਸ ਅੱਗੇ ਦੋ ਹੀ ਰਾਹ ਹੁੰਦੇ ਹਨ। ਪਹਿਲਾ ਥੱਲੇ ਡਿੱਗ ਜਾਵੇ ਤੇ ਕਿਸੇ ਦੀ ਖ਼ੁਰਾਕ ਬਣ ਜਾਵੇ ਜਾਂ ਫੇਰ ਉਡਾਰੀ ਮਾਰ ਕੇ ਹੋਰ ਥਾਂ ਆਲ੍ਹਣਾ ਤਿਆਰ ਕਰੇ।

ਜੇ ਅਸੀਂ ਆਪੋ ਆਪਣੇ ਘਰਾਂ ਅੰਦਰ ਝਾਤ ਮਾਰੀਏ ਤਾਂ ਨੌਜਵਾਨ ਬੱਚੇ ਮਾਪਿਆਂ ਕੋਲੋਂ ਵਿੱਤੋਂ ਬਾਹਰ ਜਾ ਕੇ ਆਪਣੀਆਂ ਬੇਲੋੜੀਆਂ ਮੰਗਾਂ ਮੰਨਵਾਉਣ ਬਾਅਦ ਵੀ ਕਿਤੇ ਰੁਕਦੇ ਨਹੀਂ। ਅਠਾਰਾਂ ਵਰ੍ਹਿਆਂ ਦੀ ਉਮਰ ਪੂਰੀ ਹੋ ਜਾਣ ਬਾਅਦ ਵੀ ਮਹਿੰਗੇ ਕੋਰਸਾਂ ਦੀ ਫੀਸ ਮਾਪਿਆਂ ਕੋਲੋਂ ਹੀ ਭਾਲਦੇ ਹਨ। ਨਵੇਂ ਫੈਸ਼ਨਾਂ ਵਾਲੇ ਮਹਿੰਗੇ ਪਹਿਰਾਵੇ ਅਤੇ ਚਲਾਉਣ ਲਈ ਮਹਿੰਗੇ ਮੋਟਰਸਾਈਕਲ ਕਾਰਾਂ ਵੀ। ਇਸ ਤੋਂ ਬਾਅਦ ਵੀ ਜਾਇਦਾਦ ਉੱਤੇ ਪੂਰਾ ਹੱਕ ਮੰਨਦੇ ਹੋਏ ਮਾਪਿਆਂ ਨੂੰ ਘਰੋਂ ਬੇਦਖ਼ਲ ਕਰ ਦਿੰਦੇ ਹਨ ਜਾਂ ਬੇਇੱਜ਼ਤ ਕਰਦੇ ਰਹਿੰਦੇ ਹਨ।

ਨੌਜਵਾਨ ਬੱਚੇ ਹਰ ਤਰ੍ਹਾਂ ਦੀ ਖੁੱਲ੍ਹ ਅਤੇ ਮੌਜ ਮਸਤੀ ਨੂੰ ਆਪਣਾ ਹੱਕ ਮੰਨਦੇ ਹੋਏ ਆਖ਼ਰ ਕਿਉਂ ਆਪਣੇ ਫ਼ਰਜ਼ ਭੁੱਲ ਚੁੱਕੇ ਹਨ  ? ਜੇ ਉਹ ਪਾਲਤੂ ਜਾਨਵਰ ਨੂੰ ਕੀਤੇ ਪਿਆਰ ਦੇ ਬਦਲੇ ਪਿਆਰ ਭਾਲਦੇ ਹਨ, ਸਕੂਲਾਂ, ਕਾਲਜਾਂ ਵਿੱਚ ਸੱਭਿਆਚਾਰਕ ਮੁਖੌਟਾ ਚਾੜ੍ਹ ਕੇ, ਨੌਕਰੀ ਹਾਸਲ ਕਰ ਲੈਣ ਤੱਕ ਪੂਰੀ ਤਰ੍ਹਾਂ ਮਾਪਿਆਂ ਉੱਤੇ ਆਧਾਰਿਤ ਹੁੰਦਿਆਂ ਹਰ ਮੰਗ ਮੰਨਵਾਉਂਦੇ ਹਨ, ਤਾਂ ਫੇਰ ਮਾਪਿਆਂ ਦੇ ਪਿਆਰ ਦੇ ਹੁੰਗਾਰੇ ਦੇ ਬਦਲੇ ਨਫ਼ਰਤ ਤੇ ਖਿੱਝ ਕਿਉਂ ਮੋੜ ਰਹੇ ਹਨ ?

ਕੀ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਮਾਪਿਆਂ ਦੀ ਦੇਣ ਦੇ ਸਕਦੇ ਹਨ ? ਜੇ ਆਪਣੇ ਪਿਆਰੇ ਦੋਸਤ ਵੱਲੋਂ ਬੋਲੇ ਮਾੜੇ ਬੋਲ ਉਨ੍ਹਾਂ ਦਾ ਦਿਲ ਛਲਣੀ ਕਰਦੇ ਹਨ ਤਾਂ ਜਦੋਂ ਬੱਚਿਆਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਉਨ੍ਹਾਂ ਦੇ ਮਾਪਿਆਂ ਦਾ ਹਿਰਦਾ ਚੀਰਦੀ ਹੈ, ਉਸ ਪੀੜ ਨੂੰ ਮਹਿਸੂਸ ਕਰਨ ਤੋਂ ਇਨਕਾਰੀ ਕਿਉਂ ਹੋ ਜਾਂਦੇ ਹਨ ?

ਕੋਈ ਪਿਓ ਆਪਣੇ ਪੁੱਤਰ ਦੀਆਂ ਨਾਜਾਇਜ਼ ਮੰਗਾਂ ਪੂਰੀਆਂ ਕਰਦਾ ਕਰਜ਼ੇ ਹੇਠ ਡੁੱਬ ਕੇ ਫਾਹਾ ਲੈ ਲਵੇ ਤਾਂ ਜਾਇਜ਼ ਹੈ ਪਰ ਸਿੱਧੇ ਮੂੰਹ ਅਦਬ ਤੇ ਇੱਜ਼ਤ ਨਾਲ ਉਸੇ ਪਿਓ ਨਾਲ ਗੱਲ ਕਰਨ ਜਾਂ ਪਾਣੀ ਦਾ ਗਲਾਸ ਖਿੜੇ ਮੱਥੇ ਫੜਾਉਣ ਨੂੰ ਸਾਡੀ ਅੱਜ ਦੀ ਔਲਾਦ ਤਿਆਰ ਨਹੀਂ ਹੈ।

ਮਾਂ ਪਿਓ ਦੀ ਦੋਸਤੀ ਅਤੇ ਲਾਡ ਦਾ ਨਾਜਾਇਜ਼ ਫਾਇਦਾ ਉਠਾਉਂਦੀ ਹੋਈ ਅੱਜ ਦੀ ਨੌਜਵਾਨ ਪੌਦ (ਪਨੀਰੀ) ਇਹ ਭੁੱਲ ਚੁੱਕੀ ਹੈ ਕਿ ਅੱਗੋਂ ਉਨ੍ਹਾਂ ਦੀ ਔਲਾਦ ਵੀ ਇਸ ਤੋਂ ਦੋ ਕਦਮ ਅੱਗੇ ਚੱਲੇਗੀ ਤੇ ਇੰਜ ਹੀ ਉਨ੍ਹਾਂ ਦੇ ਪਾਣੀ ਮੰਗਣ ਉੱਤੇ ਝੁੰਜਲਾ ਉੱਠੇਗੀ ! ਕੀ ਅੱਜ ਦੇ ਨੌਜਵਾਨ ਆਪਣੇ ਬੱਚਿਆਂ ਤੋਂ ਅਜਿਹਾ ਵਤੀਰਾ ਚਾਹੁੰਦੇ ਹਨ ? ਜੇ ਨਹੀਂ, ਤਾਂ ਫੇਰ ਆਪਣੇ ਮਾਪਿਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਪਵੇਗਾ।  ਜਦੋਂ ਮਾਪੇ ਰਹੇ ਹੀ ਨਾ, ਉਦੋਂ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ।

ਜੇ ਕੋਈ ਨੌਜਵਾਨ ਆਪਣੇ ਹੱਕਾਂ ਬਾਰੇ ਜਾਣੂੰ ਹੈ, ਸਾਰੇ ਸੁੱਖ ਵਿੱਤੋਂ ਬਾਹਰ ਜਾ ਕੇ ਵੀ ਹਾਸਲ ਕਰਨਾ ਚਾਹੁੰਦਾ ਹੈ ਤੇ ਐਸ਼ੋ ਆਰਾਮ ਲਈ ਪਿਓ ਨੂੰ ਚੂੰਢ ਰਿਹਾ ਹੈ ਤਾਂ ਚੇਤੇ ਰੱਖੇ ਕਿ ਉਸ ਦੀ ਔਲਾਦ ਬਿਲਕੁਲ ਇਹੋ ਕੁੱਝ ਉਸ ਨਾਲ ਕਰਨ ਵਾਲੀ ਹੈ। ਇਹ ਸਭ ਵਿਸ਼ਵੀਕਰਨ ਦੀ ਦੇਣ ਹੈ। ਅਸੀਂ ਸਭ ਮਾੜੀਆਂ ਗੱਲਾਂ ਛੇਤੀ ਸਿੱਖ ਲਈਆਂ ਹਨ ਪਰ ਚੰਗੀਆਂ ਨਹੀਂ ਅਪਣਾਈਆਂ। ਦੇਰ ਰਾਤ ਦੀਆਂ ਪਾਰਟੀਆਂ, ਨਸ਼ੇ, ਸ਼ਰਾਬਾਂ, ਮਹਿੰਗੀਆਂ ਕਾਰਾਂ ਤੇ ਮੋਟਰਸਾਈਕਲ, ਮਹਿੰਗੀਆਂ ਐਨਕਾਂ, ਬੂਟ, ਕੱਪੜੇ, ਟੌਹਰ, ਫੈਸ਼ਨ, ਕੈਨੇਡਾ ਦੇ ਗੇੜੇ, ਆਦਿ ਸਭ ਜਣੇ ਮੰਗਦੇ ਹਨ ਪਰ ਆਪਣੇ ਹੱਥੀਂ ਮਿਹਨਤ ਕਰ ਕੇ ਨਹੀਂ।

ਲੋੜ ਹੈ ਅੱਜ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਕੋਲੋਂ ਹੱਥੀਂ ਕੰਮ ਕਰਵਾਉਣ ਦੀ। ਘਰ ਦੇ ਕੰਮ ਕਾਰ ਵਿੱਚ ਮਦਦ, ਰੋਜ਼ ਘੱਟੋ-ਘੱਟ ਤਿੰਨ ਘੰਟੇ ਜ਼ਰੂਰ ਕਿਸੇ ਛੋਟੇ ਮੋਟੇ ਕੰਮ ਵਿੱਚ ਲੱਗ ਕੇ ਆਪਣੀ ਮਿਹਨਤ ਦੀ ਕਮਾਈ ਕਰਨ, ਉਸੇ ਕਮਾਈ ਵਿੱਚੋਂ ਆਪਣੇ ਸ਼ੌਕ ਪੂਰੇ ਕਰਨ ਅਤੇ ਆਪਣੀ ਪੜ੍ਹਾਈ ਚਾਲੂ ਰੱਖਣ ਤਾਂ ਉਨ੍ਹਾਂ ਨੂੰ ਛੇਤੀ ਸਮਝ ਆ ਜਾਏਗੀ ਕਿ ਮਾਪੇ ਕਿੰਨੀ ਮਿਹਨਤ ਨਾਲ ਉਨ੍ਹਾਂ ਨੂੰ ਪਾਲ਼ ਰਹੇ ਹਨ ਤੇ ਬਦਲੇ ਵਿੱਚ ਸਿਰਫ਼ ਇੱਜ਼ਤ ਤੇ ਪਿਆਰ ਮੰਗਦੇ ਹਨ, ਹੋਰ ਕੁੱਝ ਨਹੀਂ।

ਜਾਇਦਾਦਾਂ ਜਮਾਂ ਕਰਨੀਆਂ ਹੀ ਪੁਆੜੇ ਦੀ ਜੜ੍ਹ ਬਣ ਰਹੀਆਂ ਹਨ, ਰਿਸ਼ਤਿਆਂ ਵਿੱਚ ਫਿੱਕ ਵੀ ਪਾ ਰਹੀਆਂ ਹਨ ਤੇ ਪੁੱਤਰਾਂ ਧੀਆਂ ਹੱਥੋਂ ਮਾਪਿਆਂ ਦਾ ਕਤਲ ਵੀ ਕਰਵਾ ਰਹੀਆਂ ਹਨ।

ਏਸੇ ਲਈ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ 18 ਵਰ੍ਹੇ ਦੀ ਉਮਰ ਪੂਰੀ ਕਰਦੇ ਸਾਰ ਕਿਰਤ ਕਰਨ ਦੀ ਆਦਤ ਪਾਈਏ ਤੇ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਸ਼ੌਕ ਪੂਰੇ ਕਰਨ ਦੀ ਵੀ। ਇੰਜ ਸਾਡੇ ਗੱਭਰੂ ਖੇਤਾਂ ਵਿੱਚ ਵੀ ਕੰਮ ਕਰਨਗੇ ਤੇ ਫੈਕਟਰੀਆਂ ਜਾਂ ਦੁਕਾਨਾਂ ਵਿੱਚ ਵੀ ! ਉਨ੍ਹਾਂ ਨੂੰ ਜਿੱਥੇ ਮਾਪਿਆਂ ਦੀ ਘਾਲਣਾ ਬਾਰੇ ਸਮਝ ਆਏਗੀ, ਉੱਥੇ ਹੀ ਕਿਰਤ ਕਰਨ ਵਾਲਿਆਂ ਪ੍ਰਤੀ ਮਨਾਂ ਵਿੱਚ ਇੱਜ਼ਤ ਵੀ ਬਣ ਜਾਏਗੀ। ਇੰਜ ਕਿਸੇ ਵੀ ਕੰਮ ਨੂੰ ਨੀਵਾਂ ਜਾਂ ਕੰਮ ਕਰਨ ਵਾਲੇ ਨੂੰ ਨੀਵਾਂ ਨਹੀਂ ਮੰਨਿਆ ਜਾਵੇਗਾ ਤੇ ਅਜਿਹੀ ਚੰਗੀ ਸੋਚ ਮਨਾਂ ਵਿਚਲੇ ਊਚ-ਨੀਚ ਦੇ ਵਿਤਕਰੇ ਦੂਰ ਕਰਨ ਵਿੱਚ ਸਹਾਈ ਹੋਵੇਗੀ।

ਭਾਵੇਂ ਜਾਪੇ ਕਿ ਇਹ ਨਾਮੁਮਕਿਨ ਕਿਉਂਕਿ ਅਸੀਂ ਅੱਜ ਕੱਲ੍ਹ ਮੰਦਰਾਂ ਗੁਰਦੁਆਰਿਆਂ ਜਾਂ ਮਸੀਤਾਂ ਵਿੱਚ ਆਪਣੇ ਮੱਥਿਆਂ ਦੀ ਕੀਮਤ ਵਸੂਲਣ ਲੱਗ ਪਏ ਹਾਂ। ਰੁਪਏ ਦਾ ਮੱਥਾ ਟੇਕ ਕੇ ਪੂਰੀ ਲਿਸਟ ਰੱਬ ਅੱਗੇ ਧਰ ਦਿੰਦੇ ਹਾਂ-ਮੇਰਾ ਕਾਰੋਬਾਰ, ਮੇਰੀ ਸਿਹਤ, ਮੇਰਾ ਵੱਡਾ ਘਰ, ਮੇਰੀ ਨੌਕਰੀ, ਮੇਰੀ ਤਰੱਕੀ, ਮੇਰਾ ਇਮਤਿਹਾਨ, ਆਦਿ ਵਿੱਚ ਫ਼ਾਇਦਾ ਤੇ ਵਾਧਾ ਜ਼ਰੂਰ ਕਰੀਂ ! ਸਾਡੀ ਸੋਚ ਹੀ ਮਿਹਨਤ ਕਰਨ ਤੋਂ ਮੁਨਕਰ ਹੋ ਕੇ ਕਰਾਮਾਤਾਂ ਤੱਕ ਸੀਮਤ ਹੋ ਚੁੱਕੀ ਹੈ ! ਜਦੋਂ ਅਸੀਂ ਸ਼ੁਕਰਾਨਾ ਕਰਨਾ ਸਿੱਖ ਗਏ-ਭਾਵੇਂ ਰੱਬ ਦਾ ਤੇ ਭਾਵੇਂ ਮਾਪਿਆਂ ਦਾ ਜਾਂ ਦੋਸਤਾਂ ਦਾ, ਤਾਂ ਉਦੋਂ ਹੀ ਆਪਣੇ ਅੰਦਰ ਤੇ ਸਮਾਜ ਵਿਚਲੀ ਤਬਦੀਲੀ ਮਹਿਸੂਸ ਕਰਨ ਲੱਗ ਪਵਾਂਗੇ।

ਸਾਰ ਇਹੋ ਹੈ ਕਿ ਨੌਜਵਾਨ ਆਪਣੇ ਸਿਰਫ਼ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਬਲਕਿ ਫਰਜ਼ਾਂ ਨੂੰ ਵੀ ਪਛਾਣਨ। ਮਾਪਿਆਂ ਵੱਲੋਂ ਬਿਨਾਂ ਕਿਸੇ ਸ਼ਰਤਾਂ ਉੱਤੇ ਮਿਲੇ ਪਿਆਰ ਤੇ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਦੇ ਪੈਸਿਆਂ ਦੇ ਬਦਲੇ ਰੱਜ ਕੇ ਇੱਜ਼ਤ ਤੇ ਪਿਆਰ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਅੱਗੋਂ ਇਹੋ ਰਸਤਾ ਚੁਣਨ !

ਕੁੱਝ ਨੁਕਤੇ ਨੌਜਵਾਨਾਂ ਲਈ :-

1. ਆਪਣੇ ਨਾਲ ਮਾੜਾ ਕਰਨ ਵਾਲੇ ਪ੍ਰਤੀ ਮਨ ਵਿੱਚ ਕੌੜ ਨਾ ਭਰੋ। ਤੁਹਾਡੇ ਨਾਲ ਸਿਰਫ਼ ਤੇ ਸਿਰਫ਼ ਚੰਗਾ ਕਰਦੇ ਰਹਿਣ ਦੀ ਕੋਸ਼ਿਸ਼ ਕੇਵਲ ਮਾਪੇ ਹੀ ਕਰ ਸਕਦੇ ਹਨ। ਹੋਰਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੈ।

2. ਜੇ ਮਾਪਿਆਂ ਤੋਂ ਇਲਾਵਾ ਕੋਈ ਤੁਹਾਡੇ ਨਾਲ ਸਿਰਫ਼ ਚੰਗਾ ਵਿਹਾਰ ਕਰ ਰਿਹਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਤੁਹਾਨੂੰ ਪਸੰਦ ਹੀ ਕਰ ਰਿਹਾ ਹੈ। ਇਸ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਹੋਵੇਗਾ।

3. ਇਹ ਜ਼ਿੰਦਗੀ ਥੁੜ ਚਿਰੀ ਹੈ ਤੇ ਇੱਥੇ ਕੁੱਝ ਵੀ ਸਦੀਵੀ ਨਹੀਂ। ਏਸੇ ਲਈ ਮਾਪਿਆਂ ਵੱਲੋਂ ਚੜ੍ਹੇ ਕਰਜ਼ੇ ਦਾ ਕੁੱਝ ਫੀਸਦ ਹਿੱਸਾ ਉਨ੍ਹਾਂ ਦੇ ਜੀਉਂਦੇ ਜੀਅ ਲਾਹ ਦੇਣਾ ਚਾਹੀਦਾ ਹੈ। ਬਾਅਦ ਵਿੱਚ ਸਿਰਫ਼ ਪਛਤਾਵਾ ਬਚਦਾ ਹੈ।

4. ਮਾਂ ਤੇ ਪਿਓ ਨੂੰ ਰੋਜ਼ ਇੱਕ ਵਾਰ ਘੁੱਟ ਕੇ ਪਾਈ ਜੱਫੀ ਤੇ ਰੋਜ਼ ਇੱਕ ਵਾਰ ਪੈਰਾਂ ਨੂੰ ਹੱਥ ਲਾਉਣ ਨਾਲ ਬਿਨਾਂ ਕਹੇ ਸਾਰੇ ਮਨ ਮੁਟਾਵ ਦੂਰ ਕੀਤੇ ਜਾ ਸਕਦੇ ਹਨ।

5. ਛੇਤੀ ਅਮੀਰ ਹੋਣ ਦੇ ਸੁਫ਼ਨੇ ਨਹੀਂ ਲੈਣੇ ਚਾਹੀਦੇ। ਇਹੋ ਜਿਹੀਆਂ ਪੌੜੀਆਂ ਜੋ ਰਾਤੋ ਰਾਤ ਅਮੀਰ ਬਣਾ ਦੇਣ, ਰੇਤ ਦੀਆਂ ਹੁੰਦੀਆਂ ਹਨ ਤੇ ਛੇਤੀ ਹੀ ਜ਼ਮੀਨ ਉੱਤੇ ਮੂਧਾ ਲਿਆ ਮਾਰਦੀਆਂ ਹਨ। ਇਸੇ ਲਈ ਸਹਿਜੇ-ਸਹਿਜੇ ਸੁਫ਼ਨੇ ਪੂਰਾ ਕਰਨ ਦਾ ਆਨੰਦ ਮਾਣਨਾ ਚਾਹੀਦਾ ਹੈ।

6. ਦੂਜੇ ਜਨਮ ਦਾ ਇੰਤਜ਼ਾਰ ਛੱਡ ਦਿਓ। ਕਿੰਨਾ ਵੀ ਜ਼ੋਰ ਲਾ ਲਵੋ ਇਸ ਜਨਮ ਦੇ ਮਾਪੇ ਦੁਬਾਰਾ ਨਹੀਂ ਮਿਲਣੇ। ਇਨ੍ਹਾਂ ਦਾ ਰਿਣ ਇਸੇ ਜਨਮ ਵਿੱਚ ਲਾਹੁਣ ਦੀ ਕੋਸ਼ਿਸ਼ ਕਰ ਲਵੋ ਤੇ ਜਿੰਨਾ ਵੀ ਸਮਾਂ ਬਚਿਆ ਹੈ, ਹਰ ਪਲ ਵਿਚਲਾ ਪਿਆਰ ਰੱਜ ਕੇ ਮਾਣ ਲਵੋ ! ਅਜਿਹੀ ਬੇਸ਼ਕੀਮਤੀ ਦੌਲਤ ਦੁਬਾਰਾ ਕਦੇ ਹਾਸਲ ਨਹੀਂ ਹੋਣੀ। ਯਾਦ ਰੱਖਿਓ, ਤੁਹਾਡੇ ਮਾਪਿਆਂ ਦੀਆਂ ਅੱਖਾਂ ’ਚੋਂ ਡਿੱਗੇ ਹੰਝੂ ਤੁਹਾਡੇ ਬੱਚਿਆਂ ਨੇ ਤੁਹਾਨੂੰ ਦੁਗਣੇ ਕਰ ਕੇ ਮੋੜਨੇ ਹਨ !

7. ਸਾਡੀ ਮਾਂ ਨੇ ਸਾਨੂੰ ਆਪਣੇ ਲਹੂ ਨਾਲ ਪਾਲ਼ ਕੇ ਜੰਮਿਆ ਹੈ। ਸਾਡੇ ਉੱਤੇ ਆਏ ਖ਼ਤਰੇ ਸਾਰੇ ਆਪ ਝੱਲੇ ਹਨ। ਸਾਨੂੰ ਤੁਰਨ ਜੋਗਾ ਤੇ ਜੀਊਣ ਜੋਗਾ ਬਣਾਇਆ ਹੈ। ਸਾਡੇ ਅੰਦਰ ਉਸੇ ਦਾ ਲਹੂ ਦੌੜ ਰਿਹਾ ਹੈ ਤੇ ਉਹੀ ਜੀਨ ਅੱਗੋਂ ਸਾਡੇ ਬੱਚਿਆਂ ਵਿੱਚ ਵੀ ਜਾਣੇ ਹਨ। ਜੇ ਸਾਡੀ ਹੋਂਦ ਹੀ, ਮਾਂ ਕਰ ਕੇ ਹੈ ਤਾਂ ਕੀ ਰੋਜ਼ ਦਿਨ ਵਿੱਚ ਇੱਕ ਵਾਰ ਉਸੇ ਮਾਂ ਨੂੰ ਘੁੱਟ ਕੇ ਗਲ ਨਾਲ ਲਾਉਣਾ ਸਾਡਾ ਫਰਜ਼ ਨਹੀਂ ਹੈ।

ਅੰਤ ਵਿੱਚ ਸਿਰਫ਼ ਇਹੀ ਕਹਿਣਾ ਹੈ ਕਿ ਸਾਡੀ ਮਾਂ ਸਾਡੇ ਬਚਪਨ ਵਿੱਚ ਸਾਡੇ ਲਈ ਸਾਰਾ-ਸਾਰਾ ਦਿਨ ਪਾਣੀ ਲਿਆਉਂਦਿਆਂ ਥੱਕਦੀ ਨਹੀਂ ਸੀ ਅਤੇ ਪਿਤਾ ਵੀ ਸਾਡੀਆਂ ਮੰਗੀਆਂ ਖੇਡਾਂ ਖਰੀਦਣ ਲਈ ਪੂਰੀ ਜਵਾਨੀ ਮਿਹਨਤ ਕਰਦਾ ਰਿਹਾ ਹੈ ਤਾਂ ਕੀ ਇਸ ਦੇ ਬਦਲੇ ਉਨ੍ਹਾਂ ਨੂੰ ਤਿਰਸਕਾਰ ਦੇਣਾ ਜਾਇਜ਼ ਹੈ ?

ਜੇ ਕੋਈ ਕਰਾਮਾਤ ਵਾਪਰਦੀ ਵੇਖਣੀ ਹੈ ਤਾਂ ਹੁਣੇ ‘‘ਆਈ ਲਵ ਯੂ ਮੰਮੀ ਜੀ ! ਪਾਪਾ ਜੀ !’’ ਕਹਿ ਕੇ ਵੇਖ ਲਵੋ।