27.8 C
Jalandhar
Saturday, April 4, 2026
spot_img
Home Blog Page 46

ਮੂਰਖ ਸਿਉ ਬੋਲੇ ਝਖ ਮਾਰੀ ॥

0

ਮੂਰਖ ਸਿਉ ਬੋਲੇ ਝਖ ਮਾਰੀ ॥

ਕਿਰਪਾਲ ਸਿੰਘ ਬਠਿੰਡਾ-88378-13661 

 ਮਿਤੀ 3-10-2021 ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਹੋਈ ਸਿੱਖ ਇਤਿਹਾਸ ਵਿਸ਼ਵ ਕਾਨਰੰਸ ਸਮੇਂ ਆਪਣੇ ਆਪ ਨੂੰ ਡਾ: ਸਮਝਣ ਵਾਲੇ ਡਾ. ਅਨੁਰਾਗ ਸਿੰਘ ਜੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਫੇਸਬੁੱਕ ਪੇਜ਼ ’ਤੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ’ਚੋਂ ਸਤੰਬਰ 1752 ਦਾ ਪੰਨਾ ਪਾ ਕੇ ਸਵਾਲ ਕੀਤੈ ਕਿ ਉਸ ਨੇ 14 ਸਤੰਬਰ 1752 ਨੂੰ ਦਿਨ ਵੀਰਵਾਰ ਲਿਖਿਆ ਹੈ ਜਦੋਂ ਕਿ ਸੋਮਵਾਰ ਹੋਣਾ ਚਾਹੀਦਾ ਸੀ ? ਜਵਾਬ ’ਚ ਸ: ਪੁਰੇਵਾਲ ਜੀ ਨੇ ਦਸਵੀਂ ਕਲਾਸ ’ਚ ਅੰਕ ਗਣਿਤ ਦੇ ਸਿਲੇਬਸ ਵਿੱਚ ਦਿੱਤੇ ਗਏ ਤਰੀਕੇ ਨਾਲ ਕੈਲਕੂਲੇਟ ਕਰ ਵਿਖਾ ਦਿੱਤਾ ਕਿ 14 ਸਤੰਬਰ 1752 ਗ੍ਰੈਗੋਰੀਅਨ ਨੂੰ ਦਿਨ ਵੀਰਵਾਰ ਆਉਂਦੈ, ਨਾ ਕਿ ਸੋਮਵਾਰ। ਉਨ੍ਹਾਂ ਨੇ ਕੰਨੂਪਿੱਲੇ ਦੀ ਜੰਤਰੀ ਦਾ ਭੀ ਸਤੰਬਰ 1752 ਦਾ ਪੰਨਾ, ਇੰਨਟਰਨੈੱਟ ਤੋਂ ਤਿਆਰ ਕੀਤੇ ਸਤੰਬਰ 1752 ਦੇ ਕੈਲੰਡਰ ਦੀ ਫ਼ੋਟੋ,  Dershowiz ਅਤੇ Reingold ਦੇ ਸੌਫ਼ਟਵੇਅਰ ਰਾਹੀਂ 14 ਸਤੰਬਰ 1752 ਦੇ ਕੱਢੇ ਗਏ ਦਿਨ ਦੇ ਸਕਰੀਨ ਸ਼ਾਟ ਸਮੇਤ ਚਾਰ ਸਬੂਤਾਂ ਰਾਹੀਂ ਆਪਣੇ ਵੱਲੋਂ ਦਰਸਾਇਆ ਦਿਨ ਵੀਰਵਾਰ ਸਹੀ ਸਿੱਧ ਕੀਤਾ ਹੈ। ਹੁਣ ਤੁਸੀਂ ਇਸ ਨੂੰ ਠੀਕ ਮੰਨਦੇ ਹੋ ਜਾਂ ਗ਼ਲਤ ?, ਪਰ ਉਹ ਫਿਰ ਭੀ 14 ਸਤੰਬਰ ਨੂੰ ਸੋਮਵਾਰ ਕਹਿਣ ’ਤੇ ਅੜੇ ਰਹੇ। ਇਸ ਉਪਰੰਤ ਜੋ ਉਸ ਨਾਲ਼ ਸਵਾਲ ਜਵਾਬ ਹੋਏ ਉਹ ਸੰਖੇਪ ਰੂਪ ’ਚ ਹੇਠਾਂ ਦਿੱਤੇ ਜਾ ਰਹੇ ਹਨ। ਵੈਸੇ ‘ਇੱਲ ਦਾ ਜਵਾਬ ਕੁਕੜ’ ਦੇਣ ਵਾਲੇ ਡਾ. ਅਨੁਰਾਗ ਸਿੰਘ ਨੇ ਸ: ਪੁਰੇਵਾਲ ਜੀ ਨੂੰ ਚੈਲੰਜ ਭੀ ਕਰ ਦਿੱਤੈ ਕਿ ਉਹ 5 ਲੱਖ ਡਾਲਰ ਜਮ੍ਹਾਂ ਕਰਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀਚਾਰ ਚਰਚਾ ਲਈ ਆਉਣ ਅਤੇ ਫ਼ੈਸਲਾ ਅਕਾਲ ਤਖ਼ਤ ਦਾ ਜਥੇਦਾਰ ਕਰੇਗਾ, ਜੋ ਖ਼ੁਦ ਕੈਲੰਡਰ ਗਿਆਨ ਤੋਂ ਵਾਕਫ਼ ਨਹੀਂ ਹੈ।

ਅਨੁਰਾਗ ਸਿੰਘ : ਪਾਲ ਸਿੰਘ ਪੁਰੇਵਾਲ ਨੂੰ ਇੱਥੇ ਆ ਕੇ ਕੀ ਤਕਲੀਫ ਹੁੰਦੀ ਹੈ ? ਬੁਲਾ ਲਵੋ ਇੱਥੇ। ਹੁਣ 5,00,000/ ਜਮ੍ਹਾ ਕਰਵਾਏ; ਘੋਸ਼ਿਤ ਇਨਾਮ ਲਈ ਅਕਾਲ ਤਖ਼ਤ ਸਾਹਿਬ ’ਤੇ ਖੁੱਲ੍ਹੀ ਬਹਿਸ ਹੋਵੇਗੀ।

ਜਵਾਬ: ਜਦ ਉਹ ਦਸਵੀਂ ਦੇ ਸਿਲੇਬਸ ਰਾਹੀਂ ਸਪਸ਼ਟ ਕਰ ਗਏ ਅਤੇ ਤਿੰਨ ਹੋਰ ਸਬੂਤ ਭੀ ਦੇ ਦਿੱਤੇ ਤਾਂ ਫਿਰ ਪੰਜਾਬ ਬੁਲਾ ਕੇ ਉਨ੍ਹਾਂ ਪਾਸੋਂ ਹੋਰ ਕੀ ਸਬੂਤ ਚਾਹੀਦੈ। ਜਾਂ ਤਾਂ ਤੁਸੀਂ, ਉਨ੍ਹਾਂ ਵੱਲੋਂ ਵਰਤਿਆ ਗਣਿਤ ਅਤੇ ਦਿੱਤੀਆਂ ਮਿਸਾਲਾਂ ਗ਼ਲਤ ਸਾਬਤ ਕਰੋ ਜਾਂ ਸਵੀਕਾਰ ਕਰ ਲਓ ਕਿ 14 ਸਤੰਬਰ 1752 ਨੂੰ ਵੀਰਵਾਰ ਹੈ, ਨਾ ਕਿ ਸੋਮਵਾਰ।

ਅਨੁਰਾਗ ਸਿੰਘ : ਕੰਨੂਪਿੱਲੇ ਨੇ 1699 ਦੀ ਵੈਸਾਖੀ ਨੂੰ 30 ਮਾਰਚ ਲਿਖਿਐ। ਉਸ ਦੀ ਮਿਸਾਲ ਦੇਣ ਵਾਲੇ ਪੁਰੇਵਾਲ ਨੇ 29 ਮਾਰਚ ਕਿਉਂ ਲਿਖੀ ਹੈ ?

ਜਵਾਬ: ਕੰਨੂਪਿੱਲੇ ਤਾਮਿਲਨਾਡੂ ਦਾ ਵਸਨੀਕ ਸੀ। ਓਥੋਂ ਦੇ ਨਿਯਮਾਂ ਮੁਤਾਬਕ ਜੰਤਰੀ ਬਣਾਈ ਹੈ, ਇਸ ਲਈ 30 ਮਾਰਚ ਗ਼ਲਤ ਨਹੀਂ, ਪਰ ਪੰਜਾਬ ਦੇ ਕੈਲੰਡਰ ਨਿਯਮਾਂ ਮਤਾਬਕ 29 ਮਾਰਚ ਸਹੀ ਹੈ।

ਅਨੁਰਾਗ ਸਿੰਘ : ਨਹੀ, ਸਾਰੇ ਭਾਰਤ ’ਚ ਬਿਕ੍ਰਮੀ ਕੈਲੰਡਰ ਹੀ ਲਾਗੂ ਹੋਣ ਕਰਕੇ ਇੱਕੋ ਤਾਰੀਖ਼ ਹੁੰਦੀ ਹੈ।

ਜਵਾਬ : ਐੱਨ. ਸੀ. ਲਹਿਰੀ ਵੱਲੋਂ ਤਿਆਰ ਕੀਤੀ Lahiri’s Indian Ephemeris 2021 ਦੇ ਪੰਨਾ ਨੰ: 11 ਦੀ ਫੋਟੋ ਦਿੱਤੀ ਜਾ ਰਹੀ ਹੈ, ਜਿਸ ਦੇ ਇੱਕੋ ਚਾਰਟ ’ਚ ਭਰਤ ਦੇ ਵੱਖ ਵੱਖ ਸੂਬਿਆਂ ਦੇ ਪ੍ਰਚਲਿਤ ਕੈਲੰਡਰ ਨਿਯਮਾਂ ਮੁਤਾਬਕ ਬਿਕ੍ਰਮੀ ਮਹੀਨਿਆਂ ਦੀ ਅਰੰਭਤਾ (ਸੰਗਰਾਂਦ) ਭੀ ਵੱਖ ਵੱਖ ਦਰਜ ਹੈ। ਇਸ ਮੁਤਾਬਕ ਤਾਮਿਲਨਾਡੂ ਅਤੇ ਪੰਜਾਬ ਦੀਆਂ ਕੁੱਝ ਸੰਗਰਾਂਦਾਂ ਮਿਲਦੀਆਂ ਹਨ, ਪਰ ਕਈਆਂ ’ਚ ਇੱਕ ਦਿਨ ਦਾ ਫ਼ਰਕ ਭੀ ਹੈ। ਪੱਛਮੀ ਬੰਗਾਲ ’ਚ ਇੱਕ ਜਾਂ ਦੋ ਦਿਨਾਂ ਦਾ ਫ਼ਰਕ ਹੈ। ਕੇਰਲਾ ਦੀਆਂ ਸੰਗਰਾਂਦਾਂ ਇਨ੍ਹਾਂ ਤਿੰਨੇ ਸੂਬਿਆਂ ਨਾਲੋਂ ਕੁੱਝ ਭਿੰਨ ਅਤੇ ਕੁਝ ਇੱਕ ਸਮਾਨ ਹਨ। ਇਸ ਸਾਲ 2021 ’ਚ ਵਾਰਾਨਸੀ ਤੋਂ ਛਪੀ ਚਿੰਤਾਹਰਣ ਪੰਚਾਂਗ ’ਚ ੧ ਵੈਸਾਖ; 14 ਅਪ੍ਰੈਲ ਨੂੰ ਹੈ ਪਰ ਪੰਜਾਬ ’ਚ ਛਪੀ ਪਿੰਗਲਵਾੜਾ ਜੰਤਰੀ ’ਚ ੧ ਵੈਸਾਖ; 13 ਅਪ੍ਰੈਲ ਨੂੰ ਹੈ ਕਿਉਂਕਿ ਵਾਰਾਨਸੀ ’ਚ ਛਪਣ ਵਾਲੀ ਪੰਚਾਂਗ ਸੂਰਜੀ ਸਿਧਾਂਤ ਆਧਾਰਿਤ ਹੈ, ਜੋ ਕਿ ਗੁਰੂ ਕਾਲ ਸਮੇਂ ਪ੍ਰਚਲਿਤ ਸੀ, ਪਰ ਪੰਜਾਬ ’ਚ ਯੰਤਰੀ ਦ੍ਰਿਕ ਗਣਿਤ ਆਧਾਰਿਤ ਹੈ, ਜੋ 1964 ਵਿੱਚ ਹਿੰਦੂਆਂ ਵੱਲੋਂ ਸੋਧਿਆ ਗਿਆ ਹੈ। ਗੁਰੂ ਸਾਹਿਬਾਨ ਸਮੇਂ ਪ੍ਰਚਲਿਤ ਕੈਲੰਡਰ ਕਿਉਂ ਛੱਡੀਏ ? ਦੀ ਰੱਟ ਲਾਉਣ ਵਾਲਿਆਂ ਨੇ ਆਪ ਹੀ 1964 ’ਚ ਸੋਧਿਆ ਕੈਲੰਡਰ ਅਪਣਾਅ ਲਿਆ ਤੇ ਸੂਰਜ ਆਧਾਰਿਤ ਗੁਰੂ ਕਾਲ ਵਾਲ਼ਾ ਬਿਕ੍ਰਮੀ ਕੈਲੰਡਰ ਤਿਆਗ ਦਿੱਤਾ। ਦੂਜੇ ਪਾਸੇ ਸਿੱਖਾਂ ਵੱਲੋਂ ਸੰਨ 1999 ’ਚ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਤੋਂ ਇਨਕਾਰੀ ਭੀ ਹਨ।

ਅਨੁਰਾਗ ਸਿੰਘ : ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਦੀ ਨਕਲ ਹੈ।

ਜਵਾਬ : ਸਾਕਾ ਕੈਲੰਡਰ ਮੁਤਾਬਕ ਚੇਤ ਮਹੀਨਾ ਕਿਸੇ ਸਾਲ 22 ਮਾਰਚ ਨੂੰ ਆਰੰਭ ਹੁੰਦੈ ਅਤੇ ਕਿਸੇ ਸਾਲ 21 ਮਾਰਚ ਨੂੰ। ਚੇਤ ਮਹੀਨਾ ਕਿਸੇ ਸਾਲ 30 ਦਿਨਾਂ ਦਾ ਹੁੰਦੈ ਅਤੇ ਕਿਸੇ ਸਾਲ 31 ਦਿਨ ਦਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਹਰ ਸਾਲ 14 ਮਾਰਚ ਨੂੰ ਆਰੰਭ ਹੁੰਦਾ ਹੈ ਅਤੇ ਚੇਤ ਮਹੀਨਾ ਹਰ ਸਾਲ 31 ਦਿਨਾਂ ਦਾ ਹੈ, ਇਸ ਲਈ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਦੀ ਨਕਲ ਕਿਵੇਂ ਹੋਇਆ ?

ਅਨੁਰਾਗ ਸਿੰਘ : ਸਾਕਾ ਕੈਲੰਡਰ ਤਾਂ ਭਾਰਤ ਸਰਕਾਰ ਨੇ 2012 ’ਚ ਬੰਦ ਕਰ ਦਿੱਤਾ।

ਜਵਾਬ : ਉਕਤ ਸਵਾਲ ਅਨੁਰਾਗ ਸਿੰਘ ਨੂੰ ਕੈਲੰਡਰ ਗਿਆਨ ਤੋਂ ਨਾਸਮਝ ਸਾਬਤ ਕਰਦਾ ਹੈ; ਇੱਥੇ ਕਲਕੱਤਾ (ਪੱਛਮੀ ਬੰਗਾਲ) ’ਚ ਛਪੀ ਪੰਚਾਂਗ Lahiri’s Indian Ephemeris 2021 ਪੰਜਾਬ ’ਚ ਛਪੀਆਂ ਦੋ ਪੰਚਾਂਗਾਂ- ਪੰਡਿਤ ਦੇਵੀ ਦਿਆਲ ਜੋਤਸ਼ੀ ਲਾਹੌਰ ਦੀ ਅਸਲੀ ਤਿੱਥ ਪਤਿਰਕਾ (ਛਾਪਕ ਭਾਈ ਚਤਰ ਸਿੰਘ, ਜੀਵਨ ਸਿੰਘ ਅੰਮ੍ਰਿਤਸਰ) ਸ਼੍ਰੀ ਮਾਰਤੰਡ ਪੰਚਾਂਗ (ਕੁਰਾਲੀ) ਅਤੇ ਵਾਰਾਨਸੀ (ਉਤਰ ਪ੍ਰਦੇਸ਼) ਤੋਂ ਛਪੀ ਚਿੰਤਾਹਰਣ ਪੰਚਾਂਗ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਸਾਰੀਆਂ ਹੀ ਪੰਚਾਂਗਾਂ ਵਿੱਚ ਸਾਕਾ ਸੰਮਤ ਮੁਤਾਬਕ ਤਾਰੀਖ਼ਾਂ ਵੀ ਦਰਜ ਹਨ।

ਅਨੁਰਾਗ ਸਿੰਘ : ਸ਼ਤਾਬਦੀ ਮਨਾਉਣ ਦੀ ਕਾਹਲ ’ਚ ਪੁਰੇਵਾਲ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਨ 1704 ’ਚ ਵਿਖਾ ਦਿੱਤੀ ਜਦੋਂ ਕਿ ਅਸਲ ਵਿੱਚ ਸ਼ਹੀਦੀ 1705 ’ਚ ਹੋਈ ਸੀ।

ਜਵਾਬ : ਇਤਿਹਾਸ ਦੀਆਂ ਕੁਝ ਪੁਸਤਕਾਂ ’ਚ ਸ਼ਹੀਦੀ 1704 ਅਤੇ ਕੁਝ ’ਚ 1705 ਲਿਖੀ ਹੋਈ ਹੈ। ਇੱਕ ਨੂੰ ਗ਼ਲਤ ਕਹਿ ਦੂਜੇ ਨੂੰ ਠੀਕ ਮੰਨਣਾ; ਵਿਅਕਤੀਗਤ ਨਿਰਣਾ ਹੁੰਦਾ ਹੈ। ਪੁਰੇਵਾਲ ਨੇ ਜ਼ਫ਼ਰਨਾਮੇ ਦੀ ਇੱਕ ਆਇਤ ਦਾ ਹਵਾਲਾ ਦੇ ਕੇ ਸਿੱਧ ਕਰਨ ਦਾ ਯਤਨ ਕੀਤੈ ਕਿ ਸ਼ਹੀਦੀ 1704 ਨੂੰ ਹੋਈ ਹੋਵੇਗੀ। ਵੈਸੇ ਸ਼ਹੀਦੀ ਸੰਨ ਬਾਰੇ ਨਿਰਣਾ ਕਰਨਾ; ਕੈਲੰਡਰ ਵਿੱਦਿਆ ਤੋਂ ਭਿੰਨ ਹੁੰਦੈ। ਕੈਲੰਡਰ ’ਚ ਪ੍ਰਚਲਿਤ ਇਤਿਹਾਸਕ ਤਿੱਥਾਂ ਹੀ ਲਈਆਂ ਗਈਆਂ।

ਅਨੁਰਾਗ ਸਿੰਘ : ਹੋਰ ਕੋਈ ਜਵਾਬ ਸੁਝਦਾ ਨਾ ਵੇਖ ਕਹਿਣ ਲੱਗੇ ਸ਼੍ਰੀ ਦਮਦਮਾ ਸਾਹਿਬ ਨੂੰ ਚੌਥਾ ਤਖ਼ਤ ਇਤਿਹਾਸ ’ਚ ਲਿਖਿਆ ਕਿਧਰੇ ਨਹੀਂ ਮਿਲਦਾ ਪਰ ਇਹ ਸਾਰੇ ਚੌਥਾ ਤਖ਼ਤ, ਚੌਥਾ ਤਖ਼ਤ ਅਲਾਪ ਰਹੇ ਹਨ।

ਕੋਲ ਖੜ੍ਹਾ ਅਨੁਰਾਗ ਸਿੰਘ ਦਾ ਇੱਕ ਸਮਰਥਕ ਮੁੱਦੇ ਤੋਂ ਭੜਕਾਉਣ ਲਈ ਬੋਲਿਆ : ਇਹ ਕੈਨੇਡਾ, ਅਮਰੀਕਾ ਵਾਲੇ ਪਹਿਲਾਂ ਗੁੱਡ ਫ਼ਰਾਈਡੇ ਤਾਂ ਪੱਕਾ ਨਿਸ਼ਚਿਤ ਕਰਵਾ ਲੈਣ ਫਿਰ ਅਸੀਂ ਵੀ ਗੁਰ ਪੁਰਬ ਨਿਸ਼ਚਿਤ ਕਰਵਾ ਲਵਾਂਗੇ।

ਜਵਾਬ : ਯਿਸੂ ਮਸੀਹ ਨੂੰ ਸਲੀਬ ਉੱਤੇ ਚਾੜ੍ਹੇ ਜਾਣ ਅਤੇ ਕਲਵਰੀ ਵਿਖੇ ਉਸ ਦੀ ਮੌਤ ਬਾਰੇ ਈਸਾਈਆਂ ਪਾਸ ਨਿਸ਼ਚਿਤ ਤਾਰੀਖ਼/ਸਾਲ ਦਾ ਕੋਈ ਰਿਕਾਰਡ ਹੀ ਨਹੀਂ। ਉਨ੍ਹਾਂ ਨੂੰ ਸਿਰਫ ਇਹ ਪਤਾ ਹੈ ਕਿ ਉਸ ਦਿਨ ਬਸੰਤੀ ਸਮਰਾਤ (Spring Equinox) ਵਾਲੇ ਦਿਨ ਜਾਂ ਇਸ ਤੋਂ ਪਿੱਛੋਂ ਆਈ ਪਹਿਲੀ ਪੂਰਨਮਾਸ਼ੀ ਤੋਂ ਬਾਅਦ ਆਏ ਪਹਿਲੇ ਐਤਵਾਰ (ਈਸਟਰ ਸੰਡੇ) ਨੂੰ ਪਹਿਲਾ ਸ਼ੁੱਕਰਵਾਰ ਹੈ, ਬਾਰੇ ਹੀ ਜਾਣਦੇ ਸਨ, ਇਸੇ ਹਿਸਾਬ ਨਾਲ ਉਨ੍ਹਾਂ ਸ਼ੁੱਕਰਵਰ ਨੂੰ ਗੁੱਡ ਫ਼ਰਾਈਡੇ ਅਤੇ ਐਤਵਾਰ ਨੂੰ ਈਸਟਰ ਸੰਡੇ ਨਿਸ਼ਚਿਤ ਕਰ ਲਿਆ। ਯਿਸੂ ਮਸੀਹ ਦੇ ਜਨਮ ਦਿਨ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੇ ਕ੍ਰਿਸਮਿਸ ਡੇ ਪੱਕੇ ਤੌਰ ’ਤੇ 25 ਦਸੰਬਰ ਨਿਸ਼ਚਿਤ ਕਰ ਲਿਆ।

ਅਨੁਰਾਗ ਸਿੰਘ : ਸਾਡੇ ਪਾਸ ਪੋਹ ਸੁਦੀ ੭ ਹੈ; ਅਸੀਂ ਇਹ ਨਿਸ਼ਚਿਤ ਕਰ ਲਈ।

ਜਵਾਬ : ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਇਤਿਹਾਸ ’ਚ ੨੩ ਪੋਹ, ਪੋਹ ਸੁਦੀ ੭ ਬਿਕ੍ਰਮੀ ਸੰਮਤ ੧੭੨੩ ਮੁਤਾਬਕ 22 ਦਸੰਬਰ 1666 ਸੀ. ਈ. ਲਿਖਿਆ ਹੈ, ਨਾ ਕਿ ਇਕੱਲਾ ਪੋਹ ਸੁਦੀ ੭, ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਪੱਧਤੀ ਦੀ ਤਾਰੀਖ਼ ਨਿਸ਼ਚਿਤ ਕਰ ਸਕਦੇ ਹਾਂ। ਪੋਹ ਸੁਦੀ ੭ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦੀ ਹੈ, ਇਸ ਲਈ ੨੩ ਪੋਹ ਨਿਸ਼ਚਿਤ ਕਰ ਲਿਆ ਤਾਂ ਇਸ ਵਿੱਚ ਕੀ ਗ਼ਲਤ ਹੈ ?

ਅਨੁਰਾਗ ਸਿੰਘ : ਅਸੀਂ ਤਾਂ ਉਹ ਤਾਰੀਖ਼ ਰੱਖਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹੈ।

ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਪੋਹ ਸੁਦੀ ੭ ਜਾਂ ਕੋਈ ਹੋਰ; ਦਰਜ ਹੀ ਨਹੀਂ।

ਅਨੁਰਾਗ ਸਿੰਘ : ਜੋਤੀ ਜੋਤ ਸਮਾਉਣ ਦੀਆਂ ਤਿੱਥਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਉਹ ਕਿਹੜੀਆਂ ਪੁਰੇਵਾਲ ਨੇ ਮੰਨ ਲਈਆਂ ?

ਜਵਾਬ : (ਗੁਰੂ ਗ੍ਰੰਥ ਸਾਹਿਬ ਜੀ ’ਚ ਨਹੀਂ ਹਨ ਬਲਕਿ) ਕਰਤਾਰਪੁਰੀ ਬੀੜ ਵਿੱਚ ਜਿਹੜੀਆਂ ਚੰਦਰ ਤਿੱਥਾਂ ਦਰਜ ਹਨ ਉਨ੍ਹਾਂ ਨੂੰ ਹੀ ਸੂਰਜੀ ਪ੍ਰਵਿਸ਼ਟਿਆਂ ’ਚ ਤਬਦੀਲ ਕਰਕੇ ਲਿਖਿਆ ਹੈ, ਪਰ ਤੁਸੀਂ ਉਨ੍ਹਾਂ ਨੂੰ ਗ਼ਲਤ ਕਹਿ ਰਹੇ ਹੋ। ਚੰਦਰ ਤਿੱਥਾਂ ਮੁਤਾਬਕ ਮਨਾਉਣ ’ਚ ਇਹ ਘਾਟ ਹੈ ਕਿ ਕਦੀ ਗੁਰ ਪੁਰਬ 354/55 ਦਿਨਾਂ ਪਿੱਛੋਂ ਅਤੇ ਕਦੀ 383/84 ਦਿਨਾਂ ਪਿੱਛੋਂ ਆਉਂਦੇ ਹਨ, ਜਿਸ ਨਾਲ਼ ਦੁਨੀਆਂ ਭਰ ’ਚ ਸਰਕਾਰੀ ਤੇ ਗੈਰ ਸਾਰਕਾਰੀ ਕੰਮਾਂ-ਕਾਜਾਂ ਲਈ ਵਰਤੇ ਜਾਂਦੇ ਸਾਂਝੇ ਕੈਲੰਡਰ ’ਚ ਇੱਕ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ’ਚ ਦੋ ਵਾਰ ਆ ਜਾਂਦਾ ਹੈ ਅਤੇ ਇੱਕ ਸਾਲ ਆਉਂਦਾ ਹੀ ਨਹੀਂ।

ਅਨੁਰਾਗ ਸਿੰਘ : ਪੁਰੇਵਾਲ ਦੇ ਕੈਲੰਡਰ ’ਚ ਭੀ ਹੋਲਾ ਮਹੱਲਾ ਕਿਸੇ ਸਾਲ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਨਹੀਂ।

ਜਵਾਬ : ਪੁਰੇਵਾਲ ਨੇ ਤਾਂ ਹੋਲੇ ਮਹੱਲੇ ਲਈ ਸੂਰਜੀ ਪ੍ਰਵਿਸ਼ਟਾ ੧ ਚੇਤ ਨਿਸ਼ਚਿਤ ਕੀਤੈ, ਜੋ ਹਰ ਸਾਲ ਇੱਕ ਵਾਰ ਆਵੇਗਾ, ਨਾ ਕਿ ਦੋ ਵਾਰ। ਤੁਹਾਡੇ ਵਰਗਿਆਂ ਦੀ ਜ਼ਿਦ ਕਾਰਨ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪਹਿਲਾਂ ਆਪਣਾ ਫ਼ੈਸਲਾ ਸੁਣਾਇਆ ਕਿ ਚਲਦੀ ਰਵਾਇਤ ਮੁਤਾਬਕ ਤਿੰਨ ਦਿਹਾੜੇ; ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ, ਬੰਦੀ ਛੋੜ ਦਿਵਸ ਹਿੰਦੂਆਂ ਦੀ ਦੀਵਾਲੀ ਵਾਲੇ ਦਿਨ ਅਤੇ ਹੋਲਾ ਮਹੱਲਾ ਚੇਤ ਵਦੀ ੧ ਨੂੰ ਹੀ ਰਹਿਣ ਦਿੱਤੇ ਜਾਣ, ਜਿਸ ’ਤੇ 20 ਸਾਲਾਂ ਤੱਕ ਮੁੜ ਵੀਚਾਰ ਕਰ ਲਈ ਜਾਵੇਗੀ। ਇਸ ਲਈ ਦੋ ਵਾਰ ਹੋਲਾ ਮਹੱਲਾ ਆਉਣ ਦਾ ਜ਼ਿੰਮੇਵਾਰ ਬਿਕ੍ਰਮੀ ਕੈਲੰਡਰ ਹੈ, ਨਾ ਕਿ ਨਾਨਕਸ਼ਾਹੀ ਕੈਲੰਡਰ।

ਅਨੁਰਾਗ ਸਿੰਘ : ਵੇਦਾਂਤੀ ਦਾ ਅੰਤ ਤੁਸੀਂ ਵੇਖ ਹੀ ਲਿਆ।

ਜਵਾਬ : ਤੁਹਾਡੇ ਮੁਤਾਬਕ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ’ਚ ਯੋਗਦਾਨ ਪਾਇਆ ਇਸ ਕਾਰਨ ਉਸ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਫਿਰ ਗਿਆਨੀ ਗੁਰਬਚਨ ਸਿੰਘ ਨੇ ਤਾਂ ਤੁਹਾਡੀ ਇੱਛਾ ਪੂਰਤੀ ਲਈ ਨਾਨਕਸ਼ਾਹੀ ਕੈਲੰਡਰ ਵੀ ਰੱਦ ਕੀਤਾ ਸੀ। ਅੰਤ ਵੇਲੇ ਜਿਹੜੀ ਇੱਜ਼ਤ ਉਸ ਨੂੰ ਮਿਲੀ ਉਸ ਸੰਬੰਧ ’ਚ ਤੁਹਾਡਾ ਕੀ ਕਹਿਣਾ ਹੈ ?

ਅਨੁਰਾਗ ਸਿੰਘ ਅਤੇ ਉਸ ਦਾ ਸਮਰਥਕ : ਚੇਤ ਵਦੀ ੧ ਵੀ ਬਿਕ੍ਰਮੀ ਕੈਲੰਡਰ ’ਚ ਸਾਲ ਵਿੱਚ ਇੱਕ ਵਾਰ ਹੀ ਆਉਂਦੀ ਹੈ।

ਜਵਾਬ : ਭਲਾ ਦੱਸੋ ਖਾਂ ਬਿਕ੍ਰਮੀ ਸਾਲ ੧ ਚੇਤ ਤੋਂ ਅਰੰਭ ਹੁੰਦਾ ਹੈ ਜਾਂ ਚੇਤ ਵਦੀ ੧ ਤੋਂ ਜਾਂ ਚੇਤ ਸੁਦੀ ੧ ਤੋਂ ?

ਸਮਰਥਕ; ਅਨੁਰਾਗ ਸਿੰਘ ਦੇ ਮੂੰਹ ਵੱਲ ਵੇਖਣ ਲੱਗਾ ਅਤੇ ਅਨੁਰਾਗ ਸਿੰਘ ਕਹਿਣ ਲੱਗੇ ਤੁਸੀਂ ਸਾਡਾ ਇਮਤਿਹਾਨ ਲੈ ਰਹੇ ਹੋ ?

ਜਵਾਬ : ਇਮਤਿਹਾਨ ਨਹੀਂ; ਮੇਰਾ ਮਤਲਬ ਹੈ ਕਿ ਜਦ ਸਾਨੂੰ ਬਿਕ੍ਰਮੀ ਚੰਦਰ ਤਿੱਥਾਂ ਦੀ ਪੂਰੀ ਸਮਝ ਹੀ ਨਹੀਂ ਤਾਂ ਇਨ੍ਹਾਂ ਨਾਲ ਚਿਪਕ ਕੇ ਰਹਿਣ ਦਾ ਕੀ ਲਾਭ ? ਜੰਤਰੀਆਂ/ਪੰਚਾਂਗਾਂ ਵਿੱਚ ਕਦੀ ਪੋਹ ਸੁਦੀ ੭ ਦੋ ਵਾਰ ਆ ਜਾਂਦੀ ਹੈ ਅਤੇ ਕਦੀ ਇੱਕ ਵਾਰ ਭੀ ਨਹੀਂ ਆਉਂਦੀ ਤਾਂ ਉਸ ਸਾਲ ਗੁਰ ਪੁਰਬ ਕਿਹੜੀ ਤਾਰੀਖ਼ ਨੂੰ ਮਨਾਇਆ ਜਾਵੇ ? 

ਅਨੁਰਾਗ ਸਿੰਘ : ਐਸਾ ਕਦੀ ਹੋ ਹੀ ਨਹੀਂ ਸਕਦਾ, ਪੋਹ ਸੁਦੀ ੭ ਹਰ ਸਾਲ ਇੱਕ ਵਾਰ ਹੀ ਆਉਂਦੀ ਹੈ।

ਜਵਾਬ : ਪੰਜਾਬ ਵਿੱਚ ਛਪੀਆਂ ਸਮੂਹ ਪੰਚਾਂਗਾਂ/ਜੰਤਰੀਆਂ ਵਿੱਚ ਇਸ ਸਾਲ (2021 ’ਚ) ਚੇਤਰ ਮਹੀਨੇ ਦੀ ਮੱਸਿਆ ਲਗਾਤਰ ਦੋ ਦਿਨ 11 ਅਤੇ 12 ਅਪ੍ਰੈਲ ਨੂੰ ਹੈ।   2 ਅਪ੍ਰੈਲ, ੨੦ ਚੇਤ ਸ਼ੁੱਕਰਵਾਰ ਨੂੰ ਚੇਤਰ ਵਦੀ ੫ ਹੈ ਅਤੇ ਅਗਲੇ ਦਿਨ ਸ਼ਨੀਵਾਰ 3 ਅਪ੍ਰੈਲ, ੨੧ ਚੇਤ ਨੂੰ ਚੇਤਰ ਵਦੀ ੭ ਹੈ; ਇਸੇ ਤਰ੍ਹਾਂ ਦਿਨ ਮੰਗਲਵਾਰ 27 ਅਪ੍ਰੈਲ, ੧੫ ਵੈਸਾਖ ਨੂੰ ਚੇਤਰ ਸੁਦੀ ਪੂਰਨਮਾਸ਼ੀ ਅਤੇ ਅਗਲੇ ਦਿਨ ਬੁੱਧਵਾਰ 28 ਅਪ੍ਰੈਲ, ੧੬ ਵੈਸਾਖ ਨੂੰ ਵੈਸਾਖ ਵਦੀ ੨ ਹੈ; ਭਾਵ ਚੇਤ ਵਦੀ ੬ ਅਤੇ ਵੈਸਾਖ ਵਦੀ ੧; ਦੋਵੇਂ ਤਿਥਾਂ ਖ਼ੈਯ ਹੋ ਗਈਆਂ। ਇਨ੍ਹਾਂ ਤਿੱਥਾਂ ਦੀ ਤਰ੍ਹਾਂ ਇਹ ਵੀ ਹੋ ਸਕਦਾ ਹੈ ਕਿ ਕਦੀ ਪੋਹ ਸੁਦੀ ੭ ਸਾਲ ਵਿੱਚ ਦੋ ਵਾਰ ਆਵੇ ਤੇ ਕਦੀ ਆਵੇ ਹੀ ਨਾ; ਜਿਵੇਂ ਕਿ ਜਨਵਰੀ 1713, ਜਨਵਰੀ 1970, ਦਸੰਬਰ 1975 ਸੀ. ਈ. ਵਿੱਚ ਪੋਹ ਸੁਦੀ ੭ ਖ਼ੈਯ (ਖਤਮ) ਹੋ ਗਈ। ਜਨਵਰੀ 2051 ’ਚ ਵੀ ਪੋਹ ਸੁਦੀ ੭ ਨਹੀਂ ਆਵੇਗੀ। ਵੇਖੋ ਸਬੰਧਿਤ ਸਾਲਾਂ ਦੇ ਕੈਲੰਡਰ ਇਹ ਸਿਰਫ ਮਿਸਾਲ ਦੇ ਤੌਰ ’ਤੇ ਹੈ, ਜੰਤਰੀਆਂ ਦੇ ਹੋਰ ਪੰਨੇ ਫਰੋਲੇ ਜਾਣ ਤਾਂ ਅਜਿਹੀਆਂ ਹੋਰ ਬਹੁਤ ਸਾਰੀਆਂ ਤਾਰੀਖ਼ਾਂ ਮਿਲ ਜਾਣਗੀਆਂ

ਅਜਿਹੀ ਦੁਬਿਧਾ ਕਾਰਨ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਿਕ੍ਰਮੀ ਕੈਲੰਡਰ ਅਨੁਸਾਰ ਸਾਰੇ ਦਿਹਾੜੇ ਮਨਾਉਣ ਦੇ ਬਾਵਜੂਦ ਸੰਨ 2019 ’ਚ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ ਦਿਨ ਵੀਰਵਾਰ ੮ ਚੇਤ ਮੁਤਾਬਕ 21 ਮਾਰਚ ਨੂੰ ਮਨਾਇਆ ਅਤੇ ਨਿਹੰਗ ਸਿੰਘਾਂ ਨੇ ਅਗਲੇ ਦਿਨ ਸ਼ੁੱਕਰਵਾਰ ੯ ਚੇਤ ਮੁਤਾਬਕ 22 ਮਾਰਚ ਨੂੰ। ਅਜਿਹਾ 10-15 ਸਾਲ ਪਿੱਛੋਂ ਮੁੜ ਜ਼ਰੂਰ ਵਾਪਰਨਾ ਹੈ।

ਸੰਨ 2000 ’ਚ ਤਖ਼ਤ ਪਟਨਾ ਸਾਹਿਬ ਵਾਲਿਆਂ ਨੇ ਉੱਥੇ ਪ੍ਰਚਲਿਤ ਨਿਯਮਾਂ ਵਾਲੀ ਪੰਚਾਂਗ ਅਨੁਸਾਰ ਦਿਨ ਵੀਰਵਾਰ ੧ ਮਾਘ, 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਮਨਾਇਆ ਅਤੇ ਪੰਜਾਬ ’ਚ ਅਗਲੇ ਦਿਨ ਸ਼ੁੱਕਰਵਾਰ ੨ ਮਾਘ ਮੁਤਾਬਕ 14 ਜਨਵਰੀ ਨੂੰ ਮਨਾਇਆ।

ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਆਮ ਤੌਰ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 10/11 ਦਿਨ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿਖਾਈ ਜਾਂਦੀ ਹੈ। ਸੰਨ 2018 ’ਚ ਚੰਦਰ ਜੇਠ ਦੇ ਦੋ ਮਹੀਨੇ ਆ ਜਾਣ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਤਾਂ ੨੫ ਵੈਸਾਖ ਵਿਖਾਇਆ ਗਿਆ ਪਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ੩ ਹਾੜ ਵਿਖਾਏ ਜਾਣ ਕਰਕੇ ਦੋਵਾਂ ਪੁਰਬਾਂ ’ਚ ਅੰਤਰ 40 ਦਿਨ ਪੈ ਗਿਆ। ਸਵਾਲ; ਖੜ੍ਹੇ ਹੋਣ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਇੱਕ ਮਹੀਨਾ ਲੇਟ ਕਰ ਦਿੱਤਾ ਜਦੋਂ ਕਿ ਕਰਨਲ ਨਿਸ਼ਾਨ ਨੇ ਗੁਰ ਪੁਰਬ ਦਰਪਣ ’ਚ ਦੋਂਵੇ ਪੁਰਬ ਇੱਕ ਮਹੀਨਾ ਪਹਿਲਾਂ ਵਿਖਾ ਦਿੱਤੇ।

21 ਸਾਲਾਂ ’ਚ ਵੀ ਅਨੁਰਾਗ ਸਿੰਘ ਜੀ ਸ਼੍ਰੋਮਣੀ ਕਮੇਟੀ, ਨਿਹੰਗਾਂ ਸਿੰਘਾਂ ਅਤੇ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਵਿੱਚੋਂ ਕਿਸੇ ਨੂੰ ਵੀ ਇਹ ਸਮਝਾ ਨਾ ਸਕੇ ਕਿ ਇਨ੍ਹਾਂ ਵਿੱਚੋਂ ਕਿਹੜੀਆਂ ਤਿੱਥਾਂ/ਤਾਰੀਖ਼ਾਂ ਠੀਕ ਹਨ ਤੇ ਕਿਹੜੀਆਂ ਗ਼ਲਤ।

ਕੋਈ ਜਵਾਬ ਨਾ ਸੁਝਦਾ ਵੇਖ ਮੁੱਦੇ ਤੋਂ ਭੜਕਾਉਣ ਲਈ ਅਨੁਰਾਗ ਸਿੰਘ ਦਾ ਸਮਰਥਕ ਕਹਿਣ ਲੱਗਾ; ਹਰਦੇਵ ਸਿੰਘ ਜੰਮੂ ਕਹਿ ਰਿਹਾ ਹੈ ਕਿ ਪੁਰੇਵਾਲ 5 ਕੇ ਚੈੱਨਲ ’ਤੇ ਆਪਣੀ ਵਾਰੀ ਲੈਣ ਪਿੱਛੋਂ ਮੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਗਿਆ। ਪੁਰੇਵਾਲ ਨੂੰ ਕਹੋ ਉਸ ਦੇ ਸਵਾਲਾਂ ਦੇ ਜਵਾਬ ਦੇਣ।

ਜਵਾਬ: ਪਹਿਲਾਂ ਹਰਦੇਵ ਸਿੰਘ ਜੰਮੂ ਦੀ ਸੁਣ ਲਵੋ, ਜੋ ਕਹਿ ਰਿਹੈ ‘‘ਕਲੈਂਡਰ ਸਬੰਧੀ ਵਾਰਾਂ ਦੀਆਂ ਗਿਣਤੀਆਂ ਅਤੇ ੫,੦੦੦,੦੦ ਡਾਲਰ ਦੀ ਜੂਆਨੂਮਾਂ ‘ਸ਼ਰਤ’ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਕਿ ਕੈਲੰਡਰ ਵਰਗੇ ਸੰਜੀਦਾ ਵਿਸ਼ੇ ਨੂੰ, ‘ਕਿਸੇ ਦਿਨ ਕੀ ਵਾਰ ਸੀ ?’ ਵਰਗੇ ਸਵਾਲ ਤੱਕ ਸੀਮਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ! ਭਾਸ਼ਾ ਕਿਸੇ ਦੀ ਵੀ ਹੋਵੇ ਚੰਗੀ ਹੋਣੀ ਚਾਹੀਦੀ ਹੈ। ਇਸ ਸਬੰਧ ਵਿਚ ਜੇ ਕਰ ਡਾ. ਅਨੁਰਾਗ ਸਿੰਘ ਜੀ ਨੇ ਪੁਰੇਵਾਲ ਜੀ ਲਈ ਮਾੜੀ ਭਾਸ਼ਾ ਵਰਤੀ ਹੈ ਤਾਂ ਠੀਕ ਨਹੀਂ ਅਤੇ ਪਾਲ ਸਿੰਘ ਪੁਰੇਵਾਲ ਜੀ ਵਲੋਂ ਕਿਸੇ ਨੂੰ ਵਾਰ ਵਾਰ ਮੂਰਖ ਲਿਖਣਾ ਵੀ ਸ਼ਰਮਨਾਕ ਹੈ’’।

ਜਵਾਬ : ਭਾਰਤ ਦੇ ਗੋਦੀ ਮੀਡੀਏ ਦੀਆਂ ਅੱਖਾਂ ’ਚ ਪਏ ਟੀਰ ਵਾਙ ਹਰਦੇਵ ਸਿੰਘ ਜੰਮੂ ਦੀ ਨਿਗ੍ਹਾ ਅਤੇ ਸੋਚ ਵਿੱਚ ਵੀ ਟੀਰ ਪਿਆ ਹੈ, ਇਸ ਲਈ ਉਸ ਨੂੰ ਤਸ਼ਵੀਰ ਦਾ ਕੇਵਲ ਇੱਕ ਪਾਸਾ ਦਿੱਸ ਰਿਹਾ ਹੈ। ਹਰਦੇਵ ਸਿੰਘ ਦੁਨੀਆਂ ਭਰ ਦਾ ਕੋਈ ਵੀ ਐਸਾ ਕੈਲੰਡਰ ਜਾਂ ਐਸੀ ਪੰਚਾਂਗ/ਜੰਤਰੀ ਤਾਂ ਵਿਖਾ ਦੇਣ ਜਿਸ ਵਿੱਚ ਤਾਰੀਖ਼ਾਂ ਨਾਲ ਹਫ਼ਤੇ ਦੇ ਦਿਨ ਨਾ ਦਿੱਤੇ ਹੋਣ।  ਜੇ ਕਿਸੇ ਖ਼ਾਸ ਇੱਕ ਵੀ ਤਾਰੀਖ਼ ਨੂੰ ਹਫ਼ਤੇ ਦਾ ਦਿਨ ਗ਼ਲਤ ਲਿਖਿਆ ਗਿਆ ਤਾਂ ਉਸ ਪਿਛੋਂ ਆਉਣ ਵਾਲੀਆਂ ਸਾਰੀਆਂ ਤਾਰੀਖ਼ਾਂ ਗ਼ਲਤ ਹੋ ਜਾਣਗੀਆਂ; ਜਿਸ ਦਾ ਭਾਵ ਹੈ ਕਿ ਤਾਰੀਖ਼ਾਂ ਦਾ ਹਫ਼ਤੇ ਦੇ ਦਿਨਾਂ ਨਾਲ ਗੂੜਾ ਸਬੰਧ ਹੈ। ‘ਕਿਸੇ ਦਿਨ ਕੀ ਵਾਰ ਸੀ ?’ ਨੂੰ ਮਾਮੂਲੀ ਗੱਲ ਸਮਝਣ ਵਾਲੇ ਹਰਦੇਵ ਸਿੰਘ ਦੀ ਕੈਲੰਡਰ ਵਿਗਿਆਨ ਬਾਰੇ ਅਗਿਆਨਤਾ ਦਾ ਅੰਦਾਜ਼ ਇਸੇ ਗੱਲੋਂ ਲਾਇਆ ਜਾ ਸਕਦਾ ਹੈ।

ਅਨੁਰਾਗ ਸਿੰਘ ਅਤੇ ਡਾ: ਹਰਜਿੰਦਰ ਸਿੰਘ; ਪਿਛਲੇ ਕਈ ਸਾਲਾਂ ਤੋਂ ਸ: ਪੁਰੇਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਜਿਹੜੀ ਭਾਸ਼ਾ ਵਰਤ ਰਹੇ ਹਨ ਉਨ੍ਹਾਂ ਦੀ ਭਾਸ਼ਾ ਤੋਂ ਹਰਦੇਵ ਸਿੰਘ ਕਦੀ ਵੀ ਸ਼ਰਮਸ਼ਾਰ ਨਹੀਂ ਹੋਏ; ਪਰ ਜੇ ਸ: ਪੁਰੇਵਾਲ ਨੇ ਪਹਿਲੀ ਵਾਰ ਅਨੁਰਾਗ ਸਿੰਘ ਦੀ ਭਾਸ਼ਾ ’ਚ ਜਵਾਬ ਦਿੱਤਾ ਤਾਂ ਹਰਦੇਵ ਸਿੰਘ ਨੂੰ ਬਹੁਤ ਹੀ ਸ਼ਰਮਨਾਕ ਲੱਗਾ ਜਦੋਂ ਕਿ ਅਨੁਰਾਗ ਸਿੰਘ ਪ੍ਰਤੀ ਸ਼ਬਦ ‘ਜੇ’ ਵਰਤ ਕੇ ਦਰਸਾ ਰਹੇ ਹਨ; ਜਿਵੇਂ ਕਿ ਉਸ ਨੇ ਸੁਣੇ ਨਹੀਂ ਯਾਨੀ ਸ਼ਾਇਦ ਨਾ ਕਹੇ ਹੋਣ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੇ ਭੀ ਦਸੰਬਰ 2016 ’ਚ ਲਿਖੀ ਆਪਣੀ ਪੁਸਤਕ ਗੁਰ ਪੁਰਬ ਦਰਪਣ ਦੇ ਪੰਨਾ 95 ’ਤੇ 18 ਨਵੰਬਰ ਦੇ ਅਜੀਤ ਅਖ਼ਬਾਰ ’ਚ ਆਪਣੇ ਵੱਲੋਂ ਛਪਵਾਈ ਖ਼ਬਰ ਦੀ ਨਕਲ ਛਾਪੀ ਹੈ, ਜਿਸ ’ਚ ਉਸ ਨੇ ਨਾਨਕਸ਼ਾਹੀ ਕੈਲੰਡਰ ਨੂੰ ਚੁਣੌਤੀ ਦਿੰਦਿਆ ਲਿਖਿਆ ਹੈ ਕਿ ਜੇ ਪੁਰੇਵਾਲ ਅਤੇ ਉਨ੍ਹਾਂ ਦੀ 11 ਮੈਂਬਰੀ ਕਮੇਟੀ ਨਾਨਕਸ਼ਾਹੀ ਕੈਲੰਡਰ ਦੀ ਇੱਕ ਵੀ ਸੂਰਜੀ ਤਾਰੀਖ਼ ਇਤਿਹਾਸ ਮੁਤਾਬਕ ਸਹੀ ਸਾਬਤ ਕਰ ਦੇਣ ਤਾਂ ਉਹ (ਕਰਨਲ ਨਿਸ਼ਾਨ) ਇੱਕ ਲੱਖ ਰੁਪਏ ਇਨਾਮ ਦੇਣਗੇ। ਕਰਨਲ ਨਿਸ਼ਾਨ ਦਾ ਇਹ ਐਲਾਨ ਹਰਦੇਵ ਸਿੰਘ ਨੂੰ ਕਦੀ ਜੂਆ ਨੁਮਾ ਨਹੀਂ ਲੱਗਿਆ।

ਸਿਆਟਲ (ਅਮਰੀਕਾ) ’ਚ ਹੋਈ ਕਾਨਫਰੰਸ ’ਚ ਸ: ਪੁਰੇਵਾਲ ਨੇ ਕਰਨਲ ਨਿਸ਼ਾਨ ਨੂੰ ਚੁਣੌਤੀ ਦਿੱਤੀ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕਮੇਟੀ ਵੱਲੋਂ ਦਿੱਤੀਆਂ ਸਾਰੀਆਂ ਤਾਰੀਖ਼ਾਂ ਉਹ ਅੰਤਰਰਾਸ਼ਟਰੀ ਯੂਨੀਵਰਸਟੀਆਂ ਦੇ ਕੈਲੰਡਰ ਦੇ ਮਾਹਰ ਵਿਗਿਆਨੀਆਂ ਅਤੇ ਪੰਚਾਂਗਕਾਰਾਂ ਦੀ ਕਿਸੇ ਵੀ ਕਮੇਟੀ ਕੋਲੋਂ ਚੈੱਕ ਕਰਵਾ ਸਕਦੇ ਹਨ। ਉਹ 100% ਠੀਕ ਹਨ ਪਰ ਉਸ ਦੀ ਪੁਸਤਕ ਦੇ ਪੰਨਾ ਨੰਬਰ 79 ’ਤੇ ਬੰਦੀ ਛੋੜ ਪੁਰਬ (ਦੀਵਾਲੀ) ਦੀਆਂ ਦਿੱਤੀਆਂ ਤਾਰੀਖ਼ਾਂ ’ਚੋ ਜੇ ਉਹ 100% ਸਹੀ ਸਾਬਤ ਕਰ ਦੇਣ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣਗੇ। ਜੇ 90% ਸਹੀ ਸਾਬਤ ਕਰ ਦੇਣ ਤਾਂ 4 ਲੱਖ; ਜੇ 80% ਠੀਕ ਹੋਣ ਤਾਂ 3 ਲੱਖ, 70% ਸਹੀ ਹੋਣ ਤਾਂ 2 ਲੱਖ ਰੁਪਏ ਇਨਾਮ ਵਜੋਂ ਦੇਣਗੇ। ਪ੍ਰਬੰਧਕਾਂ ਨੇ ਪੁਰੇਵਾਲ ਸਾਹਿਬ ਦੇ ਇਸ ਐਲਾਨ ਤੋਂ ਉਤਸ਼ਾਹਿਤ ਹੋ ਕੇ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਡਾਲਰ ਕਰ ਦਿੱਤੀ ਤੇ ਇਨਾਮ ਪ੍ਰਾਪਤ ਕਰਨ ਲਈ 90 ਦਿਨਾਂ ਦੀ ਡੈੱਡ ਲਾਈਨ ਨਿਸ਼ਚਿਤ ਕਰ ਦਿੱਤੀ।  ਇਸ ਘੋਸ਼ਿਤ ਇਨਾਮ ਦਾ ਸਾਰਾ ਵੇਰਵਾ ਸ: ਸਰਬਜੀਤ ਸਿੰਘ ਸੈਕਰਾਮੈਂਟੋਂ ਕਈ ਵਾਰ ਦੇ ਚੁੱਕੇ ਹਨ। ਇਹ ਚੁਣੌਤੀ ਤਾਂ ਕਰਨਲ ਨਿਸ਼ਾਨ ਦੀ ਚੁਣੌਤੀ ਦੇ ਮੋੜਵੇਂ ਉੱਤਰ ਵਜੋਂ ਸੀ, ਜੋ ਚੁੱਪ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਹੈ ਕਿ 2015 ਤੋਂ 2100 ਈਸਵੀ ਤੱਕ ਦੇ 86 ਸਾਲਾਂ ਲਈ ਉਸ ਵੱਲੋਂ ਬੰਦੀਛੋੜ ਦਿਵਸ ਦੀਆਂ ਦਿੱਤੀਆਂ ਤਾਰੀਖ਼ਾਂ ’ਚੋਂ 50% ਤੋਂ ਵੱਧ ਤਾਰੀਖ਼ਾਂ ਗ਼ਲਤ ਹਨ, ਪਰ ਹਰਦੇਵ ਸਿੰਘ ਜੰਮੂ ਅਤੇ ਅਨੁਰਾਗ ਸਿੰਘ ਜਿਨ੍ਹਾਂ ਦਾ ਕੈਲੰਡਰ ਵਿਗਿਆਨ ਸੰਬੰਧੀ ਗਿਆਨ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਊਟ ਪਟਾਂਗ ਸਵਾਲਾਂ ਤੋਂ ਹੀ ਲਾਇਆ ਜਾ ਸਕਦਾ ਹੈ; ਉਹ ਐਵੇਂ ਹੀ 5 ਲੱਖ ਡਾਲਰ ਦਾ ਨਾਮ ਸੁਣ ਕੇ ਡੱਡੂ ਟਪੂਸੀਆਂ ਮਾਰ ਰਹੇ ਹਨ। ਸੰਨ 2019 ਅਤੇ 2020 ਸੀ.ਈ. ਦੀਆਂ ਤਾਰੀਖ਼ਾਂ, ਹੁਣ ਤੱਕ ਛਪ ਚੁੱਕੀਆਂ ਜੰਤਰੀਆਂ ਵਿੱਚੋਂ ਚੈੱਕ ਕੀਤੀਆਂ ਜਾ ਸਕਦੀਆਂ ਜੋ ਗ਼ਲਤ ਹਨ।

ਹਰਦੇਵ ਸਿੰਘ ਜੰਮੂ ਨੇ ਇੱਕ ਵਾਰ ਫੋਨ ’ਤੇ ਗੱਲ ਕਰਦਿਆਂ ਮੈਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰ ਪੁਰਬ ਦੀ ਸਹੀ ਤਾਰੀਖ਼ ੧੯ ਪੋਹ/1 ਜਨਵਰੀ ਹੋਣੀ ਚਾਹੀਦੀ ਹੈ। ਮੈ ਸਵਾਲ ਕੀਤਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ? ਇਸ ਦੇ ਜਵਾਬ ’ਚ ਉਨ੍ਹਾਂ ਕਰਨਲ ਨਿਸ਼ਾਨ ਦਾ ਹਵਾਲਾ ਦਿੱਤਾ। ਮੇਰੇ ਵੱਲੋਂ ੧੯ ਪੋਹ ਦੀ ਤਾਰੀਖ਼ ਨੂੰ ਚੁਣੌਤੀ ਦੇਣ ’ਤੇ ਉਨ੍ਹਾਂ ਦਾ ਜਵਾਬ ਸੀ; ਸ਼ਾਇਦ ਨਿਸ਼ਾਨ ਸਾਹਿਬ ਨੇ ੨੭ ਪੋਹ ਕਿਹਾ ਹੋਵੇ। ਮੈ ਕਿਹਾ ਕਿ ੧੯ ਪੋਹ ਅਤੇ ੨੭ ਪੋਹ; ਦੋਵੇਂ ਗਲਤ ਹਨ; ਤੁਸੀਂ ਕਰਨਲ ਨਿਸ਼ਾਨ ਤੋਂ ਦੁਬਾਰਾ ਪੁੱਛ ਲਓ। ਹੁਣ ਜਦੋਂ ਹਰਦੇਵ ਸਿੰਘ ਜੰਮੂ ਦੇ ਸਾਮ੍ਹਣੇ 5 ਕੇ ਚੈੱਨਲ ’ਤੇ ਕਰਨਲ ਨਿਸ਼ਾਨ ਨੇ ਕਬੂਲ ਕਰ ਲਿਆ ਕਿ ੨੩ ਪੋਹ/5 ਜਨਵਰੀ ਦੀ ਤਾਰੀਖ਼ ਠੀਕ ਹੈ ਤਾਂ ਉਸੇ ਵੇਲੇ ਜੰਮੂ ਵੱਲੋਂ ਮੈਂ ਨਾ ਮੰਨੂ ਦੀ ਰੱਟ ਲਾਈ ਜਾਣੀ; ਡੱਡੂ ਟਪੂਸੀਆਂ ਹੀ ਹਨ।

ਹਰਦੇਵ ਸਿੰਘ ਜੰਮੂ ਹੁਣ ਤੱਕ ਕਰਨਲ ਨਿਸ਼ਾਨ ਨੂੰ ਕੈਲੰਡਰ ਸਬੰਧੀ ਆਪਣਾ ਗਿਆਨ ਦਾਤਾ ਸਮਝਦਾ ਰਿਹਾ ਹੈ ਉਸੇ ਨਿਸ਼ਾਨ ਵੱਲੋਂ ੨੩ ਪੋਹ 5 ਜਨਵਰੀ ਨਾਲ ਸਹਿਮਤੀ ਜਤਾਏ ਜਾਣ ਤੋਂ ਬਾਅਦ ਹਰਦੇਵ ਸਿੰਘ, ਜਿਸ ਨੂੰ ਪੰਚਾਂਗਾਂ ਸਬੰਧੀ ਮੁੱਢਲਾ ਗਿਆਨ ਵੀ ਨਹੀਂ, ਨਾਲ ਭਲਾਂ 80 ਸਾਲਾ ਬਜ਼ੁਰਗ ਵਿਦਵਾਨ ਸ: ਪੁਰੇਵਾਲ; ਨਾਨਕਸ਼ਾਹੀ ੨੩ ਪੋਹ/5 ਜਨਵਰੀ ਦੀ ਤਾਰੀਖ਼ ਸਹੀ ਸਿੱਧ ਕਰਨ ਲਈ ਕਿਉਂ ਸਿਰ ਖਪਾਈ ਕਰੇ ?

Nanak shahi vs Bikrami Calendar with Pal singh Purewal & Surjit singh Nishan

0

ਇਸ ਵੀਡੀਓ ਨੂੰ ਪੂਰਾ ਸੁਣਨ ਲਈ ਸਮਾਂ ਕੱਢਣਾ ਹਰ ਗੁਰਸਿੱਖ ਦਾ ਫ਼ਰਜ਼ ਹੈ ਤਾਂ ਜੋ ਤਰਕ ਅਤੇ ਕੁਤਰਕ ਦੀ ਪਛਾਣ ਹੋ ਸਕੇ।

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਪੰਥਕ ਤਾਲਮੇਲ ਸੰਗਠਨ ਵੱਲੋਂ ਸਿਆਸਤ ਵਿੱਚ  ਸਿੱਖ ਸਰੋਕਾਰਾਂ ਅਤੇ  ਸਿੱਖ ਸਿਰਮੌਰ ਸੰਸਥਾਂਵਾਂ ਦੇ ਕੌਮੀ ਪ੍ਰਬੰਧਨ ਲਈ ਸੱਦਾ

0

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਪੰਥਕ ਤਾਲਮੇਲ ਸੰਗਠਨ ਵੱਲੋਂ ਸਿਆਸਤ ਵਿੱਚ  ਸਿੱਖ ਸਰੋਕਾਰਾਂ ਅਤੇ  ਸਿੱਖ ਸਿਰਮੌਰ ਸੰਸਥਾਂਵਾਂ ਦੇ ਕੌਮੀ ਪ੍ਰਬੰਧਨ ਲਈ ਸੱਦਾ

1 ਅਕਤੂਬਰ 2021 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸੰਸਥਾਂਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵੱਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਵਸ 1 ਅਕਤੂਬਰ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜਵੱਦੀ ਲੁਧਿਆਣਾ ਵਿਖੇ ਮਨਾਇਆ ਗਿਆ। ਜਿਸ ਵਿੱਚ ਸਿੰਘ ਸਭਾ ਲਹਿਰ ਦੀ ਅਜੋਕੇ ਸਮੇਂ ਵਿੱਚ ਪ੍ਰਸੰਗਿਕਤਾ ਨੂੰ ਵਿਚਾਰਿਆ ਗਿਆ ਅਤੇ ਸਵੈ-ਪੜਚੋਲ ਕੀਤਾ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਪੁੱਜੀਆਂ ਸੰਗਤਾਂ ਤੇ ਸ਼ਖ਼ਸੀਅਤਾਂ ਨੇ ਸਿੰਘ ਸਭਾ ਲਹਿਰ ਮੌਕੇ ਇਤਿਹਾਸਕ ਭੂਮਿਕਾ ਦੀ ਲੋੜ ’ਤੇ ਜ਼ੋਰ ਦਿੱਤਾ।

ਬੁਲਾਰਿਆਂ ਨੇ ਕਿਹਾ ਕਿ 20ਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਨੂੰ ਖੜ੍ਹਾ ਕਰਨ ਵਿੱਚ ਸਿੰਘ ਸਭਾ ਲਹਿਰ ਦੀ ਅਹਿਮ ਦੇਣ ਹੈ, ਜਿਸ ਦਾ ਜਨਮ 1873 ’ਚ ਹੋਇਆ ਸੀ। ਜਿਸ ਨੇ ਸੰਨ 1862 ਵਿੱਚ ਆਈ ਰਾਜਸੀ ਅੰਧੇਰੀ ਕਾਰਨ ਸਿੱਖੀ ਬਾਗ ਵਿੱਚ ਹੋਈ ਪਤਝੜ ਨੂੰ ਪਛਾਣਿਆ। ਵਿੱਦਿਆ ਦੇ ਪੱਛਮੀਕਰਨ ਅਤੇ ਧਰਮ ਪਰਿਵਰਤਨ ਦੇ ਹਮਲਿਆਂ ਨੂੰ ਠੱਲਿਆ। ਸਿੰਘ ਸਭਾ ਲਹਿਰ ਨੇ ਹੀ ਗੁਰਦੁਆਰਾ ਸੁਧਾਰ ਲਹਿਰ ਨੂੰ ਸ਼ਕਤੀ ਦਿੱਤੀ ਤੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ  ਸਿੱਖ ਜਥੇਬੰਦ ਹੋ ਕੇ ਜੂਝੇ। ਇਸੇ ਦਾ ਨਤੀਜਾ ਹੈ ਕਿ ਨਵੰਬਰ 1920 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਪੰਥਕ ਇਕੱਠ ’ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਦਸੰਬਰ 1920 ਈ: ਵਿੱਚ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੋਈ ਹੈ। ਇਨ੍ਹਾਂ ਸਿਦਕੀ ਸਿੱਖਾਂ ਅਤੇ  ਸਿੱਖ ਜਥੇਬੰਦੀਆਂ ਨੇ ਸਿੱਖਾਂ ਦੀ ਮਰਜ਼ੀ ਮੁਤਾਬਕ ਸਿਆਸਤ ਸਿਰਜਣ ਲਈ ਲਾਮਿਸਾਲ ਸੰਘਰਸ਼ ਕੀਤਾ।

ਪਰ ਪੰਜਾਬ ਦੀ ਸਿਆਸਤ ਵਿੱਚ  ਸਿੱਖ ਸਰੋਕਾਰਾਂ ਦਾ ਸਿਫ਼ਰ ਦੇ ਹਾਸ਼ੀਏ ’ਤੇ ਰਹਿਣ ਦਾ ਵਰਤਾਰਾ ਚਿੰਤਾ ਦਾ ਵਿਸ਼ਾ ਹੈ। ਜਿਸ ਲਈ ਮਾਣਮੱਤੀਆ ਲਹਿਰਾਂ ਦੇ ਸਨਮੁਖ ਸਵੈ-ਪੜਚੋਲ ਕਰਕੇ ਸਿਆਸਤ ਵਿੱਚ  ਸਿੱਖ ਸਰੋਕਾਰਾਂ ਦੇ ਸਤਿਕਾਰ ਤੇ ਸਵੈ-ਮਾਣ ਲਈ ਫ਼ੈਸਲੇ ਲੈਣੇ ਸਮੇਂ ਦੀ ਮੰਗ ਹੈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਏ ਸੰਮੇਲਨ ਵਿੱਚ  ਸਿੱਖ-ਸੰਸਾਰ ਸਾਹਮਣੇ ਅਹਿਮ ਪ੍ਰਸਤਾਵ ਪੇਸ਼ ਕੀਤੇ ਅਤੇ ਇਸ ਦੇ ਅਮਲ ਲਈ ਸੇਵਾ ਨਿਭਾਉਣ ਦਾ ਅਹਿਦ ਲਿਆ। ਇਕੱਠ ਨੇ ਪਾਸ ਕੀਤਾ ਮਤੇ ਕਿ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਲਈ ਪੰਜਾਬ ਸਰਕਾਰ ਹੇਠ ਨਵਾਂ ਐਕਟ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪ੍ਰਬੰਧ ਕੇਂਦਰ ਸਰਕਾਰ ਦੇ ਹੇਠ ਹੈ, ਜਿਸ ਕਰਕੇ ਭਾਰਤੀ ਸੱਤਾਧਾਰੀਆਂ ਦੀ ਮਰਜ਼ੀ ਤੋਂ ਬਗੈਰ ਇਸ ਦਾ ਚੋਣ ਕਾਰਜ ਅਮਲ ਵਿੱਚ ਨਹੀਂ ਆਉਂਦਾ। ਹਰਿਆਣਾ ਸੂਬੇ ਦੇ ਸਿੱਖਾਂ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਪਰਾਲੇ ਕਰਕੇ ਅਜਿਹਾ ਐਲਾਨ ਸੂਬਾ ਸਰਕਾਰ ਪਾਸੋਂ ਕਰਵਾ ਲਿਆ ਹੋਇਆ ਹੈ।

ਦੂਸਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਚੋਣ ਪ੍ਰਕਿਰਿਆ ਨੀਮ (Semi) ਢੰਗ ਨਾਲ ਨਾਮਜ਼ਦ ਕਰਨ ਵੱਲ ਅਨੁਪਾਤ (%) ਤਰੀਕੇ ਵਾਲੀ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਗੁਰੂ-ਗ੍ਰੰਥ ਤੇ ਗੁਰੂ-ਪੰਥ ਨੂੰ ਸਮਰਪਿਤ ਗੁਰਸਿੱਖਾਂ ਕੋਲ ਹੋਵੇ।

ਅਕਾਲ ਤਖਤ ਸਾਹਿਬ ਦਾ ਪ੍ਰਬੰਧਕੀ ਢਾਂਚੇ ਵਿੱਚ ਸਾਰੇ ਸੰਸਾਰ ਦੇ ਸਿੱਖਾਂ ਦੀ ਹਿੱਸੇਦਾਰੀ ਹੋਵੇ। ਜਥੇਦਾਰਾਂ ਦੀ ਚੋਣ ਦਾ ਕਾਲਜੀਅਮ ਪ੍ਰਬੰਧ ਹੋਵੇ ਜਿਸ ਲਈ ਕੌਮਾਂਤਰੀ ਪੱਧਰ ਦੇ ਗੁਰਸਿੱਖਾਂ ਦਾ ਸਥਾਈ ਕਾਲਜੀਅਮ ਸਥਾਪਿਤ ਹੋਵੇ।

ਸਿੱਖ ਵਿਦਿਅਕ ਪ੍ਰਬੰਧੀ ਬੋਰਡ ਇਸਲਾਮਕ ਤੇ ਇਸਾਈ ਭਾਈਚਾਰਿਆਂ ਦੀ ਤਰਜ ’ਤੇ ਸੰਸਾਰ ਭਰ ਦੇ  ਸਿੱਖ ਵਿੱਦਿਅਕ ਅਦਾਰਿਆਂ ਲਈ ਬਣਨਾ ਜ਼ਰੂਰੀ ਹੈ। ਜਿਸ ਦੀ ਮਾਨਤਾ ਵਿਦੇਸ਼ਾਂ ਵਿੱਚੋਂ ਕਿਸੇ ਨਾ ਕਿਸੇ ਇੱਕ ਬੋਰਡ ਤੋਂ ਹੋਵੇਗੀ। ਭਾਰਤ ਅੰਦਰ ਕੇਂਦਰ ਹਕੂਮਤ ਪਾਸੋਂ ਮਾਨਤਾ ਲਈ ਜਾਵੇਗੀ।  ਸਿੱਖ ਵਿਦਿਅਕ ਅਦਾਰੇ ਇੱਕ ਲੜੀ ਵਿੱਚ ਪਰੋਏ ਜਾਣੇ ਲਾਜ਼ਮੀ ਹੈ।

ਧਰਮ ਪਰਿਵਰਤਨ ਮਾਮਲੇ ਵਿੱਚ ਅੱਜ ਕੱਲ੍ਹ ਵੇਖਣ ਵਿੱਚ ਆ ਰਿਹਾ ਹੈ ਕਿ ਗਵਾਂਢੀ ਮੱਤਾਂ ਦੇ ਪੈਰੋਕਾਰ ਪੰਜਾਬ ਅੰਦਰ ਜਾਂ ਦੂਜੇ ਸੂਬਿਆਂ ਜਾਂ ਦੇਸ਼ਾਂ ਅੰਦਰ ਵਿਧੀਵਤ ਢੰਗਾਂ, ਜਾਦੂਗਰੀ ਦ੍ਰਿਸ਼ਾਂ, ਤੰਦਰੁਸਤੀ, ਨੌਕਰੀ ਅਤੇ ਹੋਰ ਭਰਮ ਭੁਲੇਖਿਆਂ ਨੂੰ ਪ੍ਰਚਾਰ ਕੇ ਆਪਣੇ ਮੱਤਾਂ ਵੱਲ ਪ੍ਰੇਰ ਪ੍ਰੇਰ ਕੇ ਦਾਖਲਾ ਕਰਨ ਲਈ ਭਰਪੂਰ ਪ੍ਰਭਾਵਸ਼ਾਲੀ ਅਡੰਬਰ ਕਰ ਰਹੇ ਹਨ। ਜਦ ਕਿ  ਸਿੱਖ ਕੌਮ ਦੀ ਕੌਮੀ ਜੁਗਤਿ ਅੰਦਰ ਕਿਸੇ ਦੂਜੇ ਮੱਤ ਦੇ ਵਿਅਕਤੀ ਜਾਂ ਵਿਅਕਤੀਆਂ ਨੂੰ ਕਿਸੇ ਪ੍ਰਕਾਰ ਦਾ ਲੋਭ ਲਾਲਚ ਦੇ ਕੇ ਜਾਂ ਭਰਮਾ ਕੇ  ਸਿੱਖ ਹੋਣ ਲਈ ਕੋਈ ਕਿਰਿਆ ਨਹੀਂ ਕੀਤੀ ਜਾ ਸਕਦੀ। ਇਸ ਲਈ ਹਕੂਮਤੀ ਜਾਂ ਰਾਜਨੀਤਕ ਧਿਰਾਂ ਦੇ ਸਹਿਯੋਗ ਦੀ ਲੋੜ ਮਹਿਸੂਸ ਹੋ ਰਹੀ ਹੈ। ਕਾਲੇ ਜਾਦੂ ਵਾਲੇ ਕਾਨੂੰਨ ਰਾਹੀਂ ਅਜਿਹੇ ਸਿਲਸਿਲੇ ਨੂੰ ਰੋਕਣ ਲਈ ਵਿਉਂਤਬੰਦੀ ਦੀ ਲੋੜ ਹੈ।

ਗੁਰਮਤਿ ਵਿਦਿਅਕ ਬੋਰਡ ਸਥਾਪਤ ਕਰਕੇ ਗੁਰਮਤਿ ਕਾਲਜ ਬੋਰਡ ਅਧੀਨ ਹੋਣ ਭਾਵੇਂ ਉਹ ਕਾਲਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥ-ਦਰਦੀ  ਸਿੱਖ ਸੰਸਥਾਵਾਂ ਦੇ ਪ੍ਰਬੰਧ ਅਧੀਨ ਹਨ। ਜਿਸ ਰਾਹੀਂ ਸਭ ਗੁਰਮਤਿ ਵਿਦਿਆ ਕਾਲਜਾਂ ਵਿੱਚ ਇੱਕ ਸਾਰ ਪਾਠਕ੍ਰਮ ਤਿਆਰ ਕਰਕੇ ਵਿਦਿਆ ਦਿੱਤੀ ਜਾਵੇ।

ਸਿੱਖ ਕਕਾਰਾਂ ਦਾ ਸਮੇਂ ਸਮੇਂ ਹੁੰਦਾ ਅਪਮਾਨ ਰੋਕਣ ਲਈ ਕਾਨੂੰਨ ਬਣੇ। ਆਪਾਂ ਦੇਖਦੇ ਹਾਂ ਵੱਖ ਵੱਖ ਮੌਕਿਆਂ ’ਤੇ ਕਿਸੇ ਨਾ ਕਿਸੇ ਬਹਾਨੇ ਸਿੱਖੀ ਕਕਾਰਾਂ ਨੂੰ ਲੈ ਕੇ ਅੜਚਨ ਖੜ੍ਹੀ ਕੀਤੀ ਜਾਂਦੀ ਹੈ।

ਸਿੱਖ ਕੌਮ ਨੂੰ ਘੱਟ ਗਿਣਤੀ ਕੌਮ ਵਜੋਂ ਦੇਸ਼ ਪੱਧਰੀ ਮਾਨਤਾ ਹੋਵੇ ਜੋ ਵਿਸ਼ੇਸ਼ ਲਾਭ ਦੇਸ਼ ਪੱਧਰ ’ਤੇ ਬਾਕੀ ਘੱਟ-ਗਿਣਤੀ ਕੌਮਾਂ ਨੂੰ ਮਿਲਦੇ ਹਨ ਉਹ ਲਾਭ ਪੰਜਾਬ ਅੰਦਰ  ਸਿੱਖ ਕੌਮ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਲਾਜ਼ਮੀ ਹੈ ਇਸ  ਸਿੱਖ ਸਰੋਕਾਰ ਨੂੰ ਦੇਸ਼ ਪੱਧਰ ’ਤੇ ਮਾਨਤਾ ਦਿਵਾਈ ਜਾਵੇ।

ਅਨੰਦ ਕਾਰਜ ਐਕਟ ਦੇਸ਼ ਪੱਧਰ ’ਤੇ ਇਕਸਾਰ ਨਹੀਂ ਹੈ। ਵਿਆਹ ਪ੍ਰਮਾਣ-ਪੱਤਰ  ਸਿੱਖ ਅਨੰਦ ਕਾਰਜ ਵਿਆਹ ਕਾਨੂੰਨ ਹੇਠ ਪ੍ਰਾਪਤ ਹੋਵੇ ਸਮੇਂ ਦੀ ਲੋੜ ਹੈ।

ਬਾਬਾ ਫਤਿਹ ਸਿੰਘ ਸਿੱਖੀ ਵਿਰਸਾ ਭਵਨ ਉਸਾਰੀ ਬਾਰੇ ਸਰਕਾਰੀ ਮਾਨਤਾ ਐਕਟ ਹੋਂਦ ਵਿੱਚ ਆਵੇ ਪੰਜਾਬ ਸਰਕਾਰ ਪਾਸੋਂ  ਸਿੱਖ ਕੌਮ ਦੇ ਵਿਰਸੇ ਦੀ ਸੰਭਾਲ ਲਈ ਵੱਧ ਤੋਂ ਵੱਧ ਸਹੂਲਤਾਂ ਵਾਲਾ ਕਾਨੂੰਨ ਬਣਾਉਣ ਦਾ ਹੀਆ ਕਰੀਏ ਤਾਂ ਕਿ ਬਾਬਾ ਫਤਿਹ ਸਿੰਘ ਭਵਨ ਹਰ ਜ਼ਿਲ੍ਹਾ ਪੱਧਰ ’ਤੇ ਅਤੇ ਪੰਜਾਬ ਅੰਦਰ ਤਹਿਸੀਲ ਪੱਧਰ ’ਤੇ ਸਥਾਪਿਤ ਹੋ ਸਕੇ ਬਲਕਿ ਸਰਕਾਰੀ ਪੱਧਰ ਦੇ ਪ੍ਰਬੰਧ ਹੇਠ ਸੁਥਾਈ ਸਰਕਾਰਾਂ ਰਾਹੀਂ ਪੂਰੇ ਦੇਸ਼ ਅੰਦਰ ਉਸਾਰਨ ਦਾ ਕਾਨੂੰਨ ਹੋਵੇ।

ਭਾਈ ਘਨਈਆ ਭਵਨ ਦੇਸ਼ ਵਿਆਪੀ ਉਸਾਰੇ ਜਾਣ ਇਤਿਹਾਸਕ ਸੱਚ ਹੈ ਕਿ ਭਾਈ ਘਨੱਈਆ ਜੀ ਦੀ ਸੇਵਾ ਰੈਡ ਕਰਾਸ ਸੇਵਾ ਤੋਂ ਪਹਿਲਾਂ ਦਾ ਸੇਵਾ ਕਾਰਜ ਹੈ।  ਸਿੱਖ ਨਾਇਕਾਂ ਨੂੰ ਮਾਨਤਾ ਮਿਲਣੀ, ਬੜੀ ਲਾਜਮੀ ਹੈ। ਸਰਕਾਰ ਪਾਸੋਂ ਸਾਡੀ ਮੰਗ ਹੋਵੇ ਕਿ ਸਾਰੇ ਰੈਡ ਕਰਾਸ ਭਵਨਾਂ ਦੇ ਨਾਂ ਭਾਈ ਘਨੱਈਆ ਜੀ ਦੇ ਨਾਂ ’ਤੇ ਕਰਨ ਲਈ ਪੰਜਾਬ ਸਰਕਾਰ ਇਸ ਪੱਖੋਂ ਪਹਿਲ ਕਦਮੀ ਕਰੇ।

ਸਿੱਖ ਸ਼ਖ਼ਸੀਅਤਾਂ ਦਾ ਦੇਸ਼ ਪੱਧਰਤੇ ਸਤਿਕਾਰਤ ਉਭਾਰ ਜ਼ਰੂਰੀ ਹੈ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ  ਸਿੱਖ ਕੌਮ ਦਾ ਸਭ ਤੋਂ ਵੱਧ ਯੋਗਦਾਨ ਕਿਸੇ ਵੀ ਭਾਰਤੀ ਪਾਸੋਂ ਲੁਕਿਆ ਹੋਇਆ ਨਹੀਂ। ਉਨ੍ਹਾਂ ਦੇ ਨਾਵਾਂ ਉੱਪਰ ਦੇਸ਼ ਪੱਧਰੀ ਇਮਾਰਤਾਂ, ਸੜਕਾਂ, ਮਹੱਤਵਪੂਰਨ ਅਦਾਰਿਆਂ ਦੇ ਨਾਂ ਕਰਵਾਏ ਜਾਣੇ  ਸਿੱਖ ਸਰੋਕਾਰ ਹੈ।

ਗੁਰਇਤਿਹਾਸ ਅਤੇ  ਸਿੱਖਇਤਿਹਾਸ ਦੀ ਪੜ੍ਹਾਈ ਸੂਬਾਈ ਅਤੇ ਦੇਸ਼ ਪੱਧਰੀ ਕਰਵਾਉਣ ਦਾ ਅਮਲ ਅਹਿਮ ਹੈ ਭਾਰਤੀ ਵਿਦਿਆ ਪ੍ਰਬੰਧ ਕੇਂਦਰ ਅਤੇ ਸੁਬਾਈ ਸਭਿਆਚਾਰ ਵਿਭਾਗਾਂ ਅੰਦਰ ਵੀ  ਸਿੱਖ-ਇਤਿਹਾਸ ਗੁਰ-ਇਤਿਹਾਸ ਦੀ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਪ੍ਰਬੰਧ ਹੋਵੇ।

ਮੂਰਖ ਅਨੁਰਾਗ ਸਿੰਘ ਦੇ ਮੂਰਖਤਾ ਭਰੇ ਸਵਾਲ ਦਾ ਜਵਾਬ

0

ਮੂਰਖ ਅਨੁਰਾਗ ਸਿੰਘ ਦੇ ਮੂਰਖਤਾ ਭਰੇ ਸਵਾਲ ਦਾ ਜਵਾਬ

ਪਾਲ ਸਿੰਘ ਪੁਰੇਵਾਲ

ਸੰਪਰਕ: +1 (780) 463-2306

22 ਸਤੰਬਰ 2021 ਸੀਈ

ਮੈਨੂੰ ਅਫ਼ਸੋਸ ਹੈ ਕਿ ਮੂਰਖ ਅਨੁਰਾਗ ਸਿੰਘ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਮੂਰਖਤਾ ਭਰੇ ਸਵਾਲ ਦਾ ਜਵਾਬ ਦੇਣ ਸਮੇਂ ਮੈਨੂੰ ਮਜਬੂਰਨ ਉਹੋ ਜਿਹੀ ਭਾਸ਼ਾ ਦੀ ਵਰਤੋਂ ਕਰਨੀ ਪੈ ਰਹੀ ਹੈ ਜੋ ਉਹ ਮੇਰੇ ਲਈ ਵਰਤਦਾ ਆ ਰਿਹਾ ਹੈ ।

ਫੇਸਬੁੱਕ ‘ਤੇ ਉਸ ਦਾ ਪ੍ਰਸ਼ਨ ਹੈ : ਪੁਰੇਵਾਲ ਦੀ 500 ਸਾਲਾ ਜੰਤਰੀ ਵਿੱਚ ਸਾਲ 1752 ਪੰਨੇ ’ਤੇ 2 ਸਤੰਬਰ ਲਈ ਹਫ਼ਤੇ ਦਾ ਦਿਨ ਬੁੱਧਵਾਰ ਵਜੋਂ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ 14 ਸਤੰਬਰ ਨੂੰ ਵੀਰਵਾਰ ਦਿੱਤਾ ਗਿਆ. ਮੂਰਖ ਅਨੁਰਾਗ ਦੇ ਅਨੁਸਾਰ 14 ਸਤੰਬਰ ਨੂੰ ਸੋਮਵਾਰ ਹੋਣਾ ਚਾਹੀਦਾ ਸੀ ।

ਮੇਰਾ ਜਵਾਬ: ਅਨੁਰਾਗ ਸਿੰਘ ਦਾ ਇਹ ਕਹਿਣਾ ਕਿ 14 ਸਤੰਬਰ ਨੂੰ ਸੋਮਵਾਰ ਹੋਣਾ ਚਾਹੀਦਾ ਹੈ; ਮੂਰਖਤਾ ਦੀ ਹੱਦ ਹੈ, ਅਤੇ ਜੂਲੀਅਨ ਕੈਲੰਡਰ ਤੇ ਗ੍ਰੈਗੋਰੀਅਨ ਕੈਲੰਡਰ ਦੇ ਵਿਚਕਾਰ ਅੰਤਰ ਤੋਂ ਉਸਦੀ ਪੂਰੀ ਅਗਿਆਨਤਾ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਉਸਦਾ ਕੈਲੰਡਰਾਂ ਬਾਰੇ ਗਿਆਨ ਬਿਲਕੁਲ ਸਿਫ਼ਰ ਤੋਂ ਵੀ ਘੱਟ ਹੈ। ਉਸਨੂੰ ਪਤਾ ਹੋਣਾ ਚਾਹੀਦਾ ਸੀ ਕਿ ਜੇ 14 ਸਤੰਬਰ ਲਈ ਵੀਰਵਾਰ ਗ਼ਲਤ ਹੈ ਤਾਂ ਮੇਰੀ ਕਿਤਾਬ ਦੇ ਅੰਤ 31 ਦਸੰਬਰ 2000 ਈਸਵੀ ਤੱਕ ਹਫ਼ਤੇ ਦੇ ਸਾਰੇ ਦੇ ਸਾਰੇ ਦਿਨ ਵੀ ਗ਼ਲਤ ਹੋ ਜਾਣੇ ਸਨ. ਗ਼ਲਤ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਉਹ ਮੂਰਖ ਕਿਸੇ ਵੀ ਸਾਲ ਲਈ ਬਾਜ਼ਾਰ ’ਚੋਂ ਜੰਤਰੀ ਖਰੀਦ ਸਕਦਾ ਸੀ ਅਤੇ ਉਸ ਦੇ ਨਾਲ ਉਸ ਸਾਲ ਵਿੱਚ ਦਿੱਤੇ ਗਏ ਹਫ਼ਤੇ ਦੇ ਦਿਨਾਂ ਦੀ ਜਾਂਚ ਕੀਤਿਆਂ ਹਫਤੇ ਦੇ ਦਿਨ ਮੇਰੀ ਕਿਤਾਬ ਵਿੱਚ ਦਿੱਤੇ ਗਏ ਦਿਨਾਂ ਨਾਲ ਮਿਲ ਜਾਣੇ ਸਨ. ਜੇ ਹਫ਼ਤੇ ਦੇ ਦਿਨ ਮੇਰੀ ਕਿਤਾਬ ਨਾਲ ਮੇਲ ਖਾਂਦੇ ਹਨ ਫਿਰ ਇੱਕ ਇੱਕ ਕਰਕੇ ਪਿਛਾਂਹ ਜਾਣ ਨਾਲ ਅਨੁਰਾਗ ਨੂੰ ਇਹ ਪਤਾ ਵੀ ਲੱਗ ਜਾਂਦਾ ਕਿ 14 ਸਤੰਬਰ 1752 ਲਈ ਵੀਰਵਾਰ ਵੀ ਸਹੀ ਹੈ । ਮੈਂ ਪੁਸਤਕ ਦੀ ਮੁੱਢਲੀ ਜਾਣ ਪਛਾਣ (Introduction) ਵਿੱਚ ਜ਼ਿਕਰ ਕੀਤਾ ਹੈ ਕਿ ਕਿਤਾਬ ਵਿੱਚ ਸਾਰੀਆਂ ਅੰਗਰੇਜ਼ੀ ਤਾਰੀਖਾਂ 2 ਸਤੰਬਰ 1752 ਸਮੇਤ ਤੱਕ ਜੂਲੀਅਨ ਕੈਲੰਡਰ ਦੀਆਂ ਹਨ ਅਤੇ 14 ਸਤੰਬਰ 1752 ਸਮੇਤ ਤੋਂ ਬਾਅਦ ਦੀਆਂ ਸਾਰੀਆਂ ਤਾਰੀਖਾਂ ਗ੍ਰੈਗੋਰੀਅਨ ਕੈਲੰਡਰ ਦੀਆਂ ਹਨ ।

1947 ਵਿੱਚ ਜਦੋਂ ਮੈਂ ਸ਼ੰਕਰ ਵਿਖੇ ਖਾਲਸਾ ਹਾਈ ਸਕੂਲ ਦੀ 10ਵੀਂ ਕਲਾਸ ਵਿੱਚ ਪੜ੍ਹਦਾ ਸੀ ਤਾਂ ਉਸ ਵੇਲੇ ਅੰਕਗਣਿਤ ਦੀ ਕਿਤਾਬ ’ਚ ਇੱਕ ਭਾਗ ਕੈਲੰਡਰ ਦਾ ਹੁੰਦਾ ਸੀ ਜਿਸ ਵਿੱਚ 1600 ਸੀਈ ਤੋਂ ਬਾਅਦ ਦੇ ਕਿਸੇ ਵੀ ਗ੍ਰੈਗੋਰੀਅਨ ਮਿਤੀ ਦੇ ਹਫ਼ਤੇ ਦਾ ਦਿਨ ਲੱਭਣ ਦਾ ਤਰੀਕਾ ਹੁੰਦਾ ਸੀ। ਉਸ ਤਰੀਕੇ ਨਾਲ 14 ਸਤੰਬਰ 1752 ਨੂੰ ਹਫ਼ਤੇ ਦੇ ਦਿਨ ਦੀ ਗਣਿਤ ਇਸ ਤਰ੍ਹਾਂ ਹੈ:

(ਨੋਟ : ਹੇਠਾਂ ਸਮਝਾਏ ਜਾ ਰਹੇ ਵਾਧੂ ਦਿਨਾਂ ਦਾ ਮਤਲਬ ਹੁੰਦਾ ਹੈ ਸਾਲ ਦੇ ਕੁੱਲ ਦਿਨਾਂ ਨੂੰ 7 ਨਾਲ ਵੰਡਣ ਤੋਂ ਬਾਅਦ ਬਾਕੀ ਬਚਿਆ ਜਾਂ ਬਚੇ ਦਿਨ; ਜਿਵੇਂ ਕਿ

1 ਸਾਲ = 365 ਦਿਨ ​÷ 7 = 52 ਹਫ਼ਤੇ; ਇਨ੍ਹਾਂ 52 ਹਫ਼ਤਿਆਂ ਤੋਂ ਇਲਾਵਾ ਬਾਕੀ (ਵਾਧੂ) ਬਚਿਆ = 1 ਦਿਨ (ਜੋ ਚਾਰ ਸਾਲਾਂ ਬਾਅਦ ਯਾਨੀ ਕਿ ਲੀਪ ਦੇ ਸਾਲ ’ਚ 366 ਦਿਨ ਹੋਣ ਕਾਰਨ ਇਹ ਵਾਧੂ 2 ਦਿਨ ਹੋਣਗੇ ।)

100 ਸਾਲ ’ਚ ਵਾਧੂ ਦਿਨ = 100 ਦਿਨ + 24 ਲੀਪ ਦੇ ਸਾਲ (ਇਥੇ 25 ਹੋਣੇ ਸੀ ਭਾਵ ਹਰ ਚੌਥੇ ਸਾਲ ਲੀਪ ਦੇ ਸਾਲ ਦਾ, 1 ਦਿਨ ਵਧਦਾ ਵਧਦਾ 100 ਸਾਲਾਂ ’ਚ 25 ਲੀਪ ਬਣਦੇ ਸਨ, ਪਰ 100 ’ਤੇ ਪੂਰਾ ਵੰਡੇ ਜਾਣ ਵਾਲਾ ਸਾਲ, ਲੀਪ ਸਾਲ ਨਹੀਂ ਹੁੰਦਾ ਯਾਨੀ ਕਿ 100ਵੇਂ ਸਾਲ ਦੇ ਵਾਧੂ ਦਿਨ 2 ਨਹੀਂ ਹੋਣਗੇ, ਇਸ ਲਈ 100 ਸਾਲਾਂ ’ਚ 24 ਲੀਪ ਸਾਲ ਰਹਿ ਗਏ ।)

                            100+24 = 124 ਦਿਨ ​÷ 7 = 17 ਹਫ਼ਤੇ ਅਤੇ ਵਾਧੂ 5 ਦਿਨ

400 ਸਾਲ ’ਚ ਵਾਧੂ ਦਿਨ = 5 × 4 +1 (ਇਸ 1 ਦਾ ਮਤਲਬ ਹੈ ਕਿ 400 ’ਤੇ ਵੰਡੇ ਜਾਣ ਵਾਲੀ ਸਦੀ ਲੀਪ ਸਾਲ ਵਾਲੀ ਹੁੰਦੀ ਹੈ, ਇਸ ਲਈ 100, 200, 300 ਸਦੀਆਂ ਵਾਙ ਇਸ ਦਾ 1 ਦਿਨ ਨਹੀਂ ਵਧੇਗਾ ਬਲਕਿ ਹਰ ਚੌਥੇ ਲੀਪ ਸਾਲ ਵਾਙ ਇਸ ਦੇ ਭੀ ਵਾਧੂ 2 ਦਿਨ ਹੋਣਗੇ, ਸੋ 5 × 4 +1) = 21 ਦਿਨ        

                          = 21 ÷ 7 = 3 ਹਫ਼ਤੇ ਵਾਧੂ ਦਿਨ 0

ਇਸੇ ਤਰ੍ਹਾਂ 1600, 2000, 2400, 2800, 3200 ਆਦਿ ਲਈ ਵਾਧੂ ਦਿਨ 0 ਹਨ ।)

1600 ਸਾਲਾਂ ਵਿੱਚ ਵਾਧੂ ਦਿਨ                    = 0

100 ਸਾਲਾਂ ’ਚ ਵਾਧੂ ਦਿਨ                         = 5

51 ਸਾਲ ’ਚ ਵਾਧੂ ਦਿਨ 51                        = 2 (ਵਾਧੂ ਦਿਨਾਂ ਨੂੰ 7 ’ਤੇ ਭਾਗ ਕਰਕੇ ਬਾਕੀ)

51 ਸਾਲਾਂ ਵਿੱਚ ਲੀਪ ਸਾਲਾਂ ਦੇ 12 ਵਾਧੂ ਦਿਨ  = 5

ਜਨਵਰੀ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ    = 3

ਫ਼ਰਵਰੀ ਦੇ 29 ਦਿਨ; ਵਾਧੂ ਦਿਨ ਦਿੰਦੇ ਹਨ    = 1 (1752 ਲੀਪ ਦਾ ਸਾਲ ਹੋਣ ਕਾਰਨ)

ਮਾਰਚ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ        = 3

ਅਪ੍ਰੈਲ 30 ਦਿਨ; ਵਾਧੂ ਦਿਨ ਦਿੰਦੇ ਹਨ           = 2 

ਮਈ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ           = 3

ਜੂਨ ਦੇ 30 ਦਿਨ; ਵਾਧੂ ਦਿਨ ਦਿੰਦੇ ਹਨ          = 2

ਜੁਲਾਈ ਦੇ 31 ਦਿਨ; ਵਾਧੂ ਦਿਨ ਦਿੰਦੇ ਹਨ      = 3

ਅਗਸਤ ਦੇ 31 ਦਿਨ ਵਾਧੂ ਦਿਨ ਦਿੰਦੇ ਹਨ      = 3

ਸਤੰਬਰ ਦੇ 14 ਦਿਨ ਵਾਧੂ ਦਿਨ ਦਿੰਦੇ ਹਨ      = 0

ਵਾਧੂ ਦਿਨਾਂ ਦੀ ਕੁੱਲ ਗਿਣਤੀ                     = 32

7 ਨਾਲ ਵੰਡੋ ਅਤੇ ਬਾਕੀ ਲੱਭੋ                    = 4 ਹੈ

ਐਤਵਾਰ ਤੋਂ 0 ਦੀ ਗਿਣਤੀ ਸ਼ੁਰੂ ਕਰਕੇ 4 ਨੂੰ ਵੀਰਵਾਰ ਬਣਦਾ ਹੈ ।

ਗਣਿਤ ਦੇ ਪੇਪਰ ਵਿੱਚ ਹਮੇਸ਼ਾਂ ਇੱਕ ਸਵਾਲ ਕੈਲੰਡਰ ਦਾ ਹੁੰਦਾ ਸੀ । ਮੂਰਖ ਅਨੁਰਾਗ ਨੂੰ ਆਪਣੀ 10ਵੀਂ ਦੀ ਗਣਿਤ ਵੀ ਯਾਦ ਨਹੀਂ ।

ਵੈਸੇ ਮੈਂ 1948 ’ਚ ਮੈਟ੍ਰਿਕ ਦੀ ਪ੍ਰੀਖਿਆ ਵਿੱਚ ਆਪਣੀ ਕਲਾਸ ’ਚ ਪਹਿਲੇ ਸਥਾਨ ’ਤੇ ਰਿਹਾ ਸੀ। ਮੇਰਾ ਨਾਮ ਅਜੇ ਵੀ ਸਕੂਲ ਦੇ ਆਨਰਜ਼ ਬੋਰਡ ਉੱਤੇ ਦਰਜ ਹੈ ।

ਈ ਜੀ ਰਿਚਰਡਜ਼ ਦੁਆਰਾ ਮੈਪਿੰਗ ਟਾਈਮ ਤੋਂ :

ਯੂਨਾਈਟਿਡ ਕਿੰਗਡਮ ਅਤੇ ਉਸ ਦੀਆਂ ਬਸਤੀਆਂ (ਜਿਸ ਵਿੱਚ ਅਮਰੀਕੀ ਕਲੋਨੀਆਂ) ਸ਼ਾਮਲ ਹਨ ’ਚ ਜਾਰਜ II ਦੇ ਰਾਜ ਕਾਲ 14 ਸਤੰਬਰ 1752 ਤੋਂ [ਜੂਲੀਅਨ ਕੈਲੰਡਰ ਨੂੰ] ਗ੍ਰੈਗੋਰੀਅਨ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ ।

ਬੁੱਧਵਾਰ 2 ਸਤੰਬਰ ਤੋਂ ਬਾਅਦ ਵੀਰਵਾਰ 14 ਸਤੰਬਰ ਸੀ, ਅਤੇ ਵਿਚਕਾਰਲੀਆਂ 11 ਤਾਰੀਖਾਂ ਕੈਲੰਡਰ ’ਚ ਖਤਮ ਕਰ ਦਿੱਤੀਆਂ ਗਈਆਂ ।

-ਪੰਨਾ 252.

ਕੀ ਮੂਰਖ ਅਨੁਰਾਗ ਲਈ ਉਪਰੋਕਤ ਹਿਸਾਬ ਕਿਤਾਬ ਕਾਫ਼ੀ ਨਹੀਂ ਹੈ ?

ਹੋਰ, ਮੂਰਖ ਅਨੁਰਾਗ ਲਈ ਕੰਨੂ ਪਿੱਲੇ ਦੀ ਇੰਡੀਅਨ ਐਫੀਮੈਰਿਜ਼ (Indian Ephemeris) ਦਾ ਸਤੰਬਰ 1752 ਈਸਵੀ ਲਈ ਪੰਨਾ, ਅਤੇ ਨਾਲ ਹੀ ਇੰਟਰਨੈੱਟ ਤੋਂ ਸਤੰਬਰ 1752 ਈਸਵੀ ਦਾ ਕੈਲੰਡਰ, Dershowitz ਅਤੇ Reingold ਦੇ ਸੌਫ਼ਟਵੇਅਰ ਰਾਹੀਂ 2 ਸਤੰਬਰ 1752 ਅਤੇ 14 ਸਤੰਬਰ 1752 ਦੇ ਸਕ੍ਰੀਨ ਸ਼ਾਟ ਦੀਆਂ ਫੋਟੋ ਕਾਪੀਆਂ ਪੇਸਟ ਕਰ ਰਿਹਾ ਹਾਂ ।

ਕੀ ਤੁਸੀਂ ਹੁਣ ਵੇਖ ਸਕਦੇ ਹੋ ਕਿ ਅੰਨ੍ਹਾ ਕੌਣ ਹੈ ਅਤੇ ਅੰਨ੍ਹੇ ਪੈਰੋਕਾਰ ਕੌਣ ਹਨ ?

ਜੇ ਥੋੜ੍ਹੀ ਬਹੁਤ ਹੀ ਅਕਲ ਅਤੇ ਇਖ਼ਲਾਕ ਹੈ ਤਾਂ ਘੱਟ ਤੋਂ ਘੱਟ ਮੂਰਖ ਅਨੁਰਾਗ ਅਤੇ ਉਸ ਦੀ ਫ਼ੇਸ ਬੁੱਕ ’ਤੇ ਮੇਰੇ ਅਤੇ ਮੇਰੀ ਕਿਤਾਬ 500 ਸਾਲਾ ਜੰਤਰੀ ’ਚ ਸਤੰਬਰ 1752 ਦੇ ਕੈਲੰਡਰ ਦੀ ਤਾਰੀਖ ਪ੍ਰਤੀ ਗ਼ਲਤ ਟਿੱਪਣੀਆਂ ਕਰਨ ਵਾਲਿਆਂ ਨੂੰ ਹੁਣ ਮੇਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।

ਦਿਮਾਗ਼ ਦਾ ਵਿਕਾਸ ਅਤੇ ਮੋਬਾਇਲ ਫੋਨ

0

ਦਿਮਾਗ਼ ਦਾ ਵਿਕਾਸ ਅਤੇ ਮੋਬਾਇਲ ਫੋਨ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,

28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਜ਼ਿੰਦਗੀ ਸ਼ੁਰੂ ਹੀ ਦਿਮਾਗ਼ ਦੇ ਸੈੱਲਾਂ ਨਾਲ ਹੁੰਦੀ ਹੈ। ਮਾਂ ਦੇ ਢਿੱਡ ਅੰਦਰ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਨੇ ਸ਼ੁਰੂ ਹੋ ਜਾਂਦੇ ਹਨ, ਜੋ ਸਰੀਰ ਦੀ ਹਿਲਜੁਲ ਨੂੰ ਕੰਟਰੋਲ ਕਰਦੇ ਹਨ ਅਤੇ ਬਾਹਰੀ ਸੁਨੇਹਿਆਂ ਨੂੰ ਇਕੱਠਾ ਕਰਨ ਦਾ ਕੰਮ ਕਰਦੇ ਹਨ। ਤਿੰਨ ਤੋਂ 6 ਮਹੀਨਿਆਂ ਦੇ ਭਰੂਣ ਵਿੱਚ ਦਿਮਾਗ਼ ਦਾ ਕਾਫ਼ੀ ਵੱਡਾ ਹਿੱਸਾ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਸੋਚਣ ਸਮਝਣ ਅਤੇ ਬੌਧਿਕ ਵਿਕਾਸ ਦੇ ਅੰਸ਼ ਪਨਪਦੇ ਹਨ। ਇਸ ਦੌਰਾਨ ਢੇਰ ਸਾਰੇ ਹੋਰ ਜੋੜ ਬਣਦੇ ਹਨ। ਸੱਤ ਤੋਂ ਨੌਂ ਮਹੀਨਿਆਂ ਦੇ ਭਰੂਣ ਵਿੱਚ ਸੋਚਣ ਸਮਝਣ ਤੇ ਸਮੋਣ ਦਾ ਵੱਡਾ ਹਿੱਸਾ ਤਿਆਰ ਹੋ ਜਾਂਦਾ ਹੈ, ਜਿਸ ਨੇ ਪੈਦਾ ਹੁੰਦੇ ਸਾਰ ਜਿੰਨੇ ਵੀ ਸੁਣੇਹੇ ਮਿਲਣੇ ਹੁੰਦੇ ਹਨ, ਉਨ੍ਹਾਂ ਨਾਲ ਦਿਮਾਗ਼ ਵਿਚਲੀ ਹਾਰਡ ਡਿਸਕ ਨੂੰ ਭਰਨਾ ਹੁੰਦਾ ਹੈ।

ਇਹੀ ਦਿਮਾਗ਼ ਵਿਚਲੀ ‘ਹਾਰਡ ਡਿਸਕ’ ਅੱਗੋਂ ਜ਼ਬਾਨ, ਲਿਆਕਤ, ਬੌਧਿਕ ਵਿਕਾਸ ਅਤੇ ਵਰਤਾਰੇ ਬਾਰੇ ਨੀਂਹ ਪੱਕੀ ਕਰਦੀ ਹੈ।

ਜੰਮਣ ਤੋਂ ਬਾਅਦ ਜਿਸ ਤਰ੍ਹਾਂ ਬੱਚੇ ਨਾਲ ਵਿਹਾਰ ਕੀਤਾ ਜਾਂਦਾ ਹੈ, ਉਸੇ ਅਨੁਸਾਰ ਦਿਮਾਗ਼ ਦੀ ਬਣਤਰ ਵਿੱਚ ਸਦੀਵੀ ਛਾਪ ਤਿਆਰ ਹੁੰਦੀ ਹੈ ਤੇ ਉਸੇ ਵੇਲੇ ਹੀ ਬੱਚੇ ਦੇ ਵੱਡੇ ਹੋ ਜਾਣ ਉੱਤੇ ਕਿਹੋ ਜਿਹਾ ਕਿਰਦਾਰ ਤਿਆਰ ਹੋਣਾ ਹੈ, ਤੈਅ ਹੋ ਜਾਂਦਾ ਹੈ। ਮਿਸਾਲ ਵਜੋਂ ਪਿਆਰ ਦੁਲਾਰ ਨਾਲ ਪਲਿਆ ਬੱਚਾ ਜ਼ਿਆਦਾ ਲਾਇਕ ਹੋਣਾ ਸੁਭਾਵਕ ਹੈ। ਇੰਜ ਹੀ ਬੱਚੇ ਨਾਲ ਜਿੰਨੀ ਗੱਲਬਾਤ ਵੱਧ ਕੀਤੀ ਜਾਵੇ, ਓਨੇ ਹੀ ਵੱਧ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਦੇ ਹਨ ਤੇ ਓਨਾ ਹੀ ਬੱਚਾ ਵੱਧ ਲਾਇਕ ਬਣਦਾ ਹੈ। ਉਸ ਦੇ ਦਿਮਾਗ਼ ਅੰਦਰ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਸਾਂਭਣ ਦੀ ਥਾਂ, ਵੱਧ ਬਣ ਜਾਂਦੀ ਹੈ।

ਦੁਨੀਆ ਦੇ ਚੋਟੀ ਦੇ ਜਨਰਲ ‘ਪੀਡੀਐਟਰਿਕਸ’ ਵਿੱਚ ਸੰਨ 2011 ਅਪ੍ਰੈਲ ਵਿੱਚ ਕਈ ਸਾਲਾਂ ਤੱਕ ਚੱਲੀ ਖੋਜ ਦੇ ਨਤੀਜੇ ਛਪੇ ਜਿਸ ਵਿੱਚ ਸਤਮਾਹੇ ਜੰਮੇ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਦੱਸਿਆ ਗਿਆ ਕਿ ਪੂਰੇ ਸਮੇਂ ਉੱਤੇ ਜੰਮੇ ਬੱਚਿਆਂ ਦੇ ‘ਆਈ ਕਿਊ’ 83.8 ਤੋਂ 96 ਫ਼ੀਸਦੀ ਸੀ ਜਦ ਕਿ ਸਤਮਾਹੇ ਜੰਮਿਆਂ ਦਾ 78.9 ਫ਼ੀਸਦੀ ਤੋਂ 90 ਫ਼ੀਸਦੀ ਦੇ ਵਿਚਕਾਰ।

ਇਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਵਕਤ ਤੋਂ ਜਿੰਨਾ ਵੱਧ ਪਹਿਲਾਂ ਜੰਮਿਆ ਬੱਚਾ ਹੋਵੇ, ਓਨਾ ਹੀ ਉਸ ਦਾ ਦਿਮਾਗ਼ ਘੱਟ ਵਿਕਸਿਤ ਹੁੰਦਾ ਹੈ ਕਿਉਂਕਿ ਸੈੱਲਾਂ ਦੇ ਜੋੜ ਪੂਰੇ ਨਹੀਂ ਹੁੰਦੇ। ਇਸ ਖੋਜ ਵਿੱਚ ਇੱਕ ਗੱਲ ਬਹੁਤ ਕਮਾਲ ਦੀ ਪਤਾ ਲੱਗੀ ਕਿ ਜਿਹੜੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਨਾਲ ਮਾਂ ਜਾਂ ਪਿਓ ਵੱਧ ਗੱਲਾਂ ਕਰਦੇ ਰਹੇ ਹੋਣ, ਉਨ੍ਹਾਂ ਸਤਮਾਹੇ ਜੰਮੇਂ ਬੱਚਿਆਂ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਕਾਫ਼ੀ ਬਣ ਚੁੱਕੇ ਹੋਏ ਸਨ ਤੇ ਉਨ੍ਹਾਂ ਦੇ ਦਿਮਾਗ਼ ਦਾ ਵਿਕਾਸ ਬਾਕੀਆਂ ਨਾਲੋਂ ਵਧੀਆ ਹੋਇਆ ਲੱਭਿਆ।

9 ਜਨਵਰੀ 2011 ਨੂੰ ਮੋਬਾਇਲ ਫੋਨਾਂ ਦਾ ਦੋ ਤੋਂ 18 ਹਫ਼ਤਿਆਂ ਦੇ ਭਰੂਣ ਉੱਤੇ ਅਸਰ ਬਾਰੇ ਖੋਜ ਛਪੀ। ਉਸ ਵਿੱਚ ਸਪਸ਼ਟ ਕੀਤਾ ਗਿਆ ਕਿ ਮੋਬਾਇਲ ਫ਼ੋਨਾਂ ਵਿੱਚੋਂ ਮਾਈਕਰੋਵੇਵ ਵਰਗੀਆਂ ਰੇਡੀਓ ਤਰੰਗਾਂ ਨਿਕਲਦੀਆਂ ਹਨ, ਪਰ ਉਨ੍ਹਾਂ ਦਾ ਜੱਚਾ ਅਤੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਧਣ ਫੁੱਲਣ ਉੱਤੇ ਕੋਈ ਮਾੜਾ ਅਸਰ ਨਹੀਂ ਦਿਸਿਆ।

15 ਮਾਰਚ 2012 ਨੂੰ ਯੇਲ ਯੁਨੀਵਰਸਿਟੀ ਵਿਖੇ ਹੋਈ ਖੋਜ ਦੇ ਨਤੀਜੇ ਛਾਪੇ ਗਏ। ਉਸ ਵਿੱਚ ਮੋਬਾਇਲ ਫ਼ੋਨ ਨਾਲ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਮਾਗ਼ ਉੱਤੇ ਪੈਂਦੇ ਅਸਰ ਘੋਖੇ ਗਏ ਸਨ। ਇਹ ਖੋਜ ‘ਨੇਚਰ’ ਰਸਾਲੇ ਵਿੱਚ ਛਪੀ। ਡਾ. ਹੁੱਗ ਟੇਲਰ ਨੇ ਚੂਹਿਆਂ ਉੱਤੇ ਕੀਤੀ ਖੋਜ ਦੇ ਨਤੀਜਿਆਂ ਬਾਰੇ ਦੱਸਿਆ ਸੀ ਕਿ ਗਰਭਵਤੀ ਚੂਹੀਆਂ ਨੂੰ ਜਿਸ ਪਿੰਜਰੇ ਅੰਦਰ ਰੱਖਿਆ ਗਿਆ ਸੀ, ਉਸ ਪਿੰਜਰੇ ਉੱਤੇ ‘ਮਿਊਟ’ ਕਰ ਕੇ ਮੋਬਾਇਲ ਫੋਨ ਰੱਖੇ ਗਏ, ਜਿਨ੍ਹਾਂ ਉੱਤੇ ‘ਕਾਲ’ ਕੀਤੀ ਜਾ ਰਹੀ ਸੀ। ਲਗਾਤਾਰ ਕੁੱਝ ਘੰਟੇ ਵਾਰ ਵਾਰ ‘ਕਾਲਾਂ’ ਕੀਤੀਆਂ ਗਈਆਂ ਤੇ 15 ਤੋਂ 20 ਮਿੰਟ ਤੱਕ ਇਕ ਕਾਲ ਜਾਰੀ ਰੱਖੀ ਗਈ। ਇਹ ਵੇਖਣ ਵਿੱਚ ਆਇਆ ਕਿ ਨਵਜੰਮੀਆਂ ਚੂਹੀਆਂ ਦੇ ਦਿਮਾਗ਼ ਦੇ ਅਗਲੇ ਸਿਰੇ (ਪ੍ਰੀ ਫਰੰਟਲ ਕੋਰਟੈਕਸ) ਵਿੱਚ ਸੈੱਲ ਵੀ ਘੱਟ ਬਣੇ ਅਤੇ ਜੋੜ ਵੀ। ਨਤੀਜੇ ਵਜੋਂ ਉਹ ਲੋੜੋਂ ਵੱਧ ਕਾਹਲੇ, ਚਿੜਚਿੜੇ, ਧਿਆਨ ਨਾ ਲਾ ਸਕਣ ਵਾਲੇ ਅਤੇ ਗੁਸੈਲ ਬਣੇ ਸਨ। ਜਿਹੜੀਆਂ ਗਰਭਵਤੀ ਚੂਹੀਆਂ ਦੇ ਨੇੜੇ ਫ਼ੋਨ ਪੂਰਾ ਬੰਦ ਕਰ ਕੇ ਰੱਖਿਆ ਗਿਆ ਤੇ ਕੋਈ ਵੀ ਕਾਲ ਨਾ ਕੀਤੀ ਗਈ, ਉਨ੍ਹਾਂ ਦੇ ਬੱਚਿਆਂ ਵਿੱਚ ਕੋਈ ਨੁਕਸ ਨਾ ਲੱਭਿਆ।

ਇਸੇ ਯੇਲ ਯੂਨੀਵਰਸਿਟੀ ਦੇ ਡਾ. ਤਾਮਿਰ ਅਲਦਾਦ ਨੇ ਵੀ ਆਪਣੀ ਖੋਜ ਬਾਰੇ ਦੱਸਿਆ ਕਿ ਚੂਹੀਆਂ ਵਿੱਚ ਗਰਭ ਦਾ ਸਮਾਂ ਸਿਰਫ਼ 19 ਦਿਨਾਂ ਦਾ ਹੁੰਦਾ ਹੈ ਤੇ ਫਿਰ ਵੀ ਉਸ ਦੌਰਾਨ ਏਨਾ ਤਗੜਾ ਅਸਰ ਮੋਬਾਇਲ ਦੀਆਂ ਕਿਰਨਾਂ ਦਾ ਦਿਸਿਆ ਹੈ। ਇਸੇ ਲਈ ਮਨੁੱਖ ਦੇ ਬੱਚਿਆਂ ਦੇ ਦਿਮਾਗ਼ ਉੱਤੇ ਵੀ ਜ਼ਰੂਰ ਮਾੜਾ ਅਸਰ ਪੈਂਦਾ ਹੋਵੇਗਾ ਕਿਉਂਕਿ ਉਹ ਲੰਮੇ ਸਮੇਂ ਤੱਕ ਮੋਬਾਇਲ ਦੀਆਂ ਕਿਰਨਾਂ ਦੇ ਅਸਰ ਹੇਠ ਰਹਿੰਦੇ ਹਨ।

ਇਸ ਖੋਜ ਤੋਂ ਬਾਅਦ ਅਗਲੀ ਖੋਜ ਆਰੰਭ ਹੋਈ, ਜੋ 5 ਸਤੰਬਰ 2017 ਵਿੱਚ ਨਾਮਵਰ ‘ਬਰਿਟਿਸ਼ ਮੈਡੀਕਲ ਜਰਨਲ’ ਵਿੱਚ ਛਪੀ। ਉਸ ਖੋਜ ਵਿੱਚ 45,389 ਨਾਰਵੇ ਦੀਆਂ ਮਾਂਵਾਂ ਸ਼ਾਮਲ ਕੀਤੀਆਂ ਗਈਆਂ, ਜਿਹੜੀਆਂ ਮੋਬਾਇਲ ਦੀ ਵਰਤੋਂ ਕਰ ਰਹੀਆਂ ਸਨ। ਇਨ੍ਹਾਂ ਸਾਰੀਆਂ ਦੇ ਗਰਭ ਦੌਰਾਨ ਵੀ ਭਰੂਣ ਦਾ ਚੈੱਕਅੱਪ ਕੀਤਾ ਗਿਆ ਤੇ ਬੱਚਾ ਜੰਮਣ ਤੋਂ ਪੰਜ ਸਾਲ ਬਾਅਦ ਤੱਕ ਵੀ ਲਗਾਤਾਰ ਚੈੱਕ ਕੀਤਾ ਗਿਆ। ਇਨ੍ਹਾਂ ਵਿੱਚੋਂ ਕਿਸੇ ਦੇ ਵੀ ਬੱਚੇ ਦੇ ਦਿਮਾਗ ਉੱਤੇ ਮੋਬਾਇਲ ਦੇ ਮਾੜੇ ਅਸਰ ਨਹੀਂ ਲੱਭੇ। ਇਸ ਖੋਜ ਦੌਰਾਨ ਬਹੁਤ ਮਹੱਤਵ ਪੂਰਨ ਚੀਜ਼ਾਂ ਬਾਰੇ ਪਤਾ ਲੱਗਿਆ ਕਿਉਂਕਿ ਖਤਰਾ ਭਾਂਪਦਿਆਂ ਸਾਰੀਆਂ ਮਾਂਵਾਂ ਨੂੰ ਅਜਿਹੀ ਖ਼ੁਰਾਕ ਦਿੱਤੀ ਗਈ ਸੀ, ਜੋ ਭਰੂਣ ਦੇ ਦਿਮਾਗ਼ ਦਾ ਵਿਕਾਸ ਵਧੀਆ ਕਰਨ ਵਿੱਚ ਮਦਦ ਕਰਦੀ ਸੀ। ਇਸੇ ਲਈ ਉਸ ਖੋਜ ਤੋਂ ਬਆਦ ਸਾਰੀਆਂ ਗਰਭਵਤੀ ਮਾਂਵਾਂ ਲਈ ਉਹੀ ਖ਼ੁਰਾਕ ਦੇਣ ਬਾਰੇ ਜ਼ੋਰ ਪਾਇਆ ਗਿਆ ਹੈ। ਇਹ ਖ਼ੁਰਾਕ ਹੈ :-

  1. ਸਾਲਮਨ ਮੱਛੀ :- ਪ੍ਰੋਟੀਨ ਤੇ ਕੈਲਸ਼ੀਅਮ ਭਰਪੂਰ ਹੋਣ ਦੇ ਨਾਲੋ-ਨਾਲ ਇਸ ਵਿਚਲੇ ਓਮੇਗਾ ਤਿੰਨ ਫੈੱਟੀ ਏਸਿਡ ਭਰੂਣ ਦੇ ਦਿਮਾਗ਼ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ।
  2. ਚੁਲਾਈ:- ਲੋਹ ਕਣ ਤੇ ਫੋਲੇਟ ਭਰਪੂਰ ਚੁਲਾਈ ਜਿੱਥੇ ਔਲ ਨੂੰ ਤੰਦਰੁਸਤ ਰੱਖਦੀ ਹੈ, ਭਰੂਣ ਦੇ ਵਧਣ ਫੁੱਲਣ ਵਿੱਚ ਸਹਾਈ ਹੁੰਦੀ ਹੈ, ਉੱਥੇ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਨੂੰ ਵੀ ਸਿਹਤਮੰਦ ਰੱਖਦੀ ਹੈ।
  3. ਹਰੀਆਂ ਸਬਜ਼ੀਆਂ ਤੇ ਫਲ :- ਛੋਲੀਏ ਦੇ ਪੱਤੇ, ਮੂਲੀ ਦੇ ਪੱਤੇ, ਪੱਤ-ਗੋਭੀ, ਹਰੀਆਂ ਸਬਜ਼ੀਆਂ ਤੇ ਫਲਾਂ ਵਿੱਚ ਐਂਟੀਆਕਸੀਡੈਂਟ ਭਰੇ ਪਏ ਹਨ, ਜੋ ਭਰੂਣ ਦੇ ਦਿਮਾਗ਼ ਉੱਤੇ ਪੈਂਦੇ ਮਾੜੇ ਅਸਰਾਂ ਤੋਂ ਬਚਾਓ ਕਰਦੇ ਹਨ। ਇਨ੍ਹਾਂ ਵਿਚਲੇ ਲੋਹ ਕਣ ਭਰੂਣ ਨੂੰ ਆਕਸੀਜਨ ਵੀ ਪੂਰੀ ਪਹੰੁਚਾ ਦਿੰਦੇ ਹਨ।
  4. ਪ੍ਰੋਟੀਨ :- ਅੰਡੇ, ਦਾਲਾਂ, ਦੁੱਧ, ਪਨੀਰ ਤੇ ਸੁੱਕੇ ਮੇਵੇ ਜਿੱਥੇ ਜੱਚਾ ਨੂੰ ਤੰਦਰੁਸਤ ਰੱਖਦੇ ਹਨ, ਉੱਥੇ ਭਰੂਣ ਦੇ ਦਿਮਾਗ਼ ਲਈ ਵੀ ਬਿਹਤਰੀਨ ਸਾਬਤ ਹੋ ਚੁੱਕੇ ਹਨ।
  5. ਿਲ :- ਤਿਲ ਯਾਦਦਾਸ਼ਤ ਤੇਜ਼ ਰੱਖਣ ਵਿੱਚ ਸਹਾਈ ਹੁੰਦੇ ਹਨ।

 ਉੱਪਰ ਦੱਸੇ ਖਾਣੇ ਜੇ ਹਰ ਜੱਚਾ ਸਹੀ ਮਿਕਦਾਰ ਵਿੱਚ ਲੈਂਦੀ ਰਹੇ ਤਾਂ ਉਸ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਦਿਮਾਗ਼ ਦਾ ਵਿਕਾਸ ਵੀ ਵਧੀਆ ਹੋ ਜਾਂਦਾ ਹੈ ਅਤੇ ਮਾੜੇ ਅਸਰਾਂ ਤੋਂ ਬਚਾਓ ਵੀ ਹੋ ਜਾਂਦਾ ਹੈ।

20 ਨਵੰਬਰ 2018 ਨੂੰ ਭਰੂਣਾਂ ਉੱਤੇ ਕੀਤੀ ਇੱਕ ਹੋਰ ਖੋਜ ਸਾਹਮਣੇ ਆਈ, ਜਿਸ ਵਿੱਚ ‘ਫੰਕਸ਼ਨਲ ਐਮ.ਆਰ.ਆਈ. ਸਕੈਨ’ ਰਾਹੀਂ ਭਰੂਣਾਂ ਦੇ ਦਿਮਾਗ਼ ਦੇ ਕੰਮਕਾਰ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਉਸ ਵਿੱਚ ਪਤਾ ਲੱਗਿਆ ਕਿ ਕਿਵੇਂ ਢਿੱਡ ਅੰਦਰ ਭਰੂਣ ਸ਼ੈਤਾਨੀਆਂ ਕਰਦੇ, ਖੇਡਦੇ, ਘੁੰਮਦੇ ਅਤੇ ਸੌਂਦੇ ਹਨ।

ਗਰਭ ਠਹਿਰਨ ਦੇ ਤੀਜੇ ਹਫ਼ਤੇ ਵਿੱਚ ਹੀ ਭਰੂਣ ਦੀ ਦਿਮਾਗ਼ ਦੇ ਪਹਿਲੇ ਪੁੰਗਰੇ ਸੈੱਲਾਂ ਦੀ ਅੱਗੋਂ ਵੰਡ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕੁੱਝ ਜੋੜ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਨੌਵੇਂ ਹਫ਼ਤੇ ਦੇ ਭਰੂਣ ਵਿਚਲੇ ਨਿੱਕੇ ਜਿਹੇ ਦਿਮਾਗ਼ ਵਿੱਚੋਂ ਕੈਮੀਕਲ ਰਾਹੀਂ ਸੁਣੇਹੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਕੈਮੀਕਲ ਬਾਹਰਲੇ ਸੁਣੇਹੇ ਫੜਨ ਲਈ ਕਈ ਨਵੇਂ ਜੋੜ ਬਣਾਉਣ ਵਿੱਚ ਵੀ ਮਦਦ ਕਰਦੇ ਹਨ।

ਜੰਮਣ ਤੋਂ ਬਾਅਦ ਤੱਕ ਇਹ ਜੋੜ ਬਣਦੇ ਰਹਿੰਦੇ ਹਨ। ਪਹਿਲੇ ਦੋ ਸਾਲਾਂ ਦੀ ਉਮਰ ਵਿੱਚ ਦਿਮਾਗ਼ ਵਿੱਚ ਸਭ ਤੋਂ ਵੱਧ ਤਬਦੀਲੀਆਂ ਹੁੰਦੀਆਂ ਹਨ ਅਤੇ ਬਾਹਰਲੇ ਸੁਣੇਹਿਆਂ ਤੋਂ ਖਰਬਾਂ ਨਵੇਂ ਜੋੜ ਬਣਦੇ ਜਾਂਦੇ ਹਨ। ਇਨ੍ਹਾਂ ਨੂੰ ‘ਸਾਇਨੈਪਟਿਕ ਬਿਗ ਬੈਂਗ’ ਕਹਿੰਦੇ ਹਨ।

ਦੋ ਸਾਲਾਂ ਤੋਂ ਬਾਅਦ ਹੌਲੀ ਹੌਲੀ ਦਿਮਾਗ਼ ਵਿੱਚ ਵੱਖ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ, ਜਿਸ ਵਿੱਚ ਅੱਧ ਪਚੱਧ ਬਣੇ ਜੋੜ ਖੁਰਨ ਲੱਗ ਪੈਂਦੇ ਹਨ। ਉਸ ਹਿੱਸੇ ਦੇ ਸੈੱਲ ਜਿਹੜੇ ਬਿਲਕੁਲ ਵਰਤੋਂ ਵਿੱਚ ਨਾ ਆ ਰਹੇ ਹੋਣ, ਦਿਮਾਗ ਆਪੇ ਹੀ ਬੇਲੋੜੇ ਮੰਨ ਕੇ ਉਨ੍ਹਾਂ ਨੂੰ ਖ਼ਤਮ ਕਰ ਦਿੰਦਾ ਹੈ। ਇਹ ਸਫ਼ਾਈ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਲੋੜ ਵਿੱਚ ਆ ਰਹੇ ਹਿੱਸੇ ਨੂੰ ਹੋਰ ਥਾਂ ਮਿਲ ਸਕੇ ਤੇ ਉਹ ਪ੍ਰਫੁਲਿਤ ਹੋ ਸਕੇ।

ਬੇਅੰਤ ਖੋਜਾਂ ਰਾਹੀਂ ਪਤਾ ਲੱਗ ਚੁੱਕਿਆ ਹੈ ਕਿ ਇਸ ਸਮੇਂ ਦੌਰਾਨ ਪਿਆਰ, ਝਿੜਕਾਂ, ਤਿੱਖੀ ਲਾਈਟ, ਸ਼ੋਰ-ਸ਼ਰਾਬਾ, ਤਾਪਮਾਨ ਵਿੱਚ ਗੜਬੜੀ, ਕੁੱਟ-ਮਾਰ, ਮਾਹੌਲ ਵਿੱਚ ਵਾਰ-ਵਾਰ ਤਬਦੀਲੀ ਆਦਿ ਦਿਮਾਗ਼ ਦੇ ਕੰਮ ਕਾਰ ਉੱਤੇ ਸਦੀਵੀ ਅਸਰ ਪਾ ਦਿੰਦੇ ਹਨ ਕਿਉਂਕਿ ਸੈੱਲਾਂ ਵਿਚਕਾਰ ਬਣ ਰਹੇ ਜੋੜ ਸਹੀ ਥਾਂ ਨਹੀਂ ਜੁੜਦੇ, ਜਿਸ ਸਦਕਾ ਸਹੀ ਸੁਣੇਹੇ ਫੜਨ ਵਿੱਚ ਗੜਬੜੀ ਹੋ ਜਾਂਦੀ ਹੈ। 

13 ਮਾਰਚ 2018 ਵਿਚ ‘ਯੂ.ਸੀ.ਇਰਵਿਨ ਹੈਲਥ ਰਿਸਰਚ’ ਵਿੱਚ ਦੁੱਧ ਪਿਆਉਂਦੀਆਂ ਚੂਹੀਆਂ ਦੇ ਨੇੜੇ ਮੋਬਾਇਲ ਦੀ ਵਰਤੋਂ ਬਾਰੇ ਇੱਕ ਹੋਰ ਖੋਜ ਛਪੀ, ਜਿਸ ਰਾਹੀਂ ਸਪਸ਼ਟ ਹੋ ਗਿਆ ਕਿ ਉਨ੍ਹਾਂ ਤਰੰਗਾਂ ਦਾ ਨਿੱਕੇ ਚੂਹਿਆਂ ਦੇ ਦਿਮਾਗ਼ ਉੱਤੇ ਤਗੜਾ ਅਸਰ ਪਿਆ ਜਿਸ ਸਦਕਾ ਉਨ੍ਹਾਂ ਵਿੱਚੋਂ ਕੁੱਝ ਉੱਕਾ ਹੀ ਦੁਬਕ ਕੇ ਬਹਿ ਗਏ ਤੇ ਕੁੱਝ ਬੇਹੱਦ ਚਿੜਚਿੜੇ ਹੋ ਗਏ।

ਇਸ ਦੌਰਾਨ ਕਈ ਸਾਲ ਲਗਾਤਾਰ ਮੋਬਾਇਲ ਦੀਆਂ ਤਰੰਗਾਂ ਉੱਤੇ ਚੱਲ ਰਹੀਆਂ ਵੱਖੋਂ ਵੱਖ ਖੋਜਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ :-

  1. ਨੈਸ਼ਨਲ ਸੈਂਟਰ ਫੌਰ ਹੈਲਥ ਰੀਸਰਚ ਅਨੁਸਾਰ ਕੰਨ ਨਾਲ ਲਾ ਕੇ ਲਗਾਤਾਰ ਮੋਬਾਇਲ ਸੁਣਦੇ ਰਹਿਣ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਵਧ ਜਾਂਦਾ ਹੈ।
  2. ‘ਅਮਰੀਕਨ ਅਕੈਡਮੀ ਔਫ਼ ਪੀਡੀਐਟਰਿਕਸ’ ਨੇ ਬੱਚਿਆਂ ਵਿੱਚ ਹੋਈਆਂ ਅਨੇਕ ਖੋਜਾਂ ਤੋਂ ਬਾਅਦ ਇਹ ਲੱਭਿਆ ਕਿ ਮੋਬਾਇਲ ਵਿੱਚੋਂ ਨਿਕਲਦੀਆਂ ਤਰੰਗਾਂ ਬੱਚਿਆਂ ਦੇ ਦਿਮਾਗ਼ ਉੱਤੇ ਵੱਡਿਆਂ ਨਾਲੋਂ ਦੁਗਣਾ ਵੱਧ ਅਸਰ ਪਾਉਂਦੀਆਂ ਹਨ। ਬੱਚੇ ਦੇ ਦਿਮਾਗ਼ ਨੂੰ ਕੱਜ ਰਹੀ ਹੱਡੀ ਪਤਲੀ ਹੁੰਦੀ ਹੈ, ਇਸੇ ਲਈ ਉਸ ਹੱਡੀ ਉੱਤੇ ਤਰੰਗਾਂ ਦਾ ਵੱਡਿਆਂ ਨਾਲੋਂ 10 ਗੁਣਾਂ ਵੱਧ ਅਸਰ ਪੈਂਦਾ ਹੈ। ਇਸੇ ਲਈ 6 ਮਹੀਨਿਆਂ ਦੀ ਉਮਰ ਤੋਂ ਹੀ ਜਿਨ੍ਹਾਂ ਬੱਚਿਆਂ ਨੂੰ ਮੋਬਾਇਲ ਫੋਨ ਖਿਡੌਣੇ ਵਾਂਗ ਫੜਾਉਣੇ ਸ਼ੁਰੂ ਕਰ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਭਾਰੀ ਗਿਣਤੀ ਬੱਚੇ ਜ਼ਿੱਦੀ, ਚਿੜਚਿੜੇ, ਲੜਾਕੇ ਅਤੇ ਟਿਕ ਕੇ ਨਾ ਬਹਿ ਸਕਣ ਵਾਲੇ ਬਣ ਗਏ ਲੱਭੇ।
  3. ਕੋਰੀਆ ਵਿੱਚ ਬੱਚਿਆਂ ਵਿੱਚ ਹੋਈ ਖੋਜ ਵਿੱਚ ਵੀ ਮੋਬਾਇਲ ਦੀ ਵਾਧੂ ਵਰਤੋਂ ਕਰਨ ਵਾਲੇ ਬੱਚਿਆਂ ਵਿੱਚ ਟਿਕ ਕੇ ਨਾ ਬਹਿ ਸਕਣ ਦੀ ਬੀਮਾਰੀ ਲੱਭੀ। ਇਨ੍ਹਾਂ ਬੱਚਿਆਂ ਦੇ ਲਹੂ ਵਿੱਚ ‘ਸਿੱਕੇ’ ਦੀ ਮਾਤਰਾ ਵੀ ਵਧੀ ਹੋਈ ਸੀ, ਜਿਸ ਦੇ ਵੱਖ ਕਾਰਨ ਸਨ।

ਇਨ੍ਹਾਂ ਖੋਜਾਂ ਤੋਂ ਬਾਅਦ ਫਿਰ 4 ਅਗਸਤ 2021 ਨੂੰ ਵਿਸ਼ਵ ਭਰ ਦੇ ਬੱਚਿਆਂ ਲਈ ਖ਼ਾਸ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਮੋਬਾਇਲ ਵਿੱਚੋਂ ਨਿਕਲੀਆਂ ਤਰੰਗਾਂ ਦੇ ਮਾੜੇ ਅਸਰਾਂ ਤੋਂ ਬਚਣ ਲਈ ਮੋਬਾਇਲ ਨੂੰ ਕੰਨਾਂ ਤੋਂ ਪਰ੍ਹਾਂ ਰੱਖਣ ਉੱਤੇ ਜ਼ੋਰ ਪਾਇਆ ਗਿਆ ਹੈ।

ਐੱਪਲ ਫ਼ੋਨ ਵਾਲੇ ਸਪਸ਼ਟ ਕਹਿ ਰਹੇ ਹਨ ਕਿ ਆਈ ਫ਼ੋਨ 12; ਦਿਮਾਗ਼ ਤੋਂ 5 ਮਿਲੀਮੀਟਰ ਦੂਰ ਰੱਖ ਕੇ ਗੱਲ ਸੁਣਨੀ ਚਾਹੀਦੀ ਹੈ। ਇਹੋ ਕੁੱਝ ਗੂਗਲ ਪਿਕਸਲ 4 ਵਾਲੇ ਕਹਿਣ ਲੱਗ ਪਏ ਹਨ। ਸੈਮਸੰਗ ਗਲੈਕਸੀ ਤਾਂ ਘੱਟੋ-ਘੱਟ ਕੰਨ ਤੋਂ 1.5 ਸੈਂਟੀਮੀਟਰ ਪਰ੍ਹਾਂ ਫੋਨ ਰੱਖ ਕੇ ਗੱਲ ਸੁਣਨ ਬਾਰੇ ਕਹਿੰਦਾ ਹੈ। ਇਹ ਸਭ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮਾਈਕਰੋਵੇਅ ਦੀਆਂ ਤਰੰਗਾਂ ਬਾਰੇ ਤਾਂ ਸੰਨ 2014 ਵਿੱਚ ਹੀ ਲੱਭ ਲਿਆ ਗਿਆ ਸੀ ਕਿ ਇਨ੍ਹਾਂ ਨਾਲ ਸਿੱਧਾ ਸੰਪਰਕ ਹੁੰਦੇ ਰਹਿਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ।

ਹੁਣ ਅਮਰੀਕਾ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਵੀ ਵਾਇਰਲੈਸ ਅਤੇ ਰੇਡੀਓ ਟਰਾਂਸਮੀਟਰ ਲਾਉਣ ਉੱਤੇ ਮਨਾਹੀ ਲਾ ਦਿੱਤੀ ਗਈ ਹੈ ਕਿਉਂਕਿ ਇਹ ਤਰੰਗਾਂ ਬੱਚੇ ਦੇ ਦਿਮਾਗ਼ ਦੇ ਪਿਛਲੇ ਹਿੱਸੇ ‘ਸੈਰੀਬੈਲਮ’ ਵਿੱਚ ਵੱਡਿਆਂ ਨਾਲੋਂ ਢਾਈ ਗੁਣਾ ਵੱਧ ਅੰਦਰ ਪਹੁੰਚ ਜਾਂਦੀਆਂ ਹਨ।

ਸੰਨ 2019 ਵਿੱਚ ਛਪੀ ਖੋਜ ਵਿੱਚ ਵੀ ਕਈ ਸਾਲ ਚੱਲੀ ਖੋਜ ਦੇ ਸਿੱਟਿਆਂ ਤੋਂ ਬਾਅਦ ਇਨ੍ਹਾਂ ਤਰੰਗਾਂ ਨਾਲ ਬੱਚਿਆਂ ਦੀਆਂ ਸਿਰ ਦੀਆਂ ਹੱਡੀਆਂ ਉੱਤੇ ਅਸਰ ਲੱਭੇ ਸਨ। ਕੁੱਝ ਕੁ ਬੱਚਿਆਂ ਦੇ ਡੀ.ਐਨ.ਏ. ਉੱਤੇ ਵੀ ਅਸਰ ਪਏ ਲੱਭੇ।

ਹੁਣ ਤੱਕ ਦੀ ਸਭ ਤੋਂ ਲੰਮੇ ਸਮੇਂ ਤੱਕ ਚੱਲੀ ਖੋਜ ਵਿੱਚ ਵੱਡਿਆਂ ਉੱਤੇ ਪੂਰੀ ਉਮਰ ਦੌਰਾਨ 1640 ਘੰਟੇ ਦੇ ਮੋਬਾਇਲ ਦੀ ਵਰਤੋਂ ਬਾਅਦ ਅਸਰ ਘੋਖੇ ਗਏ ਸਨ। ਉਸ ਵਿਚਲੇ ਨਤੀਜੇ ਅੱਖਾਂ ਖੋਲ੍ਹਣ ਵਾਲੇ ਹਨ :-

  1. ਮੋਬਾਇਲ ਦੀ ਕੰਨ ਨਾਲ ਲਾ ਕੇ ਕੀਤੀ ਵਾਧੂ ਵਰਤੋਂ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਟੈਂਪੋਰਲ ਹਿੱਸੇ ਦੇ ਕੈਂਸਰ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ।
  2. ਰੋਜ਼ ਦੀ 30 ਮਿੰਟ ਦੀ ਲਗਾਤਾਰ 10 ਸਾਲ ਤੱਕ ਮੋਬਾਇਲ ਦੀ ਵਰਤੋਂ ਬਾਅਦ ਦਿਮਾਗ਼ ਦੇ ਕੈਂਸਰ ਦਾ ਖ਼ਤਰਾ 40 ਫ਼ੀਸਦੀ ਵੱਧ ਹੋ ਜਾਂਦਾ ਹੈ।

ਹੁਣ ਦੁਨੀਆਂ ਭਰ ਵਿੱਚ ਸੈੱਲ ਫ਼ੋਨ ਤੋਂ ਹੋ ਰਹੇ ਮਾੜੇ ਅਸਰਾਂ ਤੋਂ ਬਚਾਓ ਬਾਰੇ ਦੱਸਿਆ ਜਾਣ ਲੱਗ ਪਿਆ ਹੈ। ਇਨ੍ਹਾਂ ਮਾੜੇ ਅਸਰਾਂ ਤੋਂ ਬਚਣ ਲਈ ਜੋ ਮਾਹਿਰਾਂ ਵੱਲੋਂ ਸੁਝਾਓ ਦਿੱਤੇ ਗਏ ਹਨ, ਉਹ ਹਨ :-

  1. ਨਿੱਕੇ ਬੱਚਿਆਂ ਤੋਂ ਮੋਬਾਇਲ ਦੂਰ ਰੱਖੋ ਤੇ ਇਸ ਨੂੰ ਖਿਡੌਣੇ ਵਾਂਗ ਨਾ ਫੜਾਓ।
  2. ਰਾਤ ਸੌਣ ਲੱਗਿਆਂ ਮੋਬਾਇਲ ਜਾਂ ਤਾਂ ਏਰੋਪਲੇਨ ਮੋਡ ਉੱਤੇ ਜਾਂ ਕਮਰੇ ਤੋਂ ਬਾਹਰ ਰੱਖੋ।
  3. ਪੂਰੇ ਸੈੱਲ ਫ਼ੋਨ ਉੱਤੇ ਮੋਟੇ ਕਵਰ ਚਾੜ੍ਹੋ ਜਿਵੇਂ ਫੋਮ ਜਾਂ ਚਮੜੇ ਦੇ।
  4. ਕੰਨ ਨਾਲ ਕਦੇ ਵੀ ਲਾ ਕੇ ਮੋਬਾਇਲ ਫ਼ੋਨ ਨਾ ਸੁਣਿਆ ਜਾਵੇ।
  5. ਹੱਥ ਖਾਲੀ ਰੱਖ ਕੇ, ਫ਼ੋਨ ਪਰ੍ਹਾਂ ਰੱਖ ਕੇ ਈਅਰ ਫ਼ੋਨ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਜਾਂ ਸਪੀਕਰ ਰਾਹੀਂ ਗੱਲ ਕਰਨੀ ਸਭ ਤੋਂ ਬਿਹਤਰ ਹੈ।
  6. ਜਿੰਨਾ ਹੋ ਸਕੇ, ਸੁਣੇਹੇ ਟਾਈਪ ਕਰ ਕੇ ਗੱਲ ਕਰ ਲੈਣੀ ਚਾਹੀਦੀ ਹੈ।
  7. ਮੋਬਾਇਲ ਫ਼ੋਨ ਉੱਤੇ ਲੰਮੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ।

ਸਾਰ :- ਨਵੀਆਂ ਖੋਜਾਂ ਜਿੱਥੇ ਜ਼ਿੰਦਗੀ ਆਸਾਨ ਬਣਾ ਦਿੰਦੀਆਂ ਹਨ, ਉੱਥੇ ਕੁੱਝ ਮਾੜੇ ਅਸਰ ਵੀ ਨਾਲ ਹੀ ਲੈ ਕੇ ਆਉਂਦੀਆਂ ਹਨ। ਮੋਬਾਇਲ ਫ਼ੋਨਾਂ ਨੇ ਇੱਕ ਪਾਸੇ ਵਿਛੜਿਆਂ ਨੂੰ ਮਿਲਾ ਦਿੱਤਾ ਹੈ ਤਾਂ ਦੂਜੇ ਪਾਸੇ ਦੋਸਤਾਂ ਦੀਆਂ ਗਲਵਕੜੀਆਂ ਵਿੱਚ ਵਿੱਥ ਵੀ ਪਾ ਦਿੱਤੀ ਹੈ।

ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ਮਾੜੀ ਬੀਮਾਰੀ ਨਾ ਸਹੇੇੜ ਲਈਏ। ਸੋ ਬੱਚਿਆਂ ਤੋਂ ਦੂਰ ਰੱਖ ਕੇ, ਬੱਚਿਆਂ ਨਾਲ ਬੇਸ਼ਕੀਮਤੀ ਸਮਾਂ ਬਿਤਾ ਕੇ, ਉਨ੍ਹਾਂ ਦੇ ਪਿਆਰ ਦੁਲਾਰ ਦੇ ਸਮੇਂ ਨੂੰ ਖੋਹ ਕੇ ਮੋਬਾਇਲ ਨੂੰ ਨਾ ਦੇਈਏ ਤਾਂ ਜਿੱਥੇ ਘਰ ਦਾ ਮਾਹੌਲ ਸੁਖਾਵਾਂ ਹੋ ਜਾਵੇਗਾ, ਉੱਥੇ ਮੋਬਾਇਲ ਤੋਂ ਹੋ ਰਹੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਵੇਗਾ। ਸੋ, ਖ਼ੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ ਪਰ ਮੋਬਾਇਲ ਤੋਂ ਜ਼ਰਾ ਬਚ ਕੇ  !

ਫ਼ਰਿਸ਼ਤਿਆਂ ਵਰਗੇ ਲੋਕ

0

ਫ਼ਰਿਸ਼ਤਿਆਂ ਵਰਗੇ ਲੋਕ

ਮਨਬੀਰ ਕੌਰ ਅੰਮ੍ਰਿਤਸਰ ਸਾਹਿਬ

ਗੁਰਬਾਣੀ ਦੇ ਕਥਨ ਅਨੁਸਾਰ ਜੋ ਮਨੁੱਖ ਦੁਨੀਆ ਵਿੱਚ ਰਹਿੰਦੇ ਹੋਏ ਨਿਸ਼ਕਾਮਤਾ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਦਾ ਹੈ, ਉਹ ਪ੍ਰਮਾਤਮਾ ਦੇ ਦਰ ’ਤੇ ਪ੍ਰਵਾਨ ਹੁੰਦਾ ਹੈ। ਗੁਰੂ ਸਾਹਿਬਾਨ ਦੀ ਨਰੋਈ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਵਾਲੀ ਸੋਚ ਨੇ ਸਾਡੀ ਜ਼ਿੰਦਗੀ ਨੂੰ ਸੁਚੱਜਾ ਬਣਾਇਆ। ਸਾਡੀ ਰੋਜ਼ਾਨਾ ਅਰਦਾਸ ਦੌਰਾਨ ਵੀ ਪ੍ਰਮਾਤਮਾ ਪਾਸ ਇਹੀ ਬਿਨੈ ਹੁੰਦੀ ਹੈ ਕਿ ਸਰਬੱਤ ਦਾ ਭਲਾ ਹੋਵੇ।

ਇਸੇ ਮਕਸਦ ਦੀ ਪੂਰਤੀ ਲਈ ਸਤਿਗਰੂ ਸਾਹਿਬਨ ਨੇ ਆਪਣੇ ਜੀਵਨ ਕਾਲ ਵਿੱਚ ਗੁਰਬਾਣੀ ਦਾ ਉਚਾਰਨ ਕਰਕੇ ਸਾਨੂੰ ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ’’ (ਮਹਲਾ /੧੨੯੯) ਦਾ ਸਿਧਾਂਤ ਬਖਸ਼ਿਆ ਹੀ ਨਹੀਂ ਬਲਕਿ ਇਸ ਕਹੀ ਗੱਲ ਨੂੰ ਅਮਲੀ ਤੌਰ ’ਤੇ ਆਪਣੇ ਜੀਵਨ ਵਿੱਚ ਲਾਗੂ ਵੀ ਕਰਕੇ ਦਿਖਾਇਆ। ਇਹੀ ਕਾਰਨ ਸੀ ਕਿ ਅੱਗੋਂ ਗੁਰਸਿੱਖਾਂ ਨੇ ਵੀ ਆਪਣੇ ਗੁਰੂ ਵੱਲੋਂ ਕਹੀਆਂ ਗੱਲਾਂ ਨੂੰ ਸਿਰ ਮੱਥੇ ਮੰਨ ਕੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਕਿ ਗੁਰਬਾਣੀ ਦਾ ਵਚਨ ‘‘ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?॥’’ (ਭਗਤ ਕਬੀਰ/੧੩੪੯) ਨੂੰ ਸੱਚ ਕਰ ਵਿਖਾਇਆ। ਜਿਸ ਦੀ ਵੱਡੀ ਮਿਸਾਲ ਗੁਰੂ ਗੋਬਿੰਦ ਸਿੰਘ ਨਾਲ ਹੋਈਆਂ ਜੰਗਾਂ ਦੌਰਾਨ ਮਿਲਦੀ ਹੈ, ਜਿੱਥੇ ਸਿੱਖ ਸੂਰਮੇ ਇੱਕ ਪਾਸੇ ਰਣ-ਤੱਤੇ ਵਿੱਚ ਦੁਸ਼ਮਣਾਂ ਦੇ ਆਹੂ ਲਾਹ ਰਹੇ ਸਨ ਤਾਂ ਉਸੇ ਹੀ ਮੈਦਾਨ-ਏ-ਜੰਗ ਵਿੱਚ ਭਾਈ ਘਨੱਈਆ ਜੀ ਵਰਗੀ ਸ਼ਖ਼ਸੀਅਤ ਫੱਟੜ ਹੋਏ ਸਿੱਖਾਂ ਸਮੇਤ ਜ਼ਖ਼ਮੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੀ ਸੀ। ਇਹ ਦੇਖ ਕੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਭਾਈ ਘਨੱਈਆ ਜੀ ਨੂੰ ਮੱਲ੍ਹਮ ਪੱਟੀ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਹਿਤਾਸ ਵਿੱਚ ਭਰੀਆਂ ਪਈਆਂ ਹਨ।  20ਵੀਂ ਸਦੀ ਦੇ ਮਹਾਨ ਸੇਵਾ ਦੇ ਪੁੰਜ ‘ਭਗਤ ਪੂਰਨ ਸਿੰਘ ਜੀ’ ਆਪਣੀ ਮਿਸਾਲ ਆਪ ਹਨ।

ਇਸੇ ਤਰ੍ਹਾਂ ਜੇਕਰ ਅਸੀਂ ਨਿੱਜੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਅੱਜ ਵੀ ਬਹੁਤ ਸਾਰੇ ਫ਼ਰਿਸ਼ਤਿਆਂ ਵਰਗੇ ਲੋਕ ਸਾਨੂੰ ਮਿਲ ਜਾਣਗੇ, ਜੋ ਬਿਨ੍ਹਾਂ ਕਿਸੇ ਨਿੱਜੀ ਸਵਾਰਥ ਦੇ ਦੂਸਰਿਆਂ ਦੀ ਭਲਾਈ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਦੂਜਿਆਂ ਦਾ ਭਲਾ ਕਰਨ ਨਾਲ ਜੋ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਪੈਸਿਆਂ ਨਾਲ ਕਦੇ ਵੀ ਖ਼ਰੀਦਿਆ ਨਹੀਂ ਜਾ ਸਕਦਾ। ਕਹਿੰਦੇ ਨੇ ਪ੍ਰਮਾਤਮਾ ਆਪ ਧਰਤੀ ’ਤੇ ਨਹੀਂ ਆਉਂਦਾ ਉਹ ਸਾਡੀ ਮਦਦ ਲਈ ਕੋਈ ਨਾ ਕੋਈ ਜ਼ਰੀਆ ਬਣਾ ਦਿੰਦਾ ਹੈ, ਅਸੀਂ ਉਸ ਨੂੰ ਪਹਿਚਾਣ ਨਹੀਂ ਪਾਉਂਦੇ ਜਾਂ ਕਈ ਵਾਰ ਅਸੀਂ ਆਖਦੇ ਵੀ ਹਾਂ ਕਿ ਫਲਾਣਾ ਬੰਦਾ ਤਾਂ ਰੱਬ ਦਾ ਰੂਪ ਹੈ। ਹਰ ਵੇਲੇ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇੱਕ ਦੇ ਕੰਮ ਆਉਣ ਵਾਲਾ। ਅਜਿਹੇ ਫ਼ਰਿਸ਼ਤੇ ਸਾਡੀ ਜ਼ਿੰਦਗੀ ਵਿੱਚ ਆ ਕੇ ਸਾਨੂੰ ਨਵਾਂ ਰਾਹ ਦਿਖਾਉਂਦੇ ਹਨ। ਸਾਡੀ ਰੁਕੀ ਹੋਈ ਜ਼ਿੰਦਗੀ ਨੂੰ ਮੁੜ ਹੁਲਾਰਾ ਦਿੰਦੇ ਹਨ ਅਤੇ ਸਾਡੀ ਜ਼ਿੰਦਗੀ ਵਿੱਚ ਨਵੇਂ ਰੰਗ ਭਰਦੇ ਹਨ।

ਜਿਉਂਦੇ ਜੀਅ ਹਰ ਵਿਅਕਤੀ ਵਿਸ਼ੇਸ਼ ਨੂੰ ਇੱਕ ਅਜਿਹੇ ਸਾਥ ਦੀ ਲੋੜ ਹਮੇਸ਼ਾਂ ਹੀ ਰਹਿੰਦੀ ਹੈ, ਜੋ ਸਾਡੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੋਵੇ। ਜੋ ਸਾਡੇ ਵਿਚਾਰਾਂ ਦੀ ਪ੍ਰੋੜ੍ਹਤਾ ਵੀ ਕਰਦਾ ਹੋਵੇ ਅਤੇ ਕੁੱਝ ਗ਼ਲਤ ਹੋਣ ’ਤੇ ਸਾਡੀ ਆਲੋਚਨਾ ਕਰਕੇ ਸਹੀ ਰਾਹ ਦੱਸਣ ਵਿੱਚ ਮਦਦ ਵੀ ਕਰਦਾ ਹੋਵੇ। ਦੁਨੀਆਂ ਉੱਤੇ ਹਰ ਤਰ੍ਹਾਂ ਦੇ ਮਨੁੱਖ ਹਨ। ਕੁੱਝ ਅਜਿਹੇ ਜੋ ਸਾਡੀ ਸੋਚ ਦੇ ਉੱਲਟ ਹੁੰਦੇ ਹਨ। ਉਨ੍ਹਾਂ ਦਾ ਸਾਡੇ ਵਿਚਾਰਾਂ ਨਾਲ ਤਾਲਮੇਲ ਨਹੀਂ ਬੈਠਦਾ, ਪਰ ਕੁੱਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨਾਲ ਸਾਡੀ ਪਰਸਪਰ ਸਾਂਝ ਬਣ ਜਾਂਦੀ ਹੈ ਅਤੇ ਅਜਿਹੇ ਮਨੁੱਖਾਂ ਨਾਲ ਸਾਨੂੰ ਆਪਣਾ ਰਿਸ਼ਤਾ ਬੜਾ ਅਨਿੱਖੜਵਾਂ ਮਹਿਸੂਸ ਹੁੰਦਾ ਹੈ।

ਪਰ ਅੱਜ-ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਆਪਣੇ ਬਾਰੇ ਪਹਿਲਾਂ ਸੋਚਦਾ ਹੈ ਅਤੇ ਬਹੁਤ ਘੱਟ ਇਨਸਾਨ ਅਜਿਹੇ ਮਿਲਦੇ ਹਨ ਜੋ ਆਪਣੇ ਨਾਲ-ਨਾਲ ਹੋਰਨਾਂ ਦੀ ਵੀ ਫ਼ਿਕਰ ਕਰਦੇ ਹਨ। ਕਿਸੇ ਨੇ ਬੜਾ ਵਧੀਆ ਕਿਹਾ ਹੈ ਕਿ, ਸਾਨੂੰ ਜ਼ਿੰਦਗੀ ਵਿੱਚ ਪੈਸੇ ਕਮਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਇਨਸਾਨ ਕਮਾਏ ਜਾਣ।’ ਕਿਉਂਕਿ ਆਖਿਰ ਮਨੁੱਖ ਨੇ ਹੀ ਮਨੁੱਖ ਦੇ ਕੰਮ ਆਉਣਾ ਹੁੰਦਾ ਹੈ।

ਆਪਣੇ ਵਿਰਸੇ, ਵਿਰਾਸਤ, ਸੱਭਿਆਚਾਰ ਅਤੇ ਇਤਿਹਾਸ ਤੋਂ ਸੇਧ ਲੈ ਕੇ ਅਜਿਹੇ ਮਨੁੱਖ ਜੋ ਹਮੇਸ਼ਾਂ ਦੂਸਰਿਆਂ ਦਾ ਭਲਾ ਚਿਤਵਦੇ ਹਨ, ਮੇਰੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਹਮੇਸ਼ਾਂ ਉਹਨਾਂ ਦੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਅਜਿਹੇ ਵਿਰਲੇ ਟਾਂਵੇਂ ਮਨੁੱਖ ਹਮੇਸ਼ਾਂ ਹੀ ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਸੁਹਰਿਦਤਾ ਨਾਲ ਕੰਮ ਕਰਦੇ ਰਹਿਣ ਅਤੇ ਹੋਰਨਾਂ ਦੇ ਜੀਵਣ ਲਈ ਵੀ ਪ੍ਰੇਰਨਾ ਸਰੋਤ ਬਣੇ ਰਹਿਣ।

ਗੁਰਬਾਣੀ ’ਚ ਦਰਜ ਸੰਖਿਅਕ ਸੰਕੇਤ; ਗੁਰਮਤਿ ਹਨ ਜਾਂ ਮਿਸਾਲ ਮਾਤਰ ?

0

ਗੁਰਬਾਣੀ ’ਚ ਦਰਜ ਸੰਖਿਅਕ ਸੰਕੇਤ; ਗੁਰਮਤਿ ਹਨ ਜਾਂ ਮਿਸਾਲ ਮਾਤਰ ?

ਕਿਰਪਾਲ ਸਿੰਘ ਬਠਿੰਡਾ 88378-13661

ਗੁਰਮਤਿ; ਇੱਕ ਨਿਵੇਕਲੀ ਤੇ ਆਧੁਨਿਕ ਸੋਚ ਹੈ। ਇਸ ਦੁਆਰਾ ਕੀਤੀ ਗਈ ਧਰਮ ਦੀ ਵਿਆਖਿਆ ਨੂੰ ਹੀ ਅਜੋਕੇ ਸਾਇੰਸ ਯੁੱਗ ਦੀ ਸ਼ੁਰੂਆਤ ਮੰਨ ਸਕਦੇ ਹਾਂ। ਇਸ ਤੋਂ ਪਹਿਲਾਂ ਸਦੀਆ ਤੋਂ ਮਿਥਿਹਾਸ, ਕਰਮਕਾਂਡ, ਅੰਧਵਿਸ਼ਵਾਸ ਤੇ ਸਮਾਜਿਕ ਭੇਦ-ਭਾਵ ਨੂੰ ਹੀ ਧਰਮ ਦਾ ਨਾਂ ਦਿੱਤਾ ਹੋਇਆ ਸੀ। ਜਿਸ ਤਰ੍ਹਾਂ ਅਨੇਕਾਂ ਸਾਇੰਸਦਾਨਾਂ ਨੇ ਸੱਚ ਨੂੰ ਉਜਾਗਰ ਕਰਨ ਅਤੇ ਅਰਥਹੀਣ ਧਾਰਮਿਕ ਰਸਮੋ ਰਿਵਾਜ ਨੂੰ ਰੱਦ ਕਰਨ ਬਦਲੇ ਅਣਗਿਣਤ ਸਰੀਰਕ ਤਸੀਹੇ ਸਹਾਰੇ ਉਸੇ ਤਰ੍ਹਾਂ ਹੀ ਗੁਰਮਤਿ ਰਚੇਤਾ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਸੱਚ ਨੂੰ ਪ੍ਰਗਟ ਕਰਨ ਬਦਲੇ ਅਨੇਕਾਂ ਸ਼ਹੀਦੀਆਂ ਦੇਣੀਆਂ ਪਈਆਂ ਕਿਉਂਕਿ ਹਰ ਰਵਾਇਤੀ ਕਬੀਲੇ ਦੇ ਸਰਦਾਰ ਨੇ ਅਖੌਤੀ ਧਰਮ ਨੂੰ ਆਰਥਿਕਤਾ ਦਾ ਸਾਧਨ ਬਣਾ ਰੱਖਿਆ ਸੀ। ਇੱਕ ਪੱਖੋਂ ਵੇਖੀਏ ਤਾਂ ਸਾਇੰਸਦਾਨਾਂ ਅਤੇ ਗੁਰੂ ਸਾਹਿਬਾਨ ਦਾ ਟੀਚਾ ਇੱਕੋ ਸੀ ਕਿ ਧਰਮ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ, ਦੁਬਿਧਾ ਆਦਿਕ ਖ਼ਤਮ ਹੋਵੇ।

ਅਜੋਕੇ ਜੀਵ ਵਿਗਿਆਨ ਨੇ ਇਸ ਧਰਤੀ ਉੱਤੇ 90 ਲੱਖ ਤੋਂ ਲੈ ਕੇ ਇੱਕ ਅਰਬ (100 ਕ੍ਰੋੜ) ਤੱਕ ਜੀਵਾਂ ਦੀਆਂ ਨਸਲਾਂ ਹੋਣ ਦਾ ਅਨੁਮਾਨ ਲਗਾਇਆ ਹੈ, ਜਿਸ ਲਈ ਹੁਣ ਤੱਕ ਹੋਈ ਖੋਜ ਨੇ ਸੁੱਕੀ ਧਰਤੀ ਉੱਤੇ ਹੀ 65 ਲੱਖ ਜੀਵ-ਨਸਲਾਂ ਅਤੇ ਪਾਣੀ ਵਿੱਚ 22 ਲੱਖ ਜੀਵ-ਜੂਨਾਂ ਦੀ ਖੋਜ ਕਰ ਲਈ ਹੈ, ਪਰ ਧਾਰਮਿਕ ਗ੍ਰੰਥਾਂ ’ਚ ਜੂਨਾਂ ਦੀ ਸੰਖਿਆ 84 ਲੱਖ ਮੰਨੀ ਹੋਈ ਹੈ, ਜਿਸ ਵਿੱਚੋਂ 42 ਲੱਖ ਪਾਣੀ ਵਿੱਚ ਅਤੇ 42 ਲੱਖ ਸੁੱਕੀ ਧਰਤੀ ’ਤੇ ਹੋਣ ਬਾਰੇ ਧਾਰਮਿਕ ਗ੍ਰੰਥਾਂ ’ਚ ਲਿਖਿਆ ਹੈ ‘‘ਆਨੀਲੇ ਕੁੰਭ, ਭਰਾਈਲੇ ਊਦਕ; ਠਾਕੁਰ ਕਉ ਇਸਨਾਨੁ ਕਰਉ ਬਇਆਲੀਸ ਲਖ ਜੀ, ਜਲ ਮਹਿ ਹੋਤੇ; ਬੀਠਲੁ ਭੈਲਾ ਕਾਇ ਕਰਉ ? ’’ (ਭਗਤ ਨਾਮਦੇਵ ਜੀ/੪੮੫) ਭਾਵ ਠਾਕਰ ਨੂੰ ਇਸ਼ਨਾਨ ਕਰਵਾਉਣ ਲਈ ਸੁੱਚਾ-ਸਾਫ਼ (ਪਵਿੱਤਰ) ਪਾਣੀ ਕਿੱਥੋਂ ਲਿਆਵਾਂ, 42 ਲੱਖ ਜੀਵ ਪਾਣੀ ’ਚ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਮਲ-ਮੂਤਰ ਨਾਲ਼ ਪਾਣੀ ਪਹਿਲਾਂ ਹੀ ਅਸ਼ੁੱਧ ਕਰ ਰੱਖਿਆ ਹੈ, ਮੈਂ ਹੁਣ ਸ਼ੁੱਧਤਾ ਕਿਵੇਂ ਰੱਖਾਂ ? ਸੋ, ਗੁਰਮਤਿ ਨੂੰ ਸਮਝਾਉਣ ਲਈ ਪ੍ਰਚਲਿਤ ਜੂਨ ਸੰਖਿਆ (84 ਲੱਖ) ਨੂੰ ਮਿਸਾਲ ਵਜੋਂ ਲਿਆ ਹੈ ਤਾਂ ਜੋ ਕਰਤਾਰ ਦੀ ਵਿਸ਼ਾਲਤਾ ਦਰਸਾਈ ਜਾ ਸਕੇ। ਗੁਰਮਤਿ ਦਾ ਇਹੀ ਨੁਕਤਾ ਵਿਚਾਰਨਾ ਹਥਲੇ ਲੇਖ ਦਾ ਮਕਸਦ ਹੈ।

ਉਕਤ ਕੀਤੀ ਗਈ ਵਿਚਾਰ ਕਿ ਪਰੰਪਰਾਵਾਦੀ ਧਰਮਾਂ ਦੀ ਮਨੌਤ ਅਨੁਸਾਰ ਮੰਨੇ ਗਏ ਕਈ ਅੰਕੜੇ ਗੁਰਬਾਣੀ ਵਿੱਚ ਉਦਾਹਰਣ ਦੇ ਤੌਰ ’ਤੇ ਦਿੱਤੇ ਹਨ। ਜਿਨ੍ਹਾਂ ਦਾ ਕਦਾਚਿਤ ਇਹ ਭਾਵ ਨਹੀਂ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਇਨ੍ਹਾਂ ਅੰਕੜਿਆਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ ਬਲਕਿ ਇਹ ਅੰਕੜੇ ਦੇਣ ਦਾ ਭਾਵ ਪ੍ਰਚਲਿਤ ਅਰਥਹੀਣ ਰਵਾਇਤਾਂ ਦੀ ਮਿਸਾਲ ਨਾਲ ਗੁਰਮਤਿ ਨੂੰ ਅੰਧ ਭਗਤ ਸਮਾਜ ਦੇ ਹਿਰਦੇ ’ਚ ਦ੍ਰਿੜ੍ਹ ਕਰਨਾ ਹੈ। ਪ੍ਰਚਲਿਤ ਅਖੌਤੀ ਮਨੌਤਾਂ ਦੀ ਇੱਕ ਇੱਕ ਅਸਲੀਅਤ ਨੂੰ ਨਿਰਮੂਲ ਸਿੱਧ ਕਰਨ ਲਈ ਇਸ ਦੇ ਮੁਕਾਬਲੇ ਰੱਬੀ ਵਿਸ਼ਾਲਤਾ ਨੂੰ ਰੂਪਮਾਨ ਕਰਨਾ ਗੁਰਮਤਿ ਦੀ ਪੇਸ਼ਕਾਰੀ ਰਿਹਾ ਹੈ; ਜਿਵੇਂ ਕਿ

(1). ਰਿਸ਼ੀ ਮੁਨੀਆਂ ਨੇ ਸਿੰਮ੍ਰਿਤੀਆਂ, ਪੁਰਾਣ ਵੀ ਗਹੁ ਨਾਲ ਵਾਚੇ, ਵੇਦਾਂ ਦੀ ਘੋਖ ਪੜਤਾਲ ਕਰ ਭੀ ਉੱਚੀ ਉੱੱਚੀ ਪੁਕਾਰਿਆ (ਪਰ ਰੱਬੀ ਭੇਦ ਨਾ ਜਾਣ ਸਕੇ ਕਿਉਂਕਿ ਰੱਬ ਕਰਕੇ ਪੇਸ਼ ਕੀਤੇ ਜਾ ਰਹੇ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੀ ਸ਼ਰਨ ਪੈਣ ਦੀ ਬਜਾਇ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸ਼ਰਨ ਪੈਣ ਨਾਲ਼ ਉਸ ਦੇ ਵਜੂਦ ਨੂੰ ਸਮਝਿਆ ਜਾਣਾ ਹੈ ਤਾਂ ਜੋ ਲੋਕ ਪਰਲੋਕ ਸੁਹੇਲੇ ਹੋਣ ‘‘ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ਕ੍ਰਿਪਾ ਸਿੰਧੁ ਸੇਵਿ, ਸਚੁ ਪਾਈਐ ; ਦੋਵੈ ਸੁਹੇਲੇ ਲੋਕ ’’ (ਮਹਲਾ /੬੮੨)

(2). ਆਧੁਨਿਕ ਸਾਇੰਸ ਦਾ ਸਰੋਤ; ਗੁਰਮਤਿ ਇਸ ਲਈ ਹੈ ਕਿਉਂਕਿ ਪਰਮਾਤਮਾ ਤੋਂ ਹਵਾ ਬਣੀ, ਹਵਾ ਤੋਂ ਜਲ, ਜਲ ਤੋਂ ਸਾਰਾ ਜਗਤ, ਜਿਸ ਦੇ ਕਣ-ਕਣ ’ਚ ਪਰਮਾਤਮਾ ਦੀ ਜੋਤਿ ਸ਼ਕਤੀ ਹੈ ‘‘ਸਾਚੇ ਤੇ ਪਵਨਾ ਭਇਆ ; ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ” (ਮਹਲਾ /੧੯) ਇਸ ਗੁਰਮਤਿ ਸਿਧਾਂਤ ਨੂੰ ਸਾਇੰਸ ਨਾਲ ਤੁਲਨਾਤਮਕ ਪੱਖੋਂ ਵੇਖਣਾ ਵੀ ਜ਼ਰੂਰੀ ਹੈ। ਸਾਇੰਸ ਹਵਾ ਤੋਂ ਪਾਣੀ ਦਾ ਵਜੂਦ ਤਾਂ ਮੰਨਦੀ ਹੈ ਪਰ ਸਾਚੇ ਤੋਂ ਹਵਾ ਦਾ ਵਜੂਦ ਬਣਨ ਬਾਰੇ ਅਤੇ ਸਾਚੇ ਦੀ ਅਦ੍ਰਿਸ਼-ਸ਼ਕਤੀ ਕਣ-ਕਣ ’ਚ ‘‘ਘਟਿ ਘਟਿ ਜੋਤਿ ਸਮੋਇ’’ ਬਾਰੇ ਸੰਦੇਹ ਹੈ ਭਾਵ ਹੋਰ ਖੋਜ ਕਰਨੀ ਬਾਕੀ ਹੈ।

ਰੱਬ; ਇੱਕ ਵਿਸ਼ਾਲ ਰਾਜਾ ਹੈ (ਜਿਸ ਦੇ ਸ਼ਾਮੀਆਨੇ ਦੀਆਂ) ਕਨਾਤਾਂ; ਚਾਰੇ ਦਿਸ਼ਾਵਾਂ ਹਨ। ਸਾਰਾ ਬੈਕੁੰਠ; ਉਸ ਦੇ ਤਸ਼ਵੀਰ-ਘਰ ਹਨ। ਸਾਰੇ ਜਗਤ ’ਚ ਉਸ ਦਾ ਹੁਕਮ ਇਕ-ਸਾਰ ਚੱਲਦਾ ਹੈ। ਜਿਸ ਦੇ ਮਹਲ ਵਿੱਚ ਲੱਛਮੀ; ਸਦਾ ਜੁਆਨ ਰਹਿੰਦੀ ਹੈ (ਭਾਵ ਜਿਸ ਦਾ ਵਜੂਦ ਕਦੇ ਅਲੋਪ ਨਹੀਂ ਹੁੰਦਾ), ਚੰਦ ਸੂਰਜ; (ਉਸ ਦੇ ਮਹਲ ’ਚ) ਨਿੱਕੇ ਜਿਹੇ ਦੀਵੇ ਹਨ। ਮੌਤ-ਕਾਲ (ਜੋ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਸ ਦੇ ਦਰ ਦਾ ਖਿਡੌਣਾ ਮਾਤਰ ਹੈ ‘‘ਜਾਂ ਚੈ ਘਰਿ, ਦਿਗ ਦਿਸੈ ਸਰਾਇਚਾ; ਬੈਕੁੰਠ ਭਵਨ ਚਿਤ੍ਰਸਾਲਾ, ਸਪਤ ਲੋਕ ਸਾਮਾਨਿ ਪੂਰੀਅਲੇ ਜਾਂ ਚੈ ਘਰਿ, ਲਛਿਮੀ ਕੁਆਰੀ ; ਚੰਦੁ ਸੂਰਜੁ ਦੀਵੜੇ, ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ਸੁ ਐਸਾ ਰਾਜਾ ਸ੍ਰੀ ਨਰਹਰੀ ’’ (ਭਗਤ ਨਾਮਦੇਵ ਜੀ/੧੨੯੨)

(3) ਚਾਰ ਪਾਸੇ, ਚੌਦਾਂ ਲੋਕਾਂ ਵਿੱਚ ਪਰਮਾਤਮਾ ਦਾ ਨਿਵਾਸ ਹੈ। ਹੇ ਨਾਨਕ ! (ਉਸ ਦੇ ਭੰਡਾਰਿਆਂ ’ਚ) ਕੋਈ ਕਮੀ ਨਹੀਂ ਵੇਖੀਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ‘‘ਚਾਰਿ ਕੁੰਟ, ਚਉਦਹ ਭਵਨ ; ਸਗਲ ਬਿਆਪਤ ਰਾਮ ਨਾਨਕ  ! ਊਨ ਦੇਖੀਐ ; ਪੂਰਨ ਤਾ ਕੇ ਕਾਮ ’’ (ਮਹਲਾ /੨੯੯)

(4). ਮਨੁੱਖ, ਰੁੱਖ, ਤੀਰਥ, ਤਟ (ਨਦੀਆਂ) ਬੱਦਲ, ਖੇਤ, ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰੋਵਰ, ਮੇਰ ਆਦਿਕ ਪਰਬਤ, ਅੰਡਜ, ਜੇਰਜ, ਉਤਭੁਜ, ਸੇਤਜ (ਚਾਰੇ ਖਾਣੀਆਂ) ਦੇ ਜੀਵ ਜੰਤ ਆਦਿ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਆਪ ਹੀ ਜਾਣਦਾ ਹੈ (ਜਿਸ ਨੇ ਇਹ ਪੈਦਾ ਕੀਤੇ, ਨਾ ਕਿ 84 ਲੱਖ ਲਿਖ ਕਲਮਬੱਧ ਹੁੰਦਾ ਹੈ) ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਨ੍ਹਾਂ ਸਭਨਾਂ ਦੀ ਪਾਲਣਾ ਭੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲ਼ਨਾ ਦਾ ਫ਼ਿਕਰ ਭੀ ਉਸੇ ਨੂੰ ਹੈ। ਮੈਂ ਉਸ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਯਾਨੀ ਕਿ ਕਿਸੇ ਕਾਲਪਨਿਕ ਰੱਬ ਦੀ ਨਹੀਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ। ਹੇ ਨਾਨਕ ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ ਧਾਰਮਿਕ ਚਿੰਨ੍ਹ ਟਿੱਕਾ, ਜਨੇਊ ਆਦਿਕ ਅਰਥਹੀਣ ਹਨ ‘‘ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ਅੰਡਜ ਜੇਰਜ ਉਤਭੁਜਾਂ; ਖਾਣੀ ਸੇਤਜਾਂਹ ਸੋ ਮਿਤਿ ਜਾਣੈ ਨਾਨਕਾ  ! ਸਰਾਂ ਮੇਰਾਂ ਜੰਤਾਹ ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ਜਿਨਿ ਕਰਤੈ ਕਰਣਾ (ਜਗਤ) ਕੀਆ; ਚਿੰਤਾ ਭਿ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ; ਜਿਨਿ, ਉਪਾਇਆ ਜਗੁ ਤਿਸੁ ਜੋਹਾਰੀ, ਸੁਅਸਤਿ ਤਿਸੁ ; ਤਿਸੁ ਦੀਬਾਣੁ ਅਭਗੁ ਨਾਨਕ  ! ਸਚੇ ਨਾਮ ਬਿਨੁ, ਕਿਆ ਟਿਕਾ  ? ਕਿਆ ਤਗੁ  ? ’’ (ਮਹਲਾ /੪੬੭)

ਉਕਤ ਸ਼ਬਦਾਂ ’ਚ ਪ੍ਰਚਲਿਤ ਅਖੌਤੀ ਲੋਕ/ਭਵਨਾਂ ਦੀ ਗਿਣਤੀ; ਅਨਮਤੀ ਧਰਮਾਂ ਦੀ ਮਨੌਤ ਅਨੁਸਾਰ ਕਰਮਵਾਰ ਦੋ, ਤਿੰਨ, ਸੱਤ, ਚੌਦ੍ਹਾਂ ਅਤੇ ਇਨ੍ਹਾਂ ਲੋਕਾਂ ’ਚ ਵਸਦੇ ਜੀਵਾਂ ਦੀ ਉਤਪਤੀ ਦੇ ਸਾਧਨ ਚਾਰ ਖਾਣੀਆਂ ਦੱਸੀਆਂ ਹਨ ਪਰ ਇਨ੍ਹਾਂ ਸੰਖਿਅਕ ਅੰਕੜਿਆਂ ਦਾ ਕਦਾਚਿਤ ਇਹ ਭਾਵ ਨਹੀਂ ਕਿ ਗੁਰਬਾਣੀ; ਇਨ੍ਹਾਂ ਦੇ ਸਹੀ ਹੋਣ ਦੀ ਪੁਸ਼ਟੀ ਕਰਦੀ ਹੈ। ਦਰਅਸਲ ਜਿਨ੍ਹਾਂ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਗੁਰਮਤਿ ਸਮਝਾਉਣੀ ਹੁੰਦੀ ਸੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਨੂੰ ਆਧਾਰ ਬਣਾਇਆ ਹੈ। ਜੇਕਰ ਇਨ੍ਹਾਂ ਅੰਕੜਿਆਂ ਨੂੰ ਸਹੀ ਮੰਨੀਏ ਤਾਂ ਦੁਬਿਧਾ ਰਹੇਗੀ ਕਿ ਗੁਰੂ ਸਾਹਿਬ ਜੀ ਕਦੀ ਤਿੰਨ ਲੋਕ, ਕਦੀ ਸੱਤ ਲੋਕ ਅਤੇ ਕਦੀ ਚੌਦ੍ਹਾਂ ਲੋਕ ਕਹਿ ਰਹੇ ਹਨ। ਇਨ੍ਹਾਂ ਵਿੱਚੋਂ ਕਿਹੜੀ ਗਿਣਤੀ ਠੀਕ ਹੈ ? ਜਦੋਂ ਗੁਰੂ ਸਾਹਿਬ ਜੀ ਪ੍ਰਭੂ ਦੇ ਪੈਦਾ ਕੀਤੇ ਪਾਸਾਰੇ ਦੀ ਗੱਲ ਕਰਦੇ ਹਨ ਉਸ ਸਮੇਂ ਤਾਂ ਕੇਤੇ, ਕੇਤੀਆਂ, ਕਈ ਕੋਟਿ ਅਤੇ ਅਸੰਖ ਸ਼ਬਦਾਂ ਦੀ ਵਰਤੋਂ ਕਰਦੇ ਫ਼ੁਰਮਾਉਂਦੇ ਹਨ ਕਿ ਪ੍ਰਭੂ ਦੇ ਪਸਾਰੇ ਦਾ ਕੋਈ ਅੰਤ ਨਹੀਂ ਪੈ ਸਕਦਾ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ (ਜਪੁ), ਬੇਸੁਮਾਰ ਬੇਅੰਤ ਸੁਆਮੀ  ! ਤੇਰੋ ਅੰਤੁ ਕਿਨ ਹੀ ਲਹੀਐ ਰਹਾਉ ’’ (ਮਹਲਾ /੬੭੪) ਸੋ ਰੱਬ ਦੇ ਵਡੱਪਣ ਬਾਰੇ ਕੋਈ ਸੰਖਿਅਕ ਸ਼ਬਦ ਹੀ ਨਹੀਂ। ਗਿਣਤੀ-ਮਿਣਤੀ ਨਾਲ਼ ਆਪਣੀ ਨਾਦਾਨੀ ਸਾਬਤ ਕਰਨਾ ਹੈ। ਕੋਈ ਵੀ ਮਨੁੱਖ ਪ੍ਰਭੂ ਦੇ ਪਾਸਾਰੇ ਦਾ ਅੰਦਾਜ਼ਾ ਨਹੀਂ ਲਗਾ ਸਕਦਾ, ਆਪਣੀ ਰਚਨਾ ਦੀ ਸਹੀ ਗਿਣਤੀ ਮਿਣਤੀ, ਕੇਵਲ ਉਹ ਰਚਨਹਾਰ ਕਰਤਾਰ ਆਪ ਹੀ ਜਾਣਦਾ ਹੈ।

ਯਥਾ : 1.  (ਅਕਾਲ ਪੁਰਖ ਦੀ ਰਚਨਾ ’ਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ। ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧਰੂ ਭਗਤ ਤੇ ਉਨ੍ਹਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਬੇਅੰਤ ਚੰਦ੍ਰਮਾ, ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ, ਬੁੱਧ, ਨਾਥ ਅਤੇ ਬੇਅੰਤ ਦੇਵੀਆਂ ਦੇ ਸਰੂਪ ਹਨ।  ਬੇਅੰਤ ਦੇਵਤੇ ਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ, (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ, ਬੇਅੰਤ ਬਾਣੀਆਂ (ਬੋਲੀਆਂ) ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਧਾਰੀ ਹਨ (ਜੋ ਮਨ ਇਕਾਗਰ ਕਰ ਬੈਠੇ ਹਨ), ਬੇਅੰਤ ਸੇਵਕ ਹਨ। ਕੋਈ ਅੰਤ ਨਹੀਂ ਪਾਇਆ ਜਾ ਸਕਦਾ ‘‘ਕੇਤੇ ਪਵਣ ਪਾਣੀ ਵੈਸੰਤਰ ; ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤਿ ਘੜੀਅਹਿ ; ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ, ਮੇਰ ਕੇਤੇ ; ਕੇਤੇ ਧੂ ਉਪਦੇਸ ਕੇਤੇ ਇੰਦ, ਚੰਦ ਸੂਰ ਕੇਤੇ ; ਕੇਤੇ ਮੰਡਲ ਦੇਸ ਕੇਤੇ ਸਿਧ ਬੁਧ, ਨਾਥ ਕੇਤੇ ; ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ, ਮੁਨਿ ਕੇਤੇ ; ਕੇਤੇ ਰਤਨ ਸਮੁੰਦ ਕੇਤੀਆ ਖਾਣੀ, ਕੇਤੀਆ ਬਾਣੀ ; ਕੇਤੇ ਪਾਤ ਨਰਿੰਦ ਕੇਤੀਆ ਸੁਰਤੀ, ਸੇਵਕ ਕੇਤੇ ; ਨਾਨਕ  ! ਅੰਤੁ ਅੰਤੁ ’’ (ਮਹਲਾ /)

  1. (ਧਰਤੀ ਦੇ ਨੌ) ਖੰਡਾਂ (ਜੀਵ ਉਤਪਤੀ ਦੇ ਸਾਧਨ ਵੀ ਕੇਵਲ ਚਾਰ ਖਾਣੀਆਂ ਨਹੀਂ ਬਲਕਿ), ਕਰੋੜਾਂ ਹੀ ਖਾਣੀਆਂ ਹਨ, ਜਿਨ੍ਹਾਂ ਰਾਹੀਂ ਕਰੋੜਾਂ ਜੀਵ ਉਤਪੰਨ ਹੋਏ ਹਨ। ਆਕਾਸ਼ ਗੰਗਾ ’ਚ ਕਰੋੜਾਂ ਜੀਵ ਪੈਦਾ ਹੋ ਰਹੇ ਹਨ; (ਪ੍ਰਭੂ ਨੇ) ਕਈ ਤਰੀਕਿਆਂ ਨਾਲ ਜਗਤ ਰਚਨਾ ਕੀਤੀ ਹੈ; (ਮੁੜ ਇਸ ਨੂੰ ਸਮੇਟ ਕੇ) ਸਦਾ-ਇੱਕ ਆਪ ਹੀ ਰਹਿ ਜਾਂਦਾ ਹੈ; ਕਈ ਕਿਸਮਾਂ ਦੇ ਜੀਵ; ਪ੍ਰਭੂ ਤੋਂ ਪੈਦਾ ਹੋ ਕੇ ਫਿਰ ਉਸੇ ’ਚ ਲੀਨ ਹੋ ਜਾਂਦੇ ਹਨ। ਪ੍ਰਭੂ ਦਾ ਕੋਈ ਅੰਤ ਨਹੀਂ ਜਾਣਦਾ। ਪ੍ਰਭੂ ਵਰਗਾ ਉਹ ਆਪ ਹੀ ਹੈ ‘‘ਕਈ ਕੋਟਿ ਖਾਣੀ ਅਰੁ ਖੰਡ ਕਈ ਕੋਟਿ ਅਕਾਸ ਬ੍ਰਹਮੰਡ ਕਈ ਕੋਟਿ ਹੋਏ ਅਵਤਾਰ ਕਈ ਜੁਗਤਿ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕੁ ਏਕੰਕਾਰ ਕਈ ਕੋਟਿ ਕੀਨੇ ਬਹੁ ਭਾਤਿ ਪ੍ਰਭ ਤੇ ਹੋਏ, ਪ੍ਰਭ ਮਾਹਿ ਸਮਾਤਿ ਤਾ ਕਾ ਅੰਤੁ; ਜਾਨੈ ਕੋਇ ਆਪੇ ਆਪਿ, ਨਾਨਕ  ! ਪ੍ਰਭੁ ਸੋਇ’’ (ਮਹਲਾ /੨੭੬)
  2. (ਸਿਰਜਣਹਾਰ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਸਿਰਜੇ ਹਨ (ਨਾ ਕਿ ਕੇਵਲ 24 ਅਵਤਾਰ)। ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜੋ ਕ੍ਰੋੜਾਂ ਸ਼ਿਵ ਪੈਦਾ ਕਰ (ਆਪਣੇ ’ਚ ਮੁੜ) ਲੀਨ ਕਰ ਲੈਂਦਾ ਹੈ। ਕ੍ਰੋੜਾਂ ਬ੍ਰਹਮੇ; ਜਗਤ ਪੈਦਾ ਕਰਨ ਲਾਏ ਹਨ ‘‘ਕੋਟਿ ਬਿਸਨ ਕੀਨੇ ਅਵਤਾਰ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ਕੋਟਿ ਮਹੇਸ ਉਪਾਇ ਸਮਾਏ ਕੋਟਿ ਬ੍ਰਹਮੇ, ਜਗੁ ਸਾਜਣ ਲਾਏ ’’ (ਮਹਲਾ /੧੧੫੬)
  3. ਅਕਾਲ ਪੁਰਖ ਦੀ ਰਚਨਾ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਜਦੋਂ ਗੁਰਬਾਣੀ ’ਚ ਜੀਵ ਉਤਪਤੀ ਵਾਲ਼ੀਆਂ ਖਾਣੀਆਂ ਦੀ ਗਿਣਤੀ ਅਤੇ ਉਨ੍ਹਾਂ ਰਾਹੀਂ ਜੀਵਾਂ ਦੀ ਪੈਦਾਇਸ਼ ਕਰਨ ਦੇ ਅਧਿਕਾਰ ਬ੍ਰਹਮੇ ਵਰਗੇ ਦੇਵਤਿਆਂ ਨੂੰ ਦਿੱਤਾ, ਮੰਨਿਆ ਗਿਆ ਸੀ, ਜੋ ਕਰੋੜਾਂ ਜਾਂ ਅਣਗਿਣਤ ਹਨ ਤਾਂ ਮਿਸਾਲ ਵਜੋਂ ਦਰਸਾਇਆ ਇੱਕ ਬ੍ਰਹਮਾ ਜਾਂ 84 ਲੱਖ ਗਿਣਤੀ ਨਿਰਮੂਲ ਜਾਪਦੀ ਹੈ। ਇਸੇ ਗਿਣਤੀ ਨੂੰ ਸੱਚ ਮੰਨ ਗੁਰਮਤਿ ਸੰਦੇਸ਼ ਸਮਝਣਾ; ਮਨਮਤ ਹੈ, ਪਰ ਹੈਰਾਨੀ ਹੋਈ ਜਦ ਇੱਕ ਪ੍ਰਸਿੱਧ ਕਥਾਵਾਚਕ ਨੇ ਗੁਰਦੁਆਰੇ ਕਥਾ ਕਰਦਿਆਂ ਕਿਹਾ ਕਿ ਮੇਰੀ ਤਾਂ ਕੋਈ ਸਮਰਥਾ ਨਹੀਂ ਕਿ ਪ੍ਰਭੂ ਦੀ ਜਗਤ ਰਚਨਾ ’ਚ ਪੈਦਾ ਕੀਤੇ ਜੀਵਾਂ ਦੀ ਗਿਣਤੀ ਕਰ ਸਕਾਂ ਪਰ ਜਿਸ ਗਿਣਤੀ ’ਤੇ ਗੁਰਬਾਣੀ ਨੇ ਆਪ ਮੋਹਰ ਲਾਈ ਹੋਵੇ ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ; ਜਿਵੇਂ ਕਿ ‘‘ਲਖ ਚਉਰਾਸੀਹ ਜੋਨਿ ਸਬਾਈ ਮਾਣਸ ਕਉ ; ਪ੍ਰਭਿ, ਦੀਈ ਵਡਿਆਈ ਇਸੁ ਪਉੜੀ ਤੇ, ਜੋ ਨਰੁ ਚੂਕੈ ; ਸੋ ਆਇ ਜਾਇ, ਦੁਖੁ ਪਾਇਦਾ ’’ (ਮਹਲਾ /੧੦੭੫) ਭਾਵ ਜੂਨਾਂ ਕੁੱਲ 84 ਲੱਖ ਹਨ, ਜਿਨ੍ਹਾਂ ’ਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ। ਹੁਣ ਜੋ ਇਸ ਪੌੜੀ ਤੋਂ ਖੁੰਝ ਗਿਆ, ਉਹ ਜਨਮ ਮਰਨ ਦੇ ਗੇੜ ’ਚ ਪੈ ਕੇ ਦੁੱਖ ਭੋਗਦਾ ਹੈ।

ਗੁਰਬਾਣੀ ਦੀ ਉਕਤ ਵਿਆਖਿਆ ਸੁਣ ਜਗਿਆਸੂਆਂ ਦੇ ਮਨ ’ਚ ਸ਼ੰਕਾ ਉਪਜਦੀ ਹੈ ਕਿ ਇੱਕ ਪਾਸੇ ਗੁਰੂ ਸਾਹਿਬ ਜੀ ਜੀਵਾਂ ਨੂੰ ਪੈਦਾ ਕਰਨ ਵਾਲ਼ੇ ਬ੍ਰਹਮਿਆਂ ਦੀ ਗਿਣਤੀ ਕਈ ਕਰੋੜ ਦੱਸਦੇ ਪਏ ਹਨ, ਫਿਰ ਉਨ੍ਹਾਂ ਵੱਲੋਂ ਪੈਦਾ ਕੀਤੇ ਜੀਵ; ਕੇਵਲ 84 ਲੱਖ ਕਿਵੇਂ ਹੋ ਸਕਦੇ ਹਨ ? ਇਨ੍ਹਾਂ ਦੋਵਾਂ ’ਚੋਂ ਕਿਹੜੀ ਗੁਰਮਤਿ ਸਚਾਈ ਹੈ ਤੇ ਕਿਹੜੀ ਅਨਮਤ ?  ਅਜਿਹੇ ਸ਼ੰਕਿਆਂ ’ਚ ਉਸ ਸਮੇਂ ਹੋਰ ਵਾਧਾ ਹੋ ਜਾਂਦਾ ਹੈ ਜਦੋਂ ਕੁਝ ਵਿਦਵਾਨ ‘‘ਏਕਾ ਮਾਈ, ਜੁਗਤਿ ਵਿਆਈ ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ, ਇਕੁ ਭੰਡਾਰੀ ; ਇਕੁ ਲਾਏ ਦੀਬਾਣੁ ’’ ਵਾਕ ਦੀ ਮਿਸਾਲ ਦੇ ਕੇ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਦੀ ਹੋਂਦ ਨੂੰ ਗੁਰੂ ਸਾਹਿਬ ਜੀ ਨੇ ਵੀ ਮੰਨਿਆ ਹੈ ਜਦਕਿ ਇਸੇ ਪਉੜੀ ’ਚ ਦਰਜ ‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ ; ਜਿਵ ਹੋਵੈ ਫੁਰਮਾਣੁ ਓਹੁ ਵੇਖੈ, ਓਨਾ ਨਦਰਿ ਆਵੈ ; ਬਹੁਤਾ ਏਹੁ ਵਿਡਾਣੁ ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦’’ (ਜਪੁ) ਨੂੰ ਭੀ ਵਿਚਾਰ ਕੇ ਵੇਖਦੇ ਹਾਂ ਤਾਂ ਸੋਝੀ ਹੁੰਦੀ ਹੈ ਕਿ ਇਸ ਪਉੜੀ ਦੇ ਉਹ ਅਰਥ ਨਹੀਂ, ਜੋ ਅਜਿਹੇ ਕਥਾਕਾਰਾਂ ਪਾਸੋਂ ਸੁਣਦੇ ਹਾਂ। ਸਮੁੱਚਾ ਪ੍ਰਸੰਗ ਇਹ ਸੂਝ ਬਖ਼ਸ਼ਦਾ ਹੈ ਕਿ ਪਉੜੀ ਦੀਆਂ ਅਰੰਭਕ ਦੋ ਤੁਕਾਂ; ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਮੱਤ ਨਹੀਂ ਬਲਕਿ ਇਨ੍ਹਾਂ ਨੂੰ ਨਿਰਾਕਾਰ ਪ੍ਰਭੂ ਦੀ ਵਿਸ਼ਾਲਤਾ ਸਾਮ੍ਹਣੇ ਤੁੱਛ ਸਾਬਤ ਕਰ ਰੱਦ ਕੀਤਾ ਹੈ ਕਿਉਂਕਿ ਇਹ ਤਿੰਨੇ ਦੇਵਤੇ; ਵੇਦਾਂ ਪੁਰਾਣਾਂ ’ਚ ਜਗਤ ਰਚੇਤਾ, ਜਗਤ ਪਾਲਕ ਅਤੇ ਜਗਤ ਦੇ ਵਿਨਾਸ਼ਕਾਰੀ ਮੰਨੇ ਗਏ ਹਨ, ਜੋ ਇੱਕ ਮਾਇਆ ਤੋਂ ਉਪਜੇ। ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ’ਤੇ ਉਸ ਦੇ ਤਿੰਨ ਪੁੱਤਰ ਜੰਮੇ, ਮੰਨ ਲਏ ਗਏ; ਜਿਵੇਂ ਕਿ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਵਾਲ਼ਾ), ਇਕ (ਵਿਸ਼ਨੂੰ) ਪਦਾਰਥ-ਭੰਡਾਰ ਦਾ ਮਾਲਕ ਬਣ ਗਿਆ (ਭਾਵ ਜੀਵਾਂ ਨੂੰ ਰਿਜ਼ਕ ਦੇਣ ਵਾਲ਼ਾ) ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ ਜੀਵਾਂ ਨੂੰ ਮਾਰਨ ਵਾਲ਼ਾ)।

ਉਕਤ ਮਿਸਾਲ ਉਪਰੰਤ ਪਉੜੀਆਂ ਦੀਆਂ ਅਗਲੀਆਂ ਤੁਕਾਂ ’ਚ ਗੁਰੂ ਸਾਹਿਬ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਮਝਾਉਂਦੇ ਹਨ ਕਿ (ਦਰਅਸਲ ਸਚਾਈ ਇਹ ਹੈ ਕਿ ਇਨ੍ਹਾਂ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਦੇ ਹੱਥ ਕੁੱਝ ਨਹੀਂ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ। ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, ਇਹ ਬੜਾ ਹੈਰਾਨ ਕਰਨ ਵਾਲ਼ਾ ਖੇਲ ਹੈ ਕਿ ਉਹ ਅਕਾਲ ਪੁਰਖ (ਇਨ੍ਹਾਂ ਤਿੰਨਾਂ ਸਮੇਤ ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਇਨ੍ਹਾਂ ਨੂੰ ਅਕਾਲ ਪੁਰਖ ਫਿਰ ਭੀ ਨਜ਼ਰ ਨਹੀਂ ਆਉਂਦਾ। ਇਸ ਲਈ (ਬ੍ਰਹਮਾ, ਵਿਸ਼ਨੂੰ, ਸ਼ਿਵ ਦੀ ਬਜਾਇ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸ੍ਰਿਸ਼ਟੀ ਦਾ) ਮੁੱਢ ਹੈ, ਜੋ ਨਿਰਮਲ ਸਰੂਪ ਹੈ, ਪਰ ਉਸ ਦਾ ਆਪਣਾ ਕੋਈ ਮੁੱਢ ਭੀ ਨਹੀਂ ਭਾਵ ਚਾਰੋਂ ਤਰਫ਼ ਫੈਲਿਆ ਹੈ, ਜੋ ਨਾਸ ਰਹਿਤ ਹੈ ਅਤੇ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਯਾਨੀ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਸਮੇਤ ਹਰ ਜੀਵ ਵਾਙ ਜੰਮਦਾ ਮਰਦਾ ਨਹੀਂ।

ਗੁਰੂ ਸਾਹਿਬ ਜੀ; ਸੰਸਾਰਕ ਜੀਵਾਂ ਵਾਂਙ ਇਨ੍ਹਾਂ ਤਿੰਨੇ ਦੇਵਤਿਆਂ ਨੂੰ ਭੀ ਮਾਇਆਧਾਰੀ ਭਾਵ ਰੋਗੀ ਕਹਿ ਰਹੇ ਹਨ ‘‘ਬ੍ਰਹਮਾ ਬਿਸਨੁ ਮਹਾਦੇਉ, ਤ੍ਰੈ ਗੁਣ ਰੋਗੀ ; ਵਿਚਿ ਹਉਮੈ ਕਾਰ ਕਮਾਈ ਜਿਨਿ ਕੀਏ, ਤਿਸਹਿ ਚੇਤਹਿ ਬਪੁੜੇ; ਹਰਿ, ਗੁਰਮੁਖਿ ਸੋਝੀ ਪਾਈ ’’ (ਮਹਲਾ /੭੩੫) ਅਰਥ : ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ, ਸਤੋ) ਦੇ ਪ੍ਰਭਾਵ ਕਾਰਨ ਬ੍ਰਹਮਾ, ਵਿਸ਼ਨੂੰ, ਸ਼ਿਵ (ਵੱਡੇ ਦੇਵਤੇ ਭੀ) ਰੋਗੀ ਰਹੇ ਕਿਉਂਕਿ ਉਨ੍ਹਾਂ ਨੇ ਹਉਮੈ ’ਚ ਕਾਰ ਕੀਤੀ। ਜਿਸ ਪਰਮਾਤਮਾ ਨੇ ਉਨ੍ਹਾਂ ਨੂੰ ਪੈਦਾ ਕੀਤਾ, ਉਸ ਨੂੰ ਨਾ ਸਮਝ ਸਕੇ । ਸੋ ਪਰਮਾਤਮਾ ਬਾਰੇ ਸੂਝ ਗੁਰੂ ਦੀ ਸ਼ਰਨ ਪਿਆਂ ਹੁੰਦੀ ਹੈ (ਜਿਸ ਨੂੰ ਉਹ ਧਾਰਨ ਨਾ ਕਰ ਸਕੇ ਤਾਹੀਓਂ) ‘‘ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ; ਰੋਗੀ ਸਗਲ ਸੰਸਾਰਾ ਹਰਿ ਪਦੁ ਚੀਨਿ, ਭਏ ਸੇ ਮੁਕਤੇ ; ਗੁਰ ਕਾ ਸਬਦੁ ਵੀਚਾਰਾ ’’ (ਮਹਲਾ /੧੧੫੩) ਅਰਥ : ਬ੍ਰਹਮਾ, ਵਿਸ਼ਨੂ ਤੇ ਸ਼ਿਵ ਹਉਮੈ ਰੋਗ ਤੋਂ ਪੀੜਤ ਹਨ, (ਜਿਸ ਤਰ੍ਹਾਂ) ਸਾਰਾ ਸੰਸਾਰ ਹੀ ਇਸ ਰੋਗ ਵਿੱਚ ਗ੍ਰਸਿਆ ਹੋਇਆ ਹੈ। ਇਸ ਰੋਗ ਤੋਂ ਉਹੀ ਮੁਕਤ ਹੋਏ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਹਰੀ ਦਾ ਵਜੂਦ ਜਾਣ ਲਿਆ ਤੇ ਆਪਣਾਪਣ ਮਿਟਾ ਲਿਆ।

ਉਕਤ ਗੁਰਬਾਣੀ ਵਿੱਚ ਭਾਵੇਂ ਦੇਵਤਿਆਂ ਨੂੰ ਮਿਸਾਲ ਵਜੋਂ ਸ਼ਾਮਲ ਕੀਤਾ ਹੈ ਕਿਉਂਕਿ ਹਿੰਦੂ ਸਮਾਜ ਇਨ੍ਹਾਂ ਨੂੰ ਹੀ ਰੱਬ ਸਮਝਦਾ ਆ ਰਿਹਾ ਹੈ, ਪਰ ਸਚਾਈ ਇਹ ਕਿ ਗੁਰੂ ਜੀ ਇਹ ਸਪਸ਼ਟ ਭੀ ਕਰਦੇ ਹਨ ਕਿ ਦੇਵਤੇ ਦਰਅਸਲ ਰਾਜੇ ਸਨ, ਜਿਨ੍ਹਾਂ ਨੂੰ ਪੁਜਾਰੀ ਵਰਗ ਨੇ ਵਿਸ਼ਨੂੰ ਅਵਤਾਰ ਬਣਾ ਦਿੱਤਾ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਵਿਸ਼ਨੂੰ ਅਵਤਾਰ ਬਣਾਏ ਗਏ ਸਾਰੇ ਰਾਜੇ ਸਨ ਜਾਂ ਕੁੱਝ ਕਾਲਪਨਿਕ ਅਵਤਾਰ ਭੀ ਸਨ, ਇਸ ਬਾਰੇ ਗੁਰਬਾਣੀ ਕੋਈ ਪੁਸ਼ਟੀ ਨਹੀਂ ਕਰਦੀ; ਜਿਵੇਂ ਕਿ ਕੀ ਇੱਕ ਬੰਦੇ ਦੇ ਚਾਰ ਸਿਰ ਹੋ ਸਕਦੇ ਹਨ; ਜਿਵੇਂ ਕਿ ਬ੍ਰਹਮਾ ਦੇ ਮੰਨ ਗਏ ਹਨ ਆਦਿ।

ਸੋ ਸਿੱਖ ਨੂੰ ਗੁਰਬਾਣੀ ’ਚ ਦਰਜ ਕਿਸੇ ਗਿਣਤੀ-ਮਿਣਤੀ ਨੂੰ ਗੁਰਮਤਿ ਮੰਨਣ ਦੀ ਬਜਾਇ ਉਸ ਅਕਾਲ ਪੁਰਖ ਨਾਲ਼ ਜੁੜਨਾ ਚਾਹੀਦਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਪਾ ਸਕਦਾ।  ਉਹੀ ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲਾ ਅਤੇ ਨਾਸ਼ ਕਰਨ ਵਾਲ਼ਾ ਹੈ ‘‘ਨਾਨਕ  ! ਜੰਤ ਉਪਾਇ ਕੈ, ਸੰਮਾਲੇ ਸਭਨਾਹ ਜਿਨਿ ਕਰਤੈ, ਕਰਣਾ (ਜਗਤ) ਕੀਆ; ਚਿੰਤਾ ਭਿ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ; ਜਿਨਿਉਪਾਇਆ ਜਗੁ ’’ (ਸੁਖਮਨੀ/ਮਹਲਾ /੭੫), ਜਗਤ ਵਿੱਚ ਜੀਵਾਂ ਦਾ ਜੰਮਣਾ ਮਰਨਾ ਕਿਸੇ ਮਨੁੱਖ ਦੇ ਹੱਥ ਨਹੀਂ ਹੋ ਸਕਦਾ, ਜੋ ਖ਼ੁਦ ਭੀ ਮੌਤ ਦੇ ਮੂੰਹ ’ਚ ਸਮਾਇਆ ਹੋਵੇ। ਇਸ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਗੁਰਬਾਣੀ ’ਚ ਵਰਤੇ ਗਏ ਸੰਖਿਆਕ ਸੰਕੇਤ; ਕੇਵਲ ਰਵਾਇਤੀ ਧਾਰਨਾ ਮਾਤਰ ਹਨ, ਨਾ ਕਿ ਗੁਰਮਤਿ।

ਹੁਕਮ ਬਨਾਮ ਨਸੀਬ

0

ਹੁਕਮ ਬਨਾਮ ਨਸੀਬ

ਗਿਆਨੀ ਅਵਤਾਰ ਸਿੰਘ

ਗੁਰਬਾਣੀ ’ਚ ‘ਹੁਕਮ’; ਪੁਲਿੰਗ ਨਾਂਵ ਹੈ ਅਤੇ ਇਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ (1). ਮਨੁੱਖ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਅਹੰਕਾਰ’; ਜਿਵੇਂ ‘‘ਹੁਕਮ ਕੀਏ ਮਨਿ ਭਾਵਦੇ.. ’’ (ਮਹਲਾ /੪੭੦), (2). ਸਤਿਗੁਰੂ ਦੁਆਰਾ ਕੀਤਾ ‘ਹੁਕਮ’, ਇਸ ਦਾ ਅਰਥ ਹੈ ‘ਉਪਦੇਸ਼’; ਜਿਵੇਂ ‘‘ਪੂਰੇ ਗੁਰ ਕਾ ਹੁਕਮੁ ਮੰਨੈ; ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ’’ (ਮਹਲਾ /੩੦੩), ਇਸ ਗੁਰੂ ਹੁਕਮ ਨੂੰ ਮੰਨਣਾ ਜਾਂ ਨਾ ਮੰਨਣਾ; ਬੰਦੇ ਦਾ ਨਿਜੀ ਅਧਿਕਾਰ ਹੈ ਯਾਨੀ ਕਿ ਕਿਸੇ ’ਤੇ ਥੋਪਿਆ ਨਹੀਂ ਜਾਂਦਾ।, (3). ਰੱਬ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਆਦੇਸ਼’; ਯਾਨੀ ਕਿ ਇਹ ਹੁਕਮ ਹਰ ਹਾਲਤ ’ਚ ਮੰਨਣਾ ਪੈਣੈ ਭਾਵੇਂ ਕੋਈ ਖ਼ੁਸ਼ੀ ਨਾਲ਼ ਮੰਨੇ ਜਾਂ ਦੁਖੀ ਹੋ ਕੇ ‘‘ਇਕਨ੍ਾ ਹੁਕਮਿ ਸਮਾਇ ਲਏ; ਇਕਨ੍ਾ ਹੁਕਮੇ ਕਰੇ ਵਿਣਾਸੁ ’’ (ਮਹਲਾ /੪੬੩) ਅਰਥ : ਰੱਬ; ਕਈਆਂ ਨੂੰ ਆਪਣੇ ਹੁਕਮ ਰਾਹੀਂ ਆਪਣੇ ’ਚ ਲੀਨ ਕਰ ਲੈਂਦਾ ਹੈ ਭਾਵ ਦੁੱਖ-ਸੁੱਖ ਤੋਂ ਬਚਾ ਲੈਂਦੈ ਅਤੇ ਕਈਆਂ ਨੂੰ ਆਪਣੇ ਹੁਕਮ ਰਾਹੀਂ ਆਤਮਿਕ ਮੌਤ ਅਤੇ ਸਰੀਰਕ ਮੌਤ ਮਾਰਦਾ ਹੈ ਯਾਨੀ ਕਿ ਆਵਾਗਮਣ ਰਾਹੀਂ ਦੁੱਖ ਦਿੰਦਾ ਹੈ।

ਉਕਤ ਨੰਬਰ (3). ਵਾਲ਼ੇ ਹੁਕਮ ’ਚ ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :

(ੳ). ਰੱਬ ਦੇ ਹੁਕਮ ’ਚ ਪੂਰੀ ਕੁਦਰਤਿ ਬਣੀ, ਜੋ ਹੁਣ ਭੀ ਹੁਕਮ ’ਚ ਵਧ-ਫੁੱਲ ਰਹੀ ਹੈ ‘‘ਚਹੁ ਦਿਸਿ ਹੁਕਮੁ ਵਰਤੈ ਪ੍ਰਭ ! ਤੇਰਾ.. ’’ (ਮਹਲਾ /੧੨੭੫) ਰੱਬ ਦਾ ਇਹ ਵਿਆਪਕ/ਵਿਸ਼ਾਲ ਹੁਕਮ; ਪੂਰਾ ਕਲਮਬੱਧ ਨਹੀਂ ਹੋ ਸਕਦਾ ‘‘ਤੇਰਾ ਹੁਕਮੁ ਜਾਪੀ ਕੇਤੜਾ; ਲਿਖਿ ਜਾਣੈ ਕੋਇ (ਮਹਲਾ /੫੩), ਜੇ ਕੋ ਕਹੈ; ਕਰੈ ਵੀਚਾਰੁ   ਕਰਤੇ ਕੈ ਕਰਣੈ (ਰੱਬ ਦੇ ਪਸਾਰੇ ਦਾ) ਨਾਹੀ ਸੁਮਾਰੁ (ਅੰਤ)੧੬’’ (ਜਪੁ), ਨਾਸਤਕ ਸੋਚ; ਅਜਿਹੇ ਵਾਕਾਂ ਦੀ ਟੇਕ ਲੈ ਕੇ ਨਿਰਾਕਾਰ (ਰੱਬ) ਦੀ ਵਿਚਾਰ ਕਰਨੋਂ ਹੀ ਇਨਕਾਰੀ ਹੁੰਦੀ ਹੈ ਭਾਵੇਂ ਕਿ ਇਨ੍ਹਾਂ ਵਾਕਾਂ ’ਚ ਰੱਬ ਦੀ ਵਿਚਾਰ ਕਰਨ ਤੋਂ ਮਨਾਹੀ ਨਹੀਂ ਬਲਕਿ ਉਸ ਦੇ ਪਸਾਰੇ ਦਾ ਅੰਤ ਪਾਉਣ ਤੋਂ ਵਰਜਿਐ; ਜਿਵੇਂ ਕੁਦਰਤ ਦਾ ਅੰਤ ਪਾਉਣ ਗਏ ਬ੍ਰਹਮਾ ਦੀ ਮਿਸਾਲ ਹੈ ‘‘ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ਆਗੈ ਅੰਤੁ ਪਾਇਓ ਤਾ ਕਾ.. ’’ (ਮਹਲਾ /੩੫੦), ‘ਨਾਲਿ’ ਦਾ ਅਰਥ ਹੈ : ਕਮਲ ਦੀ ‘ਨਾੜਿ/ਨਾੜੀ’, ‘ਵਰਦਾਤਾ’ ਦਾ ਅਰਥ ਹੈ ‘ਵਰ ਦੇਣ ਵਾਲ਼ਾ ਵਿਸ਼ਨੂੰ ਯਾਨੀ ਕਿ ‘ਕਮਲ’, ਜਿਸ ’ਚੋਂ ਬ੍ਰਹਮਾ ਪੈਦਾ ਹੋਇਆ, ਮੰਨਿਐ। ‘‘ਨਾਲਿ ਕੁਟੰਬੁ ਸਾਥਿ ਵਰਦਾਤਾ’’  ਦਾ ਅਰਥ ਹੈ : ਪਰਵਾਰ ਕਮਲ ਦੀ ਨਾੜ ਸਮੇਤ ਯਾਨੀ ਕਿ ਆਪਣੇ ਹੀ ਜਨਮ-ਦਾਤਾ ਕਮਲ ਨਾੜੀ ਦੀ ਰਾਹੀਂ ‘‘ਬ੍ਰਹਮਾ ਭਾਲਣ ਸ੍ਰਿਸਟਿ ਗਇਆ ’’  ਫਲ਼ ਕੀ ਮਿਲਿਆ ‘‘ਆਗਿਆ ਨਹੀ ਲੀਨੀ (ਗੁਰੂ ਹੁਕਮ ਨਾ ਮੰਨਿਆ); ਭਰਮਿ ਭੁਲਾਇਆ ’’ (ਮਹਲਾ /੨੨੭)

 (ਅ). ਰੱਬ ਦਾ ਉਹ ਹੁਕਮ, ਜਿਸ ਦਾ ਸੰਬੰਧ ਕੇਵਲ ਮਨੁੱਖ ਜਾਤੀ ਨਾਲ਼ ਹੈ। ਗੁਰਬਾਣੀ ’ਚ ਇਹ ਹੁਕਮ ਵਿਸਥਾਰ ਸਹਿਤ ਬਿਆਨ ਕੀਤਾ ਹੈ। ਇਹ ਹੁਕਮ; ਮਨੁੱਖ ਜਾਤੀ ਬਾਰੇ ਰੱਬ ਦੇ ਸੁਭਾਅ ਨੂੰ ਬਿਆਨ ਕਰਦਾ ਹੈ। ਰੱਬ ਦਾ ਸੁਭਾਅ ਜਾਣਨਾ; ਮਨੁੱਖ ਜਾਤੀ ਲਈ ਧਰਮ ਹੈ। ਇਸ ਤੋਂ ਇਨਕਾਰੀ ਬੰਦਾ; ਜੇ ਕਹੇ ‘ਜਿਸ ਦਾ ਅੰਤ ਨਹੀਂ ਪੈ ਸਕਦਾ, ਉਸ ਬਾਰੇ ਵਿਚਾਰ ਕਾਹਦੇ ਲਈ ?’ ਯਾਨੀ ਧਰਮ ਦਾ ਅਸਿੱਧਾ ਵਿਰੋਧ ਕਰੇ ਤਾਂ ਉਹ, ਧਾਰਮਿਕ ਵਿਅਕਤੀਆਂ ਪਾਸੋਂ ਕੋਈ ਹੋਰ ਲੋੜਾਂ ਪੂਰੀਆਂ ਕਰ ਰਿਹਾ ਹੁੰਦਾ ਹੈ, ਨਹੀਂ ਤਾਂ ਨਾਸਤਕ ਨੂੰ ਐਨਾ ਕੁ ਕਹਿਣ ਦੀ ਭੀ ਕੀ ਜ਼ਰੂਰਤ ਹੈ ਜਦਕਿ ਇਸ ਹੁਕਮ (ਮਨੁੱਖ ਲਈ ਧਰਮ) ਦੀ ਮੁਕੰਮਲ ਵਿਆਖਿਆ ਕੀਤੀ ਹੋਣ ਕਾਰਨ ਗੁਰੂ ਨੂੰ ਪੂਰਨ ਗੁਰੂ, ਸੱਚਾ ਗੁਰੂ ਕਿਹਾ ਹੈ।

ਮਨੁੱਖ ਨੇ ਜਿਵੇਂ ਹਵਾ, ਪਾਣੀ ਨੂੰ ਆਪਣੇ ਅਨੁਕੂਲ ਕੀਤੈ ਉਸੇ ਤਰ੍ਹਾਂ ਇਹ ਚਾਹੁੰਦੈ ਕਿ ਜੇ ਸਾਰੀ ਮਨੁੱਖ ਜਾਤੀ ਦੀ ਸੋਚ ਇੱਕ ਸਮਾਨ ਹੋਵੇ ਤਾਂ ਹੀ ਕਿਸੇ ਰੱਬੀ ਸ਼ਕਤੀ ’ਤੇ ਭਰੋਸਾ ਕੀਤਾ ਜਾ ਸਕਦੈ ਕਿ ਵਾਕਿਆ ਈ ਉਹ, ਆਪਣੇ ਹੁਕਮ ’ਚ ਸਭ ਨੂੰ ਚਲਾਉਂਦੀ ਪਈ ਹੈ ਯਾਨੀ ਕਿ ਮਨੁੱਖ ਚਾਹੁੰਦੈ ਕਿ ਜਿਵੇਂ ਗਰਮੀ-ਸਰਦੀ; ਆਪਣੇ ਅਨੁਕੂਲ ਕੀਤੀ ਹੈ; ਧਰਮੀ ਬਣਨ ਉਪਰੰਤ ਸਮਾਜ ਭੀ ਮੇਰੇ ਮੁਤਾਬਕ ਹੋਵੇ ਯਾਨੀ ਕਿ ਕਿਸੇ ਸੰਘਰਸ਼ ਲਈ ਤਕਲੀਫ਼ ਨਾ ਸਹਿਣੀ ਪਵੇ ਜਦਕਿ ਆਪਣੇ ਆਪ ਨੂੰ ਚੰਗਾ ਤੇ ਦੂਜਾ ਨੂੰ ਮਾੜਾ ਸਮਝਣਾ; ਮਨੁੱਖ ਦਾ ਭਰਮ ਹੈ, ਭੁਲੇਖਾ ਹੈ। ਜਿਸ ਦਾ ਇਹ ਭਰਮ ਮਿਟ ਗਿਆ ਉਹ, ਰੱਬ ਨੂੰ ਹਰ ਥਾਂ ਪਛਾਣ ਲੈਂਦਾ ਹੈ ਕਿਉਂਕਿ ਕੁਰਾਹੇ ਕੋਈ ਨਹੀਂ ਪਿਆ ਹੁੰਦਾ ‘‘ਮਨ ਮੇਰੇ ! ਜਿਨਿ ਅਪੁਨਾ ਭਰਮੁ ਗਵਾਤਾ   ਤਿਸ ਕੈ ਭਾਣੈ ਕੋਇ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ’’ (ਮਹਲਾ /੬੧੦)

ਗੁਰਮਤਿ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਅਕਸਰ ਸ਼ੰਕੇ ਉਪਜਦੇ ਵੇਖੇ ਹਨ; ਜਿਵੇਂ ਕਿ (1). ਜੇ ਸਭ ਕੁੱਝ ਰੱਬ ਦੇ ਹੁਕਮ ’ਚ ਹੁੰਦੈ ਤਾਂ ਮਾੜੇ ਨਸੀਬ ਦਾ ਦੋਸ਼ੀ ਬੰਦਾ ਕਿਉਂ ? (2). ਬੰਦੇ ਦੀ ਮੂਰਖਤਾ; ਰੱਬ ਦੀ ਰਜ਼ਾ ਕਿਵੇਂ ਹੋਈ  ?, (3). ਜੇ ਲਿਖੇ ਮੁਤਾਬਕ ਹੀ ਵਾਪਰਨਾ ਹੈ; ਜਿਵੇਂ ਕਿ ਵਚਨ ਹਨ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’ (ਮਹਲਾ /੯੩੭) ਤਾਂ ਭਗਤੀ ਕਰਨ ਦਾ ਕੀ ਲਾਭ ? ਆਦਿ। ਇਹ ਸ਼ੰਕੇ/ਭਰਮ ਇਸ ਲਈ ਪੈਦਾ ਹੋਏ ਕਿਉਂਕਿ ਸਤਿਗੁਰੂ ਦੇ ਅਨੁਭਵ ਗਿਆਨ ਨੂੰ ਮਨੁੱਖ ਨੇ ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ, ਤ੍ਵਚਾ) ਨਾਲ਼ ਵੇਖਿਆ ਹੈ। ਇਨ੍ਹਾਂ ਤੋਂ ਮੁਕਤ ਹੋਣ ਲਈ ਗੁਰਮਤਿ ਦੇ ਸਰੋਤ; ਗੁਰੂ ਨਾਨਕ ਜੀ ਦੀ ਲਿਖਤ ਨੂੰ ਵਾਚਣਾ ਪੈਣਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਅਨੁਭਵ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਹੈ। ਹਥਲੇ ਵਿਸ਼ੇ ਨਾਲ਼ ਸੰਬੰਧਿਤ ਗੁਰਬਾਣੀ ਦੇ ਸ਼ਬਦ ਤੇ ਉਨ੍ਹਾਂ ਦੀ ਸੰਖਿਆ ਜਾਣਨੀ ਜ਼ਰੂਰੀ ਹੈ।

ਰੱਬ ਦੇ ਹੁਕਮ ਨੂੰ ਗੁਰਬਾਣੀ ਅੰਦਰ ਰਜ਼ਾ, ਭਾਣਾ ਅਤੇ ਆਗਿਆ ਭੀ ਕਿਹਾ ਹੈ। ਗੁਰਬਾਣੀ; ਕਾਵਿ ਸ਼ੈਲੀ ਹੋਣ ਕਾਰਨ ਅਸਲ ਸ਼ਬਦ ਰੂਪ ’ਚ ਥੋੜ੍ਹਾ ਬਹੁਤ ਬਦਲਾ ਹੋ ਜਾਂਦਾ ਹੈ; ਜਿਵੇਂ ਹੁਕਮ; 10 ਰੂਪਾਂ (ਹੁਕਮ, ਹੁਕਮੁ, ਹੁਕਮਿ, ਹੁਕਮਹੁ, ਹੁਕਮੋ, ਹੁਕਮੀ, ਹੁਕਾਮੀ, ਹੁਕਮੇ, ਹੁਕਮੈ, ਹੁਕਮਾਵੈ) ’ਚ 466 ਵਾਰ ਦਰਜ ਹੈ।, ਰਜ਼ਾ; 3 ਰੂਪਾਂ (ਰਜਾਇ, ਰਜਾਈ, ਰਜਾਏ) ’ਚ 97 ਵਾਰ ਹੈ।, ਭਾਣਾ; 111 ਵਾਰ ਅਤੇ ਆਗਿਆ; 40 ਵਾਰ ਦਰਜ ਹੈ। ਹਥਲੇ ਸਿਰਲੇਖ ’ਚ ਦੂਜਾ ਸ਼ਬਦ ਹੈ ‘ਨਸੀਬ’ ਯਾਨੀ ਕਿ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼। ਗੁਰਬਾਣੀ ਅੰਦਰ ਨਸੀਬ ਨੂੰ ‘ਭਾਗ, ਲੇਖ, ਕਰਮ, ਕਿਰਤੁ, ਮੈਲ਼’ ਕਿਹਾ ਹੈ। ਭਾਗ; 4 ਰੂਪਾਂ (ਭਾਗੁ, ਭਾਗ, ਭਾਗਿ, ਭਾਗਾ) ’ਚ 262 ਵਾਰ ਹੈ। ਲੇਖ; 5 ਰੂਪਾਂ (ਲੇਖ, ਲੇਖੁ, ਲੇਖਿ, ਲੇਖੇ, ਲੇਖੈ) ’ਚ 136 ਵਾਰ, ਕਿਰਤੁ 39 ਵਾਰ, ਮਲੁ/ਮੈਲੁ 280 ਵਾਰ ਅਤੇ ਕਰਮ; 3 ਰੂਪਾਂ (ਕਰਮ, ਕਰਮੁ, ਕਰਮਿ) ’ਚ 585 ਵਾਰ ਦਰਜ ਹੈ। ਧਿਆਨ ਰਹੇ ਕਿ ‘ਕਰਮ’ ਦੇ ਅਰਥ; ਨਸੀਬ ਤੋਂ ਇਲਾਵਾ ਮਨੁੱਖ ਦੁਆਰਾ ਕੀਤੇ ਕੰਮ ਅਤੇ ਰੱਬ ਦੀ ਮਿਹਰ ਭੀ ਹਨ। ਕਰਮ ਦੇ ਇਹ ਤਿੰਨ ਅਰਥ (ਕੰਮ, ਨਸੀਬ, ਮਿਹਰ) ਸਾਬਤ ਕਰਦੇ ਹਨ ਕਿ ਕੀਤੇ ਕੰਮ ਨਾਲ਼ ਨਸੀਬ ਬਣਦਾ ਹੈ ਅਤੇ ਮਿਹਰ ਨਾਲ਼ ਨਸੀਬ ਮਿਟਦਾ ਹੈ ਯਾਨੀ ਇਹ ਤਿੰਨੇ ਅਰਥ; ਇੱਕ ਦੂਜੇ ਨਾਲ਼ ਭਾਵਾਰਥਾਂ ’ਚ ਜੁੜੇ ਹਨ। ਆਪਣੇ ਸਿਰ ਦੇ ਨਸੀਬ (ਲੇਖ) ਮਿਟਾ ਕੇ ਹੀ ਅਲੇਖ ਰੱਬ ’ਚ ਲੀਨ ਹੋਇਆ ਜਾ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ’ਚ 5870 ਸ਼ਬਦ ਹਨ, ਇਨ੍ਹਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਦੇ 977 ਸ਼ਬਦ ਹਨ ਯਾਨੀ ਕਿ 17 ਪ੍ਰਤਿਸ਼ਤ।  ਹਥਲੇ ਵਿਸ਼ੇ ਨਾਲ਼ ਸੰਬੰਧਿਤ ਸ਼ਬਦ ‘ਕਰਮੁ/ਕਰਮਿ’; ਗੁਰਬਾਣੀ ’ਚ 199 ਵਾਰ ਹਨ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ 74 ਵਾਰ ਵਰਤੇ ਯਾਨੀ ਕਿ 38 ਫ਼ੀਸਦੀ ਅਤੇ ਹੁਕਮ; 466 ਵਾਰ ਹੈ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਦੁਆਰਾ 195 ਵਾਰ ਵਰਤਿਆ ਹੈ ਯਾਨੀ ਕਿ 42 ਫ਼ੀਸਦੀ; ਇਉਂ ਹੀ ਗੁਰਬਾਣੀ ’ਚ ਤਕਰੀਬਨ 200 ਵਾਰ ‘ਜੋਤਿ’ ਦਾ ਅਰਥ ‘ਆਤਮਾ, ਰੂਹ, ਜਿੰਦ-ਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ’ ਹੈ। ਇਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ 97 ਵਾਰ ਇਹ ਸ਼ਬਦ ਦਰਜ ਕੀਤਾ ਯਾਨੀ ਕਿ 48 ਫ਼ੀਸਦੀ, ਪਰ ਜੋ ਸ਼ਬਦ ਸੂਖਮ ਅਨੁਭਵ ਨਾਲ਼ ਸੰਬੰਧਿਤ ਨਹੀਂ; ਜਿਵੇਂ ਸੰਤ (ਸੰਤ/ਸੰਤੁ/ਸੰਤਿ); ਗੁਰਬਾਣੀ ’ਚ 734 ਵਾਰ ਹੈ, ਇਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ ਮਾਤਰ 26 ਵਾਰ ਵਰਤਿਆ ਯਾਨੀ ਕਿ 3 ਕੁ ਪ੍ਰਤਿਸ਼ਤ ਅਤੇ ਪਰਮੇਸਰ; 151 ਵਾਰ ਹੈ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ ਮਾਤਰ 11 ਵਾਰ ਵਰਤਿਆ ਯਾਨੀ ਕਿ 7 ਪ੍ਰਤਿਸ਼ਤ। ਸੋ ਸਪਸ਼ਟ ਹੈ ਕਿ ਗੁਰਬਾਣੀ ’ਚ ਅਨੁਭਵ ਨੂੰ ਪ੍ਰਗਟਾਉਂਦੇ ਸੂਖਮ ਵਿਸ਼ੇ; ਜਿਵੇਂ ਕਿ ਰੱਬ ਦਾ ਸਰਵ ਵਿਆਪਕ ਜੋਤਿ ਸਰੂਪ ਹੋਣਾ, ਰੱਬ ਦੀ ਮਿਹਰ, ਰੱਬ ਦਾ ਹੁਕਮ, ਮਨੁੱਖ ਦੇ ਨਸੀਬ ਆਦਿ ਨੂੰ ਗੁਰੂ ਨਾਨਕ ਜੀ ਨੇ ਚੰਗੀ ਤਰ੍ਹਾਂ ਸਪਸ਼ਟ ਕੀਤੈ, ਫਿਰ ਭੀ ਜੇ ਕੋਈ ਇਨ੍ਹਾਂ ਨੁਕਤਿਆਂ ਬਾਰੇ ਦੁਬਿਧਾ ’ਚ ਹੋਵੇ ਤਾਂ ਮਾੜੇ ਨਸੀਬ ਹੀ ਕਹੇ ਜਾ ਸਕਦੇ ਹਨ। ਹੇਠਾਂ ਕੇਵਲ ਗੁਰੂ ਨਾਨਕ ਜੀ ਦੇ ਅਨੁਭਵ ਨਾਲ਼ ਹਥਲਾ ਵਿਸ਼ਾ ‘ਹੁਕਮ ਬਨਾਮ ਨਸੀਬ’ ਵਿਚਾਰਿਆ ਜਾਣਾ ਹੈ।

ਗੁਰਮਤਿ ਦਾ ਮੰਤਵ; ਮਨੁੱਖ ਨੂੰ ਇਹ ਤਸੱਲੀ ਕਰਾਉਣਾ ਹੈ ਕਿ ਉਹ ਸਮੁੱਚੀ ਕੁਦਰਤਿ ਵਾਙ ਰੱਬ ਦੇ ਹੁਕਮ ’ਚ ਚੱਲਦਾ ਪਿਐ ਤਾਂ ਜੋ ਹਰ ਕਾਰਜ ਦਾ ਮਹੱਤਵ ਇਹ ਆਪਣੇ ’ਤੇ ਲੈ ਕੇ ਮਨ ’ਚ ਵਿਕਾਰ ਪੈਦਾ ਨਾ ਕਰੇ। ਹੁਕਮ ਦੇ ਸਰੋਤ (ਕਰਤਾ) ਨੂੰ ਪਛਾਣਨ ਨਾਲ਼ ਸ਼ਰਧਾਵਾਨ ਅੰਦਰ ਉਸ ਦਾ ਡਰ-ਅਦਬ ਪੈਦਾ ਹੁੰਦਾ ਹੈ, ਉਸ ਦੇ ਗੁਣ ਗਾ ਹੁੰਦੇ ਹਨ ਅਤੇ ਆਪਣੇ ਅੰਦਰੋਂ (ਸਭ ਕੁੱਝ ਮੈਂ ਕਰਦਾ ਪਿਆ ਹਾਂ, ਇਹ) ਅਹੰਕਾਰ ਮਰਦਾ ਹੈ। ਗੁਰੂ ਨਾਨਕ ਜੀ ਦੇ ਵਚਨ ਹਨ :

ਹੁਕਮੁ ਪਛਾਣੈ ਨਾਨਕਾ !  ਭਉ ਚੰਦਨੁ ਲਾਵੈ ॥ (ਮਹਲਾ ੧/੭੨੫) ਭਉ ਚੰਦਨੁ ਲਾਵੈ ਭਾਵ ਡਰ-ਅਦਬ ਰੂਪ ਚੰਦਨ ਸਰੀਰ ’ਤੇ ਲਾਉਂਦਾ ਹੈ ਯਾਨੀ ਉਮਰ ਖ਼ਤਮ ਹੁੰਦੀ, ਪ੍ਰਤੀਤ ਹੁੰਦੀ ਹੈ।

ਹੁਕਮੁ ਪਛਾਣੈ; ਸੁ ਹਰਿ ਗੁਣ ਵਖਾਣੈ ॥ (ਮਹਲਾ ੧/੧੦੯) ਯਾਨੀ ਹੁਕਮ ਪਛਾਣ ਕੇ ਹਰੀ ਗੁਣ ਚੰਗੀ ਤਰ੍ਹਾਂ ਗਾ ਹੁੰਦੇ ਹਨ।

ਰਬ ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ ਆਪੁ (ਹੰਕਾਰ) ਗਵਾਵੈ ॥ (ਮਹਲਾ ੧/੧੪੧)

ਸਵਾਲ : ਜੇਕਰ ਸਾਰੇ ਹੀ ਰੱਬ ਦੇ ਹੁਕਮ ’ਚ ਚੱਲਦੇ ਹਨ ਤਾਂ ਇੱਕ ਸੁਖੀ, ਦੂਜਾ ਦੁਖੀ ਕਿਉਂ; ਜਿਵੇਂ ਕਿ ਵਚਨ ਹਨ ‘‘ਇਕਿ ਨਿਹਾਲੀ ਪੈ ਸਵਨਿ੍; ਇਕਿ ਉਪਰਿ ਰਹਨਿ ਖੜੇ ’’ (ਮਹਲਾ /੪੭੫) ਅਰਥ : ਕਈ ਰਾਤ ਨੂੰ ਬਿਸਤਰਿਆਂ ’ਤੇ ਪੈ ਕੇ ਸੌਂ ਜਾਂਦੇ ਹਨ, ਅਰਾਮ ਕਰਦੇ ਹਨ ਪਰ ਕਈ ਉਨ੍ਹਾਂ ਲਈ ਪਹਿਰਾ ਦਿੰਦੇ ਰਹਿੰਦੇ ਹਨ।

ਜਵਾਬ : ਗੁਰਮਤਿ ਅਨੁਸਾਰ ਉਕਤ ਸੌਂਣ ਵਾਲ਼ਾ ਭੀ ਸੁਖੀ (ਚਿੰਤਾ ਮੁਕਤ) ਨਹੀਂ ਕਿਉਂਕਿ ਗੁਰੂ ਨਾਨਕ ਜੀ ਦੇ ਹੀ ਵਚਨ ਹਨ ‘‘ਨਾਨਕ  ! ਦੁਖੀਆ ਸਭੁ ਸੰਸਾਰੁ ’’ (ਮਹਲਾ /੯੫੪)

ਸਵਾਲ : ਜੇ ਹਰ ਕੋਈ ਹੁਕਮ ’ਚ ਹੈ ਤਾਂ ਮਾੜੇ ਕੰਮਾਂ ਲਈ ਬੰਦਾ ਦੋਸ਼ੀ ਕਿਉਂ; ਜਿਵੇਂ ਵਚਨ ਹਨ ‘‘ਜੋ ਹੁਕਮੁ ਬੂਝੈ ਖਸਮ ਕਾ; ਸੋਈ ਨਰੁ ਕਚਾ ’’ (ਮਹਲਾ /੧੦੯੪)

ਜਵਾਬ : ਹੁਕਮ ’ਚ ਚੱਲਣਾ ਅਤੇ ਹੁਕਮ ਨੂੰ ਬੁੱਝਣਾ; ਦੋਵਾਂ ’ਚ ਅੰਤਰ ਹੁੰਦੈ। ਇੱਕ ਪਰਉਪਕਾਰੀ ਬੰਦੇ ਨੇ ਨੌਕਰ ਨੂੰ ਕਿਹਾ ਕਿ ਰਸਤੇ ’ਚ ਲੰਗਰ ਲਗਾਓ। ਲੰਗਰ ਵੰਡਦਿਆਂ ਜੇ ਨੌਕਰ ਕਹੇ ਕਿ ਇਹ ਲੰਗਰ ਮਾਲਕ ਨੇ ਲਗਵਾਇਐ ਤਾਂ ਇਹ ਮਾਲਕ ਦਾ ਹੁਕਮ ਬੁੱਝਣਾ ਹੈ, ਹੁਕਮ ਪਛਾਣਨਾ ਹੈ ਪਰ ਜੇ ਮਾਲਕ ਨੂੰ ਅਣਡਿੱਠ ਕਰ ਆਪ ਦਾਨੀ ਬਣ ਬੈਠੇ ਤਾਂ ਕਹਿਣਾ ਬਣਦੈ ‘‘ਸੋਈ ਨਰੁ ਕਚਾ ’’  ਇੱਥੇ ਵਿਸ਼ਾ ਹੁਕਮ ਬੁੱਝਣਾ ਹੈ ‘‘ਹੁਕਮੁ ਬੂਝੈ ਖਸਮ ਕਾ’’, ਨਾ ਕਿ ਹੁਕਮ ’ਚ ਚੱਲਣਾ। ਚੱਲ ਤਾਂ ਨੌਕਰ ਰਿਹੈ ਯਾਨੀ ਕਿ ਲੰਗਰ ਲਗਾ ਰਿਹੈ। ਸੋ ਹੁਕਮ ’ਚ ਨਾ ਚੱਲਣਾ; ਦੋਸ਼ ਨਹੀਂ, ਹੁਕਮ ਨੂੰ ਨਾ ਬੁੱਝਣਾ; ਦੋਸ਼ ਹੈ। ਗੁਰੂ ਨਾਨਕ ਜੀ ਦੇ ਹੇਠਲੇ ਵਚਨ; ਮਨੁੱਖ ਨੂੰ ਹੁਕਮ ਬੁੱਝਣ/ਪਛਾਣਨ ਲਈ ਪ੍ਰੇਰਦੇ ਹਨ ਅਤੇ ਉਸ ਦਾ ਫਲ਼ ਦੱਸ ਰਹੇ ਹਨ, ਨਾ ਕਿ ਹੁਕਮ ’ਚ ਚੱਲਣ ਲਈ ਕਹਿੰਦੇ ਹਨ  :

ਹੁਕਮੀ ਆਇਆ, ਹੁਕਮੁ ਨ ਬੂਝੈ… ॥ (ਮਹਲਾ ੧/੬੮੮) ‘ਹੁਕਮੀ ਆਇਆ’ ਭਾਵ ਹੁਕਮ ਨਾਲ਼ ਜੰਮਿਐ ਫਿਰ ਭੀ ‘ਹੁਕਮੁ ਨ ਬੂਝੈ’

ਹੁਕਮੁ ਪਛਾਣਿ; ਸਚੈ ਦਰਿ ਵਾਸੁ ॥ (ਮਹਲਾ ੧/੮੩੨) ਯਾਨੀ ਹੁਕਮ ਸਮਝ ਕੇ ਹੀ ਸੱਚੇ ਦਰ ’ਤੇ ਨਿਵਾਸ ਹੁੰਦੈ।

ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥ (ਮਹਲਾ ੧/੪੭੧) ਹੁਕਮਿ ਮੰਨਿਐ ਭਾਵ ਹੁਕਮ ਨੂੰ ਸਵੀਕਾਰ ਕਰ ਕੇ

ਗੁਰਬਾਣੀ ਕਾਵਿਮਈ ਰਚਨਾ ਹੈ। ਬੁਝਣਾ ਦੀ ਥਾਂ ਚਲਣਾ ਅਤੇ ਹੁਕਮ ਦੀ ਥਾਂ ਗਾਉਣਾ ਭੀ ਲਿਖਿਆ ਮਿਲਦੈ ‘‘ਹੁਕਮਿ ਰਜਾਈ ਚਲਣਾ’’  ਵਾਕ ’ਚ ‘ਚਲਣਾ’ ਦਾ ਅਰਥ ‘ਬੁਝਣਾ’; ਗੁਰਮਤਿ ਅਨੁਸਾਰੀ ਹੈ, ਨਹੀਂ ਤਾਂ ਅਗਲੀ ਹੀ ਪਉੜੀ ’ਚ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ) ਦੇ ਅਰਥ ‘‘ਹੁਕਮਿ ਰਜਾਈ ਚਲਣਾ’’  ਦੇ ਅਰਥਾਂ ਨੂੰ ਰੱਦ ਕਰਨਗੇ।  ਕੁੱਝ ਸਿੱਖ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ) ਵਾਕ ਦੇ ਇਹ ਅਰਥ ਕਰਦੇ ਵੇਖੇ ਗਏ ਕਿ ਹੁਕਮ ’ਚ ਚੱਲਣ ਵਾਲ਼ਾ ਸੁਖੀ ਅਤੇ ਹੁਕਮ ’ਚ ਨਾ ਚੱਲਣ ਵਾਲ਼ਾ ਦੁਖੀ ਹੈ, ਜੋ ਕਿ ਗੁਰਮਤਿ ਵਿਰੁਧ ਹਨ ਕਿਉਂਕਿ ਇਸੇ ਪਉੜੀ ’ਚ ਇਉਂ ਭੀ ਦਰਜ ਹੈ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ’’  ਯਾਨੀ ਕਿ ਰੱਬ ਦੇ ਹੁਕਮ ਲਿਖੇ ਮੁਤਾਬਕ ਦੁੱਖ-ਸੁੱਖ ਮਿਲਦੇ ਹਨ ਤਾਂ ਫਿਰ ਕਿਵੇਂ ਮੰਨੀਏ ਕਿ ਦੁਖੀ ਹੋਣ ਵਾਲ਼ਾ ਹੁਕਮ ’ਚ ਨਹੀਂ ? ਗੁਰੂ ਨਾਨਕ ਜੀ; ਜਪੁ ਸਾਹਿਬ ਦੀ 25ਵੀਂ ਪਉੜੀ ’ਚ ਫ਼ੁਰਮਾਉਂਦੇ ਹਨ ‘‘ਕੇਤਿਆ ਦੂਖ ਭੂਖ ਸਦ ਮਾਰ   ਏਹਿ ਭਿ ਦਾਤਿ ਤੇਰੀ; ਦਾਤਾਰ  ! .. ’’  ਯਾਨੀ ਕਿ ਦੁੱਖ, ਭੁੱਖ ਭੀ ਰੱਬ ਦੀ ਦੇਣ (ਦਾਤ) ਹਨ। ਪਉੜੀ ਦੇ ਅੰਤ ’ਚ ਇਹ ਤਾੜਨਾ ਭੀ ਕੀਤੀ ਕਿ ਜੋ ਸਚਾਈ ਨਾ ਸਵੀਕਾਰੇ ਉਹ ਮੂਰਖ ਹੈ। ਵਿਕਾਰਾਂ ਦੀ ਮਾਰ ਖਾਏਗਾ, ਮੁਕਤ ਨਹੀਂ ਹੋ ਸਕਦਾ ‘‘ਜੇ ਕੋ ਖਾਇਕੁ (ਮੂਰਖ) ਆਖਣਿ ਪਾਇ ਓਹੁ ਜਾਣੈ ਜੇਤੀਆ ਮੁਹਿ ਖਾਇ ੨੫’’ 

ਗੁਰਬਾਣੀ ਦੀ ਸ਼ਬਦ ਵਿਚਾਰ ਦੌਰਾਨ ਸਮੁੱਚਾ ਗੁਰਮਤਿ-ਸਿਧਾਂਤ ਧਿਆਨ ’ਚ ਰੱਖਣਾ ਹੁੰਦਾ ਹੈ, ਨਹੀਂ ਤਾਂ ਇੱਕ ਸ਼ਬਦ ਪੜ੍ਹ ਭੁਲੇਖਾ ਲੱਗ ਸਕਦੈ। ਮਿਸਾਲ ਵਜੋਂ ਵਾਕ ਹੈ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਅਰਥ : ਹਿਰਨ, ਮੱਛੀ, ਪੰਛੀ ਆਦਿ ਜੋ ਭੀ ਬੋਲਦੇ ਹਨ, ਉਹ ਹਰੀ ਨੂੰ ਜਪਣ ਤੋਂ ਬਿਨਾਂ ਹੋਰ ਕੁੱਝ ਨਹੀਂ ਆਖ ਰਹੇ ਹੁੰਦੇ। ਇਨ੍ਹਾਂ ਸ਼ਾਬਦਿਕ ਅਰਥਾਂ ਮੁਤਾਬਕ ਕੀ ਇਹ ਮੰਨਿਆ ਜਾ ਸਕਦੈ ਕਿ ਵਾਕਿਆ ਈ ਪਸ਼ੂ-ਪੰਛੀ; ਰੱਬ ਨੂੰ ਜਪਦੇ ਹਨ ? ਜਵਾਬ : ਨਹੀਂ ਕਿਉਂਕਿ ਮਨੁੱਖ ਨੂੰ ਗੁਰੂ ਰਾਹੀਂ ਹੀ ਰੱਬ ਬਾਰੇ ਸੂਝ ਹੁੰਦੀ ਹੈ। ਪਸ਼ੂ-ਪੰਛੀਆਂ ਨੂੰ ਇਹ ਸੂਝ ਕਿਵੇਂ ਹੋਈ ? ਨਹੀਂ ਤਾਂ ਮਨੁੱਖ ਨੂੰ ਭੀ ਇਹ ਸੂਝ ਹੋ ਜਾਣੀ ਸੀ; ਗੁਰੂ ਦੀ ਕੀ ਲੋੜ ਸੀ ?

ਸੋ ਇੱਥੇ ‘ਜਾਪਤ’ ਭਾਵ ਗਾਉਣ ਦਾ ਅਰਥ ‘ਹੁਕਮ ’ਚ ਚੱਲਣਾ’ ਹੈ। ਸਾਰੇ ਪਸ਼ੂ-ਪੰਛੀ ਹੁਕਮ ’ਚ ਚੱਲਦੇ ਹੋਣ ਨੂੰ ਕਿਹਾ ਹੈ ‘‘ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ ਗੁਰੂ ਨਾਨਕ ਜੀ ਦੇ ਸਬਦ ‘ਸੋ ਦਰੁ’ ਵਿੱਚ ਭੀ ‘ਗਾਵਹਿ, ਗਾਵਨਿ’ ਦਾ ਅਰਥ ਹੈ ‘ਹੁਕਮ ’ਚ ਚੱਲਣਾ, ਨਾ ਕਿ ‘ਸੋ ਦਰੁ’ (ਨਿਰਾਕਾਰ) ਦੇ ਗੁਣ ਗਾਉਣਾ, ਨਹੀਂ ਤਾਂ ਖੰਡ, ਮੰਡਲ ਬ੍ਰਹਿਮੰਡ ਆਦਿ ਨਿਰਜਿੰਦ; ਰੱਬ ਨੂੰ ਕਿਵੇਂ ਗਾ ਸਕਦੇ ਹਨ ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ’’  ਅਤੇ ਜੇਕਰ ਬ੍ਰਹਮਾ, ਵਿਸ਼ਨੂੰ, ਸ਼ਿਵ ਵਰਗੇ ਨਿਰਾਕਾਰ ਦੇ ਗੁਣ ਗਾਉਂਦੇ ਹੁੰਦੇ; ਜਿਵੇਂ ਕਿ ਕਿਹਾ ਹੈ ‘‘ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ’’  ਤਾਂ ਇਹ ਆਪਣੇ ਆਪ ਨੂੰ ‘ਕਰਤਾ, ਧਰਤਾ, ਹਰਤਾ’ ਕਿਉਂ ਅਖਵਾਉਂਦੇ ?

ਸਵਾਲ : ਰੱਬ ਦੇ ਹੁਕਮ ’ਚ ਚੱਲਣ ਕਾਰਨ ਸਭ ਦੀ ਸੋਚ ਇੱਕ ਸਮਾਨ ਕਿਉਂ ਨਹੀਂ ?

ਜਵਾਬ : ਗੁਰਬਾਣੀ ਦੇ ਪਹਿਲੇ ਸਵਾਲ ‘‘ਕਿਵ ਸਚਿਆਰਾ ਹੋਈਐ ?’’  ਦਾ ਜਵਾਬ ਕੇਵਲ ‘‘ਹੁਕਮਿ ਰਜਾਈ ਚਲਣਾ’’  ਸਮਝਣਾ ਹੀ ਇਸ ਭੁਲੇਖੇ ਦਾ ਕਾਰਨ ਹੈ ਕਿਉਂਕਿ ਬਾਕੀ ਅੱਧਾ ਜਵਾਬ ‘‘ਲਿਖਿਆ ਨਾਲਿ ॥੧॥’’ ਸ਼ਬਦਾਂ ’ਚ ਸੀ, ਜੋ ਅਣਡਿੱਠ ਕਰ ਦਿੱਤਾ। ‘‘ਲਿਖਿਆ ਨਾਲਿ’’ ਯਾਨੀ ਕਿ ‘‘ਨਾਲਿ ਲਿਖਿਆ’’ ਦਾ ਅਰਥ ਹੈ ‘ਨਸੀਬ’। ਇਹ ਨਸੀਬ ਹੀ ਬੰਦੇ ਅੰਦਰ ‘‘ਕੂੜੈ ਪਾਲਿ’’  (ਝੂਠ ਦਾ ਪਰਦਾ) ਹੈ। ਹੁਣ ਇਹ ਝੂਠ ਦੀ ਦੀਵਾਰ ਕਿਵੇਂ ਮਿਟੇ ਯਾਨੀ ਕਿ ਸਚਿਆਰ ਕਿਵੇਂ ਹੋਈਏ?, ਇਸ ਦਾ ਜਵਾਬ ਹੈ ‘‘ਲਿਖਿਆ ਨਾਲਿ’’ (ਨਸੀਬ) ਮੁਬਾਬਕ ਵਾਪਰ ਰਹੇ ‘‘ਹੁਕਮਿ ਰਜਾਈ’’  ਵਿੱਚ ‘‘ਚਲਣਾ’’  ਸਿੱਖਣਾ ਹੈ ਯਾਨੀ ਕਿ ਮੈ ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲ ਰਿਹਾ ਹਾਂ, ਨੂੰ ਸਮਝਣਾ ਹੈ, ਸਵੀਕਾਰਨਾ ਹੈ, ਮੰਨਣਾ ਹੈ।

ਬੰਦੇ ਦੁਆਰਾ ਕੀਤੇ ਕੰਮਾਂ ਮੁਤਾਬਕ ਰੱਬ ਦੀ ਹੁਕਮ ਰੂਪ ਕਲਮ; ਬੰਦੇ ਦਾ ਨਸੀਬ ਲਿਖਦੀ ਹੈ ‘‘ਹੁਕਮਿ (’) ਚਲਾਏ ਆਪਣੈ; ਕਰਮੀ ਵਹੈ ਕਲਾਮ ’’ (ਮਹਲਾ /੧੨੪੧) ਭਾਵ ਭਾਵੇਂ ਸਭ ਨੂੰ ਆਪਣੇ ਹੁਕਮ ’ਚ ਚਲਾਇਆ ਜਾਂਦਾ ਹੈ, ਪਰ ਇਹ ਹੁਕਮ ਰੂਪ ਕਲਮ ਭੀ ਬੰਦੇ ਦੁਆਰਾ ਕੀਤੇ ਕਰਮਾਂ ਮੁਤਾਬਕ ਚੱਲੀ ਹੈ ਤਾਂ ਤੇ ਸਭ ਦਾ ਨਸੀਬ ਭੀ ਇੱਕ ਸਮਾਨ ਨਹੀਂ ਹੋ ਸਕਦਾ ਤਾਂ ਜੋ ਰੱਬ ਦੇ ਹੁਕਮ ’ਚ ਚੱਲਦਿਆਂ ਸਭ ਦੀ ਸੋਚ ਇੱਕ ਸਮਾਨ ਹੋਵੇ। ‘‘ਕੂੜੈ ਪਾਲਿ’’ ਰੂਪ ਨਸੀਬ ਭੀ ਪਿਛਲੇ ਜਨਮਾਂ ’ਚ ਰੱਬ ਦੇ ਹੁਕਮ ’ਚ ਚਲਦਿਆਂ ਹੀ ਬਣਿਆ ਸੀ।

ਗੁਰੂ ਨਾਨਕ ਜੀ; ‘ਲਿਖਿਆ ਨਾਲਿ’ ਨੂੰ ਰੱਬ ਦੇ ਹੁਕਮ ਨਾਲ਼ ਜੋੜਦੇ ਹਨ; ਜਿਵੇਂ ਕਿ

ਹੁਕਮੁ ਨ ਜਾਈ ਮੇਟਿਆ; ਜੋ ਲਿਖਿਆ, ਸੋ ਨਾਲਿ ॥ (ਮਹਲਾ ੧/੧੦੯੧)

ਕਿਰਤੁ ਪਇਆ ਪਰਵਾਣਾ ਲਿਖਿਆ; ਬਾਹੁੜਿ (ਦੁਬਾਰਾ) ਹੁਕਮੁ ਨ ਹੋਈ ॥ (ਮਹਲਾ ੧/੩੫੯) ਯਾਨੀ ਜੋ ਇੱਕ ਵਾਰ ਨਸੀਬ ਲਿਖ ਦਿੱਤਾ ਉਹ, ਮਰਨ ਤੱਕ ਨਹੀਂ ਸੋਧਿਆ ਜਾਂਦਾ ਤਾਹੀਓਂ ਕਿਹਾ ਹੈ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ’’ (ਜਪੁ)

ਗੁਰੂ ਅੰਗਦ ਸਾਹਿਬ ਜੀ ਦਾ ਵਚਨ ਹੈ ਕਿ ‘‘ਨਕਿ ਨਥ, ਖਸਮ ਹਥਿ; ਕਿਰਤੁ ਧਕੇ ਦੇ ’’ (ਮਹਲਾ /੬੫੩) ਯਾਨੀ ਕਿ ਕੀਤੇ ਕਰਮ (ਕਿਰਤੁ) ਹੀ ਮਨੁੱਖ ਦੇ ਨੱਕ ’ਚ ਪਈ ਨਕੇਲ ਬਣ ਧੱਕੇ ਦਿੰਦੇ ਹਨ ਭਾਵੇਂ ਕਿ ਇਸ ਮੁਤਾਬਕ ਚੱਲਦੀ ਰੱਬੀ ਹੁਕਮ ਰੂਪ ਕਲਮ; ਮਾਲਕ ਦੇ ਹੱਥ ’ਚ ਹੁੰਦਾ ਹੈ ਭਾਵ ਕਿਰਤ ਮੁਤਾਬਕ ਲੇਖ (ਨਸੀਬ) ਲਿਖਣਾ; ਮਾਲਕ ਦਾ ਅਧਿਕਾਰ ਹੈ।

ਜੇਕਰ ਬੰਦਾ; ਗੁਰੂ ਗਿਆਨ-ਦਰਪਣ ਨਾਲ਼ ਆਪਣੇ ਆਪ ਨੂੰ ਪੜਚੋਲੇ ਯਾਨੀ ਕਿ ਆਪਣੇ ਅੰਦਰਲੇ ਤੀਰਥ ’ਤੇ ਚੰਗੀ ਤਰ੍ਹਾਂ ਇਸ਼ਨਾਨ ਕਰੇ ‘‘ਅੰਤਰਗਤਿ ਤੀਰਥਿ ਮਲਿ ਨ੍ਾਉ ’’ ਤਾਂ ਸਾਰੇ ਦੁੱਖ-ਸੁੱਖ; ਆਪਣੇ ਦੁਆਰਾ ਕੀਤੇ ਕਰਮਾਂ ਦਾ ਫਲ਼ (ਨਸੀਬ) ਨਜ਼ਰ ਆਉਂਦੇ ਹਨ ਅਤੇ ਆਪਣੀ ਤਕਦੀਰ ਲਿਖਣ ਵਾਲ਼ੇ ਅੱਗੇ ਪੁਕਾਰ ਉੱਠੇਗਾ ਕਿ ਹੇ ਹੁਕਮ ਦੇ ਮਾਲਕ ! ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ   ਵਿਣੁ ਗੁਣ ਕੀਤੇ; ਭਗਤਿ ਹੋਇ ’’  ਯਾਨੀ ਮੇਰੇ ਅੰਦਰ ਪ੍ਰਗਟ ਹੁੰਦੇ ਗੁਣ; ਤੇਰੀ ਹੀ ਕਿਰਪਾ ਹੈ, ਨਾ ਕਿ ਮੇਰਾ ਨਸੀਬ। ਜੇ ਤੂੰ ਇਹ ਉਪਕਾਰ ਨਾ ਕਰੇਂ ਤਾਂ ਤੇਰੀ ਭਗਤੀ ਨਹੀਂ ਹੋ ਸਕਦੀ, ਤੇਰਾ ਮਾਰਗ ਨਹੀਂ ਪਛਾਣ ਹੁੰਦਾ। ਅਜਿਹੀ ਭਾਵਨਾ ‘‘ਕੂੜੈ ਪਾਲਿ’’ ਮਿਟਾ ਕੇ ‘ਸਚਿਆਰ’ ਜੀਵਨ ਘੜਦੀ ਹੈ, ਪਰ ਇਸ ਦੀ ਸ਼ੁਰੂਆਾਤ ਹੋਏਗੀ ‘‘ਹੁਕਮਿ ਰਜਾਈ ਚਲਣਾ’’  ਯਾਨੀ ਕਿ ‘ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲ ਰਿਹਾ ਹਾਂ, ਨੂੰ ਬੁੱਝਣ ਨਾਲ਼, ਪਛਾਣਨ ਨਾਲ਼; ਤਾਂ ਜੋ ਹਰ ਚੰਗੇ ਕੰਮ ਦਾ ਮਹੱਤਵ ਆਪਣੇ ’ਤੇ ਲੈ ਕੇ ਭਰਮ ਪੈਦਾ ਨਾ ਹੋਵੇ, ‘ਕੂੜੈ ਪਾਲਿ’ ਨਾ ਬਣੇ।

ਜੁੜਵੇ ਬੱਚਿਆਂ ’ਚ ਰਕਤ-ਬਿੰਦ ਅਤੇ ਖਾਣ ਪਾਣ ਇੱਕ ਸਮਾਨ ਹੁੰਦੈ, ਫਿਰ ਭੀ ਜਨਮ ਲੈਂਦਿਆਂ ਉਨ੍ਹਾਂ ਦਾ ਸੁਭਾਅ ਭਿੰਨ ਭਿੰਨ ਹੋ ਜਾਂਦਾ ਹੈ ਯਾਨੀ ਕਿ ਇੱਕ ਸਮਾਨ ਨਹੀਂ ਰਹਿੰਦਾ। ਮੈਡੀਕਲ ਸਾਇੰਸ ਕੋਈ ਭੀ ਦਲੀਲ ਦੇਵੇ, ਪਰ ਸਰਵ ਵਿਆਪਕ ਜੋਤਿ ਸਰੂਪ ’ਤੇ ਸ਼ਰਧਾਵਾਨ ਇਨ੍ਹਾਂ ਨੂੰ ਪੂਰਬਲੇ ਕਰਮਾਂ ਦਾ ਫਲ਼ ਮੰਨੇਗਾ ਕਿਉਂਕਿ ਸਰੀਰਕ ਮੌਤ ਉਪਰੰਤ ਰੱਬੀ ਜੋਤ ਦਾ ਅਨਿੱਖੜਵਾਂ ਅੰਗ ‘ਆਤਮਾ’; ਮਰਿਆ ਨਹੀਂ ਹੁੰਦਾ। ਉਹੀ ਕਰਮਾਂ ਦੇ ਫਲ਼ (ਲਿਖਿਆ ਨਾਲਿ) ਸਮੇਤ ਜਨਮ ਧਾਰਦਾ ਹੈ। ਨਸੀਬ ਭਿੰਨ ਭਿੰਨ ਹੋਣ ਕਾਰਨ ਰੱਬ ਦਾ ਹੁਕਮ ਭੀ ਸਭ ਲਈ ਇੱਕ ਸਮਾਨ ਨਹੀਂ ਹੋਏਗਾ, ਇਸ ਕਾਰਨ ਹੀ ਸਭ ਦੇ ਵਿਚਾਰ ਇੱਕ ਸਮਾਨ ਨਹੀਂ ਹੁੰਦੇ ਭਾਵੇਂ ਕਿ ਸਾਰੇ ਹੀ ਹੁਕਮ ’ਚ ਚੱਲਦੇ ਹੁੰਦੇ ਹਨ।

ਰੱਬ ਦਾ ਹੁਕਮ; ਕੁਦਰਤ ’ਚ ਭਿੰਨ ਭਿੰਨ ਵਾਪਰਨ ਦੇ ਕਈ ਸਬੂਤ ਹਨ; ਜਿਵੇਂ ਕਿ ਕਈ ਜਾਨਵਰ ਰੌਸ਼ਨੀ ’ਚ ਵੇਖਦੇ ਹਨ, ਪਰ ਕਈ ਹਨੇਰੇ ’ਚ।, ਜੀਵ; ਆਕਸੀਜਨ ਲੈਂਦੇ, ਕਾਰਬਨ ਡਾਈਆਕਸਾਇਡ ਛੱਡਦੇ ਹਨ, ਪਰ ਪੌਦੇ; ਕਾਰਬਨ ਡਾਈਆਕਸਾਇਡ ਲੈਂਦੇ, ਆਕਸੀਜਨ ਛੱਡਦੇ ਹਨ। ਸੂਰਜ ਦੀਆਂ ਕਿਰਨਾਂ ਨਾਲ਼ ਪੌਦੇ; ਆਕਸੀਜਨ ਛੱਡਦੇ ਹਨ, ਪਰ ਕੁੱਝ ਪੌਦੇ ਬਿਨਾਂ ਸੂਰਜ ਰੌਸ਼ਨੀ ਤੋਂ ਰਾਤ ਨੂੰ ਭੀ ਆਕਸੀਜਨ ਦਿੰਦੇ ਹਨ। ਔਰਤ; ਜਨਨੀ ਹੈ, ਪਰ ਸਮੁੰਦਰੀ ਘੋੜਾ; ਇਕਲੌਤਾ ਬਾਪ ਹੈ, ਜੋ ਬੱਚੇ ਨੂੰ ਜਨਮ ਦਿੰਦੈ। ਬ੍ਰਹਿਮੰਡ ’ਚ ਤਾਰੇ ਘੜੀ ਦੀਆਂ ਸੂਈਆਂ ਦੇ ਉਲ਼ਟ ਘੁੰਮਦੇ ਹਨ, ਪਰ ਕੁੱਝ ਘੜੀ ਦੀਆਂ ਸੂਈਆਂ ਵਾਙ ਘੁੰਮਦੇ ਹਨ। ਇਹ ਆਪਾ ਵਿਰੋਧੀ ਰੱਬੀ ਹੁਕਮ ਹੀ ਕੁਦਰਤ ਦੇ ਵਿਕਾਸ ’ਚ ਭੰਨ-ਤੋੜ (ਜਨਮ ਲੈਣਾ/ ਮਰਨਾ) ਕਰਦਾ ਆ ਰਿਹਾ ਹੈ, ਇਸ ਪਿੱਛੇ ਅਦ੍ਰਿਸ਼ ਸ਼ਕਤੀ ਹੋਣ ਦਾ ਭੀ ਸਬੂਤ ਹੈ ਤਾਂ ਤੇ ਹਰ ਬੰਦੇ ਲਈ ਰੱਬ ਦਾ ਹੁਕਮ ਭੀ ਇੱਕ ਸਮਾਨ ਨਹੀਂ। ਸੋ ਸਵਾਲ ‘‘ਕਿਵ ਸਚਿਆਰਾ ਹੋਈਐ ?’’ ਦਾ ਜਵਾਬ ਹਰ ਬੰਦੇ ਲਈ ‘‘ਹੁਕਮਿ ਰਜਾਈ ਚਲਣਾ’’ ਇੱਕ ਸਮਾਨ ਮੰਨਣ ਨਾਲ਼; ‘‘ਲਿਖਿਆ ਨਾਲਿ’’ ਸ਼ਬਦ; ਅਰਥਹੀਣ ਹੋ ਜਾਂਦੇ ਹਨ, ਜਿਨ੍ਹਾਂ ਨੇ ਬੰਦੇ ਤੋਂ ਸਵੈ ਪੜਚੋਲ ਕਰਵਾਉਣੀ ਸੀ।  ਰੱਬ ਦਾ ਹੁਕਮ; ਕੋਈ ਅਜਿਹਾ ਮਾਰਗ ਨਹੀਂ, ਜਿਸ ਨੂੰ ਗਿਆਨ ਇੰਦ੍ਰਿਆਂ ਨਾਲ਼ ਵੇਖ ਕੇ ਚੱਲਿਆ ਜਾਵੇ। ਬੰਦੇ ਦੁਆਰਾ ਕੀਤੇ ਕੰਮਾਂ ਮੁਤਾਬਕ ਰੱਬ ਦਾ ਹੁਕਮ ਵਾਪਰਨ ਬਾਰੇ ਗੁਰੂ ਨਾਨਕ ਜੀ; ਹੋਰ ਜਗ੍ਹਾ ਭੀ ਸਮਝਾਉਂਦੇ ਹਨ ‘‘ਤਿਸ ਦਾ ਦੀਆ, ਸਭਨੀ ਲੀਆ; ਕਰਮੀ ਕਰਮੀ ਹੁਕਮੁ ਪਇਆ ੨੨’’ (ਪਟੀ/ਮਹਲਾ /੪੩੩)

ਸਵਾਲ : ਗੁਰੂ ਨਾਨਕ ਜੀ; ਕਹਿੰਦੇ ਹਨ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’ (ਮਹਲਾ /੯੩੭), ਸਾਹਾ ਹੁਕਮੁ ਰਜਾਇ, ਸੋ ਟਲੈ; ਜੋ ਪ੍ਰਭੁ ਕਰੈ, ਬਲਿ ਰਾਮ ਜੀਉ ’’ (ਮਹਲਾ /੭੬੩) ਤਾਂ ਫਿਰ ਗੁਰਮਤਿ ਪ੍ਰਚਾਰ ਕਰਨ ਦਾ ਕੀ ਲਾਭ ?

ਜਵਾਬ : ਉਕਤ ਵਚਨ ਉਨ੍ਹਾਂ ਲਈ ਹਨ, ਜੋ ਗੁਰੂ ਦੇ ਲੜ ਨਹੀਂ ਲੱਗੇ; ਜਿਵੇਂ ਗੁਰੂ ਨਾਨਕ ਜੀ; ਆਪਣੇ 51ਵੇਂ ਸ਼ਬਦ ’ਚ ਕਹਿ ਰਹੇ ਹਨ ‘‘ਹਰਿ ਬਿਨੁ ਕਿਨਿ ਸੁਖੁ ਪਾਇਆ ? ਦੇਖਹੁ ਮਨਿ (’) ਬੀਚਾਰਿ (ਕੇ) ..੫੧ (ਓਅੰਕਾਰ/ਮਹਲਾ /੯੩੭), ਅਗਲੇ 52ਵੇਂ ਸ਼ਬਦ ਦੀ ਅਰੰਭਤਾ ਹੈ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’, ਜੋ ਕਿ ‘‘ਨਦਰਿ ਤੇਰੀ ਸੁਖੁ ਪਾਇਆ; ਨਾਨਕ ਸਬਦੁ ਵੀਚਾਰਿ (ਕੇ) ’’  ਤੱਕ ਵਿਸ਼ਾ ਹੈ ਯਾਨੀ ਕਿ ਰੱਬ ਦੀ ਮਿਹਰ ਨਾਲ਼ ਇੱਥੇ ਆ ਕੇ ਲੇਖ ਮਿਟ ਗਿਆ। ਕਿਸ ਨੇ ਲੇਖ ਮਿਟਵਾਇਆ; ਸ਼ਬਦ ਦੇ ਅੰਤ ’ਚ ਸਪਸ਼ਟ ਕੀਤੈ ‘‘ਬਲਿਹਾਰੀ ਗੁਰ ਆਪਣੇ; ਜਿਨਿ ਹਿਰਦੈ ਦਿਤਾ ਦਿਖਾਇ ੫੨’’ (ਓਅੰਕਾਰ/ਮਹਲਾ /੯੩੭) ਇਉਂ ਹੀ ਦੂਜਾ ਪ੍ਰਸੰਗ ਹੈ ਕਿ ਹੇ ਸਤਿਗੁਰੂ !  ਚੰਗਾ ਮੁਹੂਰਤ ਕਢਾ ਤਾਂ ਜੋ ਮੈਂ ਪ੍ਰਲੋਕ (ਸਹੁਰੇ ਘਰ) ’ਚ ਜਾ ਕੇ ਰੱਬ ’ਚ ਲੀਨ ਹੋ ਜਾਵਾਂ ਕਿਉਂਕਿ ਮੌਤ ਨਿਸ਼ਚਿਤ ਹੈ ‘‘ਬਾਬਾ  ! ਲਗਨੁ ਗਣਾਇ, ਹੰ ਭੀ ਵੰਞਾ ਸਾਹੁਰੈ; ਬਲਿ ਰਾਮ ਜੀਉ ਸਾਹਾ ਹੁਕਮੁ ਰਜਾਇ; ਸੋ ਟਲੈ, ਜੋ ਪ੍ਰਭੁ ਕਰੈ, ਬਲਿ ਰਾਮ ਜੀਉ ’’ (ਮਹਲਾ /੭੬੩)

ਸੋ ਗੁਰੂ ਹੀ ਨਸੀਬ ਮਿਟਵਾਉਂਦਾ ਹੈ ‘‘ਲਿਖਿਆ ਲੇਖੁ ਮੇਟੈ ਕੋਈ; ਗੁਰਮੁਖਿ ਮੁਕਤਿ ਕਰਾਵਣਿਆ ’’ (ਮਹਲਾ /੧੦੯) ਤਦ ਤੱਕ ਸਿਰ ਦਾ ਲੇਖ (ਨਸੀਬ) ਨਹੀਂ ਮਿਟੇਗਾ ਜਦ ਤੱਕ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ, ਆਹ ਕਰਮ ਹੁੰਦਾ ਰਿਹਾ ‘‘ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ; ਮਾਇਆ ਕਾ ਦੇਵਾਨਾ ਕਿਰਤੁ ਮਿਟਈ, ਹੁਕਮੁ ਬੂਝੈ; ਪਸੂਆ ਮਾਹਿ ਸਮਾਨਾ ’’ (ਮਹਲਾ /੧੦੧੩) ਜੇਕਰ ਪਸ਼ੂ-ਪੰਛੀ ਨੂੰ ਮੰਨੀਏ ਕਿ ਰੱਬ ਦੇ ਗੁਣ ਗਾਉਣ ਤੋਂ ਬਿਨਾਂ, ਹੋਰ ਕੁੱਝ ਨਹੀਂ ਬੋਲਦੇ ਤਾਂ ਇਸ ਵਾਕ ’ਚ ਮਾਇਆਧਾਰੀ ਨੂੰ ਪਸ਼ੂ ਸਮਾਨ ਨਾ ਕਿਹਾ ਹੁੰਦਾ।

ਜੇਕਰ ਬੰਦਾ ਆਪਣੇ ਜਨਮ ’ਚ ਪਿਛਲੇ ਕਰਮਾਂ ਦਾ ਫਲ਼ ਭੋਗਦਾ ਹੈ ਤਾਂ ਪਿਛਲੇ ਜਨਮ ’ਚ ਭੀ ਜ਼ਰੂਰ ਉਸ ਤੋਂ ਪਿਛਲੇ ਜਨਮ ਦਾ ਫਲ਼ ਭੋਗਦਾ ਹੋਵੇਗਾ ਤਾਂ ਫਿਰ ਜਦ ਪਹਿਲੀ ਵਾਰ ਜੀਵ ਰਚਨਾ ਹੋਈ ਭਾਵ ਜਦ ਪਿਛਲਾ ਕੋਈ ਜਨਮ ਨਹੀਂ ਸੀ ਤੇ ਕੁਦਰਤਿ ਬਣਨ ਉਪਰੰਤ ਅਰੰਭਕ ਜਨਮ ’ਚ ਕਿਹੜਾ ਫਲ਼ ਭੋਗਦਾ ਹੋਵੇਗਾ ? ਇਸ ਦਾ ਜਵਾਬ ਹੈ ‘‘ਹੁਕਮਿ (’) ਚਲਾਏ ਆਪਣੈ; ਕਰਮੀ ਵਹੈ ਕਲਾਮ (ਮਹਲਾ /੧੨੪੧) ਯਾਨੀ ਕਿ ਪਹਿਲਾਂ ਹੁਕਮ ਮੁਤਾਬਕ ਜੀਵ ਰਚਨਾ ਹੋਈ ਅਤੇ ਮਨੁੱਖਾਂ ਨੂੰ ਚੰਗੇ-ਮੰਦੇ ਪਾਸੇ ਪ੍ਰੇਰਿਆ। ਇਸ ਉਪਰੰਤ ਮਨੁੱਖਾਂ ਦੁਆਰਾ ਕੀਤੇ ਕਰਮਾਂ ਮੁਤਾਬਕ ਨਸੀਬ ਬਣਿਆ ਅਤੇ ਨਸੀਬ ਮੁਤਾਬਕ ਰੱਬ ਦਾ ਹੁਕਮ ਹੋਇਆ। ਸ਼ੁਰੂਆਤ ’ਚ ਹੁਕਮ ਮੁਤਾਬਕ ਨਸੀਬ ਬਣਿਆ ਤਾਂ ਤੇ ਹੁਕਮ ਕਰਤਾ ਨੂੰ ਪਛਾਣਨ ਨਾਲ਼ ਇਹ ਮਿਟੇਗਾ। ਉਸ ਅੱਗੇ ਫ਼ਰਿਆਦ ਕਰਨੀ ਹੈ, ਨਾ ਕਿ ਮੇਰਾ ਕੀ ਗੁਨਾਹ ਹੈ; ਇਉਂ ਰੋਸ ਪ੍ਰਗਟਾਉਣੈ ‘‘ਨਾਨਕ  ! ਹੁਕਮੁ ਚਲਈ; ਨਾਲਿ ਖਸਮ ਚਲੈ ਅਰਦਾਸਿ ੨੨’’ (ਆਸਾ ਕੀ ਵਾਰ/ਮਹਲਾ /੪੭੪)

ਗੁਰੂ ਨਾਨਕ ਸਾਹਿਬ ਜੀ ਵਾਰ-ਵਾਰ ਸਮਝਾਉਂਦੇ ਹਨ ਕਿ ਗੁਰੂ ਹੀ ਰੱਬ ਦੇ ਹੁਕਮ ਦੀ ਪਛਾਣ ਕਰਾਉਂਦਾ ਹੈ ਤਾਂ ਜੋ ਹੁਕਮ ਕਰਤਾ ਨੂੰ ਪਛਾਣ ਕੇ ਸ਼ਰਧਾਵਾਨ; ਰੌਸ਼ਨ ਦਿਮਾਗ਼ ਨਾਲ਼ ਉਸ ਦੇ ਗੁਣ ਗਾਉਣ, ਜਿਸ ਦੀ ਮਿਹਰ ਨਾਲ਼ ਨਸੀਬ ਮਿਟਣਾ ਹੈ; ਜਿਵੇਂ ਕਿ

ਗੁਰ ਕਿਰਪਾ ਤੇ ਹੁਕਮੁ ਪਛਾਣੈ ॥ (ਮਹਲਾ ੧/੧੦੨੭)

ਗੁਰ ਬਿਨੁ, ਹੁਕਮੁ ਨ ਬੂਝੀਐ, ਪਿਆਰੇ ! ਸਾਚੇ ਸਾਚਾ ਤਾਣੁ ॥ (ਮਹਲਾ ੧/੬੩੬)

ਗੁਰਮੁਖਿ ਹੋਇ; ਸੁ ਹੁਕਮੁ ਪਛਾਣੈ; ਮਾਨੈ ਹੁਕਮੁ ਸਮਾਇਦਾ ॥ (ਮਹਲਾ ੧/੧੦੩੭)

ਸਤਿਗੁਰਿ ਮਿਲਿਐ (ਕਾਰਨ), ਹੁਕਮੁ ਬੁਝੀਐ; ਤਾਂ ਕੋ ਆਵੈ ਰਾਸਿ ॥ (ਮਹਲਾ ੧/੧੨੮੯)

ਹੁਕਮੈ (ਨੂੰ) ਬੂਝੈ; ਤਤੁ ਪਛਾਣੈ ॥ ਇਹੁ ਪਰਸਾਦੁ; ਗੁਰੂ ਤੇ ਜਾਣੈ ॥ (ਮਹਲਾ ੧/੧੨੮੯)

ਪਰ ਮਨੁੱਖ ਕੋਲ਼ ਐਨਾ ਕੁ ਨਸੀਬ ਤਾਂ ਪਹਿਲਾਂ ਤੋਂ ਚਾਹੀਦੈ ਕਿ ਗੁਰੂ ਨਾਲ਼ ਮਿਲਾਪ ਹੋ ਜਾਵੇ। ਭਾਈ ਗੁਰਦਾਸ ਜੀ ਇਸ ਨੂੰ ਗੁਰੂ ਵੱਲ ਇੱਕ ਕਦਮ ਚੱਲਣਾ ਕਹਿੰਦੇ ਹਨ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ’’ (ਭਾਈ ਗੁਰਦਾਸ ਜੀ/ਕਬਿੱਤ ੧੧੧) ਇਸ ਨੂੰ ਹੀ ਗੁਰੂ ਨਾਨਕ ਜੀ ਸ਼ੁਰੂਆਤੀ ਨਸੀਬ ਕਹਿੰਦੇ ਹਨ; ਜਿਵੇਂ ਕਿ

ਵਡੈ ਭਾਗਿ (ਨਾਲ਼) ਸਤਿਗੁਰੁ ਮਿਲੈ; ਪਾਈਐ ਪਦੁ ਨਿਰਬਾਣੀ ॥ (ਮਹਲਾ ੧/੪੨੧)

ਬਿਨੁ ਭਾਗਾ ਸਤਸੰਗੁ ਨ ਪਾਈਐ; ਕਰਮਿ (ਗੁਰੂ ਮਿਹਰ ਨਾਲ਼) ਮਿਲੈ, ਹਰਿ ਨਾਮੁ ਹਰੀ ॥ (ਮਹਲਾ ੧/੧੧੭੧)

ਹੁਕਮ ਕਰਤਾ ਨੂੰ ਪਛਾਣਨ ਉਪਰੰਤ ਉਹ ਆਪਣੀ ਮਿਹਰ ਨਾਲ਼ ਸ਼ਰਧਾਵਾਨ ਨੂੰ ਆਪਣੇ ਵੱਲ (ਰੂਹਾਨੀਅਤ ਮੰਜ਼ਲ) ਵੱਲ ਲੈ ਜਾਂਦਾ ਹੈ; ਜਿਵੇਂ ਕਿ

ਕਰਮਿ ਮਿਲੈ ਤਾ ਪਾਈਐ; ਆਪਿ ਨ ਲਇਆ ਜਾਇ ॥ (ਮਹਲਾ ੧/੬੧) ਕਰਮਿ ਭਾਵ ਮਿਹਰ ਨਾਲ਼।

ਪੂਰੇ ਗੁਰ ਕੀ ਕਾਰ; ਕਰਮਿ ਕਮਾਈਐ ॥ (ਮਹਲਾ ੧/੧੪੪) ਕਰਮਿ ਭਾਵ ਮਿਹਰ ਨਾਲ਼।

ਸਿਖ ਸੰਗਤਿ; ਕਰਮਿ ਮਿਲਾਏ ॥ (ਮਹਲਾ ੧/੪੧੨) ਕਰਮਿ ਭਾਵ ਮਿਹਰ ਨਾਲ਼।

ਨਦਰੀ ਕਰਮਿ ਲਘਾਏ ਪਾਰਿ ॥ (ਮਹਲਾ ੧/੪੬੫) ਕਰਮਿ ਭਾਵ ਮਿਹਰ ਨਾਲ਼।

ਜੋਗੀਆਂ ਨੇ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ਕਿ ਜੀਵਾਤਮਾ ‘‘ਕਹਾ ਤੇ ਆਵੈ  ? ਕਹਾ ਇਹੁ ਜਾਵੈ  ? ਕਹਾ ਇਹੁ ਰਹੈ ਸਮਾਈ  ? (ਮਹਲਾ /੯੪੦) ਗੁਰੂ ਜੀ ਨੇ ਜਵਾਬ ਦਿੱਤਾ ‘‘ਹੁਕਮੇ ਆਵੈ ਹੁਕਮੇ ਜਾਵੈ; ਹੁਕਮੇ ਰਹੈ ਸਮਾਈ (ਮਹਲਾ /੯੪੦), ਹੁਕਮੇ ਆਵੈ; ਹੁਕਮੇ ਜਾਵੈ ਬੂਝੈ ਹੁਕਮੁ; ਸੋ ਸਾਚਿ (’) ਸਮਾਵੈ ’’ (ਮਹਲਾ /੧੦੨੫)

‘ਸਾਚ’ ਤੋਂ ਭਾਵ ਸਦੀਵੀ ਸਥਿਰ ਹੈ ਅਤੇ ਸਦੀਵੀ ਸਥਿਰ ਉਹੀ ਹੋਵੇਗਾ ਜਿਸ ਦੇ ਸਿਰ ’ਤੇ ਕੋਈ ਨਸੀਬ (ਲੇਖ) ਨਹੀਂ ‘‘ਅਲਾਹੁ ਅਲਖੁ ਅਗੰਮੁ; ਕਾਦਰੁ ਕਰਣਹਾਰੁ ਕਰੀਮੁ   ਸਭ ਦੁਨੀ ਆਵਣ ਜਾਵਣੀ; ਮੁਕਾਮੁ (ਸਥਿਰ) ਏਕੁ ਰਹੀਮੁ   ਮੁਕਾਮੁ ਤਿਸ ਨੋ ਆਖੀਐ; ਜਿਸੁ ਸਿਸਿ (ਸਿਰਤੇ) ਹੋਵੀ ਲੇਖੁ   ਅਸਮਾਨੁ ਧਰਤੀ ਚਲਸੀ; ਮੁਕਾਮੁ ਓਹੀ ਏਕੁ   ਦਿਨ ਰਵਿ ਚਲੈ; ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ (ਭਾਵ ਨਾਸ਼ਵਾਨ)  ਮੁਕਾਮੁ ਓਹੀ ਏਕੁ ਹੈ; ਨਾਨਕਾ  ! ਸਚੁ ਬੁਗੋਇ (ਹੇ ਨਾਨਕ ! ਇਹ ਸਚਾਈ ਪ੍ਰਗਟ ਕਰ) (ਮਹਲਾ /੬੪)

ਸਾਰੀ ਕੁਦਰਤ ਇਸ ਲਈ ਸਥਿਰ ਨਹੀਂ ਯਾਨੀ ਕਿ ਨਾਸ਼ਵਾਨ ਹੈ ਕਿਉਂਕਿ ਸਭ ਦੇ ਸਿਰ ’ਤੇ ਲੇਖ ਹੈ, ਨਸੀਬ ਹੈ ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ’’ (ਮਹਲਾ /੫੯੮) ਇਹ ਲੇਖ; ਹੁਕਮ ਕਰਤਾ (ਮਾਲਕ) ਨੇ ਬਿਨਾਂ ਕਿਸੇ ਸਿਆਹੀ ਤੇ ਦਵਾਤ ਤੋਂ ਲਿਖੇ ਹਨ ‘‘ਹੁਕਮੀ ਲਿਖੈ ਸਿਰਿ (’ਤੇ) ਲੇਖੁ; ਵਿਣੁ ਕਲਮ ਮਸਵਾਣੀਐ ’’ (ਮਹਲਾ /੧੨੮੦) ਜਿਨ੍ਹਾਂ ਦੇ ਨਸੀਬ ’ਚ ਸਤਿਗੁਰੂ ਪ੍ਰਤੀ ਖਿੱਚ ਲਿਖੀ ਹੋਵੇ ਉਹ ਹਰੀ ਦਾ ਹੁਕਮ ਪਛਾਣ ਕੇ ਉਸ ਦੀ ਭਗਤੀ ਕਰਦਾ ਹੈ ‘‘ਬਿਨੁ ਭਗਤੀ (ਦਿਲੀ ਖਿੱਚ) ਨਹੀ ਸਤਿਗੁਰੁ ਪਾਈਐ; ਬਿਨੁ ਭਾਗਾ ਨਹੀ ਭਗਤਿ ਹਰੀ ’’ (ਮਹਲਾ /੧੧੭੧) ਫਿਰ ਹੁਕਮ ਕਰਤਾ; ਰੂਹਾਨੀਅਤ ਮੰਜ਼ਲ ਵੱਲ ਲੈ ਜਾਂਦਿਆਂ ਰੱਤੀ ਭਰ ਦੇਰ ਨਹੀਂ ਲਗਾਉਂਦਾ ‘‘ਹੁਕਮਿ (ਨਾਲ਼) ਸਵਾਰੇ ਆਪਣੈ; ਚਸਾ ਢਿਲ ਕਰੇਇ ’’ (ਮਹਲਾ /੫੩) ਜੋ ਰੱਬ ਨਾਲ਼ ਇੱਕ ਮਿਕ ਹੋ ਗਏ ਉਨ੍ਹਾਂ ਨੂੰ ਰੱਬ ਦੀ ਰਜ਼ਾ ਮਿੱਠੀ ਲੱਗਦੀ ਹੈ, ਮਨ ’ਚ ਵਿਸਮਾਦ ਪੈਦਾ ਹੋ ਜਾਂਦੈ ‘‘ਤੂਹੈ ਹੈ; ਵਾਹੁ ਤੇਰੀ ਰਜਾਇ (ਮਹਲਾ /੧੩੨੯), ਵੇਖਿ ਵਿਡਾਣੁ (ਕੌਤਕ) ਰਹਿਆ ਵਿਸਮਾਦੁ (ਪਰ ਇਹ ਰਾਜ਼) ਨਾਨਕ  ! ਬੁਝਣੁ ਪੂਰੈ ਭਾਗਿ (ਨਾਲ਼) ’’ (ਮਹਲਾ /੪੬੪) ਇਹੀ ਸਰਵੋਤਮ ਜੀਵਨ ਜਾਚ ਹੈ ‘‘ਤੇਰਾ ਹੁਕਮੁ ਲਾਲਾ (ਗ਼ੁਲਾਮ) ਮੰਨੇ; ਏਹ ਕਰਣੀ ਸਾਰੁ ’’ (ਮਹਲਾ /੧੦੧੧) ਜੋਗੀਆਂ ਨੇ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ‘‘ਨਾਨਕੁ ਬੋਲੈ ਸੁਣਿ ਬੈਰਾਗੀ ! ਕਿਆ ਤੁਮਾਰਾ ਰਾਹੋ  ?’’ (ਮਹਲਾ /੯੩੮) ਗੁਰੂ ਜੀ ਨੇ ਜਵਾਬ ਦਿੱਤਾ ਕਿ ਜਗਤ ’ਚ ਆਉਣਾ, ਜਗਤ ’ਚ ਵਿਚਰਨਾ ਅਤੇ ਜਗਤ ਤੋਂ ਜਾਣਾ; ਸਭ ਰੱਬ ਦੀ ਰਜ਼ਾ ’ਚ ਹੈ, ਇਹ ਦ੍ਰਿੜ੍ਹ ਨਿਸ਼ਚਾ ਹੋਰਾਂ ਨੂੰ ਕਰਾਉਣਾ ਹੈ ‘‘ਸਹਜੇ ਆਏ ਹੁਕਮਿ ਸਿਧਾਏ; ਨਾਨਕ ਸਦਾ ਰਜਾਏ ’’ (ਮਹਲਾ /੯੩੮)

ਸੋ ਗੁਰਬਾਣੀ ਪ੍ਰਤੀ ਸੰਦੇਹ; ਗੁਰਮਤਿ ਬਾਰੇ ਨਾਸਮਝੀ ਦਾ ਪ੍ਰਤੀਕ ਹਨ। ਗੁਰੂ ਸਾਹਿਬਾਨ ਨੇ ਆਪਣੇ ਸੂਖਮ ਅਨੁਭਵੀ ਨੁਕਤੇ ਗੁਰਬਾਣੀ ’ਚ ਵਾਰ-ਵਾਰ ਸਪਸ਼ਟ ਕੀਤੇ ਹਨ ਕਿਉਂਕਿ ਰੱਬ ਦੇ ਹੁਕਮ ਨੂੰ ਪਛਾਣਨਾ ਹੀ ਧਰਮ ਦਾ ਮੁੱਢਲਾ ਫ਼ਰਜ਼ ਹੈ। ਇਸ ਤੋਂ ਬਾਅਦ ਹੀ ਉਸ ਦੇ ਗੁਣ ਗਾਉਣੇ, ਸਫਲ ਹਨ ਅਤੇ ਜਗਤ ਰਚੇਤਾ ਦੁਆਰਾ ਦਿੱਤੀਆਂ ਦਾਤਾਂ (ਬਖ਼ਸ਼ਸ਼ਾਂ) ਦੀ ਕਦਰ ਪੈਂਦੀ ਹੈ। ਸਤਿਗੁਰੂ ਦੇ ਮਾਰਗ-ਦਰਸ਼ਨ ਤੋਂ ਬਿਨਾਂ ਅੰਨ੍ਹੀ ਲੁਕਾਈ ਅਦ੍ਰਿਸ਼ ਰੱਬ ਨੂੰ ਨਹੀਂ ਪਛਾਣ ਸਕਦੀ ‘‘ਆਪੇ ਨਿਰਮਲੁ (ਸੁਜਾਖਾ) ਏਕੁ ਤੂੰ; ਹੋਰ ਬੰਧੀ ਧੰਧੈ (’) ਪਾਇ (ਕੇ) (ਮਹਲਾ /੫੪), ਜੰਤ ਉਪਾਇ ਧੰਧੈ (’) ਸਭ ਲਾਏ; ਕਰਮੁ (ਮਿਹਰ) ਹੋਆ, ਤਿਨ ਨਾਮੁ ਲਇਆ ’’ (ਪਟੀ/ਮਹਲਾ /੪੩੪)

ਗੁਰੂ ਪਿਆਰਿਆਂ ਨੂੰ ਬੇਨਤੀ ਹੈ ਕਿ ਜੇਕਰ ਆਪ ਜੀ ਨੂੰ ਇਹ ਵਿਸ਼ਾ ਚੰਗਾ ਲੱਗੇ ਤਾਂ ਲਾਇਕ ਤੇ ਸ਼ੇਅਰ ਕਰਨਾ। ਗੁਰੂ ਮਿਹਰ ਨਾਲ ਕਾਫੀ ਮਿਹਨਤ ਕੀਤਿਆਂ ਅਜਿਹੇ ਵਿਸ਼ੇ ਪਾਠਕਾਂ ਨਾਲ ਸਾਂਝੇ ਕਰੀਦੇ ਹਨ।

Most Viewed Posts