ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ
ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ
ਗਿਆਨੀ ਅਵਤਾਰ ਸਿੰਘ
ਜਰੂਰੀ ਬੇਨਤੀ- ਜੇਕਰ ਤੁਸੀਂ ਇਹ ਲੇਖ ਪਹਿਲਾਂ ਪੜਿਆ ਹੈ ਤਾਂ ਕ੍ਰਿਪਾ ਦੁਬਾਰਾ ਜ਼ਰੂਰ ਪੜਨਾ ਕਿਉਂਕਿ ਪਾਠਕਾਂ ਵੱਲੋਂ ਮਿਲੇ ਸੁਝਾਅ ਉਪਰੰਤ ਲੇਖ ਚ ਕਾਫੀ ਤਬਦੀਲੀ ਕਰ ਵਿਸ਼ਾ, ਸਰਲ ਤੇ ਸੰਖੇਪ ਕਰਨ ਦਾ ਯਤਨ ਕੀਤੈ। ਜੇਕਰ ਵਿਸ਼ਾ ਪਸੰਦ ਆਇਆ ਤਾਂ ਲਾਇਕ ਤੇ ਸ਼ੇਅਰ ਕਰਨਾ, ਪਰ ਬਿਨਾਂ ਪੜੇ ਲਾਇਕ ਨਾ ਕਰਨਾ ਇਉਂ ਸਹੀ Feedback ਨਹੀਂ ਮਿਲਦਾ।
ਰੂਹਾਨੀਅਤ ਗਿਆਨ ਅਤੇ ਬੌਧਿਕ ਗਿਆਨ ’ਚ ਅੰਤਰ ਹੁੰਦਾ ਹੈ। ਬੌਧਿਕ ਗਿਆਨ; ਬੁੱਧੀ ਦੀ ਉਪਜ ਹੈ ਅਤੇ ਤਰਕਸ਼ੀਲਤਾ ਹੈ ਕਿਉਂਕਿ ਇਸ ਦਾ ਸ੍ਰੋਤ; ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਹਨ ਜਦਕਿ ਰੂਹਾਨੀਅਤ ਗਿਆਨ; ਇੱਕ ਅਨੁਭਵ ਹੈ, ਜਿਸ ’ਤੇ ਦੂਸਰੇ ਨੂੰ ਵਿਸ਼ਵਾਸ ਹੀ ਕਰਨਾ ਪੈਣਾ ਹੈ। ਰੂਹਾਨੀਅਤ ਸਮਝਾਉਣ ਲਈ ਬੌਧਿਕ ਗਿਆਨ ਮਿਸਾਲ ਬਣਦਾ ਹੈ ਕਿਉਂਕਿ ਇਸ ਤੋਂ ਹਰ ਕੋਈ ਵਾਕਫ਼ ਹੈ, ਪਰ ਬੌਧਿਕ ਗਿਆਨ ਲਈ ਰੂਹਾਨੀਅਤ ਦੀ ਦਲੀਲ ਨਹੀਂ ਦੇ ਸਕਦੇ ਕਿਉਂਕਿ ਇਸ ਤੋਂ ਕੋਈ ਜਾਣੂ ਨਹੀਂ ਹੁੰਦਾ। ਰੂਹਾਨੀਅਤ ਅਨੁਭਵ; ਵੱਖਰੀਆਂ ਅੱਖਾਂ ਹਨ ‘‘ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮਹਲਾ ੫/੧੧੦੦) ਅਰਥ : ਜਿਨ੍ਹਾਂ ਅੱਖਾਂ ਨਾਲ਼ ਮੇਰਾ ਪਤੀ (ਪਿਆਰਾ ਪ੍ਰਭੂ) ਦਰਸ਼ਨ ਦਿੰਦੈ, ਉਹ ਅੱਖਾਂ; ਹੋਰ ਹਨ (ਨਾ ਕਿ ਗਿਆਨ ਨੇਤਰ)।
ਅਨੁਭਵ ਗਿਆਨ; ਸਵੈ ਪੜਚੋਲ ’ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈ, ਜੋ ਮਨ ’ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨ; ਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ’ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾ, ਨਹੀਂ ਤਾਂ ਮਿਸਾਲ ਕਿਵੇਂ ਬਣੇਗਾ; ਜਿਵੇਂ ਕਿ ਗੁਰਬਾਣੀ ’ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈ, ਨਾ ਰੱਦ।
ਭਾਰਤ ’ਚ ਦੋ ਤਰ੍ਹਾਂ ਦੇ ਰਾਜਿਆਂ ਨੂੰ ਦੇਵਤੇ ਕਿਹਾ ਗਿਆ (ੳ). ਆਰੀਅਨ ਰਾਜੇ; ਜਿਵੇਂ ਇੰਦਰ, ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ। ਇਨ੍ਹਾਂ ਦਾ ਇਲਾਕਾ ਉੱਤਰ ਭਾਰਤ ਹੈ। (ਅ). ਦਰਾਵੜਾਂ ਰਾਜਿਆਂ ’ਚੋਂ ਆਰੀਅਨ ਦਾ ਸਿੱਧੇ ਜਾਂ ਅਸਿੱਧੇ ਸਾਥ ਦੇਣ ਵਾਲ਼ੇ; ਜਿਵੇਂ ਕ੍ਰਿਸ਼ਨ, ਪ੍ਰਹਿਲਾਦ, ਧ੍ਰੂ, ਵਿਭਿਖਣ (ਭਭੀਸਣ) ਆਦਿ। ਇਨ੍ਹਾਂ ਦਾ ਇਲਾਕਾ ਮੱਧ ਅਤੇ ਦੱਖਣ ਭਾਰਤ ਹੈ। ਗੁਰਬਾਣੀ ਦੇ ਹੇਠਲੇ ਵਾਕ ਵਿਚਾਰਨਯੋਗ ਹਨ :
(ੳ). ਕਰਉ ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ? ਕਿਉ ਛਲੀਐ ? ਜੇ ਬਲਿ ਰੂਪੁ ਪਛਾਨੈ ॥ (ਮਹਲਾ ੧/੧੩੪੪) ਅਰਥ : ਵਿਸ਼ਨੂੰ ਨੇ ਬੌਣਾ ਰੂਪ ਧਾਰ ਰਾਜਾ ਬਲਿ ਤੋਂ ਕੁਟੀਆ ਬਣਾਨ ਲਈ ਢਾਈ ਕਰਮ ਜ਼ਮੀਨ ਮੰਗੀ। ਦਾਨ ਮਿਲਣ ਉਪਰੰਤ ਵੱਡਾ ਰੂਪ ਧਾਰ ਢਾਈ ਕਰਮਾਂ ’ਚ ਸਾਰੀ ਧਰਤੀ ਨਾਪ ਲਈ। ਰਾਜਾ ਬਲਿ ਨੂੰ ਆਪ ਪਾਤਾਲ ’ਚ ਰਹਿਣਾ ਪਿਆ। ਕੀ ਇਸ ਛਲ਼-ਕਪਟ ਨੂੰ ਗੁਰਮਤਿ ਕਹਿ ਸਕਦੇ ਹਾਂ ? ਜਵਾਬ : ਨਹੀਂ। ਇੱਥੇ ਰੂਹਾਨੀਅਤ ਨੁਕਤਾ ਹੈ ‘ਭਰਮ ਭੁਲੇਖਾ’। ਭਰਮ; ਇੱਕ ਦੁਬਿਧਾ ਹੈ। ਇਸ ’ਚ ਕੀਤੀ ਭਗਤੀ ਦੁੱਖੀ ਕਰਦੀ ਹੈ ਭਾਵ ਸਫਲ ਨਹੀਂ ਹੁੰਦੀ; ਜਿਵੇਂ ਦਾਨੀ ਰਾਜੇ ਬਲਿ ਦੀ ਭਗਤੀ; ਪਾਤਾਲ ’ਚ ਉਹ ਖ਼ੁਸ਼ੀ ਨਾਲ਼ ਨਹੀਂ ਗਿਆ ਬਲਕਿ ਵਿਸ਼ਨੂੰ ਨੇ ਦੋ ਕਰਮਾਂ ’ਚ ਸਾਰੀ ਧਰਤੀ ਨਾਪ ਲਈ ਤੇ ਅੱਧੀ ਕਰਮ, ਹੋਰ ਪੂਰੀ ਕਰਨ ਲਈ ਕਿਹਾ ਤਾਂ ਬਲਿ ਨੇ ਵਿਸ਼ਨੂੰ ਨੂੰ ਕਿਹਾ ਕਿ ਅੱਧੀ ਕਰਮ ਮੇਰੇ ਸਿਰ ’ਤੇ ਰੱਖ ਲਓ, ਜਿਸ ਦੇ ਦਬਾਅ ਨਾਲ਼ ਉਹ ਪਾਤਾਲ ’ਚ ਚਲਾ ਗਿਆ ਯਾਨੀ ਕਿ ਭਰਮ ’ਚ ਭਗਤੀ ਕਰਦਿਆਂ ਭੀ ਬੰਦਾ ਦੁੱਖੀ ਰਹਿੰਦਾ ਹੈ ਜਦਕਿ ਸਚਖੰਡ ਵਿਖੇ ਵਿਰਾਜਮਾਨ ਰੌਸ਼ਨ ਦਿਮਾਗ਼ ਭਗਤ ਕਦੇ ਛਲ਼-ਕਪਟ ਦਾ ਸ਼ਿਕਾਰ ਨਹੀਂ ਹੁੰਦਾ; ਜਿਵੇਂ ਕਿ 37ਵੀਂ ਪਉੜੀ (ਸਚਖੰਡ) ’ਚ ਬਿਆਨ ਕੀਤੈ ‘‘ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ.. ॥੩੭॥’’
(ਅ). ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥ (ਮਹਲਾ ੫/੯੯੯) ਭਾਵ 5 ਸਾਲ ਦੇ ਧ੍ਰੂ ਨੇ ਭਗਤੀ ਕਰ ਵਿਸ਼ਨੂੰ ਤੋਂ ਅਮਰ ਪਦਵੀ ਪਾ ਲਈ ਤੇ 36000 ਸਾਲ ਰਾਜ ਕੀਤਾ ਯਾਨੀ ਕਿ ਦੱਖਣ ਭਾਰਤ ਦੇ ਦਰਾਵੜ ਰਾਜੇ (ਧਰੂ) ਨੂੰ ਉੱਤਰ ਭਾਰਤ ਦੇ ਆਰੀਅਨ ਰਾਜੇ (ਵਿਸ਼ਨੂੰ) ਨੇ ਵਰ ਦਿੱਤਾ, ਜੋ ਇੰਦਰ ਦਾ ਭਰਾ ਹੈ, ਜਿਸ ਦੀ ਮਹਿਮਾ ਗਾਉਂਦਾ ਹੈ ਹਿੰਦੂਆਂ ਦਾ ਸਭ ਤੋਂ ਪੁਰਾਣਾ ਗ੍ਰੰਥ ‘ਰਿਗ ਵੇਦ’। ਭਗਤ ਕਬੀਰ ਜੀ ਦੇ ਭੀ ਵਚਨ ਹਨ ‘‘ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥’’ (ਭਗਤ ਕਬੀਰ/੩੩੭) ਇਸ ਵਾਕ ਦਾ ਸ਼ਬਦ ‘ਜੈਸੇ’, ਸਾਬਤ ਕਰਦਾ ਹੈ ਕਿ ਇਹ ਮਿਸਾਲ ਹੈ, ਨਾ ਕਿ ਗੁਰਮਤਿ ਦਾ ਕੋਈ ਨੁਕਤਾ। ਕਬੀਰ ਜੀ ਇਹ ਹਵਾਲਾ ‘ਭਾਗਵਤ ਅਤੇ ਵਿਸ਼ਨੂੰ ਪੁਰਾਣ ਦੀ ਲਿਖਤ ’ਚੋਂ ਦੇ ਰਹੇ ਹਨ, ਜਿਨ੍ਹਾਂ ਬਾਬਤ ਉਨ੍ਹਾਂ ਖ਼ੁਦ ਕਿਹਾ ‘‘ਬੇਦ ਪੁਰਾਨ ਪੜੇ ਕਾ ਕਿਆ ਗੁਨੁ (ਲਾਭ) ? ਖਰ (ਖੋਤੇ) ਚੰਦਨ ਜਸ (ਜੈਸੇ) ਭਾਰਾ ॥ ਰਾਮ ਨਾਮ ਕੀ ਗਤਿ ਨਹੀ ਜਾਨੀ; ਕੈਸੇ ਉਤਰਸਿ ਪਾਰਾ ?॥’’ (ਭਗਤ ਕਬੀਰ/੧੧੦੩) ਅਤੇ ‘‘ਪੰਡਿਤ ਜਨ ਮਾਤੇ (ਘਮੰਡੀ ਬਣੇ) ਪੜਿ੍ (ਕੇ) ਪੁਰਾਨ ॥’’ (ਭਗਤ ਕਬੀਰ/੧੧੯੩) ਭਾਵ ਕਬੀਰ ਜੀ ਮੁਤਾਬਕ ਪੁਰਾਣ; ਰਾਮ ਦੇ ਨਾਮ ਬਾਰੇ ਸੂਝ ਨਹੀਂ ਦਿੰਦੇ ਤਾਂ ਤੇ ‘‘ਰਾਮ ਜਪਉ ਜੀਅ ਐਸੇ ਐਸੇ ॥’’ ਵਾਕ ’ਚ ਹਿੰਦੂ ਸਮਾਜ ਨੂੰ ਅਸਲ ਸੱਚ ਨਾਲ਼ ਜੋੜਨ ਲਈ ਇਸ ਕੱਚ ਦਾ ਸਹਾਰਾ ਲਿਐ, ਜੋ ਉਨ੍ਹਾਂ ਅੰਦਰ ਸ਼ਰਧਾ ਬਣਾ ਚੁੱਕਾ ਸੀ, ਨਾ ਕਿ ਸਾਬਤ ਕੀਤੈ ਕਿ ਧ੍ਰੂ ਤੇ ਪ੍ਰਹਿਲਾਦ ਨੇ ਨਾਮ ਜਪਿਐ।
ਉਕਤ ਦੋਵੇਂ ਮਿਸਾਲਾਂ ’ਚ ਵਿਸ਼ਨੂੰ ਨੂੰ ਸਰਬ ਸ਼ਕਤੀਮਾਨ ਮੰਨਿਆ ਗਿਆ ਹੈ। ਗੁਰਬਾਣੀ ਪ੍ਰਤੀ ਸ਼ਰਧਾਵਾਨ ਕਹਿ ਸਕਦੈ ਕਿ ‘ਵਿਸ਼ਨੂੰ’ ਦਾ ਅਰਥ ਆਰੀਅਨ ਰਾਜਾ ਨਹੀਂ; ਨਿਰਾਕਾਰ ਰੱਬ ਹੈ, ਪਰ ਫਿਰ ਗੁਰਮਤਿ ਦੀ ਵਿਲੱਖਣਤਾ (ਜੋ ੴ ਦੇ ਅਰਥ ’ਚ ਹੈ) ਮਰਦੀ ਹੈ। ਜੇਕਰ ਧਰੂ-ਪ੍ਰਹਿਲਾਦ ਸਮੇਂ ਹੀ ਨਿਰਾਕਾਰ ਦੀ ਹੋਂਦ ਪ੍ਰਤੱਖ ਹੋ ਚੁੱਕੀ ਸੀ ਤਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਨੂੰ ਕਰਤਾ, ਧਰਤਾ, ਹਰਤਾ ਕਿਉਂ ਮੰਨਿਆ ਜਾਂਦਾ। ਸੋ ਨਿਰਾਕਾਰ ਦੇ ਵਜੂਦ ਨੂੰ ਗੁਰੂ ਨਾਨਕ ਜੀ ਨੇ ਪ੍ਰਗਟ ਕੀਤੈ, ਨਾ ਕਿ ਤਿੰਨ ਚਾਰ ਹਜ਼ਾਰ ਪਹਿਲਾਂ ਕਿਸੇ ਬ੍ਰਾਹਮਣ ਨੇ, ਤਾਂ ਜੋ ‘ਭਾਗਵਤ ਅਤੇ ਵਿਸ਼ਨੂੰ ਪੁਰਾਣ ਦੀਆਂ ਸਾਖੀਆਂ ’ਚ ਦਰਜ ਵਿਅਕਤੀ ਵਿਸ਼ੇਸ਼ ਨਾਂਵਾਂ ਨੂੰ ਗੁਰਮਤਿ ਅਨੁਸਾਰੀ ਉਲਥਾ ਲਈਏ, ਜਿਨ੍ਹਾਂ ਨੂੰ ਗੁਰਬਾਣੀ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਬਿਆਨ ਕਰਦੀ ਪਈ ਹੈ। ਸੋ ਇਹ ਸਭ ਮਿਸਾਲ ਮਾਤਰ ਹਨ, ਨਾ ਕਿ ਰੂਹਾਨੀਅਤ ਸਚਾਈ।
ਦਰਅਸਲ ਰੂਹਾਨੀਅਤ ਅਨੁਭਵ (ਯਾਨੀ ਕਿ ਗੁਰਮਤਿ) ’ਤੇ ਵਿਸ਼ਵਾਸ ਧਾਰ ਮਨਹਠ ਛੱਡਣਾ ਪੈਂਦਾ ਹੈ ਅਤੇ ਗਿਆਨ ਇੰਦ੍ਰੇ; ਬੌਧਿਕ ਗਿਆਨ ’ਤੇ ਭਰੋਸਾ ਕਰਾ ਮਨਹਠ ਜੀਵਤ ਰੱਖਣ ’ਚ ਮਦਦ ਕਰਦੇ ਹਨ ‘‘ਹੋਇ ਅਨੰਨਿ (ਸੰਨਿਆਸੀ), ਮਨਹਠ ਕੀ ਦ੍ਰਿੜਤਾ; ਆਪਸ ਕਉ ਜਾਨਾਤ ॥’’ (ਮਹਲਾ ੫/੪੯੬) ਸੁਰਤਿ ਨੂੰ ਉੱਚਾ ਚੁੱਕਣ ਲਈ ਸਵੈ ਪੜਚੋਲ ਜ਼ਰੂਰੀ ਹੈ, ਜੋ ਰੂਹਾਨੀਅਤ ਅਨੁਭਵ ਕਰਾਏਗਾ, ਨਾ ਕਿ ਦਿੱਤੀ ਕੋਈ ਮਿਸਾਲ, ਫਿਰ ਭੀ ਸਿੱਖ ਮਿਸਾਲ ਨੂੰ ਗੁਰਮਤਿ ਮੰਨਦੇ ਪਏ ਹਨ; ਜਿਵੇਂ ਕਿ ਗੁਰੂ ਜੀ ਦਾ ਅਨੁਭਵ/ਤਜਰਬਾ ਹੈ ਕਿ ਝੂਠੇ ਬੰਦੇ ਦਾ ਕਿਰਦਾਰ ਹੀ ਝੂਠਾ ਹੋ ਜਾਂਦਾ ਹੈ। ਮੂੰਹੋਂ ਵਾਰ-ਵਾਰ ਝੂਠ ਟਪਕਦੈ। ਬਾਹਰੋਂ ਸਰੀਰ ਧੋਤਿਆਂ ਇਹ ਬੰਦ ਨਹੀਂ ਹੋਣਾ। ਝੂਠ ਦੀ ਥਾਂ; ਮਨ ਅੰਦਰੋਂ ਸੱਚ ਨਾਲ਼ ਜੁੜਨਾ ਹੈ ਤਾਂ ਜੋ ਝੂਠ ਕਿਰਨਾ ਬੰਦ ਹੋਵੇ ‘‘ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥ (ਮਹਲਾ ੧/੪੭੨) ਪਰ ਇੱਥੇ ਮੂੰਹੋਂ ਕਿਰਦੇ ਝੂਠ ਬਾਰੇ ਦਿੱਤੀ ਮਿਸਾਲ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ ਨੂੰ ਹੀ ਗੁਰਮਤਿ ਸਮਝ ਔਰਤ; ਅਪਵਿੱਤਰ ਬਣਾ ਦਿੱਤੀ ਅਤੇ ਉਸ ਨਾਲ਼ ਜਤਾਈ ਹਮਦਰਦੀ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮਹਲਾ ੧/੪੭੩) ਛੁਪਾ ਲਈ।
ਬੌਧਿਕ ਗਿਆਨ ਕਿਸੇ ਨੂੰ ਸਵੈ ਪੜਚੋਲ ਨਹੀਂ ਕਰਾਉਂਦਾ ਕਿਉਂਕਿ ਇਹ; ਰੂਹਾਨੀਅਤ ਵਾਙ ਇੱਕ ਤਰਫ਼ਾ ਸਿਧਾਂਤ ਨਹੀਂ ਹੁੰਦਾ। ਰੂਹਾਨੀਅਤ ਦੇ ਪ੍ਰਸੰਗ ਮੁਤਾਬਕ ਇਹ; ਸੂਕਰ (ਸੂਰ) ਨੂੰ ਚੰਗਾ ਭੀ ਆਖਦੈ ‘‘ਕਬੀਰ ! ਸਾਕਤ ਤੇ (ਨਾਸਤਿਕ ਤੋਂ) ਸੂਕਰ ਭਲਾ; ਰਾਖੈ ਆਛਾ ਗਾਉ (ਗਾਂਉ)॥’’ (ਭਗਤ ਕਬੀਰ/੧੩੭੨) ਅਤੇ ਉਸ ਨੂੰ ਬੁਰਾ ਭੀ ਮੰਨਦੈ; ਜਿਵੇਂ ‘‘ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ (’ਚ)॥ ਜੈਸੇ ਸੂਕਰ ਸੁਆਨ; ਨਾਨਕ ! ਮਾਨੋ ਤਾਹਿ ਤਨੁ ॥’’ (ਮਹਲਾ ੯/੧੪੨੮)
ਗੁਰੂ ਗ੍ਰੰਥ ਸਾਹਿਬ; 35 ਰੂਹਾਨੀਅਤ ਮਹਾਂਪੁਰਸ਼ਾਂ ਦੁਆਰਾ ਸਵੈ ਪੜਚੋਲ ਕਰ ਦਰਜਨ ਤੋਂ ਵੱਧ ਭਾਸ਼ਾਵਾਂ ’ਚ ਲਿਖਿਆ ਵਿਅਕਤੀਗਤ ਤਜਰਬਾ (ਸ਼ਬਦ ਸੰਗ੍ਰਹਿ) ਹੈ, ਜਿਸ ਦਾ ਆਧਾਰ; ਇਹ ਨੁਕਤੇ ਹਨ, ਜੋ ਗੁਰਮਤਿ ਦੀ ਵਿਲੱਖਣਤਾ ਨੂੰ ਦਰਸਾਉਂਦੇ ਹਨ :
(1). ਰੱਬ; ਨਿਰਾਕਾਰ ਹੈ, ਅਦ੍ਰਿਸ਼ ਹੈ, ਸਦੀਵੀ ਸਥਿਰ ਹੈ, ਜੋਤਿ ਸਰੂਪ ਵਜੋਂ ਜ਼ਰਰੇ-ਜ਼ਰਰੇ ’ਚ ਮੌਜੂਦ ਹੈ ਤਾਹੀਓਂ ਸਭ ਦੇ ਦਿਲਾਂ ਤੋਂ ਜਾਣੂ ਹੈ। ਜੋਤਿ ਸਰੂਪ ਤੋਂ ਭਾਵ ਚੇਤਨ ਸੱਤਾ ਹੈ, ਆਤਮ ਪ੍ਰਕਾਸ਼ ਹੈ, ਅਦ੍ਰਿਸ਼ ਸ਼ਕਤੀ ਹੈ। ਉਸ ਨਾਲ਼ ਇਕ-ਮਿਕ ਹੋਇਆ ਸ਼ਖ਼ਸ/ਗੁਰੂ ਹੀ ਐਸੀ ਸੂਝ ਦਿੜ੍ਹਤਾ ਨਾਲ਼ ਪੈਰੋਕਾਰਾਂ (ਸਿੱਖਾਂ) ਅੰਦਰ ਭਰ ਸਕਦਾ ਹੈ।
(2). ਨਿਰਾਕਾਰ ਹੀ ਆਕਾਰ ਯਾਨੀ ਕਿ ਸ੍ਰਿਸ਼ਟੀ ਨੂੰ ਬਣਾਨ ਵਾਲ਼ਾ, ਪਾਲਣਹਾਰ ਅਤੇ ਨਾਸ਼ ਕਰਨ ਵਾਲ਼ਾ ਹੈ। ਪਾਲਣਹਾਰ ਤੋਂ ਭਾਵ ਕੇਵਲ ਸਮਾਜਿਕ ਲੋੜਾਂ ਦੇਣ ਤੱਕ ਨਹੀਂ ਬਲਕਿ ਗੁਰੂ ਰਾਹੀਂ ਆਪਣੀ ਮੌਜੂਦਗੀ ਅਤੇ ਸੁਭਾਅ ਦਾ ਅਹਿਸਾਸ ਕਰਵਾਉਣਾ ਭੀ ਹੈ।, ਨਾਸ਼ ਕਰਨ ਤੋਂ ਭਾਵ ਕੇਵਲ ਸਰੀਰਕ ਮੌਤ ਨਹੀਂ ਬਲਕਿ ਆਤਮਿਕ ਮੌਤ ਮਾਰਨਾ ਭੀ ਹੈ।
(3). ਆਕਾਰ ਯਾਨੀ ਕਿ ਜਗਤ ਰਚਨਾ; ਨਿਰਾਕਾਰ ਦੀ ਖੇਡ ਹੈ, ਮੌਜ ਹੈ, ਪਰ ਇਹ ਸਦੀਵੀ ਸਥਿਰ ਨਾ ਹੋਣ ਕਾਰਨ ਕਈ ਵਾਰ ਬਣੀ ਤੇ ਓਨੀ ਵਾਰ ਹੀ ਨਾਸ਼ ਹੋਈ। ਅਗਾਂਹ ਭੀ ਇਹ ਸਿਲਸਿਲਾ ਜਾਰੀ ਰਹੇਗਾ, ਜਿਸ ਨੂੰ ਕਿਆਮਤ ਭੀ ਕਿਹਾ ਜਾਂਦਾ ਹੈ।
(4). ਨਿਰਾਕਾਰ ਦੇ ਹੁਕਮ ’ਚ ਜੀਵ ਰਚਨਾ ਉਪਜਦੀ ਹੈ ਤੇ ਜੀਵਾਂ ਦੁਆਰਾ ਕੀਤੇ ਕਰਮ; ਭਾਗ/ਨਸੀਬ ਬਣਦੇ ਗਏ। ਇਸ ਭਾਗ ਮੁਤਾਬਕ ਰੱਬ ਦਾ ਹੁਕਮ ਅਤੇ ਹੁਕਮ ਮੁਤਾਬਕ ਭਾਗ ਰਚਨ ਵਾਲ਼ੇ ਰੱਬ ਨੂੰ ਸਮਝਣਾ ਹੀ ਆਪਣਾ ਭਾਗ ਮਿਟਾਉਣਾ ਹੈ, ਮੁਕਤ ਹੋਣਾ ਹੈ। ਮੁਕਤ ਹੋਇਆ ਮੁੜ ਆਪਣੇ ਸਰੋਤ ਨਿਰਾਕਾਰ ’ਚ ਲੀਨ ਹੋ ਜਾਂਦਾ ਹੈ। ਇਸ ਅਲੌਕਿਕ ਮਾਰਗ ’ਚ ਸਤਿਗੁਰੂ; ਪੈਰੋਕਾਰ ਦਾ ਭਰੋਸਾ ਨਹੀਂ ਟੁੱਟਣ ਦਿੰਦਾ, ਇਸ ਲਈ ਗੁਰੂ ਪਾਸੋਂ ‘ਭਰੋਸਾ ਦਾਨ’ ਮੰਗੀਦਾ ਹੈ। ਇਹੀ ਕਰਤਾਰ ਦੀ ਹੋਂਦ ਅਤੇ ਉਸ ਦੇ ਸੁਭਾਅ ਨੂੰ ਸਮਝਣ ਦਾ ਤਰੀਕਾ ਹੈ।
ਉਕਤ ਗੁਰਮਤਿ ਏਜੰਡਾ (ਫ਼ਲਸਫ਼ਾ) ਭਾਵੇਂ ਸੰਖੇਪ ਮਾਤਰ ਹੈ, ਪਰ ਇਸ ’ਤੇ ਭਰੋਸਾ ਕਰਨ ਅਤੇ ਹੂ-ਬਹੂ ਅਮਲ ’ਚ ਲਿਆਉਣ ਲਈ ਸਾਰੀ ਉਮਰ ਭੀ ਥੋੜ੍ਹੀ ਹੈ। ਇਸ ਦੇ ਪ੍ਰਚਾਰ-ਪ੍ਰਸਾਰ ਲਈ ਸਤਿਗੁਰੂ ਜੀ ਬਿਖੜੇ ਸੰਸਾਰਕ ਮਾਰਗ ’ਤੇ ਹਜ਼ਾਰਾਂ ਮੀਲ ਸਫ਼ਰ ਕਰਦੇ ਰਹੇ, ਪਰ ਸਿੱਖਾਂ ਅੰਦਰ ਉਪਜਦੇ ਇਨ੍ਹਾਂ ਗੁਰਮਤਿ ਨੁਕਤਿਆਂ ਬਾਰੇ ਸੰਦੇਹ, ਸਾਬਤ ਕਰਦੇ ਹਨ ਕਿ ਅਸੀਂ ਗੁਰਬਾਣੀ ਨੂੰ ਅਜੇ ਸਮਝ ਹੀ ਨਾ ਸਕੇ, ਇਸ ਦਾ ਪ੍ਰਚਾਰ-ਪ੍ਰਸਾਰ ਕਰਨਾ ਤਾਂ ਬਹੁਤ ਦੂਰ ਜਦਕਿ ਗੁਰਬਾਣੀ ਦੇ ਟੀਕੇ ਅਤੇ ਸ਼ਬਦ ਕੋਸ਼ ਸਾਡੀ ਮਦਦ ਕਰਦੇ ਪਏ ਹਨ। ਗੁਰਮਤਿ ਦੇ ਸਰੋਤ (ਨਿਰਾਕਾਰ) ਬਾਰੇ ਹੀ ਪਹਿਲਾ ਸੰਦੇਹ ਹੈ ਕਿ ਇਹ ਇੱਕ ਨਿਰਾਕਾਰ ਹੈ ਜਾਂ ਸਰਗੁਨ ਅਤੇ ਨਿਰਗੁਨ ਦੋ ਹਨ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ‘‘ਸਰਗੁਨ ਨਿਰਗੁਨ ਨਿਰੰਕਾਰ…॥’’ (ਸੁਖਮਨੀ/ਮਹਲਾ ੫/੨੯੦) ਸਰਗੁਨ ਤੋਂ ਭਾਵ ਹੈ ਮਾਯਾ ਦੇ ਤਿੰਨ ਗੁਣ ‘ਰਜੋ, ਤਮੋ ਤੇ ਸਤੋ’। ਰਜੋ ਤੋਂ ਭਾਵ ਹੈ ਮਿਹਨਤ।, ਤਮੋ ਤੋਂ ਭਾਵ ਹਨ੍ਹੇਰਾ, ਨਾਸਮਝੀ।, ਸਤੋ ਤੋਂ ਭਾਵ ਹੈ ਵਿਖਾਵੇ ਮਾਤਰ ਕੀਤੇ ਜਾਂਦੇ ਚੰਗੇ ਕੰਮ ਯਾਨੀ ਕਿ ਸਰਗੁਨ ਦਾ ਅਰਥ ਹੈ ‘ਆਕਾਰ, ਸਮਾਜਿਕ ਦ੍ਰਿਸ਼ਟੀਕੋਣ, ਗਿਆਨ ਇੰਦ੍ਰਿਆਂ ਰਾਹੀਂ ਪਕੜ ’ਚ ਆਉਂਦੀ ਜਗਤ ਰਚਨਾ’ ਅਤੇ ਨਿਰਗੁਨ ਤੋਂ ਭਾਵ ਹੈ ਜਿਸ ਵਿੱਚ ਇਹ ਤਿੰਨੇ ਗੁਣ ਨਾ ਹੋਣ ਯਾਨੀ ਕਿ ‘ਨਿਰਾਕਾਰ, ਅਦ੍ਰਿਸ਼ ਸ਼ਕਤੀ’। ਹੁਣ ਸੋਚਣਾ ਬਣਦੈ ਕਿ, ਕੀ ਸਰਗੁਨ ਰੂਪ ਨੂੰ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ ਕਹਿ ਸਕਦੇ ਹਾਂ ? ਜਵਾਬ : ਨਹੀਂ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਖ਼ੁਦ ਹੀ ਸਰਗੁਨ ਰੂਪ ਨੂੰ ਨਿਰਾਕਾਰ ਵਾਙ ਸਥਾਈ ਨਹੀਂ ਮੰਨਦੇ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ..॥’’ (ਮਹਲਾ ੫/੧੨੦੪) ਅਰਥ: ਜਗਤ ਰਚਨਾ ਸਥਾਈ ਨਹੀਂ; ਤਾਂ ਤੇ ਰੱਬ ਦਾ ਸਰਗੁਨ ਰੂਪ ਹੀ ਬੌਧਿਕ ਗਿਆਨ ਹੈ, ਜੋ ਸਰਵ ਵਿਆਪਕ ਅਦ੍ਰਿਸ਼ ਨਿਰਗੁਨ ਨੂੰ ਪ੍ਰਗਟ ਕਰਨ ’ਚ ਮਿਸਾਲ ਬਣਦਾ ਹੈ। ਸਦੀਆਂ ਤੋਂ ਸਰਗੁਨ ਦੀ ਕਿਸੇ ਨਾ ਕਿਸੇ ਰੂਪ ’ਚ ਪੂਜਾ ਹੁੰਦੀ ਆਈ ਹੈ, ਪਰ ਸਿੱਖ ਨੇ ਨਿਰਗੁਨ ਨਾਲ਼ ਜੁੜਨਾ ਹੈ, ਨਾ ਕਿ ਆਕਾਰ ਯਾਨੀ ਸਰਗੁਨ ਨਾਲ਼।
ਦੂਜਾ ਸੰਦੇਹ : ‘ਜਪੁ’ ਬਾਣੀ ਦੇ ਅਰੰਭ ’ਚ ਮੰਗਲਾਚਰਨ ਵਜੋਂ ਦਰਜ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ॥’’ ਵਾਙ ਗੁਰੂ ਅਰਜਨ ਸਾਹਿਬ ਭੀ ਜੈਤਸਰੀ ਕੀ ਵਾਰ ਦੇ ਅਰੰਭ ’ਚ ਮੰਗਲਾਚਰਨ ਰੂਪ ਅਜਿਹਾ ਹੀ ਅਨੁਭਵ (ਸਲੋਕ) ਦਰਜ ਕਰਦੇ ਹਨ ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ ! ਅਘ ਨਾਸਨ ਜਗਦੀਸੁਰਹ ॥੧॥ (ਮਹਲਾ ੫/੭੦੫) ਅਰਥ : ਜਗਤ ਰਚੇਤਾ ਤੇ ਪਾਪ ਨਾਸ਼ਕ ਪਰਮੇਸ਼ਰ; ਸ੍ਰਿਸ਼ਟੀ ਬਣਨ ਤੋਂ ਪਹਿਲਾਂ ਭੀ ਹਰ ਥਾਂ ਸੀ (ਆਦਿ ਸਚੁ), ਹੁਣ ਭੀ ਸਰਵ ਵਿਆਪਕ ਹੈ (ਹੈ ਭੀ ਸਚੁ) ਅਤੇ ਕਿਆਮਤ ਤੋਂ ਬਾਅਦ ਭੀ ਹਰ ਥਾਂ ਭਰਪੂਰ ਰਹੇਗਾ (ਹੋਸੀ ਭੀ ਸਚੁ) । ਅਸਲ ਸੰਤ-ਜਨ ਉਹੀ ਹਨ, ਜੋ ਉਸ ਨੂੰ ਸਿਮਰਦੇ ਹਨ, ਯਾਦ ਕਰਦੇ ਹਨ।
‘ਸਚੁ’ ਦਾ ਅਰਥ ਹੈ ਸਦੀਵੀ ਸਥਿਰ (ਰੱਬ) ਅਤੇ ‘ਪੂਰਨ’ ਦਾ ਅਰਥ ਹੈ ਸਰਵ ਵਿਆਪਕ (ਰੱਬ)। ਗੁਰਮਤਿ ਅਨੁਸਾਰ ਜੋ ਸਦੀਵੀ ਸਥਿਰ ਹੈ ਉਹ ਸਰਵ ਵਿਆਪਕ ਭੀ ਹੈ ਅਤੇ ਜੋ ਸਰਵ ਵਿਆਪਕ ਹੈ ਉਹ ਸਦੀਵੀ ਸਥਿਰ ਭੀ ਹੈ ਯਾਨੀ ਕਿ ‘ਆਦਿ ਸਚੁ’ ਹੀ ‘ਆਦਿ ਪੂਰਨ’ ਹੈ ਅਤੇ ‘ਮਧਿ ਪੂਰਨ’ ਹੀ ‘ਹੈ ਭੀ ਸਚੁ’ ਹੈ। ਇਸ ਨਿਰੋਲ ਅਨੁਭਵੀ ਸਚਾਈ ’ਤੇ ਨਿਸ਼ਚਾ ਕਰ ਸ਼ਰਧਾਲੂ ਨੇ ਆਪਣੀ ਸੰਸਾਰਕ (ਸਰਗੁਨ) ਪਕੜ ਢਿੱਲੀ ਕਰ ਨਿਰਗੁਨ ਨੂੰ ਹੀ ਸਭ ਕੁੱਝ ਮੰਨਣਾ ਸੀ, ਪਰ ਕੀਤਾ ਬਿਲਕੁਲ ਉਲ਼ਟ; ‘‘ਆਦਿ ਪੂਰਨ, ਮਧਿ ਪੂਰਨ’’ ਯਾਨੀ ਕਿ ‘‘ਆਦਿ ਸਚੁ; ਜੁਗਾਦਿ ਸਚੁ’’ ਨੂੰ ਸਰਗੁਨ ਵੱਲ ਹੀ ਉਲਥਾ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਆਦਿ, ਮਧਿ, ਅੰਤਿ ਮੰਨ 705 ਅੰਕ ’ਤੇ ਪਾਠ ਪਹੁੰਚਦਿਆਂ ਮੱਧ ਦੀ ਅਰਦਾਸ ਹੋਣ ਲੱਗੀ ਯਾਨੀ ਕਿ ਸਰਗੁਨ ਪ੍ਰਤੀ ਸ਼ਰਧਾ ਵਧਾਈ ਗਈ (ਜਿਸ ਪਾਸਿਓਂ ਰੋਕਿਆ ਸੀ) ਤਾਂ ਜੋ ਸਰਗੁਨ ਰੂਪ ਵਜੋਂ ‘ਸੰਤ, ਬ੍ਰਹਮਗਿਆਨੀ’ ਆਦਿ ’ਤੇ ਭੀ ਸੰਦੇਹ ਨਾ ਕੀਤਾ ਜਾਏ। ਗਿਆਨ ਵਿਹੂਣੀ ਸ਼ਰਧਾ ਨੇ ਗੁਰਬਾਣੀ ਦੇ ਅੰਕ 1430 ਦਾ ਮੱਧ 715 ਹੁੰਦੈ ਜਾਂ 705; ਭੀ ਨਾ ਵਿਚਾਰਿਆ।
ਬੌਧਿਕ ਗਿਆਨ ਦਾ ਭੀ ਆਪਣਾ ਅਨੁਭਵ ਹੈ; ਪਰ ਰੂਹਾਨੀਅਤ ਵਾਙ ਇਹ ਵਿਸ਼ਾਲ ਨਹੀਂ ਹੁੰਦਾ; ਜਿਵੇਂ ਗਿਆਨ ਇੰਦ੍ਰਿਆਂ ਰਾਹੀਂ ਬਣਿਆ ਡਾਕਟਰ; ਇੰਜੀਨੀਅਰ ਨਹੀਂ ਹੁੰਦਾ ਅਤੇ ਇੰਜੀਨੀਅਰ; ਤਾਰਾ ਮੰਡਲ ਬਾਰੇ ਨਹੀਂ ਜਾਣਦਾ, ਪਰ ਰੂਹਾਨੀਅਤ ਸੂਝ ਨੇ ਗੁਰੂ ਨਾਨਕ ਜੀ ਨੂੰ ਡਾਕਟਰ ਭੀ ਸਾਬਤ ਕੀਤਾ, ਖਗੋਲ ਵਿਗਿਆਨੀ ਭੀ। ਉਨ੍ਹਾਂ ਨੇ ਸਰਗੁਨ ਰੂਪ ’ਚੋਂ ਨਿਰਗੁਨ ਰੂਪ ਨੂੰ ਪ੍ਰਤੱਖ ਕਰ ਦਿੱਤਾ। ਸਰਗੁਨ ਤੋਂ ਪਹਿਲਾਂ ਯਾਨੀ ਕਿ ਪੂਰਵ ਕਾਲ ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ (ਧਰਤੀ) ਨ ਗਗਨਾ (ਅਕਾਸ਼); ਹੁਕਮੁ ਅਪਾਰਾ ॥ ਨਾ ਦਿਨੁ ਰੈਨਿ (ਰਾਤ), ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥’’ (ਮਹਲਾ ੧/੧੦੩੫) ਤੋਂ ਲੈ ਕੇ ਸਰੁਗਨ ਦੇ ਵਿਨਾਸ਼ ਯਾਨੀ ਕਿ ਕਿਆਮਤ ਉਪਰੰਤ ‘‘ਨਾਨਕ ! ਹੋਸੀ ਭੀ ਸਚੁ ॥੧॥’’ ਬਿਆਨ ਕੀਤਾ ਭਾਵ ਸਰਗੁਨ; ਨਾਸ਼ਵਾਨ ਹੈ ਅਤੇ ਨਿਰਗੁਨ; ਸਦੀਵੀ ਸਥਿਰ ਸੀ, ਹੈ ਅਤੇ ਰਹੇਗਾ। ਸਤਿਗੁਰੂ ਅੰਦਰੋਂ ਪ੍ਰਗਟ ਹੋਇਆ ਇਹ ਅਨੁਭਵ; ਦਰਅਸਲ ਜੋਤਿ ਸਰੂਪ ’ਚ ਸਰਵ ਵਿਆਪਕ ਰੱਬ ਹੈ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਕਿਉਂਕਿ ਜਗਤ ਰਚਣਹਾਰ ਤੋਂ ਬਿਨਾਂ ਅਜਿਹਾ ਹੋਰ ਕੋਈ ਨਹੀਂ ਜਾਣ ਸਕਦਾ।
ਗੁਰਬਾਣੀ ਦੇ ਕਿਸੇ ਇੱਕ ਨੁਕਤੇ ਲਈ ਤਾਂ ਬੌਧਿਕ ਗਿਆਨ ਮਿਸਾਲ ਹੋ ਸਕਦਾ ਹੈ, ਪਰ ਸਮੁੱਚੀ ਗੁਰਮਤਿ ਸਾਮ੍ਹਣੇ ਇਹ ਬੌਣਾ ਹੈ, ਮਿਸਾਲ ਦੇਣ ਲਾਇਕ ਭੀ ਨਹੀਂ; ਜਿਵੇਂ ਸਚਖੰਡ ਪੜਾਅ, ਜਿਸ ਦੀ ਵਿਆਖਿਆ ਹਰ ਲੰਬੀ ਰਚਨਾ ਦੇ ਅੰਤ ’ਚ ਭੀ ਹੁੰਦੀ ਹੈ। ਇਸ ਪੜਾਅ ’ਚ ਬੌਧਿਕ ਗਿਆਨ ਬਿਲਕੁਲ ਨਹੀਂ; ਜਿਵੇਂ ਕਿ
(1). ‘ਜਪੁ’ ਬਾਣੀ ਦੀ 37ਵੀਂ ਪਉੜੀ ਦੇ ਸ਼ਾਬਦਿਕ ਅਰਥ ਹਨ : ਕੁਦਰਤ ਰਚੇਤਾ ਨਿਰਾਕਾਰ; ਸਚਖੰਡ ’ਚ ਵਸਦਾ ਹੈ। ਆਪਣੀ ਪ੍ਰਸੰਨ-ਚਿਤ ਨਜ਼ਰ ਨਾਲ਼ ਸਭ ਨੂੰ ਪੈਦਾ ਕਰ-ਕਰ ਸੰਭਾਲ਼ਦਾ ਹੈ। ਉਸ ਦੇ ਹੁਕਮ ’ਚ ਹੀ ਖੰਡ, ਮੰਡਲ, ਬ੍ਰਹਿਮੰਡ, ਆਕਾਸ਼, ਤ੍ਰਿਲੋਕ ਆਦਿਕ ਉਪਜਦੇ, ਚੱਲਦੇ ਅਤੇ ਨਾਸ਼ ਹੁੰਦੇ ਹਨ। ਜਿਵੇਂ ਉਹ ਚਾਹੁੰਦਾ ਹੈ; ਓਵੇਂ ਹੁੰਦਾ ਪਿਐ ਤਾਹੀਓਂ ਸਭ ਨੂੰ ਵੇਖ ਖ਼ੁਸ਼ ਹੁੰਦੈ, ਇਸ ਪੜਾਅ ਬਾਰੇ ਹੋਰ ਬਿਆਨ ਕਰਨਾ, ਕਠਿਨ ਹੈ ਕਿਉਂਕਿ ਰੱਬੀ ਵਿਸ਼ਾਲਤਾ ਦਾ ਕੋਈ ਅੰਤ ਨਹੀਂ ‘‘ਸਚਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ; ਨਦਰਿ ਨਿਹਾਲ ॥ ਤਿਥੈ; ਖੰਡ ਮੰਡਲ ਵਰਭੰਡ ॥ ਜੇ ਕੋ ਕਥੈ; ਤ ਅੰਤ ਨ ਅੰਤ ॥ ਤਿਥੈ, ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ, ਵਿਗਸੈ; ਕਰਿ ਵੀਚਾਰੁ ॥ ਨਾਨਕ ! ਕਥਨਾ ਕਰੜਾ ਸਾਰੁ ॥੩੭॥’’ (ਜਪੁ)
(2). ਆਸਾ ਕੀ ਵਾਰ ’ਚ ਅੰਤਮ ਪਉੜੀ 24ਵੀਂ ਹੈ, ਜਿਸ ਅੰਦਰ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ ‘ਜੀਵ ਦਾ ਚੰਗਾ-ਮੰਦਾ ਬਣਨਾ, ਵੱਡੇ ਮਾਲਕ ਦੀ ਰਜ਼ਾ/ਖੇਡ ਹੈ। ਉਹ ਕਿਉਂ ਕਰਦਾ ਹੈ ? ਇਸ ਬਾਰੇ ਕੁੱਝ ਨਹੀਂ ਕਹਿ ਸਕਦੇ। ਉਹ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਮਿਹਰ ਕਰਨ ਵਾਲ਼ਾ ਹੈ। ਸਾਰੇ ਜੀਵਾਂ ਨੂੰ ਰਿਜ਼ਕ ਪਹੁੰਚਾਉਂਦਾ ਹੈ। ਜੀਵ ਨੇ ਉਹੀ ਕਿਰਤ ਕਰਨੀ ਹੁੰਦੀ ਹੈ, ਜੋ ਬਚਪਨ ਤੋਂ ਉਸ ਨੇ ਨਸੀਬ ’ਚ ਲਿਖੀ ਹੈ। ਉਸ ਤੋਂ ਇਲਾਵਾ ਜੀਵਾਂ ਨੂੰ ਕੋਈ ਹੋਰ ਆਸਰਾ ਨਹੀਂ। ਮਾਲਕ ਨੂੰ ਜੋ ਪਸੰਦ ਹੈ, ਉਹੀ ਜਗਤ ’ਚ ਕਰਦਾ ਹੈ ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ (ਉਸ ਨੇ ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥ ਸੋ ਕਰੇ; ਜਿ ਤਿਸੈ ਰਜਾਇ ॥ ੨੪॥ ੧॥’’ ਸੁਧੁ (ਮਹਲਾ ੧/੪੭੫)
(3). ਗੁਰੂ ਰਾਮਦਾਸ ਜੀ ਦੁਆਰਾ ਰਚਿਤ ਗਉੜੀ ਕੀ ਵਾਰ ’ਚ ਅੰਤਮ ਪਉੜੀ 33ਵੀਂ ਇਉਂ ਹੈ ‘‘ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ ਤੂੰ ਵਡ ਵਡੇ ॥ ਜਿਸੁ ਤੂੰ ਮੇਲਹਿ, ਸੋ ਤੁਧੁ ਮਿਲੈ; ਤੂੰ ਆਪੇ ਬਖਸਿ ਲੈਹਿ, ਲੇਖਾ ਛਡੇ ॥ ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ, ਮਨੁ ਗਡ ਗਡੇ ॥ ਤੂੰ ਸਚਾ ਸਾਹਿਬੁ, ਸਚੁ ਤੂ; ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥ ਜਿਉ ਭਾਵੈ, ਤਿਉ ਰਖੁ ਤੂੰ ਸਚਿਆ ! ਨਾਨਕ ਮਨਿ ਆਸ ਤੇਰੀ, ਵਡ ਵਡੇ ! ॥ ੩੩॥ ੧॥ ਸੁਧੁ ॥ (ਮਹਲਾ ੪/੩੧੭) ਯਾਨੀ ਕਿ ਸਭ ਕੁੱਝ ਕਰਨ, ਕਰਾਵਣਹਾਰ ਰੱਬ ਹੈ; ਜਿਵੇਂ ਕਿ ਸਚਖੰਡ ਅਸਵਥਾ ਬਿਆਨ ਕਰ ਰਹੀ ਹੈ।
ਭਗਤ ਦੀ ਮੰਜ਼ਲ; ਸਚਖੰਡ ਹੈ। ਸਚਖੰਡ ’ਚ ਨਿਵਾਸ ਕਰਨ ਲਈ ਸਚਖੰਡ ਵਰਗੀ ਦ੍ਰਿਸ਼ਟੀ ਹੋਣੀ ਜ਼ਰੂਰੀ ਹੈ, ਪਰ ਇਹ ਤਾਂ ਬਣੇਗੀ ਜੇ ਮਨ ਅੰਦਰ ਰੂਹਾਨੀਅਤ ਮੰਜ਼ਲ ਲਈ ਹੀ ਤਾਂਘ ਹੋਵੇ। ‘ਜਪੁ’ ਬਾਣੀ ’ਚ 34 ਤੋਂ 37 ਪਉੜੀਆਂ ਤੱਕ ਰੂਹਾਨੀਅਤ ਨੂੰ ਪੰਜ ਪੜਾਅ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਸਚਖੰਡ) ’ਚ ਵੰਡਿਆ ਹੈ। 37ਵੀਂ ਪਉੜੀ ’ਚ ਕਰਮਖੰਡ/ਸਚਖੰਡ ਸਮਾਨ ਹਨ ਯਾਨੀ ਕਿ ਕਰਮਖੰਡ; ‘ਸੋ ਦਰੁ’ (ਬੂਹਾ) ਅਤੇ ਸਚਖੰਡ; ‘ਸੋ ਘਰੁ’ (ਰੱਬ ਦਾ ਨਿਵਾਸ ਸਥਾਨ); ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ (ਕੇ) ਸਰਬ ਸਮਾਲੇ ॥’’ ਬਾਕੀ ਤਿੰਨ ਪੜਾਅ ਬੌਧਿਕ ਗਿਆਨ; ਮਿਸਾਲ ਮਾਤਰ ਹਨ ਤਾਹੀਓਂ ਇੱਥੋਂ ਤੱਕ ਤਰਕ ਹੁੰਦਾ ਨਹੀਂ ਵੇਖਿਆ। ਗਿਆਨਖੰਡ ਵਾਲ਼ੇ ਹੀ ਸ਼ਬਦ (ਬੌਧਿਕ ਗਿਆਨ) ‘ਸੁਣਿਐ’ ਦੀਆਂ ਪਉੜੀਆਂ ’ਚ ਹਨ ‘‘ਸੁਣਿਐ; ਸਿਧ ਪੀਰ ਸੁਰਿ ਨਾਥ ..॥੮॥, ਕੇਤੇ ਸਿਧ ਬੁਧ ਨਾਥ.. ॥੩੫॥’’ ਅਤੇ ਸਰਮਖੰਡ ਵਾਲ਼ੇ ਹੀ ਸ਼ਬਦ ‘ਮੰਨੈ’ ਦੀਆਂ ਪਉੜੀਆਂ ’ਚ ਹਨ; ਜਿਵੇਂ ਕਿ ‘‘ਮੰਨੇ ਕੀ ਗਤਿ; ਕਹੀ ਨ ਜਾਇ ॥ ਜੇ ਕੋ ਕਹੈ; ਪਿਛੈ ਪਛੁਤਾਇ ..॥੧੨॥, ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ..॥੩੬॥’’ ਦਿੱਲੀ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਲਈ ਚੱਲੇ ਸ਼ਰਧਾਲੂ ਨੂੰ ਰਸਤੇ ਤੋਂ ਜਾਣੂ, ਜੇਕਰ ਸਮਝਾਵੇ ਕਿ ਵਿਚਕਾਰ ਅੰਬਾਲਾ, ਲੁਧਿਆਣਾ ਤੇ ਜਲੰਧਰ ਆਉਣੇ ਹਨ ਤਾਂ ਇਹ, ਯਾਤਰੀ ਦੀ ਮੰਜ਼ਲ ਨਹੀਂ ਅਖਵਾ ਸਕਦੇ। ਨਾ ਹੀ ਇਨ੍ਹਾਂ ਪ੍ਰਤੀ ਤਾਂਘ ਸੀ। ਤਾਂਘ ਵਾਲ਼ੀ ਮੰਜ਼ਲ; ਦਰਬਾਰ ਸਾਹਿਬ ਹੈ, ਜਿਸ ਨੇ ਪੜਾਅ ਦਰ ਪੜਾਅ ਯਾਨੀ ਅੰਬਾਲਾ, ਲੁਧਿਆਣਾ ਵਿਖੇ ਭੀ ਮਨ ਦੀ ਕਠੋਰਤਾ ਘਟਾਉਣੀ ਹੈ; ਅੰਬਾਲਾ, ਲੁਧਿਆਣਾ ਨੇ ਨਹੀਂ। ਰਾਹ ਦੇ ਪੜਾਅ (ਧਰਮਖੰਡ, ਗਿਆਨਖੰਡ) ਦੇ ਨਜ਼ਾਰੇ ‘‘ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥’’; ਮੰਜ਼ਲ ਸਚਖੰਡ (ਅੰਮ੍ਰਿਤਸਰ) ਪਹੁੰਚਿਆਂ ‘‘ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ .. ॥੨੨॥’’ (ਜਪੁ) ’ਚ ਬਦਲਣੇ ਹੁੰਦੇ ਹਨ ਕਿਉਂਕਿ ਸਚਖੰਡ ’ਚ ਰੂਹਾਨੀਅਤ ਦੇ ਪੂਰਨ ਦਰਸ਼ਨ ਹੁੰਦੇ ਹਨ। ਰੂਹਾਨੀਅਤ ਦਾ ਅੱਖਰੀ ਅਰਥ ਭੀ ਰੂਹ (ਆਤਮਾ, ਜਿੰਦ) ਨੂੰ ਪ੍ਰਫੁਲਿਤ ਕਰਨਾ, ਰੂਹ ਨੂੰ ਵੇਖਣਾ ਹੈ, ਰੂਹ ਵਰਗਾ ਨਿਰਮਲ ਦ੍ਰਿਸ਼ਟੀਕੋਣ ਹੋਣਾ ਹੈ।
ਸਚਖੰਡ ਨਜ਼ਰੀਏ ਤੋਂ ਗੁਰਬਾਣੀ ਦੀ ਵਿਚਾਰ ਕੀਤਿਆਂ ਗੁਰਮਤਿ ਸਚਾਈ ਪ੍ਰਤੱਖ ਨਜ਼ਰ ਆਉਂਦੀ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ; ਗੁਰਮਤਿ ਦੇ ਜਿਸ ਰਹੱਸ ਨੂੰ ਦਿੜ੍ਹਤਾ ਸਹਿਤ ਚਾਹਵਾਨਾਂ ਸਾਮ੍ਹਣੇ ਰੱਖਦੇ ਰਹੇ; ਪੈਰੋਕਾਰ-ਸਿੱਖਾਂ ਅੰਦਰ ਅਜੇ ਉਸ ਬਾਰੇ ਕਈ ਸੰਦੇਹ ਹਨ। ਆਪ ਸਮਝਣਾ ਅਤੇ ਹੋਰਾਂ ਨੂੰ ਸਮਝਾਉਣਾ ਤਾਂ ਬਹੁਤ ਦੂਰ ਰਿਹਾ। ਇਸ ਕਮਜ਼ੋਰੀ ਨੂੰ ਭਾਂਪਦਿਆਂ ਹੀ ਗੁਰੂ ਨਾਨਕ ਜੀ ਨੇ ਆਪਣੇ ਸਮੇਂ ਤੋਂ ਵਚਨ ਕੀਤੇ ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ …. ਤਿਸ ਸਉ ਨੇਹੁ (ਪ੍ਰੇਮ) ਨ ਕੀਚਈ; ਜਿ ਦਿਸੈ ਚਲਣਹਾਰੁ ॥’’ (ਮਹਲਾ ੧/੧੪੧੦), ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨ ਕਰਦਿਆਂ ਵਚਨ ਉਚਾਰੇ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮਹਲਾ ੫/੩੮੧) ਅਜਿਹੀ ਦ੍ਰਿੜ੍ਹਤਾ ਹੀ ਹੋਰਾਂ ਅੰਦਰ ਲਗਨ ਪੈਦਾ ਕਰੇਗੀ। ਗੁਰਮਤਿ ਦੇ ਉੱਚੇ-ਸੁੱਚੇ ਖ਼ਿਆਲਾਂ ਤੱਕ ਪੈਰੋਕਾਰ ਦੀ ਪਕੜ; ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ ਜੀ ਭੀ ਕਰਵਾਉਂਦੇ ਹਨ। ਦੁਨੀਆਂ ਦੇ ਪਹਿਲੇ ਧਾਰਮਿਕ ਗ੍ਰੰਥ ਹਨ ‘ਗੁਰੂ ਗ੍ਰੰਥ ਸਾਹਿਬ’, ਜਿਨ੍ਹਾਂ ਵਿੱਚ ਫ਼ਲਸਫ਼ੇ (ਨਾਨਕ ਜੋਤਿ) ਦੀ ਵਿਆਖਿਆ ਫ਼ਲਸਫ਼ਾ (ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ) ਕਰਦਾ ਹੈ।
ਜੇਕਰ ਸਮੁੱਚੀ ਗੁਰਬਾਣੀ ਦੀ ਵਿਚਾਰ ਕਰਦਿਆਂ ਉਕਤ ਦ੍ਰਿਸ਼ਟੀਕੋਣ ਨਾ ਬਣਿਆ ਤਾਂ ਨਿਰੋਲ ਅਨੁਭਵ ’ਚੋਂ ਪ੍ਰਗਟਾਏ ਵਚਨ ‘‘ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥’’ ਯਾਨੀ ਕਿ ਸਵੈ ਪੜਚੋਲ ਕਰਨ ਵਾਲ਼ੇ ਰਾਮ ਦੇ ਦਾਸ ਰੂਪ ਸਰੋਵਰ ’ਚ ਸਵੈ ਪੜਚੋਲ ਕੀਤਿਆਂ ਮਨ ਨਿਰਮਲ ਹੋ ਜਾਂਦਾ ਹੈ; ਇਹ ਅੰਮ੍ਰਿਤਮਈ ਵਚਨ ਭੀ ਬੌਧਿਕ ਗਿਆਨ ‘ਦਰਬਾਰ ਸਾਹਿਬ ਸਰੋਵਰ ’ਚ ਸਰੀਰਕ ਇਸ਼ਨਾਨ ਕਰਨ ਨਾਲ਼ ਪਾਪ ਲਹਿ ਜਾਂਦੇ ਹਨ, ਬਣ ਜਾਂਦੇ ਹਨ ਭਾਵੇਂ ਕਿ ਇਹ ਸ਼ਬਦ ਅਗਾਂਹ (ਅੰਤ ’ਚ) ‘ਰਾਮਦਾਸ ਸਰੋਵਰਿ’ ਦਾ ਅਰਥ ‘ਸੰਗਤ’ ਹੈ, ਭੀ ਸਪਸ਼ਟ ਕਰਦਾ ਹੈ‘‘ਸਾਧ ਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥੨॥’’ (ਮਹਲਾ ੫/੬੨੫)
ਸੋ ਗੁਰਮਤਿ; ਹਰ ਉਸ ਧਾਰਮਿਕ ਕਰਮ ਨੂੰ ਕਰਮਕਾਂਡ ਮੰਨਦੀ ਹੈ, ਜਿਸ ਦੇ ਕੀਤਿਆਂ ਮਨੁੱਖ; ਰੂਹਾਨੀਅਤ ਮੰਜ਼ਲ (ਰੱਬ ਦੇ ਨਿਰਗੁਨ ਰੂਪ) ਵੱਲ ਨਾ ਵਧੇ। ਸਰਗੁਨ ਜਗਤ ’ਚੋਂ ਨਿਰਗੁਨ ਅਦ੍ਰਿਸ਼ ਨੂੰ ਪਛਾਣਨ ਦੀ ਬਜਾਇ ਸਰਗੁਨ ਨੂੰ ਨਿਰਗੁਨ ਕਹਿਣਾ ਜਾਂ ਨਿਰਗੁਨ ਅਤੇ ਸਰਗੁਨ ਇੱਕ ਸਮਾਨ ਮੰਨਣਾ; ਗੁਰਮਤਿ ਅਨੁਸਾਰ ਭੁਲੇਖਾ ਹੈ, ਮਨਮਤ ਹੈ, ਕਰਮਕਾਂਡ ਹੈ ਕਿਉਂਕਿ ਇਉਂ ਕੀਤਿਆਂ ਸ਼ਰਧਾਲੂ; ਮੂਲ ਦੀ ਬਜਾਇ ਟਹਿਣੀਆਂ ਨਾਲ਼ ਜੁੜਦਾ ਹੈ ‘‘ਜਿਨ੍ੀ ਨਾਮੁ ਵਿਸਾਰਿਆ; ਦੂਜੈ ਭਰਮਿ ਭੁਲਾਈ ॥ ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ ? ॥’’ (ਮਹਲਾ ੧/੪੨੦) ਚੇਤੇ ਰਹੇ ਕਿ ਗੁਰਬਾਣੀ ਦੇ ਹੁਣ ਤੱਕ ਕੀਤੇ ਗਏ ਸਾਰੇ ਟੀਕਿਆਂ (ਸ਼ਬਦਾਰਥਾਂ) ’ਚ ਮਿਸਾਲ ਵਜੋਂ ਦਰਜ (ਸਰਗੁਨ) ਦੇ ਅਰਥਾਂ ’ਚ ਮਤਭੇਤ ਹਨ, ਨਾ ਕਿ ਗੁਰਮਤਿ ਦੇ ਤੱਤ-ਸਾਰ ਨਿਰਗੁਨ ਰੱਬ ਨੂੰ ਬਿਆਨ ਕਰਨ ’ਚ, ਪਰ ਅੱਜ ਕੁੱਝ ਅਖੌਤੀ ਵਿਦਵਾਨ; ਟੀਕੇਕਾਰਾਂ ਦੇ ਇਨ੍ਹਾਂ ਸਰਗੁਨ ਬਾਰੇ ਮਤਭੇਦਾਂ ਨੂੰ ਆਧਾਰ ਬਣਾ ਨਿਰਗੁਨ ਰੱਬ ’ਤੇ ਸੰਦੇਹ ਪੈਦਾ ਕਰ ਅਤੇ ਹੋਰਾਂ ਤੋਂ ਕਰਾ ਕੇ ਗੁਰਮਤਿ ਵਿਰੋਧੀ ਕਾਰਜ ਕਰਦੇ ਪਏ ਹਨ।
ਤੁਧੁ ਭਾਵੈ ਤਾ ਵਾਵਹਿ ਗਾਵਹਿ (ਮਾਝ ਵਾਰ ਪਉੜੀ ੧੫ ਸਲੋਕੁ ਮਹਲਾ ੧, ਅੰਗ ੧੪੪/੪੫)
ਸਾਧ ਸੰਗਤ ਜੀ ਇਸ ਸ਼ਬਦ ਵੀਚਾਰ ਵਿੱਚ ਗੁਰੂ ਦਾ ਹੁਕਮ, ਭਾਣਾ ਤੇ ਸਚਿਆਰ ਹੋਣ ਦੇ ਗੁਰੂ ਨਾਨਕ ਜੀ ਦੇ ਉਪਦੇਸ਼ ਨੂੰ ਬੜੇ ਵਿਸਥਾਰ ਨਾਲ ਉਜਾਗਰ ਕੀਤਾ ਗਿਆ ਹੈ। ਆਪ ਲਾਹਾ ਲਵੋ ਤੇ ਹੋਰ ਸੰਗਤ ਨੂੰ ਵੀ ਫਾਰਵਰਡ ਕਰੋ ਜੀ।
ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ
ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ-ਜੋਤ ਪੁਰਬ
ਕਿਰਪਾਲ ਸਿੰਘ ਬਠਿੰਡਾ 88378-13661
ਗੁਰੂ ਨਾਨਕ ਸਾਹਿਬ ਜੀ ਆਪਣੀਆਂ ਦੇਸ਼ ਵਿਦੇਸ਼ ਦੀਆਂ ਲੰਬੀਆਂ ਪ੍ਰਚਾਰ ਯਾਤਰਾਵਾਂ (ਚਾਰ ਉਦਾਸੀਆਂ) ਦੀ ਸਮਾਪਤੀ ਤੋਂ ਬਾਅਦ ਬਿਕ੍ਰਮੀ ਸੰਮਤ ੧੫੭੮, ਨਾਨਕਸ਼ਾਹੀ ਸੰਮਤ ੫੨/1521 ਸੀਈ ਦੌਰਾਨ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਨਗਰ ਸੁਲਤਾਨਪੁਰ ਲੋਧੀ ਆ ਗਏ। ਇੱਥੇ ਹੀ ਉਨ੍ਹਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਅਤੇ ਦੋਵੇਂ ਪੁੱਤਰ ਸ਼੍ਰੀਚੰਦ ਜੀ ਅਤੇ ਲਖਮੀ ਚੰਦ ਜੀ ਰਹਿ ਰਹੇ ਸਨ। ਗੁਰੂ ਜੀ ਕੁਝ ਸਮਾਂ ਉਨ੍ਹਾਂ ਪਾਸ ਠਹਿਰੇ। ਚੌਥੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਲਾਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਜ਼ਿਲ੍ਹਾ ਨਾਰੋਵਾਲ (ਹੁਣ ਪਾਕਿਸਤਾਨ) ਤਹਿਸੀਲ ਸ਼ੱਕਰਗੜ੍ਹ, ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਨ੍ਹਾਂ ਨੂੰ ਮਿਲਣ ਆਇਆ। ਉਨ੍ਹਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਬੇਨਤੀ ਕੀਤੀ, ਜਿੱਥੇ ਉਨ੍ਹਾਂ ਨੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਿਹਾਇਸ਼ ਆਦਿ ਦਾ ਪ੍ਰਬੰਧ ਵੀ ਕਰ ਦਿੱਤਾ। ਬਿਕਰਮੀ ਸੰਮਤ ੧੫੭੯, ਨਾਨਕਸ਼ਾਹੀ ਸੰਮਤ ੫੩/1522 ਸੀਈ ’ਚ ਗੁਰੂ ਜੀ ਨੇ ਇਸੇ ਸਥਾਨ ’ਤੇ ਕਰਤਾਰਪੁਰ ਪਿੰਡ ਵਸਾਇਆ ਅਤੇ ਆਪਣੇ ਮਾਤਾ ਪਿਤਾ ਨੂੰ ਰਾਇ ਭੋਇ ਦੀ ਤਲਵੰਡੀ ਤੋਂ, ਆਪਣੀ ਸੁਪਤਨੀ ਮਾਤਾ ਸੁਲੱਖਣੀ ਜੀ ਅਤੇ ਦੋਵੇਂ ਸਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਬੁਲਾ ਲਿਆ। ਗੁਰੂ ਨਾਨਕ ਸਾਹਿਬ ਨੇ ਜ਼ਮੀਨ ਖਰੀਦ ਕੇ ਆਪ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਲਿਆ। ਗੁਰੂ ਕੇ ਲੰਗਰ ਵਰਤਦੇ ਅਤੇ ਨਿਰਾਕਾਰ ਦੇ ਸਿਮਰਨ ਦਾ ਪ੍ਰਵਾਹ ਚਲਦਾ ਰਹਿੰਦਾ।
ਬਾਬਾ ਲਹਿਣਾ ਜੀ ਦੇ ਪਿਤਾ ਬਾਬਾ ਫੇਰੂਮੱਲ ਜੀ ਦੁਰਗਾ ਦੇਵੀ ਦਾ ਭਗਤ ਸੀ, ਜੋ ਹਰ ਸਾਲ ਪਿੰਡਾਂ ’ਚੋਂ ਜਥਿਆਂ ਨੂੰ ਦੇਵੀ ਦਰਸ਼ਨ ਕਰਾਉਣ ਲਈ ਲਿਜਾਇਆ ਕਰਦੇ ਸਨ। 1526 ਈ: ’ਚ ਬਾਬਾ ਫੇਰੂਮੱਲ ਜੀ ਚੜ੍ਹਾਈ ਕਰ ਗਏ। ਉਨ੍ਹਾਂ ਤੋਂ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲਹਿਣਾ ਜੀ ਦੇ ਜ਼ਿੰਮੇ ਆ ਗਿਆ। ਉਹ ਹਰ ਸਾਲ ਨਿਰੰਤਰ ਯਾਤਰਾ ’ਤੇ ਜਾਂਦੇ ਰਹੇ। ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਭਾਈ ਜੋਧਾ ਪਾਸੋਂ ਰਸ ਭਿੰਨੀ ਅੰਮ੍ਰਿਤ ਬਾਣੀ ‘‘ਜਿਤੁ ਸੇਵਿਐ ਸੁਖੁ ਪਾਈਐ; ਸੋ ਸਾਹਿਬੁ ਸਦਾ ਸਮ੍ਾਲੀਐ ॥ ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ ਕਿਉ ਘਾਲੀਐ ॥ ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥ ਜਿਉ ਸਾਹਿਬ ਨਾਲਿ ਨ ਹਾਰੀਐ; ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ; ਘਾਲੀਐ ॥੨੧॥’’ (ਆਸਾ ਕੀ ਵਾਰ/ਮਹਲਾ ੧/੪੭੪) ਸੁਣੀ ਤਾਂ ਬਹੁਤ ਪ੍ਰਭਾਵਤ ਹੋਏ। ਭਾਈ ਜੋਧਾ ਜੀ ਕੋਲ਼ੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਗਈ ਹੈ। ਬੱਸ ਫਿਰ ਕੀ ਸੀ, ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਹਰ ਸਾਲ ਦੀ ਤਰ੍ਹਾਂ ਭਾਈ ਲਹਿਣਾ ਜੀ ਦੀ ਅਗਵਾਈ ਹੇਠ ਬਿਕ੍ਰਮੀ ਸੰਮਤ ੧੫੮੯, ਨਾਨਕਸ਼ਾਹੀ ਸੰਮਤ ੬੪/੧੫੩੨ ਈ: ’ਚ ਦੇਵੀ ਦਰਸ਼ਨਾਂ ਲਈ ਜਥਾ ਚੱਲ ਪਿਆ। ਜਦ ਕਰਤਾਰਪੁਰ ਪਹੁੰਚੇ ਤਾਂ ਜਥੇ ਨਾਲੋਂ ਆਪ ਅਲੱਗ ਹੋ ਕੇ ਇੱਕ ਸਿੱਖ ਕੋਲ਼ੋਂ ਪੁੱਛਦੇ ਹਨ ਕਿ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ ਹਨ, ਉਨ੍ਹਾਂ ਦਾ ਪਤਾ ਦੱਸ ਸਕਦੇ ਹੋ ? ਉਨ੍ਹਾਂ ਨੇ ਘੋੜੇ ਦੀ ਲਗਾਮ ਪਕੜ ਲਈ ਅਤੇ ਕਿਹਾ ਕਿ ਮੇਰੇ ਪਿੱਛੇ-ਪਿੱਛੇ ਆਓ। ਮੈਂ ਤੁਹਾਨੂੰ ਉਨ੍ਹਾਂ ਕੋਲ਼ ਲੈ ਚਲਦਾ ਹਾਂ। ਜਦ ਧਰਮਸ਼ਾਲ ਪਹੁੰਚੇ ਤਾਂ ਕਿਹਾ ‘ਘੋੜਾ ਇਥੇ ਬੰਨ ਦਿਓ’ ਅਤੇ ਜਲ ਪਾਣੀ ਛਕ ਕੇ ਸੰਗਤ ’ਚ ਬੈਠ ਜਾਣਾ। ਸੰਗਤ ’ਚ ਪਹੁੰਚ ਕੇ ਭਾਈ ਲਹਿਣਾ ਜੀ ਨੇ ਮੱਥਾ ਟੇਕਿਆ। ਜਦੋਂ ਸਿਰ ਚੁੱਕ ਕੇ ਦੇਖਿਆ ਤਾਂ ਸਾਮ੍ਹਣੇ ਓਹੀ ਗੁਰੂ ਨਾਨਕ ਸਾਹਿਬ ਬੈਠੇ ਸਨ, ਜੋ ਉਨ੍ਹਾਂ ਦੇ ਘੋੜੇ ਦੀ ਲਗਾਮ ਪਕੜ ਕੇ ਇੱਥੋਂ ਤੱਕ ਲੈ ਕੇ ਆਏ ਸਨ।
ਮਾਫ਼ੀ ਮੰਗੀ ਕਿ ਮੈਂ ਘੋੜੇ ’ਤੇ, ਪਰ ਤੁਸੀਂ ਪੈਦਲ ! ਗੁਰੂ ਸਾਹਿਬ ਨੇ ਪਿਆਰ ਨਾਲ ਨਾਮ ਪੁੱਛਿਆ। ਜਵਾਬ ’ਚ ‘ਭਾਈ ਲਹਿਣਾ’ ਸੁਣਿਆ ਤਾਂ ਕਿਹਾ ਫਿਰ ਤੇ ਮਾਫ਼ੀ ਦੀ ਕੋਈ ਗੱਲ ਨਹੀਂ, ਤੁਸੀਂ ਲਹਿਣਾ ਤੇ ਅਸਾਂ ਦੇਣਾ। ਲੈਣ ਵਾਲੇ ਹਮੇਸ਼ਾਂ ਘੋੜੇ ’ਤੇ ਸਵਾਰ ਹੁੰਦੇ ਹਨ ਤੇ ਦੇਣਦਾਰ ਪੈਦਲ। ਇਹ ਸੁਣ ਕੇ ਭਾਈ ਲਹਿਣਾ ਜੀ ਦੀਆਂ ਅੱਖਾਂ ’ਚ ਅੱਥਰੂ ਆ ਗਏ। ਅੰਦਰੋਂ ਅਜਿਹੀ ਅਗੰਮੀ ਖਿੱਚ ਪਈ ਕਿ ਦੇਵੀ ਦੇ ਦਰਸ਼ਨ ਕਰਨੇ, ਚੇਤੇ ਨਾ ਰਹੇ। ਉਹ ਗੁਰੂ ਘਰ ਨੂੰ ਸਮਰਪਿਤ ਹੋ ਗਏ, ਜੋ ਕਦੀਂ ਨਾ ਨਿਖੜ ਸਕੇ। ਪਤਾ ਲੱਗਣ ’ਤੇ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਬੱਚਿਆਂ ਸਮੇਤ ਭਾਈ ਲਹਿਣਾ ਜੀ ਦੀ ਰਿਸ਼ਤੇ ’ਚ ਲੱਗਦੀ ਭੂਆ ਬੇਬੇ ਵੀਰਾਈ ਕੋਲ਼ ਗਏ। ਮਨ ਅੰਦਰ ਤੌਖਲਾ ਸੀ ਕਿ ਵਾਪਾਰ ਨੂੰ ਕੌਣ ਸੰਭਾਲ਼ੇਗਾ ? ਬੱਚਿਆਂ ਨੂੰ ਕੌਣ ਪੜ੍ਹਾਏਗਾ ? ਮਾਤਾ ਵੀਰਾਈ ਨੇ ਦਿਲਾਸਾ ਦਿੱਤਾ ਕਿ ਚਿੰਤਾ ਨਾ ਕਰੋ; ਨੇਕੀ ਦੇ ਘਰ ਗਏ ਹਨ। ਨੇਕ ਬਣ ਕੇ ਹੀ ਆਉਣਗੇ। ਕੁਝ ਚਿਰ ਮਗਰੋਂ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਆਪਣਾ ਪਰਵਾਰ ਤੇ ਕੰਮ ਕਾਜ ਦੇਖਣ ਲਈ ਖਡੂਰ ਵਿਖੇ ਭੇਜ ਦਿੱਤਾ ਪਰ ਉੱਥੇ ਉਨ੍ਹਾਂ ਦਾ ਚਿੱਤ ਨਾ ਲੱਗਿਆ। ਘਰਬਾਰ ਦੀ ਜ਼ਿੰਮੇਦਾਰੀ ਆਪਣੇ ਪਰਵਾਰ ਨੂੰ ਸੌਂਪ ਕੇ ਮੁੜ ਵਾਪਸ ਕਰਤਾਰ ਪੁਰ ਆ ਗਏ। ਜਦੋਂ ਕਰਤਾਰ ਪੁਰ ਪੁੱਜੇ ਤਾਂ ਗੁਰੂ ਨਾਨਕ ਸਾਹਿਬ ਖੇਤਾਂ ’ਚ ਕੰਮ ਕਰ ਰਹੇ ਸਨ। ਉਨ੍ਹਾਂ ਨੇ ਜਾ ਮੱਥਾ ਟੇਕਿਆ ਤੇ ਕੰਮ ’ਚ ਹੱਥ ਵਟਾਉਣ ਲੱਗ ਪਏ। ਸ਼ਾਮ ਨੂੰ ਦੋ ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ। ਇੱਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿੱਤੀ ਤੇ ਦੂਸਰੀ ਆਪ ਚੁੱਕ ਲਈ। ਭਾਈ ਲਹਿਣਾ ਜੀ ਦੇ ਰੇਸ਼ਮੀ ਕੱਪੜੇ ਸਾਰੇ ਚਿਕੜ ਨਾਲ ਲਬੋ-ਲਬ ਭਰ ਗਏ। ਜਦ ਮਾਤਾ ਸੁਲੱਖਣੀ ਨੇ ਦੇਖਿਆ ਤਾਂ ਕਿਹਾ ‘ਆਪ ਤਾਂ ਤੁਸੀਂ ਪੰਡ ਚੁੱਕੀ ਸੀ, ਪਰ ਇਨ੍ਹਾਂ ਨੂੰ ਚਿੱਕੜ ਨਾਲ ਭਰੀ ਪੰਡ ਕਿਉਂ ਚੁਕਾ ਦਿੱਤੀ ?
ਗੁਰੂ ਨਾਨਕ ਸਾਹਿਬ ਜੀ; ਭਾਈ ਲਹਿਣੇ ਵੱਲ ਵੇਖ ਕੇ ਹੱਸ ਪਏ ਅਤੇ ਬਚਨ ਕੀਤਾ ‘ਸੁਲੱਖਣੀ ! ਇਨ੍ਹਾਂ ਦੇ ਸਿਰ ’ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨਿਆਂ ਦਾ ਛੱਤਰ ਹੈ। ਪ੍ਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ।’ ਭਾਈ ਲਹਿਣਾ ਜੀ ਨੇ ਇਸ ਹੁਕਮ ’ਤੇ ਪਹਿਰਾ ਦੇ ਕੇ ਸਾਬਤ ਭੀ ਕਰ ਦਿੱਤਾ ਹੈ। ਉਨ੍ਹਾਂ ਨੇ ਸਿਮਰਨ, ਤਿਆਗ, ਧੀਰਜ ਆਦਿਕ ਗੁਣਾਂ ਨਾਲ਼ ਵਿਕਾਰਾਂ ’ਤੇ ਕਾਬੂ ਪਾਉਂਦਿਆਂ ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿਦਕ ਨਾਲ ਅਣਥੱਕ ਸੇਵਾ ਕੀਤੀ ‘‘ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ ॥’’ (ਸਤਾ ਬਲਵੰਡ ਜੀ/੯੬੭) ਲਹਿਣਾ ਜੀ ਸੰਗਤਾਂ ਦੀ ਸੇਵਾ ਦੇ ਨਾਲ਼-ਨਾਲ਼ ਖੇਤੀ ਬਾੜੀ ਦਾ ਕੰਮ ਭੀ ਸੰਭਾਲਣ ਲੱਗੇ। ਬਿਨਾਂ ਕਿਸੇ ਕਿੰਤੂ-ਪਰੰਤੂ ਤੋਂ ਸਤਿਗੁਰੂ ਦੇ ਹਰ ਹੁਕਮ ਲਈ ਤਿਆਰ-ਬਰ ਤਿਆਰ ਰਹਿੰਦੇ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਪ੍ਰਤਿਭਾ ਅਤੇ ਅੰਦਰ ਜਗਦੀ ਜੋਤ ਨੂੰ ਪਛਾਣ ਲਿਆ। ਵੈਸੇ ਉਨ੍ਹਾਂ ਦੀਆਂ ਕੁੱਝ ਪ੍ਰੀਖਿਆਵਾਂ ਵੀ ਲਈਆਂ; ਜਿਵੇਂ ਘਾਹ ਦੀ ਪੰਡ ਚੁੱਕਣੀ, ਚਿੱਕੜ ਵਿੱਚੋਂ ਕਟੋਰਾ ਕੱਢਣਾ, ਧਰਮਸ਼ਾਲ ’ਚੋਂ ਮੋਈ ਚੂਹੀ ਬਾਹਰ ਸੁੱਟਣੀ, ਸਰਦੀ ਦੇ ਮੌਸਮ ’ਚ ਅੱਧੀ ਰਾਤੀਂ ਮੀਂਹ ਪੈਂਦੇ ’ਚ ਕੰਧ ਬਣਾਉਣੀ; ਜਿਸ ਨੂੰ ਵਾਰ-ਵਾਰ ‘ਠੀਕ ਨਹੀਂ ਬਣੀ’ ਕਹਿ ਗੁਰੂ ਨਾਨਕ ਸਾਹਿਬ ਢਾਹ ਦਿੰਦੇ ਸਨ ਆਦਿ। ਇਨ੍ਹਾਂ ਕਠਿਨ ਪ੍ਰੀਖਿਆਵਾਂ ’ਚੋਂ ਹਰ ਵਾਰ ਵੱਧ ਸੁਰਖ਼ਰੂ ਹੁੰਦੇ ਵੇਖ ਗੁਰਗੱਦੀ ਦੇ ਯੋਗ ਜਾਣ ਅੱਸੂ ਵਦੀ ੫, ੪ ਅੱਸੂ, ਬਿਕ੍ਰਮੀ ਸੰਮਤ ੧੫੯੬, ਨਾਨਕਸ਼ਾਹੀ ਸੰਮਤ ੭੧ /3 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਗੱਦੀ ਦੀ ਰਸਮ ਅਦਾ ਕਰਾ, ਗੁਰਿਆਈ ਭਾਈ ਲਹਿਣੇ ਜੀ ਨੂੰ ਸੌਂਪ ਦਿੱਤੀ। ਉਨ੍ਹਾਂ ਨੂੰ ਆਪਣੇ ਅੰਗ ਲਾ ਕੇ ਨਾਮ ਭੀ ਗੁਰੂ ਅੰਗਦ ਜੀ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਨੇ ਆਪਣੇ ਦੁਆਰਾ ਰਚੀ ਬਾਣੀ ਦੇ ਨਾਲ-ਨਾਲ ਉਦਾਸੀਆਂ ਦੌਰਾਨ ਇਕੱਤਰ ਕੀਤੀ ਭਗਤ ਬਾਣੀ ਦੀਆਂ ਪੋਥੀਆਂ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤੀਆਂ। ਸਾਰੀ ਸੰਗਤ ਸਮੇਤ ਗੁਰੂ ਨਾਨਕ ਜੀ ਨੇ ਰੱਬੀ ਭਾਣਾ ਮੰਨਣ ਕਾਰਨ ਗੁਰੂ ਅੰਗਦ ਸਾਹਿਬ ਜੀ ਅੱਗੇ ਸੀਸ ਝੁਕਾਇਆ ‘‘ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ॥’’ (ਸਤਾ ਬਲਵੰਡ ਜੀ/੯੬੬)
ਗੁਰੂ ਸਾਹਿਬਾਨ ਜੀ ਦੇ ਜੋਤੀ-ਜੋਤ ਸਮਾਉਣ ਦੇ ਦਿਹਾੜਿਆਂ ਸੰਬੰਧੀ ਤਾਂ ਤਕਰੀਬਨ ਸਭਨਾ ਇਤਿਹਾਸਕਾਰਾਂ ’ਚ ਆਮ ਸਹਿਮਤੀ ਹੈ। ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ 6 ਗੁਰੂ ਸਾਹਿਬਾਨ ਦੇ ਜੋਤੀ ਸਮਾਉਣ ਦੇ ਦਿਹਾੜੇ ਕਰਤਾਰਪੁਰੀ ਬੀੜ ’ਚ ਭੀ ਦਰਜ ਹਨ, ਜਿਨ੍ਹਾਂ ਨਾਲ ਇਤਿਹਾਸਕਾਰਾਂ ਦੀਆਂ ਤਾਰੀਖ਼ਾਂ ਮੇਲ ਖਾਂਦੀਆਂ ਹਨ; ਇਸ ਲਈ ਇਨ੍ਹਾਂ ਦੋਵੇਂ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ਬਾਰੇ ਤਾਂ ਭਾਵੇਂ ਕੋਈ ਮਤਭੇਦ ਨਹੀ, ਪਰ ਪ੍ਰਕਾਸ਼ ਦਿਹਾੜਿਆਂ ਅਤੇ ਗੁਰਗੱਦੀ ਦਿਵਸ ਦੀਆਂ ਤਾਰੀਖ਼ਾਂ ਵੱਖ-ਵੱਖ ਲਿਖੀਆਂ ਹਨ। ਕੁਝ ਇਤਿਹਾਸਕਾਰਾਂ (ਜਿਵੇਂ ਕਿ ਗੁਰਵੰਸ ਦਰਪਣ ਪੱਤਰ, ਸੂਰਜ ਪ੍ਰਕਾਸ਼ ਵਾਰਤਿਕ, ਗੁਰਮਤਿ ਰਹਿਤ ਮਰਿਆਦਾ, ਗੁਰਬਾਣੀ ਪਾਠ ਦਰਸ਼ਨ ਆਦਿਕ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀ ਤਿੱਥ ਅੱਸੂ ਵਦੀ ੫ ਸੰਮਤ ੧੫੯੬ ਲਿਖੀ ਹੈ। ਇਹੋ ਤਾਰੀਖ਼ਾਂ ਜ਼ਿਆਦਾ ਪ੍ਰਚਲਿਤ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਬਾਰੇ ਜਿੱਥੇ ਕੋਈ ਮਤਭੇਦ ਨਹੀਂ, ਓਥੇ ਇਤਿਹਾਸਕਾਰਾਂ ਮੁਤਾਬਕ ਗੁਰੂ ਅੰਗਦ ਸਾਹਿਬ ਜੀ ਦੇ ਗੁਰਿਆਈ ਪੁਰਬ ’ਚ ਤਿੰਨ ਮਹੀਨਿਆਂ ਦਾ ਅੰਤਰ ਹੈ।
ਸ਼ਾਇਦ ਇਸ ਫ਼ਰਕ ਦਾ ਇੱਕ ਕਾਰਨ ਇਹ ਹੈ ਕਿ ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀ ਪੁਸਤਕ ‘ਗੁਰ ਪੁਰਬ ਨਿਰਣੈ’ ਵਿੱਚ ਕਵੀ ਸੰਤੋਖ ਸਿੰਘ ਦੇ ਹਵਾਲੇ ਨਾਲ ਲਿਖਿਆ ਹੈ ‘ਦਵਾਦਸ ਬਰਖ ਟਿਕੇ ਗੁਰਗਾਦੀ । ਖਸਟ ਮਾਸ, ਨੌ ਦਿਨ ਐਹਲਾਦੀ ।’ ਭਾਵ ਗੁਰੂ ਅੰਗਦ ਸਾਹਿਬ ਜੀ 12 ਬਰਸ 6 ਮਹੀਨੇ 9 ਦਿਨ ਗੁਰਗੱਦੀ ’ਤੇ ਬਿਰਾਜਮਾਨ ਰਹੇ। ਇਸ ਲਿਖਤ ਮੁਤਾਬਕ ਸਤਿਗੁਰੂ ਜੀ ਦਾ ਗੁਰਗੱਦੀ ਪੁਰਬ ਨਿਸ਼ਚਿਤ ਕਰਨ ਲਈ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪, ਸੰਮਤ ੧੬੦੯ ’ਚੋਂ ਕੁਲ ਗੁਰਿਆਈ ਸਮਾਂ 12 ਸਾਲ 6 ਮਹੀਨੇ 9 ਦਿਨ ਘਟਾਉਣ ਦੀ ਬਜਾਏ ਗ਼ਲਤੀ ਨਾਲ 12 ਸਾਲ 9 ਮਹੀਨੇ 6 ਦਿਨ ਘਟਾ ਕੇ ਹਾੜ ਵਦੀ ੧੩ ਸੰਮਤ ੧੫੯੬ ਲਿਖ ਲਿਆ, ਜਿਸ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਕੇ ੧੭ ਹਾੜ ਸੰਮਤ ੧੫੯੬; 14 ਜੂਨ 1539 ਦੀ ਗ਼ਲਤ ਤਾਰੀਖ਼ ਲਿਖੀ ਮਿਲਦੀ ਹੈ । ਹੁਣ ਜਦੋਂ ਇਹ ਗਲਤੀ ਧਿਆਨ ’ਚ ਆ ਚੁੱਕੀ ਹੈ ਤਾਂ ਇਸ ਤਾਰੀਖ਼ ਨੂੰ ਸਹੀ ਮੰਨ ਲੈਣਾ ਠੀਕ ਨਹੀਂ ਹੈ।
ਸ: ਕਰਮ ਸਿੰਘ ਹਿਸਟੋਰੀਅਨ ਲਿਖਤ ਗੁਰਪੁਰਬ ਨਿਰਣੈ ਦੇ ਪੰਨਾ 63 ਦੀ ਫੋਟੋ
ਇਸ ਤੋਂ ਵੇਖ ਕੇ ਕੁਝ ਹੋਰ ਨਾਮਵਰ ਇਤਿਹਾਸਕਾਰ ਵੀ ਇਹੀ ਤਾਰੀਖ਼ਾਂ ਲਿਖਦੇ ਆ ਰਹੇ ਹਨ। ਜੇ ਗੁਰ ਪੁਰਬ ਨਿਰਣੈ ’ਚ ਸ: ਕਰਮ ਸਿੰਘ ਜੀ ਵੱਲੋਂ ਸੁਭਾਵਕ ਤੌਰ ’ਤੇ ਹੋਈ ਇਸ ਮਨੁੱਖੀ ਗ਼ਲਤੀ ਵੱਲ ਕਿਸੇ ਦਾ ਧਿਆਨ ਗਿਆ ਹੁੰਦਾ ਤਾਂ ਇਹ ਗ਼ਲਤ ਤਾਰੀਖ਼ ਕਦਾਚਿਤ ਪ੍ਰਚਲਿਤ ਨਾ ਹੁੰਦੀ। ਇਸ ਗ਼ਲਤੀ ਵੱਲ ਪਹਿਲੀ ਵਾਰ ਸ: ਪਾਲ ਸਿੰਘ ਪੁਰੇਵਾਲ ਦਾ ਧਿਆਨ ਗਿਆ। ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪, ਸੰਮਤ ੧੬੦੯ ’ਚੋਂ 12 ਸਾਲ 6 ਮਹੀਨੇ 9 ਦਿਨ ਘਟਾ ਕੇ ਗੁਰਿਆਈ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਲਿਖੀ, ਜੋ ਸਹੀ ਜਾਪਦੀ ਹੈ। ਇਹੋ ਤਿੱਥ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਹੈ, ਪਰ ਪ੍ਰਚਲਿਤ ਤਿੱਥ ਅੱਸੂ ਵਦੀ ੫ ਸੰਮਤ ੧੫੯੬ ਹੋਣ ਕਾਰਨ ਇਹੀ ਸਹੀ ਮੰਨ ਲਈ ਗਈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਕੁਝ ਦਿਨ ਪਹਿਲਾਂ ਹੀ ਸੌਂਪ ਕੇ ਖ਼ੁਦ ਹਾਲਾਤਾਂ ਦਾ ਜਾਇਜ਼ਾ ਲਿਆ ਹੋਵੇ ਅਤੇ ਉਨ੍ਹਾਂ ਤੋਂ ਬਾਅਦ ਸਿੱਖੀ ਦਾ ਅਗਲਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਸਥਾਪਿਤ ਕਰਨ ਦੀ ਹਿਦਾਇਤ ਕੀਤੀ ਗਈ ਹੋਵੇ।
ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ੮ ਅੱਸੂ ਸੰਮਤ ੧੫੯੬, ਦਿਨ ਐਤਵਾਰ, ਪੁਨਰਵਸੁ ਨਛੱਤਰ, ਨਾਨਕਸ਼ਾਹੀ ਸੰਮਤ ੭੧; 7 ਸਤੰਬਰ 1539 ਜੂਲੀਅਨ ਬਣਦਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ–ਜੋਤ ਪੁਰਬ ਨਾਨਕਸ਼ਾਹੀ ੮ ਅੱਸੂ ਹਰ ਸਾਲ 22 ਸਤੰਬਰ ਨੂੰ ਆਏਗਾ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੫ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ੪ ਅੱਸੂ ਸੰਮਤ ੧੫੯੬, ਦਿਨ ਬੁੱਧਵਾਰ, ਕ੍ਰਿਤਕਾ ਨਛੱਤਰ, ਨਾਨਕਸ਼ਾਹੀ ਸੰਮਤ ੭੧; 3 ਸਤੰਬਰ 1539 ਜੂਲੀਅਨ ਬਣਦਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਨਾਨਕਸ਼ਾਹੀ ੪ ਅੱਸੂ ਹਰ ਸਾਲ 18 ਸਤੰਬਰ ਆਏਗਾ।
ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਉਨ੍ਹਾਂ ਦੀ ਦੇਹ ਦਾ ਅੰਤਮ ਸਸਕਾਰ ਕਰਨ ਬਾਰੇ ਇੱਕ ਮਨਘੜਤ ਅਤੇ ਸਿਧਾਂਤਹੀਣ ਸਾਖੀ ਘੜੀ, ਲਿਖੀ ਤੇ ਪ੍ਰਚਾਰੀ ਜਾ ਰਹੀ ਹੈ। ਜਿਸ ਮੁਤਾਬਕ ਹਿੰਦੂਆਂ ਅਤੇ ਮੁਸਲਮਾਨਾਂ ਦਾ ਆਪਸ ’ਚ ਝਗੜਾ ਹੋ ਗਿਆ। ਹਿੰਦੂ ਕਹਿਣ ਨਾਨਕ ਸਾਡਾ ਗੁਰੂ ਹੈ, ਇਸ ਲਈ ਇਨ੍ਹਾਂ ਦੀ ਦੇਹ ਦਾ ਸਸਕਾਰ ਅਸੀਂ ਕਰਾਂਗੇ ਅਤੇ ਮੁਸਲਮਾਨ ਕਹਿਣ ਸਾਡਾ ਪੀਰ ਹੈ ਇਨ੍ਹਾਂ ਨੂੰ ਕਬਰ ’ਚ ਅਸੀਂ ਦਫ਼ਨਾਉਣਾ ਹੈ। ਇਸ ਝਗੜੇ ਦੌਰਾਨ ਜਦ ਗੁਰੂ ਸਾਹਿਬ ਜੀ ਦੀ ਦੇਹ ਉਪਰੋਂ ਚਾਦਰ ਚੁੱਕ ਕੇ ਵੇਖੀ ਤਾਂ ਉੱਥੇ ਕੁਝ ਨਹੀਂ ਸੀ ਭਾਵ ਗੁਰੂ ਸਾਹਿਬ ਜੀ ਸਮੇਤ ਦੇਹੀ ਪ੍ਰਲੋਕ ਚਲੇ ਗਏ। ਹਿੰਦੂ ਅਤੇ ਮੁਸਲਮਾਨਾਂ ਨੇ ਚਾਦਰ ਹੀ ਪਾੜ ਕੇ ਅੱਧੀ ਅੱਧੀ ਵੰਡ ਲਈ; ਹਿੰਦੂਆਂ ਨੇ ਉਸ ਦਾ ਸਸਕਾਰ ਕਰ ਦਿੱਤਾ ਅਤੇ ਮੁਸਲਮਾਨਾਂ ਨੇ ਦਫ਼ਨ ਕਰ ਦਿੱਤੀ। ਬਾਅਦ ’ਚ ਇਸ ਸਾਖੀ ਨੂੰ ਪ੍ਰਪੱਕ ਕਰਨ ਲਈ ਉੱਥੇ ਹੀ ਇੱਕ ਪਾਸੇ ਕਬਰ ਅਤੇ ਦੂਜੇ ਪਾਸੇ ਸਮਾਧ ਬਣਾ ਦਿੱਤੀ। ਕਈ ਪ੍ਰਚਾਰਕ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਜਿਸ ਸਥਾਨ ’ਤੇ ਹਿੰਦੂ ਅਤੇ ਮੁਸਲਮਾਨਾਂ ਨੇ ਚਾਦਰ ਪਾੜ ਕੇ ਅੱਧੀ-ਅੱਧੀ ਵੰਡੀ ਓਥੋਂ ਹੀ ਲਕੀਰ ਖਿੱਚ ਕੇ ਭਾਰਤ ਅਤੇ ਪਾਕਿਸਤਾਨ ਦੀ 1947 ’ਚ ਵੰਡ ਹੋਈ। ਇਹ ਸਾਖੀ ਗੁਰਬਾਣੀ ਦੀ ਕਸੌਟੀ ’ਤੇ ਪਰਖਿਆਂ ਸਾਫ਼ ਹੋ ਜਾਂਦਾ ਹੈ ਕਿ ਬੰਦੇ ਦਾ ਸਰੀਰ, ਪੈਸਾ ਅਤੇ ਸਰੀਰਕ ਅੰਗ ਕਿਸੇ ਦੇ ਨਾਲ਼ ਨਹੀਂ ਜਾਂਦਾ ‘‘ਭਾਈ ਰੇ ! ਤਨੁ ਧਨੁ ਸਾਥਿ ਨ ਹੋਇ ॥ (ਮਹਲਾ ੧/੬੨), ਨ ਇਹੁ ਤਨੁ ਜਾਇਗਾ ; ਨ ਜਾਹਿਗੇ ਖੰਭ ॥ (ਮਹਲਾ ੧/੧੨੫੭), ਜਾਗ ਲੇਹੁ ਰੇ ਮਨਾ ! ਜਾਗ ਲੇਹੁ ! ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ; ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥’’ (ਮਹਲਾ ੯/੭੨੬)
ਹੁਣ ਸਵਾਲ ਤਾਂ ਇਹ ਭੀ ਉੱਠਣਗੇ ਕਿ
(ੳ) ਜੇ ਉਕਤ ਸਾਖੀ ਸੱਚੀ ਹੈ ਤਾਂ ਮੰਨਣਾ ਪਏਗਾ ਕਿ ਗੁਰੂ ਨਾਨਕ ਸਾਹਿਬ ਜੀ ਹਿੰਦੂਆਂ ਤੇ ਮੁਸਲਮਾਨਾਂ ਦਾ ਝਗੜਾ ਖ਼ਤਮ ਕਰਨ ਲਈ ਆਪਣੀ ਮ੍ਰਿਤਕ ਦੇਹ ਨੂੰ ਨਾਲ ਹੀ ਪ੍ਰਲੋਕ ’ਚ ਲੈ ਗਏ ਭਾਵ ਗੁਰੂ ਸਾਹਿਬ ਜੀ ਸਾਰੀ ਉਮਰ ਜੋ ਸਿੱਖਿਆ ਸਾਨੂੰ ਦਿੰਦੇ ਰਹੇ ਉਸ ਨੂੰ ਅੰਤਮ ਸਮੇਂ ਆਪ ਹੀ ਗ਼ਲਤ ਸਾਬਤ ਕਰ ਗਏ।
(ਅ) ਗੁਰੂ ਸਾਹਿਬ ਜੀ ਦਾ ਆਦੇਸ਼ ਸੀ ਕਿ ਮਰਨ ਉਪਰੰਤ ਦੇਹ ਨੂੰ ਬਿਲੈ ਲਾਉਣ ਦਾ ਕੋਈ ਵੀ ਢੰਗ ਵਰਤ ਲਿਆ ਜਾਵੇ ਤਾਂ ਵੀ ਉਸ ਦੀ ਆਤਮਾ ਨੂੰ ਕੋਈ ਫ਼ਰਕ ਨਹੀਂ ਪੈਂਦਾ; ਜਿਵੇਂ ਕਿ ਹਿੰਦੂਆਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਜਾਂਦਾ ਹੈ। ਮੁਸਲਮਾਨ ਤੇ ਈਸਾਈ; ਕਬਰ ’ਚ ਦੱਬ ਦਿੰਦੇ ਹਨ। ਯਹੂਦੀ ਸੁੰਨਸਾਨ ਜਗ੍ਹਾ ਜਾਂ ਸੁੱਕੇ ਖੂਹ ’ਚ ਸੁੱਟ ਦਿੰਦੇ ਹਨ ਤਾਂ ਜੋ ਕੁੱਤੇ, ਗਿੱਧ ਆਦਿਕ ਮਾਸਾਹਰੀ ਜਾਨਵਰ ਖਾ ਲੈਣ। ਕੁੱਝ ਹਿੰਦੂ ਜਲ ਪ੍ਰਵਾਹ ਭੀ ਕਰਦੇ ਹਨ ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥’’ (ਮਹਲਾ ੧/੬੪੮) ਅਜਿਹੇ ਵਚਨ ਕਰਨ ਵਾਲੇ ਸਤਿਗੁਰੂ ਆਪਣੀ ਦੇਹ ਨੂੰ ਨਾਲ ਕਿਉਂ ਲੈ ਕੇ ਜਾਣਗੇ ? ਜਾਂ ਉਨ੍ਹਾਂ ਨੂੰ ਗੁਰੂ ਤੇ ਪੀਰ ਮੰਨਣ ਵਾਲੇ ਹਿੰਦੂ ਤੇ ਮੁਸਲਮਾਨ ਦੱਬਣ ਜਾਂ ਸਸਕਾਰ ਬਾਬਤ ਆਪਸ ਵਿੱਚ ਕਿਉਂ ਲੜਨਗੇ ?
(ੲ) ਜਦ ਹਿੰਦੂ ਅਤੇ ਮੁਸਲਮਾਨ; ਗੁਰੂ ਸਾਹਿਬ ਦੀ ਦੇਹ ਦਾ ਸਸਕਾਰ ਕਰਨ ’ਤੇ ਝਗੜਦੇ ਸਨ ਜਾਂ ਚਾਦਰ ਵੰਡਦੇ ਸਨ ਤਾਂ ਗੁਰੂ ਜੀ ਦੇ ਪੈਰੋਕਾਰ ਸਿੱਖ (ਬਾਬਾ ਬੁੱਢਾ ਜੀ, ਮਾਤਾ ਤ੍ਰਿਪਤਾ ਜੀ, ਦੋਵੇਂ ਪੁੱਤਰ ਅਤੇ ਅਨੇਕਾਂ ਸਿੱਖ) ਕਿੱਥੇ ਸਨ ? ਕੀ ਉਨ੍ਹਾਂ ਨੇ ਆਪਣਾ ਕੋਈ ਹੱਕ ਨਾ ਜਤਾਇਆ ? ਸਮਾਜ ਦੀ ਰੀਤ ਵੀ ਵੇਖੀ ਜਾਵੇ ਤਾਂ ਕਿਸੇ ਵੀ ਵਿਅਕਤੀ ਦੀ ਅੰਤਮ ਕ੍ਰਿਆ ਕਰਮ ਕਰਨ ਦਾ ਹੱਕ ਪਰਵਾਰ ਦਾ ਰਾਖਵਾਂ ਹੁੰਦਾ ਹੈ। ਪਰਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਬਿਲਕੁਲ ਹੀ ਕੋਈ ਦਖ਼ਲ ਅੰਦਾਜ਼ੀ ਨਾ ਕੀਤੀ ਜਾਣੀ, ਵੀ ਇਸ ਸਾਖੀ ਨੂੰ ਮਨਘੜਤ ਸਾਬਤ ਕਰਦਾ ਹੈ।
(ਸ) ਪਾਕਿਸਤਾਨ ਅਤੇ ਹਿੰਦੋਸਤਾਨ ਦੀ ਸੀਮਾ ਜੇਕਰ ਹਿੰਦੂ-ਮੁਸਲਮਾਨਾਂ ਵੱਲੋਂ ਚਾਦਰ ਵੰਡਣ ਸਦਕਾ ਹੋਈ ਤਾਂ ਪੂਰਬੀ ਪਾਕਿਸਤਾਨ (ਹੁਣ ਬੰਗਲਾ ਦੇਸ਼) ਤੇ ਹਿੰਦੋਸਤਾਨ ਦੀ ਸੀਮਾ ਦਾ ਵੀ ਕੋਈ ਕਾਰਨ ਹੋਵੇਗਾ ?
ਦਰਅਸਲ ਅਨ ਧਰਮਾਂ ਦਾ ਇਹ ਵਿਸ਼ਵਾਸ ਹੈ ਕਿ ਜੇ ਕੋਈ ਕਰਾਮਤ ਨਾ ਵਿਖਾ ਸਕੇ ਤਾਂ ਉਹ ਗੁਰੂ, ਪੀਰ ਜਾਂ ਅਉਲੀਆ ਹੀ ਨਹੀਂ, ਇਸ ਲਈ ਗੁਰੂ ਸਾਹਿਬ ਨੂੰ ਵੱਡਾ ਸਿੱਧ ਕਰਨ ਲਈ ਅਤੇ ਸਿੱਖਾਂ ਨੂੰ ਅਨਮਤ ਅਤੇ ਗੁਰੂ ਮਰਿਆਦਾ ਨੂੰ ਇੱਕ ਸਮਾਨ ਦਰਸਾਉਣ ਲਈ ਅਜਿਹੀਆਂ ਮਨਘੜਤ ਕਈ ਸਾਖੀਆਂ ਸਿੱਖੀ ਦੇ ਵਿਹੜੇ ’ਚ ਸੁੱਟੀਆਂ ਗਈਆਂ ਹਨ। ਵੈਸੇ ਗੁਰੂ ਹਰਿ ਰਾਏ ਜੀ ਨੇ ਬਾਬਾ ਰਾਮਰਾਏ ਨੂੰ ਕਰਾਮਾਤ ਵਿਖਾਉਣ ਅਤੇ ਗੁਰੂ ਸਿਧਾਂਤ ਬਦਲਣ ਲਈ ਸਾਮ੍ਹਣੇ ਨਾ ਆਉਣ ਦੀ ਸਜ਼ਾ ਦਿੱਤੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਾਮਾਤ ਵਿਖਾਉਣ ਨੂੰ ਰੱਬ ਦੀ ਰਜ਼ਾ ਦੇ ਉਲਟ ਦੱਸਿਆ ਹੈ। ਭਾਈ ਗੁਰਦਾਸ ਜੀ; ਗੁਰੂ ਨਾਨਕ ਸਾਹਿਬ ਜੀ ਦੇ ਹਵਾਲੇ ਨਾਲ਼ ਸਿੱਧ-ਜੋਗੀਆਂ ਨਾਲ ਉਨ੍ਹਾਂ ਦੇ ਹੋਏ ਸਵਾਲ-ਜਵਾਬ ਨੂੰ ਇਉਂ ਬਿਆਨ ਕਰਦੇ ਹਨ ‘‘ਸਿਧਿ ਬੋਲਨਿ ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ। ਕੁਝ ਵਿਖਾਲੇਂ ਅਸਾ ਨੋ; ਤੁਹਿ ਕਿਉ ਢਿਲ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ ! ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ। ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੨) ਸੋ ਅਜਿਹੀਆਂ ਕਈ ਸਿਧਾਂਤਿਕ ਮਿਸਾਲਾਂ ਗੁਰੂ ਇਤਿਹਾਸ ’ਚ ਦਰਜ ਹੋਣ ਦੇ ਬਾਵਜੂਦ ਭੀ ਮਨਘੜਤ ਸਾਖੀਆਂ ਨੂੰ ਜੀਵਤ ਰੱਖਣਾ ਕਿਸੇ ਗੁਰੂ ਦੇ ਪਿਆਰੇ ਸਿੱਖ ਦਾ ਕਾਰਜ ਨਹੀਂ ਹੋ ਸਕਦਾ।
ਜਿਹੜੇ ਗੁਰੂ ਸਾਹਿਬਾਨ ਕਰਾਮਾਤ ਵਿਖਾਉਣ ਦੀ ਥਾਂ ਆਪਣੇ ਸਰੀਰਕ ਨੂੰ ਤਿਆਗਣ ਨੂੰ ਤਰਜੀਹ ਦੇਣ; ਉਨ੍ਹਾਂ ਦੇ ਹੀ ਨਾਂ ਨਾਲ ਮਨਘੜਤ ਸਾਖੀਆਂ ਜੋੜਨਾ, ਹੈਰਾਨ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜੇ ਸਮੇਤ ਜਾਣਾ ਵਿਖਾਇਆ ਜਾਂਦਾ ਹੈ। ਸ਼ਾਇਦ ਇਨ੍ਹਾਂ ਨੇ ਸ਼ਾਹੂਕਾਰ ਭਾਈ ਦੁਨੀ ਚੰਦ ਲਾਹੌਰ ਦੀ ਇਹ ਸਾਖੀ ਨਹੀਂ ਪੜ੍ਹੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸੂਈ ਦੇ ਕੇ ਕਿਹਾ ਕਿ ਮੇਰੀ ਅਮਾਨਤ ਹੈ, ਜੋ ਪ੍ਰਲੋਕ ’ਚ ਤੁਹਾਥੋਂ ਵਾਪਸ ਲਵਾਂਗਾ। ਪਤਾ ਲੱਗਣ ’ਤੇ ਉਨ੍ਹਾਂ ਦੀ ਪਤਨੀ ਨੇ ਕਿਹਾ ਤੁਸੀਂ ਗ਼ਲਤ ਵਚਨ ਦੇ ਬੈਠੇ ਹੋ। ਨਿਭਾ ਨਹੀਂ ਸਕਦੇ ਕਿਉਂਕਿ ਕੋਈ ਵੀ ਮਨੁੱਖ ਨਾਲ ਕੁਝ ਨਹੀਂ ਲਿਜਾ ਸਕਦਾ। ਦੁਨੀ ਚੰਦ ਸੂਈ ਵਾਪਸ ਕਰਨ ਗਿਆ ਅਤੇ ਕਿਹਾ ਮਹਾਰਾਜ ! ਬੰਦੇ ਦੇ ਨਾਲ ਤਾਂ ਕੁਝ ਵੀ ਨਹੀਂ ਜਾ ਸਕਦਾ, ਇਸ ਲਈ ਆਪਣੀ ਅਮਾਨਤ ਹੁਣੇ ਵਾਪਸ ਲੈ ਲਵੋ। ਗੁਰੂ ਜੀ ਨੇ ਤੁਰੰਤ ਕਿਹਾ ਜੇ ਸੂਈ ਨਾਲ ਨਹੀਂ ਲਿਜਾ ਸਕਦਾ ਤਾਂ ਮਾਇਆ ਦੇ ਜਿਹੜੇ ਅੰਬਾਰ ਇਕੱਠੇ ਕਰਕੇ ਵਿਖਾਵੇ ਲਈ 7 ਝੰਡੇ ਲਾ ਰੱਖੇ ਹਨ ਇਨ੍ਹਾਂ ਨੂੰ ਨਾਲ ਕਿਵੇਂ ਲੈ ਜਾਵੇਂਗਾ ? ਚੰਗਾ ਹੋਵੇ ਲੋਕ ਭਲਾਈ ਦੇ ਕਾਰਜਾਂ ਲਈ ਆਪਣੇ ਹੱਥੀਂ ਵੰਡ ਦਿਓ।
ਸੋ ਜੋ ਗੁਰੂ ਸਾਹਿਬ ਜੀ ਇੱਕ ਸੂਈ ਦੀ ਮਿਸਾਲ ਦੇ ਕੇ ਲੋਕਾਂ ਨੂੰ ਸਮਝਾਉਂਦੇ ਰਹੇ ਕਿ ਨਾਲ ਕੁਝ ਨਹੀਂ ਜਾ ਸਕਦਾ ਉਨ੍ਹਾਂ ਨੂੰ ਹੀ ਸਮੇਤ ਸਰੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਘੋੜੇ ਚਲੇ ਜਾਣ ਦੀਆਂ ਸਾਖੀਆਂ ਸੁਣਾਉਣ ਵਾਲ਼ੇ ਮਨਮਤੀ ਲੋਕ ਹਨ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਣ ਦੀ ਬਜਾਏ ਇਸ ਦੇ ਸਿਧਾਂਤ ਵਿਰੁਧ ਕਾਰਜ ਕਰ ਪਾਪਾਂ ਦੇ ਭਾਗੀ ਬਣੇ ਹਨ। ਕੌਮ ਨੂੰ ਵਿਚਾਰ ਕਰਨ ਦੀ ਲੋੜ ਹੈ।
ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ
ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ : 2003 ਜਦੋਂ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਹੈ ਤਦ ਤੋਂ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਹਰ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਉਹੀ ਦੇਸੀ ਅਤੇ ਅੰਗਰੇਜ਼ੀ ਤਾਰੀਖ਼ਾਂ ਨੂੰ ਆਉਣਗੇ, ਜੋ ਇੱਕੋ ਵਾਰ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤੇ ਗਏ ਜਦਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ, ਜਿਸ ਨੂੰ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਨਾਂ ਦਿੱਤਾ ਹੈ, ਵਿੱਚ ਹਰ ਸਾਲ ਹੀ ਬਦਲਵੀਆਂ ਤਾਰੀਖਾਂ ਨੂੰ ਆਉਂਦੇ ਹਨ। ਇਸ ਕਾਰਨ ਆਮ ਸੰਗਤਾਂ ਨੂੰ ਨਿਸ਼ਚਿਤ ਕੀਤੇ ਦਿਹਾੜੇ ਬਿਲਕੁਲ ਪਤਾ ਨਹੀਂ ਲਗ ਸਕਦੇ ਕਿ ਇਹ ਕਿਸ ਤਰ੍ਹਾਂ ਨਿਸ਼ਚਿਤ ਕੀਤੇ ਗਏ ਹਨ। ਕਈ ਦਿਹਾੜਿਆਂ ਦੀਆਂ ਤਾਰੀਖ਼ਾਂ ਸੰਬੰਧੀ ਤਾਂ ਖ਼ੁਦ ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਪਤਾ ਲਗਦਾ ਕਿ ਇਹ ਤਾਰੀਖ਼ ਉਨ੍ਹਾਂ ਨੇ ਕਿਸ ਹਿਸਾਬ ਨਾਲ ਨਿਸ਼ਚਿਤ ਕੀਤੀ ਹੈ। ਮਿਸਾਲ ਦੇ ਤੌਰ ’ਤੇ ਹੇਠਾਂ ਦਿੱਤੇ ਚਾਰਟ ’ਚ ਅੱਸੂ ਮਹੀਨੇ ਦੀ ਸੰਗਰਾਂਦ ਸੰਨ 2019 ’ਚ 17 ਸਤੰਬਰ, 2020 ਅਤੇ 2021 ’ਚ 16 ਸਤੰਬਰ ਨੂੰ ਹੈ ਅਤੇ 2022 ’ਚ ਫਿਰ 17 ਸਤੰਬਰ ਨੂੰ ਆਵੇਗੀ। ਜੇ ਸੰਨ 2019 ’ਚ ਗੁਰਗੱਦੀ ਗੁਰੂ ਅਰਜਨ ਸਾਹਿਬ ਜੀ ਅਤੇ ਜੋਤੀ-ਜੋਤ ਪੁਰਬ; ਗੁਰੂ ਰਾਮਦਾਸ ਜੀ ਦੋਵੇਂ ਇੱਕ ਹੀ ਪ੍ਰਵਿਸ਼ਟੇ 16 ਭਾਦੋਂ ਨੂੰ ਆਏ ਸਨ ਤਾਂ 2020 ’ਚ ਇੱਕ ਦਿਨ ਦੇ ਫ਼ਰਕ ਨਾਲ ਕਰਮਵਾਰ 5 ਭਾਦੋਂ ਅਤੇ 6 ਭਾਦੋਂ ਕਿਉਂ ?, ਸੰਨ 2021 ’ਚ ਇੱਕ ਦਿਨ ਦੇ ਫ਼ਰਕ ਨਾਲ 24 ਭਾਦੋਂ ਤੇ 25 ਭਾਦੋਂ ਕਿਉਂ ?, ਇਸ ਤਰ੍ਹਾਂ ਸੰਨ 2022 ’ਚ ਕੀ ਤਾਰੀਖ਼ ਹੋਵੇਗੀ, ਨਹੀਂ ਪਤਾ।
ਦੂਸਰਾ ਵੱਡਾ ਭੁਲੇਖਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿੱਚ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦਾ ਸੰਬੰਧਿਤ ਦਿਨ ਲਈ ਕੇਵਲ ਬਿਕ੍ਰਮੀ ਕੈਲੰਡਰ ਦਾ ਪ੍ਰਵਿਸ਼ਟਾ ਲਿਖਿਆ ਹੁੰਦਾ ਹੈ, ਜੋ ਕਿਸੇ ਵੀ ਇਤਿਹਾਸਕ ਪੁਸਤਕ ’ਚ ਦਰਜ ਪ੍ਰਵਿਸ਼ਟੇ ਨਾਲ ਮੇਲ ਨਹੀਂ ਖਾਂਦਾ ਅਤੇ ਜਿਸ ਤਿਥ ਮੁਤਾਬਕ ਉਹ ਪੁਰਬ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ, ਉਹ ਤਿਥ ਕੈਲੰਡਰ ਵਿੱਚ ਕਿਤੇ ਵੀ ਵਿਖਾਈ ਨਹੀਂ ਦਿੰਦੀ।
ਗੁਰੂ ਅਰਜਨ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਰਾਮਦਾਸ ਜੀ ਦਾ ਜੋਤੀ-ਜੋਤ ਪੁਰਬ ਇਤਿਹਾਸ ’ਚ ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ, ਪ੍ਰੋ: ਸਾਹਿਬ ਸਿੰਘ, ਡਾ: ਗੰਡਾ ਸਿੰਘ (ਉਰਦੂ ਜੰਤਰੀ) ਅਤੇ ਗਿਆਨੀ ਸੋਹਨ ਸਿੰਘ ਸੀਤਲ ਆਦਿ ਸਾਰਿਆਂ ਨੇ ਹੀ ਭਾਦੋਂ ਸੁਦੀ 3, 2 ਅੱਸੂ ਬਿਕ੍ਰਮੀ ਸੰਮਤ 1638 ਮੁਤਾਬਕ 1 ਸਤੰਬਰ 1581 ਈ: ਲਿਖਿਆ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਅਮਰਦਾਸ ਜੀ ਦਾ ਜੋਤੀ-ਜੋਤ ਪੁਰਬ ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ, ਪ੍ਰੋ: ਸਾਹਿਬ ਸਿੰਘ*, ਡਾ: ਗੰਡਾ ਸਿੰਘ (ਉਰਦੂ ਜੰਤਰੀ)* ਅਤੇ ਗਿਆਨੀ ਸੋਹਨ ਸਿੰਘ ਸੀਤਲ; ਸਾਰਿਆਂ ਨੇ ਹੀ ਭਾਦੋਂ ਸੁਦੀ 15, 2 ਅੱਸੂ ਬਿਕ੍ਰਮੀ ਸੰਮਤ 1631 ਮੁਤਾਬਕ 1 ਸਤੰਬਰ 1574 ਈ: ਲਿਖਿਆ ਹੈ। (ਨੋਟ: *ਪ੍ਰੋ: ਸਾਹਿਬ ਸਿੰਘ ਅਤੇ *ਡਾ: ਗੰਡਾ ਸਿੰਘ ਦੀ ਭਾਦੋਂ ਸੁਦੀ 15 ਸੰਮਤ 1631 ਅਤੇ 1 ਸਤੰਬਰ 1574 ਤਾਂ ਮੇਲ ਖਾਂਦੀ ਹੈ, ਪਰ ਇਨ੍ਹਾਂ ਤਿਥਾਂ/ਤਾਰੀਖ਼ਾਂ ਨਾਲ ਮੇਲ ਖਾਂਦਾ ਪ੍ਰਵਿਸ਼ਟਾ ਕੰਨੂੰਪਿੱਲੇ ਦੀ ਜੰਤਰੀ ’ਚੋਂ ਵੇਖ ਕੇ 1 ਅੱਸੂ ਲਿਖ ਦਿੱਤਾ। ਇਹ ਜੰਤਰੀ ਤਾਮਿਲਨਾਡੂ ਵਿੱਚ ਪ੍ਰਚਲਿਤ ਨਿਯਮਾਂ ਆਧਾਰਿਤ ਹੈ, ਜੋ ਪੰਜਾਬ ’ਚ ਲਾਗੂ ਨਿਯਮਾਂ ਨਾਲੋਂ ਭਿੰਨ ਹੋਣ ਕਰਕੇ ਕੁਝ ਸੰਗਰਾਂਦਾਂ ਤਾਂ ਪੰਜਾਬ ਨਾਲ ਮੇਲ ਖਾਂਦੀਆਂ ਹਨ, ਪਰ ਕਈਆਂ ਵਿੱਚ ਇੱਕ ਦਿਨ ਦਾ ਫਰਕ ਪੈਂਦਾ ਹੈ। ਇਸ ਸੰਬੰਧੀ ਥੱਲੇ ਨੋਟ ਵੀ ਲਿਖਿਆ ਹੈ। ਇਨ੍ਹਾਂ ਵਿਦਵਾਨਾਂ ਦਾ ਇਸ ਨੋਟ ਵੱਲ ਧਿਆਨ ਨਹੀਂ ਗਿਆ, ਜਿਸ ਕਾਰਨ ਉਨ੍ਹਾਂ ਨੇ ਗਲਤੀ ਨਾਲ ਤਾਮਿਲਨਾਡੂ ਵਾਲਾ 1 ਅੱਸੂ ਹੀ ਲਿਖ ਦਿੱਤਾ ਜਦੋਂ ਕਿ ਪੰਜਾਬ ਦੇ ਨਿਯਮਾਂ ਨਾਲ ਇਹ 2 ਅੱਸੂ ਬਣਦਾ ਹੈ)
ਨਾਨਕਸ਼ਾਹੀ ਕੈਲੰਡਰ ’ਚ ਸਾਰੇ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ ਹੈ; ਇਸ ਕਾਰਨ ਇਨ੍ਹਾਂ ਚਾਰੇ ਗੁਰ ਪਰਬਾਂ ਲਈ 2 ਅੱਸੂ ਨਿਸ਼ਚਿਤ ਕੀਤਾ ਗਿਆ ਹੈ, ਜੋ ਹਰ ਸਾਲ 16 ਸਤੰਬਰ ਨੂੰ ਆਉਣਗੇ। 1 ਸਤੰਬਰ ਤੋਂ 16 ਸਤੰਬਰ ਦਾ ਜੋ 15 ਦਿਨਾਂ ਦਾ ਫਰਕ ਹੈ, ਇਹ 1582 ’ਚ ਅੰਗਰੇਜ਼ੀ ਕੈਲੰਡਰ ਵਿੱਚ ਹੋਈ 10 ਦਿਨ ਦੀ ਸੋਧ ਅਤੇ ਬਾਕੀ ਦੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ 1964 ਤੱਕ ਲੱਗਭਗ 24 ਮਿੰਟ ਅਤੇ 1964 ਤੋਂ ਬਾਅਦ 20 ਮਿੰਟ ਵੱਧ ਹੋਣ ਕਾਰਨ ਹੈ। ਹੁਣ ਤੱਕ ਜੋ ਫ਼ਰਕ ਪੈ ਚੁੱਕਾ, ਸੋ ਪੈ ਗਿਆ, ਪਰ ਅੱਗੇ ਤੋਂ ਨਾਨਕਸ਼ਾਹੀ 2 ਅੱਸੂ ਹਮੇਸ਼ਾਂ ਲਈ 16 ਸਤੰਬਰ ਨੂੰ ਹੀ ਆਵੇਗੀ ਜਦੋਂ ਕਿ ਬਿਕ੍ਰਮੀ ਕੈਲੰਡਰ ਦੀ 2 ਅੱਸੂ ਜਿਹੜੀ 1581 ’ਚ 1 ਸਤੰਬਰ ਨੂੰ ਸੀ, ਹੁਣ ਉਹ 17/18 ਸਤੰਬਰ ਨੂੰ ਆ ਰਹੀ ਹੈ ਅਤੇ ਅਗਾਂਹ ਲਈ ਹੋਰ ਖਿਸਕਦੀ ਜਾਵੇਗੀ। ਡੇਰਾਵਾਦੀ ਸੋਚ ਵਾਲੇ ਹੁਣ ਤੱਕ ਰੌਲ਼ਾ ਪਾਉਂਦੇ ਆ ਰਹੇ ਹਨ ਕਿ ਪੁਰੇਵਾਲ ਨੇ ਚਾਰ ਚਾਰ ਗੁਰ ਪੁਰਬ ਇਕੱਠੇ ਕਰ ਦਿੱਤੇ ਜਦੋਂ ਕਿ ਪਹਿਲਾਂ ਇਹ ਕਦੀ ਨਹੀਂ ਆਏ। ਹੁਣ ਜੇ ਉਕਤ ਸਾਰੇ ਹੀ ਨਾਮਵਰ ਵਿਦਵਾਨਾਂ ਨੇ ਚਾਰੇ ਹੀ ਪੁਰਬਾਂ ਦਾ ਪ੍ਰਵਿਸ਼ਟਾ 2 ਅੱਸੂ ਲਿਖਿਆ ਹੈ ਤਾਂ 2 ਅੱਸੂ ਨਿਸ਼ਚਿਤ ਕਰਨ ਵਿੱਚ ਕੀ ਗਲਤ ਹੈ ?
ਮੱਕੀ ਦੇ ਫ਼ਾਇਦੇ
ਮੱਕੀ ਦੇ ਫ਼ਾਇਦੇ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ (ਪਟਿਆਲਾ)-0175-2216783
ਜਦੋਂ ਸਾਡੇ ਆਪਣੇ ਸੱਤੂ ਅਮਰੀਕਾ ਵੱਲੋਂ ਓਟਸ ਕਹਿ ਕੇ ਛੇ ਗੁਣਾ ਵੱਧ ਰੇਟ ਉੱਤੇ ਵੇਚੇ ਜਾਣ ਤਾਂ ਸਾਨੂੰ ਬਹੁਤ ਚੰਗਾ ਜਿਹਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਖਾ ਕੇ ਆਪਣੇ ਆਪ ਨੂੰ ਅਗਾਂਹਵਧੂ ਮਹਿਸੂਸ ਕਰਨ ਲੱਗ ਪੈਂਦੇ ਹਾਂ। ਇੰਜ ਹੀ ਸਾਨੂੰ ਸੜਕ ਦੇ ਕਿਨਾਰੇ ’ਤੇ ਖੜ੍ਹੇ ਛੱਲੀ ਚੱਬਦਿਆਂ ਉਜੱਡ (ਸ਼ਰਮਿੰਦਾ) ਲੱਗਦਾ ਹੈ ਜਦਕਿ ਨਾਂ ਬਦਲ ਕੇ 10 ਗੁਣਾ ਮਹਿੰਗੇ ਕੌਰਨ 5 ਤਾਰਾ ਹੋਟਲ ਵਿੱਚ ਬਹਿ ਕੇ ਖਾਣੇ ਚੰਗੇ ਲੱਗਦੇ ਹਨ।
ਅਮਰੀਕਾ ਵਿੱਚ ਮੱਕੀ ਦੇ ਦਾਣਿਆਂ ਨੂੰ ਲਗਭਗ ਹਰ ਕਿਸਮ ਦੇ ਖਾਣੇ ਵਿੱਚ ਵਰਤਿਆ ਜਾਣ ਲੱਗ ਪਿਆ ਹੈ। ਮੱਕੀ ਵਿੱਚ ਕੁਦਰਤੀ ਸ਼ੱਕਰ ਤੇ ਕਾਰਬੋਹਾਈਡਰੇਟ ਕਾਫ਼ੀ ਹਨ। ਪੌਪਕੌਰਨ ਵਜੋਂ ਬਹੁਤ ਮਸ਼ਹੂਰ ਹੋਈ ਮੱਕੀ ਅਮਰੀਕਾ, ਕਨੇਡਾ, ਯੂਰਪ ਵਿੱਚ ਸੌਸ ਜਾਂ ਹੋਰ ਖਾਣਿਆਂ ਨੂੰ ਗਾੜ੍ਹਾ ਕਰਨ ਲਈ ਕੌਰਨ ਫਲੋਰ ਵਜੋਂ ਵਰਤੀ ਜਾ ਰਹੀ ਹੈ। ਚਿੱਪਸ, ਟੌਰਟਿਲਾ, ਕਰੈਕਰ ਆਦਿ ਵਿੱਚ ਵਰਤੀ ਜਾ ਰਹੀ ਮੱਕੀ ਦੁਨੀਆਂ ਦੇ ਲਗਭਗ ਹਰ ਹਿੱਸੇ ਵਿੱਚ ਬੱਚੇ ਤੋਂ ਬਜ਼ੁਰਗ ਤੱਕ ਵਰਤੀ ਜਾ ਰਹੀ ਹੈ।
ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਪਰ ਦਸ ਹਜ਼ਾਰ ਸਾਲ ਪਹਿਲਾਂ ਮੈਕਸੀਕੋ ਵਿੱਚ ਜੰਗਲੀ ਘਾਹ ‘ਤੀਓਸਿੰਤੇ’ ਤੋਂ ਮੱਕੀ ਦੇ ਦਾਣੇ ਕੱਢੇ ਜਾਂਦੇ ਸਨ। ਹੌਲ਼ੀ-ਹੌਲ਼ੀ ਇਸ ਨੂੰ ਉਗਾਉਣ ਦੇ ਢੰਗ ਬਦਲਦੇ ਰਹੇ ਤੇ ਮੌਜੂਦਾ ਮੱਕੀ ਹੋਂਦ ਵਿੱਚ ਆ ਗਈ। ਅਮਰੀਕਾ ਵਿੱਚ ਵੱਡੀ ਤਾਦਾਦ ਵਿੱਚ ਉੱਗਦੀ ਮੱਕੀ ਵੇਖ ਇੰਗਲੈਂਡ ਦੇ ਕੁੱਝ ਕਿਸਾਨਾਂ ਨੇ ਇਸ ਨੂੰ ਇੰਗਲੈਂਡ ’ਚ ਵੀ ਬੀਜਣਾ ਸ਼ੁਰੂ ਕਰ ਦਿੱਤਾ।
ਸੰਨ 1621 ਵਿੱਚ ਸ਼ੁਕਰਾਨੇ ਵਜੋਂ ਕੀਤੇ ਰਾਤ ਦੇ ਖਾਣੇ ਵਿੱਚ ਮੱਕੀ ਦੀ ਵਰਤੋਂ ਕੀਤੀ ਗਈ। ਇਸ ਦੇ ਬੀਜ ਅੰਦਰ ਪਾਣੀ ਦੀ ਇੱਕ ਬੂੰਦ ਹੁੰਦੀ ਹੈ ਜੋ ਭੁੰਨੇ ਜਾਣ ਉੱਤੇ ਫਟ ਕੇ ਵਿਚਕਾਰਲਾ ਹਿੱਸਾ ਬਾਹਰ ਕੱਢ ਦਿੰਦੀ ਹੈ ਤੇ ਇਹੀ ਉਛਲਦੇ ਕੁੱਦਦੇ ਦਾਣਿਆਂ ਨੇ ਉਦੋਂ ਜਸ਼ਨ ਨੂੰ ਦੁੱਗਣਾ ਕਰ ਦਿੱਤਾ।
ਹੁਣ ਛੱਲੀ ਕਈ ਰੰਗਾਂ ਵਿੱਚ ਮਿਲਦੀ ਹੈ। ਲਾਲ, ਚਿੱਟੇ, ਜਾਮਨੀ, ਨੀਲੇ, ਕਾਲੇ ਤੇ ਸੁਨਿਹਰੀ ਰੰਗ ਵਿੱਚ। ਇੱਕ ਚਿੱਟੇ ਤੇ ਪੀਲੇ ਦਾ ਸੁਮੇਲ ‘ਡੈਂਟ ਕੌਰਨ’ ਜ਼ਿਆਦਾਤਰ ਜਾਨਵਰਾਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ ਜਾਂ ਟੌਰਟਿਲਾ ਚਿੱਪਸ ਬਣਾਉਣ ਲਈ।
ਪੁਰਾਣੇ ਸਮਿਆਂ ਵਿੱਚ ਜਿਉਂ ਜਿਉਂ ਇਸ ਦੀ ਵਰਤੋਂ ਵਧਦੀ ਗਈ ਤਿਉਂ-ਤਿਉਂ ਹੀ ਅੰਤੜੀਆਂ ਦਾ ਕੈਂਸਰ ਘਟਦਾ ਗਿਆ। ਹੁਣ ਇਸ ਦੇ ਕਾਰਨਾਂ ਦੀ ਸਮਝ ਆ ਚੁੱਕੀ ਹੈ। ਦਰਅਸਲ ਮੱਕੀ ਅੰਤੜੀਆਂ ਵਿੱਚ ਬੈਠੇ ਚੰਗੇ ਬੈਕਟੀਰੀਆ ਦੀ ਖ਼ੁਰਾਕ ਹੁੰਦੀ ਹੈ। ਚੰਗੇ ਬੈਕਟੀਰੀਆ ਮੱਕੀ ਨੂੰ ਖਾ ਕੇ ਵਧ ਫੁੱਲ ਜਾਂਦੇ ਹਨ ਤੇ ਮਾੜੇ ਕੀਟਾਣੂਆਂ ਨੂੰ ਸੌਖਿਆਂ ਢਾਅ ਲੈਂਦੇ ਹਨ। ਇੰਜ ਮਾੜੇ ਬੈਕਟੀਰੀਆ ‘ਕੋਲਨ ਕੈਂਸਰ’ ਵਰਗੀ ਬੀਮਾਰੀ ਕਰ ਹੀ ਨਹੀਂ ਸਕਦੇ।
ਫਾਈਬਰ ਭਰਪੂਰ ਮੱਕੀ ਖਾਣ ਨਾਲ ਦਿਲ ਦੇ ਰੋਗ ਤੇ ਟਾਈਪ 2 ਸ਼ੱਕਰ ਰੋਗ ਹੋਣ ਦਾ ਖ਼ਤਰਾ ਵੀ ਟਲ ਜਾਂਦਾ ਹੈ। ਇਸ ਵਿੱਚ ਵਿਟਾਮਿਨ ਸੀ ਵੀ ਹੈ, ਜੋ ਐਂਟੀਆਕਸੀਡੈਂਟ ਹੋਣ ਕਰ ਕੇ ਸੈੱਲਾਂ ਦੀ ਟੁੱਟ ਫੁੱਟ ਤੋਂ ਵੀ ਬਚਾਅ ਕਰ ਦਿੰਦਾ ਹੈ। ਪੀਲੀ ਮੱਕੀ ਵਿਚਲੇ ਕੈਰੋਟੀਨਾਇਡ-ਲਿਓਟੀਨ ਅਤੇ ਜ਼ੀਜ਼ੈਂਥੀਨ ਅੱਖਾਂ ਦੀ ਸਿਹਤ ਲਈ ਬਹੁਤ ਵਧੀਆ ਹਨ। ਇਹ ਚਿੱਟਾ ਮੋਤੀਆ ਹੋਣ ਤੋਂ ਵੀ ਕੁੱਝ ਹਦ ਤੱਕ ਬਚਾਅ ਕਰ ਦਿੰਦੇ ਹਨ।
ਵਿਟਾਮਿਨ ਬੀ, ਈ ਅਤੇ ਕੇ ਦੇ ਨਾਲ-ਨਾਲ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵੀ ਮੱਕੀ ਵਿੱਚ ਹੁੰਦੇ ਹਨ। ਵੱਖੋ-ਵੱਖ ਰੰਗਾਂ ਦੇ ਆਧਾਰ ’ਤੇ ਵੱਖ-ਵੱਖ ਤੱਤ ਹੁੰਦੇ ਹਨ। ਨੀਲੀ ਛੱਲੀ ਵਿੱਚ ਫਾਈਟੋਨਿਊਟਰੀਐਂਟ ਵੱਧ ਹੁੰਦੇ ਹਨ। ਇਨ੍ਹਾਂ ਨੂੰ ਚਿੱਪਸ ਜਾਂ ਟਾਕੋ ਵਿੱਚ ਵਰਤਿਆ ਜਾਂਦਾ ਹੈ।
ਛੱਲੀ ਵਿੱਚ ਕਾਰਬੋਹਾਈਡਰੇਟ ਤੇ ਸ਼ੱਕਰ ਹੁੰਦੇ ਹਨ। ਜੇ ਵੱਧ ਮਾਤਰਾ ਵਿੱਚ ਨਾ ਖਾਧੀ ਜਾਏ ਤਾਂ ਇਨ੍ਹਾਂ ਦਾ ਏਨਾ ਨੁਕਸਾਨ ਨਹੀਂ ਹੈ। ਕੁੱਝ ਸਾਲਾਂ ਤੋਂ ਛੱਲੀ ਨੂੰ ਜੈਨੇਟਿਕ ਢੰਗ ਨਾਲ ਤਬਦੀਲ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਕੀੜਾ ਨਾ ਲੱਗੇ। ਹਾਲੇ ਤੱਕ ਇਸ ਜੈਨੇਟਿਕ ਤਬਦੀਲੀ ਨਾਲ ਮਾੜੇ ਅਸਰ ਦਿਸਣੇ ਸ਼ੁਰੂ ਨਹੀਂ ਹੋਏ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਤਬਦੀਲੀ ਨਾਲ ਚੰਗੇ ਅਸਰ, ਜੋ ਸਰੀਰ ਉੱਤੇ ਪੈਂਦੇ ਸਨ, ਉਹ ਘੱਟ ਗਏ ਹਨ ਜਾਂ ਵਧੇ ਹਨ।
ਅੱਜ ਕੱਲ੍ਹ ਕੌਰਨ ਫਲੋਰ, ਕੌਰਨ ਮੀਲ, ਕੌਰਨ ਸਿਰਪ ਅਤੇ ਕੌਰਨ ਤੇਲ ਕਾਫ਼ੀ ਵਿਕਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਦੀ ਖਰਬਾਂ ਰੁਪਏ ਦੀ ਮਾਰਕਿਟ ਬਣ ਚੁੱਕੀ ਹੈ। ਇੰਟਰਨੈੱਟ ਭੀ ਇਨ੍ਹਾਂ ਦੀ ਤਾਰੀਫ਼ ਕਰਦਿਆਂ ਥੱਕਦਾ ਨਹੀਂ ਕਿਉਂਕਿ ਆਮ ਛੱਲੀ ਨੂੰ 600 ਗੁਣਾ ਮਹਿੰਗਾ ਕਰ ਕੇ ਵੇਚਣਾ ਜੋ ਹੋਇਆ।
100 ਗ੍ਰਾਮ ਉਬਲੀ ਪੀਲੀ ਛੱਲੀ ਵਿੱਚ 96 ਕੈਲਰੀਆਂ ਹੁੰਦੀਆਂ ਹਨ, 9.4 ਗ੍ਰਾਮ ਪ੍ਰੋਟੀਨ, 74.26 ਗ੍ਰਾਮ ਕਾਰਬੋਹਾਈਡ੍ਰੇਟ, 4.5 ਗ੍ਰਾਮ ਖੰਡ, 73 ਫੀਸਦੀ ਪਾਣੀ, 7.3 ਗ੍ਰਾਮ ਫਾਈਬਰ ਅਤੇ 1.5 ਗ੍ਰਾਮ ਥਿੰਦਾ ਹੁੰਦਾ ਹੈ।
ਖੰਡ ਵਾਧੂ ਮਾਤਰਾ ਵਿੱਚ ਭਾਵੇਂ ਹੈ, ਪਰ ਗਲਾਈਸੀਮਿਕ ਇੰਡੈਕਸ ਘੱਟ ਹੋਣ ਸਦਕਾ ਸ਼ੱਕਰ ਰੋਗੀ ਵੀ ਇਸ ਨੂੰ ਖਾ ਸਕਦੇ ਹਨ। ਖਾਣ ਤੋਂ ਬਅਦ ਇਕਦਮ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਵਧਦੀ ਨਹੀਂ। ਇਸੇ ਲਈ ਇਸ ਨੂੰ ਸਿਹਤਮੰਦ ਖ਼ੁਰਾਕ ਗਿਣਿਆ ਜਾਂਦਾ ਹੈ।
ਘੱਟ ਖੁਰਨ ਵਾਲੇ ਫਾਈਬਰ ਹੈਮੀਸੈਲੂਲੋਜ਼, ਸੈਲੂਲੋਜ਼ ਤੇ ਲਿਗਨਿਨ ਹੀ ਪੀਲੀ ਛੱਲੀ ਨੂੰ ਅੰਤੜੀਆਂ ਲਈ ਵਧੀਆ ਸਾਬਤ ਕਰਦੇ ਹਨ। ਛੱਲੀ ਵਿਚਲੀ ਪ੍ਰੋਟੀਨ ‘ਜ਼ੀਨ’ ਬਹੁਤੀ ਵਧੀਆ ਕਿਸਮ ਦੀ ਨਹੀਂ ਹੁੰਦੀ ਕਿਉਂਕਿ ਇਸ ਵਿੱਚ ਕੁੱਝ ਵਧੀਆ ਅਮਾਈਨੋ ਏਸਿਡ ਨਹੀਂ ਹੁੰਦੇ। ਕਈ ਫੈਕਟਰੀਆਂ ਛੱਲੀ ਵਿਚਲੇ ਜ਼ੀਨ ਨੂੰ ਵਰਤ ਕੇ ਉਸ ਵਿੱਚੋਂ ਗੂੰਦ, ਸਿਆਹੀ, ਟਾਫੀਆਂ ਜਾਂ ਸੁੱਕੇ ਮੇਵਿਆਂ ਉੱਤੇ ਚਾੜ੍ਹੀ ਖੰਡ, ਦਵਾਈਆਂ ਉੱਤੇ ਚਾੜ੍ਹੀ ਖੰਡ ਆਦਿ ਤਿਆਰ ਕਰਦੇ ਹਨ।
ਰਿਫਾਈਨਲਡ ਕੌਰਨ ਤੇਲ ਬਹੁਤ ਮਹਿੰਗੇ ਭਾਅ ਵਿਕਦਾ ਹੈ। ਇਸ ਵਿੱਚ ਛੱਲੀ ਵਿਚਲੇ ਲਿਨੋਲਿਕ ਏਸਿਡ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਵਿਟਾਮਿਨ ਈ, ਯੂਬੀ ਕਉਈਨੋਨ ਤੇ ਫਾਈਟੋਸਟੀਰੋਲ ਭਰਪੂਰ ਹੁੰਦੇ ਹਨ ਅਤੇ ਕੋਲੈਸਟਰੋਲ ਘਟਾਉਂਦੇ ਹਨ। ਵਿਟਾਮਿਨ ਤੇ ਮਿਨਰਲ; ਛੱਲੀ ਵਿੱਚ ਕਾਫ਼ੀ ਭਰੇ ਪਏ ਹਨ ਇਸੇ ਲਈ ਮੱਕੀ ਦਾ ਆਟਾ ਕਾਫ਼ੀ ਸਿਹਤਮੰਦ ਗਿਣਿਆ ਜਾਂਦਾ ਹੈ।
ਛੱਲੀ ਵਿੱਚ ਬਹੁਤ ਜ਼ਿਆਦਾ ਮੈਂਗਨੀਜ਼ ਹੁੰਦਾ ਹੈ, ਜੋ ਹਜ਼ਮ ਨਹੀਂ ਹੰੁਦਾ ਕਿਉਂਕਿ ਛੱਲੀ ਵਿੱਚ ਫਾਈਟਿਕ ਏਸਿਡ ਵੱਧ ਹੁੰਦਾ ਹੈ। ਇਸ ਲਈ ਛੱਲੀ ਉੱਤੇ ਨਮਕ ਅਤੇ ਨਿੰਬੂ ਲਗਾ ਕਰ ਖਾਣਾ ਚਾਹੀਦਾ ਹੈ ਤਾਂ ਜੋ ਫਾਸਫੋਰਸ ਹਜ਼ਮ ਹੋ ਸਕੇ। ਇਹ ਹਜ਼ਮ ਹੋ ਕੇ ਬੱਚੇ ਦੇ ਵਧਣ ਫੁੱਲਣ ਅਤੇ ਸਰੀਰ ਦੇ ਪੱਠਿਆਂ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦਾ ਹੈ। ਭੁੰਨੀ ਛੱਲੀ ਜਾਂ ਪੌਪ ਕੌਰਨ ਵਿੱਚ ਵੀ ਫਾਸਫੋਰਸ ਦੀ ਮਾਤਰਾ ਓਨੀ ਹੀ ਰਹਿੰਦੀ ਹੈ।
ਛੱਲੀ ਵਿਚਲਾ ਮੈਗਨੀਸ਼ੀਅਮ ਦਿਲ ਦੇ ਰੋਗਾਂ ਅਤੇ ਹੋਰ ਵੀ ਕਈ ਕਰੌਨਿਕ ਬੀਮਾਰੀਆਂ ਤੋਂ ਬਚਾਓ ਕਰਦਾ ਹੈ। ਜ਼ਿੰਕ ਭਾਵੇਂ ਛੱਲੀ ਵਿੱਚ ਹੈ, ਪਰ ਇਹ ਵੀ ਫਾਈਟਿਕ ਏਸਿਡ ਸਦਕਾ ਸਰੀਰ ਅੰਦਰ ਜਜ਼ਬ ਨਹੀਂ ਹੁੰਦਾ। ਦਿਲ ਨੂੰ ਸਿਹਤਮੰਦ ਰੱਖਣ ਵਾਲਾ ਕੌਪਰ ਛੱਲੀ ਵਿੱਚੋਂ ਸਰੀਰ ਹਜ਼ਮ ਕਰ ਲੈਂਦਾ ਹੈ।
ਪੈਂਟੋਥੀਨਿਕ ਏਸਿਡ (ਵਿਟਾਮਿਨ ਬੀ 5), ਫੋਲਿਕ ਏਸਿਡ (ਵਿਟਾਮਿਨ ਬੀ 9), ਵਿਟਾਮਿਨ ਬੀ 6, ਨਾਇਆਸਿਨ, ਵਿਟਾਮਿਨ ਬੀ 3 ਤੇ ਪੋਟਾਸ਼ੀਅਮ ਵੀ ਛੱਲੀ ਵਿੱਚ ਹੁੰਦੇ ਹਨ।
ਪੋਟਾਸ਼ੀਅਮ ਦਿਲ ਲਈ ਸਿਹਤਮੰਦ ਹੈ। ਛੱਲੀ ਵਿਚਲਾ ਵਿਟਾਮਿਨ ਬੀ 3, ਸਰੀਰ ਉਦੋਂ ਹੀ ਹਜ਼ਮ ਕਰ ਸਕਦਾ ਹੈ ਜੇ ਛੱਲੀ ਉੱਤੇ ਨਿੰਬੂ ਲਾਇਆ ਗਿਆ ਹੋਵੇ। ਮਿਨਰਲ ਜ਼ਿਆਦਾ ਉਦੋਂ ਹਜ਼ਮ ਹੁੰਦੇ ਹਨ ਜਦੋਂ ਪੌਪ ਕੌਰਨ ਬਣਾ ਕੇ ਖਾਧੇ ਜਾਣ।
ਐਂਟੀਆਕਸੀਡੈਂਟ :- ਇਕ ਖ਼ਾਸ ਗੱਲ ਮੱਕੀ ਵਿੱਚ ਇਹ ਹੈ ਕਿ ਕੁਦਰਤੀ ਤੌਰ ਉੱਤੇ ਐਂਟੀਆਕਸੀਡੈਂਟ ਹੋਰ ਤਰ੍ਹਾਂ ਦੇ ਅੰਨ ਨਾਲੋਂ ਇਸ ਵਿੱਚ ਸਭ ਤੋਂ ਵੱਧ ਹਨ।
- ਫੈਰੂਲਿਕ ਏਸਿਡ ਮੱਕੀ ਵਿੱਚ ਕਣਕ, ਸੱਤੂ ਤੇ ਚੌਲਾਂ ਨਾਲੋਂ ਕਿਤੇ ਵੱਧ ਹੈ।
- ਐਂਥੋਸਾਇਆਨਿਨ ਛੱਲੀ ਨੂੰ ਨੀਲਾ, ਜਾਮਨੀ ਤੇ ਲਾਲ ਰੰਗ ਦਿੰਦੇ ਹਨ।
- ਜ਼ੀਜ਼ੈਂਥੀਨ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦੇ ਹਨ।
- ਲਿਊਟੀਨ ਕਾਫ਼ੀ ਮਾਤਰਾ ਵਿੱਚ ਛੱਲੀ ਵਿੱਚ ਹੈ, ਜੋ ਅੱਖਾਂ ਨੂੰ ਨੀਲੀ ਲਾਈਟ ਦੇ ਮਾੜੇ ਅਸਰਾਂ ਤੋਂ ਬਚਾਉਂਦੀ ਹੈ।
- ਫਾਈਟਿਕ ਏਸਿਡ :- ਇਸ ਦੇ ਹੋਣ ਨਾਲ ਜ਼ਿੰਕ ਅਤੇ ਲੋਹ ਕਣ ਨੂੰ ਹਜ਼ਮ ਕਰਨ ਵਿੱਚ ਦਿੱਕਤ ਆਉਂਦੀ ਹੈ।
ਇੱਕ ਨੁਕਤਾ ਬਹੁਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਹਰ ਤਰ੍ਹਾਂ ਦੇ ਅੰਨ ਨਾਲੋਂ ਸਭ ਤੋਂ ਵੱਧ ਉਹ ਐਂਟੀਆਕਸੀਡੈਂਟ ਮੱਕੀ ਵਿੱਚ ਹਨ ਜੋ ਅੱਖਾਂ ਲਈ ਸਿਹਤਮੰਦ ਹੁੰਦੇ ਹਨ।
ਪੌਪ ਕੌਰਨ :-ਭਾਵੇਂ ਪੌਪ ਕੌਰਨ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ ਤੇ ਮਹਿੰਗੇ ਭਾਅ ਵਿਕ ਰਹੇ ਹਨ ਪਰ ਇਨ੍ਹਾਂ ਉੱਤੇ ਲਾਏ ਵਾਧੂ ਲੂਣ ਅਤੇ ਘਿਓ ਜਾਂ ਤੇਲ ਸਦਕਾ ਅਤੇ ਨਾਲ ਪੀਤੇ ਠੰਡੇ (ਕੋਲਡ ਡਰਿੰਕ) ਇਸ ਦੇ ਚੰਗੇ ਅਸਰਾਂ ਨੂੰ ਲਗਭਗ ਖ਼ਤਮ ਹੀ ਕਰ ਦਿੰਦੇ ਹਨ। ਇਸੇ ਲਈ ਘਰ ਵਿੱਚ ਪ੍ਰੈੱਸ਼ਰ ਕੁੱਕਰ ਜਾਂ ਏਅਰ ਫਰਾਇਰ ਵਿੱਚ ਬਿਨਾਂ ਤੇਲ ਜਾਂ ਘਿਓ ਦੇ, ਬਣਾ ਕੇ ਖਾਣੇ ਚਾਹੀਦੇ ਹਨ।
ਅੱਖਾਂ ਲਈ :-ਮੱਕੀ ਵਿਚਲੇ ਭਾਰੀ ਮਾਤਰਾ ਵਿੱਚ ਲਿਊਟੀਨ ਤੇ ਜ਼ੀਜ਼ੈਂਥੀਨ ਸਦਕਾ ਮੈਕੂਲਰ ਡੀਜੈਨਰੇਸ਼ਨ ਅਤੇ ਚਿੱਟਾ ਮੋਤੀਆ ਰੋਕਿਆ ਜਾ ਸਕਦਾ ਹੈ। ਇਨ੍ਹਾਂ ਨੂੰ ਮੈਕੂਲਰ ਪਿਗਮੈਂਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਅੱਖ ਅੰਦਰਲੀ ਪਰਤ ਰੈਟੀਨਾ ਉੱਤੇ ਪਏ ਹੁੰਦੇ ਹਨ ਤੇ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਦੇ ਹਨ।
356 ਲੋਕਾਂ ਨੂੰ ਰੈਗੂਲਰ ਮੱਕੀ ਖੁਆਉਣ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਅੱਖ ਵਿਚਲੀ ਪਰਤ ਦਾ ਸੁੱਕਣਾ 43 ਫੀਸਦੀ ਘਟ ਗਿਆ।
ਅੰਤੜੀਆਂ ਲਈ :-18 ਸਾਲਾਂ ਤੱਕ ਚੱਲੀ ਖੋਜ ਵਿੱਚ 47,228 ਬੰਦੇ ਸ਼ਾਮਲ ਕੀਤੇ ਗਏ, ਜਿਨ੍ਹਾਂ ਨੂੰ ਰੋਜ਼ ਮੱਕੀ ਖੁਆਈ ਗਈ। ਇਨ੍ਹਾਂ ਵਿੱਚ ਅੰਤੜੀਆਂ ਦਾ ਰੋਗ-‘ਡਾਈਵਰਟੀਕੁਲੋਗਿਸ ਬੀਮਾਰੀ’ 28 ਫੀਸਦੀ ਘੱਟ ਹੋ ਗਈ। ਇਸ ਬੀਮਾਰੀ ਵਿੱਚ ਅਫਾਰਾ, ਗੈਸ, ਟੱਟੀ ਵਿੱਚ ਲਹੂ ਆਦਿ ਵੇਖਣ ਨੂੰ ਮਿਲਦਾ ਹੈ।
ਸ਼ੱਕਰ ਰੋਗੀਆਂ ਲਈ :-ਛੱਲੀ ਵਿਚਲੇ ਪੌਲੀਫਿਨੋਲ ਟਾਈਪ-2 ਸ਼ੱਕਰ ਰੋਗ ਤੋਂ ਬਚਾਉਂਦੇ ਹਨ ਕਿਉਂਕਿ ਛੱਲੀ ਕੋਲੈਸਟਰੋਲ ਘਟਾਉਂਦੀ ਹੈ। ਇਰਾਨ ਦੇ ਯੂਨੀਵਰਸਿਟੀ ਔਫ ਮੈਡੀਕਲ ਸਾਈਂਸਿਸ ਵਿੱਚ ਹੋਈ ਖੋਜ ਤੋਂ ਪਤਾ ਲੱਗਿਆ ਕਿ ਛੱਲੀ ਵਿਚਲੇ ਪੌਲੀਫਿਨੋਲ ਲਹੂ ਵਿੱਚੋਂ ਸ਼ੱਕਰ ਦੀ ਮਾਤਰਾ ਘਟਾ ਦਿੰਦੇ ਹਨ ਅਤੇ ਇਨਸੂਲਿਨ ਵਧਾ ਦਿੰਦੇ ਹਨ।
ਐਲਜ਼ੀਮਰ ਬੀਮਾਰੀ :-ਅੱਜ ਦੇ ਦਿਨ 5 ਕਰੋੜ ਲੋਕ ਐਲਜ਼ੀਮਰ ਬੀਮਾਰੀ ਤੋਂ ਪੀੜਤ ਹਨ। ਇਹ ਗਿਣਤੀ ਸੰਨ 2030 ਤੱਕ 7.5 ਕਰੋੜ ਤੱਕ ਪਹੁੰਚ ਜਾਣ ਵਾਲੀ ਹੈ, ਜਿਸ ਨਾਲ ਯਾਦਦਾਸ਼ਤ ਦੀ ਘਾਟ ਵਾਲੇ ਮਰੀਜ਼ ਚੁਫ਼ੇਰੇ ਦਿਸਣ ਲੱਗ ਪੈਣੇ ਹਨ। ਛੱਲੀ ਵਿਚਲਾ ਵਿਟਾਮਿਨ ਬੀ-1 (ਥਾਇਆਮੀਨ) ਜਿੱਥੇ ਦਿਮਾਗ਼ ਨੂੰ ਤੰਦਰੁਸਤ ਰੱਖਦਾ ਹੈ, ਉੱਥੇ ਐਸੀਟਾਈਲ ਕੋਲੀਨ ਬਣਾ ਦਿੰਦਾ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਰੋਜ਼ਾਨਾ 1.1 ਮਿਲੀਗ੍ਰਾਮ ਥਾਇਆਮੀਨ 18 ਸਾਲਾਂ ਤੋਂ ਘੱਟ ਉਮਰ ਵਿੱਚ ਚਾਹੀਦੀ ਹੁੰਦੀ ਹੈ। ਸੌ ਗ੍ਰਾਮ ਛੱਲੀ ਵਿੱਚ 0.3 ਮਿਲੀਗ੍ਰਾਮ ਥਾਇਆਮੀਨ ਹੁੰਦੀ ਹੈ।
ਹੱਡੀਆਂ ਦੀ ਤਾਕਤ :-ਛੱਲੀ ਵਿਚਲਾ ਮੈਂਗਨੀਜ਼ ਹੱਡੀਆਂ ਨੂੰ ਸਿਹਤਮੰਦ ਰੱਖਦਾ ਹੈ ਤੇ ਸਰੀਰ ਨੂੰ ਤਾਕਤ ਬਖ਼ਸ਼ਦਾ ਹੈ। ਮੈਂਗਨੀਜ਼ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਵੱਧਣਾ ਫੁੱਲਣਾ ਘੱਟ ਹੋ ਜਾਂਦਾ ਹੈ ਅਤੇ ਸ਼ਕਰਾਣੂਆਂ ਦੀ ਵੀ ਕਮੀ ਹੋ ਜਾਂਦੀ ਹੈ। 100 ਗ੍ਰਾਮ ਛੱਲੀ ਵਿੱਚ 127 ਮਿਲੀਗ੍ਰਾਮ ਮੈਂਗਨੀਜ਼ ਹੁੰਦਾ ਹੈ।
ਕਬਜ਼ ਠੀਕ ਹੋਣੀ :-ਛੱਲੀ ਵਿਚਲੇ ਫਾਈਬਰ ਸਦਕਾ ਕਬਜ਼ ਵੀ ਠੀਕ ਹੋ ਜਾਂਦੀ ਹੈ।
ਵਾਲਾਂ ਲਈ :-ਕੌਰਨ ਤੇਲ ਸਿਰ ਉੱਤੇ ਰੋਜ਼ ਰਾਤ ਝੱਸਣ ਨਾਲ ਸਿਰ ਦੀ ਚਮੜੀ ਸਿਹਤਮੰਦ ਹੋ ਜਾਂਦੀ ਹੈ। ਇਸ ਵਿਚਲਾ ਵਿਟਾਮਿਨ ਸੀ, ਕੋਲਾਜਨ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਵਾਲਾਂ ਨੂੰ ਵੀ ਝੜਨ ਤੋਂ ਰੋਕਦਾ ਹੈ।
ਕੋਲੈਸਟਰੋਲ ਘਟਾਉਣਾ :-ਇੱਕ ਖੋਜ ਵਿੱਚ 54 ਬੰਦਿਆਂ ਅਤੇ ਔਰਤਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅੱਧਿਆਂ ਨੂੰ ਓਲਿਵ ਤੇਲ ਵਿੱਚ ਪਕਾਇਆ ਖਾਣਾ ਖਾਣ ਲਈ ਦਿੱਤਾ ਗਿਆ ਤੇ ਬਾਕੀਆਂ ਨੂੰ ਕੌਰਨ ਤੇਲ ਵਿਚਲਾ। ਨਤੀਜਿਆਂ ਵਿੱਚ ਪਤਾ ਲੱਗਿਆ ਕਿ ਐਲ.ਡੀ.ਐਲ. ਕੋਲੈਸਟਰੋਲ ਕੌਰਨ ਤੇਲ ਨਾਲ 11 ਫੀਸਦੀ ਘਟ ਗਿਆ ਜਦਕਿ ਓਲਿਵ ਤੇਲ ਨਾਲ ਸਿਰਫ਼ 3.5 ਫੀਸਦੀ।
ਚਮੜੀ ਲਈ : ਛੱਲੀ ਵਿਚਲੇ ਲਾਈਕੋਪੀਨ ਅਤੇ ਵਿਟਾਮਿਨ ਸੀ ਕੋਲਾਜਨ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦੇ ਹਨ ਅਤੇ ਝੁਰੜੀਆਂ ਪੈਣ ਤੋਂ ਰੋਕਦੇ ਹਨ। ਪ੍ਰੋਟੀਨ ਦੀ ਮਾਤਰਾ ਵੀ ਛੱਲੀ ਵਿੱਚ ਕਾਫ਼ੀ ਹੋਣ ਕਾਰਨ ਚਮੜੀ ਲਈ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ।
ਭਰੂਣ ਲਈ :-ਛੱਲੀ ਵਿਚਲੇ ਥਾਇਆਮੀਨ ਤੇ ਪੈਂਟੋਥੀਨਿਕ ਏਸਿਡ, ਜਿੱਥੇ ਜੱਚਾ ਲਈ ਫ਼ਾਇਦੇਮੰਦ ਹਨ ਉੱਥੇ ਭਰੂਣ ਦੇ ਦਿਮਾਗ਼ ਨੂੰ ਵੀ ਸਿਹਤਮੰਦ ਰੱਖਦੇ ਹਨ।
ਕੁੱਝ ਮਾੜੇ ਅੰਸ਼ :-1. ਮੱਕੀ ਵਿਚਲੇ ਫਾਈਟੇਟ; ਖ਼ੁਰਾਕ ਵਿੱਚੋਂ ਲੋਹ ਕਣ ਅਤੇ ਜ਼ਿੰਕ ਹਜ਼ਮ ਨਹੀਂ ਹੋਣ ਦਿੰਦੇ। ਇਸੇ ਲਈ ਮੱਕੀ ਨੂੰ ਕੁੱਝ ਦੇਰ ਪਾਣੀ ਵਿੱਚ ਗੁੰਨ ਕੇ ਰੱਖਣ ਨਾਲ ਜਾਂ ਪੁੰਗਰ ਕੇ ਖਾਣ ਨਾਲ ਫਾਈਟੇਟ ਘਟਾਏ ਜਾ ਸਕਦੇ ਹਨ।
- ਸਾਂਭ ਕੇ ਰੱਖੀਆਂ ਛੱਲੀਆਂ ਵਿੱਚ ਕਈ ਵਾਰ ਉੱਲੀ (ਮਾਈਕੋਟੌਕਸਿਨ) ਲੱਗ ਸਕਦੀ ਹੈ। ਜ਼ਿਆਦਾ ਮਾਤਰਾ ਵਿੱਚ ਇਹ ਖਾਂਦੇ ਰਹਿਣ ਨਾਲ ਮੌਤ ਹੋ ਸਕਦੀ ਹੈ। ਕੈਂਸਰ ਅਤੇ ਭਰੂਣ ਦੇ ਦਿਮਾਗ਼ ਦੇ ਨੁਕਸ ਵੀ ਵੇਖੇ ਜਾ ਸਕਦੇ ਹਨ। ਏਸੇ ਤਰ੍ਹਾਂ ਦੀ ਛੱਲੀ ਖਾਣ ਨਾਲ ਸੰਨ 2004 ਅਪਰੈਲ ਵਿੱਚ ਕੀਨੀਆ ਵਿੱਚ 125 ਬੰਦੇ ਮਰ ਗਏ ਸਨ। ਇਹੀ ਕਾਰਨ ਹੈ ਕਿ ਮੱਕੀ ਦਾ ਠੀਕ ਢੰਗ ਤੇ ਸਹੀ ਥਾਂ ਉੱਤੇ ਸੁਕਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਵਿਚਲੀ ਨਮੀ ਨਾਲ ਉੱਲੀ ਨਾ ਲੱਗੇ।
- ਕਣਕ ਦੀ ਐਲਰਜੀ :- ਆਮ ਤੌਰ ਉੱਤੇ ਕਣਕ ਦੀ ਐਲਰਜੀ ਵਾਲੇ ਮਰੀਜ਼ ਮੱਕੀ ਖਾ ਸਕਦੇ ਹੁੰਦੇ ਹਨ। ਕੁੱਝ ਜਣਿਆ ਵਿੱਚ ਮੱਕੀ ਤੋਂ ਵੀ ਤਗੜੀ ਐਲਰਜੀ ਵੇਖੀ ਗਈ ਹੈ। ਇਹ ਐਲਰਜੀ ਮੱਕੀ ਵਿਚਲੇ ਅੰਸ਼ ‘ਜ਼ੀਨ’ ਕਰ ਕੇ ਹੈ, ਜੋ ਗਲੱਟਨ ਵਾਂਗ ਹੀ ਲੱਛਣ ਵਿਖਾ ਸਕਦਾ ਹੈ ਕਿਉਂਕਿ ਗਲੱਟਨ ਦੇ ਹੀ ਟੱਬਰ ਦਾ ਇੱਕ ਅੰਸ਼ ਹੈ। ਕਈ ਵਾਰ ਬਜ਼ਾਰੋਂ ਲਏ ਮੱਕੀ ਦੇ ਆਟੇ ਵਿੱਚ ਪਹਿਲਾਂ ਤੋਂ ਹੀ ਮੈਦਾ ਜਾਂ ਕਣਕ ਦਾ ਆਟਾ ਮਿਲਾਇਆ ਹੁੰਦਾ ਹੈ, ਜਿਸ ਕਾਰਨ ਸੀਲੀਅਕ ਬੀਮਾਰੀ ਵਾਲੇ ਮਰੀਜ਼ਾਂ ਨੂੰ ਲੱਛਣ ਦਿੱਸਣ ਲੱਗ ਪੈਂਦੇ ਹਨ। ਕੁੱਝ ਜਣਿਆ ਨੂੰ ਮੱਕੀ ਤੋਂ ਐਲਰਜੀ ਹੋ ਸਕਦੀ ਹੈ। ਮੱਕੀ ਖਾਂਦਿਆਂ ਸਾਰ ਉਨ੍ਹਾਂ ਨੂੰ ਅਫ਼ਾਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ ਟੱਟੀਆਂ ਲੱਗ ਸਕਦੀਆਂ ਹਨ।
- ਕੌਰਨ ਸਿਰਪ :-ਇਹ ਖੰਡ ਤੋਂ ਵੀ ਵੱਧ ਖ਼ਤਰਨਾਕ ਹੈ। ਇਸ ਦੀ ਵਰਤੋਂ ਨਾਲ ਮੋਟਾਪਾ, ਦਿਲ ਦੇ ਰੋਗ, ਕੈਂਸਰ, ਫੈੱਟੀ ਜਿਗਰ (ਜਿਗਰ ਵਿੱਚ ਥਿੰਦਾ ਜੰਮਣਾ) ਸ਼ੱਕਰ ਰੋਗ ਤੇ ਹੋਰ ਕਈ ਤਰ੍ਹਾਂ ਦੇ ਮਾੜੇ ਰੋਗ ਹੋ ਸਕਦੇ ਹਨ। ਇਸ ਵਿੱਚ ਖ਼ੁਰਾਕੀ ਤੱਤ ਬਚਦੇ ਹੀ ਨਹੀਂ। ਸਿਰਫ਼ ਮਿੱਠਾ ਹੁੰਦਾ ਹੈ ਤੇ ਉਹ ਵੀ ਖੰਡ ਤੋਂ ਦੁਗਣਾ।
ਕੌਰਨ ਵਿੱਚੋਂ ਸਿਰਫ਼ ਇਹ ਵਾਲਾ ਮਿੱਠਾ ਕੱਢ ਕੇ ਉਸ ਨੂੰ ਸ਼ੇਕ, ਪੇਸਟਰੀਆਂ, ਕੇਕ, ਟਾਫੀਆਂ, ਆਈਸਕ੍ਰੀਮ ਆਦਿ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਯੂਰਿਕ ਏਸਿਡ ਵੀ ਵੱਧ ਜਾਂਦਾ ਹੈ।
ਹੋਰ ਕਿਸਮਾਂ :- ਮੱਕੀ ਦੇ ਫ਼ਾਇਦੇ ਵੇਖਦਿਆਂ ਦੁਨੀਆ ਭਰ ਵਿੱਚ ਇਸ ਨੂੰ ਭਾਰੀ ਮਾਤਰਾ ਵਿੱਚ ਉਗਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਇਕੱਲੇ ਅਮਰੀਕਾ ਵਿੱਚ 370 ਮਿਲੀਅਨ ਮੀਟਰਿਕ ਟਨ ਅਤੇ ਚੀਨ ਵਿੱਚ 271 ਮਿਲੀਅਨ ਮੀਟਰਿਕ ਟਨ ਛੱਲੀ ਉਗਾਈ ਜਾਂਦੀ ਹੈ।
ਡੈਂਟ ਕੌਰਨ :- ਜ਼ਿਆਦਾਤਰ ਅਮਰੀਕਾ ਵਿੱਚ ਜਾਨਵਰਾਂ ਲਈ ਉਗਾਇਆ ਜਾਂਦਾ ਹੈ।
ਭਾਰਤੀ ਛੱਲੀ : ਭਾਰਤੀ ਛੱਲੀ ਨੂੰ ‘ਫਿਟ ਕੌਰਨ’ ਕਿਹਾ ਜਾਂਦਾ ਹੈ। ਇਸ ਵਿੱਚ ਕਾਰਬੋਹਾਈਡਰੇਟ ਘੱਟ ਹੁੰਦੇ ਹਨ। ਇਸ ਬਾਰੇ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਪਾਵਨੀ ਕਬੀਲੇ ਵਾਲੇ ਇਸ ਨੂੰ ਈਸਾ ਮਸੀਹ ਤੋਂ 1000 ਸਾਲ ਪਹਿਲਾਂ ਤੋਂ ਹੀ ਵਰਤਦੇ ਰਹੇ ਹਨ। ਇਸ ਨਾਲ ਲਹੂ ਦੀ ਕਮੀ ਠੀਕ ਹੋ ਜਾਂਦੀ ਹੈ ਕਿਉਂਕਿ ਇਸ ਵਿੱਚ ਲੋਹ ਕਣ, ਫੌਲਿਕ ਏਸਿਡ ਤੇ ਵਿਟਾਮਿਨ ਬੀ 6 ਹੁੰਦੇ ਹਨ। ਸੌ ਗ੍ਰਾਮ ਛੱਲੀ ਵਿੱਚ 2.71 ਮਿਲੀਗ੍ਰਾਮ ਲੋਹ ਕਣ ਹੁੰਦੇ ਹਨ।
ਛੱਲੀ ਵਿਚਲਾ ਬੀਟਾ-ਕਰਿਪਟੋਜ਼ੈਂਥੀਨ ਫੇਫੜਿਆਂ ਦੇ ਕੈਂਸਰ ਨੂੰ ਹੋਣ ਤੋਂ ਰੋਕਦਾ ਹੈ। ਕੌਰਨ ਅੰਦਰਲਾ ਫਿਰੂਲਿਕ ਏਸਿਡ ਵੀ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ।
ਟੂਨੀਕੇਟ ਮੱਕੀ ਜਾਂ ਪੌਡ ਕੌਰਨ :- ਦੱਖਣੀ ਅਮਰੀਕਾ ਵਿੱਚ ਜੰਗਲੀ ਉੱਗੀ ਮੱਕੀ ਨੂੰ ਟੂਨੀਕੇਟ ਕਹਿੰਦੇ ਹਨ। ਅੱਜ ਕਲ ਪੈਪਸੀ ਤੇ ਕੋਕਾ ਕੋਲਾ ਵਾਲੇ ਛੱਲੀ ਵਿੱਚੋਂ ਹੀ ਕੌਰਨ ਸਵੀਟਨਰ ਬਣਾ ਕੇ ਉਸ ਵਿੱਚ ਪਾ ਰਹੇ ਹਨ। ਅੱਜ ਦੇ ਦਿਨ ਦੁਨੀਆਂ ਭਰ ਵਿੱਚ ਛੱਲੀ ਤੋਂ ਲਗਭਗ ਵੱਖੋ ਵੱਖਰੀਆਂ 3500 ਚੀਜ਼ਾਂ ਬਣਾਈਆਂ ਜਾ ਰਹੀਆਂ ਹਨ।
ਗਰਮੀਆਂ ਵਿੱਚ ਲੱਗਦੀ ਛੱਲੀ ਬਹੁਤਾ ਪਾਣੀ ਨਹੀਂ ਮੰਗਦੀ। ਦੁਨੀਆਂ ਭਰ ਵਿੱਚ ਡਰਿਪ ਇਰੀਗੇਸ਼ਨ ਨਾਲ ਛੱਲੀਆਂ ਉਗਾਈਆਂ ਜਾ ਰਹੀਆਂ ਹਨ। ਲਗਭਗ ਇੱਕ ਇੰਚ ਪਾਣੀ ਹਰ ਹਫ਼ਤੇ ਸ਼ੁਰੂਆਤੀ ਸਮੇਂ ਵਿੱਚ ਚਾਹੀਦਾ ਹੁੰਦਾ ਹੈ।
ਜੇ ਪੰਜਾਬ ਵਿੱਚ ਝੋਨਾ ਘਟਾ ਕੇ ਛੱਲੀਆਂ ਲਾਉਣੀਆਂ ਵਧਾਈਆਂ ਜਾਣ ਤਾਂ ਜਿੱਥੇ ਪਾਣੀ ਦੀ ਬਚਤ ਹੋਵੇਗੀ, ਉੱਥੇ ਪੰਜਾਬੀਆਂ ਦੀ ਸਿਹਤ ਵੀ ਵਧੀਆ ਹੋ ਸਕਦੀ ਹੈ।
ਕਤਲ ਕਰਨੇ ਕਰਾਉਣੇ ਸੂਰਮਗਤੀ ਨਹੀਂ
ਕਤਲ ਕਰਨੇ ਕਰਾਉਣੇ ਸੂਰਮਗਤੀ ਨਹੀਂ
ਰਸ਼ਪਾਲ ਸਿੰਘ ਹੁਸ਼ਿਆਰਪੁਰ- 98554-40151
ਗੁਰੂਆਂ, ਭਗਤਾਂ ਅਤੇ ਸੰਤ ਸਿਪਾਹੀਆਂ ਦੀ ਧਰਤੀ ਦਾ ਬਾਸ਼ਿੰਦਾ ਸੂਰਮਗਤੀ ਦੇ ਗਿਆਨ ਤੋਂ ਵਾਂਝਾ ਹੋ ਕੁਰਾਹੇ ਪੈ ਗਿਆ ਜਾਪਦਾ ਹੈ। ਕਾਰਨ ਕਿ ਉਸ ਦਾ ਮਾਰਗ-ਦਰਸ਼ਕ ਹਿੰਸਕ ਗਾਉਣ-ਵਜਾਉਣ ਅਤੇ ਅਨੈਤਿਕ ਸੱਤਾ ਦੀ ਸ਼ਕਤੀ ਬਣ ਗਏ ਹਨ। ਵਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਦ੍ਰਿਸ਼ ਦੇਖ ਕੇ ਦਿਲ ਦਹਿਲਦਾ ਹੈ ਕਿ ਕਿੰਨੀ ਜ਼ਹਿਰ ਨਾਲ ਕਹਿਰ ਕੀਤਾ ਗਿਆ। ਇਕ ਫ਼ਿਲਮ ਜਾਂ ਨਾਟਕ ਦੀ ਹੁਬਹੂ ਨਕਲ ਨਜ਼ਰ ਪੈਂਦੀ ਹੈ। ਭੱਜੇ ਜਾਂਦੇ ਨੌਜਵਾਨ ’ਤੇ ਦਇਆ ਤਰਸ ਕਰਕੇ ਜਾਨ ਬਖਸ਼ ਦੇਂਦੇ। ਬੇਸ਼ੱਕ ਲਲਕਾਰਾ ਮਾਰ ਭਵਿੱਖ ਲਈ ਚਿਤਾਵਨੀ ਦੇ ਦੇਂਦੇ ਜੇ ਕਿਤੇ ਉਹ ਗੁਨਾਹਗਾਰ ਵੀ ਸੀ। ਗੁਰੂ ਨਾਨਕ ਸਾਹਿਬ ਜੀ ਵੱਲੋਂ ਧਰਮ ਦੀ ਵਿਆਖਿਆ ਵਿੱਚ ਧਰਮ ਨੂੰ ਦਇਆ ਦਾ ਪੁੱਤਰ ਪ੍ਰਵਾਨਿਆ ਗਿਆ ਹੈ। ਮਸਲਾ ਇਕੱਲੇ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਨਹੀਂ ਬਲਕਿ ਨਿਰੰਤਰ ਸਿਲਸਲੇਵਾਰ ਕਤਲ ਕਰਨ ਕਰਾਉਣ ਦੇ ਰੁਝਾਨਾਂ ਦਾ ਹੈ। ਮਾਪਿਆਂ ਅਤੇ ਭੈਣਾਂ-ਭਰਾਵਾਂ ਦੀਆਂ ਜ਼ਖ਼ਮੀ ਜ਼ਿੰਦੜੀਆਂ ਦੀਆਂ ਕਲੇਜੇ ਧੂਹ ਪਾਉਂਦੀਆਂ ਚੀਖਾਂ ਬਾਰੇ ਸੋਚ ਕੇ ਦੇਖੀਏ। ਰੁੱਸੇ ਨੂੰ ਮਨਾਇਆ ਨਹੀਂ, ਡਿੱਗਦੇ ਨੂੰ ਉਠਾਇਆ ਨਹੀਂ ਅਤੇ ਰੋਂਦੇ ਨੂੰ ਹਸਾਇਆ ਨਹੀਂ ਤਾਂ ਫਿਰ ਸੂਰਮੇ ਕਾਹਦੇ।
ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਨੇ ਸੂਰਮੇ ਦੀ ਡੂੰਘੀ ਤੇ ਬੜੀ ਸਰਲ ਪਰਿਭਾਸ਼ਾ ਮਨੁੱਖਤਾ ਦੇ ਸਾਮ੍ਹਣੇ ਰੱਖੀ ਹੈ। ਫੁਰਮਾਨ ਹੈ ‘‘ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ; ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ, ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ ॥’’ (ਮਹਲਾ ੫/੬੭੯)
ਜਿਸ ਦੇ ਹਿਰਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਉਹ ਹੀ ਇਸ ਯੁੱਗ ਵਿੱਚ ਸੂਰਮਾ ਹੈ। ਪੂਰੇ ਗੁਰੂ ਦੀ ਬਦੌਲਤ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਸਾਰੀ ਸ੍ਰਿਸ਼ਟੀ ਉਸ ਦੇ ਵਸ ਵਿੱਚ ਆ ਜਾਂਦੀ ਹੈ। ਆਤਮ-ਮੰਥਨ ਕਰੀਏ ਕਿ ਕੀ ਸਾਡੇ ਕੋਲ ਅਜਿਹੀ ਸੂਰਮਗਤੀ ਹੈ ? ਜੇ ਕੋਈ ਭਰਮ-ਭੁਲੇਖਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਨਾਲ ਗੱਲ ਕਰ ਲਈਏ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਭਾਵ ਸੂਰਮਾ ਉਹ ਹੈ ਜੋ ਗਰੀਬਾਂ ਦੀ ਖ਼ਾਤਰ ਲੜਦਾ ਹੈ। ਟੋਟੇ ਟੋਟੇ ਹੋ ਮਰ ਜਾਂਦਾ ਹੈ ਪਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ। ਭਗਤ ਕਬੀਰ ਸਾਹਿਬ ਜੀ ਇਹ ਵੀ ਜ਼ਿਕਰ ਕਰਦੇ ਹਨ ਕਿ ਅਜਿਹੇ ਸੂਰਮੇ ਆਪਣੇ ਅੰਦਰਲੇ ਵਿਕਾਰਾਂ ਨੂੰ ਵੀ ਮਾਰ ਚੁੱਕੇ ਹੁੰਦੇ ਹਨ।
ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ, ਚਾਰ ਸਾਹਿਬਜ਼ਾਦੇ ਅਤੇ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਲੇ ਕੁਝ ਨੌਜਵਾਨੀ ਦੀ ਅੱਜ ਜੋ ਬਹਾਦਰੀ ਦੀ ਸੀਮਾ ਨਜ਼ਰ ਆ ਰਹੀ ਹੈ ਉਹ ਬੁਜ਼ਦਿਲੀ ਤੱਕ ਸੀਮਤ ਹੈ। ਇਕ ਪਾਸੇ ਨੌਜਵਾਨੀ ਉਲੰਪਿਕ ਖੇਡਾਂ ਵਿੱਚ ਨਾਮਣਾ ਖੱਟ ਕੇ ਆਈ ਹੈ ਤੇ ਉਸ ਦਾ ਸ਼ਾਨਦਾਰ ਸਵਾਗਤ ਹੋ ਰਿਹਾ ਹੈ। ਦੂਜੇ ਪਾਸੇ ਨੌਜਵਾਨਾਂ ਹੱਥੋਂ ਨੌਜਵਾਨੀ ਦੇ ਕਤਲਾਂ ਦੇ ਵਰਤਾਰੇ ਵਸ ਵੈਣ ਪੈ ਰਹੇ ਹਨ। ਕੋਈ ਜਿੱਤ ਨਹੀਂ ਹੈ ਬਲਕਿ ਹਾਰ ਹੈ। ਸੋਚੀਏ, ਸਮਝੀਏ ਤੇ ਜਿਊਣ ਦੀ ਦਿਸ਼ਾ ਬਦਲੀਏ।
ਇੱਕ ਤੱਥ ਨਾਲ ਗੱਲ ਨੇੜੇ ਲਿਆਵਾਂ। ਨਸ਼ਾ-ਮੁਕਤ ਪ੍ਰੋਗਰਾਮ ਪ੍ਰੋਜੈਕਟ ਵਿੱਚ ਨਿਰੰਤਰ ਨਸ਼ਾ-ਗ੍ਰਸਤ ਵਿਅਕਤੀਆਂ ਨਾਲ ਬਤੌਰ ਕੌਂਸਲਰ ਬੈਠਣਾ ਪੈਂਦਾ ਅਤੇ ਉਹਨਾਂ ਦੀ ਕੇਸ ਹਿਸਟਰੀ ਲੈਣੀ ਹੁੰਦੀ। ਇਕ ਬਿਦਰ ਦੇ ਇੰਜਨੀਅਰਿੰਗ ਕਾਲਜ ਤੋਂ ਪੜ੍ਹ ਚੁੱਕੇ ਨੌਜਵਾਨ ਨੂੰ ਨਸ਼ਾ ਕਰਨ ਦਾ ਕਾਰਨ ਪੁੱਛਿਆ। ਉਸ ਪੰਜਾਬੀ ਨੌਜਵਾਨ ਨੇ ਕਿਹਾ ਕਿ ਮੈਂ ਸੱਚੋ ਸੱਚ ਦੱਸਾਂ ਤਾਂ ਕਾਰਨ ਹੈ ਕਿ ਅਸੀਂ ਕੁਝ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਦੇ ਧੜ੍ਹੇਬੰਦੀ ਬਣ ਗਈ। ਸਿੱਟੇ ਵਜੋਂ ਲੜਾਈ ਹੋਈ ਤਾਂ ਇਕ ਨੌਜਵਾਨ ਦਾ ਕਤਲ ਹੋ ਗਿਆ। ਉਸ ਕਤਲ ਮੌਕੇ ਮੈਂ ਵੀ ਸ਼ਾਮਲ ਸਾਂ। ਕਾਨੂੰਨ ਦੇ ਘੇਰੇ ਵਿੱਚ ਵੀ ਆਇਆ, ਪਰ ਮੇਰੇ ਦਿਮਾਗ ਤੋਂ ਉਹ ਪਰਛਾਵਾਂ ਦੂਰ ਨਹੀਂ ਹੁੰਦਾ। ਉਹ ਪਾਪ ਮੈਨੂੰ ਸਤਾਉਂਦਾ ਹੈ। ਫਿਰ ਮੈਂ ਭੁੱਲਣ ਲਈ ਨਸ਼ਾ ਕਰਦਾ ਹਾਂ।
ਅਕਸਰ ਨਸ਼ਾ-ਗ੍ਰਸਤ ਵਿਅਕਤੀ ਖ਼ਲਾਸਾ ਕਰਦੇ ਹਨ ਕਿ ਜਿਸ ਪ੍ਰੇਰਨਾ ਭਰੇ ਉੱਤਮ ਵਿਚਾਰ ਕੌਂਸਲਿੰਗ ਸ਼ੈਸ਼ਨਾਂ ਵਿੱਚ ਮਿਲੇ ਜੇਕਰ ਪਿੰਡ ਦੇ ਗੁਰਦੁਆਰੇ ਮੰਦਰ ਤੋਂ ਸੁਣ ਜਾਂਦੇ ਤਾਂ ਸ਼ਾਇਦ ਅਸੀਂ ਗੁਮਰਾਹ ਨਾ ਹੁੰਦੇ। ਅੱਜ ਸਾਡੇ ਵਿਦਿਅਕ ਮੰਦਰਾਂ ਦੀਆਂ ਕੰਧਾਂ ਤੋਂ ਗੂਰੂ ਨਾਨਕ ਸਾਹਿਬ ਜੀ ਦਾ ਵਿਚਾਰ ‘‘ਮਨਿ ਜੀਤੈ ਜਗੁ ਜੀਤੁ’’ ਅਲੋਪ ਹੁੰਦਾ ਨਜ਼ਰ ਆ ਰਿਹਾ ਹੈ। ਹੱਥ ਆਇਆ ਮੋਬਾਇਲ ਵਿਸ਼ਵ ਭਰ ਦਾ ਗਿਆਨ-ਵਿਗਿਆਨ ਪ੍ਰਦਾਨ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਨਾਲ ਹੀ ਅਗਿਆਨ ਦੇ ਖੂਹ ਵਿੱਚ ਸੁੱਟਣ ਵਾਲਾ ਜਮ ਵੀ ਵਿੱਚ ਹੀ ਬੈਠਾ ਹੈ। ਜੋ ਕਿ ਕਿਸੇ ਸੰਪਾਦਕ ਦੇ ਮੁਥਾਜ ਨਹੀਂ ਹੈ। ਹੱਥਾਂ ਵਿੱਚ ਹਥਿਆਰਾਂ ਲਈ ਵੀ ਹੱਲਾਸ਼ੇਰੀ ਦੇਂਦਾ ਹੈ।
ਨੌਜਵਾਨੀ ਦੀ ਪਰਪੱਕਤਾ ਦੀ ਲੋੜ ਹੈ ਤੇ ਸਪੱਸ਼ਟ ਕਹਿਣਾ ਬਣਦਾ ਹੈ ਕਿ ਨਸ਼ੇ ਕਰਨੇ ਤੇ ਕਤਲ ਕਰਨੇ, ਬਹਾਦਰੀ ਨਹੀਂ ਹੈ। ਬਹਾਦਰੀ ਦੇ ਕੇਵਲ ਇੱਕ ਦੋ ਨਮੂਨੇ ਸਾਂਝੇ ਕਰ ਲੈਂਦੇ ਹਾਂ ਜੋ ਨੌਜਵਾਨੀ ਦੀ ਦਿਸ਼ਾ ਬਦਲ ਸਕਦੇ ਹਨ। ਸੰਨ 1797 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਉਮਰ 17 ਸਾਲ ਸੀ। ਅਹਿਮਦ ਸ਼ਾਹ ਅਬਦਾਲੀ ਖ਼ਾਨਦਾਨ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਪੰਜਾਬ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਰਣਜੀਤ ਸਿੰਘ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਸੰਨ 1798 ਵਿੱਚ ਫਿਰ ਲਾਹੌਰ ’ਤੇ ਹਮਲਾਵਰ ਹੋ ਕੇ ਆਏ। ਰੋਕਿਆ ਨਹੀਂ ਤੇ ਦਾਖ਼ਲ ਹੋ ਜਾਣ ਦਿੱਤਾ। ਬੱਸ ਆਪਣੀ ਸੈਨਾ ਨਾਲ ਅਫ਼ਗਾਨਾਂ ਨੂੰ ਘੇਰ ਲਿਆ। ਖਾਣਾ-ਦਾਣਾ ਰੋਕ ਦਿੱਤਾ। ਅਫ਼ਗਾਨ ਮਜ਼ਬੂਰ ਹੋ ਕੇ ਵਾਪਸ ਭੱਜੇ।
ਸੰਨ 1881 ਦੇ ਲਗਭਗ ਅੰਗਰੇਜ਼ ਤੇ ਫਰਾਂਸੀਸੀ ਅਖ਼ਬਾਰਾਂ ਵਿੱਚ ਚਰਚਾ ਛਿੜੀ ਕਿ ਸੰਸਾਰ ਦਾ ਸਭ ਤੋਂ ਵੱਡਾ ਤੇ ਕਾਮਯਾਬ ਜਰਨੈਲ ਕੌਣ ਹੈ। ਨਿਪੋਲੀਅਨ, ਮਾਰਸ਼ਲ ਹੈਂਡਬਰਗ, ਲਾਰਡ ਕਿਚਨਰ, ਜਰਨੈਲ ਕਰੋਬਜ਼ੇ ਜਾਂ ਡਯੂਕ ਆਫ ਵਲਿੰਗਟਨ ਹੋੋ ਸਕਦੇ ਹਨ ? ਯੂਰਪ ਦੇ ਵੱਡੇ ਜਰਨੈਲਾਂ ਤੋਂ ਬਾਅਦ ਏਸ਼ੀਆ ਦੇ ਜਰਨੈਲਾਂ ਹਲਾਕੂ ਖਾਨ, ਚੰਗੇਜ਼ ਖਾਨ, ਰਿਚਰਡ ਤੇ ਅਲਾਉਦੀਨ ਵੀ ਗਿਣੇ, ਪਰ ਜਦ ਹਰੀ ਸਿੰਘ ਨਲੂਏ ਦਾ ਜ਼ਿਕਰ ਆਇਆ ਤਾਂ ਅੰਗਰੇਜ਼ ਲਿਖਾਰੀ ਨੇ ਸਿਰ ਨਿਵਾ ਦਿੱਤਾ। ਕਹਿੰਦਾ ਜਿਸ ਮਾਮੂਲੀ ਗਿਣਤੀ ਨਾਲ ਜਿਸ ਤਰ੍ਹਾਂ ਅਫ਼ਗ਼ਾਨਿਸਤਾਨ ਨੂੰ ਫਤਿਹ ਕੀਤਾ ਉਹ ਨਿਵੇਕਲਾ ਸਥਾਨ ਹੈ। ਹਰੀ ਸਿੰਘ ਨਲ਼ੂਏ ਕੋਲ ਅੰਗਰੇਜ਼ਾਂ ਜਿੰਨੇ ਸਾਧਨ ਹੁੰਦੇ ਤਾਂ ਸਾਰੇ ਏਸ਼ੀਆ ਤੇ ਯੂਰਪ ਨੂੰ ਮੱਲ ਲੈਂਦਾ। ਇਹ ਹਨ ਸੂਰਮਗਤੀ ਦੀਆ ਨਿਸ਼ਾਨੀਆਂ। ਨਲੂਆ ਨਾਮ ਪੈਣ ਪਿੱਛੇ ਵੀ ਦਿਲਚਸਪ ਬਹਾਦਰੀ ਖੜ੍ਹੀ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ ਖੇਡਣ ਜਾਣ ਦਾ ਮੌਕਾ ਮਿਲਿਆ। ਅਜੇ ਸ਼ਿਕਾਰ ਗਾਹ ਵਿੱਚ ਵੜੇ ਹੀ ਸਨ ਕਿ ਇਕ ਸ਼ੇਰ ਆਪ ਉੱਤੇ ਟੁੱਟ ਪਿਆ। ਪੂਰੀ ਤਾਕਤ ਨਾਲ ਸ਼ੇਰ ਦਾ ਜਬਾੜਾ ਪਕੜ ਜ਼ਮੀਨ ’ਤੇ ਪਟਕਾ ਮਾਰਿਆ। ਸ਼ੇਰ ਦੇ ਸੰਭਲਣ ਤੋਂ ਪਹਿਲਾਂ ਆਪਣੀ ਸ੍ਰੀ ਸਾਹਿਬ ਦਾ ਅਜਿਹਾ ਵਾਰ ਕੀਤਾ ਕਿ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਕਰਕੇ ਰੱਖ ਦਿੱਤੀ।
ਇਸ ਨਜ਼ਾਰੇ ਨੂੰ ਸ਼ੇਰਿ-ਪੰਜਾਬ ਨੇ ਬੜੇ ਨੇੜਿਉਂ ਦੇਖਿਆ ਤੇ ਬੜੇ ਖੁਸ਼ ਹੋਏ। ਆਪ ਨੂੰ ਸ਼ੇਰ ਦਿਲ ਰੈਜ਼ਮੈਂਟ ਦਾ ਸਰਦਾਰ ਬਣਾ ਦਿੱਤਾ। ਜਿਸ ਵਿੱਚ 800 ਘੋੜ ਸਵਾਰ ਅਤੇ ਪੈਦਲ ਨੌਜਵਾਨ ਸਨ। ਸ਼ੇਰ ਨੂੰ ਨਰੜ ਦੇਣ ਕਰ ਕੇ ਹੀ ਨਲੂਆ ਨਾਮ ਮਸ਼ਹੂਰ ਹੋ ਗਿਆ।
ਅਮੀਰ ਵਿਰਸੇ ਦੀ ਵਾਰਸ ਨੌਜਵਾਨੀ ਆਪਣੀ ਦਿਸ਼ਾ ਤੇ ਦਸ਼ਾ ਬਾਰੇ ਆਤਮ-ਮੰਥਨ ਕਰੇ। ਅਜਿਹੀ ਰਾਜਨੀਤੀ ਦਾ ਹਿੱਸਾ ਬਣੇ ਤੇ ਰਾਜਨੀਤੀ ਸਿਰਜੇ, ਜੋ ਸੁਨਹਿਰੀ ਇਤਿਹਾਸ ਬਣੇ। ਨਸ਼ੇ ਕਰਕੇ ਅਤੇ ਕਤਲ ਕਰਕੇ ਕਲੰਕਿਤ ਹੋਣ ਵਾਲੇ ਵਰਤਾਰੇ ਦਾ ਅੱਜ ਹੀ ਤਿਆਗ ਕਰੋ।
ਨਦਰਿ ਕਰੇ ਤਾ ਸਿਮਰਿਆ ਜਾਇ ॥
ਨਦਰਿ ਕਰੇ ਤਾ ਸਿਮਰਿਆ ਜਾਇ ॥
ਗੁਰਬਾਣੀ ਦੀ ਜਿਸ ਪਵਿੱਤਰ ਪੰਕਤੀ ‘‘ਨਦਰਿ ਕਰੇ ਤਾ ਸਿਮਰਿਆ ਜਾਇ ॥’’ ਦੇ ਸੰਬੰਧ ਵਿੱਚ ਵੀਚਾਰ ਅਸੀਂ ਸਾਂਝੀ ਕਰ ਰਹੇ ਹਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 661 ’ਤੇ ਧਨਾਸਰੀ ਰਾਗੁ ਅੰਦਰ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਸ਼ਬਦ ਵਿੱਚ ਸੁਭਾਇਮਾਨ ਹੈ। ਇਸ ਸ਼ਬਦ ਦਾ ਕੇਂਦਰੀ ਭਾਵ ਅਰਥਾਤ ‘ਰਹਾਉ’ ਵਾਲਾ ਪਦਾ ਹੈ ‘‘ਗੁਰ ਪਰਸਾਦੀ; ਪਾਇਆ ਜਾਇ ॥ ਹਰਿ ਸਿਉ ਚਿਤੁ ਲਾਗੈ; ਫਿਰਿ ਕਾਲੁ ਨ ਖਾਇ ॥੧॥ ਰਹਾਉ ॥’’ (ਮਹਲਾ ੧/੬੬੧) ਇਸ ਦਾ ਅਰਥ ਹੈ ਕਿ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਗੁਰੂ ਦੀ ਕਿਰਪਾ ਨਾਲ ਜਦੋਂ ਮਨੁੱਖ ਦਾ ਚਿਤ, ਸੁਰਤ ਹਰੀ ਨਾਲ ਲੱਗ ਜਾਂਦੀ ਹੈ ਫਿਰ ਉਹ ਆਤਮਿਕ ਮੌਤ ਨਹੀਂ ਮਰਦਾ ਅਤੇ ਸਰੀਰਕ ਮੌਤ ਦਾ ਵੀ ਡਰ ਮੁੱਕ ਜਾਂਦਾ ਹੈ।
ਜਗਤ ਦੇ ਆਰੰਭ ਤੋਂ ਹੀ ਮਨੁੱਖਤਾ ਅੰਦਰ ਦੋ ਤਰ੍ਹਾਂ ਦੀ ਵਿਚਾਰ ਚਲਦੀ ਆਈ ਹੈ। ਇੱਕ ਧਾਰਾ ਦੇ ਲੋਕ ਇਹ ਕਹਿੰਦੇ ਹਨ ਕਿ ਇਨਸਾਨ ਦਾ ਦੁਖੀ-ਸੁਖੀ, ਅਮੀਰ-ਗਰੀਬ ਤਥਾ ਰੋਗੀ ਅਰੋਗੀ ਹੋਣਾ; ਆਪਣੇ ਕਰਮਾਂ ਦੇ ਵੱਸ ਹੈ ਅਤੇ ਦੂਜੇ ਪ੍ਰਕਾਰ ਦੇ ਲੋਕ ਇਹ ਕਹਿੰਦੇ ਹਨ ਕਿ ਮਨੁੱਖ ਤਾਂ ਇੱਕ ਪ੍ਰਕਾਰ ਦੀ ਕਠਪੁਤਲੀ ਹੈ। ਕਿਸੇ ਦਾ ਅਮੀਰ-ਗਰੀਬ, ਰਾਣੀ ਤੇ ਦਾਸੀ, ਸੁਚੱਜੀ-ਕੁਚੱਜੀ ਹੋਣਾ; ਆਪਣੇ ਅਧੀਨ ਨਹੀਂ ਸਗੋਂ ਪਰਮਾਤਮਾ ਪ੍ਰਭੂ ਨਚਾਵਣਹਾਰ ਦੀ ਆਗਿਆ ਅਧੀਨ ਹੈ। ਇਹ ਲੋਕ ਨਿਰਾ ਕਹਿੰਦੇ ਹੀ ਨਹੀਂ ਸਗੋਂ ਧਾਰਮਿਕ ਗੰ੍ਰਥਾਂ ਵਿੱਚੋਂ ਹਵਾਲਾ ਵੀ ਦਿੰਦੇ ਹਨ । ਇਹ ਦੋਵੇਂ ਲੋਕ ਆਪੋ ਆਪਣੀ ਥਾਂ ਸੱਚੇ ਹੁੰਦੇ ਵੀ ਵਾਸਤਵਿਕਤਾ ਭਾਵ ਅਸਲੀਅਤ ਤੋਂ ਬਹੁਤ ਦੂਰ ਹਨ। ਕਾਰਨ ਇਹ ਕਿ ਉਹ ਮੂਰਤੀ ਦੇ ਦੋਵੇਂ ਪਹਿਲੂ ਨਹੀਂ ਵੇਖਦੇ ਅਥਵਾ ਉਹ ਆਪਣਾ ਪੱਖ ਉਘਾੜਨ ਲਈ ਆਪਣੇ-ਆਪਣੇ ਪੱਖ ਦੀਆਂ ਉਦਾਹਰਣਾਂ ਦਿੰਦੇ ਹਨ। ਹਰ ਮਨੁੱਖ ਆਪਣੀ ਪੱਖਤਾ ਦੀ ਪ੍ਰੋੜਤਾ ਦੇ ਹਵਾਲੇ ਦਿੰਦਾ ਹੈ। ਇਨ੍ਹਾਂ ਇੱਕ ਪੱਖੀ ਵਿਚਾਰਧਾਰਾ ਤੋਂ ਦੋ ਪ੍ਰਕਾਰ ਦੇ ਵਿਚਾਰ ਪੈਦਾ ਹੋਏ ਹਨ। ਜਿਹੜੇ ਕਹਿੰਦੇ ਹਨ ਕਿ ਹਰ ਗੱਲ ਦਾ ਕਰਤਾ ਮਨੁੱਖ ਆਪ ਹੈ, ਉੱਥੇ ਹੰਕਾਰ ਦਾ ਵਾਸਾ ਹੈ। ਦੂਸਰੀ ਧਾਰਾ ਦੇ ਲੋਕ ਜੋ ਕਹਿੰਦੇ ਹਨ ‘‘ਜਿਉ ਨਚਾਏ ਤਿਉ ਤਿਉ ਨਚਨਿ ..॥’’ (ਮਹਲਾ ੫/੧੦੨੦) ਉਹ ਆਲਸੀ ਤੇ ਵਿਹਲੜ ਬਣ ਗਏ ਹਨ। ਪਰਮਾਤਮਾ ਦੀ ਥਾਂ ਜਿਹੜੇ ਮਨੁੱਖ ਆਪ ਕਰਤਾ ਬਣ ਬੈਠੇ। ਉਹ ਕਰਤੇ ਨੂੰ ਭੁੱਲ ਕੇ ਮਾਇਆ ਵਿੱਚ ਗਲਤਾਨ ਹੋ ਗਏ ਤਥਾ ਪਰਮੇਸ਼ਰ ਨੂੰ ਭੁੱਲ ਕੇ ਬੁਰਾਈਆਂ ਵਿੱਚ ਪੈ ਗਏ ਹਨ ਅਤੇ ਦੂਸਰੀ ਵਿਚਾਰਧਾਰਾ ਦੇ ਲੋਕ ਸੰਸਾਰ ਤੋਂ ਪਰੇ ਉੱਠ ‘‘ਹੋਇ ਅਤੀਤੁ ਗ੍ਰਿਹਸਤਿ ਤਜਿ; ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੪੦) ਭਾਵ ਭਿਖਾਰੀਆਂ ਵਾਲਾ ਜੀਵਨ ਜੀ ਰਹੇ ਹਨ। ਫਿਰ ਇੰਨਾ ਦੋਹਾਂ ਵਿਚਾਰਾਂ ਦੇ ਸੁਮੇਲ ਤੋਂ ਤੀਜੀ ਧਾਰਾ ਪੈਦਾ ਹੋ ਗਈ। ਤੀਸਰੀ ਵਿਚਾਰਧਾਰਾ ਦੇ ਲੋਕਾਂ ਨੇ ਆਪਣੇ ਬਲ, ਬੁੱਧੀ, ਧਨ ਭਾਵ ਆਪਣੇ ਸੁੱਖ ਅਤੇ ਸਫਲਤਾ ਨੂੰ ਤਾਂ ਆਪਣੇ ਕਰਮਾਂ ਦਾ ਫਲ ਕਹਿਣਾ ਸ਼ੁਰੂ ਕਰ ਦਿੱਤਾ ਪਰ ਆਪਣੀ ਕਮਜ਼ੋਰੀ, ਆਪਣੀ ਗਰੀਬੀ, ਆਪਣੇ ਦੋਸ਼ਾਂ ਅਤੇ ਅਸਫਲਤਾ ਦਾ ਜ਼ੁੰਮੇਵਾਰ, ਉਸ ਨਿਰੰਕਾਰ ਅਕਾਲ ਪੁਰਖ ਨੂੰ ਠਹਿਰਾ ਦਿੱਤਾ।
ਸਮਾਜ ਲਈ ਇਹ ਤਿੰਨੇ ਧਾਰਾਵਾਂ ਖਤਰਨਾਕ ਸਿੱਧ ਹੋਈਆਂ ਹਨ। ਸਮਾਜ ਨੂੰ ਨਾ ਹੀ ਸਵਾਰਥ ਵਿੱਚ ਡੁੱਬੇ ਅਹੰਕਾਰੀਆਂ ਦੀ ਲੋੜ ਹੈ। ਨਾ ਹੀ ਲੱਤ ’ਤੇ ਲੱਤ ਧਰ ਵਿਹਲੇ ਬੈਠ ਕੇ ਖਾਣ ਵਾਲੇ ਰੱਬ ਪੂਜਕਾਂ ਦੀ ਅਤੇ ਨਾ ਹੀ ਅਜਿਹੇ ਲੋਕਾਂ ਦੀ, ਜੋ ਹਰ ਨੇਕ ਕੰਮ ਦਾ ਕਰਤਾ ਆਪਣੇ ਆਪ ਨੂੰ ਜਤਾਉਣ ਪਰ ਬੁਰੇ ਕੰਮ ਲਈ ਦੂਸਰੇ ਨੂੰ ਦੋਸ਼ੀ ਬਣਾਉਣ। ਗੁਰੂ ਵਾਕ ਹੈ ‘‘ਆਸਕੁ ਏਹੁ ਨ ਆਖੀਐ; ਜਿ ਲੇਖੈ ਵਰਤੈ ਸੋਇ ॥’’ (ਆਸਾ ਕੀ ਵਾਰ/ਮਹਲਾ ੨/੪੭੪)
ਗੀਤਾ ਵਿੱਚ ਕਰਮਾਂ ਦੀ ਸਿੱਧੀ ਲਈ ਪੰਜ ਸਿਧਾਂਤ ਦਰਜ ਹਨ (1) ਕਰਤਾ (2) ਕਰਣ (3) ਆਧਾਰ (ਜਿਵੇਂ ਹਲ ਆਦਿ) (4) ਚੇਸ਼ਟਾ ਭਾਵ ਇੱਛਾ, ਲਗਨ, ਮਿਹਨਤ, ਗਿਆਨ (5) ਦੈਵ ਸ਼ਕਤੀ ਕੁਦਰਤਿ । ਗੁਰੂ ਨਾਨਕ ਦੇਵ ਜੀ ਨੇ ਸੋਰਠਿ ਰਾਗ ਅੰਦਰ ਬਖਸ਼ਿਸ਼ ਕੀਤੀ ਹੈ ‘‘ਮਨੁ ਹਾਲੀ, ਕਿਰਸਾਣੀ ਕਰਣੀ; ਸਰਮੁ ਪਾਣੀ, ਤਨੁ ਖੇਤੁ ॥ ਨਾਮੁ ਬੀਜੁ, ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ; ਸੇ ਘਰ ਭਾਗਠ ਦੇਖੁ ॥’’ (ਮਹਲਾ ੧/੫੯੫) ਇਸ ਸ਼ਬਦ ਵਿੱਚ ਜਿੱਥੇ ਭਾਉ ਜਾਂ ਪ੍ਰੇਮ ਰੂਪੀ ਫਲ਼ ਪ੍ਰਾਪਤੀ ਵਿੱਚ ਤਨ ਮਨ ਦੀ ਸ਼ੁੱਧਤਾ ਤਥਾ ਸ਼ਰਮੁ (ਮਿਹਨਤ) ਸੰਤੋਖ ਗਰੀਬੀ ਆਦਿ ਸ਼ੁਭ ਗੁਣਾ ਨੂੰ ਵਸੀਲਾ ਗਿਣਿਆ ਗਿਆ ਹੈ। ਉੱਥੇ ‘‘ਨਾਨਕ ! ਵੇਖੈ ਨਦਰਿ ਕਰਿ; ਚੜੈ ਚਵਗਣ ਵੰਨੁ ॥’’ (ਮਹਲਾ ੧/੫੯੬) ਵਚਨਾਂ ਰਾਹੀਂ ਪ੍ਰਭੂ ਦੀ ਮਿਹਰ, ਕਿਰਪਾ, ਦ੍ਰਿਸ਼ਟੀ ਨੂੰ ਕਿਸੇ ਸਿਧੀ ਜਾਂ ਸਫਲਤਾ ਦਾ ਆਧਾਰ ਮੰਨਿਆ ਹੈ। ਹਰ ਕਾਰਜ ਦੀ ਸਫਲਤਾ ਮਨੁੱਖ ਦੇ ਕਰਮ ਭਾਵ ਪੁਰਸ਼ਾਰਥ ਅਤੇ ਪ੍ਰਭੂ ਦੀ ਨਦਰਿ ਦੇ ਸੁਮੇਲ ਦੇ ਅਧੀਨ ਹੈ। ਈਸ਼ਵਰ ਉਨ੍ਹਾਂ ਦੀ ਸਹਾਇਤਾ ਕਰਦਾ ਹੈ, ਜੋ ਸਹਾਇਕ ਲਈ ਦਿਲੋਂ ਪੁਕਾਰ ਕਰਦੇ ਹਨ। ਗੁਰਮਤਿ ਨੇ ਜਿੱਥੇ ਸਾਨੂੰ ‘‘ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥’’ (ਮਹਲਾ ੫/੫੧੯) ਰਾਹੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਾ ਸਿਖਾਇਆ ਉੱਥੇ ‘‘ਆਗਾਹਾ ਕੂ ਤ੍ਰਾਘਿ.. ॥ (ਮਹਲਾ ੫/੧੦੯੬), ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (ਮਹਲਾ ੫/੫੨੨) ਵਰਗੀ ਵਡਮੁੱਲੀ ਸਿੱਖਿਆ ਬਖ਼ਸ਼ੀ ਹੈ ਭਾਵ ਕਿ ਇਸ ਬਿਖਮ ਮਾਰਗ ’ਤੇ ਚੱਲ ਕੇ ਸੁੱਖ ਫਲ ਜਾਂ ਪਿਰਮ ਰਸ ਨੂੰ ਚੱਖਣ ਵਾਲੇ ਵਿਰਲੇ ਹੀ ਹੁੰਦੇ ਹਨ। ਭਾਈ ਗੁਰਦਾਸ ਜੀ 28ਵੀਂ ਵਾਰ ਦੀ 17ਵੀਂ ਪਉੜੀ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਉਹ ਵਿਰਲੇ ਮਨੁੱਖ ਹੁੰਦੇ ਹਨ, ਜੋ ਪਤੰਗੇ ਦੀ ਤਰ੍ਹਾਂ ਜੋਤੀ ਜੋਤ ਹੋਣ ਲਈ ਮਰ ਮਿਟਣ। ਮਿਰਗ ਦੀ ਤਰ੍ਹਾਂ ਸ਼ਬਦ ਸੁਰਤ ਦਾ ਸੁਮੇਲ ਕਰਦੇ ਹਨ। ਭਵਰੇ ਦੀ ਤਰ੍ਹਾਂ ਸਮਰਪਣ ਹੁੰਦੇ ਹਨ, ਮੱਛੀ ਦੀ ਤਰ੍ਹਾਂ ਰੱਬ ਦੀ ਯਾਦ ਨਹੀਂ ਭੁੱਲਦੇ। ਗੁਰੂ ਦੀ ਸਿੱਖਿਆ ਰਾਹੀਂ ਸੱਚੇ ਸੇਵਕ ਬਣਦੇ ਹਨ। ਜਨਮ ਤੋਂ ਮਰਨ ਤੱਕ ਗੁਰੂ ਅਤੇ ਪਰਮਾਤਮਾ ਦੇ ਭੈ ਵਿੱਚ ਜੀਵਦੇ ਹੋਇ ਆਪਾ ਭਾਵ ਮਿਟਾ ਕੇ ‘‘ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ॥’’ (ਮਹਲਾ ੧/੧੪੨) ਪਦਵੀ ਹਾਸਲ ਕਰਦੇ ਹਨ। ਕਥਨ ਹੈ :
ਤੇ ਵਿਰਲੇ ਸੈਂਸਾਰ ਵਿਚਿ; ਦਰਸਨ ਜੋਤਿ ਪਤੰਗ ਮਿਲੰਦੇ।
ਤੇ ਵਿਰਲੇ ਸੈਂਸਾਰ ਵਿਚਿ; ਸਬਦ ਸੁਰਤਿ ਹੋਇ ਮਿਰਗ ਮਰੰਦੇ।
ਤੇ ਵਿਰਲੇ ਸੈਂਸਾਰ ਵਿਚਿ; ਚਰਣ ਕਵਲ ਹੁਇ ਭਵਰ ਵਸੰਦੇ।
ਤੇ ਵਿਰਲੇ ਸੈਂਸਾਰ ਵਿਚਿ; ਪਿਰਮ ਸਨੇਹੀ ਮੀਨ ਤਰੰਦੇ।
ਤੇ ਵਿਰਲੇ ਸੈਂਸਾਰ ਵਿਚਿ; ਗੁਰੁ ਸਿਖ ਗੁਰੁ ਸਿਖ ਸੇਵ ਕਰੰਦੇ।
ਭੈ ਵਿਚਿ ਜੰਮਨਿ ਭੈ ਰਹਨਿ; ਭੈ ਵਿਚਿ ਮਰਿ ਗੁਰੁ ਸਿਖ ਜੀਵੰਦੇ।
ਗੁਰਮੁਖ ਸੁਖ ਫਲੁ ਪਿਰਮੁ ਚਖੰਦੇ ॥੧੭॥ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੭)
ਗੁਰਬਾਣੀ ਵਿੱਚ ਇੱਕ ਥਾਂ ਲਿਖਣਾ ‘‘ਦਦੈ; ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ॥ (ਪਟੀ/ਮਹਲਾ ੧/੪੩੩), ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥’’ (ਭਗਤ ਤ੍ਰਿਲੋਚਨ/੬੯੫) ਅਤੇ ਦੂਸਰੀ ਜਗ੍ਹਾ ਇਹ ‘‘ਆਪਣਾ ਲਾਇਆ ਪਿਰਮੁ ਨ ਲਗਈ; ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥’’ (ਮਹਲਾ ੩/੧੩੭੮) ਦੋ ਪਰਸਪਰ ਵਿਰੋਧੀ ਵਿਚਾਰਾਂ ਦੇ ਆਉਣ ਦਾ ਕਾਰਨ ਕੇਵਲ ਸਥਾਨ ਦੀ ਵਿਰੋਧਤਾ ਕਰਕੇ ਹੈ ‘‘ਦੋਸੁ ਕਰੰਮਾ ਆਪਣਿਆ ॥ (ਮਹਲਾ ੧/੪੩੩), ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥’’ (ਭਗਤ ਤ੍ਰਿਲੋਚਨ/੬੯੫) ਵਚਨ ਉਨ੍ਹਾਂ ਭੁੱਲੜ ਲੋਕਾਂ ਲਈ ਹਨ, ਜੋ ਕਿਸੇ ਅਸਫਲਤਾ ਸਮੇਂ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਦੋਸ਼ਾਂ ਜਾਂ ਕਮਜ਼ੋਰੀਆਂ ਨੂੰ ਲੱਭਣ ਦੀ ਥਾਂ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ ਜਾਂ ਪ੍ਰਭੂ ਨੂੰ ਨਿੰਦਣ ਲੱਗਣ ਪੈਂਦੇ ਹ, ਪਰ ਦੂਸਰਾ ਪੱਖ ‘‘ਏਹੁ ਪਿਰਮੁ ਪਿਆਲਾ ਖਸਮ ਕਾ’’ ਵਾਲਾ ਉਪਦੇਸ਼ ਕਿਸੇ ਪ੍ਰਭੂ ਪਿਆਰੇ ਵੱਲੋਂ ਹੈ, ਜੋ ਮਾਲਕ ਨਾਲ ਪਿਆਰ ਪਾ ਕੇ ਹੰਕਾਰੀ ਨਹੀਂ ਹੁੰਦਾ ਸਗੋਂ ਨਿਮਰਤਾ ਵਿੱਚ ਆਖਦਾ ਹੈ ਕਿ ਤੇਰੇ ਨਾਲ ਜੋ ਮੇਰਾ ਪਿਆਰ ਹੈ, ਉਹ ਕਿਸੇ ਮੇਰੀ ਖੂਬੀ ਕਾਰਨ ਨਹੀਂ ਸਗੋਂ ਸਭ; ਗੁਰੂ ਅਤੇ ਤੇਰੀ ਮਿਹਰ ਸਦਕਾ ਹੈ ਬਸ ਇਸੇ ਆਸ਼ੇ ਨੂੰ ਗੁਰੂ ਅਮਰਦਾਸ ਜੀ ਫੁਰਮਾਨ ਕਰਦੇ ਹਨ ‘‘ਬਾਬਾ ! ਜਿਸੁ ਤੂ ਦੇਹਿ; ਸੋਈ ਜਨੁ ਪਾਵੈ ॥ ਪਾਵੈ ਤ ਸੋ ਜਨੁ ਦੇਹਿ ਜਿਸ ਨੋ; ਹੋਰਿ ਕਿਆ ਕਰਹਿ ਵੇਚਾਰਿਆ ?॥’’ (ਅਨੰਦ/ਮਹਲਾ ੩/੯੧੮)
ਗੁਰੂ ਸਿੱਖਿਆ ’ਤੇ ਤੁਰ ਕੇ ਜੋ ਆਪਾ ਸਵਾਰ ਲੈਂਦੇ ਹਨ ਉਹ ਪ੍ਰਭੂ ਦਾ ਧੰਨਵਾਦ ਕਰਨ ਲਈ ਕਹਿੰਦੇ ਹਨ ਕਿ ਜੇ ਤੇਰੀ ਮਿਹਰ ਨ ਹੁੰਦੀ ਤਾਂ ਮੈਂ ਵੀ ਹੋਰਨਾਂ ਦੀ ਤਰ੍ਹਾਂ ਭਰਮਾਂ ਭੁਲੇਖਿਆਂ ਵਿੱਚ, ਭਟਕਣਾ ਵਿੱਚ ਫਿਰਨਾ ਸੀ ਹੇ ਦਾਤਾ ! ਤੇਰਾ ਲੱਖ-ਲੱਖ ਸ਼ੁੱਕਰ ਹੈ। ਪਰਮਾਤਮਾ ਦੀ ਨਦਰਿ ਕਰਮ ਤੋਂ ਬਿਨਾਂ ਤਾਂ ‘‘ਕੀਟਾ ਅੰਦਰਿ ਕੀਟੁ ਕਰਿ; ਦੋਸੀ ਦੋਸੁ ਧਰੇ ॥’’ (ਜਪੁ) ਵਚਨਾਂ ਵਾਲੀ ਦੁਰਦਸ਼ਾ ਹੈ ਕਿਉਂਕਿ ਮਾਇਆ ਤੋਂ ਪੈਦਾ ਹੋਏ ਉਸ ਦੇ ਪੰਜ ਲਾਡਲੇ ਵਿਕਾਰ ਬਿਨਾਂ ਦੰਦਾਂ ਤੋਂ ਹੀ ਮਨੁੱਖਤਾ ਨੂੰ ਨਿਗਲ ਰਹੇ ਹਨ ‘‘ਮਾਇਆ ਮਮਤਾ ਮੋਹਣੀ; ਜਿਨਿ ਵਿਣੁ ਦੰਤਾ ਜਗੁ ਖਾਇਆ ॥’’ (ਮਹਲਾ ੩/੬੪੪)
ਕਿਤੇ ਕਾਮ ਆਪਣੀ ਸੋਹਣੀ ਸੂਰਤ ਨਾਲ ਸਾਨੂੰ ਆਪਣੀ ਬੁੱਕਲ ’ਚ ਲੈ ਰਿਹਾ ਹੈ। ਕਿਤੇ ਕ੍ਰੋਧ ਸਾਡੇ ਅੰਦਰ ਚੰਡਾਲ ਦਾ ਰੂਪ ਧਾਰ ਲੈਂਦਾ ਹੈ; ਇਉਂ ਹੀ ਨਿਰੰਤਰ ਸਾਡਾ ਰੱਤ ਪੀਂਦੇ ਜਾਂਦੇ ਹਨ ‘‘ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥’’ (ਮਹਲਾ ੧/੯੩੨) ਇਹ ਦੋਵੇਂ ਵਿਕਾਰ ਕੇਵਲ ਸਰੀਰਕ ਸੱਤਿਆ ਹੀ ਨਹੀਂ ਮੁਕਾਂਦੇ ਸਗੋਂ ਮਨੁੱਖ ਨੂੰ ਸ਼ਰਮਿੰਦਗੀ ਤੇ ਪਛੁਤਾਵਾ ਵੀ ਦੇਂਦੇ ਹਨ। ਜੋਗੀ, ਸੰਨਿਆਸੀ ਜੰਗਮ, ਰਾਜੇ, ਮਹਾਰਾਜੇ, ਰੰਕ ਆਦਿਕ ਕੋਈ ਵੀ ਇਨ੍ਹਾਂ ਦੀ ਗ੍ਰਿਫ਼ਤ ਤੋਂ ਨਹੀਂ ਬਚ ਸਕਿਆ ‘‘ਜੋਗੀ ਜੰਗਮ ਅਰੁ ਸੰਨਿਆਸ ॥ ਸਭ ਹੀ ਪਰਿ ਡਾਰੀ ਇਹ ਫਾਸ ॥’’ (ਮਹਲਾ ੯/੧੧੮੬)
ਕ੍ਰੋਧੀ ਮਨੁੱਖ ਨਿਗੁਣੀ ਜਿਹੀ ਵਸਤੂ ਤੋਂ ਮਹਾਂ ਭਾਰਤ ਮਚਾ ਦਿੰਦਾ ਹੈ ਅਤੇ ਫਿਰ ਅਦਾਲਤਾਂ ਦੇ ਚੱਕਰ ਲਗਾਉਂਦਾ ਧੱਕੇ ਖਾਂਦਾ, ਧਨ ਅਤੇ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰਦਾ ਫਿਰਦਾ ਹੈ, ਇਸੇ ਲਈ ਗੁਰਬਾਣੀ ਉਪਦੇਸ਼ ਬਖ਼ਸ਼ਦੀ ਹੈ ‘‘ਓਨਾ ਪਾਸਿ ਦੁਆਸਿ ਨ ਭਿਟੀਐ; ਜਿਨ ਅੰਤਰਿ ਕ੍ਰੋਧੁ ਚੰਡਾਲ ॥’’ (ਮਹਲਾ ੪/੪੦)
ਲੋਕ ਲਾਜ ਵਿੱਚ ਬੰਦਾ; ਕਾਮ, ਕ੍ਰੋਧ ਤੋਂ ਬਚਣ ਦਾ ਵਿਖਾਵਾ ਮਾਤਰ ਯਤਨ ਕਰ ਲੈਂਦਾ ਹੈ, ਪਰ ਮੋਹ ਤੋਂ ਕੋਈ ਨਹੀਂ ਬਚ ਸਕਿਆ; ਜਿਧਰ ਦੇਖੋ ‘‘ਸਭ ਹੀ ਪਰਿ ਡਾਰੀ ਇਹ ਫਾਸ ॥’’ (ਮਹਲਾ ੯/੧੧੮੬) ਪਰਤੀਤ ਹੁੰਦਾ ਹੈ ਬਸ ਇੰਜ ਲੱਗਦਾ ਹੈ ‘‘ਏਤੁ ਮੋਹਿ (’ਚ), ਡੂਬਾ ਸੰਸਾਰੁ ॥ ਗੁਰਮੁਖਿ ਕੋਈ ਉਤਰੈ ਪਾਰਿ ॥’’ (ਮਹਲਾ ੧/੩੫੬) ਸਤਿਗੁਰ ਜੀ ਦੀ ਸਿੱਖਿਆ ਤਾਂ ਸਮੁੱਚੀ ਮਨੁੱਖਤਾ ਲਈ ਹੈ ‘‘ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥’’ (ਮਹਲਾ ੧/੬੬੨) ਇਸੇ ਕਰਕੇ ਗੁਰਮੁਖ ਜਨ ‘‘ਮਾਨ ਮੋਹ ਅਰੁ ਲੋਭ ਵਿਕਾਰਾ; ਬੀਓ ਚੀਤਿ ਨ ਘਾਲਿਓ ॥ ਨਾਮ ਰਤਨੁ ਗੁਣਾ ਹਰਿ ਬਣਜੇ; ਲਾਦਿ ਵਖਰੁ ਲੈ ਚਾਲਿਓ ॥’’ (ਮਹਲਾ ੫/੧੦੦੦) ਗੁਰੂ ਉਪਦੇਸ਼ ਰਾਹੀਂ ਜ਼ਿੰਦਗੀ ਸਫਲ ਕਰਦੇ ਹਨ।
ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ; ਭਖੁ ਅਭਖੁ ਸਭ ਖਾਇ ॥ (ਮਹਲਾ ੫/੫੦) ਕਹਿ ਕੇ ਗੁਰੂ ਸਾਹਿਬ ਲੋਭੀ ਦੀ ਤੁਲਨਾ ਕੁੱਤੇ ਨਾਲ ਕਰਦੇ ਹਨ ਤੇ ਨਾਲ ਹੀ ਸਿੱਖਿਆ ਦਰਜ ਕੀਤੀ ਹੈ ‘‘ਲੋਭੀ ਕਾ ਵੇਸਾਹੁ ਨ ਕੀਜੈ; ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ; ਜਿਥੈ ਹਥੁ ਨ ਪਾਇ ॥’’ (ਮਹਲਾ ੩/੧੪੧੭) ਹੰਕਾਰ ਤਾਂ ਇਨ੍ਹਾਂ ਸਾਰਿਆਂ ਦਾ ਸਰਦਾਰ ਹੈ ‘ਜਿਡਾ ਸਿਰ ਓਡੀ ਪੀੜਾ’ ਦੇ ਕਥਨ ਅਨੁਸਾਰ ਸਾਰੀਆਂ ਜੋਨੀਆਂ ਦੇ ਸਿਕਦਾਰ ਮਨੁੱਖ ਦੇ ਹਿੱਸੇ ਹੀ ਆਇਆ ਹੈ ‘‘ਹਉਮੈ ਰੋਗੁ ਮਾਨੁਖ ਕਉ ਦੀਨਾ ॥’’ (ਮਹਲਾ ੫/੧੧੪੦) ਵਚਨਾਂ ਤੋਂ ਸਪਸ਼ਟ ਹੈ ਕਿ ਇਹ ਰੋਗ ਹੋਰ ਕਿਸੇ ਜੀਵ ਜੰਤੂ ਅੰਦਰ ਨਹੀਂ। ਹੰਕਾਰ ਅਜਿਹਾ ਢੀਠ ਹੈ ਕਿ ਧਾਰਮਿਕ ਲੋਕਾਂ ਅਤੇ ਧਾਰਮਿਕ ਸਥਾਨਾਂ ’ਤੇ ਵੀ ਪ੍ਰਵੇਸ਼ ਕਰ ਲੈਂਦਾ ਹੈ। ਦਾਨੀ ਦੇ ਲੰਗਰ ਵਿੱਚ ਜਾ ਵੜਦਾ ਹੈ। ਪਾਠਾਂ, ਵਰਤਾਂ, ਨੇਮਾਂ ਆਦਿ ਨੇਕ ਕਾਰਜਾਂ ਵਿੱਚ ਮਨੁੱਖ ਦੀ ਕੀਤੀ ਕਰਾਈ ਘਾਲਣਾ ’ਤੇ ਪਾਣੀ ਫੇਰ ਦਿੰਦਾ ਹੈ: ਨਾਵੇਂ ਪਾਤਿਸ਼ਾਹ ਜੀ ਫ਼ੁਰਮਾਨ ਕਰਦੇ ਹਨ ‘‘ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ ॥ ਨਾਨਕ ! ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ॥’’ (ਮਹਲਾ ੯/੧੪੨੮) ਇੰਨਾ ਕੁਝ ਜਾਣਦਿਆਂ ਵੀ ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨ ਨਾਸੀ ॥’’ (ਭਗਤ ਰਵਿਦਾਸ/੯੭੪) ਦੀ ਭਾਵਨਾ ’ਚ ਫਸੇ ਜੀਵਨ ਬਰਬਾਦ ਕਰੀ ਜਾਂਦੇ ਹਾਂ ਪਰ ਪਰਮਾਤਮਾ ਕੰਤ ਦਾ ਮਿਲਾਪ ਤਾਂ ‘‘ਹਉਮੈ ਜਾਈ ਤਾ ਕੰਤ ਸਮਾਈ ॥’’ (ਮਹਲਾ ੧/੭੫੦) ਦੇ ਸਿਧਾਂਤ ਵਿਚ ਹੀ ਹੈ। ਇਸੇ ਲਈ ਜਗਿਆਸੂ ਹਾਰ ਥੱਕ ਕੇ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਦਾ ਹੈ ‘‘ਕਾਮ ਕ੍ਰੋਧ ਅਰੁ ਲੋਭ ਮੋਹ; ਬਿਨਸਿ ਜਾਇ ਅਹੰਮੇਵ ॥ ਨਾਨਕ ! ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ॥’’ (ਸੁਖਮਨੀ/ਮਹਲਾ ੫/੨੬੯) ਗੁਰੂ ਅਰਜਨ ਦੇਵ ਜੀ ਨੇ ਮਨੁੱਖ ਨੂੰ ‘‘ਨਦਰਿ ਕਰੇ ਤਾ ਸਿਮਰਿਆ ਜਾਇ ॥’’ (ਮਹਲਾ ੧/੬੬੧) ਦੀ ਸੋਝੀ ਦੇਣ ਲਈ ਸੁਖਮਨੀ ਸਾਹਿਬ ਜੀ ਦੀ 6ਵੀਂ ਅਸ਼ਟਪਦੀ ਵਿੱਚ 37 ਵਾਰ ‘ਪ੍ਰਸਾਦਿ’ ਲਫ਼ਜ਼ ਦੀ ਵਰਤੋਂ ਕੀਤੀ ਹੈ ਤਾਂ ਕਿ ਸਮਝ ਲੱਗ ਸਕੇ ਕਿ ਜਿੱਥੇ ਦਾਤੇ ਵੱਲੋਂ ਬਖ਼ਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ, ਉੱਥੇ ਨਾਲ ਹੀ ਪ੍ਰਤੀਤ ਕਰਨੀ ਹੈ ਕਿ ‘‘ਆਪਿ ਜਪਾਏ; ਜਪੈ ਸੋ ਨਾਉ ॥ ਆਪਿ ਗਾਵਾਏ; ਸੁ ਹਰਿ ਗੁਨ ਗਾਉ ॥ ਪ੍ਰਭ ਕਿਰਪਾ ਤੇ; ਹੋਇ ਪ੍ਰਗਾਸੁ ॥ ਪ੍ਰਭੂ ਦਇਆ ਤੇ; ਕਮਲ ਬਿਗਾਸੁ ॥ ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ ਪ੍ਰਭ ਦਇਆ ਤੇ; ਮਤਿ ਊਤਮ ਹੋਇ ॥ ਸਰਬ ਨਿਧਾਨ ਪ੍ਰਭ ! ਤੇਰੀ ਮਇਆ ॥ ਆਪਹੁ ਕਛੂ ਨ ਕਿਨਹੂ ਲਇਆ ॥ ਜਿਤੁ ਜਿਤੁ ਲਾਵਹੁ; ਤਿਤੁ ਲਗਹਿ ਹਰਿ ਨਾਥ !॥ ਨਾਨਕ ! ਇਨ ਕੈ ਕਛੂ ਨ ਹਾਥ ॥੮॥੬॥’’ (ਸੁਖਮਨੀ/ਮਹਲਾ ੫/੨੭੧)
ਸੋ ਧਾਰਮਿਕ ਭਾਸ਼ਾ ਵਿੱਚ ਨਦਰਿ, ਮਿਹਰ ਜਾਂ ਕ੍ਰਿਪਾ ਦਾ ਭਾਵ ਹੈ ਕਿ ਸਾਡੀ ਯੋਗਤਾ ਤੋਂ ਬਿਨਾਂ ਵੀ ਅਕਾਲ ਪੁਰਖ ਦੀ ਰਹਿਮਤ ਹੋਣੀ। ਸਿੱਖੀ ਆਸ਼ੇ ਮੁਤਾਬਕ ‘ਨਦਰਿ’ ਦੇ ਅਰਥ ਹਨ ਕਿ ਪਰਮਾਤਮਾ ਦੀ ਦਇਆਲਤਾ ਨਾਲ ਯੋਗਤਾ-ਅਯੋਗਤਾ, ਪੜ੍ਹਿਆ-ਅਣਪੜ੍ਹਿਆ, ਅਮੀਰ-ਗਰੀਬ ਦਾ ਖ਼ਿਆਲ ਮਨ ਅੰਦਰ ਨਾ ਰਹੇ ਕਿਉਂਕਿ ਉਸ ਦੇ ਦਰ ਘਰ ਵਿੱਚ ‘‘ਕਰਮੀ ਆਵੈ ਕਪੜਾ; ਨਦਰੀ ਮੋਖੁ ਦੁਆਰੁ ॥’’ (ਜਪੁ) ਦਾ ਸਿਧਾਂਤ ਚੱਲਦਾ ਹੈ। ‘‘ਨਾਨਕ ! ਨਦਰੀ ਕਰਮੀ ਦਾਤਿ ॥੨੪॥’’ (ਜਪੁ) ਵਾਲਾ ਨਿਯਮ ਪੱਕਾ ਹੈ। ਉੱਥੇ ਤਾਂ ‘‘ਨਦਰੀ ਕਰਮਿ ਪਵੈ ਨੀਸਾਣੁ ॥’’ (ਜਪੁ) ਭਾਵਨਾ ਪ੍ਰਗਟ ਹੋਣੀ ਹੈ। ਜਿਸ ਪਰਮਾਤਮਾ ਦਾ ਸੁਭਾਅ ‘‘ਨਾਨਕ ! ਨਦਰੀ ਨਦਰਿ ਨਿਹਾਲ ॥੩੮॥’’ (ਜਪੁ) ਕਰਨਾ ਹੈ ਅਤੇ ਜਗਿਆਸੂ ਆਪਾ ਤਿਆਗ ਉਸ ਨਾਲ ਸਾਂਝ ਪਾ ਲੈਂਦਾ ਹੈ। ਸਿਮਰਨ ਕਰਦਾ ਕਰਦਾ ਉਸ ਦਾ ਰੂਪ ਹੋ ਕੇ ਵੀ ਨਿਮਰਤਾ ਸਹਿਤ ਇਹੀ ਆਖਦਾ ਹੈ ‘‘ਨਦਰਿ ਕਰੇ ਤਾ ਸਿਮਰਿਆ ਜਾਇ ॥ ਆਤਮਾ ਦ੍ਰਵੈ ਰਹੈ; ਲਿਵ ਲਾਇ ॥’’ (ਮਹਲਾ ੧/੬੬੧)











