ਫ਼ਰਿਸ਼ਤਿਆਂ ਵਰਗੇ ਲੋਕ

0
231

ਫ਼ਰਿਸ਼ਤਿਆਂ ਵਰਗੇ ਲੋਕ

ਮਨਬੀਰ ਕੌਰ ਅੰਮ੍ਰਿਤਸਰ ਸਾਹਿਬ

ਗੁਰਬਾਣੀ ਦੇ ਕਥਨ ਅਨੁਸਾਰ ਜੋ ਮਨੁੱਖ ਦੁਨੀਆ ਵਿੱਚ ਰਹਿੰਦੇ ਹੋਏ ਨਿਸ਼ਕਾਮਤਾ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਦਾ ਹੈ, ਉਹ ਪ੍ਰਮਾਤਮਾ ਦੇ ਦਰ ’ਤੇ ਪ੍ਰਵਾਨ ਹੁੰਦਾ ਹੈ। ਗੁਰੂ ਸਾਹਿਬਾਨ ਦੀ ਨਰੋਈ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਵਾਲੀ ਸੋਚ ਨੇ ਸਾਡੀ ਜ਼ਿੰਦਗੀ ਨੂੰ ਸੁਚੱਜਾ ਬਣਾਇਆ। ਸਾਡੀ ਰੋਜ਼ਾਨਾ ਅਰਦਾਸ ਦੌਰਾਨ ਵੀ ਪ੍ਰਮਾਤਮਾ ਪਾਸ ਇਹੀ ਬਿਨੈ ਹੁੰਦੀ ਹੈ ਕਿ ਸਰਬੱਤ ਦਾ ਭਲਾ ਹੋਵੇ।

ਇਸੇ ਮਕਸਦ ਦੀ ਪੂਰਤੀ ਲਈ ਸਤਿਗਰੂ ਸਾਹਿਬਨ ਨੇ ਆਪਣੇ ਜੀਵਨ ਕਾਲ ਵਿੱਚ ਗੁਰਬਾਣੀ ਦਾ ਉਚਾਰਨ ਕਰਕੇ ਸਾਨੂੰ ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ’’ (ਮਹਲਾ /੧੨੯੯) ਦਾ ਸਿਧਾਂਤ ਬਖਸ਼ਿਆ ਹੀ ਨਹੀਂ ਬਲਕਿ ਇਸ ਕਹੀ ਗੱਲ ਨੂੰ ਅਮਲੀ ਤੌਰ ’ਤੇ ਆਪਣੇ ਜੀਵਨ ਵਿੱਚ ਲਾਗੂ ਵੀ ਕਰਕੇ ਦਿਖਾਇਆ। ਇਹੀ ਕਾਰਨ ਸੀ ਕਿ ਅੱਗੋਂ ਗੁਰਸਿੱਖਾਂ ਨੇ ਵੀ ਆਪਣੇ ਗੁਰੂ ਵੱਲੋਂ ਕਹੀਆਂ ਗੱਲਾਂ ਨੂੰ ਸਿਰ ਮੱਥੇ ਮੰਨ ਕੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਕਿ ਗੁਰਬਾਣੀ ਦਾ ਵਚਨ ‘‘ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?॥’’ (ਭਗਤ ਕਬੀਰ/੧੩੪੯) ਨੂੰ ਸੱਚ ਕਰ ਵਿਖਾਇਆ। ਜਿਸ ਦੀ ਵੱਡੀ ਮਿਸਾਲ ਗੁਰੂ ਗੋਬਿੰਦ ਸਿੰਘ ਨਾਲ ਹੋਈਆਂ ਜੰਗਾਂ ਦੌਰਾਨ ਮਿਲਦੀ ਹੈ, ਜਿੱਥੇ ਸਿੱਖ ਸੂਰਮੇ ਇੱਕ ਪਾਸੇ ਰਣ-ਤੱਤੇ ਵਿੱਚ ਦੁਸ਼ਮਣਾਂ ਦੇ ਆਹੂ ਲਾਹ ਰਹੇ ਸਨ ਤਾਂ ਉਸੇ ਹੀ ਮੈਦਾਨ-ਏ-ਜੰਗ ਵਿੱਚ ਭਾਈ ਘਨੱਈਆ ਜੀ ਵਰਗੀ ਸ਼ਖ਼ਸੀਅਤ ਫੱਟੜ ਹੋਏ ਸਿੱਖਾਂ ਸਮੇਤ ਜ਼ਖ਼ਮੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੀ ਸੀ। ਇਹ ਦੇਖ ਕੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਭਾਈ ਘਨੱਈਆ ਜੀ ਨੂੰ ਮੱਲ੍ਹਮ ਪੱਟੀ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਹਿਤਾਸ ਵਿੱਚ ਭਰੀਆਂ ਪਈਆਂ ਹਨ।  20ਵੀਂ ਸਦੀ ਦੇ ਮਹਾਨ ਸੇਵਾ ਦੇ ਪੁੰਜ ‘ਭਗਤ ਪੂਰਨ ਸਿੰਘ ਜੀ’ ਆਪਣੀ ਮਿਸਾਲ ਆਪ ਹਨ।

ਇਸੇ ਤਰ੍ਹਾਂ ਜੇਕਰ ਅਸੀਂ ਨਿੱਜੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਅੱਜ ਵੀ ਬਹੁਤ ਸਾਰੇ ਫ਼ਰਿਸ਼ਤਿਆਂ ਵਰਗੇ ਲੋਕ ਸਾਨੂੰ ਮਿਲ ਜਾਣਗੇ, ਜੋ ਬਿਨ੍ਹਾਂ ਕਿਸੇ ਨਿੱਜੀ ਸਵਾਰਥ ਦੇ ਦੂਸਰਿਆਂ ਦੀ ਭਲਾਈ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਦੂਜਿਆਂ ਦਾ ਭਲਾ ਕਰਨ ਨਾਲ ਜੋ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਪੈਸਿਆਂ ਨਾਲ ਕਦੇ ਵੀ ਖ਼ਰੀਦਿਆ ਨਹੀਂ ਜਾ ਸਕਦਾ। ਕਹਿੰਦੇ ਨੇ ਪ੍ਰਮਾਤਮਾ ਆਪ ਧਰਤੀ ’ਤੇ ਨਹੀਂ ਆਉਂਦਾ ਉਹ ਸਾਡੀ ਮਦਦ ਲਈ ਕੋਈ ਨਾ ਕੋਈ ਜ਼ਰੀਆ ਬਣਾ ਦਿੰਦਾ ਹੈ, ਅਸੀਂ ਉਸ ਨੂੰ ਪਹਿਚਾਣ ਨਹੀਂ ਪਾਉਂਦੇ ਜਾਂ ਕਈ ਵਾਰ ਅਸੀਂ ਆਖਦੇ ਵੀ ਹਾਂ ਕਿ ਫਲਾਣਾ ਬੰਦਾ ਤਾਂ ਰੱਬ ਦਾ ਰੂਪ ਹੈ। ਹਰ ਵੇਲੇ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇੱਕ ਦੇ ਕੰਮ ਆਉਣ ਵਾਲਾ। ਅਜਿਹੇ ਫ਼ਰਿਸ਼ਤੇ ਸਾਡੀ ਜ਼ਿੰਦਗੀ ਵਿੱਚ ਆ ਕੇ ਸਾਨੂੰ ਨਵਾਂ ਰਾਹ ਦਿਖਾਉਂਦੇ ਹਨ। ਸਾਡੀ ਰੁਕੀ ਹੋਈ ਜ਼ਿੰਦਗੀ ਨੂੰ ਮੁੜ ਹੁਲਾਰਾ ਦਿੰਦੇ ਹਨ ਅਤੇ ਸਾਡੀ ਜ਼ਿੰਦਗੀ ਵਿੱਚ ਨਵੇਂ ਰੰਗ ਭਰਦੇ ਹਨ।

ਜਿਉਂਦੇ ਜੀਅ ਹਰ ਵਿਅਕਤੀ ਵਿਸ਼ੇਸ਼ ਨੂੰ ਇੱਕ ਅਜਿਹੇ ਸਾਥ ਦੀ ਲੋੜ ਹਮੇਸ਼ਾਂ ਹੀ ਰਹਿੰਦੀ ਹੈ, ਜੋ ਸਾਡੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੋਵੇ। ਜੋ ਸਾਡੇ ਵਿਚਾਰਾਂ ਦੀ ਪ੍ਰੋੜ੍ਹਤਾ ਵੀ ਕਰਦਾ ਹੋਵੇ ਅਤੇ ਕੁੱਝ ਗ਼ਲਤ ਹੋਣ ’ਤੇ ਸਾਡੀ ਆਲੋਚਨਾ ਕਰਕੇ ਸਹੀ ਰਾਹ ਦੱਸਣ ਵਿੱਚ ਮਦਦ ਵੀ ਕਰਦਾ ਹੋਵੇ। ਦੁਨੀਆਂ ਉੱਤੇ ਹਰ ਤਰ੍ਹਾਂ ਦੇ ਮਨੁੱਖ ਹਨ। ਕੁੱਝ ਅਜਿਹੇ ਜੋ ਸਾਡੀ ਸੋਚ ਦੇ ਉੱਲਟ ਹੁੰਦੇ ਹਨ। ਉਨ੍ਹਾਂ ਦਾ ਸਾਡੇ ਵਿਚਾਰਾਂ ਨਾਲ ਤਾਲਮੇਲ ਨਹੀਂ ਬੈਠਦਾ, ਪਰ ਕੁੱਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨਾਲ ਸਾਡੀ ਪਰਸਪਰ ਸਾਂਝ ਬਣ ਜਾਂਦੀ ਹੈ ਅਤੇ ਅਜਿਹੇ ਮਨੁੱਖਾਂ ਨਾਲ ਸਾਨੂੰ ਆਪਣਾ ਰਿਸ਼ਤਾ ਬੜਾ ਅਨਿੱਖੜਵਾਂ ਮਹਿਸੂਸ ਹੁੰਦਾ ਹੈ।

ਪਰ ਅੱਜ-ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਆਪਣੇ ਬਾਰੇ ਪਹਿਲਾਂ ਸੋਚਦਾ ਹੈ ਅਤੇ ਬਹੁਤ ਘੱਟ ਇਨਸਾਨ ਅਜਿਹੇ ਮਿਲਦੇ ਹਨ ਜੋ ਆਪਣੇ ਨਾਲ-ਨਾਲ ਹੋਰਨਾਂ ਦੀ ਵੀ ਫ਼ਿਕਰ ਕਰਦੇ ਹਨ। ਕਿਸੇ ਨੇ ਬੜਾ ਵਧੀਆ ਕਿਹਾ ਹੈ ਕਿ, ਸਾਨੂੰ ਜ਼ਿੰਦਗੀ ਵਿੱਚ ਪੈਸੇ ਕਮਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਇਨਸਾਨ ਕਮਾਏ ਜਾਣ।’ ਕਿਉਂਕਿ ਆਖਿਰ ਮਨੁੱਖ ਨੇ ਹੀ ਮਨੁੱਖ ਦੇ ਕੰਮ ਆਉਣਾ ਹੁੰਦਾ ਹੈ।

ਆਪਣੇ ਵਿਰਸੇ, ਵਿਰਾਸਤ, ਸੱਭਿਆਚਾਰ ਅਤੇ ਇਤਿਹਾਸ ਤੋਂ ਸੇਧ ਲੈ ਕੇ ਅਜਿਹੇ ਮਨੁੱਖ ਜੋ ਹਮੇਸ਼ਾਂ ਦੂਸਰਿਆਂ ਦਾ ਭਲਾ ਚਿਤਵਦੇ ਹਨ, ਮੇਰੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਹਮੇਸ਼ਾਂ ਉਹਨਾਂ ਦੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਅਜਿਹੇ ਵਿਰਲੇ ਟਾਂਵੇਂ ਮਨੁੱਖ ਹਮੇਸ਼ਾਂ ਹੀ ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਸੁਹਰਿਦਤਾ ਨਾਲ ਕੰਮ ਕਰਦੇ ਰਹਿਣ ਅਤੇ ਹੋਰਨਾਂ ਦੇ ਜੀਵਣ ਲਈ ਵੀ ਪ੍ਰੇਰਨਾ ਸਰੋਤ ਬਣੇ ਰਹਿਣ।