29.3 C
Jalandhar
Saturday, April 4, 2026
spot_img
Home Blog Page 44

ਸਿਰ ਦੀਜੈ ਬਾਹਿ ਨ ਛੋੜੀਐ

0

ਸਿਰ ਦੀਜੈ ਬਾਹਿ ਨ ਛੋੜੀਐ

 -ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ.8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) 94631-32719

ਮਨੁੱਖਤਾ ਦੇ ਰਹਿਬਰ ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਨਿਰਮਲ ਪੰਥ ਦੇ ਰੂਪ ਵਿੱਚ ਚਲਾਇਆ ਗਿਆ ਸਿੱਖ ਧਰਮ ਸੰਸਾਰਿਕ ਅਤੇ ਪਰਿਵਾਰਕ (ਗ੍ਰਹਿਸਥ ਪ੍ਰਧਾਨ) ਧਰਮ ਹੈ। ਜਗਤ ਗੁਰੂ ਨੇ ਆਪਣੀ ਅਣਥੱਕ ਘਾਲਣਾ ਅਤੇ ਸਰਵ-ਹਿੱਤਕਾਰੀ ਸੋਚ ਨਾਲ ਦੁਨੀਆਂ ਨੂੰ ਇੱਕ ਅਜਿਹੀ ਜੀਵਨ-ਜੁਗਤ ਦਿੱਤੀ ਹੈ, ਜਿਸ ਨੂੰ ਤਨੋਂ-ਮਨੋਂ ਅਪਣਾਉਣ ਅਤੇ ਕਮਾਉਣ ਨਾਲ ਕੋਈ ਵੀ ਬਸ਼ਰ (ਬੰਦਾ) ਆਪਣੇ ਲੋਕ ਅਤੇ ਪ੍ਰਲੋਕ ਨੂੰ ਸੰਵਾਰ ਸਕਦਾ ਹੈ। ਸਿੱਖ ਧਰਮ ਵਿੱਚ ਪ੍ਰਲੋਕ ਨੂੰ ਸੰਵਾਰਨ ਤੋਂ ਪਹਿਲਾਂ ਲੋਕ ਨੂੰ ਸੰਵਾਰਨ ਅਤੇ ਲੋਕ ਨੂੰ ਸੰਵਾਰਨ ਤੋਂ ਪਹਿਲਾਂ ਨਿੱਜ ਨੂੰ ਸੰਵਾਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਧਾਂਤਕ ਅਤੇ ਵਿਵਹਾਰਕ ਰੂਪ ਵਿੱਚ ਸਰਬਤ ਦਾ ਭਲਾ ਮੰਗਣਾ ਕੇਵਲ ਸਿੱਖ ਧਰਮ ਦੇ ਹਿੱਸੇ ਵਿੱਚ ਹੀ ਆਇਆ ਹੈ। ਬੇਸ਼ੱਕ ਸੰਸਾਰ ਦੇ ਬਾਕੀ ਧਰਮ ਵੀ ਮਾਨਵ-ਹਿੱਤੂ ਹੋਣ ਦੀ ਹਾਮੀ ਭਰਦੇ ਹਨ, ਪਰ ਜਿਹੜਾ ਕਲਾਵਾ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਿਆਰੇ ਸਿੱਖਾਂ ਨੇ ਸਮੇਂ-ਸਮੇਂ ਭਰਿਆ ਹੈ ਉਸ ਵਿੱਚ ਗ਼ੈਰ ਸਿੱਖਾਂ ਦੇ ਸਮਾਅ ਜਾਣ ਦੀ ਗੁੰਜਾਇਸ਼ ਵੀ ਬਰਾਬਰ ਰਹੀ ਹੈ। ਇਸ ਬਰਾਬਰਤਾ ਦਾ ਆਧਾਰ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਦਾ ਸਿਧਾਂਤ ਹੈ ਜਿਹੜਾ ਪਰਉਪਕਾਰ ਦੀ ਭਾਵਨਾ ਦਾ ਜਨਮ ਦਾਤਾ ਹੈ ਅਤੇ ਇਹ ਭਾਵਨਾ ਸਿੱਖੀ ਸੋਚ ਦਾ ਕੇਂਦਰੀ ਬਿੰਦੂ ਰਹੀ ਹੈ। ਇਹ ਭਾਵਨਾ ਏਨੀ ਬਲਵਾਨ ਰਹੀ ਹੈ ਕਿ ਇਸ ਦੇ ਪ੍ਰਭਾਵ ਹੇਠ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਸਮੇਂ-ਸਮੇਂ ਸ਼ਹਾਦਤ ਦੇ ਜਾਮ ਵੀ ਪੀਣੇ ਪਏ ਹਨ।

ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਭਾਵੇਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਾਸਲ ਹੈ ਪਰ ਪਰਉਪਕਾਰ ਦੀ ਭਾਵਨਾ ਤਹਿਤ ਸ਼ਹੀਦ ਹੋਣ ਦਾ ਮਾਣ ਉਨ੍ਹਾਂ ਦੇ ਪੋਤੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਭੀ ਜਾਂਦਾ ਹੈ।

ਹਿੰਦੋਸਤਾਨ ਦੇ ਹਾਕਮ ਔਰੰਗਜ਼ੇਬ ਦੇ ਹੁਕਮ ਮੁਤਾਬਕ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੇ ਜਦੋਂ ਕਸ਼ਮੀਰ ਦੇ ਪੰਡਤਾਂ ’ਤੇ ਅਕਹਿ ਅਤੇ ਅਸਹਿ ਜ਼ੁਲਮ ਕਰਨੇ ਸ਼ੁਰੂ ਕੀਤੇ ਤਾਂ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਥੱਕ ਹਾਰ ਕੇ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਰਾਹ ਫੜ ਲਿਆ ਅਤੇ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਫ਼ਰਿਆਦੀ ਹੋਏ। ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂ ਸਾਹਿਬ ਅਜੇ ਕੁੱਝ ਸੋਚ ਹੀ ਰਹੇ ਸਨ ਕਿ ਇਸ ਸਮੇਂ ਦੌਰਾਨ ਬਾਲ ਗੋਬਿੰਦ ਰਾਇ ਜੀ ਵੀ ਉਥੇ ਪਹੁੰਚ ਗਏ। ਉਦਾਸ ਬੈਠੇ ਪੰਡਿਤਾਂ ਨੂੰ ਦੇਖ ਕੇ ਪੁੱਛਣ ਲੱਗੇ-

‘ਪਿਤਾ ਜੀ ! ਇਹ ਕੌਣ ਲੋਕ ਹਨ ਜੋ ਉਦਾਸ ਬੈਠੇ ਹਨ ?’

‘ਇਹ ਕਸ਼ਮੀਰ ਦੇ ਵਿਦਵਾਨ ਲੋਕ ਹਨ।’ ਗੁਰੂ ਸਾਹਿਬ ਨੇ ਜਵਾਬ ਦਿੱਤਾ।

‘ਇਹ ਇੱਥੇ ਕਿਉਂ ਆਏ ਹਨ ?’ ਬਾਲ ਗੋਬਿੰਦ ਰਾਇ ਨੇ ਸਵਾਲੀਆ ਨਜ਼ਰਾਂ ਨਾਲ ਕਿਹਾ।

‘ਪੁੱਤਰ ਜੀ ! ਦਿੱਲੀ ਦਾ ਹਾਕਮ ਔਰੰਗਜ਼ੇਬ ਇਨ੍ਹਾਂ ਦੇ ਧਾਰਮਿਕ ਸਥਾਨਾਂ (ਮੰਦਿਰਾਂ) ਅਤੇ ਧਾਰਮਿਕ ਚਿੰਨ੍ਹਾਂ (ਤਿਲਕ, ਜੰਝੂ ਅਤੇ ਟਿੱਕਾ) ਦੀ ਬੇਅਦਬੀ ਕਰ ਰਿਹਾ ਹੈ, ਇਹ ਇੱਥੇ ਇਸ ਕਰਕੇ ਆਏ ਹਨ ਕਿ ਇਨ੍ਹਾਂ ਦੇ ਧਰਮ ਦੀ ਰਾਖੀ ਕੀਤੀ ਜਾਵੇ।’

ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦੀ ਆਮਦ ਦਾ ਸਬੱਬ ਬਿਆਨਦੇ ਹੋਏ ਕਿਹਾ।

‘ਪਿਤਾ ਜੀ ਫਿਰ ਰਾਖੀ ਹੋਵੇਗੀ ਕਿ ਨਹੀਂ ?’

‘ਪੁੱਤਰ ਜੀ ! ਇਨ੍ਹਾਂ ਦੇ ਧਰਮ ਦੀ ਰਾਖੀ ਲਈ ਕਿਸੇ ਮਹਾਨ-ਪੁਰਖ ਦੀ ਕੁਰਬਾਨੀ ਦੀ ਲੋੜ ਹੈ, ਜੋ ਆਪਣਾ ਬਲੀਦਾਨ ਦੇ ਕੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ੍ਹ ਪਾ ਸਕੇ।’  ‘ਪਿਤਾ ਜੀ  ! ਉਹ ਮਹਾਨ-ਪੁਰਖ ਤੁਹਾਡੀ ਨਜ਼ਰ ਵਿੱਚ ਹੈ ਕਿ ਜਾਂ ਫਿਰ ਮੈਂ ਦੱਸ ਦਿਆਂ।’ ‘ਪੱੁਤਰ  ! ਚੱਲ ਫਿਰ ਤੂੰ ਹੀ ਦੱਸ ਦੇ।’

‘ਪਿਤਾ ਜੀ ! ਉਹ ਮਹਾਨ-ਪੁਰਖ ਤੁਹਾਡੇ ਤੋਂ ਵੱਧ ਕੇ ਭਲਾ ਹੋਰ ਕੌਣ ਹੋ ਸਕਦਾ ਹੈ।’ ‘ਬੱਚਾ  ! ਦੇਖ ਲੈ ਤੂੰ ਅਨਾਥ ਹੋ ਜਾਵੇਂਗਾ।’

‘ਪਿਤਾ ਜੀ ! ਜੇਕਰ ਹਿੰਦੋਸਤਾਨ ਦੇ ਹਜ਼ਾਰਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਤਾਂ ਮੇਰੇ ਇੱਕ ਦੇ ਅਨਾਥ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ।’

ਇੱਕ ਪੌਣੇ ਕੁ ਨੌ ਸਾਲ ਦੇ ਬਾਲ ਦੇ ਮੁਖ਼ਾਰਬਿੰਦ ’ਚੋਂ ਨਿਕਲੇ ਇਹ ਵਾਕ ਸਿੱਖੀ ਸੋਚ ਵਿਚਲੀ ਪਰਉਪਕਾਰੀ ਭਾਵਨਾ ਦੀ ਸਿਖਰ ਸਨ ਜਿਨ੍ਹਾਂ ਨੂੰ ਅਮਲੀ ਜਾਮਾ ਪਹਿਣਾਉਣ ਲਈ ਨੌਵੇਂ ਪਾਤਸ਼ਾਹ ਨੂੰ ਆਪਣਾ ਬਲੀਦਾਨ ਦੇਣਾ ਪਿਆ। ਇਹ ਬਲੀਦਾਨ ਗੁਰੂ ਘਰ ਦੀ ਉਸ ਵਚਨਬੱਧਤਾ ਨੂੰ ਵੀ ਸਾਰਧਿਕ ਕਰਦਾ ਹੈ ਜਿਸ ਅਨੁਸਾਰ ਕਿਹਾ ਗਿਆ ਹੈ ‘‘ਬਾਹਿ ਜਿਨਾ ਦੀ ਪਕੜੀਐ; ਸਿਰ ਦੀਜੈ ਬਾਹਿ ਛੋੜੀਐ’’

ਕਿਸਾਨ ਮੋਰਚਾ – ਲੋਕ ਏਕਤਾ ਦੀ ਇਤਿਹਾਸਕ ਜਿੱਤ – ਤਾਨਾਸ਼ਾਹੀ ਦੀ ਹਾਰ

0

ਕਿਸਾਨ ਮੋਰਚਾ – ਲੋਕ ਏਕਤਾ ਦੀ ਇਤਿਹਾਸਕ ਜਿੱਤ – ਤਾਨਾਸ਼ਾਹੀ ਦੀ ਹਾਰ

ਕਿਰਪਾਲ ਸਿੰਘ ਬਠਿੰਡਾ 88378-13661

ਕਿਸਾਨ ਮੋਰਚੇ ਸੰਬੰਧੀ ਲਿਖੇ ਗਏ ਪਿਛਲੇ ਲੇਖਾਂ ’ਚ ਕਾਫ਼ੀ ਕੁਝ ਲਿਖਿਆ ਜਾ ਚੁੱਕਾ ਹੈ; ਇਸ ਲੇਖ ’ਚ ਉਨ੍ਹਾਂ ਨੂੰ ਦੁਹਰਾਇਆ ਨਹੀਂ ਜਾਵੇਗਾ ਕੇਵਲ ਭੂਮਿਕਾ ਬੰਨ੍ਹਣ ਲਈ ਟੂਕ ਮਾਤਰ ਘਟਨਾਵਾਂ ਦਾ ਜ਼ਿਕਰ ਕਰ ਇਸ ਮੋਰਚੇ ਨਾਲ ਪੰਜਾਬ ਅਤੇ ਸਮੁੱਚੇ ਦੇਸ਼ ਦੀ ਸਿਆਸਤ ’ਤੇ ਦੂਰ ਰਸੀ ਪੈਣ ਵਾਲੇ ਪ੍ਰਭਾਵ ਸੰਬੰਧੀ ਚਰਚਾ ਕਰਨ ਦਾ ਹੀ ਯਤਨ ਕੀਤਾ ਜਾ ਰਿਹਾ ਹੈ।  5 ਜੂਨ 2020 ਨੂੰ ਕੇਂਦਰ ਸਰਕਾਰ ਨੇ ਬਿਨਾਂ ਕਿਸਾਨਾਂ ਨਾਲ ਵੀਚਾਰ ਚਰਚਾ ਕੀਤਿਆਂ ਤਿੰਨ ਖੇਤੀ ਆਰਡੀਨੈਂਸ ਜਾਰੀ ਕੀਤੇ। ਜਿਸ ਸਮੇਂ ਕੇਵਲ ਭਾਰਤ ਹੀ ਨਹੀਂ ਬਲਕਿ ਲਗਭਗ ਸਮੁੱਚਾ ਵਿਸ਼ਵ ਕੋਰੋਨਾ ਵਾਇਰਸ ਕਾਰਨ ਲਾੱਕ ਆਊਟ ਦਾ ਸਾਮ੍ਹਣਾ ਕਰ ਰਿਹਾ ਸੀ ਉਸ ਸਮੇਂ ਇਸ ਢੰਗ ਨਾਲ ਆਰਡੀਨੈਂਸ ਕਰਨ ਦੀ ਕੋਈ ਤੁਕ ਹੀ ਨਹੀਂ ਸੀ ਬਣਦੀ ਕਿਉਂਕਿ ਸੰਵਿਧਾਨ ਮੁਤਾਬਕ ਆਰਡੀਨੈਂਨਸ ਕੇਵਲ ਉਸ ਸਮੇਂ ਜਾਰੀ ਕੀਤੇ ਜਾ ਸਕਦੇ ਹਨ, ਜਿਸ ਸਮੇਂ ਕਿਸੇ ਖ਼ਾਸ ਆਪਤਕਾਲੀਨ (Emergency) ਕਾਰਨ ਅਜਿਹੇ ਕਾਨੂੰਨ ਲਾਗੂ ਕਰਨੇ ਬਹੁਤ ਹੀ ਜਰੂਰੀ ਹੋਣ, ਪਰ ਉਸ ਸਮੇਂ ਆਪਤਕਾਲ ਹੋਣ ਕਾਰਨ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਣਾ ਸੰਭਵ ਨਾ ਹੋਵੇ, ਪਰ ਜਿਸ ਸਮੇਂ ਇਹ ਆਰਡੀਨੈਂਨਸ ਜਾਰੀ ਕੀਤੇ ਗਏ ਸਨ ਉਸ ਸਮੇਂ ਦੇਸ਼ ਜਾਂ ਸਰਕਾਰ ਨੂੰ ਐਸੀ ਕੋਈ ਬਿਪਤਾ ਨਹੀਂ ਸੀ ਪਈ ਕਿ ਖੇਤੀ ਕਾਨੂੰਨਾਂ ਨੂੰ ਤੁਰੰਤ ਲਾਗੂ ਕਰਨਾ ਸਮੇਂ ਅਤੇ ਦੇਸ਼ ਦੀ ਬਹੁਤ ਵੱਡੀ ਲੋੜ ਹੋਵੇ। ਕੇਵਲ ਤਿੰਨ ਮਹੀਨੇ ਬਾਅਦ ਸਤੰਬਰ ’ਚ ਸੰਸਦ ਦਾ ਇਜਲਾਸ ਹੋਣਾ ਸੀ ਉਸ ਸਮੇਂ ਇਨ੍ਹਾਂ ਕਾਨੂੰਨਾਂ ’ਤੇ ਵਿਸਥਾਰ ਸਹਿਤ ਵੀਚਾਰ ਚਰਚਾ ਉਪਰੰਤ ਬਿੱਲ ਪਾਸ ਕਰਵਾਏ ਜਾ ਸਕਦੇ ਸਨ। ਦੂਸਰੀ ਗੱਲ ਹੈ ਕਿ ਖੇਤੀ ਸੰਬੰਧੀ ਕਾਨੂੰਨ ਪਾਸ ਕਰਨ ਦਾ ਅਧਿਕਾਰ ਖੇਤਰ, ਕੇਵਲ ਸੂਬਾ ਸਰਕਾਰਾਂ ਦਾ ਹੈ ਪਰ ਮੋਦੀ ਸਰਕਾਰ ਨੇ ਧੱਕੇ ਨਾਲ ਹੀ ਵਾਪਾਰ ਅਤੇ ਕਾਮਰਸ ਸ਼ਬਦ ਜੋੜ ਕੇ ਬਹੁਤ ਤੇਜ਼ੀ ਨਾਲ ਕਾਨੂੰਨ ਬਣਾ ਦਿੱਤੇ। ਘਟਨਾਕ੍ਰਮ ਇਉਂ ਹੈ ਕਿ 5 ਜੂਨ ਨੂੰ ਜਾਰੀ ਹੋਏ ਆਰਡੀਨੈਂਸਾਂ ਨੂੰ ਕਾਨੂੰਨੀ ਰੂਪ ਦੇਣ ਲਈ 16 ਸਤੰਬਰ 2020 ਨੂੰ ਬਿਨਾਂ ਕਿਸੇ ਵੀਚਾਰ ਚਰਚਾ ਅਤੇ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਬਿੱਲਾਂ ਨੂੰ ਸੰਸਦੀ ਕਮੇਟੀ ਕੋਲ਼ ਭੇਜਣ ਦੀ ਮੰਗ ਠੁਕਰਾ ਕੇ ਬਹੁਤ ਕਾਹਲ਼ੀ ’ਚ ਪਾਸ ਕੀਤੇ ਗਏ। ਰਾਜ ਸਭਾ ’ਚ ਭਾਜਪਾ ਘੱਟ ਗਿਣਤੀ ਹੈ; ਜੇ ਵੋਟਾਂ ਪੈਂਦੀਆਂ ਤਾਂ ਇਹ ਬਿੱਲ ਪਾਸ ਨਹੀਂ ਸਨ ਹੋ ਸਕਦੇ ਪਰ ਚੇਅਰਪਰਸਨ ਨੇ ਵਿਰੋਧੀ ਧਿਰਾਂ ਵੱਲੋਂ ਵੋਟਾਂ ਪਵਾਉਣ ਦੀ ਮੰਗ ਠੁਕਰਾ ਕੇ 20 ਸਤੰਬਰ ਨੂੰ ਰੌਲ਼ੇ-ਰੱਪੇ ’ਚ ਕੇਵਲ ਜ਼ਬਾਨੀ ਵੋਟ ਨਾਲ ਰਾਜ ਸਭਾ ’ਚ ਪਾਸ ਕਰਨ ਦਾ ਐਲਾਨ ਕਰ ਦਿੱਤਾ।  24 ਸਤੰਬਰ 2020 ਨੂੰ ਰਾਸ਼ਟਰਪਤੀ ਨੇ ਆਪਣੇ ਦਸਤਖ਼ਤ ਕਰ ਦਿੱਤੇ ਅਤੇ 27 ਸਤੰਬਰ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਆਪਣੇ ਵੱਲੋਂ ਕਾਨੂੰਨ ਲਾਗੂ ਕਰ ਦਿੱਤੇ।

ਜੂਨ ਮਹੀਨੇ ’ਚ ਤਿੰਨੇ ਖੇਤੀ ਆਰਡੀਨੈਂਸ ਜਾਰੀ ਹੁੰਦਿਆਂ ਹੀ ਪੰਜਾਬ ’ਚ ਕਿਸਾਨ ਜਥੇਬੰਦੀਆਂ ਇਸ ਦੇ ਵਿਰੋਧ ’ਚ ਲਾਮਬੰਦ ਹੋਣੀਆਂ ਸ਼ੁਰੂ ਹੋ ਗਈਆਂ। ਵੀਚਾਰਧਾਰਕ ਮੱਤਭੇਦ ਹੋਣ ਦੇ ਬਾਵਜੂਦ 32 ਕਿਸਾਨ ਜਥੇਬੰਦੀਆਂ ਇੱਕ ਮੰਚ ’ਤੇ ਬੈਠ ਕੇ ਸਾਂਝਾ ਪ੍ਰੋਗਰਾਮ ਦੇਣ ਲਈ ਕੇਵਲ ਸਹਿਮਤ ਹੀ ਨਹੀਂ ਹੋਈਆਂ ਬਲਕਿ ਮੋਰਚਾ ਸ਼ੁਰੂ ਹੋਣ ਤੋਂ ਲੈ ਕੇ ਆਪਣੀ ਜਿੱਤ ਤੱਕ ਹਰ ਪ੍ਰੋਗਰਾਮ ’ਤੇ ਪੂਰੀ ਦ੍ਰਿੜ੍ਹਤਾ ਅਤੇ ਸੁਹਿਰਦਤਾ ਨਾਲ ਅਮਲ ਕੀਤਾ। ਹਰਿਆਣਾ ਦੇ ਕਿਸਾਨ ਵੀ ਸਰਗਰਮ ਹੋ ਚੁੱਕੇ ਸਨ ਤੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਨੂੰ ਅੱਗੇ ਵਧਾਉਣ ’ਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੋਵਾਂ ਸੂਬਿਆਂ ਦੀਆਂ ਜਥੇਬੰਦੀਆਂ ਨੇ ਮਿਲ ਕੇ ਦੇਸ਼ ਦੇ ਬਾਕੀ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰ ਉਨ੍ਹਾਂ ਨੂੰ ਆਪਣੇ ਨਾਲ ਤੋਰਨ ’ਚ ਸਫਲਤਾ ਹਾਸਲ ਕੀਤੀ ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਸਾਰੀਆਂ ਫਸਲਾਂ ’ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਦੇਣ; ਪਰਾਲੀ ਸਾੜਨ ਅਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਦੀਆਂ ਚਾਰ ਮੁੱਖ ਮੰਗਾਂ ਨੂੰ ਲੈ ਕੇ 26 ਨਵੰਬਰ 2020 ਨੂੰ ਦਿੱਲੀ ਚੱਲੋ ਪ੍ਰੋਗਰਾਮ ਦਿੱਤਾ ਗਿਆ, ਜਿਸ ਨਾਲ ਪੰਜਾਬ ਹਰਿਆਣਾ ਦੇ ਨਾਲ਼-ਨਾਲ਼ ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਮੋਰਚਾ ਸਾਰੇ ਦੇਸ਼ ’ਚ ਫੈਲ ਗਿਆ। ਦੇਸ਼ਭਰ ਦੀਆਂ ਚਾਰ ਸੌ ਦੇ ਲਗਭਗ ਕਿਸਾਨ ਜਥੇਬੰਦੀਆਂ ‘ਸੰਯੁਕਤ ਕਿਸਾਨ ਮੋਰਚੇ’ ਦੇ ਬੈੱਨਰ ਹੇਠ ਇੱਕ ਮੰਚ ’ਤੇ ਇਕੱਤਰ ਹੋਈਆਂ ਅਤੇ ਫ਼ੈਸਲੇ ਲੈਣ ਲਈ 40 ਮੈਂਬਰੀ ਕਮੇਟੀ ਬਣਾਈ ਗਈ, ਜਿਸ ’ਚ ਪੰਜਾਬ ਦੀਆਂ ਸਮੁੱਚੀਆਂ 32 ਜਥੇਬੰਦੀਆਂ ਦਾ ਇੱਕ-ਇੱਕ ਨੁਮਾਇੰਦਾ ਅਤੇ ਬਾਕੀ ਸਾਰੇ ਦੇਸ਼ ’ਚੋਂ ਭੀ 8 ਨੁਮਾਇੰਦੇ ਸ਼ਾਮਲ ਕੀਤੇ ਗਏ। ਇਸ ਤਰ੍ਹਾਂ ਮੋਰਚੇ ਦੀ ਸਾਰੀ ਕਮਾਂਡ ਤਕਰੀਬਨ ਪੰਜਾਬ ਦੇ ਹੱਥ ਰਹੀ। ਭਾਜਪਾ ਪੱਖੀਆਂ ਅਤੇ ਗੋਦੀ ਮੀਡੀਏ ਨੂੰ ਛੱਡ ਕੇ ਬਾਕੀ ਦੇ ਪੂਰੇ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ’ਚੋਂ ਕਿਸਾਨ ਮੋਰਚੇ ਨੂੰ ਹਰ ਵਰਗ ਖ਼ਾਸ ਕਰ ਪੰਜਾਬੀਆਂ ਅਤੇ ਪੰਜਾਬੀਆਂ ’ਚੋਂ ਵਿਸ਼ੇਸ਼ ਤੌਰ ’ਤੇ ਸਿੱਖਾਂ ਦਾ ਪੂਰਾ ਸਮਰਥਨ ਮਿਲਿਆ। ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਭਾਜਪਾ ਦੇ ਹਰ ਛੋਟੇ ਵੱਡੇ ਆਗੂ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਮੋਰਚੇ ’ਚ ਸ਼ਾਮਲ ਕਿਸਾਨਾਂ ਨੂੰ ਖ਼ਾਲਿਸਤਾਨੀ, ਵੱਖਵਾਦੀ, ਅਤਿਵਾਦੀ ਦੱਸ ਕੇ ਸਿੱਖਾਂ ਨੂੰ ਬਦਨਾਮ ਕਰਨ ਅਤੇ ਧਰਮ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ ਕੀਤੀ ਕਿ ਇਹ ਕਿਸਾਨ ਨਹੀਂ ਬਲਕਿ ਦੇਸ਼ ਦੇ ਦੁਸ਼ਮਣ ਹਨ, ਜੋ ਦੇਸ਼ ਨੂੰ ਤੋੜਨਾ ਚਾਹੁੰਦੇ ਹਨ।  ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ’ਚ ਅੰਦੋਲਨਕਾਰੀ ਕਿਸਾਨਾਂ ਨੂੰ ਅੰਦੋਲਨਜੀਵੀ, ਪਰਜੀਵੀ ਆਦਿਕ ਸ਼ਬਦਾਂ ਨਾਲ ਸੰਬੋਧਨ ਕਰ ਕਿਸਾਨਾਂ ਦਾ ਮਜ਼ਾਕ ਉਡਾਇਆ, ਪਰ ਭਾਜਪਾ ਦਾ ਹਰ ਪੈਂਤੜਾ ਉਨ੍ਹਾਂ ਲਈ ਉਲਟਾ ਪਿਆ। ਮੋਰਚੇ ਰਾਹੀਂ ਸਿੱਖ ਫ਼ਿਲਾਸਫ਼ੀ ਦਾ ਅਮਲੀ ਤੌਰ ’ਤੇ ਹੋ ਰਿਹਾ ਪ੍ਰਦਰਸ਼ਨ ਅਤੇ ਪ੍ਰਚਾਰ ਤੋਂ ਦੂਸਰਿਆਂ ਸੂਬਿਆਂ ਦੇ ਲੋਕ ਇੰਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਕਹਿਣਾ ਸ਼ੁਰੂ ਕੀਤਾ ਕਿ ਜੇ ਇਹ ਖ਼ਾਲਿਸਤਾਨੀ ਹਨ ਤਾਂ ਅਜਿਹਾ ਖ਼ਾਲਿਸਤਾਨ ਤਾਂ ਸਿਰਫ ਪੰਜਾਬ ’ਚ ਹੀ ਨਹੀਂ ਬਲਕਿ ਸਮੁੱਚੇ ਭਾਰਤ ’ਚ ਹੀ ਬਣ ਜਾਣਾ ਚਾਹੀਦਾ ਹੈ। ਚਿਰਾਂ ਤੋਂ ਲਟਕ ਰਹੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਆਪਸ ’ਚ ਲੜਾਉਣ ਲਈ ਹਰਿਆਣਾ ਸਰਕਾਰ ਅਤੇ ਭਾਜਪਾ ਆਗੂਆਂ ਵੱਲੋਂ ਉਛਾਲਨ ਦੀ ਕੋਸ਼ਿਸ਼ ਕੀਤੀ, ਪਰ ਹਰਿਆਣਾ ਦੇ ਸੂਝਵਾਨ ਕਿਸਾਨਾਂ ਨੇ ਇਹ ਕੋਝੀ ਕੋਸ਼ਿਸ਼ ਤੁਰੰਤ ਇਹ ਕਹਿ ਕੇ ਖੁੰਡੀ ਕਰ ਦਿੱਤੀ ਕਿ ਤੁਹਾਡੇ ਤਿੰਨੇ ਖੇਤੀ ਕਾਨੂੰਨਾਂ ਨੇ ਸਾਡੇ ਪਾਸ ਜ਼ਮੀਨਾਂ ਹੀ ਨਹੀਂ ਰਹਿਣ ਦੇਣੀਆਂ ਫਿਰ ਅਸੀਂ ਪਾਣੀ ਕੀ ਕਰਨਾ ਹੈ ? ਪਹਿਲਾਂ ਤੁਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਓ; ਪੰਜਾਬ ਸਾਡਾ ਵੱਡਾ ਭਰਾ ਹੈ; ਪਾਣੀ ਦਾ ਮਸਲਾ ਅਸੀਂ ਆਪਸ ’ਚ ਬੈਠ ਕੇ ਆਪੇ ਹੱਲ ਕਰ ਲਵਾਂਗੇ। ਇਸ ਤਰ੍ਹਾਂ ਭਾਜਪਾ/ਕੇਂਦਰ ਸਰਕਾਰ ਦੀਆਂ ਸਾਰੀਆਂ ਕੋਝੀਆਂ ਚਾਲਾਂ ਦਾ ਕਿਸਾਨ ਏਕਤਾ ਅਤੇ ਕਿਰਦਾਰ ਤੁਰੰਤ ਭੋਗ ਪਾਉਂਦਾ ਰਿਹਾ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੀ ਖੇਤੀ ਮੰਤਰੀ ਨਰਿੰਦਰ ਤੋਮਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕੇਂਦਰੀ ਮੰਤਰੀਆਂ ਨਾਲ 11 ਮੀਟਿੰਗਾਂ ਹੋਈਆਂ। ਅੰਤਲੀ ਮੀਟਿੰਗ 21 ਜਨਵਰੀ 2021 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਹੋਈ, ਪਰ ਸਾਰੀਆਂ ਬੇਸਿੱਟਾ ਰਹੀਆਂ ਕਿਉਂਕਿ ਸਰਕਾਰ ਕਾਨੂੰਨਾਂ ਨੂੰ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਸਿੱਧ ਨਾ ਕਰ ਸਕੀ ਤੇ ਇੱਕੋ ਰੱਟ ਲਾਉਂਦੀ ਰਹੀ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ; ਅਸੀਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨੀ ਹੈ, ਇਸ ਲਈ ਇਨ੍ਹਾਂ ਕਾਨੂੰਨਾਂ ’ਚ ਭਾਵੇਂ ਜਿੰਨੀਆਂ ਮਰਜ਼ੀ ਸੋਧਾਂ ਕਰਵਾ ਲਓ ਪਰ ਸਾਡੀ ਇੱਜ਼ਤ ਰੱਖੋ ਅਤੇ ਰੱਦ ਕਰਵਾਉਣ ਦੀ ਮੰਗ ਛੱਡ ਦੇਵੋ; ਜਦੋਂ ਕਿ ਕਿਸਾਨ ਇਸ ਗੱਲ ’ਤੇ ਬਜ਼ਿੱਦ ਸਨ ਕਿ ਜੇ ਸਾਰੀਆਂ ਮੱਦਾਂ ਨੂੰ ਤੁਸੀਂ ਗ਼ਲਤ ਹੀ ਮੰਨਦੇ ਹੋ ਤਾਂ ਇਨ੍ਹਾਂ ਕਾਨੂੰਨਾਂ ਦੀ ਲੋੜ ਹੀ ਕੀ ਰਹਿ ਜਾਂਦੀ ਹੈ।

ਕਿਸਾਨ ਜਥੇਬੰਦੀਆਂ ਨੇ ਸਰਕਾਰ ’ਤੇ ਦਬਾਅ ਵਧਾਉਣ ਲਈ 26 ਜਨਵਰੀ ਨੂੰ ਦਿੱਲੀ ’ਚ ਗਣਤੰਤਰ ਦਿਵਸ ਪਰੇਡ ਦੇ ਬਰਾਬਰ ਟਰੈਕਟਰ ਪਰੇਡ ਕਰਨ ਦਾ ਫ਼ੈਸਲਾ ਕੀਤਾ। ਇਸ ਪਰੇਡ ਦੌਰਾਨ ਸਰਕਾਰ ਅਤੇ ਭਾਜਪਾ ਦੇ ਕਾਰਕੁਨਾਂ ਵੱਲੋਂ ਹਿੰਸਾ ਫੈਲਾਉਣ ਦੀਆਂ ਕਨਸੋਆਂ ਆਉਣੀਆਂ ਸ਼ੁਰੂ ਹੋਈਆਂ। ਆਖ਼ਿਰ ਦਿੱਲੀ ਪੁਲਿਸ ਜਿਹੜੀ ਸਿੱਧੇ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਧੀਨ ਆਉਂਦੀ ਹੈ, ਨਾਲ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਦੌਰਾਨ ਟਰੈਕਟਰ ਮਾਰਚ ਲਈ ਦਿੱਲੀ ਦੇ ਬਾਹਰੀ ਹਿੱਸੇ ਦਾ ਰੂਟ ਤੈਅ ਹੋਇਆ। ਟਰੈਕਟਰ ਮਾਰਚ ਲਈ ਦਿੱਲੀ ਦੇ ਲਾਗਲੇ ਖੇਤਰ ਖ਼ਾਸ ਕਰ ਪੰਜਾਬ ਹਰਿਆਣਾ ’ਚੋਂ ਬੇਸ਼ੁਮਾਰ ਟਰੈਕਟਰ ਪਹੁੰਚ ਗਏ। ਇੱਕ ਸਾਜਿਸ਼ ਅਧੀਨ ਦਿੱਲੀ ਪੁਲਿਸ ਵੱਲੋਂ ਤੈਅ ਸ਼ੁਦਾ ਰੂਟ ’ਤੇ ਭਾਰੀ ਬੈਰੀਕੇਡਿੰਗ ਲਾ ਕੇ ਰੋਕਿਆ ਗਿਆ ਅਤੇ ਲਾਲ ਕਿਲੇ ਵੱਲ ਦੇ ਰਸਤੇ ਜਾਣ ਦੀ ਖੁੱਲ੍ਹ ਦਿੱਤੀ ਗਈ। ਕੁਝ ਕਿਸਾਨਾਂ ਨੂੰ ਦਿੱਲੀ ਦੀਆਂ ਸੜਕਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਅਤੇ ਕੁਝ ਨੌਜਵਾਨਾਂ ਦੇ ਜੋਸ਼ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਲਾਲ ਕਿਲੇ ’ਚ ਪਹੁੰਚ ਗਏ ਤੇ ਜੋਸ਼ ’ਚ ਆਇਆਂ ਉਨ੍ਹਾਂ ਨੇ ਲਾਲ ਕਿਲੇ ’ਚ ਖੜ੍ਹੇ ਦੋ ਖਾਲ੍ਹੀ ਪੋਲਾਂ ’ਤੇ ਖ਼ਾਲਸਾ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾ ਦਿੱਤਾ। ਇਸ ਦੌਰਾਨ ਕਿਸਾਨ ਆਗੂ ਹਰਦੀਪ ਸਿੰਘ ਡਿਬਡਿਬਾ ਦਾ ਨੌਜਾਵਨ ਪੋਤਰਾ ਰਵਨੀਤ ਸਿੰਘ ਸ਼ਹੀਦ ਹੋ ਗਿਆ। ਕੁਝ ਜਖ਼ਮੀ ਹੋਏ ਅਤੇ ਸਾਰੇ ਕਿਸਾਨ ਆਗੂਆਂ ਸਮੇਤ ਸੈਂਕੜੇ ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ। ਸਰਕਾਰੀ ਤੰਤਰ ਅਤੇ ਗੋਦੀ ਮੀਡੀਆ ਇਸੇ ਮੌਕੇ ਦੀ ਭਾਲ਼ ’ਚ ਸੀ ਤੇ ਉਨ੍ਹਾਂ ਨੇ ਤੁਰੰਤ ਇਸ ਮਾਮੂਲੀ ਘਟਨਾ ਨੂੰ ਦੇਸ਼ ਵਿਰੋਧੀ ਅਤੇ ਤਿਰੰਗੇ ਦੀ ਬੇਅਦਬੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਮੋਰਚੇ ’ਤੇ ਇਸ ਦਾ ਕਾਫ਼ੀ ਅਸਰ ਵੀ ਪਿਆ। ਗਾਜੀਪੁਰ ਬਾਰਡਰ ਤੋਂ ਦੋ ਸਰਕਾਰ ਪੱਖੀ ਕਿਸਾਨ ਯੂਨੀਅਨਾਂ ਦੇ ਆਗੂ ਮੋਰਚੇ ਨੂੰ ਹਿੰਸਕ ਹੋਇਆ ਅਤੇ 26 ਜਨਵਰੀ ਦੀ ਘਟਨਾ ਨੂੰ ਤਿਰੰਗੇ ਦੀ ਬੇਅਦਬੀ ਦੱਸ ਕੇ ਆਪਣੇ ਵਰਕਰਾਂ ਸਮੇਤ 27 ਜਨਵਰੀ ਨੂੰ ਆਪਣੇ ਤੰਬੂ ਪੁੱਟ ਕੇ ਚਲੇ ਗਏ। ਇੱਕ ਵਾਰ ਤਾਂ ਅਜਿਹਾ ਜਾਪਦਾ ਸੀ ਕਿ ਮੋਰਚਾ ਫ਼ੇਲ ਹੋ ਗਿਆ ਹੈ। ਇਸ ਨਾਲ ਸਰਕਾਰ ਪੱਖੀ ਗੁੰਡਿਆਂ ਦੇ ਹੌਂਸਲੇ ਵਧ ਗਏ ਅਤੇ ਕੁਝ ਪੁਲਿਸ ਵਾਲਿਆਂ ਜਾਂ ਪੁਲਿਸ ਦੀ ਵਰਦੀ ’ਚ ਨੌਜਵਾਨਾਂ ਨੂੰ ਨਾਲ ਲੈ 28 ਜਨਵਰੀ ਨੂੰ ਯੂਪੀ ਦੇ ਕਿਸਾਨ ਆਗੂ ਸ਼੍ਰੀ ਰਾਕੇਸ਼ ਟਿਕੈਤ ਦੀ ਅਗਵਾਈ ’ਚ ਗਾਜ਼ੀਪੁਰ ਬਾਰਡਰ ’ਤੇ ਬੈਠੇ ਕਿਸਾਨ ਵਰਕਰਾਂ ਨੂੰ ਧਮਕਾਉਣ ਲੱਗੇ ਕਿ 24 ਘੰਟੇ ’ਚ ਆਪਣੇ ਤੰਬੂ ਪੁੱਟ ਕੇ ਲੈ ਜਾਓ ਨਹੀਂ ਤਾਂ ਅਸੀਂ ਕੱਲ੍ਹ ਨੂੰ ਆ ਕੇ ਤੁਹਾਨੂੰ ਭਜਾ ਦੇਵਾਂਗੇ। ਰਾਕੇਸ਼ ਟਿਕੈਤ ਦੇ ਭਾਵਕ ਬੋਲਾਂ ਨਾਲ਼ ਹੰਝੂਆਂ ਭਰੀ ਐਸੀ ਅਪੀਲ ਨਿਕਲੀ ਕਿ ਹਰਿਆਣਾ, ਯੂ.ਪੀ. ਅਤੇ ਪੰਜਾਬ ਦੇ ਕਿਸਾਨ ਵਹੀਰਾਂ ਘੱਤ ਕੇ ਮੁੜ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਬਾਰਡਰਾਂ ’ਤੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਅਤੇ ਮੋਰਚਾ ਮੁੜ ਕੇਵਲ ਖੜ੍ਹਾ ਹੀ ਨਹੀਂ ਬਲਕਿ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਨਿਬੜਿਆ। ਪੁਲਿਸ ਦੀ ਸ਼ਹਿ ’ਤੇ ਭਾਜਪਾ ਦੇ ਗੁੰਡਿਆਂ ਨੇ ਕਈ ਐਸੀਆਂ ਹਰਕਤਾਂ ਕੀਤੀਆਂ ਜਿਨ੍ਹਾਂ ਨਾਲ ਕਿਸਾਨ ਹਿੰਸਕ ਹੋ ਜਾਣ ਅਤੇ ਹਿੰਸਾ ਦੀ ਆੜ ’ਚ ਪੁਲਿਸ ਕਾਰਵਾਈ ਕਰ ਉਨ੍ਹਾਂ ਤੋਂ ਮੋਰਚੇ ਖ਼ਾਲੀ ਕਰਵਾਏ ਜਾ ਸਕਣ, ਪਰ ਕਿਸਾਨ ਪੂਰੀ ਤਰ੍ਹਾਂ ਸ਼ਾਂਤ ਰਹੇ ਤੇ ਮੋਰਚਾ ਸਫਲਤਾ ਵੱਲ ਵਧਦਾ ਗਿਆ। ਮਾਰਚ, ਅਪ੍ਰੈਲ 2021 ’ਚ ਪੱਛਮੀ ਬੰਗਾਲ ਸਮੇਤ 5 ਸੂਬਿਆਂ ’ਚ ਮੱਧ ਵਰਤੀ ਚੋਣਾ ਹੋਣੀਆਂ ਸਨ। ਬੰਗਾਲ ਚੋਣਾ ਜਿੱਤਣ ਲਈ ਭਾਜਪਾ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਸੀ.ਬੀ.ਆਈ., ਈ.ਡੀ. ਆਦਿਕ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਅਤੇ ਅਹੁੱਦਿਆਂ ਦਾ ਲਾਲਚ ਦੇ ਕੇ ਤ੍ਰਿਣਾਮੂਲ ਕਾਂਗਰਸ ਦੇ ਤਕਰੀਬਨ ਅੱਧੋਂ ਵੱਧ ਵੱਡੇ ਆਗੂ ਤੇ ਵਰਕਰ ਭਾਜਪਾ ’ਚ ਸ਼ਾਮਲ ਕਰਵਾ ਲਏ, ਜਿਸ ਨਾਲ ਤ੍ਰਿਣਾਮੂਲ ਕਾਂਗਰਸ ਦੀ ਪ੍ਰਧਾਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਇਕੱਲੀ ਰਹਿ ਗਈ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰ ਦਿੱਤਾ ਕਿ ਭਾਜਪਾ; ਲੋਕ ਆਵਾਜ਼ ਨਹੀਂ ਸਮਝਦੀ ਵੋਟਾਂ ਦੀ ਗਿਣਤੀ ਸਮਝਦੀ ਹੈ, ਇਸ ਲਈ ਆ ਰਹੀਆਂ ਮੱਧ ਵਰਤੀ ਚੋਣਾਂ ’ਚ ਭਾਜਪਾ ਦੀ ਵੋਟ ’ਤੇ ਚੋਟ ਮਾਰੀ ਜਾਵੇਗੀ ਕਿਉਂਕਿ ਭਾਜਪਾ ਲਈ ਪੱਛਮੀ ਬੰਗਾਲ ਦੀਆਂ ਚੋਣਾ ਮਹਾਂਭਾਰਤ ਦੇ ਯੁੱਧ ਵਾਙ ਸੀ ਅਤੇ ਬੰਗਾਲ ਨੂੰ ਹਰ ਹਾਲਤ ਜਾਇਜ਼ ਨਜਾਇਜ਼ ਤਰੀਕੇ ਨਾਲ ਜਿੱਤਣਾ ਚਾਹੁੰਦੀ ਸੀ, ਇਸ ਲਈ ਭਾਜਪਾ ਦੀ ਵੋਟ ’ਤੇ ਚੋਟ ਮਾਰਨ ਦੇ ਨਾਹਰੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਮੁੱਖ ਆਗੂ ਤਕਰੀਬਨ ਹਰ ਹਲਕੇ ’ਚ ਗਏ, ਜਿੱਥੇ ਉਨ੍ਹਾਂ ਭਾਜਪਾ ਦੀ ਤਾਨਾਸ਼ਾਹੀ ਸਰਕਾਰ ਦੀਆਂ ਆਮ ਲੋਕਾਂ ਅਤੇ ਖ਼ਾਸ ਕਰ ਕਿਸਾਨਾਂ ’ਤੇ ਕੀਤੀਆਂ ਵਧੀਕੀਆਂ ਦਾ ਵੇਰਵਾ ਦੇ ਕੇ ਵੋਟਰਾਂ ਨੂੰ ਅਪੀਲ ਕਰਦੇ ਰਹੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਭਾਰਤ ’ਚ ਲੋਕਤੰਤਰ ਬਹਾਲ ਹੋਵੇ ਤਾਂ ਹੋਰ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾਓ ਪਰ ਭਾਜਪਾ ਨੂੰ ਬਿਲਕੁਲ ਨਾ ਪਾਈ ਜਾਵੇ। ਭਾਰਤੀ ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ ਵਾਙ ਕੰਮ ਕਰਦੈ, ਜਿਸ ਦੀ ਖ਼ੂਬ ਦੁਰਵਰਤੋਂ ਕੀਤੀ ਗਈ। ਬੰਗਾਲ ’ਚ ਭਾਜਪਾ ਕੋਲ ਆਪਣੇ ਇੰਨੇ ਵਰਕਰ ਤਾਂ ਹੈ ਨਹੀਂ, ਇਸ ਲਈ ਪੱਛਮੀ ਬੰਗਾਲ ਦੀਆਂ ਚੋਣਾ 27 ਮਾਰਚ ਤੋਂ 29 ਅਪ੍ਰੈਲ 2021 ਤੱਕ 8 ਪੜਾਅ ’ਚ ਕਰਵਾਈਆਂ ਗਈਆਂ ਤਾਂ ਕਿ ਇੱਕ ਹਲਕੇ ’ਚ ਵੋਟਾਂ ਦਾ ਕੰਮ ਮੁਕੰਮਲ ਹੋਣ ਪਿੱਛੋਂ ਭਾਜਪਾ ਆਪਣੇ ਵਰਕਰਾਂ ਨੂੰ ਦੂਸਰੇ ਹਲਕੇ ’ਚ ਭੇਜ ਸਕੇ। ਕਿਸੇ ਸੂਬੇ ’ਚ ਵੋਟਾਂ ਪੈਣ ਦਾ ਕੰਮ 34 ਦਿਨਾਂ ਤੱਕ 8 ਪੜਾਵਾਂ ’ਚ ਪੂਰਾ ਹੋਇਆ ਹੋਵੇ ਇਹ ਭਾਰਤ ਦੇ ਚੋਣ ਇਤਿਹਾਸ ਦਾ ਰਿਕਾਰਡ ਹੈ, ਨਹੀਂ ਤਾਂ ਆਮ ਤੌਰ ’ਤੇ ਦੋ ਜਾਂ ਵੱਧ ਤੋਂ ਵੱਧ ਤਿੰਨ ਪੜਾਵਾਂ ’ਚ ਹਰ ਸੂਬੇ ’ਚ ਚੋਣ ਮੁਕੰਮਲ ਹੋ ਜਾਂਦੀ ਹੈ। ਸਾਰੀ ਭਾਜਪਾ ਪਾਰਟੀ, ਆਰ.ਐੱਸ.ਐੱਸ. ਅਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਸਾਰੇ ਕੇਂਦਰੀ ਵਜੀਰਾਂ, ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਫ਼ੌਜ ਬੰਗਾਲ ਚੋਣਾ ਵਿੱਚ ਝੋਕ ਦਿੱਤੀ ਗਈ। ਦੂਸਰੇ ਪਾਸੇ ਇਕੱਲੀ ਦਲੇਰ ਔਰਤ ਮਮਤਾ ਬੈਨਰਜੀ ਸ਼ੇਰਨੀ ਵਾਙ ਦਹਾੜਦੀ ਰਹੀ। ਚੋਣਾਂ ਦੇ ਨਤੀਜੇ ਆਏ ਤਾਂ ਭਾਜਪਾ ਦੇ ਮੂੰਹ ਅੱਡੇ ਰਹਿ ਗਏ ਜਦੋਂ ਉਨ੍ਹਾਂ ਸਰਕਾਰ ਬਣਾਉਣਯੋਗ ਤਾਂ ਕੀ ਹੋਣਾ ਸੀ ਸਗੋਂ ਤ੍ਰਿਣਾਮੂਲ ਕਾਂਗਰਸ ਵੱਲੋਂ ਪ੍ਰਾਪਤ ਕੀਤੀਆਂ ਸੀਟਾਂ ਤੋਂ ਅੱਧੀਆਂ ਸੀਟਾਂ ਵੀ ਪ੍ਰਾਪਤ ਨਾ ਕਰ ਸਕੇ ਅਤੇ ਤ੍ਰਿਣਾਮਲ ਕਾਂਗਰਸ ਦੇ ਜਿਹੜੇ ਆਗੂ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ’ਚ ਸ਼ਾਮਲ ਕਰਵਾਏ ਸਨ, ਉਹ ਧੜਾ ਧੜ ਮੁੜ ਭਾਜਪਾ ਨੂੰ ਛੱਡ ਆਪਣੀ ਗ਼ਲਤੀ ਸਵੀਕਾਰ ਕਰਦੇ ਹੋਏ ਤ੍ਰਿਣਾਮਲ ਕਾਂਗਰਸ ’ਚ ਸ਼ਾਮਲ ਹੋ ਗਏ।

ਭਾਵੇਂ ਪੱਛਮੀ ਬੰਗਾਲ ’ਚ ਭਾਜਪਾ ਦੀਆਂ ਇਛਾਵਾਂ ਦੇ ਬਿਲਕੁਲ ਉਲਟ ਨਤੀਜੇ ਆਏ ਪਰ ਫਿਰ ਵੀ ਉਸ ਨੂੰ ਧਰਵਾਸ ਸੀ ਕਿ ਪੱਛਮੀ ਬੰਗਾਲ ’ਚ 2016 ਨਾਲੋਂ ਵੱਧ ਸੀਟਾਂ ਜਿੱਤਣ ’ਚ ਕਾਮਯਾਬ ਹੋਏ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਬੰਗਾਲ ’ਚ ਤਾਂ ਉਹ ਹਿੰਦੂ ਮੁਸਲਮਾਨਾਂ ਦਾ ਵੰਡ ਨਹੀਂ ਕਰ ਸਕੇ ਪਰ ਯੂ.ਪੀ. ਸਮੇਤ ਬਾਕੀ ਦੇ ਉੱਤਰੀ ’ਤੇ ਮੱਧ ਭਾਰਤ ’ਚ ਜ਼ਰੂਰ ਇਸ ਧਾਰਮਿਕ ਵੰਡ ਦੇ ਆਧਾਰ ’ਤੇ ਵੱਡੀ ਸਫਲਤਾ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੇ, ਪਰ ਉਹ ਭੁੱਲ ਗਏ ਕਿ ਕੇਵਲ ਭਾਜਪਾ ਹੀ ਨਹੀਂ ਬਲਕਿ ਤ੍ਰਿਣਾਮੂਲ ਕਾਂਗਰਸ ਨੇ ਵੀ 2016 ਨਾਲੋਂ ਵੱਧ ਸੀਟਾਂ ਜਿੱਤੀਆਂ ਅਤੇ ਭਾਜਪਾ ਨੇ ਜੋ ਵਾਧੂ ਸੀਟਾਂ ਜਿੱਤੀਆਂ ਉਹ ਉਸ ਦੀ ਆਪਣੀ ਕਾਰਗੁਜ਼ਾਰੀ ਨਹੀਂ ਬਲਕਿ ਉਨ੍ਹਾਂ ਸੀਟਾਂ ’ਤੇ ਜਿੱਤ ਹਾਸਲ ਕੀਤੀ ਜਿਨ੍ਹਾਂ ’ਤੇ ਤ੍ਰਿਣਾਮਲ ਕਾਂਗਰਸ ਦੇ ਆਗੂਆਂ ਨੂੰ ਦਲਬਦਲੀ ਕਰਵਾ ਕੇ ਭਾਜਪਾ ਦੀ ਟਿਕਟ ’ਤੇ ਚੋਣ ਲੜਾਈ ਗਈ ਅਤੇ ਉਨ੍ਹਾਂ ਦਲਬਦਲੂਆਂ ਨੇ ਵੀ ਬਹੁਤੀਆਂ ਸੀਟਾਂ ਤ੍ਰਿਣਾਮੂਲ ਕਾਂਗਰਸ ਤੋਂ ਨਹੀਂ ਬਲਕਿ ਕਾਂਗਰਸ ਅਤੇ ਸੀ.ਪੀ.ਐੱਮ. ਤੋਂ ਖੋਹੀਆਂ ਸਨ। ਮਜ਼ੇ ਦੀ ਗੱਲ ਇਹ ਹੈ ਕਿ ਦਲ ਬਦਲੀ ਕਰ ਭਾਜਪਾ ਦੀ ਟਿੱਕਟ ’ਤੇ ਜਿੱਤੇ ਵਿਧਾਇਕ ਮੁੜ ਤ੍ਰਿਣਾਮੂਲ ਕਾਂਗਰਸ ’ਚ ਸ਼ਾਮਲ ਹੋਣ ਲੱਗ ਪਏ।

ਫ਼ਰਵਰੀ 2022 ’ਚ ਪੰਜਾਬ, ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ’ਚ ਤਾਂ ਭਾਜਪਾ ਦੇ ਕੁਝ ਹੱਥ ਪੱਲੇ ਆਉਣ ਵਾਲਾ ਨਹੀਂ ਪਰ ਯੂ.ਪੀ ’ਚ ਹਿੰਦੂ ਬਹੁ ਗਿਣਤੀ ’ਚ ਹੋਣ ਕਰਕੇ ਭਾਜਪਾ ਨੂੰ ਹਿੰਦੂ-ਮੁਸਲਮਾਨਾਂ ਦਰਮਿਆਨ ਵੰਡ/ਦੰਗੇ ਕਰਵਾੳਣੇ ਬਹੁਤ ਰਾਸ ਆਉਂਦੇ ਹਨ, ਜਿਸ ਦੇ ਸਹਾਰੇ ਭਾਜਪਾ 80 ਲੋਕ ਸਭਾ ਸੀਟਾਂ ਵਾਲੇ ਸੂਬੇ ’ਚੋਂ ਆਸਾਨੀ ਨਾਲ ਬਹੁਮਤ ਲੈ ਜਾਂਦੀ ਹੈ। ਬਾਕੀ ਦੇ ਸਭ ਸੂਬਿਆਂ ਨਾਲੋਂ ਵੱਧ ਸੰਸਦੀ ਸੀਟਾਂ ਹੋਣ ਕਾਰਨ ਮੰਨਿਆ ਜਾਂਦਾ ਹੈ ਕਿ ਦਿੱਲੀ ਦੀ ਸਿਆਸਤ ਦਾ ਰਾਹ ਯੂ.ਪੀ. ਵਿੱਚੋਂ ਹੋ ਕੇ ਨਿਕਲਦਾ ਹੈ, ਇਸ ਲਈ ਭਾਜਪਾ ਅਤੇ ਕਿਸਾਨ ਜਥੇਬੰਦੀਆਂ ਦੋਵਾਂ ਲਈ ਹੀ ਯੂ.ਪੀ. ਵਿਸ਼ੇਸ਼ ਮਹੱਤਵ ਪੂਰਨ ਹੈ। ਕਿਸਾਨ ਜਥੇਬੰਦੀਆਂ ਨੇ ਯੂ.ਪੀ. ’ਚ ਵੋਟ ਦੀ ਚੋਟ ਲਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਿਸ ਤਹਿਤ ਕੀਤੀਆਂ ਜਾਂ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੇ ਮੰਚਾਂ ’ਤੇ ਹਿੰਦੂ-ਮੁਸਲਮਾਨ-ਸਿੱਖ ਕਿਸਾਨਾਂ ਵੱਲੋਂ ਇੱਕ ਸਾਥ ‘ਅੱਲਾ-ਹੂ-ਅਕਬਰ’, ‘ਜੈ ਸ਼੍ਰੀ ਰਾਮ’ ‘ਬੋਲੇ ਸੋ ਨਿਹਾਲ – ਸਤਿ ਸ਼੍ਰੀ ਅਕਾਲ’ ਅਤੇ ‘ਵਾਹਿਗੁਰੂ ਜੀ ਕਾ ਖਾਲਸਾ’ ਦੇ ਨਾਹਰੇ ਲਾ ਕੇ ਹਿੰਦੂ-ਸਿੱਖ-ਮੁਸਲਮਾਨ-ਈਸਾਈ ਏਕਤਾ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਭ ਧਰਮਾਂ ਦੀ ਏਕਤਾ ’ਚ ਸਾਡੀ ਅਤੇ ਲੋਕਤੰਤਰ ਦੀ ਜਿੱਤ ਹੈ ਜਦੋਂ ਕਿ ਫੁੱਟ ਅਤੇ ਆਪਸੀ ਮਜ਼੍ਹਬੀ ਦੰਗਿਆਂ ’ਚ ਭਾਜਪਾ ਦੀ ਜਿੱਤ ਅਤੇ ਲੋਕਤੰਤਰ ਦੀ ਹਾਰ ਹੈ। ਕਿਸਾਨ ਜਥੇਬੰਦੀਆਂ ਵੱਲੋਂ ਏਕਤਾ ਦੇ ਇਹ ਨਾਹਰੇ ਭਾਜਪਾ ਦੀ ਨੀਂਦ ਹਰਾਮ ਕਰਨ ਵਾਲੇ ਹਨ। ਏਕਤਾ ਦੇ ਇਹ ਨਾਹਰੇ ਬੰਦ ਕਰਵਾਉਣ ਲਈ ਅਪਰਾਧਿਕ ਪਿਛੋਕੜ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੀ ਮਨਸ਼ਾ ਨਾਲ ਬਿਆਨ ਦਿੱਤਾ ਕਿ ਮੈਨੂੰ ਸਿਰਫ ਐੱਮ.ਪੀ./ਮੰਤਰੀ ਹੀ ਨਾ ਸਮਝ ਲੈਣਾ ਮੇਰਾ ਪਿਛੋਕੜ ਵੀ ਵੇਖ ਲੈਣਾ ਕਿ ਮੈਂ ਕੀ ਸੀ ਅਤੇ ਕੀ ਕਰ ਸਕਦਾ ਹਾਂ ? ਜੇ ਮੈਂ ਸੜਕ ’ਤੇ ਉੱਤਰ ਆਇਆ ਤਾਂ ਤੁਹਾਡੇ ’ਚੋਂ ਇੱਕ ਵੀ ਨਹੀਂ ਲੱਭਣਾ। ਮਿਸ਼ਰਾ ਦੇ ਇਸ ਬਿਆਨ ਦੇ ਪ੍ਰਤੀਕਰਮ ਵਜੋਂ ਕਿਸਾਨ ਜਥੇਬੰਦੀਆਂ ਨੇ ਅਜੈ ਮਿਸ਼ਰਾ ਦੇ ਲਖੀਮਪੁਰ ਖੀਰੀ (ਯੂ.ਪੀ.) ਪਹੁੰਚਣ ’ਤੇ ਕਾਲ਼ੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ।  3 ਅਕਤੂਬਰ 2021 ਨੂੰ ਜਿਸ ਸਮੇਂ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਸੜਕ ਦੇ ਇੱਕ ਪਾਸੇ ਪੈਦਲ ਵਾਪਸ ਜਾ ਰਹੇ ਸਨ ਤਾਂ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਵਿਸ਼ੇਸ਼ ਤੌਰ ’ਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਨੂੰ ਨਿਸ਼ਾਨਾ ਬਣਾ ਪਿੱਛੋਂ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਚਾਰ ਕਿਸਾਨਾਂ ਦੀ ਗੱਡੀ ਥੱਲੇ ਆ ਕੇ ਅਤੇ ਅਸ਼ੀਸ਼ ਮਿਸ਼ਰਾ ਨਾਲ ਸਵਾਰ ਤਿੰਨ ਭਾਜਪਾ ਵਰਕਰ ਗੱਡੀ ਪਲਟਣ ਸਦਕਾ ਅਤੇ ਅਸ਼ੀਸ਼ ਮਿਸ਼ਰਾ ਦੇ ਰਿਵਾਲਵਰ ਅਤੇ ਰਾਈਫਲ ’ਚੋਂ ਚੱਲੀਆਂ ਗੋਲ਼ੀਆਂ ਨਾਲ ਇੱਕ ਪੱਤਰਕਾਰ ਦੀ ਮੌਤ ਹੋ ਗਈ; ਅਨੇਕਾਂ ਕਿਸਾਨ ਜਖ਼ਮੀ ਹੋ ਗਏ। ਇੱਕੇ ਹਾਦਸੇ ’ਚ ਹੋਈਆਂ 8 ਮੌਤਾਂ ਨੇ ਕਿਸਾਨਾਂ ਦਾ ਰੋਹ ਹੋਰ ਵਧਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸੁਪ੍ਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਆਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਦੇ ਹਥਿਆਰਾਂ ਤੋਂ ਗੋਲ਼ੀਆਂ ਚੱਲਣ ਦੀ ਪੁਸ਼ਟੀ ਕੀਤੇ ਜਾਣ ਦੇ ਬਾਵਜੂਦ ਵੀ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਹਾਲੀ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ, ਜਿਸ ਦੇ ਅਧੀਨ ਦੇਸ਼ ਦੀ ਸਾਰੀ ਪੁਲਿਸ ਹੈ; ਆਪਣੀ ਕੁਰਸੀ ’ਤੇ ਬਿਰਾਜਮਾਨ ਹੈ; ਤਾਂ ਪੀੜਤਾਂ ਨੂੰ ਇਨਸਾਫ਼ ਕਿਵੇਂ ਮਿਲੇਗਾ ? ਪ੍ਰਧਾਨ ਮੰਤਰੀ ਜਾਂ ਭਾਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਅਜੈ ਮਿਸ਼ਰਾ ਦੇ ਭੜਕਾਊ ਬਿਆਨ ਅਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕੀਤੇ ਖ਼ੂਨੀ ਕਾਂਡ ਦੀ ਹਾਲੀ ਤੱਕ ਨਿੰਦਾ ਨਾ ਕੀਤੀ ਜਾਣੀ ਅਤੇ ਨਾ ਹੀ ਅਜੈ ਮਿਸ਼ਰਾ ਨੂੰ ਆਪਣੇ ਅਹੁੱਦੇ ਤੋਂ ਤਿਆਗ ਪੱਤਰ ਦੇਣ ਲਈ ਕਹਿਣਾ, ਸੰਕੇਤ ਹੈ ਕਿ ਲਖੀਮਪਰ ਖੀਰੀ ਕਾਂਡ ਕੇਵਲ ਅਜੈ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਦੀ ਗੁੰਡਾ ਗਰਦੀ ਹੀ ਨਹੀਂ ਬਲਕਿ ਉਨ੍ਹਾਂ ਰਾਹੀਂ ਖ਼ੁਦ ਭਾਜਪਾ ਅਤੇ ਕੇਂਦਰੀ ਸਰਕਾਰ; ਆਰ.ਐੱਸ.ਐੱਸ. ਦਾ ਦੰਗੇ ਭੜਕਾਉਣ ਅਤੇ ਵੰਡ ਪਾਊ ਏਜੰਡਾ ਲਾਗੂ ਕਰਨਾ ਚਾਹ ਰਹੇ ਸਨ ਪਰ ਇਹ ਵੱਖਰੀ ਗੱਲ ਹੈ ਕਿ ਇਹ ਕਾਂਡ ਉਨ੍ਹਾਂ ਲਈ ਉਲਟਾ ਪਿਆ। ਯੂ.ਪੀ. ਸਮੇਤ ਸਮੁੱਚੇ ਦੇਸ਼ ’ਚ ਭਾਜਪਾ ਵਿਰੁੱਧ ਗੁੱਸੇ ਦੀ ਲਹਿਰ ਫੈਲ ਗਈ। ਲੋਕਾਂ ਦਾ ਇਹ ਰੋਹ 30 ਅਕਤੂਬਰ ਨੂੰ ਹੋਈਆਂ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਭਾਜਪਾ ਨੂੰ ਉੱਤਰ ਤੋਂ ਦੱਖਣ ਤੱਕ ਮਿਲੇ ਵੱਡੇ ਝਟਕਿਆਂ ਤੋਂ ਪ੍ਰਗਟ ਹੋਇਆ ਕਿਉਂਕਿ ਭਾਜਪਾ ਸ਼ਾਸ਼ਤ ਹਿਮਾਚਲ ਪ੍ਰਦੇਸ਼ ਅਤੇ ਕਾਂਗਰਸ ਸ਼ਾਸ਼ਤ ਰਾਜਸਥਾਨ ’ਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਹੋਈ ਅਤੇ ਭਾਜਪਾ ਇੱਥੇ ਇੱਕ ਵੀ ਸੀਟ ਹਾਸਲ ਨਹੀਂ ਕਰ ਸਕੀ; ਦਾਦਰਾ ਤੇ ਨਗਰ ਹਵੇਲੀ ਲੋਕ ਸਭਾ ਸੀਟ ਸ਼ਿਵ ਸੈਨਾ ਨੇ ਜਿੱਤੀ; ਮਹਾਂ ਰਾਸ਼ਟਰ ਦੀ ਵਿਧਾਨ ਸਭਾ ਸੀਟ ਉੱਤੇ ਕਾਂਗਰਸ ਜੇਤੂ; ਆਂਧਰਾ ਪ੍ਰਦੇਸ਼ ਵਿੱਚ ਵਾਈਐੱਸਆਰ ਕਾਂਗਰਸ ਨੇ ਭਾਜਪਾ ਨੂੰ ਹਰਾਇਆ। ਭਾਜਪਾ ਸ਼ਾਸ਼ਤ ਹਰਿਆਣਾ ’ਚ ਵੀ ਇੱਕੋ ਇੱਕ ਸੀਟ ਅਨੈਲੋ ਦੇ ਅਭੈ ਸਿੰਘ ਚੌਟਾਲਾ ਭਾਜਪਾ ਉਮੀਦਵਾਰ ਨੂੰ ਹਰਾ ਕੇ ਮੁੜ ਜਿੱਤਣ ’ਚ ਕਾਮਯਾਬ ਹੋਇਆ ਜਦੋਂ ਕਿ ਜ਼ਿਮਨੀ ਚੋਣਾਂ ਦਾ ਹਾਲ ਇਹ ਹੁੰਦਾ ਹੈ ਕਿ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਹੀ ਜਿੱਤ ਹਾਸਲ ਕਰਦੀ ਆਈ ਹੈ। ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਮਿਲੀ ਨਮੋਸ਼ੀ ਭਰੀ ਹਾਰ ਅਤੇ ਪੰਜਾਬ, ਯੂ.ਪੀ., ਉੱਤਰਾਖੰਡ ਜਿੱਥੇ ਫ਼ਰਵਰੀ ’ਚ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਅਤੇੇ ਭਾਜਪਾ ਦੇ ਦਿਨੋ ਦਿਨ ਵਧ ਰਹੇ ਜਨਤਕ ਵਿਰੋਧ ਨੇ ਭਾਜਪਾ ਦੀ ਨੀਂਦ ਉਡਾ ਦਿੱਤੀ; ਜਿਸ ਤੋਂ ਡਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰ ਪੁਰਬ ਵਾਲੇ ਦਿਨ 19 ਨਵੰਬਰ ਨੂੰ ਸਵੇਰੇ ਦੇਸ਼ ਨੂੰ ਸੰਬੋਧਨ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ, ਐੱਮ.ਐੱਸ.ਪੀ. ਲਈ ਕਮੇਟੀ ਗਠਿਤ ਕਰਨ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ ਵਾਪਸ ਆਪਣੇ ਘਰੀਂ ਜਾ ਕੇ ਗੁਰ ਪੁਰਬ ਮਨਾਉਣ ਦੀ ਅਪੀਲ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਤੋਂ ਇਹ ਕਹਿੰਦਿਆਂ ਮਾਫ਼ੀ ਮੰਗੀ ਕਿ ਅਸੀਂ ਕਾਨੂੰਨ ਤਾਂ ਕਿਸਾਨਾਂ ਦੇ ਹਿੱਤ ’ਚ ਬਣਾਏ ਸਨ ਪਰ ਮੇਰੀ ਤਪੱਸਿਆ ’ਚ ਕੋਈ ਫਰਕ ਰਹਿ ਗਿਆ ਜਿਸ ਕਾਰਨ ਕਿਸਾਨਾਂ ਦੇ ਇੱਕ ਵਰਗ ਨੂੰ ਅਸੀਂ ਕਾਨੂੰਨਾਂ ਦੇ ਫਾਇਦੇ ਸਮਝਾ ਨਹੀਂ ਸਕੇ।

ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੇ ਇਹ ਸ਼ਬਦ ਰਾਸ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਦਾ ਮੰਨਣੈ ਕਿ ਪ੍ਰਧਾਮ ਮੰਤਰੀ ਤਾਂ ਤਪੱਸਿਆ ਕਰਨ ਦਾ ਢੌਂਗ ਕਰਦਾ ਹੈ ਪਰ ਅਸਲ ਤਪੱਸਿਆ ਤਾਂ ਉਨ੍ਹਾਂ ਕਿਸਾਨਾਂ ਦੀ ਹੈ ਜਿਹੜੇ ਪੂਰੇ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਦੀਆਂ ਸੜਕਾਂ ਕੰਢੇ 46º ਗਰਮੀ ਤੋਂ 0º ਠੰਡ ਦੇ ਮੌਸਮ ਅਤੇ ਵਰਖਾ ਰੁੱਤ ’ਚ ਵਰਦੇ ਮੀਂਹ ’ਚ ਅਸਮਾਨ ਹੇਠ ਬੈਠੇ ਬਿਤਾ ਰਹੇ ਤੇ ਉਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਔਰਤਾਂ ਤੇ ਬੱਚਿਆਂ ਨੂੰ ਦੇਸ਼ ਲਈ ਅੰਨ ਪੈਦਾ ਕਰਨ ਲਈ ਅਜੇਹੇ ਮੌਸਮਾਂ ’ਚ ਬਾਹਰ ਖੇਤਾਂ ’ਚ ਕੰਮ ਕਰਨਾ ਪਿਐ। ਮੋਰਚੇ ਦੌਰਾਨ ਲਗਭਗ 700 ਕਿਸਾਨ ਸ਼ਹੀਦ ਹੋ ਗਏ, ਲਖੀਮਪੁਰ ਖੀਰੀ ਕਾਂਡ ’ਚ ਤੁਹਾਡੇ ਗੰਦੇ ਮੰਤਰੀ ਦੇ ਗੁੰਡੇ ਪੁੱਤਰ ਨੇ 4 ਕਿਸਾਨ ਦਰੜ ਕੇ ਸ਼ਹੀਦ ਕਰ ਦਿੱਤੇ ਅਤੇ ਦਰਜਨ ਦੇ ਲਗਭਗ ਜਖ਼ਮੀ ਕੀਤੇ। ਤੁਹਾਡੇ ਮੰਤਰੀ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਮਵਾਲੀ ਕਿਹਾ ਗਿਆ, ਜਿਸ ਦਾ ਭਾਵ ਲੁੱਚੇ ਲਫੰਗੇ ਅਤੇ ਰਾਹਗੀਰਾਂ ਦੀਆਂ ਲੁੱਟਾਂ ਖੋਹਾਂ ਕਰਨ ਵਾਲੇ ਹੁੰਦੇ ਹਨ ਜਦੋਂ ਕਿ ਕਿਸਾਨ ਮੋਰਚਿਆਂ ਲਈ ਲੱਗੇ ਲੰਗਰਾਂ ’ਚ ਦਿੱਲੀ ਅਤੇ ਹਰਿਆਣਾ ਦੀਆਂ ਬਸਤੀਆਂ ਦੇ ਲੱਖਾਂ ਗ਼ਰੀਬ ਲੋਕਾਂ, ਜਿਨ੍ਹਾਂ ਨੂੰ ਪੇਟ ਭਰ ਖਾਣਾ ਨਹੀਂ ਸੀ ਮਿਲਦਾ ਉਨ੍ਹਾਂ ਨੂੰ ਹਰ ਰੋਜ਼ ਰੱਜਵਾਂ ਲੰਗਰ ਛਕਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਅਤੇ ਨਾ ਹੀ ਲਖੀਮਪੁਰ ਖੀਰੀ ਕਾਂਡ ਦੀ ਨਿੰਦਾ ਅਤੇ ਤਕਰੀਬਨ 700 ਸ਼ਹੀਦ ਹੋਏ ਕਿਸਾਨਾਂ ਦੀ ਮੌਤ ਦਾ ਅਫਸੋਸ ਪ੍ਰਗਟ ਕੀਤਾ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਵੱਲੋਂ ਤਿੰਨੇ ਕਾਨੂੰਨ ਰੱਦ ਕਰਨ ਦੇ ਬਿਆਨ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਸ ਸਮੇਂ ਤੱਕ ਮੋਰਚੇ ਖ਼ਾਲੀ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਸ਼੍ਰੀ ਮੋਦੀ ਵਿਸ਼ਵਾਸਯੋਗ ਨਹੀਂ ਹੈ ਕਿਉਂਕਿ ਇਸ ਨੇ ਦੇਸ਼ ਨਾਲ ਜਿੰਨੇ ਵੀ ਵੱਡੇ ਵਾਅਦੇ ਕੀਤੇ; ਜਿਵੇਂ ਕਿ ਕਾਲ਼ਾ ਧਨ ਵਾਪਸ ਲਿਆਉਣ, ਹਰ ਭਾਰਤੀ ਦੇ ਖਾਤੇ ’ਚ 15-15 ਲੱਖ ਜਮ੍ਹਾਂ ਕਰਵਾਉਣ, ਹਰ ਸਾਲ ਦੋ ਕਰੋੜ ਨੌਕਰੀਆਂ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਮਹਿੰਗਾਈ ਦਰ ਘਟਾਉਣ, ਚੰਗੇ ਦਿਨ ਆਉਣ ਆਦਿਕ ’ਚੋਂ ਇੱਕ ਵੀ ਪੂਰਾ ਨਹੀਂ ਕੀਤਾ ਸਗੋਂ ਉਹ ਕੰਮ ਕੀਤੇ ਜਿਨ੍ਹਾਂ ਦਾ ਇਹ ਪਹਿਲਾਂ ਵਿਰੋਧ ਕਰਦੇ ਰਹੇ; ਜਿਵੇਂ ਜੀ.ਐੱਸ.ਟੀ., ਪੈਟਰੋਲ, ਡੀਜ਼ਲ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ, ਪਬਲਿਕ ਸੰਸਥਾਵਾਂ ਅਤੇ ਸੰਪਤੀ ਨੂੰ ਵੇਚ ਕੇ ਪ੍ਰਾਈਵੇਟ ਅਦਾਰਿਆਂ ਦੇ ਹੱਥ ਮਜ਼ਬੂਤ ਕਰਨੇ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇੰਨਾਂ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਅਤੇ ਐੱਮ.ਐੱਸ.ਪੀ. ਦੀ ਗਰੰਟੀ ਦੇਣ ਦੀ ਮੰਗ ਜ਼ੋਰਦਾਰ ਢੰਗ ਨਾਲ ਕਰਦੇ ਰਹੇ ਪਰ ਅੱਜ ਆਪਣੀ ਮੰਗ ਦੇ ਉਲਟ ਇਨ੍ਹਾਂ ਹੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ’ਚ ਸਿੱਧ ਕਰਨ ਲਈ ਦਲੀਲਾਂ ਦੇ ਰਹੇ ਹਨ ਕਿ ਇਹ ਕਾਨੂੰਨ ਤਾਂ ਪਹਿਲਾਂ ਹੀ ਕਾਂਗਰਸ ਸਰਕਾਰ ਲਾਗੂ ਕਰਨਾ ਚਾਹੁੰਦੀ ਸੀ ਅਤੇ ਇਸ ਨੇ 2019 ਦੀਆਂ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ’ਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਕਾਂਗਰਸ ਨੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨਾ ਆਪਣੇ ਚੋਣ ਮਨੋਰਥ ਪੱਤਰ ’ਚ ਘੋਸ਼ਿਤ ਕੀਤਾ ਸੀ ਤਾਂ ਅਸੀਂ ਉਨ੍ਹਾਂ ਨੂੰ ਚੋਣਾਂ ਵਿੱਚ ਹਰਾ ਦਿੱਤਾ ਅਤੇ ਭਾਜਪਾ ਨੂੰ ਜਿਤਾਇਆ ਪਰ ਤੁਸੀਂ ਤਾਂ ਵਾਅਦਾ ਕੀਤਾ ਹੀ ਨਹੀਂ ਸੀ ਤਾਂ ਹੁਣ ਇਹ ਕਾਨੂੰਨ ਲਾਗੂ ਕਰਨ ’ਤੇ ਕਿਉਂ ਤੁਲੇ ਹੋਏ ਹੋ ? ਜੇ ਤੁਸੀਂ ਉਹ ਕੰਮ ਕਰਨੇ ਹਨ ਜਿਨਾਂ ਦਾ ਵਾਅਦਾ ਨਹੀਂ ਸੀ ਕੀਤਾ ਅਤੇ ਉਹ ਕੰਮ ਨਹੀਂ ਕਰਨੇ ਜਿਨ੍ਹਾਂ ਦਾ ਤੁਸੀਂ ਵਾਅਦਾ ਕੀਤਾ ਸੀ ਤਾਂ ਤੁਹਾਡਾ ਵਿਸ਼ਵਾਸ ਕਿਵੇਂ ਕੀਤਾ ਜਾਵੇ ? ਨੋਟ ਬੰਦੀ ਕਰਕੇ ਮੋਦੀ ਨੇ ਵਾਅਦਾ ਕੀਤਾ ਸੀ ਕਿ ਮੈਨੂੰ 50 ਦਿਨ ਦਿਓ ਲੋਕਾਂ ਵੱਲੋਂ ਜਮ੍ਹਾ ਕੀਤਾ ਕਾਲ਼ਾ ਧਨ ਬਾਹਰ ਆਵੇਗਾ ਅਤੇ ਅਤਿਵਾਦ ਦਾ ਲੱਕ ਟੁੱਟ ਜਾਵੇਗਾ ਪਰ ਕੁਝ ਨਹੀਂ ਹੋਇਆ ਉਲਟਾ ਅਸਰ ਪਿਆ ਕਿ ਸੈਂਕੜੇ ਲੋਕ ਆਪਣੇ ਹੀ ਪੈਸੇ ਕਢਵਾਉਣ ਲਈ ਬੈਂਕਾਂ ਅੱਗੇ ਲਾਈਨਾਂ ’ਚ ਖੜ੍ਹੇ ਆਪਣੀ ਜਾਨ ਗਵਾ ਬੈਠੇ, ਲੋਕਾਂ ਅਤੇ ਦੇਸ਼ ਦੀ ਆਰਥਿਕਤਾ ਡਗਮਗਾ ਗਈ। ਨਾ ਕੋਈ ਕਾਲ਼ਾ ਧਨ ਬਾਹਰ ਆਇਆ ਅਤੇ ਨਾ ਹੀ ਅਤਿਵਾਦ ਦਾ ਲੱਕ ਟੁੱਟਾ। ਕਿਸਾਨ ਜਥੇਬੰਦੀਆਂ ਦਾ ਸਪਸ਼ਟ ਐਲਾਨ ਹੈ ਕਿ ਜਦ ਤੱਕ ਸੰਸਦ ’ਚ ਤਿੰਨੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਦੇਣ ਦਾ ਕਾਨੂੰਨ ਪਾਸ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਪਹਿਲਾਂ ਦੇ ਉਲੀਕੇ ਪ੍ਰੋਗਰਾਮ ਬਕਾਇਦਾ ਸਿਰੇ ਚਾੜ੍ਹੇ ਜਾਣਗੇ ਜਿਵੇਂ ਕਿ 22 ਨਵੰਬਰ ਨੂੰ ਲਖਨਊ ਵਿਖੇ ਐਲਾਨੀ ਗਈ ਕਿਸਾਨ ਮਹਾਂ ਪੰਚਾਇਤ ਕਿਸਾਨਾਂ ਦੀ ਲਾਮਿਸਾਲ ਸ਼ਮੂਲੀਅਤ ਨਾਲ ਸਫਲਤਾ ਪੂਰਬਕ ਸਿਰੇ ਚੜ੍ਹੀ, 26 ਨਵੰਬਰ ਨੂੰ ਦਿੱਲੀ ਦੇ ਬਾਰਡਰਾਂ ’ਤੇ ਬੈਠਿਆਂ ਨੂੰ ਪੂਰਾ ਇੱਕ ਸਾਲ ਪੂਰਾ ਹੋਣ ’ਤੇ ਸਾਲਗਿਰਾਹ ਵੱਡੀ ਪੱਧਰ ’ਤੇ ਮਨਾਈ ਗਈ।  29 ਨਵੰਬਰ ਤੋਂ ਸੰਸਦ ਅੱਗੇ ਹਰ ਰੋਜ 500 ਕਿਸਾਨਾਂ ਦਾ ਜਥਾ ਟਰੈਕਟਰ ਮਾਰਚ ਕਰਦਾ ਹੋਇਆ ਜੰਤਰ ਮੰਤਰ ਗਰਾਊਂਡ ਪਹੁੰਚਿਆ ਕਰੇਗਾ ਜੋ ਸੰਸਦ ਦੇ ਚੱਲਦੇ ਸੈਸ਼ਨ ਤੱਕ ਉੱਥੇ ਹੀ ਬੈਠੇਗਾ, ਜਿਸ ਨਾਲ ਧਰਨਾਕਾਰੀ ਕਿਸਾਨਾਂ ਦੀ ਗਿਣਤੀ ’ਚ ਹਰ ਰੋਜ਼ 500  ਦਾ ਵਾਧਾ ਹੁੰਦਾ ਜਾਵੇਗਾ। ਜਦੋਂ ਹੀ ਕਿਸਾਨੀ ਕਾਨੂੰਨ ਰੱਦ ਹੋਣ ਅਤੇ ਐੱਮ.ਐੱਸ.ਪੀ. ਦੀ ਗਰੰਟੀ ਦੇਣ ਦਾ ਕਾਨੂੰਨ ਪਾਸ ਹੋ ਗਿਆ ਅਤੇ ਕਿਸਾਨਾਂ ਦੀਆਂ ਬਾਕੀ ਮੰਗਾਂ ਲਈ ਪ੍ਰਧਾਨ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ’ਚ ਹੱਲ ਨਹੀਂ ਨਿਕਲਦਾ, ਉਸ ਸਮੇਂ ਤੱਕ ਮੋਰਚਾ ਬਾਦਸਤੂਰ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਜਦੋਂ ਇਹ ਮੰਗਾਂ ਮੰਨ ਲਈਆਂ ਗਈਆਂ ਉਸੇ ਸਮੇਂ ਕਿਸਾਨ ਵਾਪਸ ਆਪਣੇ ਘਰਾਂ ਨੂੰ ਮੁੜ ਆਉਣਗੇ।

ਸੋ ਕਿਸਾਨ ਮੋਰਚੇ ਕਾਰਨ ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ, ਜਿਸ ਦਾ ਵੱਡੀ ਪੱਧਰ ’ਤੇ ਘਾਣ ਹੋ ਰਿਹਾ ਸੀ ਉਹ ਮੁੜ ਬਹਾਲ ਹੋਣ ਦੇ ਰਾਹ ਪਿਆ ਹੈ; ਸਿਆਸੀ ਪਾਰਟੀਆਂ ਜਿਹੜੀਆਂ ਝੂਠੇ ਵਾਅਦੇ ਕਰਕੇ ਸੱਤਾ ’ਚ ਆ ਕੇ ਮਨਮਾਨੀਆਂ ਕਰਦੀਆਂ ਸਨ ਉਨ੍ਹਾਂ ਨੂੰ ਲੋਕ ਏਕਤਾ ਸਾਹਮਣੇ ਝੁਕਣ ਲਈ ਮਜ਼ਬੂਰ ਹੋਣਾ ਪਿਆ ਹੈ; ਪੰਥ, ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਹੜਾ ਕੁਰਸੀ ਖਾਤਰ ਪਿਛਲੇ 25 ਸਾਲਾਂ ਤੋਂ ਭਾਜਪਾ ਦੀ ਝੋਲ਼ੀ ’ਚ ਪੈ ਕੇ ਪੰਥ, ਪੰਜਾਬ ਅਤੇ ਕਿਸਾਨਾਂ ਵਿਰੁੱਧ ਭਾਜਪਾ/ਆਰ.ਐੱਸ.ਐੱਸ. ਦੇ ਹਰ ਫ਼ੈਸਲੇ ਅਤੇ ਕਦਮ ਦੀ ਜ਼ੋਰਦਾਰ ਢੰਗ ਨਾਲ ਹਿਮਾਇਤ ਕਰਦਾ ਰਿਹੈ ਉਸ ਨੂੰ ਭਾਜਪਾ ਨਾਲੋਂ ਆਪਣਾ ਗੱਠਜੋੜ ਤੋੜਨ ਅਤੇ ਕੇਂਦਰੀ ਮੰਤਰੀ ਮੰਡਲ ’ਚੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਿ ਪਹਿਲਾਂ ਇਹੀ ਬਾਦਲ ਦਲ ਸੂਬਿਆਂ ਦੇ ਅਧਿਕਾਰਾਂ ’ਤੇ ਕੇਂਦਰ ਵੱਲੋਂ ਛਾਪਾ ਮਾਰਨ ਦੇ ਹਰ ਫ਼ੈਸਲੇ ਦੇ ਹੱਕ ’ਚ ਭੁਗਤਦਾ ਰਿਹਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨ ਏਜੰਡੇ ਮੁਤਾਬਕ ਆਪਣੇ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋ ਰਹੀਆਂ ਹਨ। ਜਿੱਥੇ ਚੋਣਾਂ ਦੌਰਾਨ ਆਗੂਆਂ ਨੂੰ ਲੋਕ ਆਪਣੇ ਘਰਾਂ ’ਚ ਸੱਦ ਕੇ ਨੋਟਾਂ ਦੇ ਹਾਰ ਪਾਉਂਦੇ ਅਤੇ ਸੇਵਾ ਕਰਦੇ ਸਨ ਉੱਥੇ ਅੱਜ ਉਨ੍ਹਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ ਕਿ ਪਿਛਲੀਆਂ ਚੋਣਾਂ ’ਚ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਅਤੇ ਹੁਣ ਕੀਤੇ ਜਾ ਰਹੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਲਿਆਓਗੇ ? ਇਸ ਤਰ੍ਹਾਂ ਕਿਸਾਨ ਮੋਰਚੇ ਨੇ ਕੇਵਲ ਭਾਰਤ ਹੀ ਨਹੀਂ ਬਲਕਿ ਪੂਰੇ ਸੰਸਾਰ ’ਚ ਇਹ ਸੰਦੇਸ਼ ਪਹੁੰਚਾ ਦਿੱਤੈ ਕਿ ਏਕਤਾ ਅਤੇ ਭਾਈਚਾਰਕ ਸਾਂਝ ’ਚ ਬਲ ਹੈ ਜਦੋਂ ਕਿ ਸੰਪ੍ਰਦਾਇਕ ਝਗੜੇ, ਦੰਗੇ ਕਿਸੇ ਸਿਆਸੀ ਪਾਰਟੀ ਲਈ ਲਾਭਦਾਇਕ ਹੋਣ ਕਾਰਨ ਸਿਆਸੀ ਸ਼ਹਿ ਤੇ ਕਰਵਾ ਕੇ ਦੇਸ਼ ਅਤੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਜਾ ਰਿਹੈ, ਜਿਸ ਤੋਂ ਬਚਣ ਦਾ ਫ਼ਾਰਮੂਲਾ ਕਿਸਾਨ ਜਥੇਬੰਦੀਆਂ ਤੋਂ ਸਿੱਖਣ ਦੀ ਲੋੜ ਹੈ।

ਪ੍ਰੋ. ਪ੍ਰੀਤਮ ਸਿੰਘ ਜੀ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ

0

ਪ੍ਰੋ. ਪ੍ਰੀਤਮ ਸਿੰਘ ਜੀ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ

-ਡਾ: ਹਰਸ਼ਿੰਦਰ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਰ, ਪਟਿਆਲਾ, ਫ਼ੋਨ : 0175-2216783

ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਤੇ ਸੰਤੋਖ ਸਿੰਘ ਧੀਰ ਜੀ ਇਕ ਵਾਰ ਦੁਪਹਿਰੇ ਪੰਜਾਬੀ ਜ਼ਬਾਨ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਮੈਨੂੰ ਉਸ ਸਮੇਂ ਉਨ੍ਹਾਂ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਨ੍ਹਾਂ ਦੀਆਂ ਉੱਚ ਪਧਰੀ ਵਿਦਵਤਾ ਭਰਪੂਰ ਗੱਲਾਂ ਵਿੱਚੋਂ ਬਹੁਤ ਕੁੱਝ ਸਮਝਣ ਨੂੰ ਮਿਲਿਆ। ਕਦੇ ਗੱਲ ਸ਼ਿਵ ਕੁਮਾਰ ਬਟਾਲਵੀ ਦੀ ਆ ਜਾਂਦੀ ਤੇ ਕਦੇ ਨਾਨਕ ਸਿੰਘ ਜੀ ਬਾਰੇ। ਕਦੇ ਮੌਜੂਦਾ ਲੱਚਰ ਗੀਤ ਸੰਗੀਤ ਉੱਤੇ।

ਭਾਪਾ ਜੀ ਨੇ ਦੱਸਿਆ ਕਿ ਭਾਵੇਂ ਡੇਢ ਲੱਖ ਸਾਲ ਪਹਿਲਾਂ ਜ਼ਬਾਨ ਦਾ ਜ਼ਿਕਰ ਮਿਲਦਾ ਹੈ ਪਰ ਸਾਨੂੰ ਸਿਰਫ਼ 6000 ਸਾਲ ਪਹਿਲਾਂ ਵਾਲੀਆਂ ਬੋਲੀਆਂ ਬਾਰੇ ਹੀ ਪਤਾ ਹੈ ਜਦੋਂ ਇਨ੍ਹਾਂ ਨੂੰ ਲਿਖਣਾ ਸ਼ੁਰੂ ਕੀਤਾ ਗਿਆ ਸੀ। ਪਹਿਲੇ ਮਨੁੱਖ ਤਾਂ ਵੱਖੋ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਜਾਂ ਚੀਜ਼ਾਂ ਅਤੇ ਸੀਟੀਆਂ ਦੀ ਵਰਤੋਂ ਕਰਦੇ ਰਹੇ। ਬਾਰ੍ਹਵੀਂ ਸਦੀ ਦੀ ਜਰਮਨੀ ਦੀ ਨਨ ਵੱਲੋਂ ਵਰਤੀ ‘ਲਿੰਗੂਆ ਇਗਨੋਤਾ’ ਬੋਲੀ ਦਾ ਸਿਰਫ਼ ਜ਼ਿਕਰ ਹੀ ਬਚਿਆ ਹੈ। ਬਾਕੀ ਸਭ ਇਤਿਹਾਸ ਵਿੱਚੋਂ ਗੁੰਮ ਹੋ ਚੁੱਕਿਆ ਹੋਇਆ ਹੈ। ਤਾਮਿਲ ਅਤੇ ਸੰਸਕ੍ਰਿਤ ਸਭ ਤੋਂ ਪੁਰਾਣੀਆਂ ਜ਼ਬਾਨਾਂ ਮੰਨੀਆਂ ਜਾ ਚੁੱਕੀਆਂ ਹਨ ਪਰ ਹੁਣ ਉਹ ਵੀ ਮਰ ਮੁੱਕ ਚੱਲੀਆਂ ਹਨ।

ਭਾਪਾ ਜੀ ਨੇ ਇਹ ਵੀ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਔਖੀ ਜ਼ਬਾਨ ‘ਮੈਂਡਾਰਿਨ’ ਹੈ ਪਰ ਫਿਰ ਵੀ ਉਸ ਨੂੰ ਬੋਲਣ ਵਾਲੇ 100 ਕਰੋੜ ਲੋਕ ਹਨ। ਉਹ ਵੀ ਹੋਰ ਭਾਸ਼ਾਵਾਂ ਸਿੱਖਣ ਦੀ ਚਾਹ ਰੱਖਦੇ ਹਨ ਪਰ ਆਪਣੀ ਜ਼ਬਾਨ ਮਿੱਧ ਕੇ ਨਹੀਂ।

ਕਮਾਲ ਤਾਂ ਇਹ ਵੇਖੋ ਕਿ ਅੰਗਰੇਜ਼ੀ ਜ਼ਬਾਨ ਮਸਾਂ ਹਜ਼ਾਰ ਕੁ ਸਾਲ ਪੁਰਾਣੀ ਹੈ ਪਰ ਫਿਰ ਵੀ ਸਾਰੀ ਦੁਨੀਆਂ ਵਿਚ ਧੁੰਮਾਂ ਪਾ ਰਹੀ ਹੈ। ਕਾਰਨ ਇਹ ਹੈ ਕਿ ਇਸ ਨੂੰ ਬੋਲਣ ਵਾਲੇ ਧੜਾਧੜ ਇਸ ਵਿਚ ਕਿੱਤਾ ਮੁਹੱਈਆ ਕਰਵਾਉਣ ਵਿਚ ਜੁਟੇ ਹਨ ਤੇ ਨਵੀਆਂ ਖੋਜਾਂ ਵੀ ਲਗਾਤਾਰ ਜਾਰੀ ਰੱਖ ਰਹੇ ਹਨ। ਜ਼ਬਾਨ ਨੂੰ ਪ੍ਰੋਤਸਾਹਿਤ ਕਰਨ ਦਾ ਹਰ ਹੀਲਾ ਵਰਤਿਆ ਜਾਂਦਾ ਹੈ। ਸਾਡੇ ਭੋਲੇ ਲੋਕ ਇਨ੍ਹਾਂ ਨੁਕਤਿਆਂ ਵਿਚ ਅੜ ਕੇ ਅਤੇ ਰੁਜ਼ਗਾਰ ਲੱਭਦੇ ਹੌਲੀ ਹੌਲੀ ਅੰਗਰੇਜ਼ੀ ਜ਼ਬਾਨ ਤੋਂ ਵੀ ਪੁਰਾਣੀ ਆਪਣੀ ਪੰਜਾਬੀ ਜ਼ਬਾਨ ਨੂੰ ਅਣਜਾਣੇ ਹੀ ਖ਼ਤਮ ਕਰਨ ਵੱਲ ਤੁਰ ਪਏ ਹਨ।

ਮੈਨੂੰ ਚੁਪ ਬੈਠੀ ਨੂੰ ਵੇਖ ਧੀਰ ਅੰਕਲ ਪੁੱਛਣ ਲੱਗੇ, ‘ਕਿਉਂ ਬਈ ਡਾਕਟਰ ਬੇਟੀ, ਤੇਰਾ ਕੀ ਖ਼ਿਆਲ ਐ? ਨਵੀਂ ਪੀੜ੍ਹੀ ਸਾਨੂੰ ਤਾਂ ਪੁਰਾਣਾ ਮੰਨ ਕੇ ਪੰਜਾਬੀ ਜ਼ਬਾਨ ਉੱਤੇ ਅੰਗਰੇਜ਼ੀ ਦਾ ਗਿਲਾਫ਼ ਚਾੜ੍ਹਨ ਲੱਗ ਪਈ ਐ। ਹੈ ਕੋਈ ਡਾਕਟਰੀ ਇਲਾਜ?’

ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲਦੀ, ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਕਹਿਣ ਲੱਗੇ, ‘ਇਸ ਨੇ ਕੀ ਦੱਸਣੈ, ਇਹ ਤਾਂ ਸਰੀਰ ਦੀਆਂ ਬੀਮਾਰੀਆਂ ਵਿਚ ਉਲਝੀ ਪਈ ਐ। ਸੰਨ 1971 ਤੋਂ ਹੁਣ ਤੱਕ ਸਿਰਫ਼ ਉਹ ਜ਼ਬਾਨਾਂ ਹੀ ਗਿਣੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬੋਲਣ ਵਾਲੇ 10,000 ਤੋਂ ਵੱਧ ਹਨ। ਇਸ ਦਾ ਮਤਲਬ ਇਹ ਹੋਇਆ ਕਿ 1652 ਜ਼ਬਾਨਾਂ ’ਚੋਂ ਘੱਟ ਕੇ ਸਿਰਫ਼ 108 ਜ਼ਬਾਨਾਂ ਹੀ ਜ਼ਿੰਦਾ ਬਚੀਆਂ ਹਨ।’

‘ਇਹ ਤਾਂ ਬਹੁਤ ਖ਼ਤਰੇ ਦੀ ਗੱਲ ਹੈ’, ਮੈਂ ਬੋਲੀ।

‘ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬੀ ਲੋਕ; ਆਪਣੀ ਮਾਂ ਬੋਲੀ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਚਿੰਤਿਤ ਨਹੀਂ ਹਨ। ਦੁਨੀਆ ਭਰ ਵਿਚ ਝਾਤ ਮਾਰੀਏ ਤਾਂ ਭਾਰਤ ਵਿਚਲੀਆਂ ਜ਼ਬਾਨਾਂ ਉੱਤੇ ਸੱਭ ਤੋਂ ਵੱਧ ਮਾਰ ਪੈ ਰਹੀ ਹੈ, ਜਿੱਥੇ ਅਸਟੇ੍ਰਲੀਆ, ਕਨੇਡਾ, ਚੀਨ, ਰੂਸ, ਅਮਰੀਕਾ ਤੋਂ ਕਿਤੇ ਵੱਧ ਬੋਲੀਆਂ ਖ਼ਾਤਮੇ ਵੱਲ ਜਾ ਰਹੀਆਂ ਹਨ। ਕਬੀਲਿਆਂ ਦੀਆਂ ਜ਼ਬਾਨਾਂ ਜੇ ਹੌਲੀ ਹੌਲੀ ਖ਼ਤਮ ਹੋ ਗਈਆਂ ਤਾਂ ਸਮਝੋ ਸਾਡੇ ਪਿਛੋਕੜ ਵਿੱਚੋਂ ਅੱਧਾ ਇਤਿਹਾਸ ਗਾਇਬ ਹੋ ਗਿਆ। ਸਾਡਾ ਸਦੀਆਂ ਤੋਂ ਚੱਲਦਾ ਆਉਂਦਾ ਜੜੀਆਂ-ਬੂਟੀਆਂ ਦਾ ਗਿਆਨ ਅਤੇ ਪੁਰਾਣੇ ਰੀਤ ਰਿਵਾਜ਼ ਸਮੇਤ ਬਹੁਤ ਵਡਮੁੱਲੀ ਜਾਣਕਾਰੀ ਹਮੇਸ਼ਾ ਲਈ ਗੁੰਮ ਹੋ ਜਾਏਗੀ’ ਭਾਪਾ ਜੀ ਨੇ ਸਮਝਾਇਆ।

ਧੀਰ ਅੰਕਲ ਨੇ ਕਿਹਾ, ‘ਬਿਲਕੁਲ ਸਹੀ ਪ੍ਰੋਫੈਸਰ ਸਾਹਿਬ। ਜੇ ਸਾਡੇ ਯੂਨੀਵਰਸਿਟੀਆਂ ਵਿਚਲੇ ਪ੍ਰੋਫੈਸਰ ਇਹ ਨੁਕਤਾ ਸਮਝ ਜਾਣ ਤਾਂ ਕੁੱਝ ਹੋ ਸਕਦਾ ਹੈ। ਵੇਖੋ ਨਾ, ਉੜੀਸਾ, ਛੱਤੀਸਗੜ੍ਹ, ਮਿਜ਼ੋਰਮ, ਤ੍ਰਿਪੁਰਾ ਤੇ ਮੇਘਾਲਿਆ ਵਿਚ ਪੜ੍ਹੇ ਲਿਖੇ ਲੋਕਾਂ ਨੇ ਜ਼ਿੰਮਾ ਚੁੱਕ ਕੇ ਆਪੋ ਆਪਣੀ ਮਾਂ ਬੋਲੀ ਦੀ ਮਹੱਤਤਾ ਬਾਰੇ ਹੋਰਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਹੈ ਤੇ ਬੱਚਿਆਂ ਨਾਲ ਸਿਰਫ ਮਾਂ ਬੋਲੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਹੋਇਆ ਹੈ।’

‘ਬਿਲਕੁਲ,’ ਭਾਪਾ ਜੀ ਨੇ ਅੱਗੋਂ ਗੱਲ ਤੋਰੀ, ‘ਆਪਣੀ ਮਾਂ ਬੋਲੀ ਵਿਚ ਵਧੀਆ ਬਾਲ ਕਹਾਣੀਆਂ, ਕਵਿਤਾਵਾਂ, ਲੇਖ, ਨਾਵਲ, ਫ਼ਿਲਮਾਂ ਆਦਿ ਬਣਾ ਕੇ ਜ਼ਬਾਨ ਵਿਚ ਰੂਹ ਫੂਕੀ ਜਾ ਸਕਦੀ ਹੈ। ਸੱਭ ਤੋਂ ਵੱਡਾ ਉੱਦਮ ਤਾਂ ਤਕਨੀਕੀ ਮਾਹਿਰਾਂ ਵੱਲੋਂ ਕਰਨਾ ਪੈਣਾ ਹੈ। ਜੇ ਤਕਨੀਕੀ ਵਿਦਿਆ ਆਪਣੀ ਜ਼ਬਾਨ ਵਿਚ ਸਿਖਾਈ ਜਾਏ ਤਾਂ ਜ਼ਬਾਨ ਕਦੇ ਨਹੀਂ ਮਰ ਸਕਦੀ। ਬਿਲਕੁਲ ਇੰਜ ਹੀ ਹਰ ਦਾਦੇ ਨਾਨੇ ਨੂੰ ਵੀ ਆਪਣੇ ਪੋਤਰੇ-ਦੋਹਤਰਿਆਂ ਨੂੰ ਮਾਂ ਬੋਲੀ ਦੀਆਂ ਕਹਾਣੀਆਂ ਸੁਣਾ ਕੇ ਮਾਂ ਬੋਲੀ ਦੀ ਨੀਂਹ ਪੱਕੀ ਕਰਨੀ ਚਾਹੀਦੀ ਹੈ।’

ਮੈਂ ਉਤਸੁਕਤਾ ਨਾਲ ਪੁੱਛਿਆ, ‘ਭਲਾ ਕਬਾਇਲੀਆਂ ਦੀ ਭਾਸ਼ਾ ਮੁੱਕ ਜਾਣ ਨਾਲ ਹੋਰ ਭਾਸ਼ਾਵਾਂ ਉੱਤੇ ਕੀ ਫ਼ਰਕ ਪਵੇਗਾ?’ ਭਾਪਾ ਜੀ ਨੇ ਸਮਝਾਇਆ, ‘ਜ਼ਬਾਨ ਨਾਲ ਲੋਕਾਂ ਦੀ ਪਛਾਣ ਜੁੜੀ ਹੁੰਦੀ ਹੈ। ਉਸੇ ਪਛਾਣ ਸਦਕਾ ਹੀ ਉਹ ਆਪਣੀ ਧਰਤੀ ਨਾਲ ਜੁੜਦੇ ਹਨ। ਉਹੀ ਜ਼ਬਾਨ ਉਨ੍ਹਾਂ ਦੀ ਆਪਣੇ ਪੁਰਖਿਆਂ ਨਾਲ ਸਾਂਝ ਗੰਢਦੀ ਹੈ। ਜਦੋਂ ਜ਼ਬਾਨਾਂ ਮਰਨ ਲੱਗ ਜਾਣ ਤਾਂ ਉਨ੍ਹਾਂ ਨਾਲ ਜੁੜੀ ਸੱਭਿਅਤਾ ਤਾਂ ਮਰਨੀ ਹੀ ਹੋਈ ਪਰ ਉਨ੍ਹਾਂ ਦੀ ‘ਆਪਣੀ ਧਰਤੀ’ ਵੀ ਮਰ ਮੁੱਕ ਜਾਂਦੀ ਹੈ। ਜੇ ਅਜਿਹਾ ਵੱਡੀ ਪੱਧਰ ਉੱਤੇ ਹੋਣ ਲੱਗ ਪਏ ਤਾਂ ਸਭ ਇੱਕੋ ਜਿਹੀ ਦੌੜ ਵਿਚ ਲੱਗ ਜਾਣਗੇ ਤੇ ਆਪੋ ਵਿਚ ਹੀ ਲੜ ਮਰ ਕੇ ਖ਼ਤਮ ਹੋ ਜਾਣਗੇ। ਕਿਸੇ ਨੂੰ ਦੂਜੇ ਬਾਰੇ ਜਾਣਨ ਦੀ ਚਾਹ ਹੀ ਨਹੀਂ ਹੋਵੇਗੀ ਕਿਉਂਕਿ ਸਭ ਇੱਕੋ ਜ਼ਬਾਨ ਰਾਹੀਂ ਇੱਕੋ ਸੱਭਿਅਤਾ ਬਾਰੇ ਰਟਦੇ ਇੱਕ ਦੂਜੇ ਨੂੰ ਕਾਟ ਕਰਨ ਲੱਗ ਪੈਣਗੇ। ਜੇ ਦੋ ਵੱਖੋ ਵੱਖ ਜਣੇ ਮਿਲਣ ਤਾਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤੇ ਦੂਜੇ ਨਾਲ ਜੁੜੇ ਇਤਿਹਾਸ ਵੱਲ ਵੀ ਝਾਤ ਮਾਰਨਗੇ। ਬੇਅੰਤ ਕੁਦਰਤੀ ਇਲਾਜ ਅਤੇ ਦਵਾਈਆਂ ਦੀ ਜਾਣਕਾਰੀ, ਜੋ ਪੁਰਾਤਨ ਸਮੇਂ ਵਿਚ ਸੀ, ਬਹੁਤ ਵਡਮੁੱਲੀ ਪੁਰਾਣੀ ਤਕਨੀਕੀ ਜਾਣਕਾਰੀ ਅਤੇ ਹੋਰ ਵੀ ਬਹੁਤ ਕੀਮਤੀ ਪੁਰਾਣਾ ਸਾਹਿਤ, ਸਭ ਕੁੱਝ ਖ਼ਤਮ ਹੋ ਜਾਵੇਗਾ। ਇਸੇ ਲਈ ਜ਼ਰੂਰੀ ਹੈ ਨਵੀਂ ਪਨੀਰੀ ਨੂੰ ਆਪਣੀ ਜ਼ਬਾਨ ਨਾਲ ਜੋੜਨਾ। ਉਹ ਭਾਵੇਂ ਦਸ ਹੋਰ ਜ਼ਬਾਨਾਂ ਸਿੱਖਣ ਪਰ ਆਪਣੀ ਮਾਂ ਬੋਲੀ ਮਿੱਧ ਕੇ ਨਹੀਂ।’

ਧੀਰ ਅੰਕਲ ਕਹਿਣ ਲੱਗੇ, ‘ਚੱਲ ਬੀਬਾ ਸਿਰਫ਼ ਏਨਾ ਹੀ ਸੋਚ ਕੇ ਵੇਖ ਕਿ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਭਾਸ਼ਾ ਨੂੰ ਸਮਝਣ ਵਾਲਾ ਕੋਈ ਬਚਿਆ ਹੀ ਨਾ, ਤਾਂ ਜਿਹੜਾ ਮਰਜ਼ੀ ਆ ਕੇ ਕਹਿ ਦੇਵੇਗਾ ਕਿ ਇਸ ਵਿਚ ਈਸਾ ਮਸੀਹ ਦੀ ਉਸਤਤ ਲਿਖੀ ਹੈ! ਫੇਰ ਸੋਚ ਕੇ ਵੇਖ ਕੀ ਬਣੇਗਾ!’

ਗੱਲ ਤਾਂ ਮੇਰੇ ਪੱਲੇ ਚੰਗੀ ਤਰ੍ਹਾਂ ਪੈ ਗਈ ਸੀ। ਉਸ ਸਮੇਂ ਜੋ ਮੇਰੇ ਜ਼ਿੰਮੇ ਉਨ੍ਹਾਂ ਦੋਵਾਂ ਨੇ ਕੰਮ ਲਾਇਆ ਸੀ, ਉਹ ਮੈਂ ਹਾਲੇ ਤੱਕ ਨਿਭਾ ਰਹੀ ਹਾਂ। ਭਾਪਾ ਜੀ 25 ਅਕਤੂਬਰ, 2008 ਨੂੰ ਅਲਵਿਦਾ ਕਹਿ ਗਏ ਸਨ ਪਰ ਨਿੱਕੇ ਬਾਲਾਂ ਨੂੰ ਤਕਨੀਕੀ ਜਾਣਕਾਰੀ ਪੰਜਾਬੀ ਜ਼ਬਾਨ ਵਿਚ ਦੇਣ ਦੀ ਜ਼ਿੰਮੇਵਾਰੀ ਮੈਂ ਲਗਾਤਾਰ ਨਿਭਾ ਰਹੀ ਹਾਂ ਅਤੇ ਪੁਰਾਣੇ ਪੰਜਾਬੀ ਸਾਹਿਤਕਾਰਾਂ ਦੀ ਯਾਦ ਵੀ ਤਾਜ਼ਾ ਕਰਦੀ ਰਹਿੰਦੀ ਹਾਂ। ਡਾਕਟਰੀ ਵਿਗਿਆਨ ਨੂੰ ਆਪਣੀ ਮਾਂ ਬੋਲੀ ਵਿਚ ਸੌਖੇ ਸ਼ਬਦਾਂ ਵਿਚ ਲਿਖਣ ਦਾ ਕੰਮ ਵੀ ਭਾਪਾ ਜੀ ਦੀ ਹੱਲਾਸ਼ੇਰੀ ਸਦਕਾ ਹੀ ਸੰਭਵ ਹੋ ਰਿਹਾ ਹੈ।

ਗੁਰਬਾਣੀ ਉਚਾਰਨ ਦੀ ਸਮੱਸਿਆ

0

ਗੁਰਬਾਣੀ ਉਚਾਰਨ ਦੀ ਸਮੱਸਿਆ

ਪ੍ਰੋਫ਼ੈਸਰ ਕਸ਼ਮੀਰਾ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪੰਥ ਰਤਨ ਸ. ਗੁਰਚਰਨ ਸਿੰਘ ਟੌਹੜਾ ਇਨਸਟੀਚਿਊਟ ਆੱਫ ਐਡਵਾਂਸਡ ਸਟੱਡੀਸ ਇਨ ਸਿੱਖਿਜ਼ਮ, ਬਹਾਦਰਗੜ੍ਹ ਪਟਿਆਲ਼ਾ ਵਿਖੇ 11 ਅਕਤੂਬਰ ਤੋਂ 15 ਅਕਤੂਬਰ 2021 ਤੱਕ ਗੁਰਬਾਣੀ ਸੰਥਿਆ ਕਾਰਜਸ਼ਾਲਾ ਕਰਵਾਈ ਗਈ । ਇਸ ਵਿੱਚ ਇਹ ਗੱਲ ਉੱਭਰ ਕੇ ਸਾਮ੍ਹਣੇ ਆਈ ਕਿ ਪਾਠੀ ਜਾਂ ਕਿਸੇ ਸਿੱਖ ਵਿਦਵਾਨ ਵੱਲੋਂ ਦਿੱਤੀ ਗਈ ਕੋਈ ਉਚਾਰਨ ਸੇਧ ਤੋਂ ਬਿਨਾਂ ਹੀ, ਗੁਰਬਾਣੀ ਦਾ ਪਾਠ ਉਚਾਰਨ ਉਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਗੁਰਬਾਣੀ ਸ਼ਬਦ ਲਿਖਤ ਰੂਪ ’ਚ ਵਿਰਾਮਜਾਨ ਹਨ ।

ਹੁਣ ਤੱਕ ਸਿੱਖ ਪ੍ਰਚਾਰਕ; ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਲਿਖੇ ਕਿਤਾਬਚੇ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ (ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਅਪਣਾ ਕੇ ਗੁਰਬਾਣੀ ਦੀ ਪਾਠ ਸੰਥਿਆ ਕਰਵਾਉਂਦੇ ਆ ਰਹੇ ਹਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ ਸੰਨ 2007 ਵਿੱਚ ਇਸ ਕਿਤਾਬਚੇ ਦੀ 30,000 ਕਾਪੀ ਭੇਟਾ ਰਹਿਤ ਛਾਪੀ ਕੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਕਰਨ ਲਈ ਦਿੱਤੀ ਗਈ। ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਭੀ ਇਸੇ ਕਿਤਾਬਚੇ ਨੂੰ ਮੁੱਖ ਰੱਖ ਕੇ ਪਾਠ ਸੰਥਿਆ ਕਰਵਾ ਰਹੇ ਹਨ, ਪਰ ਉਕਤ ਕਾਰਜਸ਼ਾਲਾ ਵਿੱਚ ਹੁਣ ਇਸ ਕਿਤਾਬਚੇ ਦੇ ਵਿਚਾਰਾਂ ਨਾਲ਼ ਅਸਹਿਮਤੀ ਪ੍ਰਗਟ ਕੀਤੀ ਗਈ ।

ਹਥਲੇ ਲੇਖ ’ਚ ਇਹ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਸ਼ਬਦਾਂ ਨੂੰ ਹੂ-ਬਹੂ ਉਚਾਰਨ ਕਰਨਾ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗ਼ਲਤ।

ਪੁਰਾਤਨ ਸਮੇਂ ਗੁਰਬਾਣੀ ਦਾ ਉਚਾਰਨ ਢੰਗ :

ਕੋਈ ਇਹ ਨਹੀਂ ਦੱਸ ਸਕਦਾ ਕਿ 12ਵੀਂ ਸਦੀ ਤੋਂ 17ਵੀਂ ਸਦੀ ਤੱਕ ਗੁਰਬਾਣੀ ਦਾ ਉਚਾਰਨ ਬਾਣੀਕਾਰਾਂ ਦੀ ਅਗਵਾਈ ਵਿੱਚ ਕਿਵੇਂ ਹੁੰਦਾ ਸੀ । ਚਿੰਤਕਾਂ ਵੱਲੋਂ ਇਸ ਬਾਰੇ ਦੋ ਕਿਆਸ-ਅਰਾਈਆਂ ਲਗਾਈਆਂ ਗਈਆਂ ਹਨ।

  1. ਓਦੋਂ ਗੁਰਬਾਣੀ ਨੂੰ ਲਿਖੇ ਸ਼ਬਦਾਂ ਅਨੁਸਾਰ ਹੀ ਬੋਲਦੇ ਸਨ ।
  2. ਗੁਰਬਾਣੀ ਦਾ ਪਾਠ, ਉਸ ਸਮੇਂ ਪ੍ਰਚਲਿਤ ਮੂਲ ਭਾਸ਼ਾਵਾਂ ਦੀਆਂ ਧੁਨੀਆਂ ਨੂੰ ਉਚਾਰ ਕੇ ਕੀਤਾ ਜਾਂਦਾ ਸੀ।

ਪਹਿਲੀ ਕਿਆਸਅਰਾਈ ਦੀ ਸਾਰਥਕਤਾ :

. ਮੁਹਾਰਨੀਤੇ ਜ਼ੋਰ ਦਿੱਤਾ ਗਿਆ : ਪਹਿਲੀ ਕਿਆਸ-ਅਰਾਈ ਅਨੁਸਾਰ ਪਾਠ ਸੰਥਿਆ ਲਈ ਕਰਵਾਈ ਕਾਰਜਸ਼ਾਲਾ ਵਿੱਚ ਦੱਸਿਆ ਗਿਆ ਹੈ ਕਿ ਗੁਰਬਾਣੀ ਦਾ ਉਚਾਰਨ ਜਿਉਂ ਦਾ ਤਿਉਂ ਹੀ ਕਰਨਾ ਚਾਹੀਦਾ ਹੈ। ਇਹ ਵੀ ਦੱਸਿਆ ਗਿਆ ਕਿ ਪੰਜਾਬੀ ਭਾਸ਼ਾ ਦੀ ਮੁਹਾਰਨੀ ਦਾ ਖ਼ੂਬ ਅਭਿਆਸ ਕਰਦਿਆਂ ਸ਼ਬਦਾਂ ਦੀ ਮੌਲਿਕਤਾ ਨੂੰ ਬਰਕਰਾਰ ਰੱਖਦਿਆਂ ਅੱਖਰਾਂ ਨੂੰ ਲੱਗੀਆਂ ਸਾਰੀਆਂ ਲਗਾਂ ਨੂੰ ਪਾਠ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ।

. ਮੁਹਾਰਨੀ ਦੀ ਵਰਤੋਂ ਦੀ ਸਾਰਥਕਤਾ : ਇਹ ਠੀਕ ਹੈ ਕਿ ਮੁਹਾਰਨੀ ਚੇਤੇ ਕਰਨ ਅਤੇ ਇਸ ਦੀ ਵਰਤੋਂ ਨਾਲ਼ ਅੱਖਰਾਂ ਨੂੰ ਲੱਗੀਆਂ ਦਸਾਂ ਮਾਤ੍ਰਾਂ ਦਾ ਉਚਾਰਨ ਕੀਤਾ ਜਾ ਸਕਦਾ ਹੈ ਪਰ ਇਹ ਨੇਮ ਸਾਰੀ ਗੁਰਬਾਣੀ ’ਤੇ ਲਾਗੂ ਨਹੀਂ ਹੋ ਸਕਦਾ । ਗੁਰਬਾਣੀ ਵਿੱਚ ਦੋਮਾਤ੍ਰੇ ਅੱਖਰ (ਤੋੁਹੀ, ਗੋੁਬਿੰਦ, ਜੁੋਆਨੀ, ਸੁੋਹੇਲਾ ਆਦਿਕ) ਵੀ ਸ਼ਬਦਾਂ ਅੰਦਰ ਵਰਤੇ ਗਏ ਹਨ। ਜਿਵੇਂ ਇਹ ਲਿਖੇ ਹੋਏ ਹਨ, ਓਵੇਂ ਹੀ ਇਨ੍ਹਾਂ ਦਾ ਉਚਾਰਨ ਨਹੀਂ ਕੀਤਾ ਜਾ ਸਕਦਾ । ਪਾਠਕ ਨੂੰ ਦੋਹਾਂ ਵਿੱਚੋਂ ਕੇਵਲ ਇੱਕ ਮਾਤ੍ਰਾ ਹੀ ਬੋਲਣੀ ਪਵੇਗੀ, ਨਹੀਂ ਤਾਂ ਦੋਮਾਤ੍ਰੇ ਅੱਖਰ ਵਾਲ਼ੇ ਕਿਸੇ ਵੀ ਸ਼ਬਦ ਦਾ ਪਾਠ ਨਹੀਂ ਹੋ ਸਕਦਾ । ਅਜਿਹੇ ਸ਼ਬਦਾਂ ਦੀ ਸੂਚੀ ਇਹ ਹੈ :

. ਇਕੱਲੀਆਂ ਸਭ ਮਾਤ੍ਰਾਂ ਦਾ ਬੋਲਣ ਤੋਂ ਬਿਨਾਂ ਹੋਰ ਵੀ ਬਹੁਤ ਕੁੱਝ ਉਚਾਰਨ ਦਾ ਭਾਗ ਹੈ : ਪਾਠ ਸੰਥਿਆ ਦੀ ਕਾਰਜਸ਼ਾਲਾ ਵਿੱਚ ਦੱਸਿਆ ਗਿਆ ਕਿ ਮੁਹਾਰਨੀ ਚੇਤੇ ਕਰ ਲਓ ਤੇ ਕਿਸੇ ਪਾਠ-ਸੰਥਿਆ ਦੀ ਲੋੜ ਨਹੀਂ ਰਹਿ ਜਾਂਦੀ । ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਪਾਠ ਸੰਥਿਆ ਤੋਂ ਬਿਨਾਂ ਜਿਵੇਂ ਲਿਖਿਆ ਹੈ ਤਿਵੇਂ ਬੋਲਿਆ ਹੀ ਨਹੀਂ ਜਾ ਸਕਦਾ । ਗੁਰਬਾਣੀ ਵਿੱਚੋਂ ਕੁੱਝ ਉਦਾਹਰਣਾਂ ਹਨ; ਜਿਵੇਂ ਕਿ

  1. ਮੰਗਲਾਚਰਣ ਦੇ ਆਰੰਭ ਵਿੱਚ ‘ੴ’ ਦਰਜ ਹੈ। ਇਸ ਨੂੰ ਜਿਵੇਂ ਲਿਖਿਆ ਹੈ ਤਿਵੇਂ ਬੋਲਿਆ ਹੀ ਨਹੀਂ ਜਾ ਸਕਦਾ । ‘੧’ ਨੂੰ ‘ਪਹਿਲਾ’ ਜਾਂ ‘ਇੱਕ’ ਬੋਲਣਾ ਹੈ ? ਕਿੱਥੋਂ ਪਤਾ ਲੱਗੇਗਾ ਇਸ ‘੧’ ਦਾ ਵਿਸਥਾਰ ‘ਇਕ’ ਜਾਂ ‘ਇਕੁ’ ਜਾਂ ਇਕਿ ਹੋਵੇਗਾ ? ਜੇ ਇਹ ‘ਇਕੁ’ ਜਾਂ ‘ਇਕਿ’ ਹੈ ਤਾਂ ਕਾਰਜਸ਼ਾਲਾ ਦੇ ਨਿਰਣੇ ਅਨੁਸਾਰ ‘ਇਕੁ’ ਦਾ ਔਂਕੜ ਅਤੇ ‘ਇਕਿ’ ਦੀ ਅੰਤ ਸਿਹਾਰੀ ਵੀ ਬੋਲਣੀ ਹੋਵੇਗਾ । ‘੧’ ਤੋਂ ਅਗਲੇ ਸ਼ਬਦ ਵਿੱਚ ‘ਓ’; ਬਿਨਾਂ ਨਾਸਕੀ ਧੁਨੀ ਤੋਂ ਹੈ, ਜਿਸ ਦਾ ਪਾਠ ਲਿਖੇ ਅਨੁਸਾਰ ‘ਓਂ’ ਨਹੀਂ ਹੋ ਸਕਦਾ, ਜੋ ਕਿ ਕੀਤਾ ਜਾ ਰਿਹਾ ਹੈ । ‘ਓ’ ਦੇ ਹੋੜੇ ਦੇ ਨਾਲ਼ ਇੱਕ ਵਿੰਗੀ ਲਕੀਰ ਹੈ, ਜਿਸ ਦਾ ਉਚਾਰਨ ਵੀ ਲਿਖੇ ਅਨੁਸਾਰ ਨਹੀਂ ਹੋ ਸਕਦਾ ਕਿਉਂਕਿ ਇਹ ਵਿੰਗੀ ਲਕੀਰ ਨੂੰ ‘ਕਾਰ’ ਉਚਾਰਨਾ ਪੈਣਾ ਹੈ। ਜੇ ‘ੴ ’ ਦਾ ਲਿਖੇ ਅਨੁਸਾਰ ਉਚਾਰਨ ਹੀ ਨਹੀਂ ਹੋ ਸਕਦਾ ਫਿਰ ਜਿਵੇਂ ਗੁਰਬਾਣੀ ਲਿਖੀ ਹੈ ਤਿਵੇਂ ਪੜ੍ਹੀ ਕਿਵੇਂ ਜਾ ਸਕਦੀ ਹੈ ? ਕਿਸੇ ਪਾਸਿਓਂ ਤਾਂ ਉਚਾਰਨ ਸੇਧ ਲੈਣੀ ਹੀ ਪਵੇਗੀ ।
  2. ਗੁਰਬਾਣੀ ਵਿੱਚ 6464 ਵਾਰ ਇਕੱਲਾ ਅੱਖਰ ‘ਨ’ ਅਤੇ 234 ਵਾਰ ਇਕੱਲਾ ‘ਤ’ ਆਦਿਕ ਲਿਖੇ ਮਿਲਦੇ ਹਨ। ਜੇਕਰ ਲਿਖੇ ਅਨੁਸਾਰ ਹੀ ਪੜ੍ਹਨਾ ਹੈ ਤਾਂ ਇਹ ਅੱਖਰ ‘ਨੱਨਾਂ’ ਅਤੇ ‘ਤੱਤਾ’ ਹੀ ਪੜ੍ਹਨਾ ਪਵੇਗਾ । ਕੀ ਇਹ ਸ਼ੁੱਧ ਪਾਠ ਮੰਨਿਆਂ ਜਾ ਸਕਦਾ ਹੈ ?
  3. ਗੁਰਬਾਣੀ ਦੇ ਸਿਰਲੇਖਾਂ ਵਿੱਚ ‘ਮਹਲਾ ੧’ ਲਿਖਿਆ ਹੈ। ਇਸ ‘੧’ (ਇੱਕ) ਦਾ ਉਚਾਰਨ ਵੀ ‘ੴ’ ਵਿੱਚ ਦਰਜ ‘ਇੱਕ’ ਵਾਙ ‘ਮਹਲਾ ੧’ ਨੂੰ ‘ਮਹਲਾ ਇੱਕ’ ਕਿਉਂ ਨਹੀਂ ਬੋਲਿਆ ਜਾਂਦਾ ? ਕੀ ਇਉਂ ਸ਼ੁੱਧ ਉਚਾਰਨ ਹੋਵੇਗਾ ? ਜੇ ਲਿਖੇ ਅਨੁਸਾਰ ਹੀ ਪਾਠ ਕਰਨਾ ਹੈ ਤਾਂ ‘ਮਹਲਾ ਇੱਕ’ ਨੂੰ ‘ਮਹਲਾ ਪਹਿਲਾ’ ਕਿਉਂ ਬੋਲਿਆ ਜਾਂਦਾ ਹੈ ? ਇੱਕ ਜਗ੍ਹਾ ‘੧’ ਨੂੰ ਇੱਕ ਅਤੇ ਦੂਜੀ ਥਾਂ ‘੧’ ਨੂੰ ‘ਪਹਿਲਾ’ ਕਿਉਂ ਉਚਾਰਿਆ ਜਾਂਦਾ ਹੈ ? ਕਾਰਜਸ਼ਾਲਾ ਵਿੱਚ ਉਚਾਰਨ ਸੇਧ ਨੂੰ ਬੇਲੋੜਾ ਦਖ਼ਲ ਕਿਹਾ ਗਿਆ ਹੈ । ਇਹ ਬੇਲੋੜਾ ਦਖ਼ਲ ਨਹੀਂ ਸਗੋਂ ਗੁਰੂ ਪਾਤਿਸ਼ਾਹਾਂ ਨੇ ਆਪ ਹੀ ‘ਮਹਲਾ ੧’ ਨੂੰ ‘ਮਹਲਾ ੧ ਪਹਿਲਾ’ ਲਿਖ ਕੇ ਪਾਠਕ ਨੂੰ ਉਚਾਰਨ ਸੇਧ ਬਖ਼ਸ਼ੀ ਹੋਈ ਹੈ। ਹੁਣ ਕੀ ਇੱਥੇ ‘੧’ ਅਤੇ ‘ਪਹਿਲਾ’; ਦੋਵਾਂ ਨੂੰ ਉਚਾਰਨ ਕਰਕੇ ‘ਮਹਲਾ ਇੱਕ ਪਹਿਲਾ’ ਜਾਂ ‘ਮਹਲਾ ਪਹਿਲਾ ਪਹਿਲਾ’ ਉਚਾਰਨ ਕਰਨਾ ਸਹੀ ਉਚਾਰਨ ਹੋ ਸਕਦਾ ਹੈ ?
  4. ਉਕਤ ਕਾਰਜਸ਼ਾਲਾ ਅਨੁਸਾਰ ਜੇ ਲਿਖੇ ਅਨੁਸਾਰ ਹੀ ਪਾਠ ਕਰਨਾ ਜ਼ਰੂਰੀ ਹੈ ਤਾਂ ‘ਮ: ੧’ ਦਾ ਪਾਠ ‘ਮੰਮਾ ਦੋ ਬਿੰਦੀਆਂ ਇੱਕ’ ਕਰਨਾ ਚਾਹੀਦਾ ਹੈ। ਕੀ ਇਹ ਸ਼ੁੱਧ ਪਾਠ ਹੋਵੇਗਾ ? ਸੰਥਿਆ ਨਾਲ਼ ਜਗਿਆਸੂ ਨੂੰ ਪਤਾ ਲੱਗਦਾ ਹੈ ਕਿ ‘ਮ :’; ਦਰਅਸਲ ‘ਮਹਲਾ’ ਸ਼ਬਦ ਦਾ ਸੰਖੇਪ ਰੂਪ ਹੈ ਜਦਕਿ ਕਾਰਜਸ਼ਾਲਾ ਵੱਲੋਂ ਸੰਥਿਆ ਦੀ ਲੋੜ ਨੂੰ ਮੂਲੋਂ ਹੀ ਰੱਦ ਕੀਤਾ ਗਿਆ ਹੈ।
  5. ਉਕਤ ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਦਾ ਲਿਖੇ ਅਨੁਸਾਰ ਹੀ ਉਚਾਰਨ ਕਰਨਾ ਹੈ ਤਾਂ ‘ਸੰਪੂਰਣ:’ (ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: ॥ ਮਹਲਾ ੫/੧੩੬੧) ਦਾ ਉਚਾਰਨ ‘ਸੰਪੂਰਣ ਦੋ ਬਿੰਦੀਆਂ’ ਬਣਦਾ ਹੈ । ਕੀ ਅਜਿਹਾ ਉਚਾਰਨ ਕੋਈ ਕਰੇਗਾ ? ਕਦਾਚਿਤ ਨਹੀਂ । ਸੋ ਇੱਥੇ ਵਰਤੀਆਂ ਦੋ ਬਿੰਦੀਆਂ (:) ਦੇਵਨਾਗਰੀ ਲਿਪੀ ਵਿੱਚ ਵਿਸਰਗ ਦਾ ਸੂਚਕ ਹਨ, ਜੋ ਬੋਲਣ ਸਮੇਂ ਅੱਧਾ ‘ਹ’ ਧੁਨੀ ਪ੍ਰਗਟਾਉਂਦੀਆਂ ਹਨ। ‘ਸੰਪੂਰਣ:’ ਦਾ ਸ਼ੁੱਧ ਉਚਾਰਨ ‘ਸੰਪੂਰਣਹ੍’ ਬਣਦਾ ਹੈ।
  6. ਉਕਤ ਕਾਰਜਸ਼ਾਲਾ ਅਨੁਸਾਰ ਜੇ ਪਾਠ ਲਿਖੇ ਸ਼ਬਦਾਂ ਅਨੁਸਾਰ ਕਰਨਾ ਹੈ ਤਾਂ ਗੁਰਬਾਣੀ ਵਿੱਚ ਇਉਂ ਸ਼ਬਦ ਲਿਖੇ ਹਨ- ਕੁਤੇ, ਕੁਤੀ, ਕੁਤਿਆ, ਮੁਸਲਾ (ਲਬੁ ਕੁਤਾ ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥ (ਮਹਲਾ ੧/੧੫), ਰਾਜੇ ਸੀਹ ਮੁਕਦਮ ਕੁਤੇ ॥ (ਮਹਲਾ ੧/੧੨੮੮), ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ (ਬਾਬਾ ਫਰੀਦ/੧੩੮੧), ਸਚੁ ਨਿਵਾਜ ਯਕੀਨ ਮੁਸਲਾ ॥ (ਮਹਲਾ ੫/੧੦੮੩) ਅਤੇ ਉਚਕਾ, ਫਕਾ, ਛੁਟੀ (ਹਰਿ ਧਨ ਕਉ ਉਚਕਾ ਨੇੜਿ ਨ ਆਵਈ..॥(ਮਹਲਾ ੪/੭੩੪), ਇਕਿ ਖਾਵਹਿ ਬਖਸ ਤੋਟਿ ਨ ਆਵੈ; ਇਕਨਾ ਫਕਾ ਪਾਇਆ ਜੀਉ ॥ (ਮਹਲਾ ੪/੧੭੩), ਨਾਨਕ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥ (ਜਪੁ/ਮਹਲਾ ੧/੮) ਆਦਿਕ ਸ਼ਬਦਾਂ ਸਮੇਂ ਤਾਂ ਪਾਠ; ਰਸਹੀਣ ਹੋ ਜਾਵੇਗਾ ਕਿਉਂਕਿ ਇੱਥੇ ਅੱਧਕ ਧੁਨੀ ਦੀ ਵਰਤੋਂ ਜ਼ਰੂਰੀ ਹੈ (ਭਾਵੇਂ ਕਿ ਅੱਧਕ ਗੁਰਬਾਣੀ ਵਿੱਚ ਇੱਕ ਵਾਰ ਭੀ ਨਹੀਂ)। ਹੁਣ ਭੀ ਪੰਜਾਬੀ ਵਿੱਚ ਇਨ੍ਹਾਂ ਸ਼ਬਦਾਂ ਦਾ ਉਚਾਰਨ ਅੱਧਕ ਸਮੇਤ ਕੀਤਾ ਜਾਂਦਾ ਹੈ ‘ਕੁੱਤੇ, ਕੁੱਤੀ, ਕੁੱਤਿਆ, ਮੁਸੱਲਾ, ਉਚੱਕਾ, ਫੱਕਾ, ਛੁੱਟੀ’।
  7. ਉਕਤ ਕਾਰਜਸ਼ਾਲਾ ਅਨੁਸਾਰ ਜੇ ਜਿਵੇਂ ਲਿਖਿਆ ਹੈ; ਓਵੇਂ ਹੀ ਉਚਾਰਨ ਕਰਨਾ ਹੈ ਤਾਂ ਗੁਰਬਾਣੀ ਦੇ ਸ਼ਬਦ ‘ਦਯ, ਦਯੁ, ਦਯਿ, ਦਯੀ, ਦੁਯਾ, ਭਯਾ, ਮੁਯੇ, ਸਵਯੇ’ ’ਚ ਦਰਜ ‘ਯ’ ਦਾ ਉਚਾਰਨ ਸ੍ਵਰ ਵਿੱਚ ਬਦਲ ਕੇ ਕਿਤੇ ‘ਅ’ ਅਤੇ ਕਿਤੇ ‘ਈ/ਇ/ਈਏ’ ਵਾਂਗ ਕੀਤਾ ਜਾਣਾ ਹੈ। ਗੁਰਬਾਣੀ ’ਚ ਚੱਲਦੇ ਪ੍ਰਸੰਗ ਮੁਤਾਬਕ ਸ਼ਾਬਦਿਕ ਅਰਥ ਸਮਝ ਕੇ ਇਨ੍ਹਾਂ ਸ਼ਬਦਾਂ ਦਾ ਸਹੀ ਉਚਾਰਨ ਕਰਨਾ ਪਵੇਗਾ। ‘ਯ’ ਅੱਖਰ ਨੂੰ ਹਰ ਥਾਂ ਵਿਅੰਜਨ ਸਮਝ ਕੇ ਉਚਾਰਨਾ, ਸਹੀ ਨਹੀਂ। ਇਨ੍ਹਾਂ ਦਾ ਕਰਮਵਾਰ ਉਚਾਰਨ ਇਉਂ ਹੈ- ਦਈ, ਦਈਈ (ਦਯੀ), ਦੁਈਆ (ਦੁਯਾ), ਭਇਆ (ਭਯਾ), ਮੁਈਏ (ਮੁਯੇ), ਸਵੱਈਏ (ਸਵਯੇ) ਆਦਿ। ਹਰ ਥਾਂ ਲਿਖੇ ਮੁਤਾਬਕ ਉਚਾਰਨ ਕਰਨ ਨਾਲ ਇਹ ਭੇਦ ਨਹੀਂ ਸਮਝਿਆ ਜਾ ਸਕਦਾ।
  8. ਉਕਤ ਕਾਰਜਸ਼ਾਲਾ ਅਨੁਸਾਰ ਇਕੱਲੀ ਮੁਹਾਰਨੀ ਨੂੰ ਘੋਟਾ ਲਾਉਣ ਵਾਲ਼ਾ ਦਸਾਂ ਮਾਤ੍ਰਾਂ ਨੂੰ ਤਾਂ ਬਾਖ਼ੂਬੀ ਬੋਲ ਸਕੇਗਾ ਪਰ- ਸਿਖੵਾ, ਬੵਾਧਿ, ਬਸਿੵੰਤ, ਲਬਧੰੵ, ਇਤੰੵਤ ਆਦਿਕ ਸ਼ਬਦਾਂ ਨੂੰ ਸਹੀ ਨਹੀਂ ਬੋਲ ਸਕਦਾ । ਸੰਥਿਆ ਲੈ ਕੇ ਸਿੱਖਣਾ ਪੈਣਾ ਹੈ ਭਾਵੇਂ ਕਿਸੇ ਵਿਦਿਆਲੇ ਤੋਂ ਜਾਂ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹ ਕੇ ਕੋਈ ਸਿੱਖ ਲਵੇ ।
  9. ਉਕਤ ਕਾਰਜਸ਼ਾਲਾ ਵਿੱਚ ਕੀਤੇ ਨਿਰਣੇ ਅਨੁਸਾਰ ਪਾਠਕ ਨੂੰ ਨਾਸਕੀ ਜਾਂ ਪੈਰ ਬਿੰਦੀਆਂ ਨਾ ਉਚਾਰਨ ਦੇ ਡਰ ਤੋਂ ਮੁਕਤ ਹੋ ਕੇ ਜਿਵੇਂ ਲਿਖਿਆ ਹੈ; ਤਿਵੇਂ ਪਾਠ ਕਰਨ ਦੀ ਹਦਾਇਤ ਕੀਤੀ ਗਈ, ਪਰ ਪੈਰ ਬਿੰਦੀ ਅਤੇ ਨਾਸਕੀ ਉਚਾਰਨ ਨਾ ਪਾਠ ਕੀਤਿਆਂ ਵੀ ਇਹ ਡਰ ਤਾਂ ਬਣਿਆ ਰਹੇਗਾ ਕਿ ਕਿਤੇ ਅਜਿਹਾ ਬੋਲਣ ਨਾਲ਼ ਸਰੋਤੇ, ਭਾਵਾਰਥ ਗ਼ਲਤ ਨਾ ਲੈ ਲੈਣ; ਜਿਵੇਂ ‘ਬੰਨਾ’ ਅਤੇ ‘ਬੰਨ੍ਾ’ ਵੱਖ ਵੱਖ ਅਰਥਾਂ ਵਾਲ਼ੇ ਸ਼ਬਦ ਹਨ । ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ‘ਬੰਨਾ’ ਲਿਖਿਆ ਹੈ, ਜਿਸ ਦਾ ਸਹੀ ਅਰਥ ਹੈ ‘ਬੰਨ੍ਹਣਾ’, ਪਰ ਲਿਖੇ ਅਨੁਸਾਰ ‘ਬੰਨਾ’ ਪਾਠ ਕਰਨ ਨਾਲ਼ ਅਰਥ ਬਣ ਜਾਏਗਾ ‘ਬੰਨ੍ਹ ਮਾਰਨਾ ਜਾਂ ਡੱਕਾ ਲਾਉਣਾ’, ਜੋ ਪ੍ਰਸੰਗਕ ਨਹੀਂ ਹੈ (ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਮਹਲਾ ੫/੬੨੭) ਸੋ ਜਪੁ ਜੀ ਸਾਹਿਬ ਵਿੱਚ ‘ਬੰਨਾ’ ਦਾ ਉਚਾਰਨ ‘ਬੰਨ੍ਾ’ ਹੈ (ਭੁਖਿਆ ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥ (ਜਪੁ), ਨਾ ਕਿ ਜਿਵੇਂ ਲਿਖਿਐ ਓਵੇਂ ਉਚਾਰਨ (ਬੰਨਾ) ਕਰਨਾ ਹੈ।
  10. ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਨਾਲ਼ ਨਾਸਕੀ ਧੁਨੀ ਦੀ ਵਰਤੋਂ ਕੀਤਿਆਂ ਹੀ ਸਹੀ ਅਰਥ ਬਣਦੇ ਹਨ, ਜਿਵੇਂ ਲਿਖਿਆ ਹੈ; ਓਵੇਂ ਬੋਲਣ ਨਾਲ਼ ਨਹੀਂ ਅਤੇ ਇਹ ਸੇਧ ਵੀ ਗੁਰਬਾਣੀ ਵਿੱਚ ਵਰਤੀਆਂ ਨਾਸਕੀ ਬਿੰਦੀਆਂ ਸਹਿਤ ਸ਼ਬਦ ਕਰਦੇ ਹਨ; ਜਿਵੇਂ ਕਿ ‘‘ਪੁਤ੍ਰੀ ਕਉਲੁ ਨ ਪਾਲਿਓ; ਕਰਿ ਪੀਰਹੁ ਕੰਨ੍ ਮੁਰਟੀਐ ॥’’ (ਬਲਵੰਡ ਸਤਾ/੯੬੭) ਅਤੇ ‘‘ਮੋਰੀ ਰੁਣ ਝੁਣ ਲਾਇਆ, ਭੈਣੇ ! ਸਾਵਣੁ ਆਇਆ ॥’’ (ਮਹਲਾ ੧/੫੫੭) ਦੋਵੇਂ ਪੰਕਤੀਆਂ ’ਚੋਂ ਪਹਿਲੀ ਪੰਕਤੀ ’ਚ ਦਰਜ ‘ਪੁਤ੍ਰੀ’ ਸ਼ਬਦ ਦਾ ਅਰਥ ਹੈ ‘ਪੁੱਤਰਾਂ ਨੇ’ (ਉਚਾਰਨ ਹੈ ਪੁੱਤ੍ਰੀਂ) ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਦੋ ਬਿੰਦੀ ‘ਪੁੱਤ੍ਰਾਂ ਨੇ’ (ਕਰਤਾ ਕਾਰਕ ਬਹੁ ਵਚਨ)। ਸ਼ਾਬਦਿਕ ਅਰਥ ਹਨ ‘ਗੁਰੂ ਜੀ ਦਾ ਵਚਨ (ਭਾਈ ਲਹਿਣਾ ਜੀ ਦੀ ਤਰ੍ਹਾਂ) ਉਨ੍ਹਾਂ ਦੇ ਪੁੱਤ੍ਰਾਂ ਨੇ ਨਹੀਂ ਮੰਨਿਆ’, ਪਰ ਇਸ ਦਾ ਉਚਾਰਨ ਬਿੰਦੀ ਰਹਿਤ ‘ਪੁਤ੍ਰੀ’ ਕੀਤਿਆਂ ਅਰਥ ਬਣਦਾ ਹੈ ‘ਬੇਟੀ’ (ਇਸਤਰੀ ਲਿੰਗ), ਜੋ ਕਿ ਇੱਥੇ ਚੱਲਦੇ ਪ੍ਰਸੰਗ ਮੁਤਾਬਕ ਸਹੀ ਨਹੀਂ। ਦੂਜੀ ਪੰਕਤੀ ’ਚ ‘ਮੋਰੀ’ ਸ਼ਬਦ ਦਾ ਅਰਥ ਹੈ ‘ਮੋਰਾਂ ਨੇ’ (ਕਰਤਾ ਕਾਰਕ ਬਹੁ ਵਚਨ। ਉਚਾਰਨ ਹੈ ‘ਮੋਰੀਂ’), ਪਰ ਜੇਕਰ ‘ਮੋਰੀ’ (ਬਿਨਾਂ ਬਿੰਦੀ) ਉਚਾਰਨ ਕਰੀਏ ਤਾਂ ਅਰਥ ਬਣਦਾ ਹੈ ‘ਸੁਰਾਗ਼, ਸਹੀ ਪਗਡੰਡੀ (ਇਸਤਰੀ ਲਿੰਗ); ਜਿਵੇਂ ਗੁਰੂ ਵਾਕ ਹੈ ‘‘ਗੁਰਿ, ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥’’ (ਭਗਤ ਕਬੀਰ/੬੫੬) ਸੋ ਗੁਰਬਾਣੀ ਦਾ ਸਹੀ ਉਚਾਰਨ ਕਰਨ ਲਈ ਗੁਰਬਾਣੀ ਅੰਦਰ ਦਿੱਤੇ ਗਏ ਕੁੱਝ ਨਾਸਕੀ ਸੰਕੇਤਾਂ ਤੋਂ ਸੇਧ ਲੈਣੀ ਬਣਦੀ ਹੈ; ਜਿਵੇਂ ਕਿ ‘‘ਗੁਰਸਿਖਂੀ ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥’’ (ਮਹਲਾ ੪/੪੫੦) ‘ਗੁਰਸਿਖਂੀ’ ਦਾ ਅਰਥ ਹੈ ‘ਗੁਰਸਿੱਖਾਂ ਨੇ’ (ਕਰਤਾ ਕਾਰਕ ਬਹੁ ਵਚਨ)।
  11. ਉਕਤ ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਜਿਵੇਂ ਲਿਖੀ ਹੈ; ਓਵੇਂ ਪੜ੍ਹਨਾ ਹੈ ਤਾਂ ਤੁਕ ‘‘ਏ ਸ੍ਰਵਣਹੁ ਮੇਰਿਹੋ! ਸਾਚੈ, ਸੁਨਣੈ ਨੋ ਪਠਾਏ ॥’’ (ਅਨੰਦ/ਮਹਲਾ ੩/੯੨੨) ਵਿੱਚ ‘ਸ੍ਰਵਣਹੁ’ ਦਾ ਉਚਾਰਨ ‘ਸ੍ਰਵਣਹੁ’ ਕਰਨਾ ਪਵੇਗਾ ਤੇ ਅਰਥ ਬਣ ਜਾਣਗੇ- ਹੇ (ਨੇਤਹੀਣ ਅੰਧਕ ਵੈਸ਼੍ਯ ਰਿਸ਼ੀ ਦੇ ਪੁੱਤਰ) ਮੇਰੇ ਸਰਵਣ! ਤੁਹਾਨੂੰ ਸੱਚੇ ਰੱਬ ਨੇ, ਆਪਣੀ ਸਿਫ਼ਤ-ਸਾਲਾਹ ਸੁਣਨ ਲਈ ਭੇਜਿਐ ਕਿਉਂਕਿ ਇਸ ਸਰਵਣ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਰਚਨਾ ’ਚ ਹੈ ‘‘ਹੋਵੈ ਸਰਵਣ ਵਿਰਲਾ ਕੋਈ ॥ (ਵਾਰ ੩੭ ਪਉੜੀ ੧੧), ਇਨ੍ਹਾਂ ਨੂੰ ਹਨ੍ਹੇਰੇ ’ਚ ਜੰਗਲ਼ੀ ਜੀਵ ਸਮਝਦਿਆਂ ਰਾਜਾ ਦਸ਼ਰਥ ਨੇ ਆਪਣੇ ਤੀਰ ਨਾਲ਼ ਮਾਰ ਦਿੱਤਾ ਸੀ, ਜਦ ਇਹ ਆਪਣੇ ਬਜ਼ੁਰਗ ਮਾਤਾ-ਪਿਤਾ ਲਈ ਪਾਣੀ ਲੈਣ ਲਈ ਗਿਆ ਸੀ ਜਦਕਿ ਪ੍ਰਸੰਗ ਮੁਤਾਬਕ ਉਕਤ ਗੁਰਬਾਣੀ ਤੁਕ ’ਚ ਉਚਾਰਨ ‘ਸ਼੍ਰਵਣਹੁ’ ਹੋਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ‘ਦੋਵੇਂ ਕੰਨ’ (ਬਹੁ ਵਚਨ)। ਇਸ ਸ਼ਬਦ ਦੀ ਵਧੇਰੇ ਜਾਣਕਾਰੀ ਲਈ ਭਾਈ ਕਾਹਨ ਸਿੰਘ ਜੀ ਦੁਆਰਾ ਰਚਿਤ ਮਹਾਨ ਕੋਸ਼ ਨੂੰ ਵੇਖਿਆ ਜਾ ਸਕਦਾ ਹੈ।

ਇਸ ਤਰ੍ਹਾਂ ਹੀ ਗੁਰਬਾਣੀ ਅੰਦਰ ਕਈ ਹੋਰ ਸ਼ਬਦ ਹਨ; ਜਿਵੇਂ ਕਿ ‘ਸਾਹੁ (ਸੁਆਸ)-ਸ਼ਾਹੁ (ਪਾਤਿਸ਼ਾਹ), ਸਹੁ (ਸਹਾਰ)- ਸ਼ਹੁ (ਖਸਮ), ਜਨ (ਸੇਵਕ)-ਜ਼ਨ (ਔਰਤ), ਬਾਸਾ (ਨਿਵਾਸ) ਅਤੇ ਬਾਸ਼ਾ (ਸ਼ਿਕਾਰੀ ਪੰਛੀ), ਜਸ (ਜੈਸਾ) ਅਤੇ ਜਸ਼ (ਵਡਿਆਈ), ਰਾਸਿ (ਠੀਕ) ਅਤੇ ਰਾਸ਼ਿ (ਪੂੰਜੀ), ਸਾਰਿ (ਸੰਭਾਲ਼ ਕੇ) ਅਤੇ ਸ਼ਾਰਿ (ਚੌਪੜ/ਸ਼ਤਰੰਜ ਦਾ ਵਸਤ੍ਰ, ਜਿਸ ’ਤੇ ਗੋਟੀਆਂ ਖੇਲੀਦੀਆਂ ਹਨ), ਤਿਹ (ਉਹ/ਉਸ)- ਤਹ (ਤ੍ਹਾਂ, ਓਥੇ) ਆਦਿਕ ਸ਼ਬਦ ਜੋੜਾਂ ਦਾ ਨਿਖੇੜਾ ਜਿਵੇਂ ਲਿਖਿਆ ਤਿਵੇਂ ਬੋਲਣ ਨਾਲ਼ ਨਹੀਂ ਹੋਵੇਗਾ, ਵਰਤੀਆਂ ਭਾਸ਼ਾਵਾਂ, ਜੋ ਉਸ ਸਮੇਂ ਪ੍ਰਚਲਿਤ ਸਨ, ਦੀ ਮੂਲ ਸ਼ੈਲੀ ਨੂੰ ਧਿਆਨ ਵਿੱਚ ਰੱਖਣਾ ਪਵੇਗਾ।

  1. ਗੁਰਬਾਣੀ ਜਿਵੇਂ ਲਿਖੀ; ਤਿਵੇਂ ਉਚਾਰਨ ਕਰ ਬਾਣੀਕਾਰਾਂ ਵੱਲ ਉਂਗਲ਼ੀ ਉਠਾਉਣਾ : ਉਕਤ ਕਾਰਜਸ਼ਾਲਾ ਅਨੁਸਾਰ ਜੇ ਇਹ ਮੰਨ ਲਈਏ ਕਿ ਬਾਣੀ ਦਾ ਉਚਾਰਨ ਲਿਖਤ ਅਨੁਸਾਰ ਕੀਤਾ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਅਰਬੀ, ਫ਼ਾਰਸੀ, ਸੰਸਕ੍ਰਿਤ ਆਦਿ ਭਾਸ਼ਾ ਦੇ ਸ਼ਬਦਾਂ ’ਚ ਵਰਤੀਆਂ ਵਿਸ਼ੇਸ਼ ਧੁਨੀਆਂ; ਜਿਵੇਂ ਕਿ ‘ਸ਼, ਖ਼, ਗ਼, ਜ਼, ਫ਼’ ਤੋਂ ਬਿਨਾਂ ਹੀ ਬਾਣੀਕਾਰ ਬੋਲਦੇ ਅਤੇ ਲਿਖਦੇ ਸਨ। ਕੀ ਇਹ ਗੱਲ ਮੰਨਣਯੋਗ ਹੈ ? ਬਿਲਕੁਲ ਨਹੀਂ । ਬਾਣੀਕਾਰ ਤਾਂ ਇਨ੍ਹਾਂ ਭਾਸ਼ਾਵਾਂ ਦੇ ਖ਼ੂਬ ਗਿਆਤਾ ਸਨ ਤਾਂ ਹੀ ਉਹ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ਼ ਉਨ੍ਹਾਂ ਦੀ ਭਾਸ਼ਾ ਵਿੱਚ ਵਿਚਾਰ-ਚਰਚਾ ਕਰ ਸਕੇ। ਫ਼ਾਰਸੀ ਦੇ ਵਿਦਵਾਨਾਂ ਨਾਲ਼ ਗੱਲ ਕਰਨ ਵਾਲ਼ਾ ਆਪ ਵੀ ਫ਼ਾਰਸੀ ਦਾ ਵਿਦਵਾਨ ਹੋਵੇਗਾ ਤਾਹੀਓਂ ਬੋਧ ਹੁੰਦੈ ਕਿ ਬਾਣੀਕਾਰ ਆਪ ਵਿਦਵਾਨ ਸਨ, ਤਾਂ ਹੀ ਉਨ੍ਹਾਂ ਫ਼ਾਰਸੀ ਦੇ ਸ਼ਬਦ ਗੁਰਬਾਣੀ ਵਿੱਚ ਲਿਖੇ ਸਨ, ਜਿਨ੍ਹਾਂ ਨੂੰ ਫ਼ਾਰਸੀ ਭਾਸ਼ਾ ਦੀ ਉਚਾਰਨ ਵਿਧੀ ਨਾਲ਼ ਪੜ੍ਹਨ ਉਪਰੰਤ ਹੀ ਸਹੀ ਉਚਾਰਨ ਮੰਨਿਆ ਜਾਣਾ ਹੈ । ਇਹ ਧੁਨੀਆਂ ਬਾਣੀ ਦੇ ਰਚਨ-ਕਾਲ਼ ਸਮੇਂ ਆਮ ਲੋਕਾਂ ਵਿੱਚ ਵੀ ਪ੍ਰਚਲਿਤ ਰਹੀਆਂ ਸਨ । ਪਾਤਿਸ਼ਾਹ ਨੂੰ ਪਾਤਿਸ਼ਾਹ ਹੀ ਬੋਲਿਆ ਤੇ ਲਿਖਿਆ ਜਾਂਦਾ ਸੀ, ਨਾ ਕਿ ਪਾਤਿਸਾਹ। ਸ਼ਿਕਾਰ ਨੂੰ ਸ਼ਿਕਾਰ ਬੋਲਿਆ ਤੇ ਲਿਖਿਆ ਜਾਂਦਾ ਸੀ; ਇਵੇਂ ਹੀ ਸ਼ਿਵ, ਕ੍ਰਿਸ਼ਨ, ਵਿਸ਼ਨੁ, ਮਹੇਸ਼, ਜਸ਼ੋਧਾ ਆਦਿ ਬੋਲੇ ਤੇ ਲਿਖੇ ਜਾਂਦੇ ਸਨ । ਗੁਰਬਾਣੀ ਵਿੱਚ ਵਰਤੇ ‘ਬੋਲਾ’ ਅਤੇ ‘ਬੋਲ਼ਾ’, ‘ਗੋਲਾ’ ਅਤੇ ‘ਗੋਲ਼ਾ’, ‘ਜਲ’ ਅਤੇ ‘ਜਲ਼’ ਆਦਿਕ ਇੱਕੋ ਤਰ੍ਹਾਂ ਨਹੀਂ ਬੋਲੇ ਜਾ ਸਕਦੇ; ਜਿਵੇਂ ਕਿ ਹੇਠਲੇ ਵਾਕਾਂ ’ਚ ਇਨ੍ਹਾਂ ਦੇ ਅਰਥ ਵੱਖ ਵੱਖ ਹਨ ਭਾਵੇਂ ਕਿ ਇਹ ਬਹੁ ਅਰਥਕ ਸ਼ਬਦ ਵੀ ਨਹੀਂ :

ਤੂੰ ਸਾਚਾ ਸਾਹਿਬੁ; ਦਾਸੁ ਤੇਰਾ ਗੋਲਾ ॥ (ਮਹਲਾ ੫/੧੩੨) ਗੋਲਾ-ਸੇਵਕ। ਉਚਾਰਨ-ਗੋਲਾ।

ਪ੍ਰੇਮ ਪਲੀਤਾ ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ ॥ (ਭਗਤ ਕਬੀਰ/੧੧੬੧) ਗੋਲਾ-ਬਾਰੂਦ ਦਾ ਗੋਲ਼ਾ। ਉਚਾਰਨ-ਗੋਲ਼ਾ।

ਇਹੁ ਮਨੁ ਅੰਧਾ ਬੋਲਾ ਹੈ; ਕਿਸੁ ਆਖਿ ਸੁਣਾਏ ॥ (ਮਹਲਾ ੩/੩੬੪) ਬੋਲਾ-ਸੁਣਨ ਤੋਂ ਸੱਖਣਾ । ਉਚਾਰਨ-ਬੋਲ਼ਾ।

ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥ (ਮਹਲਾ ੧/੭੨੩) ਬੋਲਾ- ਬੋਲ, ਵਚਨ। ਉਚਾਰਨ ਬੋਲਾ।

ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯) ਜਲ-ਪਾਣੀ। ਉਚਾਰਨ-ਜਲ।

ਦੁਰਜਨ ! ਤੂ ਜਲੁ ਭਾਹੜੀ; ਵਿਛੋੜੇ ਮਰਿ ਜਾਹਿ ॥ (ਮਹਲਾ ੫/੧੦੯੪) ਜਲੁ- ਸੜ। ਉਚਾਰਨ- ਜਲ਼। ਆਦਿ।

ਸੋ ਭਾਵੇਂ ਕਿ ਉਕਤ ਧੁਨੀਆਂ ਨੂੰ ਪ੍ਰਗਟਾਉਂਦੇ ਅੱਖਰ; ਗੁਰਬਾਣੀ ਲਿਖਤ ’ਚ ਨਹੀਂ, ਪਰ ਆਮ ਉਚਾਰਨ ਕਰਦਿਆਂ ਤਦ ਜ਼ਰੂਰ ਬੋਲੇ ਜਾਂਦੇ ਸਨ। ਅੱਜ ਇਹ ਧੁਨੀਆਂ ਕਿਹੜੇ ਸ਼ਬਦ ’ਚ ਬੋਲਣੀਆਂ ਹਨ, ਕਿਹੜੇ ’ਚ ਨਹੀਂ, ਆਮ ਪਾਠਕ ਲਈ ਇਹ ਝੰਜਟ ਸਮਝਦਿਆਂ ਜਾਪਦਾ ਹੈ ਕਿ ਕਾਰਜਸ਼ਾਲਾ ਵਿੱਚ ਇਨ੍ਹਾਂ ਧੁਨੀਆਂ ਨੂੰ ਨਾ ਬੋਲਣ ਦਾ ਹੀ ਨਿਰਣਾ ਕਰ ਲਿਆ ਗਿਆ ਅਤੇ ਕਿਹਾ ਗਿਆ ਕਿ ਬਾਣੀ ਜਿਵੇਂ ਲਿਖੀ ਹੈ ਤਿਵੇਂ ਹੀ ਬਿਨਾਂ ਕਿਸੇ ਡਰ ਦੇ ਉਚਾਰਨ ਕਰਨੀ ਹੈ। ਇਨ੍ਹਾਂ ਧੁਨੀਆਂ ਨੂੰ ਸੰਬੰਧਿਤ ਭਾਸ਼ਾਵਾਂ ਵਾਂਗ ਨਾ ਉਚਾਰਨਾ; ਪਾਠ ਨੂੰ ਰਸਹੀਣ ਤਾਂ ਬਣਾਉਂਦਾ ਹੀ ਹੈ ਸਗੋਂ ਗੁਰਬਾਣੀ ’ਚ ਦਰਜ ਸਾਰੀਆਂ ਭਾਸ਼ਾਵਾਂ ਨਾਲ਼ ਬੇਇਨਸਾਫ਼ੀ ਵੀ ਹੈ।

ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਆਪਣੀ ਪੁਸਤਕ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਠ ਬੋਧ ਭਾਗ ਦੂਜਾ ਗੁਰਬਾਣੀ ਉਚਾਰਣ’ ਦੇ ਪੰਨਾ ਨੰਬਰ 61, 62, 63, ਮੱਦ ਨੰਬਰ 4.3.2 (ਅ) ਅਤੇ (ੲ) ਅਧੀਨ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਦੇ ਕੇ ਸਿੱਧ ਕੀਤਾ ਕਿ ਦੁਹਰੀਆਂ ਧੁਨੀਆਂ ਵਾਲ਼ੇ (ਅਰਬੀ, ਫ਼ਾਰਸੀ, ਅਤੇ ਸੰਸਕ੍ਰਤ) ਦੇ ਸ਼ਬਦਾਂ ਦੀਆਂ ਪੈਰ ਬਿੰਦੀ ਵਾਲ਼ੀਆਂ ਧੁਨੀਆਂ ਉਚਾਰਨ ਦਾ ਜ਼ਰੂਰੀ ਭਾਗ ਹਨ।

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਛਾਪੇ ਕਿਤਾਬਚੇ ‘ਗੁਰਬਾਣੀ ਦਾ ਸ਼ੁੱਧ ਉਚਾਰਨ’ ਵਿੱਚ ਆਰਟੀਕਲ ਨੰਬਰ 9 ਅਧੀਨ, ਪੰਨਾ ਨੰਬਰ 33, 34 ਅਤੇ 35, ਉੱਤੇ ‘ਦੂਸਰੀਆਂ ਬੋਲੀਆਂ ਦੇ ਸ਼ਬਦਾਂ ਦਾ ਉਚਾਰਨ’ ਸਿਰਲੇਖ ਹੇਠ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਦੇ ਕੇ ਸਪਸ਼ਟ ਕੀਤਾ ਗਿਆ ਹੈ ਕਿ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਵਿੱਚੋਂ ਆਏ ਸ਼ਬਦਾਂ ਨੂੰ ਉਨ੍ਹਾਂ ਵਿੱਚ ਵਰਤੀ ਭਾਸ਼ਾ ਅਨੁਸਾਰ ਬੋਲਣਾ ਹੀ ਸ਼ੁੱਧ ਪਾਠ ਹੈ।

ਦੂਜੀ ਕਿਆਸ ਅਰਾਈ ਦੀ ਸਾਰਥਕਤਾ: ਉਪਰੋਕਤ ਵਿਚਾਰ ਤੋਂ ਦੂਜੀ ਕਿਆਸ ਅਰਾਈ ਦੀ ਸਾਰਥਕਤਾ ਵਧੇਰੇ ਬਣਦੀ ਹੈ ਅਤੇ ਇਹ ਸੋਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਬਹੁਤ ਨੇੜੇ ਹੈ।

ਗੁਰਬਾਣੀ ਉਚਾਰਨ ਜੁਗਤ ਦੀ ਵਿਰਾਸਤੀ ਸੰਭਾਲ

0

ਗੁਰਬਾਣੀ ਉਚਾਰਨ ਜੁਗਤ ਦੀ ਵਿਰਾਸਤੀ ਸੰਭਾਲ

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਗੁਰਬਾਣੀ ਦੇ ਅਖੁੱਟ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ; ਸਿੱਖੀ ਦੀ ਇੱਕੋ-ਇੱਕ ਤੇ ਜੁਗੋ-ਜੁਗ ਅਟੱਲ ਆਧਾਰਸ਼ਿਲਾ ਹੈ। ਗੁਰਵਾਕਾਂ ਦੀ ਰੌਸ਼ਨੀ ਵਿੱਚ ਅਗਿਆਨਤਾ ਦੇ ਅੰਧਕਾਰ ਨਾਲ ਭਰੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ’; ‘‘ਤਮ ਸੰਸਾਰੁ ਚਰਨ ਲਗਿ ਤਰੀਐ .. ’’ (ਮਹਲਾ /੧੪੨੯) ਅਤੇ ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ .. ’’ (ਮਹਲਾ /੬੭) ਹਰੇਕ ਮਨੁੱਖ ਲਈ ਕੇਵਲ ਇੱਕ ਬੋਹਿਥ (ਜਹਾਜ਼) ਹੀ ਨਹੀਂ, ਸਦੀਵੀ ਚਾਨਣ-ਮੁਨਾਰਾ ਵੀ ਹਨ । ਇਸ ਵਿੱਚ ਸਾਰੀ ਲੋਕਾਈ ਨੂੰ ਸਰਬਸਾਂਝਾ ਤੇ ਵਿਸ਼ਵਾਸ ਭਰਪੂਰ ਦਿਲਾਸਾ ਦਿੰਦਿਆਂ ਜ਼ੋਰਦਾਰ ਹੋਕਾ ਦਿੱਤਾ ਗਿਆ ਹੈ ਕਿ ਜਿਹੜਾ ਵੀ ਮਨੁੱਖ ਰੱਬੀ ਸਿਫ਼ਤ-ਸਾਲਾਹ ਵਾਲੇ ਸਤਿਗੁਰੂ ਦੇ ਸੁੰਦਰ ਸ਼ਬਦ (ਗੁਰਬਾਣੀ) ਨੂੰ ਗਾਵੇਗਾ, ਪੜ੍ਹੇਗਾ ਤੇ ਸੁਣੇਗਾ; ਸਤਿਗੁਰੂ ਉਸ ਦੀ ਸਰਬਪੱਖੀ ਰੱਖਿਆ ਕਰੇਗਾ ਭਾਵ ਉਹ ਮਨੁੱਖ ਗੁਰਬਾਣੀ ਦੇ ਚਾਨਣ ਵਿੱਚ ਅਗਿਆਨਤਾ ਦੇ ਹਨ੍ਹੇਰੇ ਦੀ ਭਟਕਣਾ ਤੋਂ ਬਚ ਕੇ ਸੁਭਾਵਕ ਹੀ ਵਿਕਾਰਾਂ ਵਾਲੇ ਰਾਹ ਨਹੀਂ ਤੁਰੇਗਾ । ਗੁਰਮਤਿ ਅਨੁਸਾਰ ਅਸਲ ਵਿੱਚ ਇਹੀ ਹੈ ਸੰਸਾਰ-ਸਾਗਰ ਤੋਂ ਪਾਰ ਉਤਰਨਾ । ਉਪਦੇਸ਼ਮਈ ਗੁਰਵਾਕ ਹਨ ‘‘ਪ੍ਰਭ ਬਾਣੀ ਸਬਦੁ ਸੁਭਾਖਿਆ   ਗਾਵਹੁ ਸੁਣਹੁ ਪੜਹੁ ਨਿਤ ਭਾਈ! ਗੁਰ ਪੂਰੈ ਤੂ ਰਾਖਿਆ ਰਹਾਉ ’’ (ਮਹਲਾ /੬੧੧)

 ਗੁਰੂ-ਕਾਲ ਅੰਦਰਲੇ ਗੁਰਬਾਣੀ ਦੇ ਮੋਢੀ ਤੇ ਪ੍ਰਮਾਣੀਕ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਗੁਰਬਾਣੀ ਗਾਇਨ ਤੇ ਉਚਾਰਨ ਦੇ ਉਪਰੋਕਤ ਮਨੋਰਥ ਦਾ ਬੜਾ ਖ਼ੂਬਸੂਰਤ ਵਰਣਨ ਕੀਤਾ ਹੈ । ਉਹ ਲਿਖਦੇ ਹਨ ਕਿ ‘ਘਰਿ ਘਰਿ ਅੰਦਰ ਧਰਮਸਾਲ’ ਦੀ ਤਾਂਘ ਰੱਖਣ ਵਾਲੇ ਗੁਰੂ-ਬਾਬਾ ਨਾਨਕ ਜੀ; ਜਦੋਂ ਸ੍ਰੀ ਕਰਤਾਰਪੁਰ (ਹੁਣ ਪਾਕਿਸਤਾਨ) ਦੀ ਸੱਚਖੰਡੀ ਧਰਮਸ਼ਾਲ ਵਿੱਚ ਟਿਕੇ ਤਾਂ ਉਨ੍ਹਾਂ ਨੇ ਆਪਣੇ ਮੁੱਖੋਂ ਗੁਰਬਾਣੀ ਉਚਾਰੀ ਤਾਂ ਕਿ ਦੁਨੀਆ ਅੰਦਰ ਚਾਨਣ ਹੋਵੇ, ਅਗਿਆਨਤਾ ਦਾ ਅੰਧੇਰਾ ਮਿਟ ਜਾਵੇ । ਇਸ ਲਈ ਉੱਥੇ ਗੁਰਮੁਖ-ਜਨਾਂ ਦੁਆਰਾ ਗਿਆਨ ਗੋਸ਼ਟ ਤੇ ਚਰਚਾ ਦੇ ਰੂਪ ਵਿੱਚ ਗੁਰ ਸ਼ਬਦ ਦੀ ਇਕਰਸ ਧੁਨੀ ਹੋਣ ਲੱਗੀ । ਧਰਮਸਾਲ ਵਿੱਚ ਸੰਧਿਆ ਨੂੰ ‘ਸੋ-ਦਰੁ’ ਤੇ ‘ਆਰਤੀ’ ਦਾ ਗਾਇਨ ਹੁੰਦਾ ਅਤੇ ਸਵੇਰੇ ਜਪੁ ਜੀ ਦਾ ਉਚਾਰਨ (ਪਾਠ) ਕੀਤਾ ਜਾਂਦਾ । ਸਿੱਟੇ ਵਜੋਂ ਗੁਰਮੁਖ-ਗੁਰਸਿੱਖਾਂ ਨੇ ਆਪਣੇ ਸਿਰੋਂ ‘ਅਥਰਬਣੀ ਭਾਰ’ ਉਤਾਰ ਦਿੱਤਾ ਭਾਵ ਗੁਰਬਾਣੀ ’ਤੇ ਭਰੋਸਾ ਕਰਕੇ ਵੈਦਿਕ-ਵਿਚਾਰਧਾਰਾ ਦੇ ਅਨੁਯਾਈ ਪੰਡਿਤਾਂ ਦੇ ਮੰਤਰਾਂ ਵਾਲਾ ਵਿਤਕਰਾ ਭਰਪੂਰ ਕਰਮਕਾਂਡੀ ਮਾਰਗ ਛੱਡ ਦਿੱਤਾ । ਭਾਈ ਜੀ ਰਚਿਤ ਪਹਿਲੀ ਵਾਰ ਦੀ ਲਿਖਤ ਹੈ ‘‘ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ ਸੋ ਦਰੁ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪੁ ਉਚਾਰਾ ਗੁਰਮੁਖਿ ਭਾਰ ਅਥਰਬਣਿ ਤਾਰਾ ੩੮’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੮)

ਭੁੱਲਣਾ ਨਹੀਂ ਚਾਹੀਦਾ ਕਿ 20ਵੀਂ ਸਦੀ ਦੇ ਪ੍ਰਸਿੱਧ ਤੇ ਪ੍ਰਮਾਣੀਕ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨਕੋਸ਼ ਵਿੱਚ ‘ਅਥਰਬਣਿ’ ਦਾ ਅਰਥ ਕੀਤਾ ਹੈ : ਅਥਰਵ ਵੇਦ  ਦਾ ਗਿਆਤਾ ਪੰਡਿਤ । ਗੁਰੂ-ਕਾਲ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਸ੍ਰੀ ਅੰਮ੍ਰਿਤਸਰੀ ਟਕਸਾਲ ਨਾਲ ਸੰਬੰਧਿਤ ਅਤੇ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਦੇ ਨਾਨਾ ਗਿ. ਹਜ਼ਾਰਾ ਸਿੰਘ ਨੇ ਭਾਈ ਗੁਰਦਾਸ ਜੀ ਦੀ ਉਪਰੋਕਤ ਰਚਨਾ ਦਾ ਸਮੁੱਚਾ ਭਾਵਾਰਥ ਇੰਝ ਲਿਖਿਆ ਹੈ ‘‘ਭਾਵਬਾਬਾ ਜੀ ਨੇ ਪਹਿਲੇ ਫਿਰਕੇ ਸੰਸਾਰ ਨੂੰ ਤਾਰਿਆ, ਫੇਰ ਕਰਤਾਰ ਪੁਰ ਬੈਠ ਕੇ ਸਤਿਸੰਗ ਟੋਰਿਆ, ਤਾਕਿ ਲੋਕਾਂ ਦਾ ਅੰਧੇਰਾ, ਬਾਣੀ ਦੀ ਰੌਸ਼ਨੀ ਨਾਲ ਹਟ ਜਾਵੇ ਇਸ ਲਈ ਪੰਜਾਬੀ ਵਿਖੇ ਵਾਹਿਗੁਰੂ ਦਾ ਗਯਾਨ ਪ੍ਰਕਾਸ਼ ਕੀਤਾ’’  ਸਪਸ਼ਟ ਹੈ ਕਿ ਵੈਦਿਕ ਵਿਚਾਰਧਾਰਾ ਦੇ ਪੰਡਿਤਾਂ (ਬ੍ਰਾਹਮਣਾਂ) ਦੀ ਦ੍ਰਿਸ਼ਟੀ ਵਿੱਚ ਦੇਵ-ਭਾਸ਼ਾ ਸਮਝੀ ਜਾਣ ਵਾਲੀ ਅਤਿ ਬਿਖਮ (ਔਖੀ) ਵਿਦਿਆ ਸੰਸਕ੍ਰਿਤ ਨੂੰ ਛੱਡ ਕੇ ਗੁਰਬਾਣੀ ਨੂੰ ਗੁਰਮੁਖੀ ਲਿਪੀ ਵਿੱਚ ਲਿਖਣਾ ਅਤੇ ਉਸ ਦੇ ਗੁਰਮਤੀ ਪ੍ਰਕਾਸ਼ (ਗੁਰਬਾਣੀ ਉਚਾਰਨ ਤੇ ਵਿਆਖਿਆ) ਲਈ ਸੌਖੀ ਲੋਕ-ਭਾਸ਼ਾ ਪੰਜਾਬੀ ਬੋਲੀ ਨੂੰ ਵਰਤਣਾ, ਗਿ. ਜੀ ਦੀ ਦ੍ਰਿਸ਼ਟੀ ਵਿੱਚ ‘ਅਥਰਵਣੀ ਭਾਰ’ ਉਤਾਰਨਾ ਹੈ ।

ਅਸਲ ਵਿੱਚ ਇਹੀ ਕਾਰਨ ਸਨ ਕਿ ‘ਧੁਰ ਕੀ ਬਾਣੀ’ ਨੂੰ ਪ੍ਰਗਾਉਣ ਵਾਲੇ ‘ਲੰਮੀ ਨਦਰਿ’ ਦੇ ਮਾਲਕ ਗੁਰੂ-ਸਾਹਿਬਾਨ ਤੇ ਭਗਤ-ਜਨਾਂ ਨੇ ਗੁਰਬਾਣੀ ਗਾਇਨ, ਉਚਾਰਨ (ਪਾਠ) ਤੇ ਸੁਣਨ ਦੇ ਸਰਬਸਾਂਝੇ ਮਹਾਤਮ ਤੇ ਮਨੋਰਥ ਨੂੰ ਆਪ ਹੀ ‘‘ਕੋਈ ਗਾਵੈ, ਕੋ ਸੁਣੈ.. ’’ (ਮਹਲਾ /੩੦੦) ਕਹਿ ਕੇ ਬਾਖ਼ੂਬੀ ਪ੍ਰਗਟ ਕੀਤਾ । ਸਮਝਾਇਆ ਕਿ ਗੁਰਬਾਣੀ ਕੋਈ ਸਧਾਰਨ ਗੀਤ ਨਹੀਂ, ਜਿਸ ਨੂੰ ਆਮ ਗੀਤਾਂ ਵਾਂਗ ਕੇਵਲ ਮਨੋਰੰਜਨ ਲਈ ਗਾਇਆ, ਸੁਣਿਆ ਜਾਵੇ । ਇਹ ਤ੍ਰੈਗੁਣੀ ਵੇਦ-ਮੰਤ੍ਰਾਂ ਤੇ ਤੰਤ੍ਰਾਂ ਵਾਂਗ ਵੀ ਨਹੀਂ, ਜਿਸ ਦੀਆਂ ਮੰਤ੍ਰ-ਸਾਧਨਾ ਅਧੀਨ ਧੁਨੀਆਂ ਗਿਣ-ਗਿਣ ਕੇ ਉਚਾਰਦਿਆਂ ਕੋਈ ਦੁਨਿਆਵੀ ਕਾਰਜ ਸਿੱਧੀ ਅਤੇ ਰੋਗ-ਨਾਸ਼ਕ ਇੱਛਾ ਦੀ ਪੂਰਤੀ ਵਾਲੀ ਆਸ ਪਾਲ਼ੀ ਜਾਵੇ। ਜਿਵੇਂ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨੀ ਨੇ ਲਿਖ ਮਾਰਿਆ ਹੈ ਕਿ ਧਰਮ-ਸ਼ਾਸਤਰ ਦੀ ਪਹੁੰਚ ਵਿਧੀ ਅਨੁਸਾਰ ‘‘ਆਦਿ ਸਚੁ ਜੁਗਾਦਿ ਸਚੁ ’’ (ਜਪੁ) ਤੁਕ ਵਿੱਚ ਗੁਰਮੁਖੀ ਦੇ 16 ਚਿੰਨਾਂ ਦੁਆਰਾ, ਜੋ 9 ਧੁਨੀਆਂ ਪੇਸ਼ ਕੀਤੀਆਂ ਹਨ, ਉਨ੍ਹਾਂ ਦਾ ਪੂਰਾ ਆਤਮਿਕ ਲਾਭ ਤਾਂ ਹੀ ਸੰਭਵ ਹੈ, ਜੇ ਉਚਾਰਨ ਵਿੱਚ ਮੂਲ ਉੱਤੇ ਕਾਇਮ ਰਿਹਾ ਜਾਵੇ ਭਾਵ ਜੇ ਮੰਤ੍ਰ ਤੇ ਤੰਤ੍ਰ-ਸ਼ਾਸਤਰਾਂ ਦੀ ਸਾਧਨਾ ਵਿਧੀ ਮੁਤਾਬਕ ਸ਼ਰਧਾਲੂ ਪਾਠਕ ਪਾਸੋਂ ਕੋਈ ਮਾਤ੍ਰਿਕ ਧੁਨੀ ਸੁਭਾਵਕ ਰਹਿ ਗਈ ਤਾਂ ਉਸ ਨੂੰ ਗੁਰਬਾਣੀ ਦਾ ਪੂਰਨ ਲਾਭ ਨਹੀਂ ਮਿਲੇਗਾ। ਇਉਂ ਜਾਪਦਾ ਹੈ ਗੁਰਬਾਣੀ ਦੇ ਉਚਾਰਨਿਕ ਤੇ ਵਿਵਹਾਰਿਕ ਪੱਖ ਤੋਂ ਜਿਹੜਾ ਅਥਰਵਣੀ ਭਾਰ; ਗੁਰਮੁਖ ਗੁਰਸਿੱਖ ਆਪਣੇ ਸਿਰੋਂ ਉਤਾਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਸਨ, ਉਸ ਨੂੰ ਮੁੜ ਉਨ੍ਹਾਂ ਦੀ ਸਿਰੀਂ ਮੜ੍ਹਣ ਦਾ ਗੁੰਮਰਾਹਕੁੰਨ ਯਤਨ ਹੋ ਰਿਹਾ ਹੈ । ਐਸੇ ਲੋਕ ਭੁੱਲ ਜਾਂਦੇ ਹਨ ਕਿ ਗੁਰਬਾਣੀ ਵੇਦ-ਮੰਤ੍ਰਾਂ ਵਾਂਗ ਕੇਵਲ ਉਨ੍ਹਾਂ ਵਰਗੇ ਵਿਦਵਾਨ ਪੰਡਿਤਾਂ ਦੇ ਪੜ੍ਹਣ, ਪੜ੍ਹਾਉਣ ਦਾ ਹੀ ਵਿਸ਼ਾ ਨਹੀਂ, ਇੱਥੇ ਤਾਂ ‘‘ਪੜਿਆ ਅਣਪੜਿਆ ਪਰਮ ਗਤਿ ਪਾਵੈ ’’ (ਮਹਲਾ /੧੯੭) ਦਾ ਸਰਬਸਾਂਝਾ ਰੂਹਾਨੀ ਪੈਗ਼ਾਮ ਦਿੱਤਾ ਹੈ । ਰੱਬੀ ਪ੍ਰੀਤਵਾਨਾਂ ਨੂੰ ਸੁਘੜ ਸਿਆਣੇ ਕਹਿ ਕੇ ‘‘ਜੇ ਬਾਹਰਹੁ ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ’’ (ਮਹਲਾ /੪੫੦)  ਦਾ ਬਖ਼ਸ਼ਿੰਦੀ ਬਾਪ-ਦਿਲਾਸਾ ਵੀ ਨਿੱਤ ਸੁਣਾਇਆ ਜਾਂਦਾ ਹੈ। ‘‘ਅਉਖਧ ਮੰਤ੍ਰ ਤੰਤ ਸਭਿ ਛਾਰੁ   ਕਰਣੈਹਾਰੁ ਰਿਦੇ ਮਹਿ ਧਾਰੁ ’’ (ਮਹਲਾ /੧੯੬) ਅਤੇ ‘‘ਤੰਤੁ ਮੰਤੁ ਪਾਖੰਡੁ ਜਾਣਾ; ਰਾਮੁ ਰਿਦੈ ਮਨੁ ਮਾਨਿਆ ’’ (ਮਹਲਾ /੭੬੬) ਦਾ ਉਪਦੇਸ਼ ਦੇ ਕੇ ਗੁਰਮਤਿ ਪਾਂਧੀਆਂ ਦੇ ਸਿਰੋਂ ਉਪਰੋਕਤ ਕਿਸਮ ਦੀ ਪੰਡਿਤਾਈ ਤੇ ਪਾਖੰਡ ਵਾਲਾ ਸਾਰਾ ਵਿਚਾਰਧਾਰਕ ਤੇ ਵਿਉਹਾਰਕ ‘ਅਥਰਵਣੀ ਭਾਰ’ ਉਤਾਰ ਦਿੱਤਾ ਗਿਆ ਹੈ । ਭਗਤ ਕਬੀਰ ਜੀ ਮਹਾਰਾਜ ਨੇ ‘‘ਕਬੀਰ ! ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ   ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ੨੩੭ (ਭਗਤ ਕਬੀਰ/੧੩੭੭) ਅਤੇ ਭਗਤ ਬਾਬਾ ਨਾਮਦੇਵ ਜੀ ਨੇ ‘‘ਬੇਦ ਪੁਰਾਨ ਸਾਸਤ੍ਰ ਆਨੰਤਾ; ਗੀਤ ਕਬਿਤ ਗਾਵਉਗੋ   ਅਖੰਡ ਮੰਡਲ ਨਿਰੰਕਾਰ ਮਹਿ; ਅਨਹਦ ਬੇਨੁ ਬਜਾਵਉਗੋ (ਭਗਤ ਨਾਮਦੇਵ/੯੭੩ਦਾ ਬੇਬਾਕ ਐਲਾਨ ਕਰਕੇ ਉਪਰੋਕਤ ਪੱਖੋਂ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ।

ਪ੍ਰਤੀਤ ਹੁੰਦਾ ਹੈ ਕਿ ਅਜਿਹੇ ਹੀ ਬਿਪਰਵਾਦੀ ਖ਼ਤਰਿਆਂ ਨੂੰ ਧਿਆਨ ਵਿੱਚ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਰੂਪ ‘ਪੋਥੀ ਸਾਹਿਬ’ (ਆਦਿ ਗ੍ਰੰਥ) ਦੇ ਸੰਪਾਦਕ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਗਾਇਨ ਅਤੇ ਪਾਠ ਪੜ੍ਹਣ ਲਈ 8 ਪ੍ਰਕਾਰ ਦੀਆਂ ਸੇਧਾਂ ਵੀ ਬਖ਼ਸ਼ੀਆਂ ਕਿਉਂਕਿ ਸਮਾਜਿਕ ਪ੍ਰਚਾਰ ਤੇ ਮਨੁੱਖ ਦੇ ਪਰਮਾਰਥੀ ਪ੍ਰਵੇਸ਼ ਦੇ ਲਈ ਇਹੀ ਦੋ ਪ੍ਰਮੁਖ ਅਧਿਆਤਮੀ ਸਾਧਨ ਹਨ । ਇਸ ਲਈ ਉਹ ਨਹੀਂ ਸਨ ਚਾਹੁੰਦੇ ਕਿ ਭਵਿੱਖ ਵਿੱਚ ਇਨ੍ਹਾਂ ਉੱਤੇ ਕੋਈ ਅਥਰਵਣੀ ਰੰਗ ਚੜ੍ਹੇ, ਪਰ ਲੇਖ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਇੱਥੇ ਕੇਵਲ ‘ਸੰਗੀਤਕ’ ਤੇ ‘ਉਚਾਰਨਿਕ’ ਸੇਧਾਂ ਦਾ ਹੀ ਸੰਖੇਪ ਵਰਣਨ ਕੀਤਾ ਗਿਆ ਹੈ । ਗੁਰਬਾਣੀ ਦੀ ਸਾਹਿਤਕ ਭਾਸ਼ਾ ਵਿੱਚ ਜਿਹੜੀਆਂ ਸਿਰਲੇਖਕ ਸੂਚਨਾਵਾਂ ਤੋਂ ਸ਼ਬਦਾਂ ਨੂੰ ਗਾਉਣ ਲਈ ਰਾਗ ਅਤੇ ਤਾਲ ਦੀ ਜਾਣਕਾਰੀ ਮਿਲੇ, ਉਨ੍ਹਾਂ ਨੂੰ ‘ਸੰਗੀਤਕ ਸੇਧਾਂ’ ਆਖਿਆ ਜਾਂਦਾ ਹੈ । ਜਿਵੇਂ : ਸਿਰੀਰਾਗੁ, ਮਹਲਾ ੧, ਘਰੁ ੩ ॥, ਰਾਗੁ ਦੇਵਗਧਾਰੀ, ਮਹਲਾ ੫, ਘਰੁ ੬ ॥, ਸ੍ਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ ॥, ਪਹਰਿਆ ਕੈ  ਘਰਿ ਗਾਵਣਾ ॥, ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥ ਆਦਿ । ‘ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ’ ਸਿਰਲੇਖ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਇੰਝ ਲਿਖਿਆ ਹੈ : ‘‘ਸ਼ੁਧ ਅੰਗ ਵਾਲੀ, ਸ਼ੁਧ ਸੁਰ ਵਾਲੀ (ਸੁਧੰਗ) । ਇੱਥੇ ਆਸਾਵਰੀ ਸ਼ੁਧ ਅੰਗ ਵਾਲੀ ਕਰ ਕੇ ਆਖੀ ਗਈ ਹੈ । ਇਹ ਸੂਚਨਾ ਗਾਉਣ ਦੀ ਤਰਜ਼ ਬਾਬਤ ਹੈ ਕਿ ੧੬ ਤਾਲ ਵਿੱਚ ਆਸਾਵਰੀ ਸ਼ੁਧ ਅੰਗ ਵਿੱਚ ਗਾਵਣ ਵਾਲੀ ਹੈ ।’’

ਇਸੇ ਤਰ੍ਹਾਂ ਉਹ ਸੂਚਨਾਵਾਂ, ਜੋ ਵਿਆਕਰਨਿਕ ਦ੍ਰਿਸ਼ਟੀ ਤੋਂ ਗੁਰਬਾਣੀ ਦੇ ਸ਼ੁੱਧ-ਉਚਾਰਨ ਨਾਲ ਸੰਬੰਧਿਤ ਹਨ, ਉਨ੍ਹਾਂ ਨੂੰ ‘ਉਚਾਰਨਿਕ ਸੇਧਾਂ’ ਵਜੋਂ ਪਛਾਣਿਆ ਜਾਂਦਾ ਹੈ; ਜਿਵੇਂ ਹੇਠ ਲਿਖੀਆਂ ਸਿਰਲੇਖਕ ਤੇ ਅੰਤਕ ਸੂਚਨਾਵਾਂ ਵਿੱਚ ‘ਮਹਲਾ’ ਅਤੇ ‘ਘਰੁ’ ਨਾਵਾਂ ਨਾਲ  ੧, ੨, ੩, ੪ ਅਤੇ ੫ ਹਿੰਦਸੇ ਲਿਖ ਕੇ ਫਿਰ ਅੱਖਰਾਂ ਵਿੱਚ ‘ਪਹਿਲਾ’, ‘ਦੂਜਾ’, ‘ਤੀਜਾ’, ‘ਚਉਥਾ’ ਅਤੇ ‘ਪੰਜਵੇਂ ਕੇ’ ਬੋਲਣ ਦੀ ਵਿਸ਼ੇਸ਼ ਹਦਾਇਤ ਦਰਜ ਕੀਤੀ ਗਈ ਹੈ ਕਿਉਂਕਿ ਵਿਆਕਰਨਿਕ ਦ੍ਰਿਸ਼ਟੀ ਤੋਂ ਇਹ ਹਿੰਦਸੇ ਕਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ, ਨਾ ਕਿ ਸਾਧਾਰਨ ਸੰਖਿਅਕ ਵਿਸ਼ੇਸ਼ਣ; ਜਿਵੇਂ ‘ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥ ਪੰਨਾ ੬੩੬,  ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ ਪੰਨਾ ੨੫, ‘‘ਹੁਕਮੁ ਪਛਾਣਿ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥’’ (ਭਗਤ ਕਬੀਰ/੯੨), ਗੂਜਰੀ ਮਹਲਾ ੩ ਤੀਜਾ ॥ ਪੰਨਾ ੪੯੨,  ਸੋਰਠਿ ਮਹਲਾ ੪ ਚਉਥਾ ॥ ਪੰਨਾ ੬੦੪,  ਸਵਈਏ ਮਹਲੇ ਪੰਜਵੇ ਕੇ ੫ ॥ ਪੰਨਾ ੧੪੦੬ ਆਦਿ। 

ਗਉੜੀ ਬਾਵਨ ਅੱਖਰੀ ਦੇ ਆਰੰਭ ਅਤੇ ਅੰਤ ਵਿੱਚ ਲਿਖੇ ਮੰਗਲਾਚਰਨ ਰੂਪ ਸਲੋਕ ਪਿੱਛੋਂ ‘‘ਏਹੁ ਸਲੋਕੁ ਆਦਿ ਅੰਤਿ ਪੜਣਾ’’ ਪੰਨਾ ੨੬੨ ਦੀ ਹਦਾਇਤ ਤਾਂ ਕਿਸੇ ਕਿਸਮ ਦਾ ਭੁਲੇਖਾ ਹੀ ਰਹਿਣ ਨਹੀਂ ਦਿੰਦੀ ਕਿ ਗੁਰੂ ਸਾਹਿਬਾਨ ‘ਗੁਰਬਾਣੀ ਉਚਾਰਨ ਜੁਗਤਿ’ ਦੇ ਭਵਿੱਖ ਪੱਖੋ ਕਿੰਨੇ ਫ਼ਿਕਰਮੰਦ ਸਨ । ਫਰੀਦਕੋਟ ਸੰਪਰਦਾਈ ਟੀਕੇ ਵਿੱਚ ਉਪਰੋਕਤ ਹਦਾਇਤ ਦਾ ਇਉਂ ਜ਼ਿਕਰ ਦਰਜ ਹੈ ‘1 ਇਕ ਸਲੋਕ ਮੇਂ ਗੁਰਾਂ ਕਾ ਮੰਗਲ ਕੀਆ, 2 ਦੂਸਰੇ ਸਲੋਕ ਮੇਂ ਪਰਮੇਸ੍ਵਰ ਕਾ ਮੰਗਲਾ ਚਰਨ ਕੀਆ, 52 ਸਲੋਕੋਂ ਮੇਂ ਅਖਰੋਂ ਦ੍ਵਾਰਾ ਉਪਦੇਸ਼ ਕਹਾ ਹੈ ਸਭ ਅੰਗ (ਸਲੋਕਾਂ ਦੀ ਗਿਣਤੀ) 55 ਪਚਵੰਜਾ ਹੈਂ ਇਹੁ ਮੰਗਲਾ ਚਰਣ ਰੂਪ ਸਲੋਕ ਆਦਿ ਅੰਤ ਮੇਂ (ਆਰੰਭ ਤੇ ਅਖੀਰ ਵਿੱਚ) ਪੜ ਲੈਣਾ, ਪਾਠ ਮੇਂ ਦੋ ਵਾਰ ਲਿਖਣੇ ਕੀ ਅਸੰਕਾ ਕਰ ਛੋਡ ਨਹੀਂ ਦੇਣਾ

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ 20ਵੀਂ ਸਦੀ ਦੇ 8ਵੇਂ ਦਹਾਕੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਵਿਆਖਿਅਕਾਰੀ ਦੇ ਜੋ ਉਪਕਾਰੀ ਯਤਨ ਹੋਏ, ਉਨ੍ਹਾਂ ਦਾ ਵੇਰਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਵਿਭਾਗ’ ਦੇ ਪਹਿਲੇ ਮੁੱਖੀ ਡਾ. ਤਾਰਨ ਸਿੰਘ ਜੀ ਦੀ ‘ਪਬਲੀਕੇਸ਼ਨ ਬਿਊਰੋ’ ਵੱਲੋਂ ਸੰਨ 1980 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਵਿੱਚੋਂ ਵਿਸਥਾਰ ਪੂਰਵਕ ਪੜ੍ਹਿਆ ਜਾ ਸਕਦਾ ਹੈ। ਅਸਲ ਵਿੱਚ ਉਹ ਗੁਰਬਾਣੀ ਦੀਆਂ ਮੁਖ ਸੰਥਾ (ਸੰਥਿਆ) ਪ੍ਰਨਾਲੀਆਂ ਹੀ ਸਨ । ਕਾਰਨ ਹੈ ਕਿ ਗੁਰਬਾਣੀ ਦੇ ਉਚਾਰਨ ਸਮੇਤ ਲਫ਼ਜ਼ਾਂ ਦੇ ਭਾਸ਼ਾਈ ਤੇ ਵਿਆਕ੍ਰਣਿਕ ਰੂਪ (ਨਿਰੁਕਤ), ਪਦ-ਛੇਦ, ਵਿਸਰਾਮਕ ਵਾਕ-ਵੰਡ, ਸ਼ਬਦਾਰਥ, ਭਾਵ-ਅਰਥ ਅਤੇ ਸਾਧਨਾ ਦੀ ਦ੍ਰਿਸ਼ਟੀ ਤੋਂ ਸਿਧਾਂਤਕ ਵਿਆਖਿਆ ਸਮਝਾਉਣਾ ਸੰਥਿਆ ਦੇ ਭਾਗ ਮੰਨੇ ਜਾਂਦੇ ਹਨ । ਇਸ ਲਈ ਸੰਥਿਆ ਤੇ ਵਿਆਖਿਆ ਨੂੰ ਵਖਰਾਉਣਾ ਅਸੰਭਵ ਹੈ । ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਚਿਤ ਟੀਕਾ ‘ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਡਾ. ਤਾਰਨ ਸਿੰਘ ਜੀ ਨੇ ਉਪਰੋਕਤ ਪੁਸਤਕ ਵਿੱਚ ਅਜਿਹੀਆਂ ਵਿਆਖਿਆ ਪ੍ਰਨਾਲੀਆਂ ਨੂੰ  8 ਭਾਗਾਂ ਵਿੱਚ ਵੰਡ ਕੇ ਹੇਠ ਲਿਖੀਆਂ 7 ਮੁੱਖ ਪ੍ਰਣਾਲੀਆਂ ਸਥਾਪਿਤ ਕੀਤੀਆਂ ਹਨ :

  1. ਸਹਜ ਪ੍ਰਣਾਲੀ (ਗੁਰ ਤੇ ਗੁਰ)
  2. ਭਾਈ ਪ੍ਰਣਾਲੀ (ਭਾਈ ਗੁਰਦਾਸ)
  3. ਪਰਮਾਰਥ ਪ੍ਰਣਾਲੀ (ਸ੍ਰੀ ਮਿਹਰਬਾਨ, ਸੋਢੀ ਹਰਿ ਜੀ ਤੇ ਸੋਢੀ ਚਤੁਰਭੁਜ)
  4. ਉਦਾਸੀ ਪ੍ਰਣਾਲੀ (ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ)
  5. ਨਿਰਮਲਾ ਪ੍ਰਣਾਲੀ (ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਿਰੋਤਮ, ਭਾਈ ਦਲ ਸਿੰਘ ਗਿਆਨੀ, ਭਾਈ ਗਿਆਨ ਸਿੰਘ ਗਿਆਨੀ, ਪੰਡਿਤ ਗੁਲਾਬ ਸਿੰਘ, ਸਾਧੂ ਗੁਰਦਿੱਤ ਸਿੰਘ ਜੀ, ਸੰਤ ਸੰਪੂਰਣ ਸਿੰਘ ਤੇ ਸੰਤ ਨਿਰੰਕਾਰ ਸਿੰਘ)
  6. ਸੰਪਰਦਾਈ ਪ੍ਰਨਾਲੀ (ਭਾਈ ਮਨੀ ਸਿੰਘ ਜੀ, ਗਿਆਨੀ ਬਦਨ ਸਿੰਘ ਜੀ ਸ਼ੇਖਵਾਂ ਵਾਲੇ, ਸੰਤ ਅਮੀਰ ਸਿੰਘ ਅੰਮ੍ਰਿਤਸਰ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ ਮੁਜੰਗ ਵਾਲੇ, ਪੰਡਿਤ ਕਰਤਾਰ ਸਿੰਘ ਦਾਖਾ ।)
  7. ਸਿੰਘ ਸਭਾਈ ਪ੍ਰਨਾਲੀ (ਭਾਈ ਵੀਰ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ-ਬੱਲਭ ਸਿੰਘ ਊਨਾ ।)

8ਵੇਂ ਭਾਗ ਨੂੰ ‘ਗੁਰਬਾਣੀ ਵਿਆਖਿਆ ਦੇ ਹੋਰ ਯਤਨ’ ਦੇ ਨਾਂ ਹੇਠ ਸੰਕੋਚਿਆ ਗਿਆ ਹੈ। ਇਹ ਹਿੱਸਾ ਹੈ ਗੁਰਬਾਣੀ ਨਾਲ ਸੰਬੰਧਿਤ ਕੋਸ਼ਕਾਰੀ ਦਾ, ਜਿਸ ਵਿੱਚ ਭਾਈ ਕਾਨ੍ਹ ਸਿੰਘ ‘ਨਾਭਾ’ ਤੇ ਪ੍ਰੋ. ਪਿਆਰਾ ਸਿੰਘ ‘ਪਦਮ’ ਆਦਿਕ ਵਿਦਵਾਨਾਂ ਦੇ ਉਪਰਾਲੇ ਸ਼ਾਮਲ ਕੀਤੇ ਗਏ ਹਨ । ਪੁਸਤਕ ਦੇ ਮੁੱਖ-ਬੰਧ ਵਿੱਚ ਉਨ੍ਹਾਂ ਨੇ ਨਿਰਣੈ ਦਿੱਤਾ ਹੈ ਕਿ ‘‘ਵਿਆਖਿਆਕਾਰੀ ਦੇ ਸਾਰੇ ਯਤਨਾਂ ਨੂੰ ਸਮੁੱਚੇ ਤੌਰ ’ਤੇ ਦ੍ਰਿਸ਼ਟੀ ਗੋਚਰ ਕਰਨ ਨਾਲ ਸਾਨੂੰ ਇਉਂ ਪ੍ਰਤੀਤ ਹੋਇਆ ਹੈ ਕਿ ਭਾਵੇਂ ਕਹਿਣ ਨੂੰ ਅੱਠ ਪ੍ਰਣਾਲੀਆਂ ਕੰਮ ਕਰ ਚੁੱਕੀਆਂ ਹਨ, ਪਰ ਇਹਨਾਂ ਦੀਆਂ ਸੇਧਾਂ ਵਿੱਚ ਕੋਈ ਬੁਨਿਆਦੀ ਅੰਤਰ ਨਹੀਂ ਸੀ ਅਤੇ ਨਾ ਹੀ ਇਹਨਾਂ ਦੀਆਂ ਪ੍ਰਾਪਤੀਆਂ ਵਿੱਚ ਕੋਈ ਫ਼ਰਕ ਹੈ । ਗੁਰ-ਦਰਸ਼ਨ ਜਾਂ ਗੁਰਮਤਿ ਫ਼ਿਲਾਸਫ਼ੀ ਦਾ ਨਿਰਣਾ ਕਰਣਾ ਬਹੁਤ ਚੇਤੰਨ ਰੂਪ ਵਿੱਚ ਇਹਨਾਂ ਯਤਨਾ ਦਾ ਪ੍ਰਯੋਜਨ ਨਹੀਂ ਰਿਹਾ । ਜਿੱਥੋਂ ਤੀਕ ਇਸ ਸੰਬੰਧ ਵਿੱਚ ਕੋਈ ਪ੍ਰਾਪਤੀ ਹੈ, ਉਸ ਦਾ ਨਿਰਣਾ ਇਹ ਪ੍ਰਤੀਤ ਹੁੰਦਾ ਹੈ ਕਿ ਸਭ ਪ੍ਰਣਾਲੀਆਂ ਨੇ ਗੁਰ-ਦਰਸ਼ਨ ਵੈਦਿਕ ਹੀ ਮੰਨਿਆ ਹੈ ਕਿ ਗੁਰੂ ਦੀ ਫ਼ਿਲਾਸਫ਼ੀ ਆਮ ਬ੍ਰਾਹਮਣੀ ਜਾਂ ਹਿੰਦੂ ਫ਼ਿਲਾਸਫ਼ੀ ਤੋਂ ਭਿੰਨ ਨਹੀਂ ਹੈ ।’’ ਭਾਵ ਉਪਰੋਕਤ ਵਿਆਖਿਆ ਪ੍ਰਣਾਲੀਆਂ ਦੀਆਂ ਉਚਾਰਣਿਕ ਤੇ ਸਿਧਾਂਤਕ ਸੇਧਾਂ ਲਗਭਗ ਸਮਾਨ ਹਨ ਕਿਉਂਕਿ ਇਨ੍ਹਾਂ ਸਾਰੀਆਂ ਪ੍ਰਣਾਲੀਆਂ ਦਾ ਆਧਾਰ ‘ਸਹਜ ਪ੍ਰਣਾਲੀ’ (ਗੁਰ ਤੇ ਗੁਰ) ਹੀ ਬਣਿਆ ਰਿਹਾ ਹੈ ਪ੍ਰੰਤੂ ਅਜਿਹਾ ਹੋਣ ਦੇ ਬਾਵਜੂਦ ਵੀ ਉਹ ਵੈਦਿਕ ਦਰਸ਼ਨ ਤੇ ਗੁਰਮਤਿ ਦਰਸ਼ਨ ਨੂੰ ਨਿਖਾਰਨ ਪੱਖੋਂ ਸਫਲ ਨਹੀਂ ਹੋ ਸਕੇ। ਕਿਉਂ ? ਇਹ ਇੱਕ ਵੱਖਰਾ ਵਿਸ਼ਾ ਹੈ।

‘ਗੁਰ ਤੇ ਗੁਰ’ ਦਾ ਭਾਵਾਰਥ ਹੈ : ਗੁਰਬਾਣੀ ਦਾ ਉਚਾਰਨ ਤੇ ਵਿਆਖਿਆ ਗੁਰਬਾਣੀ ਦੇ ਚਾਨਣ ਵਿੱਚ ਗੁਰੂ ਬਖਸ਼ੀਆਂ ਵਿਆਕਰਣਿਕ ਸੇਧਾਂ ਅਤੇ ਵਿਸ਼ੇਸ਼ ਦਰਸ਼ਨ-ਬੋਧਕ ਸੰਕੇਤਾਂ ਮੁਤਾਬਕ ਕਰਨੀ ਕਿਉਂਕਿ ਗੁਰਬਾਣੀ ਦੇ ਪਦ-ਛੇਦੀ ਸ਼ੁਧ ਉਚਾਰਨ (ਸੰਥਾ) ਨੂੰ ਪਦ-ਅਰਥ ਤੇ ਵਿਆਖਿਆ ਤੋਂ ਵੱਖਰਾ ਰੱਖ ਕੇ ਵਿਚਾਰਨਾ ਅਸੰਭਵ ਹੈ । ਗੁਰਬਾਣੀ ਸੰਥਿਆ ਪੱਖੋਂ 19ਵੀਂ ਸਦੀ ਦੇ ਅੱਧ ਤਕ ‘ਸੰਪਰਦਾਈ ਪ੍ਰਣਾਲੀ’ ਸਭ ਤੋਂ ਪ੍ਰਭਾਵਸ਼ਾਲੀ ਰਹੀ ਹੈ। ਇਸ ਦੇ ਪ੍ਰਸਿੱਧ ਵਿਦਵਾਨ ਤੇ ਸਾਹਿਤ ਅਚਾਰੀਆ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੁਆਰਾ 14 ਸਾਲਾਂ ਦੀ ਮਿਹਨਤ ਸਦਕਾ 1944 ਵਿੱਚ ਸੰਪੂਰਨ ਕੀਤੀ ਅਤੇ ਸੰਨ 1945 ਵਿੱਚ ‘ਗਿਆਨੀ ਪ੍ਰੈਸ’ ਸ੍ਰੀ ਅੰਮ੍ਰਿਤਸਰ ਰਾਹੀਂ ਛਪਵਾਈ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਭੂਮਿਕਾ ਉਪਰੋਕਤ ਸਚਾਈ ਦਾ ਪ੍ਰਤੱਖ ਪ੍ਰਮਾਣ ਹੈ । ਉਹ ਲਿਖਦੇ ਹਨ :

ਸ੍ਰੀ ਗੁਰੂ ਬਾਣੀ ਦੇ ਨਿਗਮ-ਆਗਮ

(4) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਧਿਆਤਮਿਕ ਗਿਆਨ ਦਾ ਨਿਰਬਹਣ ਅਨੰਤ ਰਸ ਭਿੰਨੀ ਵਿਦਿਆਵਾਂ ਵਿੱਚ ਕੀਤਾ ਗਿਆ ਹੈ ਜੋ ਉਸ ਗਿਆਨ ਦਾ ਅੰਗ ਹੋਣ ਕਰਕੇ ਸ੍ਰੀ ਗੁਰਬਾਣੀ ਹੀ ਆਪਣੇ ਸ੍ਵਤੰਤ੍ਰ ਨਿਗਮ-ਨਿਘੰਟੂ ਰੂਪ ਤੇ ਉਨ੍ਹਾਂ ਦਾ ਮੂਲ ਹੈ ਭਾਵ- ਉਚਾਰਨ ਦਾ ਆਧਾਰ ਹੀ ਗੁਰਬਾਣੀ ਨੂੰ ਸਪਸ਼ਟ ਕਰਦਾ ਹੈ। ਉਸ ਨੂੰ ‘ਨਿਗਮ’ ਆਖਿਆ ਹੈ। ਅਰਥ ਖੋਲ੍ਹਣ ਵਾਲੇ ਸ੍ਰੀ ਗੁਰਬਾਣੀ ਦੇ ਵਾਕਿ ‘ਨਿਘੰਟੂ’ ਹਨ; ਜੈਸੇ ‘‘ਕਿਰਤਿ ਕਰਮ ਕੇ ਵੀਛੁੜੇ’’ (ਮਹਲਾ /੧੩੩) ਆਦਿ ਵਾਕਾਂ ਵਿੱਚ ‘ਕਿਰਤਿ ਕਰਮ’ ਆਦਿ ਪਦ ‘ਨਿਗਮ’ ਹਨ ਅਤੇ ‘‘ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿਨੈ ਪਾਇ ’’ ਆਦਿ ਵਾਕਿ ਇਸ ਦੀ ਪਰਿਭਾਸ਼ਾ ਦੱਸਣ ਵਾਲੇ ਹੋਣ ਕਰਕੇ ‘ਨਿਘੰਟੂ’ ਹਨ। ਧੁਰੋਂ ਫਰਮਾਈ ਕਾਰ ਕਮਾਉਣੀ ਅਤੇ ‘‘ਕਰਿ ਕਿਰਪਾ ਮੇਲਹੁ ਰਾਮ ’’ (ਮਹਲਾ /੧੩੩) ਤਥਾ ‘‘ਤਾ ਮਿਲੀਐ ਜਾ ਲਏ ਮਿਲਾਇ ’’ (ਓਅੰਕਾਰ/ਮਹਲਾ /੯੩੨) ਆਦਿ ਵਾਕ ਅਥਵਾ ਫਲ ਭੋਗ ਦੀ ਅਵਧੀ ਜਾਂ ਸਿੱਧੀ ਹਾਰੇ ਹੋਣ ਕਰਕੇ ‘ਆਗਮ’ ਰੂਪ ਹਨ । ਸੋ ‘‘ਅਗਮ ਨਿਗਮੁ ਸਤਿਗੁਰੂ ਦਿਖਾਇਆ ’’ (ਮਹਲਾ /੧੦੧੬) ਆਦਿ ਮਹਾ ਵਾਕਾਂ ਅਨੁਸਾਰ ‘ਦਰਸ਼ਨ’ ਆਦਿ ਅਰਥ ਸ਼ਾਸਤ੍ਰ ਅਤੇ ਵਿਆਕਰਣ, ਨਿਰੁਕਤ, ਕਾਵ੍ਯ, ਸੰਗੀਤ, ਸਾਹਿਤ੍ਯ ਆਦਿ ਸ਼ਬਦ ਸ਼ਾਸਤ੍ਰ ਦਾ ਮੂਲ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। (ਪੰਡਿਤ ਕਰਤਾਰ ਸਿੰਘ ‘ਦਾਖਾ’)

ਸੋ ਗੁਰੂ-ਕਾਲ ਉਪਰੰਤ 200 ਸਾਲ ਦੇ ਅਜਿਹੇ ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਜਿਵੇਂ ਗੁਰਬਾਣੀ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਦੀ ਜਾਣਕਾਰੀ ਦੇਣ ਹਿਤ ‘ਮਹਲਾ’ ਅਤੇ ਸੰਗੀਤਕ ਸੂਚਨਾ ਵਜੋਂ ‘ਘਰੁ’ ਪਦਾਂ ਨਾਲ ਦਿੱਤੇ ਅੰਕਾਂ ਨੂੰ ਕਰਮਵਾਚਕ ਸੰਖਿਅਕ ਵਿਸ਼ੇਸ਼ਣਾਂ ਵਜੋਂ ‘ਪਹਿਲਾ’, ‘ਦੂਜਾ’ ਤੇ ‘ਤੀਜਾ’ ਆਦਿਕ ਉਚਾਰਨ ਦੀਆਂ ਗੁਰੂ ਬਖਸ਼ੀਆਂ ਹਦਾਇਤਾਂ ਨੂੰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਿਰਲੇਖਾਂ ਨੂੰ ਉਸੇ ਤਰ੍ਹਾਂ ਹੀ ਉਚਾਰਿਆ ਜਾਂਦਾ ਹੈ; ਤਿਵੇਂ ਹੀ ਸੰਪੂਰਣ ਬਾਣੀ ਦੇ ਪਾਠ-ਉਚਾਰਨ ਵੇਲੇ ਵੀ ਜਿਹੜੇ ਲਫ਼ਜ਼ ਬਿੰਦੀ ਸਹਿਤ ‘ਨਾਸਕੀ’ ਹਨ ਅਤੇ ਅਜੋਕੇ ਭਾਰ-ਚਿੰਨ ‘ਅਧਿਕ’ ਦੀ ਅਣਹੋਂਦ ਕਾਰਨ ਜਿਹੜੇ ਲਫ਼ਜ਼ਾਂ ਉੱਤੇ ਟਿੱਪੀ ਦੀ ਨਾਸਕੀ ਤੇ ਦੁੱਤ ਅੱਖਰਾਂ ਲਈ ਭਾਰ-ਚਿੰਨ੍ਹ ਵਜੋਂ ਦੂਹਰੀ ਵਰਤੋਂ ਕੀਤੀ ਮਿਲਦੀ ਹੈ, ਉਨ੍ਹਾਂ ਤੋਂ ਸੇਧ ਲੈ ਕੇ ਬਾਕੀ ਦੀ ਸਾਰੀ ਬਾਣੀ ਦਾ ਉਚਾਰਨ ਕੀਤਾ ਜਾਵੇ; ਜਿਵੇਂ ‘ਨਿਰਮਲਾ ਪ੍ਰਣਾਲੀ’ ਦੇ ਸਿਰਕੱਢ ਵਿਦਵਾਨ ਤੇ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਲਗਭਗ 200 ਸਾਲ ਪਹਿਲਾਂ ਸੰਨ 1829 ਵਿੱਚ ਲਿਖੀ ਅਤੇ ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਰੀ ਕਮੇਟੀ, ਨਵੀਂ ਦਿੱਲੀ ਦੁਆਰਾ ਸੰਨ 1986 ਵਿੱਚ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ: ਅੰਮ੍ਰਿਤਸਰ ਦੁਆਰਾ ਪ੍ਰਕਾਸ਼ਤ ਕਰਵਾਈ ਜਪੁ-ਜੀ ਸਾਹਿਬ ਦੀ ‘ਗਰਬ ਗੰਜਨੀ’ ਨਾਂ ਦੀ ਸਟੀਕ ਵਿੱਚ ਲਿਖਿਆ ਹੈ ‘‘ਨਾਨਕ ਪਾਤਿਸਾਹੀ ਪਾਤਿਸਾਹੁ ੨੫’’ (ਜਪੁ/ਮਹਲਾ /) ‘‘ਸ੍ਰੀ ਨਾਨਕ ਸਾਹਿਬ ਜੀ ਕਹਤ ਹੈਂ : ਤਿਸ ਕੋ ਸਰਬ ਕੁਛ ਹੀ ਪ੍ਰਾਪਤ ਹੋਤ ਹੈ, ਐਸੀ ਵਸਤੁ ਕੋਈ ਨਹੀਂ ਜੋ ਤਿਸ ਕੋ ਅਲਭੁ ਹੋਇ, ਪਾਤਸ਼ਾਹੀ, ਅਨੇਕ ਜੋ ਪਾਤਿਸ਼ਾਹ ਜਗਤ ਕੇ ਹੈਂ । ਕਿੰਵਾ (ਅਥਵਾ) ਅਨੇਕ ਬ੍ਰਹਮੰਡੋਂ ਕੇ ਜੋ ਪਾਤਿਸ਼ਾਹ ਹੈਂ  ਤਿਨ ਸਭ ਕੋ ਪਾਤਿਸ਼ਾਹ ਹੋਤ ਹੈ । ‘ਪਾਤਸਾਹੀ’ ਪਦ ਮੇਂ ਜੋ ‘ਹੀ’ ਹੈ ਤਿਸ ਕੇ ਦੀਰਘ ਇਕਾਰ ਮੇਂ ਬਹੁ ਸਬਦ ਹੋਤ ਹੈ, ਬਿੰਦ ਕੇ ਸਮੇਤ । (ਭਾਵ-‘ਹ’ ਦੀ ਬਿਹਾਰੀ ਵਜੋਂ ਲੱਗੇ ਦੀਰਘ-ਮਾਤ੍ਰਾ ਚਿੰਨ ਨਾਲ ਬਿੰਦੀ ਲਗਾਇਆਂ ‘ਪਾਤਿਸ਼ਾਹੀਂ’ ਪਦ ਸੰਬੰਧਕੀ ਬਹੁ-ਵਚਨ ਬਣ ਜਾਂਦਾ ਹੈ, ਜਿਸ ਦਾ ਅਰਥ ਹੈ : ਪਾਤਿਸ਼ਾਹਾਂ ਦਾ ।) ਸੋ ਬਿੰਦਾ ਔਰ ਅਧਿਕ ਊਪਰਲੀ, ਇਨ ਦੋਊ ਕਾ ਆਦਿ ਗ੍ਰੰਥ ਸਾਹਿਬ ਮੇਂ ਅਭਾਵ ਹੈ, ਪਠਿਨ ਮੇਂ ਆਵਤ ਹੈ, ਜੇ ਨਾ ਪੜੇ ਤੌ ਅਰਥ ਤੇ ਅਨਰਥ ਹੋਤ ਹੈ । ਪ੍ਰਮਾਣ :- ‘‘ਵਡਾ ਸਾਹਿਬੁ ਵਡੀ ਨਾਈ ॥’’ (ਮਹਲਾ ੫/੧੦੮੧) ਇਸ ਮੇਂ ‘ਨਾਂਈ’ ਪਠਨ ਮੇਂ ਅਰਥ ਆਛੋ ਹੋਤ ਹੈ । ਤੇ ‘ਨਾਈ’ ਕੋ ਅਰਥ ਨਹੀਂ ਬਨਤ ਹੈ । ਐਸੇ ਹੀ ਅਨੇਕ ਸਥਾਨੋਂ ਮੇਂ ਯਹਿ ਰੀਤਿ ਹੈ । ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖ੍ਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ ਮੈਂ : ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ । ਸਾਹਿਬ ਜੀ ਨੇ ਕਹ੍ਯੋ : ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪਠ ਕਰਿ ਅਰਥ ਕੋ ਕਰੈਂਗੇ । ਯਾਂਤੇ ਈਹਾਂ ‘ਪਾਤਿਸ਼ਾਹੀਂ’ ਕੋ ਅਰਥ ਹੋਤ ਹੈ । ਕਿੰਵਾ ਪਾਤਿਸਾਹੀ ਨਾਮ ਪਾਤਿਸ਼ਾਹਿਤ ਕੋ; ਸਰਬ ਪਾਤਿਸ਼ਾਹਿਤ ਕੋ ਪਾਤਿਸ਼ਾਹ ਹੋਤ ਹੈ ।’’ (ਪੰਨਾ 136)

ਸੋ ਬਿਲਕੁਲ ਸਪਸ਼ਟ ਹੈ ਕਿ ਭਾਈ ਸੰਤੋਖ ਸਿੰਘ ਵਰਗੇ ਪ੍ਰੌਢ ਵਿਦਵਾਨ ਨੇ ‘ਜਪੁ-ਜੀ’ ਦੀਆਂ ਤੁਕਾਂ ‘‘ਵਡਾ ਸਾਹਿਬ ਵਡੀ ਨਾਈ..॥’’ ਅਤੇ ‘‘ਨਾਨਕ ਪਾਤਿਸਾਹੀ ਪਾਤਿਸਾਹੁ ॥’’ ਵਿੱਚੋਂ ‘ਨਾਈ’ ਅਤੇ ‘ਪਾਤਿਸਾਹੀ’ ਪਦਾਂ ਦੇ ਫ਼ਾਰਸੀ ਮੂਲਿਕ ਭਾਸ਼ਾਈ ਪਿਛੋਕੜ ਤੇ ਅਰਥਾਂ ਨੂੰ ਮੁਖ ਰੱਖ ਕੇ ‘ਨਾਂਈ’ ਅਤੇ ‘ਪਾਤਿਸ਼ਾਹੀਂ’ ਦੇ ਭਾਸ਼ਾਈ-ਮੂਲਿਕ ਤੇ ਨਾਸਕੀ ਉਚਾਰਨ ਨੂੰ ਗੁਰੂ-ਕਾਲ ਦੀ ਪਰੰਪਰਾ ਦੱਸਿਆ ਹੈ । ਇਹ ਵੀ ਲਿਖਿਆ ਹੈ ਕਿ ਜਿੰਨ੍ਹੀਂ ਥਾਈਂ ਗੁਰਬਾਣੀ ਦੇ ਮੂਲ-ਪਾਠ ਵਿੱਚ ਅੱਧਕ ਜਾਂ ਬਿੰਦੀ ਚਿੰਨ ਦਾ ਅਭਾਵ ਹੈ, ਜੇਕਰ ਉਥੇ ਉਚਾਰਨ ਵਿੱਚ ਲੋੜੀਂਦੇ ਅੱਧਕ ਤੇ ਬਿੰਦੀ ਚਿੰਨ ਦੀ ਵਰਤੋਂ ਨਾ ਹੋਵੇ ਤਾਂ ਅਰਥ ਦਾ ਅਨਰਥ ਹੋ ਸਕਦਾ ਹੈ । ‘ਗੁਰ ਪ੍ਰਤਾਪ ਸੂਰਜ’ ਦੀ ਤੀਜੀ ਰੁੱਤ ਦੇ ਅਧਿਆਇ 34 ਵਿੱਚ ਤਾਂ ਉਨ੍ਹਾਂ ਨੇ ‘‘ਜੇ ਅਸ਼ੁਧ ਹੈ੍ਵ, ਪਢੀਐ ਸ਼ੁਧਿ ਕਰ । ਬਿਗਰੀ ਵਸਤ ਸੁਧਾਰਹਿ ਜਿਮ ਘਰਿ ।’’ ਦੀ ਬੜੀ ਅਗਾਂਹ-ਵਧੂ, ਆਧੁਨਿਕ ਤੇ ਨੇਕ ਸਲਾਹ ਵੀ ਦਿੱਤੀ ਹੈ ।

ਸ੍ਰੀ ਮਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੀ ਰਚਿਤ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਾਲੀ ਉਪਰੋਕਤ ਉਚਾਰਨ ਪੱਧਤੀ ਦੀ ਹੀ ਪ੍ਰੋੜ੍ਹਤਾ ਕਰਦੀ ਹੈ । ਉਨ੍ਹਾਂ ਤਾਂ ਇਥੋਂ ਤੱਕ ਲਿਖਿਆ ਕਿ ਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਨ ਉਸ ਦੇ ਅਰਥ ਨੂੰ ਮੁੱਖ ਰੱਖ ਕੇ ਸ਼੍ਰੋਤੇ ਦੀ ਸਮਝ ਦੇ ਅਨੁਕੂਲ ਕਰੋ ਤਾਕਿ ਉਸ ਨੂੰ ਸੁਖਾਲਾ ਸਮਝ ਪਵੇ ਕਿਉਂਕਿ ਗੁਰਬਾਣੀ ਕੇਵਲ ਕੋਈ ਪੜ੍ਹਣ ਮਾਤ੍ਰ ਵੇਦ-ਮੰਤ੍ਰ ਨਹੀਂ, ਗੁਰ ਉਪਦੇਸ਼ ਹੈ, ਜੋ ਪਾਠ ਸੁਣਨ ਵਾਲਿਆਂ ਨੂੰ ਸੌਖੇ ਹੀ ਸਮਝ ਆਉਣਾ ਚਾਹੀਦਾ ਹੈ । ਇਸ ਲਈ ਪਾਠ ਕਰਨ ਮੌਕੇ ‘ਟਿੱਪੀ’, ‘ਬਿੰਦੀ’ ਤੇ ‘ਅੱਧਕ’ ਆਦਿਕ ਲੋੜੀਂਦੇ ਚਿੰਨਾਂ ਦਾ ਵੱਖ ਵੱਖ ਦੇਸ਼ਾਂ ਦੀ ਭਾਸ਼ਾਈ ਰੀਤ ਤੇ ਵਿਸ਼ੇਸ ਧੁਨੀ ਅਨੁਸਾਰ ਉਚਾਰਨ ਕਰਨਾ ਦੋਸ਼ ਨਹੀਂ, ਪਰ ਅਰਥ ਅਧੀਨ ਪਾਠਾਂਤਰ ਵੀ ਪ੍ਰਵਾਨ ਨਹੀਂ। ਜਿਵੇਂ ਕੋਈ ਪਾਠੀ ‘ਜੀਅ ਕਾ’ ਪਾਠ ਨੂੰ ‘ਮਨ ਕਾ’ ਉਚਾਰਨ ਕਰੇ । ਦਾਖਾ ਜੀ ਦਾ ਮੱਤ ਹੈ ਕਿ ਅਰਥ ਦੇ ਗਿਆਨ ਰਹਿਤ ਪਾਠ ਦਾ ਪਾਠੀ ਅਤੇ ਸ੍ਰੋਤੇ ਨੂੰ ਕੋਈ ਲਾਭ ਨਹੀਂ, ਨਿਹਫਲ ਹੈ । ‘‘ਸੁਣਿ ਸੁਣਿ ਬੂਝੈ ਮਾਨੈ ਨਾਉ   ਤਾ ਕੈ ਸਦ ਬਲਿਹਾਰੈ ਜਾਉ (ਮਹਲਾ /੧੫੨) ਗੁਰਵਾਕ ਵੀ ਹੈ । ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀਆਂ 19 ਤੇ 21 ਨੰਬਰ ਦੋ ਹਦਾਇਤਾਂ ਦਾਖਾ ਜੀ ਦੇ ਉਪਰੋਕਤ ਪੱਖ ਨੂੰ ਉਨ੍ਹਾਂ ਦੀ ਸ਼ਾਸਤਰੀ ਭਾਸ਼ਾ ਵਿੱਚ ਇਉਂ ਸਪਸ਼ਟ ਕਰਦੀਆਂ ਹਨ :

  1. ਅਰਥ ਦੇ ਗਿਆਨ ਰਹਿਤ ਪਾਠ ਨਿਸਫਲ ਅਤੇ ਪ੍ਰਯਾਇ ਪਾਠ ਅਥਵਾ ਪਾਠਾਂਤਰ ਕਰਕੇ (‘ਜੀਅ ਕਾ’ ਦੇ ਥਾਂ ‘ਮਨ ਕਾ’) ਕਰਕੇ ਬੋਲਣਾ ਮਹਾਂ ਪਾਪ ਹੈ ।
  2. ਸ੍ਰੀ ਗੁਰੂ ਬਾਣੀ ਵਿੱਚ ਵਿਪ, (ਪ੍ਰਤੰਤ੍ਰ ਵਿਅੰਜਨ ਮੰਨੇ ਜਾਂਦੇ) ਟਿੱਪੀ, ਬਿੰਦੀ, ਅੱਧਕ ਅਤੇ ਉਪਧ ਤਥਾ ‘ਧੁਪ’ (ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ ਅਤੇ ਲਾਂ ਤੇ ਦੁਲਾਂਵ ਆਦਿਕ ਵਿਸ਼ੇਸ਼ ਪ੍ਰਤੰਤ੍ਰ ਧੁਨੀਆਂ ਕਿਉਂਕਿ ਸ੍ਵਤੰਤ੍ਰ ਸ੍ਵਰ ਰੂਪ ਅੱਖਰਾਂ ਨਾਲ ਲਗਦੀਆਂ ਹਨ) ਦਾ ਉਚਾਰਨ ਭਿੰਨ-ਭਿੰਨ ਦੇਸ਼ ਦੀ ਪ੍ਰਥਾ ਅਨੁਸਾਰ ਕਰਨਾ ਦੋਸ਼ ਨਹੀਂ ਅਰਥਾਤ ਇਨ੍ਹਾਂ ਵਿੱਚੋਂ ਕਈਆਂ ਦਾ ਚਿੰਨ੍ ਪ੍ਰਗਟ ਨਾ ਹੋਣ ਕਰਕੇ ਨਿਪਾਤਨ ਦੁਆਰਾ ਯਥਾ ਯੋਗ ਹੀ ਹੋਣਾ ਚਾਹੀਏ । ਨਹੀਂ ਤਾਂ ਅਰਥ ਦਾ 1. ਅਨਰਥ ਹੋ ਜਾਵੇਗਾ ਕਿਉਂਕਿ ‘ਕਰਤਾ’ ਦਾ 2. ਅਰਥ ਕ੍ਰਮ ਅਤੇ ‘ਸ੍ਰੋਤਾ’ ਦਾ ਸਬਦ ਕ੍ਰਮ ਬਲੀ ਹੁੰਦਾ ਹੈ । ਇਸ ਲਈ ਗੁਰੂ ਸਾਹਿਬ ਅਰਥ ਕ੍ਰਮ ਬਲੀ (ਪ੍ਰਧਾਨ) ਮੰਨ ਕੇ ਉਸ ਦੇ ਅਨੁਸਾਰ ਹੀ ਪਾਠ ਕਰੋ ਅਤੇ ਸ੍ਰੋਤੇ ਨੂੰ ਤਦਨੁਕੂਲ ਸਬਦ ਕ੍ਰਮ ਸੁਣਾਉ ।

ਪੁਸਤਕ ਦੇ ਪੰਨਾ 65 ਦੇ ਆਰੰਭ ਵਿੱਚ ਲਿਖਿਆ ਹੈ : ‘‘ਅਨੁਨਾਸਿਕ ਪਰੇ ਹੁੰਦਿਆਂ ਉਰਲੀ ਟਿੱਪੀ ਦੀ ਵਿਕਲਪ ਕਰਕੇ ਅੱਧਕ ਹੋ । ਅੰਮਿਤ = ਅੱਮ੍ਰਿਤ, ਕੰਮ = ਕੱਮ ।’’ ਭਾਵ ਉਚਾਰਨ ਮੌਕੇ ਟਿੱਪੀ ਦੀ ਨਾਸਕੀ-ਧੁਨੀ ਅੱਧਕ ਵਿੱਚ ਬਦਲ ਜਾਂਦੀ ਹੈ । ਪੰਨਾ 61 ’ਤੇ ਅੰਕਿਤ ਹੈ ‘‘ਅੱਧਕ ਦਾ ਦੀਰਘ ਸ੍ਵਰ ਬਣ ਕੇ ਅਗਲੇ ਅਖਰ ਦੇ ਮੁਹਰੇ ਝਟਕਾ ਲਗਦਾ ਹੈ, ਤਾਂ ਉਸ ਵਰਣ ਨੂੰ ਅੱਧਕ ਦਾ ਆਗਮ ਭੀ ਹੁੰਦਾ ਹੈ । (ਭਾਵ, ਉਹ ਅੱਖਰ ਅੱਧਕ ਸਹਿਤ ਹੋ ਜਾਂਦਾ ਹੈ) ਅਤੇ ਉਸ ਅੱਖਰ ਨੂੰ ਦੁਹਰਾ ਨਾ ਲਿਖ ਕੇ ਝਟਕੇ ਨਾਲ ਉਚਾਰਨ ਕਰੀਦਾ ਹੈ । ਜੈਸੇ ‘ਆਟਾ’ (ਆਟੱਾ) ਤੇ ‘ਰਾਖਾ’ (ਰਾਖੱਾ) ਨੂੰ ਅੱਧਕ ਦਾ ਆਗਮ ਹੋਇਆ ਹੈ ।’’ ਏਥੇ ‘ਜਿਉਂ ਲਿਖਿਆ, ਤਿਉਂ ਹੀ ਪੜ੍ਹੋ’ ਕਹਿਣ ਦੀ ਵਕਾਲਤ ਕਰਨ ਵਾਲੇ ਸੱਜਣਾਂ ਪਾਸ ਉਪਰੋਕਤ ਕਿਸਮ ਦੀ ਸੁਭਾਵਿਕ ਤਬਦੀਲੀ ਦਾ ਕੀ ਉੱਤਰ ਹੈ? ਇਸ ਨੁਕਤੇ ਨਾਲ ਸੰਬੰਧਿਤ 65ਵੇਂ ਪੰਨੇ ਦੇ ਹੇਠਾਂ ਇੱਕ ਵਿਸ਼ੇਸ ਨੋਟ ਇਉਂ ਵੀ ਲਿਖਿਆ ਹੈ : ‘‘ਗੁਰਬਾਣੀ ਵਿੱਚ ਅੱਧਕ ਦਾ ਚਿੰਨ ਬਹੁਤ ਘਟ ਹੈ, ਉਚਾਰਨ ਤੋਂ ਸਮਝਿਆ ਜਾਂਦਾ ਹੈ ।’’ (ਪਾਠਕਾਂ ਦੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਮੌਜੂਦਾ ਛਾਪੇ ਦੀ ਬੀੜ ਵਿੱਚ ਅੱਧਕ ਦਾ ਮੂਲੋਂ ਹੀ ਅਭਾਵ ਹੈ।) 

ਗੁਰਬਾਣੀ ਦੇ ਸ਼ੁਧ ਉਚਾਰਨ ਅਤੇ ਵਿਆਖਿਆ ਨੂੰ ਗੁਰਮਤਿ ਦੀਆਂ ਸਿਧਾਂਤਕ ਲੀਹਾਂ ’ਤੇ ਤੋਰਦਿਆਂ, ਰਹਿੰਦਾ ਹੋਇਆ ‘ਅਥਰਵਣੀ ਭਾਰ’ ਉਤਾਰਨ ਲਈ ਸਿੰਘ-ਸਭਾਈ ਪ੍ਰਣਾਲੀ ਦੇ ਪ੍ਰੋਫੈਸਰ ਤੇਜਾ ਸਿੰਘ (1894-1958 ਈ.) ਤੇ ਪ੍ਰੋਫੈਸਰ ਸਾਹਿਬ ਸਿੰਘ ਜੀ (1893-1977 ਈ.) ਨੇ ਸਭ ਤੋਂ ਵੱਡਾ ਹੰਭਲਾ ਮਾਰਿਆ ਹੈ, ਭਾਵੇਂ ਕਿ ਇਸ ਵਿੱਚ ਹੋਰ ਨਿਖਾਰ ਲਿਆਉਣਾ ਅਜੇ ਵੀ ਲੋੜੀਂਦਾ ਹੈ । ਪ੍ਰੋ. ਤੇਜਾ ਸਿੰਘ ਜੀ ਨੇ ਸੰਨ 1925 ਵਿੱਚ ‘ਗੁਰੂ ਗ੍ਰੰਥ ਸਾਹਿਬ ਦੀਆਂ ਸ਼ਾਬਦਿਕ ਲਗਾਂ ਮਾਤ੍ਰਾਂ ਦੇ ਗੁਝੇ ਭੇਦ’ ਲੱਭੇ ਤੇ ਸੰਨ 1926 ਵਿੱਚ ਕਿਤਾਬਚੇ ਦੇ ਰੂਪ ਵਿੱਚ ਛਾਪੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਉਪਰੋਕਤ ਕਿਤਾਬਚਾ ਅਤੇ ਉਸ ਵਿੱਚ ਪ੍ਰਗਟਾਏ ਨਿਯਮਾਂ ਅਨੁਸਾਰ ਲਿਖੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣੇ ਆਰੰਭਕ ਕਾਲ ਤੋਂ ਹੀ ਨਿਰੰਤਰ ਛਾਪਿਆ ਜਾ ਰਿਹਾ ਹੈ । ਸੰਨ 1932 ਵਿੱਚ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰਬਾਣੀ ਵਿਆਕਰਣ’ ਨਾਂ ਦੀ ਵਿਗਿਆਨਕ ਲੀਹਾਂ ’ਤੇ ਵਿਸਥਾਰਤ ਪੁਸਤਕ ਰਚੀ । ਸੰਨ 1925 ਤੋਂ 1961 ਤੱਕ 36 ਸਾਲਾਂ ਦੀ ਮਿਹਨਤ ਨਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਂ ਹੇਠ ਗੁਰਬਾਣੀ ਦੀ ਅਦੁੱਤੀ ਸਟੀਕ ਲਿਖੀ ਗਈ, ਜਿਹੜੀ ਹੁਣ ਸਾਰੀਆਂ ਸਿੱਖ ਸੰਪਰਦਾਵਾਂ ਦੇ ਵਿਦਵਾਨਾਂ ਅਤੇ ਦੇਸ਼-ਵਿਦੇਸ਼ ਦੇ ਗੁਰਬਾਣੀ ਪ੍ਰੇਮੀਆਂ ਦੁਆਰਾ ਪਹਿਲ ’ਤੇ ਆਧਾਰਿਤ ਵੀਚਾਰੀ ਜਾ ਰਹੀ ਹੈ ।

ਸੰਥਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਟੀਕੇ ਦੀ ਪਹਿਲੀ ਤੇ ਵੱਡੀ ਵਿਸੇਸ਼ਤਾ ਇਹ ਹੈ ਕਿ ਸੰਪੂਰਣ ਬਾਣੀ ਨੂੰ ਪਦ-ਛੇਦ ਕਰਕੇ ਵਾਕ-ਵੰਡ ਲਈ ਤੁਕਾਂ ਵਿੱਚ ਵਿਸਰਾਮ ਚਿੰਨ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਪਦ-ਅਰਥ ਕਰਦਿਆਂ ਮਹਤਵ-ਪੂਰਨ ਲਫ਼ਜ਼ਾਂ ਦੇ ਸ਼ੁਧ ਉਚਾਰਨ ਲਈ ਲੋੜੀਂਦੇ ਅੱਧਕ, ਟਿੱਪੀ ਤੇ ਬਿੰਦੀ ਲਗਾ ਕੇ ਲਿਖਣ ਦੀ ਹਿੰਮਤ ਵੀ ਪ੍ਰਗਟਾਈ ਹੈ, ਪਰ ਇਸ ਪੱਖ ਦੀ ਸੰਥਿਆ ਸ਼ੈਲੀ ਵਿੱਚ ਵਿਸ਼ੇਸ਼ ਨਿਖਾਰ ਲਿਆਂਦਾ ਪੰਜਾਬ ਦੇ ਪ੍ਰਸਿੱਧ ਗੁਰਮਤਿ ਪ੍ਰਚਾਰ ਜਥੇ ਦੇ ਮੁਖੀ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ (ਸੰਨ 1902-1969) ਭਿੰਡਰਾਂ ਵਾਲਿਆਂ ਨੇ; ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਸਮਕਾਲੀ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਸੰਬੰਧਿਤ ਮੰਨੀ ਜਾਂਦੀ ਸੰਪਰਦਾ ਦੇ ਵਿਰਾਸਤੀ ਵਿਦਵਾਨਾਂ ਦੀ ਉਚਾਰਨ ਸ਼ੈਲੀ ਅਤੇ ਪ੍ਰੋ. ਸਾਹਿਬ ਸਿੰਘ ਜੀ ਦੀ ਟੀਕਾਕਾਰੀ ਤੋਂ ਪ੍ਰਭਾਵਤ ਹੁੰਦਿਆਂ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸ਼ੁਧ-ਪਾਠ ਅਤੇ ਅਰਥਾਂ ਦੀ ਸੰਥਿਆ ਕਰਾਉਣ ਵੇਲੇ ਲੋੜੀਦੀਆਂ ਥਾਵਾਂ ’ਤੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਸਮਝਾਉਣ ਦੇ ਨਾਲ, ਵਾਕ ਵੰਡ ਤੇ ਅਰਥਾਂ ਦੀ ਸਪਸ਼ਟਤਾ ਲਈ ਹਰੇਕ ਕਿਸਮ ਦੇ ਅੰਗਰੇਜ਼ੀ ਵਿਸਰਾਮ ਚਿੰਨ੍ਹ ਲਗਵਾਉਣੇ ਸ਼ੁਰੂ ਕਰ ਦਿੱਤੇ । ਹੋਰ ਉਪਕਾਰ ਕੀਤਾ ਉਨ੍ਹਾਂ ਦੇ ਉੱਤਰਾਧਿਕਾਰੀ ਗਿਆਨੀ ਮੋਹਣ ਸਿੰਘ ਜੀ (ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ, ਫਿਰੋਜ਼ਪੁਰ) ਵਾਲਿਆਂ ਨੇ, ਜਿਨ੍ਹਾਂ ਨੇ ਖ਼ਾਲਸਾ ਜੀ ਦੀ ਉਪਰੋਕਤ ਕਿਰਤ ਨੂੰ ਸੰਨ 1973 ਵਿੱਚ ‘ਗੁਰਬਾਣੀ ਪਾਠ ਦਰਸ਼ਨ’ ਨਾਮੀ ਪੁਸਤਕ ਰਾਹੀਂ ਪ੍ਰਕਾਸ਼ਿਤ ਕੀਤਾ । ਗਿ. ਗੁਰਬਚਨ ਸਿੰਘ ਜੀ ਖ਼ਾਲਸਾ ਦੇ ਦੂਜੇ ਉੱਤਰਾਧਿਕਾਰੀ ਗਿ. ਕਰਤਾਰ ਸਿੰਘ ਜੀ ‘ਖ਼ਾਲਸਾ’ ਦੁਆਰਾ ਸਥਾਪਤ ਜਥਾ ਚੌਕ ਮਹਿਤਾ (ਸ੍ਰੀ ਅੰਮ੍ਰਿਤਸਰ) ਵੱਲੋਂ ਹੁਣ ਓਹੀ ਪੁਸਤਕ ਪੰਨਿਆਂ ਦੀ ਕੁਝ ਤਬਦੀਲੀ ਨਾਲ ‘ਗੁਰਬਾਣੀ ਪਾਠ ਦਰਪਣ’ ਦੇ ਨਾਮ ਹੇਠ ਵੀ ਛਾਪੀ ਜਾ ਰਹੀ ਹੈ ।

ਇਸ ਪੁਸਤਕ ਵਿੱਚ ਹਜ਼ਾਰਾਂ ਹੀ ਗੁਰਬਾਣੀ ਦੀਆਂ ਤੁਕਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵੱਖ ਵੱਖ ਕਿਸਮਾਂ ਦੇ ਵਿਸਰਾਮ ਚਿੰਨ੍ਹਾਂ ਨਾਲ ਨਿਖੇੜਿਆ ਗਿਆ ਹੈ। ਅਰਧ ਵਿਸਰਾਮ ਲਈ ਬਿੰਦੀ ਕਾਮਾ (;) ਅਤੇ ਇਸ ਤੋਂ ਘਟ ਵਿਸਰਾਮ (ਜਮਕੀ) ਲਈ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਸਮਾਸੀ ਲਫ਼ਜ਼ਾਂ ਦੇ ਹਿੱਸੇ ਪ੍ਰਗਟਾਉਣ ਲਈ ਜੁੜਤ ਲਫ਼ਜ਼ਾਂ ਨੂੰ ਤੋੜ ਕੇ ਜੋੜਣੀ (-) ਦੀ ਵਰਤੋਂ ਕੀਤੀ ਗਈ ਹੈ । ਇੱਥੋਂ ਤੱਕ ਕਿ ਕਈ ਖ਼ਾਸ ਲਫ਼ਜ਼ਾਂ ਨੂੰ ਉਭਾਰਨ ਲਈ ਪੁਠੇ ਕਾਮਿਆਂ (‘’) ਦੀ ਵਰਤੋਂ ਕਰਨੋ ਵੀ ਸੰਕੋਚ ਨਹੀਂ ਕੀਤਾ । ਤੁਕਾਂ ਦੇ ਅਖ਼ੀਰ ਵਿੱਚ ਬ੍ਰੈਕਟਾਂ ਪਾ ਕੇ ਬਿੰਦੀ, ਟਿੱਪੀ, ਅਧਿਕ ਅਤੇ ਪੈਰ-ਚਿੰਨ੍ਹਾਂ ਦੀ ਵਰਤੋਂ ਬਾਰੇ ਸੇਧਾਂ ਦਿੱਤੀਆਂ ਹੋਈਆਂ ਹਨ । ਸ਼ਬਦਾਂ ਦੇ ਪਦਛੇਦ ਪਾਠਾਂਤਰ ਤੇ ਲਿਖਤ ਦੇ ਪਾਠ-ਭੇਦ ਵੀ ਲਿਖੇ ਹਨ । ਉਦਾਹਰਨ ਵਜੋਂ ਹੇਠਾਂ ਕੁਝ ਤੁਕਾਂ ਦੇ ਹੂ-ਬਹੂ ਦਰਸ਼ਨ ਕਰਵਾਏ ਜਾ ਰਹੇ ਹਨ :

ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥ (ਜਪੁ/ਮਹਲਾ ੧/੧) (ਲੱਖ ਪੜ੍ਹੋ)

ਸਚੁ ਸੰਜਮੁ ਕਰਣੀ ਕਾਰਾਂ; ਨਾਵਣੁ ਨਾਉ ਜਪੇਹੀ ॥ (ਮਹਲਾ ੧/੯੧) (ਨ੍ਹਾਵਣ ਭਾਰਾ ਬੋਲੋ)

ਤੇਰਾ ਸਬਦੁ, ਤੂੰਹੈ ਹਹਿ ਆਪੇ; ਭਰਮੁ ਕਹਾ ਹੀ ॥ (ਮਹਲਾ ੩/੧੬੨) (ਕਹਾਂ ਬੋਲਣਾ)

‘ਅਹੰ-ਬੁਧਿ’ ਪਰ ਬਾਦ ਨੀਤ; ਲੋਭ ਰਸਨਾ ਸਾਦਿ ॥ (ਮਹਲਾ ੫/੮੧੦) (2) ਪਰਬਾਦ

ਤੂ ਅਜਰਾ-ਵਰੁ ਅਮਰੁ ਤੂ; ਸਭ ਚਾਲਣ-ਹਾਰੀ ॥ (ਮਹਲਾ ੧/੧੦੦੮)

ਸੰਪਰਦਾਈ ਪਿਛੋਕੜ ਦੇ ਗੁਰਮੁਖ ਸੱਜਣ ਗਿ. ਹਰਿਬੰਸ ਸਿੰਘ ਜੀ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਵੀ ‘ਗੁਰਬਾਣੀ ਉਚਾਰਨ ਜੁਗਤ’ ਦੀ ਸੰਭਾਲ ਪੱਖੋਂ ਵੀਚਾਰਨੀ ਅਤਿ ਲੋੜੀਂਦੀ ਹੈ । ਉਸ ਵਿਖੇ ਹਰੇਕ ਸ਼ਬਦ ਲਈ ਵੱਖ ਵੱਖ ਵਿਸਰਾਮਾਂ ਦੀ ਵਰਤੋਂ ਕਰਦਿਆਂ ਬਿੰਦੀ, ਟਿਪੀ ਤੇ ਅਧਿਕ ਆਦਿਕ ਚਿੰਨ੍ਹਾਂ ਦੀ ਲੋੜੀਂਦੀ ਵਰਤੋਂ ਸੰਬੰਧੀ ਲਿਖਤੀ ਸੇਧਾਂ ਅੰਕਿਤ ਕੀਤੀਆਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਮਾਣਿਕ ‘ਈਸ਼ਰ ਮਾਈਕਰੋ ਮੀਡੀਆ’ ਐਪ ਵਿੱਚ ਵੀ ਲੋੜੀਂਦੀਆਂ ਲੱਗਾਂ ਮਾਤ੍ਰਾਂ ਲਗਾ ਕੇ ਸ਼ੁਧ ਪਾਠਾਂ ਨੂੰ ਵਿਸਰਾਮਾਂ ਸਹਿਤ ਲਿਖਤੀ ਰੂਪ ਦਿੱਤਾ ਹੋਇਆ ਹੈ । ਅਖੰਡ ਕੀਰਤਨੀ ਜਥੇ ਦੇ ਨਮਰ ਗੁਰਸਿੱਖ ਵਿਦਵਾਨ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ (ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਗਿਆਨੀ ਭਰਪੂਰ ਸਿੰਘ ਜੀ ਦੇ ਸਹਿਯੋਗ ਨਾਲ ਸਾਲਾਂ ਬੱਧੀ ਪੁਰਾਤਨ ਹੱਥ ਲਿਖਤੀ ਬੀੜਾਂ ਨੂੰ ਵਾਚਿਆ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਢੂੰਡਿਆ) ਉਨ੍ਹਾਂ ਨੇ ਆਪਣੇ ਅੰਤਲੇ ਕਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ’ ਦੇ ਦੂਜੇ ਭਾਗ ਵਿੱਚ ਪੰਨਾ 87 ਤੇ ਬਿੰਦੀਆਂ ਟਿੱਪੀਆਂ ਬਾਰੇ ਲਿਖਦਿਆਂ, ਆਪਣੇ ਪੰਥ-ਦਰਦੀ ਹਿਰਦੇ ਦੀ ਵੇਦਨਾ ਨੂੰ ਚਿਤਾਵਨੀ ਵਜੋਂ ਕੁਝ ਇਉਂ ਪ੍ਰਗਟ ਕੀਤਾ ਹੈ –

‘‘ਗੁਰਬਾਣੀ ਵਿੱਚ ਮੂਲਕ-ਅੰਗੀ ਨਾਸਕੀ ਚਿੰਨਾਂ (ਬਿੰਦੀ, ਟਿੱਪੀ) ਦੀ ਵਰਤੋਂ ਵੀ ਮਿਲਦੀ ਹੈ ਅਤੇ ਵਿਆਕਰਣਿਕ ਬਿੰਦੀਆਂ ਦੀ ਵੀ । ਅਸੀਂ ਦੇਖਦੇ ਹਾਂ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਟਿੱਪੀ/ਬਿੰਦੀ ਸਹਿਤ ਮਿਲਦੇ ਹਨ ਅਤੇ ਕਿਧਰੇ ਇਸ ਤੋਂ ਬਗੈਰ । ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਤਕਰੀਬਨ 90% ਲਗੀਆਂ ਮਿਲਦੀਆਂ ਹਨ । ਬਾਕੀ 10% ਸੰਭਵ ਹੈ ਛਾਪੇ ਦੀ ਅਣਗਹਿਲੀ ਕਾਰਨ ਰਹੀਆਂ ਹੋਣ । ਇਹਨਾਂ ਵਿੱਚੋਂ ਬਹੁਤ ਸਾਰੀਆਂ ਪੁਰਾਤਨ ਲਿਖਤੀ ਬੀੜਾਂ ਵਿੱਚ ਲੱਗੀਆਂ ਮਿਲਦੀਆਂ ਹਨ । ਇਸ ਪੱਖ ਵੱਲ ਕਿਸੇ ਜ਼ਿੰਮੇਵਾਰ ਸੰਸਥਾ ਨੇ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ । ਏਧਰ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੈ ।

ਬ-ਹਰ ਹਾਲ ਗੋਬਿਦ (ਗੋਬਿੰਦ), ਮਦਰ (ਮੰਦਰ), ਖਭ (ਖੰਭ), ਕਾਇਆ (ਕਾਂਇਆ), ਬੂਦ (ਬੂੰਦ), ਬਿਦ (ਬਿੰਦ) ਆਦਿਕ ਸ਼ਬਦਾਂ ਦਾ ਮੂਲਿਕ-ਅੰਗੀ ਨਾਸਕੀ ਚਿੰਨਾਂ ਸਹਿਤ ਉਚਾਰਨ ਹੀ ਸ਼ੁਧ ਬਣਦਾ ਹੈ । (ਜਿਵੇਂ, ਬ੍ਰੈਕਟਾਂ ਵਿੱਚ ਲਿਖਿਆ ਗਿਆ ਹੈ) ਪ੍ਰਮਾਣੀਕ ਮੂਲਿਕ ਬੀੜਾਂ ਤੋਂ ਅਗਵਾਈ ਲੈ ਕੇ ਛਾਪੇ ਦੀ ਉਕਾਈ ਦਰੁਸਤ ਕਰ ਲੈਣੀ ਉਚਿਤ ਹੈ ।’’ 

‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਪੁਸਤਕ ਵਿੱਚ ਉਚਾਰਨ ਦੇ ਉਪਰੋਕਤ 400 ਸਾਲਾ ਵਿਰਸੇ ਦੀ ਵਾਰਸ ਬਣੀ ‘ਸਿੱਖ ਮਿਸ਼ਨਰੀ ਸੰਥਿਆ ਪ੍ਰਣਾਲੀ’ ਦਾ ਵਿਸ਼ੇਸ਼ ਵੇਰਵਾ ਨਹੀਂ ਹੈ । ਕਾਰਨ ਹੈ ਕਿ ਪੁਸਤਕ ਪ੍ਰਕਾਸ਼ਨਾ ਮੌਕੇ ਇਹ ਪ੍ਰਣਾਲੀ ਸਿੰਘ ਸਭਾ ਲਹਿਰ ਵਾਂਗ ਇੱਕ ਪ੍ਰਚਾਰ ਲਹਿਰ ਵਜੋਂ ਅਜੇ ਸਥਾਪਤ ਹੀ ਨਹੀਂ ਸੀ ਹੋਈ, ਜਿਵੇਂ ਕਿ ਹੁਣ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਦੇ ਵਿਸ਼ੇਸ਼ ਸਿੱਖ ਮਿਸ਼ਨਰੀ ਕਾਲਜਾਂ ਸਮੇਤ ਸਾਰੇ ਸੰਸਾਰ ਅੰਦਰ ਉਨ੍ਹਾਂ ਦੇ ਸੈਂਕੜੇ ਹੀ ਪ੍ਰਚਾਰ ਕੇਂਦਰ ਹਨ । ਯਾਦ ਰੱਖਣਾ ਚਾਹੀਦਾ ਹੈ ਕਿ ਇਸ ਲਹਿਰ ਦਾ ਜਨਮ ਸੰਨ 1927 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਤੇ ਸਥਾਪਤ ਕੀਤੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ’ ਵਿਖੇ ਹੀ ਹੋਇਆ ਅਤੇ ਉਸ ਦੇ ਪ੍ਰਿੰਸੀਪਲ ਦੁਆਰਾ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਹੀ ਉਸ ਦਾ ਵਿਸ਼ੇਸ਼ ਵਿਚਾਰਧਾਰਕ ਆਧਾਰ ਬਣਿਆ । ਸਿੱਖ ਮਿਸ਼ਨਰੀ ਸੰਸਥਾਵਾਂ ਯਤਨਸ਼ੀਲ ਹਨ ਕਿ ਜਗਤ-ਗੁਰ ਬਾਬੇ ਨਾਨਕ ਜੀ ਦਾ ‘ਨਿਰਮਲ ਪੰਥ’ ਅਥਰਵਣੀ ਮੈਲ ਦੇ ਭਾਰ ਤੋਂ ਬਿਲਕੁਲ ਮੁਕਤ ਹੋਵੇ । ਇਹੀ ਕਾਰਨ ਸੀ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਸਦਕਾ ‘ਕੇਂਦਰੀ ਸਿੰਘ ਸਭਾ’ ਅੰਮ੍ਰਿਤਸਰ ਨੇ ਸੰਨ 1979 ਵਿਖੇ ‘ਸਮੁੰਦਰੀ ਤੇਜਾ ਸਿੰਘ ਹਾਲ’ ਸ੍ਰੀ ਅੰਮ੍ਰਿਤਸਰ ਤੋਂ ‘ਪਾਠ-ਬੋਧ ਸਮਾਗਮਾਂ ਦੀ ਲੜੀ ਅਤੇ ‘ਸਿੰਘ ਸਭਾ ਪਤ੍ਰਿਕਾ’ ਸ਼ੁਰੂ ਕਰਕੇ ‘ਗੁਰਬਾਣੀ ਉਚਾਰਨ ਜੁਗਤ’ ਨੂੰ ਸਦੀਵੀ ਤੌਰ ’ਤੇ ਸੰਭਾਲਣ ਦਾ ਉਪਕਾਰੀ ਉਪਰਾਲਾ ਕੀਤਾ ਤਾਂ ‘ਸਿੱਖ ਮਿਸ਼ਨਰੀ ਲਹਿਰ’ ਵੱਲੋਂ ਦੇਸ਼ ਭਰ ਵਿੱਚ ਉਸ ਲੜੀ ਨੂੰ ਜਾਰੀ ਰੱਖਣ ਪੱਖੋਂ ਸੱਭ ਤੋਂ ਵੱਡਾ ਯੋਗਦਾਨ ਪਾਇਆ ਗਿਆ। ‘ਗੁਰਬਾਣੀ ਦਾ ਸ਼ੁੱਧ ਉਚਾਰਨ’ ਅਤੇ ‘ਗੁਰਬਾਣੀ ਵਿਆਕਰਣ ਦੇ ਸਰਲ ਨੇਮ’ ਨਾਂਵਾਂ ਦੇ ਦੋ ਕਿਤਾਬਚੇ ਵੀ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ ਗਏ । ‘ਮਿਸ਼ਨਰੀ ਸੇਧਾਂ’ ਨਾਂ ਦੀ ਮਾਸਿਕ ਪੱਤ੍ਰਕਾ ਦੇ ਐਡੀਟਰ ਗਿ. ਅਵਤਾਰ ਸਿੰਘ ਦੁਆਰਾ ਚਲਾਈ ਜਾ ਰਹੀ  ‘ਗੁਰਪ੍ਰਸਾਦਿ’ ਨਾਂ ਦੀ ਵੈਬਸਾਈਟ ਨੂੰ ਉਪਰੋਕਤ ਸੰਦਰਭ ਤੋਂ ਵਿਚਾਰਣਾ ਵੀ ਉਚਿਤ ਹੀ ਹੋਵੇਗਾ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ’ (ਅਸਟ੍ਰੇਲੀਆ) ਨੇ ਆਪਣੇ ‘ਗੁਰਬਾਣੀ ਦਰਪਣ’ ਪ੍ਰੋਜੈਕਟ ਅਧੀਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੁਆਰਾ ਪ੍ਰਗਟਾਈ ਗੁਰਮਤਿ ਵਿਚਾਰਧਾਰਾ ਨੂੰ ਹੋਰ ਨਿਖਾਰਣ ਅਤੇ ਸੰਥਿਆ ਦੇ ਉਪਰੋਕਤ 400 ਸਾਲਾ ਵਿਰਸੇ ਨੂੰ ਸੰਭਾਲਣ ਦੇ ਮਨੋਰਥ ਨੂੰ ਮੁਖ ਰੱਖ ਕੇ ਗੁਰਬਾਣੀ ਦੀ ਸੰਪੂਰਣ ਵਿਆਕਰਣਿਕ ਸੰਥਿਆ ਪਾਠ ਦੀ ਵੀਡੀਓ ਤਿਆਰ ਕਰਨ ਦੀ ਸੇਵਾ ਦਾਸਰੇ (ਜਾਚਕ) ਨੂੰ ਬਖ਼ਸ਼ੀ । ਸਮੁੱਚੇ ਸਿੱਖ ਜਗਤ ਲਈ ਉਹ ਅਤਿਅੰਤ ਹੀ ਖ਼ੁਸ਼ੀ ਦਾ ਮੁਕਾਮ ਸੀ, ਜਦੋਂ ਉਸ ਸੰਥਿਆ ਵੀਡੀਓ ਨੂੰ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ‘ਗੁਰੂ ਨਾਨਕ ਭਵਨ’ ਲੁਧਿਆਣਾ ਵਿਖੇ 15 ਦਸੰਬਰ 2014 ਨੂੰ ਆਪ ਰੀਲੀਜ਼ ਕੀਤਾ । ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥਕ ਪ੍ਰਵਾਨਗੀ ਲੈਣ ਮੌਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਮਰਹੂਮ ਮੁਖ ਗ੍ਰੰਥੀ ਗਿਆਨੀ ਮੱਲ ਸਿੰਘ ਜੀ (ਜੋ ਪਿੱਛੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਨਿਯੁਕਤ ਹੋਏ) ਨੇ ਹੱਥੀਂ ਲਿਖੇ ਅਤੇ ਰੀਕਾਰਡ ਕਰਵਾਏ ਆਪਣੇ ਪੰਥਕ ਸੁਨੇਹੜੇ ਵਿੱਚ ਇਉਂ ਵਿਚਾਰ ਪ੍ਰਗਟ ਕੀਤੇ ‘‘ਸਾਡੀ ਹਾਰਦਿਕ ਇੱਛਾ ਹੈ ਕਿ ‘ਗੁਰਬਾਣੀ ਦਰਪਣ’ ਪ੍ਰੋਜੈਕਟ ਦੀ ਸਾਰੀ ਘਾਲਣਾ ਕਿਤਾਬੀ ਰੂਪ ਵਿੱਚ ਵੀ ਸਿੱਖ ਸੰਗਤਾਂ ਦੇ ਹੱਥੀਂ ਜਾਏ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ਼ਬਦਾਰਥ ਵਾਂਗ ਮੂਲ ਪਾਠ ਨੂੰ ਕਾਇਮ ਰੱਖ ਕੇ ਸਰਲ ਭਾਸ਼ਾ ਵਿੱਚ ਸ਼ਬਦਾਰਥ ਤੇ ਸ਼ੁਧ ਉਚਾਰਨ ਲਿਖ ਦਿੱਤੇ ਜਾਣ ਤਾਂ ਜੋ ਸ਼ਰਧਾਲੂਆਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੁਖਾਲਾ ਹੋ ਜਾਵੇ । ਦਾਸ ਸਮੂਹ ਗ੍ਰੰਥੀ ਸਾਹਿਬਾਨ, ਕੀਰਤਨੀਏ ਵੀਰਾਂ ਤੇ ਗੁਰਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਉਹ ਗੁਰਬਾਣੀ ਦੇ ਸ਼ੁਧ ਉਚਾਰਨ ਦੀ ਇਸ ਸੰਥਿਆ ਵੀਡੀਓ ਨੂੰ ਘਰ-ਘਰ ਪਹੁੰਚਾਣ ਲਈ ਸਹਾਇਕ ਹੋਣ ਤੇ ਆਪ ਵੀ ਲਾਭ ਉਠਾਓਣ ।’’

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ, ਮੈਲਬਰਨ’ ਤਾਂ ਆਪਣੇ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਉਪਰੋਕਤ ਪੱਖੋਂ ਭਾਵੇਂ ਅੱਗੇ ਨਹੀਂ ਵਧ ਸਕਿਆ, ਪ੍ਰੰਤੂ ਉਸ ਵੇਲੇ ਰੱਬੀ ਸ਼ੁਕਰਾਨੇ ਵਿੱਚ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਅਕਾਦਮਿਕ ਖੇਤਰ ਦੇ ਇੱਕ ਸਥਾਪਤ ਵਿਦਵਾਨ ਡਾ. ਓਅੰਕਾਰ ਸਿੰਘ ਜੀ ‘ਫੀਨਿਕਸ’ (ਅਮਰੀਕਾ) ਵਾਲਿਆਂ ਦੀਆਂ ਰਚਿਤ ‘ਗੁਰਬਾਣੀ ਉਚਾਰਨ ਜੁਗਤ’ ਦੀਆਂ ਸੰਥਾ ਸੈਂਚੀਆਂ ਦੇ ਨਮੂੰਨੇ ਵਜੋਂ ‘ਜਪੁ-ਜੀ’ ਸਾਹਿਬ ਦੇ ਦਰਸ਼ਨ ਕੀਤੇ । ਕਾਰਨ ਸੀ ਕਿ ਉਹ ਸਤਿਕਾਰਯੋਗ ਗਿਆਨੀ ਮੱਲ ਸਿੰਘ ਜੀ ਦੁਆਰਾ ਪ੍ਰਗਟਾਈ ਇੱਛਾ ਦੀ ਹੀ ਲਗਭਗ ਪੂਰਤੀ ਹੈ। ਮੈਨੂੰ ਇਉਂ ਜਾਪਦਾ ਹੈ ਕਿ ਇੰਸਟੀਚਿਊਟ ਮੈਲਬਰਨ ਦੀ ਸੰਥਾ ਵੀਡੀਓ ਵਾਂਗ ਇਹ ਸੰਥਾ ਸੈਂਚੀਆਂ ਵੀ ‘ਗੁਰਬਾਣੀ ਉਚਾਰਨ ਜੁਗਤ’ ਦੀ ਵਿਰਾਸਤੀ ਸੰਭਾਲ ਦਾ ਹੀ ਇੱਕ ਸਾਰਥਕ ਤੇ ਅਗਾਂਹ-ਵਧੂ ਯਤਨ ਮੰਨਿਆ ਜਾਵੇਗਾ । ਗੁਰੂ ਬਖ਼ਸ਼ੀ ਅਜਿਹੀ ਸਫਲਤਾ ਤੇ ਵਡਿਆਈ ਲਈ, ਜਿੱਥੇ ਡਾ. ਸਾਹਿਬ ਆਪ ਹਾਰਦਿਕ ਵਧਾਈ ਦੇ ਪਾਤਰ ਹਨ । ਉੱਥੇ, ਉਨ੍ਹਾਂ ਦੇ ਛੋਟੇ ਭਾਈ ਤੇ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਹੁਰਾਂ ਦੇ ਵੀ ਧੰਨਵਾਦੀ ਹੋਣਾ ਬਣਦਾ ਹੈ, ਜਿਨ੍ਹਾਂ ਦੀ ਪ੍ਰੇਰਨਾ ਤੇ ਪਿਆਰ ਭਰੀ ਅਗਵਾਈ ਵਿੱਚ ਗੁਰਬਾਣੀ ਦੇ ਪੰਜਾਬੋਂ ਬਾਹਰਲੇ ਤੇ ਵਿਦੇਸ਼ੀ ਵਿਦਿਆਰਥੀਆਂ ਲਈ ਸਰਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਰੋਮਨ ਅੱਖਰਾਂ ਵਿੱਚ ਲਿਪੀ ਅੰਤਰ ਵਿਧੀ ਨਾਲ ਇਹ ਵਿਸ਼ੇਸ਼ ਤੇ ਮਹਾਨ ਕਾਰਜ ਸਿਰੇ ਚਾੜ੍ਹਿਆ ਗਿਆ ਹੈ । ਅਮਰੀਕਾ ਨਿਵਾਸੀ ਡਾ. ਚਮਕੌਰ ਸਿੰਘ ਦੁਆਰਾ ਗੁਰਬਾਣੀ ਦੇ ਵਿਆਕਰਣਿਕ ਟੀਕੇ ਤੇ ਪ੍ਰੋ. ਕਸਮੀਰਾ ਸਿੰਘ ਜੀ ਦੇ ਗੁਰਬਾਣੀ ਉਚਾਰਨ ਪੱਖੋਂ ਲਿਖਤੀ ਯਤਨ ਵੀ ਉਪਰੋਕਤ ਪੱਖੋਂ ਸ਼ਲਾਘਾਯੋਗ ਹਨ ।

ਸਿੱਖ ਜਗਤ ਦੇ ਸੰਪਰਦਾਈ ਵਿਦਵਾਨ ਤਾਂ ਆਪਣੇ ਵਿਦਿਅਕ ਸੰਸਕਾਰਾਂ ਕਾਰਨ ਗੁਰਬਾਣੀ ਦੀ ਦਾਰਸ਼ਨਿਕ ਦਿਸ਼੍ਰਟੀ ਪੱਖੋਂ ਉਪਰੋਕਤ ਭਾਰ ਉਤਾਰਨ ਵਿੱਚ ਭਾਵੇਂ ਵਧੇਰੇ ਸਫਲ ਨਾ ਹੋ ਸਕੇ, ਪ੍ਰੰਤੂ ਉਚਾਰਣਿਕ ਪੱਖੋਂ ਉਨ੍ਹਾਂ ਨੇ ਬਹੁਤ ਸਫਲਤਾ ਹਾਸਲ ਕੀਤੀ, ਪਰ ਦੁੱਖ ਦੀ ਗੱਲ ਹੈ ਕਿ ਅਕਾਦਮਿਕ ਖੇਤਰ ਦੇ ਕੁਝ ਮੌਜੂਦਾ ਵਿਦਵਾਨ ਤੇ ਨੌਜਵਾਨ ਸਿੱਖ ਆਗੂ ਯੂਨੀਵਰਸਿਟੀਆਂ ਦੀਆਂ ਉੱਚ-ਪਦਵੀਆਂ ਤੇ ਵਿਦਿਅਕ ਡਿਗਰੀਆਂ ਦੀ ਲਾਲਸਾ ਕਾਰਨ ਗੁਰਬਾਣੀ ਉਚਾਰਨ ਪੱਖੋਂ ਸ਼ਰਧਾਲੂ ਪਾਠਕਾਂ ਨੂੰ ਮੁੜ ਉਪਰੋਕਤ ਭਾਰ ਹੇਠ ਦੱਬਣ ਲਈ ਗੁੰਮਰਾਹ ਕਰਨ ਦੇ ਅਸਫਲ ਯਤਨ ਕਰ ਰਹੇ ਹਨ । ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਪ੍ਰੋ. ਹਰਿਭਜਨ ਸਿੰਘ ਲੰਡਨ ਵਾਲਿਆਂ ਨੇ 8 ਅਕਤੂਬਰ ਸੰਨ 2021 ਨੂੰ ਮੈਨੂੰ ਆਪਣਾ ਵਿਦਿਆਰਥੀ ਸਮਝ ਕੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਕਿ ‘‘ਜੇ ਸੰਨ 1965 ਵਿੱਚ ਮਰਹੂਮ ਪ੍ਰਿੰਸੀਪਲ ਡਾ. ਤਾਰਨ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਰਹੇ ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ ਜੀ (ਭਾਈ ਸਾਹਿਬ) ਮਿਲਵਾਂ ਤੇ ਜ਼ੋਰਦਾਰ ਵਿਰੋਧ ਨਾ ਕਰਦੇ ਤਾਂ ਸਰਕਾਰੀ ਸਾਜਿਸ਼ ਤੇ ਦਬਾਅ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਇਸ ਪਹਿਲੇ ਸਿੱਖ ਮਿਸ਼ਨਰੀ ਕਾਲਜ ਨੂੰ ਕਿਸੇ ਯੂਨੀਵਰਸਿਟੀ ਨਾਲ ਜੋੜ ਕੇ ਵਿਚਾਰਧਾਰਕ ਭਗਵਾਕਰਣ ਕਰਵਾ ਲੈਣਾ ਸੀ । ਸ਼ੁਕਰ ਹੈ ਕਿ ਉਸ ਮੌਕੇ ਅਜਿਹੀ ਕੋਈ ਬਿਪਰਵਾਦੀ ਕੁਟਿਲ ਚਾਲ ਨਹੀਂ ਚੱਲੀ, ਨਹੀਂ ਤਾਂ ਉਥੋਂ ਜਨਮ ਲੈਣ ਵਾਲੀ ਮੌਜੂਦਾ ‘ਸਿੱਖ ਮਿਸ਼ਨਰੀ ਲਹਿਰ’ ਵੀ ਹੋਰ ਸਿੱਖ ਸੰਪਰਦਾਵਾਂ ਵਾਂਗ ਵਿਚਾਰਧਾਰਾ ਪੱਖੋਂ ਪੌਰਾਣਿਕ ਰੰਗ ਵਿੱਚ ਰੰਗੀ ਜਾਂਦੀ । ਇਸ ਲਈ ਹੁਣ ਤਾਂ ਖ਼ਾਲਸਾ ਪੰਥ ਨੂੰ ਹੋਰ ਵੀ ਸੁਚੇਤ ਤੇ ਇਕਮੁੱਠ ਹੋਣ ਦੀ ਲੋੜ ਹੈ; ਕਿਉਂਕਿ ਅਜੋਕੇ ਦੌਰ ਦੀ ਕੋਈ ਵੀ ਰਾਜਨੀਤਕ ਪਾਰਟੀ ਕਿਸੇ ਵੀ ਸੂਬੇ ਵਿੱਚ ਸੱਤਾਧਾਰੀ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਉਹ ਕੇਂਦਰ ਦੀ ਡੁਗਡੁਗੀ ’ਤੇ ਬਾਂਦਰੀ ਨਾਚ ਨੱਚੇ ।’’

ਕਾਰਨ ਹੈ ਕਿ ਸੰਨ 1947 ਤੋਂ ਪਿੱਛੋਂ  ਦੇਸ਼ ਦੀ ਹਕੂਮਤ ਉਨ੍ਹਾਂ ਦੇ ਹੱਥਾਂ ਵਿੱਚ ਹੈ, ਜਿਹੜੇ ਮਰਨ ਕਿਨਾਰੇ ਪਹੁੰਚੀ ਸੰਸਕ੍ਰਿਤ ਨੂੰ ‘ਦੇਵ-ਭਾਸ਼ਾ’ ਵਜੋਂ ਮੁੜ ਸੁਰਜੀਤ ਕਰਕੇ ਉਸ ਦੀ ਧੀ ‘ਹਿੰਦੀ’ ਨੂੰ ਦੇਸ਼-ਭਾਸ਼ਾ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਹਨ । ਇਸ ਲਈ ‘‘ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ (ਮਹਲਾ /੨੭) ਗੁਰਵਾਕ ਮੁਤਾਬਕ ਹੁਣ ਤਾਂ ‘ਅਥਰਵਣੀ ਵਿਚਾਰਧਾਰਾ’ ਦੇ ਪ੍ਰਚਾਰਕਾਂ ਵੱਲੋਂ ਅਜਿਹੇ ਜ਼ੋਰਦਾਰ ਹੰਭਲੇ ਮਾਰਨੇ ਸੁਭਾਵਕ ਹਨ, ਜਦੋਂ ਉਹ ਬਹੁ-ਮਤ ਨਾਲ ਕੇਂਦਰੀ ਹਕੂਮਤ ’ਤੇ ਕਾਬਜ਼ ਹਨ । ਇਹ ਲੋਕ ਤਾਂ ਉਸ ਵੇਲੇ ਬਾਜ਼ ਨਹੀਂ ਆਏ, ਜਦੋਂ ਇਸ ਦੇਸ਼ ਵਿੱਚ ਅੰਗਰੇਜ਼ੀ ਹਕੂਮਤ ਸੀ । ਪ੍ਰਸਿੱਧ ਸਿੱਖ ਵਿਦਵਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਨੇ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਉਥਾਨਕਾ ਵਿੱਚ ਵਰਣਨ ਕੀਤਾ ਹੈ ਕਿ ‘‘1931 ਦੇ ਅਪ੍ਰੈਲ ਮਹੀਨੇ ਵਿੱਚ ਸ੍ਰ: ਇਕਬਾਲ ਸਿੰਘ ਜੀ  ਬੀ.ਏ.ਬੀ.ਟੀ  ਦੀ ਪ੍ਰੇਰਨਾ ਤੇ ‘ਸੰਤ ਸਮਾਚਾਰ’ ਦੇ ਕੁਲੇਖ ਦੇ ਉੱਤਰ ਵਿੱੱਚ ‘ਹਿੰਦੀ ਤੇ ਗੁਰਮੁਖੀ ਲਿੱਪੀ ਤੇ ਵਿਚਾਰ’ ਨਾਮੇ ਟ੍ਰੈਕਟ ਲਿਖਿਆ । ਜਿਸ ਵਿੱਚ ਹਿੰਦੀ-ਸੰਸਕ੍ਰਿਤ ਅੱਖਰਾਂ ਦੀ ਅਯੋਗਤਾ ਅਤੇ ਗੁਰਮੁਖੀ ਅੱਖਰਾਂ ਦੀ ਵਿਆਪਕਤਾ ਸਿੱਧ ਕੀਤੀ ਸੀ ।’’ ਗੁਰਬਾਣੀ ਪ੍ਰੇਮੀਆਂ ਤੇ ਪੰਥ-ਦਰਦੀ ਸੱਜਣਾਂ ਨੂੰ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ‘ਦਾਖਾ’ ਜੀ ਨੂੰ ਐਸਾ ਉਪਰਾਲਾ ਕਿਉਂ ਕਰਨਾ ਪਿਆ ਅਤੇ ਉਨ੍ਹਾਂ ‘ਸੰਤ ਸਮਾਚਾਰ’ ਦੇ ਲੇਖ ਨੂੰ ਕੁਲੇਖ (ਮੰਦ-ਨੀਤੀ ਨਾਲ ਲਿਖਿਆ ਭੈੜਾ ਲੇਖ) ਕਿਉਂ ਆਖਿਆ ?

ਪੰਥ ਦਾ ਪ੍ਰਚਾਰਕ ਸੇਵਾਦਾਰ ਹੋਣ ਦੇ ਨਾਂ ’ਤੇ ਲੇਖ ਦੇ ਅੰਤ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੀਆਂ ਮੰਨੂਵਾਦੀ ਕੁਟਿਲ ਚਾਲਾਂ ਤੋਂ ਸੁਚੇਤ ਰਹੇ ਅਤੇ ਗੁੰਮਰਾਹ ਹੋ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1927 ਤੋਂ ਸੰਭਾਲੀ ਜਾ ਰਹੀ 400 ਸਾਲਾ ‘ਗੁਰਬਾਣੀ ਉਚਾਰਨ ਜੁਗਤ’ ਨੂੰ ਪ੍ਰਚਾਰਨ ਦੇ ਗੁਰਮੁਖੀ ਮਾਰਗ ਤੋਂ ਨਾ ਥਿੜਕੇ; ਜਿਵੇਂ ਕਿ ਕਮੇਟੀ ਦੇ ਕੁਝ ਵੱਡੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅਕਤੂਬਰ 2021 ਵਿੱਚ ਧਰਮ ਪ੍ਰਚਾਰ ਕਮੇਟੀ, ਸ੍ਰੀ ਅਮ੍ਰਿਤਸਰ ਦੁਆਰਾ ‘ਗੁਰਬਾਣੀ ਸੰਥਿਆ ਉਚਾਰਨ ਦੇ ਵਿਸੇਸ਼ ਹਵਾਲੇ ਨਾਲ’ ਕਿਤਾਬਚਾ ਛਾਪ ਦਿੱਤਾ ਗਿਆ ਹੈ, ਜਿਸ ਪ੍ਰਤੀ ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਗਿਆਨਤਾ ਪ੍ਰਗਟ ਕੀਤੀ। ਹਕੀਕਤ ਹੈ ਕਿ ਸਿੱਖ ਸਮਾਜ ਦੀ ਦ੍ਰਿਸ਼ਟੀ ਵਿੱਚ ਇਸ ਕਿਤਾਬਚੇ ਨੇ ਕਮੇਟੀ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਤੇ ਦੁਬਿਧਾ-ਜਨਕ ਬਣਾ ਦਿੱਤਾ ਹੈ। ਇਸ ਲਈ ਚੰਗਾ ਹੋਵੇ ਜੇ ਸ਼੍ਰੋਮਣੀ ਕਮੇਟੀ ਅਜਿਹੇ ਕਿਤਾਬਚਿਆਂ ਨੂੰ ਮੁੜ ਛਾਪਣ ਵੱਲ ਨਾ ਵਧੇ ਸਗੋਂ ਉਹ ਆਪਣੇ ਮੁੱਢਲੇ ਕਾਲ ਤੋਂ ਗੁਰਬਾਣੀ ਉਚਾਰਨ ਪੱਖੋਂ ਪ੍ਰਿਸੀਪਲ ਤੇਜਾ ਸਿੰਘ ਜੀ ਦੁਆਰਾ ਪ੍ਰੋ. ਸਾਹਿਬ ਸਿੰਘ ਜੀ ਦੀ ਸਾਲਾਹ ਨਾਲ ਰਚਿਤ ਕਿਤਾਬਚਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਅਤੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ (4 ਭਾਗ) ਨੂੰ ਨਿਰੰਤਰਤਾ ਸਹਿਤ ਛਾਪਦੀ ਆ ਰਹੀ ਸੀ, ਜਿਹੜੇ ਨਵੀਨ ਕਿਤਾਬਚੇ ਦੀ ਸੰਥਿਆ ਸ਼ੈਲੀ ਨਾਲ ਮੁੱਢੋਂ ਹੀ ਮੇਲ ਨਹੀਂ ਖਾਂਦੇ ਹਨ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਅਹੁਦੇਦਾਰਾਂ ਨੂੰ ਇਹ ਵੀ ਖ਼ਿਆਲ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਸੰਥਿਆ ਦੇ ਹਿੰਦੀ-ਨੁਮਾ ਉਚਾਰਨ ਵਾਲੀ ਜਿਹੜੀ ਵਿਧੀ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ ਪਟਿਆਲੇ ਦੀ ਅਕਤੂਬਰ 2021 ਵਿਖੇ ਹੋਈ ‘ਪੰਜ-ਰੋਜ਼ਾ ਕਾਰਜਸ਼ਾਲਾ’ ਦੇ ਸਿਖਿਆਰਥੀਆਂ ਅਤੇ ਉਪਰੋਕਤ ਕਿਸਮ ਦੇ ਨਵੀਨ ਕਿਤਾਬਚੇ ਰਾਹੀਂ ਪ੍ਰਚਾਰੀ ਜਾ ਰਹੀ ਹੈ, ਇਸ ਦੇ ਮੋਢੀ ਡਾ. ਹਰਕੀਰਤ ਸਿੰਘ ਨੂੰ ਉਚਾਰਣਿਕ ਪੱਖੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਣਜੀਤ ਸਿੰਘ ਅੱਗੇ ਫ਼ਰਵਰੀ 1998 ’ਚ ਲਿਖਤੀ ਮਾਫ਼ੀ ਮੰਗਣੀ ਪਈ ਸੀ । ਤਖ਼ਤ ਸ੍ਰੀ ਕੇਸਗੜ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ ਵੀ ਉਸ ਹਕੀਕਤ ਦੇ ਜਿਊਂਦੇ ਜਾਗਦੇ ਗਵਾਹ ਹਨ । ਕਾਰਨ ਹੈ ਕਿ ਗੁਰਬਾਣੀ ਉਚਾਰਨ ਦੀ ਹਿੰਦੀ-ਨੁਮਾ ਨਵੀਨ ਸੰਥਿਆ-ਵਿਧੀ, ਗੁਰੂ ਕਾਲ ਸਮੇਤ 200 ਸਾਲਾ ਸੰਪਰਦਾਈ ਤੇ ਸਿੱਖ ਮਿਸ਼ਨਰੀ ਲਹਿਰ ਦੀ ‘ਵਿਆਕਰਣਿਕ ਸੰਥਿਆ ਪ੍ਰਣਾਲੀ’ ਦੀ ਵਿਰਾਸਤ ਨੂੰ ਰੱਦ ਕਰਦਿਆਂ ਮੂਲੋਂ ਹੀ ਪੁੱਠਾ-ਗੇੜਾ ਦੇਣ ਤੁੱਲ ਹੈ । ਸਿੱਖ ਜਗਤ ਲਈ ਐਸਾ ਕਥਨ ਵੀ ਗੁੰਮਰਾਹਕੁੰਨ ਹੈ ਕਿ ਇਸ ਜੁਗਤ ਰਾਹੀਂ ਸਾਰੇ ਸਿੱਖ ਜਗਤ ਵਿੱਚ ਗੁਰਬਾਣੀ ਉਚਾਰਨ ਪੱਖੋਂ ਇਕਸਾਰਤਾ ਸਥਾਪਤ ਹੋ ਜਾਏਗੀ ਕਿਉਂਕਿ ਇਲਾਕਈ ਪ੍ਰਭਾਵ ਅਧੀਨ ਕਿਸੇ ਵੀ ਇੱਕ ਦੇਸ਼ ਦੇ ਵਾਸੀਆਂ ਦੇ ਭਾਸ਼ਾਈ ਉਚਾਰਨ ਵਿੱਚ ਇਕਸਾਰਤਾ ਨਹੀਂ ਹੈ। ਸਾਹਿਤਕ ਦੁਨੀਆਂ ਵਿੱਚ ਪ੍ਰਚਲਿਤ ਲੋਕੋਕਤੀ ਹੈ ਕਿ ਹਰੇਕ 12 ਕੋਹ ਪਿਛੋਂ ਭਾਸ਼ਾ ਬਦਲ ਜਾਂਦੀ ਹੈ । ਸੱਚ ਤਾਂ ਇਹ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਮੇਤ ਕਿਸੇ ਵੀ ਧਰਮ ਗ੍ਰੰਥ ਦੀ ਛਪਾਈ ਪੱਖੋਂ ਇਕਸਾਰਤਾ ਤਾਂ ਸਥਾਪਤ ਹੋ ਸਕਦੀ ਹੈ, ਪ੍ਰੰਤੂ ਉਚਾਰਣਿਕ ਇਕਸਾਰਤਾ ਤਾਂ ਮੁੱਢੋਂ ਹੀ ਅਸੰਭਵ ਹੈ ।

ਗੁਰਬਾਣੀ ਦੇ ਉਚਾਰਨ ਪੱਖੋਂ ਇਹ ਮਸਲਾ ਹੋਰ ਵੀ ਗੁੰਝਲ਼ਦਾਰ ਬਣ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹਿੰਦੁਸਤਾਨ ਦੀਆਂ ਕਈ ਮੁੱਖ ਤੇ ਉਪ-ਭਾਸ਼ਾਵਾਂ ਦੀ ਤਤਸਮ ਸ਼ਬਦਾਵਲੀ ਵੀ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਮੂਲ-ਰੂਪ ਨੂੰ ਹੂ-ਬਹੂ ਕਾਇਮ ਰੱਖਿਆ ਹੋਇਆ ਹੈ । ਪੰਜਾਬ ਦੇ ਮਝੈਲ; ‘ਛ’ ਨੂੰ ‘ਸ਼’ ਬੋਲਦੇ ਹਨ। ਗੁਜਰਾਤੀ; ‘ਸ਼’ ਨੂੰ ‘ਸ’ ਬੋਲਣ ਲਈ ਮਜਬੂਰ ਹਨ। ਜੰਮੂ ਕਸ਼ਮੀਰ ਦੇ ਵਾਸੀ; ‘ਕਨੌੜੇ’ ਨੂੰ ‘ਹੋੜੇ’ ਦੀ ਧੁਨੀ ਵਜੋਂ ਉਚਾਰਨ ਲਈ ਅਸਮਰਥ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਮੁਖੀ ਅਤੇ ਪੰਥ ਪ੍ਰਸਿੱਧ ਵਿਦਵਾਨ ਡਾ. ਬਲਕਾਰ ਸਿੰਘ ਜੀ ਨੇ ਗੁਰਬਾਣੀ ਉਚਾਰਨ ਦੀ ਹਿੰਦੀ-ਨੁਮਾ ਜੁਗਤ ਸੰਬੰਧੀ ਪੰਜਾਬ ਦੇ ਇੱਕ ਟੀ.ਵੀ. ਚੈਨਲ ’ਤੇ ਚਰਚਾ ਕਰਦਿਆਂ ਸਪਸ਼ਟ ਕਿਹਾ ਕਿ ਕਿਸੇ ਦੀ ਉਚਾਰਣਿਕ ਮਜਬੂਰੀ ਨੂੰ ਗੁਸਤਾਖ਼ੀ ਸਮਝਣ ਦੀ ਵਧੀਕੀ ਨਹੀਂ ਹੋਣੀ ਚਾਹੀਦੀ । ਮੈਂ ਅਮਰੀਕਨ ਸਿੱਖਾਂ ਨੂੰ ਪੰਜਾਬੀ ਪੜ੍ਹਾਉਂਦਿਆਂ ‘ਘ’ ਤੇ ‘ੜ’ ਨਹੀਂ ਬੁਲਵਾ ਸਕਿਆ, ਪਰ ਉਨ੍ਹਾਂ ਵਿੱਚੋਂ ਬਹੁਤੇ ਸਰਲਤਾ ਸਹਿਤ ਸਿੱਧੇ ਪਾਠ ਅਤੇ ਕੀਰਤਨ ਕਰਨ ਦੁਆਰਾ ਗੁਰਬਾਣੀ ਨਾਲ ਜੁੜਦੇ ਰਹੇ ਅਤੇ ਜੁੜ ਰਹੇ ਹਨ। ਜਿਹੜੇ ਵਿਦਵਾਨ ਹਰੇਕ ਲਫ਼ਜ਼ ਦੀ ਅਖੀਰਲੀ ਸਿਹਾਰੀ ਤੇ ਔਂਕੜ ਨੂੰ ਬੋਲਣ ਦੀ ਜ਼ਿੱਦ ਕਰਦੇ ਹਨ, ਉਨ੍ਹਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਪਾਠੀ ਅਤੇ ਕੀਰਤਨੀਏ ਉਨ੍ਹਾਂ ਦੇ ਸੁਝਾਵਾਂ ਨਾਲ ਕਿਵੇਂ ਨਿਭਣਗੇ ? ਇਸ ਮਜਬੂਰੀ ਨੂੰ ਗੁਸਤਾਖ਼ੀ ਵਾਂਗ ਲੈਣ ਵਾਲਿਆਂ ਦੇ ਪਹਿਰੇਦਾਰਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜੇ ਗੁਰਬਾਣੀ ਉਚਾਰਨ ਦੀ ਸਦੀਆਂ ਤੋਂ ਚੱਲਦੀ ਪ੍ਰੰਪਰਾਗਤ ਵਿਧੀ ਨਾਲ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ ਤਾਂ ਇਸ ਨੂੰ ਪੰਥਕ ਮਸਲਾ ਕਿਉਂ ਬਣਾਇਆ ਜਾ ਰਿਹਾ ਹੈ, ਜਿਹੜਾ ਪੰਥ ਅੰਦਰ ਸ਼ੀਆ ਸੁੰਨੀਆਂ ਵਾਙ ਟਕਰਾਅ ਨੂੰ ਜਨਮ ਦੇ ਸਕਦਾ ਹੈ।

ਇਸ ਲਈ ਦਾਸਰੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਾਰਣਿਕ ਇਕਸਾਰਤਾ ਦੀ ਥਾਂ ਪਹਿਲਾਂ ਛਾਪੇ ਦੀ ਇਕਸਾਰਤਾ ਵੱਲ ਵਿਸ਼ੇਸ਼ ਧਿਆਨ ਦੇਣ । ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਜਨਵਰੀ 1977 ਵਿੱਚ ਪ੍ਰਕਾਸ਼ਿਤ ‘ਪਾਠ-ਭੇਦਾਂ ਦੀ ਸੂਚੀ’ ਅਤੇ 26 ਮਾਰਚ 1996 ਨੂੰ ਸਥਾਪਤ ਕੀਤੀ 6 ਮੈਂਬਰੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਿੱਚ ਜੋ ਅੰਤ੍ਰਿਮ ਰਿਪੋਰਟ ਪੇਸ਼ ਕੀਤੀ ਸੀ, ਉਸ ਮੁਤਾਬਕ ਪ੍ਰਾਚੀਨ ਬੀੜਾਂ ਦੇ ਹਜ਼ਾਰਾਂ ਪਾਠ-ਭੇਦਾਂ ਦੇ ਵਖਰੇਵੇਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਗੁਰਬਾਣੀ ਪ੍ਰਕਾਸ਼ਨਾਵਾਂ ਵਿੱਚ ਵੀ ਛਾਪੇ ਦੀ ਇਕਸਾਰਤਾ ਨਹੀਂ ਹੈ। ਸ਼੍ਰੋਮਣੀ ਕਮੇਟੀ ਲਈ ਵੀ ਲੋੜੀਂਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸੰਬੰਧੀ ਉਪਰੋਕਤ ਪੱਖਾਂ ਨੂੰ ਗੰਭੀਰਤਾ ਸਹਿਤ ਵਿਚਾਰੇ ਕਿਉਂਕਿ ਹੁਣ ਉਸ ਖੋਜੀ ਟੀਮ ’ਚੋਂ ਕੇਵਲ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਅਰਦਾਸੀਏ ਗਿਆਨੀ ਭਰਪੂਰ ਸਿੰਘ ਹੀ ਸਾਡੇ ਵਿੱਚ ਮੌਜੂਦ ਹਨ, ਬਾਕੀ ਸਾਰੇ ਚਲਾਣਾ ਕਰ ਚੁੱਕੇ ਹਨ। ਗੁਰਬਾਣੀ ਦੇ ਉਚਾਰਨ ਪੱਖੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਤੇ ਸੰਪਰਦਾਈ ਪ੍ਰਨਾਲੀ ਦਾ ਸਾਰੰਸ਼ ਮੰਨੀ ਜਾਂਦੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ਦੀਆਂ ਉਚਾਰਣਿਕ ਸੇਧਾਂ ’ਤੇ ਆਧਾਰਿਤ 2 ਸਦੀਆਂ ਦੀ, ਜੋ ‘ਵਿਆਕਰਣਿਕ ਸੰਥਿਆ ਸ਼ੈਲੀ’ ਦੀ ਵਿਰਾਸਤ ਹੈ, ਉਸ ’ਤੇ ਦ੍ਰਿੜ੍ਹਤਾ ਸਹਿਤ ਪਹਿਰਾ ਦੇਵੇ । ਉਸ ਦੀ ਮੁੱਖ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਸਾਜਿਸ਼ ਦਾ ਸ਼ਿਕਾਰ ਹੋਣ ਤੋਂ ਬਚਦੀ ਹੋਈ ਸਮੁੱਚੇ ਸਿੱਖ ਭਾਈਚਾਰੇ ਨੂੰ ਲੁੱੱਟ ਦੇ ਖ਼ਤਰੇ ਵਾਲੇ ਦੁਬਿਧਾ-ਜਨਕ ਕੁਮਾਰਗ ਤੋਂ ਬਚਾ ਕੇ ਰੱਖੇ । ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਭਲੀਭਾਂਤ ਸੁਚੇਤ ਕੀਤਾ ਹੈ ‘‘ਦੁਬਿਧਾ ਛੋਡਿ ਕੁਵਾਟੜੀ; ਮੂਸਹੁਗੇ ਭਾਈ !॥  ਅਹਿਨਿਸਿ ਨਾਮੁ ਸਲਾਹੀਐ; ਸਤਿਗੁਰ ਸਰਣਾਈ ॥’’ (ਮਹਲਾ ੧/੪੧੯)

 ਵਿਸ਼ੇਸ਼ ਨੋਟ : ਵਿਦਵਾਨ ਸੱਜਣਾਂ ਦੇ ਵਿਸ਼ੇਸ਼ ਵਿਚਾਰਾਂ ਨੂੰ ਦੂਹਰੇ ਤੇ ਪੁੱਠੇ (‘‘’’) ਕੌਮਿਆਂ ਅੰਦਰ ਪ੍ਰਗਟਾਇਆ ਹੈ, ਪ੍ਰੰਤੂ ਉਨ੍ਹਾਂ ਦੇ ਬਿਖਮ ਲਫ਼ਜ਼ਾਂ ਦੀ ਸਪਸ਼ਟਤਾ ਹਿਤ ਗੋਲ ਬ੍ਰੈਕਟਾਂ () ਵਿੱਚ ਲਿਖੇ ਵਿਚਾਰ ਲੇਖਕ ਦੇ ਹਨ।

ਭੁੱਲ-ਚੁੱਕ ਲਈ ਮੁਆਫ਼ ਕਰਨੀ ਜੀ । ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹ ।

ਸ੍ਰੀ ਗੁਰੂ ਗ੍ਰੰਥ ਅਤੇ ਪੰਥ ਦਾ ਪ੍ਰਚਾਰਕ ਸੇਵਾਦਾਰ : ਜਗਤਾਰ ਸਿੰਘ ਜਾਚਕ (ਨਿਊਯਾਰਕ)

ਗੁਰਬਾਣੀ ਪਾਠ-ਬੋਧ ਉਚਾਰਨ ਬਾਰੇ ਉੱਠਦੇ ਸਵਾਲਾਂ ਦੇ ਜਵਾਬ

0

ਗੁਰਬਾਣੀ ਪਾਠ-ਬੋਧ ਉਚਾਰਨ ਬਾਰੇ ਉੱਠਦੇ ਸਵਾਲਾਂ ਦੇ ਜਵਾਬ

ਗਿਆਨੀ ਅਵਤਾਰ ਸਿੰਘ

ਗੁਰਬਾਣੀ; ਬੰਦੇ ਲਈ ਰੂਹ ਦੀ ਖ਼ੁਰਾਕ ਹੈ। ਇਸ ਕਾਰਨ ਇਸ ਨੂੰ ਪ੍ਰਗਟ ਕਰਨ ਵਾਲ਼ੇ ‘ਕਾਗਜ਼, ਕਲਮ, ਸਿਆਹੀ, ਅੱਖਰ, ਚਿੰਨ੍ਹ, ਲਿਪੀ, ਭਾਸ਼ਾ, ਲਿਖਤ ਨਿਯਮ (ਵਿਆਕਰਨ), ਰਾਗ’ ਆਦਿਕ ਭੀ ਪੂਜਨੀਕ ਹਨ। ਦੁਨੀਆ ਦਾ ਹਰ ਗਿਆਨ ਭਾਵੇਂ ਇਨ੍ਹਾਂ ਯੁਕਤੀਆਂ ਰਾਹੀਂ ਹੀ ਪ੍ਰਗਟ ਹੁੰਦਾ ਹੈ, ਪਰ ਇਨ੍ਹਾਂ ਨੂੰ ਅਜਿਹਾ ਸਤਿਕਾਰ ਨਹੀਂ ਮਿਲਦਾ। ਭਗਤ ਰਵਿਦਾਸ ਜੀ ਅਤਿ ਅਪਵਿੱਤਰ ਮੰਨੇ ਜਾਂਦੇ ਤਾੜੀ-ਰੁੱਖ ਦੇ ਹਵਾਲੇ ਨਾਲ਼ ਸਮਝਾਉਂਦੇ ਹਨ (ਜਿਸ ਤੋਂ ਸ਼ਰਾਬ ਬਣਦੀ ਹੈ) ਕਿ ਉਸ ਤੋਂ ਬਣੇ ਕਾਗਜ਼ ’ਤੇ ਰੱਬ ਦੀ ਵਡਿਆਈ ਲਿਖੀ ਜਾਵੇ ਤਾਂ ਉਹ ਭੀ ਪੂਜਣਯੋਗ ਹੋ ਜਾਂਦਾ ਹੈ ‘‘ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ! ਜੈਸੇ ਕਾਗਰਾ ਕਰਤ ਬੀਚਾਰੰ   ਭਗਤਿ ਭਾਗਉਤੁ ਲਿਖੀਐ ਤਿਹ ਊਪਰੇ; ਪੂਜੀਐ ਕਰਿ ਨਮਸਕਾਰੰ ’’ (ਭਗਤ ਰਵਿਦਾਸ/੧੨੯੩) ਵੈਸੇ ਇਹ ਯੁਕਤੀਆਂ ਭੀ ਸਥਾਈ ਨਹੀਂ; ਜਿਸ ਤਰ੍ਹਾਂ ਇਨ੍ਹਾਂ ਅੰਦਰ ਦਰਜ ਇਲਾਹੀ ਪੈਗ਼ਾਮ ਸਥਾਈ ਹੁੰਦਾ ਹੈ। ਭਗਤ ਕਬੀਰ ਜੀ ਦੇ ਵਚਨ ਹਨ ‘‘ਬਾਵਨ ਅਛਰ ਲੋਕ ਤ੍ਰੈ; ਸਭੁ ਕਛੁ ਇਨ ਹੀ ਮਾਹਿ ਅਖਰ ਖਿਰਿ ਜਾਹਿਗੇ; ਓਇ ਅਖਰ (+ਖਰ, ਅਬਿਨਾਸ਼ੀ ਰੱਬ) ਇਨ ਮਹਿ ਨਾਹਿ ’’ (ਭਗਤ ਕਬੀਰ/੩੪੦), ਸਭ ਤੋਂ ਵੱਧ ਯਾਨੀ ਕਿ 30 ਰਾਗਾਂ ’ਚ ਗੁਰਬਾਣੀ ਦੀ ਰਚਨਾ ਕਰਨ ਵਾਲ਼ੇ ਗੁਰੂ ਰਾਮਦਾਸ ਜੀ; ਇਹ ਭੀ ਸਮਝਾਉਂਦੇ ਹਨ ਕਿ ਕੇਵਲ ਰਾਗ ਨਾਦ ਨਾਲ਼ ਰੱਬੀ ਹੁਕਮ ਨਹੀਂ ਸਮਝਿਆ ਜਾ ਸਕਦਾ ‘‘ਰਾਗੈ ਨਾਦੈ ਬਾਹਰਾ; ਇਨੀ ਹੁਕਮੁ ਬੂਝਿਆ ਜਾਇ ’’ (ਮਹਲਾ /੧੪੨੩) ਸੋ ਭਾਵੇਂ ਉਕਤ ਸਾਧਨ ਸਤਿਕਾਰਮਈ ਹਨ, ਪਰ ਗੁਰਬਾਣੀ ਦਾ ਅਸਲ ਸਤਿਕਾਰ; ਇਸ ਅੰਦਰ ਦਰਜ ਗੁਰੂ ਉਪਦੇਸ਼ ਨੂੰ ਸਮਝਣਾ ਤੇ ਉਸ ਅਨੁਸਾਰ ਜੀਵਨ ਬਤੀਤ ਕਰਨਾ ਹੀ ਹੈ।

ਗੁਰਬਾਣੀ; ਕਾਵਿਕ ਰਚਨਾ ਹੈ। ਕਾਵਿਮਈ ਰਚਨਾ ਅਤੇ ਵਾਰਤਕ (ਤੁਕਾਂਤ ਰਹਿਤ ਯਾਨੀ ਕਿ ਗੱਦ-) ਰਚਨਾ ’ਚ ਇਹੀ ਅੰਤਰ ਹੁੰਦੈ ਕਿ ਵਾਰਤਕ ਲਿਖਣ ਵਾਲ਼ਾ ਲੇਖਕ; ਵਾਰਤਕ ਨਿਯਮਾਂ ’ਚ ਬੱਝਾ ਹੁੰਦੈ ਜਦਕਿ ਕਾਵਿ ਰਚਨਾ ਦੌਰਾਨ ਲੇਖਕ; ਭਾਸ਼ਾਈ ਬੰਦਸ਼ ਤੋਂ ਸੁਤੰਤਰ ਹੁੰਦੈ ਭਾਵ ਬਾਣੀਕਾਰ (ਕਵੀ) ਭਾਸ਼ਾਈ ਸ਼ਬਦਾਂ ਦੇ ਮੁਕਾਬਲੇ ਕਾਵਿ ਪਿੰਗਲ ਨੂੰ ਪਹਿਲ ਦਿੰਦੈ; ਜਿਵੇਂ ਕਿ ਵਾਰਤਕ ’ਚ ‘ਪਾਣੀ ਪੀਤਾ, ਖਾਣਾ ਖਾਧਾ’ ਹੀ ਲਿਖਿਆ ਜਾਂਦੈ, ਨਾ ਕਿ ‘ਪਾਣੀ ਖਾਧਾ ਤੇ ਖਾਣਾ ਪੀਤਾ’, ਪਰ ਕਵਿਤਾ ’ਚ ‘ਪਾਣੀ ਖਾਧਾ ਤੇ ਖਾਣਾ ਪੀਤਾ’ ਭੀ ਲਿਖ ਸਕਦੇ ਹਾਂ; ਜਿਵੇਂ ਕਿ ਗੁਰਬਾਣੀ ’ਚ ਪੀਣ ਵਾਲ਼ੀ ਵਸਤੂ (ਅੰਮ੍ਰਿਤ/ਰਾਮ ਰਸੁ) ਨੂੰ ਖਾਧਾ ਭੀ ਕਿਹਾ ਹੈ ‘‘ਤਿਨ ਕੇ ਪਾਪ ਦੋਖ ਸਭਿ ਬਿਨਸੇ; ਜੋ ਗੁਰਮਤਿ ਰਾਮ ਰਸੁ ਖਾਤੇ (ਮਹਲਾ /੧੬੯), ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ’’ (ਮਹਲਾ /੯੬੨) ਇਸ ਵਿਚਾਰ ਨਾਲ਼ ਇਹੀ ਪ੍ਰਗਟ ਹੁੰਦੈ ਕਿ ਕਵਿਤਾ ਰਾਹੀਂ ਦਿੱਤਾ ਸੰਦੇਸ਼ ਹੀ ਅਸਲ ਟੀਚਾ ਹੈ, ਨਾ ਕਿ ਭਾਸ਼ਾਈ ਸ਼ਬਦ, ਨਿਯਮ, ਰਾਗ, ਕਾਗਜ਼ ਆਦਿ। ਮਤਾਂ ਬੰਦਾ ਇਨ੍ਹਾਂ ਨੂੰ ਸਤਿਕਾਰ ਦੇਣ, ਦਿਵਾਉਣ ’ਚ ਰੁੱਝਿਆ ਰਹੇ ਤੇ ਅਸਲ ਟੀਚੇ (ਗੁਰਮਤਿ) ਤੋਂ ਦੂਰ ਹੁੰਦਾ ਜਾਵੇ।

ਗੁਰਬਾਣੀ ਨੂੰ ਪੜ੍ਹਨ ਨਾਲ਼ੋਂ ਇਸ ਦੀ ਵਿਚਾਰ ਕਰਨ ਵੱਲ ਵਧੇਰੇ ਧਿਆਨ ਦਿਵਾਇਆ ਹੈ; ਜਿਵੇਂ ਕਿ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ (ਮਹਲਾ /੯੦੪), ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ (ਰਾਹੀਂ) ਕਰੇ ਵੀਚਾਰੁ ’’ (ਮਹਲਾ /੫੯੪) ਦੂਜੇ ਪਾਸੇ ਨਿਰਾ ਪੜ੍ਹਨ ਨੂੰ ਨਿਰਮੂਲ ਦੱਸਿਐ ‘‘ਪੜਿਐ ਨਾਹੀ; ਭੇਦੁ, ਬੁਝਿਐ ਪਾਵਣਾ (ਮਹਲਾ /੧੪੮), ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ   ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ   ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ (ਮਹਲਾ /੪੬੭), ਪੜੇ, ਸੁਨੇ; ਕਿਆ ਹੋਈ  ? (ਭਗਤ ਕਬੀਰ/੬੫੫), ਪੜੈ, ਸੁਣਾਵੈ; ਤਤੁ ਚੀਨੀ ’’ (ਮਹਲਾ /੯੦੪) ਆਦਿ।

ਗੁਰਬਾਣੀ; ਸਿੱਖ ਦਾ ਮਾਰਗ-ਦਰਸ਼ਨ ਹੈ। ਇਸ ਦਾ ਅਸਲ ਸਤਿਕਾਰ; ਸਤਿਗੁਰੂ ਅਨੁਸਾਰੀ ਜੀਵਨ ਜਾਚ ਸਿੱਖਣਾ ਤੇ ਹੋਰਾਂ ਲਈ ਆਦਰਸ਼ ਬਣਨਾ ਹੈ, ਪਰ ਬਹੁਤਾਤ ਸਿੱਖ ਇਸ ਪਾਸਿਓਂ ਮੂੰਹ ਮੋੜ ਗੁਰਬਾਣੀ ਦੇ ਕੇਵਲ ਬਾਹਰੀ ਸਤਿਕਾਰ ਕਰਨ/ਕਰਾਉਣ ਤੱਕ ਦਲੀਲਾਂ ਦਿੰਦੇ ਰਹਿੰਦੇ ਹਨ। ਭਾਵੇਂ ਕਿ ਇਹ ਭੀ ਜ਼ਰੂਰੀ ਹੈ, ਪਰ ਇੱਥੋਂ ਤੱਕ ਹੀ ਸੀਮਤ ਰਹਿਣਾ; ਗੁਰੂ ਦਾ ਟੀਚਾ ਨਹੀਂ।  ਗੁਰਬਾਣੀ; ਪੜ੍ਹੀ ਬਹੁਤ ਜਾ ਰਹੀ ਹੈ, ਪਰ ਅਜੋਕੇ ਬੱਚਿਆਂ ਅੰਦਰ ਧਰਮ ਪ੍ਰਤੀ ਪੈਦਾ ਹੁੰਦੇ ਸੰਦੇਹ ਜਾਂ ਪੈਦਾ ਕੀਤੇ ਜਾ ਰਹੇ ਸ਼ੰਕੇ; ਦੂਰ ਕਰਨ ਲਈ ਕੋਈ ਕੌਮੀ ਏਜੰਡਾ ਨਹੀਂ ਉਲੀਕਿਆ ਜਾਂਦਾ ਬਲਕਿ ਗੁਰਬਾਣੀ ਦੇ ਸ਼ੁੱਧ/ਅਸ਼ੁੱਧ ਪਾਠ ਨੂੰ ਵੱਡਾ ਮੁੱਦਾ ਬਣਾ ਨਵੇਂ ਧੜੇ ਖੜ੍ਹੇ ਕੀਤੇ ਜਾਂਦੇ ਹਨ। ਹਿੰਦੂ, ਮੁਸਲਮਾਨ ਆਦਿਕ ’ਚ ਆਪਸੀ ਮਤਭੇਦ ਸਿਧਾਂਤਿਕ ਵੇਖੇ ਗਏ, ਪਰ ਸਿੱਖਾਂ ਅੰਦਰ ਗੁਰਬਾਣੀ ਦੇ ਪੜ੍ਹਨ ਨੂੰ ਲੈ ਕੇ ਹੀ ਗੁਰੂ ਦੋਖੀ, ਗੁਰੂ ਨਿੰਦਕ ਸਿੱਧ ਕੀਤਾ ਜਾ ਰਿਹਾ ਹੈ। ਸਿੱਖ ਮਿਸ਼ਨਰੀ ਕਾਲਜਾਂ ਨੇ ਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਏਜੰਡੇ ਨੂੰ ਅੱਗੇ ਵਧਾਇਆ ਹੈ, ਪਰ ਬਦਕਿਸਮਤੀ ਨਾਲ਼ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਇੱਕ ਸਿਆਸੀ ਧੜੇ ਦੀ ਜ਼ਬਾਨ ਬਣ ਕੇ ਰਹਿ ਗਈ ਹੈ।

ਵਿਧਾਨ ਸਭਾ ਚੁਣਾਵ (ਫ਼ਰਵਰੀ 2022) ਨੂੰ ਵੇਖਦਿਆਂ ਬਹਾਦਰ ਗੜ੍ਹ (ਪਟਿਆਲ਼ਾ) ਵਿਖੇ 11 ਤੋਂ 15 ਅਕਤੂਬਰ 2021 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ਼ ਕਰਵਾਈ ਗਈ ‘ਗੁਰਬਾਣੀ ਸੰਥਿਆ ਕਾਰਜਸ਼ਾਲਾ’ ’ਚ ਗੁਰਬਾਣੀ ਦੇ ਹਰ ਲਗ-ਮਾਤਰ ਦੇ ਉਚਾਰਨ ਕਰਨ ਵਾਲ਼ਿਆਂ ਨੂੰ ਜਿੱਥੇ ਸੱਚੇ ਸਿੱਖ ਕਿਹਾ ਗਿਆ ਓਥੇ ਹੁਣ ਤੱਕ ਪ੍ਰਚਲਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਿਸ਼ਨਰੀ ਕਾਲਜਾਂ ਦੇ ਪਾਠ-ਸੰਥਿਆ ਕਰਨ ਵਾਲ਼ਿਆਂ ਨੂੰ ਗੁਰੂ ਨੂੰ ਬੇਦਾਵਾ ਦੇਣ ਵਾਲ਼ੇ ਸਿੱਖ ਤੱਕ ਕਹਿ ਦਿੱਤਾ। ਇਹ ਕੋਈ ਪਹਿਲਾ ਮੌਕਾ ਨਹੀਂ ਜਦ ਕਾਲਜਾਂ ਦੇ ਪ੍ਰਚਲਿਤ ਪਾਠ-ਬੋਧ ’ਤੇ ਸਵਾਲ ਖੜ੍ਹੇ ਹੋਏ ਹੋਣ, ਇਸ ਤੋਂ ਪਹਿਲਾਂ ਭੀ ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਸਾਹਿਬ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ (ਚੰਡੀਗੜ੍ਹ ਵਾਲ਼ੇ), ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਆਦਿਕ ’ਤੇ ਅਜਿਹੇ ਆਰੋਪ ਲੱਗ ਚੁੱਕੇ ਹਨ। ਇਸ ਵਾਰੀ ਹੈਰਾਨੀ ਇਹ ਹੈ ਕਿ ਉਨ੍ਹਾਂ ਲੋਕਾਂ ਨਾਲ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਖੜ੍ਹੀ ਹੀ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੁਆਰਾ ਲਿਖੇ ਕਿਤਾਬਚੇ ਬਕਾਇਦਾ ਛਪਵਾ ਕੇ ਵੰਡੇ, ਜੋ ਪੰਥ ਦਰਦੀਆਂ ਨੂੰ ਹੈਰਾਨ ਕਰਦਾ ਹੈ ਤਾਂ ਤੇ ਹਰ ਗੁਰਸਿੱਖ ਨੂੰ ਗੁਰਬਾਣੀ ਪਾਠ-ਬੋਧ ਬਾਰੇ ਦਿੱਤੀਆਂ ਗਈਆਂ ਹਦਾਇਤਾਂ ਤੇ ਪ੍ਰਚਲਿਤ ਪਾਠ-ਬੋਧ ਨਿਯਮਾਂ ਬਾਰੇ ਥੋੜ੍ਹਾ ਜਾਣਨਾ ਜ਼ਰੂਰੀ ਹੈ।

ਪ੍ਰਚਲਿਤ ਗੁਰਬਾਣੀ ਪਾਠ-ਬੋਧ ਦਾ ਵਿਰੋਧ ਕਰਨ ਵਾਲ਼ਿਆਂ ’ਚ ਸ਼ਾਮਲ ਹਨ ‘ਚੀਫ਼ ਖਾਲਸਾ ਦੀਵਾਨ ਦੇ ਅਜੋਕੇ ਪ੍ਰਬੰਧਕ, ਡਾਕਟਰ ਹਰਕੀਰਤ ਸਿੰਘ, ਸ. ਇੰਦਰ ਸਿੰਘ, ਡਾਕਟਰ ਗੁਰਮੇਲ ਸਿੰਘ, ਡਾਕਟਰ ਚਮਕੌਰ ਸਿੰਘ, ਡਾਕਟਰ ਬ੍ਰਿਜਪਾਲ ਸਿੰਘ ਆਦਿਕ, ਜਿਨ੍ਹਾਂ ਨੇ ਬਕਾਇਦਾ ਮਿਸ਼ਨਰੀ ਪਾਠ-ਬੋਧ ਵਿਰੁਧ ਕਿਤਾਬਾਂ ਛਾਪੀਆਂ ਹਨ। ਜਿਨ੍ਹਾਂ ਨੂੰ ਵੇਰਵੇ ਸਹਿਤ ਵਿਚਾਰਿਆ ਗਿਆ ਹੈ।

ਸੰਨ 2016-17 ’ਚ ਤਿੰਨ ਕੁ ਵਾਰ ਡਾਕਟਰ ਮੋਹਨ ਸਿੰਘ ਜੀ ਲੁਧਿਆਣੇ ਵਾਲ਼ੇ ਮੇਰੇ ਕੋਲ਼ ਗੁਰਬਾਣੀ ਵਿਆਕਰਨ ਸੰਬੰਧੀ ਵਿਚਾਰ ਵਟਾਂਦਰਾ ਕਰਨ ਆਏ। ਅਸੀਂ ਪ੍ਰਤੀ ਦਿਨ 7-8 ਘੰਟੇ ਸ਼ਬਦ ਵਿਚਾਰ ਕੀਤੀ। ਉਨ੍ਹਾਂ ਦਾ ਗੁਰਬਾਣੀ ਉਚਾਰਨ ਪ੍ਰਤੀ ਨਜ਼ਰੀਆ ਭੀ ਉਕਤ ਵਿਦਵਾਨਾਂ ਵਾਲ਼ਾ ਸੀ।  ਉਨ੍ਹਾਂ ਦੁਆਰਾ ਕੀਤੇ ਤਿੰਨ ਪ੍ਰਮੁੱਖ ਸਵਾਲ ਅਤੇ ਮੇਰੇ ਵੱਲੋਂ ਦਿੱਤੇ ਜਵਾਬ ਹੇਠਾਂ ਦਰਜ ਹਨ :

ਸਵਾਲ ਨੰਬਰ 1 : ਤੁਸੀਂ ਗੁਰਬਾਣੀ ਨੂੰ ਅਜੋਕੀ ਪੰਜਾਬੀ ਵਾਙ ਬਿੰਦੀ ਸਹਿਤ ਪੜ੍ਹਦੇ ਹੋ ?

ਜਵਾਬ : ਨਹੀਂ ਜੀ। ਮਿਸਾਲ ਵਜੋਂ ‘ਕਾਇਆ’ ਸ਼ਬਦ ਲੈਂਦੇ ਹਾਂ, ਜੋ ਗੁਰਬਾਣੀ ’ਚ 173 ਵਾਰ ਬਿਨਾਂ ਬਿੰਦੀ (ਕਾਇਆ) ਹੈ, 12 ਵਾਰ ‘ਕਾਂਇਆ’ ਹੈ ਤੇ ਇੱਕ ਵਾਰ ‘ਕਾਇਆਂ’। ਇਸ ਸ਼ਬਦ ਦਾ ਅਜੋਕਾ (ਪੰਜਾਬੀ/ਸੰਸਕ੍ਰਿਤ) ਉਚਾਰਨ ‘ਕਾਇਆ’ (ਬਿਨਾਂ ਬਿੰਦੀ) ਹੈ, ਪਰ ਅਸੀਂ ਹਰ ਥਾਂ ‘ਕਾਂਇਆ’ ਪੜ੍ਹਦੇ ਹਾਂ ਕਿਉਂਕਿ ਇਹ ਬਣਤਰ ਗੁਰਬਾਣੀ ’ਚ 12 ਵਾਰ ਹੈ। ਜਿਨ੍ਹਾਂ ’ਚੋਂ 4 ਵਾਰ ਗੁਰੂ ਨਾਨਕ ਸਾਹਿਬ, 2 ਵਾਰ ਗੁਰੂ ਅਮਰਦਾਸ ਜੀ, 2 ਵਾਰ ਗੁਰੂ ਰਾਮਦਾਸ ਜੀ, 2 ਵਾਰ ਗੁਰੂ ਅਰਜਨ ਸਾਹਿਬ ਜੀ ਅਤੇ 1-1 ਵਾਰ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਭਗਤ ਕਬੀਰ ਜੀ ਦੀ ਬਾਣੀ ’ਚ ਦਰਜ ਹੈ ਯਾਨੀ ਕਿ ‘ਕਾਂਇਆ’ (ਬਿੰਦੀ ਸਮੇਤ) ਸਰੂਪ ਭਗਤ ਕਬੀਰ ਜੀ ਤੋਂ ਲੈ ਕੇ ਨਾਵੇਂ ਪਾਤਿਸ਼ਾਹ ਦੇ ਸਮੇਂ ਤੱਕ (ਤਕਰੀਬਨ 200 ਸਾਲ) ਕਾਇਮ ਰਿਹਾ ਹੈ। ਜੇਕਰ ਅਜੋਕੀ ਬੋਲੀ ਵਾਙ ਉਚਾਰਨ ਕਰਨਾ ਹੁੰਦਾ ਤਾਂ ਹਰ ਥਾਂ ‘ਕਾਇਆ’ (ਬਿਨਾਂ ਬਿੰਦੀ) ਪੜ੍ਹਿਆ ਜਾਂਦਾ।

ਸਵਾਲ ਨੰਬਰ 2 : ਜਦ ਉਸ ਸਮੇਂ ਨਾਸਕੀ ਉਚਾਰਨ ਹੁੰਦਾ ਸੀ ਤਾਂ ਹਰ ਥਾਂ ‘ਕਾਂਇਆ’ (ਬਿੰਦੀ ਸਮੇਤ) ਕਿਉਂ ਨਹੀਂ ਦਰਜ ਕੀਤਾ ?

ਜਵਾਬ : ਗੁਰਬਾਣੀ ’ਚੋਂ ‘ਵਡਿਆਈਆ’ ਸ਼ਬਦ ਲੈਂਦੇ ਹਾਂ, ਜੋ 32 ਵਾਰ ‘ਵਡਿਆਈਆ’ (ਬਿਨਾਂ ਬਿੰਦੀ) ਹੈ, 3 ਵਾਰ ‘ਵਡਿਆਈਆਂ’ (ਨਾਸਕੀ ਅੰਤ) ਹੈ ਤੇ ਇੱਕ ਵਾਰ ‘ਵਡਿਆਂਈਆ’ (ਯਾਨੀ ਕਿ ਅਸ਼ੁੱਧ ਰੂਪ) ਹੈ; ਜਿਵੇਂ ਕਿ

(1). ਤੇਰੀਆ ਸਦਾ ਸਦਾ ਚੰਗਿਆਈਆ ॥  ਮੈ ਰਾਤਿ ਦਿਹੈ ਵਡਿਆਈਆਂ ॥ (ਮਹਲਾ ੧/੭੩)

(2). ਸਿਧਾ ਪੁਰਖਾ ਕੀਆ ਵਡਿਆਈਆਂ ॥ (ਮਹਲਾ ੧/੩੪੯)

(3). ਨਾਨਕ ! ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ ॥ (ਮਹਲਾ ੨/੧੨੯੦)

(4/1). ਜਾ ਤੂੰ ਵਡਾ, ਸਭਿ ਵਡਿਆਂਈਆ; ਚੰਗੈ ਚੰਗਾ ਹੋਈ ॥ (ਮਹਲਾ ੧/੧੪੫)

ਗੁਰੂ ਨਾਨਕ ਸਾਹਿਬ ਜੀ; ਉਕਤ ਨੰਬਰ 1 ਤੇ 2 ’ਚ ‘ਵਡਿਆਈਆਂ’ (ਨਾਸਕੀ ਅੰਤ) ਲਿਖਦੇ ਹਨ ਪਰ ਨੰਬਰ 4/1 ’ਤੇ ਕੀ ਇੱਕ ਵਾਰ ‘ਵਡਿਆਂਈਆ’ (ਅਸ਼ੁੱਧ) ਲਿਖਦੇ ? ਨਹੀਂ। ਇਹ ਛਾਪੇ ਦੀ ਗ਼ਲਤੀ ਹੈ। ਜੇਕਰ ‘ਕਾਇਆ’ ਨੂੰ 173 ਵਾਰ ਤੇ ‘ਵਡਿਆਈਆ’ ਨੂੰ ਹੋਰ 32 ਵਾਰ ਭੀ ਬਿੰਦੀ ਸਮੇਤ ਲਿਖਿਆ ਹੁੰਦਾ ਤਾਂ ਅਜਿਹੀਆਂ ਗ਼ਲਤੀਆਂ ਵਧ ਜਾਂਦੀਆਂ, ਜਿਨ੍ਹਾਂ ’ਚ ਸੋਧ ਕਰਨੀ ਮੁਸ਼ਕਲ ਸੀ।

ਸਵਾਲ ਨੰਬਰ 3 : ਤੁਸੀਂ ਇੱਕ ਵਚਨ ਨਾਂਵ ਸ਼ਬਦ ਦੀ ਅੰਤ ਸਿਹਾਰੀ ਤੇ ਅੰਤ ਔਂਕੜ ਨਹੀਂ ਉਚਾਰਦੇ, ਕਿਉਂ ?

ਜਵਾਬ : (ੳ). ਗੁਰਬਾਣੀ ’ਚ ਦੋ ਲਗਾਂ (ਔਂਕੜ/ਹੋੜਾ ਧੁਨੀਆਂ) ਵਾਲ਼ੇ ਭੀ ਅੱਖਰ ਹਨ। ਗੁਰਬਾਣੀ ਕਾਵਿਕ ਰਚਨਾ ਹੋਣ ਕਾਰਨ ਪਿੰਗਲ ਵਜ਼ਨ (ਤੋਲ) ਜ਼ਰੂਰੀ ਹੈ, ਜਿਸ ਮੁਤਾਬਕ ਲਘੂ ਮਾਤਰਾ ਨੂੰ 1-1 ਅੰਕ ਤੇ ਦੀਰਘ ਦੇ 2-2 ਅੰਕ ਹਨ ਜਦਕਿ ਇਸ ਨਿਯਮ ਮੁਤਾਬਕ ਇੱਕੋ ਅੱਖਰ ਦੀਆਂ ਦੋ ਲਗਾਂ ਲਈ ਸਾਂਝੇ 2 ਜਾਂ 3 ਅੰਕ ਨਹੀਂ ਹੁੰਦੇ। ਜਿਸ ਸ਼ਬਦ ਦੇ ਇੱਕ ਬੰਦ ’ਚ 2-2 ਲਗਾਂ ਵਾਲ਼ੇ ਅੱਖਰ ਹਨ, ਉਨ੍ਹਾਂ ਦਾ ਕੁੱਲ ਪਿੰਗਲ ਜੋੜ; ਸ਼ਬਦ ਦੇ ਬਾਕੀ ਬੰਦਾਂ ਨਾਲ਼ੋਂ ਪਹਿਲਾਂ ਹੀ ਵੱਧ ਹੁੰਦੈ। ਉਤੋਂ ਦੋਵੇਂ ਲਗਾਂ ਪੜ੍ਹ ਕੇ ਕਾਵਿ ਪਿੰਗਲ ਅੰਤਰ, ਹੋਰ ਵਧੇਰੇ; ਜਿਵੇਂ ਕਿ ਹੇਠਲੇ ਸ਼ਬਦ ਦੇ ਦੂਜੇ ਬੰਦ ’ਚ ਤੁੋਹੀ ਸ਼ਬਦ ਹੈ ਤੇ ਪਿੰਗਲ ਜੋੜ 67 ਹੈ। ਚੌਥੇ ਬੰਦ ’ਚ ਅਨਦਿਨੁੋ ਹੈ ਤੇ ਪਿੰਗਲ ਜੋੜ 65 ਹੈ। ਇਹ ਦੋਵੇਂ ਸੰਖਿਆ; ਸ਼ਬਦ ਦੇ ਪਹਿਲੇ ਬੰਦ ਦੇ ਕੁੱਲ ਜੋੜ 64 ਤੇ ਤੀਜੇ ਬੰਦ ਦੀ ਸੰਖਿਆ 59 ਤੋਂ ਪਹਿਲਾਂ ਹੀ ਵੱਧ ਹਨ; ਜਿਵੇਂ ਕਿ

ਨੋਟ : ਹੇਠਲੇ ਸ਼ਬਦ ’ਚ ਲਘੂ ਮਾਤਰਾ (ਮੁਕਤਾ, ਔਂਕੜ, ਸਿਹਾਰੀ, ਲਾਂ ਤੇ ਹੋੜਾ) ਦੇ 1-1 ਅੰਕ ਅਤੇ ਦੀਰਘ ਮਾਤਰਾ (ਕੰਨਾ, ਦੁਲੈਂਕੜ, ਬਿਹਾਰੀ, ਦੁਲਾਵਾਂ ਤੇ ਕਨੌੜਾ) ਦੇ 2-2 ਅੰਕ ਲਏ ਹਨ।  ‘ਤੁੋਹੀ’ ਦਾ ਕੇਵਲ ਹੋੜਾ ਤੇ ‘ਅਨਦਿਨੁੋ’ ਦਾ ਔਂਕੜ ਹੀ ਗਿਣਿਆ (ਪੜ੍ਹਿਆ) ਹੈ।

ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ-32 ॥

ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ-32=64

ਕੈਸੀ ਆਰਤੀ ਹੋਇ ॥  ਭਵ ਖੰਡਨਾ ! ਤੇਰੀ ਆਰਤੀ ॥  ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ-34 ॥

ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ-33=67

ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ-30 ॥

ਗੁਰ ਸਾਖੀ; ਜੋਤਿ ਪਰਗਟੁ ਹੋਇ ॥  ਜੋ ਤਿਸੁ ਭਾਵੈ; ਸੁ ਆਰਤੀ ਹੋਇ-29=59

ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੁੋ ਮੋਹਿ ਆਹੀ ਪਿਆਸਾ-32 ॥

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ; ਹੋਇ ਜਾ ਤੇ ਤੇਰੈ+ਨਾਇ ਵਾਸਾ-33=65

(ਸੋਹਿਲਾ/ਮਹਲਾ ੧/੧੩)

ਜਾਂ ਸ਼ਬਦ ਦੇ ਇੱਕੋ ਬੰਦ ’ਚ ਤੁਕਾਂ ਦਾ ਪਰਸਪਰ ਪਿੰਗਲ ਜੋੜ ਵੱਧ ਹੁੰਦੈ; ਜਿਵੇਂ ਹੇਠਲੀ ‘ਗੁੋਬਿੰਦ’ ਵਾਲ਼ੀ ਤੁਕ ’ਚ ਕੁੱਲ ਜੋੜ 16 ਹੈ, ਜੋ ਬਾਕੀ ਤਿੰਨ 14, 14, 11 ਦੇ ਮੁਕਾਬਲੇ ਪਹਿਲਾਂ ਹੀ ਵੱਧ ਹੈ। ਇਸ ਦਾ ਹੋੜਾ ਤੇ ਔਂਕੜ ਦੋਵੇਂ ਉਚਾਰ ਕੇ ਇਹ ਅੰਤਰ ਹੋਰ ਵਧਦਾ ਹੈ।

ਕਰਿ ਕਿਰਪਾ ਸੁਖ ਅਨਦ ਕਰੇਇ-14 ॥  ਬਾਲਕ ਰਾਖਿ ਲੀਏ ਗੁਰਦੇਵਿ-14 ॥

ਪ੍ਰਭ ਕਿਰਪਾਲ ਦਇਆਲ ਗੁੋਬਿੰਦ-16 ॥  ਜੀਅ ਜੰਤ ਸਗਲੇ ਬਖਸਿੰਦ-11 ॥੧॥ (ਮਹਲਾ ੫/੮੬੬)

ਨੋਟ : ਇੱਥੇ ਭੀ ਔਂਕੜ ਹੀ ਉਚਾਰਿਐ, ਨਹੀਂ ਤਾਂ ‘ਬਖਸਿੰਦ’ ਨਾਲ਼ ਤੁਕਾਂਤ ਭੀ ਸਹੀ ਨਾ ਬੈਠਦਾ।

(ਅ). ਕਿਸੇ ਸ਼ਬਦ ’ਚ ਤੁਕਾਂਤ ਤੋਲ ਮੇਲਣ ਲਈ ਭੀ ਇੱਕ ਅੱਖਰ ਨੂੰ ਦੋ ਲਗਾਂ ਲਗਦੀਆਂ ਹਨ; ਜਿਵੇਂ ਹੇਠਲੀ ‘ਰਹਾਉ’ ਤੁਕ ’ਚ ‘ਜਿੰਦੁ’ ਨਾਲ਼ ਉਚਾਰਨ ਮਿਲਾਣ ਲਈ ‘ਗੁੋਬਿੰਦ’ ’ਚੋਂ ‘ਗੁਬਿੰਦ’ ਉਚਾਰਿਐ ਤੇ ‘ਗੋਬਿੰਦ’ ਅਰਥ ਕੀਤੇ ਹਨ ਯਾਨੀ ਦੋਵੇਂ ਲਗਾਂ ਜ਼ਰੂਰੀ ਸਨ :

ਇਨ ਬਿਧਿ ਰਮਹੁ; ਗੋਪਾਲ ਗੁੋਬਿੰਦੁ ॥  ਤਨੁ ਧਨੁ ਪ੍ਰਭ ਕਾ; ਪ੍ਰਭ ਕੀ ਜਿੰਦੁ ॥੧॥ ਰਹਾਉ ॥ (ਮਹਲਾ ੫/੮੬੬)

ਗੁਰਮੁਖੀ ਲਿਪੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਹੋੜਾ, ਕਨੌੜਾ, ਲਾਂ, ਦੁਲਾਵਾਂ) ਹਨ, ਪਰ ਡਾ. ਗੁਰਮੇਲ ਸਿੰਘ ਆਪਣੇ ਕਿਤਾਬਚੇ (ਗੁਰਬਾਣੀ ਉਚਾਰਨ : ਧਰਮ-ਵਿਗਿਆਨਕ, ਧੁਨੀ-ਵਿਗਿਆਨਕ, ਮਨੋ-ਵਿਗਿਆਨਕ ਪਹੁੰਚ) ਦੇ ਪੰਨਾ 17 ’ਤੇ ਗਿਆਰਾਂ ਲਗਾਂ ਲਿਖਦੇ ਹਨ ਯਾਨੀ ਕਿ ਇੱਕ ਲਗ ‘ਔਂਕੜ/ਹੋੜੇ’ ਦੀ ਸਾਂਝੀ ਭੀ ਮੰਨੀ ਹੈ ਜਦਕਿ ਇਹ ਕਾਵਿ-ਪਿੰਗਲ ਮੁਤਾਬਕ ਸਹੀ ਨਹੀਂ। ਡਾ. ਗੁਰਮੇਲ ਸਿੰਘ ਦਾ 20 ਕੁ ਪੰਨਿਆਂ ਦਾ ਇਹੀ ਕਿਤਾਬਚਾ ਥੋੜ੍ਹੇ ਕੁ ਅੰਤਰ ਨਾਲ਼ (ਇਸ ਅੰਤਰ ਦਾ ਕਾਰਨ ਹੇਠਾਂ ਦਿੱਤਾ ਜਾਏਗਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ (ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ) ਛਾਪ ਕੇ ਬਹਾਦਰ ਗੜ੍ਹ ਵਿਖੇ ਵੰਡਿਆ ਹੈ।

ਗੁਰਬਾਣੀ ’ਚ ਇੱਕ ਦਰਜਨ ਤੋਂ ਵੱਧ ਭਾਸ਼ਾਵਾਂ ਦੇ ਸ਼ਬਦ ਹਨ। ਮਿਸ਼ਨਰੀ ਵਿਚਾਰਧਾਰਾ ਮੁਤਾਬਕ ਇਨ੍ਹਾਂ ਨੂੰ ਤਿੰਨ ਭਾਗਾਂ ’ਚ ਵੰਡ ਕੇ ਸਮਝਿਆ ਤੇ ਸਮਝਾਇਆ ਜਾਂਦਾ ਹੈ ‘ਤਤਸਮ, ਤਦਭਵ ਤੇ ਗੁਰਮੁਖੀ/ਪੰਜਾਬੀ’ ਸ਼ਬਦ। ‘ਤਤਸਮ’; ਅਨਭਾਸ਼ਾਵਾਂ ਦੇ ਮੂਲਕ ਸ਼ਬਦ ਹਨ, ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ; ਕੋਈ ਲੁਪਤ ਸੰਬੰਧਕੀ ਅਰਥ ਨਹੀਂ ਦਿੰਦੀ ਤਾਹੀਓਂ ਉਚਾਰਨ ਦਾ ਭਾਗ ਕਹੀ ਜਾ ਸਕਦੀ ਹੈ। ਇਨ੍ਹਾਂ ’ਚ ਪੁਲਿੰਗ/ਇਸਤਰੀ ਲਿੰਗ ਨਾਂਵ ਤੇ ਵਿਸ਼ੇਸ਼ਣ ਆਦਿ ਸ਼ਬਦ ਹੁੰਦੇ ਹਨ; ਜਿਵੇਂ ‘ਸਤਿ, ਹਰਿ, ਕਲਿ (ਕਲਿਜੁਗ), ਰਵਿ (ਸੂਰਜ), ਸਸਿ (ਚੰਦ) ਗਿਰਿ (ਪਹਾੜ), ਆਦਿ, ਭਗਤਿ, ਮੂਰਤਿ, ਮੁਨਿ, ਭੂਮਿ, ਰਿਧਿ, ਸਿਧਿ, ਹਸਤਿ, ਕਾਮਣਿ’ ਆਦਿਕ। ਇਨ੍ਹਾਂ ’ਚੋਂ ਬਹੁਤ ਥੋੜ੍ਹੇ ਸ਼ਬਦ ਵਿਆਕਰਨ ਨਿਯਮਾਂ ਅਧੀਨ ਹਨ; ਜਿਵੇਂ ਇਸਤ੍ਰੀ ਲਿੰਗ ‘ਜ਼ਨ (ਔਰਤ), ਅਰਜ਼, ਮਸ਼ੱਕਤਿ (ਮਿਹਨਤ)’ ਆਦਿਕ ਤੇ ਪੁਲਿੰਗ ‘ਆਸ਼ਕੁ, ਜ਼ੋਰੁ, ਸ਼ਾਹੁ, ਪਾਤਿਸ਼ਾਹੁ, ਗੋਸ਼ (ਕੰਨ/ਬਹੁ ਵਚਨ)’ ਆਦਿਕ ਹਨ। ‘ਤਦਭਵ’ ਸ਼ਬਦ; ਤਤਸਮ ਸ਼ਬਦਾਂ ਦਾ ਕੁੱਝ ਬਦਲਿਆ/ਵਿਗੜਿਆ ਰੂਪ ਹੁੰਦੈ; ਜਿਵੇਂ ‘ਸਤਿ ਤੋਂ ਸਚਿ, ਨਜ਼ਰਿ ਤੋਂ ਨਦਰਿ, ਹਾਜ਼ਿਰ ਹਜ਼ੂਰਿ ਤੋਂ ਹਾਦਰਾ ਹਦੂਰਿ, ਕਾਜ਼ੀ ਤੋਂ ਕਾਦੀ, ਕਾਗਦ (ਕਾਗਜ਼), ਆਕਾਸ਼ ਤੋਂ ਆਗਾਸ, ਸ੍ਰਿਸ਼ਟਿ ਤੋਂ ਸਿਰਠਿ, ਵਸਤੂ ਤੋਂ ਵਸਤੁ, ਜਾਣੂ ਤੋਂ ਜਾਣੁ, ਰਾਹੂ (-ਕੇਤੂ) ਤੋਂ ਰਾਹੁ’ ਆਦਿ। ਪ੍ਰਿੰਸੀਪਲ ਹਰਭਜਨ ਸਿੰਘ ਜੀ ਅਨੁਸਾਰ ‘ਖ਼ਿਦਮਤ ਤੋਂ ਖਿਜਮਤਿ, ਪਰਵਰਦਿਗਾਰ ਤੋਂ ਪਰਵਦਗਾਰ, ਬਹਿਸ਼੍ਤ ਤੋਂ ਭਿਸਤਿ, ਵਕਤ ਤੋਂ ਵਖ਼ਤ, ਪੁਲ-ਸਿਰਾਤ ਤੋਂ ਪੁਰਸਲਾਤ’ ਆਦਿ ਤਦਭਵ ਹਨ। ਇਹ ਬੱਚਿਆਂ ਦੀ ਤੋਤਲੀ ਜ਼ਬਾਨ ਵਾਙ ਕਾਵਿਕ ਮਸਤੀ ’ਚੋਂ ਪ੍ਰਗਟ ਹੁੰਦੇ ਹਨ, ਨਾ ਕਿ ਕਿਸੇ ਵਾਰਤਕ ’ਚ ਅਜਿਹਾ ਵੇਖੀਦੈ। ਉਕਤ ਕੀਤੀ ਗਈ ਵਿਚਾਰ ਕਿ ਕਾਵਿ ਰਚਨਾ ’ਚ ਲਿਖਾਰੀ ਨਵੇਂ ਸ਼ਬਦ ਘੜ ਸਕਦੈ; ਵਾਰਤਕ ’ਚ ਨਹੀਂ। ਇਹ ਤਦਭਵ ਸ਼ਬਦ ਉਸੇ ਦਾ ਨਤੀਜਾ ਹਨ । ਵੈਸੇ ਅਜਿਹੀ ਸ਼ਬਦ ਬਣਤਰ ਅਕਸਰ ਕਿਸੇ ਭਾਸ਼ਾ ਦੀ ਨਹੀਂ ਹੁੰਦੀ।

ਗੁਰਬਾਣੀ ’ਚ 15 ਕੁ ਪ੍ਰਤਿਸ਼ਤ ਸ਼ਬਦ; ਤਤਸਮ ਤੇ ਤਦਭਵ ਹਨ, ਜਿਨ੍ਹਾਂ ਦੀ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ਦਾ ਭਾਵ ਹੈ ਬਾਕੀ 85 ਫ਼ੀਸਦੀ ਸ਼ਬਦ (ਜਿਨ੍ਹਾਂ ’ਚ ਥੋੜ੍ਹੇ ਕੁ ਤਤਸਮ ਤੇ ਤਦਭਵ ਸ਼ਬਦ ਹਨ; ਬਾਕੀ ਸਾਰੇ ਗੁਰਮੁਖੀ) ਦੀ ਅੰਤ ਸਿਹਾਰੀ ਤੇ ਅੰਤ ਔਂਕੜ ਵਿਆਕਰਨਿਕ ਨਿਯਮਾਂ ਅਧੀਨ ਹੈ ਯਾਨੀ ਉਚਾਰਨ ਦਾ ਭਾਗ ਨਹੀਂ। ਇਨ੍ਹਾਂ ’ਚੋਂ ਕਾਰਕੀ (ਲੁਪਤ ਸੰਬੰਧਕੀ) ਚਿੰਨ੍ਹ ਮਿਲਦੇ ਹਨ, ਜੋ ਸ਼ਾਬਦਿਕ ਅਰਥਾਂ ਲਈ ਸਹਾਇਕ ਬਣਦੇ ਹਨ; ਜਿਵੇਂ ‘ਸਤਿ’ (ਤਤਸਮ) ਦਾ ਉਚਾਰਨ ‘ਸਤਯ’ ਵਾਙ ਹੈ ਕਿਉਂਕਿ ਸਿਹਾਰੀ ਮੂਲਕ ਹੈ, ਪਰ ‘ਸਚਿ’ (ਤਦਭਵ) ਦੀ ਅੰਤ ਸਿਹਾਰੀ; ਕਾਰਕੀ ਅਰਥ ‘ਨੇ, ਨਾਲ਼, ਤੋਂ, ਵਿੱਚ’ ਆਦਿਕ ਦਿੰਦੀ ਹੈ, ਨਾ ਕਿ ਉਚਾਰਨ ਦਾ ਭਾਗ ਹੈ।

ਉਕਤ ਵਿਦਵਾਨਾਂ ਦਾ ਵਿਰੋਧ ਗੁਰਬਾਣੀ ਦੀਆਂ ਕੇਵਲ ਸਾਰੀਆਂ ਲਗਾਂ ਉਚਾਰਨ ਤੱਕ ਹੀ ਸੀਮਤ ਨਹੀਂ ਬਲਕਿ ਇਨ੍ਹਾਂ ਅਨੁਸਾਰ ਸਾਰੇ ਉਹ ਤਤਸਮ ਸ਼ਬਦ, ਜਿਨ੍ਹਾਂ ਵਿੱਚ ‘ਸ਼, ਖ਼, ਗ਼, ਜ਼, ਫ਼’ ਧੁਨੀ ਹੈ; ਜਿਵੇਂ ‘ਜ਼ਨ, ਸ਼ਾਹ, ਪਾਤਿਸ਼ਾਹ, ਜ਼ੋਰ, ਮਸ਼ੱਕਤਿ, ਸ਼ਰੀਅਤਿ, ਭਿਸ਼ਤਿ, ਸ਼ਰਮ’ ਆਦਿ ਭੀ ਤਦਭਵ (ਮੂਲ ਭਾਸ਼ਾ ਦਾ ਬਦਲਿਆ ਰੂਪ ‘ਜਨ, ਸਾਹ, ਪਾਤਿਸਾਹ, ਜੋਰ, ਸਰਮ’ ਆਦਿ) ਹੀ ਹਨ ਤਾਂ ਕਿ ਮੂਲ ਭਾਸ਼ਾਈ ਸ਼ਬਦ (ਜ਼ਨ, ਸ਼ਰਮ ਆਦਿ) ਵਾਙ ਉਚਾਰਨ ਬਾਰੇ ਕੋਈ ਸੋਚੇ ਹੀ ਨਾ ਜਦਕਿ ਤਦਭਵ ਸ਼ਬਦ-ਬਣਤਰ ਲਈ ਮੂਲਕ-ਸ਼ਬਦ ਦਾ ਘੱਟੋ ਘੱਟ ਇੱਕ ਅੱਖਰ ਬਦਲਿਆ ਹੋਣਾ ਜ਼ਰੂਰੀ ਹੁੰਦੈ; ਜਿਵੇਂ ਕਾਜ਼ੀ ਤੋਂ ਕਾਦੀ ਯਾਨੀ ‘ਜ਼’ ਦੀ ਥਾਂ ‘ਦ’, ਪਰ ਕਾਜ਼ੀ (ਤਤਸਮ) ਨੂੰ ਕਾਜੀ (ਤਦਭਵ) ਕਹਿਣਾ; ਕਿਸੇ ਅਖੌਤੀ ਡਾਕਟਰ ਪਦਵੀ ਦਾ ਕੰਮ ਹੋ ਸਕਦੈ।

ਤਤਸਮ ਸ਼ਬਦਾਂ ਨੂੰ ਤਦਭਵ ਮੰਨ ਕੇ ਗੁਰਬਾਣੀ ’ਚ ਇੱਕ ਦਰਜਨ ਤੋਂ ਵੱਧ ਭਾਸ਼ਾਵਾਂ ਹਨ, ਇਹ ਕਹਿਣਾ ਭੀ ਗ਼ਲਤ ਹੋ ਜਾਵੇਗਾ। ਪੰਜਾਬੀ ਵਰਣਮਾਲਾ ਦੇ 35 ਅੱਖਰ ਹੀ ਸਨ। ਗੁਰਬਾਣੀ ’ਚ ਅਨਭਾਸ਼ਾਵਾਂ ਦੇ ਸ਼ਬਦ ਹੋਣ ਕਾਰਨ ਹੀ ਪੰਜਾਬੀ ਵਿੱਚ ‘ਸ਼, ਖ਼, ਗ਼, ਜ਼, ਫ਼’ ਧੁਨੀ ਆਈ ਹੈ। ਉਕਤ ਵਿਦਵਾਨ ਇਹ ਮੰਨਦੇ ਹਨ ਕਿ ਇਨ੍ਹਾਂ ਧੁਨੀਆਂ ਦੀ ਸ਼ੁਰੂਆਤ 18ਵੀਂ ਸਦੀ ਤੋਂ ਹੋਈ ਹੈ, ਨਾ ਕਿ 16ਵੀਂ ਜਾਂ 17ਵੀਂ ਸਦੀ ਤੋਂ। ਇੱਥੇ ਵਿਚਾਰਨਯੋਗ ਹੈ ਕਿ ਅੱਖਰ-ਧੁਨੀ; ਪਹਿਲਾਂ ਉਚਾਰਨ ਹੁੰਦੀ ਹੈ ਜਾਂ ਉਸ ਦਾ ਲਿਖਤ ਰੂਪ ਪਹਿਲਾਂ ਆਉਂਦੈ  ? ਜਵਾਬ ਹੈ ‘ਧੁਨੀ ਪਹਿਲਾਂ ਉਚਾਰੀ ਜਾਂਦੀ ਹੈ’। ਮਿਸਾਲ ਵਜੋਂ ‘ਲ਼’ ਧੁਨੀ ਲਿਖਤ ’ਚ 20ਵੀਂ ਸਦੀ ਦੇ ਅੰਤ ’ਚ ਆਈ ਹੈ, ਪਰ ਇਸ ਦਾ ਉਚਾਰਨ ਪਹਿਲਾਂ ਤੋਂ ਹੁੰਦਾ ਆਇਐ। ‘ਭੋਲਾ’ (ਵਿਅਕਤੀ ਨਾਂ) ਤੇ ‘ਭੋਲ਼ਾ’ (ਮਾਸੂਮ), ‘ਨਾਲ’ (ਜੁਲਾਹੇ ਦੀ ਨਲਕੀ) ਤੇ ‘ਨਾਲ਼’ (ਸਾਥ) ਉਚਾਰਨ ਵਖਰੇਵਾਂ ਪੁਰਾਣਾ ਹੈ, ਨਾ ਕਿ ‘ਲ਼’ ਧੁਨੀ ਲਿਖਤ ਉਪਰੰਤ। ‘ਕਾਲ਼ਾ’ (ਰੰਗ) ਨੂੰ ਕਦੇ ‘ਕਾਲਾ’ ਨਹੀਂ ਕਿਹਾ ਹੋਣਾ।

ਇਤਿਹਾਸਿਕ ਤੱਥ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 13 ਸਾਲ ਦੀ ਉਮਰ ਤੱਕ ਪੰਡਿਤ ਗੋਪਾਲ ਜੀ ਪਾਸੋਂ ਸਿੱਧਮ ਭਾਖਾ (ਯਾਨੀ ਕਿ ਗੁਰਮੁਖੀ), ਪੰਡਿਤ ਬ੍ਰਿਜ ਨਾਥ ਜੀ ਪਾਸੋਂ ਸੰਸਕ੍ਰਿਤ ਤੇ ਮੌਲਵੀ ਕੁਤਬਦੀਨ ਜੀ ਪਾਸੋਂ ਫ਼ਾਰਸੀ ਸਿੱਖ ਲਈ ਸੀ। ਕੀ ਮੌਲਵੀ ਨੇ ਗੁਰੂ ਨਾਨਕ ਜੀ ਨੂੰ ‘ਮਸਕਤਿ’ ਪੜ੍ਹਾਇਆ ਹੋਵੇਗਾ ਜਾਂ ‘ਮਸ਼ੱਕਤਿ’ ? ਅੱਜ ਜੇਕਰ ਕਿਸੇ ਵਿਦਵਾਨ ਦੀ ਬੋਲੀ; ਸ਼ੁੱਧ ਨਾ ਹੋਵੇ ਤਾਂ ਉਸ ਦਾ ਵਿਚਾਰ-ਚਰਚਾ ਦੌਰਾਨ ਬਹੁਤਾ ਪ੍ਰਭਾਵ ਨਹੀਂ ਕਬੂਲਿਆ ਜਾਂਦਾ। ਗੁਰੂ ਨਾਨਕ ਸਾਹਿਬ ਜੀ ਤਾਂ ਵੱਡੇ ਵੱਡੇ ਧਾਰਮਿਕ ਆਚਾਰੀਆ ਨਾਲ਼ ਗੋਸ਼ਟੀਆਂ ਕਰਦੇ ਰਹੇ ਹਨ। ਸੁਲਤਾਨਪੁਰ ਵਿਖੇ ਦੁਕਾਨਦਾਰੀ ਤੇ ਧਾਰਮਿਕ ਚਰਚਾ; ਦੋਵੇਂ ਕਰਦਿਆਂ ਮੌਲਵੀ-ਕਾਜ਼ੀਆਂ ਨੂੰ ਕਾਜੀ ਨਹੀਂ ਬੋਲਦੇ ਹੋਣੇ। ਗੁਰੂ ਸਾਹਿਬ ਦੀ ਭਾਸ਼ਾਈ ਪਕੜ ’ਤੇ ਕੋਈ ਸੰਦੇਹ ਨਹੀਂ ਕਰ ਸਕਦਾ। ਗੁਰਬਾਣੀ ’ਚ ਪੈਰ ਬਿੰਦੀ ਅਤੇ ਅੱਧਕ ਦੇ ਨਾ ਹੋਣ ਦਾ ਕਾਰਨ ਇਹੀ ਹੋ ਸਕਦੈ ਕਿ ਉਸ ਸਮੇਂ ਇਹ ਲਿਖਤ ਰੂਪ ’ਚ ਨਹੀਂ ਆਈਆਂ ਸਨ ਭਾਵੇਂ ਕਿ ਬੋਲੀਆਂ ਜਾਂਦੀਆਂ ਸੀ; ਜਿਵੇਂ ‘ਲ਼’ ਪੈਰ ਬਿੰਦੀ ਅੱਜ ਤੋਂ 35-40 ਸਾਲ ਪਹਿਲਾਂ ਲਿਖਤਾਂ ’ਚ ਨਹੀਂ ਮਿਲਦੀ ਅਤੇ ਪੁਰਾਣੇ ਪੜ੍ਹੇ ਹੋਏ ਬਹੁਤੇ ਲੇਖਕ ਵੀ ਅੱਜ ਨਹੀਂ ਲਿਖਦੇ ਪਰ ਉਚਾਰਨ ’ਚ ਮੌਜੂਦ ਹੋਣ ਤੋਂ ਕੋਈ ਵੀ ਇਨਕਾਰੀ ਨਹੀਂ। ਨਾਸਕੀ ਧੁਨੀ ਦਾ ਭੀ ਵਧੇਰੇ ਪ੍ਰਯੋਗ ਇਸ ਲਈ ਨਹੀਂ ਕੀਤਾ ਗਿਆ ਜਾਪਦੈ ਤਾਂ ਜੋ ਉਤਾਰਿਆਂ ’ਚ ਵੱਧ ਗ਼ਲਤੀਆਂ ਨਾ ਹੋਣ।

ਡਾਕਟਰ ਗੁਰਮੇਲ ਸਿੰਘ ਵੱਲੋਂ ਪੰਨਾ 3 ’ਤੇ ਲਿਖਿਆ ਹੈ ਕਿ ‘ਗੁਰਬਾਣੀ ਦੇ ਸ਼ਬਦ; ਆਪਣੀ ਪਿਛਲੀ (ਅਰਬੀ, ਫ਼ਾਰਸੀ, ਸੰਸਕ੍ਰਿਤ…) ਜਾਤ-ਪਾਤ ਤਿਆਗ ਆਏ ਹਨ, ਇਨ੍ਹਾਂ ਨੇ ਗੁਰੂ ਨਾਨਕ ਬਾਬੇ ਦਾ ਅੰਮ੍ਰਿਤ ਛਕ ਲਿਆ ਹੈ ਭਾਵ ਇਹ ਪਵਿੱਤਰ ਹੋ ਗਏ ਹਨ। ਹੁਣ ਇਨ੍ਹਾਂ ਦੇ ਉਚਾਰਨ ਵੀ ਉਹੀ ਹੋਣਗੇ ਜਿਵੇਂ ਇਹ ਬਾਣੀ ਵਿਚ ਸਜੇ ਹੋਏ ਹਨ।’

ਉਕਤ ਸ਼ਬਦਾਵਲੀ ਤੋਂ ਜਾਪਦੈ ਕਿ ਡਾ. ਸਾਹਿਬ; ਜਾਤ-ਪਾਤ ਵਿਤਕਰੇ ਵਾਙ ਅਨਭਾਸ਼ਾ ਨੂੰ ਭੀ ਮਲੇਛ ਭਾਸ਼ਾ ਮੰਨਦੇ ਹਨ ਜਦਕਿ ਗੁਰੂ ਸਾਹਿਬਾਨ ਨੇ ਅਜਿਹੇ ਵਿਤਕਰਿਆਂ ਨੂੰ ਮੇਟਣ ਲਈ ਹੀ ਇੱਕੋ ਗ੍ਰੰਥ ’ਚ ਕਈ ਭਾਸ਼ਾਵਾਂ ਤੇ ਨੀਵੀਂ ਜਾਤ ਦੇ ਕਹੇ ਜਾਂਦੇ ਭਗਤਾਂ ਦੀ ਬਾਣੀ ਦਰਜ ਕਰ, ਮਾਣ ਬਖ਼ਸ਼ਿਆ ਹੈ।

ਅਗਾਂਹ ਲਿਖਦੇ ਹਨ ਕਿ ‘ਗੁਰਬਾਣੀ ਵਿੱਚ ਅਰਥ ਨਾਲੋਂ ਉਦੇਸ਼/ਉਪਦੇਸ਼ ਮਹਤ੍ਵਪੂਰਨ ਹੈ। ਸ਼ਬਦ ਦੇ ਕੀ ਅਰਥ ਹਨ; ਉਹ ਕਿਸ ਧਾਤੂ ਤੋਂ ਵਿਕਸਿਤ ਹੋਇਆ ਹੈ; ਉਸ ਦਾ ਇਤਿਹਾਸਕ ਵਿਕਾਸ-ਕ੍ਰਮ ਕੀ ਹੈ, ਉਹ ਮੂਲਕ ਜਾਂ ਸਾਧਿਤ ਕਿਸ ਭਾਸ਼ਾਈ ਰੂਪ ਵਿਚ ਹੈ ? ਆਦਿ ਸਵਾਲ ਧਰਮ ਵਿਚ ਬਹੁਤੇ ਮਾਅਨੇ ਨਹੀਂ ਰਖਦੇ..। ਸਮਾਜੀ ਭਾਸ਼ਾਵਾਂ ਕਿਸੇ ਅਰਥ ਦੀਆਂ ਮੁਥਾਜ ਹਨ, ਪਰ ਗੁਰਬਾਣੀ ਅਰਥ ਮੁਥਾਜੀ ਤੋਂ ਰਹਿਤ ਹੈ। ਇਸ ਨੂੰ ਸਿੱਖਣ ਲਈ ਕਿਸੇ ਕਾਇਦੇ, ਕੋਸ਼ ਜਾਂ ਕੋਰਸ ਦੀ ਲੋੜ ਨਹੀਂ ਪੈਂਦੀ। ਇਹ ‘ਅਨਾਹਦ’ ਹੈ; ਇਹ ‘ਝੁਣਕਾਰ’ ਹੈ; ਪੰਚ ਸ਼ਬਦ ਦੀ ਅਨਹਦੁ ਝੁਣਕਾਰੁ ਹੈ (ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥੧੦੪੦; ਪੰਚ ਸਬਦ ਧੁਨਿ ਅਨਹਦ ਵਾਜੇ…੭੬੪; ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੧੨੦੪)’

ਵਿਚਾਰ : ਗੁਰਬਾਣੀ; ਸ਼ਬਦ-ਵਿਚਾਰ ਨੂੰ ਸਰਵੋਤਮ ਮੰਨਦੀ ਹੈ, ਪਰ ਡਾਕਟਰ ਸਾਹਿਬ ਦੇ ਉਕਤ ਵਿਚਾਰ ਤੋਂ ਜਾਪਦੈ ਕਿ ਗੁਰਬਾਣੀ ਦੇ ਕੀਤੇ ਸਾਰੇ ਟੀਕੇ ਅਤੇ ਸ਼ਬਦ ਕੋਸ਼ ਆਦਿ ਨਿਰਮੂਲ ਹਨ। ਰੂਹਾਨੀਅਤ ਅਨੰਦ; ਗੂੰਗੇ ਦੁਆਰਾ ਖਾਧੀ ਮਿਠਾਈ ਵਾਙ ਬਿਆਨ ਨਹੀਂ ਹੁੰਦਾ, ਪਰ ਡਾਕਟਰ ਸਾਹਿਬ ਯੋਗ-ਮੱਤ ਵਾਙ ਅਨੰਦ ਨੂੰ ਬਿਆਨ ਕਰਦੇ ਪਏ ਹਨ। ਇਹੀ ਸੋਚ ਰਾਧਾ ਸੁਆਮੀ ਡੇਰੇ ਨੇ ਅਪਣਾਈ ਹੈ ਯਾਨੀ ਅਨੰਦ ਤੇ ਨਾਮ ਦੀ ਮਹਿਮਾ ਗਾਓ, ਪਰ ਅਨੰਦ ਕਿਵੇਂ ਹੋਵੇ, ਨਾਮ ਕਿਸ ਦਾ ਹੈ, ਕੀ ਹੈ ? ਇਸ ਬਾਰੇ ਵਿਚਾਰ ਨਾ ਕਰੋ।

ਸਚਾਈ ਇਹ ਹੈ ਕਿ ਜਿਸ ਨੇ ਗੁਰਮਤਿ ਰਹੱਸ ਚਖ ਲਿਆ ਉਹ ਹੋਰਾਂ ਪ੍ਰਤੀ ਜਲ਼ਨ ਨਹੀਂ ਰੱਖ ਸਕਦਾ, ਕਿਸੇ ਅਨਭਾਸ਼ਾ ਪ੍ਰਤੀ ਭੀ। ਉਸ ਲਈ ‘‘ਸਭੁ ਗੋਬਿੰਦੁ ਹੈ, ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ ਨਹੀ ਕੋਈ ’’ (ਭਗਤ ਨਾਮਦੇਵ/੪੮੫) ਕਿਉਂਕਿ ‘‘ਤਿਸ ਕੈ ਭਾਣੈ ਕੋਇ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ’’ (ਮਹਲਾ /੬੧੦), ਪਰ ਪਾਖੰਡੀ ਮਨ ਜ਼ਰੂਰ ਕਹੇਗਾ ਕਿ ਮੈਨੂੰ ਤ੍ਰਿਲੋਕ ਦੇ ਦਰਸ਼ਨ ਹੁੰਦੇ ਪਏ ਨੇ।

ਦਰਅਸਲ ਡਾਕਟਰ ਗੁਰਮੇਲ ਸਿੰਘ ਓਹੀ ਬੋਲਦਾ ਪਿਐ, ਜੋ ਸੰਨ 1985 ’ਚ ਪਹਿਲੀ ਵਾਰ ਚੀਫ਼ ਖਾਲਸਾ ਦੀਵਾਨ ਵੱਲੋਂ ਛਾਪੀ ਗਈ ਡਾਕਟਰ ਹਰਕੀਰਤ ਸਿੰਘ ਦੀ 162 ਪੰਨਿਆਂ ਦੀ ਕਿਤਾਬ ‘ਗੁਰਬਾਣੀ ਦਾ ਸੁੱਧ ਉਚਾਰਨ’ ’ਚ ਲਿਖਿਆ ਹੈ। ਮੇਰੇ ਕੋਲ਼ ਸੰਨ 2013 ’ਚ ਮੁੜ ਛਾਪੀ ਇਸ ਦੀ ਦੂਸਰੀ ਐਡੀਸ਼ਨ ਹੈ। ਇਸ ਕਿਤਾਬ ਦੇ 16 ਤੋਂ 92 ਪੰਨੇ ਤੱਕ ਸ. ਇੰਦਰ ਸਿੰਘ ਨੇ ਕਵੀ ਸੰਤੋਖ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ. ਸਾਹਿਬ ਸਿੰਘ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ’ਤੇ ਦੂਸ਼ਣ ਲਾਉਂਦਿਆਂ ਸਿੱਖਾਂ ਨੂੰ ਸੁਚੇਤ ਕੀਤੈ ਕਿ ਉਸ ਸਮੇਂ ਸਿੱਖ ਨਾਮ ਜਪਦੇ ਸੀ ਜਿਸ ਕਾਰਨ ਇਨ੍ਹਾਂ ਨਾਸਤਿਕਾਂ, ਗੁਰੂ ਨਿੰਦਕਾਂ ਦਾ ਪ੍ਰਭਾਵ ਨਾ ਕਬੂਲਿਆ, ਪਰ ਅੱਜ ਅਸੀਂ ਨਾਮ ਅਭਿਆਸ ਨਹੀਂ ਕਰਦੇ, ਇਸ ਲਈ ਇਨ੍ਹਾਂ ਅਸ਼ੁੱਧ ਪਾਠੀਆਂ (ਯਾਨੀ ਕਿ ਮਿਸ਼ਨਰੀਆਂ) ਦਾ ਪ੍ਰਭਾਵ ਕਬੂਲਿਆ ਜਾ ਰਿਹੈ। ਇਸ ਕਿਤਾਬ ਦਾ ਮੁੱਖ ਬੰਦ ਚਰਨਜੀਤ ਸਿੰਘ ਚੱਢਾ (ਪ੍ਰਧਾਨ ਚੀਫ਼ ਖਾਲਸਾ ਦੀਵਾਨ) ਨੇ ਲਿਖਿਐ, ਜਿਸ ਦੀ ਪਿਛਲੇ ਦਿਨੀਂ ਇੱਕ ਬੀਬੀ ਨਾਲ਼ ਗ਼ਲਤ ਹਰਕਤਾਂ ਕਰਦਿਆਂ ਵੀਡੀਓ ਵਾਇਰਲ ਹੋਈ ਸੀ ਤੇ ਇਸ ਦੇ ਹੋਣਹਾਰ ਪੁੱਤਰ ਨੇ ਬੇਸ਼ਰਮੀ ਨਾ ਸਹਾਰਦਿਆਂ ਆਪਣੇ ਰਿਵਾਲਵਰ ਨਾਲ਼ ਚੰਡੀਗੜ੍ਹ ਵਿਖੇ ਆਤਮ ਹੱਤਿਆ ਕਰ ਲਈ ਸੀ। ਕੀ ‘ਅਨਾਹਦ, ਪੰਚ ਸ਼ਬਦ ਦੀ ਅਨਹਦੁ ਝੁਣਕਾਰੁ’ ਸੁਣਨ ਵਾਲ਼ੇ ਅਜਿਹੇ ਕਿਰਦਾਰ ਹੁੰਦੇ ਹਨ ?

ਸ. ਇੰਦਰ ਸਿੰਘ ਨੇ ਪ੍ਰਿੰਸੀਪਲ ਹਰਭਜਨ ਸਿੰਘ ਦੁਆਰਾ ਲਿਖੇ ‘ਕਾਗਜ਼’ (‘ਜ਼’ ਅਨਭਾਸ਼ਾ ਅਰਬੀ ਧੁਨੀ) ਨੂੰ ਝੂਠਾ ਸਾਬਤ ਕਰਨ ਲਈ ਉਕਤ ਕਿਤਾਬ ਦੇ ਪੰਨਾ 70-71 ’ਤੇ 8 ਵਾਰ ‘ਕਾਗਦ’ (ਤਦਭਵ) ਲਿਖਿਆ ਹੈ ਅਤੇ ਡਾਕਟਰ ਹਰਕੀਰਤ ਸਿੰਘ ਨੇ ਇਹ ਸਿੱਧ ਕਰਨ ਲਈ ਕਿ ਅਸ਼ੁੱਧ ਪਾਠੀ (ਯਾਨੀ ਕਿ ਮਿਸ਼ਨਰੀ) ‘ਗੁਰ ਪ੍ਰਸਾਦਿ’ ਦੇ ਪਾਤਰ ਨਹੀਂ ਬਣ ਸਕੇ; 100 ਤੋਂ ਵੱਧ ਵਾਰ ‘ਗੁਰ ਪ੍ਰਸਾਦਿ’ ਲਿਖਿਐ ਜਦਕਿ ‘ਗੁਰ ਪ੍ਰਸਾਦਿ’ ਦਾ ਸ਼ਾਬਦਿਕ ਅਰਥ ਹੈ ‘ਗੁਰੂ ਦੀ ਕਿਰਪਾ ਨਾਲ਼’। ਕੀ ‘ਅਨਾਹਦ, ਝੁਣਕਾਰੁ’ ਸੁਣਨ ਵਾਲ਼ਿਆਂ ਅੰਦਰ ਐਨੀ ਜਲ਼ਨ ਹੁੰਦੀ ਹੈ ?

ਡਾ. ਹਰਕੀਰਤ ਸਿੰਘ ਇਸ ਕਿਤਾਬ ’ਚ ਵਾਰ-ਵਾਰ ਲਿਖਦੈ ਕਿ ਚਾਰ-ਪੰਜ ਸੌ ਸਾਲ ਪੁਰਾਣੀ ਭਾਸ਼ਾ ਨੂੰ ਅਜੋਕੇ ਪੰਜਾਬੀ ਉਚਾਰਨ ਵਾਙ ਪੜ੍ਹਿਆ ਜਾਂਦੈ। ਪੰਜਾਬੀ ਨੇ ਅਗਾਂਹ ਭੀ ਬਦਲਦੇ ਰਹਿਣੈ। ਕੀ ਗੁਰਬਾਣੀ ਉਚਾਰਨ ਭੀ ਬਦਲਦਾ ਰਹੇਗਾ ? ਇਸ ਦਾ ਜਵਾਬ ਮੈ ਉਕਤ ‘ਕਾਇਆ’ ਮਿਸਾਲ ਰਾਹੀਂ ਦੇ ਚੁੱਕਾ ਹਾਂ, ਇਸ ਲਈ ਇਹ ਆਰੋਪ ਹੀ ਗ਼ਲਤ ਹੈ ਕਿ ਗੁਰਬਾਣੀ ਨੂੰ ਅਜੋਕੀ ਪੰਜਾਬੀ ਵਾਙ ਪੜ੍ਹਿਆ ਜਾਂਦੈ। ਦਰਅਸਲ ਡਾ. ਹਰਕੀਰਤ ਸਿੰਘ ਅਤੇ ਡਾ. ਗੁਰਮੇਲ ਸਿੰਘ ਵਰਗੇ ਗੁਰਬਾਣੀ ’ਚ ਲੱਗੀਆਂ ਬਿੰਦੀਆਂ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਸਗੋਂ ਇਸ ਦੇ ਉਲ਼ਟ ਡਾ. ਹਰਕੀਰਤ ਸਿੰਘ ਇਸ ਕਿਤਾਬ ਦੇ ਪੰਨਾ 121 ’ਤੇ ਲਿਖ ਰਿਹੈ ਕਿ ਇਹ ਬਿੰਦੀਆਂ ਬੀੜਾਂ ਦਾ ਉਤਾਰਾ ਕਰਦਿਆਂ ਵਾਧੂ ਲਾਈਆਂ ਗਈਆਂ ਹਨ। ਪੁਰਾਤਨ ਹੱਥ ਲਿਖਤ ਬੀੜਾਂ ’ਚੋਂ ਇਹੀ ਸ਼ਬਦ ਬਿੰਦੀ ਰਹਿਤ ਲੱਭ ਕੇ ਇਹ ਬਿੰਦੀਆਂ ਭੀ ਹਟਾ ਦੇਣੀਆਂ ਚਾਹੀਦੀਆਂ ਹਨ। ਕੀ ਐਸੀ ਸੋਚ ਗੁਰੂ ਨਿੰਦਕ ਨਹੀਂ ? ਦੂਜਾ ਸੁਝਾਅ ਉਹ ਦਿੰਦੈ ਕਿ ਜੇ ਇੱਕ ਸ਼ਬਦ ਨੂੰ 2-4 ਥਾਂ ਬਿੰਦੀ ਹੈ ਤੇ 100 ਜਗ੍ਹਾ ਨਹੀਂ ਤਾਂ ਸੇਧ ਘੱਟ ਸ਼ਬਦਾਂ ਤੋਂ ਨਹੀਂ ਬਲਕਿ ਵਧੇਰੇ ਸ਼ਬਦਾਂ ਤੋਂ ਲੈ ਕੇ ਘੱਟ ਵਾਲ਼ੇ ਸ਼ਬਦਾਂ ਦਾ ਉਚਾਰਨ ਦਰੁਸਤ ਕਰਨਾ ਚਾਹੀਦੈ ਯਾਨੀ ਕਿ 173 ਵਾਰ ਲਿਖੇ ‘ਕਾਇਆ’ ਤੋਂ ਸੇਧ ਲੈ ਕੇ 12 ਵਾਰ ਲਿਖੇ ‘ਕਾਂਇਆ’ (ਬਿੰਦੀ ਸਹਿਤ) ਨੂੰ ਦਰੁਸਤ (ਕਾਇਆ/ਬਿੰਦੀ ਰਹਿਤ) ਪੜ੍ਹਨਾ ਚਾਹੀਦਾ ਹੈ।

ਇੱਕ ਸਧਾਰਨ ਬੰਦੇ ਨੂੰ ਭੀ ਐਨੀ ਕੁ ਸਮਝ ਹੁੰਦੀ ਹੈ ਕਿ ਜੇ 173 ਵਾਰ ‘ਕਾਂਇਆ’ (ਬਿੰਦੀ ਸਮੇਤ) ਹੋਵੇ ਤਾਂ 12 ਵਾਰ ‘ਕਾਇਆ’ (ਬਿਨਾਂ ਬਿੰਦੀ) ਕੇਵਲ ਛਾਪੇ ਦੀ ਗ਼ਲਤੀ ਹੋਵੇਗੀ, ਨਾ ਕਿ ਉਹ, ਉਚਾਰਨ ਸੇਧ ਹੋਵੇਗੀ। ਉਚਾਰਨ ਸੇਧ ਓਹੀ ਅਖਵਾ ਸਕਦੀ ਹੈ, ਜਿਸ ਦੀ ਮਾਤਰਾ ਘੱਟ ਹੋਵੇ, ਪਰ ਇਹ ਤਥਾ-ਕਥਿਤ ਡਾਕਟਰ; ਉਲ਼ਟਾ ਰਾਗ ਅਲਾਪਦੇ ਪਏ ਹਨ।

ਡਾ. ਹਰਕੀਰਤ ਸਿੰਘ ਇਸ ਕਿਤਾਬ ਦੇ ਪੰਨਾ 149 ’ਤੇ ਲਿਖਦੈ ਕਿ ਗੁਰਬਾਣੀ ’ਚ ਕਰਣ ਕਾਰਕ ਬਹੁ ਵਚਨ ਨੂੰ ਬਿੰਦੀ ਆਉਂਦੀ ਹੈ, ਕਰਤਾ ਕਾਰਕ ਬਹੁ ਵਚਨ ਨੂੰ ਨਹੀਂ। ਮਿਸਾਲ ਵਜੋਂ ਉਸ ਨੇ ਕਿਹਾ ‘‘ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥’’ (ਮਹਲਾ ੨/੪੬੩) ਤੁਕ ’ਚ ‘ਚੰਦਾ’ ਕਰਤਾ ਕਾਰਕ, ਬਹੁ ਵਚਨ ਹੈ, ਇਸ ਲਈ ‘ਚੰਦਾਂ’ (ਬਿੰਦੀ ਸਮੇਤ) ਨਹੀਂ, ਪਰ ‘‘ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥’’ (ਮਹਲਾ ੧/੪੧੭) ਤੁਕ ’ਚ ‘ਸਾਹਾਂ’; ਕਰਣ ਕਾਰਕ, ਬਹੁ ਵਚਨ ਹੈ, ਇਸ ਲਈ ਬਿੰਦੀ ਸਮੇਤ ਹੈ।

ਉਕਤ ਵਿਚਾਰ ਸਾਬਤ ਕਰਦੇ ਹਨ ਕਿ ਡਾ. ਹਰਕੀਰਤ ਸਿੰਘ ਜਾਣ ਬੁੱਝ ਕੇ ਝੂਠ ਬੋਲਦੈ ਜਾਂ ਇਸ ਨੂੰ ਕਾਰਕਾਂ ਬਾਰੇ ਕੋਈ ਸਮਝ ਨਹੀਂ। ਸਚਾਈ ਇਹ ਹੈ ਕਿ (1). ਚੰਦਾ ਅਤੇ ਸਾਹਾਂ; ਦੋਵੇਂ ਸ਼ਬਦ ਹੀ ਕਰਤਾ ਕਾਰਕ ਬਹੁ ਵਚਨ ਹਨ। (2). ‘ਚੰਦਾ’; ਕਰਤਾ ਕਾਰਕ, ਬਹੁ ਵਚਨ ’ਚੋਂ ਕੋਈ ਲੁਪਤ ਸੰਬੰਧਕੀ ‘ਨੇ, ਨਾਲ਼’ ਆਦਿ (ਚਿੰਨ੍ਹ) ਨਹੀਂ ਨਿਕਲਦਾ ਤਾਹੀਓਂ ‘ਚੰਦਾ’ ਦਾ ‘ਾ’ (ਕੰਨਾ) ਕੇਵਲ ਕਾਵਿ ਤੋਲ ਵਜੋਂ ਹੈ; ਜਿਵੇਂ ‘ਗੁਰ’ ਤੋਂ ‘ਗੁਰਾ’, ‘ਮਨ’ ਤੋਂ ‘ਮਨਾ’ ਹੁੰਦੈ, ਇਸ ਲਈ ਬਿੰਦੀ ਸਮੇਤ (ਚੰਦਾਂ) ਨਹੀਂ ਜਦਕਿ ‘ਸਾਹਾਂ’; ਬਹੁ ਵਚਨ, ਕਰਤਾ ਕਾਰਕ ’ਚੋਂ ਸੰਬੰਧਕੀ ‘ਨੇ’ ਲੁਪਤ ਨਿਕਲਣ ਕਾਰਨ, ਬਿੰਦੀ ਸਮੇਤ ਹੈ। ‘‘ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥’’ ਦਾ ਅਰਥ ਹੈ ‘ਪਾਤਿਸ਼ਾਹਾਂ ਨੇ ਮੌਜ-ਮਸਤੀ/ਖ਼ੁਸ਼ੀ ਆਦਿ ਮਨਾਉਣ ਕਾਰਨ ਆਪਣੀ ਅਕਲ ਗਵਾ ਲਈ।’, ਜੇ ‘ਸਾਹਾਂ’ ਨੂੰ ਕਰਣ ਕਾਰਕ ਮੰਨੀਏ ਤਾਂ ਅਰਥ ਹੋਣਗੇ ‘ਪਾਤਿਸਾਹਾਂ ਨਾਲ਼ ਮੌਜ-ਮਸਤੀ/ਖ਼ੁਸ਼ੀ ਆਦਿ ਮਨਾਉਣ ਕਾਰਨ ਆਪਣੀ ਅਕਲ ਗਵਾ ਲਈ।’, ਸਵਾਲ ਉਪਜੇਗਾ ਕਿਸ ਨੇ ? ਸੋ ਵਿਆਕਰਨ ਅਨੁਸਾਰ ‘ਚੰਦਾ’ ਸਾਧਾਰਨ ਕਰਤਾ ਕਾਰਕ ਬਹੁ ਵਚਨ ਰੂਪ ਹੈ ਤੇ ‘ਸਾਹਾਂ’ ਸੰਬੰਧਕੀ ਕਰਤਾ ਕਾਰਕ ਬਹੁ ਵਚਨ ਰੂਪ।

ਡਾ. ਹਰਕੀਰਤ ਸਿੰਘ ਨੇ ਉਕਤ ਵਿਚਾਰ ਇਸ ਲਈ ਕੀਤੀ ਤਾਂ ਜੋ ਗੁਰਬਾਣੀ ਦੀ ਤੁਕ ‘‘ਪੁਤ੍ਰੀ ਕਉਲੁ ਪਾਲਿਓ; ਕਰਿ ਪੀਰਹੁ ਕੰਨ੍ ਮੁਰਟੀਐ ’’ (ਬਲਵੰਡ ਸਤਾ/੯੬੭) ’ਚ ‘ਪੁਤ੍ਰੀ’ ਸ਼ਬਦ ਨੂੰ (ਚੰਦਾ ਵਾਙ) ਕਰਤਾ ਕਾਰਕ ਬਿੰਦੀ ਰਹਿਤ ਸਿੱਧ ਕੀਤਾ ਜਾਵੇ ਕਿਉਂਕਿ ਪ੍ਰਿੰਸੀਪਲ ਹਰਭਜਨ ਸਿੰਘ ਨੇ ਆਪਣੀ ਕਿਤਾਬ ‘ਗੁਰਬਾਣੀ ਸੰਪਾਦਨ ਨਿਰਣੈ’ ’ਚ ‘ਪੁਤ੍ਰੀ’ ਦਾ ਉਚਾਰਨ ਪੁੱਤ੍ਰੀਂ ਕੀਤਾ ਸੀ ਤੇ ਨਾਲ਼ ਇਹ ਭੀ ਲਿਖਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਈ ‘ਬੇਟੀ’ ਨਹੀਂ ਸੀ, ਜਿਸ ਨੂੰ ‘ਪੁਤ੍ਰੀ’ ਕਿਹਾ ਹੋਵੇ। ਇਸ ਦੇ ਜਵਾਬ ’ਚ ਸ. ਇੰਦਰ ਸਿੰਘ ਉਕਤ ਕਿਤਾਬ ਦੇ ਪੰਨਾ 67 ’ਤੇ ਲਿਖਦੈ ਕਿ ਪ੍ਰਿੰਸੀਪਲ ਸਾਹਿਬ ਇਹ ਕਹਿੰਦੇ ਨੇ ਕਿ ‘ਪੁਤ੍ਰੀ’ ਸ਼ਬਦ ਦੇ 2 ਤੋਂ ਵੱਧ ਅਰਥ, ਹੋ ਹੀ ਨਹੀਂ ਸਕਦੇ (ਜਦਕਿ ਐਸਾ ਕਿਸੇ ਨੇ ਕਿਹਾ ਹੀ ਨਹੀਂ ਸੀ। ਬੇਟੀ ਵਾਲ਼ੇ ਤਰਕ ਦਾ ਜਵਾਬ ਨਾ ਹੋਣ ਕਾਰਨ, ਕਿਹਾ) ਮਹਾਨ ਕੋਸ਼ ’ਚ ਇਸ ਸ਼ਬਦ ਦੇ 4 ਅਰਥ ਹਨ (1). ਪੁਤ੍ਰੀ-ਬੇਟੀ ‘‘ਸਾਈ ਪੁਤ੍ਰੀ ਜਜਮਾਨ ਕੀ; ਸਾ ਤੇਰੀ..॥’’ (2). ਪੁੱਤਲਿਕਾ, ਪੁਤਲੀ, ਕਿ ਸੋਵਰਣ ਪੁਤ੍ਰੀ (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। (3). ਅੱਖ ਦੀ ਧੀਰੀ (4). ਪੁਤ੍ਰੀਂ, ਪੁਤਰਾਂ ਨੇ ‘‘ਪੁਤ੍ਰੀ ਕਉਲੁ ਨ ਪਾਲਿਓ..॥’’

ਪ੍ਰਿੰਸੀਪਲ ਹਰਭਜਨ ਸਿੰਘ ਨੂੰ ਝੂਠਾ ਸਿੱਧ ਕਰਨ ਲਈ ਸ. ਇੰਦਰ ਸਿੰਘ ਨੇ ਜੋ ਮਹਾਨ ਕੋਸ਼ ਦੀ ਉਕਤ ਮਿਸਾਲ ਦਿੱਤੀ ਹੈ, ਉਸ ਦਾ ਨੰਬਰ 4 ਤਾਂ ਸਗੋਂ ਪ੍ਰਿੰਸੀਪਲ ਦੇ ਵਿਚਾਰਾਂ ਦੀ ਪੁਸ਼ਟੀ ਕਰਦੈ ਕਿ ‘ਪੁਤ੍ਰੀ’ ਦਾ ਅਰਥ ਪੁੱਤਰਾਂ ਨੇ ਹੈ ਅਤੇ ਉਚਾਰਨ ਹੈ ਪੁੱਤ੍ਰੀਂ। ਨੰਬਰ 2, 3 ਵਾਲ਼ੇ ਅਰਥ ਵੈਸੇ ਭੀ ਗੁਰਬਾਣੀ ’ਚ ਨਹੀਂ। ਜੇ ਕੋਈ 2+2=4 ਕਹੇ ਦਾ ਮਤਲਬ 2+2=5 ਕੱਢੇ ਤਾਂ ਉਸ ਅੰਦਰ ‘ਅਨਾਹਦ, ਝੁਣਕਾਰੁ’ ਨਹੀਂ; ਜਲ਼ਨ ਹੁੰਦੀ ਹੈ। ਅਗਲੀ ਮਿਸਾਲ ਸਪਸ਼ਟ ਕਰੇਗੀ। ਪ੍ਰਿੰਸੀਪਲ ਹਰਭਜਨ ਸਿੰਘ; ਆਪਣੀ ਕਿਤਾਬ ਦੇ ਪੰਨਾ 93 ’ਤੇ ਭਾਈ ਗੁਰਦਾਸ ਜੀ ਦੇ ਹਵਾਲੇ ਨਾਲ਼ ਲਿਖਦੇ ਹਨ ਕਿ ‘ਜੇ ‘‘ਘਰਿ ਘਰਿ ਅੰਦਰਿ ਧਰਮਸਾਲ’’ (ਵਾਰ ੧ ਪਉੜੀ ੨੭) ਬਣਾਉਣੀ ਹੈ ਤਾਂ ਸੁਭਾਵਕ ਹੀ ਹਰ ਗੁਰਸਿੱਖ ਨੇ ਗ੍ਰੰਥੀ ਤੇ ਪ੍ਰਚਾਰਕ ਵੀ ਹੋਣਾ ਹੈ’’ ਇਸ ਦਾ ਮਤਲਬ ਸ. ਇੰਦਰ ਸਿੰਘ ਨੇ ਉਕਤ ਕਿਤਾਬ ਦੇ ਪੰਨਾ 73 ’ਤੇ ਇਹ ਕੱਢਿਐ ਕਿ ‘ਪ੍ਰਿੰਸੀਪਲ ਕਹਿੰਦੇ ਨੇ ਕਿ ਦਸਾਂ ਪਾਤਿਸ਼ਾਹੀਆਂ ਵੇਲੇ ਤਾਂ ਘਰ ਘਰ ਅੰਦਰ ਧਰਮਸਾਲ ਨਹੀਂ ਸਨ।’

ਕਵੀ ਸੰਤੋਖ ਸਿੰਘ; ‘ਗਰਬ ਗੰਜਨੀ ਟੀਕੇ’ (ਜਪੁ ਜੀ ਸਾਹਿਬ) ਦੀ 25ਵੀਂ ਪਉੜੀ ਦੀ ਸਮਾਪਤੀ ‘‘ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥’’ ਦੇ ਅਰਥਾਂ ’ਚ ‘ਪਾਤਿਸ਼ਾਹੀਂ’ ਸ਼ਬਦ ਦੇ ਹਵਾਲੇ ਨਾਲ਼ ਲਿਖਦੇ ਹਨ ਕਿ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ; ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹਯੋ ਗ੍ਰੰਥ ਸਾਹਿਬ ਮੇਂ। ਸਾਹਿਬ ਜੀ ਨੇ ਕਹਯੋ; ਅਬ ਨਹੀਂ ਲਗਤ ਹੈ, ਸਿਖ ਬੁਧਿਵਾਨ ਅਗਾਰੀ ਆਪ ਹੀ ਇਸੀ ਰੀਤਿ ਸੇ ਪਾਠ ਕਰਿ ਅਰਥ ਕੋ ਕਰੈਂਗੇ। ਯਾ ਤੇ ਈਹਾਂ ‘ਪਾਤਿਸ਼ਾਹੀਂ’ (ਬਿੰਦੀ ਸਮੇਤ) ਕੋ ਅਰਥ ਹੋਤ ਹੈ।’ ਇਸ ਲਿਖਤ ਤੋਂ ਸਪਸ਼ਟ ਹੁੰਦੈ ਕਿ ਗੁਰਬਾਣੀ ਦਾ ਪ੍ਰਚਲਿਤ ਪਾਠ-ਬੋਧ; ਪੁਰਾਤਨ ਰੀਤ ਚੱਲੀ ਆਈ ਹੈ, ਨਾ ਕਿ ਕੇਵਲ ਮਿਸ਼ਨਰੀਆਂ ਨੇ ਸ਼ੁਰੂ ਕੀਤਾ ਹੈ।

ਡਾਕਟਰ ਗੁਰਮੇਲ ਸਿੰਘ; ਪ੍ਰਚਲਿਤ ਉਚਾਰਨ ਸੇਧਾਂ ਦਾ ਵਿਰੋਧ ਕਰਦਾ-ਕਰਦਾ ਆਪਣੇ ਕਿਤਾਬਚੇ (ਗੁਰਬਾਣੀ ਉਚਾਰਨ : ਧਰਮ-ਵਿਗਿਆਨਕ, ਧੁਨੀ-ਵਿਗਿਆਨਕ, ਮਨੋ-ਵਿਗਿਆਨਕ ਪਹੁੰਚ) ਦੇ ਪੰਨਾ 13 ’ਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ (ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ) ਦੇ ਪੰਨਾ 25 ’ਤੇ ਲਿਖਦੈ ‘ੴ’ ਦਾ ਉਚਾਰਨ ‘ਇਕਓਅੰਕਾਰ’ ਹੈ, ਇਕ ਓਅੰਕਾਰ (ਅਲੱਗ-ਅਲੱਗ) ਨਹੀਂ। ‘ਅੰ’ ਦਾ ਉਚਾਰਨ ‘ਅਙ੍’ (ਇਕਓਅਙ੍ਕਾਰ) ਹੈ। ਅਗਾਂਹ ਲਿਖਿਐ-‘ਇਸ ਦੈਵੀ-ਚਿੰਨ੍ਹ ਨੂੰ ਅਧਾਰ ਬਣਾ ਕੇ ਇਹ ਤਰਕ ਨਹੀਂ ਘੜਿਆ ਜਾ ਸਕਦਾ ਕਿ ਦੇਖੋ ਜੀ ੴ ਦਾ ਉਚਾਰਨ ਵੀ ਤਾਂ ਅਸੀਂ ਇਕਓਅਙ੍ਕਾਰ ਕਰਦੇ ਹੀ ਹਾਂ, ਇਹ ਕਿਹੜਾ ਲਿਖਿਆ ਹੈ। ਇਥੇ ਦੁਹਰਾਅ ਦੇਣਾ ਕੁਥਾਂ (ਗ਼ਲਤ) ਨਹੀਂ ਕਿ ਇਹ ਚਿੰਨ੍ਹ ਹੈ, ਭਾਸ਼ਾਈ ਪਦ ਨਹੀਂ। ‘ਇਕਓਅਙ੍ਕਾਰ’ ਇਸ ਦੀ ਧੁਨੀ ਹੈ, ਨਾਂ ਨਹੀਂ।’

ਵਿਚਾਰ : (1). ‘‘ਬਾਣੀ ਗੁਰੂ; ਗੁਰੂ ਹੈ ਬਾਣੀ.. ॥’’ (ਮਹਲਾ ੪/੯੮੨) ਵਾਕ ’ਚ, ਜੋ ‘ਬਾਣੀ ਗੁਰੂ’ ਹੈ, ਉਸ ਨੂੰ ਗੁਰੂ ਨਾਨਕ ਜੀ ਨੇ ‘ਸਬਦੁ ਗੁਰੂ’ ਕਿਹਾ ਹੈ। ਮਹਾਨ ਕੋਸ਼ ’ਚ ‘ਬਾਣੀ’ ਦੇ 10 ਅਰਥ, ‘ਸਬਦ’ ਦੇ 11 ਅਤੇ ‘ਓਅੰਕਾਰ’ ਦੇ 4 ਅਰਥ ਹਨ, ਪਰ ਇਨ੍ਹਾਂ 25 ਅਰਥਾਂ ’ਚ ਇੱਕ ਭੀ ਥਾਂ ‘ਚਿੰਨ੍ਹ’ ਜਾਂ ‘ਦੈਵੀ ਚਿੰਨ੍ਹ’ ਅਰਥ ਨਹੀਂ। ਤਥਾ ਕਥਿਤ ਵਿਦਵਾਨਾਂ ਨੇ ਆਪਣੀ ਲਿਖਤ ’ਚ ਵਾਰ-ਵਾਰ ਲਿਖਿਐ ਕਿ ਗੁਰਬਾਣੀ ਦੇ (ਸਮਾਜੀ ਰਚਨਾ ਵਾਙ) ਸ਼ਾਬਦਿਕ ਅਰਥ ਨਹੀਂ ਹੋ ਸਕਦੇ, ਫਿਰ ‘ਪੁਤ੍ਰੀ’ ਅਰਥਾਂ ਲਈ ਮਹਾਨ ਕੋਸ਼ ਵਰਤ ਲਿਆ ਤੇ ੴ ਦੇ ਅਰਥਾਂ ਲਈ ਕਿਸੇ ਭੀ ਕੋਸ਼ ਦਾ ਹਵਾਲਾ ਦੇਣਾ, ਉਚਿਤ ਨਾ ਸਮਝਿਆ।

(2). ਡਾ. ਗੁਰਮੇਲ ਸਿੰਘ ਨੇ ਕਿਹਾ ਕਿ ‘ਇਕ’ ਤੋਂ ‘ਓਅਙ੍ਕਾਰ’ ਭਿੰਨ ਨਹੀਂ ਕਰਨਾ। ਭਾਈ ਗੁਰਦਾਸ ਜੀ ‘ਇਕ’ ਦੇ ‘ਕੋਲ਼’ ‘ਊੜੇ’ ਨੂੰ ਬੈਠਾਉਂਦੇ ਹਨ, ਨਾ ਕਿ ਇੱਕ ਵਿੱਚ ਊੜਾ ਮਿਲਾਉਂਦੇ ਹਨ; ਜਿਵੇਂ ਕਿ ‘‘ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ।’’ (ਵਾਰ ੩ ਪਉੜੀ ੧੫) ਕੀ ਇਹ ਤਥਾ ਕਥਿਤ ਵਿਦਵਾਨ; ਭਾਈ ਗੁਰਦਾਸ ਜੀ ਤੋਂ ਭੀ ਵੱਧ ਸਮਝਦਾਰ ਹਨ ?

(3). ੴ ਵਿੱਚ ‘ਇਕ+ਓ+ਕਾਰ’ ਹੈ, ਨਾ ਕਿ ਇਕਓਅਙ੍ਕਾਰ’। ਇਹ ਲਿਖਣਾ ਕਿ ‘ਅੰ’ ਦਾ ਉਚਾਰਨ ‘ਅਙ੍’ ਹੈ, ਕਿੱਥੋਂ ਲਿਐ ?

ਡਾ. ਗੁਰਮੇਲ ਸਿੰਘ ਆਪਣੀ ਕਿਤਾਬ ਦੇ ਪੰਨਾ 15 ’ਤੇ ਅਤੇ ‘ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ’ ਦੇ ਪੰਨਾ 26 ’ਤੇ ਲਿਖਦੈ ‘ਗੁਰਬਾਣੀ ਵਿਚ ਵਿਸਰਗ (:) ਵੀ ਵਰਤੇ ਗਏ ਹਨ। ਵਿਸਰਗ (ਯਾਨੀ ਦ੍ਰਿੜੰਤਣ: ਲਿਖੵਣ: ਸੰਪੂਰਣ: ਰੰਗਣ:) ਦਾ ਉਚਾਰਨ ‘ਹ੍’ ਹੈ (ਭਾਵ ਦ੍ਰਿੜੰਤਣਹ੍ ਲਿਖੵਣਹ੍ ਸੰਪੂਰਣਹ੍ ਰੰਗਣਹ੍) ਅਤੇ ਅਗਾਂਹ ਲਿਖਦੈ ‘ਗੁਰਬਾਣੀ ਲੇਖਣੀ ਵਿਧਾਨ ਵਿਚ ਸਿਰਫ਼ ਇਕ ਸ਼ਬਦ, ਬਾਣੀਕਾਰ ‘ਮਹਲਾ’ ਲਈ, ਸੰਖਿਪਤ ਤਰਕੀਬ ‘ਮ:’ ਅਨੇਕ ਵਾਰ ਵਰਤੋਂ ਵਿਚ ਲਿਆਂਦੀ ਗਈ ਹੈ। ਬਾਣੀ ਉਚਾਰਨ ਵਿਚ ਇਸ ਦਾ ਉਚਾਰਨ ਤੇ ਰੂਪ ‘ਮਹਲਾ’ ਹੈ।

ਵਿਚਾਰ : ਡਾ. ਗੁਰਮੇਲ ਸਿੰਘ ਮੁਤਾਬਕ ਦੋਵੇਂ ਚਿੰਨ੍ਹ ਵਿਸਰਗ ‘(:)’ ਤੇ ਮ : ‘(:)’ ਸੰਸਕ੍ਰਿਤ ਦੇ ਹਨ ਕਿਉਂਕਿ ਡਾ. ਹਰਕੀਰਤ ਸਿੰਘ ਤੇ ਡਾ. ਗੁਰਮੇਲ ਸਿੰਘ; ਮ: ਦਾ ਉਚਾਰਨ ‘ਮਹੱਲਾ’ ਦਾ ਵਿਰੋਧ ਨਹੀਂ ਕਰਦੇ ਤੇ ਇਹ ਉਚਾਰਨ ਸੰਸਕ੍ਰਿਤ ਸ਼ਬਦ ਵਜੋਂ ਹੀ ਹੈ (ਨਾ ਕਿ ਅਰਬੀ ‘ਮਹਲਾ’ ਦਾ) ਤਾਂ ਫਿਰ ਇੱਕ ਜਗ੍ਹਾ ‘(:)’ ਦਾ ਉਚਾਰਨ ‘ਹ੍’ ਤੇ ਦੂਜਾ ਥਾਂ ‘(:)’ ਦਾ ਉਚਾਰਨ ‘ਹੱਲਾ’ (ਯਾਨੀ ਮਹੱਲਾ) ਕਿਵੇਂ ? ਇੱਥੇ ਭੀ ਇਨ੍ਹਾਂ ਮੁਤਾਬਕ ਵਿਸਰਗ ਸ਼ਬਦਾਂ ਵਾਙ ‘ਮਹ੍’ ਹੋਣਾ ਚਾਹੀਦਾ ਸੀ।

ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ’ਚ ਸਿੱਖਾਂ ਲਈ ਸਪਸ਼ਟ ਸੰਕੇਤ ਕੀਤੇ ਹਨ; ਜਿਵੇਂ ‘ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥, ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥’ ਇਨ੍ਹਾਂ ਸਿਰਲੇਖਾਂ ’ਚ ‘੧’ ਦੇ ਨਾਲ਼ ‘ਪਹਿਲਾ’ ਲਿਖਣ ਤੋਂ ਭਾਵ ‘੧’ ਦਾ ਉਚਾਰਨ ‘ਪਹਿਲਾ’ ਹੈ, ਨਾ ਕਿ ‘ਇਕ’ ਜਾਂ ਦੋ ਵਾਰ ‘ਪਹਿਲਾ ਪਹਿਲਾ’। ਫਿਰ ਭੀ ਨਾ ਸਮਝਣ ਵਾਲ਼ੇ ਗੁਰੂ ਤੋਂ ਬੇਮੁਖ ਹਨ ਜਾਂ ਇਨ੍ਹਾਂ ਸੰਕੇਤਾਂ ਨੂੰ ਸਮਝਣ ਵਾਲ਼ੇ ਬੇਮੁਖ ? ਗੁਰਬਾਣੀ ਨੂੰ ਹੂਬਹੂ ਪੜ੍ਹਨ ਨਾਲ਼ ‘ਪਹਿਲਾ ਪਹਿਲਾ’ ਦੋ ਵਾਰ ਪੜ੍ਹਨਾ ਪੈਣਾ ਹੈ, ਜੋ ਕਿ ਸਹੀ ਨਹੀਂ।

ਅੰਤ ’ਚ ਇਹ ਜਾਣਨਾ ਭੀ ਬੜਾ ਜ਼ਰੂਰੀ ਹੈ ਕਿ ਡਾ. ਗੁਰਮੇਲ ਸਿੰਘ ਨੇ ਆਪਣੀ ਕਿਤਾਬ (ਗੁਰਬਾਣੀ ਉਚਾਰਨ : ਧਰਮ-ਵਿਗਿਆਨਕ, ਧੁਨੀ-ਵਿਗਿਆਨਕ, ਮਨੋ-ਵਿਗਿਆਨਕ ਪਹੁੰਚ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ (ਗੁਰਬਾਣੀ ਸੰਥਿਆ-ਉਚਾਰਨ ਦੇ ਵਿਸ਼ੇਸ਼ ਹਵਾਲੇ ਨਾਲ) ’ਚ ਕੀ ਅੰਤਰ ਹੈ ਤੇ ਕਿਉਂ ਰੱਖਿਐ ? ਡਾ. ਗੁਰਮੇਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ ’ਚ ਪੰਨਾ ਨੰਬਰ 11, 12 ਤੇ 13 ’ਤੇ 19 ਵਾਰ ‘ਟਕਸਾਲ’ ਸ਼ਬਦ ਵਾਧੂ ਲਿਖਦਿਆਂ ਇਨ੍ਹਾਂ ਵਾਕਾਂ ‘‘ਜਤੁ ਪਾਹਾਰਾ ਧੀਰਜੁ ਸੁਨਿਆਰੁ ॥… ਘੜੀਐ ਸਬਦੁ ਸਚੀ ਟਕਸਾਲ ॥ (ਜਪੁ), ਸਚ ਸਬਦੁ ਗੁਰਿ ਸਉਪਿਆ; ਸਚ ਟਕਸਾਲਹੁ ਸਿਕਾ ਚਲਿਆ।’’ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੮) ਦੀ ਟੇਕ ਲੈ ਕੇ ਇਹ ਸਿੱਧ ਕੀਤੈ ਕਿ ‘ਟਕਸਾਲ’ ਦੀ ਸ਼ੁਰੂਆਤ ਬਾਬਾ ਦੀਪ ਸਿੰਘ ਜਾਂ ਭਾਈ ਮਨੀ ਸਿੰਘ ਤੋਂ ਨਹੀਂ ਹੋਈ ਬਲਕਿ ਗੁਰੂ ਨਾਨਕ ਸਾਹਿਬ ਜੀ ਤੋਂ ਹੋਈ ਹੈ। ਇਸ ਤੋਂ ਜਾਪਦੈ ਕਿ ਬਹਾਦਰ ਗੜ੍ਹ (ਪਟਿਆਲ਼ਾ) ਵਿਖੇ 11 ਤੋਂ 15 ਅਕਤੂਬਰ 2021 ਤੱਕ ਹੋਈ ‘ਗੁਰਬਾਣੀ ਸੰਥਿਆ ਕਾਰਜਸ਼ਾਲਾ’ ਕਿਸ ਨੇ ਕਰਵਾਈ ਤੇ ਕਿਉਂ ਕਰਵਾਈ ? ਵੈਸੇ ਉਕਤ ਦੋਵੇਂ ਵਾਕਾਂ ’ਚ ‘ਟਕਸਾਲ’ ਦਾ ਉਹ ਅਰਥ ਭੀ ਨਹੀਂ, ਜੋ ਇਸ ਨੇ ਸੰਤ ਸਮਾਜ ਦੀ ਮੁਥਾਜੀ ਕਰਦਿਆਂ ਕਰ ਲਿਆ।

ਸਿੱਖ ਕੌਮ ਦੀਆਂ ਸਿਰਮੌਰ ਦੋ ਜਥੇਬੰਦੀਆਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੀਫ਼ ਖ਼ਾਲਸਾ ਦੀਵਾਨ) ਸ਼ਰੇਆਮ ਪੰਥ ਦਰਦੀ ਜਥੇਬੰਦੀਆਂ ’ਤੇ ਸਵਾਲ ਖੜ੍ਹੇ ਕਰਨ ਵਾਲ਼ਿਆਂ ਨੂੰ ਹੱਲਾਸ਼ੇਰੀ ਦਿੰਦੀਆਂ ਪਈਆਂ ਹਨ ਜਦਕਿ ਚੀਫ਼ ਖ਼ਾਲਸਾ ਦੀਵਾਨ ਨਾਲ਼ ਹੀ ਸੰਬੰਧਿਤ ਪਦਮ ਭੂਸ਼ਣ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਹੇ ਹਨ, ਜਿਨ੍ਹਾਂ ਨੇ ਆਪਣੇ ਵੱਲੋਂ ਕੀਤੇ ਗੁਰਬਾਣੀ ਦੇ ਟੀਕੇ ’ਚ ਉਚਾਰਨ ਸੇਧਾਂ ਦਿੱਤੀਆਂ ਹਨ। ਇਸ ਦੇ ਕੀ ਕਾਰਨ ਹਨ, ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਜਲਦੀ ਸਿੱਖਣਾ ਬਹੁਤ ਜ਼ਰੂਰੀ ਹੈ।

ਤਤਸਾਰ : ਪ੍ਰਚਲਿਤ ਗੁਰਬਾਣੀ ਪਾਠ ਬੋਧ ਦੌਰਾਨ; ਜਿੱਥੇ ਤਤਸਮ ਸ਼ਬਦਾਂ ਨੂੰ ਸੰਬੰਧਿਤ ਭਾਸ਼ਾ ਦੇ ਉਚਾਰਨ ਵਾਙ ਉਚਾਰ ਕੇ ਭਾਸ਼ਾਈ ਵਿਤਕਰਾ ਮਿਟਦੈ ਓਥੇ ਤਦਭਵ ਸ਼ਬਦਾਂ ਨੂੰ ਬੱਚਿਆਂ ਦੀ ਤੋਤਲੀ ਜ਼ਬਾਨ ਵਾਙ ਉਚਾਰ ਕੇ ਮਸਤੀ/ਅਨੰਦ ਮਾਣੀਦੈ ਅਤੇ ਵਿਆਕਰਨਿਕ ਨਿਯਮਾਂ ਦੀ ਸੂਝ ਨਾਲ਼ ਸ਼ਾਬਦਿਕ ਅਰਥ ਕਰਕੇ ਭਾਵਾਰਥ (ਗੁਰਮਤਿ ਸਿਧਾਂਤ) ਸਪਸ਼ਟ ਹੁੰਦਾ ਹੈ।

ਦੂਜੇ ਪਾਸੇ ਇਸ ਦਾ ਵਿਰੋਧ ਕਰਨ ਵਾਲ਼ੇ ਰੂੜ੍ਹੀਵਾਦੀ; ਗੁਰੂ ਟੀਚੇ ਨੂੰ ਕੇਵਲ ਪ੍ਰਗਟ ਕਰਨ ਵਾਲ਼ੇ ‘ਰਾਗ, ਕਾਗਜ਼, ਅੱਖਰ, ਧੁਨੀ’ ਆਦਿ ਦੇ ਸਤਿਕਾਰ ਤੱਕ ਸੀਮਤ ਹਨ, ਜੋ ਇਨ੍ਹਾਂ ਵਚਨਾਂ ‘‘ ਅਖਰ ਖਿਰਿ ਜਾਹਿਗੇ; ਓਇ ਅਖਰ (+ਖਰ) ਇਨ ਮਹਿ ਨਾਹਿ , ਰਾਗੈ ਨਾਦੈ ਬਾਹਰਾ; ਇਨੀ ਹੁਕਮੁ ਬੂਝਿਆ ਜਾਇ ’’ ਆਦਿ ਤੋਂ ਕੋਈ ਸੇਧ ਨਹੀਂ ਲੈ ਰਹੇ। ਵਿਅਕਤੀ ਵਿਸ਼ੇਸ਼ ਨਾਮ ‘ਨਾਨਕ’ ਨੂੰ ਕੋਈ ਰੂੜ੍ਹੀਵਾਦੀ ਹੀ ‘ਨਾਨਕੁ’ ਜਾਂ ‘ਨਾਨਕਿ’ ਪੜ੍ਹੇਗਾ ਕਿਉਂਕਿ ਇਹ (ਨਾਨਕੁ/ਨਾਨਕਿ) ਨਾਮ; ਗੁਰੂ ਨਾਨਕ ਸਾਹਿਬ ਜੀ ਦੇ ਨਹੀਂ ਹਨ।

ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’

0

ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’

ਗਿਆਨੀ ਅਵਤਾਰ ਸਿੰਘ

ਮਨੁੱਖ; ਇੱਕ ਜੂਨ ਹੈ ਜੋ ਅਣਗਿਣਤ ਆਮ ਜੂਨਾਂ ਵਾਙ ਸੰਸਾਰ ’ਚ ਜਨਮ ਲੈਂਦਾ, ਮਨ-ਇੱਛਤ ਪਦਾਰਥ ਭੋਗਦਾ ਅਤੇ ਆਪਣੇ ਵੰਸ਼ਜ ਦਾ ਵਿਕਾਸ ਕਰਦਾ ਆਖ਼ਿਰ ਇੱਕ ਦਿਨ ਇੱਥੋਂ ਸਦਾ ਲਈ ਚਲਾ ਜਾਂਦਾ ਹੈ। ਮਰਨ ਤੋਂ ਕੁਝ ਸਮੇਂ ਬਾਅਦ ਉਸ ਦੀ ਯਾਦ ਵੀ ਅਲੋਪ ਹੋ ਜਾਂਦੀ ਹੈ।  ਧਰਮ, ਬੰਦੇ ਨੂੰ ਕੋਹਲੂ ਦੇ ਬੈਲ਼ ਵਾਙ ਟੀਚਾ ਰਹਿਤ ਬੀਤ ਰਹੇ ਮਨੁੱਖੀ ਜੀਵਨ ਦਾ ਅਹਿਸਾਸ ਕਰਾ ਕੇ ਅਨੋਖੇ ਲਕਸ਼ ਦੀ ਪ੍ਰਾਪਤੀ ਲਈ ਨਵੇਕਲ਼ੇ ਮਾਰਗ ਦਾ ਪਾਂਧੀ ਬਣਾਉਂਦਾ ਹੈ। ਅਜਿਹਾ ਮੁਸਾਫ਼ਰ (ਧਰਮੀ ਬੰਦਾ) ਨਿੱਜੀ ਜੀਵਨ ਤੋਂ ਉੱਪਰ ਉੱਠ ਕੇ ਭਾਈਚਾਰਕ, ਸਮਾਜਕ ਤੇ ਸਿਆਸੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਸਾਹਸੀ ਤੇ ਅਨੰਦਮਈ ਜੀਵਨ ਬਤੀਤ ਕਰਦਾ ਹੈ, ਜੋ ਕਿ ਹੋਰਨਾਂ ਲਈ ਇੱਕ ਮਿਸਾਲ ਬਣਦੀ ਹੈ।

‘ਧਰਮ’, ਜੋ ਕਿ ਕੇਵਲ ਮਨੁੱਖਾ ਜੂਨੀ ਦਾ ਅਹਿਮ ਅੰਗ ਹੈ, ਦੀ ਵਿਆਖਿਆ ਸਦੀਆਂ ਤੋਂ ਹੁੰਦੀ ਆਈ ਹੈ ਭਾਵੇਂ ਕਿ ਸਮਾਜ ਨੂੰ ਇਸ ਵਿਆਖਿਆ ਦਾ ਬਹੁਤਾ ਲਾਭ ਹੋਇਆ ਜਾਂ ਨਾ ਹੋਇਆ ਹੋਵੇ। ਇੱਥੇ ਇਹ ਵਿਚਾਰਨਾ ਗ਼ਲਤ ਨਹੀਂ ਹੋਏਗਾ ਕਿ ਪ੍ਰਚਲਿਤ ਧਰਮਾਂ ਦੇ ਰਹਿਬਰ (ਆਗੂ) ਤੇ ਅਨੁਯਾਈਆਂ (ਚੇਲਿਆਂ/ਪੈਰੋਕਾਰਾਂ) ਨੇ ਸਮੁੱਚੀ ਮਾਨਵਤਾ ਦੇ ਹਿਤਕਾਰੀ ਕਾਰਜਾਂ ਬਦਲੇ ਆਪਣੇ ਜੀਵਨ ਨੂੰ ਦੁਖਦਾਈ ਜਾਂ ਕੁਰਬਾਨ ਨਹੀਂ ਹੋਣ ਦਿੱਤਾ; ਸਿਵਾਏ ਗੁਰੂ ਅਤੇ ਸਿੱਖ ਇਤਿਹਾਸ ਤੋਂ।

ਆਮ ਮਨੁੱਖ ਅਤੇ ਧਰਮੀ ਬੰਦੇ ਦੇ ਸੁਭਾਅ (ਕਥਨੀ ਤੇ ਕਰਨੀ) ਵਿੱਚ ਬੜਾ ਅੰਤਰ ਹੁੰਦੈ। ਭਾਵੇਂ ਕਿ ਧਰਮੀ ਬੰਦੇ ਨਿਰਸੁਆਰਥ ਹੁੰਦੇ ਹਨ ਪਰ ਇਨ੍ਹਾਂ ਦੇ ਵਧਦੇ ਸਮਾਜਿਕ ਰਸੂਖ਼ ਤੋਂ ਸਿਆਸੀ ਲੋਕਾਂ ਦਾ ਬੌਣਾ ਹੁੰਦਾ ਕੱਦ ਉਨ੍ਹਾਂ ਨੂੰ ਸਦਾ ਚਿੰਤਤ ਕਰਦਾ ਰਿਹਾ ਹੈ।

ਪਰੰਪਰਾਵਾਦੀ ਹਿੰਦੂ ਤੇ ਇਸਲਾਮੀ ਖ਼ਿਆਲਾਂ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਘੱਟ, ਦੁਖਦਾਈ ਵਧੇਰੇ ਬਣਾਇਆ।  ਰੱਬ ਬਾਰੇ ਨਾਸਮਝੀ ਤੇ ਆਪੂ ਬਣੇ ਗੁਰੂ/ਪੀਰਾਂ ਨੇ ਆਪਣੀ-ਆਪਣੀ ਮਤ ਨੂੰ ਸੱਚਾ ਧਰਮ ਕਹਿ ਕੇ ਪ੍ਰਚਾਰਿਆ, ਜੋ ਕਿ ਉਨ੍ਹਾਂ ਦੀ ਕੱਟੜਤਾ (ਫ਼ਿਰਕੂ ਸੋਚ) ਤੇ ਆਰਥਿਕ ਲੋੜਾਂ (ਲੋਭ) ਦੀ ਪੂਰਤੀ ਮਾਤਰ ਸੀ।

ਮਾਨਵ ਹਿਤਕਾਰੀ ਨਵੇਂ ਫ਼ਲਸਫ਼ੇ ਨਾਲ਼ ਜਿੱਥੇ ਸਿਆਸੀ ਲੋਕ ਚਿੰਤਾਤੁਰ ਸਨ, ਉੱਥੇ ਅਖੌਤੀ ਧਰਮੀ ਪੈਰੋਕਾਰਾਂ ਦਾ ਫ਼ਿਕਰਮੰਦ ਹੋਣਾ ਸੁਭਾਵਕ ਸੀ।  ਨਹੀਂ ਤਾਂ ਸੋਚੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਹੇਠਲੇ ਤਿੰਨ ਅਸੂਲਾਂ ਦਾ ਵਿਰੋਧ ਭਲਾ ਕੋਈ ਇਨਸਾਨ ਕਿਉਂ ਕਰੇਗਾ :

(1). ਰੱਬ ਇੱਕ ਹੈ, ਜੋ ਕਣ-ਕਣ ਵਿੱਚ ਵਿਆਪਕ ਅਦ੍ਰਿਸ਼ ਤੇ ਨਿਰਲੇਪ ਹੈ। ਕੇਵਲ ਉਸ ਦੀ ਉਸਤਤ ਕਰਨੀ ਲਾਭਕਾਰੀ ਹੈ, ‘‘ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ ਅਵਰੁ ਦੂਜਾ ਕਿਉ ਸੇਵੀਐਜੰਮੈ ਤੈ ਮਰਿ ਜਾਇ ’’ (ਮਹਲਾ /੫੦੯

(2). ਗੁਰੂ, ਰਹਿਬਰ, ਪੈਗ਼ੰਬਰ, ਆਚਾਰੀਆ, ਪੰਡਿਤ-ਵਿਦਵਾਨ, ਮੌਲਵੀ, ਸਿਆਸੀ ਆਗੂ ਉਹੀ ਹੈ, ਜੋ ਮਨੁੱਖਤਾ ਨੂੰ ਏਕਤਾ, ਪਿਆਰ, ਇਨਸਾਫ਼ ਤੇ ਸੁਤੰਤਰਤਾ ਉਪਲਬਧ ਕਰਾਵੇ, ‘‘ਨਾਨਕ  ! ਸਤਿਗੁਰੁ ਐਸਾ ਜਾਣੀਐ; ਜੋ ਸਭਸੈ ਲਏ ਮਿਲਾਇ ਜੀਉ (ਮਹਲਾ /੭੨), ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ’’ (ਮਹਲਾ /੭੪੭)

(3). ਹਰ ਉਹ ਖ਼ਿਆਲ; ਰੋਗ ਹੈ, ਜੋ ਸਮਾਜ ’ਚ ਵਿਤਕਰਾ, ਅੰਧ ਵਿਸ਼ਵਾਸ ਨੂੰ ਜਨਮ ਦਿੰਦੈ; ਜਿਵੇਂ ਕਿ ਫ਼ਿਰਕੂ ਸੋਚ, ਜਾਤ-ਪਾਤ, ਵਰਨ-ਆਸ਼ਰਮ, ਲਿੰਗ-ਭੇਦ (ਔਰਤ ਮਰਦ ’ਚ ਅਸਮਾਨਤਾ), ਭਰਮ-ਭੁਲੇਖਾ (ਜੋ ਝੂਠ ਨੂੰ ਤਰਜੀਹ ਦੇ ਕੇ ਸਚਾਈ ਨੂੰ ਛੁਪਾਵੇ), ਕਰਮਕਾਂਡ (ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਧਾਰਮਿਕ ਕਰਮ), ਨਸ਼ਾ ਵਗ਼ੈਰਾ।

ਸਚਾਈ ਦੇ ਉਕਤ ਤਿੰਨੇ ਪੱਖ, ਹਰ ਵਿਅਕਤੀ ਲਈ ਗੁਣਕਾਰੀ ਹਨ ਭਾਵੇਂ ਕੋਈ ਰੱਬ ਨੂੰ ਮੰਨੇ ਜਾਂ ਨਾ ਮੰਨੇ ।  ਗੁਰਬਾਣੀ; ਮਨੁੱਖਤਾ ਨੂੰ ਸਚਾਈ ਭਰਪੂਰ ਰੂਹਾਨੀਅਤ ਸ਼ਕਤੀ ਦੇ ਕੇ ਨਿੱਜੀ, ਪਰਿਵਾਰਕ ਤੇ ਸਮਾਜਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀ ਹੈ। ਇਸ ਰੁਤਬੇ ਨੂੰ ਪਹੁੰਚਿਆ ਬੰਦਾ, ਸਮਾਜ ਨੂੰ ਆਪਣਾ ਪਰਿਵਾਰ ਮੰਨਦਾ ਹੋਇਆ, ਖ਼ੁਦ ਕੀਤੀ ਹੱਕ-ਸੱਚ ਦੀ ਨੇਕ ਕਿਰਤ-ਕਮਾਈ ਨੂੰ ਵੀ ਇਨਸਾਨੀਅਤ ਪੱਖੋਂ ਵੰਡ ਕੇ ਛਕਦਾ ਹੈ। ਅਜਿਹੇ ਜੀਵਨ ’ਚ ਛਲ-ਕਪਟ ਦੀ ਬਦਬੋ ਨਹੀਂ ਹੁੰਦੀ, ਪਰ ਛਲ-ਕਪਟੀ ਪੂਜਾਰੀ (ਪੰਡਿਤ/ਕਾਜ਼ੀ ਆਦਿ) ਤੇ ਸਿਆਸੀ ਆਗੂ ਇਨ੍ਹਾਂ (ਰੱਬੀ ਬੰਦਿਆਂ) ਨੂੰ ਮਾਨਵਤਾ ਦੇ ਸਾਰਥਿਕ ਕਾਰਜ ਕਰਨ ਬਦਲੇ ਨਿਸ਼ਾਨਾ ਬਣਾਉਂਦੇ ਆਏ ਹਨ, ਤਾਂ ਜੋ ਲੁਕਾਈ ਨੂੰ ਆਪਣੇ ਸੁਆਰਥੀ ਹਿੱਤਾਂ ਲਈ ਵਰਤਣ ’ਚ ਕੋਈ ਰੁਕਾਵਟ ਨਾ ਆਵੇ ।  ਰਾਜਸੀ ਤਾਕਤ; ਪੂਜਾਰੀਆਂ ਦੀ ਮਦਦ ਨਾਲ਼ ਗੁਰੂ ਸਾਹਿਬਾਨ ਅਤੇ ਅਨੇਕਾਂ ਮਰਜੀਵੜੇ ਸਿੱਖਾਂ ਨੂੰ ਭਾਵੇਂ ਕਿ ਸ਼ਹੀਦ ਕਰਨ ’ਚ ਸਫਲ ਹੁੰਦੀ ਰਹੀ, ਪਰ ਸਮਾਜਿਕ ਪਿਆਰ ਨੇ ਹੌਸਲੇ ਬੁਲੰਦ ਰੱਖੇ, ਜਿਨ੍ਹਾਂ ਨੂੰ ਸੁਬ੍ਹਾ-ਸ਼ਾਮ ਅਰਦਾਸ ਰਾਹੀਂ ਯਾਦ ਕਰ ਸਿੱਖ ਭਾਈਚਾਰਾ ਅੱਜ ਵੀ ਨਵੀਂ ਊਰਜਾ ਪ੍ਰਾਪਤ ਕਰਦਾ ਹੈ।

ਸਿੱਖ ਇਤਿਹਾਸ ਸਿਰਜਿਆ ਹੀ ਸ਼ਹੀਦਾਂ ਦੇ ਖ਼ੂਨ ਨਾਲ਼ ਹੈ। ਇਸ ਵਿੱਚ ਗੁਰੂ ਸਾਹਿਬਾਨ (ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ) ਜੀ ਦੀ ਸ਼ਹੀਦੀ ਅਹਿਮ ਪ੍ਰੇਰਨਾ ਸਰੋਤ ਹੈ।  ਸ਼ਹੀਦਾਂ ਦੀ ਕੌਮ ’ਚ ਕੌਣ, ਕਦੋਂ ਤੇ ਕਿੱਥੇ ਆਪਣੇ ਜੀਵਨ ਦੀ ਅਹੂਤੀ ਦੇ ਗਿਆ ਹੋਵੇ, ਉਸ ਦਾ ਪੂਰਨ ਇਤਿਹਾਸ ਇਕੱਤਰ ਕਰਨਾ ਅਸੰਭਵ ਹੁੰਦਾ ਹੈ ਪਰ ਸਿੱਖ ਇਤਿਹਾਸ ’ਚ ਦਰਜ ਕੁਝ ਅੰਕੜਿਆਂ ਮੁਤਾਬਕ ਪਹਿਲਾ ਸਿੱਖ ਸ਼ਹੀਦ ਭਾਈ ਤਾਰਾ ਜੀ ਨੂੰ ਮੰਨਿਆ ਗਿਆ ਹੈ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਾਤ ਦੇ ਕੇ ਪਰਉਪਕਾਰੀ ਬਣਾ ਦਿੱਤਾ ਸੀ।  ਸੰਨ 1524 ’ਚ ਜਦੋਂ ਬਾਬਰ ਦੁਆਰਾ ਲਾਹੌਰ ਸ਼ਹਿਰ ਨੂੰ ਅੱਗ ਲਗਾਈ ਗਈ ਤਾਂ ਭਾਈ ਸਾਹਿਬ ਨੂੰ ਅੱਗ ਬੁਝਾਉਣ ਬਦਲੇ ਬਾਬਰ ਦੇ ਸਿਪਾਹੀਆਂ ਨੇ ਘੋੜੇ ਪਿੱਛੇ ਬੰਨ੍ਹ ਕੇ ਸ਼ਹੀਦ ਕੀਤਾ ਸੀ। ਭਾਈ ਤਾਰਾ ਜੀ; ਬਜ਼ੁਰਗ ਮਾਤਾ ਤੇ ਵਿਧਵਾ ਭੈਣ ਦਾ ਇਕਲੌਤਾ ਸਹਾਰਾ ਸੀ, ਪਰ ਫਿਰ ਵੀ ਉਨ੍ਹਾਂ ਗੁਰੂ ਨਾਨਕ ਜੀ ਦੁਆਰਾ ਦਿੱਤੀ ਗਈ ਸਿੱਖਿਆ (ਸੱਚ ਦਾ ਵਪਾਰ ਕੀਤਾ ਕਰਨਾ।  ਪ੍ਰਮੇਸ਼ਰ ਦੇ ਜੀਵਾਂ ਤੇ ਪਰਉਪਕਾਰ ਕਰਨਾ।) ਨੂੰ ਪਹਿਲ ਦਿੱਤੀ।  ਭਾਈ ਤਾਰਾ ਜੀ ਨੂੰ ਭਾਈ ਗੁਰਦਾਸ ਜੀ ਨੇ ਤਾਰੂ ਲਿਖ ਕੇ ਸਾਨੂੰ ਇਉਂ ਯਾਦ ਕਰਵਾਇਆ, ‘‘ਤਾਰੂ ਪੋਪਟੁ ਤਾਰਿਆ; ਗੁਰਮੁਖਿ ਬਾਲ ਸੁਭਾਇ ਉਦਾਸੀ’’ (ਵਾਰ ੧੧ ਪਉੜੀ ੧੩)

ਗੁਰੂ ਅਰਜਨ ਸਾਹਿਬ ਜੀ ਦੀ 2 ਹਾੜ/30 ਮਈ 1606 ਈਸਵੀ ਨੂੰ ਅਸਹਿ ਸ਼ਹੀਦੀ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੋਏ ਅਚਾਨਕ 4 ਯੁੱਧਾਂ ’ਚ ਕਈ ਸਿੱਖ ਸੂਰਮੇ ਸ਼ਹੀਦ ਹੋਏ ।   11 ਮੱਘਰ/11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਮੇਤ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਵੀ ਆਪਣੇ ਇਰਾਦੇ ਨੂੰ ਸਫਲ ਕਰ ਗਏ।  ਕਵੀ ਕੇਸ਼ਵ ਭੱਟ ਗੁਰੂ ਜੀ ਦੀ ਇਸ ਮਨਸ਼ਾ ਨੂੰ ਇਉਂ ਪੇਸ਼ ਕਰਦੇ ਹਨ : ‘ਬਾਂਹਿ ਜਿੰਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋਡੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋਡੀਏ।’ ਪਦ ਅਰਥ : ਧਰ ਪਈਐ-ਡਿੱਗ ਭਾਵ ਮਰ ਜਾਣਾ।

ਇਤਿਹਾਸ ਗਵਾਹ ਹੈ ਕਿ ਸਿੱਖਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਤਿੰਨੇ ਸਿੱਖਾਂ ਦੀ ਭਿਆਨਕ ਸ਼ਹੀਦੀ ਤੋਂ ਸਾਢੇ ਚਾਰ ਮਹੀਨੇ ਬਾਅਦ (27 ਮਾਰਚ 1676 ਨੂੰ) ਔਰੰਗਜ਼ੇਬ ਹਸਨ ਅਬਦਾਲ (ਅਜੋਕੇ ਪੰਜਾ ਸਾਹਿਬ/ਪਾਕਿਸਤਾਨ) ਤੋਂ ਦਿੱਲੀ ਪਹੁੰਚਿਆ।  ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਉੱਤੇ ਸਿੱਖਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ; ਜਿਵੇਂ ਕਿ ਇੱਕ ਸਿੱਖ ਨੇ 27 ਅਕਤੂਬਰ 1676 ਨੂੰ ਔਰੰਗਜ਼ੇਬ ਉੱਤੇ ਇੱਟਾਂ ਨਾਲ ਤਦ ਹਮਲਾ ਕਰ ਦਿੱਤਾ ਜਦ ਉਹ ਬੇੜੀ ’ਚੋਂ ਉਤਰ ਰਿਹਾ ਸੀ।  ਜੂਨ-ਜੁਲਾਈ 1677 ਨੂੰ ਚਾਂਦਨੀ ਚੌਂਕ ’ਚ ਇੱਕ ਸਿੱਖ ਨੇ ਔਰੰਗਜ਼ੇਬ ਉੱਤੇ ਤਿੱਖਾ ਨੇਜ਼ਾ ਮਾਰਿਆ ਅਤੇ 19 ਅਕਤੂਬਰ 1677 ਨੂੰ ਇੱਕ ਸਿੱਖ ਨੇ ਤਲਵਾਰ ਨਾਲ ਤਦ ਔਰੰਗਜ਼ੇਬ ਉੱਤੇ ਹਮਲਾ ਕੀਤਾ ਜਦ ਉਹ ਜਾਮਾ ਮਸਜਿਦ ਦੀਆਂ ਪੌੜੀਆਂ ਤੋਂ ਉੱਤਰ ਕੇ ਘੋੜੇ ਉੱਤੇ ਚੜ੍ਹ ਰਿਹਾ ਸੀ।  (ਮਆਸਿਰਿ-ਆਲਮਗੀਰੀ, ਸਫ਼ਾ 135-36)

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਧਦਾ ਮਨੁੱਖੀ ਪਿਆਰ ਹੀ ਬਿਲਾਸਪੁਰ ਦੇ ਰਾਜੇ ਭੀਮ ਚੰਦ, ਉਸ ਦੇ ਪੁੱਤਰ ਅਜਮੇਰ ਚੰਦ ਤੇ ਉਸ ਦੇ ਵਜ਼ੀਰ ਪੰਡਿਤ ਪਰਮਾ ਨੰਦ ਨੂੰ ਬੇਚੈਨ ਕਰਦਾ ਸੀ।  ਮਿਸਾਲ ਵਜੋਂ ਜਦ 7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੇ ਜਥੇ ਨਾਲ਼ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਬ੍ਰਾਹਮਣ ਦੇਵਕੀ ਦਾਸ ਦੀ ਪਤਨੀ ਨੂੰ ਰਿਹਾਅ ਕਰਵਾਇਆ, ਜਿਸ ਨੂੰ ਕੁਝ ਦਿਨ ਪਹਿਲਾਂ ਉਹ ਜ਼ਬਰਨ ਖੋਹ ਕੇ ਲੈ ਗਿਆ ਸੀ ਤਾਂ ਚਾਰੋਂ ਤਰਫ਼ ਗੁਰੂ ਮਹਿਮਾ ਫੈਲ ਗਈ, ਜਿਸ ਨੂੰ ਸੁਣ ਕੇ ਰਾਜਾ ਅਜਮੇਰ ਚੰਦ ਸੜ-ਬਲ਼ ਗਿਆ ਤੇ ਉਸ ਨੇ ਮੁੜ ਗੁਰੂ ਘਰ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੋ (ਹਮਲੇ) ਉਸ ਨੇ ਆਪਣੀ ਦਾਦੀ (ਰਾਣੀ ਚੌਪਾ, ਜੋ ਗੁਰੂ ਪ੍ਰਤੀ ਸ਼ਰਧਾ ਰੱਖਦੀ ਸੀ) ਦੇ ਜੀਜੇ ਰਾਜਾ ਸਲਾਹੀ ਚੰਦ ਦੇ ਦਬਾਅ ਕਾਰਨ 15 ਅਕਤੂਬਰ 1700 ਈ. ਤੋਂ ਬਾਅਦ ਬੰਦ ਕਰ ਰੱਖੇ ਸਨ।

ਗੁਰੂ ਘਰ ਦੀ ਲੜਾਈ ਦਾ ਕਾਰਨ ਕਿਸੇ ਸਿਆਸੀ ਰਾਜੇ ਦੇ ਅਧਿਕਾਰਾਂ ’ਤੇ ਕਬਜ਼ਾ ਕਰਨਾ ਨਹੀਂ ਰਿਹਾ ਬਲਕਿ ਫ਼ਿਰਕੂ ਰਾਜੇ ਤੇ ਪੂਜਾਰੀ ਗਠਜੋੜ ਦੁਆਰਾ ਕੀਤੇ ਜਾਂਦੇ ਹਮਲਿਆ ਤੋਂ ਆਪਣੀ ਹਿਫ਼ਾਜ਼ਤ ਕਰਨਾ ਸੀ।  ਗੁਰੂ ਨਾਨਕ ਫ਼ਲਸਫ਼ੇ ਦਾ ਸ਼ੁਰੂ ਤੋਂ ਹਾਕਮ, ਮੌਲਵੀ ਤੇ ਪੰਡਿਤਾਂ ਨਾਲ਼ ਵਿਚਾਰਕ ਟਕਰਾਅ ਰਿਹਾ ਹੈ; ਜਿਵੇਂ ਕਿ ਬਾਬਰ, ਜਹਾਂਗੀਰ, ਸ਼ੇਖ਼ ਅਹਿਮਦ ਸਾਹਰਿੰਦੀ (ਸਰਹਿੰਦੀ), ਸ਼ਾਹਜਹਾਨ, ਲੱਲਾ ਬੇਗ਼, ਕਮਰ ਬੇਗ਼, ਸੁਲਹੀ ਖ਼ਾਨ, ਵਜ਼ੀਰ ਖੱਤਰੀ ਚੰਦੂ, ਕਰਮ ਚੰਦ (ਚੰਦੂ ਦਾ ਪੁੱਤਰ), ਭਗਵਾਨ ਦਾਸ (ਚੰਦੂ ਦਾ ਕੁੜਮ), ਰਤਨ ਚੰਦ (ਭਗਵਾਨ ਦਾਸ ਦਾ ਪੁੱਤਰ), ਔਰੰਗਜ਼ੇਬ, ਲਾਹੌਰ ਦਾ ਸੂਬੇਦਾਰ ਮੁਰਤਜ਼ਾ ਖ਼ਾਨ, ਸ਼ੇਖ਼ ਸੈਫ਼-ਉਦ ਦੀਨ (ਸ਼ੇਖ਼ ਅਹਿਮਦ ਸਾਹਰਿੰਦੀ ਦੇ ਗੱਦੀ-ਨਸ਼ੀਨ, ਜਿਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਇਸਲਾਮ ’ਚ ਲਿਆਉਣ ਲਈ ਬੱਸੀ ਪਠਾਣਾਂ ਕਿਲ੍ਹੇ ’ਚ 3 ਮਹੀਨੇ ਬੰਦ ਰੱਖਿਆ), ਦਿੱਲੀ ਦਾ ਸੂਬੇਦਾਰ ਸਾਫ਼ੀ ਖ਼ਾਨ ਤੇ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ (ਜਿਨ੍ਹਾਂ ਗੁਰੂ ਤੇਗ਼ ਬਹਾਦਰ ਸਮੇਤ ਤਿੰਨ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ), ਬਿਲਾਸਪੁਰ ਦਾ ਰਾਜਾ ਭੀਮ ਚੰਦ ਤੇ ਉਸ ਦਾ ਪੁੱਤਰ ਰਾਜਾ ਅਜਮੇਰ ਚੰਦ ਤੇ ਉਸ ਦਾ ਵਜ਼ੀਰ ਪੰਡਿਤ ਪਰਮਾ ਨੰਦ, ਕੇਸਰੀ ਚੰਦ (ਭੀਮ ਚੰਦ ਦਾ ਸਾਲ਼ਾ, ਜਿਸ ਨੇ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਉਣ ਦਾ ਪ੍ਰਣ ਲਿਆ ਸੀ, ਪਰ ਭਾਈ ਉਦੈ ਸਿੰਘ ਨੇ ਇਸ ਦਾ ਹੀ ਸਿਰ ਵੱਢ ਕੇ ਗੁਰੂ ਜੀ ਅੱਗੇ ਲਿਆ ਰੱਖਿਆ) ਤੇ ਉਸ ਦਾ ਵਜ਼ੀਰ ਕਰਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਹਿ ਸ਼ਾਹ, ਕਾਂਗੜੇ ਦਾ ਰਾਜਾ ਆਲਮ ਚੰਦ ਕਟੋਚ ਤੇ ਉਸ ਦਾ ਜਰਨੈਲ ਬਲੀਆ ਚੰਦ ਕਟੋਚ, ਸੂਬਾ ਸਰਹਿੰਦ ਵਜ਼ੀਰ ਖ਼ਾਨ, ਸੁੱਚਾ ਨੰਦ ਆਦਿ।

ਦੂਜੇ ਪਾਸੇ ਹਿੰਦੂ-ਮੁਸਲਿਮ (ਹਾਕਮ, ਮੌਲਵੀ ਤੇ ਪੰਡਿਤ) ਗੁਰੂ ਘਰ ਦੇ ਸ਼ਰਧਾਲੂ ਵੀ ਬਣੇ; ਜਿਵੇਂ ਕਿ ‘ਪਰੋਹਤ ਹਰਦਿਆਲ, ਭਾਈ ਮਰਦਾਨਾ, ਰਾਇ ਬੁਲਾਰ, ਦੌਲਤ ਖ਼ਾਨ ਲੋਧੀ (ਜਲੰਧਰ ਦਾ ਨਵਾਬ, ਜੋ ਬਾਅਦ ’ਚ ਪੰਜਾਬ ਦਾ ਗਵਰਨਰ ਬਣਿਆ), ਦੁਨੀ ਚੰਦ (ਜੋ ਬਹੁਤ ਅਮੀਰ ਸੀ, ਗੁਰੂ ਜੀ ਨੇ ਇਸ ਨੂੰ ਇੱਕ ਸੂਈ ਦਿੱਤੀ ਕਿ ਮੈ ਅੱਗੇ ਜਾ ਕੇ ਤੈਥੋਂ ਲਵਾਂਗਾ), ਸ਼੍ਰੀ ਲੰਕਾ ਦਾ ਰਾਜਾ ਸ਼ਿਵਨਾਭ, ਸ਼ੇਖ਼ ਇਬਰਾਹਿਮ (ਸ਼ੇਖ਼ ਫ਼ਰੀਦ ਦੇ ਗੱਦੀਦਾਰ), ਅਕਬਰ ਬਾਦਸ਼ਾਹ, ਖ਼ੁਸਰੋ (ਜਹਾਂਗੀਰ ਦਾ ਵੱਡਾ ਪੁੱਤਰ), ਸਾਈਂ ਮੀਆਂ ਮੀਰ, ਮਲਿਕਾ ਨੂਰ ਜਹਾਂ, ਗਵਾਲੀਅਰ ਕਿਲ੍ਹੇ ਦਾ ਦਰੋਗਾ ਹਰੀ ਦਾਸ ਯਾਦਵ, ਦਾਰਾ ਸ਼ਿਕੋਹ (ਔਰੰਗਜ਼ੇਬ ਦਾ ਵੱਡਾ ਭਰਾ), ਰਾਜਾ ਜੈ ਸਿੰਹ ਮਿਰਜ਼ਾ, ਮਿਰਜ਼ਾ ਬੇਗ਼, ਤ੍ਰਿਪੁਰੇ ਦਾ ਰਾਜਾ ਰਾਮ ਸਿੰਹ ਤੇ ਉਸ ਦਾ ਪੁੱਤਰ ਰਤਨ ਰਾਏ (ਜੋ ਅਨੰਦਪੁਰ ’ਚ ਗੁਰੂ ਜੀ ਪਾਸ ਸੰਨ 1680 ’ਚ ਪੰਜ ਮਹੀਨੇ ਰਿਹਾ ਤੇ ਇਨ੍ਹਾਂ ਨੇ ਗੁਰੂ ਸਾਹਿਬ ਨੂੰ ਪਰਸਾਦੀ (ਸਫ਼ੈਦ) ਹਾਥੀ ਭੇਂਟ ਕੀਤਾ, ਜਿਸ ਨੂੰ ਖੋਹਣ ਲਈ ਭੀਮ ਚੰਦ ਤੇ ਗੜ੍ਹਵਾਲ ਦੇ ਰਾਜੇ ਫ਼ਤਿਹ ਚੰਦ ਨੇ 18 ਸਤੰਬਰ 1688 ’ਚ ਭੰਗਾਣੀ ਦਾ ਯੁੱਧ ਕੀਤਾ, ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼, ਸਢੌਰਾ (ਅੰਬਾਲਾ) ਨਿਵਾਸੀ ਪੀਰ ਬੁਧੂ ਸ਼ਾਹ ਆਦਿ। ਇਸ ਵਿਸਥਾਰ ਦਾ ਮਤਲਬ ਇਹ ਸਿੱਧ ਕਰਨਾ ਹੈ ਕਿ ਗੁਰੂ ਜੀ ਕਿਸੇ ਇੱਕ ਵਿਸ਼ੇਸ਼ ਸਮੁਦਾਇ ਵਿਰੁਧ ਨਹੀਂ ਸਨ।

ਗੁਰੂ ਸਾਹਿਬਾਨ ਅੰਦਰ ਕੋਈ ਡਰ-ਘਬਰਾਹਟ ਨਹੀਂ ਵੇਖੀ ਗਈ; ਜਿਵੇਂ ਕਿ ਬਾਬਰ ਨੂੰ ਉਸ ਦੇ ਮੂੰਹ ’ਤੇ ਜਾਬਰ ਕਹਿਣਾ, ਮਲਕ ਭਾਗੋ ਦੇ ਸ਼ਾਹੀ ਭੋਜ ’ਚ ਜਾਣ ਤੋਂ ਇਨਕਾਰ ਕਰਨਾ, ਗੁਰੂ ਅੰਗਦ ਸਾਹਿਬ ’ਤੇ ਹਮਲਾ ਕਰਨ ਲਈ ਬਾਦਸ਼ਾਹ ਹਮਾਯੂੰ ਵੱਲੋਂ ਤਲਵਾਰ ਕੱਢਣ ’ਤੇ ਗੁਰੂ ਦਾ ਜਵਾਬ ਕਿ ਇਹ ਤਲਵਾਰ ਸ਼ੇਰ ਸ਼ਾਹ ਸੂਰ (ਸੂਰੀ) ਅੱਗੇ ਕੱਢਣੀ ਸੀ ਜਿੱਥੋਂ ਤੂੰ ਹਾਰ ਕੇ ਭੱਜਿਆ ਹੈਂ, ਗੁਰੂ ਹਰਿਰਾਏ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੁਆਰਾ ਔਰੰਗਜ਼ੇਬ ਨੂੰ ਮਿਲਣ ਤੋਂ ਮਨ੍ਹਾ ਕਰਨਾ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਦੁਆਰਾ ਆਪਣੇ ਆਪ ਹੀ ਸ਼ਹੀਦੀ ਦੇਣ ਲਈ ਚਲੇ ਜਾਣਾ ਆਦਿ ਸੰਕੇਤ ਗੁਰਬਾਣੀ ਦੀ ਇਸ ਕਥਨੀ ਨੂੰ ਕਰਨੀ ’ਚ ਤਬਦੀਲ ਕਰਦੇ ਜਾਪਦੇ ਹਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ (ਭਗਤ ਕਬੀਰ ਜੀ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ; ਗਲੀ ਮੇਰੀ ਆਉ   ਇਤੁ ਮਾਰਗਿ; ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ (ਮਹਲਾ /੧੪੧੨), ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭) ਆਦਿ।

ਸਿਧ ਗੋਸਟਿ ’ਚ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛੇ ਗਏ ਸਵਾਲ ਕਿ ‘‘ਤੇਰਾ ਕਵਣੁ ਗੁਰੂ  ? ਜਿਸ ਕਾ ਤੂ ਚੇਲਾ ’’ (ਮਹਲਾ /੯੪੨) ਦਾ ਦਿੱਤਾ ਗਿਆ ਜਵਾਬ ਕਿ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ /੯੪੩) ਤੋਂ ਸਪਸ਼ਟ ਹੁੰਦੈ ਕਿ ਸਿੱਖਾਂ ਦਾ ਗੁਰੂ; ਸਰੀਰਕ ਜਾਮੇ ’ਚ ਸੀਮਤ ਸਮੇਂ ਤੱਕ ਹੀ ਰਹੇਗਾ।

ਗੁਰੂ ਕਾਲ ਦੇ 239 (1469-1708) ਸਾਲ ਦੇ ਇਤਿਹਾਸ ਨੂੰ ਅਗਰ ਗਹੁ ਨਾਲ਼ ਵਾਚੀਏ ਤਾਂ ਇਹ ਸੰਕੇਤ ਵੀ ਮਿਲਦਾ ਹੈ ਕਿ ਪਹਿਲੇ ਤਿੰਨ ਗੁਰੂ ਵੰਸ਼ਜ (ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ) ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਕਿਤੇ ਨਾ ਕਿਤੇ ਓਨੇ ਸਫਲ ਨਾ ਰਹੇ।, ਅਗਲੇ ਪੰਜ ਗੁਰੂ ਵੰਸ਼ਜ (ਬਾਬਾ ਪ੍ਰਿਥੀ ਚੰਦ, ਮਹਾਦੇਵ ਜੀ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਮੱਲ, ਬਾਬਾ ਅਟਲ ਰਾਇ, ਗੁਰੂ ਤੇਗ਼ ਬਹਾਦਰ ਸਾਹਿਬ, ਗੁਰੂ ਹਰਿਰਾਇ ਸਾਹਿਬ, ਬਾਬਾ ਰਾਮਰਾਇ, ਗੁਰੂ ਹਰਿਕ੍ਰਿਸ਼ਨ ਜੀ) ਵਿੱਚੋਂ ਬਹੁਤੇ ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਸਫਲ ਰਹੇ ਅਤੇ ਅੰਤਮ ਦੋ ਗੁਰੂ ਵੰਸ਼ਜ (ਗੁਰੂ ਗੋਬਿੰਦ ਸਿੰਘ ਅਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ) ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਪੂਰਨ ਤੌਰ ’ਤੇ ਪ੍ਰਪੱਕ ਰਹੇ, ਤੋਂ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਕੇਵਲ ਸਾਨੂੰ ਹੀ ਨਹੀਂ ਬਲਕਿ ਸਾਡੀ ਨਸਲ ਨੂੰ ਵੀ ਧਰਮੀ ਬਣਾਉਣ ਲਈ ਆਪਣੇ 239 ਸਾਲ ਦੇ ਵੰਸ਼ਜ ਦੀ ਮਿਸਾਲ ਨਾਲ਼ ‘ਸ਼ਬਦ ਗੁਰੂ’ ਦੇ ਲੜ ਲਗਾ ਕੇ ਆਪਣੇ ਸਰੀਰ ਗੁਰੂ ਰਾਹੀਂ ਅਗਵਾਈ ਕਰਨ ਵਾਲ਼ੀ ਜ਼ਿੰਮੇਵਾਰੀ ਤੋਂ ਸਦਾ ਲਈ ਮੁਕਤ ਹੋਣਾ ਚਾਹੁੰਦੇ ਸਨ।  ਗੁਰੂ ਕਾਲ ਦੇ ਅੰਤਮ ਵੰਸ਼ਜ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਵਿਚਾਰਿਆਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਕਾਲ ਤੋਂ ਆਪਣੇ ਉੱਤਰਾਧਿਕਾਰੀ ਦੀ ਪਰਖ ਕਰਦਿਆਂ, ਗੁਰੂ ਸਿਧਾਂਤ ਪ੍ਰਤੀ ਜੋ ਨਿਸ਼ਚਾ ਵੇਖਿਆ ਗਿਆ ਉਹੀ ਨਿਸ਼ਚਾ ਚਾਰੇ ਸਾਹਿਬਜ਼ਾਦੇ ਦੇ ਰੋਮ-ਰੋਮ ’ਚ ਸਮਾਇਆ ਹੋਇਆ ਸੀ, ਜਿਸ ’ਤੇ ਪਹਿਰਾ ਦਿੰਦਿਆਂ ਉਹ ਸ਼ਹੀਦ ਤਾਂ ਹੋ ਗਏ ਪਰ ਗੁਰੂ ਮਰਿਆਦਾ ਨੂੰ ਢਾਹ ਨਾ ਲੱਗਣ ਦਿੱਤੀ । ਇਹ ਹੈ ਚਾਰ ਸਾਹਿਬਜ਼ਾਦਿਆਂ ਦੀ ਜੀਵਨ ਯਾਤਰਾ ਦਾ ਸੰਖੇਪ ’ਚ ਵੇਰਵਾ :

ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ, ਮਾਤਾ ਸੁੰਦਰੀ ਜੀ (ਜਿਨ੍ਹਾਂ ਦੇ ਪੇਕੇ ਘਰ ਦਾ ਨਾਂ ਮਾਤਾ ਜੀਤਾਂ ਜੀ ਸੀ) ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 26 ਜਨਵਰੀ 1687 ਈਸਵੀ (ਪਾਉਂਟਾ ਸਾਹਿਬ) ਵਿਖੇ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਅਨੰਦਪੁਰ ਵਿਖੇ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਜਨਮ 28 ਨਵੰਬਰ 1696 ਈਸਵੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਜਨਮ ਫ਼ਰਵਰੀ 1698 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ।

ਸਾਹਿਬਜ਼ਾਦਿਆਂ ਦੀ ਮੁੱਢਲੀ ਸੇਵਾ ਸੰਭਾਲ਼ ਦਾਦੀ ਮਾਤਾ ਗੁਜਰ ਕੌਰ (1619-1705) ਜੀ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਬੱਚਿਆਂ ਅੰਦਰ ਗੁਰੂ ਸਿਧਾਂਤ, ਗੁਰੂ ਇਤਿਹਾਸ ਨੂੰ ਚੰਗੀ ਤਰ੍ਹਾਂ ਪ੍ਰਪੱਕ ਕੀਤਾ।  ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੀ ਨਿਗਰਾਨੀ ’ਚ ਬੱਚਿਆਂ ਨੂੰ ਘੋੜ ਸਵਾਰੀ, ਸ਼ਸਤਰ ਵਿੱਦਿਆ, ਤੀਰ-ਅੰਦਾਜ਼ੀ ਵਿੱਚ ਨਿਪੁੰਨ ਕੀਤਾ। ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਘਰ ’ਤੇ ਹੁੰਦੇ ਹਮਲਿਆਂ ਦੌਰਾਨ ਹਰ ਲੜਾਈ ’ਚ ਵਧ-ਚੜ੍ਹ ਕੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਰਹੇ।  ਚਾਰੇ ਸਾਹਿਬਜ਼ਾਦਿਆਂ ਨੇ ਅੰਮ੍ਰਿਤਪਾਨ ਕਰ ਆਪਣੇ ਨਾਂ ਦੇ ਪਿੱਛੇ ‘ਸਿੰਘ’ ਸ਼ਬਦ ਲਗਾਇਆ।

ਗੁਰੂ ਘਰ ਉੱਤੇ ਹੁੰਦੇ ਵਿਰੋਧੀਆਂ ਦੇ ਹਮਲਿਆਂ ਦੌਰਾਨ ਬਾਬਾ ਅਜੀਤ ਸਿੰਘ ਜੀ ਦਾ ਜਥਾ ਕਿਲ੍ਹਾ ਤਾਰਾਗੜ੍ਹ ਵਿਖੇ ਤਾਇਨਾਤ ਸੀ, ਜੋ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਪਹਾੜੀ ਵੱਲ ਹੈ।  ਇਸੇ ਤਰਫ਼ ਬਿਲਾਸਪੁਰ ਦੇ ਰਾਜਾ ਅਜਮੇਰ ਚੰਦ ਦਾ ਇਲਾਕਾ ਸੀ, ਜੋ ਗੁਰੂ ਘਰ ਦੀ ਚੜ੍ਹਤ ਵੇਖ ਅਤੇ ਆਪਣੇ ਵਜ਼ੀਰ ਪੰਡਿਤ ਪਰਮਾ ਨੰਦ (ਜੋ ਕਿ ਪਹਿਲਾਂ ਰਾਜਾ ਭੀਮ ਚੰਦ ਦਾ ਵਜ਼ੀਰ ਰਿਹਾ ਸੀ) ਤੋਂ ਗੁਰੂ ਘਰ ਬਾਰੇ ਗ਼ਲਤ ਸੂਚਨਾਵਾਂ ਸੁਣ-ਸੁਣ ਕੇ ਸਦਾ ਸੜਦਾ ਰਹਿੰਦਾ ਸੀ।   29 ਅਕਤੂਬਰ 1700 ਈਸਵੀ ਦਿਨ ਵੀਰਵਾਰ ਨੂੰ ਅਜਮੇਰ ਚੰਦ ਨੇ ਇਸ ਕਿਲ੍ਹੇ ’ਤੇ ਅਚਾਨਕ ਹਮਲਾ ਕਰ ਦਿੱਤਾ।  ਤਦ ਬਾਬਾ ਅਜੀਤ ਸਿੰਘ ਜੀ ਨਾਲ਼ ਕੇਵਲ ਗਿਣਤੀ ਦੇ ਹੀ ਸਿੰਘ ਸਨ।  ਅਨੰਦਪੁਰ ਸਾਹਿਬ ਤੋਂ ਭਾਈ ਉਦੈ ਸਿੰਘ ਜੀ ਦੀ ਕਮਾਂਡ ਹੇਠ 100 ਸਿੰਘਾਂ ਦਾ ਜਥਾ ਆਉਣ ਤੱਕ ਬਾਬਾ ਜੀ ਨੇ ਇਸ ਹਮਲੇ ਨੂੰ ਪਛਾੜਨ ਲਈ ਆਪਣੇ ਸਿੰਘਾਂ ਤੋਂ ਜਥਿਆਂ ਦੇ ਰੂਪ ’ਚ ਮੁਕਾਬਲਾ ਕਰਵਾਇਆ ਅਤੇ ਤਿੰਨ ਘੰਟਿਆਂ ਬਾਅਦ ਪਹਾੜੀ ਫ਼ੌਜ ਆਪਣਾ ਨੁਕਸਾਨ ਹੁੰਦਾ ਵੇਖ ਵਾਪਸ ਭੱਜ ਗਈ । ਇਸ ਹਮਲੇ ’ਚ ਭਾਈ ਕਲਿਆਣ ਸਿੰਘ (ਸਪੁੱਤਰ ਸ਼ਹੀਦ ਭਾਈ ਦਿਆਲਾ ਜੀ), ਭਾਈ ਮੰਗਤ ਸਿੰਘ (ਭਰਾ ਭਾਈ ਫੇਰੂ ਮੱਲ ਉਰਫ਼ ਸੱਚੀ ਦਾੜ੍ਹੀ) ਸ਼ਹੀਦ ਹੋ ਗਏ ਅਤੇ ਪਹਾੜੀ ਰਾਜਿਆਂ ਦੇ ਕਈ ਸੈਨਿਕ ਮਾਰੇ ਗਏ ਤੇ ਉਨ੍ਹਾਂ ਦਾ ਆਗੂ ਘੁਮੰਡ ਚੰਦ, ਭਾਈ ਉਦੈ ਸਿੰਘ ਹੱਥੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

15 ਮਾਰਚ 1701 ਈਸਵੀ ਨੂੰ ਪਹਾੜੀ ਇਲਾਕੇ ’ਚੋਂ ਗੁਰੂ ਘਰ ਆ ਰਹੀ ਸੰਗਤ ਨੂੰ ਪਿੰਡ ਬਜਰੌੜ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਗੁੱਜਰਾਂ ਤੇ ਰੰਘੜਾਂ ਨੇ ਲੁੱਟ ਲਿਆ।  ਸੰਗਤ ਨੇ ਜਦ ਆਪ ਬੀਤੀ ਗੁਰੂ ਸਾਹਿਬ ਜੀ ਨੂੰ ਆ ਕੇ ਸੁਣਾਈ ਤਾਂ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਜੀ ਦੀ ਕਮਾਨ ਹੇਠ ਗਏ 100 ਸਿੰਘਾਂ ਨੇ ਲੁਟੇਰਿਆਂ ਦੇ ਮੁਖੀ ਚਿੱਤੂ ਤੇ ਮਿੱਤੂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਤੇ ਲੁੱਟੀ ਹੋਈ ਸਮੱਗਰੀ ਵਾਪਸ ਗੁਰੂ ਘਰ ਲੈ ਆਂਦੀ।

7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੀ ਫ਼ੌਜ ਲੈ ਕੇ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਦੇਵਕੀ ਦਾਸ ਬ੍ਰਾਹਮਣ ਦੀ ਪਤਨੀ ਨੂੰ ਕੈਦ ’ਚੋਂ ਮੁਕਤ ਕਰਵਾਇਆ।

ਪਹਾੜੀ ਰਾਜਿਆਂ ਦੁਆਰਾ ਖਾਧੀਆਂ ਗਊ ਦੀਆਂ ਕਸਮਾਂ ਅਤੇ ਔਰੰਗਜ਼ੇਬ ਦਾ ਲਿਖਿਆ ਖ਼ਤ ਵਿਖਾ ਕੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਕੁਝ ਸਮੇਂ ਲਈ ਖ਼ਾਲੀ ਕਰਨ ਨੂੰ ਕਿਹਾ ਗਿਆ ਤਾਂ ਜੋ ਇਸ ਇਲਾਕੇ ’ਚ ਸ਼ਾਂਤੀ ਹੋਣ ਉਪਰੰਤ ਗੁਰੂ ਜੀ ਵਾਪਸ ਆ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖ ਲੈਣ, ਪਰ ਪਹਾੜੀ ਤੇ ਸ਼ਾਹੀ ਫ਼ੌਜ ਦਾ ਇਹ ਸੁਝਾਅ ਕੇਵਲ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਅਜਮੇਰ ਚੰਦ ਨੇ ਹੰਡੂਰੀ, ਗੁੱਜਰ, ਰੰਘੜ ਤੇ ਸੂਬਾ ਸਰਹਿੰਦ ਦੀ ਫ਼ੌਜ ਸਮੇਤ ਅਨੰਦਪੁਰ ਸਾਹਿਬ ਨੂੰ 13 ਮਾਰਚ 1705 ਤੋਂ 5 ਦਸੰਬਰ 1705 ਤੱਕ (ਲਗਭਗ 9 ਮਹੀਨੇ 9 ਦਿਨ) ਘੇਰਾ ਪਾ ਰੱਖਿਆ ਸੀ ਪਰ ਫਿਰ ਵੀ ਕੋਈ ਵੱਡੀ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਸੀ।

ਗੁਰੂ ਜੀ ਨੇ ਮੁਖੀ ਸਿੰਘਾਂ ਨੂੰ ਇਕੱਤਰ ਕਰ ਖ਼ਾਲਸਾਈ ਫ਼ੌਜ ਨੂੰ ਅਲੱਗ-ਅਲੱਗ ਜਥਿਆਂ ’ਚ ਵੰਡ ਕੇ ਅਨੰਦਪੁਰ ਸਾਹਿਬ ਖ਼ਾਲੀ ਕਰਨ ਦਾ ਮਨ ਬਣਾ ਲਿਆ। ਇਸ ਸਮੇਂ ਅਨੰਦਪੁਰ ’ਚ ਲਗਭਗ 500 ਸਿੰਘ ਮੌਜੂਦ ਸਨ, ਜਿਨ੍ਹਾਂ ’ਚੋਂ 100 ਦਾ ਜਥਾ ਭਾਈ ਬਚਿੱਤਰ ਸਿੰਘ ਨਾਲ਼, 100 ਦਾ ਜਥਾ ਭਾਈ ਜੀਵਨ ਸਿੰਘ ਨਾਲ਼, 100 ਸਿੰਘਾਂ ਦਾ ਜਥਾ ਮਾਤਾ ਗੁਜਰ ਕੌਰ ਜੀ, ਦੋ ਛੋਟੇ ਸਾਹਿਬਜ਼ਾਦਿਆਂ, ਦੋ ਸੇਵਾਦਾਰਾਂ (ਭਾਈ ਦੁੱਨਾ ਸਿੰਘ ਜੀ ਤੇ ਬੀਬੀ ਸੁਭਿੱਖੀ ਜੀ) ਨਾਲ਼, 100 ਦਾ ਜਥਾ ਬਾਬਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਜੀ ਨਾਲ਼, 50 ਦਾ ਜਥਾ ਭਾਈ ਉਦੈ ਸਿੰਘ ਜੀ ਨਾਲ਼ ਤੇ 40 ਸਿੰਘਾਂ ਦਾ ਜਥਾ ਗੁਰੂ ਜੀ ਨੇ ਆਪਣੇ ਨਾਲ਼ ਰੱਖਿਆ।

ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਤਾਰਾ ਕੌਰ ਜੀ ਤੇ ਭਾਈ ਜੇਠਾ ਜੀ ਨੂੰ ਪਹਿਲਾਂ ਹੀ ਅਨੰਦਪੁਰ ਸਾਹਿਬ ਤੋਂ ਬੁਰਹਾਨਪੁਰ (ਮੱਧ ਪ੍ਰਦੇਸ਼) ਨੂੰ ਭੇਜਿਆ ਜਾ ਚੁੱਕਾ ਸੀ। ਇਨ੍ਹਾਂ ਨਾਲ਼ ਭਾਈ ਮਨੀ ਸਿੰਘ ਜੀ ਨਹੀਂ ਸਨ ਕਿਉਂਕਿ ਅਪਰੈਲ 1699 ਦੀ ਵਿਸਾਖੀ ਨੂੰ ਗੁਰੂ ਕੇ ਚੱਕ (ਅੰਮ੍ਰਿਤਸਰ) ਤੋਂ ਆਈ ਸੰਗਤ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਮੀਣੇ ਦਰਬਾਰ ਸਾਹਿਬ (ਅੰਮ੍ਰਿਤਸਰ) ਖ਼ਾਲੀ ਕਰ ਕੇ ਭੱਜ ਗਏ ਹਨ ਅਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਤਦ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸੇਵਾ ਸੰਭਾਲ਼ਣ ਲਈ ਨਿਯੁਕਤ ਕੀਤਾ ਸੀ।

ਸਭ ਤੋਂ ਅੱਗੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਵਾਲ਼ਾ ਜਥਾ ਕੀਰਤਪੁਰ ਵੱਲ ਭੇਜਿਆ ਗਿਆ, ਇਸ ਤੋਂ ਬਾਅਦ ਭਾਈ ਉਦੈ ਸਿੰਘ ਵਾਲ਼ਾ ਜਥਾ, ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਲ਼ਾ, ਫਿਰ ਭਾਈ ਬਚਿੱਤਰ ਸਿੰਘ ਵਾਲ਼ਾ ਤੇ ਅੰਤ ’ਚ ਭਾਈ ਜੀਵਨ ਸਿੰਘ ਜੀ ਦਾ ਜਥਾ ਰਵਾਨਾ ਕੀਤਾ ਗਿਆ, ਪਰ ਛਲ-ਕਪਟੀ ਪਹਾੜੀਆਂ ਨੇ ਖਾਧੀਆਂ ਕਸਮਾਂ ਨੂੰ ਭੁੱਲਾ ਕੇ ਭਾਈ ਜੀਵਨ ਸਿੰਘ ਜੀ ਦੇ ਜਥੇ ’ਤੇ ਹਮਲਾ ਕਰ ਦਿੱਤਾ। ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਬਖ਼ਸ਼ ਕੇ ਭਾਈ ਉਦੈ ਸਿੰਘ ਜੀ ਨੂੰ ਸ਼ਾਹੀ ਟਿੱਬੀ ’ਤੇ ਤਾਇਨਾਤ ਕਰ ਦਿੱਤਾ।  ਇਨ੍ਹਾਂ ਅਨੁਸਾਰ ਹੀ ਇੱਥੇ ਹੋਏ ਦੂਜੇ ਹਮਲੇ ’ਚ ਭਾਈ ਉਦੈ ਸਿੰਘ ਦਾ ਸੀਸ ਵੱਢ ਕੇ ਰੋਪੜ ਦੇ ਨਵਾਬ ਪਾਸ ਭੇਜਿਆ ਗਿਆ ਤੇ ਕਿਹਾ, ‘ਅਸੀਂ ਗੁਰੂ ਨੂੰ ਮਾਰ ਦਿੱਤਾ ਹੈ।’

ਭੱਟ ਵਹੀ ਮੁਲਤਾਨੀ ਸਿੰਧੀ ’ਚ ਪਹਿਲੇ ਹਮਲੇ ਦੌਰਾਨ ਭਾਈ ਜੀਵਨ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ ਸ਼ਹੀਦ ਹੋਣ ਬਾਰੇ ਇਉਂ ਦਰਜ ਹੈ, ‘ਜੀਵਨ ਸਿੰਘ ਬੇਟਾ ਅਗਿਆ ਕਾ, ਪੋਤਾ ਦੁੱਲੇ ਕਾ.. ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ.. ਰਾਣੇ ਦੀ ਫ਼ੌਜ ਗੈਲ ਦਸ ਘਰੀ ਜੂਝ ਕੇ ਮਰਾ। ਆਗੇ ਗੁਰੂ ਭਾਣੇ ਕਾ ਖਾਵਿੰਦ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਗੁਰੂ ਜਪਨਾ ਜਨਮ ਸਊਰੈਗਾ।’

ਦੂਜੀ ਲੜਾਈ ਭਾਈ ਉਦੈ ਸਿੰਘ ਜੀ ਦੇ ਜਥੇ ਦੇ 50 ਸਿੰਘਾਂ ਨਾਲ਼ ਹੋਈ।  ਭੱਟ ਵਹੀ ਕਰਸਿੰਧੂ ’ਚ ਇਸ ਬਾਰੇ ਇਉਂ ਜ਼ਿਕਰ ਹੈ, ‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ….ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ, ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।’

ਤੀਜਾ ਜਥਾ ਭਾਈ ਬਚਿੱਤਰ ਸਿੰਘ ਦਾ ਰੰਘੜਾਂ ਦੀ ਫ਼ੌਜ ਨਾਲ਼ ਮਲਕਪੁਰ (ਉਦੋਂ ਮਲਕਪੁਰ ਰੰਘੜਾਂ) ਪਿੰਡ ਦੀ ਜੂਹ ਵਿੱਚ ਭਿੜ ਪਿਆ, ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਪਿੱਛੇ ਆ ਰਹੇ ਬਾਬਾ ਅਜੀਤ ਸਿੰਘ, ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਬਚਿੱਤਰ ਸਿੰਘ ਨੂੰ ਉੱਥੋਂ ਬਚਾ ਕੇ ਛੇ ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਖ਼ਾਨ ਵਿਖੇ ਲੈ ਆਏ। ਇਹ ਯੁੱਧ 6-7 ਪੋਹ/ 5 ਤੇ 6 ਦਸੰਬਰ 1705 ਈਸਵੀ ਦੀ ਰਾਤ ਨੂੰ ਹੋਇਆ ਅਤੇ ਇਹ ਰਾਤ ਗੁਰੂ ਜੀ ਨੇ ਭਾਈ ਨਿਹੰਗ ਖ਼ਾਨ ਦੇ ਘਰ ਬਿਤਾਈ।

ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਮੁਤਾਬਕ ਹਮਲਿਆਂ ਦੀ ਸ਼ੁਰੂਆਤ ਤੱਕ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦੇ ਤੇ ਦੋ ਸੇਵਾਦਾਰਾਂ ਸਰਸਾ ਨਦੀ ਪਾਰ ਕਰ ਚੁੱਕੇ ਸਨ, ਜੋ ਬਾਅਦ ’ਚ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਪਹੁੰਚੇ । ਇਸ ਦਿਨ ਸਰਸਾ ਨਦੀ ਵਿੱਚ ਕਈ ਸਿੰਘਾਂ ਦੀਆਂ ਜਾਨਾਂ ਤੇ ਬਹੁਤ ਸਾਰਾ ਸਾਹਿਤਕ ਖ਼ਜ਼ਾਨਾ ਹੱਥੋਂ ਚਲਾ ਗਿਆ।

8 ਪੋਹ/7 ਦਸੰਬਰ ਨੂੰ ਸੁਬ੍ਹਾ ਨਿਹੰਗ ਖ਼ਾਨ ਦਾ ਬੇਟਾ ਆਲਮ ਖ਼ਾਨ ਗੁਰੂ ਜੀ ਨਾਲ਼ ਬੂਰ ਮਾਜਰੇ ਤੱਕ ਗਿਆ। ਇੱਥੋਂ ਗੁਰੂ ਜੀ, ਦੋ ਵੱਡੇ ਸਾਹਿਬਜ਼ਾਦੇ ਅਤੇ 44 ਸਿੰਘ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉੱਚੀ ਜਗ੍ਹਾ ’ਤੇ ਸਥਿਤ ਇੱਕ ਕੱਚੀ ਗੜ੍ਹੀ ਨੂੰ ਸੁਰੱਖਿਆ ਵਜੋਂ ਦਰੁਸਤ ਮੰਨ ਕੇ ਟਿਕਾਣਾ ਬਣਾਇਆ ਤੇ ਸ਼ਾਮ ਨੂੰ ਰਹਰਾਸਿ ਦਾ ਪਾਠ ਕੀਤਾ, ‘‘ਰਹਰਾਸਿ ਕਾ ਦੀਵਾਨ ਸਜਾਯਾ ਗੁਰੂ ਜੀ ਨੇ ਮਿਲ ਜੁਲ ਕੇ ਸ਼ਰੇਸ਼ਾਮ ਭਜਨ ਗਾਏ ਸਭੀ ਨੇ ’’ (ਗੰਜਿ ਸ਼ਹੀਦਾਂ/ਅੱਲਾ ਯਾਰ ਖ਼ਾਂ ਯੋਗੀ)

(ਨੋਟ : ਉਕਤ ਦਿੱਤੀਆਂ ਦੇਸੀ ਤੇ ਅੰਗਰੇਜ਼ੀ ਮਹੀਨਿਆਂ ਦੀਆਂ ਤਾਰੀਖ਼ਾਂ ਤੋਂ ਇਹ ਭੁਲੇਖਾ ਨਾ ਰਹੇ ਕਿ ਹੁਣ 6/7 ਪੋਹ ਨੂੰ 5/6 ਦਸੰਬਰ ਜਾਂ 8 ਪੋਹ ਨੂੰ 7 ਦਸੰਬਰ ਕਿਉਂ ਨਹੀਂ ਆ ਰਿਹਾ, ਇਸ ਦਾ ਕਾਰਨ ਹੈ ਕਿ ਅਜੋਕੇ ਕੈਲੰਡਰ ’ਚ 2 ਸਤੰਬਰ 1752 ਈਸਵੀ (ਬੁੱਧਵਾਰ) ਤੋਂ ਅਗਲਾ ਦਿਨ ਵੀਰਵਾਰ ਸਿੱਧਾ ਹੀ 11 ਤਾਰੀਖ਼ਾਂ ਵਧਾ ਕੇ 14 ਸਤੰਬਰ 1752 ਕਰ ਦਿੱਤਾ ਗਿਆ ਸੀ ਤਾਂ ਜੋ ਇਸ ਨੂੰ ਮੌਸਮੀ ਕੈਲੰਡਰ ਦੇ ਨੇੜੇ ਲਿਆਂਦਾ ਜਾ ਸਕੇ।)

ਗੁਰੂ ਜੀ ਕਾਇਰਾਂ ਵਾਙ ਛੁਪੇ ਨਹੀਂ ਸਗੋਂ 10 ਪੋਹ/9 ਦਸੰਬਰ ਨੂੰ ਸੁਬ੍ਹਾ ਹੋਣ ਵਾਲ਼ੀ ਵੱਡੀ ਜੰਗ ਵਾਸਤੇ 8 ਤੇ 9 ਦਸੰਬਰ ਵਾਲ਼ੀ ਰਾਤ ਨੂੰ ਗੜ੍ਹੀ ਦੇ ਚਾਰੋਂ ਤਰਫ਼ ਦਾ ਮੁਆਇਨਾ ਕਰਦੇ ਰਹੇ ।  ਗੁਰੂ ਜੀ; ਆਪਣੇ ਜ਼ਫ਼ਰਨਾਮੇ ’ਚ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਮੇਰੇ 40 ਭੁੱਖੇ ਭਾਣੇ ਬੰਦੇ ਹੋਰ ਕਿੰਨਾ ਕੁ ਕਰ ਸਕਦੇ ਸਨ ਜਦੋਂ ਕਿ ਉਨ੍ਹਾਂ ਉੱਤੇ 10 ਲੱਖ ਸੈਨਿਕ ਟੁੱਟ ਕੇ ਆ ਪਏ, ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ?੧੯’’

ਮੁਖ਼ਬਰਾਂ ਪਾਸੋਂ ਰਾਤ ਨੂੰ ਮਿਲੀ ਸੂਚਨਾ ਮੁਤਾਬਕ ਸਵੇਰੇ, ਕੱਚੀ ਗੜ੍ਹੀ ਨੂੰ ਚਾਰੋਂ ਤਰਫ਼ੋਂ ਘੇਰ ਲਿਆ ਗਿਆ।  9 ਦਸੰਬਰ ਨੂੰ ਪੂਰਾ ਦਿਨ ਸੰਸਾਰ ਦਾ ਬੇਜੋੜ ਯੁੱਧ ਹੋਇਆ ਕਿਉਂਕਿ ਇੱਕ-ਇੱਕ ਸਿੰਘ ਨੇ ਹਜ਼ਾਰਾਂ ਹਮਲਾਵਰਾਂ ਨਾਲ਼ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।  ਸ਼ਾਹੀ ਫ਼ੌਜ, ਸਿੰਘਾਂ ਦੇ ਗੜ੍ਹੀ ’ਚੋਂ ਬਾਹਰ ਆ ਕੇ ਗਰੁਪਾਂ ’ਚ ਹਮਲਾ ਕਰਨ ਦੇ ਤਰੀਕੇ ਤੋਂ ਇੰਨੀ ਡਰੀ ਹੋਈ ਸੀ ਕਿ ਇੱਕ ਸਿੰਘ ਦੇ ਸ਼ਹੀਦ ਹੋਣ ’ਤੇ ਵੀ ਆਖਦੇ ਕਿ ਚੰਗਾ ਹੋਇਆ ਬਲਾ ਟਲ ਗਈ, ‘‘ਤਲਵਾਰ ਵੁਹ ਖ਼ੂੰਖ਼ਾਰ ਥੀ, ਤੋਬਾ ਹੀ ਭਲੀ ਥੀ ਲਾਖੋਂ ਕੀ ਹੀ ਜਾਂ ਲੇ ਕੇ, ਬਲਾ ਸਰ ਸੇ ਟਲੀ ਥੀ ’’ (ਅੱਲਾ ਯਾਰ ਖਾਂ ਯੋਗੀ)

ਅੱਲਾ ਯਾਰ ਖਾਂ ਯੋਗੀ ਦੇ ਇਸ ਕਥਨ ਕਿ ‘‘ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਯੇ ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਯੇ ’’ ਮੁਤਾਬਕ ਸ਼ਾਮ ਤੱਕ ਦੋ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ) ਤੋਂ ਇਲਾਵਾ 40 ਸਿੰਘ ਦੁਸ਼ਮਣਾਂ ਨੂੰ ਭਾਜੜਾ ਪਾਉਂਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਂ ਹਨ ‘‘ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ (ਉਹ ਗੁਰਮੁਖ, ਜਿਨ੍ਹਾਂ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤ 25 ਮਈ 1675 ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਾਸੋਂ ਮਦਦ ਲੈਣ ਅਨੰਦਪੁਰ ਸਾਹਿਬ ਆਏ।), ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਿਆਲ ਸਿੰਘ, ਦਾਮੋਦਰ ਸਿੰਘ, ਨਰਾਇਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸਨ ਸਿੰਘ, ਭਗਵਾਨ ਸਿੰਘ, ਮਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ ਅਤੇ ਰਤਨ ਸਿੰਘ।’’ (ਮਹਾਨ ਕੌਸ਼)

ਗੁਰੂ ਸਾਹਿਬ ਨੇ ਗੜ੍ਹੀ ’ਚੋਂ ਤੀਰਾਂ ਨਾਲ਼ ਅਚੂਕ ਹਮਲੇ ਕਰ ਕੇ ਮੁਗ਼ਲ ਸਰਦਾਰ ਨਾਹਨ ਖ਼ਾਂ (ਮਲੇਰਕੋਟਲਾ ਨਿਵਾਸੀ) ਸਮੇਤ ਅਣਗਿਣਤ ਮੁਗ਼ਲ ਸਰਦਾਰ ਅਤੇ ਸੈਨਿਕ ਮਾਰੇ।  9 ਤੇ 10 ਦਸੰਬਰ ਦੀ ਰਾਤ ਨੂੰ ਪੰਜ ਸਿੰਘਾਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ) ਦੁਆਰਾ ਲਏ ਗਏ ਫ਼ੈਸਲੇ ਉਪਰੰਤ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ ਗਈ।  ਭਾਈ ਸੰਤੋਖ ਸਿੰਘ ਅਨੁਸਾਰ ਇਨ੍ਹਾਂ ਪੰਜਾਂ ਪਿਆਰਿਆਂ ’ਚੋਂ ਬਾਅਦ ’ਚ ਸਥਿਤੀ ਨੂੰ ਸੰਭਾਲਣ ਲਈ ਗੁਰੂ ਜੀ ਨੇ ਭਾਈ ਸੰਤ ਸਿੰਘ ਨੂੰ ਆਪਣਾ ਤੁਰਰਾ ਤੇ ਕਲਗੀ ਬਖ਼ਸ਼ੀ, ‘‘ਪੰਚਹੁਂ ਮੇ ਕਲਗੀ ਕਿਂਹ ਦੀਨਸ  ?, ਸੋ ਨਿਰਨੈ ਸੁਨੀਐ ਮਨ ਲਾਇ, ਸੰਤ ਸਿੰਘ ਖਤ੍ਰੀ ਸਿਖ ਸੁਭ ਮਤਿ, ਥਾਪ੍ਯੋ ਪੰਚਹੁਂ ਮੇ ਵਡਿਆਈ ਤਿਸ ਕੋ ਗੁਰੁਤਾ (ਅਗਵਾਈ) ਅਰਪਨ ਕੀਨਸ, ਪ੍ਰਿਥਮ ਖਾਲਸੇ ਮੇ ਤਿਨ ਪਾਇ ਸਸਤ੍ਰ ਬੰਧਾਇ ਬਠਾਇ ਅਟਾਰੀ ਗੁਰੂ ਫ਼ਤੇ ਬੋਲੇ ਹਰਖਾਇ’’ ( ਗੁਪ੍ਰਸੂ ਰੁੱਤ : ੪੧)  ਪਰ ਗੁਰੁ ਵਿਲਾਸ ਦੇ 20ਵੇਂ ਅਧਿਆਏ ’ਚ ਭਾਈ ਸੁਖਾ ਸਿੰਘ ਨੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ (ਕਲਗੀ) ਬਖ਼ਸ਼ੀ, ਲਿਖਿਆ ਹੈ।

(ਨੋਟ : ਉਕਤ ਬਿਆਨ ਕੀਤੇ ਗਏ 40 ਸ਼ਹੀਦ ਸਿੰਘਾਂ ’ਚ ਭਾਈ ਸੰਗਤ ਸਿੰਘ ਜੀ ਦਾ ਨਾਂ ਨਹੀਂ ਹੈ, ਅਗਰ ਭਾਈ ਸਾਹਿਬ ਦੀ ਗਿਣਤੀ ਸ਼ਾਮਲ ਕੀਤੀ ਜਾਏ ਤਾਂ ਇਹ 41+2 (ਸ਼ਾਹਿਬਜ਼ਾਦੇ)= 43 ਹੋ ਜਾਏਗੀ, ਪਰ ਜ਼ਫ਼ਰਨਾਮੇ ’ਚ 40 ਸਿੰਘਾਂ ਦੀ ਗਿਣਤੀ ਦਾ ਜ਼ਿਕਰ ਹੈ।  ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਨੇ ਇਹ ਗਿਣਤੀ ਅੰਦਾਜ਼ਨ ਕਹੀ ਹੋਵੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦੇ ਜਥੇ ’ਚ 40 ਸਿੰਘ ਹੀ ਸਨ।)

ਖ਼ਾਲਸੇ ਦਾ ਹੁਕਮ ਮੰਨਦਿਆਂ ਗੁਰੂ ਜੀ ਨੇ ਗੜ੍ਹੀ ’ਚੋਂ ਬਾਹਰ ਜਾਣਾ ਕਬੂਲ ਕਰ ਲਿਆ, ਜਿਨ੍ਹਾਂ ਦੀ ਹਿਫ਼ਾਜ਼ਤ ਲਈ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ (ਨਿਹੰਗ ਪੰਥ ਦੇ ਬਾਨੀ) ਵੀ ਗੜ੍ਹੀ ’ਚੋਂ ਬਾਹਰ ਨਿਕਲ ਮਾਛੀਵਾੜੇ ਵੱਲ ਗਏ ਜਿੱਥੇ ਆਪ ਨੂੰ ਗੁਰੂ ਘਰ ਦੇ ਪਰਮ ਭਗਤ ਗ਼ਨੀ ਖ਼ਾਂ ਤੇ ਨਬੀ ਖ਼ਾਂ ਮਿਲੇ।  ਇਹ ਰਾਤ ਆਪ ਨੇ ਭਾਈ ਜੀਵਨ ਸਿੰਘ ਦੇ ਚੌਬਾਰੇ ’ਚ ਗੁਜਾਰੀ।

ਦੂਸਰੇ ਪਾਸੇ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਖੇੜੀ (ਸਹੇੜੀ) ਪਿੰਡ ਦੇ ਮਸੰਦਾਂ ਅਤੇ ਗੰਗੂ ਬ੍ਰਾਹਮਣ ਨੇ ਮੁਰਿੰਡੇ ਦੇ ਥਾਣੇਦਾਰ ਨੂੰ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ, ਜਿਸ ਨੇ ਬੰਦੀ ਬਣਾ ਉਨ੍ਹਾਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ।  ਸੂਬਾ ਸਰਹਿੰਦ ਨੇ ਠੰਡੇ ਬੁਰਜ ’ਚ ਕੈਦ ਕਰ 2-3 ਦਿਨ ਡਰਾਉਣਾ, ਸਮਝਾਉਣਾ ਜਾਰੀ ਰੱਖਿਆ ਤਾਂ ਜੋ ਇਸਲਾਮ ਕਬੂਲ ਕਰ ਲੈਣ ਪਰ 86 ਸਾਲਾਂ (1619-1705) ਬਜ਼ੁਰਗ ਦਾਦੀ ਮਾਤਾ ਦੀ ਪ੍ਰੇਰਨਾ ਨੇ ਇਨ੍ਹਾਂ ਦੇ ਫ਼ਿਰਕੂ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ।  ਆਖ਼ਿਰ 13 ਪੋਹ/12 ਦਸੰਬਰ 1705 ਈਸਵੀ ਨੂੰ 9 ਸਾਲ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ 7 ਸਾਲ ਦੇ ਸਾਹਿਬਜ਼ਾਦਾ ਫ਼ਤਿਹ ਸਿੰਘ (ਦੋਵੇਂ ਮਸੂਮਾਂ) ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ, ਪਰ ਕੰਧ ਡਿੱਗ ਗਈ ਤੇ ਬੱਚੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹੋਸ਼ ’ਚ ਲਿਆ ਕੇ ਅਗਲੇ ਦਿਨ ਮੁੜ ਵਜ਼ੀਰ ਖ਼ਾਨ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ ਤਾਂ ਜੋ ਸ਼ਾਇਦ ਹੁਣ ਡਰ ਕਾਰਨ ਇਸਲਾਮ ਕਬੂਲ ਕਰ ਲੈਣ। ਇੱਥੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਮਸੂਮ ਬੱਚਿਆਂ ਨੂੰ ਕਤਲ ਨਾ ਕਰਨ ਦੀ ਨਸੀਹਤ ਦਿੱਤੀ ਸੀ, ਪਰ ਸਭਾ ’ਚ ਮੌਜੂਦ ਸੁੱਚਾ ਨੰਦ ਬ੍ਰਾਹਮਣ ਨੇ ਵਜ਼ੀਰ ਖ਼ਾਨ ਨੂੰ ਭੜਕਾਇਆ ਤੇ ਤਲਵਾਰ ਨਾਲ਼ ਦੋਵੇਂ ਬੱਚਿਆਂ ਨੂੰ ਕਤਲ ਕਰਵਾ ਦਿੱਤਾ ਗਿਆ। ਇਸ ਮਗਰੋਂ ਠੰਡੇ ਬੁਰਜ ’ਚ ਬੰਦ ਬਜ਼ੁਰਗ ਮਾਤਾ ਗੁਜਰੀ ਦੇ ਮੂੰਹੋਂ ਨਿਕਲੀ ਸਚਾਈ ਨੂੰ ਨਾ ਸਹਿ ਸਕਣ ਤੋਂ ਬਾਅਦ ਉਨ੍ਹਾਂ ਨੂੰ ਬੁਰਜ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ ਗਿਆ, ਜਿਸ ਕਾਰਨ ਉਹ ਪ੍ਰਾਣ ਤਿਆਗ ਗਏ । 

ਤਿੰਨੇ ਸਰੀਰਾਂ ਨੂੰ ਬਾਹਰ ਖੁਲ੍ਹੇ ਮੈਦਾਨ ’ਚ ਸੁੱਟਵਾ ਦਿੱਤਾ ਗਿਆ ਤਾਂ ਜੋ ਜਾਨਵਰ ਖਾ ਲੈਣ, ਪਰ ਗੁਰੂ ਘਰ ਦੇ ਸੇਵਕ ਟੋਡਰ ਮੱਲ ਦੀ ਔਲਾਦ ਦੁਆਰਾ ਸੂਬਾ ਸਰਹਿੰਦ ਨੂੰ ਭਾਰੀ ਰਕਮ ਦੇ ਕੇ ਦੋਵੇਂ ਬੱਚਿਆਂ ਤੇ ਮਾਤਾ ਦੇ ਸਰੀਰ ਦਾ ਸਸਕਾਰ ਕੀਤਾ ਗਿਆ।  ਟੋਡਰ ਮੱਲ, ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲ਼ਾ ਇੱਕ ਉਦਾਰਵਾਦੀ ਵਪਾਰੀ ਸੇਠ ਸੀ, ਜਿਨ੍ਹਾਂ ਦੀ ਮੌਤ ਸੰਨ 1665-66 ’ਚ ਹੋ ਚੁੱਕੀ ਸੀ।  ਗੁਰੂ ਪਰਿਵਾਰ ਦਾ ਸਸਕਾਰ ਕਰਨ ਬਦਲੇ ਭਾਰੀ ਰਕਮ ਲੈਣ ਦੇ ਬਾਵਜੂਦ ਵੀ ਟੋਡਰ ਮੱਲ ਦੇ ਪਰਿਵਾਰ ਨੂੰ ਵੀ ਕੋਹਲੂ ’ਚ ਪੀੜਿਆ ਗਿਆ।

ਦੂਜੇ ਪਾਸੇ ਸੂਬਾ ਸਰਹਿੰਦ ਕੈਦੀਆਂ ਨੂੰ ਭੋਜਨ ਦੇਣ ਲਈ ਨਿਯੁਕਤ ਭਾਈ ਮੋਤੀ ਰਾਮ ਮਹਿਰਾ, ਠੰਡੇ ਬੁਰਜ ’ਚ ਬੰਦ ਬੱਚਿਆਂ ਤੇ ਮਾਤਾ ਜੀ ਨੂੰ ਵੀ ਦੁੱਧ ਪਿਲਾਉਂਦਾ ਰਿਹਾ, ਜਿਸ ਦਾ ਪਤਾ ਲੱਗਣ ’ਤੇ ਉਸ ਦੀ ਮਾਤਾ, ਪਤਨੀ ਤੇ ਇੱਕ ਛੋਟੇ ਜਿਹੇ ਪੁੱਤਰ ਸਮੇਤ ਪੂਰੇ ਪਰਿਵਾਰ ਨੂੰ ਕੋਹਲੂ ’ਚ ਪੀੜ ਕੇ ਕਤਲ ਕੀਤਾ ਗਿਆ ।

ਇਸ ਲੇਖ ਦੀ ਅਰੰਭਤਾ ’ਚ ਕੀਤੀ ਗਈ ਵਿਚਾਰ ਕਿ ਮਨੁੱਖ ਵੀ ਇੱਕ ਆਮ ਜੂਨ ਹੈ, ਜੋ ਕੇਵਲ ਪਦਾਰਥ ਭੋਗਣ ਤੇ ਆਪਣੇ ਵੰਸ਼ਜ ਦੇ ਵਿਕਾਸ ਤੱਕ ਸੀਮਤ ਰਹਿ ਕੇ ਮਰ ਜਾਂਦਾ ਹੈ, ਪਰ ਧਰਮ ਦੀ ਦ੍ਰਿਸ਼ਟੀ ਤੋਂ ਮੰਜ਼ਲ ਵਿਹੂਣਾ ਬੀਤ ਰਿਹਾ ਇਹ ਜਨਮ ਕੋਹਲੂ ਦੇ ਬਲ਼ਦ ਵਾਙ ਹੈ।  ਭਾਈ ਗੁਰਦਾਸ ਜੀ ਅਨੁਸਾਰ;  ਜਿਵੇਂ ਕੋਹਲੂ ’ਚ ਸਰੋਂ ਪਾ ਕੇ ਜੋਤਿਆ ਗਿਆ ਅੱਖਾਂ ਬੰਨ੍ਹ ਕੇ ਬਲ਼ਦ ਪੂਰਾ ਤੇਲ ਨਿਕਲ ਜਾਣ ’ਤੇ ਜਦ ਉਸ ਦੀਆਂ ਅੱਖਾਂ ਖੋਲ੍ਹੀਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਓਥੇ ਖੜ੍ਹਾ ਹੀ ਵੇਖਦਾ ਹੈ, ਜਿੱਥੋਂ ਕਈ ਘੰਟੇ ਪਹਿਲਾਂ ਚੱਲਿਆ ਸੀ, ਇਸੇ ਤਰ੍ਹਾਂ ਟੀਚਾ ਰਹਿਤ ਜੂਨ ਭੋਗ ਰਿਹਾ ਮਨੁੱਖ, ਸੰਸਾਰਕ ਯਾਤ੍ਰਾ ਦੀ ਸਮਾਪਤੀ ’ਚ ਵੀ ਆਪਣੇ ਆਪ ਨੂੰ ਓਥੇ ਹੀ ਖੜ੍ਹਾ ਪਾਉਂਦਾ ਹੈ ਜਿੱਥੋਂ ਇਹ ਮਨੁੱਖਾ ਜਨਮ ਮਿਲਿਆ ਸੀ, ‘‘ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲ੍ਯੋ; ਨੈਨ ਉਘਰਤ ਵਾਹੀ ਠਾਉ ਹੀ ਠਿਕਾਨੋ ਹੈਤੈਸੇ ਸ੍ਵਪਨੰਤਰੁ ਦਿਸੰਤਰ ਬਿਹਾਯ ਗਈ; ਪਹੁੰਚ ਸਕ੍ਯੋ ਤਹਾਂ ਜਹਾਂ ਮੋਹਿ ਜਾਨੋ ਹੈ ’’ (ਕਬਿੱਤ ੫੭੮)

ਸੋ ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’ ਦੇ ਵਾਰਸਾਂ ਨੇ ਹੁਣ ਵੇਖਣਾ ਹੈ ਕਿ ਆਪਣੇ ਕੀਮਤੀ ਸੁਆਸਾਂ ਨੂੰ ਕਿਵੇਂ ਸਾਰਥਕ ਬਣਾਉਣਾ ਹੈ।

ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥

0

ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥

ਗਿਆਨ ਬਲਜੀਤ ਸਿੰਘ (ਡਾਇਰੈਕਟਰ ਐਜੁਕੇਸ਼ਨ)

ਇਹ ਪਵਿੱਤਰ ਪੰਗਤੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਉਚਾਰਨ ਕੀਤੀ ਹੋਈ ਹੈ ਅਤੇ ਆਸਾ ਰਾਗ ਅੰਦਰ ਦਰਜ ਸ਼ਬਦ ‘‘ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ’’ ਦੇ ਦੂਜੇ ਬੰਦ ਅੰਦਰ ਦੂਜੀ ਤੁਕ ਹੈ।  ਪੂਰਾ ਬੰਦ ਇਸ ਤਰ੍ਹਾਂ ਹੈ ‘‘ਆਪਿ ਲੀਏ ਲੜਿ ਲਾਇ, ਦਰਿ ਦਰਵੇਸ ਸੇ ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ’’ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ ੪੮੮ ’ਤੇ ਅੰਕਿਤ ਹੈ।

ਦੁਨੀਆਂ ਅੰਦਰ ਆਮ ਧਾਰਨਾ ਹੈ ਕਿ ਜਨਨੀ ਜਣੈ ਤਾ ਭਗਤ ਜਨ ਕੈ (ਜਾਂ) ਦਾਤਾ ਕੈ ਸੂਰ  ਨਹੀਂ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ’ (ਤੁਲਸੀਦਾਸ ਜੀ) ਗੁਰਬਾਣੀ ਅਤੇ ਭਗਤ ਬਾਣੀ ਵਿੱਚ ਵੀ ਸੰਤਾਨ ਨੂੰ ਧਰਮੀ ਬਣਾਉਣ ਲਈ ਸਖ਼ਤ ਹਦਾਇਤ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਤੋਂ ਜੋ ਸਮਾਜ ਹੋਂਦ ਵਿੱਚ ਆਏ ਉਹ ਧਰਮੀ ਲੋਕਾਂ ਦਾ ਸਮਾਜ ਹੋ ਸਕੇ।  ਕਬੀਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜਿਹ ਕੁਲਿ, ਪੂਤੁ ਗਿਆਨ ਬੀਚਾਰੀ ਬਿਧਵਾ ਕਸ ਭਈ ਮਹਤਾਰੀ ’’ (ਭਗਤ ਕਬੀਰ ਜੀ/੩੨੮), ਗੁਰੂ ਰਾਮਦਾਸ ਜੀ ਫ਼ੁਰਮਾਨ ਕਰਦੇ ਹਨ ‘‘ਜਿਨ ਹਰਿ ਹਿਰਦੈ ਨਾਮੁ ਬਸਿਓ; ਤਿਨ ਮਾਤ ਕੀਜੈ ਹਰਿ ਬਾਂਝਾ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈਓਇ ਖਪਿ ਖਪਿ ਮੁਏ ਕਰਾਂਝਾ ’’ (ਮਹਲਾ /੬੯੭)

ਦ੍ਰਿਸ਼ਟਮਾਨ ਇਸ ਜਗਤ ਵਿੱਚ ਮਨੁੱਖੀ ਜੀਵਨ ਨੂੰ ਸਰਬੋਤਮ ਮੰਨਿਆ ਗਿਆ ਹੈ, ਪਰ ਇਹ ਸਰਬੋਤਮ ਜੀਵਨ ਪ੍ਰਾਪਤ ਹੋਇਆ ਹੀ ਪ੍ਰਭੂ ਦੇ ਗੁਣਾਂ ਨੂੰ ਧਾਰਨ ਕਰਨ ਲਈ ਹੈ।  ਉਸ ਨਾਲ ਅਭੇਦ ਹੋਣ ਲਈ ਇਹ ਵਾਰੀ ਮਿਲੀ ਹੈ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ’’ (ਮਹਲਾ /੧੨)

ਗੁਰਮਤਿ ਨੇ ਮਨੁੱਖ ਨੂੰ ਦ੍ਰਿੜ੍ਹ ਕਰਵਾਇਆ ਹੈ ਕਿ ਗੁਰੂ ਦੁਆਰਾ ਬਖ਼ਸ਼ੇ ਹੋਏ ਅੰਮ੍ਰਿਤ ਨੇ ਇਸ ਜੀਵਨ ਨੂੰ ਪਵਿੱਤਰ ਕਰਨਾ ਹੈ, ਜਿਸ ਨੂੰ ਖ਼ਾਲਸਾ ਜਾਂ ਪਵਿੱਤਰ ਜੀਵਨ ਕਿਹਾ ਗਿਆ ਹੈ। ਖ਼ਾਲਸਾ; ਇੱਕ ਮਾਨਸਿਕ ਪੱਧਰ ਦਾ ਨਾਮ ਹੈ। ਖ਼ਾਲਸਾ; ਇੱਕ ਧਾਰਮਿਕ, ਮਾਨਸਿਕ, ਸਦਾਚਾਰਕ ਬਿਰਤੀ ਦਾ ਨਾਮ ਹੈ।  ਖ਼ਾਲਸਾ; ਕੁਝ ਆਦਰਸ਼ਾਂ ਦਾ ਨਾਮ ਹੈ, ਜਿਸ ਦੇ ਮੁੱਖ ਰੂਪ ਵਿੱਚ ‘ਗੁਰੂ ਗ੍ਰੰਥ ਜੀ ਮਾਨਿਓ, ਸੰਤ ਸਿਪਾਹੀ (ਰਾਜ-ਜੋਗ, ਮੀਰੀ-ਪੀਰੀ) ਵਾਹਿਗੁਰੂ ਜੀ ਕੀ ਫ਼ਤਿਹ ਅਤੇ ਬੋਲੇ ਸੋ ਨਿਹਾਲ’ ਆਦਰਸ਼ ਪ੍ਰਤੀਕ ਹਨ।  ਖ਼ਾਲਸੇ ਦਾ ਨਿਸ਼ਾਨਾ ਜਗਤ ਜਲੰਦੇ ਨੂੰ ਤਾਰਨਾ ਅਤੇ ਸਰਬੱਤ ਦਾ ਭਲਾ ਮੰਗਣਾ ਹੈ।

ਅਸੂਲ ਇਹ ਹੈ ਕਿ ਸਿਰ ਨਹੀਂ ਗਿਣਨੇ, ਆਦਰਸ਼ ਮਿਣਨੇ ਹਨ। ਭਾਰ ਨਹੀਂ ਤੋਲਣਾ, ਜਿਗਰ ਪਰਖਣਾ ਹੈ। ਪਸ਼ੂ ਸ਼ਕਤੀ ਨਹੀਂ ਜਾਣਨੀ, ਮਾਨਸਿਕ ਸਥਿਰਤਾ ਵੇਖਣੀ ਹੈ। ਹੁਕਮ ਹਾਸਲ ਦੀ ਕਦਰ ਨਹੀਂ, ਸੇਵਾ ਦੀ ਮਹਾਨਤਾ ਹੈ।  ਸਿਧਾਂਤ ਇਹ ਹੈ ਕਿ ਪ੍ਰਭੂ ਬਿਰਤੀ ਵਾਲਾ ਇੱਕ ਮਨੁੱਖ ਵੀ ਕਰੋੜ ਵਿਸ਼ਈਆਂ ਅਤੇ ਕੁਕਰਮੀਆਂ ਤੋਂ ਬਹੁਤ ਬਲਵਾਨ ਹੁੰਦਾ ਹੈ।

ਅਜਿਹੇ ਆਤਮਿਕ ਬਲਵਾਨ, ਮੁਕਤ ਤੇ ਸਚਿਆਰ ਪੁਰਸ਼ ਨੇ ਪਰਉਪਕਾਰ ਲਈ ਵੀ ਸੰਸਾਰ ’ਤੇ ਆਉਣਾ ਹੈ।  ਅਜਿਹੇ ਮਹਾਂ ਪੁਰਖ ਦੇ ਜਨਮ ’ਤੇ ਵੀ ਖ਼ੁਸ਼ੀ ਹੁੰਦੀ ਹੈ ਤੇ ਲੁਕਾਈ ਖ਼ੁਸ਼ੀ ਵਿੱਚ ਝੂਮਦੀ ਹੋਈ ਪੁਕਾਰ ਉੱਠਦੀ ਹੈ ‘‘ਧਨੁ ਧੰਨੁ ਪਿਤਾ, ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ, ਜਿਨਿ ਗੁਰੂ ਜਣਿਆ ਮਾਇ ਧਨੁ ਧੰਨੁ ਗੁਰੂ, ਜਿਨਿ ਨਾਮੁ ਅਰਾਧਿਆ; ਆਪਿ ਤਰਿਆ, ਜਿਨੀ ਡਿਠਾ, ਤਿਨਾ ਲਏ ਛਡਾਇ ਹਰਿ ਸਤਿਗੁਰੁ ਮੇਲਹੁ ਦਇਆ ਕਰਿ; ਜਨੁ ਨਾਨਕੁ ਧੋਵੈ ਪਾਇ (ਮਹਲਾ /੩੧੦ ), ਧੰਨੁ ਸੁ ਵੰਸੁ, ਧੰਨੁ ਸੁ ਪਿਤਾ; ਧੰਨੁ ਸੁ ਮਾਤਾ, ਜਿਨਿ ਜਨ ਜਣੇ ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿਸੇ ਸਾਚੀ ਦਰਗਹ ਹਰਿ ਜਨ ਬਣੇ ’’ (ਮਹਲਾ /੧੧੩੫) ਭਾਈ ਗੁਰਦਾਸ ਜੀ ਅਜਿਹੇ ਜੀਵਨ ਤੋਂ ਸਦਕੇ ਜਾਂਦੇ ਹੋਏ ਵਾਰ ਨੰਬਰ ੩ ਦੀ ਪਉੜੀ ਨੰਬਰ ੨੦ ਰਾਹੀਂ ਇਸ ਤਰ੍ਹਾਂ ਕਥਨ ਕਰਦੇ ਹਨ ਕਿ

੧. ਜਿਨ੍ਹਾਂ ਨੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੀਸ ਝੁਕਾਇਆ ਹੈ।

੨. ਗੁਰੂ ਚਰਨਾਂ ਨਾਲ ਚਿੱਤ ਲਾ ਕੇ ਆਪਣਾ ਮੱਥਾ ਗੁਰੂ ਚਰਨਾਂ ’ਤੇ ਟਿਕਾ ਦਿੱਤਾ ਹੈ।

੩. ਗੁਰਮਤਿ ਨੂੰ ਹਿਰਦੇ ਵਿੱਚ ਵਸਾ ਕੇ ਆਪਾ-ਭਾਵ ਨਾਸ ਕੀਤਾ ਹੈ।

੪. ਗੁਰੂ ਦੀ ਰਾਹੀਂ ਅਡੋਲਤਾ ਵਿੱਚ ਰਹਿੰਦਿਆਂ ਪਰਮਾਤਮਾ ਦਾ ਹੁਕਮ ਚੰਗਾ ਲੱਗਾ ਹੈ।

੫. ਸ਼ਬਦ ਵਿੱਚ ਸੁਰਤ ਜੋੜ ਕੇ ਹੁਕਮ ਦੀ ਕਮਾਈ ਕੀਤੀ ਹੈ।

੬. ਸਾਧ ਸੰਗਤ ਦੀ ਰਾਹੀਂ ਗੁਰੂ ਦੇ ਭੈ ਨੂੰ ਸਮਝ ਕੇ ਨਿੱਜ ਘਰ ਭਾਵ ਨਿਜ ਰੂਪ ਦੀ ਪਹਿਚਾਣ ਕੀਤੀ ਹੈ।

੭. ਭੰਵਰ ਵਾਂਗ ਗੁਰੂ ਦੇ ਚਰਨ ਕੰਵਲਾਂ ਨਾਲ ਪਤੀਜ ਗਿਆ ਹੈ।

੮. ਸੁਖਾਂ ਦੇ ਖ਼ਜ਼ਾਨੇ ਨਾਮ ਨਾਲ ਪਰਚਾ ਲਾ ਕੇ ਨਾ ਪੀਤਾ ਜਾਣ ਵਾਲਾ ਅੰਮ੍ਰਿਤ ਰਸ ਪੀਤਾ ਹੈ।  ਅਜਿਹੇ ਜੀਵਨ ਵਾਲੇ ਪੁਰਸ਼ ਦੀ ਜਨਨੀ ਧੰਨਤਾ ਯੋਗ ਹੈ।  ਕਥਨ ਹੈ ‘‘ਸਤਿਗੁਰ ਸਰਣੀ ਜਾਇ ਸੀਸੁ ਨਿਵਾਇਆ ਗੁਰ ਚਰਣੀ ਚਿਤੁ ਲਾਇ ਮਥਾ ਲਾਇਆ ਗੁਰਮਤਿ ਰਿਦੈ ਵਸਾਇ ਆਪੁ ਗਵਾਇਆ ਗੁਰਮੁਖਿ ਸਹਜਿ ਸੁਭਾਇ ਭਾਣਾ ਭਾਇਆ ਸਬਦ ਸੁਰਤਿ ਲਿਵ ਲਾਇ ਹੁਕਮੁ ਕਮਾਇਆ ਸਾਧਸੰਗਤਿ ਭੈ ਭਾਇ ਨਿਜ ਘਰਿ ਪਾਇਆ ਚਰਨ ਕਵਲ ਪਤੀਆਇ ਭਵਰੁ ਲੁਭਾਇਆ ਸੁਖ ਸੰਪਟ ਪਰਚਾਇ ਅਪਿਓ ਪੀਆਇਆ ਧੰਨ ਜਣੇਦੀ ਮਾਇ ਸਹਿਲਾ ਆਇਆ ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੦)

ਅਜਿਹੇ ਪਵਿੱਤਰ ਜੀਵਨ ਵਾਲੇ ਪੁਰਸ਼ ਜਦੋਂ ‘‘ਜੀਵਤ ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ ’’ (ਮਹਲਾ /੧੦੦੦) ਅਨੁਸਾਰ ਸੰਸਾਰ ਤੋਂ ਵਾਪਸ ਤੁਰਦੇ ਹਨ ਤਦ ਵੀ ਉਹ ਚਾਉ ਨਾਲ ਹੀ ਜਾਂਦੇ ਹਨ ‘‘ਕਬੀਰ ! ਮੁਹਿ ਮਰਨੇ ਕਾ ਚਾਉ ਹੈ; ਮਰਉ, ਹਰਿ ਕੈ ਦੁਆਰ ਮਤ ਹਰਿ ਪੂਛੈ ਕਉਨੁ ਹੈਪਰਾ ਹਮਾਰੈ ਬਾਰ (ਭਗਤ ਕਬੀਰ ਜੀ/੧੩੬੭), ਕਬੀਰ ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ’’ (ਭਗਤ ਕਬੀਰ ਜੀ/੧੩੬੫)

ਇੱਥੇ ਜਨਮ ਮਰਨ ਦੀ ਗੱਲ ਨਹੀਂ ਬਲਕਿ ਗੱਲ ਤਾਂ ਵਿਚਲੇ ਜੀਵਨ ਦੀ ਹੈ।  ਸਵਾਲ ਇਹ ਨਹੀਂ ਕਿੰਨਾ ਲੰਬਾ ਜੀਵਨ ਜੀਵਿਆ ਗਿਆ ਹੈ ? ਬਲਕਿ ਸਵਾਲ ਇਹ ਹੈ ਕਿ ਜੀਵਨ ਕਿਵੇਂ ਬਤੀਤ ਕੀਤਾ ਗਿਆ ਹੈ ?  ਹੋ ਸਕਦਾ ਹੈ ਬਾਬਾ ਫ਼ਤਿਹ ਸਿੰਘ ਜੀ ਦੀ ਤਰ੍ਹਾਂ ਜੀਵਨ ਲੀਲ੍ਹਾ 7 ਸਾਲ ਬਾਅਦ ਹੀ ਸਮਾਪਤ ਹੋ ਗਈ ਹੋਵੇ ਜਾਂ ਬਾਬਾ ਬੁੱਢਾ ਜੀ ਦੀ ਤਰ੍ਹਾਂ 125 ਸਾਲ ਦੀ ਲੰਮੇਰੀ ਯਾਤਰਾ ਕੀਤੀ ਗਈ ਹੋਵੇ।  ਜਿਸ ਦਾ ਜੀਵਨ ਪਰਉਪਕਾਰ ਦਾ ਹੈ, ਪਰਮਾਤਮਾ ਦੀ ਯਾਦ ਦਾ ਹੈ, ਜੀਵਨ ਸਿਮਰਨ ਤੇ ਸੇਵਾ ਦਾ ਹੈ, ਫਿਰ ਅੰਤ ਸਮਾਂ ਭਾਵੇਂ ਤੱਤੀ ਤਵੀ ’ਤੇ ਬੈਠਾ ਹੋਵੇ, ਭਾਵੇਂ ਦੇਗ਼ ਵਿੱਚ ਉੱਬਲ ਕੇ, ਆਰੇ ਨਾਲ ਚੀਰਿਆ ਗਿਆ ਹੋਵੇ ਜਾਂ ਖੋਪਰੀ ਉਤਰਵਾ ਕੇ, ਭਾਵੇਂ ਬੰਦ-ਬੰਦ ਕਟਵਾਏ ਹੋਣ, ਭਾਵੇਂ ਕੀਰਤਨ ਸੁਣਦਿਆਂ ਸੁਆਸ ਸਮਾਪਤ ਹੋਏ ਹੋਣ। ਸੰਸਾਰ ਉਨ੍ਹਾਂ ਦੇ ਸਫਲ ਜੀਵਨ ਦਾ ਧਿਆਨ ਇਸ ਤਰ੍ਹਾਂ ਧਰਦਾ ਹੋਇਆ ‘ਧੰਨ ਧੰਨ’ ਕਰਦਾ ਹੈ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ਼ ਵਾਹੀ, ਦੇਖ ਕੇ ਅਣਡਿੱਠ ਕੀਤਾ; ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀਬੋਲੋ ਜੀਵਾਹਿਗੁਰੂ

ਦੇਖਿਆ ਤਾਂ ਜੀਵਨ ਜਾਂਦਾ ਹੈ, ਜੀਵਨ ਵਿੱਚ ਕੀਤਾ ਕੀ ਸੀ ?  ਇਸ ਧਾਰਨਾ ਵਿੱਚ ਕੋਈ ਸੱਚ ਨਹੀਂ ਕਿ ਮੁਕਤ ਉਹੀ ਹੋਵੇਗਾ ਜਿਸ ਦੇ ਪ੍ਰਾਣ ਬ੍ਰਹਮਰੰਧ੍ਰ (ਦਸਮ ਦੁਆਰ) ਫੋੜ ਕੇ ਨਿਕਲਣ, ਕੋਈ ਪਤਾ ਨਹੀਂ ਬ੍ਰਹਮ ਗਿਆਨੀ ਦੀ ਖੋਪਰੀ ਕੋਈ ਮੂਰਖ ਲਾਠੀ ਮਾਰ ਕੇ ਹੀ ਫੋੜ ਦੇਵੇ।  ਮੌਤ ਦਾ ਬਹਾਨਾ ਕੋਈ ਵੀ ਹੋਵੇ ਸੱਚ ਤਾਂ ਇਹ ਹੈ ਕਿ ‘‘ਬ੍ਰਹਮ ਗਿਆਨੀ ਸਦ ਜੀਵੈ; ਨਹੀ ਮਰਤਾ ’’ (ਮਹਲਾ /੨੭੪)

ਅਜਿਹੀ ਸ਼ਖ਼ਸੀਅਤ ਪਰਮਾਤਮਾ ਦੇ ਹੁਕਮ ਵਿੱਚ ਫਿਰ ਨਵਾਂ ਸਰੀਰ ਰੂਪੀ ਚੋਲ਼ਾ ਪ੍ਰਾਪਤ ਕਰ ਪਰਉਪਕਾਰ ਲਈ ਜਗਤ ’ਚ ਆ ਜਾਂਦੀ ਹੈ।  ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ ਕਿ ‘ਬਾਹਰੋਂ ਵੇਖਣ ਨੂੰ ਤਾਂ ਸੰਤ ਜਨ ਵੀ ਖ਼ਾਕ ਦੀ ਮੁੱਠ ਦੇ ਕੈਦੀ ਹੀ ਜਾਪਦੇ ਹਨ, ਪਰ ਉਨ੍ਹਾਂ ਨੂੰ ਅੰਦਰੋਂ ਵੇਖੋ ਤਾਂ ਉਹ ਪਵਿੱਤਰ ਪਰਮਾਤਮਾ ਦਾ ਰੂਪ ਹੁੰਦੇ ਹਨ, ਜੋ ਨਾ ਜੰਮਦਾ ਹੈ, ਨਾ ਹੀ ਮਰਦਾ ਹੈ, ‘‘ਜ਼ਾਹਰੇ ਕੈਦੇ ਮੁਸ਼ਤੇ ਖ਼ਾਕ ਅਸਤ ਬਾਤਨੇ ਬਾ ਖੁਦਾਇਆ ਅਸਤ’’ ਭਾਵੇਂ ਸੰਸਾਰ ਉਨ੍ਹਾਂ ਦੇ ਜਨਮ ਦਿਹਾੜੇ ਅਤੇ ਜੋਤੀ ਜੋਤ ਦਿਵਸ ਮਨਾ ਰਿਹਾ ਹੈ, ਪਰ ਇਹ ਅਟੱਲ ਹੈ ਕਿ ਉਹ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ   ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯)

ਮਨੁੱਖੀ ਜ਼ਿੰਦਗੀ ਦੀ ਕੀ ਪਾਇਆਂ ਹੈ ਇਸ ਦੀ ਵਿਆਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਭਰਪੂਰ ਪ੍ਰਾਪਤ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਮੈਂ ਨਹੀਂ ਜਾਣਦਾ ਜ਼ਿੰਦਗੀ ਦੀ ਮੁਹਲਤ ਕਿੰਨੀ ਕੁ ਹੁੰਦੀ ਹੈ, ਕਿਹੜਾ ਸਮਾਂ ਜਦੋਂ ਮਰ ਜਾਣਾ ਹੈ ?  ਅਸੀਂ ਤਾਂ ਇੱਕ ਦਮੀ ਆਦਮੀ ਹਾਂ।  ਫ਼ੁਰਮਾਨ ਹੈ ‘‘ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਜਾਣਾ ਨਾਨਕੁ ਬਿਨਵੈ ਤਿਸੈ ਸਰੇਵਹੁ; ਜਾ ਕੇ ਜੀਅ ਪਰਾਣਾ ’’ (ਮਹਲਾ /੬੬੦) ਜਿਸ ਨੂੰ ਜ਼ਿੰਦਗੀ ਕਹਿੰਦੇ ਹਾਂ ਇਹ ਤਾਂ ਪਲ-ਪਲ ਵਿੱਚ ਸੁਪਨਾ ਹੁੰਦੀ ਜਾ ਰਹੀ ਹੈ ‘‘ਜਗਿ ਜੀਵਨੁ ਐਸਾ, ਸੁਪਨੇ ਜੈਸਾ; ਜੀਵਨੁ ਸੁਪਨ ਸਮਾਨੰ ਸਾਚੁ ਕਰਿ ਹਮ ਗਾਠਿ ਦੀਨੀਛੋਡਿ ਪਰਮ ਨਿਧਾਨੰ’’ (ਭਗਤ ਕਬੀਰ ਜੀ/੪੮੨)

ਬਾਬਾ ਫ਼ਰੀਦ ਜੀ ਜਿਨ੍ਹਾਂ ਦੁਆਰਾ ਉਚਾਰਨ ਕੀਤੀ ਗਈ ਪੰਕਤੀ ’ਤੇ ਅਸੀਂ ਵਿਚਾਰ ਕਰ ਰਹੇ ਹਾਂ, ਉਸ ਰਾਹੀਂ ਮਨੁੱਖੀ ਜੀਵਨ ਬਾਰੇ ਫ਼ੁਰਮਾਨ ਕਰਦੇ ਹਨ :

  1. ਗੰਢੇਦਿਆਂ ਛਿਅ ਮਾਹ; ਤੁੜੰਦਿਆ ਹਿਕੁ ਖਿਨੋ ॥ (ਬਾਬਾ ਫ਼ਰੀਦ ਜੀ/੪੮੮)
  2. ਫਰੀਦਾ ਖਿੰਥੜਿ ਮੇਖਾ ਅਗਲੀਆ; ਜਿੰਦੁ ਨ ਕਾਈ ਮੇਖ ॥ ਵਾਰੀ ਆਪੋ ਆਪਣੀ; ਚਲੇ ਮਸਾਇਕ ਸੇਖ ॥ (ਬਾਬਾ ਫ਼ਰੀਦ ਜੀ/੧੩੮੦)
  3. ਕੰਧੀ ਉਤੈ ਰੁਖੜਾ; ਕਿਚਰਕੁ ਬੰਨੈ ਧੀਰੁ ॥ ਫਰੀਦਾ ! ਕਚੈ ਭਾਂਡੈ ਰਖੀਐ; ਕਿਚਰੁ ਤਾਈ ਨੀਰੁ ॥  (ਬਾਬਾ ਫ਼ਰੀਦ ਜੀ/੧੩੮੨)
  4. ਫਰੀਦਾ ! ਕੋਠੇ ਧੁਕਣੁ ਕੇਤੜਾ ? ਪਿਰ ਨੀਦੜੀ ਨਿਵਾਰਿ ॥  ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥ (ਬਾਬਾ ਫ਼ਰੀਦ ਜੀ/੧੩੮੦) ਆਦਿ। 

ਜੇ ਇਹੀ ਜ਼ਿੰਦਗੀ ਹੈ ਤਾਂ ਫਿਰ ਇਹ ਵੀ ਮੰਨ ਲਓ ਕਿ ਜਨਮ ਮਰਨ ਹੈ ਹੀ ‘ਦੁੱਖ’। ਇਕ ਬੰਦਾ ਦੁੱਖ ਵਿੱਚ ਹੀ ਜਨਮੇ, ਦੁੱਖ ਵਿੱਚ ਹੀ ਜੀਵੇ ਅਤੇ ਦੁੱਖ ਵਿੱਚ ਹੀ ਮਰ ਜਾਏ ਤਾਂ ਫਿਰ ਇਹ ਜੀਵਨ ਦੁੱਖ ਹੈ।  ਫਿਰ ਅਰਦਾਸ ਕਰਨੀ ਹੀ ਪਵੇਗੀ ਕਿ ਵਾਹਿਗੁਰੂ ਅੱਗੋਂ ਸੰਸਾਰ ’ਤੇ ਨਾ ਭੇਜੀਂ, ਇੱਥੇ ਬੜਾ ਦੁੱਖ ਹੈ, ਪਰ ਜੋ ‘‘ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ’’ ਦੀ ਸਿੱਕ (ਇੱਛਾ) ਪੈਦਾ ਕਰਕੇ ਜ਼ਿੰਦਗੀ ਜੀਅ ਰਿਹਾ ਹੈ, ਉਸ ਦਾ ਜਨਮ; ਦੁੱਖ ਨਹੀਂ ਉਸ ਦਾ ਜਨਮ ਤਾਂ ਸਫਲਾ ਹੈ। ਉਸ ਨੇ ਤਾਂ ਪਰਮਾਤਮਾ ਨੂੰ ਵੀ ਸੌਂਤਰਾ ਭਾਵ ਔਲਾਦ ਵਾਲਾ ਕਰ ਦਿੱਤਾ।  ਫ਼ੁਰਮਾਨ ਹੈ ‘‘ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ’’ (ਮਹਲਾ /੫੩੨)

ਜੋ ਪਰਮਾਤਮਾ ਦੇ ਹੋ ਗਏ, ਜਿਨ੍ਹਾਂ ਦਾ ਰੱਬ ਨਾਲ ਪਿਆਰ ਬਣ ਗਿਆ, ਜਿਨ੍ਹਾਂ ਦੇ ਜੀਵਨ ਵਿੱਚ ਉਸ ਦੀ ਸਿਫ਼ਤ ਸਲਾਹ ਹੈ ਤਾਂ ਫਿਰ ਮੌਤ ਵੀ ਝੂਮਣ ਲੱਗ ਪੈਂਦੀ ਹੈ।  ਰੱਬੀ ਪਿਆਰ ਜਦੋਂ ਮੌਤ ਦੇ ਸਾਹਮਣੇ ਆਉਂਦਾ ਹੈ ਤਾਂ ਮੌਤ ਵੀ ਝੁਕ ਕੇ ਪ੍ਰਣਾਮ ਕਰਦੀ ਹੈ, ਫਿਰ ਜਨਮ ਦੁੱਖ ਨਹੀਂ ਬਲਕਿ ਪਰਮਾਤਮਾ ਦਾ ਹੁਕਮ ਜਾਪਦਾ ਹੈ।  ਪ੍ਰਭੂ ਦਾ ਸੁਭਾਅ ਹੀ ਬਣ ਜਾਂਦਾ ਹੈ ‘‘ਜੋ ਜੋ ਹੁਕਮੁ ਭਇਓ ਸਾਹਿਬ ਕਾਸੋ ਮਾਥੈ ਲੇ ਮਾਨਿਓ ’’ (ਮਹਲਾ /੧੦੦੦) ਜਨਮ ਵੇਲੇ ਤਾਂ ਹਰ ਘਰ ਵਿੱਚ ਵਧਾਈ ਹੁੰਦੀ ਹੈ ਪਰ ਸੰਸਾਰ ਤੋਂ ਕੂਚ ਕਰਨ ਲਗਿਆਂ ਵੀ ‘‘ਕਬੀਰ ! ਸੰਤ ਮੂਏ ਕਿਆ ਰੋਈਐ  ? ਜੋ ਅਪੁਨੇ ਗ੍ਰਿਹਿ ਜਾਇ ’’ (ਭਗਤ ਕਬੀਰ ਜੀ/੧੩੬੫) ਦੀ ਪ੍ਰਸੰਨਤਾ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੇ ਜਨਮ ਲੈ ਕੇ ਸਤਿਗੁਰੂ ਦਾ ਪੱਲਾ ਫੜ੍ਹਿਆ, ਮਾਤਾ ਦੇ ਗਰਭ ਤੋਂ ਜਨਮ ਧਾਰਨ ਉਪਰੰਤ ਸਤਿਗੁਰੂ ਦੇ ਘਰ ਵੀ ਜਨਮ ਲੈ ਲਿਆ ਉਨ੍ਹਾਂ ਦਾ ਆਵਾਗਮਣ ਮੁੱਕ ਗਿਆ।  ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ‘‘ਕਿਤੁ ਬਿਧਿ ਪੁਰਖਾਜਨਮੁ ਵਟਾਇਆ  ? ਕਾਹੇ ਕਉ ਤੁਝੁ ਇਹੁ ਮਨੁ ਲਾਇਆ  ?’’ (ਮਹਲਾ /੯੪੦) ਫਿਰ ਸਾਹਿਬ ਜੀ ਨੇ ਜਵਾਬ ਦਿੱਤਾ ‘‘ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ਅਨਹਤਿ ਰਾਤੇ; ਇਹੁ ਮਨੁ ਲਾਇਆ ’’ (ਮਹਲਾ /੯੪੦)  ਫਿਰ ਉਨ੍ਹਾਂ ਦਾ ਜਨਮ ਹੀ ਗਿਆਨ ਦਾ ਜਨਮ ਹੈ, ਸ਼ਰਧਾ ਦਾ ਜਨਮ ਹੈ, ਪ੍ਰੇਮ ਦਾ ਜਨਮ ਹੈ। ਉਨ੍ਹਾਂ ਦਾ ਜਨਮ ਹੈ ਦਇਆ ਤੇ ਭਰੋਸੇ ਦਾ ਜਨਮ, ਉਨ੍ਹਾਂ ਦਾ ਜਨਮ ਹੈ ਧਰਮ ਦਾ ਜਨਮ ਆਦਿ।  ਜਿਸ ਰਾਹੀਂ ਉਨ੍ਹਾਂ ਦਾ ਜਨਮ ਸਤ, ਸੰਤੋਖ, ਧੀਰਜ ਆਦਿ ਗੁਣ ਧਾਰਨ ਕਰ ਗਿਆ।  ਐਸੇ ਗੁਣ ਜਿੱਥੇ ਪਰਗਟ ਹੋਣ ਉੱਥੇ ਵਧਾਈ ਕਿਉਂ ਨਾ ਵੱਜੇ ?  ਜਿਸ ਬੰਦੇ ਦਾ ਅਸਾਧ ਰੋਗ ਮੁੱਕ ਜਾਏ, ਅਰੋਗਤਾ ਮਿਲ ਜਾਏ ਉੱਥੇ ਵੀ ਮੁਬਾਰਕਾਂ ਮਿਲਦੀਆਂ ਹਨ।  ਉਸ ਦਾ ਮਰਨ ਕੀ ਹੈ ?  ਕਾਮ, ਕਰੋਧ ਆਦਿਕ ਪੰਜ ਰੋਗਾਂ ਦੀ ਮੌਤ ਉਸ ਦਾ ਮਰਨ ਹੈ, ਅਗਿਆਨਤਾ ਦੀ ਮੌਤ ਹੋ ਜਾਂਦੀ ਹੈ, ਉਸ ਦੇ ਅਪਰਾਧ ਮਰ ਜਾਂਦੇ ਹਨ।  ਜਿਹੜੇ ਜੀਵਨ ਵਿੱਚੋਂ ਇਹ ਬਿਮਾਰੀਆਂ ਮੁੱਕ ਜਾਣ ਐਸੇ ਬੰਦੇ ਦੇ ਸੰਸਾਰ ਤੋਂ ਜਾਣ ਵੇਲੇ ਕਿਉਂ ਨਾ ਵਧਾਈ ਮਿਲੇਗੀ।  ਅਜਿਹਾ ਪ੍ਰਭੂ ਪਿਆਰਾ; ਉਸ ਦੇ ਭਾਣੈ ਜਾਂ ਹੁਕਮ ਨੂੰ ਦੁੱਖ ਕਿਵੇਂ ਆਖੇ ਉਹ ਤਾਂ ‘‘ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ’’ (ਬਾਬਾ ਸੁੰਦਰ ਜੀ/੯੨੩) ਜਾਂ ‘‘ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ’’ (ਬਾਬਾ ਸੁੰਦਰ ਜੀ/੯੨੩) ਦੇ ਅਟੱਲ ਨਿਯਮ ਨੂੰ ਸਤ-ਸਤ ਕਰ ਮੰਨਦਾ ਹੈ।

ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੇਰੇ ਪਿੱਛੋਂ ਨਿਰਬਾਣ ਕੀਰਤਨ ਹੀ ਕਰਨਾ ਹੈ।  ਨਿਰਬਾਣ ਕੀਰਤਨ ਕੀ ਹੈ ?  ਜਿਸ ਵਿੱਚ ਕੋਈ ਵੀ ਮੰਗ ਨਾ ਹੋਵੇ, ਤੁਸੀਂ ਮੇਰੇ ਬਾਅਦ ਨਾ ਆਖਿਓ ਹੇ ਪ੍ਰਭੂ !  ਬਜ਼ੁਰਗ ਨੂੰ ਸੱਚਖੰਡ ਵਿੱਚ ਵਾਸਾ ਦੇਵੀਂ। ਨਹੀਂ, ਉਹ ਤੁਹਾਡੇ ਨਾਲੋਂ ਵਧੇਰੇ ਜਾਣਦਾ ਹੈ, ਉਸ ਦੀ ਮਰਜ਼ੀ ਹੈ; ਮੈਨੂੰ ਵਾਪਸ ਭੇਜੇ, ਉਸ ਦੀ ਮਰਜ਼ੀ ਹੈ, ਆਪਣੇ ਕੋਲ ਰੱਖੇ, ਜਿਹੜਾ ਤੁਹਾਡੇ ਵਿੱਚੋਂ ਰੋਇਆ, ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਣਾ ‘‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ਮਤ ਮੈ ਪਿਛੈ ਕੋਈ ਰੋਵਸੀਸੋ, ਮੈ ਮੂਲਿ ਭਾਇਆ ’’ (ਬਾਬਾ ਸੁੰਦਰ ਜੀ/੯੨੩)

ਇੱਕ ਮਿੱਤਰ ਨੂੰ ਸਿਰੋਪਾ ਮਿਲਦਾ ਹੋਵੇ ਤਾਂ ਜਿਸ ਮਿੱਤਰ ਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ, ਉਹ ਪ੍ਰਸੰਨ ਹੁੰਦਾ ਹੈ ਤੁਸੀਂ ਵੀ ਵਿਚਾਰ ਕੇ ਦੇਖੋ ਮੈਨੂੰ ਤਾਂ ਹੁਣ ਪ੍ਰਭੂ ਜੀ ਸਿਰੋਪਾ ਬਖ਼ਸ਼ਸ਼ ਕਰ ਰਹੇ ਹਨ ‘‘ਮਿਤੁ ਪੈਝੈ ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ਤੁਸੀ ਵੀਚਾਰਿ ਦੇਖਹੁ ਪੁਤ ਭਾਈਹਰਿ ਸਤਿਗੁਰੂ ਪੈਨਾਵਏ ’’  (ਬਾਬਾ ਸੁੰਦਰ ਜੀ/੯੨੩)

ਪਰਮਾਤਮਾ ਦੇ ਦਰ ਤੋਂ ਸਿਰੋਪਾ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੇ ਸਫਲ ਜੀਵਨ ਜੀਵਿਆ ਹੋਵੇ।  ਉਹਨਾਂ ਲਈ ਜੀਵਨ ਮਰਨ ਦੁੱਖ ਨਹੀਂ ਰਹਿ ਗਿਆ ਸਗੋਂ ਰੱਬ ਦਾ ਭਾਣਾ ਬਣ ਗਿਆ ਹੁੰਦਾ ਹੈ ‘‘ਜਾ ਆਏ ਤਾ ਤਿਨਹਿ ਪਠਾਏ; ਚਾਲੇ, ਤਿਨੈ ਬੁਲਾਇ ਲਇਆ ਜੋ ਕਿਛੁ ਕਰਣਾ, ਸੋ ਕਰਿ ਰਹਿਆ; ਬਖਸਣਹਾਰੈ ਬਖਸਿ ਲਇਆ (ਮਹਲਾ /੯੦੭), ਗੁਰਮੁਖਿ; ਹਰਿ ਹਰਿ, ਹਰਿ ਲਿਵ ਲਾਗੇ ਜਨਮ ਮਰਣ; ਦੋਊ ਦੁਖ ਭਾਗੇ ’’ (ਮਹਲਾ /੧੧੭੮) ਆਦਿ।

ਜੇਕਰ ਜੀਵਨ ਦੁੱਖ ਹੈ ਤਾਂ ਇਹ ਦੁੱਖ ਹੋ ਸਕਦਾ ਹੈ ਕਿ ਜਨਨੀ ਨੂੰ ਕਹਿਣਾ ਪਵੇ ਕਿ ਪੁੱਤਰ ਇੰਨਾ ਨਾਲਾਇਕ ਜੰਮਿਆ, ਤੈਨੂੰ ਜਨਮ ਦੇਣ ਦਾ ਐਵੇਂ ਦੁੱਖ ਝਲਿਆ ਹੈ।  ਵੈਸੇ ਮਾਂ ਇਸ ਦੁੱਖ ਨੂੰ ਅਰਦਾਸ ਕਰਕੇ ਪੱਲੇ ਪਾਉਂਦੀ ਹੈ, ਪਰ ਉਸ ਨੂੰ ਪਤਾ ਹੈ ਕਿ ਪੁੱਤਰ ਇਕੱਲਾ ਨਹੀਂ ਮਿਲਣਾ, ਨਾਲ ਪ੍ਰਸੂਤਾ ਪੀੜਾ ਵੀ ਮਿਲਣੀ ਹੈ।  ਅਜਿਹੇ ਜਨਮ-ਮਰਨ ਦੇ ਦੁੱਖ ਨੂੰ ਤਾਂ ਦੇਵਤੇ ਵੀ ਤਰਸਦੇ ਹਨ।  ਇਹ ਜੀਵਨ ਜਿਸ ਦੇ ਆਦਿ ਵਿੱਚ ਜਨਮ ਅਤੇ ਅੰਤ ਵਿੱਚ ਮੌਤ ਹੈ, ਇਹ ਤਾਂ ਗੋਬਿੰਦ ਮਿਲਣ ਦੀ ਵਾਰੀ ਹੈ।  ਜੋ ਜੀਵਨ ਵਿੱਚ ਕਰਨਾ ਸੀ ਜੇ ਉਹ ਨਾ ਹੋਵੇ ਤਾਂ ਜ਼ਿੰਦਗੀ ਬਹੁਤ ਵੱਡਾ ਦੁੱਖ ਹੈ ਪਰ ਜੋ ਕਰਨਾ ਸੀ ਜੇ ਉਹ ਹੋ ਜਾਏ ਤਾਂ ਜੀਵਨ ਪਰਮਾਤਮਾ ਦੀ ਮਿਹਰ ਹੈ।  ਕਰਨਾ ਕੀ ਸੀ ?  ਸਫਲ ਜੀਵਨ ਜਿਊਣਾ ਸੀ, ਸਫਲ ਕਿਵੇਂ ਹੁੰਦਾ ਹੈ ?  ‘‘ਨਾਨਕ ! ਸੋਈ ਜੀਵਿਆ; ਜਿਨਿ ਇਕੁ ਪਛਾਤਾ (ਮਹਲਾ /੩੧੯), ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ਨਾਨਕ ! ਅਵਰੁ ਜੀਵੈ ਕੋਇ ’’ (ਮਹਲਾ /੧੪੨) ਆਦਿ।

ਜੀਵਨ ਦਾ ਅਰਥ ਹੀ ਹੈ ਕਿ ਜਿਸ ਦੇ ਮਗਰ ਮੌਤ ਕੋਈ ਨਹੀਂ ਹੋਵੇ।  ਸਰੀਰ ਦਾ ਚਾਰ ਦਿਨ ਸੰਸਾਰ ਵਿੱਚ ਰਹਿਣਾ ਜੀਵਨ ਨਹੀਂ, ਜੀਵਨ ਤਾਂ ਉਹ ਹੈ ਜਿਸ ਦੇ ਆਸਰੇ ਸਰੀਰ ਬਣਿਆ ਹੈ।  ਜੀਵਨ ਤਾਂ ਉਹ ਹੈ ਜੋ ਸਰੀਰ ਤੋਂ ਪਹਿਲਾਂ ਸੀ ਅਤੇ ਸਰੀਰ ਬਿਨਸ ਜਾਣ ਤੋਂ ਬਾਅਦ ਰਹੇਗਾ, ਜੇ ਉਸ ਨਾਲ ਜੁੜ ਜਾਈਏ ਤਾਂ ਸਰੀਰ ‘‘ਕੰਚਨ ਕਾਇਆ ਕੋਟ ਗੜ ..’’ (ਮਹਲਾ /੪੪੯) ਬਣ ਕੇ ਸਫਲ ਹੋ ਜਾਂਦਾ ਹੈ।  ਮਨੁੱਖਾ ਸਰੀਰ ਤੋਂ ਬਿਨਾਂ ਉਸ ਦਾ ਅਨੁਭਵ ਕੋਈ ਨਹੀਂ ਹੁੰਦਾ ਤੇ ਜਨਮ-ਮਰਨ ਤੋਂ ਬਿਨਾਂ ਸਰੀਰ ਨਹੀਂ ਮਿਲਦਾ।  ਜਦੋਂ ਮਨੁੱਖ ਨੂੰ ਗੁਰਮਤਿ ਦੀ ਸੋਝੀ ਹੋ ਜਾਂਦੀ ਹੈ ਤਾਂ ਸਫਲ ਸਰੀਰ ਮਿਲਦਾ ਹੈ; ਇਹ ਜੀਵਨ ਦੁੱਖ ਨਹੀਂ ਬਲਕਿ ਵਰਦਾਨ ਹੋ ਜਾਂਦਾ ਹੈ ਕਿਉਂਕਿ ਇਹ ਸਫਲਤਾ ਮਨੁੱਖੀ ਤਾਕਤ ਨਾਲ ਨਹੀਂ ਮਿਲੀ ਬਲਕਿ ਉਸ ਪ੍ਰਭੂ ਨੇ ਆਪਣੇ ਲੜ ਲਾ ਕੇ ਬਖ਼ਸ਼ੀ ਹੋਈ ਹੈ।  ਜੀਵਨ ਐਸਾ ਸਚਿਆਰ ਤੇ ਸਫਲ ਹੋਇਆ ਕਿ ਸੰਸਾਰ ਨੂੰ ਕਹਿਣਾ ਪਿਆ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ਤਿਨ, ਧੰਨੁ ਜਣੇਦੀ ਮਾਉ; ਆਏ ਸਫਲੁ ਸੇ ’’ (ਬਾਬਾ ਫ਼ਰੀਦ ਜੀ/੪੮੮)

ਸੋ ਰੱਬੀ ਪਿਆਰ ਵਿੱਚ ਅਮੋਲਕ ਜੀਵਨ ਜੀਵਿਆ ਗੁਰਬਾਣੀ ਤੋਂ ਪ੍ਰਭਾਵਤ ਹੁੰਦੇ ਹੋਏ ਅਸੀਂ ਉਸ ਦੁਆਰਾ ਦਰਸਾਏ ਗਏ ਰੱਬੀ ਮਾਰਗ ਦੇ ਪਾਂਧੀ ਬਣਨ ਦਾ ਹਰ ਸੰਭਵ ਯਤਨ ਕਰੀਏ।

Most Viewed Posts