ਗੁਰਬਾਣੀ ਉਚਾਰਨ ਦੀ ਸਮੱਸਿਆ

0
672

ਗੁਰਬਾਣੀ ਉਚਾਰਨ ਦੀ ਸਮੱਸਿਆ

ਪ੍ਰੋਫ਼ੈਸਰ ਕਸ਼ਮੀਰਾ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪੰਥ ਰਤਨ ਸ. ਗੁਰਚਰਨ ਸਿੰਘ ਟੌਹੜਾ ਇਨਸਟੀਚਿਊਟ ਆੱਫ ਐਡਵਾਂਸਡ ਸਟੱਡੀਸ ਇਨ ਸਿੱਖਿਜ਼ਮ, ਬਹਾਦਰਗੜ੍ਹ ਪਟਿਆਲ਼ਾ ਵਿਖੇ 11 ਅਕਤੂਬਰ ਤੋਂ 15 ਅਕਤੂਬਰ 2021 ਤੱਕ ਗੁਰਬਾਣੀ ਸੰਥਿਆ ਕਾਰਜਸ਼ਾਲਾ ਕਰਵਾਈ ਗਈ । ਇਸ ਵਿੱਚ ਇਹ ਗੱਲ ਉੱਭਰ ਕੇ ਸਾਮ੍ਹਣੇ ਆਈ ਕਿ ਪਾਠੀ ਜਾਂ ਕਿਸੇ ਸਿੱਖ ਵਿਦਵਾਨ ਵੱਲੋਂ ਦਿੱਤੀ ਗਈ ਕੋਈ ਉਚਾਰਨ ਸੇਧ ਤੋਂ ਬਿਨਾਂ ਹੀ, ਗੁਰਬਾਣੀ ਦਾ ਪਾਠ ਉਚਾਰਨ ਉਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਗੁਰਬਾਣੀ ਸ਼ਬਦ ਲਿਖਤ ਰੂਪ ’ਚ ਵਿਰਾਮਜਾਨ ਹਨ ।

ਹੁਣ ਤੱਕ ਸਿੱਖ ਪ੍ਰਚਾਰਕ; ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਲਿਖੇ ਕਿਤਾਬਚੇ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ (ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਅਪਣਾ ਕੇ ਗੁਰਬਾਣੀ ਦੀ ਪਾਠ ਸੰਥਿਆ ਕਰਵਾਉਂਦੇ ਆ ਰਹੇ ਹਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ ਸੰਨ 2007 ਵਿੱਚ ਇਸ ਕਿਤਾਬਚੇ ਦੀ 30,000 ਕਾਪੀ ਭੇਟਾ ਰਹਿਤ ਛਾਪੀ ਕੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਕਰਨ ਲਈ ਦਿੱਤੀ ਗਈ। ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਭੀ ਇਸੇ ਕਿਤਾਬਚੇ ਨੂੰ ਮੁੱਖ ਰੱਖ ਕੇ ਪਾਠ ਸੰਥਿਆ ਕਰਵਾ ਰਹੇ ਹਨ, ਪਰ ਉਕਤ ਕਾਰਜਸ਼ਾਲਾ ਵਿੱਚ ਹੁਣ ਇਸ ਕਿਤਾਬਚੇ ਦੇ ਵਿਚਾਰਾਂ ਨਾਲ਼ ਅਸਹਿਮਤੀ ਪ੍ਰਗਟ ਕੀਤੀ ਗਈ ।

ਹਥਲੇ ਲੇਖ ’ਚ ਇਹ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਸ਼ਬਦਾਂ ਨੂੰ ਹੂ-ਬਹੂ ਉਚਾਰਨ ਕਰਨਾ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗ਼ਲਤ।

ਪੁਰਾਤਨ ਸਮੇਂ ਗੁਰਬਾਣੀ ਦਾ ਉਚਾਰਨ ਢੰਗ :

ਕੋਈ ਇਹ ਨਹੀਂ ਦੱਸ ਸਕਦਾ ਕਿ 12ਵੀਂ ਸਦੀ ਤੋਂ 17ਵੀਂ ਸਦੀ ਤੱਕ ਗੁਰਬਾਣੀ ਦਾ ਉਚਾਰਨ ਬਾਣੀਕਾਰਾਂ ਦੀ ਅਗਵਾਈ ਵਿੱਚ ਕਿਵੇਂ ਹੁੰਦਾ ਸੀ । ਚਿੰਤਕਾਂ ਵੱਲੋਂ ਇਸ ਬਾਰੇ ਦੋ ਕਿਆਸ-ਅਰਾਈਆਂ ਲਗਾਈਆਂ ਗਈਆਂ ਹਨ।

 1. ਓਦੋਂ ਗੁਰਬਾਣੀ ਨੂੰ ਲਿਖੇ ਸ਼ਬਦਾਂ ਅਨੁਸਾਰ ਹੀ ਬੋਲਦੇ ਸਨ ।
 2. ਗੁਰਬਾਣੀ ਦਾ ਪਾਠ, ਉਸ ਸਮੇਂ ਪ੍ਰਚਲਿਤ ਮੂਲ ਭਾਸ਼ਾਵਾਂ ਦੀਆਂ ਧੁਨੀਆਂ ਨੂੰ ਉਚਾਰ ਕੇ ਕੀਤਾ ਜਾਂਦਾ ਸੀ।

ਪਹਿਲੀ ਕਿਆਸਅਰਾਈ ਦੀ ਸਾਰਥਕਤਾ :

. ਮੁਹਾਰਨੀਤੇ ਜ਼ੋਰ ਦਿੱਤਾ ਗਿਆ : ਪਹਿਲੀ ਕਿਆਸ-ਅਰਾਈ ਅਨੁਸਾਰ ਪਾਠ ਸੰਥਿਆ ਲਈ ਕਰਵਾਈ ਕਾਰਜਸ਼ਾਲਾ ਵਿੱਚ ਦੱਸਿਆ ਗਿਆ ਹੈ ਕਿ ਗੁਰਬਾਣੀ ਦਾ ਉਚਾਰਨ ਜਿਉਂ ਦਾ ਤਿਉਂ ਹੀ ਕਰਨਾ ਚਾਹੀਦਾ ਹੈ। ਇਹ ਵੀ ਦੱਸਿਆ ਗਿਆ ਕਿ ਪੰਜਾਬੀ ਭਾਸ਼ਾ ਦੀ ਮੁਹਾਰਨੀ ਦਾ ਖ਼ੂਬ ਅਭਿਆਸ ਕਰਦਿਆਂ ਸ਼ਬਦਾਂ ਦੀ ਮੌਲਿਕਤਾ ਨੂੰ ਬਰਕਰਾਰ ਰੱਖਦਿਆਂ ਅੱਖਰਾਂ ਨੂੰ ਲੱਗੀਆਂ ਸਾਰੀਆਂ ਲਗਾਂ ਨੂੰ ਪਾਠ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ।

. ਮੁਹਾਰਨੀ ਦੀ ਵਰਤੋਂ ਦੀ ਸਾਰਥਕਤਾ : ਇਹ ਠੀਕ ਹੈ ਕਿ ਮੁਹਾਰਨੀ ਚੇਤੇ ਕਰਨ ਅਤੇ ਇਸ ਦੀ ਵਰਤੋਂ ਨਾਲ਼ ਅੱਖਰਾਂ ਨੂੰ ਲੱਗੀਆਂ ਦਸਾਂ ਮਾਤ੍ਰਾਂ ਦਾ ਉਚਾਰਨ ਕੀਤਾ ਜਾ ਸਕਦਾ ਹੈ ਪਰ ਇਹ ਨੇਮ ਸਾਰੀ ਗੁਰਬਾਣੀ ’ਤੇ ਲਾਗੂ ਨਹੀਂ ਹੋ ਸਕਦਾ । ਗੁਰਬਾਣੀ ਵਿੱਚ ਦੋਮਾਤ੍ਰੇ ਅੱਖਰ (ਤੋੁਹੀ, ਗੋੁਬਿੰਦ, ਜੁੋਆਨੀ, ਸੁੋਹੇਲਾ ਆਦਿਕ) ਵੀ ਸ਼ਬਦਾਂ ਅੰਦਰ ਵਰਤੇ ਗਏ ਹਨ। ਜਿਵੇਂ ਇਹ ਲਿਖੇ ਹੋਏ ਹਨ, ਓਵੇਂ ਹੀ ਇਨ੍ਹਾਂ ਦਾ ਉਚਾਰਨ ਨਹੀਂ ਕੀਤਾ ਜਾ ਸਕਦਾ । ਪਾਠਕ ਨੂੰ ਦੋਹਾਂ ਵਿੱਚੋਂ ਕੇਵਲ ਇੱਕ ਮਾਤ੍ਰਾ ਹੀ ਬੋਲਣੀ ਪਵੇਗੀ, ਨਹੀਂ ਤਾਂ ਦੋਮਾਤ੍ਰੇ ਅੱਖਰ ਵਾਲ਼ੇ ਕਿਸੇ ਵੀ ਸ਼ਬਦ ਦਾ ਪਾਠ ਨਹੀਂ ਹੋ ਸਕਦਾ । ਅਜਿਹੇ ਸ਼ਬਦਾਂ ਦੀ ਸੂਚੀ ਇਹ ਹੈ :

. ਇਕੱਲੀਆਂ ਸਭ ਮਾਤ੍ਰਾਂ ਦਾ ਬੋਲਣ ਤੋਂ ਬਿਨਾਂ ਹੋਰ ਵੀ ਬਹੁਤ ਕੁੱਝ ਉਚਾਰਨ ਦਾ ਭਾਗ ਹੈ : ਪਾਠ ਸੰਥਿਆ ਦੀ ਕਾਰਜਸ਼ਾਲਾ ਵਿੱਚ ਦੱਸਿਆ ਗਿਆ ਕਿ ਮੁਹਾਰਨੀ ਚੇਤੇ ਕਰ ਲਓ ਤੇ ਕਿਸੇ ਪਾਠ-ਸੰਥਿਆ ਦੀ ਲੋੜ ਨਹੀਂ ਰਹਿ ਜਾਂਦੀ । ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਪਾਠ ਸੰਥਿਆ ਤੋਂ ਬਿਨਾਂ ਜਿਵੇਂ ਲਿਖਿਆ ਹੈ ਤਿਵੇਂ ਬੋਲਿਆ ਹੀ ਨਹੀਂ ਜਾ ਸਕਦਾ । ਗੁਰਬਾਣੀ ਵਿੱਚੋਂ ਕੁੱਝ ਉਦਾਹਰਣਾਂ ਹਨ; ਜਿਵੇਂ ਕਿ

 1. ਮੰਗਲਾਚਰਣ ਦੇ ਆਰੰਭ ਵਿੱਚ ‘ੴ’ ਦਰਜ ਹੈ। ਇਸ ਨੂੰ ਜਿਵੇਂ ਲਿਖਿਆ ਹੈ ਤਿਵੇਂ ਬੋਲਿਆ ਹੀ ਨਹੀਂ ਜਾ ਸਕਦਾ । ‘੧’ ਨੂੰ ‘ਪਹਿਲਾ’ ਜਾਂ ‘ਇੱਕ’ ਬੋਲਣਾ ਹੈ ? ਕਿੱਥੋਂ ਪਤਾ ਲੱਗੇਗਾ ਇਸ ‘੧’ ਦਾ ਵਿਸਥਾਰ ‘ਇਕ’ ਜਾਂ ‘ਇਕੁ’ ਜਾਂ ਇਕਿ ਹੋਵੇਗਾ ? ਜੇ ਇਹ ‘ਇਕੁ’ ਜਾਂ ‘ਇਕਿ’ ਹੈ ਤਾਂ ਕਾਰਜਸ਼ਾਲਾ ਦੇ ਨਿਰਣੇ ਅਨੁਸਾਰ ‘ਇਕੁ’ ਦਾ ਔਂਕੜ ਅਤੇ ‘ਇਕਿ’ ਦੀ ਅੰਤ ਸਿਹਾਰੀ ਵੀ ਬੋਲਣੀ ਹੋਵੇਗਾ । ‘੧’ ਤੋਂ ਅਗਲੇ ਸ਼ਬਦ ਵਿੱਚ ‘ਓ’; ਬਿਨਾਂ ਨਾਸਕੀ ਧੁਨੀ ਤੋਂ ਹੈ, ਜਿਸ ਦਾ ਪਾਠ ਲਿਖੇ ਅਨੁਸਾਰ ‘ਓਂ’ ਨਹੀਂ ਹੋ ਸਕਦਾ, ਜੋ ਕਿ ਕੀਤਾ ਜਾ ਰਿਹਾ ਹੈ । ‘ਓ’ ਦੇ ਹੋੜੇ ਦੇ ਨਾਲ਼ ਇੱਕ ਵਿੰਗੀ ਲਕੀਰ ਹੈ, ਜਿਸ ਦਾ ਉਚਾਰਨ ਵੀ ਲਿਖੇ ਅਨੁਸਾਰ ਨਹੀਂ ਹੋ ਸਕਦਾ ਕਿਉਂਕਿ ਇਹ ਵਿੰਗੀ ਲਕੀਰ ਨੂੰ ‘ਕਾਰ’ ਉਚਾਰਨਾ ਪੈਣਾ ਹੈ। ਜੇ ‘ੴ ’ ਦਾ ਲਿਖੇ ਅਨੁਸਾਰ ਉਚਾਰਨ ਹੀ ਨਹੀਂ ਹੋ ਸਕਦਾ ਫਿਰ ਜਿਵੇਂ ਗੁਰਬਾਣੀ ਲਿਖੀ ਹੈ ਤਿਵੇਂ ਪੜ੍ਹੀ ਕਿਵੇਂ ਜਾ ਸਕਦੀ ਹੈ ? ਕਿਸੇ ਪਾਸਿਓਂ ਤਾਂ ਉਚਾਰਨ ਸੇਧ ਲੈਣੀ ਹੀ ਪਵੇਗੀ ।
 2. ਗੁਰਬਾਣੀ ਵਿੱਚ 6464 ਵਾਰ ਇਕੱਲਾ ਅੱਖਰ ‘ਨ’ ਅਤੇ 234 ਵਾਰ ਇਕੱਲਾ ‘ਤ’ ਆਦਿਕ ਲਿਖੇ ਮਿਲਦੇ ਹਨ। ਜੇਕਰ ਲਿਖੇ ਅਨੁਸਾਰ ਹੀ ਪੜ੍ਹਨਾ ਹੈ ਤਾਂ ਇਹ ਅੱਖਰ ‘ਨੱਨਾਂ’ ਅਤੇ ‘ਤੱਤਾ’ ਹੀ ਪੜ੍ਹਨਾ ਪਵੇਗਾ । ਕੀ ਇਹ ਸ਼ੁੱਧ ਪਾਠ ਮੰਨਿਆਂ ਜਾ ਸਕਦਾ ਹੈ ?
 3. ਗੁਰਬਾਣੀ ਦੇ ਸਿਰਲੇਖਾਂ ਵਿੱਚ ‘ਮਹਲਾ ੧’ ਲਿਖਿਆ ਹੈ। ਇਸ ‘੧’ (ਇੱਕ) ਦਾ ਉਚਾਰਨ ਵੀ ‘ੴ’ ਵਿੱਚ ਦਰਜ ‘ਇੱਕ’ ਵਾਙ ‘ਮਹਲਾ ੧’ ਨੂੰ ‘ਮਹਲਾ ਇੱਕ’ ਕਿਉਂ ਨਹੀਂ ਬੋਲਿਆ ਜਾਂਦਾ ? ਕੀ ਇਉਂ ਸ਼ੁੱਧ ਉਚਾਰਨ ਹੋਵੇਗਾ ? ਜੇ ਲਿਖੇ ਅਨੁਸਾਰ ਹੀ ਪਾਠ ਕਰਨਾ ਹੈ ਤਾਂ ‘ਮਹਲਾ ਇੱਕ’ ਨੂੰ ‘ਮਹਲਾ ਪਹਿਲਾ’ ਕਿਉਂ ਬੋਲਿਆ ਜਾਂਦਾ ਹੈ ? ਇੱਕ ਜਗ੍ਹਾ ‘੧’ ਨੂੰ ਇੱਕ ਅਤੇ ਦੂਜੀ ਥਾਂ ‘੧’ ਨੂੰ ‘ਪਹਿਲਾ’ ਕਿਉਂ ਉਚਾਰਿਆ ਜਾਂਦਾ ਹੈ ? ਕਾਰਜਸ਼ਾਲਾ ਵਿੱਚ ਉਚਾਰਨ ਸੇਧ ਨੂੰ ਬੇਲੋੜਾ ਦਖ਼ਲ ਕਿਹਾ ਗਿਆ ਹੈ । ਇਹ ਬੇਲੋੜਾ ਦਖ਼ਲ ਨਹੀਂ ਸਗੋਂ ਗੁਰੂ ਪਾਤਿਸ਼ਾਹਾਂ ਨੇ ਆਪ ਹੀ ‘ਮਹਲਾ ੧’ ਨੂੰ ‘ਮਹਲਾ ੧ ਪਹਿਲਾ’ ਲਿਖ ਕੇ ਪਾਠਕ ਨੂੰ ਉਚਾਰਨ ਸੇਧ ਬਖ਼ਸ਼ੀ ਹੋਈ ਹੈ। ਹੁਣ ਕੀ ਇੱਥੇ ‘੧’ ਅਤੇ ‘ਪਹਿਲਾ’; ਦੋਵਾਂ ਨੂੰ ਉਚਾਰਨ ਕਰਕੇ ‘ਮਹਲਾ ਇੱਕ ਪਹਿਲਾ’ ਜਾਂ ‘ਮਹਲਾ ਪਹਿਲਾ ਪਹਿਲਾ’ ਉਚਾਰਨ ਕਰਨਾ ਸਹੀ ਉਚਾਰਨ ਹੋ ਸਕਦਾ ਹੈ ?
 4. ਉਕਤ ਕਾਰਜਸ਼ਾਲਾ ਅਨੁਸਾਰ ਜੇ ਲਿਖੇ ਅਨੁਸਾਰ ਹੀ ਪਾਠ ਕਰਨਾ ਜ਼ਰੂਰੀ ਹੈ ਤਾਂ ‘ਮ: ੧’ ਦਾ ਪਾਠ ‘ਮੰਮਾ ਦੋ ਬਿੰਦੀਆਂ ਇੱਕ’ ਕਰਨਾ ਚਾਹੀਦਾ ਹੈ। ਕੀ ਇਹ ਸ਼ੁੱਧ ਪਾਠ ਹੋਵੇਗਾ ? ਸੰਥਿਆ ਨਾਲ਼ ਜਗਿਆਸੂ ਨੂੰ ਪਤਾ ਲੱਗਦਾ ਹੈ ਕਿ ‘ਮ :’; ਦਰਅਸਲ ‘ਮਹਲਾ’ ਸ਼ਬਦ ਦਾ ਸੰਖੇਪ ਰੂਪ ਹੈ ਜਦਕਿ ਕਾਰਜਸ਼ਾਲਾ ਵੱਲੋਂ ਸੰਥਿਆ ਦੀ ਲੋੜ ਨੂੰ ਮੂਲੋਂ ਹੀ ਰੱਦ ਕੀਤਾ ਗਿਆ ਹੈ।
 5. ਉਕਤ ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਦਾ ਲਿਖੇ ਅਨੁਸਾਰ ਹੀ ਉਚਾਰਨ ਕਰਨਾ ਹੈ ਤਾਂ ‘ਸੰਪੂਰਣ:’ (ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: ॥ ਮਹਲਾ ੫/੧੩੬੧) ਦਾ ਉਚਾਰਨ ‘ਸੰਪੂਰਣ ਦੋ ਬਿੰਦੀਆਂ’ ਬਣਦਾ ਹੈ । ਕੀ ਅਜਿਹਾ ਉਚਾਰਨ ਕੋਈ ਕਰੇਗਾ ? ਕਦਾਚਿਤ ਨਹੀਂ । ਸੋ ਇੱਥੇ ਵਰਤੀਆਂ ਦੋ ਬਿੰਦੀਆਂ (:) ਦੇਵਨਾਗਰੀ ਲਿਪੀ ਵਿੱਚ ਵਿਸਰਗ ਦਾ ਸੂਚਕ ਹਨ, ਜੋ ਬੋਲਣ ਸਮੇਂ ਅੱਧਾ ‘ਹ’ ਧੁਨੀ ਪ੍ਰਗਟਾਉਂਦੀਆਂ ਹਨ। ‘ਸੰਪੂਰਣ:’ ਦਾ ਸ਼ੁੱਧ ਉਚਾਰਨ ‘ਸੰਪੂਰਣਹ੍’ ਬਣਦਾ ਹੈ।
 6. ਉਕਤ ਕਾਰਜਸ਼ਾਲਾ ਅਨੁਸਾਰ ਜੇ ਪਾਠ ਲਿਖੇ ਸ਼ਬਦਾਂ ਅਨੁਸਾਰ ਕਰਨਾ ਹੈ ਤਾਂ ਗੁਰਬਾਣੀ ਵਿੱਚ ਇਉਂ ਸ਼ਬਦ ਲਿਖੇ ਹਨ- ਕੁਤੇ, ਕੁਤੀ, ਕੁਤਿਆ, ਮੁਸਲਾ (ਲਬੁ ਕੁਤਾ ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥ (ਮਹਲਾ ੧/੧੫), ਰਾਜੇ ਸੀਹ ਮੁਕਦਮ ਕੁਤੇ ॥ (ਮਹਲਾ ੧/੧੨੮੮), ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ (ਬਾਬਾ ਫਰੀਦ/੧੩੮੧), ਸਚੁ ਨਿਵਾਜ ਯਕੀਨ ਮੁਸਲਾ ॥ (ਮਹਲਾ ੫/੧੦੮੩) ਅਤੇ ਉਚਕਾ, ਫਕਾ, ਛੁਟੀ (ਹਰਿ ਧਨ ਕਉ ਉਚਕਾ ਨੇੜਿ ਨ ਆਵਈ..॥(ਮਹਲਾ ੪/੭੩੪), ਇਕਿ ਖਾਵਹਿ ਬਖਸ ਤੋਟਿ ਨ ਆਵੈ; ਇਕਨਾ ਫਕਾ ਪਾਇਆ ਜੀਉ ॥ (ਮਹਲਾ ੪/੧੭੩), ਨਾਨਕ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥ (ਜਪੁ/ਮਹਲਾ ੧/੮) ਆਦਿਕ ਸ਼ਬਦਾਂ ਸਮੇਂ ਤਾਂ ਪਾਠ; ਰਸਹੀਣ ਹੋ ਜਾਵੇਗਾ ਕਿਉਂਕਿ ਇੱਥੇ ਅੱਧਕ ਧੁਨੀ ਦੀ ਵਰਤੋਂ ਜ਼ਰੂਰੀ ਹੈ (ਭਾਵੇਂ ਕਿ ਅੱਧਕ ਗੁਰਬਾਣੀ ਵਿੱਚ ਇੱਕ ਵਾਰ ਭੀ ਨਹੀਂ)। ਹੁਣ ਭੀ ਪੰਜਾਬੀ ਵਿੱਚ ਇਨ੍ਹਾਂ ਸ਼ਬਦਾਂ ਦਾ ਉਚਾਰਨ ਅੱਧਕ ਸਮੇਤ ਕੀਤਾ ਜਾਂਦਾ ਹੈ ‘ਕੁੱਤੇ, ਕੁੱਤੀ, ਕੁੱਤਿਆ, ਮੁਸੱਲਾ, ਉਚੱਕਾ, ਫੱਕਾ, ਛੁੱਟੀ’।
 7. ਉਕਤ ਕਾਰਜਸ਼ਾਲਾ ਅਨੁਸਾਰ ਜੇ ਜਿਵੇਂ ਲਿਖਿਆ ਹੈ; ਓਵੇਂ ਹੀ ਉਚਾਰਨ ਕਰਨਾ ਹੈ ਤਾਂ ਗੁਰਬਾਣੀ ਦੇ ਸ਼ਬਦ ‘ਦਯ, ਦਯੁ, ਦਯਿ, ਦਯੀ, ਦੁਯਾ, ਭਯਾ, ਮੁਯੇ, ਸਵਯੇ’ ’ਚ ਦਰਜ ‘ਯ’ ਦਾ ਉਚਾਰਨ ਸ੍ਵਰ ਵਿੱਚ ਬਦਲ ਕੇ ਕਿਤੇ ‘ਅ’ ਅਤੇ ਕਿਤੇ ‘ਈ/ਇ/ਈਏ’ ਵਾਂਗ ਕੀਤਾ ਜਾਣਾ ਹੈ। ਗੁਰਬਾਣੀ ’ਚ ਚੱਲਦੇ ਪ੍ਰਸੰਗ ਮੁਤਾਬਕ ਸ਼ਾਬਦਿਕ ਅਰਥ ਸਮਝ ਕੇ ਇਨ੍ਹਾਂ ਸ਼ਬਦਾਂ ਦਾ ਸਹੀ ਉਚਾਰਨ ਕਰਨਾ ਪਵੇਗਾ। ‘ਯ’ ਅੱਖਰ ਨੂੰ ਹਰ ਥਾਂ ਵਿਅੰਜਨ ਸਮਝ ਕੇ ਉਚਾਰਨਾ, ਸਹੀ ਨਹੀਂ। ਇਨ੍ਹਾਂ ਦਾ ਕਰਮਵਾਰ ਉਚਾਰਨ ਇਉਂ ਹੈ- ਦਈ, ਦਈਈ (ਦਯੀ), ਦੁਈਆ (ਦੁਯਾ), ਭਇਆ (ਭਯਾ), ਮੁਈਏ (ਮੁਯੇ), ਸਵੱਈਏ (ਸਵਯੇ) ਆਦਿ। ਹਰ ਥਾਂ ਲਿਖੇ ਮੁਤਾਬਕ ਉਚਾਰਨ ਕਰਨ ਨਾਲ ਇਹ ਭੇਦ ਨਹੀਂ ਸਮਝਿਆ ਜਾ ਸਕਦਾ।
 8. ਉਕਤ ਕਾਰਜਸ਼ਾਲਾ ਅਨੁਸਾਰ ਇਕੱਲੀ ਮੁਹਾਰਨੀ ਨੂੰ ਘੋਟਾ ਲਾਉਣ ਵਾਲ਼ਾ ਦਸਾਂ ਮਾਤ੍ਰਾਂ ਨੂੰ ਤਾਂ ਬਾਖ਼ੂਬੀ ਬੋਲ ਸਕੇਗਾ ਪਰ- ਸਿਖੵਾ, ਬੵਾਧਿ, ਬਸਿੵੰਤ, ਲਬਧੰੵ, ਇਤੰੵਤ ਆਦਿਕ ਸ਼ਬਦਾਂ ਨੂੰ ਸਹੀ ਨਹੀਂ ਬੋਲ ਸਕਦਾ । ਸੰਥਿਆ ਲੈ ਕੇ ਸਿੱਖਣਾ ਪੈਣਾ ਹੈ ਭਾਵੇਂ ਕਿਸੇ ਵਿਦਿਆਲੇ ਤੋਂ ਜਾਂ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹ ਕੇ ਕੋਈ ਸਿੱਖ ਲਵੇ ।
 9. ਉਕਤ ਕਾਰਜਸ਼ਾਲਾ ਵਿੱਚ ਕੀਤੇ ਨਿਰਣੇ ਅਨੁਸਾਰ ਪਾਠਕ ਨੂੰ ਨਾਸਕੀ ਜਾਂ ਪੈਰ ਬਿੰਦੀਆਂ ਨਾ ਉਚਾਰਨ ਦੇ ਡਰ ਤੋਂ ਮੁਕਤ ਹੋ ਕੇ ਜਿਵੇਂ ਲਿਖਿਆ ਹੈ; ਤਿਵੇਂ ਪਾਠ ਕਰਨ ਦੀ ਹਦਾਇਤ ਕੀਤੀ ਗਈ, ਪਰ ਪੈਰ ਬਿੰਦੀ ਅਤੇ ਨਾਸਕੀ ਉਚਾਰਨ ਨਾ ਪਾਠ ਕੀਤਿਆਂ ਵੀ ਇਹ ਡਰ ਤਾਂ ਬਣਿਆ ਰਹੇਗਾ ਕਿ ਕਿਤੇ ਅਜਿਹਾ ਬੋਲਣ ਨਾਲ਼ ਸਰੋਤੇ, ਭਾਵਾਰਥ ਗ਼ਲਤ ਨਾ ਲੈ ਲੈਣ; ਜਿਵੇਂ ‘ਬੰਨਾ’ ਅਤੇ ‘ਬੰਨ੍ਾ’ ਵੱਖ ਵੱਖ ਅਰਥਾਂ ਵਾਲ਼ੇ ਸ਼ਬਦ ਹਨ । ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ‘ਬੰਨਾ’ ਲਿਖਿਆ ਹੈ, ਜਿਸ ਦਾ ਸਹੀ ਅਰਥ ਹੈ ‘ਬੰਨ੍ਹਣਾ’, ਪਰ ਲਿਖੇ ਅਨੁਸਾਰ ‘ਬੰਨਾ’ ਪਾਠ ਕਰਨ ਨਾਲ਼ ਅਰਥ ਬਣ ਜਾਏਗਾ ‘ਬੰਨ੍ਹ ਮਾਰਨਾ ਜਾਂ ਡੱਕਾ ਲਾਉਣਾ’, ਜੋ ਪ੍ਰਸੰਗਕ ਨਹੀਂ ਹੈ (ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਮਹਲਾ ੫/੬੨੭) ਸੋ ਜਪੁ ਜੀ ਸਾਹਿਬ ਵਿੱਚ ‘ਬੰਨਾ’ ਦਾ ਉਚਾਰਨ ‘ਬੰਨ੍ਾ’ ਹੈ (ਭੁਖਿਆ ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥ (ਜਪੁ), ਨਾ ਕਿ ਜਿਵੇਂ ਲਿਖਿਐ ਓਵੇਂ ਉਚਾਰਨ (ਬੰਨਾ) ਕਰਨਾ ਹੈ।
 10. ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਨਾਲ਼ ਨਾਸਕੀ ਧੁਨੀ ਦੀ ਵਰਤੋਂ ਕੀਤਿਆਂ ਹੀ ਸਹੀ ਅਰਥ ਬਣਦੇ ਹਨ, ਜਿਵੇਂ ਲਿਖਿਆ ਹੈ; ਓਵੇਂ ਬੋਲਣ ਨਾਲ਼ ਨਹੀਂ ਅਤੇ ਇਹ ਸੇਧ ਵੀ ਗੁਰਬਾਣੀ ਵਿੱਚ ਵਰਤੀਆਂ ਨਾਸਕੀ ਬਿੰਦੀਆਂ ਸਹਿਤ ਸ਼ਬਦ ਕਰਦੇ ਹਨ; ਜਿਵੇਂ ਕਿ ‘‘ਪੁਤ੍ਰੀ ਕਉਲੁ ਨ ਪਾਲਿਓ; ਕਰਿ ਪੀਰਹੁ ਕੰਨ੍ ਮੁਰਟੀਐ ॥’’ (ਬਲਵੰਡ ਸਤਾ/੯੬੭) ਅਤੇ ‘‘ਮੋਰੀ ਰੁਣ ਝੁਣ ਲਾਇਆ, ਭੈਣੇ ! ਸਾਵਣੁ ਆਇਆ ॥’’ (ਮਹਲਾ ੧/੫੫੭) ਦੋਵੇਂ ਪੰਕਤੀਆਂ ’ਚੋਂ ਪਹਿਲੀ ਪੰਕਤੀ ’ਚ ਦਰਜ ‘ਪੁਤ੍ਰੀ’ ਸ਼ਬਦ ਦਾ ਅਰਥ ਹੈ ‘ਪੁੱਤਰਾਂ ਨੇ’ (ਉਚਾਰਨ ਹੈ ਪੁੱਤ੍ਰੀਂ) ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਦੋ ਬਿੰਦੀ ‘ਪੁੱਤ੍ਰਾਂ ਨੇ’ (ਕਰਤਾ ਕਾਰਕ ਬਹੁ ਵਚਨ)। ਸ਼ਾਬਦਿਕ ਅਰਥ ਹਨ ‘ਗੁਰੂ ਜੀ ਦਾ ਵਚਨ (ਭਾਈ ਲਹਿਣਾ ਜੀ ਦੀ ਤਰ੍ਹਾਂ) ਉਨ੍ਹਾਂ ਦੇ ਪੁੱਤ੍ਰਾਂ ਨੇ ਨਹੀਂ ਮੰਨਿਆ’, ਪਰ ਇਸ ਦਾ ਉਚਾਰਨ ਬਿੰਦੀ ਰਹਿਤ ‘ਪੁਤ੍ਰੀ’ ਕੀਤਿਆਂ ਅਰਥ ਬਣਦਾ ਹੈ ‘ਬੇਟੀ’ (ਇਸਤਰੀ ਲਿੰਗ), ਜੋ ਕਿ ਇੱਥੇ ਚੱਲਦੇ ਪ੍ਰਸੰਗ ਮੁਤਾਬਕ ਸਹੀ ਨਹੀਂ। ਦੂਜੀ ਪੰਕਤੀ ’ਚ ‘ਮੋਰੀ’ ਸ਼ਬਦ ਦਾ ਅਰਥ ਹੈ ‘ਮੋਰਾਂ ਨੇ’ (ਕਰਤਾ ਕਾਰਕ ਬਹੁ ਵਚਨ। ਉਚਾਰਨ ਹੈ ‘ਮੋਰੀਂ’), ਪਰ ਜੇਕਰ ‘ਮੋਰੀ’ (ਬਿਨਾਂ ਬਿੰਦੀ) ਉਚਾਰਨ ਕਰੀਏ ਤਾਂ ਅਰਥ ਬਣਦਾ ਹੈ ‘ਸੁਰਾਗ਼, ਸਹੀ ਪਗਡੰਡੀ (ਇਸਤਰੀ ਲਿੰਗ); ਜਿਵੇਂ ਗੁਰੂ ਵਾਕ ਹੈ ‘‘ਗੁਰਿ, ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥’’ (ਭਗਤ ਕਬੀਰ/੬੫੬) ਸੋ ਗੁਰਬਾਣੀ ਦਾ ਸਹੀ ਉਚਾਰਨ ਕਰਨ ਲਈ ਗੁਰਬਾਣੀ ਅੰਦਰ ਦਿੱਤੇ ਗਏ ਕੁੱਝ ਨਾਸਕੀ ਸੰਕੇਤਾਂ ਤੋਂ ਸੇਧ ਲੈਣੀ ਬਣਦੀ ਹੈ; ਜਿਵੇਂ ਕਿ ‘‘ਗੁਰਸਿਖਂੀ ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥’’ (ਮਹਲਾ ੪/੪੫੦) ‘ਗੁਰਸਿਖਂੀ’ ਦਾ ਅਰਥ ਹੈ ‘ਗੁਰਸਿੱਖਾਂ ਨੇ’ (ਕਰਤਾ ਕਾਰਕ ਬਹੁ ਵਚਨ)।
 11. ਉਕਤ ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਜਿਵੇਂ ਲਿਖੀ ਹੈ; ਓਵੇਂ ਪੜ੍ਹਨਾ ਹੈ ਤਾਂ ਤੁਕ ‘‘ਏ ਸ੍ਰਵਣਹੁ ਮੇਰਿਹੋ! ਸਾਚੈ, ਸੁਨਣੈ ਨੋ ਪਠਾਏ ॥’’ (ਅਨੰਦ/ਮਹਲਾ ੩/੯੨੨) ਵਿੱਚ ‘ਸ੍ਰਵਣਹੁ’ ਦਾ ਉਚਾਰਨ ‘ਸ੍ਰਵਣਹੁ’ ਕਰਨਾ ਪਵੇਗਾ ਤੇ ਅਰਥ ਬਣ ਜਾਣਗੇ- ਹੇ (ਨੇਤਹੀਣ ਅੰਧਕ ਵੈਸ਼੍ਯ ਰਿਸ਼ੀ ਦੇ ਪੁੱਤਰ) ਮੇਰੇ ਸਰਵਣ! ਤੁਹਾਨੂੰ ਸੱਚੇ ਰੱਬ ਨੇ, ਆਪਣੀ ਸਿਫ਼ਤ-ਸਾਲਾਹ ਸੁਣਨ ਲਈ ਭੇਜਿਐ ਕਿਉਂਕਿ ਇਸ ਸਰਵਣ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਰਚਨਾ ’ਚ ਹੈ ‘‘ਹੋਵੈ ਸਰਵਣ ਵਿਰਲਾ ਕੋਈ ॥ (ਵਾਰ ੩੭ ਪਉੜੀ ੧੧), ਇਨ੍ਹਾਂ ਨੂੰ ਹਨ੍ਹੇਰੇ ’ਚ ਜੰਗਲ਼ੀ ਜੀਵ ਸਮਝਦਿਆਂ ਰਾਜਾ ਦਸ਼ਰਥ ਨੇ ਆਪਣੇ ਤੀਰ ਨਾਲ਼ ਮਾਰ ਦਿੱਤਾ ਸੀ, ਜਦ ਇਹ ਆਪਣੇ ਬਜ਼ੁਰਗ ਮਾਤਾ-ਪਿਤਾ ਲਈ ਪਾਣੀ ਲੈਣ ਲਈ ਗਿਆ ਸੀ ਜਦਕਿ ਪ੍ਰਸੰਗ ਮੁਤਾਬਕ ਉਕਤ ਗੁਰਬਾਣੀ ਤੁਕ ’ਚ ਉਚਾਰਨ ‘ਸ਼੍ਰਵਣਹੁ’ ਹੋਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ‘ਦੋਵੇਂ ਕੰਨ’ (ਬਹੁ ਵਚਨ)। ਇਸ ਸ਼ਬਦ ਦੀ ਵਧੇਰੇ ਜਾਣਕਾਰੀ ਲਈ ਭਾਈ ਕਾਹਨ ਸਿੰਘ ਜੀ ਦੁਆਰਾ ਰਚਿਤ ਮਹਾਨ ਕੋਸ਼ ਨੂੰ ਵੇਖਿਆ ਜਾ ਸਕਦਾ ਹੈ।

ਇਸ ਤਰ੍ਹਾਂ ਹੀ ਗੁਰਬਾਣੀ ਅੰਦਰ ਕਈ ਹੋਰ ਸ਼ਬਦ ਹਨ; ਜਿਵੇਂ ਕਿ ‘ਸਾਹੁ (ਸੁਆਸ)-ਸ਼ਾਹੁ (ਪਾਤਿਸ਼ਾਹ), ਸਹੁ (ਸਹਾਰ)- ਸ਼ਹੁ (ਖਸਮ), ਜਨ (ਸੇਵਕ)-ਜ਼ਨ (ਔਰਤ), ਬਾਸਾ (ਨਿਵਾਸ) ਅਤੇ ਬਾਸ਼ਾ (ਸ਼ਿਕਾਰੀ ਪੰਛੀ), ਜਸ (ਜੈਸਾ) ਅਤੇ ਜਸ਼ (ਵਡਿਆਈ), ਰਾਸਿ (ਠੀਕ) ਅਤੇ ਰਾਸ਼ਿ (ਪੂੰਜੀ), ਸਾਰਿ (ਸੰਭਾਲ਼ ਕੇ) ਅਤੇ ਸ਼ਾਰਿ (ਚੌਪੜ/ਸ਼ਤਰੰਜ ਦਾ ਵਸਤ੍ਰ, ਜਿਸ ’ਤੇ ਗੋਟੀਆਂ ਖੇਲੀਦੀਆਂ ਹਨ), ਤਿਹ (ਉਹ/ਉਸ)- ਤਹ (ਤ੍ਹਾਂ, ਓਥੇ) ਆਦਿਕ ਸ਼ਬਦ ਜੋੜਾਂ ਦਾ ਨਿਖੇੜਾ ਜਿਵੇਂ ਲਿਖਿਆ ਤਿਵੇਂ ਬੋਲਣ ਨਾਲ਼ ਨਹੀਂ ਹੋਵੇਗਾ, ਵਰਤੀਆਂ ਭਾਸ਼ਾਵਾਂ, ਜੋ ਉਸ ਸਮੇਂ ਪ੍ਰਚਲਿਤ ਸਨ, ਦੀ ਮੂਲ ਸ਼ੈਲੀ ਨੂੰ ਧਿਆਨ ਵਿੱਚ ਰੱਖਣਾ ਪਵੇਗਾ।

 1. ਗੁਰਬਾਣੀ ਜਿਵੇਂ ਲਿਖੀ; ਤਿਵੇਂ ਉਚਾਰਨ ਕਰ ਬਾਣੀਕਾਰਾਂ ਵੱਲ ਉਂਗਲ਼ੀ ਉਠਾਉਣਾ : ਉਕਤ ਕਾਰਜਸ਼ਾਲਾ ਅਨੁਸਾਰ ਜੇ ਇਹ ਮੰਨ ਲਈਏ ਕਿ ਬਾਣੀ ਦਾ ਉਚਾਰਨ ਲਿਖਤ ਅਨੁਸਾਰ ਕੀਤਾ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਅਰਬੀ, ਫ਼ਾਰਸੀ, ਸੰਸਕ੍ਰਿਤ ਆਦਿ ਭਾਸ਼ਾ ਦੇ ਸ਼ਬਦਾਂ ’ਚ ਵਰਤੀਆਂ ਵਿਸ਼ੇਸ਼ ਧੁਨੀਆਂ; ਜਿਵੇਂ ਕਿ ‘ਸ਼, ਖ਼, ਗ਼, ਜ਼, ਫ਼’ ਤੋਂ ਬਿਨਾਂ ਹੀ ਬਾਣੀਕਾਰ ਬੋਲਦੇ ਅਤੇ ਲਿਖਦੇ ਸਨ। ਕੀ ਇਹ ਗੱਲ ਮੰਨਣਯੋਗ ਹੈ ? ਬਿਲਕੁਲ ਨਹੀਂ । ਬਾਣੀਕਾਰ ਤਾਂ ਇਨ੍ਹਾਂ ਭਾਸ਼ਾਵਾਂ ਦੇ ਖ਼ੂਬ ਗਿਆਤਾ ਸਨ ਤਾਂ ਹੀ ਉਹ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ਼ ਉਨ੍ਹਾਂ ਦੀ ਭਾਸ਼ਾ ਵਿੱਚ ਵਿਚਾਰ-ਚਰਚਾ ਕਰ ਸਕੇ। ਫ਼ਾਰਸੀ ਦੇ ਵਿਦਵਾਨਾਂ ਨਾਲ਼ ਗੱਲ ਕਰਨ ਵਾਲ਼ਾ ਆਪ ਵੀ ਫ਼ਾਰਸੀ ਦਾ ਵਿਦਵਾਨ ਹੋਵੇਗਾ ਤਾਹੀਓਂ ਬੋਧ ਹੁੰਦੈ ਕਿ ਬਾਣੀਕਾਰ ਆਪ ਵਿਦਵਾਨ ਸਨ, ਤਾਂ ਹੀ ਉਨ੍ਹਾਂ ਫ਼ਾਰਸੀ ਦੇ ਸ਼ਬਦ ਗੁਰਬਾਣੀ ਵਿੱਚ ਲਿਖੇ ਸਨ, ਜਿਨ੍ਹਾਂ ਨੂੰ ਫ਼ਾਰਸੀ ਭਾਸ਼ਾ ਦੀ ਉਚਾਰਨ ਵਿਧੀ ਨਾਲ਼ ਪੜ੍ਹਨ ਉਪਰੰਤ ਹੀ ਸਹੀ ਉਚਾਰਨ ਮੰਨਿਆ ਜਾਣਾ ਹੈ । ਇਹ ਧੁਨੀਆਂ ਬਾਣੀ ਦੇ ਰਚਨ-ਕਾਲ਼ ਸਮੇਂ ਆਮ ਲੋਕਾਂ ਵਿੱਚ ਵੀ ਪ੍ਰਚਲਿਤ ਰਹੀਆਂ ਸਨ । ਪਾਤਿਸ਼ਾਹ ਨੂੰ ਪਾਤਿਸ਼ਾਹ ਹੀ ਬੋਲਿਆ ਤੇ ਲਿਖਿਆ ਜਾਂਦਾ ਸੀ, ਨਾ ਕਿ ਪਾਤਿਸਾਹ। ਸ਼ਿਕਾਰ ਨੂੰ ਸ਼ਿਕਾਰ ਬੋਲਿਆ ਤੇ ਲਿਖਿਆ ਜਾਂਦਾ ਸੀ; ਇਵੇਂ ਹੀ ਸ਼ਿਵ, ਕ੍ਰਿਸ਼ਨ, ਵਿਸ਼ਨੁ, ਮਹੇਸ਼, ਜਸ਼ੋਧਾ ਆਦਿ ਬੋਲੇ ਤੇ ਲਿਖੇ ਜਾਂਦੇ ਸਨ । ਗੁਰਬਾਣੀ ਵਿੱਚ ਵਰਤੇ ‘ਬੋਲਾ’ ਅਤੇ ‘ਬੋਲ਼ਾ’, ‘ਗੋਲਾ’ ਅਤੇ ‘ਗੋਲ਼ਾ’, ‘ਜਲ’ ਅਤੇ ‘ਜਲ਼’ ਆਦਿਕ ਇੱਕੋ ਤਰ੍ਹਾਂ ਨਹੀਂ ਬੋਲੇ ਜਾ ਸਕਦੇ; ਜਿਵੇਂ ਕਿ ਹੇਠਲੇ ਵਾਕਾਂ ’ਚ ਇਨ੍ਹਾਂ ਦੇ ਅਰਥ ਵੱਖ ਵੱਖ ਹਨ ਭਾਵੇਂ ਕਿ ਇਹ ਬਹੁ ਅਰਥਕ ਸ਼ਬਦ ਵੀ ਨਹੀਂ :

ਤੂੰ ਸਾਚਾ ਸਾਹਿਬੁ; ਦਾਸੁ ਤੇਰਾ ਗੋਲਾ ॥ (ਮਹਲਾ ੫/੧੩੨) ਗੋਲਾ-ਸੇਵਕ। ਉਚਾਰਨ-ਗੋਲਾ।

ਪ੍ਰੇਮ ਪਲੀਤਾ ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ ॥ (ਭਗਤ ਕਬੀਰ/੧੧੬੧) ਗੋਲਾ-ਬਾਰੂਦ ਦਾ ਗੋਲ਼ਾ। ਉਚਾਰਨ-ਗੋਲ਼ਾ।

ਇਹੁ ਮਨੁ ਅੰਧਾ ਬੋਲਾ ਹੈ; ਕਿਸੁ ਆਖਿ ਸੁਣਾਏ ॥ (ਮਹਲਾ ੩/੩੬੪) ਬੋਲਾ-ਸੁਣਨ ਤੋਂ ਸੱਖਣਾ । ਉਚਾਰਨ-ਬੋਲ਼ਾ।

ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥ (ਮਹਲਾ ੧/੭੨੩) ਬੋਲਾ- ਬੋਲ, ਵਚਨ। ਉਚਾਰਨ ਬੋਲਾ।

ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯) ਜਲ-ਪਾਣੀ। ਉਚਾਰਨ-ਜਲ।

ਦੁਰਜਨ ! ਤੂ ਜਲੁ ਭਾਹੜੀ; ਵਿਛੋੜੇ ਮਰਿ ਜਾਹਿ ॥ (ਮਹਲਾ ੫/੧੦੯੪) ਜਲੁ- ਸੜ। ਉਚਾਰਨ- ਜਲ਼। ਆਦਿ।

ਸੋ ਭਾਵੇਂ ਕਿ ਉਕਤ ਧੁਨੀਆਂ ਨੂੰ ਪ੍ਰਗਟਾਉਂਦੇ ਅੱਖਰ; ਗੁਰਬਾਣੀ ਲਿਖਤ ’ਚ ਨਹੀਂ, ਪਰ ਆਮ ਉਚਾਰਨ ਕਰਦਿਆਂ ਤਦ ਜ਼ਰੂਰ ਬੋਲੇ ਜਾਂਦੇ ਸਨ। ਅੱਜ ਇਹ ਧੁਨੀਆਂ ਕਿਹੜੇ ਸ਼ਬਦ ’ਚ ਬੋਲਣੀਆਂ ਹਨ, ਕਿਹੜੇ ’ਚ ਨਹੀਂ, ਆਮ ਪਾਠਕ ਲਈ ਇਹ ਝੰਜਟ ਸਮਝਦਿਆਂ ਜਾਪਦਾ ਹੈ ਕਿ ਕਾਰਜਸ਼ਾਲਾ ਵਿੱਚ ਇਨ੍ਹਾਂ ਧੁਨੀਆਂ ਨੂੰ ਨਾ ਬੋਲਣ ਦਾ ਹੀ ਨਿਰਣਾ ਕਰ ਲਿਆ ਗਿਆ ਅਤੇ ਕਿਹਾ ਗਿਆ ਕਿ ਬਾਣੀ ਜਿਵੇਂ ਲਿਖੀ ਹੈ ਤਿਵੇਂ ਹੀ ਬਿਨਾਂ ਕਿਸੇ ਡਰ ਦੇ ਉਚਾਰਨ ਕਰਨੀ ਹੈ। ਇਨ੍ਹਾਂ ਧੁਨੀਆਂ ਨੂੰ ਸੰਬੰਧਿਤ ਭਾਸ਼ਾਵਾਂ ਵਾਂਗ ਨਾ ਉਚਾਰਨਾ; ਪਾਠ ਨੂੰ ਰਸਹੀਣ ਤਾਂ ਬਣਾਉਂਦਾ ਹੀ ਹੈ ਸਗੋਂ ਗੁਰਬਾਣੀ ’ਚ ਦਰਜ ਸਾਰੀਆਂ ਭਾਸ਼ਾਵਾਂ ਨਾਲ਼ ਬੇਇਨਸਾਫ਼ੀ ਵੀ ਹੈ।

ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਆਪਣੀ ਪੁਸਤਕ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਠ ਬੋਧ ਭਾਗ ਦੂਜਾ ਗੁਰਬਾਣੀ ਉਚਾਰਣ’ ਦੇ ਪੰਨਾ ਨੰਬਰ 61, 62, 63, ਮੱਦ ਨੰਬਰ 4.3.2 (ਅ) ਅਤੇ (ੲ) ਅਧੀਨ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਦੇ ਕੇ ਸਿੱਧ ਕੀਤਾ ਕਿ ਦੁਹਰੀਆਂ ਧੁਨੀਆਂ ਵਾਲ਼ੇ (ਅਰਬੀ, ਫ਼ਾਰਸੀ, ਅਤੇ ਸੰਸਕ੍ਰਤ) ਦੇ ਸ਼ਬਦਾਂ ਦੀਆਂ ਪੈਰ ਬਿੰਦੀ ਵਾਲ਼ੀਆਂ ਧੁਨੀਆਂ ਉਚਾਰਨ ਦਾ ਜ਼ਰੂਰੀ ਭਾਗ ਹਨ।

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਛਾਪੇ ਕਿਤਾਬਚੇ ‘ਗੁਰਬਾਣੀ ਦਾ ਸ਼ੁੱਧ ਉਚਾਰਨ’ ਵਿੱਚ ਆਰਟੀਕਲ ਨੰਬਰ 9 ਅਧੀਨ, ਪੰਨਾ ਨੰਬਰ 33, 34 ਅਤੇ 35, ਉੱਤੇ ‘ਦੂਸਰੀਆਂ ਬੋਲੀਆਂ ਦੇ ਸ਼ਬਦਾਂ ਦਾ ਉਚਾਰਨ’ ਸਿਰਲੇਖ ਹੇਠ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਦੇ ਕੇ ਸਪਸ਼ਟ ਕੀਤਾ ਗਿਆ ਹੈ ਕਿ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਵਿੱਚੋਂ ਆਏ ਸ਼ਬਦਾਂ ਨੂੰ ਉਨ੍ਹਾਂ ਵਿੱਚ ਵਰਤੀ ਭਾਸ਼ਾ ਅਨੁਸਾਰ ਬੋਲਣਾ ਹੀ ਸ਼ੁੱਧ ਪਾਠ ਹੈ।

ਦੂਜੀ ਕਿਆਸ ਅਰਾਈ ਦੀ ਸਾਰਥਕਤਾ: ਉਪਰੋਕਤ ਵਿਚਾਰ ਤੋਂ ਦੂਜੀ ਕਿਆਸ ਅਰਾਈ ਦੀ ਸਾਰਥਕਤਾ ਵਧੇਰੇ ਬਣਦੀ ਹੈ ਅਤੇ ਇਹ ਸੋਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਬਹੁਤ ਨੇੜੇ ਹੈ।