ਗੁਰਬਾਣੀ ਉਚਾਰਨ ਜੁਗਤ ਦੀ ਵਿਰਾਸਤੀ ਸੰਭਾਲ

0
611

ਗੁਰਬਾਣੀ ਉਚਾਰਨ ਜੁਗਤ ਦੀ ਵਿਰਾਸਤੀ ਸੰਭਾਲ

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਗੁਰਬਾਣੀ ਦੇ ਅਖੁੱਟ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ; ਸਿੱਖੀ ਦੀ ਇੱਕੋ-ਇੱਕ ਤੇ ਜੁਗੋ-ਜੁਗ ਅਟੱਲ ਆਧਾਰਸ਼ਿਲਾ ਹੈ। ਗੁਰਵਾਕਾਂ ਦੀ ਰੌਸ਼ਨੀ ਵਿੱਚ ਅਗਿਆਨਤਾ ਦੇ ਅੰਧਕਾਰ ਨਾਲ ਭਰੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ’; ‘‘ਤਮ ਸੰਸਾਰੁ ਚਰਨ ਲਗਿ ਤਰੀਐ .. ’’ (ਮਹਲਾ /੧੪੨੯) ਅਤੇ ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ .. ’’ (ਮਹਲਾ /੬੭) ਹਰੇਕ ਮਨੁੱਖ ਲਈ ਕੇਵਲ ਇੱਕ ਬੋਹਿਥ (ਜਹਾਜ਼) ਹੀ ਨਹੀਂ, ਸਦੀਵੀ ਚਾਨਣ-ਮੁਨਾਰਾ ਵੀ ਹਨ । ਇਸ ਵਿੱਚ ਸਾਰੀ ਲੋਕਾਈ ਨੂੰ ਸਰਬਸਾਂਝਾ ਤੇ ਵਿਸ਼ਵਾਸ ਭਰਪੂਰ ਦਿਲਾਸਾ ਦਿੰਦਿਆਂ ਜ਼ੋਰਦਾਰ ਹੋਕਾ ਦਿੱਤਾ ਗਿਆ ਹੈ ਕਿ ਜਿਹੜਾ ਵੀ ਮਨੁੱਖ ਰੱਬੀ ਸਿਫ਼ਤ-ਸਾਲਾਹ ਵਾਲੇ ਸਤਿਗੁਰੂ ਦੇ ਸੁੰਦਰ ਸ਼ਬਦ (ਗੁਰਬਾਣੀ) ਨੂੰ ਗਾਵੇਗਾ, ਪੜ੍ਹੇਗਾ ਤੇ ਸੁਣੇਗਾ; ਸਤਿਗੁਰੂ ਉਸ ਦੀ ਸਰਬਪੱਖੀ ਰੱਖਿਆ ਕਰੇਗਾ ਭਾਵ ਉਹ ਮਨੁੱਖ ਗੁਰਬਾਣੀ ਦੇ ਚਾਨਣ ਵਿੱਚ ਅਗਿਆਨਤਾ ਦੇ ਹਨ੍ਹੇਰੇ ਦੀ ਭਟਕਣਾ ਤੋਂ ਬਚ ਕੇ ਸੁਭਾਵਕ ਹੀ ਵਿਕਾਰਾਂ ਵਾਲੇ ਰਾਹ ਨਹੀਂ ਤੁਰੇਗਾ । ਗੁਰਮਤਿ ਅਨੁਸਾਰ ਅਸਲ ਵਿੱਚ ਇਹੀ ਹੈ ਸੰਸਾਰ-ਸਾਗਰ ਤੋਂ ਪਾਰ ਉਤਰਨਾ । ਉਪਦੇਸ਼ਮਈ ਗੁਰਵਾਕ ਹਨ ‘‘ਪ੍ਰਭ ਬਾਣੀ ਸਬਦੁ ਸੁਭਾਖਿਆ   ਗਾਵਹੁ ਸੁਣਹੁ ਪੜਹੁ ਨਿਤ ਭਾਈ! ਗੁਰ ਪੂਰੈ ਤੂ ਰਾਖਿਆ ਰਹਾਉ ’’ (ਮਹਲਾ /੬੧੧)

 ਗੁਰੂ-ਕਾਲ ਅੰਦਰਲੇ ਗੁਰਬਾਣੀ ਦੇ ਮੋਢੀ ਤੇ ਪ੍ਰਮਾਣੀਕ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਗੁਰਬਾਣੀ ਗਾਇਨ ਤੇ ਉਚਾਰਨ ਦੇ ਉਪਰੋਕਤ ਮਨੋਰਥ ਦਾ ਬੜਾ ਖ਼ੂਬਸੂਰਤ ਵਰਣਨ ਕੀਤਾ ਹੈ । ਉਹ ਲਿਖਦੇ ਹਨ ਕਿ ‘ਘਰਿ ਘਰਿ ਅੰਦਰ ਧਰਮਸਾਲ’ ਦੀ ਤਾਂਘ ਰੱਖਣ ਵਾਲੇ ਗੁਰੂ-ਬਾਬਾ ਨਾਨਕ ਜੀ; ਜਦੋਂ ਸ੍ਰੀ ਕਰਤਾਰਪੁਰ (ਹੁਣ ਪਾਕਿਸਤਾਨ) ਦੀ ਸੱਚਖੰਡੀ ਧਰਮਸ਼ਾਲ ਵਿੱਚ ਟਿਕੇ ਤਾਂ ਉਨ੍ਹਾਂ ਨੇ ਆਪਣੇ ਮੁੱਖੋਂ ਗੁਰਬਾਣੀ ਉਚਾਰੀ ਤਾਂ ਕਿ ਦੁਨੀਆ ਅੰਦਰ ਚਾਨਣ ਹੋਵੇ, ਅਗਿਆਨਤਾ ਦਾ ਅੰਧੇਰਾ ਮਿਟ ਜਾਵੇ । ਇਸ ਲਈ ਉੱਥੇ ਗੁਰਮੁਖ-ਜਨਾਂ ਦੁਆਰਾ ਗਿਆਨ ਗੋਸ਼ਟ ਤੇ ਚਰਚਾ ਦੇ ਰੂਪ ਵਿੱਚ ਗੁਰ ਸ਼ਬਦ ਦੀ ਇਕਰਸ ਧੁਨੀ ਹੋਣ ਲੱਗੀ । ਧਰਮਸਾਲ ਵਿੱਚ ਸੰਧਿਆ ਨੂੰ ‘ਸੋ-ਦਰੁ’ ਤੇ ‘ਆਰਤੀ’ ਦਾ ਗਾਇਨ ਹੁੰਦਾ ਅਤੇ ਸਵੇਰੇ ਜਪੁ ਜੀ ਦਾ ਉਚਾਰਨ (ਪਾਠ) ਕੀਤਾ ਜਾਂਦਾ । ਸਿੱਟੇ ਵਜੋਂ ਗੁਰਮੁਖ-ਗੁਰਸਿੱਖਾਂ ਨੇ ਆਪਣੇ ਸਿਰੋਂ ‘ਅਥਰਬਣੀ ਭਾਰ’ ਉਤਾਰ ਦਿੱਤਾ ਭਾਵ ਗੁਰਬਾਣੀ ’ਤੇ ਭਰੋਸਾ ਕਰਕੇ ਵੈਦਿਕ-ਵਿਚਾਰਧਾਰਾ ਦੇ ਅਨੁਯਾਈ ਪੰਡਿਤਾਂ ਦੇ ਮੰਤਰਾਂ ਵਾਲਾ ਵਿਤਕਰਾ ਭਰਪੂਰ ਕਰਮਕਾਂਡੀ ਮਾਰਗ ਛੱਡ ਦਿੱਤਾ । ਭਾਈ ਜੀ ਰਚਿਤ ਪਹਿਲੀ ਵਾਰ ਦੀ ਲਿਖਤ ਹੈ ‘‘ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ ਸੋ ਦਰੁ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪੁ ਉਚਾਰਾ ਗੁਰਮੁਖਿ ਭਾਰ ਅਥਰਬਣਿ ਤਾਰਾ ੩੮’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੮)

ਭੁੱਲਣਾ ਨਹੀਂ ਚਾਹੀਦਾ ਕਿ 20ਵੀਂ ਸਦੀ ਦੇ ਪ੍ਰਸਿੱਧ ਤੇ ਪ੍ਰਮਾਣੀਕ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨਕੋਸ਼ ਵਿੱਚ ‘ਅਥਰਬਣਿ’ ਦਾ ਅਰਥ ਕੀਤਾ ਹੈ : ਅਥਰਵ ਵੇਦ  ਦਾ ਗਿਆਤਾ ਪੰਡਿਤ । ਗੁਰੂ-ਕਾਲ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਸ੍ਰੀ ਅੰਮ੍ਰਿਤਸਰੀ ਟਕਸਾਲ ਨਾਲ ਸੰਬੰਧਿਤ ਅਤੇ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਦੇ ਨਾਨਾ ਗਿ. ਹਜ਼ਾਰਾ ਸਿੰਘ ਨੇ ਭਾਈ ਗੁਰਦਾਸ ਜੀ ਦੀ ਉਪਰੋਕਤ ਰਚਨਾ ਦਾ ਸਮੁੱਚਾ ਭਾਵਾਰਥ ਇੰਝ ਲਿਖਿਆ ਹੈ ‘‘ਭਾਵਬਾਬਾ ਜੀ ਨੇ ਪਹਿਲੇ ਫਿਰਕੇ ਸੰਸਾਰ ਨੂੰ ਤਾਰਿਆ, ਫੇਰ ਕਰਤਾਰ ਪੁਰ ਬੈਠ ਕੇ ਸਤਿਸੰਗ ਟੋਰਿਆ, ਤਾਕਿ ਲੋਕਾਂ ਦਾ ਅੰਧੇਰਾ, ਬਾਣੀ ਦੀ ਰੌਸ਼ਨੀ ਨਾਲ ਹਟ ਜਾਵੇ ਇਸ ਲਈ ਪੰਜਾਬੀ ਵਿਖੇ ਵਾਹਿਗੁਰੂ ਦਾ ਗਯਾਨ ਪ੍ਰਕਾਸ਼ ਕੀਤਾ’’  ਸਪਸ਼ਟ ਹੈ ਕਿ ਵੈਦਿਕ ਵਿਚਾਰਧਾਰਾ ਦੇ ਪੰਡਿਤਾਂ (ਬ੍ਰਾਹਮਣਾਂ) ਦੀ ਦ੍ਰਿਸ਼ਟੀ ਵਿੱਚ ਦੇਵ-ਭਾਸ਼ਾ ਸਮਝੀ ਜਾਣ ਵਾਲੀ ਅਤਿ ਬਿਖਮ (ਔਖੀ) ਵਿਦਿਆ ਸੰਸਕ੍ਰਿਤ ਨੂੰ ਛੱਡ ਕੇ ਗੁਰਬਾਣੀ ਨੂੰ ਗੁਰਮੁਖੀ ਲਿਪੀ ਵਿੱਚ ਲਿਖਣਾ ਅਤੇ ਉਸ ਦੇ ਗੁਰਮਤੀ ਪ੍ਰਕਾਸ਼ (ਗੁਰਬਾਣੀ ਉਚਾਰਨ ਤੇ ਵਿਆਖਿਆ) ਲਈ ਸੌਖੀ ਲੋਕ-ਭਾਸ਼ਾ ਪੰਜਾਬੀ ਬੋਲੀ ਨੂੰ ਵਰਤਣਾ, ਗਿ. ਜੀ ਦੀ ਦ੍ਰਿਸ਼ਟੀ ਵਿੱਚ ‘ਅਥਰਵਣੀ ਭਾਰ’ ਉਤਾਰਨਾ ਹੈ ।

ਅਸਲ ਵਿੱਚ ਇਹੀ ਕਾਰਨ ਸਨ ਕਿ ‘ਧੁਰ ਕੀ ਬਾਣੀ’ ਨੂੰ ਪ੍ਰਗਾਉਣ ਵਾਲੇ ‘ਲੰਮੀ ਨਦਰਿ’ ਦੇ ਮਾਲਕ ਗੁਰੂ-ਸਾਹਿਬਾਨ ਤੇ ਭਗਤ-ਜਨਾਂ ਨੇ ਗੁਰਬਾਣੀ ਗਾਇਨ, ਉਚਾਰਨ (ਪਾਠ) ਤੇ ਸੁਣਨ ਦੇ ਸਰਬਸਾਂਝੇ ਮਹਾਤਮ ਤੇ ਮਨੋਰਥ ਨੂੰ ਆਪ ਹੀ ‘‘ਕੋਈ ਗਾਵੈ, ਕੋ ਸੁਣੈ.. ’’ (ਮਹਲਾ /੩੦੦) ਕਹਿ ਕੇ ਬਾਖ਼ੂਬੀ ਪ੍ਰਗਟ ਕੀਤਾ । ਸਮਝਾਇਆ ਕਿ ਗੁਰਬਾਣੀ ਕੋਈ ਸਧਾਰਨ ਗੀਤ ਨਹੀਂ, ਜਿਸ ਨੂੰ ਆਮ ਗੀਤਾਂ ਵਾਂਗ ਕੇਵਲ ਮਨੋਰੰਜਨ ਲਈ ਗਾਇਆ, ਸੁਣਿਆ ਜਾਵੇ । ਇਹ ਤ੍ਰੈਗੁਣੀ ਵੇਦ-ਮੰਤ੍ਰਾਂ ਤੇ ਤੰਤ੍ਰਾਂ ਵਾਂਗ ਵੀ ਨਹੀਂ, ਜਿਸ ਦੀਆਂ ਮੰਤ੍ਰ-ਸਾਧਨਾ ਅਧੀਨ ਧੁਨੀਆਂ ਗਿਣ-ਗਿਣ ਕੇ ਉਚਾਰਦਿਆਂ ਕੋਈ ਦੁਨਿਆਵੀ ਕਾਰਜ ਸਿੱਧੀ ਅਤੇ ਰੋਗ-ਨਾਸ਼ਕ ਇੱਛਾ ਦੀ ਪੂਰਤੀ ਵਾਲੀ ਆਸ ਪਾਲ਼ੀ ਜਾਵੇ। ਜਿਵੇਂ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨੀ ਨੇ ਲਿਖ ਮਾਰਿਆ ਹੈ ਕਿ ਧਰਮ-ਸ਼ਾਸਤਰ ਦੀ ਪਹੁੰਚ ਵਿਧੀ ਅਨੁਸਾਰ ‘‘ਆਦਿ ਸਚੁ ਜੁਗਾਦਿ ਸਚੁ ’’ (ਜਪੁ) ਤੁਕ ਵਿੱਚ ਗੁਰਮੁਖੀ ਦੇ 16 ਚਿੰਨਾਂ ਦੁਆਰਾ, ਜੋ 9 ਧੁਨੀਆਂ ਪੇਸ਼ ਕੀਤੀਆਂ ਹਨ, ਉਨ੍ਹਾਂ ਦਾ ਪੂਰਾ ਆਤਮਿਕ ਲਾਭ ਤਾਂ ਹੀ ਸੰਭਵ ਹੈ, ਜੇ ਉਚਾਰਨ ਵਿੱਚ ਮੂਲ ਉੱਤੇ ਕਾਇਮ ਰਿਹਾ ਜਾਵੇ ਭਾਵ ਜੇ ਮੰਤ੍ਰ ਤੇ ਤੰਤ੍ਰ-ਸ਼ਾਸਤਰਾਂ ਦੀ ਸਾਧਨਾ ਵਿਧੀ ਮੁਤਾਬਕ ਸ਼ਰਧਾਲੂ ਪਾਠਕ ਪਾਸੋਂ ਕੋਈ ਮਾਤ੍ਰਿਕ ਧੁਨੀ ਸੁਭਾਵਕ ਰਹਿ ਗਈ ਤਾਂ ਉਸ ਨੂੰ ਗੁਰਬਾਣੀ ਦਾ ਪੂਰਨ ਲਾਭ ਨਹੀਂ ਮਿਲੇਗਾ। ਇਉਂ ਜਾਪਦਾ ਹੈ ਗੁਰਬਾਣੀ ਦੇ ਉਚਾਰਨਿਕ ਤੇ ਵਿਵਹਾਰਿਕ ਪੱਖ ਤੋਂ ਜਿਹੜਾ ਅਥਰਵਣੀ ਭਾਰ; ਗੁਰਮੁਖ ਗੁਰਸਿੱਖ ਆਪਣੇ ਸਿਰੋਂ ਉਤਾਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਸਨ, ਉਸ ਨੂੰ ਮੁੜ ਉਨ੍ਹਾਂ ਦੀ ਸਿਰੀਂ ਮੜ੍ਹਣ ਦਾ ਗੁੰਮਰਾਹਕੁੰਨ ਯਤਨ ਹੋ ਰਿਹਾ ਹੈ । ਐਸੇ ਲੋਕ ਭੁੱਲ ਜਾਂਦੇ ਹਨ ਕਿ ਗੁਰਬਾਣੀ ਵੇਦ-ਮੰਤ੍ਰਾਂ ਵਾਂਗ ਕੇਵਲ ਉਨ੍ਹਾਂ ਵਰਗੇ ਵਿਦਵਾਨ ਪੰਡਿਤਾਂ ਦੇ ਪੜ੍ਹਣ, ਪੜ੍ਹਾਉਣ ਦਾ ਹੀ ਵਿਸ਼ਾ ਨਹੀਂ, ਇੱਥੇ ਤਾਂ ‘‘ਪੜਿਆ ਅਣਪੜਿਆ ਪਰਮ ਗਤਿ ਪਾਵੈ ’’ (ਮਹਲਾ /੧੯੭) ਦਾ ਸਰਬਸਾਂਝਾ ਰੂਹਾਨੀ ਪੈਗ਼ਾਮ ਦਿੱਤਾ ਹੈ । ਰੱਬੀ ਪ੍ਰੀਤਵਾਨਾਂ ਨੂੰ ਸੁਘੜ ਸਿਆਣੇ ਕਹਿ ਕੇ ‘‘ਜੇ ਬਾਹਰਹੁ ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ’’ (ਮਹਲਾ /੪੫੦)  ਦਾ ਬਖ਼ਸ਼ਿੰਦੀ ਬਾਪ-ਦਿਲਾਸਾ ਵੀ ਨਿੱਤ ਸੁਣਾਇਆ ਜਾਂਦਾ ਹੈ। ‘‘ਅਉਖਧ ਮੰਤ੍ਰ ਤੰਤ ਸਭਿ ਛਾਰੁ   ਕਰਣੈਹਾਰੁ ਰਿਦੇ ਮਹਿ ਧਾਰੁ ’’ (ਮਹਲਾ /੧੯੬) ਅਤੇ ‘‘ਤੰਤੁ ਮੰਤੁ ਪਾਖੰਡੁ ਜਾਣਾ; ਰਾਮੁ ਰਿਦੈ ਮਨੁ ਮਾਨਿਆ ’’ (ਮਹਲਾ /੭੬੬) ਦਾ ਉਪਦੇਸ਼ ਦੇ ਕੇ ਗੁਰਮਤਿ ਪਾਂਧੀਆਂ ਦੇ ਸਿਰੋਂ ਉਪਰੋਕਤ ਕਿਸਮ ਦੀ ਪੰਡਿਤਾਈ ਤੇ ਪਾਖੰਡ ਵਾਲਾ ਸਾਰਾ ਵਿਚਾਰਧਾਰਕ ਤੇ ਵਿਉਹਾਰਕ ‘ਅਥਰਵਣੀ ਭਾਰ’ ਉਤਾਰ ਦਿੱਤਾ ਗਿਆ ਹੈ । ਭਗਤ ਕਬੀਰ ਜੀ ਮਹਾਰਾਜ ਨੇ ‘‘ਕਬੀਰ ! ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ   ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ੨੩੭ (ਭਗਤ ਕਬੀਰ/੧੩੭੭) ਅਤੇ ਭਗਤ ਬਾਬਾ ਨਾਮਦੇਵ ਜੀ ਨੇ ‘‘ਬੇਦ ਪੁਰਾਨ ਸਾਸਤ੍ਰ ਆਨੰਤਾ; ਗੀਤ ਕਬਿਤ ਗਾਵਉਗੋ   ਅਖੰਡ ਮੰਡਲ ਨਿਰੰਕਾਰ ਮਹਿ; ਅਨਹਦ ਬੇਨੁ ਬਜਾਵਉਗੋ (ਭਗਤ ਨਾਮਦੇਵ/੯੭੩ਦਾ ਬੇਬਾਕ ਐਲਾਨ ਕਰਕੇ ਉਪਰੋਕਤ ਪੱਖੋਂ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ।

ਪ੍ਰਤੀਤ ਹੁੰਦਾ ਹੈ ਕਿ ਅਜਿਹੇ ਹੀ ਬਿਪਰਵਾਦੀ ਖ਼ਤਰਿਆਂ ਨੂੰ ਧਿਆਨ ਵਿੱਚ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਰੂਪ ‘ਪੋਥੀ ਸਾਹਿਬ’ (ਆਦਿ ਗ੍ਰੰਥ) ਦੇ ਸੰਪਾਦਕ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਗਾਇਨ ਅਤੇ ਪਾਠ ਪੜ੍ਹਣ ਲਈ 8 ਪ੍ਰਕਾਰ ਦੀਆਂ ਸੇਧਾਂ ਵੀ ਬਖ਼ਸ਼ੀਆਂ ਕਿਉਂਕਿ ਸਮਾਜਿਕ ਪ੍ਰਚਾਰ ਤੇ ਮਨੁੱਖ ਦੇ ਪਰਮਾਰਥੀ ਪ੍ਰਵੇਸ਼ ਦੇ ਲਈ ਇਹੀ ਦੋ ਪ੍ਰਮੁਖ ਅਧਿਆਤਮੀ ਸਾਧਨ ਹਨ । ਇਸ ਲਈ ਉਹ ਨਹੀਂ ਸਨ ਚਾਹੁੰਦੇ ਕਿ ਭਵਿੱਖ ਵਿੱਚ ਇਨ੍ਹਾਂ ਉੱਤੇ ਕੋਈ ਅਥਰਵਣੀ ਰੰਗ ਚੜ੍ਹੇ, ਪਰ ਲੇਖ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਇੱਥੇ ਕੇਵਲ ‘ਸੰਗੀਤਕ’ ਤੇ ‘ਉਚਾਰਨਿਕ’ ਸੇਧਾਂ ਦਾ ਹੀ ਸੰਖੇਪ ਵਰਣਨ ਕੀਤਾ ਗਿਆ ਹੈ । ਗੁਰਬਾਣੀ ਦੀ ਸਾਹਿਤਕ ਭਾਸ਼ਾ ਵਿੱਚ ਜਿਹੜੀਆਂ ਸਿਰਲੇਖਕ ਸੂਚਨਾਵਾਂ ਤੋਂ ਸ਼ਬਦਾਂ ਨੂੰ ਗਾਉਣ ਲਈ ਰਾਗ ਅਤੇ ਤਾਲ ਦੀ ਜਾਣਕਾਰੀ ਮਿਲੇ, ਉਨ੍ਹਾਂ ਨੂੰ ‘ਸੰਗੀਤਕ ਸੇਧਾਂ’ ਆਖਿਆ ਜਾਂਦਾ ਹੈ । ਜਿਵੇਂ : ਸਿਰੀਰਾਗੁ, ਮਹਲਾ ੧, ਘਰੁ ੩ ॥, ਰਾਗੁ ਦੇਵਗਧਾਰੀ, ਮਹਲਾ ੫, ਘਰੁ ੬ ॥, ਸ੍ਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ ॥, ਪਹਰਿਆ ਕੈ  ਘਰਿ ਗਾਵਣਾ ॥, ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥ ਆਦਿ । ‘ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ’ ਸਿਰਲੇਖ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਇੰਝ ਲਿਖਿਆ ਹੈ : ‘‘ਸ਼ੁਧ ਅੰਗ ਵਾਲੀ, ਸ਼ੁਧ ਸੁਰ ਵਾਲੀ (ਸੁਧੰਗ) । ਇੱਥੇ ਆਸਾਵਰੀ ਸ਼ੁਧ ਅੰਗ ਵਾਲੀ ਕਰ ਕੇ ਆਖੀ ਗਈ ਹੈ । ਇਹ ਸੂਚਨਾ ਗਾਉਣ ਦੀ ਤਰਜ਼ ਬਾਬਤ ਹੈ ਕਿ ੧੬ ਤਾਲ ਵਿੱਚ ਆਸਾਵਰੀ ਸ਼ੁਧ ਅੰਗ ਵਿੱਚ ਗਾਵਣ ਵਾਲੀ ਹੈ ।’’

ਇਸੇ ਤਰ੍ਹਾਂ ਉਹ ਸੂਚਨਾਵਾਂ, ਜੋ ਵਿਆਕਰਨਿਕ ਦ੍ਰਿਸ਼ਟੀ ਤੋਂ ਗੁਰਬਾਣੀ ਦੇ ਸ਼ੁੱਧ-ਉਚਾਰਨ ਨਾਲ ਸੰਬੰਧਿਤ ਹਨ, ਉਨ੍ਹਾਂ ਨੂੰ ‘ਉਚਾਰਨਿਕ ਸੇਧਾਂ’ ਵਜੋਂ ਪਛਾਣਿਆ ਜਾਂਦਾ ਹੈ; ਜਿਵੇਂ ਹੇਠ ਲਿਖੀਆਂ ਸਿਰਲੇਖਕ ਤੇ ਅੰਤਕ ਸੂਚਨਾਵਾਂ ਵਿੱਚ ‘ਮਹਲਾ’ ਅਤੇ ‘ਘਰੁ’ ਨਾਵਾਂ ਨਾਲ  ੧, ੨, ੩, ੪ ਅਤੇ ੫ ਹਿੰਦਸੇ ਲਿਖ ਕੇ ਫਿਰ ਅੱਖਰਾਂ ਵਿੱਚ ‘ਪਹਿਲਾ’, ‘ਦੂਜਾ’, ‘ਤੀਜਾ’, ‘ਚਉਥਾ’ ਅਤੇ ‘ਪੰਜਵੇਂ ਕੇ’ ਬੋਲਣ ਦੀ ਵਿਸ਼ੇਸ਼ ਹਦਾਇਤ ਦਰਜ ਕੀਤੀ ਗਈ ਹੈ ਕਿਉਂਕਿ ਵਿਆਕਰਨਿਕ ਦ੍ਰਿਸ਼ਟੀ ਤੋਂ ਇਹ ਹਿੰਦਸੇ ਕਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ, ਨਾ ਕਿ ਸਾਧਾਰਨ ਸੰਖਿਅਕ ਵਿਸ਼ੇਸ਼ਣ; ਜਿਵੇਂ ‘ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥ ਪੰਨਾ ੬੩੬,  ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ ਪੰਨਾ ੨੫, ‘‘ਹੁਕਮੁ ਪਛਾਣਿ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥’’ (ਭਗਤ ਕਬੀਰ/੯੨), ਗੂਜਰੀ ਮਹਲਾ ੩ ਤੀਜਾ ॥ ਪੰਨਾ ੪੯੨,  ਸੋਰਠਿ ਮਹਲਾ ੪ ਚਉਥਾ ॥ ਪੰਨਾ ੬੦੪,  ਸਵਈਏ ਮਹਲੇ ਪੰਜਵੇ ਕੇ ੫ ॥ ਪੰਨਾ ੧੪੦੬ ਆਦਿ। 

ਗਉੜੀ ਬਾਵਨ ਅੱਖਰੀ ਦੇ ਆਰੰਭ ਅਤੇ ਅੰਤ ਵਿੱਚ ਲਿਖੇ ਮੰਗਲਾਚਰਨ ਰੂਪ ਸਲੋਕ ਪਿੱਛੋਂ ‘‘ਏਹੁ ਸਲੋਕੁ ਆਦਿ ਅੰਤਿ ਪੜਣਾ’’ ਪੰਨਾ ੨੬੨ ਦੀ ਹਦਾਇਤ ਤਾਂ ਕਿਸੇ ਕਿਸਮ ਦਾ ਭੁਲੇਖਾ ਹੀ ਰਹਿਣ ਨਹੀਂ ਦਿੰਦੀ ਕਿ ਗੁਰੂ ਸਾਹਿਬਾਨ ‘ਗੁਰਬਾਣੀ ਉਚਾਰਨ ਜੁਗਤਿ’ ਦੇ ਭਵਿੱਖ ਪੱਖੋ ਕਿੰਨੇ ਫ਼ਿਕਰਮੰਦ ਸਨ । ਫਰੀਦਕੋਟ ਸੰਪਰਦਾਈ ਟੀਕੇ ਵਿੱਚ ਉਪਰੋਕਤ ਹਦਾਇਤ ਦਾ ਇਉਂ ਜ਼ਿਕਰ ਦਰਜ ਹੈ ‘1 ਇਕ ਸਲੋਕ ਮੇਂ ਗੁਰਾਂ ਕਾ ਮੰਗਲ ਕੀਆ, 2 ਦੂਸਰੇ ਸਲੋਕ ਮੇਂ ਪਰਮੇਸ੍ਵਰ ਕਾ ਮੰਗਲਾ ਚਰਨ ਕੀਆ, 52 ਸਲੋਕੋਂ ਮੇਂ ਅਖਰੋਂ ਦ੍ਵਾਰਾ ਉਪਦੇਸ਼ ਕਹਾ ਹੈ ਸਭ ਅੰਗ (ਸਲੋਕਾਂ ਦੀ ਗਿਣਤੀ) 55 ਪਚਵੰਜਾ ਹੈਂ ਇਹੁ ਮੰਗਲਾ ਚਰਣ ਰੂਪ ਸਲੋਕ ਆਦਿ ਅੰਤ ਮੇਂ (ਆਰੰਭ ਤੇ ਅਖੀਰ ਵਿੱਚ) ਪੜ ਲੈਣਾ, ਪਾਠ ਮੇਂ ਦੋ ਵਾਰ ਲਿਖਣੇ ਕੀ ਅਸੰਕਾ ਕਰ ਛੋਡ ਨਹੀਂ ਦੇਣਾ

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ 20ਵੀਂ ਸਦੀ ਦੇ 8ਵੇਂ ਦਹਾਕੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਵਿਆਖਿਅਕਾਰੀ ਦੇ ਜੋ ਉਪਕਾਰੀ ਯਤਨ ਹੋਏ, ਉਨ੍ਹਾਂ ਦਾ ਵੇਰਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਵਿਭਾਗ’ ਦੇ ਪਹਿਲੇ ਮੁੱਖੀ ਡਾ. ਤਾਰਨ ਸਿੰਘ ਜੀ ਦੀ ‘ਪਬਲੀਕੇਸ਼ਨ ਬਿਊਰੋ’ ਵੱਲੋਂ ਸੰਨ 1980 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਵਿੱਚੋਂ ਵਿਸਥਾਰ ਪੂਰਵਕ ਪੜ੍ਹਿਆ ਜਾ ਸਕਦਾ ਹੈ। ਅਸਲ ਵਿੱਚ ਉਹ ਗੁਰਬਾਣੀ ਦੀਆਂ ਮੁਖ ਸੰਥਾ (ਸੰਥਿਆ) ਪ੍ਰਨਾਲੀਆਂ ਹੀ ਸਨ । ਕਾਰਨ ਹੈ ਕਿ ਗੁਰਬਾਣੀ ਦੇ ਉਚਾਰਨ ਸਮੇਤ ਲਫ਼ਜ਼ਾਂ ਦੇ ਭਾਸ਼ਾਈ ਤੇ ਵਿਆਕ੍ਰਣਿਕ ਰੂਪ (ਨਿਰੁਕਤ), ਪਦ-ਛੇਦ, ਵਿਸਰਾਮਕ ਵਾਕ-ਵੰਡ, ਸ਼ਬਦਾਰਥ, ਭਾਵ-ਅਰਥ ਅਤੇ ਸਾਧਨਾ ਦੀ ਦ੍ਰਿਸ਼ਟੀ ਤੋਂ ਸਿਧਾਂਤਕ ਵਿਆਖਿਆ ਸਮਝਾਉਣਾ ਸੰਥਿਆ ਦੇ ਭਾਗ ਮੰਨੇ ਜਾਂਦੇ ਹਨ । ਇਸ ਲਈ ਸੰਥਿਆ ਤੇ ਵਿਆਖਿਆ ਨੂੰ ਵਖਰਾਉਣਾ ਅਸੰਭਵ ਹੈ । ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਚਿਤ ਟੀਕਾ ‘ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਡਾ. ਤਾਰਨ ਸਿੰਘ ਜੀ ਨੇ ਉਪਰੋਕਤ ਪੁਸਤਕ ਵਿੱਚ ਅਜਿਹੀਆਂ ਵਿਆਖਿਆ ਪ੍ਰਨਾਲੀਆਂ ਨੂੰ  8 ਭਾਗਾਂ ਵਿੱਚ ਵੰਡ ਕੇ ਹੇਠ ਲਿਖੀਆਂ 7 ਮੁੱਖ ਪ੍ਰਣਾਲੀਆਂ ਸਥਾਪਿਤ ਕੀਤੀਆਂ ਹਨ :

  1. ਸਹਜ ਪ੍ਰਣਾਲੀ (ਗੁਰ ਤੇ ਗੁਰ)
  2. ਭਾਈ ਪ੍ਰਣਾਲੀ (ਭਾਈ ਗੁਰਦਾਸ)
  3. ਪਰਮਾਰਥ ਪ੍ਰਣਾਲੀ (ਸ੍ਰੀ ਮਿਹਰਬਾਨ, ਸੋਢੀ ਹਰਿ ਜੀ ਤੇ ਸੋਢੀ ਚਤੁਰਭੁਜ)
  4. ਉਦਾਸੀ ਪ੍ਰਣਾਲੀ (ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ)
  5. ਨਿਰਮਲਾ ਪ੍ਰਣਾਲੀ (ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਿਰੋਤਮ, ਭਾਈ ਦਲ ਸਿੰਘ ਗਿਆਨੀ, ਭਾਈ ਗਿਆਨ ਸਿੰਘ ਗਿਆਨੀ, ਪੰਡਿਤ ਗੁਲਾਬ ਸਿੰਘ, ਸਾਧੂ ਗੁਰਦਿੱਤ ਸਿੰਘ ਜੀ, ਸੰਤ ਸੰਪੂਰਣ ਸਿੰਘ ਤੇ ਸੰਤ ਨਿਰੰਕਾਰ ਸਿੰਘ)
  6. ਸੰਪਰਦਾਈ ਪ੍ਰਨਾਲੀ (ਭਾਈ ਮਨੀ ਸਿੰਘ ਜੀ, ਗਿਆਨੀ ਬਦਨ ਸਿੰਘ ਜੀ ਸ਼ੇਖਵਾਂ ਵਾਲੇ, ਸੰਤ ਅਮੀਰ ਸਿੰਘ ਅੰਮ੍ਰਿਤਸਰ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ ਮੁਜੰਗ ਵਾਲੇ, ਪੰਡਿਤ ਕਰਤਾਰ ਸਿੰਘ ਦਾਖਾ ।)
  7. ਸਿੰਘ ਸਭਾਈ ਪ੍ਰਨਾਲੀ (ਭਾਈ ਵੀਰ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ-ਬੱਲਭ ਸਿੰਘ ਊਨਾ ।)

8ਵੇਂ ਭਾਗ ਨੂੰ ‘ਗੁਰਬਾਣੀ ਵਿਆਖਿਆ ਦੇ ਹੋਰ ਯਤਨ’ ਦੇ ਨਾਂ ਹੇਠ ਸੰਕੋਚਿਆ ਗਿਆ ਹੈ। ਇਹ ਹਿੱਸਾ ਹੈ ਗੁਰਬਾਣੀ ਨਾਲ ਸੰਬੰਧਿਤ ਕੋਸ਼ਕਾਰੀ ਦਾ, ਜਿਸ ਵਿੱਚ ਭਾਈ ਕਾਨ੍ਹ ਸਿੰਘ ‘ਨਾਭਾ’ ਤੇ ਪ੍ਰੋ. ਪਿਆਰਾ ਸਿੰਘ ‘ਪਦਮ’ ਆਦਿਕ ਵਿਦਵਾਨਾਂ ਦੇ ਉਪਰਾਲੇ ਸ਼ਾਮਲ ਕੀਤੇ ਗਏ ਹਨ । ਪੁਸਤਕ ਦੇ ਮੁੱਖ-ਬੰਧ ਵਿੱਚ ਉਨ੍ਹਾਂ ਨੇ ਨਿਰਣੈ ਦਿੱਤਾ ਹੈ ਕਿ ‘‘ਵਿਆਖਿਆਕਾਰੀ ਦੇ ਸਾਰੇ ਯਤਨਾਂ ਨੂੰ ਸਮੁੱਚੇ ਤੌਰ ’ਤੇ ਦ੍ਰਿਸ਼ਟੀ ਗੋਚਰ ਕਰਨ ਨਾਲ ਸਾਨੂੰ ਇਉਂ ਪ੍ਰਤੀਤ ਹੋਇਆ ਹੈ ਕਿ ਭਾਵੇਂ ਕਹਿਣ ਨੂੰ ਅੱਠ ਪ੍ਰਣਾਲੀਆਂ ਕੰਮ ਕਰ ਚੁੱਕੀਆਂ ਹਨ, ਪਰ ਇਹਨਾਂ ਦੀਆਂ ਸੇਧਾਂ ਵਿੱਚ ਕੋਈ ਬੁਨਿਆਦੀ ਅੰਤਰ ਨਹੀਂ ਸੀ ਅਤੇ ਨਾ ਹੀ ਇਹਨਾਂ ਦੀਆਂ ਪ੍ਰਾਪਤੀਆਂ ਵਿੱਚ ਕੋਈ ਫ਼ਰਕ ਹੈ । ਗੁਰ-ਦਰਸ਼ਨ ਜਾਂ ਗੁਰਮਤਿ ਫ਼ਿਲਾਸਫ਼ੀ ਦਾ ਨਿਰਣਾ ਕਰਣਾ ਬਹੁਤ ਚੇਤੰਨ ਰੂਪ ਵਿੱਚ ਇਹਨਾਂ ਯਤਨਾ ਦਾ ਪ੍ਰਯੋਜਨ ਨਹੀਂ ਰਿਹਾ । ਜਿੱਥੋਂ ਤੀਕ ਇਸ ਸੰਬੰਧ ਵਿੱਚ ਕੋਈ ਪ੍ਰਾਪਤੀ ਹੈ, ਉਸ ਦਾ ਨਿਰਣਾ ਇਹ ਪ੍ਰਤੀਤ ਹੁੰਦਾ ਹੈ ਕਿ ਸਭ ਪ੍ਰਣਾਲੀਆਂ ਨੇ ਗੁਰ-ਦਰਸ਼ਨ ਵੈਦਿਕ ਹੀ ਮੰਨਿਆ ਹੈ ਕਿ ਗੁਰੂ ਦੀ ਫ਼ਿਲਾਸਫ਼ੀ ਆਮ ਬ੍ਰਾਹਮਣੀ ਜਾਂ ਹਿੰਦੂ ਫ਼ਿਲਾਸਫ਼ੀ ਤੋਂ ਭਿੰਨ ਨਹੀਂ ਹੈ ।’’ ਭਾਵ ਉਪਰੋਕਤ ਵਿਆਖਿਆ ਪ੍ਰਣਾਲੀਆਂ ਦੀਆਂ ਉਚਾਰਣਿਕ ਤੇ ਸਿਧਾਂਤਕ ਸੇਧਾਂ ਲਗਭਗ ਸਮਾਨ ਹਨ ਕਿਉਂਕਿ ਇਨ੍ਹਾਂ ਸਾਰੀਆਂ ਪ੍ਰਣਾਲੀਆਂ ਦਾ ਆਧਾਰ ‘ਸਹਜ ਪ੍ਰਣਾਲੀ’ (ਗੁਰ ਤੇ ਗੁਰ) ਹੀ ਬਣਿਆ ਰਿਹਾ ਹੈ ਪ੍ਰੰਤੂ ਅਜਿਹਾ ਹੋਣ ਦੇ ਬਾਵਜੂਦ ਵੀ ਉਹ ਵੈਦਿਕ ਦਰਸ਼ਨ ਤੇ ਗੁਰਮਤਿ ਦਰਸ਼ਨ ਨੂੰ ਨਿਖਾਰਨ ਪੱਖੋਂ ਸਫਲ ਨਹੀਂ ਹੋ ਸਕੇ। ਕਿਉਂ ? ਇਹ ਇੱਕ ਵੱਖਰਾ ਵਿਸ਼ਾ ਹੈ।

‘ਗੁਰ ਤੇ ਗੁਰ’ ਦਾ ਭਾਵਾਰਥ ਹੈ : ਗੁਰਬਾਣੀ ਦਾ ਉਚਾਰਨ ਤੇ ਵਿਆਖਿਆ ਗੁਰਬਾਣੀ ਦੇ ਚਾਨਣ ਵਿੱਚ ਗੁਰੂ ਬਖਸ਼ੀਆਂ ਵਿਆਕਰਣਿਕ ਸੇਧਾਂ ਅਤੇ ਵਿਸ਼ੇਸ਼ ਦਰਸ਼ਨ-ਬੋਧਕ ਸੰਕੇਤਾਂ ਮੁਤਾਬਕ ਕਰਨੀ ਕਿਉਂਕਿ ਗੁਰਬਾਣੀ ਦੇ ਪਦ-ਛੇਦੀ ਸ਼ੁਧ ਉਚਾਰਨ (ਸੰਥਾ) ਨੂੰ ਪਦ-ਅਰਥ ਤੇ ਵਿਆਖਿਆ ਤੋਂ ਵੱਖਰਾ ਰੱਖ ਕੇ ਵਿਚਾਰਨਾ ਅਸੰਭਵ ਹੈ । ਗੁਰਬਾਣੀ ਸੰਥਿਆ ਪੱਖੋਂ 19ਵੀਂ ਸਦੀ ਦੇ ਅੱਧ ਤਕ ‘ਸੰਪਰਦਾਈ ਪ੍ਰਣਾਲੀ’ ਸਭ ਤੋਂ ਪ੍ਰਭਾਵਸ਼ਾਲੀ ਰਹੀ ਹੈ। ਇਸ ਦੇ ਪ੍ਰਸਿੱਧ ਵਿਦਵਾਨ ਤੇ ਸਾਹਿਤ ਅਚਾਰੀਆ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੁਆਰਾ 14 ਸਾਲਾਂ ਦੀ ਮਿਹਨਤ ਸਦਕਾ 1944 ਵਿੱਚ ਸੰਪੂਰਨ ਕੀਤੀ ਅਤੇ ਸੰਨ 1945 ਵਿੱਚ ‘ਗਿਆਨੀ ਪ੍ਰੈਸ’ ਸ੍ਰੀ ਅੰਮ੍ਰਿਤਸਰ ਰਾਹੀਂ ਛਪਵਾਈ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਭੂਮਿਕਾ ਉਪਰੋਕਤ ਸਚਾਈ ਦਾ ਪ੍ਰਤੱਖ ਪ੍ਰਮਾਣ ਹੈ । ਉਹ ਲਿਖਦੇ ਹਨ :

ਸ੍ਰੀ ਗੁਰੂ ਬਾਣੀ ਦੇ ਨਿਗਮ-ਆਗਮ

(4) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਧਿਆਤਮਿਕ ਗਿਆਨ ਦਾ ਨਿਰਬਹਣ ਅਨੰਤ ਰਸ ਭਿੰਨੀ ਵਿਦਿਆਵਾਂ ਵਿੱਚ ਕੀਤਾ ਗਿਆ ਹੈ ਜੋ ਉਸ ਗਿਆਨ ਦਾ ਅੰਗ ਹੋਣ ਕਰਕੇ ਸ੍ਰੀ ਗੁਰਬਾਣੀ ਹੀ ਆਪਣੇ ਸ੍ਵਤੰਤ੍ਰ ਨਿਗਮ-ਨਿਘੰਟੂ ਰੂਪ ਤੇ ਉਨ੍ਹਾਂ ਦਾ ਮੂਲ ਹੈ ਭਾਵ- ਉਚਾਰਨ ਦਾ ਆਧਾਰ ਹੀ ਗੁਰਬਾਣੀ ਨੂੰ ਸਪਸ਼ਟ ਕਰਦਾ ਹੈ। ਉਸ ਨੂੰ ‘ਨਿਗਮ’ ਆਖਿਆ ਹੈ। ਅਰਥ ਖੋਲ੍ਹਣ ਵਾਲੇ ਸ੍ਰੀ ਗੁਰਬਾਣੀ ਦੇ ਵਾਕਿ ‘ਨਿਘੰਟੂ’ ਹਨ; ਜੈਸੇ ‘‘ਕਿਰਤਿ ਕਰਮ ਕੇ ਵੀਛੁੜੇ’’ (ਮਹਲਾ /੧੩੩) ਆਦਿ ਵਾਕਾਂ ਵਿੱਚ ‘ਕਿਰਤਿ ਕਰਮ’ ਆਦਿ ਪਦ ‘ਨਿਗਮ’ ਹਨ ਅਤੇ ‘‘ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿਨੈ ਪਾਇ ’’ ਆਦਿ ਵਾਕਿ ਇਸ ਦੀ ਪਰਿਭਾਸ਼ਾ ਦੱਸਣ ਵਾਲੇ ਹੋਣ ਕਰਕੇ ‘ਨਿਘੰਟੂ’ ਹਨ। ਧੁਰੋਂ ਫਰਮਾਈ ਕਾਰ ਕਮਾਉਣੀ ਅਤੇ ‘‘ਕਰਿ ਕਿਰਪਾ ਮੇਲਹੁ ਰਾਮ ’’ (ਮਹਲਾ /੧੩੩) ਤਥਾ ‘‘ਤਾ ਮਿਲੀਐ ਜਾ ਲਏ ਮਿਲਾਇ ’’ (ਓਅੰਕਾਰ/ਮਹਲਾ /੯੩੨) ਆਦਿ ਵਾਕ ਅਥਵਾ ਫਲ ਭੋਗ ਦੀ ਅਵਧੀ ਜਾਂ ਸਿੱਧੀ ਹਾਰੇ ਹੋਣ ਕਰਕੇ ‘ਆਗਮ’ ਰੂਪ ਹਨ । ਸੋ ‘‘ਅਗਮ ਨਿਗਮੁ ਸਤਿਗੁਰੂ ਦਿਖਾਇਆ ’’ (ਮਹਲਾ /੧੦੧੬) ਆਦਿ ਮਹਾ ਵਾਕਾਂ ਅਨੁਸਾਰ ‘ਦਰਸ਼ਨ’ ਆਦਿ ਅਰਥ ਸ਼ਾਸਤ੍ਰ ਅਤੇ ਵਿਆਕਰਣ, ਨਿਰੁਕਤ, ਕਾਵ੍ਯ, ਸੰਗੀਤ, ਸਾਹਿਤ੍ਯ ਆਦਿ ਸ਼ਬਦ ਸ਼ਾਸਤ੍ਰ ਦਾ ਮੂਲ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। (ਪੰਡਿਤ ਕਰਤਾਰ ਸਿੰਘ ‘ਦਾਖਾ’)

ਸੋ ਗੁਰੂ-ਕਾਲ ਉਪਰੰਤ 200 ਸਾਲ ਦੇ ਅਜਿਹੇ ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਜਿਵੇਂ ਗੁਰਬਾਣੀ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਦੀ ਜਾਣਕਾਰੀ ਦੇਣ ਹਿਤ ‘ਮਹਲਾ’ ਅਤੇ ਸੰਗੀਤਕ ਸੂਚਨਾ ਵਜੋਂ ‘ਘਰੁ’ ਪਦਾਂ ਨਾਲ ਦਿੱਤੇ ਅੰਕਾਂ ਨੂੰ ਕਰਮਵਾਚਕ ਸੰਖਿਅਕ ਵਿਸ਼ੇਸ਼ਣਾਂ ਵਜੋਂ ‘ਪਹਿਲਾ’, ‘ਦੂਜਾ’ ਤੇ ‘ਤੀਜਾ’ ਆਦਿਕ ਉਚਾਰਨ ਦੀਆਂ ਗੁਰੂ ਬਖਸ਼ੀਆਂ ਹਦਾਇਤਾਂ ਨੂੰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਿਰਲੇਖਾਂ ਨੂੰ ਉਸੇ ਤਰ੍ਹਾਂ ਹੀ ਉਚਾਰਿਆ ਜਾਂਦਾ ਹੈ; ਤਿਵੇਂ ਹੀ ਸੰਪੂਰਣ ਬਾਣੀ ਦੇ ਪਾਠ-ਉਚਾਰਨ ਵੇਲੇ ਵੀ ਜਿਹੜੇ ਲਫ਼ਜ਼ ਬਿੰਦੀ ਸਹਿਤ ‘ਨਾਸਕੀ’ ਹਨ ਅਤੇ ਅਜੋਕੇ ਭਾਰ-ਚਿੰਨ ‘ਅਧਿਕ’ ਦੀ ਅਣਹੋਂਦ ਕਾਰਨ ਜਿਹੜੇ ਲਫ਼ਜ਼ਾਂ ਉੱਤੇ ਟਿੱਪੀ ਦੀ ਨਾਸਕੀ ਤੇ ਦੁੱਤ ਅੱਖਰਾਂ ਲਈ ਭਾਰ-ਚਿੰਨ੍ਹ ਵਜੋਂ ਦੂਹਰੀ ਵਰਤੋਂ ਕੀਤੀ ਮਿਲਦੀ ਹੈ, ਉਨ੍ਹਾਂ ਤੋਂ ਸੇਧ ਲੈ ਕੇ ਬਾਕੀ ਦੀ ਸਾਰੀ ਬਾਣੀ ਦਾ ਉਚਾਰਨ ਕੀਤਾ ਜਾਵੇ; ਜਿਵੇਂ ‘ਨਿਰਮਲਾ ਪ੍ਰਣਾਲੀ’ ਦੇ ਸਿਰਕੱਢ ਵਿਦਵਾਨ ਤੇ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਲਗਭਗ 200 ਸਾਲ ਪਹਿਲਾਂ ਸੰਨ 1829 ਵਿੱਚ ਲਿਖੀ ਅਤੇ ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਰੀ ਕਮੇਟੀ, ਨਵੀਂ ਦਿੱਲੀ ਦੁਆਰਾ ਸੰਨ 1986 ਵਿੱਚ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ: ਅੰਮ੍ਰਿਤਸਰ ਦੁਆਰਾ ਪ੍ਰਕਾਸ਼ਤ ਕਰਵਾਈ ਜਪੁ-ਜੀ ਸਾਹਿਬ ਦੀ ‘ਗਰਬ ਗੰਜਨੀ’ ਨਾਂ ਦੀ ਸਟੀਕ ਵਿੱਚ ਲਿਖਿਆ ਹੈ ‘‘ਨਾਨਕ ਪਾਤਿਸਾਹੀ ਪਾਤਿਸਾਹੁ ੨੫’’ (ਜਪੁ/ਮਹਲਾ /) ‘‘ਸ੍ਰੀ ਨਾਨਕ ਸਾਹਿਬ ਜੀ ਕਹਤ ਹੈਂ : ਤਿਸ ਕੋ ਸਰਬ ਕੁਛ ਹੀ ਪ੍ਰਾਪਤ ਹੋਤ ਹੈ, ਐਸੀ ਵਸਤੁ ਕੋਈ ਨਹੀਂ ਜੋ ਤਿਸ ਕੋ ਅਲਭੁ ਹੋਇ, ਪਾਤਸ਼ਾਹੀ, ਅਨੇਕ ਜੋ ਪਾਤਿਸ਼ਾਹ ਜਗਤ ਕੇ ਹੈਂ । ਕਿੰਵਾ (ਅਥਵਾ) ਅਨੇਕ ਬ੍ਰਹਮੰਡੋਂ ਕੇ ਜੋ ਪਾਤਿਸ਼ਾਹ ਹੈਂ  ਤਿਨ ਸਭ ਕੋ ਪਾਤਿਸ਼ਾਹ ਹੋਤ ਹੈ । ‘ਪਾਤਸਾਹੀ’ ਪਦ ਮੇਂ ਜੋ ‘ਹੀ’ ਹੈ ਤਿਸ ਕੇ ਦੀਰਘ ਇਕਾਰ ਮੇਂ ਬਹੁ ਸਬਦ ਹੋਤ ਹੈ, ਬਿੰਦ ਕੇ ਸਮੇਤ । (ਭਾਵ-‘ਹ’ ਦੀ ਬਿਹਾਰੀ ਵਜੋਂ ਲੱਗੇ ਦੀਰਘ-ਮਾਤ੍ਰਾ ਚਿੰਨ ਨਾਲ ਬਿੰਦੀ ਲਗਾਇਆਂ ‘ਪਾਤਿਸ਼ਾਹੀਂ’ ਪਦ ਸੰਬੰਧਕੀ ਬਹੁ-ਵਚਨ ਬਣ ਜਾਂਦਾ ਹੈ, ਜਿਸ ਦਾ ਅਰਥ ਹੈ : ਪਾਤਿਸ਼ਾਹਾਂ ਦਾ ।) ਸੋ ਬਿੰਦਾ ਔਰ ਅਧਿਕ ਊਪਰਲੀ, ਇਨ ਦੋਊ ਕਾ ਆਦਿ ਗ੍ਰੰਥ ਸਾਹਿਬ ਮੇਂ ਅਭਾਵ ਹੈ, ਪਠਿਨ ਮੇਂ ਆਵਤ ਹੈ, ਜੇ ਨਾ ਪੜੇ ਤੌ ਅਰਥ ਤੇ ਅਨਰਥ ਹੋਤ ਹੈ । ਪ੍ਰਮਾਣ :- ‘‘ਵਡਾ ਸਾਹਿਬੁ ਵਡੀ ਨਾਈ ॥’’ (ਮਹਲਾ ੫/੧੦੮੧) ਇਸ ਮੇਂ ‘ਨਾਂਈ’ ਪਠਨ ਮੇਂ ਅਰਥ ਆਛੋ ਹੋਤ ਹੈ । ਤੇ ‘ਨਾਈ’ ਕੋ ਅਰਥ ਨਹੀਂ ਬਨਤ ਹੈ । ਐਸੇ ਹੀ ਅਨੇਕ ਸਥਾਨੋਂ ਮੇਂ ਯਹਿ ਰੀਤਿ ਹੈ । ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖ੍ਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ ਮੈਂ : ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ । ਸਾਹਿਬ ਜੀ ਨੇ ਕਹ੍ਯੋ : ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪਠ ਕਰਿ ਅਰਥ ਕੋ ਕਰੈਂਗੇ । ਯਾਂਤੇ ਈਹਾਂ ‘ਪਾਤਿਸ਼ਾਹੀਂ’ ਕੋ ਅਰਥ ਹੋਤ ਹੈ । ਕਿੰਵਾ ਪਾਤਿਸਾਹੀ ਨਾਮ ਪਾਤਿਸ਼ਾਹਿਤ ਕੋ; ਸਰਬ ਪਾਤਿਸ਼ਾਹਿਤ ਕੋ ਪਾਤਿਸ਼ਾਹ ਹੋਤ ਹੈ ।’’ (ਪੰਨਾ 136)

ਸੋ ਬਿਲਕੁਲ ਸਪਸ਼ਟ ਹੈ ਕਿ ਭਾਈ ਸੰਤੋਖ ਸਿੰਘ ਵਰਗੇ ਪ੍ਰੌਢ ਵਿਦਵਾਨ ਨੇ ‘ਜਪੁ-ਜੀ’ ਦੀਆਂ ਤੁਕਾਂ ‘‘ਵਡਾ ਸਾਹਿਬ ਵਡੀ ਨਾਈ..॥’’ ਅਤੇ ‘‘ਨਾਨਕ ਪਾਤਿਸਾਹੀ ਪਾਤਿਸਾਹੁ ॥’’ ਵਿੱਚੋਂ ‘ਨਾਈ’ ਅਤੇ ‘ਪਾਤਿਸਾਹੀ’ ਪਦਾਂ ਦੇ ਫ਼ਾਰਸੀ ਮੂਲਿਕ ਭਾਸ਼ਾਈ ਪਿਛੋਕੜ ਤੇ ਅਰਥਾਂ ਨੂੰ ਮੁਖ ਰੱਖ ਕੇ ‘ਨਾਂਈ’ ਅਤੇ ‘ਪਾਤਿਸ਼ਾਹੀਂ’ ਦੇ ਭਾਸ਼ਾਈ-ਮੂਲਿਕ ਤੇ ਨਾਸਕੀ ਉਚਾਰਨ ਨੂੰ ਗੁਰੂ-ਕਾਲ ਦੀ ਪਰੰਪਰਾ ਦੱਸਿਆ ਹੈ । ਇਹ ਵੀ ਲਿਖਿਆ ਹੈ ਕਿ ਜਿੰਨ੍ਹੀਂ ਥਾਈਂ ਗੁਰਬਾਣੀ ਦੇ ਮੂਲ-ਪਾਠ ਵਿੱਚ ਅੱਧਕ ਜਾਂ ਬਿੰਦੀ ਚਿੰਨ ਦਾ ਅਭਾਵ ਹੈ, ਜੇਕਰ ਉਥੇ ਉਚਾਰਨ ਵਿੱਚ ਲੋੜੀਂਦੇ ਅੱਧਕ ਤੇ ਬਿੰਦੀ ਚਿੰਨ ਦੀ ਵਰਤੋਂ ਨਾ ਹੋਵੇ ਤਾਂ ਅਰਥ ਦਾ ਅਨਰਥ ਹੋ ਸਕਦਾ ਹੈ । ‘ਗੁਰ ਪ੍ਰਤਾਪ ਸੂਰਜ’ ਦੀ ਤੀਜੀ ਰੁੱਤ ਦੇ ਅਧਿਆਇ 34 ਵਿੱਚ ਤਾਂ ਉਨ੍ਹਾਂ ਨੇ ‘‘ਜੇ ਅਸ਼ੁਧ ਹੈ੍ਵ, ਪਢੀਐ ਸ਼ੁਧਿ ਕਰ । ਬਿਗਰੀ ਵਸਤ ਸੁਧਾਰਹਿ ਜਿਮ ਘਰਿ ।’’ ਦੀ ਬੜੀ ਅਗਾਂਹ-ਵਧੂ, ਆਧੁਨਿਕ ਤੇ ਨੇਕ ਸਲਾਹ ਵੀ ਦਿੱਤੀ ਹੈ ।

ਸ੍ਰੀ ਮਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੀ ਰਚਿਤ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਾਲੀ ਉਪਰੋਕਤ ਉਚਾਰਨ ਪੱਧਤੀ ਦੀ ਹੀ ਪ੍ਰੋੜ੍ਹਤਾ ਕਰਦੀ ਹੈ । ਉਨ੍ਹਾਂ ਤਾਂ ਇਥੋਂ ਤੱਕ ਲਿਖਿਆ ਕਿ ਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਨ ਉਸ ਦੇ ਅਰਥ ਨੂੰ ਮੁੱਖ ਰੱਖ ਕੇ ਸ਼੍ਰੋਤੇ ਦੀ ਸਮਝ ਦੇ ਅਨੁਕੂਲ ਕਰੋ ਤਾਕਿ ਉਸ ਨੂੰ ਸੁਖਾਲਾ ਸਮਝ ਪਵੇ ਕਿਉਂਕਿ ਗੁਰਬਾਣੀ ਕੇਵਲ ਕੋਈ ਪੜ੍ਹਣ ਮਾਤ੍ਰ ਵੇਦ-ਮੰਤ੍ਰ ਨਹੀਂ, ਗੁਰ ਉਪਦੇਸ਼ ਹੈ, ਜੋ ਪਾਠ ਸੁਣਨ ਵਾਲਿਆਂ ਨੂੰ ਸੌਖੇ ਹੀ ਸਮਝ ਆਉਣਾ ਚਾਹੀਦਾ ਹੈ । ਇਸ ਲਈ ਪਾਠ ਕਰਨ ਮੌਕੇ ‘ਟਿੱਪੀ’, ‘ਬਿੰਦੀ’ ਤੇ ‘ਅੱਧਕ’ ਆਦਿਕ ਲੋੜੀਂਦੇ ਚਿੰਨਾਂ ਦਾ ਵੱਖ ਵੱਖ ਦੇਸ਼ਾਂ ਦੀ ਭਾਸ਼ਾਈ ਰੀਤ ਤੇ ਵਿਸ਼ੇਸ ਧੁਨੀ ਅਨੁਸਾਰ ਉਚਾਰਨ ਕਰਨਾ ਦੋਸ਼ ਨਹੀਂ, ਪਰ ਅਰਥ ਅਧੀਨ ਪਾਠਾਂਤਰ ਵੀ ਪ੍ਰਵਾਨ ਨਹੀਂ। ਜਿਵੇਂ ਕੋਈ ਪਾਠੀ ‘ਜੀਅ ਕਾ’ ਪਾਠ ਨੂੰ ‘ਮਨ ਕਾ’ ਉਚਾਰਨ ਕਰੇ । ਦਾਖਾ ਜੀ ਦਾ ਮੱਤ ਹੈ ਕਿ ਅਰਥ ਦੇ ਗਿਆਨ ਰਹਿਤ ਪਾਠ ਦਾ ਪਾਠੀ ਅਤੇ ਸ੍ਰੋਤੇ ਨੂੰ ਕੋਈ ਲਾਭ ਨਹੀਂ, ਨਿਹਫਲ ਹੈ । ‘‘ਸੁਣਿ ਸੁਣਿ ਬੂਝੈ ਮਾਨੈ ਨਾਉ   ਤਾ ਕੈ ਸਦ ਬਲਿਹਾਰੈ ਜਾਉ (ਮਹਲਾ /੧੫੨) ਗੁਰਵਾਕ ਵੀ ਹੈ । ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀਆਂ 19 ਤੇ 21 ਨੰਬਰ ਦੋ ਹਦਾਇਤਾਂ ਦਾਖਾ ਜੀ ਦੇ ਉਪਰੋਕਤ ਪੱਖ ਨੂੰ ਉਨ੍ਹਾਂ ਦੀ ਸ਼ਾਸਤਰੀ ਭਾਸ਼ਾ ਵਿੱਚ ਇਉਂ ਸਪਸ਼ਟ ਕਰਦੀਆਂ ਹਨ :

  1. ਅਰਥ ਦੇ ਗਿਆਨ ਰਹਿਤ ਪਾਠ ਨਿਸਫਲ ਅਤੇ ਪ੍ਰਯਾਇ ਪਾਠ ਅਥਵਾ ਪਾਠਾਂਤਰ ਕਰਕੇ (‘ਜੀਅ ਕਾ’ ਦੇ ਥਾਂ ‘ਮਨ ਕਾ’) ਕਰਕੇ ਬੋਲਣਾ ਮਹਾਂ ਪਾਪ ਹੈ ।
  2. ਸ੍ਰੀ ਗੁਰੂ ਬਾਣੀ ਵਿੱਚ ਵਿਪ, (ਪ੍ਰਤੰਤ੍ਰ ਵਿਅੰਜਨ ਮੰਨੇ ਜਾਂਦੇ) ਟਿੱਪੀ, ਬਿੰਦੀ, ਅੱਧਕ ਅਤੇ ਉਪਧ ਤਥਾ ‘ਧੁਪ’ (ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ ਅਤੇ ਲਾਂ ਤੇ ਦੁਲਾਂਵ ਆਦਿਕ ਵਿਸ਼ੇਸ਼ ਪ੍ਰਤੰਤ੍ਰ ਧੁਨੀਆਂ ਕਿਉਂਕਿ ਸ੍ਵਤੰਤ੍ਰ ਸ੍ਵਰ ਰੂਪ ਅੱਖਰਾਂ ਨਾਲ ਲਗਦੀਆਂ ਹਨ) ਦਾ ਉਚਾਰਨ ਭਿੰਨ-ਭਿੰਨ ਦੇਸ਼ ਦੀ ਪ੍ਰਥਾ ਅਨੁਸਾਰ ਕਰਨਾ ਦੋਸ਼ ਨਹੀਂ ਅਰਥਾਤ ਇਨ੍ਹਾਂ ਵਿੱਚੋਂ ਕਈਆਂ ਦਾ ਚਿੰਨ੍ ਪ੍ਰਗਟ ਨਾ ਹੋਣ ਕਰਕੇ ਨਿਪਾਤਨ ਦੁਆਰਾ ਯਥਾ ਯੋਗ ਹੀ ਹੋਣਾ ਚਾਹੀਏ । ਨਹੀਂ ਤਾਂ ਅਰਥ ਦਾ 1. ਅਨਰਥ ਹੋ ਜਾਵੇਗਾ ਕਿਉਂਕਿ ‘ਕਰਤਾ’ ਦਾ 2. ਅਰਥ ਕ੍ਰਮ ਅਤੇ ‘ਸ੍ਰੋਤਾ’ ਦਾ ਸਬਦ ਕ੍ਰਮ ਬਲੀ ਹੁੰਦਾ ਹੈ । ਇਸ ਲਈ ਗੁਰੂ ਸਾਹਿਬ ਅਰਥ ਕ੍ਰਮ ਬਲੀ (ਪ੍ਰਧਾਨ) ਮੰਨ ਕੇ ਉਸ ਦੇ ਅਨੁਸਾਰ ਹੀ ਪਾਠ ਕਰੋ ਅਤੇ ਸ੍ਰੋਤੇ ਨੂੰ ਤਦਨੁਕੂਲ ਸਬਦ ਕ੍ਰਮ ਸੁਣਾਉ ।

ਪੁਸਤਕ ਦੇ ਪੰਨਾ 65 ਦੇ ਆਰੰਭ ਵਿੱਚ ਲਿਖਿਆ ਹੈ : ‘‘ਅਨੁਨਾਸਿਕ ਪਰੇ ਹੁੰਦਿਆਂ ਉਰਲੀ ਟਿੱਪੀ ਦੀ ਵਿਕਲਪ ਕਰਕੇ ਅੱਧਕ ਹੋ । ਅੰਮਿਤ = ਅੱਮ੍ਰਿਤ, ਕੰਮ = ਕੱਮ ।’’ ਭਾਵ ਉਚਾਰਨ ਮੌਕੇ ਟਿੱਪੀ ਦੀ ਨਾਸਕੀ-ਧੁਨੀ ਅੱਧਕ ਵਿੱਚ ਬਦਲ ਜਾਂਦੀ ਹੈ । ਪੰਨਾ 61 ’ਤੇ ਅੰਕਿਤ ਹੈ ‘‘ਅੱਧਕ ਦਾ ਦੀਰਘ ਸ੍ਵਰ ਬਣ ਕੇ ਅਗਲੇ ਅਖਰ ਦੇ ਮੁਹਰੇ ਝਟਕਾ ਲਗਦਾ ਹੈ, ਤਾਂ ਉਸ ਵਰਣ ਨੂੰ ਅੱਧਕ ਦਾ ਆਗਮ ਭੀ ਹੁੰਦਾ ਹੈ । (ਭਾਵ, ਉਹ ਅੱਖਰ ਅੱਧਕ ਸਹਿਤ ਹੋ ਜਾਂਦਾ ਹੈ) ਅਤੇ ਉਸ ਅੱਖਰ ਨੂੰ ਦੁਹਰਾ ਨਾ ਲਿਖ ਕੇ ਝਟਕੇ ਨਾਲ ਉਚਾਰਨ ਕਰੀਦਾ ਹੈ । ਜੈਸੇ ‘ਆਟਾ’ (ਆਟੱਾ) ਤੇ ‘ਰਾਖਾ’ (ਰਾਖੱਾ) ਨੂੰ ਅੱਧਕ ਦਾ ਆਗਮ ਹੋਇਆ ਹੈ ।’’ ਏਥੇ ‘ਜਿਉਂ ਲਿਖਿਆ, ਤਿਉਂ ਹੀ ਪੜ੍ਹੋ’ ਕਹਿਣ ਦੀ ਵਕਾਲਤ ਕਰਨ ਵਾਲੇ ਸੱਜਣਾਂ ਪਾਸ ਉਪਰੋਕਤ ਕਿਸਮ ਦੀ ਸੁਭਾਵਿਕ ਤਬਦੀਲੀ ਦਾ ਕੀ ਉੱਤਰ ਹੈ? ਇਸ ਨੁਕਤੇ ਨਾਲ ਸੰਬੰਧਿਤ 65ਵੇਂ ਪੰਨੇ ਦੇ ਹੇਠਾਂ ਇੱਕ ਵਿਸ਼ੇਸ ਨੋਟ ਇਉਂ ਵੀ ਲਿਖਿਆ ਹੈ : ‘‘ਗੁਰਬਾਣੀ ਵਿੱਚ ਅੱਧਕ ਦਾ ਚਿੰਨ ਬਹੁਤ ਘਟ ਹੈ, ਉਚਾਰਨ ਤੋਂ ਸਮਝਿਆ ਜਾਂਦਾ ਹੈ ।’’ (ਪਾਠਕਾਂ ਦੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਮੌਜੂਦਾ ਛਾਪੇ ਦੀ ਬੀੜ ਵਿੱਚ ਅੱਧਕ ਦਾ ਮੂਲੋਂ ਹੀ ਅਭਾਵ ਹੈ।) 

ਗੁਰਬਾਣੀ ਦੇ ਸ਼ੁਧ ਉਚਾਰਨ ਅਤੇ ਵਿਆਖਿਆ ਨੂੰ ਗੁਰਮਤਿ ਦੀਆਂ ਸਿਧਾਂਤਕ ਲੀਹਾਂ ’ਤੇ ਤੋਰਦਿਆਂ, ਰਹਿੰਦਾ ਹੋਇਆ ‘ਅਥਰਵਣੀ ਭਾਰ’ ਉਤਾਰਨ ਲਈ ਸਿੰਘ-ਸਭਾਈ ਪ੍ਰਣਾਲੀ ਦੇ ਪ੍ਰੋਫੈਸਰ ਤੇਜਾ ਸਿੰਘ (1894-1958 ਈ.) ਤੇ ਪ੍ਰੋਫੈਸਰ ਸਾਹਿਬ ਸਿੰਘ ਜੀ (1893-1977 ਈ.) ਨੇ ਸਭ ਤੋਂ ਵੱਡਾ ਹੰਭਲਾ ਮਾਰਿਆ ਹੈ, ਭਾਵੇਂ ਕਿ ਇਸ ਵਿੱਚ ਹੋਰ ਨਿਖਾਰ ਲਿਆਉਣਾ ਅਜੇ ਵੀ ਲੋੜੀਂਦਾ ਹੈ । ਪ੍ਰੋ. ਤੇਜਾ ਸਿੰਘ ਜੀ ਨੇ ਸੰਨ 1925 ਵਿੱਚ ‘ਗੁਰੂ ਗ੍ਰੰਥ ਸਾਹਿਬ ਦੀਆਂ ਸ਼ਾਬਦਿਕ ਲਗਾਂ ਮਾਤ੍ਰਾਂ ਦੇ ਗੁਝੇ ਭੇਦ’ ਲੱਭੇ ਤੇ ਸੰਨ 1926 ਵਿੱਚ ਕਿਤਾਬਚੇ ਦੇ ਰੂਪ ਵਿੱਚ ਛਾਪੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਉਪਰੋਕਤ ਕਿਤਾਬਚਾ ਅਤੇ ਉਸ ਵਿੱਚ ਪ੍ਰਗਟਾਏ ਨਿਯਮਾਂ ਅਨੁਸਾਰ ਲਿਖੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣੇ ਆਰੰਭਕ ਕਾਲ ਤੋਂ ਹੀ ਨਿਰੰਤਰ ਛਾਪਿਆ ਜਾ ਰਿਹਾ ਹੈ । ਸੰਨ 1932 ਵਿੱਚ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰਬਾਣੀ ਵਿਆਕਰਣ’ ਨਾਂ ਦੀ ਵਿਗਿਆਨਕ ਲੀਹਾਂ ’ਤੇ ਵਿਸਥਾਰਤ ਪੁਸਤਕ ਰਚੀ । ਸੰਨ 1925 ਤੋਂ 1961 ਤੱਕ 36 ਸਾਲਾਂ ਦੀ ਮਿਹਨਤ ਨਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਂ ਹੇਠ ਗੁਰਬਾਣੀ ਦੀ ਅਦੁੱਤੀ ਸਟੀਕ ਲਿਖੀ ਗਈ, ਜਿਹੜੀ ਹੁਣ ਸਾਰੀਆਂ ਸਿੱਖ ਸੰਪਰਦਾਵਾਂ ਦੇ ਵਿਦਵਾਨਾਂ ਅਤੇ ਦੇਸ਼-ਵਿਦੇਸ਼ ਦੇ ਗੁਰਬਾਣੀ ਪ੍ਰੇਮੀਆਂ ਦੁਆਰਾ ਪਹਿਲ ’ਤੇ ਆਧਾਰਿਤ ਵੀਚਾਰੀ ਜਾ ਰਹੀ ਹੈ ।

ਸੰਥਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਟੀਕੇ ਦੀ ਪਹਿਲੀ ਤੇ ਵੱਡੀ ਵਿਸੇਸ਼ਤਾ ਇਹ ਹੈ ਕਿ ਸੰਪੂਰਣ ਬਾਣੀ ਨੂੰ ਪਦ-ਛੇਦ ਕਰਕੇ ਵਾਕ-ਵੰਡ ਲਈ ਤੁਕਾਂ ਵਿੱਚ ਵਿਸਰਾਮ ਚਿੰਨ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਪਦ-ਅਰਥ ਕਰਦਿਆਂ ਮਹਤਵ-ਪੂਰਨ ਲਫ਼ਜ਼ਾਂ ਦੇ ਸ਼ੁਧ ਉਚਾਰਨ ਲਈ ਲੋੜੀਂਦੇ ਅੱਧਕ, ਟਿੱਪੀ ਤੇ ਬਿੰਦੀ ਲਗਾ ਕੇ ਲਿਖਣ ਦੀ ਹਿੰਮਤ ਵੀ ਪ੍ਰਗਟਾਈ ਹੈ, ਪਰ ਇਸ ਪੱਖ ਦੀ ਸੰਥਿਆ ਸ਼ੈਲੀ ਵਿੱਚ ਵਿਸ਼ੇਸ਼ ਨਿਖਾਰ ਲਿਆਂਦਾ ਪੰਜਾਬ ਦੇ ਪ੍ਰਸਿੱਧ ਗੁਰਮਤਿ ਪ੍ਰਚਾਰ ਜਥੇ ਦੇ ਮੁਖੀ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ (ਸੰਨ 1902-1969) ਭਿੰਡਰਾਂ ਵਾਲਿਆਂ ਨੇ; ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਸਮਕਾਲੀ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਸੰਬੰਧਿਤ ਮੰਨੀ ਜਾਂਦੀ ਸੰਪਰਦਾ ਦੇ ਵਿਰਾਸਤੀ ਵਿਦਵਾਨਾਂ ਦੀ ਉਚਾਰਨ ਸ਼ੈਲੀ ਅਤੇ ਪ੍ਰੋ. ਸਾਹਿਬ ਸਿੰਘ ਜੀ ਦੀ ਟੀਕਾਕਾਰੀ ਤੋਂ ਪ੍ਰਭਾਵਤ ਹੁੰਦਿਆਂ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸ਼ੁਧ-ਪਾਠ ਅਤੇ ਅਰਥਾਂ ਦੀ ਸੰਥਿਆ ਕਰਾਉਣ ਵੇਲੇ ਲੋੜੀਦੀਆਂ ਥਾਵਾਂ ’ਤੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਸਮਝਾਉਣ ਦੇ ਨਾਲ, ਵਾਕ ਵੰਡ ਤੇ ਅਰਥਾਂ ਦੀ ਸਪਸ਼ਟਤਾ ਲਈ ਹਰੇਕ ਕਿਸਮ ਦੇ ਅੰਗਰੇਜ਼ੀ ਵਿਸਰਾਮ ਚਿੰਨ੍ਹ ਲਗਵਾਉਣੇ ਸ਼ੁਰੂ ਕਰ ਦਿੱਤੇ । ਹੋਰ ਉਪਕਾਰ ਕੀਤਾ ਉਨ੍ਹਾਂ ਦੇ ਉੱਤਰਾਧਿਕਾਰੀ ਗਿਆਨੀ ਮੋਹਣ ਸਿੰਘ ਜੀ (ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ, ਫਿਰੋਜ਼ਪੁਰ) ਵਾਲਿਆਂ ਨੇ, ਜਿਨ੍ਹਾਂ ਨੇ ਖ਼ਾਲਸਾ ਜੀ ਦੀ ਉਪਰੋਕਤ ਕਿਰਤ ਨੂੰ ਸੰਨ 1973 ਵਿੱਚ ‘ਗੁਰਬਾਣੀ ਪਾਠ ਦਰਸ਼ਨ’ ਨਾਮੀ ਪੁਸਤਕ ਰਾਹੀਂ ਪ੍ਰਕਾਸ਼ਿਤ ਕੀਤਾ । ਗਿ. ਗੁਰਬਚਨ ਸਿੰਘ ਜੀ ਖ਼ਾਲਸਾ ਦੇ ਦੂਜੇ ਉੱਤਰਾਧਿਕਾਰੀ ਗਿ. ਕਰਤਾਰ ਸਿੰਘ ਜੀ ‘ਖ਼ਾਲਸਾ’ ਦੁਆਰਾ ਸਥਾਪਤ ਜਥਾ ਚੌਕ ਮਹਿਤਾ (ਸ੍ਰੀ ਅੰਮ੍ਰਿਤਸਰ) ਵੱਲੋਂ ਹੁਣ ਓਹੀ ਪੁਸਤਕ ਪੰਨਿਆਂ ਦੀ ਕੁਝ ਤਬਦੀਲੀ ਨਾਲ ‘ਗੁਰਬਾਣੀ ਪਾਠ ਦਰਪਣ’ ਦੇ ਨਾਮ ਹੇਠ ਵੀ ਛਾਪੀ ਜਾ ਰਹੀ ਹੈ ।

ਇਸ ਪੁਸਤਕ ਵਿੱਚ ਹਜ਼ਾਰਾਂ ਹੀ ਗੁਰਬਾਣੀ ਦੀਆਂ ਤੁਕਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵੱਖ ਵੱਖ ਕਿਸਮਾਂ ਦੇ ਵਿਸਰਾਮ ਚਿੰਨ੍ਹਾਂ ਨਾਲ ਨਿਖੇੜਿਆ ਗਿਆ ਹੈ। ਅਰਧ ਵਿਸਰਾਮ ਲਈ ਬਿੰਦੀ ਕਾਮਾ (;) ਅਤੇ ਇਸ ਤੋਂ ਘਟ ਵਿਸਰਾਮ (ਜਮਕੀ) ਲਈ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਸਮਾਸੀ ਲਫ਼ਜ਼ਾਂ ਦੇ ਹਿੱਸੇ ਪ੍ਰਗਟਾਉਣ ਲਈ ਜੁੜਤ ਲਫ਼ਜ਼ਾਂ ਨੂੰ ਤੋੜ ਕੇ ਜੋੜਣੀ (-) ਦੀ ਵਰਤੋਂ ਕੀਤੀ ਗਈ ਹੈ । ਇੱਥੋਂ ਤੱਕ ਕਿ ਕਈ ਖ਼ਾਸ ਲਫ਼ਜ਼ਾਂ ਨੂੰ ਉਭਾਰਨ ਲਈ ਪੁਠੇ ਕਾਮਿਆਂ (‘’) ਦੀ ਵਰਤੋਂ ਕਰਨੋ ਵੀ ਸੰਕੋਚ ਨਹੀਂ ਕੀਤਾ । ਤੁਕਾਂ ਦੇ ਅਖ਼ੀਰ ਵਿੱਚ ਬ੍ਰੈਕਟਾਂ ਪਾ ਕੇ ਬਿੰਦੀ, ਟਿੱਪੀ, ਅਧਿਕ ਅਤੇ ਪੈਰ-ਚਿੰਨ੍ਹਾਂ ਦੀ ਵਰਤੋਂ ਬਾਰੇ ਸੇਧਾਂ ਦਿੱਤੀਆਂ ਹੋਈਆਂ ਹਨ । ਸ਼ਬਦਾਂ ਦੇ ਪਦਛੇਦ ਪਾਠਾਂਤਰ ਤੇ ਲਿਖਤ ਦੇ ਪਾਠ-ਭੇਦ ਵੀ ਲਿਖੇ ਹਨ । ਉਦਾਹਰਨ ਵਜੋਂ ਹੇਠਾਂ ਕੁਝ ਤੁਕਾਂ ਦੇ ਹੂ-ਬਹੂ ਦਰਸ਼ਨ ਕਰਵਾਏ ਜਾ ਰਹੇ ਹਨ :

ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥ (ਜਪੁ/ਮਹਲਾ ੧/੧) (ਲੱਖ ਪੜ੍ਹੋ)

ਸਚੁ ਸੰਜਮੁ ਕਰਣੀ ਕਾਰਾਂ; ਨਾਵਣੁ ਨਾਉ ਜਪੇਹੀ ॥ (ਮਹਲਾ ੧/੯੧) (ਨ੍ਹਾਵਣ ਭਾਰਾ ਬੋਲੋ)

ਤੇਰਾ ਸਬਦੁ, ਤੂੰਹੈ ਹਹਿ ਆਪੇ; ਭਰਮੁ ਕਹਾ ਹੀ ॥ (ਮਹਲਾ ੩/੧੬੨) (ਕਹਾਂ ਬੋਲਣਾ)

‘ਅਹੰ-ਬੁਧਿ’ ਪਰ ਬਾਦ ਨੀਤ; ਲੋਭ ਰਸਨਾ ਸਾਦਿ ॥ (ਮਹਲਾ ੫/੮੧੦) (2) ਪਰਬਾਦ

ਤੂ ਅਜਰਾ-ਵਰੁ ਅਮਰੁ ਤੂ; ਸਭ ਚਾਲਣ-ਹਾਰੀ ॥ (ਮਹਲਾ ੧/੧੦੦੮)

ਸੰਪਰਦਾਈ ਪਿਛੋਕੜ ਦੇ ਗੁਰਮੁਖ ਸੱਜਣ ਗਿ. ਹਰਿਬੰਸ ਸਿੰਘ ਜੀ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਵੀ ‘ਗੁਰਬਾਣੀ ਉਚਾਰਨ ਜੁਗਤ’ ਦੀ ਸੰਭਾਲ ਪੱਖੋਂ ਵੀਚਾਰਨੀ ਅਤਿ ਲੋੜੀਂਦੀ ਹੈ । ਉਸ ਵਿਖੇ ਹਰੇਕ ਸ਼ਬਦ ਲਈ ਵੱਖ ਵੱਖ ਵਿਸਰਾਮਾਂ ਦੀ ਵਰਤੋਂ ਕਰਦਿਆਂ ਬਿੰਦੀ, ਟਿਪੀ ਤੇ ਅਧਿਕ ਆਦਿਕ ਚਿੰਨ੍ਹਾਂ ਦੀ ਲੋੜੀਂਦੀ ਵਰਤੋਂ ਸੰਬੰਧੀ ਲਿਖਤੀ ਸੇਧਾਂ ਅੰਕਿਤ ਕੀਤੀਆਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਮਾਣਿਕ ‘ਈਸ਼ਰ ਮਾਈਕਰੋ ਮੀਡੀਆ’ ਐਪ ਵਿੱਚ ਵੀ ਲੋੜੀਂਦੀਆਂ ਲੱਗਾਂ ਮਾਤ੍ਰਾਂ ਲਗਾ ਕੇ ਸ਼ੁਧ ਪਾਠਾਂ ਨੂੰ ਵਿਸਰਾਮਾਂ ਸਹਿਤ ਲਿਖਤੀ ਰੂਪ ਦਿੱਤਾ ਹੋਇਆ ਹੈ । ਅਖੰਡ ਕੀਰਤਨੀ ਜਥੇ ਦੇ ਨਮਰ ਗੁਰਸਿੱਖ ਵਿਦਵਾਨ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ (ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਗਿਆਨੀ ਭਰਪੂਰ ਸਿੰਘ ਜੀ ਦੇ ਸਹਿਯੋਗ ਨਾਲ ਸਾਲਾਂ ਬੱਧੀ ਪੁਰਾਤਨ ਹੱਥ ਲਿਖਤੀ ਬੀੜਾਂ ਨੂੰ ਵਾਚਿਆ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਢੂੰਡਿਆ) ਉਨ੍ਹਾਂ ਨੇ ਆਪਣੇ ਅੰਤਲੇ ਕਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ’ ਦੇ ਦੂਜੇ ਭਾਗ ਵਿੱਚ ਪੰਨਾ 87 ਤੇ ਬਿੰਦੀਆਂ ਟਿੱਪੀਆਂ ਬਾਰੇ ਲਿਖਦਿਆਂ, ਆਪਣੇ ਪੰਥ-ਦਰਦੀ ਹਿਰਦੇ ਦੀ ਵੇਦਨਾ ਨੂੰ ਚਿਤਾਵਨੀ ਵਜੋਂ ਕੁਝ ਇਉਂ ਪ੍ਰਗਟ ਕੀਤਾ ਹੈ –

‘‘ਗੁਰਬਾਣੀ ਵਿੱਚ ਮੂਲਕ-ਅੰਗੀ ਨਾਸਕੀ ਚਿੰਨਾਂ (ਬਿੰਦੀ, ਟਿੱਪੀ) ਦੀ ਵਰਤੋਂ ਵੀ ਮਿਲਦੀ ਹੈ ਅਤੇ ਵਿਆਕਰਣਿਕ ਬਿੰਦੀਆਂ ਦੀ ਵੀ । ਅਸੀਂ ਦੇਖਦੇ ਹਾਂ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਟਿੱਪੀ/ਬਿੰਦੀ ਸਹਿਤ ਮਿਲਦੇ ਹਨ ਅਤੇ ਕਿਧਰੇ ਇਸ ਤੋਂ ਬਗੈਰ । ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਤਕਰੀਬਨ 90% ਲਗੀਆਂ ਮਿਲਦੀਆਂ ਹਨ । ਬਾਕੀ 10% ਸੰਭਵ ਹੈ ਛਾਪੇ ਦੀ ਅਣਗਹਿਲੀ ਕਾਰਨ ਰਹੀਆਂ ਹੋਣ । ਇਹਨਾਂ ਵਿੱਚੋਂ ਬਹੁਤ ਸਾਰੀਆਂ ਪੁਰਾਤਨ ਲਿਖਤੀ ਬੀੜਾਂ ਵਿੱਚ ਲੱਗੀਆਂ ਮਿਲਦੀਆਂ ਹਨ । ਇਸ ਪੱਖ ਵੱਲ ਕਿਸੇ ਜ਼ਿੰਮੇਵਾਰ ਸੰਸਥਾ ਨੇ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ । ਏਧਰ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੈ ।

ਬ-ਹਰ ਹਾਲ ਗੋਬਿਦ (ਗੋਬਿੰਦ), ਮਦਰ (ਮੰਦਰ), ਖਭ (ਖੰਭ), ਕਾਇਆ (ਕਾਂਇਆ), ਬੂਦ (ਬੂੰਦ), ਬਿਦ (ਬਿੰਦ) ਆਦਿਕ ਸ਼ਬਦਾਂ ਦਾ ਮੂਲਿਕ-ਅੰਗੀ ਨਾਸਕੀ ਚਿੰਨਾਂ ਸਹਿਤ ਉਚਾਰਨ ਹੀ ਸ਼ੁਧ ਬਣਦਾ ਹੈ । (ਜਿਵੇਂ, ਬ੍ਰੈਕਟਾਂ ਵਿੱਚ ਲਿਖਿਆ ਗਿਆ ਹੈ) ਪ੍ਰਮਾਣੀਕ ਮੂਲਿਕ ਬੀੜਾਂ ਤੋਂ ਅਗਵਾਈ ਲੈ ਕੇ ਛਾਪੇ ਦੀ ਉਕਾਈ ਦਰੁਸਤ ਕਰ ਲੈਣੀ ਉਚਿਤ ਹੈ ।’’ 

‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਪੁਸਤਕ ਵਿੱਚ ਉਚਾਰਨ ਦੇ ਉਪਰੋਕਤ 400 ਸਾਲਾ ਵਿਰਸੇ ਦੀ ਵਾਰਸ ਬਣੀ ‘ਸਿੱਖ ਮਿਸ਼ਨਰੀ ਸੰਥਿਆ ਪ੍ਰਣਾਲੀ’ ਦਾ ਵਿਸ਼ੇਸ਼ ਵੇਰਵਾ ਨਹੀਂ ਹੈ । ਕਾਰਨ ਹੈ ਕਿ ਪੁਸਤਕ ਪ੍ਰਕਾਸ਼ਨਾ ਮੌਕੇ ਇਹ ਪ੍ਰਣਾਲੀ ਸਿੰਘ ਸਭਾ ਲਹਿਰ ਵਾਂਗ ਇੱਕ ਪ੍ਰਚਾਰ ਲਹਿਰ ਵਜੋਂ ਅਜੇ ਸਥਾਪਤ ਹੀ ਨਹੀਂ ਸੀ ਹੋਈ, ਜਿਵੇਂ ਕਿ ਹੁਣ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਦੇ ਵਿਸ਼ੇਸ਼ ਸਿੱਖ ਮਿਸ਼ਨਰੀ ਕਾਲਜਾਂ ਸਮੇਤ ਸਾਰੇ ਸੰਸਾਰ ਅੰਦਰ ਉਨ੍ਹਾਂ ਦੇ ਸੈਂਕੜੇ ਹੀ ਪ੍ਰਚਾਰ ਕੇਂਦਰ ਹਨ । ਯਾਦ ਰੱਖਣਾ ਚਾਹੀਦਾ ਹੈ ਕਿ ਇਸ ਲਹਿਰ ਦਾ ਜਨਮ ਸੰਨ 1927 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਤੇ ਸਥਾਪਤ ਕੀਤੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ’ ਵਿਖੇ ਹੀ ਹੋਇਆ ਅਤੇ ਉਸ ਦੇ ਪ੍ਰਿੰਸੀਪਲ ਦੁਆਰਾ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਹੀ ਉਸ ਦਾ ਵਿਸ਼ੇਸ਼ ਵਿਚਾਰਧਾਰਕ ਆਧਾਰ ਬਣਿਆ । ਸਿੱਖ ਮਿਸ਼ਨਰੀ ਸੰਸਥਾਵਾਂ ਯਤਨਸ਼ੀਲ ਹਨ ਕਿ ਜਗਤ-ਗੁਰ ਬਾਬੇ ਨਾਨਕ ਜੀ ਦਾ ‘ਨਿਰਮਲ ਪੰਥ’ ਅਥਰਵਣੀ ਮੈਲ ਦੇ ਭਾਰ ਤੋਂ ਬਿਲਕੁਲ ਮੁਕਤ ਹੋਵੇ । ਇਹੀ ਕਾਰਨ ਸੀ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਸਦਕਾ ‘ਕੇਂਦਰੀ ਸਿੰਘ ਸਭਾ’ ਅੰਮ੍ਰਿਤਸਰ ਨੇ ਸੰਨ 1979 ਵਿਖੇ ‘ਸਮੁੰਦਰੀ ਤੇਜਾ ਸਿੰਘ ਹਾਲ’ ਸ੍ਰੀ ਅੰਮ੍ਰਿਤਸਰ ਤੋਂ ‘ਪਾਠ-ਬੋਧ ਸਮਾਗਮਾਂ ਦੀ ਲੜੀ ਅਤੇ ‘ਸਿੰਘ ਸਭਾ ਪਤ੍ਰਿਕਾ’ ਸ਼ੁਰੂ ਕਰਕੇ ‘ਗੁਰਬਾਣੀ ਉਚਾਰਨ ਜੁਗਤ’ ਨੂੰ ਸਦੀਵੀ ਤੌਰ ’ਤੇ ਸੰਭਾਲਣ ਦਾ ਉਪਕਾਰੀ ਉਪਰਾਲਾ ਕੀਤਾ ਤਾਂ ‘ਸਿੱਖ ਮਿਸ਼ਨਰੀ ਲਹਿਰ’ ਵੱਲੋਂ ਦੇਸ਼ ਭਰ ਵਿੱਚ ਉਸ ਲੜੀ ਨੂੰ ਜਾਰੀ ਰੱਖਣ ਪੱਖੋਂ ਸੱਭ ਤੋਂ ਵੱਡਾ ਯੋਗਦਾਨ ਪਾਇਆ ਗਿਆ। ‘ਗੁਰਬਾਣੀ ਦਾ ਸ਼ੁੱਧ ਉਚਾਰਨ’ ਅਤੇ ‘ਗੁਰਬਾਣੀ ਵਿਆਕਰਣ ਦੇ ਸਰਲ ਨੇਮ’ ਨਾਂਵਾਂ ਦੇ ਦੋ ਕਿਤਾਬਚੇ ਵੀ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ ਗਏ । ‘ਮਿਸ਼ਨਰੀ ਸੇਧਾਂ’ ਨਾਂ ਦੀ ਮਾਸਿਕ ਪੱਤ੍ਰਕਾ ਦੇ ਐਡੀਟਰ ਗਿ. ਅਵਤਾਰ ਸਿੰਘ ਦੁਆਰਾ ਚਲਾਈ ਜਾ ਰਹੀ  ‘ਗੁਰਪ੍ਰਸਾਦਿ’ ਨਾਂ ਦੀ ਵੈਬਸਾਈਟ ਨੂੰ ਉਪਰੋਕਤ ਸੰਦਰਭ ਤੋਂ ਵਿਚਾਰਣਾ ਵੀ ਉਚਿਤ ਹੀ ਹੋਵੇਗਾ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ’ (ਅਸਟ੍ਰੇਲੀਆ) ਨੇ ਆਪਣੇ ‘ਗੁਰਬਾਣੀ ਦਰਪਣ’ ਪ੍ਰੋਜੈਕਟ ਅਧੀਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੁਆਰਾ ਪ੍ਰਗਟਾਈ ਗੁਰਮਤਿ ਵਿਚਾਰਧਾਰਾ ਨੂੰ ਹੋਰ ਨਿਖਾਰਣ ਅਤੇ ਸੰਥਿਆ ਦੇ ਉਪਰੋਕਤ 400 ਸਾਲਾ ਵਿਰਸੇ ਨੂੰ ਸੰਭਾਲਣ ਦੇ ਮਨੋਰਥ ਨੂੰ ਮੁਖ ਰੱਖ ਕੇ ਗੁਰਬਾਣੀ ਦੀ ਸੰਪੂਰਣ ਵਿਆਕਰਣਿਕ ਸੰਥਿਆ ਪਾਠ ਦੀ ਵੀਡੀਓ ਤਿਆਰ ਕਰਨ ਦੀ ਸੇਵਾ ਦਾਸਰੇ (ਜਾਚਕ) ਨੂੰ ਬਖ਼ਸ਼ੀ । ਸਮੁੱਚੇ ਸਿੱਖ ਜਗਤ ਲਈ ਉਹ ਅਤਿਅੰਤ ਹੀ ਖ਼ੁਸ਼ੀ ਦਾ ਮੁਕਾਮ ਸੀ, ਜਦੋਂ ਉਸ ਸੰਥਿਆ ਵੀਡੀਓ ਨੂੰ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ‘ਗੁਰੂ ਨਾਨਕ ਭਵਨ’ ਲੁਧਿਆਣਾ ਵਿਖੇ 15 ਦਸੰਬਰ 2014 ਨੂੰ ਆਪ ਰੀਲੀਜ਼ ਕੀਤਾ । ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥਕ ਪ੍ਰਵਾਨਗੀ ਲੈਣ ਮੌਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਮਰਹੂਮ ਮੁਖ ਗ੍ਰੰਥੀ ਗਿਆਨੀ ਮੱਲ ਸਿੰਘ ਜੀ (ਜੋ ਪਿੱਛੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਨਿਯੁਕਤ ਹੋਏ) ਨੇ ਹੱਥੀਂ ਲਿਖੇ ਅਤੇ ਰੀਕਾਰਡ ਕਰਵਾਏ ਆਪਣੇ ਪੰਥਕ ਸੁਨੇਹੜੇ ਵਿੱਚ ਇਉਂ ਵਿਚਾਰ ਪ੍ਰਗਟ ਕੀਤੇ ‘‘ਸਾਡੀ ਹਾਰਦਿਕ ਇੱਛਾ ਹੈ ਕਿ ‘ਗੁਰਬਾਣੀ ਦਰਪਣ’ ਪ੍ਰੋਜੈਕਟ ਦੀ ਸਾਰੀ ਘਾਲਣਾ ਕਿਤਾਬੀ ਰੂਪ ਵਿੱਚ ਵੀ ਸਿੱਖ ਸੰਗਤਾਂ ਦੇ ਹੱਥੀਂ ਜਾਏ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ਼ਬਦਾਰਥ ਵਾਂਗ ਮੂਲ ਪਾਠ ਨੂੰ ਕਾਇਮ ਰੱਖ ਕੇ ਸਰਲ ਭਾਸ਼ਾ ਵਿੱਚ ਸ਼ਬਦਾਰਥ ਤੇ ਸ਼ੁਧ ਉਚਾਰਨ ਲਿਖ ਦਿੱਤੇ ਜਾਣ ਤਾਂ ਜੋ ਸ਼ਰਧਾਲੂਆਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੁਖਾਲਾ ਹੋ ਜਾਵੇ । ਦਾਸ ਸਮੂਹ ਗ੍ਰੰਥੀ ਸਾਹਿਬਾਨ, ਕੀਰਤਨੀਏ ਵੀਰਾਂ ਤੇ ਗੁਰਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਉਹ ਗੁਰਬਾਣੀ ਦੇ ਸ਼ੁਧ ਉਚਾਰਨ ਦੀ ਇਸ ਸੰਥਿਆ ਵੀਡੀਓ ਨੂੰ ਘਰ-ਘਰ ਪਹੁੰਚਾਣ ਲਈ ਸਹਾਇਕ ਹੋਣ ਤੇ ਆਪ ਵੀ ਲਾਭ ਉਠਾਓਣ ।’’

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ, ਮੈਲਬਰਨ’ ਤਾਂ ਆਪਣੇ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਉਪਰੋਕਤ ਪੱਖੋਂ ਭਾਵੇਂ ਅੱਗੇ ਨਹੀਂ ਵਧ ਸਕਿਆ, ਪ੍ਰੰਤੂ ਉਸ ਵੇਲੇ ਰੱਬੀ ਸ਼ੁਕਰਾਨੇ ਵਿੱਚ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਅਕਾਦਮਿਕ ਖੇਤਰ ਦੇ ਇੱਕ ਸਥਾਪਤ ਵਿਦਵਾਨ ਡਾ. ਓਅੰਕਾਰ ਸਿੰਘ ਜੀ ‘ਫੀਨਿਕਸ’ (ਅਮਰੀਕਾ) ਵਾਲਿਆਂ ਦੀਆਂ ਰਚਿਤ ‘ਗੁਰਬਾਣੀ ਉਚਾਰਨ ਜੁਗਤ’ ਦੀਆਂ ਸੰਥਾ ਸੈਂਚੀਆਂ ਦੇ ਨਮੂੰਨੇ ਵਜੋਂ ‘ਜਪੁ-ਜੀ’ ਸਾਹਿਬ ਦੇ ਦਰਸ਼ਨ ਕੀਤੇ । ਕਾਰਨ ਸੀ ਕਿ ਉਹ ਸਤਿਕਾਰਯੋਗ ਗਿਆਨੀ ਮੱਲ ਸਿੰਘ ਜੀ ਦੁਆਰਾ ਪ੍ਰਗਟਾਈ ਇੱਛਾ ਦੀ ਹੀ ਲਗਭਗ ਪੂਰਤੀ ਹੈ। ਮੈਨੂੰ ਇਉਂ ਜਾਪਦਾ ਹੈ ਕਿ ਇੰਸਟੀਚਿਊਟ ਮੈਲਬਰਨ ਦੀ ਸੰਥਾ ਵੀਡੀਓ ਵਾਂਗ ਇਹ ਸੰਥਾ ਸੈਂਚੀਆਂ ਵੀ ‘ਗੁਰਬਾਣੀ ਉਚਾਰਨ ਜੁਗਤ’ ਦੀ ਵਿਰਾਸਤੀ ਸੰਭਾਲ ਦਾ ਹੀ ਇੱਕ ਸਾਰਥਕ ਤੇ ਅਗਾਂਹ-ਵਧੂ ਯਤਨ ਮੰਨਿਆ ਜਾਵੇਗਾ । ਗੁਰੂ ਬਖ਼ਸ਼ੀ ਅਜਿਹੀ ਸਫਲਤਾ ਤੇ ਵਡਿਆਈ ਲਈ, ਜਿੱਥੇ ਡਾ. ਸਾਹਿਬ ਆਪ ਹਾਰਦਿਕ ਵਧਾਈ ਦੇ ਪਾਤਰ ਹਨ । ਉੱਥੇ, ਉਨ੍ਹਾਂ ਦੇ ਛੋਟੇ ਭਾਈ ਤੇ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਹੁਰਾਂ ਦੇ ਵੀ ਧੰਨਵਾਦੀ ਹੋਣਾ ਬਣਦਾ ਹੈ, ਜਿਨ੍ਹਾਂ ਦੀ ਪ੍ਰੇਰਨਾ ਤੇ ਪਿਆਰ ਭਰੀ ਅਗਵਾਈ ਵਿੱਚ ਗੁਰਬਾਣੀ ਦੇ ਪੰਜਾਬੋਂ ਬਾਹਰਲੇ ਤੇ ਵਿਦੇਸ਼ੀ ਵਿਦਿਆਰਥੀਆਂ ਲਈ ਸਰਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਰੋਮਨ ਅੱਖਰਾਂ ਵਿੱਚ ਲਿਪੀ ਅੰਤਰ ਵਿਧੀ ਨਾਲ ਇਹ ਵਿਸ਼ੇਸ਼ ਤੇ ਮਹਾਨ ਕਾਰਜ ਸਿਰੇ ਚਾੜ੍ਹਿਆ ਗਿਆ ਹੈ । ਅਮਰੀਕਾ ਨਿਵਾਸੀ ਡਾ. ਚਮਕੌਰ ਸਿੰਘ ਦੁਆਰਾ ਗੁਰਬਾਣੀ ਦੇ ਵਿਆਕਰਣਿਕ ਟੀਕੇ ਤੇ ਪ੍ਰੋ. ਕਸਮੀਰਾ ਸਿੰਘ ਜੀ ਦੇ ਗੁਰਬਾਣੀ ਉਚਾਰਨ ਪੱਖੋਂ ਲਿਖਤੀ ਯਤਨ ਵੀ ਉਪਰੋਕਤ ਪੱਖੋਂ ਸ਼ਲਾਘਾਯੋਗ ਹਨ ।

ਸਿੱਖ ਜਗਤ ਦੇ ਸੰਪਰਦਾਈ ਵਿਦਵਾਨ ਤਾਂ ਆਪਣੇ ਵਿਦਿਅਕ ਸੰਸਕਾਰਾਂ ਕਾਰਨ ਗੁਰਬਾਣੀ ਦੀ ਦਾਰਸ਼ਨਿਕ ਦਿਸ਼੍ਰਟੀ ਪੱਖੋਂ ਉਪਰੋਕਤ ਭਾਰ ਉਤਾਰਨ ਵਿੱਚ ਭਾਵੇਂ ਵਧੇਰੇ ਸਫਲ ਨਾ ਹੋ ਸਕੇ, ਪ੍ਰੰਤੂ ਉਚਾਰਣਿਕ ਪੱਖੋਂ ਉਨ੍ਹਾਂ ਨੇ ਬਹੁਤ ਸਫਲਤਾ ਹਾਸਲ ਕੀਤੀ, ਪਰ ਦੁੱਖ ਦੀ ਗੱਲ ਹੈ ਕਿ ਅਕਾਦਮਿਕ ਖੇਤਰ ਦੇ ਕੁਝ ਮੌਜੂਦਾ ਵਿਦਵਾਨ ਤੇ ਨੌਜਵਾਨ ਸਿੱਖ ਆਗੂ ਯੂਨੀਵਰਸਿਟੀਆਂ ਦੀਆਂ ਉੱਚ-ਪਦਵੀਆਂ ਤੇ ਵਿਦਿਅਕ ਡਿਗਰੀਆਂ ਦੀ ਲਾਲਸਾ ਕਾਰਨ ਗੁਰਬਾਣੀ ਉਚਾਰਨ ਪੱਖੋਂ ਸ਼ਰਧਾਲੂ ਪਾਠਕਾਂ ਨੂੰ ਮੁੜ ਉਪਰੋਕਤ ਭਾਰ ਹੇਠ ਦੱਬਣ ਲਈ ਗੁੰਮਰਾਹ ਕਰਨ ਦੇ ਅਸਫਲ ਯਤਨ ਕਰ ਰਹੇ ਹਨ । ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਪ੍ਰੋ. ਹਰਿਭਜਨ ਸਿੰਘ ਲੰਡਨ ਵਾਲਿਆਂ ਨੇ 8 ਅਕਤੂਬਰ ਸੰਨ 2021 ਨੂੰ ਮੈਨੂੰ ਆਪਣਾ ਵਿਦਿਆਰਥੀ ਸਮਝ ਕੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਕਿ ‘‘ਜੇ ਸੰਨ 1965 ਵਿੱਚ ਮਰਹੂਮ ਪ੍ਰਿੰਸੀਪਲ ਡਾ. ਤਾਰਨ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਰਹੇ ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ ਜੀ (ਭਾਈ ਸਾਹਿਬ) ਮਿਲਵਾਂ ਤੇ ਜ਼ੋਰਦਾਰ ਵਿਰੋਧ ਨਾ ਕਰਦੇ ਤਾਂ ਸਰਕਾਰੀ ਸਾਜਿਸ਼ ਤੇ ਦਬਾਅ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਇਸ ਪਹਿਲੇ ਸਿੱਖ ਮਿਸ਼ਨਰੀ ਕਾਲਜ ਨੂੰ ਕਿਸੇ ਯੂਨੀਵਰਸਿਟੀ ਨਾਲ ਜੋੜ ਕੇ ਵਿਚਾਰਧਾਰਕ ਭਗਵਾਕਰਣ ਕਰਵਾ ਲੈਣਾ ਸੀ । ਸ਼ੁਕਰ ਹੈ ਕਿ ਉਸ ਮੌਕੇ ਅਜਿਹੀ ਕੋਈ ਬਿਪਰਵਾਦੀ ਕੁਟਿਲ ਚਾਲ ਨਹੀਂ ਚੱਲੀ, ਨਹੀਂ ਤਾਂ ਉਥੋਂ ਜਨਮ ਲੈਣ ਵਾਲੀ ਮੌਜੂਦਾ ‘ਸਿੱਖ ਮਿਸ਼ਨਰੀ ਲਹਿਰ’ ਵੀ ਹੋਰ ਸਿੱਖ ਸੰਪਰਦਾਵਾਂ ਵਾਂਗ ਵਿਚਾਰਧਾਰਾ ਪੱਖੋਂ ਪੌਰਾਣਿਕ ਰੰਗ ਵਿੱਚ ਰੰਗੀ ਜਾਂਦੀ । ਇਸ ਲਈ ਹੁਣ ਤਾਂ ਖ਼ਾਲਸਾ ਪੰਥ ਨੂੰ ਹੋਰ ਵੀ ਸੁਚੇਤ ਤੇ ਇਕਮੁੱਠ ਹੋਣ ਦੀ ਲੋੜ ਹੈ; ਕਿਉਂਕਿ ਅਜੋਕੇ ਦੌਰ ਦੀ ਕੋਈ ਵੀ ਰਾਜਨੀਤਕ ਪਾਰਟੀ ਕਿਸੇ ਵੀ ਸੂਬੇ ਵਿੱਚ ਸੱਤਾਧਾਰੀ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਉਹ ਕੇਂਦਰ ਦੀ ਡੁਗਡੁਗੀ ’ਤੇ ਬਾਂਦਰੀ ਨਾਚ ਨੱਚੇ ।’’

ਕਾਰਨ ਹੈ ਕਿ ਸੰਨ 1947 ਤੋਂ ਪਿੱਛੋਂ  ਦੇਸ਼ ਦੀ ਹਕੂਮਤ ਉਨ੍ਹਾਂ ਦੇ ਹੱਥਾਂ ਵਿੱਚ ਹੈ, ਜਿਹੜੇ ਮਰਨ ਕਿਨਾਰੇ ਪਹੁੰਚੀ ਸੰਸਕ੍ਰਿਤ ਨੂੰ ‘ਦੇਵ-ਭਾਸ਼ਾ’ ਵਜੋਂ ਮੁੜ ਸੁਰਜੀਤ ਕਰਕੇ ਉਸ ਦੀ ਧੀ ‘ਹਿੰਦੀ’ ਨੂੰ ਦੇਸ਼-ਭਾਸ਼ਾ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਹਨ । ਇਸ ਲਈ ‘‘ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ (ਮਹਲਾ /੨੭) ਗੁਰਵਾਕ ਮੁਤਾਬਕ ਹੁਣ ਤਾਂ ‘ਅਥਰਵਣੀ ਵਿਚਾਰਧਾਰਾ’ ਦੇ ਪ੍ਰਚਾਰਕਾਂ ਵੱਲੋਂ ਅਜਿਹੇ ਜ਼ੋਰਦਾਰ ਹੰਭਲੇ ਮਾਰਨੇ ਸੁਭਾਵਕ ਹਨ, ਜਦੋਂ ਉਹ ਬਹੁ-ਮਤ ਨਾਲ ਕੇਂਦਰੀ ਹਕੂਮਤ ’ਤੇ ਕਾਬਜ਼ ਹਨ । ਇਹ ਲੋਕ ਤਾਂ ਉਸ ਵੇਲੇ ਬਾਜ਼ ਨਹੀਂ ਆਏ, ਜਦੋਂ ਇਸ ਦੇਸ਼ ਵਿੱਚ ਅੰਗਰੇਜ਼ੀ ਹਕੂਮਤ ਸੀ । ਪ੍ਰਸਿੱਧ ਸਿੱਖ ਵਿਦਵਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਨੇ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਉਥਾਨਕਾ ਵਿੱਚ ਵਰਣਨ ਕੀਤਾ ਹੈ ਕਿ ‘‘1931 ਦੇ ਅਪ੍ਰੈਲ ਮਹੀਨੇ ਵਿੱਚ ਸ੍ਰ: ਇਕਬਾਲ ਸਿੰਘ ਜੀ  ਬੀ.ਏ.ਬੀ.ਟੀ  ਦੀ ਪ੍ਰੇਰਨਾ ਤੇ ‘ਸੰਤ ਸਮਾਚਾਰ’ ਦੇ ਕੁਲੇਖ ਦੇ ਉੱਤਰ ਵਿੱੱਚ ‘ਹਿੰਦੀ ਤੇ ਗੁਰਮੁਖੀ ਲਿੱਪੀ ਤੇ ਵਿਚਾਰ’ ਨਾਮੇ ਟ੍ਰੈਕਟ ਲਿਖਿਆ । ਜਿਸ ਵਿੱਚ ਹਿੰਦੀ-ਸੰਸਕ੍ਰਿਤ ਅੱਖਰਾਂ ਦੀ ਅਯੋਗਤਾ ਅਤੇ ਗੁਰਮੁਖੀ ਅੱਖਰਾਂ ਦੀ ਵਿਆਪਕਤਾ ਸਿੱਧ ਕੀਤੀ ਸੀ ।’’ ਗੁਰਬਾਣੀ ਪ੍ਰੇਮੀਆਂ ਤੇ ਪੰਥ-ਦਰਦੀ ਸੱਜਣਾਂ ਨੂੰ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ‘ਦਾਖਾ’ ਜੀ ਨੂੰ ਐਸਾ ਉਪਰਾਲਾ ਕਿਉਂ ਕਰਨਾ ਪਿਆ ਅਤੇ ਉਨ੍ਹਾਂ ‘ਸੰਤ ਸਮਾਚਾਰ’ ਦੇ ਲੇਖ ਨੂੰ ਕੁਲੇਖ (ਮੰਦ-ਨੀਤੀ ਨਾਲ ਲਿਖਿਆ ਭੈੜਾ ਲੇਖ) ਕਿਉਂ ਆਖਿਆ ?

ਪੰਥ ਦਾ ਪ੍ਰਚਾਰਕ ਸੇਵਾਦਾਰ ਹੋਣ ਦੇ ਨਾਂ ’ਤੇ ਲੇਖ ਦੇ ਅੰਤ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੀਆਂ ਮੰਨੂਵਾਦੀ ਕੁਟਿਲ ਚਾਲਾਂ ਤੋਂ ਸੁਚੇਤ ਰਹੇ ਅਤੇ ਗੁੰਮਰਾਹ ਹੋ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1927 ਤੋਂ ਸੰਭਾਲੀ ਜਾ ਰਹੀ 400 ਸਾਲਾ ‘ਗੁਰਬਾਣੀ ਉਚਾਰਨ ਜੁਗਤ’ ਨੂੰ ਪ੍ਰਚਾਰਨ ਦੇ ਗੁਰਮੁਖੀ ਮਾਰਗ ਤੋਂ ਨਾ ਥਿੜਕੇ; ਜਿਵੇਂ ਕਿ ਕਮੇਟੀ ਦੇ ਕੁਝ ਵੱਡੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅਕਤੂਬਰ 2021 ਵਿੱਚ ਧਰਮ ਪ੍ਰਚਾਰ ਕਮੇਟੀ, ਸ੍ਰੀ ਅਮ੍ਰਿਤਸਰ ਦੁਆਰਾ ‘ਗੁਰਬਾਣੀ ਸੰਥਿਆ ਉਚਾਰਨ ਦੇ ਵਿਸੇਸ਼ ਹਵਾਲੇ ਨਾਲ’ ਕਿਤਾਬਚਾ ਛਾਪ ਦਿੱਤਾ ਗਿਆ ਹੈ, ਜਿਸ ਪ੍ਰਤੀ ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਗਿਆਨਤਾ ਪ੍ਰਗਟ ਕੀਤੀ। ਹਕੀਕਤ ਹੈ ਕਿ ਸਿੱਖ ਸਮਾਜ ਦੀ ਦ੍ਰਿਸ਼ਟੀ ਵਿੱਚ ਇਸ ਕਿਤਾਬਚੇ ਨੇ ਕਮੇਟੀ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਤੇ ਦੁਬਿਧਾ-ਜਨਕ ਬਣਾ ਦਿੱਤਾ ਹੈ। ਇਸ ਲਈ ਚੰਗਾ ਹੋਵੇ ਜੇ ਸ਼੍ਰੋਮਣੀ ਕਮੇਟੀ ਅਜਿਹੇ ਕਿਤਾਬਚਿਆਂ ਨੂੰ ਮੁੜ ਛਾਪਣ ਵੱਲ ਨਾ ਵਧੇ ਸਗੋਂ ਉਹ ਆਪਣੇ ਮੁੱਢਲੇ ਕਾਲ ਤੋਂ ਗੁਰਬਾਣੀ ਉਚਾਰਨ ਪੱਖੋਂ ਪ੍ਰਿਸੀਪਲ ਤੇਜਾ ਸਿੰਘ ਜੀ ਦੁਆਰਾ ਪ੍ਰੋ. ਸਾਹਿਬ ਸਿੰਘ ਜੀ ਦੀ ਸਾਲਾਹ ਨਾਲ ਰਚਿਤ ਕਿਤਾਬਚਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਅਤੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ (4 ਭਾਗ) ਨੂੰ ਨਿਰੰਤਰਤਾ ਸਹਿਤ ਛਾਪਦੀ ਆ ਰਹੀ ਸੀ, ਜਿਹੜੇ ਨਵੀਨ ਕਿਤਾਬਚੇ ਦੀ ਸੰਥਿਆ ਸ਼ੈਲੀ ਨਾਲ ਮੁੱਢੋਂ ਹੀ ਮੇਲ ਨਹੀਂ ਖਾਂਦੇ ਹਨ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਅਹੁਦੇਦਾਰਾਂ ਨੂੰ ਇਹ ਵੀ ਖ਼ਿਆਲ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਸੰਥਿਆ ਦੇ ਹਿੰਦੀ-ਨੁਮਾ ਉਚਾਰਨ ਵਾਲੀ ਜਿਹੜੀ ਵਿਧੀ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ ਪਟਿਆਲੇ ਦੀ ਅਕਤੂਬਰ 2021 ਵਿਖੇ ਹੋਈ ‘ਪੰਜ-ਰੋਜ਼ਾ ਕਾਰਜਸ਼ਾਲਾ’ ਦੇ ਸਿਖਿਆਰਥੀਆਂ ਅਤੇ ਉਪਰੋਕਤ ਕਿਸਮ ਦੇ ਨਵੀਨ ਕਿਤਾਬਚੇ ਰਾਹੀਂ ਪ੍ਰਚਾਰੀ ਜਾ ਰਹੀ ਹੈ, ਇਸ ਦੇ ਮੋਢੀ ਡਾ. ਹਰਕੀਰਤ ਸਿੰਘ ਨੂੰ ਉਚਾਰਣਿਕ ਪੱਖੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਣਜੀਤ ਸਿੰਘ ਅੱਗੇ ਫ਼ਰਵਰੀ 1998 ’ਚ ਲਿਖਤੀ ਮਾਫ਼ੀ ਮੰਗਣੀ ਪਈ ਸੀ । ਤਖ਼ਤ ਸ੍ਰੀ ਕੇਸਗੜ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ ਵੀ ਉਸ ਹਕੀਕਤ ਦੇ ਜਿਊਂਦੇ ਜਾਗਦੇ ਗਵਾਹ ਹਨ । ਕਾਰਨ ਹੈ ਕਿ ਗੁਰਬਾਣੀ ਉਚਾਰਨ ਦੀ ਹਿੰਦੀ-ਨੁਮਾ ਨਵੀਨ ਸੰਥਿਆ-ਵਿਧੀ, ਗੁਰੂ ਕਾਲ ਸਮੇਤ 200 ਸਾਲਾ ਸੰਪਰਦਾਈ ਤੇ ਸਿੱਖ ਮਿਸ਼ਨਰੀ ਲਹਿਰ ਦੀ ‘ਵਿਆਕਰਣਿਕ ਸੰਥਿਆ ਪ੍ਰਣਾਲੀ’ ਦੀ ਵਿਰਾਸਤ ਨੂੰ ਰੱਦ ਕਰਦਿਆਂ ਮੂਲੋਂ ਹੀ ਪੁੱਠਾ-ਗੇੜਾ ਦੇਣ ਤੁੱਲ ਹੈ । ਸਿੱਖ ਜਗਤ ਲਈ ਐਸਾ ਕਥਨ ਵੀ ਗੁੰਮਰਾਹਕੁੰਨ ਹੈ ਕਿ ਇਸ ਜੁਗਤ ਰਾਹੀਂ ਸਾਰੇ ਸਿੱਖ ਜਗਤ ਵਿੱਚ ਗੁਰਬਾਣੀ ਉਚਾਰਨ ਪੱਖੋਂ ਇਕਸਾਰਤਾ ਸਥਾਪਤ ਹੋ ਜਾਏਗੀ ਕਿਉਂਕਿ ਇਲਾਕਈ ਪ੍ਰਭਾਵ ਅਧੀਨ ਕਿਸੇ ਵੀ ਇੱਕ ਦੇਸ਼ ਦੇ ਵਾਸੀਆਂ ਦੇ ਭਾਸ਼ਾਈ ਉਚਾਰਨ ਵਿੱਚ ਇਕਸਾਰਤਾ ਨਹੀਂ ਹੈ। ਸਾਹਿਤਕ ਦੁਨੀਆਂ ਵਿੱਚ ਪ੍ਰਚਲਿਤ ਲੋਕੋਕਤੀ ਹੈ ਕਿ ਹਰੇਕ 12 ਕੋਹ ਪਿਛੋਂ ਭਾਸ਼ਾ ਬਦਲ ਜਾਂਦੀ ਹੈ । ਸੱਚ ਤਾਂ ਇਹ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਮੇਤ ਕਿਸੇ ਵੀ ਧਰਮ ਗ੍ਰੰਥ ਦੀ ਛਪਾਈ ਪੱਖੋਂ ਇਕਸਾਰਤਾ ਤਾਂ ਸਥਾਪਤ ਹੋ ਸਕਦੀ ਹੈ, ਪ੍ਰੰਤੂ ਉਚਾਰਣਿਕ ਇਕਸਾਰਤਾ ਤਾਂ ਮੁੱਢੋਂ ਹੀ ਅਸੰਭਵ ਹੈ ।

ਗੁਰਬਾਣੀ ਦੇ ਉਚਾਰਨ ਪੱਖੋਂ ਇਹ ਮਸਲਾ ਹੋਰ ਵੀ ਗੁੰਝਲ਼ਦਾਰ ਬਣ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹਿੰਦੁਸਤਾਨ ਦੀਆਂ ਕਈ ਮੁੱਖ ਤੇ ਉਪ-ਭਾਸ਼ਾਵਾਂ ਦੀ ਤਤਸਮ ਸ਼ਬਦਾਵਲੀ ਵੀ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਮੂਲ-ਰੂਪ ਨੂੰ ਹੂ-ਬਹੂ ਕਾਇਮ ਰੱਖਿਆ ਹੋਇਆ ਹੈ । ਪੰਜਾਬ ਦੇ ਮਝੈਲ; ‘ਛ’ ਨੂੰ ‘ਸ਼’ ਬੋਲਦੇ ਹਨ। ਗੁਜਰਾਤੀ; ‘ਸ਼’ ਨੂੰ ‘ਸ’ ਬੋਲਣ ਲਈ ਮਜਬੂਰ ਹਨ। ਜੰਮੂ ਕਸ਼ਮੀਰ ਦੇ ਵਾਸੀ; ‘ਕਨੌੜੇ’ ਨੂੰ ‘ਹੋੜੇ’ ਦੀ ਧੁਨੀ ਵਜੋਂ ਉਚਾਰਨ ਲਈ ਅਸਮਰਥ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਮੁਖੀ ਅਤੇ ਪੰਥ ਪ੍ਰਸਿੱਧ ਵਿਦਵਾਨ ਡਾ. ਬਲਕਾਰ ਸਿੰਘ ਜੀ ਨੇ ਗੁਰਬਾਣੀ ਉਚਾਰਨ ਦੀ ਹਿੰਦੀ-ਨੁਮਾ ਜੁਗਤ ਸੰਬੰਧੀ ਪੰਜਾਬ ਦੇ ਇੱਕ ਟੀ.ਵੀ. ਚੈਨਲ ’ਤੇ ਚਰਚਾ ਕਰਦਿਆਂ ਸਪਸ਼ਟ ਕਿਹਾ ਕਿ ਕਿਸੇ ਦੀ ਉਚਾਰਣਿਕ ਮਜਬੂਰੀ ਨੂੰ ਗੁਸਤਾਖ਼ੀ ਸਮਝਣ ਦੀ ਵਧੀਕੀ ਨਹੀਂ ਹੋਣੀ ਚਾਹੀਦੀ । ਮੈਂ ਅਮਰੀਕਨ ਸਿੱਖਾਂ ਨੂੰ ਪੰਜਾਬੀ ਪੜ੍ਹਾਉਂਦਿਆਂ ‘ਘ’ ਤੇ ‘ੜ’ ਨਹੀਂ ਬੁਲਵਾ ਸਕਿਆ, ਪਰ ਉਨ੍ਹਾਂ ਵਿੱਚੋਂ ਬਹੁਤੇ ਸਰਲਤਾ ਸਹਿਤ ਸਿੱਧੇ ਪਾਠ ਅਤੇ ਕੀਰਤਨ ਕਰਨ ਦੁਆਰਾ ਗੁਰਬਾਣੀ ਨਾਲ ਜੁੜਦੇ ਰਹੇ ਅਤੇ ਜੁੜ ਰਹੇ ਹਨ। ਜਿਹੜੇ ਵਿਦਵਾਨ ਹਰੇਕ ਲਫ਼ਜ਼ ਦੀ ਅਖੀਰਲੀ ਸਿਹਾਰੀ ਤੇ ਔਂਕੜ ਨੂੰ ਬੋਲਣ ਦੀ ਜ਼ਿੱਦ ਕਰਦੇ ਹਨ, ਉਨ੍ਹਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਪਾਠੀ ਅਤੇ ਕੀਰਤਨੀਏ ਉਨ੍ਹਾਂ ਦੇ ਸੁਝਾਵਾਂ ਨਾਲ ਕਿਵੇਂ ਨਿਭਣਗੇ ? ਇਸ ਮਜਬੂਰੀ ਨੂੰ ਗੁਸਤਾਖ਼ੀ ਵਾਂਗ ਲੈਣ ਵਾਲਿਆਂ ਦੇ ਪਹਿਰੇਦਾਰਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜੇ ਗੁਰਬਾਣੀ ਉਚਾਰਨ ਦੀ ਸਦੀਆਂ ਤੋਂ ਚੱਲਦੀ ਪ੍ਰੰਪਰਾਗਤ ਵਿਧੀ ਨਾਲ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ ਤਾਂ ਇਸ ਨੂੰ ਪੰਥਕ ਮਸਲਾ ਕਿਉਂ ਬਣਾਇਆ ਜਾ ਰਿਹਾ ਹੈ, ਜਿਹੜਾ ਪੰਥ ਅੰਦਰ ਸ਼ੀਆ ਸੁੰਨੀਆਂ ਵਾਙ ਟਕਰਾਅ ਨੂੰ ਜਨਮ ਦੇ ਸਕਦਾ ਹੈ।

ਇਸ ਲਈ ਦਾਸਰੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਾਰਣਿਕ ਇਕਸਾਰਤਾ ਦੀ ਥਾਂ ਪਹਿਲਾਂ ਛਾਪੇ ਦੀ ਇਕਸਾਰਤਾ ਵੱਲ ਵਿਸ਼ੇਸ਼ ਧਿਆਨ ਦੇਣ । ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਜਨਵਰੀ 1977 ਵਿੱਚ ਪ੍ਰਕਾਸ਼ਿਤ ‘ਪਾਠ-ਭੇਦਾਂ ਦੀ ਸੂਚੀ’ ਅਤੇ 26 ਮਾਰਚ 1996 ਨੂੰ ਸਥਾਪਤ ਕੀਤੀ 6 ਮੈਂਬਰੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਿੱਚ ਜੋ ਅੰਤ੍ਰਿਮ ਰਿਪੋਰਟ ਪੇਸ਼ ਕੀਤੀ ਸੀ, ਉਸ ਮੁਤਾਬਕ ਪ੍ਰਾਚੀਨ ਬੀੜਾਂ ਦੇ ਹਜ਼ਾਰਾਂ ਪਾਠ-ਭੇਦਾਂ ਦੇ ਵਖਰੇਵੇਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਗੁਰਬਾਣੀ ਪ੍ਰਕਾਸ਼ਨਾਵਾਂ ਵਿੱਚ ਵੀ ਛਾਪੇ ਦੀ ਇਕਸਾਰਤਾ ਨਹੀਂ ਹੈ। ਸ਼੍ਰੋਮਣੀ ਕਮੇਟੀ ਲਈ ਵੀ ਲੋੜੀਂਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸੰਬੰਧੀ ਉਪਰੋਕਤ ਪੱਖਾਂ ਨੂੰ ਗੰਭੀਰਤਾ ਸਹਿਤ ਵਿਚਾਰੇ ਕਿਉਂਕਿ ਹੁਣ ਉਸ ਖੋਜੀ ਟੀਮ ’ਚੋਂ ਕੇਵਲ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਅਰਦਾਸੀਏ ਗਿਆਨੀ ਭਰਪੂਰ ਸਿੰਘ ਹੀ ਸਾਡੇ ਵਿੱਚ ਮੌਜੂਦ ਹਨ, ਬਾਕੀ ਸਾਰੇ ਚਲਾਣਾ ਕਰ ਚੁੱਕੇ ਹਨ। ਗੁਰਬਾਣੀ ਦੇ ਉਚਾਰਨ ਪੱਖੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਤੇ ਸੰਪਰਦਾਈ ਪ੍ਰਨਾਲੀ ਦਾ ਸਾਰੰਸ਼ ਮੰਨੀ ਜਾਂਦੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ਦੀਆਂ ਉਚਾਰਣਿਕ ਸੇਧਾਂ ’ਤੇ ਆਧਾਰਿਤ 2 ਸਦੀਆਂ ਦੀ, ਜੋ ‘ਵਿਆਕਰਣਿਕ ਸੰਥਿਆ ਸ਼ੈਲੀ’ ਦੀ ਵਿਰਾਸਤ ਹੈ, ਉਸ ’ਤੇ ਦ੍ਰਿੜ੍ਹਤਾ ਸਹਿਤ ਪਹਿਰਾ ਦੇਵੇ । ਉਸ ਦੀ ਮੁੱਖ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਸਾਜਿਸ਼ ਦਾ ਸ਼ਿਕਾਰ ਹੋਣ ਤੋਂ ਬਚਦੀ ਹੋਈ ਸਮੁੱਚੇ ਸਿੱਖ ਭਾਈਚਾਰੇ ਨੂੰ ਲੁੱੱਟ ਦੇ ਖ਼ਤਰੇ ਵਾਲੇ ਦੁਬਿਧਾ-ਜਨਕ ਕੁਮਾਰਗ ਤੋਂ ਬਚਾ ਕੇ ਰੱਖੇ । ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਭਲੀਭਾਂਤ ਸੁਚੇਤ ਕੀਤਾ ਹੈ ‘‘ਦੁਬਿਧਾ ਛੋਡਿ ਕੁਵਾਟੜੀ; ਮੂਸਹੁਗੇ ਭਾਈ !॥  ਅਹਿਨਿਸਿ ਨਾਮੁ ਸਲਾਹੀਐ; ਸਤਿਗੁਰ ਸਰਣਾਈ ॥’’ (ਮਹਲਾ ੧/੪੧੯)

 ਵਿਸ਼ੇਸ਼ ਨੋਟ : ਵਿਦਵਾਨ ਸੱਜਣਾਂ ਦੇ ਵਿਸ਼ੇਸ਼ ਵਿਚਾਰਾਂ ਨੂੰ ਦੂਹਰੇ ਤੇ ਪੁੱਠੇ (‘‘’’) ਕੌਮਿਆਂ ਅੰਦਰ ਪ੍ਰਗਟਾਇਆ ਹੈ, ਪ੍ਰੰਤੂ ਉਨ੍ਹਾਂ ਦੇ ਬਿਖਮ ਲਫ਼ਜ਼ਾਂ ਦੀ ਸਪਸ਼ਟਤਾ ਹਿਤ ਗੋਲ ਬ੍ਰੈਕਟਾਂ () ਵਿੱਚ ਲਿਖੇ ਵਿਚਾਰ ਲੇਖਕ ਦੇ ਹਨ।

ਭੁੱਲ-ਚੁੱਕ ਲਈ ਮੁਆਫ਼ ਕਰਨੀ ਜੀ । ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹ ।

ਸ੍ਰੀ ਗੁਰੂ ਗ੍ਰੰਥ ਅਤੇ ਪੰਥ ਦਾ ਪ੍ਰਚਾਰਕ ਸੇਵਾਦਾਰ : ਜਗਤਾਰ ਸਿੰਘ ਜਾਚਕ (ਨਿਊਯਾਰਕ)