ਕ੍ਰਾਂਤੀਕਾਰੀ ਭਗਤ ਕਬੀਰ ਜੀ ਦਾ ਜੀਵਨ ਅਤੇ ਉਪਦੇਸ਼

0
266

ਕ੍ਰਾਂਤੀਕਾਰੀ ਭਗਤ ਕਬੀਰ ਜੀ ਦਾ ਜੀਵਨ ਅਤੇ ਉਪਦੇਸ਼

ਅਵਤਾਰ ਸਿੰਘ ਮਿਸ਼ਨਰੀ (5104325827)

14-15ਵੀਂ ਸਦੀ ਵੇਲੇ ਦਾ ਭਾਰਤੀ ਸਮਾਜ ਧਾਰਮਿਕ ਕੱਟੜਵਾਦ, ਪਾਖੰਡੀ ਪੁਜਾਰੀਵਾਦ ਅਤੇ ਜਾਤੀ ਊਚ-ਨੀਚ ਜਿਹੀ ਗੰਭੀਰ ਬੀਮਾਰੀ ’ਚ ਜਕੜਿਆ ਹੋਇਆ ਸੀ, ਜਿੱਥੇ ਦਲਿਤ ਲੋਕਾਂ ਨੂੰ ਨਾ ਤਾਂ ਪ੍ਰਭੂ ਦੀ ਭਗਤੀ ਕਰਨ ਦੀ ਤੇ ਨਾ ਮੰਦਿਰਾਂ ਵਿੱਚ ਜਾਣ ਦੀ ਆਗਿਆ ਸੀ। ਐਸੀ ਤਰਸਯੋਗ ਹਾਲਤ ਨੂੰ ਸੁਧਾਰਨ ਦੀ ਵਿਸ਼ੇਸ਼ ਜ਼ਰੂਰਤ ਸੀ। ਕਿਸੇ ਐਸੇ ਮਹਾਂ ਪੁਰਖ ਦੀ, ਜੋ ਇਸ ਗੰਧਲ਼ ਚੁੱਕੇ ਸਮਾਜਿਕ ਸਿਸਟਮ ਵਿਰੁੱਧ ਬੁਲੰਦ ਭਰੀ ਬੇਖ਼ੌਫ ਆਵਾਜ਼ ਨਾਲ ਸੱਚ ਅਤੇ ਸਮੁੱਚੀ ਮਨੁੱਖਤਾ ਦੀ ਬਰਾਬਰੀ ਦਾ ਹੋਕਾ ਦੇ ਸਕੇ। ਅਜਿਹੇ ਹਾਲਾਤ ਸਮੇਂ ਇੱਥੇ ਭਗਤੀ ਲਹਿਰ ਦਾ ਆਗਮਨ ਹੋਣਾ ਇੱਕ ਬਹੁਤ ਵੱਡਾ ਕ੍ਰਿਸ਼ਮਾ ਅਤੇ ਭਾਰਤੀ ਸਮਾਜ ਵਿੱਚ ਸੰਜੀਵਨੀ ਬੂਟੀ ਦੇ ਬਰਾਬਰ ਸੀ। ਇਸ ਭਗਤੀ ਲਹਿਰ ਦੇ ਨਾਇਕ ਮਹਾਂ ਪੁਰਖਾਂ ਵਿੱਚੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਹੋਰਾਂ ਦਾ ਯੋਗਦਾਨ ਨਾ ਭੁੱਲਣਯੋਗ ਹੈ।

ਭਗਤ ਕਬੀਰ ਜੀ ਭਾਰਤ ਦੀ ਭਗਤੀ ਪਰੰਪਰਾ ਦੇ ਉੱਘੇ ਕ੍ਰਾਂਤੀਕਾਰੀ ਭਗਤ ਪ੍ਰਚਾਰਕ ਤੇ ਸੁਧਾਰਕ ਹੋਏ ਹਨ, ਜਿਨ੍ਹਾਂ ਨੇ ਪ੍ਰਭੂ-ਪ੍ਰੇਮ ਅਤੇ ਲੋਕਾਈ ਦੀ ਭਲਾਈ ਹਿਤ ਆਪਣਾ ਸੰਪੂਰਨ ਜੀਵਨ ਅਰਪਨ ਕਰ ਦਿੱਤਾ। ਰੱਬ ਦਾ ਸੰਦੇਸ਼ ਲੋਕਾਂ ਤੱਕ ਲੈ ਜਾਣ ਅਤੇ ਮਾਨਵਤਾ ਦੀ ਸੇਵਾ ਕਰਦੇ ਹੋਏ ਇਨ੍ਹਾਂ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਸੀ ਉਹ ਮੌਜੂਦਾ ਸਮੇਂ ਵਿੱਚ ਵੀ ਲੋਕ-ਮਨਾਂ ’ਤੇ ਅਸਰਦਾਰ ਸਾਬਤ ਹੋ ਰਹੀ ਹੈ। ਇਸ ਬਾਣੀ ਵਿੱਚੋਂ 243 ਸਲੋਕ ਅਤੇ 17 ਰਾਗਾਂ ਅਧੀਨ 227 ਪਦੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹਨ। ਸਲੋਕਾਂ ਵਿੱਚੋਂ 6 ਸਲੋਕ ਗੁਰੂ ਸਾਹਿਬਾਨ ਦੁਆਰਾ ਭਗਤ ਜੀ ਦੀ ਬਾਣੀ ਦੀ ਸਪਸ਼ਟਤਾ ਲਈ ਰਚੇ ਗਏ। ਗੁਰੂ ਅਮਰਦਾਸ ਜੀ ਦਾ ਇੱਕ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਪੰਜ ਸਲੋਕ ਇਹ ਸਪਸ਼ਟ ਕਰਦੇ ਹਨ ਕਿ ਭਗਤ ਜੀ ਦੀ ਬਾਣੀ ਪਹਿਲਾਂ ਤੋਂ ਹੀ ਗੁਰੂ ਸਾਹਿਬਾਨ ਕੋਲ ਮੌਜੂਦ ਸੀ, ਜਿਸ ਨੂੰ ਗੁਰੂ ਨਾਨਕ ਸਾਹਿਬ ਦੁਆਰਾ ਉਦਾਸੀਆਂ ਸਮੇਂ ਇਕੱਤਰ ਕੀਤੀ ਮੰਨਿਆ ਜਾਂਦਾ ਹੈ।

ਭਗਤ ਕਬੀਰ ਜੀ (1440-1518); ਗੁਰੂ ਨਾਨਕ ਸਾਹਿਬ (1469-1539) ਦੇ ਸਮਕਾਲੀ ਮੰਨੇ ਜਾਂਦੇ ਹਨ। ਭਗਤ ਕਬੀਰ ਜੀ ਬਨਾਰਸ ਵਿਖੇ ਰਹਿੰਦੇ ਸਨ, ਜਿੱਥੇ ਜਾਤ-ਪਾਤ ਦਾ ਬਹੁਤ ਬੋਲ ਬਾਲਾ ਸੀ। ਨੀਵੀਂ ਜਾਤ ’ਚ ਪੈਦਾ ਹੋਣ ਵਾਲੇ ਨੂੰ ਹੀਣ-ਭਾਵਨਾ ਨਾਲ਼ ਦੇਖਿਆ ਜਾਂਦਾ ਸੀ। ਸਮਾਜਿਕ ਰੁਤਬੇ ਕਾਰਨ ਨੀਵੀਂ ਜਾਤ ਵਾਲਿਆਂ ਨੂੰ ਉੱਚ-ਸ਼੍ਰੇਣੀਆਂ ਅਧੀਨ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਸ਼ੂਦਰ ਸਮਝੀਆਂ ਜਾਣ ਵਾਲੀਆਂ ਸਮੂਹ ਜਾਤਾਂ ਨੂੰ ਧਾਰਮਿਕ ਅਸਥਾਨਾਂ ਵਿੱਚ ਪ੍ਰਵੇਸ਼ ਕਰਨ ਅਤੇ ਧਾਰਮਿਕ ਗ੍ਰੰਥ ਪੜ੍ਹਨ ਦੀ ਸਖ਼ਤ ਮਨਾਹੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਪਾਣੀ ਪੀਣ ਵਾਲੇ ਖੂਹ ਵੀ ਵੱਖੋ-ਵੱਖਰੇ ਸਨ। ਸਮਾਜਿਕ ਬਰਾਬਰੀ ਹੋਣਾ ਤਾਂ ਦੂਰ ਦੀ ਗੱਲ, ਸੋਚਣਾ ਵੀ ਪਾਪ ਸਮਝਿਆ ਜਾਂਦਾ ਸੀ। ਭਗਤ ਜੀ ਸਮਾਜ ਨੂੰ ਦੁਨਿਆਵੀ ਵਰਗ-ਵੰਡ ਅਤੇ ਵਰਣ-ਵੰਡ ਤੋਂ ਮੁਕਤ ਕਰ ਕੇ ਅਧਿਆਤਮਿਕ ਵਿਕਾਸ ’ਤੇ ਜ਼ੋਰ ਦਿੰਦੇ ਸਨ। ਇਹ ਸਮਝਦੇ ਸਨ ਕਿ ਕਿਸੇ ਵੀ ਜਾਤ ਜਾਂ ਵਰਣ ਵਿੱਚ ਪੈਦਾ ਹੋਣ ਵਾਲਾ ਮਨੁੱਖ ਆਪਣੇ ਕਰਮਾਂ ਕਰ ਕੇ ਸ੍ਰੇਸ਼ਟ ਹੋ ਸਕਦਾ ਹੈ। ਇਸ ਕਰ ਕੇ ਇਹ ਆਪਣੀ ਜਾਤ ਜੁਲਾਹਾ ਦੱਸਦੇ ਹਨ ‘‘ਜਾਤਿ ਜੁਲਾਹਾ ਮਤਿ ਕਾ ਧੀਰੁ ’’ (ਭਗਤ ਕਬੀਰ/੩੨੮) ਪਰ ਨਾਲ ਹੀ ਭਗਤ ਜੀ ਲੁਕਾਈ ਦਾ ਮਾਰਗ ਦਰਸ਼ਨ ਕਰਦੇ ਹੋਏ ਕਹਿੰਦੇ ਹਨ ਕਿ ਨੀਵੀਂ ਜਾਤ ’ਚ ਜਨਮ ਲੈਣ ਵਾਲਾ ਵਿਅਕਤੀ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਉੱਚਾ ਹੋ ਜਾਂਦਾ ਹੈ।

ਕਬੀਰ ਜੀ ਦੱਸਦੇ ਹਨ ਕਿ ਮਨੁੱਖ ਦਾ ਜਨਮ ਭਾਵੇਂ ਕਿਸੇ ਵੀ ਜਾਤ ’ਚ ਹੋਇਆ ਹੋਵੇ ਪਰ ਪ੍ਰਭੂ ਦੀ ਬਖ਼ਸ਼ਸ਼ਿ ਨਾਲ਼ ਉਹ ਸਮੂਹ ਦੁਨਿਆਵੀ ਜੰਜਾਲਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ‘‘ਓਛੀ ਮਤਿ ਮੇਰੀ ਜਾਤਿ ਜੁਲਾਹਾ   ਹਰਿ ਕਾ ਨਾਮੁ ਲਹਿਓ ਮੈ ਲਾਹਾ (ਭਗਤ ਕਬੀਰ/੫੨੪), ਕਬੀਰ   ! ਜਾਤਿ ਜੁਲਾਹਾ ਕਿਆ ਕਰੈ ? ਹਿਰਦੈ ਬਸੇ ਗੁਪਾਲ   ਕਬੀਰ   ! ਰਮਈਆ ਕੰਠਿ ਮਿਲੁ, ਚੂਕਹਿ ਸਰਬ ਜੰਜਾਲ ’’ (ਭਗਤ ਕਬੀਰ/੧੩੬੮) ਭਗਤ ਕਬੀਰ ਜੀ ਨੀਵੀਆਂ ਜਾਤਾਂ ’ਚ ਜਨਮ ਲੈਣ ਵਾਲਿਆਂ ਨੂੰ ਹੀ ਪ੍ਰਭੂ-ਭਗਤੀ ਕਰਨ ਲਈ ਪ੍ਰੇਰਨਾ ਪੈਦਾ ਨਾ ਕਰਦੇ ਬਲਕਿ ਉੱਚ-ਜਾਤਾਂ ’ਚ ਜਨਮ ਲੈਣ ਵਾਲਿਆਂ ਨੂੰ ਵੀ ਪ੍ਰਭੂ-ਭਗਤੀ ਤੋਂ ਵਗ਼ੈਰ ਖੋਖਲਾ ਦੱਸਦੇ ਹਨ।

ਭਗਤ ਜੀ ਜਨਮ ਨੂੰ ਸਮਾਜਿਕ ਵਰਗ-ਵੰਡ ਦੀ ਥਾਂ ਪ੍ਰਭੂ-ਭਗਤੀ ਅਤੇ ਬਖ਼ਸ਼ਿਸ਼ ਨੂੰ ਉਹ ਇਸ ਦਾ ਆਧਾਰ ਮੰਨਦੇ ਹਨ। ਭਗਤ ਜੀ ਇਹ ਸਮਝਦੇ ਸਨ ਕਿ ਪ੍ਰਭੂ-ਬੰਦਗੀ ਨਾਲ ਜੁੜੇ ਹੋਏ ਮਨੁੱਖ ਸ੍ਰ੍ਰੇਸ਼ਟ ਅਤੇ ਜਿਹੜੇ ਮਨੁੱਖ ਜਾਤ ਦਾ ਹੰਕਾਰ ਕਰਦੇ ਹਨ ਉਹ ਨੀਵੇਂ ਹਨ। ਤਤਕਾਲੀ ਸਮੇਂ ਦੀ ਸਰਬਉੱਚ ਮੰਨੀ ਜਾਂਦੀ ਸ਼੍ਰੇਣੀ ਬ੍ਰਾਹਮਣ ਵਰਗ ’ਚ ਸ਼ਾਮਲ ਮਨੁੱਖਾਂ ਨੂੰ ਉਹ ਬਹੁਤ ਸਖ਼ਤ ਸ਼ਬਦਾਂ ’ਚ ਝੰਜੋੜਦੇ ਹਨ।

ਭਗਤ ਜੀ ਦੱਸਦੇ ਹਨ ਕਿ ਰੱਬ ਦੀ ਜੋਤ ਨਾਲ ਹੀ ਬੱਚੇ ਦਾ ਜਨਮ ਹੁੰਦੈ ਅਤੇ ਜਨਮ ਲੈਣ ਤੋਂ ਪਹਿਲਾਂ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਬ੍ਰਾਹਮਣ ਜਾਤ-ਅਭਿਮਾਨੀਆਂ ਪ੍ਰਤੀ ਸਖ਼ਤ ਟਿੱਪਣੀਆਂ ਕਰਦੇ ਹੋਏ ਉਹ ਕਹਿੰਦੇ ਹਨ ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ ਕਾਹੇ ਨਹੀ ਆਇਆ ’’ (ਭਗਤ ਕਬੀਰ/੩੨੪) ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ, ਪਾਖੰਡਾਂ ਆਦਿ ਪ੍ਰਤੀ ਭਗਤ ਕਬੀਰ ਜੀ ਮਨੁੱਖਤਾ ਨੂੰ ਸੁਚੇਤ ਕਰਦੇ ਰਹਿੰਦੇ। ਉਨ੍ਹਾਂ ਦੇ ਸਮੇਂ ਬਨਾਰਸ ਹਿੰਦੂਆਂ ਦਾ ਪ੍ਰਮੁੱਖ ਤੀਰਥ ਅਸਥਾਨ ਸੀ ਅਤੇ ਆਮ ਲੋਕ ਬ੍ਰਾਹਮਣ ਦੀ ਪੂਜਾ-ਭੇਟਾ ਰਾਹੀਂ ਮੁਕਤੀ ਲਈ ਆਸਵੰਦ ਸਨ। ਲੁਕਾਈ ਦੀ ਭਲਾਈ ਵਾਲਾ ਮਾਰਗ ਧਾਰਨ ਕਰਨ ਕਰ ਕੇ ਬਹੁਤ ਸਾਰੀਆਂ ਉੱਚ ਜਾਤੀਆਂ ਵਾਲੇ ਲੋਕ ਭਗਤ ਜੀ ਦੇ ਸਖ਼ਤ ਵਿਰੋਧੀ ਹੋ ਗਏ। ਉਹਨਾਂ ਨੇ ਭਗਤ ਜੀ ਨੂੰ ਮਾਰਨ ਦਾ ਅਸਫ਼ਲ ਯਤਨ ਵੀ ਕੀਤਾ, ਪਰ ਭਗਤ ਜੀ ਆਪਣੇ ਮਾਰਗ ਤੋਂ ਨਾ ਤਾਂ ਕਦੇ ਡੋਲੇ ਅਤੇ ਨਾ ਹੀ ਉਨ੍ਹਾਂ ਨੇ ਪ੍ਰਭੂ ’ਤੇ ਕੋਈ ਗਿਲਾ ਕੀਤਾ। ਰੱਬ ’ਚ ਅਟੁੱਟ ਵਿਸ਼ਵਾਸ ਅਤੇ ਉਸ ਦੀ ਰਜ਼ਾ ’ਚ ਜੀਵਨ ਬਸਰ ਕਰਨ ਦੀ ਚੇਸ਼ਟਾ ਪ੍ਰਗਟ ਕਰਦੇ ਆਪ ਆਖਦੇ ਹਨ ‘‘ਹਮ ਤੁਅ ਪਰਸਾਦਿ ਸੁਖੀ ਸਦ ਹੀ ਰਹਾਉ ’’ (ਭਗਤ ਕਬੀਰ/੯੬੯)

ਪ੍ਰਭੂ ਰਜ਼ਾ ’ਚ ਰਹਿੰਦੇ ਹੋਏ ਭਗਤ ਜੀ ਨੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਕਾਰਜ ਅਰੰਭ ਕੀਤਾ । ਭੇਦ ਭਾਵ ਅਤੇ ਕਰਮਕਾਂਡ ਦਾ ਜਿਹੜਾ ਮੱਕੜਜਾਲ ਪ੍ਰੋਹਿਤ ਸ਼੍ਰੇਣੀ ਵੱਲੋਂ ਬੁਨਿਆ ਗਿਆ ਭਗਤ ਜੀ ਨੇ ਉਸ ਨੂੰ ਤੋੜਨ ’ਚ ਮਹੱਤਵ ਪੂਰਨ ਭੂਮਿਕਾ ਨਿਭਾਈ।

ਬਨਾਰਸ ਦੀ ਪ੍ਰੋਹਿਤ ਸ਼੍ਰੇਣੀ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ ਜਦੋਂ ਇਹ ਐਲਾਨ ਕੀਤਾ ਕਿ ਜਿਹੜਾ ਮਨੁੱਖ ਬਨਾਰਸ ’ਚ ਨਹੀਂ ਮਰਦਾ ਉਸ ਦੀ ਮੁਕਤੀ ਨਹੀਂ ਹੁੰਦੀ ਤੇ ਜਿਹੜਾ ਉਥੋਂ ਕੁੱਝ ਦੂਰੀ ’ਤੇ ਸਥਿਤ ਨਗਰ ਮਗਹਰ ’ਚ ਪ੍ਰਾਣ ਤਿਆਗਦਾ ਹੈ ਉਹ ਖੋਤੇ ਦੀ ਜੂਨ ’ਚ ਪੈਂਦਾ ਹੈ। ਭਗਤ ਜੀ ਨੇ ਇਸ ਐਲਾਨ ਦਾ ਗੰਭੀਰ ਨੋਟਿਸ ਲਿਆ ਅਤੇ ਉਹ ਲੁਕਾਈ ਨੂੰ ਇਸ ਭਰਮਜਾਲ ’ਚੋਂ ਸਦੀਵੀ ਤੌਰ ’ਤੇ ਬਾਹਰ ਕੱਢਣ ਲਈ ਆਪਣੇ ਜੀਵਨ ਦੇ ਅੰਤਿਮ ਸਮੇਂ ਬਨਾਰਸ ਛੱਡ ਕੇ ਮਗਹਰ ਚਲੇ ਗਏ ਕਿਉਂਕਿ ਉਹ ਸਮਝਦੇ ਸਨ ਕਿ ਸਮੁੱਚੀ ਧਰਤੀ ਕਰਤੇ ਨੇ ਪੈਦਾ ਕੀਤੀ ਹੈ ‘‘ਤੋਰੇ ਭਰੋਸੇ ਮਗਹਰ ਬਸਿਓ; ਮੇਰੇ ਤਨ ਕੀ ਤਪਤਿ ਬੁਝਾਈ   ਪਹਿਲੇ ਦਰਸਨੁ ਮਗਹਰ ਪਾਇਓ; ਫੁਨਿ ਕਾਸੀ ਬਸੇ ਆਈ   ਜੈਸਾ ਮਗਹਰੁ ਤੈਸੀ ਕਾਸੀ; ਹਮ ਏਕੈ ਕਰਿ ਜਾਨੀ ’’ (ਭਗਤ ਕਬੀਰ/੯੬੯)

ਭਗਤ ਜੀ ਆਮ ਲੋਕਾਂ ਨੂੰ ਪ੍ਰਭੂ-ਮੁਖੀ ਜੀਵਨਜਾਚ ਧਾਰਨ ਕਰਨ ਦੀ ਪ੍ਰੇਰਨਾ ਪੈਦਾ ਕਰਨ ਦੇ ਨਾਲ-ਨਾਲ ਅਜਿਹੀ ਜੀਵਨਜਾਚ ਧਾਰਨ ਕਰਨ ’ਤੇ ਜ਼ੋਰ ਦਿੰਦੇ, ਜਿਸ ’ਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਅਤੇ ਪਰਉਪਕਾਰ ਜਿਹੇ ਗੁਣ ਪੈਦਾ ਹੁੰਦੇ ਅਤੇ ਜਿਨ੍ਹਾਂ ਨੂੰ ਧਾਰਨ ਕਾਰਨ ਨਾਲ ਮਨ ’ਚੋਂ ਵਿਕਾਰਾਂ ਦਾ ਨਾਸ਼ ਹੁੰਦਾ। ਭਗਤ ਜੀ ਦੀ ਸਮੁੱਚੀ ਬਾਣੀ ਲੋਕਾਈ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਉਨ੍ਹਾਂ ਦੁਆਰਾ ਰਚੇ ਗਏ ਸਲੋਕ ਮਨ ’ਤੇ ਗੰਭੀਰ ਅਸਰ ਪਾਉਂਦੇ ਹਨ।

ਭਗਤ ਜੀ ਦੀ ਬਾਣੀ ਰੂੜ੍ਹੀਵਾਦੀ ਵਿਚਾਰਾਂ ਨੂੰ ਤਿਆਗ ਕੇ ਸਦਾਚਾਰੀ ਜੀਵਨਜਾਚ ਗ੍ਰਹਿਣ ਕਰਨ ’ਤੇ ਜ਼ੋਰ ਦਿੰਦੀ ਹੈ। ਮਨੁੱਖ ਨੂੰ ਮਿੱਟੀ ਦਾ ਪੁਤਲਾ ਮੰਨ ਕੇ ਉਹ ਇਸ ਦੀ ਨਾਸ਼ਮਾਨਤਾ ਵੱਲ ਸੰਕੇਤ ਕਰਦੇ ਹਨ। ਇਸ ਨਾਸ਼ਵਾਨ ਸਰੀਰ ਦੀ ਸਾਰਥਕਤਾ ਸ਼ੁਭ ਕਾਰਜਾਂ ਰਾਹੀਂ ਪ੍ਰਗਟ ਹੁੰਦੀ ਹੈ ਜਿਸ ’ਚੋਂ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ ਅਤੇ ਮਨ ਦਵੈਤ ’ਚ ਭਟਕਣ ਦੀ ਬਜਾਏ ਅਦ੍ਵੈਤ ਨਾਲ ਇਕਸੁਰ ਹੋ ਜਾਂਦਾ ਹੈ।

ਕਬੀਰ ਜੀ ਦਾ ਭਾਰਤੀ ਮਾਨਸਿਕਤਾ ’ਤੇ ਕਿੰਨਾ ਪ੍ਰਭਾਵ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦੈ ਕਿ ਇਨ੍ਹਾਂ ਦੀ ਬਾਣੀ ਲੋਕ ਮੁਹਾਵਰੇ ਵਾਂਗ ਵਰਤੀ ਜਾਂਦੀ ਹੈ ਜਿਵੇਂ ‘‘ਭੂਖੇ ਭਗਤਿ ਕੀਜੈ   ਯਹ ਮਾਲਾ ਅਪਨੀ ਲੀਜੈ (ਭਗਤ ਕਬੀਰ/੬੫੬), ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਭਾਰਤ ਦੀ ਭਗਤੀ ਪਰੰਪਰਾ ਅਤੇ ਮੱਧਕਾਲੀ ਚਿੰਤਨ ਨਾਲ ਸੰਬੰਧਿਤ ਕੋਈ ਵੀ ਕਾਰਜ ਭਗਤ ਕਬੀਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਸਮਝੇ ਵਗ਼ੈਰ ਅਧੂਰਾ ਹੈ। ਭਾਰਤ ਦੀ ਪ੍ਰਚਾਰਕ ਸ਼੍ਰੇਣੀ, ਅਕਾਦਮਿਕ ਕਾਰਜਾਂ ਵਿੱਚ ਰੁਚੀ ਰੱਖਣ ਵਾਲੇ ਵਿਦਵਾਨ ਅਤੇ ਆਮ ਲੋਕ ਭਗਤ ਜੀ ਦੀ ਬਾਣੀ ਅਤੇ ਕਾਰਜਾਂ ਦੀ ਆਮ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ।

ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਜਨਮ ਲਿਆ ਅਤੇ ਉਨ੍ਹਾਂ ਦੇ ਕੁਝ ਮਹਾਨ ਕਰਮਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ, ਗੁਰੂਆਂ ਤੇ ਸਿੱਖਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦਾ ਜਨਮ; ਗੁਰੂ ਨਾਨਕ ਦੇਵ ਜੀ ਤੋਂ 29 ਸਾਲ ਪੂਰਵ ਮੰਨਿਆਂ ਜਾਂਦਾ ਹੈ।

ਅਰਬੀ ਭਾਸ਼ਾ ’ਚ ‘ਕਬੀਰ’ ਦਾ ਸ਼ਾਬਦਿਕ ਅਰਥ ‘ਵੱਡਾ, ਮਹਾਨ’ ਅਤੇ ‘ਦਾਸ’ ਸ਼ਬਦ ਦਾ ਸੰਸਕ੍ਰਿਤ ਭਾਸ਼ਾ ’ਚ ਅਰਥ ਹੈ ‘ਸੇਵਕ’। ਉਨ੍ਹਾਂ ਦੀ ਬਾਣੀ ਧਾਰਮਿਕ ਪਵਿੱਤਰ ਗ੍ਰੰਥ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹੈ। ਉਨ੍ਹਾਂ ਦੀ ਬਾਣੀ ਨੂੰ ਇੱਕ ਖ਼ਾਸ ਸਥਾਨ ਪ੍ਰਾਪਤ ਹੈ। ਉਨ੍ਹਾਂ ਨੇ 17 ਰਾਗਾਂ ’ਚ 227 ਪਦਾਂ ਦੀ ਰਚਨਾ ਕੀਤੀ ਅਤੇ 243 ਸਲੋਕ ਵੀ ਉਨ੍ਹਾਂ ਦੀ ਬਾਣੀ ’ਚ ਦਰਜ ਹਨ। ਸੱਚੇ ਹਿੰਦੂ ਤੇ ਮੁਸਲਿਮ ਦੋਨੋਂ ਹੀ ਉਨ੍ਹਾਂ ਦੀ ਬਾਣੀ ਨੂੰ ਮਹਾਨਤਾ ਦਿੰਦੇ ਹਨ। ਕਬੀਰ ਜਾਤ ਪਾਤ ਤੋਂ ਮੁਕਤ ਹਨ। ਨਾ ਉਹ ਆਪਣੇ ਆਪ ਨੂੰ ਹਿੰਦੂ ਦੱਸਦੇ ਤੇ ਨਾ ਹੀ ਮੁਸ਼ਲਮਾਨ, ਨਾ ਹੀ ਸੂਫ਼ੀ। ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ’ਚ ਰੱਖਦੇ ਹਨ ਕਿ ਸਾਰੇ ਬੰਦੇ ਇਕ ਹਨ ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ’’ (ਭਗਤ ਕਬੀਰ/੧੩੪੯)

ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ੍ਹੇ ਸ਼ਬਦਾਂ ’ਚ ਖੰਡਨ ਕੀਤਾ ਤੇ ਭਾਰਤੀ ਵਿਚਾਰਧਾਰਾ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਵਿਖਾਵੇ ਮਾਤਰ ਥੋਥੇ ਕਰਮਕਾਂਡਾਂ ’ਚੋਂ ਨਿਕਲ ਕੇ ਮਨੁੱਖ ਨੂੰ ਪ੍ਰਭੂ ਦੀ ਭਗਤੀ, ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ। ਉਹ ਮਨੁੱਖ ਨੂੰ ਜੀਵਨ-ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ।  ਕਬੀਰ ਜੀ ਨੂੰ ਮਰਨ ਦਾ ਕੋਈ ਭੈਅ ਨਹੀਂ ਸਤਾਉਂਦਾ ‘‘ਕਬੀਰ   ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ   ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ (ਭਗਤ ਕਬੀਰ/੧੩੬੫), ਕਬੀਰ   ! ਮੁਹਿ ਮਰਨੇ ਕਾ ਚਾਉ ਹੈ; ਮਰਉ, ਹਰਿ ਕੈ ਦੁਆਰ   ਮਤ ਹਰਿ ਪੂਛੈ ਕਉਨੁ ਹੈ; ਪਰਾ ਹਮਾਰੈ ਬਾਰ ’’ (ਭਗਤ ਕਬੀਰ/੧੩੬੭)

ਅੱਗੇ ਕਬੀਰ ਜੀ ਜਨਮ ਤੇ ਮਰਨ ’ਚ ਅੰਤਰ ਵੀ ਸਮਝਾਂਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਚੰਗੇ ਕਰਮਾਂ ਵਾਲੇ ਜੀਵ ਜਨਮ ਮਰਨ ਦੇ ਚੱਕਰ ’ਚੋਂ ਨਿਕਲ ਜਾਂਦੇ ਹਨ ‘‘ਕਬੀਰਾ  ! ਮਰਤਾ ਮਰਤਾ ਜਗੁ ਮੁਆ; ਮਰਿ ਭਿ ਜਾਨੈ ਕੋਇ   ਐਸੀ ਮਰਨੀ ਜੋ ਮਰੈ; ਬਹੁਰਿ ਮਰਨਾ ਹੋਇ ’’ (ਕਬੀਰ/੫੫੫)

ਕਬੀਰ ਜੀ ਆਪਣੀ ਰਚਨਾ ’ਚ ਇਹ ਵੀ ਸਮਝਾਉਂਦੇ ਹਨ ਕਿ ਜੋ ਕੁਝ ਵੀ ਇਸ ਦੁਨੀਆਂ ’ਤੇ ਹੁੰਦੈ ਉਹ ਕਰਤੇ ਦੀ ਰਜ਼ਾ ’ਚ ਹੁੰਦਾ ਹੈ। ਉਹ ਲਿਖਦੇ ਹਨ ‘‘ਕਬੀਰ  ! ਕਾਰਨੁ ਸੋ ਭਇਓ; ਜੋ ਕੀਨੋ ਕਰਤਾਰਿ (ਨੇ)  ਤਿਸੁ ਬਿਨੁ ਦੂਸਰੁ ਕੋ ਨਹੀ; ਏਕੈ ਸਿਰਜਨਹਾਰੁ ’’ (ਭਗਤ ਕਬੀਰ/੧੩੭੧)

ਉਹ ਆਪਣੀ ਰਚਨਾ ’ਚ ਇਹ ਹੀ ਫ਼ੁਰਮਾਂਦੇ ਹਨ ਕਿ ‘‘ਕਬੀਰ  ! ਸੰਤ ਮੂਏ ਕਿਆ ਰੋਈਐ ? ਜੋ ਅਪੁਨੇ ਗ੍ਰਿਹਿ ਜਾਇ   ਰੋਵਹੁ ਸਾਕਤ ਬਾਪੁਰੇ; ਜੁ ਹਾਟੈ ਹਾਟ ਬਿਕਾਇ ’’ (ਭਗਤ ਕਬੀਰ/੧੩੬੫)

ਕਬੀਰ ਜੀ ਜਿੱਥੇ ਪ੍ਰਭੂ ਭਗਤੀ ’ਚ ਲੀਨ ਰਹਿੰਦੇ ਸਨ ਉੱਥੇ ਆਪਣਾ ਗ੍ਰਹਿਸਤੀ ਜੀਵਨ ਵੀ ਆਪਣੇ ਪਿਤਾ ਪੁਰਖੀ ਧੰਦੇ ਕੱਪੜਾ ਬੁਣਨਾ (ਜੁਲਾਹਾ) ਕੰਮ ਨਾਲ਼ ਜੀਵਨ ਬਸਰ ਕਰਦੇ ਹਨ। ਪ੍ਰਭੂ ਭਗਤੀ ’ਚ ਉਹ ਐਨੇ ਰੰਗੇ ਰਹਿੰਦੇ ਹਨ ਕਿ ਰੱਬ ਨੂੰ ਆਪਣੇ ਅੰਗ-ਸੰਗ ਜਾਣਦੇ ਹਨ ਜਿਵੇਂ ਕਿ ਉਨ੍ਹਾਂ ਦੀ ਬਾਣੀ ਹੈ ‘‘ਕਬੀਰ  ! ਜਾਤਿ ਜੁਲਾਹਾ ਕਿਆ ਕਰੈ ? ਹਿਰਦੈ ਬਸੇ ਗੁਪਾਲ   ਕਬੀਰ   ! ਰਮਈਆ ਕੰਠਿ ਮਿਲੁ; ਚੂਕਹਿ ਸਰਬ ਜੰਜਾਲ ’’ (ਭਗਤ ਕਬੀਰ/੧੩੬੮)

ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਬਾਣੀ ’ਚ ਫ਼ੁਰਮਾਇਆ ਹੈ ‘‘ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ   ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ’’ (ਮਹਲਾ /੪੮੭)

ਕਬੀਰ ਸਾਹਿਬ ਦੀ ਬਾਣੀ ਨੂੰ ਗਹੁ ਨਾਲ ਵਾਚਣ ’ਤੇ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਉਹ ਇਕ ਮਹਾਨ ਪ੍ਰਭੂ ਭਗਤ, ਬਾਣੀਕਾਰ ਤਾਂ ਸਨ ਹੀ, ਪਰ ਨਾਲ ਹੀ ਇਕ ਬਹੁਤ ਵੱਡੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਵੀ ਸਨ। ਉਹ ਜਬਰ ਜ਼ੁਲਮ, ਬ੍ਰਾਹਮਣਵਾਦ, ਪਾਖੰਡਵਾਦ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ ਦਾ ਜਜ਼ਬਾ ਰੱਖਦੇ ਹਨ, ਜਿਸ ਨਾਲ ਤਤਕਾਲੀ ਨੀਵੀਂ ਜਾਤ ਅਖਵਾਉਣ ਵਾਲੇ ਲੋਕਾਂ ’ਚ ਆਤਮ ਵਿਸ਼ਵਾਸ ਪੈਦਾ ਹੋਇਆ। ਇੱਥੇ ਇਹ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਬੇਸ਼ੱਕ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਦਬੇ-ਕੁਚਲੇ ਲੋਕਾਂ ਅਤੇ ਨਾਰੀ ਜਾਤੀ ਦੇ ਹੱਕਾਂ ਦੀ ਰਾਖੀ ਲਈ ਉਸ ਵੇਲੇ ਦੇ ਜਰਵਾਨੇ ਹਾਕਮਾਂ, ਪਾਖੰਡੀ ਪੁਜਾਰੀਆਂ ਵਿਰੁੱਧ ਪੂਰੇ ਸੰਸਾਰ ਦਾ ਸਫ਼ਰ ਕਰਕੇ ਲੋਕਾਂ ਨੂੰ ਸੱਚ ਨਾਲ਼ ਜੋੜਿਆ, ਪਰ ਇਹ ਤੱਥ ਇੱਥੇ ਵਿਚਾਰਨਯੋਗ ਹੈ ਕਿ ਇੱਕ ਸ਼ੂਦਰ ਭਗਤ ਵੱਲੋਂ ਉੱਚੇ ਲੋਕਾਂ ਵਿਰੁੱਧ ਬੋਲਣ ਨੂੰ ਉਹ ਲੋਕ ਆਪਣੇ ਹੰਕਾਰੀ ਰੁਤਬੇ ਵਿਰੁੱਧ ਸਖ਼ਤ ਚੈਲੰਜ ਸਮਝਦੇ ਸਨ। ਕਬੀਰ ਜੀ ਦੀ ਇਸੇ ਹਿੰਮਤ ਨੇ ਸ਼ਾਂਤਮਈ ਇਨਕਲਾਬ ਦੀ ਪਹਿਲੀ ਨੀਂਹ ਰੱਖੀ। ਇੱਥੇ ਇਹ ਗੱਲ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਹਥਿਆਰਬੰਦ ਇਨਕਲਾਬ ਦੀ ਨੀਂਹ ਰੱਖੀ, ਜਿਸ ਉਪਰੰਤ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਨ੍ਹਾਂ ਗਰੀਬ ਨੀਵੇਂ ਕਹੇ ਜਾਂਦੇ ਲੋਕਾਂ, ਜਿਨ੍ਹਾਂ ਨੂੰ ਜੰਗੀ ਹਥਿਆਰ ਰੱਖਣ ਦੀ ਆਗਿਆ ਨਹੀਂ ਸੀ, ਉਨ੍ਹਾਂ  ਨੂੰ ਜੰਗੀ ਬਸਤਰਾਂ-ਸ਼ਸਤਰਾਂ ਤੇ ਘੋੜ ਸਵਾਰੀਆਂ ਨਾਲ ਲੈਸ ਕਰ ਦਿੱਤਾ ਤੇ ਕਿਹਾ ‘‘ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਹੀਂ ਪਈ ਕਦਾਹੀਂ ਤਿਨਹੀ ਕੋ ਸਰਦਾਰ ਬਣਾਊਂ, ਤਬਹਿ ਗੋਬਿੰਦ ਸਿੰਘ ਨਾਮ ਕਹਾਊ’’  ਪਰ ਇਹ ਤੱਥ ਜ਼ਰੂਰ ਵਿਚਾਰਨਯੋਗ ਹੈ ਕਿ ਕਿਸੇ ਕਮਜ਼ੋਰ ਇਨਸਾਨ ਦੇ ਡਿੱਗ ਚੁੱਕੇ ਮਨੋਬਲ ਨੂੰ ਜੋ ਹੀਣ ਭਾਵਨਾ ਦਾ ਸ਼ਿਕਾਰ ਹੋਵੇ, ਉਸ ਨੂੰ ਉਸਾਰੂ ਵਿਚਾਰਾਂ ਰਾਹੀਂ ਅਜਿਹੇ ਜਜ਼ਬੇ ਨਾਲ ਭਰ ਦੇਣਾ ਕਿ ਉਹ ਜ਼ੁਲਮ ਵਿਰੁੱਧ ਹਥਿਆਰ ਚੁੱਕਣ ਦੀ ਹਿੰਮਤ ਕਰ ਸਕੇ, ਇਹ ਵੀ ਇਕ ਮਹੱਤਵ ਪੂਰਨ ਗੱਲ ਹੈ ਅਤੇ ਇਹੋ ਇਨਕਲਾਬੀ ਕਾਰਨਾਮਾ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਕੀਤਾ। ਵੇਖਿਆ ਜਾਵੇ ਤਾਂ ਪੁਰਾਤਨ ਅਤੇ ਅਜੋਕੇ ਸਮਾਜ ’ਚ ਇਹ ਮਿਸਾਲਾਂ ਵੀ ਮਿਲਦੀਆਂ ਹਨ ਕਿ ਕੋਈ ਲੜਾਕੂ ਏਨਾ ਭੈਅ-ਭੀਤ ਅਤੇ ਹੀਣ ਭਾਵਨਾ ਗ੍ਰਸਤ ਹੋ ਗਿਆ ਕਿ ਉਹ ਹਥਿਆਰ ਹੱਥ ’ਚ ਹੁੰਦਿਆਂ ਵੀ ਚੁੱਕਣ ਦੀ ਹਿੰਮਤ ਨਾ ਕਰ ਸਕਿਆ। ਕਬੀਰ ਜੀ ਦੀ ਬਾਣੀ ਜੋ ਸਭ ਤੋਂ ਵੱਡੀ ਉਨ੍ਹਾਂ ਦੀ ਹਿੰਮਤ ਬ੍ਰਾਹਮਣਵਾਦੀ ਵਿਚਾਰਧਾਰਾ ਵਿਰੁੱਧ ਬੋਲਣ ਦਾ ਜਜ਼ਬਾ ਰੱਖਦੀ ਹੈ ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ ਕਾਹੇ ਨਹੀ ਆਇਆ  ?  ਤੁਮ ਕਤ ਬ੍ਰਾਹਮਣਹਮ ਕਤ ਸੂਦ  ?  ਹਮ ਕਤ ਲੋਹੂ  ? ਤੁਮ ਕਤ ਦੂਧ  ?’’ (ਭਗਤ ਕਬੀਰ/੩੨੪)

ਕਬੀਰ ਜੀ ਦੀ ਜੋ ਬਾਣੀ ਸਵੈ ਤਿਆਗ ਅਤੇ ਰਣ ਭੂਮੀ ’ਚ ਜ਼ੁਲਮ ਵਿਰੁੱਧ ਜੂਝਦੇ ਹੋਏ ਕੁਰਬਾਨ ਹੋਣ ਦਾ ਜਜ਼ਬਾ ਭਰਦੀ ਹੈ ਅਤੇ ਰਣ ਭੂਮੀ ’ਚ ਜੂਝਣ ਵਾਲੀ ਬਾਣੀ ਇੰਝ ਹੈ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫)

ਸੋ ਉਪਰੋਕਤ ਵਰਣਨ ਕੀਤੇ ਤੱਥਾਂ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਭਗਤ ਕਬੀਰ ਜੀ ਸੱਚੀ ਪ੍ਰਭੂ ਭਗਤੀ, ਸਮਾਜ ਸੁਧਾਰਕ ਭਾਵਨਾ, ਸ਼ਾਂਤਮਈ ਕ੍ਰਾਂਤੀ ਤੇ ਤਰਕਸ਼ੀਲਤਾ ਭਰੀ ਰਚਨਾ ਉਚਾਰਨ ਵਾਲੇ ਪਹਿਲੇ ਭਗਤ ਹੋਏ ਹਨ। ਇਸ ਲਈ ਅੱਜ ਲੋੜ ਹੈ ਕਿ ਜੋ ਸਾਡੇ ਸ਼ਰਧਾਲੂ ਭੈਣ-ਭਰਾ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਨੂੰ ਨਤਮਸਤਕ ਹੁੰਦੇ ਹਨ ਉਹ ਇਹ ਜ਼ਰੂਰ ਸੋਚਣ ਕਿ ਭਗਤ ਕਬੀਰ ਜੀ ਦੀ ਬਾਣੀ ਨੂੰ ਗੁਰੂ ਸਾਹਿਬਾਨ ਨੇ ਜੇ ਆਦਰ ਸਹਿਤ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ’ਚ ਦਰਜ ਕੀਤੈ ਤਾਂ ਸਮੁੱਚੀ ਲੋਕਾਈ ਆਪਣੇ ਮਨਾਂ ’ਚੋਂ ਵੱਡੇ-ਛੋਟੇ ਹੋਣ ਦਾ ਫ਼ਰਕ ਮਿਟਾ ਕੇ ਕਬੀਰ ਜੀ ਦੀ ਬਾਣੀ ’ਤੇ ਅਮਲ ਕਰਨ ਦੀ ਜ਼ਰੂਰ ਖੇਚਲ ਕਰੇ, ਜਿਸ ਦੀ ਅਜੋਕੇ ਹਾਲਾਤਾਂ ’ਚ ਸਖ਼ਤ ਲੋੜ ਹੈ।

ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਸਿਧਾਂਤ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਇਹ ਖੰਡਨ ਮੰਡਨ ਵਿੱਚ ਬਹੁਤ ਨਿਪੁੰਨ ਹੋ ਗਏ। ਬਹੁਤ ਚਿਰ ਰਾਮਾਨੰਦ ਵਰਗੇ ਪੂਰਨ ਗ੍ਯਾਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨ ਨੂੰ ਪ੍ਰਾਪਤ ਹੋਏ।

ਸਿਕੰਦਰ ਲੋਦੀ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂ ਦੇ ਮੁਸਲਮਾਨਾਂ ਕਾਰਨ ਬਹੁਤ ਕਲੇਸ਼ ਪਹੁੰਚਿਆ, ਜਿਸ ਦਾ ਜ਼ਿਕਰ ਕਬੀਰ ਜੀ ਨੇ ਆਪਣੇ ਸ਼ਬਦ ‘‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ’’ (ਭਗਤ ਕਬੀਰ/੮੭੦) ਸ਼ਬਦ ਵਿੱਚ ਕੀਤਾ, ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਤੇ ਤੱਤ ਗਿਆਨ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ। ਕਬੀਰ ਜੀ ਆਪਣਾ ਇਹ ਬਚਨ ਸਿੱਧ ਕਰਨ ਲਈ ਕਿ ਕਾਸ਼ੀ ਮਰਨ ਤੋਂ ਮੁਕਤੀ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ। ਦੇਹਾਂਤ ਤੋਂ ਕੁੱਝ ਸਮਾਂ ਪਹਿਲਾਂ ਮਗਹਰ, ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਹੈ ਚਲੇ ਗਏੇ। ਆਪ ਸੰਮਤ ੧੫੭੫ (1518 ਈ:) ਵਿੱਚ ਸੰਸਾਰ ਤੋਂ ਕੂਚ ਕਰ ਗਏ। ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਂ ਤੋਂ ਪ੍ਰਸਿੱਧ ਹੈ ਅਤੇ ਲਹਿਰ ਤਲਾਉ ’ਤੇ ਭੀ ਆਪ ਦਾ ਅਸਥਾਨ ਹੈ।

‘ਸ਼ਬਦ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਬਾਣੀ ’ਚ ਜ਼ਿਕਰ ਹੈ  ‘‘ਜਿਉ ਜਲ ਛੋਡਿ; ਬਾਹਰਿ ਭਇਓ ਮੀਨਾ   ਪੂਰਬ ਜਨਮ ਹਉ ਤਪ ਕਾ ਹੀਨਾ   ਅਬ ਕਹੁ ਰਾਮ  ! ਕਵਨ ਗਤਿ ਮੋਰੀ   ਤਜੀ ਲੇ ਬਨਾਰਸ; ਮਤਿ ਭਈ ਥੋਰੀ ਰਹਾਉ   ਸਗਲ ਜਨਮੁ; ਸਿਵ ਪੁਰੀ ਗਵਾਇਆ   ਮਰਤੀ ਬਾਰ; ਮਗਹਰਿ ਉਠਿ ਆਇਆ   ਬਹੁਤੁ ਬਰਸ; ਤਪੁ ਕੀਆ ਕਾਸੀ   ਮਰਨੁ ਭਇਆ; ਮਗਹਰ ਕੀ ਬਾਸੀ   ਕਾਸੀ ਮਗਹਰ ਸਮ ਬੀਚਾਰੀ   ਓਛੀ ਭਗਤਿ; ਕੈਸੇ ਉਤਰਸਿ ਪਾਰੀ   ਕਹੁ ਗੁਰ ਗਜ ਸਿਵ; ਸਭੁ ਕੋ ਜਾਨੈ   ਮੁਆ ਕਬੀਰੁ; ਰਮਤ ਸ੍ਰੀ ਰਾਮੈ ’’ (ਭਗਤ ਕਬੀਰ/੩੨੬)

ਡਾ. ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜ਼ਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉੱਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਆਪ ਬਹੁਤ ਨਿਮਰਤਾ ਰੱਖਦੇ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ‘‘ਕਬੀਰ   ! ਮੇਰਾ ਮੁਝ ਮਹਿ ਕਿਛੁ ਨਹੀ; ਜੋ ਕਿਛੁ ਹੈ ਸੋ ਤੇਰਾ   ਤੇਰਾ ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ  ?’’ (ਭਗਤ ਕਬੀਰ/੧੩੭੫)

ਕਬੀਰ-ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਇਹੀ ਕਾਰਨ ਹੈ ਕਿ ਆਪ ਦੀ ਬਾਣੀ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹੈ। ਕਬੀਰ ਸਾਹਿਬ ਜੀ ਦੀ ਬਾਣੀ 17 ਰਾਗਾਂ ’ਚ ਕੁੱਲ 225 ਸ਼ਬਦ, 3 ਅਸਟਪਦੀਆਂ,1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ। ਕਬੀਰ ਜੀ ਦੀ ਬਾਣੀ ਸੱਚ ’ਤੇ ਪਹਿਰਾ ਅਤੇ ਝੂਠੇ (ਕਰਮਕਾਂਡਾਂ) ਦਾ ਵਿਰੋਧ ਕਰਦੀ ਹੈ। ਗੁਰਮਤਿ ਨਾਲ ਏਨਾ ਜ਼ਿਆਦਾ ਮੇਲ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਹਨ ਜਾਂ ਭਗਤ ਕਬੀਰ ਜੀ; ਜਿਵੇਂ ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ   ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ’’ (ਭਗਤ ਕਬੀਰ/੧੧੦੫) ਅਤੇ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਹੈ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ; ਗਲੀ ਮੇਰੀ ਆਉ   ਇਤੁ ਮਾਰਗਿ; ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ’’ (ਮਹਲਾ /੧੪੧੨) ਇਸ ਲਈ ਆਮ ਗ੍ਰੰਥੀ, ਪ੍ਰਚਾਕ ਤੇ ਪ੍ਰਬੰਧਕ ਵੀ ਭਰਮ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਾਂ ਭਗਤ ਕਬੀਰ ਜੀ ਦਾ ?

ਕਬੀਰ ਜੀ ਨੇ ਪਾਖੰਡੀ ਪੁਜਾਰੀ ਵਰਗ, ਜੋ ਪ੍ਰਭੂ ਨੂੰ ਵਿਸਾਰ ਕੇ ਉਪਰੋਂ ਸਾਧੂਆਂ ਦੇ ਭੇਖ ’ਚ ਆਪਣੇ ਲੋਭ-ਲਾਲਚ ਖਾਤਰ ਲੋਕਾਂ ਨੂੰ ਕਰਮਕਾਂਡਾਂ ’ਚ ਪਾ ਗੁੰਮਰਾਹ ਕਰਦੇ ਸਨ, ਦਾ ਕਰੜਾ ਵਿਰੋਧ ਕੀਤਾ। ਆਪ ਫ਼ੁਰਮਾਉਂਦੇ ਹਨ ਕਿ ਲੋਕਾਂ ਨੇ ਰੱਬ ਨੂੰ ਖਿਡੌਣਾ ਸਮਝ ਲਿਆ ‘‘ਮਾਥੇ ਤਿਲਕੁ, ਹਥਿ ਮਾਲਾ ਬਾਨਾਂ   ਲੋਗਨ, ਰਾਮੁ ਖਿਲਉਨਾ ਜਾਨਾਂ ’’ (ਭਗਤ ਕਬੀਰ/੧੧੫੮)

ਕਬੀਰ ਜੀ ਆਖਦੇ ਹਨ ਕਿ ਸਾਰਿਆਂ ਜੀਵਾਂ ਦੀ ਉਤਪਤੀ ਰਾਮ ਜੀ ਦੇ ਅੰਸ਼ ਤੋ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੂਦਰ ਕਿਵੇਂ ਹੋ ਸਕਦਾ ਹੈ ? ਉਹ ਬ੍ਰਾਹਮਣ ਨੂੰ ਆਪਣੀ ਬਾਣੀ ਰਾਹੀਂ ਵੰਗਾਰਦੇ ਹਨ ਕਿ ਜਦ ਅਸੀਂ ਦੋਨੋਂ ਹੀ ਮਾਂ ਦੇ ਪੇਟ ’ਚੋਂ ਪੈਦਾ ਹੋਏ ਹਾਂ ਫਿਰ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁਧ ਹੈ ? ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ ? ਆਖਦੇ ਹਨ ਕਿ ਅਸਲ ਬ੍ਰਾਹਮਣ ਉਹੀ ਹੈ, ਜੋ ਬ੍ਰਹਮ ਨੂੰ ਵਿਚਾਰਦਾ ਤੇ ਧਾਰਦਾ ਹੈ ‘‘ਗਰਭ ਵਾਸ ਮਹਿ; ਕੁਲੁ ਨਹੀ ਜਾਤੀ   ਬ੍ਰਹਮ ਬਿੰਦੁ ਤੇ; ਸਭ ਉਤਪਾਤੀ …. ਕਹੁ ਕਬੀਰ  ! ਜੋ ਬ੍ਰਹਮੁ ਬੀਚਾਰੈ   ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ’’ (ਭਗਤ ਕਬੀਰ/੩੨੪)

ਬਰਾਬਰਤਾ ਦਾ ਉਪਦੇਸ਼ ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ   ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ’’ (ਭਗਤ ਕਬੀਰ/੧੩੫੦) ਉੱਥੇ ਉਹ ਆਮ ਜੀਵਾਂ ਵਿੱਚ ਵੀ ਉਹੀ ਰੱਬ ਦੇਖਦੇ ਹਨ, ਜੋ ਕਿ ਇੱਕ ਆਮ ਇਨਸਾਨ ਅੰਦਰ ‘‘ਬੇਦ ਕਤੇਬ ਕਹਹੁ ਮਤ ਝੂਠੇ, ਝੂਠਾ ਜੋ ਬਿਚਾਰੈ   ਜਉ ਸਭ ਮਹਿ ਏਕੁ ਖੁਦਾਇ ਕਹਤ ਹਉ, ਤਉ ਕਿਉ ਮੁਰਗੀ ਮਾਰੈ  ?  ਮੁਲਾਂ   ! ਕਹਹੁ ਨਿਆਉ ਖੁਦਾਈ   ਤੇਰੇ ਮਨ ਕਾ ਭਰਮੁ, ਜਾਈ ਰਹਾਉ ’’ (ਭਗਤ ਕਬੀਰ/੧੩੫੦)

ਮਨੁੱਖ ਨੂੰ ਜੀਵਨ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਸੱਚੀ ਸਿਧਾਂਤਕ ਭਗਤੀ ਵੱਲ ਪ੍ਰੇਰਦੇ ਹਨ ਕਿ ਜੋ ਵਿਕਾਰ ਛੱਡਣ ਅਤੇ ਮੌਤ ਤੋਂ ਡਰਦੇ ਹਨ, ਨਾਮ ਜਪਣ ਕਰਕੇ ਉਹੀ ਵਿਕਾਰਾਂ ਤੋ ਮੁਕਤ ਹੋ ਅਸਲ ਮੁਕਤੀ ਪ੍ਰਾਪਤ ਕਰ ਲੈਂਦੇ ਹਨ ‘‘ਕਬੀਰ   ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ   ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ’’ (ਭਗਤ ਕਬੀਰ/੧੩੬੫)

ਆਪ ਜੀ ਦੇ ਬਚਨ ਹਨ ਕਿ ਅਗਰ ਪਾਣੀ ’ਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ। ਨਾਮ ਤੋਂ ਬਿਨਾਂ ਜੋ ਕੇਵਲ ਤੀਰਥ ਇਸ਼ਨਾਨਾਂ ’ਚ ਸਮਾਂ ਬਰਬਾਦ ਕਰਦੇ ਹਨ, ਸਦਾ ਜੂਨਾਂ ’ਚ ਪਏ ਰਹਿੰਦੇ ਹਨ ‘‘ਜਲ ਕੈ ਮਜਨਿ, ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ   ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ’’ (ਭਗਤ ਕਬੀਰ/੪੮੪)

ਕਰਮਕਾਂਡਾਂ ਦੀ ਜਨਮ ਦਾਤੀ ਮਨੂੰ ਸਿੰਮ੍ਰਿਤੀ ਤੋਂ ਸੁਚੇਤ ਕਰਦੇ ਹਨ ਕਿ ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ, ਆਪਣੇ ਸ਼ਰਧਾਲੂਆਂ ਵਾਸਤੇ ਵਰਣ ਆਸ਼ਰਮ ਦੇ ਸੰਗਲ ਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈ ਹੈ ‘‘ਬੇਦ ਕੀ ਪੁਤ੍ਰੀ; ਸਿੰਮ੍ਰਿਤਿ ਭਾਈ  !   ਸਾਂਕਲ ਜੇਵਰੀ; ਲੈ ਹੈ ਆਈ ’’ (ਭਗਤ ਕਬੀਰ/੩੨੯) ਲੋਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਹਨ ਹੇ ਜਗਤ ਦੇ ਲੋਕੋ  ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ ਆਪਣੇ ਵੱਲੋਂ ਜਾਗਦਿਆਂ ਮਤਲਬ ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਹੁੰਦਿਆਂ ਹੀ ਲੁਟੇ ਜਾ ਰਹੇ, ਜਨਮ ਮਰਨ ਦੇ ਗੇੜ ਤੋਂ ਅਜ਼ਾਦ ਨਹੀਂ ਹੋਏ ‘‘ਦੁਨੀਆ   ! ਹੁਸੀਆਰ ਬੇਦਾਰ; ਜਾਗਤ ਮੁਸੀਅਤ ਹਉ ਰੇ ਭਾਈ  !   ਨਿਗਮ ਹੁਸੀਆਰ ਪਹਰੂਆ; ਦੇਖਤ ਜਮੁ ਲੇ ਜਾਈ ਰਹਾਉ ’’ (ਭਗਤ ਕਬੀਰ/੯੭੨)

ਕਬੀਰ ਸਾਹਿਬ ਜਦ ਸੁਰਗ ਨਰਕ ਦੀ ਗੱਲ ਕਰਦੇ ਹਨ ਤਾਂ ਆਖਦੇ ਹਨ ਕਿ ਮੈ ਆਪਣੇ ਸਤਿਗੁਰੂ ਦੀ ਕ੍ਰਿਪਾ ਸਦਕਾ ਸੁਰਗ ਦੀ ਲਾਲਸਾ ਅਤੇ ਨਰਕ ਦੇ ਡਰ ਤੋਂ ਬਚ ਗਿਆ ਹਾਂ ‘‘ਕਬੀਰ  ! ਸੁਰਗ ਨਰਕ ਤੇ ਮੈ ਰਹਿਓ; ਸਤਿਗੁਰ ਕੇ ਪਰਸਾਦਿ   ਚਰਨ ਕਮਲ ਕੀ ਮਉਜ ਮਹਿ; ਰਹਉ ਅੰਤਿ ਅਰੁ ਆਦਿ ’’ (ਭਗਤ ਕਬੀਰ/੧੩੭੦) ਮਤਲਬ ਕਿ ਸਿੱਖ ਦੇ ਮਨ ਅੰਦਰ ਵੀ ਸਵਰਗ ਦੀ ਲਾਲਸਾ ਜਾਂ ਨਰਕ ਦਾ ਡਰ ਨਹੀਂ ਸਿਰਫ ਗੁਰੂ ਮਿਲਾਪ ਦੀ ਤਾਂਘ ਹੋਣੀ ਚਾਹੀਦੀ ਹੈ।

ਸਿਧਾਂਤਕ ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ, ਪੰਡਿਤਾਂ ਤੇ ਮੌਲਾਣਿਆਂ ਤੋਂ ਸੁਚੇਤ ਕਰਦੇ ਆਖਦੇ ਹਨ ਕਿ ਮੈਂ ਜਿਉਂ ਜਿਉਂ ਗਿਆਂਨ ਰੂਪ ਨਾਮ ਸਿਮਰਨ ਦੀ ਤਾਣੀ ਬੁਣ ਰਿਹਾ ਹਾਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ‘‘ਹਮਰਾ ਝਗਰਾ ਰਹਾ ਕੋਊ   ਪੰਡਿਤ ਮੁਲਾਂ ਛਾਡੇ ਦੋਊ ਰਹਾਉ ’’ (ਭਗਤ ਕਬੀਰ/੧੧੫੯)  ਸੋ ਇਸ ਤਰ੍ਹਾ ਭਗਤ ਜੀ ਨੇ ਵਿਚਲੇ ਪੁਜਾਰੀਵਾਦ ਨੂੰ ਰੱਦ ਕਰਦਿਆਂ ਸਿੱਧੇ ਅਕਾਲ ਪੁਰਖ ਨਾਲ ਜੋੜਨ ਦੀ ਗੱਲ ਕੀਤੀ ਹੈ।

ਭਗਤ ਕਬੀਰ ਜੀ ਦੇ ਆਗਮਨ ਵੇਲੇ ਭਾਰਤੀ ਸਮਾਜ ਵਿੱਚ ਕਰਮਕਾਂਡ, ਪਾਖੰਡ, ਅੰਧ-ਵਿਸ਼ਵਾਸ, ਊਚ-ਨੀਚ ਦੀ ਨਫ਼ਰਤ ਅਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਭੇਖਾਂ ਦੇ ਜਨਮਦਾਤਾ ਮਨੂਵਾਦ ਦਾ ਬੋਲਬਾਲਾ ਸੀ। ਭਗਤ ਕਬੀਰ ਜੀ ਨੇ ਬੜੀ ਦਲੇਰੀ ਨਾਲ ਇਨ੍ਹਾਂ ਕਰਮਕਾਂਡਾ ਤੇ ਜਾਤ-ਪਾਤ ਦੇ ਵਿਤਕਰਿਆਂ ਨੂੰ ਖ਼ਤਮ ਕਰਨ ਦਾ ਯਤਨ ਵੀ ਕੀਤਾ ਅਤੇ ਪ੍ਰਭੂ ਭਗਤੀ ਦੇ ਸਹੀ ਮਾਰਗ ਦਾ ਪ੍ਰਚਾਰ ਵੀ ਕੀਤਾ। ਭਗਤੀ ਲਹਿਰ ਵਿੱਚ ਭਗਤ ਕਬੀਰ ਜੀ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੀ ਬਾਣੀ ’ਚੋਂ ਥੋਥੇ ਕਰਮਕਾਂਡਾਂ, ਭਰਮ ਭੁਲੇਖਿਆ ਦੀਆਂ ਕੁਝ ਵੰਨਗੀਆਂ ਇਸ ਪ੍ਰਕਾਰ ਹਨ :

(ੳ) ਕਰਮਕਾਂਡਾਂ ਤੇ ਵਰਤ ਵਿਰੁੱਧ ਉਨ੍ਹਾਂ ਆਖਿਆ ‘‘ਛੋਡਹਿ ਅੰਨੁ, ਕਰਹਿ ਪਾਖੰਡ   ਨਾ ਸੋਹਾਗਨਿ, ਨਾ ਓਹਿ ਰੰਡ ’’ (ਭਗਤ ਕਬੀਰ/੮੭੩) (ਅ) ਤੀਰਥ ਇਸ਼ਨਾਨਾਂ ਬਾਰੇ ‘‘ਅੰਤਰਿ ਮੈਲੁ ਜੇ ਤੀਰਥ ਨਾਵੈ; ਤਿਸੁ ਬੈਕੁੰਠ ਜਾਨਾਂ   ਲੋਕ ਪਤੀਣੇ ਕਛੂ ਹੋਵੈ; ਨਾਹੀ ਰਾਮੁ ਅਯਾਨਾ ’’ (ਭਗਤ ਕਬੀਰ/੪੮੪) (ੲ) ਮੂਰਤੀ-ਪੱਥਰ ਪੂਜਾ ਬਾਰੇ ‘‘ਕਬੀਰ  ! ਠਾਕੁਰੁ ਪੂਜਹਿ ਮੋਲਿ ਲੇ; ਮਨਹਠਿ ਤੀਰਥ ਜਾਹਿ   ਦੇਖਾ ਦੇਖੀ ਸ੍ਵਾਂਗੁ ਧਰਿ; ਭੂਲੇ ਭਟਕਾ ਖਾਹਿ ’’ (ਭਗਤ ਕਬੀਰ/੧੩੭੧) (ਸ) ਧਾਰਮਿਕ ਭੇਖਾਂ ਬਾਰੇ ‘‘ਨਗਨ ਫਿਰਤ; ਜੌ ਪਾਈਐ ਜੋਗੁ   ਬਨ ਕਾ ਮਿਰਗੁ; ਮੁਕਤਿ ਸਭੁ ਹੋਗੁ ’’ (ਭਗਤ ਕਬੀਰ/੩੨੪) (ਹ) ਪਿਤਰਾਂ ਬਾਰੇ ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ   ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ’’ (ਭਗਤ ਕਬੀਰ/੩੩੨) (ਕ) ਸੁੰਨਤ ਸ਼ਰਾ ਬਾਰੇ ‘‘ਹਿੰਦੂ ਤੁਰਕ ਕਹਾ ਤੇ ਆਏ ? ਕਿਨਿ ਏਹ ਰਾਹ ਚਲਾਈ   ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ ਕਿਨਿ ਪਾਈ  ?  ਕਾਜੀ  ! ਤੈ ਕਵਨ ਕਤੇਬ ਬਖਾਨੀ   ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਜਾਨੀ ਰਹਾਉ   ਸਕਤਿ ਸਨੇਹੁ ਕਰਿ ਸੁੰਨਤਿ ਕਰੀਐ; ਮੈ ਬਦਉਗਾ ਭਾਈ   !  ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ; ਆਪਨ ਹੀ ਕਟਿ ਜਾਈ   ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?  ਅਰਧ ਸਰੀਰੀ ਨਾਰਿ ਛੋਡੈ; ਤਾ ਤੇ ਹਿੰਦੂ ਹੀ ਰਹੀਐ   ਛਾਡਿ ਕਤੇਬ, ਰਾਮੁ ਭਜੁ ਬਉਰੇ; ਜੁਲਮ ਕਰਤ ਹੈ ਭਾਰੀ   ਕਬੀਰੈ (ਨੇ) ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ’’ (ਭਗਤ ਕਬੀਰ/੪੭੭)

ਆਪ ਜੀ ਨੇ ਜਾਤ ਪਾਤ ਦਾ ਖੰਡਨ ਕਰਦੇ ਹੋਏ ਬ੍ਰਾਹਮਣਵਾਦ ਲਈ ਕਰੜੇ ਸ਼ਬਦ ਵਰਤੇ, ਜਿਨ੍ਹਾਂ ਨਾਲ਼ ਉਨ੍ਹਾਂ ਦੀ ਸਮਾਜ ਸੁਧਾਰਕ ਵਜੋਂ ਉੱਚ ਕੋਟਿ ਦੀ ਦਲੇਰਆਨਾ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪਤਾ ਲੱਗਦਾ ਹੈ; ਜਿਵੇਂ ਕਿ ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ ਕਾਹੇ ਨਹੀ ਆਇਆ  ?’’ (ਭਗਤ ਕਬੀਰ/੩੨੪) ਭਾਵ ਸਾਰੇ ਜੀਵਾਂ ਦੀ ਉਤਪਤੀ ਪਿਤਾ ਦੇ ਵੀਰਜ ਤੇ ਮਾਤਾ ਦੇ ਪੇਟ ’ਚੋਂ ਹੀ ਹੁੰਦੀ ਹੈ। ਤਦ ਕਿਸੇ ਦੀ ਕੋਈ ਜਾਤ ਨਹੀਂ ਹੁੰਦੀ। ਜੇ ਬ੍ਰਾਹਮਣ ਦੂਜੇ ਮਨੁੱਖਾਂ ਤੋਂ ਉੱਚਾ ਅਖਵਾਉਂਦਾ ਹੈ ਤਾਂ ਉਸ ਨੇ ਕਿਸੇ ਹੋਰ ਰਸਤੇ ਜਨਮ ਕਿਉਂ ਨਾ ਲਿਆ ?

ਸਾਡਾ ਸਮਾਜ ਹਾਲੇ ਵੀ ਜਾਤ-ਪਾਤ, ਊਚ-ਨੀਚ ਦਾ ਵਿਤਕਰਾ, ਸਵਰਗਾਂ-ਨਰਕਾਂ, ਥੋਥੇ ਅੰਧਵਿਸ਼ਵਾਸੀ ਕਰਮਕਾਂਡਾਂ ਅਤੇ ਮਨੁੱਖਤਾ ਵਿਰੋਧੀ ਗਲਤ ਰੀਤੀ ਰਿਵਾਜ਼ਾਂ ਵਿੱਚ ਬੁਰੀ ਤਰ੍ਹਾਂ ਉਲਝਿਆ ਪਿਐ। ਇਸ ਦੇ ਸੁਧਾਰ ਲਈ ਅੱਜ ਸਾਨੂੰ ਇਹ ਵਿਚਾਰਨ ਦੀ ਸਖ਼ਤ ਲੋੜ ਹੈ ਕਿ ਅਜਿਹੀਆਂ ਕੁਰੀਤੀਆਂ ਵਿਰੁੱਧ ਭਗਤ ਕਬੀਰ ਜੀ ਨੇ ਸਦੀਆਂ ਪਹਿਲਾਂ ਹੀ ਬਾਣੀ ਰਾਹੀਂ ਦੱਸ ਦਿੱਤਾ ਸੀ, ਫਿਰ ਵੀ ਅਸੀਂ ਸਿਰਫ ਮੱਥੇ ਟੇਕਣਾ ਹੀ ਕਾਫ਼ੀ ਸਮਝਿਆ ਹੈ। ਉਨ੍ਹਾਂ ’ਤੇ ਅਮਲ ਕਰਨਾ ਵੀ ਸਾਡੇ ਲਈ ਅਤਿ ਜ਼ਰੂਰੀ ਹੈ।