ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਗੁਰੂ ਗ੍ਰੰਥ ਸਾਹਿਬ ਜੀ

0
152

ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਗੁਰੂ ਗ੍ਰੰਥ ਸਾਹਿਬ ਜੀ

ਕਿਰਪਾਲ ਸਿੰਘ ਬਠਿੰਡਾ

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਇਹ ਸੀ ਕਿ ਸ਼ਨਾਤਨੀ ਧਰਮ ਦੇ ਫਿਰਕੇ ਉਦਾਸੀ ਮੱਠ, ਜੋਗਮੱਤ ਤੋਂ ਇਲਾਵਾ ਜੈਨ ਮੱਤ ਦਾ ਪ੍ਰਚਾਰ ਸੀ। ਸ਼ਨਾਤਨੀ ਧਰਮ ਦੇ ਧਾਰਮਿਕ ਗ੍ਰੰਥਾਂ ਨੇ ਮਨੁੱਖ ਨੂੰ ਚਾਰ ਵਰਨਾਂ (ਬ੍ਰਾਹਮਣ, ਖੱਤਰੀ, ਵੈਸ, ਸੂਦ) ’ਚ ਵੰਡ ਕੇ ਇਹ ਪ੍ਰਚਾਰਿਆ ਕਿ ਬ੍ਰਾਹਮਣ ਬ੍ਰਹਮਾਂ ਦੇ ਮੂੰਹ ਤੋਂ, ਖੱਤਰੀ ਬਾਂਹਾਂ ਤੋਂ, ਵੈਸ ਪੇਟ ’ਚੋਂ ਅਤੇ ਸ਼ੂਦਰ ਪੈਰਾਂ ਤੋਂ ਪੈਦਾ ਹੋਇਆ ਹੈ, ਇਸ ਕਰਕੇ ਬ੍ਰਹਮਣ ਸਭ ਤੋਂ ਉੱਤਮ ਤੇ ਪੂਜਣਯੋਗ ਹੈ ਅਤੇ ਦਰਜਾਬਦਰਜਾ ਸ਼ੂਦਰ ਸਭ ਤੋਂ ਨੀਵਾਂ ਹੈ ਜਿਸ ਦਾ ਧਰਮ ਹੈ ਬਾਕੀ ਤਿੰਨਾ ਵਰਨਾਂ ਦੀ ਸੇਵਾ ਕਰਨੀ। ਵੈਸ ਦਾ ਕੰਮ ਵਣਜ ਵਾਪਾਰ ਕਰਨਾ ਅਤੇ ਉੱਪਰਲੇ ਦੋਵੇਂ ਵਰਨਾਂ ਦੀ ਸੇਵਾ ਕਰਨੀ ਅਤੇ ਖੱਤਰੀ ਦਾ ਕੰਮ ਦੇਸ਼ ਅਤੇ ਬ੍ਰਹਮਣ ਦੀ ਰੱਖਿਆ ਕਰਨੀ ਮਿੱਥ ਦਿੱਤਾ। ਇਸ ਵਰਣ ਵੰਡ ਨੇ ਸ਼ੂਦਰਾਂ ਦੀ ਜ਼ਿੰਦਗੀ ਪਸ਼ੂਆਂ ਨਾਲੋਂ ਵੀ ਬਦਤਰ ਅਤੇ ਸਾਰੇ ਦੇਸ਼/ਸਮਾਜ ਨੂੰ ਇਤਨਾ ਨਿਰਬਲ ਬਣਾ ਦਿੱਤਾ ਕਿ ਮੁੱਠੀ ਭਰ ਵਿਦੇਸ਼ੀ ਧਾੜਵੀ ਆਉਂਦੇ ਤੇ ਹਿੰਦੁਸਤਾਨ ਦੀ ਧਨ ਦੌਲਤ ਅਤੇ ਇੱਜ਼ਤ ਲੁੱਟ ਕੇ ਵਾਪਸ ਆਪਣੇ ਦੇਸ਼ ਇਸ ਨਾਲ ਐਸ਼ੋ ਇਸ਼ਰਤ ਕਰਦੇ। ਖ਼ਤਮ ਹੋ ਜਾਣ ’ਤੇ ਅਗਲੀ ਲੁੱਟ ਲਈ ਮੁੜ ਹਮਲਾਵਰ ਬਣ ਕੇ ਆ ਜਾਂਦੇ। ਸੰਮਤ 1578 (1521 ਈਸਵੀ) ’ਚ ਮੁਗਲ ਬਾਬਰ ਆਇਆ ਤੇ ਉਸ ਨੇ ਪੱਕੇ ਤੌਰ ’ਤੇ ਆਪਣੀ ਬਾਦਸ਼ਾਹਤ ਕਾਇਮ ਕਰ ਲਈ ਜਿਸ ਦੀਆਂ 7 ਪੀੜ੍ਹੀਆਂ ਨੇ ਭਾਰਤ ਦੇਸ਼ ’ਤੇ ਰਾਜ ਕੀਤਾ। ਹਿੰਦੂ-ਮੁਸਲਮਾਨਾਂ ਵਿਚਕਾਰ ਆਪਸੀ ਫੁੱਟ ਦਾ ਲਾਭ ਉਠਾਉਂਦਿਆਂ ਇੰਗਲੈਂਡ ਤੋਂ ਵਾਪਾਰ ਕਰਨ ਆਈ ਈਸਟ ਇੰਡੀਆਂ ਕੰਪਨੀ ਨੇ ਹੌਲ਼ੀ ਹੌਲ਼ੀ ਵੰਡੋ ਤੇ ਰਾਜ ਕਰੋ ਦੀ ਨੀਤੀ ਨਾਲ਼ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਤੋਂ ਇਲਾਵਾ ਬਾਕੀ ਪੂਰੇ ਭਾਰਤ ’ਤੇ 1757 ’ਚ ਕਬਜ਼ਾ ਕਰ ਲਿਆ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਡੋਗਰਿਆਂ ਦੀ ਗਦਾਰੀ ਅਤੇ ਅੰਗਰੇਜ਼ਾਂ ਦੀ ਕੁਟਿਲ ਨੀਤੀ ਕਾਰਨ ਖ਼ਾਲਸਾ ਰਾਜ ਵੀ 1849 ’ਚ ਆਪਣੇ ਰਾਜ ’ਚ ਮਿਲਾ ਲਿਆ। ਕਾਂਗਰਸ ਦੀ ਨਾ-ਮਿਲਵਰਤਣ ਲਹਿਰ; ਪੰਜਾਬ ’ਚ ਉੱਠੀਆਂ ਗਦਰ ਲਹਿਰ, ਬੱਬਰ ਲਹਿਰ ਅਤੇ ਅਕਾਲੀ ਲਹਿਰਾਂ ਦੇ ਮਿਲਵੇਂ ਸਹਿਯੋਗ ਸਦਕਾ 1947 ’ਚ ਭਾਰਤ ਨੇ ਤਾਂ ਅੰਗਰੇਜ਼ੀ ਰਾਜ ਤੋਂ ਅਜ਼ਾਦੀ ਪ੍ਰਾਪਤ ਕਰ ਲਈ ਪਰ ਆਜ਼ਾਦੀ ’ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਅਤੇ ਪੰਜਾਬ ਨੇ ਸਭ ਤੋਂ ਵੱਧ ਨੁਕਸਾਨ ਉਠਾਇਆ ਜਿਸ ਦਾ ਜ਼ਿਕਰ ਇਸ ਲੇਖ ਨੂੰ ਵਧਾ ਦੇਵੇਗਾ। ਸਿੱਖ ਕੌਮ ਦੇ ਵੱਧ ਨੁਕਸਾਨ ਹੋਣ ਦਾ ਮੁੱਖ ਕਾਰਨ ਸੀ ਦੇਸ਼ ਦੀ ਆਬਾਦੀ ’ਚ ਇਸ ਦਾ ਘੱਟ ਗਿਣਤੀ ’ਚ ਹੋਣਾ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ’ਚ ਬੜੇ ਹੀ ਭਾਵ ਪੂਰਵਕ ਢੰਗ ਨਾਲ ਬਿਆਨ ਕੀਤਾ ਹੈ। ਕੇਵਲ ਪਹਿਲੀ ਵਾਰ ਦੀ 12ਵੀਂ ਪਉੜੀ ਨੂੰ ਹੀ ਵੇਖਿਆ ਜਾ ਸਕਦਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸੱਚ ਦੀ ਕਦਰ ਘਟ ਗਈ। ਬ੍ਰਾਹਮਣ ਤੇ ਮੌਲਵੀ ਆਪਸ ਵਿੱਚ (ਕੁੱਕੜਾਂ ਵਾਙ) ਖਹਿ ਖਹਿ ਮਰਣ ਲੱਗ ਪਏ। ਜਗਤ ਵਿੱਚ ਹਿੰਦੂਆਂ ਦੇ ਚਾਰ ਵਰਣ ਤੇ ਮੁਸਲਮਾਨਾਂ ਦੇ ਚਾਰ ਮਜ਼੍ਹਬ (ਏਹ ਸਭੇ) ਖ਼ੁਦੀ, ਬਖ਼ੀਲੀ, ਹੰਕਾਰ ਤੇ ਖਿੱਚਾ ਖਿੱਚੀ ਅਰ ਧੱਕੇ ਕਰਨ ਲੱਗ ਪਏ। ਹਿੰਦੂਆਂ ਨੇ ਗੰਗਾ ਤੇ ਕਾਂਸ਼ੀ ਆਪਣੇ ਧਾਰਮਿਕ ਸਥਾਨ (ਮਿਥ ਲਏ) ਤੇ ਮੱਕਾ ਕਾਬਾ ਮੁਸਲਮਾਨਾਂ ਨੇ ਪੂਜਾ ਦਾ ਥਾਂ ਮੰਨ ਲਿਆ। ਮੁਸਲਮਾਨਾਂ ਨੇ ਸੁੰਨਤ ਨੂੰ ਆਪਣੇ ਧਰਮ ਦੀ ਨਿਸ਼ਾਨੀ ਮੰਨਿਆ ਤੇ ਤਿਲਕ ਜੰਞੂ ਹਿੰਦੂਆਂ ਨੇ। ਹਿੰਦੂਆਂ ਦਾ ਰਾਮ ਤੇ ਮੁਸਲਮਾਨਾਂ ਦਾ ਰਹੀਮ ਏਹ ਨਾਮ ਜੋ ਇਕੋ ਹੈ, ਪਰ ਵੱਖਰੇ ਵੱਖਰੇ ਸੱਦੇ ਜਾਣ ਲੱਗੇ। ਦੋ ਅੱਡ ਅੱਡ ਰਸਤੇ ਬਣਾ ਲਏ। ਦੋਵੇਂ ਫਿਰਕੇ ਬੇਦਾਂ ਤੇ ਕਤੇਬਾਂ ਨੂੰ ਭੁਲਾ ਕੇ ਸ਼ੈਤਾਨ ਬਣ ਦੁਨੀਆਂ ਦੇ ਲਾਲਚ ਵਿੱਚ ਫਸ ਗਏ। ਇਕੁਰ (ਚਉਰਾਸੀ ਦਾ) ਆਵਾਗਉਣ ਕਿਸੇ ਦੇ ਸਿਰੋਂ ਨਾ ਮਿਟਿਆ ‘‘ਚਾਰਿ ਵਰਨ ਚਾਰਿ ਮਜਹਬਾ; ਜਗ ਵਿਚਿ ਹਿੰਦੂ ਮੁਸਲਮਾਣੇ ਖੁਦੀ ਬਖੀਲਿ ਤਕਬਰੀ; ਖਿੰਚੋਤਾਣ ਕਰੇਨਿ ਧਿਙਾਣੇ ਗੰਗ ਬਨਾਰਸਿ ਹਿੰਦੂਆਂ; ਮਕਾ ਕਾਬਾ ਮੁਸਲਮਾਣੇ ਸੁੰਨਤਿ ਮੁਸਲਮਾਣ ਦੀ; ਤਿਲਕ ਜੰਞੂ ਹਿੰਦੂ ਲੋਭਾਣੇ ਰਾਮ ਰਹੀਮ ਕਹਾਇਦੇ; ਇਕੁ ਨਾਮੁ, ਦੁਇ ਰਾਹ ਭੁਲਾਣੇ ਬੇਦ ਕਤੇਬ ਭੁਲਾਇ ਕੈ; ਮੋਹੇ ਲਾਲਚ ਦੁਨੀ ਸੈਤਾਣੇ ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ ਸਿਰੋਂ ਨਾ ਮਿਟੇ; ਆਵਣ ਜਾਣ’’ (ਵਾਰ ਪਉੜੀ ੨੧) ਇਸ ਪਉੜੀ ’ਚ ਹਿੰਦੂ ਮੁਸਲਮਾਨਾਂ ਦਾ ਵਖਰੇਵਿਆਂ ਅਤੇ ਝਗੜਿਆਂ ਵਿੱਚ ਫਸ ਜਾਣਾ ਤੇ ਸੱਚ ਦਾ ਹੱਥੋਂ ਗੁਆ ਬੈਠਣਾ ਦਰਸਾਇਆ ਹੈ। ਭਾਵ ਇਹ ਹੈ ਕਿ ਪ੍ਰੇਮਾ ਭਗਤੀ ਨਹੀਂ ਰਹੀ, ਕੇਵਲ ਵਾਦ ਵਿਵਾਦ ਤੇ ਪਾਖੰਡ ਹੀ ਰਹਿ ਗਏ ਹਨ। ਹਿੰਦੂ ਮੁਸਲਮਾਨ ਦੇ ਪਰਸਪਰ ਐਸੇ ਸਲੂਕ ਦਾ ਰੂਪ ਦੱਸ ਕੇ ਸੰਸਾਰ ਦੀ ਗਿਲਾਨੀ ਪ੍ਰਗਟ ਕੀਤੀ ਹੈ ਕਿ ਇਸ ਤਰ੍ਹਾਂ ਦੋਵੇਂ ਧਿਰਾਂ ਆਪਸੀ ਟਕਰਾਅ ਤੇ ਦਿਖਾਵੇ ਦੇ ਕੰਮਾਂ ਵਿੱਚ ਲੱਗ ਗਈਆਂ ਹਨ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ ਵੱਖ ਵੱਖ ਧਰਮਾਂ ਅਤੇ ਜਾਤਾਂ ਇੱਥੋਂ ਤੱਕ ਕਿ ਹਿੰਦੂ ਸ਼ਾਸਤਰਾਂ ਮੁਤਾਬਕ ਨੀਚ/ਅਛੂਤ ਮੰਨੀਆਂ ਗਈਆਂ ਅਤੇ ਉੱਚੀਆਂ ਜਾਤਾਂ ਵਾਲ਼ੇ 15 ਭਗਤ ਸਾਹਿਬਾਨ, 11 ਭੱਟਾਂ ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੈ। ਵੱਖਰੇ ਧਰਮ ਅਤੇ ਜਾਤਾਂ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸਾਰਿਆਂ ਦੀ ਵੀਚਾਰਧਾਰਾ ਇਕ ਸਮਾਨ ਹੈ, ਜੋ ਧਰਮ, ਵਰਣ, ਜਾਤ ਲਿੰਗ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਬਰਾਬਰਤਾ, ਧਰਮ ਨਿਰਪੱਖਤਾ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਸ਼ੂਦਰਾਂ ਤੇ ਨੀਚਾਂ, ਜਿਨ੍ਹਾਂ ਨੂੰ ਛੂਹਣਾ ਵੀ ਧਰਮ ਭ੍ਰਿਸ਼ਟ ਹੋਣਾ ਮੰਨਿਆ ਜਾਂਦਾ ਸੀ, ਨੂੰ ਮਾਣ ਬਖ਼ਸ਼ਦਿਆਂ ਗੁਰੂ ਗ੍ਰੰਥ ਸਾਹਿਬ ਜੀ ’ਚ ਉਪਦੇਸ਼ਮਈ ਬਚਨ ਦਰਜ ਹਨ :

(1). ਹੇ ਮਿਹਰ ਕਰਨ ਵਾਲ਼ੇ ਦਇਆਲੂ ਪਿਤਾ ! ਮੇਰਾ ਸੰਗ ਸਾਥ ਨੀਵੀਆਂ ਤੋਂ ਨੀਵੀਆਂ, ਅਤਿ ਨੀਵੀਆਂ ’ਚੋਂ ਨੀਵੀ ਜਾਤ ਨਾਲ਼ ਹੈ। ਮੈਨੂੰ ਵੱਡੇ ਮਾਇਆਧਾਰੀ ਲੋਕਾਂ ਦੇ ਰਾਹ ਤੁਰਨ ਦੀ ਕੋਈ ਤਾਂਘ ਨਹੀਂ ਕਿਉਂਕਿ ਤੇਰੀ ਮਿਹਰ ਭਰੀ ਨਜ਼ਰ ਸਦਾ ਉੱਥੇ ਹੁੰਦੀ ਹੈ ਜਿੱਥੇ ਗ਼ਰੀਬਾਂ ਨੂੰ ਸਹਾਰਾ ਮਿਲਦਾ ਹੋਵੇ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ’’ (ਮਹਲਾ /੧੫)

(2). ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। ਉੱਚੀ ਜਾਤਿ ’ਚ ਜਨਮ ਲਿਆਂ ਬ੍ਰਾਹਮਣ ਨਹੀਂ ਬਣੀਦਾ। ਅਸਲ ’ਚ ਉਹ ਮਨੁੱਖ ਬ੍ਰਾਹਮਣ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾਉਂਦਾ ਹੈ। ਹੇ ਮੂਰਖ ! ਹੇ ਗੰਵਾਰ ! (ਉੱਚੀ) ਜਾਤਿ ਦਾ ਮਾਣ ਨਾ ਕਰ। ਇਸ ਮਾਣ-ਅਹੰਕਾਰ ਤੋਂ ਭਾਈਚਾਰਕ ਜੀਵਨ ਵਿੱਚ ਕਈ ਵਿਗਾੜ ਪੈਂਦੇ ਹਨ। ਹੇ ਭਾਈ ! ਹਰੇਕ ਮਨੁੱਖ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ’ਤੇ ਇਹੀ ਆਖਦਾ ਹੈ ਕਿ ਚਾਰ ਵਰਣ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ) ਹਨ, ਪਰ ਇਹ ਨਹੀਂ ਸਮਝਦੇ ਕਿ ਰੱਬੀ ਜੋਤਿ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਿਵੇਂ ਘੁਮਿਆਰ ਇੱਕੋ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਘੜ ਲੈਂਦਾ ਹੈ; ਤਿਵੇਂ ਇਹ ਸਾਰਾ ਸੰਸਾਰ ਪਰਮਾਤਮਾ ਨੇ ਆਪਣੀ ਜੋਤਿ ਤੋਂ ਬਣਾਇਆ ਹੈ ‘‘ਜਾਤਿ ਕਾ ਗਰਬੁ; ਕਰੀਅਹੁ ਕੋਈ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ; ਕਰਿ ਮੂਰਖ ਗਵਾਰਾ  ! ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ ਚਾਰੇ ਵਰਨ; ਆਖੈ ਸਭੁ ਕੋਈ ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਬਿਧਿ ਭਾਂਡੇ; ਘੜੈ ਕੁਮ੍ਾਰਾ ’’ (ਮਹਲਾ /੧੧੨੮)

(3). ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ ਹੁੰਦੀ ਹੈ ਭਾਵ ਸਭ ਦਾ ਮੂਲ; ਪਰਮਾਤਮਾ ਆਪ ਹੈ। ਮਾਂ ਦੇ ਪੇਟ ’ਚ ਤਾਂ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਸ ਕੁੱਲ ’ਚ ਹਾਂ। ਫਿਰ ਸਮਝਾਓ ਹੇ ਪੰਡਿਤ ! ਤੁਸੀਂ ਬ੍ਰਾਹਮਣ ਕਦੋਂ ਤੋਂ ਬਣੇ ਹੋ ? ਬ੍ਰਾਹਮਣ ਬ੍ਰਾਹਮਣ ਆਖ ਕੇ ਮਨੁੱਖਾ ਜਨਮ ਅਹੰਕਾਰ ’ਚ ਅਜਾਈਂ ਨਾ ਗਵਾਓ। ਜੇ ਤੂੰ ਇਸ ਲਈ ਬ੍ਰਾਹਮਣ ਅਖਵਾਉਂਦਾ ਹੈਂ ਕਿਉਂਕਿ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ ਤਾਂ ਦੱਸ ਕਿ ਤੂੰ (ਮਾਤਾ ਦੇ ਗਰਭ ਤੋਂ ਬਿਨਾਂ) ਕਿਸੇ ਹੋਰ ਰਸਤੇ ਕਿਉਂ ਨਾ ਜਨਮ ਲਿਆ ? ਇੱਕੋ ਗਰਭ ’ਚੋਂ ਜਨਮ ਲੈਣ ਕਾਰਨ ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ) ? ਤੇ ਅਸੀਂ ਕਿਵੇਂ ਸ਼ੂਦਰ (ਰਹਿ ਗਏ) ? ਸਾਡੇ ਸਰੀਰ ’ਚ ਲਹੂ ਤੇ ਤੁਹਾਡੇ ਸਰੀਰ ’ਚ ਕਿਵੇਂ ਲਹੂ ਦੀ ਥਾਂ ਦੁੱਧ ਹੈ ? ਅਸੀਂ ਬ੍ਰਾਹਮਣ ਸ਼ਬਦ ਜਾਂ ਉੱਚੀ ਜਾਤੀ ਦੇ ਵਿਰੋਧੀ ਨਹੀਂ, ਪਰ ਅਸੀਂ ਉਸ ਨੂੰ ਬ੍ਰਾਹਮਣ ਮੰਨਦੇ ਹਾਂ ਜੋ ਬ੍ਰਹਮ (ਰੱਬ) ਨੂੰ ਸਿਮਰਦਾ ਹੈ ‘‘ਗਰਭ ਵਾਸ ਮਹਿ ਕੁਲੁ ਨਹੀ ਜਾਤੀ ਬ੍ਰਹਮ ਬਿੰਦੁ ਤੇ; ਸਭ ਉਤਪਾਤੀ ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ  ? ਬਾਮਨ ਕਹਿ ਕਹਿ; ਜਨਮੁ ਮਤ ਖੋਏ ਰਹਾਉ ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ਤਉ ਆਨ ਬਾਟ; ਕਾਹੇ ਨਹੀ ਆਇਆ  ? ਤੁਮ ਕਤ ਬ੍ਰਾਹਮਣ ? ਹਮ ਕਤ ਸੂਦ  ? ਹਮ ਕਤ ਲੋਹੂ  ? ਤੁਮ ਕਤ ਦੂਧ  ?3 ਕਹੁ ਕਬੀਰ, ਜੋ ਬ੍ਰਹਮੁ ਬੀਚਾਰੈ ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ’’ (ਭਗਤ ਕਬੀਰ/੩੨੪)

ਪੰਡਿਤ ਨੂੰ ਉਪਦੇਸ਼ : ਅਸਲ ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਮਝਾਵੇ ਅਤੇ ਜੋਤਿ ਸਰੂਪ ਪ੍ਰਭੂ ਨੂੰ ਮਨ ਅੰਦਰੋਂ ਭਾਲੇ। ਉਸ ਪੰਡਿਤ ਦੇ ਉਪਦੇਸ਼ ਨਾਲ ਪੂਰਾ ਸੰਸਾਰ ਰੂਹਾਨੀ ਮਾਰਗ ਪਾਉਂਦਾ ਹੈ, ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ। ਉਹ ਪੰਡਿਤ ਮੁੜ ਜਨਮ ਮਰਨ ’ਚ ਨਹੀਂ ਆਉਂਦਾ, ਜੋ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ’ਚ ਵਸਾਉਂਦਾ ਹੈ। ਜੋ ਵੇਦ ਪੁਰਾਣ ਸਿਮ੍ਰਿਤੀਆਂ ਆਦਿ ਸਭ ਧਰਮ-ਪੁਸਤਕਾਂ ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ; ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਵਰਣਾਂ ਨੂੰ ਬਰਾਬਰ ਸਮਝਦਾ ਹੈ, ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ‘‘ਸੋ ਪੰਡਿਤੁ, ਜੋ ਮਨੁ ਪਰਬੋਧੈ ਰਾਮ ਨਾਮੁ ਆਤਮ ਮਹਿ ਸੋਧੈ ਰਾਮ ਨਾਮ ਸਾਰੁ ਰਸੁ ਪੀਵੈ ਉਸੁ ਪੰਡਿਤ ਕੈ ਉਪਦੇਸਿ; ਜਗੁ ਜੀਵੈ ਹਰਿ ਕੀ ਕਥਾ, ਹਿਰਦੈ ਬਸਾਵੈ ਸੋ ਪੰਡਿਤੁ, ਫਿਰਿ ਜੋਨਿ ਆਵੈ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ਸੂਖਮ ਮਹਿ ਜਾਨੈ ਅਸਥੂਲੁ ਚਹੁ ਵਰਨਾ ਕਉ, ਦੇ ਉਪਦੇਸੁ ਨਾਨਕ  ! ਉਸੁ ਪੰਡਿਤ ਕਉ ਸਦਾ ਅਦੇਸੁ 4’’ (ਸੁਖਮਨੀ/ ਮਹਲਾ /੨੭੪)

(4). ਮੁਸਲਮਾਨ ਨੂੰ ਉਪਦੇਸ਼ : ਆਪਣੇ ਧਰਮ ਨੂੰ ਚੰਗਾ ਅਤੇ ਦੂਸਰੇ ਧਰਮ ਨੂੰ ਭੰਡ ਕੇ ਝਗੜੇ ਖੜ੍ਹੇ ਕਰਨ ਵਾਲੇ ਧਾਰਮਿਕ ਮੁਖੀਆਂ ਨੂੰ ਬੇਲੋੜੇ ਝਗੜੇ ਛੱਡ ਕੇ ਆਪਣੇ ਧਰਮ ’ਚ ਪ੍ਰਪੱਕ ਰਹਿਣ ਬਾਰੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਅਸਲ ਮੁਸਲਮਾਨ ਅਖਵਾਣਾ ਬੜਾ ਔਖਾ ਹੈ। (ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ ਮਜ਼੍ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ; ਤਿਵੇਂ (ਆਪਣਾ ਕਮਾਇਆ) ਧਨ (ਲੋੜਵੰਦਾਂ ਲਈ) ਵੰਡਦਾ ਹੋਇਆ ਵਰਤੇ (ਤਾਂ ਜੋ ਦੌਲਤ ਦਾ ਅਹੰਕਾਰ ਦੂਰ ਹੋਵੇ)। ਮਜ਼੍ਹਬ ਦੀ ਰੌਸ਼ਨੀ ’ਚ ਤੁਰ ਕੇ ਸੱਚਾ ਮੁਸਲਮਾਨ ਬਣੇ। ਸਾਰੀ ਉਮਰ ਦੀ ਭਟਕਣਾ ਮੁਕਾਵੇ ਭਾਵ ਸਾਰੀ ਉਮਰ ਮਜ਼੍ਹਬ ਤੋਂ ਨਾ ਭਟਕੇ। ਰੱਬ ਦੇ ਕੀਤੇ ਨੂੰ ਸਿਰ ਮੱਥੇ ਮੰਨੇ। ਕਾਦਰ ਨੂੰ ਸਭ ਕੁਝ ਕਰਨ ਵਾਲਾ ਸਮਝੇ ਤੇ ਖ਼ੁਦੀ ਮਿਟਾ ਦੇਵੇ; ਇਉਂ ਰੱਬ ਦੇ ਪੈਦਾ ਕੀਤੇ ਸਾਰੇ ਬੰਦਿਆਂ ਨਾਲ ਪਿਆਰ ਕਰੇ। ਐਸਾ ਮੁਸਲਮਾਨ ਅਖਵਾਉਣ ਸਹੀ ਹੈ ‘‘ਮੁਸਲਮਾਣੁ ਕਹਾਵਣੁ ਮੁਸਕਲੁ; ਜਾ ਹੋਇ, ਤਾ ਮੁਸਲਮਾਣੁ ਕਹਾਵੈ ਅਵਲਿ ਅਉਲਿ, ਦੀਨੁ ਕਰਿ ਮਿਠਾ; ਮਸਕਲ ਮਾਨਾ ਮਾਲੁ ਮੁਸਾਵੈ ਹੋਇ ਮੁਸਲਿਮੁ, ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ ਰਬ ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ, ਆਪੁ ਗਵਾਵੈ ਤਉ ਨਾਨਕ  ! ਸਰਬ ਜੀਆ ਮਿਹਰੰਮਤਿ ਹੋਇ; ਮੁਸਲਮਾਣੁ ਕਹਾਵੈ ’’  (ਮਹਲਾ /੧੪੧)

ਸੋ ਪੰਡਿਤ ਆਪਣੇ ਮੱਤ ਨੂੰ ਸਹੀ ਸਾਬਤ ਕਰਨ ਲਈ ਉਲਝਣ ਦੀ ਥਾਂ ਅਸਲੀਅਤ ਨੂੰ ਜਾਣੇ ਕਿ ਹਿੰਦੂ ਮੁਸਲਿਮ (ਰੱਬ ਤੋਂ ਬਿਨਾਂ ਹੋਰ) ਕਿਥੋਂ ਪੈਦਾ ਹੋਏ ਹੋਣਗੇ ? ਕਿਸ ਨੇ ਇਹ ਉਤਪਤੀ ਰਸਤੇ ਚਲਾਏ ਹਨ ? ਜਦ ਸਾਰੇ ਮੱਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ ਤਾਂ ਕਿਸ ਨਾਲ ਵਿਤਕਰਾ ਕੀਤਾ ਜਾ ਸਕਦਾ ਹੈ ? ਆਪਸੀ ਟਕਰਾਅ ਪੈਦਾ ਕਰ ਕਿਸ ਨੇ ਬਹਿਸ਼ਤ ਪਾਇਐ ਤੇ ਕਿਸ ਨੇ ਦੋਜ਼ਕ ? ਭਾਵ ਕੇਵਲ ਮੁਸਲਮਾਨ ਜਾਂ ਹਿੰਦੂ ਅਖਵਾਉਣ ਨਾਲ ਬਹਿਸ਼ਤ, ਦੋਜ਼ਕ ਨਹੀਂ ਮਿਲਦੇ ‘‘ਹਿੰਦੂ ਤੁਰਕ ਕਹਾ ਤੇ ਆਏ ? ਕਿਨਿ ਏਹ ਰਾਹ ਚਲਾਈ  ? ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ ਕਿਨਿ ਪਾਈ  ?’’ (ਭਗਤ ਕਬੀਰ ਜੀ/੪੭੭)

ਗੁਰਬਾਣੀ ਅੰਦਰ ਜਿੱਥੇ ਹਿੰਦੂ ਭਗਤਾਂ ਦੀ ਪਾਵਨ ਬਾਣੀ ਦਰਜ ਹੈ, ਉੱਥੇ ਮੁਸਲਮਾਨ ਸੂਫ਼ੀ ਫ਼ਕੀਰ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ਵੀ ਦਰਜ ਹੈ। ਉਸ ਵਿੱਚ ਇਸਲਾਮੀ ਸ਼ਰਹਾ ਨਿਭਾਉਣ ਦੀ ਤਾਕੀਦ ਹੈ ‘‘ਫਰੀਦਾ ਬੇ ਨਿਵਾਜਾ ਕੁਤਿਆ  ! ਏਹ ਭਲੀ ਰੀਤਿ ਕਬਹੀ ਚਲਿ ਆਇਆ; ਪੰਜੇ ਵਖਤ ਮਸੀਤਿ ੭੦ ਉਠੁ ਫਰੀਦਾ, ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ ਜੋ ਸਿਰੁ, ਸਾਂਈ ਨਾ ਨਿਵੈ; ਸੋ ਸਿਰੁ ਕਪਿ ਉਤਾਰਿ ੭੧’’ (ਸਲੋਕ ਬਾਬਾ ਫਰੀਦ ਜੀ/੧੩੮੧)

(5). ਇਸਤਰੀ ਨੂੰ ਸਮਾਜ ’ਚ ਪੈਰ ਦੀ ਜੁੱਤੀ ਸਮਝਿਆ ਤੇ ਉਸ ਨਾਲ਼ ਘਟੀਆ ਵਿਹਾਰ ਕੀਤਾ ਜਾਂਦਾ ਸੀ। ਗੁਰੂ ਜੀ ਨੇ ਉਸ ਨੂੰ ਮਾਣ ਬਖ਼ਸ਼ਦੇ ਹੋਏ ਸਮਝਾਇਆ ਕਿ ਇਸਤ੍ਰੀ ਤੋਂ ਜਨਮ ਲਈਦਾ ਹੈ। ਇਸਤ੍ਰੀ ਦੇ ਪੇਟ ’ਚ ਮਨੁੱਖ ਦਾ ਸਰੀਰ ਬਣਦਾ ਹੈ। ਇਸਤ੍ਰੀ ਨਾਲ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਕਾਰਨ ਹੀ ਸਮਾਜਿਕ ਸੰਬੰਧ ਬਣਦਾ ਹੈ ਯਾਨੀ ਇਸਤ੍ਰੀ ਤੋਂ ਜਗਤ ਦੀ ਉਤਪਤੀ ਵਾਲ਼ਾ ਰਾਹ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਦੂਜੀ ਇਸਤ੍ਰੀ ਭਾਲਣੀ ਪੈਂਦੀ ਹੈ ਕਿਉਂਕਿ ਇਸਤ੍ਰੀ ਕਾਰਨ ਰਿਸ਼ਤੇਦਾਰੀ ਬਣਦੀ ਹੈ। ਸੋ ਜਦ ਇਸਤ੍ਰੀ ਤੋਂ ਰਾਜੇ-ਮਹਾਰਾਜੇ ਜਨਮ ਲੈਂਦੇ ਹਨ ਤਾਂ ਉਸ ਨੂੰ ਮੰਦਾ ਨਹੀਂ ਆਖਣਾ ਚਾਹੀਦਾ। ਇਸਤ੍ਰੀ ਤੋਂ ਤਾਂ ਇਸਤ੍ਰੀ ਵੀ ਪੈਦਾ ਹੁੰਦੀ ਹੈ। ਜਗਤ ’ਚ ਇਸਤ੍ਰੀ ਤੋਂ ਬਿਨਾਂ ਕੋਈ ਪੈਦਾ ਨਹੀਂ ਹੋ ਸਕਦਾ, ਪਰ ਹਾਂ ਇੱਕ ਸੱਚਾ ਪ੍ਰਭੂ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। ਜੋ ਇਸ ਇਸਤ੍ਰੀ-ਮਰਦ ਅਸਮਾਨਤਾ (ਵਿਤਕਰੇ) ਤੋਂ ਉੱਪਰ ਉੱਠ ਪ੍ਰਭੂ ਦੇ ਸਦਾ ਗੁਣ ਗਾਉਂਦਾ ਹੈ, ਉਸ ਦੇ ਮੱਥੇ ’ਤੇ ਭਾਗਾਂ ਭਰੀ ਮਣੀ ਹੈ, ਚਮਕ ਹੈ ਯਾਨੀ ਉਹ ਭਾਗਾਂ ਵਾਲਾ ਹੈ। ਐਸੇ ਭਾਗਾਂ ਵਾਲ਼ੇ ਮੁੱਖ ਉਸ ਸੱਚੇ ਪ੍ਰਭੂ ਦੇ ਦਰ ’ਤੇ ਸ਼ੋਭਦੇ ਹਨ ‘‘ਭੰਡਿ ਜੰਮੀਐ, ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ਭੰਡੁ ਮੁਆ, ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ ਕੋਇ ਨਾਨਕ  ! ਭੰਡੈ ਬਾਹਰਾ; ਏਕੋ ਸਚਾ ਸੋਇ ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ਨਾਨਕ  ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ 2’’ (ਆਸਾ ਕੀ ਵਾਰ/ ਮਹਲਾ /੪੭੩)

  ਸੋ ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ, ਜਿਸ ਨੇ ਜਗਤ ਪੈਦਾ ਕੀਤਾ ਹੈ। ਇਹ ਸਾਰੇ ਜੀਅ ਜੰਤ ਰੱਬ ਦੁਆਰਾ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਤਾਂ ਫਿਰ ਕਿਸੇ ਜਾਤ ਮਜ਼੍ਹਬ ਦੇ ਭੁਲੇਖੇ ’ਚ ਪੈ ਕੇ ਕਿਸੇ ਨੂੰ ਚੰਗਾ ਜਾਂ ਮੰਦਾ ਨਹੀਂ ਸਮਝਣਾ ਚਾਹੀਦਾ। (ਰੱਬ ਦੀ ਹੋਂਦ ਤੋਂ ਮੁਨਕਰ ਹੋ) ਕਿਸੇ ਭੁਲੇਖੇ ’ਚ ਪੈ ਕੇ ਖ਼ੁਆਰ ਹੋਣਾ ਠੀਕ ਨਹੀਂ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ। ਸਾਰੀ ਖ਼ਲਕਤ ’ਚ ਮੌਜੂਦ ਹੈ। ਉਹ ਹਰ ਥਾਂ ਭਰਪੂਰ ਹੈ। ਸਿਰਜਨਹਾਰ ਨੇ ਇੱਕੋ ਮਿੱਟੀ ਤੋਂ ਕਈ ਕਿਸਮਾਂ ਦੇ ਜੀਆ ਜੰਤ ਪੈਦਾ ਕੀਤੇ ਹਨ। ਇਨ੍ਹਾਂ ਮਿੱਟੀ ਦੇ ਭਾਂਡਿਆਂ (ਜੀਵਾਂ) ’ਚ ਕੋਈ ਊਣਤਾ ਨਹੀਂ। ਨਾ ਹੀ ਭਾਂਡਿਆਂ ਨੂੰ ਬਣਾਣ ਵਾਲੇ ਘੁਮਿਆਰ ’ਚ। ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਸਭ ਜੀਵਾਂ ’ਚ ਵੱਸਦਾ ਹੈ। ਜੋ ਕੁਝ ਜਗਤ ’ਚ ਹੋ ਰਿਹਾ ਹੈ, ਉਸੇ ਦਾ ਕੀਤਾ ਕਰਾਇਆ ਹੈ। ਸੋ ਉਹੀ ਮਨੁੱਖ ਰੱਬ ਦਾ ਪਿਆਰਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣ ਕੇ ਉਸ ਇੱਕ ਨਾਲ ਸਾਂਝ ਪਾਵੇ। ਰੱਬ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ। ਉਸ ਦੇ ਸਾਰੇ ਗੁਣ ਦੱਸੇ ਨਹੀਂ ਜਾ ਸਕਦੇ। ਕਬੀਰ ਸਾਹਿਬ ਆਖਦੇ ਹਨ ਕਿ ਮੇਰੇ ਗੁਰੂ ਨੇ (ਰੱਬੀ ਸੂਝ ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ, ਪਰ) ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਤਾਂ ਜੋ ਉੱਚਤਾ ਜਾਂ ਨੀਚਤਾ ਵੇਖੀਏ ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ, ਸਭੁ ਜਗੁ ਉਪਜਿਆ; ਕਉਨ ਭਲੇ, ਕੋ ਮੰਦੇ ਲੋਗਾ  ! ਭਰਮਿ ਭੂਲਹੁ ਭਾਈ ਖਾਲਿਕੁ ਖਲਕ, ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ਰਹਾਉ ਮਾਟੀ ਏਕ, ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ਨਾ ਕਛੁ ਪੋਚ ਮਾਟੀ ਕੇ ਭਾਂਡੇ; ਨਾ ਕਛੁ ਪੋਚ ਕੁੰਭਾਰੈ ਸਭ ਮਹਿ ਸਚਾ ਏਕੋ ਸੋਈ; ਤਿਸ ਕਾ ਕੀਆ ਸਭੁ ਕਛੁ ਹੋਈ ਹੁਕਮੁ ਪਛਾਨੈ ਸੁ ਏਕੋ ਜਾਨੈ; ਬੰਦਾ ਕਹੀਐ ਸੋਈ ਅਲਹੁ ਅਲਖੁ, ਜਾਈ ਲਖਿਆ; ਗੁਰਿ, ਗੁੜੁ ਦੀਨਾ ਮੀਠਾ ਕਹਿ ਕਬੀਰ  ! ਮੇਰੀ ਸੰਕਾ ਨਾਸੀ; ਸਰਬ ਨਿਰੰਜਨੁ ਡੀਠਾ ’’ (ਭਗਤ ਕਬੀਰ ਜੀ/੧੩੫੦)

ਭਗਤ ਨਾਮਦੇਵ ਜੀ ਮੁਤਾਬਕ ਭੀ ਸਾਰੇ ਸਰੀਰਾਂ ’ਚੋਂ ਪਰਮਾਤਮਾ ਹੀ ਬੋਲਦਾ ਹੈ। ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਬੋਲਦਾ। ਜਿਵੇਂ ਇੱਕ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਦੇ ਹਨ, ਓਵੇਂ ਕੀੜੀ ਤੋਂ ਹਾਥੀ ਤੱਕ, ਨਿਰਜਿੰਦ ਪਦਾਰਥ ਤੇ ਸਜਿੰਦ ਜੀਵ, ਕੀੜੇ-ਪਤੰਗੇ ਆਦਿ ਹਰ ਘਟ ’ਚ ਪਰਮਾਤਮਾ ਹੀ ਸਮਾਇਆ ਹੈ ‘‘ਸਭੈ ਘਟ ਰਾਮੁ ਬੋਲੈ; ਰਾਮਾ ਬੋਲੈ ਰਾਮ ਬਿਨਾ; ਕੋ ਬੋਲੈ ਰੇ ਰਹਾਉ ਏਕਲ ਮਾਟੀ, ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ; ਘਟਿ ਘਟਿ ਰਾਮੁ ਸਮਾਨਾ ਰੇ ’’ (ਭਗਤ ਨਾਮਦੇਵ ਜੀ/੯੮੮)

ਸੋ ਗੁਰਬਾਣੀ ’ਚ ਜਿੱਥੇ ਸਭ ਦੇ ਮੂਲ ਪ੍ਰਮਾਤਮਾ ਲਈ ੴ , ਓਅੰਕਾਰ, ਕਰਤਾ ਪੁਰਖੁ, ਅਕਾਲ ਪੁਰਖੁ, ਕਾਦਰੁ, ਰਾਮੁ, ਰਹੀਮੁ, ਨਿਰੰਜਨੁ, ਨਾਰਾਇਣੁ, ਬੀਠਲੁ, ਮਾਧੋ, ਬਿਸ਼ੰਭਰ, ਗੋਬਿੰਦ, ਗੋਪਾਲ, ਮੁਰਾਰੀ ਆਦਿ ਅਨੇਕਾਂ ਕਿਰਤਮ ਨਾਮ ਵਰਤੇ ਹਨ ਉੱਥੇ ਵੱਖ ਵੱਖ ਰੂਪਾਂ ’ਚ ਅਲਹੁ, ਕਰੀਮੁ ਸ਼ਬਦ ਵੀ ਦਰਜਨਾਂ ਵਾਰ ਵਰਤੇ ਹਨ; ਜਿਵੇਂ ਕਿ ‘‘ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ਸਭ ਦੁਨੀ ਆਵਣ ਜਾਵਣੀ; ਮੁਕਾਮੁ ਏਕੁ ਰਹੀਮੁ ’’ (ਮਹਲਾ ੧/੬੪) ਭਾਵ ਸਾਰੀ ਦੁਨੀਆਂ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ), ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਅੱਲ੍ਹਾ ਹੈ, ਜੋ ਅਲੱਖ ਹੈ, ਅਪਹੁੰਚ ਹੈ, ਸਾਰੀ ਕੁਦਰਤ ਦਾ ਮਾਲਕ ਹੈ, ਸਾਰੇ ਜਗਤ ਦਾ ਰਚਨਹਾਰ ਹੈ ਤੇ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ।

ਗੁਰਬਾਣੀ ’ਚ ਅਕਾਲ ਪੁਰਖ ਲਈ ਵੱਖ ਵੱਖ ਨਾਉਂ ਲਿਖੇ ਜਾਣਾ ਸਾਬਤ ਕਰਦਾ ਹੈ ਕਿ ਸਾਡੇ ਲਈ ਰਾਮ ਅਤੇ ਅੱਲ੍ਹਾ ਇੱਕ ਸਮਾਨ ਹਨ, ਕੋਈ ਭੇਦ ਨਹੀਂ। ਹਿੰਦੂ ਦਾ ਗੁਸਾਈਂ ਅਤੇ ਮੁਸਲਮਾਨ ਦਾ ਅੱਲ੍ਹਾ ਇਕੋ ਹੈ ‘‘ਏਕੁ ਗੁਸਾਈ ਅਲਹੁ ਮੇਰਾ ਹਿੰਦੂ ਤੁਰਕ ਦੁਹਾਂ ਨੇਬੇਰਾ ’’ (ਮਹਲਾ /੧੧੩੬)

ਗੁਰਬਾਣੀ ਜਿੱਥੇ ਹਰ ਵਿਅਕਤੀ ਨੂੰ ਆਪੋ ਆਪਣੇ ਧਾਰਮਿਕ ਨਿਯਮਾਂ ਨੂੰ ਪੜਚੋਲਣ ਲਈ ਪ੍ਰੇਰਦੀ ਹੈ ਉੱਥੇ ਅਰਥਹੀਣ ਰਹੁ ਰੀਤਾਂ ਨੂੰ ਦੂਸਰਿਆਂ ਉੱਪਰ ਠੋਸਣ ਦੇ ਸਖ਼ਤ ਖਿਲਾਫ਼ ਹੈ। ਸੁਤੰਤਰਤਾ ਤੇ ਡਰ ਰਹਿਤ ਜ਼ਿੰਦਗੀ ਜਿਉਣ ਦੀ ਵਕਾਲਤ ਕਰਦੀ ਹੈ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ  ! ਸੁਨਿ ਰੇ ਮਨਾ  ! ਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭) ਇਸ ਸਿੱਖਿਆ ’ਤੇ ਪਹਿਰਾ ਦਿੰਦਿਆਂ ਹਿੰਦੂਆਂ ਦੇ ਜੰਞੂ ਜਿਸ ਵਿੱਚ ਗੁਰੂ ਸਾਹਿਬਾਨ ਦਾ ਆਪਣਾ ਕੋਈ ਯਕੀਨ ਨਹੀਂ; ਉਸ ਨੂੰ ਪਹਿਨਣ ਦਾ ਹੱਕ ਦਿਵਾਉਣ ਲਈ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਖ਼ੁਦ ਦਿੱਲੀ ਪਹੁੰਚ ਕੇ ਸ਼ਹੀਦੀ ਦਿੱਤੀ। ਜੇ ਅਮਨ ਪਸੰਦ ਧਾਰਮਿਕ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਦ ਚਿੰਨ੍ਹਾਂ ’ਤੇ ਚੱਲਦਿਆਂ ਮਾਨਵਤਾ ਦੀ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਵਾਜ਼ ਉਠਾਉਣੀ ਸ਼ੁਰੂ ਕਰ ਦੇਣ ਤਾਂ ਸਾਰੀ ਦੁਨੀਆਂ ’ਚੋਂ ਫਿਰਕੂ ਦੰਗੇ ਫਸਾਦ ਅਤੇ ਧਰਮ ਆਧਾਰਿਤ ਸਮਾਜਿਕ ਵੰਡਾਂ ਖ਼ਤਮ ਹੋ ਜਾਣਗੀਆਂ, ਕਿਸੇ ਨੂੰ ਵੀ ਦੇਸ਼ ਦੀ ਵੰਡ ਦਾ ਉਸ ਤਰ੍ਹਾਂ ਦੁੱਖ ਨਹੀਂ ਭੋਗਣਾ ਪਵੇਗਾ ਜਿਸ ਤਰ੍ਹਾਂ ਪੰਜਾਬ ਅਤੇ ਬੰਗਾਲ ਦੇ ਲੋਕਾਂ ਨੂੰ 1947 ’ਚ ਝਲਣਾ ਪਿਆ ਸੀ।

ਸਮਾਜਿਕ ਵਿਤਕਰੇ ਦੇਸ਼ ਦੀ ਤਰੱਕੀ ਅਤੇ ਸਮਾਜਿਕ ਸਾਂਝ ’ਤੇ ਸੱਟ ਮਾਰਦੇ ਹਨ। ਲੋਕਤੰਤਰੀ ਪ੍ਰਣਾਲੀ ’ਚ ਬਹੁਗਿਣਤੀ ਸਟੇਟਾਂ ’ਚ ਸਮਾਜਿਕ ਅਤੇ ਕਾਨੂੰਨੀ ਇਨਸਾਫ਼ ਖੰਭ ਲਾ ਕੇ ਉੱਡ ਜਾਂਦਾ ਹੈ। ਭਾਰਤ ਸੰਵਿਧਾਨਕ ਤੌਰ ’ਤੇ ਤਾਂ ਧਰਮ ਨਿਰਪੱਖ ਦੇਸ਼ ਹੈ। ਇਸ ਦੇ ਸੰਵਿਧਾਨ ’ਚ ਹਰ ਮਨੁੱਖ ਨੂੰ ਬੋਲਣ, ਲਿਖਣ ਅਤੇ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦੀ ਅਜ਼ਾਦੀ ਹੈ। ਧਰਮ, ਜਾਤ ਅਤੇ ਲਿੰਗ ਆਧਾਰਿਤ ਵਿਤਕਰਾ ਕਰਨ ਵਾਲੇ ਅਤੇ ਉਨ੍ਹਾਂ ਵਿਰੁੱਧ ਸ਼ਬਦੀ ਹਮਲੇ ਕਰਨ ਵਾਲਿਆਂ ਲਈ ਕਾਨੂੰਨ ਮੁਤਾਬਕ ਭਾਵੇਂ ਸਜ਼ਾ ਦੀ ਵਿਵਸਥਾ ਹੈ, ਪਰ ਅਮਲੀ ਰੂਪ ’ਚ ਸੰਵਿਧਾਨ ਮੌਨ ਧਾਰੀ ਬੈਠਾ ਰਹਿੰਦਾ ਹੈ। ਲੋਕਤੰਤਰ ’ਚ ਵੋਟ ਗਿਣਤੀ ਦੇ ਆਧਾਰ ’ਤੇ ਰਾਜ ਸੱਤਾ ਹਥਿਆਈ ਜਾਂਦੀ ਹੈ। ਇਸ ਭੁੱਖ ਕਾਰਨ ਫਿਰਕੂ ਪਾਰਟੀਆਂ ਸਮਾਜ ’ਚ ਨਫ਼ਤਰ ਪੈਦਾ ਕਰ, ਭਾਈਚਾਰਕ ਸਾਂਝ ਮਿਟਾ ਕੇ ਬਹੁ ਗਿਣਤੀ ਵੋਟਾਂ ਨਾਲ਼ ਸੱਤਾ ’ਤੇ ਕਾਬਜ਼ ਹੁੰਦੀਆਂ ਹਨ।

ਵਿਖਾਵੇ ਮਾਤਰ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਿਆਂ ’ਤੇ ਐਲਾਨ ਕਰਦੇ ਹਨ ਕਿ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ’ਤੇ ਚੱਲਦੇ ਹੋਏ ਆਪਸੀ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਹੈ। ਕਹਿਣ ਨੂੰ ਤਾਂ ਇਹ ਆਖਦੇ ਹਨ ਕਿ ਅੰਗਰੇਜ਼ਾਂ ਨੇ ਵੰਡੋ ਅਤੇ ਰਾਜ ਕਰੋ ਦੀ ਨੀਤੀ ਅਧੀਨ ਭਾਰਤ ’ਤੇ ਰਾਜ ਕੀਤਾ, ਪਰ ਇਨ੍ਹਾਂ ਦੀ ਆਪਣੀ ਕਰਨੀ ਅੰਗਰੇਜ਼ਾਂ ਨਾਲੋਂ ਕਿਤੇ ਵੱਧ ਮਾੜੀ ਸਿੱਧ ਹੋ ਰਹੀ ਹੈ। ਪਾਰਟੀ ਦੇ ਬੁਲਾਰਿਆਂ ਤੋਂ ਲੈ ਕੇ ਉੱਚ ਸੰਵਿਧਾਨਿਕ ਪਦਾਂ ’ਤੇ ਬੈਠੇ ਆਕਾ ਜਿਹੜੇ ਸੰਵਿਧਾਨ ਦੀ ਸਹੁੰ ਵੀ ਚੁੱਕਦੇ ਹਨ ਅਤੇ ਹਰ ਚੋਣ ਤੋਂ ਪਹਿਲਾਂ ਧਾਰਮਿਕ ਮੁੱਦੇ ਭਟਕਾਅ ਹਿੰਦੂ-ਮੁਸਲਮਾਨਾਂ ’ਚ ਨਫ਼ਰਤ ਅਤੇ ਦੰਗੇ ਫਸਾਦ ਕਰਵਾ ਵੋਟਾਂ ਦਾ ਧਰੁਵੀਕਰਨ ਵੀ ਕਰਦੇ ਹਨ। ਹੋਰ ਤਾਂ ਹੋਰ ਧਾਰਮਿਕ ਆਦਾਰਿਆਂ ’ਚੋਂ ਆਉਂਦੀ ਸਪੀਕਰਾਂ ਦੀ ਅਵਾਜ਼ ਨੂੰ ਵੀ ਮੁੱਦਾ ਬਣਾ ਵੋਟ ਵਟੋਰੀ ਜਾਂਦੀ ਹੈ। ਜੇਕਰ ਚਾਹੁਣ ਤਾਂ ਧਾਰਮਿਕ ਆਦਾਰਿਆਂ ਦੀ ਆਵਾਜ਼ ਚਾਰ ਦਿਵਾਰੀ ਤੱਕ ਰੱਖਣ ਲਈ ਕਈ ਵਾਰ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ, ਉਸ ਨੂੰ ਸਾਰੇ ਧਰਮਾਂ ’ਤੇ ਸਖ਼ਤੀ ਨਾਲ਼ ਲਾਗੂ ਕੀਤਾ ਜਾ ਸਕਦਾ ਹੈ, ਪਰ ਨਹੀਂ ਕਰਨਾ। ਵਿਸ਼ੇਸ਼ ਫਿਰਕੇ ਦੀਆਂ ਔਰਤਾਂ ਦਾ ਧਾਰਮਿਕ ਲਿਬਾਸ ਵੀ ਨਫ਼ਰਤ ਪੈਦਾ ਕਰਨ ਵਾਲ਼ਾ ਹਥਿਆਰ ਬਣਾ ਲਿਆ ਗਿਆ। ਕੀ ਇਹ ਔਰੰਗਜ਼ੇਬ ਵੱਲੋਂ ਜੰਞੂ ਉਤਰਾਉਣ ਦੇ ਤੁਲ ਨਹੀਂ ? ਇਸ ਤਰ੍ਹਾਂ ਸਿਆਸੀ ਪਾਰਟੀ ਰਾਜਨੀਤਿਕ ਲਾਭ ਉੱਠਾ ਕੇ ਜਨਤਾ ਦੇ ਆਮ ਮੁੱਦਿਆਂ ਤੋਂ ਧਿਆਨ ਭਟਕਾਉਣ ’ਚ ਕਾਮਯਾਬ ਹੁੰਦੀ ਆ ਰਹੀ ਹੈ। ਹੁਣ 15 ਅਗਸਤ ਨੂੰ 26 ਕਰੋੜ ਘਰਾਂ ’ਤੇ 1300 ਕਰੋੜ ਦੇ ਤਰੰਗੇ ਲਹਿਰਾਅ ਕੇ ਰਾਸ਼ਟਰੀ ਭਾਵਨਾ ਪੈਦਾ ਕਰਨ ਦਾ ਟੀਚਾ ਹੈ ਤਾਂ ਜੋ 2024 ਚੁਣਾਵ ਤੱਕ ਲੋਕ ਬੁਨਿਆਦੀ ਲੋੜਾਂ ਦੀ ਅਸਫਲਤਾ ਲਈ ਸਰਕਾਰ ਨੂੰ ਜ਼ਿੰਮੇਦਾਰ ਨਾ ਠਹਿਰਾਅ ਸਕਣ; ਇਉਂ ਅਤਿ ਗੰਭੀਰ ਮੁੱਦੇ ਮਹਿੰਗਾਈ, ਬੇਰੁਜ਼ਗਾਰੀ, ਸਿਹਤ ਅਤੇ ਸਿੱਖਿਆ ਫਿਰਕੂ ਮੁੱਦਿਆਂ ਹੇਠ ਦਫ਼ਨ ਕਰ ਦਿੱਤੇ ਗਏ। ਹਿੰਦੂ ਭਰਾਵਾਂ ਨੂੰ ਸੋਚਣਾ ਪਏਗਾ ਕਿ ਮੰਨ ਲਓ ਹਿੰਦੂ ਰਾਸ਼ਟਰ ਬਣ ਗਿਆ ਤਾਂ ਉਨ੍ਹਾਂ ਨੂੰ ਕੀ ਲਾਭ ਮਿਲੇਗਾ ? ਪਾਕਿਸਤਾਨ, ਬੰਗਲਾ ਦੇਸ਼, ਅਫ਼ਗਾਨਿਸਤਾਨ ਆਦਿ ਕਿੰਨੇ ਹੀ ਇਸਲਾਮਿਕ ਦੇਸ਼ ਹਨ ਉੱਥੋਂ ਦੇ ਮੁਸਲਮਾਨਾਂ ਭਰਾਵਾਂ ਨੂੰ ਕਿੰਨਾ ਕੁ ਲਾਭ ਮਿਲਿਆ ਹੈ ? ਉਨ੍ਹਾਂ ਦੀ ਆਰਥਿਕਤਾ ਭਾਰਤ ਨਾਲੋਂ ਵੀ ਕਮਜ਼ੋਰ ਹੈ।

ਸੋ ਜੇਕਰ ਸਾਰੀ ਹੀ ਦੁਨੀਆਂ ਦੇ ਲੋਕ; ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਪਣਾਅ ਲੈਣ ਤਾਂ ਕਿਸੇ ਵੀ ਖੇਤਰ ’ਚ ਸਮਾਜਿਕ ਫੁੱਟ ਦਾ ਬੀਜ ਨਹੀਂ ਬੀਜਿਆ ਜਾ ਸਕੇਗਾ। ਅਜਿਹਾ ਫਿਰਕੂ ਸਿਆਸੀ ਲੋਕ ਨਹੀਂ ਹੋਣ ਦੇਣਗੇ, ਇਸ ਲਈ ਪਹਿਲਾਂ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਨ੍ਹਾਂ ਵਿੱਚ ਕਿਸੇ ਵੀ ਧਰਮ, ਸਮਾਜ ਤੇ ਰਾਸ਼ਟਰ ਦਾ ਭਲਾ ਨਹੀਂ।