ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਅਵਾਜ਼ ਉੱਠਣ ਲੱਗੀ

0
299

ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਅਵਾਜ਼ ਉੱਠਣ ਲੱਗੀ

ਬਠਿੰਡਾ, 18 ਅਗਸਤ : ਬਠਿੰਡਾ ਸ਼ਹਿਰ ਅਤੇ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ’ਚ ਗੁਰ ਪੁਰਬ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਾਂ ਪਹਿਲਾਂ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਸਨ ਪਰ ਹੁਣ ਸੰਗਤ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਕਿ ਜਦ ਤੱਕ ਰਾਸ਼ੀ ਪ੍ਰਵੇਸ਼ ਵਾਲੀਆਂ ਸੰਗਰਾਂਦਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਹੀਨੇ ਦੀ ਆਰੰਭਤਾ ਵਾਲੇ ਦਿਨ ਮਨਾਉਣੇ ਸ਼ੁਰੂ ਨਹੀਂ ਹੋਣਗੇ ਤਦ ਤੱਕ ਨਾਨਕਸ਼ਾਹੀ ਕੈਲੰਡਰ ਸ਼ੁੱਧ ਰੂਪ ’ਚ ਲਾਗੂ ਨਹੀਂ ਹੋ ਸਕਦਾ। ਇਸ ਆਸ਼ੇ ਨੂੰ ਮੁੱਖ ਰੱਖ ਕੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਧੋਬੀਆਨਾ ਨਗਰ ਦੇ ਪ੍ਰਬੰਧਕਾਂ ਨੇ ਭਾਦੋਂ ਮਹੀਨੇ ਦੀ ਅਰੰਭਤਾ ਵਾਲੇ ਦਿਨ 16 ਅਗਸਤ ਨੂੰ ਗੁਰਮਤਿ ਸਮਾਗਮ ਕੀਤਾ ਜਦੋਂ ਕਿ ਰਾਸ਼ੀ ਪ੍ਰਵੇਸ਼ ਵਾਲੇ ਬਿਕ੍ਰਮੀ ਕੈਲੰਡਰ ਦੀ ਸੰਗਰਾਂਦ 17 ਅਗਸਤ ਦੀ ਸੀ।

ਅਗਲਾ ਗੁਰਮਤਿ ਸਮਾਗਮ ਗੁਰਦੁਆਰਾ ਕੋਠੇ ਅਮਰਪੁਰਾ ਨੇੜੇ ਥਰਮਲ ਕਲੋਨੀ ਵਿਖੇ ਸੰਗਰਾਂਦ ਦੇ ਦਿਨ 17 ਅਗਸਤ ਨੂੰ ਕੀਤਾ ਗਿਆ ਜਿੱਥੇ ਆਸ ਪਾਸ ਦੇ ਗੁਰਦੁਆਰਾ ਪ੍ਰਬੰਧਕ ਅਤੇ ਗ੍ਰੰਥੀ ਸਿੰਘਾਂ ਦੀ ਸ਼ਮੂਲੀਅਤ ਵੀ ਸੀ। ਦੋਵੇਂ ਗੁਰਦੁਆਰਾ ਸਾਹਿਬਾਨ ਵਿਖੇ ਕੈਲੰਡਰ ਸਬੰਧੀ ਤੱਥਾਂ ਆਧਾਰਤ ਜਾਣਕਾਰੀ ਦਿੰਦੇ ਹੋਏ ਕਿਰਪਾਲ ਸਿੰਘ ਨੇ ਦੱਸਿਆ ਕਿ ਨਾ ਤਾਂ ਗੁਰਮਤਿ ਅਨੁਸਾਰ ਕਿਸੇ ਸੰਗਰਾਂਦ ਦਾ ਦਿਹਾੜਾ ਪਵਿੱਤਰ ਹੈ ਅਤੇ ਨਾ ਹੀ ਇਹ ਕੁਦਰਤੀ ਹੈ, ਜੋ ਅੱਗੇ ਪਿੱਛੇ ਨਹੀਂ ਹੋ ਸਕਦਾ ਸਗੋਂ ਇਹ ਪੰਚਾਂਗਕਾਰਾਂ ਵੱਲੋਂ ਘੜੇ ਵੱਖ ਵੱਖ ਨਿਯਮਾਂ ਅਤੇ ਵੱਖ ਵੱਖ ਸਥਾਨਾਂ ’ਤੇ ਸੂਰਜ ਚੜ੍ਹਨ ਦੇ ਵੱਖਰੋ ਵੱਖਰੇ ਸਮੇਂ ਹੋਣ ਕਾਰਨ ਹਰ ਪ੍ਰਾਂਤ ਅਤੇ ਹਰ ਸਥਾਨ ਵਿਖੇ ਵੱਖਰੀ ਹੋ ਸਕਦੀ ਹੈ। ਮਿਸਾਲ ਵਜੋਂ ਲੈਹਰੀ’ਜ਼ ਇੰਡੀਅਨ ਅਫੈਮਰੀਜ਼-2021 ਦੇ ਪੰਨਾਂ 11 ਤੋਂ ਪੜ੍ਹ ਕੇ ਦੱਸਿਆ ਕਿ ਭਾਦੋਂ ਮਹੀਨੇ ਦੀ ਸੰਗਰਾਂਦ ਕੌਮੀ ਕੈਲੰਡਰ ਮੁਤਾਬਕ 23 ਅਗਸਤ, ਬੰਗਾਲ ਤੇ ਅਸਾਮ ’ਚ 18 ਅਗਸਤ, ਤਾਮਿਲਨਾਡੂ ਅਤੇ ਕੇਰਲਾ ’ਚ 17 ਅਗਸਤ, ਪੰਜਾਬ ਹਰਿਆਣਾ ਅਤੇ ਉਡੀਸਾ ’ਚ 16 ਅਗਸਤ 2021 ਸੀ ਤਾਂ ਦੱਸੋਂ ਇਨ੍ਹਾਂ ਵਿੱਚੋਂ ਕਿਹੜੀ ਸੰਗਰਾਂਦ ਕੁਦਰਤੀ ਤੇ ਕਿਹੜੀ ਗੈਰ ਕੁਦਰਤੀ ਹੈ ?

ਸ੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਮੁਤਾਬਕ ਛਾਪੇ ਜਾਂਦੇ ਕੈਲੰਡਰਾਂ ਦੀਆਂ ਪਿਛਲੇ ਸਾਲਾਂ ਦੀਆਂ ਕਾਪੀਆਂ ਵਿਖਾਉਂਦੇ ਹੋਏ ਕਿਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਤਾਬਕ ਵੈਸਾਖੀ ਤਾਂ ਹਰ ਸਾਲ ਕ੍ਰਮਵਾਰ ਨਿਸ਼ਚਿਤ ਤਾਰੀਖ 1 ਵੈਸਾਖ ਨੂੰ ਹੈ, ਜਿਸ ਦੀ ਅੰਗਰੇਜ਼ੀ ਤਰੀਖ ਕਦੀ 13 ਅਪ੍ਰੈਲ ਕਦੀ 14 ਅਪ੍ਰੈਲ ਹੋ ਜਾਂਦੀ ਹੈ ਪਰ ਸਰਹਿੰਦ ਫਤਿਹ ਦਿਵਸ ਦੀ ਅੰਗਰੇਜ਼ੀ ਤਾਰੀਖ ਹਰ ਸਾਲ 12 ਮਈ ਹੈ, ਜਿਸ ਦੀ ਦੇਸੀ ਤਾਰੀਖ ਕਦੀ 29 ਵੈਸਾਖ ਕਦੀ 30 ਵੈਸਾਖ ਬਦਲ ਬਦਲ ਕੇ ਆਉਂਦੀ ਹੈ। ਸ੍ਰੋਮਣੀ ਕਮੇਟੀ ਦੀ ਹੋਰ ਇਤਿਹਾਸਕਾਰੀ ਵੇਖੋ, ਗੁਰਦੁਆਰਾ ਸ਼ਹੀਦ ਗੰਜ ਫਤਹਿਗੜ੍ਹ ਸਾਹਿਬ ਵਿਖੇ ਲੱਗੇ ਬੋਰਡ ’ਤੇ ਤਾਰੀਖ 1 ਜੇਠ 14 ਜੂਨ ਲਿਖਿਆ ਪਿਆ ਹੈ ।

ਸੋ ਇਹ ਸਾਰੀਆਂ ਹੀ ਤਾਰੀਖਾਂ ਗਲਤ ਹਨ ਕਿਉਂਕਿ ਅਸਲੀ ਤਾਰੀਖ 24 ਰੱਬੀ-ਉਲ-ਅੱਵਲ 1122 ਹਿਜ਼ਰੀ ਹੈ, ਜਿਸ ਨੂੰ ਤਬਦੀਲ ਕਰ ਕੇ 15 ਜੇਠ/13 ਮਈ ਬਣਦਾ ਹੈ ਅਤੇ ਅੱਜ ਕੱਲ੍ਹ 15 ਜੇਠ; 28 ਜਾਂ 29 ਮਈ ਨੂੰ ਹੁੰਦਾ ਹੈ। ਜ਼ਰਾ ਅੰਦਾਜ਼ਾ ਲਗਾਓ ਕਿ ਜਿਹੜੀ 1 ਵੈਸਾਖ 1699 ’ਚ 29 ਮਾਰਚ ਨੂੰ ਸੀ, ਉਹ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅੱਜ ਤੋਂ ਇਕ ਹਜ਼ਾਰ ਸਾਲ ਬਾਅਦ 27/28 ਅਪ੍ਰੈਲ ਨੂੰ ਆਵੇਗੀ ਜਦੋਂ ਕਿ 29/30 ਵੈਸਾਖ ਨੂੰ ਆਉਣ ਵਾਲਾ ਸਰਹਿੰਦ ਫਤਿਹ ਦਿਵਸ ਉਸ ਸਮੇਂ ਵੀ 12 ਮਈ ਨੂੰ ਹੀ ਹੋਵੇਗਾ ਜਿਸ ਨਾਲ ਸੰਬੰਧਿਤ ਤਾਰੀਖ 15/16 ਵੈਸਾਖ ਹੋਵੇਗੀ ਤਾਂ ਅੱਜ ਵਾਲੇ ਲਿਖੇ ਇਤਿਹਾਸ ਅਤੇ ਬੋਰਡਾਂ ਦਾ ਕੀ ਬਣੇਗਾ ? ਕੈਲੰਡਰਾਂ ਸਬੰਧੀ ਇਹ ਜਾਣਕਾਰੀ ਦੇਣ ਉਪਰੰਤ ਜਦੋਂ ਸੰਗਤ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਹੜੇ ਕੈਲੰਡਰ ਦਾ ਸਮਰਥਨ ਕਰਦੇ ਹੋ ਤਾਂ ਸਭ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਹੱਥ ਖੜ੍ਹੇ ਕਰ ਕੇ ਸਮਰਥਨ ਦਿੱਤਾ।