ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼; ਸਮੁੱਚੀ ਮਾਨਵਤਾ ਲਈ ਲਾਹੇਵੰਦ

0
372

ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼; ਸਮੁੱਚੀ ਮਾਨਵਤਾ ਲਈ ਲਾਹੇਵੰਦ

ਗਿਆਨੀ ਅਵਤਾਰ ਸਿੰਘ

ਗਿਆਨ; ਮਨੁੱਖ ਜਾਤੀ ਲਈ ਸਾਫ਼-ਸੁਥਰਾ ਅਤੇ ਪ੍ਰਤੱਖ ਨਜ਼ਰ ਆਉਣ ਵਾਲ਼ਾ ਮਾਰਗ ਹੈ, ਜਿਸ ’ਤੇ ਚੱਲਦਿਆਂ ਉਹ ਆਪਣੀ ਜ਼ਿੰਦਗੀ ਨੂੰ ਬੜਾ ਅਰਾਮ ਦਾਇਕ ਬਣਾ ਬਣਾ ਭੋਗਦਾ ਹੈ। ਬਾਕੀ ਜੂਨਾਂ (ਪਸ਼ੂ/ਪੰਛੀਆਂ) ਕੋਲ਼ ਸੀਮਤ ਗਿਆਨ ਹੋਣ ਕਾਰਨ ਜੀਵਨ ’ਚ ਵਧੇਰੇ ਪੀੜਾ ਸਹਿਣੀ ਪੈਂਦੀ ਹੈ। ਮੋਟੇ ਤੌਰ ’ਤੇ ਗਿਆਨ ਤਿੰਨ ਤਰ੍ਹਾਂ ਦਾ ਹੁੰਦਾ ਹੈ (1). ਆਪਣੇ ਸਰੀਰ ਬਾਰੇ ਗਿਆਨ। ਇਹ ਬੰਦੇ ਦੇ ਖਾਣ ਪਾਣ (ਪੀਣ), ਰਹਿਣੀ-ਬਹਿਣੀ ਤੇ ਪਰਿਵਾਰਿਕ ਜੀਵਨ ਨਾਲ਼ ਸੰਬੰਧਿਤ ਹੈ, ਜੋ ਸਰੀਰਕ ਤੰਦਰੁਸਤੀ, ਸਾਫ਼-ਸਫ਼ਾਈ ਤੇ ਕਿਰਤ ਕਰਨ ’ਚ ਮਦਦ ਕਰਦਾ ਹੈ। (2). ਸਮਾਜ ਤੇ ਕੁਦਰਤਿ ਬਾਰੇ ਗਿਆਨ। ਇਸ ਗਿਆਨ ਤੋਂ ਸੱਖਣਾ ਮਨੁੱਖ ਸਮਾਜਿਕ ਜ਼ਿੰਦਗੀ ’ਚ ਅਤੇ ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਕਰਦਿਆਂ ਧੋਖਾ ਖਾਏਗਾ। (3). ਰੂਹਾਨੀਅਤ ਗਿਆਨ। ਇਹ ਗਿਆਨ; ਮਨੁੱਖੀ ਜ਼ਿੰਦਗੀ ਨੂੰ ਸ਼ਾਂਤ (ਅਡੋਲ), ਗੰਭੀਰ ਅਤੇ ਪਿਆਰ ਭਰਪੂਰ ਬਣਾਉਂਦਾ ਹੈ।

ਬੌਧਿਕਤਾ ਪੱਖੋਂ ਵੇਖਿਆ ਜਾਏ ਤਾਂ ਉਕਤ ਨੰਬਰ 3 ਵਾਲ਼ਾ ਗਿਆਨ; ਪਹਿਲੇ ਅਤੇ ਦੂਜੇ ਨੰਬਰ ਵਾਲ਼ੇ ਗਿਆਨ ਦੀ ਨੀਂਹ (ਬੁਨਿਆਦ) ਹੈ ਯਾਨੀ ਜਿਸ ਮਨੁੱਖ ਅੰਦਰ ਸ਼ਾਂਤੀ, ਗੰਭੀਰਤਾ ਤੇ ਪਿਆਰ ਹੈ ਉਹ, ਸਰੀਰਕ ਗਿਆਨ ਅਤੇ ਸਮਾਜਿਕ/ਕੁਦਰਤਿ ਗਿਆਨ ਪੱਖੋਂ ਵੀ ਸੁਚੇਤ ਹੁੰਦਾ ਹੈ, ਇਸ ਲਈ ‘ਜਪੁ’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਹਨ ‘‘ਨਾ ਓਹਿ ਮਰਹਿ; ਠਾਗੇ ਜਾਹਿ ਜਿਨ ਕੈ, ਰਾਮੁ ਵਸੈ ਮਨ ਮਾਹਿ੩੭’’ (ਜਪ) ਅਰਥ : ਜਿਨ੍ਹਾਂ ਦੇ ਮਨ ’ਚ ਰਾਮ-ਰਾਮ (ਦੀ ਹੋਂਦ ਬਾਰੇ ਖ਼ਿਆਲ) ਵੱਸਦਾ ਹੈ, ਉਪਜਦਾ ਹੈ। ਉਹ ਨਾ ਆਤਮਕ ਪੱਖੋਂ ਮਰਦੇ ਹਨ ਅਤੇ ਨਾ ਹੀ ਸਮਾਜ ’ਚ ਵਿਚਰਦਿਆਂ ਕੋਈ ਧੋਖਾ ਖਾਂਦੇ ਹਨ; ਤਾਂ ਤੇ ਸਪਸ਼ਟ ਹੈ ਕਿ ਜਿਨ੍ਹਾਂ ਦੇ ਹਿਰਦੇ ’ਚ ਅਕਾਲ ਪੁਰਖ ਦੀ ਯਾਦ ਹੈ ਉਹ; ਸਰੀਰਕ ਅਤੇ ਸਮਾਜਿਕ/ਕੁਦਰਤਿ ਗਿਆਨ ਪੱਖੋਂ ਵੀ ਮਜ਼ਬੂਤ/ਪਰਿਪੱਕ ਹੁੰਦੇ ਹਨ ਤਾਹੀਓਂ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ’ਚ ਬਚਨ ਕੀਤੇ ‘‘ਸਰਬ ਰੋਗ ਕਾ ਅਉਖਦੁ ਨਾਮੁ ’’ (ਸੁਖਮਨੀ/ ਮਹਲਾ /੨੭੪) ਅਰਥ : ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ਼ ਦੀ ਦਵਾ (ਜੜ੍ਹ) ਰਾਮ ਦਾ ਨਾਮ ਜਪਣਾ ਹੈ। ਇਸ ਨੂੰ ਹੀ ਮਨੁੱਖਾਂ ਨੇ ‘ਧਰਮ’ (ਅਸਲ ਫ਼ਰਜ਼) ਨਾਂ ਦਿੱਤਾ।

ਸਦੀਆਂ ਤੋਂ ‘ਧਰਮ’ ਦੀ ਵਿਆਖਿਆ ਭਿੰਨ ਭਿੰਨ ਨਜ਼ਰੀਏ ਤੋਂ (ਯਾਨੀ ਆਪਣੀ ਆਪਣੀ ਮੱਤ ਨਾਲ਼) ਹੁੰਦੀ ਆਈ ਹੈ। ਆਪਣਾ ਆਪਣਾ ਮੱਤ (ਨਜ਼ਰੀਆ); ਅਸਲ ਧਰਮ ਨਹੀਂ ਸੀ, ਪਰ ਹਰ ਕਬੀਲੇ/ਵਰਗ ਨੇ ਉਸ ਨੂੰ ਹੀ ਸੱਚਾ ਧਰਮ ਮੰਨਿਆ, ਜਿਸ ਕਾਰਨ ‘ਧਰਮ’ ਦੇ ਅਰਥ ਇੱਕ ਤੋਂ ਵੱਧ ਮੱਤਾਂ ’ਚ ਟਕਰਾਅ ਦਾ ਕਾਰਨ ਬਣੇ ਅਤੇ ਮਨੁੱਖੀ ਮਨਾਂ ਅੰਦਰ ਸ਼ਾਂਤੀ, ਗੰਭੀਰਤਾ ਤੇ ਪਿਆਰ ਦੀ ਥਾਂ ਨਫ਼ਰਤ, ਹੋਛੇਪਣ ਅਤੇ ਸੁਆਰਥ ਨੇ ਜਨਮ ਲੈ ਲਿਆ। ਆਪਣਾ ਮੱਤ ਹੀ ਅਸਲ ਧਰਮ ਹੈ, ਸੱਚਾ ਮਜ਼੍ਹਬ ਹੈ; ਕਹਿ ਕਹਿ ਉਪਜੀ ਇਸ ਬਿਮਾਰੀ ਨੇ ਮਨੁੱਖਤਾ ਨੂੰ ਰੰਗ ਭੇਦ, ਨਸਲ ਭੇਦ, ਜਾਤੀ ਭੇਦ, ਭਾਸ਼ਾਈ ਭੇਦ, ਲਿਬਾਸ/ਪਹਿਰਾਵਾ ਭੇਦ ਵਰਗੇ ਵਿਤਕਰਿਆਂ ’ਚ ਵੀ ਵੰਡ ਦਿੱਤਾ ਅਤੇ ਚੌਧਰੀ ਜਮਾਤ (ਰਾਜਸੀ ਲੋਕਾਂ) ਦੀ ਸੱਤਾ ਭੁੱਖ-ਨੀਤੀ ਨੇ ਇਸ ਬਲਦੀ ’ਤੇ ਹੋਰ ਤੇਲ ਪਾਇਆ।

ਗੁਰੂ ਨਾਨਕ ਸਾਹਿਬ ਜੀ ਦੇ ਜਨਮ ਧਾਰਨ ਸਮੇਂ ਇੱਕ ਕਬੀਲੇ ਅੰਦਰ ਹੀ ਮਨੁੱਖ ਨੂੰ ਮਨੁੱਖ ਤੋਂ ਦੂਰ ਰੱਖਣ ਲਈ ਕਈ ਕਈ ਰੀਤੀ-ਰਿਵਾਜ ਸਨ। ਸਾਰਿਆਂ ਨੂੰ ਧਰਮ ਦੇ ਹੀ ਨਾਂ ਦਿੱਤੇ ਹੋਏ ਸਨ; ਇਉਂ ਆਪਸੀ ਫੁੱਟ; ਰੂਹਾਨੀਅਤ ਗਿਆਨ (ਖੋਜ) ’ਤੇ ਭਾਰੂ ਪੈਂਦੀ ਗਈ। ਜਿਸ ਜਿਸ ਨੇ ਰੂਹਾਨੀਅਤ ਗਿਆਨ ਬਾਰੇ ਚਾਨਣਾ ਪਾਇਆ ਉਸ ਦਾ ਵਿਰੋਧ ਹੋਇਆ। ਰੂੜ੍ਹੀਵਾਦੀ ਮਨਹੱਠ ਨੇ ਉਨ੍ਹਾਂ ਨੂੰ ਸਰੀਰਕ ਤਸੀਹੇ ਦਿੱਤੇ। ਉਨ੍ਹਾਂ ਅੰਦਰ ਮਾਨਸਿਕ ਮਜ਼ਬੂਤੀ (ਰੂਹਾਨੀਅਤ ਸੱਚਾ ਪ੍ਰਕਾਸ਼) ਹੀ ਕਹੀਏ ਕਿ ਉਨ੍ਹਾਂ ਨੇ ਆਪਣਾ ਉਪਦੇਸ਼ ਦੇਣਾ ਜਾਰੀ ਰੱਖਿਆ।

ਜ਼ਰਾ ਸੋਚਣਾ ਬਣਦਾ ਹੈ ਕਿ ਸਿੱਖ ਧਰਮ ਦੇ ਤਿੰਨ ਮੁੱਢਲੇ ਅਸੂਲ ਹਨ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛੱਕਣਾ’; ਇਨ੍ਹਾਂ ਪਰਉਪਕਾਰੀ ਅਤੇ ਸ਼ਾਂਤਮਈ ਉਪਦੇਸ਼ਾਂ ਦਾ ਕੋਈ ਰੂੜ੍ਹੀਵਾਦੀ ਮਨਮੱਠੀ ਅੰਨ੍ਹਾ ਮਨੁੱਖ ਹੀ ਵਿਰੋਧ ਕਰੇਗਾ, ਪਰ ਵਿਰੋਧ ਹੋਇਆ ਤੇ ਸਭ ਤੋਂ ਵੱਧ ਨਫ਼ਰਤ ਰੱਖ ਤਸੀਹੇ ਦਿਵਾਏ ਗਏੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਨਵ ਜਾਤੀ ਨੂੰ ਧਰਮ ਦੇ ਨਾਂ ’ਤੇ ਕਿੰਨਾ ਗੁੰਮਰਾਹ ਕੀਤਾ ਗਿਆ ਸੀ/ਹੈ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ /) ਯਾਨੀ ਸਚਾਈ ਬਿਆਨ ਕਰਨੀ ਅਤੇ ਸੁਣਨੀ; ਬੜੀ ਮੁਸ਼ਕਲ ਹੈ, ਫਿਰ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਮੂੰਹ ’ਤੇ ਜਾਬਰ (ਜ਼ੁਲਮ ਕਰਨ ਵਾਲ਼ਾ) ਤੱਕ ਕਿਹਾ ਹੈ।

ਜਦ ਅੰਨ੍ਹਾ ਮਨੁੱਖ ਵੀ ਆਪਣੇ ਆਪ ਨੂੰ ‘‘ਇਕ ਦੂ ਇਕੁ ਸਿਆਣਾ ’’ (ਜਪੁ) ਸਮਝ ਬੈਠੇ ਤਾਂ ਸਮਝਦਾਰੀ ਇਸ ਵਿੱਚ ਹੀ ਹੈ ਕਿ ਉਸ ਨੂੰ ਪਹਿਲਾਂ ਅਕਲ-ਦਵਾ ਦੇਣ ਦੀ ਥਾਂ ਉਸ ਦੀ ਕਥਨੀ ਅਤੇ ਕਰਨੀ (ਬੋਲਾਂ ਅਤੇ ਰਹਿਣੀ-ਬਹਿਣੀ) ’ਚੋਂ ਊਣਤਾਈ ਲੈ ਕੇ ਉਸ ਅੱਗੇ ਰੱਖ ਜਵਾਬ ਮੰਗਿਆ ਜਾਵੇ। ਗੁਰੂ ਨਾਨਕ ਸਾਹਿਬ ਜੀ ਨੇ ਇਸੇ ਨੀਤੀ ਨੂੰ ਆਪਣਾ ਹਥਿਆਰ ਬਣਾਇਆ। ਆਪ; ਮੱਕੇ ਪਹੁੰਚ ਕੇ ਕਾਬੇ ਵੱਲ ਪੈਰ ਕਰਕੇ ਸੌਂ ਗਏ। ਹਰਿਦੁਆਰ ਪਹੁੰਚ ਕੇ ਗੰਗਾ ’ਚੋਂ ਪਾਣੀ ਪੱਛਮ ਵੱਲ ਸੁੱਟਣ ਲੱਗ ਪਏ। ਸੁਲਤਾਨਪੁਰ ਲੋਧੀ ਵਿਖੇ ਨਮਾਜ਼ ਪੜ੍ਹਦੇ ਕਾਜ਼ੀਆਂ ਦੇ ਨਾਲ਼ ਝੁਕ ਕੇ ਨਮਾਜ਼ ਪੜ੍ਹਨ ਦੀ ਥਾਂ ਖੜ੍ਹੇ ਉਨ੍ਹਾਂ ਵੱਲ ਵੇਖਦੇ ਰਹੇ। ਐਸਾ ਹੀ ਵਿਵਹਾਰ ਆਪ ਨੇ ਜਗਨਨਾਥ ਪੁਰੀ ਵਿਖੇ ਹੁੰਦੀ ਆਰਤੀ ਸਮੇਂ ਕੀਤਾ। ਸੂਰਜ ਗ੍ਰਹਿਣ ਸਮੇਂ ਕੁਰੂਕਸ਼ੇਤਰ (ਹਰਿਆਣਾ) ਵਿਖੇ ਪਹੁੰਚ ਹਿਰਨ ਦਾ ਮਾਸ ਜਾ ਪਕਾਇਆ/ਰਿੰਨ੍ਹਿਆ। ਰੂੜ੍ਹੀਵਾਦੀ ਧਰਮੀ ਲੋਕਾਂ ਨੂੰ ਇਹ ਸਾਰੇ ਕਰਮ ਅਧਰਮੀ ਬੰਦੇ ਦੇ ਜਾਪੇ, ਪਰ ਜਿਉਂ ਜਿਉਂ ਇਨ੍ਹਾਂ ਹਰਕਤਾਂ ਦਾ ਕਾਰਨ ਪੁੱਛਦੇ ਗਏ ਤਾਂ ਆਪਣੇ ਅੰਨ੍ਹੇਪਣ ਅਤੇ ਸੌੜੀ ਸੋਚ ਦਾ ਅਹਿਸਾਸ ਹੁੰਦਿਆਂ ਦੇਰ ਨਾ ਲੱਗੀ।

ਗੁਰੂ ਨਾਨਕ ਸਾਹਿਬ ਜੀ; ਸਰੀਰਕ ਰੂਪ ਵਿੱਚ ਮਨੁੱਖਤਾ ਦੀ ਕਿਆਮਤ ਤੱਕ ਅਗਵਾਈ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਇਸ ਤਰ੍ਹਾਂ ਮਨੁੱਖ ਜਾਤੀ ਕਦੇ ਵੀ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਹੋ ਸਕਦੀ ਸੀ। ਆਪ ਨੇ 10 ਜਾਮਿਆਂ ’ਚ ਕੇਵਲ 239 ਸਾਲ (ਸੰਨ 1469-1708) ਹੀ ਮਨੁੱਖਤਾ ਦੀ ਸਰੀਰ ਰੂਪ ’ਚ ਅਗਵਾਈ ਕੀਤੀ ਹੈ। ਉਨ੍ਹਾਂ ਨੇ ਆਪਣੇ ਇਲਾਹੀ ਬਚਨਾਂ ਨੂੰ ਰੂੜ੍ਹੀਵਾਦੀ ਰਹੁ-ਰੀਤਾਂ ਅਤੇ ਸਮਾਜਿਕ ਦੰਦ ਕਥਾਵਾਂ ਦੀਆਂ ਮਿਸਾਲਾਂ ਦੇ ਦੇ ਕੇ ਸਮਝਾਇਆ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਦਿੰਦੇ ਗਏ। ਆਪ ਨੇ ਹਮਖ਼ਿਆਲੀ ਭਗਤਾਂ ਦੀ ਬਾਣੀ ਵੀ ਇਕੱਤਰ ਕੀਤੀ ਤਾਂ ਕਿ ਵੱਧ ਤੋਂ ਵੱਧ ਰੂਹਾਨੀਅਤ ਅਨੁਭਵ ਨੂੰ ਇੱਕ ਗ੍ਰੰਥ ਦਾ ਰੂਪ ਦਿੱਤਾ ਜਾ ਸਕੇ, ਜੋ ਮਨੁੱਖ ਜਾਤੀ ਦੀ ਰਹਿਨੁਮਾਈ ਕਿਆਮਤ ਤੱਕ ਕਰੇ। ਐਸਾ ਕਰਦਿਆਂ ਆਪ ਨੇ ਭਾਸ਼ਾਈ ਭੇਦ ਭਾਵ, ਜਾਤੀ ਵਖਰੇਵੇਂ, ਰੰਗ ਤੇ ਨਸਲ ਆਦਿ ਵਿਤਕਰਿਆਂ ਦੀਆਂ ਬੰਦਿਸ਼ਾਂ ਤੋੜ ਦਿੱਤੀਆਂ। ਅੱਜ ਸਿੱਖ ਬੜੇ ਮਾਣ ਨਾਲ਼ ਕਹਿ ਸਕਦੇ ਹਨ ਕਿ ਦੁਨੀਆ ਵਿੱਚ ਇੱਕੋ ਇੱਕ ਧਾਰਮਿਕ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਹਨ, ਜਿਨ੍ਹਾਂ ਅੰਦਰ 35 ਮਹਾਂ ਪੁਰਸ਼ਾਂ ਦੇ ਅੰਮ੍ਰਿਤਮਈ ਬੋਲ; ਦਰਜਨ ਤੋਂ ਵੱਧ ਭਾਸ਼ਾਵਾਂ ਵਿੱਚ ਦਰਜ ਹਨ। ਅਜਿਹਾ ਕੋਈ ਹੋਰ ਧਾਰਮਿਕ ਗ੍ਰੰਥ ਦੁਨੀਆ ਵਿੱਚ ਨਹੀਂ। ਰੂਹਾਨੀਅਤ ਗਿਆਨ ਨੂੰ ਗੁਰੂ ਦਾ ਸਦੀਵੀ ਦਰਜਾ ਦੇਣਾ ਵੀ ਸਿੱਖ ਕੌਮ ਦੀ ਨਿਵੇਕਲੀ ਪਹਿਚਾਣ ਹੈ। ਇਸ ਵਿੱਚ ਹੇਠ ਲਿਖੇ ਕੁੱਝ ਰੂਹਾਨੀਅਤ ਤੱਥ ਦਰਜ ਹਨ :

(1). ਮਨੁੱਖ ਜਾਤੀ ਵੀ ਬਾਕੀ ਜੂਨਾਂ ਵਾਙ ਇੱਕ ਜੂਨ ਹੈ, ਜਿਸ ਦਾ ਸਰੂਪ ਕਰਤਾਰ ਦੀ ਮਰਜ਼ੀ ਅਨੁਸਾਰ ਬਣਾਇਆ ਗਿਆ ਹੈ। ਇਸ ਨੂੰ ਹੂਬਹੂ ਸੰਭਾਲਣਾ; ਸਿੱਖ ਦਾ ਮੁੱਢਲਾ ਧਾਰਮਿਕ ਕਾਰਜ ਹੈ ‘‘ਸਾਬਤ ਸੂਰਤਿ; ਦਸਤਾਰ ਸਿਰਾ ’’ (ਮਹਲਾ /੧੦੮੪), ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?’’ (ਭਗਤ ਕਬੀਰ/੪੭੭), ਇਨ੍ਹਾਂ ਦੋਵੇਂ ਵਾਕਾਂ ’ਚ ਸਪਸ਼ਟ ਹੈ ਕਿ ਮਨੁੱਖ ਨੇ ਆਪਣੀ ਸ਼ਕਲ, ਜੋ ਪੈਦਾਇਸ਼ ਤੋਂ ਮਿਲੀ ਹੈ ਉਸ ਨੂੰ ਜਿਉਂ ਦਾ ਤਿਉਂ ਬਣਾਈ ਰੱਖਣਾ ਹੈ। ਨਾ ਬਾਲ ਕੱਟਣੇ ਹਨ ਅਤੇ ਨਾ ਸੁੰਨਤ ਕਰਵਾਉਣੀ ਹੈ, ਪਰ ਹਾਂ ਕੇਸਾਂ ਦੀ ਸੰਭਾਲ਼ ਲਈ ਸਿਰ ’ਤੇ ਪਗੜੀ ਜ਼ਰੂਰ ਬੰਨ੍ਹਣੀ ਹੈ। ਰੂੜ੍ਹੀਵਾਦੀ ਸੋਚ ’ਤੇ ਤਰਕ ਵੀ ਕੀਤੈ ਕਿ ਜੇਕਰ ਸੁੰਨਤ ਕੀਤਿਆਂ ਕੋਈ ਮੁਸਲਮਾਨ ਬਣਦਾ ਹੈ ਤਾਂ ਔਰਤ ਦੀ ਸੁੰਨਤ ਕਿਵੇਂ ਕਰੋਗੇ ?

(2). ਕਰਤਾਰ ਦੁਆਰਾ ਰਚੀ ਕੁਦਰਤਿ ਵਿੱਚ ਸਾਰੇ ਹੀ ਜੀਵ-ਜੰਤ, ਮਨੁੱਖ ਆਦਿ ਇੱਕੋ ਪਿਤਾ ਦੀ ਸੰਤਾਨ ਹਨ। ਓਹੀ ਸਭ ਨੂੰ ਪਾਲ਼ਦਾ ਹੈ, ਸਭ ਨੂੰ ਦਾਤਾਂ ਦਿੰਦਾ ਹੈ, ਨਾ ਕਿ ਕੋਈ ਮਨੁੱਖ ਕਿਸੇ ਨੂੰ ਦਾਤ ਦਿੰਦਾ ਹੈ, ਇਸ ਲਈ ਆਪਸੀ ਵਖਰੇਵੇਂ ਪੈਦਾ ਕਰ ਨਫ਼ਰਤ ਕਰਨਾ; ਆਪਣੇ ਮਾਲਕ ਦੀ ਰਜ਼ਾ ਵਿਰੁੱਧ ਹੈ ‘‘ਸਭਨਾ ਦਾਤਾ ਏਕੁ ਤੂ; ਮਾਣਸ ਦਾਤਿ ਹੋਇ (ਮਹਲਾ /੫੯੫), ਤੂ ਦਾਤਾ ਸਭਿ ਮੰਗਤੇ; ਇਕੋ ਦੇਵਣਹਾਰੁ (ਮਹਲਾ /੧੨੮੬), ਏਕੁ ਪਿਤਾ; ਏਕਸ ਕੇ ਹਮ ਬਾਰਿਕ (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ /੯੭), ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ (ਮਹਲਾ /੭੪੭), ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?’’ (ਭਗਤ ਕਬੀਰ/੧੩੪੯)

(3). ਸਮੁੱਚੀ ਮਨੁੱਖ ਜਾਤੀ ਨੇ ਗ੍ਰਹਿਸਤੀ ਜੀਵਨ ਅਪਣਾਉਣਾ ਹੈ ਤਾਂ ਕਿ ਪਤੀ-ਪਤਨੀ ਦੇ ਰਿਸ਼ਤਿਆਂ ਰਾਹੀਂ ਕੁਦਰਤੀ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇ, ਜੋ ਕਰਤਾਰ ਦੀ ਇੱਕ ਖੇਡ ਹੈ। ਹੱਕ ਹਲਾਲ ਦੀ ਹੱਥੀਂ ਮਿਹਨਤ ਕਰਨੀ ਹੈ। ਕਿਸੇ ਦੂਸਰੇ ਉੱਤੇ ਬੋਝ ਨਹੀਂ ਬਣਨਾ; ਜਿਵੇਂ ਕਿ ਧਰਮੀ ਬੰਦੇ ਅਕਸਰ ਇਹ ਕਹਿ ਕੇ ਹੋਰਾਂ ’ਤੇ ਬੋਝ ਬਣ ਜਾਂਦੇ ਹਨ ਕਿ ਸਾਡਾ ਕੰਮ ਤਾਂ ਧਰਮ ਕਮਾਉਣਾ ਤੇ ਧਰਮ ਦਾ ਸੰਦੇਸ਼ ਦੇਣਾ ਹੈ, ਨਾ ਕਿ ਕਿਰਤ ਕਰਨੀ। ਇਸ ਤੋਂ ਉਲ਼ਟ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਵੀ ਕਰਨੀ ਹੈ ‘‘ਗੁਰੁ ਪੀਰੁ ਸਦਾਏ; ਮੰਗਣ ਜਾਇ ਤਾ ਕੈ; ਮੂਲਿ ਲਗੀਐ ਪਾਇ (ਪਾਂਇ) ਘਾਲਿ ਖਾਇ; ਕਿਛੁ ਹਥਹੁ ਦੇਇ ਨਾਨਕ  ! ਰਾਹੁ ਪਛਾਣਹਿ ਸੇਇ (ਮਹਲਾ /੧੨੪੫), ਹਕੁ ਪਰਾਇਆ ਨਾਨਕਾ ! ਉਸੁ ਸੂਅਰ ਉਸੁ ਗਾਇ ’’ (ਮਹਲਾ /੧੪੧) ਯਾਨੀ ਪਰਾਇਆ ਹੱਕ ਮਾਰਨਾ ਤਾਂ ਮੁਸਲਮਾਨ ਲਈ ਸੂਅਰ ਖਾਣਾ ਅਤੇ ਬ੍ਰਾਹਮਣ ਲਈ ਗਾਂ ਖਾਣ ਵਾਙ ਅਪਵਿੱਤਰ ਹੋਣਾ ਚਾਹੀਦਾ ਹੈ।

(4). ਇੱਕ ਅਕਾਲ ਪੁਰਖ ਦੀ ਹੋਂਦ/ਵਜੂਦ ਨੂੰ ਮੰਨਣਾ ਹੈ। ਵਾਰ ਵਾਰ ਉਸ ਨੂੰ ਯਾਦ ਕਰਨਾ ਹੈ, ਜੋ ਸਾਰਿਆਂ ਵਿੱਚ ਜੋਤਿ ਸਰੂਪ ਵਜੋਂ ਬਿਰਾਜਮਾਨ ਹੈ ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ਕਹੁ ਨਾਨਕਤਿਹ ਭਜੁ ਮਨਾ  ! ਭਉ ਨਿਧਿ ਉਤਰਹਿ ਪਾਰਿ (ਮਹਲਾ /੧੪੨੭), ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ’’ (ਮਹਲਾ /੧੩)

(5). ਕਰਤਾਰ ਦੀ ਕੁਦਰਤਿ; ਕਰਤਾਰ ਦੀ ਆਰਤੀ ਨਿਰੰਤਰ ਕਰ ਰਹੀ ਹੈ। ਮਨੁੱਖ ਨੇ ਆਪਣੇ ਆਪ ਨੂੰ ਉਸ ਵਿੱਚ ਸ਼ਾਮਲ ਕਰਨਾ ਹੈ ਕਿਉਂਕਿ ਮਨੁੱਖ ਵੀ ਕੁਦਰਤਿ ਦਾ ਹੀ ਭਾਗ ਹੈ ਯਾਨੀ ਆਪਣੇ ਆਪ ਨੂੰ ਕਰਤਾਰ ਦੀ ਰਜ਼ਾ ’ਚ ਵਿਚਰਦਾ, ਸਵੀਕਾਰਨਾ ਹੈ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਇ ਭਵ ਖੰਡਨਾ ! ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ’’ (ਸੋਹਿਲਾ/ਮਹਲਾ /੧੩)

(6). ਅਕਾਲ ਪੁਰਖ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਨਾਲ਼ ਨਹੀਂ ਪਛਾਣਿਆ ਜਾ ਸਕਦਾ, ਇਸ ਲਈ ਸਤਿਗੁਰੂ ਦੀ ਕਿਰਪਾ-ਦ੍ਰਿਸ਼ਟੀ ਦਾ ਪਾਤਰ ਬਣਨਾ ਹੈ ਤਾਂ ਤੇ ਸਤਿਗੁਰੂ ਅੱਗੇ ਅਰਦਾਸ ਕਰਨੀ ਜ਼ਰੂਰੀ ਹੈ ‘‘ਗੁਰੂ ਗੁਰੂ; ਗੁਰੁ ਕਰਿ ਮਨ ! ਮੋਰ (ਮੇਰੇ) ਗੁਰੂ ਬਿਨਾ; ਮੈ ਨਾਹੀ ਹੋਰ ਗੁਰ ਕੀ ਟੇਕ; ਰਹਹੁ ਦਿਨੁ ਰਾਤਿ ਜਾ ਕੀ ਕੋਇ; ਮੇਟੈ ਦਾਤਿ (ਮਹਲਾ /੮੬੪), ਗੁਰੁ ਜਹਾਜੁ, ਖੇਵਟੁ (ਮਲਾਹ) ਗੁਰੂ; ਗੁਰ ਬਿਨੁ ਤਰਿਆ ਕੋਇ ਗੁਰ ਪ੍ਰਸਾਦਿ ਪ੍ਰਭੁ ਪਾਈਐ; ਗੁਰ ਬਿਨੁ ਮੁਕਤਿ ਹੋਇ ’’ (ਸਵਈਏ ਮਹਲੇ ਚਉਥੇ ਕੇ (ਭਟ ਗਯੰਦ/੧੪੦੧)

ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਉਕਤ ਅੰਮ੍ਰਿਤਮਈ ਸੰਦੇਸ਼ ਨਾਮ ਮਾਤਰ ਹਨ। ਅਜਿਹੇ ਹੋਰ ਵੀ ਅਨੇਕਾਂ ਇਲਾਹੀ ਫ਼ੁਰਮਾਨ ਹਨ, ਜੋ ਮਨੁੱਖ ਦਾ ਮਾਰਗ ਰੌਸ਼ਨ ਕਰਦੇ ਹਨ, ਜਿਸ ’ਤੇ ਚੱਲ ਕੇ ਇਸ ਨੇ ਆਪਣੀ ਮੰਜ਼ਲ ਪਾਉਣੀ ਹੈ। ਇਹ ਰੂਹਾਨੀਅਤ ਮਾਰਗ ਸਚਖੰਡਿ, ਬੇਗਮਪੁਰੇ ਨੂੰ ਜਾਂਦਾ ਹੈ। ਜਿੱਥੇ ਪਹੁੰਚਿਆਂ ਮੌਤ ਦਾ ਡਰ, ਪਰਵਾਰਿਕ ਮੋਹ, ਅਹੰਕਾਰ ਬਿਰਤੀ, ਸਰੀਰਕ ਪਕੜ ਆਦਿ ਤੋਂ ਅਛੋਹ ਹੋ ਜਾਈਦਾ ਹੈ ‘‘ਬੇਗਮਪੁਰਾ ਸਹਰ ਕੋ ਨਾਉ ਦੂਖੁ ਅੰਦੋਹੁ ਨਹੀ; ਤਿਹਿ ਠਾਉ ਨਾਂ ਤਸਵੀਸ ਖਿਰਾਜੁ ਮਾਲੁ ਖਉਫੁ ਖਤਾ; ਤਰਸੁ ਜਵਾਲੁ ਅਬ ਮੋਹਿ ਖੂਬ ਵਤਨ ਗਹ ਪਾਈ ਊਹਾਂ ਖੈਰਿ ਸਦਾ; ਮੇਰੇ ਭਾਈ  ! ਰਹਾਉ ’’ (ਭਗਤ ਰਵਿਦਾਸ/੩੪੫) ਅਰਥ : ਹੇ ਭਾਈ ! ਬੇਗ਼ਮ ਨਗਰ-ਸ਼ਹਰ ਵਿੱਚ ਕੋਈ ਦੁੱਖ, ਚਿੰਤਾ, ਘਬਰਾਹਟ ਨਹੀਂ। ਸੰਪੱਤੀ ਨੂੰ ਕੋਈ ਟੈਕਸ/ਨੁਕਸਾਨ ਨਹੀਂ ਯਾਨੀ ਨਫ਼ੇ-ਨੁਕਸਾਨ ਤੋਂ ਉੱਪਰ ਉੱਠ ਜਾਂਦਾ ਹੈ। ਕਿਸੇ ਪਾਪ, ਕਿਸੇ ਘਾਟੇ ਆਦਿ ਦਾ ਡਰ ਨਹੀਂ। ਹੁਣ ਮੈ ਰਹਿਣ ਲਈ ਸੋਹਣੀ ਜਗ੍ਹਾ ਲੱਭ ਲਈ ਹੈ। ਉੱਥੇ ਸਦਾ ਅਨੰਦ ਹੀ ਅਨੰਦ ਹੈ।

‘ਗੁਰੂ ਗ੍ਰੰਥ ਸਾਹਿਬ’ ਰੂਪ ਸ਼ਬਦ ਸੰਗਿਹ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 3 ਵਾਰਾਂ ਸਮੇਤ 19 ਰਾਗਾਂ ’ਚ 977 ਸ਼ਬਦ ਹਨ।, ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਬਦ।, ਗੁਰੂ ਅਮਰਦਾਸ ਜੀ ਦੇ 4 ਵਾਰਾਂ ਸਮੇਤ 17 ਰਾਗਾਂ ’ਚ 869 ਸ਼ਬਦ।, ਗੁਰੂ ਰਾਮਦਾਸ ਜੀ ਦੇ 8 ਵਾਰਾਂ ਸਮੇਤ 30 ਰਾਗਾਂ ’ਚ 638 ਸ਼ਬਦ।, ਗੁਰੂ ਅਰਜਨ ਸਾਹਿਬ ਜੀ ਦੇ 6 ਵਾਰਾਂ ਸਮੇਤ 30 ਰਾਗਾਂ ’ਚ 2312 ਸ਼ਬਦ।, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 15 ਰਾਗਾਂ ’ਚ 116 ਸ਼ਬਦ।, ਭਗਤ ਕਬੀਰ ਜੀ ਦੇ 16 ਰਾਗਾਂ ’ਚ 532 ਸ਼ਬਦ।, ਭਗਤ ਨਾਮਦੇਵ ਜੀ ਦੇ 18 ਰਾਗਾਂ ’ਚ 61 ਸ਼ਬਦ।, ਭਗਤ ਰਵੀਦਾਸ ਜੀ ਦੇ 16 ਰਾਗਾਂ ’ਚ 40 ਸ਼ਬਦ।, ਭਗਤ ਜੈਦੇਵ ਜੀ ਦੇ 2 ਰਾਗਾਂ ’ਚ 2 ਸ਼ਬਦ।, ਭਗਤ ਤ੍ਰਿਲੋਚਨ ਜੀ ਦੇ 3 ਰਾਗਾਂ ’ਚ 4 ਸ਼ਬਦ।, ਭਗਤ ਧੰਨਾ ਜੀ ਦੇ 2 ਰਾਗਾਂ ’ਚ 3 ਸ਼ਬਦ।, ਭਗਤ ਭੀਖਨ ਜੀ ਦੇ 2 ਰਾਗਾਂ ’ਚ 2 ਸ਼ਬਦ।, ਭਗਤ ਬੇਣੀ ਜੀ ਦੇ 3 ਰਾਗਾਂ ’ਚ 3 ਸ਼ਬਦ।, ਬਾਬਾ ਫ਼ਰੀਦ ਜੀ ਦੇ 2 ਰਾਗਾਂ ’ਚ 4 ਸ਼ਬਦ, 112 ਸਲੋਕ ਹਨ।, ਭਗਤ ਰਾਮਾਨੰਦ ਜੀ, ਭਗਤ ਸੈਨ ਜੀ, ਭਗਤ ਪੀਪਾ ਜੀ, ਭਗਤ ਸਧਨਾ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦਾ 1-1 ਸ਼ਬਦ ਹੈ। ਤਿੰਨ ਗੁਰਸਿੱਖਾਂ (ਸੱਤਾ, ਬਲਵੰਡ ਅਤੇ ਬਾਬਾ ਸੁੰਦਰ ਜੀ) ਦੇ 3 ਸ਼ਬਦ ਹਨ ਅਤੇ 11 ਭੱਟਾਂ (ਕਲਸਹਾਰ/ਕਲ੍ਹ/ਟਲ ਜੀ, ਜਾਲਪ ਜੀ, ਕੀਰਤ ਜੀ, ਭਿਖਾ ਜੀ, ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਗਯੰਦ ਜੀ, ਮਥੁਰਾ ਜੀ, ਬਲ੍ਹ ਜੀ ਅਤੇ ਹਰਿਬੰਸ ਜੀ) ਦੇ 123 ਸ਼ਬਦ ਹਨ ਯਾਨੀ 22 ਵਾਰਾਂ ਸਮੇਤ ਕੁੱਲ 5870 ਸ਼ਬਦਾਂ ਦਾ ਸੰਗ੍ਰਹਿ ਹਨ ‘ਗੁਰੂ ਗ੍ਰੰਥ ਸਾਹਿਬ ਜੀ’।

ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਹਨ, ਜਿਨ੍ਹਾਂ ਦੇ ਨਾਂ ਹਨ ‘ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਬਲ, ਗੋਂਡ, ਰਾਮਕਲੀ, ਨਟ ਨਾਰਾਇਨ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤੁ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ’। ਨੋਟ : ਅੰਤਮ ਰਾਗ ਜੈਜਾਵੰਤੀ ’ਚ ਕੇਵਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੈ। ਇਹ 31ਵਾਂ ਰਾਗ; 1604 ਤੋਂ 74 ਸਾਲ ਬਾਅਦ ਸੰਨ 1678 ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ’ਚ ਨਾਵੇਂ ਪਾਤਿਸ਼ਾਹ ਜੀ ਦੀ ਬਾਣੀ ਦਰਜ ਕਰਦਿਆਂ ਜੋੜਿਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਅਰੰਭਕ ਨਾਮ ‘ਆਦਿ ਗ੍ਰੰਥ’ ਸੀ, ਜਿਸ ਦੀ ਸੰਪੂਰਨਤਾ ਉਪਰੰਤ ਪਹਿਲਾ ਪ੍ਰਕਾਸ਼; 16 ਅਗਸਤ 1604 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਜਦ ਪਹਿਲਾ ਹੇਠਲਾ ਵਾਕ ਲਿਆ ਤਾਂ ਇਸ ਸ਼ਬਦ ਨੂੰ ਰਚਨਹਾਰ ਗੁਰੂ ਅਰਜਨ ਸਾਹਿਬ ਜੀ ਸੰਗਤ ਵਿੱਚ ਸਾਮ੍ਹਣੇ ਬੈਠੇ ਸਨ ‘‘ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ (’ਚ, ਗੁਰੂ) ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ; ਪੂਰਨ ਸਾਜੁ ਕਰਾਇਆ; ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ; ਲਾਥੇ ਸਗਲ ਵਿਸੂਰੇ (ਚਿੰਤਾ)॥ ਪੂਰਨ ਪੁਰਖ ਅਚੁਤ ਅਬਿਨਾਸੀ; ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ (ਨੇ); ਨਾਨਕ ਨਾਮੁ ਧਿਆਇਆ ॥੧॥ ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ (ਕਰਤਾਰ ਨੇ); ਤੋਟਿ ਨ ਆਵੈ ਕਾਈ (ਕੋਈ) ਰਾਮ ॥ ਖਾਤ ਖਰਚਤ ਬਿਲਛਤ (ਮਾਣਦਿਆਂ) ਸੁਖੁ ਪਾਇਆ; ਕਰਤੇ ਕੀ ਦਾਤਿ ਸਵਾਈ ਰਾਮ ॥ ਦਾਤਿ ਸਵਾਈ ਨਿਖੁਟਿ (ਮੁਕ) ਨ ਜਾਈ; ਅੰਤਰਜਾਮੀ ਪਾਇਆ ॥ ਕੋਟਿ ਬਿਘਨ ਸਗਲੇ ਉਠਿ ਨਾਠੇ; ਦੂਖੁ ਨ ਨੇੜੈ ਆਇਆ ॥ ਸਾਂਤਿ ਸਹਜ ਆਨੰਦ ਘਨੇਰੇ; ਬਿਨਸੀ ਭੂਖ ਸਬਾਈ (ਸਾਰੀ) ॥ ਨਾਨਕ  ! ਗੁਣ ਗਾਵਹਿ ਸੁਆਮੀ ਕੇ; ਅਚਰਜੁ ਜਿਸੁ ਵਡਿਆਈ ਰਾਮ ॥੨॥ ਜਿਸ ਕਾ ਕਾਰਜੁ ਤਿਨ ਹੀ ਕੀਆ; ਮਾਣਸੁ ਕਿਆ ਵੇਚਾਰਾ ਰਾਮ ? ॥ ਭਗਤ ਸੋਹਨਿ ਹਰਿ ਕੇ ਗੁਣ ਗਾਵਹਿ; ਸਦਾ ਕਰਹਿ ਜੈਕਾਰਾ ਰਾਮ ॥ ਗੁਣ ਗਾਇ (ਕੇ) ਗੋਬਿੰਦ (ਦੇ), ਅਨਦ ਉਪਜੇ; ਸਾਧਸੰਗਤਿ ਸੰਗਿ ਬਨੀ (ਪ੍ਰੀਤ ਲੱਗੀ) ॥ ਜਿਨਿ ਉਦਮੁ ਕੀਆ ਤਾਲ ਕੇਰਾ (ਅੰਮ੍ਰਿਤ ਸਰੋਵਰ ਦਾ); ਤਿਸ ਕੀ ਉਪਮਾ ਕਿਆ ਗਨੀ  ?॥ ਅਠਸਠਿ ਤੀਰਥ ਪੁੰਨ ਕਿਰਿਆ; ਮਹਾ ਨਿਰਮਲ ਚਾਰਾ (ਸੁੰਦਰ)॥ ਪਤਿਤ ਪਾਵਨੁ ਬਿਰਦੁ (ਸੁਭਾਅ) ਸੁਆਮੀ (ਦਾ); ਨਾਨਕ ਸਬਦ ਅਧਾਰਾ ॥੩॥ ਗੁਣ ਨਿਧਾਨ ਮੇਰਾ ਪ੍ਰਭੁ ਕਰਤਾ; ਉਸਤਤਿ ਕਉਨੁ ਕਰੀਜੈ ਰਾਮ  ?॥ ਸੰਤਾ ਕੀ ਬੇਨੰਤੀ ਸੁਆਮੀ ! ਨਾਮੁ ਮਹਾ ਰਸੁ ਦੀਜੈ ਰਾਮ ॥ ਨਾਮੁ ਦੀਜੈ, ਦਾਨੁ ਕੀਜੈ; ਬਿਸਰੁ ਨਾਹੀ ਇਕ ਖਿਨੋ ॥ ਗੁਣ ਗੋਪਾਲ ਉਚਰੁ ਰਸਨਾ; ਸਦਾ ਗਾਈਐ ਅਨਦਿਨੋ ॥ ਜਿਸੁ ਪ੍ਰੀਤਿ ਲਾਗੀ ਨਾਮ ਸੇਤੀ (ਨਾਲ਼); ਮਨੁ ਤਨੁ ਅੰਮ੍ਰਿਤ ਭੀਜੈ ॥ ਬਿਨਵੰਤਿ ਨਾਨਕ ਇਛ ਪੁੰਨੀ; ਪੇਖਿ ਦਰਸਨੁ ਜੀਜੈ (ਰੂਹਾਨੀਅਤ ਜੀਵਨ ਮਿਲਦਾ ਹੈ)॥੪॥’’ (ਮਹਲਾ ੫/੭੮੪)

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ੧੭ ਭਾਦੋਂ, ਬਿਕ੍ਰਮੀ ਸੰਮਤ ੧੬੬੧; ਜੋ ਕਿ ਨਾਨਕਸ਼ਾਹੀ ਕੈਲੰਡਰ ੧੩੬/16 ਅਗਸਤ 1604 ਈਸਵੀ ਬਣਦਾ ਹੈ, ਨੂੰ ਕੀਤਾ ਗਿਆ ਸੀ, ਪਰ ਅੱਜ ਕੱਲ੍ਹ ਹਰ ਸਾਲ 16 ਦਿਨ ਬਾਅਦ ਯਾਨੀ 1 ਸਤੰਬਰ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਅੰਗਰੇਜ਼ਾਂ ਨੇ ਸੰਨ 1604 ਤੋਂ 148 ਸਾਲ ਬਾਅਦ ਯਾਨੀ 2 ਸਤੰਬਰ 1752, ਦਿਨ ਬੁੱਧਵਾਰ ਤੋਂ ਅਗਲਾ ਦਿਨ ਵੀਰਵਾਰ; 11 ਦਿਨ ਵਧਾ 14 ਸਤੰਬਰ 1752 ਕਰ ਦਿੱਤਾ ਸੀ, ਜਿਨ੍ਹਾਂ ਦੀ ਭਾਰਤ ’ਚ ਸਰਕਾਰ ਹੋਣ ਕਾਰਨ ਇੱਥੇ ਵੀ 1752 ਤੋਂ ਇਹ ਕੈਲੰਡਰ ਲਾਗੂ ਹੋ ਗਿਆ ਤਾਂ ਜੋ ਸੂਰਜੀ ਕੈਲੰਡਰ ਨੂੰ ਰੁੱਤੀ ਕੈਲੰਡਰ ਦੇ ਨੇੜੇ ਰੱਖਿਆ ਜਾਵੇ। ਇਨ੍ਹਾਂ 11 ਦਿਨਾਂ ਦੇ ਜੰਪ ਵਿੱਚ ਜੇਕਰ 1752 ਤੋਂ 2022 ਤੱਕ ਦੇ ਅੰਤਰ ਯਾਨੀ 270 ਸਾਲ ਦੇ 5 ਦਿਨ ਹੋਰ ਵਧਾ ਦੇਈਏ ਤਾਂ 16 ਦਿਨ ਬਣ ਜਾਂਦੇ ਹਨ ਤਾਹੀਓਂ 16 ਅਗਸਤ ਦਾ ਦਿਨ; ਅੱਜ ਕੱਲ੍ਹ 1 ਸਤੰਬਰ ਬਣ ਗਿਆ। ਜੇਕਰ ਅਜੇ ਵੀ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਇਹ ਅੰਤਰ ਅਗਾਂਹ ਹੋਰ ਵਧਦਾ ਜਾਏਗਾ।

ਅੰਤ ’ਚ ਸਿੱਖਾਂ ਨੂੰ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਡੇਰੇਦਾਰ ਸਾਧਾਂ ਦੀਆਂ ਬਰਸੀਆਂ ਮਨਾਉਣ ਦੀ ਥਾਂ ਜੇਕਰ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਿਰਾਜਮਾਨ ਸਾਰੇ ਮਹਾਂ ਪੁਰਸ਼ਾਂ ਨਾਲ਼ ਸੰਬੰਧਿਤ ਹਰ ਇਤਿਹਾਸਕ ਦਿਹਾੜਾ ਮਨਾਉਣਾ ਸ਼ੁਰੂ ਕਰ ਦੇਵੇ ਤਾਂ ਮਨੁੱਖ ਜਾਤੀ ’ਚੋਂ ਹਰ ਭੇਦ ਭਾਵ ਮਿਟੇਗਾ ਅਤੇ ਸ਼ਾਂਤੀ, ਗੰਭੀਰਤਾ, ਪਿਆਰ ਆਦਿ ਗੁਣਾਂ ਕਰਕੇ ਸਰਬ ਸਾਝੀਵਾਲਤਾ ਦਾ ਸੰਦੇਸ਼; ਸਮੁੱਚੀ ਮਾਨਵਤਾ ਨੂੰ ਵਧੇਰੇ ਆਕਰਸ਼ਕ ਕਰੇਗਾ।