25.5 C
Jalandhar
Sunday, April 5, 2026
spot_img
Home Blog Page 222

ਨਾਨਕ ਚਿੰਤਾ ਮਤਿ ਕਰਹੁ

0

ਨਾਨਕ ਚਿੰਤਾ ਮਤਿ ਕਰਹੁ

ਪ੍ਰੋ. ਮਨਰਾਜ ਕੌਰ (ਲੁਧਿਆਣਾ)-80543-39915

ਚਿਤਵਨ ਸਿੰਘ… ਦਾਦਾ ਜੀ  ! ਅੱਜ ਗੁਰਦੁਆਰਾ ਸਾਹਿਬ ਵਿਚ ਭਾਈ ਸਾਹਿਬ ਜੀ ਸ਼ਬਦ ਗਾਇਨ ਕਰ ਰਹੇ ਸਨ ਤਾਂ ਉਸ ਸ਼ਬਦ ਵਿਚਲੇ ਗੁਰੂ ਸਾਹਿਬ ਜੀ ਦੇ ਬੋਲ ਬੜੇ ਵਧੀਆ ਲੱਗ ਰਹੇ ਸਨ।

ਦਾਦਾ ਜੀ…..ਪੁੱਤਰ ਜੀ ! ਗੁਰਬਾਣੀ ਤਾਂ ਸਾਰੀ ਹੀ ਵਧੀਆ ਹੈ।

ਚਿਤਵਨ ਸਿੰਘ…..ਫਿਰ ਵੀ ਦਾਦਾ ਜੀ ! ਜਿਹੜੇ ਸ਼ਬਦ ਦੀ ਸਮਝ ਆ ਜਾਵੇ, ਉਹ ਜਿਆਦਾ ਵਧੀਆ ਲੱਗਦਾ ਹੈ।

ਦਾਦਾ ਜੀ..ਵਾਹ ਜੀ ਵਾਹ ! ਹੁਣ ਤੇ ਸਾਡੇ ਬੇਟੇ ਨੂੰ ਬਾਣੀ ਦੀ ਸਮਝ ਵੀ ਆਉਣ ਲੱਗ ਪਈ ਹੈ। ਕਿਹੜਾ ਸ਼ਬਦ ਹੈ ? ਪੁੱਤਰ ਜੀ !

ਚਿਤਵਨ ਸਿੰਘ…. ਦਾਦਾ ਜੀ ! ਸ਼ਬਦ ਹੈ: ‘‘ਨਾਨਕ  ! ਚਿੰਤਾ ਮਤਿ ਕਰਹੁ, ਚਿੰਤਾ ਤਿਸੁ ਹੀ ਹੇਇ॥’’

ਦਾਦਾ ਜੀ…ਵਾਹ ਜੀ ਵਾਹ ! ਤੇ ਫਿਰ ਬੇਟੇ ਨੂੰ ਕੀ ਸਮਝ ਆਇਆ ?

ਚਿਤਵਨ ਸਿੰਘ…. ਇਹੀ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੀਏ ਕਿਉਂਕਿ ਸਾਡੀ ਸੱਭ ਦੀ ਚਿੰਤਾ ਵਾਹਿਗੁਰੂ ਜੀ ਨੂੰ ਹੈ।

ਦਾਦਾ ਜੀ……..ਬਿਲਕੁੱਲ ਠੀਕ ਪੁੱਤਰ ਜੀ !

ਚਿਤਵਨ ਸਿੰਘ……ਦਾਦਾ ਜੀ  ! ਮੈ ਹੁਣ ਪੇਪਰਾਂ ਦੀ ਚਿੰਤਾ ਬਿਲਕੁੱਲ ਨਹੀਂ ਕਰਿਆ ਕਰਨੀ। ਵਾਹਿਗੁਰੂ ਜੀ ਆਪੇ ਸੱਭ ਠੀਕ ਕਰ ਦੇਣਗੇ।

ਦਾਦਾ ਜੀ…ਅੱਛਾ ਪੁੱਤਰ ਜੀ ! ਹੁਣ ਤੁਸੀਂ ਪੜ੍ਹਿਆ ਨਹੀਂ ਕਰੋਗੇ ?

ਚਿਤਵਨ ਸਿੰਘ…… ਨਹੀਂ ਦਾਦਾ ਜੀ  ! ਪੜਿੵਆ ਤਾਂ ਕਰਾਂਗਾ ਪਰ ਚਿੰਤਾ ਨਹੀਂ ਕਰਿਆ ਕਰਾਂਗਾ।

ਦਾਦਾ ਜੀ….ਬਹੁਤ ਵਧੀਆ ਪੁੱਤਰ ਜੀ  ! ਤੁਹਾਨੂੰ ਤਾਂ ਬਹੁਤ ਜਲਦੀ ਸਮਝ ਵਿਚ ਆ ਗਿਆ ਹੈ। ਨਹੀਂ ਤਾਂ ਬੜੇ ਬੜੇ ਸਿਆਣੇ ਵੀ ਚਿੰਤਾ ਕਰਦੇ ਕਰਦੇ ਜੀਵਨ ਬਰਬਾਦ ਕਰ ਲੈਂਦੇ ਹਨ।

ਚਿਤਵਨ ਸਿੰਘ….. ਉਹ ਕਿਵੇਂ  ? ਦਾਦਾ ਜੀ !

ਦਾਦਾ ਜੀ……ਆਪਾਂ ਸਾਰੇ ਜਾਣਦੇ ਹਾਂ ਕਿ ਮਨੁੱਖ ਨੂੰ ਵਾਹਿਗੁਰੂ ਜੀ ਨੇ ਬਹੁਤ ਸਾਰੀ ਮਾਨਸਿਕ ਸਮਰੱਥਾ ਬਖਸ਼ੀ ਹੈ ਪਰ ਨਾਲ ਹੀ ਇਕ ਸ਼ਰਤ ਵੀ ਹੈ।

ਚਿਤਵਨ ਸਿੰਘ… ਉਹ ਕੀ, ਦਾਦਾ ਜੀ  !

ਦਾਦਾ ਜੀ…. ਉਹ ਇਹ ਕਿ ਮਨੁੱਖ ਇੱਕ ਵੇਲੇ ਇੱਕੋ ਪਾਸੇ ਹੀ ਆਪਣੀ ਸਮਰੱਥਾ ਨੂੰ ਵਰਤ ਸਕਦਾ ਹੈ।

ਚਿਤਵਨ ਸਿੰਘ…. ਉਹ ਕਿਵੇਂ ?

ਦਾਦਾ ਜੀ….. ਮਨ ਵਿਚਾਰਾਂ ਦਾ ਸਮੂਹ ਹੈ ਤੇ ਵਿਚਾਰਾਂ ਦਾ ਸੁਭਾਅ ਭੇਡਾਂ ਵਾਂਗ ਇਕ ਦੂਜੇ ਦੇ ਮਗਰ ਲੱਗਣਾ ਹੈ।

ਚਿਤਵਨ ਸਿੰਘ…. ਇਸ ਨਾਲ ਕੀ ਹੂੰਦਾ ਹੈ ?

ਦਾਦਾ ਜੀ….. ਹੁੰਦਾ ਇਹ ਹੈ ਕਿ ਇਕ ਵਿਚਾਰ ਜੋ ਰਾਹ ਪਕੜਦਾ ਹੈ, ਮਨ ਦੀ ਸਾਰੀ ਤਾਕਤ ਉਧਰ ਹੀ ਤੁਰ ਪੈਂਦੀ ਹੈ।

ਚਿਤਵਨ ਸਿੰਘ….. ਉਹ ਕਿਵੇਂ ?

ਦਾਦਾ ਜੀ…. ਜਿਵੇਂ ਤੁਸੀਂ ਪੜੵਨ ਵੇਲੇ ਸਿਰਫ ਪੜੵਦੇ ਹੋ ਤੇ ਖੇਡਣ ਵੇਲੇ ਸਿਰਫ ਖੇਡਦੇ ਹੋ।

ਚਿਤਵਨ ਸਿੰਘ……ਹਾਂ ਜੀ  !

ਦਾਦਾ ਜੀ…..ਪਰ ਜੇ ਤੁਸੀਂ ਪੜੵਨ ਵੇਲੇ ਖੇਡਣ ਬਾਰੇ ਸੋਚੋ ਤਾਂ ਕੀ ਤੁਸੀਂ ਪੜੵ ਸਕੋਗੇ ? ਤੇ ਖੇਡਣ ਵੇਲੇ ਪੜੵਾਈ ਬਾਰੇ ਸੋਚੋ ਤਾਂ ਖੇਡ ਸਕੋਗੇ  ?

ਚਿਤਵਨ ਸਿੰਘ…. ਨਹੀਂ ਜੀ  !  ਇਸ ਤਰ੍ਹਾਂ ਨਾ ਪੜ੍ਹ ਸਕਾਂਗਾ ਤੇ ਨਾਂ ਹੀ ਖੇਡ ਸਕਾਂਗਾ।

ਦਾਦਾ ਜੀ….. ਬਸ ਇਹੀ ਗੱਲ ਸਮਝ ਆ ਜਾਵੇ ਤਾਂ ਕੋਈ ਚਿੰਤਾ ਰਹਿੰਦੀ ਹੀ ਨਹੀਂ।

ਚਿਤਵਨ ਸਿੰਘ…… ਉਹ ਕਿਵੇਂ ?

ਦਾਦਾ ਜੀ….. ਕਿਉਂਕਿ ਚਿੰਤਾ ਦਾ ਮਤਲਬ ਹੀ ਹੈ ਕਿ ਵਿਅਰਥ ਸੋਚੀ ਜਾਣਾ ਪਰ ਕਰਨ ਵਾਲੇ ਪਾਸੇ ਤੁਰਨਾ ਹੀ ਨਹੀਂ।

ਚਿਤਵਨ ਸਿੰਘ….. ਪਰ ਦਾਦਾ ਜੀ ! ਕੁਝ ਕਰਨ ਦੀ ਲੋੜ ਵੀ ਤਾਂ ਨਹੀ ਜਦੋਂ ਸਾਰੀ ਚਿੰਤਾ ਵਾਹਿਗੁਰੂ ਜੀ ਆਪ ਹੀ ਕਰਦੇ ਹਨ।

ਦਾਦਾ ਜੀ…… ਪੁੱਤਰ ਜੀ  ! ਤੁਸੀਂ ਆਪ ਹੀ ਹੁਣੇ ਕਿਹਾ ਹੈ ਕਿ ਪੜਾਂਗਾ ਪਰ ਚਿੰਤਾ ਨਹੀਂ ਕਰਾਂਗਾ।

ਚਿਤਵਨ ਸਿੰਘ……. ਹਾਂ ਜੀ  ! ਕਿਹਾ ਤਾਂ ਹੈ।

ਦਾਦਾ ਜੀ…… ਇਸੇ ਹੀ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡੇ ਜਨਮ ਤੋਂ ਪਹਿਲਾਂ ਸਾਡੇ ਖਾਣ ਪਾਣ ਅਤੇ ਪਾਲਣ ਪੋਸ਼ਣ ਦਾ ਪਰਬੰਧ ਵਾਹਿਗੁਰੂ ਜੀ ਨੇ ਕੀਤਾ ਹੋਇਆ ਹੈ ਤੇ ਸਾਡੀ ਮੌਤ ਤੋਂ ਬਾਅਦ ਵੀ ਸਾਡੇ ਸਰੀਰ ਦੀ ਮਿੱਟੀ ਸੰਭਾਲਣ ਦਾ ਪ੍ਰਬੰਧ ਵੀ ਪੂਰਾ ਕੀਤਾ ਹੋਇਆ ਹੋਇਆ ਹੈ।

ਚਿਤਵਨ ਸਿੰਘ…..ਹਾਂ ਜੀ, ਦਾਦਾ ਜੀ ! ਨਾਲੇ ਸਾਡੇ ਜਿਊਂਦੇ ਰਹਿਣ ਲਈ ਹਵਾ, ਪਾਣੀ, ਅਨਾਜ ਆਦਿਕ ਸੱਭ ਕੁਝ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।

ਦਾਦਾ ਜੀ…..ਬਿਲਕੁੱਲ ਬੇਟਾ ਜੀ  ! ਹੁਣ ਤੁਸੀਂ ਹੀ ਦੱਸੋ ਕਿ ਚਿੰਤਾ ਦਾ ਕੋਈ ਵੀ ਕਾਰਨ ਹੈ ?

ਚਿਤਵਨ ਸਿੰਘ….. ਫਿਰ ਵੀ ਇਸ ਸੰਸਾਰ ਤੇ ਬਹੁਤ ਸਾਰੇ ਮਨੁੱਖ ਚਿੰਤਾ ਕਿਉਂ ਕਰਦੇ ਰਹਿੰਦੇ ਹਨ ?

ਦਾਦਾ ਜੀ…..ਕਿਉਂਕਿ ਉਹ ਮਾਲਕ ਵਲੋਂ ਕੀਤੇ ਸਾਰੇ ਪ੍ਰਬੰਧ ਨੂੰ ਮਹਿਸੂਸ ਨਹੀਂ ਕਰ ਸਕਦੇ ਤੇ ਸਮਝਦੇ ਹਨ ਕਿ ਉਨੵਾਂ ਦੇ ਕਰਨ ਨਾਲ ਹੀ ਕੁਝ ਹੋ ਰਿਹਾ ਹੈ।

ਚਿਤਵਨ ਸਿੰਘ….. ਸੱਚੀਂ ਦਾਦਾ ਜੀ ! ਸਾਨੂੰ ਤਾਂ ਕੁਝ ਵੀ ਸੋਚਣ ਦੀ ਲੋੜ ਨਹੀਂ ਹੈ।

ਦਾਦਾ ਜੀ….. ਐਸਾ ਨਹੀਂ ਹੈ ਪੁੱਤਰ ਜੀ  !

ਚਿਤਵਨ ਸਿੰਘ……. ਫਿਰ ਕੀ ਕਰਨਾ ਹੈ ?

ਦਾਦਾ ਜੀ………ਸੋਚਣਾ ਇਹ ਹੈ ਕਿ ਮਾਲਕ ਦੀ ਬਣਾਈ ਇਸ ਧਰਤੀ ਧਰਮਸ਼ਾਲ ਨੂੰ ਹੋਰ ਪਿਆਰ ਭਰੀ ਕਿਵੇਂ ਬਣਾਇਆ ਜਾ ਸਕਦਾ ਹੈ ਤੇ ਮਾਲਕ ਦੇ ਬਖਸ਼ੇ ਸਾਰੇ ਸਾਧਨਾਂ ਨੂੰ ਸੱਭ ਨਾਲ ਵੰਡ ਕੇ ਕਿਵੇਂ ਛਕਿਆ ਜਾ ਸਕਦਾ ਹੈ ?

ਚਿਤਵਨ ਸਿੰਘ……. ਸੋਚਾਂਗੇ ਤਾਂ ਚਿੰਤਾ ਤਾਂ ਹੋਵੇਗੀ ਹੀ।

ਦਾਦਾ ਜੀ…..ਪੁੱਤਰ ਜੀ  ! ਚਿੰਤਾ ਸਿਰਫ ਇਸ ਸੋਚ ਤੋਂ ਪੈਦਾ ਹੁੰਦੀ ਹੈ ਕਿ ਜੋ ਮੈ ਸੋਚ ਜਾਂ ਕਰ ਰਿਹਾ ਹਾਂ, ਕੀ ਉਹ ਪੂਰਾ ਹੋਵੇਗਾ ਜਾਂ ਨਹੀਂ ?  ਜੇ ਮੇਰੇ ਸੋਚੇ ਅਨੁਸਾਰ ਨਾ ਹੋਇਆ ਤਾਂ ਮੈਂ ਕੀ ਕਰਾਂਗਾ ?

ਚਿਤਵਨ ਸਿੰਘ…….. ਹਾਂ ਜੀ  !  ਹੁੰਦਾ ਤਾਂ ਇਸੇ ਤਰਾਂ ਹੀ ਹੈ।

ਦਾਦਾ ਜੀ…….. ਬਸ, ਫਿਰ ਇਤਨਾ ਹੀ ਸਮਝ ਲਈਏ ਕਿ ਮਾਲਕ ਵਾਹਿਗੁਰੂ ਜੀ ਨੇ ਸਾਨੂੰ ਜੋ ਸੋਚਣ ਤੇ ਕਰਨ ਦੀ ਸਮਰੱਥਾ ਬਖਸ਼ੀ ਹੈ, ਉਸ ਨੂੰ ਸਹੀ ਤਰਾਂ ਵਰਤੀਏ ਤੇ ਬਾਕੀ ਸੱਭ ਕੁਝ ਵਾਹਿਗੁਰੂ ਜੀ ਉੱਤੇ ਹੀ ਛੱਡ ਦੇਈਏ।

ਚਿਤਵਨ ਸਿੰਘ….. ਹੁਣ ਸਮਝ ਵਿਚ ਆ ਰਿਹਾ ਹੈ।

ਦਾਦਾ ਜੀ…ਤੁਸੀਂ ਬੜੇ ਸਿਆਣੇ ਹੋ ਜੀ ! ਹਰ ਗੱਲ ਬੜੇ ਧਿਆਨ ਨਾਲ ਸਮਝਦੇ ਹੋ ।

ਚਿਤਵਨ ਸਿੰਘ….ਤੁਸੀਂ ਸਮਝਾਉਂਦੇ ਹੀ ਬੜੇ ਪਿਆਰ ਨਾਲ ਹੋ।

ਅਜੋਕਾ (ਵਿਗਿਆਨਕ) ਯੁੱਗ ਵੀ ਅੰਧ ਵਿਸ਼ਵਾਸ ਦੀ ਚਪੇਟ ’ਚ

0

ਅਜੋਕਾ (ਵਿਗਿਆਨਕ) ਯੁੱਗ ਵੀ ਅੰਧ ਵਿਸ਼ਵਾਸ ਦੀ ਚਪੇਟ ’ਚ

ਗੁਰਵਿੰਦਰ ਸਿੰਘ ‘ਖੁਸੀਪੁਰ’, ਪਿੰਡ ਖੁਸੀਪੁਰ (ਗੁਰਦਾਸਪੁਰ)-99141-61453

ਸਦੀਆਂ ਤੋਂ ਧਰਮ ਦੇ ਨਾਂ ’ਤੇ ਭੋਲ਼ੇ ਭਾਲ਼ੇ ਲੋਕਾਂ ਨੂੰ ਲੁਟਿਆ ਜਾਂਦਾ ਰਿਹਾ ਹੈ। ਆਮ ਤੌਰ ’ਤੇ ਇਹ ਲੁੱਟ ਅਖੌਤੀ ਧਾਰਮਿਕ ਵਿਅਕਤੀਆਂ ਦੁਆਰਾ ਹੀ ਕੀਤੀ ਜਾਂਦੀ ਹੈ। ਧਰਮ ਤੋਂ ਭਾਵ ਉਹ ਨਿਯਮ ਹੁੰਦੇ ਹਨ ਜਿਨ੍ਹਾਂ ਨਾਲ ਮਨੁੱਖ ਅੰਦਰ ਇਨਸਾਨੀਅਤ ਜਨਮ ਲੈਂਦੀ ਹੈ ਪਰ ਜੇਕਰ ਇਹ ਨਿਯਮ ਗ੍ਰਹਿਣ ਨਹੀਂ ਕੀਤੇ ਗਏ ਤਾਂ ਮਨੁੱਖ ਨਾਲੋਂ ਪਸ਼ੂ ਕਿਤੇ ਚੰਗੇ ਹੁੰਦੇ ਹਨ। ਗੁਰੂ ਫ਼ੁਰਮਾਨ ਹੈ: ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ, ਅੰਮ੍ਰਿਤੁ ਦੇਹਿ ॥’’ (ਮ: ੧/੪੮੯)

ਧਾਰਮਿਕ ਸਿੱਖਿਆ ਦੇਣ ਵਾਲੇ ਵਿਅਕਤੀਆਂ ਦਾ ਸਮਾਜ ’ਚ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਪਰ ਕੁਝ ਚਲਾਕ ਪਖੰਡੀਆਂ ਨੇ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਲੋਕਾਂ ਦੇ ਮਨਾਂ ਅੰਦਰ ਅਜਿਹੇ ਵਹਿਮ ਭਰਮ ਭਰ ਦਿੱਤੇ ਹਨ, ਜਿਹੜੇ ਅੱਜ ਦੇ (ਵਿਗਿਆਨਿਕ) ਯੁਗ ’ਚ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ।ਸਦੀਆਂ ਪਹਿਲਾਂ ਭਰਮ ਪੈਦਾ ਕੀਤਾ ਗਿਆ ਸੀ ਕਿ ਮਰੇ ਹੋਏ ਵਿਅਕਤੀ ਦੇ ਸੰਬੰਧ ’ਚ ਕੀਤਾ ਗਿਆ ਦਾਨ, ਪੁੰਨ, ਉਸ ਦੇ ਪਿੱਤਰਾਂ ਨੂੰ ਸਵਰਗ ’ਚ ਪਹੁੰਚ ਜਾਂਦਾ ਹੈ। ਇਸ ਭਰਮ ਨੇ ਹੀ ਸਰਾਧਾਂ ਨੂੰ ਜਨਮ ਦਿੱਤਾ, ਜਿਨ੍ਹਾਂ ਬਾਰੇ ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਮਰਨ ’ਤੇ ਪੈਸਾ ਖਰਚ ਕਰਨ ਦੀ ਬਜਾਏ ਜੀਵਤ ਮਾਤਾ ਪਿਤਾ ਨੂੰ ਸੰਭਾਲੋ: ‘‘ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ ॥’’ (ਭਗਤ ਕਬੀਰ/੩੩੨) ਬੇਸ਼ੱਕ ਵਿਗਿਆਨ ਵੀ ਇਸ ਸਚਾਈ ਦੀ ਪੁਸ਼ਟੀ ਕਰਦਾ ਹੈ ਫਿਰ ਵੀ ਇਹ ਭਰਮ ਜਾਰੀ ਹੈ, ਜਿਸ ਨੂੰ ਹਰ ਜਗ੍ਹਾ ਵੇਖਿਆ ਜਾ ਸਕਦਾ ਹੈ। ਸਰਾਧ ਦੇ ਦਿਨਾਂ ’ਚ ਪ੍ਰਸ਼ਾਦੇ ਛਕਣ ’ਚ ਸਾਡੇ ਪੁਜਾਰੀ ਵੀ ਸ਼ਾਮਲ ਹੋ ਜਾਂਦੇ ਹਨ, ਜਿਨ੍ਹਾਂ ਤੋਂ ਗੁਰਬਾਣੀ ਦੀ ਮਦਦ ਨਾਲ ਇਸ ਭਰਮ ਨੂੰ ਖ਼ਤਮ ਕਰਨ ਦੀ ਆਸ ਲਾਈ ਜਾਂਦੀ ਹੈ।ਅਸੀਂ ਜੋ ਬੀਜਦੇ ਹਾਂ ਉਹੀ ਫਲ ਸਾਨੂੰ ਮਿਲੇਗਾ, ਗੁਰਬਾਣੀ ਅਜਿਹਾ ਬਚਨ ਕਰਦੀ ਹੈ: ‘‘ਜੇਹਾ ਬੀਜੈ, ਸੋ ਲੁਣੈ; ਕਰਮਾ ਸੰਦੜਾ ਖੇਤੁ ॥ (ਮ: ੫/੧੩੪), ਨਾਨਕ !ਅਗੈ ਸੋ ਮਿਲੈ, ਜਿ ਖਟੇ ਘਾਲੇ ਦੇਇ ॥’’ (ਮ: ੧/੪੭੨) ਮਨੁੱਖ ਜਿਸ ਤਰ੍ਹਾਂ ਸੰਸਾਰ ’ਤੇ ਆਉਂਦਾ ਹੈ, ਬਿਨਾਂ ਕੋਈ ਚੰਗਾ ਫਲ ਬੀਜੇ ਉਸੇ ਤਰ੍ਹਾਂ ਹੀ ਇੱਥੋਂ ਚਲਾ ਜਾਵੇਗਾ: ‘‘ਬਾਬਾ ਨਾਂਗੜਾ ਆਇਆ ਜਗ ਮਹਿ..॥ (ਮ: ੧/੫੮੨), ਜੇਹਾ ਆਇਆ, ਤੇਹਾ ਜਾਸੀ; ਕਰਿ ਅਵਗਣ ਪਛੋਤਾਵਣਿਆ ॥’’ (ਮ: ੩/੧੧੪)

ਪੁਰਾਣੇ ਸਮਿਆਂ ’ਚ ਲੋਕਾਂ ਦੇ ਮਨਾਂ ’ਚ ਚੰਗੇ-ਮੰਦੇ ਦਿਨਾਂ ਦਾ ਭਰਮ ਵੀ ਪਾਇਆ ਗਿਆ ਸੀ, ਜੋ ਅੱਜ ਤੱਕ ਪ੍ਰਚਲਿਤ ਹੈ। ਸ਼ਨੀਵਾਰ ਨੂੰ ਕਿਸੇ ਕਰੋਪ ਤੋਂ ਬਚਣ ਲਈ ਸ਼ਨੀ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ। ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਵੀ ਗੁਰੂ ਘਰਾਂ ’ਚ ਵਰਤਦਾ ਆਮ ਵੇਖਿਆ ਜਾ ਸਕਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਉੱਤੇ ਕਰਤਾਰ ਦੀ ਕਿਰਪਾ ਹੋ ਜਾਵੇ ਉਸ ਲਈ ਸਾਰੇ ਦਿਨ ਹੀ ਚੰਗੇ ਹੁੰਦੇ ਹਨ: ‘‘ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ ॥’’ (ਮ: ੫/੧੩੬)

ਕਿਸੇ ਦੇ ਘਰ ਬੱਚਾ ਪੈਦਾ ਹੋ ਜਾਵੇ ਜਾਂ ਮਰ ਜਾਵੇ, ਦਾ ਸੂਤਕ-ਪਾਤਕ ਵਹਿਮ ਵੀ ਜਗਤ ਪ੍ਰਸਿੱਧ ਹੈ, ਇਸ ਦੀ ਪਵਿੱਤਰਤਾ ਪੰਡਿਤ ਦੇ ਘਰ ਤਾਂ ਜਲਦੀ ਆ ਜਾਂਦੀ ਹੈ ਪਰ ਸ਼ੂਦਰ ਦੇ ਘਰ ਇੱਕ ਮਹੀਨਾ ਲੱਗ ਜਾਂਦਾ ਹੈ ਤਦ ਕਿਤੇ ਪਵਿੱਤਰਤਾ ਦਰਸ਼ਨ ਦਿੰਦੀ ਹੈ। ਭਗਤ ਕਬੀਰ ਜੀ ਨੇ ਕਿਹਾ ਕਿ ਜਨਮ-ਮਰਨ ਹਰ ਥਾਂ ਹੈ, ਆਪਣੇ ਆਪ ਨੂੰ ਕਿਉਂ ਲੁਟਾਉਂਦੇ ਹੋ: ‘‘ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ ॥’’ (ਭਗਤ ਕਬੀਰ/੩੩੧) ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ’ਚ ਇੱਕ ਪਉੜੀ ਦੀ ਰਚਨਾ ਹੀ ਸੂਤਕ-ਪਾਤਕ ’ਤੇ ਰਚੀ ਹੈ ਤਾਂ ਜੋ ਫੈਲਾਇਆ ਗਿਆ ਵਹਿਮ-ਭਰਮ ਦਾ ਪਰਦਾ ਚੁੱਕਿਆ ਜਾਵੇ: ‘‘ਜੇ ਕਰਿ ਸੂਤਕੁ ਮੰਨੀਐ, ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ, ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥ਸੂਤਕੁ ਕਿਉ ਕਰਿ ਰਖੀਐ, ਸੂਤਕੁ ਪਵੈ ਰਸੋਇ ॥ ਨਾਨਕ  ! ਸੂਤਕੁ ਏਵ ਨ ਉਤਰੈ, ਗਿਆਨੁ ਉਤਾਰੇ ਧੋਇ ॥’’ (ਮ: ੧/੪੭੨)

ਵਹਿਮ ਭਰਮਾਂ ਦੀ ਸੰਖਿਆ ’ਚ ਜੇ ਤੰਤ੍ਰ-ਮੰਤ੍ਰ ਦਾ ਜ਼ਿਕਰ ਨਾ ਕਰੀਏ ਤਾਂ ਸ਼ਾਇਦ ਸਮਾਜਿਕ ਮਾਨਸਿਕਤਾ ਨੂੰ ਸਮਝਣਾ ਅਧੂਰਾ ਰਹਿ ਜਾਵੇ, ਜੋ ਉਕਤ ਭਰਮਾਂ ਤੋਂ ਮੁਕਤ ਕਰਨ ਲਈ ਪੁਜਾਰੀ ਸ਼੍ਰੇਣੀ ਵੱਲੋਂ ਆਰਥਿਕ ਲੋੜਾਂ ਨੂੰ ਧਿਆਨ ’ਚ ਰੱਖ ਕੇ ਸ਼ੁਰੂ ਕੀਤਾ ਗਿਆ ਆਰਥਿਕ ਕਾਰੋਬਾਰ ਹੈ। ‘ਜੰਤਰ’, ਕਿਸੇ ਸ਼ਬਦ ਨੂੰ ਲਿਖ ਕੇ ਗਲੇ ਆਦਿ ’ਚ ਪਾਉਣ ਨੂੰ ਕਹਿੰਦੇ ਹਨ।, ‘ਤੰਤਰ’ ਦਾ ਦੂਸਰਾ ਨਾਂ ਟੂਣਾ ਹੈ, ਜੋ ਕਿਸੇ ਚੁਰਾਹੇ ’ਚ ਕੀਤਾ ਜਾਂਦਾ ਹੈ।, ‘ਮੰਤਰ’, ਕਿਸੇ ਸ਼ਬਦ ਨੂੰ ਵਾਰ ਵਾਰ ਪੜ੍ਹਨ ਦਾ ਨਾਂ ਹੈ। ਵਹਿਮਾਂ ਭਰਮਾਂ ਤੋਂ ਬਚਣ ਲਈ ਲੁਕਾਈ ਨੇ ਇਲਾਜ ਵੀ ਉਨ੍ਹਾਂ ਪੁਜਾਰੀਆਂ ਪਾਸੋਂ ਲੱਭਣ ਦਾ ਯਤਨ ਕੀਤਾ, ਜਿਨ੍ਹਾਂ ਨੇ ਇਹ ਬਿਮਾਰੀ ਆਰੰਭ ਕੀਤੀ ਸੀ।ਕਬੀਰ ਜੀ ਦਾ ਬਚਨ ਹੈ: ‘‘ਤੰਤ ਮੰਤ੍ਰ ਸਭ ਅਉਖਧ ਜਾਨਹਿ, ਅੰਤਿ ਤਊ ਮਰਨਾ ॥’’ (ਭਗਤ ਕਬੀਰ/੪੭੭) ਗੁਰੂ ਅਰਜਨ ਸਾਹਿਬ ਜੀ ਨੇ ਦੱਸਿਆ ਕਿ ਪ੍ਰਭੂ ਦਾਨਾਮ ਜਪਣ ਵਾਲੇ ਵੱਲ ਤੰਤ੍ਰ, ਮੰਤ੍ਰ, ਬੁਰੀ ਨਜ਼ਰ ਆਦਿ ਵੇਖ ਨਹੀਂ ਸਕਦੀ: ‘‘ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ; ਤਿਤੁ ਚਾਖੁ ਨ ਲਾਗੈ ॥’’ (ਮ: ੫/੮੧੮)

ਬੇਸ਼ੱਕ ਅੱਜ ਮਨੁੱਖ ਨੇ ਵਿਦਿਆ ਰਾਹੀਂ ਬਹੁਤ ਤਰੱਕੀ ਕਰ ਲਈ ਪਰ ਟੀ. ਵੀ. ’ਤੇ ਜੋਤਿਸ਼ ਵਿਦਿਆ ਰਾਹੀਂ ਹੋ ਰਿਹਾ ਪ੍ਰਚਾਰ ਇਹ ਬਿਆਨ ਕਰਨ ਲਈ ਕਾਫ਼ੀ ਹੈ ਕਿ ਵਹਿਮੀ ਸਮਾਜ ਦੀ ਗਿਣਤੀ ਘਟੀ ਨਹੀਂ। ਵਿਗਿਆਨ ਖੇਤਰ, ਮੈਡੀਕਲ ਖੇਤਰ, ਵਿਦਿਆ ਦੇ ਖੇਤਰ ਆਦਿ ਸਭ ਵਹਿਮ ਭਰਮ ਤੋਂ ਮੁਕਤ ਹੋਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿੱਚ ਵੀ ਵਹਿਮੀ ਮਾਨਸਿਕਤਾ ਪ੍ਰਭਾਵ ਪਾਉਂਦੀ ਆ ਰਹੀ ਹੈ। ਮੀਡੀਆ ਯੁੱਗ ਨੇ ਸਮਾਜ ਨੂੰ ਵਹਿਮ ਮੁਕਤ ਕਰਨਾ ਸੀ ਪਰ ਇਨ੍ਹਾਂ ਦੀ ਆਰਥਿਕ ਕਮਾਈ ਵੀ ਵਹਿਮ ਦਾ ਪ੍ਰਚਾਰ ਤੇ ਪ੍ਰਸਾਰ ਨਾਲ ਜੁੜੀ ਹੋਈ ਹੈ।

ਜਦ ਤੱਦ ਧਾਰਮਿਕ ਵਿਅਕਤੀ, ਜਿਨ੍ਹਾਂ ਨੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਹੁੰਦਾ ਹੈ, ਆਪਣੇ ਫ਼ਰਜਾਂ ਦੀ ਸਹੀ ਪਹਿਚਾਣ ਨਹੀਂ ਕਰਨਗੇ, ਇਸ ਬਿਮਾਰੀ ਤੋਂ ਛੁਟਕਾਰਾ ਪਾਉਣਾ ਮੁਸਕਿਲ ਹੈ। ਵਹਿਮੀ ਸਮਾਜ ਕਿਸੇ ਵੀ ਕੌਮ ਜਾਂ ਦੇਸ਼ ਦੀ ਬੁਨਿਆਦ ਨੂੰ ਮਜਬੂਤ ਨਹੀਂ ਕਰਦਾ ਬਲਕਿ ਦੀਮਕ (ਸਿਓਂਕ) ਨਾਲ ਖਾਧੀ ਲੱਕੜੀ ਵਾਂਗ ਕਮਜ਼ੋਰ ਕਰਦਾ ਹੈ ਕਿਉਂਕਿ ਵਹਿਮ ਉਸ ਨੂੰ ਕੁਝ ਨਵਾਂ ਕਰਨ ਲਈ ਸਮਾਂ ਹੀ ਨਹੀਂ ਕੱਢਣ ਦੇਂਦੇ। ਗੁਰਬਾਣੀ ਦੀ ਵਿਚਾਰ ਇਸ ਰੋਗੀ ਸਮਾਜ ਨੂੰ ਅਰੋਗ ਕਰਨ ’ਚ ਕਾਰਗਰ ਦਵਾਈ ਹੈ, ਜੋ ਹਰ ਮਨੁੱਖ ਨੂੰ ਇਸਤੇਮਾਲ ਕਰਨੀ ਚਾਹੀਦੀ ਹੈ। ਧਰਮ ਨੂੰ ਆਰਥਿਕ ਸਾਧਨ ਬਣਾਉਣ ਵਾਲੇ ਪੁਜਾਰੀ ਆਪ ਇਸ ਬਿਮਾਰੀ ਤੋਂ ਪੀੜਤ ਹਨ, ਕਿਸੇ ਦੂਸਰੇ ਦਾ ਕੀ ਇਲਾਜ ਕਰਨਗੇ ?

ਅਸਲ ਵਿੱਦਿਆ / ਧਰਮ ਅਤੇ ਵਿੱਦਿਆ

0

ਅਸਲ ਵਿੱਦਿਆ / ਧਰਮ ਅਤੇ ਵਿੱਦਿਆ

ਰਣਜੀਤ ਸਿੰਘ ((B.Sc., M.A., M.Ed.),), ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- 99155-15436

ਪ੍ਰਸਿੱਧ ਵਿਦਵਾਨ ਐਮ. ਐਲ. ਜੈਕਬ ਅਨੁਸਾਰ ਧਰਮ ਤੋਂ ਬਿਨਾ ਵਿੱਦਿਆ ਅਧੂਰੀ ਹੈ। ਰੱਬੀ ਗਿਆਨ ਤੋਂ ਬਿਨਾ ਵਿੱਦਿਆ ਕੇਵਲ ਕਿਤਾਬੀ ਪੜ੍ਹਾਈ ਹੀ ਰਹਿ ਜਾਵੇਗੀ। ਜੇਕਰ ਵਿੱਦਿਆ ਵਿੱਚ ਰੱਬੀ ਗਿਆਨ ਹੋਵੇਗਾ ਤਾਂ ਉਹ ਪੂਰਨ ਮਨੁੱਖ ਦੀ ਸਖਸ਼ੀਅਤ ਘੜ ਸਕੇਗੀ।

 ਵਿੱਦਿਆ ਦਾ ਭਾਵ ਇਹ ਨਹੀਂ ਕਿ ਲੋਕਾਂ ਨੂੰ ਉਹ ਕੁੱਝ ਸਿਖਾਇਆ ਜਾਵੇ ਜੋ ਉਹ ਨਹੀਂ ਜਾਣਦੇ। ਮਹਾਨ ਫਿਲਾਸਫਰ ਰਸਕਿਨ ਅਨੁਸਾਰ ਅਸਲ ਵਿੱਦਿਆ ਤੋਂ ਭਾਵ ਨੌਜਵਾਨ ਪੀੜ੍ਹੀ ਨੂੰ ਸਰੀਰ ਅਤੇ ਆਤਮਾ ਦੀ ਮੁਕੰਮਲ ਵਰਤੋਂ ਤੇ ਸੀਲ ਸੰਜਮ ਦੀ ਸਿਖਲਾਈ ਦਿੱਤੀ ਜਾਵੇ। ਅਸਲ ਵਿੱਚ ਧਰਮ ਅਤੇ ਵਿੱਦਿਆ ਦਾ ਸੁਮੇਲ ਤਨ, ਮਨ ਅਤੇ ਆਤਮਾ ਦੇ ਪੱਕੇ ਮਿਲਾਪ ਤੋਂ ਹੈ। ਇਸ ਲਈ ਇਹ ਜਰੂਰੀ ਹੈ ਕਿ ਸਕੂਲਾਂ ਤੇ ਕਾਲਜਾਂ ਵਿੱਚ ਕੇਵਲ ਕਿਤਾਬੀ ਗਿਆਨ ਹੀ ਨਾ ਦਿੱਤਾ ਜਾਵੇ ਸਗੋਂ ਵਿਦਿਆਰਥੀਆਂ ਦੇ ਜੀਵਨ ਦੀ ਘੜਤ ਵੀ ਘੜੀ ਜਾਵੇ। ਸਚਾਈ ਇਹ ਹੈ ਕਿ ਵਿੱਦਿਆ ਦੀ ਨੀਂਹ ਹੀ ਰੱਬ ਅਤੇ ਧਰਮ ਉੱਤੇ ਅਟੁੱਟ ਵਿਸ਼ਵਾਸ਼ ਅਤੇ ਭਰੋਸੇ ਦੀ ਚਟਾਨ ਉੱਤੇ ਰੱਖਣੀ ਚਾਹੀਦੀ ਹੈ।

ਅੱਜ ਸਾਡੇ ਸਮਾਜ ਵਿੱਚ ਜੋ ਕੁੱਝ ਵਾਪਰ ਰਿਹਾ ਹੈ। ਉਸ ਦਾ ਮੁੱਖ ਕਾਰਨ ਹੀ ਇਹ ਹੈ ਕਿ ਦੁਨਿਆਵੀ ਵਿੱਦਿਆ ਵਿੱਚੋਂ ਧਰਮ ਅਲੋਪ ਹੋ ਗਿਆ ਹੈ। ਉੱਚੀ ਵਿੱਦਿਆ ਦੇ ਬਲ ਤੇ ਉੱਚੀਆਂ ਪਦਵੀਆਂ ਤਾਂ ਮਿਲ ਗਈਆਂ ਪਰ ਨਾਲ ਹੀ ਮਨੁੱਖੀ ਕਦਰਾਂ ਕੀਮਤਾਂ ਦਾ ਵੀ ਦੀਵਾਲਾ ਨਿਕਲ ਗਿਆ। ਜੇਕਰ ਦੇਸ਼ ਤੇ ਦੁਨੀਆਂ ਦੇ ਵਿਕਾਸ ਵਿੱਚ ਪੜ੍ਹੇ ਲਿਖੇ ਲੋਕਾਂ ਦਾ ਵੱਡਾ ਯੋਗਦਾਨ ਹੈ ਤਾਂ ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦੇਸ਼ ਦੇ ਵਿਨਾਸ਼ ਵਿੱਚ ਵੀ ਵੱਡਾ ਯੋਗਦਾਨ ਪੜ੍ਹੇ ਲਿਖੇ ਮਨੁੱਖਾਂ ਦਾ ਹੀ ਹੈ। ਅੱਜ ਸਮਾਜ ਵਿੱਚ ਮਨੁੱਖੀ ਕਦਰਾਂ ਕੀਮਤਾਂ ਅਲੋਪ ਹੋ ਚੁੱਕੀਆਂ ਹਨ। ਇਸ ਦਾ ਮੁੱਖ ਕਾਰਨ ਵਿੱਦਿਆ ਨੂੰ ਧਰਮਹੀਨ ਕਰ ਦੇਣਾ ਹੀ ਹੈ। ਅੱਜ ਸਕੁਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਵਿੱਦਿਆ ਦੇਣੀ ਫਜੂਲ ਦੀ ਗੱਲ ਸਮਝੀ ਜਾਂਦੀ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਦੇਸ਼ ਦਾ ਵਿੱਦਿਅਕ ਢਾਂਚਾ ਘੜਨ ਦਾ ਮਨੋਰਥ ਰੱਬ ਦਾ ਭੈ ਮੰਨਣ ਵਾਲੇ ਚੰਗੇ ਇਨਸਾਨ ਪੈਦਾ ਕਰਨਾ ਨਹੀਂ ਸਗੋਂ ਹੁਕਮਰਾਨ ਸ਼੍ਰੇਣੀ ਦੇ ਵਫਾਦਾਰ ਅਤੇ ਹੁਕਮਪਾਲ ਅਫਸਰ ਤੇ ਬਾਬੂ ਤਿਆਰ ਕੀਤੇ ਜਾਣਾ ਹੈ। ਅਜਿਹੇ ਵਿੱਦਿਅਕ ਅੰਜਾਮ ਵਿੱਚ ਧਰਮ ਜਾਂ ਰੱਬ ਨੂੰ ਕਿੱਥੇ ਥਾਂ ਮਿਲ ਸਕਦੀ ਹੈ ?

ਡਾਕਟਰ ਵੈਲਡਨ ਆਪਣੀ ਪੁਸਤਕ ਦੀ ਇੰਗਲਿਸ਼ ਚਰਚ ਵਿੱਚ ਲਿਖਦੇ ਹਨ ਕਿ ਧਰਮ ਤੇ ਵਿੱਦਿਆ ਦੇ ਵੱਖ ਵੱਖ ਹੋ ਜਾਣ ਨਾਲ ਅੱਜ ਦਾ ਸਮਾਜ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਸਾਡਾ ਮੌਜੂਦਾ ਵਿੱਦਿਅਕ ਢਾਂਚਾ ਰੱਬੀ ਵਿੱਦਿਆ ਤੋਂ ਸੱਖਨਾ ਹੈ। ਇਹ ਕੇਵਲ ਦੁਨੀਆਦਾਰੀ ਦੀ ਜਾਂ ਪੈਸਾ ਕਮਾਉਣ ਦੀ ਹੀ ਗੱਲ ਕਰਦਾ ਹੈ। ਭਗਤ ਕਬੀਰ ਜੀ ਅਜਿਹੀ ਵਿੱਦਿਆ ਬਾਰੇ ਕਹਿੰਦੇ ਹਨ : ‘‘ਮਾਇਆ ਕਾਰਨ ਵਿਦਿਆ ਬੇਚਹੁ; ਜਨਮੁ ਅਬਿਰਥਾ ਜਾਈ॥’’ (ਰਾਗ ਮਾਰੂ ਪੰਨਾ 1103)

ਇੱਕ ਪੜ੍ਹਿਆ ਲਿਖਿਆ ਲਾਇਕ ਡਾਕਟਰ ਜਿਸ ਨੇ ਸਮਾਜ ਨੂੰ ਚੰਗੀ ਸਿਹਤ ਪ੍ਰਦਾਨ ਕਰਨੀ ਸੀ, ਪੈਸੇ ਦੇ ਲਾਲਚ ਵਿੱਚ ਆ ਕੇ ਕਿਸੇ ਦਾ ਗੁਰਦਾ ਕੱਢ ਕੇ ਵੇਚਣ ਵਿੱਚ ਆਪਣੀ ਕਾਮਯਾਬੀ ਸਮਝਦਾ ਹੈ। ਇਸੇ ਤਰ੍ਹਾਂ ਕੋਈ ਪ੍ਰਸਿੱਧ ਐਡਵੋਕੇਟ ਲਾਲਚ ਵਸ ਬੇਕਸੂਰ ਨੂੰ ਫਾਂਸੀ ਦਿਵਾਉਣ ਵਿੱਚ ਅਤੇ ਕਸੂਰਵਾਰ ਨੂੰ ਅਜ਼ਾਦ ਕਰਾਉਣ ਵਿੱਚ ਫਖਰ ਮਹਿਸੂਸ ਕਰਕੇ ਆਪਣੀ ਵਿੱਦਿਆ ਦਾ ਦੀਵਾਲਾ ਕੱਢ ਰਿਹਾ ਹੈ। ਅਜਿਹੀ ਵਿੱਦਿਆ ਅਕਾਲ ਪੁਰਖ ਦੇ ਲੇਖੇ ਵਿੱਚ ਨਹੀਂ ਪੈਂਦੀ, ਗੁਰੂ ਨਾਨਕ ਦੇਵ ਜੀ ਇਸ ਨੂੰ ਝੱਖ ਮਾਰਨ ਦੇ ਬਰਾਬਰ ਹੀ ਕਹਿੰਦੇ ਹਨ। ਆਸਾ ਕੀ ਵਾਰ ਵਿੱਚ ਉਨ੍ਹਾਂ ਬਚਨ ਕੀਤਾ ਕਿ ‘‘ਨਾਨਕ ! ਲੇਖੈ ਇਕ ਗਲ, ਹੋਰੁ ਹਉਮੈ ਝਖਣਾ ਝਾਖ॥’’ (ਪੰਨਾ 467)

ਧਰਮ ਦੀ ਵਿੱਦਿਆ ਤੇ ਦੁਨਿਆਵੀ ਵਿੱਦਿਆ ਦੇ ਸੁਮੇਲ ਨੂੰ ਹੀ ਅਸਲ ਵਿੱਦਿਆ ਕਿਹਾ ਜਾ ਸਕਦਾ ਹੈ। ਦੁਨਿਆਵੀ ਵਿੱਦਿਆ ਜਿੱਥੇ ਸਾਨੂੰ ਉੱਚੇ ਰੁੱਤਬੇ ’ਤੇ ਪਹੁੰਚਣ ਵਿੱਚ ਸਹਾਈ ਹੁੰਦੀ ਹੈ ਅਤੇ ਰੋਜ਼ੀ ਰੋਟੀ ਕਮਾਉਣ ਦਾ ਸਾਧਨ ਬਣਦੀ ਹੈ। ਉੱਥੇ ਧਰਮ ਦੀ ਵਿੱਦਿਆ ਹੀ ਮਨੁੱਖਤਾ ਵਿੱਚ ਪਿਆਰ ਅਤੇ ਏਕਤਾ ਨੂੰ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ। ਜਦੋਂ ਸਕੂਲਾਂ ਕਾਲਜਾਂ ਵਿੱਚ ਧਾਰਮਿਕ ਵਿੱਦਿਆ ਦੇ ਅਧੀਨ ਧਾਰਮਿਕ ਵਿਅਕਤੀਆਂ ਦੇ ਜੀਵਨ ਦੀਆਂ ਉਚਾਈਆਂ ਬਾਰੇ ਵਿਦਿਆਰਥੀਆਂ ਨੂੰ ਸਿੱਖਿਆ ਮਿਲੇਗੀ ਤਾਂ ਉਹਨਾਂ ਅੰਦਰ ਇੱਕ ਦੂਜੇ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ। ਧਾਰਮਿਕ ਮਤਭੇਦਾਂ ਬਾਰੇ ਵੀ ਸ਼ਹਿਨਸ਼ੀਲਤਾ ਵਧੇਗੀ। ਅਜਿਹੇ ਸੁਭਾਅ ਦੀ ਅੱਜ ਵਧੇਰੇ ਲੋੜ ਹੈ।

ਅਮਰੀਕਾ ਦੇ ਰਾਸ਼ਟਰਪਤੀ ਇਬਰਾਹੀਮ ਲਿੰਕਨ ਨੇ ਆਪਣੇ ਬੇਟੇ ਰੌਬਰਟ ਨੂੰ ਸਕੂਲ ’ਚ ਦਾਖਲ ਕਰਵਾਉਣ ਤੋਂ ਬਾਅਦ ਉਸ ਸਕੂਲ ਦੇ ਹੈਡਮਾਸਟਰ ਨੂੰ ਇੱਕ ਪੱਤਰ ਲਿਖਿਆ ਕਿ ਮੇਰੇ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਇਹ ਵੀ ਸਿਖਾਓ ਕਿ ਮਿਹਨਤ ਨਾਲ ਕਮਾਇਆ ਹੋਇਆ ਇੱਕ ਡਾਲਰ ਬੇਈਮਾਨੀ ਨਾਲ ਕਮਾਏ ਹੋਏ ਪੰਜ ਡਾਲਰ ਤੋਂ ਵੱਧ ਕੀਮਤੀ ਹੁੰਦਾ ਹੈ। ਉਸ ਨੂੰ ਇਹ ਵੀ ਸਿੱਖਿਆ ਦਿਉ ਕਿ ਨਕਲ ਮਾਰ ਕੇ ਪਾਸ ਹੋਣ ਨਾਲੋਂ ਫੇਲ੍ਹ ਹੋਣਾ ਜਿਆਦਾ ਚੰਗਾ ਹੈ। ਉਸ ਨੂੰ ਇਹ ਵੀ ਸਿਖਾਓ ਕਿ ਜਿੱਤ ਦਾ ਅਨੰਦ ਮਾਨੇ ਤੇ ਹਾਰ ਨੂੰ ਸਹਿਣਾ ਵੀ ਸਿਖਾਓ। ਉਸ ਨੂੰ ਕੁਦਰਤ ਦੇ ਡੂੰਘੇ ਭੇਦਾਂ ਤੇ ਦਿਮਾਗ ਲੜਾਉਣ ਦੀ ਜਾਂਚ ਵੀ ਸਿਖਾਓ ਅਤੇ ਇਹ ਵੀ ਦੱਸੋ ਕਿ ਉਹ ਸਭ ਦੀ ਸੁਣੇ ਅਤੇ ਦਿਮਾਗ ਦੀ ਸਹੀ ਵਰਤੋਂ ਕਰਕੇ ਫੈਸਲਾ ਲਵੇ।

ਸੋ, ਅਸਲ ਵਿੱਦਿਆ ਉਹ ਹੈ ਜੋ ਸਕੂਲਾਂ ਜਾਂ ਕਾਲਜਾਂ ਦੇ ਸਲੇਬਸ ਦੀਆਂ ਕਿਤਾਬਾਂ ਤੋਂ ਬਾਹਰ ਸਾਨੂੰ ਮਿਲਦੀ ਹੈ। ਇਸ ਨੂੰ ਹਾਸਲ ਕਰਨ ਲਈ ਮਨੁੱਖ ਨੂੰ ਉੱਚੇ ਸੁੱਚੇ ਜੀਵਨ ਵਾਲੇ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰਬਾਣੀ ਦਾ ਫੁਰਮਾਨ ਹੈ: ‘‘ਸਤੀ ਪਹਿਰੀ, ਸਤੁ; ਬਹੀਐ ਪੜ੍ਹਿਆ ਪਾਸ॥’’ (ਸਲੋਕ ਮ: 2 ਪੰਨਾ 146)

ਨਿਡਰਤਾ

0

ਨਿਡਰਤਾ

ਡਾ. ਪੁਸ਼ਪਿੰਦਰ ਸਿੰਘ (ਬੰਬਈ)

ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਵਿੱਚੋਂ ਜਿੱਥੇ ਹੁਕਮ ਮੰਨਣ ਦਾ ਗੁਣ ਭਰਪੂਰ ਝਲਕਾਂ ਮਾਰਦਾ ਨਜ਼ਰ ਆਉਂਦਾ ਹੈ, ਉੱਥੇ ਇੱਕ ਹੋਰ ਸਿੱਖੀਜੀਵਨ ਜਾਚ ਦੀ ਚੜ੍ਹਦੀ ਕਲਾ ਦਾ ਗੁਣ ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ॥’’ ਦਾ ਪ੍ਰਗਟਾਵਾ ਵੀ ਬਹੁਤ ਦ੍ਰਿੜਤਾ ਤੇ ਸੁੰਦਰ ਤਰੀਕੇ ਨਾਲ ਹੇਠਲਿਖੀ ਘਟਨਾ ਤੋਂ ਪਤਾ ਲਗਦਾ ਹੈ ।

26 ਦਸੰਬਰ ਸੰਨ 1530 ਈਸਵੀ ਵਿੱਚ ਬਾਬਰ ਦੀ ਆਗਰਾ ਵਿਖੇ ਮੌਤ ਹੋ ਗਈ ਤੇ ਉਸ ਦਾ ਪੁੱਤਰ ਹੁਮਾਯੂੰ ਗੱਦੀ ’ਤੇ ਬੈਠਾ। ਉਸ ਨੇ ਰਾਜ ਦਾ ਬਹੁਤ ਵੱਡਾ ਹਿੱਸਾਆਪਣੇ ਭਰਾਵਾਂ ਨੂੰ ਦੇ ਦਿੱਤਾ। ਪਰ ਨਾਲ ਹੀ ਨਾਲ ਇਸ ਨੇ ਸ਼ੇਰ ਸ਼ਾਹ ਸੂਰੀ ਨੂੰ ਸੰਨ 1532 ਈਸਵੀ ਵਿੱਚ ਹਰਾ ਕੇ ਬਿਹਾਰ ਅਤੇ ਬੰਗਾਲ ਉੱਤੇ ਕਬਜ਼ਾ ਕਰਲਿਆ ਅਤੇ ਸ਼ੇਰ ਸ਼ਾਹ ਸੂਰੀ ਨੂੰ ਜੌਨਪੁਰ ਦਾ ਕਿਲ੍ਹੇਦਾਰ ਬਣਾ ਦਿੱਤਾ। ਲੇਕਿਨ ਸ਼ੇਰ ਸ਼ਾਹ ਸੂਰੀ ਨੇ ਮੌਕਾ ਵੇਖ ਕੇ ਆਪਣੀ ਤਾਕਤ ਨੂੰ ਫੇਰ ਇਕੱਠਾ ਕੀਤਾ ਅਤੇ 26 ਜੂਨ ਸੰਨ 1536 ਈਸਵੀ ਵਿੱਚ ਚੋਮਾ ਦੇ ਮੈਦਾਨ ਵਿੱਚ ਹੁਮਾਯੂੰ ਨੂੰ ਹਰਾ ਦਿੱਤਾ। ਹੁਮਾਯੂੰ ਨੇ ਬੜੀ ਮੁਸ਼ਕਿਲ ਨਾਲ ਨੱਸ ਕੇ ਆਪਣੀ ਜਾਨ ਬਚਾਈ। ਇਸ ਤੋਂ ਕੁਝਸਮੇਂ ਬਾਅਦ ਹੁਮਾਯੂੰ ਨੇ ਆਗਰੇ ਵਿੱਚ ਆ ਕੇ ਫਿਰ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਤੇ 17 ਮਈ ਸੰਨ 1540 ਈਸਵੀ ਨੂੰ ਸ਼ੇਰ ਸ਼ਾਹ ਸੂਰੀ ਨਾਲ ਜੰਗਲੜੀ। ਲੇਕਿਨ ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਕੋਲੋਂ ਦੁਬਾਰਾ ਬਹੁਤ ਵੱਡੀ ਹਾਰ ਖਾਣੀ ਪਈ। ਹੁਮਾਯੂੰ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਪੰਜਾਬ ਵੱਲਭੱਜ ਗਿਆ ਤੇ ਆਪਣੀ ਜਾਨ ਬਚਾਈ। ਲਾਹੌਰ ਜਾਂਦਿਆਂ ਹੋਇਆਂ ਰਸਤੇ ਵਿੱਚ ਖਡੂਰ ਸਾਹਿਬ ਇਸ ਖ਼ਿਆਲ ਨਾਲ ਰੁੱਕ ਗਿਆ ਕਿ ਗੁਰੂ ਨਾਨਕ ਦੇ ਦਰ ਤੋਂਅਸ਼ੀਰਵਾਦ ਲੈ ਕੇ ਅੱਗੇ ਜਾਵਾਂ।

ਉਸ ਵੇਲੇ ਸ਼ਾਹੀ ਸੜਕ ਕਿਉਂਕਿ ਖਡੂਰ ਸਾਹਿਬ ਦੇ ਨੇੜਿਉਂ ਲੰਘਦੀ ਸੀ। ਹਮਾਯੂੰ ਬਾਦਸ਼ਾਹ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਣ ਲਈ ਆਇਆ। ਉਸ ਵੇਲੇ ਗੁਰੂਸਾਹਿਬ ਜੀ ਆਪਣੇ ਸਿੱਖਾਂ ਦੀਆਂ ਕੁਸ਼ਤੀਆਂ (ਮੱਲ–ਅਖਾੜੇ) ਕਰਵਾ ਰਹੇ ਸਨ, ਮੱਲ–ਅਖਾੜੇ ਦੇ ਦਾਅ-ਪੇਚ ਸਿਖਾਉਂਦਿਆਂ ਹੋਇਆਂ ਸਤਿਗੁਰ ਪਾਤਸ਼ਾਹ ਇਤਨੇਰੁੱਝੇ ਹੋਏ ਸਨ ਕਿ ਉਹਨਾਂ ਦਾ ਜ਼ਰਾ ਜਿੰਨਾਂ ਵੀ ਧਿਆਨ ਹੁਮਾਯੂੰ ਵੱਲ ਨਾ ਗਿਆ। ਹੁਮਾਯੂੰ ਕਾਫ਼ੀ ਦੇਰ ਤਕ ਇਸੇ ਤਰ੍ਹਾਂ ਖੜ੍ਹਾ ਰਿਹਾ ਤੇ ਆਪਣੀ ਬੇਇਜ਼ਤੀ ਮਹਿਸੂਸਕਰਨ ਲੱਗਾ ਤੇ ਅੰਤ ਗੁੱਸੇ ਵਿੱਚ ਆ ਕੇ ਉਸ ਨੇ ਆਪਣੀ ਤਲਵਾਰ ਮਿਆਨ ਤੋਂ ਬਾਹਰ ਕੱਢ ਲਈ। ਜਦੋਂ ਹੁਮਾਯੂੰ ਨੇ ਗੁਰੂ ਸਾਹਿਬ ਨਾਲ ਅੱਖ ਮਿਲਾਈ ਤਾਂ ਗੁਰੂਸਾਹਿਬ ਜੀ ਦਾ ਪਿਆਰ ਤੇ ਰੋਅਬ ਨਾਲ ਭਰਿਆ ਚਿਹਰਾ ਦੇਖ ਕੇ ਸ਼ਾਂਤ ਹੋ ਗਿਆ।

ਗੁਰੂ ਅੰਗਦ ਸਾਹਿਬ ਜੀ ਬੜੀ ਦਲੇਰੀ ਤੇ ਖ਼ੁਸ਼ ਤਬੀਅਤ ਦੇ ਮਾਲਕ ਸਨ, ਹਰ ਵੇਲੇ ਪ੍ਰਭੂ ਦੇ ਰੰਗ ਵਿੱਚ ਰੱਤੇ ਰਹਿੰਦੇ ਸਨ। ਪਰਮਾਤਮਾ ਨਾਲ ਲਿਵ ਅਤੇ ਪਿਆਰਹੋਣ ਸਦਕਾ ਨਿਡਰਤਾ ਉਹਨਾਂ ਦੇ ਜੀਵਨ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਹੁਮਾਯੂੰ ਦੇ ਤਲਵਾਰ ਕੱਢਣ ਤੇ ਆਪ ਜੀ ਉਸ ਨੂੰ ਕਹਿਣ ਲੱਗੇ : ਗੁਰੂ ਸਾਹਿਬ ਜੀ: ਹਮਾਯੂੰ ! ਜਦੋਂ ਜੰਗੇ–ਮੈਦਾਨ ਵਿੱਚ ਤਲਵਾਰ ਚਲਾਉਣ ਦੀ ਲੋੜ ਸੀ, ਉਦੋਂ ਤੇਰੀ ਤਲਵਾਰ ਕਿੱਥੇ ਸੀ?, ਹੁਣ ਪੀਰਾਂ ਤੇ ਦਰਵੇਸ਼ਾਂ ਦੇ ਸਾਹਮਣੇ ਆਪਣੀ ਇਸ ਤਲਵਾਰ ਨੂੰਚਲਾਉਣ ਦਾ ਜਤਨ ਕਰ ਰਿਹਾ ਹੈਂ? ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਹਮਾਯੂੰ ਬਹੁਤ ਸ਼ਰਮਿੰਦਾ ਹੋਇਆ ਤੇ ਆਪਣੇ ਕੀਤੇ ਦੀ ਮੁਆਫ਼ੀ ਮੰਗਣ ਲੱਗਾ। ਗੁਰੂਪਾਤਸ਼ਾਹ ਜੀ ਨੇ ਉਸ ਨੂੰ ਨੇਕ ਜੀਵਨ ਧਾਰਣ ਕਰਨ ਤੇ ਹਮੇਸ਼ਾਂ ਅਕਾਲ ਪੁਰਖ ਦਾ ਆਸਰਾ ਲੈਣ ਦੀ ਪ੍ਰੇਰਣਾ ਕੀਤੀ ।

ਇਸ ਘਟਨਾ ਤੋਂ ਇਹ ਗੱਲ ਪ੍ਰਤੱਗ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਜੇ ਇਨਸਾਨ ਪਰਮਾਤਮਾ ਨੂੰ ਆਪਣੇ ਮਨ ਅਤੇ ਜੀਵਨ ਵਿੱਚ ਵਸਾ ਲੈਂਦਾ ਹੈ ਤਾਂ ਉਹ ਮਨੁੱਖਵੀ ਪਰਮਾਤਮਾ ਵਾਂਗ ਨਿੱਡਰ ਤੇ ਦਲੇਰ ਸੁਭਾਅ ਦਾ ਹੋ ਜਾਂਦਾ ਹੈ।

ਨਉ ਨਿਧਿ ਨਾਮ ਗਰੀਬੀ ਪਾਈ

0

ਨਉ ਨਿਧਿ ਨਾਮ ਗਰੀਬੀ ਪਾਈ

ਪ੍ਰਿੰਸੀਪਲ ਸਤਿਨਾਮ ਸਿੰਘ ਹਮਰਾਜ਼ ਬਿਨ ਹਮਰਾਜ਼ 1186/18 (ਸੀ) ਚੰਡੀਗੜ੍ਹ

ਅਦੁੱਤੀ ਗੁਰੂ ਗ੍ਰੰਥ ਜੀ ਦੇ ਸੰਕਲਨਕਾਰ ਸੀ੍ਰ ਗੁਰੂ ਅਰਜਨ ਦੇਵ ਜੀ ਦੇ ਮੁੱਖ ਸਹਾਇਕ ਸੰਪਾਦਕ, ਭਾਈ ਗੁਰਦਾਸ ਜੀ, ਸਾਖੀ ਭਰਦੇ ਹਨ ਕਿ ਜਦ ਗੁਰੂ ਬਾਬਾ ਨਾਨਕ ਅਕਾਲ ਪੁਰਖ ਦੇ ਹਜ਼ੂਰ ਸੱਚ-ਖੰਡ ਪਹੁੰਚੇ ਤਾਂ ਉਹਨਾਂ ਨੂੰ ਓਥੋਂ ਸਤਿਕਾਰ ਵਜੋਂ ਨ ਕੇਵਲ ਪਤਿ ਦੀ ਪੁਸ਼ਾਕ ਹੀ ਮਿਲੀ, ਸਗੋਂ ਓਹਨਾਂ ਦੀ ਝੋਲੀ ਨਾਮ ਰੂਪੀ ਨੌ ਨਿਧਾਂ (ਨੌ ਖਜ਼ਾਨਿਆਂ-ਨੌ ਰਤਨਾਂ) ਤੇ ਨਿਮਰਤਾ ਨਾਲ ਵੀ ਭਰ ਦਿਤੀ ਗਈ। ਭਾਈ ਸਾਹਿਬ ਸਾਖੀ ਭਰਦੇ ਹਨ:- ‘‘ਬਾਬਾ ! ਪੈਧਾ ਸੱਚ-ਖੰਡਿ, ਨਉ ਨਿਧਿ ਨਾਮ ਗਰੀਬੀ ਪਾਈ॥’’ (ਵਾਰ ਪਹਿਲੀ, ਪਉੜੀ 24)

ਏਥੇ, ਬਾਬੇ ਦਾ ਸੱਚ ਖੰਡ ਪਹੁੰਚਣਾ, ਪਤਿ ਆਬਰੂ ਦੀ ਖਿਲਅਤ ਪ੍ਰਾਪਤ ਕਰਨਾ, ਨਾਮ ਰੂਪੀ ਨੌ ਨਿਧਾਂ ਤੇ ਨਿਮਰਤਾ ਨਾਲ ਮਾਲੋ ਮਾਲ ਹੋਣਾ, ਆਦਿ ਸਭ ਵਿਸ਼ੇ ਬੜੇ ਭਾਵ ਪੂਰਤ ਪ੍ਰਤੀਕ ਹਨ। ਇਹਨਾਂ ਦੀ ਡੂੰਘਾਈ ਵਿੱਚ ਉਤਰਨ ਦੀ ਲੋੜ ਹੈ।

ਬਾਬਾ ਨਾਮ ਤੇ ਨਾਮੀ ਦਾ ਇੱਕ ਸਮਾਨ ਉਪਾਸ਼ਕ ਸੀ, ਸ਼ੈਦਾਈ ਸੀ। ਏਸੇ ਲਈ ਸੰਪੂਰਨ ਮੂਲ ਮੰਤਰ ਅਥਵਾ ਮੰਗਲ ਵਿੱਚ ‘੧’ (ਇੱਕ), ਓਅੰਕਾਰ, ਸਤਿ ਤੇ ਨਾਮੁ ਚਾਰੇ ਸ਼ਬਦ ਪ੍ਰਯਾਇਵਾਚੀ ਹਨ, ਸਮਾਨਾਰਥਕ ਹਨ। ਓਅੰਕਾਰ ਜੇ ਕਰਤਾ ਪੁਰਖ ਹੈ, ਦਿਸਦੇ ਤੇ ਅਣਦਿਸਦੇ ਸੰਸਾਰ ਦਾ ਰਚਿਤਾ ਹੈ; ਤਾਂ ਗੁਰਦੇਵ ਉਸ ਦੇ ਨਾਮ ਨੂੰ ਵੀ ਸਭ ਨੂੰ ਧਾਰਨ ਵਾਲਾ, ਸਭ ਦਾ ਸਹਾਇਕ, ਸਹਾਰਾ ਤੇ ਕਰਤਾ ਧਰਤਾ ਮੰਨਦੇ ਹਨ। ਪ੍ਰਮਾਣ ਵਜੋਂ:-

ਨਾਮੇ ਤੇ (ਤੋਂ) ਹੀ ਸਭੁ ਕਿਛੁ ਹੋਆ, ਬਿਨੁ ਸਤਿਗੁਰ ਨਾਮੁ ਨ ਜਾਪੈ ॥’’ (ਮ: ੩/੭੫੩) (ਨਾਮੇ ਤੇ -ਵਾਹਿਗੁਰੂ ਦੇ ਨਾਮ ਤੋਂ

ਤਥਾ

ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥

ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥

ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ, ਉਧਰੇ ਸੁਨਿ ਸ੍ਰਵਨ ॥ (ਸੁਖਮਨੀ ਅ: ੧੬)

ਭਾਈ ਸੰਤੋਖ ਸਿੰਘ ਜੀ ਨੇ ਪੁਸਤਕ ਗਰਬ-ਗੰਜਨੀ ਵਿੱਚ ਗੁਰਮੱਤ ਦੇ ਇਸ ਨੁਕਤੇ ਦੀ ਇਉਂ ਵਜ਼ਾਹਤ ਕੀਤੀ ਹੈ:-

‘ਨਾਮ ਅਰ ਨਾਮੀ (ਜਿਸ ਦਾ ਕਿ ਉਹ ਨਾਮ ਹੈ) ਅਗਿਆਨ ਕਰ ਕੇ ਦੋਇ ਰੂਪ ਫੁਰਤੇ ਹੈਂ’ (ਪੰਨਾ ੭)

ਸੋ, ਐਸਾ ਹੈ ਪ੍ਰਭੂ ਦਾ ਨਾਮ ਜੋ ਬਾਬੇ ਨੂੰ ਧੁਰ ਦਰਗਾਹੋਂ ਬਖਸ਼ਿਸ਼ ਵਜੋਂ ਮਿਲਿਆ, ਪਰ, ਏਥੇ ਵਿਚਾਰਨ ਵਾਲੀ ਬੜੇ ਮਜ਼ੇ ਤੇ ਦੂਰ-ਰੱਸ ਦੀ ਗੱਲ ਇਹ ਹੈ ਕਿ ਸੱਚ-ਖੰਡੋਂ ਨਾਮ ਨਾਲ ਜੇ ਕੋਈ ਦੂਸਰੀ ਵਸਤੂ ਗੁਰੂ ਜੀ ਨੂੰ ਪ੍ਰਾਪਤ ਤਥਾ ਬਖਸ਼ਿਸ਼ ਹੋਈ, ਉਹ ਸੀ ਗਰੀਬੀ, ਨਿਮਰਤਾ, ਮਿੱਠਤ, ਹਲੀਮੀ, ਆਜਿਜ਼ੀ, ਇਨਕਸਾਰੀ ਅਥਵਾ Humility. ਆਖਰ, ਬਾਬੇ ਨੇ ਹੋਰ ਸਾਰੇ ਸਦ-ਗੁਣਾਂ ਨੂੰ ਛੱਡ ਕੇ ਗਰੀਬੀ ਲਈ ਹੀ ਝੋਲੀ ਕਿਉਂ ਅੱਡੀ, ਜੋ ਦਾਤਾਰ ਪਾਤਸ਼ਾਹ ਨੇ ਨੱਕੋ ਨੱਕ ਭਰ ਦਿੱਤੀ। ਏਥੇ ਕੀ ਦਾਤਾ ਤੇ ਕੀ ਭਿਖਾਰੀ ਦੋਵੇਂ ਹੀ ਅਦੁੱਤੀ ਸਨ। ਸਹੀ ਗੱਲ ਤਾਂ ਇਹ ਜਾਪਦੀ ਹੈ ਕਿ ਦਾਤੇ ਦੇ ਦਰਬਾਰ ਹਾਜ਼ਰ ਹੋ ਕੇ ਜਾਚਕ ਨੂੰ ਹੈਰਤ ਦੇ ਆਲਮ ਵਿੱਚ ਮੰਗਣਾ ਹੀ ਭੁਲ ਗਿਆ।

ਬਾਬੇ ਨੇ, ਓਥੇ ਵਾਪਰੀ ਵਿਸਮਾਦਤ ਦਸ਼ਾ ਦਾ ਹੋਰ ਥੇ ਇਸ਼ਾਰੇ ਮਾਤਰ ਜ਼ਿਕਰ, ਇਉਂ ਕੀਤਾ ਹੈ ਕਿ ‘ਮੈਨੂੰ ਇੱਕ ਨਗੂਣੇ ਜਿਹੇ, ਨਿਕੰਮੇ, ਬੇਕਾਰ ਜਸ ਕਰਨ ਵਾਲੇ ਢਾਡੀ ਨੂੰ ਵਾਹਿਗੁਰੂ ਮਾਲਿਕ ਨੇ ਆਪਣੀ ਹਜ਼ੂਰੀ ਵਿੱਚ ਬੁਲਾਇਆ, ਸਰੋਪਾ ਬਖਸ਼ਿਆ ਤੇ ਸੱਚ ਨਾਮ ਦੇ ਅੰਮ੍ਰਿਤ ਭੋਜਨ ਨਾਲ ਤਿ੍ਰਪਤ ਕੀਤਾ। ਪ੍ਰਾਪਤ ਆਗਿਆ ਅਨੁਸਾਰ ਢਾਡੀ ਨੇ ਸ਼ਬਦ ਨੂੰ ਪ੍ਰਗਟ ਕਰਕੇ ਥਾਂ ਥਾਂ ਵੰਡਿਆ। ਅੰਮ੍ਰਿਤ ਬਚਨ ਹਨ:-

ਹਉ ਢਾਢੀ ਵੇਕਾਰੁ, ਕਾਰੈ ਲਾਇਆ ॥ ਰਾਤਿ ਦਿਹੈ ਕੈ ਵਾਰ, ਧੁਰਹੁ ਫੁਰਮਾਇਆ ॥

ਢਾਢੀ ਸਚੈ ਮਹਲਿ, ਖਸਮਿ ਬੁਲਾਇਆ ॥ ਸਚੀ ਸਿਫਤਿ ਸਾਲਾਹ, ਕਪੜਾ ਪਾਇਆ ॥

ਸਚਾ ਅੰਮ੍ਰਿਤ ਨਾਮੁ, ਭੋਜਨੁ ਆਇਆ ॥ ਗੁਰਮਤੀ ਖਾਧਾ ਰਜਿ, ਤਿਨਿ ਸੁਖੁ ਪਾਇਆ ॥

ਢਾਢੀ ਕਰੇ ਪਸਾਉ, ਸਬਦੁ ਵਜਾਇਆ ॥ ਨਾਨਕ ! ਸਚੁ ਸਾਲਾਹਿ, ਪੂਰਾ ਪਾਇਆ ॥ (ਮ: ੧/੧੫੦)

ਦਾਤੇ ਨੇ ਦਰ ਬੁਲਾ ਕੇ ਪੈਨਾਉਣ (ਸਰੋਪਾ, ਖਿਲਅਤ ਦੇਣ) ਤੇ ਨਾਮ ਦੀ ਦਾਤ ਬਖਸ਼ਣ ਦੀ ਗੱਲ ਚੌਥੇ ਨਾਨਕ-ਗੁਰੂ ਰਾਮ ਦਾਸ ਜੀ ਵੀਂ ਇਉਂ ਦੱਸਦੇ ਹਨ:-

ਹਉ ਢਾਢੀ ਹਰਿ ਪ੍ਰਭ ਖਸਮ ਕਾ, ਹਰਿ ਕੈ ਦਰਿ ਆਇਆ ॥ ਹਰਿ ਅੰਦਰਿ ਸੁਣੀ ਪੂਕਾਰ, ਢਾਢੀ ਮੁਖਿ ਲਾਇਆ ॥ ਹਰਿ ਪੁਛਿਆ ਢਾਢੀ ਸਦਿ ਕੈ, ਕਿਤੁ ਅਰਥਿ ਤੂੰ ਆਇਆ ?॥ ਨਿਤ ਦੇਵਹੁ ਦਾਨੁ ਦਇਆਲ ਪ੍ਰਭ ! ਹਰਿ ਨਾਮੁ ਧਿਆਇਆ ॥ ਹਰਿ ਦਾਤੈ, ਹਰਿ ਨਾਮੁ ਜਪਾਇਆ; ਨਾਨਕੁ ਪੈਨਾਇਆ ॥ (ਮ: ੪/੯੧)

(ਨੋਟ:- ਏਥੇ ‘ਨਾਨਕੁ’ ਦੇ ਕੱਕੇ ਹੇਠ ਔਂਕੜ ਹੈ ਅਤੇ ਇਹ ਇੱਥੇ ‘ਕਰਮ ਕਾਰਕ’ ਵਿੱਚ ਹੈ-ਅਰਥ ਹੈ-‘ਨਾਨਕ ਨੂੰ ਸਰੋਪਾ ਬਖਸ਼ਿਆ ਖਿਲਅਤ ਪਹਿਨਾਈ’)

ਪ੍ਰੇਮ ਇਸ਼ਕ ਦਾ ਮੁਕਾਮ, ਬੁੱਧੀ ਮੰਡਲ ਤੋਂ ਉਚੇਰਾ ਹੈ। ਢਾਡੀ ਨੂੰ ਦਾਤੇ ਦਰ ਜਾ ਕੇ ਮੰਗਣਾ ਭੁੱਲ ਜਾਣ ਦੀ ਰਮਜ਼ ਗੁਰੂ ਨਾਨਕ ਪੰਜਵੀ ਜੋਤ ਵਿੱਚ ਇਉਂ ਸਮਝਾਉਂਦੇ ਹਨ:-

ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥ ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ ਸੋ ਮੰਗਾ ਦਾਨੁ ਗੁੋਸਾਈਆ ਜਿਤੁ ਭੁਖ ਲਹਿ ਜਾਵੈ ॥ ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤਿ੍ਰਪਤਾਵੈ ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥ ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥ ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥ (ਮ: ੫/੧੦੯੭)

ਵਾਹਿਗੁਰੂ ਦੀ ਰਚਨਾ ਬੜੀ ਵਚਿੱਤਰ ਹੈ, ਇਸ ਵਿੱਚ ਵਿਰੋਧੀ ਤਤਾਂ ਅਥਵਾ ਗੁਣਾਂ ਦਾ ਅਜੀਬ ਸੁਮੇਲ ਹੈ, ਜਿਵੇਂ:-

‘‘ਪਉਣੁ ਉਪਾਇ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧੁ ਕੀਆ ॥’’ (ਮ: ੧/੩੫੦)

ਕੁਝ ਇਵੇਂ ਹੀ ਇੱਕੋ ਮਨੁੱਖੀ ਮਨ ਵਿੱਚ ਸਤਿ, ਸੰਤੋਖ, ਦਇਆ, ਧਰਮ ਤੇ ਸ਼ੀਲ ਸੰਜਮ ਆਦਿ ਸਦ ਗੁਣ ਵਸਦੇ ਹਨ ਅਤੇ ਕਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਖ ਤੇ ਜ਼ੋਰ ਜਬਰ ਆਦਿ ਔਗੁਣ। ਜਦ ਨਾਮ ਹਿਰਦੇ ਅੰਦਰ ਵਸਦਾ ਹੈ ਤਾਂ ਔਗੁਣਾਂ ਦਾ ਅਭਾਵ ਹੋ ਜਾਂਦਾ ਹੈ। ਅਸਲ ਵਿੱਚ ਨਾਮ ਦੀ ਅਣਹੋਂਦ ਹੀ ਸਾਡੇ ਅੰਦਰ ਔਗੁਣ ਪੈਦਾ ਕਰਨ ਦਾ ਕਾਰਨ ਹੈ। ਜਿਵੇਂ ਚਾਣਨ ਹੋਣ ਨਾਲ ਜਨਮਾਂ ਜਨਮਾਤਰਾਂ ਦਾ ਅੰਧੇਰਾ ਤੁਰੰਤ ਨਸ਼ਟ ਹੋ ਜਾਂਦਾ ਹੈ; ਇਵੇਂ ਹੀ ਨਾਮ ਦਾ ਦੀਪ, ਅਗਿਆਨ ਦੇ ਅੰਧਕਾਰ ਦਾ ਵਿਨਾਸ਼ ਕਰਨ ਯੋਗ ਹੈ। ਵਾਸਤਵ ਵਿੱਚ ਹਨੇਰਾ ਕੋਈ ਪ੍ਰਮਾਣਕ (Positive) ਵਸਤੂ ਨਹੀਂ; ਪ੍ਰਕਾਸ਼ ਦਾ ਨਾ ਹੋਣਾ ਹੀ ਹਨੇਰੇ ਦਾ ਵਜ਼ੂਦ ਧਾਰਨ ਕਰ ਜਾਂਦਾ ਹੈ। ਏਸੇ ਲਈ ਗੁਰੂ ਸਾਹਿਬਾਨ ਦਾ ਸਾਰਾ ਗਿਆਨ ਧਿਆਨ, ਸਾਰਾ ਉਪਦੇਸ਼, ਨਾਮੀ, ਨਾਮ ਜਾਂ ਨਾਮ ਸਿਮਰਨ ਦੁਆਲੇ ਘੁੰਮਦਾ ਹੈ। ਜਦ ਨਾਮ ਵਿਸਰ ਜਾਏ ਤਾਂ ਇਹ ਸਾਰਾ ਸੰਸਾਰ ਉਜਾੜ ਬੀਆਬਾਨ, ਡਰਾਉਣਾ ਤੇ ਦੁਖਦਾਈ ਬਣ ਜਾਂਦਾ ਹੈ, ਪ੍ਰੰਤੂ ਜਦ ਨਾਮ ਅੰਦਰ ਵਸ ਜਾਵੇ ਤਾਂ ਇਹੀ ਸੰਸਾਰ ਰੱਬ ਦਾ ਰੂਪ, ਰਮਣੀਕ ਤੇ ਸੁਹਾਵਣਾ ਥੀ ਵੰਝਦਾ ਹੈ। ਫੇਰ ਹਰ ਪਾਸੇ ਵਿਗਾਸ ਤੇ ਖੇੜਾ ਪਸਰ ਜਾਂਦਾ ਹੈ। ਅਤੇ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ! ਏਕੈ ਏਕੀ ਨੇਤੈ ॥ (ਮ: ੫/੧੩੦੨) ਵਾਲੀ ਉਨਮਨੀ ਦਸ਼ਾ ਛਾ ਜਾਂਦੀ ਹੈ।

ਗੁਰਬਾਣੀ ਵਿੱਚ ਬਾਰ ਬਾਰ ਇਹ ਜ਼ਿਕਰ ਆਇਆ ਹੈ ਕਿ ਮਨੁੱਖ ਦਾ ਸਭ ਤੋਂ ਦੀਰਘ ਰੋਗ ਹੈ ‘ਹਉਮੈਂ’ ਅਤੇ ਹਉਮੈਂ ਤੇ ਨਾਮ ਦਾ ਪ੍ਰਸਪਰ ਵਿਰੋਧ ਹੋਣ ਕਾਰਨ ਇਹ ਦੋਵੇਂ ਇੱਕ ਥਾਂ ਇਕੱਠੇ ਵੀ ਨਹੀਂ ਵਸ ਸਕਦੇ। ਗੁਰਵਾਕ ਹਨ:-

ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ॥ ਪੰ. ੪੬੬)

ਹਉਮੈ ਨਾਵੈ ਨਾਲਿ ਵਿਰੋਧ ਹੈ; ਦੁਇ ਨ ਵਸਹਿ, ਇਕ ਠਾਇ ॥ ਪੰ. ੫੬੦)

ਹਉਮੈ ਵਿਚਿ ਸੇਵਾ ਨ ਹੋਵਈ; ਤਾ, ਮਨੁ ਬਿਰਥਾ ਜਾਇ ॥ ਉਹੀ

ਹਉਮੈ ਕਰੀ, ਤਾ ਤੂ ਨਾਹੀ; ਤੂ ਹੋਵਹਿ, ਹਉ ਨਾਹੀ ॥

ਬੂਝਹੁ ਗਿਆਨੀ ਬੂਝਣਾ; ਏਹ ਅਕਥ ਕਥਾ ਮਨ ਮਾਹਿ ॥ (ਪੰ. ੧੦੯੩)

ਮੇਰੀ, ਮੈਂ, ਮੈਨੂੰ ਵਾਹਿਗੁਰੂ ਤੋਂ ਨਖੇੜ ਦੀ ਹੈ ਅਤੇ ਇੱਕ ਸਮੇਂ ਸਾਡੇ ਹਿਰਦੇ ਵਿੱਚ ਇੱਕ ਹੀ ਚੀਜ਼ ਵਸੇਗੀ; ਜਾਂ ਨਾਮ (ਤੂੰ) ਅਤੇ ਜਾਂ ਹੰਕਾਰ (ਮੈਂ)। ਲੋਕ ਕਥਾ ਹੈ ਸ਼ੇਰਨੀ ਦੇ ਦੁੱਧ ਨੂੰ ਜਮਾਉਣ ਲਈ ਸੋਨੇ ਦੇ ਪਿਆਲੇ ਦੀ ਲੋੜ ਹੈ। ਕੁੱਝ ਇਵੇਂ ਹੀ ਨਾਮ ਦੇ ਦੁੱਧ ਲਈ ਵੀ ਨਿਮ੍ਰਤਾ ਭਰਪੂਰ ਹਿਰਦੇ ਦੀ ਲੋੜ ਹੈ। ਹੰਕਾਰੀ ਹਿਰਦੇ ਵਿੱਚ ਮੈਂ ਹੈ, ਆਕੜ ਹੈ ਅਤੇ ਜਿੱਥੇ ਮੈਂ ਹੈ, ਓਥੇ ਤੂੰ ਨਹੀਂ ਵੱਸ ਸਕਦੀ। ਜੀਵਨ ਨਦੀ ਦੇ ਦੋ ਹੀ ਤਾਂ ਸ਼ੋਰ (ਕਿਨਾਰੇ) ਹਨ; ਇੱਕ ਤੂੰ ਦਾ ਤੇ ਇੱਕ ਮੈਂ ਦਾ। ਚੇਤੇ ਰਹੇ ਕਿ ਨਿਮ੍ਰਤਾ ਦਾ ਭਾਵ ਕਦਾਚਿਤ ਕਮਜ਼ੋਰੀ, ਬਲਹੀਣਤਾ ਜਾਂ ਕਾਇਰਤਾ ਤੋਂ ਨਹੀਂ। ਸਗੋਂ ਤਾਣ ਹੁੰਦੇ ਹੋਇ ਨਿਤਾਣਾ ਅਤੇ ਮਾਣ ਹੁੰਦੇ ਹੋਏ ਨਿਮਾਣਾ ਦੀ ਬਿਰਤੀ ਦੇ ਧਾਰਨੀ ਹੋਣਾ ਹੈ। ਸ਼ੇਖ ਫਰੀਦ ਜੀ ਦਾ ਕੀਮਤੀ ਕਥਨ ਹੈ:- ਮਤਿ ਹੋਦੀ, ਹੋਇ ਇਆਣਾ ॥ ਤਾਣ ਹੋਦੇ, ਹੋਇ ਨਿਤਾਣਾ ॥ ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ ॥ (ਪੰ. ੧੩੮੪)

ਪ੍ਰਭੂ-ਦਰੋਂ ਨਿਮਰਤਾ ਨਾਲ ਨਿਵਾਜੇ ਆਦਿ ਗੁਰੂ ਜੀ ਵਾਰ ਆਸਾ ਵਿੱਚ ਬਹੁਤ ਫੈਲਾਉ ਵਾਲੇ ਸਿੰਬਲ ਰੁੱਖ ਦੀ ਮਿਸਾਲ ਦੇ ਕੇ ਮਿੱਠਤ (ਹਲੀਮੀ ਤੇ ਨਿਮ੍ਰਤਾ) ਨੂੰ ਹੀ ਸਾਰਿਆਂ ਗੁਣਾਂ ਦਾ ਤੱਤ ਅਥਵਾ ਸਾਰ ਦਸਦੇ ਹਨ ਭਾਵ ਇਹ ਹੈ ਕਿ ਨਿਮ੍ਰਤਾ ਤੋਂ ਬਿਨਾ ਕੋਈ ਮਨੁੱਖੀ ਗੁਣ ਵੀ, ਗੁਣ ਨਹੀਂ ਰਹੇਗਾ, ਸਗੋਂ ਔਗੁਣ ਵਿੱਚ ਬਦਲ ਜਾਵੇਗਾ। ਆਪ ਜੀ ਦੇ ਅਰਸ਼ੀ ਫੁਰਮਾਣ ਹਨ:-‘‘ਸਿੰਮਲ ਰੁਖੁ ਸਰਾਇਰਾ, ਅਤਿ ਦੀਰਘ ਅਤਿ ਮੁਚੁ ॥ ਓਇ ਜਿ ਆਵਹਿ ਆਸ ਕਰਿ, ਜਾਹਿ ਨਿਰਾਸੇ ਕਿਤੁ ॥ ਫਲ ਫਿਕੇ, ਫੁਲ ਬਕਬਕੇ; ਕੰਮਿ ਨ ਆਵਹਿ ਪਤ ॥ ਮਿਠਤੁ ਨੀਵੀ ਨਾਨਕਾ! ਗੁਣ ਚੰਗਿਆਈਆ ਤਤੁ ॥’’ (ਪੰ. ੪੭੦) ਤਥਾ ‘‘ਧਰਿ ਤਾਰਾਜੂ ਤੋਲੀਐ, ਨਿਵੈ, ਸੁ ਗਉਰਾ ਹੋਇ ॥ (ਪੰ. ੪੭੦)

ਜਗਤ-ਬਾਬਾ ਜੀ, ਆਪਣੇ ਪੰਜਵੇ ਸਰੂਪ ਵਿੱਚ, ਫੇਰ ਉਪ੍ਰੋਕਤ ਸਚਾਈ ਨੂੰ ਇਉਂ ਦੁਹਰਾਉਂਦੇ ਤੇ ਦ੍ਰਿੜ੍ਹ ਕਰਾਉਂਦੇ ਹਨ:-‘‘ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥ ਇਸੁ ਆਗੈ, ਕੋ ਨ ਟਿਕੈ, ਵੇਕਾਰੀ ॥ ਗੁਰ ਪੂਰੇ, ਏਹ ਗਲ ਸਾਰੀ ॥’’ (ਪੰ. ੬੨੮) ਭਾਵ:- ਨਿਮ੍ਰਤਾ ਸਾਡਾ ਗੁਰਜ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਖਾਕ ਹੋਣਾ ਸਾਡਾ ਖੰਡਾ ਹੈ। ਇਹ ਹਥਿਆਰ ਏਨੇ ਪ੍ਰਬਲ ਹਨ ਕਿ ਇਹਨਾਂ ਅੱਗੇ ਕੋਈ ਵਿਸ਼ੇ ਵਿਕਾਰ ਗ੍ਰਸਤ ਇਨਸਾਨ ਨਹੀਂ ਟਿਕ ਸਕਦਾ। ਭੇਤ ਦੀ ਗੱਲ ਸਾਨੂੰ ਪੂਰਨ ਗੁਰੂ ਨੇ ਮੁੜ ਸਮਝਾਈ ਹੈ:-

‘‘ਸੈਨਾ ਸਾਧ ਸਮੂਹ, ਸੂਰ ਅਜਿਤੰ; ਸੰਨਾਹੰ ਤਨਿ ਨਿੰਮ੍ਰਤਾਹ ॥’’ (ਪੰ. ੧੩੫੬) ਭਾਵ:- ਸਭ ਸਾਧੂ ਸਮੂਹ, ਗੁਰਮੁਖ ਲੋਕ ਨ ਜਿਤੇ ਜਾਣ ਵਾਲੇ ਸੂਰਮਿਆਂ ਦੀ ਸੈਨਾ ਹੈ, ਕਿਉਂਕਿ, ਉਹਨਾਂ ਨੇ ਨਿਮ੍ਰਤਾ-ਰੂਪ ਸੰਜੋਅ (ਜ਼ਰਾ ਬਕਤਰ) ਆਪਣੇ ਸਰੀਰ ਉੱਤੇ ਪਾਈ ਹੋਈ ਹੈ। ਜਿਸ ਦੇ ਹੁੰਦਿਆਂ ਕੋਈ ਵਿਕਾਰ ਉਹਨਾਂ ਦੇ ਮਨ ਉੱਤੇ ਅਸਰ ਅੰਦਾਜ਼ ਨਹੀਂ ਹੋ ਸਕਦਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ, ਭਾਈ ਨੰਦ ਲਾਲ ਜੀ ‘ਗੋਇਆ’ ਸਿੱਖੀ ਦੀ ਇਸ ਸਚਾਈ ਨੂੰ ਆਪਣੇ ਅੰਦਾਜ਼ ਵਿੱਚ ਇਉਂ ਬਿਆਨ ਕਰਨ ਦਾ ਉਪਕਾਰ ਕਰਦੇ ਹਨ:-‘ਰਹ ਰਸਾਨਿ ਰਾਹਿ ਹੱਕ, ਆਮਦ ਅਦਬ। ਹਮ ਬ-ਦਿਲ ਯਾਦਿ ਖੁਦਾਓ, ਹਮ ਬ-ਲੱਬ।’ (ਦੀਵਾਨਿ ਗੋਇਆ) ਭਾਵ:- ਰੱਬ ਦੇ ਰਸਤੇ ਉੱਤੇ, ਰੱਬ ਤੱਕ ਪਹੁੰਚਾਣ ਲਈ ਅਦਬ ਸਤਿਕਾਰ, ਨਿਰਮਲ ਭਉ ਆਇਆ ਹੈ। ਪਰ, ਸ਼ਰਤ ਇਹ ਹੈ ਕਿ ਇਹ ਅਦਬ ਦਿਲ ਵਿੱਚ ਵੀ ਵਸੇ ਅਤੇ ਬੁੱਲਾਂ ਉੱਤੇ ਵੀ। ਸਿਧਾਂਤ ਇਹ ਹੈ ਕਿ ਜੇ ਅੰਦਰ ਹਿਰਦੇ ਵਿੱਚ ਵਸ ਜਾਵੇ ਤਾਂ ਬੁੱਲਾਂ ਤੇ ਬੋਲਾਂ ਵਿੱਚ ਸੁੱਤੇ ਸਿੱਧ ਹੀ ਆ ਵਸੇਗਾ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਕਪਟੀ ਕੇਵਲ ਗੱਲਾਂ ਰਾਹੀਂ ਨਿਮ੍ਰਤਾ ਵਿਖਾਵੇ ਪਰ, ਅੰਦਰੋਂ ਖੋਟਾ ਹੋਵੇ। ਸੋ, ਜਗਿਆਸੂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਹੋਰ ਬਿਆਨਿਆ ਹੈ:- ‘ਤਾਲਬਾਨੇ ਹੱਕ ਹਮੇਸ਼ਾ ਬਾ ਅਦਬ । ਬਾ-ਅਦਬ ਬਾਸ਼ੰਦ, ਦਾਇਮ ਬਾ-ਅਦਬ ।’ (ਜਿੰਦਗੀਨਾਮਾ) ਭਾਵ:- ਅਕਾਲ ਪੁਰਖ ਦੇ ਢੂੰਡਾਊ ਹਮੇਸ਼ਾਂ ਅਦਬ, ਸਤਿਕਾਰ, ਹਲੀਮੀ ਤੇ ਨਿਮ੍ਰਤਾ ਵਿੱਚ ਰਹਿੰਦੇ ਹਨ।

ਆਪ ਜੀ ਹੋਰ ਲਿਖਦੇ ਹਨ:- ‘ਮਾਅਨੀਯੇ ਨਾਮੀ ਗਰੀਬੀ ਆਮਦਹ। ਦਰਦੇ ਹਰ ਕਸ ਰਾ ਤਬੀਬੀ ਆਮਦਹ।’ (ਜਿੰਦਗੀਨਾਮਾ) ਭਾਵ:- ਨਰਮੀ (ਨਿਮਰਤਾ) ਦਾ ਭਾਵਾਰਥ ਹੈ ਗਰੀਬੀ (ਨਿਰ-ਅਭਿਮਾਨਤਾ), ਇਹ ਨਰਮੀ ਹਰ ਰੋਗ ਦਾ ਇਲਾਜ ਹੈ।

ਜਿਨ੍ਹਾਂ ਜਿਨ੍ਹਾਂ ਇਸ ਸ਼ਾਹ-ਰਗ ਜਿੰਨੇ ਜ਼ਰੂਰੀ ਵਿਸ਼ੇ ਨੂੰ ਘੋਖਾਂਗੇ, ਓਨੀਂ ਓਨੀਂ ਇਹ ਹਕੀਕਤ ਸਾਡੇ ਉੱਤੇ ਸੂਰਜ-ਵੱਤ ਰੋਸ਼ਨ ਹੁੰਦੀ ਜਾਵੇਗੀ ਕਿ ਗਰੀਬੀ (ਨਿਮ੍ਰਤਾ) ਸਾਰੇ ਮਨੁੱਖੀ ਗੁਣਾਂ ਦੀ ਖਾਣ ਤੇ ਸੁੱਖ, ਅਮਨ ਤੇ ਮਿਤ੍ਰਤਾ ਦੀ ਕੁੰਜੀ ਹੈ। ਫਿੱਕਾ ਤੇ ਕੌੜਾ ਬੋਲਣ ਵਾਲੇ ਵਿਅਕਤੀ ਦਾ ਨ ਕੋਈ ਮਿੱਤਰ ਹੁੰਦਾ ਹੈ ਅਤੇ ਨ ਹੀ ਕੋਈ ਹਮਦਰਦ ਸਾਥੀ ਜਾਂ ਅਧਿਕਾਰੀ। ਵਾਰ ਆਸਾ ’ਚ ਗੁਰੂ ਬਾਬੇ ਨੇ ਇਸ ਆਸ਼ੇ ਨੂੰ ਇਉਂ ਸਪਸ਼ਟ ਕੀਤਾ ਹੈ:- ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥’’ (ਪੰ. ੪੭੩) (‘ਪਾਣਾ ਲਹੈ ਸਜਾਇ’ਜੁਤੀਆਂ ਦੀ ਮਾਰ ਖਾਂਦਾ ਹੈ)

ਇਹੀ ਨਹੀਂ ਕਿ ਸਿੱਖ ਗੁਰੁ ਸਾਹਿਬਾਨ ਨੇ ਹੀ ਨਿਮ੍ਰਤਾ ਤੇ ਮਿੱਠਤ ਨੂੰ ਏਨਾ ਵੱਡਾ ਰੁਤਬਾ ਦਿੱਤਾ ਅਤੇ ਸਾਰੇ ਗੁਣਾਂ ਦੀ ਖਾਣ ਅਤੇ ਰੱਬੀ-ਮਿਲਾਪ ਦਾ ਸਾਧਨ ਦੱਸਿਆ ਹੈ; ਸਗੋਂ ਸੰਸਾਰ ਦੇ ਹੋਰ ਰਹਬਰਾਂ, ਅਧਿਆਤਮ-ਗਿਆਨੀਆਂ ਤੇ ਦਾਨਿਸ਼ਵਰਾਂ ਨੇ ਵੀ ਆਪਣੀ ਆਪਣੀ ਪਹੁੰਚ ਅਨੁਸਾਰ ਇਸ ਦੇ ਗੁਣ ਗਾਏ ਹਨ। ਵੰਨਗੀ ਵਜੋਂ, ਕੁਝ ਕੁ ਉਦਾਹਰਣਾਂ ਪੇਸ਼ਿ-ਖਿਦਮਤ ਹਨ:-

(1). ਹਉ ਤਿਸ ਘੋਲ ਘੁਮਾਇਆ, ਗੁਰਮਤਿ ਰਿਦੈ ਗਰੀਬੀ ਆਵੈ॥ (ਭਾ. ਗੁਰਦਾਸ ਜੀ ਵਾਰ ੧੨, ਪਉੜੀ ੪)

ਨਿਵ ਚਲੇ ਸੋ ਗੁਰੁ ਪਿਆਰਾ॥ (ਉਹੀ ਵਾਰ ੪, ਪਉੜੀ ੫)

ਨੀਵਾਂ ਜਿਣੈ, ਉਚੇਰਾ ਹਾਰੈ॥ (ਉਹੀ ਵਾਰ ੪, ਪਉੜੀ ੬)

(2). It was pride that changeth angels into devils; It is humility that makes men as angels.  (Augustine)

ਭਾਵ:- ਇਹ ਹੰਕਾਰ ਸੀ ਜਿਸ ਨੇ ਦੇਵਤਿਆਂ ਨੂੰ ਸ਼ੈਤਾਨਾਂ ਵਿੱਚ ਬਦਲ ਦਿਤਾ ਅਤੇ ਇਹ ਨਿਮ੍ਰਤਾ ਹੈ ਜੋ ਮਨੁੱਖਾਂ ਨੂੰ ਦੇਵਤੇ ਬਣਾ ਦਿੰਦੀ ਹੈ।

(3). Should you ask me, what is the first thing in religion ? I should reply, the first, the second and the third thing therein-nay all- is humility.    (Augustine)

ਭਾਵ:- ਜੇ ਤੁਸੀਂ ਮੈਨੂੰ ਪੁੱਛੋ ਕਿ ਮਜ਼ਹਬ ਵਿੱਚ ਪਹਿਲੀ ਵਸਤੂ ਕਿਹੜੀ ਹੈ? ਤਾਂ ਮੇਰਾ ਉੱਤਰ ਹੋਵੇਗਾ ਕਿ ਪਹਿਲੀ, ਦੂਜੀ ਤੇ ਤੀਜੀ ਹੀ ਨਹੀਂ ਬਲਕਿ ਸਭ ਕੁਝ ਹੀ ਨਿਮਰਤਾ ਹੀ ਹੈ।

(4). Humility is the solid foundation of all Virtues.

ਭਾਵ:- ਹਲੀਮੀ ਹੀ ਸਾਰਿਆਂ ਗੁਣਾਂ ਦੀ ਪੱਕੀ ਨੀਂਹ ਹੈ।

(5). I believe the first test of a truly great man is humility.  (Rustin)

ਭਾਵ:- ਮੈਂ ਸਮਝਦਾ ਹਾਂ ਕਿ ਸੱਚੀ ਮੁੱਚੀ ਵੱਡੇ ਮਨੁੱਖ ਦੀ ਨਿਸ਼ਾਨੀ ਹੈ-ਨਿਮਰਤਾ।

(6). Heaven’s gates are not so highly arched as prince’s palaces; they that enter, go upon their knees.     (J. Webstor)

ਭਾਵ:- ਸੁਰਗ ਦੇ ਦਰਵਾਜ਼ੇ, ਸ਼ਹਿਜ਼ਾਦਿਆਂ ਦੇ ਮਹਿਲਾਂ ਦੇ ਦਰਵਾਜ਼ਿਆ ਵਾਂਗ ਉੱਚੀਆਂ ਉੱਚੀਆਂ ਮਹਿਰਾਬਾਂ ਵਾਲੇ ਨਹੀਂ, ਓਥੇ ਜਾਣ ਵਾਲਿਆਂ ਨੂੰ ਗੋਡਿਆਂ ਭਾਰ ਹੋ ਕੇ ਜਾਣਾ ਪੈਂਦਾ ਹੈ।

(7). Nothing sets a person so much out of devil’s reach, as humility.  (Jonathan Edward)

ਭਾਵ:- ਹਲੀਮੀ ਜੇਹੀ ਹੋਰ ਕੋਈ ਐਸੀ ਵਸਤੂ ਨਹੀਂ ; ਜੋ ਆਦਮੀ ਨੂੰ ਸ਼ੈਤਾਨ ਦੀ ਪਹੁੰਚ ਤੋਂ ਦੂਰ ਰਖਦੀ ਹੋਵੇ।

ਮੇਰਾ ਸਨਿਮਰ ਹੋਕਾ ਹੈ ਕਿ ਰਾਸ਼ਟਰੀ-ਅੰਤਰ ਰਾਸ਼ਟਰੀ ਅਥਵਾ ਧੜਿਆਂ ਜਥੇਬੰਦੀਆਂ, ਵਿਅਕਤੀਆਂ ਜਾਂ ਮੱਤਾਂ ਮਤਾਤਰਾਂ ਦੇ, ਜੋ ਮਸਲੇ ਅਜੇ ਤੱਕ ਹੱਲ ਨਹੀਂ ਹੋ ਸਕੇ ਉਹ ਜਗਤ ਗੁਰੂ ਬਾਬਾ ਨਾਨਕ ਦੇ ‘ਨਉ ਨਿਧਿ ਨਾਮ ਤੇ ਗਰੀਬੀ’ ਮਜ਼ਰੱਬ (ਆਜ਼ਮੂਦਾ ਨੁਸਖੇ) ਨਾਲ ਹੱਲ ਹੋ ਸਕਦੇ ਹਨ। ਲੋੜ ਕੇਵਲ ਇਸ ਨੂੰ ਮਨ-ਬਚਨ ਕਰਕੇ ਅਜ਼ਮਾਉਣ ਦੀ ਹੈ।

ਸ਼ੋਭਨੀਕ ਹੋਵੇ ਜੇਕਰ ਇਹ ਤਜ਼ਰਬਾ ਪਹਿਲਾਂ ਬਾਬੇ ਦਾ ‘ਨਿਰਮਲ ਪੰਥ’, ਜੋ ਹੁਣ ਦਿਨੋਂ ਦਿਨ ਫੁੱਟ, ਭਰਿਸ਼ਟਾਚਾਰ, ਸਵਾਰਥ ਤੇ ਭਰਾ ਮਾਰੂ ਨੀਤੀ ਨਾਲ ‘ਗਰਦ-ਆਲੂਦਾ’ ਹੁੰਦਾ ਜਾ ਰਿਹਾ ਹੈ, ਤੋਂ ਹੀ ਆਰੰਭ ਕੀਤਾ ਜਾਵੇ। ਪੰਜਵੇਂ ਗੁਰਦੇਵ ਦਾ ਆਦੇਸ਼ ਵੀ ਹੈ:-‘‘ਪ੍ਰਥਮੈ ਮਨੁ ਪਰਬੋਧੈ ਅਪਨਾ, ਪਾਛੈ ਅਵਰ ਰੀਝਾਵੈ॥’’ (ਪੰ. ੩੮੧)

ਸ਼ੱਕ

0

ਸ਼ੱਕ

ਜਿਹੜਾ ਬੰਦਾ ਨਹੀਂ ਸਮੇਂ ਦੇ ਨਾਲ ਚੱਲਦਾ, ਮਾਣ ਸਕਦਾ ਨਹੀਂ ਤਰੱਕੀਆਂ ਨੂੰ।                                   

ਗੱਲ ਗੱਲ ’ਤੇ ਕਰੀ ਐਵੇਂ ਸ਼ੱਕ ਜਾਣਾ, ਆਦਤ ਹੁੰਦੀ ਸੁਭਾਅ ਦੇ ਸ਼ੱਕੀਆਂ ਨੂੰ।                                     

ਉਨ੍ਹਾਂ ਚਿਰ ਨਾ ਪੀਣ੍ਹ ਬਰੀਕ ਆਟਾ, ਰਾਇਆ ਜਾਂਦਾ ਨਾ ਜਦੋਂ ਤੱਕ ਚੱਕੀਆਂ ਨੂੰ।                                        

ਬੁੱਝਣ ਵਾਲੇ ਤਾਂ ਲੈਂਦੇ ਬੁੱਝ ‘ਚੋਹਲਾ’, ਅਕਸਰ ਰਿੰਨ੍ਹਦਾ ਭਾਵੇਂ ਤੂੰ ਢੱਕੀਆਂ ਨੂੰ।                                          

——0—–                                                                

 –ਰਮੇਸ਼ ਬੱਗਾ ਚੋਹਲਾ   #1348\17\1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ [ਲੁਧਿ:] ਮੋ: 9463132719

ਨਿਸ਼ਾਨਚੀ

0

ਕਾਵਿ-ਰੰਗ       

ਨਿਸ਼ਾਨਚੀ

ਬਹਾਨੇਬਾਜੀ ਦੇ ਹੁੰਦੇ ਨੇ ਮਾਹਿਰ ਜਿਹੜੇ, ਟਾਲ ਦਿੰਦੇ ਨੇ ਨਾਲ ਬਹਾਨਿਆਂ ਦੇ।               

                ਰੰਗ ਖੂਨ ਦਾ ਹੋਈ ਸਫ਼ੈਦ ਜਾਂਦਾ, ਮਿਲਦੇ ਆਪਣੇ ਹੁਣ ਵਾਂਗ ਬਿਗਾਨਿਆਂ ਦੇ।                                      

  ਦਿੰਦੇ ਕਦੇ ਨਾ ਜਾਣ ਸ਼ਿਕਾਰ ਸੁੱਕਾ, ਪੱਕੇ ਨਿਸ਼ਾਨਚੀ ਜੋ ਹੋਣ ਨਿਸ਼ਾਨਿਆਂ ਦੇ।                       

ਵੱਡੇ ਡੈਡੀਆਂ ਵਿਚ ਤਬਦੀਲ ਹੋਏ, ‘ਚੋਹਲਾ’ ਰਿਸ਼ਤੇ ਦਾਦਿਆਂ-ਨਾਨਿਆਂ ਦੇ।   

                                                                         

–ਰਮੇਸ਼ ਬੱਗਾ ਚੋਹਲਾ    #1348\17\1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ [ਲੁਧਿ:] ਮੋ: 9463132719

ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ’ਤੇਸੈਮੀਨਾਰ

0

ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ’ਤੇਸੈਮੀਨਾਰ

ਜਾਰੀ ਕਰਤਾ: ਐਡਵੋਕੇਟ ਜਸਪਾਲ ਸਿੰਘ (ਮੰਝਪੁਰ) 98554-01843

‘ਸਰਬੱਤ ਦੇ ਭਲੇ’ ਦੇ ਉਦੇਸ਼ ਲਈ ਬਣੇ ਵਿਚਾਰ ਮੰਚ ‘ਸੰਵਾਦ’ ਵਲੋਂ ਪੰਜਾਬੀ ਭਵਨ (ਲੁਧਿਆਣਾ) ਵਿਚ ਬੀਤੇ ਐਤਵਾਰ ਪਿਛਲੇ ਮਹੀਨੇ (ਜੁਲਾਈ) ’ਚ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ ਕੋਨਿਆਂ ਤੋਂ ਵਿਦਵਾਨ ਸੱਜਣ ਅਤੇ ਭਾਸ਼ਾ-ਵਿਗਿਆਨੀ ਸ਼ਾਮਲ ਹੋਏ। ਇਸ ਸੈਮੀਨਾਰ ਦੇ ਪਹਿਲੇ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਲੜੀਵਾਰ ਕੌਮਾਂਤਰੀ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਅਤੇ ਪ੍ਰੋ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਇਸ ਸੈਮੀਨਾਰ ਵਿਚ ਤਾਮਿਲਨਾਡੂ ਤੋਂ ਕੰਪੇਅਨ ਫਾਰ ਲੈਂਗੂਏਜ ਇਕੁਐਲਿਟੀ ਐਂਡ ਰਾਈਟਸ, ਚੇਨਈ ਦੇ ਕਨਵੀਨਰ ਸ੍ਰੀ ਸੈਂਥਲ ਨਾਥਨ; ਮਹਾਂਰਾਸ਼ਟਰ ਤੋਂ ਮੁੰਬਈ ਯੂਨੀਵਰਸਿਟੀ ਡਾ. ਦੀਪਕ ਪਵਾਰ, ਰਾਜਨੀਤੀ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਵਿਭਾਗ, ਬੰਗਾਲ ਤੋਂ ਡਾ. ਗਰਗਾ ਚੈਟਰਜੀ (ਪੀ-ਐਚ.ਡੀ. ਹਾਰਵਰਡ), ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ, ਕਲਕੱਤਾ, ਉੜੀਸਾ ਤੋਂ ਕੋਸਾਲੀ ਪੱਤਿ੍ਰਕਾ ‘ਬੇਨੀ’ ਦੇ ਸੰਪਾਦਕ ਅਤੇ ਕੋਸਾਲੀ ਦੇ ਸਾਹਿਤਕਾਰ ਸ੍ਰੀ ਸਕੇਤ ਸਾਹੂ ਵਿਸ਼ੇਸ਼ ਤੌਰ ’ਤੇ ਹੋਰ ਬੋਲੀਆਂ ਦੇ ਵਿਸ਼ੇਸ਼ ਮਾਹਿਰਾਂ ਵਜੋਂ ਸ਼ਾਮਲ ਹੋਏ। ਪੰਜਾਬੀ ਬੋਲੀ ਦੇ ਡਾ. ਸੇਵਕ ਸਿੰਘ, ਇਟਰਨਲ ਯੂਨੀਵਰਸਿਟੀ, ਬੜੂ; ਡਾ. ਕੰਵਲਜੀਤ ਸਿੰਘ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਅਤੇ ਡਾ. ਸਿਕੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਨੇ ਪਰਚੇ ਪੇਸ਼ ਕੀਤੇ।

ਸੈਮੀਨਾਰ ਦਾ ਆਰੰਭ ਭਾਈ ਮਨਧੀਰ ਸਿੰਘ ਦੁਆਰਾ ਕੁੰਜੀਵਤ ਭਾਸ਼ਣ ਦੇ ਦੇ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਬੋਲੀ ਅਤੇ ਰਾਸ਼ਟਰਵਾਦ ਦੇ ਸਿਧਾਂਤਕ ਸਬੰਧਾਂਬਾਰੇ ਹਿੰਦੁਸਤਾਨ ਦੀਆਂ ਬੋਲੀਆਂ ਦੇ ਵਿਸ਼ੇਸ਼ ਹਵਾਲੇ ਨਾਲ ਗੱਲ ਕੀਤੀ। ਪਹਿਲੇ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸੁਰਜੀਤ ਪਾਤਰ ਨੇ ਹਿੰਦੁਸਤਾਨ ਵਿਚ ਬੋਲੀਆਂ ਨਾਲ ਹੁੰਦੇ ਧੱਕੇ ਦਾ ਫਿਕਰ ਜਾਹਰ ਕੀਤਾ ਕਿ ਕਿਸ ਤਰ੍ਹਾਂ ਭਾਰਤੀ ਰਾਸ਼ਟਰਵਾਦ ਦੀ ਧਾਰਾ ਹੇਠ ਬੋਲੀਆਂ ਨੂੰ ਕਮਜੋਰ ਕੀਤਾ ਜਾ ਰਿਹਾ ਹੈ ਅਤੇ ਹਕੂਮਤ ਦੀ ਬੋਲੀ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇਸ ਸੈਸ਼ਨ ਵਿਚ ਪਹਿਲਾ ਪਰਚਾ ਡਾ. ਦੀਪਕ ਪਵਾਰ ਨੇ ‘ਮਰਾਠੀ ਚੇਤਨਾ-ਮਹਾਂਰਾਸ਼ਟਰੀ ਪਛਾਣ ਅਤੇ ਭਾਸ਼ਾਈ ਅਤੇ ਬਹੁਭਾਸ਼ਾਈ ਰਾਸ਼ਟਰਵਾਦ ਦੀ ਸਹਿਹੋਂਦ ਦੀਆਂ ਵੰਗਾਰਾਂ’ ਵਿਸ਼ੇ ਉੱਪਰ ਪੇਸ਼ ਕਰਦਿਆਂ ਖੇਤਰੀ ਰਾਜਨੀਤੀ ਦੇ ਆਪਣੀਆਂ ਬੋਲੀਆਂ ਪ੍ਰਤੀ ਖੋਖਲੇ ਦਾਅਵਿਆਂ ਦੇ ਵਿਹਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਵਿਚ ਸ਼ਿਵ ਸੈਨਾ, ਤਾਮਿਲਨਾਡੂ ਵਿਚ ਡੀ. ਐਮ. ਕੇ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਆਦਿ ਸਾਰੀਆਂ ਪਾਰਟੀਆਂ ਆਪਣੇ ਲੋਕਾਂ ਦੇ ਹੱਕਾਂ ਨੂੰ ਤਿਆਗ ਕੇ ਕੇਂਦਰ ਮੁਤਾਬਕ ਚੱਲ ਰਹੀਆਂ ਹਨ। ਉਨ੍ਹਾਂ ਨੇ ਭਾਰਤ ਇਕ ਰਾਸ਼ਟਰ ਕਹਿਣ ’ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਭਾਰਤ ਵਿਚ ਬੋਲੀਆਂ ਅਤੇ ਉਨ੍ਹਾਂ ਦੇ ਲੋਕਾਂ ਨੂੰ ਸੰਘੀ ਹੱਕਾਂ ਤੋਂ ਵਿਰਵੇ ਰੱਖਿਆ ਗਿਆ ਹੈ। ਡਾ. ਪਵਾਰ ਦੀ ਵਿਸ਼ੇਸੱਗਤਾ ਬੋਲੀ ਅਤੇ ਰਾਜਨੀਤੀ ਬਾਰੇ ਹੈ। ਡਾ. ਗਰਗਾ ਚੈਟਰਜੀ ਨੇ ‘ਬੰਗਾਲ ਵਿਚ ਭਾਸ਼ਾਈ ਸਵਾਲ: ਭੂਤ ਅਤੇ ਵਰਤਮਾਨ ਵਿਸ਼ੇ ਉੱਪਰ ਪਰਚਾ ਪੇਸ਼ ਕੀਤਾ। ਡਾ. ਗਰਗਾ ਨੇ ਕਿਹਾ ਕਿ ਬੰਗਲਾ ਬੋਲੀ ਨਾਲ ਵੱਡੇ ਪੱਧਰ ’ਤੇ ਹਿੰਸਾ ਹੋਈ, ਕੌਮਾਂਤਰੀ ਮਾਂ-ਬੋਲੀ ਦਿਹਾੜਾ ਬੰਗਲਾ ਦੇ ਹੱਕ ਵਿਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿਚ ਹੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਬੰਗਲਾ ਵੀ ਪੰਜਾਬੀ ਵਾਂਗ ਵੰਡੀ ਗਈ ਸੀ, ਉਨ੍ਹਾਂ ਕਿਹਾ ਕਿ ਇਸ ਵੰਡ ਦਾ ਮੁੱਖ ਕਾਰਨ ਇਹ ਸੀ ਕਿ ਬੰਗਾਲ ਵਿਚ ਮੁਸਲਾਮਾਨਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਰਹੇ ਸਨ, ਇਸ ਲਈ ਉਨ੍ਹਾਂ ਨੇ ਪਾਕਿਸਤਾਨ ਨਾਲ ਰਹਿਣ ਦਾ ਫੈਸਲਾ ਕਰ ਲਿਆ ਸੀ। ਇਸ ਸੈਸ਼ਨ ਦਾ ਤੀਸਰਾ ਪਰਚਾ ਸ੍ਰੀ ਸਾਕੇਤ ਸਾਹੂ ਨੇ ‘ਕੋਸਾਲੀ ਬੋਲੀ ਅਤੇ ਇਸ ਸੂਬਾਈ ਅਤੇ ਕੇਂਦਰੀ ਰਾਜਨੀਤੀ ਨਾਲ ਸਬੰਧ’ ਵਿਸ਼ੇ ਉੱਪਰ ਪੇਸ਼ ਕੀਤਾ। ਉਨਾਂ ਨੇ ਕਿਹਾ ਕਿ ਉੜੀਸਾ ਵਿਚ 4.2 ਕਰੋੜ ਲੋਕ ਰਹਿੰਦੇ ਹਨ ਜਿਨ੍ਹਾਂ ਵਿਚੋਂ 2 ਕਰੋੜ ਕੋਸਾਲੀ ਬੁਲਾਰੇ ਹਨ ਪਰ ਤਾਂ ਵੀ ਭਾਰਤੀ ਹਕੂਮਤ ਉਨ੍ਹਾਂ ਦੋ ਕਰੋੜ ਲੋਕਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦੇ ਰਹੀ। ਉੁਨ੍ਹਾਂ ਨੇ ਕੋਸਾਲੀ ਲਈ ਚੱਲ ਰਹੀ ਜੱਦੋਜਹਿਦ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਸੈਸ਼ਨ ਦਾ ਅਖੀਰਲਾ ਪਰਚਾ ਡਾ. ਸਿਕੰਦਰ ਸਿੰਘ ਦਾ ‘ਹਿੰਦੀ ਦਾ ਉਭਾਰ ਅਤੇ ਇਸ ਦੇ ਹੋਰ ਬੋਲੀਆਂ ਉੱਪਰ ਅਸਰ’ ਵਿਸ਼ੇ ਬਾਰੇ ਸੀ। ਉਨ੍ਹਾਂ ਨੇ ਕਿਹਾ ਕਿ ਹਿੰਦੀ ਨੂੰ ਬੰਗਾਲ ਵਿਚ ਅੰਗਰੇਜ ਹਕੂਮਤ ਦੀ ਮਦਦ ਨਾਲ ਭਾਰਤੀ ਰਾਸ਼ਟਰਵਾਦ ਦੀ ਉਸਾਰੀ ਲਈ ਸ਼ਿੰਗਾਰਿਆ ਗਿਆ ਜਿਸ ਕਰਕੇ ਹਰੇਕ ਇਲਾਕੇ ਦੇ ਰਾਸ਼ਟਰਵਾਦੀ ਅਤੇ ਕੱਟੜ ਹਿੰਦੂ ਆਪਣੀਆਂ ਬੋਲੀਆਂ ਦੇ ਹੱਕਾਂ ਨੂੰ ਛਿੱਕੇ ਟੰਗ ਕੇ ਹਿੰਦੀ ਨਾਲ ਆ ਗਏ ਸਨ। ਉਨਾਂ ਨੇ ਕਿਹਾ ਕਿ ਭਾਰਤੀ ਰਾਸ਼ਟਰਵਾਦ ਦੇ ਪਰਛਾਵੇਂ ਹੇਠ ਗੈਰ-ਹਿੰਦੀ ਬੋਲੀਆਂ ਨੂੰ ਇਕ ਤਰੀਕੇ ਕੈਦ ਕੀਤਾ ਜਾ ਰਿਹਾ ਹੈ।

ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ਤਮਿਲ ਬੁਲਾਰੇ ਸ੍ਰੀ ਸ਼ੈਥਲ ਨਾਥਨ ਨੇ ‘ਬਹੁ ਰਾਸ਼ਟਰੀ ਅਤੇ ਸਹਿਣਸ਼ੀਲ ਸੰਘੀ ਭਾਰਤ ਲਈ ਬੋਲੀ ਇਕ ਮਨੁੱਖੀ ਪੂੰਜੀ’ ਵਿਸ਼ੇ ’ਤੇਪਰਚਾ ਪੇਸ਼ ਕੀਤਾ। ਸ੍ਰੀ ਸੈਂਥਲ ਨਾਥਨ ਨੇ ਕਿਹਾ ਕਿ ਭਾਰਤੀ ਰਾਸ਼ਟਰਵਾਦ ਸੰਵਿਧਾਨ ਤੋਂ ਬੇਸ਼ਕ ਸੰਘੀ ਹੈ ਪਰ ਇਹ ਅਮਲੀ ਰੂਪ ਵਿਚ ਬਾਕੀ ਪਛਾਣਾਂ ਨੂੰ ਖਤਮ ਕਰਕੇ ਇਕਰੂਪੀ ਪੱਛਮੀ ਸਭਿਆਚਾਰਾਂ ਵਰਗਾ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਇਸ ਲਈ ਉਪ-ਮਹਾਂਦੀਪ ਦੇ ਸਮੂਹ ਸਭਿਆਚਾਰਾਂ ਨੂੰ ਇਕ ਅਖਾੜੇ ਵਿਚ ਇਕੱਠੇ ਹੋ ਕੇ ਭਾਰਤੀ ਰਾਸ਼ਟਰਵਾਦ ਖਿਲਾਫ ਲੜਨਾ ਚਾਹੀਦਾ ਹੈ। ਡਾ. ਕੰਵਲਜੀਤ ਸਿੰਘ ਨੇ ‘ਭਾਸ਼ਾ ਤੇ ਦਰਸ਼ਨ ਅਤੇ ਪੰਜਾਬੀ ਆਲੋਚਨਾ ਦੀਭਾਸ਼ਾ’ ਵਿਸ਼ੇ ਉੱਪਰ ਪਰਚਾ ਪੇਸ਼ ਕਰਦਿਆਂ ਸਥਾਪਤ ਕੀਤਾ ਕਿ ਪੰਜਾਬ ਦੀ ਮਾਰਕਸਵਾਦੀ ਧਾਰਾ ਹੇਠ ਪੈਦਾ ਹੋਈ ਆਲੋਚਨਾ ਨੇ ਪੰਜਾਬੀ ਆਲੋਚਨਾ ਦੀ ਸ਼ਬਦਾਵਲੀ ਨੂੰ ਇੱਥੋਂ ਦੇ ਮੂਲ ਨਾਲੋਂ ਪਰੇ ਕਰ ਦਿੱਤਾ ਅਤੇ ਇਸ ਆਲੋਚਨਾ ਧਾਰਾ ਨੇ ਪੰਜਾਬੀ ਵਿਚ ਹਿੰਦੀ-ਸੰਸਕਿ੍ਰਤ ਸ਼ਬਦਾਵਲੀ ਦੀ ਭਰਮਾਰ ਕਰ ਕੇ ਪੰਜਾਬੀਨੂੰ ਆਪਣੇ ਬੁਲਾਰਿਆਂ ਦੇ ਸਮਝਣੋਂ ਅਸਮਰੱਥ ਕਰ ਦਿੱਤਾ। ਡਾ. ਸੇਵਕ ਸਿੰਘ ਨੇ ਆਪਣੇ ਪਰਚੇ ਵਿਚ ਕਿਹਾ ਕਿ ਜਿਸ ਭਾਰਤ ਨੂੰ ਇਕ ਦੇਸ ਮੰਨ ਕੇ ਇਕ ਬੋਲੀ ਹਿੰਦੀ ਬਣਾਉਣ ਦਾ ਤਰਕ ਦਿੱਤਾ ਜਾ ਰਿਹਾ ਹੈ ਉਸ ਵਿਚ ਚਾਰ ਤਾਂ ਸਭਿਆਤਾਵਾਂ ਹਨ, ਹਰੇਕ ਸਭਿਅਤਾ ਵਿਚ ਕਈ ਕਈ ਸਭਿਆਚਾਰ ਹਨ ਅਤੇ ਇਕ ਸਭਿਆਚਾਰ ਵਿਚ ਕਈ ਬੋਲੀਆਂ ਹੋ ਸਕਦੀ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਭਾਸ਼ਾ ਦਾ ਖਿਆਲ ਇੱਥੇ ਅਨੇਕਾਂ ਬੋਲੀਆਂ ਦੀ ਨਸਲਕੁਸ਼ੀ ਤੋਂ ਬਿਨਾਂ ਨਹੀਂ ਆ ਸਕਦਾ। ਅਖੀਰ ਵਿਚ ਡਾ. ਜੋਗਾ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਜੇ ਲੋਕਾਂ ਉਪਰ ਭਾਸ਼ਾਈ ਧੱਕੇਸ਼ਾਹੀ ਨਾ ਰੋਕੀ ਗਈ ਤਾਂ ਹਿੰਦੁਸਤਾਨ ਦੇ ਟੋਟੇ ਹੋ ਜਾਣਗੇ। ਉਨ੍ਹਾਂ ਕਸ਼ਮੀਰ, ਪੂਰਬੀ ਖਿੱਤੇ ਦੀਆਂ ਸੱਤ ਭੈਣਾਂ, ਨਾਗਾਲੈਂਡ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਬਹੁਤ ਕਮਜੋਰ ਹੋ ਚੁੱਕਿਆ ਹੈ, ਆਰਥਿਕ ਤੌਰ ’ਤੇ ਇਹ ਆਪਣੇ ਬਲਬੂਤੇ ’ਤੇ ਇਕ ਸਾਲ ਵੀ ਨਹੀਂ ਕੱਢ ਸਕਦਾ। ਇਸ ਲਈ ਬੋਲੀਆਂ ਦਾ ਮਸਲਾ ਹੱਲ ਕਰਨਾ ਅੱਜ ਬਹੁਤ ਜਰੂਰੀ ਹੈ ਉਨ੍ਹਾਂ ਇਹ ਵੀ ਕਿਹਾ ਕਿਹੁਣ ਲੋਕ ਜਾਗ ਪਏ ਹਨ, ਹਿੰਦੁਸਤਾਨ ਦੀ ਹਕੂਮਤ ਨੂੰ ਇਹ ਖਿਆਲ ਕਰਨਾ ਚਾਹੀਦਾ ਹੈ। ਇਸ ਸੈਮੀਨਾਰ ਦੇ ਅਖੀਰ ਵਿਚ ਪ੍ਰਬੰਧਕ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਬਾਹਰੋਂ ਆਏ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਵਾਦ ਵਲੋਂ ਇਸੇ ਤਰ੍ਹਾਂ ਹੀ ਲਗਾਤਾਰ ਸੈਮੀਨਾਰ ਅਤੇ ਵਿਚਾਰ ਚਰਚਾ ਲਈ ਮੰਚ ਬਣਾਏ ਜਾਇਆ ਕਰਨਗੇ ਤਾਂ ਜੋ ਅਸੀਂ ਪੰਜਾਬ ਅਤੇ ਹੋਰਾਂ ਨੂੰ ਠੀਕ ਸੇਧ ਦੇ ਸਕੀਏ।

ਹੱਕ ਦੀ ਕਮਾਈ

0

ਹੱਕ ਦੀ ਕਮਾਈ

ਡਾ. ਪੁਸ਼ਪਿੰਦਰ ਸਿੰਘ

ਗੁਰੂ ਦਾ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ। ਉਹ ਕਿਸੇ ’ਤੇ ਜ਼ੁਲਮ ਨਹੀਂ ਕਰਦਾ। ਕਿਸੇ ਦਾ ਹੱਕ ਨਹੀਂ ਮਾਰਦਾ । ਸਿੱਖ, ਧਰਮ ਦੀ ਕਿਰਤ ਕਰਦਾ ਹੈ।ਆਪਣੀ ਹੱਕ ਦੀ ਕਮਾਈ ਵਿੱਚੋਂ ਦੂਜਿਆਂ ਦੀ ਮਦਦ ਵੀ ਕਰਦਾ ਹੈ। ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮ ਹਿੱਤ ਦਿੰਦਾ ਹੈ । ਇਸ ਦਸਵੇਂ ਹਿੱਸੇ ਨੂੰਦਸਵੰਧ ਕਹਿੰਦੇ ਹਨ। ਮਿਹਨਤ ਕਰਕੇ ਕਮਾਈ ਕਰਨ ਵਾਲੇ ਨੂੰ ਗੁਰੂ ਜੀ ਪਿਆਰ ਕਰਦੇ ਹਨ।

ਐਮਨਾਬਾਦ ਵਿਖੇ ਐਸਾ ਹੀ ਇੱਕ ਸਿੱਖ ਭਾਈ ਲਾਲੋ ਸੀ, ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ। ਭਾਵੇਂ ਆਪ ਤਾਂ ਉਹ ਬਹੁਤ ਗ਼ਰੀਬ ਸੀ, ਪਰ ਫਿਰ ਵੀਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖੁਆਉਂਦਾ ਸੀ । ਲੋਕ ਉਸ ਨੂੰ ਨੀਵੀਂ ਜ਼ਾਤ ਵਾਲਾ ਆਖਦੇ ਸਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਉਸ ਨਾਲ ਪਿਆਰ ਕਰਦੇ ਸਨ।ਆਪ ਜੀ ਭਾਈ ਲਾਲੋ ਦੇ ਘਰ ਜਾ ਕੇ ਰਹਿੰਦੇ ਸਨ । ਕੁਝ ਹੰਕਾਰੀ ਬ੍ਰਾਹਮਣ, ਖੱਤਰੀ ਅਤੇ ਆਪਣੇ ਆਪ ਨੂੰ ਉਚ ਜ਼ਾਤੀਏ ਅਖਵਾਉਣ ਵਾਲੇ ਇਸ ਗੱਲ ਤੋਂ ਸੜਦੇਸਨ । ਉਹ ਗੁਰੂ ਸਾਹਿਬ ਜੀ ਵਿਰੁੱਧ ਪ੍ਰਚਾਰ ਕਰਦੇ ਰਹਿੰਦੇ ਸਨ । ਐਮਨਾਬਾਦ ਦੇ ਹਾਕਮ ਦਾ ਇੱਕ ਅਹਿਲਕਾਰ (ਕਰਮਚਾਰੀ) ਮਲਕ ਭਾਗੋ ਸੀ । ਮਲਕ ਭਾਗੋਬੜਾ ਰਿਸ਼ਵਤ ਖੋਰ ਅਤੇ ਘਮੰਡੀ ਸੀ । ਉਹ ਆਪਣੇ ਆਪ ਨੂੰ ਉਚੀ ਕੁਲ ਦਾ ਸਮਝਦਾ ਸੀ । ਗ਼ਰੀਬ ਲੋਕ ਮਲਕ ਭਾਗੋ ਕੋਲੋਂ ਬਹੁਤ ਦੁਖੀ ਸਨ ।

ਉਹ ਹਰ ਸਾਲ ਬ੍ਰਾਹਮਣਾਂ, ਸਾਧੂਆਂ ਅਤੇ ਗ਼ਰੀਬਾਂ ਆਦਿ ਨੂੰ ਭੋਜਨ ਕਰਵਾ ਕੇ ਧਰਮੀ ਅਖਵਾਉਂਦਾ ਸੀ । ਇਸ ਸਾਲ ਵੀ ਉਸ ਨੇ ਬੜੇ ਸੋਹਣੇ–ਸੋਹਣੇ ਖਾਣੇਤਿਆਰ ਕਰਵਾਏ ਸਨ । ਸੰਤਾਂ–ਸਾਧਾਂ ਆਦਿ ਨੂੰ ਵੀ ਉਸ ਨੇ ਬੁਲਾਇਆ ਅਤੇ ਉਹਨਾਂ ਨੇ ਵੀ ਭੋਜਨ ਖਾ ਕੇ ਉਸ ਨੂੰ ਧਰਮੀ ਅਤੇ ਨੇਕ ਮਨੁੱਖ ਕਿਹਾ । ਗੁਰੂ ਨਾਨਕਸਾਹਿਬ ਜੀ ਉਸ ਸਮੇਂ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ । ਮਲਕ ਭਾਗੋ ਨੇ ਗੁਰੂ ਸਾਹਿਬ ਜੀ ਨੂੰ ਵੀ ਸੱਦਾ ਭੇਜਿਆ, ਪਰ ਗੁਰੂ ਜੀ ਨਾ ਆਏ । ਮਲਕ ਭਾਗੋਨੇ ਇਸ ਨੂੰ ਆਪਣੀ ਹੇਠੀ (ਬੇਇੱਜ਼ਤੀ) ਸਮਝਿਆ, ਘਮੰਡੀ ਬ੍ਰਾਹਮਣਾਂ ਤੇ ਖੱਤਰੀਆਂ ਨੇ ਉਸ ਨੂੰ ਹੋਰ ਭੜਕਾਇਆ । ਗੁੱਸੇ ਵਿੱਚ ਮਲਕ ਭਾਗੋ ਨੇ ਆਪਣਾ ਆਦਮੀਦੁਬਾਰਾ ਫਿਰ ਗੁਰੂ ਜੀ ਵੱਲ ਭੇਜਿਆ । ਇਸ ਵਾਰ ਗੁਰੂ ਜੀ ਆ ਗਏ, ਪਰ ਆਪ ਜੀ ਨੇ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ । ਇਸ ਤੇ ਮਲਕ ਭਾਗੋ ਪੁੱਛਣਲੱਗਾ:

‘ਤੁਸੀਂ ਖੱਤਰੀ ਹੋ ਕੇ ਨੀਵੀਂ ਜ਼ਾਤ ਵਾਲੇ ਦੇ ਘਰੋਂ ਕਿਉਂ ਖਾਣਾ ਖਾਂਦੇ ਹੋ ? ਸ਼ੂਦਰਾਂ ਕੋਲ ਜਾਣ ਨਾਲ ਤਾਂ ਸਾਡਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ ।’

ਗੁਰੂ ਨਾਨਕ ਸਾਹਿਬ ਜੀ: ਭਾਈ ਲਾਲੋ ਤਾਂ ਮੇਰਾ ਪਿਆਰਾ ਸਿੱਖ ਹੈ। ਅਸੀਂ ਜ਼ਾਤ–ਪਾਤ ਅਤੇ ਊਚ–ਨੀਚ ਨੂੰ ਨਹੀਂ ਮੰਨਦੇ । ਮੈਨੂੰ ਸਭ ਵਿੱਚ ਪਰਮਾਤਮਾ ਹੀ ਨਜ਼ਰਆਉਂਦਾ ਹੈ। ਸਭ ਮਨੁੱਖ ਬਰਾਬਰ ਹਨ, ਕੋਈ ਆਦਮੀ ਜਨਮ ਕਰਕੇ ਨੀਚ ਨਹੀਂ ਹੁੰਦਾ। ਨੀਚ ਤਾਂ ਉਹ ਹੈ, ਜੋ ਨੀਚ ਕੰਮ ਕਰੇ। ਇਸ ਲਈ ਭਾਈ ਲਾਲੋ ਨੀਚਨਹੀਂ ਹੈ। ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ। ਇਸੇ ਕਰਕੇ ਹੀ ਮੈਂ ਭਾਈ ਲਾਲੋ ਦੇ ਘਰੋਂ ਰੋਟੀ ਖਾਂਦਾ ਹਾਂ।

ਮਲਕ ਭਾਗੋ: ‘ਤੁਸੀਂ ਮੇਰੇ ਬ੍ਰਹਮ–ਭੋਜ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ ?’

ਗੁਰੂ ਨਾਨਕ ਸਾਹਿਬ ਜੀ: ਭਾਈ ਲਾਲੋ ਦੀ ਆਪਣੀ ਮਿਹਨਤ ਦੀ ਕਮਾਈ ਹੈ। ਗ਼ਰੀਬ ਦੀ ਰੋਟੀ ਭਾਵੇਂ ਸੁੱਕੀ ਵੀ ਹੋਵੇ, ਉਹ ਦੁੱਧ ਵਾਂਗ ਮਿੱਠੀ ਹੁੰਦੀ ਹੈ। ਭਾਗੋ ! ਤੇਰੀ ਕਮਾਈ ਮਿਹਨਤ ਦੀ ਨਹੀਂ ਹੈ। ਤੂੰ ਲੋਕਾਂ ਉੱਤੇ ਜ਼ੁਲਮ ਕਰਦਾ ਹੈਂ, ਰਿਸ਼ਵਤ ਲੈ ਕੇ ਗ਼ਰੀਬਾਂ ਦਾ ਖ਼ੂਨ ਚੂਸਦਾ ਹੈਂ, ਤੇਰੀਆਂ ਪੂੜੀਆਂ ਗ਼ਰੀਬਾਂ ਦੇ ਖ਼ੂਨ–ਪਸੀਨੇਦੀ ਕਮਾਈ ਨਾਲ ਬਣੀਆਂ ਹੋਈਆਂ ਹਨ, ਮੈਂ ਤੇਰੀਆਂ ਇਹ ਪੂੜੀਆਂ ਨਹੀਂ ਖਾ ਸਕਦਾ।

ਭਰੀ ਸਭਾ ਵਿੱਚ ਗੁਰੂ ਜੀ ਨੇ ਇਹ ਗੱਲਾਂ ਬੜੀ ਦਲੇਰੀ ਨਾਲ ਕਹੀਆਂ, ਜਿਨ੍ਹਾਂ ਨੂੰ ਸੁਣ ਕੇ ਮਲਕ ਭਾਗੋ ਤੇ ਹੋਰ ਲੋਕ ਬਹੁਤ ਸ਼ਰਮਿੰਦੇ ਹੋਏ । ਭਾਗੋ ਦੇ ਕੀਤੇ ਪਾਪਉਸ ਦੀਆਂ ਅੱਖਾਂ ਸਾਹਮਣੇ ਆ ਗਏ।

ਮਲਕ ਭਾਗੋ: ਤਾਂ ਕੀ ਮੇਰਾ ਕਰਵਾਇਆ ਇਹ ਬ੍ਰਹਮ–ਭੋਜ ਐਵੇਂ ਹੀ ਹੈ ? ਕੀ ਇਸ ਨਾਲ ਮੈਂ ਧਰਮੀ ਨਹੀਂ ਹੋ ਸਕਦਾ, ਕੀ ਇਸ ਨਾਲ ਪਰਮਾਤਮਾ ਖੁਸ਼ ਨਹੀਂ ਹੋਵੇਗ਼ਾ ?

ਗੁਰੂ ਨਾਨਕ ਸਾਹਿਬ ਜੀ: ਗ਼ਰੀਬ ਲੋਕਾਂ ਦਾ ਖ਼ੂਨ ਚੂਸ ਕੇ ਕੀਤੀ ਕਮਾਈ ਨਾਲ ਕੀਤੇ ਲੰਗਰ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਰਿਸ਼ਵਤ ਵਾਲੀ ਕਮਾਈ, ਦਾਨ ਕਰਨ ਨਾਲ, ਹੱਕ ਦੀ ਕਮਾਈ ਨਹੀਂ ਬਣ ਜਾਂਦੀ। ਸੱਚੀ ਕਮਾਈ ਉਹੀ ਹੈ ਜੋ ਆਪ ਮਿਹਨਤ ਕਰਕੇ ਕਮਾਈ ਜਾਵੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ ।ਸੱਚਾ ਧਰਮੀ ਬਣਨ ਅਤੇ ਪਰਮਾਤਮਾ ਦੀ ਖੁਸ਼ੀ ਹਾਸਿਲ ਕਰਨ ਲਈ ਇਹ ਕਰਨਾ ਚਾਹੀਦਾ ਹੈ : ‘ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ।’

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਮਲਕ ਭਾਗੋ ਦਾ ਹੰਕਾਰ ਟੁੱਟ ਗਿਆ ਅਤੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ ।

ਗੁਰੂ ਸਿੱਖਿਆ : ਅਸੀਂ ਵੀ ਭਾਈ ਲਾਲੋ ਵਾਂਗ ਸੱਚੇ ਧਰਮੀ ਸਿੱਖ ਬਣਨਾ ਹੈ । ਧਰਮ ਦੀ ਸੱਚੀ–ਸੁੱਚੀ ਕਿਰਤ ਕਰਨੀ ਹੈ । ਮਿਹਨਤ ਕਰਕੇ ਹੱਕ ਦੀ ਕਮਾਈਕਰਨੀ ਹੈ । ਦੂਜਿਆਂ ਦਾ ਹੱਕ ਮਾਰ ਕੇ ਰਿਸ਼ਵਤ ਦੀ ਕਮਾਈ ਨਾਲ ਪੈਸਾ ਇਕੱਠਾ ਨਹੀਂ ਕਰਨਾ । ਜ਼ਾਤ–ਪਾਤ ਦੇ ਭੇਦ–ਭਾਵ ਨੂੰ ਨਹੀਂ ਮੰਨਣਾ । ਸਭ ਆਪਸ ਵਿੱਚਬਰਾਬਰ ਹਨ, ਮਨੁੱਖਤਾ ਹੀ ਸਾਰਿਆਂ ਦੀ ਇੱਕੋ ਜ਼ਾਤ ਹੈ । ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ।

ਗੁਰੂ ਕੇ ਬਾਗ ਦਾ ਮੋਰਚਾ

0

ਗੁਰੂ ਕੇ ਬਾਗ ਦਾ ਮੋਰਚਾ

ਗੁਰਦੁਆਰਾ ਸੁਤੰਤਰਤਾ ਲਹਿਰ ਦੀ ਇਕ ਅਹਿਮ ਘਟਨਾ

ਡਾ: ਰਾਏ ਜਸਬੀਰ ਸਿੰਘ

ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ

ਕੇਤੇ ਉਦਰੁ ਭਰਨ ਕੈ ਤਾਈ॥

ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ

ਬਿਨੁ ਗੁਰ, ਗਰਬੁ ਨ ਜਾਈ॥ (ਮ: ੧/੫੦੪)

ਅਜਿਹੀ ਕਰਨੀ ਤੇ ਕਥਨੀ ਵਾਲੇ ਮਹੰਤਾਂ ਪਾਸੋਂ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ ਵਾਸਤੇ ਜੋ ਲਹਿਰ ਚੱਲੀ, ਉਸ ਦਾ ਨਾਂ ਗੁਰਦੁਆਰਾ ਸੁਤੰਤਰਤਾ/ਸੁਧਾਰ ਲਹਿਰ ਸੀ। ਇਸ ਗੁਰੂ ਘਰ ਦੇ ਨਿਮਾਣੇ ਨਿਤਾਣੇ ਸਿੱਖਾਂ ਵਲੋਂ ਚਲਾਈ ਗਈ ਲਹਿਰ ਨਾਲ ਹੀ ਸੰਬੰਧਿਤ ਗੁਰੂ ਕੇ ਬਾਗ ਦਾ ਮੋਰਚਾ ਸੀ। ਇਸ ਮੋਰਚੇ ਦੀ ਅਹਿਮੀਅਤ ਨੂੰ ਯਾਦ ਕਰਨ ਤੋਂ ਇਲਾਵਾ ਅਜੋਕੇ ਸਮੇਂ ਇਸ ਦੀ ਅਹਿਮੀਅਤ ਨੂੰ ਸਮਝਣ ਦੀ ਵੀ ਡਾਢੀ ਲੋੜ ਹੈ।

ਗੁਰੂ ਕੇ ਬਾਗ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਸੀ। ਇਸ ਤੋਂ ਪਹਿਲਾਂ ਤਰਨ ਤਾਰਨ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ ਸਰ ਕਰ ਲਏ ਗਏ ਸਨ। ਇਸ ਸਮੇਂ ਗੁਰਦੁਆਰਿਆਂ ’ਤੇ ਕਾਬਜ਼ ਮਹੰਤ ਤੇ ਖੁਦ ਸਰਕਾਰ ਵੀ ਇਹ ਵਿਚਾਰਨ ਲੱਗ ਪਈ ਸੀ ਕਿ ਜੇ ਅਕਾਲੀ ਇਉਂ ਹੀ ਮੋਰਚੇ ਸਰ ਕਰਦੇ ਰਹੇ, ਸਰਕਾਰ ਨੂੰ ਵਖਤ ਪੈ ਜਾਵੇਗਾ। ਇਸ ਦੇ ਨਾਲ ਹੀ ਕਈ ਪਿੰਡਾਂ ਵਿਚ ਲੋਕਾਂ ਨੇ ਨੰਬਰਦਾਰੀਆਂ, ਜ਼ੈਲਦਾਰੀਆਂ ਨੂੰ ਠੋਕਰ ਮਾਰਨੀ ਸ਼ੁਰੂ ਕਰ ਦਿੱਤੀ। ਇਸ ਨਾਲ ਸਰਕਾਰ ਦਾ ਵਿਕਾਰ ਹੋਰ ਵੀ ਕਮਜ਼ੋਰ ਹੋ ਗਿਆ। ਇਸ ਹਾਲਤ ਵਿਚ ਗੁਰੂ ਕੇ ਬਾਗ ਦਾ ਮੋਰਚਾ ਸਰ ਕਰਨਾ ਖਾਸ ਤੌਰ ’ਤੇ ਅਰਥ ਪੂਰਨ ਸੀ। ਇਸ ਲਈ ਸਰਕਾਰ ਨੇ ਅਫਸਰਾਂ ਨੂੰ ਅਕਾਲੀ ਲਹਿਰ ਦਬਾਉਣ ਦੇ ਖਾਸ ਹੁਕਮ ਦਿੱਤੇ ਅਤੇ ਸਿੱਟੇ ਵਜੋਂ ਲਾਹੌਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਅੰਬਾਲਾ, ਫਿਰੋਜ਼ਪੁਰ, ਮਿੰਟਗੁਮਰੀ, ਅੰਮ੍ਰਿਤਸਰ ਤੇ ਲਾਇਲਪੁਰ ਵਿਚ ਧੜਾ ਧੜ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇਸ ਵਾਰ ਸਰਕਾਰ ਅਕਾਲੀ ਲਹਿਰ ਨੂੰ ਕਮਜ਼ੋਰ ਕਰਨ ਤੇ ਲੋਕਾਂ ਨੂੰ ਇਸ ਤੋਂ ਵੱਖ ਕਰਨ ਲਈ ਮਾਰ ਕੁਟਾਈ ਦੇ ਹਥਿਆਰਾਂ ਉੱਤੇ ਉਤਰਨਾ ਚਾਹੁੰਦੀ ਸੀ।

ਗੁਰੂ ਕੇ ਬਾਗ ਗੁਰਦੁਆਰੇ ਦਾ ਮਹੰਤ ਨਨਕਾਣਾ ਸਾਹਿਬ ਦੇ ਮੋਰਚੇ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਨਾਲ ਵਿਟਰ ਗਿਆ ਸੀ। ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਲੰਗਰ ਵਾਸਤੇ ਲੱਕੜਾਂ ਕੱਟਣ ਗਏ ਸਿੱਖਾਂ ਵਿਰੁੱਧ ਉਸ ਨੇ ਸ਼ਿਕਾਇਤ ਦਰਜ ਕਰਾ ਦਿੱਤੀ ਅਤੇ ਫੜੋ ਫੜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਮੋਰਚਾ ਆਰੰਭ ਹੋ ਗਿਆ। 31 ਅਗਸਤ 1922 ਨੂੰ 200 ਅਕਾਲੀਆਂ ਦਾ ਜੱਥਾ ਅੰਮ੍ਰਿਤਸਰ ਤੋਂ ਗੁਰੂ ਕੇ ਬਾਗ ਨੂੰ ਗਿਆ। ਇਸ ਜੱਥੇ ਨੂੰ ਗੁਮਟਾਲੇ ਵਾਲੇ ਪੁਲ ’ਤੇ ਘੇਰ ਕੇ ਕੁੱਟਿਆ ਗਿਆ। ਜੱਥੇ ਵਿਚੋਂ ਕੋਈ ਵੀ ਲਾਂਭੇ ਨਾ ਹੋਇਆ ਅਤੇ ਉੱਥੇ ਹੀ ਕੁੱਟ ਖਾਂਦੇ ਰਹੇ। ਇਸ ਤੋਂ ਬਾਅਦ ਗੁਰੂ ਕੇ ਬਾਗ ਅਤੇ ਉੱਥੇ ਜਾਣ ਵਾਲੇ ਰਸਤਿਆਂ ਉੱਪਰ, ਪਿੰਡਾਂ ਵਿਚ, ਰਾਹੀਆਂ, ਦਰਸ਼ਕਾਂ ਤੇ ਹੋਰ ਲੋਕਾਂ ਦੀ ਬੇਕਿਰਕ ਕੁੱਟ ਮਾਰ ਹੋਈ। ਸਾਹਿੰਸਰਾ, ਘੁੱਕੇਵਾਲੀ, ਲਸ਼ਕਰੀ ਨੰਗਲ, ਜਗਦੇਵ ਕਲਾਂ ਵਿਚ ਕਾਫ਼ੀ ਮਾਰ ਕੁਟਾਈ ਕੀਤੀ ਗਈ।

ਇਸ ਤੋਂ ਬਾਅਦ ਹਰ ਰੋਜ਼ ਅੰਮ੍ਰਿਤਸਰ ਤੋਂ ਸੌ ਅਕਾਲੀਆਂ ਦਾ ਜੱਥਾ ਗੁਰੂ ਕੇ ਬਾਗ ਜਾਣ ਲੱਗ ਪਿਆ। ਹਰ ਰੋਜ਼ ਹੀ ਬੀ. ਟੀ. ਦੀ ਪੁਲਿਸ ਜੱਥਾ ਘੇਰ ਲੈਂਦੀ ਅਤੇ ਰੱਜ ਕੇ ਕੁੱਟ ਮਾਰ ਕਰਦੀ। ਇਕ ਵਾਰ ਗੋਰਖਾ ਪੁਲਿਸ ਵਾਲਿਆਂ ਨੇ ਅਕਾਲੀਆਂ ਉੱਪਰ ਤਸ਼ੱਦਦ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦਾ ਕੋਰਟ ਮਾਰਸ਼ਲ ਹੋਇਆ। ਉਨ੍ਹਾਂ ਵਿੱਚੋਂ ਕੁਝ ਕੱਢੇ ਹੋਏ ਸ਼ੋ੍ਰਮਣੀ ਕਮੇਟੀ ਪਾਸ ਆ ਗਏ। ਉਨ੍ਹਾਂ ਨੂੰ ਸ: ਤੇਜਾ ਸਿੰਘ ਸਮੁੰਦਰੀ ਨੇ ਚੌਂਕੀਦਾਰ ਨਿਯੁਕਤ ਕਰਵਾ ਦਿੱਤਾ।

ਤਸ਼ੱਦਦ ਜਾਰੀ ਹੀ ਰਿਹਾ। ਚਾਰ ਸਤੰਬਰ ਨੂੰ ਪੁਲਿਸ ਵੱਲੋਂ ਲੋਕਾਂ ਦੀ ਲੁੱਟ ਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ। ਇਸ ਦਿਨ 101 ਅਕਾਲੀਆਂ ਦਾ ਜੱਥਾ ਗੁਰਦਾਸਪੁਰ ਤੋਂ ਆਇਆ। ਇਸ ਜੱਥੇ ਦੀ ਬੇਹਤਾਸ਼ਾ ਕੁੱਟ ਹੋਈ। ਇਸ ਦੇ ਗੁਆਹ ਪੰਡਿਤ ਮਦਨ ਮੋਹਨ ਮਾਲਵੀਆ ਵੀ ਸਨ। 5 ਸਤੰਬਰ ਨੂੰ ਲਾਇਲਪੁਰ ਦੇ ਸੌ ਅਕਾਲੀਆਂ ਦਾ ਜੱਥਾ ਛੀਨਿਆਂ ਵਾਲੇ ਪੁਲ ’ਤੇ ਘੇਰਿਆ ਗਿਆ ਅਤੇ ਦਬੱਲ ਕੇ ਕੁੱਟਿਆ ਗਿਆ। ਇਸ ਦਾ ਜਥੇਦਾਰ ਪ੍ਰਿਥੀਪਾਲ ਸਿੰਘ ਕੁੱਟ ਮਾਰ ਕਾਰਨ ਹੀ ਅਖੀਰ 2 ਅਪ੍ਰੈਲ 1924 ਵਿਚ ਅਕਾਲ ਚਲਾਣਾ ਕਰ ਗਿਆ।

12 ਸਤੰਬਰ ਨੂੰ ਹੋਈ ਕੁੱਟ ਮਾਰ ਪਾਦਰੀ ਐਂਡਰੀਊਜ਼ ਨੇ ਵੀ ਵੇਖੀ। ਉਸ ਦੇ ਵਿਰੋਧ ਕਰਨ ’ਤੇ ਅਤੇ ਸਰਕਾਰ ਨੇ ਇਹ ਵੇਖ ਕੇ, ਕਿ ਉਸ ਦੀ ਹਾਲਤ ਇਸ ਨਾਲ ਹੋਰ ਪਤਲੀ ਹੋ ਰਹੀ ਹੈ, ਕੁੱਟ ਮਾਰ ਬੰਦ ਕਰਨ ਦਾ ਫ਼ੈਸਲਾ ਕੀਤਾ।

ਇਸ ਤੋਂ ਬਾਅਦ ਗ੍ਰਿਫਤਾਰੀਆਂ ਜਾਰੀ ਰਹੀਆਂ। 22 ਅਕਤੂਬਰ ਨੂੰ ਪੈਨਸ਼ਨਰ ਫੌਜੀਆਂ ਦਾ ਜੱਥਾ ਸ: ਅਮਰ ਸਿੰਘ ਦੀ ਅਗਵਾਈ ਹੇਠ ਗੁਰੂ ਕੇ ਬਾਗ ਨੂੰ ਗਿਆ। ਇਸ ਦੀ ਗ੍ਰਿਫਤਾਰੀ ਹੋਈ। 12 ਨਵੰਬਰ ਨੂੰ ਦੂਜਾ, ਫੌਜੀਆਂ ਦਾ ਜੱਥਾ ਰਸਾਲਦਾਰ ਰਣਜੋਧ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਗ੍ਰਿਫਤਾਰ ਹੋਇਆ।

ਅਖੀਰ ਸਰ ਗੰਗਾ ਰਾਮ ਨੇ ਮਹੰਤ ਤੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਪਟੇ ’ਤੇ ਲੈ ਲਈ ਅਤੇ ਲਿਖ ਦਿੱਤਾ ਕਿ ਉਸ ਨੂੰ ਪੁਲਿਸ ਦੀ ਲੋੜ ਨਹੀਂ। 18 ਨਵੰਬਰ 1922 ਨੂੰ ਪੁਲਿਸ ਵਾਪਸ ਬੁਲਾ ਲਈ ਗਈ। ਇਉਂ ਸਰਕਾਰ ਨੇ ਸਰ ਗੰਗਾ ਰਾਮ ਰਾਹੀਂ ਅਕਾਲੀਆਂ ਦੇ ਇਸ ਮੋਰਚੇ ਤੋਂ ਖਹਿੜਾ ਛੁਡਵਾਇਆ।

ਅਸਲ ਵਿਚ, ਇਹ ਮੋਰਚਾ ਅਕਾਲੀਆਂ ਦੀ ਅਗਵਾਈ ’ਚ ਪੰਜਾਬ ਦੇ ਆਮ ਲੋਕਾਂ ਦਾ ਮਹੰਤਾਂ ਪਾਸੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਦਾ ਵਿਸ਼ੇਸ਼ ਯਤਨ ਸੀ, ਜਿਸ ਵਿਚ ਸਰਕਾਰ ਅਤੇ ਮਹੰਤਾਂ ਦੀ ਪੂਰੀ ਤਰ੍ਹਾਂ ਹਾਰ ਹੋਈ। ਇਸ ਜਿੱਤ ਨਾਲ ਅਕਾਲੀ ਮੋਰਚਿਆਂ ਦੀਆਂ ਅਗਲੀਆਂ ਕਾਮਯਾਬੀਆਂ ਦਾ ਰਸਤਾ ਖੁਲ੍ਹ ਗਿਆ। ਇਨ੍ਹਾਂ ਕਾਮਯਾਬੀਆਂ ਦੇ ਬਲਬੂਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਕਾਇਮ ਹੋਈ ਅਤੇ ਦੇਸ਼ ਦੀ ਆਜ਼ਾਦੀ ਲਈ ਪ੍ਰਾਪਤੀ ਹੋਰ ਨੇੜੇ ਆ ਗਈ । ਇਸ ਮੋਰਚੇ ਵਿਚ ਆਮ ਲੋਕਾਂ ਦੀ ਮਾਰ ਕੁਟਾਈ, ਗੋਰਖਾ ਸਿਪਾਹੀਆਂ ਦੀ ਬਗਾਵਤ, ਫੌਜੀਆਂ ਦੀ ਸ਼ਮੂਲੀਅਤ, ਗੁਮਟਾਲਾ ’ਤੇ ਛੀਨਿਆਂ ਦੇ ਪੁਲਾਂ ਉੱਪਰ ਅਕਾਲੀਆਂ ਦੇ ਸਿਦਕ ਦਾ ਪ੍ਰਗਟਾਵਾ ਅਹਿਮ ਘਟਨਾਵਾਂ ਹਨ, ਜੋ ਸਦਾ ਯਾਦ ਰੱਖਣ ਯੋਗ ਹਨ। ਨਾਲ ਹੀ ਇਹ ਵੀ ਯਾਦ ਰੱਖਣ ਯੋਗ ਗੱਲ ਹੈ ਕਿ ਭਵਿੱਖ ਵਿਚ ਧਾਰਮਿਕ ਅਸਥਾਨ ਕਰਮਕਾਂਡੀ ਭੇਖੀ ਅਨਸਰਾਂ ਦੇ ਕਬਜ਼ੇ ਵਿਚ ਨਾ ਰਹਿ ਸਕਣ। ਅੰਤ ਵਿਚ : ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ॥ (ਨਟ ਮ: ੪, ਪੰਨਾ ੯੮੧) ਅਨੁਸਾਰ ਜੀਵਨ ਬਤੀਤ ਕਰਨ, ਗੁਰਮਤਿ ਅਨੁਸਾਰ ਰਹਿਣੀ ਬਤੀਤ ਕਰਨ, ਆਪਣੇ ਅਧਿਕਾਰਾਂ ਅਤੇ ਹੋਰ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ, ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਹਰ ਰੋਜ਼ ਪਾਠ ਕਰਨ, ਗੁਰਬਾਣੀ ਦੀ ਸਿਖਿਆ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਨਾਲ ਹੀ ਅਸੀਂ ਗੁਰੂ ਕੇ ਬਾਗ ਦੇ ਸ਼ਹੀਦਾਂ ਅਤੇ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰ ਰਹੇ ਹੋਵਾਂਗੇ।

Most Viewed Posts