16.3 C
Jalandhar
Tuesday, April 7, 2026
spot_img
Home Blog Page 223

ਕੀ ਅਸੀਂ ਇਨਸਾਨ ਦੀ ਜੂਨੀ ਭੋਗ ਰਹੇ ਹਾਂ ਜਾਂ ਪਸ਼ੂ ਦੀ ?

0

ਕੀ ਅਸੀਂ ਇਨਸਾਨ ਦੀ ਜੂਨੀ ਭੋਗ ਰਹੇ ਹਾਂ ਜਾਂ ਪਸ਼ੂ ਦੀ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਗੱਲ ਤਰਨਤਾਰਨ ਜ਼ਿਲ੍ਹੇ ਦੇ ਪਿੰਡ ‘ਤੁੜ’ ਦੀ ਹੈ। ਪੰਜਾਬ ਵਿਚਲੀ ਉਹ ਧਰਤੀ ਜਿਹੜੀ ਸਾਡੇ ਗੁਰੂ ਸਾਹਿਬ ਦੀ ਛੋਹ ਨਾਲ ਧੰਨ ਹੋ ਚੁੱਕੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੀਆਂ ਰੀਝਾਂ ਨਾਲ ਤਰਨਤਾਰਨ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਹੀ ਤਰਨਤਾਰਨ ਸਾਹਿਬ ਸਿੱਖੀ ਦਾ ਗੜ੍ਹ ਬਣ ਕੇ ਉਭਰਿਆ। ਮਹਾਰਾਜਾ ਰਣਜੀਤ ਸਿੰਘ ਵੱਲੋਂ ਸਰੋਵਰ ਦੀ ਸੇਵਾ ਕਰਵਾਈ ਗਈ। ਇਸ ਥਾਂ ਉੱਤੇ ਲਗਭਗ 80 ਪ੍ਰਤੀਸ਼ਤ ਪੜ੍ਹੇ ਲਿਖਿਆਂ ਸਦਕਾ (ਸੰਨ 2011 ਦੀ ਮਰਦਮਸ਼ੁਮਾਰੀ ਅਨੁਸਾਰ) ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿ ਪੰਜਾਬ ਵਿੱਚੋਂ ਜਿੱਥੇ ਕਿ 75.84 ਪ੍ਰਤੀਸ਼ਤ ਹੀ ਪੜ੍ਹੇ ਲਿਖੇ ਹਨ, ਇਹ ਇਲਾਕਾ ਨਾ ਸਿਰਫ਼ ਅਗਾਂਹ ਵਧੂ ਸੋਚ ਵਾਲਾ ਹੀ ਹੈ, ਬਲਕਿ ਸਿੱਖ ਮਤ ਅਨੁਸਾਰ ਜੀਵਨ ਜੀਉਣ ਦੀ ਜਾਚ ਨੂੰ ਪ੍ਰਣਾਇਆ ਹੋਇਆ ਵੀ ਹੈ। ਇਸ ਦੇ ਲਾਗੇ ਹੀ ਗੋਇੰਦਵਾਲ ਸਾਹਿਬਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਜੰਮੇ ਸਨ।

ਇਸੇ ਥਾਂ ਕਰਕੇ ਨੇੜੇ ਤੇੜੇ ਦੇ ਇਲਾਕਿਆਂ ਨਾਲ ਹੋਰ ਪਵਿੱਤਰ ਨਾਂ ਵੀ ਜੁੜੇ ਹੋਏ ਹਨ, ਜਿਵੇਂ ਬਾਬਾ ਦੀਪ ਸਿੰਘ ਜੀ, ਭਾਈ ਮਹਾਂ ਸਿੰਘ ਜੀ, ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ, ਮਾਈ ਭਾਗੋ, ਬਾਬਾ ਸੋਹਣ ਸਿੰਘ ਭਕਨਾ, ਆਦਿ!

ਇਸ ਥਾਂ ਦੀ ਮਹੱਤਤਾ ਤਾਂ ਇੱਥੋਂ ਦਾ ਇਤਿਹਾਸ ਹੀ ਦਸ ਰਿਹਾ ਹੈ ਕਿ ਇਹ ਪੂਜਣਯੋਗ ਥਾਂ ਹੈ ਤੇ ਯਕੀਨਨ ਇੱਥੇ ਖਾਲਸ ਇਨਸਾਨ ਵੱਸਦੇ ਹੋਣਗੇ ਜੋ ਗੁਰੂ ਸਾਹਿਬ ਵੱਲੋਂ ਦਰਸਾਈ ਜੀਵਨ ਜਾਚ ਨੂੰ ਸੰਪੂਰਨ ਰੂਪ ਵਿਚ ਅਪਣਾ ਰਹੇ ਹੋਣਗੇ।

ਇਹ ਸਭ ਕੁੱਝ ਜਾਣਦੇ ਹੋਏ ਜਦੋਂ 6 ਅਪਰੈਲ ਨੂੰ ਇਕ ਖ਼ਬਰ ਪੜ੍ਹਨ ਨੂੰ ਮਿਲੀ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਖ਼ਬਰ ਇਹ ਸੀ ਕਿ ਤਰਨਤਾਰਨ ਨੇੜੇ ਪਿੰਡ ਤੁੜ ਵਿਖੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਦੀ ਲੜਕੀ ਨੇੜਲੇ ਘਰ ਦੁਪਹਿਰੇ ਇਕ ਵਜੇ ਆਪਣੇ ਦੋਸਤ ਨੂੰ ਮਿਲਣ ਗਈ। ਪਤਾ ਲੱਗਦੇ ਸਾਰ ਸਰਪੰਚ ਆਪਣੇ ਦੋਨੋਂ ਲੜਕਿਆਂ ਭਿੰਦਾ ਤੇ ਬੱਬੋ ਸਮੇਤ ਉੱਥੇ ਪਹੁੰਚ ਗਿਆ। ਲੜਕੀ ਤੇ ਉਸ ਦਾ ਦੋਸਤ ਝਟਪਟ ਉੱਥੋਂ ਕਿਤੇ ਹੋਰ ਨਿਕਲ ਗਏ। ਗੁਆਂਢੀਆਂ ਨੇ ਦਰਵਾਜ਼ੇ ਨੂੰ ਕੁੰਡੀ ਲਾ ਲਈ ਕਿਉਂਕਿ ਛੋਟੇ ਬੱਚੇ ਘਰ ਸਨ ਤੇ ਟੈਲੀਵਿਜ਼ਨ ਵੇਖ ਰਹੇ ਸਨ।

ਸਾਬਕਾ ਸਰਪੰਚ ਗੁੱਸੇ ਵਿਚ ਅੱਗ ਬਗੂਲਾ ਹੋ ਗਿਆ ਤੇ ਆਪਣੇ ਦੋਹਾਂ ਮੁੰਡਿਆਂ ਨਾਲ ਰਲ ਕੇ ਕਿਰਪਾਨਾਂ ਨਾਲ ਦਰਵਾਜ਼ਾ ਤੋੜ ਦਿੱਤਾ। ਘਰ ਅੰਦਰ ਦਾਖ਼ਲ ਹੋ ਕੇ ਉਹ ਮੁੰਡੇ ਦੀ 14 ਵਰ੍ਹਿਆਂ ਦੀ ਭੈਣ ਨੂੰ ਵਾਲਾਂ ਤੋਂ ਘਸੀਟ ਕੇ ਆਪਣੇ ਘਰ ਲੈ ਆਏ। ਆਪਣੀ ਧੀ ਦਾ ਗੁੱਸਾ ਲਾਹੁਣ ਲਈ ਸਰਪੰਚ ਦੇ ਪਰਿਵਾਰ ਦੀਆਂ ਔਰਤਾਂ ਤੇ ਮੁੰਡਿਆਂ ਨੇ ਸਰਪੰਚ ਨਾਲ ਰਲ ਕੇ ਕੁੜੀ ਦੀ ਪਹਿਲਾਂ ਰੱਜ ਕੇ ਬੈਲਟਾਂ ਤੇ ਸੋਟੀਆਂ ਨਾਲ ਕੁੱਟਮਾਰ ਕੀਤੀ, ਫੇਰ ਸਾਰੇ ਕੱਪੜੇ ਲਾਹ ਕੇ ਵੀਡੀਓ ਬਣਾਈ।

ਉਸ ਮਾਸੂਮ ਬੱਚੀ ਰਾਜਵਿੰਦਰ ਕੌਰ ਨੂੰ ਬਚਾਉਣ ਲਈ ਉਸ ਪਿੰਡ ਵਿੱਚੋਂ ਕੋਈ ਵੀ ਅਗਾਂਹ ਨਹੀਂ ਆਇਆ। ਜਦੋਂ ਨੇੜਲੇ ਪਿੰਡ ਚੱਕ ਮਾਹਿਰ ਇਸ ਦੀ ਖ਼ਬਰ ਪੁੱਜੀ ਤਾਂ ਉੱਥੋਂ ਦੇ ਲੋਕਾਂ ਨੇ ਆ ਕੇ ਬੱਚੀ ਨੂੰ ਬਚਾਇਆ।

ਅਗਲੇ ਦਿਨ ਇਸੇ ਸਾਬਕਾ ਸਰਪੰਚ ਦੇ ਲੜਕਿਆਂ ਨੇ ਇਕ ਹੋਰ ਗ਼ਰੀਬ ਬੱਚੀ ਨੂੰ ਬਾਠ ਚੌਂਕ ਵਿਚ ਕਿਸਾਨ ਦੇ ਘਰ ਕੰਮ ਕਰਦੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਿਚਲੇ ਇਨ੍ਹਾਂ ਪੀੜਤ ਘਰਾਂ ਨੇ ਆਪੋ ਆਪਣੇ ਮਾਸੂਮ ਨਿੱਕੇ ਮੁੰਡੇ ਦੂਰ ਰਿਸ਼ਤੇਦਾਰਾਂ ਘਰ ਭੇਜ ਦਿੱਤੇ ਹਨ, ਕਿਉਂਕਿ ਸਰਪੰਚ ਨੇ ਇਨ੍ਹਾਂ ਦੇ ਟੋਟੇ-ਟੋਟੇਕਰਨ ਦੀ ਧਮਕੀ ਦਿੱਤੀ ਹੋਈ ਹੈ।

ਖ਼ਬਰ ਦੇ ਅੰਤ ਵਿਚ ਸਪਸ਼ਟ ਲਿਖਿਆ ਹੋਇਆ ਸੀ-‘ਸਿਆਸੀ ਦਬਾਓ ਅਤੇ ਦਖ਼ਲਅੰਦਾਜ਼ੀ ਦੇ ਚਲਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਐਸ. ਐਚ. ਓ. ਨੇ ਸ਼ਿਕਾਇਤ ਦਰਜ ਕਰਨ ਦੀ ਥਾਂ ਪੀੜਤ ਪਰਿਵਾਰਾਂ ਨੂੰ ਰਾਜ਼ੀਨਾਮਾ ਕਰਨ ਦਾ ਸੁਝਾਓ ਦਿੱਤਾ।’

ਇਹ ਪੂਰੀ ਖ਼ਬਰ ਸਭ ਕੁੱਝ ਸਪਸ਼ਟ ਕਰ ਰਹੀ ਹੈ ਅਤੇ ਮੌਜੂਦਾ ਹਾਲਾਤ ਬਾਰੇ ਲਿਖਣ ਬੋਲਣ ਨੂੰ ਹੋਰ ਕੁੱਝ ਨਹੀਂ ਰਹਿੰਦਾ।

ਸਵਾਲ ਸਿਰਫ਼ ਇਹ ਉੱਠਦਾ ਹੈ ਕਿ ਪੰਜਾਬ ਦੀ ਧਰਤੀ ਉੱਪਰ ਮਨੁੱਖਤਾ ਉੱਤੇ ਹੋ ਰਹੇ ਅਧਰਮ, ਅੱਤਿਆਚਾਰ, ਬੇਇਨਸਾਫੀ ਤੇ ਧੱਕੇਸ਼ਾਹੀ ਲਈ ਇਕ ਜ਼ੋਰਦਾਰ ਆਵਾਜ਼ ਚੁੱਕੀ ਗਈ ਸੀ। ਇਕੱਲੇ ਨਿਹੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੀੜਾ ਚੁੱਕਿਆ ਸੀ ਤੇ ਕਿਹਾ ਸੀ-‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਉ॥’’ (ਪੰਨਾ 1412)

ਇਹ ਰਾਹ ਸੌਖਾ ਨਹੀਂ ਸੀ। ਜਬਰ ਤੇ ਜ਼ੁਲਮ ਦਾ ਸਾਹਮਣਾ ਕਰਨਾ ਕਦੇ ਵੀ ਸੌਖਾ ਨਹੀਂ ਹੁੰਦਾ। ਸਿਰ ਧੜ ਦੀ ਬਾਜ਼ੀ ਲਗਾਉਣੀ ਪੈਂਦੀ ਹੈ। ਇਸੇ ਲਈ ਗੁਰਬਾਣੀ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਉਹੀ ਬੰਦਾ ਇਹ ਰਾਹ ਚੁਣੇ ਜਿਸ ਨੂੰ ਪਤਾ ਹੋਵੇ ਕਿ ਇਸ ਰਾਹ ਉੱਤੇ ਤੁਰਨ ਦੀਆਂ ਸ਼ਰਤਾਂ ਕੀ ਹਨ- ‘‘ਇਤੁ ਮਾਰਗਿ ਪੈਰੁਧਰੀਜੈ॥ ਸਿਰੁ ਦੀਜੈ, ਕਾਣਿ ਨਾ ਕੀਜੈ॥’’(1412)

ਬਾਬਰ ਦੀਆਂ ਜੇਲ੍ਹਾਂ ਕੱਟ ਕੇ, ਚੱਕੀਆਂ ਪੀਸ ਕੇ, ਆਉਣ ਵਾਲੀਆਂ ਪੁਸ਼ਤਾਂ ਨੂੰ ਇਹ ਸੁਨੇਹਾ ਦਿੱਤਾ ਕਿ ਤਸ਼ੱਦਦ ਤੇ ਜਬਰ ਨੂੰ ਰੋਕਣ ਲਈ ਅਤੇ ਮੂੰਹ ਤੋੜ ਜਵਾਬ ਦੇਣ ਲਈ ਹਰ ਤਸੀਹੇ ਨੂੰ ਝੱਲਣ ਵਾਲੇ ਹੀ ਇਤਿਹਾਸ ਵਿਚ ਅਮਰ ਹੁੰਦੇ ਹਨ। ਬਾਕੀ ਸਭ ਕੀੜੇ ਮਕੌੜੇ ਦੀ ਜ਼ਿੰਦਗੀ ਬਸਰ ਕਰ ਕੇ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਦਾ ਮਨੁੱਖਾ ਜਨਮ ਗਿਣਿਆ ਹੀ ਨਹੀਂ ਜਾਂਦਾ।

ਅੱਜ ਜੇ ਝਾਤ ਮਾਰੀਏ ਤਾਂ ਚੁਫ਼ੇਰੇ ਬਾਬਰ ਘੁੰਮਦੇ ਪਏ ਹਨ। ਬਹੁਤ ਸਾਰੇ ਹੁਕਮਰਾਨਾਂ ਦੀ ਸ਼ਹਿ ਸਦਕਾ ਜ਼ੋਰ ਜਬਰ ਨਾਲ ਆਪਣੀ ਚੌਧਰ ਸਾਬਤ ਕਰਨ ਉੱਤੇ ਤੁਲੇ ਪਏ ਹਨ। ਇਸ ਧੌਂਸ ਵਿਚ ਸਭ ਤੋਂ ਵਧ ਮਾਰ ਪੈਂਦੀ ਹੈ ਔਰਤ ਜ਼ਾਤ ਉੱਤੇ। ਮਜ਼ਲੂਮ ਗਿਣਦੇ ਹੋਏ ਤੇ ਸੌਖਾ ਸ਼ਿਕਾਰ ਮੰਨ ਕੇ, ਕਿਸੇ ਵੀ ਘਰ ਵਿਚਲੀ ਔਰਤ ਨੂੰਨਿਰਵਸਤਰ ਕਰਨਾ, ਸਮੂਹਕ ਜਬਰਜ਼ਨਾਹ ਕਰ ਕੇ ਕਤਲ ਕਰਨਾ ਤੇ ਉਸ ਦੀਆਂ ਫਿਲਮਾਂ ਬਣਾਉਣੀਆਂ ਇਕ ਆਮ ਗੱਲ ਬਣ ਚੁੱਕੀ ਹੈ ਜਿਸ ਨੂੰ ਹੁਣ ਅਖ਼ਬਾਰਾਂ ਦੀ ਇਕ ਖ਼ਬਰ ਵਾਂਗ ਪੜ੍ਹ ਸਫ਼ੇ ਪਰਤ ਕੇ ਲੋਕ ਦਿਨ ਪੂਰਾ ਕਰ ਲੈਂਦੇ ਹਨ।

ਕਿਸੇ ਦੇ ਮਨ ਵਿਚ ਕਿੰਤੂ ਪਰੰਤੂ ਕਰਨਾ, ਆਵਾਜ਼ ਚੁੱਕਣੀ, ਜਬਰ ਕਰਨ ਵਾਲੇ ਨੂੰ ਤਾੜਨਾ, ਆਦਿ ਵਰਗੀਆਂ ਗ਼ੱਲਾਂ ਖ਼ਤਮ ਹੋ ਗਈਆਂ ਜਾਪਦੀਆਂ ਹਨ।

ਜੇ ਸਾਰੇ ਜਣੇ ਸਿਰਫ਼ ‘ਚੁੱਪ’ ਹੀ ਧਾਰ ਕੇ ਬੈਠੇ ਰਹਿ ਗਏ ਤਾਂ ਕੋਈ ਧੀ, ਕੋਈ ਭੈਣ ਸਤਵੰਤੀ ਨਹੀਂ ਰਹਿਣੀ। ਜ਼ਾਲਮਾਂ ਨੇ ਹਰ ਮਜ਼ਲੂਮ, ਹਰ ਗ਼ਰੀਬ ਘਰ ਦੀ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਣਾ ਹੈ।

ਹਾਲੇ ਵੀ ਵੇਲਾ ਹੈ ਕਿ ਅਜਿਹੇ ਜ਼ੁਲਮ ਵਿਰੁੱਧ ਇਕਜੁੱਟ ਹੋ ਕੇ, ਆਵਾਜ਼ ਚੁੱਕ ਕੇ, ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਈਏ। ਹੁਣ ਸਾਬਤ ਕਰਨ ਦਾ ਸਮਾਂ ਆ ਚੁੱਕਿਆਹੈ ਕਿ ਅਸੀਂ ਸਿਰ ਧੜ ਦੀ ਬਾਜ਼ੀ ਲਾ ਕੇ ਜਾਬਰਾਂ ਨੂੰ ਉਹੀ ਪੈਗ਼ਾਮ ਦੇ ਸਕਣ ਯੋਗ ਹਾਂ, ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਸੀ- ‘‘ਸਿਰੁ ਧਰਿ ਤਲੀ, ਗਲੀ ਮੇਰੀ ਆਉ ॥’’ (ਮ: ੧/੧੪੧੨)

ਜੇ ਹਾਲੇ ਵੀ ਅਸੀਂ ਚੁੱਪ ਰਹਿਣਾ ਪਸੰਦ ਕਰ ਰਹੇ ਹਾਂ, ਤਾਂ ਇਹ ਇਨਸਾਨੀਅਤ ਨਹੀਂ ਬਲਕਿ ਪਸ਼ੂ ਦੀ ਜੂਨ ਹੀ ਗਿਣੀ ਜਾਵੇਗੀ!

‘ਚਿੰਤਾ’ ਤੇ ‘ਚਿੰਤਨ’ ਸ਼ਬਦ ਦੀ ਅਰਥ ਭਿੰਨਤਾ

0

‘ਚਿੰਤਾ’ ਤੇ ‘ਚਿੰਤਨ’ ਸ਼ਬਦ ਦੀ ਅਰਥ ਭਿੰਨਤਾ

ਪ੍ਰੋ. ਮਨਰਾਜ ਕੌਰ (ਲੁਧਿਆਣਾ)-80543-39915

ਪਿਆਰੇ ਨਿੱਕਿਓ !

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਨਿੱਕਿਓ !

ਆਉ, ਇਸ ਵਾਰ ਅਸੀਂ ਚਿਤਵਨ ਸਿੰਘ ਅਤੇ ਦਾਦਾ ਜੀ ਦੀ ਗੱਲਬਾਤ ’ਚੋਂ ਵੇਖਦੇ ਹਾਂ ਕਿ ਜੀਵਨ ਵਿੱਚ ਚਿੰਤਾ ਕਿਵੇਂ ਛੱਡੀ ਜਾ ਸਕਦੀ ਹੈ ਅਤੇ ਚਿੰਤਾ ਤੋਂ ਬਿਨਾਂ ਵੀਵਧੀਆ ਜੀਵਨ ਕਿਵੇਂ ਜੀਵਿਆ ਜਾ ਸਕਦਾ ਹੈ ?

ਦਾਦਾ ਜੀ….. ਹਾਂ ਜੀ, ਪੁੱਤਰ ਜੀ! ਕੀ ਹੋ ਰਿਹਾ ਹੈ ਜੀ ? ਬੜੀ ਡੂੰਘੀ ਸੋਚ ਵਿੱਚ ਲਗਦੇ ਹੋ ?

ਚਿਤਵਨ ਸਿੰਘ…..ਬਸ ਐਂਵੇ ਹੀ।

ਦਾਦਾ ਜੀ….ਐਂਵੇ ਤਾਂ ਤੁਸੀਂ ਐਨੇ ਗੰਭੀਰ ਨਹੀਂ ਹੁੰਦੇ। ਜ਼ਰੂਰ ਕੋਈ ਖਾਸ ਗੱਲ ਹੈ।

ਚਿਤਵਨ ਸਿੰਘ….ਦਾਦਾ ਜੀ ਲੋਕ ਚਿੰਤਾ ਕਿਉਂ ਕਰਦੇ ਹਨ ਬਾਰੇ ਸਮਝਣ ਦਾ ਯਤਨ ਕਰ ਰਿਹਾ ਹਾਂ।

ਦਾਦਾ ਜੀ…(ਹੱਸਦੇ ਹੋਏ) ਪੁੱਤਰ ਜੀ ! ਤਾਂ ਹੀ ਤੁਸੀਂ ਚਿੰਤਾ ਕਰ ਰਹੇ ਸੀ ?

ਚਿਤਵਨ ਸਿੰਘ….ਨਹੀਂ ਦਾਦਾ ਜੀ ! ਮੈਂ ਚਿੰਤਾ ਨਹੀਂ ਕਰ ਰਿਹਾ ਸੀ। ਮੈਂ ਤਾਂ ਬਸ ਇਸ ਬਾਰੇ ਸੋਚ ਰਿਹਾ ਸੀ।

ਦਾਦਾ ਜੀ…….ਅੱਛਾ ਜੀ ! ਮੇਰੇ ਨਿੱਕੇ ਜਿਹੇ ਪੁੱਤਰ ਜੀ, ਚਿੰਤਾ ਨਹੀਂ ਸਗੋਂ ਚਿੰਤਨ ਕਰ ਰਹੇ ਸੀ।

ਚਿਤਵਨ ਸਿੰਘ….ਚਿੰਤਨ ? ਉਹ ਕੀ ਹੁੰਦਾ ਹੈ ?

ਦਾਦਾ ਜੀ….. ਚਿੰਤਨ ਤੋਂ ਮਤਲਬ ਹੈ, ਸੋਚਣਾ।

ਚਿਤਵਨ ਸਿੰਘ…..ਚਿੰਤਾ ਦਾ ਕੀ ਮਤਲਬ ਹੈ ?

ਦਾਦਾ ਜੀ…..ਚਿੰਤਾ ਦਾ ਮਤਲਬ ਹੈ , ਫਿਕਰ ਕਰਨਾ।

ਚਿਤਵਨ ਸਿੰਘ….ਦੋਹਾਂ ਵਿੱਚ ਕੀ ਫ਼ਰਕ ਹੈ ?

ਦਾਦਾ ਜੀ…… ਦੋਹਾਂ ’ਚ ਬਹੁਤ ਜ਼ਿਆਦਾ ਫ਼ਰਕ ਹੈ ?

ਚਿਤਵਨ ਸਿੰਘ….ਕਿਵੇਂ ?

ਦਾਦਾ ਜੀ.…..ਮੰਨ ਲਵੋ ਕਿ ਤੁਹਾਡੇ ਮੰਮੀ ਜੀ ਤੇ ਡੈਡੀ ਜੀ ਘਰੋਂ ਬਾਹਰ ਗਏ ਹਨ ਤੇ ਆਪਾਂ ਦੋਵੇਂ ਘਰ ਵਿੱਚ ਇੱਕਲੇ ਹਾਂ।

ਚਿਤਵਨ ਸਿੰਘ…. ਐਸਾ ਤਾਂ ਬਹੁਤ ਵਾਰ ਹੁੰਦਾ ਹੈ।

ਦਾਦਾ ਜੀ….. ਪਰ ਅਚਾਨਕ ਮੇਰੀ ਤਬੀਅਤ ਖਰਾਬ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ ?

ਚਿਤਵਨ ਸਿੰਘ….. ਦਾਦਾ ਜੀ ! ਤੁਸੀਂ ਤਾਂ ਮੇਰਾ ਇਮਤਿਹਾਨ ਹੀ ਲੈਣ ਲੱਗ ਪਏ ਹੋ। ਮੇਰੇ ਸੁਆਲ ਦਾ ਜਵਾਬ ਦਿਉ ਨਾ!

ਦਾਦਾ ਜੀ….. ਜੇ ਤੁਸੀਂ ਮੇਰੇ ਸੁਆਲਾਂ ਦੇ ਜਵਾਬ ਦਿਉਂਗੇ ਤਾਂ ਤੁਹਾਨੂੰ ਤੁਹਾਡੇ ਸੁਆਲ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਜੀ!

ਚਿਤਵਨ ਸਿੰਘ…..ਫਿਰ ਠੀਕ ਹੈ ਦਾਦਾ ਜੀ ! ਮੈਂ ਦੱਸਦਾ ਹਾਂ, ਜੀ।

ਦਾਦਾ ਜੀ……ਦੱਸੋ ਫਿਰ, ਅਚਾਨਕ ਮੇਰੀ ਤਬੀਅਤ ਖਰਾਬ ਹੋਣ ਦੀ ਹਾਲਤ ’ਚ ਤੁਸੀਂ ਕੀ ਕਰੋਗੇ ?

ਚਿਤਵਨ ਸਿੰਘ…. ਉਸੇ ਵੇਲੇ ਡਾਕਟਰ ਅੰਕਲ ਨੂੰ ਫੋਨ ਕਰਾਂਗਾ ਤੇ ਜਲਦੀ ਆਉਣ ਲਈ ਕਹਾਂਗਾ।

ਦਾਦਾ ਜੀ…..ਸ਼ਾਬਾਸ਼ ! ਜੇ ਡਾਕਟਰ ਅੰਕਲ ਦਾ ਫੋਨ ਨਾ ਮਿਲੇ ਤਾਂ ਕੀ ਕਰੋਗੇ ?

ਚਿਤਵਨ ਸਿੰਘ……ਨਾਲ ਵਾਲੇ ਅੰਕਲ ਨੂੰ ਫੋਨ ਕਰਕੇ ਕਾਰ ਸਟਾਰਟ ਕਰਨ ਲਈ ਕਹਾਂਗਾ ਤੇ ਜਲਦੀ ਡਾਕਟਰ ਅੰਕਲ ਕੋਲ ਲ਼ੈ ਜਾਵਾਂਗਾ।

ਦਾਦਾ ਜੀ….ਹੋਰ ਸ਼ਾਬਾਸ਼ ! ਪਰ ਜੇ ਨਾਲ ਵਾਲੇ ਅੰਕਲ ਕਾਰ ਲੈ ਕੇ ਕੰਮ ’ਤੇ ਚਲੇ ਗਏ ਹੋਏ ਤਾਂ ਕੀ ਕਰੋਗੇ ?

ਚਿਤਵਨ ਸਿੰਘ…..ਹਸਪਤਾਲ ਵਿੱਚ ਐਂਬੂਲੈਂਸ ਲਈ ਫੋਨ ਕਰਾਂਗਾ ਤੇ ਨਾਲ ਵਾਲੇ ਘਰੋਂ ਆਂਟੀ ਜੀ ਨੂੰ ਨਾਲ ਲੈ ਕੇ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਂਵਾਂਗਾ।

ਦਾਦਾ ਜੀ…..ਮੰਮੀ ਡੈਡੀ ਨੂੰ ਨਹੀਂ ਦੱਸੋਗੇ ?

ਚਿਤਵਨ ਸਿੰਘ…. ਆਪ ਜੀ ਦਾ ਇਲਾਜ ਪਹਿਲਾਂ ਸ਼ੁਰੂ ਕਰਵਾ ਕੇ ਫਿਰ ਮੰਮੀ ਜੀ ਤੇ ਡੈਡੀ ਜੀ ਨੂੰ ਫੋਨ ਕਰਾਂਗਾ ਤੇ ਕਹਾਂਗਾ ਕਿ ਘਬਰਾਉਣ ਦੀ ਲੋੜ ਨਹੀਂ, ਇਲਾਜ ਚੱਲ ਰਿਹਾ ਹੈ।

ਦਾਦਾ ਜੀ…….ਉਨਾਂ ਨੂੰ ਆਉਣ ਲਈ ਨਹੀਂ ਕਹੋਗੇ ?

ਚਿਤਵਨ ਸਿੰਘ…… ਕਹਾਂਗਾ ਪਰ ਆਰਾਮ ਨਾਲ, ਕਿਉਂਕਿ ਘਬਰਾਉਣ ਨਾਲ ਕੁਝ ਵੀ ਨਹੀਂ ਹੁੰਦਾ।

ਦਾਦਾ ਜੀ….ਤੁਸੀਂ ਬਹੁਤ ਸਿਆਣੇ ਹੋ ਜੀ ! ਪਰ ਜੇਕਰ ਤੁਸੀਂ ਘਬਰਾ ਕੇ ਇਹ ਸੋਚ ਕੇ ਰੋਣ ਲੱਗ ਪੈਂਦੇ ਕਿ ਛੋਟਾ ਜਿਹਾ ਮੈਂ ਕੀ ਕਰ ਸਕਦਾ ਹਾਂ ਤਾਂ ?

ਚਿਤਵਨ ਸਿੰਘ…. ਰੋਣਾ ਕਿਉਂ ? ਤੁਸੀ ਆਪ ਹੀ ਤਾਂ ਕਹਿੰਦੇ ਹੋ ਕਿ ਮੁਸ਼ਕਲ ਸਮੇਂ ਰੋਣ ਨਾਲੋਂ ਵਾਹਿਗੁਰੂ ਜੀ ਤੋਂ ਹਿੰਮਤ ਦੀ ਦਾਤ ਮੰਗੀਦੀ ਹੈ।

ਦਾਦਾ ਜੀ…..ਬਹੁਤ ਸ਼ਾਨਦਾਰ ਪੁੱਤਰ ਜੀ ! ਬਸ ਇਹੀ ਫ਼ਰਕ ਹੈ ਚਿੰਤਨ ਅਤੇ ਚਿੰਤਾ ਵਿੱਚ।

ਚਿਤਵਨ ਸਿੰਘ……ਉਹ ਕਿਵੇਂ ?

ਦਾਦਾ ਜੀ……. ਜੇ ਤੁਸੀਂ ਘਬਰਾ ਕੇ ਰੋਣ ਬੈਠ ਜਾਂਦੇ ਤਾਂ ਚਿੰਤਾ ਅਤੇ ਜਿਵੇਂ ਤੁਸੀਂ ਬਿਨਾਂ ਘਬਰਾਏ ਸਮਾਂ ਸੰਭਾਲਣ ਬਾਰੇ ਸੋਚਿਆ, ਉਹ ਚਿੰਤਨ ਹੈ।

ਚਿਤਵਨ ਸਿੰਘ……. ਹੁਣ ਸਮਝ ਆਈ।

ਦਾਦਾ ਜੀ…..ਪੁੱਤਰ ਜੀ, ਚੰਗਾ ਇਹੀ ਹੈ ਕਿ ਚਿੰਤਾ ਨਾ ਕਰੋ ਸਗੋਂ ਵਾਹਿਗੁਰੂ ਜੀ ਤੋਂ ਹਿੰਮਤ ਮੰਗੋ ਤੇ ਮੁਸ਼ਕਲ ਵਿੱਚੋਂ ਬਾਹਰ ਨਿਕਲਣ ਲਈ ਉਦਮ ਕਰੋ।

ਚਿਤਵਨ ਸਿੰਘ…….ਹੁਣ ਤਾਂ ਸਾਰੀ ਸਮਝ ਆ ਗਈ। ਮੇਰੇ ਪਿਆਰੇ ਦਾਦਾ ਜੀ ਬਹੁਤ ਸੋਹਣਾ ਸਮਝਾ ਦਿੰਦੇ ਹਨ।

ਦਾਦਾ ਜੀ………ਮੈਨੂੰ ਵੀ ਗੁਰਬਾਣੀ ਤੋਂ ਹੀ ਸਾਰੀ ਸਮਝ ਮਿਲਦੀ ਹੈ ਤੇ ਜਿਸ ਤਰ੍ਹਾਂ ਤੁਸੀਂ ਸਭ ਕੁਝ ਵਿਚਾਰ ਕੇ ਸਮਝਦੇ ਹੋ ਉਸ ਨਾਲ ਤੁਸੀਂ ਵੀ ਹੋਰ ਵੱਧ ਸਮਝਦਾਰ ਹੋ ਰਹੇ ਹੋ। ਆਪਾਂ ਇਸੇ ਤਰ੍ਹਾਂ ਹੀ ਵਿਚਾਰ ਕਰਦੇ ਰਹਾਂਗੇ।

ਚਿਤਵਨ ਸਿੰਘ.…… ਠੀਕ ਹੈ, ਦਾਦਾ ਜੀ !

‘ਆਜ਼ਾਦੀ’ ਕਿਵੇਂ… ?

0

‘ਆਜ਼ਾਦੀ’ ਕਿਵੇਂ… ?

ਸਤਿੰਦਰਜੀਤ ਸਿੰਘ

‘ਆਜ਼ਾਦੀ’ ਛੋਟਾ ਜਿਹਾ ਸ਼ਬਦ ਹੈ, ਜੋ ਬਹੁਤ ਵੱਡੇ ਅਰਥ ਰੱਖਦਾ ਹੈ। ਆਪਣੇ ਅਸਲੀ ਰੂਪ ਵਿੱਚ, ਢੁਕਵੇਂ ਅਰਥਾਂ ਵਿੱਚ ਕਿਸੇ ਦੇਸ਼ ਦੀ ਨੀਤੀ ਦਾ ਹਿੱਸਾ ਬਣੇ ਤਾਂ ਕਿਸੇ ਵੀ ਦੇਸ਼ ਦੀ ਖੁਸ਼ਹਾਲੀ, ਤਰੱਕੀ ਦਾ ਰਾਹ ਖੋਲ੍ਹਦਾ ਹੋਇਆ ਸਮਾਜਿਕ ਅਤੇ ਭਾਈਚਾਰਿਕ ਸਾਂਝ ਨੂੰ ਗੂੜ੍ਹਾ ਕਰਦਾ ਹੈ ਪਰ ਜੇਕਰ ਕਰੂਪ ਜਿਹਾ ਬਣ ਕੇ ਵਿਚਰੇ ਤਾਂ ਅਵਿਸ਼ਵਾਸ ਪੈਦਾ ਕਰ ਕਿਸੇ ਵੀ ਦੇਸ਼ ਦੀ ਬਰਬਾਦੀ ਦਾ ਰਾਹ ਖੋਲ੍ਹਦਾ ਹੈ।

ਭਾਰਤ ਵਿੱਚ ਇਹ ਸ਼ਬਦ ਆਪਣਾ ਮੂਲ ਗਵਾ ਚੁੱਕਾ ਹੈ। ਇਸ ਦੇ ਅਰਥਾਂ ਦੇ ਅਨਰਥ ਹੋ ਗਏ ਹਨ। ਭਾਰਤ ਵਿੱਚ ‘ਆਜ਼ਾਦੀ’ ਦਾ ਅਰਥ ‘ਸਭ ਨੂੰ ਬਰਾਬਰਤਾ ਦਾ ਦਰਜਾ’ ਨਹੀਂ ਬਲਕਿ ‘ਜਿਸ ਦੀ ਸੋਟੀ, ਉਸ ਦੀ ਮੱਝ’ ਹੈ। ਭਾਰਤ ਵਿੱਚ ‘ਤਕੜੇ ਦਾ ਸੱਤੀਂ-ਵੀਹੀਂ ਸੌ’ ਵਾਲੀ ਗੱਲ ਪੂਰੇ ਜ਼ੋਰਾਂ ’ਤੇ ਹੈ। ਲਾਲਚ ਦਾ ਸ਼ਿਕਾਰ ਹੋਏ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਕਾਨੂੰਨ-ਘਾੜਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ‘ਆਜ਼ਾਦੀ’ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਸਾਫ ਕਿਰਦਾਰ ਵਾਲੇ ਅਫਸਰ ਵੀ ਹਨ ਪਰ ਬਹੁਤ ਵਿਰਲੇ ਹਨ, ਬੜੀ ਮੁਸ਼ਕਲ ਨਾਲ ਕੋਈ ਮਿਲਦਾ ਹੈ ਅਤੇ ਜੇਕਰ ਕੋਈ ਮਿਲਦਾ ਵੀ ਹੈ ਤਾਂ ਉਸ ਦਾ ਵੀ ‘ਮੂੰਹ ਬੰਦ’ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਇਮਾਨਦਾਰ ਅਫਸਰਾਂ ਦੇ ਤਬਾਦਲੇ ਦੂਰ ਸ਼ਹਿਰਾਂ/ਪਿੰਡਾਂ ਵਿੱਚ ਕਰ ਕੇ ਖੁਆਰ ਕੀਤਾ ਜਾਂਦਾ ਹੈ। ਭਾਰਤੀ ਤੰਤਰ ਵਿੱਚ ਹਰ ਪੱਧਰ ’ਤੇ ਫੈਲਿਆ ਭ੍ਰਿਸ਼ਟਾਚਾਰ ਅਤੇ ਪੱਖਪਾਤ ‘ਆਜ਼ਾਦੀ’ ਦਾ ਮੂੰਹ ਚਿੜਾ ਰਹੇ ਹਨ ਪਰ ਭਾਰਤੀ ਸਰਕਾਰਾਂ ਅਤੇ ਸਰਕਾਰਾਂ ਦੇ ਹਾਮੀ ਹਰ ਸਾਲ 15 ਅਗਸਤ ਨੂੰ ‘ਆਜ਼ਾਦੀ’ ਦਿਵਸ ਵਜੋਂ ਮਨਾਉਂਦੇ ਹਨ, ਮਨਾਉਣ ਵੀ ਕਿਉਂ ਨਾ, ਉਹ ਆਜ਼ਾਦ ਨੇ ਆਮ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲਈ।

ਭਾਰਤ ਵਿੱਚ ‘ਆਜ਼ਾਦੀ’ ਦੇ ਮਤਲਬ 1947 ਵੇਲੇ ਤੋਂ ਹੀ ਬਦਲਣੇ ਸ਼ੁਰੂ ਹੋ ਗਏ ਸਨ। ਭਾਰਤੀ ਤੰਤਰ ਦੀ ਜ਼ੁਬਾਨ 1947 ਦੇ ਅਗਸਤ ਤੱਕ ਜਿੰਨ੍ਹਾਂ ਨੂੰ ‘ਹੀਰੋ’ ਕਹਿੰਦੀ ਸੀ, ਉਹਨਾਂ ਨੂੰ ਹੀ ‘ਆਜ਼ਾਦ ਭਾਰਤ’ ਨੇ ‘ਜ਼ਰਾਇਮ ਪੇਸ਼ਾ’ ਦਾ ਲਕਬ ਦੇ ਕੇ, ਧਾਰਮਿਕ ਸਥਾਨ ਢਾਹ ਕੇ ‘ਗੁਲਾਮੀ’ ਦਾ ਅਹਿਸਾਸ ਕਰਵਾਇਆ।ਭਾਰਤ ਵਿੱਚ ‘ਆਜ਼ਾਦੀ’ ਹੈ ਪਰ:

(1). ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨ ਢਾਹੁਣ ਦੀ।

(2). ਘੱਟ ਗਿਣਤੀਆਂ ਨੂੰ ਜਿਉਂਦੇ ਸਾੜ ਤਮਾਸ਼ਾ ਦੇਖਣ ਦੀ।

(3). ਸਿੱਖਾਂ ਦੀਆਂ ਦਸਤਾਰਾਂ ਉਤਾਰਨ ਦੀ।

(4). ਘੱਟ ਗਿਣਤੀ ਕੌਮਾਂ ਦੀਆਂ ਧੀਆਂ-ਭੈਣਾਂ ਦੀ ਬੇਪੱਤੀ ਕਰਨ ਦੀ।

(5). ਕਿਸੇ ਜਾਨਵਰ ਨੂੰ ਮਾਰਨ ਵਾਲੇ ਘੱਟ-ਗਿਣਤੀ ਨਾਲ ਸੰਬੰਧਿਤ ਨੂੰ ਦੋਸ਼ੀ ਅਤੇ ਹਜ਼ਾਰਾਂ ਘੱਟ-ਗਿਣਤੀ ਲੋਕਾਂ ਦਾ ਕਤਲ ਕਰਨ ਵਾਲਿਆਂ ਨੂੰ ਬੇਗੁਨਾਹ ਕਹਿਣ ਦੀ।

(6). ਸ਼ਰੇਆਮ ਰਿਸ਼ਵਤ ਲੈਣ ਦੀ।

(7). ਬਿਨ੍ਹਾਂ ਕਿਸੇ ਠੋਸ ਸਬੂਤ ਜਾਂ ਗਵਾਹ ਦੇ ਘੱਟ ਗਿਣਤੀਆਂ ਨੂੰ ਕਾਲ ਕੋਠੜੀਆਂ ਵਿੱਚ ਡੱਕਣ ਦੀ ਅਤੇ ਫਾਂਸੀ ਲਾਉਣ ਦੀ।

(8). ਰਿਸ਼ਵਤ ਲੈਂਦੇ ਫੜ੍ਹੇ ਜਾਣ ’ਤੇ ਰਿਸ਼ਵਤ ਦੇ ਕੇ ਬਚ ਨਿਕਲਣ ਦੀ।

(9). ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ਦੀ ਸੰਘੀ ਨੱਪ, ਉੱਪਰਲੇ ਵਰਗ ਦੇ ਹਿੱਤ ਵਿੱਚ ਨੀਤੀਆਂ ਬਣਾਉਣ ਦੀ।

‘ਆਜ਼ਾਦੀ’ ਦਾ ਭਾਰਤ ਵਿਚਲਾ ਰੂਪ ਦੇਖ ਕੇ ਹਰ ਕੋਈ ਇਸ ਨੂੰ ਪਾਉਣ ਦੀ ਬਜਾਏ ਇਸ ਤੋਂ ਦੂਰ ਜਾਏਗਾ। ਕੋਈ ਵੀ ਇਨਸਾਫ ਪਸੰਦ ਵਿਆਕਤੀ ਜਾਂ ਦੇਸ਼ ਇਸ ਭਾਰਤੀ ਆਜ਼ਾਦੀ ਦਾ ਹਾਮੀ ਨਹੀਂ ਹੋਵੇਗਾ। ਕੋਈ ਆਸ ਨਹੀਂ ਕਿ ‘ਆਜ਼ਾਦੀ’ ਭਾਰਤ ਵਿੱਚ ਆਪਣਾ ਅਸਲੀ ਰੂਪ ਲੈ ਸਕੇਗੀ, ਇਸ ਦੀ ਕਰੂਪਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ ਪਰ ਦੇਸ਼ ਚਲਾਉਣ ਵਾਲੇ ਖਾਮੋਸ਼ ਹਨ, ਆਮ ਲੋਕ ਹਾਹਾਕਾਰ ਮਚਾ ਰਹੇ ਹਨ, ‘ਆਜ਼ਾਦੀ’ ਦੀ ਇਸ ਕਰੂਪ ਸ਼ਕਲ ਦੇ ਮਾਰੇ। ਨੌਜੁਆਨ ਇਸ ਆਜ਼ਾਦੀ ਦੇ ਸਤਾਏ ਮੁੜ ਅੰਗਰੇਜ਼ਾਂ ਦੇ ਗੁਲਾਮ ਹੋਣ ਲਈ ਲੱਖਾਂ ਰੁਪਏ ਚੁੱਕੀ ਫਿਰਦੇ ਹਨ, ਲੱਖਾਂ ਨੌਜੁਆਨ ਇਸ ‘ਆਜ਼ਾਦੀ’ ਨਾਲੋਂ ਅੰਗਰੇਗ਼ਾਂ ਦੀ ਗੁਲਾਮੀ ਨੂੰ ਬਿਹਤਰ ਸਮਝ ਉਸ ਨੂੰ ਅਪਣਾ ਚੁੱਕੇ ਹਨ ਪਰ ਫਿਰ ਵੀ ਹਰ ਸਾਲ 15 ਅਗਸਤ ਨੂੰ ‘ਆਜ਼ਾਦੀ’ ਦਿਵਸ ਮਨੁਉਣਾ ਅਤੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਕਹਿਣਾ ਇਸ ਭਾਰਤੀ ਤੰਤਰ ਵਿੱਚ ਪਿਸ ਰਹੇ ਲੋਕਾਂ ਨਾਲ ਭੱਦੇ ਮਜ਼ਾਕ ਤੋਂ ਵੱਧ ਕੁਝ ਨਹੀਂ, ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦਾ ਮੂੰਹ ਚਿੜਾਉਂਦਾ ਹੈ ਇਹ ਦਿਨ। ਜਿਸ ਦਿਨ ਭਾਰਤ ਵਿੱਚ ਸਾਰੇ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਬਰਾਬਰ ਹੋਣਗੇ, ਸਾਰੇ ਲੋਕਾਂ ਲਈ ਕਾਨੂੰਨ ਇੱਕੋ ਜਿਹਾ ਹੋਵੇਗਾ (ਸ਼ਾਇਦ ਉਹ ਦਿਨ ਕਦੇ ਨਹੀਂ ਆਵੇਗਾ), ਉਸ ਦਿਨ ਤੋਂ ਬਿਨਾਂ ‘ਆਜ਼ਾਦ’ ਸਮਝਣਾ ਭੁੱਲ ਤੋਂ ਬਿਨਾਂ ਕੁਝ ਨਹੀਂ, ਜੇਕਰ ਉਹ ਦਿਨ ਆਉਂਦਾ ਹੈ ਤਾਂ ‘ਆਜ਼ਾਦੀ’ ਦਾ ਅਰਥ ਸਾਕਾਰ ਹੋ ਜਾਵੇਗਾ, ਸ਼ਹੀਦਾਂ ਦੀ ਸੋਚ ਪੂਰੀ ਹੋ ਜਾਵੇਗੀ ਅਤੇ ਇਹੀ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਭਾਰਤੀ ਆਵਾਮ ਲਈ ‘ਆਜ਼ਾਦੀ’।

ਲੱਗੇ ਘੁਣ ਤਾਂ ਜੜ੍ਹਾਂ ਤੋਂ ਰੋਗ ਚੁਕਦੇ

0

ਲੱਗੇ ਘੁਣ ਤਾਂ ਜੜ੍ਹਾਂ ਤੋਂ ਰੋਗ ਚੁਕਦੇ

ਇਕਬਾਲ ਖ਼ਾਨਪੁਰੀ-93163-86818

ਝੂਠਾ ਬੰਦਾ ਨਾ ਕਦੇ ਵੀ ਸਫਲ ਹੋਵੇ, ਭਾਵੇਂ ਰੋਜ਼ ਕਰਵਾਈ ਜਾਵੇ ‘ਪਾਠ’ ਬਾਬਾ।

ਸਾਰੇ ਆਪਸ ਵਿੱਚ ਨੇ ਮਸੇਰ ਭਾਈ, ਬਾਦਲ, ਕੈਪਟਨ, ਮਾਨ ਤੇ ਬਾਠ ਬਾਬਾ।

ਵਾਰ ਵਾਰ ਤਾਂ ਪਿੱਤਲ ਦੀ ਚੜ੍ਹੇ ਹਾਂਡੀ, ਚੜ੍ਹਦਾ ਇੱਕ ਹੀ ਵਾਰ ਹੈ ਕਾਠ ਬਾਬਾ।

ਲੱਗੇ ਘੁਣ ਤਾਂ ਜੜ੍ਹਾਂ ਤੋਂ ਰੋਗ ਚੁਕਦੇ, ਘਰੇ ਲੋਹੇ ਦੀ ਲਾ ਕੇ ਚੌਗਾਠ ਬਾਬਾ।

ਸੁਣ ਪੰਜਾਬ ਦਿਆ ਹਾਕਮਾਂ !

0

ਸੁਣ ਪੰਜਾਬ ਦਿਆ ਹਾਕਮਾਂ !

– ਰਘਬੀਰ ਸਿੰਘ ‘ਮਾਨਾਂਵਾਲੀ’ ਮੋਬਾਇਲ: 88728-54500

ਸੁਣ ਪੰਜਾਬ ਦੇ ਹਾਕਮਾਂ, ਤੂੰ ਉਹਨਾਂ ਮਾਵਾਂ ਦੀ ਹੂਕ,

ਪੁੱਤ ਜਿਨ੍ਹਾਂ ਦੇ ਗਭਰੂ, ਅੱਜ ਨਸ਼ਿਆਂ ’ਚ ਦਿੱਤੇ ਫੂਕ।

ਹਰ ਗੱਲ ਨੂੰ ਵਿੱਚ ਮਜ਼ਾਕ ਦੇ , ਦੇਂਦਾ ਏ ਤੂੰ ਟਾਲ਼,

ਹੁਣ ਪੰਜਾਬੀ ਤੜਫ ਕੇ, ਰਹੇ ਤੀਜੇ ਬਦਲ ਨੂੰ ਭਾਲ਼।

ਉਫ਼ ! ਕਿਸਾਨ ਪੰਜਾਬ ਦੇ, ਪੈ ਗਏ ਖ਼ੁਦਕਸ਼ੀਆਂ ਦੇ ਰਾਹ,

ਟੱਬਰ ਉਹਨਾਂ ਦੇ ਰੁਲ਼ ਗਏ, ਤੇਰੇ ਮੂਹੋਂ ਨਾ ਨਿਕਲੀ ਆਹ।

ਵੱਡਮੁੱਲਾ ਖ਼ਜ਼ਾਨਾ ਪੰਜਾਬ ਦਾ, ਤੀਰਥਾਂ ਉੱਤੇ ਨਾ ਐਵੇਂ ਰੋੜ੍ਹ।

ਬਚਾਉਣ ਲਈ ਕਿਰਸਾਨ ਨੂੰ, ਤੂੰ ਕਰਜ਼ ਉਹਨਾ ਦਾ ਮੋੜ੍ਹ।

ਅੱਜ ਅਫਰਾ-ਤਫਰੀ ਮੱਚ ਰਹੀ, ਹੋ ਰਿਹਾ ਪੰਥ-ਗ੍ਰੰਥ ਖ਼ੁਆਰ,

ਹੁਣ ਛੱਡ ਹਕੂਮਤਾਂ ਆਪਣੀਆਂ, ਤੈਥੋਂ ਹੋਣਾ ਨੀ ਕੁਝ ਸੁਆਰ।

ਤੂੰ ਲੋਕ ਰਾਜ ਨੂੰ ਸਮਝਿਆ, ਸਿਰਫ਼ ਆਪਣੇ ਘਰ ਦਾ ਖੇਲ੍ਹ,

ਹਰ ਫਰੰਟ ’ਤੇ ਜਾਪੇਂ, ਹੋ ਗਿਉਂ, ਅੱਜ ਬੁਰੀ ਤਰ੍ਹਾਂ ਤੂੰ ਫੇਲ੍ਹ।

ਹੁਣ ਵਾੜ ਖੇਤ ਨੂੰ ਖਾ ਰਹੀ, ਲੋਟੂ ਬਣ ਗਏ ਪਹਿਰੇਦਾਰ,

ਮੱਥਾਅ ਪੰਜਾਬੀਆਂ ਮਿੱਥ ਲਿਆ, ਬਦਲ ਦੇਣੀ ਹੈ ਸਰਕਾਰ।

ਪਦ ਅਰਥ: ਉਫ਼-ਅਫ਼ਸੋਸ।, ਆਹ-ਹਉਕਾ, ਹਾਏ।, ਮੱਥਾਅ ਸਾਹਮਣਿਓਂ।

ਬੇ-ਅਦਬੀ ਦੀਆਂ ਘਟਨਾਵਾਂ ਦੇ ਅਸਲ ਦੋਸ਼ੀ ਕੌਣ ?

0

ਬੇ-ਅਦਬੀ ਦੀਆਂ ਘਟਨਾਵਾਂ ਦੇ ਅਸਲ ਦੋਸ਼ੀ ਕੌਣ  ?

–ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਪੋਥੀਆਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਕਰੀਬ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਹੋ ਰਹੀਆਂ ਹਨ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੇ ਗਏ ਸਰੂਪ ਬਾਰੇ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ, ਸੀ. ਬੀ. ਆਈ ਦੀ ਜਾਂਚ ਚੱਲ ਰਹੀ ਹੈ, ਸਰਕਾਰੀ, ਪ੍ਰਾਈਵੇਟ ਕਮਿਸ਼ਨਾਂ ਨੇ ਵੀ ਆਪਣੀਆਂ-ਆਪਣੀਆਂ ਰਿਪੋਰਟਾਂ ਦੇ ਦਿੱਤੀਆਂ ਹਨ ਪਰ ਅਜੇ ਤੱਕ ਅਸਲ ਦੋਸ਼ੀ ਗ੍ਰਿਫਤ ਤੋਂ ਬਾਹਰ ਕਿਉਂ ਹਨ  ? ਕਿਉਂ ਨਹੀਂ ਸਰਕਾਰ, ਪੁਲਿਸ ਜਾਂ ਕੋਈ ਹੋਰ ਉਹਨਾਂ ਤੱਕ ਪਹੁੰਚ ਨਹੀਂ ਸਕਿਆ। ਸਾਰੀ ਕੌਮ ਨਿਰਾਸ਼ਾ ਦੇ ਆਲਮ ਵਿਚ ਧਰਨੇ-ਮੁਜ਼ਾਹਰਿਆਂ ਤੇ ਨਾਹਰੇ ਲਾਉਣ ਵਿਚ ਹੀ ਸੀਮਤ ਹੋ ਗਈ ਹੈ ਅਤੇ ਕੋਈ ਨਿੱਘਰ ਪ੍ਰੋਗਰਾਮ ਜਾਂ ਸਿੱਟਾ ਨਿਕਲਦਾ ਨਜ਼ਰੀ ਨਹੀਂ ਆਉਂਦਾ  ?

ਕਿਸੇ ਮਸਲੇ ਜਾਂ ਕੇਸ ਨੂੰ ਸੁਲਝਾਉਣ ਲਈ ਜਰੂਰੀ ਨਹੀਂ ਕਿ ਉਸ ਦੇ ਦੋਸ਼ੀਆਂ ਨੂੰ ਕਿਸੇ ਨੇ ਜ਼ੁਰਮ ਕਰਦਿਆਂ ਦੇਖਿਆਂ ਹੋਵੇ ਜਾਂ ਉਸ ਕੋਲੋਂ ਜ਼ੁਰਮ ਨਾਲ ਸਬੰਧਤ ਕਿਸੇ ਵਸਤ ਦੀ ਬਰਾਮਦਗੀ ਹੋਵੇ। ਚੱਲਦੇ ਹਲਾਤਾਂ ਵਿਚ ਨੁਕਤਿਆਂ ਨੂੰ ਫੜ੍ਹ ਕੇ, ਪੜਚੋਲ ਕੇ ਵੀ ਕਿਸੇ ਦੇ ਦੋਸ਼ੀ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਲਿਆ ਜਾ ਸਕਦਾ ਹੈ। ਆਓ ! ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਚੱਲ ਰਹੇ ਹਲਾਤਾਂ ਨੂੰ ਵਿਚਾਰ ਕੇ ਦੋਸ਼ੀਆਂ ਦੀ ਸਨਾਖਤ ਕਰਨ ਦਾ ਯਤਨ ਕਰੀਏ।

ਬੇਅਦਬੀ ਘਟਨਾਵਾਂ ਦੇ ਜਿੰਮੇਵਾਰਾਂ ਦੀ ਸਨਾਖਤ ਲਈ ਪਹਿਲਾਂ ਕਈ ਗੱਲਾਂ ਨੂੰ ਆਧਾਰ ਬਣਾਉਣਾ ਪੈਣਾ ਹੈ, ਜਿਵੇਂ ਕਿ ਇਹਨਾਂ ਘਟਨਾਵਾਂ ਦਾ ਫਾਇਦਾ ਜਾਂ ਨੁਕਸਾਨ ਕਿਸ ਨੂੰ ਹੈ  ? ਅਜਿਹੀਆਂ ਘਟਨਾਵਾਂ ਨੂੰ ਪਹਿਲਾਂ ਵੀ ਕਿਸੇ ਨੀਤੀ ਤਹਿਤ ਅੰਜ਼ਾਮ ਦੇਣ ਵਾਲੇ ਲੋਕ ਕੌਣ ਰਹੇ ਹਨ ? ਪੰਜਾਬ ਵਿਚ ਹਲਾਤ ਕੀ ਚੱਲ ਰਹੇ ਹਨ  ? ਜਾਂ ਪੰਜਾਬ ਵਿਧਾਨ ਸਭਾ-2017 ਦੀਆਂ ਚੋਣਾਂ ਦੇ ਮੱਦੇਨਜ਼ਰ ?

ਕੀ ਇਹ ਸਭ ਕੁਝ ਪੰਜਾਬ ਵਿਧਾਨ ਸਭਾ-2017 ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ? ਇਸ ਸਵਾਲ ਦਾ ਜਵਾਬ ਹਰ ਸੂਝਵਾਨ ‘ਹਾਂ’ ਵਿਚ ਹੀ ਦਿੰਦਾਹੈ ਕਿਉਂਕਿ ਘਟਨਾਵਾਂ ਦੀ ਲਗਾਤਾਰਤਾ ਤੇ ਸਮਾਨਤਾ ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਅਤੇ ਕੋਈ ਅਜਿਹਾ ਵੀ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਪਹਿਲਾਂ ਵੀ ਅੰਜ਼ਾਮ ਦਿੰਦਾ ਰਿਹਾ ਹੈ ਅਤੇ ਇਹਨਾਂ ਰਾਹੀਂ ਸੱਤਾ ਦੀ ਅਸੀਮ ਭੁੱਖ ਨੂੰ ਤ੍ਰਿਪਤ ਕਰਨ ਦਾ ਯਤਨ ਕਰਦਾ ਰਿਹਾ ਹੈ।

ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਸਿਧਾਤਾਂ ਉਪਰ ਮਾਣ ਹੈ ਕਿ ਉਹਨਾਂ ਨੇ ਇਹਨਾਂ ਘਟਨਾਵਾਂ ਵਿਚੋਂ ਉਪਜੇ ਰੋਸ ਨੂੰ ਗਲਤ ਰਾਹੇ ਪੈ ਕੇ ਉਪੱਦਰ ਨਹੀਂ ਕੀਤਾ। 1978-84 ਤੋਂ ਲੈ ਕੇ ਹੁਣ ਤੱਕ ਸਿੱਖਾਂ ਨੇ ਪੰਜਾਬ ਜਾਂ ਭਾਰਤ ਵਿਚ ਸਿੱਖਾਂ ਖਿਲਾਫ ਕੀਤੀਆਂ ਗਈਆਂ ਸਰਕਾਰੀ ਜਾਂ ਗੈਰ-ਸਰਕਾਰੀ ਕਾਰਵਾਈਆਂ ਦੇ ਵਿਰੋਧ ਵਿਚ ਕਦੇ ਵੀ ਕਿਸੇ ਇਕ ਫਿਰਕੇ ਦੇ ਲੋਕਾਂ ਨੂੰ ਨਾ ਨਿਸ਼ਾਨਾ ਬਣਾਇਆ ਤੇ ਨਾ ਕਿਸੇ ਨੂੰ ਬਣਨ ਦਿੱਤਾ ਹੈ ਅਤੇ ਅਜਿਹਾ ਕਰਕੇ ਦੁਸ਼ਮਣ ਤਾਕਤਾਂ ਦੀਆਂ ਚਾਲਾਂ ਨੂੰ ਅਸਫਲ ਹੀ ਕੀਤਾ ਹੈ ਜਿਹਾ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਸਮੇਂ ਹੋਇਆ।

ਜੇ ਬੀਤੇ ਵਿਚ ਦੇਖੀਏ ਤਾਂ ਅਜਿਹੀਆਂ ਘਟਨਾਵਾਂ ਪਿੱਛੇ ਗਾਹੇ-ਬਗਾਹੇ ਆਰ. ਐੱਸ. ਐੱਸ./ਭਾਜਪਾ ਨਾਲ ਸਬੰਧਤ ਜਥੇਬੰਦੀਆਂ ਦਾ ਹੱਥ ਰਿਹਾ ਹੈ। ਕਿਉਂਕਿਭਾਜਪਾ ਨੇ 2002 ਦੇ ਗੁਜਰਾਤ ਮੁਸਲਿਮ ਕਤਲੇਆਮ ਤੋਂ ਬਾਅਦ ਮਿਲੀ ਸਫਲਤਾ ਤੋਂ ਪਰੇਰਨਾ ਲੈ ਕੇ ਗੁਜਰਾਤ ਕਤਲੇਆਮ ਦੇ ਮੁੱਖ ਦੋਸ਼ੀ ਨ: ਮੋ: ਨਾਮੀ ਵਿਅਕਤੀ ਨੂੰ ਕੇਂਦਰੀ ਲੀਡਰ ਬਣਾ ਕੇ ਸਾਰੇ ਮੁਲਕ ਵਿਚ ਪੇਸ਼ ਕੀਤਾ ਜਿਸ ਦਾ ਸਾਥ ਕਾਰਪੋਰੇਟ ਘਰਾਣਿਆਂ ਨੇ ਆਪਣੀ ਨਿੱਜੀ ਮੁਨਾਫੇ ਤੇ ਵਪਾਰਕ ਹਿੱਤਾਂ ਦੀ ਪੂਰਤੀ ਲਈ ਦਿੱਤਾ ਗਿਆ ਅਤੇ ਨ: ਮੋ: ਨੇ ਇਹ ਪ੍ਰਚਾਰਿਆ ਕਿ ਗੁਜਰਾਤ ਮਾਡਲ ਸਾਰੇ ਮੁਲਕ ਵਿਚ ਲਾਗੂ ਕਰਾਂਗੇ ਜਿਸ ਤੋਂ ਬਹੁ ਗਿਣਤੀ ਫਿਰਕੂ ਹਿੰਦੂ ਖੁਸ਼ ਹੋ ਕੇ ਸਿੱਧੇ ਰੂਪ ਵਿਚ ਭਾਜਪਾ ਨਾਲ ਜਾ ਖੜ੍ਹੇ ਪਰ ਕੇਵਲ ਸਿੱਖ ਪੰਜਾਬ ਨੇ ਉਸ ਦੇ ਅਸ਼ਵਮੇਧ ਯੱਗ ਦੇ ਘੋੜੇ ਨੂੰ ਫੜਿਆ।

ਆਰ. ਐੱਸ. ਐੱਸ./ਭਾਜਪਾ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ-ਮੁਸਲਿਮ ਜਾਂ ਹਿੰਦੂ-ਇਸਾਈ ਦੰਗੇ ਮੁਲਕ ਦੇ ਕਈ ਹਿੱਸਿਆ ਵਿਚ ਕਰਵਾਏ ਅਤੇ ਬਹੁ ਗਿਣਤੀਹਿੰਦੂਆਂ ਦਾ ਧਰੁਵੀਕਰਨ ਕਰਕੇ ਵੋਟਾਂ ਨੂੰ ਪ੍ਰਭਾਵਿਤ ਕੀਤਾ।

ਆਰ. ਐੱਸ. ਐੱਸ./ਭਾਜਪਾ ਵਲੋਂ ਮੁਲਕ ਭਰ ਵਿਚ ਫੈਲਾਏ ਜਾ ਰਹੇ ਅੱਤਵਾਦ ਦਾ ਭਾਂਡਾ ਮਹਾਂਰਾਸ਼ਟਰ ਦੇ ਸਾਬਕਾ ਪੁਲਿਸ ਆਈ. ਜੀ. ਮੁਸ਼ਰਿਫ ਵਲੋਂ ਲਿਖੀ ਕਿਤਾਬ ਵਿਚ ਬਾਖੂਬੀ ਚੌਰਾਹੇ ਵਿਚ ਭੰਨਿਆ ਹੈ ਅਤੇ ਉਸ ਕਿਤਾਬ ਨੂੰ ਪੜ੍ਹਣ ਤੋਂ ਬਾਅਦ ਹਰ ਕੋਈ ਇਹ ਵੀ ਸਮਝ ਸਕਦਾ ਹੈ ਕਿ ਅਜਿਹੀਆਂ ਨੀਤੀਆਂ ਕਿਸ ਦੀਆਂ ਰਹੀਆਂ ਹਨ ਅਤੇ ਉਸ ਦੀ ਰੋਸ਼ਨੀ ਵਿਚ ਹੀ ਮੌਜੂਦਾ ਬੇਅਦਬੀ ਦੀਆਂ ਘਟਨਾਵਾਂ ਨੂੰ ਵੀ ਸਮਝਿਆ ਜਾ ਸਕਦਾ ਹੈ।

ਅਕਾਲੀ-ਭਾਜਪਾ ਦੇ ਰਿਸ਼ਤਿਆਂ ਵਿਚ ਚੱਲ ਰਹੀ ਖਟਾਸ ਦੇ ਮੱਦੇ ਨਜ਼ਰ ਵੀ ਇਹਨਾਂ ਘਟਨਾਵਾਂ ਨੂੰ ਸਮਝਣਾ ਬਣਦਾ ਹੈ ਕਿ ਆਰ. ਐੱਸ. ਐੱਸ./ਭਾਜਪਾ ਦੀਆਂ ਭਰਾਤਰੀ ਜਥੇਬੰਦੀਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀਆਂ ਤਿਆਰੀਆਂ ਸਨ, ਇਕ ਤਾਂ ਪਹਿਲਾਂ ਹੀ ਬਦਨਾਮ ਅਕਾਲੀ ਸਰਕਾਰ ਨੂੰ ਹੋਰ ਬਦਨਾਮ ਹੋਣ ਦੇਣਾ ਅਤੇ ਨਾਲ ਦੀ ਨਾਲ ਅਕਾਲੀ ਦਲ ਬਾਦਲ ਦੇ ਬਦਲ ਦੇ ਰੂਪ ਵਿਚ ਕੋਈ ਨਵਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਆਪਣਾ ਹੀ ਪਲੇਟਫਾਰਮ ਤਿਆਰ ਕਰਨਾ ਜਿਸ ਵਾਸਤੇ ਭਾਜਪਾ ਲੀਡਰਾਂ ਵਲੋਂ ਕਈ ਅਕਾਲੀਆਂ ਜਾਂ ਹੋਰਨਾਂ ਨਾਲ ਕੀਤੀਆਂ ਮੀਟਿੰਗਾਂ ਦੇ ਵੇਰਵੇ ਵੀ ਜੱਗ-ਜ਼ਾਹਰ ਹੋ ਚੁੱਕੇ ਹਨ ਅਤੇ ਇਸ ਤੋਂ ਵੀ ਅੱਗੇ ਜੇਕਰ ਇਹਨਾਂ ਘਟਨਾਵਾਂ ਵਿਚੋਂ ਦੰਗੇ ਨਿਕਲ ਆਉਂਦੇ ਤਾਂ ਵੰਡੀ ਹੋਈ ਸਿੱਖ ਵੋਟ ਦੇ ਮੁਕਾਬਲੇ ਹਿੰਦੂ ਵੋਟਾਂ ਦਾਧਰੁਵੀਕਰਨ ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ ਤੇ ਦੇਸ਼ ਦੀ ਏਕਤਾ-ਅਖੰਡਤਾ ਦਾ ਰੋਣਾ ਰੋ ਕੇ ਕੀਤਾ ਜਾਣਾ ਸੀ।

ਆਪਣੀਆਂ ਚਾਲਾਂ ਸਫਲ ਨਾ ਹੁੰਦੀਆਂ ਦੇਖ ਉਹਨਾਂ ਸ਼ਕਤੀਆਂ ਨੇ ਦੁਬਾਰਾ ਇਕ ਪੈਂਤੜਾ ਖੇਡਿਆ ਕਿ ਸਿੱਖ ਤਾਂ ਫਿਰਕੂ ਦੰਗਿਆਂ ਲਈ ਉਕਸਾਹਟ ਵਿਚ ਨਹੀਂ ਆਰਹੇ, ਚਲੋਂ ! ਜਿਵੇਂ ਬਾਕੀ ਮੁਲਕ ਵਿਚ ਮੁਸਲਮਾਨਾਂ ਨਾਲ ਖੇਡ ਖੇਡੀ ਗਈ ਉਸ ਦਾ ਇਕ ਪਾਸਾ ਪੰਜਾਬ ਵਿਚ ਵੀ ਸਿੱਟਿਆ ਜਾਵੇ ਅਤੇ ਆਉਂਦੇ ਸਮੇਂ ਵਿਚ ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਵੀ ਫਾਇਦਾ ਲੈਣ ਲਈ ਕੰਮ ਕੀਤਾ ਜਾਵੇ ਤਾਂ ਉਹਨਾਂ ਸ਼ਕਤੀਆਂ 24 ਜੂਨ ਨੂੰ ਰਮਜ਼ਾਨ ਦੇ ਦਿਨਾਂ ਦੌਰਾਨ ਮਲੇਰਕੋਟਲਾ ਵਿਚ ਪਾਕ-ਕੁਰਾਨ ਦੀ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਉਹ ਕੁਝ ਹੱਦ ਤੱਕ ਸਫਲ ਵੀ ਹੋ ਗਏ ਪਰ ਪੰਜਾਬ ਦੇ ਮੁਸਲਮਾਨਾਂ ਉਪਰ ਸਿੱਖ ਗੁਰੂਆਂ ਦੇ ਸਿਧਾਂਤਾਂ ਦਾ ਕੁਝ ਅਸਰ ਹੈ ਕਿ ਇੱਥੇ ਵੀ ਉਹਨਾਂ ਸ਼ਕਤੀਆਂ ਨੂੰ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ ਜਿਹੋ ਜਿਹੀ ਉਹਨਾਂ ਨੂੰ ਹੋਰਨਾਂ ਰਾਜਾਂ ਵਿਚ ਮਿਲਦੀ ਰਹੀ ਹੈ। ਕਮਾਲ ਦੀ ਗੱਲ ਇਹ ਹੋ ਗਈ ਕਿ ਉਹਨਾਂ ਸ਼ਕਤੀਆਂ ਦਾ ਇਕ ਅਹਿਮ ਪਿਆਦਾ ਤੇ ਪਾਕ-ਕੁਰਾਨ ਦੀ ਹੱਥੀਂ ਬੇਅਦਬੀ ਕਰਨ ਵਾਲਾ ਵਿਜੇ ਕੁਮਾਰ ਗਰਗ ਇਸ ਕੇਸ ਵਿਚਫੜਿਆ ਗਿਆ ਅਤੇ ਉਸ ਦੇ ਦੋ ਹੋਰ ਸਹਾਇਕ ਪਿਓ-ਪੁੱਤਰ ਨੰਦ ਕਿਸ਼ੋਰ ਤੇ ਗੌਰਵ ਵੀ ਇਸ ਘਟਨਾ ਲਈ ਸਹਿ-ਦੋਸ਼ੀ ਵਜੋਂ ਗ੍ਰਿਫਤਾਰ ਹੋਏ।

24 ਜੂਨ ਦੀ ਘਟਨਾ ਤੇ 27 ਜੂਨ ਨੂੰ ਤਿੰਨ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਅਹਿਸਾਸ ਕਰਾਉਂਦੀ ਹੈ ਕਿ ਪੁਲਿਸ ਦੀ ਮੁਸਤੈਦੀ ਨਾਲ ਹਰ ਘਟਨਾ ਦੇ ਅਸਲ ਦੋਸ਼ੀਆਂ ਨੂੰ ਫੜਿਆ ਜਾ ਸਕਦਾ ਹੈ ਬਸ਼ਰਤੇ ਪੁਲਿਸ ਨਿਰਪੱਖ ਹੋ ਕੇ ਬਿਨਾਂ ਕਿਸੇ ਦਬਾਅ ਜਾਂ ਦਖਲ ਅੰਦਾਜ਼ੀ ਨਾਲ ਕੰਮ ਕਰੇ ਪਰ ਇਸ ਕੇਸ ਵਿਚ ਵੀ ਲੱਗਦਾ ਹੈ ਕਿ ਘਟਨਾ ਦੀ ਜਾਂਚ ਵਿਜੇ ਕੁਮਾਰ ਗਰਗ ਜਾਂ ਨੰਦ ਕਿਸ਼ੋਰ ਦੇ ‘ਪਿੱਛੇ ਕੌਣ ਸਨ’ ਵੱਲ ਨੂੰ ਨਹੀਂ ਜਾਵੇਗੀ ਕਿਉਂਕਿ ਵਿਜੇ ਕੁਮਾਰ ਗਰਗ ਦਾ ਪਿਛੋਕੜ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਪ੍ਰਤੀ ਕੋਈ ਸ਼ੱਕ ਰਹਿ ਹੀ ਨਹੀਂ ਜਾਂਦਾ ਕਿ ਇਸ ਸਾਰੀ ਸਾਜ਼ਿਸ ਪਿੱਛੇ ਕੌਣ ਹੈ। ਇਸ ਨਾਲ ਆਰ. ਐੱਸ. ਐੱਸ./ਭਾਜਪਾ ਦੇ ਅਸਲ ਮਨਸ਼ਿਆਂ ਦੀ ਬਦਬੋ ਬਾਹਰ ਆ ਜਾਵੇਗੀ ਤੇ ਜੇਕਰ ਕੋਈ ਹਿੰਮਤ ਕਰਕਰੇ ਵਰਗਾ ਬਹਾਦਰ ਪੁਲਿਸ ਅਫਸਰ ਅਜਿਹੀ ਕਰ ਗਿਆ ਤਾਂ ਉਸ ਨੂੰ ਵੀ ਸ਼ਾਇਦ ਦੇਸ਼ ਦਾ ਸ਼ਹੀਦ ਬਣਾਉਂਦਿਆਂ ਦੇਰ ਨਹੀਂ ਲੱਗਣੀ।

ਤਿੰਨੋਂ ਦੋਸ਼ੀ 2006 ਤੋਂ ਇਕ ਦੂਜੇ ਦੇ ਵਾਕਫਕਾਰ ਸਨ। ਦੋਸ਼ੀ ਵਿਜੇ ਕੁਮਾਰ ਗਰਗ ਤੋਂ ਪਹਿਲਾਂ ਨੰਦ ਕਿਸ਼ੋਰ ਦੀ ਗੱਲ ਕਰੀਏ ਤਾਂ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦਾਪੰਜਾਬ ਦਾ ਸਕੱਤਰ ਹੈ ਅਤੇ ਇਸ ਸਬੰਧੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੰਜਾਬ ਪ੍ਰਧਾਨ ਦਵਿੰਦਰ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਮੰਨੀ ਹੈ ਕਿ ਉਹ ਨੰਦ ਕਿਸ਼ੋਰ ਨੂੰ 15 ਸਾਲ ਤੋਂ ਨਿੱਜੀ ਤੌਰ ’ਤੇ ਜਾਣਦਾ ਹੈ ਅਤੇ ਨੰਦ ਕਿਸ਼ੋਰ ਵਿਸ਼ਵ ਹਿੰਦੂ ਪ੍ਰੀਸ਼ਦ ਦਾ, ਮੇਰੇ ਤੋਂ ਬਾਅਦ ਬਣਿਆ ਸਕੱਤਰ ਹੈ ਅਤੇ ਇਸ ਦਾ ਲੜਕਾ ਗੌਰਵ ਵਿਜੇ ਕੁਮਾਰ ਗਰਗ ਦਾ ਮੁਲਾਜ਼ਮ ਸੀ। ਨੰਦ ਕਿਸ਼ੋਰ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਪੰਡੋਰੀ ਵਿਚ 5000 ਏਕੜ ਵਿਚ ਬਣੇ ਦੇਹਧਾਰੀ ਗੁਰੂ-ਡੰਮ 15ਵੀਂ ਸਦੀ ਵੈਸ਼ਨਵ ਦਰਬਾਰ ਪੰਡੋਰੀ ਧਾਮ ਦਾ ਖਾਸਮ-ਖਾਸ ਸੀ।

ਜੇਕਰ ਮੁੱਖ ਦੋਸ਼ੀ ਵਜੋਂ ਫੜੇ ਗਏ 46 ਸਾਲਾ ਛੜੇ ਵਿਜੇ ਕੁਮਾਰ ਗਰਗ ਦਾ ਇਤਿਹਾਸ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਉਹ ਪੇਸ਼ੇ ਵਜੋਂ ਵਪਾਰੀ ਹੈ, ਜੋ ਜੀਂਦਹਰਿਆਣਾ ਦੇ ਪਿਛੋਕੜ ਅਤੇ ਮੌਜੂਦਾ ਸਮੇਂ ਪਾਲਮ ਕਲੋਨੀ ਦਿੱਲੀ ਦਾ ਰਹਿਣ ਵਾਲਾ ਹੈ। ਉਹ 2008 ਤੋਂ 2010 ਤੱਕ ਅਮਰੀਕਾ ਰਿਹਾ ਅਤੇ ਫਿਰ 2010 ਤੋਂ 2014 ਤੱਕ ਕੈਨੇਡਾ ਵਿਚ ਤੇ 2014 ਵਿਚ ਉਹ ਭਾਰਤ ਵਾਪਸ ਆ ਗਿਆ ਤੇ ਪਹਿਲਾਂ ਮੁੰਬਈ ਤੇ ਫਿਰ ਦਿੱਲੀ ਵਿਚ ਸੈੱਟ ਹੋ ਗਿਆ। ਉਸ ਦੀਆਂ ਹਰਿਆਣਾ, ਚੰਡੀਗੜ੍ਹ, ਦਿੱਲੀ ਇਲਾਕਿਆਂ ਵਿਚ ਕਈ ਕੋਠੀਆਂ ਅਤੇ ਫਲੈਟ ਹਨ। ਉਸ ਦੀ ਬਾਇਓ-ਖਾਦ ਫਰਮ ਦੀਆਂ ਪੰਜਾਬ ਹਰਿਆਣਾ ਵਿਚ ਕਰੀਬ 150 ਏਜੰਸੀਆਂ ਹਨ, ਜਿਸ ਵਿਚ ਉਸ ਨੇ ਕਈਆਂ ਨਾਲ ਠੱਗੀ ਵੀ ਕੀਤੀ ਤੇ ਉਸ ਖਿਲਾਫ ਦੀਨਾ ਨਗਰ ਵਿਚ ਠੱਗੀ ਦਾ ਕੇਸ ਵੀ ਦਰਜ ਹੈ ਅਤੇ ਇਸ ਸਮੇਂ ਦੌਰਾਨ ਹੀ ਵਿਜੇ ਕੁਮਾਰ ਗਰਗ ਦੀ ਨੰਦ ਕਿਸ਼ੋਰ ਤੇ ਗੌਰਵਾ ਨਾਲ ਜਾਣ-ਪਹਿਚਾਣ ਹੋਈ ਸੀ। ਜਿਕਰਯੋਗ ਹੈ ਕਿ ਗਾਜ਼ੀਆਬਾਦ (ਯੂ. ਪੀ.) ਵਿਚ ਹੋਏ ਫਿਰਕੂ ਦੰਗਿਆ ਵਿਚ ਵੀ ਉਹ ਸ਼ਾਮਲ ਸੀ। ਉਹ ਮੂਲ ਰੂਪ ਵਿਚ ਮੁਸਲਮਾਨ ਵਿਰੋਧੀ ਹੈ। ਉਹ ਛੋਟੀਆਂ ਡਾਕੂਮੈਂਟਰੀ ਫਿਲਮਾਂ ਵੀ ਬਣਾਉਂਦਾ ਹੈ। ਛੇ ਸਾਲ ਪਹਿਲਾਂ ਜਦੋਂ ਉਹ ਅਮਰੀਕਾ ਵਿਚ ਗਿਆ ਸੀ ਤਾਂ ਉਸ ਕੋਲ ਫਿਰਕੂ ਦਸਤਾਵੇਜ਼ ਹੋਣ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਲੇਰਕੋਟਲਾ ਘਟਨਾ ਨੂੰ ਅੰਜ਼ਾਮ ਦੇਣ ਲਈ ਉਸ ਨੇ ਅੰਬਾਲਾ ਵਾਸੀ ਸੰਜੇ ਕੁਮਾਰ ਸ਼ਰਮਾ ਨਾਮੀ ਵਿਅਕਤੀ ਦੇ ਨਾਮ ’ਤੇ ਨਵੀਂ ਗੱਡੀ ਮਹਿੰਦਰਾ ਥਾਰ ਖਰੀਦੀ ਜਦ ਕਿ ਉਸ ਕੋਲ ਪਹਿਲਾਂ ਹੀ ਕਈ ਗੱਡੀਆਂ ਸਨ। ਉਸ ਨੇ ਜ਼ੁਰਮ ਵਿਚ ਨਾਮ ਆਉਣ ਤੋਂ ਬਚਣ ਲਈ ਸਰਜੀਕਲ ਦਸਤਾਨੇ ਪਾ ਕੇ ਪਾਕ-ਕੁਰਾਨ ਦੀ ਬੇਅਦਬੀ ਕੀਤੀ ਤਾਂ ਜੋ ਉਸ ਦੇ ਹੱਥਾਂ ਦੇ ਨਿਸ਼ਾਨ ਪੰਨਿਆਂ ਉਪਰ ਨਾਆਉਂਣ। ਉਸ ਨੇ ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰੋਂ ਦੁਕਾਨ ਨੰਬਰ 3 ਤੋਂ ਪਾਕ-ਕੁਰਾਨ ਦੀਆਂ ਚਾਰ ਕਾਪੀਆਂ ਖਰੀਦੀਆਂ ਸਨ। ਗ੍ਰਿਫਤਾਰੀ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਦੀ ਦਿੱਲੀ ਸਥਿਤ ਪਾਲਮ ਕਲੋਨੀ ਰਿਹਾਇਸ਼ ਵਿਚ ਛਾਪਾ ਮਾਰਿਆ ਤਾਂ ਉਸ ਦੀ ਔਡੀ ਗੱਡੀ ਵਿਚੋਂ ਵੀ ਪਾਕ-ਕੁਰਾਨ ਦੇ ਪੱਤਰੇ ਮਿਲੇ। ਉਸੇ ਬੈਂਕ ਲਾਕਰਾਂ ਵਿਚੋਂ ਵੀ ਕਈ ਦਸਤਾਵੇਜ਼ ਜਬਤ ਕੀਤੇ ਗਏ ਹਨ।

ਸਾਰੀ ਸਜ਼ਿਸ ਦਾ ਕਰਤਾ-ਧਰਤਾ ਵਿਜੇ ਕੁਮਾਰ ਗਰਗ ਕੋਈ ਆਮ ਵਿਅਕਤੀ ਨਹੀਂ ਸਗੋਂ ਇਸ ਦੇ ਭਾਰਤ ਦੀਆਂ ਏਜੰਸੀਆਂ ਦੇ ਉੱਚ ਅਫਸਰਾਂ ਨਾਲ ਸਿੱਧੇ ਸੰਪਰਕ ਹਨ ਜਿਹਾ ਕਿ ਉਸ ਨੇ 2014 ਵਿਚ ਭਾਰਤੀ ਸਿਟੀਜਨ ਸੁਰੱਖਿਆ ਕੌਂਸਲ ਅਤੇ ਅਕਤੂਬਰ 2015 ਵਿਚ ਸ਼ਿਵਾ ਬਲਿਸ਼ ਫਾਊਡੇਸ਼ਨ ਨਾਮੀ ਜਥੇਬੰਦੀਆਂ ਦਾ ਵੀ ਗਠਨ ਕੀਤਾ ਸੀ ਅਤੇ ਇਸ ਸਬੰਧੀ ਉਹ ਸਾਬਕਾ ਡੀ. ਜੀ. ਪੁਲਿਸ ਟੀ. ਸੀ. ਨਾਥ, ਆਰ. ਕੇ. ਓਹਰੀ, ਕੇ. ਪੀ. ਐੱਸ. ਗਿੱਲ, ਪਰਕਾਸ ਸਿੰਘ, ਐੱਸ. ਐੱਸ.ਵਿਰਕ ਆਦਿ ਕਈ ਸਾਬਕਾ ਅਤੇ ਮੌਜੂਦਾ ਅਫਸਰਾਂ ਦੇ ਸੰਪਰਕ ਵਿਚ ਸੀ।

ਸਭ ਤੋਂ ਵੱਡੀ ਗੱਲ ਕਿ ਉਸ ਦਾ ਮੁੱਢ ਆਰ. ਐੱਸ. ਐੱਸ ਨਾਲ ਜੁੜਦਾ ਹੈ ਕਿਉਂਕਿ ਉਹ 1983 ਤੋਂ 1991 ਤੱਕ ਆਰ. ਐੱਸ. ਐੱਸ. ਦੀ ਸ਼ਾਖਾ ਲਗਾਉਂਦਾ ਰਿਹਾ ਹੈ ਅਤੇ ਬਾਅਦ ਵਿਚ 1991 ਤੋਂ 2001 ਤੱਕ ਉਸ ਨੇ ਆਰ. ਐੱਸ. ਐੱਸ. ਦੇ ਪਰਚਾਰਕ ਵਜੋਂ ਵੀ ਕੰਮ ਕੀਤਾ ਹੈ। ਸਭ ਤੋਂ ਅਹਿਮ ਗੱਲ ਕਿ ਉਸ ਨੇ ਆਰ. ਐੱਸ. ਐੱਸ. ਵਿਚ ਹੋਲ-ਟਾਈਮ ਵਰਕਰ ਵਜੋਂ ਕੰਮ ਕਰਦਿਆ ਵਿਆਹ ਵੀ ਨਹੀਂ ਕਰਵਾਇਆ।

ਵਿਜੇ ਕੁਮਾਰ ਗਰਗ ਵਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦਾ ਨਾਮ ਲੈ ਕੇ ਇਸ ਸਾਰੇ ਘਟਨਾਕ੍ਰਮ ਨੂੰ ਇਕ ਵੱਖਰੀ ਕਿਸਮ ਦਾ ਮੋੜ ਦੇ ਦਿੱਤਾ ਗਿਆ। ਇਹ ਗੱਲ ਸਾਬਤ ਹੈ ਕਿ ਵਿਜੇ ਕੁਮਾਰ ਗਰਗ ਦੇ ਵਿਧਾਇਕ ਨਰੇਸ਼ ਯਾਦਵ ਨਾਲ ਸਬੰਧ ਸਨ ਅਤੇ ਇਸ ਗੱਲ ਵਿਚ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਵਿਚ ਵੀ ਆਰ. ਐੱਸ. ਐੱਸ ਨਾਲ ਸਬੰਧਤ ਬੰਦੇ ਹਨ, ਜੋ ਆਪਣੀ ਸੋਚ ਨੂੰ ਆਮ ਆਦਮੀ ਪਾਰਟੀ ਰਾਹੀਂ ਵੀ ਲਾਗੂ ਕਰਵਾ ਰਹੇ ਹਨ ਅਤੇ ਅਗਾਂਹ ਨੂੰ ਪੰਜਾਬ ਵਿਚ ਵੀ ਕਰਾਉਂਣ ਲਈ ਤਰਲੋ-ਮੱਛੀ ਹਨ। ਇਹ ਗੱਲ ਵੀ ਸਾਬਤ ਹੋ ਚੁੱਕੀ ਹੈ ਕਿ 24 ਜੂਨ ਨੂੰ ਮਲੇਰਕੋਟਲਾ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਵਿਜੇ ਕੁਮਾਰ ਗਰਗ ਤੇ ਉਸ ਦੇ ਸਾਥੀ ਵਿਧਾਇਕ ਨਰੇਸ਼ ਯਾਦਵ ਨੂੰ ਮਿਲੇ ਸਨ ਅਤੇ ਉਸ ਨੂੰ ਮਿਲਣ ਤੋਂ ਬਾਅਦ ਦੋਸ਼ੀਆਂ ਨੇ ਸਿੱਧਾ ਪੰਜਾਬ ਵੱਲ ਘਟਨਾ ਨੂੰ ਅੰਜ਼ਾਮ ਦੇਣ ਲਈ ਹੀ ਚਾਲੇ ਪਾਏ ਸਨ। ਦੋਸ਼ੀਆਂ ਦੀ ਵਿਧਾਇਕ ਨਾਲ ਹੋਈ ਗੱਲਬਾਤ ਬਾਰੇ ਦੋਸ਼ੀ ਤਾਂ ਦੱਸ ਰਹੇ ਹਨ ਕਿ ਉਸ ਨੇ ਹੀ ਸਾਨੂੰ ਘਟਨਾ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ ਕਿ ਪੰਜਾਬ ਵਿਚ ਸਰਕਾਰ ਬਣਾਉਂਣ ਨਾਲ ਹੀ ਆਮ ਆਦਮੀ ਪਾਰਟੀ ਬਚਦੀ ਹੈ ਅਤੇ ਇਸ ਵਾਸਤੇ ਅਜਿਹਾ ਕੁਝ ਵਾਪਰਨ ਨਾਲ ਲੋਕ ਸਰਕਾਰ ਵਿਰੁੱਧ ਹੋ ਜਾਣਗੇ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣਗੇ। ਇਸ ਗੱਲਬਾਤ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦੀ ਵੇਚ-ਖਰੀਦ ਬਾਰੇ ਸੌਦੇ ਹੋਣ ਦੇ ਇੰਕਸਾਫ ਵੀ ਸਾਹਮਣੇ ਆਏ ਹਨ ਪਰ ਵਿਧਾਇਕ ਨਰੇਸ਼ ਯਾਦਵ ਅਜੇ ਇਸ ਗੱਲ ਤੋਂ ਇਨਕਾਰੀ ਹੈ ਜਦਕਿ ਉਹ ਮੁੱਖ ਦੋਸ਼ੀ ਵਿਜੇ ਕੁਮਾਰ ਗਰਗ ਨਾਲ ਆਪਣੇ ਨਿੱਜੀ ਸਬੰਧ 2006 ਤੋਂ ਦਰਸਾ ਰਿਹਾ ਹੈ ਅਤੇ ਵਿਜੇ ਕੁਮਾਰ ਗਰਗ ਵਲੋਂਦਰਸਾਈ ਜਾ ਰਹੀ ਗੱਲਬਾਤ ਦੀ ਮਿਤੀ ਤੋਂ ਵੀ ਇਨਕਾਰੀ ਨਹੀਂ ਹੈ ਪਰ ਗੱਲਬਾਤ ਦੇ ਵਿਸ਼ਾ-ਵਸਤੂ ਤੋਂ ਇਨਕਾਰੀ ਜਰੂਰ ਹੈ। ਦੇਖਣ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਨੇ ਸਿਆਸੀ ਤੌਰ ’ਤੇ ਬਾਦਲ ਪਾਰਟੀ ਦਾ ਗ੍ਰਾਫ ਹੇਠਾਂ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਵਧਿਆ ਹੈ ਭਾਵ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦਾ ਸਿਆਸੀ ਲਾਹਾ ਆਮ ਆਦਮੀ ਪਾਰਟੀ ਨੂੰ ਹੀ ਹੋਇਆ ਹੈ। ਦੂਜੀਆਂ ਪੰਥਕ ਧਿਰਾਂ ਉਪਰ ਵਕਤੀ ਜਬਰ ਕਰਕੇ ਅਤੇ ਉਹਨਾਂ ਦੇ ਜਜਬਾਤਾਂ ਨੂੰ ਭੜਕਾ ਕੇ ਬਾਦਲ ਪਾਰਟੀ ਆਪਣੀ ਵਿਰੋਧੀ ਵੋਟ ਨੂੰ ਵੰਡ ਹੀ ਰਹੀ ਹੈ।

ਮਲੇਰ ਕੋਟਲਾ ਵਾਲੀ ਘਟਨਾ ਦੀ ਜਾਂਚ ਸਮੇਂ ਪੁਲਿਸ ਵਲੋਂ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਵੀਇਹਨਾਂ ਦੋਸ਼ੀਆਂ ਨਾਲ ਜੋੜ ਕੇ ਜਾਂਚ ਕਰਨ ਦੀ ਗੱਲ ਆਖੀ ਗਈ ਪਰ ਅਜੇ ਤੱਕ ਇਸ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਏ ਜਿਸ ਵਾਸਤੇ ਜਰੂਰੀ ਸੀ ਕਿ ਵਿਜੇ ਕੁਮਾਰ ਗਰਗ ਤੇ ਵਿਧਾਇਕ ਨਰੇਸ਼ ਯਾਦਵ ਦਾ ਪੋਲੀਗ੍ਰਾਫੀ ਟੈਸਟ ਹੁੰਦਾ ਪਰ ਉਹ ਵੀ ਹਾਲ ਦੀ ਘੜੀ ਤਾਂ ਟਾਲ ਦਿੱਤਾ ਗਿਆ ਹੈ ਅਤੇ ਕਿਉਂਕਿ ਬਾਦਲ ਸਰਕਾਰ ਦੀ ਧਾਰਾ 295 ਵਿਚ ਕੀਤੀ ਸੋਧ ਦਾ ਅਜੇ ਤੱਕ ਨੋਟੀਫਿਕੇਸ਼ਨ ਨਾ ਹੋਣ ਕਰਕੇ ਇਸ ਸਾਰੇ ਕੇਸ ਉਸ ਨਵੀਂ ਤਜ਼ਵੀਜ਼ਸ਼ੁਦਾ ਸਜ਼ਾ ਤੋਂ ਬਾਹਰ ਹੀ ਰਹਿਣਗੇਅਤੇ ਇਸ ਹਿਸਾਬ ਨਾਲ ਦੋਸ਼ੀਆਂ ਦੀ ਛੇਤੀ ਜਮਾਨਤ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਪੋਲੀਗ੍ਰਾਫੀ ਟੈਸਟ ਕਰਨ ਦਾ ਕੋਈ ਖਾਸ ਫਾਇਦਾ ਸਾਹਮਣੇ ਆਉਂਣ ਦੀ ਉਮੀਦ ਘੱਟ ਹੀ ਹੈ। ਮਲੇਰਕੋਟਲਾ ਵਿਚ ਪਾਕ-ਕੁਰਾਨ ਦੀ ਬੇਅਦਬੀ ਦੇ ਅਸਲ ਸਾਜ਼ਿਸ ਕਰਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਸਮੇਤ ਸਜ਼ਿਸ ਕਰਤਾ ਉੱਤੇ ਵੀ ਪਰਦਾ ਪਿਆ ਹੀ ਰਹੇਗਾ।

ਜਿਕਰਯੋਗ ਹੈ ਕਿ ਇਸ ਸਾਰੇ ਘਟਨਾਕ੍ਰਮ ਨੂੰ ਸਮਝਣ ਵਾਲੇ ਵੀ ਤੇ ਨਾ-ਸਮਝਣ ਵਾਲੇ ਵੀ ਇਸ ਸਬੰਧੀ ਸਾਜ਼ਿਸੀ ਚੁੱਪ ਵਰਤਾ ਕੇ ਬੈਠੇ ਹਨ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀਆਂ ਦੀ ਇਸ ਪੱਖ ਤੋਂ ਜਾਂਚ ਕਰਨ ਲਈ ਕੋਈ ਪੁਖਤਾ ਪ੍ਰੋਗਰਾਮ ਦੇਣ ਜਾਂ ਕਾਨੂੰਨੀ ਚਾਰਾਜੋਈ ਕਰਨ ਦੀ ਥਾਂ ਵੋਟ ਰਾਜਨੀਤੀ ਤਹਿਤ ਸਰਕਾਰ ਨੂੰ ਭੰਡ ਕੇ ਆਪਣਾ ਹਲਵਾ-ਮਾਂਡਾ ਬਣਾਈ ਰੱਖਣ ਦੀਆਂ ਕਾਰਵਾਈਆਂ ਕਰ ਰਹੇ ਹਨ।

2006-2007-2008 ਵਿਚ ਭਾਰਤ ਭਰ ਵਿਚ ਅਨੇਕਾ ਥਾਵਾਂ ਉਪਰ ਬੰਬ ਧਮਾਕੇ ਹੋਏ ਅਤੇ ਉਹਨਾਂ ਦੇ ਦੋਸ਼ਾਂ ਤਹਿਤ ਬੇਕਸੂਰ ਮੁਸਲਮਾਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਧੱਕ ਦਿੱਤਾ ਗਿਆ ਪਰ ਜਦੋਂ ਐਂਟੀ ਟੈਰੋਰਿਸਟ ਸਕੁਐਡ ਦੀ ਕਮਾਨ ਹਿੰਮਤ ਕਰਕਰੇ ਨਾਮੀ ਇਮਾਨਦਾਰ ਪੁਲਿਸ ਅਫਸਰ ਹੱਥ ਆਈ ਤਾਂ ਉਸ ਨੇ ਆਰ. ਐੱਸ. ਐੱਸ ਨਾਲ ਸਬੰਧਤ ਜਥੇਬੰਦੀਆਂ ਦਾ ਇਹਨਾਂ ਬੰਬ ਧਮਾਕਿਆਂ ਵਿਚ ਅਸਲ ਹੱਥ ਹੋਣਾ ਸਾਬਤ ਕੀਤਾ ਅਤੇ ਬ੍ਰਾਹਮਣਵਾਦੀ ਅੱਤਵਾਦੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਪਰ ਸਰਕਾਰਾਂ ਤੇ ਏਜੰਸੀਆਂ ਨੇ ਬੰਬੇ ਹਮਲਿਆਂ ਦੀ ਆੜ ਹੇਠ ਉਸ ਬਹਾਦਰ ਅਫਸਰ ਹਿੰਮਤ ਕਰਕਰੇ ਦੀ ਬਲੀ ਲੈ ਲਈ ਅਤੇ ਉਸ ਦੀ ਥਾਂ ਆਰ. ਐੱਸ. ਐੱਸ ਨਾਲ ਹੀ ਸਬੰਧਤ ਬਦਨਾਮ ਪੁਲਿਸ ਅਫਸਰ ਨੂੰ ਉਸ ਦੀ ਥਾਂ ਤੇ ਐਂਟੀ ਟੈਰੋਰਿਸਟ ਸਕੁਐਡ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ ਅਤੇ ਹਿੰਮਤ ਕਰਕਰੇ ਵਲੋਂ ਕੀਤੀ ਜਾਂਚ ਉੱਥੇ ਹੀ ਰੁਕ ਗਈ ਅਤੇ ਉਸ ਵਲੋਂ ਗ੍ਰਿਫਤਾਰ ਕੀਤੇ ਬ੍ਰਾਹਮਣਵਾਦੀ ਅੱਤਵਾਦੀਆਂ ਉਪਰ ਦਰਜ ਕੇਸ ਵੀ ਅਦਾਲਤਾਂ ਵਿਚੋਂ ਹੌਲੀ-ਹੌਲੀ ਕਿਰਨੇ ਸ਼ੁਰੂ ਹੋ ਗਏ।

ਗੱਲ ਸਪੱਸ਼ਟ ਹੈ ਕਿ ਵਿਜੇ ਕੁਮਾਰ ਗਰਗ ਦੀ ਗ੍ਰਿਫਤਾਰੀ ਬੇਅਦਬੀ ਕੇਸਾਂ ਦੀ ਰਚੀ ਗਈ ਸਾਜ਼ਿਸ਼ ਦੀ ਅਹਿਮ ਕੜੀ ਹੈ ਤੇ ਇਸ ਸਬੰਧੀ ਸਾਰੀ ਜਾਂਚ ਨਿਰਪੱਖ ਤੇਇਮਾਨਦਾਰ ਪੁਲਿਸ ਅਫਸਰਾਂ ਪਾਸੋਂ ਹਾਈ ਕੋਰਟ ਦੇ ਕਿਸੇ ਇਮਾਨਦਾਰ ਮੌਜੂਦਾ ਜੱਜ ਦੀ ਦੇਖ-ਰੇਖ ਅਧੀਨ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਜੇ ਕੁਮਾਰ ਗਰਗ ਤੇ ਭਾਜਪਾ/ਆਰ. ਐੱਸ. ਐੱਸ. ਦੀ ਇਹਨਾਂ ਸਾਰੇ ਬੇਅਦਬੀ ਕਾਂਡਾਂ ਦੀ ਰਚੀ ਸਾਜ਼ਿਸ ਉਘੜ ਕੇ ਲੋਕਾਂ ਸਾਹਮਣੇ ਆਵੇ ਪਰ ਇਸ ਸਬੰਧੀ ਕੀਤੀ ਜਾ ਰਹੀ ਦੇਰੀ ਸਿੱਧ ਕਰਦੀ ਹੈ ਕਿ ਵਿਜੇ ਕੁਮਾਰ ਗਰਗ ਛੇਤੀ ਜੇਲ੍ਹ ’ਚੋਂ ਬਾਹਰ ਆ ਜਾਵੇਗਾ ਅਤੇ ਖਦਸ਼ਾ ਹੈ ਕਿ ਸਾਰੀ ਸਜ਼ਿਸ਼ ਉੱਤੇ ਪਰਦਾ ਪਾਈ ਰੱਖਣ ਲਈ ਭਾਰਤ ਭਰ ਵਿਚ ਬ੍ਰਾਹਮਣਵਾਦੀ ਅੱਤਵਾਦ ਦੇ ਚਿਹਰੇ ਅਨਿਲ ਜੋਸ਼ੀ ਵਾਂਗ ਵਿਜੇ ਕੁਮਾਰ ਗਰਗ ਨੂੰ ਵੀ ਗਾਇਬ ਕਰ ਦਿੱਤਾ ਜਾਵੇਗਾ।

ਸੋ ਲੋੜ ਹੈ ਕਿ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਇਕ ਲੜੀ ਤਹਿਤ ਸਮਝਣ ਦੀ ਅਤੇ ਇਸ ਗੱਲ ਦਾ ਮੁਤਾਲਿਆ ਕਰਨ ਦੀ ਕਿ ਕੇਵਲ ਆਰ. ਐੱਸ. ਐੱਸ./ਭਾਜਪਾ ਹੀ ਹੈ ਜੋ ਇਸ ਤਰ੍ਹਾਂ ਦੀ ਰਾਜਨੀਤੀ ਪਿਛਲੇ ਲੰਮੇ ਸਮੇਂ ਤੋਂ ਭਾਰਤ ਭਰ ਵਿਚ ਕਰ ਰਹੀ ਹੈ ਅਤੇ ਬੇਸਮਝ ਅਕਾਲੀ ਆਪਣੀ ਨਿਗੂਣੀ ਸੱਤਾ ਸ਼ਕਤੀ ਲਈ ਇਹਨਾਂ ਦੇ ਪਿੱਛ ਲੱਗ ਬਣ ਕੇ ਜਿੱਥੇ ਆਪਣੇ ਗੁਰੂ ਦੀ ਬੇਅਦਬੀ ਦੇ ਭਾਗੀਦਾਰ ਬਣ ਰਹੇ ਹਨ ਉੱਥੇ ਅਕਾਲੀ ਦਲ ਦੀ ਹੋਂਦ-ਹਸਤੀ ਤੇ ਵੱਕਰ ਨੂੰ ਦਾਅ ਉਪਰ ਲਾ ਰਹੇ ਹਨ। ਇਹ ਗੱਲ ਵੱਧ ਸਮਝਣ ਦੀ ਹੈ ਕਿ ਬ੍ਰਾਹਮਣਵਾਦੀ ਸੋਚ ਕਿਸੇ ਇਕ ਨਾਮ ਆਰ. ਐੱਸ. ਐੱਸ./ਭਾਜਪਾ ਰਾਹੀਂ ਹੀ ਪ੍ਰਵਾਹਤ ਨਹੀਂ ਹੁੰਦੀ ਜਾਂ ਉਹਨਾਂ ਲਈ ਪੰਜਾਬ ਵਿਚ ਸੱਤਾ ਵਿਚ ਭਾਗੀਦਾਰੀ ਕੇਵਲ ਬਾਦਲ ਦਲ ਰਾਹੀਂ ਹੀ ਨਹੀਂ ਮਿਲਣੀ ਸਗੋਂ ਇਸ ਸੋਚ ਦੇ ਵਿਅਕਤੀ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਪੁਲਿਸ, ਫੌਜ, ਪ੍ਰਸਾਸ਼ਕੀ ਅਹੁਦਿਆਂ ਜਾਂ ਕਿਸੇ ਹੋਰ ਸਿੱਖ ਸੰਸਥਾ ਵਿਚ ਵੀ ਬੈਠੇ ਆਪਣਾ ਗਲਬਾ ਸਮੁੱਚ ਉੱਤੇ ਪਾਉਂਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ ਜਿਹਨਾਂ ਦਾ ਮੁਕਾਬਲਾ ਕੇਵਲ ਨਾਅਰਿਆਂ ਜਾਂ ਧਰਨਿਆਂ ਨਾਲ ਨਹੀਂ ਕੀਤਾ ਜਾ ਸਕਦਾ।

ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਸਾਨੂੰ ਬਾਣੀ-ਬਾਣੇ ਦੇ ਪਿਆਰ ਤੇ ਵਿਚਾਰ ਨਾਲ ਸੁਚੱਜੀ ਜੀਵਨ-ਜਾਚ ਬਖਸ਼ੇ ਜਿਸ ਰਾਹੀਂ ਅਸੀਂ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਉਘਾੜ ਕੇ ਸਰਬਤ ਦੇ ਭਲੇ ਵਾਲਾ ਪਰਬੰਧ ‘ਰਾਜ ਕਰੇਗਾ ਖਾਲਸਾ’ ਪਰਗਟ ਕਰ ਸਕੀਏ।

ਯੋਗਾ, ਦਵਾਈ ਦੋਨਾਂ, ਨਾ ਕੰਮ ਕੀਤਾ

0

ਯੋਗਾ, ਦਵਾਈ ਦੋਨਾਂ,  ਨਾ ਕੰਮ ਕੀਤਾ

‘ਯੋਗੇ’ ਨਾਲ  ਸਾਰੇ  ਰੋਗ  ਦੂਰ ਕਰਨ ਵਾਲੇ,

‘ਪੰਤਜ਼ਲੀ’ ਲਿਆਏ ਦਵਾਈਆਂ ਦੇ ਬੋਹਲ਼ ਲੋਕੋ !

ਗ਼ੌਰ ਨਾਲ  ਵੇਖੋ  ਇਹਦੀ ਅੱਖ ਖੱਬੀ,

ਇਹ  ‘ਰਾਮਦੇਵ’ ਦੀ  ਖੋਲਦੀ  ਪੋਲ਼  ਲੋਕੋ !

ਯੋਗਾ, ਦਵਾਈ  ਦੋਨਾਂ,  ਨਾ  ਕੰਮ  ਕੀਤਾ,

ਅੱਖੀਂ  ਵੇਖਲੋ, ਨਹੀਂ ਮਖੌਲ  ਲੋਕੋ !

ਸਦੀ ਇੱਕੀਵੀਂ ਵਿਗਿਆਨਕ ਯੁੱਗ ਇਹ,

ਮੇਜਰ ਆਖਦਾ ਚਲੋ ਅੱਖਾਂ ਖੋਲ਼ ਲੋਕੋ !

ਮੇਜਰ ਸਿੰਘ ‘ਬੁਢਲਾਡਾ’-94176 42327

ਵਿਆਹ ਤੋਂ ਪਹਿਲਾਂ ਕੁੰਡਲੀਆਂ ਨਹੀਂ ਬਲਕਿ ਮੈਡੀਕਲ ਚੈਕਅੱਪ ਕਰਵਾਉਣਾ ਲਾਹੇਵੰਦ

0

ਵਿਆਹ ਤੋਂ ਪਹਿਲਾਂ ਕੁੰਡਲੀਆਂ ਨਹੀਂ ਬਲਕਿ ਮੈਡੀਕਲ ਚੈਕਅੱਪ ਕਰਵਾਉਣਾ ਲਾਹੇਵੰਦ

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)- 98146-99446

ਮਨੁੱਖ ਭਾਵੇਂ ਚੰਨ ’ਤੇ ਪਹੁੰਚ ਗਿਆ ਪਰ ਸਮਾਜ ਵਿੱਚ ਪਨਪ ਰਹੀਆਂ ਘਟੀਆ ਰੀਤਾਂ ਅਤੇ ਰੂੜੀਵਾਦੀ ਸੋਚਾਂ ਉਸ ਦਾ ਪਿੱਛਾ ਨਹੀਂ ਛੱਡਦੀਆਂ। ਇਸ ਤਰ੍ਹਾਂ ਦੀ ਹੀ ਇਕ ਰੀਤ ਹੈ: ‘ਵਿਆਹ ਤੋਂ ਪਹਿਲਾਂ ਕੁੰਡਲੀਆਂ ਮਿਲਾਉਣੀਆਂ’। ਮਤਲਬ ਕਿ ਕਿਸੇ ਦੇ ਗੁਣਾਂ-ਔਗੁਣਾਂ ਨੂੰ ਕੁੰਡਲੀ ਰਾਹੀਂ ਪਰਖ ਕੇ ਦੂਸਰੇ ਦੇ ਗੁਣਾਂ-ਔਗੁਣਾਂ ਨਾਲ ਮਿਲਾਉਣਾ ਪਰ ਫਿਰ ਵੀ ਇਸ ਤਰ੍ਹਾਂ ਕੁੰਡਲੀਆਂ ਮਿਲਾ ਕੇ ਕੀਤੇ ਗਏ ਵਿਆਹ ਕਿੰਨਾ ਕੁ ਸਿਰੇ ਚੜ੍ਹਦੇ ਹਨ, ਅਸੀਂ ਸਾਰੇ ਜਾਣਦੇ ਹਾਂ।

ਵਿਆਹ ਦੋ ਰੂਹਾਂ ਦਾ ਮਿਲਾਪ ਹੈ ਪਰ ਕਈ ਵਾਰ ਇਹ ਰੂਹਾਂ ਦਾ ਮਿਲਾਪ, ਕੁੰਡਲੀਆਂ ਦੀ ਭੇਂਟ ਚੜ੍ਹ ਜਾਂਦਾ ਹੈ ਅਤੇ ਕਈ ਕੁੰਡਲੀਆਂ ਦੇ ਮਾਰੇ ਅਜੇ ਤੱਕ ਕੁਆਰੇ ਹੀ ਰਹਿ ਗਏ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਕਿ ਇਕ ਮਨੁੱਖ ਦੀ ਸੋਚ ਦੂਸਰੇ ਨਾਲੋਂ ਭਿੰਨ ਹੁੰਦੀ ਹੈ। ਸੁਭਾਅ ਹਮੇਸ਼ਾਂ ਵੱਖਰੇ ਹੁੰਦੇ ਹਨ ਪਰ ਵਿਆਹ ਤੋਂ ਪਿੱਛੋਂ ਇਕ-ਦੂਜੇ ਨੇ ਸੁਭਾਅ ਨੂੰ ਸਮਝਣਾ ਹੁੰਦਾ ਹੈ। ਅਡਜਸਟ ਹੋਣਾ ਹੁੰਦਾ ਹੈ, ਅਗਰ ਇਹ ਅਡਜਸਟਮੈਂਟ ਨਹੀਂ ਹੁੰਦੀ ਤਾਂ ਗੱਲ ਆ ਕੇ ਤਲਾਕ ’ਤੇ ਪਹੁੰਚ ਜਾਂਦੀ ਹੈ। ਫਿਰ ਸਾਡਾ ਸਮਾਜ ਇਸੇ ਗੱਲ ’ਤੇ ਆ ਕੇ ਗੱਲ ਨੂੰ ਖ਼ਤਮ ਕਰਦਾ ਹੈ ਕਿ ਇਨ੍ਹਾਂ ਦੀਆਂ ਤਾਂ ਕੁੰਡਲੀਆਂ ਨਹੀਂ ਮਿਲਦੀਆਂ। ਪੰਡਿਤ ਨੇ ਕਿਹਾ ਵੀ ਸੀ ਕਿ ਅਗਰ ਇਹ ਵਿਆਹ ਕਰ ਦਿੱਤਾ ਤਾਂ ਸਿਰੇ ਨਹੀਂ ਚੜ੍ਹਨਾ ਪਰ ਕੁੜੀ-ਮੁੰਡਾ ਆਪਣੀਆਂ ਗਲਤੀਆਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਨ ਅਤੇ ਫਿਰ ਕੁੰਡਲੀਆਂ ਦੇ ਚੱਕਰ ਵਿਚ ਫਸ ਜਾਂਦੇ ਹਨ। ਜਦੋਂ ਇਕ ਵਾਰ ਜ਼ਿੰਦਗੀ ਵਿਚ ਠੋਕਰ ਲੱਗ ਜਾਂਦੀ ਹੈ ਤਾਂ ਬੰਦਾ ਵੈਸੇ ਵੀ ਸਿਆਣਾ ਹੋ ਜਾਂਦੈ। ਇਸ ਤਰ੍ਹਾਂ ਦੂਜਾ ਵਿਆਹ ਕਈਆਂ ਦੇ ਰਾਸ ਆ ਜਾਂਦੈ ਅਤੇ ਕਈਆਂ ਦਾ ਟੁੱਟ ਜਾਂਦੈ। ਸੋ, ਕਹਿਣ ਤੋਂ ਭਾਵ ਵਿਆਹ ਤੋਂ ਬਾਅਦ ਬੇਸ਼ੱਕ ਮੁੰਡਾ ਜਾਂ ਕੁੜੀ ਦੋਹਾਂ ਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਂਦੀਆਂ ਹਨ, ਇਕ-ਦੂਜੇ ਨੂੰ ਸਮਝਣਾ ਪੈਂਦਾ ਹੈ। ਜੇਕਰ ਨਹੀਂ ਸਮਝਦੇ ਤਾਂ ਵਿਆਹ ਟੁੱਟਦੇ ਰਹਿੰਦੇ ਹਨ, ਤਲਾਕ ਹੁੰਦੇ ਰਹਿੰਦੇ ਹਨ।

ਪਰ ਅੱਜ ਕੱਲ੍ਹ ਜੋ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਕਿ ਕਈ ਮੁੰਡੇ-ਕੁੜੀਆਂ ਵਿਚ ਸਰੀਰਕ ਜਾਂ ਮਾਨਸਿਕ ਖ਼ਾਮੀਆਂ ਹੁੰਦੀਆਂ ਹਨ। ਜਿਸ ਕਰਕੇ ਵਿਆਹ ਰੂਪੀ ਪਵਿੱਤਰ ਬੰਧਨ ਵਿਚ ਤ੍ਰੇੜਾਂ ਆ ਜਾਂਦੀਆਂ ਹਨ। ਇਹ ਤ੍ਰੇੜਾਂ ਵਧਦੀਆਂ-ਵਧਦੀਆਂ ਤਲਾਕ ਤੱਕ ਪਹੁੰਚ ਜਾਂਦੀਆਂ ਹਨ। ਦੁਨੀਆਂ ਉੱਤੇ ਕੋਈ ਵੀ ਮਨੁੱਖ 100 % ਤੰਦਰੁਸਤ ਨਹੀਂ। ਮਾੜੀ – ਮੋਟੀ ਤਕਲੀਫ਼ ਹਰ ਕਿਸੇ ਨੂੰ ਹੁੰਦੀ ਹੈ ਪਰ ਕੁੱਝ ਅਜਿਹੀਆਂ ਮਰਜ਼ਾਂ (ਬਿਮਾਰੀਆਂ) ਹੁੰਦੀਆਂ ਹਨ, ਜੋ ਜੀਵਨ ਦੇ ਪੰਧ ਵਿਚ ਰੋੜਾ ਬਣ ਜਾਂਦੀਆਂ ਹਨ, ਉਹਨਾਂ ਨੂੰ ਅੱਖੋਂ ਓਹਲੇ ਕਰਨਾ, ਆਪਣੇ ਆਪ ਨਾਲ ਅਤੇ ਆਪਣੇ ਜੀਵਨ ਸਾਥੀ ਨਾਲ ਨਿਰਾ ਧ੍ਰੋਹ ਹੁੰਦਾ ਹੈ। ਸਾਡੇ ਸਮਾਜ ਵਿਚ ਜਿੱਥੇ ਭਾਨੀ ਮਾਰ ਕੇ ਕਈ ਚੰਗੇ ਭਲੇ ਰਿਸ਼ਤੇ ਬਣਨ ਤੋਂ ਪਹਿਲਾਂ ਤੋੜ ਦਿੱਤੇ ਜਾਂਦੇ ਹਨ, ਉੱਥੇ ਕਈ ਰਿਸ਼ਤੇ ਅਜਿਹੇ ਗੰਢ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਸਾਡਾ ਸਮਾਜ ‘ਨਰੜ ਬਥੇਰੇ’ ਕਹਿੰਦਾ ਹੈ। ਪਰ ਇਹ ਲੋਕ ਬੋਲੀ ‘ਜੋੜੀਆਂ ਜਗ ਥੋੜੀਆਂ ਨਰੜ ਬਥੇਰੇ’ ਉਨ੍ਹਾਂ ਲਈ ਲਿਖੀ ਗਈ ਹੈ, ਜਿੱਥੇ ਕੱਦ–ਕਾਠ ਜਾਂ ਰੰਗ ਰੂਪ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਗੋਰੀ ਚਿੱਟੀ ਕੁੜੀ ਜਾਂ ਲੰਮ-ਸਲੰਮਾ ਗੱਭਰੂ ਅਸਲੋਂ ਹੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਪੂਰਨ ਹੁੰਦੇ ਹਨ।

ਬਹੁਤ ਸਾਰੇ ਮੁੰਡੇ-ਕੁੜੀਆਂ ਨੂੰ ਆਪਣੇ ਸਰੀਰਕ ਨੁਕਸਾਂ ਬਾਰੇ ਅਗਾਊਂ ਪਤਾ ਹੁੰਦਾ ਹੈ। ਇੱਥੇ ਹੀ ਬੱਸ ਨਹੀਂ ਮਾਂ-ਪਿਓ, ਰਿਸ਼ਤੇਦਾਰਾਂ ਨੂੰ ਵੀ ਪਤਾ ਹੁੰਦਾ ਹੈ ਪਰ ਫਿਰ ਵੀ ਬਹੁਤ ਸਾਰੇ ਰਿਸ਼ਤੇ ਝੂਠ ਬੋਲ ਕੇ ਕਰ ਦਿੱਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਦੇ ਵਿਆਹ ਬੰਧਨ ਬਹੁਤੀ ਦੇਰ ਨਹੀਂ ਕੱਟਦੇ, ਟੁੱਟ ਜਾਂਦੇ ਹਨ। ਕਿਸੇ ਮੁੰਡੇ-ਕੁੜੀ ਦੇ ਅੰਗਹੀਣ ਹੋਣ ਬਾਰੇ ਤਾਂ ਸਾਰੇ ਸਮਾਜ ਨੂੰ ਪਤਾ ਹੁੰਦਾ ਹੈ ਪਰ ਅੰਦਰੂਨੀ ਗੱਲਾਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅਗਰ ਵਿਆਹ ਤੋਂ ਪਹਿਲਾਂ ਅਜਿਹੀਆਂ ਗੱਲਾਂ ਕੁੜੀ ਅਤੇ ਮੁੰਡੇ ਵਾਲਿਆਂ ਵੱਲੋਂ ਬਹਿ ਕੇ ਕਰ ਲਈਆਂ ਜਾਣ ਤਾਂ ਇਸ ਨਾਲ ਆਉਣ ਵਾਲੇ ਰਾਹ ਵਿਚ ਬਹੁਤ ਸਾਰੀਆਂ ਰੁਕਾਵਟਾਂ ਸਹਿਜੇ ਹੀ ਦੂਰ ਹੋ ਜਾਂਦੀਆਂ ਹਨ। ਕਿਸੇ ਵੀ ਰੋਗ ਦਾ ਪਤਾ ਤਾਂ ਲੱਗ ਹੀ ਜਾਣਾ ਹੁੰਦੈ ਪਰ ਬਿਹਤਰ ਗੱਲ ਇਹ ਹੈ ਕਿ ਜੇਕਰ ਉਨ੍ਹਾਂ ਗੱਲਾਂ ਦਾ ਖੁਲਾਸਾ ਪਹਿਲਾਂ ਹੀ ਕਰ ਦਿੱਤਾ ਜਾਵੇ।

ਬਹੁਤ ਸਾਰੇ ਅਜਿਹੇ ਰੋਗ ਹੁੰਦੇ ਹਨ, ਜੋ ਜ਼ਿੰਦਗੀ ਦੇ ਰਾਹ ਵਿਚ ਰੁਕਾਵਟ ਨਹੀਂ ਬਣਦੇ ਪਰ ਤਕਲੀਫ਼ ਜ਼ਰੂਰ ਦਿੰਦੇ ਹਨ। ਜਿਨ੍ਹਾਂ ਦਾ ਹੱਲ ਦਵਾਈਆਂ ਨਾਲ ਸਹਿਜੇ ਹੋ ਸਕਦਾ ਹੈ। ਸਾਹ, ਦਮਾ, ਮਿਰਗੀ, ਗਠੀਆ, ਐਲਰਜ਼ੀ, ਡਿਪਰੈਸ਼ਨ ਜਾਂ ਹੋਰ ਇਸ ਤਰ੍ਹਾਂ ਦੇ ਰੋਗ, ਜਿਨ੍ਹਾਂ ਦਾ ਹੱਲ ਸਹਿਜੇ ਹੀ ਦਵਾਈਆਂ ਨਾਲ ਹੋ ਜਾਂਦਾ ਹੈ।ਅਗਰ ਅਜਿਹੀਆਂ ਗੱਲਾਂ ਵਿਆਹ ਤੋਂ ਪਹਿਲਾਂ ਖੋਲ੍ਹ ਲਈਆਂ ਜਾਣ ਤਾਂ ਇਕ-ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਨਹੀਂ ਹੁੰਦੀ। ਨਹੀਂ ਤਾਂ ਇਕ ਧਿਰ ਸਾਰੀ ਉਮਰ ਉਲਾਂਭੇ ਦਿੰਦੀ ਰਹਿੰਦੀ ਹੈ ਕਿ ਮੇਰੇ ਪੱਲੇ ਤਾਂ ਰੋਗੀ / ਰੋਗਣ ਪੈ ਗਿਆ / ਗਈ; ਜਿਵੇਂ ਪਹਿਲਾਂ ਕਹਿ ਚੁੱਕੇ ਹਾਂ ਕਿ ਦੁਨੀਆਂ ਉੱਤੇ ਕੋਈ ਮਨੁੱਖ 100 ਪ੍ਰਤੀਸ਼ਤ ਤੰਦਰੁਸਤ ਨਹੀਂ।

ਕਈ ਲੋਕਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਜੇਕਰ ਵਿਆਹ ਤੋਂ ਪਹਿਲਾਂ ਇਨ੍ਹਾਂ ਰੋਗਾਂ ਬਾਰੇ ਦੂਜੀ ਧਿਰ ਨੂੰ ਪਤਾ ਲੱਗ ਗਿਆ ਤਾਂ ਇਹ ਮੁੰਡਾ ਜਾਂ ਕੁੜੀ ਤਾਂ ਸਾਰੀਉਮਰ ਕੁਆਰੇ ਹੀ ਰਹਿ ਜਾਣਗੇ, ਇਨ੍ਹਾਂ ਨਾਲ ਵਿਆਹ ਕੌਣ ਕਰਵਾਏਗਾ? ਪਰ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਦੂਜੀ ਧਿਰ ਵਾਲੇ ਜਿਨ੍ਹਾਂ ਨਾਲ ਰਿਸ਼ਤਾ ਤੈਅ ਹੋਣ ਜਾ ਰਿਹਾ ਹੈ, ਕੀ ਪਤਾ ਉਸ ਮੁੰਡੇ-ਕੁੜੀ ਨੂੰ ਵੀ ਕੋਈ ਰੋਗ ਹੋਵੇ। ਸੋ, ਕਹਿਣ ਤੋਂ ਭਾਵ ਜਦੋਂ ਗੱਲ ਚੱਲੇਗੀ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ।ਛੋਟੀਆਂ-ਮੋਟੀਆਂ ਤਕਲੀਫ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਅਜਿਹੀਆਂ ਤਕਲੀਫ਼ਾਂ ਜਿਵੇਂ ਦੱਸ ਚੁੱਕੇ ਹਾਂ ਕਿ ਜ਼ਿੰਦਗੀ ਦੇ ਰਾਹ ਵਿਚ ਰੁਕਾਵਟ ਬਣਜਾਣ ਅਤੇ ਉਹਨਾਂ ਬਾਰੇ ਅਗਾਊਂ ਪਤਾ ਹੋਵੇ ਤਾਂ ਜਾਣ-ਬੁੱਝ ਕੇ ਕਿਸੇ ਨਾਲ ਧ੍ਰੋਹ ਕਰਨਾ ਬਹੁਤ ਵੱਡਾ ਪਾਪ ਹੈ। ਹੋ ਸਕਦੈ ਕਿ ਵਿਆਹ ਤੋਂ ਪਿੱਛੋਂ ਵੀ ਕਿਸੇ ਨੂੰ ਕੁੱਝ ਹੋ ਜਾਵੇ, ਉਹ ਵੱਖਰੀ ਗੱਲ ਹੈ ਪਰ ਵਿਆਹ ਤੋਂ ਪਹਿਲਾਂ, ਹਰੇਕ ਮੁੰਡੇ ਜਾਂ ਕੁੜੀ ਦਾ ਮੈਡੀਕਲ ਚੈਕਅੱਪ ਕਰਵਾਉਣਾ ਸਰਕਾਰੀ ਤੌਰ ’ਤੇ ਲਾਜ਼ਮੀ ਬਣਾਉਣਾ ਚਾਹੀਦਾ ਹੈ; ਜਿਵੇਂ ਵਿਦੇਸ਼ਾਂ ਵਿਚ ਜਾਣ ਲਈ ਮੈਡੀਕਲ ਹੁੰਦਾ ਹੈ, ਬਿਲਕੁਲ ਉਸੇ ਤਰਜ਼ ’ਤੇ ਏਡਜ਼, ਹੈਪਾਟਾਇਟਸ, ਟੀ.ਬੀ., ਦਿਲ ਦੀ ਈ. ਸੀ. ਜੀ., ਦਿਮਾਗ ਦੀ ਈ. ਈ. ਜੀ., ਸੀ. ਟੀ. ਸਕੈਨ ਕਰਵਾਉਣਾ ਜ਼ਰੂਰੀ ਕਰਾਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਬਲੱਡ ਗਰੁੱਪ ਦਾ ਵੀ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਦੋ ਜਣਿਆਂ ਦਾ ਇਕੋ ਜਿਹਾ ਬਲੱਡ ਗਰੁੱਪ ਮਿਲਣਾ ਅਸੰਭਵ ਤਾਂ ਨਹੀਂ ਪਰ ਮੁਸ਼ਕਿਲ ਜ਼ਰੂਰ ਹੈ ਪਰ ਦੋਹਾਂ ਜਣਿਆਂ ਦਾ ਨੈਗੇਟਿਵ ਜਾਂ ਪਾਜ਼ੇਟਿਵ ਗਰੁੱਪ ਇਕ ਹੋਣਾ ਬਹੁਤ ਮਹੱਤਤਾ ਰੱਖਦਾ ਹੈ। ਇਸ ਤਰ੍ਹਾਂ ਬਹੁੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕੁੜੀਆਂ ਵਿਚ ਖ਼ਾਸ ਤੌਰ ’ਤੇ ਪੇਟ ਦਾ ਅਲਟਰਾਸਾਊਂਡ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਹਨ ਕਿ ਕਈ ਕੁੜੀਆਂ ਦੇ ਬੱਚੇਦਾਨੀ ਜਾਂ ਅੰਡੇਦਾਨੀ ਨਹੀਂ ਹੁੰਦੀ ਜਾਂ ਬੱਚੇਦਾਨੀ ਦਾ ਸਾਈਜ਼ ਬਹੁਤ ਛੋਟਾ ਹੁੰਦਾ ਹੈ। ਫਿਰ ਕਿਸੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਹ ਪੁੱਛ ਕੇ ਕਿ ਕੀ ਇਹ ਰੋਗ ਠੀਕ ਹੋ ਸਕਦਾ ਹੈ ਜਾਂ ਨਹੀਂ। ਇਸੇ ਤਰ੍ਹਾਂ ਮੁੰਡਿਆਂ ਵਿਚ ਵੀਰਜ ਦਾ ਟੈਸਟ ਬਹੁਤ ਜ਼ਰੂਰੀ ਹੈ। ਕਈ ਮੁੰਡੇ ਸੈਕਸ ਪੱਖੋਂ ਤਾਂ ਠੀਕ ਹੁੰਦੇ ਹਨ ਪਰ ਉਹਨਾਂ ਦੇ ਅੰਡਕੋਸ਼ਾਂ ਵਿਚ ਵੀਰਜ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਕਈ ਮੁੰਡੇ ਗਲਤ ਆਦਤਾਂ ਕਰਕੇ ਜਾਂ ਨਸ਼ਿਆਂ ਕਰਕੇ ਨਾਮਰਦ ਹੋ ਚੁੱਕੇ ਹੁੰਦੇ ਹਨ। ਉਹਨਾਂ ਨੂੰ ਡਾਕਟਰ ਦੀ ਸਲਾਹ ਨਾਲ ਚੱਲਣਾ ਚਾਹੀਦਾ ਹੈ। ਅਗਰ ਤਾਂ ਉਹ ਵਿਆਹ ਦੇ ਕਾਬਲ ਹਨ ਤਾਂ ਵਿਆਹ ਕਰਵਾਉਣ, ਨਹੀਂ ਕੁਝ ਦੇਰ ਲਈ ਰੁਕ ਜਾਣਾ ਚਾਹੀਦਾ ਹੈ। ਸੋ ਇਹ ਬਿਮਾਰੀਆਂ ਜੀਵਨ ਦੇ ਪੰਧ ਵਿਚ ਰੁਕਾਵਟਾਂ ਹੀ ਨਹੀਂ ਪਾਉਂਦੀਆਂ, ਸਗੋਂ ਨਵੀਆਂ ਸਮੱਸਿਆਵਾਂ ਨੂੰ ਜਨਮ ਵੀ ਦਿੰਦੀਆਂ ਹਨ। ਜਿਸ ਕਰਕੇ ਬਹੁਤੇ ਮੁੰਡੇ ਕੁੜੀਆਂ ਵਿਆਹ ਤੋਂ ਪਿੱਛੋਂ ਖ਼ੁਦਕੁਸ਼ੀਆਂ ਕਰ ਜਾਂਦੇ ਹਨ ਜਾਂ ਸਮਾਜਿਕ ਝੇਪ ਕਰਕੇ ਆਪਣੇ ਆਪ ਨੂੰ ਰੋਗਾਂ ਵਿਚ ਗ੍ਰਸਤ ਕਰ ਲੈਂਦੇ ਹਨ।

ਇਸੇ ਤਰ੍ਹਾਂ ਕੁੱਝ ਅਜਿਹੇ ਰੋਗ ਵੀ ਹੁੰਦੇ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਚਲਦੇ ਹਨ ਅਤੇ ਮੈਡੀਕਲ ਸਾਇੰਸ ਕੋਲ ਇਸ ਦਾ ਕੋਈ ਹੱਲ ਨਹੀਂ; ਜਿਵੇਂ ਕਿ ਹੇਮੋਫਿਲੀਆ, ਪੌਲੀਸਿਸਟਕ ਕਿਡਨੀ ਡਿਜੀਜ਼, ਪੌਲੀਸਿਸਟਕ ਓਵਰੀਜ਼, ਪਾਗਲਪਣ, ਜਿਨ੍ਹਾਂ ਦਾ ਰੋਗੀ ਨੂੰ ਪਤਾ ਹੁੰਦਾ ਹੈ, ਨੂੰ ਦੱਸ ਕੇ ਜਾਂ ਹੱਲ ਕਰਕੇ ਹੀ ਵਿਆਹ ਕਰਵਾਉਣਾ ਚਾਹੀਦਾ ਹੈ। ਵਿਆਹ ਨੂੰ ਸਿਰਫ਼ ‘ਰੋਟੀ ਪੱਕਦੀ ਹੋਜੂ’ ਜਾਂ ‘ਸੈਕਸ’ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਵਿਚ ਹੀ ਜੀਵਨ ਦੀਆਂ ਖ਼ੁਸ਼ੀਆਂ ਹਨ।ਵਿਆਹ ਤਾਂ ‘‘ਏਕ ਜੋਤਿ ਦੁਇ ਮੂਰਤੀ; ਧਨ, ਪਿਰੁ ਕਹੀਐ ਸੋਇ ॥’’ (ਮ: ੩/੭੮੮) ਦਾ ਸੰਕਲਪ ਹੈ।

ਜੇਕਰ ਕਿਸੇ ਰੋਗ ਕਰਕੇ, ਤੁਹਾਨੂੰ ਜਾਂ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਪ੍ਰਤੀ ਸਾਰੀ ਉਮਰ ਨਫ਼ਰਤ ਨਾਲ ਗੁਜ਼ਾਰਨੀ ਪਵੇ ਤਾਂ ਇਸ ਤੋਂ ਬਿਹਤਰ ਹੈ ਕਿ ਵਿਆਹ ਬੰਧਨ ਵਿਚ ਬੱਝਣਾ ਹੀ ਨਹੀਂ ਚਾਹੀਦਾ, ਸਗੋਂ ਹੋਰ ਕਿਸੇ ਸਮਾਜਿਕ ਕੰਮ ਦੇ ਲੇਖੇ ਆਪਣੀ ਜ਼ਿੰਦਗੀ ਲਾ ਦੇਣੀ ਚਾਹੀਦੀ ਹੈ।

ਕਈ ਮੁੰਡੇ ਕੁੜੀਆਂ ਦੇ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣ ਜਾਂਦੇ ਹਨ। ਬੇਸ਼ੱਕ ਇਸ ਦੀ ਜਾਂਚ ਖ਼ਾਸ ਕਰਕੇ ਕੁੜੀਆਂ ਵਿਚ ਤਾਂ ਕੀਤੀ ਜਾ ਸਕਦੀ ਹੈ ਪਰਵਿਗਿਆਨੀ ਇਸ ਗੱਲ ਦੀ ਖੋਜ ਵੀ ਕਰ ਰਹੇ ਹਨ ਕਿ ਬਹੁਤ ਸੌਖੇ ਢੰਗ ਨਾਲ ਮੁੰਡੇ ਜਾਂ ਕੁੜੀ ਦਾ ਇਹ ਪਤਾ ਲਗਾਇਆ ਜਾ ਸਕੇ ਕਿ ਕੀਹਨੇ-ਕੀਹਨੇ ਕਿਸ ਉਮਰ ਵਿਚ ਸਰੀਰਕ ਸੰਬੰਧ ਕਾਇਮ ਕੀਤੇ ਕਿਉਂਕਿ ਭਾਰਤ ਵਰਗੇ ਦੇਸ਼ ਵਿਚ ਇਹ ਬਹੁਤ ਵੱਡੀ ਸਮੱਸਿਆ ਹੈ। ਖ਼ਾਸ ਕਰਕੇ ਜਦ ਕਿਸੇ ਕੁੜੀ ਦੇ ਵਿਆਹ ਤੋਂ ਪਹਿਲਾਂ ਦੇ ਸਰੀਰਕ ਸੰਬੰਧਾਂ ਦਾ ਪਤਾ ਚਲਦੈ ਤਾਂ ਗੱਲ ਮਰਨ-ਮਾਰਨ ਤੱਕ ਆ ਜਾਂਦੀ ਹੈ।

ਸੋ, ਸਮੂਹ ਸੁਹਿਰਦ ਪਾਠਕਾਂ ਨੂੰ, ਕਲੱਬਾਂ ਵਾਲਿਆਂ ਨੂੰ, ਸਮਾਜਿਕ ਸੰਸਥਾਵਾਂ ਅਤੇ ਇੱਥੋਂ ਤੱਕ ਕਿ ਵੂਮੇਨ ਸੈੱਲ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜਦੋਂ ਕੋਈ ਤਲਾਕ ਦੀ ਗੱਲ ਹੁੰਦੀ ਹੈ ਤਾਂ ਉੱਥੇ ਸਭ ਤੋਂ ਪਹਿਲਾਂ ਮੈਡੀਕਲ ਚੈਕਅੱਪ ਜ਼ਰੂਰ ਕਰਵਾਓ। ਬਿਹਤਰ ਗੱਲ ਇਹ ਹੈ ਕਿ ਸਰਕਾਰੀ ਤੌਰ ’ਤੇ ਇਕ ਮੈਡੀਕਲ ਟੈਸਟ ਹੋਣਾ ਚਾਹੀਦਾ ਹੈ, ਜਿਸ ਉੱਤੇ ਡਾਕਟਰ ਵੱਲੋਂ ਵਿਆਹ ਲਈ ਫਿੱਟ ਹੋਣ ਦਾ ਸਰਟੀਫਿਕੇਟ ਦਿੱਤਾ ਜਾਵੇ। ਜਿੱਥੇ ਇਸ ਨਾਲ ਨਾਬਾਲਗ ਉਮਰ ਵਿਚ ਹੋ ਰਹੇ ਵਿਆਹਾਂ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਤੰਦਰੁਸਤ ਅਤੇ ਨਰੋਏ ਸਮਾਜ ਦੀ ਬਿਹਤਰੀ ਲਈ ਵੀ ਇਹ ਇਕ ਸਾਰਥਿਕ ਯਤਨ ਸਿੱਧ ਹੋਵੇਗਾ।

ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭਿ ਦੁਖ ਜਾਇ ॥

0

ਸ੍ਰੀ ਹਰਿਕ੍ਰਿਸ਼ਨ ਧਿਆਈਐ; ਜਿਸ ਡਿਠੈ ਸਭਿ ਦੁਖ ਜਾਇ ॥

ਡਾ. ਗੁਰਵਿੰਦਰ ਕੌਰ

ਹਰ ਗੁਰਸਿੱਖ ਜਦੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤਾਂ ਉਹ ਇਨ੍ਹਾਂ ਸ਼ਬਦਾਂ ਦਾ ਉਚਾਰਨ ਕਰਦਾ ਹੋਇਆ ਬਹੁਤ ਪਿਆਰ, ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਗੇ ਸ਼ਰਧਾ ਪੇਸ਼ ਕਰਦਾ ਹੈ। ਅਰਦਾਸ ਦੇ ਇਹ ਬੋਲ ਅਜਿਹੇ ਹਨ, ਜਿਹੜੇ ਪ੍ਰੇਰਨਾ ਦਿੰਦੇ ਹਨ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਦਰਸ਼ ਜੀਵਨ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਦਰਸ਼ਨ ਕੀਤਿਆਂ ਸਮੁੱਚੀ ਮਨੁੱਖਤਾ ਦੇ ਸਭ ਤਰ੍ਹਾਂ ਦੇ ਦੁੱਖਾਂ ਦੀ ਨਵਿਰਤੀ ਹੁੰਦੀ ਹੈ। ਇਨ੍ਹਾਂ ਵਿਚਾਰਾਂ ਰਾਹੀਂ ‘ਬਾਲਾ ਪ੍ਰੀਤਮ’ ਗੁਰੂ ਦੀ ਮਾਨਤਾ, ਮਹਾਨਤਾ ਤੇ ਗੌਰਵਤਾ ਦਾ ਪਤਾ ਲੱਗਦਾ ਹੈ।

ਇਤਿਹਾਸਕ ਪੱਖ ਤੋਂ ਵੇਖੀਏ ਤਾਂ ਇੱਕ ਪਾਸੇ ਸ੍ਰੀ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ ਕਿ ਜੇ ਕੋਈ ਰਾਮ ਰਾਇ ਦੇ ਮੱਥੇ ਲੱਗੇਗਾ ਉਹ ਸਿੱਖ ਨਹੀਂ ਤੇ ਦੂਜੇ ਪਾਸੇ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰੇਗਾ, ਉਸ ਦੇ ਦੁੱਖ ਦੂਰ ਹੋ ਜਾਣਗੇ। ਰਾਮ ਰਾਇ ਖੁਸ਼ਾਮਦ ਕਰ ਨੀਂਵਾਂ ਹੋ ਗਿਆ ਹੈ ਤੇ ਸ੍ਰੀ (ਗੁਰੂ) ਹਰਿਕ੍ਰਿਸ਼ਨ ਜੀ ਰੱਬੀ ਗੀਤ (ਗੁਣ) ਗਾ ਕੇ ਉੱਚੇ ਰੁਤਬੇ ’ਤੇ ਪਹੁੰਚ ਗਏ। ਬਾਕੀ ਗੁਰੂ ਸਾਹਿਬਾਨ ਨਾਲੋਂ ਵੱਖਰੀ ਸਿਫ਼ਤ ਦਾ ਕਾਰਨ ਰਾਮਰਾਇ ਦੁਆਰਾ ਦਿੱਲੀ ਜਾ ਕੇ ਔਰੰਗਜ਼ੇਬ ਦੇ ਸਾਹਮਣੇ ਗੁਰਬਾਣੀ ਦੀ ਤੁਕ ‘‘ਮਿਟੀ ਮੁਸਲਮਾਨ ਕੀ’’ ਨੂੰ ਬਦਲ ਕੇ ‘ਮਿਟੀ ਬੇਈਮਾਨ ਕੀ’ ਕਰਨ ਦਾ ਵੱਡਾ ਅਪਰਾਧ ਕੀਤਾ ਤੇ ਪਿਤਾ ਗੁਰੂ ਸ੍ਰੀ ਹਰਿ ਰਾਇ ਜੀ ਨੇ ਬਚਨ ਕੀਤਾ ਕਿ ਉਸ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਇਸ ਲਈ ਉਹ ਹੁਣ ਸਾਡੇ ਮੱਥੇ ਨਾ ਲੱਗੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਆਉਣ ਲਈ ਸੱਦਾ ਘੱਲਿਆ ਤਾਂ ਉਨ੍ਹਾਂ ਨੇ ਆਪਣੀ ਥਾਂ ਆਪਣੇ ਵੱਡੇ ਪੁੱਤਰ ਸ੍ਰੀ ਰਾਮ ਰਾਇ ਜੀ ਨੂੰ ਭੇਜਿਆ, ਜੋ ਦਿੱਲੀ ’ਚ ਮਿਲੇ ਪਿਆਰ ਸਤਿਕਾਰ ਜਾਂ ਡਰ ਨੂੰ ਵੇਖਦਿਆਂ ਕੁਝ ਅਜਿਹਾ ਕਰ ਬੈਠਾ ਜੋ ਗੁਰੂ ਘਰ ਦੀ ਮਰਿਆਦਾ ਦੇ ਵਿਪਰੀਤ ਸੀ।  ਗੁਰੂ-ਪਿਤਾ ਨੇ ਪੁੱਤਰ ਨੂੰ ਸਮਝਾਇਆ ਸੀ ਕਿ ਦਿੱਲੀ ਜਾ ਕੇ ਔਰੰਗਜ਼ੇਬ ਜੋ ਪੁੱਛੇ ਨਿਡਰ ਹੋ ਕੇ ਸੱਚੀ ਗੱਲ ਬੋਲਣੀ ਤੇ ਕੋਈ ਵਾਧੂ ਹਰਕਤ ਨਾ ਕਰਨਾ। ਮਹਿਮਾ ਪ੍ਰਕਾਸ ਦੇ ਬੋਲ ਹਨ,

ਸੁਨੋ ਪੁੱਤਰ ਮੈਂ ਬਚਨ ਜੋ ਕਹੋਂ। ਤੁਮਰੇ ਸੰਗ ਸਦਾ ਮੈਂ ਰਹੋਂ।

ਦਿੱਲੀ ਪਤ ਸੋ ਜਾਇ ਤੁਮ ਮਿਲੋ। ਕੁਛ ਸ਼ੰਕ ਭੈ ਨਾਹੀਂ ਮਨ ਮੈ ਗਿਲੋ।

ਤੁਮਾਰਾ ਬਚਨ ਸਫਲ ਸਭ ਹੋਏ।  ਤੁਮ ਸਮਾਨ ਬਲੀ ਨਹੀਂ ਕੋਏ।

ਜੋ ਪੂਛੈ ਸੋ ਸਤ ਕਹਿ ਦੀਜੇ।  ਕਛੁ ਕਰਾਮਾਤ ਪ੍ਰਗਟ ਨਹੀਂ ਕੀਜੇ। (ਸਾਖੀ ੧੮)

ਪਰ ਬਾਬਾ ਰਾਮ ਰਾਇ ਨੇ ਦਿੱਲੀ ਜਾ ਕੇ, ਪਿਤਾ ਗੁਰੂ ਦੇ ਬਚਨ ਭੁੱਲ ਕੇ, ਔਰੰਗਜ਼ੇਬ ਦੇ ਕਹਿਣ ’ਤੇ ੫੨ ਤੋਂ ਵੱਧ ਕਰਾਮਾਤਾਂ ਵਿਖਾਈਆਂ, ਮੰਨਿਆ ਗਿਆ ਅਤੇ ਬਾਦਸ਼ਾਹ ਦੀ ਖੁਸ਼ਾਮਦ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦੀ ਤੁਕ ਵੀ ਬਦਲ ਦਿੱਤੀ। ਇਸ ਕਾਰਨ ਗੁਰਦੇਵ-ਪਿਤਾ ਨੇ ਉਸ ਨੂੰ ਸਦਾ ਲਈ ਤਿਆਗ ਦਿੱਤਾ।  ਸ੍ਰੀ ਰਾਮ ਰਾਇ ਦੇ ਮੁਕਾਬਲੇ ’ਤੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਬਚਪਨ ਵਿੱਚ ਹੀ ਆਪਣੀ ‘ਅਕਾਲੀ’ ਬੋਲਬਿਰਤੀ ਦਾ ਜੋ ਪ੍ਰਗਟਾਵਾ ਕੀਤਾ, ਆਪਣੇ ਆਪ ਨੂੰ ਹਉਂ ਤੋਂ ਮੁਕਤ, ਨਿਰਭਉ ਤੇ ਨਿਰਵੈਰ ਸਾਬਤ ਕੀਤਾ, ਗੁਰੂ-ਦਰਬਾਰ ਨੂੰ ‘ਆਪਾ’ ਸਮਰਪਣ ਕਰ ਕੇ, ਸਮਾਜਿਕ ਤੇ ਰਾਜਸੀ ਸਥਿਤੀ ਵਿੱਚ ਵੀ ਆਪਣੇ ਆਪ ਨੂੰ ‘ਭੁਜਬਲਬੀਰ’ ਸਿਰਜਣ ਦਾ ਜੋ ਪ੍ਰਭਾਵ ਦਿੱਤਾ, ਉਸ ਦਾ ਹੀ ਵੱਡਾ ਫਲ਼ ਇਹ ਮੂਰਤੀਮਾਨ ਹੋਇਆ ਕਿ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਿਆਈ ਤੋਂ ਵੰਚਿਤ ਕਰ ਦਿੱਤਾ ਤੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਯੋਗ ਸਮਝ ਕੇ (ਸਵਾ) ਪੰਜ ਸਾਲ ਦੀ ਉਮਰ ਵਿੱਚ ਹੀ ਗੁਰੂ ਸਿੰਘਾਸਨ ਉੱਤੇ ਬਿਠਾ ਦਿੱਤਾ। ਅਜਿਹੇ ਮਹਾਨ ਗੁਰੂ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਵਿਚਾਰਦੇ ਹਾਂ।

ਜੀਵਨ: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ੭ ਜੁਲਾਈ ਸੰਨ ੧੬੫੬ (੮ ਸਾਵਣ ਬਿਕ੍ਰਮੀ ੧੭੧੩) ਨੂੰ ਕੀਰਤਪੁਰ ਸਾਹਿਬ ਦੇ ਪਵਿੱਤਰ ਸਥਾਨ ’ਤੇ ਹੋਇਆ। ਆਪ ਜੀ ਦੇ ਦਾਦਾ ਬਾਬਾ ਗੁਰਦਿੱਤਾ ਜੀ ਤੇ ਪੜਦਾਦਾ ਸ੍ਰੀ ਗੁਰੂ ਹਰਿਗੋਬਿੰਦ ਜੀ ਸਨ।  ਸ੍ਰੀ ਰਾਮ ਰਾਇ ਵੱਡਾ ਭਰਾ ਸੀ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧੁਰ-ਦਰਗਾਹੋਂ ਦੈਵੀ ਗੁਣਾਂ ਵਾਲੀ ਆਤਮਿਕ ਉੱਚਤਾ ਪ੍ਰਾਪਤ ਹੋਈ ਸੀ ਅਤੇ ਜਨਮ ਤੋਂ ਹੀ ਗੁਰਮਤਿ ਦੀ ਸਿੱਖਿਆ-ਦੀਖਿਆ ਮਿਲਣ ਲੱਗ ਪਈ ਸੀ।  ਆਪ ਨੇ ਛੋਟੀ ਉਮਰ ਵਿੱਚ ਹੀ ਪਿਤਾ ਜੀ ਦੀ ਸੰਗਤ ਵਿੱਚ ਰਹਿ ਕੇ ਸਭ ਤਰ੍ਹਾਂ ਦੀ ਉਚੇਰੀ ਵਿੱਦਿਆ, ਗੁਰਬਾਣੀ ਤੇ ਗੁਰਮਤਿ ਸਿਧਾਂਤਾਂ ਦੀ ਸੂਝ ਅਤੇ ਦੂਜੇ ਧਰਮਾਂ ਦਾ ਗਿਆਨ ਗ੍ਰਹਿਣ ਕਰ ਲਿਆ ਸੀ।  ਆਪ ਅੰਤਰ-ਬੋਧ ਦੇ ਧਾਰਨੀ ਅਤੇ ਬ੍ਰਹਮ-ਗਿਆਨ ਨਾਲ ਓਤ-ਪੋਤ ਸਨ।  ਵੇਖਣ-ਸੁਣਨ ਵਾਲੇ ਮਹਾਨ ਵਿਦਵਾਨ ਵੀ ਬਾਲਕ ਦੀ ਦੈਵੀ ਉੱਚਤਾ ਤੇ ਅਲੌਕਿਕ ਸੂਝ-ਬੂਝ ਤੋਂ ਹੈਰਾਨ ਹੋ ਜਾਂਦੇ ਸਨ।  ਬਾਲਕ ਸ੍ਰੀ ਹਰਿਕ੍ਰਿਸ਼ਨ ਜੀ ਦਾ ਹਿਰਦਾ ਬਹੁਤ ਕੋਮਲ ਸੀ, ਉਨ੍ਹਾਂ ਵਿੱਚ ਪਰਉਪਕਾਰ ਦੀ ਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ।  ਸ੍ਰੀ ਗੁਰੂ ਹਰਿ ਰਾਇ ਜੀ ਨੂੰ ਆਪਣੇ ਛੋਟੇ ਪੁੱਤਰ ਵਿੱਚ ਗੁਰੂ-ਜੋਤਿ ਦੇ ਅੰਸ਼; ਜੋ ਉਨ੍ਹਾਂ ਨੇ ਪਿਤਾ, ਦਾਦਾ ਤੇ ਪੜਦਾਦਾ ਜੀ ਕੋਲੋਂ ਵਿਰਸੇ ਵਿੱਚ ਪ੍ਰਾਪਤ ਕੀਤੇ ਸਨ; ਦਿਖਾਈ ਦੇ ਰਹੇ ਸਨ।

ਗੁਰਿਆਈ ਦੀ ਪ੍ਰ੍ਰ੍ਰਾਪਤੀ: ਸਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਜੀ ਨੇ ਆਪਣਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਸਮਝ ਕੇ ਆਪਣੇ ਛੋਟੇ ਪੁੱਤਰ ਨੂੰ ਹਰ ਤਰ੍ਹਾਂ ਨਾਲ ਯੋਗ ਸਮਝਿਆ ਅਤੇ ਗੁਰਬਾਣੀ ਦੇ ਮਹਾਂਵਾਕ- ‘‘ਤਖਤਿ ਬਹੈ, ਤਖਤੈ ਕੀ ਲਾਇਕ॥’’ ਅਨੁਸਾਰ ੬ ਅਕਤੂਬਰ ੧੬੬੧ ਈ. (੬ ਕੱਤਕ ੧੭੧੮ ਬਿਕ੍ਰਮੀ) ਨੂੰ ਸਾਰੀ ਸੰਗਤ ਦੇ ਸਨਮੁਖ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪ ਦਿੱਤੀ। ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਅਤੇ ਜੁਗਤਿ ਦਾ ਗੁਰੂ-ਵਾਰਿਸ ਸਥਾਪਤ ਕਰਦਿਆਂ ਇਹ ਵਰਦਾਨ ਵੀ ਦਿੱਤਾ ਕਿ ਜਿਹੜਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਿਸ਼ਾਹ ਦੇ ਦਰਸ਼ਨ ਕਰੇਗਾ, ਉਸ ਦੇ ਦੁੱਖ-ਦਲਿੱਦਰ ਤੇ ਰੋਗ-ਸੰਤਾਪ ਸਹਿਜੇ ਹੀ ਮਿਟ ਜਾਣਗੇ; ਸੁਖ, ਸਹਿਜ ਤੇ ਅਨੰਦ ਉਸ ਦਾ ਧਨ ਬਣ ਜਾਵੇਗਾ। ਆਪ ਦਾ ਦਰਸ਼ਨ-ਦੀਦਾਰ ਨਿਸ਼ਚੇ ਹੀ ‘‘ਸਭਿ ਦੁਖਿ ਜਾਇ’’ ਦਾ ਪ੍ਰਤੱਖ ਪ੍ਰਮਾਣ ਹੈ।  ਇਸ ਤਰ੍ਹਾਂ ਸਵਾ ਪੰਜ ਸਾਲ ਦੀ ਉਮਰ ਵਿੱਚ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਮਰੱਥ ਤੇ ਯੋਗ ‘ਗੁਰੂ’ ਦੇ ਰੂਪ ਵਿੱਚ ਪ੍ਰਗਟ ਹੋਏ ਅਤੇ ਸਿੱਖਾਂ ਦੇ ਅਠਵੇਂ ਗੁਰੂ-ਜੋਤੀ ਦੇ ਵਾਰਸ ਹੋਏ ਹਨ।  ਆਪ ਸਭ ਤੋਂ ਛੋਟੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਤਮਕ ਰੱਬੀ ਖ਼ਜ਼ਾਨੇ ਦੇ ਮਾਲਕ ਬਣੇ।

ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਅਨੰਤ ਜੋਤਿ’ ਹੀ ਗੁਰੂ ਰੂਪ ਹੋ ਕੇ ਗੁਰੂ ਸਾਹਿਬਾਨ ਵਿੱਚ ਵਿਚਰਦੀ ਹੋਈ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਵਿੱਚ ਪ੍ਰਵੇਸ਼ ਕਰ ਗਈ। ਇਸ ਲਈ ਉਨ੍ਹਾਂ ਦੀ ਜੀਵਨ-ਜੋਤਿ ਤੇ ਜੁਗਤਿ ਪੂਰਬਲੇ ਗੁਰੂ ਸਾਹਿਬਾਨ ਵਾਲੀ ਹੀ ਸੀ।  ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਅਨੁਸਾਰ ਜਦੋਂ ਇਹ ‘ਅਨੰਤ ਜੋਤਿ’ ਇੱਕ ਗੁਰੂ ਤੋਂ ਦੂਸਰੇ ਵਿੱਚ ਪ੍ਰਵੇਸ਼ ਕਰਦੀ ਹੈ, ਉਸ ਵਿੱਚ ਮੁਕੰਮਲ ਰੂਪ ਵਿੱਚ ਹਲੂਲ (ਲੀਨ) ਹੋ ਜਾਂਦੀ ਹੈ ਤਾਂ ਕੇਵਲ ਕਾਇਆਂ ਹੀ ਪਲਟਦੀ ਹੈ। ਇਸ ਦੀ ਜੁਗਤ ਅਤੇ ਵਰਤਾਰਾ ਉਹੀ ਰਹਿੰਦਾ ਹੈ, ਜੋ ਅਨੰਤ ਦਾ ਹੋ ਸਕਦਾ ਹੈ- ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ (ਯਾਦ ਰਹੇ ਕਿ ਗੁਰਬਾਣੀ ਵਿੱਚ ‘ਨਾਨਕ’ ਸ਼ਬਦ, ਸਰੀਰ ਗੁਰੂ ਸਰੂਪ ਲਈ ਨਹੀਂ, ਸਗੋਂ ‘ਸ਼ਬਦ ਜੋਤਿ’ ਦੇ ਪ੍ਰਤੀਕਾਤਮਿਕ ਰੂਪ ਵਿੱਚ ਵਰਤਿਆ ਗਿਆ ਹੈ) ਇਸ ਤਰ੍ਹਾਂ ਇਹ ਜੋਤਿ ਨਵੇਂ ਹੋਣ ਵਾਲੇ ਗੁਰੂ, ਜਿਸ ਵਿੱਚ ਇਹ ਹਲੂਲ ਕਰ ਗਈ ਹੋਵੇ, ਉਸ ਦੀ ਉਮਰ ਦੇ ਲਿਹਾਜ਼ ਤੋਂ ਉੱਪਰ ਰਹਿੰਦੀ ਹੈ।  ਜੋਤਿ ਤਾਂ ਸਦੀਵੀ ਹੈ, ਇਸ ਦੀ ਕੋਈ ਉਮਰ ਨਹੀਂ ਹੁੰਦੀ।  ਗੁਰੂ-ਸਰੂਪ ਦੇ ਸਰੀਰ ਦੇ ਬਚਪਨ ਜਾਂ ਬੁਢਾਪੇ ਦਾ ਇਸ ਉੱਤੇ ਕੋਈ ਅਸਰ ਨਹੀਂ ਹੁੰਦਾ।  ਜੇਕਰ ਇਹ ਜੋਤਿ ੭੦-੭੨ ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਉਹ ਗਿਆਨਵਾਨ, ਸਮਾਜ ਸੁਧਾਰਕ ਤੇ ਅਜਿਹੀਆਂ ਸ਼ਕਤੀਆਂ ਦੇ ਮਾਲਕ ਹੋ ਨਿਬੜਦੇ ਹਨ, ਜਿਨ੍ਹਾਂ ਦਾ ਬਿਆਨ ਕਥਨ ਤੋਂ ਬਾਹਰ ਹੈ (ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜੀਹ ਕਛੁ ਕਹੀ ਨ ਜਾਈ ॥ ਭਟ ਕੀਰਤ/੧੪੦੬) ਅਤੇ ਇਸੇ ਤਰ੍ਹਾਂ ਇਹ ਜੋਤਿ, ਸਵਾ ਪੰਜ ਸਾਲ ਦੀ ਬਾਲ ਉਮਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਉਹ ਹੱਦ ਦਰਜੇ ਦਾ ਸੂਝਵਾਨ, ਗਿਆਨ ਦਾ ਦਾਤਾ, ਦੂਖ ਨਿਵਾਰਨ ਤੇ ਨਿਰਭਉ ਭੁਜਬਲਬੀਰ ਹੋ ਨਿਬੜਦਾ ਹੈ। ਉਸ ਵਿੱਚ ਉਸੇ ਤਰ੍ਹਾਂ ਦੀ ਪ੍ਰੋੜ੍ਹਤਾ, ਦੂਰ-ਅੰਦੇਸ਼ੀ, ਦਿੱਬ-ਦ੍ਰਿਸ਼ਟੀ ਤੇ ਗਿਆਨ ਪ੍ਰਕਾਸ਼ ਕਰਨ ਦੀ ਸਮਰੱਥਾ ਹੋਵੇਗੀ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਸੀ ਤੇ ਇਹ ਬਾਲਕ ਵੀ ਉਸੇ ਤਰ੍ਹਾਂ ਦਾ ਨਿਰਭਉ ਤੇ ਨਿਧੜਕ ਹੋਵੇਗਾ, ਜਿਸ ਤਰ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਔਰੰਗਜ਼ੇਬ ਵਰਗੇ ਸ਼ਕਤੀਵਾਨ, ਸ਼ਹਿਨਸ਼ਾਹ-ਏ-ਹਿੰਦ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ: ਜਿਸ ਸਿਆਣਪ, ਦੂਰ-ਦਰਸ਼ਤਾ, ਨਿਪੁੰਨਤਾ, ਦ੍ਰਿੜ੍ਹਤਾ, ਲਗਨ ਤੇ ਜ਼ਿੰਮੇਵਾਰੀ ਨਾਲ ਆਪ ਜੀ ਨੇ ਸਿੱਖੀ ਦੀ ਸੇਵਾ ਤੇ ਅਗਵਾਈ ਕੀਤੀ, ਉਸ ਦਾ ਖਿਆਲ ਕਰ ਕੇ ਸਧਾਰਨ ਪ੍ਰਾਣੀ ਦੀ ਬੁੱਧੀ ਚੱਕ੍ਰਿਤ ਹੋ ਜਾਂਦੀ ਹੈ।… ਛੋਟੀ ਉਮਰ ਵਿੱਚ ਆਪ ਉਨ੍ਹਾਂ ਸਰਬ ਸਮਰੱਥਾਵਾਂ ਦੇ ਸੁਆਮੀ ਸਨ, ਜੋ ਅਕਾਲ ਪੁਰਖ ਦੇ ‘ਜੋਤ ਸਰੂਪ’ ਆਪ ਤੋਂ ਪਹਿਲੇ ਸੱਤ ਗੁਰੂ ਸਾਹਿਬਾਨ ਵਿੱਚ ਵਿਦਮਾਨ ਸਨ। ਇਸ ਬਾਰੇ ਗਿਆਨੀ ਗਿਆਨ ਸਿੰਘ ਜੀ ‘ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ :

ਜੇਤਕ ਥੀ ਗੁਰੁ ਘਰ ਕੀ ਰੀਤੀ। ਅਸ਼ਟਮ ਗੁਰੁ ਸਬ ਗਹੀ ਬਿਨੀਤੀ।

ਜਦ੍ਯਪਿ ਹੁਤੇ ਬਾਲ ਬਯ ਸੋਈ। ਤਦ੍ਯਪਿ ਬੁਧਿ ਬ੍ਰਿਧਨ ਸਮ ਹੋਈ।

ਸਭ ਬਿਵਹਾਰ ਔਰ ਪਰਮਾਰਥ। ਪੂਰਨ ਕਰੇ ਸਿਖਨ ਕੇ ਸ੍ਵਾਰਥ।

ਅਜ਼ਮਤ ਔਰ ਅਰੂਜ ਅਪਾਰਾ। ਅਸ਼ਟਮ ਗੁਰ ਬਹੁ ਬਿਧ ਬਿਸਤਾਰਾ। 

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੁਆਰਾ ਛੋਟੀ ਉਮਰ ਵਿੱਚ ਸੁਯੋਗ ਢੰਗ ਨਾਲ ਸਿੱਖਾਂ ਦੀ ਅਧਿਆਤਮਿਕ ਰਹਿਨੁਮਾਈ ਕਰਨੀ, ਆਪ ਜੀ ਦੀ ਰੂਹਾਨੀ ਕਲਾ ਦਾ ਇਕ ਮਹਾਨ ਕ੍ਰਿਸ਼ਮਾ ਹੈ।  ਆਪ ਨੇ ਦੂਰ-ਦੁਰਾਡੇ ਰਹਿਣ ਵਾਲੀਆਂ ਸਿੱਖ ਸੰਗਤਾਂ ਦੀ ਚੰਗੀ ਅਗਵਾਈ ਕੀਤੀ। ਦੂਰ ਪ੍ਰਦੇਸਾਂ ਵਿੱਚ ਧਰਮ ਪ੍ਰਚਾਰਕ ਨਿਯੁਕਤ ਕੀਤੇ ਅਤੇ ਆਪ ਵੀ ਸੱਚ ਦੇ ਢੁੰਢਾਊਆਂ ਨੂੰ ਉਪਦੇਸ਼ ਦਿੱਤੇ।  ਪ੍ਰਸਿੱਧ ਇਤਿਹਾਸਕਾਰ ਡੰਕਨ ਗ੍ਰੀਨਲੀਜ਼ ਦੇ ਸ਼ਬਦਾਂ ਵਿਚ:

At this very early age he was called to lead and to teach the wide-spread and vigorous Sikh community. He did his work well. He sent out missionaries to the furthest outposts of the Religion and he himself taught with all confidence those who asked him of the truth.

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜੋ ਅੰਮ੍ਰਿਤ ਰੂਪ ਆਤਮ ਉਨ੍ਹਾਂ ਨੂੰ ਮੁਨਵਰ (ਰੌਸ਼ਨ) ਕਰੀ ਜਾਂਦਾ ਸੀ।  ਗੁਰੂ ਜੀ ਦੇ ਅਤੀ ਕੋਮਲ ਬਾਲਾ ਸਰੀਰ ਤੋਂ ਰੂਹਾਨੀ ਆਭਾ ਪੂਰੇ ਜੋਬਨ ਵਿੱਚ ਚਮਕਾਰੇ ਮਾਰਦੀ ਸੀ।

ਬੇਸ਼ੱਕ ਆਪ ਬਾਲ ਅਵਸਥਾ ਵਿੱਚ ਸਨ ਪਰ ਯੋਗਤਾ ਅਤੇ ਕਰਨੀ ਕਰ ਕੇ ਸੰਪੂਰਨ ਸਨ। ਫ਼ਾਰਸੀ ਦੀ ਇਹ ਅਖਾਉਤ ਅਠਵੇਂ ਪਾਤਿਸ਼ਾਹ ’ਤੇ ਠੀਕ ਢੁੱਕਦੀ ਹੈ-‘ਬਜ਼ੁਰਗੀ ਬ-ਅਕਲ, ਨ ਬਸਾਲ’ ਭਾਵ ਵਡਿਆਈ ਨਿਰਮਲ ਬੁੱਧੀ ਤੇ ਗੁਣਾਂ ਉੱਤੇ ਨਿਰਭਰ ਹੈ, ਨਾ ਕਿ ਵੱਡੀ ਉਮਰ ਉੱਤੇ। ਆਪ ਜੀ ਨੇ ਗੁਰੂ-ਘਰ ਦੀ ਸਾਰੀ ਮਰਯਾਦਾ ਗੁਰਮਤਿ ਅਨੁਸਾਰ ਨਿਭਾਈ ਤੇ ਸਿੱਖਾਂ ਨੂੰ ਸੁਯੋਗ ਰਹਿਨੁਮਾਈ ਦਿੱਤੀ। ਆਪ ਦੇ ਮਕਨਾਤੀਸੀ (ਚੁੰਬਕੀ)  ਸ਼ਬਦਾਂ ਦੇ ਪ੍ਰਭਾਵ ਅਤੇ ਪ੍ਰਚਾਰ ਸਦਕਾ ਸਿੱਖੀ ਨੇ ਦੇਸ਼-ਪਰਦੇਸ ਵਿੱਚ ਮਕਬੂਲਤਾ ਹਾਸਲ ਕੀਤੀ।  ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਜੀ ਵਰਗੇ ਅਨੇਕਾਂ ਆਪਾ-ਵਾਰਨ ਵਾਲੇ ਸ਼ਰਧਾਲੂ ਸਿੱਖ ਸਜ ਗਏ।  ਬਹੁਤ ਥੋੜ੍ਹੇ ਸਮੇਂ ਵਿੱਚ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਕੀਰਤੀ ਦੂਰ-ਦੂਰ ਤੱਕ ਫੈਲ ਗਈ।

ਸ੍ਰੀ ਰਾਮ ਰਾਇ ਵੱਲੋਂ ਵਿਰੋਧਤਾ: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਵਧ ਰਹੀ ਵਡਿਆਈ ਨੂੰ ਵੇਖ ਕੇ ਰਾਮ ਰਾਇ ਈਰਖਾ ਦੀ ਅੱਗ ਵਿੱਚ ਸੜਨ ਲੱਗਾ ਤੇ ਉਸ ਨੇ ਛੋਟੇ ਭਰਾ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਦਰਬਾਰ ਵਿੱਚ ਜਾ ਕੇ ਔਰੰਗਜ਼ੇਬ ਅੱਗੇ ਫ਼ਰਿਆਦ ਕੀਤੀ ਕਿ ‘ਵੱਡਾ ਹੋਣ ਕਾਰਨ ਗੁਰਤਾਗੱਦੀ ’ਤੇ ਮੇਰਾ ਹੱਕ ਹੈ। ਮੇਰੇ ਨਾਲ ਪਿਤਾ ਨੇ ਧੱਕਾ ਕੀਤਾ ਹੈ। ਬਾਦਸ਼ਾਹ ਆਲਮਗੀਰ  !  ਮੈਂ ਆਪ ਜੀ ਦਾ ਵਫ਼ਾਦਾਰ ਹਾਂ ਤੇ ਅੱਗੇ ਤੋਂ ਵੀ ਤੁਸਾਂ ਦਾ ਰਿਣੀ ਰਹਾਂਗਾ। ਗੁਰਤਾ ਦਾ ਹੱਕ ਮੇਰਾ ਹੈ।’

ਔਰੰਗਜ਼ੇਬ ਬੜਾ ਚਲਾਕ ਸੀ। ਉਸ ਨੇ ਸੋਚਿਆ ਜੇ ਮੇਰੇ ਵਫ਼ਾਦਾਰ ਨੂੰ ਗੁਰਤਾਗੱਦੀ ਮਿਲ ਜਾਵੇਗੀ, ਮੈਂ ਸਾਰੀ ਲੋਕਾਈ ਦਾ ਧਰਮ-ਪਰਿਵਰਤਨ ਬੜੀ ਆਸਾਨੀ ਨਾਲ ਕਰ ਸਕਦਾ ਹਾਂ।  ਸ਼ਾਹੀ ਹੁਕਮ ਭੇਜ ਦਿੱਤਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਉਣ ਤੇ ਬਾਦਸ਼ਾਹ ਨਾਲ ਵਿਚਾਰ-ਵਟਾਂਦਰਾ ਕਰਨ।  ਜਦੋਂ ਸ੍ਰੀ ਰਾਮ ਰਾਇ ਦੀ ਸ਼ਿਕਾਇਤ ਸੁਣ ਕੇ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਸ਼ਾਹੀ ਕਾਸਦ ਨੂੰ ਚਿੱਠੀ ਦੇ ਕੇ ਕੀਰਤਪੁਰ ਸਾਹਿਬ ਭੇਜਿਆ ਤਾਂ ਆਪ ਜੀ ਨੇ ਗੁਰੂ ਪਿਤਾ ਦੇ ਅੰਤਮ ਸੰਦੇਸ਼ ‘ਨਹਿ ਮਲੇਛ ਕੋ ਦਰਸ਼ਨ ਦੇ ਹੈਂ’ ਨੂੰ ਸਮਰਪਿਤ ਹੋ ਕੇ ਔਰੰਗਜ਼ੇਬ ਨੂੰ ਦਿੱਲੀ ਜਾ ਕੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ‘ਸੂਰਜ ਪ੍ਰਕਾਸ਼’ ਦੇ ਕਰਤਾ ਨੇ ਇਸ ਘਟਨਾ ਨੂੰ ਇਉਂ ਬਿਆਨ ਕੀਤਾ ਹੈ:

ਸੁਨ ਕੇ ਸ੍ਰੀ ਹਰਿ ਕ੍ਰਿਸਨ ਸੁਜਾਨਾ। ਸਭਨ ਸੁਨਾਵਤ ਬਾਕ ਬਖਾਨਾ।

ਨਹਿ ਮਲੇਛ ਕੋ ਦਰਸ਼ਨ ਦੇ ਹੈ। ਹੋਇ ਸਮੀਪ ਤਿਸ ਕੋ ਨਹਿ ਲੈ ਹੈ।

ਇਹੀ ਨੇਮ ਪਿਤ ਕੀਨ ਹਮਾਰੇ। ਤਿਸ ਪ੍ਰਕਾਰ ਹਮ ਭੀ ਉਰ ਧਾਰੇ।

ਪਰ ਜਦੋਂ ਰਾਜਾ ਜੈ ਸਿੰਘ ਨੇ ਦਿੱਲੀ ਦੀਆਂ ਸੰਗਤਾਂ ਵੱਲੋਂ ਦਿੱਲੀ ਚਰਨ ਪਾਉਣ ਲਈ ਬੇਨਤੀ ਕੀਤੀ ਤਾਂ ਆਪ ਨੇ ਸੰਗਤਾਂ ਦੀ ਅਰਜ਼ੋਈ ਨੂੰ ਪਰਵਾਨ ਕਰਦਿਆਂ ਦਿੱਲੀ ਆ ਪਏ।

ਹੰਕਾਰੀ ਪੰਡਿਤ ਦਾ ਹੰਕਾਰ ਤੋੜਨਾ: ਦਿੱਲੀ ਵੱਲ ਜਾਂਦੇ ਰਾਹ ਵਿੱਚ ਪੰਜੋਖਰੇ ਦੇ ਸਥਾਨ ’ਤੇ ਪੜਾਅ ਦੌਰਾਨ ਹੰਕਾਰੀ ਪੰਡਿਤ ਲਾਲ ਚੰਦ ਗੁਰੂ-ਪਾਤਿਸ਼ਾਹ ਕੋਲ ਆਇਆ ਤੇ ਕਹਿਣ ਲੱਗਾ ਕਿ ‘ਨਾਮ ਤਾਂ ਹਰਿਕ੍ਰਿਸ਼ਨ ਰੱਖਿਆ ਹੈ ਪਰ ‘ਗੀਤਾ-ਗਿਆਨ’ ਦਾ ਤਾਂ ਤੁਹਾਨੂੰ ਕੋਈ ਅਨੁਭਵ ਨਹੀਂ।  ਸ਼੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਰਚੀ ਸੀ, ਤੁਸੀਂ ਗੀਤਾ ਦੇ ਅਰਥ ਹੀ ਕਰ ਕੇ ਦੱਸੋ।’ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਇੱਕ ਛੱਜੂ ਨਾਮੀ ਸਾਧਾਰਨ ਸਿੱਖ ਤੋਂ ਪੰਡਤ ਜੀ ਨੂੰ ਗੀਤਾ ਦੇ ਅਰਥ ਕਰ ਕੇ ਸਮਝਾਉਣ ਲਈ ਕਿਹਾ।  ਉਸ ਨੇ ਸਹਿਜੇ ਹੀ ਬਿਬੇਕ ਬੁੱਧੀ ਸਹਿਤ ਗੀਤਾ ਦੇ ਅਰਥ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।  ਪੰਡਿਤ ਲਾਲ ਚੰਦ ਚਰਨੀਂ ਢਹਿ ਪਿਆ ਤੇ ਮਾਫ਼ੀ ਮੰਗੀ। ਇਉਂ ਅਠਵੇਂ ਗੁਰਦੇਵ ਨੇ ਲਾਲ ਚੰਦ ਪੰਡਿਤ ਦਾ ਹੰਕਾਰ ਤੋੜਿਆ। ਪੰਜੋਖਰੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਦਿੱਲੀ ਵੱਲ ਚੱਲ ਪਏ।

ਦਿੱਲੀ ਵਿੱਚ ਸਿੱਖ ਧਰਮ ਦਾ ਪ੍ਰਚਾਰ ਤੇ ਵਿਸਥਾਰ: ਦਿੱਲੀ ਪਹੁੰਚਣ ’ਤੇ ਰਾਜਾ ਜੈ ਚੰਦ ਤੇ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਭਾਰੀ ਸਵਾਗਤ ਕੀਤਾ।  ਰਾਜਾ ਜੈ ਸਿੰਘ, ਜੋ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ, ਨੇ ਆਪ ਦਾ ਉਤਾਰਾ ਆਪਣੇ ਬੰਗਲੇ ਵਿੱਚ ਕਰਵਾਇਆ। ਉਹ ਨਿੱਜੀ ਤੌਰ ’ਤੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਿਹਾ। ਇੱਕ ਦਿਨ ਰਾਜਾ ਜੈ ਚੰਦ ਦੀ ਰਾਣੀ ਨੇ ਸਤਿਗੁਰਾਂ ਦੇ ਦੀਦਾਰ ਦੀ ਤਾਂਘ ਪ੍ਰਗਟ ਕੀਤੀ ਤਾਂ ਰਾਜੇ ਨੇ ਗੁਰੂ ਜੀ ਨੂੰ ਮਹਿਲ ਵਿੱਚ ਬੁਲਾ ਲਿਆ।  ਰਾਣੀ ਨੇ ਗੁਰੂ ਜੀ ਦੀ ਦਿੱਬਦ੍ਰਿਸ਼ਟੀ ਨੂੰ ਪਰਖਣ ਲਈ ਆਪ ਗੋਲੀਆਂ ਵਾਲੇ ਕੱਪੜੇ ਪਾ ਲਏ ਤੇ ਉਨ੍ਹਾਂ ਵਿੱਚ ਹੀ ਬੈਠ ਗਈ।  ਗੁਰੂ ਜੀ ਨੇ ਆਪਣੀ ਛੜੀ, ਰਾਣੀ ਦੇ ਸਿਰ ’ਤੇ ਰੱਖ ਕੇ ਚਿਹਰੇ ਵੱਲ ਗਹੁ ਨਾਲ ਵੇਖਿਆ ਤੇ ਕਿਹਾ, ‘ਇਹ ਹੈ ਪਟਰਾਣੀ’।  ਗੁਰੂ ਜੀ ਨੇ ਰਾਣੀ ਤੇ ਰਾਜੇ ਦੇ ਮਨੋਰਥ ਪੂਰੇ ਕੀਤੇ। ਰਾਜਾ ਜੈ ਚੰਦ ਬਾਲ-ਗੁਰੂ ਦੀ ਆਤਮਿਕ ਉੱਚਤਾ ਤੋਂ ਬਹੁਤ ਪ੍ਰਭਾਵਤ ਹੋਇਆ।  ਉਸ ਨੇ ਇਹੋ ਪ੍ਰਭਾਵ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਜਾ ਕੇ ਦੱਸਿਆ ਤਾਂ ਬਾਦਸ਼ਾਹ ਨੇ ਵੱਡੇ ਭਰਾ ਦੀ ਗੁਰਗੱਦੀ ਦੇ ਹੱਕ ਲਈ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਵਿਰੁਧ ਦਿੱਤੀ ਦਰਖ਼ਾਸਤ ਖਾਰਜ ਕਰ ਦਿੱਤੀ।  ਸਿੱਟਾ ਇਹ ਹੋਇਆ ਕਿ ਰਾਮ ਰਾਇ ਜੀ ਦੀ ਸੋਚੀ ਹੋਈ ਸਾਜ਼ਿਸ਼ ਸਿਰੇ ਨਾ ਚੜ੍ਹ ਸਕੀ।

ਰਾਜਾ ਜੈ ਸਿੰਘ ਦੇ ਬੰਗਲੇ ’ਤੇ ਰੋਜ਼ਾਨਾ ਹਰਿ-ਜਸ ਤੇ ਕੀਰਤਨ ਹੋਣ ਲੱਗਾ। ਦਿੱਲੀ ਦੀਆਂ ਸੰਗਤਾਂ ਹੁੰਮ-ਹੁਮਾ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਣ ਜੁੜਦੀਆਂ ਤੇ ਸਤਿਸੰਗ ਦਾ ਲਾਭ ਉੱਠਾ ਕੇ ਨਿਹਾਲ ਹੁੰਦੀਆਂ।  ਗੁਰੂ ਜੀ ਨਾਮ ਬਾਣੀ ਦੇ ਉਪਦੇਸ਼ ਦੁਆਰਾ ਸੰਸਾਰੀ ਜੀਵਾਂ ਦੇ ਤਨ-ਮਨ ਦੇ ਅਸਾਧ ਰੋਗ ਦੂਰ ਕਰਦੇ ਸਨ। 

ਗੁਰੂ ਜੀ ਨੇ ਵਰਣ ਵੰਡ ਦੇ ਸਿਧਾਂਤ ਦਾ ਸਖ਼ਤੀ ਨਾਲ ਵਿਰੋਧ ਕੀਤਾ, ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ, ਇਸਤ੍ਰੀ ਨੂੰ ਸਮਾਜ ਵਿੱਚ ਸਤਿਕਾਰ ਦਿੱਤਾ, ਕੁੜੀ ਮਾਰਨ ਵਾਲਿਆਂ ਦਾ ਗੁਰੂ-ਦਰਬਾਰ ਵਿੱਚ ਆਉਣਾ ਮਨ੍ਹਾ ਕਰ ਦਿੱਤਾ, ਨਸ਼ਿਆਂ ਦੀ ਵਰਤੋਂ ਨਾ ਕਰਨ ’ਤੇ ਜ਼ੋਰ ਦਿੱਤਾ, ਆਦਿ।  ਆਪ ਜੀ ਨੇ ਉਨ੍ਹਾਂ ਸਾਰੇ ਉਦੇਸ਼ਾਂ ਤੇ ਆਦਰਸ਼ਾਂ ਉੱਤੇ ਨਿੱਡਰਤਾ ਨਾਲ ਪਹਿਰਾ ਦਿੱਤਾ, ਜਿਹੜੇ ਗੁਰਮਤਿ ਨੇ ਸਿੱਖ ਲਹਿਰ ਲਈ ਮਿਥੇ ਹੋਏ ਸਨ।  ਚੂੰਕਿ ਜੋਤਿ ਤੇ ਜੁਗਤਿ ਇੱਕੋ ਸੀ, ਬਾਣੀ ਤੇ ਬੋਲ ਇੱਕੋ ਸੀ, ਦ੍ਰਿਸ਼ਟ ਤੇ ਚਿੰਤਨ ਇੱਕੋ ਸੀ, ਆਦੇਸ਼ ਤੇ ਉਪਦੇਸ਼ ਇੱਕੋ ਜਿਹਾ ਸੀ, ਇਸ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਮਕਾਲੀ ਸਮਾਜਕ ਸਥਿਤੀ ਨੂੰ ਸੋਧਣ ਵਾਸਤੇ ਜਿਹੜੇ ਉਪਦੇਸ਼ ਦਿੱਤੇ, ਉਹ ਇੰਨੇ ਸੁਧਾਰ ਵਾਲੇ, ਸਾਰਥਕ ਤੇ ਸਿਰਜਣਾਤਮਕ ਸਨ ਕਿ ਸਮਕਾਲੀ ਸਮਾਜ ਨੂੰ ਪਵਿੱਤਰ ਤੇ ਆਦਰਸ਼ਕ ਜੀਵਨ ਵਾਲਾ ਸਿਰਜਣ ਵਿੱਚ ਵੀ ਉਹ ਬੜੇ ਸਹਾਇਕ ਹੋਏ।  ਨਿਰਸੰਦੇਹ, ਸਿੱਖ ਧਰਮ ਦੇ ਪ੍ਰਚਾਰ ਤੇ ਵਿਸਥਾਰ ਵਾਸਤੇ ਆਪ ਜੀ ਨੇ ਇਤਿਹਾਸਕ ਰੋਲ ਅਦਾ ਕੀਤਾ।

ਇਹਨੀਂ ਦਿਨੀਂ ਦਿੱਲੀ ਵਿੱਚ ਚੇਚਕ ਤੇ ਹੈਜ਼ੇ ਦੀ ਭਿਆਨਕ ਬਿਮਾਰੀ ਫੈਲੀ ਹੋਈ ਸੀ।  ਆਪ ਪਾਸ ਰੋਗੀ ਆਉਂਦੇ ਸਨ।  ਗੁਰੂ ਜੀ ਆਪ ਵੀ ਲੋਕਾਂ ਦੀਆਂ ਪੀੜਾਂ ਹਰਨ ਲਈ ਘਰਾਂ ਵਿੱਚ ਜਾਂਦੇ ਤੇ ਆਪਣੇ ਹੱਥੀਂ ਸੇਵਾ ਕਰ ਕੇ ਦੁਖੀਆਂ ਦੇ ਦੁੱਖ ਦੂਰ ਕਰਦੇ ਰਹੇ ਸਨ। ਦਿਨ-ਰਾਤ ਚੇਚਕ ਨਾਲ ਪੀੜਤ ਰੋਗੀਆਂ ਵਿੱਚ ਵਿਚਰਨ ਕਾਰਨ ਅਤੇ ਅਕਾਲ ਪੁਰਖ ਦੇ ਭਾਣੇ ਅਨੁਸਾਰ ਗੁਰੂ ਜੀ ’ਤੇ ਇਸ ਬਿਮਾਰੀ ਦਾ ਹਮਲਾ ਹੋ ਗਿਆ। ਰੋਗ ਵਧ ਜਾਣ ਕਾਰਨ ਸਿੱਖ ਸੰਗਤਾਂ ਵਿੱਚ ਘਬਰਾਹਟ ਪੈਦਾ ਹੋ ਗਈ।  ਆਪ ਜੀ ਨੇ ਸ਼ਹਿਰ ਤੋਂ ਬਾਹਰਵਾਰ ਖੁਲ੍ਹੀ ਥਾਂ ’ਤੇ ਜਾਣ ਦੀ ਇੱਛਾ ਪ੍ਰਗਟ ਕੀਤੀ।  ਆਪ ਜਮਨਾ ਦਰਿਆ ਦੇ ਕੰਢੇ ’ਤੇ ਰਮਣੀਕ ਸਥਾਨ ਉੱਪਰ ਚੱਲੇ ਗਏ ਤੇ ਕਾਦਰ ਦੀ ਕੁਦਰਤ ਵਿੱਚ ਅੰਤਲਾ ਸਮਾਂ ਬਿਤਾਇਆ। ਇੱਕ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਾਤਾ ਜੀ ਤੇ ਸੰਗਤਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆ ਗਿਆ ਹੈ। ਫਿਰ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ, ਸਗੋਂ ਭਾਣੇ ਵਿੱਚ ਰਹਿ ਕੇ ਪਰਮਾਤਮਾ ਦਾ ਸਿਮਰਨ ਤੇ ਕੀਰਤਨ ਕਰਨਾ ਹੈ।  ਅੰਤ, ਸਿੱਖ ਸੰਗਤਾਂ ਨੂੰ ‘ਬਾਬਾ….ਬਕਾਲੇ’ ਦਾ ਸੰਕੇਤ ਦੇ ਕੇ ਆਪ ‘‘ਜਿਉ ਜਲ ਮਹਿ, ਜਲੁ ਆਇ ਖਟਾਨਾ ॥  ਤਿਉ ਜੋਤੀ ਸੰਗਿ, ਜੋਤਿ ਸਮਾਨਾ ॥’’ (ਮ: ੫/੨੭੮)  ਗੁਰਵਾਕ ਅਨੁਸਾਰ ੩੦ ਮਾਰਚ ੧੬੬੪ ਈ. (੩ ਵਿਸਾਖ ੧੭੨੧ ਬਿ.) ਨੂੰ ਜੋਤੀ ਜੋਤ ਸਮਾ ਗਏ।

ਗੁਰੂ ਜੀ ਦਾ ‘ਬਾਬਾ…. ਬਕਾਲੇ’ ਦੇ ਸ਼ਬਦਾਂ ਵਿੱਚ ਬਹੁਤ ਡੂੰਘਾ ਰਹੱਸ ਤੇ ਗਹਿਰੀ ਰਮਜ਼ ਸੀ। ਗੁਰੂ ਜੀ ਨੇ ‘ਬਾਬਾ’ ਇਸ ਲਈ ਕਿਹਾ ਕਿਉਂਕਿ ਗੁਰਗੱਦੀ ਦੇ ਜ਼ਿੰਮੇਵਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਸਨ, ਜੋ ਅਠਵੇਂ ਪਾਤਿਸ਼ਾਹ ਦੇ ਰਿਸ਼ਤੇ ਵਿੱਚ ਬਾਬਾ ਜੀ ਲਗਦੇ ਸਨ। ‘ਬਕਾਲੇ’ ਦਾ ਭਾਵ ਹੈ ਪਿੰਡ ਦਾ ਨਾਂ ਬਕਾਲਾ। ਵਿਦਵਾਨਾਂ ਦੀ ਰਾਇ ਹੈ ਕਿ ਬਾਲਾ-ਪ੍ਰੀਤਮ ਗੁਰੂ ਸਿੱਖਾਂ ਦੀ ਪਰਖ ਕਰਨੀ ਚਾਹੁੰਦੇ ਸਨ ਕਿ ਕੀ ਉਨ੍ਹਾਂ ਵਿੱਚ ਦੰਭ ਤੇ ਪਾਖੰਡ ਵਿੱਚੋਂ ਸੱਚ ਦੀ ਪਛਾਣ ਕਰਨ ਦੀ ਸੂਝ ਆ ਗਈ ਹੈ ਅਤੇ ਕੀ ਉਹ ਸੱਚੇ ਗੁਰੂ ਨੂੰ ਪਛਾਨਣ ਯੋਗ ਹੋ ਗਏ ਹਨ ? ਸਿੱਖ ਇਤਿਹਾਸ ਗਵਾਹ ਹੈ ਕਿ ਬਕਾਲੇ ਦੇ ਸਥਾਨ ’ਤੇ ਇਹ ਪਰਖ ਪੂਰੀ ਹੋਈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਦੇ ਰੂਪ ਵਿੱਚ ਪਰਗਟ ਹੋਏ। ਭਾਈ ਮੱਖਣ ਸ਼ਾਹ ਨੇ ਸੱਚੇ ਗੁਰੂ ਨੂੰ ਲੱਭਣ ਉਪਰੰਤ ਕੋਠੇ ’ਤੇ ਚੜ੍ਹ ਕੇ ‘ਲਾਧੋ ਰੇ, ਗੁਰ ਲਾਧੋ ਰੇ’ ਦਾ ਹੋਕਾ ਦਿੱਤਾ। ਸਿੱਖ ਸੰਗਤਾਂ ਨੂੰ ਅਥਾਹ ਖੁਸ਼ੀ ਹੋਈ ਕਿ ਸੱਚ ਉਜਾਗਰ ਹੋ ਗਿਆ ਹੈ ਤੇ ਉਨ੍ਹਾਂ ਦੀ ਬਾਂਹ ਫੜਨ ਵਾਲਾ ਮਿਲ ਗਿਆ ਹੈ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ: ਸਿੱਖ ਗੁਰੂ ਪਰੰਪਰਾ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਮਹਾਨ ਸ਼ਖ਼ਸੀਅਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਰੱਬੀ ਜੋਤਿ ਦੀ ਨਦਰਿ ਇੱਕ ਬਾਲਕ ਨੂੰ ਵੀ ਇਲਾਹੀ ਜੋਤਿ ਦਾ ਵਾਰਸ ਬਣਾ ਸਕਦੀ ਹੈ।  ਪਾਠਕਾਂ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ ਬਾਰੇ ਪ੍ਰੋ. ਜੋਗਿੰਦਰ ਸਿੰਘ ਦੇ ਲਿਖੇ ਸ਼ਬਦ (ਹੂ-ਬ-ਹੂ) ਸਾਂਝੇ ਕਰਦੀ ਹਾਂ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ‘ਜੀਵਨ’ ਬੜਾ ਵਚਿੱਤਰ, ਵਿਸ਼ੇਸ਼ਤਾ ਵਾਲਾ ਤੇ ਪ੍ਰਭਾਵਸ਼ਾਲੀ ਹੈ। ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਭਵ ਤੇ ਬਾਣੀ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੇ ਸਮਰੱਥ, ਉੱਜਲ-ਦੀਦਾਰ ਤੇ ਸਭ ਦੁੱਖਾਂ ਦੀ ਨਵਿਰਤੀ ਕਰਨ ਵਾਲੇ ਹਨ ਤਾਂ ਸਮਕਾਲੀ ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਭਰਮ ਅਤੇ ਭੈ ਤੋਂ ਮੁਕਤ ਵੀ ਹਨ। ਬਲਬੀਰ ਇੰਨੇ ਹਨ ਕਿ ਜੇ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਨਾਲ ਵਾਦ ਰਚਾਉਣ ਦਾ ਸਮਾਂ ਬਣਿਆ ਹੈ ਤਾਂ ਪੂਰੇ ਸੂਰਮਿਆਂ ਤੇ ਬਹਾਦਰਾਂ ਵਾਂਗ ਨਾ ਜ਼ਾਲਮ ਔਰੰਗਜ਼ੇਬ ਨੂੰ ਦਰਸ਼ਨ ਦਿੱਤੇ ਹਨ ਤੇ ਨਾ ਹੀ ਉਸ ਦੀ ਹਕੂਮਤ ਦਾ ਕੋਈ ਡਰ ਸਵੀਕਾਰ ਕੀਤਾ ਹੈ। ਸਹੀ ਅਰਥਾਂ ਵਿੱਚ ਇਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੀਵਨ-ਵਚਿੱਤਰਤਾ ਹੈ ਕਿ ਬਾਲ ਉਮਰ ਵਿੱਚ ਦੁਖੀ ਤੇ ਰੋਗੀ ਮਨੁੱਖ ਦਾ ਭਰਪੂਰ ਹਮਦਰਦ ਹੋਣਾ ਅਤੇ ਸਮਕਾਲੀ ਤੇ ਜ਼ਾਲਮ ਹਕੂਮਤ ਦੇ ਭੈ ਤੋਂ ਆਜ਼ਾਦ ਹੋ ਕੇ ਗੁਰੂ-ਪਰੰਪਰਾ ਵਾਂਗ ਬਲਬੀਰ ਹੋ ਕੇ ਆਪਣੀ ਜੀਵਨ-ਕ੍ਰਿਆ ਨੂੰ ਉਜਾਗਰ ਕਰਨਾ ਹੀ ਨਹੀਂ, ਸਗੋਂ ਆਪਣੇ ਚਿੰਤਨ ਤੇ ਉਪਦੇਸ਼ਾਂ ਦਾ ਇੱਕ ਸਫ਼ਲ ਆਗੂ ਵਾਂਗ ਖੁੱਲ੍ਹ ਕੇ ਪ੍ਰਚਾਰ ਕਰਨਾ ਵੀ ਸੀ। ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿੱਚ ਗੁਰੂ-ਜੋਤਿ ਦੀ ਦਾਤਿ-ਵਡਿਆਈ ਪ੍ਰਾਪਤ ਕਰ ਕੇ, ਗੁਰੂ-ਸਿੰਘਾਸਣ ਉੱਤੇ ਬੈਠ ਕੇ, ਸਿੱਖ ਧਰਮ, ਸਿੱਖ ਸੰਗਤ, ਸਿੱਖ-ਸੰਸਥਾਵਾਂ ਤੇ ਸਿੱਖ-ਲਹਿਰ ਨੂੰ ਸਮਰੱਥ ਗੁਰੂ ਵਜੋਂ ਅਗਵਾਈ ਪ੍ਰਦਾਨ ਕੀਤੀ। ਗੁਰ-ਇਤਿਹਾਸ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਤਿੰਨ ਸਾਲ ਦਾ ਗੁਰੂ-ਗੱਦੀ ਕਾਲ ਸਾਖੀ ਹੈ ਕਿ ਪੰਜ ਅਤੇ ਅੱਠ ਸਾਲ ਦੀ ਉਮਰ ਵਿੱਚ ਬਲਬੀਰ ਤੇ ਸਮਰੱਥ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰੂ ਪਰੰਪਰਾ ਅਨੁਸਾਰ ਗੁਰੂ-ਦਰ-ਘਰ ਦੀ ਸੇਵਾ-ਸੰਭਾਲ ਵੀ ਕੀਤੀ, ਸਿੱਖ ਸੰਗਤ ਨੂੰ ਨਾਨਕ-ਨਾਮ ਤੇ ਧਰਮ-ਆਦਰਸ਼ਾਂ ਨਾਲ ਪੂਰੀ ਤਰ੍ਹਾਂ ਜੋੜੀ ਵੀ ਰੱਖਿਆ, ਸਮਾਜਿਕ ਤੇ ਰਾਜਨੀਤਕ ਜਾਗ੍ਰਿਤੀ ਲਈ ਸਰੀਰਕ ਬੰਧਨਾਂ ਤੋਂ ਆਜ਼ਾਦ ਹੋ ਕੇ, ਪੜਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਂਗ ਭੈ-ਮੁਕਤ ਵਾਤਾਵਰਨ ਵੀ ਸਿਰਜਦੇ ਰਹੇ ਤੇ ਜੇ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਨੇ ਆਤਮਿਕ ਗਤੀ ਜਾਂ ਰਾਜਨੀਤਕ-ਸਾਂਝ ਲਈ ਦਰਸ਼ਨ-ਦੀਦਾਰ ਦੀ ਇੱਛਾ ਵੀ ਪ੍ਰਗਟਾਈ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਅਤਿਆਚਾਰੀ ਤੇ ਜ਼ਾਲਮ ਕਹਿ ਕੇ, ਔਰੰਗਜ਼ੇਬ ਨੂੰ ਦਰਸ਼ਨ ਦੇਣ ਜਾਂ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਨਿਸ਼ਚੇ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਬੜਾ ਵਚਿੱਤਰ ਤੇ ਗੁਰੂ-ਪਰੰਪਰਾ ਵਿੱਚ ਵਿਲੱਖਣ ਵਿਸ਼ੇਸ਼ਤਾ ਰੱਖਣ ਵਾਲਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਲੱਖਣ ਵਿਸ਼ੇਸ਼ਤਾ ਦਾ ਇੱਕ ਆਧਾਰ ਇਹ ਵੀ ਹੈ ਕਿ ਗੁਰੂ-ਜੀਵਨ ਤੇ ਗੁਰੂ-ਗੱਦੀ ਕਾਲ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸਭ ਤੋਂ ਘੱਟ ਉਮਰ ਦੇ ਹਨ। ਉਮਰ ਹੀ ਘੱਟ ਨਹੀਂ, ਗੁਰੂ-ਸਿੰਘਾਸਣ ਉੱਤੇ ਬੈਠ ਕੇ ਸਿੱਖ ਸੰਗਤਾਂ ਨੂੰ ਆਤਮਿਕ, ਸਮਾਜਿਕ ਅਤੇ ਰਾਜਨੀਤਕ ਅਗਵਾਈ ਪ੍ਰਦਾਨ ਕਰਨ ਦਾ ਸਮਾਂ ਵੀ ਸਭ ਗੁਰੂ-ਪ੍ਰਤਿਭਾਵਾਂ ਨਾਲੋਂ ਘੱਟ ਮਿਲਾ ਹੈ।…ਉਨ੍ਹਾਂ ਨੇ ਬਾਲ-ਉਮਰ ਤੋਂ ਘੱਟ ਗੁਰੂ-ਕਾਲ ਵਿੱਚ ਵੀ ਗੁਰੂ-ਸਮਰੱਥਾ, ਗੁਰੂ-ਦ੍ਰਿਸ਼ਟੀ, ਗੁਰੂ-ਮਾਣ ਤੇ ਗੁਰੂ-ਪ੍ਰਭਾਵ ਨੂੰ ਵੀ ਸਥਾਪਤ ਰੱਖਿਆ ਤੇ ਸਮਕਾਲੀ ਵਿਰੋਧਤਾ ਨਾਲ ਭਰੇ ਅਤੇ ਵਿਰੋਧੀ ਹਾਲਾਤ ਤੋਂ ਸਿੱਖ ਧਰਮ ਤੇ ਸਿੱਖ ਲਹਿਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਵੀ ਰੱਖਿਆ। ਜੋਤੀ-ਜੋਤਿ ਸਮਾਉਣ ਵੇਲੇ ‘ਬਾਬਾ ਬਕਾਲੇ’ ਦਾ ਸੰਕੇਤ ਕਰ ਕੇ ਜਿਸ ਯੋਗਤਾ, ਸਿਆਣਪ ਤੇ ਦੂਰ-ਦ੍ਰਿਸ਼ਟੀ ਨਾਲ ਗੁਰੂ-ਜੋਤਿ ਦਾ ਅਧਿਕਾਰੀ ਤੇ ਗੁਰੂ-ਸੰਸਥਾ ਦੇ ਨੌਵੇਂ ਵਾਰਸ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਣਾਇਆ, ਇਹ ਰਹੱਸ ਵੀ ਸਪਸ਼ਟ ਕਰਦਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਿਬੇਕ ਬੁੱਧ ਵਾਲੇ ਤੇ ਜਾਗਦੇ ਯੋਧੇ ਸਨ। ਉਹ ਧੀਰਮੱਲੀਆਂ, ਰਾਮਰਾਈਆਂ, ਸੋਢੀਆਂ ਤੇ ਸ਼ਾਹੀ ਏਜੰਟਾਂ ਦੀ ਵਿਰੋਧਤਾ ਤੇ ਵੰਗਾਰਾਂ ਤੋਂ ਸਦਾ ਬੇਮੁਹਤਾਜ ਰਹੇ। ਸਹੀ ਅਰਥਾਂ ਵਿੱਚ ਇਹ ਸਾਰੀ ਗੁਰੂ-ਕ੍ਰਿਆ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵਿਲੱਖਣ ਵਿਸ਼ੇਸ਼ਤਾ ਵਾਲੀ ਸਥਾਪਿਤ ਕਰਦੀ ਹੈ।

ਭਾਈ ਗੁਰਦਾਸ ਜੀ (ਦੂਜੇ) ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੂਪ ਨੂੰ ‘ਅਸਟਮ ਬਲਬੀਰਾ’ ਆਖਿਆ ਹੈ, ਜਿਸ ਦਾ ਅਰਥ ਹੈ ਕਿ ਅਠਵੇਂ ਪਾਤਿਸ਼ਾਹ ਅਧਿਆਤਮਿਕ ਪੱਖੋਂ ਬਹੁਤ ਬਲਵਾਨ ਹਨ :

ਹਰਿਕਿਸਨ ਭਯੋ ਅਸਟਮ ਬਲਬੀਰਾ। ਜਿਨ ਪਹੁੰਚਿ ਦੇਹਲੀ ਤਜਿਓ ਸਰੀਰਾ।

ਬਾਲ ਰੂਪ ਧਰਿਓ ਸ੍ਵਾਂਗ ਰਚਾਇ। ਤਬ ਸਹਿਜੇ ਤਨ ਕੋ ਛੋਡਿ ਸਿਧਾਇ।

ਇਉ ਮੁਗਲਨ ਸੀਸ ਪਰੀ ਬਹੁ ਛਾਰਾ। ਵੈ ਖੁਦ ਪਤਿ ਸੋ ਪਹੁੰਚੇ ਦਰਬਾਰਾ।

ਆਰੰਗੇ ਇਹ ਬਾਦ ਰਚਾਇਓ। ਤਿਨ ਅਪਨਾ ਕੁਲ ਸਭ ਨਾਸ ਕਰਾਇਓ। (ਭਾਈ ਗੁਰਦਾਸ ਜੀ/ਵਾਰ ੪੧ ਪਉੜੀ ੨੨)

ਭਾਈ ਨੰਦ ਲਾਲ ਜੀ ਦੀਆਂ ਨਜ਼ਰਾਂ ਵਿੱਚ :

ਗੁਰੂ ਹਰਿਕਿਸ਼ਨ ਆਂ ਹਮਾਂ ਫਜਲੋ ਜ਼ੂਦ। ਹਕਸ਼ ਅਜ਼ ਹਮਾਂ ਖ਼ਾਸਗਾਂ ਬਰ ਸਤੂਦ। ਮਿਆਨਿ ਹੱਕ ਵਓ ਫ਼ਸਾਲ-ਉਲ ਵਰੱਕ। ਵਜੂਦਸ਼ ਹਮਾਂ ਫ਼ਸਲੋ ਅਫ਼ਜਾਲਿ ਹੱਕ। ਹਮਾਂ ਸਾਇਲਿ ਲੁਤਫ਼ਿ ਹੱਕ ਪਰਵਰਸ਼। ਜ਼ਮੀਨੋ ਜ਼ਮਾਂ ਜੁਮਲਾ ਫ਼ਰਮਾ ਬਰਸ਼। ਤੁਫ਼ੈਦਸ਼ ਦੁ ਆਲਮ ਬਵਦ ਕਾਮਯਾਬ। ਅਜ਼ੋ ਗਸ਼ਤਾ ਹਰ ਜ਼ੱਰਰਾ ਖ਼ੁਰਸ਼ੈਦ ਤਾਬ।

ਅਰਥਾਤ- ਪਿਆਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਪਮਾ ਅਪਰ ਅਪਾਰ ਹੈ- ਉਹ ਬਖਸ਼ਿਸ਼ਾਂ ਦੇ ਭੰਡਾਰੇ ਤੇ ਦਾਤਾਂ ਵੰਡਣ ਵਾਲੇ ਹਨ।  ਧਰਤੀ, ਅਕਾਸ਼, ਸੂਰਜ, ਚੰਦ ਤੇ ਤਾਰਿਆਂ ਦੇ ਮਾਲਕ ਆਪ ਨਿਰੰਕਾਰ ਹਨ। ਜਿਸ ’ਤੇ ਉਨ੍ਹਾਂ ਦੀ ਸੁਵੱਲੀ ਨਜ਼ਰ ਹੋ ਜਾਂਦੀ ਹੈ, ਉਸ ਦੇ ਲੋਕ-ਪਰਲੋਕ ਸੁਧਰ ਜਾਂਦੇ ਹਨ।

‘ਮਹਿਮਾ ਪ੍ਰਕਾਸ਼’ ਦਾ ਕਰਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਉਪਮਾ ਇਨ੍ਹਾਂ ਸ਼ਬਦਾਂ ਵਿੱਚ ਕਰਦਾ ਹੈ :

‘ਮਨ ਇਛਿਆ ਧਰ ਦਰਸਨ ਜੋ ਕਰੇ। ਪਾਏ ਪਦਾਰਥ ਪੂਰੀ ਪਰੇ। ਲੀਲਾ ਸਮੇ ਦਰਸਨ ਜੋ ਕਰੇ। ਅਰਥ ਪਰਮਾਰਥ ਜੋ ਮਨ ਧਰੇ। ਗੁਰ ਅੰਤਰਜਾਮੀ ਸਭ ਕੀ ਜਾਨੇ। ਕਰ ਕਿਰਪਾ ਕਰ ਬਚਨ ਬਖਾਨੇ। ਤਾਤਕਾਲ ਪੂਰਨ ਹੋਇ ਆਸ। ਅਦਭੁਤ ਲੀਲਾ ਪਰਮ ਬਿਲਾਸ।’

ਭਾਈ ਸੰਤੋਖ ਸਿੰਘ ਜੀ ਨੇ ਅਠਵੇਂ ਪਾਤਿਸ਼ਾਹ ਦੀ ਉਸਤਤੀ ਕਰਦਿਆਂ ਲਿਖਿਆ ਹੈ :

‘ਸੁੰਦਰ ਸੂਰਤਿ ਮਾਧੁਰੀ ਮੂਰਤਿ, ਪੂਰਤਿ ਕਾਮਨਾ ਸਿਖਯਨ ਕੀ। ਸ਼ਾਂਤੀ ਸਰੂਪ ਧਰੇ ਪ੍ਰਭੁ ਪੂਬ, ਆਠਮ ਦੇਹਿ ਸੁ ਨੌਤਨ ਕੀ। ਜਯੋ ਮਹਿਪਾਲਕ ਪੋਸ਼ਿਸ਼ ਕੋ ਤਜਿ, ਪੈ ਪਹਿਰੈ ਹਿਤ ਭਾਤਨ ਕੀ।  ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਤ, ਸੰਗਤਿ ਪ੍ਰੀਤਿ ਕਰੇ ਮਨ ਕੀ। … ਦੁਖ ਹਰਿ ਲੇਤ, ਸੁਖ ਬਾਂਛਤ ਕੋ ਦੇਤਿ ਗੁਰ, ਸਤਿਨਾਮ ਹੇਤੁ ਲਾਇ ਚੇਤਨਾ ਚਿਤਾਵਈ। ਮਨ ਕੇ ਬਿਕਾਰ ਨਾਸ ਕਰੇ ਏਕ ਬਾਰ ਗਨ, ਧੀਰਜ ਧਰਮ ਦਯਾ ਗੁਨ ਕੋ ਬਧਾਵਈ। ਸਮਤਾ ਸੰਤੋਖ, ਸੰਤੋਖ ਸਿੰਘ ਰਿਦੇ ਬਾਸ, ਸਿਖੀ ਕੋ ਪ੍ਰਕਾਸ਼ ਨੀਕੋ ਸੁਗਮ ਬਤਾਵਈ। ਜਾਨ ਸਿਖ ਆਪਨੇ ਹਰਤਿ ਤੀਨੋ ਤਾਪ ਨੇ, ਬਿਨਾ ਹੀ ਤਪ ਤਾਪਨੋ ਸੁ ਫਲ ਮਹਾਂ ਪਾਵਈ।’ (ਸੂਰਜ ਪ੍ਰਕਾਸ਼, ਰਾਸਿ ੧੦:੨੮)

ਗਿ. ਸੰਤੋਖ ਸਿੰਘ ਆਨੰਦਪੁਰੀ ਨੇ ਬਾਲ ਗੁਰੂ ਦੀ ਅਨੂਪਮ ਸ਼ਖ਼ਸੀਅਤ ਦਾ ਸ਼ਬਦ-ਚਿਤ੍ਰਣ ਇਉਂ ਕੀਤਾ ਹੈ :

‘ਸੂਰਜ ਵੱਤ ਝਿਲਮਿਲ ਝਲਕਦਾ, ਚੰਦਰਮਾ ਵੱਤ ਸੀਤਲਾਇ।… ਮੁਸਕਾਏ ਖਿੜੇ ਗੁਲਾਬ ਜਿਉਂ, ਚੌਤਰਫ ਸੁਗੰਧ ਫੈਲਾਇ। ਗੁਰੂ ਜਿਤ ਵੱਲ ਤੱਕੇ ਦਯਾ ਧਾਰ, ਦੁੱਖ ਦਰਿੱਦਰ ਦਰਦ ਵੰਝਾਇ।… ਲਘੁ ਆਯੂ, ਬੁੱਧਿ ਬਲਵਾਨ ਹੈ, ਸਭ ਸੰਗਤ ਸੀਸ ਨਿਵਾਇ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ॥’’

ਸਿੱਖਾਂ ਦੀ ਨਿੱਤ ਦੀ ਅਰਦਾਸ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ ‘ਧਿਆਈਐ’ ਅਤੇ ‘ਡਿਠੇ ਸਭਿ ਦੁਖਿ ਜਾਇ’ ਦੋ ਪਦ ਜੋੜ ਕੇ ਉਨ੍ਹਾਂ ਦੀ ਬਲਬੀਰ ਤੇ ਸਿਰਜਨਾਤਮਿਕ ਸ਼ਖ਼ਸੀਅਤ ਦੀ ਜੋ ਮਹਿਮਾ ਗਾਇਨ ਕੀਤੀ ਹੈ, ਜੇ ਸਮੁੱਚੀ ਮਾਨਸ ਜਾਤਿ ਉਸ ਮਹਿਮਾ ਗਾਇਨ ਵਿੱਚ ਇਕ-ਸੁਰ ਹੋ ਸਕੇ ਤਾਂ ਨਿਸ਼ਚੇ ਹੀ ਸਭ ਦੁੱਖ ਦੂਰ ਹੋ ਜਾਣਗੇ।  ਸਭ ਦੁਖ ਜਾਣ ਨਾਲ ਹੀ ਸੁਖ, ਸਹਿਜ ਤੇ ਅਨੰਦ ਦੀ ਪ੍ਰਾਪਤੀ ਹੋਵੇਗੀ। ਅਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰਸ਼ਨ-ਦੀਦਾਰ ਸੁਖ, ਸਹਿਜ ਤੇ ਅਨੰਦ ਪ੍ਰਾਪਤੀ ਦਾ ਵੀ ਦਰਸ਼ਨ ਦੀਦਾਰ ਹੈ।

ਸਿੱਖ ਇਤਿਹਾਸ ਜਾਂ ਮਿਥਿਹਾਸ

0

ਸਿੱਖ ਇਤਿਹਾਸ ਜਾਂ ਮਿਥਿਹਾਸ

ਦਾਸਰਾ-ਸੁਖਜੀਤ ਸਿੰਘ (ਕਪੂਰਥਲਾ)- (98720-76876,01822-276876)

ਸੁਖਜੀਤ ਸਿੰਘ

ਸਿੱਖ ਧਰਮ ਇਕ ਇਤਿਹਾਸਕ ਧਰਮ ਹੈ ਪਰ ਸਾਡੇ ਕੋਲ ਮੌਜੂਦ ਇਤਿਹਾਸਕ ਗ੍ਰੰਥਾਂ ਵਿਚ ਬਹੁਤ ਸਾਰੇ ਮਿਥਿਹਾਸਕ ਹਵਾਲੇ ਦਰਜ਼ ਮਿਲਦੇ ਹਨ, ਜੋ ਗੁਰਮਤਿ ਅਨੁਸਾਰੀ ਨਾ ਹੋਣ ਕਰਕੇ ਸਵਾਲਾਂ (Question Mark) ਦੇ ਘੇਰੇ ਵਿਚ ਆ ਜਾਂਦੇ ਹਨ। ਇਸ ਪੱਖ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਤਿਹਾਸ ਅਤੇ ਮਿਥਿਹਾਸ ਦੀ ਪ੍ਰੀਭਾਸ਼ਾ ਨੂੰ ਸਾਹਮਣੇ ਰੱਖਣ ਦੀ ਲੋੜ ਹੈ।

ਇਤਿਹਾਸ: ਬੀਤੀਆਂ ਹੋਈਆਂ ਘਟਨਾਵਾਂ ਦਾ ਕ੍ਰਮ ਅਨੁਸਾਰ ਸਹੀ ਜ਼ਿਕਰ ਕਰਨ ਨੂੰ ਇਤਿਹਾਸ (ਤਵਾਰੀਖ- History) ਕਿਹਾ ਜਾਂਦਾ ਹੈ।

ਮਿਥਿਹਾਸ: ਮਨੋਕਲਪਿਤ ਤਰੀਕੇ ਨਾਲ ਘਟਨਾਵਾਂ, ਯਥਾਰਥ ਆਦਿ ਦੇ ਵਰਣਨ ਨੂੰ ਮਿਥਿਹਾਸ ਕਿਹਾ ਜਾਂਦਾ ਹੈ।

‘ਇਤਿਹਾਸ ਅਤੇ ਮਿਥਿਹਾਸ ਵਿਚ ਅੰਤਰ ਇਹ ਹੈ ਕਿ ਮਿਥ (ਮਨਘੜ੍ਹਤ) ਜਾਂ ਵਧਾਅ-ਚੜਾਅ ਕੇ ਪੇਸ਼ ਕੀਤੀ ਜਾਂਦੀ ਹੈ, ਜਦੋਂ ਕਿ ਇਤਿਹਾਸ ਵਾਪਰੀ ਘਟਨਾ ਦਾ ਤੱਥਾਂ ਦੇ ਆਧਾਰ ਉੱਪਰ ਵਿਸ਼ਲੇਸ਼ਣ ਪ੍ਰਸਤੁਤ ਕਰਦਾ ਹੈ। ਤੱਥ ਆਪ ਨਹੀਂ ਬੋਲਦੇ, ਇਤਿਹਾਸਕਾਰ ਤੱਥਾਂ ਨੂੰ ਬੁਲਾਉਣ ਵਾਲਾ ਕਲਾਕਾਰ ਹੈ। ਇਤਿਹਾਸਕਾਰ ਆਪਣੀ ਮਰਜ਼ੀ ਅਨੁਸਾਰ ਉਹਨਾਂ ਤੱਥਾਂ ਨੂੰ ਤਰਤੀਬ ਦੇ ਕੇ ਸਜਾ ਲੈਂਦਾ ਹੈ’।

ਉਪਰੋਕਤ ਮਿਸਾਲ ਤੋਂ ਸਪਸ਼ਟ ਹੁੰਦਾ ਹੈ ਕਿ ਇਤਿਹਾਸ ਦੀ ਪੇਸ਼ਕਾਰੀ ਸਮੇਂ ਇਤਿਹਾਸਕਾਰਾਂ ਵਲੋਂ ਆਪਣੇ-ਆਪਣੇ ਨਜ਼ਰੀਏ ਨਾਲ ਲਿਖਿਆ ਜਾਣਾ ਸੁਭਾਵਕ ਹੋ ਜਾਂਦਾ ਹੈ ਅਤੇ ਇਹੀ ਕਾਰਨ ਇਤਿਹਾਸਕਾਰਾਂ ਦੀਆਂ ਲਿਖਤਾਂ ਵਿਚ ਇਕੋ ਤਰ੍ਹਾਂ ਦੀਆਂ ਵੱਖ-ਵੱਖ ਘਟਨਾਵਾਂ ਪ੍ਰਤੀ ਅੰਤਰ ਰੂਪ ਵਿਚ ਸਾਹਮਣੇ ਆਉਂਦਾ ਹੈ।

ਅੱਜ ਅਕਸਰ ਪੜਣ-ਸੁਨਣ ਨੂੰ ਮਿਲ ਜਾਂਦਾ ਹੈ ਕਿ ਸਿੱਖ ਇਤਿਹਾਸ ਵਿਚ ਮਿਲਾਵਟ ਬਹੁਤ ਹੈ, ਸਭ ਤੋਂ ਪ੍ਰਮੁੱਖ ਇਤਿਹਾਸਕ ਗ੍ਰੰਥਾਂ ਵਿਚ ਕਈ ਤਰ੍ਹਾਂ ਦੇ ਰਲੇਵੇਂ ਸਾਹਮਣੇ ਆ ਰਹੇ ਹਨ ਜੋ ਕਿ ਗੁਰਬਾਣੀ ਦੀ ਕਸਵੱਟੀ ਉੱਪਰ ਪੂਰੇ ਨਹੀਂ ਉਤਰ ਰਹੇ। ਸਾਡੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਅੰਦਰ ਸ਼ਾਮ ਨੂੰ ਕਵੀ ਸੰਤੋਖ ਸਿੰਘ ਚੂੜਾਮਣਿ ਰਚਿਤ ਗ੍ਰੰਥ ‘ਗੁਰ ਪ੍ਰਤਾਪ ਸੂਰਜ’ ਜਿਸ ਨੂੰ ਆਮ ਤੌਰ ਤੇ ‘ਸੂਰਜ ਪ੍ਰਕਾਸ਼’ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ, ਦੀ ਲੜੀਵਾਰ ਕਥਾ ਦੇ ਪ੍ਰਵਾਹ ਚਲ ਰਹੇ ਹਨ। ਕੁਝ ਕੁ ਕਥਾਕਾਰ ਜਿਹੜੇ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਤੋਂ ਜਾਣੂ ਹਨ, ਉਹ ਗੁਰਮਤਿ ਵਿਰੋਧੀ ਪੱਖਾਂ ਵਾਲੇ ਪ੍ਰਸੰਗਾਂ ਨੂੰ ਕਥਾ ਕਰਨ ਸਮੇਂ ਵਿਚੋਂ ਛੱਡ ਜਾਂਦੇ ਹਨ, ਪਰ ਬਹੁ-ਗਿਣਤੀ ਕਥਾਕਾਰਾਂ ਲਈ ਐਸਾ ਕਰ ਸਕਣਾ ਉਹਨਾਂ ਦੇ ਗਿਆਨ ਦੇ ਸੀਮਤ ਦਾਇਰੇ ਕਾਰਨ ਸੰਭਵ ਨਹੀਂ ਹੁੰਦਾ। ਜਿਸ ਕਾਰਨ ਸੰਗਤਾਂ ਵਿਚ ਦੁਬਿਧਾ ਪੈਦਾ ਹੋ ਜਾਣ ਦਾ ਖਦਸ਼ਾ ਹਮੇਸ਼ਾਂ ਕਾਇਮ ਰਹਿੰਦਾ ਹੈ। ਬਹੁਤ ਸਾਰੇ ਵਿਦਵਾਨਾਂ ਦਾ ਇਸ ਗ੍ਰੰਥ ਪ੍ਰਤੀ ਆਮ ਵਿਚਾਰ ਹੈ ਕਿ ਸਾਡੇ ਕੋਲ ਸਿਖ ਇਤਿਹਾਸ ਦਾ ਸਭ ਤੋਂ ਪੁਰਾਣਾ ਮੁੱਖ ਸਰੋਤ ‘ਸੂਰਜ ਪ੍ਰਕਾਸ਼’ ਹੀ ਹੈ, ਜਿਸ ਦਾ ਬਦਲ ਅਜੇ ਤਕ ਸਾਡੇ ਕੋਲ ਨਹੀਂ ਹੈ। ਬਹੁਗਿਣਤੀ ਇਤਿਹਾਸ ਲਿਖਣ ਵਾਲੇ ਲੇਖਕਾਂ ਨੇ ਇਸੇ ਗ੍ਰੰਥ ਤੋਂ ਹੀ ਵੇਰਵੇ ਲੈ ਕੇ ਲਿਖਿਆ ਹੈ। ਹੁਣ ਡਾ. ਕਿਰਪਾਲ ਸਿੰਘ ਅਤੇ ਉਹਨਾਂ ਦੀ ਸਹਿਯੋਗੀ ਟੀਮ ਨੇ ‘ਸੂਰਜ ਪ੍ਰਕਾਸ਼’ ਦਾ ਕਈ ਭਾਗਾਂ ਵਿਚ ਟੀਕਾ ਲਿਖਣ ਦਾ ਕਾਰਜ ਆਰੰਭਿਆ ਹੋਇਆ ਹੈ, ਉਸ ਵਿਚ ਗੁਰਮਤਿ ਸਿਧਾਂਤਾਂ ਪ੍ਰਤੀ ਫੁਟ ਨੋਟ ਦੇ ਕੇ ਸਪਸ਼ਟਤਾ ਦੇਣ ਦੇ ਯਤਨ ਜ਼ਰੂਰ ਕੀਤੇ ਗਏ ਹਨ। ਪੁਰਾਤਨ ਸਿੱਖਾਂ ਵਿਚ ਇਤਿਹਾਸਕਾਰੀ ਦੀ ਪ੍ਰੰਪਰਾ ਲਗਭਗ ਨਾ-ਮਾਤਰ ਹੋਣਾ ਹੀ ਸ਼ਾਇਦ ਇਸ ਸਮੱਸਿਆ ਦੀ ਜੜ੍ਹ ਹੈ। ਸਿੱਖ ਸ਼ਾਨਦਾਰ ਇਤਿਹਾਸ ਬਣਾਉਂਦੇ ਜਰੂਰ ਰਹੇ ਪਰ ਉਹਨਾਂ ਸ਼ਾਨਾਮੱਤੀਆਂ ਘਟਨਾਵਾਂ ਨੂੰ ਲਿਖਤ ਰੂਪ ਵਿਚ ਸਾਂਭਣ ਤੋਂ ਅਸਮਰੱਥ ਹੀ ਰਹੇ। ਕਿਉਂਕਿ ਪੁਰਾਤਨ ਸਮੇਂ ਵਿਦਿਆ, ਸਾਧਨਾਂ, ਸਮੇਂ ਦੀ ਅਣਹੋਂਦ ਕਾਰਨ ਐਸਾ ਕਰਨਾ ਸੰਭਵ ਹੀ ਨਹੀਂ ਹੋ ਸਕਿਆ। ਆਪਾਂ ਪਿਛੇ ਝਾਤੀ ਮਾਰੀਏ ਤਾਂ ਸਾਡਾ ਇਤਿਹਾਸ ਸਿੱਖਾਂ ਨੇ ਨਹੀਂ, ਸਗੋਂ ਗੈਰ-ਸਿੱਖਾਂ ਨੇ ਆਪਣੇ ਨਜ਼ਰੀਏ ਤੋਂ ਲਿਖਿਆ, ਲਗਦਾ ਹੈ ਕਿ ਇਸ ਪੱਖ ਤੋਂ ਘਾਟ ਨੂੰ ਪੂਰਾ ਕਰਨ ਲਈ ਕੌਮ ਅਜੇ ਵੀ ਸਹੀ ਅਰਥਾਂ ਵਿਚ ਯਤਨਸ਼ੀਲ ਨਹੀਂ ਹੈ।

ਸਾਡੇ ਕੋਲ ਗੁਰਮਤਿ ਨੂੰ ਸਮਝਣ ਲਈ ਗੁਰਬਾਣੀ ਅਤੇ ਇਤਿਹਾਸ ਦੋ ਮੁੱਖ ਸੋਮੇ ਹਨ। ਇਹਨਾਂ ਵਿਚੋਂ ਪ੍ਰਮੁੱਖਤਾ, ਬਿਨਾ ਸ਼ੱਕ ਗੁਰਬਾਣੀ ਦੀ ਹੀ ਹੈ ਤੇ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਉਪਰ ਪਰਖ ਕਰ ਸਕਣ ਵਾਲੀ ਗਿਆਨ ਭਰਪੂਰ ਹੰਸ ਬ੍ਰਿਤੀ ਦੀ ਲੋੜ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸਾਡੇ ਬਹੁ ਗਿਣਤੀ ਸਿੱਖਾਂ, ਸੰਸਥਾਵਾਂ, ਜਥੇਬੰਦੀਆਂ, ਆਗੂਆਂ, ਸੰਗਤਾਂ ਵਿਚ ਇਸ ਦਾ ਅਭਾਵ ਹੈ, ਜਿਸ ਕਾਰਨ ਇਹ ਮਿਲਾਵਟਾਂ ਚਲ ਰਹੀਆਂ ਹਨ ਅਤੇ ਸ਼ਾਇਦ ਅੱਗੇ ਵੀ ਚਲਦੀਆਂ ਰਹਿਣਗੀਆਂ। ਕੁਝ ਲੇਖਕਾਂ ਵਲੋਂ ਤਾਂ ਚਾਵਲਾਂ ਦੀ ਦੇਗ ਵਿਚੋਂ ਕੁਝ ਕਚ-ਘਰੜ ਦਾਣਿਆਂ ਨੂੰ ਹੀ ਸਾਹਮਣੇ ਰੱਖਿਆ ਹੈ, ਖੋਜ ਕਰਨ ਤੇ ਹੋਰ ਬਹੁਤ ਕੁਝ ਵੀ ਸਾਹਮਣੇ ਆ ਜਾਣਾ ਬਾਕੀ ਹੈ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨਾਲ ਸਬੰਧਿਤ ਇੱਕ ਇਤਿਹਾਸਕਾਰ ਦੇ ਕਥਨ ਕਿ ‘ਸਿੱਖਾਂ ਨੇ ਸ਼ਾਨਦਾਰ ਇਤਿਹਾਸ ਬਣਾਇਆ ਜ਼ਰੂਰ ਹੈ, ਪਰ ਸਾਂਭਿਆ ਨਹੀਂ’ ਬਿਲਕੁਲ ਢੁਕਵਾਂ ਦ੍ਰਿਸ਼ਟੀਕੋਣ ਜਾਪਦਾ ਹੈ। ਇਕ ਹੋਰ ਵਿਦਵਾਨ ਦਾ ਸਿੱਖ ਇਤਿਹਾਸਕ ਘਟਨਾਵਾਂ ਬਾਰੇ ਕਥਨ ਹੈ ਕਿ- ‘ਇਤਿਹਾਸ ਬਣਾਉਣ ਵਾਲਿਆਂ ਨੂੰ ਇਤਿਹਾਸ ਨੇ ਹੀ ਸਾਂਭਣ ਦਾ ਮੌਕਾ ਨਹੀਂ ਦਿਤਾ’।

ਸ੍ਰ. ਕਰਮ ਸਿੰਘ ਹਿਸਟੋਰੀਅਨ ਨੇ ਆਪਣੇ ਸਮੇਂ ਵਿਚ ਸਿੱਖ ਇਤਿਹਾਸ ਨੂੰ ਗੁਰਮਤਿ ਕਸਵੱਟੀ ਉਪਰ ਦੁਬਾਰਾ ਲਿਖਣ ਦਾ ਬੀੜਾ ਚੁਕਿਆ ਸੀ, ਬਹੁਤ ਮਿਹਨਤ ਕੀਤੀ, ਫੁੱਟ ਨੋਟ ਤਿਆਰ ਕੀਤੇ। ਉਨ੍ਹਾਂ ਆਪ ਹੀ ਲਿਖਿਆ ਕਿ ਜਿਸ ਦਿਨ ਇਹ ਫੁੱਟ ਨੋਟ ਮੈਂ ਪੂਰੇ ਤਿਆਰ ਕਰ ਲਏ, ਛੇ ਮਹੀਨੇ ਦੇ ਅੰਦਰ-ਅੰਦਰ ਗੁਰਬਾਣੀ ਦੀ ਕਸਵੱਟੀ ਆਧਾਰਿਤ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖ ਦੇਣਾ ਹੈ, ਪਰ ਅਫਸੋਸ ! ਸਮੇਂ ਨੇ ਉਹਨਾਂ ਦੀ ਜਿੰਦਗੀ ਨਾਲ ਵਫ਼ਾ ਨਹੀਂ ਕੀਤੀ, ਫੁੱਟ ਨੋਟ ਤਾਂ ਬਣੇ ਪਰ ਇਤਿਹਾਸ ਦਾ ਰੂਪ ਨਾ ਧਾਰ ਸਕੇ।

ਅਜਿਹੀ ਲਗਨ ਵੇਖ ਕੇ ਉਨ੍ਹਾਂ ਤੋਂ ਬਲਿਹਾਰ ਜਾਣ ਨੂੰ ਚਿਤ ਕਰਦਾ ਹੈ। ਅੱਜ ਸਾਡੇ ਵਿਚੋਂ ਬਹੁਤਿਆਂ ਲਈ ਸ੍ਰ. ਕਰਮ ਸਿੰਘ ਹਿਸਟੋਰੀਅਨ ਦੀਆਂ ਘਾਲਨਾਵਾਂ, ਸੰਘਰਸ਼, ਪ੍ਰਾਪਤੀਆਂ, ਜੀਵਨ ਆਦਿ ਬਾਰੇ ਪੜ੍ਹਣਾ ਤਾਂ ਬੜੇ ਦੂਰ ਦੀ ਗੱਲ ਹੈ ਸ਼ਾਇਦ ਅਸੀਂ ਉਹਨਾਂ ਦੇ ਨਾਮ ਤੋਂ ਵੀ ਜਾਣੂ ਨਹੀਂ ਹੋਵਾਂਗੇ। ਉਹਨਾਂ ਤੋਂ ਪਿਛੋਂ ਵੀ ਇਸ ਪ੍ਰੋਜੈਕਟ ਨੂੰ ਕਿਸੇ ਸੰਸਥਾ, ਯੂਨੀਵਰਸਿਟੀ, ਖੋਜਾਰਥੀ ਆਦਿ ਨੇ ਆਪਣੇ ਹੱਥ ਵਿਚ ਨਹੀਂ ਲਿਆ। ਕਾਸ਼! ਐਸਾ ਹੋ ਸਕੇ।

ਸਾਡੇ ਲਹੂ -ਭਿੱਜੇ ਇਤਿਹਾਸ ਅੰਦਰ ਸਿੱਖਾਂ ਨੂੰ ਜਾਲਮਾਂ ਵਲੋਂ ਖਤਮ ਕਰਨ ਲਈ ਵਰਤੇ ਗਏ 18 ਤਰੀਕਿਆਂ ਦੇ ਜੁਲਮਾਂ ਦਾ ਜ਼ਿਕਰ ਕੀਤਾ ਗਿਆ ਹੈ। ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਿਰਤਾਜ ਦੀ ਸ਼ਹਾਦਤ ਨਾਲ ਆਰੰਭ ਹੋਈ ਸਿੱਖ ਸ਼ਹੀਦੀ ਪ੍ਰੰਪਰਾ ਦੇ ਵੱਖ-ਵੱਖ ਤਰੀਕਿਆਂ ਸਬੰਧੀ ਬਹੁਤ ਵਧੀਆ ਜਾਣਕਾਰੀ ਦਿਤੀ ਗਈ ਹੈ- ‘ਪਾਣੀ ਵਿਚ ਉਬਾਲੇ ਜਾਣਾ, ਆਰਿਆਂ ਨਾਲ ਸਰੀਰ ਕਟਵਾਉਣਾ, ਅੱਗ ਨਾਲ ਸਾੜੇ ਜਾਣਾ, ਬੰਦ-ਬੰਦ ਕਟਾਏ ਜਾਣ, ਖੋਪਰੀਆਂ ਲਹਾਉਣ, ਜਮੂਰਾਂ ਨਾਲ ਮਾਸ ਤੁੜਵਾਉਣ, ਚਰਖੜੀਆਂ ਤੇ ਚਾੜੇ ਜਾਣ, ਫਾਂਸੀ ਚਾੜੇ ਜਾਣ, ਤੋਪਾਂ ਨਾਲ ਉਡਾਏ ਜਾਣ, ਜੰਡਾਂ ਨਾਲ ਬੰਨ ਕੇ ਸਾੜੇ ਜਾਣ, ਹਾਥੀਆਂ ਦੇ ਪੈਰਾਂ ਹੇਠ ਕੁਚਲੇ ਜਾਣ, ਮੂੰਗਲੀਆਂ ਨਾਲ ਸਿਰ ਫੇਹੇ ਜਾਣ, ਜ਼ਮੀਨ ਵਿਚ ਗੱਡ ਕੇ ਕੁਤਿਆਂ ਦਾ ਆਹਾਰ ਬਣ ਜਾਣ, ਭੱਠੀਆਂ ਵਿਚ ਝੋਖੇ ਜਾਣ, ਗੱਡੀ ਥਲੇ ਆ ਕੇ ਸ਼ਹੀਦ ਹੋ ਜਾਣ, ਲਾਠੀਆਂ ਦੀਆਂ ਮਾਰਾਂ ਖਾਣ, ਸਰਕਾਰੀ ਤਸੀਹੇ ਖਾਨਿਆਂ ਵਿਚ ਅਸਹਿ ਤੇ ਅਕਹਿ ਕਸ਼ਟ ਸਹਾਰਨ, ਕੋਹ-ਕੋਹ ਕੇ ਮਾਰੇ ਜਾਣ, ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾਣ, ਪੁਠੇ ਟੰਗੇ ਜਾਣ ਮਗਰੋਂ ਡਾਂਗਾਂ ਦੀਆਂ ਮਾਰਾਂ ਖਾਣ, ਲਾਲ ਮਿਰਚਾਂ ਦੀਆਂ ਧੂਣੀਆਂ ਸਹਿਣ, ਪੈਰਾਂ ਦੀਆਂ ਤਲੀਆਂ ਤੇ ਬੈਤਾਂ ਦੀ ਮਾਰ ਸਹਿਣ, ਘੋਟਣਾ ਲੁਆਉਣ ………..ਆਦਿ ਲਈ ਸਿੱਖ ਵੱਧ ਚੜ ਕੇ ਮੈਦਾਨ ਵਿਚ ਨਿਤਰਦੇ ਰਹੇ ਹਨ। ਇਕ ਗੁਰੂ ਅਰਜਨ ਦੇਵ ਜੀ ਨੇ ਲੱਖਾਂ ਸਿੱਖਾਂ ਨੂੰ ਸੁਤੰਤਰਤਾ ਲਈ ਸ਼ਹੀਦ ਹੋਣ ਤੇ ਅਣਖ ਨਾਲ ਜੀਵਨ ਜੀਊਣ ਦੇ ਮਾਰਗ ਉਤੇ ਤੋਰ ਦਿੱਤਾ ਤੇ ਸਿਖ ਹਮੇਸ਼ਾ ਹੀ ਇਸੇ ਮਾਰਗ ’ਤੇ ਤੁਰਦੇ ਜਾਣਗੇ।’

ਇੰਨੇ ਸਖਤ ਤਸੀਹਿਆਂ ਉਪਰੰਤ ਦਿੱਤੀਆਂ ਗਈਆਂ ਸ਼ਹਾਦਤਾਂ ਦਾ ਮੌਲਿਕ ਇਤਿਹਾਸ ਸਾਡੇ ਕੋਲ ਪੂਰਨ ਰੂਪ ਵਿਚ ਨਹੀਂ ਹੈ। ਇਸ ਕਾਰਜ ਨੂੰ ਕਰਨ ਪ੍ਰਤੀ ਜਿੰਮੇਵਾਰੀ ਕਿਸ ਦੀ ਨਿਰਧਾਰਤ ਕੀਤੀ ਜਾਵੇ? ਸਵਾਲ ਸਾਡੇ ਸਾਹਮਣੇ ਖੜਾ ਹੈ।

ਪੁਰਾਤਨ ਇਤਿਹਾਸਕ ਗ੍ਰੰਥਾਂ ਵਿਚ ਮਿਥਿਹਾਸ ਦੇ ਰਲੇਵਿਆਂ, ਕਾਰਨਾਂ ਅਤੇ ਸੋਧ ਕਰਨ ਦੀ ਲੋੜ ਪ੍ਰਤੀ ਡਾ. ਗੁਰਸ਼ਰਨਜੀਤ ਸਿੰਘ ਦੇ ਵਿਚਾਰ ਧਿਆਨ ਦੇਣ ਯੋਗ ਹਨ, ਉਨ੍ਹਾਂ ਕਿਹਾ ਕਿ ‘ਸਿੱਖ ਲਹਿਰ ਦਾ ਇਤਿਹਾਸ, ਗੁਰਬਾਣੀ ਦੀ ਪ੍ਰੇਰਣਾ ਵਿਚੋਂ ਪੈਦਾ ਹੋਇਆ। ਜਿਹੜਾ ਇਤਿਹਾਸ ਗੁਰਬਾਣੀ ਦੀ ਕਸਵੱਟੀ ਅਨੁਸਾਰ ਨਹੀਂ, ਉਹ ਤਿਆਗ ਦੇਣ ਵਿਚ ਹੀ ਭਲਾ ਹੈ। ਸਾਡੇ ਇਤਿਹਾਸਕ ਗ੍ਰੰਥਾਂ ਵਿਚ ਦੋਸ਼ ਹਨ। ਇਨ੍ਹਾਂ ਵਿਚ ਇਤਿਹਾਸ ਦੀ ਥਾਂ ਗੁਰੂ-ਮਹਿਮਾ ਹੈ। ਪਰ ਇਨ੍ਹਾਂ ਵਿਚੋਂ ਇਤਿਹਾਸ ਨੂੰ ਲੱਭਣਾ ਇਕ ਕਲਾ ਹੈ। ਕਿਹਾ ਜਾ ਸਕਦਾ ਹੈ ਕਿ ਇਹ ਗ੍ਰੰਥ ਇਤਿਹਾਸ ਅਤੇ ਮਿਥਹਾਸ ਦਾ ਮਿਲਗੋਭਾ ਹਨ।’ (ਗੁਰਮਤ ਨਿਰਨਯ ਕੋਸ਼-ਪੰਨਾ ੯)

-‘ਇਨ੍ਹਾਂ ਗ੍ਰੰਥਾਂ ਵਿਚ ਕਈ ਦੋਸ਼ ਹਨ। ਇਨਾਂ ਗ੍ਰੰਥਾਂ ਦੇ ਰਚਨਹਾਰਿਆਂ ਨੂੰ ਭੂਗੋਲ ਦੀ ਸਮਝ ਨਹੀਂ, ਇਤਿਹਾਸ ਦੀ ਸੂਝ ਨਹੀਂ, ਗੁਰਮਤ ਸਿਧਾਤਾਂ ਦੀ ਗਹਿਰਾਈ ਦਾ ਪਤਾ ਨਹੀ, ਇਨ੍ਹਾਂ ਉਪਰ ਵੇਦਾਂਤ ਦਾ ਬਹੁਤ ਪ੍ਰਭਾਵ ਹੈ। ਸਾਡੇ ਇਤਿਹਾਸ ਨਾਲ ਸਬੰਧਿਤ ਗ੍ਰੰਥਾਂ ਵਿਚ ਮਿੱਥ ਨੂੰ ਹੀ ਇਤਿਹਾਸ ਮੰਨਣ ਦੀ ਗਲਤੀ ਵੀ ਬਹੁਤ ਥਾਂਈ ਹੈ। ਗ੍ਰੰਥਾਂ ਦੇ ਰਚਨਹਾਰੇ ਇਤਿਹਾਸਕਾਰ ਨਹੀਂ ਸਗੋਂ ਕਵੀ ਸਨ। ਕਵੀ ਤੇ ਇਤਿਹਾਸਕਾਰ ਦਾ ਕੰਮ ਵੱਖ-ਵੱਖ ਹੁੰਦਾ ਹੈ। ਕਵੀ ਜਜ਼ਬਾਤੀ ਤੇ ਭਾਵੁਕ ਹੋ ਕੇ ਲਿਖਦੇ ਹਨ। ਉਹ ਵਿਸ਼ਲੇਸ਼ਨ ਨਹੀਂ ਕਰਦੇ। ਸਾਡੇ ਉਪਰੋਕਤ (ਇਤਿਹਾਸਕ) ਗ੍ਰੰਥਾਂ ਵਿਚ ਗੁਰੂ ਮਹਿਮਾ ਹੈ। ਇਤਿਹਾਸਕਾਰ ਇਨ੍ਹਾਂ ਗ੍ਰੰਥਾਂ ਵਿਚੋਂ ਆਪਣੇ ਕੰਮ ਵੀ ਸਮੱਗਰੀ ਢੂੰਡ ਸਕਦੇ ਹਨ। ਇਤਿਹਾਸਕਾਰੀ ਵਿਚ ਵਿਸ਼ਲੇਸ਼ਣ ਹੋਣਾ ਜ਼ਰੂਰੀ ਹੈ। ਇੱਥੇ ਭਾਵੁਕਤਾ ਦਾ ਕੋਈ ਕੰਮ ਨਹੀਂ। ਇਤਿਹਾਸਕਾਰ ਲਈ ਦਸ ਗੁਰੂ ਸਾਹਿਬਾਨ ਇਕ ਮਨੁੱਖ ਸਨ। ਇਤਿਹਾਸ ਦੇਵ -ਪੁਰਸ਼ਾਂ ਦਾ ਵਿਸ਼ਲੇਸ਼ਣ ਨਹੀਂ ਕਰਦਾ। ਅੱਜ ਦਾ ਪਾਠਕ ਸਿੱਖ ਇਤਿਹਾਸ ਪੜ੍ਹ ਕੇ ਕਈ ਵਾਰ ਹੈਰਾਨ ਹੋ ਜਾਂਦਾ ਹੈ ਅਤੇ ਉਸ ਦੀ ਬੁੱਧੀ ਕੁਝ ਗੱਲਾਂ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ।’ (ਗੁਰਮਤ ਨਿਰਨਯ ਕੋਸ਼-ਪੰਨਾ 21)

ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਕਿਸੇ ਵੀ ਪੁਰਾਤਨ ਇਤਿਹਾਸਕ ਗ੍ਰੰਥ ਦੀ ਪ੍ਰਮਾਣਕਤਾ ਸਬੰਧੀ ਨਿਰਸੰਕੋਚ ਹੋ ਕੇ ਦਾਅਵਾ ਕਰਨ ਦੇ ਸਮਰੱਥ ਨਹੀ ਹਾਂ। ਇਸ ਲਈ ਜਰੂਰਤ ਹੈ ਕਿ ਜਿੰਨੀ ਜਲਦੀ ਸੰਭਵ ਹੋ ਸਕੇ ‘ਆਗੈ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ’ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸਾਡੀਆਂ ਪ੍ਰਮੁੱਖ ਸੰਸਥਾਵਾਂ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਅਤੇ ਹੋਰ) ਨੂੰ ਬਿਨਾਂ ਕਿਸੇ ਦੇਰੀ ਤੋਂ ਸਾਰੇ ਮੌਜੂਦ ਪੁਰਾਤਨ ਇਤਿਹਾਸਕ ਸ੍ਰੋਤਾਂ ਨੂੰ ਸਾਹਮਣੇ ਰੱਖਦੇ ਹੋਏ ਸਿੱਖੀ ਦੇ ਆਗਮਨ (1469 ਈ.) ਤੋਂ ਲੈ ਕੇ ਅੱਜ ਤਕ ਦਾ ਸਾਰਾ ਇਤਿਹਾਸ ਗੁਰਬਾਣੀ (ਗੁਰਮਤਿ ਸਿਧਾਂਤਾਂ) ਦੀ ਕਸਵੱਟੀ ਉੱਪਰ ਨਵੇਂ ਸਿਰੇ ਤੋਂ ਲਿਖ ਕੇ ਪ੍ਰਮਾਣੀਕ ਗ੍ਰੰਥਾਂ ਦੇ ਰੂਪ ਵਿਚ ਸਾਂਭ ਲੈਣਾ ਚਾਹੀਦਾ ਹੈ। ਇਹ ਕਾਰਜ ਐਸਾ ਹੋਣਾ ਚਾਹੀਦਾ ਹੈ ਕਿ ਅਸੀਂ ਬਿਨਾਂ ਕਿਸੇ ਝਿਜਕ-ਸ਼ੰਕੇ ਤੋਂ ਉਸ ਨੂੰ ਸੰਸਾਰ ਦੇ ਸਾਹਮਣੇ (ਹਰ ਥਾਂ) ਪੇਸ਼ ਕਰ ਸਕੀਏ। ਇਸੇ ਵਿਚ ਹੀ ਸਾਡਾ ਅਤੇ ਸਿੱਖ ਕੌਮ ਦਾ ਭਲਾ ਹੈ।

============

ਗੁਰਮਤਿ ਪ੍ਰਚਾਰਕ/ ਕਥਾਵਾਚਕ, 201, ਗਲੀ ਨੰਬਰ 6, ਸੰਤਪੁਰਾ, ਕਪੂਰਥਲਾ (ਪੰਜਾਬ)

sukhjit.singh69@Yahoo.com

Most Viewed Posts