ਨਉ ਨਿਧਿ ਨਾਮ ਗਰੀਬੀ ਪਾਈ

0
964

ਨਉ ਨਿਧਿ ਨਾਮ ਗਰੀਬੀ ਪਾਈ

ਪ੍ਰਿੰਸੀਪਲ ਸਤਿਨਾਮ ਸਿੰਘ ਹਮਰਾਜ਼ ਬਿਨ ਹਮਰਾਜ਼ 1186/18 (ਸੀ) ਚੰਡੀਗੜ੍ਹ

ਅਦੁੱਤੀ ਗੁਰੂ ਗ੍ਰੰਥ ਜੀ ਦੇ ਸੰਕਲਨਕਾਰ ਸੀ੍ਰ ਗੁਰੂ ਅਰਜਨ ਦੇਵ ਜੀ ਦੇ ਮੁੱਖ ਸਹਾਇਕ ਸੰਪਾਦਕ, ਭਾਈ ਗੁਰਦਾਸ ਜੀ, ਸਾਖੀ ਭਰਦੇ ਹਨ ਕਿ ਜਦ ਗੁਰੂ ਬਾਬਾ ਨਾਨਕ ਅਕਾਲ ਪੁਰਖ ਦੇ ਹਜ਼ੂਰ ਸੱਚ-ਖੰਡ ਪਹੁੰਚੇ ਤਾਂ ਉਹਨਾਂ ਨੂੰ ਓਥੋਂ ਸਤਿਕਾਰ ਵਜੋਂ ਨ ਕੇਵਲ ਪਤਿ ਦੀ ਪੁਸ਼ਾਕ ਹੀ ਮਿਲੀ, ਸਗੋਂ ਓਹਨਾਂ ਦੀ ਝੋਲੀ ਨਾਮ ਰੂਪੀ ਨੌ ਨਿਧਾਂ (ਨੌ ਖਜ਼ਾਨਿਆਂ-ਨੌ ਰਤਨਾਂ) ਤੇ ਨਿਮਰਤਾ ਨਾਲ ਵੀ ਭਰ ਦਿਤੀ ਗਈ। ਭਾਈ ਸਾਹਿਬ ਸਾਖੀ ਭਰਦੇ ਹਨ:- ‘‘ਬਾਬਾ ! ਪੈਧਾ ਸੱਚ-ਖੰਡਿ, ਨਉ ਨਿਧਿ ਨਾਮ ਗਰੀਬੀ ਪਾਈ॥’’ (ਵਾਰ ਪਹਿਲੀ, ਪਉੜੀ 24)

ਏਥੇ, ਬਾਬੇ ਦਾ ਸੱਚ ਖੰਡ ਪਹੁੰਚਣਾ, ਪਤਿ ਆਬਰੂ ਦੀ ਖਿਲਅਤ ਪ੍ਰਾਪਤ ਕਰਨਾ, ਨਾਮ ਰੂਪੀ ਨੌ ਨਿਧਾਂ ਤੇ ਨਿਮਰਤਾ ਨਾਲ ਮਾਲੋ ਮਾਲ ਹੋਣਾ, ਆਦਿ ਸਭ ਵਿਸ਼ੇ ਬੜੇ ਭਾਵ ਪੂਰਤ ਪ੍ਰਤੀਕ ਹਨ। ਇਹਨਾਂ ਦੀ ਡੂੰਘਾਈ ਵਿੱਚ ਉਤਰਨ ਦੀ ਲੋੜ ਹੈ।

ਬਾਬਾ ਨਾਮ ਤੇ ਨਾਮੀ ਦਾ ਇੱਕ ਸਮਾਨ ਉਪਾਸ਼ਕ ਸੀ, ਸ਼ੈਦਾਈ ਸੀ। ਏਸੇ ਲਈ ਸੰਪੂਰਨ ਮੂਲ ਮੰਤਰ ਅਥਵਾ ਮੰਗਲ ਵਿੱਚ ‘੧’ (ਇੱਕ), ਓਅੰਕਾਰ, ਸਤਿ ਤੇ ਨਾਮੁ ਚਾਰੇ ਸ਼ਬਦ ਪ੍ਰਯਾਇਵਾਚੀ ਹਨ, ਸਮਾਨਾਰਥਕ ਹਨ। ਓਅੰਕਾਰ ਜੇ ਕਰਤਾ ਪੁਰਖ ਹੈ, ਦਿਸਦੇ ਤੇ ਅਣਦਿਸਦੇ ਸੰਸਾਰ ਦਾ ਰਚਿਤਾ ਹੈ; ਤਾਂ ਗੁਰਦੇਵ ਉਸ ਦੇ ਨਾਮ ਨੂੰ ਵੀ ਸਭ ਨੂੰ ਧਾਰਨ ਵਾਲਾ, ਸਭ ਦਾ ਸਹਾਇਕ, ਸਹਾਰਾ ਤੇ ਕਰਤਾ ਧਰਤਾ ਮੰਨਦੇ ਹਨ। ਪ੍ਰਮਾਣ ਵਜੋਂ:-

ਨਾਮੇ ਤੇ (ਤੋਂ) ਹੀ ਸਭੁ ਕਿਛੁ ਹੋਆ, ਬਿਨੁ ਸਤਿਗੁਰ ਨਾਮੁ ਨ ਜਾਪੈ ॥’’ (ਮ: ੩/੭੫੩) (ਨਾਮੇ ਤੇ -ਵਾਹਿਗੁਰੂ ਦੇ ਨਾਮ ਤੋਂ

ਤਥਾ

ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥

ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥

ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ, ਉਧਰੇ ਸੁਨਿ ਸ੍ਰਵਨ ॥ (ਸੁਖਮਨੀ ਅ: ੧੬)

ਭਾਈ ਸੰਤੋਖ ਸਿੰਘ ਜੀ ਨੇ ਪੁਸਤਕ ਗਰਬ-ਗੰਜਨੀ ਵਿੱਚ ਗੁਰਮੱਤ ਦੇ ਇਸ ਨੁਕਤੇ ਦੀ ਇਉਂ ਵਜ਼ਾਹਤ ਕੀਤੀ ਹੈ:-

‘ਨਾਮ ਅਰ ਨਾਮੀ (ਜਿਸ ਦਾ ਕਿ ਉਹ ਨਾਮ ਹੈ) ਅਗਿਆਨ ਕਰ ਕੇ ਦੋਇ ਰੂਪ ਫੁਰਤੇ ਹੈਂ’ (ਪੰਨਾ ੭)

ਸੋ, ਐਸਾ ਹੈ ਪ੍ਰਭੂ ਦਾ ਨਾਮ ਜੋ ਬਾਬੇ ਨੂੰ ਧੁਰ ਦਰਗਾਹੋਂ ਬਖਸ਼ਿਸ਼ ਵਜੋਂ ਮਿਲਿਆ, ਪਰ, ਏਥੇ ਵਿਚਾਰਨ ਵਾਲੀ ਬੜੇ ਮਜ਼ੇ ਤੇ ਦੂਰ-ਰੱਸ ਦੀ ਗੱਲ ਇਹ ਹੈ ਕਿ ਸੱਚ-ਖੰਡੋਂ ਨਾਮ ਨਾਲ ਜੇ ਕੋਈ ਦੂਸਰੀ ਵਸਤੂ ਗੁਰੂ ਜੀ ਨੂੰ ਪ੍ਰਾਪਤ ਤਥਾ ਬਖਸ਼ਿਸ਼ ਹੋਈ, ਉਹ ਸੀ ਗਰੀਬੀ, ਨਿਮਰਤਾ, ਮਿੱਠਤ, ਹਲੀਮੀ, ਆਜਿਜ਼ੀ, ਇਨਕਸਾਰੀ ਅਥਵਾ Humility. ਆਖਰ, ਬਾਬੇ ਨੇ ਹੋਰ ਸਾਰੇ ਸਦ-ਗੁਣਾਂ ਨੂੰ ਛੱਡ ਕੇ ਗਰੀਬੀ ਲਈ ਹੀ ਝੋਲੀ ਕਿਉਂ ਅੱਡੀ, ਜੋ ਦਾਤਾਰ ਪਾਤਸ਼ਾਹ ਨੇ ਨੱਕੋ ਨੱਕ ਭਰ ਦਿੱਤੀ। ਏਥੇ ਕੀ ਦਾਤਾ ਤੇ ਕੀ ਭਿਖਾਰੀ ਦੋਵੇਂ ਹੀ ਅਦੁੱਤੀ ਸਨ। ਸਹੀ ਗੱਲ ਤਾਂ ਇਹ ਜਾਪਦੀ ਹੈ ਕਿ ਦਾਤੇ ਦੇ ਦਰਬਾਰ ਹਾਜ਼ਰ ਹੋ ਕੇ ਜਾਚਕ ਨੂੰ ਹੈਰਤ ਦੇ ਆਲਮ ਵਿੱਚ ਮੰਗਣਾ ਹੀ ਭੁਲ ਗਿਆ।

ਬਾਬੇ ਨੇ, ਓਥੇ ਵਾਪਰੀ ਵਿਸਮਾਦਤ ਦਸ਼ਾ ਦਾ ਹੋਰ ਥੇ ਇਸ਼ਾਰੇ ਮਾਤਰ ਜ਼ਿਕਰ, ਇਉਂ ਕੀਤਾ ਹੈ ਕਿ ‘ਮੈਨੂੰ ਇੱਕ ਨਗੂਣੇ ਜਿਹੇ, ਨਿਕੰਮੇ, ਬੇਕਾਰ ਜਸ ਕਰਨ ਵਾਲੇ ਢਾਡੀ ਨੂੰ ਵਾਹਿਗੁਰੂ ਮਾਲਿਕ ਨੇ ਆਪਣੀ ਹਜ਼ੂਰੀ ਵਿੱਚ ਬੁਲਾਇਆ, ਸਰੋਪਾ ਬਖਸ਼ਿਆ ਤੇ ਸੱਚ ਨਾਮ ਦੇ ਅੰਮ੍ਰਿਤ ਭੋਜਨ ਨਾਲ ਤਿ੍ਰਪਤ ਕੀਤਾ। ਪ੍ਰਾਪਤ ਆਗਿਆ ਅਨੁਸਾਰ ਢਾਡੀ ਨੇ ਸ਼ਬਦ ਨੂੰ ਪ੍ਰਗਟ ਕਰਕੇ ਥਾਂ ਥਾਂ ਵੰਡਿਆ। ਅੰਮ੍ਰਿਤ ਬਚਨ ਹਨ:-

ਹਉ ਢਾਢੀ ਵੇਕਾਰੁ, ਕਾਰੈ ਲਾਇਆ ॥ ਰਾਤਿ ਦਿਹੈ ਕੈ ਵਾਰ, ਧੁਰਹੁ ਫੁਰਮਾਇਆ ॥

ਢਾਢੀ ਸਚੈ ਮਹਲਿ, ਖਸਮਿ ਬੁਲਾਇਆ ॥ ਸਚੀ ਸਿਫਤਿ ਸਾਲਾਹ, ਕਪੜਾ ਪਾਇਆ ॥

ਸਚਾ ਅੰਮ੍ਰਿਤ ਨਾਮੁ, ਭੋਜਨੁ ਆਇਆ ॥ ਗੁਰਮਤੀ ਖਾਧਾ ਰਜਿ, ਤਿਨਿ ਸੁਖੁ ਪਾਇਆ ॥

ਢਾਢੀ ਕਰੇ ਪਸਾਉ, ਸਬਦੁ ਵਜਾਇਆ ॥ ਨਾਨਕ ! ਸਚੁ ਸਾਲਾਹਿ, ਪੂਰਾ ਪਾਇਆ ॥ (ਮ: ੧/੧੫੦)

ਦਾਤੇ ਨੇ ਦਰ ਬੁਲਾ ਕੇ ਪੈਨਾਉਣ (ਸਰੋਪਾ, ਖਿਲਅਤ ਦੇਣ) ਤੇ ਨਾਮ ਦੀ ਦਾਤ ਬਖਸ਼ਣ ਦੀ ਗੱਲ ਚੌਥੇ ਨਾਨਕ-ਗੁਰੂ ਰਾਮ ਦਾਸ ਜੀ ਵੀਂ ਇਉਂ ਦੱਸਦੇ ਹਨ:-

ਹਉ ਢਾਢੀ ਹਰਿ ਪ੍ਰਭ ਖਸਮ ਕਾ, ਹਰਿ ਕੈ ਦਰਿ ਆਇਆ ॥ ਹਰਿ ਅੰਦਰਿ ਸੁਣੀ ਪੂਕਾਰ, ਢਾਢੀ ਮੁਖਿ ਲਾਇਆ ॥ ਹਰਿ ਪੁਛਿਆ ਢਾਢੀ ਸਦਿ ਕੈ, ਕਿਤੁ ਅਰਥਿ ਤੂੰ ਆਇਆ ?॥ ਨਿਤ ਦੇਵਹੁ ਦਾਨੁ ਦਇਆਲ ਪ੍ਰਭ ! ਹਰਿ ਨਾਮੁ ਧਿਆਇਆ ॥ ਹਰਿ ਦਾਤੈ, ਹਰਿ ਨਾਮੁ ਜਪਾਇਆ; ਨਾਨਕੁ ਪੈਨਾਇਆ ॥ (ਮ: ੪/੯੧)

(ਨੋਟ:- ਏਥੇ ‘ਨਾਨਕੁ’ ਦੇ ਕੱਕੇ ਹੇਠ ਔਂਕੜ ਹੈ ਅਤੇ ਇਹ ਇੱਥੇ ‘ਕਰਮ ਕਾਰਕ’ ਵਿੱਚ ਹੈ-ਅਰਥ ਹੈ-‘ਨਾਨਕ ਨੂੰ ਸਰੋਪਾ ਬਖਸ਼ਿਆ ਖਿਲਅਤ ਪਹਿਨਾਈ’)

ਪ੍ਰੇਮ ਇਸ਼ਕ ਦਾ ਮੁਕਾਮ, ਬੁੱਧੀ ਮੰਡਲ ਤੋਂ ਉਚੇਰਾ ਹੈ। ਢਾਡੀ ਨੂੰ ਦਾਤੇ ਦਰ ਜਾ ਕੇ ਮੰਗਣਾ ਭੁੱਲ ਜਾਣ ਦੀ ਰਮਜ਼ ਗੁਰੂ ਨਾਨਕ ਪੰਜਵੀ ਜੋਤ ਵਿੱਚ ਇਉਂ ਸਮਝਾਉਂਦੇ ਹਨ:-

ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥ ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ ਸੋ ਮੰਗਾ ਦਾਨੁ ਗੁੋਸਾਈਆ ਜਿਤੁ ਭੁਖ ਲਹਿ ਜਾਵੈ ॥ ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤਿ੍ਰਪਤਾਵੈ ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥ ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥ ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥ (ਮ: ੫/੧੦੯੭)

ਵਾਹਿਗੁਰੂ ਦੀ ਰਚਨਾ ਬੜੀ ਵਚਿੱਤਰ ਹੈ, ਇਸ ਵਿੱਚ ਵਿਰੋਧੀ ਤਤਾਂ ਅਥਵਾ ਗੁਣਾਂ ਦਾ ਅਜੀਬ ਸੁਮੇਲ ਹੈ, ਜਿਵੇਂ:-

‘‘ਪਉਣੁ ਉਪਾਇ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧੁ ਕੀਆ ॥’’ (ਮ: ੧/੩੫੦)

ਕੁਝ ਇਵੇਂ ਹੀ ਇੱਕੋ ਮਨੁੱਖੀ ਮਨ ਵਿੱਚ ਸਤਿ, ਸੰਤੋਖ, ਦਇਆ, ਧਰਮ ਤੇ ਸ਼ੀਲ ਸੰਜਮ ਆਦਿ ਸਦ ਗੁਣ ਵਸਦੇ ਹਨ ਅਤੇ ਕਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਖ ਤੇ ਜ਼ੋਰ ਜਬਰ ਆਦਿ ਔਗੁਣ। ਜਦ ਨਾਮ ਹਿਰਦੇ ਅੰਦਰ ਵਸਦਾ ਹੈ ਤਾਂ ਔਗੁਣਾਂ ਦਾ ਅਭਾਵ ਹੋ ਜਾਂਦਾ ਹੈ। ਅਸਲ ਵਿੱਚ ਨਾਮ ਦੀ ਅਣਹੋਂਦ ਹੀ ਸਾਡੇ ਅੰਦਰ ਔਗੁਣ ਪੈਦਾ ਕਰਨ ਦਾ ਕਾਰਨ ਹੈ। ਜਿਵੇਂ ਚਾਣਨ ਹੋਣ ਨਾਲ ਜਨਮਾਂ ਜਨਮਾਤਰਾਂ ਦਾ ਅੰਧੇਰਾ ਤੁਰੰਤ ਨਸ਼ਟ ਹੋ ਜਾਂਦਾ ਹੈ; ਇਵੇਂ ਹੀ ਨਾਮ ਦਾ ਦੀਪ, ਅਗਿਆਨ ਦੇ ਅੰਧਕਾਰ ਦਾ ਵਿਨਾਸ਼ ਕਰਨ ਯੋਗ ਹੈ। ਵਾਸਤਵ ਵਿੱਚ ਹਨੇਰਾ ਕੋਈ ਪ੍ਰਮਾਣਕ (Positive) ਵਸਤੂ ਨਹੀਂ; ਪ੍ਰਕਾਸ਼ ਦਾ ਨਾ ਹੋਣਾ ਹੀ ਹਨੇਰੇ ਦਾ ਵਜ਼ੂਦ ਧਾਰਨ ਕਰ ਜਾਂਦਾ ਹੈ। ਏਸੇ ਲਈ ਗੁਰੂ ਸਾਹਿਬਾਨ ਦਾ ਸਾਰਾ ਗਿਆਨ ਧਿਆਨ, ਸਾਰਾ ਉਪਦੇਸ਼, ਨਾਮੀ, ਨਾਮ ਜਾਂ ਨਾਮ ਸਿਮਰਨ ਦੁਆਲੇ ਘੁੰਮਦਾ ਹੈ। ਜਦ ਨਾਮ ਵਿਸਰ ਜਾਏ ਤਾਂ ਇਹ ਸਾਰਾ ਸੰਸਾਰ ਉਜਾੜ ਬੀਆਬਾਨ, ਡਰਾਉਣਾ ਤੇ ਦੁਖਦਾਈ ਬਣ ਜਾਂਦਾ ਹੈ, ਪ੍ਰੰਤੂ ਜਦ ਨਾਮ ਅੰਦਰ ਵਸ ਜਾਵੇ ਤਾਂ ਇਹੀ ਸੰਸਾਰ ਰੱਬ ਦਾ ਰੂਪ, ਰਮਣੀਕ ਤੇ ਸੁਹਾਵਣਾ ਥੀ ਵੰਝਦਾ ਹੈ। ਫੇਰ ਹਰ ਪਾਸੇ ਵਿਗਾਸ ਤੇ ਖੇੜਾ ਪਸਰ ਜਾਂਦਾ ਹੈ। ਅਤੇ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ! ਏਕੈ ਏਕੀ ਨੇਤੈ ॥ (ਮ: ੫/੧੩੦੨) ਵਾਲੀ ਉਨਮਨੀ ਦਸ਼ਾ ਛਾ ਜਾਂਦੀ ਹੈ।

ਗੁਰਬਾਣੀ ਵਿੱਚ ਬਾਰ ਬਾਰ ਇਹ ਜ਼ਿਕਰ ਆਇਆ ਹੈ ਕਿ ਮਨੁੱਖ ਦਾ ਸਭ ਤੋਂ ਦੀਰਘ ਰੋਗ ਹੈ ‘ਹਉਮੈਂ’ ਅਤੇ ਹਉਮੈਂ ਤੇ ਨਾਮ ਦਾ ਪ੍ਰਸਪਰ ਵਿਰੋਧ ਹੋਣ ਕਾਰਨ ਇਹ ਦੋਵੇਂ ਇੱਕ ਥਾਂ ਇਕੱਠੇ ਵੀ ਨਹੀਂ ਵਸ ਸਕਦੇ। ਗੁਰਵਾਕ ਹਨ:-

ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ॥ ਪੰ. ੪੬੬)

ਹਉਮੈ ਨਾਵੈ ਨਾਲਿ ਵਿਰੋਧ ਹੈ; ਦੁਇ ਨ ਵਸਹਿ, ਇਕ ਠਾਇ ॥ ਪੰ. ੫੬੦)

ਹਉਮੈ ਵਿਚਿ ਸੇਵਾ ਨ ਹੋਵਈ; ਤਾ, ਮਨੁ ਬਿਰਥਾ ਜਾਇ ॥ ਉਹੀ

ਹਉਮੈ ਕਰੀ, ਤਾ ਤੂ ਨਾਹੀ; ਤੂ ਹੋਵਹਿ, ਹਉ ਨਾਹੀ ॥

ਬੂਝਹੁ ਗਿਆਨੀ ਬੂਝਣਾ; ਏਹ ਅਕਥ ਕਥਾ ਮਨ ਮਾਹਿ ॥ (ਪੰ. ੧੦੯੩)

ਮੇਰੀ, ਮੈਂ, ਮੈਨੂੰ ਵਾਹਿਗੁਰੂ ਤੋਂ ਨਖੇੜ ਦੀ ਹੈ ਅਤੇ ਇੱਕ ਸਮੇਂ ਸਾਡੇ ਹਿਰਦੇ ਵਿੱਚ ਇੱਕ ਹੀ ਚੀਜ਼ ਵਸੇਗੀ; ਜਾਂ ਨਾਮ (ਤੂੰ) ਅਤੇ ਜਾਂ ਹੰਕਾਰ (ਮੈਂ)। ਲੋਕ ਕਥਾ ਹੈ ਸ਼ੇਰਨੀ ਦੇ ਦੁੱਧ ਨੂੰ ਜਮਾਉਣ ਲਈ ਸੋਨੇ ਦੇ ਪਿਆਲੇ ਦੀ ਲੋੜ ਹੈ। ਕੁੱਝ ਇਵੇਂ ਹੀ ਨਾਮ ਦੇ ਦੁੱਧ ਲਈ ਵੀ ਨਿਮ੍ਰਤਾ ਭਰਪੂਰ ਹਿਰਦੇ ਦੀ ਲੋੜ ਹੈ। ਹੰਕਾਰੀ ਹਿਰਦੇ ਵਿੱਚ ਮੈਂ ਹੈ, ਆਕੜ ਹੈ ਅਤੇ ਜਿੱਥੇ ਮੈਂ ਹੈ, ਓਥੇ ਤੂੰ ਨਹੀਂ ਵੱਸ ਸਕਦੀ। ਜੀਵਨ ਨਦੀ ਦੇ ਦੋ ਹੀ ਤਾਂ ਸ਼ੋਰ (ਕਿਨਾਰੇ) ਹਨ; ਇੱਕ ਤੂੰ ਦਾ ਤੇ ਇੱਕ ਮੈਂ ਦਾ। ਚੇਤੇ ਰਹੇ ਕਿ ਨਿਮ੍ਰਤਾ ਦਾ ਭਾਵ ਕਦਾਚਿਤ ਕਮਜ਼ੋਰੀ, ਬਲਹੀਣਤਾ ਜਾਂ ਕਾਇਰਤਾ ਤੋਂ ਨਹੀਂ। ਸਗੋਂ ਤਾਣ ਹੁੰਦੇ ਹੋਇ ਨਿਤਾਣਾ ਅਤੇ ਮਾਣ ਹੁੰਦੇ ਹੋਏ ਨਿਮਾਣਾ ਦੀ ਬਿਰਤੀ ਦੇ ਧਾਰਨੀ ਹੋਣਾ ਹੈ। ਸ਼ੇਖ ਫਰੀਦ ਜੀ ਦਾ ਕੀਮਤੀ ਕਥਨ ਹੈ:- ਮਤਿ ਹੋਦੀ, ਹੋਇ ਇਆਣਾ ॥ ਤਾਣ ਹੋਦੇ, ਹੋਇ ਨਿਤਾਣਾ ॥ ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ ॥ (ਪੰ. ੧੩੮੪)

ਪ੍ਰਭੂ-ਦਰੋਂ ਨਿਮਰਤਾ ਨਾਲ ਨਿਵਾਜੇ ਆਦਿ ਗੁਰੂ ਜੀ ਵਾਰ ਆਸਾ ਵਿੱਚ ਬਹੁਤ ਫੈਲਾਉ ਵਾਲੇ ਸਿੰਬਲ ਰੁੱਖ ਦੀ ਮਿਸਾਲ ਦੇ ਕੇ ਮਿੱਠਤ (ਹਲੀਮੀ ਤੇ ਨਿਮ੍ਰਤਾ) ਨੂੰ ਹੀ ਸਾਰਿਆਂ ਗੁਣਾਂ ਦਾ ਤੱਤ ਅਥਵਾ ਸਾਰ ਦਸਦੇ ਹਨ ਭਾਵ ਇਹ ਹੈ ਕਿ ਨਿਮ੍ਰਤਾ ਤੋਂ ਬਿਨਾ ਕੋਈ ਮਨੁੱਖੀ ਗੁਣ ਵੀ, ਗੁਣ ਨਹੀਂ ਰਹੇਗਾ, ਸਗੋਂ ਔਗੁਣ ਵਿੱਚ ਬਦਲ ਜਾਵੇਗਾ। ਆਪ ਜੀ ਦੇ ਅਰਸ਼ੀ ਫੁਰਮਾਣ ਹਨ:-‘‘ਸਿੰਮਲ ਰੁਖੁ ਸਰਾਇਰਾ, ਅਤਿ ਦੀਰਘ ਅਤਿ ਮੁਚੁ ॥ ਓਇ ਜਿ ਆਵਹਿ ਆਸ ਕਰਿ, ਜਾਹਿ ਨਿਰਾਸੇ ਕਿਤੁ ॥ ਫਲ ਫਿਕੇ, ਫੁਲ ਬਕਬਕੇ; ਕੰਮਿ ਨ ਆਵਹਿ ਪਤ ॥ ਮਿਠਤੁ ਨੀਵੀ ਨਾਨਕਾ! ਗੁਣ ਚੰਗਿਆਈਆ ਤਤੁ ॥’’ (ਪੰ. ੪੭੦) ਤਥਾ ‘‘ਧਰਿ ਤਾਰਾਜੂ ਤੋਲੀਐ, ਨਿਵੈ, ਸੁ ਗਉਰਾ ਹੋਇ ॥ (ਪੰ. ੪੭੦)

ਜਗਤ-ਬਾਬਾ ਜੀ, ਆਪਣੇ ਪੰਜਵੇ ਸਰੂਪ ਵਿੱਚ, ਫੇਰ ਉਪ੍ਰੋਕਤ ਸਚਾਈ ਨੂੰ ਇਉਂ ਦੁਹਰਾਉਂਦੇ ਤੇ ਦ੍ਰਿੜ੍ਹ ਕਰਾਉਂਦੇ ਹਨ:-‘‘ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥ ਇਸੁ ਆਗੈ, ਕੋ ਨ ਟਿਕੈ, ਵੇਕਾਰੀ ॥ ਗੁਰ ਪੂਰੇ, ਏਹ ਗਲ ਸਾਰੀ ॥’’ (ਪੰ. ੬੨੮) ਭਾਵ:- ਨਿਮ੍ਰਤਾ ਸਾਡਾ ਗੁਰਜ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਖਾਕ ਹੋਣਾ ਸਾਡਾ ਖੰਡਾ ਹੈ। ਇਹ ਹਥਿਆਰ ਏਨੇ ਪ੍ਰਬਲ ਹਨ ਕਿ ਇਹਨਾਂ ਅੱਗੇ ਕੋਈ ਵਿਸ਼ੇ ਵਿਕਾਰ ਗ੍ਰਸਤ ਇਨਸਾਨ ਨਹੀਂ ਟਿਕ ਸਕਦਾ। ਭੇਤ ਦੀ ਗੱਲ ਸਾਨੂੰ ਪੂਰਨ ਗੁਰੂ ਨੇ ਮੁੜ ਸਮਝਾਈ ਹੈ:-

‘‘ਸੈਨਾ ਸਾਧ ਸਮੂਹ, ਸੂਰ ਅਜਿਤੰ; ਸੰਨਾਹੰ ਤਨਿ ਨਿੰਮ੍ਰਤਾਹ ॥’’ (ਪੰ. ੧੩੫੬) ਭਾਵ:- ਸਭ ਸਾਧੂ ਸਮੂਹ, ਗੁਰਮੁਖ ਲੋਕ ਨ ਜਿਤੇ ਜਾਣ ਵਾਲੇ ਸੂਰਮਿਆਂ ਦੀ ਸੈਨਾ ਹੈ, ਕਿਉਂਕਿ, ਉਹਨਾਂ ਨੇ ਨਿਮ੍ਰਤਾ-ਰੂਪ ਸੰਜੋਅ (ਜ਼ਰਾ ਬਕਤਰ) ਆਪਣੇ ਸਰੀਰ ਉੱਤੇ ਪਾਈ ਹੋਈ ਹੈ। ਜਿਸ ਦੇ ਹੁੰਦਿਆਂ ਕੋਈ ਵਿਕਾਰ ਉਹਨਾਂ ਦੇ ਮਨ ਉੱਤੇ ਅਸਰ ਅੰਦਾਜ਼ ਨਹੀਂ ਹੋ ਸਕਦਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ, ਭਾਈ ਨੰਦ ਲਾਲ ਜੀ ‘ਗੋਇਆ’ ਸਿੱਖੀ ਦੀ ਇਸ ਸਚਾਈ ਨੂੰ ਆਪਣੇ ਅੰਦਾਜ਼ ਵਿੱਚ ਇਉਂ ਬਿਆਨ ਕਰਨ ਦਾ ਉਪਕਾਰ ਕਰਦੇ ਹਨ:-‘ਰਹ ਰਸਾਨਿ ਰਾਹਿ ਹੱਕ, ਆਮਦ ਅਦਬ। ਹਮ ਬ-ਦਿਲ ਯਾਦਿ ਖੁਦਾਓ, ਹਮ ਬ-ਲੱਬ।’ (ਦੀਵਾਨਿ ਗੋਇਆ) ਭਾਵ:- ਰੱਬ ਦੇ ਰਸਤੇ ਉੱਤੇ, ਰੱਬ ਤੱਕ ਪਹੁੰਚਾਣ ਲਈ ਅਦਬ ਸਤਿਕਾਰ, ਨਿਰਮਲ ਭਉ ਆਇਆ ਹੈ। ਪਰ, ਸ਼ਰਤ ਇਹ ਹੈ ਕਿ ਇਹ ਅਦਬ ਦਿਲ ਵਿੱਚ ਵੀ ਵਸੇ ਅਤੇ ਬੁੱਲਾਂ ਉੱਤੇ ਵੀ। ਸਿਧਾਂਤ ਇਹ ਹੈ ਕਿ ਜੇ ਅੰਦਰ ਹਿਰਦੇ ਵਿੱਚ ਵਸ ਜਾਵੇ ਤਾਂ ਬੁੱਲਾਂ ਤੇ ਬੋਲਾਂ ਵਿੱਚ ਸੁੱਤੇ ਸਿੱਧ ਹੀ ਆ ਵਸੇਗਾ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਕਪਟੀ ਕੇਵਲ ਗੱਲਾਂ ਰਾਹੀਂ ਨਿਮ੍ਰਤਾ ਵਿਖਾਵੇ ਪਰ, ਅੰਦਰੋਂ ਖੋਟਾ ਹੋਵੇ। ਸੋ, ਜਗਿਆਸੂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਹੋਰ ਬਿਆਨਿਆ ਹੈ:- ‘ਤਾਲਬਾਨੇ ਹੱਕ ਹਮੇਸ਼ਾ ਬਾ ਅਦਬ । ਬਾ-ਅਦਬ ਬਾਸ਼ੰਦ, ਦਾਇਮ ਬਾ-ਅਦਬ ।’ (ਜਿੰਦਗੀਨਾਮਾ) ਭਾਵ:- ਅਕਾਲ ਪੁਰਖ ਦੇ ਢੂੰਡਾਊ ਹਮੇਸ਼ਾਂ ਅਦਬ, ਸਤਿਕਾਰ, ਹਲੀਮੀ ਤੇ ਨਿਮ੍ਰਤਾ ਵਿੱਚ ਰਹਿੰਦੇ ਹਨ।

ਆਪ ਜੀ ਹੋਰ ਲਿਖਦੇ ਹਨ:- ‘ਮਾਅਨੀਯੇ ਨਾਮੀ ਗਰੀਬੀ ਆਮਦਹ। ਦਰਦੇ ਹਰ ਕਸ ਰਾ ਤਬੀਬੀ ਆਮਦਹ।’ (ਜਿੰਦਗੀਨਾਮਾ) ਭਾਵ:- ਨਰਮੀ (ਨਿਮਰਤਾ) ਦਾ ਭਾਵਾਰਥ ਹੈ ਗਰੀਬੀ (ਨਿਰ-ਅਭਿਮਾਨਤਾ), ਇਹ ਨਰਮੀ ਹਰ ਰੋਗ ਦਾ ਇਲਾਜ ਹੈ।

ਜਿਨ੍ਹਾਂ ਜਿਨ੍ਹਾਂ ਇਸ ਸ਼ਾਹ-ਰਗ ਜਿੰਨੇ ਜ਼ਰੂਰੀ ਵਿਸ਼ੇ ਨੂੰ ਘੋਖਾਂਗੇ, ਓਨੀਂ ਓਨੀਂ ਇਹ ਹਕੀਕਤ ਸਾਡੇ ਉੱਤੇ ਸੂਰਜ-ਵੱਤ ਰੋਸ਼ਨ ਹੁੰਦੀ ਜਾਵੇਗੀ ਕਿ ਗਰੀਬੀ (ਨਿਮ੍ਰਤਾ) ਸਾਰੇ ਮਨੁੱਖੀ ਗੁਣਾਂ ਦੀ ਖਾਣ ਤੇ ਸੁੱਖ, ਅਮਨ ਤੇ ਮਿਤ੍ਰਤਾ ਦੀ ਕੁੰਜੀ ਹੈ। ਫਿੱਕਾ ਤੇ ਕੌੜਾ ਬੋਲਣ ਵਾਲੇ ਵਿਅਕਤੀ ਦਾ ਨ ਕੋਈ ਮਿੱਤਰ ਹੁੰਦਾ ਹੈ ਅਤੇ ਨ ਹੀ ਕੋਈ ਹਮਦਰਦ ਸਾਥੀ ਜਾਂ ਅਧਿਕਾਰੀ। ਵਾਰ ਆਸਾ ’ਚ ਗੁਰੂ ਬਾਬੇ ਨੇ ਇਸ ਆਸ਼ੇ ਨੂੰ ਇਉਂ ਸਪਸ਼ਟ ਕੀਤਾ ਹੈ:- ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥’’ (ਪੰ. ੪੭੩) (‘ਪਾਣਾ ਲਹੈ ਸਜਾਇ’ਜੁਤੀਆਂ ਦੀ ਮਾਰ ਖਾਂਦਾ ਹੈ)

ਇਹੀ ਨਹੀਂ ਕਿ ਸਿੱਖ ਗੁਰੁ ਸਾਹਿਬਾਨ ਨੇ ਹੀ ਨਿਮ੍ਰਤਾ ਤੇ ਮਿੱਠਤ ਨੂੰ ਏਨਾ ਵੱਡਾ ਰੁਤਬਾ ਦਿੱਤਾ ਅਤੇ ਸਾਰੇ ਗੁਣਾਂ ਦੀ ਖਾਣ ਅਤੇ ਰੱਬੀ-ਮਿਲਾਪ ਦਾ ਸਾਧਨ ਦੱਸਿਆ ਹੈ; ਸਗੋਂ ਸੰਸਾਰ ਦੇ ਹੋਰ ਰਹਬਰਾਂ, ਅਧਿਆਤਮ-ਗਿਆਨੀਆਂ ਤੇ ਦਾਨਿਸ਼ਵਰਾਂ ਨੇ ਵੀ ਆਪਣੀ ਆਪਣੀ ਪਹੁੰਚ ਅਨੁਸਾਰ ਇਸ ਦੇ ਗੁਣ ਗਾਏ ਹਨ। ਵੰਨਗੀ ਵਜੋਂ, ਕੁਝ ਕੁ ਉਦਾਹਰਣਾਂ ਪੇਸ਼ਿ-ਖਿਦਮਤ ਹਨ:-

(1). ਹਉ ਤਿਸ ਘੋਲ ਘੁਮਾਇਆ, ਗੁਰਮਤਿ ਰਿਦੈ ਗਰੀਬੀ ਆਵੈ॥ (ਭਾ. ਗੁਰਦਾਸ ਜੀ ਵਾਰ ੧੨, ਪਉੜੀ ੪)

ਨਿਵ ਚਲੇ ਸੋ ਗੁਰੁ ਪਿਆਰਾ॥ (ਉਹੀ ਵਾਰ ੪, ਪਉੜੀ ੫)

ਨੀਵਾਂ ਜਿਣੈ, ਉਚੇਰਾ ਹਾਰੈ॥ (ਉਹੀ ਵਾਰ ੪, ਪਉੜੀ ੬)

(2). It was pride that changeth angels into devils; It is humility that makes men as angels.  (Augustine)

ਭਾਵ:- ਇਹ ਹੰਕਾਰ ਸੀ ਜਿਸ ਨੇ ਦੇਵਤਿਆਂ ਨੂੰ ਸ਼ੈਤਾਨਾਂ ਵਿੱਚ ਬਦਲ ਦਿਤਾ ਅਤੇ ਇਹ ਨਿਮ੍ਰਤਾ ਹੈ ਜੋ ਮਨੁੱਖਾਂ ਨੂੰ ਦੇਵਤੇ ਬਣਾ ਦਿੰਦੀ ਹੈ।

(3). Should you ask me, what is the first thing in religion ? I should reply, the first, the second and the third thing therein-nay all- is humility.    (Augustine)

ਭਾਵ:- ਜੇ ਤੁਸੀਂ ਮੈਨੂੰ ਪੁੱਛੋ ਕਿ ਮਜ਼ਹਬ ਵਿੱਚ ਪਹਿਲੀ ਵਸਤੂ ਕਿਹੜੀ ਹੈ? ਤਾਂ ਮੇਰਾ ਉੱਤਰ ਹੋਵੇਗਾ ਕਿ ਪਹਿਲੀ, ਦੂਜੀ ਤੇ ਤੀਜੀ ਹੀ ਨਹੀਂ ਬਲਕਿ ਸਭ ਕੁਝ ਹੀ ਨਿਮਰਤਾ ਹੀ ਹੈ।

(4). Humility is the solid foundation of all Virtues.

ਭਾਵ:- ਹਲੀਮੀ ਹੀ ਸਾਰਿਆਂ ਗੁਣਾਂ ਦੀ ਪੱਕੀ ਨੀਂਹ ਹੈ।

(5). I believe the first test of a truly great man is humility.  (Rustin)

ਭਾਵ:- ਮੈਂ ਸਮਝਦਾ ਹਾਂ ਕਿ ਸੱਚੀ ਮੁੱਚੀ ਵੱਡੇ ਮਨੁੱਖ ਦੀ ਨਿਸ਼ਾਨੀ ਹੈ-ਨਿਮਰਤਾ।

(6). Heaven’s gates are not so highly arched as prince’s palaces; they that enter, go upon their knees.     (J. Webstor)

ਭਾਵ:- ਸੁਰਗ ਦੇ ਦਰਵਾਜ਼ੇ, ਸ਼ਹਿਜ਼ਾਦਿਆਂ ਦੇ ਮਹਿਲਾਂ ਦੇ ਦਰਵਾਜ਼ਿਆ ਵਾਂਗ ਉੱਚੀਆਂ ਉੱਚੀਆਂ ਮਹਿਰਾਬਾਂ ਵਾਲੇ ਨਹੀਂ, ਓਥੇ ਜਾਣ ਵਾਲਿਆਂ ਨੂੰ ਗੋਡਿਆਂ ਭਾਰ ਹੋ ਕੇ ਜਾਣਾ ਪੈਂਦਾ ਹੈ।

(7). Nothing sets a person so much out of devil’s reach, as humility.  (Jonathan Edward)

ਭਾਵ:- ਹਲੀਮੀ ਜੇਹੀ ਹੋਰ ਕੋਈ ਐਸੀ ਵਸਤੂ ਨਹੀਂ ; ਜੋ ਆਦਮੀ ਨੂੰ ਸ਼ੈਤਾਨ ਦੀ ਪਹੁੰਚ ਤੋਂ ਦੂਰ ਰਖਦੀ ਹੋਵੇ।

ਮੇਰਾ ਸਨਿਮਰ ਹੋਕਾ ਹੈ ਕਿ ਰਾਸ਼ਟਰੀ-ਅੰਤਰ ਰਾਸ਼ਟਰੀ ਅਥਵਾ ਧੜਿਆਂ ਜਥੇਬੰਦੀਆਂ, ਵਿਅਕਤੀਆਂ ਜਾਂ ਮੱਤਾਂ ਮਤਾਤਰਾਂ ਦੇ, ਜੋ ਮਸਲੇ ਅਜੇ ਤੱਕ ਹੱਲ ਨਹੀਂ ਹੋ ਸਕੇ ਉਹ ਜਗਤ ਗੁਰੂ ਬਾਬਾ ਨਾਨਕ ਦੇ ‘ਨਉ ਨਿਧਿ ਨਾਮ ਤੇ ਗਰੀਬੀ’ ਮਜ਼ਰੱਬ (ਆਜ਼ਮੂਦਾ ਨੁਸਖੇ) ਨਾਲ ਹੱਲ ਹੋ ਸਕਦੇ ਹਨ। ਲੋੜ ਕੇਵਲ ਇਸ ਨੂੰ ਮਨ-ਬਚਨ ਕਰਕੇ ਅਜ਼ਮਾਉਣ ਦੀ ਹੈ।

ਸ਼ੋਭਨੀਕ ਹੋਵੇ ਜੇਕਰ ਇਹ ਤਜ਼ਰਬਾ ਪਹਿਲਾਂ ਬਾਬੇ ਦਾ ‘ਨਿਰਮਲ ਪੰਥ’, ਜੋ ਹੁਣ ਦਿਨੋਂ ਦਿਨ ਫੁੱਟ, ਭਰਿਸ਼ਟਾਚਾਰ, ਸਵਾਰਥ ਤੇ ਭਰਾ ਮਾਰੂ ਨੀਤੀ ਨਾਲ ‘ਗਰਦ-ਆਲੂਦਾ’ ਹੁੰਦਾ ਜਾ ਰਿਹਾ ਹੈ, ਤੋਂ ਹੀ ਆਰੰਭ ਕੀਤਾ ਜਾਵੇ। ਪੰਜਵੇਂ ਗੁਰਦੇਵ ਦਾ ਆਦੇਸ਼ ਵੀ ਹੈ:-‘‘ਪ੍ਰਥਮੈ ਮਨੁ ਪਰਬੋਧੈ ਅਪਨਾ, ਪਾਛੈ ਅਵਰ ਰੀਝਾਵੈ॥’’ (ਪੰ. ੩੮੧)