ਹੱਕ ਦੀ ਕਮਾਈ

0
883

ਹੱਕ ਦੀ ਕਮਾਈ

ਡਾ. ਪੁਸ਼ਪਿੰਦਰ ਸਿੰਘ

ਗੁਰੂ ਦਾ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ। ਉਹ ਕਿਸੇ ’ਤੇ ਜ਼ੁਲਮ ਨਹੀਂ ਕਰਦਾ। ਕਿਸੇ ਦਾ ਹੱਕ ਨਹੀਂ ਮਾਰਦਾ । ਸਿੱਖ, ਧਰਮ ਦੀ ਕਿਰਤ ਕਰਦਾ ਹੈ।ਆਪਣੀ ਹੱਕ ਦੀ ਕਮਾਈ ਵਿੱਚੋਂ ਦੂਜਿਆਂ ਦੀ ਮਦਦ ਵੀ ਕਰਦਾ ਹੈ। ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮ ਹਿੱਤ ਦਿੰਦਾ ਹੈ । ਇਸ ਦਸਵੇਂ ਹਿੱਸੇ ਨੂੰਦਸਵੰਧ ਕਹਿੰਦੇ ਹਨ। ਮਿਹਨਤ ਕਰਕੇ ਕਮਾਈ ਕਰਨ ਵਾਲੇ ਨੂੰ ਗੁਰੂ ਜੀ ਪਿਆਰ ਕਰਦੇ ਹਨ।

ਐਮਨਾਬਾਦ ਵਿਖੇ ਐਸਾ ਹੀ ਇੱਕ ਸਿੱਖ ਭਾਈ ਲਾਲੋ ਸੀ, ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ। ਭਾਵੇਂ ਆਪ ਤਾਂ ਉਹ ਬਹੁਤ ਗ਼ਰੀਬ ਸੀ, ਪਰ ਫਿਰ ਵੀਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖੁਆਉਂਦਾ ਸੀ । ਲੋਕ ਉਸ ਨੂੰ ਨੀਵੀਂ ਜ਼ਾਤ ਵਾਲਾ ਆਖਦੇ ਸਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਉਸ ਨਾਲ ਪਿਆਰ ਕਰਦੇ ਸਨ।ਆਪ ਜੀ ਭਾਈ ਲਾਲੋ ਦੇ ਘਰ ਜਾ ਕੇ ਰਹਿੰਦੇ ਸਨ । ਕੁਝ ਹੰਕਾਰੀ ਬ੍ਰਾਹਮਣ, ਖੱਤਰੀ ਅਤੇ ਆਪਣੇ ਆਪ ਨੂੰ ਉਚ ਜ਼ਾਤੀਏ ਅਖਵਾਉਣ ਵਾਲੇ ਇਸ ਗੱਲ ਤੋਂ ਸੜਦੇਸਨ । ਉਹ ਗੁਰੂ ਸਾਹਿਬ ਜੀ ਵਿਰੁੱਧ ਪ੍ਰਚਾਰ ਕਰਦੇ ਰਹਿੰਦੇ ਸਨ । ਐਮਨਾਬਾਦ ਦੇ ਹਾਕਮ ਦਾ ਇੱਕ ਅਹਿਲਕਾਰ (ਕਰਮਚਾਰੀ) ਮਲਕ ਭਾਗੋ ਸੀ । ਮਲਕ ਭਾਗੋਬੜਾ ਰਿਸ਼ਵਤ ਖੋਰ ਅਤੇ ਘਮੰਡੀ ਸੀ । ਉਹ ਆਪਣੇ ਆਪ ਨੂੰ ਉਚੀ ਕੁਲ ਦਾ ਸਮਝਦਾ ਸੀ । ਗ਼ਰੀਬ ਲੋਕ ਮਲਕ ਭਾਗੋ ਕੋਲੋਂ ਬਹੁਤ ਦੁਖੀ ਸਨ ।

ਉਹ ਹਰ ਸਾਲ ਬ੍ਰਾਹਮਣਾਂ, ਸਾਧੂਆਂ ਅਤੇ ਗ਼ਰੀਬਾਂ ਆਦਿ ਨੂੰ ਭੋਜਨ ਕਰਵਾ ਕੇ ਧਰਮੀ ਅਖਵਾਉਂਦਾ ਸੀ । ਇਸ ਸਾਲ ਵੀ ਉਸ ਨੇ ਬੜੇ ਸੋਹਣੇ–ਸੋਹਣੇ ਖਾਣੇਤਿਆਰ ਕਰਵਾਏ ਸਨ । ਸੰਤਾਂ–ਸਾਧਾਂ ਆਦਿ ਨੂੰ ਵੀ ਉਸ ਨੇ ਬੁਲਾਇਆ ਅਤੇ ਉਹਨਾਂ ਨੇ ਵੀ ਭੋਜਨ ਖਾ ਕੇ ਉਸ ਨੂੰ ਧਰਮੀ ਅਤੇ ਨੇਕ ਮਨੁੱਖ ਕਿਹਾ । ਗੁਰੂ ਨਾਨਕਸਾਹਿਬ ਜੀ ਉਸ ਸਮੇਂ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ । ਮਲਕ ਭਾਗੋ ਨੇ ਗੁਰੂ ਸਾਹਿਬ ਜੀ ਨੂੰ ਵੀ ਸੱਦਾ ਭੇਜਿਆ, ਪਰ ਗੁਰੂ ਜੀ ਨਾ ਆਏ । ਮਲਕ ਭਾਗੋਨੇ ਇਸ ਨੂੰ ਆਪਣੀ ਹੇਠੀ (ਬੇਇੱਜ਼ਤੀ) ਸਮਝਿਆ, ਘਮੰਡੀ ਬ੍ਰਾਹਮਣਾਂ ਤੇ ਖੱਤਰੀਆਂ ਨੇ ਉਸ ਨੂੰ ਹੋਰ ਭੜਕਾਇਆ । ਗੁੱਸੇ ਵਿੱਚ ਮਲਕ ਭਾਗੋ ਨੇ ਆਪਣਾ ਆਦਮੀਦੁਬਾਰਾ ਫਿਰ ਗੁਰੂ ਜੀ ਵੱਲ ਭੇਜਿਆ । ਇਸ ਵਾਰ ਗੁਰੂ ਜੀ ਆ ਗਏ, ਪਰ ਆਪ ਜੀ ਨੇ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ । ਇਸ ਤੇ ਮਲਕ ਭਾਗੋ ਪੁੱਛਣਲੱਗਾ:

‘ਤੁਸੀਂ ਖੱਤਰੀ ਹੋ ਕੇ ਨੀਵੀਂ ਜ਼ਾਤ ਵਾਲੇ ਦੇ ਘਰੋਂ ਕਿਉਂ ਖਾਣਾ ਖਾਂਦੇ ਹੋ ? ਸ਼ੂਦਰਾਂ ਕੋਲ ਜਾਣ ਨਾਲ ਤਾਂ ਸਾਡਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ ।’

ਗੁਰੂ ਨਾਨਕ ਸਾਹਿਬ ਜੀ: ਭਾਈ ਲਾਲੋ ਤਾਂ ਮੇਰਾ ਪਿਆਰਾ ਸਿੱਖ ਹੈ। ਅਸੀਂ ਜ਼ਾਤ–ਪਾਤ ਅਤੇ ਊਚ–ਨੀਚ ਨੂੰ ਨਹੀਂ ਮੰਨਦੇ । ਮੈਨੂੰ ਸਭ ਵਿੱਚ ਪਰਮਾਤਮਾ ਹੀ ਨਜ਼ਰਆਉਂਦਾ ਹੈ। ਸਭ ਮਨੁੱਖ ਬਰਾਬਰ ਹਨ, ਕੋਈ ਆਦਮੀ ਜਨਮ ਕਰਕੇ ਨੀਚ ਨਹੀਂ ਹੁੰਦਾ। ਨੀਚ ਤਾਂ ਉਹ ਹੈ, ਜੋ ਨੀਚ ਕੰਮ ਕਰੇ। ਇਸ ਲਈ ਭਾਈ ਲਾਲੋ ਨੀਚਨਹੀਂ ਹੈ। ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ। ਇਸੇ ਕਰਕੇ ਹੀ ਮੈਂ ਭਾਈ ਲਾਲੋ ਦੇ ਘਰੋਂ ਰੋਟੀ ਖਾਂਦਾ ਹਾਂ।

ਮਲਕ ਭਾਗੋ: ‘ਤੁਸੀਂ ਮੇਰੇ ਬ੍ਰਹਮ–ਭੋਜ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ ?’

ਗੁਰੂ ਨਾਨਕ ਸਾਹਿਬ ਜੀ: ਭਾਈ ਲਾਲੋ ਦੀ ਆਪਣੀ ਮਿਹਨਤ ਦੀ ਕਮਾਈ ਹੈ। ਗ਼ਰੀਬ ਦੀ ਰੋਟੀ ਭਾਵੇਂ ਸੁੱਕੀ ਵੀ ਹੋਵੇ, ਉਹ ਦੁੱਧ ਵਾਂਗ ਮਿੱਠੀ ਹੁੰਦੀ ਹੈ। ਭਾਗੋ ! ਤੇਰੀ ਕਮਾਈ ਮਿਹਨਤ ਦੀ ਨਹੀਂ ਹੈ। ਤੂੰ ਲੋਕਾਂ ਉੱਤੇ ਜ਼ੁਲਮ ਕਰਦਾ ਹੈਂ, ਰਿਸ਼ਵਤ ਲੈ ਕੇ ਗ਼ਰੀਬਾਂ ਦਾ ਖ਼ੂਨ ਚੂਸਦਾ ਹੈਂ, ਤੇਰੀਆਂ ਪੂੜੀਆਂ ਗ਼ਰੀਬਾਂ ਦੇ ਖ਼ੂਨ–ਪਸੀਨੇਦੀ ਕਮਾਈ ਨਾਲ ਬਣੀਆਂ ਹੋਈਆਂ ਹਨ, ਮੈਂ ਤੇਰੀਆਂ ਇਹ ਪੂੜੀਆਂ ਨਹੀਂ ਖਾ ਸਕਦਾ।

ਭਰੀ ਸਭਾ ਵਿੱਚ ਗੁਰੂ ਜੀ ਨੇ ਇਹ ਗੱਲਾਂ ਬੜੀ ਦਲੇਰੀ ਨਾਲ ਕਹੀਆਂ, ਜਿਨ੍ਹਾਂ ਨੂੰ ਸੁਣ ਕੇ ਮਲਕ ਭਾਗੋ ਤੇ ਹੋਰ ਲੋਕ ਬਹੁਤ ਸ਼ਰਮਿੰਦੇ ਹੋਏ । ਭਾਗੋ ਦੇ ਕੀਤੇ ਪਾਪਉਸ ਦੀਆਂ ਅੱਖਾਂ ਸਾਹਮਣੇ ਆ ਗਏ।

ਮਲਕ ਭਾਗੋ: ਤਾਂ ਕੀ ਮੇਰਾ ਕਰਵਾਇਆ ਇਹ ਬ੍ਰਹਮ–ਭੋਜ ਐਵੇਂ ਹੀ ਹੈ ? ਕੀ ਇਸ ਨਾਲ ਮੈਂ ਧਰਮੀ ਨਹੀਂ ਹੋ ਸਕਦਾ, ਕੀ ਇਸ ਨਾਲ ਪਰਮਾਤਮਾ ਖੁਸ਼ ਨਹੀਂ ਹੋਵੇਗ਼ਾ ?

ਗੁਰੂ ਨਾਨਕ ਸਾਹਿਬ ਜੀ: ਗ਼ਰੀਬ ਲੋਕਾਂ ਦਾ ਖ਼ੂਨ ਚੂਸ ਕੇ ਕੀਤੀ ਕਮਾਈ ਨਾਲ ਕੀਤੇ ਲੰਗਰ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਰਿਸ਼ਵਤ ਵਾਲੀ ਕਮਾਈ, ਦਾਨ ਕਰਨ ਨਾਲ, ਹੱਕ ਦੀ ਕਮਾਈ ਨਹੀਂ ਬਣ ਜਾਂਦੀ। ਸੱਚੀ ਕਮਾਈ ਉਹੀ ਹੈ ਜੋ ਆਪ ਮਿਹਨਤ ਕਰਕੇ ਕਮਾਈ ਜਾਵੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ ।ਸੱਚਾ ਧਰਮੀ ਬਣਨ ਅਤੇ ਪਰਮਾਤਮਾ ਦੀ ਖੁਸ਼ੀ ਹਾਸਿਲ ਕਰਨ ਲਈ ਇਹ ਕਰਨਾ ਚਾਹੀਦਾ ਹੈ : ‘ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ।’

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਮਲਕ ਭਾਗੋ ਦਾ ਹੰਕਾਰ ਟੁੱਟ ਗਿਆ ਅਤੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ ।

ਗੁਰੂ ਸਿੱਖਿਆ : ਅਸੀਂ ਵੀ ਭਾਈ ਲਾਲੋ ਵਾਂਗ ਸੱਚੇ ਧਰਮੀ ਸਿੱਖ ਬਣਨਾ ਹੈ । ਧਰਮ ਦੀ ਸੱਚੀ–ਸੁੱਚੀ ਕਿਰਤ ਕਰਨੀ ਹੈ । ਮਿਹਨਤ ਕਰਕੇ ਹੱਕ ਦੀ ਕਮਾਈਕਰਨੀ ਹੈ । ਦੂਜਿਆਂ ਦਾ ਹੱਕ ਮਾਰ ਕੇ ਰਿਸ਼ਵਤ ਦੀ ਕਮਾਈ ਨਾਲ ਪੈਸਾ ਇਕੱਠਾ ਨਹੀਂ ਕਰਨਾ । ਜ਼ਾਤ–ਪਾਤ ਦੇ ਭੇਦ–ਭਾਵ ਨੂੰ ਨਹੀਂ ਮੰਨਣਾ । ਸਭ ਆਪਸ ਵਿੱਚਬਰਾਬਰ ਹਨ, ਮਨੁੱਖਤਾ ਹੀ ਸਾਰਿਆਂ ਦੀ ਇੱਕੋ ਜ਼ਾਤ ਹੈ । ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ।