ਗੁਰੂ ਕੇ ਬਾਗ ਦਾ ਮੋਰਚਾ

0
575

ਗੁਰੂ ਕੇ ਬਾਗ ਦਾ ਮੋਰਚਾ

ਗੁਰਦੁਆਰਾ ਸੁਤੰਤਰਤਾ ਲਹਿਰ ਦੀ ਇਕ ਅਹਿਮ ਘਟਨਾ

ਡਾ: ਰਾਏ ਜਸਬੀਰ ਸਿੰਘ

ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ

ਕੇਤੇ ਉਦਰੁ ਭਰਨ ਕੈ ਤਾਈ॥

ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ

ਬਿਨੁ ਗੁਰ, ਗਰਬੁ ਨ ਜਾਈ॥ (ਮ: ੧/੫੦੪)

ਅਜਿਹੀ ਕਰਨੀ ਤੇ ਕਥਨੀ ਵਾਲੇ ਮਹੰਤਾਂ ਪਾਸੋਂ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ ਵਾਸਤੇ ਜੋ ਲਹਿਰ ਚੱਲੀ, ਉਸ ਦਾ ਨਾਂ ਗੁਰਦੁਆਰਾ ਸੁਤੰਤਰਤਾ/ਸੁਧਾਰ ਲਹਿਰ ਸੀ। ਇਸ ਗੁਰੂ ਘਰ ਦੇ ਨਿਮਾਣੇ ਨਿਤਾਣੇ ਸਿੱਖਾਂ ਵਲੋਂ ਚਲਾਈ ਗਈ ਲਹਿਰ ਨਾਲ ਹੀ ਸੰਬੰਧਿਤ ਗੁਰੂ ਕੇ ਬਾਗ ਦਾ ਮੋਰਚਾ ਸੀ। ਇਸ ਮੋਰਚੇ ਦੀ ਅਹਿਮੀਅਤ ਨੂੰ ਯਾਦ ਕਰਨ ਤੋਂ ਇਲਾਵਾ ਅਜੋਕੇ ਸਮੇਂ ਇਸ ਦੀ ਅਹਿਮੀਅਤ ਨੂੰ ਸਮਝਣ ਦੀ ਵੀ ਡਾਢੀ ਲੋੜ ਹੈ।

ਗੁਰੂ ਕੇ ਬਾਗ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਸੀ। ਇਸ ਤੋਂ ਪਹਿਲਾਂ ਤਰਨ ਤਾਰਨ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ ਸਰ ਕਰ ਲਏ ਗਏ ਸਨ। ਇਸ ਸਮੇਂ ਗੁਰਦੁਆਰਿਆਂ ’ਤੇ ਕਾਬਜ਼ ਮਹੰਤ ਤੇ ਖੁਦ ਸਰਕਾਰ ਵੀ ਇਹ ਵਿਚਾਰਨ ਲੱਗ ਪਈ ਸੀ ਕਿ ਜੇ ਅਕਾਲੀ ਇਉਂ ਹੀ ਮੋਰਚੇ ਸਰ ਕਰਦੇ ਰਹੇ, ਸਰਕਾਰ ਨੂੰ ਵਖਤ ਪੈ ਜਾਵੇਗਾ। ਇਸ ਦੇ ਨਾਲ ਹੀ ਕਈ ਪਿੰਡਾਂ ਵਿਚ ਲੋਕਾਂ ਨੇ ਨੰਬਰਦਾਰੀਆਂ, ਜ਼ੈਲਦਾਰੀਆਂ ਨੂੰ ਠੋਕਰ ਮਾਰਨੀ ਸ਼ੁਰੂ ਕਰ ਦਿੱਤੀ। ਇਸ ਨਾਲ ਸਰਕਾਰ ਦਾ ਵਿਕਾਰ ਹੋਰ ਵੀ ਕਮਜ਼ੋਰ ਹੋ ਗਿਆ। ਇਸ ਹਾਲਤ ਵਿਚ ਗੁਰੂ ਕੇ ਬਾਗ ਦਾ ਮੋਰਚਾ ਸਰ ਕਰਨਾ ਖਾਸ ਤੌਰ ’ਤੇ ਅਰਥ ਪੂਰਨ ਸੀ। ਇਸ ਲਈ ਸਰਕਾਰ ਨੇ ਅਫਸਰਾਂ ਨੂੰ ਅਕਾਲੀ ਲਹਿਰ ਦਬਾਉਣ ਦੇ ਖਾਸ ਹੁਕਮ ਦਿੱਤੇ ਅਤੇ ਸਿੱਟੇ ਵਜੋਂ ਲਾਹੌਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਅੰਬਾਲਾ, ਫਿਰੋਜ਼ਪੁਰ, ਮਿੰਟਗੁਮਰੀ, ਅੰਮ੍ਰਿਤਸਰ ਤੇ ਲਾਇਲਪੁਰ ਵਿਚ ਧੜਾ ਧੜ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇਸ ਵਾਰ ਸਰਕਾਰ ਅਕਾਲੀ ਲਹਿਰ ਨੂੰ ਕਮਜ਼ੋਰ ਕਰਨ ਤੇ ਲੋਕਾਂ ਨੂੰ ਇਸ ਤੋਂ ਵੱਖ ਕਰਨ ਲਈ ਮਾਰ ਕੁਟਾਈ ਦੇ ਹਥਿਆਰਾਂ ਉੱਤੇ ਉਤਰਨਾ ਚਾਹੁੰਦੀ ਸੀ।

ਗੁਰੂ ਕੇ ਬਾਗ ਗੁਰਦੁਆਰੇ ਦਾ ਮਹੰਤ ਨਨਕਾਣਾ ਸਾਹਿਬ ਦੇ ਮੋਰਚੇ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਨਾਲ ਵਿਟਰ ਗਿਆ ਸੀ। ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਲੰਗਰ ਵਾਸਤੇ ਲੱਕੜਾਂ ਕੱਟਣ ਗਏ ਸਿੱਖਾਂ ਵਿਰੁੱਧ ਉਸ ਨੇ ਸ਼ਿਕਾਇਤ ਦਰਜ ਕਰਾ ਦਿੱਤੀ ਅਤੇ ਫੜੋ ਫੜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਮੋਰਚਾ ਆਰੰਭ ਹੋ ਗਿਆ। 31 ਅਗਸਤ 1922 ਨੂੰ 200 ਅਕਾਲੀਆਂ ਦਾ ਜੱਥਾ ਅੰਮ੍ਰਿਤਸਰ ਤੋਂ ਗੁਰੂ ਕੇ ਬਾਗ ਨੂੰ ਗਿਆ। ਇਸ ਜੱਥੇ ਨੂੰ ਗੁਮਟਾਲੇ ਵਾਲੇ ਪੁਲ ’ਤੇ ਘੇਰ ਕੇ ਕੁੱਟਿਆ ਗਿਆ। ਜੱਥੇ ਵਿਚੋਂ ਕੋਈ ਵੀ ਲਾਂਭੇ ਨਾ ਹੋਇਆ ਅਤੇ ਉੱਥੇ ਹੀ ਕੁੱਟ ਖਾਂਦੇ ਰਹੇ। ਇਸ ਤੋਂ ਬਾਅਦ ਗੁਰੂ ਕੇ ਬਾਗ ਅਤੇ ਉੱਥੇ ਜਾਣ ਵਾਲੇ ਰਸਤਿਆਂ ਉੱਪਰ, ਪਿੰਡਾਂ ਵਿਚ, ਰਾਹੀਆਂ, ਦਰਸ਼ਕਾਂ ਤੇ ਹੋਰ ਲੋਕਾਂ ਦੀ ਬੇਕਿਰਕ ਕੁੱਟ ਮਾਰ ਹੋਈ। ਸਾਹਿੰਸਰਾ, ਘੁੱਕੇਵਾਲੀ, ਲਸ਼ਕਰੀ ਨੰਗਲ, ਜਗਦੇਵ ਕਲਾਂ ਵਿਚ ਕਾਫ਼ੀ ਮਾਰ ਕੁਟਾਈ ਕੀਤੀ ਗਈ।

ਇਸ ਤੋਂ ਬਾਅਦ ਹਰ ਰੋਜ਼ ਅੰਮ੍ਰਿਤਸਰ ਤੋਂ ਸੌ ਅਕਾਲੀਆਂ ਦਾ ਜੱਥਾ ਗੁਰੂ ਕੇ ਬਾਗ ਜਾਣ ਲੱਗ ਪਿਆ। ਹਰ ਰੋਜ਼ ਹੀ ਬੀ. ਟੀ. ਦੀ ਪੁਲਿਸ ਜੱਥਾ ਘੇਰ ਲੈਂਦੀ ਅਤੇ ਰੱਜ ਕੇ ਕੁੱਟ ਮਾਰ ਕਰਦੀ। ਇਕ ਵਾਰ ਗੋਰਖਾ ਪੁਲਿਸ ਵਾਲਿਆਂ ਨੇ ਅਕਾਲੀਆਂ ਉੱਪਰ ਤਸ਼ੱਦਦ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦਾ ਕੋਰਟ ਮਾਰਸ਼ਲ ਹੋਇਆ। ਉਨ੍ਹਾਂ ਵਿੱਚੋਂ ਕੁਝ ਕੱਢੇ ਹੋਏ ਸ਼ੋ੍ਰਮਣੀ ਕਮੇਟੀ ਪਾਸ ਆ ਗਏ। ਉਨ੍ਹਾਂ ਨੂੰ ਸ: ਤੇਜਾ ਸਿੰਘ ਸਮੁੰਦਰੀ ਨੇ ਚੌਂਕੀਦਾਰ ਨਿਯੁਕਤ ਕਰਵਾ ਦਿੱਤਾ।

ਤਸ਼ੱਦਦ ਜਾਰੀ ਹੀ ਰਿਹਾ। ਚਾਰ ਸਤੰਬਰ ਨੂੰ ਪੁਲਿਸ ਵੱਲੋਂ ਲੋਕਾਂ ਦੀ ਲੁੱਟ ਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ। ਇਸ ਦਿਨ 101 ਅਕਾਲੀਆਂ ਦਾ ਜੱਥਾ ਗੁਰਦਾਸਪੁਰ ਤੋਂ ਆਇਆ। ਇਸ ਜੱਥੇ ਦੀ ਬੇਹਤਾਸ਼ਾ ਕੁੱਟ ਹੋਈ। ਇਸ ਦੇ ਗੁਆਹ ਪੰਡਿਤ ਮਦਨ ਮੋਹਨ ਮਾਲਵੀਆ ਵੀ ਸਨ। 5 ਸਤੰਬਰ ਨੂੰ ਲਾਇਲਪੁਰ ਦੇ ਸੌ ਅਕਾਲੀਆਂ ਦਾ ਜੱਥਾ ਛੀਨਿਆਂ ਵਾਲੇ ਪੁਲ ’ਤੇ ਘੇਰਿਆ ਗਿਆ ਅਤੇ ਦਬੱਲ ਕੇ ਕੁੱਟਿਆ ਗਿਆ। ਇਸ ਦਾ ਜਥੇਦਾਰ ਪ੍ਰਿਥੀਪਾਲ ਸਿੰਘ ਕੁੱਟ ਮਾਰ ਕਾਰਨ ਹੀ ਅਖੀਰ 2 ਅਪ੍ਰੈਲ 1924 ਵਿਚ ਅਕਾਲ ਚਲਾਣਾ ਕਰ ਗਿਆ।

12 ਸਤੰਬਰ ਨੂੰ ਹੋਈ ਕੁੱਟ ਮਾਰ ਪਾਦਰੀ ਐਂਡਰੀਊਜ਼ ਨੇ ਵੀ ਵੇਖੀ। ਉਸ ਦੇ ਵਿਰੋਧ ਕਰਨ ’ਤੇ ਅਤੇ ਸਰਕਾਰ ਨੇ ਇਹ ਵੇਖ ਕੇ, ਕਿ ਉਸ ਦੀ ਹਾਲਤ ਇਸ ਨਾਲ ਹੋਰ ਪਤਲੀ ਹੋ ਰਹੀ ਹੈ, ਕੁੱਟ ਮਾਰ ਬੰਦ ਕਰਨ ਦਾ ਫ਼ੈਸਲਾ ਕੀਤਾ।

ਇਸ ਤੋਂ ਬਾਅਦ ਗ੍ਰਿਫਤਾਰੀਆਂ ਜਾਰੀ ਰਹੀਆਂ। 22 ਅਕਤੂਬਰ ਨੂੰ ਪੈਨਸ਼ਨਰ ਫੌਜੀਆਂ ਦਾ ਜੱਥਾ ਸ: ਅਮਰ ਸਿੰਘ ਦੀ ਅਗਵਾਈ ਹੇਠ ਗੁਰੂ ਕੇ ਬਾਗ ਨੂੰ ਗਿਆ। ਇਸ ਦੀ ਗ੍ਰਿਫਤਾਰੀ ਹੋਈ। 12 ਨਵੰਬਰ ਨੂੰ ਦੂਜਾ, ਫੌਜੀਆਂ ਦਾ ਜੱਥਾ ਰਸਾਲਦਾਰ ਰਣਜੋਧ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਗ੍ਰਿਫਤਾਰ ਹੋਇਆ।

ਅਖੀਰ ਸਰ ਗੰਗਾ ਰਾਮ ਨੇ ਮਹੰਤ ਤੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਪਟੇ ’ਤੇ ਲੈ ਲਈ ਅਤੇ ਲਿਖ ਦਿੱਤਾ ਕਿ ਉਸ ਨੂੰ ਪੁਲਿਸ ਦੀ ਲੋੜ ਨਹੀਂ। 18 ਨਵੰਬਰ 1922 ਨੂੰ ਪੁਲਿਸ ਵਾਪਸ ਬੁਲਾ ਲਈ ਗਈ। ਇਉਂ ਸਰਕਾਰ ਨੇ ਸਰ ਗੰਗਾ ਰਾਮ ਰਾਹੀਂ ਅਕਾਲੀਆਂ ਦੇ ਇਸ ਮੋਰਚੇ ਤੋਂ ਖਹਿੜਾ ਛੁਡਵਾਇਆ।

ਅਸਲ ਵਿਚ, ਇਹ ਮੋਰਚਾ ਅਕਾਲੀਆਂ ਦੀ ਅਗਵਾਈ ’ਚ ਪੰਜਾਬ ਦੇ ਆਮ ਲੋਕਾਂ ਦਾ ਮਹੰਤਾਂ ਪਾਸੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਦਾ ਵਿਸ਼ੇਸ਼ ਯਤਨ ਸੀ, ਜਿਸ ਵਿਚ ਸਰਕਾਰ ਅਤੇ ਮਹੰਤਾਂ ਦੀ ਪੂਰੀ ਤਰ੍ਹਾਂ ਹਾਰ ਹੋਈ। ਇਸ ਜਿੱਤ ਨਾਲ ਅਕਾਲੀ ਮੋਰਚਿਆਂ ਦੀਆਂ ਅਗਲੀਆਂ ਕਾਮਯਾਬੀਆਂ ਦਾ ਰਸਤਾ ਖੁਲ੍ਹ ਗਿਆ। ਇਨ੍ਹਾਂ ਕਾਮਯਾਬੀਆਂ ਦੇ ਬਲਬੂਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਕਾਇਮ ਹੋਈ ਅਤੇ ਦੇਸ਼ ਦੀ ਆਜ਼ਾਦੀ ਲਈ ਪ੍ਰਾਪਤੀ ਹੋਰ ਨੇੜੇ ਆ ਗਈ । ਇਸ ਮੋਰਚੇ ਵਿਚ ਆਮ ਲੋਕਾਂ ਦੀ ਮਾਰ ਕੁਟਾਈ, ਗੋਰਖਾ ਸਿਪਾਹੀਆਂ ਦੀ ਬਗਾਵਤ, ਫੌਜੀਆਂ ਦੀ ਸ਼ਮੂਲੀਅਤ, ਗੁਮਟਾਲਾ ’ਤੇ ਛੀਨਿਆਂ ਦੇ ਪੁਲਾਂ ਉੱਪਰ ਅਕਾਲੀਆਂ ਦੇ ਸਿਦਕ ਦਾ ਪ੍ਰਗਟਾਵਾ ਅਹਿਮ ਘਟਨਾਵਾਂ ਹਨ, ਜੋ ਸਦਾ ਯਾਦ ਰੱਖਣ ਯੋਗ ਹਨ। ਨਾਲ ਹੀ ਇਹ ਵੀ ਯਾਦ ਰੱਖਣ ਯੋਗ ਗੱਲ ਹੈ ਕਿ ਭਵਿੱਖ ਵਿਚ ਧਾਰਮਿਕ ਅਸਥਾਨ ਕਰਮਕਾਂਡੀ ਭੇਖੀ ਅਨਸਰਾਂ ਦੇ ਕਬਜ਼ੇ ਵਿਚ ਨਾ ਰਹਿ ਸਕਣ। ਅੰਤ ਵਿਚ : ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ॥ (ਨਟ ਮ: ੪, ਪੰਨਾ ੯੮੧) ਅਨੁਸਾਰ ਜੀਵਨ ਬਤੀਤ ਕਰਨ, ਗੁਰਮਤਿ ਅਨੁਸਾਰ ਰਹਿਣੀ ਬਤੀਤ ਕਰਨ, ਆਪਣੇ ਅਧਿਕਾਰਾਂ ਅਤੇ ਹੋਰ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ, ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਹਰ ਰੋਜ਼ ਪਾਠ ਕਰਨ, ਗੁਰਬਾਣੀ ਦੀ ਸਿਖਿਆ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਨਾਲ ਹੀ ਅਸੀਂ ਗੁਰੂ ਕੇ ਬਾਗ ਦੇ ਸ਼ਹੀਦਾਂ ਅਤੇ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰ ਰਹੇ ਹੋਵਾਂਗੇ।