27.5 C
Jalandhar
Saturday, April 11, 2026
spot_img
Home Blog Page 198

ਸੀਸੁ ਦੀਆ, ਪਰੁ ਸਿਰਰੁ ਨ ਦੀਆ ॥

0

ਸੀਸੁ ਦੀਆ, ਪਰੁ ਸਿਰਰੁ ਨ ਦੀਆ ॥

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਜਿੱਥੇ ਇਸ ਧਰਮ ਵਿੱਚ ਬੁੱਤ ਪੂਜਾ, ਊਚ-ਨੀਚ, ਜਾਤ-ਪਾਤ ਦਾ ਖੰਡਨ ਕੀਤਾ ਗਿਆ ਹੈ, ਉੱਥੇ ਇਸ ਧਰਮ ਦੇ ਅਨੁਯਾਈਆਂ ਨੇ ਲੋਕਾਂ ਨੂੰ ਜ਼ੁਲਮ ਵਿਰੁੱਧ ਅਵਾਜ਼ ਉੱਠਾਉਣ ਦਾ ਅਤੇ ਅਣਖ ਨਾਲ ਜਿਉਣ ਦਾ ਪਾਠ ਵੀ ਪੜ੍ਹਾਇਆ ਹੈ।

ਹਿੰਦੋਸਤਾਨ ਉੱਤੇ ਕਦੇ ਅਫਗਾਨੀਆਂ ਨੇ ਅਤੇ ਕਦੇ ਤੁਰਕਾਂ ਨੇ ਲਗਾਤਾਰ ਹਮਲੇ ਕੀਤੇ ਪਰ ਇੱਥੋਂ ਦੀ ਜਨਤਾ ਉਹਨਾਂ ਜ਼ੁਲਮਾਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਸਮਝ ਕੇ ਜਾਂ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ, ਮੰਨ ਕੇ ਖਿੜੇ ਮੱਥੇ ਬਰਦਾਸ਼ਤ ਕਰ ਰਹੀ ਸੀ। ਇੱਕ ਤਾਂ ਬਾਹਰਲੇ ਧਾੜਵੀ ਲੋਕਾਂ ਨੂੰ ਲੁੱਟ ਰਹੇ ਸਨ ਦੂਜਾ ਮੰਨੂਵਾਦ ਦੀਆਂ ਵੰਡੀਆਂ ਲੋਕਾਂ ਦੀ ਰਗ ਵੀ ਨੱਪ ਰਹੀਆਂ ਸਨ। ਜਾਤ-ਪਾਤ ਦੇ ਅਧਾਰ ’ਤੇ ਹੋਈ ਵਰਨ-ਵੰਡ ਅਨੁਸਾਰ ਬ੍ਰਾਹਮਣ ਦੀ ਜਾਤੀ ਸਭ ਤੋਂ ਉੱਚੀ ਸੀ ਉਹ ਜੋ ਕਹਿੰਦਾ ਸੀ, ਨੀਵੀਂ ਜਾਤੀ ਦੇ ਲੋਕਾਂ ਨੂੰ ਕਰਨਾ ਹੀ ਪੈਂਦਾ ਸੀ। ਦੂਜੇ ਨੰਬਰ ’ਤੇ ਆਉਣ ਵਾਲੇ ਖੱਤਰੀ ਜਿਹੜੇ ਜ਼ਿੰਦਗੀ ਵਧੀਆ ਜਿਉਂਦੇ ਸਨ ਪਰ ਬ੍ਰਾਹਮਣਾਂ ਜਿੰਨੇ ਅਧਿਕਾਰ ਖੱਤਰੀਆਂ ਨੂੰ ਨਹੀਂ ਸਨ। ਸਭ ਤੋਂ ਮਾੜੀ ਹਾਲਤ ਸੀ ਸ਼ੂਦਰਾਂ ਦੀ, ਇਹੋ ਜਿਹੇ ਸਮੇਂ ਵਿੱਚ ਏਕਤਾ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਭਾਵ ਸ਼ੂਦਰ ਅਤੇ ਵੈਸ਼ ਤਾਂ ਨੌਕਰ ਸਨ ਭਾਵੇਂ ਬ੍ਰਾਹਮਣਾਂ ਦਾ ਰਾਜ ਹੋਵੇ ਜਾਂ ਤੁਰਕਾਂ ਦਾ।

ਇੱਕ ਪਾਸੇ ਇੰਨੇ ਜ਼ੁਲਮ ਹੋ ਰਹੇ ਸਨ ਪਰ ਦੂਜੇ ਪਾਸੇ ਬ੍ਰਾਹਮਣ ਲੋਕ ਜਿਨ੍ਹਾਂ ਕੋਲ ਭਗਤੀ ਦੇ ਅਧਿਕਾਰ ਸਨ, ਅੱਖਾਂ ਬੰਦ ਕਰਕੇ ਪਹਾੜਾਂ ਜਾਂ ਜੰਗਲਾਂ ਵਿੱਚ ਸਮਾਧੀਆਂ ਲਾਈ ਬੈਠੇ ਸਨ; ਜਿਵੇਂ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ ਮਤਲਬ ਕਿ ਜ਼ੁਲਮ ਵਿਰੁੱਧ ਅਵਾਜ਼ ਉੱਠਾਉਣ ਦੀ ਬਜਾਏ ਜ਼ੁਲਮ ਨੂੰ ਖਿੜੇਮੱਥੇ ਸਹਿਣਾ ਹੀ ਲੋਕਾਂ ਦੀ ਆਦਤ ਬਣ ਚੁੱਕੀ ਸੀ ਜਾਂ ਕਹਿ ਲਓ ਕਿ ਗ਼ੈਰਤ ਮਰ ਚੁੱਕੀ ਸੀ।

ਉਸ ਵਕਤ ਜਨਮ ਲਿਆ ਸੀ ਇੱਕ ਕ੍ਰਾਂਤੀਕਾਰੀ ਮਨੁੱਖ ਬਾਬੇ ਨਾਨਕ ਨੇ, ਉਨ੍ਹਾਂ ਨੇ ਦੇਖਿਆ ਕਿ ਇਹ ਲੋਕ ਤਾਂ ਚੁੱਪ ਚਾਪ ਬਾਬਰ ਦੇ ਜ਼ੁਲਮਾਂ ਨੂੰ ਸਹਿ ਰਹੇ ਹਨ, ਉਨ੍ਹਾਂ ਦੀ ਅਵਾਜ਼ ਬੁਲੰਦ ਕੀਤੀ ਗਈ: ‘‘ਪਾਪ ਕੀ ਜੰਞ, ਲੈ ਕਾਬਲਹੁ ਧਾਇਆ; ਜੋਰੀ ਮੰਗੈ, ਦਾਨੁ ਵੇ ਲਾਲੋ ॥’’ (ਮ: ੧/੭੨੨) ਭਾਵ ਬਾਬੇ ਨਾਨਕ ਨੇ ਬਿਨਾ ਕਿਸੇ ਡਰ-ਭੈ ਦੇ ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਕਹਿ ਕੇ ਵੰਗਾਰਿਆ, ਸੁੱਤੇ ਹੋਏ ਲੋਕਾਂ ਨੂੰ ਹਲੂਣਿਆ ਅਤੇ ਜ਼ੁਲਮ ਖਿਲਾਫ਼ ਲੜਨ ਦਾ ਬੀੜਾ ਚੁੱਕਿਆ। ਇਸ ਰਸਤੇ ’ਤੇ ਚੱਲਦੇ ਹੋਏ ਗੁਰੂ ਨਾਨਕ ਘਰ ਦੇ ਨੌਵੇਂ ਵਾਰਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਖੀ ਲੋਕਾਂ ਦੀ ਬਾਂਹ ਫੜੀ ਅਤੇ ‘‘ਸੀਸੁ ਦੀਆ, ਪਰੁ ਸਿਰਰੁ ਨ ਦੀਆ ॥’’ ਭਾਵ ਸਿਧਾਂਤਕ ਗੱਲ (ਸੱਚ) ਬਦਲੇ ਸਿਰ ਦੇ ਦਿੱਤਾ ਪਰ ਹਠ (ਜ਼ਿੱਦ) ਨਹੀਂ ਛੱਡਿਆ, ਦੇ ਮਹਾਂਵਾਕ ਨੂੰ ਦ੍ਰਿੜ੍ਹ ਕਰਦਿਆਂ ਆਪਣਾ ਸਭ ਕੁੱਝ ਲੋਕਾਂ ਲਈ ਵਾਰ ਦਿੱਤਾ ਅਤੇ ਇਸ ਘਟਨਾ ਨੇ ਲੋਕਾਂ ਅੰਦਰ ਇੱਕ ਨਵੀਂ ਰੂਹ ਜਾਗ੍ਰਿਤ ਕੀਤੀ ਜੋ ਕਿ 1699 ਦੀ ਵਿਸਾਖੀ ਨੂੰ ਇੱਕ ਨਵਾਂ ਰੂਪ ਅਖਤਿਆਰ ਕਰਕੇ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 21 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਤੇਗ਼ ਮੱਲ ਸੀ ਪਰ ਆਪ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਤੇਗ਼ ਦੇ ਅਜਿਹੇ ਜੌਹਰ ਵਿਖਾਏ ਜਿਸ ਤੋਂ ਖੁਸ਼ ਹੋ ਕੇਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ਹੀ ‘ਤੇਗ਼ ਬਹਾਦਰ’ ਰੱਖ ਦਿੱਤਾ। ਆਪ ਸੱਚੇ ਦਿਲੋਂ ਰੱਬ ਨੂੰ ਧਿਆਉਂਦੇ ਅਤੇ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖਦੇ ਸਨ। ਇਹੀ ਕਾਰਨ ਸੀ ਕਿ ਮੱਖਣ ਸ਼ਾਹ ਲੁਬਾਣਾ ਜਿਸ ਨੂੰ ਅਸਲੀ ਗੁਰੂ ਦਾ ਅਹਿਸਾਸ ਹੋਇਆ ਸੀ, ਜਦੋਂ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਧੀਰਮੱਲੀਆਂ ਅਤੇ ਕਈ ਭੇਖੀਆਂ ਨੇ ਵੱਖ ਵੱਖ (22) ਮੰਜੀਆਂ ਸਥਾਪਿਤ ਕਰ ਲਈਆਂ ਅਤੇ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਿਆ। ਜਦੋਂ ਅੱਠਵੇਂ ਗੁਰੂ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਲੱਗੇ ਤਾਂ ਸੰਗਤਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਅਗਾਂਹ ਲਈ ਸੰਗਤਾਂ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਗੁਰੂ ਹੋਵੇਗਾ ? ਤਾਂ ਗੁਰੂ ਸਾਹਿਬ ਜੀ ਨੇ ‘ਬਾਬੇ ਬਕਾਲੇ’ ਸ਼ਹਿਰ ਵੱਲ ਸੰਕੇਤ ਕੀਤਾ, ਜਿੱਥੇ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਬਿਰਾਜਮਾਨ ਸਨ ਪਰ ਬਾਬੇ ਬਕਾਲੇ ਦਾ ਨਾਂ ਸੁਣਦਿਆਂ ਹੀ ਕਈ ਪਾਖੰਡੀਆਂ ਨੇ ਆਪਣੇ ਡੇਰੇ ‘ਬਾਬੇ ਬਕਾਲੇ’ ਜਾ ਕੇ ਲਾ ਲਏ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ, ਜਿਸ ਨੂੰ ਅਹਿਸਾਸ ਹੋਇਆ ਕਿ ਅਸਲੀ ‘ਗੁਰੂ’ ਤਾਂ ‘ਗੁਰੂ ਤੇਗ ਬਹਾਦਰ ਸਾਹਿਬ’ ਜੀ ਹਨ ਅਤੇ ਉਸ ਨੇ ‘ਗੁਰੂ ਲਾਧੋ ਰੇ’, ‘ਗੁਰੂ ਲਾਧੋ ਰੇ’ ਦਾ ਹੋਕਾ ਦੇ ਕੇ ਗੁਰੂ ਸਾਹਿਬਾਨਾਂ ਨੂੰ ਉਜਾਗਰ (ਪ੍ਰਗਟ) ਕੀਤਾ। ਜਿਸ ਵਕਤ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਸਨ ਤਾਂ ਆਪ ਜੀ ਦੀ ਉਮਰ ਲਗਭਗ 44 ਸਾਲ ਦੀ ਸੀ।ਗੁਰਿਆਈ ਪ੍ਰਾਪਤ ਕਰਨ ਉਪਰੰਤ ਆਪ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਪਰ ਹਰ ਜੀ ਮੀਣੇ ਨੇ ਦਰਬਾਰ ਸਾਹਿਬ ਦੇ ਕਵਾੜ ਬੰਦ ਕਰ ਦਿੱਤੇ ਤਾਂ ਗੁਰੂ ਸਾਹਿਬਾਨ ਨੇ ਇੱਕ ਦਰਖ਼ਤ ਹੇਠਾਂ ਦੀਵਾਨ ਸਜਾਇਆ ਅਤੇ ਕੀਰਤਨ ਆਰੰਭ ਕਰ ਦਿੱਤਾ ਜਿਸ ਥਾਂ ਅੱਜ ਕੱਲ੍ਹ (ਅਕਾਲ ਤਖ਼ਤ ਸਾਹਿਬ ਦੇਬਿਲਕੁਲ ਨੇੜੇ ਹੀ) ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ।

ਧੀਰ ਮੱਲ ਕੋਲੋਂ ਗੁਰੂ ਜੀ ਦੀ ਸ਼ੋਭਾ ਜਰੀ ਨਾ ਗਈ ਅਤੇ ਉਸ ਨੇ ਗੁਰੂ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਜੀ ਇੱਕ ਸ਼ਾਂਤ ਚਿੱਤ ਇਨਸਾਨ ਸਨ। ਉਹ ਨਹੀਂ ਸਨ ਚਾਹੁੰਦੇ ਕਿ ਧੀਰ ਮੱਲੀਆਂ ਨਾਲ ਨਿੱਤ ਦੇ ਲੜਾਈ ਝਗੜੇ ਹੁੰਦੇ ਰਹਿਣ। ਇਸ ਕਰਕੇ ਗੁਰੂ ਸਾਹਿਬਾਨ ਕੀਰਤਪੁਰ ਸਾਹਿਬ ਆ ਗਏ (ਉਹ ਸ਼ਹਿਰ ਜਿਸ ਨੂੰ ਬਾਬਾ ਗੁਰਦਿੱਤਾ ਜੀ, ਜੋ ਕਿ ਗੁਰੂ ਸਾਹਿਬ ਦੇ ਵੱਡੇ ਭਰਾਤਾ ਜੀ ਸਨ, ਜਿਨ੍ਹਾਂ ਦਾ ਜਨਮ ਮਾਤਾ ਦਾਮੋਦਰੀ ਜੀ ਦੀ ਕੁੱਖੋਂ ਹੋਇਆ ਸੀ, ਨੇ 1630 ਈ. ਵਿੱਚ ਵਸਾਇਆ ਸੀ)। ਇੱਥੇ ਆ ਕੇ ਆਪ ਜੀ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਤੋਂ ਜ਼ਮੀਨ ਲੈ ਕੇ ਆਪਣੇ ਮਾਤਾ ਜੀ ਦੇ ਨਾਂ ’ਤੇ ‘ਚੱਕ ਨਾਨਕੀ’ ਨਾਂ ਦਾ ਨਗਰ ਵਸਾਇਆ, ਜਿਸ ਨੂੰ ਬਾਅਦ ਵਿੱਚ ਅਨੰਦਪੁਰ ਸਾਹਿਬ ਆਖਿਆ ਜਾਣ ਲੱਗਾ।

ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਸਾਹਿਬ ਸੈਫਾਬਾਦ, ਕੈਥਲ, ਪਿਹੋਵਾ, ਕਰਨਖੇੜਾ, ਕੁਰੂਕਸ਼ੇਤਰ, ਮਥਰਾ, ਬਿੰਦਰਾਵਣ ਹੁੰਦੇ ਹੋਏ ਆਗਰੇ ਮਾਈ ਜੱਸੀ ਕੋਲ ਜਾ ਪਹੁੰਚੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ‘ਮਾਈ ਥਾਣ’ ਸੁਝੋਭਿਤ ਹੈ। ਆਗਰੇ ਤੋਂ ਬਾਅਦ ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੁਰੂ ਸਾਹਿਬ ਚਾਰ ਮਹੀਨੇ ਪਟਨੇ ਠਹਿਰੇ। ਆਪਣੇ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਜੀ ਅਗਲੇਰੀ ਯਾਤਰਾ ’ਤੇ ਤੁਰ ਗਏ। ਜਦੋਂ ਗੋਬਿੰਦ ਰਾਏ ਦਾ ਜਨਮ ਹੋਇਆ ਤਾਂ ਆਪ ਆਸਾਮ ਵੱਲ ਗਏ ਹੋਏ ਸਨ। ਜਨਮ ਤੋਂ ਕਰੀਬ 8 ਮਹੀਨਿਆਂ ਬਾਅਦ ਆਪ ਨੇ ਪਿਆਰੇ ਪੁੱਤਰ ਦੇ ਦਰਸ਼ਨ ਕੀਤੇ। ਜਦੋਂ ਗੁਰੂ ਸਾਹਿਬ ਆਸਾਮ ਵਿੱਚ ਸਨ ਤਾਂ ਲੋਕ ਇੱਧਰ ਰਾਜਾ ਔਰੰਗਜ਼ੇਬ ਦੀਆਂ ਨੀਤੀਆਂ ਤੋਂ ਬਹੁਤ ਤੰਗ ਸਨ। ਸੋ ਅਜਿਹੇ ਸਮੇਂ ’ਚ ਗੁਰੂ ਜੀ ਆਪਣੇ ਦੁਖੀ ਭਾਈਚਾਰੇ ਵਿੱਚ ਰਹਿਣਾ ਚਾਹੁੰਦੇ ਸਨ। ਆਪ ਆਸਾਮ ਤੋਂ ਵਾਪਸ ਪਟਨੇ ਪਹੁੰਚੇ। ਪੁੱਤਰ ਦੇ ਦਰਸ਼ਨ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਆ ਗਏ। ਕੁੱਝ ਚਿਰ ਪਿੱਛੋਂ ਸਾਰਾ ਪਰਿਵਾਰ ਵੀ ਅਨੰਦਪੁਰ ਸਾਹਿਬ ਬੁਲਾ ਲਿਆ।

ਅਨੰਦਪੁਰ ਸਾਹਿਬ ਵਿਖੇ ਹੀ ਆਪ ਨੇ ਬਾਲਕ ਗੋਬਿੰਦ ਰਾਏ ਨੂੰ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਅਨੰਦਪੁਰ ਸਾਹਿਬ ਵਿਖੇ ਹੀ ਮਟਨ (ਸ਼੍ਰੀ ਨਗਰ) ਦੇ ਬ੍ਰਾਹਮਣ; ਪੰਡਤ ਕ੍ਰਿਪਾ ਰਾਮ ਜੀ ਦੀ ਅਗਵਾਈ ਵਿੱਚ ਪਹੁੰਚੇ। ਉਨ੍ਹਾਂ ਨੇ ਗੁਰੂ ਸਾਹਿਬਾਨ ਜੀ ਨੂੰ ਸਾਰੀ ਹੱਡ ਬੀਤੀ ਸੁਣਾਈ, ਜੋ ਜ਼ੁਲਮ ਔਰੰਗਜ਼ੇਬ ਉਨ੍ਹਾਂ ਉੱਪਰ ਕਰ ਰਿਹਾ ਸੀ। ਇਹ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ। ਉਸ ਵਕਤ ਬਾਲ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ ਕੇਵਲ 9 ਸਾਲ ਸੀ, ਕੋਲ ਖੜ੍ਹੇ ਸਨ। ਕਹਿਣ ਲੱਗੇ, ‘ਪਿਤਾ ਜੀ ਚੁੱਪ ਕਿਉਂ ਹੋ ਗਏ ?’ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਇਨ੍ਹਾਂ ਦੀ ਰੱਖਿਆ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਜੀ ਨੇ ਕਿਹਾ ਕਿ ਪਿਤਾ ਜੀ ਆਪ ਜੀ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਆਪਣੇ ਸਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਾਓ ਅਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸਾਡਾ ਗੁਰੂ (ਗੁਰੂ ਤੇਗ਼ ਬਹਾਦਰ ਸਾਹਿਬ ਜੀ) ਧਰਮ ਬਦਲ ਲਵੇ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ। (ਧਿਆਨ ਰਹੇ ਕਿ ਰਾਜਾ ਔਰੰਗਜ਼ੇਬ ਕਸ਼ਮੀਰੀ ਪੰਡਿਤਾਂ ’ਤੇ ਜ਼ੁਲਮ ਇਸ ਲਈ ਵਧੇਰੇ ਕਰ ਰਿਹਾ ਸੀ ਕਿਉਂਕਿ ਉਸ ਅਨੁਸਾਰ ਅਗਰ ਪੰਡਿਤ ਹੀ ਮੁਸਲਮਾਨ ਬਣ ਜਾਣ ਤਾਂ ਬਾਕੀ ਹਿੰਦੂ ਸਮਾਜ ਨੂੰ ਮੁਸਲਿਮ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ।) ਜਦੋਂ ਇਸ ਗੱਲ ਦਾ ਪਤਾ ਔਰੰਗਜ਼ੇਬ ਨੂੰ ਲੱਗਿਆ ਤਾਂ ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗੁਰੂ ਸਾਹਿਬਾਨ ਬੇਸ਼ੱਕ ਸ਼ਾਂਤ ਚਿੱਤ (ਨਿਮਰਤਾ ਨਾਲ ਭਰਪੂਰ) ਇਨਸਾਨ ਸਨ ਪਰ ਦੂਜਿਆਂ ’ਤੇ ਹੁੰਦੇ ਨਜਾਇਜ਼ ਧੱਕੇ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਭਾਵੇਂ ਕਿ ਉਹਨਾਂ ਨੇ ਆਪ ਤਾਂ ਜਨੇਊ ਨਹੀਂ ਪਾਇਆ ਸੀ ਪਰ ਉਹ ਕਿਸੇ ਦਾ ਜਬਰੀ ਜਨੇਊ ਉਤਰਦਾ ਵੀ ਦੇਖਣਾ ਪਸੰਦ ਨਹੀਂ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਆਧਾਰ ਸੀ: ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ॥ ਕਹੁ ਨਾਨਕ ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (ਮ: ੯/੧੪੨੭)

ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਭੇਜਿਆ ਗਿਆ, ਲਾਹੌਰ ਦੇ ਗਵਰਨਰ ਨੇ ਉਹੀ ਹੁਕਮ ਸਰਹੰਦ ਦੇ ਫੌਜਦਾਰ ‘ਦਿਲਾਵਰ ਖਾਂ’ ਨੂੰ ਦਿੱਤਾ ਅਤੇ ਦਿਲਾਵਰ ਖਾਂ ਨੇ ਰੋਪੜ ਦੇ ਕੋਤਵਾਲ ‘ਮਿਰਜ਼ਾ ਨੂਰ ਮੁਹੰਮਦ ਖਾਨ’ ਕੋਲ ਪਹੁੰਚਾਇਆ ਗਿਆ। ਗੁਰੂ ਸਾਹਿਬ ਜੀ ਡਰੀ-ਸਹਿਮੀ ਹੋਈ ਲੁਕਾਈ ਨੂੰ ਹੌਸਲਾ ਦੇਂਦੇ ਦੇਂਦੇ ਹਰਿਆਣਾ ਰਾਜਸਥਾਨ ਆਦਿ ਦੇ ਰਸਤੇ ਹੁੰਦੇ ਹੋਏ ਆਗਰੇ (ਯੂਪੀ) ਪਹੁੰਚੇ।

ਦਸਮੇਸ਼ ਪ੍ਰਕਾਸ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸੰਬੰਧੀ ਲਿਖਿਆ ਹੈ ਕਿ ਉਨ੍ਹਾਂ ਆਪ ਦਿੱਲੀ ਵਿੱਚ ਜਾ ਕੇ ਗ੍ਰਿਫਤਾਰੀ ਦਿੱਤੀ ਸੀ। ਸ੍ਰੀ ਸੋਢੀਚਮਤਕਾਰ ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਆਗਰੇ ਵਿੱਚ ਦੱਸੀ ਗਈ ਹੈ। ਸਿੱਖ ਇਤਿਹਾਸ (1469-1655) ਵਿੱਚ ਡਾ. ਗੰਡਾ ਸਿੰਘ ਅਤੇ ਪਿ੍ਰੰ. ਤੇਜਾ ਸਿੰਘ ਨੇ ਗੁਰੂ ਸਾਹਿਬਾਨ ਜੀ ਦੀ ਗ੍ਰਿਫਤਾਰੀ ਰੋਪੜ ਲਾਗੇ ਮਲਕਪੁਰ ਰੰਘੜਾਂ ’ਚ ਦੱਸੀ ਹੈ।

ਗੁਰੂ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕਰਕੇ ਚਾਂਦਨੀ ਚੌਕ (ਦਿੱਲੀ) ਦੇ ਕੋਤਵਾਲ (ਥਾਨੇ) ’ਚ ਰੱਖਿਆ ਗਿਆ। ਗੁਰੂ ਸਾਹਿਬਾਨ ਜੀ ਨਾਲ 3 ਸਿੰਘ (ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਨ) ਗੁਰੂ ਸਾਹਿਬਾਨ ਜੀ ਦੇ ਸਨਮੁਖ ਤਿੰਨ ਸ਼ਰਤਾਂ (ਮੁਸਲਮਾਨ ਬਣ ਜਾਵੋ, ਕਰਾਮਾਤ ਵਿਖਾਓ ਜਾਂ ਮੌਤ ਕਬੂਲ ਕਰ ਲਵੋ) ਰੱਖੀਆਂ ਗਈਆਂ। ਗੁਰੂ ਜੀ ਨੇ ਬਦਨੀਤੀ ਨਾਲ ਰੱਖੀਆਂ ਗਈਆਂ ਇਨ੍ਹਾਂ 3 ਮੰਗਾਂ ਦਾ ਜਵਾਬ ਦੇਂਦਿਆਂ ਕਿਹਾ ਕਿ ਅਗਰ ਮੁਸਲਮਾਨ ਬਣਨ ਤੋਂ ਉਪਰੰਤ ਵੀ ਮੌਤ ਦਾ ਆਉਣਾ ਨਿਸ਼ਚਿਤ ਹੈ ਤਾਂ ਮੈਂ ਆਪਣੀ ਵਿਚਾਰਧਾਰ (ਧਰਮ) ਕਿਉਂ ਛੱਡਾਂ? ਸ਼ਕਤੀ (ਕਰਾਮਾਤ) ਵਿਖਾਉਣਾ ਰੱਬੀ ਨਿਯਮ ਦੀ ਉਲੰਘਣਾ ਹੈ ਤੇ ਮੌਤ ਵਾਲਾ ਫ਼ੁਰਮਾਨ ਮੈਨੂੰ ਮਨਜੂਰ ਹੈ।

ਗੁਰੂ ਸਾਹਿਬਾਨ ਜੀ ਦਾ ਹੌਸਲਾ ਡੇਗਣ ਲਈ ਪਹਿਲਾਂ ਉਨ੍ਹਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ; ਜਿਵੇਂ: ਭਾਈ ਮਤੀ ਦਾਸ ਜੀ ਨੂੰ ਦੋ ਥੰਮਾਂ ਨਾਲ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ਼ ’ਚ ਉਬਾਲਿਆ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਹੀ ਰੂੰ ’ਚ ਲਪੇਟ ਕੇ ਅੱਗਲਗਾ ਦਿੱਤੀ ਗਈ। ਇਨ੍ਹਾਂ ਤਿੰਨੇ ਸਿੰਘਾਂ ਦੀ ਸ਼ਹੀਦੀ ਤੋਂ ਪਹਿਲਾਂ ਆਪਣੀ ਕੋਈ ਇੱਕ ਇੱਕ ਅੰਤਮ ਮੰਗ ਬਾਰੇ ਪੁੱਛਿਆ ਗਿਆ, ਜਿਸ ਦੇ ਜਵਾਬ ’ਚ ਇਨ੍ਹਾਂ ਆਪਣੇ ਗੁਰੂ ਵੱਲ ਮੂੰਹ ਰੱਖਣ ਲਈ ਕਿਹਾ।

ਇੰਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬਾਨ ਅਡੋਲ ਚਿਤ ਰਹੇ ਅਤੇ ਅਕਾਲਪੁਰਖ ਦਾ ਸਿਮਰਨ (ਸ਼ੁਕਰਾਨਾ) ਕਰਦੇ ਰਹੇ। ਜਦ ਰਾਜੇ ਔਰੰਗਜ਼ੇਬ ਦੀ ਆਪਣੀ ਲੁਕਾਈ ’ਚ ਹਾਰ ਹੁੰਦੀ ਵੇਖੀ ਤਾਂ ਅੰਤ ਘੜੀ ਨੂੰ ਕਾਜ਼ੀ ਸ਼ੇਖਲ ਇਸਲਾਮ ਦੇ ਫਤਵੇ ਅਤੇ ਸ਼ਾਹੀ ਮਨਜ਼ੂਰੀ ਨਾਲ ਗੁਰੂ ਜੀ ਨੂੰ 11 ਨਵੰਬਰ 1675 ਈ: ਨੂੰ (ਸੀਸ ਧੜ ਨਾਲੋਂ ਵੱਖ ਕਰਕੇ) ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦੀ ਸਾਕੇ ਦਾ ਵਰਨਣ ਬਚਿੱਤ੍ਰ ਨਾਟਕ ਵਿੱਚ ਇਸ ਤਰ੍ਹਾਂ ਕੀਤਾ ਹੈ : ‘‘ਠੀਕਰ ਫੋਰਿ ਦਿਲੀਸਸਿਰਿ, ਪ੍ਰਭ ਪੁਰਿ ਕੀਯਾ ਪਯਾਨ ॥ ਤੇਗ ਬਹਾਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨਿ ॥ ੧੫॥’’

ਸ਼ਹਾਦਤ ਤੋਂ ਬਾਅਦ ਗੁਰੂ ਜੀ ਦਾ ਸੀਸ ਇੱਕ ਮਜ੍ਹਬੀ ਸਿੰਘ ਜਿਸ ਦਾ ਨਾਂ ਭਾਈ ਜੈਤਾ ਜੀ ਸੀ, ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਲੈ ਆਇਆ। ਗੁਰੂ ਜੀ ਨੇ ਉਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦੀ ਪਦਵੀ ਨਾਲ ਨਿਵਾਜਿਆ। ਉਧਰ ਗੁਰੂ ਸਾਹਿਬਾਨ ਜੀ ਦੇ ਧੜ ਨੂੰ ਭਾਈ ਮਨੀ ਸਿੰਘ ਜੀ ਦੇ ਸਸੁਰ ਤੇ ਗੁਰੂ ਘਰ ਦੇ ਪ੍ਰੇਮੀ ਸਿੱਖ ਭਾਈ ਲੱਖੀ ਸ਼ਾਹ ਵਣਜਾਰਾ ਜੀ ਆਪਣੇ ਸਾਥੀਆਂ ਸਮੇਤ ਚੁੱਕ ਨੇ ਆਪਣੇ ਘਰ ਰਕਾਬਗੰਜ ਲੈ ਗਏ ਜਿੱਥੇ ਉਨ੍ਹਾਂ ਦਾ ਸੰਸਕਾਰ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਕੀਤਾ ਗਿਆ, ਜਿਸ ਥਾਂ ’ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ।

ਗੁਰੂ ਸਾਹਿਬਾਨ ਜੀ ਦੇ ਇਸ (‘‘ਸੀਸ ਦੀਆ, ਪਰ ਸਿਰਰੁ ਨਾ ਦੀਆ।’’) ਸ਼ਹੀਦੀ ਸਾਕੇ ਨੂੰ ਇੱਕ ਸ਼ਾਇਰ ਨੇ ਆਪਣੇ ਸ਼ਬਦਾਂ ਰਾਹੀਂ ਇਉਂ ਬਿਆਨ ਕੀਤਾ: ‘ਗੁਰੂਤੇਗ ਬਹਾਦਰ ! ਦੱਸਾਂ ਕੀ ਉਪਕਾਰ ਤੇਰੇ, ਸਾਥੋਂ ਪੂਰਾ ਵਿਸਥਾਰ ਨਾ ਹੋ ਸਕਿਆ। ਪੁੱਤ ਕਿਸੇ ਪਾਸੇ, ਪੋਤੇ ਕਿਸੇ ਪਾਸੇ, ਤੇਰਾ ’ਕੱਠਾ ਪ੍ਰਵਾਰ ਨਾ ਹੋ ਸਕਿਆ। ਰਾਗੀ, ਢਾਡੀ ਅਤੇ ਪ੍ਰਚਾਰਕਾਂ ਤੋਂ, ਤੇਰਾ ਪੂਰਾ ਪ੍ਰਚਾਰ ਨਾ ਹੋ ਸਕਿਆ। ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ, ਤੇਰਾ ’ਕੱਠਾ ਸੰਸਕਾਰ ਨਾ ਹੋ ਸਕਿਆ।’

ਖ਼ਾਲਸਾ ਰਾਜ ਦਾ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ

0

ਖ਼ਾਲਸਾ ਰਾਜ ਦਾ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ

ਪ੍ਰੋ. ਰੀਨਾ ਕੌਰ ਢਿੱਲੋਂ-ਮੋਬਾਈਲ: 97800-22733

ਖ਼ਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਦਾ ਜਨਮ 27 ਅਕਤੂਬਰ 1670 ਨੂੰ ਜੰਮੂ ਤੋਂ 130 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕਸਬੇ ਰਾਜੌਰੀ ਵਿਖੇ ਹੋਇਆ ਸੀ। ਆਪ ਜੀ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਬਚਪਨ ਵਿੱਚ ਘੋੜਸਵਾਰੀ ਕਰਨਾ, ਸ਼ਿਕਾਰ ਖੇਡਣਾ ਅਤੇ ਹਥਿਆਰ ਚਲਾਉਣਾ ਲਛਮਣ ਦੇਵ ਦਾ ਸ਼ੌਕ ਸੀ। 15 ਸਾਲ ਦੀ ਉਮਰ ਵਿੱਚ ਇੱਕ ਗਰਭਵਤੀ ਹਿਰਨੀ ਨੂੰ ਤੀਰ ਵੱਜਣ ਕਾਰਨ ਉਸ ਦੀ ਅਤੇ ਉਸ ਦੇ ਪੇਟ ਵਿਚਲੇ ਬੱਚਿਆਂ ਦੀ ਮੌਤ ਨੂੰ ਅੱਖੀਂ ਮਰਦਿਆਂ ਵੇਖ ਕੇ ਆਪ ਜੀ ਦਾ ਦੁਨਿਆਂਦਾਰੀ ਤੋਂ ਮੋਹ ਭੰਗ ਹੋ ਗਿਆ ਤੇ ਆਪ ਵੈਰਾਗੀ ਧਾਰਨ ਕਰਕੇ ਨਾਂ ਮਾਧੋ ਦਾਸ ਰੱਖ ਲਿਆ। ਸਰਹਿੰਦ ਦੀ ਇੱਟ ਨਾਲ ਇੱਟ ਵਜਾਉਣ, ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰਨ, ਜ਼ਿੰਮੀਦਾਰੀ ਪ੍ਰਥਾ ਦੇ ਖ਼ਾਤਮੇ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਕਰਨ ਕਰਕੇ ਬੰਦਾ ਸਿੰਘ ਬਹਾਦਰ ਦਾ ਨਾਂ ਇਤਿਹਾਸ ਦੇ ਪੰਨ੍ਹਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।

ਬੰਦਾ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਚਾਰ ਸਾਲਾਂ ਮਗਰੋਂ ਗੋਦਾਵਰੀ ਨਦੀ ਦੇ ਕੰਢੇ ਹੋਇਆ। ਗੁਰੂ ਜੀ ਨੇ ਜ਼ੁਲਮ ਦੇ ਖ਼ਾਤਮੇ ਲਈ ਅਤੇ ਸਿੱਖਾਂ ਦੀ ਤਾਕਤ ਨੂੰ ਇਕੱਠਾ ਕਰਨ ਲਈ ਬੰਦਾ ਬਹਾਦਰ ਨੂੰ ਪੰਜਾਬ ਭੇਜਿਆ। ਗੁਰੂ ਜੀ ਨੇ ਸਿੱਖਾਂ ਦੇ ਨਾਂ ਇੱਕ ਹੁਕਮਨਾਮਾ ਵੀ ਦਿੱਤਾ ਜਿਸ ਵਿੱਚ ਸਿੱਖਾਂ ਨੂੰ ਬੰਦਾ ਬਹਾਦਰ ਦੁਆਰਾ ਜ਼ੁਲਮ ਦੇ ਵਿਰੁੱਧ ਲੜੀ ਜਾ ਰਹੀ ਲੜਾਈ ’ਚ ਹਿੱਸਾ ਲੈਣ ਦਾ ਸੰਦੇਸ਼ ਸੀ। ਅਕਤੂਬਰ 1708 ਵਿੱਚ ਬੰਦਾ ਬਹਾਦਰ ਪੰਜਾਬ ਲਈ ਰਵਾਨਾ ਹੋਏ। ਦਿੱਲੀ ਪੁੱਜਣ ’ਤੇ ਹਜ਼ਾਰਾਂ ਸਿੱਖ ਉਨ੍ਹਾਂ ਦੇ ਇਸ਼ਾਰੇ ’ਤੇ ਇਕੱਠੇ ਹੋ ਗਏ। ਸੋਨੀਪਤ, ਸਮਾਣਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ ਅਤੇ ਬਨੂੜ ’ਤੇ ਜਿੱਤ ਪ੍ਰਾਪਤ ਕਰਨ ਉਪਰੰਤ ਬਾਬਾ ਬੰਦਾ ਸਿੰਘ ਆਪਣੀ ਫ਼ੌਜ ਨਾਲ ਵਜ਼ੀਰ ਖ਼ਾਨ ਨਾਲ ਲੋਹਾ ਲੈਣ ਲਈ ਸਰਹਿੰਦ ਲਈ ਰਵਾਨਾ ਹੋਏ। ਦੋਵੇਂ ਫ਼ੌਜਾਂ ਦਰਮਿਆਨ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਯੁੱਧ ਹੋਇਆ। ਦੋ ਦਿਨਾਂ ਦੀ ਇਸ ਲੜਾਈ ਦਾ ਅੰਤ ਸਿੰਘਾਂ ਦੀ ‘ਜਿੱਤ’ ਦੇ ਜੈਕਾਰਿਆਂ ਦੀ ਗੂੰਜ ਨਾਲ ਹੋਇਆ। ਬੰਦਾ ਸਿੰਘ ਨੇ 14 ਮਈ 1710 ਨੂੰ ਸਰਹਿੰਦ ਦੀ ਇੱਟ ਨਾਲ ਇੱਟ ਵਜਾਉਂਦਿਆਂ ਉਸ ’ਤੇ ਕਬਜ਼ਾ ਕਰ ਲਿਆ। ਇਸ ਜਿੱਤ ਤੋਂ ਪਿੱਛੋਂ ਪਟਿਆਲਾ ਪੰਜਾਬ ਵਿੱਚ ਸੁਤੰਤਰ ਸਿੱਖ ਰਾਜ ਦਾ ਪਹਿਲਾ ਕੇਂਦਰ ਬਣ ਗਿਆ। ਸਤਲੁਜ ਤੋਂ ਯਮੁਨਾ, ਸ਼ਿਵਾਲਿਕ ਪਹਾੜੀਆਂ ਤੋਂ ਕੁੰਜਪੁਰਾ, ਕਰਨਾਲ ਤੋਂ ਕੈਂਥਲ ਤਕ ਦਾ ਸਰਹਿੰਦ ਦਾ ਸਾਰਾ ਇਲਾਕਾ ਬੰਦਾ ਸਿੰਘ ਦੇ ਕਬਜ਼ੇ ਹੇਠ ਆ ਗਿਆ। 27 ਮਈ 1710 ਨੂੰ ਸਰਹਿੰਦ ਵਿਖੇ ਭਾਰੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਬੰਦਾ ਸਿੰਘ ਨੇ ਮੁਗ਼ਲ ਸ਼ਾਸਨ ਦੇ ਜ਼ੁਲਮ ਦੇ ਖ਼ਾਤਮੇ ਅਤੇ ਸਿੱਖਾਂ ਦੇ ਸ਼ਾਸਨ ਦੀ ਸਥਾਪਨਾ ਦਾ ਐਲਾਨ ਕੀਤਾ ਤੇ ਲੋਹਗੜ੍ਹ ਵਿਖੇ ਆਪਣੀ ਰਾਜਧਾਨੀ ਸਥਾਪਿਤ ਕੀਤੀ।

ਬਾਬਾ ਬੰਦਾ ਸਿੰਘ ਦੀ ਇਸ ਚੜਤ ਨੂੰ ਵੇਖਦਿਆਂ ਦਿੱਲੀ ਦੇ ਮੁਗ਼ਲ ਸ਼ਾਸਕ ਬਹਾਦਰ ਸ਼ਾਹ ਦੇ ਦਿਲ ਵਿੱਚ ਡਰ ਬੈਠ ਗਿਆ। ਦਸੰਬਰ 1710 ਵਿੱਚ ਮੁਗ਼ਲ ਸ਼ਾਸਕਾਂ ਨੇ ਲੋਹਗੜ੍ਹ ਕਿਲ੍ਹੇ ਨੂੰ ਘੇਰਾ ਪਾ ਲਿਆ ਪਰ ਬਾਬਾ ਬੰਦਾ ਸਿੰਘ ਰਾਤ ਦੇ ਹਨੇਰੇ ਵਿੱਚ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਬਹਾਦਰ ਸ਼ਾਹ ਦੀਆਂ ਬੰਦਾ ਸਿੰਘ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। 1712 ਵਿੱਚ ਬਹਾਦਰ ਸ਼ਾਹ ਦੀ ਬਿਮਾਰੀ ਕਾਰਨ ਮੌਤ ਹੋ ਗਈ। ਸਾਲ ਭਰ ਬਹਾਦਰ ਸ਼ਾਹ ਦੇ ਵਾਰਸਾਂ ਵਿੱਚ ਦਿੱਲੀ ਦੇ ਤਖ਼ਤ ’ਤੇ ਕਬਜ਼ਾ ਕਰਨ ਲਈ ਜੰਗ ਚਲਦੀ ਰਹੀ। ਇਸੇ ਦੌਰਾਨ ਬਾਬਾ ਬੰਦਾ ਸਿੰਘ ਨੇ ਕਈ ਹੋਰ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਫਰਵਰੀ 1713 ਵਿੱਚ ਫਾਰੂਖ਼ ਸਾਯਰ ਹਿੰਦੁਸਤਾਨ ਦਾ ਰਾਜਾ ਬਣਿਆ ਅਤੇ ਉਸ ਨੇ ਉੱਤਰੀ ਭਾਰਤ ਦੇ ਸਾਰੇ ਗਵਰਨਰਾਂ ਨੂੰ ਬਾਬਾ ਬੰਦਾ ਸਿੰਘ ਨੂੰ ਮਾਰਨ ਜਾਂ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ। ਗੁਰਦਾਸਪੁਰ ਦੀ ਗੜ੍ਹੀ ਵਿੱਚ ਬਾਬਾ ਬੰਦਾ ਬਹਾਦਰ ਨੂੰ ਮੁਗ਼ਲਾਂ ਨੇ ਘੇਰਾ ਪਾ ਲਿਆ। ਬੰਦਾ ਸਿੰਘ ਕੋਲ ਸੀਮਤ ਮਾਤਰਾ ਵਿੱਚਹਥਿਆਰ ਅਤੇ ਭੋਜਨ ਸੀ। ਮੁਗ਼ਲਾਂ ਨੇ ਭੋਜਨ ਦੀ ਪਹੁੰਚ ’ਤੇ ਰੋਕ ਲਗਾ ਦਿੱਤੀ। ਗੜ੍ਹੀ ਦੀ ਅੰਦਰਲੀ ਸਥਿਤੀ ਦਿਨ-ਬ-ਦਿਨ ਖ਼ਰਾਬ ਹੋ ਰਹੀ ਸੀ। ਅੱਠ ਮਹੀਨਿਆਂ ਦੇ ਘਿਰਾਉ ਤੋਂ ਬਾਅਦ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਬੋਲ ਦਿੱਤਾ ਅਤੇ ਬੰਦਾ ਸਿੰਘ ਅਤੇ ਉਸ ਦੀ ਫ਼ੌਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਖ਼ਿਰ 9 ਜੂਨ 1716 ਨੂੰ ਦਿੱਲੀ ਵਿਖੇ ਅਣਮਨੁੱਖੀ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਸਮਰਪਿਤ ਯਾਦਗਾਰ ਚੱਪੜਚਿੜੀ ਵਿਖੇ ਸਥਿੱਤ ਹੈ।

ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾ

0

ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾ

ਗਿਆਨੀ ਅਵਤਾਰ ਸਿੰਘ

ਜਨਮ :-ਚੂੰਨਾ ਮੰਡੀ (ਲਹੌਰ)-24 ਸਤੰਬਰ 1534, ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਜੀ।

ਗੁਰਗੱਦੀ ਅਤੇ ਜੋਤੀ ਜੋਤਿ :- 1 ਸਤੰਬਰ 1574 ਅਤੇ 1 ਸਤੰਬਰ 1581  / ਉਮਰ 47 ਸਾਲ ਅਤੇ ਗੁਰਗੱਦੀ ਕੁਲ 7 ਸਾਲ।

ਪਰਵਾਰ :-ਵਿਆਹ ਫਰਵਰੀ 1553, ਮਹਿਲ- ਮਾਤਾ ਭਾਨੀ ਜੀ (ਛੋਟੀ ਸਪੁੱਤਰੀ ਸ੍ਰੀ ਗੁਰੁ ਅਮਰਦਾਸ ਜੀ)

ਤਿੰਨ ਸਾਹਿਬਜ਼ਾਦੇ- ਪ੍ਰਿਥੀ ਚੰਦ-1558, ਮਹਾਂਦੇਵ-1560 ਅਤੇ ਅਰਜਨ ਦੇਵ ਜੀ-1563

ਕਾਰਜ-ਪਿੰਡ ਤੁੰਗ ਦੇ ਜ਼ਿਮੀਦਾਰਾਂ ਤੋਂ 700 ਅਕਬਰੀ ਰੁਪਏ ਦੇ ਕੇ 500 ਵਿਘੇ ਜ਼ਮੀਨ ਖ਼ਰੀਦੀ ਸੀ। ਗੁਰੂ ਕਾ ਚੱਕ (ਅੰਮ੍ਰਿਤਸਰ ਸਾਹਿਬ) ਦੀ ਨੀਂਹ ਰੱਖੀ-1574 ਤੇ ਸਰੋਵਰ ਦੀ ਆਰੰਭਤਾ-1577

ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਜੇਠਾ’ ਸੀ ਅਤੇ ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ’ਤੇ ਮਾਤਾ ਦਾ ਸਾਇਆ ਨਾ ਰਿਹਾ ਤੇ ਛੇਤੀ ਹੀ ਪਿਤਾ ਜੀ ਵੀ ਚੜਾਈ ਕਰ ਗਏ। ਸੰਬੰਧੀਆਂ ਨੇ ਮੂੰਹ ਫੇਰ ਲਿਆ ਅਤੇ ਲਹੌਰ ਵਿੱਚੋਂ ਕਿਸੇ ਨੇ ਵੀ ਆਪ ਜੀ ਦੀ ਮਦਦ ਨਾ ਕੀਤੀ ਪਰ ਆਪ ਜੀ ਦੀ ਨਾਨੀ ਆਪ ਜੀ ਨੂੰ ਬਾਸਰਕੇ ਲੈ ਆਈ। ਨਾਨੀ ਆਰਥਿਕ ਪੱਖੋਂ ਗ਼ਰੀਬ ਸੀ ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣ- ਪੋਸਣ ਦਾ ਭਾਰ ਵੀ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ ਅਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ।

1541 ਵਿੱਚ ਜੇਠਾ ਜੀ ਬਾਸਰਕੇ ਆਏ ਸਨ ਅਤੇ ਕੋਈ 1546 ਵਿੱਚ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਆਪ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ ਅਤੇ ਕੋਈ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਰੂਪ ਵਿਚ ਬਿਰਾਜਮਾਨ ਹੋਏ। ਇਤਿਹਾਸ ਐਸਾ ਦਸਦਾ ਹੈ ਕਿ ਇਕ ਦਿਨ ਗੁਰੂ ਅਮਰਦਾਸ ਜੀ ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਐਡਾ ਅਤੇ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਅਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ। ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ-ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ-ਸੇਵਾ ਹੋ ਰਹੀ ਸੀ ਜਿਸ ਵਿਚ ਇਹਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।

ਸੁਭਾਅ ਅਤੇ ਪ੍ਰੀਖਿਆ

ਆਪ ਜੀ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਜਿਸ ਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਪ੍ਰੀਖਿਆ ਵੇਲੇ ਮਿਲਦਾ ਹੈ। ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ। ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਬਾਰ-ਬਾਰ ਥੜ੍ਹਾ ਢਾਉਣ ’ਤੇ ਗੁੱਸਾ ਮਨਾਇਆ ਪਰ ਜੇਠਾ ਜੀ ਨੇ ਦੋ ਵਾਰ ਥੜ੍ਹਾ ਢਾਏ ਜਾਣ ’ਤੇ ਵੀ ਬੜੀ ਨਿਮ੍ਰਤਾ ਨਾਲ ਆਖਿਆ ‘‘ਮੈਂ ਤਾਂ ਅਣਜਾਨ ਤੇ ਭੁਲਣਹਾਰ ਹਾਂ ਪਰ ਤੁਸੀਂ ਤਾਂ ਕ੍ਰਿਪਾਲੂ ਹੋ। ਬਾਰ ਬਾਰ ਭੁੱਲਾਂ ਬਖ਼ਸ਼ਦੇ ਹੋ।’’ ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ, ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ। ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇਤਨਾ ਲੰਬਾ ਦਾੜ੍ਹਾ ਕਿਉਂ ਰੱਖਿਆ ਹੋਇਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਨ ਝਾੜਨ ਲਈ ਹੈ। ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ ਹੁਣ ਪਰਤੱਖ ਵੇਖ ਵੀ ਲਈ ਹੈ।

ਗੁਰੂ ਅਮਰ ਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਕਾਰ ਵਿੱਚ ਰਤਾ ਭਰ ਵੀ ਢਿਲ ਨਹੀਂ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਹੀ ਸੇਵਾ ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਆਖ ਦਿੱਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛਤਰ ਹੈ। ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਵੱਲੋਂ ਵਧੀਕੀਆਂ ਕਰਣ ’ਤੇ ਵੀ ਉਨ੍ਹਾਂ ਨੂੰ ਬੁਰਾ ਭਲਾ ਨਹੀਂ ਕਿਹਾ ਸਗੋਂ ਘਰੋਗੀ ਜੀਵਨ ਨੂੰ ਸਦਾ ਖੁਸ਼ਗਵਾਰ ਰੱਖਿਆ। ਆਪ ਜੀ ਦੇ ਜੀਵਨ ਦਾ ਰਾਜ ਨਿਮਰਤਾ, ਹਲੇਮੀ ਅਤੇ ਪਿਆਰ ਹੈ ਜੋ ਗੁਰੂ ਨਾਨਕ ਦੇ ਰਾਜ ਜੋਗ ਤਖ਼ਤ ਦੇ ਵਾਲੀ ਦੇ ਖਾਸ ਸੀਂਗਾਰੀ ਗਹਿਣੇ ਸਨ। ਆਪ ਜੀ ਅੰਦਰੋਂ ਬਾਹਰੋਂ ਪ੍ਰੇਮ ਦਾ ਮੁਜੱਸਮਾ ਸਨ। ਸ੍ਰੀ ਗੁਰੂ ਅਮਰਦਾਸ ਜੀ ਲਈ ਅਥਾਹ ਸਤਿਕਾਰ ਅਤੇ ਪੂਰਨ ਸ਼ਰਧਾ ਸੀ ਅਤੇ ਸਦਾ ਉਹਨਾਂ ਦੇ ਕਹੇ ਨੂੰ ਖੁਸ਼ੀ ਖੁਸ਼ੀ ਮੰਨਦੇ ਤੇ ਪਿਆਰ ਵਿਚ ਭਿੱਜੇ ਰਹਿੰਦੇ ਸਨ। ਤਦੇ ਤਾਂ ਆਖਦੇ ਹਨ : ‘‘ਜੇ ਗੁਰੁ ਝਿੜਕੇ, ਤ ਮੀਠਾ ਲਾਗੈ; ਜੇ ਬਖਸੇ, ਤ ਗੁਰ ਵਡਿਆਈ॥ (ਮ : ੪/੭੫੮), ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ॥੧॥ ਜੋ ਹਰਿ ਸੁਆਮੀ ! ਤੁਮ ਦੇਹੁ; ਸੋਈ ਹਮ ਪਾਵਹਗੇ ॥ ਮੋਹਿ ਦੂਜੀ ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ ॥ (ਮ : ੪/੧੩੨੧), ਹਰਿ ਅੰਮ੍ਰਿਤ ਭਿੰਨੇ ਲੋਇਣਾ; ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ ਮਨੁ ਰਾਮਿ ਕਸਵਟੀ ਲਾਇਆ; ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ; ਮੇਰਾ ਮਨੁ ਤਨੋ ਭਿੰਨਾ ॥ ਜਨੁ ਨਾਨਕੁ ਮੁਸਕਿ ਝਕੋਲਿਆ; ਸਭੁ ਜਨਮੁ ਧਨੁ ਧੰਨਾ ॥’’ (ਮ : ੪/੪੪੯)

ਦ੍ਰਿੜ੍ਹਤਾ  :-

ਗੁਰੂ ਰਾਮਦਾਸ ਜੀ ਦ੍ਰਿੜ੍ਹਤਾ ਦੇ ਪੁੰਜ ਸਨ। ਗੁਰਗੱਦੀ ’ਤੇ ਬੈਠਣ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਮਤਿ ਦਾ ਪੱਖ ਪੇਸ਼ ਕਰਨ ਲਈ ਲਹੌਰ ਅਕਬਰ ਦੇ ਦਰਬਾਰ ਵਿੱਚ ਭੇਜਿਆ ਸੀ ਕਿਉਂਕਿ ਜਾਤ ਅਭਿਮਾਨੀਆਂ, ਕਰਮਕਾਂਡੀਆਂ ਅਤੇ ਗੁਰਮਤਿ ਵਿਚਾਰਧਾਰਾ ਦੇ ਵਿਰੋਧੀਆਂ ਨੇ ਗੁਰੂ ਅਮਰਦਾਸ ਜੀ ’ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਿੱਖ ਧਰਮ ਦੇ ਪ੍ਰਚਾਰ ਵਿਰੁਧ, ਰਾਜ ਦਰਬਾਰ ਵਿੱਚ ਇਕ ਲੰਮੀ ਚੌੜੀ ਸ਼ਿਕਾਇਤ ਦਰਜ ਕਰਵਾਈ ਸੀ। (ਗੁਰੂ) ਰਾਮਦਾਸ ਜੀ ਨੇ ਸਾਰੇ ਇਤਰਾਜਾਂ ਦਾ ਬੜੇ ਵਿਸਥਾਰ, ਧੀਰਜ ਤੇ ਨਿਡਰਤਾ ਨਾਲ ਉੱਤਰ ਦਿੱਤਾ। ਇਸ ਤਰ੍ਹਾਂ ਵਿਰੋਧੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਇਆ ਅਤੇ ਅਕਬਰ ਦੇ ਦਿਲ ਵਿੱਚ ਸਿੱਖ ਸਤਿਗੁਰਾਂ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਪਿਆਰ ਅਤੇ ਸਤਿਕਾਰ ਪੈਦਾ ਹੋਇਆ। ਆਪਣੀ ਬਾਣੀ ਵਿੱਚ ਆਪ ਨੇ ਮਨਮਤੀਆਂ, ਭਰਮੀਆਂ, ਦੋਖੀਆਂ, ਗੁਰ ਨਿੰਦਕਾਂ ਅਤੇ ਖ਼ੁਦਗਰਜ਼ਾਂ ਨੂੰ ਖ਼ੂਬ ਸੁਣਾਈਆਂ ਹਨ ਇੱਥੋਂ ਤੱਕ ਕਿ ਆਪਣੇ ਪੁੱਤਰ ਪ੍ਰਿਥੀਏ ਨੂੰ ਵੀ ਖਰੀਆਂ ਖਰੀਆਂ ਆਖ ਦਿੱਤੀਆਂ।

ਗੁਰ ਸਿੱਖਾਂ ਨੂੰ ਉਪਦੇਸ  :-

ਗੁਰੂ ਰਾਮਦਾਸ ਜੀ ਦਾ ਇਹ ਦ੍ਰਿੜ ਵਿਸ਼ਵਾਸ ਕਿ ਜਦ ਤੱਕ ਸੇਵਾ ਕਰਨ ਵਾਲੇ ਦੇ ਮਨ ਵਿੱਚ ਮਾਲਕ ਲਈ ਪਿਆਰ ਸਤਿਕਾਰ ਨਹੀਂ ਉਹ ਤਨੋਂ ਮਨੋਂ ਸੇਵਾ ਕਰ ਹੀ ਨਹੀਂ ਸਕਦਾ। ਇਸੇ ਕਰਕੇ ਆਪ ਗੁਰੂ ਅਮਰਦਾਸ ਜੀ ’ਤੇ ਰੱਬ ਵਰਗਾ ਵਿਸ਼ਵਾਸ ਕਰਦੇ ਸੀ। ਤਦੇ ਤਾਂ ਆਖਦੇ ਹਨ : ‘‘ਹਉ ਪਾਣੀ ਪਖਾ ਪੀਸਉ ਸੰਤ ਆਗੈ; ਪਗ ਮਲਿ ਮਲਿ, ਧੂਰਿ ਮੁਖਿ ਲਾਈਐ ॥’’ (ਮ : ੪/੮੮੧) ਇਸੇ ਦ੍ਰਿੜਤਾ ਕਰਕੇ ਆਪ ‘ਧੰਨ ਗੁਰੂ ਰਾਮਦਾਸ’ ਬਣੇ ਪਰ ਜੀਵਨ ਵਿਚ ਹਉਮੈ ਨੂੰ ਲਾਗੇ ਨਹੀਂ ਆਉਣ ਦਿੱਤਾ ਸਗੋਂ ਨਿਸਕਾਮ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਕੀਤੀ : ‘‘ਵਿਚਿ ਹਉਮੈ, ਸੇਵਾ ਥਾਇ ਨ ਪਾਏ ॥ ਜਨਮਿ ਮਰੈ, ਫਿਰਿ ਆਵੈ ਜਾਏ ॥’’ (ਮ : ੪/੧੦੭੧)

ਪਹਿਲੇ ਗੁਰੂ ਸਾਹਿਬਾਨ ਵਾਂਗ ਆਪ ਨੇ ਵੀ ਗ੍ਰਹਿਸਤੀ ਧਰਮ ਧਾਰਨ ਕਰਨ ਲਈ ਕਿਹਾ ਪਰ ਮੋਹ ਮਾਇਆ ਤੋਂ ਅਲੇਪ ਰਹਿਣ ਦਾ ਜੀਵਨ ਸਿਧਾਂਤ ਇਸ ਤਰ੍ਹਾਂ ਦੱਸਿਆ : ‘‘ਵਿਚੇ ਗ੍ਰਿਹ, ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥’’ (ਮ : ੪/੧੦੭੦) ਭਾਵ ਨਾਮ ਤੋਂ ਬਿਨਾ ਜੀਵਨ ਮਨੋਰਥ ਦੀ ਪ੍ਰਾਪਤੀ ਨਹੀਂ ਹੋ ਸਕਦੀ ਦ੍ਰਿੜ ਕਰਵਾਇਆ ਪਰ ਜੀਵਨ ਦੀਆਂ ਬੁਨਿਆਦੀ ਲੋੜਾਂ ਪ੍ਰਤੀ ਅਣਗਹਲੀ ਨਾ ਕਰਨ ਦਾ ਉਪਦੇਸ਼ ਵੀ ਦਿੱਤਾ। ਮਿਹਨਤ ਤੋਂ ਮੂੰਹ ਮੋੜਨਵਾਲਾ ਜੀਵ ਜਿੰਦਗੀ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦਾ, ਇਹ ਉਹਨਾਂ ਨੇ ਛੋਟੀ ਉਮਰੇ ਹੀ ਭਾਂਪ ਲਿਆ ਸੀ। ਸੋ, ਇਹੋ ਹੀ ਉਹ ਪ੍ਰਚਾਰਦੇ ਸਨ। ਗੁਰੂ ਸਿੱਖਾਂ ਲਈ ਉਹਨਾਂ ਦਾ ਦਿੱਤਾ ਇਹ ਉਪਦੇਸ਼ ਸਾਡੇ ਲਈ ਸਦਾ ਚਾਨਣ ਮੁਨਾਰਾ ਹੈ : ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥’’ (ਮ : ੪/੩੦੬) ਅਤੇ ਇਸੇ ਸ਼ਬਦ ਦੇ ਅੰਤ ਵਿਚ ਆਖਿਆ ਹੈ : ‘‘ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥’’ (ਮ : ੪/੩੦੬)

ਬੇਪਰਵਾਹ ਅਤੇ ਮਾਇਆ ਤੋਂ ਨਿਰਲੇਪ  :-

ਧੰਨ ਦੌਲਤ ਨਾਲ ਕੋਈ ਮੋਹ ਨਹੀਂ ਸੀ ਸਗੋਂ ਗਰੀਬਾਂ ਦੀ ਸਹਾਇਤਾ ਪੁਜ ਕੇ ਕਰਦੇ ਸਨ। ਇਤਿਹਾਸ ਇਹ ਦਸਦਾ ਹੈ ਕਿ ਸੇਠ ਜਗਤ ਰਾਮ ਨੇ ਕੈਂਠਾ ਦਿੱਤਾ, ਆਪ ਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ। ਇਕ ਮਾਈ ਨੇ ਚਾਅ ਨਾਲ ਮੋਤੀਆਂ ਦੀ ਮਾਲਾ ਦਿੱਤੀ ਪਰ ਆਪ ਨੇ ਰਾਹ ਵਿੱਚ ਬੈਠੇ ਮਲੰਗ ਨੂੰ ਦੇ ਦਿੱਤੀ। ਅਕਬਰ ਨੇ ਮੋਹਰਾਂ ਭੇਟਾ ਕੀਤੀਆਂ ਤਾਂ ਆਪ ਜੀ ਨੇ ਉਸੇ ਵੇਲੇ ਵੰਡਵਾਂ ਦਿੱਤੀਆਂ। ਰਸਦਾਂ ਆਈਆਂ ਲੋਕਾਂ ਵਿੱਚ ਵਰਤਾ ਦਿੱਤੀਆਂ। ਗੁਰੂ ਜੀ ਨੇ ਕਿਸੇ ਰਜਵਾੜੇ ਦੀ ਮਿੱਤਰਤਾ ਹਾਸਲ ਕਰਨ ਦਾ ਕਦੀ ਯਤਨ ਨਹੀਂ ਕੀਤਾ, ਨਾ ਹੀ ਕਿਸੇ ਬਾਦਸ਼ਾਹ ਦੀ ਸਰਪ੍ਰਸਤੀ ਵੱਲ ਧਿਆਨ ਗਿਆ।

ਸਾਹਿਤਕਾਰ ਤੇ ਸੰਗੀਤ ਦੇ ਪ੍ਰੇਮੀ  :-

ਛੋਟੀ ਉਮਰ ਵਿੱਚ ਪੜ੍ਹਨ ਅਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੀ ਪਰ ਜਿਉਂ ਹੀ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਲ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿਖਦੇ ਅਤੇ ਸਾਹਿਤ ਦੀ ਖੋਜ ਵੀ ਕਰਦੇ। ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਾਹਿਤਕਾਰ, ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ। ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਉਮਾਹ ਅਤੇ ਨਵੇਂ ਨਵੇਂ ਸਬਦਾਂ ਦੀ ਘਾੜਤ ਤੋਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਵਿੱਚੋਂ 8 ਵਾਰਾਂ ਮੂਲ ਰੂਪ ਵਿੱਚ ਆਪ ਜੀ ਦੀਆਂ ਹਨ। ਇਹਨਾਂ ਵਾਰਾਂ ਵਿੱਚ ਗੁਰੂ ਸੂਰਮੇ ਦੀ ਜਿੱਤ ਅਤੇ ਨਿੰਦਕਾਂ, ਦੋਖੀਆਂ, ਦੁਸਟਾਂ ਅਤੇ ਚੁਗਲਖੋਰਾਂ ਦੀ ਹਾਰ ਵਿਖਾਈ ਹੈ। ਗੁਰੂ ਸਾਹਿਬ ਸ਼ਬਦ ਘੜਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ ਅਤੇ ਇੱਕ ਸੁਜਾਨ ਜੌਹਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਂ ਦੀ ਤਰ੍ਹਾਂ ਯੋਗ ਥਾਂ ’ਤੇ ਜੜ੍ਹ ਦਿੰਦੇ ਸਨ। ਕਈ ਨਵੇਂ ਸ਼ਬਦਾਂ ਦੀ ਘਾੜਤ ਉਹਨਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ। ਗੁਰਬਾਣੀ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਜਿਵੇਂ ਕੋਈ ਸੁਆਣੀ ਆਪਣੇ ਗਲੇ ਦਾ ਹਾਰ ਪਰੋਂਦੀ ਹੈ। ਆਪ ਜੀ ਰਾਗਾਂ ਦੇ ਇਤਨੇ ਮਾਹਿਰ ਹੋ ਨਿਬੜੇ ਕਿ ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਲ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਮਿਲਦੀ ਹੈ ਅਤੇ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਲ 638 ਸ਼ਬਦ ਹਨ। ਹੇਠਲੇ ਸ਼ਬਦ ਵਿਚ ‘ਙ’ ਦੀ ਵਰਤੋਂ ਤਾਂ ਆਪਣੇ ਆਪ ਵਿੱਚ ਇਕ ਮਿਸਾਲ ਹੈ : ‘‘ਹਰਿ ਨਾਮਾ ਹਰਿ ਰੰਙੁ ਹੈ, ਹਰਿ ਰੰਙੁ ਮਜੀਠੈ ਰੰਙੁ ॥ ਗੁਰਿ ਤੁਠੈ ਹਰਿ ਰੰਗੁ ਚਾੜਿਆ, ਫਿਰਿ ਬਹੁੜਿ ਨ ਹੋਵੀ ਭੰਙੁ ॥੧॥ ਮੇਰੇ ਮਨ  ! ਹਰਿ ਰਾਮ ਨਾਮਿ ਕਰਿ ਰੰਙੁ॥ ਗੁਰਿ ਤੁਠੈ ਹਰਿ ਉਪਦੇਸਿਆ, ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥ ਮੁੰਧ ਇਆਣੀ ਮਨਮੁਖੀ, ਫਿਰਿ ਆਵਣ ਜਾਣਾ ਅੰਙੁ ॥ ਹਰਿ ਪ੍ਰਭੁ ਚਿਤਿ ਨ ਆਇਓ, ਮਨਿ ਦੂਜਾ ਭਾਉ ਸਹਲੰਙੁ ॥੨॥ ਹਮ ਮੈਲੁ ਭਰੇ ਦੁਹਚਾਰੀਆ, ਹਰਿ ਰਾਖਹੁ ਅੰਗੀ ਅੰਙੁ ॥ ਗੁਰਿ ਅੰਮ੍ਰਿਤ ਸਰਿ ਨਵਲਾਇਆ, ਸਭਿ ਲਾਥੇ ਕਿਲਵਿਖ ਪੰਙੁ ॥੩॥ ਹਰਿ ਦੀਨਾ ਦੀਨ ਦਇਆਲ ਪ੍ਰਭੁ, ਸਤਸੰਗਤਿ ਮੇਲਹੁ ਸੰਙੁ ॥ ਮਿਲਿ ਸੰਗਤਿ ਹਰਿ ਰੰਗੁ ਪਾਇਆ, ਜਨ ਨਾਨਕ  ! ਮਨਿ ਤਨਿ ਰੰਙੁ ॥’’ (ਮ : ੪/੭੩੨)

ਸੂਹੀ ਰਾਗ ਵਿਚ ਲਾਵਾਂ ਦੀ ਬਾਣੀ ਉਚਾਰੀ ਤਾਂ ਕਿ ਸਿੱਖ ਭਵਿਖ ਵਿੱਚ ਬ੍ਰਾਹਮਣ ਦੀ ਮੁਥਾਜੀ ਤੋਂ ਬਚ ਜਾਣ। ਇਸ ਵਿਚ ਗ੍ਰਹਿਸਤ ਦੀ ਮਹਾਨਤਾ, ਪਤੀ-ਪਤਨੀ ਦੀ ਬਰਾਬਰੀ, ਇਕ ਦੂਜੇ ਦਾ ਸਤਿਕਾਰ ਅਤੇ ਕੁਰਬਾਨੀ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ ਅਤੇ ਇਸੇ ਤੋਂ ਹੀ ਸਿੱਖਾਂ ਨੂੰ ਕਰਤੇ ਨੂੰ ਮਿਲਣ ਦੇ ਚਾਓ ਅਤੇ ਪੜਾਵਾਂ ਨੂੰ ਵੀ ਦਰਸਾ ਦਿੱਤਾ ਹੈ।

ਕੌਮੀ ਉਸਰੱਈਏ :-

੧੫੭੦ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਜੀਊਂਦਿਆਂ ‘ਗਰੂ ਕੇ ਚੱਕ’ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿੱਤੀ ਸੀ। ਇਹੀ ‘ਗੁਰੂ ਕਾ ਚੱਕ’ ਬਾਅਦ ਵਿਚ ‘ਰਾਮਦਾਸਪੁਰ’ ਅਤੇ ‘ਅੰਮ੍ਰਿਤਸਰ’ ਕਹਿਲਾਇਆ। ‘ਅੰਮ੍ਰਿਤਸਰ’ ਅਤੇ ‘ਸੰਤੋਖਸਰ ਸਰੋਵਰ’ ਦੀ ਖੁਦਵਾਈ ਕਰਵਾਈ। ਵੱਖ ਵੱਖ ਬਜ਼ਾਰ ਅਤੇ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਈ। ਗ਼ਰੀਬ ਅਤੇ ਕਿਰਤੀ ਲੋਕ ਇੱਥੇ ਆਣ ਵਸੇ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਜੰਗਲ ਵਿਚ ਮੰਗਲ ਲੱਗ ਗਿਆ। 52 ਅਲੱਗ-ਅਲੱਗ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ। ਆਪ ਜੀ ਦੇ ਉੱਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਵਧਾਇਆ।

ਆਪ ਦੀ ਪਿਆਰ ਭਿੰਨੀ ਸ਼ਖ਼ਸੀਅਤ ਨੇ ਹਰ ਦਿਲ ਨੂੰ ਆਪਣੇ ਵਲ ਖਿੱਚ ਲਿਆ। ਆਪਣੇ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਨੂੰ ਸਾਹਿਤ, ਸੰਗੀਤ ਤੇ ਸਭਿਆਚਾਰ ਵਿੱਚ ਵਿਸ਼ੇਸ਼ ਸਿਆਣਾ ਬਣਾਇਆ। ਆਪ ਦੇ ਸਮੇਂ ਦੇ ਪ੍ਰਸਿਧ ਸਿੱਖ ਭਾਈ ਭਿਖਾਰੀ, ਮਹਾਂ ਨੰਦ, ਸਾਹਲੋ, ਚੰਦਰ ਭਾਨ, ਮਾਣਕ ਚੰਦ, ਗੁਰਮੁਖ, ਸੰਮਨ, ਆਦਮ, ਸੋਮਾ ਸਾਹ ਅਤੇ ਰੂਪਰਾ ਆਦਿ ਸਨ ਜਿਨ੍ਹਾਂ ਵੱਖ ਵੱਖ ਇਲਾਕਿਆਂ ਵਿੱਚ ਸਿੱਖੀ ਮਹਿਕ ਨੂੰ ਖਿਲਾਰਿਆ। ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਅਤੇ ਕੌਮੀਅਤ ਭਾਵਨਾ ਬਲਵਾਨ ਹੋਈ ਜਾਂ ਆਖੋ ਸਿੱਖੀ ਚਹੁਂ ਚੱਕੀ ਫੈਲੀ। ਗੁਰੂ ਰਾਮਦਾਸ ਜੀ ਦਾ ਜੀਵਨ, ਸਮਾਜਿਕ ਅਤੇ ਕ੍ਰਾਂਤੀਕਾਰੀ ਸੀ ਤਦੇ ਤਾਂ ਗੁਰੂ ਅਮਰਦਾਸ ਜੀ ਦੇ ਧਰਮ ਪ੍ਰਚਾਰ ਦੌਰੇ ’ਤੇ ਯਾਤਰਾ-ਟੈਕਸ ਵਿਰੁੱਧ ਸਮਾਜਿਕ ਕ੍ਰਾਂਤੀ ਨੂੰ ਇੰਝ ਲਿਖਦੇ ਹਨ : ‘‘ਨਾਵਣੁ ਪੁਰਬੁ ਅਭੀਚੁ, ਗੁਰ ਸਤਿਗੁਰ ਦਰਸੁ ਭਇਆ ॥ ਦੁਰਮਤਿ ਮੈਲੁ ਹਰੀ, ਅਗਿਆਨੁ ਅੰਧੇਰੁ ਗਇਆ ॥ ਗੁਰ ਦਰਸੁ ਪਾਇਆ ਅਗਿਆਨੁ ਗਵਾਇਆ, ਅੰਤਰਿ ਜੋਤਿ ਪ੍ਰਗਾਸੀ॥’’ (ਮ : ੪/੧੧੧੬)

ਸਤਿਗੁਰ ਜੀ ਦਾ ਇਹ ਸ਼ਬਦ ਗੁਰੂ ਪ੍ਰਤੀ ਨਿਸ਼ਠਾ ਅਤੇ ਪਿਆਰ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਦੀ ਪ੍ਰੇਰਣਾ ਦੇਂਦਾ ਹੈ। ਕਾਸ, ਕਿ ਸਾਨੂੰ ਵੀ ਗੁਰੂ ਸਾਹਿਬ ਨਾਲ ਸਚਾ ਪਿਆਰ ਪਾਉਣਾ ਆ ਜਾਵੇ : ‘‘ਹਰਿ ਹਰਿ ਸਜਣੁ, ਮੇਰਾ ਪ੍ਰੀਤਮੁ ਰਾਇਆ ॥ ਕੋਈ ਆਣਿ ਮਿਲਾਵੈ, ਮੇਰੇ ਪ੍ਰਾਣ ਜੀਵਾਇਆ ॥ ਹਉ ਰਹਿ ਨ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥ ਸਤਿਗੁਰੁ ਮਿਤ੍ਰੁ, ਮੇਰਾ ਬਾਲ ਸਖਾਈ ॥ ਹਉ ਰਹਿ ਨ ਸਕਾ, ਬਿਨੁ ਦੇਖੇ ਮੇਰੀ ਮਾਈ  ! ॥ ਹਰਿ ਜੀਉ  ! ਕ੍ਰਿਪਾ ਕਰਹੁ ਗੁਰੁ ਮੇਲਹੁ, ਜਨ ਨਾਨਕ  ! ਹਰਿ ਧਨੁ ਪਲੈ ਜੀਉ ॥’’ (ਮ : ੪/੯੪)

ਰਾਗ ਰਾਮਕਲੀ ‘ਸਦੁ’ ਵਿੱਚ ਗੁਰੂ ਅਮਰਦਾਸ ਜੀ ਦਾ ਅੰਤਮ ਉਪਦੇਸ਼ ਦਰਜ ਹੈ ਅਤੇ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਵਿਸ਼ੇਸ਼ ਵਿਚਾਰ ਅੰਕਿਤ ਹਨ; ਜਿਵੇਂ ਕਿ ‘‘ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ ਨੀਸਾਣੁ ਜੀਉ ॥’’ (ਬਾਬਾ ਸੁੰਦਰ/੯੨੩), ਮੋਹਰੀ ਪੁਤੁ ਸਨਮੁਖੁ ਹੋਇਆ, ਰਾਮਦਾਸੈ ਪੈਰੀ ਪਾਇ ਜੀਉ ॥’’ (ਬਾਬਾ ਸੁੰਦਰ/੯੨੪) ਆਦਿ।

ਇਕ ਅਨਾਥ ਬਾਲਕ ਦਾ ਕਰੋੜਾਂ ਸਿੱਖ-ਸ਼ਰਧਾਲੂਆਂ ਨੂੰ ਅਗਵਾਈ ਦੇਣ ਦੇ ਯੋਗ ਬਣਨਾ ਆਪਣੇ ਆਪ ਵਿੱਚ ਇੱਕ ਕਰਾਮਾਤ ਹੈ। ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਇੱਕ ਮਨੁੱਖ ਇਸ ਦਾ ਸੰਪੂਰਨ ਥਾਹ ਨਹੀਂ ਪਾ ਸਕਦਾ। ਹਾਂ, ਅਸੀਂ ਭੱਟ ਕੀਰਤ ਜੀ ਦੀ ਤਰ੍ਹਾਂ ਸਤਿਗੁਰ ਸਾਹਿਬ ਜੀ ਦੇ ਅੱਗੇ ਇੰਝ ਅਰਦਾਸ ਜ਼ਰੂਰ ਕਰ ਸਕਦੇ ਹਾਂ : ‘‘ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ  ! ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬)

ਆਪ ਜੀ ਨੇ ਗੁਰ ਗੱਦੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਪੀ ਅਤੇ ਸਤੰਬਰ ੧੫੮੧ ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਪਰ ਆਪ ਜੀ ਦੀ ਵਡਿਆਈ ਦਾ ਨਾਦ ਅੱਜ ਤੱਕ ਸੁਣਾਈ ਦੇਂਦਾ ਹੈ : ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ॥ ਸਿਖੀ ਅਤੈ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਆ ॥ ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਨ ਪਾਰਾਵਾਰਿਆ ॥ ਜਿਨ੍ਹੀ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ ॥’’ (ਬਲਵੰਡ ਸਤਾ/੯੬੮)

ਸਰਬੱਤ ਖ਼ਾਲਸਾ: ਅਤੀਤ ਅਤੇ ਵਰਤਮਾਨ

0

ਸਰਬੱਤ ਖ਼ਾਲਸਾ: ਅਤੀਤ ਅਤੇ ਵਰਤਮਾਨ

ਕਰਮਜੀਤ ਸਿੰਘ-99150-91063

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਪਿੱਛੋਂ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਫੈਲੇ ਰੋਸ ਨੂੰ ਵੇਖਦਿਆਂ ਸਰਬੱਤ ਖ਼ਾਲਸਾ ਸੱਦਣ ਦਾ ਵਿਚਾਰ ਜ਼ੋਰ ਫੜ ਗਿਆ ਹੈ। ਸਿੱਖ ਪੰਥ ਦੇ ਵਿਚਾਰਧਾਰਕ-ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਸਰਬੱਤ ਖ਼ਾਲਸਾ ਦੀ ਮਹੱਤਤਾ, ਮਹਾਨਤਾ ਅਤੇ ਜਥੇਦਾਰ ਦੀ ਸੰਸਥਾ ਦੇ ਅਧਿਕਾਰ ਖੇਤਰ ਤੈਅ ਕਰਨ ਦੀ ਲੋੜ ਦਾ ਅਹਿਸਾਸ ਵਿਦਵਾਨਾਂ ਦੇ ਸੀਮਤ ਘੇਰੇ ਵਿੱਚੋਂ ਨਿਕਲ ਕੇ ਸੰਤਾਂ, ਮਹਾਪੁਰਸ਼ਾਂ, ਸਤਿਕਾਰੇ ਹੋਏ ਪ੍ਰਚਾਰਕਾਂ, ਪੜ੍ਹੇ ਲਿਖੇ ਨੌਜਵਾਨਾਂ ਅਤੇ ਇੱਥੋਂ ਤਕ ਇਹ ਹਾਕਮ ਜਮਾਤ ਦੀਆਂ ਸਫ਼ਾਂ ਵਿੱਚ ਵੀ ਫੈਲ ਗਿਆ ਹੈ। ਖ਼ਾਮੋਸ਼ ਤੇ ਰੂਪੋਸ਼ ਬਹੁਗਿਣਤੀ ਹੁਣ ਇਹ ਕਹਿਣ ਲੱਗੀ ਹੈ ਕਿ ਅਕਾਲ ਤਖ਼ਤ ਸਾਹਿਬ ’ਤੇ ਜੋ ਕੁਝ ਹੋਇਆ ਅਤੇ ਹੁੰਦਾ ਰਿਹਾ ਹੈ, ਉਹ ਕਿਸੇ ਵੀ ਤਰ੍ਹਾਂ ਠੀਕ ਨਹੀਂ। ਪਰ ਹੁਣ ‘ਕੀ ਹੋਵੇ ਅਤੇ ਕਿਵੇਂ ਹੋਵੇ’ ਦੇ ਵੱਡੇ ਸਵਾਲ ਦਾ ਜਥੇਬੰਦਕ ਅਤੇ ਠੋਸ ਹੱਲ ਨਾ ਤਾਂ ਵਿਦਵਾਨਾਂ ਨੇ ਦਿੱਤਾ ਹੈ ਅਤੇ ਨਾ ਹੀ ਸਿੱਖ ਸੰਗਤ ਦੇ ਜਾਗਦੇ ਹਿੱਸਿਆਂ ਨੇ ਇਸ ਮਹੱਤਵਪੂਰਨ ਮੁੱਦੇ ’ਤੇ ਆਪਣੀ ਵਿਸ਼ੇਸ਼ ਦਿਲਚਸਪੀ ਜ਼ਾਹਿਰ ਕੀਤੀ ਹੈ।
‘ਸਰਬੱਤ ਖ਼ਾਲਸਾ’ ਆਪਣੇ-ਆਪ ਵਿੱਚ ਸੰਕਲਪ ਵੀ ਹੈ ਅਤੇ ਸੰਸਥਾ ਵੀ। ਜਦੋਂ ਅਸੀਂ ਇਸ ਨੂੰ ਸੰਕਲਪ ਦੇ ਅਰਥਾਂ ਵਿੱਚ ਵਰਤਦੇ ਹਾਂ ਤਾਂ ਇਸ ਦਾ ਰਹੱਸਵਾਦੀ ਅਰਥ ਹੈ- ਅਕਾਲ ਪੁਰਖ਼ ਦੇ ਰੰਗ ਵਿੱਚ ਰੰਗੀ ਖ਼ਾਲਸਾ ਪੰਥ ਦੀ ਰੂਹ। ਪਰ ਜਦੋਂ ਅਸੀਂ ਸੰਸਥਾ ਦੇ ਅਰਥਾਂ ਵਿੱਚ ਵਰਤਦੇ ਹਾਂ ਤਾਂ ਇਸ ਦੇ ਅਰਥ ਹਨ- ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖ਼ਾਲਸਾ ਕਾਮਨਵੈਲਥ ਦੀ ਸਰਵਉੱਚ ਸੰਸਥਾ ਜਾਂ ਖ਼ਾਲਸਾ ਪੰਥ ਦੀ ਰਾਜਨੀਤਕ ਅਗਵਾਈ ਦਾ ਧੁਰਾ, ਕੇਂਦਰ ਬਿੰਦੂ ਜਾਂ ਖ਼ਾਲਸਾ ਪੰਥ ਦੀ ਇਕਮੁੱਠ ਹੋਈ ਸੋਚ ਜਾਂ ਮਰਜ਼ੀ ਜਾਂ ਇੱਛਾ ਦਾ ਖ਼ਾਲਸ ਪ੍ਰਤੀਕ। ‘ਖ਼ਾਲਸਾ ਕਾਮਨਵੈਲਥ’ ਦਾ ਮਤਲਬ ਹੈ- ਖ਼ਾਲਸਾ ਪੰਥ ਦੇ ਸਾਂਝੇ ਹਿੱਤਾਂ ਦਾ ਮੁਜੱਸਮਾ ਜਾਂ ਸਿੱਖ ਕੌਮ ਦੀ ਸਾਂਝੀ ਸੋਚ ਦੀ ਇਕਾਗਰ ਹੋਈ ਇਕੱਤਰਤਾ ਜਾਂ ਨੁਮਾਇੰਦਾ ਇਕੱਠ ਜਾਂ ਪ੍ਰਤੀਨਿਧ ਪਾਰਲੀਮੈਂਟ।

ਸਰਬੱਤ ਖ਼ਾਲਸਾ ਦੀ ਸੰਸਥਾ ਦਾ ਪ੍ਰਕਾਸ਼ 18ਵੀਂ ਸਦੀ ਵਿੱਚ ਸਿੱਖ ਪੰਥ ਦੀਆਂ ਲੋੜਾਂ ਅਤੇ ਮਜਬੂਰੀਆਂ ਵਿੱਚੋਂ ਹੋਇਆ। ਮੁਗ਼ਲਾਂ ਤੇ ਅਫ਼ਗਾਨਾਂ ਦੇ ਜ਼ੁਲਮ ਤੇ ਵਧੀਕੀਆਂ ਇਸ ਹੱਦ ਤਕ ਵਧ ਗਈਆਂ ਸਨ ਕਿ ਸਿੱਖਾਂ ਨੇ ਛੋਟੇ-ਛੋਟੇ ਸਮੂਹਾਂ ਦੇ ਰੂਪ ਵਿੱਚ ਦੂਰ-ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਸ਼ਰਨ ਲਈ। ਹਥਿਆਰਬੰਦ ਅੰਮ੍ਰਿਤਧਾਰੀ ਸਿੰਘ ਸਾਲ ਵਿੱਚ ਦੋ ਵਾਰ ਅਰਥਾਤ ਵਿਸਾਖੀ ਤੇ ਦੀਵਾਲੀ ਮੌਕੇ ’ਤੇ ਕਿਵੇਂ ਨਾ ਕਿਵੇਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਅਤੇ ਅਕਾਲ ਤਖ਼ਤ ’ਤੇ ਇਕੱਠੇ ਹੋ ਕੇ ਖ਼ਾਲਸੇ ’ਤੇ ਝੁੱਲੀ ਹਨੇਰੀ ਦਾ ਮੁਕਾਬਲਾ ਕਰਨ ਲਈ ਗੰਭੀਰ ਵਿਚਾਰਾਂ ਕਰਦੇ। ਉਨ੍ਹਾਂ ਹਾਲਤਾਂ ਵਿੱਚ ਇਹ ਇਕੱਠ ਸਿੱਖ ਕੌਮ ਦੀ ਰੂਹ ਦੇ ਹਾਣੀ ਜਾਂ ਸਿੱਖ ਕੌਮ ਦੀ ਖ਼ਾਮੋਸ਼ ਬਹੁਗਿਣਤੀ ਦੇ ਅਸਲ ਤਰਜਮਾਨ ਸਮਝੇ ਜਾਣ ਲੱਗੇ। ਬਸ, ਇਹੋ ਇਕੱਠ ਹੀ ਖ਼ਾਲਸਾ ਪੰਥ ਦੇ ਦਿਲਾਂ ਤੇ ਦਿਮਾਗਾਂ ਵਿੱਚ ‘ਸਰਬੱਤ ਖ਼ਾਲਸਾ’ ਬਣ ਗਏ। ਇਹ ਇਕੱਠ ਦੋਸਤ ਤਾਕਤਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨਾਲ ਲੋੜੀਂਦੇ ਰਿਸ਼ਤੇ ਤੈਅ ਕਰਦੇ ਅਤੇ ਦੁਸ਼ਮਣਾਂ ਨਾਲ ਦੋ ਹੱਥ ਕਰਨ ਲਈ ਰਣਨੀਤੀਆਂ ਘੜਦੇ। ਸਭ ਤੋਂ ਪਹਿਲਾ ਸਰਬੱਤ ਖ਼ਾਲਸਾ 1723 ਦੀ ਦੀਵਾਲੀ ਨੂੰ ਹੋਇਆ, ਜਦੋਂ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਹੋਣ ਵਾਲੀ ਸੰਭਾਵੀਂ ਝੜਪ ਨੂੰ ਟਾਲਣ ਲਈ ਦੋਵਾਂ ਧਿਰਾਂ ਨੇ ਭਾਈ ਮਨੀ ਸਿੰਘ ਨੂੰ ਸਾਲਸ ਮੰਨ ਲਿਆ। ਭਾਈ ਸਾਹਿਬ ਨੇ ਆਪਣੇ ਅਨੁਭਵ, ਦਿਬ-ਦ੍ਰਿਸ਼ਟੀ, ਤਜਰਬੇ ਅਤੇ ਨਿਰਪੱਖਤਾ ਨਾਲ ਦੋਵਾਂ ਧਿਰਾਂ ਵਿੱਚ ਸੁਲ੍ਹਾ ਸਫ਼ਾਈ ਕਰਵਾ ਦਿੱਤੀ, ਪਰ ਇਸ ਘਟਨਾ ਪਿੱਛੋਂ ਤੱਤ ਖ਼ਾਲਸਾ ਦਾ ਹੀ ਬੋਲਬਾਲਾ ਹੋਣ ਲੱਗਾ।

ਦੂਜਾ ਸਰਬੱਤ ਖ਼ਾਲਸਾ 13 ਅਕਤੂਬਰ 1726 ਨੂੰ ਭਾਈ ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਿੱਛੋਂ ਹੋਇਆ। ਇਸ ਵਿੱਚ ਗੁਰਮਤਾ ਸੋਧ ਕੇ ਤਿੰਨ ਅਹਿਮ ਫ਼ੈਸਲੇ ਹੋਏ। ਇੱਕ ਸ਼ਾਹੀ ਖ਼ਜ਼ਾਨੇ ਲੁੱਟੇ ਜਾਣ। ਦੂਜਾ ਸਰਕਾਰੀ ਮੁਖ਼ਬਰਾਂ, ਖ਼ੁਸ਼ਾਮਦੀਆਂ, ਜੁੱਤੀ ਚੱਟਾਂ ਅਤੇ ਲਾਈਲੱਗਾਂ ਨੂੰ ਸੋਧਿਆ ਜਾਵੇਗਾ ਅਤੇ ਤੀਜਾ ਅਸਲਾਖ਼ਾਨੇ ਲੁੱਟ ਕੇ ਹਥਿਆਰ ਵੱਧ ਤੋਂ ਵੱਧ ਗਿਣਤੀ ਵਿੱਚ ਜਮ੍ਹਾਂ ਕੀਤੇ ਜਾਣ। ਇਨ੍ਹਾਂ 80-82 ਸਾਲਾਂ ਦੇ ਵਕਫ਼ੇ ਵਿੱਚ ਅਰਥਾਤ 1805 ਤਕ ਤਿੰਨ ਦਰਜਨ ਦੇ ਕਰੀਬ ਸਰਬੱਤ ਖ਼ਾਲਸਾ ਦੇ ਸਮਾਗਮ ਹੋਏ। ਆਖ਼ਰੀ ਸਰਬੱਤ ਖ਼ਾਲਸਾ 1805 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ, ਜਿਸ ਵਿੱਚ ਇਹ ਫ਼ੈਸਲਾ ਕਰਨਾ ਸੀ ਕਿ ਅੰਗਰੇਜ਼ ਹਕੂਮਤ ਹੱਥੋਂ ਹਾਰ ਖਾ ਕੇ ਸਿੱਖ ਰਾਜ ਦੀ ਸ਼ਰਨ ਵਿੱਚ ਆਏ ਮਰਾਠਿਆਂ ਦੇ ਸਰਦਾਰ ਜਸਵੰਤ ਸਿੰਘ ਰਾਓ ਹੁਲਕਰ ਪ੍ਰਤੀ ਕੀ ਰਵੱਈਆ ਅਖ਼ਤਿਆਰ ਕੀਤਾ ਜਾਵੇ। ਫ਼ੈਸਲਾ ਹੋਇਆ ਕਿ ਬਰਤਾਨਵੀ ਜਰਨੈਲ ਲਾਰਡ ਲੇਕ ਤੇ ਹੁਲਕਰ ਦੀ ਲੜਾਈ ਵਿੱਚ ਖ਼ਾਲਸਾ ਪੰਥ ਨਿਰਪੱਖ ਰਹੇਗਾ। 19ਵੀਂ ਸਦੀ ਵਿੱਚ 18 ਮਾਰਚ 1887 ਨੂੰ ਅੰਗਰੇਜ਼ ਹਕੂਮਤ ਦੌਰਾਨ ਅਕਾਲ ਤਖ਼ਤ ਸਾਹਿਬ ਦਾ ਇੰਤਜ਼ਾਮ ਕਰਨ ਵਾਲੇ ਪੁਜਾਰੀਆਂ ਨੇ ਸਿੰਘ ਸਭਾ ਦੇ ਮਹਾਨ ਆਗੂ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਖ਼ਾਰਜ ਕਰਨ ਦਾ ਕਥਿਤ ਹੁਕਮਨਾਮਾ ਜਾਰੀ ਕੀਤਾ, ਪਰ ਖ਼ਾਲਸਾ ਪੰਥ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਵਿੱਚ ਸਿੰਘ ਸਾਹਿਬਾਨ ਨੇ ਇਹ ਹੁਕਮਨਾਮਾ ਰੱਦ ਕਰ ਦਿੱਤਾ। 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਸਰਬੱਤ ਖ਼ਾਲਸਾ ਦੀ ਰਵਾਇਤ ਨੂੰ ਮੁੜ ਤੋਰਿਆ ਅਤੇ 15 ਨਵੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਦੇ ਸੇਵਕ ਗੁਰਬਖਸ਼ ਸਿੰਘ ਵੱਲੋਂ ਸਰਬੱਤ ਖ਼ਾਲਸਾ ਸੱਦਿਆ ਗਿਆ। ਇਸ ਵਿੱਚ ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਰਬੱਤ ਖ਼ਾਲਸਾ ਦੀ ਇੱਕ ਕੋਸ਼ਿਸ਼ 1926 ਵਿੱਚ ਵੀ ਹੋਈ। ਇਹ ਇਕੱਠ ਗੜਗੱਜ ਅਕਾਲੀ ਦੀਵਾਨ ਵੱਲੋਂ ਗੁਰਦੁਆਰਾ ਐਕਟ ਬਾਰੇ ਗੁਰਮਤਾ ਕਰਨ ਵਾਸਤੇ ਬੁਲਾਇਆ ਗਿਆ ਸੀ। ਇੱਕ ਇਤਿਹਾਸਕ ਹਵਾਲੇ ਮੁਤਾਬਕ ਇੱਕ ਸਰਬੱਤ ਖ਼ਾਲਸਾ ਅਕਾਲ ਤਖ਼ਤ ਤੋਂ ਬਾਹਰ ਸਰਹਿੰਦ ਵਿੱਚ ਵੀ ਹੋਇਆ। ਇਸ ਪਿੱਛੋਂ ਸਰਬੱਤ ਖ਼ਾਲਸਾ ਦੇ ਇਕੱਠ ਬੰਦ ਹੋ ਗਏ।

ਜੂਨ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਪਿੱਛੋਂ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ’ਤੇ ਸਰਬੱਤ ਖ਼ਾਲਸਾ ਦਾ ਸਮਾਗਮ ਹੋਇਆ। ਇਸ ਸਰਬੱਤ ਖ਼ਾਲਸਾ ਦੇ ਸਮਾਗਮ ਤੋਂ ਪਹਿਲਾਂ ਸੁਹਿਰਦ ਸਿੱਖਾਂ ਵੱਲੋਂ ਕਈ ਦਿਨ ਗੰਭੀਰ ਵਿਚਾਰ ਵਟਾਂਦਰਾ ਹੁੰਦਾ ਰਿਹਾ। ਇਹ ਸਮਾਗਮ ਜ਼ਖ਼ਮੀ ਸਿੱਖ ਕੌਮ ਨੂੰ ਨਵੀਂ ਰਾਜਨੀਤਕ ਸੇਧ ਦੇਣ ਦਾ ਇਤਿਹਾਸਕ ਉਪਰਾਲਾ ਸੀ। ਇਸ ਵਿੱਚ ਕਈ ਗੁਰਮਤੇ ਸੋਧੇ ਗਏ। ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੇਵਾਮੁਕਤ ਕਰਨਾ, ਪੰਜ ਮੈਂਬਰੀ ਕਮੇਟੀ ਕਾਇਮ ਕਰਕੇ ਉਸ ਨੂੰ ਸਿੱਖ ਸੰਘਰਸ਼ ਦੀ ਅਗਵਾਈ ਸੌਂਪਣੀ ਅਤੇ ਅਕਾਲ ਤਖ਼ਤ ਦੀ ਉਸਾਰੀ ਲਈ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪਣੀ ਸ਼ਾਮਲ ਸੀ। ਇਸ ਸਰਬੱਤ ਖ਼ਾਲਸੇ ਵੱਲੋਂ ਸ਼੍ਰੋਮਣੀ ਕਮੇਟੀ ਭੰਗ ਕਰਨ ਦਾ ਫ਼ੈਸਲਾ ਕਿੰਨਾ ਕੁ ਠੀਕ ਸੀ ਜਾਂ ਨਹੀਂ, ਇਸ ਬਾਰੇ ਵਿਦਵਾਨਾਂ ਦੀਆਂ ਵੱਖ ਵੱਖ ਰਾਵਾਂ ਹਨ। ਅਕਾਲ ਤਖ਼ਤ ਤੋਂ ਬਾਹਰ ਸ੍ਰੀ ਆਨੰਦਪੁਰ ਸਾਹਿਬ ਵਿਖੇ 16 ਫਰਵਰੀ 1986 ਨੂੰ ਸਰਬੱਤ ਖ਼ਾਲਸੇ ਦਾ ਸਮਾਗਮ ਹੋਇਆ। ਇਸ ਸਮਾਗਮ ਦਾ ਉਦੇਸ਼ ਸਮਾਗਮ ਦੇ ਪ੍ਰਬੰਧਕਾਂ ਮੁਤਾਬਕ ‘ਭਰਾ ਮਾਰੂ ਜੰਗ ਰੋਕਣਾ ਅਤੇ ਪੰਥਕ ਹਿੱਤਾਂ ਨੂੰ ਪਰਪੱਕ ਕਰਨਾ’ ਸੀ। ਕੁਝ ਹਲਕਿਆਂ ਮੁਤਾਬਿਕ ਇਹ ਸਰਬੱਤ ਖ਼ਾਲਸਾ ਗੁਰਮਤਿ ਜੁਗਤ ਤੋਂ ਸੱਖਣਾ ਸੀ। 26 ਜਨਵਰੀ 1987 ਨੂੰ ਫਿਰ ਸਰਬੱਤ ਖ਼ਾਲਸਾ ਕੀਤਾ ਗਿਆ, ਇਸ ਸਰਬੱਤ ਖ਼ਾਲਸੇ ਵਿੱਚ ਪਾਸ ਕੀਤੇ ਗੁਰਮਤਿਆਂ ਵਿੱਚ ਪ੍ਰੋ. ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਦਾ ਐਕਟਿੰਗ ਜਥੇਦਾਰ ਥਾਪਿਆ ਗਿਆ ਅਤੇ ਭਾਈ ਜਸਬੀਰ ਸਿੰਘ ਦੀ ਨਿਯੁਕਤੀ ਦੀ ਮੁੜ ਪ੍ਰੋੜਤਾ ਕੀਤੀ ਗਈ।

ਮੇਜਰ ਗੁਰਮੁਖ ਸਿੰਘ ਨੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਵਿੱਚ ਕਿਹਾ ਹੈ ਕਿ ਖ਼ਾਲਸਾ ਪੰਥ ਨੂੰ ਦਰਪੇਸ਼ ਅਹਿਮ ਰਾਜਸੀ ਮੁੱਦਿਆ ’ਤੇ ਵਿਚਾਰ ਕਰਨ ਲਈ ਸਰਬੱਤ ਖ਼ਾਲਸਾ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਹੋਏ ਹਨ, ਪਰ ਇਸ ਮਹਾਨ ਸੰਸਥਾ ਦੀ ਬਣਤਰ ਅਤੇ ਸੰਵਿਧਾਨ ਬਾਰੇ ਅਜੇ ਤਕ ਕੋਈ ਸਾਂਝੀ ਰਾਏ ਨਹੀਂ ਬਣ ਸਕੀ। ਹੁਣ ਸਿਧਾਂਤ ਰੂਪ ਵਿੱਚ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਬਦਲੀਆਂ ਅਤੇ ਬਦਲ ਰਹੀਆਂ ਹਾਲਤਾਂ ਵਿੱਚ ਸਰਬੱਤ ਖ਼ਾਲਸੇ ਦੀ ਬਣਤਰ, ਇਸ ਦੇ ਅਧਿਕਾਰ ਖੇਤਰ ਦੀਆਂ ਤਾਕਤਾਂ ਅਤੇ ਇਸ ਦੀ ਚੋਣ ਪ੍ਰਣਾਲੀ ਕਿਵੇਂ ਤੈਅ ਕੀਤੀ ਜਾਵੇ ਕਿ ਸਮੂਹ ਖ਼ਾਲਸਾ ਪੰਥ ਨੂੰ ਇਸ ਨਵੀਂ ਵਿਵਸਥਾ, ਨਵੇਂ ਪ੍ਰਬੰਧ ਅਤੇ ਨਵੇਂ ਸਿਲਸਿਲੇ ਦੀ ਪ੍ਰਵਾਨਗੀ ਹਾਸਲ ਹੋ ਜਾਵੇ। ਇਸ ਤੋਂ ਇਲਾਵਾ ਇਸ ਸਵਾਲ ਦਾ ਵੀ ਜਵਾਬ ਦਿੱਤੇ ਜਾਣ ਦੀ ਲੋੜ ਹੈ ਕਿ ਕੀ ਸਰਬੱਤ ਖ਼ਾਲਸੇ ਦੇ ਸਮਾਗਮ ਸਿਰਫ਼ ਅਕਾਲ ਤਖ਼ਤ ਸਾਹਿਬ ’ਤੇ ਹੀ ਪ੍ਰਵਾਨ ਸਮਝੇ ਜਾਣਗੇ ਜਾਂ ਕਿਸੇ ਹੰਗਾਮੀ ਹਾਲਤ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਵੀ ਇਹ ਇਤਿਹਾਸਕ ਸਮਾਗਮ ਹੋ ਸਕਦੇ ਹਨ।

ਅੱਜ ਸਿੱਖ ਪੰਥ ਵੱਡੀ ਗਿਣਤੀ ਵਿੱਚ ਸਾਰੀ ਦੁਨੀਆਂ ਵਿੱਚ ਫੈਲ ਗਿਆ ਹੈ। ਯੂਰਪ, ਅਮਰੀਕਾ ਅਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਸਿੱਖਾਂ ਦੇ ਭਖ਼ਦੇ ਮਾਮਲਿਆਂ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦੀਆਂ ਹਨ ਅਤੇ ਅਕਾਲ ਤਖ਼ਤ ਸਾਹਿਬ ਤੋਂ ਦਿਸ਼ਾ ਨਿਰਦੇਸ਼ ਦੀ ਮੰਗ ਵੀ ਕਰਦੀਆਂ ਹਨ। ਗੁਰੂ ਘਰ ਵੀ ਇਨ੍ਹਾਂ ਸਰਗਰਮੀਆਂ ਦੇ ਮਹੱਤਵਪੂਰਨ ਕੇਂਦਰ ਬਣੇ ਹੋਏ ਹਨ। ਇਨ੍ਹਾਂ ਮੁਲਕਾਂ ਵਿੱਚ ਪੰਜਾਬੀ ਦੇ ਅਖ਼ਬਾਰ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ। ਪੰਜਾਬ ਤੋਂ ਬਾਹਰ ਭਾਰਤ ਦੇ ਕਈ ਰਾਜਾਂ ਵਿੱਚ ਸਿੰਘ ਸਭਾਵਾਂ ਵੀ ਕਾਰਜਸ਼ੀਲ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਨ੍ਹਾਂ ਸਰਗਰਮੀਆਂ ਵਿੱਚ ਯੋਗਦਾਨ ਹੈ। ਸਿੱਖ ਵਿਦਿਆਰਥੀ ਇਤਿਹਾਸ, ਸਾਹਿਤ, ਫ਼ਿਲਾਸਫ਼ੀ, ਕਾਨੂੰਨ, ਅੰਤਰਰਾਸ਼ਟਰੀ ਸਬੰਧ ਅਤੇ ਡਿਪਲੋਮੇਸੀ ਦੇ ਖੇਤਰਾਂ ਵਿੱਚ ਉੱਚੀਆਂ ਪੜ੍ਹਾਈਆਂ ਕਰ ਰਹੇ ਹਨ। ਸਿੱਖ ਨੌਜਵਾਨ ਖੇਡਾਂ ਵਿੱਚ ਵੀ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਵਧੀਆ ਖਿਡਾਰੀ ਬਣ ਕੇ ਅੰਤਰਰਾਸ਼ਟਰੀ ਮਹੱਤਤਾ ਹਾਸਲ ਕਰ ਰਹੇ ਹਨ। ਵਿਦੇਸ਼ਾਂ ਵਿੱਚ ਵਸੇ 30 ਲੱਖ ਤੋਂ ਵੀ ਉੱਪਰ ਸਿੱਖਾਂ ਨੂੰ ਜੇ ਕਿਸੇ ਵਿਸ਼ੇਸ਼ ਕੇਂਦਰ ਨਾਲ ਅਸੀਂ ਲਗਾਤਾਰ ਜੋੜੀ ਰੱਖਣਾ ਹੈ ਤਾਂ ਇਹ ਕੇਂਦਰ ਅਕਾਲ ਤਖ਼ਤ ਅਤੇ ਸਰਬੱਤ ਖ਼ਾਲਸਾ ਹੀ ਹੋ ਸਕਦਾ ਹੈ।

ਗੁਰੂ ਨਾਨਕ ਸਾਹਿਬ ਜੀ ਦੀ ਰੂਹਾਨੀਅਤ ਸ਼ਕਤੀ ਨੂੰ ਜ਼ਾਹਰ ਕਰਦਾ ਪੰਜਾ ਸਾਹਿਬ

0

ਗੁਰੂ ਨਾਨਕ ਸਾਹਿਬ ਜੀ ਦੀ ਰੂਹਾਨੀਅਤ ਸ਼ਕਤੀ ਨੂੰ ਜ਼ਾਹਰ ਕਰਦਾ ਪੰਜਾ ਸਾਹਿਬ

ਸ. ਕਿਰਪਾਲ ਸਿੰਘ (ਬਠਿੰਡਾ)-9855480797

ਮੌਜੂਦਾ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ ਪੇਸ਼ਾਵਰ ਵੱਲ ਕੋਈ 45 ਕਿ: ਮੀ: ਦੀ ਦੂਰੀ ’ਤੇ ਆਬਾਦ ਕਸਬਾ ਹੈ ‘ਹਸਨ ਅਬਦਾਲ’, ਜਿੱਥੇ ਅੱਜ ਕੱਲ੍ਹ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ। ਸਿੱਖ ਇਤਿਹਾਸ ਅਨੁਸਾਰ ਖ਼ੁਰਾਸਾਨ ਦੇ ਇਲਾਕੇ ’ਚੋਂ ਮਿਰਜ਼ਾ ਸ਼ਾਹ ਰੁਖ ਨਾਲ ਹਸਨ ਅਬਦਾਲ ਸਯਦ ਨਾਮ ਦਾ ਇੱਕ ਪੀਰ ਭਾਰਤ ਆਇਆ। ਉਸ ਨੇ ਪਾਣੀ ਦੇ ਇੱਕ ਚਸ਼ਮੇ ਦੇ ਨਜ਼ਦੀਕ ਆਪਣਾ ਡੇਰਾ ਬਣਾਇਆ ਹੋਇਆ ਸੀ। ਉਸ ਕਸਬੇ ਦਾ ਨਾਮ ਹਸਨ ਅਬਦਾਲ ਵੀ ਉਸ ਪੀਰ ਦੇ ਨਾਮ ’ਤੇ ਹੀ ਪਿਆ ਹੈ (ਉਨ੍ਹੀਂ ਦਿਨੀਂ ਕਸਬਾ ਹਸਨ ਅਬਦਾਲ ਸਾਂਝੇ ਭਾਰਤ ਦਾ ਹਿੱਸਾ ਸੀ)। ਪੀਰ ਦੀ ਮੌਤ ਕੰਧਾਰ ਵਿਖੇ ਹੋਣ ਕਰ ਕੇ ਉਸ ਦਾ ਨਾਮ ਪੀਰ ਵਲੀ ਕੰਧਾਰੀ ਦੇ ਤੌਰ ’ਤੇ ਵੀ ਪ੍ਰਸਿੱਧ ਹੈ। ਇਸ ਇਲਾਕੇ ਵਿੱਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। ਵੈਸਾਖ, ਸੰਮਤ 1578 ਬਿਕ੍ਰਮੀ (1521 ਈ:) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ। ਪੰਜਾ ਸਾਹਿਬ ਨਾਲ ਸਬੰਧਤ ਕੁਝ ਸਾਖੀਆਂ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿੱਚ ਆਪਣੇ ਚਰਨ ਪਾਏ। ਰੁੱਤ ਗ਼ਰਮੀ ਦੀ ਸੀ। ਪਹਾੜੀ ਦੇ ਥੱਲੇ ਇੱਕ ਰੁੱਖ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀਆਂ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ ’ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋ ਨਾ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ। ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ?’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘‘ਸੱਚੇ ਪਾਤਸ਼ਾਹ  ! ਆਪ ਜੀ ਦੇ ਚਰਨਾਂ ’ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈ ਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।’’ ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ ! ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਹੀ ਇੱਕ ਪੱਥਰ ਹਟਾਇਆ, ਜਿੱਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਇਹ ਦੇਖ ਕੇ ਵਲੀ ਕੰਧਾਰੀ ਨੇ ਕਹਿਰਵਾਨ ਹੋ ਕੇ ਗੁਰੂ ਜੀ ਵੱਲ ਇੱਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ’ਚ ਇੱਕ ਗੁਰਦੁਆਰਾ ਬਣਾਇਆ। ਇਹ ਅਸਥਾਨ ਪੰਜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਪਹਿਲਾਂ ਇਸ ਦਾ ਪ੍ਰਬੰਧ ਉਦਾਸੀ ਮਹੰਤਾਂ ਕੋਲ ਸੀ। ਗੁਰਦੁਆਰਾ ਸੁਧਾਰ ਲਹਿਰ ਵੇਲੇ 18 ਨਵੰਬਰ 1920 ਨੂੰ ਇਸ ਦਾ ਕੰਟਰੋਲ ਕਰਤਾਰ ਸਿੰਘ ਝੱਬਰ ਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਲਿਆਂਦਾ। 30 ਅਕਤੂਬਰ 1922 ਈ: ਨੂੰ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰੂ ਕੇ ਬਾਗ ਮੋਰਚੇ ਦੇ ਫੜੇ ਗਏ ਸਿੰਘਾਂ ਨੂੰ ਰੇਲ ਗੱਡੀ ਰਾਹੀਂ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਸੀ। ਗੁਰਦੁਆਰਾ ਪੰਜਾ ਸਾਹਿਬ ਦੀ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਗੱਡੀ ਵਿੱਚ ਲਿਜਾਏ ਜਾ ਰਹੇ ਸਿੰਘਾਂ ਨੂੰ ਉਹ ਇੱਥੇ ਲੰਗਰ ਛਕਾਉਣਾ ਚਾਹੁੰਦੇ ਹਨ, ਪਰ ਉਪਰੋਂ ਸਰਕਾਰ ਨੇ ਹੁਕਮ ਕੀਤਾ ਕਿ ਕੈਦੀ ਸਿੱਖਾਂ ਨੂੰ ਲਿਜਾ ਰਹੀ ਗੱਡੀ ਹਸਨ ਅਬਦਾਲ ਨਾ ਰੋਕੀ ਜਾਵੇ, ਪਰ ਸੰਗਤ ਜੋ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰ ਕੇ ਕੈਦੀ ਸਿੰਘਾਂ ਦੀ ਸੇਵਾ ਲਈ ਅਰਦਾਸ ਕਰ ਕੇ ਚੱਲੀ ਸੀ, ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਿੰਘਾਂ ਨੂੰ ਲੰਗਰ ਜ਼ਰੂਰ ਛਕਾਇਆ ਜਾਵੇਗਾ ਤਾਂ ਕਿ ਗੁਰੂ ਅੱਗੇ ਕੀਤੀ ਅਰਦਾਸ ਤੋੜ ਨਿਭਾਈ ਜਾ ਸਕੇ। ਇਸ ਲਈ ਅੰਗਰੇਜ਼ ਸਰਕਾਰ ਦੇ ਜ਼ਬਰ ਦਾ ਸਬਰ ਨਾਲ ਮੁਕਾਬਲਾ ਕਰਨ ਲਈ ਰੇਲਵੇ ਲਾਈਨ ’ਤੇ ਧਰਨਾ ਮਾਰ ਕੇ ਗੱਡੀ ਰੋਕੀ ਜਾਵੇ ਤੇ ਸਿੰਘਾਂ ਨੂੰ ਲੰਗਰ ਹਰ ਹਾਲਤ ਛਕਾਇਆ ਜਾਵੇ। ਆਪਣੀ ਕੀਤੀ ਅਰਦਾਸ ਤੋੜ ਨਿਭਾਉਣ ਲਈ ਸਾਰੀ ਸੰਗਤ ਗੱਡੀ ਅੱਗੇ ਲੇਟ ਗਈ। ਸਰਕਾਰ ਦੇ ਹੁਕਮ ਕਾਰਨ ਗੱਡੀ ਨਾ ਰੋਕੀ ਗਈ ਤੇ ਸਭ ਤੋਂ ਅੱਗੇ ਪਏ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਸ਼ਹੀਦ ਹੋ ਗਏ, ਛੇ ਹੋਰ ਸਿੰਘ ਸਖ਼ਤ ਜਖ਼ਮੀ ਹੋ ਗਏ। ਆਖਰ ਗੱਡੀ ਰੁਕੀ ਤੇ ਕੈਦੀ ਸਿੰਘਾਂ ਨੂੰ ਲੰਗਰ ਛਕਾਇਆ ਗਿਆ।

ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਦੀ ਧਰਮ ਪਤਨੀ ਬੀਬੀ ਹਰਨਾਮ ਕੌਰ ਜੋ ਖ਼ੁਦ ਵੀ ਉਸ ਸਮੇਂ ਗੱਡੀ ਰੋਕਣ ਵਾਲੀ ਸੰਗਤ ਵਿੱਚ ਸ਼ਾਮਲ ਸੀ; ਨੇ ਗਿਆਨੀ ਭਜਨ ਸਿੰਘ ਨਾਲ ਕੀਤੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਵਕਤ ਉਨ੍ਹਾਂ ਦੇ ਪਤੀ ਸ਼੍ਰੀ ਪੰਜਾ ਸਾਹਿਬ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਅਤੇ ਖਜ਼ਾਨਚੀ ਵਜੋਂ ਸੇਵਾ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਰਹਿ ਚੁੱਕੇ ਸਨ। ਇੱਕ ਦਿਨ ਹਸਨ ਅਬਦਾਲ ਦੇ (ਹਿੰਦੂ) ਸਟੇਸ਼ਨ ਮਾਸਟਰ ਨੇ ਭਾਈ ਪ੍ਰਤਾਪ ਸਿੰਘ ਨੂੰ ਸੂਚਨਾ ਦਿੱਤੀ ਕਿ ਅਗਲੇ ਦਿਨ ਸਵੇਰੇ 8.00 ਵਜੇ ਸਿੱਖ ਕੈਦੀਆਂ ਦੀ ਰੇਲਗੱਡੀ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚ ਰਹੀ ਹੈ। ਜਿਉਂ ਹੀ ਸੰਗਤ ਨੂੰ ਇਸ ਦਾ ਪਤਾ ਲੱਗਾ, ਉਨ੍ਹਾਂ ਨੇ ਸਿੰਘਾਂ ਲਈ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਸਵੇਰ ਦੇ ਦੀਵਾਨ ਮਗਰੋਂ ਅਰਦਾਸ ਕੀਤੀ ਗਈ, ‘ਹੇ ਸੱਚੇ ਪਾਤਸ਼ਾਹ  ! ਅਸੀਂ ਤੁਹਾਡੇ ਸਿੰਘਾਂ ਲਈ ਪਰਸ਼ਾਦਾ ਤਿਆਰ ਕੀਤਾ ਹੈ। ਸਾਡੀ ਆਪਣੇ ਗੁਰਸਿੱਖ ਭਰਾਵਾਂ ਨੂੰ ਇਹ ਲੰਗਰ ਛਕਾਉਣ ਦੀ ਇੱਛਾ ਪੂਰੀ ਕਰੋ ਅਤੇ ਸਾਨੂੰ ਸ਼ਕਤੀ ਬਖ਼ਸ਼ੋ ਕਿ ਅਸੀਂ ਇਹ ਲੰਗਰ ਛਕਾ ਕੇ ਹੀ ਗੁਰਦੁਆਰਾ ਸਾਹਿਬ ਪਰਤੀਏ।’ ਬੀਬੀ ਹਰਨਾਮ ਕੌਰ ਅਨੁਸਾਰ ਅਰਦਾਸ ਤੋਂ ਬਾਅਦ ਜਦ 300 ਦੇ ਲਗਭਗ ਸੰਗਤ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਉਪਰੋਂ ਹੁਕਮ ਆਏ ਹਨ ਕਿ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਗੱਡੀ ਨਹੀਂ ਰੋਕੀ ਜਾਵੇਗੀ। ਸੰਗਤ ਵਿੱਚ ਉਦਾਸੀ ਤੇ ਗੁੱਸੇ ਦੀ ਲਹਿਰ ਦੌੜ ਗਈ। ਸੰਗਤ ਨੇ ਉਸੇ ਵਕਤ ਮਤਾ ਪਾਸ ਕੀਤਾ ਕਿ ਲੰਗਰ ਹਰ ਹਾਲਤ ਵਿੱਚ ਛਕਾਇਆ ਜਾਵੇਗਾ ਅਤੇ ਲੰਗਰ ਛਕਾਏ ਬਗੈਰ ਗੱਡੀ ਅੱਗੇ ਨਹੀਂ ਜਾਣ ਦੇਣਗੇ। ਜਦ ਗੱਡੀ ਰੇਲਵੇ ਸਟੇਸ਼ਨ ਦੇ ਨੇੜੇ ਆਈ ਤਾਂ ਸੰਗਤਾਂ ਰੇਲ ਪਟੜੀ ’ਤੇ ਗਈਆਂ। ਰੇਲ ਗੱਡੀ ਆਈ। ਇਹ ਸੀਟੀਆਂ ਮਾਰਦੀ ਰਹੀ ਪਰ ਕੋਈ ਨਾ ਉੱਠਿਆ। ਸਭ ਤੋਂ ਅੱਗੇ ੳਨ੍ਹਾਂ ਦੇ ਪਤੀ (ਸ਼ਹੀਦ) ਪਰਤਾਪ ਸਿੰਘ ਜੀ ਬੈਠੇ ਸਨ। ਉਨ੍ਹਾਂ ਦੇ ਨਾਲ ਭਾਈ ਕਰਮ ਸਿੰਘ ਜੀ ਸਨ ਅਤੇ ਹੋਰ ਕਈ ਸਿੰਘ ਬੈਠੇ ਸਨ। ਰੇਲ ਗੱਡੀ ਭਾਈ ਪ੍ਰਤਾਪ ਸਿੰਘ ਵਿੱਚ ਟਕਰਾਈ ਅਤੇ ਉਨ੍ਹਾਂ ਨੂੰ ਸਖ਼ਤ ਜ਼ਖਮੀ ਕਰ ਕੇ ਅੱਗੇ ਲੰਘ ਗਈ। ਭਾਈ ਕਰਮ ਸਿੰਘ ਵੀ ਰੇਲ ਗੱਡੀ ਹੇਠ ਆ ਕੇ ਸ਼ਹੀਦ ਹੋ ਗਏ। ਹੋਰ ਕਈ ਸਿੰਘਾਂ ਨੂੰ ਰੇਲਗੱਡੀ ਦੇ ਬੰਪਰ ਨੇ ਪਰ੍ਹੇ ਵਗਾਹ ਮਾਰਿਆ।  6 ਕੁ ਹੋਰ ਸਿੰਘ ਵੀ ਗੱਡੀ ਦੇ ਪਹੀਆਂ ਹੇਠ ਆ ਕੇ ਜ਼ਖ਼ਮੀ ਹੋ ਗਏ। ਉਨ੍ਹਾਂ ਦੀਆਂ ਲੱਤਾਂ ਕੱਟੀਆਂ ਗਈਆਂ। ਭਾਈ ਪ੍ਰਤਾਪ ਸਿੰਘ ਦੇ ਪਿਛਲੇ ਪਾਸੇ ਬੈਠੀ ਉਨ੍ਹਾਂ ਦੀ ਪਤਨੀ ਬੀਬੀ ਹਰਨਾਮ ਕੌਰ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਅਤੇ ਕਈ ਮਹੀਨੇ ਹਸਪਤਾਲ ਵਿੱਚ ਦਾਖ਼ਲ ਰਹੀ। ਬੀਬੀ ਹਰਨਾਮ ਕੌਰ ਅਨੁਸਾਰ ਰੇਲ ਗੱਡੀ ਨੇੜੇ ਆਉਂਦੀ ਵੇਖ ਕੇ ਕੋਈ ਵੀ ਨਹੀਂ ਦੌੜਿਆ। ਭੱਜਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਸਾਰਿਆਂ ਨੇ ਸਰਬਸੰਮਤੀ ਨਾਲ ਹੀ ਫ਼ੈਸਲਾ ਕੀਤਾ ਹੋਇਆ ਸੀ। ਉਸ ਵਕਤ ਕਿਸੇ ਵੀ ਵਿਅਕਤੀ ਨੂੰ ਮੌਤ ਦਾ ਖੌਫ਼ ਨਹੀਂ ਸੀ। ਇਸ ਸ਼ੁਭ ਕਰਮ ਲਈ ਸਾਰੇ ਮਰ ਮਿਟਣ ਲਈ ਤਿਆਰ ਸਨ। ਬੀਬੀ ਹਰਨਾਮ ਕੌਰ ਨੇ ਗਿਆਨੀ ਭਜਨ ਸਿੰਘ ਨੂੰ ਦੱਸਿਆ ਕਿ ਭਾਈ ਪਰਤਾਪ ਸਿੰਘ ਦੀ ਸ਼ਹੀਦੀ ਉਸੇ ਵੇਲੇ ਨਹੀਂ ਸੀ ਹੋਈ। ਜਿਉਂ ਹੀ ਰੇਲਗੱਡੀ ਰੁਕੀ। ਸੰਗਤਾਂ ਰੇਲ ਗੱਡੀ ਹੇਠਾਂ ਆ ਕੇ ਕੁਚਲੇ ਗਏ ਸਿੰਘਾਂ ਨੂੰ ਵੇਖਣ ਲਈ ਅੱਗੇ ਵਧੀਆਂ, ਭਾਈ ਪਰਤਾਪ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਸਨ। ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਪਹਿਲਾਂ ਗੁਰਸਿੱਖ ਕੈਦੀਆਂ ਨੂੰ ਲੰਗਰ ਛਕਾਓ ਫਿਰ ਸਾਡੀ ਸੰਭਾਲ ਕਰਨਾ। ਜੇ ਤੁਸੀਂ ਸਾਨੂੰ ਗੱਡੀ ਹੇਠੋਂ ਕੱਢ ਲਿਆ ਤਾਂ ਡਰਾਈਵਰ ਫਿਰ ਗੱਡੀ ਚਲਾ ਲਵੇਗਾ ਤੇ ਅਸੀਂ ਆਪਣੇ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਾਂਗੇ।

ਲੰਗਰ ਛਕਾਉਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੂੰ ਗੱਡੀ ਹੇਠੋਂ ਕੱਢਿਆ ਗਿਆ। ਭਾਈ ਕਰਮ ਸਿੰਘ ਕੁਝ ਘੰਟਿਆਂ ਬਾਅਦ ਸੁਆਸ ਛੱਡ ਗਏ ਭਾਈ ਪ੍ਰਤਾਪ ਸਿੰਘ ਨੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਰੀਰ ਛੱਡਿਆ। ਬੀਬੀ ਹਰਨਾਮ ਕੌਰ ਅਨੁਸਾਰ ਜਦ ਉਨ੍ਹਾਂ ਦੇ ਜ਼ਖ਼ਮੀ ਹੋਣ ਮਗਰੋਂ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਭਾਈ ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਤੁਸੀਂ ਮੇਰੀ ਧਰਮ ਪਤਨੀ ਹੋ ਤਾਂ ਮੇਰੀ ਹਾਲਤ ਉੱਪਰ ਰੋਵੋ ਨਾ, ਸਗੋਂ ਖ਼ੁਸ਼ ਹੋਵੋ ਕਿ ਮੈਂ ਗੁਰਸਿੱਖੀ ਦੇ ਇਮਤਿਆਨ ਵਿੱਚੋਂ ਪਾਸ ਹੋ ਗਿਆ ਹਾਂ। ਬੀਬੀ ਹਰਨਾਮ ਕੌਰ ਦੇ ਦੱਸਣ ਅਨੁਸਾਰ ਸ਼ਹੀਦੀ ਵੇਲੇ ਉਹ 24-25 ਸਾਲਾਂ ਦੇ ਹੋਣਗੇ। ਉਨ੍ਹਾਂ ਦੀ ਸ਼ਾਦੀ 4 ਸਾਲ ਪਹਿਲਾਂ ਹੋਈ ਸੀ। ਉਹ ਕੁਝ ਸਮਾਂ ਫ਼ੌਜ ਵਿੱਚ ਵੀ ਰਹੇ ਸਨ। ਉਨ੍ਹਾਂ ਨੂੰ ਕਾਲੀ ਪੱਗ ਬੰਨ੍ਹਣ ਕਰ ਕੇ ਫ਼ੌਜ ਛੱਡਣੀ ਪਈ ਸੀ। ਫਿਰ ਉਨ੍ਹਾਂ ਰਾਵਲਪਿੰਡੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉਦਾਸੀ ਮਹੰਤਾਂ ਤੋਂ ਪੰਜਾ ਸਾਹਿਬ ਗੁਰਦੁਆਰਾ ਮੁਕਤ ਕਰਾਉਣ ਵੇਲੇ ਉਹ ਜਥੇ ਵਿੱਚ ਸਭ ਤੋਂ ਅੱਗੇ ਸਨ। ਗੁਰਦੁਆਰਾ ਸਾਹਿਬ ਤੋਂ ਮਹੰਤ ਦਾ ਕਬਜ਼ਾ ਹਟਣ ਮਗਰੋਂ ਭਾਈ ਪ੍ਰਤਾਪ ਸਿੰਘ ਨੂੰ ਇਸ ਦਾ ਮੈਨੇਜਰ ਅਤੇ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਬਿਨਾਂ ਕਿਸੇ ਤਨਖ਼ਾਹ ਜਾਂ ਸੇਵਾਫਲ਼ ਦੇ, ਨਿਸ਼ਕਾਮ ਸੇਵਾ ਕੀਤੀ। ਜਦੋਂ ਉਹ ਸ਼ਹੀਦ ਹੋਏ, ਉਸ ਵਕਤ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ/ਖਜ਼ਾਨਚੀ ਸਨ। ਸ਼ਹੀਦ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜੋ 2 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਿਆ। ਉਸ ਦੀ ਮੌਤ ’ਤੇ ਭਾਈ ਪ੍ਰਤਾਪ ਸਿੰਘ ਵਾਹਿਗੁਰੂ ਦੀ ਰਜ਼ਾ ਵਿੱਚ ਰਹੇ ਅਤੇ ਉਹ ਬਿਲਕੁਲ ਨਹੀਂ ਡੋਲੇ। ਭਾਈ ਪ੍ਰਤਾਪ ਸਿੰਘ ਦੀ ਸ਼ਹੀਦੀ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੇ ਘਰ ਦੂਜਾ ਬੱਚਾ ਪੈਦਾ ਹੋਇਆ, ਜੋ ਬੇਟੀ ਸੀ। ਉਸ ਦਾ ਨਾਂ ਜੋਗਿੰਦਰ ਕੌਰ ਰੱਖਿਆ ਗਿਆ।

ਬੀਬੀ ਹਰਨਾਮ ਕੌਰ ਅਨੁਸਾਰ ਰੇਲ ਗੱਡੀ ਦਾ ਡਰਾਈਵਰ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਦਾ ਅਰਾਈਂ ਮੁਸਲਮਾਨ ਸੀ। ਇੱਕ ਰਿਟਾਇਰ ਜੱਜ ਵੱਲੋਂ ਜਾਂਚ ਕੀਤੀ ਗਈ ਕਿ ਉਸ ਨੇ ਰੇਲ ਗੱਡੀ ਕਿਉਂ ਰੋਕੀ ਜਦ ਅਜਿਹਾ ਨਾ ਕਰਨ ਦੇ ਹੁਕਮ ਸਨ। ਉਸ (ਡਰਾਈਵਰ) ਨੇ ਜੱਜਾਂ ਦੇ ਟ੍ਰਿਬਿਊਨਲ ਅੱਗੇ ਜੋ ਬਿਆਨ ਦਿੱਤਾ, ਉਹ ਇਤਿਹਾਸਕ ਤੌਰ ’ਤੇ ਬਹੁਤ ਮਹੱਤਤਾ ਰੱਖਦਾ ਹੈ। ਡਰਾਈਵਰ ਦਾ ਬਿਆਨ ਇੰਝ ਸੀ : ‘‘ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲ ਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਰੇਲ ਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇੱਕ ਵੱਡੇ ਪਰਬਤ ਨਾਲ ਟਕਰਾਅ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ਤੋਂ ਹਟ ਗਿਆ ਤੇ ਰੇਲਗੱਡੀ ਰੁਕ ਗਈ। ਕੋਈ ਅਦਿੱਖ ਸ਼ਕਤੀ ਸੀ ਜਿਸ ਨੇ ਗੱਡੀ ਰੋਕ ਦਿੱਤੀ।’’ ਇੰਜਣ ਦੀ ਜਾਂਚ ਤੋਂ ਪਤਾ ਲੱਗਾ ਕਿ ਗੱਡੀ ਦੇ ਬਰੇਕ ਨਹੀਂ ਸਨ ਲਾਏ ਗਏ ਪਰ ਇਸ ਦੇ ਬਾਵਜੂਦ ਡਰਾਈਵਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

ਸਾਕਾ ਪੰਜਾ ਸਾਹਿਬ ਦੀ ਘਟਨਾ ਨੇ ਤਕਰੀਬਨ 400 ਸਾਲ ਬਾਅਦ ਇਹ ਸਾਬਤ ਕਰ ਦਿੱਤਾ ਕਿ ਜੇ ਗੁਰੂ ਨਾਨਕ ਸਾਹਿਬ ਜੀ ਨੇ ਵਲੀ ਕੰਧਾਰੀ ਵੱਲੋਂ ਸਿੱਟੇ ਪੱਥਰ ਨੂੰ ਪੰਜੇ ਨਾਲ ਰੋਕ ਕੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਤਾਂ ਉਸ ਦੇ ਸਿੱਖ ਵੀ ਆਪਣੀ ਜਾਨ ਦੀ ਅਹੂਤੀ ਦੇ ਕੇ ਰੇਲ ਗੱਡੀ ਰੋਕ ਕਰ ਜ਼ਾਬਰ ਸਰਕਾਰ ਦੇ ਹੰਕਾਰ ਨੂੰ ਚਕਨਾਚੂਰ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਦੋਵੇਂ ਘਟਨਾਵਾਂ ਕਿਸੇ ਕਰਾਮਾਤ ਤੋਂ ਘੱਟ ਨਹੀਂ ਹਨ। ਗੁਰੂ ਨਾਨਕ ਸਾਹਿਬ ਜੀ ਵੱਲੋਂ ਦੁਨੀਆਂ ਦੇ ਲੋਕਾਂ ਨੂੰ ਵਿਹਲੜ ਪੁਜਾਰੀਆਂ ਅਤੇ ਜ਼ਾਬਰ ਸਰਕਾਰਾਂ ਵੱਲੋਂ ਲੁੱਟੀ ਜਾ ਰਹੀ ਜਨਤਾ ਨੂੰ ਧਾਰਮਿਕ ਅਤੇ ਰਾਜਨੀਤਕ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਅਤੇ ਲੋਕਾਈ ਨੂੰ ਇੱਕ ਨਵਾਂ ਫ਼ਲਸਫ਼ਾ ਦੇਣ ਲਈ ਬੜੀ ਨਿਰਭੈਤਾ ਨਾਲ ਕੀਤੇ ਪ੍ਰਚਾਰ ਨੂੰ ਉਜਾਗਰ ਕਰ ਕੇ ਦੁਨੀਆ ਦੇ ਸਾਹਮਣੇ ਰੱਖਿਆ। ਉਨ੍ਹਾਂ ਸਮਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਵਰਗਾ ਜੋਧਾ ਹੀ ਬਾਬਰ ਨੂੰ ਜ਼ਬਰ ਕਹਿ ਕੇ ਵੰਗਾਰ ਅਤੇ ਜੰਤਾ ਨੂੰ ਜਾਗਰੂਕ ਕਰਨ ਲਈ ਹਿੰਮਤ ਜੁਟਾ ਸਕਦਾ ਸੀ, ਜਿਵੇ ਕਿ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ! ’’ ਅਤੇ ‘‘ਰਾਜੇ ਸੀਹ, ਮੁਕਦਮ ਕੁਤੇ ’’ ਆਦਿਕ ਦਲੇਰੀ ਭਰੇ ਸ਼ਬਦ ਉਚਾਰਨੇ, ਵਿਖਾਵੇ ਦੇ ਤੌਰ ’ਤੇ ਨਵਾਜ਼ ਪੜ੍ਹ ਰਹੇ ਨਵਾਬ ਦੌਲਤ ਖ਼ਾਨ ਲੋਧੀ ਅਤੇ ਕਾਜ਼ੀ ਦੇ ਪਾਖੰਡ ਦਾ ਉਨ੍ਹਾਂ ਦੀ ਹੀ ਭਰੀ ਸਭਾ ਵਿੱਚ ਪਰਦਾ ਫ਼ਾਸ਼ ਕਰਨਾ, ਜਗਨ ਨਾਥ ਪੁਰੀ ਦੇ ਪੰਡਿਆਂ ਵੱਲੋਂ ਥਾਲ ’ਚ ਰੱਖੇ ਦੀਵਿਆਂ ਨਾਲ ਕੀਤੀ ਜਾ ਰਹੀ ਆਰਤੀ ਵਿੱਚ ਸ਼ਾਮਲ ਨਾ ਹੋ ਕੇ ਉਨ੍ਹਾਂ ਨੂੰ ਕੁਦਰਤ ’ਚ ਨਿਰਵਿਘਨ ਹੋ ਰਹੀ ਆਰਤੀ ਬਾਰੇ ਸੁਮੱਤ ਬਖ਼ਸ਼ਣੀ; ਜਿਵੇਂ ਕਿ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ’’ ਸ਼ਬਦ ਉਚਾਰਨ ਕਰਨਾ, ਪੰਡਿਆਂ ਵੱਲੋਂ ਹਰਿਦੁਆਰ ਵਿਖੇ ਆਪਣੇ ਪਿਤਰਾਂ ਨੂੰ ਪਾਣੀ ਦੇਣ ਦੇ ਕੀਤੇ ਜਾ ਰਹੇ ਝੂਠੇ ਕਰਮ ਕਾਂਡਾਂ ਦਾ ਖੰਡਨ ਕਰਨ ਲਈ ਪੂਰਬ ਦੀ ਥਾਂ ਪੱਛਮ ਵੱਲ ਪਾਣੀ ਸੁੱਟਣਾ ਅਤੇ ਸ਼ਰਾਧਾਂ ਦਾ ਖੰਡਨ ਕਰਨ ਲਈ ‘‘ਵਢੀਅਹਿ ਹਥ ਦਲਾਲ ਕੇ; ਮੁਸਫੀ ਏਹ ਕਰੇਇ ’’ ਉਚਾਰਨਾ, ਮੱਕੇ ਜਿੱਥੇ ਗ਼ੈਰ ਮੁਸਲਮਾਨਾਂ ਦੇ ਜਾਣ ’ਤੇ ਹੀ ਪਾਬੰਦੀ ਹੈ ਉੱਥੇ ਜਾ ਕੇ ਉਨ੍ਹਾਂ ਵੱਲੋਂ ਮੰਨੀ ਜਾ ਰਹੀ ਅਤਿ ਪਵਿੱਤਰ ਮਹਿਰਾਬ ਵੱਲ ਪੈਰ ਕਰ ਕੇ ਸੌਂ ਜਾਣਾ ਅਤੇ ਪੁੱਛੇ ਜਾਣ ’ਤੇ ਕਹਿਣਾ ਕੇ ਜਿੱਧਰ ਖ਼ੁਦਾ ਨਹੀਂ ਉੱਧਰ ਮੇਰੇ ਪੈਰ ਕਰ ਦਿੱਤੇ ਜਾਣ, ਆਦਿ ਵਰਗੇ ਦਲੇਰਾਨਾ ਸ਼ਬਦ ਕਹਿ ਕੇ ਕਾਜ਼ੀਆਂ ਦਾ ਇਹ ਭ੍ਰਮ ਤੋੜਨਾ ਕਿ ਖ਼ੁਦਾ ਸਿਰਫ਼ ਇਸ ਮਹਿਰਾਬ ਵਿੱਚ ਹੀ ਰਹਿੰਦਾ ਹੈ, ਭਾਰਤ ਦੇ ਉਸ ਸਮੇਂ ਦੇ ਸ਼ਕਤੀਸ਼ਾਲੀ ਅਖੌਤੀ ਧਾਰਿਮਕ ਆਗੂ- ਕਾਜ਼ੀ, ਬ੍ਰਾਹਮਣ ਅਤੇ ਜੋਗੀ ਨੂੰ ਵੰਗਾਰ ਕੇ ਕਹਿਣਾ ‘‘ਕਾਦੀ, ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ (ਨ੍ਹਾਵੈ), ਜੀਆ (ਜੀਆਂ) ਘਾਇ ਜੋਗੀ, ਜੁਗਤਿ ਜਾਣੈ ਅੰਧੁ ਤੀਨੇ, ਓਜਾੜੇ ਕਾ ਬੰਧੁ ’’ ਆਦਿਕ ਅਨੇਕਾਂ ਹੋਰ ਸ਼ਬਦ ਉਚਾਰਨ ਕਰਨਾ; ਕੀ ਇਹ ਸਭ ਕਿਸੇ ਕਰਾਮਾਤ ਤੋਂ ਘੱਟ ਹਨ ?

ਉਕਤ ਸਿਧਾਂਤਕ ਸਮਝ ਅਤੇ ਕਮਾਈ ਤੋਂ ਸੱਖਣੇ ਅਜੋਕੇ ਸਿੱਖ ਅਤੇ ਸਾਡੇ ਰਾਜਨੀਤਿਕ ਆਗੂ; ਹਵਨਾਂ ਅਤੇ ਜਗਰਾਤਿਆਂ ਵਿੱਚ ਸ਼ਾਮਲ ਹੋ ਕੇ ਪਾਂਡਿਆਂ ਵਾਙ ਕਈ ਕਰਮਕਾਂਡ ਕਰਦੇ ਅਤੇ ਆਪਣੇ ਮੱਥਿਆਂ ਉੱਤੇ ਵੱਡੇ ਤਿਲਕ ਲਗਾਉਂਦੇ ਵੇਖੇ ਜਾ ਸਕਦੇ ਹਨ, ਜਦ ਕਿ ਅਜਿਹੇ ਫੋਕਟ ਧਾਰਮਿਕ ਕਰਮ ਕਾਂਡਾਂ ਦਾ ਗੁਰੂ ਸਾਹਿਬਾਨ ਨੇ ਖੰਡਨ ਕੀਤਾ ਹੈ।  ਗੁਰਮਤਿ ਵਿਰੋਧੀ ਕਰਮਕਾਂਡਾਂ ਕਰਨ ਨਾਲ ਸਿੱਖਾਂ ਅੰਦਰ ਉਹ ਦ੍ਰਿੜ੍ਹਤਾ ਤੇ ਸਿਧਾਂਤਕ ਪ੍ਰਪੱਕਤਾ ਨਜ਼ਰ ਨਹੀਂ ਆਉਂਦੀ ਜਿਸ ਬਾਰੇ ਗੁਰੂ ਸਾਹਿਬਾਨ ਨੇ ਸੰਸਾਰਕ ਲੁਕਾਈ ਨੂੰ ਜਗਾਉਣ ਦਾ ਟੀਚਾ ਮਿਥਿਆ ਤੇ ਆਪ ਕਠਿਨਾਈਆਂ ਦਾ ਸਾਹਮਣਾ ਕੀਤਾ।

ਅਨਮਤੀ ਧਾਰਮਿਕ ਰਿਵਾਜ਼ਾਂ ਨੂੰ ਅਪਣਾਅ ਕੇ ਕੁਝ ਸਿੱਖ ਆਪਣੇ ਆਪ ਨੂੰ ਧਰਮ ਨਿਰਪੱਖ ਅਤੇ ਭਾਈਚਾਰਕ ਸਾਂਝ ਦੇ ਹਾਮੀ ਅਖਵਾ ਕੇ ਖ਼ੁਸ਼ ਹੁੰਦੇ ਹਨ। ਇਸ ਦਾ ਭਾਵ ਤਾਂ ਇਹੋ ਕੱਢਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਧਰਮ ਨਿਰਪੱਖ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਅਨਮਤ ਦੇ ਕਰਮਕਾਂਡਾਂ ਨੂੰ ਅਪਣਾਉਣ ਦੀ ਬਜਾਏ ਉਨ੍ਹਾਂ ਦਾ ਖੰਡਨ ਕਰਨ ਨੂੰ ਤਰਜੀਹ ਦਿੱਤੀ ?

ਗੁਰੂ ਸਾਹਿਬਾਨ ਦੇ ਅਨੁਯਾਈ ਸਿੱਖਾਂ ਨੇ ਪਾਂਡਿਆਂ ਵੱਲੋਂ ਕੀਤੀ ਜਾ ਰਹੀ ਆਰਤੀ ਦਾ ਗੁਰੂ ਵਾਙ ਖੰਡਨ ਤਾਂ ਕੀ ਕਰਨਾ ਸੀ ਸਗੋਂ ਆਪ ਹੀ ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜੂਰ ਸਾਹਿਬ ਨਾਂਦੇੜ ਵਿਖੇ ਪਾਂਡਿਆਂ ਵਾਙ ਥਾਲ ’ਚ ਦੀਵੇ ਬਾਲ਼ ਕੇ ਆਰਤੀ ਕੀਤੀ ਜਾਂਦੀ ਹੈ ਅਤੇ ਬੱਕਰਿਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਹਨ।  ਧਰਮ ਦੇ ਨਾਮ ’ਤੇ ਪਸ਼ੂਆਂ ਦੀ ਦਿੱਤੀ ਜਾ ਰਹੀ ਬਲੀ ਦਾ ਖੰਡਨ ਕਰਦੇ ਹੋਏ ਭਗਤ ਕਬੀਰ ਜੀ ਦੇ ਇਉਂ ਬਚਨ ਹਨ ਕਿ ਹੇ ਪਾਂਡੇ ! ਇੱਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ, ਪਰ ਜੱਗ ਕਰਨ ਵੇਲੇ ਤੁਸੀਂ ਭੀ ਕੁਰਬਾਨੀ ਦੇਣ ਲਈ ਜੀਵ ਮਾਰਦੇ ਹੋ ਤੇ ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ ਦੱਸੋ ਪਾਪ ਕਿਹੜਾ ਹੈ ? ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਵੀ ਅਖਵਾਉਂਦੇ ਹੋ। (ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ) ਤਾਂ ਫਿਰ ਕਸਾਈ ਕਿਸ ਨੂੰ ਆਖਦੇ ਹੋ ?, ‘‘ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ ਭਾਈ ! ਆਪਸ ਕਉ, ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ ? ’’ (ਪੰਨਾ 1103) ਕੀ ਇਨ੍ਹਾਂ ਬਚਨਾਂ ਦਾ ਖੰਡਨ ਨਹੀਂ ਹੁੰਦਾ ਜਦ ਅਸੀਂ ਆਪਣੇ ਤਖ਼ਤ ’ਤੇ ਬੱਕਰਿਆਂ ਦੀ ਬਲੀ ਦੇ ਰਹੇ ਹੁੰਦੇ ਹਾਂ।

ਸੋ, ਗੁਰਮਤਿ ਦੁਆਰਾ ਪ੍ਰਾਪਤ ਹੁੰਦੀ ਅੰਦਰੂਨੀ ਸ਼ਕਤੀ, ਜੋ ਇੱਕ ਸਾਧਾਰਨ ਮਨੁੱਖ ਨੂੰ ਨਿੱਜੀ, ਪਰਿਵਾਰਕ ਅਤੇ ਸਮਾਜਿਕ ਕੁਰੀਤੀਆਂ ਨਾਲ਼ ਲੜਨ ਲਈ ਜੋਧਾ ਬਣਾਉਂਦੀ ਹੈ, ਦੀ ਇੱਕ ਮਿਸਾਲ ਹੀ ਪੰਜਾ ਸਾਹਿਬ ਦੀ ਇਤਿਹਾਸਕ ਘਟਨਾ ਹੈ, ਤਾਂ ਤੇ ਗੁਰੂ ਉਪਦੇਸ਼ ਨੂੰ ਸਮਝ ਕੇ, ਆਪ ਕਮਾ ਕੇ ਫਿਰ ਸਮਾਜਕ ਜੀਵਾਂ ਦੇ ਜੀਵਨ ਦੀ ਉਨਤੀ ਲਈ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੀ ਗੁਰੂ ਆਸ਼ੇ ਅਨੁਸਾਰ ਜੀਵਨ ਬਸਰ ਕਰਨਾ ਹੈ।  ਅਗਰ ਅਨਮਤ ਅਤੇ ਗੁਰਮਤਿ ਦੇ ਅੰਤਰ ਨੂੰ ਨਾ ਸਮਝੀਏ ਭਾਵੇਂ ਕਿ ਸਿੱਖੀ ਸਰੂਪ ’ਚ ਹੀ ਵਿਚਰਦੇ ਰਹੀਏ ਤਾਂ ਅਸੀਂ ਆਪਣਾ ਆਦਰਸ਼ ਜੀਵਨ ਪੇਸ਼ ਨਹੀਂ ਕਰ ਸਕਦੇ ਤੇ ਕੋਈ ਵੀ ਪੰਥ ਦੋਖੀ ਸਾਡੀਆਂ ਕਰਮਕਾਂਡੀ ਨਿਰਮੂਲ ਹਰਕਤਾਂ ਨੂੰ ਵੇਖ ਸਾਡੇ ਦੁਆਰਾ ਮਿਸਾਲ ਵਜੋਂ ਪੇਸ਼ ਕੀਤੀ ਜਾਣੀ ਉਕਤ ਘਟਨਾ ਦੀ ਟੇਕ ਨਾਲ਼ ਹੀ ਇਹ ਚੈਲੰਜ ਕਰ ਸਕਦਾ ਹੈ ਕਿ ਕੀ ਹੋਇਆ ਗੁਰੂ ਜੀ ਨੇ ਪੰਜਾ ਲਾ ਕੇ ਪਹਾੜ ਰੋਕ ਦਿੱਤਾ ਜਦ ਕਿ ਸਾਡੇ ਹਨੂਮਾਨ ਨੇ ਤਾਂ ਪਹਾੜ ਹੀ ਉੱਠਾ ਲਿਆ ਸੀ, ਜੋ ਕਿ ਕਾਲਪਨਿਕ ਸਾਖੀ ਰਹੀ ਹੈ ਭਾਵ ਗੁਰੂ ਇਤਿਹਾਸ ਦੀ ਸੱਚੀ ਘਟਨਾ ਨੂੰ ਵੀ ਕਾਲਪਨਿਕ ਘਟਨਾ ਨਾਲ਼ ਤੋਲ ਕੇ ਰੱਦ ਕਰਨ ਦਾ ਅਸਫਲ ਯਤਨ ਕੀਤਾ ਜਾ ਸਕਦਾ ਹੈ ਅਗਰ ਸਾਡੇ ਪਾਸ ਗੁਰੂ ਸਿਧਾਂਤ ਅਤੇ ਗੁਰੂ ਇਤਿਹਾਸ ਦੀ ਪੂਰਨ ਵਿਲੱਖਣਤਾ ਅਤੇ ਅਨਮਤ ਦੇ ਰਿਤੀ-ਰਿਵਾਜ਼ਾਂ ਦੇ ਅੰਤਰ ਨੂੰ ਸਮਝਣ ਦੀ ਸਮਰੱਥਾ ਨਹੀਂ ਹੋਵੇਗੀ।

ਵੀਹਵੀਂ ਸਦੀ ਦੇ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ

0

ਵੀਹਵੀਂ ਸਦੀ ਦੇ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ

30 ਅਗਸਤ ਨੂੰ ਜਨਮ ਦਿਵਸ ਮੌਕੇ ਉਤੇ

ਡਾ. ਰਵਿੰਦਰ ਕੌਰ ਰਵੀ* (ਫੋਨ: 84378-22296)

ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ (ਸੰਨ 1900 ਤੋਂ 1930) ਵਿੱਚ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੈ। ਭਾਈ ਸਾਹਿਬ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ ਅਤੇ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹਨਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਬਹੁਤ ਵਿਸ਼ਾਲ ਸੀ, ਜਿਸ ਵਿੱਚ ਧਰਮ, ਖੰਡਨ-ਮੰਡਨ, ਇਤਿਹਾਸ, ਟੀਕਾਕਾਰੀ, ਕੋਸ਼ਕਾਰੀ ਤੇ ਰਾਜਨੀਤੀ ਖੇਤਰ ਜਿਹੇ ਅਨੇਕ ਵਿਸ਼ੇ ਸ਼ਾਮਿਲ ਹਨ। ਇਹ ਸਾਰੇ ਤੱਥ ਇਸ ਯੁੱਗ ਪੁਰਖ ਦੀ ਵਿਦਵਤਾ ਦੇ ਸੂਚਕ ਹੀ ਨਹੀਂ, ਸਗੋਂ ਪੰਜਾਬੀਅਤ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਲਗਾਉ ਨੂੰ ਵੀ ਦਰਸਾਉਂਦੇ ਹਨ।

ਆਪ ਦਾ ਜਨਮ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਜੀ ਦੀ ਕੁੱਖੋਂ 30 ਅਗਸਤ 1861 ਈਸਵੀ ਨੂੰ ਹੋਇਆ। ਉਨ੍ਹਾਂ ਦਾ ਅਸਲ ਪਿੰਡ ਪਿੱਥੋ ਜ਼ਿਲਾ ਬਠਿੰਡਾ ਵਿੱਚ, ਜਾਤ ਦੇ ਢਿਲੋਂ ਜੱਟ ਤੇ ਉਨ੍ਹਾਂ ਦੀ ਖ਼ਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ। ਬੇਸ਼ੱਕ ਭਾਈ ਸਾਹਿਬ ਨੇ ਵਿਦਿਆ ਕਿਸੇ ਖਾਸ ਵਿਦਿਆਲੇ ਤੋਂ ਪ੍ਰਾਪਤ ਨਹੀਂ ਕੀਤੀ, ਪਰੰਤੂ ਨਾਭੇ ਦੇ ਜਿਸ ਇਤਿਹਾਸਕ ਗੁਰਦੁਆਰੇ ਵਿੱਚ ਉਨ੍ਹਾਂ ਨੂੰ ਬਚਪਨ ਤੋਂ ਵਿਦਿਆ ਪ੍ਰਾਪਤੀ ਦਾ ਮੌਕਾ ਮਿਲਿਆ ਉਹ ਅਸਥਾਨ ਉਸ ਮੌਕੇ ਬਹੁ-ਪੱਖੀ ਗਿਆਨ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਸੀ। ਨਾਮ ਦੇ ਰਸੀਏ ਮਹਾਂਪੁਰਸ਼ ਬਾਬਾ ਅਜਾਪਾਲ ਸਿੰਘ ਜੀ ਨਾਲ ਸਬੰਧਿਤ ਉਸ ਇਤਿਹਾਸਕ ਗੁਰਦੁਆਰੇ ਦੇ ਪ੍ਰਮੁੱਖ ਸੇਵਾਦਾਰ ਉਸ ਸਮੇਂ, ਉਨ੍ਹਾਂ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਸਨ, ਜਿਸ ਕਰਕੇ ਬਚਪਨ ਤੋਂ ਹੀ ਬਹੁ-ਪੱਖੀ ਵਿਦਿਆ ਦੁਆਰਾ ਭਾਈ ਸਾਹਿਬ ਦਾ ਦਿਮਾਗ਼ ਰੋਸ਼ਨ ਹੁੰਦਾ ਗਿਆ ਅਤੇ ਭਲਾਈ ਤੇ ਬੁਰਾਈ ਨੂੰ ਪਰਖਣ ਦੀ ਸੋਝੀ ਪ੍ਰਾਪਤ ਹੋ ਗਈ।

ਜਵਾਨੀ ਦੀ ਉਮਰੇ ਪਹੁੰਚਣ ਤੱਕ ਭਾਈ ਸਾਹਿਬ ਅੰਦਰ ਆਪਣੇ ਸਮਾਜ, ਦੇਸ਼ ਅਤੇ ਕੌਮ ਬਾਰੇ ਸੋਚਣ ਦੀ ਅਥਾਹ ਸ਼ਕਤੀ ਪੈਦਾ ਹੋ ਚੁੱਕੀ ਸੀ। ਆਪ ਦਾ ਵਿਆਹ ਪਿੰਡ ਰਾਮਗੜ੍ਹ ਰਿਆਸਤ ਪਟਿਆਲਾ ਦੇ ਸ. ਹਰਦਮ ਸਿੰਘ ਦੀ ਸਪੁਤਿਰੀ ਬਸੰਤ ਕੌਰ ਨਾਲ ਹੋਇਆ, ਜਿਸ ਦੀ ਕੁੱਖੋਂ ਭਾਈ ਸਾਹਿਬ ਦੇ ਇਕਲੋਤੇ ਬੇਟੇ ਭਗਵੰਤ ਸਿੰਘ ਹਰੀ ਦਾ ਜਨਮ ਸੰਨ 1892 ਵਿੱਚ ਹੋਇਆ। ਭਾਈ ਸਾਹਿਬ ਦੀ ਵਿਦਿਆ ਅਤੇ ਸੂਝ-ਸਿਆਣਪ ਤੋਂ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ, ਮਹਾਰਾਜਾ ਹੀਰਾ ਸਿੰਘ (ਰਿਆਸਤ ਨਾਭਾ) ਤੇ ਉਸ ਮੌਕੇ ਦੀਆਂ ਧਾਰਮਿਕ ਤੇ ਸਮਾਜ ਸੁਧਾਰਕ ਲਹਿਰਾਂ ਦੇ ਮੋਹਰੀ ਬੇਹੱਦ ਪ੍ਰਭਾਵਿਤ ਹੋਏ ਅਤੇ ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਐਮ ਏ ਮੈਕਾਲਫ, ਮਹਾਰਾਜਾ ਰਿਪੁਦਮਨ ਸਿੰਘ (ਰਿਆਸਤ ਨਾਭਾ) ਤੇ ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਭਾਈ ਸਾਹਿਬ ਦੇ ਪ੍ਰਮੁੱਖ ਸ਼ਿਸ਼ ਬਣ ਗਏ ਤੇ ਆਪਣੀ ਵਿਦਵਤਾ ਦੇ ਜਾਦੂ ਨਾਲ ਹੀ ਭਾਈ ਸਾਹਿਬ ਨੇ ਨਾਭਾ ਅਤੇ ਪਟਿਆਲਾ ਰਿਆਸਤਾਂ ਵਿਚ, ਕਈ ਉੱਚ ਅਹੁਦਿਆਂ ’ਤੇ ਸੇਵਾ ਕੀਤੀ।

ਇਕ ਲੇਖਕ ਦੇ ਤੌਰ ਤੇ ਉਨ੍ਹਾਂ ਦਾ ਆਗਮਨ 19 ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਹੋਇਆ ਅਤੇ ਸਮੁੱਚੀਆਂ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਉੱਪਰ ਬਣਦੀ ਹੈ। ਪੰਜਾਬੀ ਸਾਹਿਤ ਉਸ ਸਮੇਂ ਅਜਿਹੇ ਪੜਾਅ ’ਤੇ ਖੜ੍ਹਾ ਸੀ, ਉੱਥੋਂ ਉਸ ਨੇ ਆਪਣੇ ਆਪ ਨੂੰ ਆਧੁਨਿਕਤਾ ਵੱਲ ਛਲਾਂਗ ਲਗਾਉਣ ਲਈ ਤਿਆਰ ਹੋਣਾ ਸੀ। ਨਾਭਾ ਦਰਬਾਰ ਵਿੱਚ ਰਹਿੰਦਿਆਂ ਮੁੱਢਲੇ ਦੌਰ ਦੀਆਂ ਰਚਨਾਵਾਂ ‘ਰਾਜਧਰਮ’ (ਸੰਨ 1884), ‘ਟੀਕਾ ਜੈਮਨੀ ਅਸਵਮੇਧ’ (ਸੰਨ 1890) ਤੇ ‘ਨਾਟਕ ਭਾਵਾਰਥ ਦੀਪਿਕਾ’ (ਸੰਨ 1897), ਗ੍ਰੰਥਾਂ ਵਿੱਚ ਭਾਈ ਸਾਹਿਬ ਨੇ ਮਹਾਰਾਜਾ ਹੀਰਾ ਸਿੰਘ ਦੇ ਖ਼ਿਆਲਾਂ ਨੂੰ ਪ੍ਰਮੁੱਖ ਰੱਖਿਆ। ਅਗਲੇ ਪੜਾਅ ਦੀਆਂ ਰਚਨਾਵਾਂ ‘ਹਮ ਹਿੰਦੂ ਨਹੀਂ’ (ਸੰਨ 1897), ‘ਗੁਰਮਤ ਪ੍ਰਭਾਕਰ’ (ਸੰਨ 1898), ‘ਗੁਰਮਤ ਸੁਧਾਕਰ’ (ਸੰਨ 1899), ‘ਗੁਰਗਿਰਾ ਕਸੌਟੀ’ (ਸੰਨ 1899) ਅਤੇ ‘ਸੱਦ ਕਾ ਪਰਮਾਰਥ’ (ਸੰਨ 1901) ਸਿੱਖੀ ਪ੍ਰਚਾਰ ਲਈ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਰਚਨਾਵਾਂ ਹਨ, ਤਾਂ ਜੋ ਗੁਰਮਤਿ ਨੂੰ ਉਸ ਮੌਕੇ ਦੇ ਪ੍ਰਚੱਲਿਤ ਵਹਿਮਾਂ-ਭਰਮਾਂ ਤੇ ਫਜੂਲ ਕਰਮ-ਕਾਂਡਾ ਤੋਂ ਵਖਰਿਆ ਕੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ; ਬੇਸ਼ੱਕ ਉਨ੍ਹਾਂ ਦੀ ਸਖ਼ਸੀਅਤ ਵਿੱਚੋਂ ਕਈ ਰੂਪਾਂ ਦੇ ਦਰਸ਼ਨ ਹੁੰਦੇ ਹਨ, ਪਰ ਦੂਜੇ ਦੌਰ ਦੀਆਂ ਰਚਨਾਵਾਂ ਨਾਲ ਉਹ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ, ਧਰਮ ਸ਼ਾਸਤਰੀ ਦੇ ਤੌਰ ’ਤੇ ਸਾਹਮਣੇ ਆਏ। ਇਹ ਰਚਨਾਵਾਂ ਉਨ੍ਹਾਂ ਨੂੰ ਭਾਈ ਗੁਰਦਾਸ ਦੇ ਪਿੱਛੋਂ, ਗੁਰਮਤ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦੀਆਂ ਹਨ। ਭਾਈ ਸਾਹਿਬ ਦੇ ਇਸ ਯਤਨ ਸਦਕਾ 19 ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਸਿੱਖ ਰਾਜਨੀਤੀ ਨੂੰ ਇਕ ਸਪਸ਼ਟ ਮਨੋਰਥ ਤੇ ਦਿਸ਼ਾ ਹਾਸਲ ਹੋਈ।

ਸਮਾਜ ਸੁਧਾਰ ਦੀ ਅਭਿਲਾਸ਼ਾ ਨਾਲ ਨਸ਼ਾ ਮੁਕਤ ਸਮਾਜ ਲਈ ‘ਸ਼ਰਾਬ ਨਿਸੇਧ’ (ਸੰਨ 1907) ਵਰਗੀਆਂ ਵਡਮੁੱਲੀਆਂ ਪੁਸਤਕਾਂ ਦੀ ਵੀ ਰਚਨਾ ਕੀਤੀ। ‘ਗੁਰੁਛੰਦ ਦਿਵਾਕਰ’ (ਸੰਨ 1924) ਅਤੇ ‘ਗੁਰੁਸ਼ਬਦਾਲੰਕਾਰ’ (ਸੰਨ 1925) ਪੁਸਤਕਾਂ ਦੀ ਰਚਨਾ ਕਰਕੇ ਜਿੱਥੇ ਭਾਰਤ ਦੇ ਪ੍ਰਸਿੱਧ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਹੋਣ ਦਾ ਗੌਰਵਮਈ ਸਬੂਤ ਦਿੱਤਾ, ਉੱਥੇ ਹਿੰਦੀ ਦੇ ਪ੍ਰਸਿੱਧ ਕੋਸ਼ਾਂ, ‘ਅਨੇਕਾਰਥ ਕੋਸ਼’, ਅਤੇ ‘ਨਾਮਮਾਲਾ ਕੋਸ਼’, ਵਿੱਚ ਲੋੜ ਅਨੁਸਾਰ ਸੋਧ-ਸੁਧਾਈ ਤੇ ਟਿੱਪਣੀਆਂ ਕਰਕੇ ਸੰਪਾਦਨ ਕਲਾ ’ਚ ਵੀ ਜੌਹਰ ਵਿਖਾਏ। ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਭਾਈ ਸਾਹਿਬ ਨੇ 14-15 ਸਾਲ ਦੀ ਕਠਿੱਨ ਤਪੱਸਿਆ ਨਾਲ ਮਹਾਨ ਸਾਹਿਤਕ ਗ੍ਰੰਥ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਤਿਆਰ ਕੀਤਾ ਜੋ ਭਾਈ ਸਾਹਿਬ ਦੀ ਜੀਵਨ ਭਰ ਦੀ ਤਪੱਸਿਆ ਦਾ ਫਲ ਹੈ। ਪੰਜਾਬੀ ਭਾਸ਼ਾ ’ਚ ਆਪ ਵੱਲੋਂ ਰਚਿਆ ‘ਮਹਾਨ ਕੋਸ਼’ ਇੱਕ ਅਜਿਹਾ ਅਨੁਪਮ ਗ੍ਰੰਥ ਹੈ ਜਿਸ ਦੇ ਘੇਰੇ ’ਚ ਧਰਮ, ਭੁਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਆਦਿ ਵਿਸ਼ੇ ਵੀ ਆਉਂਦੇ ਹਨ। ਆਪ ਦਾ ਮੁੱਖ ਮੰਤਵ ਵਿਦਿਆ ਦੇ ਪ੍ਰਚਾਰ ਦੁਆਰਾ ਭਾਰਤੀ ਲੋਕਾਂ ਦਾ ਉਥਾਨ ਸੁਧਾਰ ਤੇ ਕਲਿਆਣ ਕਰਨਾ ਸੀ। ਖਾਲਸਾ ਕਾਲਜ ਅੰਮ੍ਰਿਤਸਰ ’ਚ 4 ਅਪ੍ਰੈਲ 1931 ਈ: ਦੌਰਾਨ ਇੱਕ ਵਿਦਿਅਕ ਕਾਨਫਰੰਸ ਦੇ ਪ੍ਰਧਾਨਗੀ ਭਾਸ਼ਣ ਰਾਹੀਂ ਭਾਈ ਸਾਹਿਬ ਨੇ ਦੱਸਿਆ ਸੀ ਕਿ ‘ਭਾਰਤ ਦੇਸ਼ ਜਦ ਤੱਕ ਵਿਦਿਆ ਦਾ ਕੇਂਦਰ ਰਿਹਾ ਤਾਂ ਵਿਦੇਸ਼ੀ ਲੋਕ ਇਸ ਨੂੰ ਆਪਣਾ ਗੁਰੂ ਮੰਨ ਕੇ, ਵਿਦਿਆ ਪਾਉਣ ਲਈ ਵਿਦਿਆਰਥੀ ਹੋ ਕੇ ਇੱਥੇ ਆਉਂਦੇ ਰਹੇ, ਅਰੁ ਜਦ ਵਿਦਿਆ ਤੋਂ ਖਾਲੀ ਹੋ ਗਿਆ ਤਾਂ ਸਾਰੀ ਮਹਿਮਾ ਖੋ ਬੈਠਾ।’

ਅਨੇਕ ਅਖਬਾਰਾਂ ਮੈਗਜੀਨਾਂ ਲਈ ਨਿਬੰਧ ਲਿਖ ਕੇ ਭਾਈ ਸਾਹਿਬ ਨੇ ਪੰਜਾਬੀ ਨਿਬੰਧਕਾਰੀ ਦੇ ਨਿਖਾਰ ਲਈ ਵੀ ਅਹਿਮ ਯੋਗਦਾਨ ਪਾਇਆ ਜੋ ਹੁਣ ‘ਬਿਖਰੇ ਮੋਤੀ’ ਪੁਸਤਕ ਰੂਪ ਵਿੱਚ ਉਪਲਬਧ ਹਨ। ‘ਚੰਡੀ ਦੀ ਵਾਰ’ ਦਾ ਟੀਕਾ ‘ਗੁਰਮਤ ਮਾਰਤੰਡ’ ਅਤੇ ‘ਇਤਿਹਾਸ ਬਾਗੜੀਆਂ ਆਦਿ ਭਾਈ ਸਾਹਿਬ ਦੀਆਂ ਕੁਝ ਹੋਰ ਬਹੁਚਰਚਿਤ ਰਚਨਾਵਾਂ ਹਨ। ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਨੇ 23 ਨਵੰਬਰ 1938 ਨੂੰ ਨਾਭੇ ਵਿਖੇ ਜੋਗੀ ਜਨਾਂ ਦੀ ਤਰ੍ਹਾਂ ਪ੍ਰਾਣ ਤਿਆਗੇ। ਭਾਈ ਸਾਹਿਬ ਦੀਆਂ ਲਿਖਤਾਂ ਦੇ ਅੰਗਰੇਜੀ, ਪੰਜਾਬੀ, ਹਿੰਦੀ ਅਨੁਵਾਦ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਦਮ ਸਲਾਹੁਣਯੋਗ ਹੈ। ਸਾਹਿਤ ਅਤੇ ਵਿਦਿਆ ਦੇ ਖੇਤਰ ’ਚ ਭਾਈ ਕਾਨ੍ਹ ਸਿੰਘ ਨਾਭਾ ਦੀ ਵਡਮੁੱਲੀ ਘਾਲਣਾ ਭਾਰਤ ਦੀ ਸਮੁੱਚੀ ਦਾਰਸ਼ਨਿਕ ਵਿਰਾਸਤ ਨਾਲ ਗਿਆਨ ਦਾ ਰਿਸ਼ਤਾ ਜੋੜਨ ਵਿੱਚ ਉਜਾਗਰ ਹੁੰਦੀ ਹੈ। ਉਹ ਉੱਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ ਸੰਸਥਾ ਵੀ।

ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਆਰੰਭੇ ਕਾਰਜ ਨੂੰ ਹੋਰ ਅੱਗੇ ਵਧਾਉਣ ਲਈ ਭਾਸ਼ਾ ਵਿਭਾਗ, ਪੰਜਾਬ ਅਤੇ ਪੰਜਾਬ ਦੀਆਂ ਸਭ ਯੂਨੀਵਰਸਿਟੀਆਂ ਨੂੰ ਹਾਲੀ ਹੋਰ ਬਹੁਤ ਉਦਮ ਕਰਨ ਦੀ ਜ਼ਰੂਰਤ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਉਹ ਆਪਣੇ ਬਹੁਤ ਸਾਰੇ ਸਮਕਾਲੀ ਵਿਦਵਾਨਾਂ ਵਾਂਗ ਗੁਰਮਤ ਨੂੰ ਆਪਣੇ ਵਿਚਾਰਾਂ ਦਾ ਮੂਲ ਆਧਾਰ ਮੰਨਦੇ ਹਨ, ਪਰ ਉਨ੍ਹਾਂ ਦਾ ਸਮੁੱਚਾ ਦ੍ਰਿਸ਼ਟੀਕੋਣ ਆਧੁਨਿਕ, ਤਰਕਸ਼ੀਲ ਤੇ ਵਿਗਿਆਨਕ ਹੈ। ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ, ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਕਮਾਇਆ ਕਿ ਮਾਂ ਬੋਲੀ ਪੰਜਾਬੀ ਵਿੱਚ ਵੱਡੇ ਤੋਂ ਵੱਡਾ ਕੰਮ ਸੋਚਿਆ ਜਾ ਸਕਦੈ ਅਤੇ ਕੀਤਾ ਜਾ ਸਕਦੈ।

(* ਲੇਖਿਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ)

ਗੁਰੂ ਅੰਗਦ ਦੇਵ ਜੀ

0

ਗੁਰੂ ਅੰਗਦ ਦੇਵ ਜੀ

ਗਿਆਨੀ ਅਵਤਾਰ ਸਿੰਘ

ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਪਾਤਸਾਹ ਹੋਏ ਹਨ। ਇਹਨਾਂ ਦਾ ਪਹਿਲਾ ਨਾਮ ‘ਭਾਈ ਲਹਿਣਾ’ ਜੀ ਸੀ।

ਜਨਮ: 31 ਮਾਰਚ 1504 (ਵੈਸਾਖ ਵਦੀ 1, 5 ਵੈਸਾਖ ਸੰਮਤ 1561)

ਜਨਮ ਸਥਾਨ: ਮੱਤੇ ਦੀ ਸਰਾਂ (ਸਰਾਈਂ ਨਾਗਾ), ਜੋ ਮੁਕਤਸਰ ਤੋਂ 12 ਕਿਲੋਮੀਟਰ ਹੈ।

ਮਾਤਾ-ਪਿਤਾ: ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਂ ਮਾਤਾ ਦਯਾ ਜੀ (ਜਿੰਨ੍ਹਾਂ ਨੂੰ ਮਾਤਾ ਰਾਮੋ ਵੀ ਕਿਹਾ ਜਾਂਦਾ ਹੈ) ਅਤੇ ਪਿਤਾ ਜੀ ਦਾ ਨਾਂ ਬਾਬਾ ਫੇਰੂ ਮੱਲ ਜੀ ਅਤੇ ਦਾਦਾ ਜੀ ਦਾ ਨਾਂ ਨਰਾਇਣ ਦਾਸ ਤਰੇਹਣ ਜੀ ਸਨ।

ਸੁਪਤਨੀ: ਗੁਰੂ ਅੰਗਦ ਦੇਵ ਜੀ ਦਾ ਵਿਆਹ ਸੰਨ 1520 ਈ: ਵਿੱਚ ਬੀਬੀ ਖੀਵੀ ਜੀ, ਜੋ ਕਿ ਖਡੂਰ ਦੇ ਨਾਲ ਲਗਦੇ ਪਿੰਡ ਸੰਘਰ ਦੇ ਰਹਿਣ ਵਾਲੇ ਸਨ, ਨਾਲ ਹੋਇਆ।

ਸੰਤਾਨ: ਗੁਰੂ ਅੰਗਦ ਦੇਵ ਜੀ ਦੇ ਗ੍ਰਹਿ 4 ਬੱਚੇ ਸਨ, ਜਿਨ੍ਹਾਂ ਵਿੱਚੋਂ ਦੋ ਪੁੱਤਰ ਦਾਸ ਜੀ (ਦਾਸੂ ਜੀ) ਸੰਨ 1524 ਨੂੰ ਸੰਘਰ ਵਿਖੇ ਤੇ ਦਾਤ ਜੀ (ਦਾਤੂ ਜੀ) ਸੰਨ 1537 ਨੂੰ ਖਡੂਰ ਵਿਖੇ ਪੈਦਾ ਹੋਏ।  ਦੋ ਸਪੁੱਤਰੀਆਂ ਬੀਬੀ ਅਮਰੋ ਜੀ ਸੰਨ 1526 ’ਚ ਤੇ ਬੀਬੀ ਅਨੋਖੀ ਜੀ ਸੰਨ 1535 ’ਚ ਪੈਦਾ ਹੋਈਆਂ।

ਗੁਰੂ ਨਾਨਕ ਦੇਵ ਜੀ ਨਾਲ ਮੇਲ: ਇਕ ਵਾਰ ਕੁਝ ਜੋਗੀਆਂ ਤੇ ਸਿੱਧਾਂ ਨਾਲ ਸੰਗ ਵਿਚ ਹੋਈ ਚਰਚਾ ਸਮੇਂ ਨਾਨਕ ਤਪੇ ਬਾਰੇ ਸੁਣਿਆ। ਫਿਰ ਬਾਈ ਜੋਧ ਜੋ ਸੰਘਰ ਦੇ ਵਾਸੀ ਸਨ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਜਦ ਉਹ ਪਿੰਡ ਆਏ ਤਾਂ ਉਨ੍ਹਾਂ ਦੇ ਮੁੱਖੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ। ਗੁਰੂ ਨਾਨਕ ਸਾਹਿਬ ਦੇ ਦਰਸਨਾਂ ਦੀ ਤਾਂਘ ਪ੍ਰਬਲ ਹੋ ਗਈ ਤੇ ਜਵਾਲਾ ਮੁਖੀ ਦੇ ਰਾਹ ਜਾਂਦੇ ਹੋਏ ਕਰਤਾਰਪੁਰ ਗੁਰੂ ਸਾਹਿਬ ਦੇ ਦਰਸਨ ਕਰਨ ਲਈ ਆ ਗਏ।

ਗੁਰਗੱਦੀ: ਭਾਈ ਲਹਿਣਾ ਜੀ ਨੂੰ 2 ਸਤੰਬਰ 1539 ਨੂੰ ਦੂਸਰੀ ਨਾਨਕ ਜੋਤਿ ਗੁਰੂ, ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਗੁਰਗੱਦੀ ਮਿਲੀ।

ਕਾਰਜ: ਸੇਵਾ, ਸ਼ਰਧਾ, ਸਮਰਪਣ ਤੇ ਭਗਤੀ ਭਾਵ ਦੇ ਪੁੰਜ, ਭਾਈ ਲਹਿਣਾ ਜੀ ਨੇ ਗੁਰੂ ਅੰਗਦ ਰੂਪ ਵਿਚ ਗੁਰੂ ਨਾਨਕ ਸਾਹਿਬ ਦੇ ਨਿਆਰੇ ਤੇ ਨਿਰਮਲ ਪੰਥ ਨੂੰ ਅਗਾਂਹ ਚਲਾਉਣ ਲਈ ਪੂਰਨ ਪ੍ਰਤਿਬੱਧਤਾ ਨਾਲ ਸਿੱਖ ਧਰਮ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ ਆਰੰਭਿਕ ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਭਾਲ, ਗੁਰਮੁਖੀ ਲਿਪੀ ਦੇ ਵਿਕਾਸ ਤੇ ਸਿਖਲਾਈ ਕਾਰਜ ਕੀਤਾ। ਬੱਚਿਆਂ ਨੂੰ ਸਿੱਖਿਆ ਦੇਣ ਲਈ ਕਾਇਦੇ ਬਣਵਾਏ।

ਗੁਰੂ ਅੰਗਦ ਦੇਵ ਜੀ ਨੇ ‘ਗੁਰੂ ਕਾ ਲੰਗਰ’ ਦੀ ਪ੍ਰਥਾ ਨੂੰ ਵਧੇਰੇ ਪ੍ਰਚੱਲਿਤ ਕੀਤਾ। ਲੋਕਾਂ ਵਿੱਚ ਸਿੱਖਿਆ ਦੇ ਰੁਝਾਨ ਨੂੰ ਵਿਕਸਤ ਕਰਨ ਲਈ ਗੁਰੂ ਅੰਗਦ ਦੇਵ ਜੀ ਨੇ ਕਈ ਸਕੂਲ ਖੁਲ੍ਹਵਾਏ ਅਤੇ ਸਿੱਖਿਆ ਦਾ ਪ੍ਰਸਾਰ ਕੀਤਾ।

ਜਿੱਥੇ ਗੁਰੂ ਜੀ ਨੇ ਮਾਨਸਿਕ ਕਮਜੋਰੀ ਨੂੰ ਬਾਣੀ ਨਾਲ ਦੂਰ ਕਰਨ ਦਾ ਯਤਨ ਕੀਤਾ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਲਈ ਘੋਲਾਂ ਦੀ ਖੇਡ ਨੂੰ ਉਤਸਾਹਿਤ ਕਰਨ ਲਈ ‘ਮੱਲ ਅਖਾੜੇ’ ਵੀ ਸਥਾਪਨਾ ਕੀਤੇ।

ਗੁਰੂ ਘਰ ਦੀ ਸਬਦ ਕੀਰਤਨ ਪਰੰਪਰਾ ਦੇ ਵਿਕਾਸ ਵਿਚ ਵੀ ਆਪ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ।

ਬਾਣੀ ਰਚਨਾ: ਗੁਰੂ ਅੰਗਦ ਸਾਹਿਬ ਜੀ ਨੇ 63 ਸਲੋਕਾਂ ਦੀ ਰਚਨਾ ਕੀਤੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਰੂ ਅੰਗਦ ਦੇਵ ਜੀ ਨੇ ਮਹਲਾ 2 ਸਿਰਲੇਖ ਹੇਠ 9 ਰਾਗਾਂ ਅਧੀਨ ਬਾਣੀ ਉਚਾਰੀ। ਆਪ ਜੀ ਨੇ ਰਾਗ ਸਿਰੀ ਅਧੀਨ 2 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 83-89); ਰਾਗ ਮਾਝ ਅਧੀਨ 12 ਸਲੋਕ, (ਪੰਨਾ 138-150); ਰਾਗ ਆਸਾ ਅਧੀਨ 15 ਸਲੋਕ (ਪੰਨਾ 463-475); ਰਾਗ ਸੋਰਠ ਅਧੀਨ ਇਕ ਸਲੋਕ (ਪੰਨਾ 653); ਰਾਗ ਸੂਹੀ ਅਧੀਨ 11 ਸਲੋਕ, (ਪੰਨਾ 787-792); ਰਾਗ ਰਾਮਕਲੀ ਅਧੀਨ 7 ਸਲੋਕ (ਪੰਨਾ 954-955); ਰਾਗ ਮਾਰੂ ਅਧੀਨ 1 ਸਲੋਕ (ਪੰਨਾ 1093); ਰਾਗ ਸਾਰੰਗ ਅਧੀਨ 9 ਸਲੋਕ (ਪੰਨਾ 1237-1245); ਰਾਗ ਮਲਾਰ ਅਧੀਨ 5 ਸਲੋਕ (ਪੰਨਾ 1279-1290) ਦੀ ਰਚਨਾ ਕੀਤੀ।

ਸਬਦ ਕੀਰਤਨ ਤੇ ਕੀਰਤਨ ਚੌਂਕੀਆਂ ਦਾ ਵਿਕਾਸ: ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸਮੇਂ ਜਲੰਦੇ ਜਗਤ ਨੂੰ ਤਾਰਨ ਅਤੇ ਲੋਕਾਈ ਨੂੰ ਸੋਧਣ ਹਿੱਤ ਭਾਈ ਮਰਦਾਨਾ ਦੇ ਰਬਾਬ ਦੀ ਮਧੁਰ ਝਨਕਾਰ ਵਿਚ ਸਬਦਾਂ ਦਾ ਇਲਾਹੀ ਕੀਰਤਨ ਕੀਤਾ। ਇਸ ਸਬਦ ਕੀਰਤਨ ਤੋਂ ਸਿੱਖ ਧਰਮ ਦੀ ਵਰਤਮਾਨ ਸੁਤੰਤਰ ਦੇ ਮੌਲਿਕ ਸੰਗੀਤ ਪਰੰਪਰਾ ‘ਗੁਰਮਤਿ ਸੰਗੀਤ’ ਦਾ ਉਦੈ ਹੋਇਆ। ਉਪਰੰਤ ਇਸ ਕੀਰਤਨ ਦੀ ਧਰਮਸਾਲ ਵਿਚ ਮਰਿਆਦਤ ਰੂਪ ਵਿਚ ਸਥਾਪਤੀ ਲਈ ਕਰਤਾਰਪੁਰ ਸਾਹਿਬ ਵਿਖੇ ਸਬਦ ਕੀਰਤਨ ਦੀ ਰੀਤ ਚਲਾਈ ਗਈ।

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੁਆਰਾ ਆਰੰਭ ਕੀਤੀ ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਨਿਰੰਤਰ ਵਿਵਹਾਰਕ ਪ੍ਰਚਲਨ ਦੁਆਰਾ, ਬਾਣੀ ਦਾ ਪ੍ਰਵਾਹ ਚਲਾਇਆ। ਇਸ ਦੁਆਰਾ ਸਬਦ ਕੀਰਤਨ ਪਰੰਪਰਾ ਦੇ ‘ਸੈਲੀਗਤ-ਰੂਪ’ ਦਾ ਨਿਰੰਤਰ ਵਿਕਾਸ ਹੋਇਆ। ਗੁਰਮਤਿ ਸੰਗੀਤ ਵਿਚ ਰਾਗਾਂ ਦੇ ਸਮੇਂ ਅਨੁਸਾਰ ਨਾਮਾਂਕਣ ਕੀਤੀਆਂ ਕੀਰਤਨ ਚੌਂਕੀਆਂ ਦੀ ਵਿਸੇਸ ਪਰੰਪਰਾ ਹੈ ਜਿਵੇਂ ਕਿ ਆਸਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਸਾਰੰਗ ਦੀ ਚੌਂਕੀ, ਕਲਿਆਣ ਦੀ ਚੌਂਕੀ, ਕਾਨੜੇ ਦੀ ਚੌਂਕੀ ਆਦਿ। ਕੀਰਤਨ ਚੌਂਕੀਆਂ ਦੀ ਇਹ ਪਰੰਪਰਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਨਿਰੰਤਰ ਰੂਪ ਵਿਚ ਪ੍ਰਚਲਿਤ ਹੈ।

ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵੱਖ ਵੱਖ ਗੁਰੂ ਸਾਹਿਬਾਨ ਦੁਆਰਾ ਨਿਰੰਤਰ ਵਿਕਾਸ ਹੋਇਆ। ਇਨ੍ਹਾਂ ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵਿਸ਼ਿਸ਼ਟ ਸੰਗੀਤ ਵਿਧਾਨ ਤੇ ਮੌਲਿਕ ਸੰਗੀਤਕ ਸਰੂਪ ਹੈ। ਇਨ੍ਹਾਂ ਕੀਰਤਨ ਚੌਂਕੀਆਂ ਦੀ ਪੇਸਕਾਰੀ, ਇਤਿਹਾਸਕ ਵਿਕਾਸ ਅਤੇ ਕੀਰਤਨ-ਸਮੱਗਰੀ ਦਾ ਇਕ ਵਿਸਾਲ ਖਜਾਨਾ ‘ਗੁਰਮਤਿ ਸੰਗੀਤ’ ਦੀ ਕੀਰਤਨ-ਵਿਰਾਸਤ ਦਾ ਅਹਿਮ ਹਿੱਸਾ ਹੈ। ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦੇ ਪ੍ਰਚਲਨ ਤੇ ਸੰਸਥਾਗਤ ਰੂਪ ਵਿਚ ਸਥਾਪਤੀ ਹਿੱਤ ਗੁਰੂ ਅੰਗਦ ਦੇਵ ਜੀ ਦਾ ਵਿਸ਼ੇਸ਼ ਆਰੰਭਕ ਯੋਗਦਾਨ ਰਿਹਾ ਹੈ।

ਕੀਰਤਨਕਾਰਾਂ ਦੀ ਘਰਾਣੇਦਾਰ ਪਰੰਪਰਾ ਦਾ ਆਰੰਭ: ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਬਾਅਦ ਸਿੱਖੀ ਦੇ ਕੇਂਦਰ ਖਡੂਰ ਸਾਹਿਬ ਵਿਖੇ ਕੀਰਤਨ ਦੀ ਵਿਸ਼ੇਸ਼ ਪ੍ਰਥਾ ਚਲਾਈ ਜਿਸ ਅਧੀਨ ਪਰਬੀਨ ਸੰਗੀਤਕਾਰਾਂ ਦੀ ਰਬਾਬੀ ਸ੍ਰੇਣੀ ਨੂੰ ਗੁਰੂ ਘਰ ਨਾਲ ਪੀਢੇ ਤੌਰ ’ਤੇ ਜੋੜਨ ਦਾ ਪ੍ਰਾਰੰਭ ਕੀਤਾ। ਭਾਈ ਮਰਦਾਨਾ ਜੀ ਤੋਂ ਬਾਅਦ ਭਾਈ ਸਜਾਦਾ (ਭਾਈ ਸਹਿਜਾਦ) ਅਤੇ ਵਿਸ਼ੇਸ਼ ਰੂਪ ਵਿਚ ਭਾਈ ਬਲਵੰਡ ਦਾ ਨਾਂ ਵਰਣਨਯੋਗ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖ਼ਸ਼ੀ ਤਾਂ ਰਾਇ ਬਲਵੰਡ, ਗੁਰੂ ਅੰਗਦ ਦੇਵ ਜੀ ਨਾਲ ਹੀ ਖਡੂਰ ਸਾਹਿਬ ਆਏ।

ਬਾਅਦ ਵਿਚ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਕਾਲ ਵਿਚ ਰਾਇ ਬਲਵੰਡ ਨੇ ਰਬਾਬੀ ਭਾਈ ਸੱਤਾ ਜੀ ਨਾਲ ਮਿਲ ਕੇ ਕੀਰਤਨ ਦੀ ਸੇਵਾ ਨਿਭਾਈ। ਆਪ ਦੁਆਰਾ ਰਚਿਤ ਬਾਣੀ ਨੂੰ ਗੁਰੂ ਸਾਹਿਬ ਨੇ ‘ਸਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ ਜੋ ‘ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ’ (ਗੁਰੂ ਗ੍ਰੰਥ ਸਾਹਿਬ, ਪੰਨਾ 966) ਦੇ ਸਿਰਲੇਖ ਹੇਠ ਦਰਜ ਹੈ। ਇਨ੍ਹਾਂ ਇਤਿਹਾਸਕ ਹਵਾਲਿਆਂ ਤੋਂ ਸਪਸ਼ਟ ਹੈ ਕਿ ਗੁਰੂ ਘਰ ਨੇ ਕੀਰਤਨੀਆਂ ਨੂੰ ਭਰਪੂਰ ਸਰਪ੍ਰਸਤੀ ਦੁਆਰਾ ਨਿਵਾਜਿਆ। ਗੁਰੂ ਅੰਗਦ ਦੇਵ ਜੀ ਨਾਲ ਕੀਰਤੀਏ ਦੇ ਰੂਪ ਵਿਚ ਰਬਾਬੀ ਭਾਈ ਬਲਵੰਡ ਦਾ ਖਡੂਰ ਸਾਹਿਬ ਵਿਖੇ ਆਉਣ ਨਾਲ ਗੁਰੂ ਘਰ ਵਿਖੇ ਕੀਰਤਨੀਆਂ ਦੀ ਇਕ ਵਿਸਾਲ ਘਰਾਣੇਦਾਰ ਪਰੰਪਰਾ ਸਰੂਪਤ ਤੇ ਪ੍ਰਫੁੱਲਤ ਹੋਈ।

ਜੋਤੀ-ਜੋਤ: ਗੁਰੂ ਅੰਗਦ ਦੇਵ ਜੀ 25 ਮਾਰਚ 1552 ਨੂੰ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖ਼ਸ਼ ਕੇ 29 ਮਾਰਚ 1552 ਨੂੰ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ। ਆਪ ਜੀ ਨੇ ਦੁਨਿਆਵੀ ਸਰੀਰਕ ਯਾਤਰਾ 48 ਸਾਲ ਸਫਲਤਾ ਪੂਰਵਕ, ਅਨੰਦਮਈ ਮਾਣੀ।

ਬਾਬਾ ਬੁੱਢਾ ਜੀ

0

ਬਾਬਾ ਬੁੱਢਾ ਜੀ

ਕਿਰਪਾਲ ਸਿੰਘ ਬਠਿੰਡਾ ਮੋਬ: 98554-80797

ਬਾਬਾ ਬੁੱਢਾ ਜੀ ਸਿੱਖ ਇਤਿਹਾਸ ਵਿੱਚ ਇਕ ਅਜਿਹੀ ਮਹਾਨ ਸਖ਼ਸ਼ੀਅਤ ਹੋਏ ਹਨ ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸਾਖਸ਼ਾਤ (ਪ੍ਰਤੱਖ) ਰੂਪ ਵਿੱਚਚਰਨਛੋਹ ਪ੍ਰਾਪਤ ਕਰਨ ਅਤੇ ਸੇਵਾ ਕਰਨ ਦਾ ਮੌਕਾ ਮਿਲਣ ਤੋਂ ਇਲਾਵਾ ਦੂਸਰੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਨੂੰ ਗੁਰਿਆਈ ਸੌਂਪਣ ਦੀ ਰਸਮ ਖ਼ੁਦ ਆਪਣੇ ਹੱਥੀਂ ਨਿਭਾਉਣਾ, ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੇ ਹੱਥੀਂ ਕਰਨ ਦਾ ਮਾਣ ਹਾਸਲ ਹੋਣ ਦੇ ਨਾਲ ਨਾਲ ਪਹਿਲੀਆਂ ਸਤ ਪਾਤਸ਼ਾਹੀਆਂ ਅਤੇ ਬਾਲਕ ਗੁਰੂ ਤੇਗ ਬਹਾਦਰ ਸਾਹਿਬ (ਨੌਵੀਂ ਪਾਤਸ਼ਾਹੀ) ਭਾਵ ਅੱਠ ਪਾਤਸ਼ਾਹੀਆਂ ਦੇ ਸਰੀਰਕ ਰੂਪ ਵਿੱਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਸੀ ਮਹਾਨ ਸਖ਼ਸ਼ੀਅਤ ਦਾ ਜਨਮ 1563 ਬਿਕਰਮੀ/1506 ਈ: ਨੂੰ ਪਿੰਡ ਗੱਗੋਨੰਗਲ, ਜਿਲ੍ਹਾ ਅੰਮ੍ਰਿਤਸਰ ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਇਸਤ੍ਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ। ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ ਆ ਵੱਸੇ। ਉਹ ਬਾਅਦ ਵਿੱਚ ਮੱਝਾਂ ਦੇ ਵਾਗੀ ਬਣੇ। ਜਦ ਉਹ ਬਾਰ੍ਹਾਂ-ਤੇਰ੍ਹਾਂ ਕੁ ਵਰ੍ਹਿਆਂ ਦੇ ਹੀ ਸਨ, ਤਦ ਗੁਰੂ ਨਾਨਕ ਸਾਹਿਬ ਜੀ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਮੱਝਾਂ ਚਾਰਦੇ ਉੱਥੇ ਆ ਗਏ ਅਤੇ ਉਨ੍ਹਾਂ ਗੁਰੂ ਜੀ ਦਾ ਉਪਦੇਸ਼ ਸੁਣਿਆ। ਬਾਅਦ ਵਿੱਚ ਉਹ ਰੋਜ਼ਾਨਾ ਗੁਰੂ ਜੀ ਕੋਲ ਆਉਂਦੇ ਅਤੇ ਉਹਨਾਂ ਦਾ ਉਪਦੇਸ਼ ਸੁਣਦੇ ਅਤੇ ਉਹਨਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ। ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਬੂੜਾ ਜੀ ਦਾ ਜਵਾਬ (ਵਿਵੇਕ ਵੈਰਾਗ) ਸੁਣ ਕੇ ਕਿਹਾ ਕਿ ‘ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।’ ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ। ਸਿੱਖ ਉਹਨਾਂ ਨੂੰ ਪਿਆਰ ਨਾਲ ‘ਬਾਬਾ ਬੁੱਢਾ ਜੀ’ ਆਖਦੇ ਹਨ।

ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸ਼ਿਸ ਬਣ ਗਏ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਜੀਵਨ ਸੰਗਤਾਂ ਦੀ ਸੇਵਾ ਵਿਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਨ੍ਹਾਂ ਉੱਪਰ ਬਹੁਤ ਪ੍ਰਸੰਨ ਸਨ।

ਬਾਬਾ ਬੁੱਢਾ ਦਾ ਵਿਆਹ ਸੰਮਤ 1590 ਨੂੰ ਅਚੱਲ ਪਿੰਡ ਦੇ ਜ਼ਿਮੀਦਾਰ ਦੀ ਲੜਕੀ ਮਿਰੋਆ ਨਾਲ ਹੋ ਗਿਆ। ਆਪ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ। ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਅਚਾਨਕ ਚਲਾਣਾ ਕਰ ਗਏ। ਅਜੇ ਉਨ੍ਹਾਂ ਦੀ ਸਤਾਰ੍ਹਵੀਂ ਵੀ ਨਹੀਂ ਹੋਈ ਸੀ ਕਿ ਮਾਤਾ ਗੌਰਾਂ ਵੀ ਆਪਣੇ ਪਤੀ ਦੇ ਮਗਰ ਹੀ ਤੁਰ ਗਈ। ਮਾਂ-ਬਾਪ ਦੇ ਚਲਾਣਾ ਕਰ ਜਾਣ ਉਪਰੰਤ ਕਬੀਲਦਾਰੀ ਦੀ ਸਾਰੀ ਜ਼ਿੰਮੇਵਾਰੀ ਗੁਰੂ ਨਾਨਕ ਜੀ ਵੱਲੋਂ ਦਸਤਾਰ ਭੇਂਟ ਕਰਕੇ ਬਾਬਾ ਬੁੱਢਾ ਜੀ ਦੇ ਸਿਰ ਰੱਖ ਦਿੱਤੀ ਗਈ। ਉਨ੍ਹਾਂ ਨੇ ਆਪਣੇ ਗ੍ਰਹਿਸਥ ਜੀਵਨ ਅਤੇ ਗੁਰੂ ਘਰ ਦੀ ਸੇਵਾ ਦਾ ਕੰਮ ਪੂਰੀ ਸ਼ਰਧਾ ਨਾਲ ਨਿਭਾਇਆ। ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਰਤਾਰਪੁਰ ਵਿਖੇ ਹੀ ਗੁਰੂ ਦੀ ਸੇਵਾ ਲਈ ਪੁੱਜ ਗਏ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪੀ, ਤਾਂ ਉਨ੍ਹਾਂ ਨੇ ਗੁਰਿਆਈਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।

ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ’ਤੇ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆ ਕੇ ਰਹਿਣ ਲੱਗੇ। ਉੱਥੋਂ ਦੇ ਰਹਿਣ ਵਾਲੇ ਇੱਕ ਪਾਖੰਡੀ ਤਪੇ ਵੱਲੋਂ ਗੁਰੂ ਜੀ ਨਾਲ ਖਾਰ ਖਾਏ ਜਾਣ ਕਰਕੇ ਉਨ੍ਹਾਂ ਆਪਣੇ ਆਪ ਨੂੰ ਲੋਕਾਂ ਤੋਂ ਛੁਪਾ ਕੇ ਇਸ ਨੂੰ ਰਾਜ਼ ਹੀ ਰੱਖੇ ਜਾਣ ਦਾ ਬਚਨ ਲਿਆ। ਸੰਗਤਾਂ ਗੁਰੂ ਜੀ ਦੀ ਤਲਾਸ਼ ਕਰ ਰਹੀਆਂ ਸਨ। ਉਸ ਸਮੇਂ ਲੋਕਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਤੇ ਉਨ੍ਹਾਂ ਖਡੂਰ ਸਾਹਿਬ ਜਾ ਕੇ ਮਾਈ ਭਿਰਾਈ ਦੇ ਘਰ ਦੀ ਕੰਧ, ਜਿਸ ਪਿੱਛੇ ਗੁਰੂ ਅੰਗਦ ਦੇਵ ਜੀ ਰਹਿ ਰਹੇ ਸਨ, ਤੁੜਵਾ ਕੇ ਗੁਰੂ ਅੰਗਦ ਦੇਵ ਜੀ ਨੂੰ ਸੰਗਤ ਅੱਗੇ ਪ੍ਰਗਟ ਕਰਨ ਦਾ ਕਾਰਜ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਗੋਇੰਦਵਾਲ ਸਾਹਿਬ ਵਿਖੇਬਾਉਲੀ ਦੇ ਆਰੰਭ ਕਰਵਾਉਣ ਤੇ ਸਿਰੇ ਚੜ੍ਹਾਉਣ ਦੇ ਕੰਮ ਵਿਚ ਹਿੱਸਾ ਪਾਇਆ।

ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫ਼ਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਕੀਤੇ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਾਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਵਿਚਕਾਰ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾ ਲਿਆ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ। ਇਹ ਉਹ ਅਸਥਾਨ ਹੈ, ਜਿੱਥੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਦੀ ਸਪੁੱਤਨੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਵੱਲੋਂ ਪੁੱਤਰ ਹੋਣ ਦੀ ਦਾਤ ਬਖਸ਼ੇ ਜਾਣ ਸਬੰਧੀ ਕਿਹਾ ਜਾਂਦਾ ਹੈ।

ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਦੀ ਨਿਗਰਾਨੀ ਹੇਠ ਹੀ 1552 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਬਾਉਲੀ ਟੱਕ ਲਗਾ ਕੇ ਤਾਮੀਰ ਕੀਤੀ ਗਈ। ਗੁਰੂ ਅਮਰਦਾਸ ਜੀ ਦੇ ਸਮੇਂ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22 ਮੰਜੀਆਂ ਦੀ ਸਥਾਪਨਾ ਹੋਈ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧਕ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੇ ਹੀ ਬਾਖ਼ੂਬੀ ਨਿਭਾਈ। ਅਕਬਰ ਬਾਦਸ਼ਾਹ ਦੇ ਗੁਰੂ ਦਰਬਾਰ ਵਿੱਚ ਆਉਣ ’ਤੇ ਉਸ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਬਾਬਾ ਬੁੱਢਾ ਜੀ ਨੇ ਹੀ ਮੁਹੱਈਆ ਕਰਵਾਈ ਸੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਆਖ਼ਰੀ ਰਸਮਾਂ ਬਾਬਾ ਜੀ ਨੇ ਹੀ ਆਪਣੇ ਹੱਥੀਂ ਨਿਭਾਈਆਂ ਸਨ। ਗੁਰੂ ਰਾਮਦਾਸ ਜੀ ਵੱਲੋਂ ਰਾਮਦਾਸਪੁਰ (ਅੰਮ੍ਰਿਤਸਰ) ਦੀ ਸਥਾਪਨਾ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ’ਤੇ ਸਰੋਵਰ ਖੁਦਵਾਉਣ ਤੇ ਸ਼ਹਿਰ ਵਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੋਹੜੀ ਗੱਡੀ ਸੀ। ਫਿਰ ਜਦੋਂ ਅੰਮ੍ਰਿਤਸਰ ਸਰੋਵਰ ਤੇ ਦਰਬਾਰ ਸਾਹਿਬ ਦੀ ਸੇਵਾ ਆਰੰਭ ਹੋਈ ਤਾਂ ਬਾਬਾ ਜੀ ਨੇ ਆਪਣੇ ਪੁੱਤ-ਪੋਤਰਿਆਂ ਸਮੇਤ ਸੇਵਾ ਵਿਚ ਹਿੱਸਾ ਲਿਆ। ਬਾਬਾ ਬੁੱਢਾ ਜੀ ਨੇ ਇੱਕ ਬੇਰੀ ਜੋ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਚੜ੍ਹਦੇ ਪਾਸੇ ਘੰਟਾ ਘਰ ਵਾਲੇ ਦਰਵਾਜ਼ੇ ਵਾਲੀ ਸਾਈਡ ਸਥਿਤ ਹੈ; ਹੇਠ ਪੱਕੇ ਡੇਰੇ ਲਾ ਦਿੱਤੇ ਤੇ ਸਰੋਵਰ ਦਾ ਕੰਮ ਮੁਕੰਮਲ ਕਰਵਾਇਆ। ਇਸ ਬੇਰੀ ਨੂੰ ਅੱਜ ਕੱਲ੍ਹ ਬੇਰ ਬਾਬਾ ਬੁੱਢਾ ਜੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਸੰਮਤ 1661 ਬਿਕ੍ਰਮੀ (ਸੰਨ 1604) ਨੂੰ ਗੁਰੂ ਅਰਜਨ ਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਜਦੋਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਬਣਾ ਕੇ ਸਤਿਕਾਰ ਬਖ਼ਸ਼ਿਆ।

ਗੁਰੂ ਅਰਜੁਨ ਸਾਹਿਬ ਜੀ ਨੇ ਬਚਪਨ ਵਿਚ ਬਾਲ ਹਰਿਗੋਬਿੰਦ ਨੂੰ ਹਰ ਪੱਖੋਂ ਨਿਪੁੰਨ ਅਤੇ ਸੂਰਬੀਰ ਯੋਧਾ ਬਣਾਉਣ ਦੀ ਸੇਵਾ ਵੀ ਬਾਬਾ ਬੁੱਢਾ ਜੀ ਤੋਂ ਲਈ।ਬਾਅਦ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੇ ਜਾਣ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਬਾਬਾ ਬੁੱਢਾ ਜੀ ਨੇ ਹੀ ਪਹਿਨਾਈਆਂ। 1608 ਈਸਵੀ ਵਿੱਚ ਬਾਬਾਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦੀ ਉਸਾਰੀ ਕੀਤੀ। ਇਸ ਦਾ ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰੱਖਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦੀ ਦੌਰਾਨ ਸਿੱਖਾਂ ਦੀ ਅਗਵਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕੀਤੀ ਸੀ। ਜਨਵਰੀ 1620 ਈਸਵੀ ਦੇ ਆਖ਼ਰੀ ਦਿਨਾਂ ਵਿਚ ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਬਾਲੂ ਰਾਇ ਨੇ ਅਹਿਮ ਭੂਮਿਕਾ ਨਿਭਾਈ ਸੀ। ਬਾਬਾ ਬੁੱਢਾ ਜੀ ਦੇ ਚਾਰ ਸਪੁੱਤਰ ਸਨ। ਉਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, ‘ਖੰਡੇ ਦੀ ਪਾਹੁਲ’ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ੍ਹ ਵੀ ਕੱਥੂ ਨੰਗਲ ਦੇ ਆਸ-ਪਾਸ ਰਹਿੰਦਾ ਹੈ। ਬਾਬਾ ਬੁੱਢਾ ਜੀ ਸੰਮਤ 1688 ਬਿਕ੍ਰਮੀ (ਸੰਨ 1631ਈ:) ਨੂੰ ਪਿੰਡ ਰਮਦਾਸ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ 125 ਸਾਲ ਦੀ ਲੰਬੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਸਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ। ਇਸ ਜਗ੍ਹਾ (ਰਮਦਾਸ) ਇਕ ਕਾਫ਼ੀ ਵੱਡਾ ਸਰੋਵਰ ਹੈ।

ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿਚ ਆਪਣੀ ਦੂਰਦ੍ਰਿਸ਼ਟੀ ਅਤੇ ਤੀਖਣ ਬੁੱਧੀ ਰਾਹੀਂ ਸੇਧ ਦੇ ਕੇ ਸਿੱਖਾਂ ਨੂੰ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਇਸ ਜੀਉੜੇ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ। ਇਹ ਗੱਲ ਵਿਸ਼ੇਸ਼ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਇਸ ਮਹਾਨ ਸਖ਼ਸ਼ੀਅਤ ਨੂੰ ਸਿੱਖ ਇਤਿਹਾਸ ਵਿੱਚ ਕੇਵਲ ਬਾਬਾ ਬੁੱਢਾ ਜੀ ਦੇ ਨਾਮ ਹੇਠ ਹੀ ਲਿਖਿਆ ਅਤੇ ਯਾਦ ਕੀਤਾ ਜਾ ਰਿਹਾ ਹੈ ਅਤੇ ਕਿਧਰੇ ਵੀ ਉਨ੍ਹਾਂ ਦੇ ਨਾਮ ਨਾਲ ਮਹਾਂਪੁਰਖ, ਸੰਤ, ਬ੍ਰਹਮਗਿਆਨੀ ਆਦਿਕ ਵਿਸ਼ੇਸ਼ਣ ਨਹੀਂ ਲੱਗਾ ਹੋਇਆ; ਜਦ ਕਿ ਪਿਛਲੇ ਸਮਿਆਂ ਤੋਂ ਅਨੇਕਾਂ ਵਿਅਕਤੀ ਐਸੇ ਉੱਭਰ ਰਹੇ ਹਨ ਜਿਨ੍ਹਾਂ ਦੀਸਿੱਖ ਧਰਮ ਨੂੰ ਰੱਤਾ ਭਰ ਵੀ ਦੇਣ ਨਹੀਂ ਹੈ ਸਗੋਂ ਮਖੱਟੂ ਹੋ ਕੇ ਆਪਣੀ ਰੋਜ਼ੀ ਰੋਟੀ ਅਤੇ ਐਸ਼ ਪ੍ਰਸ਼ਤੀ ਦੇ ਸਾਧਨ ਜਟਾਉਣ ਦੇ ਵਸੀਲੇ ਵਜੋਂ ਆਪਣੇ ਡੇਰੇ ਸਥਾਪਤ ਕਰਕੇ ਆਪਣੇ ਆਪ ਨੂੰ ਕੇਵਲ ਮਹਾਂਪੁਰਖ, ਸੰਤ ਮਹਾਰਾਜ, ਪੂਰਨ ਬ੍ਰਹਮ ਗਿਆਨੀ, ਸ਼੍ਰੀ ਸ਼੍ਰੀ 108 ਜਾਂ 1008 ਆਦਿਕ ਵਿਸ਼ੇਸ਼ਣਾਂ ਨਾਲ ਸੰਬੋਧਨ ਹੀ ਨਹੀਂ ਕਰ ਅਤੇ ਕਰਵਾ ਰਹੇ ਸਗੋਂ ਗੁਰੂ ਘਰ ਦੇ ਸ਼ਰੀਕ ਬਣਨ ਦੇ ਰਾਹ ਵੀ ਤੁਰੇ ਹੋਏ ਹਨ। ਅਜਿਹੀ ਬ੍ਰਿਤੀ ਦੇ ਮਾਲਕ ਹੀ ਗੁਰੂ ਘਰ ਦੇ ਕਿਸੇ ਵਿਰੋਧੀ ਲੇਖਕ ਵੱਲੋਂ ਲਿਖੀ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਦੇ ਪ੍ਰਚਾਰ ਪਾਸਾਰ ਵਿੱਚ ਆਪਣਾ ਸਿਰਤੋੜ ਯਤਨ ਨਿਭਾ ਰਹੇ ਹਨ। ਬਾਬਾ ਬੁੱਢਾ ਜੀ ਆਪਣੀ ਜ਼ਿੰਦਗੀ ਦੇ ਗਿਆਰਾਂ ਦਹਾਕਿਆਂ ਤੋਂ ਵੱਧ ਸਮੇਂ ਤੱਕ ਛੇ ਗੁਰੂ ਸਾਹਿਬਾਨ ਦੀ ਸੰਗਤ ਵਿੱਚ ਰਹਿ ਕੇ ਇਸ ਸਿਧਾਂਤ: ‘‘ਗੁਰ ਨਾਲਿ ਤੁਲਿ ਨ ਲਗਈ; ਖੋਜਿ ਡਿਠਾ ਬ੍ਰਹਮੰਡੁ ॥’’(ਸਿਰੀਰਾਗੁ, ਮ ੫, ਅੰਕ ੫੦) ਭਾਵ ‘ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਕੋਈ ਵੀ ਗੁਰੂ ਦੇ ਬਰਾਬਰ ਦਾ ਨਹੀਂ ਹੈ।’ ਪਰ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਦਾ ਕੁਟਲ ਲਿਖਾਰੀ ਹਰ ਪੱਖੋਂ ਉਸੇ ਬਾਬਾ ਬੁੱਢਾ ਜੀ ਦੀ ਮਹਿਮਾ ਗੁਰੂ ਸਾਹਿਬ ਨਾਲੋਂ ਵੱਧ ਦਰਸਾ ਕੇ ਗੁਰਮਤਿ ਦੇ ਇਸ ਸਿਧਾਂਤ ਦੀ ਖੰਡਣਾ ਕਰ ਰਿਹਾ ਹੈ। ਲਿਖਾਰੀ ਲਿਖਦਾ ਹੈ:- ‘ਸਤਿਗੁਰੂ ਜੀ ਦੇ ਬਚਨ ਮੰਨ ਕੇ ਪੁੱਤਰ ਦੀ ਪਿਆਰੀ ਇੱਛਾ ਸਹਿਤ ਮਾਤਾ ਗੰਗਾ ਜੀ ਬਹੁਤ ਸਾਰੇ ਦਾਸ, ਕਈ ਦਾਸੀਆਂ, ਸ਼ਿੰਗਾਰੇ ਹੋਏ ਘੋੜੇ ਤੇ ਰਥ, ਖੀਰ ਖੰਡ ਅਤੇ ਕਈ ਤਰ੍ਹਾਂ ਦੇ ਪਕਵਾਨ ਨਾਲ ਲੱਦੀਆਂ ਸੁੰਦਰ ਬਹਿੰਗੀਆਂ ਵਾਲੇ ਸੇਵਕ (ਵਡੇ ਪ੍ਰਭਾਵਸ਼ਾਲੀ ਜਲੂਸ਼ ਦੀ ਸ਼ਕਲ ਵਿਚ) ਨਾਲ ਤੁਰ ਪਏ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਜ਼ੁਬਾਨੀ ਉਚਾਰੀ ਦਰਸਾਈ ਚੌਪਈ ਵਿੱਚੋਂ ਬਾਬਾ ਬੁਢਾ ਜੀ ਦੀ ਬੀੜ ਵੱਲ ਜਾਂਦੇ ਮਾਤਾ ਗੰਗਾ ਜੀ ਦੇ ਜਲੂਸ ਦਾ ਉਪਰੋਕਤ ਵੇਰਵਾ ਪੜ੍ਹ ਕੇ ਬੜੀ ਸਖ਼ਤ ਹੈਰਾਨੀ ਹੋਈ ਕਿ, ਰਜਵਾੜਿਆਂ ਵਾਂਗ ਤਿਆਰ ਕੀਤੇ ਸੁਆਦਿਸ਼ਟ ਪਕਵਾਨ ਨਾਲ ਲੱਦੀਆਂ ਹੋਈਆਂ ਵਧੀਆ ਬਹਿੰਗੀਆਂ, ਬਹੁਤ ਸਾਰੇ ਦਾਸ ਦਾਸੀਆਂ ਦੇ ਝੁਰਮਟ ਵਿੱਚ ਬੜੇ ਕੀਮਤੀ ਸੁੰਦਰ ਹਾਰ ਸ਼ਿੰਗਾਰ ਨਾਲ ਸ਼ਿੰਗਾਰੇ ਘੋੜਿਆਂ ਨਾਲ ਖਿੱਚੇ ਜਾ ਰਹੇ ਰਥ ਵਿੱਚ ਬੈਠੇ ਮਾਤਾ ਗੰਗਾ ਜੀ ? ਗ਼ਰੀਬ ਕਿਰਤੀਆਂ ਦੀ ਮਾਮੂਲੀ ਆਮਦਨ ਦੇ ਦਸਵੰਧ ਦੇ ਆਸਰੇ ‘ਸੰਤ ਸਿਪਾਹੀ’ ਦੀ ਸਿਰਜਣਾ ਕਰਨ ਦੇ ਯਤਨਾ ਵਿੱਚ ਰੁੱਝੇ ਹੋਏ, ਸਾਦਗੀ ਗ਼ਰੀਬੀ ਸਹਿਨਸ਼ੀਲਤਾ ਦੇ ਪੂਰਨੇ ਪਾ ਰਹੇ, ਜਿਸ ਗੁਰਦੇਵ ਪਿਤਾ ਜੀ ਦੇ ਉਪਦੇਸ਼ ਦਾ ਧੁਰਾ ਹੀ ਸੰਤੋਖ ਵਾਲਾ ਜੀਵਨ ਅਤੇ ਸਾਦਾ ਜੀਵਨ ਬਿਤਾਉਣਾ ਹੋਵੇ:- ‘‘ਨਾਮੁ ਬੀਜੁ ਸੰਤੋਖੁ ਸੁਹਾਗਾ, ਰਖੁ ਗਰੀਬੀ ਵੇਸੁ॥’’ ਅਤੇ ਉੱਚੇ ਆਚਰਨ ਨੂੰ ਘੋੜੇ ਬਣਾ ਕੇ ਚੱਲਣ ਦਾ ਹੋਵੇ: ‘‘ਸੁਣਿ ਸਾਸਤ ਸਉਦਾਗਰੀ; ਸਤੁ ਘੋੜੇ ਲੈ ਚਲੁ॥’’ (ਮਹਲਾ ੧,ਅੰਕ 595)

ਕੀ ਉਨ੍ਹਾਂ ਦੇ ਮਹਿਲ ਮਾਤਾ ਗੰਗਾ ਜੀ ਉਪ੍ਰੋਕਤ ਦੱਸੀ ਸ਼ਾਨੋ ਸ਼ੌਕਤ ਨਾਲ ਜਾ ਸਕਦੇ ਹਨ ? ਜਾਂ ਲਿਖਾਰੀ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਇਹ ਦੋਸ਼ ਲਾਉਣਾ ਚਾਹੁੰਦਾ ਹੈ ਕਿ ਅੱਜ ਦੇ ਪ੍ਰਚਾਰਕਾਂ ਵਾਂਗ ਗੁਰੂ ਸਾਹਿਬਾਨਾਂ ਦਾ ਪ੍ਰਚਾਰ ਵੀ ਸਿਰਫ ਦੂਸਰਿਆਂ ਨੂੰ ਉਪਦੇਸ਼ ਦੇਣ ਲਈ ਹੀ ਸੀ ਅਤੇ ਉਹ ਖ਼ੁਦ ਉਸ ’ਤੇ ਅਮਲ ਨਹੀਂ ਕਰਦੇ ਸਨ?

ਦੂਸਰੀ ਗੱਲ ਹੈ ਕਿ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ:

(1). ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ। ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਵੀ ਆਪ ਹੀ ਕਰਦਾ ਹੈ)। ਉਸ ਤੋਂ ਬਿਨਾ ਕੋਈ ਹੋਰ ਇਸ ਸਮਰੱਥਾ ਵਾਲਾ ਨਹੀਂ ਹੈ: ‘‘ਆਪੇ ਕਰਤਾ, ਸਚਾ ਸੋਈ ॥ ਆਪੇ ਮਾਰਿਜੀਵਾਲੇ, ਅਵਰੁ ਨ ਕੋਈ ॥’’ (ਮ: ੩/ ਅੰਕ ੧੦੬੯)

(2). ਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ ਨੂੰ (ਜਗਤ ਵਿਚ) ਘੱਲਦਾ ਹੈ ਤੇ (ਫਿਰ ਇੱਥੋਂ) ਲੈ ਜਾਂਦਾ ਹੈ: ‘‘ਜਿਨਸਿ ਥਾਪਿ, ਜੀਆ ਕਉ ਭੇਜੈ; ਜਿਨਸਿ ਥਾਪਿ, ਲੈ ਜਾਵੈ ॥’’ (ਮ: ੪/ ਅੰਕ ੩੨੬)

(3). ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁਝ ਨਹੀਂ ਹੈ: ‘‘ਮਾਰੈ, ਰਾਖੈ, ਏਕੋ ਆਪਿ॥ ਮਾਨੁਖ ਕੈ, ਕਿਛੁ ਨਾਹੀ ਹਾਥਿ॥’’ (ਸੁਖਮਨੀ, ਮ: ੫/ ਅੰਕ ੨੮੧)

ਫਿਰ ਉਪ੍ਰੋਕਤ ਗੁਰ ਉਪਦੇਸ਼ਾਂ ਦੀ ਅਣਦੇਖੀ ਕਰਕੇ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਬਾਬਾ ਬੁੱਢਾ ਜੀ ਕਿਸ ਤਰ੍ਹਾਂ ਮਾਤਾ ਜੀ ਨੂੰ ਇਹ ਵਰ ਦੇ ਸਕਦੇ ਹਨ ਕਿ ਤੇਰੀ ਕੁੱਖ ਤੋਂ ਅਜੇਹਾ ਸੂਰਬੀਰ ਯੋਧਾ ਪੈਦਾ ਹੋਵੇਗਾ ਜੋ ਵੈਰੀਆਂ ਦੇ ਸਿਰ ਇਉਂ ਭੰਨੇਗਾ ਜਿਵੇਂ ਉਨ੍ਹਾਂ (ਬਾਬਾ ਬੁੱਢਾ ਜੀ) ਨੇ ਆਪਣੀਆਂ ਦੋਵੇਂ ਤਲੀਆਂ ਵਿੱਚ ਰਗੜ ਕੇ ਗੰਢਾ ਭੰਨ ਦਿੱਤਾ ਹੈ। ਬਾਬਾ ਬੁੱਢਾ ਜੀ ਦੇ ਵਰ ਨਾਲ ਬਾਲ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਹੋਣ ਦੀ ਐਸੀ ਮਨੌਤ ਦਾ ਤਾਂ ਗੁਰੂ ਅਰਜੁਨ ਸਾਹਿਬ ਜੀ ਖ਼ੁਦ ਹੀ ਖੰਡਨ ਕਰਦੇ ਹੋਏ ਲਿਖ ਰਹੇ ਹਨ; ਜਿਵੇਂ: ‘‘ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ, ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈਮਨਿ, ਬਹੁਤੁ ਬਿਗਾਸੁ ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ, ਲਿਖਿਆ ਧੁਰ ਕਾ॥ ਰਹਾਉ ॥ — ਵਧੀ ਵੇਲਿ, ਬਹੁ ਪੀੜੀ ਚਾਲੀ ॥ਧਰਮ ਕਲਾ, ਹਰਿ ਬੰਧਿ ਬਹਾਲੀ ॥ —– ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ, ਕੀਨੀ ਦਾਤਿ॥’’ (ਮ: , ਅੰਕ ੩੯੬)

ਜੇ ਕਰ ਗੁਰ ਬਿਲਾਸ ਦੀ ਪ੍ਰਚਾਰੀ ਜਾ ਰਹੀ ਮਨ ਘੜਤ ਕਹਾਣੀ ਸੱਚੀ ਹੁੰਦੀ ਤਾਂ ਗੁਰੂ ਅਰਜੁਨ ਸਾਹਿਬ ਜੀ ‘‘ਸਤਿਗੁਰ ਸਾਚੈ (ਨੇ) ਦੀਆ ਭੇਜਿ ॥’ ਦੀ ਥਾਂ ਜਰੂਰ ਲਿਖਦੇ ‘ਬਾਬੇ ‘ਬੁੱਢੈ’ ਦੀਆ ਭੇਜਿ॥’ ਅਤੇ ‘‘ਗੁਰੁ ਨਾਨਕੁ ਤੁਠਾ, ਕੀਨੀ ਦਾਤਿ॥’’ ਦੀ ਥਾਂ ਲਿਖ ਦਿੰਦੇ: ‘ਬਾਬਾ ਬੁੱਢਾ ਤੁਠਾ, ਕੀਨੀ ਦਾਤਿ॥’ ਪਰ ਐਸਾ ਨਹੀਂ ਲਿਖਿਆ ਕਿਉਂਕਿ ਐਸਾ ਹੋ ਹੀ ਨਹੀਂ ਸਕਦਾ।

ਸੋ ਅਜੇਹੀ ਗੁਰਮਤਿ ਵਿਰੋਧੀ ਝੂਠੀ-ਕਹਾਣੀ ਭਾਈ ਮਨੀ ਸਿੰਘ ਜੀ ਦੇ ਮੂੰਹੋਂ ਸੁਣਾਈ ਦਰਸਾਉਣ ਦਾ ਅਪਰਾਧ ਕਰਨ ਵਾਲਾ ਲਿਖਾਰੀ ਨਿਰਸੰਦੇਹ, ਗੁਰਮਤਿ-ਸਿਧਾਂਤ ਦਾ ਵੈਰੀ ਕੋਈ ਬਿੱਪ੍ਰ ਹੋਵੇਗਾ ਅਤੇ ਐਸੀ ਸਾਖੀ ਦਾ ਪ੍ਰਚਾਰ ਕਰਨ ਵਾਲੇ ਡੇਰੇਦਾਰਾਂ ਦਾ ਮਕਸਦ ਹੈ ਭੋਲੀਆਂ ਸੰਗਤਾਂ ਦੇ ਮਨ ਵਿੱਚ ਇਹ ਬਿਠਾਉਣਾ ਕਿ ਕੋਈ (ਉਨ੍ਹਾਂ ਵਰਗਾ) ਪਹੁੰਚਿਆ ਹੋਇਆ ਸੰਤ ਆਪਣੀ ਮੌਜ਼ ਵਿੱਚ ਆਇਆ ਬਾਬਾ ਬੁੱਢਾ ਜੀ ਵਾਂਗ ਕੋਈ ਵੀ ਵਰ ਦੇ ਸਕਦਾ ਹੈ ਅਤੇ ਕਿਸੇ ਵਜ੍ਹਾ ਸ਼ਰਧਾਲੂ ਨਾਲਨਰਾਜ਼ ਹੋਇਆ ਸਰਾਪ ਵੀ ਦੇ ਸਕਦਾ ਹੈ ਜਿਵੇਂ ਕਿ ਮਨਘੜਤ ਕਹਾਣੀ ਰਾਹੀਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਸਰਾਪ ਦਿੰਦਿਆਂ ਕਹਿ ਦਿੱਤਾ ਸੀ ਕਿ ‘ਗੁਰੂ ਕਿਆਂ ਨੂੰ ਕੀ ਭਾਝੜਾਂ ਪੈ ਗਈਆਂ?’

ਸਾਨੂੰ ਗੁਰਬਾਣੀ ਅਤੇ ਬਾਬਾ ਬੁੱਢਾ ਜੀ ਦੇ ਉੱਚੇ ਸੁੱਚੇ ਜੀਵਨ ਤੋਂ ਗੁਰਮਤਿ ਅਨੁਸਾਰੀ ਸੇਧ ਲੈਣੀ ਚਾਹੀਦੀ ਹੈ ਨਾ ਕਿ ਗੁਰਬਿਲਾਸ ਵਰਗੀ ਪੁਸਤਕ ਦੀਆਂ ਮਨਘੜਤ ਕਹਾਣੀਆਂ ਵਿੱਚ ਬਿਨਾ ਗੁਰਬਾਣੀ ਦੀ ਕਸਵੱਟੀ ’ਤੇ ਪਰਖਿਆਂ ਵਿਸ਼ਵਾਸ਼ ਕਰਨਾ ਚਾਹੀਦਾ ਹੈ।

ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਅਤੇ ਸ਼ਹੀਦ ਊਧਮ ਸਿੰਘ

0

ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਅਤੇ ਸ਼ਹੀਦ ਊਧਮ ਸਿੰਘ

ਡਾ ਗੁਰਨਾਮ ਕੌਰ (ਕੈਨੇਡਾ)

ਗਦਰੀ ਯੋਧਿਆਂ ਦਾ ਸਿੱਖ ਪਿਛੋਕੜ-

ਪਹਿਲੀ ਆਲਮੀ ਜੰਗ ਦਾ ਮਾੜਾ ਅਸਰ ਹਿੰਦੁਸਤਾਨ ’ਤੇ ਵੀ ਹੋਇਆ। ਬਹੁਤ ਸਾਰੇ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ, ਮੁਦਰਾ ਦਾ ਪਾਸਾਰ, ਵਧੇ ਹੋਏ ਟੈਕਸਾਂ ਦਾ ਬੋਝ ਅਤੇ ਹੋਰ ਅਨੇਕਾਂ ਸਮੱਸਿਆਵਾਂ ਨੇ ਹਿੰਦੁਸਤਾਨ ਦੀ ਜਨਤਾ ’ਤੇ ਬੇਹੱਦ ਅਸਰ ਪਾਇਆ। ਆਜ਼ਾਦੀ ਲਈ ਜੂਝ ਰਹੇ ਵੱਖੋ-ਵੱਖਰੇ ਧੜਿਆਂ ਨੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਪੋ-ਆਪਣੇ ਗਿਲੇ-ਸ਼ਿਕਵੇ ਦੂਰ ਕਰ ਕੇ ਏਕਾ ਕੀਤਾ। ਸਾਰੇ ਭਾਰਤ ਵਿਚ ਜਨਤਕ ਬੇਚੈਨੀ ਬਹੁਤ ਬੁਰੀ ਤਰ੍ਹਾਂ ਫੈਲ ਗਈ, ਖਾਸ ਕਰ ਕੇ ਮੁੰਬਈ ਦੇ ਮਿੱਲ ਕਾਮਿਆਂ ਵਿਚ, ਜਿਸ ਕਰਕੇ ਸੰਨ 1919 ਵਿਚ ਰੌਲਟ ਕਮੇਟੀ ਬਣਾਈ ਗਈ। ਰੌਲਟ ਕਮੇਟੀ ਦਾ ਨਾਮ ਅੰਗਰੇਜ਼ ਜੱਜ ਸਿਡਨੀ ਰੌਲਟ ਦੇ ਨਾਮ ’ਤੇ ਪਿਆ। ਕਮੇਟੀ ਦਾ ਕੰਮ ਹਿੰਦੋਸਤਾਨ ਵਿਚ ਇਨਕਲਾਬੀ ਲਹਿਰ ਦੇ ਜਰਮਨ ਅਤੇ ਬਾਲਸ਼ਵਿਕਾਂ ਨਾਲ ਸਬੰਧਾਂ ਦੀ ਪੜਤਾਲ ਕਰਨਾ ਸੀ, ਖਾਸ ਕਰਕੇ ਪੰਜਾਬ ਅਤੇ ਬੰਗਾਲ ਵਿਚ। ਕਮੇਟੀ ਨੇ ਡਿਫੈਂਸ ਆਫ ਇੰਡੀਆ ਐਕਟ 1915 ਦੇ ਪਰਸਾਰ ਦੀ ਮੰਗ ਕੀਤੀ। ਐਕਟ ਨੇ ਵਾਇਸਰਾਏ ਦੀ ਸਰਕਾਰ ਦੀਆਂ ਸ਼ਕਤੀਆਂ ਬਹੁਤ ਵਧਾ ਦਿੱਤੀਆਂ, ਜਿਸ ਵਿਚ ਪ੍ਰੈਸ ਨੂੰ ਚੁੱਪ ਕਰਾ ਦੇਣਾ, ਰਾਜਨੀਤਕ ਤੌਰ ’ਤੇ ਸਰਗਰਮ ਲੋਕਾਂ ਨੂੰ ਬਿਨਾ ਮੁਕੱਦਮੇ ਤੋਂ ਨਜ਼ਰਬੰਦ ਕਰਨਾ, ਕਿਸੇ ਵੀ ਵਿਅਕਤੀ ਨੂੰ ਵਿਦਰੋਹ ਦੇ ਸ਼ੱਕ ’ਤੇ ਬਿਨਾ ਵਰੰਟਾਂ ਦੇ ਗ੍ਰਿਫਤਾਰ ਕਰਨਾ ਆਦਿ।

ਇਸ ਐਕਟ ਨੇ ਲੋਕਾਂ ਦੇ ਗੁੱਸੇ ਨੂੰ ਬਹੁਤ ਭੜਕਾ ਦਿੱਤਾ। ਅੰਮ੍ਰਿਤਸਰ, ਜਲ੍ਹਿਆਂ ਵਾਲੇ ਬਾਗ਼ ਵਿਚ 15000 ਦੇ ਕਰੀਬ ਲੋਕ ਇਕੱਠੇ ਹੋਏ। ਅਗਲੇ ਕੁੱਝ ਦਿਨਾਂ ਵਿਚ ਹਾਲਾਤ ਬਹੁਤ ਹੀ ਖ਼ਰਾਬ ਹੋ ਗਏ। ਕਿਹਾ ਜਾਂਦਾ ਹੈ ਕਿ ਮਾਈਕਲ ਓਡਵਾਇਰ ਦਾ ਵਿਸ਼ਵਾਸ ਸੀ ਕਿ ਇਹ ਮਈ ਦੇ ਆਸ-ਪਾਸ, ਜਦੋਂ ਗਰਮ ਮੌਸਮ ਕਾਰਨ ਅੰਗਰੇਜ਼ ਸੈਨਾ ਪਹਾੜਾਂ ਵਿਚ ਚਲੀ ਜਾਂਦੀ ਹੈ, ਹੋਣ ਵਾਲੀ ਬਗ਼ਾਵਤ ਵਰਗੀ ਸਾਜਿਸ਼ ਦੇ ਮੁੱਢਲੇ ਅਤੇ ਛੁਪੇ ਹੋਏ ਭੈੜੇ ਚਿੰਨ੍ਹ ਹਨ। ਅੰਮ੍ਰਿਤਸਰ ਕਤਲੇਆਮ, ਇਸ ਤੋਂ ਪਿੱਛੋਂ ਅਤੇ ਪਹਿਲਾਂ ਦੀ ਪ੍ਰਤਿਕਿਰਿਆ ਇਸ ਤੱਥ ਨੂੰ ਦਰਸਾਉਂਦੀ ਹੈ ਕਿ ਇਹ ਇੱਕ ਨਿਵੇਕਲੀ ਘਟਨਾ ਦੀ ਬਜਾਇ, ਪੰਜਾਬ ਸਾਸ਼ਨ ਵੱਲੋਂ ਅਜਿਹੀ ਸਾਜਿਸ਼ ਨੂੰ ਦਬਾਉਣ ਲਈ ਸੋਚੀ ਸਮਝੀ ਯੋਜਨਾ ਦਾ ਨਤੀਜਾ ਸੀ। ਕਿਹਾ ਜਾਂਦਾ ਹੈ ਕਿ ਜੇਮਜ਼ ਹੂਸਮੇਨ ਡੂ ਬੂਲੇ ਨੇ ਪੰਜਾਬ ਵਿਚ ਵਧ ਰਹੇ ਤਣਾਅ-ਪੂਰਨ ਹਾਲਾਤ ਵਿਚ ਉੱਠ ਰਹੇ ਗ਼ਦਰ ਦੇ ਡਰ ਅਤੇ ਅੰਮ੍ਰਿਤਸਰ ਵਿਚ ਹੋਏ ਕਤਲੇਆਮ ਵਿਚ ਸਿੱਧਾ ਸਬੰਧ ਦੱਸਿਆ ਹੈ। (ਸੋਮੇ ਸੈਲ ਜੌਹਨ ਡਬਲਿਉ (2000) ਹੈਲੇ: ਏ ਸਟੱਡੀ ਇਨ ਬ੍ਰਿਟਿਸ਼ ਇੰਪੀਰੀਅਲਿਜ਼ਮ, 1872-1969, ਕੈਂਬਰਿਜ ਯੂਨੀਵਰਸਿਟੀ, ਅਤੇ ਬਰਾਊਨ, ਐਮਲੀ (1973), ਬੁਕ ਰਿਵਿਊਜ; ਸਾਊਥ ਏਸ਼ੀਆ, ਦ ਜਰਨਲ ਆਫ ਏਸ਼ੀਅਨ ਸਟੱਡੀਜ, ਕਾਂਡ 32, ਨੰਬਰ 3 (ਮਈ 1973) ਪੰਨਾ 522-23)

10 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਿਵਾਸ ਅੱਗੇ ਬਹੁਤ ਵੱਡਾ ਰੋਸ ਵਿਖਾਵਾ ਸੀ। ਇਹ ਦਿਖਾਵਾ ਭਾਰਤ ਦੀ ਸੁਤੰਤਰਤਾ-ਲਹਿਰ ਦੇ ਦੋ ਮਸ਼ਹੂਰ ਨੇਤਾ ਸਤਿਆਪਾਲ ਅਤੇ ਸੈਫ਼ੁਦੀਨ ਕਿਚਲੂ ਦੀ ਰਿਹਾਈ ਦੀ ਮੰਗ ਵਾਸਤੇ ਸੀ। ਫੌਜੀ ਕੁਮਕ ਨੇ ਭੀੜ ਉੱਤੇ ਗੋਲੀ ਚਲਾ ਦਿੱਤੀ ਜਿਸ ਨਾਲ ਕਈ ਵਿਖਾਵਾਕਾਰੀ ਮਾਰੇ ਗਏ। ਇਸ ਗੋਲੀ ਕਾਂਡ ਕਾਰਨ ਕਈ ਹਿੰਸਕ ਘਟਨਾਵਾਂ ਵਾਪਰ ਗਈਆਂ। ਉਸੇ ਦਿਨ ਬਾਅਦ ਵਿਚ ਕਈ ਬੈਂਕ ਅਤੇ ਹੋਰ ਸਰਕਾਰੀ ਇਮਾਰਤਾਂ ਜਿਵੇਂ ਟਾਊਨ ਹਾਲ ਅਤੇ ਰੇਲਵੇ ਸਟੇਸ਼ਨ ’ਤੇ ਹਮਲਾ ਕੀਤਾ ਗਿਆ ਅਤੇ ਅੱਗਾਂ ਲਾਈਆਂ ਗਈਆਂ। ਹਿੰਸਾ ਬਹੁਤ ਭੜਕ ਗਈ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ ਪੰਜ ਯੂਰਪੀਨ, ਜਿਨ੍ਹਾਂ ਵਿਚ ਸਰਕਾਰੀ ਨੌਕਰ ਅਤੇ ਨਾਗਰਿਕ ਸ਼ਾਮਲ ਸਨ, ਮਾਰੇ ਗਏ। ਦਿਨ ਵੇਲੇ ਬਦਲੇ ਵਿਚ ਫੌਜ ਵੱਲੋਂ ਕਈ ਵਾਰ ਭੀੜ ਉੱਤੇ ਗੋਲੀ ਚਲਾਈ ਗਈ ਅਤੇ ਲਗਭਗ 20 ਲੋਕਾਂ ਦੀ ਮੌਤ ਹੋ ਗਈ। ਅਗਲੇ ਦੋ ਦਿਨ ਤੱਕ ਅੰਮ੍ਰਿਤਸਰ ਸ਼ਹਿਰ ਚੁੱਪ ਸੀ ਪਰ ਪੰਜਾਬ ਦੇ ਦੂਜੇ ਸ਼ਹਿਰਾਂ ਵਿਚ ਰੋਸ ਵਿਚ ਹਿੰਸਾ ਜਾਰੀ ਰਹੀ। ਰੇਲਵੇ ਲਾਈਨਾਂ ਕੱਟੀਆਂ ਗਈਆਂ, ਟੈਲੀਗਰਾਫ ਪੋਸਟਾਂ ਤਬਾਹ ਕੀਤੀਆਂ ਗਈਆਂ ਅਤੇ ਸਰਕਾਰੀ ਇਮਾਰਤਾਂ ਜਲਾ ਦਿੱਤੀਆਂ ਗਈਆਂ। ਤਿੰਨ ਯੂਰਪੀਨ ਕਤਲ ਕਰ ਦਿੱਤੇ। 13 ਅਪ੍ਰੈਲ ਤੱਕ ਬ੍ਰਿਟਿਸ਼ ਸਰਕਾਰ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਮਾਰਸ਼ਲ-ਲਾਅ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ। ਨਾਗਰਿਕ ਆਜ਼ਾਦੀ ਨੂੰ ਜਿਵੇਂ ਇਕੱਠ ਕਰਨ ਆਦਿ ’ਤੇ ਰੋਕਾਂ ਲਾ ਕੇ ਸੀਮਤ ਕਰ ਦਿੱਤਾ ਗਿਆ। ਚਾਰ ਤੋਂ ਵੱਧ ਬੰਦੇ ਇਕੱਠੇ ਹੋਣ ’ਤੇ ਰੋਕ ਲਾ ਦਿੱਤੀ ਗਈ।

13 ਅਪ੍ਰੈਲ ਵਿਸਾਖੀ ਦੇ ਦਿਹਾੜੇ ’ਤੇ ਹਿੰਦੂ, ਸਿੱਖ, ਮੁਸਲਮਾਨ ਹਰਿਮੰਦਰ ਸਾਹਿਬ ਦੇ ਨੇੜੇ ਜਲ੍ਹਿਆਂ ਵਾਲੇ ਬਾਗ਼ ਵਿਚ ਇਕੱਠੇ ਹੋ ਗਏ। ਮੀਟਿੰਗ ਦਾ ਸਮਾ ਸ਼ਾਮ ਦੇ 4:30 ਵਜੇ ਮਿੱਥਿਆ ਗਿਆ ਸੀ ਜਿਸ ਦੇ ਸ਼ੁਰੂ ਹੋਣ ਦੇ ਇੱਕ ਘੰਟੇ ਬਾਅਦ ਬ੍ਰਿਗੇਡੀਅਰ-ਜਨਰਲ ਡਾਇਰ 65 ਗੋਰਖੇ ਅਤੇ 25 ਬਲੋਚ ਫੌਜੀਆਂ ਨਾਲ ਬਾਗ਼ ਵਿਚ ਆਇਆ। ਉਨ੍ਹਾਂ ਵਿਚੋਂ 50 ਕੋਲ ਰਾਈਫਲਾਂ ਸਨ। ਡਾਇਰ ਦੋ ਹਥਿਆਰਬੰਦ ਗੱਡੀਆਂ ਲਿਆਇਆ ਜਿਨ੍ਹਾਂ ਵਿਚ ਮਸ਼ੀਨਗਨਾਂ ਲੱਦੀਆਂ ਹੋਈਆਂ ਸਨ ਪਰ ਵਾਹਨ ਬਾਹਰ ਛੱਡ ਦਿੱਤੇ ਗਏ, ਕਿਉਂਕਿ ਉਹ ਤੰਗ ਲਾਂਘੇ ਵਿਚੋਂ ਅੰਦਰ ਨਹੀਂ ਸੀ ਜਾ ਸਕਦੇ। ਜਲ੍ਹਿਆਂ ਵਾਲਾ ਬਾਗ਼ ਚਾਰੇ ਪਾਸੇ ਤੋਂ ਘਰਾਂ ਅਤੇ ਇਮਾਰਤਾਂ ਨਾਲ ਘਿਰਿਆ ਹੋਇਆ ਸੀ ਅਤੇ ਕੁੱਝ ਬਹੁਤ ਤੰਗ ਲਾਂਘੇ ਸਨ ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਪੱਕੇ ਤੌਰ ’ਤੇ ਤਾਲੇ ਲੱਗੇ ਹੋਏ ਸਨ। ਮੁੱਖ ਲਾਂਘਾ ਦੂਸਰਿਆਂ ਦੇ ਮੁਕਾਬਲੇ ਖੁਲ੍ਹਾ ਸੀ, ਪਰ ਉਸ ’ਤੇ ਫੌਜੀਆਂ ਦਾ ਪਹਿਰਾ ਸੀ ਜਿਨ੍ਹਾਂ ਦੇ ਪਿੱਛੇ ਹਥਿਆਰਬੰਦ ਗੱਡੀਆਂ ਸਨ। ਜਨਰਲ ਡਾਇਰ ਨੇ ਭੀੜ ਨੂੰ ਖਿੰਡ ਜਾਣ ਲਈ ਕੋਈ ਵੀ ਚਿਤਾਵਨੀ ਦਿੱਤੇ ਬਗ਼ੈਰ ਮੁੱਖ ਲਾਂਘਾ ਰੋਕ ਦਿੱਤਾ। ਇਸ ਕਾਰੇ ਲਈ ਉਸ ਨੇ ਪਿੱਛੋਂ ਸਫਾਈ ਇਹ ਦਿੱਤੀ ਕਿ ਇਹ ਮੀਟਿੰਗ ਨੁੰ ਖਿੰਡਾਉਣ ਲਈ ਨਹੀਂ ਸਗੋਂ ਹੁਕਮ-ਅਦੂਲੀ ਲਈ ਹਿੰਦੋਸਤਾਨੀਆਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ (ਸੋਮਾ: ਨਿਗੇਲ ਕੋਲੈਟ (2007); ਦ ਬੁਚੜ ਆਫ ਅੰਮ੍ਰਿਤਸਰ: ਜਨਰਲ ਰੇਗਨਿਲਡ ਡਾਇਰ, ਪੰਨਾ 255-58)

ਡਾਇਰ ਨੇ ਆਪਣੇ ਫੌਜੀਆਂ ਨੂੰ ਸੰਘਣੀ ਭੀੜ (ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸਨ) ’ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਤਕਰੀਬਨ ਦਸ ਮਿੰਟ ਤੱਕ ਗੋਲਾਬਾਰੀ ਚਾਲੂ ਰਹੀ। ਗੋਲੀਬੰਦੀ ਦਾ ਹੁਕਮ ਉਦੋਂ ਕੀਤਾ ਜਦੋਂ ਤਕਰੀਬਨ 1650 ਰਾਊਂਡ ਖਰਚ ਹੋ ਗਏ ਸੀ ਅਤੇ ਬਾਰੂਦ-ਸਿੱਕਾ ਤਕਰੀਬਨ ਮੁੱਕ ਗਿਆ ਸੀ। (ਸੋਮਾ: ਉਹੀ ਪੰਨਾ 266, 337) ਇਸ ਗੋਲੀ-ਕਾਂਡ ਵਿਚ ਹੋਈਆਂ ਮੌਤਾਂ ਦੀ ਗਿਣਤੀ ਬਾਰੇ ਦੁਬਿਧਾ ਹੈ। ਇਸ ਕਤਲੇਆਮ ਦੀ ਬ੍ਰਿਟਿਸ਼ ਜਾਂਚ ਅਨੁਸਾਰ ਮੌਤਾਂ ਦੀ ਗਿਣਤੀ 379 ਹੈ, ਜਾਂਚ ਲਈ ਅਪਨਾਏ ਗਏ ਢੰਗ ਦੀ ਵੀ ਆਲੋਚਨਾ ਕੀਤੀ ਗਈ। (ਸੋਮਾ: ਹੰਟਰ ਰਿਪੋਰਟ, ਪੰਨਾ 116-17) ਇਸ ਦੇ ਨਾਲ ਹੀ, ਪੰਜਾਬ ਦੇ ਇੱਕ ਉੱਚ ਸਿਵਲ ਅਧਿਕਾਰੀ ਦੀ ਕਮੇਟੀ ਵੱਲੋਂ ਕੀਤੀ ਇੰਟਰਵਿਊ ਅਨੁਸਾਰ ਅਸਲ ਗਿਣਤੀ ਕਿਤੇ ਜ਼ਿਆਦਾ ਸੀ।

ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ‘ਸ਼ਹੀਦ ਊਧਮ ਸਿੰਘ’ ਨੇ ਇੰਗਲੈਂਡ ਜਾ ਕੇ ਮਾਰਚ 1940 ਵਿਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਰਹੇ ‘ਮਾਈਕਲ ਓਡਵਾਇਰ’ ਨੂੰ ਮਾਰ ਕੇ ਲਿਆ। ਊਧਮ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਦੇ ਪਿੰਡ ਸ਼ਾਹਪੁਰ ਕਲਾਂ ਵਿਚ ਸ. ਟਹਿਲ ਸਿੰਘ ਦੇ ਘਰ 26 ਦਸੰਬਰ 1899 ਈ ਨੂੰ ਹੋਇਆ ਸੀ। ਸ. ਟਹਿਲ ਸਿੰਘ ਇੱਕ ਅੰਮ੍ਰਿਤਧਾਰੀ ਸਿੱਖ ਸਨ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਨਾਂ ਚੂਹੜ ਸਿੰਘ ਸੀ। ਮਾਂ-ਬਾਪ ਦੀ ਮੌਤ ਤੋਂ ਬਾਅਦ ‘ਕਿਸ਼ਨ ਸਿੰਘ ਰਾਗੀ’ ਦੀ ਮਦਦ ਨਾਲ ਸ਼ੇਰ ਸਿੰਘ (ਊਧਮ ਸਿੰਘ) ਅਤੇ ਉਸ ਦਾ ਵੱਡਾ ਭਰਾ ਮੁਕਤਾ ਸਿੰਘ ਅੰਮ੍ਰਿਤਸਰ, ਪੁਤਲੀ ਘਰ, ਕੇਂਦਰੀ ਖਾਲਸਾ ਯਤੀਮਖਾਨਾ ਵਿਚ 24 ਅਕਤੂਬਰ 1907 ਨੂੰ ਚਲੇ ਗਏ। ਇੱਥੇ ਹੀ ਸਿੱਖ ਰਹਿਤ ਵਿਚ ਪਰਪੱਕ ਹੋਏ, ‘ਸ਼ੇਰ ਸਿੰਘ’ ਨੂੰ ਨਵਾਂ ਨਾਂ ‘ਊਧਮ ਸਿੰਘ’ ਅਤੇ ਵੱਡੇ ਭਰਾ ‘ਮੁਕਤਾ ਸਿੰਘ’ ਨੂੰ ‘ਸਾਧੂ ਸਿੰਘ’ ਦਿੱਤਾ ਗਿਆ। ਇੱਥੇ ਹੀ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ ਅਤੇ ਕਈ ਕਿੱਤਿਆਂ ਵਿਚ ਸਿਖਲਾਈ ਲਈ। ਸਾਧੂ ਸਿੰਘ ਦੀ 1917 ਵਿਚ ਮੌਤ ਹੋ ਗਈ ਅਤੇ ਊਧਮ ਸਿੰਘ 1919 ਵਿਚ ‘ਯਤੀਮਖਾਨਾ’ ਛੱਡ ਕੇ ‘ਗ਼ਦਰ ਲਹਿਰ’ ਵਿਚ ਕੁੱਦ ਪਿਆ ਅਤੇ ਇਨਕਲਾਬੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ।

ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਊਧਮ ਸਿੰਘ ਨੇ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਸੀ। ਊਧਮ ਸਿੰਘ ਦੇਸ਼-ਦੇਸ਼ ਘੁੰਮਦੇ-ਘੁਮਾਉਂਦੇ ਲੰਡਨ ਪਹੁੰਚ ਗਿਆ। 13 ਮਾਰਚ 1940 ਨੂੰ ਜਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਤੋਂ 21 ਸਾਲ ਬਾਅਦ ਕੇਕਸਟਨ ਹਾਲ ਵਿਚ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਮੀਟਿੰਗ ਸੀ ਜਿਸ ਵਿਚ ‘ਮਾਈਕਲ ਓਡਵਾਇਰ’ ਨੇ ਵੀ ਬੋਲਣਾ ਸੀ। ਊਧਮ ਸਿੰਘ ਆਪਣਾ ਰਿਵਾਲਵਰ ਪੁਸਤਕ ਵਿਚ ਛੁਪਾ ਕੇ ਲੈ ਗਿਆ। ਜਿਉਂ ਹੀ ਓਡਵਾਇਰ ਪਲੈਟਫਾਰਮ ਵੱਲ ਜਾਣ ਲੱਗਾ, ਊਧਮ ਸਿੰਘ ਨੇ ਗੋਲੀਆਂ ਚਲਾਈਆਂ। ਓਡਵਾਇਰ ਥਾਂ ’ਤੇ ਹੀ ਮਾਰਿਆ ਗਿਆ। ‘ਜੈਟਲੈਂਡ’ ਜੋ ਹਿੰਦੋਸਤਾਨ ਲਈ ਸਕੱਤਰ ਸੀ, ਉੱਤੇ ਵੀ ਗੋਲੀ ਚਲਾਈ ਪਰ ਉਹ ਮਰਿਆ ਨਹੀਂ, ਜ਼ਖਮੀ ਹੋ ਗਿਆ ਅਤੇ ਦੋ ਹੋਰ ਅਫਸਰ ਵੀ ਜ਼ਖਮੀ ਹੋ ਗਏ। ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਸਜ਼ਾ ਸੁਣਾਈ ਗਈ। ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿਚ ਜਦੋਂ ਜਸਟਿਸ ਐਟਕਿਨਸਨ ਨੇ ਊਧਮ ਸਿੰਘ ਨੂੰ ਉਸ ਦਾ ਨਾਂ ਪੁੱਛਿਆ ਤਾਂ ਊਧਮ ਸਿੰਘ ਨੇ ਜੁਆਬ ਵਿਚ ਕਿਹਾ, ‘ਰਾਮ ਮੁਹੰਮਦ ਸਿੰਘ ਆਜ਼ਾਦ’। ਇਹ ਨਾਂ ਨਸਲ, ਜਾਤ, ਧਰਮ ਅਤੇ ਫਿਰਕੇ ਦੀਆਂ ਹੱਦਾਂ ਤੋਂ ਪਾਰ ਲੰਘ ਜਾਣ ਵੱਲ ਇਸ਼ਾਰਾ ਕਰਦਾ ਹੈ। ਊਧਮ ਸਿੰਘ ਨੇ ਓਡਵਾਇਰ ਦੇ ਕਤਲ ਬਾਰੇ ਸਪਸ਼ਟ ਕੀਤਾ, ‘ਮੈਂ ਇਹ ਇਸ ਲਈ ਕੀਤਾ ਕਿ ਮੈਨੂੰ ਉਸ ਨਾਲ ਗੁੱਸਾ ਸੀ। ਉਹ ਇਸੇ ਦੇ ਲਾਇਕ ਸੀ।’

ਭਗਤ ਸਿੰਘ: ਸ. ਅਜੀਤ ਸਿੰਘ ਦੇ ਸਬੰਧ ਵਿਚ ਗੱਲ ਕਰਦਿਆਂ ਇਹ ਤੱਥ ਸਾਹਮਣੇ ਆਇਆ ਸੀ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਪਰਿਵਾਰ ਪੁਰਖਿਆਂ ਤੋਂ ਅੰਮ੍ਰਿਤਧਾਰੀ ਅਤੇ ਦੇਸ਼-ਭਗਤ ਪਰਿਵਾਰ ਸੀ। ਅਜੀਤ ਸਿੰਘ ਦੇ ਦਾਦਾ ਅਤੇ ਭਗਤ ਸਿੰਘ ਦੇ ਪੜਦਾਦਾ ਸ. ਫਤਿਹ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਸਨ, ਜੋ ਖ਼ਾਲਸਾ ਫੌਜਾਂ ਵੱਲੋਂ ਐਂਗਲੋ-ਸਿੱਖ ਲੜਾਈਆਂ ਵਿਚ ਅੰਗਰੇਜ਼ਾਂ ਦੇ ਖਿਲਾਫ ਇੱਕ ਸੱਚੇ ਸੰਤ-ਸਿਪਾਹੀ ਵਾਂਗ ਲੜੇ। ਉਨ੍ਹਾਂ ਨੇ ਸਰਦਾਰ ਮਜੀਠੀਆ ਦੇ ਕਹਿਣ ’ਤੇ ਵੀ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਦਾ ਸਾਥ ਨਹੀਂ ਦਿੱਤਾ ਜਦ ਕਿ ਸਰਦਾਰ ਮਜੀਠੀਆ ਵਰਗੇ ਕਈਆਂ ਨੇ ਆਪਣੀਆਂ ਜਗੀਰਾਂ ਵਾਪਸ ਲੈਣ ਦੇ ਲਾਲਚ ਵੱਸ ਅਜਿਹਾ ਕੀਤਾ। ਉਹ ਅੰਗਰੇਜ਼ਾਂ ਦਾ ਸਾਥ ਦੇਣ ਨੂੰ ਆਪਣੇ ਲੋਕਾਂ ਨਾਲ ਗੱਦਾਰੀ ਸਮਝਦੇ ਸਨ। ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਅੰਮ੍ਰਿਤਧਾਰੀ ਸਿੱਖ ਸਨ ਜਿਸ ਦਾ ਜ਼ਿਕਰ ਅਜੀਤ ਸਿੰਘ ਨੇ ਆਪਣੀ ਪੁਸਤਕ ਵਿਚ ਕੀਤਾ ਹੈ। ਇਹ ਬਿਲਕੁਲ ਇੱਕ ਕੁਦਰਤੀ ਅਮਲ ਹੈ ਕਿ ਇੱਕ ਗੁਰਸਿੱਖ ਅਤੇ ਦੇਸ਼-ਭਗਤ ਪਰਿਵਾਰ ਵਿਚ ਪੈਦਾ ਹੋਣ ਕਰਕੇ ਭਗਤ ਸਿੰਘ ਨੂੰ ਇਹ ਸਾਰੇ ਸੰਸਕਾਰ ਗੁੜ੍ਹਤੀ ਵਿਚ ਮਿਲੇ ਅਤੇ ਦੇਸ਼ ਦੀ ਆਜ਼ਾਦੀ ਲਈ ਉਸ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਇਨਕਲਾਬੀ ਰਸਤਾ ਅਪਨਾਇਆ। ਲਾਹੌਰ ਸਾਜਿਸ਼ ਕੇਸ ਵਿਚ ਚਾਰਜ ਹੋਣ ਤੋਂ ਬਾਅਦ ਸ. ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸਮੇਂ ਸਮੇਂ ਬਿਆਨ ਜਾਰੀ ਕੀਤੇ, ਜੋ ਕੋਰਟ ਵਿਚ ਪੇਸ਼ ਕੀਤੇ ਜਾਂਦੇ ਰਹੇ। ਭਗਤ ਸਿੰਘ ਦੀ ਅੰਗਰੇਜ਼-ਰਾਜ ਦੇ ਜ਼ੁਲਮ ਦੇ ਖਿਲਾਫ ਜਦੋ ਜਹਿਦ ਨੂੰ ਦੱਸਣ ਲਈ ਇਨ੍ਹਾਂ ਵਿਚੋਂ ਕੁੱਝ ਹਵਾਲੇ ਦਿੱਤੇ ਜਾ ਸਕਦੇ ਹਨ। ਭਗਤ ਸਿੰਘ ਅਤੇ ਬੀਕੇ ਦੱਤ ਦੇ ‘ਅਸੈਂਬਲੀ ਬੰਬ ਕੇਸ’ ਬਿਆਨਾ, ਜੋ 6 ਜੂਨ 1929 ਨੂੰ ਮਿਸਟਰ ਆਸਫ ਅਲੀ ਨੇ ਉਨ੍ਹਾਂ ਦੀ ਤਰਫੋਂ ਪੜ੍ਹੇ, ਵਿਚੋਂ ਕੁੱਝ ਹਿੱਸੇ ਇਸ ਤਰ੍ਹਾਂ ਹਨ:

‘ਅਮਲੀ ਰੋਸ ਵਿਖਾਵਾ’: ਅਸੀਂ ਆਪਣੇ ਦੇਸ਼ ਦੇ ਇਤਿਹਾਸ, ਹਾਲਾਤ ਅਤੇ ਉਸ ਦੀਆਂ ਅਕਾਂਖਿਆਵਾਂ ਦੇ ਗੰਭੀਰ ਵਿਦਿਆਰਥੀਆਂ ਤੋਂ ਜ਼ਿਆਦਾ ਕੁੱਝ ਵੀ ਨਹੀਂ। ਅਸੀਂ ਪਾਖੰਡ ਨੂੰ ਨਫ਼ਰਤ ਕਰਦੇ ਹਾਂ, ਸਾਡਾ ਅਮਲੀ ਰੋਸ ਵਿਖਾਵਾ ਸੰਸਥਾ (ਇੰਸਟੀਟਿਊਸ਼ਨ) ਦੇ ਖਿਲਾਫ ਸੀ, ਜਿਸ ਨੇ ਆਪਣੇ ਆਰੰਭ ਤੋਂ ਲੈ ਕੇ, ਨਾ ਸਿਰਫ਼ ਆਪਣੀ ਨਾਅਹਿਲੀਅਤ ਦਿਖਾਉਣ ਵਿਚ ਸਗੋਂ ਸ਼ਰਾਰਤ ਲਈ ਇਸ ਦੀ ਦੂਰ-ਰਸੀ ਸ਼ਕਤੀ ਲਈ ਵਿਸ਼ੇਸ਼ ਮਦਦ ਕੀਤੀ। ਜਿਉਂ ਜਿਉਂ ਸਾਨੂੰ ਵਿਸ਼ਵਾਸ ਹੁੰਦਾ ਗਿਆ ਕਿ ਇਸ ਦੀ ਹੋਂਦ ਸਿਰਫ ਸੰਸਾਰ ਨੂੰ ਹਿੰਦੁਸਤਾਨ ਦੀ ਹੀਣਤਾ ਅਤੇ ਮਜ਼ਬੂਰੀ ਦਿਖਾਉਣ ਲਈ ਹੈ, ਇਹ ਗੈਰ-ਜ਼ਿੰਮੇਵਾਰ ਹੈ ਅਤੇ ਇਸ ਦੀ ਹੋਂਦ ਬਾਦਸ਼ਾਹੀ ਹਕੂਮਤ ਦੀ ਦਮਨਕਾਰੀ ਪ੍ਰਭੂਸੱਤਾ ਦਾ ਚਿੰਨ੍ਹ ਹੈ। ਵਾਰ ਵਾਰ ਜਨਤਾ ਦੇ ਨੁਮਾਇੰਦਿਆਂ ਵੱਲੋਂ ਰੱਖੀ ਗਈ ਕੌਮੀ ਮੰਗ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ ਰਿਹਾ ਹੈ।

‘ਬੰਬ ਦੀ ਜ਼ਰੂਰਤ’: ਸਵਰਗੀ ਸ੍ਰੀ ਐਸ ਆਰ ਦਾਸ, ਜੋ ਇੱਕ ਵੇਲੇ ਗਵਰਨਰ ਜਨਰਲ ਦੀ ਪ੍ਰਬੰਧਕੀ ਕੌਂਸਲ ਦੇ ਕਾਨੂੰਨ ਮੈਂਬਰ ਰਹੇ, ਦੇ ਸ਼ਬਦਾਂ ਨੂੰ ਜਿਹਨ ਵਿਚ ਰੱਖਦੇ ਹੋਏ ਜੋ ਉਸ ਨੇ ਆਪਣੇ ਪੁੱਤਰ ਨੂੰ ਮਸ਼ਹੂਰ ਖ਼ਤ ਵਿਚ ਲਿਖੇ ਸਨ ਤੇ ਜਿਨ੍ਹਾਂ ਦਾ ਅਰਥ ਕੁੱਝ ਇਸ ਤਰ੍ਹਾਂ ਸੀ: ‘ਬੰਬ ਇੰਗਲੈਂਡ ਨੂੰ ਉਸ ਦੇ ਸੁਪਨਿਆਂ ਤੋਂ ਜਗਾਉਣ ਵਾਸਤੇ ਜ਼ਰੂਰੀ ਸੀ’, ਅਸੀਂ ਅਸੈਂਬਲੀ ਚੈਂਬਰ ਦੇ ਫਰਸ਼ ’ਤੇ ਬੰਬ ਉਨ੍ਹਾਂ ਸਭਨਾਂ ਦੀ ਤਰਫੋਂ ਆਪਣਾ ਵਿਰੋਧ ਜਤਾਉਣ ਲਈ ਸੁੱਟਿਆ ਜਿਨ੍ਹਾਂ ਕੋਲ ਆਪਣੀ ਹਿਰਦੇ ਵੇਧਕ ਪੀੜ ਪ੍ਰਗਟ ਕਰਨ ਦਾ ਹੋਰ ਕੋਈ ਰਸਤਾ ਨਹੀਂ ਸੀ ਬਚਿਆ। ਸਾਡਾ ਇੱਕੋ ਇੱਕ ਮਕਸਦ ‘ਬੋਲਿਆਂ ਨੂੰ ਸੁਣਾਉਣਾ’ ਅਤੇ ‘ਬੇਧਿਆਨਿਆਂ ਨੂੰ ਚੇਤਾਵਨੀ ਦੇਣਾ’ ਸੀ। ਦੂਸਰੇ ਵੀ ਉਸੇ ਤਰ੍ਹਾਂ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ ਜਿਵੇਂ ਅਸੀਂ ਕੀਤਾ ਹੈ ਅਤੇ ਸ਼ਾਂਤ ਨਜ਼ਰ ਆਉਂਦੇ ਭਾਰਤੀ ਲੋਕਾਂ ਦੇ ਸਮੁੰਦਰ ਵਿਚ ਇੱਕ ਸੱਚਮੁੱਚ ਦਾ ਤੂਫਾਨ ਉੱਠਣ ਵਾਲਾ ਹੈ। ਅਸੀਂ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਸਿਰਫ ‘ਖ਼ਤਰੇ ਦਾ ਸਿਗਨਲ’ ਦਿੱਤਾ ਹੈ ਜਿਹੜੇ ਖ਼ਤਰੇ ਵੱਲ ਧਿਆਨ ਦਿੱਤੇ ਬਿਨਾ ਅੱਗੇ ਦੌੜੇ ਜਾ ਰਹੇ ਹਨ। ਅਸੀਂ ‘ਨਾਨ-ਵਾਇਲੈਂਸ ਯੁਟੋਪੀਆ’ ਦੌਰ ਦੇ ਅੰਤ ਦੀ ਨਿਸ਼ਾਨਦੇਹੀ ਕੀਤੀ ਹੈ, ਜਿਸ ਦੀ ਨਿਰਾਰਥਕਤਾ ਨੂੰ ਉੱਠ ਰਹੀ ਪੀੜ੍ਹੀ ਬਿਨਾਂ ਕਿਸੇ ਸ਼ੱਕ ਦੇ ਪ੍ਰਛਾਂਵੇਂ ਦੇ ਯਕੀਨੀ ਮੰਨਦੀ ਹੈ।

‘ਆਦਰਸ਼ ਦੀ ਵਿਆਖਿਆ’: ਅਸੀਂ ਉਪਰਲੇ ਪਹਿਰੇ ਵਿਚ ‘ਯੁਟੋਪੀਅਨ ਨਾਨ-ਵਾਇਲੈਂਸ’ ਸ਼ਬਦ ਵਰਤਿਆ ਹੈ ਜਿਸ ਦੀ ਵਿਆਖਿਆ ਕਰਨ ਦੀ ਜ਼ਰੂਰਤ ਹੈ। ਜਦੋਂ ਤਾਕਤ ਦੀ ਆਕਰਮਣਕਾਰੀ ਰੂਪ ਵਿਚ ਵਰਤੋਂ ਕੀਤੀ ਜਾਵੇ ਤਾਂ ਇਹ ‘ਹਿੰਸਾ (ਵਾਇਲੈਂਸ)’ ਹੁੰਦੀ ਹੈ ਅਤੇ ਇਸ ਲਈ ਇਹ ਨੈਤਿਕ ਤੌਰ ’ਤੇ ਨਿਆਂ-ਸੰਗਤ ਨਹੀਂ ਹੈ, ਪ੍ਰੰਤੂ ਜਦੋਂ ਇਸ ਦੀ ਵਰਤੋਂ ਕਿਸੇ ਹੱਕੀ ਉਦੇਸ਼ ਲਈ ਕੀਤੀ ਜਾਵੇ, ਤਾਂ ਇਹ ਨੈਤਿਕ ਤੌਰ ’ਤੇ ਨਿਆਂ-ਸੰਗਤ ਹੈ। ਤਾਕਤ ਨੂੰ ਬਿਲਕੁਲ ਨਕਾਰਨਾ ‘ਯੁਟੋਪੀਅਨ’ ਹੈ ਅਤੇ ‘ਮਿਯੁ ਮੂਵਮੈਂਟ’ ਜੋ ਦੇਸ਼ ਵਿਚ ਪੈਦਾ ਹੋ ਗਈ ਹੈ ਅਤੇ ਉਹ ਸ਼ੁਰੂਆਤ ਜਿਸ ਦੀ ਅਸੀਂ ਚਿਤਾਵਨੀ ਦੇ ਚੁੱਕੇ ਹਾਂ, ਉਸੇ ਆਦਰਸ਼ ਤੋਂ ਪ੍ਰਭਾਵਤ ਹੈ ਜਿਸ ਨੇ ‘ਗੁਰੂ ਗੋਬਿੰਦ ਸਿੰਘ ਅਤੇ ਸ਼ਿਵਾਜੀ, ਕਮਾਲ ਪਾਸ਼ਾ ਅਤੇ ਰਿਜ਼ਾ ਖਾਨ ਵਾਸ਼ਿੰਗਟਨ ਅਤੇ ਗੈਰੀਬਾਲਡੀ, ਲਾਫਾਇਤ ਅਤੇ ਲੈਨਿਨ’ ਨੂੰ ਪ੍ਰਭਾਵਿਤ ਕੀਤਾ। (ਸੋਮਾ-ਵਿਕੀਪੀਡੀਆ, ਦ ਫਰੀ ਇਨਸਾਈਕਲੋਪੀਡੀਆ)।

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ ਵਿਚ ਔਰੰਗਜ਼ੇਬ ਨੂੰ ਲਿਖਿਆ ਹੈ ਕਿ ਜਦੋਂ ਜ਼ੁਲਮ ਦੇ ਖਿਲਾਫ ਸਾਰੇ ਹੀਲੇ ਮੁੱਕ ਜਾਣ ਤਾਂ ਤਲਵਾਰ ਉਠਾਉਣੀ ਪੈਂਦੀ ਹੈ, ‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ। ਹਲਾਲ ਅਸਤ ਬੁਰਦਾਂ ਬਾ ਸ਼ਮਸ਼ੀਰ ਦਸਤ।’ ਇਸੇ ਸਿਧਾਂਤ ਦੀ ਤਰਜ਼ਮਾਨੀ ਕਰਦਿਆਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਕਿਹਾ ਹੈ: ‘ਇਨਕਲਾਬੀ, ਆਪਣੇ ਪਰਉਪਕਾਰ ਦੇ ਸਿਧਾਂਤਾਂ ਕਾਰਨ ਸ਼ਾਂਤੀ ਦੇ ਪ੍ਰੇਮੀ ਹਨ-ਅਸਲੀ ਅਤੇ ਪੱਕੀ ਸ਼ਾਂਤੀ ਜੋ ਇਨਸਾਫ ਅਤੇ ਬਰਾਬਰੀ ’ਤੇ ਆਧਾਰਤ ਹੈ, ਭਰਮਾਊ ਸ਼ਾਂਤੀ ਨਹੀਂ ਜੋ ਕਾਇਰਤਾ ਵਿਚੋਂ ਅਤੇ ਸੰਗੀਨਾਂ ਰਾਹੀਂ ਕਾਇਮ ਕੀਤੀ ਜਾਂਦੀ ਹੈ। ਜੇ ਇਨਕਲਾਬੀ ਬੰਬਾਂ ਅਤੇ ਪਿਸਤੌਲਾਂ ਦੀ ਵਰਤੋਂ ਕਰਦੇ ਹਨ, ਇਹ ਆਖਰੀ ਹੀਲੇ ਵਜੋਂ ਇੱਕ ਭਿਆਨਕ ਲੋੜ ਹੁੰਦੀ ਹੈ।’

ਛੋਟਾ ਘੱਲੂਘਾਰਾ (1746 ਈ:)

0

ਛੋਟਾ ਘੱਲੂਘਾਰਾ

ਸ. ਕਿਰਪਾਲ ਸਿੰਘ (ਬਠਿੰਡ) 98554-80797

‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਜ਼ੁਲਮ ਦੇ ਵਿਰੁੱਧ ਲੜਨ ਵਾਲਾ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਸਵੀਕਾਰ ਕਰਨ ਵਾਲਾ ਹੋਣ ਕਰਕੇ ਸਮੇਂ-ਸਮੇਂ ਸਿਰ ਸਿੱਖਾਂ ਨੂੰ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ।

ਸਿੱਖਾਂ ਅਤੇ ਮੁਗਲਾਂ ਦਰਮਿਆਨ 3 ਜੇਠ ਬਿਕ੍ਰਮੀ ਸੰਮਤ 1803/1 ਮਈ 1746 ਯੂਲੀਅਨ ਨੂੰ ਜ਼ਿਲ੍ਹਾ ਗੁਰਦਾਸ ਪੁਰ ਦੇ ਕਾਹਨੂੰਵਾਨ ਛੰਭ ’ਚ ਖੂਨੀ ਦੁਖਾਂਤ ਵਾਪਰਿਆ ਜਿਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। 3 ਜੇਠ ਨੂੰ ਨਾਨਕਸ਼ਾਹੀ ਕੈਲੰਡਰ ਦੀ ਤਾਰੀਖਾਂ ਵਿਚ ਬਦਲਣ ਨਾਲ ਹੁਣ ਇਹ 3 ਜੇਠ ਹਰ ਸਾਲ 17 ਮਈ ਨੂੰ ਆਉਂਦਾ ਹੈ। ਇਸ ਖੂਨੀ ਦੁਖਾਂਤ ਦਾ ਪਿਛੋਕੜ ਜਾਨਣ ਲਈ ਇਤਿਹਾਸ ਦੇ ਪੰਨੇ ਫਰੋਲਿਆਂ ਪਤਾ ਲਗਦਾ ਹੈ ਕਿ 1745 ਵਿੱਚ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਕੇ ਅਸਹਿ ਕਸ਼ਟ ਦੇ ਕੇ ਸ਼ਹੀਦ ਕੀਤਾ, ਪਰ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਹੀ ਉਸ ਪਾਪੀ ਦਾ ਅੰਤ ਵੀ ਬਹੁਤ ਬੁਰੀ ਤਰ੍ਹਾਂ ਹੋਇਆ। ਪਿਸ਼ਾਬ ਬੰਦ ਹੋ ਜਾਣ ਕਾਰਨ ਗੁਰਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ 22 ਦਿਨ ਉਸ ਦੇ ਸਿਰ ਵਿਚ ਵੱਜਦੀਆਂ ਰਹੀਆਂ ਤੇ ਪਾਪੀ ਦਾ ਬੁਰੀ ਤਰ੍ਹਾਂ ਅੰਤ ਹੋਇਆ। ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਤਾ ਦੇ ਪੂਰਨਿਆਂ ’ਤੇ ਚਲਦਾ ਹੋਇਆ ਸਿੰਘਾਂ ’ਤੇ ਅੱਤਿਆਚਾਰ ਕਰਨ ਲੱਗਾ। ਯਹੀਆ ਖ਼ਾਨ ਦਾ ਸੂਬੇਦਾਰ ਸੀ ਲਖਪਤ ਰਾਏ। ਇਸ ਸੂਬੇਦਾਰ (ਦੀਵਾਨ) ਲਖਪਤ ਰਾਏ ਦਾ ਭਰਾ ਜਸਪਤ ਰਾਏ ਵੀ ਫ਼ੌਜ ਦਾ ਸੈਨਾਪਤੀ ਸੀ। ਇਹ ਤਿਕੜੀ ਅੰਦਰਖਾਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਸੀ। ਯਹੀਆ ਖਾਂ ਨੇ ਲੱਖਪਤ ਰਾਏ ਤੇ ਉਸ ਦੇ ਭਰਾ ਜਸਪਤ ਰਾਏ ਨੂੰ ਬਹੁਤ ਜ਼ਿਆਦਾ ਅਧਿਕਾਰ ਦੇ ਰੱਖੇ ਸਨ। ਜਸਪਤ ਰਾਏ ਨੇ ਆਮ ਜਨਤਾ ’ਤੇ ਹੱਦੋਂ ਵੱਧ ਸਖ਼ਤੀ ਕਰਕੇ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਤਾਂ ਬਹੁਤ ਲੋਕ ਤੰਗ ਆ ਕੇ ਖਾਲਸਾ ਫ਼ੌਜ ਵਿੱਚ ਭਰਤੀ ਹੋਣ ਲੱਗੇ। 1746 ਈ: (ਬਿਕ੍ਰਮੀ ਸੰਮਤ 1803) ਵਿਚ ਵਿਸਾਖੀ ਦੇ ਪਾਵਨ ਪੁਰਬ ਦੇ ਸਬੰਧ ਵਿੱਚ ਸਿੱਖ-ਸੰਗਤਾਂ ਦਾ ਇਕੱਠ ਏਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਹੋਇਆ। ਜਸਪਤ ਰਾਏ ਨੂੰ ਸਿੰਘਾਂ ਦਾ ਏਡਾ ਵੱਡਾ ਇਕੱਠ ਚੰਗਾ ਨਾ ਲੱਗਿਆ। ਉਸ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ‘ਉਹ ਗੁਰਦੁਆਰਾ ਛੱਡ ਜਾਣ ਤੇ ਇੱਥੋਂ ਚਲੇ ਜਾਣ’, ਪਰ ਸਿੰਘਾਂ ਨੇ ਕਿਹਾ ਕਿ ਉਹ ਦੂਰੋਂ-ਨੇੜਿਓਂ ਆਏ ਹਨ, ਕਈ ਦਿਨਾਂ ਤੋਂ ਲੰਗਰ ਤੋਂ ਵੀ ਫ਼ਾਕੇ ਹਨ। ਅੱਜ ਦੀ ਰਾਤ ਕੱਟ ਕੇ ਅਤੇ ਲੰਗਰ ਬਣਾ/ਛਕ ਕੇ ਕੱਲ੍ਹ ਨੂੰ ਇੱਥੋਂ ਚਲੇ ਜਾਣਗੇ, ਪਰ ਜਸਪਤ ਰਾਏ ਕਿੱਥੇ ਮੰਨਣ ਵਾਲਾ ਸੀ। ਉਹ ਤਾਂ ਮੌਕੇ ਦੀ ਭਾਲ ਵਿੱਚ ਸੀ। ਉਸ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਲੜਾਈ ਲੜਨੀ ਪਈ। ਸਿੱਖਾਂ ਵੱਲੋਂ ਸੰਜਮ ਵਰਤਣ ਦੇ ਬਾਵਜੂਦ ਜਸਪਤ ਰਾਏ ਆਪਣੀ ਅੜੀ ਤੋਂ ਪਿੱਛੇ ਹਟਣ ਲਈ ਤਿਆਰ ਨਾ ਹੋਇਆ ਤੇ ਹਾਥੀ ’ਤੇ ਚੜ੍ਹ ਕੇ ਅੱਗੇ ਹੀ ਵਧਦਾ ਆ ਰਿਹਾ ਸੀ। ਪਾਣੀ ਸਿਰੋਂ ਲੰਘਦਿਆਂ ਦੇਖ ਘੋੜ ਸਵਾਰ ਭਾਈ ਨਿਬਾਹੂ ਸਿੰਘ ਰੰਘਰੇਟਾ ਜਸਪਤ ਰਾਏ ਦੇ ਹਾਥੀ ਦੀ ਪੂਛ ਦਾ ਸਹਾਰਾ ਲੈ ਕੇ ਅੱਖ ਦੇ ਫੋਰ ’ਚ ਹਾਥੀ ਉਪਰ ਜਾ ਚੜ੍ਹਿਆ ਅਤੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਜਸਪਤ ਰਾਏ ਦੀ ਮੌਤ ਨਾਲ ਮੁਗਲ ਫ਼ੌਜ ਵਿੱਚ ਭਗਦੜ ਮੱਚ ਗਈ ਤੇ ਫ਼ੌਜ ਉੱਥੋਂ ਭੱਜ ਗਈ। ਜਸਪਤ ਰਾਏ ਦੀ ਮੌਤ ਦੀ ਖ਼ਬਰ ਜਦ ਉਸ ਦੇ ਭਰਾ ਲਖਪਤ ਰਾਏ ਨੂੰ ਪਤਾ ਲੱਗੀ ਤਾਂ ਉਸ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ। ਉਹ ਲਾਹੌਰ ਪਹੁੰਚ ਗਿਆ ਤੇ ਲਾਹੌਰ ਦਰਬਾਰ ਮਿੰਨਤਾਂ ਤਰਲੇ ਕਰਨ ਲੱਗਾ। ਆਪਣੇ ਸਿਰ ਤੋਂ ਪੱਗੜੀ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਲੈਂਦਾ, ਮੈਂ ਆਪਣੇ ਸਿਰ ’ਤੇ ਪੱਗ ਨਹੀ ਬੰਨ੍ਹਾਂਗਾ ਅਤੇ ਆਪਣੇ ਆਪ ਨੂੰ ਖੱਤਰੀ ਨਹੀਂ ਅਖਵਾਵਾਂਗਾ। ਲਾਹੌਰ ਦੇ ਗਵਰਨਰ ਯਹੀਆ ਖਾਨ ਤੋਂ ਵੱਡੀ ਸ਼ਾਹੀ ਫੌਜ ਇਕੱਠੀ ਕੀਤੀ। ਅਗਲੇ ਹੀ ਦਿਨ ਜ਼ਾਲਮਾਨਾ ਕਾਰਵਾਈ ਦੀ ਆਰੰਭਤਾ ਉਸ ਨੇ ਲਾਹੌਰ ਸ਼ਹਿਰ ਤੋਂ ਹੀ ਕਰ ਦਿੱਤੀ। ਦੀਵਾਨ ਕੌੜਾ ਮੱਲ ਦੀ ਅਗਵਾਈ ਵਿੱਚ ਹਿੰਦੂ ਪਤਵੰਤਿਆਂ ਦੇ ਇਕੱਠ ਵੱਲੋਂ ਕੀਤੀ ਸਿਫ਼ਾਰਸ਼ ਕਿ ਸਿੱਖਾਂ ਅਤੇ ਗੁਰੂ ਸਾਹਿਬਾਨਾਂ ਨੇ ਹਿੰਦੂਆਂ ਲਈ ਮਹਾਨ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਬੇਗੁਨਾਹ ਸਿੱਖਾਂ ਦਾ ਕਤਲ ਨਾ ਕੀਤਾ ਜਾਵੇ; ਨੂੰ ਵੀ ਲਖਪਤ ਰਾਏ ਨੇ ਨਾ ਮੰਨਿਆ। ਉਸ ਨੇ ਆਪਣੇ ਗੁਰੂ, ਸੰਤ ਜਗਤ ਭਗਤ ਗੁਸਾਂਈ ਦੀ ਇਹ ਸਲਾਹ ਕਿ ਅੱਜ ਚੰਦਰ ਮਹੀਨੇ ਦਾ ਆਖਰੀ ਦਿਨ ਭਾਵ ਵਦੀ ਪੱਖ ਦੀ ਮੱਸਿਆ ਅਤੇ ਸੋਮਵਾਰ ਹੈ ਜੋ ਹਿੰਦੂਆਂ ਲਈ ਬਹੁਤ ਹੀ ਪਵਿੱਤਰ ਦਿਨ ਹੈ ਇਸ ਲਈ ਇਸ ਪਵਿੱਤਰ ਦਿਹਾੜੇ ਨੂੰ ਸਿੱਖਾਂ ਦਾ ਕਤਲ ਕਰਕੇ ਪਾਪ ਨਾ ਕੀਤਾ ਜਾਵੇ; ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਜਿੱਥੇ ਵੀ ਸਿੱਖ ਦਿਖਾਈ ਦੇਵੇ, ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਲਖਪਤ ਰਾਏ ਨੇ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਸਿੱਖਾਂ ਨਾਲ ਵਾਹ-ਵਾਸਤਾ ਨਾ ਰੱਖੇ। ਇਹਨਾਂ ਦੀ ਬਾਣੀ ਨਾ ਪੜ੍ਹੇ। ਉਸ ਨੇ ‘ਗੁੜ’ ਸ਼ਬਦ ’ਤੇ ਵੀ ਪਾਬੰਦੀ ਲਗਾ ਕੇ ‘ਗੁੜ’ ਦੀ ਥਾਂ ‘ਰੋੜੀ’ ਸ਼ਬਦ ਬੋਲਣ ਲਈ ਕਿਹਾ। ਕਿਉਂ ਜੋ ‘ਗੁੜ’ ਸ਼ਬਦ ਦਾ ਉਚਾਰਨ ਕਰਨ ਲੱਗਿਆਂ ‘ਗੁਰੂ’ ਸ਼ਬਦ ਦਾ ਭੁਲੇਖਾ ਪੈਂਦਾ ਸੀ। ਗੁਰੂ ਗ੍ਰੰਥ ਦੀ ਥਾਂ ‘ਪੋਥੀ’ ਸ਼ਬਦ ਵਰਤਣ ਲਈ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਬੀੜਾਂ ਦੀ ਰੱਜ ਕੇ ਬੇਅਦਬੀ ਕੀਤੀ। ਲਖਪਤ ਰਾਏ ਦੀ ਇਸ ਦਰਿੰਦਗੀ ਦੀ ਖ਼ਬਰ ਜਦ ਨਵਾਬ ਕਪੂਰ ਸਿੰਘ ਨੂੰ ਲੱਗੀ ਤਾਂ ਉਸ ਨੇ ਸਿਰਕੱਢ ਸਿੱਖ ਆਗੂਆਂ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸੁਨੇਹੇ ਭੇਜ ਕੇ ਗੁਰਦਾਸ ਪੁਰ ਜ਼ਿਲ੍ਹੇ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ’ਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤੋਂ ਸੱਜੇ ਪਾਸੇ 4 ਕਿਲੋਮੀਟਰ ’ਤੇ ਸਥਿੱਤ ਹੈ, ਵਿਖੇ ਇਕੱਠੇ ਹੋਣ ਦੇ ਸੰਦੇਸ਼ੇ ਭੇਜੇ।  ਸ. ਜੱਸਾ ਸਿੰਘ ਆਹਲੂਵਾਲੀਆ ਵੀ ਇਸ ਇਕੱਠ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਆਉਣ ਵਾਲ਼ੇ ਸਮੇਂ ਵਿੱਚ ਮਹਾਨ ਜਰਨੈਲ ਦੇ ਰੂਪ ਵਿੱਚ ਸਿੱਖ ਕੌਮ ਦੀ ਸੇਵਾ ਕੀਤੀ। ਇਸ ਗੱਲ ਦੇ ਪ੍ਰਮਾਣ ਰਤਨ ਸਿੰਘ ਭੰਗੂ ਰਚਿਤ ‘ਪੰਥ ਪ੍ਰਕਾਸ਼’ ਵਿੱਚ ਮਿਲਦੇ ਹਨ। ਇਸ ਛੰਭ ਵਿੱਚ ਕੋਈ 15000 ਸਿੱਖ ਇਕੱਠੇ ਹੋ ਗਏ। ਕਈ ਇਤਿਹਾਸਕਾਰਾਂ ਨੇ ਇਹ ਗਿਣਤੀ 25000 ਹਜ਼ਾਰ ਵੀ ਲਿਖੀ ਹੈ।

ਸੂਹ ਮਿਲਣ ’ਤੇ ਜ਼ਕਰੀਆ ਖਾਂ ਦਾ ਪੁੱਤਰ ਯਹੀਆ ਖਾਂ ਤੇ ਲਖਪਤ ਰਾਏ ਗੋਲ਼ੇ ਬਾਰੂਦ ਨਾਲ ਲੈਸ ਆਪਣੀ ਭਾਰੀ ਫੌਜ ਲੈ ਕੇ ਹਮਲਾ ਕਰਨ ਲਈ ਆਣ ਪਹੁੰਚੇ। ਤੋਪਾਂ ਬੀੜ ਕੇ ਅੱਗ ਦੇ ਗੋਲ਼ੇ ਸਿੱਖਾਂ ਉੱਪਰ ਬਰਸਾਏ ਗਏ। ਸਿੰਘ ਰਾਤ ਸਮੇਂ ਹਨ੍ਹੇਰੇ ਦਾ ਫ਼ਾਇਦਾ ਉੱਠਾ ਕੇ ਲੱਖਪਤ ਰਾਏ ਦੀਆਂ ਫ਼ੌਜਾਂ ਦਾ ਰਾਸ਼ਨ ਪਾਣੀ ਚੁੱਕ ਕੇ ਫਿਰ ਛੰਭ ਵਿੱਚ ਵੜ ਜਾਂਦੇ ਤੇ ਅਗਲੇ ਦਿਨ ਦੇ ਹਮਲੇ ਲਈ ਤਿਆਰ ਹੋ ਜਾਂਦੇ। ਭੁੱਖਣ ਭਾਣੇ ਸਿੰਘ ਕਾਫ਼ੀ ਸਮੇਂ ਤੱਕ ਇਸੇ ਤਰ੍ਹਾਂ ਲੜਦੇ ਰਹੇ। ਜਦੋਂ ਇਸ ਗੱਲ ਦਾ ਪਤਾ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗਿਆ ਤਾਂ ਉਸ ਨੇ ਘੋੜਿਆਂ, ਖੱਚਰਾਂ ’ਤੇ ਰਾਸ਼ਨ ਲੱਦ ਕੇ ਜੰਮੂ ਕਸ਼ਮੀਰ ਭੇਜਣ ਦੇ ਬਹਾਨੇ ਨਾਲ ਉਸੇ ਰਸਤੇ ਭੇਜ ਦਿੱਤਾ ਤੇ ਉਧਰ ਆਪਣੇ ਗੁਪਤ ਚਰ ਰਾਹੀਂ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਇਸ ਰਸਤਿਓਂ ਲੰਘੇ ਤਾਂ ਲੁੱਟ ਲਿਆ ਜਾਵੇ। ਸਿੰਘਾਂ ਨੇ ਇਸੇ ਤਰ੍ਹਾਂ ਕੀਤਾ। ਕੌੜਾ ਮੱਲ ਦੀ ਇਸ ਹਮਦਰਦੀ ਕਰਕੇ ਇਤਿਹਾਸ ਕੌੜਾ ਮੱਲ ਨੂੰ ਮਿੱਠਾ ਮੱਲ ਕਹਿ ਕੇ ਯਾਦ ਕਰਦਾ ਹੈ। ਇਹ ਲੜਾਈ ਕਾਫ਼ੀ ਲੰਮੀ (ਲਗਭਗ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ) ਚੱਲੀ। ਏਨੀ ਲੰਬੀ ਲੜਾਈ ਚੱਲਣ ਕਰਕੇ ਸਿੰਘਾਂ ਦਾ ਕੌੜਾ ਮੱਲ ਵੱਲੋਂ ਭੇਜਿਆ ਹੋਇਆ ਰਾਸ਼ਨ ਪਾਣੀ ਵੀ ਖਤਮ ਹੋ ਗਿਆ। ਗੋਲ਼ੀ ਸਿੱਕਾ ਖ਼ਤਮ ਹੋ ਗਿਆ, ਲੜਦੇ-ਲੜਦੇ ਹਥਿਆਰ ਵੀ ਖੁੰਡੇ ਹੋ ਗਏ। ਲਖਪਤ ਰਾਏ ਦਾ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ। ਲਖਪਤ ਰਾਏ ਆਪਣੀ ਹਾਰ ਨੂੰ ਵੇਖ ਕੇ ਘਟੀਆ ਤੌਰ-ਤਰੀਕਿਆਂ ’ਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ। ਇਕ ਜੇਠ-ਹਾੜ੍ਹ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ’ਤੇ ਵਿਰੋਧੀ ਪਹਾੜੀ ਰਾਜੇ ਅਤੇ ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰਕੇ ਮੈਦਾਨੇ-ਜੰਗ ’ਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕਰ ਲਿਆ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ ਜੂਝ ਪਏ। ਲੜਾਈ ਸ਼ੁਰੂ ਹੋ ਗਈ ਕਈ ਸਿੱਖ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ। ਇਹਨਾਂ ਵਿੱਚੋਂ ਇੱਕ ਜੱਥੇ ਦੇ ਮੋਢੀ ਸੁੱਖਾ ਸਿੰਘ ਨੇ ਮੁਗਲ ਫ਼ੌਜ ਦੇ ਚੰਗੇ ਆਹੂ ਲਾਹੇ ਤੇ ਆਪ ਵੀ ਜ਼ਖਮੀ ਹੋ ਗਿਆ। ਜੱਦੋ ਜਹਿਦ ਕਰਦਿਆਂ ਸਿੱਖ ਦਰਿਆ ਵਿੱਚ ਠਿੱਲ ਪਏ। ਕਈ ਰੁੜ੍ਹ ਗਏ, ਕਈ ਬਚ ਕੇ ਪਹਾੜਾਂ ਵੱਲ ਚਲੇ ਗਏ ਤੇ ਕਈ ਕੀਰਤਪੁਰ ਸਾਹਿਬ ਵੱਲ ਚਲੇ ਗਏ। ਕਈ ਮੁਗਲਾਂ ਨੇ ਕੈਦ ਕਰ ਲਏ। ਇਸ ਲੜਾਈ ਵਿੱਚ ਲਗਭਗ 7000 ਹਜ਼ਾਰ (ਕਈ ਇਤਿਹਾਸਕਾਰਾਂ ਮੁਤਾਬਕ ਗਿਣਤੀ 11000 ਹਜ਼ਾਰ) ਦੇ ਕਰੀਬ ਸ਼ਹੀਦੀਆਂ ਹੋਈਆਂ ਤੇ 3000 ਹਜ਼ਾਰ (ਕਈਆਂ ਨੇ ਇੱਥੇ ਗਿਣਤੀ 2000 ਲਿਖੀ ਹੈ) ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਲਖਪਤ ਰਾਏ ਲਾਹੌਰ ਲੈ ਗਿਆ। ਲਾਹੌਰ ਦੇ ਨਾਖਾਸ ਚੌਂਕ ਵਿੱਚ ਬੜੇ ਹੀ ਜ਼ਾਲਮਾਨਾ ਤਰੀਕੇ ਨਾਲ ਤਸੀਹੇ ਦੇ ਕੇ ਸਿਰਾਂ ਦੇ ਢੇਰ ਲਗਾ ਦਿੱਤੇ। ਸਰੀਰਾਂ ਨੂੰ ਮਸੀਤਾਂ ਦੀਆਂ ਦੀਵਾਰਾਂ ਵਿੱਚ ਦੱਬ ਦਿੱਤਾ ਗਿਆ। ਖ਼ੂਨ ਨਾਲ ਮਸੀਤਾਂ ਦੇ ਫਰਸ਼ ਧੋਤੇ ਗਏ। ਇਸ ਮੰਦਭਾਗੀ ਘਟਨਾ ਨੂੰ ਇਤਿਹਾਸ ਵਿੱਚ ਪਹਿਲੇ ਘੱਲੂਘਾਰੇ ਜਾਂ ਛੋਟੇ ਘੱਲੂਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਨ 1762 ’ਚ ਪਿੰਡ ਕੁੱਪ-ਰੁਹੀੜੇ ਵਿਖੇ ਵੱਡਾ ਕਤਲਾਮ ਹੋਇਆ ਸੀ ਇਸ ਲੜਾਈ ਵਿੱਚ 30-35 ਹਜ਼ਾਰ ਸਿੰਘ ਸ਼ਹੀਦ ਹੋਏ। ਇਸ ਲਈ ਦੋਵੇਂ ਘੱਲੂਘਾਰਿਆਂ ਨੂੰ ਵਖਰਾਉਣ ਦੇ ਮੰਤਵ ਨਾਲ ਪਹਿਲੇ ਨੂੰ ਛੋਟਾ ਘਲੂਘਾਰਾ ਅਤੇ ਦੂਜੇ ਨੂੰ ਵੱਡਾ ਘੱਲੂਘਾਰਾ ਕਿਹਾ ਜਾਣ ਲੱਗਿਆ।

ਲਖਪਤ ਰਾਏ ਦੀ ਸਿੱਖਾਂ ਨੂੰ ਪੂਰਨ ਤੌਰ ’ਤੇ ਮਾਰ ਮੁਕਾਉਣ ਦੀ ਸ਼ੇਖ਼ੀ ਛੇਤੀ ਹੀ ਝੂਠੀ ਸਾਬਤ ਹੋ ਗਈ ਜਦੋਂ ਲਗਭਗ ਛੇ ਮਹੀਨੇ ਪਿੱਛੋਂ ਹੀ ਸਿੱਖ ਦੁਬਾਰਾ ਅੰਮ੍ਰਿਤਸਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ 30 ਮਾਰਚ 1747 ਨੂੰ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਦਾ ਇਕੱਠ ਕਰਕੇ ਗੁਰਮਤਾ ਪਾਸ ਕੀਤਾ ਕਿ ਸਿੱਖਾਂ ਦੀ ਪੱਕੀ ਰਿਹਾਇਸ਼ ਗਾਹ ਲਈ ਅੰਮ੍ਰਿਤਸਰ ਵਿਖੇ ਰਾਮ ਰੌਣੀ ਕਿਲੇ ਦੀ ਉਸਾਰੀ ਕੀਤੀ ਜਾਵੇ।

Most Viewed Posts