27.5 C
Jalandhar
Saturday, April 11, 2026
spot_img
Home Blog Page 197

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਤੇ ਗੁਰੂ ਇਤਿਹਾਸ ’ਚ ਵਿਸ਼ੇਸ਼ ਸਥਾਨ

0

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਤੇ ਗੁਰੂ ਇਤਿਹਾਸ ’ਚ ਵਿਸ਼ੇਸ਼ ਸਥਾਨ

ਮੀਰੀ ਦੇ ਸ੍ਰੋਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ।

ਕਿਰਪਾਲ ਸਿੰਘ ਬਠਿੰਡਾ (ਮੋਬ:) 98554-80797

ਮੁਢਲਾ ਜੀਵਨ

ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595 ਈ: (ਯੂਲੀਅਨ) ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ; ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21 ਹਾੜ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 5 ਜੁਲਾਈ ਨੂੰ ਹੀ ਆਉਂਦਾ ਹੈ।

(ਨੋਟ: ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਗਏ ਕੈਲੰਡਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 8 ਹਾੜ, 21 ਜੂਨ 2016 ਨੂੰ ਵਿਖਾਇਆ ਗਿਆ ਹੈ। ਪਿਛਲੇ ਸਾਲ ਇਹੀ ਦਿਹਾੜਾ 20 ਜੇਠ, 3 ਜੂਨ 2015 ਈ: ਨੂੰ ਵਿਖਾਇਆ ਗਿਆ ਸੀ; ਅਗਲੇ ਸਾਲ ਇਹ ਕਦੋਂ ਆਵੇਗਾ ਇਹ ਸ਼੍ਰੋਮਣੀ ਕਮੇਟੀ ਹੀ ਜਾਣੇ। ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਗਏ ਕੈਲੰਡਰ ਅਨੁਸਾਰ ਬਾਕੀ ਦੇ ਸਾਰੇ ਦਿਹਾੜਿਆਂ ਦਾ ਵੀ ਇਹੀ ਹਾਲ ਹੈ।)

ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।

ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਸੀ। ਤੱਤੀ ਲੋਹ ’ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ। ਇਸ ਕੁਰਬਾਨੀ ਦਾ ਸਭ ’ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜਸੀ ਤਾਕਤ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਆਮ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ, ਦੂਸਰੇ ਮਨੁੱਖ ਸਾਹਮਣੇ ਅਕਾਰਨ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਜੀ ਨੂੰ ਦੇਖ ਕੇ ਮਹਾਂਬਲੀ ਯੋਧਾ ਹੋਣ ਦਾ ਖ਼ਿਤਾਬ ਦੇ ਦੇਂਦੇ ਸਨ।

ਜਦੋਂ ਇਸਲਾਮ ਦੀ ਨਕਸ਼ਬੰਦੀ ਸਿਲਸਿਲਹ ਦੇ ਮੁੱਖ ਆਗੂ ਕੱਟੜ ਮੁਸਲਮਾਨ ਸ਼ੇਖ਼ ਅਹਿਮਦ ਸਰਹੰਦੀ ਅਤੇ ਉਸ ਦੇ ਚੇਲਿਆਂ ਦੇ ਨਾਪਾਕ ਗਠਜੋੜ (ਜੋ ਕਿ ਸੀ ਕਿਉਂਕਿ ਉਹ ਇਸਲਾਮੀ ਹਕੂਮਤ ਸਥਾਪਤ ਕਰਨਾ ਚਾਹੁੰਦੇ ਸਨ) ਵੱਲੋਂ, (ਗੁਰਗੱਦੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਰੱਖਣ ਵਾਲੇ) ਬਾਬਾ ਪਿ੍ਰਥੀ ਚੰਦ ਅਤੇ (ਲੜਕੀ ਦਾ ਰਿਸ਼ਤਾ ਸੰਗਤਾਂ ਦੀ ਬੇਨਤੀ ’ਤੇ ਸਾਹਿਬਜ਼ਾਦਾ ਹਰਿਗੋਬਿੰਦ ਜੀ ਲਈ ਅਪ੍ਰਵਾਨ ਕਰਨ ਕਰਕੇ ਗੁਰੂ ਘਰ ਦੇ ਵਿਰੋਧੀ ਬਣੇ ਹੰਕਾਰੀ ਬ੍ਰਿਤੀ ਦੇ ਮਾਲਕ) ਚੰਦੂ ਨਾਲ ਮਿਲ ਕੇ; ਸ਼ਰਾਬੀ ਅਤੇ ਅੱਯਾਸ਼ੀ ਮੁਗਲ ਬਾਦਸ਼ਾਹ ਜਹਾਂਗੀਰ, ਜੋ ਆਪਣੀ ਬਾਦਸ਼ਾਹੀ ਸਥਾਪਤ ਕਰਨਾ ਚਾਹੁੰਦਾ ਸੀ, ਕੋਲ ਝੂਠੇ ਇਲਜ਼ਾਮ ਲਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਤਾਣਾ ਬਾਣਾ ਬੁਣਨ ਉਪ੍ਰੰਤ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਤਾਂ ਗੁਰੂ ਅਰਜੁਨ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਸ਼ਹੀਦੀ ਅਟੱਲ ਹੈ। ਇਸ ਲਈ ਲਾਹੌਰ ਜਾਣ ਸਮੇਂ ਉਹ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸਮਝਾ ਗਏ ਸਨ ਕਿ ਉਨ੍ਹਾਂ ਪਿੱਛੋਂ ਗੁਰਿਆਈ ਦੀ ਗੱਦੀ ਦਾ ਮਾਲਕ ਸਾਹਿਬਜ਼ਾਦਾ ਹਰਿਗੋਬਿੰਦ ਹੈ। ਸੋ 25 ਮਈ 1606 ਈ: (ਯੂਲੀਅਨ), ਜੇਠ ਵਦੀ 14; 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ’ਤੇ ਬਿਠਾ ਕੇ ਗੁਰਿਆਈ ਦੀ ਜਿੰਮੇਵਾਰੀ ਸੌਂਪੀ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ ਕਰੀਬ 11 ਸਾਲ ਸੀ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48 ਵੀਂ ਪਉੜੀ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ ਲਿਖਿਆ ਹੈ: ‘‘ਪੰਜਿ ਪਿਆਲੇ, ਪੰਜਿ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆਂ; ਰੂਪੁ ਦਿਖਾਵਣਿ ਵਾਰੋ ਵਾਰੀ। ਦਲਿਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।’’

‘ਪੰਜਿ ਪਿਆਲੇ’ ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ। ‘ਪੰਜਿ ਪੀਰ’ ਦੇ ਅਰਥ ਹਨ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤੱਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ। ‘ਦਲਿਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ’ ਭਾਵ ਗੁਰੂ ਹਰਿਗੋਬਿੰਦ ਸਾਹਿਬ ਧਰਮ ਦੇ ਵੈਰੀ ਦਲਾਂ ਦਾ ਖਾਤਮਾ ਕਰਨ ਵਾਲੇ ਵੱਡੇ ਯੋਧੇ, ਸੂਰਮੇ ਅਤੇ ਪਰਉਪਕਾਰੀ ਹਨ। ‘ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ’ ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ; ਸਰੀਰਾਂ ਵਿਚ ਹੀ ਭੇਦ ਸੀ, ਜੋਤਿ ਇਕੋ ਸੀ।

ਅਕਾਲ ਤਖ਼ਤ ਦੀ ਸਿਰਜਨਾ

ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ ਗੁਰੂ ਹਰਗੋਬਿੰਦ ਜੀ ਨੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਈ:) ਵਿਚ ਇੱਕ ਥੜੇ ਦੀ ਉਸਾਰੀ ਕੀਤੀ ਜਿਸ ’ਤੇ ਬਾਅਦ ਵਿੱਚ ਅਕਾਲ ਬੁੰਗਾ ਉਸਾਰਿਆ ਗਿਆ ਤੇ ਸਮੇਂ ਸਮੇਂ ’ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ ਅਤੇ 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਉਪਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਗਈ ਮੌਜੂਦਾ ਇਮਾਰਤ ਸ਼ੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾਂ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ 18 ਹਾੜ ਹੀ ਵਿਖਾਇਆ ਗਿਆ ਹੈ ਪਰ ਉਨ੍ਹਾਂ ਦੇ ਕੈਲੰਡਰ ਵਿੱਚ 18 ਹਾੜ 1 ਜੁਲਾਈ 2016 ਈ: ਨੂੰ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ‘ਅਬਦੁੱਲਾ’ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ।

ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਕਰਨਾ

6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ‘ਅਬਦੁੱਲਾ’ ਨੇ ਇਸ ਤਰ੍ਹਾਂ ਕੀਤਾ ਹੈ: ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ= ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਦੁਨਿਆ ਦੇ ਇਤਿਹਾਸ ’ਚ ਇਸ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇੱਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਹੋਣੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ। 6 ਸਾਵਣ ਨੂੰ ਸਿੱਖ ਇਤਿਹਾਸ ਵਿੱਚ ਮੀਰੀ-ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਆਉਂਦਾ ਹੈ। (ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ 31 ਹਾੜ, 14 ਜੁਲਾਈ ਵਿਖਾਇਆ ਗਿਆ ਹੈ।)

ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖ਼ਾਲਸੇ ਦਾ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਸਨ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸਿਧਾਂਤ ਨੂੰ ਪਰਪੱਕ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ-ਦਿਨ ਨਿਖਰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿਚ ਲਿਆਂਦਾ ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ। ਸਮੇਂ-ਸਮੇਂ ’ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਜਾਰੀ ਕਰਦੇ ਸਨ; ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੋ ਕੰਮ ਦੁਸ਼ਮਨ ਨਹੀਂ ਕਰ ਸਕਿਆ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਅਕਾਲੀ ਲੀਡਰਾਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪ ਹੀ ਕਰ ਵਿਖਾਇਆ ਹੈ। ਵੱਖ ਵੱਖ ਵੀਚਾਰਧਾਰਾ ਵਾਲੇ ਜੱਥਿਆਂ (ਮਿਸਲਾਂ) ਦੇ ਇਕੱਠ ਵੱਲੋਂ ਮੌਕੇ ’ਤੇ ਚੁਣੇ ਗਏ ਜਥੇਦਾਰਾਂ ਦੀ ਥਾਂ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਰਹਿ ਗਏ ਹਨ ਜੋ ਸਤਾਧਾਰੀ ਦਲ ਦੀਆਂ ਕਠਪੁਤਲੀਆਂ ਦੇ ਤੌਰ ’ਤੇ ਕੰਮ ਕਰਦੇ ਵਿਖਾਈ ਦਿੰਦੇ ਹਨ। ਜਿਸ ਅਕਾਲ ਤਖ਼ਤ ਦੀ ਸਿਰਜਣਾ ਹੀ ਧਰਮੀ ਮਨੁੱਖਾਂ ਵੱਲੋਂ ਰਾਜਸੀ ਤਾਕਤ ਅੱਗੇ ਝੁਕਣ ਦੀ ਪ੍ਰੀਵਿਰਤੀ ਨੂੰ ਠੱਲ੍ਹ ਪਾਉਣ ਲਈ ਕੀਤੀ, ਉਸੇ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਸਤਾਧਾਰੀ ਦਲ ਦੇ ਇਸ਼ਾਰਿਆਂ ’ਤੇ ਹੁਕਨਾਮੇ ਜਾਰੀ ਕਰਨ ਦੀ ਵਧ ਰਹੀ ਪ੍ਰੀਵਿਰਤੀ ਅਕਾਲ ਤਖ਼ਤ ਅਤੇ ਮੀਰੀ-ਪੀਰੀ ਦੇ ਸਿਧਾਂਤ ਵਿਰੁਧ ਜਾਪਦੀ ਹੈ, ਜਿਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।

ਜਹਾਂਗੀਰ ਵੱਲੋਂ ਗੁਰੂ ਜੀ ਨੂੰ ਕੈਦ ਕਰਨਾ ਅਤੇ ਰਿਹਾਈ

ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਦਿਆ ਸਿਖਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜੁਆਨ ਆਪ ਦੀ ਸ਼ਰਨ ਵਿਚ ਇਕੱਠੇ ਹੋ ਗਏ। ਮੌਸਮੀ ਕਾਲ (ਸੁੱਕੇ) ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ, ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿਚ ਭਰਤੀ ਹੋ ਗਏ।

ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿਚ ਵੀ ਵਿਸ਼ੇਸ ਧਿਆਨ ਦਿੱਤਾ ਅਤੇ ਇਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ। 1612 ਵਿਚ ਦੁਆਬੇ ਅਤੇ ਮਾਲਵੇ ਵਿਚ ਸਿੱਖੀ ਦਾ ਪਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ’ਤੇ ਖ਼ਾਸ ਮਿਹਰ ਕੀਤੀ। 1613 ਵਿਚ ਬਾਬਾ ਗੁਰਦਿਤਾ ਜੀ ਦਾ ਜਨਮ ਡਰੌਲੀ ਵਿਚ ਹੋਇਆ। ਇੱਥੇ ਹੀ ਸਾਧਾ ਨਾਮ ਦਾ ਇਕ ਸਖੀ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸ ਦੇ ਘਰ ਭਾਈ ਰੂਪ ਚੰਦ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਬਣਵਾਇਆ।

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਵਿੱਚ ਉਸ ਨੇ ਗੁਰੂ ਸਾਹਿਬ ਨੂੰ ਗਵਾਲੀਆਰ ਦੇ ਕਿਲੇ ਵਿਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਜਿੱਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਖੁਦ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ ਜੋ ਰਵਾਇਤ ਅੱਜ ਤੱਕ ਜਾਰੀ ਹੈ। 1614 ਵਿਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸ ਨੇ ਫਕੀਰ ਮੀਆਂ ਮੀਰ ਦੇ ਕਹਿਣ ’ਤੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲ਼ੇ ਦੀਆਂ ਕਲੀਆਂ ਫੜ ਕੇ 52 ਹਿੰਦੂ ਰਾਜੇ ਵੀ ਜ਼ੇਲ੍ਹ ਵਿਚੋਂ ਰਿਹਾ ਹੋਏ ਸਨ। ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।

ਸੱਚਾ ਪਤਾਸ਼ਾਹ

ਜਿਸ ਵਕਤ ਗੁਰੂ ਜੀ ਰਿਹਾਈ ਤੋਂ ਬਾਅਦ ਪੰਜਾਬ ਵੱਲ ਆ ਰਹੇ ਸਨ ਤਾਂ ਜਹਾਂਗੀਰ ਵੀ ਕਸ਼ਮੀਰ ਨੂੰ ਜਾਣ ਲਈ ਗੁਰੂ ਜੀ ਦੇ ਕਾਫਲੇ ਨਾਲ ਹੀ ਸੀ। ਜਹਾਂਗੀਰ ਤੇ ਗੁਰੂ ਜੀ ਕਾਫੀ ਦਿਨ ਇਕੱਠੇ ਸਫਰ ਕਰਦੇ ਰਹੇ। ਰਸਤੇ ਵਿੱਚ ਇਕ ਜਗ੍ਹਾ ’ਤੇ ਰੁਕੇ ਤਾਂ ਇੱਕ ਗਰੀਬ ਘਾਹੀ ਸਿੱਖ ਇੱਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲੈ ਕੇ ਦਰਸ਼ਨਾਂ ਨੂੰ ਆਇਆ। ਦੋ ਕੈਂਪ ਲੱਗੇ ਦੇਖ ਕੇ ਉਸ ਨੇ ਜਹਾਂਗੀਰ ਦੇ ਸਿਪਾਹੀਆਂ ਕੋਲੋਂ ਪੁੱਛਿਆ ਕਿ ਉਸ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ ਇਸ ਲਈ ਦੱਸਿਆ ਜਾਵੇ ਕਿ ਸੱਚੇ ਪਾਤਸ਼ਾਹ ਦਾ ਕੈਂਪ ਕਿਹੜਾ ਹੈ ? ਸਿਪਾਹੀ ਸਮਝ ਤਾਂ ਗਏ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹੈ ਤੇ ਉਨ੍ਹਾਂ ਦੇ ਹੀ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਉਨ੍ਹਾਂ ਨੇ ਜਾਣ ਬੁੱਝ ਕੇ ਹੀ ਜਹਾਂਗੀਰ ਦੇ ਕੈਂਪ ਵੱਲ ਇਸ਼ਾਰਾ ਕਰ ਦਿੱਤਾ ਕਿਉਂਕਿ ਜਹਾਂਗੀਰ ਦੇ ਸਿਰ ’ਤੇ ਸਜੀ ਦਸਤਾਰ ਅਤੇ ਉੱਪਰ ਲੱਗੀ ਕਲਗੀ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਭੁਲੇਖਾ ਪੈਂਦਾ ਸੀ ਇਸ ਲਈ ਘਾਹੀ ਨੇ ਜਾਂਦਿਆਂ ਹੀ ਟਕਾ ਅਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਫਿਰ ਅਰਜ਼ੋਈ ਕੀਤੀ ਕਿ ਉਸ ਦੀ ਲੋਕ ਪਰਲੋਕ ਵਿੱਚ ਸਹਾਇਤਾ ਕਰਨੀ। ਜਹਾਂਗੀਰ ਵੀ ਸਮਝ ਗਿਆ ਕਿ ਉਹ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਭੁਲੇਖੇ ਨਾਲ ਉਨ੍ਹਾਂ ਕੋਲ ਪਹੁੰਚ ਗਿਆ ਹੈ। ਜਹਾਂਗੀਰ ਨੇ ਕਿਹਾ ਪਰਲੋਕ ਵਿੱਚ ਤਾਂ ਉਹ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਪਰ ਉਹ ਇਸ ਦੇਸ਼ ਦਾ ਬਾਦਸ਼ਾਹ ਹੈ ਇਸ ਲਈ ਜੇ ਚਾਹੇ ਤਾਂ ਉਸ ਦੇ ਨਾਮ ਜਾਗੀਰ ਲਿਖਵਾ ਸਕਦਾ ਹੈ। ਇਹ ਗੱਲ ਸੁਣ ਕੇ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਗ਼ਲਤ ਜਗ੍ਹਾ ’ਤੇ ਆ ਗਿਆ ਹੈ। ਟਕਾ ਅਤੇ ਘਾਹ ਦੀ ਪੰਡ ਚੁੱਕ ਕੇ ਨਾਲ ਦੇ ਕੈਂਪ ਵੱਲ ਚੱਲਣ ਲੱਗਾ ਤਾਂ ਜਹਾਂਗੀਰ ਨੇ ਉਸ ਸਿੱਖ ਦਾ ਸਿਦਕ ਪ੍ਰਖਣ ਲਈ ਕਿਹਾ ਕਿ ਤੂੰ ਇਹ ਟਕਾ ਨਾ ਚੁੱਕ ਇਸ ਦੇ ਬਦਲੇ ਤੂੰ ਜਿੰਨੀਆਂ ਚਾਹੇਂ ਮੋਹਰਾਂ ਲੈ ਸਕਦਾ ਹੈਂ ਤੇ ਉਨ੍ਹਾਂ ਵਿੱਚੋਂ ਕੁਝ ਮੋਹਰਾਂ ਤੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕ ਦੇਵੀਂ। ਘਾਹੀ ਸਿੱਖ ਨੇ ਜਹਾਂਗੀਰ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਜਿਸ ਤਰ੍ਹਾਂ ਪ੍ਰਲੋਕ ਵਿੱਚ ਤੇਰਾ ਹੁਕਮ ਨਹੀਂ ਚਲਦਾ ਇਸੇ ਤਰ੍ਹਾਂ ਤੇਰੀਆਂ ਮੋਹਰਾਂ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਨਹੀਂ ਚੱਲ ਸਕਦੀਆਂ। ਉੱਥੇ ਤਾਂ ਹੱਕ ਸੱਚ ਦੀ ਕਮਾਈ ਦਾ ਇਹ ਟਕਾ ਹੀ ਪ੍ਰਵਾਨ ਹੋ ਸਕਦਾ ਹੈ। ਜਹਾਂਗੀਰ ਨੇ ਫਿਰ ਕਿਹਾ ਕਿ ਇਹ ਘਾਹ ਦੀ ਪੰਡ ਹੀ ਨਾ ਚੁੱਕ; ਤੂੰ ਇਸ ਦਾ ਮੂੰਹੋਂ ਮੰਗਿਆ ਮੁੱਲ ਲੈ ਸਕਦਾ ਹੈਂ। ਸਿੱਖ ਨੇ ਫਿਰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਮੁੱਲ ਉਸ ਚੀਜ਼ ਦਾ ਪੈਂਦਾ ਹੈ ਜੋ ਵਿਕਾਊ ਹੋਵੇ ਮੇਰਾ ਘਾਹ ਵਿਕਾਊ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਜੀ ਦੇ ਘੋੜਿਆਂ ਲਈ ਬੜੇ ਹੀ ਪ੍ਰੇਮ ਨਾਲ ਲਿਆਂਦਾ ਹੈ ਇਸ ਲਈ ਇਹ ਪੈਸਿਆਂ ਬਦਲੇ ਵੇਚਣ ਲਈ ਨਹੀਂ ਹੈ। ਇਹ ਕਹਿੰਦਾ ਹੋਇਆ ਉਹ ਘਾਹੀ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਂਪ ਵੱਲ ਚੱਲ ਪਿਆ ਤੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸ਼ਰਧਾ ਨਾਲ ਟਕਾ ਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ! ਭੁਲੇਖੇ ਨਾਲ ਗ਼ਲਤ ਦਰ ’ਤੇ ਚਲਾ ਗਿਆ ਸੀ। ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਗਲਤੀ ਜਾਂ ਭੁਲੇਖੇ ਨਾਲ ਵੀ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ ’ਤੇ ਨਹੀਂ ਜਾਣਾ। ਦੂਸਰੀ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਤਾਂ ਕੀ ਵਿਕਣਾ ਸੀ ਉਸ ਦਾ ਘਾਹ ਵੀ ਵਿਕਾਊ ਨਹੀਂ ਹੁੰਦਾ। ਜਹਾਂਗੀਰ ਉੱਤੇ ਇਸ ਘਟਨਾ ਦਾ ਡੂੰਘਾ ਅਸਰ ਪਿਆ ਪਰ ਅਫਸੋਸ ਹੈ ਕਿ ਇਹ ਸਾਖੀ ਸੁਣੀ ਤੇ ਸੁਣਾਈ ਤਾਂ ਸੈਂਕੜੇ ਵਾਰ ਜਾਂਦੀ ਹੈ ਪਰ ਮੌਜੂਦਾ ਦੌਰ ਵਿੱਚ ਬਹਗਿਣਤੀ ਸਿੱਖ ਇਸ ਸਾਖੀ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਮਨੋਂ ਵਿਸਾਰ ਕੇ ਬਹੁਤ ਹੀ ਨਿਗੁਣੇ ਸੁਆਰਥਾਂ ਦੀ ਪੂਰਤੀ ਅਤੇ ਦੁਨਿਆਵੀ ਅਹੁੱਦਿਆਂ ਲਈ ਆਪਣੀ ਜ਼ਮੀਰ ਨੂੰ ਵੇਚਣ ਲਈ ਤਿਆਰ ਹੋ ਜਾਂਦੇ ਹਨ।

ਗੁਰੂ ਜੀ ਵੱਲੋਂ ਲੜੀਆਂ ਗਈਆਂ ਜੰਗਾਂ

ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਪਹਿਲੀ ਜੰਗ 1629 ਈ: ਵਿੱਚ ਮੌਜੂਦਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਾਲੀ ਜਗ੍ਹਾ ’ਤੇ ਹੋਈ। ਸਿੱਖਾਂ ਵੱਲੋਂ ਸ਼ਾਹੀ ਫੌਜਾਂ ਦਾ ਬਾਜ਼ ਫੜੇ ਜਾਣਾ ਇਸ ਜੰਗ ਦਾ ਕਾਰਨ ਬਣਿਆ। ਚੇਤੇ ਰਹੇ ਇਸ ਸਮੇਂ ਬੀਬੀ ਵੀਰੋ ਜੀ ਦਾ ਵਿਆਹ ਰੱਖਿਆ ਹੋਇਆ ਸੀ ਇਸ ਲਈ ਗੁਰੂ ਜੀ ਵਿਆਹ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਪਰ ਮਜ਼ਬੂਰੀ ਵੱਸ ਇਹ ਜੰਗ ਲੜਨੀ ਪਈ ਜਿਸ ਦੌਰਾਨ ਗੁਲਾਮ ਖ਼ਾਨ ਹਾਰ ਖਾ ਕੇ ਭੱਜ ਗਿਆ ਤੇ ਮੁਖਲਿਸ ਖ਼ਾਂ ਮਾਰਿਆ ਗਿਆ।

ਦੂਸਰੀ ਜੰਗ ਹਰਿਗੋਬਿੰਦਪੁਰ ਵਿਖੇ ਹੋਈ ਜਿਸ ਦਾ ਕਾਰਨ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਦਾ ਹੰਕਾਰ ਬਣਿਆ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ’ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖਾਨ ਫੌਜਾਂ ਸਮੇਤ ਗੁਰੂ ਜੀ ’ਤੇ ਚੜ੍ਹਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ। ਗੁਰੂ ਜੀ ਵੱਲੋਂ ਦਬਾਅ ਹੇਠ ਇਲਾਕਾ ਛੱਡ ਜਾਣ ਤੋਂ ਇਨਕਾਰ ਕਰਨ ’ਤੇ ਜੰਗ ਹੋਇਆ ਜਿਸ ਵਿੱਚ ਰਤਨ ਚੰਦ ਤੇ ਅਬਦੁੱਲਾ ਖ਼ਾਂ ਦੋਵੇਂ ਮਾਰੇ ਗਏ।

ਕਾਬਲ ਦਾ ਇਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈ ਕੇ ਆ ਰਿਹਾ ਸੀ ਕਿ ਲਹੌਰ ਦੇ ਤੁਰਕ ਹਾਕਮਾਂ ਨੇ ਖੋਹ ਲਏ। ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਨੋ ਘੋੜੇ ਵਾਪਸ ਲਿਆਂਦੇ। ਇਸ ਸਭ ਦਾ ਬਦਲਾ ਲੈਣ ਲਈ ਲਹੌਰ ਤੋਂ ਲਲਾਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਤੁਰਕਾਂ ਨੇ ਚੜ੍ਹਾਈ ਕਰ ਦਿਤੀ। ਮਾਲਵੇ ਦੇ ਪਿੰਡ ਮਹਿਰਾਜ ਦੇ ਕੋਲ ਗੁਰੂ ਨਾਥ ਦੀ ਢਾਬ ਕੋਲ ਤੀਸਰੀ ਭਿਆਨਕ ਜੰਗ ਹੋਈ। ਦੋਨਾਂ ਧਿਰਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ। ਇਸ ਲੜਾਈ ਵਿਚ ਤੁਰਕ ਸਰਦਾਰ ਮਾਰੇ ਗਏ ਅਤੇ ਇਸ ਜੰਗ ਦੀ ਜਿੱਤ ਦੀ ਯਾਦ ਵਿਚ ਗੁਰੂ ਸਾਹਿਬ ਨੇ ‘ਗੁਰੂਸਰ’ ਨਾਮ ਦਾ ਇਕ ਸਰੋਵਰ ਬਣਵਾਇਆ।

ਕਰਤਾਰਪੁਰ ਵਿਖੇ ਚੌਥੀ ਲੜਾਈ 1634 ਵਿਚ ਹੋਈ। ਕਈ ਸਾਲਾਂ ਤੋਂ ਸਿੱਖ ਫੌਜ ਵਿੱਚ ਬੜੇ ਸਤਿਕਾਰਯੋਗ ਅਹੁੱਦੇ ’ਤੇ ਨਿਵਾਜ਼ੇ ਜਾਣ ਵਾਲੇ ਪਠਾਨ ਪੈਂਦੇ ਖਾਂ ਨੂੰ ਆਪਣੀ ਬਹਾਦਰੀ ’ਤੇ ਹੰਕਾਰ ਹੋ ਗਿਆ। ਉਹ ਗੁਰੂ ਜੀ ਦੀ ਹੁਕਮ ਅਦੂਲੀ ਕਰਨ ਲੱਗ ਪਿਆ ਤੇ ਗੁਰੂ ਘਰ ਵਿਰੁਧ ਸਾਜਿਸ਼ਾਂ ਰਚਣ ਲੱਗ ਪਿਆ। ਇਹ ਹਰਕਤਾਂ ਵੇਖ ਕੇ ਗੁਰੂ ਜੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ। ਪੈਂਦੇ ਖ਼ਾਂ ਨੇ ਮੁਖ਼ਲਿਸ ਖ਼ਾਂ ਦੇ ਭਰਾ ਕਾਲੇ ਖ਼ਾਂ ਤੇ ਜਲੰਧਰ ਦੇ ਸੂਬੇਦਾਰ ਕੁਤਬਦੀਨ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਹੌਰ ਦੇ ਨਵਾਬ ਨੇ ਕਾਲੇ ਖ਼ਾਂ ਦੀ ਕਮਾਨ ਹੇਠ ਫੌਜ ਤੋਰ ਦਿੱਤੀ। ਬਾਬਾ ਗੁਰਦਿੱਤਾ ਜੀ ਅਤੇ ਭਾਈ ਵਿਧੀ ਚੰਦ ਦੀ ਅਗਵਾਈ ਹੇਠ ਹੋਰ ਸਿੱਖ ਯੋਧਿਆਂ ਦੇ ਨਾਲ 14 ਸਾਲ ਦੇ ਤੇਗ ਤੇਗ ਮੱਲ ਜੀ ਨੇ ਵੀ ਮੈਦਾਨੇ ਜੰਗ ਵਿਚ ਤੇਗ ਦੇ ਜੌਹਰ ਵਿਖਾਏ। ਇਸ ਬਹਾਦਰੀ ਨੂੰ ਵੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਮ ਤੇਗ ਬਹਾਦਰ ਰੱਖਿਆ ਜੋ ਬਾਅਦ ਵਿੱਚ ਨੌਵੇਂ ਗੁਰੂ ਵਜੋਂ ਸ਼ੁਸ਼ੋਭਿਤ ਹੋਏ। ਆਖਿਰ ਪੈਂਦੇ ਖਾਂ ਲੜਾਈ ਦੇ ਮੈਦਾਨ ’ਚ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਆਇਆ ਅਤੇ ਗੁਰੂ ਜੀ ਉੱਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜਦ ਕਿ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜਖ਼ਮੀ ਹੋ ਕੇ ਘੋੜੇ ਤੋਂ ਡਿੱਗ ਪਿਆ ਅਤੇ ਉਸ ਦਾ ਅੰਤ ਨੇੜੇ ਆ ਗਿਆ। ਗੁਰੂ ਜੀ ਨੇ ਦਇਆ ਵਿੱਚ ਆ ਕੇ ਪੈਂਦੇ ਖਾਂ ਦੇ ਮੂੰਹ ’ਤੇ ਢਾਲ ਨਾਲ ਛਾਂ ਕੀਤੀ ਅਤੇ ਅੰਤਮ ਸਮੇਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਕਲਮਾਂ ਪੜ੍ਹਨ ਲਈ ਆਖਿਆ। ਪੈਂਦੇ ਖ਼ਾਂ ਦੇ ਦਾਮਾਦ ਕਾਲੇ ਖ਼ਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆ ਕਾਲੇ ਖ਼ਾਂ, ਵਾਰ ਇਉਂ ਨਹੀਂ ਇਉਂ ਕਰੀ ਦਾ ਹੈ ਅਤੇ ਆਪਣੇ ਵਾਰ ਨਾਲ ਕਾਲੇ ਖਾਂ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਮੁਸਲਮਾਨੀ ਫੌਜ ਨੇ ਭੱਜ ਕੇ ਜਾਣ ਬਚਾਈ।

1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਜੋ ਧਾਰਮਿਕ ਪ੍ਰਵਿਰਤੀ ਦਾ ਮਾਲਕ ਸੀ, ਜਿਸ ਕਾਰਨ 1644 ਤੱਕ ਅਮਨ ਸ਼ਾਂਤੀ ਰਹੀ ਤੇ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਹਰਿ ਰਾਏ ਜੀ (ਪੁੱਤਰ ਬਾਬਾ ਗੁਰਦਿੱਤਾ ਜੀ) ਨੂੰ ਸੌਂਪ ਦਿੱਤੀ ਅਤੇ 6 ਚੇਤ, 3 ਮਾਰਚ 1644 ਯੂਲੀਅਨ ਨੂੰ 49 ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ 6 ਚੇਤ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 19 ਮਾਰਚ ਨੂੰ ਆਉਂਦਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਦਾ ਦਿਹਾੜਾ 29 ਚੇਤ 11 ਅਪ੍ਰੈਲ ਵਿਖਾਇਆ ਗਿਆ ਹੈ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬਾਰੇ ਬਹੁ ਪੱਖੀ ਵਿਚਾਰ

0

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬਾਰੇ ਬਹੁ ਪੱਖੀ ਵਿਚਾਰ   (1563 – 1606ਈ.)

ਸ਼ਹੀਦ: ਉਹ ਮਹਾਂਯੋਧਾ ਅਤੇ ਪਵਿੱਤਰ ਹਸਤੀ ਜੋ ਰੱਬ ਜਾਂ ਉਸ ਦੀ ਰਚਨਾ ਦੇ ਪਿਆਰ ਅਤੇ ਰੱਬੀ ਭਾਣੇ ਅੰਦਰ ਖੁਸ਼ੀ-ਖੁਸ਼ੀ, ਕਿਸੇ ਜਗਤ ਭਲਾਈ ਅਤੇ ਪਰਉਪਕਾਰ ਹਿੱਤ ਜੂਝਿਆ ਹੋਵੇ ਜਾਂ ਜਿਸ ਨੇ ਕਿਸੇ ਉੱਚੇ ਸੁੱਚੇ ਸਿਧਾਂਤ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਹੋਵੇ, ਉਸ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ ।

ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੱਧਾ ਅਤੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ। ਪੁਰਾਤਨ ਇਤਿਹਾਸਕਾਰਾਂ ਨੇ ਆਪ ਜੀ ਦੀ ਸ਼ਹੀਦੀ ਅਤੇ ਇਹੋ ਜਿਹੇ ਨਿਰਦਈ ਦੰਡ ਦੇਣ ਦੀ ਵਿਧੀ ਨੂੰ ਅਪਣਾਉਣ ਦਾ ਮੁੱਖ ਕਾਰਨ ਦੀਵਾਨ ਚੰਦੂ ਸ਼ਾਹ ਦੀ ਨਿੱਜੀ ਦੁਸ਼ਮਣੀ ਦੱਸਿਆ ਹੈ, ਪਰੰਤੂ ਅਸਲੀਅਤ ਅਤੇ ਮੁੱਖ ਕਾਰਨ ਹੋਰ ਵੀ ਹਨ। ਪ੍ਰਿਥੀ ਚੰਦ ਅਤੇ ਚੰਦੂ ਸ਼ਾਹ ਗੁਰੂ ਜੀ ਦੀ ਸ਼ਹਾਦਤ ਦਾ ਇਕ ਨਿਗੂਣਾ ਜਿਹਾ ਕਾਰਨ ਜ਼ਰੂਰ ਸਨ ਪਰੰਤੂ ਸਤਿਗੁਰਾਂ ਦੀ ਸ਼ਹਾਦਤ ਦਾ ਮੁੱਖ ਕਾਰਨ; ਜਿਵੇਂ:

(1) ਸ਼ਰਾਬੀ ਅਤੇ ਅੱਯਾਸ਼ੀ ਮੁਗ਼ਲ ਬਾਦਸ਼ਾਹ ਜਹਾਂਗੀਰ ਜੋ ਆਪਣੀ ਬਾਦਸ਼ਾਹੀ ਸਥਾਪਤ ਕਰਨਾ ਚਾਹੁੰਦਾ ਸੀ।

(2) ਕੱਟੜ ਮੁਸਲਮਾਨ ਸ਼ੇਖ ਅਹਿਮਦ ਸਰਹੰਦੀ, ਜੋ ਕਿ ਇਸਲਾਮ ਦੀ ਨਕਸ਼ਬੰਦੀ ਸਿਲਸਿਲਹ ਦਾ ਮੁੱਖ ਆਗੂ ਸੀ

(3) ਉਸ ਦੇ ਚੇਲਿਆਂ ਦਾ ਨਾਪਾਕ ਗੱਠਜੋੜ ਸੀ ਜੋ ਇਸਲਾਮੀ ਹਕੂਮਤ ਸਥਾਪਤ ਕਰਨਾ ਚਾਹੁੰਦੇ ਸਨ, ਆਦਿ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ਼ਹੀਦੀ ਦੇ ਅਸਲ ਕਾਰਨ, ਦੰਡ ਦੇਣ ਦਾ ਢੰਗ ਅਤੇ ਅਸਲ ਦੋਸ਼ੀ ਦਾ ਪਤਾ ਕਰਨ ਲਈ ਸਾਨੂੰ ਇਤਿਹਾਸ ਦੇ ਪੰਨਿਆਂ ਨੂੰ ਸਾਰ ਵਿੱਚ ਪੜ੍ਹਨਾ ਪਵੇਗਾ।

ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਭਾਰਤੀ ਵਸੋਂ ਦੀ ਰਾਜਨੀਤਕ, ਧਾਰਿਮਕ, ਸਮਾਜਕ ਅਤੇ ਮਾਨਸਿਕ ਅਵਸਥਾ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਆਗਮਨ ਮੌਕੇ ਭਾਰਤੀ ਵਸੋਂ ਵਰਨ ਆਸ਼ਰਮ (ਜਾਤ-ਪਾਤ) ਕਰਕੇ ਵੰਡੀ ਹੋਈ ਸੀ, ਪੁਜਾਰੀ ਸ਼ਰੇਣੀ ਦੀ ਸਤਾਈ ਹੋਈ ਅਤੇ ਰਾਜ ਸੱਤਾ ਦੀ ਬੁਰੀ ਤਰ੍ਹਾਂ ਦਬਾਈ ਹੋਈ ਸੀ। ਸਮਾਜ ਅੰਦਰ ਜਾਤ-ਪਾਤ, ਛੂਤ-ਛਾਤ, ਸੁੱਚ-ਭਿੱਟ, ਈਰਖਾ, ਦਵੈਸ਼, ਨਫ਼ਰਤ ਆਦਿ ਬੁਰਾਈਆਂ ਬੜਾ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਸਨ, ਜਿਸ ਦੇ ਨਤੀਜੇ ਵਜੋਂ ਸਮਾਜ ਦੀ ਮਾਨਸਿਕ ਦਸ਼ਾ ਬਹੁਤ ਹੀ ਦੁਖਦਾਈ ਤੇ ਤਰਸਮਈ ਬਣ ਚੁੱਕੀ ਸੀ। ਔਰਤ ਜਾਤੀ ਦੀ ਸਮਾਜ ਵਿੱਚ ਕੋਈ ਥਾਂ ਨਹੀ ਸੀ ਅਤੇ ਤੀਂਵੀ ਨੂੰ ਮਰਦ ਦੀ ਜਾਇਦਾਦ ਸਮਝਿਆ ਜਾਂਦਾ ਸੀ। ਸਮਾਜ ਦੀ ਅਜਿਹੀ ਅਵਸਥਾ ਨੂੰ ਸੁਧਾਰਨ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਨਾਮ ਜਪਣ (ਭਾਵ ਰੱਬੀ ਗੁਣਾਂ ਅਤੇ ਗਿਆਨ ਨੂੰ ਅਪਣਾਉਣ) ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਲੋਕਾਂ ਦੇ ਮਨਾਂ ਵਿੱਚੋਂ ਨਫ਼ਰਤ ਅਤੇ ਵਿਤਕਰਿਆਂ ਦੀਆਂਵੰਡੀਆਂ ਨੂੰ ਮਿਟਾ ਕੇ ਆਪਸੀ ਪਿਆਰ, ਮਿਲਵਰਤਨ, ਏਕਤਾ, ਬਰਾਬਰੀ ਦੀਆਂ ਭਾਵਨਾਵਾਂ ਦੇ ਸੰਚਾਰ ਲਈ ਸੰਗਤ ਤੇ ਪੰਗਤ ਦੀਆਂ ਸੰਸਥਾਵਾਂ ਦਾ ਮੁੱਢਬੰਨ੍ਹਿਆ। ਇਨ੍ਹਾਂ ਦੋਹਾਂ ਸੰਸਥਾਵਾਂ ਨੇ ਸਮਾਜ ਅੰਦਰ ‘ਰਾਣਾ ਰੰਕੁ’ ਬਰਾਬਰੀ ਦੀ ਭਾਵਨਾ ਹੀ ਨਹੀਂ ਉਜਗਾਰ ਕੀਤੀ, ਸਗੋਂ ਮਾਨਵਤਾ ਦੀ ਏਕਤਾ ਅਤੇ ਬਰਾਬਰੀ ਦੇ ਵਿਚਾਰ ਨੂੰ ਇੰਨ-ਬਿੰਨ ਲਾਗੂ ਕਰ ਕੇ ਸਮਾਜ ਅੰਦਰ ਇਕ ਵੱਡੀ ਤਬਦੀਲੀ ਦਾ ਮੁੱਢ ਬੰਨ੍ਹਿਆ।

ਰਾਜ ਸੱਤਾ ਦੀ ਫਾਰਸੀ ਬੋਲੀ ਅਤੇ ਪੁਜਾਰੀ ਜਮਾਤ ਵਲੋਂ ਦੈਵੀ ਸਮਝੀ ਜਾਂਦੀ ਸੰਸਕ੍ਰਿਤ ਬੋਲੀ ਸਾਧਾਰਨ ਜਨਤਾ ਦੀ ਸਮਝ ਅਤੇ ਪਹੁੰਚ ਤੋਂ ਪਰੇ ਸਨ। ਵਿਦਿਆਲੈਣ ਦਾ ਅਤੇ ਪੁਜਾਰੀ ਜਮਾਤ ਵਲੋਂ ਦੈਵੀ ਸਮਝੀ ਜਾਂਦੀ ਸੰਸਕ੍ਰਿਤ ਬੋਲੀ ਪੜ੍ਹਨ ਦਾ ਆਮ ਜਨਤਾ ਨੂੰ ਕੋਈ ਹੱਕ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਆਮ ਲੋਕਾਂ ਵਿੱਚ ਬੋਲੀ ਜਾਂਦੀ ਪੰਜਾਬੀ ਭਾਸ਼ਾ ਨੂੰ ਅਪਣਾਇਆ। ਇਸ ਤਰ੍ਹਾਂ ਰਾਜ ਸੱਤਾ ਅਤੇ ਪੁਜਾਰੀ ਜਮਾਤ ਦੀਆਂ ਬੋਲੀਆਂ ਅਪਰਵਾਨ ਕਰ, ਜਨਤਾ ਵਿੱਚ ਬੋਲੀ ਜਾਂਦੀ ਭਾਸ਼ਾ ਨੂੰ ਪ੍ਰਫੁਲਤ ਕੀਤਾ। ਔਰਤ ਅਤੇ ਮਨੁੱਖ ਜਾਤੀ ਦੇ ਬਰਾਬਰ ਦੇ ਹੱਕਾਂ ਲਈ ਪਰਚਾਰਿਆ। ਔਰਤ ਜਾਤੀ ਨੂੰ ਉਸ ਦੇ ਬਰਾਬਰਤਾ ਦੇ ਦਰਜੇ ਬਾਰੇ ਜਾਣੂਕਰਵਾਇਆ।

ਪੁਜਾਰੀ ਜਮਾਤ ਵਲੋਂ ਸੂਤਕ ਅਤੇ ਸੁੱਚ ਦੇ ਬਹਾਨੇ ਔਰਤ ਜਾਤੀ ਨੂੰ ਹਿੰਦੂ ਮੰਦਰਾਂ ਵਿੱਚ ਜਾਣ ਦੀ ਅਤੇ ਪੂਜਾ ਪਾਠ ਕਰਨ ਦੀ ਮਨਾਹੀ ਸੀ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਉਸ ਦੇ ਹੱਕਾਂ ਬਾਰੇ ਜਾਣੂ ਕਰਾਇਆ, ਲੋਕਾਂ ਦੇ ਇਸ ਭਰਮ ਨੂੰ ਦੂਰ ਕੀਤਾ ਅਤੇ ਇਹ ਕਹਿ ਕੇ ਲੋਕਾਈ ਨੂੰ ਸਮਝਾਇਆ: ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’’ (ਮ 1, ਪੰਨਾ 473)

ਜਾਤ ਪਾਤ ਦੇ ਸਤਾਏ, ਗਰੀਬ ਅਤੇ ਅਖੌਤੀ ਬਣਾਈ ਨੀਵੀਂ ਜਾਤੀ ਦੇ ਲੋਕਾਂ ਨੂੰ ਇਹ ਕਹਿ ਕੇ ਮਾਣ ਅਤੇ ਪਿਆਰ ਦਿੱਤਾ: ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥’’ (ਮਹਲਾ 1, ਪੰਨਾ 16)

‘‘ਅਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ ॥’’ (ਮ 1, ਪੰਨਾ 469)

‘‘ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ ॥’’ (ਮਹਲਾ 1, ਪੰਨਾ 1330) ਆਦਿ, ਅਤੇ ਸੂਤਕ ਪਾਤਕ ਦੇ ਵਹਿਮ ਨੂੰ ਇਉਂ ਰੱਦ ਕੀਤਾ:

‘‘ਜੇ ਕਰਿ ਸੂਤਕੁ ਮੰਨੀਐ, ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ, ਅੰਦਰਿ ਕੀੜਾ ਹੋਇ ॥’’ (ਮਹਲਾ 1, ਪੰਨਾ 472)

‘‘ਮਨ ਕਾ ਸੂਤਕੁ ਲੋਭੁ ਹੈ, ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ, ਪਰ ਤ੍ਰਿਅ ਪਰ ਧਨ ਰੂਪੁ ॥’’ (ਮਹਲਾ 1, ਪੰਨਾ 472)

ਸਿੱਖੀ ਸਿਧਾਂਤ ਬ੍ਰਾਹਮਣੀ ਕਰਮਕਾਂਡਾਂ ਉੱਪਰ ਕਰੜੀ ਤਕੜੀ ਸੱਟ ਮਾਰਦੇ ਸਨ ਅਤੇ ਜਾਤ-ਪਾਤ ਦੀ ਕਾਣੀ ਵੰਡ ਨੂੰ ਮੁੱਢੋਂ ਰੱਦ ਕਰਦੇ ਸਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਆਪਣੇ ਨਿਆਰੇ, ਵਿਲੱਖਣ ਅਤੇ ਸਰਬੱਤ ਦੇ ਭਲੇ ਵਾਲੇ ਸਿਧਾਂਤਾਂ ਕਾਰਨ ਸਿੱਖੀ ਦੂਰ ਦੁਰਾਡੇ ਫੈਲ ਗਈ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਇਹ ਜਾਣਦਿਆਂ ਹੋਇਆਂ ਕਿ ਜਿਸ ਸਮਾਜ ਅੰਦਰ ਇਕ ਵੱਡੀ ਤਬਦੀਲੀ ਦਾ ਮੁੱਢ ਬੰਨ੍ਹਿਆ ਹੈ ਇਸ ਨੂੰ ਨੇਪਰੇ ਚਾੜ੍ਹਣ ਲਈ ਬਹੁਤ ਕੰਮਕਰਨਾ ਹੈ ਅਤੇ ਇਸ ਵਿੱਚ ਬੜੀਆਂ ਔਕੜਾਂ ਵੀ ਆਉਣਗੀਆਂ। ਇਸ ਲਈ ਆਪ ਜੀ ਨੇ ਆਪਨੇ ਪੈਰੋਕਾਰਾਂ ਅਤੇ ਸ਼ਰਧਾਲੂਆਂ ਨੂੰ ਇਹ ਕਹਿ ਕੇ ਅਗਾਉਂ ਚਿਤੰਨ ਕੀਤਾ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮਹਲਾ1, ਪੰਨਾ 1412)

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨਵੇਂ ਚਲਾਏ ਨਿਰਮਲ ਪੰਥ ਨੂੰ ਪ੍ਰਪੱਕਤਾ ਅਤੇ ਵਿਕਾਸ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬੜੀ ਦ੍ਰਿੜਤਾ ਨਾਲ ਨਿਭਾਈ। ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ, ਗੁਰੂ ਜੀ ਨੇ ਲੋਕਾਂ ਦੀ ਚੰਗੀ ਸਿਹਤ ਅਤੇ ਸਰੀਰਕ ਸਡੌਲਤਾ ਲਈ ਮੱਲ ਅਖਾੜੇ ਸ਼ੁਰੂ ਕੀਤੇ। ਉਦਾਸੀ ਪ੍ਰੰਪਰਾ ਨੂੰ ਠੱਲ ਪਾਇਆ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਸਤੇ ਅਨੇਕਾਂ ਮਹਾਨ ਕਾਰਜ ਕੀਤੇ। ਗੁਰੂ ਸਾਹਿਬ ਅਤੇ ਮਾਤਾ ਖੀਵੀ ਜੀ ਵੱਲੋਂ ਲੰਗਰ ਦੀ ਸੰਸਥਾ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ। ਗੁਰਤਾ ਗੱਦੀ ਦੀ ਪ੍ਰਾਪਤੀ ਉਪਰੰਤ ਆਪ ਜੀ ਖਡੂਰ ਸਾਹਿਬ ਆ ਗਏ ਜਿੱਥੇ ਗੁਰੂ ਦਰਸ਼ਨਾਂ ਲਈ ਸੰਗਤਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਅਤੇ ਸੰਗਤਾਂ ਵੱਲੋਂ ਗੁਰੂ ਅਰਪਣ ਕੀਤੀਆਂ ਭੇਟਾਵਾਂ ਅਤੇ ਮਾਇਆ ਦੀ ਵਰਤੋਂ ਲੰਗਰ ਤਿਆਰ ਕਰਨ ਲਈ ਕਰਨ ਲੱਗੇ, ਲੰਗਰ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤਾ ਬਾਵਾ ਸਰੂਪ ਦਾਸ ਭੱਲਾ ਜੀ ਲਿਖਦੇ ਹਨ: ‘ਸ੍ਰੀ ਗੁਰੂ ਅੰਗਦ ਦੇਵ ਜੀ ਜਿੱਥੇ ਆਪਣੇ ਪ੍ਰਬਚਨਾਂ ਦੁਆਰਾ ਗੁਰੂ ਦਰਬਾਰ ਵਿਚ ਆਉਣ ਵਾਲੇ ਜਗਿਆਸੂਆਂ ਨੂੰ ਆਤਮਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰਕੇ ਉਨ੍ਹਾਂ ਦੇ ਮਨਾਂ ਦੀ ਭਟਕਣਾਂ ਨੂੰ ਦੂਰ ਕਰਦੇ ਸਨ, ਉੱਥੇ ਮਾਤਾ ਖੀਵੀ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਸਨ। ਭਾਈ ਸੱਤਾ ਤੇਬਲਵੰਡ ਦੁਆਰਾ ਰਾਮਕਲੀ ਕੀ ਵਾਰ ਅੰਦਰ ਵਰਣਨ ਕੀਤਾ ਗਿਆ ਹੈ: ‘‘ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ॥’’ (ਪੰਨਾ 967)

ਗੁਰਮੁਖੀ ਲਿਪੀ : ਗੁਰੂ ਸਾਹਿਬ ਦੇ ਸਮੇਂ ਪੰਜਾਬ ਅਤੇ ਲਾਗੇ-ਚਾਗੇ ਦੇ ਇਲਾਕੇ ਵਿਚ ਕਈ ਲਿੱਪੀਆਂ ਪ੍ਰਚਲਿਤ ਸਨ- ਸਿੱਧ ਮਾਤ੍ਰਿਕਾ, ਟਾਕਰੀ, ਭੱਟ-ਅੱਛਰੀ, ਲੰਡੇ, ਟਾਕਰੇ, ਆਦਿ। ਪਰ ਇਨ੍ਹਾਂ ਵਿਚੋਂ ਕੋਈ ਵੀ ਲਿੱਪੀ ਸੰਪੂਰਨ ਤੇ ਗੁਰਬਾਣੀ ਲਿਖਣ ਦੇ ਯੋਗ ਨਹੀਂ ਸੀ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਲਿੱਪੀਆਂ ਦੇ ਕੁਝ-ਕੁਝ ਗੁਣ ਅਪਣਾ ਕੇ, ਸੰਵਾਰ ਸ਼ਿੰਗਾਰ ਕੇ, ਨਵੀਂ ਤਰਤੀਬ ਦੇ ਕੇ ਅਤੇ ਕੁਝ ਕਮਜ਼ੋਰੀਆਂ ਦੂਰ ਕਰਕੇ ਇਕ ਨਵੀਂ ਲਿੱਪੀ ਤਿਆਰ ਕੀਤੀ, ਜਿਸ ਦਾ ਨਾਮ ਗੁਰਮੁਖੀ ਲਿੱਪੀ ਪ੍ਰਸਿੱਧ ਹੋਇਆ। ਗੁਰੂ ਜੀ ਨੇ ਗੁਰਮੁਖੀ ਲਿੱਪੀ ਵਿੱਚ ਬਾਲ ਬੋਧ ਦੇ ਕਈ ਉਤਾਰੇ ਕੀਤੇ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਖਡੂਰ ਸਾਹਿਬ ਕਸਬੇ ਨੂੰ ਵਸਾਇਆ।

ਗੁਰੂ ਅਮਰਦਾਸ ਜੀ ਦਾ ਲੰਗਰ ਅਤੇ ਸਾਫ ਪਾਣੀ ਦੀ ਥੁੜ ਨੂੰ ਪੂਰਾ ਕਰਨਾ:-ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਅਤੇ ਲੰਗਰ ਦੀ ਸੇਵਾਵਿੱਚ ਹੋਰ ਵਾਧਾ ਕੀਤਾ ਜਿਸ ਕਰਕੇ ਗੁਰੂ-ਘਰ ਦੀ ਸ਼ਾਨ ਵਿਚ ਚੋਖਾ ਵਾਧਾ ਹੋਇਆ ਹੈ। ਗੁਰੂ ਅਮਰਦਾਸ ਜੀ ਨੇ ਸੰਮਤ 1616 ਬਿ. ਵਿਚ ਗੋਇੰਦਵਾਲ ਬਾਉਲੀ ਦਾ ਪਾੜ ਪੁਟਾ ਕੇ ਲਗਭਗ ਛੇ ਸਾਲ ਪਿਛੋਂ ਸੰਮਤ 1621 ਬਿ. ਵਿੱਚ ਇਹ ਕੰਮ ਸਿਰੇ ਚਾੜ੍ਹਿਆ। ਗੁਰੂ ਸਾਹਿਬ ਨੇ ਬਾਉਲੀ ਬਣਨ ਸਾਰ ਹੀ ਇੱਥੇ ਵਿਸਾਖੀ ਦਾ ਮੇਲਾ ਲਗਵਾਉਣਾ ਸ਼ੁਰੂ ਕੀਤਾ ਜਿਸ ਕਰਕੇ ਇਸ ਸਥਾਨ ਦੀ ਰੌਣਕ ਹੋਰ ਵੀ ਵਧ ਗਈ। ਥੋੜ੍ਹੇ ਚਿਰ ਵਿਚ ਹੀ ਗੋਇੰਦਵਾਲ ਘੁੱਗ ਵੱਸਣ ਲੱਗਾ ਤੇ ਉੱਥੋਂ ਦੀ ਰੌਣਕ ਵਧ ਗਈ। ਗੁਰੂ ਅਮਰਦਾਸ ਜੀ ਦੇ ਸਮੇਂ ਤਕ ਸਿੱਖੀ ਵਿਚ ਇਤਨਾ ਵਾਧਾ ਹੋਇਆ ਕਿ ਗੁਰੂ ਜੀ ਨੇ ਧਰਮ ਪ੍ਰਚਾਰ ਦੇ 22 ਪ੍ਰਮੁੱਖ ਕੇਂਦਰ (ਮੰਜੀਆਂ) ਸਥਾਪਤ ਕੀਤੇ। ਇਨ੍ਹਾਂ ਵਿਚੋਂ ਕੁਝ ਧਰਮ ਪ੍ਰਚਾਰ ਕੇਂਦਰਾਂ ਦਾ ਪ੍ਰਬੰਧ ਬੀਬੀਆਂ ਨੇ ਸੰਭਾਲਿਆ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਥਨ ਅਨੁਸਾਰ ਇਸ ਬਾਉਲੀ ਦੇ ਨਾਂ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ਗੋਇੰਦਵਾਲ, ਟੋਡੇਵਾਲ, ਦੁੱਗਲ ਵਾਲੇ ਅਤੇ ਫ਼ਤੇ ਚੱਕ ਪਿੰਡਾਂ ਵਿਚ ਹੈ। ਰਿਆਸਤਕਪੂਰਥਲਾ ਅਤੇ ਨਾਭਾ ਵੱਲੋਂ ਵੀ ਜਾਗੀਰਾਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਇਸ ਸਥਾਨ ਦੇ ਨਾਂ ਲਾਗ-ਪਾਸ ਦੇ ਪਿੰਡਾਂ ਵਿਚ ਵੀ ਬਹੁਤ ਸਾਰੀ ਜ਼ਮੀਨ ਹੈ। ਗੁਰੂ ਅਮਰਦਾਸ ਜੀ ਦੂਰ ਦਰਾਡੇ ਸੰਗਤਾਂ ਵਿੱਚ ਜਾਣੇ ਪਛਾਣੇ ਅਤੇ ਸਤਿਕਾਰੇ ਜਾਂਦੇ ਸਨ। ਇੱਥੋਂ ਤਕ ਕਿ ਜਦ ਇਹਨਾਂ ਨੇ ਧਰਮ ਪਰਚਾਰ ਲਈ ਤੀਰਥਾਂ ਵਲ ਫੇਰੀ ਪਾਈ ਤਾਂ ਸੰਗਤਾਂ ਇਤਨੇ ਪਿਆਰ ਅਤੇ ਉਤਸ਼ਾਹ ਨਾਲ ਦਰਸ਼ਨਾਂ ਨੂੰ ਆਉਂਦੀਆਂ ਅਤੇ ਪਿੱਛੇ ਲਗ ਤੁਰਦੀਆਂ ਕਿ ਚੁੰਗੀਆਂ ਉੱਤੇ ਮਸੂਲ ਇਕੱਠਾ ਕਰਨ ਵਾਲੇਸ਼ਾਹੀ ਹਾਕਮ ਗੁਰੂ ਜੀ ਦੀ ਮਾਨਤਾ ਦੇਖ, ਗੁਰੂ ਅਮਰਦਾਸ ਜੀ ਪਿੱਛੇ ਆਉਂਦੇ ਸ਼ਰਦਾਲੂਆਂ ਕੋਲੋਂ ਮਸੂਲ ਇਕੱਠਾ ਕਰਨ ਦਾ ਹੀਆ ਨਹੀਂ ਸਨ ਕਰਦੇ, ਇਸ ਦਾ ਪ੍ਰਮਾਣ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੇ ਗਏ ਸ਼ਬਦ ਰਾਹੀਂ ਮਿਲਦਾ ਹੈ: ‘‘ਪ੍ਰਥਮ ਆਏ ਕੁਲਖੇਤਿ, ਗੁਰ ਸਤਿਗੁਰ ਪੁਰਬੁ ਹੋਆ ॥ ਖਬਰਿ ਭਈ ਸੰਸਾਰਿ, ਆਏ ਤ੍ਰੈ ਲੋਆ ॥ ਦੇਖਣਿ ਆਏ ਤੀਨਿ ਲੋਕ, ਸੁਰਿ ਨਰ ਮੁਨਿ ਜਨ ਸਭਿ ਆਇਆ ॥.. ਤ੍ਰਿਤੀਆ ਆਏ ਸੁਰਸਰੀ, ਤਹ ਕਉਤਕੁ ਚਲਤੁ ਭਇਆ ॥ ਸਭ ਮੋਹੀ ਦੇਖਿ ਦਰਸਨੁ ਗੁਰ ਸੰਤ, ਕਿਨੈ ਆਢੁ ਨ ਦਾਮੁ ਲਇਆ ॥ ਆਢੁ ਦਾਮੁ ਕਿਛੁ ਪਇਆ ਨ ਬੋਲਕ, ਜਾਗਾਤੀਆ ਮੋਹਣ ਮੁੰਦਣਿ ਪਈ ॥ ਭਾਈ ਹਮ ਕਰਹ ਕਿਆ ? ਕਿਸੁ ਪਾਸਿ ਮਾਂਗਹ ? ਸਭ ਭਾਗਿ ਸਤਿਗੁਰ ਪਿਛੈ ਪਈ ॥ ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ, ਭੰਨਿ ਬੋਲਕਾ ਸਭਿ ਉਠਿ ਗਇਆ॥’’ (ਮਹਲਾ 4, ਪੰਨਾ 1116-1117) ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੇ ਗੁਰੂ ਅਮਰਦਾਸ ਜੀ ਦੇ ਕਹਿਣ ਪਰ, ਚੱਕ ਰਾਮਦਾਸ ਸ਼ਹਿਰਵਸਾਇਆ ਜੋ ਕਿ ਹਰਮੰਦਰ ਸਾਹਿਬ ਅਤੇ ਸਰੋਵਰ ਬਨਣ ਪਿੱਛੋਂ ਅੰਮ੍ਰਿਤਸਰ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ, ਅਸਲ ਦੋਸ਼ੀ ਅਤੇ ਨਿਰਦਈ ਦੰਡ ਵਿੱਧੀ ਨੂੰ ਅਪਣਾਉਣਾ: ਉਕਤ ਕੀਤੀ ਗਈ ਵਿਚਾਰ ਕਿ ਸਿੱਖੀ ਸਿਧਾਂਤਬ੍ਰਾਹਮਣੀ ਕਰਮਕਾਂਡਾਂ ਉੱਪਰ ਕਰੜੀ ਤਕੜੀ ਸੱਟ ਮਾਰਦੇ ਸਨ ਅਤੇ ਜਾਤ-ਪਾਤ ਦੀ ਕਾਣੀ ਵੰਡ ਨੂੰ ਮੁੱਢੋਂ ਰੱਦ ਕਰਦੇ ਸਨ, ਇਸ ਕਾਰਨ ਹਿੰਦੂਆਂ ਵਿੱਚੋਂ ਉੱਚ-ਜਾਤੀਏ ਅਤੇ ਖਾਸ ਕਰ ਬ੍ਰਾਹਮਣ, ਜੋ ਸਾਰੀ ਹਿੰਦੂ ਕੌਮ ਨੂੰ ਲੁੱਟ ਕੇ ਖਾ ਰਹੇ ਸਨ, ਸਿੱਖੀ ਲਹਿਰ ਦੇ ਸਖ਼ਤ ਵਿਰੋਧੀ ਬਣਨੇ ਸ਼ੁਰੂ ਹੋ ਗਏ। ਇਸ ਦੇ ਉਲਟ ਬ੍ਰਾਹਮਣਾਂ ਦੀ ਵਰਣ-ਵੰਡ ਦੇ ਸਤਾਏ ਅਖੌਤੀ ਸ਼ੂਦਰ, ਸਿੱਖੀ ਦੇ ਜਾਤ-ਪਾਤ ਵਿਰੋਧੀ ਸਿਧਾਂਤਾਂ ਕਾਰਨ, ਧੜਾ-ਧੜ ਸਿੱਖ ਬਣਨੇ ਸ਼ੁਰੂ ਹੋ ਗਏ।

(1). ਪੰਜਵੇਂ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਕ ਸਮਕਾਲੀ ਮੁਸਲਮਾਨ ਇਤਿਹਾਸਕਾਰ, ਮੁਹਸਿਨ ਫ਼ਾਨੀ (1615-1670 ਈ.) ਦੇ ਤਵਾਰੀਖ਼ੀਬਿਆਨ ਅਨੁਸਾਰ: ‘ਹਰ ਗੁਰੂ ਸਾਹਿਬ ਦੀ ਗੁਰਿਆਈ ਸਮੇਂ ਸਿੱਖਾਂ ਦੀ ਗਿਣਤੀ ਵਧਦੀ ਹੀ ਰਹੀ ਹੈ ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਇਹ ਬਹੁਤ ਵਧਗਈ ਸੀ। ਉਹ ਅਕਸਰ ਸ਼ਹਿਰਾਂ ਵਿਚ ਰਹਿ ਰਹੇ ਸਨ ਅਤੇ ਕੋਈ ਵੀ ਅਜਿਹਾ ਸ਼ਹਿਰ ਨਹੀਂ ਸੀ, ਜਿਸ ਵਿਚ ਕੁਝ ਨਾ ਕੁਝ ਸਿੱਖ ਨਾ ਵੱਸ ਰਹੇ ਹੋਣ।’ (ਦਬਿਸਤਾਨੇ ਮਜ਼ਾਹਿਬ, 1645 ਈ., ਪੰ. 233)।

(2). ਸਿੱਖ–ਸਿਧਾਂਤ ਅਤੇ ਆਚਾਰ-ਵਿਹਾਰ ਦਾ ਨਿਆਰਾਪਨ ਅਤੇ ਉਸ ਦਾ ਦਿਨੋਂ-ਦਿਨ ਵਧ ਰਿਹਾ ਅਸਰ-ਰਸੂਖ਼ ਸਮੇਂ ਦੀ ਇਸਲਾਮੀ ਸਰਕਾਰ, ਉਸ ਦੇ ਤੁਅੱਸਬੀ ਬਾਦਸ਼ਾਹ, ਕਰਮਕਾਂਡੀ ਸਿਸਟਮ ਅਤੇ ਕੱਟੜਪੰਥੀ ਸਲਾਹਕਾਰਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਸੀ। ਗੁਰੂ ਅਰਜਨ ਦੇਵ ਜੀ ਦਾ ਸਮਾਜ ਵਿੱਚਸਾਂਝੀਵਾਲਤਾ, ਹਰ ਇੱਕ ਦੀ ਬਰਾਬਰਤਾ ਅਤੇ ਮਨੁੱਖਤਾ ਦੇ ਹੱਕ ਅਤੇ ਸੱਚ ਲਈ ਦ੍ਰਿੜਤਾ ਪੂਰਵਕ ਪਰਚਾਰ ਆਪਣੇ ਆਪ ਵਿੱਚ ਚੜ੍ਹਦੀ-ਕਲਾ-ਪੂਰਤ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਹੇਠ ਲਿਖਿਆ ਗੁਰਬਾਣੀ ਵਿੱਚ ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿੱਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਥਨੀ-ਕਰਨੀ ਦੀ ਸੂਰਮਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ-ਲਹਿਰ ਦੀ ਅੱਗੇ-ਵਧਤਾ ਦਾ ਸੂਚਕ ਸੀ, ਉੱਥੇ ਉਪਰੋਕਤ ਤੁਅੱਸਬੀ ਸ਼ਕਤੀਆਂ ਨੂੰ ਇਕ ਭਾਰੀ ਵੰਗਾਰ ਵੀ ਪ੍ਰਤੀਤ ਹੋਇਆ ਸੀ: ‘‘ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ, ਜੋ ਰਖੈ ਨਿਦਾਨਾ॥ ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥ ਹਜ ਕਾਬੈ ਜਾਉ, ਨ ਤੀਰਥ ਪੂਜਾ॥ ਏਕੋ ਸੇਵੀ, ਅਵਰੁ ਨ ਦੂਜਾ॥ ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ, ਰਿਦੈ ਨਮਸਕਾਰਉ॥ ਨਾ ਹਮ ਹਿੰਦੂ, ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥’’ (ਪੰਨਾ 1136)

(3). ਗੁਰੂ ਅਤੇ ਗੁਰੂ ਦੀ ਸਿੱਖੀ ਦਾ ਇਉਂ ਦਿਨੋਂ-ਦਿਨ ਵਧ ਰਿਹਾ ਪਾਸਾਰ ਅਤੇ ਤੇਜ-ਪਰਤਾਪ ਉਨ੍ਹਾਂ ਦੇ ਵੱਡੇ ਭਰਾ, ਪ੍ਰਿਥੀ ਚੰਦ ਦੇ ਹਿਰਦੇ ਅੰਦਰ ਈਰਖਾ ਤੇ ਦਵੈਖ ਦਾ ਭਾਂਬੜ ਬਾਲ ਰਿਹਾ ਸੀ। ਗੁਰਗੱਦੀ ਦੀ ਖੁੰਝਾਈ ਦਾ ਅਰਮਾਨ ਜੋ ਗੁਰੂ-ਪਿਤਾ, ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ, ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸਿਰੀ ਚੰਦ ਜੀ ਵੱਲੋਂ ਹੋਏ ਸੰਕੇਤ, ਜੋ ਭਾਈ ਕੇਸਰ ਸਿੰਘ ਛਿੱਬਰ ਦੇ ਲਫ਼ਜ਼ਾਂ ਵਿਚ, ਹੇਠ-ਲਿਖੇ ਨਿਰਣੇ ਕਾਰਨ ਹੋਰ ਉਤੇਜਿਤ ਹੋ ਗਿਆ ਸੀ, ਉਸ ਨੂੰ ਉਸੇ ਦਿਨ ਤੋਂ ਬਹੁਤ ਕਲਪਾ ਤੇ ਤੜਫ਼ਾ ਰਿਹਾ ਸੀ: ‘ਸਿਰੀ ਚੰਦ ਸਾਹਿਬ ਜੀ ਪੱਗ ਭਿਜਵਾਈ। ਇਕ ਪ੍ਰਿਥੀਏ ਨੂੰ, ਇਕ ਅਰਜਨ ਨੂੰ ਆਈ। ਮਰਨੇ ਦੀ ਪੱਗ ਪ੍ਰਿਥੀਏ ਬੱਧੀ। ਗੁਰਿਆਈ ਪੱਗ ਗੁਰੂ ਅਰਜਨ ਬੱਧੀ।’ (ਬੰਸਾਵਲੀ ਨਾਮਾ 1769 ਈ., ਪੰਨਾ 41) ਪ੍ਰਿਥੀ ਚੰਦ ਮਸੰਦਾਂ, ਗੁਰੂ-ਦੋਖੀਆਂ ਤੇ ਸਰਕਾਰੀ ਕਰਮਚਾਰੀਆਂ ਨਾਲ ਗੰਢ-ਤੁਪ ਕਰ ਕੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੋਂ ਹਟਾਉਣ ਅਤੇ ਉਸ ਉੱਤੇ ਆਪਣਾ ਹੱਕ ਜਮਾਉਣ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਸੀ ਅਤੇ ਨਿੱਤ-ਨਵੀਆਂ ਸਾਜ਼ਿਸ਼ਾਂ ਵੀ ਵਿਉਂਤ ਰਿਹਾ ਸੀ।

(4) ਬਟਾਲੇ ਦਾ ਮੁਗ਼ਲ ਹਾਕਮ ਸੁਲਹੀ ਖ਼ਾਨ, ਪ੍ਰਿਥੀ ਚੰਦ ਦੀ ਚੁੱਕ ’ਤੇ ਅੰਮ੍ਰਿਤਸਰ ਉੱਤੇ ਹੱਲਾ ਕਰਨ ਲਈ ਇਹ ਧਾਰ ਕੇ ਚੱਲਿਆ ਸੀ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਗੱਦੀਉਂ ਉਤਾਰ ਕੇ ਉਨ੍ਹਾਂ ਦੀ ਥਾਂ ਪ੍ਰਿਥੀ ਚੰਦ ਨੂੰ ਗੁਰੂ ਬਣਾ ਕੇ ਹੀ ਬਟਾਲੇ ਮੁੜੇਗਾ। ਪਰ, ਗੁਰੂ ਸਾਹਿਬ ਦੇ ਆਪਣੇ ਹੇਠ-ਲਿਖੇ ਸ਼ਬਦਾਂ ਵਿਚ ਪ੍ਰਭੂ ਦੀ ਬਖ਼ਸ਼ਿਸ਼ ਤੇ ਨਿਆਂਸ਼ੀਲਤਾ ਸਦਕੇ, ਉਹ ਅੰਮ੍ਰਿਤਸਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਆਪਣੇ ਘੋੜੇ ਸਮੇਤ ਭਖਦੇ ਆਵੇ ਦੀ ਅੱਗ ਵਿਚ ਸੜ ਕੇ ਨਾ-ਪਾਕ ਮੌਤੇ ਮੋਇਆ ਸੀ: ‘‘ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ, ਸੁਲਹੀ ਹੋਇ ਮੂਆ ਨਾਪਾਕੁ॥… ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ, ਜਿਨਿ ਜਨ ਕਾ ਕੀਨੋ ਪੂਰਨ ਵਾਕੁ॥’’ (ਪੰਨਾ 825) ਕਿਸੇ ਮੁਸਲਮਾਨ ਦਾ ਅੱਗ ਵਿਚ ਸੜਕੇ ਮਰਨਾ ਮੁਸਲਮਾਨਾਂ ਵਿੱਚ ਬੜਾ ਨਾ-ਪਾਕ ਜਾਣਿਆ ਜਾਂਦਾ ਹੈ।

(5) ਜਾਤ -ਅਭਿਮਾਨੀ ਬ੍ਰਾਹਮਣਾਂ ਨੇ ਸਮੇਂ ਦੇ ਬਾਦਸ਼ਾਹ, ਜਲਾਲ-ਉਦ-ਦੀਨ ਅਕਬਰ (1556-1605 ਈ.) ਦੇ ਇਕ ਉੱਘੇ ਵਜ਼ੀਰ, ਰਾਜ ਦਰਬਾਰ ਵਿਚ ਬੈਠੇ ਕੱਟੜ ਬ੍ਰਾਹਮਣ ਮਹੇਸ਼ ਦਾਸ (ਬੀਰਬਲ) ਰਾਹੀਂ ਅਕਬਰ ਕੋਲ ਗੁਰੂ ਜੀ ਵਿਰੁੱਧ ਸ਼ਿਕਾਇਤਾਂ ਕੀਤੀਆਂ, ਪਰੰਤੂ ਡਾ. ਸਮਿਥ ਅਨੁਸਾਰ, ‘ਅਕਬਰ ਉਸ ਦੀ ਅਜਿਹੀ ਨੀਤ ਤੇ ਨੀਤੀ ਨਾਲ ਸਹਿਮਤ ਨਹੀਂ ਸੀ। ਉਸ ਨੂੰ ਤਾਂ ਸਿੱਖ ਸਿਧਾਂਤ ਭਰਵੀਂ ਸ਼ਲਾਘਾ ਦੇ ਹੱਕਦਾਰ ਜਾਪਦੇ ਸਨ।’ (ਅਕਬਰ, 1923 ਈ. ਪੰਨਾ 171)। ਇਸ ਲਈ ਇਨ੍ਹਾਂ ਦੀ ਦਾਲ਼ ਨਾ ਗਲ਼ੀ। ਬੀਰਬਲ ਦੀ ਈਰਖਾ ਤੇ ਵਿਰੋਧ ਦਾ ਕਾਰਨ ਵੀ ਸਿੱਖ ਲਹਿਰ ਦਾ ਬੜੀ ਤੇਜ਼ੀ ਨਾਲ ਵਧ ਰਿਹਾ ਅਸਰ ਤੇ ਰਸੂਖ ਹੀ ਸੀ। ਇਸ ਦੇ ਬਾਵਜੂਦ ਬੀਰਬਲ ਨੇ ਸੰਨ 1586 ਵਿਚ ਅੰਮ੍ਰਿਤਸਰ ਵੱਲ ਕੂਚ ਕਰਦਿਆਂ, ਸਾਰੇ ਸ਼ਹਿਰ ਨੂੰ ਉਜਾੜ ਦੇਣ ਦੀ ਧਮਕੀ ਦਿੱਤੀ ਸੀ। ਪਰ ਉਸ ਨੂੰ ਯੂਸਫ਼ਜ਼ਈਆਂ ਦੀ ਬਗ਼ਾਵਤ ਦਬਾਉਣ ਲਈ ਬਾਦਸ਼ਾਹ ਵੱਲੋਂ ਆਏ ਫ਼ੌਰੀ ਹੁਕਮ ਮੁਤਾਬਕ, ਆਪਣੀ ਮੁਹਾਰ ਅਚਾਨਕ ਉਧਰ ਮੋੜਨੀ ਪੈ ਗਈ ਸੀ ਜਿਸ ਕਰਕੇ ਪੰਜਾਬ ਅਤੇ ਗੁਰੂ-ਘਰ ਉੱਤੇ ਮੰਡਰਾਅ ਰਿਹਾ ਉਹ ਹੱਲਾ ਵੀ ਟਲ ਗਿਆ ਸੀ।’ (ਮੈਕਾਲਿਫ਼, ਸਿੱਖ ਰਿਲਿਜ਼ਨ, 1909 ਈ., ਪੰਨਾ 15-17)

ਬਿਪਰਵਾਦੀ ਖਸਲਤਾਂ ਨਾਲ ਭਰਪੂਰ ਮਹੇਸ਼ ਦਾਸ 1586 ਈ: ਵਿਚ ਪਠਾਣਾਂ ਦੀ ਬਗ਼ਾਵਤ ਦਬਾਉਣ ਗਿਆ, ਫਰੰਟੀਅਰ ਸੂਬੇ ਵਿਚ ਫੌਜ ਸਮੇਤ ਮਾਰਿਆ ਗਿਆ। ਪਰੰਤੂ ਬ੍ਰਾਹਮਣਾਂ ਨੇ ਫਿਰ ਵੀ ਗੁਰੂ-ਘਰ ਦਾ ਵਿਰੋਧ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੱਤਾ ਅਤੇ ਸਦਾ ਇਸ ਤਾਕ ਵਿਚ ਰਹੇ ਕਿ ਸ਼ਾਹੀ ਤਾਕਤ ਨੂੰ ਗੁਰੂ ਜੀ ਦੇ ਗ਼ਲ ਪਾਇਆ ਜਾਵੇ ਕਿਉਂਕਿ ਆਪ ਉਹ ਗੁਰੂ-ਘਰ ਦਾ ਸਿੱਧਾ ਵਿਰੋਧ ਕਰਨ ਤੋਂ ਅਸਮਰੱਥ ਸਨ।

(6) ਦੂਜੇ ਪਾਸੇ ਕੱਟੜ, ਮੁਤੱਅਸਬੀ ਤੇ ਜਨੂੰਨੀ ਮੁਸਲਮਾਨ ਵੀ ਗੁਰੂ ਜੀ ਦੇ ਸਿੱਖੀ ਪ੍ਰਚਾਰ ਤੋਂ ਦੁਖੀ ਸਨ। ਇਸਲਾਮ ਦੇ ਭਾਈਚਾਰਕ ਤੇ ਧਾਰਮਕ ਅਸੂਲ ਕੁਝ ਇਸ ਤਰ੍ਹਾਂ ਦੇ ਹੀ ਰਹੇ ਹਨ ਕਿ ਉਹ ਸ਼ੁਰੂ ਤੋਂ ਹਰ ਥਾਂ ਮੁਸਲਮਾਨੀ ਰਾਜ ਸ਼ਕਤੀ ਵਾਲੇ ਸਮਾਜ ਦੀ ਸਥਾਪਨਾ ਕਰਨਾ ਆਪਣੇ ਮੱਤ ਦੇ ਅਨੁਕੂਲ ਸਮਝਦੇ ਰਹੇ ਹਨ। ਉਹ ਹਿੰਦੁਸਤਾਨ ਵਿਚ ਨਿਰੋਲ ਇਸਲਾਮੀ ਰਾਜ ਕਾਇਮ ਕਰਨਾ ਚਾਹੁੰਦੇ ਸਨ ਪਰੰਤੂ, ਗੁਰੂ ਜੀ ਦਾ ਪ੍ਰਚਾਰ ਉਨ੍ਹਾਂ ਦੇ ਇਸ ਕਾਰਜ ਵਿਚ ਵੱਡੀ ਰੋਕ ਸੀ। ਸਿੱਖੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਬਹੁਤ ਸਾਰੇ ਮੁਸਲਮਾਨ ਸਿੱਖ ਧਰਮ ਗ੍ਰਹਿਣ ਕਰ ਰਹੇ ਸਨ। ਗੁਰੂ ਅਮਰਦਾਸ ਜੀ ਦੁਆਰਾ ਥਾਪੀਆਂ 22 ਮੰਜੀਆਂ ਵਿਚੋਂ ਇਕਮੰਜੀਦਾਰ ਅੱਲਾ ਯਾਰ ਖ਼ਾਨ ਮੁਸਲਮਾਨ ਤੋਂ ਸਿੱਖ ਬਣ ਕੇ ਸਿੱਖੀ ਦਾ ਵੱਡਾ ਪ੍ਰਚਾਰਕ ਬਣ ਚੁੱਕਾ ਸੀ। ਇਸੇ ਪ੍ਰਕਾਰ ਜਲੰਧਰ ਦੇ ਗਵਰਨਰ ਸੱਯਦ ਅਜ਼ੀਮ ਖਾਂ ਨੇ ਸਿੱਖੀ ਤੋਂ ਪ੍ਰਭਾਵਤ ਹੋ ਕੇ ਨਾ ਸਿਰਫ ਸਿੱਖੀ ਅਸੂਲ ਗ੍ਰਹਿਣ ਕੀਤੇ, ਬਲਕਿ ਸਤਿਗੁਰਾਂ ਨੂੰ ਉਚੇਚੀ ਬੇਨਤੀ ਕਰਕੇ ਆਪਣੇ ਇਲਾਕੇ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਵਿਖੇ ਸਿੱਖੀ ਦਾ ਮਹਾਨ ਕੇਂਦਰ ਸਥਾਪਤ ਕਰਵਾਇਆ। ਪੱਖੋਕੇ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਸਖੀ ਸਰਵਰੀਆਂ ਦੀ ਗੱਦੀ, ਜੋ ਸ਼ੇਖ ਫੱਤੇ ਦੀ ਗੱਦੀ ਕਰਕੇ ਵੀ ਮਸ਼ਹੂਰ ਸੀ, ਇਸਲਾਮ ਦਾ ਇਕ ਪ੍ਰਮੁੱਖ ਪ੍ਰਚਾਰ ਸੈਂਟਰ ਸੀ। ਇਸ ਗੱਦੀ ਦੇ ਪ੍ਰਚਾਰ ਨੂੰ ਖੁੰਢਾ ਕਰਨ ਲਈ ਗੁਰੂ ਜੀ ਨੇ ਪੱਖੋਕੇ ਤੋਂ ਪੰਜ ਕੁ ਮੀਲ ਪੱਛਮ ਵਾਲੇ ਪਾਸੇ, ਤਰਨ ਤਾਰਨ ਸ਼ਹਿਰ ਵਸਾ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਤ ਕਰ ਦਿੱਤਾ। ਇਸ ਨਾਲ ਸਖੀ ਸਰਵਰੀਆਂ ਦੇ ਇਸਲਾਮਕ ਪ੍ਰਚਾਰ ਨੂੰ ਤਕੜੀ ਢਾਹ ਲੱਗੀ ਅਤੇ ਬੜਾ ਜਾਣਿਆ ਜਾਂਦਾ ਸਖੀ ਸਰਵਰੀਆਂ ਅਤੇ ਕਬਰਾਂ ਪੂਜ, ਭਾਈ ਮੰਝ੍ਹ ਗੁਰੂ ਜੀ ਦਾ ਸਿੱਖ ਬਣਿਆ। ਇਸ ਕਾਰਨ, ਕੱਟੜ ਤੇ ਜਨੂੰਨੀ ਮੁਸਲਮਾਨ ਡਾਢੇ ਚਿੰਤਾਤੁਰ ਹੋਏ, ਕਿਉਂਕਿ ਇਕ ਤਾਂ ਉਨ੍ਹਾਂ ਦੇ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਝੰਡੇ ਹੇਠ ਲਿਆਉਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਵਿਚ ਇਕ ਵੱਡਾ ਵਿਘਨ ਪੈ ਗਿਆ ਅਤੇ ਦੂਜਾ, ਉਲਟੇ ਮੁਸਲਮਾਨਾਂ ਵਿਚੋਂ ਆਪਣੇ ਧਰਮ ਦਾ ਪਰਿਵਰਤਨ ਕਰਕੇ ਲੋਕ ਸਿੱਖ ਬਣਨੇ ਸ਼ੁਰੂ ਹੋ ਗਏ।

(7) ਆਦਿ ਗੁਰੂ ਗ੍ਰੰਥ ਸਾਹਿਬ: ਬਾਦਸ਼ਾਹ ਅਕਬਰ ਜਦੋਂ ਸੰਨ 1600 ਦੇ ਲਾਗੇ-ਚਾਗੇ ਖ਼ੁਦ ਪੰਜਾਬ ਆਇਆ ਸੀ ਤਾਂ ਗੁਰੂ-ਦੋਖੀਆਂ ਨੇ ਇਕ ਮੇਜਰਨਾਮੇ ਦੁਆਰਾ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਗੁਰੂ ਸਾਹਿਬ ਨੇ ਆਪਣੀ ਉੱਮਤ ਲਈ ਇਕ ਅਜਿਹੀ ਧਰਮ-ਪੁਸਤਕ ਤਿਆਰ ਕਰ ਲਈ ਹੈ ਜਿਸ ਵਿਚ ਇਸਲਾਮ ਬਾਰੇ ਨਿੰਦਾ ਤੇ ਬੇਅਦਬੀ-ਭਰੇ ਸ਼ਬਦ ਦਰਜ ਹਨ। ਪਰ ਅਕਬਰ ਨੇ ਜਦੋਂ ਉਸ ਪਾਵਨ ਪੁਸਤਕ, ਆਦਿ (ਗੁਰੂ) ਗ੍ਰੰਥ ਸਾਹਿਬ, ਦੇ ਕੁਝ ਵਿਕੋਲਿੱਤਰੇ ਸ਼ਬਦ ਥਾਂਉਂ-ਥਾਂਈਉਂ ਸੁਣੇ ਤਾਂ ਉਸ ਦੀ ਖੁਸ਼ੀ ਤੇ ਤਸੱਲੀ ਦੀ ਕੋਈ ਹੱਦ ਨਹੀਂ ਰਹੀ ਸੀ ਅਤੇ ਉਸ ਨੇ ਝੂਠੀ ਸ਼ਿਕਾਇਤ ਨੂੰ ਉਸੇ ਵੇਲੇ ਖ਼ਾਰਜ ਕਰਦਿਆਂ ਅਤੇ ਸਤਿਕਾਰ ਤੇ ਧੰਨਵਾਦ ਵਜੋਂ 51 ਮੁਹਰਾਂ ਭੇਟਾ ਕਰਦਿਆਂ, ਗੁਰੂ ਸਾਹਿਬ ਦੇ ਸਰਬ-ਸਾਂਝੇ ਸੰਦੇਸ਼ ਤੇ ਪਰਉਪਕਾਰੀ ਕਾਰਜਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਸੀ। (ਗੁਪਤਾ, ਹਿਸਟਰੀ ਆਫ਼ ਦੀ ਸਿੱਖਸ, 1984, ਪੰਨਾ 143-44) ਗੁਰੂ ਅਰਜਨ ਦੇਵ ਜੀ ਨੇ ਇਸ ਕ੍ਰਿਪਾਲਤਾ ਤੇ ਪੈਜ ਰਖਾਈ ਲਈ ਵੀ ਕੇਵਲ ਵਾਹਿਗੁਰੂ ਦਾ ਹੀ ਧੰਨਵਾਦ ਕਰਦਿਆਂ ਫ਼ੁਰਮਾਇਆ ਸੀ: ‘‘ਮਹਜਰੁ ਝੂਠਾ ਕੀਤੋਨੁ ਆਪਿ॥ ਪਾਪੀ ਕਉ ਲਾਗਾ ਸੰਤਾਪੁ॥… ਰੋਗ ਬਿਆਪੇ ਕਰਦੇ ਪਾਪ॥ ਅਦਲੀ ਹੋਇ ਬੈਠਾ ਪ੍ਰਭੁ ਆਪਿ॥… ਨਾਨਕ ਸਰਨਿ ਪਰੇ ਦਰਬਾਰਿ॥ ਰਾਖੀ ਪੈਜ ਮੇਰੈ ਕਰਤਾਰਿ॥’’ (ਪੰਨਾ 199)

(8) ਸ਼ੇਖ ਅਹਿਮਦ ਸਰਹੰਦੀ ਤੀਖਣ ਬੁੱਧੀ ਵਾਲਾ ਕੱਟੜ ਮੁਸਲਮਾਨ ਸੀ ਅਤੇ ਹਰ ਕਿਸੇ ਨੂੰ ਪ੍ਰਭਾਵਤ ਕਰਨ ਦੀ ਕਾਬਲੀਅਤ ਰੱਖਦਾ ਸੀ। ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਂ) ਅਕਬਰ ਦੇ ਜੀਵਨ ਦੇ ਅੰਤਲੇ ਸਮੇਂ ਵਿਚ ਸਭ ਨਾਲੋਂ ਵੱਧ ਮਜ਼ਬੂਤ ਤੇ ਪ੍ਰਭਾਵਸ਼ਾਲੀ ਦਰਬਾਰੀ ਬਣ ਚੁੱਕਾ ਸੀ ਅਤੇ ਉਹ ਸ਼ੇਖ ਅਹਿਮਦ ਸਰਹੰਦੀ ਦਾ ਸ਼ਰਧਾਲੂ ਬਣ ਗਿਆ ਸੀ। ਸ਼ੇਖ ਅਹਿਮਦ ਸਰਹੰਦੀ ਗੁਰੂ ਅਰਜਨ ਸਾਹਿਬ ਜੀ ਦਾ ਕੱਟੜ ਵਿਰੋਧੀ ਸੀ, ਕਿਉਂਕਿ ਉਹ ਗੁਰੂ ਜੀ ਦੇ ਪ੍ਰਚਾਰ ਨੂੰ ਇਸਲਾਮ ਦੇ ਪ੍ਰਚਾਰ ਦੇ ਰਸਤੇ ਵਿਚ ਰੁਕਾਵਟ ਸਮਝਦਾ ਸੀ। ਅਕਬਰ ਦੇ ਬਾਦਸ਼ਾਹ ਹੁੰਦਿਆਂ ਕੱਟੜਪੰਥੀ ਸ਼ੇਖ ਅਹਿਮਦ ਸਰਹੰਦੀ (1569-1624 ਈ.) ਦੀ ਕੋਈ ਪੇਸ਼ ਨਾ ਗਈ। ਅਕਬਰ ਸੁਲਹਕੁਲ ਦੀ ਨੀਤੀ ਦਾ ਸਮਰਥਕ ਸੀ ਅਤੇ ਉਸ ਦਾ ਪੋਤਰਾ ਖੁਸਰੋ (ਜਹਾਂਗੀਰ ਦਾ ਪੁੱਤਰ) ਵੀ ਇਨ੍ਹਾਂ ਵਿਚਾਰਾਂ ਦਾ ਧਾਰਨੀ ਸੀ। ਇਸ ਲਈ ਅਕਬਰਉਸ ਨੂੰ ਰਾਜਗੱਦੀ ਦੇਣਾ ਚਾਹੁੰਦਾ ਸੀ। ਪਰੰਤੂ ਜਹਾਂਗੀਰ ਖੁਦ ਬਾਦਸ਼ਾਹ ਬਣਨਾ ਚਾਹੁੰਦਾ ਸੀ, ਜਦਕਿ ਅਕਬਰ ਉਸ ਨੂੰ ਸ਼ਰਾਬੀ ਤੇ ਅੱਯਾਸ਼ ਹੋਣ ਕਾਰਨ ਚੰਗਾ ਨਹੀਂ ਸੀ ਸਮਝਦਾ।

ਸਹਿਨਸ਼ੀਲ ਬਾਦਸ਼ਾਹ ਅਕਬਰ ਦੇ 17 ਅਕਤੂਬਰ 1605 ਨੂੰ ਆਗਰੇ ਵਿੱਚ ਹੋਏ ਦੇਹਾਂਤ ਤੋਂ ਬਾਅਦ, ਜਦੋਂ ਉਸ ਦਾ ਪੁੱਤਰ, ਨੂਰ-ਉਦ-ਦੀਨ ਜਹਾਂਗੀਰ (1605-1627 ਈ.) ਤਖ਼ਤ-ਨਸ਼ੀਨ ਹੋਇਆ ਤਾਂ ਮੁਗ਼ਲੀਆ ਸਰਕਾਰ ਦੀ ਨੀਤ ਤੇ ਨੀਤੀ ਬਦਲਣੀ ਸ਼ੁਰੂ ਹੋ ਗਈ ਸੀ। ਆਪਣੇ ਆਪ ਨੂੰ ਰੱਬ ਦਾ ਨਾਇਬ ਤੇ ‘ਮਜੱਦਦਅਲਫ਼ ਸਾਨੀ’ ਅਖਵਾਉਣ ਵਾਲੇ ਅਤੇ ਗੁਰੂ ਅਰਜਨ ਦੇਵ ਜੀ ਨੂੰ ‘ਇਮਾਮੇ ਕੁਫ਼ਰ’ ਆਖਣ ਵਾਲੇ ਸ਼ੇਖ ਅਹਿਮਦ ਸਰਹੰਦੀ ਅਤੇ ਉਸ ਦੀਆਂ ਤੁਅੱਸਬੀ ਸਰਗਰਮੀਆਂ ਦਾ ਬੋਲ-ਬਾਲਾ ਹੋ ਗਿਆ ਸੀ। (ਪੰਜਾਬ ਪਾਸਟ ਐਂਡ ਪਰੈਜ਼ੈਂਟ, ਜਿ. 12, 1978, ਪੰਨਾ 163)।

ਜਹਾਂਗੀਰ ਨਾ ਤਾਂ ਕੱਟੜ ਮੁਸਲਮਾਨ ਸੀ ਤੇ ਨਾ ਹੀ ਇਸਲਾਮ ਨਾਲ ਉਸ ਦਾ ਕੋਈ ਵਾਸਤਾ ਸੀ। ਉਸ ਦਾ ਇਕੋ ਇਕ ਨਿਸ਼ਾਨਾ ਹਿੰਦੁਸਤਾਨ ਦਾ ਤਖ਼ਤ ਹਾਸਲ ਕਰਨਾ ਸੀ। ਰਾਜ ਦਰਬਾਰ ਦੇ ਜਿਸ ਧੜੇ ਨੂੰ ਉਹ ਨਾਲ ਲੈ ਸਕਦਾ ਸੀ, ਉਹ ਹਰ ਪ੍ਰਕਾਰ ਦੀ ਗੰਢ-ਤੁਪ ਕਰਕੇ ਨਾਲ ਲੈਣ ਦੇ ਜਤਨ ਕਰ ਰਿਹਾ ਸੀ।

ਜਦ ਕੱਟੜ ਤੇ ਜਨੂੰਨੀ ਮੁਸਲਮਾਨਾਂ ਦਾ ਧੜਾ ਜਹਾਂਗੀਰ ਨੂੰ ਤਖ਼ਤ ਦਿਵਾਉਣ ਵਿਚ ਕਾਮਯਾਬ ਹੋ ਗਿਆ ਤਾਂ ਇਸ ਦੀ ਸਭ ਤੋਂ ਵੱਧ ਖੁਸ਼ੀ ਸ਼ੇਖ ਅਹਿਮਦ ਸਰਹੰਦੀ ਨੂੰ ਹੋਈ, ਜਿਸ ਦਾ ਪਤਾ ਉਸ ਦੀਆਂ ਚਿੱਠੀਆਂ ਦੇ ਸੰਗ੍ਰਹਿ ਮਕਤੂਬਾਤਿ-ਇਮਾਮਿ-ਰਬਾਨੀ ਦੀ ਚਿੱਠੀ ਨੰਬਰ 47, ਜੋ ਸ਼ੇਖ ਫਰੀਦ ਬੁਖਾਰੀ ਨੂੰ ਲਿਖੀ ਗਈ ਸੀ, ਤੋਂ ਲੱਗਦਾ ਹੈ। ਉਹ ਲਿਖਦਾ ਹੈ, ‘ਇਸਲਾਮ ਦੀ ਸਰਬ ਉਤਮਤਾ ਨੂੰ ਨਾ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਮੌਤ ਦੀ ਖ਼ਬਰ ਅਤੇ ਇਸਲਾਮ ਦੇ ਬਾਦਸ਼ਾਹ ਦੇ ਤਖ਼ਤ ਉੱਤੇ ਬੈਠਣ ਦੀ ਖ਼ਬਰ ਅੱਜ ਸਾਰੇ ਸੱਚੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਸੁਣੀ ਅਤੇ ਸਭ ਨੇ ਫੈਸਲਾ ਕੀਤਾ ਹੈ ਕਿ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਨੂੰ ਪੂਰੀ ਪੂਰੀ ਮਦਦ ਦਿੱਤੀ ਜਾਏ ਤਾਂ ਕਿ ਇਸਲਾਮ ਦਾ ਭਰਪੂਰ ਪਸਾਰਾ ਕਰਕੇ ਇਸ ਦੀ ਤਾਕਤ ਵਿਚ ਵਾਧਾ ਕੀਤਾ ਜਾਏ।’ ਮੌਕੇ ਦਾ ਫਾਇਦਾ ਉਠਾਉਂਦਿਆਂ ਸ਼ੇਖ ਅਹਿਮਦ ਸਰਹੰਦੀ ਦੇ ਇਸ਼ਾਰੇ ਉੱਤੇ ਸ਼ੇਖ ਫਰੀਦ ਬੁਖਾਰੀ ਨੇ 23 ਮਈ 1606 ਦੇ ਨੇੜੇ ਤੇੜੇ ਇਕ ਝੂਠੀ ਸ਼ਿਕਾਇਤ ਗੁਰੂ ਅਰਜਨ ਪਾਤਸ਼ਾਹ ਬਾਰੇ ਪਹੁੰਚਾਈ ਕਿ ਗੁਰੂ ਜੀ ਨੇ ਗੋਇੰਦਵਾਲ ਵਿਖੇ ਬਾਗੀ ਖੁਸਰੋ ਦੀ ਮਦਦ ਕੀਤੀ ਅਤੇ ਉਸ ਦੇ ਮੱਥੇ ਉੱਤੇ ਤਿਲਕ ਲਗਾਇਆ। (ਕੁਝ ਇਤਿਹਾਸਕਾਰਾਂ ਅਨੁਸਾਰ ਜਦੋਂ ਖੁਸਰੋ ਨੇ ਗੋਇੰਦਵਾਲ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕੀਤਾ, ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਤਰਨ ਤਾਰਨ ਸਾਹਿਬ ਵਿਖੇ ਸਨ ਅਤੇ ਖੁਸਰੋ ਦਾ ਗੁਰੂ ਸਾਹਿਬ ਜੀ ਨਾਲ ਮੇਲ ਨਹੀਂ ਸੀ ਹੋਇਆ।) ਇਹ ਫਰਜ਼ੀ ਕਹਾਣੀ ਸਿਰਫ ਇਸ ਲਈ ਘੜੀ ਗਈ ਤਾਂ ਕਿ ਜਹਾਂਗੀਰ ਦੇ ਗੁੱਸੇ ਨੂੰ (ਜੋ ਖੁਸਰੋ ਦੀ ਬਗ਼ਾਵਤ ਕਾਰਨ ਅੱਗੇ ਹੀ ਗੁੱਸੇ ਵਿਚ ਸੀ) ਹੋਰ ਭੜਕਾਇਆ ਜਾ ਸਕੇ ਤੇ ਖੁਸਰੋ ਦਾ ਹਮਾਇਤੀ ਦੱਸ ਕੇ ਗੁਰੂ ਜੀ ਨੂੰ ਵੀ ਖੁਸਰੋ ਦੇ ਦੂਸਰੇ ਹਮਾਇਤੀਆਂ ਦੀ ਤਰ੍ਹਾਂ ਸਖ਼ਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ। ਗੁਰੂ ਜੀ ਦੇ ਖਿਲਾਫ਼ ਕੀਤੀ ਸ਼ਿਕਾਇਤ ਦਾ ਜਹਾਂਗੀਰ ਦੇ ਮਨ ’ਤੇ ਬੜਾ ਪ੍ਰਭਾਵ ਪਿਆ ਕਿਉਂਕਿ ਇਕ ਤਾਂ ਇਹ ਸ਼ਿਕਾਇਤ ਉਸ ਦੇ ਸਭ ਤੋਂ ਭਰੋਸੇਯੋਗ ਤੇ ਵਿਸ਼ਵਾਸਪਾਤਰ ਦਰਬਾਰੀ ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਂ) ਨੇ ਕੀਤੀ ਸੀ ਤੇ ਦੂਸਰਾ ਇਹ ਸ਼ਿਕਾਇਤ ਗੁਰੂ ਜੀ ਨੂੰ ਖੁਸਰੋ ਦਾ ਹਮਾਇਤੀ ਸਿੱਧਕਰਦੀ ਸੀ ਅਤੇ ਖੁਸਰੋ ਦੀ ਬਗ਼ਾਵਤ ਤੋਂ ਖਫ਼ਾ ਜਹਾਂਗੀਰ, ਖੁਸਰੋ ਦੇ ਹਰੇਕ ਹਮਾਇਤੀ ਨੂੰ ਸਖ਼ਤ ਸਜ਼ਾ ਦੇਣ ਦੇ ਹੱਕ ਵਿਚ ਸੀ। ਜਹਾਂਗੀਰ ਦੇ ਮਨ ’ਤੇ ਇਸ ਸ਼ਿਕਾਇਤ ਦਾ ਜੋ ਪ੍ਰਤੀਕਰਮ ਹੋਇਆ ਉਹ ਉਸ ਦੀ ਆਪਣੀ ਸਵੈ-ਲਿਖਤ ਤੁਜ਼ਕਿ ਜਹਾਂਗੀਰੀ ਵਿਚੋਂ ਪੜ੍ਹਿਆਂ ਪਤਾ ਲਗਦਾ ਹੈ। ਸ਼ਰਾਬੀ, ਅੱਯਾਸ਼ ਅਤੇ ਤੁਅੱਸਬਨਾਲ ਭਰਿਆ-ਪੀਤਾ ਜਹਾਂਗੀਰ ਅਤੇ ਉਸ ਦੇ ਧਾਰਮਿਕ ਸਰਪ੍ਰਸਤ ਤੇ ਕੱਟੜਪੰਥੀ ਸਲਾਹਕਾਰ ਆਪਣੇ ਰਾਜ-ਭਾਗ ਤੇ ਧਰਮ-ਖੇਤਰ ਵਿਚ ਅਜਿਹੀ ਬੇਬਾਕ ਵੱਖਰਤਾ ਬਰਦਾਸ਼ਤ ਨਹੀਂ ਕਰ ਸਕੇ ਸਨ ਅਤੇ ਉਨ੍ਹਾਂ ਨੇ ਇਸ ਲਹਿਰ ਨੂੰ ਉੱਥੇ ਹੀ ਰੋਕ ਦੇਣ ਅਤੇ ਇਸ ਦੇ ਪਾਵਨ ਸੰਚਾਲਕ ਨੂੰ ਛੇਤੀ ਤੋਂ ਛੇਤੀ ਮਾਰ-ਮੁਕਾਉਣ ਦਾ ਪੱਕਾ ਫੈਸਲਾ ਕਰ ਲਿਆ ਸੀ। ਸਿੱਖ ਲਹਿਰ ਨੂੰ ਦੁਕਾਨੇ ਬਾਤਲ (ਕੂੜ ਦਾ ਵਪਾਰ) ਕਹਿ ਕੇ ਦਬਾਉਣ ’ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਤੋਂ ਕੇਵਲ ਵੀਹਦਿਨ ਬਾਅਦ, ਜਹਾਂਗੀਰ ਨੇ ਆਪਣੀ ਸਵੈਜੀਵਨੀ, ਤੁਜ਼ਕਿ ਜਹਾਂਗੀਰੀ ਵਿਚ 19 ਜੂਨ 1606 ਈ. ਨੂੰ ਇਹ ਆਪ ਲਿਖਿਆ ਸੀ: ‘ਗੋਇੰਦਵਾਲ ਵਿਚ, ਜੋ ਦਰਿਆ ਬਿਆਸ ਦੇ ਕੰਢੇ ਸਥਿਤ ਹੈ, (ਗੁਰੂ) ਅਰਜਨ ਨਾਂ ਦਾ ਇਕ ਹਿੰਦੂ ਪੀਰਾਂ-ਸ਼ੇਖਾਂ ਦੇ ਭੇਸ ਵਿਚ ਰਹਿ ਰਿਹਾ ਸੀ। ਉਸ ਨੇ ਬਹੁਤ ਸਾਰੇ ਸਿੱਧੇ-ਸਾਦੇ ਹਿੰਦੂਆਂ, ਸਗੋਂ ਮੂਰਖ ਅਤੇ ਨੀਚ ਮੁਸਲਮਾਨਾਂ ਨੂੰ ਵੀ ਆਪਣੇ ਧਰਮ-ਕਰਮ ਦਾ ਸ਼ਰਧਾਲੂ ਬਣਾ ਕੇ, ਆਪਣੀ ਪੀਰੀ ਅਤੇ ਪਦਵੀ ਦਾ ਢੋਲ ਉੱਚੀ ਆਵਾਜ਼ ਨਾਲ ਵਜਾਇਆ ਹੋਇਆ ਸੀ। ਲੋਕ ਉਸ ਨੂੰ ‘ਗੁਰੂ’ ਆਖਦੇ ਸਨ ਅਤੇ ਕਈ ਪਾਸਿਆਂ ਅਤੇ ਦਿਸ਼ਾਵਾਂ ਦੇ ਭੋਲੇ-ਭਾਲੇ ਅਤੇ ਪਾਖੰਡ-ਪੂਜ ਲੋਕ ਉਸ ਵੱਲ ਰੁਚਿਤ ਸਨ ਅਤੇ ਉਸ ਦੀ ਜਾਤ ਵਿਚ ਸੰਪੂਰਨ ਨਿਸਚਾ ਰੱਖ ਰਹੇ ਸਨ। ਉਨ੍ਹਾਂ ਨੇ ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ (ਭਾਵ ਸਿੱਖ ਲਹਿਰ) ਚਲਾਈ ਹੋਈ ਸੀ। ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ-ਮੰਡਲ ਵਿਚ ਦਾਖਲ ਕਰ ਲਿਆ ਜਾਏ।… ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਦਾਖ਼ਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।’ (ਤੁਜ਼ਕਿ ਜਹਾਂਗੀਰੀ, 1606 ਈ., ਪੰਨਾ 35)

ਯਾਸਾ ਦੀ ਰਾਜ-ਦੰਡਾਵਲੀ ਮੰਗੋਲੀਆਂ ਦਾ ਉਹ ਕਾਨੂੰਨ ਸੀ ਜਿਸ ਨੂੰ ਚੰਗੇਜ਼ ਖਾਂ ਨੇ ਬੱਧਾ ਅਤੇ ਇਹ ਦੰਡ ਰਾਜਨੀਤਕ ਕਾਰਨਾਂ ਕਰਕੇ ਦਿੱਤਾ ਜਾਂਦਾ ਸੀ, ਨਾਂ ਕਿ ਮੁਸਲਮਾਨੀ ਧਰਮ ਕਰਕੇ। ਚੰਦੂ ਜੋ ਕਿ ਗੁਰੂ ਜੀ ਵਾਸਤੇ ਬਦਲੇ ਦੀ ਭਾਵਨਾ ਰੱਖਦਾ ਸੀ, ਉਸ ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਜਹਾਂਗੀਰ ਸਜ਼ਾ ਦਾ ਹੁਕਮ ਸੁਣਾ ਕੇ ਆਪ ਕਸ਼ਮੀਰ ਵਲ ਚਲਾ ਗਿਆ ਜਦੋਂ ਕਿ ਗੁਰੂ ਜੀ ਨੂੰ ਸਜ਼ਾ ਦੇਣ ਦੀ ਜ਼ੁਮੇਵਾਰੀ ਚੰਦੂ ਨੇ ਸੰਭਾਲ ਲਈ। ਇਸ ਸਜ਼ਾ ਲਈ, ਚੰਦੂ ਗੁਰੂ ਜੀ ਨੂੰ ਆਪਣੀ ਹਵੇਲੀ ਲੈ ਆਇਆ। ਫਿਰ ਕੀ, ਉਸੇ ਨਿਰਦਈ ਦੰਡਾਵਲੀ ਅਨੁਸਾਰ ਦੈਵੀ, ਕੋਮਲ-ਚਿੱਤ ਤੇ ਮਹਾਨ ਆਤਮਾ ਦੇ ਸੁਆਮੀ, ਅੰਮ੍ਰਿਤਸਰ, ਕਰਤਾਰ ਪੁਰ, ਸ੍ਰੀ ਹਰਿਗੋਬਿੰਦ ਪੁਰ, ਤਰਨ ਤਾਰਨ ਅਤੇ ਕਈ ਹੋਰ ਨਗਰਾਂ ਦੇ ਉਸਰੱਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਅਤੇ ਧਰਮ-ਕਰਮ ਦੇ ਅਨੂਠੇ ਪਹਿਰੇਦਾਰ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਭਖਦੀ ਰੇਤ ਪਾ ਕੇ ਦੁਖਾਇਆ ਗਿਆ ਅਤੇ ਖੌਲਦੇ ਪਾਣੀ ਵਿਚ ਉਬਾਲਿਆ ਗਿਆ। ਇਕ ਸਮਕਾਲੀ ਬਿਦੇਸ਼ੀ ਮਿਸ਼ਨਰੀ, ਫ਼ਾਦਰ ਫਰਦੀਨੰਦ ਗੁਇਰੈਰੌ ਦੀ 25 ਸਤੰਬਰ 1606 ਨੂੰ ਲਾਹੌਰ ਤੋਂ ਆਪਣੇ ਦੇਸ਼ ਵੱਲ ਲਿਖ ਭੇਜੀ ਅਤੇ ਸੰਨ 1609 ਵਿਚ ਲਿਜ਼ਬਨ (ਪੁਰਤਗਾਲ) ਵਿਖੇ ਪ੍ਰਕਾਸ਼ਤ ਹੋਈ ਇਕ ਚਿੱਠੀ ਅਨੁਸਾਰ, ‘ਜਦੋਂ ਬਾਦਸ਼ਾਹ ਜਹਾਂਗੀਰ ਨੇ ਸ਼ਹਿਜ਼ਾਦਾ ਖੁਸਰੋ ਨੂੰ ਫੜ ਲਿਆ ਸੀ ਤਾਂ ਉਸ ਨੇ ਗੁਰੂ (ਅਰਜਨ ਦੇਵ) ਨੂੰ ਬੁਲਵਾ ਕੇ, ਇਕ ਅਮੀਰ ਮੂਰਤੀ ਪੂਜ (ਦੀਵਾਨ ਚੰਦੂ ਸ਼ਾਹ) ਦੇ ਹਵਾਲੇ ਕਰ ਦਿੱਤਾ ਸੀ। ਉਹ ਉਨ੍ਹਾਂ ਨੂੰ ਨਿੱਤ-ਨਵੇਂ ਕਸ਼ਟ ਦੇਂਦਾ ਰਿਹਾ ਸੀ। ਇਸ ਤਰ੍ਹਾਂ, ਸਿੱਖਾਂ ਦੇ ਉਹ ਨੇਕ ਪੋਪ (ਗੁਰੂ ਅਰਜਨ ਦੇਵ) ਦੁੱਖ, ਤਸੀਹੇ ਤੇ ਨਿਰਾਦਰੀਆਂ ਸਹਾਰਦੇ ਹੋਏ ਸੁਰਗਵਾਸ ਹੋ ਗਏ ਸਨ।’ (ਐਨੂਅਲ ਰੀਲੇਸ਼ਨਜ਼, 1609 ਈ., ਜਿ. 2, ਪੰਨਾ. 366) ਜਹਾਂਗੀਰ ਦਾ ਦੂਸਰਾ ਹੁਕਮ, ਕਿ ਗੁਰੂ ਜੀ ਦਾ ਘਰ-ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਵੇ ਤੇ ਮਾਲ ਅਸਬਾਬ ਜਬਤ ਕੀਤਾ ਜਾਵੇ, ਇਤਿਹਾਸਕਾਰਾਂ ਅਨੁਸਾਰ ਸਾਈਂ ਮੀਆਂ ਮੀਰ ਜੀ ਦੇ ਦਖਲ ਦੇਣ ਤੇ ਰੱਦ ਕਰ ਦਿੱਤਾ ਗਿਆ।

ਜਹਾਂਗੀਰ ਨੂੰ ਚੁੱਕਾਂ ਦੇਣ ਵਾਲੇ ਤੁਅੱਸਬੀ ਸ਼ੇਖ ਅਹਿਮਦ ਸਰਹਿੰਦੀ ਉਰਫ਼ ਮਜੱਦਦ-ਅਲਫ਼ ਸਾਨੀ ਨੇ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦਿਆਂ ਅਤੇ ਸ਼ੁਕਰਾਨਿਆਂਭਰੀ ਚੜ੍ਹਦੀ ਕਲਾ ਵਿਚ ਵਿਗਸਦਿਆਂ, ਦਿੱਤੀ ਗਈ ਇਸ ਮਹਾਨ ਸ਼ਹਾਦਤ ਨੂੰ ਲਾਹੌਰ ਦੇ ਉਕਤ ਗਵਰਨਰ, ਮੁਰਤਜ਼ਾ ਖ਼ਾਨ ਵੱਲ ਲਿਖੀ ਮੁਬਾਰਕੀ ਚਿੱਠੀ ਵਿਚ, ‘ਗੋਇੰਦਵਾਲ ਦੇ ਫਿਟਕਾਰਯੋਗ ਕਾਫ਼ਰ ਦਾ ਕਤਲ ਇਸਲਾਮ ਦੇ ਸ਼ਰਧਾਲੂਆਂ ਲਈ ਉੱਚਤਮ ਸ਼ੋਭਾ ਵਾਲਾ ਕੰਮ’ ਦੱਸਿਆ ਸੀ। (ਮਕਤੂਬਾਤੇ ਇਮਾਮੇ ਰੱਬਾਨੀ, ਜਿ.1-3, ਮਿਤੀ 1964, ਨੰ. 193)

ਉਪਰੋਕਤ ਸਮਕਾਲੀ ਤੇ ਭਰੋਸੇਯੋਗ ਇਤਿਹਾਸਕ ਗਵਾਹੀਆਂ (ਸਮਕਾਲੀ ਬਾਦਸ਼ਾਹ ਜਹਾਂਗੀਰ, ਬਿਦੇਸ਼ੀ ਮਿਸ਼ਨਰੀ ਫ਼ਰਦੀਨੰਦ ਅਤੇ ਸ਼ੇਖ ਅਹਿਮਦ ਸਰਹੰਦੀ ਦੀਆਂ) ਨੂੰ ਮੁੱਖ ਰੱਖਦਿਆਂ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਅਤੇ ਅਸਲ ਦੋਸ਼ੀ ਪ੍ਰਿਥੀ ਚੰਦ ਤੇ ਉਸ ਦੀ ਖ਼ਾਨਦਾਨੀ ਈਰਖਾ, ਚੰਦੂ ਤੇ ਉਸ ਦੀ ਜਾਤੀ ਰੰਜਸ਼, ਖ਼ੁਸਰੋ ਤੇ ਉਸ ਦੀ ਗੋਇੰਦਵਾਲ-ਆਵੰਦ ਜਾਂ ਇਸ ਤਰ੍ਹਾਂ ਦੀਆਂ ਆਮ-ਦੱਸੀਆਂ ਜਾਂਦੀਆਂ ਗੱਲਾਂ ਜਾਂ ਘਟਨਾਵਾਂ ਇੱਕ ਨਿਗੁਣਾ ਕਾਰਨ ਸਨ।ਇਤਿਹਾਸ ਤੋਂ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ, ਜਹਾਂਗੀਰ ਦੀ ਤਾਜਪੋਸ਼ੀ ਤੋਂ ਵਰ੍ਹਾ ਕੁ ਬਾਅਦ 30 ਮਈ, 1606 ਈ. ਨੂੰ ਹੋਈ ਸ਼ਹੀਦੀ ਦਾ ਮੂਲ ਤੇ ਮੁੱਖ ਕਾਰਨ ਸਿੱਖ-ਲਹਿਰ ਦੀ ਅੱਗੇ-ਵਧਤਾ ਮੁਗ਼ਲ ਰਾਜ ਦੇ ਕੱਟੜ ਸਲਾਹਕਾਰਾਂ ਦੇ ਇਸਲਾਮੀ ਰਾਜ ਸਥਾਪਤ ਕਰਨ ਵਿੱਚ ਰੋੜਾ ਬਣਨ ਦੀ ਵੱਡੀ ਸੰਭਾਵਣਾ ਸੀ ਜਿਸ ਨਾਲ ਮੁਗ਼ਲ ਰਾਜ ਦੀ ਨੀਤ ਤੇ ਨੀਤੀ ਵਿਚ ਇਕਦਮ ਅਨਿਆਂ ਭਰੀ ਤੇ ਪੱਖਪਾਤੀ ਤਬਦੀਲੀ ਆਈ ਸੀ।

ਸਿੱਖ ਇਤਿਹਾਸ ਦੀ ਇਹ ਪਹਿਲੀ ਅਤੇ ਅਦੁੱਤੀ ਸ਼ਹੀਦੀ ਸਮੇਂ ਦੇ ਮੁਗ਼ਲ ਬਾਦਸ਼ਾਹ, ਜਹਾਂਗੀਰ ਦੇ ਉਪਰੋਕਤ ਲਿਖਤੀ ਬਿਆਨ ਮੁਤਾਬਕ, ਉਸ ਦੇ ਆਪਣੇ ਹੁਕਮਅਧੀਨ ਅਤੇ ਉਸ ਦੀ ਤੁਅੱਸਬੀ ਨੀਤੀ ਅਨੁਸਾਰ ਹੀ ਹੋਈ ਸੀ।

ਇਸ ਸ਼ਹੀਦੀ ਨੇ ਸਿੱਖ ਧਰਮ ਦੀ ਉਸਾਰੀ ਦੀਆਂ ਨੀਂਹਾਂ, ਇੰਨੀਆਂ ਪੱਕੀਆਂ ਕਰ ਦਿੱਤੀਆਂ ਸਨ ਕਿ ਉਨ੍ਹਾਂ ਉੱਤੇ, ਉਨ੍ਹਾਂ ਦੇ ਹੀ ਪਾਵਨ ਪੋਤੇ (ਗੁਰੂ ਤੇਗ ਬਹਾਦਰ ਜੀ), ਪੜਪੋਤੇ (ਗੁਰੂ ਗੋਬਿੰਦ ਸਿੰਘ ਜੀ) ਤੇ ਨਕੜਪੋਤਿਆਂ (ਚਾਰ ਸਾਹਿਬਜ਼ਾਦਿਆਂ) ਨੇ ਆਪੋ-ਆਪਣੇ ਬਲੀਦਾਨਾਂ ਰਾਹੀਂ ਇਕ ਅਜਿਹਾ ਅਮਰ ਤੇ ਅਦੁੱਤੀ ਮਹਿਲ ਉਸਾਰ ਦਿੱਤਾ ਸੀ ਜਿਸ ਨੂੰ ਸਿੱਖ ਕੌਮ ਅਤੇ ਪੰਥ ਖ਼ਾਲਸਾ ਅਖਵਾਉਣ ਦਾ ਮਾਣ ਪ੍ਰਾਪਤ ਹੈ। ਅਖੀਰ ਵਿੱਚ, ਹਰ ਸਾਲ ਸ਼ਹੀਦੀ ਪੁਰਬ ਮਨਾਣ ਦਾ ਤਾਂ ਹੀ ਲ੍ਹਾਭ ਹੈ ਜੇ ਕਰ ਅਸੀਂ ਨਿਮਨ ਲਿਖਤ ਗੱਲਾਂ ਵਲ ਧਿਆਨ ਦੇਵਾਂਗੇ ਅਤੇ ਅਮਲ ਵਿੱਚ ਲਿਆਵਾਂਗੇ।

(1). ਗੁਰਬਾਣੀ ਪੜ੍ਹਨ, ਸ਼ਬਦ ਦੀ ਵਿਚਾਰ ਤੋਂ ਜੀਵਨ-ਜਾਚ ਬਾਰੇ ਗਿਆਨ ਪ੍ਰਾਪਤ ਕਰਨਾ ਅਤੇ ਗੁਰਬਾਣੀ ਤੋਂ ਸਿੱਖੀ ਜੀਵਨ-ਜਾਚ ਅਨੁਸਾਰੀ ਜੀਵਨ ਬਤੀਤਕਰਨਾ, ਕਿਰਤ ਦੀ ਕਮਾਈ ਕਰਨੀ ਅਤੇ ਸਮਾਜਕ ਜ਼ਿੰਮੇਵਾਰੀਆਂ ਵਿੱਚ ਭਰਪੂਰ ਹਿੱਸਾ ਪਾਉਣਾ।

(2). ਊਚ-ਨੀਚ, ਜਾਤ-ਪਾਤ, ਛੁਤ ਛਾਤ ਦਾ ਪੂਰਨ ਰੂਪ ਵਿੱਚ ਤਿਆਗ ਕਰ ਕੇ, ਸਰਬ-ਸਾਂਝੀਵਾਲਤਾ ਅਤੇ ਰਾਜਾ ਰੰਕ ਬਰਾਬਰੀ ਵਾਲਾ ਰਾਹ ਅਪਣਾਉਣਾ।

(3). ਔਰਤ ਜਾਤੀ ਦੇ ਸਮਾਜ ਵਿੱਚ ਬਰਾਬਰਤਾ ਦੇ ਹੱਕ ਅਤੇ ਸਤਿਕਾਰ ਕਰਨ ਦੇ ਧਾਰਨੀ ਬਣਨਾ।

(4). ਗੁਰਮੁੱਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਨੂੰ ਅਪਣਾਉਣਾ ਅਤੇ ਪ੍ਰਫੁਲਿਤ ਕਰਨਾ।

(5). ਮਨੁਖੀ ਹੱਕਾਂ ਦੀ ਰਾਖੀ ਕਰਨੀ ਅਤੇ ਸੱਚ ਦੇ ਧਾਰਨੀ ਬਣਨਾ।

(6). ਪੀਰਾਂ, ਬਾਬਿਆਂ, ਡੇਰਿਆਂ ਅਤੇ ਕਬਰਾਂ ਪੂਜਣ ਦਾ ਤਿਆਗ ਅਤੇ ਖੰਡਨ ਕਰਕੇ ਗੁਰੂ ਬਾਣੀ ਨੂੰ ਪੜ੍ਹ ਕੇ ਵਿਚਾਰਨ ਦੇ ਧਾਰਨੀ ਹੋਣਾ।

(7). ਸਾਰੇ ਸਮਾਜਿਕ ਧੜਿਆਂ ਦਾ ਤਿਆਗ ਕਰ, ਸੱਚ ਅਤੇ ਪ੍ਰਮਾਤਮਾ ਦੇ ਧੜੇ ਦੇ ਧਾਰਨੀ ਬਣਨਾ।

(8). ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਅਤੇ ਪੁਰਾਤਨ ਇਤਿਹਾਸਿਕ ਸਰੋਤਾਂ ਨੂੰ ਨਾਨਕਸਰੀਆਂ ਆਦਿ ਹੋਰ ਡੇਰਿਆਂ ਦੇ ਬਣਾਏ ਅੰਗੀਠਾ ਸਾਹਿਬ ਦੀ ਸੇਵਾ ਤੋਂ ਬਚਾਣਾ ਭਾਵ ਪੁਰਾਤਨ ਪਾਵਨ ਸਰੂਪਾਂ ਤੇ ਇਤਿਹਾਸਿਕ ਸਮੱਗਰੀ ਨੂੰ ਅਗਨ ਭੇਟ ਹੋਣ ਤੋਂ ਬਚਾਉਣਾ।

(9). ਬਾਬਿਆਂ ਦੀ ਕਾਰ ਸੇਵਾ ਤੋਂ ਕਿਤੇ ਕੁਝ ਬਚੀਆਂ ਹੋਈਆਂ ਸਿੱਖ ਇਤਿਹਾਸਿਕ ਨਿਸ਼ਾਨੀਆਂ ਨੂੰ ਸੰਗਮਰ ਦੀ ਮਾਰ ਤੋਂ ਬਚਾਣਾ ਅਤੇ ਕੌਮ ਦਾ ਪੈਸਾ ਆਦਿ, ਵੀ ਬਚਾਣਾ, ਆਦਿ।

ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥ (ਗੁਰੂ ਅਰਜਨ ਸਾਹਿਬ ਜੀ)

0

ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥ (ਗੁਰੂ ਅਰਜਨ ਸਾਹਿਬ ਜੀ)

Understanding Akal Purkh through the Guru’s teachings.

ਡਾ. ਸਰਬਜੀਤ ਸਿੰਘ ਜੀ ਵਾਸੀ (ਮੁੰਬਈ)-98921-17013

ਮਹਾਨ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥਾ, ਪੰਜਵੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਇਕ ਅਜੇਹੇ ਬ੍ਰਹਮ ਗਿਆਨੀ ਸਨ, ਜਿਨ੍ਹਾਂ ਨੇ ਆਪਣੇ ਸੀਸ ’ਤੇ ਤੱਤੀ ਰੇਤ ਪਵਾਣੀ, ਉਬਲਦੀ ਦੇਗ ਵਿੱਚ ਬੈਠਣਾ, ਤੱਤੀ ਤਵੀ ’ਤੇ ਬੈਠ ਕੇ ਸ਼ਹੀਦੀ ਦੇਣੀ ਤਾਂ ਪਰਵਾਨ ਕਰ ਲਈ ਪਰੰਤੂ ਧਰਮ ਦੇ ਅਸੂਲਾਂ ਨੂੰ ਆਂਚ ਨਹੀਂ ਆਣ ਦਿਤੀ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੇ ਆਪਣੇ ਸ਼ਬਦ ‘‘ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥’’ ਉੱਪਰ ਅਮਲ ਕਰ ਕੇ ਦੁਨੀਆਂ ਵਿੱਚ ਇਕ ਨਿਵੇਕਲੀ ਸ਼ਹੀਦੀ ਦੀ ਮਿਸਾਲ ਕਾਇਮ ਕੀਤੀ।

ਗੁਰੂ ਅਰਜਨ ਸਾਹਿਬ ਨੂੰ ਜਨਮ ਤੋਂ ਹੀ ਗੁਰਮਤਿ ਦੀ ਗੁੜ੍ਹਤੀ ਮਿਲੀ ਸੀ। ਆਪ ਜੀ ਦਾ ਪ੍ਰਕਾਸ਼ 15 ਅਪਰੈਲ 1563 ਨੂੰ ਗੋਇੰਦਵਾਲ ਵਿਖੇ ਮਾਤਾ ਭਾਨੀ ਜੀ ਦੀ ਕੁਖੋਂ ਹੋਇਆ, ਜੋ ਗੁਰੂ ਬੇਟੀ ਸਨ। ਆਪ ਜੀ ਅਜੇਹੀ ਮਹਾਨ ਸ਼ਕਸੀਅਤ ਸਨ, ਜਿਨ੍ਹਾਂ ਦੇ ਪਿਤਾ ਚੌਥੇ ਗੁਰੂ ਰਾਮ ਦਾਸ ਜੀ ਸਨ। ਆਪ ਜੀ ਦੇ ਨਾਨਾ ਤੀਸਰੇ ਗੁਰੂ ਅਮਰ ਦਾਸ ਜੀ ਸਨ ਜਿਨ੍ਹਾਂ ਕੋਲੋ, ‘ਦੋਹਿਤਾ ਬਾਣੀ ਦਾ ਬੋਹਿਥਾ’ ਦਾ ਆਸ਼ੀਰਵਾਦ ਮਿਲਿਆ ਹੋਇਆ ਸੀ। ਆਪ ਜੀ ਨੂੰ ਮਹਾਨ ਕੁਰਬਾਨੀ ਦੇਣ ਵਾਲੀ ਪਤਨੀ ਮਾਤਾ ਗੰਗਾ ਜੀ ਦਾ ਸਾਥ ਮਿਲਿਆ ਤੇ ਅਕਾਲ ਪੁਰਖੁ ਦੀ ਮਿਹਰ ਸਦਕਾ ਮਹਾਬਲੀ ਯੋਧਾ ਪੁੱਤਰ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ।

ਗੁਰੂ ਅਰਜਨ ਸਾਹਿਬ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਅਨੇਕਾਂ ਹੀ ਸਮਾਜਕ ਸੁਧਾਰ ਤੇ ਧਰਮ ਦੇ ਕਾਰਜ ਕੀਤੇ।

ਗੁਰੂ ਕਾ ਚੱਕ (ਅੰਮ੍ਰਿਤਸਰ) ਸ਼ਹਿਰ ਦੀ ਉਸਾਰੀ ਦਾ ਕਾਰਜ ਜੋ ਕਿ ਗੁਰੂ ਰਾਮ ਦਾਸ ਜੀ ਨੇ 1570 ਵਿਚ ਆਰੰਭ ਕੀਤਾ ਸੀ, ਉਸ ਵਿਚ ਆਪ ਜੀ ਨੇ ਆਪਣਾ ਪੂਰਾ ਹਿਸਾ ਪਾਇਆ। ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਦਾ ਕਾਰਜ 1588 ਵਿਚ ਪੂਰਾ ਹੋਇਆ।

ਪਾਣੀ ਦਾ ਮਸਲਾ ਹੱਲ ਕਰਨ ਲਈ ਆਪ ਜੀ ਨੇ ਸਭ ਤੋਂ ਪਹਿਲਾਂ ਤਾਲ ਸੰਤੋਖਸਰ ਤਿਆਰ ਕਰਵਾਇਆ। ਇਸ ਤੋਂ ਮਗਰੋਂ ਅੰਮ੍ਰਿਤਸਰ ਸਰੋਵਰ ਸੰਨ 1588 ਵਿੱਚ ਮੁਕੰਮਲ ਕੀਤਾ। ਅੰਮ੍ਰਿਤਸਰ ਸਰੋਵਰ ਦੇ ਨਾਮ ਉੱਤੇ ਸ਼ਹਿਰ ਦਾ ਨਾਮ ਵੀ ‘ਗੁਰੂ ਕਾ ਚੱਕ’ ਤੋਂ ‘ਅੰਮ੍ਰਿਤਸਰ’ ਪੈ ਗਿਆ।

ਆਪ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ (ਅਕਤੂਬਰ 1588) ਵਿੱਚ ਰਖਵਾਈ। ਇਸ ਅਸਥਾਨ ਦੀ ਨਿਵੇਕਲੀ ਉਸਾਰੀ ਅਤੇ ਪ੍ਰਬੰਧ ਰਾਹੀਂ ਧਰਮ ਨਿਰਪੇਖਤਾ ਦੀ ਉਦਾਹਰਨ ਕਾਇਮ ਕਰਨ ਦਾ ਮਾਣ ਸਿਰਫ ਸਿੱਖ ਧਰਮ ਨੂੰ ਹੀ ਪ੍ਰਾਪਤ ਹੋਇਆ ਹੈ।

ਊਚ ਨੀਚ ਦਾ ਭੇਦ ਭਾਵ ਖਤਮ ਕਰਨ ਲਈ ਤੇ ਪਾਣੀ ਦਾ ਮਸਲਾ ਹਲ ਕਰਨ ਲਈ ਤਰਨਤਾਰਨ ਸਾਹਿਬ ਦਾ ਸਰੋਵਰ (1000 ਫੁਟ ਲੰਮਾਂ ਅਤੇ 900 ਫੁਟ ਚੌੜਾ) ਤਿਆਰ ਕਰਵਾਇਆ।

ਆਪ ਜੀ ਨੇ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਦਾ ਨਗਰ ਵਸਾਇਆ ਜੋ ਕਿ ਅੱਜ ਕਲ ਫ਼ਰਨੀਚਰ ਦਾ ਬਹੁਤ ਵੱਡਾ ਕੇਂਦਰ ਹੈ। ਪਾਣੀ ਦਾ ਮਸਲਾ ਹਲ ਕਰਨ ਲਈ ਇਕ ਖੂਹ ਵੀ ਲਵਾਇਆ, ਜਿਸ ਦਾ ਨਾਮ ਗੰਗਸਰ ਰਖਿਆ।

ਸੰਨ 1595 ਵਿੱਚ ਖੂਹਾਂ ਦਾ ਪਾਣੀ ਸੁੱਕ ਜਾਣ ਕਰਕੇ ਫਸਲ ਨਾ ਹੋਈ ਤੇ ਪੰਜਾਬ ਵਿੱਚ ਕਾਲ ਪੈ ਗਿਆ। ਆਪ ਜੀ ਨੇ ਦਸਵੰਧ ਦੀ ਮਾਇਆ ਕਾਲ ਪੀੜਤਾਂ ਦੀ ਸਹਾਇਤਾ ਲਈ ਖਰਚੀ ਤੇ ਬਹੁਤ ਸਾਰੇ ਦੋ ਹਰਟੇ ਤੇ ਚਾਰ ਹਰਟੇ ਖੂਹ ਲਗਵਾਏ ਤਾਂ ਜੋ ਇੱਕ ਖੂਹ ਕੋਲੋ ਦੋ ਦੋ ਚਾਰ ਚਾਰ ਖੂਹਾਂ ਦਾ ਕੰਮ ਲਿਆ ਜਾ ਸਕੇ। ਵਡਾਲੀ ਤੋਂ ਲਹਿੰਦੇ ਪਾਸੇ ਆਪ ਜੀ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ, ਜੋ ਅਜੇ ਵੀ ਕਾਇਮ ਹੈ। ਉਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ।

ਸੰਨ 1597 ਵਿੱਚ ਲਾਹੌਰ ਵਿਚ ਭਿਆਨਕ ਕਾਲ ਪੈ ਗਿਆ ਸੀ। ਭੁੱਖ ਤੇ ਬਿਮਾਰੀ ਕਾਰਨ ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਬਜਾਰ ਮੁਰਦਿਆਂ ਨਾਲ ਭਰੇ ਰਹਿੰਦੇ ਸਨ। ਗੁਰੂ ਅਰਜਨ ਸਾਹਿਬ ਜੀ ਨੇ ਲੰਗਰ ਲਗਵਾਏ। ਇਕੱਲੇ ਇਕੱਲੇ ਦੀ ਆਪ ਦੇਖ ਭਾਲ ਕੀਤੀ। ਯਤੀਮਾਂ ਦੀ ਸੇਵਾ ਸੰਭਾਲ ਲਈ ਆਸ਼੍ਰਮ ਬਣਾਏ। ਸਤਿਗੁਰੂ ਜੀ ਨੇ ਦੁਖੀਆਂ ਦਾ ਖਿਆਲ ਕੀਤਾ ਤੇ ਅਕਬਰ ਕੋਲੋਂ ਉਸ ਸਾਲ ਪੰਜਾਬ ਦਾ ਬਹੁਤ ਸਾਰਾ ਮਾਮਲਾ ਮਾਫ ਕਰਵਾ ਦਿੱਤਾ।

ਸੰਨ 1595 ਤੋਂ 1599 ਤੱਕ ਮਾਝੇ ਵਿੱਚ ਸਖਤ ਕਾਲ ਪਿਆ ਰਿਹਾ ਤੇ ਲੋਕਾਂ ਵਿੱਚ ਮਲੇਰੀਆ ਤੇ ਸੀਤਲਾ (ਚੇਚਕ) ਬੀਮਾਰੀਆਂ ਦਾ ਵੀ ਜੋਰ ਪੈ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਸੰਨ 1595 ਵਿੱਚ ਵਡਾਲੀ ਵਿਖੇ ਹੋਇਆ ਸੀ। ਭੁੱਖੇ ਤੇ ਰੋਗ ਪੀੜਤਾਂ ਦੀ ਸਹਾਇਤਾ ਕਰਦੇ ਸਮੇਂ ਮਾਤਾ ਗੰਗਾ ਜੀ ਤੇ ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਜੀ ਵੀ ਨਾਲ ਹੀ ਸਨ। ਚੇਚਕ ਵਾਲੇ ਇਲਾਕੇ ਵਿੱਚ ਵਿਚਰਨ ਕਰਕੇ, ਅੰਮ੍ਰਿਤਸਰ ਵਾਪਿਸ ਆਣ ’ਤੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਚੇਚਕ ਨਿਕਲ ਆਈ। ਵਹਿਮੀ ਲੋਕਾਂ ਨੇ ਸਲਾਹ ਦਿੱਤੀ ਕਿ ਦੇਵੀ ਦੇ ਮੰਦਰ ਮੱਥਾ ਟਿਕਾ ਲਿਆਓ। ਗੁਰੂ ਸਾਹਿਬ ਨੇ ਸਮਝਾਇਆ ਕਿ ਸੀਤਲਾ ਕੋਈ ਦੇਵੀ ਨਹੀਂ ਹੈ, ਸਗੋਂ ਬੀਮਾਰੀ ਹੈ। ਇਲਾਜ ਨਾਲ ਠੀਕ ਹੋ ਜਾਵੇਗੀ। ਅਕਾਲ ਪੁਰਖੁ ’ਤੇ ਭਰੋਸਾ ਰੱਖੋ ਤੇ ਅਰਦਾਸ ਕਰੋ। ਗੁਰੂ ਸ਼ਬਦ ਹੈ: ‘‘ਗਉੜੀ ਮਹਲਾ ੫ ॥ ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ॥ ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥ ਨਾਨਕ ਨਾਮੁ ਜਪੈ ਸੋ ਜੀਵੈ ॥ ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥’’ (ਪੰਨਾ 200)

ਗੁਰੂ ਘਰ ਦੇ ਕਾਰਜ ਸਫ਼ਲਤਾ ਨਾਲ ਚਲਾਉਣ ਲਈ ਗੁਰੂ ਸਾਹਿਬ ਨੇ ਹਰੇਕ ਸਿੱਖ ਪਰਿਵਾਰ ਨੂੰ ਆਪਣੀ ਕਮਾਈ ਦਾ ਦਸਵਾਂ ਹਿੱਸਾ ਸਾਂਝੇ ਕੌਮੀ ਕਾਰਜਾਂ ਲਈ ਗੁਰ-ਗੋਲਕ ਵਿੱਚ ਪਾਣ ਲਈ ਹੁਕਮ ਕੀਤਾ, ਇਸ ਨੂੰ ਦਸਵੰਧ ਦਾ ਨਾਮ ਦਿੱਤਾ ਗਿਆ।

ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ 4 ਗੁਰੂ ਸਾਹਿਬਾਂ ਦੀ ਬਾਣੀ, ਆਪਣੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਤੇ 3 ਸਿੱਖਾਂ ਦੀ ਬਾਣੀ ਇਕੱਠੀ ਕਰਕੇ, ਉਸ ਨੂੰ ਤਰਤੀਬ ਵਾਰ ਕੀਤਾ। ਰਾਮਸਰ ਵਿਚ ਗੁਰੂ ਗਰੰਥ ਸਾਹਿਬ ਦੀ ਬਾਣੀ ਲਿਖਣ ਦਾ ਕਾਰਜ ਆਰੰਭ ਕੀਤਾ। ਆਪ ਜੀ ਬਾਣੀ ਲਿਖਵਾਂਦੇ ਸਨ ਅਤੇ ਭਾਈ ਗੁਰਦਾਸ ਜੀ ਲਿਖਦੇ ਜਾਂਦੇ ਸਨ। ਗੁਰੂ ਗਰੰਥ ਸਾਹਿਬ ਅਜੇਹੇ ਗਰੰਥ ਹਨ, ਜਿਨ੍ਹਾਂ ਵਿੱਚ ਹੋਰਨਾ ਧਰਮਾਂ ਤੇ ਨੀਵੀਆਂ ਜਾਤਾਂ ਵਾਲੇ ਮਹਾਨ ਭਗਤਾਂ ਦੀ ਬਾਣੀ ਨੂੰ ਬਰਾਬਰ ਦਾ ਮਾਣ ਮਿਲਿਆ ਹੋਇਆ ਹੈ। ਗੁਰੂ ਗਰੰਥ ਸਾਹਿਬ ਦੀ ਆਦਿ ਬੀੜ ਦੀ ਤਿਆਰੀ ਹੋਣ ਉਪਰੰਤ, ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਚ (1604 ਈ.) ਕੀਤਾ ਗਿਆ। ਆਪ ਜੀ ਨੇ ਬਾਬਾ ਬੁਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ।

ਗੁਰੂ ਅਮਰ ਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ‘ਦੋਹਿਤਾ ਬਾਣੀ ਦਾ ਬੋਹਿਥਾ’ ਹੋਣ ਦਾ ਆਸ਼ੀਰਵਾਦ ਦਿੱਤਾ ਸੀ। ਉਨ੍ਹਾਂ ਨੇ ਗੁਰੂ ਗਰੰਥ ਸਾਹਿਬ ਦੀ ਬੀੜ ਤਿਆਰ ਕਰਕੇ ਇਸ ਨੂੰ ਸੱਚ ਸਾਬਤ ਕਰ ਦਿੱਤਾ। ਗੁਰੂ ਅਰਜਨ ਸਾਹਿਬ ਜੀ ਦੀ ਆਪਣੀ ਬਾਣੀ 30 ਰਾਗਾਂ ਵਿਚ ਹੈ। ਆਪ ਜੀ ਨੇ 6 ਵਾਰਾਂ, ਸੁਖਮਨੀ ਸਾਹਿਬ, ਬਾਰਹਾਮਾਹ, ਬਾਵਨ ਅੱਖਰੀ, ਗਾਥਾ, ਫੁਨਹੇ, ਸਲੋਕ ਸਹਸ ਕ੍ਰਿਤੀ ਬਾਣੀਆਂ ਲਿਖੀਆਂ। (ਸ਼ਬਦ = 1345, ਅਸਟਪਦੀਆਂ = 62, ਛੰਤ = 62)। ਭੱਟਾਂ ਨੇ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮ ਦਾਸ ਜੀ ਦੀ ਉਸਤਤ ਵਿਚ 20 ਸਵੱਈਏ ਰਚੇ। ਇਹ ਗੁਰੂ ਗਰੰਥ ਸਾਹਿਬ ਪੰਨਾਂ 1406 ’ਤੇ ਅੰਕਿਤ ਹਨ। ਇਤਨਾਂ ਵੱਡਾ ਕਾਰਜ ਕਰਨ ਤੋਂ ਬਾਅਦ ਵੀ ਆਪ ਜੀ ਨੇ ਆਪਣੇ ਆਪ ਨੂੰ ਨਿਮਾਣਾਂ ਦੱਸਦੇ ਹੋਏ ਅਕਾਲ ਪੁਰਖੁ ਦਾ ਧੰਨਵਾਦ ਕੀਤਾ ਅਤੇ ਗੁਰੂ ਗਰੰਥ ਸਾਹਿਬ ਦੇ ਅੰਤ ਵਿਚ ਇਹੀ ਅੰਕਿਤ ਕੀਤਾ: ‘‘ਸਲੋਕ ਮਹਲਾ ੫ ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥’’ (੧੪੨੯)

ਗੁਰੂ ਅਰਜਨ ਸਾਹਿਬ ਥਾਲ ਪਰੋਸ ਕੇ (ਗੁਰੂ ਗਰੰਥ ਸਾਹਿਬ) ਆਪਣੇ ਕੋਲ ਨਹੀਂ ਰੱਖਿਆ ਬਲਕਿ ਮਨੁੱਖਤਾ ਦੇ ਭਲੇ ਲਈ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਚ ਰੱਖ ਦਿੱਤਾ।

ਗੁਰੂ ਅਰਜਨ ਸਾਹਿਬ ਜੀ ਨੂੰ ਆਰੰਭ ਤੋਂ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸਖੀ ਸਰਵਰਾਂ ਨੇ ਆਪ ਜੀ ਦਾ ਬਹੁਤ ਵਿਰੋਧ ਕੀਤਾ ਤੇ ਜਹਾਂਗੀਰ ਦੇ ਮਨ ਅੰਦਰ ਈਰਖਾ ਭਰਨ ਲਈ ਇਕ ਅਹਿਮ ਹਿੱਸਾ ਪਾਇਆ। ਪ੍ਰਿਥੀ ਚੰਦ, ਬੀਰਬਲ, ਸੁਲਹੀ ਖਾਨ ਦੇ ਵਿਰੋਧ ਅਤੇ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਸਾਂ ਦਾ ਸਾਹਮਣਾ ਕਰਨਾ ਪਿਆ। ਜਿਹੜੀਆਂ ਘਟਨਾਵਾਂ ਰਾਜਸੀ ਤਖਤ ਨਾਲ ਸਬੰਧਤ ਹੁੰਦੀਆਂ ਹਨ, ਉਨ੍ਹਾਂ ਦਾ ਕਾਰਨ ਛੁਪਾਇਆ ਜਾਂਦਾ ਹੈ। 17.10.1605 ਨੂੰ ਅਕਬਰ ਦੀ ਮੌਤ ਹੋ ਗਈ ਤੇ 30 ਮਈ 1606 ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਸੱਤ ਮਹੀਨਿਆਂ ਵਿਚ ਇਤਨਾਂ ਕੁਝ ਹੋਣ ਪਿਛੇ ਇਕ ਵੱਡੀ ਰਾਜਸੀ ਸਾਜ਼ਸ ਹੀ ਹੋ ਸਕਦੀ ਹੈ। ਬਾਬਰ, ਹਿਮਾਜ਼ੂੰ, ਅਕਬਰ ਨੂੰ ਕਿਸੇ ਗੁਰੂ ਸਾਹਿਬ ਨੇ ਤਿਲਕ ਨਹੀਂ ਲਗਾਇਆ ਤਾਂ ਗੁਰੂ ਅਰਜਨ ਸਾਹਿਬ ਖੁਸਰੋ ਨੂੰ ਕਿਸ ਤਰ੍ਹਾਂ ਤਿਲਕ ਲਗਾ ਸਕਦੇ ਸਨ। ਇਹ ਵੀ ਇਕ ਸਾਜ਼ਿਸ ਘੜੀ ਗਈ ਸੀ। ਰਕਤ ਬੀਜ ਨਹੀਂ ਬਣਨਾ ਚਾਹੀਦਾ ਹੈ। ਇਸ ਲਈ ਸਜ਼ਾ ਇਸ ਤਰ੍ਹਾਂ ਦਿੱਤੀ ਗਈ ਤਾਂ ਕਿ ਖੂਨ ਜ਼ਮੀਨ ’ਤੇ ਨਾ ਡੁਲੇ, ਰਕਤ ਬੀਜ਼ ਨਾ ਬਣੇ।

ਪਹਿਲੇ ਦਿਨ ਸਰੀਰ ਉੱਪਰ ਤੱਤੀ ਰੇਤ ਪਾਈ ਗਈ, ਜਿਸ ਨਾਲ ਸਰੀਰ ’ਤੇ ਛਾਲੇ ਪੈ ਗਏ। ਦੂਜੇ ਦਿਨ ਆਪ ਜੀ ਨੂੰ ਉਬਲਦੀ ਦੇਗ ਵਿਚ ਪਾਇਆ ਗਿਆ, ਜਿਸ ਨਾਲ ਆਪ ਜੀ ਦਾ ਮਾਸ ਉੱਖੜ ਗਿਆ। ਤੀਸਰੇ ਦਿਨ ਆਪ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਗਿਆ। ਇਤਨੇ ਤਸੀਹੇ ਝੱਲ ਕੇ ਸ਼ਹੀਦੀ ਪਾਉਣ ਦੀ ਵਾਕਿਆਤ ਦੁਨੀਆਂ ਦੇ ਇਤਿਹਾਸ ਵਿਚ ਇਕ ਮਹਾਨ ਕੁਰਬਾਨੀ ਹੈ। ਦੁਨੀਆਂ ਦੇ ਇਤਿਹਾਸ ਵਿੱਚ ਕਦੇ ਕਿਸੇ ’ਤੇ ਤੱਤੀ ਰੇਤ ਨਹੀਂ ਪਾਈ ਗਈ ਹੈ। ਗੁਰੂ ਅਰਜਨ ਸਾਹਿਬ ਜੀ ਅਜੇਹੇ ਮਹਾਨ ਸ਼ਹੀਦ ਸਨ, ਜਿਨ੍ਹਾਂ ਦਾ ਖ਼ੂਨ ਜ਼ਮੀਨ ’ਤੇ ਨਹੀਂ ਡੁਲਿਆ। ਗੁਰੂ ਅਰਜਨ ਸਾਹਿਬ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ।

‘‘ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹਿ ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥’’ (੧੩੮੪)

ਵੱਡੀ ਤੋਂ ਵੱਡੀ ਮੁਸ਼ਕਲ ਨੂੰ ਵੀ ਸਬਰ ਨਾਲ ਸਹਾਰਨ ਦੀ ਸਿਖਿਆ ਦੇਣ ਲਈ, ਉਨ੍ਹਾਂ ਦੇ ਸ਼ਹੀਦੀ ਪੁਰਬ ’ਤੇ ਠੰਡਾ ਜਲ ਸਭ ਨੂੰ ਪਿਲਾਇਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨੇ ਬਚਪਨ ਵਿਚ ਗੁਰੂ ਅਮਰਦਾਸ ਜੀ ਦਾ ਦਰਵਾਜ਼ਾ ਸਿਰ ਨਾਲ ਖੋਲਿਆ ਸੀ। ਸਮਾਂ ਆਉਣ ’ਤੇ ਧਰਮ ਦਾ ਦਰਵਾਜ਼ਾ, ਆਪ ਜੀ ਨੇ ਧਰਮ ਦੀ ਖਾਤਰ ਸ਼ਹੀਦੀ ਪ੍ਰਾਪਤ ਕਰਕੇ ਖੋਲਿਆ।

ਗੁਰੂ ਅਰਜਨ ਸਾਹਿਬ ਜੀ ਨੂੰ ਆਉਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਪਤਾ ਸੀ। ਇਸ ਲਈ ਸ਼ਹੀਦੀ ਲਈ ਚੱਲਣ ਤੋਂ ਪਹਿਲਾਂ ਹੀ ਆਪ ਜੀ ਨੇ 25 ਮਈ 1606 ਨੂੰ ਆਪਣੇ ਹੋਣਹਾਰ, ਮਹਾਬਲੀ ਸਪੁੱਤਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ।

ਕਲਮ ਨਾਲ ਬਾਣੀ ਲਿਖੀ ਜਾ ਸਕਦੀ ਹੈ। ਕਿਸੇ ਦੀ ਝੂਠੀ ਪ੍ਰਸੰਸਾ ਨਹੀਂ। ਇਹੀ ਕਾਰਨ ਹੈ ਕਿ ਉਸ ਸਮੇਂ ਦੇ ਕਵੀਆਂ ਕਾਨ੍ਹਾ, ਛੱਜੂ, ਪੀਲੋ ਅਤੇ ਸ਼ਾਹ ਹੁਸੈਨ ਦੀ ਰਚਨਾ ਗੁਰੂ ਗਰੰਥ ਸਾਹਿਬ ਵਿਚ ਸ਼ਾਮਿਲ ਕਰਨੀ ਪ੍ਰਵਾਨ ਨਹੀਂ ਕੀਤੀ। ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਸਵੀਕਾਰ ਕੀਤੀ ਪਰੰਤੂ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।

ਪ੍ਰਿਥੀ ਚੰਦ ਨੇ ਗੁਰੂ ਘਰ ਲਈ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕੀਤੀਆਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬੜੀ ਸਹਿਣਸ਼ੀਲਤਾ ਨਾਲ ਸਹਾਰਿਆ। ਪ੍ਰਿਥੀ ਚੰਦ ਨੇ ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਜਾਨੋਂ ਮਾਰਨ ਲਈ ਕਈ ਯਤਨ ਕੀਤੇ। ਦਾਈ ਦੇ ਥਣਾਂ ਰਾਹੀਂ ਜ਼ਹਿਰ, ਸਪੇਰੇ ਰਾਹੀਂ ਜ਼ਹਿਰੀਲਾ ਸੱਪ ਛੱਡ ਦੇਣਾ, ਖਿਡਾਵੇ ਰਾਹੀਂ ਦਹੀਂ ਵਿੱਚ ਜ਼ਹਿਰ ਪਾ ਕੇ ਖਵਾਣ ਦੀ ਕੋਸ਼ਿਸ਼, ਆਦਿ। ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਉੱਤੇ ਦੁਸ਼ਟਾਂ ਦੀਆਂ ਮੰਦੀਆਂ ਕਰਤੂਤਾਂ ਦਾ ਬਿਲਕੁਲ ਰੱਤਾ ਭਰ ਭੀ ਮਾੜਾ ਅਸਰ ਨਹੀਂ ਹੋਇਆ। ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ। ਗੁਰੂ ਦੇ ਪਰਤਾਪ ਨਾਲ ਉਹ ਚੰਦਰਾ ਬ੍ਰਾਹਮਣ ਪੇਟ ਵਿਚ ਸੂਲ ਉੱਠਣ ਨਾਲ ਮਰ ਗਿਆ। ਇਤਨੇ ਵਾਰ ਹੋਣ ਦੇ ਬਾਵਜੂਦ ਗੁਰੂ ਅਰਜਨ ਸਾਹਿਬ ਨੇ ਪ੍ਰਿਥੀ ਚੰਦ ਨੂੰ ਕੋਈ ਰੋਸ ਜਾਂ ਗਿਲਾ ਨਾ ਭੇਜਿਆ। ਸਗੋਂ ਅਕਾਲ ਪੁਰਖੁ ਦਾ ਸ਼ੁਕਰਾਨਾ ਕੀਤਾ: ‘‘ਭੈਰਉ ਮਹਲਾ ੫ ॥ ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥’’ (੧੧੩੭)

ਬੀਰਬਲ ਨੇ ਗੁਰੂ ਘਰ ਦੇ ਵਿਰੁਧ ਅਕਬਰ ਦੇ ਮਨ ਵਿੱਚ ਜ਼ਹਿਰ ਭਰਨ ਲਈ ਕਈ ਵਾਰ ਯਤਨ ਕੀਤੇ ਪਰ ਉਹ ਸਫ਼ਲ ਨਾ ਹੋ ਸਕਿਆ। ਕਿਉਂਕਿ ਅਕਬਰ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਦੇ ਕਾਰਜਾਂ ਨੂੰ ਵੇਖ ਕੇ ਸਿੱਖ-ਮੱਤ ਤੋਂ ਬਹੁਤ ਪ੍ਰਭਾਵਿਤ ਹੋ ਚੁੱਕਾ ਸੀ।

ਸੁਲਹੀ ਖ਼ਾਨ ਗੁਰੂ ਸਾਹਿਬ ਉੱਪਰ ਚੜ੍ਹਾਈ ਕਰਨ ਦੇ ਇਰਾਦੇ ਨਾਲ ਆਇਆ ਪਰ ਘੋੜੇ ਸਮੇਤ ਬਲਦੇ ਭੱਠੇ ਵਿੱਚ ਸੜ ਕੇ ਸਵਾਹ ਹੋ ਗਿਆ। ਅਕਾਲ ਪੁਰਖੁ ਦਾ ਧੰਨਵਾਦ ਕਰਦੇ ਹੋਏ ਆਪ ਜੀ ਨੇ ਇਹ ਸਬਦ ਉਚਾਰਨ ਕੀਤਾ ‘‘ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥’’ (੮੨੫)

ਜਿੱਥੇ ਗੁਰੂ ਸਾਹਿਬ ਕਲਮ ਦੇ ਧਨੀ ਸਨ ਉਸ ਦੇ ਨਾਲ ਨਾਲ ਤੇਗ ਦੇ ਵੀ ਧਨੀ ਸਨ। ਗੁਰੂ ਅਰਜਨ ਸਾਹਿਬ ਨੇ ਆਪਣੇ ਅਨੰਦ ਕਾਰਜ ਦੇ ਸਮੇਂ ਜੰਡ ਦਾ ਬੂਟਾ ਉਖੇੜਿਆ। ਇਹ ਘਟਨਾ ਇਹੀ ਦੱਸਦੀ ਹੈ ਕਿ ਕ੍ਰਿਪਾਨ ਤੇ ਹੋਰ ਸ਼ਸਤਰਾਂ ਦੀ ਸਿਖਲਾਈ ਆਰੰਭ ਹੋ ਚੁੱਕੀ ਸੀ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥’’ (੧੪੧੨)

ਆਪ ਜੀ ਨੂੰ ਆਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਦਾ ਅੰਦਾਜ਼ਾ ਸੀ। ਇਸ ਲਈ ਸਿਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਕਾਬਲ ਤੇ ਉਸ ਤੋਂ ਵੀ ਪਰੇ ਬਲਖ-ਬੁਖਾਰੇ ਤੱਕ ਜਾਣ ਲਈ ਉਤਸ਼ਾਹਿਤ ਕੀਤਾ। ਆਰਥਿਕ ਸੁਧਾਰਾਂ ਦੇ ਨਾਲ ਨਾਲ ਸਿੱਖ ਚੰਗੇ ਘੋੜ ਸਵਾਰ ਵੀ ਬਣ ਗਏ। ਇਹ ਗੁਣ ਆਉਣ ਵਾਲੇ ਸਮੇਂ ਵਿੱਚ ਬਹੁਤ ਸਹਾਈ ਹੋਇਆ।

(1). ਆਪ ਜੀ ਵਿਚ ਉਹ ਸੱਭ ਗੁਣ ਸਨ ਜੋ ਆਪ ਜੀ ਨੇ ਬ੍ਰਹਮ ਗਿਆਨੀ ਸੰਬੰਧੀ ਸੁਖਮਨੀ ਸਾਹਿਬ ਵਿਚ ਅੰਕਿਤ ਕੀਤੇ ਹਨ ਅਤੇ ਉਨ੍ਹਾਂ ’ਤੇ ਪੂਰੀ ਤਰ੍ਹਾਂ ਚਲ ਕੇ ਮਾਰਗ ਦਰਸ਼ਨ ਕੀਤਾ।

(2). ਜਿਸ ਤਰ੍ਹਾਂ ਬ੍ਰਹਮਗਿਆਨੀ ਵਿਕਾਰਾਂ ਵਲੋਂ ਸਦਾ-ਬੇਦਾਗ਼ ਰਹਿੰਦੇ ਹਨ। ਠੀਕ ਉਸੇ ਤਰ੍ਹਾਂ ਆਪ ਜੀ ਨੇ ਇਤਨੀਆਂ ਮੁਸੀਬਤਾਂ ਹੋਣ ਦੇ ਬਾਵਜੂਦ ਵਿਕਾਰ ਰਹਿਤ ਜੀਵਨ ਬਤੀਤ ਕੀਤਾ।

(3). ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਜਾਨੋਂ ਮਾਰਨ ਲਈ ਕਈ ਯਤਨ ਕੀਤੇ ਪਰ ਆਪ ਜੀ ਨੇ ਖੁਦ ਬ੍ਰਹਮਗਿਆਨੀਆਂ ਦੀ ਤਰ੍ਹਾਂ ਕੋਈ ਪਾਪ ਨਹੀਂ ਕੀਤਾ।

(4). ਕਾਲ ਪੀੜਤਾਂ, ਰੋਗੀਆਂ ਦੀ ਸਹਾਇਤਾ ਕਰਦੇ ਸਮੇਂ ਆਪ ਜੀ ਦਾ ਵਤੀਰਾ ਬ੍ਰਹਮਗਿਆਨੀ ਦੀ ਤਰ੍ਹਾਂ ਸਭ ਨਾਲ ਇਕੋ ਜਿਹਾ ਰਿਹਾ। ਕਿਸੇ ਤਰ੍ਹਾਂ ਦਾ ਅਮੀਰ ਗਰੀਬ ਵਾਲਾ ਵਿਤਕਰਾ ਨਹੀਂ ਕੀਤਾ।

(5). ਆਪ ਜੀ ਉੱਪਰ ਕਈ ਤਰ੍ਹਾਂ ਦੇ ਆਰਥਕ, ਪਰਿਵਾਰਕ, ਸਮਾਜਕ ਤੇ ਰਾਜਨੀਤਕ ਹਮਲੇ ਹੋਏ ਪਰੰਤੂ ਇਕ ਬ੍ਰਹਮਗਿਆਨੀ ਵਾਂਗੂ ਆਪਣਾ ਹੌਸਲਾ ਕਾਇਮ ਰੱਖਿਆ।

(6). ਜਿਸ ਤਰ੍ਹਾਂ ਧਰਤੀ ਨੂੰ ਕੋਈ ਤਾਂ ਖੋਦਦਾ ਹੈ ਤੇ ਕੋਈ ਚੰਦਨ ਦਾ ਲੇਪਣ ਕਰਦਾ ਹੈ ਪਰ ਧਰਤੀ ਕੋਈ ਪਰਵਾਹ ਨਹੀਂ ਕਰਦੀ। ਠੀਕ ਉਸੇ ਤਰ੍ਹਾਂ ਭਾਵੇਂ ਆਪ ਜੀ ਦੇ ਸੀਸ ’ਤੇ ਤੱਤੀ ਰੇਤ ਪਾਈ ਗਈ, ਦੇਗ ਵਿੱਚ ਉਬਾਲਿਆ ਗਿਆ, ਤੱਤੀ ਤਵੀ ’ਤੇ ਬਿਠਾਇਆ ਗਿਆ ਪਰ ਆਪ ਜੀ ਅਡੋਲ ਰਹੇ ਤੇ ਕਿਸੇ ਤਰ੍ਹਾਂ ਦਾ ਕਰੋਧ ਮਨ ਵਿਚ ਨਹੀਂ ਕੀਤਾ। ਸ਼ਹੀਦੀ ਤਾਂ ਪਰਵਾਨ ਕਰ ਲਈ ਪਰੰਤੂ ਬ੍ਰਹਮਗਿਆਨੀ ਦੀ ਤਰ੍ਹਾਂ, ਧਰਮ ਦੇ ਅਸੂਲਾਂ ਨੂੰ ਆਂਚ ਨਹੀਂ ਆਣ ਦਿੱਤੀ: ‘‘ਅਸਟਪਦੀ ॥ ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥ ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ ਬ੍ਰਹਮ ਗਿਆਨੀ ਕੈ ਧੀਰਜੁ ਏਕ ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥’’ (੨੭੨)

ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਜ਼ਦੀਕੀ ਸਿੱਖ ਸਨ। ਉਨ੍ਹਾਂ ਨੂੰ ਗੁਰੂ ਜੀ ਦੀ ਸ਼ਹੀਦੀ ਬਾਰੇ ਪੂਰੀ ਤੇ ਸਹੀ ਜਾਣਕਾਰੀ ਸੀ, ਪਰ ਉਹ ਗੁਰੂ ਜੀ ਦੀ ਸ਼ਹੀਦੀ ਬਾਰੇ ਕੇਵਲ ਇਕ ਪਉੜੀ ਵਿੱਚ ਰਹੱਸਮਈ ਢੰਗ ਨਾਲ ਹੀ ਜ਼ਿਕਰ ਕਰਦੇ ਹਨ। ਆਪ ਦਾ ਕਥਨ ਹੈ ਕਿ ਅੰਤ ਸਮੇਂ ਸਤਿਗੁਰਾਂ ਨੇ ਦੁਖ-ਕਲੇਸ਼ ਝੱਲੇ ਪਰ ਆਪ ਡੋਲੇ ਨਹੀਂ, ਸਗੋਂ ਅਕਾਲ ਪੁਰਖੁ ਨਾਲ ਅਭੇਦ ਜੁੜੇ ਰਹੇ।

‘‘ਰਹਿਦੇ ਗੁਰੁ ਦਰੀਆਉ ਵਿਚਿ, ਮੀਨ ਕੁਲੀਨ ਹੇਤੁ ਨਿਰਬਾਣੀ॥ ਦਰਸਨੁ ਦੇਖਿ ਪਤੰਗ ਜਿਉ, ਜੋਤੀ ਅੰਦਰਿ ਜੋਤਿ ਸਮਾਣੀ॥ ਸਬਦ ਸੁਰਤਿ ਲਿਵ ਮਿਰਗ ਜਿਉ, ਸੁਖ ਸੰਪਟ ਵਿਚਿ ਰੈਣਿ ਵਿਹਾਣੀ॥ ਗੁਰੁ ਉਪਦੇਸੁ ਨ ਵਿਸਰੈ, ਬਾਬੀਹੇ ਜਿਉ ਆਖ ਵਖਾਣੀ॥ ਗੁਰਮੁਖਿ ਸੁਖਫਲੁ ਪਿਰਮ ਰਸੁ, ਸਹਜ ਸਮਾਧਿ ਸਾਧ ਸੰਗਿ ਜਾਣੀ॥ ਗੁਰ ਅਰਜਨ ਵਿਟਹੁ ਕੁਰਬਾਣੀ ॥੨੩॥’’ (੨੪-੨੩-੬)

ਕਲ੍ਹ ਕਵੀ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਦੀ ਸਿਫ਼ਤਿ ਉਚਾਰਦਾ ਹੈ ਕਿ ਆਪ ਜੀ ਨੇ ਬਚਪਨ ਤੋਂ ਹੀ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ: ‘‘ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ ਕਲ੍ਹ ਜੋੜਿ ਕਰ ਸੁਜਸੁ ਵਖਾਣਿਓ ॥’’ (੧੪੦੭)

ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਜਪਿਆ ਹੈ ਭਾਵ ਗੁਰੂ ਦੀ ਮੱਤ ਦੁਆਰਾ ਆਪਣਾ ਜੀਵਨ ਢਾਲ ਲਿਆ, ਉਹ ਦੁਬਾਰਾ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ: ‘‘ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ, ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥’’ (੧੪੦੯)

ਅੱਜ ਤੱਕ ਕੋਈ ਵੀ ਸੱਚਾ ਸਿੱਖ ਕੋਹੜੀ ਨਹੀਂ ਦਿਖਾਈ ਦਿੱਤਾ ਹੈ। ਉਸ ਦਾ ਕਾਰਨ ਇਹ ਹੈ ਕਿ ਗੁਰੂ ਗਰੰਥ ਸਾਹਿਬ ਦੀ ਸਿਖਿਆਂ ਨਾਲ ਉਸ ਦੇ ਅੰਦਰਲੇ ਪੰਜ ਵੈਰੀ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੇ ਬਾਹਰਲੇ ਪੰਜੇ ਵੈਰੀ (ਕਾਮੀ ਪੁਰਸ਼, ਕ੍ਰੋਧੀ, ਲੋਭੀ, ਮੋਹ ਵਾਲਾ, ਹੰਕਾਰੀ) ਕੁਝ ਵਿਗਾੜ ਨਹੀਂ ਸਕਦੇ ਹਨ।

ਇਸ ਲਈ ਆਉ, ਅੱਜ ਤੋਂ ਅਸੀਂ ਗੁਰੂ ਗਰੰਥ ਸਾਹਿਬ ਨੂੰ ਸਿਖਿਆ ਦਾ ਆਧਾਰ ਮੰਨ ਕੇ ਆਪਣਾ ਤੇ ਹੋਰ ਸਭਨਾ ਦਾ ਭਲਾ ਕਮਾਈਏ।

‘‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ, ਜਹਾ ਖਿਮਾ ਤਹ ਆਪਿ ॥੧੫੫॥’’ (੧੩੭੨)

ਸਾਡੇ ਗੁਰਪੁਰਬ ਮਨਾਏ ਜਾਣੇ ਤਾਂ ਹੀ ਸਫਲ ਹਨ ਜੇ ਕਰ ਅਸੀਂ ਰੋਜਾਨਾਂ, ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ ਤੇ ਗੁਰਬਾਣੀ ਰਾਹੀਂ ਦੱਸੇ ਹੋਏ ਮਾਰਗ ’ਤੇ ਚੱਲ ਕੇ ਉਸ ਅਕਾਲੁ ਪੁਰਖੁ ਦੇ ਹੁਕਮੁ ਅਨੁਸਾਰ ਆਪਣਾ ਜੀਵਨ ਸਫਲਾ ਕਰੀਏ।

‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।’

ਗੁਰੂ ਨਾਨਕ ਦੇ ਰਾਹਾਂ ਦਾ ਸਾਥੀ

0

ਗੁਰੂ ਨਾਨਕ ਦੇ ਰਾਹਾਂ ਦਾ ਸਾਥੀ – ਭਾਈ ਮਰਦਾਨਾ ਜੀ

                   – ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਭਾਈ ਮਰਦਾਨਾ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ 1459 ਈ: ਨੂੰ ਪਿਤਾ ਬਾਦਰਾ ਜੀ ਦੇ ਗ੍ਰਹਿ ਮਾਤਾ ਲੱਖੋ ਜੀ ਦੀ ਕੁੱਖੋਂ ਹੋਇਆ। ਮਰਦਾਨਾ ਜੀ ਦੇ ਵੱਡੇ ਸਾਰੇ ਹੀ ਭੈਣ ਭਰਾ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਚੁੱਕੇ ਸਨ। ਜਦੋਂ ਮਰਦਾਨਾ ਜੀ ਪੈਦਾ ਹੋਏ ਤਾਂ ਉਨ੍ਹਾਂ ਦੀ ਮਾਂ ਲੱਖੋ ਨੇ ਪੂਰੀ ਬੇ-ਦਿਲੀ ਤੇ ਨਿਰਾਸ਼ਤਾ ਵਿਚ ਉਨ੍ਹਾਂ ਨੂੰ ‘ਮਰ ਜਾਣਾ’ ਭਾਵ ਮਰ ਜਾਣ ਵਾਲਾ ਆਖ ਕੇ ਪੁਕਾਰਿਆ। ਮਰਦਾਨਾ ਜੀ ਦਾ ਪਹਿਲਾ ਨਾਂ ‘ਦਾਨਾ’ ਸੀ। ਜਦੋਂ ਰਬਾਬ ਦੀ ਮਧੁਰ ਆਵਾਜ਼ ਗੁਰੂ ਜੀ ਦੇ ਕੰਨੀਂ ਪਈ ਤਾਂ ਉਨਾਂ ਨੇ ਮਰਦਾਨਾ ਜੀ ਦੇ ਕੋਲ ਜਾ ਕੇ ਉਨ੍ਹਾਂ ਦਾ ਨਾਂ ਪੁੱਛਿਆ। ਮਰਦਾਨਾ ਜੀ ਨੇ ਆਪਣਾ ਨਾਂ ‘ਦਾਨਾ’ ਦੱਸਿਆ। ਗੁਰੂ ਜੀ ਨੇ ਉਨ੍ਹਾਂ ਨੂੰ ‘ਮਰਦਾਨਾ’ ਆਖ ਕੇ ਸੰਬੋਧਨ ਕੀਤਾ, ਜਿਸ ਦਾ ਅਰਥ ਹੈ: ‘ਮਰਦ+ਆਨਾ’ ਭਾਵ ਬਹਾਦਰ ਜਾਂ ਨਾ ਮਰ ਜਾਣ ਵਾਲਾ ਸੀ। ਭਾਈ ਮਰਦਾਨਾ ਜੀ ਪਿਤਾ-ਪੁਰਖੀ ਕਿੱਤੇ ਨੂੰ ਸਮਰਪਿਤ ਵਧੀਆ ਰਬਾਬ ਵਜਾ ਲੈਂਦੇ ਸਨ।

ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ। ਭਾਈ ਮਰਦਾਨਾ ਜੀ ਦੇ ਪਿਤਾ ਬਾਦਰਾ ਦਾ ਗੁਰੂ ਸਾਹਿਬ ਦੇਘਰੇ ਆਉਣਾ ਜਾਣਾ ਸੀ। ਮਰਾਸੀ ਹੋਣ ਦੇ ਨਾਤੇ ਉਨ੍ਹਾਂ ਦੇ ਟੱਬਰ ਦੀਆਂ ਲੋੜਾਂ ਰੋਜ਼ੀ-ਰੋਟੀ ਗੁਰੂ ਜੀ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਸਨ। ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੀਆਂ ਨਜ਼ਰਾਂ ਵਿਚ ਆਉਣ ਦਾ ਸ਼ਾਇਦ ਇਹੀ ਕਾਰਨ ਹੋਵੇ ਪਰ ਇਸ ਤੋਂ ਵੀ ਵਧ ਕੇ ਜਦੋਂ ਦਿਲਾਂ ਨੂੰ ਦਿਲਾਂ ਦੀ ਖਿੱਚ ਹੋਵੇ, ਪ੍ਰੀਤਮ ਪਿਆਰੇ ਨੂੰ ਮਿਲਣ ਦੀ ਤਾਂਘ ਹੋਵੇ ਤਾਂ ਕੁਦਰਤ ਕੋਈ ਨਾ ਕੋਈ ਬਹਾਨਾ ਤਾਂ ਬਣਾਉਦੀ ਹੈ। ਇਸ ਪ੍ਰਕਾਰ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਇਕ-ਦੂਜੇ ਦੇ ਨੇੜੇ ਆਉਦੇ ਗਏ। ਭਾਈ ਮਨੀ ਸਿੰਘ ਦੀਆਂ ਸਾਖੀਆਂ ਅਨੁਸਾਰ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਪਹਿਲਾ ਮੇਲ ਲਗਭਗ ਸੰਨ 1480 ਵਿਚ ਹੋਇਆ ਦੱਸਿਆ ਹੈ। ਜਦੋਂ ਗੁਰੂ ਨਾਨਕ ਜੀ ਦੀ ਉਮਰ ਕੇਵਲ 11 ਸਾਲ ਅਤੇ ਭਾਈ ਮਰਦਾਨਾ ਜੀ ਦੀ ਉਮਰ 21 ਸਾਲ ਸੀ। ਦੋਵੇਂ ਪਿਆਰ ਦੇ ਬੰਧਨ ਵਿਚ ਬੱਝ ਗਏ। ਇਕ ਦੂਜੇ ਨਾਲ ਚੋਲੀ-ਦਾਮਨ ਦਾ ਰਿਸ਼ਤਾ ਬਣ ਗਿਆ। ਦੋਵੇਂ ਰਲ ਕੇ ਗਾਉਣ ਲੱਗੇ। ਦੋਹਾਂ ਦੀ ਸਾਂਝ ਰਾਗ ਸੀ। ਸ਼ਬਦ ਗਾਇਨ ਸੀ। ਗੁਰੂ ਨਾਨਕ ਜੀ ਜਦ ਵੀ ਬੋਲਦੇ, ਇਹ ਕਹਿੰਦੇ ਮਰਦਾਨਿਆਂ! ਰਬਾਬ ਵਜਾਇ ਬਾਣੀ ਆਈ ਏ। ਇਕ ਮੁਰਸ਼ਦ ਤੇ ਦੂਜਾ ਮੁਰੀਦ।

ਭਾਈ ਮਨੀ ਸਿੰਘ ਨੇ ਜਿੱਥੇ ਬਾਬੇ ਨਾਨਕ ਤੇ ਭਾਈ ਮਰਦਾਨਾ ਜੀ ਦੇ ਮੇਲ ਬਾਰੇ ਸੰਕੇਤ ਦਿੱਤਾ ਹੈ, ਉੱਥੇ ਉਨਾਂ ਨੇ ਪਹਿਲੇ ਵਾਕਿਆ ਵਿਚ ਥੋੜ੍ਹਾ ਅੰਤਰ ਵੀ ਪਾਇਆ ਹੈ। ਪਹਿਲੇ ਵਾਕਿਆ ਅਨੁਸਾਰ ਮਰਦਾਨਾ ਜੀ ਦੀ ਮਾਤਾ ਨੇ ਇਕ ਦਿਨ ਦਾਣਿਆਂ ਦੀ ਤੰਗੀ ਮਹਿਸੂਸ ਕਰਕੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ: ‘‘ਕਿਸੇ ਕੋਠਾ ਕਿਸੇ ਪੱਲਾ, ਮੈਨੂੰ ਆਸ ਤੇਰੀ ਅੱਲਾ’’।

ਗੁਰੂ ਨਾਨਕ ਦੇਵ ਜੀ ਅਜੇ ਬਾਲ ਅਵਸਥਾ ਵਿਚ ਹੀ ਸਨ ਤੇ ਬਾਲਕਾਂ ਨਾਲ ਖੇਡ ਕੇ ਮੁੜੇ ਆਉਦੇ ਸਨ ਤੇ ਉਨ੍ਹਾਂ ਦੇ ਕੰਨੀਂ ਭਾਈ ਮਰਦਾਨਾ ਜੀ ਦੀ ਮਾਂ ਦੇ ਇਹਬੋਲ ਪਏ ਤਾਂ ਗੁਰੂ ਜੀ ਨੇ ਬਚਨ ਕੀਤੇ: ‘‘ਅਸੀਂ ਵੀ ਅੱਲਾ ਦਾ ਆਸਰਾ ਰੱਖਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ’ਤੇ ਹੈ, ਸਾਨੂੰ ਅੱਲਾ ਵਾਲਿਆਂ ਦੀ ਅਤੀ ਲੋੜ ਹੈ। ਆਪਣਾ ਪੁੱਤਰ ਸਾਨੂੰ ਦੇ ਛੱਡ।’’ ਭਾਈ ਮਨੀ ਸਿੰਘ ਦੀ ਸਾਖੀ ਅਤੇ ਸਿੱਖਾਂ ਦੀ ਭਗਤ ਮਾਲਾ ਅਨੁਸਾਰ ਇਕ ਦਿਨ ਭਾਈ ਮਰਦਾਨਾ ਜੀ ਸੁਭਾਵਿਕ ਹੀ ਬਾਬੇ ਨਾਨਕ ਦੇ ਦਰ ਅੱਗੇ ਆ ਕੇ ਲੱਗੇ ਰਬਾਬ ਵਜਾਉਣ। ਉਹ ਰਬਾਬ ਵਜਾ ਰਹੇ ਸਨ ਤੇ ਨਾਲ-ਨਾਲ ਇਕ ਲੋਕ ਪ੍ਰਸਿੱਧ ਵਾਰ ਗਾ ਰਹੇ ਸਨ। ਬਾਲ ਗੁਰੂ ਨਾਨਕ ਨੇ ਉਸ ਰਬਾਬੀ ਨੂੰ ਪੁੱਛਿਆ: ‘‘ਤੂੰ ਰਬਾਬ ਬੜੀ ਸੁਹਣੀ ਵਜਾਉਦਾ ਹੈਂ, ਤੇਰਾ ਨਾਮ ਕੀ ਹੈ ?’’

ਰਬਾਬੀ ਨੇ ਉੱਤਰ ਦਿੱਤਾ: ‘‘ਮੇਰਾ ਨਾਮ ਮਰਦਾਨਾ ਹੈ, ਸੁਬਹਾਨ ਤੇਰੀ ਖ਼ੁਸ਼ੀ ਨੂੰ। ਰੱਬ ਤੁਹਾਨੂੰ ਬਹੁਤਾ ਦੇਵੇ ਜਿਨਾਂ ਮੇਰੇ ਰਾਗ ਦੀ ਕਦਰ ਪਾਈ। ਤੁਹਾਡੇ ਜੇਹੇ ਕਦਰਦਾਨਾਂ ਦੇ ਸਿਰ ’ਤੇ ਅਸੀਂ ਜਿਉਦੇ ਹਾਂ।’’

ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਆਖਿਆ: ‘‘ਮਰਦਾਨਿਆਂ! ਤੇਰੀ ਰਬਾਬ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਤੈਨੂੰ ਰਾਗਾਂ ਦੀ ਬੜੀ ਸੂਝ ਹੈ, ਬੜੇ ਸਾਧੇ ਹੋਏ ਹੱਥਾਂ ਨਾਲ ਰਬਾਬ ਵਜਾਉਦਾ ਹੈਂ। ਕਿੰਨਾ ਚੰਗਾ ਹੋਵੇ ਜੇ ਰੱਬੀ ਬਾਣੀ ਇਹਨਾਂ ਰਾਗਾਂ ਵਿਚ ਗਾਂਵੇਂ। ਮੈਂ ਸ਼ਬਦ ਸਚੇ ਸਾਹਿਬ ਦੀ ਸਿਫ਼ਤ ਦੇ ਰਚਾਂਗਾ ਤੇ ਤੂੰ ਇਨ੍ਹਾਂ ਰਾਗਾਂ ਵਿਚ ਆਪਣੀ ਰਬਾਬ ਦੇ ਸੁਰ ਕਰੀਂ। ਤੇਰਾ ਇਸ ਲੋਕ ਵਿਚ ਵੀ ਉਧਾਰ ਹੋਵੇਗਾ ਤੇ ਪਰਲੋਕ ਵਿਚ ਵੀ।’’

ਭਾਈ ਮਰਦਾਨਾ ਜੀ ਨੇ ਉੱਤਰ ਦਿੱਤਾ: ‘‘ਮਹਾਰਾਜ ! ਅਸੀਂ ਧਨੀ ਲੋਕਾਂ ਨੂੰ ਵਾਰਾਂ ਤੇ ਗੀਤ ਸੁਣਾ ਕੇ ਚਾਰ ਪੈਸੇ ਖੱਟ ਕੇ ਲਿਆਉਦੇ ਹਾਂ ਅਤੇ ਆਪਣਾ ਟੱਬਰ ਪਾਲਦੇਹਾਂ। ਜੇ ਮੈਂ ਤੁਹਾਡੀ ਸੰਗਤ ਵਿਚ ਰਹਿ ਕੇ ਸ਼ਬਦ ਹੀ ਗਾਉਦਾ ਰਿਹਾ ਤਾਂ ਮੇਰੇ ਬਾਲ ਬੱਚਿਆਂ ਦਾ ਗੁਜ਼ਰਾਨ ਕਿਵੇਂ ਹੋਵੇਗਾ ? ਜਿੱਥੋਂ ਤੱਕ ਮੇਰੇ ਉਧਾਰ ਦਾ ਸੁਆਲ ਹੈ, ਉਸ ਦੀ ਮੈਨੂੰ ਚਿੰਤਾ ਨਹੀਂ। ਮੈਂ ਪੰਜ ਨਮਾਜ਼ਾਂ ਪੜ੍ਹਦਾ ਹਾਂ ਤੇ ਰੋਜ਼ੇ ਵੀ ਰੱਖਦਾ ਹਾਂ। ਉਧਾਰ ਮੇਰਾ, ਮੇਰੇ ਦੀਨ ਦੇ ਮੁਤਾਬਕ ਹੋ ਹੀ ਜਾਵੇਗਾ। ਰੱਬ ਤੁਹਾਡਾ ਭਲਾ ਕਰੇ, ਤੁਸਾਂ ਮੇਰੇ ਰਾਗ ਨੂੰ ਸਲਾਹਿਆ, ਮੈਨੂੰ ਮਾਣ ਬਖ਼ਸ਼ਿਆ।’’

ਭਾਈ ਮਰਦਾਨਾ ਜੀ ਦਾ ਰਾਗ, ਉਨ੍ਹਾਂ ਦੀ ਸੁਰੀਲੀ ਆਵਾਜ਼ ਤੇ ਸਾਧੇ ਹੋਏ ਹੱਥਾਂ ਵਿਚਲੀ ਰਬਾਬ ਦੀ ਰਵਾਨਗੀ ਬਾਬੇ ਨਾਨਕ ਨੂੰ ਭਾਅ ਗਈ ਤੇ ਇੱਥੋਂ ਹੀ ਦੋਸਤੀ ਦਾ ਮੁੱਢ ਬੱਝਿਆ। (ਡਾ. ਮਹਿੰਦਰ ਕੌਰ ਗਿੱਲ, ਭਾਈ ਮਰਦਾਨਾ ਜੀ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ)

ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਆਪਣੇ ਮੁਸਲਮਾਨੀ ਦੀਨ ਅਨੁਸਾਰ ਆਪਣਾ ਨਿੱਤਨੇਮ ਕਰਨ ਵਿਚ ਪੱਕੇ ਸਨ। ਪੰਜੇ ਵਕਤ ਦੀ ਨਮਾਜ਼ ਕਰਨੀ ਅਤੇ ਰੋਜ਼ੇ ਰੱਖਣਾ ਆਦਿ ਪਰ ਜਦੋਂ ਬਾਬੇ ਨਾਨਕ ਦੇ ਸੰਪਰਕ ਵਿਚ ਆਏ ਤਾਂ ਗੁਰੂ ਬਾਬੇ ਨੇ ਤਿੰਨ ਗੱਲਾਂ ਮਰਦਾਨਾ ਜੀ ਨੂੰ ਦ੍ਰਿੜਕਰਵਾਈਆਂ:

(1). ਪਿਛਲੀ ਰਾਤੀਂ ਸਤਿਨਾਮ ਦਾ ਜਾਪ ਕਰਨਾ।

(2). ਕੇਸ ਨਹੀਂ ਕਟਵਾਉਣੇ।

(3). ਆਏ-ਗਏ ਲੋੜਵੰਦ ਦੀ ਮਦਦ ਕਰਨੀ।

ਇਨਾਂ ਗੱਲਾਂ ਨੂੰ ਭਾਈ ਮਰਦਾਨੇ ਨੇ ਆਪਣੇ ਲੜ ਬੰਨ ਲਿਆ। ਇਹ ਤਾਂ ਸਪੱਸ਼ਟ ਹੈ ਕਿ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਜੀ ਨਾਲ ਪਹਿਲਾ ਮੇਲ ਤਾਂ ਤਲਵੰਡੀ ਵਿਖੇ ਹੀ ਹੋਇਆ। ਲਗਭਗ 7 ਸਾਲ (1480-1487) ਤੱਕ ਆਪ ਨੇ ਗੁਰੂ ਜੀ ਦੀ ਸੰਗਤ ਕੀਤੀ। ਗੁਰੂ ਨਾਨਕ ਜੀ ਬਾਣੀ ਉਚਾਰਦੇ ਤੇ ਭਾਈ ਮਰਦਾਨਾ ਜੀ ਉਸ ਬਾਣੀ ਨੂੰ ਰਾਗ-ਬੱਧ ਕਰਕੇ ਗਾਉਦੇ।

ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਦੁਨਿਆਵੀ ਕੰਮਾਂ ਕਾਰਾਂ ਵੱਲ ਮੋੜਨ ਲਈ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਜੀਕੋਲ ਭੇਜ ਦਿੱਤਾ ਤਾਂ ਭਾਈ ਮਰਦਾਨਾ ਜੀ ਬਹੁਤ ਉਦਾਸ ਹੋਏ ਪਰ ਭਾਈ ਮਰਦਾਨਾ ਜੀ ਦੀ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਘ ਛੇਤੀ ਹੀ ਪੂਰੀ ਹੋ ਗਈ।

ਭਾਵੇਂ ਭਾਈ ਮਰਦਾਨਾ ਜੀ ਬਾਬੇ ਨਾਨਕ ਜੀ ਦੇ ਬਚਪਨ ਦੇ ਬੇਲੀ ਸਨ ਪਰ ਅਸਲੀ ਮੇਲ ਉਦੋਂ ਹੋਇਆ, ਜਦੋਂ ਭੈਣ ਨਾਨਕੀ ਦੇ ਸੱਦੇ ’ਤੇ ਗੁਰੂ ਪਾਤਸ਼ਾਹ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੇ ਮੋਦੀ ਬਣ ਗਏ। ਮਹਿਤਾ ਕਾਲੂ ਜੀ ਨੇ ਭਾਈ ਮਰਦਾਨਾ ਜੀ ਨੂੰ ਤਲਵੰਡੀਓਂ ਸੁਲਤਾਨਪੁਰ ਵਿਖੇ ਗੁਰੂ ਸਾਹਿਬ ਜੀ ਦੀ ਖ਼ਬਰ-ਸਾਰ ਲੈਣ ਲਈ ਭੇਜਿਆ ਪਰ ਗੁਰੂ ਸਾਹਿਬ ਦਾ ਨਿੱਘਾ ਵਰਤਾਉ, ਪਿਆਰ, ਸਤਿਸੰਗ ਆਦਿ ਵੇਖ ਕੇ ਉਹ ਸਭ ਕੁਝ ਭੁੱਲ ਗਿਆ ਤੇ ਉਹ ਸਿਦਕੀ ਜੀਊੜਾ ਬਾਬੇ ਨਾਨਕ ਦਾ ਹੀ ਹੋ ਕੇ ਰਹਿ ਗਿਆ। ਬੱਸ ਫੇਰ ਸਾਜ਼ ਅਤੇ ਆਵਾਜ਼ ਦੀਆਂ ਸੁਰਾਂ ਅਸਮਾਨੀਂ ਗੂੰਜਣ ਲੱਗੀਆਂ। ਇਸ ਵੇਲੇ ਮਰਦਾਨਾ ਜੀ ਦੀ ਉਮਰ ਲਗਭਗ 30 ਵਰਿ੍ਹਆਂ ਦੀ ਸੀ ਤੇ ਬਾਬਾ ਨਾਨਕ ਜੀ ਦੀ 20 ਵਰਿਆਂ ਦੀ। ਦੋਵੇਂ ਮਿੱਤਰ ਬਗਲਗੀਰ ਹੋਏ। ਦੋਹਾਂ ਇਕ-ਦੂਜੇ ਦੀਆਂ ਸੁਣੀਆਂ। ਇੱਥੇ ਹੀ ਗੁਰੂ ਜੀ ਨੇ ਮਰਦਾਨਾ ਜੀ ਨੂੰ ‘ਭਾਈ’ ਦੀ ਉਪਾਧੀ ਨਾਲ ਨਿਵਾਜਿਆ। ਰਬਾਬੀ ਮਰਦਾਨਾ ਹੁਣ ‘ਭਾਈ’ ਬਣ ਗਿਆ। ਬਾਬਾ ਜੀ ਨੇ ਉਸ ਨੂੰ ‘ਭਾਈ’ ਦੀ ਪਦਵੀ ਦੇ ਕੇ ਉਸ ਨੂੰ ਬਰਾਬਰੀ ਦਾ ਦਰਜਾ ਦੇ ਦਿੱਤਾ। ਗੁਰੂ ਨਾਨਕ ਸਾਹਿਬ ਨਾਮ-ਬਾਣੀ ਦੇ ਸਿਰਜਕ ਹੋਣ ਕਰਕੇ ਸੰਗੀਤ-ਕਲਾ ਨਾਲ ਦਿਲੀ ਲਗਾਉ ਰੱਖਦੇ ਸਨ। ਭਾਈ ਮਰਦਾਨਾ ਜੀ ਪਹਿਲਾਂ ਵੀ ਇਸ ਕੰਮ ਵਿਚ ਨਿਪੁੰਨ ਸਨ। ਦੋਵੇਂ ਸਾਥੀ ਇਕ ਸਿਰਜਕ ਦੂਜਾ ਵਾਦਕ।

ਸੰਨ 1487 ਈ. ਵਿਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਮਾਤਾ ਸੁਲੱਖਣੀ ਜੀ ਨਾਲ ਬਟਾਲਾ ਵਿਖੇ ਹੋਈ। ਸ਼ਾਦੀ ਤੋਂ ਬਾਅਦ ਗੁਰੂ ਸਾਹਿਬ ਜੀ ਤਲਵੰਡੀ ਆ ਗਏ। 1487 ਤੋਂ 1491 ਤੱਕ ਉਹ ਤਲਵੰਡੀ ਹੀ ਰਹੇ। ਸਮਾਂ ਪਾ ਕੇ ਗੁਰੂ ਪਾਤਸ਼ਾਹ ਨੇ ਸੁਲਤਾਨਪੁਰ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਨਹੀਂ ਗਏ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਜੀ ਨੇ ਆਖਿਆ, ‘‘ਮਰਦਾਨਿਆਂ! ਮੈਂ ਛੇਤੀ ਤੈਨੂੰ ਸੁਲਤਾਨਪੁਰ ਬੁਲਾ ਲਵਾਂਗਾ।’’

ਇੱਕ ਅਨੁਮਾਨ ਹੈ ਕਿ ਭਾਈ ਮਰਦਾਨਾ ਜੀ 1492-1493 ਇਹਨਾਂ ਦੋ ਸਾਲਾਂ ਦੇ ਵਿਚ ਹੀ ਤਲਵੰਡੀ ਤੋਂ ਸੁਲਤਾਨਪੁਰ ਆਏ। (ਡਾ. ਮਹਿੰਦਰ ਕੌਰ ਗਿੱਲ, ਭਾਈਮਰਦਾਨਾ ਜੀ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ)

ਗੁਰੂ ਨਾਨਕ ਸਾਹਿਬ ਜੀ ਸੰਸਾਰਿਕ ਵਿਵਹਾਰਾਂ ਤੋਂ ਮੁਕਤ ਹੋ ਕੇ ਦੁਨੀਆਂ ਦੇ ਉਧਾਰ ਲਈ ਗੁਰੂ ਘਰ ਦੇ ਪ੍ਰਚਾਰ ਲਈ ਯਾਤਰਾ ’ਤੇ ਨਿਕਲ ਤੁਰੇ। ਉਹਨਾਂ ਦਾ ਸਾਥਭਾਈ ਮਰਦਾਨਾ ਜੀ ਨੇ ਦਿੱਤਾ। ਗੁਰੂ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਦਾ ਉਦੇਸ਼ ਮਾਨਵਤਾ ਦਾ ਕਲਿਆਣ ਸੀ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ: ‘ਚੜਿਆ ਸੋਧਣ ਧਰਤ ਲੋਕਾਈ’।

ਇਨ੍ਹਾਂ ਚਾਰਾਂ ਉਦਾਸੀਆਂ ਸਮੇਂ ਗੁਰੂ ਜੀ ਦੇ ਔਖੇ-ਸੌਖੇ ਰਾਹਾਂ ਦਾ ਸਾਥੀ ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਰਹੇ। ਭਾਵੇਂ ਉਨ੍ਹਾਂ ਨੂੰ ਰੋੜਿਆਂ ’ਤੇ ਸੌਣਾ ਪਿਆ ਜਾਂ ਅਸਾਮ ਦੀਆਂ ਜਾਦੂਗਰਨੀਆਂ ਦੇ ਜਾਦੂ ਦਾ ਸ਼ਿਕਾਰ ਹੋਣਾ ਪਿਆ ਪਰ ਸਿਦਕ ਦਾ ਪੱਕਾ, ਆਗਿਆਕਾਰੀ, ਸਿਰੜੀ ਮਰਦਾਨਾ ਆਪਣੇ ਮੁਰਸ਼ਦ ਦੇ ਆਖੇ ਤੋਂ ਕਦੇ ਨਾ ਅੱਕਿਆ ਨਾ ਥੱਕਿਆ, ਸਗੋਂ ਸਭ ਕੁੱਝ ‘ਸਤ’ ਕਰਕੇ ਮੰਨਿਆ। ਤਦੇ ਤਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਲਿਖਿਆ ਹੈ : ‘‘ਇਕੁ ਬਾਬਾ ਅਕਾਲ ਰੁਪੂ, ਦੂਜਾ ਰਬਾਬੀ ਮਰਦਾਨਾ।’’

ਜਦੋਂ ਭਾਈ ਮਰਦਾਨਾ ਜੀ ਘਰ-ਬਾਰ ਤਿਆਗ, ਗੁਰੂ ਨਾਨਕ ਸਾਹਿਬ ਜੀ ਨਾਲ ਉਦਾਸੀਆਂ ’ਤੇ ਨਿਕਲ ਜਾਂਦੇ ਹਨ ਤਾਂ ਉਨ੍ਹਾਂ ਦੀ ਪਤਨੀ ਵੈਰਾਗ ਵਿਚ ਆ ਕੇ ਕੁੱਝਗਿਲੇ-ਸ਼ਿਕਵੇ ਜ਼ਾਹਿਰ ਕਰਦੀ ਹੈ, ਜਿਸ ਨੂੰ ਪੰਜਾਬੀ ਕਵੀ ‘ਸੰਤ ਰਾਮ ਉਦਾਸੀ’ ਨੇ ਆਪਣੇ ਇਕ ਗੀਤ ‘ਮਰਦਾਨੇ ਨੂੰ ਮਰਦਾਨਣ ਦਾ ਖ਼ਤ’ ਵਿਚ ਇਉ ਅੰਕਿਤ ਕੀਤਾ ਹੈ : ‘ਅਜੇ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ, ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ। ਡਿੱਗੇ ਬਾਪ ਹੱਥੋਂ ਸੋਟੀ, ਮੂੰਹ ’ਚ ਫੁੱਲ ਜਾਵੇ ਰੋਟੀ, ਜਦੋਂ ਸੁਣੀਂਦਾ ਤੂੰ ਭੁੱਖਾ ਤੇ ਤਿਹਾਇਆ ਵੇ। ਮੇਰੇ ਖੁੱਲ ਗਏ ਨੇ ਵਾਲ, ਜਾਣੀਂ ਆ ਗਿਆ ਭੁਚਾਲ, ਜਦੋਂ ਸੁਣਿਆ ਤੂੰ ਕੌਡੇ ਹੱਥ ਆਇਆ ਵੇ। ਟੁੱਟ ਜਾਣਾ ਸੀ ਪਿਆਲਾ ਵੇ ਉਮੀਦ ਦਾ, ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ। ਵੇਖ ਮੇਰੀ ਕੁਰਬਾਨੀ, ਭਾਵੇਂ ਕਿੰਨੀ ਭੁੱਖੀ-ਭਾਣੀ, ਪਰ ਵੱਧ ਹੈ ਸੁਲੱਖਣੀ ਤੋਂ ਜੇਰਾ ਵੇ। ਇਹ ਹੈ ਵੱਡਿਆਂ ਦਾ ਯੁੱਗ, ਤੇਰੀ ਸਕਣੀ ਨਾ ਪੁੱਗ, ਨਾਉ ਲੈਣਾ ਨਹੀਂ ਸ਼ਤਾਬਦੀ ’ਚ ਤੇਰਾ ਵੇ। ਵੇ ਤੂੰ ਰਹੇਂਗਾ ਮੁਥਾਜ ਹਰ ਚੀਜ਼ ਦਾ, ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ।’

ਪਰ ਪਰਿਵਾਰ ਦੇ ਗਿਲੇ-ਸ਼ਿਕਵਿਆਂ ਅਤੇ ਪ੍ਰਭਾਵਿਤ ਹੋਏ ਆਰਥਿਕ ਹਾਲਾਤਾਂ ਦੇ ਬਾਵਜੂਦ ਵੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਦਾ ਸਾਥ ਛੱਡਣ ਲਈ ਰਾਜ਼ੀ ਨਾਹੋਏ।

ਸਾਖੀਆਂ ਵਿਚ ਭਾਈ ਮਰਦਾਨਾ ਜੀ ਨੂੰ ਨਿਮਾਣਾ, ਨਿਤਾਣਾ, ਭੁੱਖਾ, ਪਿਆਸਾ, ਮੰਗ ਖਾਣੀ ਜਾਤ, ਲਾਲਚੀ, ਡਰਪੋਕ, ਮੰਗਤਾ ਅਤੇ ਨੀਚ ਜਾਤ ਦੇ ਮਰਾਸੀ ਦੇ ਤੌਰ ’ਤੇ ਹੀ ਪੇਸ਼ ਕੀਤਾ ਗਿਆ ਹੈ। ਕਦੇ ਉਹ ਕੌਡੇ ਰਾਖਸ਼ ਦੇ ਮੂੰਹ ਵਿਚ ਪੈ ਜਾਂਦਾ ਹੈ, ਕਦੇ ਮੇਂਢਕਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕਦੇ ਉਸ ਉੱਪਰ ਜਾਦੂਗਰਨੀਆਂ ਦਾ ਜਾਦੂ ਚਲਾਇਆ ਜਾਂਦਾ ਹੈ। ਸ਼ਾਇਦ ਸਾਖੀਕਾਰ ਇਸ ਤਰਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਮਾਤੀ ਪੁਰਸ਼ ਸਿੱਧ ਕਰਨਾ ਚਾਹੁੰਦੇ ਸਨ ਪਰ ਗੁਰੂ ਨਾਨਕ ਜੀ ਤਾਂ ਕਰਾਮਾਤਾਂ ਦੇ ਵਿਰੁੱਧ ਸਨ। ਨਾਲੇ ਉਨਾਂ ਕਦੇ ਵੀ ਮਰਦਾਨਾ ਜੀ ਨੂੰ ‘ਭਾਈ ਮਰਦਾਨੇ’ ਤੋਂ ਬਿਨਾਂ ਸੰਬੋਧਿਤ ਨਹੀਂ ਕੀਤਾ। ਉਹ ਤਾਂ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ॥ ਨਾਨਕ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕੀਆ ਰੀਸ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ! ॥’’ ਦੇ ਮਹਾਂਵਾਕ ਦੇ ਧਾਰਨੀ ਸਨ, ਜਿਨਾਂ ਨੇ ਇਸ ਨੂੰ ਪ੍ਰਤੱਖ ਕਰ ਦਿਖਾਇਆ। ਨੀਵੀਂ ਜਾਤ ਦੇ ਡੂਮ ਨੂੰ ਆਪਣਾ ਸਾਥੀ ਬਣਾ ਕੇ ਵੱਡੀਆਂ ਜਾਤਾਂ ਵਾਲਿਆਂ ਦਾ ਅਭਿਮਾਨ ਤੋੜਿਆ ਅਤੇ ਬਾਬਾ ਤਾਂ ਆਇਆ ਹੀ ਨੀਵਿਆਂ ਨੂੰ ਉੱਚਾ ਤੇ ਮਰਦਾਨਾ ਬਣਾਉਣ ਸੀ। ਫਿਰ ਪਤਾ ਨਹੀਂ ਕਿਉ ਸਾਖੀਕਾਰਾਂ ਨੇ ਅਜਿਹਾ ਊਟ-ਪਟਾਂਗ ਲਿਖ ਕੇ ਭਾਈ ਮਰਦਾਨਾ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਦਾ ਸਤਿਕਾਰ ਕਰਦੇ ਸਨ। ਇਸ ਲਈ ਨਹੀਂ ਕਿ ਉਹ ਉੱਚ ਜਾਤੀ ਦੇ ਖੱਤਰੀ ਸਨ ਤੇ ਮਰਦਾਨਾ ਨੀਵੀਂ ਜਾਤੀ ਦਾ ਡੂਮ; ਬੇਸ਼ੱਕ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਤੋਂ ਦਸ ਸਾਲ ਉਮਰ ਵਿਚ ਵੱਡੇ ਸਨ ਪਰ ਉਹ ਤਾਂ ‘‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥’’ ਦੇ ਧਾਰਨੀ ਸਨ। ਨਾਲੇ ਇਕੱਲੇ ਭਾਈ ਮਰਦਾਨਾ ਜੀ ਹੀ ਨਹੀਂ ਬਲਕਿ ਗੁਰੂ ਨਾਨਕ ਸਾਹਿਬ ਜੀ ਵੀ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਸਨ। ਸਾਖੀਕਾਰਾਂ ਨੇ ਭਾਈ ਮਰਦਾਨਾ ਜੀ ਨਾਲ ਇਨਸਾਫ਼ ਨਹੀਂ ਕੀਤਾ।

ਜਿਸ ਬਾਣੀ ਨੂੰ ਅੱਜ ਲੋਕੀਂ ਪੜ੍ਹ ਕੇ ਸੁੱਚੇ ਹੋ ਜਾਂਦੇ ਹਨ, ਉਸ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਾਣ ਭਾਈ ਮਰਦਾਨਾ ਜੀ ਨੂੰ ਮਿਲਿਆ। ਸਭ ਤੋਂ ਪਹਿਲਾਂ ਉਸਬਾਣੀ ਨੂੰ ਗੁਰੂ ਦੇ ਮੁੱਖੋਂ ਸੁਣਨ ਦਾ ਅਵਸਰ ਭਾਈ ਮਰਦਾਨਾ ਜੀ ਨੂੰ ਮਿਲਿਆ ਹੈ। ਜਿਸ ਅਕਾਲ ਪੁਰਖ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਧਾਰਿਆ, ਉਹੋ ਭਾਈ ਮਰਦਾਨਾ ਜੀ ਦੇ ਗੁਰੂ ਬਣੇ ਤਾਂ ਹੀ ਤਾਂ ਮਰਦਾਨਾ ਜੀ ਜਾਤ ਪਾਤ ਦੇ ਬੰਧਨ ਤਿਆਗ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਬਣ ਗਏ। ਗੁਰੂ ਨਾਨਕ ਦੇਵ ਜੀ ਦਾ ਕਰਤਾਰ ਵੀ ‘ਸਤ’ ਸੀ ਅਤੇ ਭਾਈ ਮਰਦਾਨਾ ਜੀ ਦਾ ਕਰਤਾਰ ਵੀ ‘ਸਤ’ ਸੀ, ਦੋਵੇਂ ਹੀ ‘ਸਤ ਕਰਤਾਰ’ ਦੀ ਸਦਾਅ ਲਾਉਦੇ ਸਨ। ਇਕੋ ਕੀਮਤਾਂ ਦੇ ਧਾਰਨੀ, ਇਕੋ ਕਰਤਾਰ ਦੇ ਬੰਦੇ, ਇਕੋ ਰਾਹ ਦੇ ਰਾਹੀ, ਜੀਵਨ ਸਾਥੀ ਤੇ ਫੇਰ ਅਜਿਹੇ ਸਾਥੀ ਨੂੰ ਮੰਗ ਖਾਣੀ ਜਾਤ ਦਾ ਮਰਾਸੀ ਕਹਿਣ ਲੱਗਿਆਂ ਦਿਲ ਨਹੀਂ ਕੰਬਦਾ ? ਮਰਾਸੀ ਕਹਿ ਕੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਆਪਣੇ ਆਪ ਨੂੰ ਗੁਰੂ ਨਾਨਕ ਜੀ ਦਾ ਸਿੱਖ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਹੋਇਆ ਜਾ ਸਕਦਾ ਹੈ।

ਜਿਸ ਭਾਈ ਮਰਦਾਨੇ ਦਾ ਸਾਥ ਗੁਰੂ ਨਾਨਕ ਨੂੰ ਸਦਾ ਪਿਆਰਾ ਰਿਹਾ ਅਤੇ ਕਦੇ ਵੀ ਉਸ ਨੂੰ ਵਿਛੜਨ ਨਾ ਦਿੱਤਾ, ਅੱਜ ਬਦੋ-ਬਦੀ ਉਸ ਦੇ ਸਿੰਘਾਂ ਨੇ ਦੋ ਸਾਥੀਆਂ ਨੂੰ ਵਿਛੋੜ ਦਿੱਤਾ। ਰੰਗਾਂ ਤੇ ਬੁਰਸ਼ਾਂ ਵਾਲਿਓ! ਨਾਨਕ ਸਾਹਿਬ ਨੂੰ ਜਿਵੇਂ ਮਰਜ਼ੀ ਚਿੱਤਰ ਲਵੋ ਪਰ ਮਰਦਾਨੇ ਰਬਾਬੀ ਤੋਂ ਬਿਨਾਂ ਗੁਰੂ ਨਾਨਕ ਸ਼ਾਇਰ ਦੀ ਕਲਪਨਾ ਨਾ ਕਰੋ। (ਡਾ. ਐਸ.ਐਸ. ਦੁਸਾਂਝ, ਗੁਰੂ ਨਾਨਕ ਬਾਰੇ ਸੱਚ ਦੀ ਖੋਜ ਵਿਚੋਂ)

ਅੱਜ ਕੱਲ੍ਹ ਕਈ ਸੰਪਰਦਾਵਾਂ ਦੇ ਮੁਖੀਆਂ ਦੀਆਂ ਤਸਵੀਰਾਂ ਗੁਰੂ ਨਾਨਕ ਸਾਹਿਬ ਜੀ ਨਾਲ ਲਗਾ ਕੇ ਬਾਜ਼ਾਰ ਵਿਚ ਵੇਚਣਾ ਅਜੋਕੀ ਪੀੜ੍ਹੀ ਦੇ ਅੱਖਾਂ ’ਚ ਘੱਟਾਪਾਉਣ ਵਾਲੀ ਗੱਲ ਹੈ। ਭਾਈ ਮਰਦਾਨਾ ਜੀ, ਜਿਸ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਨਾਲ ਬਿਤਾ ਦਿੱਤੀ, ਉਸ ਦੀ ਤਸਵੀਰ ਗੁਰੂ ਬਾਬੇ ਨਾਲੋਂ ਕੱਟ ਕੇ ਤਪੱਸਵੀ ਸਾਧਾਂ ਦੀਆਂ ਤਸਵੀਰਾਂ ਬਾਬੇ ਨਾਨਕ ਨਾਲ ਜੋੜ ਦਿੱਤੀਆਂ ਜੋ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਕਿਹਾ ਜਾ ਸਕਦਾ ਹੈ, ਜਿਸ ਤੋਂ ਸੁਚੇਤ ਰਹਿਣ ਜੀ ਜ਼ਰੂਰਤ ਹੈ। ਸਾਡੇ ਅਖੌਤੀ ਕਾਮੇਡੀ ਕਲਾਕਾਰਾਂ, ਜਿਨ੍ਹਾਂ ਵਿਚ ਜਸਵਿੰਦਰ ਭੱਲਾ ਵੀ ਸ਼ਾਮਲ ਹੈ, ਕੈਸਿਟਾਂ ਵਿਚ ਭਾਈ ਮਰਦਾਨੇ ਨਾਲ ਭੱਦਾ ਮਜ਼ਾਕ ਕੀਤਾ ਹੈ, ਬੜੇ ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਕਲਾਕਾਰ ਆਪਣੀ ਹੋਛੀ ਮੱਤ ਅਨੁਸਾਰ ਮਹਾਨ ਰੂਹਾਂ ਦਾ ਲਿਹਾਜ਼ ਵੀ ਨਹੀਂ ਕਰਦੇ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਈ ਮਰਦਾਨਾ ਜੀ ਅਤੇ ਬਾਬਾ ਨਾਨਕ ਇਕ ਰੂਹ ਅਤੇ ਦੋ ਵਜੂਦ ਸਨ।

ਭਾਈ ਮਰਦਾਨਾ ਜੀ ਨਾਲ ਤਾਂ ਜਿਹੜੀ ਲੇਖਕਾਂ ਜਾਂ ਸਾਖੀਕਾਰਾਂ ਨੇ ਕੀਤੀ ਉੁਹ ਤਾਂ ਕੀਤੀ ਪਰ ਉਨ੍ਹਾਂ ਦੀ ਵੰਸ਼ਜ ਵਿਚੋਂ ਰਬਾਬੀ ਭਾਈ ਲਾਲ ਜੀ ਜੋ ਇਸ ਸਮੇਂਵਿਛੋੜਾ ਦੇ ਗਏ, ਉਨ੍ਹਾਂ ਨਾਲ ਵੀ ਅਸੀਂ ਘੱਟ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੀ ਇੱਛਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਦੀ ਸੀ ਜੋ ਕਿ ਸਾਡੇ ਪ੍ਰਬੰਧਕਾਂ ਨੇ ਉਹਨਾਂ ਨੂੰ (ਗ਼ੈਰ ਸਿੱਖ ਹੋਣ ਕਾਰਨ) ਆਗਿਆ ਨਹੀਂ ਦਿੱਤੀ ਅਤੇ ਜਿਸ ਤਰਾਂ ਅਸੀਂ ਰੋਜ਼ਾਨਾ ਅਖ਼ਬਾਰ ਵਿਚ ਹੀ ਪੜ੍ਹ ਚੁੱਕੇ ਹਾਂ ਕਿ ਉਹਨਾਂ ਦੇ ਪਰਿਵਾਰ ਨਾਲ ਨਾ ਤਾਂ ਉੱਥੋਂ ਦਾ ਭਾਈਚਾਰਾ ਵਰਤਦਾ ਹੈ ਅਤੇ ਨਾ ਹੀ ਅਸੀਂ ਉਨ੍ਹਾਂ ਦਾ ਕੋਈ ਮੁੱਲ ਪਾਇਆ ਹੈ। ਇਹੀ ਸਾਡੀ ਅਕ੍ਰਿਤਘਣਤਾ ਕਹੀ ਜਾ ਸਕਦੀ ਹੈ।ਹੁਣ ਤੱਕ ਦੀਆਂ ਜੋ ਗਲਤੀਆਂ ਹੋਈਆਂ, ਉਹਨਾਂ ਦੀ ਖ਼ਿਮਾਂ ਮੰਗਦੇ ਹੋਏ ਜੇਕਰ ਅਸੀਂ ਹੁਣ ਵੀ ਇਸ ਰਬਾਬੀ ਪਰਿਵਾਰ ਦੀ ਸਾਰ ਲੈ ਲਈਏ ਤਾਂ ਆਪਣੇ ਆਪ ਨੂੰਦੋਸ਼ ਮੁਕਤ ਕਰਨ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੋਵੇਗਾ।

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੰਖੇਪ ਜੀਵਨ ਵੇਰਵਾ

0

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੰਖੇਪ ਜੀਵਨ ਵੇਰਵਾ

(ਸੰਮਤ 1652-1701, ਸੰਨ 1595-1644)

ਗਿਆਨੀ ਅਵਤਾਰ ਸਿੰਘ

ਜਨਮ: ਹਾੜ ਵਦੀ 7 (21 ਹਾੜ); ਸੰਮਤ 1652, (19 ਜੂਨ 1595) ਗੁਰੂ ਕੀ ਵਡਾਲੀ (ਅੰਮ੍ਰਿਤਸਰ)।

ਮਾਤਾ ਪਿਤਾ: ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ।

ਗੁਰਿਆਈ: ਜੇਠ ਵਦੀ 14/ 28 ਜੇਠ ਸੰਮਤ 1663 (25 ਮਈ 1606) ।

ਸੰਤਾਨ: ਆਪ ਜੀ ਦੇ ਗ੍ਰਹਿ 5 ਸਪੁੱਤਰ (ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਸੂਰਜ ਮੱਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ) ਅਤੇ ਇੱਕ ਸਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।

ਧਾਰਮਿਕ ਅਸਥਾਨਾਂ ਦੀ ਉਸਾਰੀ: ਕਿਲ੍ਹਾ ਲੋਹਗੜ੍ਹ, ਅਕਾਲ ਤਖ਼ਤ ਸਾਹਿਬ, ਡੇਰਾ ਸਾਹਿਬ (ਲਹੌਰ), ਕੀਰਤਪੁਰ, ਮਹਿਰਾਜ (ਫਿਰੋਜਪੁਰ), ਕੌਲਸਰ, ਬਿਬੇਕਸਰ, ਗੁਰੂਸਰ ਆਦਿ।

ਸਮਾਜਿਕ ਯੁੱਧ: (1) ਅੰਮ੍ਰਿਤਸਰ (2) ਸ੍ਰੀ ਹਰਿਗੋਬਿੰਦਪੁਰ (3) ਗੁਰੂਸਰ (ਮਹਿਰਾਜ) (4) ਕਰਤਾਰਪੁਰ (ਜਲੰਧਰ)

ਜੋਤੀ ਜੋਤ ਸਮਾਏ: ਚੇਤ ਸੁਦੀ 5 (6 ਚੇਤ), ਸੰਮਤ 1701 (3 ਮਾਰਚ 1644) ਕੀਰਤਪੁਰ (ਜ਼ਿਲ੍ਹਾ ਹੁਸ਼ਿਆਰਪੁਰ)।

ਬਾਲ ਵਿਵਸਥਾ: ਪ੍ਰਿਥੀਏ ਦੀਆਂ ਕੁਟਿਲ ਚਾਲਾਂ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਾਲ ਅਵਸਥਾ ਕਾਫ਼ੀ ਕਸ਼ਟਾਂ ’ਚ ਗੁਜਰੀ। ਆਪ ਜੀ ਦਾ ਤਾਇਆ (ਪ੍ਰਿਥੀਚੰਦ) ਤੇ ਉਨ੍ਹਾਂ ਦੀ ਪਤਨੀ ਬੀਬੀ ਕਰਮੋ ਆਪ ਜੀ ਦੇ ਜਨਮ ਤੋਂ ਹੀ ਦੁੱਖੀ ਸਨ ਕਿਉਂਕਿ ਉਹ ਗੁਰੂ ਘਰ ਦੀ ਗੁਰਗੱਦੀ ਦਾ ਅਸਲ ਵਾਰਸ ਆਪਣੇ ਪੁੱਤਰ (ਮਿਹਰਬਾਨ) ਨੂੰ ਮੰਨੀ ਬੈਠੇ ਸੀ। ਉਹ ਲਾਲਚ ਤੇ ਈਰਖਾ ’ਚ ਅੰਨ੍ਹੇ ਤੇ ਪਾਗਲ ਹੋ ਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਮਾਰਨ-ਮਰਵਾਉਣ ਦੇ ਜਤਨ ਕਰਦੇ ਰਹੇ। ਪਹਿਲਾਂ ਉਨ੍ਹਾਂ ਨੇ ਦਾਈ-ਖਿਡਾਵੀ ਨੂੰ ਲਾਲਚ ਦੇ ਕੇ ਉਸ ਦੀਆਂ ਦੁਧੀਆਂ ਉੱਪਰ ਜ਼ਹਿਰ ਲਵਾ ਕੇ ਭੇਜਿਆ। ਉਸ ਨੇ ਆਪ ਜੀ ਨੂੰ ਦੁੱਧ ਚੁੰਗਾਉਣਾ ਚਾਹਿਆ, ਪਰ ਆਪ ਨੇ ਨਾ ਚੁੰਗਿਆ। ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ। ਫੇਰ ਇਕ ਸਪੇਰੇ ਜੋਗੀ ਪਾਸੋਂ ਬਾਲਕ ਵਾਲੇ ਕਮਰੇ ’ਚ ਜ਼ਹਿਰੀਲਾ ਸੱਪ ਛੁਡਾ ਦਿੱਤਾ, ਜਿਸ ਨੂੰ ਸੇਵਾਦਾਰਾਂ ਨੇ ਵੇਖ ਕੇ ਮਾਰ ਦਿੱਤਾ। ਤੀਸਰੀ ਵਾਰ ਹਰਿਗੋਬਿੰਦ ਸਾਹਿਬ ਜੀ ਦੇ ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਕਿਹਾ ਕਿ ਬੱਚੇ ਨੂੰ ਦਹੀਂ ’ਚ ਜ਼ਹਿਰ ਪਾ ਕੇ ਦੇ ਦੇਵੇ ਪਰ ਜਦ ਉਹ ਦਹੀਂ ਪਿਆਉਣ ਲੱਗਾ ਤਾਂ ਬਾਲਕ ਰੋਣ ਲੱਗ ਪਿਆ। ਬਾਲਕ ਦਹੀਂ ਨੂੰ ਮੂੰਹ ਨਾ ਲਾਵੇ ਤਾਂ ਗੁਰੂ ਅਰਜਨ ਦੇਵ ਜੀ ਨੇ ਆਪ ਦਹੀਂ ਇਕ ਕੁੱਤੇ ਨੂੰ ਪਾ ਦਿੱਤੀ, ਜੋ ਥੋੜ੍ਹੇ ਦੇਰ ਬਾਅਦ ਹੀ ਮਰ ਗਿਆ। ਬ੍ਰਾਹਮਣ ਨੇ ਡਰ ਕੇ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਪ੍ਰਿਥੀਏ ਦੀ ਸਾਰੇ ਸ਼ਹਿਰ ’ਚ ਬਦਨਾਮੀ ਹੋਈ। ਦੂਜੇ ਦਿਨ ਬ੍ਰਾਹਮਣ ਵੀ ਸੂਲ (ਦਰਦ) ਨਾਲ ਮਰ ਗਿਆ: ‘‘ਲੇਪੁ ਨ ਲਾਗੋ, ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ, ਹੋਇ ਕੈ ਸੂਲ ॥’’ (ਮ: ੫/੧੧੩੭) ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੀ ਰੱਖਿਆ ਬਾਰੇ ਵਾਹਿਗੁਰੂ ਦਾ ਧੰਨਵਾਦ ਕੀਤਾ।

ਆਪ ਜੀ ਨੂੰ ਬੜੀ ਭਿਆਨਕ ਚੇਚਕ ਬਿਮਾਰੀ ਨਿਕਲੀ ਪਰ ਕਰਤਾਰ ਨੇ ਮਿਹਰ ਕੀਤੀ ਆਪ ਰਾਜੀ ਹੋ ਗਏ। ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਦੇ ਧੰਨਵਾਦ ਲਈ ਸ਼ਬਦ ਉਚਾਰਨ ਕੀਤਾ: ‘‘ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥’’ (ਮ: ੫/੨੦੦)

ਵਿਦਿਆ ਤੇ ਸ਼ਸਤਰ ਅਭਿਆਸ: ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਵਿਦਿਆ ਤੇ ਯੁੱਧ ਕਲਾ ’ਚ ਨਿਪੁੰਨ ਬਣਾਉਣ ਲਈ ਆਪ ਜੀ ਨੂੰ ਬਾਬਾ ਬੁੱਢਾ ਜੀ ਦੇ ਸਪੁਰਦ ਕਰ ਦਿੱਤਾ ਗਿਆ। ਜਿਸ ਦਾ ਨਤੀਜਾ ਉਨ੍ਹਾਂ ਦੀਆਂ ਜੀਵਨ ਘਟਨਾਵਾਂ ਰਾਹੀਂ ਸਾਡੇ ਸਾਮ੍ਹਣੇ ਹੈ।

ਗੁਰਿਆਈ: ਜਹਾਂਗੀਰ ਬਾਦਸ਼ਾਹ ਨੇ ਆਪਣੀ ਮਜ੍ਹਬੀ ਈਰਖਾ ਦੇ ਸਾੜੇ ਕਾਰਨ ਗੁਰੂ ਅਰਜਨ ਦੇਵ ਜੀ ਵਿਰੁਧ ਮਿਲੀਆਂ ਝੂਠੀਆਂ ਤੇ ਮਨ-ਘੜਤ ਖ਼ਬਰਾਂ ਦੇ ਆਧਾਰ ’ਤੇ ਆਪ ਜੀ ਨੂੰ ਗ੍ਰਿਫਤਾਰ ਕਰਕੇ ਲਹੌਰ ਲਿਆਂਦੇ ਜਾਨ ਦਾ ਹੁਕਮ ਦਿੱਤਾ। ਲਹੌਰ ਨੂੰ ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਸਾਹਿਬਜ਼ਾਦੇ ਬਾਲਕ ਹਰਿਗੋਬਿੰਦ ਸਾਹਿਬ ਜੀ ਦੇ ਸਪੁਰਦ ਕਰ ਦਿੱਤੀ ਕਿਉਂਕਿ ਆਪ ਜੀ ਅਗਲੇ ਹਾਲਾਤਾਂ ਬਾਰੇ ਪੂਰਨ ਜਾਣਕਾਰੀ ਸੀ। ਗੁਰੂ ਜੀ ਨੇ ਜਾਣ ਤੋਂ ਪਹਿਲਾਂ ਆਪਣੇ ਸਿੱਖਾ ਨੂੰ ਹੁਕਮ ਦਿੱਤਾ ਕਿ ਬਦਲਦੇ ਹਾਲਾਤਾਂ ਅਨੁਸਾਰ ਨਿਡਰ ਹੋ ਕੇ ਰਹਿਣਾ, ਪ੍ਰਭੂ ਉੱਤੇ ਭਰੋਸਾ ਰੱਖਣਾ, ਏਕਤਾ ਦਾ ਸਬੂਤ ਦੇਂਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮਾ ਅਨੁਸਾਰ ਤਨ ਮਨ ਕੁਰਬਾਨ ਕਰਨ ਲਈ ਤਿਆਰ ਰਹਿਣਾ। ਉਸ ਸਮੇਂ ਆਪ ਜੀ ਦੀ ਉਮਰ ਕੇਵਲ 11 ਕੁ ਸਾਲ ਦੀ ਸੀ।

ਬਾਬਾ ਬੁੱਢਾ ਜੀ ਦੀ ਰਾਹੀਂ ਗੁਰਿਆਈ ਰਸਮ ਦੌਰਾਨ ਪੁਰਾਤਨ ਚੱਲੀ ਆ ਰਹੀ ਸੇਲੀ ਟੋਪੀ ਪਹਿਨਣ ਦੀ ਰੀਤ ਹਟਾ ਕੇ ਸੀਸ ਉੱਤੇ ਕਲਗੀ ਸਜਾਈ ਗਈ ਤੇ ਦੋ ਤਲਵਾਰਾਂ ਪਹਿਨੀਆਂ ਗਈਆਂ ਇਕ ਮੀਰੀ ਦੀ ਤੇ ਦੂਜੀ ਪੀਰੀ ਦੀ। ਗੁਰਗਦੀ ’ਤੇ ਵਿਰਾਜਮਾਨ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੇ ਮਸੰਦਾਂ ਰਾਹੀਂ ਥਾਂ-ਥਾਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਅਗਾਂਹ ਲਈ ਚੰਗੇ ਸ਼ਸਤਰ ਵੀ ਜ਼ਰੂਰ ਲੈ ਕੇ ਆਉਣੇ ਤੇ ਆਪ ਵੀ ਘੋੜ-ਸਵਾਰੀ ਤੇ ਸ਼ਸ਼ਤਰ ਚਲਾਉਣਾ ਸਿਖੋ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਸਿੱਖ ਕੌਮ ਦੇ ਹਿਰਦਿਆਂ ’ਚ ਵੀਰ ਰਸ ਪਹਿਲਾਂ ਹੀ ਜਾਗ ਉੱਠਿਆ ਸੀ। ਇਕ ਨਵੀਂ ਜਾਨ ਤੇ ਚੜਦੀਆਂ ਕਲਾਂ ਵਾਲੀ ਬਿਰਤੀ ਪੈਦਾ ਹੋ ਗਈ। ਸੰਤਾਂ, ਭਗਤਾਂ, ਪਰਉਪਕਾਰੀਆਂ, ਨਾਮ ਰਸੀਆਂ ਵਾਲੀ ਇਸ ਕੌਮ ਨੇ ਹੁਣ ਧਰਮੀ ਜੋਧਿਆਂ ਵਾਲਾ ਰੂਪ ਵੀ ਧਾਰਨ ਕਰ ਲਿਆ।

ਸਿੱਖ ਸੁਰੱਖਿਆ ਲਈ ਕਿਲਾਬੰਦੀ : ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਉੱਥੇ ਇਕ ਕਿਲ੍ਹਾ ਬਣਵਾਇਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਇਸ ਤੋਂ ਬਾਅਦ ਸੰਮਤ 1666 (ਸੰਨ 1609) ’ਚ ਦੇਸ਼-ਪਿਆਰ, ਸੂਰਬੀਰਤਾ ਤੇ ਕੌਮੀ ਸਿਧਾਂਤ ਦੇ ਪ੍ਰਚਾਰ, ਵਿਕਾਸ ਲਈ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਦਿੱਤੀ। ਸਵੇਰੇ ਵੇਲੇ ਸੰਗਤਾਂ ਦਰਬਾਰ ਸਾਹਿਬ ’ਚ ਜੁੜਦੀਆਂ, ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਤੇ ਢਾਡੀ ਗੁਰਬਾਣੀ ’ਚ ਦਰਜ ਵਾਰਾਂ ਨੂੰ ਗਾਉਂਦੇ। ਗੁਰੂ ਹਰਿਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇਂਦੇ, ਧਾਰਮਿਕ ਵੀਚਾਰਾਂ ਕਰਦੇ। ਦੁਪਹਿਰ ਮਗਰੋਂ ਸੰਗਤਾਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਤਰ ਹੁੰਦੀਆਂ, ਜਿੱਥੇ ਸਰੀਰਕ ਕਸਰਤਾਂ ਰਾਹੀਂ ਸਰੀਰਕ ਬਲ ਪੈਦਾ ਕੀਤਾ ਜਾਂਦਾ ਤੇ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ। ਗੁਰੂ ਜੀ ਬਾਹਰੋਂ ਆਈ ਸੰਗਤ ਨੂੰ ਮਿਲਦੇ, ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਤੇ ਉਨ੍ਹਾਂ ਦਾ ਨਿਪਟਾਰਾ ਕਰਦੇ। ਸਿੱਖਾਂ ਨੂੰ ਪ੍ਰੇਰਨਾ ਕੀਤੀ ਜਾਂਦੀ ਕਿ ਤੁਸੀਂ ਆਪੋ ਵਿਚਲੇ ਝਗੜਿਆ ਨੂੰ ਸਰਕਾਰੇ ਦਰਬਾਰੇ ਲੈ ਜਾਣ ਦੀ ਬਜਾਏ ਆਪਸ ’ਚ ਬੈਠ ਕੇ ਹੀ ਨਿਪਟਾ ਲਿਆ ਕਰੋ। ਗੁਰੂ ਜੀ ਨੇ ਆਪਣੇ ਨਾਲ 52 ਬਲਵਾਨ ਯੋਧੇ ਤਿਆਰ ਕੀਤੇ ਤੇ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।

ਗੁਰੂ ਸਾਹਿਬ ਬਨਾਮ ਜਹਾਂਗੀਰ: ਚੰਦੂ ਵਰਗੇ ਗੁਰੂ ਘਰ ਦੇ ਪੁਰਾਣੇ ਦੋਖੀ ਤੇ ਇਰਖਾਲੂਆਂ ਨੇ ਗੁਰੂ ਜੀ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਤਿਆਰੀਆਂ ਬਾਰੇ ਵਧਾ-ਚੜ੍ਹਾ ਕੇ ਜਹਾਂਗੀਰ ਬਾਦਸ਼ਾਹ ਕੋਲ ਖ਼ਬਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਇਹ ਸਭ ਕੁਝ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਹੋ ਰਿਹਾ ਹੈ। ਇਹ ਸੁਣ ਕੇ ਕੰਨਾਂ ਦੇ ਕੱਚੇ ਜਹਾਂਗੀਰ ਨੇ ਸੰਮਤ 1669 (ਸੰਨ 1612) ’ਚ ਵਜ਼ੀਰ ਖਾਂ ਅਤੇ ਗੁੰਚਾ ਬੇਗ ਨੂੰ ਅੰਮ੍ਰਿਤਸਰ ਭੇਜਿਆ ਤਾਂ ਜੋ ਉਹ ਗੁਰੂ ਜੀ ਨੂੰ ਦਿੱਲੀ ਲੈ ਆਉਣ। ਵਜ਼ੀਰ ਖਾ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਤੇ ਗੁਰੂ ਸਿੱਖਿਆ ਤੋਂ ਪ੍ਰਭਾਵਤ ਸੀ। ਉਨ੍ਹਾਂ ਬਾਦਸ਼ਾਹ ਪਾਸ ਵੀ ਗੁਰੂ ਜੀ ਦੀ ਉਪਮਾ ਕੀਤੀ ਸੀ। ਅੰਮ੍ਰਿਤਸਰ ਪਹੁੰਚ ਕੇ ਉਸ ਨੇ ਗੁਰੂ ਸਾਹਿਬ ਜੀ ਨੂੰ ਭਰੋਸਾ ਦਿੱਤਾ ਕਿ ਬਾਦਸ਼ਾਹ ਦੀ ਨਿਯਤ ਮਾੜੀ ਨਹੀਂ ਹੈ। ਗੁਰੂ ਜੀ ਨੇ ਮਾਤਾ ਜੀ ਤੇ ਮੁੱਖੀ ਸਿੱਖਾਂ ਨਾਲ ਸਲਾਹ ਕੀਤੀ ਅਤੇ ਦਿੱਲੀ ਜਾਣ ਦਾ ਫ਼ੈਸਲਾ ਕਰ ਲਿਆ। ਆਪ ਜੀ 300 ਸੂਰਮਿਆਂ ਸਮੇਤ 2 ਮਾਘ ਸੰਮਤ 1669 (ਸੰਨ 1612) ਨੂੰ ਦਿੱਲੀ ਵੱਲ ਤੁਰ ਪਏ।

ਆਪ ਜੀ ਅੰਮ੍ਰਿਤਸਰ ਤੋਂ ਤਰਨਤਾਰਨ, ਗੋਬਿੰਦਵਾਲ, ਦੁਆਬੇ ਅਤੇ ਮਾਲਵੇ ਵਿਚਦੀ ਹੁੰਦੇ ਹੋਏ ਦਿੱਲੀ ਪੁੱਜੇ। ਵਜ਼ੀਰ ਖਾਨ ਤੇ ਗੁੰਚਾ ਬੇਗ ਨੇ ਬਾਦਸ਼ਾਹ ਨੂੰ ਪੂਰੀ ਖ਼ਬਰ ਗੁਰੂ ਜੀ ਦੇ ਹੱਕ ’ਚ ਦਿੱਤੀ। ਗ੍ਰਿਫਤਾਰੀ ਬਾਰੇ ਸੁਣ ਕੇ ਦਿੱਲੀ ਦੇ ਸਿੱਖ ਆਪ ਜੀ ਦੇ ਦਰਸ਼ਨਾਂ ਲਈ ਆਏ। ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਪਰ ਆਪ ਜੀ ਨੇ ਸਾਰਿਆ ਨੂੰ ਧੀਰਜ ਦਿੱਤਾ। ਕੁਝ ਚਿਰ ਠਹਿਰਨ ਉਪਰੰਤ ਆਪ ਜੀ ਬਾਦਸ਼ਾਹ ਨੂੰ ਮਿਲਣ ਲਈ ਚਲੇ ਗਏ। ਉਸ ਨੇ ਵਿਖਾਵੇ ਮਾਤ੍ਰ ਆਦਰ ਨਾਲ ਗੁਰੂ ਜੀ ਦਾ ਸੁਆਗਤ ਕੀਤਾ ਤੇ ਧਰਮ ਬਾਰੇ ਕੁਝ ਸ਼ੰਕੇ ਦੂਰ ਕੀਤੇ। ਗੁਰੂ ਜੀ ਦੇ ਉੱਤਰ ਸੁਣ ਕੇ ਉਹ ਬੜਾ ਖੁਸ਼ ਹੋਇਆ। ਇਕ ਦਿਨ ਬਾਦਸ਼ਾਹ ਗੁਰੂ ਜੀ ਨੂੰ ਸ਼ਿਕਾਰ ਖੇਡਣ ਲਈ ਨਾਲ ਲੈ ਗਿਆ। ਜੰਗਲ ਵਿੱਚੋਂ ਇੱਕ ਸ਼ੇਰ ਨੇ ਬਾਦਸ਼ਾਹ ਉੱਪਰ ਹਮਲਾ ਕਰ ਦਿੱਤਾ। ਬਾਦਸ਼ਾਹ ਭੈ-ਭੀਤ ਹੋ ਗਿਆ ਤੇ ਗੁਰੂ ਜੀ ਤੋਂ ਮਦਦ ਮੰਗੀ। ਗੁਰੂ ਜੀ ਨੇ ਤਲਵਾਰ ਨਾਲ ਸ਼ੇਰ ਨੂੰ ਢਹਿ ਢੇਰੀ ਕਰ ਦਿੱਤਾ ਤੇ ਬਾਦਸ਼ਾਹ ਨੇ ਗੁਰੂ ਜੀ ਧੰਨਵਾਦ ਕੀਤਾ।

ਇੱਕ ਦਿਨ ਬਾਦਸ਼ਾਹ ਤੇ ਗੁਰੂ ਜੀ ਆਗਰੇ ਗਏ। ਬਾਦਸ਼ਾਹ ਅੰਦਰੋਂ ਡਰਿਆ ਹੋਇਆ ਗੁਰੂ ਜੀ ਨੂੰ ਬਾਹਰੋਂ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਸ਼ਾਇਦ ਗੁਰੂ ਜੀ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਆਏ ਹਨ। ਉਸ ਨੇ ਡਰ ਅਧੀਨ ਗੁਰੂ ਜੀ ਨੂੰ ਬਾਰ੍ਹਾਂ ਸਾਲ ਕੈਦ ਦਾ ਹੁਕਮ ਸੁਣਾ ਦਿੱਤਾ। ਪੰਜ ਸਿੱਖ ਆਪ ਜੀ ਨਾਲ ਸਨ। ਆਪ ਨੂੰ ਗਵਾਲੀਅਰ ਦੇ ਕਿੱਲ੍ਹੇ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ, ਜਿੱਥੇ ਪਹਿਲਾਂ ਹੀ 52 ਰਾਜੇ ਕੈਦ ਸਨ। ਗੁਰੂ ਜੀ ਦੀ ਕੈਦ ਦੀ ਖ਼ਬਰ ਸੁਣ ਕੇ ਸਿੱਖਾਂ ਵਿਚ ਬੇਚੈਨੀ ਵਧ ਗਈ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਖ਼ਬਰ ਲੈਣ ਲਈ ਭੇਜਿਆ। ਗੁਰੂ ਜੀ ਨੇ ਉਨ੍ਹਾਂ ਨੂੰ ਧੀਰਜ ਦਿੱਤਾ ਤੇ ਕਿਹਾ ਅਸੀਂ ਬੜੇ ਅਨੰਦ ’ਚ ਹਾਂ ਤੇ ਜੇਲ ’ਚ ਕੈਦੀਆਂ ਨੂੰ ਸਾਡੀ ਜ਼ਰੂਰਤ ਹੈ, ਅਸੀਂ ਛੇਤੀ ਹੀ ਬਾਹਰ ਆ ਜਾਵਾਂਗੇ, ਕਰਤਾਰ ਨੂੰ ਚੇਤੇ ਰੱਖੋ।

ਕਿਲ੍ਹੇ ਦਾ ਦਰੋਗਾ, ਹਰੀ ਦਾਸ ਗੁਰੂ ਘਰ ਦਾ ਪ੍ਰੇਮੀ ਸੀ। ਚੰਦੂ ਨੇ ਹਰੀ ਦਾਸ ਨੂੰ ਕਈ ਲਾਲਚ ਦੇ ਕੇ ਕਿਹਾ ਕਿ ਗੁਰੂ ਜੀ ਨੂੰ ਜ਼ਹਿਰ ਦੇ ਕੇ ਮਾਰ ਦਿਓ, ਦਰੋਗੇ ਨੇ ਇਹ ਖ਼ਬਰ ਗੁਰੂ ਜੀ ਨੂੰ ਸੁਣਾ ਦਿੱਤੀ। ਕੁਝ ਚਿਰ ਮਗਰੋਂ ਚੰਦੂ ਨੇ ਸੁੰਦਰ ਤੇ ਜ਼ਹਿਰੀਲੇ ਬਸਤਰ ਹਰੀ ਦਾਸ (ਦਰੋਗੇ) ਨੂੰ ਭੇਜੇ ਤਾਂ ਜੋ ਗੁਰੂ ਜੀ ਨੂੰ ਪਹਿਨਾਏ ਜਾਣ, ਹਰੀ ਦਾਸ ਸਾਰੀਆਂ ਖ਼ਬਰਾਂ ਗੁਰੂ ਜੀ ਤੱਕ ਪਹੁੰਚਾਉਂਦਾ ਰਿਹਾ। ਗੁਰੂ ਜੀ ਦੀ ਇਸ ਕੈਦ ਵਿਰੁਧ ਸਿੱਖਾਂ ਸਮੇਤ ਜਨਤਾ ’ਚ ਗੁੱਸਾ ਵਧਦਾ ਗਿਆ ਤੇ ਉਹ ਆਪਣੀ ਆਵਾਜ਼ ਬੁਲੰਦ ਕਰਨ ਲੱਗੇ, ਕਈ ਮੁਸਲਮਾਨਾਂ ਨੇ ਵੀ ਆਵਾਜ਼ ਉਠਾਈ। ਨਤੀਜਾ ਇਹ ਹੋਇਆ ਕਿ ਬਾਦਸ਼ਾਹ ਨੇ ਦੋ ਕੁ ਸਾਲ ਦੀ ਕੈਦ ਮਗਰੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਹੁਕਮ ਲੈ ਕੇ ਵਜ਼ੀਰ ਖਾਨ ਗਵਾਲੀਅਰ ਦੇ ਕਿਲ੍ਹੇ ’ਚ ਪਹੁੰਚਿਆ ਪਰ ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਹਿ ਦਿੱਤਾ ਕਿ ਅਸੀਂ ਇਕੱਲੇ ਬਾਹਰ ਨਹੀਂ ਜਾਵਾਂਗੇ ਬਲਕਿ 52 ਰਾਜਿਆਂ ਨੂੰ ਨਾਲ ਲੈ ਕੇ ਜਾਵਾਂਗੇ। ਵਜ਼ੀਰ ਖਾਨ ਨੇ ਇਹ ਗੱਲ ਦਿੱਲੀ ਆ ਕੇ ਬਾਦਸ਼ਾਹ ਨੂੰ ਸੁਣਾ ਦਿੱਤੀ। ਬਾਦਸ਼ਾਹ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਹੱਥ ਜਾਂ ਪੱਲਾ ਫੜ ਕੇ ਬਾਹਰ ਆ ਸਕਣ ਉਹ ਤਮਾਮ ਛੱਡ ਦਿੱਤੇ ਜਾਣ। ਉਸ ਸਮੇਂ ਗੁਰੂ ਜੀ 52 ਕਲੀਆਂ ਵਾਲਾ ਜਾਮਾ ਪਹਿਨਦੇ ਸਨ, ਜਿਨ੍ਹਾਂ ਲੜੀਆਂ ਨੂੰ ਫੜ ਕੇ 52 ਰਾਜੇ ਵੀ ਜੇਲ ’ਚੋਂ ਰਿਹਾ ਹੋ ਗਏ। ਉਸ ਦਿਨ ਤੋਂ ਆਪ ਜੀ ਦਾ ਨਾਂ ‘ਬੰਦੀ ਛੋੜ’ ਪੈ ਗਿਆ। ਉਸ ਕਿਲ੍ਹੇ ’ਚ ਇਕ ਤਾਲ ਦੇ ਕੰਢੇ ਲੋਹੇ ਦੀ ਫੱਟੀ ਉੱਪਰ ਅੱਜ ਵੀ ‘ਬੰਦੀ ਛੋੜ ਦਾਤਾ’ ਸ਼ਬਦ ਲਿਖੇ ਹੋਏ ਹਨ।

ਗੁਰੂ ਜੀ ਗਵਾਲੀਅਰ ਦੇ ਕਿਲੇ ਤੋਂ ਦਿੱਲੀ ਪੁੱਜੇ ਅਤੇ ਮਜਨੂੰ ਦੇ ਟਿਲੇ ’ਤੇ ਜਾ ਕੇ ਠਹਿਰੇ। ਬਾਦਸ਼ਾਹ ਆਪ ਜੀ ਦੇ ਦਰਸ਼ਨਾਂ ਲਈ ਆਇਆ। ਵਜ਼ੀਰ ਖਾਂ ਦੇ ਸਾਰੀ ਗੱਲ ਦੱਸਣ ’ਤੇ ਬਾਦਸ਼ਾਹ ਜਹਾਂਗੀਰ ਨੂੰ ਨਿਸ਼ਚਾ ਹੋ ਗਿਆ ਕਿ ਗੁਰੂ ਅਰਜਨ ਦੇਵ ਜੀ ਬਾਰੇ ਉਸ ਨੂੰ ਗਲਤ ਖ਼ਬਰ ਦਿੱਤੀ ਗਈ ਸੀ। ਬਾਦਸ਼ਾਹ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਸ਼ਟ, ਤਸੀਹੇ ਦੇ ਕੇ ਸ਼ਹੀਦ ਕਰਨ ਦਾ ਸਾਰਾ ਦੋਸ਼ ਚੰਦੂ ਦੇ ਸਿਰ ਲਾਇਆ ਤੇ ਉਸ ਨੂੰ ਗੁਰੂ ਜੀ ਦੇ ਹਵਾਲੇ ਕਰ ਕੇ ਕਿਹਾ: ਤੁਸੀਂ ਇਸ ਤੋਂ ਬਦਲਾ ਲੈਣ ਲਈ ਜਿਵੇਂ ਚਾਹੋ ਇਸ ਨਾਲ ਸਲੂਕ ਕਰੋ। ਚੰਦੂ ਨੂੰ ਮੁਸ਼ਕਾਂ ਦੇ ਕੇ ਦਿੱਲੀ ਤੋਂ ਲਹੌਰ ਲਿਆ ਕੇ ਬਾਜ਼ਾਰਾਂ ’ਚ ਫਿਰਾਇਆ ਗਿਆ। ਚਾਰੋਂ ਤਰਫ਼ ਉਸ ਪ੍ਰਤੀ ਨਫ਼ਰਤ ਪੈਦਾ ਹੋ ਗਈ। ਗੁਰਦਿੱਤਾ ਭੜਭੂੰਜਾ, ਜਿਸ ਨੇ ਚੰਦੂ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਉੱਤੇ ਤੱਤੀ ਰੇਤ ਪਾਈ ਸੀ, ਉਸ ਨੇ ਇਸ ਪਾਪੀ ਨੂੰ ਉਹੀ ਰੇਤ ਪਾਉਣ ਵਾਲੇ ਕੜਛੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ।

ਕੁਝ ਚਿਰ ਮਗਰੋਂ ਕਸ਼ਮੀਰ ਜਾਂਦਾ ਹੋਇਆ ਜਹਾਂਗੀਰ ਬਾਦਸ਼ਾਹ ਅੰਮ੍ਰਿਤਸਰ ਆਇਆ। ਉਸ ਨੇ ਗੁਰੂ ਜੀ ਨੂੰ ਕਿਹਾ : ‘ਜੇ ਆਗਿਆ ਹੋਵੇ ਤਾਂ ਅਕਾਲ ਤਖਤ ਦੀ ਇਮਾਰਤ ਸ਼ਾਹੀ ਖਰਚ ’ਤੇ ਮੁਕੰਮਲ ਕਰਵਾ ਦਿੱਤੀ ਜਾਵੇ।’ ਗੁਰੂ ਜੀ ਨੇ ਜਵਾਬ ’ਚ ਕਿਹਾ ਕਿ ਇਹ ਧਰਮ ਤੇ ਨਿਆਂ ਦਾ ਤਖ਼ਤ ਹੈ, ਇਸ ਦੀ ਇਮਾਰਤ ਸਿੱਖਾਂ ਦੀ ਮਿਹਨਤ ਤੇ ਧਰਮ-ਕਿਰਤ ਨਾਲ ਬਣਨੀ ਚਾਹੀਦੀ ਹੈ। ਇਸ ਤੋਂ ਮਗਰੋਂ ਜਹਾਂਗੀਰ ਦੇ ਸਮੇਂ ਗੁਰੂ ਜੀ ਪੂਰਨ ਅਮਨ ਤੇ ਸ਼ਾਂਤੀ ’ਚ ਰਹੇ ਅਤੇ ਪੂਰਾ-ਪੂਰਾ ਧਿਆਨ ਸਿੱਖੀ ਦੇ ਪ੍ਰਚਾਰ ਵੱਲ ਲਾਇਆ ਗਿਆ।

ਪਰਿਵਾਰਿਕ ਰਿਸ਼ਤੇ: ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਡੱਲਾ ਨਿਵਾਸੀ ਸ੍ਰੀ ਨਰਾਇਣ ਦਾਸ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਨਾਲ ਸੰਮਤ 1661 (ਸੰਨ 1604) ਵਿੱਚ ਹੋਇਆ, ਜਿਨ੍ਹਾਂ ਦੀ ਕੁੱਖੋਂ ਹੇਠ ਲਿਖੀ ਸੰਤਾਨ ਨੇ ਜਨਮ ਲਿਆ :

(1). ਬਾਬਾ ਗੁਰਦਿੱਤਾ ਜੀ: ਇਹ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਇਨ੍ਹਾਂ ਦਾ ਜਨਮ ਕੱਤਕ ਸੁਦੀ 15, ਸੰਮਤ 1670 (ਸੰਨ 1613) ਨੂੰ ਇਨ੍ਹਾਂ ਦੇ ਮਾਸੀ ਜੀ ਦੇ ਪਿੰਡ ਡਰੋਲੀ, ਜ਼ਿਲ੍ਹਾ ਫਿਰੋਜਪੁਰ ’ਚ ਹੋਇਆ। ਬਾਬਾ ਗੁਰਦਿੱਤਾ ਜੀ ਧਾਰਮਿਕ ਅਤੇ ਸ਼ਸਤਰ ਵਿਦਿਆ ’ਚ ਬੜੇ ਨਿਪੁੰਨ ਸਨ। ਗੁਰੂ ਸਾਹਿਬ ਜੀ ਦੇ ਨਾਲ ਜੁੱਧਾਂ ’ਚ ਆਪ ਨੂੰ ਵੀਰਤਾ ਵਿਖਾਉਣ ਦਾ ਮੌਕਾ ਮਿਲਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਗਿਆ ਅਨੁਸਾਰ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਸੇਵਾ ਲਈ ਸਪੁਰਦ ਕੀਤਾ ਗਿਆ। ਆਪ ਜੀ ਦਾ ਵਿਆਹ 21 ਵੈਸਾਖ ਸੰਮਤ 1681 ਵਿੱਚ ਸ੍ਰੀ ਨਿਹਾਲ ਕੌਰ (ਅਨੰਤੀ) ਜੀ ਨਾਲ ਹੋਇਆ। ਇਨ੍ਹਾਂ ਦੀ ਕੁੱਖ ਤੋਂ ਦੋ ਸਪੁੱਤਰ ਬਾਬਾ ਧੀਰਮੱਲ ਤੇ (ਗੁਰੂ) ਹਰਿਰਾਇ ਸਾਹਿਬ ਜੀ ਨੇ ਜਨਮ ਲਿਆ। ਬਾਬਾ ਜੀ ਦਾ ਦੇਹਾਂਤ ਚੇਤ ਸੁਦੀ 10 ਸੰਮਤ 1695 (ਸੰਨ 1638) ’ਚ ਕੀਰਤਪੁਰ ਵਿੱਚ ਹੋਇਆ।

(2). ਬੀਬੀ ਵੀਰੋ ਜੀ: ਇਨ੍ਹਾਂ ਦਾ ਜਨਮ ਸੰਮਤ 1672 (ਸੰਨ 1615) ’ਚ ਅੰਮ੍ਰਿਤਸਰ ਵਿਖੇ ਹੋਇਆ। ਜਦ ਬੀਬੀ ਜੁਆਨ ਹੋਈ ਤਾਂ ਮਾਤਾ ਗੰਗਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਬੀਬੀ ਵੀਰੋ ਲਈ ਨੇਕ ਵਰ ਦੀ ਭਾਲ ਕਰਨੀ ਚਾਹੀਦੀ ਹੈ। ਗੁਰੂ ਜੀ ਨੇ ਕਿਹਾ : ‘ਮਾਤਾ ਜੀ, ਕਰਤਾਰ ਸਭ ਕੰਮ ਸਵਾਰੇਗਾ।’ ਕੁਝ ਦਿਨਾਂ ਮਗਰੋਂ ਮੈਲੇ ਜਿਹੇ ਕੱਪੜੇ ਪਾਈ ਤੇ ਆਪਣੇ ਜਵਾਨ ਪੁੱਤ ਨੂੰ ਨਾਲ ਲਾਈ ਬੈਠਾ ਇਕ ਬੰਦਾ ਗੁਰੂ ਜੀ ਦੀ ਨਜ਼ਰ ਪਿਆ। ਉਸ ਬੰਦੇ ਦਾ ਨਾਂ ‘ਧਰਮਾ’ ਤੇ ਮੁੰਡੇ ਦਾ ਨਾਂ ‘ਸਾਧੂ’ ਸੀ। ਗੁਰੂ ਜੀ ਨੇ ਬੀਬੀ ਵੀਰੋ ਦੀ ਮੰਗਣੀ ‘ਸਾਧੂ’ ਨਾਲ ਕਰ ਦਿੱਤੀ। ਬੀਬੀ ਜੀ ਦਾ ਵਿਆਹ 26 ਜੇਠ ਸੰਮਤ 1686 (ਸੰਨ 1629) ’ਚ ਹੋਇਆ।

(3). ਬਾਬਾ ਸੂਰਜ ਮੱਲ: ਬਾਬਾ ਜੀ ਦਾ ਜਨਮ ਸੰਮਤ 1674 (ਸੰਨ 1617) ’ਚ ਅੰਮ੍ਰਿਤਸਰ ਵਿਖੇ ਹੋਇਆ ਤੇ ਬਾਬਾ ਜੀ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਪ੍ਰੇਮਾਚੰਦ ਦੀ ਸਪੁੱਤਰੀ ਬੀਬੀ ਖੇਮਕੁਇਰ ਨਾਲ ਹੋਈ, ਜਿਸ ਦੇ ਉਦਰ ਤੋਂ ਸੰਮਤ 1690 (ਸੰਨ 1633) ’ਚ ਬਾਬਾ ਦੀਪਚੰਦ ਜੀ ਨੇ ਜਨਮ ਲਿਆ।

(4). ਅਣੀ ਰਾਇ ਜੀ: ਬਾਬਾ ਜੀ ਦਾ ਜਨਮ 26 ਮਾਘ ਸੰਮਤ 1675 (ਸੰਨ 1618) ’ਚ ਅੰਮ੍ਰਿਤਸਰ ਵਿਖੇ ਹੋਇਆ। ਇਹ ਸਦਾ ਨਾਮ ਬਾਣੀ ਦੇ ਅਭਿਆਸ ਵਿੱਚ ਲੱਗੇ ਰਹਿੰਦੇ ਸਨ, ਆਪ ਜੀ ਨੇ ਵਿਆਹ ਨਹੀਂ ਕਰਾਇਆ ਸੀ। ਬਾਬਾ ਜੀ ਦਾ ਦੇਹਾਂਤ ਕੀਰਤਪੁਰ ਵਿਖੇ ਹੋਇਆ।

(5). ਬਾਬਾ ਅਟੱਲ ਰਾਇ: ਬਾਬਾ ਜੀ ਦਾ ਜਨਮ ਸੰਮਤ 1676 (ਸੰਨ 1619) ’ਚ ਅੰਮ੍ਰਿਤਸਰ ਵਿਖੇ ਹੋਇਆ ਅਤੇ ਕੇਵਲ 9 ਸਾਲ ਦੀ ਉਮਰ ’ਚ ਹੀ ਆਪ ਸੰਮਤ 1685 (ਸੰਨ 1628) ਨੂੰ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ, ਜਿੱਥੇ 9 ਮੰਜ਼ਲਾਂ ਗੁਰਦੁਆਰਾ ਬਾਬਾ ਅਟੱਲ ਰਾਇ ਸੁਸ਼ੋਭਿਤ ਹੈ।

(6). ਗੁਰੂ ਤੇਗ ਬਹਾਦਰ ਸਾਹਿਬ: (ਗੁਰੂ) ਤੇਗ ਬਹਾਦਰ ਜੀ ਦਾ ਜਨਮ 4 ਵੈਸਾਖ ਸੰਮਤ 1678 (1 ਅਪ੍ਰੈਲ 1621) ਨੂੰ ਕਰਤਾਰਪੁਰ ਵਿਖੇ ਹੋਇਆ। ਆਪ ਜੀ ਵਿਆਹ 15 ਅੱਸੂ ਸੰਮਤ 1689 (ਸੰਨ 1632) ’ਚ ਤਿਆਗ ਤੇ ਵਿਵੇਕਤਾ ਦੀ ਮੂਰਤ ਜਗਤ ਮਾਤਾ, ਮਾਤਾ ਗੂਜਰੀ ਜੀ ਨਾਲ ਕਰਤਾਰਪੁਰ ਵਿਖੇ ਹੋਇਆ, ਜਿਨ੍ਹਾਂ ਦੀ ਕੁੱਖੋਂ ਦਸਮੇਸ਼ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਆਪ ਜੀ ਗੁਰੂ ਨਾਨਕ ਘਰ ਦੀ ਗੁਰਗੱਦੀ ’ਤੇ 20 ਮਾਰਚ 1665 ਨੂੰ ਵਿਰਾਜਮਾਨ ਹੋਏ ਤੇ ਹਿੰਦੂ ਰਿਸ਼ੀ ਮੁਨੀਆਂ ਦੀ ਅਣਖ਼ ਲਈ 11 ਨਵੰਬਰ 1675 ਨੂੰ ਦਿੱਲੀ ਵਿਖੇ ਆਪਣੀ ਸ਼ਹਾਦਤ ਦੇ ਦਿੱਤੀ।

ਗੁਰਮਤ ਦਾ ਪ੍ਰਚਾਰ: ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਸੰਮਤ 1671 (ਸੰਨ 1614) ’ਚ ਵਾਪਸ ਆਏ। ਇਸ ਤੋਂ ਮਗਰੋਂ ਜਹਾਂਗੀਰ ਬਾਦਸ਼ਾਹ ਆਪ ਜੀ ਨਾਲ ਦੋਸਤਾਨਾ ਰਿਸ਼ਤਾ ਚਾਹੁੰਦਾ ਸੀ ਤੇ ਉਸ ਨੇ ਆਪ ਜੀ ਦੇ ਕੰਮ ’ਚ ਕੋਈ ਦਖ਼ਲ ਦੇਣਾ ਉਚਿਤ ਨਹੀਂ ਸਮਝਿਆ, ਜਿਸ ਕਾਰਨ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਢੁੱਕਵਾਂ ਸਮਾਂ ਮਿਲ ਗਿਆ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਆਪ ਦੂਸਰੇ ਗੁਰੂ ਹਨ, ਜੋ ਪੰਜਾਬ ਤੋਂ ਬਾਹਰ ਦੌਰੇ ਕਰਨ ਲਈ ਗਏ ।

ਅੰਮ੍ਰਿਤਸਰੋਂ ਚੱਲ ਕੇ ਪਹਿਲਾਂ ਆਪ ਲਹੌਰ ਪੁੱਜੇ। ਅਗਲੇ ਦਿਨ ਬਾਉਲੀ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਸਥਾਨ ’ਤੇ ਧਰਮਸਾਲ ਬਣਵਾਇਆ। ਭਾਈ ਲੰਗਾਹ ਜੀ ਨੂੰ ਇੱਥੇ ਗੁਰਮਤ ਦੇ ਪ੍ਰਚਾਰ ਲਈ ਨਿਯੁਕਤ ਕੀਤਾ ਗਿਆ। ਲਹੌਰ ਤੋਂ ਬਾਅਦ ਗੁਜਰਾਂਵਾਲਾ, ਵਜ਼ੀਰਾਬਾਦ, ਭਿੰਬਰ ਆਦਿਕ ਥਾਵਾਂ ਤੋਂ ਹੁੰਦੇ ਹੋਏ ਕਸ਼ਮੀਰ ਪੁੱਜੇ, ਜਿੱਥੇ ਹਕੂਮਤ ਦੇ ਡਰ ਕਾਰਨ ਬਹੁਤ ਸਾਰੇ ਹਿੰਦੂ, ਮੁਸਲਮਾਨ ਬਣ ਚੁੱਕੇ ਸਨ ਜਾਂ ਬਣਨ ਲਈ ਸੋਚ ਰਹੇ ਸਨ। ਗੁਰੂ ਜੀ ਦੇ ਪ੍ਰਚਾਰ ਨੇ ਇਸ ਲਹਿਰ ਨੂੰ ਕੇਵਲ ਠੱਲ ਹੀ ਨਹੀਂ ਪਾਈ ਸਗੋਂ ਹਜ਼ਾਰਾਂ ਮੁਸਲਮਾਨਾਂ ਨੂੰ ਵੀ ਗੁਰੂ ਘਰ ’ਚ ਦਾਖ਼ਲੇ ਲਈ ਸ਼ਰਨ ਦਿੱਤੀ, ਸਿੱਖ ਬਣ ਗਏ। ਇੱਥੇ ਗੁਰਮਤ ਦੇ ਪ੍ਰਚਾਰ ਲਈ ਭਾਈ ਗੜ੍ਹੀਏ ਜੀ ਨੂੰ ਨਿਯੁਕਤ ਕੀਤਾ ਗਿਆ।

ਇੱਕ ਦਿਨ ਗੁਰੂ ਜੀ ਸ਼੍ਰੀ ਨਗਰ (ਕਸ਼ਮੀਰ) ਵਿਖੇ ਸ਼ਸਤਰ ਪਹਿਨ ਕੇ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਲਈ ਗਏ ਤੇ ਰਸਤੇ ’ਚ ਸ਼ਿਵਾ ਜੀ ਮਰਹੱਟੇ ਦੇ ਧਾਰਮਿਕ ਗੁਰੂ ਸ੍ਰੀ ਸਮਰਥ ਰਾਮਦਾਸ ਜੀ ਨੂੰ ਮਿਲੇ। ਸ੍ਰੀ ਸਮਰਥ ਰਾਮਦਾਸ ਜੀ ਨੇ ਕਿਹਾ: ‘ਅਸਾਂ ਸੁਣਿਆ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬਿਰਾਜਮਾਨ ਹੋ, ਪਰ ਗੁਰੂ ਨਾਨਕ ਦੇਵ ਜੀ ਤਾਂ ਤਿਆਗੀ ਸਾਧੂ ਸਨ, ਤੁਸੀਂ ਸ਼ਸਤਰ ਪਹਿਨਦੇ ਹੋ, ਫੌਜ ਤੇ ਘੋੜੇ ਵੀ ਰੱਖੇ ਹੋਏ ਹਨ ਤੇ ‘ਸੱਚੇ ਪਾਤਸ਼ਾਹ’ ਅਖਵਾਉਂਦੇ ਹੋ, ਅਜਿਹਾ ਕਿਉਂ ?’ ਗੁਰੂ ਜੀ ਨੇ ਉੱਤਰ ਦਿੱਤਾ: ‘ਬਾਤਨ ਫ਼ਕੀਰੀ, ਜ਼ਾਹਰ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ, ਜਰਵਾਣੇ ਕੀ ਭੱਖਿਆ। ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ ਸੀ, ਮਾਇਆ ਤਿਆਗੀ ਸੀ।’ ਇਹ ਉੱਤਰ ਮਹਾਤਮਾ ਰਾਮਦਾਸ ਦੇ ਦਿਲ ਲੱਗ ਗਿਆ ਤੇ ਉਨ੍ਹਾਂ ਗੁਰੂ ਜੀ ਨੂੰ ਨਮਸਕਾਰ ਕੀਤੀ।

ਕੁਝ ਸਮਾਂ ਕਸ਼ਮੀਰ ’ਚ ਰਹਿਣ ਉਪਰੰਤ ਗੁਰੂ ਜੀ ਵਾਪਸ ਬਾਰਾਮੂਲਾ ਹੁੰਦੇ ਹੋਏ ਪੰਜਾਬ ’ਚ ਆ ਗਏ। ਇੱਥੋਂ ਗੁਜਰਾਤ ਪਹੁੰਚ ਕੇ ਆਪ ਜੀ ਨੇ ਉੱਥੇ ਵੀਚਾਰ ਗੋਸਟੀਆਂ ਕੀਤੀਆਂ ਤੇ ਡਰੀ ਹੋਈ ਜਨਤਾ ਨੂੰ ਹੌਂਸਲਾ ਬਖ਼ਸ਼ਿਆ। ਸੈਂਕੜੇ ਹਿੰਦੂ ਤੇ ਮੁਸਲਮਾਨ ਸਿੱਖ ਬਣ ਗਏ। ਇੱਥੇ ਆਪ ਨੂੰ ਪ੍ਰਸਿਧ ਫ਼ਕੀਰ ਸ਼ਾਹ ਦੌਲਾ ਮਿਲਿਆ, ਉਸ ਨੇ ਗੁਰੂ ਜੀ ਦੇ ਮੀਰੀ ਤੇ ਪੀਰੀ ਵਾਲਾ ਠਾਠ-ਬਾਠ ਵੇਖ ਕੇ ਉਨ੍ਹਾਂ ਸਾਹਮਣੇ 4 ਸਵਾਲ ਕੀਤੇ :

(1). ਹਿੰਦੂ ਕੀ ਤੇ ਫ਼ਕੀਰੀ ਕੀ ? (2). ਔਰਤ ਕੀ ਤੇ ਪੀਰੀ ਕੀ ? (3). ਪੁੱਤਰ ਕੀ ਤੇ ਵੈਰਾਗ ਕੀ ? (4). ਦੌਲਤ ਕੀ ਤੇ ਤਿਆਗ ਕੀ ?

ਉਸ ਦਾ ਮਤਲਬ ਗੁਰੂ ਜੀ ਨੂੰ ਇਹ ਜਤਾਉਣਾ ਸੀ ਕਿ: ‘ਆਪ ਨੂੰ ਫ਼ਕੀਰੀ, ਪੀਰੀ, ਵੈਰਾਗ ਅਤੇ ਤਿਆਗ ਦਾ ਮਾਲਕ ਕਿਹਾ ਜਾਂਦਾ ਹੈ, ਜੋ ਕਿ ਦਰੁਸਤ ਨਹੀਂ ਕਿਉਂਕਿ ਫ਼ਕੀਰ ਤਾਂ ਮੁਸਲਮਾਨ ਹੀ ਹੋ ਸਕਦੇ ਹਨ, ਤੁਸੀਂ ਹਿੰਦੂ ਹੋ, ਇਸ ਕਰਕੇ ਤੁਸੀਂ ਫ਼ਕੀਰ ਨਹੀਂ ਹੋ ਸਕਦੇ। ਵਿਆਹੇ ਹੋਏ ਹੋਣ ਕਰਕੇ ਤੁਸੀਂ ਪੀਰੀ ਦੇ ਹੱਕਦਾਰ ਨਹੀਂ, ਤੁਹਾਡਾ ਬਾਲ-ਬੱਚਾ ਤੇ ਪਰਵਾਰ ਹੈ, ਇਸ ਕਰਕੇ ਤੁਸੀਂ ਵੈਰਾਗੀ ਨਹੀਂ ਕਹੇ ਜਾ ਸਕਦੇ। ਤੁਸੀਂ ਧੰਨ ਦੌਲਤ ਵਾਲੇ ਹੋ, ਫਿਰ ਤੁਸੀਂ ਤਿਆਗੀ ਕਿਵੇਂ ਅਖਵਾ ਸਕਦੇ ਹੋ ? ਗੁਰੂ ਜੀ ਨੇ ਇਨ੍ਹਾਂ ਚਾਰੇ ਸਵਾਲਾਂ ਦੇ ਜਵਾਬ ਇਉਂ ਦਿੱਤੇ :

(1). ਔਰਤ ਇਮਾਨ। (2) ਪੁੱਤਰ ਨਿਸ਼ਾਨ। (3) ਦੌਲਤ ਗੁਜ਼ਰਾਨ। (4). ਫ਼ਕੀਰ ਨਾ ਹਿੰਦੂ ਨਾ ਮੁਸਲਮਾਨ।

ਗੁਰੂ ਜੀ ਦਾ ਜਵਾਬ ਸੀ ਕਿ ਇਨਸਾਨ ਲਈ ਔਰਤ ਉਸ ਦੇ ਆਚਰਨ ਨੂੰ ਸੰਭਾਲਦੀ ਹੈ, ਪੁੱਤਰ ਉਸ ਦੀ ਯਾਦਗਾਰ ਕਾਇਮ ਰੱਖਦੇ ਹਨ, ਧਨ-ਦੌਲਤ ਉਸ ਦੇ ਗੁਜ਼ਾਰੇ ਵਾਸਤੇ ਜ਼ਰੂਰੀ ਹੈ ਤੇ ਫ਼ਕੀਰ ਤਾਂ ਰੱਬ ਦਾ ਪਿਆਰਾ ਹੈ, ਨਾ ਕਿ ਸਮਾਜਿਕ ਫ਼ਿਰਕਾ ਆਧਾਰਿਤ ਹਿੰਦੂ ਜਾਂ ਮੁਸਲਮਾਨ। ਗੁਰੂ ਜੀ ਤੋਂ ਇਹ ਜਵਾਬ ਸੁਣ ਕੇ ਵੰਸ਼ ਵਿਹੂਣੇ ਫ਼ਕੀਰ ਸ਼ਾਹ ਦੌਲਾ ਜੀ ਦੀਆਂ ਅੱਖਾਂ ਖੁੱਲ ਗਈਆਂ।

ਗੁਰੂ ਜੀ ਅਗਾਂਹ ਵਜ਼ੀਰਾਵਾਦ, ਭਾਈ ਕੇ ਮੱਟੂ, ਹਾਫਜਾਬਾਦ, ਸ਼ਰਕਪੁਰ ਆਦਿ ਹੁੰਦੇ ਹੋਏ ਨਨਕਾਣਾ ਸਾਹਿਬ ਪਹੁੰਚ ਗਏ, ਜਿੱਥੇ ਆਪ ਜੀ ਧਾਰਮਿਕ ਅਸਥਾਨਾਂ ’ਤੇ ਵੀਚਾਰ ਗੋਸਟੀਆਂ ਕਰਦਿਆਂ ਅੰਮ੍ਰਿਤਸਰ ਆ ਗਏ।

ਪੀਲੀਭੀਤ (ਉੱਤਰ ਪ੍ਰਦੇਸ਼) ਦੇ ਪਾਸ ਜੋਗੀਆਂ ਦਾ ਵੱਡਾ ਅਸਥਾਨ ਗੋਰਖਮਤਾ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿਧ ਜੋਗੀਆਂ ਨਾਲ ਗੋਸ਼ਟ ਕੀਤੀ ਸੀ, ਇਸ ਕਰਕੇ ਉਸ ਥਾਂ ਦਾ ਨਾਂ ਹੀ ਨਾਨਕ ਮਤਾ ਪੈ ਗਿਆ ਹੈ। ਜੋਗੀ ਦੁਬਾਰਾ ਆਪਣਾ ਪ੍ਰਭਾਵ ਬਣਾਉਣਾ ਚਾਹੁੰਦੇ ਸਨ, ਜਿਸ ਕਾਰਨ ਸਿੱਖ ਕੁਝ ਪ੍ਰੇਸ਼ਾਨ ਸਨ। ਉੱਥੇ ਧਰਮਸਾਲਾ ਦੀ ਸੇਵਾ ਭਾਈ ਅਲਮਸਤ ਜੀ ਨਿਭਾਉਂਦਾ ਸੀ। ਉਨ੍ਹਾਂ ਗੁਰੂ ਜੀ ਨੂੰ ਖ਼ਬਰ ਭੇਜੀ ਕਿ ਜੋਗੀਆਂ ਨੇ ਗੁਰੂ ਸਥਾਨ ਦੀ ਨਿਰਾਦਰੀ ਕੀਤੀ ਹੈ, ਇਹ ਖ਼ਬਰ ਸੁਣ ਕੇ ਗੁਰੂ ਜੀ ਸੂਰਬੀਰ ਸਿੱਖਾਂ ਸਮੇਤ ਨਾਨਕ ਮਤੇ ਪਹੁੰਚ ਗਏ। ਜੋਗੀ ਡਰਦੇ ਮਾਰੇ ਪਹਿਲਾਂ ਹੀ ਭੱਜ ਗਏ। ਗੁਰੂ ਜੀ ਨੇ ਗੁਰਦੁਆਰਾ ਬਣਾਇਆ ਅਤੇ ਸਿੱਖੀ ਦਾ ਕੇਂਦਰ ਦੁਬਾਰਾ ਸਥਾਪਿਤ ਕੀਤਾ ਤੇ ਇੱਥੋਂ ਦਾ ਰਾਜਾ ਰਾਜ ਬਹਾਦਰ ਗੁਰੂ ਜੀ ਨੂੰ ਮਿਲਣ ਲਈ ਆਇਆ।

ਕੁਝ ਸਮਾਂ ਉੱਥੇ ਠਹਿਰਨ ਉਪਰੰਤ ਗੁਰੂ ਜੀ ਨਾਲਾਗੜ੍ਹ, ਦੂਨ ਤੇ ਪਹਾੜੀ ਇਲਾਕਿਆਂ ਦਾ ਦੌਰਾ ਕਰਦੇ ਹੋਏ ਪੰਜਾਬ ਦੇ ਮਾਲਵਾ ਇਲਾਕਿਆਂ ’ਚ ਹੁੰਦੇ ਹੋਏ ਪਿੰਡ ਡਰੋਲੀ, ਜ਼ਿਲ੍ਹਾ ਫਿਰੋਜਪੁਰ ਪਧਾਰੇ। ਇਸ ਪੂਰੇ ਸਫਰ ’ਚ ਅਨੇਕਾਂ ਮੁਸਲਮਾਨ ਤੇ ਹਿੰਦੂ ਸਿੱਖ ਸਜ ਗਏ।

ਧਾਰਮਿਕ ਅਸਥਾਨਾਂ ਦੀ ਉਸਾਰੀ: ਗੁਰੂ ਜੀ ਜਗ੍ਹਾ ਜਗ੍ਹਾ ਗੁਰਮਤ ਦੇ ਪ੍ਰਚਾਰ ਰਾਹੀਂ ਅਨੇਕਾਂ ਬੰਦਿਆਂ ਨੂੰ ਗੁਰਮਤ ਨਾਲ ਜੋੜਨ ਉਪਰੰਤ ਜਗ੍ਹਾ ਜਗ੍ਹਾ ਹੀ ਧਾਰਮਿਕ ਸਥਾਨ ਵੀ ਸਥਾਪਿਤ ਕਰਦੇ ਰਹੇ ਤਾਂ ਜੋ ਆਤਮਿਕ ਉਨਤੀ ਦੇ ਨਾਲ-ਨਾਲ ਵਪਾਰਿਕ ਕੇਂਦਰ ਖੜ੍ਹੇ ਕਰਕੇ ਆਰਥਿਕ ਹਾਲਤਾਂ ’ਚ ਵੀ ਸੁਧਾਰ ਕੀਤਾ ਜਾਵੇ; ਜਿਵੇਂ:

(1). ਲੋਹਗੜ੍ਹ ਕਿਲ੍ਹਾ, ਜੋ ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ।

(2). ਅਕਾਲ ਤਖ਼ਤ ਸਾਹਿਬ (ਅਮ੍ਰਿਤਸਰ)।

(3). ਡੇਹਰਾ ਸਹਿਬ (ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਲਹੌਰ ਸ਼ਹਿਰ ’ਚ ਬਣਾਇਆ ਗਿਆ)।

(4). ਕੀਰਤਪੁਰ, ਤਹਿ. ਅਨੰਦਪੁਰ ਸਾਹਿਬ, ਜ਼ਿਲ੍ਹਾ ਹੁਸ਼ਿਆਰਪੁਰ ’ਚ ਪਹਾੜੀ ਇਲਾਕੇ ਤੇ ਸਤਲੁਜ ਨਹਿਰ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਸ਼ਹਿਰ, ਜੋ ਸੰਮਤ 1683 ’ਚ ਵਸਾਇਆ ਗਿਆ।

(5) ਮਹਿਰਾਜ (ਮਰਾਝ, ਫਿਰੋਜਪੁਰ) ਇਸ ਵੱਡੇ ਨਗਰ ਨੂੰ ਸੰਮਤ 1684 (ਸੰਨ 1627) ’ਚ ਸਿੱਖ ਮੋਹਨ ਜੀ ਦੇ ਪਿਆਰ ਨੂੰ ਵੇਖ ਕੇ ਤਿਆਰ ਕਰਵਾਇਆ ਗਿਆ।

(6). ਕੌਲਸਰ (ਅੰਮ੍ਰਿਤਸਰ) ਸੰਮਤ 1684 ’ਚ ਬਣਾਇਆ ਗਿਆ। ਇਹ ਸਥਾਨ ਇੱਕ ਹਿੰਦੂ ਲੜਕੀ ਬੀਬੀ ਕੌਲਾ (ਕਮਲਾ) ਦੇ ਨਾਂ ਨਾਲ ਸੰਬੰਧਿਤ ਹੈ ਜੋ ਲਹੌਰ ਨਿਵਾਸੀ ਕਾਜੀ ਰੁਸਤਮਖ਼ਾਂ ਮੁਜੰਗ ਨੇ ਮੁੱਲ ਖ਼ਰੀਦ ਕੇ ਆਪਣੀ ਗੋਲੀ ਪਾਲੀ ਸੀ ਤੇ ਇਸਲਾਮ ਵਿੱਦਿਆ ਰਾਹੀਂ ਉਸ ਨੂੰ ਵਿਦਵਾਨ ਬਣਾਇਆ ਸੀ ਪਰ ਬੀਬੀ ਦਾ ਝੁਕਾਉ ਸਿੱਖੀ ਵੱਲ ਸੀ ਇਸ ਲਈ ਉਨ੍ਹਾਂ ਗੁਰੂ ਸ਼ਰਨ ਲੈ ਕੇ ਸਿੱਖੀ ਧਾਰਨ ਕੀਤੀ ਤੇ 1686 ’ਚ ਕਰਤਾਰਪੁਰ ਵਿਖੇ ਦਿਹਾਂਤ ਹੋ ਗਿਆ।

(7). ਬਿਬੇਕਸਰ (ਅੰਮ੍ਰਿਤਸਰ) ਇਹ ਸਥਾਨ ਵਿਵੇਕੀ ਬਿਹੰਗਮਾਂ ਲਈ ਸੰਮਤ 1685 ’ਚ ਤਿਆਰ ਕਰਵਾਇਆ ਗਿਆ।

(8). ਗੁਰੂਸਰ (ਫਿਰੋਜਪੁਰ) ਇਹ ਸਥਾਨ ਗੁਰੂ ਸਾਹਿਬ ਜੀ ਵੱਲੋਂ ਲੜੇ ਗਏ ਤੀਸਰੇ ਯੁੱਧ ਦੀ ਯਾਦਗਾਰ ਹੈ, ਆਦਿ।

ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਲੜੇ ਤੇ ਜਿੱਤੇ ਗਏ ਯੁੱਧ: (1). ਅੰਮ੍ਰਿਤਸਰ, ਪਿਪਲੀ ਸਾਹਿਬ ਦੀ ਜੰਗ। (2). ਸ੍ਰੀ ਹਰਿਗੋਬਿੰਦਪੁਰ (ਬਟਾਲਾ, ਗੁਰਦਾਸਪੁਰ) ਦੀ ਜੰਗ। (3). ਗੁਰੂਸਰ, ਮਹਿਰਾਜ (ਫਿਰੋਜਪੁਰ) ਦੀ ਜੰਗ। (4). ਕਰਤਾਰਪੁਰ ਦੀ ਜੰਗ।

ਜੋਤੀ ਜੋਤ: ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣਾ ਦੁਨਿਆਵੀ ਸਫਰ 21 ਹਾੜ ਸੰਮਤ 1652 (14 ਜੂਨ 1595) ਤੋਂ ਆਰੰਭ ਕਰਕੇ ਕੁੱਲ ਉਮਰ 48 ਸਾਲ, 8 ਮਹੀਨੇ ਤੇ 15 ਦਿਨ ਭੋਗਨ ਉਪਰੰਤ 7 ਚੇਤ ਸੰਮਤ 1701 (3 ਮਾਰਚ 1644) ਨੂੰ ਆਪਣਾ ਦੁਨਿਆਵੀ ਸਫਰ ਸਮਾਪਤ ਹੁੰਦਾ ਵੇਖ ਗੁਰੂ ਪਰੰਪਰਾ ਅਨੁਸਾਰ ਆਪਣਾ ਉਤਰਾਧਿਕਾਰੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ (ਗੁਰੂ) ਹਰਿਰਾਇ ਸਾਹਿਬ ਜੀ ਨੂੰ ਚੁਣਿਆ, ਜੋ ਕਿ ਗੁਰੂ ਜੀ ਦੇ ਅੰਗ-ਸੰਗ ਰਹਿ ਕੇ ਆਪਣੀ ਯੋਗਤਾ ਦਾ ਸਬੂਤ ਕਈ ਵਾਰ ਦੇ ਚੁੱਕੇ ਸਨ ਅਤੇ ਆਪ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ, ਜਿੱਥੇ ਗੁਰਦੁਆਰਾ ‘ਪਾਤਾਲ ਪੁਰ’ ਸੁਸ਼ੋਭਿਤ ਹੈ।

ਗੁਰੂ ਸਾਹਿਬ ਜੀ ਦੇ ਇਨ੍ਹਾਂ ਲਗਭਗ 49 ਸਾਲਾਂ ’ਚ ਕੀਤੇ ਗਏ ਦੁਨਿਆਵੀ ਤੇ ਨਿਰਾਕਾਰੀ ਸਮੂਹਿਕ ਕਾਰਜਾਂ ਨੂੰ ਕਿਸੇ ਲਿਖਤ ’ਚ ਸੰਪੂਰਨ ਕਰਨਾ ਅਸੰਭਵ ਹੁੰਦਾ ਹੈ ਪਰ ਉਕਤ ਬਿਆਨ ਕੀਤੇ ਗਏ ਕੁਝ ਕੁ ਕਾਰਜ ਗੁਰੂ ਸਾਹਿਬ ਜੀ ਨੇ ਮਾਤ੍ਰ 37 ਸਾਲ 10 ਮਹੀਨੇ ਤੇ 7 ਦਿਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੇ ਵਾਰਸ ਬਣ ਕੇ ਕੀਤੇ ਹਨ ਜੋ ਕਿ ਇੱਕ ਅਣਥੱਕ ਤੇ ਪੂਰਨ ਘਾਲਨਾ ਕਹੀ ਜਾ ਸਕਦੀ ਹੈ। ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤੀ ਗਈ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛੇਵੇਂ ਨਾਨਕ ਲਈ ਨਿਯੁਕਤੀ ਇੱਕ ਅਚੂਕ ਤੇ ਅਭੁੱਲ ਮਿਸਾਲ ਸੀ। ਭਾਈ ਗੁਰਦਾਸ ਜੀ ਇਸ ਮਹਾਨ ਯੋਧੇ ਗੁਰੂ ਲਈ ਆਪਣੀ ਭਾਵਨਾ ਵਿਅਕਤ ਕਰਦੇ ਆਖਦੇ ਹਨ ਕਿ ‘ਸਤ, ਸੰਤੋਖ, ਦਇਆ, ਧਰਮ ਤੇ ਧੀਰਜ’ ਰੂਪ ਗੁਣ ਜਿਸ ਤਰ੍ਹਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੇ ਮਾਣੇ ਉਸ ਤਰ੍ਹਾਂ ਹੀ ਛੱਠਮ ਪੀਰ ਭੋਗ ਰਿਹਾ ਹੈ: ‘‘ਪੰਜਿ ਪਿਆਲੇ, ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ; ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆ, ਰੂਪੁ ਦਿਖਾਵਣਿ ਵਾਰੋ ਵਾਰੀ। ਦਲਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ। ਪੁਛਨਿ ਸਿਖ ਅਰਦਾਸਿ ਕਰਿ, ਛਿਅ ਮਹਲਾਂ ਤਕਿ ਦਰਸੁ ਨਿਹਾਰੀ। ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣਹੁ ਸੰਸਾਰੀ। ਕਲਿਜੁਗਿ ਪੀੜੀ ਸੋਢੀਆਂ, ਨਿਹਚਲ ਨੀਵ ਉਸਾਰਿ ਖਲਾਰੀ। ਜੁਗਿ ਜੁਗਿ ਸਤਿਗੁਰ, ਧਰੇ ਅਵਤਾਰੀ ॥੪੮॥ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੮)

ਗੁਰੂ ਘਰ ਦੀ ਇਹ ਖ਼ਾਸੀਅਤ ਰਹੀ ਹੈ ਕਿ ਗੁਰੂ ਸਾਹਿਬਾਨਾਂ ਦੀ ਦੁਨਿਆਵੀ ਉਮਰ ਭਾਵੇਂ 8 ਸਾਲ ਹੋਵੇ ਜਾਂ 80 ਸਾਲ ਆਪਣੇ ਉਤਰਾਧਿਕਾਰੀ ਦੀ ਚੋਣ ਆਪਣੇ ਦੁਨਿਆਵੀ ਸਫਰ ਦੀ ਸਮਾਪਤੀ ਤੋਂ ਤਰੰਤ ਪਹਿਲਾਂ ਕਰਦੇ ਰਹੇ ਹਨ, ਜਿਵੇਂ ਕਿ ਗੁਰੂ ਸਾਹਿਬਾਨਾਂ ਨੂੰ ਭਵਿੱਖ ਕਾਲ ਦੀ ਹਰ ਘਟਨਾ ਬਾਰੇ ਪਹਿਲਾਂ ਹੀ ਜਾਣਕਾਰੀ ਹੋਵੇ ਜਦਕਿ ਅਜੋਕੇ ਅਖੌਤੀ ਗੁਰੂਆਂ ’ਚ ਅਜਿਹੀ ਯੋਗਤਾ ਦੀ ਹਮੇਸ਼ਾਂ ਅਣਹੋਂਦ ਹੀ ਰਹੀ ਹੈ ਕਿਉਂਕਿ ਇਨ੍ਹਾਂ ਦੇ ਉਤਰਾਧਿਕਾਰੀ ਦੀ ਚੋਣ ਉਨ੍ਹਾਂ ਦੇ ਮਰਨ ਉਪਰੰਤ ਕਈ ਲੜਾਈਆਂ ਨਾਲ ਨਸੀਬ ਹੁੰਦੀ ਹੈ, ਫਿਰ ਵੀ ਭੁੱਲੜ ਸਿੱਖ ਆਪਣੇ ਸਮਰੱਥ ਗੁਰੂ ਨੂੰ ਛੱਡ ਕੇ ਇਨ੍ਹਾਂ ਪਖੰਡੀਆਂ ਦੇ ਪਿੱਛੇ ਭਟਕਦੇ ਆਮ ਵੇਖੇ ਜਾ ਸਕਦੇ ਹਨ।

ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ

0

ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕਿਸੇ ਵੀ ਗੁਰੂ ਸਾਹਿਬਾਨ ਦੀ ਉੱਚੀ ਸੁੱਚੀ ਸੋਚ ਦੀ ਉਡਾਰੀ ਬਾਰੇ ਕਿਆਸ ਲਾਉਣਾ ਜਾਂ ਉਸ ਸੋਚ ਨੂੰ ਮਨੋਵਿਗਿਆਨਿਕ ਪੱਖੋਂ ਘੋਖ ਕੇ ਸ਼ਬਦੀ ਰੂਪ ਦੇਣਾ ਕਿਸੇ ਇਨਸਾਨ ਲਈ ਸੰਭਵ ਨਹੀਂ। ਏਸੇ ਲਈ ਮੈਂ ਉਹ ਪੱਖ ਉੱਕਾ ਹੀ ਪਰ੍ਹਾਂ ਰੱਖ ਦਿੱਤਾ ਹੈ। ਮੈਂ ਗੱਲ ਕਰਨੀ ਚਾਹੀ ਹੈ-ਗੁਰੂ ਸਾਹਿਬ ਵੱਲੋਂ ਮਿਲੇ ਥਾਪੜੇ ਦਾ ਇਨਸਾਨੀ ਮਨ ਉੱਤੇ ਕਿਵੇਂ ਅਸਰ ਪਿਆ ਹੋਵੇਗਾ ! ਸਭ ਚੋਟੀ ਦੇ ਇਤਿਹਾਸਕਾਰਾਂ ਅਤੇ ਬੰਦਾ ਸਿੰਘ ਬਹਾਦਰ ਜੀ ਬਾਰੇ ਘੋਖਵੀਂ ਖੋਜ ਕਰਨ ਵਾਲੇ ਸਤਿਕਾਰਯੋਗ ਸਵ: ਸ੍ਰ. ਗੰਡਾ ਸਿੰਘ ਜੀ ਅਤੇ ਹਰਚੰਦ ਸਿੰਘ ਸਰਹੰਦੀ ਜੀ ਤੋਂ ਖਿਮਾਂ ਮੰਗਦੀ ਹੋਈ ਮੈਂ ਇਤਿਹਾਸ ਨੂੰ ਛੇੜੇ ਬਗ਼ੈਰ ਸਿਰਫ਼ ਮਾਨਸਿਕ ਪੱਖ ਛੋਹਣੇ ਚਾਹੇ ਹਨ, ਜੋ ਹਾਲੇ ਤਕ ਸ਼ਾਇਦ ਮੇਰੀ ਜਾਚੇ ਛੋਹੇ ਨਹੀਂ ਗਏ।

ਭਲਾ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਹੋਵੇਗਾ ਅਤੇ ਮਾਨਸਿਕ ਸਥਿਤੀ ਬਣੀ ਹੋਵੇਗੀ, ਜਿਸ ਨੇ ਇਕ ਵੈਰਾਗੀ ਨੂੰ ਜਾਂਬਾਜ਼ ਬੰਦਾ ਸਿੰਘ ਬਹਾਦਰ ਬਣਾ ਦਿੱਤਾ  ?

ਕੁੱਝ ਸਵਾਲਾਂ ਵੱਲ ਧਿਆਨ ਕਰੀਏ :-

(1). ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਵਿੱਚੋਂ ਕਿਸੇ ਇਕ ਨੂੰ ਸਿੱਖਾਂ ਦੀ ਕਮਾਨ ਫੜਾਉਣ ਦੀ ਥਾਂ ਇਕ ਵੈਰਾਗੀ ਚੁਣਿਆ !

(2). ਗੁਰੂ ਜੀ ਨਾਲ ਲਗਭਗ ਇਕ ਮਹੀਨੇ ਦੇ ਸਾਥ ਦੌਰਾਨ ਬੰਦਾ ਸਿੰਘ ਨੂੰ ਸਿੰਘਾਂ ਦਾ ਜਰਨੈਲ ਬਣਾਉਣ ਦੀ ਸੋਚ ਤਹਿਤ ਇਹ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਨੂੰ ਨਿਰੋਲ ਦੁਸ਼ਮਨੀ ਨਿਭਾਉਣ ਜਾਂ ਬਦਲਾ ਲਊ ਭਾਵਨਾ ਪਾਲ਼ ਕੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਤਿਆਰ ਨਹੀਂ ਸੀ ਕੀਤਾ ਗਿਆ ! ਉਸ ਨੂੰ ਇਕ ਖ਼ਾਲਸ ਰਾਜ ਸਥਾਪਤ ਕਰਨ ਲਈ ਭੇਜਿਆ ਗਿਆ ਸੀ। ਉਦੇਸ਼ ਸੀ ਕਿ ਪੰਜਾਬ ਦੇ ਕਿਸਾਨ ਅੱਤਿਆਚਾਰੀ ਤੇ ਬੇਇਨਸਾਫ਼ੀ ਰਾਜ ਤੋਂ ਮੁਕਤ ਹੋਣ  !

ਸਿਰਫ਼ ਪੰਜ ਪਿਆਰਿਆਂ ਤੇ 20 ਸਿੱਖਾਂ ਨਾਲ 1600 ਮੀਲ ਦਾ ਸਫ਼ਰ ਤੈਅ ਕਰਕੇ ਜਾਣ ਲਈ ਇਕ ਵੈਰਾਗੀ ਨੂੰ ਤਿਆਰ ਕਰਨਾ ਜਿਸ ਨੇ ਗੁਰੂ ਜੀ ਦੇ ਮਕਸਦ ਨੂੰ ਪੂਰਾ ਕਰਨ ਲਈ ਬਹਾਦਰੀ ਦੇ ਝੰਡੇ ਗੱਡ ਦਿੱਤੇ ਅਤੇ ਸਿਰੇ ਦਾ ਅੱਤਿਆਚਾਰ ਵੀ ਉਸ ਨੂੰ ਟਸ ਤੋਂ ਮਸ ਨਾ ਕਰ ਸਕਿਆ  ! ਇਹ ਟੀਚੇ ਪ੍ਰਤੀ ਦ੍ਰਿੜ੍ਹ ਇਰਾਦਾ ਜਤਾਉਂਦਾ ਹੈ।

ਆਖ਼ਰ ਕਿਹੋ ਜਿਹੀ ਗੁੜ੍ਹਤੀ ਮਿਲੀ ਹੋਵੇਗੀ ਉਨ੍ਹਾਂ ਨੂੰ ਗੁਰੂ ਸਾਹਿਬ ਤੋਂ। ਜਿੱਤ ਪ੍ਰਾਪਤ ਕਰ ਕੇ ਵੀ ਸਿੱਖ ਸੰਗਤਾਂ ਨੂੰ ਬੰਦਾ ਸਿੰਘ ਨੇ ਹੁਕਮਨਾਮਿਆਂ ਰਾਹੀਂ ਰੱਬੀ ਨਾਮ ਦਾ ਗੁਣ ਗਾਉਣ ਤੇ ਦਸਮ ਪਿਤਾ ਦੀ ਬਖ਼ਸ਼ੀ ਰਹਿਤ ਨੂੰ ਮੰਨਣ ਦੀ ਪ੍ਰੇਰਣਾ ਦਿੱਤੀ ਤਾਂ ਜੋ ਸਿੱਖ ਗੁਰੂ ਦੀ ਮਿਹਰ ਪ੍ਰਾਪਤ ਕਰਨ ਲਈ ਖ਼ਾਲਸਾ ਫੌਜ ਨਾਲ ਜੁੜਦੇ ਰਹਿਣ  !

ਗੁਰੂ ਸਾਹਿਬ ਤੋਂ ਸੇਧ ਲੈਣੀ ਆਪਣੇ ਆਪ ਵਿਚ ਇਕ ਵੱਡੀ ਬਖ਼ਸ਼ਿਸ਼ ਹੈ। ਗੁਰੂ ਸਾਹਿਬ ਨੂੰ ਗਿਆਨ ਸੀ ਕਿ ਲੋਕਾਂ ਵਿਚ ਰੋਹ ਹੈ। ਲੋੜ ਹੈ ਸਿਰਫ਼ ਅਗਵਾਈ ਦੀ ! ਇਕ ਬਹਾਦਰ, ਨੇਕ ਵਿਚਾਰਾਂ ਵਾਲੀ ਅਤੇ ਦ੍ਰਿੜ੍ਹ ਇਰਾਦੇ ਵਾਲੀ ਦਮਦਾਰ ਸ਼ਖ਼ਸੀਅਤ ਜਿਸ ਨੂੰ ਕੋਈ ਜਬਰ ਜਾਂ ਜ਼ੁਲਮ ਆਪਣੇ ਮਕਸਦ ਤੋਂ ਹਿਲਾ ਨਾ ਸਕੇ।

ਗੁਰੂ ਜੀ ਵੱਲੋਂ ਪ੍ਰਮਾਤਮਾ ਦੇ ਸਿਮਰਨ ਤੋਂ ਬਾਅਦ ਕੀਤੀ ਜਾਂਦੀ ਰਹੀ ਅਰਦਾਸ ਵੱਲ ਧਿਆਨ ਕਰੀਏ। ਸਰਬੱਤ ਦਾ ਭਲਾ ਮੰਗਦੀ ਅਰਦਾਸ, ਜਿਸ ਰਾਹੀਂ ਸਭ ਦੇ ਚਿਤ ਵਿੱਚ ਵਾਹਿਗੁਰੂ ਦੇ ਆਉਣ ਬਾਰੇ ਜ਼ਿਕਰ ਹੋਵੇ ਅਤੇ ਉਸ ਦੇ ਚਿਤ ’ਚ ਆਉਣ ਨਾਲ ਸਭ ਖ਼ੁਸ਼ੀ ਮਹਿਸੂਸ ਕਰਨ ਅਤੇ ਚੜ੍ਹਦੀ ਕਲਾ ਵਿਚ ਰਹਿਣ। ਉਸ ਵਿਚ ਪੰਥ ਕੀ ਜੀਤ ਅਤੇ ਹਰ ਖ਼ਾਲਸ ਇਨਸਾਨ ਦਾ ਭਲਾ ਸੋਚਿਆ ਗਿਆ ਹੋਵੇ। ਹਰ ਚੰਗੇ ਇਨਸਾਨ ਦੀ ਰੱਖਿਆ ਦੀ ਗੱਲ ਕੀਤੀ ਹੋਵੇ। ਖ਼ਾਲਸੇ ਦੀ ਤਲਵਾਰ ਨੂੰ ਸਦਾ ਜਿੱਤ ਮਿਲਣ ਦੀ ਅਰਦਾਸ ਹੋਵੇ। ਖ਼ਾਲਸੇ ਨੂੰ ਪਹੁੰਚਣ ਵਾਲੀ ਮਦਦ ਹਮੇਸ਼ਾਂ ਜਾਰੀ ਰਹਿਣ ਦੀ ਗੱਲ ਹੋਵੇ। ਖ਼ਾਲਸਾ ਵਿਸ਼ਵ ਭਰ ਵਿਚ ਸਤਿਕਾਰਯੋਗ ਕਹਾਇਆ ਜਾਵੇ ਅਤੇ ਹਮੇਸ਼ਾਂ ਪ੍ਰਫੁਲਿਤ ਰਹੇ ! ਖ਼ਾਲਸੇ ਦਾ ਬੋਲ ਬਾਲਾ ਪੂਰੀ ਦੁਨੀਆਂ ਵਿਚ ਹੋਵੇ  !

ਰੁਜ਼ਾਨਾ ਏਨੀ ਉੱਚੀ ਸੁੱਚੀ ਸੋਚ ਗ੍ਰਹਿਣ ਕਰਦਿਆਂ ਬੰਦਾ ਸਿੰਘ ਬਹਾਦਰ ਹੌਲੀ ਹੌਲੀ ਪੱਕੀ ਤਰ੍ਹਾਂ ਲੜ ਮਰਨ ਦਾ ਜਜ਼ਬਾ ਮਨ ਵਿਚ ਪਾਲ਼ ਕੇ ਕੱਟੜ ਬਣਿਆ ਹੋਵੇਗਾ। ਬੰਦਾ ਸਿੰਘ ਨੂੰ ਪਤਾ ਸੀ ਕਿ ਸਰਬੰਸ ਵਾਰੀ ਬੈਠੇ ਗੁਰੂ ਸਾਹਿਬਾਨ ਨੂੰ ਆਪਣੀ ਫ਼ਿਕਰ ਨਹੀਂ ਹੈ  ! ਉਨ੍ਹਾਂ ਨੂੰ ਚਿੰਤਾ ਹੈ ਖ਼ਾਲਸੇ ਦੀ ਚੜ੍ਹਦੀ ਕਲਾ ਦੀ, ਜਾਬਰਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਜ਼ੁਲਮ ਸਹਿ ਰਹੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਵਾਉਣ ਦੀ ਅਤੇ ਖ਼ਾਲਸਾ ਪੰਥ ਤੁਰਦੇ ਅਤੇ ਸਾਬਤ ਸੂਰਤ ਰੱਖਣ ਦੀ  !

ਮਨੋਵਿਗਿਆਨਿਕ ਪੱਖੋਂ ਇਸ ਤਰ੍ਹਾਂ ਦਾ ਸਿਰੇ ਦਾ ਹਲੂਣਾ ਹੀ ਕਿਸੇ ਇਨਸਾਨ ਨੂੰ ਮਕਸਦ ਪ੍ਰਤੀ ਦ੍ਰਿੜ੍ਹ ਬਣਾਉਂਦਾ ਹੈ। ਉਹ ਵੀ ਕਿੱਦਾਂ ਦਾ ਦ੍ਰਿੜ੍ਹ ਕਿ ਜੰਬੂਰਾਂ ਨਾਲ ਮਾਸ ਪੁੱਟੇ ਜਾਣ ਜਾਂ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਕਰਵਾਉਣ ਉੱਤੇ ਵੀ ਟਸ ਤੋਂ ਮਸ ਨਾ ਹੋਇਆ  !

ਮੁਹੰਮਦ ਅਮੀਨ ਖ਼ਾਨ ਨੇ ਅੱਖੀਂ ਵੇਖ ਇਹ ਮੰਨਿਆ ਸੀ ਕਿ ਬੰਦਾ ਸਿੰਘ ਦੇ ਹਾਵ ਭਾਵ, ਬੁੱਧੀ ਤੇ ਨਿਆਂ ਪਸੰਦੀ ਮੂੰਹੋਂ ਬੋਲਦੀ ਤਸਵੀਰ ਸਨ।

ਮੁੰਤਖ਼ਾਬੂ ਅਲ ਲੁਬਾਬ, ਖਾਫ਼ੀ ਖਾਨ (1731) ਅਨੁਸਾਰ, ਮੁਹੰਮਦ ਅਮੀਨ ਖ਼ਾਨ ਨੇ ਜਦੋਂ ਕੈਦੀ ਬੰਦਾ ਸਿੰਘ ਨੂੰ ਪੁੱਛਿਆ ਕਿ ਬੰਦੇ ਨੇ ਇਹ ਰਾਹ ਕਿਉਂ ਚੁਣਿਆ ਹੈ ਤਾਂ ਉਸ ਦਾ ਜਵਾਬ ਹੀ ਸਪਸ਼ਟ ਕਰ ਦਿੰਦਾ ਹੈ ਕਿ ਉਸ ਦਾ ਮਨ ਕਿੰਨਾ ਪ੍ਰਵਰਤਿਤ ਹੋ ਚੁੱਕਿਆ ਸੀ: ‘‘ਸਭ ਧਰਮ ਜਾਤੀਆਂ ਵਿਚ ਜਦੋਂ ਵੀ ਮਨੁੱਖ ਦੁਆਰਾ ਪ੍ਰਮਾਤਮਾ ਦੀ ਬੇਹੱਦ ਹੁਕਮ ਅਦੂਲੀ ਹੁੰਦੀ ਹੈ, ਨਿਆਂ ਦੇਣ ਵਾਲਾ ਉਹ ਸੱਚਾ ਪਰਮਾਤਮਾ ਮੇਰੇ ਜਿਹੇ ਮਨੁੱਖ ਨੂੰ ਬਗ਼ਾਵਤ ਦਾ ਲਿਬਾਸ ਪਹਿਨਾ ਕੇ ਇਸ ਕੰਮ ਲਾਉਂਦਾ ਹੈ ਕਿ ਇਹੋ ਜਿਹੇ ਮਨੁੱਖਾਂ ਨੂੰ ਉਨ੍ਹਾਂ ਦੇ ਜੁਰਮਾਂ ਦੀ ਸਜ਼ਾ ਦਿੱਤੀ ਜਾ ਸਕੇ ਤਾਂ ਜੋ ਉਸ ਧਰਮ/ਜਾਤੀ ਤੋਂ ਉਸ ਦੇ ਮਾੜੇ ਕਰਮਾਂ ਦਾ ਬਦਲਾ ਲਿਆ ਜਾ ਸਕੇ। ਇਸ ਤੋਂ ਬਾਅਦ ਮੇਰਿਆਂ ਵਰਗਿਆਂ ਦੀਆਂ ਭੁੱਲਾਂ ਦੀ ਸਜ਼ਾ ਦੇਣ ਦੀ ਜ਼ਿੰਮੇਵਾਰੀ ਤੇਰੇ ਵਰਗੇ ਬੰਦਿਆਂ ਸਿਰ ਪੈਂਦੀ ਹੈ।’’

ਐਡਵਰਡ ਸਟੀਵਨਸਨ ਨੇ ਸੰਨ 1716 ਵਿਚ ਲਿਖਤੀ ਰੂਪ ਵਿਚ ਮੰਨਿਆ ਕਿ ਨਵਾਂ ਬਣਿਆ ਧਰਮ ‘ਸਿੱਖੀ’, ਏਨਾ ਬਾਕਮਾਲ ਹੈ ਕਿ 100 ਬੰਦਿਆਂ, ਜਿਨ੍ਹਾਂ ਦੇ ਸਿਰ ਕਲਮ ਕੀਤੇ ਗਏ ਅਤੇ ਮਹਾਨ ਬੰਦਾ ਸਿੰਘ ਜਿਸ ਨੂੰ ਟੱਬਰ ਸਮੇਤ ਕੈਦ ਕੀਤਾ ਗਿਆ ਅਤੇ ਤਿੱਖੇ ਕਿੱਲਾਂ ਵਾਲੇ ਛੋਟੇ ਪਿੰਜਰੇ ਵਿਚ ਬੰਦ ਕਰ ਕੇ ਬੰਦੇ ਨੂੰ ਹਾਥੀ ਉੱਤੇ ਬਿਠਾ ਜ਼ੁਲਮ ਦੀ ਅਤਿ ਕੀਤੀ ਗਈ, ਦੀ ਬਹਾਦਰੀ ਬਾਰੇ ਕੁੱਝ ਕਹਿਣ ਨੂੰ ਸ਼ਬਦਾਂ ਦੀ ਥੁੜ ਜਾਪਦੀ ਹੈ ! ਜਿਨ੍ਹਾਂ ਨੇ ਬੰਦਾ ਸਿੰਘ ਉੱਤੇ ਜ਼ੁਲਮ ਹੁੰਦਿਆਂ ਅੱਖੀਂ ਵੇਖਿਆ, ਉਹ ਸਾਰੇ ਮੰਨੇ ਕਿ ਮੌਤ ਨੂੰ ਲਾੜੀ ਦੇ ਤੁਲ ਮੰਨ ਕੇ, ਪ੍ਰਮਾਤਮਾ ਦਾ ਭਾਣਾ ਮੰਨ, ਪੂਰੀ ਨਿਡਰਤਾ ਨਾਲ, ਬਿਨਾਂ ਸੀ ਕੀਤਿਆਂ ਉਸ ਨੇ ਸ਼ਹੀਦੀ ਪ੍ਰਾਪਤ ਕੀਤੀ। ਕੁੱਝ ਨੇ ਤਾਂ ਇੱਥੋਂ ਤੱਕ ਕਿਹਾ ਕਿ ਬੰਦਾ ਸਿੰਘ ਨਾਲ ਬੰਦੀ ਸਿੰਘਾਂ ਨੇ ਜਿਸ ਸਿਦਕ ਦਿਲੀ ਅਤੇ ਸ਼ਾਨ ਨਾਲ ਸ਼ਹੀਦੀਆਂ ਦਿੱਤੀਆਂ, ਉਸ ਤਰ੍ਹਾਂ ਦੀ ਮੌਤ ਸਿਰਫ਼ ਸਿਰੇ ਦੇ ਬਹਾਦਰ ਹੀ ਪਰਨਾਉਂਦੇ ਹਨ।

ਇਸੇ ਬਹਾਦਰੀ ਅਤੇ ਅਡੋਲਤਾ ਸਦਕਾ ਉਸ ਸਮੇਂ ਸਿੱਖਾਂ ਦੇ ਵੱਡੇ ਤੋਂ ਵੱਡੇ ਕੁੱਝ ਵਿਰੋਧੀ ਵੀ ਮਨ ਅੰਦਰ ਸਿੱਖਾਂ ਦੀ ਪ੍ਰਸੰਸਾ ਕਰਨ ਲੱਗ ਪਏ ਸਨ। ਬੰਦੇ ਨੇ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ॥’’ ਨੂੰ ਤਨ ਮਨ ਨਾਲ ਹੰਢਾਇਆ ਅਤੇ ਮੌਤ ਸਾਹਮਣੇ ਵੇਖ ਇਸਲਾਮ ਕਬੂਲ ਕਰਨ ਨੂੰ ਜ਼ਮੀਰ ਦੀ ਮੌਤ ਮੰਨਦੇ ਹੋਏ ਸਰੀਰਕ ਮੌਤ ਨੂੰ ਮੰਗਿਆ।

ਅਣਮਨੁੱਖੀ ਤਸੀਹਿਆਂ ਨੂੰ, ਜਿਸ ਵਿਚ ਆਪਣੇ ਹੀ ਪੁੱਤਰ ਦਾ ਧੜਕਦਾ ਦਿਲ ਉਸ ਦੇ ਮੂੰਹ ਅੰਦਰ ਤੁੰਨਿਆ ਗਿਆ, ਜਿਸ ਧੀਰਜ ਅਤੇ ਅਡੋਲਤਾ ਨਾਲ ਸਹਿਨ ਕੀਤਾ, ਉਹ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਉੱਤੇ ਗੁਰੂ ਦੀ ਅਪਾਰ ਮਿਹਰ ਸੀ। ਗੁਰੂ ਦਾ ਲੜ੍ਹ ਛੱਡਣ ਤੋਂ ਇਨਕਾਰੀ ਸਭ ਬੰਦੀ ਸਿੱਖਾਂ ਨੇ ਮਰਨਾ ਕਬੂਲ ਕਰ ਲਿਆ ਕਿਉਂਕਿ ਉਹ ਜਾਣਦੇ ਸਨ ਕਿ ਮਰਨ ਬਾਅਦ ਉਨ੍ਹਾਂ ਉਸੇ ਪ੍ਰਮਾਤਮਾ ਵਿਚ ਲੀਨ ਹੋ ਜਾਣਾ ਹੈ ਜਿਸ ਦਾ ਸਿਮਰਨ ਉਹ ਰੁਜ਼ਾਨਾ ਕਰਦੇ ਸਨ !

ਗੁਰੂ ਸਾਹਿਬ ਨੇ ਹਮੇਸ਼ਾ ਲੜੋ ਜਾਂ ਮਰੋ, ਪਿੱਠ ਨਾ ਵਿਖਾਓ ਅਤੇ ਜਿੱਤ ਹਾਸਲ ਕਰੋ ਦਾ ਪਾਠ ਪੜ੍ਹਾਇਆ ਤੇ ਇਹੋ ਬੰਦਾ ਸਿੰਘ ਨੇ ਕੀਤਾ। ਉਸ ਆਪਣੇ ਸਾਥੀ ਸਿੱਖਾਂ ਨੂੰ ਜਿੱਤਣਾ ਸਿਖਾਇਆ। ਉਸ ਨੇ ਜੰਗ ਦਾ ਮੈਦਾਨ ਆਪ ਚੁਣਿਆ ! ਲੋਕਾਂ ਅੰਦਰ ਏਨਾ ਰੋਹ ਅਤੇ ਜੋਸ਼ ਭਰ ਦਿੱਤਾ ਕਿ ਤੋਪਾਂ ਅੱਗੇ ਵੀ ਲੋਕ ਬਰਛੇ, ਤਲਵਾਰਾਂ, ਇਥੋਂ ਤਕ ਕਿ ਗੰਡਾਸੇ ਲੈ ਕੇ ਵੀ ਨਿਕਲ ਪਏ ! ਇਹ ਲੋਕ ਰੋਹ ਦਰਅਸਲ ਉਸ ਅਤਿ ਦੇ ਜ਼ੁਲਮ ਵਿਰੁੱਧ ਸੀ ਜਿਸ ਵਿਚ ਲੋਕਾਂ ਨੇ ਸਾਹਿਬਜ਼ਾਦਿਆਂ ਦੇ ਕਤਲ ਨੂੰ ਆਪਣੇ ਉੱਤੇ ਸਿੱਧਾ ਵਾਰ ਮੰਨਿਆ ਅਤੇ ਜ਼ੁਲਮ ਦੀ ਇੰਤਹਾ ਗਿਣਿਆ।

ਇਤਿਹਾਸ ਵੀ ਦਰਅਸਲ ਸੱਚੀਂ ਮੁੱਚੀਂ ਵਿਗਿਆਨ ਹੀ ਹੁੰਦਾ ਹੈ। ਜਿਹੜੀ ਗੱਲ ਦਲੀਲ ਨਾਲ ਸਾਬਤ ਕੀਤੀ ਜਾ ਸਕੇ, ਉਹੀ ਸੱਚ ਮੰਨੀ ਜਾਂਦੀ ਹੈ। ਸਿੱਖ ਇਤਿਹਾਸ ਏਨਾ ਪੁਰਾਣਾ ਨਹੀਂ ਹੋਇਆ ਕਿ ਇਸ ਦੇ ਹਰ ਪਹਿਲੂ ਉੱਤੇ ਪਰਦਾ ਪੈ ਚੁੱਕਿਆ ਹੋਵੇ। ਗੁਰਿਲਾ ਲੜਾਈ ਵੀ ਇਕ ਅਜਿਹੀ ਮਿਸਾਲ ਹੈ, ਜਿੱਥੇ ਵੱਡੀ ਫੌਜ ਵਿਰੁੱਧ ਲੜਾਈ ਸਿਰਫ ਮਨ ਦੀ ਤਾਕਤ ਨਾਲ ਜਿੱਤੀ ਜਾਂਦੀ ਹੈ। ਸਾਰਾਗੜ੍ਹੀ ਦੀ ਲੜਾਈ ਵੀ ਮਨ ਦੀ ਤਾਕਤ ਨਾਲ ਲੜੀ ਜੰਗ ਦੀ ਇਕ ਵਿਲੱਖਣ ਮਿਸਾਲ ਹੈ। ਅਜਿਹੀ ਮਾਨਸਿਕ ਤਾਕਤ ਹੀ ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਬਣਾ ਗਈ।

ਪੂਰਨ ਸਿੰਘ ਜੀ ਅਨੁਸਾਰ, ‘‘ਮੌਤ ਤੋਂ ਜੋਸ਼ ਭਰੇ ਜੀਵਨ ਵਿਚ ਉੱਠ ਕੇ ਕੋਈ ਵੀ ਮਨੁੱਖ ਜਾਂ ਸਮਾਜ ਨਾ ਹੀ ਸਿਆਸੀ ਅਧੀਨਤਾ ਅਤੇ ਨਾ ਹੀ ਅਨਿਆਂ ਪੂਰਨ ਕਾਨੂੰਨਾਂ ਦੀ ਸਮਾਜਿਕ ਗ਼ੁਲਾਮੀ ਕਬੂਲ ਕਰ ਸਕਦਾ ਹੈ। ਗੁਰੂ ਵਾਸਤੇ ਸਿਆਸਤ ਦਾ ਅਰਥ ਹੈ ਸਾਰੇ ਸਮਾਜਿਕ ਅਨਿਆਂ, ਜ਼ੁਲਮਾਂ, ਗ਼ਰੀਬਾਂ ਤੋਂ ਨਾਜਾਇਜ਼ ਕਰ ਦੀ ਵਸੂਲੀ ਅਤੇ ਮਨੁੱਖ ਵੱਲੋਂ ਮਨੁੱਖ ਦੀ ਸਭ ਤਰ੍ਹਾਂ ਦੀ ਅਧੀਨਤਾ ਵਿਰੁੱਧ ਲੜਾਈ। ਆਜ਼ਾਦੀ ਤੋਂ ਬਿਨਾਂ ਕਿਤੇ ਵੀ ਨਾ ਧਰਮ ਵੱਧਦਾ ਫੁੱਲਦਾ ਹੈ ਤੇ ਨਾ ਕਲਾ। ਮਨੁੱਖੀ ਪ੍ਰੇਮ ਵੀ ਆਜ਼ਾਦੀ ਤੋਂ ਬਿਨਾਂ ਭ੍ਰਿਸ਼ਟ ਹੋ ਜਾਂਦਾ ਹੈ। ਆਜ਼ਾਦੀ ਸੱਚੀ ਸੰਸਕ੍ਰਿਤੀ ਲਈ ਸਾਹਾਂ ਦਾ ਕੰਮ ਕਰਦੀ ਹੈ। ਗੁਰੂ ਦੇ ਸਿੱਖ ਆਜ਼ਾਦੀ ਲਈ ਲੜੇ। ਆਜ਼ਾਦੀ ਦੀ ਲੜਾਈ ਗੁਰੂ ਵੱਲੋਂ ਸੁਰਜੀਤ ਕੀਤੀ ਗਈ ਆਤਮਿਕ ਚੇਤਨਾ ਦਾ ਸਬੂਤ ਹੈ।’’

ਗੁਰੂ ਨਾਨਕ ਸਾਹਿਬ ਵੱਲੋਂ ਲਿਆਈ ਗਈ ਕ੍ਰਾਂਤੀ ਵੱਖਰੀ ਕਿਸਮ ਦੀ ਜੀਵਨਸ਼ੈਲੀ ਸੀ ਜਿਸ ਵਿਚ ਜੀਵਨ ਵਿਚਲੇ ਰੁਝੇਵਿਆਂ ਦੇ ਨਾਲ ਅਕਾਲ ਪੁਰਖ ਦਾ ਸੁਨੇਹਾ ਦੂਰ ਤਕ ਪਹੁੰਚਾਉਣਾ ਅਤੇ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਸਿਆਸੀ ਹੈਂਕੜਬਾਜ਼ੀ ਨਾਲ ਨਜਿੱਠਣ ਦੇ ਯੋਗ ਬਣਾਉਣਾ ਹੀ ਟੀਚਾ ਸੀ  ! ਇਸ ਵਿਚ ਅਧਿਆਤਮਕ ਪੱਖ ਵਰਤਿਆ ਗਿਆ। ਸਿੱਖ ਦ੍ਰਿਸ਼ਟੀਕੋਣ ਅਤੇ ਅਰਦਾਸ ਸਿੱਖਾਂ ਨੂੰ ਹਰ ਸਮੇਂ ਗੁਰੂ ਸਾਹਿਬ ਦੇ ਦਰਸਾਏ ਮਾਰਗ ਉੱਤੇ ਚੱਲਣ ਲਈ ਪ੍ਰੇਰਦੇ ਹਨ ਤੇ ਕਦੇ ਕਿਸੇ ਦਾ ਹੱਕ ਨਹੀਂ ਮਾਰਨ ਦਿੰਦੇ।

ਏਸੇ ਲਈ ਖ਼ਾਲਸਾ ਫੌਜਾਂ ਨੇ ਉਕਸਾਏ ਜਾਣ ਬਾਅਦ ਵੀ ਕੱਟੜ ਮੁਸਲਮਾਨ ਦਾ ਕੇਂਦਰ (ਦਰਗਾਹ) ਦਾ ਨੁਕਸਾਨ ਨਹੀਂ ਕੀਤਾ ਭਾਵੇਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਕਿਉਂਕਿ ਗੁਰੂ ਸਾਹਿਬ ਵੱਲੋਂ ਮਿਲੀ ਸਿੱਖਿਆ ਅਨੁਸਾਰ ਖ਼ਾਲਸਾ ਕਿਸੇ ਦੂਜੇ ਧਰਮ ਦੇ ਪੂਜਨੀਕ ਸਥਾਨਾਂ ਦਾ ਨੁਕਸਾਨ ਨਹੀਂ ਕਰਦਾ ਅਤੇ ਹਰ ਧਰਮ ਦੀ ਆਜ਼ਾਦੀ ਦੀ ਖੁੱਲ੍ਹ ਦਿੰਦਾ ਹੈ।

ਅੱਜ ਦੇ ਦਿਨ ਵੀ ਲੋੜ ਹੈ ਕਿ ਇਨ੍ਹਾਂ ਸ਼ਹੀਦਾਂ ਦੀ ਸੋਚ ਨੂੰ ਰਸਮਾਂ ਵਿਚ ਨਾ ਬੰਨ੍ਹ ਦਿੱਤਾ ਜਾਏ ! ਇਹ ਸ਼ਹੀਦ ਭਾਵੇਂ ਬੰਦਾ ਸਿੰਘ ਬਹਾਦਰ ਹੋਵੇ ਤੇ ਭਾਵੇਂ ਸ਼ਹੀਦ ਭਗਤ ਸਿੰਘ ਤੇ ਭਾਵੇਂ ਰਾਜਗੁਰੂ ਜਾਂ ਸੁਖਦੇਵ  ! ਉਨ੍ਹਾਂ ਦੀ ਸੋਚ ਉੱਤੇ ਪਹਿਰਾ ਦੇਣ ਦੀ ਲੋੜ ਹੈ। ਵੇਖਿਓ ਕਿਤੇ ਉਹੀ ਸਰਮਾਏਦਾਰ, ਭ੍ਰਿਸ਼ਟ ਆਗੂ ਅਤੇ ਗ਼ਰੀਬਾਂ ਉੱਤੇ ਜ਼ੁਲਮ ਢਾਹੁਣ ਵਾਲੇ ਹੀ ਇਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਉੱਤੇ ਜੱਫਾ ਮਾਰ ਕੇ ਨਾ ਬਹਿ ਜਾਣ, ਜਿਨ੍ਹਾਂ ਵਿਰੁੱਧ ਜੰਗ ਛੇੜ ਕੇ ਉਹ ਜਾਨਾਂ ਵਾਰ ਗਏ ਸਨ। ਮਨੁੱਖ ਵੱਲੋਂ ਮਨੁੱਖ ਦੀ ਸਭ ਤਰ੍ਹਾਂ ਦੀ ਅਧੀਨਤਾ ਵਿਰੁੱਧ ਲੜਾਈ ਅੱਜ ਵੀ ਅਸੀਂ ਜਾਰੀ ਰੱਖਣੀ ਹੈ। ਜੇ ਇਸ ਤੋਂ ਉੱਕ ਗਏ ਤਾਂ ਸਮਝੋ ਅਸੀਂ ਗੁਰੂ ਤੋਂ ਬੇਮੁੱਖ ਹੋ ਗਏ ਹਾਂ ਅਤੇ ਅਨਿਆਂ ਨੂੰ ਸਹਿਣਾ ਆਤਮਿਕ ਮੌਤ ਹੀ ਮੰਨੀ ਜਾਂਦੀ ਹੈ ! ਇਸੇ ਮੌਤ ਵਿੱਚੋਂ ਨਿਕਲ ਕੇ ਜੋਸ਼ ਭਰੇ ਜੀਵਨ ਵਿਚ ਪਹੁੰਚ ਕੇ ਜ਼ਿੰਦਗੀ ਨੂੰ ਮਕਸਦ ਦੇਣਾ ਹੀ ਸਾਨੂੰ ਖ਼ਾਲਸ ਬਣਾ ਸਕਦਾ ਹੈ ਤੇ ਗੁਰੂ ਦੇ ਲੜ ਵਾਪਸ ਲਾ ਸਕਦਾ ਹੈ।

ਰਤਾ ਸੋਚੀਏ ਕਿ ਸਮੁੱਚੇ ਖ਼ਾਲਸੇ ਦੀ ਚੜ੍ਹਦੀਕਲਾ ਅਤੇ ਬਦੀ ਦੇ ਖ਼ਾਤਮੇ ਦੀ ਅਰਦਾਸ ਅਸੀਂ ਅੱਜ ਵੀ ਰੋਜ਼ ਕਰਦੇ ਹਾਂ, ਪਰ ਅਸੀਂ ਕੋਈ ਮਕਸਦ ਨਹੀਂ ਠਾਣਿਆ ਹੋਇਆ  ! ਇਸੇ ਲਈ ਉਹ ਸਿਰਫ਼ ਇਕ ਰਸਮ ਬਣ ਕੇ ਰਹਿ ਗਈ ਹੈ। ਕਾਬਲ ਆਗੂ ਹੇਠ ਆਪਣੀ ਜ਼ਿੰਦਗੀ ਨੂੰ ਸਿਰਫ਼ ਰਵਾਇਤ ਅਨੁਸਾਰ ਕਮਾ, ਖਾ, ਪੀ ਕੇ ਖ਼ਤਮ ਕਰਨ ਨਾਲੋਂ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਮਕਸਦ ਮਿੱਥ ਕੇ, ਬਦੀ ਦਾ ਖ਼ਾਤਮਾ ਕਰਨ ਦੀ ਸਹੁੰ ਖਾ ਕੇ ਜੇ ਅੱਜ ਵੀ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਰਹਿਨੁਮਾਈ ਲੈ ਕੇ ਤੁਰੇਗਾ ਤਾਂ ਯਕੀਨਨ ਇਸੇ ਸ਼ਕਤੀ ਨਾਲ ਭਰਪੂਰ ਹੋ ਉੱਠੇਗਾ ਤੇ ਮੌਤ ਨੂੰ ਲਾੜੀ ਤੁਲ ਮੰਨ ਇਤਿਹਾਸ ਸਿਰਜ ਸਕੇਗਾ, ਜਿਵੇਂ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੇ ਸਿਰਜਿਆ ਹੈ।

ਮੁਕਤਸਰ ਦੀ ਜੰਗ ਅਤੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਜੋੜ-ਮੇਲਾ

0

ਮੁਕਤਸਰ ਦੀ ਜੰਗ ਅਤੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਜੋੜ-ਮੇਲਾ

ਸ. ਕਿਰਪਾਲ ਸਿੰਘ (ਬਠਿੰਡਾ)-9855480797

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼, ਕੌਮ, ਹੱਕ, ਸੱਚ ਅਤੇ ਧਰਮ ਦੀ ਖ਼ਾਤਰ ਕਈ ਜੰਗਾਂ ਲੜੀਆਂ। ਉਨ੍ਹਾਂ ਨੇ ਹਰ ਵਾਰ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਅਤੇ ਭਾਣੇ ਵਿੱਚ ਰਹੇ। ਸੰਮਤ 1762 (ਸੰਨ 1705 ਈ:) ਵਿੱਚ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁਧ ਲੜਾਈ ਵਾਸਤੇ ਮਦਦ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ। ਇਹ ਫਰਿਆਦ ਸੁਣ ਕੇ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਇਸ ਤਰ੍ਹਾਂ ਲਾਹੌਰ, ਸਰਹੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰ ਲੰਮੇ ਸਮੇਂ ਤੱਕ ਨਿੱਤ ਦੀ ਲੜਾਈ ਕਾਰਨ ਖਾਲਸਾ ਫੌਜ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ। ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਸਲਾਹ ਦੇਣ ’ਤੇ 6-7 ਪੋਹ ਬਿਕ੍ਰਮੀ ਸੰਮਤ 1762 ਦੀ ਰਾਤ ਨੂੰ ਕਿਲ੍ਹਾ ਖਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਹਾਲੀ ਗੁਰੂ ਜੀ ਕੀਰਤਪੁਰ ਵੀ ਨਹੀਂ ਸੀ ਪਹੁੰਚੇ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿਛੋਂ ਹਮਲਾ ਕਰ ਦਿੱਤਾ। 7 ਪੋਹ ਦੀ ਸਵੇਰ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੋਈ ਅਤੇ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਅਤੇ ਬਹੁਤ ਸਾਰੇ ਸਿੰਘ ਅਲੱਗ ਥਲੱਗ ਹੋਣ ਕਾਰਨ ਗੁਰੂ ਜੀ ਤੋਂ ਵਿੱਛੜ ਗਏ, ਕੁਝ ਸ਼ਹੀਦ ਹੋ ਗਏ, ਕੀਮਤੀ ਸਾਹਿਤ ਤੇ ਭਾਰੀ ਮਾਤਰਾ ’ਚ ਹੋਰ ਮਾਲ-ਅਸਬਾਬ ਅਤੇ ਕਈ ਸਿੰਘਾਂ ਸਮੇਤ ਸਰਸਾ ਨਦੀ ’ਚ ਆਏ ਹੜ੍ਹ ਦੀ ਭੇਟ ਚੜ੍ਹ ਗਿਆ। ਸ਼ਾਮ ਨੂੰ 40 ਕੁ ਸਿੰਘਾਂ ਨਾਲ ਗੁਰੂ ਜੀ ਚਮਕੌਰ ਸਾਹਿਬ ਪਹੁੰਚ ਗਏ ਜਿੱਥੇ ਯੁੱਧ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ। 8 ਪੋਹ ਨੂੰ ਚਮਕੌਰ ਸਾਹਿਬ ਵਿਖੇ ਘਸਮਾਨ ਦਾ ਯੁੱਧ ਹੋਇਆ ਜਿਸ ਵਿੱਚ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਸਮੇਤ 40 ਸਿੰਘ; ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ ਇਹ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ ਹੀ ਹੈ। ਇਸ ਦਿਨ ਦੋ ਸਾਹਿਬਜ਼ਾਦੇ ਤਿੰਨ ਪਿਆਰਿਆਂ ਤੋਂ ਇਲਾਵਾ 30 ਤੋਂ ਵੱਧ ਸਿੰਘ ਸ਼ਹੀਦ ਹੋ ਗਏ। ਅਗਲੀ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਹੁਕਮ ਨੂੰ ਸਵੀਕਾਰ ਕਰਦਿਆਂ 8-9 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸੰਘ ਜੀ ਨੇ ਪੰਜ ਪਿਆਰਿਆਂ ਵਿੱਚੋਂ ਬਚੇ ਬਾਕੀ ਦੋ ਪਿਆਰੇ- ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਛੱਡ ਦਿੱਤੀ ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਪਹੁੰਚੇ। ਭਾਈ ਸੰਗਤ ਸਿੰਘ ਜੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਗੜ੍ਹੀ ਛਡਣ ਤੋਂ ਪਹਿਲਾਂ ਆਪਣੀ ਕਲਗੀ ਅਤੇ ਬਸਤਰ ਪਹਿਨਾਏ ਸਨ; ਸਮੇਤ ਬਾਕੀ ਦੇ ਸਾਰੇ ਦੇ ਸਾਰੇ ਹੀ ਸਿੰਘ 9 ਪੋਹ ਨੂੰ ਸ਼ਹੀਦ ਹੋ ਗਏ। ਉਧਰ 13 ਪੋਹ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਵਜ਼ੀਦ ਖ਼ਾਨ ਦੇ ਹੁਕਮ ਨਾਲ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਅਤੇ ਉਸੇ ਦਿਨ ਮਾਤਾ ਗੁੱਜਰ ਕੌਰ ਜੀ ਵੀ ਚੜ੍ਹਾਈ ਕਰ ਗਏ।

ਮਾਛੀਵਾੜੇ ਤੋਂ ਮੁਕਤਸਰ ਪਹੁੰਚਣ ਤੱਕ ਕਿਤਨਾ ਸਮਾਂ ਲੱਗਿਆ ਅਤੇ ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਇਤਿਹਾਸਕਾਰਾਂ ਦੀਆਂ ਮੁੱਖ ਤੌਰ ’ਤੇ ਦੋ ਰਾਵਾਂ ਪ੍ਰਚਲਤ ਹਨ। ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ 21 ਵੈਸਾਖ ਬਿਕ੍ਰਮੀ ਸੰਮਤ 1762 ਦਾ ਲਿਖਿਆ ਹੈ। ਬਹੁਤ ਸਾਰੇ ਵਿਦਵਾਨ ਇਸ ਤਰੀਖ ਨਾਲ ਹੀ ਸਹਿਮਤ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੁਕਤਸਰ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਦਿਹਾੜਾ 1 ਮਾਘ (ਮਾਘੀ) ਦੇ ਨਾਲ ਨਾਲ 21 ਵੈਸਾਖ ਨੂੰ ਵੀ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ। ਸੋ ਐਸਾ ਸਮਾਂ ਜਦੋਂ ਪਾਣੀ ਦੀ ਕਿੱਲਤ ਕਾਰਨ ਹੀ ਪਿੱਛੇ ਹਟਣਾ ਪਵੇ ਉਹ ਕਦਾਚਿਤ ਵੀ ਕੜਾਕੇ ਦੀ ਠੰਡ ਵਾਲਾ ਪੋਹ-ਮਾਘ ਦਾ ਨਹੀਂ ਹੋ ਸਕਦਾ ਬਲਕਿ ਗਰਮੀ ਦਾ ਮੌਸਮ ਵੈਸਾਖ-ਜੇਠ ਹੀ ਹੋ ਸਕਦੇ ਹਨ। ਇਸ ਲਈ 21 ਵੈਸਾਖ ਦੀ ਤਰੀਖ ਵਧੇਰੇ ਦਰੁਸਤ ਜਾਪਦੀ ਹੈ। ਪਰ ਗੁਰੂ ਸਾਹਿਬ ਜੀ ਦੇ ਮਾਛੀਵਾੜੇ ਤੋਂ ਮੁਕਤਸਰ, ਮੁਕਤਸਰ ਤੋਂ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਪਹੁੰਚ, ਠਹਿਰਾ ਅਤੇ ਨਾਂਦੇੜ ਨੂੰ ਰਵਾਨਗੀ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਮੁਕਤਸਰ ਦੀ ਜੰਗ 30 ਪੋਹ ਅਤੇ ਸ਼ਹੀਦ ਹੋਏ ਸਿੰਘ ਦੇ ਸਸਕਾਰ ਦੀ ਮਿਤੀ 1 ਮਾਘ ਹੀ ਸਹੀ ਜਾਪਦਾ ਹੈ। ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ. ਗੰਡਾ ਸਿੰਘ ਜੀ ਗੁਰ ਸੋਭਾ ਦੀ ਭੂਮਿਕਾ ਵਿਚ ਪੰਨਾ 57 ’ਤੇ ਸਾਰੇ ਪੁਰਾਤਨ ਸ੍ਰੋਤਾਂ ਦੇ ਆਧਾਰ ’ਤੇ ਲਿਖਦੇ ਹਨ ਕਿ: ਇਹ ਜੰਗ 30 ਪੋਹ ਸੰਮਤ 1762 (29 ਦਸੰਬਰ 1705 ਈ:) ਮਾਘ ਵਦੀ 10 ਲੋਹੜੀ ਦੇ ਦਿਨ ਹੋਈ। ਅਗਲੇ ਦਿਨ ਮਾਘੀ (ਮਾਘ ਦੀ ਸੰਗਰਾਂਦ) ਸੀ ਜਿਸ ਦਿਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ ਦੇ ਗੁਰਬਿਲਾਸ ਪਾ: 10, ਸੁੱਖਾ ਸਿੰਘ ਦੇ ਗੁਰਬਿਲਾਸ ਪਾ: 10 , ਸਰੂਪ ਸਿੰਘ ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਦੇ ਸਿੰਘ ਸਾਗਰ, ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਵਿਚ ਮਾਘ ਦੀ ਸੰਗਰਾਂਦ ਦਿੱਤਾ ਹੋਇਆ ਹੈ ਜੋ ਕਿ ਸਸਕਾਰ ਦਾ ਦਿਨ ਹੈ। ਸੁਖਾ ਸਿੰਘ ਕਿ੍ਰਤ ਗੁਰਬਿਲਾਸ, ਭਾਈ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ 9 ਮਹੀਨੇ 9 ਦਿਨ ਠਹਿਰੇ ਸਨ ਅਤੇ ਇੱਥੋਂ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਵੱਲ ਕੂਚ ਕੀਤਾ। ਪਿਛੇ ਨੂੰ ਗਿਣਤੀ ਕੀਤਿਆਂ ਇਸ ਅਨੁਸਾਰ ਮੁਕਤਸਰ ਦਾ ਜੁੱਧ ਲੋਹੜੀ-ਮਾਘੀ ਸੰਮਤ 1762 ਨੂੰ ਬਿਲਕੁਲ ਠੀਕ ਬੈਠਦਾ ਜਾਪਦਾ ਹੈ ਜਦੋਂ ਕਿ 29-30 ਦਸੰਬਰ ਸੰਨ 1705 ਸੀ ਅੱਜ ਕਲ੍ਹ ਮਾਘੀ 13 ਜਨਵਰੀ ਨੂੰ ਆਉਂਦੀ ਹੈ। ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1705 ਈ; ਨੂੰ ਪੁੱਜੇ ਹੋਣਗੇ। 31 ਦਸੰਬਰ ਤੋਂ 21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤੱਕ ਸਫਰ ਵਿਚ ਲੱਗ ਗਏ ਜਾਪਦੇ ਹਨ। ਮੁਕਤਸਰੋਂ ਦਮਦਮਾ ਸਾਹਿਬ ਸਿਧਾ ਪੰਧ 48 ਕੁ ਮੀਲ ਹੈ ਪਰ ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿੱਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਇੰਨੇ ਕੁ ਦਿਨ ਤਾਂ ਲੱਗਣੇ ਸੁਭਾਵਕ ਹੈ।

ਵੈਸਾਖ ਵਿਚ ਇਹ ਜੰਗ ਹੋਈ, ਇਹ ਗੱਲ ਕਿਵੇਂ ਪ੍ਰਚਲਤ ਹੋ ਗਈ ? ਇਸ ਬਾਰੇ ਵੀ ਡਾ. ਗੰਡਾ ਸਿੰਘ ਜੀ ਪੰਨਾ 57-58 ’ਤੇ ਲਿਖਦੇ ਹਨ ਕਿ: ‘ਗਿ: ਗਿਆਨ ਸਿੰਘ ਨੇ ਪਹਿਲਾਂ ਆਪਣੀ ਕਿ੍ਰਤ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪ੍ਰਕਾਸ਼ ਵਿਚ ਮੁਕਤਸਰ ਦੇ ਜੁੱਧ ਦੀ ਤਾਰੀਖ ਵੈਸਾਖ ਦਿੱਤੀ ਸੀ ਪਰ ਸੰਮਤ ਕਿਧਰੇ 1761 ਅਤੇ ਕਿਧਰੇ 1762 ਦਿੱਤਾ ਹੋਇਆ ਸੀ। ਪਰ ਤਵਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿਚ ਜੋ ਸੰਨ 1923 ਈ: ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚ ਤਾਰੀਖ ਨੂੰ ਠੀਕ ਕਰ ਦਿੱਤਾ ਗਿਆ ਅਤੇ ਲਿਖਿਆ ਗਿਆ ਕਿ ਇਹ ਜੁੱਧ ਏਕਮ ਮਾਘ 1762 ਨੂੰ ਹੋਇਆ ਸੀ।’

ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿੱਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ ਭਾਈ ਨਬੀ ਖ਼ਾਨ, ਗ਼ਨੀ ਖਾਨ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਅੱਗੇ ਪਹੁੰਚਾਇਆ ਸੀ। ਕਾਰਨ ਸਪੱਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ। ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ’ਤੇ ਜਾ ਪਹੁੰਚੀਆਂ ਹਨ ਜਿੱਥੇ ਭਾਰੀ ਜੰਗ ਹੋਇਆ। ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖਲ ਨਹੀਂ ਦੇ ਸਕਦਾ ਸੀ। ਚੌਧਰੀ ਡੱਲਾ ਜੋ ਗੁਰੂ ਜੀ ਦਾ ਅਨਿੰਨ ਸ਼ਰਧਾਲੂ ਸੀ; ਨੂੰ ਵਜ਼ੀਰ ਖਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਸੀ ਮਨਾਇਆ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ। ਜਦੋਂ ਸੂਬਾ ਸਰਹਿੰਦ ਦੀਆਂ ਫੌਜਾਂ ਬਹੁਤ ਹੀ ਤੇਜੀ ਨਾਲ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 9 ਪੋਹ ਤੋਂ 23 ਵੈਸਾਖ ਤੱਕ ਸਾਢੇ ਚਾਰ ਮਹੀਨੇ ਦਾ ਸਮਾਂ ਗੁਰੂ ਜੀ ਉਸ ਦੇ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ’ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤੱਕ ਦੇ ਸਮੇਂ ਨੂੰ ਇਵੇਂ ਵਧੇਰੇ ਸਮਝ ਸਕਦੇ ਹਾਂ: 6 ਪੋਹ 1762 ਅਨੰਦਪੁਰ ਸਾਹਿਬ, 7 ਪੋਹ ਸਿਰਸਾ ਨਦੀ ਦਾ ਕੰਢਾ (ਰੋਪੜ), 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ, 14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ- ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚੱਲ ਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, (22 ਪੋਹ ਨੂੰ ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ), 26 ਪੋਹ ਭਗਤਾ ਠਹਿਰੇ, 27 ਪੋਹ ਬਰਗਾੜੀ, ਬਹਿਬਲ, ਸਰਾਵਾਂ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤੋ, ਰਾਮੇਆਣਾ ਠਹਿਰੇ, 30 ਪੋਹ ਰੂਪਾਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ, 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।

ਦੂਜੇ ਪਾਸੇ, ਸਰਸਾ ਨਦੀ ਦੇ ਕੰਢੇ ’ਤੇ ਹੋਈ ਜੰਗ ਦੌਰਾਨ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਤੋਂ ਵਿੱਛੜਨ ਵਾਲੇ ਸਿੰਘ ਜਦ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖ਼ਬਰਾਂ ਸੁਣ ਕੇ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਵੀ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿੱਚ ਲੜ-ਮਰਨ ਲਈ ਚੱਲ ਪਏ। ਮਾਈ ਭਾਗੋ ਮਰਦਾਵੇਂ ਵੇਸ ਵਿਚ ਇਨ੍ਹਾਂ ਦੇ ਨਾਲ ਸੀ। ਰਸਤੇ ਵਿੱਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।

ਓਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਇਕੋਟ, ਦੀਨਾ ਆਦਿ ਹੁੰਦੇ ਹੋਏ ਜਦ ਕੋਟਕਪੂਰਾ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫੌਜ਼ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣਾਂ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿੱਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਿਵਾਇਆ। ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ।

ਕਲਗੀਧਰ ਪਾਤਸ਼ਾਹ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ‘ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਸਮੇਂ ਦੇ ਗੇੜ ਅਤੇ ਬਿਖੜੇ ਹਾਲਤਾਂ ਕਾਰਨ ਅਸੀਂ ਆਪ ਜੀ ਤੋਂ ਵਿੱਛੜ ਗਏ ਸਾਂ ਉਸ ਨੂੰ ਨਾ ਚਿਤਾਰਦੇ ਹੋਏ ਸਾਨੂੰ ਬਖ਼ਸ਼ ਕੇ ਟੁੱਟੀ ਗੰਢ ਲਉ।’ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਬਖ਼ਸ਼ਿਸ਼ ਕੀਤੀ ਅਤੇ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ (ਸਰੋਵਰ) ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ’ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦਾ ਹੈ।

40 ਮੁਕਤਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਵਾਲੇ ਦਿਨ ਭਾਰੀ ਜੋੜ ਮੇਲਾ ਲਗਦਾ ਹੈ ਪਰ ਅਫਸੋਸ ਇਹ ਹੈ ਕਿ ਇਸ ਦਿਨ ਸ਼ਹੀਦ ਸਿੰਘਾਂ ਜਾਂ 40 ਮੁਕਤਿਆਂ ਦੀ ਗੁਰੂ ਸਾਹਿਬ ਜੀ ਨਾਲ ਪ੍ਰੀਤ ਅਤੇ ਉਨ੍ਹਾਂ ਅੱਗੇ ਸਮਰਪਨ ਭਾਵਨਾਂ ਤੋਂ ਪ੍ਰੇਰਣਾ ਲੈਣ ਦੀ ਬਜਾਏ ਇਸ ਲਹੂ ਭਿੱਜੇ ਦਿਹਾੜੇ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਕੇ ਇੱਕ ਦੂਸਰੇ ’ਤੇ ਦੂਸ਼ਣਬਾਜ਼ੀ ਦੇ ਚਿੱਕੜ ਸੁੱਟਣ ਦੀ ਭੇਂਟ ਚੜ੍ਹਾ ਦਿੱਤਾ ਜਾ ਰਿਹਾ ਹੈ। ਸਾਰੇ ਸਿਆਸੀ ਦਲਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਪੰਥ ਦੀ ਇੱਕੋ ਇੱਕ ਨੁੰਮਾਇੰਦਾ ਜਥੇਬੰਦੀ ਦੱਸਦਾ ਨਹੀਂ ਥਕਦਾ ਉਸ ਲਈ ਸੋਚਣਾ ਬਣਦਾ ਹੈ ਕਿ 40 ਮੁਕਤਿਆਂ ਨੇ ਤਾਂ ਬਹੁਤ ਹੀ ਬਿਖੜੇ ਸਮੇਂ ਅਤੇ ਹਾਲਾਤਾਂ ਵਿੱਚ ਗੁਰੂ ਸਾਹਿਬ ਜੀ ਤੋਂ ਵਿੱਛੜ ਜਾਣ ਦਾ ਧੁਰ ਅੰਦਰੋਂ ਪਸਚਾਤਾਪ ਕੀਤਾ ਅਤੇ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਜੀ ਤੋਂ ਟੁੱਟੀ ਗੰਢਵਾ ਲਈ ਪਰ ਅੱਜ ਦੇ ਸਾਡੇ ਪੰਥਕ ਆਗੂ ਰਾਜ ਭਾਗ ਮਾਣਦੇ ਹੋਏ ਵੀ ਹਰ ਰੋਜ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੂੰ ਵੇਦਾਵਾ ਲਿਖ ਕੇ ਦੇ ਰਹੇ ਹਨ ਅਤੇ ਅੱਜ ਤੱਕ ਕਦੀ ਆਪਣਾ ਵੇਦਾਵਾ ਪੜਵਾਉਣ ਜਾਂ ਟੁੱਟੀ ਗੰਢਵਾਉਣ ਬਾਰੇ ਕਦੀ ਸੋਚਣ ਦਾ ਸਮਾਂ ਕੱਢਣਾ ਵੀ ਵਾਜ਼ਬ ਨਹੀਂ ਸਮਝਦੇ। ਜਿਹੜੇ ਇਸ ਦੁਖਾਂਤ ਨੂੰ ਸਮਝਦੇ ਹਨ ਉਨ੍ਹਾਂ ਨੂੰ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਭੁੱਲੜ ਅਖੌਤੀ ਪੰਥਕ ਆਗੂਆਂ ਨੂੰ ਗੁਰੂ ਜੀ ਸੁਮੱਤ ਬਖ਼ਸ਼ਣ।

ਬਾਬਾ ਅਜੀਤ ਸਿੰਘ ਜੀ

0

ਬਾਬਾ ਅਜੀਤ ਸਿੰਘ ਜੀ

ਭਾਈ ਅਮਨਦੀਪ ਸਿੰਘ

‘ਯਹ ਜਾਂ ਤੋ ਆਨੀ ਜਾਨੀ ਹੈ ਇਸ ਜਾਂ ਕੀ ਕੋਈ ਬਾਤ ਨਹੀਂ। ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵੁਹ ਸ਼ਾਨ ਸਲਾਮਤ ਰਹਤੀ ਹੈ।’ ਦੁਨੀਆਂ ਵਿਚ ਤਿੰਨ ਤਰ੍ਹਾਂ ਦੇ ਇਨਸਾਨ ਮਹਾਨਤਾ ਰੱਖਦੇ ਹਨ। ਪਹਿਲੇ ਉਹ ਜਿਹੜੇ ਆਪ ਸਾਧਾਰਨ ਪੱਧਰ ਦੇ ਹੁੰਦੇ ਹਨ ਪਰ ਉਹਨਾਂ ਦੇ ਵਡੇਰੇ ਬੜੇ ਮਹਾਨ ਹਨ। ਦੂਜੇ ਉਹ ਜਿਹੜੇ ਆਪ ਮਹਾਨ ਸਨ ਪਰ ਉਹਨਾਂ ਦੇ ਵਡੇਰੇ ਅਤੇ ਸੰਤਾਨ ਸਧਾਰਨ ਪੱਧਰ ਦੇ ਸਨ। ਤੀਜੇ ਉਹ ਜਿਹੜੇ ਨਾ ਆਪ ਮਹਾਨ ਸਨ, ਨਾ ਉਹਨਾਂ ਦੇ ਵਡੇਰੇ ਮਹਾਨ ਸਨ ਬਲਕਿ ਉਹਨਾਂ ਦੀ ਸੰਤਾਨ ਮਹਾਨ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਇਹਨਾਂ ਤਿੰਨਾਂ ਕਿਸਮਾਂ ਤੋਂ ਵਖਰੀ ਹੈ। ਉਹਨਾਂ ਦੇ ਪਿਤਾ, ਦਾਦਾ, ਪੜਦਾਦਾ ਆਪ ਵੀਕੁਰਬਾਨੀ ਦੇ ਪੁੰਜ ਸਨ। ਅੱਜ ਆਪਾਂ ਬਾਬਾ ਅਜੀਤ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਗੱਲ ਕਰਾਂਗੇ। ਬਾਬਾ ਅਜੀਤ ਸਿੰਘ ਜੀ ਦਾ ਜਨਮ 29 ਮਾਘ 1743 ਬਿਕਰਮੀ (1686 ਈ.) ਵਿਚ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਪਾਉਂਟਾ ਸਾਹਿਬ ਵਿਖੇ ਹੋਇਆ। ਸੰਸਾਰ ਵਿਚ ਸਰੀਰ ਕਰਕੇ ਕਰੀਬਨ 18 ਸਾਲ ਰਹੇ ਪਰ ਸਿੱਖਜਗਤ, ਆਪ ਜੀ ਨੂੰ ਅਦਬ ਨਾਲ ‘ਬਾਬਾ’ ਸ਼ਬਦ ਨਾਲ ਸੰਬੋਧਨ ਕਰਦਾ ਹੈ ਕਿਉਂਕਿ ਉਮਰ ਭਾਂਵੇ ਛੋਟੀ ਹੈ ਪਰ ਕਰਣੀ ਬਾਬਿਆਂ ਵਾਲੀ ਉੱਚੀ ਤੇ ਸੁੱਚੀ ਹੈ। ਉਹ ਕੇਵਲ ਨਾਮ ਦੇ ‘ਅਜੀਤ’ ਨਹੀਂ ਬਲਕਿ ਕਰਮ ਦੇ, ਅਸੂਲਾਂ ਦੇ, ਸੋਚ ਦੇ, ਜਮੀਰ ਦੇ ਜੇਤੂ ਹਨ। ਜੇਤੂ ਉਹ ਨਹੀਂ ਜਿਹੜਾ ਦੁਸ਼ਮਣ ਦੇ ਟੋਟੇ ਟੋਟੇ ਕਰ ਦੇਵੇ ਬਲਕਿ ਜੇਤੂ ਉਹ ਹੈ ਜਿਹੜਾ ਆਪਣੇ ਟੋਟੇ ਟੋਟੇ ਕਰਵਾ ਕੇ ਵੀ ਆਪਣੇ ਅਕੀਦੇ ਤੇ ਸਿਧਾਂਤ ਨੂੰ ਟੋਟੇ ਟੋਟੇ ਨਾ ਹੋਣ ਦੇਵੇ ਅਤੇ ਦਿਲ ਦੀ ਸਾਬਤੀ ਰੱਖੇ। ਚਮਕੌਰ ਦੇ ਜੰਗ ਵਿਚ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਂ ਨੂੰ ਸਾਰਥਕ ਕਰ ਵਿਖਾਇਆ। ਕਈ ਇਤਿਹਾਸਕ ਸੋਮਿਆਂ ਵਿਚ ਆਪ ਜੀ ਦਾ ਨਾਂ ਥੋੜਾ ਫਰਕ ਨਾਲ ਹੈ। ਜਿਵੇਂ ਕਵੀ ਸੈਣਾ ਸਿੰਘ ਨੇ ਸ੍ਰੀ ਗੁਰੂ ਸ਼ੋਭਾ ਵਿਚ ਰਣਜੀਤ ਸਿੰਘ ਜਾਂ ਜੀਤ ਸਿੰਘ ਲਿਖਿਆ ਹੈ ‘ਥਾਹਿ ਸਮੇਂ ਕਾਰਣ ਕਰਣ ਲੀਨੋ ਸਿੰਘ ਬੁਲਾਇ ॥ ਕਹੀ ਸਿੰਘ ਰਣਜੀਤ ਸੌ ਦੂਤਨ ਦੇਹੁ ਸਜਾਇ।੨੪॥, ਕਰਤ ਮਾਰ ਚਾਰੋਂ ਦਿਸ਼ਾ ਜੀਤ ਸਿੰਘ ਅਸਵਾਰ। ਸਾਂਗ ਤਜੀ ਕਰ ਤੇ ਤਬੈ ਗਹਿ ਲੀਨੀ ਕਰਵਾਰ। ੫੦॥’

ਬਾਦ ਦੇ ਇਤਿਹਾਸਕਾਰਾਂ ਨੇ ਨਾਮ ਅਜੀਤ ਸਿੰਘ ਹੀ ਲਿਖਿਆ ਹੈ, ਅਸੀਂ ਨਾਮ ਦੀ ਬਹਿਸ ਵਿਚ ਨਹੀਂ ਪੈਣਾ। ਹਾਂ, ਇਕ ਜੀਤ ਸਿੰਘ ਨਾਂ ਦਾ ਪਾਲਿਤ ਪੁੱਤਰ ਵੀ ਸੀ ਜੋ ਮਾਤਾ ਸੁੰਦਰ ਕੌਰ ਜੀ ਨੇ ਪੁਤਰਾਂ ਦੀ ਸ਼ਹੀਦੀ ਤੋਂ ਬਾਦ ਪਾਲਿਆ। ਬਾਦ ਵਿਚ ਇਹ ਆਗਿਆਕਾਰ ਨਹੀਂ ਸੀ ਰਿਹਾ। ਇਸ ਨੂੰ ਸ਼ਿਕਾਰ ਤੇ ਅਸਤ੍ਰਾ ਸ਼ਸਤ੍ਰਾਂ ਦਾ ਬੜਾ ਸ਼ੌਕ ਸੀ। ਇਕ ਵਾਰ ਕੋਈ ਫਕੀਰ ਪੈਸੇ ਮੰਗ ਰਿਹਾ ਸੀ। ਇਸ ਦੇ ਕਹਿਣ ਤੇ ਸਾਥੀ ਅਸਵਾਰਾਂ ਨੇ ਉਸ ਫਕੀਰ ਨੂੰ ਕੁਟਿਆ ਤੇ ਉਸ ਦੀ ਮੌਤ ਹੋ ਗਈ। ਇਸ ’ਤੇ ਮੁਕੱਦਮਾ ਚਲਿਆ ਤੇ ਸੰਨ 1913 ਵਿਚ 50 ਸਾਥੀਆਂ ਸਮੇਤ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਭਾਈ ਚੌਪਾ ਸਿੰਘ ਵਰਗੇ ਬਜੁਰਗ ਵੀ ਇਸੇ ਸਮੇਂ ਸ਼ਹੀਦ ਹੋਏ। ਸਬਜ਼ੀ ਮੰਡੀ ਦਿੱਲੀ ਪਾਸ ਇਸ ਦਾ ਦੇਹਰਾ ਹੈ ਤੇ ਇਸ ਦੇ ਸ਼ਰਧਾਲੂ ‘‘ਜੀਤੀ ਸੰਗਤਿ’’ ਅਖਵਾਉਂਦੇ ਹਨ। ਪਿੱਛੋਂ ਇਸ ਦਾ ਪੁੱਤਰ ਹਠੀ ਸਿੰਘ ਬੁਰਹਾਨਪੁਰ ਵਿੱਚ ਇਸ ਦੀ ਗੱਦੀ ’ਤੇ ਬੈਠਾ। ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਅਤੇ ਪਾਲਿਤ ਅਜੀਤ ਸਿੰਘ ਵੱਖਰੇ-ਵੱਖਰੇ ਸਨ। ਬਾਬਾ ਅਜੀਤ ਸਿੰਘ ਜੀ ਬੜੇ ਕਰਮਯੋਗੀ ਸਨ, ਇੱਕ ਵਾਰ ਜਦੋਂ ਬਸੀ ਦਾ ਪਠਾਣ ਜਾਬਰ ਖਾਨ, ਦੇਵਦਾਸ ਬ੍ਰਾਹਮਣ ਦੀ ਇਸਤਰੀ ਧੱਕੇ ਨਾਲ ਚੁੱਕ ਕੇ ਲੈ ਗਿਆ ਤਾਂ ਉਸ ਨੂੰ ਛੁਡਾ ਕੇ ਲਿਆਉਣ ਦੀ ਸੇਵਾ ਬਾਬਾ ਅਜੀਤ ਸਿੰਘ ਜੀ ਨੇ ਨਿਭਾਈ। ਅੱਜ ਜਦੋਂ ਕਿ ਸਮਾਜ ਵਿਚ ਔਰਤਾਂ ’ਤੇ ਹੋ ਰਹੇ ਜੁਲਮਾਂ ਦੀਆਂ ਖਬਰਾਂ ਅਸੀਂ ਨਿਤਾਪ੍ਰਤੀ ਪੜ੍ਹਦੇ ਹਾਂ ਤਾਂ ਸਾਨੂੰ ਨੌਜਵਾਨ ਪੀਹੜੀ ਨੂੰ ਬਾਬਾ ਅਜੀਤ ਸਿੰਘ ਜੀ ਦੀ ਜੀਵਨ ਰੋਸਨੀ ਵਿੱਚ ਆਪਾ ਚੀਨਣ ਦੀ ਲੋੜ ਹੈ। ਅਸੀਂ ਦੁਨੀਆਂ ਵਿੱਚ ਕਈ ਵਾਰ ਦੇਖਦੇ ਹਾਂ ਕਿ ਕਈ ਧਾਰਮਿਕ ਅਤੇ ਸਿਆਸੀ ਆਗੂ ਮੁਸੀਬਤ ਵੇਲੇ ਆਪਣੀ ਔਲਾਦ ਨੂੰ ਛੁਪਾ ਲੈਂਦੇ ਹਨ। ਆਪਣੇ ਬੱਚਿਆਂ ਨੂੰ ਬਚਾਉਣ ਲਈ ਦੂਜੇ ਦੇ ਬੱਚਿਆ ਨੂੰ ਕੁਰਬਾਨ ਕਰ ਦੇਂਦੇ ਹਨ, ਪਰ ਗੁਰੂ ਸਾਹਿਬ ਜੀ ਦੀ ਮਰਜ਼ੀ ਅਨੁਸਾਰ ਬਾਬਾ ਅਜੀਤ ਸਿੰਘ ਜੀ ਨੇ ਕਿਲਾ ਛੱਡਣ ਤੋਂ ਬਾਦ ਆਪ ਮੂਹਰੇ ਹੋ ਕੇ ਵਹੀਰ ਦੀ ਰੱਖਿਆ ਕੀਤੀ। ਸਾਹਿਬਜ਼ਾਦਿਆ ਦੀ ਕੁਰਬਾਨੀ ਇਤਨੀ ਬੇਮਿਸਾਲ ਹੈ ਕਿ ਜਿਸ ਨੇ ਕਈ ਕਵੀਆਂ ਦੀ ਕਲਮ ਨੂੰ ਪ੍ਰਭਾਵਿਤ ਕੀਤਾ। ਹਿੰਦੀ ਦੇ ਪ੍ਰਸਿੱਧ ਕਵੀ ਮੈਥਲੀ ਸ਼ਰਣ ਗੁਪਤ ਦੀ ਕਲਮ ਬੋਲ ਉਠੀ ‘‘ਜਿਸ ਕੁਲ ਜਾਤਿ ਦੇਸ਼ ਕੇ ਬੱਚੇ ਦੇ ਸਕਤੇ ਹੈ ਯੋ ਬਲਿਦਾਨ॥ ਉਸ ਦਾ ਵਰਤਮਾਨ ਕੁਝ ਭੀ ਹੋ ਪਰ ਭਵਿਸਯ ਹੈ ਮਹਾਂ ਮਹਾਨ।’’ ਮਿਰਜ਼ਾ ਮੁਹੰਮਦ ਅਬਦੁਨ ਗਨੀ ਨੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਨੂੰ ‘‘ਜੋਹਰਿ ਤੇਗ’’ ਵਿਚ ਇਸ ਤਰ੍ਹਾਂ ਪੇਸ਼ ਕੀਤਾ ਹੈ। ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਤੋਂ ਸ਼ਹੀਦੀ ਜਾਮ ਪੀਣ ਦੀ ਆਗਿਆ ਮੰਗਦੇ ਹਨ ‘‘ਮੁਝ ਕੋ ਭੀ ਦੀਜੇ ਹੁਕਮ ਜੌਹਰ ਦਿਖਾਊਂ ਮੈਂ। ਜਾਏ ਬਲਾ ਸੇ ਜਾਨ ਪਰ ਵਾਪਸ ਨਾ ਆਊਂ ਮੈਂ। ਜੋਸ਼ ਸੇ ਮੈਦਾਨ ਮੇਂ ਕਦਮ ਬੜਾਊਂ ਮੈਂ। ਭੂਚਾਲ ਕੀ ਤਰਹ ਜਹਾਂ ਕੋ ਹਿਲਾਉ ਮੈਂ। ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਜੀਤਾ ਤੋ ਖ਼ੈਰ! ਹਾਰ ਕੇ, ਜੀਤਾ ਨਾ ਆਊਂਗਾ। ਲੜਕੇ ਨੇ ਲੜ ਕੇ ਜਾਨ ਦੀ ਆਖਰ ਕੋ ਜੰਗ ਮੇਂ। ਆਯਾ ਥਾ ਹੋਸਲੇ ਸੇ ਧਰਮ ਕੀ ਉਮੰਗ ਮੇਂ। ਬੇਟੇ ਕੇ ਕਤਲ ਹੋਨੇ ਕੇ ਪਹੁੰਚੀ ਯੂੰ ਹੀ ਖਬਰ। ਜਾਨਾਯਿ ਬਾਪ ਨੇ ਹੂਆ ਕਤਲ ਵਹ ਪਿਸ਼ਰ। ਸ਼ੁਕਰ ਅਕਾਲ ਪੁਰਖ ਕਾ ਕੀਆ, ਝਟ ਉਠਾ ਕੇ ਸਰ। ਔਰ ਅਰਜ ਕੀ ਕਿ ਬੰਦਾ ਪੈ ਕ੍ਰਿਪਾ ਕੀ ਕਰ ਨਜ਼ਰ। ਮੁਝਿ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ। ਬੇਟੇ ਕੀ ਜਾਂ ਧਰਮ ਕੀ ਖਾਤਰ ਫਿਦਾ ਹੂਈ।’’

ਪੁੱਤਰ ਦੀ ਬਹਾਦਰੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੰਸਨ ਹੋ ਕੇ ਕਿਹਾ: ‘‘ਸ਼ਾਬਾਸ਼ ਪਿਸਰ ! ਖੂਬ ਦਲੇਰੀ ਸੇ ਲੜੇ ਹੋ। ਹਾਂ, ਕਿਉਂ ਨ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ।’’

1705 ਨੂੰ ਸਾਡੇ ਲਈ ਕੀਤੀ ਬਾਬਾ ਅਜੀਤ ਸਿੰਘ ਜੀ ਦੀ ਕੁਰਬਾਨੀ ਸਾਥੋਂ ਜਵਾਬ ਮੰਗਦੀ ਹੈ। ਖੂਨ ਦੇ ਇੱਕ ਇੱਕ ਕਤਰੇ ਦੇ ਅਸੀਂ ਕਰਜ਼ਦਾਰ ਹਾਂ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਦੀਆਂ ਆਂਦਰਾਂ ਦਾ ਖੂਨ ਕੱਢ ਕੇ ਸਾਡੀਆਂ ਰਗਾਂ ਵਿਚ ਪਾਇਆ ਤਾਂ ਕਿ ਕੌਮ ਸਦਾ ਜੀਂਊਦੀ ਰਹੇ। ਸਾਡੇ ’ਤੇ ਮਾਣ ਤੇ ਭਰੋਸਾ ਕਰਕੇ ਹੀ ਗੁਰੂ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਕਿਹਾ ਸੀ। ‘‘ਬੇਟਾ ! ਹੋ ਤੁਸੀ ਪੰਥ ਕੇ ਬੇੜੇ ਕੇ ਖਿਵੱਈਆ। ਸਰ ਭੇਂਟ ਕਰੇਂ ਤਾਂ ਕਿ ਚਲੇ ਧਰਮ ਕੀ ਨੱਈਆ। ਲੇ ਦੇ ਕੇ ਤੁਮੀ ਥੇ ਮਿਰੇ ਗੁਲਸ਼ਨ ਕੇ ਬਕੱਈਆ। ਲੋ ਜਾਓ, ਯਾ ਮਾਰੋ ਤੁਮੇ ਅੋਲਾਹ ਕੋ ਸੋਂਪਾ। ਰੱਬ ਕੋ ਨਾ ਬਿਸਾਰੋ ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮ੍ਹੇ ਅਲਾਹ ਕੋ ਸੋਂਪਾ।’’

ਸ਼ਹੀਦ ਬਾਬਾ ਦੀਪ ਸਿੰਘ ਜੀ: ਮਿਸਲ ਸ਼ਹੀਦਾਂ

0

ਸ਼ਹੀਦ ਬਾਬਾ ਦੀਪ ਸਿੰਘ ਜੀ: ਮਿਸਲ ਸ਼ਹੀਦਾਂ

ਪ੍ਰੋ. ਕਿਰਪਾਲ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕ ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਅਮਨ-ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਸੁਆਦ ਤਾਂ ਉਸ ਸਮੇਂ ਰਾਖੇ ਬਣਨ ਦਾ ਹੁੰਦਾ ਹੈ, ਜਦੋਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੋਵੇ ਤੇ ਧਰਮ ਦਾ ਨਾਂ ਲੈਣਾ ਵੀ ਜ਼ੁਲਮ ਸਮਝਿਆ ਜਾਂਦਾ ਹੋਵੇ। ਜ਼ੁਲਮ ਵੀ ਅਜਿਹਾ ਜਿਸ ਦੀ ਕੋਈ ਦਾਦ-ਫ਼ਰਿਆਦ ਨਾ ਹੋਵੇ ਤੇ ਕਿਸੇ ਤੋਂ ਨਿਆਂ ਦੀ ਕੋਈ ਆਸ ਨਾ ਹੋਵੇ। ਮੁਗ਼ਲ ਰਾਜ ਸਮੇਂ ਖਾਸ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਗ਼ੈਰ-ਮੁਸਲਮਾਨਾਂ ’ਤੇ ਅਨੇਕਾਂ ਪ੍ਰਕਾਰ ਦੀਆਂ ਬੰਦਸ਼ਾਂ ਲਗਾ ਦਿੱਤੀਆਂ ਗਈਆਂ ਤੇ ਤਲਵਾਰ ਦੇ ਜ਼ੋਰ ਨਾਲ ਗ਼ੈਰ-ਮੁਸਲਮਾਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ।

ਅਜਿਹੇ ਘੋਰ ਸੰਕਟ ਦੇ ਸਮੇਂ ਜਦੋਂ ਇਸ ਜ਼ੁਲਮ ਅੱਗੇ ਸਾਰੇ ਹਿੰਦੋਸਤਾਨ ਦੀ ਜਨਤਾ ਥਰ-ਥਰ ਕੰਬ ਰਹੀ ਸੀ, ਉਸ ਸਮੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨੂੰ ਬਚਾਉਣ ਲਈ ਅਤੇ ਹੱਕ-ਸੱਚ ਦੀ ਰਾਖੀ ਲਈ ਜ਼ਾਲਮ ਹਕੂਮਤ ਨੂੰ ਠੱਲ੍ਹ ਪਾਉਣ ਲਈ ਖਾਲਸੇ ਦੀ ਸਾਜਨਾ ਕੀਤੀ। ਅਕਾਲ ਪੁਰਖ ਨੇ ਖਾਲਸਾ ਦਲਾਂ ਨੂੰ ਅਜਿਹਾ ਹੌਂਸਲਾ ਤੇ ਬਲ ਬਖਸ਼ਿਆ ਕਿ ਸੂਰਬੀਰ ਸਿੰਘਾਂ ਨੇ ਹਰ ਜ਼ੁਲਮ ਦਾ ਟਾਕਰਾ ਆਪਣਾ ਸਿਰ ਤਲੀ ’ਤੇ ਧਰ ਕੇ ਦੁਨੀਆਂ ਅੱਗੇ ਅਜਿਹੇ ਕਾਰਨਾਮੇ ਪੇਸ਼ ਕੀਤੇ ਕਿ ਲੋਕ ਮੂੰਹ ਵਿੱਚ ਉਂਗਲਾਂ ਪਾ ਕੇ ਸੋਚਣ ਲੱਗ ਪਏ।

ਸਿੱਖਾਂ ਦੀਆਂ 12 ਮਿਸਲਾਂ ’ਚੋਂ ਸ਼ਹੀਦਾਂ ਦੀ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ. ਵਿੱਚ ਅੰਮ੍ਰਿਤਸਰ ਪਰਗਣੇ ਦੇ ਪਹੂਵਿੰਡ ਪਿੰਡ ਵਿਖੇ ਹੋਇਆ। ਜੁਆਨ ਅਵਸਥਾ ਵਿੱਚ ਆਪ ਖੰਡੇ-ਬਾਟੇ ਦੀ ਪਾਹੁਲ ਛਕ ਕੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹਿਣ ਲੱਗ ਪਏ। ਜਥੇਦਾਰ ਬੁੱਢਾ ਸਿੰਘ ਜੀ ਵੀ ਆਪ ਜੀ ਦੇ ਸਾਥੀ ਸਨ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਤੋਂ ਬਾਅਦ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਪਿੰਡਾਂ ਵਿੱਚ ਠਹਿਰਦੇ ਤਲਵੰਡੀ ਸਾਬੋ ਪਹੁੰਚੇ ਅਤੇ ਇਸ ਜਗ੍ਹਾ ’ਤੇ ਆ ਕੇ ਟਿਕ ਗਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ, ਜਿਸ ਕਾਰਨ ਇਸ ਜਗ੍ਹਾ ਦਾ ਨਾਂ ਦਮਦਮਾ ਸਾਹਿਬ ਪੈ ਗਿਆ। ਤਲਵੰਡੀ ਸਾਬੋ ਵਿਖੇ ਅੱਜ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ, ਇਸ ਜਗ੍ਹਾ ’ਤੇ ਗੁਰੂ ਜੀ ਦਰਬਾਰ ਸਜਾਇਆ ਕਰਦੇ ਸਨ। ਇਸੇ ਜਗ੍ਹਾ ’ਤੇ ਮਾਤਾ ਜੀ ਨੇ ਪੁੱਤਰਾਂ ਦੀ ਸ਼ਹੀਦੀ ਬਾਰੇ ਹਾਲ ਪੁੱਛਿਆ ਸੀ। ਤਲਵੰਡੀ ਸਾਬੋ ਵਿੱਚ ਗੁਰੂ ਸਾਹਿਬ ਦੇ ਕਾਫ਼ੀ ਸਮਾਂ ਟਿਕੇ ਰਹਿਣ ਕਰਕੇ ਇਸ ਜਗ੍ਹਾ ਦੇ ਕਈ ਸਥਾਨ ਗੁਰੂ ਸਾਹਿਬ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ ਅਤੇ ਦੂਰੋਂ-ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਇਸ ਜਗ੍ਹਾ ’ਤੇ ਆਉਂਦੇ ਹਨ। ਉੱਚ-ਕੋਟੀ ਦੇ ਵਿਦਵਾਨ, ਨਾਮ-ਅਭਿਆਸੀ, ਕੁਰਬਾਨੀ ਦੇ ਪੁੰਜ, ਧਰਮੀ ਸੂਰਬੀਰ, ਸਿੱਖ ਪੰਥ ਦੇ ਅਣਖੀਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਵੀ ਇਸ ਜਗ੍ਹਾ ’ਤੇ ਗੁਰੂ ਜੀ ਪਾਸ ਰਹਿੰਦੇ ਰਹੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਦੀ ਯਾਤਰਾ ਤੋਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ, ਉਸ ਸਮੇਂ ਉਨ੍ਹਾਂ ਨੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਸਮੇਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪਾਂ ਦੇ 4 ਉਤਾਰੇ ਵੀ ਬਾਬਾ ਦੀਪ ਸਿੰਘ ਜੀ ਪਾਸੋਂ ਕਰਵਾਏ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਯਾਤਰਾ ’ਤੇ ਗਏ ਤਾਂ ਬਾਬਾ ਦੀਪ ਸਿੰਘ ਜੀ ਅਤੇ ਜਥੇਦਾਰ ਬੁੱਢਾ ਸਿੰਘ ਜੀ ਦੀ ਡਿਊਟੀ ਦਮਦਮਾ ਸਾਹਿਬ ਵਿਖੇ ਸੇਵਾ ਸੰਭਾਲ ਲਈ ਲਗਾਈ। ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇਕ ਖੂਹ ਲਗਵਾਇਆ ਜੋ ਤਖ਼ਤ ਸਾਹਿਬ ਦੀ ਪਰਕਰਮਾ ਵਿੱਚ ਹੈ, ਜਿਸ ਨੂੰ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਬੇਰੀਆਂ ਦੇ ਦਰੱਖ਼ਤ ਲਗਵਾਏ।

ਦੱਖਣ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਅੰਮ੍ਰਿਤ ਛਕਾ ਕੇ (ਸਿੰਘ ਸਜਾ ਕੇ) ਪੰਜਾਬ ਭੇਜਿਆ, ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਸਾਥੀ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਹਾਇਤਾ ਕੀਤੀ। ਇਹ ਮੈਦਾਨ-ਏ-ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜਦੇ ਸਨ ਜਿਸ ਨਾਲ ਵਿਰੋਧੀਆਂ ਵਿੱਚ ਬਾਬਾ ਜੀ ਦਾ ਇਤਨਾ ਦਬਦਬਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਹੀ ਮੈਦਾਨ ਵਿੱਚੋਂ ਤਿੱਤਰ ਹੋ ਜਾਂਦੇ ਸਨ ਅਤੇ ਇਨ੍ਹਾਂ ਦੇ ਜਥੇ ਦਾ ਨਾਂ ਸ਼ਹੀਦੀ ਜਥਾ ਪ੍ਰਸਿੱਧ ਹੋ ਗਿਆ ਸੀ।

ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਸਰਕਾਰ ਵੱਲੋਂ ਸਿੱਖਾਂ ’ਤੇ ਸਖ਼ਤੀਆਂ ਦਾ ਦੌਰ ਚੱਲਿਆ। ਜ਼ਕਰੀਆ ਖ਼ਾਨ ਦੇ ਸਮੇਂ ਇਹ ਸਖ਼ਤੀ ਇਕ ਭਿਆਨਕ ਸੰਘਰਸ਼ ਦਾ ਰੂਪ ਧਾਰਨ ਕਰ ਗਈ। ਉਸ ਸਮੇਂ ਖਾਲਸਾ ਪੰਥ ਇੱਕ ਜਥੇ ਦੇ ਰੂਪ ਵਿੱਚ ਵਿਚਰਦਾ ਸੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਜਥੇ ਦੇ ਮੁਖੀ ਸਿੰਘਾਂ ਵਿੱਚ ਗਿਣਿਆ ਜਾਂਦਾ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਉਸ ਸਮੇਂ ਜਥੇਦਾਰ ਦਰਬਾਰਾ ਸਿੰਘ ਦੀਵਾਨ, ਜਥੇਦਾਰ ਸੰਗਤ ਸਿੰਘ ਖ਼ਜ਼ਾਨਚੀ, ਜਥੇਦਾਰ ਹਰੀ ਸਿੰਘ ਲਾਂਗਰੀ, ਜਥੇਦਾਰ ਭਗਤ ਸਿੰਘ ਮੋਦੀ, ਜਥੇਦਾਰ ਬੁੱਢਾ ਸਿੰਘ ਦੇਸੀ, ਜਥੇਦਾਰ ਹਰਦਿੱਤ ਸਿੰਘ, ਜਥੇਦਾਰ ਗਰਜਾ ਸਿੰਘ, ਜਥੇਦਾਰ ਸੱਜਨ ਸਿੰਘ, ਜਥੇਦਾਰ ਈਸ਼ਰ ਸਿੰਘ, ਜਥੇਦਾਰ ਗਿਆਨ ਸਿੰਘ, ਜਥੇਦਾਰ ਸਾਧੂ ਸਿੰਘ, ਜਥੇਦਾਰ ਦੇਵਾ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਹਰੀ ਸਿੰਘ ਸੁਖਈ, ਬਾਬਾ ਦੀਪ ਸਿੰਘ ਜੀ, ਜਥੇਦਾਰ ਗੁਰਬਖਸ਼ ਸਿੰਘ (ਸ਼ਹੀਦ), ਜਥੇਦਾਰ ਥਰਾਜ ਸਿੰਘ, ਜਥੇਦਾਰ ਜੱਸਾ ਸਿੰਘ, ਜਥੇਦਾਰ ਕਰਮ ਸਿੰਘ, ਜਥੇਦਾਰ ਭੋਲਾ ਸਿੰਘ, ਜਥੇਦਾਰ ਅਤਰ ਸਿੰਘ, ਜਥੇਦਾਰ ਸੀਹਾਂ ਸਿੰਘ, ਜਥੇਦਾਰ ਬਚਨ ਸਿੰਘ, ਜਥੇਦਾਰ ਕੇਹਰ ਸਿੰਘ, ਜਥੇਦਾਰ ਬ੍ਰਜ ਸਿੰਘ, ਜਥੇਦਾਰ ਘਨਘੋਰ ਸਿੰਘ ਅਤੇ ਜਥੇਦਾਰ ਅਮਰ ਸਿੰਘ ਆਦਿ ਮੁਖੀ ਸਿੰਘ ਸਨ।

1735 ਈ. ਵਿੱਚ ਜ਼ਕਰੀਆ ਖ਼ਾਨ ਨੇ ਸ੍ਰੀ ਅੰਮ੍ਰਿਤਸਰ ਦੇ ਇਰਦ-ਗਿਰਦ ਪਹਿਰੇ ਲਾ ਕੇ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ। ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਜੰਡਿਆਲੇ ਦਾ ਤੁਅੱਲਕਦਾਰ ਮੱਸਾ ਰੰਘੜ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਸ ਨੂੰ ਸਜ਼ਾ ਦੇਣ ਲਈ ਭਾਈ ਮਹਿਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਨੂੰ ਜਥੇਦਾਰ ਬੁੱਢਾ ਸਿੰਘ ਨੇ ਬੀਕਾਨੇਰ ਤੋਂ ਭੇਜਿਆ। ਉਹ ਜਾਂਦੇ ਸਮੇਂ ਬਾਬਾ ਦੀਪ ਸਿੰਘ ਜੀ ਪਾਸ ਦਮਦਮਾ ਸਾਹਿਬ ਠਹਿਰੇ ਸਨ ਅਤੇ ਮੱਸੇ ਰੰਘੜ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਤੋਂ ਬਾਅਦ ਉਸ ਦਾ ਸਿਰ ਨੇਜਿਆਂ ’ਤੇ ਟੰਗ ਕੇ ਲਿਜਾਂਦੇ ਹੋਏ ਵਾਪਸੀ ’ਤੇ ਵੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਪਾਸ ਠਹਿਰੇ।

ਜਦ ਅਦੀਨਾ ਬੇਗ ਦੇ ਮਰਨ ਪਿੱਛੋਂ ਜਲੰਧਰ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦਾ ਇਲਾਕਾ ਮੁਹੰਮਦ ਅਮੀਨ ਤੋਂ ਫ਼ਤਹਿ ਕਰ ਕੇ ਆਪਣੇ ਸਾਥੀ ਭਾਈ ਦਿਆਲ ਸਿੰਘ ਤੇ ਭਾਈ ਨੱਥਾ ਸਿੰਘ ਸ਼ਹੀਦ ਨੂੰ ਦੇ ਦਿੱਤਾ, ਜੋ ਸ਼ਹੀਦ ਭਾਈ ਕਰਮ ਸਿੰਘ ਦੇ ਸਮੇਂ ਤੱਕ ਮਿਸਲ ਸ਼ਹੀਦਾਂ ਨੂੰ ਸਾਲਾਨਾ ਕੁਝ ਨਾ ਕੁਝ ਪਹੁੰਚਾਉਂਦੇ ਰਹੇ, ਕਿੰਤੂ ਗੁਲਾਬ ਸਿੰਘ ਦਾ ਅਵੈੜਪੁਣਾ ਦੇਖ ਕੇ ਉਹ ਜਾਗੀਰ ਦਰਬਾਰ ਬੇਰ ਬਾਬਾ ਨਾਨਕ ਸਾਹਿਬ ਦੇ ਨਾਮ ਲਾ ਦਿੱਤੀ।

ਅਹਿਮਦਸ਼ਾਹ ਅਬਦਾਲੀ ਨੇ ਜਹਾਨ ਖ਼ਾਨ ਨੂੰ ਸਿੰਘਾਂ ’ਤੇ ਹਮਲਾ ਕਰਨ ਲਈ ਭੇਜਿਆ। ਦੁਰਾਨੀਆਂ ਦਾ ਜ਼ੋਰ ਦੇਖ ਕੇ ਕੁਝ ਸਿੰਘ ਮਾਲਵੇ ਵੱਲ ਨੂੰ ਚਲੇ ਗਏ। ਜਹਾਨ ਖਾਨ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲੱਗ ਪਿਆ। ਸ੍ਰੀ ਅੰਮ੍ਰਿਤਸਰ ਦਾ ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਉਸੇ ਵੇਲੇ ਅੰਮ੍ਰਿਤਸਰ ਪਹੁੰਚ ਕੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਝਟਪਟ ਆਪਣੀ ਜਗ੍ਹਾ ਭਾਈ ਨੱਥਾ ਸਿੰਘ ਨੂੰ ਛੱਡ ਕੇ ਸ਼ਹੀਦ ਹੋਣ ਦੇ ਇਰਾਦੇ ਨਾਲ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਉਸ ਸਮੇਂ ਆਪ ਜੀ ਦੇ ਨਾਲ ਸਿਰਫ਼ 500 ਸਿੰਘਾਂ ਦਾ ਜਥਾ ਸੀ। ਰਸਤੇ ਵਿੱਚ ਲਾਗਲੇ ਪਿੰਡਾਂ ਜੋਗਾ, ਦੋਰਾਜ, ਭੁੱਚੋ, ਗੋਬਿੰਦਪੁਰਾ, ਲੱਖੀ ਜੰਗਲ, ਬਹਿਮਨ, ਮਾਹਨਵਾਲ, ਕੋਟ, ਪੰਜੋ ਕੇ, ਗੁਰੂ ਚੌਤਰਾ, ਫੂਲ, ਮਹਿਰਾਜ ਤੋਂ ਹੋਰ ਸਿੰਘ ਜਥੇ ਵੀ ਇਨ੍ਹਾਂ ਨਾਲ ਰਲਦੇ ਗਏ, ਇਸ ਤਰ੍ਹਾਂ ਤਰਨ ਤਾਰਨ ਪਹੁੰਚਣ ਤੀਕ ਉਨ੍ਹਾਂ ਨਾਲ 5000 ਜੁਝਾਰੂ ਸਿੰਘਾਂ ਦਾ ਜਥਾ ਬਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੋ ਗੁਰੂ ਦੇ ਰਾਹ ’ਤੇ ਸਿਰ ਦੇਣ ਲਈ ਤਿਆਰ ਹੈ ਉਹੀ ਉਨ੍ਹਾਂ ਨਾਲ ਆਵੇ। ਉਨ੍ਹਾਂ ਦੇ ਸੱਦੇ ’ਤੇ ਪੰਜ ਹਜ਼ਾਰ ਗੁਰੂ ਕੇ ਸਿੰਘ ਸ਼ਹੀਦ ਹੋਣ ਲਈ ਤਿਆਰ-ਬਰ-ਤਿਆਰ ਹੋ ਕੇ ਆ ਪਹੁੰਚੇ। ਉਧਰ ਲਾਹੌਰ ਦੇ ਸੂਬੇ ਨੂੰ ਵੀ ਖ਼ਬਰ ਲੱਗ ਗਈ ਕਿ ਸਿੱਖ ਦੀਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ। ਹਾਜੀ ਅਤਾਈ ਖਾਂ ਗਸ਼ਤੀ ਫ਼ੌਜ ਲੈ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਚੱਕਰ ਲਗਾ ਰਿਹਾ ਸੀ। ਅੰਮ੍ਰਿਤਸਰ ਪਹੁੰਚ ਕੇ ਸਿੱਖਾਂ ਨੂੰ ਦਬਾਉਣ ਦਾ ਹੁਕਮ ਹੋਇਆ। ਉਧਰੋਂ ਸੂਬੇ ਨੇ ਢੋਲ ਵਜਵਾ ਕੇ ਲਾਹੌਰ ਵਿੱਚ ਜਹਾਦ ਦਾ ਐਲਾਨ ਕਰਵਾ ਦਿੱਤਾ ਅਤੇ ਸਾਰੇ ਮੋਮਨਾਂ ਨੂੰ ਨਿੱਤਰਨ ਲਈ ਵੰਗਾਰਿਆ। ਲਾਹੌਰ ਦਾ ਫ਼ੌਜਦਾਰ ਜਹਾਨ ਖਾਂ 2000 ਸਿਪਾਹੀ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਿਆ। ਸਿੰਘਾਂ ਦੇ ਆਉਣ ਦੀ ਖ਼ਬਰ ਦੁਰਾਨੀ ਨੂੰ ਵੀ ਮਿਲ ਚੁੱਕੀ ਸੀ ਉਹ ਵੀ ਆਪਣੀ ਫ਼ੌਜ ਲੈ ਕੇ ਗੋਹਲਵੜ ਕੋਲ ਆਣ ਪਹੁੰਚਾ। ਦੋਵਾਂ ਦਲਾਂ ਦਾ ਮੁਕਾਬਲਾ ਗੋਹਲਵੜ ਕੋਲ ਹੋ ਗਿਆ। ਗਹਿਗੱਚ ਲੜਾਈ ਹੋਈ, ਛੇ ਕੋਹ ਦੇ ਵਿਚਕਾਰ ਲਾਸ਼ਾਂ ਹੀ ਲਾਸ਼ਾਂ ਵਿੱਛ ਗਈਆਂ। ਗਿਆਨੀ ਗਿਆਨ ਸਿੰਘ ਅਨੁਸਾਰ, ‘ਚੱਬੇ ਪਿੰਡ ਦੇ ਕੋਲ ਸ਼ਾਹ ਜਮਾਲ ਨਾਲ ਬਾਬਾ ਜੀ ਦੀ ਇਤਨੀ ਭਿਆਨਕ ਲੜਾਈ ਹੋਈ ਕਿ ਬਾਬਾ ਜੀ ਸਿਰ ਤਲੀ ’ਤੇ ਧਰ ਕੇ ਲੜੇ ਅਤੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਬਾਬਾ ਜੀ ਸ਼ਹੀਦੀ ਪਾ ਗਏ।’

ਇਸੇ ਤਰ੍ਹਾਂ ਜਥੇਦਾਰ ਰਾਮ ਸਿੰਘ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ, ਜਿਨ੍ਹਾਂ ਦਾ ਸ਼ਹੀਦ ਗੰਜ (ਸਥਾਨ) ਰਾਮਗੜ੍ਹੀਆਂ ਦੇ ਕਟੜੇ ਵਿਚ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੂ ਦੇ ਬਾਗ਼ ਵਿੱਚ ਲੜਦੇ ਸ਼ਹੀਦ ਹੋ ਗਏ, ਉਨ੍ਹਾਂ ਦਾ ਸਥਾਨ ਬਾਗ਼ ਵਿੱਚ ਹੈ। ਬਾਗ਼ ਦੀ ਜਗ੍ਹਾ ਅੱਜ ਕਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ:

(1). ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
(2). ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
(3). ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
(4). ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
(5). ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
(6). ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
(7). ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
(8). ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
(9). ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
(10). ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਜਦੋਂ ਇਸ ਲੜਾਈ ਦਾ ਹਾਲ ਬਾਬਾ ਗੁਰਬਖਸ਼ ਸਿੰਘ ਅਤੇ ਭਾਈ ਦਰਗਾਹ ਸਿੰਘ ਨੇ ਸੁਣਿਆ ਤਾਂ ਉਹ ਉਸੇ ਵੇਲੇ ਅਨੰਦਪੁਰ ਸਾਹਿਬ ਤੋਂ 2000 ਸਵਾਰ ਲੈ ਕੇ ਚੜ੍ਹ ਆਏ ਤੇ ਵੈਰੀਆਂ ਨਾਲ ਲੜਦੇ-ਭਿੜਦੇ ਅੰਮ੍ਰਿਤਸਰ ਪਹੁੰਚ ਗਏ। ਸਿੰਘਾਂ ਨੂੰ ਪਵਿੱਤਰ ਗੁਰ-ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਰਾਤ ਨੂੰ ਛਾਪੇ ਮਾਰ ਕੇ ਵੈਰੀਆਂ ਦੇ ਥਾਣੇ ਤਹਿਸੀਲਾਂ ਸਭ ਸਾੜ ਦਿੱਤੇ। ਸਿੰਘਾਂ ਦੇ ਮੁਕਾਬਲੇ ਲਈ ਹੋਰ ਮੁਗ਼ਲ ਫ਼ੌਜਾਂ ਬੁਲਾ ਲਈਆਂ ਗਈਆਂ ਅਤੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਦਾ ਹੁਕਮ ਦੇ ਦਿੱਤਾ। ਸ਼ਾਹ ਨਾਜਮ ਦੀਨ, ਸਰ ਬੁਲੰਦ ਖਾਂ, ਜਾਬਰ ਖਾਂ, ਜਾਲਮ ਖਾਂ ਆਦਿ ਫ਼ੌਜਦਾਰ 20, 000 ਲੜਾਕੇ ਪਠਾਣਾਂ ਨੂੰ ਲੈ ਕੇ ਮੈਦਾਨ ਵਿੱਚ ਆ ਗਏ। ਉਧਰ ਜਥੇਦਾਰ ਗੁਰਬਖਸ਼ ਸਿੰਘ ਆਦਿ ਦੁਸ਼ਮਣ ਦੀ ਚੜ੍ਹਾਈ ਸੁਣ ਕੇ ਧਰਮ ਯੁੱਧ ਲਈ ਅਰਦਾਸ ਕਰ ਕੇ ਸ਼ਹੀਦ ਹੋਣ ਲਈ ਤਿਆਰ ਹੋ ਬੈਠੇ। ਦਿਨ ਚੜ੍ਹਦੇ ਤੱਕ ਪਠਾਣਾਂ ਦੀ ਚੰਗੀ ਫ਼ੌਜ ਅੰਮ੍ਰਿਤਸਰ ਪਹੁੰਚ ਗਈ। ਅੰਮ੍ਰਿਤਸਰ ਸਰੋਵਰ ਦੇ ਪਿਛਲੇ ਪਾਸੇ ਬੜੀ ਭਿਆਨਕ ਲੜਾਈ ਹੋਈ, ਜਿਸ ਵਿੱਚ ਬਾਬਾ ਗੁਰਬਖਸ਼ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਬਸੰਤ ਸਿੰਘ ਆਦਿ ਵੱਡੇ ਜਥੇਦਾਰ ਸ਼ਹੀਦ ਹੋ ਗਏ। ਦੁਰਾਨੀਆਂ ਦੀ ਫ਼ੌਜ ਪਿੱਛੋਂ ਹੋਰ ਆਉਂਦੀ ਗਈ ਤਾਂ ਸਿੰਘ ਬਸਰੇ ਦੇ ਜੰਗਲਾਂ ਵਿੱਚ ਚਲੇ ਗਏ ਅਤੇ ਦੁਰਾਨੀ ਮੈਦਾਨ ਖ਼ਾਲੀ ਦੇਖ ਕੇ ਅੰਮ੍ਰਿਤਸਰ ਵਿੱਚ ਖੜਦੁੰਮ ਮਚਾ ਕੇ ਵਾਪਸ ਚਲੇ ਗਏ। ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਬਸੰਤ ਸਿੰਘ ਦੇ ਥੜ੍ਹੇ ਦੇ ਪਾਸ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਬਾਬਾ ਨਿਹਾਲ ਸਿੰਘ ਚੁਰਸਤੀ ਅਟਾਰੀ ਦੇ ਪਾਸ ਸ਼ਹੀਦ ਹੋਏ ਸਨ, ਉਸੇ ਜਗ੍ਹਾ ’ਤੇ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ। ਇਹ ਸਥਾਨ ਹੁਣ ਅੰਮ੍ਰਿਤਸਰ ਵਿੱਚ ਸ਼ਹੀਦ ਗੰਜ ਦੇ ਨਾਂ ਨਾਲ ਮਸ਼ਹੂਰ ਹੈ।

ਇਸ ਜੰਗ ਵਿੱਚ ਭਾਵੇਂ ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾ ਗਏ ਪਰ ਉਹ ਆਪਣਾ ਪ੍ਰਣ ਨਿਭਾਉਣ ਵਿੱਚ ਸਫਲ ਰਹੇ। ਦੁਰਾਨੀਆਂ ਦੀਆਂ ਫ਼ੌਜਾਂ ਨੂੰ ਚੀਰਦੇ ਹੋਏ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਂਦਿਆਂ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ: ‘‘ਤੂ ਚਉ ਸਜਣ ਮੈਡਿਆ, ਡੇਈ ਸਿਸੁ ਉਤਾਰਿ ॥ ਨੈਣ ਮਹਿੰਜੇ ਤਰਸਦੇ, ਕਦਿ ਪਸੀ ਦੀਦਾਰੁ ? ॥’’ (ਮ: ੫/੧੦੯੪)

‘ਇੱਕ ਪਿੰਡ-ਇੱਕ ਗੁਰਦੁਆਰਾ’ ਲਹਿਰ ਸ਼ੁਰੂ ਕਰਨ ਦਾ ਸਮਾਂ

0

‘ਇੱਕ ਪਿੰਡ-ਇੱਕ ਗੁਰਦੁਆਰਾ’ ਲਹਿਰ ਸ਼ੁਰੂ ਕਰਨ ਦਾ ਸਮਾਂ

ਇਕਵਾਕ ਸਿੰਘ ਪੱਟੀ-98150-24920

ਗੁਰਦੁਆਰਾ ਸਾਹਿਬ, ਜਿਸ ਨੂੰ ਪੁਰਾਤਨ ਸਮੇਂ ਵਿੱਚ ਧਰਮਸ਼ਾਲਾ ਨਾਮ ਦੇ ਨਾਲ ਅਤੇ ਅਜੋਕੇ ਦੌਰ ਵਿੱਚ ਗੁਰਦ੍ਵਾਰਾ ਸਾਹਿਬ ਜਾਂ ਗੁਰੂ ਘਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਮਹਾਨ ਕੋਸ਼ ਦੇ ਕਰਤਾ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਦ੍ਵਾਰਾ ਸਾਹਿਬ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਦੇ ਹਨ ‘ਸਿੱਖਾਂ ਦਾ ਧਰਮ ਮੰਦਿਰ’। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਗੁਰਦੁਆਰੇ ਸਿਰਲੇਖ ਹੇਠ ਲਿਖਿਆ ਹੈ ਕਿ, ‘ਗੁਰਬਾਣੀ ਦਾ ਅਸਰ ਸਾਧ ਸੰਗਤ ’ਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਵਾਸਤੇ ਉੱਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ।’

ਗੁਰਮਤ ਮਾਰਤੰਡ ਵਿੱਚ ਗੁਰਦ੍ਵਾਰੇ ਸ਼ਬਦ ਦੀ ਵਿਆਖਿਆ ਨੂੰ ਹੋਰ ਸਪੱਸ਼ਟ ਕਰਦੇ ਹੋਏ ਲਿਖਿਆ ਹੈ ਕਿ, ‘ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਣ ਪਏ ਹੋਣ ਅਤੇ ਇਤਿਹਾਸਕ ਘਟਨਾ ਹੋਈ ਹੈ, ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਮ, ਲੰਗਰ, ਵਿਦਯਾ, ਕੀਰਤਨ ਆਦਿ ਦਾ ਗੁਰੂ ਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦ੍ਵਾਰਾ ਸੰਗਯਾ ਹੈ। ਗੁਰਦ੍ਵਾਰੇ ਦਾ ਨਮੂਨਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਹਰਮਿੰਦਰ ਬਣਾ ਕੇ ਦੱਸ ਦਿੱਤਾ ਹੈ ਅਤੇ ਬਾਬਾ ਬੁਢਾ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਬੰਧਕਾਂ ਲਈ ਪੂਰਨੇ ਪਾ ਦਿੱਤੇ ਹਨ। ਗੁਰਬਾਣੀ ਅਨੁਸਾਰ ‘‘ਸੋ ਸਚੁ ਮੰਦਰੁ, ਜਿਤੁ ਸਚੁ ਧਿਆਈਐ..॥’’ ਭਾਵ ਜਿਸ ਵਿੱਚ ਕੇਵਲ ਕਰਤਾਰ ਦੀ ਉਪਾਸਨਾ ਕੀਤੀ ਜਾਂਦੀ ਹੈ ਉਹੀ ਸੱਚਾ ਮੰਦਰ (ਗੁਰਦੁਆਰਾ) ਹੈ।

ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਜਾਤ-ਪਾਤ, ਰੰਗ-ਨਸਲ, ਦੇਸ਼-ਵਿਦੇਸ਼ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਪਰ ਗੁਰਦੁਆਰਾ ਸਾਹਿਬ ਵਿਖੇ ਆਉਣ ਜਾਣ ਲਈ ਵੀ ਵਿਸ਼ੇਸ਼ ਮਰਿਆਦਾ ਹੈ ਜਿਵੇਂ ਗੁਰਦੁਆਰਾ ਸਾਹਿਬ ਵਿਖੇ ਸਿਰ ਢੱਕ ਕੇ ਅਤੇ ਪੈਰ ਸਾਫ ਕਰਕੇ, ਚੰਗੀ ਤਰ੍ਹਾਂ ਪੂੰਝ ਕੇ ਜਾਣਾ ਚਾਹੀਦਾ ਹੈ, ਕਿਉਂਕਿ ਸਿਰ ਢੱਕ ਕੇ ਜਾਣਾ ਅਦਬ ਦੀ ਨਿਸ਼ਾਨੀ ਮੰਨਿਆ ਗਿਆ ਹੈ। ਗੁਆਂਢੀ ਮੱਤ ਮੁਸਲਮਾਨ ਭਰਾ ਵੀ ਸਿਰ ਢੱਕ ਕੇ ਹੀ ਨਮਾਜ਼ ਅਦਾ ਕਰਦੇ ਹਨ। ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਅੰਦਰ ਲਿਜਾਣ ਦੀ ਸਖ਼ਤ ਮਨਾਹੀ ਹੁੰਦੀ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰਦ੍ਵਾਰਾ ਸਾਹਿਬ ਅੰਦਰ ਕਿਸੇ ਵੀ ਤਰ੍ਹਾਂ ਦਾ ਮਨਮੱਤੀ ਕਰਮ ਨਹੀਂ ਹੋਣਾ ਚਾਹੀਦਾ ਅਤੇ ਕੇਵਲ ਗੁਰਮਤਿ, ਗੁਰਬਾਣੀ, ਸਿੱਖ ਇਤਿਹਾਸ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਸੰਗਤਾਂ ਨੂੰ ਵੀ ਨਿੱਜੀ ਗੱਲਾਂ ਨੂੰ ਤਿਆਗ ਕੇ ਕੇਵਲ ਗੁਰਬਾਣੀ ਨੂੰ ਪੜ੍ਹਨ, ਸਮਝਣ ਅਤੇ ਵਿਚਾਰਨ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਮਨੁੱਖਾ ਜੀਵਣ ਸਫਲਾ ਕੀਤਾ ਜਾ ਸਕੇ।

ਪਰ ਅਜੋਕੇ ਦੌਰ ਵਿੱਚ ਸੱਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਜਾਤਾਂ-ਪਾਤਾਂ ’ਤੇ ਅਧਾਰਿਤ ਬਣ ਰਹੀਆਂ ਇਮਾਰਤਾਂ ਕੇਵਲ ਨਿੱਜੀ ਚੌਧਰ ’ਤੇ ਹਊਮੇ ਦਾ ਪ੍ਰਗਟਾਵਾਂ ਹੀ ਕਰਦੀਆਂ ਹਨ, ਜਿਨ੍ਹਾਂ ’ਤੇ ਬਿਨਾ ਦੇਰੀ ਪਾਬੰਦੀ ਲੱਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੀਤੇ ਦਿਨਾਂ ਵਿੱਚ ਗੁਰਦੁਆਰਿਆਂ ਸਾਹਿਬ ਅੰਦਰ ਪ੍ਰਕਾਸ਼ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋ ਜਾਣ, ਕਿਸੇ ਕਾਰਨ ਅੱਗ ਲੱਗ ਜਾਣ ਜਾਂ ਬੇਅਦਬੀ ਹੋਣ ਵਾਲੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਜਿਨ੍ਹਾਂ ਵੀ ਫ਼ਿਰਕੂ ਕਿਸਮ ਦੀਆਂ ਸ਼ਕਤੀਆਂ ਨੇ ਇਹ ਕਾਰਾ ਕੀਤਾ ਹੈ ਉਹ ਅਸਹਿ, ਅਕਹਿ ਅਤੇ ਅਤਿ ਨਿੰਦਨਯੋਗ ਹਨ। ਇਸ ਦੇ ਕਾਰਨਾਂ ਪਿੱਛੇ ਜਾਣ ਤੋਂ ਪਹਿਲਾਂ ਭਾਵੇਂ ਕਿ ਅਸੀਂ ਉੱਪਰ ਗੁਰਦੁਆਰਾ ਸੰਸਥਾ ਦਾ ਮਕਸਦ ਪੜ੍ਹ ਆਏ ਹਾਂ, ਪਰ ਥੋੜਾ ਜਿਹਾ ਵਿਸਥਾਰ ਕਰੀਏ ਅਤੇ ਕਾਰਨਾਂ ਨੂੰ ਲੱਭਣ ਦਾ ਯਤਨ ਕਰੀਏ ਤਾਂ ਹੋਰ ਵੀ ਸੁਖਾਲਾ ਹੋ ਜਾਵੇਗਾ।

ਦਰਅਸਲ ਗੁਰਦੁਆਰਾ ਸੰਸਥਾ ਗੁਰੂ ਪਾਤਸ਼ਾਹ ਵੱਲੋਂ ਮਨੁੱਖਤਾ ਨੂੰ ਇੱਕ ਬਹੁਤ ਵੱਡੀ ਦੇਣ ਸੀ ਜੋ ਉਸ ਸਮੇਂ ਦੀਆਂ ਬਹੁਤ ਸਾਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਰੂਹਾਨੀਅਤ ਦੇ ਕੇਂਦਰ ਵੱਜੋਂ ਵੀ ਵਿਕਸਤ ਹੋਈ। ਗੁਰਦੁਆਰੇ ਵਿੱਚ ਮੁੱਖ ਤੌਰ ’ਤੇ ‘ਗੁਰੂ ਦੁਆਰੈ ਹੋਇ ਸੋਝੀ ਪਾਇਸੀ॥’ ਦੇ ਮਹਾਂਵਾਕ ਅਨੁਸਾਰ ਸਤਸੰਗਤ, ਪ੍ਰਮਾਤਮਾ ਦੀ ਉਸਤਤ, ਉਸ ਦੇ ਗੁਣਾਂ ਦਾ ਪ੍ਰਚਾਰ ਅਤੇ ਸਮਾਜਿਕ ਲੋੜਾਂ ਜਿਵੇਂ ਸਰੋਵਰ, ਦਵਾਖਾਨਾ, ਲੰਗਰ, ਰਿਹਾਇਸ਼, ਮੱਲ੍ਹ ਅਖਾੜਾ (ਜਿੰਮ), ਲਾਇਬ੍ਰੇਰੀ ਅਤੇ ਗੁਰੂ ਦੀ ਗੋਲਕ ਜੋ ਲੋੜਵੰਦਾਂ ਦੀ ਸਹਾਇਤਾ ਲਈ ਵਰਤੀ ਜਾਵੇ ਇਹ ਖ਼ਾਸੀਅਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਪੁਰਾਣੇ ਵੇਲਿਆਂ ਵਿੱਚ ਹੁੰਦੀਆਂ ਵੀ ਸੀ। ਪਰ ਅਜੋਕੇ ਦੌਰ ਵਿੱਚ ਸੰਸਾਰ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੀ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਧਰਮਾਂ ਲਈ ਖੁਲ੍ਹੇ ਦਰਵਾਜ਼ਿਆਂ ਦੀ ਮਿਸਾਲ ਦੇਣ ਵਾਲੀ ਕੌਮ ਅਤੇ ਇਸ ਦੇ ਨਾਮਧਰੀਕ ਸਿੱਖ ਆਪ ਇੱਕ ਜਾਂ ਦੋ ਨਹੀਂ ਬਲਕਿ ਸੈਂਕੜੇ ਜਾਤਾਂ/ਪਾਤਾਂ ਵਿੱਚ ਵੰਡੇ ਪਏ ਹਨ ਜਿਸ ਦੇ ਸਿੱਟੇ ਵੱਜੋਂ ਇੱਕ ਨਗਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਥਾਂ ਇੱਕ ਨਗਰ ਵਿੱਚ ਪੰਜ ਜਾਂ ਪੰਜ ਤੋਂ ਵੀ ਵੱਧ ਗੁਰਦੁਆਰੇ ਖੜ੍ਹੇ ਕਰ ਦਿੱਤੇ ਗਏ, ਜੋ ਕੇਵਲ ਤੇ ਕੇਵਲ ਸਾਲ ਬਾਅਦ ਇੱਕ ਆਪਣੀ ਬਰਾਦਰੀ ਨਾਲ ਸਬੰਧਿਤ ਸਮਾਗਮ ਕਰਵਾਉਣ ਜਾਂ ਪ੍ਰਧਾਨਗੀਆਂ ਦੇ ਲਾਲਚ ਵੱਸ ਆਪਣੀ ਚੌਧਰ ਚਮਕਾਉਣ ਤੱਕ ਹੀ ਸੀਮਤ ਹਨ ਅਤੇ ਅਜਿਹੇ ਗੁਰੂ ਘਰਾਂ ਵਿੱਚ ਨਾ ਸਰੋਵਰ ਹੈ, ਨਾ ਲਾਇਬ੍ਰੇਰੀ, ਨਾ ਮੱਲ੍ਹ ਅਖਾੜਾ, ਨਾ ਦਵਾਖਾਨਾ, ਨਾ ਰਾਹਗੀਰ ਲਈ ਰਿਹਾਇਸ਼, ਨਾ ਕੋਈ ਪੁਖਤਾ ਲੰਗਰ ਦਾ ਪ੍ਰਬੰਧ ਹੈ, ਨਾ ਕਥਾ ਪ੍ਰਚਾਰ ਨਾ ਗੁਰਮਤਿ ਪ੍ਰਚਾਰ। ਪਰ ਅਜਿਹੇ ਗੁਰੂ ਘਰਾਂ ਦੀ ਗਿਣਤੀ ਵਿੱਚ ਬੇਰੋਕ ਵਾਧਾ ਹੋਇਆ ਹੈ, ਜੋ ਨਿਰੰਤਰ ਜਾਰੀ ਹੈ।

ਅੱਜ ਬਹੁਤੇ ਗੁਰਦੁਆਰਾ ਸਾਹਿਬ ਕੇਵਲ ਇੱਕ ਗ੍ਰੰਥੀ ਸਿੰਘ ਜਾਂ ਉਸ ਦੇ ਪਰਿਵਾਰ ਦੇ ਹਵਾਲੇ ਹੈ। ਪ੍ਰਧਾਨਗੀਆਂ ਚਮਕਾਉਣ ਵਾਲੇ ਗੁਰਦੁਆਰਾ ਸਾਹਿਬ ਬਹੁਤ ਘੱਟ ਆਉਂਦੇ ਹਨ, ਜੇ ਆ ਵੀ ਜਾਣ ਤਾਂ ਗ੍ਰੰਥੀ ਸਿੰਘ ਨਾਲ ਦਰੀ ਵਿੱਚ ਵੱਟ ਕਿਉਂ ਨੇ, ਲਾਈਟ ਕਿਉਂ ਨਹੀਂ ਬੰਦ ਕੀਤੀ, ਉਗਰਾਹੀ ਘੱਟ ਕਿਉਂ ਸੀ ਇਸ ਮਹੀਨੇ ? ਵਗੈਰਾ ਵਗੈਰਾ ਸਵਾਲ ਖੜ੍ਹੇ ਕਰਕੇ ਉਸ ਨੂੰ ਨੀਵਾਂ ਦਿਖਾ ਕੇ ਜਾਂ ਉਸ ਉੱਤੇ ਬੇਲੋੜਾ ਰੋਅਬ ਪਾ ਕੇ ਚੱਲਦੇ ਬਣਦੇ ਹਨ। ਅਜਿਹੇ ਹੀ ਕੁੱਝ ਕਾਰਨ ਹਨ ਕਿ ਗੁਰਦੁਆਰਾ ਸਾਹਿਬ ਜਿਸ ਬਾਰਦਰੀ ਜਾਂ ਜਾਤ ਦੇ ਨਾਮ ’ਤੇ ਬਣੇ ਹਨ ਉਸ ਜਾਤ/ਬਰਾਦਰੀ ਨਾਲ ਸਬੰਧਿਤ ਹੀ 2-4 ਲੋਕ ਉਹ ਵੀ ਬਜ਼ੁਰਗ ਗੁਰਦੁਆਰਾ ਸਾਹਿਬ ਸਵੇਰੇ ਜਾਂ ਸ਼ਾਮ ਨੂੰ ਜਾਂਦੇ ਹਨ ਅਤੇ ਨੌਜਵਾਨ ਤਬਕਾ ਤਾਂ ਵੈਸੇ ਹੀ ਆਕੀ ਹੋ ਗਿਆ ਹੈ। ਜੇਕਰ ਅਸੀਂ ਵਾਕੇਈ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਜਾਂ ਉਸ ਮਹਾਨ ਵਿਚਾਰਧਾਰਾ ਨੂੰ ਆਪਣੇ ਜੀਵਣ ਦਾ ਅੰਗ ਬਣਾਉਣ ਵਾਲੇ ਸਿੱਖ ਹੁੰਦੇ ਤਾਂ ਇੱਕ ਨਗਰ ਵਿੱਚ ਪੰਜ ਦੀ ਥਾਂ ਕੇਵਲ ਇੱਕ ਗੁਰਦੁਆਰਾ ਹੁੰਦਾ ਜੋ ਕਿਸੇ ਕਾਰੋਬਾਰੀ ਨਾਂ ਵਾਂਗ ਬਿਨਾ ਕਿਸੇ ਜਾਤ/ਬਰਾਦਰੀ ਦੇ ਨਾਂ ਤੋਂ ਹੁੰਦਾ ਅਤੇ ਉੱਥੇ ਉਹ ਸਾਰੀਆਂ ਸਹੂਲਤਾਂ ਜਾਂ ਖੂਬੀਆਂ ਉਪਲਬਧ ਹੁੰਦੀਆਂ ਜਿਸ ਲਈ ਇਹ ਗੁਰਦੁਆਰਾ (ਸੰਸਥਾ) ਹੋਂਦ ਵਿੱਚ ਆਇਆ ਸੀ ਤਾਂ 24 ਘੰਟੇ ਸੰਗਤ ਦਾ ਆਣ-ਜਾਣ ਬਣਿਆ ਰਹਿੰਦਾ, ਮੱਲ੍ਹ ਅਖਾੜੇ ਵਿੱਚ ਸ਼ਾਮੀਂ ਨੌਜਵਾਨ ਆਉਂਦੇ, ਵਿਦਿਆਰਥੀ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਆਉਂਦੇ, ਗੁਰਦੁਆਰਾ ਕਮੇਟੀ ਦਾ ਕੋਈ ਨਾ ਕੋਈ ਮੈਂਬਰ ਰੋਜ਼ਾਨਾ ਡਿਊਟੀ ਬਦਲ ਕੇ ਗੋਲਕ ਨੋਟ ਕਰਨ ਦੀ ਥਾਂ ਸ਼ਾਮੀਂ ਗੁਰਦੁਆਰਾ ਸਾਹਿਬ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ/ਪੇਸ਼ੀ ਨਾ ਰਹਿ ਜਾਵੇ, ਦੇਖਣ ਲਈ ਆਉਂਦਾ ਤਾਂ ਦਾਅਵੇ ਨਾਲ ਇਹ ਗੱਲ ਆਖੀ ਜਾ ਸਕਦੀ ਸੀ ਕਿ ਸਾਡੇ ਗੁਰੂ ਦਾ ਕੋਈ ਅਪਮਾਨ ਨਹੀਂ ਕਰ ਸਕਦਾ। ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਜਾਂ ਪੰਥ ਦੋਖੀ ਦੀ ਹਿੰਮਤ ਨਾ ਪੈਂਦੀ ਉਹ ਗੁਰਦ੍ਵਾਰਾ ਸਾਹਿਬ ਦੀ ਚਾਰਦੀਵਾਰੀ ਅੰਦਰ (ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ) ਕੋਈ ਛੇੜਛਾੜ ਕਰਨ ਦਾ ਹੀਆ ਨਹੀਂ ਸੀ ਕਰ ਸਕਦਾ।

ਅੱਜ ਵੀ ਸਮੁੱਚਾ ਪੰਥ ਨਿਰਣਾ ਕਰ ਲਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅੱਗੇ ਸੀਸ ਝੁਕਾ ਕੇ ਆਪੋ ਆਪਣੇ ਪਿੰਡਾਂ ਨਗਰਾਂ ਵਿੱਚੋਂ ਬਹੁਤਿਆਂ ਦੀ ਥਾਂ ਕੇਵਲ ਇੱਕ ਗੁਰਦੁਆਰਾ ਹੀ ਕਾਇਮ ਕੀਤਾ ਜਾਵੇਗਾ ਜਿੱਥੋਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਜਾਵੇਗਾ। ਜਿੱਥੋਂ ਹਰੇਕ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇਗੀ ਤਾਂ ਪੱਕੀ ਗੱਲ ਹੈ ਇਸ ਦੇ ਬਹੁਤ ਵਧੀਆ ਸਿੱਟੇ ਨਿਕਲ ਸਕਣਗੇ। ਬੱਸ ਕਿਸੇ ਇੱਕ ਪਿੰਡ/ਪੰਚਾਇਤ/ਕਮੇਟੀ ਵੱਲੋਂ ਇਸ ‘ਇੱਕ ਪਿੰਡ-ਇੱਕ ਗੁਰਦੁਆਰਾ ਲਹਿਰ’ ਸ਼ੁਰੂ ਕਰਨ ਦੀ ਪਹਿਲ ਕਰ ਦੇਵੇ। ਗੁਰੂ ਰਾਖਾ !!

ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

Most Viewed Posts