20.2 C
Jalandhar
Saturday, April 11, 2026
spot_img
Home Blog Page 199

13 ਅਪ੍ਰੈਲ ਨੂੰ ਦਸਤਾਰ ਦਿਵਸ ’ਤੇ ਵਿਸ਼ੇਸ਼

0

13 ਅਪ੍ਰੈਲ ਨੂੰ ਦਸਤਾਰ ਦਿਵਸ ’ਤੇ ਵਿਸ਼ੇਸ਼

ਕਿਰਪਾਲ ਸਿੰਘ ਬਠਿੰਡਾ-98554-80797

ਹਜ਼ਾਰਾਂ ਸਾਲਾਂ ਤੋਂ ਪੱਗ ਜਾਂ ਪਗੜੀ ਦਾ ਸੱਭਿਆਚਾਰ ਵਿੱਚ ਮਹੱਤਵਪੂਰਣ ਸਥਾਨ ਰਿਹਾ ਹੈ। ਸਿੱਖ ਸ਼ਬਦਾਵਲੀ ਵਿੱਚ ਪਗੜੀ ਨੂੰ ਸਤਿਕਾਰ ਨਾਲ ਦਸਤਾਰ ਦਾ ਨਾਮ ਦਿੱਤਾ ਗਿਆ ਹੈ। ਦਸਤਾਰ ਫ਼ਾਰਸੀ ਦਾ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਸਵਾਰ ਕੇ ਬੰਨ੍ਹਿਆ ਹੋਇਆ ਬਸਤਰ। ਖਾਲਸੇ ਦੀ ਬੋਲੀ ਵਿੱਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਆਖਦੇ ਹਨ। ਦਸਤਾਰ ਸਿੱਖ ਸਭਿਆਚਾਰ ਦਾ ਕੇਂਦਰੀ ਬਹਾਦਰੀ ਚਿੰਨ੍ਹ ਹੈ। ਦਸਤਾਰ ਲਈ ਬਹੁਤ ਸਾਰੇ ਨਾਂ ਵੱਖ ਵੱਖ ਜ਼ੁਬਾਨਾਂ ਅਤੇ ਧਰਮਾਂ ਵੱਲੋਂ ਰੱਖੇ ਮਿਲਦੇ ਹਨ, ਜਿਵੇਂ ਇਮਾਮਾ, ਪੱਗ, ਸਾਫ਼ਾ, ਚੀਰਾ, ਦੁਲਬੰਦ, ਉਸ਼ਵੀਕ, ਟਰਬਨ, ਤੁਰਬਾਂਤੇ ਆਦਿ। ਦਸਤਾਰ ਕਦੋਂ ਤੇ ਕਿਵੇਂ ਸੰਸਾਰ ਵਿੱਚ ਸ਼ੁਰੂ ਹੋਈ, ਇਸ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ? ਅਰਬ ਅਤੇ ਈਰਾਨ ਦੇਸ਼ਾਂ ਵਿੱਚ ਦਸਤਾਰ ਨੂੰ ਖ਼ਾਸ ਮੁਕਾਮ ਹਾਸਲ ਰਿਹਾ ਹੈ। ਜਾਪਦਾ ਹੈ ਦਸਤਾਰ ਸੰਸਾਰ ਦਾ ਪੁਰਾਤਨ ਇੱਜ਼ਤ ਆਬਰੂ ਦਾ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ-ਜਲਾਲ ਦੇ ਚਿੰਨ੍ਹ ਵਜੋਂ ਪੀੜ੍ਹੀ-ਦਰ-ਪੀੜ੍ਹੀ ਸਾਡੇ ਤੱਕ ਪੁੱਜਿਆ ਹੈ। ਪੰਦਰ੍ਹਵੀਂ ਸਦੀ ਤੋਂ ਪਹਿਲਾਂ ਵੀ ਯੂਰਪ ਆਦਿ ਦੇਸ਼ਾਂ ਵਿੱਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ। ਕਈ ਸਦੀਆਂ ਤੋਂ ਮੁਸਲਮਾਨਾਂ ਦੇ ਪੈਗ਼ੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ’ਤੇ ਦਸਤਾਰ ਬੰਨ੍ਹਦੇ ਸਨ। ਹੱਜ ’ਤੇ ਜਾਣ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ। ਦਸਤਾਰ ਸਿੱਖਾਂ ਦੇ ਦਰਸ਼ਨ-ਦੀਦਾਰ ਦਾ ਕੇਂਦਰ ਬਿੰਦੂ ਹੈ, ਜੋ ਹਜ਼ਾਰਾਂ ਵਿੱਚੋਂ ਵੀ ਸਵੈ-ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਸਾਹਿਬ ਅਤੇ ਦੂਜੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਦਸਤਾਰ ਦਾ ਅਹਿਮ ਰੁੱਤਬਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਿੱਖਾਂ ਨੂੰ ਹਦਾਇਤ ਹੈ ਕਿ ਸਾਬਤ ਸੂਰਤਿ ਰਹਿ ਕੇ ਸਿਰ ’ਤੇ ਦਸਤਾਰ ਸਜਾਉਣੀ ਹੈ: ‘‘ਨਾਪਾਕ, ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ॥’’ (ਮ:5/1084)। ਗੁਰੂ ਅਰਜਨ ਸਾਹਿਬ ਤਾਂ ਆਪਣੇ ਮੁਖਾਰਬਿੰਦ ਤੋਂ ਉਚਾਰਦੇ ਹਨ ਕਿ ਦੂਹਰਾ ਦਸਤਾਰਾ (ਦੁਮਾਲਾ) ਤਾਂ ਆਪ ਦੀ ਫ਼ਤਹਿ ਦਾ ਡੰਕਾ ਵਜਾਉਣ ਦਾ ਸੰਕੇਤ ਦਿੰਦੇ ਹਨ: ‘‘ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ, ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ; ਦਯੁ ਬੈਠਾ ਵੇਖੈ, ਆਪਿ ਜੀਉ॥’’ (ਮ:5/74) ਭਗਤ ਨਾਮਦੇਵ ਜੀ ਨੇ ਪਗੜੀ ਦੀ ਵਿਸ਼ੇਸ਼ ਸਿਫਤ ਕਰਦਿਆਂ ਲਿਖਿਆ ਹੈ: ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ॥’’ (ਪੰਨਾ 727)

ਦੱਖਣੀ ਤੇ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਦੇਸ਼ਾਂ ਵਿਚ ਮਰਦਾਂ ਲਈ ਸਿਰ ਢੱਕਣ ਦਾ ਵਿਸ਼ੇਸ਼ ਤਰੀਕਾ ਪੱਗ ਬੰਨ੍ਹਣਾ ਹੈ। ਪੱਗ ਦਾ ਧਾਰਨ ਕਰਨਾ ਸਮਾਜਿਕ ਰੀਤ ਤੋਂ ਲੈ ਕੇ ਧਾਰਮਿਕ ਮਰਿਆਦਾ ਦੇ ਰੂਪ ਵਿਚ ਵੀ ਸਥਾਪਤ ਹੋ ਚੁੱਕਾ ਹੈ। ਪੱਗ ਸਵੈ ਵਿਸ਼ਵਾਸ, ਸਵੈਮਾਨ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ। ਪੰਜਾਬ ਵਿੱਚ ਪੁਰਾਣੇ ਸਮਿਆਂ ਤੋਂ ਹੀ ਅਤੇ ਅਜੋਕੇ ਸਮੇਂ ਵਿੱਚ ਵੀ ਪੱਗ ਵਟਾਉਣ ਦੀ ਰੀਤ ਪ੍ਰਚੱਲਤ ਹੈ। ਪੱਗ ਵਟਾਉਣ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ ਅਤੇ ਗੂੜ੍ਹੇ ਸਬੰਧ ਸਥਾਪਿਤ ਹੋ ਜਾਂਦੇ ਹਨ। ਪੰਜਾਬ ਦੇ ਸੱਭਿਆਚਾਰ ਵਿੱਚ ਵੀ ਕਿਸੇ ਬਜ਼ੁਰਗ ਦੇ ਮਰਨ ਸਮੇਂ ਪੁੱਤਰ ਨੂੰ ਭਾਈਚਾਰੇ ਵੱਲੋਂ ਜਿੰਮੇਵਾਰੀ ਦੀ ਦਸਤਾਰ ਬਨ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ। ਭਾਰਤ ਦਾ ਇਤਿਹਾਸ ਕਾਂਡ 8, ਕ੍ਰਿਤ ਐਲਫਿਨਸਟੋਨ (Elphinstone) ਵਿੱਚ ਦਰਜ਼ ਹੈ ਕਿ ਮੁਸਲਮਾਨਾਂ ਦੇ ਸਮੇਂ ਧਰਮ ਦੇ ਨਿਆਇਕਾਰੀ ਨੂੰ ਅਹੁੱਦਾ ਸੌਂਪਣ ਸਮੇਂ ਉਸ ਦੀ ਦਸਤਾਰਬੰਦੀ ਕੀਤੀ ਜਾਂਦੀ ਸੀ। ਜਦੋਂ ਬਾਬਾ ਫ਼ਰੀਦ ਜੀ ਨੂੰ ਗੱਦੀ ’ਤੇ ਬਿਰਾਜਮਾਨ ਕੀਤਾ ਗਿਆ ਤਾਂ ਉਨ੍ਹਾਂ ਦੀ ਦਸਤਾਰਬੰਦੀ ਕਰਨ ਲਈ ਉਨ੍ਹਾਂ ਦੀ ਮਾਤਾ ਨੇ ਆਪ ਸੂਤ ਕੱਤ ਕੇ ਜੁਲਾਹੇ ਤੋਂ ਦਸਤਾਰਾਂ ਉਣਵਾਈਆਂ ਸਨ। ਇਸੇ ਰਸਮ ਨੂੰ ਹਿੰਦੂ ਸਿੱਖਾਂ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਅਪਣਾਇਆ ਜਾ ਰਿਹਾ ਹੈ। ਜਿਵੇਂ ਕਿ ਅੱਜ ਵੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਅਹੁਦੇ ’ਤੇ ਬਿਰਾਜਮਾਨ ਕਰਨ ਸਮੇਂ ਅਤੇ ਗੱਦੀਦਾਰ ਡੇਰੇਦਾਰਾਂ ਦੀ ਮੌਤ ਉਪਰੰਤ ਉਸ ਦੇ ਨੇੜਲੇ ਚੇਲੇ ਨੂੰ ਡੇਰੇ ਦੀ ਗੱਦੀ ਸੰਭਾਲਣ ਸਮੇਂ ਉਨ੍ਹਾਂ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ।

ਸਿੱਖ ਕੌਮ ਵਿਚ ਪੱਗ ਅਰਥਾਤ ਦਸਤਾਰ ਨੂੰ ਸਭ ਤੋਂ ਵੱਧ ਧਾਰਮਿਕ ਅਤੇ ਸਮਾਜਿਕ ਮਹੱਤਵ ਦਿੱਤਾ ਜਾਂਦਾ ਹੈ। ਉਂਝ ਭਾਰਤੀ ਸਮਾਜ ’ਚ ਪੱਗ ਬੰਨ੍ਹਣ ਦਾ ਪੁਰਾਣਾ ਰਿਵਾਜ਼ ਹੈ। ਰਾਜਪੂਤ, ਮਰਹੱਟੇ, ਜੱਟ, ਜਾਟ ਆਦਿ ਸਾਰੇ ਹੀ ਪੱਗ ਨੂੰ ਆਪਣੇ ਸਿਰ ਦਾ ਤਾਜ਼ ਸਮਝਦੇ ਹਨ। ਮੁਸਲਮਾਨ ਦੇਸ਼ਾਂ ਵਿਚੋਂ ਤੁਰਕੀ, ਇਰਾਨ, ਸੂਡਾਨ, ਯਮਨ, ਇਰਾਕ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ ਪੱਗ ਇਕ ਆਮ ਪ੍ਰਵਾਨਿਤ ਬਸਤਰ ਹੈ। ਸ਼ਿਵਾ ਜੀ ਮਰਹੱਟਾ, ਰਾਣਾ ਸਾਂਗਾ, ਰਾਜਾ ਜੈ ਸਿੰਘ ਆਦਿ ਸ਼ਾਹੀ ਕਲਗੀ ਵਾਲੀਆਂ ਪੱਗਾਂ; ਮਹਾਰਾਜਾ ਰਣਜੀਤ ਸਿੰਘ ਦੀ ਪੱਗ ਤੋਂ ਕੋਈ ਬਹੁਤੀਆਂ ਵੱਖਰੀਆਂ ਨਹੀਂ ਸਨ। ਮੁਗ਼ਲ ਸ਼ਹਿਨਸ਼ਾਹ ਵੀ ਦਸਤਾਰ ਧਾਰਨ ਕਰਦੇ ਸਨ। ਬੀਤੇ ਸਮੇਂ ਵਿਚ ਭਾਰਤ ਅਤੇ ਮੁਸਲਿਮ ਦੇਸ਼ਾਂ ਵਿਚ ਪੱਗ ਪਹਿਰਾਵੇ ਦਾ ਇਕ ਜ਼ਰੂਰੀ ਅੰਗ ਰਹੀ ਹੈ, ਪਰ ਅੱਜ ਇਸ ਦਾ ਮਹੱਤਵ ਸਿੱਖ ਸਮਾਜ ਤੋਂ ਬਗੈਰ ਬਾਕੀ ਸਭ ਸਮਾਜਾਂ ’ਚ ਬਹੁਤ ਘਟ ਚੁੱਕਾ ਹੈ। ਮੁਗਲ ਸਾਮਰਾਜ ਵੇਲੇ ਕਈ ਤੁਅੱਸਬੀ ਰਾਜੇ ਗੈਰ-ਮੁਸਲਮਾਨਾਂ ਲਈ ਪੱਗ ਬੰਨ੍ਹਣ ’ਤੇ ਪਾਬੰਦੀਆਂ ਵੀ ਲਗਾਉਂਦੇ ਰਹੇ ਹਨ, ਕਿਉਂਕਿ ਪੱਗ ਨੂੰ ਸਵੈਮਾਨ ਅਤੇ ਆਜ਼ਾਦ ਹਸਤੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪੱਗ ਨੂੰ ਤਾਜ਼ ਦਾ ਮਹੱਤਵ ਵੀ ਦਿੱਤਾ ਜਾਂਦਾ ਹੈ। ਸਿੱਖ ਧਰਮ ’ਚ ਪੱਗ ਦਾ ਮਹੱਤਵ ਬਾਕੀ ਧਰਮਾਂ ਨਾਲੋਂ ਬਿਲਕੁਲ ਵੱਖਰਾ ਹੈ। ਸਿੱਖ ਵਿਚਾਰਧਾਰਾ ’ਚ ਪੱਗ ਨੂੰ ਸਿਰਫ਼ ਸਵੈਮਾਣ ਦਾ ਪ੍ਰਤੀਕ ਹੀ ਨਹੀਂ ਸਮਝਿਆ ਗਿਆ, ਸਗੋਂ ਰੂਹਾਨੀਅਤ ਜਾਂ ਧਾਰਮਿਕ ਮਹੱਤਤਾ ਵੀ ਹੈ। ਵੈਸੇ ਤਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਦਸਤਾਰ ਬੰਨ੍ਹਣੀ ਸਿੱਖੀ ਜੀਵਨ ’ਚ ਧਾਰਮਿਕ ਪੱਖੋਂ ਜ਼ਿਆਦਾ ਮਹੱਤਵਪੂਰਨ ਸੀ, ਪਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਦੀ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਦੇ ਤੁਅੱਸਬੀ ਮੁਗਲ ਰਾਜੇ ਜਹਾਂਗੀਰ ਨੇ ਗੈਰ ਮੁਸਲਮਾਨਾਂ ’ਤੇ ਪੱਗ ਬੰਨ੍ਹਣ ’ਤੇ ਪਾਬੰਦੀ ਦਾ ਫ਼ੁਰਮਾਨ ਜਾਰੀ ਕਰ ਦਿੱਤਾ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਇੱਕ ਦੀ ਥਾਂ ਦੋ ਦਸਤਾਰਾਂ ਬੰਨ੍ਹਣ ਦਾ ਹੁਕਮ ਜਾਰੀ ਕਰ ਦਿੱਤਾ; ਜਿਸ ਨੂੰ ਦੁਮਾਲਾ ਸਜਾਉਣਾ ਕਿਹਾ ਜਾਣ ਲੱਗਾ। ਸਿੱਖ ਦੀ ਦਸਤਾਰ ਇੱਕ ਅਜਿਹੇ ਮੁਜੱਸਮੇ ਦੀ ਪ੍ਰਤੀਕ ਹੋ ਨਿੱਬੜਦੀ ਹੈ, ਜਿਸ ਵਿੱਚ ਧਰਮ, ਇੱਜ਼ਤ ਤੇ ਅਧਿਆਤਮਕ ਲਕਸ਼ ਸਾਫ ਨਜ਼ਰੀਂ ਪੈਂਦਾ ਹੈ। ਗੁਰੂ ਸਾਹਿਬ ਨੇ ਆਪ ਵੀ ਸੁੰਦਰ ਦੁਮਾਲਾ ਸਜਾ ਕੇ ਉੱਪਰ ਕਲਗੀ ਲਗਾਉਣੀ ਸ਼ੁਰੂ ਕਰ ਦਿੱਤੀ, ਜੋ ਸਿੱਖ ਧਰਮ ਦੀ ਸੁਤੰਤਰਤਾ ਅਤੇ ਆਜ਼ਾਦ ਪ੍ਰਭੂ ਸੱਤਾ ਦੀ ਪ੍ਰਤੀਕ ਸੀ। ਇਸੇ ਕਰਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਢਾਡੀ ਅਬਦੁੱਲਾ ਅਤੇ ਨੱਥਾ ਮੱਲ ਨੇ ਅਕਾਲ ਤਖ਼ਤ ਸਾਹਿਬ ਤੋਂ ਜੋ ਵਾਰ ਪੜ੍ਹੀ ਸੀ, ਉਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਦਸਤਾਰ ਦਾ ਬਾਖ਼ੂਬੀ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ: ‘ਦੋ ਤਲਵਾਰੀਂ ਬਧੀਆਂ; ਇੱਕ ਮੀਰ ਦੀ, ਇੱਕ ਪੀਰ ਦੀ। ਇਕ ਅਜ਼ਮਤ ਦੀ, ਇੱਕ ਰਾਜ ਦੀ; ਇੱਕ ਰਾਖੀ ਕਰੇ ਵਜ਼ੀਰ ਦੀ। … … … …ਪੱਗ ਤੇਰੀ ਕੀ ਜਹਾਂਗੀਰ ਦੀ?’ ਕਵੀ ਮੁਤਾਬਕ ਗੁਰੂ ਸਾਹਿਬ ਦੀ ਪੱਗ ਦੀ ਸ਼ਾਨ ਅਤੇ ਜਾਹੋ-ਜਲਾਲ ਸਾਹਮਣੇ ਜਹਾਂਗੀਰ ਦੀ ਪੱਗ ਤੁੱਛ ਜਿਹੀ ਵੀ ਨਹੀਂ ਸੀ।

ਜਦੋਂ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੇ ਪੱਗ ਨੂੰ ਰਾਜਸੱਤਾ ਦੀ ਪ੍ਰਤੀਕ ਦੱਸ ਕੇ ਆਮ ਜਨਤਾ ਲਈ ਪੱਗੜੀ ਬੰਨ੍ਹਣ ’ਤੇ ਰੋਕ ਲਗਾ ਦਿੱਤੀ ਤਾਂ ਫਿਰ ਦਸਵੀਂ ਜੋਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਵਾਲੇ ਦਿਨ ਹਰ ਸਿੱਖ ਲਈ ਪੰਜ ਕਕਾਰਾਂ ਨਾਲ ਪੱਗ ਵੀ ਲਾਜ਼ਮੀ ਕਰਾਰ ਦੇ ਦਿੱਤੀ। ਉਨ੍ਹਾਂ ਨੇ ਦਸਤਾਰ ਨੂੰ ਸਿੱਖ ਫ਼ਲਸਫ਼ੇ ਵਿਚ ਬਿਲਕੁਲ ਨਵੇਂ ਪ੍ਰਸੰਗ ’ਚ ਰੂਪਮਾਨ ਕਰ ਦਿੱਤਾ। ਜਿਵੇਂ ਕੇਸਗੜ੍ਹ ਦੀ ਰੱਖਿਆ ਲਈ ਦਸਮ ਪਿਤਾ ਨੇ ਆਨੰਦਪੁਰ ਸਾਹਿਬ ’ਚ ਪੰਜ ਕਿਲ੍ਹੇ ਬਣਾਏ, ਉਸੇ ਤਰ੍ਹਾਂ ਸਿੱਖ ਫ਼ਲਸਫ਼ੇ ’ਚ ਕੇਸਾਂ ਦੀ ਰੱਖਿਆ ਲਈ ਪੰਜ ਕਕਾਰਾਂ ਦੇ ਨਾਲ ‘ਕੇਸਕੀ’ ਅਰਥਾਤ ਦਸਤਾਰ ਵੀ ਜ਼ਰੂਰੀ ਹੈ। ਇਸ ਦੀ ਗਵਾਹੀ ਤਵਾਰੀਖ ਦੇ ਸਭ ਤੋਂ ਪੁਰਾਤਨ ਸ੍ਰੋਤ ਭੱਟ ਵਹੀਆਂ ਵਿੱਚ ਵੀ ਮਿਲਦੀ ਹੈ। ਦਸਤਾਰ ਦਾ ਜ਼ਿਕਰ ਸਾਰੇ ਰਹਿਤਨਾਮਿਆਂ, ਤਨਖਾਹਨਾਮਿਆਂ ਆਦਿ ਵਿੱਚ ਵੀ ਆਇਆ ਹੈ। ਪੁਰਾਤਨ ਰਹਿਤਨਾਮਿਆਂ ’ਚ ਦਸਤਾਰ ਬੰਨ੍ਹਣ ਸਬੰਧੀ ਸਿੱਖਾਂ ਲਈ ਜ਼ਰੂਰੀ ਹਦਾਇਤਾਂ ਸਪਸ਼ਟ ਮਿਲਦੀਆਂ ਹਨ:-

  1. ਗੁਰਸਿੱਖ ਸਵੇਰੇ ਉਠ ਕੇ ਇਸ਼ਨਾਨ ਕਰੇ, ਕੰਘਾ ਕਰ ਕੇ ਛੋਟੀ ਦਸਤਾਰ (ਕੇਸਕੀ) ਸਜਾਏ ਫਿਰ ਵੱਡੀ ਦਸਤਾਰ ਚੁਣ ਕੇ ਬੰਨ੍ਹੇ।‘ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ।’ (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
  2. ਭਾਈ ਦਯਾ ਸਿੰਘ ਜੀ ਨੇ ਰਹਿਤਨਾਮੇ ਵਿਚ ਲਿਖਿਆ ਹੈ: ਸਿਰ ਦੇ ਵਿਚਕਾਰ ਜੂੜਾ ਕਰਕੇ ਵੱਡੀ ਪੱਗ ਬੰਨ੍ਹੇ- ‘ਜੂੜਾ ਸੀਸ ਕੇ ਮੱਧ ਭਾਗ ਮੈਂ ਰਾਖੇ, ਔਰ ਪਾਗ ਬੜੀ ਬਾਂਧੇ’।
  3. ਦਸਤਾਰ ਹਮੇਸ਼ਾਂ ਦੋ ਸਮੇਂ ਸਜਾਉਣੀ ਚਾਹੀਦੀ ਹੈ। ਇਕ, ਸਵੇਰੇ ਇਸ਼ਨਾਨ ਕਰ ਕੇ ਤੇ ਦੂਸਰਾ, ਤਿ੍ਰਕਾਲਾਂ ਵੇਲੇ ਕੰਘਾ ਕਰ ਕੇ ਸਜਾਉਣੀ ਚਾਹੀਦੀ ਹੈ। ‘ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ। ਚਾਰ ਘੜੀ ਜਬ ਦਿਵਸ ਰਹਾਈ। ਪੰਚ ਇਸਨਾਨਾ ਪੁਨਹ ਕਰਾਈ। ਕੰਘਾ ਕਰਦ ਦਸਤਾਰ ਸਜਾਵੈ। ਇਹੀ ਰਹਤ ਸਿੰਘਨ ਸੋ ਭਾਵੈ।’ (ਰਹਿਤਨਾਮਾ ਭਾਈ ਦੇਸਾ ਸਿੰਘ ਜੀ)। ‘ਕੰਘਾ ਦੋਨਉ ਵਕਤ ਕਰ, ਪਾਗ ਚੁਨਹਿ ਕਰ ਬਾਂਧਈ।’ (ਤਨਖਾਹਨਾਮਾ ਭਾਈ ਨੰਦ ਲਾਲ ਜੀ)।‘ਕੰਘਾ ਦ੍ਵੈ ਕਾਲ ਕਰੇ ਪਾਗ ਚੁਨਕਿ ਬਾਧੇ।’ (ਰਹਿਤਨਾਮਾ ਭਾਈ ਦਯਾ ਸਿੰਘ ਜੀ)
  4. ਗੁਰੂ ਦਾ ਸਿੱਖ ਚੰਗੀ ਤਰ੍ਹਾਂ ਖ਼ੂਬ ਸੋਧ ਕੇ, ਸਵਾਰ ਕੇ ਦਸਤਾਰ ਸਜਾਵੇ ਕਿਉਂਕਿ ਖਾਲਸਾ ਮੂਲ ਰੂਪ ’ਚ ਇਕ ਸਿਪਾਹੀ ਹੈ। ਉਹ ਨਿੱਤ ਜੰਗ ਕਰਦਾ ਹੈ। ਖ਼ਾਲਸਾ ਨਾ ਹੀ ਆਪਣੀ ਪੱਗ ਸਰਕਣ ਦਿੰਦਾ ਹੈ ਤੇ ਨਾ ਹੀ ਦੂਜੇ ਦੀ ਪੱਗ ਲਾਹੁੰਦਾ ਹੈ: ‘ਜਿਸ ਕੀ ਲੜਾਈ ਮੈਂ ਪੱਗ ਉਤਰੈ ਸੋ ਟਕਾ ਪੱਕਾ ਤਨਖਾਹ, ਜੋ ਉਤਾਰੇ ਦੋ ਟਕੇ ਪੱਕਾ ਤਨਖਾਹ।’ (ਰਹਿਤਨਾਮਾ ਭਾਈ ਦਯਾ ਸਿੰਘ ਜੀ)। ‘ਜੋ ਸਿੱਖ, ਸਿੱਖ ਦੀ ਪੱਗ ਨੂੰ ਹੱਥ ਪਾਏ, ਸੋ ਭੀ ਤਨਖਾਹੀਆ।’ (ਰਹਿਤਨਾਮਾ ਭਾਈ ਚਉਪਾ ਸਿੰਘ ਜੀ)

ਇਹ ਰੁਤਬਾ ਦਸਮ ਪਾਤਸ਼ਾਹ ਨੇ ਖ਼ਾਲਸੇ ਨੂੰ ਬਖਸ਼ਿਆ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਂਦੇ ਸਨ। ਸੁੰਦਰ ਦਸਤਾਰ ਸਜਾਉਣ ਵਾਲੇ ਸਿੰਘ ਨੂੰ ਇਨਾਮ ਦੇਂਦੇ ਤੇ ਖੁਸ਼ ਹੁੰਦੇ। ਜਿਸ ਥਾਂ ਦਸਤਾਰ ਦੇ ਮੁਕਾਬਲੇ ਹੁੰਦੇ ਸਨ, ਉਸ ਥਾਂ ਗੁਰਦੁਆਰਾ ‘ਦਸਤਾਰ ਅਸਥਾਨ’ ਸ਼ੁਸ਼ੋਭਿਤ ਹੈ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਅਤੇ ਮਾਈ ਭਾਗੋ ਜੀ ਨੂੰ ਆਪਣੇ ਹੱਥੀਂ ਦਸਤਾਰਾਂ ਭੇਟ ਕੀਤੀਆਂ ਸਨ। ਜੰਗ ਦੇ ਦੌਰਾਨ ਖ਼ਾਲਸਾ ਫੌਜ (ਨਿਹੰਗ ਸਿੰਘਾਂ) ਵੱਲੋਂ ਗੋਲ ਦੁਮਾਲੇ ਸਜਾਏ ਜਾਂਦੇ ਹਨ; ਉੱਪਰ ਚੱਕਰ ਚੜ੍ਹਾਏ ਜਾਂਦੇ ਸਨ, ਜਿਸ ਸਦਕਾ ਪੱਗ ਦੁਸ਼ਮਣ ਦੀ ਤਲਵਾਰ ਆਦਿ ਤੋਂ ਬਚਾਅ ਕੇ ਰੱਖਦੀ ਸੀ। ਗੁਰੂ ਸਾਹਿਬਾਨਾਂ ਤੋਂ ਬਾਅਦ ਦਸਤਾਰ ਨਵੇਂ-ਨਵੇਂ ਰੂਪਾਂ ’ਚ ਵਿਕਸਿਤ ਹੁੰਦੀ ਰਹੀ। ਸਿੱਖ ਮਿਸਲਾਂ ਦੇ ਮੁਖੀਆਂ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਗੁਰੂ ਸਾਹਿਬਾਨ ਵੱਲੋਂ ਵਿਕਸਿਤ ਕੀਤਾ ਦੁਮਾਲਾ ਜਾਂ ਉਸ ਨਾਲ ਰਲਦੇ-ਮਿਲਦੇ ਤਰੀਕਿਆਂ ਦੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਸਨ। ਪਰ ਅੱਜ ਕੱਲ੍ਹ ਪੇਚਾਂ ਵਾਲੀਆਂ ਪੋਚਵੀਆਂ ਪੱਗਾਂ ਜਿਵੇਂ ਕਿ ਮਿਲਟਰੀ ਸਟਾਈਲ, ਪਟਿਆਲਾਸ਼ਾਹੀ, ਨੋਕਦਾਰ ਪੱਗਾਂ ਆਦਿਕ ਜ਼ਿਆਦਾ ਪ੍ਰਚੱਲਤ ਹੋ ਗਈਆਂ ਹਨ। ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨ੍ਹਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖ਼ਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਸਿਰ ’ਤੇ ਦਸਤਾਰ ਸਜਾਉਂਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੋਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਕਰਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।

ਸਮੇਂ-ਸਮੇਂ ਤੇ ਜਦੋਂ ਵੀ ਜ਼ਾਲਮਾ ਨੇ ਪੱਗੜੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਅੱਗੋਂ ਕਰਾਰਾ ਜਵਾਬ ਮਿਲਣ ’ਤੇ ਮੂੰਹ ਦੀ ਖਾਣੀ ਪਈ। ਕ੍ਰਾਂਤੀਕਾਰੀਆਂ ਦੇ ਸਮੇਂ ‘ਪੱਗੜੀ ਸੰਭਾਲ ਜੱਟਾ’ ਲਹਿਰ ਵੀ ਚੱਲੀ। ਇਹ ਗੀਤ ਲਿਖਣ ਵਾਲੇ ਕਵੀ ‘ਬਾਂਕੇ ਦਿਆਲ’ ਨੂੰ ਅੰਗਰੇਜਾਂ ਨੇ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਆਖ਼ਰਕਾਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਅੰਗਰੇਜ਼ ਹਕੂਮਤ ਨੂੰ ਹਾਰ ਮੰਨਣੀ ਪਈ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਜਦ ਅੰਗਰੇਜ਼ ਅਧਿਕਾਰੀਆਂ ਨੇ ਸਿੱਖ ਫੌਜੀਆਂ ਨੂੰ ਲੋਹੇ ਦੇ ਹੈਲਮਟ ਪਾਉਣੇ ਲਾਜ਼ਮੀ ਕਰ ਦਿੱਤੇ ਸਨ ਅਤੇ ਹੁਕਮ ਜਾਰੀ ਕਰ ਦਿੱਤੇ ਕਿ ਅਸੀਂ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਸ਼ਹੀਦ ਹੋਏ ਸਿੱਖਾਂ ਦੀਆਂ ਵਿਧਵਾਵਾਂ ਨੂੰ ਪੈਂਨਸ਼ਨ ਦੇਣ ਤੋਂ ਅਸਮਰੱਥ ਹੋਵਾਂਗੇ। ਇਸ ਦੇ ਬਾਵਜੂਦ ਵੀ ਸਿੱਖ ਫੌਜੀਆਂ ਨੇ ਸਿਰ ’ਤੇ ਲੋਹੇ ਦੇ ਹੈਲਮਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਲਿਖ ਕੇ ਦੇ ਦਿੱਤਾ ਸੀ ਕਿ ਸਿਰ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਸਿੱਖ ਪੈਂਨਸ਼ਨ ਲੈਣ ਦਾ ਹੱਕਦਾਰ ਨਹੀਂ ਹੋਵੇਗਾ।

ਦਸਤਾਰ ਪਹਿਨਣ ਦਾ ਹੱਕ ਪ੍ਰਾਪਤ ਕਰਨ ਲਈ ਸਿੱਖਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹਿੰਦਾ ਹੈ। ਬਹੁਤ ਸਾਰੇ ਸਿੱਖਾਂ ਨੇ ਜੇਲ੍ਹ ਵਿੱਚ ਵੀ ਦਸਤਾਰ ਉਤਾਰਨ ਤੋਂ ਨਾਂਹ ਕੀਤੀ। ਸਿੱਖ ਵਿਦਵਾਨ ਅਤੇ ਪ੍ਰਚਾਰਕ ਭਾਈ ਰਣਧੀਰ ਸਿੰਘ ਜੀ ਦੀ ਜੇਲ੍ਹ ਵਿੱਚ ਜ਼ਬਰੀ ਦਸਤਾਰ ਉਤਾਰੇ ਜਾਣ ’ਤੇ ੳਨ੍ਹਾਂ ਨੇ ਤੁਰੰਤ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਉਸ ਸਮੇਂ ਤੱਕ ਜਾਰੀ ਰੱਖੀ ਜਦ ਤੱਕ ਕਿ ਉਸ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਨਹੀਂ ਦਿੱਤੀ ਗਈ। 1982 ਵਿੱਚ ਯੂ.ਕੇ. ਦੇ ਇੱਕ ਪ੍ਰਾਈਵੇਟ ਸਕੂਲ ਦੇ ਹੈੱਡਮਾਸਟਰ ਨੇ ਇੱਕ ਸਿੱਖ ਬੱਚੇ ਨੂੰ ਉਸ ਸਮੇਂ ਤੱਕ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਕਿ ਉਹ ਆਪਣੀ ਪਗੜੀ ਨਹੀਂ ਉਤਾਰਦਾ ਅਤੇ ਆਪਣੇ ਕੇਸ ਨਹੀਂ ਕਟਵਾ ਲੈਂਦਾ। ਉਸ ਦੇ ਪਿਤਾ ਨੇ ਬੱਚੇ ਨੂੰ ਦੂਸਰੇ ਸਕੂਲ ਵਿੱਚ ਦਾਖ਼ਲਾ ਦਿਵਾ ਦਿੱਤਾ ਅਤੇ ਆਪਣਾ ਧਾਰਮਿਕ ਹੱਕ ਹਾਸਲ ਕਰਨ ਲਈ ਲੰਬੀ ਕਾਨੂੰਨੀ ਲੜਾਈ ਲਈ। ਇਸੇ ਤਰ੍ਹਾਂ ਕੈਨੇਡਾ ਵਿੱਚ 1990 ਵਿੱਚ ਬਲਤੇਜ ਸਿੰਘ ਢਿੱਲੋਂ ਨੇ ਆਰ.ਸੀ.ਐੱਮ.ਪੀ. (RCMP) ਅਫਸਰ ਵਜੋਂ ਡਿਊਟੀ ਸਮੇਂ ਦਸਤਾਰ ਪਹਿਨਣ ਦਾ ਕਾਨੂੰਨੀ ਹੱਕ ਸੁਪ੍ਰੀਮ ਕੋਰਟ ਆਫ ਕੈਨੇਡਾ ਦੇ ਫੈਸਲੇ ਰਾਹੀਂ ਹਾਸਲ ਕੀਤਾ। ਜੁਲਾਈ 2002 ’ਚ ਅਮਰੀਕਾ ਵਿੱਚ ਨਿਊ ਯਾਰਕ ਪੁਲਿਸ ਮਹਿਕਮੇ ਨੇ ਜਸਜੀਤ ਸਿੰਘ ਜੱਗੀ ਨੂੰ ਇਸ ਕਰਕੇ ਟ੍ਰੈਫਿਕ ਪੁਲਿਸਮੈਨ ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਕਿਉਂਕਿ ਡਿਊਟੀ ਸਮੇਂ ਉਸ ਨੇ ਦਸਤਾਰ ਉਤਾਰਨ ਤੋਂ ਨਾਂਹ ਕਰ ਦਿੱਤੀ ਸੀ। ਸ: ਜੱਗੀ ਨੇ ਨਿਊ ਯਾਰਕ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਕੇਸ ਦਾਇਰ ਕਰ ਦਿੱਤਾ। ਇਸ ਕੇਸ ਵਿੱਚ ਅਪ੍ਰੈਲ 2004 ਵਿੱਚ ਜੱਜ ਸਾਹਿਬ ਨੇ ਫੈਂਸਲਾ ਸੁਣਾਉਂਦੇ ਸ: ਜੱਗੀ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ। ਪਿਛਲੇ ਦਹਾਕੇ ਤੋਂ ਫਰਾਂਸ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ’ਤੇ ਕਿਸੇ ਵੀ ਧਾਰਮਿਕ ਚਿਨ੍ਹ ਪਹਿਨਣ ਦੀ ਪਾਬੰਦੀ ਲਾ ਦਿੱਤੀ ਗਈ ਹੈ। ਉਸ ਸਮੇਂ ਤੋਂ ਹੀ ਗੈਰ ਸਰਕਾਰੀ ਸੰਸਥਾ ‘ਯੂਨਾਟਿਡ ਸਿੱਖਸ’ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਸਿੱਖਾਂ ਲਈ ਧਾਰਮਿਕ ਹਾਸਲ ਕਰਨ ਲਈ ਅੰਤਰਰਾਸ਼ਟਰੀ ਪੱਧਰ ’ਤੇ ਕਾਨੂੰਨੀ ਅਤੇ ਰਾਜਨੀਤਕ/ਡਿਪਲੋਮੈਟਿਕ ਢੰਗ ਨਾਲ ਸੰਘਰਸ਼ ਕਰ ਰਹੀਆਂ ਹਨ। ਨਿਜੀ ਤੌਰ ’ਤੇ ਵੀ ਕਈ ਸਿੱਖ ਆਪਣਾ ਧਾਰਮਿਕ ਹੱਕ ਹਾਸਲ ਕਰਨ ਲਈ ਕਾਨੂੰਨੀ ਲੜਾਈ ਲੜ ਰਹੇ ਹਨ ਜਿਨ੍ਹਾਂ ਵਿੱਚੋਂ ਕਈਆਂ ਨੇ ਸਫਲਤਾ ਵੀ ਹਾਸਲ ਕੀਤੀ ਹੈ ਜਿਵੇਂ ਕਿ 57 ਸਾਲਾ ਸ: ਸ਼ਿੰਗਾਰਾ ਮਾਨ ਸਿੰਘ ਨੂੰ ਪਾਸਪੋਰਟ ’ਤੇ ਬਿਨਾਂ ਪੱਗ ਤੋਂ ਫੋਟੋ ਲਗਾਉਣ ਲਈ ਕਿਹਾ ਗਿਆ ਤਾਂ ਉਸ ਨੇ ਯੂ.ਐੱਨ. ਮਨੁੱਖੀ ਅਧਿਕਾਰ ਕਮੇਟੀ ਕੋਲ ਪਹੁੰਚ ਕੀਤੀ ਜਿਸ ਨੇ ਫ੍ਰਾਂਸ ਸਰਕਾਰ ਨੂੰ ਕਿਹਾ ਕਿ ਉਸ ਨੇ ਧਾਰਮਿਕ ਅਜਾਦੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਪ੍ਰੈਲ 2009 ਵਿੱਚ ਕੈਪਟਨ ਕਮਲਜੀਤ ਸਿੰਘ ਕਲਸੀ ਅਤੇ ਸੈਕਿੰਡ ਲੈਫਟੀਨੈਂਟ ਤੇਜਦੀਪ ਸਿੰਘ ਰਤਨ ਨੇ ਯੂ.ਐੱਸ. ਆਰਮੀ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਜਿਸ ਵਿੱਚ ਉਨ੍ਹਾਂ ਨੂੰ ਆਪਣੀ ਦਾਹੜੀ ਸ਼ੇਵ ਕਰਨ ਅਤੇ ਪਗੜੀ ਉਤਾਰਨ ਲਈ ਕਿਹਾ ਗਿਆ ਸੀ। ਇਸ ਉਪ੍ਰੰਤ ਮਾਰਚ 2010 ਵਿੱਚ ਸ: ਰਤਨ ਨੇ ਫੋਰਟ ਸੈਮ ਹਿਊਸਟਨ ਦੇ ਆਰਮੀ ਸਕੂਲ ਵਿੱਚੋਂ ਪਹਿਲੇ ਸਿੱਖ ਫੌਜੀ ਅਫਸਰ ਵਜੋਂ ਡਿਗਰੀ ਹਾਸਲ ਕਰਨ ਦਾ ਮਾਣ ਹਾਸਲ ਕੀਤਾ।

ਸਿੱਖਾਂ ਵੱਲੋਂ ਦਸਤਾਰ ਲਈ ਕੀਤੇ ਗਏ ਅਤੇ ਕੀਤੇ ਜਾ ਰਹੇ ਸੰਘਰਸ਼ ਨੂੰ ਵੇਖਦਿਆਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਉਹ ਸਿੱਖ ਸਨ, ਜਿਨ੍ਹਾਂ ਦੇ ਸਿਰ ’ਤੇ ਮੌਤ ਵੀ ਮੰਡਰਾ ਰਹੀ ਹੁੰਦੀ ਸੀ, ਰੁਜ਼ਗਾਰ ਖੁੱਸਣ ਦਾ ਡਰ ਵੀ ਰਹਿੰਦਾ ਹੈ ਪਰ ਉਹ ਪੱਗੜੀ ਨੂੰ ਜਾਨ ਅਤੇ ਰੁਜ਼ਗਾਰ ਤੋਂ ਵੀ ਵੱਧ ਪਿਆਰੀ ਸਮਝਦੇ ਸਨ/ਹਨ। ਇੱਕ ਅੱਜ ਦੇ ਸਿੱਖ ਬੱਚੇ ਹਨ ਜਿਨ੍ਹਾਂ ਨੂੰ ਕਿਸੇ ਪਾਸਿਉਂ ਕੋਈ ਖਤਰਾ ਵੀ ਨਹੀ ਹੈ, ਫਿਰ ਵੀ ਪੱਗੜੀ ਬੰਨ੍ਹਣਾ ਨਹੀਂ ਚਾਹੁੰਦੇ। ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਸਾਡੇ ਪੰਜਾਬੀ ਵੀਰ, ਬੱਚੇ ਪੱਗੜੀ ਨੂੰ ਤਿਲਾਂਜਲੀ ਦਈ ਜਾ ਰਹੇ ਹਨ। ਅੱਜ ਫੈਸ਼ਨ ਦੇ ਇਸ ਯੁੱਗ ਵਿੱਚ ਟੀ.ਵੀ. ਦੀ ਅਹਿਮ ਭੂਮਿਕਾ ਹੈ, ਜਿਸ ਨੂੰ ਵੇਖ-ਵੇਖ ਸਾਡੇ ਬੱਚੇ ਬੱਚੀਆਂ ਆਪਣੇ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੋ ਕੌਮਾਂ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਜਿਊਂਦੀਆਂ ਨਹੀ ਰਹਿ ਸਕਦੀਆਂ ਹਨ। ਇੱਕ ਪਾਸੇ ਫਰਾਂਸ, ਆਸਟਰੇਲੀਆ ਤੇ ਹੋਰ ਮੁਲਕਾਂ ਵਿੱਚ ਪੰਜਾਬੀਆਂ ਵੱਲੋਂ ਪੱਗੜੀ ਲਈ ਲੜਾਈ ਲੜੀ ਜਾ ਰਹੀ ਹੈ ਤੇ ਦੂਜੇ ਪਾਸੇ ਖ਼ੁਦ ਪੰਜਾਬ ਅੰਦਰ ਸਾਡੇ ਬੱਚੇ ਇਸ ਪੱਖੋਂ ਮੂੰਹ ਫੇਰ ਰਹੇ ਹਨ; ਜੋ ਕਿ ਬੜੇ ਸ਼ਰਮ ਵਾਲੀ ਗੱਲ ਹੈ। ਦਸਤਾਰ ਨੂੰ ਤਿਲਾਂਜਲੀ ਦੇਣ ਦੇ ਰਾਹ ਪਏ ਸਿੱਖ ਨੌਜਵਾਨਾਂ ਨੂੰ ਕਿਸੇ ਦਾਨਸ਼ਵਰ ਦੇ ਇਹ ਸ਼ਬਦ ਹਮੇਸ਼ਾਂ ਯਾਦ ਰੱਖਣੇ ਚਾਹੀਦੇ ਹਨ: ‘ਤਾਜ ਬਿਨਾਂ ਕਿੰਗ ਨਹੀਂ;ਦਸਤਾਰ ਬਿਨਾਂ ਸਿੰਘ ਨਹੀਂ।’

ਦਸਤਾਰ ਦੀ ਸਿੱਖ ਲਈ ਨੌਜਵਾਨਾਂ ਵਿੱਚ ਚੇਤਨਾ ਪੈਦਾ ਕਰਨ ਲਈ ਪਿਛਲੇ 12-13 ਸਾਲਾਂ ਤੋਂ ਹਰ ਸਾਲ 13 ਅਪ੍ਰੈਲ ਨੂੰ ‘ਵਿਸ਼ਵ ਦਸਤਾਰ ਦਿਵਸ’ਮਨਾਇਆ ਜਾਂਦਾ ਹੈ। ‘ਸਿੱਖ ਚਿਲਡਰਨ ਫੋਰਮ’ ਦੁਆਰਾ ‘ਕੈਲੇਫੋਰਨੀਆ’ ਵਿੱਚ ਇਹ ਦਿਵਸ ਮਨਾਉਣਾ ਸ਼ੁਰੂ ਕਰਕੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਈ ਧਾਰਮਿਕ ਜਥੇਬੰਦੀਆਂ ਨੇ ਇਸ ਦਿਨ ਨੂੰ ‘ਵਿਸ਼ਵ ਦਸਤਾਰ ਦਿਵਸ’ ਵਜੋਂ ਮਨਾਉਣਾ ਆਰੰਭ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਸੁੰਦਰ ਦਸਤਾਰਾਂ ਸਜਾਉਣ ਵਾਲੇ ਬੱਚਿਆ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਸਾਡਾ ਵੀ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਫੈਸ਼ਨ ਪ੍ਰਸਤੀ ਨੂੰ ਛੱਡ ਕੇ ਸੁੰਦਰ ਦਸਤਾਰ ਹਮੇਸ਼ਾਂ ਲਈ ਆਪਣੇ ਸਿਰਾਂ ’ਤੇ ਸਜਾ ਕੇ ਸਿੱਖ ਲਈ ਦਸਤਾਰ ਦੀ ਮਹੱਤਤਾ ਵੀ ਉਜਾਗਰ ਕਰੀਏ।

ਖ਼ਾਲਸੇ ਦੀ ਲੋੜ

0

ਖ਼ਾਲਸੇ ਦੀ ਲੋੜ

ਗਿਆਨੀ ਅਮਰੀਕ ਸਿੰਘ ਜੀ (ਚੰਡੀਗੜ੍ਹ)

ਇਕ ਗੱਲ ਆਮ ਸੰਸਾਰੀ ਬੰਦਿਆਂ ਦੇ ਮੂੰਹ ’ਤੇ ਚੜ੍ਹ ਗਈ ਕਿ ਖ਼ਾਲਸਾ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਸਤਿਗੁਰੂ ਜੀ ਨੇ ਬਣਾਇਆ ਸੀ। ਪਰ ਥੋੜ੍ਹੀ ਜਿਹੀ ਵੀ ਸਿਆਣਪ ਦੀ ਅੱਖ ਨਾਲ ਵੇਖੀਏ ਤਾਂ ਫਿਰ ਇਹ ਗੱਲ ਜਚਦੀ ਨਹੀਂ। ਇਸ ਬਾਰੇ ਕੁਝ ਵਿਚਾਰਾਂ ਸਾਂਝੀਆਂ ਕਰਨ ਲਈ ਕੁਝ ਅੱਖਰਾਂ ਦੀ ਸਾਂਝ ਪਾ ਰਿਹਾ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਜੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਇਕ ਸਚਿਆਰ ਮਨੁੱਖ ਦੀ ਘਾੜਤ ਦਾ ਜ਼ਿਕਰ ਕੀਤਾ ਹੈ। ਜਿਸ ਅੰਦਰ ਕਿਸੇ ਵੀ ਨਰਕ ਤੇ ਸਵਰਗ ਦੀ ਲਾਲਸਾ ਨਹੀਂ। ਖ਼ਾਲਸਾ ਇਸੇ ਹੀ ਸਚਿਆਰ ਮਨੁੱਖ ਦਾ ਸਿਖਰ ਹੈ। ਜੇਕਰ ਨਿਰਾ ਇਹੋ ਹੀ ਮੰਨ ਲਈਏ ਕਿ ਇਹ ਹਿੰਦੂ ਧਰਮ ਦੀ ਰੱਖਿਆ ਲਈ ਬਣਾਇਆ ਸੀ ਤਾਂ ਆਖਰ ਸੋਚਣਾ ਪਵੇਗਾ ਕਿ ਖ਼ਾਲਸਾ ਤੇ ਹਿੰਦੂ ਧਰਮ ਦੀ ਆਪਸੀ ਕੀ ਸਾਂਝ ਹੈ ? ਪਰ ਇਹ ਗੱਲ ਤਾਂ ਕਿਧਰੇ ਨਜ਼ਰ ਵੀ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਕ ਵੱਖਰੀ ਕੌਮ ਦਾ ਆਰੰਭ ਹੋਇਆ ਕਿਉਂਕਿ ਜਿੰਨੇ ਵੀ ਹਿੰਦੂਆਂ ਦੇ ਧਰਮ ਕਰਮ ਸਨ ਜਿਵੇਂ: ਜਨੇਊ ਪਹਿਨਣਾ, ਸੂਤਕ ਪਾਤਕ, ਸ਼ਰਾਧ ਕਰਨੇ, ਪੂਜਾ ਪਾਠ, ਮੁੰਡਨ ਕਰਨਾ, ਟੋਪੀ ਪਹਿਨਣੀ, ਤੀਰਥਾਂ ਦਾ ਇਸ਼ਨਾਨ, ਇੱਥੋਂ ਤਕ ਚਾਰ ਆਸ਼ਰਮਾਂ ਦੀ ਪਰੰਪਰਾ ਇਤਿਆਦਿਕ ਵਿੱਚੋਂ ਗੁਰੂ ਮਹਾਰਾਜ ਜੀ ਨੇ ਕਿਸੇ ਉਪਦੇਸ਼ ਜਾਂ ਵਿਚਾਰਧਾਰਾ ਨਾਲ ਸਾਂਝ ਨਹੀਂ ਰੱਖੀ। ਇੱਥੋਂ ਤੱਕ ਇਨ੍ਹਾਂ ਬ੍ਰਾਹਮਣਵਾਦੀ ਲੋਕਾਂ ਵਲੋਂ ਸਤਾਏ ਭਗਤ ਜਨ ਜਿਨ੍ਹਾਂ ਨੇ ਸੱਚ ਪ੍ਰਗਟ ਕੀਤਾ ਸੀ, ਅਜਿਹੇ ਭਗਤਾਂ ਦੇ ਪਵਿੱਤਰ ਬਚਨ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਉਦਾਸੀਆਂ ਦੌਰਾਨ ਇਕੱਤਰ ਕੀਤੇ ਜਿਨ੍ਹਾਂ ਵਿੱਚੋਂ ਕਬੀਰ ਸਾਹਿਬ ਜੀ, ਬਾਬਾ ਨਾਮਦੇਵ ਜੀ, ਰਵਿਦਾਸ ਜੀ ਆਦਿ। ਇਕ ਤਰ੍ਹਾਂ ਇਨ੍ਹਾਂ ਭਗਤਾਂ ਨੂੰ ਵੀ ਬਰਾਬਰ ਦੇ ਤਖ਼ਤ ’ਤੇ ਹੀ ਸੁਸ਼ੋਭਿਤ ਕੀਤਾ। ਇੱਥੇ ਹੀ ਬਸ ਨਹੀਂ, ਮਨੁੱਖੀ ਜਿੰਦਗੀ ਦੇ ਚਾਰ ਪ੍ਰਮੁੱਖ ਸੰਸਕਾਰ ਹਨ। ਇਨ੍ਹਾਂ ਚਾਰਾਂ ਚੋਂ ਇਨ੍ਹਾਂ ਹਿੰਦੂ ਧਰਮ ਦਾ ਫੈਲਾਇਆ ਬ੍ਰਾਹਮਣੀ ਜੂਲਾ ਲਾਹ ਸੁੱਟਿਆ ਸੀ। ਜਨਮ ਸੰਸਕਾਰ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸੂਤਕ ਪਾਤਕ ਦੇ ਬਚਨ ਕਹਿ ਆਜ਼ਾਦ ਕਰ ਦਿੱਤਾ। ਰੋਜ਼ ‘ਆਸਾ ਕੀ ਵਾਰ’ ਦੇ ਬਚਨ ਪੜ੍ਹਦੇ ਹਾਂ-‘‘ਜੇ ਕਰਿ ਸੂਤਕੁ ਮੰਨੀਐ; ਸਭ ਤੈ ਸੂਤਕੁ ਹੋਇ॥’’ (ਮ:੧/੪੭੨) ਧੰਨ ਗੁਰੂ ਅਮਰਦਾਸ ਜੀ ਵੱਲੋਂ ਉਚਾਰਿਆ ਤੇ ਉਪਦੇਸ਼ਿਆ ਰਾਮਕਲੀ ਰਾਗ ਵਿੱਚ ‘ਸਦੁ’ ਮੌਤ ਵੇਲੇ ਕੀਤੇ ਜਾਂਦੇ ਕਰਮ ਕਾਂਡਾਂ ਤੋਂ ਮੁਕਤ ਹੀ ਨਹੀਂ ਕਰਦਾ ਸਗੋਂ ਇਕ ਨਵਾਂ ਮਾਰਗ ਹੈ ਕਿ ਕੋਈ ਵੀ ਹਿੰਦੂ ਧਰਮ ਵਾਂਗ ਕਰਮਕਾਂਡ ਨਹੀਂ ਕਰਨਾ। ਗੁਰੂ ਰਾਮਦਾਸ ਜੀ ਨੇ ਵਿਆਹ ਸੰਸਕਾਰ ਚਾਰ ਲਾਵਾਂ ਉਚਾਰ ਕੇ ਵੱਖਰਾ ਕਰ ਦਿੱਤਾ। ਚਰਣ ਪਾਹੁਲ ਦੀ ਦਾਤ ਬਖਸ਼ ਕੇ ਸਾਰੇ ਗੁਰੂ ਸਾਹਿਬਾਂ ਵੇਲੇ ਧਰਮ ਧਾਰਨ ਕਰਨ ਦਾ ਸੰਸਕਾਰ ਵੀ ਅਲੱਗ ਹੋ ਚੁੱਕਾ ਸੀ। ਕੇਵਲ ਤੇ ਕੇਵਲ ਇਹ ਕਹਿ ਦੇਣਾ ਕਿ ਖ਼ਾਲਸਾ ਕੇਵਲ ਹਿੰਦੂ ਧਰਮ ਦੀ ਰਾਖੀ ਲਈ ਹੈ ਜਿਸ ਦਾ ਆਪਣਾ ਕੋਈ ਮਨੋਰਥ ਨਹੀਂ, ਇਹ ਚਾਲਾਕ ਲੋਕਾਂ ਦੀ ਕਾਢ ਹੈ ਜਦਕਿ ਖ਼ਾਲਸਾ ਇਕ ਆਪਣੇ ਆਪ ਵਿਚ ਵੱਖਰਾ ਤੇ ਹਰ ਧਰਮ ਦੀ ਇੱਜ਼ਤ ਕਰਨ ਵਾਲਾ ‘ਧਰਮ’ ਹੈ। ਜਿਤਨੇ ਵੀ ਮੁਗਲ ਬਾਦਸ਼ਾਹ ਹੋਏ ਹਨ ਉਨ੍ਹਾਂ ਦੇ ਬੂਹੇ ’ਤੇ ਕਰੀਬ ਕਰੀਬ ਇਹ ਹਿੰਦੂ ਹੀ ਸਨ ਜਿਹੜੇ ਜਾ ਕੇ ਸਿੱਖ ਧਰਮ ਦੇ ਵਿਰੁੱਧ ਸ਼ਿਕਾਇਤਾਂ ਕਰਦੇ ਰਹੇ ਜਿਵੇਂ ਅਕਬਰ ਬਾਦਸ਼ਾਹ ਵੇਲੇ, ਜਹਾਂਗੀਰ ਬਾਦਸ਼ਾਹ ਵੇਲੇ, ਇੱਥੋਂ ਤੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੇਲੇ ਗੀਤਾ ਆਦਿ ਦੇ ਅਰਥ ਭਾਈ ਛੱਜੂ ਝਿਊਰ ਜੀ ਕੋਲੋਂ ਕਰਵਾਉਣ ਲਈ ਕਹਿਣਾ ਪੰਜੋਖਰਾ ਸਾਹਿਬ ਵਿਖੇ ਆਪਣੀ ਫੋਕੀ ਮਤਿ ਦਾ ਪ੍ਰਗਟਾਵਾ ਸੀ ਤੇ ਵਿਰੋਧਤਾ ਦੀ ਹੱਦ ਹੀ ਕਰ ਦਿੱਤੀ ਸੀ। ਦਸਮ ਪਾਤਿਸ਼ਾਹ ਜੀ ਵੇਲੇ ਜੇ ਕੋਈ ਸ਼ੰਕਾ ਬਾਕੀ ਵੀ ਸੀ, ਉਹ ਵੀ ਖਤਮ ਹੋ ਜਾਂਦੀ ਹੈ ਜਦੋਂ ਇਹ ਬਚਨ ਸ਼ਰਧਾ ਨਾਲ ਪੜ੍ਹੀਏ ਕਿ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਸ਼ਹਾਦਤ ਹਿੰਦੂ ਧਰਮ ਲਈ ਨਹੀਂ ਬਲਕਿ ਇਕ ਇਨਸਾਨੀਅਤ ਨਾਤੇ ਧਰਮ ਦੀ ਰੱਖਿਆ ਕਰਨ ਬਦਲੇ ਹੋਈ। ਇਹ ਗੱਲ ਵੱਖਰੀ ਹੈ ਕਿ ਉਦੋਂ ਲੋੜ ਹਿੰਦੂ ਧਰਮ ਨੂੰ ਸੀ। ਅਸੀਂ ਅਕਸਰ ਇਹ ਬਚਨ ਪੜ੍ਹਦੇ ਹਾਂ ਕਿ ‘ਤਿਲਕ ਜੰਞੂ ਰਾਖਾ ਪ੍ਰਭ ਤਾਂ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਧਰਮ ਹੇਤ, ਸਾਕਾ ਜਿਨਿ ਕੀਆ॥ ਸੀਸੁ ਦੀਆ ਪਰ ਸਿਰਰੁ ਨ ਦੀਆ॥’ ‘ਪ੍ਰਭ ਤਾਂ ਕਾ’ ਦਾ ਅਰਥ ਹੈ: ‘ਉਨ੍ਹਾਂ ਦਾ’ ਜਿਸ ਨਾਲ ਸਾਡਾ ਕੋਈ ਦੂਰ ਦਾ ਵੀ ਸੰਬੰਧ ਨਹੀਂ ਕਿਉਂਕਿ ਇਹ ਜਨੇਊ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੀ ਨਹੀਂ ਸੀ ਪਰਵਾਨਿਆ ਤੇ ਮੁੜ ਕਿਸੇ ਗੁਰੂ ਸਾਹਿਬ ਦੇ ਵੇਲੇ ਵੀ ਇਹ ਗੱਲ ਆਈ ਹੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਹਨ।

ਸੋ, ਇਹ ਕਹਿ ਕੇ ਕਿ ਖ਼ਾਲਸਾ ਹਿੰਦੂ ਧਰਮ ਦੀ ਰੱਖਿਆ ਲਈ ਪੈਦਾ ਹੋਇਆ ਸੀ, ਖ਼ਾਲਸੇ ਦੀ ਮਹਾਨਤਾ ਨਹੀਂ ਬਲਕਿ ਇਸ ਦੀ ਸਖਸ਼ੀਅਤ ਨੂੰ ਛੋਟਾ ਕਰਨਾ ਹੈ। ਦਸਮੇਸ਼ ਜੀ ਦੇ ਇਹ ਪਾਵਨ ਬਚਨ ਕਿੰਨਾ ਪਿਆਰਾ ਸੱਚ ਸਮਾਈ ਸੁਸ਼ੋਭਿਤ ਹਨ ਕਿ ਜਿਤਨਾ ਚਿਰ ਤਕ ‘ਖਾਲਸਾ ਨਿਆਰਾ’ ਰਹੇਗਾ, ਉਤਨਾ ਚਿਰ ਮੈਂ ਇਸ ਦੀ ਪੂਰਨ ਹਮਾਇਤ ਕਰਦਾ ਰਹਾਂਗਾ ਪਰ ਜਦੋਂ ਇਹ ‘ਬਿਪਰਨ ਕੀ ਰੀਤ’ ਅਪਣਾ ਲਵੇਗਾ, ਮੈਂ ਇਸ ਦੀ ਪ੍ਰਤੀਤ ਛੱਡ ਦੇਵਾਂਗਾ। ਬਾਕੀ ਵੀ ਕਿਤਨੇ ਧਰਮ ਸਨ ਪਰ ਹੋਰ ਕਿਸੇ ਦਾ ਵੀ ਜ਼ਿਕਰ ਨਹੀਂ ਬਲਕਿ ਸਪੱਸ਼ਟ ‘ਬਿਪਰਨ ਕੀ ਰੀਤ’ ਦਾ ਹੈ। ਅਜਿਹਾ ਕਿਉਂ ਕੀਤਾ ਕਿਉਂਕਿ ਖਾਲਸੇ ਦਾ ਆਪਣਾ ਕੋਈ ਨਿਸ਼ਾਨ (ਟੀਚਾ) ਹੈ। ਦੂਜਾ ਖਿਆਲ ਇਹ ਪ੍ਰਚਲਿਤ ਕਰ ਦਿੱਤਾ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਨ੍ਹਾਂ ਦਾ ਕੋਈ ਸੀਸ ਚੁੱਕਣ ਵਾਲਾ ਨਹੀਂ ਸੀ। ਸਾਰੇ ਸਿੱਖ ਲੁੱਕ ਗਏ ਸਨ ਤਾਂ ਜਦੋਂ ਬਾਬਾ ਜੈਤਾ ਜੀ ਨੇ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਲਿਆਂਦਾ ਤਾਂ ਸਤਿਗੁਰੂ ਗੋਬਿੰਦ ਰਾਏ ਜੀ ਅੱਗੇ ਇਹ ਦਾਸਤਾਂ ਰੋ-ਰੋ ਕੇ ਬਿਆਨ ਕੀਤੀ ਕਿ ਕੋਈ ਵੀ ਸਿੱਖ ਉੱਥੇ ਅੱਗੇ ਨਹੀਂ ਆਇਆ। ਇਹ ਗੱਲਾਂ ਅਜੀਬ-ਅਜੀਬ ਸ਼ੰਕੇ ਪੈਦਾ ਕਰਦੀਆਂ ਹਨ। ਇਹ ਮੇਰਾ ਕੋਈ ਫੈਸਲਾ ਨਹੀਂ, ਵੀਚਾਰਾਂ ਦੀ ਸਾਂਝ ਹੈ। ਸੋਚੋ, ਸਿੱਖ ਧਰਮ ਦੀ ਹਰੇਕ ਲਾਸਾਨੀ ਕੁਰਬਾਨੀ ਪਿੱਛੇ ਐਸੀਆਂ ਐਸੀਆਂ ਸਾਖੀਆਂ ਘੜ੍ਹ ਦਿੱਤੀਆਂ ਜਿਸ ਨਾਲ ਸ਼ਹਾਦਤ ਦਾ ਤੇ ਸਿੱਖ ਧਰਮ ਦਾ ਮੁੱਲ ਘਟ ਜਾਵੇ। ਇਕ ਪਾਸੇ ਤਾਂ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਆਦਿਕ ਮਹਾਨ ਕੁਰਬਾਨੀਆਂ ਕਰ ਰਹੇ ਹਨ ਤੇ ਗੁਰੂ ਜੀ ਤੋਂ ਆਪਾ ਵਾਰ ਕੇ ਵੀ ਸਿੱਖੀ ਨਿਭਾਉਣ ਦੀਆਂ ਤਸਵੀਰਾਂ ਪੇਸ਼ ਕਰ ਰਹੇ ਹਨ ਪਰ ਦੂਜੇ ਪਾਸੇ ਪ੍ਰਚਾਰ ਇਹ ਕਰ ਦਿੱਤਾ ਕਿ ਕੋਈ ਸੀਸ ਹੀ ਨਾ ਉੱਠਾ ਸਕਿਆ। ਜਿਸ ਸਤਿਗੁਰੂ ਜੀ ਨੇ ਨੌ ਸਾਲਾਂ ਦੀ ਉਮਰ ਵਿਚ ਸਾਰੀ ਸਿੱਖ ਕੌਮ ਦੀ ਵਾਗ ਡੋਰ ਸੰਭਾਲ ਲਈ ਸੀ (ਚੇਤੇ ਰਹੇ ਕਿ ਪਹਿਲਾਂ ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵੇਲੇ ਉਮਰ ਦਾ ਸ਼ੰਕਾ ਸਿੱਖ ਜਗਤ ਅੰਦਰ ਖਤਮ ਹੋ ਚੁੱਕਾ ਸੀ) ਤਾਂ ਫਿਰ ਗੁਰੂ ਗੋਬਿੰਦ ਰਾਏ ਜੀ ਦਾ ਇਹੋ ਹੀ ਪ੍ਰਬੰਧ ਸੀ ਕਿ ਸੀਸ ਰੁਲਦਾ ਰਵੇ ਤੇ ਕੋਈ ਚੁੱਕੇ ਹੀ ਨਾ ? ਬਲਕਿ ਨਵੀਨ ਖੋਜ ਮੁਤਾਬਿਕ ਪੰਜ ਸਿੱਖ ਸਤਿਗੁਰੂ ਜੀ ਨਾਲ ਗਏ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਜੈਤਾ ਜੀ, ਭਾਈ ਗੁਰਦਿੱਤਾ ਜੀ। ਇਨ੍ਹਾਂ ਦੋਨਾਂ ਦੀ ਡਿਊਟੀ ਸੀ ਸਾਰਾ ਪ੍ਰਬੰਧ ਕਰਨਾ। ਇਸ ਲਈ ਸਤਿਗੁਰੂ ਜੀ ਨੇ ਕਿਸੇ ਬਦਲੇ ਦੀ ਭਾਵਨਾ ਨਾਲ ਕਿ ਐਸਾ ਪੰਥ ਚਲਾਵਾਂਗਾ ਜਿਹੜਾ ਛੁਪੇਗਾ ਨਹੀਂ, ਕਹਿ ਕੇ ਫਿਰ ਖ਼ਾਲਸਾ ਸਾਜਿਆ, ਹੋ ਨਹੀਂ ਸਕਦਾ। ਪਹਿਲੀ ਪਾਤਿਸ਼ਾਹੀ ਤੋਂ ਲੈ ਕੇ ਹੁਣ ਤੱਕ ਦੀ ਕੀਤੀ ਮਿਹਨਤ ਕਿਸ ਲੇਖੇ ? ਜੇ ਹੁਣ ਤਕ ਸਿੱਖ ਐਨਾ ਡਰਪੋਕ ਸੀ ਕਿ ਆਪਣੇ ਮੁਰਸ਼ਦ ਦਾ ਸੀਸ ਵੀ ਨਹੀਂ ਸੀ ਚੁੱਕ ਸਕਦਾ। ਭਾਈ ਗੁਰਦਾਸ ਜੀ (ਦੂਜੇ) ਇਕ ਬੜੀ ਸੁੰਦਰ ਪੰਕਤੀ ਲਿਖਦੇ ਹਨ ਕਿ ‘ਸਹਿਜੇ ਰਚਿਉ ਖਾਲਸਾ॥’ ਖ਼ਾਲਸੇ ਦੀ ਉਤਪਤੀ ਕੇਵਲ ਇਕ ਦਿਨ ਦਾ ਫੈਸਲਾ ਨਹੀਂ ਇਹ ਤਾਂ ਵੇਈਂ ਨਦੀ ਦੇ ਕਿਨਾਰੇ ਬੈਠ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਕੀਤੇ ਸੰਕਲਪ ਦੀ ਸੰਪੂਰਨਤਾ ਹੈ। ਕਲਗੀਧਰ ਦੇ ਇਨ੍ਹਾਂ ਬਚਨਾਂ ਨੂੰ ਕਦੇ ਸ਼ਰਧਾ ਤੇ ਪਿਆਰ ਵਾਲੀ ਸੋਚ ਨਾਲ ਪੜ੍ਹ ਵੇਖੀਏ ਕਿ ‘ਖਾਲਸਾ ਅਕਾਲ ਪੁਰਖ ਕੀ ਫੌਜ। ਪਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।’ ਖ਼ਾਲਸਾ ਪਰਮਾਤਮਾ ਦੀ ਮੌਜ਼ ਵਿਚੋਂ ਪ੍ਰਗਟ ਹੋਇਆ ਹੈ। ਇਸ ਦੀ ਹਰ ਇਕ ਚੀਜ਼ ਅਦੁੱਤੀ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਪਾਤਿਸ਼ਾਹ ਪ੍ਰਮੇਸ਼ਵਰ ਦੇ ਘਰ ਗਏ (ਭਾਵ ਇਕਮਿਕਤਾ ਹਾਸਲ ਕੀਤੀ), ਉੱਥੋਂ ਅੰਮ੍ਰਿਤ ਦਾ ਕਟੋਰਾ ਪੀਤਾ। ਹੁਣ ਇਹ ਅੰਮ੍ਰਿਤ ਦੇਹੀ ਰੂਪ ਵਿਚ ਰੱਖਿਆ ਗਿਆ ਸੀ, ਪਰ ਇਸ ਨੂੰ ਦੇਹੀ ਰੂਪ ਤੋਂ ਕੱਢ ਕੇ ਇਕ ਦਿਨ ਬਾਟੇ ਵਿੱਚ ਪਾਉਣ ਲਈ ਸਭ ਤੋਂ ਪਹਿਲਾਂ ਇਹ ਬਾਟਾ ਹੀ ਇਸ ਮੋਹ ਦੇ ਚਿੱਕੜ ਵਿੱਚੋਂ ਚੁੱਕਣਾ ਬਿਖਮ ਕਰਮ ਸੀ ਜਿਹੜਾ ਕੇ ਬਾਬਾ ਲਹਿਣਾ ਜੀ ਨੇ ਕੀਤਾ। ਇਹ ਹੀ ਬਾਟਾ ਸਿੱਖ ਦੇ ਹੱਥ ਵਿਚ ਦੇ ਦਿੱਤਾ ਪਰ ਹੋਕਾ ਇਹ ਹੀ ਲਾਇਆ ਕਿ ਹਾਲੇ ਅੰਮ੍ਰਿਤ ਬਾਟੇ ਵਿਚ ਨਹੀਂ, ਅੰਮ੍ਰਿਤ ਤਾਂ ਸਤਿਗੁਰੂ ਜੀ ਕੋਲ ਹੀ ਹੈ। ਬਚਨ ਪੜ੍ਹਦੇ ਹਾਂ ‘‘ਜਿਸੁ ਜਲਨਿਧਿ ਕਾਰਣਿ, ਤੁਮ ਜਗਿ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ॥’’ (ਮ:੧/੫੯੮) ਬਾਟੇ ਵਿਚ ਅੰਮ੍ਰਿਤ ਪਾ ਕੇ ਸਿੱਖ ਹੱਥ ਪਕੜਾਉਣ ਤੋਂ ਪਹਿਲਾਂ ‘‘ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ॥’’ ਦਾ ਤਿਆਗ ਕਰਨਾ ਸੀ। ਇਸ ਦੀ ਹੀ ਤਿਆਰੀ ਸੀ। ਫਿਰ ਬਚਨ ਆਖੇ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ॥’’ (ਮ:੩/੯੧੮) ਭਾਵ ਅੰਮ੍ਰਿਤ ਦਾ ਖਜ਼ਾਨਾ ਸਤਿਗੁਰੂ ਜੀ ਕੋਲ ਹੈ। ਅੰਮ੍ਰਿਤ ਪ੍ਰਮੇਸ਼ਵਰ ਨੇ ਦਿੱਤਾ, ਬਾਟਾ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਬਾਬਾ ਲਹਿਣਾ ਜੀ ਕੋਲੋਂ ਮੋਹ ਦੇ ਚਿੱਕੜ ਵਿਚੋਂ ਕੱਢਵਾ ਲਿਆ ਤੇ ਖੰਡਾ ਛੇਵੇਂ ਪਾਤਿਸ਼ਾਹ ਦੀਆਂ ਪਹਿਨੀਆਂ ਦੋ ਕਿਰਪਾਨਾਂ ਰੂਪ ਧਾਰਨ ਕਰ ਗਈਆਂ। ਜਿਵੇਂ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਅਜੀਬ ਜਿਹਾ ਸਰੂਪ ਬਣਾ ਕੇ ਆਪਣੇ ਡੰਡੇ ਨਾਲ ਸਾਰਿਆਂ ਵਿੱਚੋਂ ਬਾਬਾ ਲਹਿਣਾ ਜੀ ਦੀ ਪਰਖ ਇਕ ਮੁਰਦਾ ਖਾਣ ਲਈ ਤਿਆਰ ਹੋਣ ’ਤੇ ਕੀਤੀ ਤਾਂ ਦਸਮ ਪਾਤਿਸ਼ਾਹ ਨੇ ਡੰਡੇ ਦੀ ਬਜਾਇ ਕਿਰਪਾਨ ਨਾਲ ਇਕ ਥਾਂ ਪੰਜ ਲਹਿਣੇ ਲਏ ਅਤੇ ਮੁਰਦਾ ਖਾਣ ਦੀ ਥਾਂ ‘‘ਮੁਰਦਾ ਹੋਇ ਮੁਰੀਦ’’ ਹੋਣਾ ਕਹਿ ਕੇ ਅੰਮ੍ਰਿਤ ਦਾ ਸੰਪੂਰਨ ਖਜ਼ਾਨਾ, ਖੰਡਾ ਬਾਟਾ ਤੇ ਜੁਗਤਿ ਖਾਲਸੇ ਨੂੰ ਬਖਸ਼ ਦਿੱਤੀ। ਆਪ ਵੀ ਮਿੰਨਤ ਨਾਲ ਮੰਗ ਕੇ ਛੱਕਿਆ ਸੀ। ਇਹ ਹੈ ਅਕਾਲ ਪੁਰਖ ਦੀ ਮੌਜ ਵਿੱਚੋਂ ਪੈਦਾ ਹੋਇਆ ‘ਖ਼ਾਲਸਾ’। ਇਸੇ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸਾਜੇ ਖ਼ਾਲਸੇ ਨੂੰ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।’ ਦੇ ਸੰਕਲਪ ਵਿਚ ਬੰਨ੍ਹਿਆ ਹੋਇਆ ਹੈ। ਇਹ ਖ਼ਾਲਸਾ ਕਿਸੇ ਕੌਮ ਮਜ਼ਹਬ ਜਾਂ ਕਿਸੇ ਧਰਮ ਦੀ ਰਾਖੀ ਲਈ ਨਹੀਂ ਬਲਕਿ ਅਕਾਲ ਪੁਰਖ ਨੇ ਆਪਣੀ ਫੌਜ ਤਿਆਰ ਕੀਤੀ ਸੀ। ਰਾਜੇ ਦੀ ਫੌਜ ਦਾ ਅਰਥ ਰਾਜ ਵਿਚ ਕਿਸੇ ਨੂੰ ਵੀ ਲੋੜ ਪਵੇ, ਫੌਜ ਸਾਰੇ ਰਾਜ ਦੀ ਰਾਖੀ ਕਰਦੀ ਹੈ। ਕੋਈ ਵੀ ਰਾਜਾ ਆਪਣੀ ਫੌਜ ਕੇਵਲ ਇਕ ਤਰ੍ਹਾਂ ਦੇ ਹੀ ਲੋਕਾਂ ਲਈ ਨਹੀਂ ਬਣਾਉਂਦਾ। ਪ੍ਰਮੇਸ਼ਵਰ ਦਾ ਰਾਜ ਲੋਕਾਈ ’ਤੇ ਹੈ, ਸੋ ਖ਼ਾਲਸਾ ਸਮੁੱਚੀ ਮਨੁੱਖਤਾ ਦਾ ਰਖਵਾਲਾ ਬਣਾਇਆ ਗਿਆ, ਨਾ ਕਿ ਕਿਸੇ ਇਕ ਧਰਮ ਜਾਂ ਕੌਮ ਲਈ। ਇਹ ਤਾਂ ਗੋਕਲ ਚੰਦ ਨਾਰੰਗ ਦੇ ਕਥਨ ਮੁਤਾਬਕ ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਭਾਲੀ, ਉਸ ਦਾ ਫੌਲਾਦ ਗੁਰੂ ਨਾਨਕ ਪਾਤਿਸ਼ਾਹ ਨੇ ਤਿਆਰ ਕੀਤਾ ਸੀ। ਖ਼ਾਲਸੇ ਦੀ ਘਾੜਤ ਕੇਵਲ ਇਕ ਦਿਨ ਦੀ ਗੱਲ ਨਹੀਂ; ਜਿਵੇਂ ਬੀਜ ਬੋ ਕੇ ਫਿਰ ਫਲ ਤੱਕ ਮਿਹਨਤ ਦਾ ਸਿੱਟਾ ਹੁੰਦਾ ਹੈ, ਇਸੇ ਤਰ੍ਹਾਂ ਮਾਨੋ ‘ਖ਼ਾਲਸਾ’ ਰੂਪ ਖੇਤੀ ਤਿਆਰ ਕੀਤੀ ਗਈ ਸੀ। ਦਸਾਂ ਪਾਤਿਸ਼ਾਹੀਆਂ ਦੇ ਭੰਡਾਰੇ ਵਿੱਚੋਂ ਸਮੁੱਚੀ ਮਨੁੱਖਤਾ ਨੂੰ ਖੁਰਾਕ ਮਿਲਦੀ ਰਹੀ, ਪਰ ਇਹ ਭੇਤ ਸ਼ਰਧਾ ਵਾਲੀ ਅੱਖ ਨਾਲ ਵੇਖਿਆਂ ਹੀ ਸਪਸ਼ਟ ਹੋਏਗਾ। ਜਿਵੇਂ ਕਿਸਾਨ ਖੇਤ ਵਿਚ ਵਿਚਰਕੇ ਫਸਲ ਦਾ ਬੀਜ ਬੀਜਦਾ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਬੀਜੀ ਖੇਤੀ ਦੀ ਗੋਡੀ ਕਰਕੇ ਕਰਤਾਰਪੁਰ ਸਾਹਿਬ ਵਿਖੇ ਨਦੀਨ ਚੁਣ ਕੇ ਕੱਢੇ। ਗੁਰੂ ਅਮਰਦਾਸ ਜੀ ਦੀ ਗਾਗਰ ਦਾ ਪਾਣੀ ਦਿੱਤਾ ਗਿਆ। ਫਿਰ ਜਦੋਂ ਫਸਲ ਵੱਡੀ ਹੋ ਜਾਵੇ ਤਾਂ ਬਾਹਰ ਰਾਖੀ ਲਈ ਬੈਠਣਾ ਪੈਂਦਾ ਹੈ ਫਿਰ ਗੁਰੂ ਰਾਮਦਾਸ ਜੀ ਨੇ ਥੜ੍ਹੇ ਬਣਾਏ ਜਿੱਥੇ ਬੈਠ ਕੇ ਸਿੱਖੀ ਦੀ ਸੰਭਾਲ ਕੀਤੀ ਗਈ। ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਛਾਲਿਆਂ ਤੇ ਹੱਡੀਆਂ ਦਾ ਚੂਰਮਾ ਪਾ ਕੇ ਖਾਦ ਪਾਈ। ਛੇਵੇਂ ਪਾਤਸ਼ਾਹ ਨੇ ਆਵਾਰਾ ਪਸ਼ੂਆਂ ਤੋਂ ਹਿਫ਼ਾਜ਼ਤ ਲਈ ਹਥਿਆਰਾਂ ਦੀ ਵਾੜ ਕਰ ਦਿੱਤੀ। ਪਰ ਜ਼ਰੂਰੀ ਨਹੀਂ ਖੇਤੀ ਬਾਹਰੋਂ ਉਜਾੜੀ ਜਾਏ, ਕਈ ਵਾਰੀ ਅੰਦਰੋਂ ਵੀ ਕੀੜਾ ਲੱਗ ਜਾਂਦਾ ਹੈ। ਸੋ ਸੱਤਵੇ ਪਾਤਿਸ਼ਾਹ ਜੀ ਨੇ ਅੰਦਰੋਂ ਹੀ ਖੇਤੀ ਲਈ ਪੈਦਾ ਹੋਏ ਖਤਰਨਾਕ ਕੀੜੇ ਬਾਬਾ ਰਾਮ ਰਾਏ ਜੀ ਨੂੰ ਪੁੱਟ ਕੇ ਖੇਤੋਂ ਹੀ ਬਾਹਰ ਕੱਢ ਦਿੱਤਾ। ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨਾਂ ਲਈ ਔਰੰਗਜ਼ੇਬ, ਦਿੱਲੀ ਵਿਚ ਹੀ ਤੜਪਦਾ ਰਿਹਾ। ਇਸ ਸਾਰੀ ਤਿਆਰ ਹੋਈ ਖੇਤੀ ਨੂੰ ਮਨੁੱਖਤਾ ਦੇ ਹਵਾਲੇ ਕਰਨ ਤੋਂ ਪਹਿਲਾਂ ਇਕ ਸਿੱਟਾ (ਬੱਲੀ) ਤੋੜ ਕੇ ਸੰਪੂਰਨਤਾ ਵੇਖੀ ਗਈ ਜਦੋਂ ਕਿਸੇ ਦੀ ਥਾਂ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਫਿਰ ਦਸਵੇਂ ਪਾਤਿਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਤੇ ਸਭ ਕੁਝ ਮਨੁੱਖਤਾ ਲਈ ਤਿਆਰ ਕੀਤੀ ਗਈ ਇਸ ਖੇਤੀ ਨੂੰ ਮਨੁੱਖਤਾ ਦੇ ਹੀ ਹਵਾਲੇ ਕਰ ਦਿੱਤਾ। ਇਉਂ ਖ਼ਾਲਸਾ ਅਕਾਲ ਪੁਰਖ ਦੀ ਮੌਜ ਵਿੱਚੋਂ ਪ੍ਰਗਟਿਆ ਹੈ, ਨਾ ਕਿ ਹਿੰਦੂ ਧਰਮ ਦੀ ਰਾਖੀ ਲਈ। ਇਸੇ ਲਈ ਰੋਜ਼ ਬਚਨ ਪੜ੍ਹਦੇ ਹਾਂ: ‘‘ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ॥’’

Khalsa – The way of The Guru

0

Khalsa – The way of The Guru

Prof. Santokh Singh Pooni

The spectacle that Guru Gobind singh Ji performed at Sri Keshgarh Sahib on the Vaisakhi of 1699, was the final act in the process of strong nation building, a proud Qom (Nation), launched by Guru Nanak Dev Ji, and continued and nurtured to perfection by the successive Gurus. Writing about the creation of The Khalsa, Sir Gokal Chand Narang writes, “The sword that led to the glory of the Khalsa, it is true that Guru Gobind Singh devised it , but its steel was prepared by Guru Nanak Dev Ji. The tree that bore fruit during the time of Guru Gobind Singh Ji, Its seeds were planted by Guru Nanak and the plant was watered and nurtured by the successive Guru Sahibans.”

Writing about the condition of religion at that time, Guru Nanak Dev ji wrote, “Dharam pankh kar urh riha..”. The religion has taken wings and disappeared Instead of one God, people were worshipping all kinds of gods and goddesses (devi-devtas) in the form of their idols, and the priestly class was mainly interested in exploiting them financially and spiritually. Guru Ji preached “Ek- Onkar”, there is one God and you need no rituals to realise it. Remembering His Name is the only way. The Sikh Gurus made religion simple and understandable by every one, and thus, freed them from their dependence on the priestly class for their spiritual needs. Guru Gobind Singh, at the time of the Amrit ceremony made it a part of daily routine for the Amrit Dhari Sikhs to meditate on name through “Five-Banis”, every day and seek all strength from one God, “Akal Purukh”, not any devi-devtas.

In order to make a strong nation, it was essential to remove the divisions that the Indian Society was divided into, on the basis of a draconian, inhuman and cruel caste system. The different ‘Bhagats’ of the time had condemned caste-system in the strongest terms, but Guru Nanak Dev Ji and the Sikh Gurus took practical steps to break this stranglehold. The “Sadh-Sangat”, where all sit together and sing God’s praises together without the need of a priest, and eating together

sitting with each other from the same “Langar”, with no distinction between members of high caste and low caste were two very strong practices to remove caste distinctions. Guru Arjan Dev Ji included Bani of Bhagats of low and high castes in “Guru Granth Sahib”, and anybody who came to see the guru, bowed his head before “The Granth”,which meant he bowed to the likes of Bhagat Ravidas, Bhagat Kabir and Bhagat Nam Dev Ji, to name a few, from low castes. As a result any body coming to see the Guru had to leave his pride of caste at home or outside the door. When Guru Gobind Singh Ji installed “Guru Granth Sahib” as a “Guru” of the Sikhs, he picked Panj Pyare from high and low classes, gave them all the name “Singh”, and called them “Bhais”, i.e. brothers That was the last nail in the coffin of caste-system

Economically, there were so many parasites in the society, who under the garb of religion and Bhakti had taken refuge in the mountains or established their big followings like ‘Yogis’ and ‘Sidhs’ who had left the society’s responsibility of making their own living, but were dependent on the hard earned food and other needs from poor masses. The Sikh Gurus preached to live the life of a householder earning its own living, looking after the family and leading a life in the society, but above the impurities of the world, like a ‘Lotus’ flower in the muddy water. Make an earnest living through hard labour and share with those in need has always been a way of life of every Sikh. Khalsa of Guru Gobind Singh Ji became leaders and productive members, working to build a better and prosperous society.

Guru Gobind singh Said “Chukar az hama heelte darguzahshat, halal ast burden ba shamsheer dast.” When all peaceful means fail, it is righteous to take sword in hand to combat injustice. All Gurus conveyed the message of Sikhism through peaceful means, but did not hesitate to condemn the political powers of the day in the strongest terms, like Guru Nanak said “raje chhinh muqaddam kutte.” The rulers are vicious lions and justices the dogs. Called Babar a Papi, cruel killer of humanity. Later Guru Hargobind raised army, took swords of Miri Piri (temporal and spiritual) and fought the Mughal kings, not to create kingdom, but to fight the oppressor and protect the personal honour and religion. . Guru Gobind Singh aptly gave sword the name Kirpan (Kirpa + Aan), the weapon for the protection of the victims of tyranny and to maintain your dignity. Guru Gobind Singh fought for justice, not personal gains. Guru Ji raised a nation of sant sipahis, saints and soldiers. He suggested to his father, Guru Tegh Bahadur, to sacrifice his life not because the Guru believed in the janju, but Guru Ji said you cannot force anybody to wear it or remove it. Personal dignity and freedom is sacred. He challenged the powers of the time and as a great general, a soldier and a strategist he organized his army and built forts around Anand Pur Sahib and played Ranjit Nigara every morning and evening. The rise of this seemingly parallel state was a serious challenge to the supremacy and royal status of the neighbouring hill rajas and the Mughal emperor.

The Sikh religion is not a religion of personalities, but it takes all of its spiritual direction and social ethics from the Word, that is “Shabad Guru”. As a matter of fact for the Sikhs, the “Shabad” is the Guru. From the Bani of the first gurus and his own contributions and those of other Bhagats, Guru Arjan Dev Ji copmpiled “Guru Granth Sahib” and installed it in Harmander Sahib as the “Shabad Guru” of the Sikhs. Guru Gobind Singh Ji, after adding the Bani of Guru Tegh Bahadur Ji, before leaving this world, exhorted to his Sikhs that, thereafter, there will be no Guru in the human form, but “Guru Granthh Sahib” will be the guru of the Sikhs for eternity.

Guru Nanak Dev Ji saw that the different Bhagats tried to spread their message on the same lines as the Sikh Gurus, but failed to convince and convert the masses to their way of life. A unique thing that Guru Nanak did was that If the patient does not know that he is sick and does not come to the doctor, it is incumbent upon the doctor to go to the patient.That is why Guru Ji went to all corners of India, to holy places, jungles, mountains, and even beyond the borders of India, like Mecca, Ceylon, Afganistan etc, to name a few. And he went everywhere on foot. He faced all kinds of obstacles and difficulties, even danger to his life, but with the message of love and compassion he won them over to his way of life, and encouraged them to leave their evil ways or false thinking, and preached to them the belief in one God and equality of all humankind.

Also Guru Ji felt that it will take time to make his message a part of the life of the masses, and, therefore, it was accomplished in succession by ten Gurus. You can appreciate their farsightedness. While the following of the bhagats is limited to small pockets of followers, Sikhism became a world religion, and spread to all corners of the world.

Thus we can see by the time of Vaisakhi of 1699 the attributes of a strong nation were established. The belief in one God, brotherhood of all mankind, no caste system, no need to leave world to attain salvation, rather lead a life of householder, raise family, work hard and share the fruit of hard earned labour with others, the strong institutions of Sangat and Langar, and their own sacred book,” Sahib Guru Granth Sahib Ji”. The message of fear not and frighten not had become a part of their way of life. The Sikhs were not afraid to stand up for their right. In fact they were also always ready to protect the honour and dignity of others as well. In all “Gurbani”, the word Amrit is used for “Name”. Therefore, even Amrit was ready for Guru Ji to administer to the Khalsa.

Now it was left for Guru Gobind Singh Ji to take the final and very bold step to give the final form to the New Nation. To further prepare his Sikhs for the ultimate, Guru Ji trained them in the use of arms, and strategies of warfare during his battles against the neighbouring hill rajas and the Mughal forces. The Sikhs had been leading a very disciplined religious life and building their faith in the Guru and confidence in themselves. The playing of Ranjit Nagara every day (a symbol of Royalty), gave them the feeling that they are Royalty to themselves. The presence of Muslim followers of the Guru, like Pir Budhu Shah, gave them the comforting feeling that their Guru belongs to all mankind, irrespective of their caste, creed or religion. The iron was hot and the time was right for Guru Gobind Singh to strike and take the bold action.

The Mughal rulers were waging a jihad to convert all non muslims to their faith with bribe, word or sword. The Guru wanted to raise an army of those who were ready to sacrifice their life, in their fight against injustice and were ready to offer their head to the Guru. Offering your head means that not only your life, but head being the centre of all thinking and action, the volunteer is ready to do everything at the bidding of the Guru. Guru Ji, in a very dramatic way appeared in the Sangat with blazing sword in hand and asked for someone who is ready to sacrifice his life for the protection of Dharam. One by one five true ones offered themselves, to whom Guru Ji took into the tent nearby and brought them out all dressed in the same fashion. Before a huge congregation, Guru Ji prepared the Amrit, reciting Shabad Gurbani, the true Amrit, while stirring water with patasay with Khanda in an iron bowl. This Amrit was administered to the five chosen ones, which from now on were called the “Panj Pyare”. They were given the same last name “Singh”, indicating they are all equal, no high or low caste. Five articles, Kes, Kangha, Kachh, Kara and Kirpan were prescribed to be worn by them all the time. The Guru instructed them to read, understand and lead their life according to Bani of Guru Granth Sahib. This will be the Maryada (way of their life), a final and an eternal “Rehat Maryada” for a Sikh. As long as you follow Guru’s Path (the way of life), you will be unique (niara) in the world, Guru’s blessings will be with you and success will always touch your feet. Guru Ji knew to have a strong society, every member has to be strong and ready and capable of taking any and every role in the society, a fighter, a preacher, a bread winner and even ready to do all the menial jobs. Perfect all-round individuals make strong society. That is what Guru Ji accomplished. So that his Sikhs do not become arrogant, Guru Ji instructed his Sikhs (Now Khalsa) to greet each other with Wahguru Ji ka Khalsa Waheguru ji Ki Fateh, meaning Khalsa belongs to Waheguru and all victories are in His name

At this point Guru Ji performed the most unique act in the history of world religions, never seen before or since. Guru Ji begged the five beloved ones to administer Amrit to the Guru, which they did. Great was Guru Gobind Singh who was Guru and disciple, both at the same time. This way Guru Gobind Singh established the most democratic tradition that the collective decisions of the Sikhs in the presence of Guru Granth Sahib and according to the tenets of Gurbani is a will of the whole congregation and has the blessing of the Guru.

Thus Guru Gobind Singh created Khalsa in his own image, filled with such a spirit of confidence that the Sikhs kept advancing from one success to the other. Even when the enemy chased them in the jungles and put price on their heads, they never lost faith in the Guru. They were reduced to a handful by the enemy forces but bounced back and within a quarter of a century created their own independent state in the Panjab. The thoughtful, fearless and persistent, peaceful, and sometimes confrontational according to the circumstances, this was the miracle, which was Khalsa, the Panth – the Gur’s Way of Life.

‘ਗੁਰੂ’ ਨੂੰ ਸਮਰਪਿਤ ਹੋ ਕੇ ਜੀਊਣ ਦਾ ਸੰਦੇਸ਼ ਦਿੰਦੀ ਹੈ ‘ਵੈਸਾਖੀ’

0

‘ਗੁਰੂ’ ਨੂੰ ਸਮਰਪਿਤ ਹੋ ਕੇ ਜੀਊਣ ਦਾ ਸੰਦੇਸ਼ ਦਿੰਦੀ ਹੈ ‘ਵੈਸਾਖੀ’

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਸਿੱਖ ਇਤਿਹਾਸ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ‘ਵੈਸਾਖੀ’ ਅਸਲ ਵਿੱਚ ਬ੍ਰਹਮ ਸਮਸਰਿ, ਜਗਤ-ਗੁਰੂ ਬਾਬੇ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦਾ ਦਿਹਾੜਾ ਹੈ। ਇਹੀ ਕਾਰਨ ਸੀ ਕਿ ਪਹਿਲਾਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਸਿੱਖਾਂ ਦੇ ਸਲਾਨਾ ਜੋੜ-ਮੇਲੇ ਲਈ ‘ਵੈਸਾਖੀ’ ਨੂੰ ਹੀ ਚੁਣਿਆ, ਤਾਂ ਕਿ ਇਸ ਜੋੜ-ਮੇਲੇ ਦੁਆਰਾ ਗੁਰਸਿੱਖਾਂ ਅੰਦਰ ਭਾਈਚਾਰਕ ਪਿਆਰ ਵਧੇ ਅਤੇ ਪੰਥਕ ਮਰਯਾਦਾ ਵਿੱਚ ਇੱਕ ਸੁਰਤਾ ਤੇ ਪਰਪੱਕਤਾ ਵੀ ਪੈਦਾ ਹੋ ਸਕੇ। ਇਸ ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਗੁਰੂ ਬਾਬੇ ਦੇ ਸਿਰਜੇ ਨਿਰਮਲ-ਪੰਥ ਨੂੰ ਸਦੀਵ ਕਾਲ ਲਈ ਨਿਰਮਲ ਤੇ ਨਿਆਰਾ ਰੱਖਣ ਦਾ ਬਾਨ੍ਹਣੂ ਬੰਨ੍ਹਣ ਵਾਸਤੇ ਸੰਨ 1699 ਮੁਤਾਬਕ ਸੰਮਤ 1756 ਦੀ ਵੈਸਾਖੀ ਦੇ ਦਿਹਾੜੇ ਨੂੰ ਹੀ ਮਹੱਤਵ ਦਿੱਤਾ।

ਕੁਦਰਤੀ ਵਰਤਾਰੇ ਦੀ ਇਹ ਸਚਾਈ ਤਾਂ ਅਸੀਂ ਪ੍ਰਤੱਖ ਰੂਪ ਵਿੱਚ ਦੇਖ ਸਕਦੇ ਹਾਂ ਕਿ ਰੁੱਤੀ ਪ੍ਰਭਾਵ ਨੂੰ ਸਾਡਾ ਤਨ ਅਤੇ ਮਨ ਦੋਵੇਂ ਹੀ ਕਬੂਲਦੇ ਹਨ। ਗੁਰਵਾਕ ਵੀ ਹੈ ‘‘ਜੇਹੀ ਰੁਤਿ, ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ॥’’ (ਮ:੧/੧੨੫੪) ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਮੰਨਿਆ ਹੈ ਕਿ ਵੈਸਾਖ ਦਾ ਮਹੀਨਾ ਬਸੰਤ ਰੁੱਤ ਦਾ ਸਿਖਰ ਹੈ। ਇਸ ਮਹੀਨੇ ’ਚ ਬਨਾਸਪਤੀ ਜਦੋਂ ਸੱਜ-ਵਿਆਹੀ ਮੁਟਿਆਰ ਵਾਂਗ ਹਰੀਆਂ ਭਰੀਆਂ ਕੋਮਲ ਲਗਰਾਂ ਦਾ ਹਾਰ-ਸ਼ਿੰਗਾਰ ਕਰਕੇ ਸਾਰੇ ਵਾਤਾਵਰਣ ਨੂੰ ਆਪਣੇ ਜੋਬਨ ਦਾ ਹੁਲਾਰਾ ਦਿੰਦੀ ਹੈ ਤਾਂ ਉਸ ਦੀ ਸੁੰਦਰਤਾ ਤੇ ਖੇੜੇ ਨੂੰ ਤੱਕ ਕੇ ਬ੍ਰਿਹੁੰ ਕੁੱਠੇ ਜਗਿਆਸੂਆਂ ਦੇ ਮਨਾਂ ਵਿੱਚ ਵੀ ਆਪਣੇ ਮਾਲਕ ਪ੍ਰਭੂ ਦੇ ਮਿਲਾਪ ਲਈ ਇੱਕ ਤਾਂਘ ਪੈਦਾ ਹੁੰਦੀ ਹੈ। ਇਹ ਤਾਂਘ ਇਉਂ ਹੁੰਦੀ ਹੈ ਜਿਵੇਂ ਕੋਈ ਬ੍ਰਿਹਣੀ (ਵਿਛੋੜੇ ਵਾਲੀ) ਨਾਰ, ਘਰ ਦੇ ਦਰਵਾਜ਼ੇ ਵਿੱਚ ਆਪਣੇ ਪਤੀ ਦੀ ਉਡੀਕ ਵਿੱਚ ਖੜੀ ਹੋਵੇ। ਕਿਉਂਕਿ, ਮਾਨਵੀ ਜ਼ਿੰਦਗੀ ਵਿੱਚ ਬਸੰਤ ਵਾਲਾ ਸਦੀਵੀ ਖੇੜਾ ਤਦੋਂ ਹੀ ਪਸਰਦਾ ਹੈ, ਜਦੋਂ ਕਿਸੇ ਵਡਭਾਗੀ ਨੂੰ ਅੰਤਰ-ਆਤਮੇ ਪ੍ਰਭੂ ਜੀ ਦੇ ਅੰਗ-ਸੰਗ ਜੀਊਣ ਦਾ ਅਨੁਭਵ ਹੁੰਦਾ ਹੈ। ਪਰ, ਇਹ ਵੀ ਸੱਚ ਹੈ ਕਿ ਕੁਦਰਤ ਰਾਣੀ ਦਾ ਸੋਹਜ-ਸ਼ਿੰਗਾਰ ਦੇਖ ਕੇ ਵੀ ਓਹੀ ਜੀਵ-ਇਸਤ੍ਰੀ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਸਕਦੀ ਹੈ, ਜਿਸ ਦੀ ਸੁਰਤ ਗੁਰ ਸ਼ਬਦ ਵਿੱਚ ਜੁੜੀ ਹੋਵੇ। ਕਿਉਂਕਿ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਮਾਲਕ ਦੇ ਮਿਲਾਪ ਤੋਂ ਬਿਨਾਂ ਜੀਊਣਾ ਬਿਅਰਥ ਹੀ ਹੈ ਭਾਵ ਉਸ ਦਾ ਕੌਡੀ ਮੁੱਲ ਨਹੀਂ। ਤੁਖਾਰੀ ਰਾਗ ਦੇ ਬਾਰਹਮਾਹਾ ਵਿੱਚ ਇਸ ਭਾਵ ਅਨੁਕੂਲ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਹੀ ਪਿਆਰਾ ਅੰਮ੍ਰਿਤ ਬਚਨ ਹੈ: ‘‘ਵੈਸਾਖੁ ਭਲਾ, ਸਾਖਾ ਵੇਸ ਕਰੇ॥ ਧਨ ਦੇਖੈ ਹਰਿ ਦੁਆਰਿ, ਆਵਹੁ ਦਇਆ ਕਰੇ॥ ਘਰਿ ਆਉ ਪਿਆਰੇ! ਦੁਤਰ ਤਾਰੇ, ਤੁਧੁ ਬਿਨੁ ਅਢੁ ਨ ਮੋਲੋ॥ ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ॥ ਦੂਰਿ ਨ ਜਾਨਾ, ਅੰਤਰਿ ਮਾਨਾ; ਹਰਿ ਕਾ ਮਹਲੁ ਪਛਾਨਾ॥ ਨਾਨਕ! ਵੈਸਾਖੀਂ ਪ੍ਰਭੁ ਪਾਵੈ, ਸੁਰਤਿ ਸਬਦਿ ਮਨੁ ਮਾਨਾ॥’’ (ਮ:੧/੧੧੦੮)

ਦਾਸਰੇ ਦਾ ਤਾਂ ਅਟੁੱਟ ਵਿਸਵਾਸ਼ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਦੁਨਿਆਵੀ ਜੀਵਾਂ ਦੇ ਕਲਿਆਣ ਲਈ ਭਾਵ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸੰਸਾਰ ਵਿੱਚ ਪ੍ਰਗਟਾਉਣ ਲਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਵੀ ਇਸੇ ਦ੍ਰਿਸ਼ਟੀਕੋਨ ਤੋਂ ਦਇਆ ਕਰਕੇ ਵੈਸਾਖੀ ਦਾ ਹੀ ਦਿਨ ਚੁਣਿਆਂ; ਤਾਂ ਕਿ ਉਨ੍ਹਾਂ ਦੇ ਉਪਦੇਸ਼ਮਈ ਵਿਚੋਲਗੀ ਵਾਲੇ ਸੰਯੋਗ ਦੁਆਰਾ ਪ੍ਰਭੂ ਮਿਲਾਪ ਦੀ ਬਦੌਲਤ ਸਾਡੇ ਵਰਗਿਆਂ ਦੀ ਜ਼ਿੰਦਗੀ ਵਿੱਚ ਵੀ ਬਸੰਤੀ ਖੇੜਾ ਪਸਰ ਸਕੇ, ਤਨ ਮਨ ਮੌਲ ਸਕੇ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਵੀ ਮੰਨਿਆ ਹੈ ਕਿ ਜਦੋਂ ਤੋਂ ਗੋਬਿੰਦ ਦਾ ਭਗਤ ਪੁੱਤਰ (ਗੁਰੂ ਨਾਨਕ) ਜੰਮਿਆ ਹੈ, ਤਦੋਂ ਤੋਂ ਉਨ੍ਹਾਂ ਦੀ ਬਦੌਲਤ ਸਾਡੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ ਸੇਵਾ-ਭਗਤੀ ਵਾਲਾ ਲੇਖ ਉਘੜ ਰਿਹਾ ਹੈ : ‘‘ਜੰਮਿਆ ਪੂਤੁ, ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ, ਲਿਖਿਆ ਧੁਰ ਕਾ॥’’ (ਮ:੫/੩੯੬)

ਇਸ ਲਈ ਅਜਿਹਾ ਕਿਵੇਂ ਹੋ ਸਕਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਵਾਰਸ ਦਸਵੇਂ ਪਾਤਸ਼ਾਹ ਸਿੱਖ ਸੰਗਤ ਨੂੰ ਖ਼ਾਲਸਾਈ ਸੁਰਤ ਤੇ ਸਰੂਪ ਬਖ਼ਸ਼ਦਿਆਂ ਗੋਬਿੰਦ ਦੇ ਪਿਆਰੇ ਭਗਤ ਬਣਾ ਕੇ ਸਪੁੱਤਰ ਬਨਾਉਣ ਅਤੇ ਉਨ੍ਹਾਂ ਨੂੰ ਸੰਸਾਰ ਵਿੱਚ ਸਦਾ ਲਈ ਪ੍ਰਗਟਾਉਣ ਹਿੱਤ ਵੈਸਾਖੀ ਦਾ ਦਿਨ ਨਾ ਚੁਣਦੇ; ਜਦੋਂ ਕਿ ਧਰਤੀ ਦੇ ਉੱਤਰੀ ਧਰੁਵ ਵਿੱਚ ਸਾਰੇ ਹੀ ਪਾਸੇ ਪਸਰਿਆ ਕੁਦਰਤੀ ਖੇੜਾ ਰੱਬੀ ਆਸ਼ਕਾਂ ਲਈ ਪ੍ਰੇਮ-ਹੁਲਾਰੇ ਦਾ ਕਾਰਣ ਬਣ ਰਿਹਾ ਹੋਵੇ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇੱਕ ਬੜਾ ਅਨੋਖਾ ਕਥਨ ਹੈ। ਉਹ ਕਹਿੰਦੇ ਹਨ ਕਿ ਅਕਾਲਪੁਰਖ ਵਾਹਿਗੁਰੂ ਜੀ ਦੀ ਮੈਨੂੰ ਇੱਕ ਸੱਦ ਇਉਂ ਆਈ ਕਿ ‘ਹੇ ਭਾਈ! ਜੇ ਤੈਨੂੰ ਮੇਰੇ ਪਿਆਰ ਦੀ ਖੇਡ ਖੇਡਣ ਦਾ ਚਾਅ ਹੈ ਭਾਵ, ਜੇ ਤੈਨੂੰ ਮੇਰੇ ਪਿਆਰ ਵਿੱਚ ਭਰ ਕੇ ਜੀਊਣ ਦਾ ਸ਼ੌਕ ਹੈ ਤਾਂ ਆਪਣਾ ਸਿਰ ਤਲੀ ’ਤੇ ਰੱਖ ਕੇ ਮੇਰੀ ਗਲੀ ਵਿੱਚ ਆ ਜਾਵੀਂ. ਭਾਵ ਲੋਕ ਲਾਜ ਅਤੇ ਹਉਮੈ ਛੱਡ ਕੇ ਮੇਰੇ ਵੱਲ ਕਦਮ ਪੁੱਟ। ਪਰ, ਇਹ ਵੀ ਯਾਦ ਰੱਖ ਕਿ ਇਸ ਪ੍ਰੇਮ ਸੁਮਾਰਗ ਉੱਤੇ ਪੈਰ ਤਦੋਂ ਹੀ ਧਰਿਆ ਜਾ ਸਕਦਾ ਹੈ, ਜਦੋਂ ਬਿਨਾਂ ਕਿਸੇ ਝਿਜਕ ਤੋਂ ਸਿਰ ਦਿੱਤਾ ਜਾਏ। ਭਾਵ, ਬਿਨਾਂ ਕਿਸੇ ਤਰ੍ਹਾਂ ਦੀ ਸੋਚ-ਵਿਚਾਰ ਤੋਂ ਹਉਮੈ ਤੇ ਲੋਕ-ਲਾਜ ਛੱਡੀ ਜਾਏ।’ ਪਾਵਨ ਵਾਕ ਹੈ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ॥ ਇਤੁ ਮਾਰਗਿ, ਪੈਰੁ ਧਰੀਜੈ॥ ਸਿਰੁ ਦੀਜੈ, ਕਾਣਿ ਨ ਕੀਜੈ॥’’ (ਮ:੧/੧੪੧੨)

ਗੁਰਸਿੱਖ ਸੰਗਤ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਉੱਚੀ ਠੇਰੀ ਤੋਂ (ਜਿੱਥੇ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼ੋਭਨੀਕ ਹੈ) ਸੰਨ 1699 ਦੀ ਵੈਸਾਖੀ ਨੂੰ ਉਪਰੋਕਤ ਕਿਸਮ ਦਾ ਅਨੁਭਵੀ ਨਜ਼ਾਰਾ ਉਸ ਵੇਲੇ ਪ੍ਰਤੱਖ ਰੂਪ ਵਿੱਚ ਦੇਖਿਆ, ਜਦੋਂ ਗੁਰੂ ਨਾਨਕ ਸਾਹਿਬ ਆਪਣੇ ਦਸਵੇਂ ਜਾਮੇ ਵੇਲੇ ਗੁਰੂ ਗੋਬਿੰਦ ਰਾਇ ਦੇ ਰੂਪ ਵਿੱਚ ਲਹੂ ਲਿਬੜੀ ਤਲਵਾਰ ਹਿਲਾਉਂਦਿਆਂ ਗੁਰਸਿੱਖ ਸੰਗਤਾਂ ਨੂੰ ਸ਼ੇਰ ਵਰਗੀ ਗਰਜਵੀਂ ਅਵਾਜ਼ ਵਿੱਚ ਲਲਕਾਰ ਕੇ ਬੋਲੇ : ‘ਹੈ ਕੋਈ ਸਿੱਖ ਬੇਟਾ। ਜੋ ਕਰੇ ਸੀਸ ਭੇਟਾ। ਅਨਿਕ ਸੀਸ ਚਾਹੀਏ। ਜਲਦ ਜਲਦ ਆਈਏ।’

ਅਸਲ ਵਿੱਚ ਇਹ ਲਲਕਾਰ ਪ੍ਰੀਖਿਆ ਲਈ ਸੀ ਭਾਵ ਸੰਗਤੀ ਰੂਪ ਵਿੱਚ ਭਵਿੱਖ ਦੀਆਂ ਪੰਥਕ ਜ਼ਿੰਮੇਵਾਰੀਆਂ ਸੌਂਪਣ ਦੀ ਯੋਗਤਾ ਪਰਖਣ ਲਈ। ਇਹ ਪਰਚਾ ਸੀ ਗੁਰੂ ਨੂੰ ਸਮਰਪਿਤ ਹੋਣ ਦੀ ਭਾਵਨਾ ਵੇਖਣ ਲਈ ਕਿ ਸਿੱਖਾਂ ਵਿੱਚ ਕਿਤਨਾ ਕੁ ਮਾਦਾ ਹੈ ਬਿਨਾਂ ਝਿਜਕ ਗੁਰੂ ਆਸ਼ਿਆਂ ਪ੍ਰਤੀ ਆਪਣਾ ਆਪ ਨਿਸ਼ਾਵਰ ਕਰਨ ਦਾ। ਉਹ ਰੱਬੀ ਮਿਲਾਪ ਲਈ ਸਿੱਖਾਂ ਨੂੰ ਦ੍ਰਿੜ੍ਹ ਕਰਾਉਣਾ ਚਾਹੁੰਦੇ ਸਨ, ਗੁਰੂ ਨਾਨਕ ਦਾ ਸਬਕ ਕਿ ਇਸ ਮਾਰਗ ਉੱਤੇ ਪੈਰ ਧਰਨ ਵਾਲਿਆਂ ਦੇ ਧੜਾਂ ’ਤੇ ਸਿਰ ਨਹੀਂ ਹੁੰਦੇ। ਉਹ ਸਮਝਾਉਣਾ ਚਾਹੁੰਦੇ ਸਨ ਕਿ ਸਿੱਖੀ ਪ੍ਰੇਮ ਸੁਮਾਰਗ ਹੈ ਅਤੇ ਇਸ ’ਤੇ ਚੱਲਣ ਵਾਲਿਆਂ ਨੂੰ ਸਿਰ ਤਲੀ ’ਤੇ ਧਰ ਕੇ ਚੱਲਣਾ ਪੈਂਦਾ ਹੈ।

ਗੁਰੂ ਜੀ ਦੀ ਲਲਕਾਰ ਸੁਣ ਕੇ ਜਿਹੜੇ ਪਹਿਲੇ ਪੰਜ ਸਿੱਖ ਨਿੱਤਰੇ, ਉਨ੍ਹਾਂ ਨੂੰ ਵਾਰੀ ਵਾਰੀ ਤੰਬੂ ਵਿੱਚ ਲਿਜਾਣ ਉਪਰੰਤ ਪੰਜ ਕਕਾਰੀ ਵਰਦੀ ਵਿੱਚ ਇਕੱਠਿਆਂ ਹੀ ਸੰਗਤ ਦੇ ਸਾਹਮਣੇ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਗਿਆ। ਬਚਨ ਕੀਤਾ ਕਿ ‘ਇਹ ਹਨ ਮੇਰੇ ਪੰਜ ਪਿਆਰੇ।’

ਸਪਸ਼ਟ ਕੀਤਾ ਕਿ ਗੁਰੂ ਜੀ ਦਾ ਪਿਆਰ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਹੜੇ ਆਪਣਾ-ਆਪ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ। ਭਾਈ ਦਇਆ ਰਾਮ ਨੂੰ ਦਇਆ ਸਿੰਘ, ਧਰਮ ਦਾਸ ਨੂੰ ਭਾਈ ਧਰਮ ਸਿੰਘ, ਹਿੰਮਤ ਰਾਇ ਨੂੰ ਭਾਈ ਹਿੰਮਤ ਸਿੰਘ, ਮੁਹਕਮ ਚੰਦ ਨੂੰ ਭਾਈ ਮੁਹਕਮ ਸਿੰਘ ਅਤੇ ਸਾਹਿਬ ਚੰਦ ਨੂੰ ਭਾਈ ਸਾਹਿਬ ਸਿੰਘ ਕਹਿ ਕੇ ਸਤਿਕਾਰਿਆ। ਉਪਦੇਸ਼ ਦਿੰਦਿਆਂ ਆਖਿਆ ਕਿ ਅੱਜ ਤੁਹਾਡਾ ਗੁਰੂ ਘਰ ਨਵਾਂ ਜਨਮ ਹੋਇਆ ਹੈ। ਇਸ ਲਈ ਤੁਹਾਡੀ ਪਹਿਲੀ ਕੁਲ, ਜਾਤ-ਗੋਤ ਅਤੇ ਕਰਮ ਤੇ ਵਰਣ-ਧਰਮ ਸਭ ਨਾਸ਼। ਗੁਰਬਾਣੀ ਦੀ ਰੌਸ਼ਨੀ ਵਿੱਚ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰਨੀ ਅਤੇ ਕਿਸੇ ਦੇਵੀ ਦੇਵਤੇ ਤੇ ਮੜ੍ਹੀ ਮਸਾਣੀ ਨੂੰ ਨਹੀਂ ਮੰਨਣਾ, ਅੱਜ ਤੋਂ ਤੁਸੀਂ ਗੁਰੂ ਕੇ ਖ਼ਾਲਸੇ ਹੋ।

ਪਰੰਪਰਾਗਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਪੰਜੇ ਸਿੱਖ ਦੋਵੇਂ ਹੱਥ ਜੋੜ ਕੇ ਅਦਬ ਸਹਿਤ ਸਤਿਗੁਰੂ ਜੀ ਦੇ ਸਨਮੁਖ ਖੜ੍ਹੇ ਸਨ। ਗੁਰ ਉਪਦੇਸ਼ ਸੁਣਦਿਆਂ ਹੀ ਵਾਰ-2 ਗੁਰੂ ਜੀ ਨੂੰ ਨਮਸ਼ਕਾਰਾਂ ਕਰਦੇ ਹੋਏ, ਮਾਨੋਂ ਉਹ ਵਾਰਨੇ-ਬਲਿਹਾਰਨੇ ਹੋ ਰਹੇ ਸਨ। ਕਿਉਂਕਿ, ‘‘ਚਰਨ ਕਮਲ, ਹਿਰਦੈ ਨਿਤ ਧਾਰੀ॥ ਗੁਰੁ ਪੂਰਾ, ਖਿਨੁ ਖਿਨੁ ਨਮਸਕਾਰੀ॥ ਤਨੁ ਮਨੁ, ਅਰਪਿ ਧਰੀ ਸਭੁ ਆਗੈ; ਜਗ ਮਹਿ ਨਾਮੁ ਸੁਹਾਵਣਾ॥’’ (ਮ:੫/੧੦੮੫) ਵਾਲਾ ਅਧਿਆਤਮੀ ਸੱਚ, ਉਨ੍ਹਾਂ ਦੇ ਸਾਹਮਣੇ ਪ੍ਰਤੱਖ ਹੋ ਰਿਹਾ ਸੀ । ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਹੇਠ ਲਿਖੇ ਅੰਮ੍ਰਿਤਮਈ ਬਚਨਾਂ ਦੀ ਰੌਸ਼ਨੀ ਵਿੱਚ ਉਹ ਆਪਣੇ ਆਪ ਨੂੰ ਅਤਿਅੰਤ ਖੁਸ਼ਕਿਸਮਤ ਸਮਝ ਰਹੇ ਸਨ ਕਿਉਂਕਿ, ਉਨ੍ਹਾਂ ਦਾ ਖ਼ਾਕ ਵਿੱਚ ਮਿਲ ਜਾਣ ਵਾਲਾ ਸਿਰ ਬੜੇ ਮਹਿੰਗੇ ਮੁੱਲ ਵਿਕ ਚੁੱਕਾ ਸੀ। ਇਸ ਲਈ ਉਨ੍ਹਾਂ ਦੇ ਅੰਦਰੋਂ ਬੇ-ਮੁਹਾਰੇ ਇਹ ਧੁਨੀ ਉੱਠ ਰਹੀ ਸੀ: ‘‘ਮੇਰੇ ਮਨ! ਭਜੁ ਰਾਮ ਨਾਮ, ਅਤਿ ਪਿਰਘਾ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ; ਸਿਰੁ, ਵੇਚਿ ਲੀਓ ਮੁਲਿ ਮਹਘਾ॥ (ਮ:੪/੭੩੧) ਕਿਉਂਕਿ, ਦਸ਼ਮੇਸ਼ ਗੁਰੂ ਪਾਸੋਂ ਬਦਲੇ ਵਿੱਚ ਉਹ ਅੰਮ੍ਰਿਤ ਨਾਮ ਪ੍ਰਾਪਤ ਹੋ ਗਿਆ ਸੀ, ਜਿਸ ਨੂੰ ਮਿਥਿਹਾਸਕ ਮਨੌਤ ਮੁਤਾਬਿਕ ਬੇਅੰਤ ਦੇਵੀ ਦੇਵਤੇ, ਰਿਸ਼ੀ-ਮੁਨੀ ਅਤੇ ਅਮਰ ਹੋ ਕੇ ਦੁਨਿਆਵੀ ਰਸ ਮਾਨਣ ਦੀ ਇੱਛਾ ਰੱਖਣ ਵਾਲੇ ਰਾਜੇ-ਮਹਾਰਾਜੇ ਜੰਗਲਾਂ, ਪਹਾੜਾਂ ਤੇ ਸਮੁੰਦਰਾਂ ਦੀਆਂ ਢੂੰਘਾਂਈਆਂ ਵਿੱਚ ਖੋਜਦੇ ਮਰ ਮੁੱਕੇ ਸਨ, ਪਰ ਉਨ੍ਹਾਂ ਦੇ ਕਿਧਰੇ ਵੀ ਹੱਥ ਨਹੀਂ ਸੀ ਲੱਗਾ। ਉਹ ’ਤੇ ਪੰਜੇ ਮਿਲ ਕੇ ਉੱਚੀ ਉੱਚੀ ਇਉਂ ਗਾ ਰਹੇ ਸਨ: ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ, ਸੁ ਅੰਮ੍ਰਿਤੁ ਗੁਰ ਤੇ ਪਾਇਆ॥ ਪਾਇਆ ਅੰਮ੍ਰਿਤੁ, ਗੁਰਿ ਕ੍ਰਿਪਾ ਕੀਨੀ; ਸਚਾ ਮਨਿ ਵਸਾਇਆ॥ (ਮ:੩/੯੧੮)

ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅੰਤ ਨੂੰ ਸਤਿਗੁਰੂ ਜੀ ਬੜੀ ਗੰਭੀਰਤਾ ਸਹਿਤ ਉਨ੍ਹਾਂ ਪੰਜਾਂ ਪਿਆਰਿਆਂ ਦੇ ਸਨਮੁਖ ਹੱਥ ਜੋੜ ਕੇ ਖੜ੍ਹੇ ਹੋਏ ਅਤੇ ਬੇਨਤੀ ਕੀਤੀ ‘ਖ਼ਾਲਸਾ ਜੀ! ਹੁਣ ‘ਗੋਬਿੰਦ ਰਾਇ’ ਨੂੰ ਵੀ ਉਸੇ ਢੰਗ ਨਾਲ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੋਬਿੰਦ ਸਿੰਘ ਸਜਾਉਣ ਤੇ ਖ਼ਾਲਸੇ ਵਿਚ ਰਲਾਉਣ ਦਾ ਉਪਕਾਰ ਕਰੋ, ਤਾਂ ਕਿ ਖ਼ਾਲਸਾ ਪੰਥ ਦਾ ਅੰਗ ਬਣ ਕੇ ਜੀਊਣ ਲਈ ਅਜਿਹੀ ਪ੍ਰਕਿਰਿਆ ਸਦਾ ਲਈ ਚੱਲਦੀ ਰਹੇ।’

ਜ਼ਿਕਰ ਹੈ ਕਿ ਉਸ ਦਿਹਾੜੇ ਗੁਰੂ ਜੀ ਸਮੇਤ 20,000 ਤੋਂ ਵੱਧ ਪ੍ਰਾਣੀ ਖੰਡੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਸੱਜੇ। ਇਹ ਸੀ ‘ਵੈਸਾਖੀ ਦੇ ਦਿਹਾੜੇ’ ਗੁਰੂ ਜੀ ਨੂੰ ਸੀਸ ਭੇਟ ਦੇ ਰੂਪ ਵਿੱਚ ਸਮਰਪਿਤ ਹੋ ਕੇ ਜੀਊਣ ਦਾ ਸਿਖਰ, ਜਦੋਂ ਗੁਰੂ ਤੇ ਸਿੱਖ ਆਪਸ ਵਿੱਚ ਅਭੇਦ ਹੋ ਗਏ। ਗੁਰੂ ਸਿੱਖ ਤੇ ਸਿੱਖ ਗੁਰੂ ਰੂਪ ਹੋ ਗਏ।

ਇਸ ਲਈ ਸਾਨੂੰ ਦ੍ਰਿੜ੍ਹ ਕਰ ਲੈਣਾ ਚਾਹੀਦਾ ਹੈ ਕਿ ਗੁਰਸਿੱਖਾਂ ਲਈ ‘ਵੈਸਾਖੀ’ ਹੋਰ ਲੋਕਾਂ ਵਾਂਗ ਕੇਵਲ ਮੌਜ-ਮੇਲੇ ਵਾਲਾ ਮੌਸਮੀ ਤਿਉਹਾਰ ਨਹੀਂ ਬਲਕਿ ਇਹ ਤਾਂ ਸਤਿਗੁਰੂ ਜੀ ਨੂੰ ਸਮਰਪਿਤ ਹੋ ਕੇ ਪ੍ਰਭੂ-ਮਿਲਾਪ ਲਈ ਪ੍ਰੇਮ ਦੀ ਖੇਡ ਵਿੱਚ ਦਾਖਲਾ ਲੈਣ ਦਾ ਦਿਹਾੜਾ ਹੈ। ਇਸ ਪ੍ਰਕਾਰ ਗੁਰੂ ਨਾਲ ਅਭੇਦ ਹੋ ਕੇ ਖ਼ਾਲਸਾ-ਪੰਥ ਦਾ ਅੰਗ ਬਣ ਕੇ ਜੀਊਣ ਅਤੇ ਗੁਰਸਿੱਖਾਂ ਵਾਲੀ ਗੁਰੂ ਦੀ ਪੀੜ੍ਹੀ ਨੂੰ ਅੱਗੇ ਚਲਾਈ ਰੱਖਣ ਵਾਲੇ ਪ੍ਰਣ ਕਰਣ ਦਾ ਦਿਹਾੜਾ ਹੈ, ਜਾਂ ਇਉੁਂ ਵੀ ਕਹਿ ਸਕਦੇ ਹਾਂ ਕਿ ਗੁਰੂ ਨੂੰ ਸਮਰਪਿਤ ਹੋ ਕੇ ਜੀਊਣ ਦਾ ਸੰਦੇਸ਼ ਹੀ ਹੈ ‘ਵੈਸਾਖੀ’। ਗੁਰੂ ਵਾਕ ਇਸ ਪੱਖੋਂ ਸਾਡਾ ਰਾਹ ਇਉਂ ਰਸ਼ਨਾਉਂਦੇ ਹਨ: ‘‘ਗੁਰੂ ਸਿਖੁ, ਸਿਖੁ ਗੁਰੂ ਹੈ ਏਕੋ; ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ, ਹਿਰਦੈ ਦੇਵੈ; ਨਾਨਕ! ਮਿਲਣੁ ਸੁਭਾਏ॥’’ (ਮ:੪/੪੪੪)

ਵਿਸਾਖੀ 1469 ਜਾਂ 1699 ?

0

ਵਿਸਾਖੀ 1469 ਜਾਂ 1699 ?

ਪ੍ਰਿੰ. ਸੁਰਜੀਤ ਸਿੰਘ (ਦਿੱਲੀ)

‘ਖਾਲਸਾ ਜਾਂ ਸਿੰਘ’ ?- ਸੱਚਾਈ ਇਹ ਹੈ ਕਿ ਸਿੱਖ ਵਾਸਤੇ ਮੂਲ ਲਫਜ਼ ਸਿੱਖ ਹੀ ਹੈ, ਜਿਹੜਾ ਕਿ ਗੁਰਦੇਵ ਦੁਆਰਾ ਬਖ਼ਸ਼ੇ ਸਿੱਖੀ ਜੀਵਨ ਨੂੰ ਉਜਾਗਰ ਕਰਦਾ ਹੈ। ਇਸ ਤਰਾਂ ‘ਸਿੰਘ’ ਲਫਜ਼ ਸਿੱਖਾਂ ਦੇ ਨਾਵਾਂ ਦੀ ਸੰਪੂਰਨਤਾ ਦਾ ਸੂਚਕ ਹੈ। ‘ਖਾਲਸਾ’ ਜਾਂ ‘ਸਿੰਘ’ ਦੋਵੇਂ ਲਫ਼ਜ਼ ਗੁਰੂ ਨਾਨਕ ਦੇ ਸਿੱਖ ਲਈ ਹੀ ਹਨ।

ਜਿੰਨੀਆਂ ਵੀ ਪ੍ਰਾਪਤੀਆਂ ਅੱਜ ਅਸਾਂ ਵਿਸਾਖੀ 1699 ਨਾਲ ਜੋੜੀਆਂ ਹਨ-ਅਸਲ ’ਚ ਇਨਾਂ ਸਾਰੀਆਂ ਦਾ ਸੰਬੰਧ ਵਿਸਾਖੀ 1469 ਭਾਵ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ (ਜਨਮ ਦਿਨ) ਨਾਲ ਸਬੰਧਤ ਹਨ। ਆਓ ਵੀਚਾਰ ਨਾਲ ਸਾਂਝ ਪਾਈਏ :

(1) ਪਾਹੁਲ ਲੈ ਕੇ ਸਿੱਖ ਧਰਮ ’ਚ ਪ੍ਰਵੇਸ਼ ਦਾ ਨਿਯਮ ਪਹਿਲੇ ਜਾਮੇਂ ਤੋਂ ਸੀ। ਉਸ ਸਮੇਂ ਵੀ ਇਸ ਦਾ ਇਹੀ ਮਤਲਬ ਸੀ-ਪ੍ਰਭੂ ਬਖਸ਼ੇ ਸੰਪੂਰਨ ਕੇਸਾਧਾਰੀ ਸਰੂਪ ’ਚ ਕਾਇਮ ਰਹਿੰਦੇ ਹੋਏ ਗੁਰਬਾਣੀ ਸਿੱਖਿਆ ਵਿਚ ਜੀਵਨ ਜੀਉਣ ਦਾ ਪ੍ਰਣ।

(2) ਸਿੱਖ ਕੇਸਾਧਾਰੀ ਵੀ ਪਹਿਲੇ ਜਾਮੇ ਤੋਂ ਹੀ ਸੀ। ਜੇ ਕੇਸਾਧਾਰੀ ਸੀ ਤਾਂ ਸਿੱਖ ਦਾ ਕੰਘਾ ਧਾਰੀ ਵੀ ਪਹਿਲੇ ਪਾਤਸ਼ਾਹ ਤੋਂ ਹੀ ਅਰੰਭ ਹੋਣਾ ਸੁਭਾਵਕ ਗੱਲ ਹੈ।

(3) ਸਿੱਖ ਲਈ ਗੁਰਬਾਣੀ (ਗੁਰੂ ਦਾ ਸਿਧਾਂਤ) ਵੀ ਪਹਿਲੇ ਜਾਮੇ ਤੋਂ ਹੀ ਸੀ। ਇਸ ਬਾਰੇ ਗੁਰਬਾਣੀ ਵਿਚੋਂ ਵੀ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਹਨ।

(4) ਸਿੱਖਾਂ ਲਈ, ਜੰਜੂ ਵਾਲਾ ਬ੍ਰਾਹਮਣੀ ਰਸਤਾ, ਪਹਿਲੇ ਪਾਤਸ਼ਾਹ ਨੇ ਹੀ ਖਤਮ ਕਰ ਦਿੱਤਾ ਸੀ। ਕਛਹਿਰਾ ਬ੍ਰਾਹਮਣੀ ਮਾਰਗ ਤੋਂ ਛੁਟਕਾਰੇ ਦਾ ਸੂਚਕ ਹੈ। ਇਸ ਲਈ ਇਹ ਰਹਿਣੀ ਵੀ ਪਹਿਲੇ ਜਾਮੇਂ ਤੋਂ ਹੀ ਲਾਗੂ ਸੀ। ਛੇਵੇਂ ਜਾਮੇਂ ਸਮੇਂ ਕੌਮ ਸ਼ਸਤ੍ਰਧਾਰੀ ਭਾਵ ਕ੍ਰਿਪਾਨਧਾਰੀ ਵੀ ਹੋ ਚੁੱਕੀ ਸੀ।

(5) ਪ੍ਰਭੂ ਬਖ਼ਸ਼ੇ ਮਨੁੱਖਾ ਸਰੂਪ ਨੂੰ ਧਾਰਣ ਕਰਨਾ ਅਤੇ ਕੇਸ ਨਹੀਂ ਕਟਵਾਣੇ; ਇਸਤ੍ਰੀ ਤੇ ਪੁਰਖ ਦੋਨਾਂ ਨੇ ਵਿੱਭਚਾਰੀ ਜੀਵਨ ਤੋਂ ਬਚਣਾ, ਸ਼ਰਾਬ ਆਦਿ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰਨਾ, ਆਦਿ ਰਹਿਤਾਂ ਦਾ ਪਾਲਣ ਕਰਨਾ ਤਾਂ ਸਿੱਖਾਂ ਉੱਪਰ ਪਹਿਲੇ ਜਾਮੇਂ ਤੋਂ ਹੀ ਲਾਗੂ ਸੀ।

(6) ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ‘‘ਸੋ ਦਰੁ ਆਰਤੀ ਗਾਵੀਐ; ਅੰਮ੍ਰਿਤ ਵੇਲੇ ਜਾਪੁ ਉਚਾਰਾ’’ ਰੂਪ ਵਾਲਾ ਨਿੱਤਨੇਮ ਦਾ ਅੰਗ ਪਹਿਲੇ ਪਾਤਿਸ਼ਾਹ ਤੋਂ ਹੀ ਸਨ। ਪੰਜਵੇਂ ਪਾਤਸ਼ਾਹ ਜੀ ਨੇ ਇਸ ਵਿੱਚ ਵਾਧਾ ਕਰਦਿਆਂ ਹੋਇਆਂ ‘ਸੋ ਦਰੁ’ ਨੂੰ ਨੌ ਸ਼ਬਦ ਅਤੇ ‘ਸੋਹਿਲਾ’ ਨੂੰ ਪੰਜ ਸ਼ਬਦਾਂ ਦਾ ਸਰੂਪ ਬਖ਼ਸ਼ਿਆ।

(7) ਗੁਰੂ ਦੇ ਹੁਕਮਾਂ ਤੋਂ ਆਪਣਾ ‘ਤਨ ਮਨ ਧਨ’ ਕੁਰਬਾਨ ਕਰਨ ਦੀ ਪ੍ਰੇਰਨਾ ਤੇ ਇਸ ਦੀ ਤਿਆਰੀ ਵੀ ਪਹਿਲੇ ਜਾਮੇਂ ਤੋਂ ਹੀ ਕਰਵਾਈ ਗਈ ਸੀ। ਭਾਈ ਮਰਦਾਨਾ, ਬਾਬਾ ਲਹਿਣਾ ਜੀ ਆਦਿ ਇਸੇ ਤਿਆਰੀ ਦੀ ਪ੍ਰਮੁੱਖ ਮਿਸਾਲ ਹਨ।

(8) ਗੁਰੂ ਦੇ ਹੁਕਮਾਂ ਤੋਂ ਸੀਸ ਤੱਕ ਅਰਪਣ ਕਰਣ ਵਾਲੀ ਤਿਆਰੀ ਵੀ ਪਹਿਲੇ ਜਾਮੇਂ ਤੋਂ ਹੀ ਕਰਵਾਈ ਗਈ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’’ (ਮ:੧/੧੪੧੨)

(9) ਸਿੱਖੀ ਦਾ ਸਰੂਪ ਤੇ ਰਹਿਣੀ ਪਹਿਲੇ ਜਾਮੇ ਸਮੇ ਹੀ ਨਿੱਖਰ ਕੇ ਸਾਹਮਣੇ ਆ ਚੁੱਕੀ ਸੀ। ਇਸ ਦਾ ਜ਼ਿਕਰ ਚੌਥੇ ਪਾਤਸ਼ਾਹ (ਲੰਮੀ ਦਾੜੀ) ਦੀ ਇਤਿਹਾਸਕ ਸਾਖੀ ਰਾਹੀਂ ਸਪਸ਼ਟ ਹੋ ਜਾਂਦਾ ਹੈ। ਇਹ ਭਾਵਨਾ ਪ੍ਰਗਟ ਕਰਨਾ ਕਿ ਨੌ ਜਾਮਿਆਂ ਤੱਕ ਸਿੱਖ ਵੀ ਕੇਸਾਧਾਰੀ ਨਹੀਂ ਸਨ ਜਾਂ ਹਿੰਦੂ ਹੀ ਸਨ ਜਾਂ ਫਿਰ ਸਿੱਖਾਂ ਦੀ ਕੋਈ ਵੱਖ ਪਹਿਚਾਣ ਨਹੀਂ ਸੀ, ਕੇਵਲ ਆਪਣੇ ਆਪ ਨੂੰ ਧੋਖਾ ਦੇਣਾ ਹੈ।

(10) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਸਿੱਖ ਵਾਸਤੇ, ਪਹਿਲੇ ਜਾਮੇ ਤੋਂ ਹੀ ‘ਇਕੋ ਇੱਕ ਗੁਰੂ’ ਦਾ ਦਰਜਾ ਰੱਖਦੀ ਸੀ/ਹੈ: ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩)

(11) ਮਨੁੱਖ ਲਈ ‘ਖਾਲਸੇ’ ਦਾ ਸੰਕਲਪ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ’ਚ ਹੀ ਉਲੀਕਿਆ ਅਤੇ ਕਬੀਰ ਸਾਹਿਬ ਦੀ ਬਾਣੀ ਰਾਹੀਂ ਇਸ ਨੂੰ ਐਲਾਨਿਆ ਵੀ ਗਿਆ, ਜਿਵੇਂ ‘‘ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥’’ (੬੫੫) ਇਸੇ ਖਾਲਸਾਈ ਜੀਵਨ ਵੱਲ ਟੁਰਨ ਵਾਲੇ ਨੂੰ ਹੀ ਸਿੱਖ ਧਰਮ ’ਚ ਪ੍ਰਵੇਸ਼ ਮਿਲਦਾ ਸੀ/ ਹੈ।

‘ੴ’ ਅਤੇ ‘ਖਾਲਸਾ’: ਸਿੱਖ ਵਾਸਤੇ ਖਾਲਸਾ ਜੀਵਨ ਦਾ ਅਰੰਭ ਹੀ ‘ੴ’ ਤੋਂ ਹੈ। ਆਖਿਰ ‘ੴ’ ਦੇ ਅਰਥ ਕੀ ਹਨ ? ‘ੴ’ ਦਾ ਅਰਥ ਹੀ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਅਨ-ਪੂਜਾ ਵਿਚ ਯਕੀਨ ਨਾ ਰੱਖਣਾ ਹੈ; ਮੜੀਆਂ-ਕਬਰਾਂ ਦਾ ਪੂਜਾਰੀ ਨਾ ਹੋਣਾ; ਵਹਿਮ ਭਰਮ ਨਹੀਂ ਕਰਨੇ; ਅਕਾਲ ਪੁਰਖ ਤੋਂ ਛੁਟ ਬ੍ਰਾਹਮਣ, ਮੌਲਵੀ, ਭਾਈ, ਗ੍ਰੰਥੀ ਆਦਿ ਕਿਸੇ ਵਿਚੋਲੇ ਨੂੰ ਮਨਜ਼ੂਰ ਨਹੀਂ ਕਰਨਾ, ਆਦਿ।

ਉਪ੍ਰੋਕਤ ਸਾਰੇ ਵੇਰਵਿਆਂ ਦਾ ਆਧਾਰ ਹੀ ਪਹਿਲੇ ਪਾਤਿਸ਼ਾਹ ਦਾ ਜੀਵਨ ਕਾਲ ਹੈ। ਗੁਰੂ ਨਾਨਕ ਪਾਤਸ਼ਾਹ ਜਮਾਂਦਰੂ ਗੁਰੂ ਸਨ/ਹਨ। ਇਸ ਵਾਸਤੇ ਇਸ ਸਾਰੀ ਦੇਣ ਨੂੰ, ਗੁਰੂ ਪਾਤਸ਼ਾਹ ਦੇ ਆਗਮਨ ਭਾਵ 15 ਅਪ੍ਰੈਲ 1469 (ਵਿਸਾਖ ਸੰਮਤ 1526) ਨਾਲ ਹੀ ਯਾਦ ਕਰਨਾ ਜਰੂਰੀ ਹੈ। ਜਿਨਾਂ ਗੱਲਾਂ ਨੂੰ ਅਸੀਂ ਵਿਸਾਖੀ 1699 ਦਾ ਆਧਾਰ ਬਣਾ ਕੇ ਪ੍ਰਚਾਰ ਰਹੇ ਹਾਂ ਸਿੱਖ ਧਰਮ ’ਚ ਪ੍ਰਵੇਸ਼ ਵਾਸਤੇ, ਇਹ ਸਭ ਗੱਲਾਂ ਤਾਂ ਪਹਿਲੇ ਜਾਮੇਂ ਤੋਂ ਹੀ ਲਾਗੂ ਸਨ। ‘ਸਿੱਖ, ਸਿੰਘ ਅਤੇ ਖਾਲਸਾ’ ਭਿੰਨ ਭਿੰਨ ਸ਼ਬਦ ਨਹੀਂ ਹਨ, ਤਾਂ ਫਿਰ ਵਿਸਾਖੀ ਸੰਨ 1699 ਦਾ ਵਿਸ਼ੇਸ਼ ਮਹੱਤਵ ਕੀ ਹੈ ? ਇਸ ਨੂੰ ਸਮਝਣ ਲਈ ਅਸਾਂ ਮੋਟੇ ਤੌਰ ’ਤੇ ਹੇਠ ਦਿੱਤੇ ਨੁਕਤਿਆਂ ਨੂੰ ਵੀਚਾਰਨਾ ਹੈ।

ਵਿਸਾਖੀ ਸੰਨ 1699 ਇਕ ਮੀਲ਼ ਪੱਥਰ ਅਤੇ ਇਸ ਦਾ ਮਹੱਤਵ ?-

(1). ਸੰਨ 1699 ਦੀ ਵਿਸਾਖੀ ਨੂੰ-ਕੇਵਲ ਬਾਣੀ ਦਾਇਰੇ ’ਚ ਰਹਿ ਕੇ ਹੀ-ਪੰਥਕ ਜੁਗਤ ਵਰਤਾਉਣ ਵਾਲੀ ਸਰੀਰਕ ਜ਼ਿੰਮੇਵਾਰੀ ਇਕ ਗੁਰੂ ਵਿਅਕਤੀ ਤੋਂ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਰੂਪ ’ਚ-ਪੰਥ ਦੇ ਸਪੁਰਦ ਕਰ ਦਿੱਤੀ ਗਈ। ਇਸੇ ਦਾ ਨਾਮ ਹੈ ‘ਪੰਥ ਦੀ ਸਾਜਨਾ’।

(2). ਸਿੱਖ ਧਰਮ ’ਚ ਪ੍ਰਵੇਸ਼ ਦੇ ਨਿਯਮ ਨੂੰ ‘ਚਰਨ ਪਾਹੁਲ’ ਤੋਂ ‘ਖੰਡੇ ਦੀ ਪਾਹੁਲ’ ’ਚ ਬਦਲਿਆ ਵਿਸਾਖੀ 1699 ਨੂੰ, ਮਕਸਦ ਉਹੀ ਸੀ। ਇਸੇ ਨੂੰ ਅੱਜ ‘ਅੰਮ੍ਰਿਤ ਛਕਣਾ’ ਵੀ ਕਹਿ ਰਹੇ ਹਾਂ ਪਰ ਅਸਲ਼ ਲਫ਼ਜ਼ ‘ਖੰਡੇ ਦੀ ਪਾਹੁਲ ਲੈਣਾ ਜਾਂ ਛਕਣਾ’ ਹੀ ਹੈ। ‘ਚਰਨ ਪਾਹੁਲ’ ਲੈਣ ਲਈ ਜਿਸ ਅਹੰਕਾਰੀ ਬਿਰਤੀ ਨੂੰ ‘ਚਰਨਾਂ’ ਵੱਲ ਝੁਕਣਾ ਪੈਂਦਾ ਸੀ ਉਸੇ ਹੰਕਾਰੀ ਬਿਰਤੀ ਨੂੰ ਹੁਣ ਸਾਂਝੇ ਬਾਟੇ ਨੂੰ ਮੂੰਹ ਲਗਾ ਕੇ ਝੁਕਣਾ ਪੈਂਦਾ ਹੈ ਭਾਵ ਸਿਧਾਂਤਿਕ ਅੰਤਰ ਕੋਈ ਨਿਵੇਕਲਾ ਨਹੀਂ ਹੈ।

(3). ਪਹਿਲੇ ਜਾਮੇਂ ਤੋਂ ਹੀ ਬਾਣੀ ਪੜ ਕੇ ਬਾਣੀ ਦੇ ਚਰਨਾਂ ਨਾਲ ਜੋੜਨ ਦਾ ਨਿਯਮ ਸੀ। ਜਿਸ ਦਾ ਨਾਮ ‘ਚਰਨ ਪਾਹੁਲ’ ਸੀ। ‘ਖੰਡੇ ਦੀ ਪਾਹੁਲ’ ’ਚ ਵੀ ਉਹੀ ਗੱਲ ਹੈ। ਕੇਵਲ ਢੰਗ ਬਦਲਿਆ ਸੀ। ‘ਪੈਰ ਧੁਆ ਕੇ ਪਿਲਾਉਣਾ’ ਸਿੱਖ ਧਰਮ ਦਾ ਕਦੇ ਨਿਯਮ ਨਹੀਂ ਰਿਹਾ, ਪੁਰਾਤਨ ਮਰਿਆਦਾ ਗੁਰੂ ਚਰਨ ਨਾਲ ਛੁਹਣ ਜਾਂ ਜੁੜਨ ਦੀ ਕਿਰਿਆ ਸੀ।

(4). ਵਿਸਾਖੀ ਸੰਨ 1699 ਨੂੰ ਹੀ ਸਿੱਖਾਂ ਦੇ ਨਾਵਾਂ ’ਚ ‘ਸਿੰਘ ਤੇ ਕੌਰ’ ਲਫਜ਼ਾਂ ਨਾਲ ਸਮਾਨਤਾ ਅਤੇ ਪਰਿਵਾਰਕ ਸਾਂਝ ਕਾਇਮ ਕੀਤੀ ਗਈ, ਜਿਸ ਦੀ ਅਰੰਭਤਾ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣਨ ਉਪਰੰਤ ਸ਼ੁਰੂ ਹੋਈ। ਇਸ ਤਰਾਂ ਸਿੱਖਾਂ ਦੇ ਨਾਵਾਂ ਨਾਲੋਂ ਜਾਤ-ਗੋਤ ਵਾਲੀ ਲਾਹਨਤ ਹਮੇਸ਼ਾਂ ਵਾਸਤੇ ਮੁਕਾ ਦਿੱਤੀ ਗਈ। ਇਸੇ ਕਰਕੇ ਸਿੱਖਾਂ ਨੂੰ ‘ਸਿੰਘ’ ਕਰ ਕੇ ਵੀ ਸੰਬੋਧਨ ਕੀਤਾ ਜਾਣ ਲੱਗਾ। ਧਿਆਨ ਰਹੇ ਕਿ ‘ਸਿੱਖ’ ਤੇ ‘ਸਿੰਘ’ ਦੋ ਅੱਡ ਅੱਡ ਨਾਂ ਨਹੀਂ।

(5). ਗੁਰੂ ਪਾਤਿਸ਼ਾਹ ਵੱਲੋਂ ਸਿੱਖਾਂ ਨੂੰ ਪ੍ਰਾਪਤ ਹੋ ਚੁੱਕੇ ‘ਸ਼ਾਬਾਸ਼ੀ ਚਿੰਨ’ ਕੜੇ ਨੂੰ ਮਿਲਾ ਕੇ ਪੰਜ ਕਕਾਰ ਵਿਸਾਖੀ ਸੰਨ 1699 ਨੂੰ ਨਿਯਮਤ ਕਰ ਦਿੱਤੇ ਗਏ। ਬਾਕੀ ਚਾਰ ਕਕਾਰ ਤਾਂ ਨੌਵੇਂ ਪਾਤਿਸ਼ਾਹ ਤੱਕ ਸਿੱਖੀ ਦਾ ਅੰਗ ਬਣ ਚੁੱਕੇ ਸਨ। ‘ਕੜਾ’ ਇਸ ਗੱਲ ਦਾ ਪ੍ਰਗਟਾਵਾ ਸੀ ਕਿ ਸਿੱਖ ਦਾ ਮਤਲਬ ਬਾਣੀ ਦੇ ਦਾਇਰੇ ’ਚ ਜੀਵਨ ਨੂੰ ਜੀਊਣਾ ਹੈ।

(6). ਵਿਸਾਖੀ ਸੰਨ 1699 ਨੂੰ ਜਦੋਂ ਨੰਗੀ ਤਲਵਾਰ ਵਾਲੇ ਇਮਤਿਹਾਨ ਵਿਚੋਂ ਸਿੱਖ ਪੂਰੀ ਤਰਾਂ ਪਾਸ ਹੋ ਗਿਆ ਤਾਂ ਇਸ ਨੂੰ ‘ਖਾਲਸੇ’ ਵਾਲੀ ਉਪਾਧੀ ਵੀ ਪ੍ਰਦਾਨ ਕਰ ਦਿੱਤੀ ਗਈ।

ਗੁਰਗੱਦੀ ਸੰਨ 1708:- ਗੁਰਬਾਣੀ ਰੂਪ ਗੁਰੂ ਦੀ ਗੱਲ ਵੀ ਪਹਿਲੇ ਜਾਮੇ ਤੋਂ ਹੀ ਸਪਸ਼ਟ ਸੀ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ’ਚ ਇਸ ਬਾਰੇ ਅਨੇਕਾਂ ਪ੍ਰਮਾਣ ਮੌਜੂਦ ਹਨ। ਜਿਵੇਂ ਕਿ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ॥’’ (ਮ:੪/੯੮੨) ਇਸ ਲਈ ਇਤਿਹਾਸਕ ਘਟਨਾ ਸੰਨ 1708 ਦਾ ਇਹ ਮਤਲਬ ਨਹੀਂ ਕਿ ਗੁਰਬਾਣੀ ਨੂੰ ਗੁਰਗੱਦੀ ਸੰਨ 1708 ’ਚ ਪ੍ਰਾਪਤ ਹੋਈ। ਇਹ ਤਾਂ ਗੁਰਬਾਣੀ ਸਰੂਪ ਦੇ ਸੰਪੂਰਨ ਹੋਣ ਦਾ ਐਲਾਨ ਅਤੇ ‘ਗੁਰਗੱਦੀ’ ਗੁਰਬਾਣੀ ਦੇ ਸੰਪੂਰਣ ਸਰੂਪ ਨੂੰ ਸੀ। 6 ਅਕਤੂਬਰ ਸੰਨ 1708 ਦੀ ਇਤਿਹਾਸਕ ਘਟਨਾ ਇਸ ਸਚਾਈ ਦਾ ਵੀ ਐਲਾਨ ਸੀ ਕਿ ਅੱਗੋਂ ਵਾਸਤੇ ਇਸ ਰਚਨਾ ’ਚ ਕੋਈ ਵਾਧਾ-ਘਾਟਾ ਨਹੀਂ ਹੋ ਸਕਦਾ, ਕਿਉਂਕਿ ਸਰੂਪ ਸੰਪੂਰਨ ਹੋ ਚੁੱਕਾ ਹੈ। ਉਂਝ ਦਸਮੇਸ਼ ਜੀ ਤੱਕ ਹਰ ਇਕ ਗੁਰੂ ਵਿਅਕਤੀ ਨੂੰ ਇਸ ਸੰਗ੍ਰਹਿ ’ਚ ਆਪਣੀ ਰਚਨਾ ਜੋੜਣ ਦਾ ਪੂਰਾ ਹੱਕ ਸੀ। ਨੌਵੇਂ ਪਾਤਿਸ਼ਾਹ ਦੀ ਬਾਣੀ ਵੀ ਇਸ ਇਤਿਹਾਸਕ ਘਟਨਾ ਤੋਂ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਸੀ, ਜਿਸ ਤੋਂ ਉਪਰੰਤ ਇਹ ਹੱਕ ਪੰਥ ਪਾਸ ਨਹੀਂ ਰਿਹਾ ਅਤੇ ਨਾ ਹੀ ਕਦੇ ਹੋਵੇਗਾ ਕਿ ਗੁਰਬਾਣੀ ਲਿਖਤ ’ਚ ਹੋਰ ਵਾਧੂ ਕੋਈ ਸ਼ਬਦ ਦਰਜ ਕੀਤਾ ਜਾ ਸਕੇ। ਇਸ ਲਈ ਗੁਰਬਾਣੀ ਦੇ ਗੁਰੂ ਹੋਣ ਵਾਲੀ ਗੱਲ ਤਾਂ ਅਸਾਂ ਗੁਰਬਾਣੀ ਵਿੱਚੋਂ ਹੀ ਲੈਣੀ ਹੈ, ਨਾ ਕਿ ਕਿਸੇ ਇਤਿਹਾਸਕ ਘਟਨਾਵਾਂ ਵਿੱਚੋਂ।

ਵਿਸਾਖੀ ਦਾ ਦਿਨ ਹੀ ਕਿਉਂ  ? ਇਸ ’ਚ ਕੋਈ ਸ਼ੱਕ ਨਹੀਂ ਕਿ ਵਿਸਾਖੀ ਸੰਨ 1699, ਸਿੱਖ ਧਰਮ ’ਚ ਬਹੁਤ ਵੱਡਾ ਮੀਲ ਪੱਥਰ ਹੈ ਪਰ ਕਿਸ ਤਰਾਂ ? ਕਲਗੀਧਰ ਜੀ ਨੇ ਵਿਸ਼ੇਸ਼ ਸਮਾਗਮ ਲਈ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ? ਇਸ ਦੀ ਸਚਾਈ ਭਾਈ ਗੁਰਦਾਸ ਜੀ ਦੀ ਰਚਨਾ ‘‘ਘਰ ਘਰ ਅੰਦਰ ਧਰਮ ਸਾਲ, ਹੋਵੈ ਕੀਰਤਨ ਸਦਾ ਵਿਸੋਆ’॥ (੧/੨੭ ਭਾਈ ਗੁਰਦਾਸ ਜੀ) ਤੋਂ ਆਪਣੇ ਆਪ ਉਭਰ ਕੇ ਸਾਹਮਣੇ ਆਉਂਦੀ ਹੈ। ‘ਵਿਸੋਆ’ ਦਾ ਅਰਥ ਹੈ ‘ਵਿਸਾਖ ਦਾ ਮਹੀਨਾ’। ਤੀਜੇ ਪਾਤਸ਼ਾਹ ਜੀ ਦੇ ਜੀਵਨ ’ਚੋਂ ਇਹ ਗੱਲ ਪੂਰੀ ਤਰਾਂ ਉੱਘੜ ਕੇ ਸਾਹਮਣੇ ਆ ਜਾਂਦੀ ਹੈ। ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਹਰ ਵਿਸਾਖੀ ਨੂੰ, ਸਿੱਖ ਧਰਮ ਦਾ ਸਾਲਾਨਾ ਇਕੱਠ ਹੁੰਦਾ ਸੀ ਪਰ ਇਸ ਲਈ ਸੰਗਤਾਂ ਨੂੰ ਬਹੁਤ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਕਿਸੇ ਕਾਰਨ ਜੇਕਰ ਉਦੋਂ ਵੀ ਕੁਝ ਸੰਗਤਾਂ ਖੁੰਝ ਜਾਂਦੀਆਂ ਤਾਂ ਦਰਸ਼ਨਾਂ ਲਈ ਅਗਲੇ ਸਾਲ ਭਾਵ ਦੋ ਸਾਲ ਤੱਕ ਲੰਘ ਜਾਂਦੇ। ਇਸੇ ਲਈ ਤੀਸਰੇ ਪਾਤਿਸ਼ਾਹ ਜੀ ਨੇ ਇਸ ਇਕੱਠ ਨੂੰ ਵਿਸਾਖੀ ਅਤੇ ਦਿਵਾਲੀ ਭਾਵ ਸਾਲ ’ਚ ਦੋ ਵਾਰੀ ਕਰ ਦਿੱਤਾ। ਇਸ ਤਰਾਂ ਜਿੱਥੇ ਕਿੱਥੇ ਵੀ ਪਾਤਿਸ਼ਾਹ ਹੁੰਦੇ, ਉੱਥੇ ਹੀ ਵਿਸਾਖੀ-ਦਿਵਾਲੀ ਦੇ ਉਚੇਚੇ ਸਮਾਗਮ ਸਜਦੇ। ਸੰਗਤਾਂ ਦੂਰੋਂ-ਨੇੜਿਓਂ ਉਨਾਂ ਦੇ ਚਰਨਾਂ ’ਚ ਪੁੱਜਦੀਆਂ। ਆਪਣੇ ਦੁੱਖ ਤਕਲੀਫਾਂ ਦੀ ਸਾਂਝ ਕਰਦੀਆਂ ਅਤੇ ਪਾਤਿਸ਼ਾਹ ਵੱਲੋਂ ਸੰਗਤਾਂ ਨੂੰ ਅਗਲੀ ਸੇਧ ਮਿਲਦੀ। ਉਨਾਂ ਦੇ ਦੁੱਖ ਦਰਦ ਵੰਡੇ ਜਾਂਦੇ। ਸਚਾਈ ਇਹ ਹੈ ਕਿ ਸਿੱਖ ਧਰਮ ਹੈ ਹੀ ‘ਸਮਾਜਕ ਧਰਮ’ ਤਾਂ ਤੇ ਪੰਥ ਅੰਦਰ ਵਿਸਾਖੀ ਦਾ ਵਿਸ਼ੇਸ਼ ਇਕੱਠ ਪਹਿਲੇ ਪਾਤਿਸ਼ਾਹ ਦੇ ਸਮੇਂ ਤੋਂ ਹੀ ਅਰੰਭ ਸੀ। ‘ਵਿਸਾਖੀ ਅਤੇ ਦਿਵਾਲੀ’ ਦੋਨੋ ਛੇ ਮਹੀਨੇ ਦੇ ਫ਼ਰਕ ਨਾਲ ਆਉਂਦੇ ਹਨ ਅਤੇ ਯਾਦ ਰੱਖਣਾ ਵੀ ਸੌਖਾ ਸੀ। ਜਦੋ ਤੱਕ ਖਾਸ ਲੋੜ ਨਾ ਹੋਵੇ, ਉਚੇਚੇ ਸੱਦਾ ਪੱਤ੍ਰ ਭੇਜਣ ਦੀ ਵੀ ਲੋੜ ਨਹੀਂ ਸੀ ਹੁੰਦੀ। ਉਂਝ ਪਟਾਕੇ ਵਾਲੀ ਦਿਵਾਲੀ ਦੇ ਤਿਉਹਾਰ ਨਾਲ ਸਿੱਖ ਧਰਮ ਦਾ ਕਦੇ ਕੋਈ ਹੋਰ ਸੰਬੰਧ ਨਹੀਂ ਰਿਹਾ। ਤੀਜੇ ਗੁਰਦੇਵ ਨੇ ਇਸ ਦਾ ਆਰੰਭ, ਸੰਗਤਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਆਤਿਸ਼ਬਾਜ਼ੀਆਂ ’ਚ ਫੂਕਣ ਜਾਂ ਲਾਈਟਾਂ ’ਚ ਤਬਾਹ ਕਰਣ ਲਈ ਨਹੀਂ ਸੀ ਕੀਤਾ; ਜਿਵੇਂ ਸਾਡੇ ਅੱਜ ਕੱਲ ਦੇ ਧਾਰਮਿਕ ਆਗੂ ਕਰ ਰਹੇ ਹਨ। ਵਿਸਾਖੀ ਦੀ ਮਹਾਨਤਾ ਕੇਵਲ ਗੁਰੂ ਨਾਨਕ ਆਗਮਨ ਨਾਲ ਸੰਬੰਧਤ ਹੈ। ਗੁਰੂ ਨਾਨਕ ਪਾਤਿਸ਼ਾਹ ਦਾ ਆਗਮਨ ਸਚਮੁਚ ਹੀ ਅਗੰਮੀ ਆਗਮਨ ਸੀ ਜਿਸ ਨੇ ਸੰਸਾਰ ਭਰ ਦੇ ਮਨੁੱਖ ਮਾਤ੍ਰ ’ਚ ਇਕ ਸੱਚੇ ਜੀਵਨ ਦੀ ਲਹਿਰ ਨੂੰ ਪ੍ਰਗਟ ਕਰ ਦਿੱਤਾ ਜਿਵੇਂ ਕਿ

(1). ਮਨੁੱਖ ਨੇ ਪਹਿਲੀ ਵਾਰ ਸੋਚਣਾ ਸ਼ੁਰੂ ਕੀਤਾ ਕਿ ਕਰਤੇ ਦੀਆਂ ਬੇਅੰਤ ਰਚਨਾਵਾਂ ਵਿਚੋਂ ਮਨੁੱਖਾ ਜੀਵਨ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਇਸ ਦਾ ਵਿਸ਼ੇਸ਼ ਮਕਸਦ ਵੀ ਹੈ।

(2). ਧਰਮ ਕਿਸੇ ਖਾਸ ਸਮੇਂ ਜਾਂ ਦਿਨ ਉੱਪਰ, ਖਾਸ ਤਿਉਹਾਰਾਂ, ਕਰਮਕਾਂਡਾਂ, ਉਚੇਚੇ ਪਹਿਰਾਵਿਆਂ ਜਾਂ ਦਿਖਾਵੇ ਦਾ ਨਾਮ ਨਹੀਂ ਬਲਕਿ ਧਰਮ ‘ਜੀਵਨ ਜਾਚ’ ਹੈ। ਇਸ ਦੀ ਵਰਤੋਂ ਤੇ ਲੋੜ ਹਰ ਮਨੁੱਖ ਲਈ ਸੁਆਸ-ਸੁਆਸ ’ਤੇ ਚੌਵੀ ਘੰਟੇ ਦੀ ਜ਼ਿੰਦਗੀ ’ਚ ਹੈ।

(3). ਛੂਆ-ਛੂਤ, ਊਚ-ਨੀਚ, ਵਰਣ-ਵੰਡ, ਰੰਗ-ਨਸਲ-ਲਿੰਗ-ਦੇਸ਼ ਆਦਿ ਦੇ ਭੇਦ, ਨਸ਼ਿਆਂ ਨਾਲ ਜੀਵਨ ਦੀ ਬਰਬਾਦੀ, ਥਿੱਤਾਂ-ਵਾਰਾਂ, ਸ਼ਗਨਾ-ਮਹੂਰਤਾਂ ਦੇ ਭਰਮ, ਟੂਣੇ-ਟੇਵੇ, ਜਨਮ ਪਤ੍ਰੀਆਂ, ਰਾਸ਼ੀਫਲ਼ ਧਰਮ ਨਹੀਂ ਬਲਕਿ ਮਨੁੱਖੀ ਸੋਚ ਦਾ ਵਿਗਾੜ ਹਨ।

(4). ਮਨੁੱਖ ਦੇ ਧਰਮ ਭਿੰਨ-ਭਿੰਨ ਨਹੀਂ ਹੁੰਦੇ। ਜੋਗੀ, ਸੰਨਿਆਸੀ, ਬਿਭੂਤਧਾਰੀ, ਨਾਂਗੇ, ਸੰਤ, ਸਾਧ, ਭਗਤ, ਵਿਰਕਤ ਆਦਿ ਦੇ ਭੇਖ-ਵੇਹਲੜਾਂ ਦੇ ਜੀਵਨ ਅਤੇ ਗ੍ਰਿਹਸਤੀਆਂ ’ਤੇ ਭਾਰ ਹਨ। ਵਰ-ਸਰਾਪ ਆਦਿ ਧਰਮ ਦਾ ਅੰਗ ਨਹੀਂ, ਬਲਕਿ ਅਗਿਆਨੀ ਮਨੁੱਖ ਦੀ ਲੁੱਟ-ਖੋਹ ਦੇ ਰਸਤੇ ਹਨ।

(5). ਅਸਲ ਕਰਤਾਰ ਨੂੰ ਭੁੱਲ ਕੇ-ਗ੍ਰਿਹਸਤੀਆਂ ’ਚ ਖਚਿਤ ਹੋ ਕੇ ਆਪਣੇ ਆਪ ਨੂੰ ਕੇਵਲ ਦੁਨੀਆਦਾਰ ਮੰਨ ਬੈਠਣਾ ਜਾਂ ਰਾਮ ਨੂੰ ਕੁਝ ਲੋਕਾਂ ਦੀ ਜਗੀਰ ਮੰਨਣਾ-ਅਗਿਆਨਤਾ ਅਤੇ ਸੱਚੇ ਧਰਮ ਤੋਂ ਦੂਰ ਰਹਿ ਕੇ ਅਮੁੱਲੇ ਮਨੁੱਖਾ ਜਨਮ ਨੂੰ ਬਰਬਾਦ ਕਰਨਾ ਹੈ। ਧਰਮ ਤੇ ਦੁਨੀਆਂਦਾਰੀ-ਵੱਖ ਵੱਖ ਜੀਵਨ ਨਹੀਂ ਹਨ।

(6). ਮਨੁੱਖ ਨੂੰ ਸਮਝ ਆਉਣ ਲੱਗ ਪਈ ਕਿ ਸਾਰੇ ਮਨੁੱਖ ਕੇਵਲ ਇਕੋ ਹੀ ਪਿਤਾ ਦੀ ਸੰਤਾਨ ਹਨ ਅਤੇ ਪ੍ਰਭੂ ਪਿਤਾ ਸਦਾ ਅਭੁੱਲ ਹੈ। ਮਨੁੱਖਾ ਸਰੂਪ ਦੀ ਅਸਲ ਪਹਿਚਾਣ ਹੀ ਕੇਸਾਂ ਵਾਲੇ ਪੂਰਨ ਸਰੂਪ ਨਾਲ ਹੈ। ਇਹੀ ਹੈ ਪ੍ਰਭੁ ਦੀ ਰਜ਼ਾ ਵਿਚ ਚੱਲਣ ਵਾਲਾ ਮਨੁੱਖ ਦਾ ਪਹਿਲਾ ਕਦਮ।

(7). ਮਨੁੱਖ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਪ੍ਰਭੂ ਦੀ ਬੇਅੰਤ ਰਚਨਾ ’ਚ ਹਰ ਇਕ ਸ਼ੇ੍ਰਣੀ ਦਾ ਵੱਖ ਵੱਖ ਧਰਮ (ਫ਼ਰਜ਼), ਪ੍ਰਭੂ ਵੱਲੋਂ ਨੀਅਤ ਹੈ। ਸੂਰਜ, ਚੰਦ, ਪਸ਼ੂ , ਪੰਛੀ, ਖਣਿਜ, ਫੁੱਲ, ਬਨਸਪਤੀ ਹਰ ਇੱਕ ਦਾ ਧਰਮ ਪ੍ਰਭੂ ਨੇ ਆਪ ਘੜਿਆ ਹੈ। ਇਸੇ ਤਰਾਂ ਪ੍ਰਭੂ ਰਚਨਾ ’ਚ ਮਨੁੱਖ ਵੀ ਇਕ ਸ਼੍ਰੇਣੀ (ਕਿਸਮ) ਹੀ ਹੈ। ਇਸ ਦਾ ਧਰਮ ਵੀ ਬਾਕੀ ਰਚਨਾ ’ਚ ਵਰਤ ਰਹੇ ਮਸ਼ੱਕਤ ਦੇ ਉਸੇ ਇਲਾਹੀ ਨਿਯਮ ਵਿੱਚ ਹੈ ਭਾਵ ਬਾਹਰੋਂ ਸ਼ਕਲ ਮਨੁੱਖ ਦੀ ਅਤੇ ਅੰਦਰੋਂ ਸੁਭਾਅ ਕਰ ਕੇ ਪ੍ਰਭੂ ਗੁਣਾਂ ਦਾ ਧਾਰਨੀ ਹੋਣਾ ਹੈ।

(8). ਮਨੁੱਖ ਨੂੰ ਸਮਝ ਆਉਣ ਲੱਗ ਪਈ ਕਿ ਕਰਤਾ ਪ੍ਰਭੂ ਕਿਸੇ ਮੂਰਤੀ, ਪਿੱਪਲਾਂ, ਕਬਰਾਂ, ਸੱਪਾਂ, ਪਸ਼ੂਆਂ ਆਦਿ ਦੀ ਪੂਜਾ ਨਾਲ ਨਹੀਂ ਮਿਲਦਾ। ਪ੍ਰਭੂ ਦੇ ਦਰਸ਼ਨ ਤਾਂ ਅੰਦਰ ਵੱਸ ਰਹੇ ਪ੍ਰਭੂ ਅੰਸ਼ ਭਾਵ ਆਪਣੀ ਪਹਿਚਾਣ ਤੋਂ ਆਰੰਭ ਹੋਣੇ ਹਨ। ਉਪਰੰਤ ਰਚਨਾ ਦੇ ਜ਼ੱਰੇ-ਜ਼ੱਰੇ ਵਿੱਚੋਂ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਸ ਤਰਾਂ ਮਨੁੱਖ ਅਨੇਕਾਂ ਇਸ਼ਟਾਂ ਵਾਲੀ ਥਿਊਰੀ ਵਿੱਚੋਂ ਜਾਗ ਉੱਠਿਆ। ਸਮਝ ਆ ਗਈ ਕਿ ਕਬਰਾਂ, ਮੜੀਆਂ, ਕਰੋੜਾਂ ਦੇਵੀ-ਦੇਵਤਿਆਂ, ਆਪ ਮਿਥੇ ਭਗਵਾਨਾਂ ਆਦਿ ਦੀ ਪੂਜਾ ਅਗਿਆਨਤਾ ਦਾ ਪ੍ਰਤੀਕ ਹਨ।

ਗੁਰਬਾਣੀ ਦੀ ਪੜਾਈ ਮਨੁੱਖ ਦੀ ਕਾਇਆਂ ਕਲਪ ਕਰ ਦੇਂਦੀ ਹੈ। ਉਪਰੋਕਤ ਨੁਕਤੇ ਹੀ ਨਹੀਂ ਬਲਕਿ ਅਨੇਕਾਂ ਅਜੇਹੀਆਂ ਜੀਵਨ ਸੇਧਾਂ-ਪਹਿਲੇ ਪਾਤਿਸ਼ਾਹ ਦੀ ਬਾਣੀ ਵਿੱਚੋਂ ਹੀ ਪ੍ਰਤੱਖ ਹੋ ਜਾਂਦੀਆਂ ਹਨ। ਪਾਤਿਸ਼ਾਹ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤੇ; ਬੇਅੰਤ ਕਸ਼ਟ ਸਹਾਰਦੇ ਹੋਏ, ਦੂਰ-ਨੇੜੇ ਵੱਡੇ ਵੱਡੇ ਇਕੱਠਾਂ ਸਮੇ ਲੋਕਾਈ ਪਾਸ ਪੁੱਜ ਕੇ ਮਹਾਨ ਦ੍ਰਿੜਤਾ ਦਲੇਰੀ-ਬੀਰਤਾ ਨਾਲ ਪ੍ਰਚਾਰ ਵੀ ਕੀਤਾ। ਇਸ ਤਰਾਂ ਮਨੁੱਖ ਦੇ ਜੀਵਨ ਅੰਦਰ ਜਦੋਂ ਪ੍ਰਭੂ ਬਖ਼ਸ਼ੇ ਅਨੰਤ ਗੁਣ ਸਿੰਚੇ ਜਾਂਦੇ ਰਹੇ ਤਾਂ ਉਸ ਅੰਦਰ ਪ੍ਰਭੂ ਪਿਆਰ-ਆਪਸੀ ਸਾਂਝ ਤੇ ਪ੍ਰਭੂ ਦੀ ਬੇਅੰਤ ਰਚਨਾ ਲਈ ਪਿਆਰ ਉਪਜਦਾ ਹੈ। ਇਸੇ ਦਾ ਹੀ ਸਿੱਟਾ ਹੁੰਦਾ ਸੀ ਕਿ ਵਿਸਾਖੀ ਨੂੰ ਜਿੱਥੇ ਕਿੱਥੇ ਵੀ ਗੁਰੂ ਪਾਤਿਸ਼ਾਹ ਮੌਜੂਦ ਹੁੰਦੇ, ਸੰਗਤਾਂ ਉੱਥੇ ਹੀ ਪੁੱਜਦੀਆਂ ਰਹਿੰਦੀਆਂ। ਵਿਸਾਖੀ ਵਾਲੇ ਦਿਹਾੜੇ ’ਤੇ ਇਹ ਵੱਡੇ-ਵੱਡੇ ਇਕੱਠ ‘ਹੋਵੈ ਕੀਰਤਨ ਸਦਾ ਵਿਸੋਆ’ ਅਨੁਸਾਰ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ਕਾਲ ਤੋਂ ਹੀ ਅਰੰਭ ਹੋ ਚੁੱਕੇ ਸਨ।

(9). ਸਿੱਖ, ਕੇਸਾਧਾਰੀ ਪਹਿਲੇ ਜਾਮੇ ਤੋਂ ਹੀ ਸੀ। ਜਦੋਂ ਮਨੁੱਖ ਅੰਦਰ ਪ੍ਰਭੂ ਦੀ ਰਜ਼ਾ ਲਈ ਪਿਆਰ ਪੈਦਾ ਹੁੰਦਾ ਹੈ ਤਾਂ ਕੇਸਾਂ ਵਾਲੇ ਸਰੂਪ ਨਾਲ ਉਸ ਦੀ ਸਾਂਝ ਆਪਣੇ ਆਪ ਹੀ ਬਣ ਆਉਂਦੀ ਹੈ। ਉਸ ਨੂੰ ਪ੍ਰਭੂ ਬਖ਼ਸ਼ੇ ਸਰੂਪ ਅਤੇ ਆਪਣੇ ਮਨੁੱਖ ਹੋਣ ’ਤੇ ਮਾਣ ਮਹਿਸੂਸ ਹੋਣ ਲੱਗਦਾ ਹੈ। ਇਸੇ ਦਾ ਹੀ ਨਤੀਜਾ ਸੀ ਕਿ ਮਨੁੱਖ ਪਹਿਲੇ ਜਾਮੇਂ ਤੋਂ ਹੀ ਸੰਪੂਰਨ ਕੇਸਾਧਾਰੀ ਸਰੂਪ ’ਚ ਆ ਚੁੱਕਾ ਸੀ। ਗੁਰ ਇਤਿਹਾਸ ਅਤੇ ਬਾਣੀ ’ਚੋਂ ਅਜੇਹੇ ਬਹੁਤ ਪ੍ਰਮਾਣ ਮਿਲਦੇ ਹਨ ਜਿਵੇਂ ਅਕਾਲ ਪੁਰਖ ਦੀ ਬੇਅੰਤ ਰਚਨਾ ਵਿੱਚੋਂ ਪਾਤਿਸ਼ਾਹ ਮਨੁੱਖ ਨੂੰ ਅਕਾਲ ਪੁਰਖ ਦੀ ਸਭ ਤੋਂ ਸੁੰਦਰ ਘਾੜਤ ਦੱਸ ਕੇ, ਇਸ ਨੂੰ ਅਕਾਲ ਪੁਰਖ ਦਾ ਹੀ ਨਿੱਜ ਸਰੂਪ ਬਿਆਨ ਕਰਦੇ ਹਨ- ‘‘ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ॥’’ (ਮ:੧/੫੬) ਇਸੇ ਤਰਾਂ ਪੰਜਵੇਂ ਪਾਤਿਸ਼ਾਹ ਜੀ ਫੁਰਮਾਉਂਦੇ ਹਨ ਕਿ ‘‘ਕੇਸ ਸੰਗਿ ਦਾਸ ਪਗ ਝਾਰਉ, ਇਹੈ ਮਨੋਰਥ ਮੋਰ॥’’ (ਮ;੫/੫੦) ਅਤੇ ‘‘ਕੇਸਾ ਕਾ ਕਰਿ ਚਵਰੁ ਢੁਲਾਵਾ, ਚਰਣ ਧੂੜਿ ਮੁਖਿ ਲਾਈ॥’’ (ਮ:੫/੭੪੯), ਆਦਿ।

ਅਜੇਹੀਆਂ ਮਿਸਾਲਾਂ ਕੋਈ ਕੇਸਹੀਣ ਮਨੁੱਖ ਨਹੀਂ ਦੇ ਸਕਦਾ। ਇੱਥੇ ਹੀ ਬੱਸ ਨਹੀਂ ਸਿੱਖ ਦਾ ਤਾਂ ਧਰਮ ਹੀ ‘‘ਸਿੱਖੀ ਸਿੱਖਿਆ ਗੁਰ ਵੀਚਾਰਿ॥’’ (ਮ:੧/੪੬) ਤੋਂ ਸ਼ੁਰੂ ਹੁੰਦਾ ਹੈ। ਜਿਸ ਸਿੱਖ ਦਾ ਜੀਵਨ ਗੁਰਬਾਣੀ-ਸਿੱਖਿਆ ਤੋਂ ਆਰੰਭ ਹੁੰਦਾ ਹੈ ਤਾਂ ਉਹ ਆਪ ਕੇਸਹੀਣ ਕਿਵੇਂ ਹੋ ਸਕਦਾ ਹੈ ? ਗੁਰਬਾਣੀ ’ਚ ਪਾਤਿਸ਼ਾਹ ਰਾਹੀਂ ਪ੍ਰਵਾਣ 15 ਭਗਤਾਂ ਦੀ ਬਾਣੀ ਲੈ ਲਵੋ। ਜਦੋਂ ਇਹ ਭਗਤ ਵੀ ਪ੍ਰਭੂ ਜੀਵਨ ਨੂੰ ਪ੍ਰਾਪਤ ਹੋਏ ਤਾਂ ਸਾਰੇ ਕੇਸਾਧਾਰੀ ਸਨ। ਇੱਥੇ ਕੇਵਲ ਇਕ ਪ੍ਰਮਾਣ ਭਗਤ ਬਾਣੀ ਵਿੱਚੋਂ ਇਉਂ ਦੇ ਰਿਹਾਂ ਹਾਂ: ‘‘ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ॥’’ (੧੩੬੯)

ਸਾਖੀਕਾਰ ‘ਸੀਹਾਂ ਉਪਲ’ ਨਿਵਾਸ ਸਥਾਨ ਅਤੇ ਸਾਖੀ ਇਤਿਹਾਸ

0

ਸਾਖੀਕਾਰ ‘ਸੀਹਾਂ ਉਪਲ’ ਨਿਵਾਸ ਸਥਾਨ ਅਤੇ ਸਾਖੀ ਇਤਿਹਾਸ

ਸੰਤ ਸਿੰਘ ਪਦਮ (ਮਲੇਰ ਕੋਟਲਾ)

ਪ੍ਰੋ. ਸਾਹਿਬ ਸਿੰਘ ਹੋਰਾਂ, ਜੋ ਗੁਰਬਾਣੀ ਵਿਆਕਰਨ ਦੇ ਮਾਹਿਰ ਮਾਹਰ ਹੋਣ ਦੇ ਨਾਲ-ਨਾਲ ਪਾਠ-ਵਿਗਿਆਨ ਨਾਲ ਸਬੰਧਤ ਤੁਲਨਾ-ਵਿਧੀ, ਵਿਸ਼ਲੇਸ਼ਨ ਅਤੇ ਇਸ ਦੀ ਕਾਰਜ-ਵਿਧੀ ਦੀ ਗਰਾਮਰ ਦੇ ਸੂਖਮ ਅਤੇ ਅਕੱਥ ਨੇਮਾਂ ਦੇ ਬੇਜੋੜ ਮਾਹਰ ਸਨ, ‘ਪੁਰਾਤਨ ਜਨਮ ਸਾਖੀ’ ਦਾ ਲੇਖਕ ਕੋਈ ਤਲੰਬੇ ਦਾ ਰਹਿਣ ਵਾਲਾ ਉਪਲ ਖੱਤਰੀ ਦੱਸਿਆ ਹੈ-ਜੋ ‘ਸਾਖੀ ਮਹਲੁ ਪਹਿਲੇ ਕੀ’ ਦਾ ਵੀ ਪਰੌਕਸੀ ਲੇਖਕ ਹੈ। ਇਸ ਧਾਰਨਾ ਦਾ ਆਧਾਰ, ‘ਮਰਦਾਨੇ ਦੀ ਪੂਜਾ ਕਰਾਈ’ ਵਾਲੀ ਸਾਖੀ ਵਿੱਚ ਉਪਲਾਂ ਨੂੰ ਮਿਲੀ ਬੇਮਿਸਾਲ ਪ੍ਰਸੰਸਾ ਹੈ, ਜਿਸ ਤੋਂ ਲੇਖਕ ਦੀ ਆਪਣੀ ਜਾਤ ਵੱਲ ਤਰਫ਼ਦਾਰੀ ਦਾ ਸੰਕੇਤ ਹੈ। ਪਰ ਉਸ ਦੇ ਤਲੰਮਾ ਦਾ ਨਿਵਾਸੀ ਹੋਣ ਨੂੰ ਪ੍ਰਮਾਣਿਤ ਕਰਨ ਵਾਲਾ ਕੋਈ ਸਬੂਤ ਜਾਂ ਸੰਕੇਤ ਨਾ ‘ਪੁਰਾਤਨ ਜਨਮ ਸਾਖੀ’ ਦੇ ਪਾਠ ਵਿਚ ਪ੍ਰਾਪਤ ਹੈ ਅਤੇ ਨਾ ਹੀ ‘ਸਾਖੀ ਮਹਲੁ ਪਹਿਲੇ ਕੀ’ ਵਿਚ। ਇਹ ਨਿਰੀ ਅਟਕਲਬਾਜ਼ੀ ਵਾਲਾ ਨਿਰਨਾ ਹੈ। ਸਾਖੀ ਪਰੰਪਰਾ ਦੀ ਛਾਣ-ਬੀਣ ਦੱਸਦੀ ਹੈ ਕਿ ਪੁਰਾਤਨ ਦਾ ਸੰਕਲਨਕਾਰ ਮੁਜੰਗਾਂ, ਲਾਹੌਰ ਦਾ ਨਿਵਾਸੀ ‘ਸੈਦੋ ਜੱਟ’ ਸੀ, ਉਸ ਨੂੰ ਤਲੰਮੇ ਨਾਲ ਜੋੜਨਾ ਭੁਲੇਖਾ ਪਾਉਂਦਾ ਹੈ। ਇਸ ਵਿਚ ਵਿਲੀਨ ਹੋਈ ‘ਸਾਖੀ ਮਹਲੁ ਪਹਿਲੇ ਕੀ’ ਦਾ ਮੂਲ ਲੇਖਕ ‘ਉਪਲ’ ਹੋਣ ਵਾਲੀ ਸੰਭਾਵਨਾ ਦੀ ਸਾਡੇ ਇਸ ਅਧਿਐਨ ਤੋਂ ਵੀ ਪੁਸ਼ਟੀ ਹੁੰਦੀ ਹੈ। ਤਾਂ ਫਿਰ, ਇਹ ‘ਸੀਹਾਂ ਉਪਲ’ ਕਿਥੋਂ ਦਾ ਨਿਵਾਸੀ ਸੀ? ਹਾਲ ਦੀ ਘੜੀ, ਸਿੱਖ ਲਿਖਤਾਂ, ਜੋ ਸਮੇਂ ਸਥਾਨ ਅਤੇ ਸੁਰਤ ਦੀ ਸੀਮਾ ਤੋਂ ਮੁਕਤ ਹੋ ਕੇ ਸਿਰਜੀਆਂ ਗਈਆਂ ਹਨ, ਵਿਚੋਂ ਕੋਈ ਠੋਸ ਸਬੂਤ ਅਜਿਹਾ ਨਹੀਂ ਮਿਲਦਾ ਜਿਸ ਦੇ ਸਹਾਰੇ ਇਨ੍ਹਾਂ ਦੇ ਨਿਵਾਸ ਸਬੰਧੀ ਤੁਰਤ ਦੋ ਟੁੱਕ ਫੈਂਸਲਾ ਕੀਤਾ ਜਾ ਸਕੇ। ਗੱਲ ਨੂੰ ਰਾਹੇ ਪਾਉਣ ਲਈ ਵਾਰ ਅਨੁਮਾਨਾਂ ਦੀ ਟੇਕ ਵੀ ਰੱਖਣੀ ਪੈ ਸਕਦੀ ਹੈ, ਬਸ਼ਰਤਿ ਇਹ ਤਰਕਸੰਗਤ ਹੋਣ।

ਅਜਿਹਾ ਇਕ ਅਨੁਮਾਨ ਇਹ ਲੱਗਦਾ ਹੈ ਕਿ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ 11 ਵੀਂ ਵਾਰ ਦੀ 13 ਵੀਂ ਅਤੇ 14 ਵੀਂ ਪਉੜੀ ਵਿੱਚ ਨਾਵਾਂ ਵਾਲੇ ਸਿੱਖਾਂ ਦਾ ਸਬੰਧ ਪਹਿਲੇ ਪੂਰ ਦੇ ਉਨ੍ਹਾਂ ਨਾਵਾਂ ਪ੍ਰਤੀਤਵਾਨਾਂ ਨਾਲ ਹੈ ਜੋ ਸੁਲਤਾਨਪੁਰ ਦੀ ਠਾਹਰ ਦੇ ਸਮੇਂ ਗੁਰੂ ਸਾਹਿਬ ਦੇ ਸੰਪਰਕ ਵਿੱਚ ਆਏ ਅਤੇ ਬਾਬੇ ਦੇ ਸਮਾਜਕ ਕ੍ਰਾਂਤੀ ਲਿਅਉਣ ਦੇ ਸਮਰੱਥ ਨਵੀਂ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੇ ਸਿੱਖ ਬਣੇ; ਅਤੇ ਇਹ ਵੀ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਬਾਬੇ ਦੇ ਉਤਰਾਧਿਕਾਰੀਆਂ ਦੀ ਸੇਵਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ 11 ਵੀਂ ਵਾਰ ਦੀ ਪਉੜੀ ਨੰ. 14 ਵਿਚ ਇਉਂ ਕਰ ਰਹੇ ਹਨ :

‘‘ਭਗਤੁ ਜੋ ਭਗਤਾ ਓਹਰੀ; ਜਾਪੂਵੰਸੀ ਸੇਵ ਕਮਾਵੈ। ਸੀਹਾਂ ਉਪਲੁ ਜਾਣੀਐ, ਗਜਣੁ ਉਪਲੁ ਸਤਿਗੁਰ ਭਾਵੈ। ਮੈਲਸੀਹਾਂ ਵਿਚਿ ਆਖੀਐ, ਭਾਗੀਰਥੁ ਕਾਲੀ ਗੁਣ ਗਾਵੈ। ਜਿਤਾ ਰੰਧਾਵਾ ਭਲਾ ਹੈ, ਬੂੜਾ ਬੁਢਾ ਇਕ ਮਨਿ ਧਿਆਵੈ। ਫਿਰਣਾ ਖਹਿਰਾ ਜੋਧੁ ਸਿਖੁ, ਜੀਵਾਈ ਗੁਰੁ ਸੇਵ ਸਮਾਵੈ। ਗੁਜਰੁ ਜਾਤਿ ਲੁਹਾਰੁ ਹੈ, ਗੁਰ ਸਿਖੀ ਗੁਰਸਿਖ ਸੁਣਾਵੈ। ਨਾਈ ਧਿੰਙ ਵਖਾਣੀਐ, ਸਤਿਗੁਰ ਸੇਵਿ ਕੁਟੰਬੁ ਤਰਾਵੈ। ਗੁਰਮੁਖਿ ਸੁਖ ਫਲ, ਅਲਖ ਲਖਾਵੈ ॥੧੪॥’’ ਭਾਈ ਗੁਰਦਾਸ ਜੀ (ਵਾਰ ੧੧ ਪਉੜੀ ੧੪)

ਸੀਹਾਂ, ਅਜਿਤਾ ਰੰਧਾਵਾ, ਬਾਬਾ ਬੁੱਢਾ ਅਤੇ ਭਾਗੀਰਥ, ਕੁਝ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਗੁਰੂ ਘਰ ’ਚ ਅਥਾਹ ਸਤਿਕਾਰ ਮਿਲਿਆ। ਉਨ੍ਹਾਂ ਦਿਨਾਂ ਵਿਚ ਸੁਲਤਾਨਪੁਰ ‘ਉਪਲਾਂ’ ਦਾ ਵੱਡਾ ਟਿਕਾਣਾਂ ਸੀ। ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’, ਦੇ ਲਿਖਾਰੀ ‘ਮਨੋਹਰ ਦਾਸ ਮਿਹਰਵਾਨ’ ਨੇ ਬਾਬੇ ਦੇ ਭਣੋਈਏ ‘ਜੈ ਰਾਮ’ ਨੂੰ ਵੀ ‘ਉਪਲ ਖੱਤਰੀ’ ਦੱਸਿਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਪਲ ਭਰਾਵਾਂ ਦਾ ਵੀ ਇਹੋ ਨਿਵਾਸ ਸਥਾਨ ਸੀ, ਜਿੱਥੇ ਰਹਿੰਦਿਆਂ ਉਹ ਬਾਬੇ ਦੇ ਸੰਪਰਕ ’ਚ ਆਏ ਤੇ ਹਮੇਸ਼ਾ ਲਈ ਗੁਰੂ ਨਾਨਕ ਅਤੇ ਉਸ ਦੇ ਉਤਰਾਧਿਕਾਰੀਆਂ ਦੀ ਸੇਵਾ ਵਿਚ ਲੀਨ ਹੋ ਗਏ। ‘ਸਾਖੀ ਮਹਲੁ ਪਹਿਲੇ ਕੀ’ ਵਿਚ ਹੋਈ ਗੂੜ੍ਹ ਫ਼ਾਰਸੀ ਦੀ ਵਰਤੋਂ ਤੋ ਵੀ ਇਹੀ ਸੰਕੇਤ ਮਿਲਦਾ ਹੈ ਕਿ ਇਸ ਦਾ ਲੇਖਕ ਸ਼ਾਇਦ, ਜੈ ਰਾਮ ਵਾਂਗ ਲੋਧੀ ਤੰਤਰ ਵਿੱਚ ਬਾਬੇ ਦਾ ਕੋਈ ਜੂਨੀਅਰ ਮੁਲਾਜ਼ਮ, ਜਿਨ੍ਹਾਂ ਨੂੰ ਮਿਹਰਵਾਨ ‘ਸਾਗਿਰਦ ਪੇਸਾ’ ਕਹਿੰਦਾ ਹੈ, ਰਿਹਾ ਹੋਵੇ ਅਤੇ ਉਸ ਵਾਂਗ ਸੁਲਤਾਨਪੁਰ ਦਾ ਹੀ ਨਿਵਾਸੀ ਹੋਵੇ- ਫ਼ਾਰਸੀ ਪੜ੍ਹੇ ਖਤਰੀਆਂ ਲਈ ਸਰਕਾਰੀ ਸੇਵਾ, ਉਨ੍ਹਾਂ ਦਿਨਾਂ ਵਿਚ, ਪਹਿਲੀ ਪਸੰਦ ਸੀ।

‘ਜਨਮ ਸਾਖੀ ਬਾਲਾ’ ਦੀ ਉਥਾਨਕਾ ਵਾਲੇ ਪ੍ਰਸੰਗ ਸਾਖੀ ਦਾ ਲਿਖਾਰੀ ‘ਪੈੜਾ ਮੋਖਾ’ ਦੱਸਿਆ ਗਿਆ ਹੈ, ਜਿਸ ਨੂੰ ਸੁਲਤਾਨਪੁਰ ਤੋਂ ਲੱਭ ਕੇ ਲਿਆਂਦਾ ਗਿਆ। ਬੇਸ਼ੱਕ, ਅਧੁਨਿਕ ਖੋਜ ਇਸ ਨੂੰ ਨਿਰਾ ਉਸ਼ਟੰਡ ਸਿੱਧ ਕਰਦੀ ਹੈ, ਪਰ ਲਾਹੌਰ ਨਿਵਾਸੀ ‘ਗੋਰਖ ਦਾਸ’ ਵੱਲੋਂ ਰਚੀ ਗਈ ਜਨਮ ਪੱਤ੍ਰੀ ਵਿਚ ‘ਗੁਪਤ ਲੇਖਕ’ ਨੂੰ ਸੁਲਤਾਨਪੁਰ ਨਾਲ ਸਬੰਧਤ ਕਰਨਾ ਅਕਾਰਨ ਨਹੀਂ ਸੀ ਅਤੇ ਨਾ ਹੀ ਇਹ ਅਚੇਤ ਹੋਇਆ ਮੌਕਾ-ਮੇਲ ਹੈ। ਇਸ ਹੰਦਾਲੀ ਬਲੱਡ ਦਾ ਆਧਾਰ, ‘ਸਾਖੀ ਮਹਲੁ ਪਹਿਲੇ ਕੀ’ ਦੇ ਮੂਲ ਲੇਖਕ ਦਾ ਸੁਲਤਾਨਪੁਰ ਨਾਲ ਸਬੰਧਤ ਹੋਣ ਵਾਲਾ ਠੋਸ ਤੱਤ ਹੈ, ਜੋ ਓਦੋਂ ਤੱਕ ਸਮੂਹਕ ਚੇਤਨਾ ਅਤੇ ਸਾਖੀ ਪਰੰਪਰਾ ਵਿਚੋਂ ਗੁਆਚਿਆ ਨਹੀਂ ਸੀ।

ਸੋ, ‘ਜਨਮ ਸਾਖੀ ਬਾਬਾ’ ਦੇ ਅਸਲੀ ਲੇਖਕ ‘ਗੋਰਖ ਦਾਸ’ ਨੇ, ਇਸ ਤੱਥ ਨੂੰ, ਆਪਣੀ ਨਕਲੀ ਘਾੜਤ ਨੂੰ ਅਸਲੀਅਤ ਦਾ ਰੰਗ ਚਾੜ੍ਹਨ ’ਤੇ ਵੱਧ ਭਰੋਸੇਯੋਗ ਬਣਾਉਣ ਲਈ, ਜੁਗਤੀ ਵਜੋਂ ਵਰਤਿਆ ਅਤੇ ‘ਸਾਖੀ ਮਹਲੁ ਪਹਿਲੇ ਕੀ’ ਦੇ ਸੁਲਤਾਨਪੁਰ ਨਿਵਾਸੀ ਲਿਖਾਰੀ ਦੇ ਸਮਾਨੰਤਰ ਸੁਲਤਾਨਪੁਰੀ ‘ਪੈੜਾ ਮੋਖਾ’ ਪੈਦਾ ਕਰ ਲਿਆ। ਇਸ ਵਕਰੋਕਤੀ ਤੋਂ ਟੇਢੇ ਢੰਗ ਨਾਲ ਅਸਲੀਅਤ ਦੀ ਪੁਸ਼ਟੀ ਹੁੰਦੀ ਹੈ।

ਦੁਹਰਫ਼ੀ ਨਿਰਨਾ ਹੈ: ‘ਸੀਹਾਂ ਉਪਲ’ ਸੁਲਤਾਨਪੁਰ ਦਾ ਹੀ ਨਿਵਾਸੀ ਹੈ। ਭਾਈ ਵਾਰ ਸਿੰਘ ਜੀ ਨੇ ‘ਸੀਹੇਂ ਉਪਲ’ ਦੇ ਖਡੂਰ ਸਾਹਿਬ ਵਿਚ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਣ ਜਾਣ ਦਾ ਜ਼ਿਕਰ ਵੀ ਕੀਤਾ ਹੈ। ਜਿਸ ਨੇ ਬਾਅਦ ਵਿਚ ਆਪਣੀ ਲੜਕੀ ‘ਮੱਥੋ’ ਦਾ ਵਿਆਹ, ਖਾਈ ਪਿੰਡ ਦੇ ਵਸਨੀਕ ‘ਪ੍ਰੇਮੇ’ ਨਾਲ ਕੀਤਾ, ਜੋ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਗੰਭੀਰ ਰੋਗ ਤੋਂ ਮੁਕਤ ਹੋ ਗਿਆ ਸੀ ਅਤੇ ਉਸ ਦਾ ਨਾਂ ‘ਮੁਰਾਰੀ’ ਰੱਖਿਆ ਗਿਆ। ‘ਮੱਥੋ-ਮੁਰਾਰੀ’ ਜੋੜੀ ਨੂੰ ਸਿੱਖੀ ਪ੍ਰਚਾਰ ਲਈ ਮੰਜੀ ਦੀ ਬਖਸ਼ਸ਼ ਵੀ ਹੋਈ ਦੱਸੀ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਨਾਲ ਸਬੰਧਤ ਪੁਰਾਤਨ ਜਨਮ ਸਾਖੀਆਂ ਵਿੱਚੋਂ ਕੁਝ ਕੁ ਨਾਂ ਹਨ:

(1). ‘ਸਾਖੀ ਮਹਲੁ ਪਹਿਲੇ ਕੀ’ (ਜਿਸ ਦੇ ਲਿਖਾਰੀ ਦਾ ਨਾਮ ਮੰਨਿਆ ਜਾਂਦਾ ਹੈ ‘ਸੀਹਾਂ ਉਪਲ’ ਅਤੇ ਰਚਨਾ-ਕਾਲ ਮੰਨਿਆ ਜਾਂਦਾ ਹੈ 1570-1574 ਈ.)

(2). ‘ਆਦਿ ਸਾਖੀਆਂ’ (ਜਿਸ ਦਾ ਇਕ ਹੋਰ ਨਾਂ ਹੈ ‘ਜਨਮ ਪਤ੍ਰੀ ਬਾਬੇ ਜੀ ਕੀ’, ਇਸ ਦੇ ਲਿਖਾਰੀ ਦਾ ਨਾਂ ਮੰਨਿਆ ਜਾਂਦਾ ਹੈ ‘ਭਾਈ ਬੂਲਾ ਪਾਧਾ’, ਜੋ ਗੁਰੂ ਅਮਰਦਾਸ ਜੀ ਦਾ ਸਿੱਖ, ਭਾਈ ਗੁਰਦਾਸ ਜੀ ਦਾ ਨਿਕਟਵਰਤੀ ਅਤੇ ਡੱਲੇ ਨਗਰ ਦਾ ਨਿਵਾਸੀ ਸੀ। ਇਸ ਸਾਖੀ ਦਾ ਰਚਨਾ-ਕਾਲ ‘ਗੁਰੂ ਅਰਜੁਨ ਦੇਵ’ ਕਾਲ ਵਿਚ ਮੰਨਿਆ ਜਾਂਦਾ ਹੈ 1598-1599 ਈ.)

(3). ‘ਜਨਮ ਸਾਖੀ ਮਿਹਰਵਾਨ’ (ਜਿਸ ਦਾ ਇਕ ਹੋਰ ਨਾਂ ਹੈ ‘ਪੋਥੀ ਸੱਚ ਖੰਡ’ ਅਤੇ ਇਸ ਦਾ ਲਿਖਾਰੀ ਹੈ ਬਾਬਾ ਪਿ੍ਰਥਵੀ ਚੰਦ ਦਾ ਪੁੱਤਰ ‘ਮਿਹਰਬਾਨ’ , ਇਸ ਸਾਖੀ ਦਾ ਰਚਨਾ-ਕਾਲ ਮੰਨਿਆ ਜਾਂਦਾ ਹੈ 1619 ਈ.)

(4). ‘ਪੁਰਾਤਨ ਜਨਮ ਸਾਖੀ’ (ਜਿਸ ਦੇ ਲਿਖਾਰੀ ਦਾ ਨਾਂ ਮੰਨਿਆ ਜਾਂਦਾ ਹੈ ਲਾਹੌਰ ਸਹਿਰ ਦਾ ਨਿਵਾਸੀ ‘ਸੈਦੋ ਜੱਟ’ ਅਤੇ ਇਸ ਦਾ ਰਚਨਾ-ਕਾਲ ਹੈ 1655-1659 ਈ.)

(5). ‘ਜਨਮ ਸਾਖੀ ਬਾਲਾ’ (ਜਿਸ ਦਾ ਲਿਖਾਰੀ ਹੈ ਲਾਹੌਰ ਸਹਿਰ ਦਾ ਨਿਵਾਸੀ ਅਤੇ ਹੰਦਾਲੀਆਂ ਦਾ ਭਾੜੇ ਦਾ ਲੇਖਕ ‘ਗੋਰਖਨਾਥ’। ਪੜਤਾਲ ਦੱਸਦੀ ਹੈ ਕਿ ‘ਪੈੜਾ ਮੋਖਾ’ ਨਾਂ ਵੀ ਹਮਸਫ਼ਰ ‘ਬਾਲੇ’ ਵਾਂਗ ਇਸ ‘ਗੋਰਖਨਾਥ’ ਦੇ ਦਿਮਾਗ਼ ਦੀ ਹੀ (ਨਕਲੀ) ਕਾਢ ਸੀ। ਇਸ ਸਾਖੀ ਦਾ ਰਚਨਾ-ਕਾਲ ਵੀ 1656-1657 ਈ. ਹੈ।) ਆਦਿ।

ਹਵਾਲੇ ਕਿਤਾਬ ‘ਸਾਖੀ ਮਹਲੁ ਮਹਿਲੇ ਕੀ’, ਸੰਪਾਦਕ ਸ. ਸ. ਪਦਮ

ਵੱਡਾ ਘੱਲੂਘਾਰਾ

0

ਵੱਡਾ ਘੱਲੂਘਾਰਾ

ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਘੱਲੂਘਾਰੇ ਦੇ ਨਾਂ ਸੁਣਦਿਆਂ ਹੀ ਸਰੀਰ ਤੇ ਹਿਰਦਾ ਕੰਬਣ ਲਗਦਾ ਹੈ, ਕਿਉਂਕਿ ਘੱਲੂਘਾਰੇ ਦਾ ਅੱਖਰੀ ਅਰਥ ਹੀ ਕਿਸੇ ਕੌਮ ਦਾ ਸਰਬ ਨਾਸ਼ ਹੈ। ਹਿੰਦੂਸਤਾਨ ਅੰਦਰ ਬਹਾਦਰੀ ਨੂੰ ਖਾਸ ਵਰਗ ਨਾਲ ਜੋੜਨ ਕਰਕੇ ਇੱਥੋਂ ਦਾ ਭਜਨੀਕ ਬੰਦਗੀ ਕਰਨ ਵਾਲਾ ਬੰਦਾ ਡਰਪੋਕ ਹੋ ਗਿਆ। ਬਹਾਦਰ ਸੂਰਮਾ ਕਹਾਉਣ ਵਾਲਾ ਜ਼ਾਲਮ ਬਣ ਗਿਆ। ਇਸ ਲਈ ਸਮਾਂ ਪਾ ਕੇ ਜ਼ਾਲਮ ਵੱਲੋਂ ਹਰ ਜ਼ੁਲਮੋ-ਸਿਤਮ ਸਹਿਨ ਕਰਨ ਦੀ ਆਦਤ ਬਣ ਗਈ। ਲੋਕਾਂ ਅੰਦਰ ਇਹ ਧਾਰਨਾ, ਸੋਚ ਪ੍ਰਚੱਲਤ ਹੋ ਗਈ ਕਿ ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ।’

ਜਦੋਂ ਕਿਸੇ ਕੌਮ ਨੇ ਮਰਨਾ ਹੋਵੇ ਤਾਂ ਉਸ ਦੀ ਅੱਧੀ ਮੌਤ ਤਾਂ ਪਹਿਲਾ ਹੀ ਉਸ ਕੌਮ ਦੇ ਗੱਦਾਰ ਲੋਕ ਕਰ ਛੱਡਦੇ ਹਨ। ਅਹਿਮਦਸ਼ਾਹ ਅਬਦਾਲੀ; ਮਰਾਠਿਆਂ ਅਤੇ ਸਿੰਘਾਂ ਦੀ ਵੱਧ ਰਹੀ ਤਾਕਤ ਨੂੰ ਚੰਗੀ ਤਰ੍ਹਾਂ ਭਾਂਪ ਰਿਹਾ ਸੀ ਉਸ ਦਾ ਦਿੱਲੀ ਦਾ ਏਜੰਟ ਨਜੀਬੁਦੌਲਾ ਮਰਾਠਿਆਂ ਦੀ ਚੜ੍ਹਤ ਦੇਖ ਕੇ ਘਬਰਾ ਰਿਹਾ ਸੀ ਕਿ ਮੈਂ ਉਨ੍ਹਾਂ ਤੋਂ ਛੇਤੀ ਬਦਲਾ ਲਵਾਂ ਜਿਨ੍ਹਾਂ ਮੇਰੇ ਪੁੱਤਰ ਨੂੰ ਲਾਹੌਰੋਂ ਕੱਢਿਆ ਹੈ। ਹੁਣੇ ਹੁਣੇ ਸਿੰਘਾਂ ਵੱਲੋਂ ਭਜਾਏ ਜ਼ਖਮੀ ਜਹਾਨ ਖਾਂ ਦੀ ਹਾਰ ਵੀ ਉਸ ਦੇ ਸਾਹਮਣੇ ਸੀ। ਸ਼ਾਹਆਲਮ ਸਾਨੀ ਆਪਣੇ ਵਜ਼ੀਰ ਗਾਜ਼ੀਉਦੀਨ ਤੋਂ ਤੰਗ ਸੀ, ਉਸ ਨੇ ਦਿੱਲੀ ਤੋਂ ਦੁਰਾਨੀ ਨੂੰ ਸੱਦਾ ਪੱਤਰ ਭੇਜਿਆਂ ਕਿ ਮੇਰੀ ਆ ਕੇ ਮਦਦ ਕਰੋ ਇਸੇ ਤਰ੍ਹਾਂ ਮਾਧੋ ਸਿੰਘ ਜੈਪੁਰ ਤੇ ਬਿਜੈ ਸਿੰਘ ਮਾਰਵਾੜ ਨੇ ਵੀਂ ਦੁਰਾਨੀ ਨੂੰ ਮਦਦ ਦਾ ਭਰੋਸਾ ਦਿੱਤਾ ਤੇ ਆਉਣ ਲਈ ਆਖਿਆ।

ਅਜੇਹੀ ਹਾਲਤ ਵਿੱਚ ਅਬਦਾਲੀ 60 ਹਜ਼ਾਰ ਫੌਜ ਨਾਲ ਅਕਤੂਬਰ 1759 ਨੂੰ ਅਟਕ ਪਾਰ ਕਰਕੇ ਪੰਜਵੀਂ ਵਾਰ ਹਿੰਦ ’ਤੇ ਹਮਲਾਵਰ ਹੋਇਆ, ਉਸ ਦਾ ਇਹ ਹਮਲਾ ਨਿਰੋਲ ਮਰਾਠਿਆਂ ਦੀ ਤਾਕਤ ਨੂੰ ਮਲੀਆਮੇਟ ਕਰਨ ਲਈ ਸੀ। ਸੰਬਾ ਜੀ ਲਹੌਰੋਂ ਭੱਜ ਗਿਆ ਅਤੇ ਦੁਰਾਨੀ (ਅਬਦਾਲੀ) ਨੇ ਕਰੀਮਦਾਦ ਖ਼ਾਨ ਨੂੰ ਲਾਹੌਰ ਦਾ ਹਾਕਮ ਥਾਪ ਦਿੱਤਾ ਅਤੇ ਕਾਂਗੜੇ ਵਾਲੇ ਰਾਜੇ ਘੁਮੰਡ ਚੰਦ ਨੂੰ ਜਲੰਧਰ (ਦੁਆਬਾ) ਸੌਂਪ ਕੇ ਮਾਰੋ-ਮਾਰ ਕਰਦਾ ਸਤਲੁਜ ਪਾਰ ਕਰਕੇ ਤਰੌੜੀ ਦੇ ਮੈਦਾਨ ਵਿੱਚ ਦੱਤਾ ਜੀ ਸਿੰਧੀਆ ਨਾਲ ਜਾ ਟਕਰਾਇਆ ਤੇ ਉਸ ਨੂੰ ਹਰਾ ਦਿੱਤਾ। ਸਹਾਰਨਪੁਰ ਲਾਗੇ ਰੁਹੇਲਾ ਸਰਦਾਰ ਨਜੀਬੁਦੌਲਾ ਆਪਣਾ ਲਸ਼ਕਰ ਲੈ ਕੇ ਦੁਰਾਨੀ ਨੂੰ ਆ ਮਿਲਿਆ ਤੇ ਬਰਾੜੀ ਘਾਟ ’ਤੇ ਮਰਾਠਿਆਂ ਨਾਲ ਕਰਾਰੀ ਜੰਗ ਹੋਈ ਤੇ ਦੱਤਾ ਜੀ ਸਿੰਧੀਆ ਮਾਰਿਆ ਗਿਆ। ਅਬਦਾਲੀ ਲਗਭਗ ਸਾਲ ਭਰ ਦਿੱਲੀ ਦੇ ਆਲੇ ਦੁਆਲੇ ਘੁੰਮਦਾ ਰਿਹਾ ਤਾ ਕਿ ਜੇ ਮਰਾਠੇ ਦੁਬਾਰਾਂ ਸਿਰ ਚੁੱਕਣ ਤੇ ਉਹ ਉਨ੍ਹਾਂ ਨੂੰ ਦਬਾਵੇ। ਆਖਰ 14 ਜਨਵਰੀ 1761 ਨੂੰ ਪਾਨੀਪਤ ਦੇ ਮੈਦਾਨ ਵਿੱਚ ਦੁਰਾਨੀ ਤੇ ਮਰਾਠਿਆਂ ਦੀ ਭਿਆਨਕ ਜੰਗ ਹੋਈ, ਇਤਿਹਾਸਕਾਰ ਡਾ. ਗੁਪਤਾ ਅਨੁਸਾਰ-ਦੁਰਾਨੀ ਨਾਲ ਹਿੰਦੁਸਤਾਨ ਦੇ ਸਾਰੇ ਮੁਸਲਿਮ ਨਵਾਬ ਸਨ ਤੇ ਦੂਜੇ ਪਾਸੇ ਦੋ ਲੱਖ ਮਰਾਠਾ ਸੀ, ਇਸ ਸਮੇਂ ਸ. ਆਲਾ ਸਿੰਘ ਨੇ ਸੱਚੀ ਦੇਸ਼ ਭਗਤੀ ਦਾ ਸਬੂਤ ਦਿੰਦਿਆ ਰਸਦ ਪਾਣੀ ਭੇਜ ਕੇ ਮਰਾਠਿਆਂ ਦੀ ਮਦਦ ਕੀਤੀ। ਮਰਾਠਿਆਂ ਦੀ ਚੌਖੀ ਗਿਣਤੀ ਹੋਣ ਦੇ ਬਾਵਜੂਦ ਵੀ ਮਰਾਠੇ ਆਖਰ ਬੁਰੀ ਤਰਾਂ ਹਾਰੇ ਮਾਨੋ ਮੁੜ ਉਹ ਅਬਦਾਲੀ ਦਾ ਸਾਹਮਣਾ ਕਰਨ ਜੋਗੇ ਨਾ ਰਹੇ। ਜਿਸ ਸਮੇਂ ਅਬਦਾਲੀ ਦਿੱਲੀ ਵੱਲ ਮਰਾਠਿਆਂ ਨਾਲ ਸਿਝ ਰਿਹਾ ਸੀ ਉਸ ਵੇਲੇ ਅਕਤੂਬਰ 1760 ਈ: ਨੂੰ ਸਿੰਘਾਂ ਦੀਵਾਲੀ ਦੇ ਸਾਲਾਨਾ ਸਰਬਤ ਖਾਲਸਾ ਜੋੜ ਮੇਲੇ ’ਤੇ ਇਕੱਤਰ ਹੋ ਕੇ ਗੁਰਮਤਾ ਪਾਸ ਕੀਤਾ ਕਿ ਲਹੌਰ ’ਤੇ ਧਾਵਾ ਬੋਲਿਆ ਜਾਵੇ ਨਵੰਬਰ 1760 ਵਿੱਚ ਸਿੰਘਾਂ ਨੇ ਲਹੌਰ ਜਾ ਸੋਧਿਆ ਮੁਹੰਮਦ ਖਾਂ ਨੇ ਡਰਦਿਆਂ 30 ਹਜ਼ਾਰ ਰੁਪਇਆ ਨਜ਼ਰਾਨੇ ਵੱਜੋਂ ਪੇਸ਼ ਕਰਕੇ ਸਿੰਘਾਂ ਤੋ ਖਹਿੜਾ ਛੁਡਵਾਇਆ। ਸਿੰਘਾਂ ਨੇ ਮੁੜ ਅਬਦਾਲੀ ਦੀ ਹਕੂਮਤ ਦੇ ਪੈਰ ਪੰਜਾਬ ਵਿੱਚ ਨਾ ਲੱਗਣ ਦਿੱਤੇ। ਇਸ ਸਮੇਂ ਕਈ ਜ਼ਰੂਰੀ ਥਾਵਾਂ ’ਤੇ ਸਿੰਘਾਂ ਨੇ ਕਿਲਿਆਂ ਦੀ ਉਸਾਰੀ ਵੀ ਕਰ ਲਈ।

ਮਰਾਠਿਆਂ ਨੂੰ ਹਾਰ ਦੇ ਕੇ ਅਬਦਾਲੀ 1761 ਈ: ਵਿੱਚ ਵਾਪਿਸ ਪਰਤਿਆ। ਸ. ਆਲਾ ਸਿੰਘ ਵੱਲੋਂ ਮਰਾਠਿਆਂ ਨੂੰ ਰਸਦ ਪਹੁੰਚਾਉਣ ਦੀ ਖ਼ਬਰ ਦੁਰਾਨੀ ਪਾਸ ਪੁੱਜ ਗਈ ਸੀ ਇਸ ਲਈ ਉਸ ਨੇ ਮੁੜਦੀ ਵਾਰੀ ਬਰਨਾਲਾ ਲੁਟਿਆ ਸ. ਆਲਾ ਸਿੰਘ ਮੂਨਕ ਵਲ ਨਿਕਲ ਗਿਆ ਸੀ ਉਸ ਦੇ ਦੂਤ ਬੀਰਮ ਢਿਲੋ ਨੇ ਚਾਰ ਲੱਖ ਨਜ਼ਰਾਨਾ ਦੇ ਕੇੇ ਦੁਰਾਨੀ ਨੂੰ ਖੁਸ਼ ਕੀਤਾ ਤੇ ਸ. ਆਲਾ ਸਿੰਘ ਨੂੰ ਆਪਣੇ ਵੱਲੋਂ ਹਾਕਮ ਸਰਹੰਦ ਨੀਅਤ ਕਰ ਦਿੱਤਾ। ਇਸ ਗੱਲ ਤੇ ਦਲ ਖ਼ਾਲਸਾ ਨੇ ਸ. ਆਲਾ ਸਿੰਘ ਨੂੰ ਜੁਰਮਾਨਾ ਕੀਤਾ ਕਿ ਇਕ ਜਰਵਾਣੇ ਦੀ ਦਿੱਤੀ ਹਾਕਮੀ ਤੂੰ ਕਿਉਂ ਕਬੂਲੀ ਹੈ। ਜਦੋਂ ਦੁਰਾਨੀ ਫੌਜ ਬਿਆਸ ਪਾਰ ਕਰਨ ਲੱਗੀ ਤਾਂ ਸ. ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿੱਚ ਸਿੰਘ ਅਫਗਾਨਾਂ ’ਤੇ ਟੁੱਟ ਕੇ ਪੈ ਗਏ ਤੇ ਉਨ੍ਹਾਂ ਨੇ 2200 ਹਿੰਦੂ ਲੜਕੀਆਂ ਨੂੰ ਛਡਵਾ ਕੇ ਘਰੋਂ ਘਰੀ ਪਹੁੰਚਾਇਆ। ਇਸ ਘਟਨਾ ਕਾਰਨ ਸ. ਜੱਸਾ ਸਿੰਘ ਬੰਦੀ ਛੋੜ ਕਰ ਕੇ ਪ੍ਰਸਿੱਧ ਹੋਏ।

ਅਬਦਾਲੀ ਨੇ ਅਜੇ ਅਟਕ ਪਾਰ ਹੀ ਕੀਤਾ ਹੀ ਸੀ ਕਿ ਸਿੰਘਾਂ ਨੇ ਉਸ ਦਾ ਪਿਛਾ ਕਰਦਿਆਂ ਝਨਾਂ ਦਾ ਪਾਸਾ ਖੂਬ ਲੁਟਿਆ। ਜੂਨ ਜੁਲਾਈ 1761 ਵਿੱਚ ਮੁੜ ਕੇ ਸਿੰਘ ਫਿਰ ਪੰਜਾਬ ਉੱਤੇ ਛਾ ਗਏ ਇਹ ਗੱਲ ਸੁਣ ਕੇ ਅਬਦਾਲੀ ਨੇ ਨੂਰਦੀਨ ਖਾਂ ਬਾਮਜਈ ਨੂੰ ਫੌਜ ਦੇ ਕੇ ਤੋਰਿਆ। ਪਹਿਲਾਂ ਤਾਂ ਸ. ਚੜਤ ਸਿੰਘ ਜੀ ਨੇ ਝਨਾਂ ਲਾਗੇ ਹੀ ਇਸ ਨੂੰ ਖੂਬ ਹੱਥ ਦਿਖਾਏ ਆਖਰ ਸਿੰਘਾਂ ਨੇ ਉਸ ਨੂੰ ਕੁੱਟ ਕੇ ਜੰਮੂ ਵਾੜ ਦਿੱਤਾ। 27 ਅਕਤੂਬਰ 1761 ਈ: ਵਿੱਚ ਦੀਵਾਲੀ ਨੂੰ ਸਰਬਤ ਖਾਲਸਾ ਅੰਮਿ੍ਰਤਸਰ ਇਕੱਠਾ ਹੋਇਆ, ਇਸ ਸਮੇਂ ਲਹੌਰ ਤੋਂ ਬਿਨਾ ਲਗਭਗ ਸਾਰਾ ਹੀ ਪੰਜਾਬ ਸਿੰਘਾਂ ਦੇ ਕਬਜ਼ੇ ਵਿੱਚ ਸੀ। ਸਿੰਘਾਂ ਨੇ ਗੁਰਮਤਾਂ ਕਰਕੇ ਨਵੰਬਰ 1761 ਈ: ਵਿੱਚ ਲਾਹੌਰ ਵੀ ਆਪਣੇ ਕਬਜੇ ਵਿੱਚ ਕਰ ਲਿਆ। ਪੰਥ ਨੇ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਦੇ ਕੇ ਸਿੰਘਾਸਨ ’ਤੇ ਸ਼ਸ਼ੋਭਿਤ ਕਰ ਦਿੱਤਾ ਉਸ ਨੇ ਆਪਣੇ ਨਾ ਦਾ ਸਿੱਕਾ ਚਲਾਇਆ ਇਹ ਗੱਲ ਖਜ਼ਾਨਾ ਏ ਆਮਰਾ (1762) ਵਿੱਚ ਲਿਖੀ ਹੈ ਇਸ ’ਤੇ ਲਿਖੇ ਫਾਰਸੀ ਸ਼ਬਦ ਇਹ ਸਨ- ‘ਸਿੱਕਾ ਜ਼ਦ ਦਰ ਜਹਾਂ ਬ ਫਜਲੇ ਅਕਾਲ। ਮੁਲਕ ਅਹਿਮਦ ਗਿ੍ਰਫਤ ਜੱਸਾ ਕਲਾਲ।’ ਕਈ ਇਤਿਹਾਸਕਾਰ ਜਿਵੇਂ ਡਾ. ਹਰੀ ਰਾਮ ਗੁਪਤਾ ਪੰਨਾ ੧੬੪, 1 8 . ੧੬੭ ਦਾ ਵੀਚਾਰ ਹੈ ਕਿ ਇਸ ਲਿਖਤ ਵਾਲਾ ਸਿੱਕਾ ਕੁਝ ਤੁਅਸਬੀ ਮੁਸਲਮਾਨਾਂ ਨੇ ਦੁਰਾਨੀ ਨੂੰ ਭੜਕਾਣ ਲਈ ਜਾਅਲੀ ਬਣਾ ਕੇ ਕਾਬਲ ਭੇਜਿਆ ਸੀ ਜਿਹਾ ਕਿ ਚਰਾਹ ਬਾਗ਼ ਪੰਜਾਬ ਵਿੱਚ ਗਣੇਸ਼ ਦਾਸ ਵਡੇਰੇ ਨੇ ਸਾਫ ਲਿਖਿਆ ਹੈ ਕਿ ਸਿੰਘਾਂ ਵੱਲੋਂ ਚਾਲੂ ਸਿੱਕੇ ਅਸਲ ਲਿਖਤ (ਇਬਾਰਤ) ਇਹ ਸੀ ‘ਦੇਗੋ ਤੇਗੋ ਫਤਹ ਓ ਨੁਸਰਤ ਬੇ ਦਰੰਗ! ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।’

ਸਿੰਘਾਂ ਨੇ ਰਾਜ ਸੰਬੰਧ ਕਾਬੂ ਕਰਕੇ ਦੁਰਾਨੀ ਦੇ ਯਾਰਾਂ ਗਦਾਰਾਂ ਨੂੰ ਸੋਧਣਾ ਆਰੰਭਿਆ ਸਿੱਖਾਂ ਦਾ ਸਭ ਤੋਂ ਵੱਡਾ ਦੋਖੀ ਆਕਲ ਦਾਸ ਜੰਡਿਆਲੀਆ ਸੀ। ਖਾਲਸੇ ਨੇ ਜੰਡਿਆਲੇ ਨੂੰ ਜਾ ਘੇਰਾ ਪਾਇਆ। ਡਾ. ਨਾਰੰਗ ਅਨੁਸਾਰ ਪੰਨਾ 232 ਇਬਰਨ ਨਾਮੇ ਦਾ ਲਿਖਾਰੀ ਲਿਖਦਾ ਹੈ ਕਿ ਆਕਲ ਦਾਸ ਨੇ ਚਿੱਠੀ ਲਿੱਖ ਕੇ ਦੁਰਾਨੀ ਨੂੰ ਸੁਨੇਹਾ ਭੇਜਿਆ ਕਿ ਮੇਰੀ ਜਾਨ ਲਬਾਂ ’ਤੇ ਪਈ ਹੈ ਮੇਰੇ ਮਰਨ ਪਿੱਛੋਂ ਤੇਰੀ ਤਾਕਤ ਦਾ ਕੀ ਲਾਭ; ਦੁਰਾਨੀ ਪਹਿਲਾਂ ਹੀ ਨੀਅਤ ਕਰੀ ਬੈਠਾ ਸੀ ਮਰਾਠਿਆ ਨੂੰ ਮਾਰ ਲਿਆ ਹੁਣ ਐਤਕੀ ਵੈਰੀ ਸਿੰਘਾਂ ਨੂੰ ਮਾਰ ਮੁਕਾਉਣਾ ਹੈ, ਇਸ ਮਨੋਰਥ ਤਹਿਤ ਅਬਦਾਲੀ ਛੇਵਾਂ ਹੱਲਾ ਕਰਕੇ ਫਰਵਰੀ 1762 ਨੂੰ ਲਾਹੌਰ ਪੁੱਜਾ।

ਸਿੰਘ ਇਸ ਤੋਂ ਪਹਿਲਾਂ ਹੀ ਸਰਹੰਦ ਵਲ ਨਿਕਲ ਗਏ ਸਨ ਤਾਂ ਕਿ ਆਪਣੇ ਪਰਿਵਾਰ ਸਾਂਭ ਸੰਭਾਲ ਕੇ ਮਾਲਵੇ ਪਹੁੰਚਾ ਸਕਣ। ਖਾਲਸੇ ਦਾ ਵਹੀਰ ਅਜੇ ਕੁੱਪਰਹੀੜੇ ਦੇ ਮੈਦਾਨ ਵਿੱਚ ਹੀ ਜਾ ਰਿਹਾ ਸੀ ਜਦੋਂ ਕਿ 3 ਫਰਵਰੀ ਨੂੰ ਲਾਹੌਰੋਂ ਚਲ ਕੇ ਦੁਰਾਨੀ ਫੋਰਨ 5 ਫਰਵਰੀ 1762 ਨੂੰ ਕੁੱਪਰਹੀੜੇ ਪੁੱਜ ਗਿਆ। ਅਗੋਂ ਮੂਹਰਿਓਂ ਜੈਨ ਖਾਂ ਹਾਕਮ ਸਰਹੰਦ ਅਤੇ ਭੀਖਨ ਖਾਂ ਨਵਾਬ ਮਲੇਰ ਕੋਟਲੇ ਦੀਆਂ ਫੌਜਾਂ ਖਾਲਸਾਈ ਵਹੀਰ ਨੂੰ ਘੇਰ ਕੇ ਲੜ ਰਹੀਆਂ ਸਨ ਤੇ ਪਿੱਛੋਂ ਦੁਰਾਨੀ 50 ਹਜ਼ਾਰ ਫੌਜ 20-25 ਹਜ਼ਾਰ ਮੁਸਲਿਮ ਮੁਲਖਈਆਂ ਲੈ ਕੇ ਚੜ੍ਹ ਆਇਆ। ਸਿੰਘਾਂ ਦੀ ਗਿਣਤੀ ਵੀ ਬੱਚਿਆਂ ਸਿੰਘਣੀਆਂ ਸਮੇਤ 50 ਹਜ਼ਾਰ ਤੋਂ ਉਪਰ ਹੀ ਸੀ ਬਹੁਤ ਭਾਰਾ ਖੂਨੀ ਜੰਗ ਹੋਇਆ। ਕੋਈ ਸਿੰਘ ਨਾ ਬਚਿਆ ਜੋ ਜਖਮੀ ਨਾ ਹੋਇਆ ਹੋਵੇ, ਸ. ਸੰਗੂ ਸਿੰਘ ਤੇ ਸ਼ੇਖੂ ਸਿੰਘ ਹੰਬਲਵਾਲ ਵਹੀਰ ਨੂੰ ਬਚਾ ਕੇ ਬਰਨਾਲੇ ਵੱਲ ਲਿਜਾ ਰਹੇ ਸਨ ਉਧਰੋਂ ਸ਼ਾਹ ਵਲੀ ਖ਼ਾਨ 10 ਹਜ਼ਾਰ ਫੌਜ ਲੈ ਕੇ ਜਿਸ ਨੇ ਸਿੰਘਣੀਆਂ ਅਤੇ ਬੱਚਿਆਂ ਦਾ ਬਹੁਤ ਨੁਕਸਾਨ ਕੀਤਾ।

ਸ. ਜੱਸਾ ਸਿੰਘ ਜੀ ਨੂੰ 22 ਅਤੇ ਸ. ਚੜ੍ਹਤ ਸਿੰਘ ਨੂੰ 16 ਜ਼ਖਮ ਆਏ, ਸਿੰਘ ਪਿੱਛੇ ਹਟਦੇ-ਹਟਦੇ ਕੁਤਬੇ ਬਾਹਮਣੀ ਤੋਂ ਅੱਗੇ ਹਠੂਰ ਦੀ ਢਾਬ ਉੱਤੇ ਪੁੱਜੇ ਇੱਥੋਂ ਦੋਹਾਂ ਥੱਕੀਆਂ ਫ਼ੌਜਾਂ ਨੇ ਪਾਣੀ ਪੀਤਾ ਸਿੰਘਾਂ ਦੀ ਗੁਪਤ ਮਦਦ ਕਰਨ ਵਾਲੇ ਸ. ਆਲਾ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਅਬਦਾਲੀ ਨੇ ਹੁਕਮ ਕੀਤਾ ਕਿ ਸ. ਆਲਾ ਸਿੰਘ ਦਾ ਸਿਰ ਮੁੰਨ ਕੇ ਮੇਰੇ ਕੋਲ ਪੇਸ਼ ਕਰੋ। ਸ. ਆਲਾ ਸਿੰਘ ਨੇ ਕਿਹਾ ਕਿ ਮੈਂ ਸਵਾ ਲੱਖ ਨਜ਼ਰਾਨਾ ਦੇਵਾਂਗਾ ਪਰ ਮੇਰੇ ਕੇਸ ਨਾ ਕੱਟੇ ਜਾਣ, ਇਵੇਂ ਹੀ ਹੋਇਆ, ਸ. ਆਲਾ ਸਿੰਘ ਨੇ 5 ਲੱਖ ਨਜ਼ਰਾਨਾ ਅਤੇ ਸਵਾ ਲੱਖ ਕੇਸਾਂ ਦਾ ਦੇ ਕੇ ਰਿਹਾਈ ਪਾਈ। 15 ਫਰਵਰੀ 1762 ਨੂੰ ਅਬਦਾਲੀ ਸਰਹੰਦ ਤੋਂ ਲਾਹੌਰ ਨੂੰ ਮੁੜਿਆ ਤੇ ਉਸ ਨੇ ਆਪਣੇ ਨਾਲ ਪੰਜਾਹ ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦੇ ਹੋਏ ਸਨ; ਰਸਤੇ ਵਿੱਚ ਉਸ ਨੇ ਅੰਮਿ੍ਰਤਸਰ ਵਿਖੇ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉੜਾ ਦਿੱਤਾ, ਇਸ ਸਮੇਂ ਇੱਕ ਇੱਟ ਉਸ ਦੇ ਨੱਕ ਉੱਤੇ ਵੱਜੀ ਜਿਸ ਨਾਲ ਜ਼ਿੰਦਗੀ ਭਰ ਨਸੂਰ ਵੱਗਦਾ ਰਿਹਾ, ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ। 3 ਮਾਰਚ 1762 ਨੂੰ ਦੁਰਾਨੀ ਲਾਹੌਰ ਪੁੱਜਾ ਉੱਥੇ ਸ਼ਹਿਰ ਦੇ ਦਰਵਾਜ਼ਿਆਂ ’ਤੇ ਸਿੰਘਾਂ ਦੇ ਸਿਰਾਂ ਦੇ ਮੀਨਾਰ ਬਣਾ ਕੇ ਖੜੇ ਕੀਤੇ ਤਾਂ ਕਿ ਦੁਨੀਆਂ ਦੇਖੇ ਕਿ ਸਿੰਘ ਮਾਰ ਮੁਕਾ ਦਿੱਤੇ ਗਏ ਹਨ, ਇਸ ਸਮੇਂ ਘੱਲੂਘਾਰੇ ਵਿੱਚ 12 ਹਜ਼ਾਰ ਤੋਂ ਵੱਧ ਸਿੰਘ ਸ਼ਹੀਦ ਹੋਏ ਤਾਰੀਖਿ ਅਹਿਮਦਸ਼ਾਹੀ ਤੇ ਇਬਰਨਾਮੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ 30 ਹਜ਼ਾਰ ਅਤੇ ਸਯਦ ਮੁਹੰਮਦ ਲਤੀਫ਼ ਤੇ ਕਨ੍ਹਈਆ ਲਾਲ ਨੇ 24 ਹਜ਼ਾਰ ਗਿਣਤੀ ਦਿੱਤੀ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਸ. ਰਤਨ ਸਿੰਘ ਭੰਗੂ ਲਿਖਦੇ ਹਨ: ‘ਲੋਕ ਕਹੈਂ ਸਿੰਘ ਇੱਕ ਲੱਖ ਸਾਰਾ, ਪਚਾਸ ਬਚਯੋ ਅੋਰ ਸਭ ਗਯੋ ਮਾਰਾ। ਪਿਤਾ ਹਮਾਰੇ ਤੀਸ ਬਤਾਏ, ਰਹੇ ਸੁ ਮਰ ਔਰ ਬਚ ਕਰ ਆਏ। ਪਿਤਾ ਚਾਚੋ ਦੁਇ ਹਮਥੇ ਸਾਥ, ਉਨ ਸੁਨੀ ਹਮ ਆਖੀ ਬਾਤ।’

ਇਸ ਗਿਣਤੀ ਵਿੱਚ ਵਧੇਰੇ ਸੰਖਿਆ ਵਹੀਰ ਦੇ ਬਾਲ-ਬੱਚੇ, ਬੁੱਢੇ ਤੇ ਬੀਬੀਆਂ ਆਦਿ ਹੀ ਸੀ, ਚੁਪਾਸਿਓਂ ਘਿਰ ਜਾਣ ਕਾਰਨ ਕਤਲੇਮ ਦਾ ਸ਼ਿਕਾਰ ਹੋਏ, ਵੱਡਾ ਕਾਰਨ ਇਹ ਸੀ ਕਿ ਸਿੰਘਾਂ ਨੂੰ ਅਬਦਾਲੀ ਦੇ ਇਤਨੀ ਜਲਦੀ ਪੁੱਜ ਜਾਣ ਦੀ ਉਮੀਦ ਹੀ ਨਹੀਂ ਸੀ ਦੂਜਾ ਅਬਦਾਲੀ ਕੋਲ ਕੇਵਲ ਫ਼ੌਜ ਹੀ ਸੀ ਪਰਿਵਾਰਾਂ ਦੀ ਰਾਖੀ ਦੀ ਜ਼ਿੰਮੇਦਾਰੀ ਨਹੀਂ ਸੀ। ਸਿੰਘਾਂ ਨੇ ਚੁਤਰਫ਼ੀ ਵੈਰੀ ਦੇ ਆਹੂ ਵੀ ਲਾਏ ਅਤੇ ਨਾਲ-ਨਾਲ ਵਹੀਰ ਨੂੰ ਵੀ ਬਚਾ ਕੇ ਕੱਢਿਆ। ਐਸੀ ਮੁਸੀਬਤ ਸਮੇਂ ਦਿਲ ਤਕੜਾ ਕਰਕੇ ਹੀ ਅਜਿਹੀ ਕਠਿਨ ਜ਼ਿੰਮੇਵਾਰੀ ਨਿਭਾਣਾ ਕਿਸੇ ਹਾਰੀ-ਸਾਰੀ ਦਾ ਕੰਮ ਨਹੀਂ।

ਇਤਨਾ ਜਾਨੀ ਨੁਕਸਾਨ ਹੋਣ ਦੇ ਬਾਵਜੂਦ ਸਿੰਘ ਆਖ ਰਹੇ ਸਨ ਕਿ ‘ਖੋਟ ਸੋ ਗਯੋ, ਤਤ ਸੁ ਲਹਯੋ’ ਭਾਵ ਖ਼ਾਲਸਾ ਘੱਲੂਘਾਰੇ ਦੀ ਅੱਗ ਵਿੱਚ ਸ਼ੁੱਧ ਕੁੰਦਨ ਹੋ ਗਿਆ ਹੈ ਮਾਲਵੇ ਦੇ ਸਿੱਖਾਂ ਨੇ ਆਪਣੇ ਜ਼ਖਮੀ ਭਰਾਵਾਂ ਦੀਆਂ ਮਲ੍ਹਮ ਪੱਟੀਆਂ ਕੀਤੀਆਂ। ਸਿੰਘ ਘਬਰਾਏ ਨਹੀ ਅਬਦਾਲੀ ਅਜੇ ਲਹੌਰ ਵਿੱਚ ਹੀ ਸੀ ਕਿ ਸਿੰਘਾਂ ਨੇ ਮਈ 1762 ਨੂੰ ਸਰਹੰਦ ਤੇ ਧਾਵਾ ਕਰ ਦਿੱਤਾ ਦੋਖੀਆਂ ਨੂੰ ਸੋਧਿਆ, ਜੈਨ ਖਾਂ ਨੇ 50,000 ਰੁ: ਦੇ ਕੇ ਖਹਿੜਾ ਛੁਡਾਇਆ ਸਿੰਘਾਂ ਅੰਦਰ ਜੋਸ਼ ਉਬਾਲੇ ਲੈ ਰਿਹਾ ਸੀ ਕਿ ਅਬਦਾਲੀ ਤੋਂ ਬਦਲਾ ਲਿਆ ਜਾਏ। 17 ਅਕਤੂਬਰ 1762 ਦੀ ਦੀਵਾਲੀ ਮੌਕੇ 60 ਹਜ਼ਾਰ ਸਿੰਘ ਇਕੱਠਾ ਹੋਇਆ ਦੁਰਾਨੀ ਨੇ ਸੰਧੀ ਕਰਨ ਲਈ ਦੂਤ ਭੇਜਿਆ ਸਿੰਘਾਂ ਨੇ ਕਰਾਰੇ ਹੱਥ ਵਿਖਾ ਕੇ ਸਖ਼ਤ ਭਾਂਜ ਦਿੱਤੀ। ਉਹ ਲਾਹੌਰ ਮੁੜ ਗਿਆ ਸਿੰਘ ਲੱਖੀ ਜੰਗਲ ਵੱਲ ਆ ਗਏ । ਨਵੰਬਰ 1762 ਵਿੱਚ ਉਸ ਨੇ ਲੱਖੀ ਜੰਗਲ ਵੱਲ ਵੀ ਫੌਜ ਭੇਜੀ ਪਰ ਸਿੰਘਾਂ ਦਾ ਕੁਝ ਨਾ ਵਿਗਾੜ ਸਕਿਆ। ਅਖੀਰ ਪਰੇਸ਼ਾਨ ਹੋ ਕੇ 10-11 ਮਹੀਨੇ ਟੱਕਰਾਂ ਮਾਰ ਕੇ ਤੇ 40 ਲੱਖ ਸਲਾਨਾ ਲੈਣਾ ਕਰਕੇ ਜਾਂਦੀ ਵਾਰੀ ਆਲਮਗੀਰ ਸਾਨੀ ਦੇ ਬੇਟੇ ਗੌਹਰ ਨੂੰ ਤਖ਼ਤ ’ਤੇ ਬਿਠਾ ਕੇ ਨਜੀਬੁਦੌਲਾ ਨੂੰ ਉਸ ਦਾ ਵਜ਼ੀਰ ਥਾਪ ਕੇ ਅਤੇ ਖੁਆਜਾ ਅਬੀਦ ਖਾਂ ਨੂੰ ਲਾਹੌਰ ਦਾ ਹਾਕਮ ਬਣਾ ਕੇ ਕਾਬਲੀਮਲ ਨੂੰ ਉਸ ਦਾ ਦੀਵਾਨ ਥਾਪ ਕੇ 12 ਦਸੰਬਰ 1762 ਨੂੰ ਆਪਣੇ ਵਤਨ ਅਫਗਾਨਿਸਤਾਨ ਨੂੰ ਮੁੜ ਗਿਆ। ਸਿੰਘਾਂ ਨੇ ਉਸ ਨੂੰ ਝਨਾ ਤਕ ਲੁਟਿਆ ਦੋ ਲੱਖ ਮਰਾਠਿਆਂ ਨੂੰ ਕੁੱਟ ਕੁੱਟ ਕੇ ਭਜਾ ਦੇਣ ਵਾਲਾ ਅਬਦਾਲੀ ਹੈਰਾਨ ਸੀ ਕਿ ਹੁਣੇ ਹੀ ਕੁਪਰਹੀੜੇ ਦੇ ਸਥਾਨ ’ਤੇ ਕਰਾਰੀ ਸੱਟ ਮਾਰ ਕੇ ਮੁੜਿਆ ਹਾਂ ਪਰ ਇਹ ਫਿਰ ਵੀ ਚੜ੍ਹ ਚੜ੍ਹ ਪੈਂਦੇ ਹਨ ਦਲ ਖ਼ਾਲਸੇ ਨੇ ਪਹਿਲੇ ਵਾਂਗ ਫਿਰ ਦਿਨਾਂ ਵਿੱਚ ਹੀ ਸਾਰਾ ਪੰਜਾਬ ਆਪਣੇ ਕਬਜੇ ਵਿੱਚ ਕਰ ਲਿਆ। ਇਹ ਸਨ ਪੁਰਾਤਨ ਸਿੰਘਾਂ ਦੀ ਕੁਰਬਾਨੀ ਦੇ ਜ਼ਜ਼ਬੇ।

ਆਉ, ਅਸੀਂ ਵੀ ਆਪਣੇ ਅੰਦਰ ਝਾਤ ਮਾਰੀਏ ਕਿ ਕਿਵੇ ਅੱਜ ਸਾਰੀ ਕੌਮ ਪਾਟੋ ਥਾੜ ਹੋ ਕੇੇ ਆਪਣੀ ਆਤਮਕ ਮੌਤ ਮਰ ਰਹੀ ਹੈ ਕਿਉਂਕਿ ਸਰੀਰਕ ਮੌਤ ਤਾਂ ਹਰ ਕੋਈ ਮਰਦਾ ਹੀ ਹੈ ਪਰ ਜ਼ਮੀਰ ਮਰਨ ’ਤੇ ਕੌਮਾਂ ਨੇਸਤੋ ਨਬੂਦ ਹੋ ਜਾਂਦੀਆਂ ਹਨ। ਅੱਜ ਦਾ ਦੁਰਾਨੀ ਜਾਂ ਅਹਿਮਦ ਸ਼ਾਹ ਅਬਦਾਲੀ ਨਸ਼ਾ, ਪਤਿਤਪੁਣਾ, ਪਾਖੰਡੀ ਡੇਰਾ ਬਾਦ, ਸਮੇਂ ਦੀ ਹਾਕਮ ਸ਼੍ਰੇਣੀ ਹੀ ਹੈ ਇਨ੍ਹਾਂ ਤੋ ਕੌਮ ਨੂੰ ਸੁਰੱਖਿਅਤ ਕਰਨ ਲਈ ਇਕ ਸੁਰ ਇਕ ਜੁਟ ਹੋਣ ਦੀ ਲੋੜ ਹੈ ਤਾਂ ਕਿ ਅੱਜ ਵੀ ਪੰਥ ਦੀ ਸ਼ਾਨ ਮੁੜ ਬਰਕਰਾਰ ਕੀਤੀ ਜਾ ਸਕੇ ਜਿਵੇਂ ਪੰਥ ਪ੍ਰਕਾਸ਼ ਦੇ ਕਰਤਾ ਨੇ ਆਪਣੀ ਰਚਨਾ ਵਿੱਚ ਅੰਕਤ ਕੀਤਾ ਹੈ ‘ਵਾਹਨ ਸ਼ਿੰਗਾਰੇ ਰਹੈਂ, ਬਾਜਤੇ ਨਗਾਰੇ ਰਹੈਂ, ਵੈਰੀ ਭੁਮਿ ਡਾਰੇ ਰਹੈਂ, ਮੂੰਡਯੁਤ ਤਾਜ ਕੇ। ਸੰਗਤੇ ਆਬਾਦ ਰਹੈਂ, ਆਵਤੇ ਪ੍ਰਸ਼ਾਦ ਰਹੈਂ, ਬਾਧੇ ਅਹਿਲਾਦ ਰਹੈਂ, ਧਰਮ ਸੁ ਕਾਜ ਕੇ। ਗੱਦੀਆਂ ਅਟੱਲ ਰਹੈਂ, ਚੌਂਕੀਆਂ ਅਚੱਲ ਰਹੈਂ, ਬੁੰਗੇ ਝਲਾ ਝਲ ਰਹੈਂ, ਸਹਿਤ ਸਮਾਜ ਕੇ। ਲਾਗਤੇ ਦੀਵਾਨ ਰਹੈਂ, ਗਾਵਤੇ ਸੁਜਾਨ ਰਹੈਂ, ਝੂਲਤੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ। (ਪੰਥ ਪ੍ਰਕਾਸ਼, ਅਧਿਆਏ 97)

ਸਿੱਖ ਮਾਨਸਿਕਤਾ ਦੇ ਰਿਸਦੇ ਜ਼ਖਮ-ਸਾਕਾ ਸਰਹੰਦ

0

ਸਿੱਖ ਮਾਨਸਿਕਤਾ ਦੇ ਰਿਸਦੇ ਜ਼ਖਮ-ਸਾਕਾ ਸਰਹੰਦ

-ਇਕਵਾਕ ਸਿੰਘ ਪੱਟੀ-98150-24920

ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿਉਂਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇ੍ਹਨਾਂ ਵਿੱਚੋਂ ਹੀ ‘ਸਾਕਾ ਸਰਹੰਦ’ਜਾਂ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਇੱਕੋ ਇੱਕ ਅਜਿਹਾ ਸਾਕਾ ਹੈ, ਜਿਸ ਵਿੱਚ ਕੇਵਲ 6 ਅਤੇ 8 ਸਾਲ ਦੀਆਂ ਉਹ ਮਹਾਨ ਆਤਮਾਵਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਅਣਖ਼ ਅਤੇ ਗ਼ੈਰਤ ਦਾ ਅਜਿਹਾ ਸਬੂਤ ਦਿੱਤਾ ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ। ਅੱਜ ਵੀ ਇਸ ਸਾਕੇ ਤੋਂ ਰੋਸ਼ਨੀ ਲੈ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿੱਥੇ ਵੀ ਵੱਸਦਾ ਹੈ, ਆਪਣੇ ਧਰਮ ਲਈ, ਮਾਨਵਤਾ ਦੇ ਲਈ ਮਰ ਮਿਟਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ।

ਗੱਲ ਉਸ ਸਮੇਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਲਿਆ ਅਤੇ 6-7 ਮਹੀਨੇ ਘੇਰਾ ਜਾਰੀ ਰਿਹਾ। ਫਿਰ ਦੁਸ਼ਮਣਾਂ ਨੇ ਸਤਿਗੁਰੂ ਜੀ ਕੋਲ ਝੂਠੀਆਂ ਕਸਮਾਂ ਖਾਧੀਆਂ ਕਿ ਆਪ ਜੀ ਕਿਲ੍ਹੇ ਨੂੰ ਖ਼ਾਲੀ ਕਰ ਦੇਵੋ ਅਸੀਂ ਆਪ ਜੀ ਨੂੰ ਕੁਝ ਨਹੀਂ ਕਹਾਂਗੇ ਅਤੇ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣਾ ਉਚਿਤ ਸਮਝਿਆ ਅਤੇ ਗੁਰੂ ਸਾਹਿਬਾਨ (ਸਮੇਤ ਪਰਿਵਾਰ) ਅਤੇ ਸਿੱਖ ਫੋਜਾਂ ਅਜੇ ਕੁੱਝ ਦੂਰ ਹੀ ਗਈਆਂ ਸਨ ਕਿ ਦੁਸ਼ਮਣਾਂ ਦੇ ਟਿੱਡੀ ਦਲ ਨੇ ਖਾਧੀਆਂ ਹੋਈਆਂ ਕਸਮਾਂ ਨੂੰ ਛਿੱਕੇ ’ਤੇ ਟੰਗਦਿਆਂ ਸਿੱਖਾਂ ਉੱਪਰ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਵੀ ਚੜ੍ਹੀ ਹੋਈ ਸੀ। ਮੈਦਾਨ-ਏ-ਜੰਗ ਵਿੱਚ ਸਰਸਾ ਦੇ ਕੰਢੇ ਤੋਂ ਸਾਹਿਬੇ ਕਮਾਲ ਚੋਜੀ ਪ੍ਰੀਤਮ ਗੁਰੂੁ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਥੇ ਇੱਕ ਗੱਲ ਜ਼ਰੂਰ ਨੋਟ ਕਰਨੀ ਵਾਲੀ ਹੈ ਕਿ ਜੇ ਗੁਰੂ ਪਾਤਸ਼ਾਹ ਚਾਹੁੰਦੇ ਤਾਂ ਕੀ ਇੱਥੇ ਆਪਣੇ ਪਰਿਵਾਰ ਨੂੰ ਬਚਾ ਕੇ ਨਹੀਂ ਰੱਖ ਸਕਦੇ ਸਨ? ਬਿਲਕੁਲ ਰੱਖ ਸਕਦੇ ਸਨ ਪਰ ਸੰਸਾਰ ਨੂੰ ਇੱਕ ਮਿਸਾਲ ਦੇਣੀ ਸੀ ਕਿ ਗੁਰੂ ਦਾ ਸਿੱਖ ਭਾਵੇਂ 6 ਅਤੇ 8 ਸਾਲ ਦੀ ਉਮਰ ਦਾ ਹੋਵੇ, ਭਾਵੇਂ ਉਹ ਬੁਢੜੀ ਮਾਤਾ, ਬਿਰਧ ਹੋਵੇ, ਭਾਵੇਂ ਗੁਰੂ ਕੇ ਮਹਿਲ ਹੋਣ ਜਾਂ ਗੁਰੂ ਪਾਤਸ਼ਾਹ ਆਪ ਹੋਣ ਜਾਂ ਫਿਰ ਭਾਵੇਂ ਗਿਣਤੀ ਦੇ ਭੁਖੇ-ਭਾਣੇ 40 ਸਿੰਘ ਹੋਣ ਬੁਰਾਈ ਦਾ ਮੁਕਾਬਲਾ ਕਰਦਿਆਂ ਅਤੇ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਕੁਰਬਾਨ ਹੋਣਾ ਮਨਜੂਰ ਹੈ ਪਰ ਕਿਸੇ ਦੀ ਈਨ ਮੰਨਣੀ ਗੁਰੂ ਨਾਨਕ ਪਾਤਿਸ਼ਾਹ ਨੇ ਸਾਨੂੰ ਨਹੀਂ ਸਿਖਾਇਆ ਹੈ।

ਜਦ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਤਾਂ ਪਰਿਵਾਰ ਨਾਲੋਂ ਵੱਖ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਹਾਮਣ (ਜੋ 20-22 ਸਾਲ ਦੇ ਕਰੀਬ ਗੁਰੂ ਘਰ ਦਾ ਨੌਕਰ ਵੀ ਰਹਿ ਚੁੱਕਾ ਸੀ) ਆਪਣੇ ਪਿੰਡ ਲੈ ਗਿਆ ਅਤੇ ਲਾਲਚ ਵੱਸ ਆ ਕੇ ਛੋਟੇ ਸਾਬਿਜ਼ਾਦਿਆਂ ਦੀ ਸੂਹ ਮੋਰਿੰਡੇ ਦੇ ਥਾਣੇ ਵਿੱਚ ਜਾ ਕੇ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੇ ਦਿੱਤੀ ਕਿ ਬਾਗ਼ੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਅਤੇ ਲਾਲ ਮੇਰੇ ਘਰ ਵਿੱਚ ਹਨ। ਤੁਸੀਂ ਉਹਨਾਂ ਨੂੰ ਗਿ੍ਰਫਤਾਰ ਕਰ ਲਵੋ ਅਤੇ ਸੂਹ ਦੇਣ ਬਦਲੇ ਰੱਖਿਆ ਇਨਾਮ ਮੈਨੂੰ ਦੇ ਦੇਵੋ। ਜਿਸ ਦੀ ਬਦੌਲਤ ਮਾਤਾ ਗੁਜਰੀ ਜੀ ਅਤੇ ਮਾਸੂਮ ਜਿੰਦਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਹ 21-22 ਦਸੰਬਰ ਦੀ ਠੰਡੀ ਰਾਤ ਸੀ ਜਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਅੰਦਰ ਕੈਦ ਕੀਤਾ ਗਿਆ ਸੀ।

ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ‘ਗੁਰੂ ਦਾ ਸਿੱਖ ਝੁੱਕ ਗਿਆ।’ ਪਰ, ਇਸ ਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਅੰਦਰ ਕੀਤੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫ਼ਤਹਿ ਬੁਲਾ ਦਾ ਦਿੱਤੀ। ਕੋਲ ਖੜ੍ਹਾ ਸੁੱਚਾ ਨੰਦ (ਗੰਗੂ ਬ੍ਰਾਹਮਣ ਦੀ ਸੋਚ ’ਤੇ ਪਹਿਰਾ ਦਿੰਦਾ) ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ: ‘ਓਏ! ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ।’ ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ ਕਿ ਸਾਨੂੰ ਪਤਾ ਹੈ, ਪਰ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।’

ਕਹਿੰਦੇ ਨੇ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ। ਪਹਿਲਾਂ ਕਿਸੇ ਨੂੰ ਬਹੁਤਾ ਪਿਆਰ ਕਰੋ ਤਾਂ ਕਿ ਉਹ ਡੋਲ੍ਹ ਜਾਵੇ। ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੂ ਜੀ ਦੇ ਲਾਲਾਂ ’ਤੇ ਅਜ਼ਮਾਏ ਗਏ।

ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁੱਛਿਆ ਗਿਆ ਕਿ, ‘ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ?’ ਲ਼ਾਲ ਕਹਿਣ ਲੱਗੇ:

‘ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ)

ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।’

ਦਰਬਾਰੀ ਕਹਿਣ ਲੱਗੇ ਕਿ ਇਹ ਸਪੋਲੀਏ ਹਨ, ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: ‘ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ।’ ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ:

‘ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,

ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੌਲਾਦ ਦੇ ਬਣੇ ਹੋਏ ਹਾਂ।’

ਤਾਂ ਵਜ਼ੀਰ ਖਾਂ ਕਹਿਣ ਲੱਗਾ: ‘ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ।’ ਤਾਂ ਗੁਰੂ ਕੇ ਲਾਲ ਨੇ ਜਵਾਬ ਦਿੱਤਾ: ‘ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦੇਵੀਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਮ.1/1412)

ਵਜ਼ੀਰ ਖਾਂ ਕਹਿਣ ਲੱਗਾ:

‘ਜ਼ੋਰਾਵਰ ਸਿੰਘ, ਔਹ ਵੇਖ ਲੈ ਆਰ ਦੇ ਦੰਦੇ।’

ਤਾਂ ਅਗੋਂ ਜਵਾਬ ਸੀ:

‘ਮਤੀ ਦਾਸ ਦੇ ਸਿਰ ’ਤੇ ਐ ਜ਼ਾਲਮ! ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ।’

ਵਜ਼ੀਰ ਖਾਂ ਫਿਰ ਕਹਿਣ ਲੱਗਾ:

‘ਸੋਚ ਫ਼ਤਹਿ ਸਿੰਘ ਸੋਚ! ਨਹੀਂ ਤਾਂ ਮੱਛੀ ਵਾਂਗੂ ਲੋਹ ’ਤੇ ਤਲਜਾ।’

ਤਾਂ ਅਗੋਂ ਜਵਾਬ ਸੀ:

‘ਓਏ! ਮੇਰੇ ਬਾਬੇ ਅਰਜਨ ਨੇ, ਇਸ ’ਤੇ ਵੀ ਅੰਗ ਤੁਲ੍ਹਾ ਕੇ ਦੇਖ ਲਏ ਨੇ।’

ਤਾਂ ਵਜ਼ੀਰ ਖਾਂ ਕਹਿਣ ਲੱਗਾ:

‘ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਂਗ ਉਬਾਲੇ ਜਾਸੋ।’

ਅਗੋਂ ਜਵਾਬ ਆਇਆ:

‘ਓਏ! ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।’

ਸਾਹਿਬਜ਼ਾਦੇ ਕਹਿਣ ਲੱਗੇ: ‘ਤੂੰ ਜਿੰਨਾਂ ਮਰਜ਼ੀ ਜ਼ੁਲਮ ਕਰ ਲੈ ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।’ ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੂ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਹੈ ਉਸ ਨੇ ਆਪਣਾ ਤਨ, ਮਨ ਅਤੇ ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ਼ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ:

‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ॥’’ (ਮ.3/918)

ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੂ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ ਕਿ ਤੁਹਾਨੂੰ ਤਖ਼ਤ ’ਤੇ ਤਾਜ਼ ਮਿਲੇਗਾ। ਤਾਂ ਅੱਗੋਂ ਜੁਆਬ ਸੀ:

‘ਜੁੱਤੀ ਦੀ ਇੱਕ ਠੋਕਰ ਨਾਲ ਤਖ਼ਤ ’ਤੇ ਤਾਜ਼ ਠੁਕਰਾ ਸਕਦੇ ਹਾਂ, ਨੀਹਾਂ ਵਿੱਚ ਚਿਣਵਾ ਕੇ ਆਪਾ, ਰੋਮ-ਰੋਮ ਮੁਸਕਰਾ ਸਕਦੇ ਹਾਂ।’

ਵਜ਼ੀਰ ਖਾਂ ਕਹਿਣ ਲੱਗਾ: ਕਿ ਤੁਹਾਨੂੰ ਪਤਾ ਨਹੀਂ ਕਿ ਤਖ਼ਤ ਤਾਜ ਦੀ ਕੀਮਤ ਕਿੰਨੀ ਹੁੰਦੀ ਹੈ ? ਤੁਹਾਨੂੰ ਹੂਰਾਂ ਦੇ ਡੋਲੇ ਮਿਲਣਗੇ ਪਰ ਸਾਹਿਬਜ਼ਾਦਿਆਂ ਦਾ ਇੱਕੋ ਹੀ ਜਵਾਬ ਸੀ ਕਿ ‘ਸਾਨੂੰ ਆਪਣੀ ਸਿੱਖੀ ਤੋਂ ਵੱਧ ਕੁਝ ਵੀ ਪਿਆਰਾ ਨਹੀਂ। ਸਾਡੀ ਸਿੱਖੀ ਤੋਂ ਕੀਮਤੀ ਸ਼ੈਅ ਦੁਨੀਆਂ ’ਤੇ ਕੋਈ ਹੋਰ ਹੋ ਈ ਨਹੀਂ ਸਕਦੀ। ਅਸੀਂ ਤੇਰੇ ਰਾਜ ਭਾਗ ਨੂੰ ਸਿੱਖੀ ਸਾਹਮਣੇ ਤੁੱਛ ਸਮਝਦੇ ਹਾਂ।’

ਜਦ ਸਫਲਤਾ ਹੱਥ ਨਾ ਲੱਗੀ ਤਾਂ ਅੰਤ ਵਜ਼ੀਰ ਖਾਂ ਨੇ ਕਾਜ਼ੀ ਨਾਲ ਸਲਾਹ ਕਰਨ ਤੋਂ ਬਾਅਦ ਇਹ ਫ਼ਤਵਾ ਦੇ ਦਿੱਤਾ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਇੱਕ ਵਾਰ ਫਿਰ ਵਜ਼ੀਰ ਖਾਂ ਨੇ ਜੱਲਾਦਾਂ ਦੇ ਜ਼ਰੀਏ ਲਾਲਾਂ ਨੂੰ ਡਰਾ ਕੇ ਸਿੱਖੀ ਤਿਆਗਣ ਲਈ ਕਿਹਾ। ਜੱਲਾਦ ਕਹਿਣ ਲੱਗੇ: ‘ਬੱਚਿਉ! ਤੁਸੀਂ ਮਾਸੂਮ ਜਿੰਦਾਂ ਹੋ, ਵਜ਼ੀਰ ਖਾਂ ਦਾ ਆਖਾ ਮੰਨ ਲਉ, ਅਸੀ ਖਾਨਦਾਨੀ ਜੱਲਾਦ ਹਾਂ, ਤੁਹਾਡੇ ਵਰਗੇ ਕਈ ਮਾਰ ਛੱਡੇ ਹਨ। ਧਰਮ ਨੂੰ ਛੱਡ ਦਿਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ।’ ਸਾਹਿਬਜ਼ਾਦੇ ਜੋਸ਼ ਵਿੱਚ ਆ ਕੇ ਕਹਿਣ ਲੱਗੇ: ‘ਤੁਸੀ ਵੀ ਸਾਡੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ ‘ਜੇ ਤੁਸੀ ਖ਼ਾਨਦਾਨੀ ਜੱਲਾਦ ਹੋ, ਤਾਂ ਫਿਰ ਅਸੀਂ ਵੀ ਖ਼ਾਨਦਾਨੀ ਸ਼ਹੀਦ ਹਾਂ। ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੀ ਜਾਵੋ, ਤੁਸੀਂ ਸਾਡੇ ਵੰਸ਼ ਦੀ ਅਗਰ ਰੀਤ ਨਹੀਂ ਸੁਣੀਂ ਤਾਂ ਸੁਣ ਲੈ:

‘ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨਾ ਜਾਈ॥’

ਆਖਿਰ ਕਹਿੰਦਿਆਂ:

‘‘ਦਸ ਸਾਲ ਔਰ ਜੀ ਕੇ ਵੀ, ਮਰਨਾ ਜ਼ਰੂਰ ਥਾ। ਸਰ ਕੌਮ ਸੇ ਬਚਾਨਾ ਗ਼ੈਰਤ ਸੇ ਦੂਰ ਥਾ।

ਹਮ ਜਾਨ ਦੇਕਰ ਅੋਰੋਂ ਕੀ ਜਾਨ ਬਚਾ ਚਲੇ। ਸਿੱਖੀ ਕੀ ਨੀਂਵ ਸਿਰੋਂ ਪੇ ਉਠਾ ਚਲੇ।’

ਜਦੋਂ ਕੰਧ ਛਾਤੀ ਤੱਕ ਅੱਪੜ ਗਈ ਤਾਂ ਆਰਜ਼ੀ ਢਾਂਚਾ ਧੜੱਮ ਕਰਕੇ ਡਿੱਗ ਪਿਆ ਅਤੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ, ਜੋ ਮੁੜ ਕਦੇ ਹੋਸ਼ ਵਿੱਚ ਨਾ ਆਏ। ਆਪਣੇ ਮਨਸੂਵਿਆਂ ’ਚ ਸਫਲ ਨਾ ਹੋਣ ਕਾਰਨ ਗੁੱਛਾ ਮਾਤਾ ਗੁਜ਼ਰ ਕੌਰ ਜੀ ’ਤੇ ਕੱਢ ਕੇ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਹੱਸਦਿਆਂ-ਹੱਸਦਿਆਂ ਦੋਵੇ 6 ਅਤੇ 8 ਸਾਲ ਦੀ ਉਮਰ ਦੇ ਮਾਸੂਮ ਪਰ ਵੱਡੇ ਕਾਰਨਾਮੇ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਤੇ ਜਿਗਰ ਸ਼ਹੀਦੀਆਂ ਪਾ ਗਏ ਪਰ ਜਾਲਮ ਸਰਕਾਰ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਈਂਨ ਨਹੀਂ ਮੰਨੀ ਅਤੇ ਉਹਨਾਂ ਦਾ ਸੁਪਨਾ ਕਦੇ ਵੀ ਪੂਰਾ ਨਾ ਹੋਣ ਦਿੱਤਾ। ਉਸ ਸਮੇਂ ਦਾ ਹਾਲ ਲਿਖਦਾ ਜੋਗੀ ਅੱਲਾ ਯਾਰ ਖਾਂ ਆਖ ਰਿਹਾ ਹੈ:

‘ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ, ਬੀਨੀ (ਨੱਕ) ਕੋ ਢਾਪਤੇ ਹੀ ਵੁਹ ਆਖੋਂ ਪਰ ਛਾ ਗਈ। ਹਰ ਚਾਂਦ ਸੀ ਜਬੀਨ (ਮੱਥਾ) ਕੋ ਘਨ (ਗ੍ਰਹਣ) ਸਾ ਲਗਾ ਗਈ, ਲਖ੍ਹਤੇ-ਜਿਗਰ (ਜਿਗਰ ਦੇ ਟੋਟੇ) ਗੁਰੂ ਕੇ ਵਹੁ ਦੋਨੋਂ ਛੁਪਾ ਗਈ। ਜੋਗੀ ਜੀ! ਇਸ ਕੇ ਬਾਦ ਹੁਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ, ਈਟੋਂ ਕਾ ਢੇਰ ਥੀ।’

ਗੁਰੂ ਘਰ ਦੇ ਇੱਕ ਉਪਾਸ਼ਕ ਸੇਠ ਦੀਵਾਨ ਟੋਡਰ ਮੱਲ੍ਹ ਨੇ ਇਹਨਾਂ ਤਿੰਨ੍ਹਾਂ ਸ਼ਹੀਦਾਂ ਦੀਆਂ ਦੇਹਾਂ ਦੇ ਅੰਤਿਮ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ। ਸਸਕਾਰ ਲਈ ਜ਼ਮੀਨ ਦਾ ਇੱਕ ਟੁੱਕੜਾ ਬੜੀ ਭਾਰੀ ਕੀਮਤ ਅਦਾ ਕਰਕੇ ਖਰੀਦਿਆ ਗਿਆ। ਸਬੰਧਿਤ ਧਰਤੀ ਦੇ ਟੁੱਕੜੇ ’ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਮੁੱਲ ਉਤਾਰਿਆ ਸੀ।

ਮਹਾਨ ਪੱਛਮੀ ਵਿਦਵਾਨ ਮਿਸਟਰ ਟਰੰਪ ਨੇ ਇਸ ਤੋਂ ਪ੍ਰਭਾਵਿਤ ਹੋ ਕੇ ਦਾਅਵੇ ਨਾਲ ਕਹਿ ਦਿੱਤਾ ਸੀ ਕਿ ‘ਜਦ ਤੱਕ ਸਿੱਖਾਂ ਕੋਲ ਇਹ ਜ਼ਮੀਨ ਹੈ, ਉਤਨਾ ਚਿਰ ਸਿੱਖ ਧਰਮ ਡੋਲ ਨਹੀਂ ਸਕਦਾ, ਕਦੇ ਮਿਟ ਨਹੀਂ ਸਕਦਾ।’

ਪੁੱਛਿਆ ਗਿਆ ਕਿ ਕਿਹੜੀ ਜ਼ਮੀਨ ਬਾਰੇ ਕਹਿ ਰਹੇ ਹੋ ?

ਤਾਂ ਉਸ ਨੇ ਜੁਆਬ ਵਿੱਚ ਕਿਹਾ:

‘ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਮਾਸੂਮ ਬਾਲ ਦੀਵਾਰ ਵਿੱਚ ਚਿਣੇ ਗਏ ਸਨ ਤੇ ਦੂਜੀ ਉਹ, ਜਿੱਥੇ ਮਾਤਾ ਗੁਜ਼ਰੀ ਸਮੇਤ ਉਨਾਂ ਦੇ ਸਰੀਰਾਂ ਦਾ ਸਸਕਾਰ ਟੋਡਰ ਮੱਲ੍ਹ ਜੀ ਨੇ ਹਾਕਮ ਤੋਂ ਮੋਹਰਾਂ ਵਿਛਾ ਕੇ ਥਾਂ ਮੁੱਲ ਲੈ ਕੇ ਕੀਤਾ ਸੀ।’

ਸਾਕਾ ਸਰਹੰਦ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਇਹ ਸਾਕਾ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ। ਇਹ ਸਾਕਾ ਸਰਹੰਦ ਦਾ ਹੀ ਪ੍ਰਤੀਕਰਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਕੇ, ਦੋਸ਼ੀਆਂ ਨੂੰ ਆਪਣੇ ਪਾਪਾਂ ਦੀ ਸਜ਼ਾ ਦੇਣ ਲਈ, ਪੰਜਾਬ ਦੇ ਇਤਿਹਾਸਕ ਰੰਗ ਮੰਚ ’ਤੇ ਅਚਾਨਕ ਇੱਕ ਨਾਇਕ ਦੇ ਤੌਰ ’ਤੇ ਉਭਰ ਕੇ ਸਾਹਮਣੇ ਆਇਆ। ਜਿੱਤਾਂ ਦੇ ਇੱਕ ਲੰਮੇ ਸਿਲਸਲੇ, ਹਰ ਮੈਦਾਨ ਫ਼ਤਹਿ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹੰਦ ਵੱਲ ਵਾਂਗਾਂ ਮੋੜੀਆਂ।

ਬੰਦਾ ਸਿੰਘ ਬਹਾਦਰ ਨੇ ਸਰਹੰਦ ਤੋਂ 12 ਕੁ ਮੀਲ ਦੀ ਵਿੱਥ ਤੇ ਚੱਪੜਚਿੜੀ ਮੈਦਾਨ ਆ ਮੱਲਿਆ। 12 ਮਈ 1710 ਨੂੰ ਸੂਬੇਦਾਰ ਵਜ਼ੀਰ ਖਾਂ ਦੀ ਫੌਜ ਨਾਲ ਘਮਸਾਨ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਸਾਕਾ ਸਰਹੰਦ ਦਾ ਮੁੱਖ ਗ਼ੁਨਾਹਗਾਰ ਸੂਬੇਦਾਰ ਵਜ਼ੀਰ ਖ਼ਾਨ ਮਾਰਿਆ ਗਿਆ। ਇਸ ਤਰ੍ਹਾਂ ਧਰਮ ਦੀ ਜਿੱਤ ਹੋਈ ਅਤੇ ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ।

ਇਸ ਚੜ੍ਹਤ ਦੌਰਾਨ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਸਾਹਿਬਾਨ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਇਹ ਸਾਕਾ ਸਰਹਿੰਦ ਦੇ ਤੀਖੇ ਪ੍ਰਤੀਕਰਮ ਵੱਜੋਂ ਹੀ ਸੰਭਵ ਹੋ ਸਕਿਆ ਕਿ ਸਿੱਖਾਂ ਨੇ ਹਿੰਦੁਸਤਾਨ ’ਤੇ ਚੱਲੀ ਆ ਰਹੀ ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਗਲਾਂ ’ਤੇ ਜਿੱਤ ਪ੍ਰਾਪਤ ਕਰਕੇ ਗਜਨਵੀ, ਤੈਮੂਰ ਅਤੇ ਬਾਬਰ ਦੇ ਖ਼ਾਨਦਾਨ ਦੇ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਅਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਹੁਣ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਹੰਦ ਦੀ ਉਹ ਖ਼ੂਨੀ ਦੀਵਾਰ ਸਿੱਖ ਰਾਜ ਦਾ ਨੀਂਹ ਪੱਥਰ ਹੋ ਨਿਬੜੀ। ਅੱਜ ਵੀ ਸਾਕਾ ਸਰਹੰਦ ਸਿੱਖਾਂ ਲਈ ਸ਼ਕਤੀ ਦਾ ਇੱਕ ਸੋਮਾ ਹੈ।

ਗੁਰੂ ਜੀ ਦੇ ਸਿੰਘਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੁਝ ਸਾਲਾਂ ਵਿੱਚ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਜਾਲਮ ਰਾਜ ਦਾ ਅੰਤ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖ਼ਾਲਸਾ ਰਾਜ ਦੀ ਨੀਂਹ ਰੱਖੀ ਗਈ।

ਸੰਸਾਰ ਵਿੱਚ ਪਹਿਲੀ ਵਾਰ ਲੋਕ ਰਾਜ ਸਥਾਪਿਤ ਹੋਇਆ। ਪੰਦ੍ਰਾਂ ਸਾਲਾਂ ਵਿੱਚ ਹੀ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ। ਇੱਕ ਸਦੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਪਰ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੀ ਹੁੰਦਾ ਰਿਹਾ। ਸਿੱਖ ਇਤਿਹਾਸ ਹੀ ਸ਼ਹੀਦੀਆਂ ਦੀ ਗਾਥਾ ਦਾ ਨਾਮ ਹੈ, ਮਨੁੱਖੀ ਹੱਕਾਂ ਦੀ ਰਾਖੀ ਦਾ ਬਿ੍ਰਤਾਂਤ ਹੈ, ਸੱਚ, ਹੱਕ ਅਤੇ ਲੋਕਰਾਜ ਦੀ ਸਥਾਪਤੀ ਦਾ ਨਿਸ਼ਾਨ ਹੈ।

ਠੀਕ ਲਿਖਿਆ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ ਭਾਈ ਬਲਬੀਰ ਸਿੰਘ ਜੀ ਨੇ ਕਿਹਾ ‘ਸਰਹਿੰਦ ਦੀ ਦੀਵਾਰ ਇੱਕ ਨਮਖੀਨਾ ਹੈ, ਜਿਸ ਤੋਂ ਗੁਰੂ ਗੋਬਿੰਦ ਸਿੰਘ (ਪਿਤਾ) ਦੇ ਜਿਗਰ ਦੀ ਬੁਲੰਦੀ ਦੇਖੀ ਜਾ ਸਕਦੀ ਹੈ। ਇਹ ਦੀਵਾਰ ਇੱਕ ਤਰਾਜੂ ਹੈ, ਜਿਸ ਵਿੱਚ ਦੁਸ਼ਟਾਂ ਦਾ ਵਹਿਸ਼ੀਪੁਣਾ ਤੋਲਿਆ ਜਾ ਸਕਦਾ ਹੈ।’

ਬੇਸ਼ੱਕ ਇੱਕ ਮਨੌਤ ਪ੍ਰਚੱਲਿਤ ਹੈ ਕਿ ਟੁੱਟੇ ਸਾਜਾਂ ਵਿੱਚੋਂ ਸੰਗੀਤ ਪੈਦਾ ਨਹੀਂ ਕੀਤਾ ਜਾ ਸਕਦਾ ਅਤੇ ਬੁਝ ਚੁੱਕੀਆਂ ਸ਼ਮ੍ਹਾਂ ਰੋਸ਼ਨੀ ਨਹੀਂ ਦਿੰਦੀਆਂ ਪਰ ਸ਼ਾਇਰ ਕੁੰਦਨ ਇਸ ਨੂੰ ਅਪ੍ਰਵਾਣ ਕਰਦਾ ਹੋਇਆ ਸਰਹੰਦ ਦੀ ਦੀਵਾਰ ਬਾਰੇ ਇਉਂ ਲਿਖਦਾ ਹੈ:

‘ਸਾਜ਼ਾਂ ਟੁੱਟ ਕੇ ਗਾਇਆ, ਇਸ਼ਕ ਦੇ ਇੱਕ ਤਰਾਨੇ ਨੂੰ। ਸ਼ਮ੍ਹਾਂ ਬੁੱਝ ਕੇ ਵੀ ਦੇ ਰਹੀਆਂ, ਚਾਨਣ ਜ਼ਮਾਨੇ ਨੂੰ।’

ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸਾਜ ਬੇਸ਼ੱਕ ਸਦੀਆਂ ਪਹਿਲਾਂ ਟੁੱਟ ਗਏ ਪਰ ਅੱਜ ਵੀ ਅਣਖ਼ ਅਤੇ ਗ਼ੈਰਤ ਦਾ ਸੰਗੀਤ ਸੁਣਾਈ ਦੇ ਰਿਹਾ ਹੈ। ਦਸਮੇਸ਼ ਪਿਤਾ ਜੀ ਦੇ ਦੋ ਦੀਪਕ ਬੁਝਿਆਂ ਨੂੰ ਸਮਾਂ ਬੀਤ ਗਿਆ ਪਰ ਸਿੱਖੀ ਦੇ ਚਾਉ ਦਾ ਚਾਨਣ ਅੱਜ ਵੀ ਮਿਲ ਰਿਹਾ ਹੈ।

ਕਿਸੇ ਸਾਇਰ ਦੇ ਇਹ ਬਚਨ ਜ਼ਰੂਰ ਧਿਆਨ ਖਿੱਚਦੇ ਹਨ:

‘ਕੋਈ ਕੌਮ ਮਹਿਰਮ ਨੂੰ ਮੰਨਦੀ ਹੈ, ਵੱਡੇ ਦਿਨਾਂ ਦਾ ਕੋਈ ਹੈ ਧਿਆਨ ਧਰਦਾ। ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ।’

ਪਰ ਅਤਿ ਅਫਸੋਸ ਕੌਮ ਦੇ ਵਾਰਿਸ ਐ ਨੌਜਵਾਨ ਵੀਰੋ ਅਤੇ ਭੈਣੋ! ਅੱਜ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਆਪਣੀਆਂ ਸ਼ਕਲਾਂ ਦੇਖੋ, ਕਿ ਤੁਸੀਂ ਵਾਕੇਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਦੇ ਵੀਰ ਅਤੇ ਭੈਣਾਂ ਅਖਵਾਉਣ ਦੇ ਹੱਕਦਾਰ ਹੋ? ਅੱਜ ਤੁਸੀਂ ਆਪਣੇ ਕੇਸ-ਦਾੜ੍ਹੀਆਂ ਕਤਲ ਅਤੇ ਰੋਮਾਂ ਦੀ ਬੇਅਦਬੀ ਕਰ ਕੇ, ਅਤੇ ਨਸ਼ਿਆਂ ਦੇ ਵਿੱਚ ਗ਼ਲਤਾਨ ਹੋ ਕੇ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ। ਇੰਨੇ ਅਮੀਰ ਵਿਰਸੇ ਦੀ ਮਾਲਿਕ ਸਿੱਖੀ ਅੱਜ ਗਰੀਬ ਕਿਉਂ ਹੁੰਦੀ ਜਾ ਰਹੀ ਹੈ? ਜਾਗ ਨੌਜਵਾਨ ਜਾਗ! ਸਾਡੇ ਸਿਰ ’ਤੇ ਉਹਨਾਂ ਮਹਾਨ ਸ਼ਹੀਦਾਂ ਦਾ ਕਰਜ਼ ਹੈ

‘‘ਹਮਰੈ ਮਸਤਕਿ ਦਾਗੁ ਦਗਾਨਾ, ਹਮ ਕਰਜ ਗੁਰੂ ਬਹੁ ਸਾਢੇ॥’’ (ਪੰਨਾ-171)

ਆਜਾ ਵਾਪਿਸ ਅਤੇ ਮੁੜ ਸਾਬਤ ਸੂਰਤ ਬਣਾ ਅਤੇ ਸਿਰ ’ਤੇ ਸੋਹਣੀ ਦਸਤਾਰ ਸਜਾ ਕੇ ਸਿੱਖ ਹੋਣ ’ਤੇ ਮਾਣ ਕਰ ਅਤੇ ਸਾਹਿਬਜ਼ਾਦਿਆਂ ਦੇ ਵੀਰ ਕਹਾਉਣ ਦਾ ਹੱਕ ਹਾਸਿਲ ਕਰ। ਆਉ! ਸ਼ਾਹਿਬਜ਼ਾਦਿਆਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਉਹ ਕੌਮਾਂ ਹਮੇਸ਼ਾਂ ਜਿਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਪੈਰੋਕਾਰ ਧਰਮ ਲਈ ਕੁਰਬਾਨੀਆਂ ਕਰ ਜਾਂਦੇ ਹਨ:

‘ਅਮਰ ਰਹਿੰਦੀਆਂ ਜਗ ’ਤੇ ਉਹ ਕੌਮਾਂ, ਵੀਰ ਜਿੰਨ੍ਹਾਂ ਦੇ ਘਾਲਣਾ ਘਾਲਦੇ ਨੇ।

ਛੰਨੇ ਦੇ ਫੜ੍ਹ ਕੇ ਪੁੱਤ ਜਿਸ ਦੇ, ਆਪਣੀ ਕੌਮ ਨੂੰ ਅੰਮਿ੍ਰਤ ਪਿਲਾਂਵਦੇ ਨੇ।

–ਇਕਵਾਕ ਸਿੰਘ ਪੱਟੀ-98150-24920, ਸੁਲਤਾਨਵਿੰਡ ਰੋਡ, ਅੰਮਿ੍ਰਤਸਰ (www.ikwalsingh.com)

ਸ਼ਬਦ ਗੁਰੂ ਅਤੇ ਗੁਰਬਾਣੀ ਚਾਨਣ

0

ਸ਼ਬਦ ਗੁਰੂ ਅਤੇ ਗੁਰਬਾਣੀ ਚਾਨਣ

ਬਲਵਿੰਦਰ ਸਿੰਘ ‘ਹਰਰਾਏਪੁਰ’ (ਬਠਿੰਡਾ)-98554-84355

ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੂਹੀ ਰਾਗ ਵਿੱਚ 758 ਅੰਗ ਉੱਪਰ ਉਚਾਰਨ ਕਰਦੇ ਹਨ: ‘‘ਮੈ ਸਤਿਗੁਰ ਸੇਤੀ ਪਿਰਹੜੀ, ਕਿਉ ਗੁਰ ਬਿਨੁ ਜੀਵਾ ਮਾਉ  ! ॥ ਮੈ ਗੁਰਬਾਣੀ ਆਧਾਰੁ ਹੈ, ਗੁਰਬਾਣੀ ਲਾਗਿ ਰਹਾਉ ॥’’ (ਮ: ੪/੭੫੯)  ਗੁਰਬਾਣੀ ਉਹ ਸਹਾਰਾ ਹੈ, ਜੋ ਹਰ ਪ੍ਰਾਣੀ ਮਾਤਰ ਨੂੰ ਸਵੈ-ਪੜਚੋਲ, ਸਵੈ-ਮਾਨ, ਆਤਮ ਨਿਰਭਰ ਹੋਣ ਲਈ ਪ੍ਰੇਰਦੀ ਹੈ।

ਅਜੋਕੀ ਮਨੁੱਖਤਾ ਨੂੰ ਜਿਆਦਾ ਲੋੜ ਹੈ ਕਿ ਗੁਰਬਾਣੀ ਨੂੰ ਅਧਾਰ ਬਣਾ ਕੇ ਜੀਵਨ ਦੇ ਪੰਧ ਨੂੰ ਸਰ ਕੀਤਾ ਜਾਵੇ।  ਸਾਰੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਨੂੰ ਉੱਤਮ ਮੰਨਿਆ।  ਅਸੀਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਸਿੱਧਾਂ ਨਾਲ ਹੁੰਦੀ ਹੈ।  ਸਿੱਧਾਂ ਦਾ ਸਵਾਲ ਸੀ ਕਿ ਕਿਹੜੀ ਸ਼ਕਤੀ ਤੁਹਾਨੂੰ ਇਸ ਸੁਮੇਰ ਪਰਬਤ ਉੱਤੇ ਲੈ ਆਈ ਹੈ ?  ਇਸ ਦੇ ਉੱਤਰ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਨਾਲ ਲਿਖਿਆ: ‘‘ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੨)

ਸਿੱਧਾਂ ਨੇ ਧੰਨ ਗੁਰੂ ਨਾਨਕ ਤੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ: ‘‘ਪਵਨ ਅਰੰਭੁ, ਸਤਿਗੁਰ ਮਤਿ ਵੇਲਾ ॥  ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਗੁਰੂ ਸ਼ਬਦ ਨੂੰ ਮਹਾਨਤਾ ਦਿੰਦੇ ਹੋਏ ਆਪ ਸੋਰਠਿ ਰਾਗ ਵਿੱਚ ਉਚਾਰਨ ਕਰਦੇ ਹਨ: ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥ (ਮ: ੧/੬੩੫)

ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸੋਰਠਿ ਕੀ ਵਾਰ ਵਿੱਚ ਆਪਣੇ ਮਨ ਦੇ ਭਾਵ ਇਸ ਪ੍ਰਕਾਰ ਬਿਆਨ ਕਰਦੇ ਹਨ: ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ॥’’ (ਮ: ੩/੬੪੬) ਇੱਕ ਦ੍ਰਿੜ ਵਿਸ਼ਵਾਸ ਅਤੇ ਅਥਾਹ ਭਰੋਸੇ ਦੇ ਨਾਲ ਬਾਣੀ, ਸ਼ਬਦ ਤੇ ਗੁਰੂ ਦੇ ਸੁਮੇਲ ਨੂੰ ਬਾਅਦਬ ਬਿਆਨ ਕੀਤਾ।  ਜੀਵਨ ਨੂੰ ਸਵਾਰਨ ਦਾ ਸੁਨਹਿਰੀ ਮੌਕਾ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਪਰ ਜੋ ਇਸ ਗੱਲ ਨੂੰ ਸਮਝ ਨਹੀਂ ਸਕਿਆ, ਸਤਿਗੁਰ ਜੀ ਫੁਰਮਾਨ ਕਰਦੇ ਹਨ ਉਹ ਅੰਨ੍ਹੇ ਤੇ ਬੋਲੇ ਹਨ ਅਤੇ ਉਨ੍ਹਾਂ ਨੂੰ ਸੰਸਾਰ ’ਤੇ ਆਉਣ ਦਾ ਮਕਸਦ ਹੀ ਨਹੀਂ ਪਤਾ: ‘‘ਸਬਦੁ ਨ ਜਾਣਹਿ, ਸੇ ਅੰਨੇ ਬੋਲੇ; ਸੇ ਕਿਤੁ ਆਏ ਸੰਸਾਰਾ ॥’’ (ਮ: ੩/੬੦੧)

ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਉਸ ਸੇਵਕ ਦੀ ਉਪਮਾ ਕਰਦੇ ਹਨ, ਜੋ ਬਾਣੀ ਰਾਹੀਂ ਸ਼ਬਦ ਦੀ ਅਰਾਧਨਾ ਵਿੱਚ ਜੁੜ ਗਿਆ।  ਬਚਨ ਕੀਤਾ: ‘‘ਹਰਿ ਜਨ ਊਤਮ, ਊਤਮ ਬਾਣੀ; ਮੁਖਿ ਬੋਲਹਿ ਪਰਉਪਕਾਰੇ ॥’’ (ਮ: ੪/੪੯੩) ਗੁਰਬਾਣੀ ਦੇ ਸਹਾਰੇ ਮਨੁੱਖ ਉੱਤਮ ਕਰਮ ਵਿੱਚ ਕਾਮਯਾਬ ਹੁੰਦਾ ਹੈ, ਉਸ ਦੇ ਮੁੱਖ ਵਿੱਚੋਂ ਨਿਕਲੇ ਹਰ ਬਚਨ ਅਮੋਲਕ ਹੁੰਦੇ ਹਨ।  ਗੁਰ ਸ਼ਬਦ ਸੁਣਾ ਕੇ ਪਰਉਪਕਾਰ ਕਰਦਾ ਹੈ, ਪਰ ਗੁਰੂ ਤੋਂ ਸੱਖਣਾ ਸ਼ਬਦ ਤੋਂ ਖਾਲੀ ਮਨੁੱਖ ਆਪ ਹਨੇਰੇ ਵਿੱਚ ਹੈ, ਆਪ ਅਨਜਾਣ ਹੈ, ਜਿਸ ਨੂੰ ਖੁਦ ਚਾਨਣ ਨਹੀਂ ਮਿਲਿਆ, ਉਹ ਦੂਜੇ ਦੇ ਜੀਵਨ ਨੂੰ ਰੋਸ਼ਨ ਨਹੀਂ ਕਰ ਸਕਦਾ: ‘‘ਬਾਝੁ ਗੁਰੂ, ਗੁਬਾਰੁ ਹੈ; ਬਿਨੁ ਸਬਦੈ, ਬੂਝ ਨ ਪਾਇ ॥ (ਮ: ੧/੫੫) ਕੋਈ ਭਰਮ ਜਾਂ ਭੁਲੇਖੇ ਦੀ ਗੁੰਜਾਇਸ਼ ਨਹੀਂ ਰੱਖੀ।  ਬੜੇ ਸਾਫ਼ ਲਫ਼ਜ਼ਾਂ ’ਚ ਗੱਲ ਸਮਝਾਈ: ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮ: ੪/੯੮੨)

ਧੁਰ ਕੀ ਬਾਣੀ ਹੀ ਗੁਰੂ ਹੈ।  ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਸੰਭਾਲਿਆ ਹੋਇਆ ਹੈ।  ਇਸ ਵਿੱਚ ਚੁੱਭੀ ਲਾਉਣ ਵਾਲੇ ਇਸ ਦੀ ਸਾਰ ਸਮਝਦੇ ਹਨ।  ਜਿਨ੍ਹਾਂ ਜਗਿਆਸੂਆਂ ਨੇ ਵਿਕਾਰਾਂ ਦੇ ਅੰਧਕਾਰ ਨੂੰ ਖ਼ਤਮ ਕਰਨ ਦੀ ਕਿਰਤ ਕੀਤੀ, ਉਨ੍ਹਾਂ ਕੋਲ ਗੁਰੂ ਸ਼ਬਦ, ਗੁਰਬਾਣੀ ਤੋਂ ਬਿਨਾਂ ਦੂਜਾ ਕੋਈ ਪ੍ਰਕਾਸ਼ ਹੀ ਨਹੀਂ ਹੈ: ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ; ਕਰਮਿ ਵਸੈ ਮਨਿ ਆਏ ॥ (ਮ: ੩/੬੭)

ਚਾਨਣ ਹੋਏ ਤੋਂ ਘਬਰਾਹਟ ਭਟਕਣਾ ਹੱਟ ਜਾਂਦੀ ਹੈ।  ਸਹਿਜ ਉਤਪੰਨ ਹੋ ਜਾਂਦਾ ਹੈ।  ਸਹਿਜ ਨਾਲ ਜੀਵਨ ਦੀ ਤਰੱਕੀ ਅਤੇ ਉਸਾਰੀ ਹੁੰਦੀ ਹੈ ਪਰ ਸਹਿਜ ਤਾਂ ਪੈਦਾ ਹੋਵੇਗਾ ਜੇਕਰ ਮਨ ਸ਼ਬਦ ਗੁਰੂ ਨਾਲ ਜੁੜ ਕੇ ਗੁਰੂ ਵਾਲੀ ਸੋਚ, ਗੁਰੂ ਵਾਲੀ ਮੱਤ ਅਪਨਾਉਣ ਦਾ ਯਤਨ ਕਰੇਗਾ: ‘‘ਗੁਰ ਕੀ ਮਤਿ; ਤੂੰ, ਲੇਹਿ ਇਆਨੇ ॥  ਭਗਤਿ ਬਿਨਾ; ਬਹੁ ਡੂਬੇ ਸਿਆਨੇ ॥ (ਮ: ੫/੨੮੯) ਜਿਸ ਨੇ ਸ਼ਬਦ ਰਾਹੀਂ ਗੁਰੂ ਨੂੰ ਧਾਰਨ ਕੀਤਾ, ਉਹ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ: ‘‘ਸਬਦੈ ਹੀ ਤੇ ਸਹਜੁ ਊਪਜੈ; ਹਰਿ ਪਾਇਆ ਸਚੁ ਸੋਇ ॥’’ (ਮ: ੩/੬੮)

ਸਹਿਜ ਨੇ ਸ਼ਬਦ ਵਿੱਚੋਂ ਪੈਦਾ ਹੋਣਾ ਹੈ।  ਹੋਲੀ ਹੋਲੀ ਸ਼ਬਦ ਦੀ ਕਮਾਈ ਕਰਨ ਨਾਲ ਬਹੁਤ ਸਾਰੇ ਜੀਵਾਂ ਦੇ ਜੀਵਨ ਵਿੱਚ ਤਬਦੀਲੀ ਆਈ ਪਰ ਸੋੋਚ ਵਿਚਾਰ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਵੀ ਉਹੀ ਹੈ, ਸਿਧਾਂਤ ਅੱਜ ਵੀ ਉਹੀ ਹੈ, ਬਾਣੀ ਦਾ ਪ੍ਰਚਾਰ-ਪ੍ਰਸਾਰ ਪਹਿਲਾਂ ਨਾਲੋਂ ਕਿਤੇ ਜਿਆਦਾ ਅਤੇ ਸੁਖੈਨ ਢੰਗ ਨਾਲ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਅਸੀਂ ਅੰਧਕਾਰ ਵਿੱਚ ਫਸੇ ਹੋਏ ਹਾਂ, ਜਿਸ ਦੇ ਕਈ ਸਰੂਪ ਹਨ।  ਭਰਮ ਅਜੇ ਵੀ ਨਹੀਂ ਮਿਟੇ ਸ਼ਰਾਧ, ਮੜੀ ਪੂਜਾ ਅਜੇ ਵੀ ਨਹੀਂ ਰੁਕੀ, ਰੁੱਖਾਂ, ਪਸ਼ੂਆਂ, ਨਾਗਾਂ ਆਦਿ ਦੀ ਪੂਜਾ ਅਜੇ ਤੱਕ ਬਰਕਰਾਰ ਹੈ।  ਤੀਰਥ ਅਸਥਾਨਾਂ ’ਤੇ ਨ੍ਹਾਉਣਾ, ਭੁੱਖੇ ਰਹਿਣਾ, ਕਰਵਾ ਚੌਥ ਦਾ ਵਰਤ, ਨਗਨ ਰਹਿਣਾ ਉਸੇ ਤਰ੍ਹਾਂ ਜਾਰੀ ਹੈ।  ਜਾਦੂ, ਟੂਣੇ ਆਦਿ ਅੰਧ ਵਿਸ਼ਵਾਸ ਵਿਚ ਜਕੜੇ ਹੋਣ ਦਾ ਸਬੂਤ ਦਿੰਦੇ ਹਨ।  ਘਰ ਵਿੱਚ ਸਵੇਰੇ ਅਖਬਾਰ ਆਉਂਦਾ ਹੈ, ਸਿੱਖਾਂ ਦਾ ਸਾਰਾ ਪਰਿਵਾਰ ਰਾਸ਼ੀ ਫਲ ਵਾਲਾ ਪੰਨਾ ਲੱਭ ਰਿਹਾ ਹੁੰਦਾ ਹੈ।  ਫਿਰ ਕਿਵੇਂ ਕਹੀਏ ਕਿ ਅਸੀਂ ਗੁਰਬਾਣੀ ਦੇ ਪ੍ਰਕਾਸ਼ ਵਿੱਚ ਹਾਂ।  ਈਰਖਾ, ਦੁਈ-ਦਵੈਸ਼, ਜਾਤ-ਪਾਤ, ਸੁੱਚ ਭਿੱਟ, ਕੁਲ-ਗੋਤ ਅਜੇ ਵੀ ਸਾਰੇ ਨਾਲ ਜੁੜੇ ਹੋਏ ਹਨ।  ਔਰਤ ਦਾ ਅਪਮਾਨ, ਕੁੱਖ ਵਿੱਚ ਲੜਕੀ ਦਾ ਮਾਰਨਾ, ਬਲਾਤਕਾਰ ਵਰਗੀਆਂ ਘਟਨਾਵਾਂ ਜਿਉਂ ਦੀਆਂ ਤਿਉਂ ਹਨ।   ਮੰਗ ਕੇ ਦਾਜ ਲੈਣਾ, ਭੁੱਖਿਆਂ ਵਾਲੀ ਬਿਰਤੀ ਨਹੀਂ ਮਿਟੀ, ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਸ਼ਬਦ ਗੁਰੂ ਨੂੰ ਪੜ੍ਹਿਆ, ਸੁਣਿਆ, ਸਮਝਿਆ, ਵਿਚਾਰਿਆ ਜਾਂ ਮੰਨਿਆ ਹੈ।  ਇੱਥੇ ਹੀ ਬਸ ਨਹੀਂ ਨਸ਼ਿਆਂ ਦੀਆਂ ਲਹਿਰਾਂ ਵਿਚ ਡੁੱਬਣ ਵਾਲਿਆਂ ਨੇ ਬਹੁਤ ਵਾਰੀ ਸੁਣਿਆ ਹੋਵੇਗਾ: ‘‘ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ ॥  ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ ॥  ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ ॥  ਝੂਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ ॥’’ (ਮ: ੩/੫੫੪)  ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਕੰਮ ਕਰਨ ਤੋਂ ਸਤਿਗੁਰਾ ਨੇ ਬਾਣੀ ਰਾਹੀਂ ਰੋਕਿਆ ਸੀ, ਉਹੋ ਕਰਮ ਅਜੋਕੇ ਸਮੇਂ ਦੇ ਲੋਕ, ਅਜੋਕੇ ਸਮੇਂ ਦੇ ਸਿੱਖ ਧੜਾਧੜ ਕਰ ਰਹੇ ਹਨ।  ਗੁਰਬਾਣੀ ਦਾ ਨਿਰਾਦਰ ਥਾਂ ਥਾਂ ’ਤੇ ਹੋ ਰਿਹਾ ਹੈ।  ਕੁਝ ਦੂਜਿਆਂ ਹੱਥੋਂ ਤੇ ਕੁਝ ਅਸੀਂ ਆਪ ਪੱਖੇ ਤੇ ਕੂਲਰ ਆਦਿ ਗੁਰੂ ਗ੍ਰੰਥ ਸਾਹਿਬ ਵਾਲੇ ਪਲੰਘਾਂ ’ਤੇ ਲਾ ਕੇ ਸ਼ਾਰਟ ਸਰਕਟ ਨਾਲ ਕਰ ਦਿੱਤਾ।  ਕੁਝ ਪੰਥ ਦੋਖੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਜਾਂ ਅੱਗ ਨਾਲ ਸਾੜ ਆਦਿ ਤਰੀਕਿਆਂ ਨਾਲ ਕੀਤਾ।  ਇਸ ਦੇ ਪ੍ਰਤੀ ਨਾ ਤਾਂ ਸਰਕਾਰ ਨੇ ਕੋਈ ਢੁਕਵੇਂ ਕਦਮ ਚੁੱਕੇ ਤੇ ਨਾ ਪੰਥਕ ਲੀਡਰਸ਼ਿਪ ਨੇ ਕੁਝ ਕੀਤਾ।  ਬਸ ਇੱਕ ਦੂਜੇ ’ਤੇ ਹਮਲੇ ਕਰਨੇ, ਚਿੱਕੜ ਸੁਟਣਾ ਤੇ ਆਪਣੀ ਆਪਣੀ ਜਥੇਬੰਦੀ ਦਾ ਵੱਖਰਾ ਵੱਖਰਾ ਝੰਡਾ ਲਹਿਰਾਉਣਾ, ਇਨ੍ਹਾਂ ਕੰਮਾਂ ਤੋਂ ਸਾਨੂੰ ਵਿਹਲ ਨਹੀਂ ਮਿਲਦੀ।  ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਸੀਂ ਗੁਰਬਾਣੀ ਦੇ ਚਾਨਣ ਵਿੱਚ ਹਾਂ।  ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਉਂਦੇ ਹਾਂ।  ਲੰਗਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਦੇ ਹਨ।  ਸ਼ਬਦ ਗੁਰੂ ਦਾ ਲੰਗਰ ਵੀ ਚੱਲਦਾ ਹੈ ਪਰ ਪੇਟ ਭਰਨ ਵਾਲੇ ਲੰਗਰ ਨੂੰ ਅਹਿਮੀਅਤ ਬਹੁਤ ਦਿੱਤੀ ਜਾਂਦੀ ਹੈ।  ਸ਼ਬਦ ਦਾ ਲੰਗਰ ਕੋਈ ਵਿਰਲਾ ਹੀ ਛਕਦਾ ਹੈ।  ਕੁਝ ਪ੍ਰਬੰਧਕ ਆਗੂਆਂ ਤੇ ਕੁਝ ਧਾਰਮਿਕ ਆਗੂਆਂ ਤੇ ਕੁਝ ਲੀਡਰਾਂ ਦੇ ਗਲਾਂ ਵਿੱਚ ਸਰੋਪੇ ਪਾ ਦਿੱਤੇ ਜਾਂਦੇ ਹਨ।  ਰਾਤ ਨੂੰ ਆਤਿਸਬਾਜੀ ਹੋ ਜਾਂਦੀ ਹੈ ਤੇ ਗੋਲਕ ਵਿਚ ਚੜੀ ਹੋਈ ਚੜਤ ਵਾਲੇ ਚੜ੍ਹਾਵੇ ਨੂੰ ਚੁੱਕ ਕੇ ਗਿਣਿਆ ਜਾਂਦਾ ਹੈ।  ਇਸ ਗਿਣਤੀ ਮਿਣਤੀ ਉਪਰੰਤ ਗੁਰ ਪੁਰਬ ਵਧੀਆ ਜਾਂ ਘਟੀਆ ਮਨਾਇਆ ਗਿਆ, ਦਾ ਨਿਰਣਾ ਕੀਤਾ ਜਾਂਦਾ ਹੈ।

ਜਿੱਥੇ (ਹਿਰਦੇ ਵਿੱਚ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ ਉਹ ਥਾਂ ਅਜੇ ਵੀ ਖਾਲੀ ਪਿਆ ਹੈ।  ਸਤਿਗੁਰੂ ਆਪ ਫੁਰਮਾਉਂਦੇ ਹਨ: ‘‘ਅੰਦਰੁ ਖਾਲੀ ਪ੍ਰੇਮ ਬਿਨੁ, ਢਹਿ ਢੇਰੀ ਤਨੁ ਛਾਰੁ ॥’’ (ਮ: ੧/੬੨) ਪਰ ਵਿਗੜਿਆ ਹਾਲੇ ਵੀ ਕੁਛ ਨਹੀਂ।  ਅਸੀਂ ਆਪ ਬਾਣੀ ਪੜ੍ਹਨੀ, ਵੀਚਾਰਨੀ ਤੇ ਮੰਨਣੀ ਸ਼ੁਰੂ ਕਰ ਦੇਈਏ।  ਸਾਨੂੰ ਪਤਾ ਲੱਗੇਗਾ ਕਿ ਕਿਉਂ ਪਾਤਿਸ਼ਾਹ ਨੇ ਸ਼ਬਦ ਨੂੰ ਇੰਨੀ ਵੱਡੀ ਤਾਕਤ ਕਿਹਾ, ਕਿਉਂ ਗੁਰਬਾਣੀ ਨੂੰ ਚਾਨਣ ਕਿਹਾ, ਕਿਉਂ ਗੁਰਬਾਣੀ ਨੂੰ ਮਾਰਗ ਮੁਕਤਾ ਕਿਹਾ ?  ਅਜੇ ਵੀ ਸਮਾਂ ਹੈ।  ਦੇਹਧਾਰੀ, ਡੰਮੀ, ਪਾਖੰਡੀ ਗੁਰੂਆਂ ਦੇ ਤਲਵੇ ਚੱਟਣੇ ਬੰਦ ਕਰੀਏ, ਡੇਰੇਦਾਰਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਨੱਚਣਾ ਬੰਦ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲਈਏ, ਜਿਤਨਾ ਜੀਵਨ ਬਾਕੀ ਹੈ ਜੀਵੀਏ ਬਾਣੀ ਨਾਲ ‘‘ਪ੍ਰਭ ਬਾਣੀ, ਸਬਦੁ ਸੁਭਾਖਿਆ ॥  ਗਾਵਹੁ, ਸੁਣਹੁ, ਪੜਹੁ ਨਿਤ ਭਾਈ !  ਗੁਰ ਪੂਰੈ, ਤੂ ਰਾਖਿਆ ॥’’ (ਮ: ੫/੬੧੧)  ਇਹ ਪੁਰਬ ਮਨਾਉਣੇ ਤਾਂ ਹੀ ਸਾਰਥਿਕ ਹੋ ਸਕਦੇ ਹਨ ਜਦ ਇਸ ਬਾਣੀ ਦਾ ਚਾਨਣ ਸਾਡੇ ਹਿਰਦੇ ਵਿਚ ਹੋਵੇਗਾ।

ਤੈ ਮੈ ਕੀਆ, ਸੁ ਮਾਲੂਮ ਹੋਈ॥

0

ਤੈ ਮੈ ਕੀਆ, ਸੁ ਮਾਲੂਮ ਹੋਈ॥

ਗੁਰਇੰਦਰਦੀਪ ਸਿੰਘ (ਬਠਿੰਡਾ), ਵਿਦਿਆਰਥੀ ਸਾਹਿਬਜ਼ਾਦਾ ਜੁਝਾਰ ਸਿੰਘ, ਗੁਰਮਤਿ ਮਿਸ਼ਨਰੀ ਕਾਲਜ (ਰੋਪੜ)- 84379-24568

ਹੱਥਲੇ ਲੇਖ ਦਾ ਸਿਰਲੇਖ ‘‘ਤੈ ਮੈ ਕੀਆ, ਸੁ ਮਾਲੂਮੁ ਹੋਈ ॥’’ ਪੰਕਤੀ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਪਾਵਨ ਅੰਗ 1351 ’ਤੇ ਪ੍ਰਭਾਤੀ ਰਾਗ ’ਚ ਸੁਸ਼ੋਭਿਤ ਹੈ ਅਤੇ ਭਗਤ ਨਾਮਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਹੈ, ਜੋ ਪੂਰੇ ਸ਼ਬਦ ਦਾ ‘ਸਾਰ’ (ਰਹਾਉ) ਵੀ ਹੈ।

ਜਦੋ ਕਿਸੇ ਵਿਅਕਤੀ ’ਤੇ ਮੁਸੀਬਤ ਬਣ ਜਾਵੇ ਤਾਂ ਉਹ ਅਰਦਾਸ ਦਾ ਸਹਾਰਾ ਲੈਂਦਾ ਹੋਇਆ ਆਖਦਾ ਹੈ ਕਿ, ਹੇ ਰੱਬਾ ! ਮੈਨੂੰ ਇਸ ਮੁਸੀਬਤ ’ਚੋਂ ਬਚਾ ਲੈ। ਇਸ ਦੁਖਦਾਈ ਘੜੀ ’ਚ ਉਹ ਰੱਬ ਨੂੰ ਆਪਣੇ ਹਾਜ਼ਰ-ਨਾਜ਼ਰ ਸਮਝਦਾ, ਪਹਿਚਾਣਦਾ ਤੇ ਮਹਿਸੂਸ ਕਰਦਾ ਹੁੰਦਾ ਹੈ ਪਰ ਜਦੋਂ ਮਨੁੱਖ, ਕੋਈ ਪਾਪ ਕਰਮ ਕਰਨ ਬਾਰੇਸੋਚਦਾ ਹੈ, ਪਾਪ ਕਰਮ ਕਰਨ ਲਗਦਾ ਹੈ ਜਾਂ ਪਾਪ ਕਰਮ ਕਰ ਚੁੱਕਾ ਹੁੰਦਾ ਹੈ ਤਾਂ ਪੁੱਛਿਆਂ ਜਵਾਬ ਮਿਲਦਾ ਹੈ ਕਿ ਮੈਂ ਇਹ ਕਰਮ ਨਹੀਂ ਕੀਤਾ ਜਾਂ ਇਸ ਬਾਰੇ ਨਹੀਂ ਸੋਚ ਸਕਦਾ ਕਿਉਂਕਿ ਤਦ ਉਸ ਨੂੰ ਇਹ ਚੇਤੇ ਹੁੰਦਾ ਹੈ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ ਸੀ, ਜਾਂ ਦੇਖਦਾ ਹੈ। ਇਹ ਦੋਵੇਂ ਅਵਸਥਾਵਾਂ (ਭਾਵ ਰੱਬ ਨੂੰ ਮਹਿਸੂਸ ਕਰਨਾ ਤੇ ਰੱਬ ਨੂੰ ਭੁੱਲ ਜਾਣਾ) ਮਨੁੱਖੀ ਸੁਭਾਅ ਦੀ ਆਸਤਿਕਤਾ ਤੇ ਨਾਸਤਿਕਤਾ ਨੂੰ ਨਿਰਧਾਰਿਤ ਕਰਦੀਆਂ ਹਨ। ਵੈਸੇ ਰੱਬ ਤਾਂ ਹਮੇਸ਼ਾਂ ਹਰ ਕਿਸੇ ਦੁਆਰਾ ਕੀਤੇ ਜਾ ਰਹੇ ਤਮਾਮ ਕੰਮਾਂ ਨੂੰ ਵੇਖਦਾ ਹੈ ਤੇ ਬੋਲੇ ਜਾਣ ਵਾਲੇ ਬਚਨਾਂ ਨੂੰ ਸੁਣਦਾ ਵੀ ਹੈ। ਇਸ ਬਾਰੇ ਗੁਰੂ ਅਮਰਦਾਸ ਜੀ ਸਪੱਸ਼ਟ ਕਰਦੇ ਹਨ: ‘‘ਏ ਮਨ  ! ਮਤ ਜਾਣਹਿ ਹਰਿ ਦੂਰਿ ਹੈ, ਸਦਾ ਵੇਖੁ ਹਦੂਰਿ॥ ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ ॥’’

ਗੁਰੂ ਜੀ ਵਾਂਗ ਹੀ ਹੱਥਲੇ ਸ਼ਬਦ ਰਾਹੀਂ ਭਗਤ ਨਾਮਦੇਵ ਜੀ ਮਨੁੱਖ ਦਾ ਇਹ ਭੁਲੇਖਾ ਦੂਰ ਕਰਦੇ ਹਨ ਕਿ ਸਾਨੂੰ ਕੋਈ ਨਹੀਂ ਵੇਖਦਾ: ‘‘ਤੈ ਮੈ ਕੀਆ, ਸੁ ਮਾਲੂਮ ਹੋਈ॥’’ ਭਾਵ ਅਸੀਂ ਤੁਸੀਂ ਜੀਵ ਜੋ ਕੁਝ ਵੀ ਕਰਦੇ ਹਾਂ ਉਸ ਸਭ ਬਾਰੇ ਪ੍ਰਭੂ ਨੂੰ ਪਤਾ ਲਗ ਜਾਂਦਾ ਹੈ ਕਿਉਕਿ ਉਹ ‘‘ਘਟ ਘਟ ਕੇ ਅੰਤਰ ਕੀ ਜਾਨਤ॥ ਭਲੇ ਬੁਰੇ ਕੀ ਪੀਰ ਪਛਾਨਤ॥’’ ਸ਼ਕਤੀ ਦਾ ਮਾਲਕ ਹੈ।

ਇਕ ਚੋਰ ਵੀ ਇਸ ਭੁਲੇਖੇ ਵਿਚ ਹੁੰਦਾ ਹੈ ਕਿ ਉਸ ਨੂੰ ਕੋਈ ਨਹੀਂ ਦੇਖ ਰਿਹਾ ਤੇ ਇਸੇ ਕਾਰਨ ਹੀ ਉਹ ਚੋਰੀ ਕਿੱਤੇ ਨੂੰ ਅਪਣਾ ਲੈਂਦਾ ਹੈ। ਇਸ ਸਚਾਈ ਬਾਰੇ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹਨ: ‘‘ਹਟ ਪਟਣ ਬਿਜ ਮੰਦਰ ਭੰਨੈ, ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ, ਪਿਛਹੁ ਦੇਖੈ, ਤੁਝ ਤੇ ਕਹਾ ਛਪਾਵੈ॥’’ (ਪੰਨਾ ੧੫੬)

ਸੰਸਾਰ ਦੇ ਜਿੰਨੇ ਵੀ ਮੰਦੇ ਕਰਮ ਹਨ ਉਹ ਸਾਰੇ ਦੇ ਸਾਰੇ ਪਰਦੇ ਪਿੱਛੇ ਭਾਵ ਲੁਕ ਕੇ ਹੀ ਕੀਤੇ ਜਾਂਦੇ ਹਨ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਫੜੇ ਜਾਣ ਤੇ ਬਦਨਾਮੀ ਦਾ ਡਰ ਹੈ। ਜਦੋ ਕੋਈ ਪੁਲਿਸ ਦੁਆਰਾ ਫੜ ਲਿਆ ਜਾਦਾਂ ਹੈ ਤਾਂ ਉਹ ਆਪਣਾ ਮੂੰਹ ਲੋਕਾਂ ਤੋਂ ਛੁਪਾਉਣ ਦਾ ਯਤਨ ਕਰਦਾ ਹੈ। ਅੱਜ ਪੂਰਾ ਸੰਸਾਰ ਨਿਰੰਕਾਰ ਦੀ ਸਰਬ ਵਿਆਪਕਤਾ ਨੂੰ ਭੁੱਲ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ’ਚ ਤਬਦੀਲ ਕਰਨ ਯਤਨ ਕਰ ਰਿਹਾ ਹੈ। ਅਪਰਾਧੀ ਖੁੱਲੇ ਘੁੰਮ ਰਹੇ ਹਨ ਤੇ ਬੇਕਸੂਰਾਂ ਨੂੰ ਫਾਂਸੀ ’ਤੇ ਲਟਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਲੋਕਤੰਤਰੀ ਪ੍ਰਣਾਲੀ (ਢੰਗ) ਵਿਚ ‘‘ਅੰਧੀ ਰਯਤਿ, ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ ॥’’ (ਮ: ੧/੪੬੯) ਭਾਵ ਜਨਤਾ ਵੱਲੋਂ ਕੋਈ ਵਿਰੋਧੀ ਸੁਰ ਨਾ ਉੱਠਦੀ ਵੇਖਦਿਆਂ ਅਦਾਲਤਾਂ, ਜੱਜ, ਵਕੀਲ, ਗਵਾਹ, ਸਭ ਰੁਪਏ ਪਿੱਛੇ ਲੱਗੇ ਜਾਂ ਵਿਕੇਹੋਏ, ਜਾਪਦੇ ਹਨ। ਇਨਸਾਫ਼ ਦੀ ਉਡੀਕ ਵਿਚ ਲੋਕ ਆਪਣੀ ਉਮਰ ਹੰਢਾ ਕੇ ਮਰ ਜਾਂਦੇ ਹਨ ਜਿਵੇਂ ਅੱਜ ਵੀ 32 ਸਾਲ ਪਹਿਲਾਂ ਹੋਏ 84 ਦੇ ਕਤਲੇਆਮ ਦਾਇਨਸਾਫ਼ ਨਹੀਂ ਮਿਲ ਸਕਿਆ।

ਗੁਰਬਾਣੀ ਦਾ ਇਹ ਫੈਂਸਲਾ ਕਿ ਦੁਨੀਆਂ ’ਚ ਸਭ ਨੂੰ ਬੇਵਕੂਫ਼ ਬਣਾਇਆ ਜਾ ਸਕਦਾ ਹੈ ਪਰ ਸ੍ਰਿਸ਼ਟੀ ਦੇ ਮਾਲਕ ਸਾਹਮਣੇ ਇਹ ਚਤੁਰਾਈ ਨਹੀਂ ਚੱਲ ਸਕਦੀ, ਸਭ ਨੂੰ ਯਾਦ ਰੱਖਣਾ ਚਾਹੀਦਾ ਹੈ। ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਇਉਂ ਕਰਦੇ ਹਨ:‘‘ਮਾਣਸਾ ਕਿਅਹੁ ਦੀਬਾਣਹੁ, ਕੋਈ ਨਸਿ ਭਜਿ ਨਿਕਲੈ, ਹਰਿ ਦੀਬਾਣਹੁ, ਕੋਈ ਕਿਥੈ ਜਾਇਆ॥’’ (ਪੰਨਾ ੫੯੧)

ਇੱਕ ਮਿਥਿਹਾਸਕ ਗਾਥਾ ਧਿਆਨ ਮੰਗਦੀ ਹੈ, ਜਿਸ ਮੁਤਾਬਕ ਇੱਕ ਰਾਜੇ ਦੇ ਦੇਸ਼ ਵਿੱਚ ਚੋਰੀਆਂ ਹੋਣ ਲੱਗ ਪਈਆਂ। ਰਾਜਾ ਆਪਣੀ ਜਿੰਮੇਵਾਰ ਨੂੰ ਸਮਝਦਾ ਸੀ, ਉਸ ਨੇ ਇਕ ਤਰੀਕਾ ਲੱਭਿਆ ਕਿ ਉਹ ਆਪ ਵੀ ਚੋਰਾਂ ਵਾਲਾ ਭੇਸ ਬਣਾ ਕੇ ਘੁੰਮਣ ਲੱਗ ਪਿਆ। ਕੁਦਰਤੀ ਉਸ ਨੂੰ ਪੰਜ ਚੋਰ ਮਿਲ ਗਏ। ਰਾਜਾ ਉਨ੍ਹਾਂ ਨੂੰ ਕਹਿੰਦਾ ਕਿ ਮੈ ਚੋਰ ਹਾਂ ਉਹਨਾਂ ਨੇ ਰਾਜੇ ਨੂੰ ਵੀ ਆਪਣੇ ਨਾਲ ਮਿਲਾ ਲਿਆ। ਸਾਰੇ ਆਪਣੋ ਆਪਣੀ ਖੂਬੀ ਦੱਸਣ ਲੱਗੇ ਇੱਕ ਆਖਦਾ ਹੈ ਕਿ ਮੈ ਰਾਤ ਦੇ ਹਨੇਰੇ ਵਿੱਚ ਬੰਦਾ ਵੇਖ ਲਵਾਂ ਤਾਂ ਸਵੇਰੇ ਪਛਾਣ ਕੇ ਦੱਸ ਸਕਦਾ ਹਾਂ ਭਾਵ ਹਨੇਰੀ ਰਾਤ ਵਿੱਚ ਵੀ ਪੂਰਾ ਦਿਸਦਾ ਹੈ। ਦੂਜਾ ਆਖਦਾ ਹੈ ਕਿ ਮੇਰੇ ਵਿਚ ਹਾਥੀ ਜਿੰਨਾ ਬਲ ਹੈ।ਤੀਸਰਾ ਕਹਿੰਦੈ ਕਿ ਮੈਂ ਪਹਾੜ ਜਿੰਨੀ ਉੱਚੀ ਦੀਵਾਰ ’ਤੇ ਚੜ੍ਹ ਸਕਦਾ ਹਾਂ। ਚੌਥਾ ਆਖਦਾ ਹੈ ਕਿ ਮੈਂ ਕੁੱਤੇ ਦੀ ਆਵਾਜ਼ ਪਛਾਣ ਕੇ ਦੱਸ ਸਕਦਾ ਹਾਂ ਕਿ ਉਹ ਕੀ ਕਹਿਣਾ ਚਾਹੁੰਦਾ ਹੈ। ਪੰਜਵਾਂ ਆਖਦਾ ਹੈ ਕਿ ਮੈਂ ਧਰਤੀ ਨੂੰ ਸੁੰਘ ਕੇ ਦੱਸ ਸਕਦਾ ਹਾਂ ਕਿ ਧਰਤੀ ਹੇਠਾਂ ਕੀ ਦੱਬਿਆ ਪਿਆ ਹੈ। ਰਾਜੇ ਨੂੰ ਵੀ ਉਹਨਾਂ ਪੁੱਛ ਲਿਆ ਕਿਆਪਣੀ ਖ਼ੂਬੀ ਦੇਸੋ, ਰਾਜੇ ਨੇ ਆਖਿਆ ਕਿ ਜੇ ਕੋਈ ਮਨੁੱਖ ਫਾਂਸੀ ਲੱਗ ਰਿਹਾ ਹੋਵੇ ਤਾਂ ਮੈ ਦਾੜੀ ਹਿਲਾ ਦੇਵਾਂ ਤਾਂ ਉਹ ਬਰੀ ਹੋ ਸਕਦਾ ਹੈ। ਸਾਰੇ ਕਹਿਣ ਲੱਗੇ ਕਿ ਤੇਰੇ ਵਿਚ ਬਹੁਤ ਵੱਡੀ ਖ਼ੂਬੀ ਹੈ, ਤੂੰ ਸਾਡਾ ਮਿੱਤਰ ਹੋਇਆ। ਸਾਰੇ ਰਲ ਕੇ ਕਸਮ ਚੁੱਕੋ ਕਿ ਅਸੀਂ ਆਪਸ ਵਿੱਚ ਧ੍ਰੋਹ ਨਹੀਂ ਕਰਾਂਗੇ ਤੇ ਧੋਖਾ ਨਹੀਂ ਦੇਵਾਂਗੇ। ਅਸੀਂ ਮਿਲ ਕੇ ਬਾਕੀ ਲੋਕਾਂ ਦੇ ਘਰ ਹੀ ਚੋਰੀ ਕਰਾਂਗੇ, ਆਪਣੇ ਨਹੀਂ ਤੇ ਚੋਰੀ ਕੀਤੇ ਮਾਲ ਬਾਰੇ ਆਪਸ ਵਿੱਚ ਇੱਕ ਦੂਸਰੇ ਨਾਲ ਬੇਈਮਾਨੀ ਨਹੀਂ ਕਰਾਂਗੇ। ਸਾਰੇ ਸਹਿਮਤ ਗਏ।

ਰਾਤ ਨੂੰ ਚੋਰਾਂ ਨੇ ਚੋਰੀ ਕਰਕੇ ਰਾਜੇ ਦਾ ਖਜ਼ਾਨਾ ਹੀ ਲੁੱਟ ਲਿਆ। ਰਾਜੇ ਨੇ ਸਭ ਕੁਝ ਆਪਣੀ ਅੱਖੀਂ ਵੇਖਿਆ ਪਰ ਉਸ ਵੇਲੇ ਉਸ ਨੇ ਚੋਰਾਂ ਨੂੰ ਕੁਝ ਵੀ ਨਾ ਕਿਹਾ।ਉਹਨਾਂ ਨੇ ਵਾਪਸ ਆਪਣੇ ਟਿਕਾਣੇ ’ਤੇ ਆ ਕੇ ਈਮਾਨਦਾਰੀ ਨਾਲ ਰਾਜੇ ਨੂੰ ਉਸ ਦਾ ਬਣਦਾ ਹਿੱਸਾ ਦੇ ਦਿੱਤਾ। ਰਾਜੇ ਨੇ ਸੈਨਿਕਾਂ ਨੂੰ ਸੰਦੇਸ਼ਾ ਭੇਜ ਕੇ ਚੋਰਾਂ ਨੂੰ ਕੈਦ ਕਰਵਾ ਦਿੱਤਾ ਤੇ ਪੰਜਾਂ ਨੂੰ ਫਾਂਸੀ ਲਗਾਉਣ ਦਾ ਹੁਕਮ ਦੇ ਦਿੱਤਾ। ਕਿਸੇ ਗਵਾਹ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੂੰ ਚੋਰੀ ਕਰਦਿਆਂ ਮੈ ਆਪ ਵੇਖਿਆ ਹੈ।

ਫਾਂਸੀ ਤਿਆਰ ਹੋ ਗਈ। ਜੋ ਕਹਿੰਦਾ ਸੀ ਕਿ ਮੈਂ ਰਾਤ ਦੇ ਹਨੇਰੇ ਵਿਚ ਵੇਖਿਆ ਬੰਦਾ ਪਛਾਣ ਸਕਦਾ ਹਾਂ ਉਸ ਨੇ ਰਾਜੇ ਨੂੰ ਵੇਖ ਕੇ ਕਿਹਾ ਕਿ ਇਹ ਤਾਂ ਸਾਡਾ ਰਾਤ ਵਾਲਾ ਸਾਥੀ ਹੈ। ਰਾਜੇ ਨੂੰ ਚੋਰਾਂ ਨੇ ਕਿਹਾ, ਮਿੱਤਰਾ ! ਹੁਣ ਤੂ ਦਾੜੀ ਹਿਲਾ ਤਾਂ ਜੋ ਸਾਡੀ ਜਾਨ ਬਚ ਜਾਵੇ। ਰਾਜਾ ਅਜੇ ਚੋਰਾਂ ਵਾਲੇ ਭੇਸ ਵਿਚ ਹੀ ਸੀ। ਰਾਜੇ ਨੇ ਦਾੜੀ ਹਿਲਾ ਦਿੱਤੀ, ਚੋਰਾਂ ਨੂੰ ਫਾਂਸੀ ਤੋ ਬਚਾ ਲਿਆ ਗਿਆ। ਰਾਜ ਦਰਬਾਰ ਵਿੱਚ ਬੁਲਾ ਕੇ ਰਾਜੇ ਨੇ ਉਨ੍ਹਾਂ ਨੂੰ ਕਿਹਾ ਕਿ ਰਾਤੀ ਅਸੀਂ ਇਕ ਵਾਅਦਾ ਕੀਤਾ ਸੀ ਕਿ ਅਸੀਂ ਸਭ ਮਿੱਤਰ ਹਾਂ, ਕਸਮ ਵੀ ਚੁੱਕੀ ਸੀ ਕਿ ਮਿੱਤਰਾਂ ਦੇ ਘਰ ਚੋਰੀ ਨਹੀਂ ਕਰਾਂਗੇ। ਮੈਂ ਤਾਂ ਆਪਣੀ ਮਿੱਤਰਤਾ ਦਾ ਸਬੂਤ ਦੇ ਦਿੱਤਾ ਹੈ, ਪਰ ਤੁਸੀਂ ਦੱਸੋ ਤੁਹਾਡਾ ਕੀ ਇਰਾਦਾ ਹੈ ਕਿਉਂਕਿ ਇਹ ਦੇਸ਼ ਮੇਰਾ ਘਰ ਹੈ, ਕੀ ਤੁਸੀਂ ਆਪਣੇ ਮਿਤਰ ਦੇ ਘਰ (ਦੇਸ਼ ਵਿੱਚ) ਚੋਰੀ ਕਰੋਗੇ ? ਸਭ ਨੇ ਆਪਣੇ ਵਾਅਦੇ ਮੁਤਾਬਕ ਚੋਰੀ ਕਰਨੀ ਛੱਡ ਦਿੱਤੀ।

ਅਸਲ ਵਿਚ ਉਹ ਰਾਜਾ, ਪ੍ਰਭੂ ਆਪ ਹੈ ਤੇ ਅਸੀਂ ਸਾਰੇ ਚੋਰ ਹਾਂ ਉਸ ਦੇ ਸਾਹਮਣੇ ਹੀ ਉਸ ਦੇ ਖਜ਼ਾਨੇ ਨੂੰ ਲੁੱਟਦੇ ਹਾਂ, ਉਸ ਦੇ ਸਾਹਮਣੇ ਹੀ ਔਗੁਣ ਕਰਦੇ ਹਾਂ।ਸਾਨੂੰ ਅਹਿਸਾਸ ਨਹੀਂ ਕਿ ਉਹ ਖੜ੍ਹਾ ਸਭ ਕੁੱਝ ਦੇਖ ਰਿਹਾ ਹੈ, ਜਦਕਿ ‘ਜਪੁ’ ਬਾਣੀ ’ਚ ਰੋਜ਼ਾਨਾ ਪੜ੍ਹਦੇ ਵੀ ਹਾਂ ਕਿ: ‘‘ਓਹੁ ਵੇਖੈ, ਓਨਾ ਨਦਰਿ ਨ ਆਵੈ.. ॥’’ ਸਾਨੂੰ ਦੰਡ ਦੇਣ ਲੱਗਿਆਂ ਉਸ ਨੂੰ ਕਿਸੇ ਦੀ ਗਵਾਹੀ ਦੀ ਲੋੜ ਨਹੀਂ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਹਨ ਕਿ ਉਹ ਹਾਜ਼ਰ-ਨਾਜ਼ਰ ਹੈ: ‘‘ਲੂਕਿ ਕਮਾਵੈ ਕਿਸ ਤੇ, ਜਾਂ ਵੇਖੈ ਸਦਾ ਹਦੂਰਿ ?॥’’ (ਮ: ੫/੪੮)

ਗੁਰੂ ਅਰਜਨ ਸਾਹਿਬ ਜੀ ਦੇ ਸਤਸੰਗੀ ਭਾਈ ਗੁਰਦਾਸ ਜੀ ਇਹ ਵੀ ਸਮਝਾ ਰਹੇ ਹਨ ਕਿ ਉਹ (ਰਾਜਾ) ਬੜਾ ਦਿਆਲੂ ਹੈ। ਜੇਕਰ ਸੁਭ੍ਹਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਿਹਾ ਜਾਂਦਾ। ਅਸੀਂ ਆਪਣੇ ਦੁਆਰਾ ਕੀਤੇ ਗੁਨਾਹਾਂ ਤੋਂ ਤੋਬਾ ਕਰਕੇ ਅੱਗੇ ਤੋਂ ਸੁਧਰ ਜਾਈਏ ਤਾਂ ਉਹ ਮੁਆਫ਼ ਵੀ ਕਰਦਿੰਦਾ ਹੈ: ‘‘ਭਗਤ ਵਛਲ ਸੁਨਿ ਹੋਤ ਨਿਰਾਸ ਰਿਦੈ, ਪਤਿਤ ਪਾਵਨ ਸੁਨਿ, ਆਸਾ ਉਰਿ ਧਾਰਿ ਹੌਂ॥ ਅੰਤਰਜਾਮੀ ਸੁਨਿ ਕੰਪਤ ਹੌ ਅੰਤਰਗਤਿ, ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰਿ ਹੌ॥ ਜਲਧਰ ਸੰਗਮ ਕੈ (ਭਾਵ ਪਾਣੀ ਨਾਲ ਵੀ) ਅਫਲ ਸੈਬਲ ਦ੍ਰੁਮ (ਸਿੰਬਲ ਰੁੱਖ ਉੱਤੇ ਫਲ ਨਹੀਂ ਲੱਗਦੇ, ਪਰ), ਚੰਦਨ ਸੁਗੰਧ ਸਨਬੰਧ (ਨਾਲ) ਮਲਗਾਰ ਹੌ (ਸਿੰਬਲ ਵੀ ਸੁਗੰਧੀ ਦੇਦੈ)॥ ਅਪਨੀ ਕਰਨੀ ਕਰਿ ਨਰਕ ਹੂੰ ਨ ਪਾਵਉ ਠਉਰ, (ਪਰ, ਹੇ ਪ੍ਰਭੂ !) ਤੁਮਰੇ ਬਿਰਦ (ਕਿ ਤੂ ਭਗਤਾਂ ਨੂੰ ਪਿਆਰ ਕਰਦਾ ਹੈਂ) ਕਰਿ ਆਸਰੋ ਸਮ੍ਹਾਰ ਹੌ (ਤੱਕਿਆ ਹੈ)॥’’ (ਕਬਿੱਤ ਨੰ: 503) ਸ਼ਬਦ ਦਾ ਭਾਵ ਸਾਰ ਇਸ ਪ੍ਰਕਾਰ ਹੈ ਕਿ ਜਦ ਮੈਂ ਇਹ ਸੁਣਦਾ ਹਾਂ ਕਿ ਤੂੰ ਅੰਦਰ ਦੀਆਂ ਜਾਨਣਹਾਰ ਹੈਂ, ਮੇਰਾ ਅੰਦਰ ਡਰ ਨਾਲ ਕੰਬ ਜਾਦਾ ਹੈ ਪਰ ਤੂੰ ਦੀਨ-ਦੁਖੀਆਂ ’ਤੇ ਦਇਆ ਕਰਨ ਵਾਲਾ ਹੈ, ਇਹ ਸੁਨ ਕੇ ਮੈਂ ਫਿਰ ਤੇਰੇ ਉੱਤੇ ਭਰੋਸਾ ਰੱਖ ਲੈਂਦਾ ਹਾਂ।

ਸੋ ਆਉ, ਗੁਰੂ ਚਰਨਾਂ ’ਚ ਅਰਦਾਸ ਕਰੀਏ ਕਿ ਉਹ ਸਾਨੂੰ ਆਪਣੀ ਤੇ ਪ੍ਰਭੂ ਦੀ ਮੌਜੂਦਗੀ ਦਾ ਅਹਿਸਾਸ ਹਰ ਵੇਲੇ ਕਰਵਾਉਂਦੇ ਰਹਿਣ ਤਾਂ ਜੋ ਸਾਡੀਆਂ ਅੱਖਾਂ ਪਰਾਇਆ ਰੂਪ, ਪਰਾਇਆ ਧਨ, ਪਰਾਈ ਈਰਖਾ (ਨਫ਼ਰਤ), ਪਰਾਇਆ ਨੁਕਸਾਨ ਕਰਨ ਵੱਲ ਸਹਿਯੋਗ ਨਾ ਦੇਣ। ਸਾਡੇ ਪੈਰ ਮੰਦੀਆਂ ਥਾਵਾਂ ਉੱਤੇ ਜਾ ਕੇ ਭੈੜੀ ਸੰਗਤ ਨਾ ਕਰਨ। ਸਾਡੇ ਕੰਨ ਗੰਦੇ ਗੀਤ ਜਾਂ ਕਿਸੇ ਦੀ ਚੁਗਲੀ ਸੁਣਨ ਦੀ ਬਜਾਏ ਪ੍ਰਕ੍ਰਿਤੀ ਦੇ ਮਾਲਕ (ਰਾਜੇ) ਦੀ ਤਾਰੀਫ਼ ਸੁਣਨ ਤੇ ਜੀਭ ਉਸ ਦੀ ਸਿਫ਼ਤ-ਸਾਲਾਹ ਕਰਦੀ ਰਹੇ, ਜੋ ‘‘ਸਦਾ ਅੰਗ ਸੰਗੇ, ਅਭੰਗੰ ਬਿਭੂਤੇ॥’’ (ਜਾਪ) ਹੈ।

Most Viewed Posts